ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, April 8, 2009

ਪੁਕਾਰ:ਨਿਆਸਰਿਆਂ ਦਾ ਆਸਰਾ ਖੋਂਹਦੀਆਂ ਸੰਸਥਾਵਾਂ

ਕੁਲਦੀਪ ਕੌਰ ਲਗਾਤਾਰ ਵਾਪਰੀਆਂ ਅਣਮਨੁੱਖੀ ਘਟਨਾਵਾਂ ਦਾ ਸਮਾਜਿਕ,ਆਰਥਿਕ ਤੇ ਰਾਜਨੀਤਕ ਵਿਸ਼ਲੇਸ਼ਨ ਕਰਦੇ ਰਹਿੰਦੇ ਹਨ।ਅਜਿਹੇ ਵਿਸ਼ਿਆਂ ਬਾਰੇ ਉਹ ਗਹਿਨ ਅਧਿਐਨ ਕਰਦੇ ਨੇ ਤੇ ਅਪਣੀ ਕਲਮ ਰਾਹੀਂ ਵੱਖਰੇ ਨਜ਼ਰੀਏ ਨਾਲ ਛੋਂਹਦੇ ਹਨ।“ਗੁਲਾਮ ਕਲਮ” ਨੂੰ ਭੇਜੀ ਉਹਨਾਂ ਦੀ ਪਹਿਲੀ ਰਚਨਾ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਰਚਨਾ ਛਾਪਣ ਲਈ ਹੋਈ ਦੇਰੀ ਲਈ ਖਿਮਾਂ ਦੇ ਜਾਚਕ ਹਾਂ-ਯਾਦਵਿੰਦਰ ਕਰਫਿਊ ਤੇ ਹਰਪ੍ਰੀਤ ਰਠੌੜ

ਹਿਮਾਚਲ ਪ੍ਰਦੇਸ ‘ਚ ‘ਪ੍ਰੇਰਣਾ' ਨਾਮੀ ਸਮਾਜ ਸੇਵੀ ਸੰਸਥਾ ਦੇ ਹੋਸਟਲ ਵਿਚ ਗੂੰਗੀਆਂ, ਬੋਲੀਆਂ ਤੇ ਮੰਦਬੁੱਧੀ ਬਾਲੜੀਆਂ ਨਾਲ ਉਨ੍ਹਾਂ ਦੇ ਅਧਿਆਪਕ ਦੁਆਰਾ ਕੀਤੇ ਜਿਨਸੀ ਸ਼ੋਸ਼ਣ ਨੇ ਹਰੇਕ ਸੰਵੇਦਨਸ਼ੀਲ ਅੱਖ ਨੂੰ ਨਮ ਕੀਤਾ ਹੈ।ਦੇਖਣ, ਸੁਣਨ ਜਾਂ ਬੋਲਣ ਦੀ ਸ਼ਕਤੀ ਨਾ ਹੋਣ ਕਾਰਨ ਇਨ੍ਹ ਬੱਚਿਆਂ ਨੂੰ ਜਿੳੂਣ,ਪੜ੍ਹਨ ਜਾਂ ਰੁਜ਼ਗਾਰ ਲਈ ਦੂਜੇ ਬੱਚਿਅ ਦੇ ਮੁਕਾਬਲੇ ਕਿਤੇ ਵੱਧ ਚੁਣੌਤੀਆਂ ਅਤੇ ਵਿਤਕਰਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਹਾਲੇ ਤਕ ਵਿਕਾਸ ਅਤੇ ਸਭਿਅਤਾ ਦੇ ਹਜ਼ਾਰ ਦਾਅਵਿਆਂ ਦੇ ਬਾਵਜੂਦ ਅਜਿਹਾ ਰਾਜਤੰਤਰ ਜਾਂ ਸਮਾਜਿਕ-ਤੰਤਰ ਨਹੀਂ ਸਿਰਜਿਆ ਜਾ ਸਕਿਆ ਜੋ ਇਨ੍ਹਾਂ ਦੀ ਪੀੜ, ਬੇਵੱਸੀ, ਦਰਦ ਅਤੇ ਸੰਭਾਵਨਾਵਾਂ ਨੂੰ ਕੰਨ, ਅੱਖ ਜਾਂ ਜ਼ੁਬਾਨ ਬਣ ਕੇ ਸਮਝ ਸਕੇ। ਛੋਟੇ-ਮੋਟੇ ਕੋਰਸ ਰਾਹੀਂ ਆਪਣੇ ਦਮ 'ਤੇ ਰੋਜ਼ੀ-ਰੋਟੀ ਦਾ ਜੁਗਾੜ ਕਰਨ ਆਈਆਂ ਇਨ੍ਹਾਂ ਬਾਲੜੀਆਂ ਦੀ ਵੇਦਨਾ ਸ਼ਾਇਦ ਹੀ ਕਦੇ ਸ਼ਬਦ ਦਾ ਰੂਪ ਲੈ ਸਕੇ। ਜੇਕਰ ਅਜਿਹਾ ਵੀ ਹੋ ਜਾਵੇ ਤਦ ਵੀ ਕੀ ਸਮਾਜ ਇਨ੍ਹਾਂ ਦੀ ਜ਼ਰੂਰਤ, ਹੱਕ ਅਤੇ ਇਨਸਾਫ ਦੀ ਹਾਮੀ ਭਰ ਸਕੇਗਾ?

ਔਰਤ ਅਤੇ ਬੱਚਿਆਂ ਨਾਲ ਹੁੰਦੇ ਜੁਰਮਾਂ ਦੀ ਕਾਲੀ ਸੂਚੀ ਬੇਹੱਦ ਲੰਬੀ ਹੈ। ਜਿਨਸੀ ਸ਼ੋਸ਼ਣ ਦਾ ਮੁੱਦਾ ਉਦੋਂ ਜ਼ਿਆਦਾ ਗੰਭੀਰ ਬਣ ਜਾਂਦਾ ਹੈ ਜਦੋਂ ਇਸ ਦਾ ਸ਼ਿਕਾਰ ਸਮਾਜ ਦਾ ਉਹ ਹਿੱਸਾ ਬਣਦਾ ਹੈ ਜਿਸ ਨੂੰ ਆਰਥਿਕ ਤਰੱਕੀ, ਸਮਾਜਿਕ ਭਾਗੇਦਾਰੀ ਅਤੇ ਸਿਆਸੀ ਹਕੂਕ ਦੇ ਮਾਮਲੇ ਵਿਚ ਪਹਿਲਾਂ ਹੀ ਜਾਣ-ਬੁੱਝ ਕੇ ਅਣਗੌਲਿਆ ਕੀਤਾ ਜਾਂਦਾ ਹੋਵੇ।ਪਾਰਕਾਂ ਵਿਚ ਉਹਨਾਂ ਲਈ ਢੁਕਵੇਂ ਰਸਤੇ ਬਣਾਉਣ ਦੀ ਗੱਲ ਸਿਰਫ ਸ਼ੁਰੂ ਹੋਈ ਹੈ ਜਿਸ ਨੂੰ ਬੁਨਿਆਦੀ ਮੁੱਦਾ ਮੰਨਿਆ ਜਾ ਸਕਦਾ ਹੈ ਪਰ ਇਸ ਵਰਗ ਦੇ ਲੋਕਤੰਤਰੀ ਹਕੂਕ ਦੀ ਮੰਗ ਹਾਲੇ ਸਮਾਜ ਦੀ ਸੋਚ 'ਚ ਪੁੰਗਰਣੀ ਹੈ।ਸਮਾਜਿਕ ਵਰਤਾਰੇ ਦੀ ਇਕ ਸਿੱਧੀ-ਸਿੱਧੀ ਮਿਸਾਲ ਉਹ ਬੋਲੀ ਹੈ ਜੋ ਇਨ੍ਹਾਂ ਵਰਗਾਂ ਨੂੰ ਸੰਬੋਧਨ ਕਰਨ ਲਈ ਵਰਤੀ ਜਾਂਦੀ ਹੈ। ਇਸ ਬੋਲੀ ਰਾਹੀਂ ਸਮਾਜ ਇਨ੍ਹਾਂ ਦੀ ਕੋਈ ਵੀ ਗਲਤੀ ਨਾ ਹੋਣ ਦੇ ਬਾਵਜੂਦ ਇਨ੍ਹ ਦੀ ਹੋਂਦ ਤਰਸ, ਮਜਬੂਰੀ ਤੇ ਬੇਵੱਸੀ ਜਿਹੀਆਂ ਕਮਜ਼ੋਰ ਧਾਰਨਾਵਾਂ ਦੁਆਰਾ ਤੈਅ ਕਰਦਾ ਹੈ। ਅਫਸੋਸ ਹੈ ਕਿ ਜਿੱਥੇ ਜਾਤੀ ਸੂਚਕ ਸ਼ਬਦ ਦੀ ਵਰਤੋਂ ਸਬੰਧੀ ਕਈ ਕਾਨੂੰਨ ਤੇ ਸਜ਼ਾਵਾਂ ਤੈਅ ਹਨ, ਉੱਥੇ ਇਨ੍ਹਾਂ ਵਰਗਾਂ ਲਈ ਵਰਤੀ ਜਾਂਦੀ ਸ਼ਬਦਾਵਲੀ ਨੂੰ ਕਦੇ ਮਨੁੱਖੀ ਮਾਣ-ਮਰਿਆਦਾ ਦਾ ਉਲੰਘਣਾ ਹੀ ਨਹੀਂ ਮੰਨਿਆ ਜਾਂਦਾ।ਬਲਾਤਕਾਰ ਹੋਣ ਤੋਂ ਬਾਅਦ ਇਨਸਾਫ ਪ੍ਰਾਪਤੀ ਦੀ ਪ੍ਰਕਿਰਿਆ ਦੌਰਾਨ ਸਮਾਜ ਦਾ ਜੋ ਵਤੀਰਾ ਲੜਕੀ ਨਾਲ ਹੁੰਦਾ ਹੈ, ਉਸ ਨੂੰ ਦੇਖਦੇ ਹੋਏ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹ ਉਨ੍ਹਾਂ ਬਾਲੜੀਆਂ ਨਾਲ ਵਾਪਰੀ ਬਦਸਲੂਕੀ ਦੀ ਇਹ ਪਹਿਲੀ ਜਾਂ ਆਖਰੀ ਘਟਨਾ ਨਹੀਂ ਹੈ। ਸਖਤ ਕਾਨੂੰਨ ਅਤੇ ਸਜ਼ਾਵਾਂ ਦੇ ਹਜ਼ਾਰ ਦਾਅਵਿਆਂ ਦੇ ਬਾਵਜੂਦ ਸਮਾਜਿਕ ਚੇਤਨਾ ਆਪਣੀ ਸਾਜ਼ਿਸ਼ੀ ਚੁੱਪ ਅਤੇ ਬਲਾਤਕਾਰੀ ਨਾਲ ਸਬੰਧਤ ਸੰਸਥਾਵਾਂ ਜਿਵੇਂ ਉਨ੍ਹਾਂ ਦੇ ਪਰਿਵਾਰ, ਦੋਸਤ-ਮਿੱਤਰ, ਕਾਲਜ, ਯੂਨੀਵਰਸਿਟੀ, ਸਮਾਜਿਕ ਚੌਗਿਰਦਾ ਤੇ ਕਾਨੂੰਨੀ ਪ੍ਰਕਿਰਿਆ ਜ਼ਿਆਦਾਤਰ ਬਲਾਤਕਾਰੀ ਦੇ ਹੱਕ ਵਿਚ ਭੁਗਤਦੀ ਹੈ। ਬਲਾਤਕਾਰੀ ਕੌਣ ਹੈ? ਉਹ ਇਨ੍ਹਾਂ ਹੀ ਸੰਸਥਾਵਾਂ ਜਿਹੜੀਆਂ ਪਿਤਾ ਪੁਰਖੀ, ਲਿੰਗੀ ਸ਼ੋਸ਼ਣ, ਜਗੀਰੂ ਸੋਚ ਅਤੇ ਵਿਤਕਰਿਆਂ 'ਤੇ ਖੜ੍ਹੀਆਂ ਹਨ, ਦੁਆਰਾ ਘੜਿਆ ਮਨੁੱਖ ਹੈ। ਉਸ ਨੂੰ ਬਲਾਤਕਾਰ ਕਰਨ ਦਾ ‘ਹੌਸਲਾ' ਇਨ੍ਹਾਂ ਸੰਸਥਾਵਾਂ ਵਿਚ ਨਿੱਤ-ਦਿਨ ਔਰਤ ਅਤੇ ਬੱਚਿਆਂ ਖਿਲਾਫ ਹੁੰਦੀ ਹਿੰਸਾ, ਉਨ੍ਹਾਂ ਦੀ ਬੇਵੱਸ ਚੁੱਪ ਅਤੇ ਸਮਾਜ ਦੀ ਮੂਕ ਸਹਿਮਤੀ ‘ਬਖਸ਼ਦੀ' ਹੈ। ਔਰਤ ਦਾ ਸਰੀਰ ਉਸ ਲਈ ਇਕ ਸੰਵੇਦਨਾਹੀਣ, ਅਣਖ-ਵਿਹੂਣਾ ਮਾਸ ਦਾ ਲੋਥੜਾ ਹੈ ਜਿਸ 'ਤੇ ਕਬਜ਼ੇ ਲਈ ਮਰਦ ਨੂੰ ਉਸ ਦੇ ਸੰਸਕਾਰ, ਵਿਰਾਸਤ ਅਤੇ ਉਸ ਦੇ ਪੁਰਖਿਆ ਦੁਆਰਾ ਔਰਤ ਨੂੰ ਭੇਡ-ਬੱਕਰੀਅ ਵਾਂਗ ਹੱਕਣ ਦਾ ਇਤਿਹਾਸ ਉਕਸਾਉਂਦਾ ਹੈ। ਜਿਨਸੀ ਸ਼ੋਸ਼ਣ ਉਸ ਲਈ ਮਨੋਰੰਜਨ ਹੈ, ਤਸ਼ੱਦਦ ਨਹੀਂ। ਉਸ ਲਈ ਇਸ ਅਣਮਨੁੱਖੀ ਮਨੋਰੰਜਨ ਦੇ ਮਾਅਨਿਆਂ ਦੀਆਂ ਜੜ੍ਹ ਸੰਵੇਦਨਾ, ਕਲਾ, ਸਾਹਿਤ, ਮਨੁੱਖਤਾ ਅਤੇ ਆਪਸੀ ਸਹਿਮਤੀ ਦੀ ਬਜਾਏ ਮਰਦਾਨਗੀ ਦੀ ਧੌਂਸ ਨਾਲ ਜੁੜੀਆਂ ਹਨ। ਮਰਦਾਨਗੀ ਦੀ ਇਹ ਹੳਮੈਂ ਤੇ ਧੌਂਸ ਮਨੁੱਖ ਤੇ ਜੰਗਲੀ ਜਾਨਵਰ ਵਿਚਲਾ ਫਾਸਲਾ ਹੀ ਖਤਮ ਕਰ ਦਿੰਦੀ ਹੈ।

‘ਪ੍ਰੇਰਣਾ' ਨਾਮੀ ਇਸ ਸਵੈ-ਸੇਵੀ ਸੰਸਥਾ ਨੂੰ ਸਰਵ-ਸਿੱਖਿਆ ਅਭਿਆਨ ਦੇ ਤਹਿਤ ਫੰਡ ਦਿੱਤਾ ਜਾ ਰਿਹਾ ਸੀ, ਜੋ ਸੰਸਥਾ ਬਾਰੇ ਸਰਕਾਰ ਤੇ ਉੱਚ-ਅਧਿਕਾਰੀਅ ਨੂੰ ਪੂਰੀ ਜਾਣਕਾਰੀ ਸੀ। ਜੇਕਰ ਉੱਥੇ ਔਰਤ ਵਾਰਡਨ ਨਹੀਂ ਸੀ ਜਾਂ ਲੜਕੇ ਤੇ ਲੜਕੀਆਂ ਲਈ ਅਲੱਗ-ਅਲੱਗ ਰਿਹਾਇਸ਼ ਨਹੀਂ ਸੀ ਤਾਂ ਸੰਸਥਾ ਨੇ ਇਨ੍ਹਾਂ ਬੱਚਿਆਂ ਦੀ ਸੁਰੱਖਿਆ ਅਤੇ ਸਹੀ ਸਾਂਭ-ਸੰਭਾਲ ਲਈ ਬਣਦਾ ਬੰਦੋਬਸਤ ਕਰਨ ਦਾ ਤਰੱਦਦ ਕਿਉਂ ਨਹੀਂ ਕੀਤਾ? ਦੂਸਰਾ ਸਵਾਲ ਅਧਿਆਪਕ ਦੇ ਇਖਲਾਕ ਸਬੰਧੀ ਹੈ। ਕੀ ਉਹ ਸੱਚਮੁੱਚ ਹੀ ਅਧਿਆਪਕ ਸਨ ਜਾਂ ਖਾਨਾਪੂਰਤੀ ਲਈ ਰੱਖੇ ਗਏ ਬੇਰੁਜ਼ਗਾਰ ਜਿਨ੍ਹਾਂ ਨੂੰ ਘੱਟ ਤਨਖਾਹ ਤੇ ਕੰਮ-ਚਲਾੳੂ ਢਾਂਚਾ ਦਿੱਤਾ ਗਿਆ ਜੋ ਉਨ੍ਹਾਂ ਅੰਦਰੋਂ ਮਨੁੱਖੀ ਸੰਵੇਦਨਾ ਹੀ ਨਿਗਲ ਗਿਆ। ਖਾਸ ਜ਼ਰੂਰਤ ਵਾਲੇ ਬੱਚਿਆਂ ਦੀ ਮਨੋਸਥਿਤੀ ਅਤੇ ਲੋੜ ਦੇ ਅਨੁਸਾਰ ਸੰਸਥਾਗਤ ਅਤੇ ਕਾਰਜਕਾਰੀ ਢਾਂਚਾ ਨਾ ਹੋਣ ਦੇ ਬਾਵਜੂਦ ਇਸ ਸੰਸਥਾ ਦਾ ਪਿਛਲੇ ਸਾਲ ਦੌਰਾਨ ਨਿਰਵਿਘਨ ਕੰਮ ਕਰਨਾ ਸਿੱਖਿਆ ਦੇ ਢਾਂਚੇ 'ਤੇ ਪ੍ਰਸ਼ਨ-ਚਿੰਨ੍ਹ ਲਗਾਉਂਦਾ ਹੈ। ਸਿਰਫ ਇਹ ਸੰਸਥਾਵਾਂ ਹੀ ਕਿਉਂ, ਬਾਕੀ ਸਰਕਾਰੀ ਅਦਾਰਿਆਂ, ਕਾਰਖਾਨਿਆਂ, ਦਫਤਰ, ਖੇਤ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਅਸੀਂ ਇਨ੍ਹਾਂ ਬੱਚਿਆਂ ਨਾਲ ਕੀ ਸਲੂਕ ਕਰਦੇ ਹ? ਗਰੀਬੀ ਅਤੇ ਸਮਾਜਿਕ ਸੁਰੱਖਿਆ ਦੀ ਘਾਟ ਇਨ੍ਹ ਨੂੰ ਉਮਰ ਭਰ ਲਈ ਮੰਗਤੇ ਜਾਂ ਬੰਧੂਆ ਮਜ਼ਦੂਰ ਬਣਨ ਲਈ ਮਜਬੂਰ ਕਰ ਦਿੰਦੀ ਹੈ। ਜੇਕਰ ਆਪਣੀ ਯੋਗਤਾ ਅਤੇ ਰਾਖਵੇਂਕਰਨ ਦਾ ਸਹਾਰਾ ਲੈ ਕੇ ਇਨ੍ਹ੍ਹਾਂ ਵਰਗ ਦੇ ਕੁਝ ਲੋਕ ਨੌਕਰੀ ਪ੍ਰਾਪਤ ਕਰ ਵੀ ਲੈਂਦੇ ਹਨ ਤਾਂ ਵੀ ਇਨ੍ਹਾਂ ਦੀਆਂ ਸਮਰਥਾਵਾਂ,ਸੰਭਾਵਨਾਵਾਂ ਅਤੇ ਕਾਰਗੁਜ਼ਾਰੀ ਵੱਲ ਹਮੇਸ਼ਾ ਸ਼ੱਕ ਦੀ ਉਂਗਲ ਉਠੀ ਰਹਿੰਦੀ ਹੈ। ਸਮਾਜੀ ਵਰਤਾਰੇ ਦਾ ਇਕ ਘਟੀਆ ਝਲਕਾਰਾ ਫਿਲਮ, ਟੀ•ਵੀ• ਪ੍ਰੋਗਰਾਮ ਅਤੇ ਇਸ਼ਤਿਹਾਰਬਾਜ਼ੀ ਵਿਚ ਇਨ੍ਹਾਂ ਵਰਗਾਂ ਦੀ ਵਰਤੋਂ ਹਾਸੇ-ਠੱਠੇ ਜਾਂ ਮਜ਼ਾਕੀਆ ਪਾਤਰ ਦੇ ਤੌਰ 'ਤੇ ਕਰਨਾ ਵੀ ਹੈ। ਨੀਤੀਆਂ ਘੜਨ, ਬਣਾਉਣ ਅਤੇ ਪ੍ਰਭਾਵਤ ਕਰਨ ਦੀ ਸਮਰੱਥਾ ਵਾਲੀਆਂ ਰਾਜਨੀਤਕ ਪਾਰਟੀਅ ਦੇ ਕਿਸੇ ਵੀ ਏਜੰਡੇ ਵਿਚ ਇਸ ਤਬਕੇ ਦੇ ਮੁੱਦੇ ਸ਼ਾਮਲ ਹੀ ਨਹੀਂ ਕੀਤੇ ਜਾਂਦੇ। ਫਿਰ ਸੁਧਾਰ ਦੀ ਸੰਭਾਵਨਾ ਕਿਵੇਂ ਉਪਜੇ? ਇਸੇ ਗੈਰ ਹਾਜ਼ਰੀ ਨੂੰ ਪਰਿਵਾਰਕ ਇਕਾਈ ਵਿਚ ਸਮਝਣਾ ਹੋਵੇ ਤਾਂ ਇਨ੍ਹਾਂ ਮੈਂਬਰਾਂ ਦੁਆਰਾ ਕੀਤੇ ਕੰਮਕਾਰ ਨੂੰ ਉਤਪਾਦਨ ਸਿਰਜਣਾ ਵੱਜੋਂ ਮਾਨਤਾ ਨਾ ਦਿੱਤੇ ਜਾਣਾ ਅਤੇ ਸਮਾਜਿਕ ਇਕਾਈਆਂ ਵਿਚ ਇਨ੍ਹਾਂ ਦੇ ਮੁੱਦਿਅ ਤੇ ਫੈਸਲਿਆਂ ਦੀ ਅਣਦੇਖੀ ਰਾਹੀਂ ਸਮਝਿਆ ਜਾ ਸਕਦਾ ਹੈ। ਜੀਵਨ-ਸਾਥੀ ਦੀ ਚੋਣ, ਬੱਚਿਆਂ ਦੇ ਜਨਮ ਅਤੇ ਆਪਣੀ ਕੀਤੀ ਕਮਾਈ ਨੂੰ ਖਰਚਣ ਦੇ ਫੈਸਲੇ ਵਿਅਕਤੀਗਤ ਹੋਣ ਦੇ ਬਾਵਜੂਦ ਇਹ ਵਰਗ ਖੁਦ ਨਹੀਂ, ਬਲਕਿ ਇਨ੍ਹਾਂ ਦੁਆਲੇ ਉਣਿਆ ਰਿਸ਼ਤਿਆਂ ਦਾ ਤਾਣਾ-ਬਾਣਾ ਤੈਅ ਕਰਦਾ ਹੈ। ਇਹ ਸਿਰਫ ਅਮਲ ਕਰਦੇ ਹਨ, ਸਵਾਲ ਦੀ ਗੁੰਜਾਇਸ਼ ਹੀ ਨਹੀਂ ਹੁੰਦੀ।

ਇਸ ਤੋਂ ਵੱਡਾ ਸੰਸਾ ਇਨ੍ਹਾਂ ਦੇ ਕੰਨ,ਅੱਖ ਤੇ ਜ਼ੁਬਾਨ ਬਣਨ ਦੀ ਸਮਰੱਥਾ ਰੱਖਦੀਆਂ ਤਾਕਤ ਲਈ ਸੰਵੇਦਨਾ ਅਤੇ ਸੋਚ ਦੇ ਅਰਥ ਬਦਲਣਾ ਹੈ। ਜਿਨ੍ਹਾਂ ਸਮਿਆਂ ਵਿਚ ਇਹ ਕਰੂਰ ਸੱਚ ਸਾਹਮਣੇ ਆਇਆ, ਉਨੀਂ ਦਿਨੀਂ ਹੀ ਪੰਜਾਬ ਦੀ ਚੰਡੀਗੜ ਸਥਿਤ ਇਕ ਵੱਡੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ ਵਿਦਿਆਰਥੀ ‘ਚੌਗਿਰਦੇ ਨੂੰ ਬਚਾਓ'ਦੇ ਨਾਅਰੇ ਨਾਲ ਸੜਕ 'ਤੇ ਨਿਕਲੇ ਸਨ। ‘ਸੋਚ' ਨਾਮੀ ਸਿਰਲੇਖ ਤੋਂ ਝਲਕਾਰਾ ਪੈਂਦਾ ਸੀ ਕਿ ਸ਼ਾਇਦ ਪੱਤਰਕਾਰੀ ਅੱਜ ਵੀ ਲੋਕਤੰਤਰ ਦਾ ਚੌਥਾ ਥੰਮ੍ਹ ਹੀ ਮੰਨਿਆ ਜਾਂਦਾ ਹੈ। ਵਾਤਾਵਰਣ ਪੱਖੀ ਆਪਣੀ ‘ਸੋਚ' ਨੂੰ ਫੈਲਾਉਣ ਲਈ ਤਿੰਨ-ਤਿੰਨ, ਚਾਰ-ਚਾਰ ਵਿਦਿਆਰਥੀ ਇਕੋ ਰਿਕਸ਼ੇ 'ਤੇ ਚੜ੍ਹ ਗਏ। ਭੁੱਲ ਗਏ ਕਿ ਅੱਗੇ ਇਨਸਾਨ ਜੁਤਿਆ ਹੈ। ਰੇਹੜਿਆਂ ਤੇ ਚੜ੍ਹ ਕੇ ਲਾੳੂਡ-ਸਪੀਕਰ ਰਾਹੀਂ ਪਤਾ ਨਹੀਂ ਕਿਸ ਚੌਗਿਰਦੇ ਦੀ ਰਾਖੀ ਦਾ ਹੌਕਾ ਦਿੰਦੇ ਇਹ ਵਿਦਿਆਰਥੀ ਪੱਤਰਕਾਰੀ ਦਾ ਪਹਿਲਾ ਹੀ ਪਾਠ, ‘‘ਉਨ੍ਹਾਂ ਦੀ ਆਵਾਜ਼, ਬਣੋ ਜੋ ਬੇਜ਼ੁਬਾਨੇ ਹਨ'' ਭੁੱਲ ਗਏ। ਸ਼ਾਇਦ ਉਹ ਜਿਸ ਚੌਗਿਰਦੇ ਨੂੰ ਬਚਾਉਣ ਲਈ ਤਰਲੋ-ਮੱਛੀ ਹਨ ਉਸ ਵਿਚੋਂ ਉਹ ਰਿਕਸ਼ੇ ਵਾਲਾ ਅਤੇ ਰੇਹੜਿਆਂ ਅੱਗੇ ਜੁਤੇ ਬੇਜ਼ੁਬਾਨ ਜਾਨਵਰ ਮਨਫੀ ਹੋ ਚੁੱਕੇ ਹਨ। ਉਨ੍ਹਾਂ ਦੀ ‘ਸੋਚ' ਜਿੱਥੇ ਅੰਨ੍ਹੀ ਸੁਰੰਗ ਵੱਲ ਇਸ਼ਾਰਾ ਕਰਦੀ ਹੈ, ਉੱਥੇ ਇਨ੍ਹਾਂ ਬਾਲੜੀਆਂ ਦੀਆਂ ਮੂਕ ਚੀਖ ਸਭਿਅਤਾ ਦੇ ਬੋਲੇ ਹੋ ਜਾਣ ਦਾ ਸਬੂਤ ਹਨ।

-ਕੁਲਦੀਪ ਕੌਰ

1 comment:

  1. ਪੰਜਾਬੀ ਦੇ ਵਿਚ ਲਿਖਣ ਵਾਲੀਆ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਕਰਕੇ ਤੁਹਾਡਾ ਬਲੋਗ , ਪੰਜਾਬੀ ਮੇਰੀ ਆਵਾਜ ਨਾਲ ਜੋੜ ਦਿਤਾ ਗਿਆ ਹੈ ਉਮੀਦ ਹੈ ਕੀ ਤੁਸੀ ਵੀ ਇਸ ਬਲਾਗ ਦਾ ਲਿੰਕ http://punjabirajpura.blogspot.com/ ਨੂੰ ਆਪਣੇ ਬਲਾਗ ਨਾਲ ਜੋੜੋਗੇ ਤੇ ਸਾਡੇ ਬਲਾਗ ਤੇ ਵੀ ਦਰਸ਼ਨ ਦੇਵੋਗੇ
    ਧੰਨਵਾਦ

    ਤੁਹਾਡੇ ਬਲਾਗ ਨੂੰ ਪੜਨ ਵਾਲਾ ਤੇ ਤੁਹਾਡਾ ਦੋਸਤ

    ਵਿਨੋਦ ਕੁਮਾਰ

    ReplyDelete