ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, December 31, 2009

ਗੁਲਾਮ ਕਲਮ : 31 ਦਸੰਬਰ ਤੋਂ 31 ਦਸੰਬਰ ਤੱਕ ਦਾ ਅਸਫਰ


364 ਦਿਨਾਂ ਤੋਂ ਬਾਅਦ 365ਵੇਂ ਦਿਨ ਗੁਲਾਮ ਕਲਮ ਬਾਰੇ ਲਿਖਣ ਨੂੰ ਜੀਅ ਕੀਤਾ।ਇਸ ਕਰਕੇ ਨਹੀਂ,ਕਿ ਵਰ੍ਹੇਗੰਢ ਮਨਾਉਣ ਦਾ ਸ਼ੌਕ ਚੜ੍ਹ ਆਇਆ।ਕਿਉਂਕਿ ਮੈਨੂੰ ਨਹੀਂ ਲਗਦਾ ਕਿ ਸਿਰਜਣਾ ਤੇ ਵਰ੍ਹਿਆਂ ਜਾਂ ਵਰ੍ਹੇਗੰਢਾਂ ਦਾ ਆਪਸ 'ਚ ਕੋਈ ਰਿਸ਼ਤਾ ਹੁੰਦੈ।ਵਰ੍ਹੇਗੰਢਾਂ ਸਰਕਾਰੀ ਤੇ ਰਸਮੀ ਫੰਕਸ਼ਨਾਂ ਦੀ ਤਰ੍ਹਾਂ ਵਰ੍ਹੇ ਗਿਣਨ ਲਈ ਮਨਾਈਆਂ ਜਾਂਦੀਆਂ ਨੇ।ਇਹਨਾਂ 364 ਦਿਨਾਂ ਚੋਂ ਕੁਝ ਦਿਨ ਹੀ ਮੈਂ,ਹਰਪ੍ਰੀਤ ਰਠੌੜ ਤੇ ਜਸਦੀਪ ਜੋਗਵਾਲੇ ਨੇ ਗੁਲਾਮ ਕਲਮ ਨੂੰ ਸਮਰਪਿਤ ਕੀਤੇ ਹੋਣਗੇ।ਪੂਰਾ ਪ੍ਰੋਗਰਾਮ ਕੋਈ ਵੀ ਤੇ ਕਦੇ ਵੀ ਲਾਗੂ ਨਹੀਂ ਹੁੰਦਾ,ਇਸ ਲਈ ਬਹੁਤੀਆਂ ਯੋਜਨਾਵਾਂ ਧਰੀਆਂ ਧਰਾਈਆਂ ਹੀ ਰਹਿ ਗਈਆਂ।ਵੈਸੇ ਵੀ ਸਾਡੇ ਵਰਗੇ ਅਵੇਸਲੇ ਤੇ ਸੁਸਤ ਮਾਲ ਤੋਂ ਅਜਿਹੀ ਉਮੀਦ ਕੀਤੀ ਹੀ ਜਾ ਸਕਦੀ ਹੈ।

31 ਦਸੰਬਰ 2008 ਦੀ ਉਹ ਰਾਤ ਯਾਦ ਹੈ ਕਿ ਜਦੋਂ ਜਗਦੀਪ(ਲਫਜ਼ਾਂ ਦੇ ਪੁਲ) ਵਾਲੇ ਨੇ ਤਕਨੀਕੀ 'ਤੇ ਅਮਲੀ ਤੌਰ 'ਤੇ "ਗੁਲਾਮ ਕਲਮ" ਦੀ ਸ਼ੁਰੂਆਤ ਕਰਵਾਈ ਸੀ।ਜਿਸਨੂੰ ਅਮਲ 'ਚ ਲਿਆਉਣ ਦੀ ਯੋਜਨਾ ਮੈਂ ਤੇ ਹਰਪ੍ਰੀਤ ਰਠੌੜ ਪਹਿਲਾਂ ਤਹਿ ਕਰ ਚੁੱਕੇ ਸੀ।ਉਸ ਠੰਢੀ ਰਾਤ 'ਚ ਦੇਰ ਰਾਤ ਕੰਮ ਕਰਨ ਕਰਕੇ ਫੌਜੀਆਂ ਵਾਂਗੂੰ ਰੰਮ ਦੇ ਚਾਹੇ ਦੋ ਦੋ ਪੈੱਗ ਹੀ ਲਾਏ ਗਏ,ਪਰ ਗੋਬਿੰਦਪੁਰੀ ਦੀਆਂ ਗਲੀਆਂ ਅੰਦਰ ਸੂਟਾ ਠੰਡ 'ਚ ਲੱਗੀ ਗਰੀਬ ਦੀ ਧੂਣੀ ਵਾਂਗੂੰ ਵਾਰ ਵਾਰ ਸੁਲਗਦਾ ਰਿਹਾ।ਰਾਤ 2 ਵਜੇ ਦੇ ਕਰੀਬ ਗੁਲਾਮ ਕਲਮ ਦਾ ਤੰਦ ਤਾਣਾ ਤਿਆਰ ਹੋ ਗਿਆ।ਉਸਤੋਂ ਬਾਅਦ ਰਚਨਾਵਾਂ ਛਪਣ ਤੇ ਥੋੜ੍ਹਾ ਬਹੁਤਾ ਪੜ੍ਹਨ ਲਿਖਣ ਦਾ ਸਿਲਸਿਲਾ ਚਲਦਾ ਰਿਹਾ।

ਕੁਝ ਟੀਚੇ ਜੋ ਬਲੌਗ ਸ਼ੁਰੂ ਕਰਨ ਵਾਲੇ ਸੋਚੇ ਸਨ,ਉਹਨਾਂ 'ਚ ਮੁੱਖ ਨੁਕਤਾ ਇਹ ਸੀ ਕਿ ਬਲੌਗ ਦੀ ਵਿਧਾ ਜਨਤਕ ਹੋਵੇ।ਵੈਸੇ ਬਲ਼ੌਗ ਆਪਣੀ ਨਿੱਜੀ ਰਾਇ ਜਾਂ ਤਜ਼ਰਬਿਆਂ ਨੂੰ ਲੋਕਾਂ ਨਾਲ ਸਾਂਝੇ ਕਰਨ ਦਾ ਮਧਿਅਮ ਹੈ।ਪਰ ਹਿੰਦੀ ਤੇ ਅੰਗਰੇਜ਼ੀ 'ਚ ਕੁਝ ਬਲੌਗ ਅਜਿਹੇ ਸਨ ਤੇ ਹਨ,ਜਿਨ੍ਹਾਂ ਨੇ ਬਲੌਗ ਨੂੰ ਨਵੀਂ ਵਿਧਾ ਦਿੱਤੀ।ਬਲੌਗ ਨਿੱਜੀ ਮੁਫਾਦਾਂ ਦੀ ਥਾਂ ਸਮਾਜ ਵਿਗਿਆਨ,ਰਾਜਨੀਤੀ ਤੇ ਇਤਿਹਾਸ ਵਰਗੇ ਗੰਭੀਰ ਵਿਸ਼ਿਆਂ ਲਈ ਬਹਿਸ ਮੁਹਾਬਸੇ ਦਾ ਪਲੇਟਫਾਰਮ ਬਣ ਗਿਆ।ਨਵੀਂ ਪੀੜੀ ਸਮਾਜ ਨੂੰ ਰੂਬਰੂ ਹੋਕੇ ਤੇ ਸੰਵਾਦ ਰਚਾਉਣ ਲੱਗੀ।ਪੁਰਾਣੇ ਸਹਿਤਕ ਥੰਮਾਂ ਨੇ ਤਿੱਖੀ ਅਲੋਚਨਾ ਦੇ ਬਾਵਜੂਦ ਬਲੌਗਿੰਗ ਨੂੰ ਗੰਭੀਰਤਾ ਨਾਲ ਲੈਣਾ ਸ਼ੂਰੂ ਕਰ ਦਿੱਤਾ।

ਰਾਜਨੀਤਿਕ ਤੇ ਸਾਹਿਤਕ ਹਲਕਿਆਂ 'ਚ ਬਲੌਗਿੰਗ ਨੇ ਤਰਥੱਲੀ ਮਚਾਕੇ ਰੱਖ ਦਿੱਤੀ।ਇਸੇ ਸਾਲ ਇਟਲੀ ਦੀ ਤਾਨਸ਼ਾਹ ਸਰਕਾਰ ਨੇ ਬਲੌਗਿੰਗ ਬੈਨ ਕਰ ਦਿੱਤੀ ਸੀ।ਭਾਰਤ ਦੀ ਸੁਪਰੀਮ ਕੋਰਟ 'ਚ ਬਲੋਗਿੰਗ ਦੇ ਚਰਚੇ ਹੁੰਦੇ ਰਹੇ।ਹਿੰਦੀ ਦੇ ਸਾਹਿਤਕ ਹਲਕਿਆਂ ਨੇ ਬਲੌਗਿੰਗ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਯੂ.ਪੀ ਦੀ ਮੰਨੀ ਪ੍ਰਮੰਨੀ ਇਲਾਹਾਬਾਦ ਯੂਨੀਵਰਸਿਟੀ 'ਚ 3 ਦਿਨਾਂ ਸੈਮੀਨਰ ਰੱਖਿਆ।ਹਿੰਦੀ ਦੇ ਵੱਡੇ ਅਲੋਚਕ ਨਾਮਵਾਰ ਸਿੰਘ ਦੇ ਪ੍ਰਧਾਨਗੀ ਭਾਸ਼ਨ ਨਾਲ ਇਹ ਸਮਾਗਮ ਸ਼ੁਰੂ ਹੋਇਆ।ਦੇਸ਼ ਭਰ ਦੇ ਨਾਮਵਾਰ ਬਲੌਗਰਾਂ ਨੂੰ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਯੂਨੀਵਰਸਿਟੀ ਨੇ ਆਪਣੇ ਖਰਚੇ 'ਤੇ ਸੱਦਿਆ।ਬਲੌਗਿੰਗ ਦੇ ਵਰਤਮਾਨ,ਭਵਿੱਖ ਤੇ ਸੰਭਾਵਨਾਵਾਂ ਬਾਰੇ ਚੰਗੀ ਵਿਚਾਰ ਚਰਚਾ ਹੋਈ।ਇਲਾਹਾਬਾਦ ਸੈਮੀਨਾਰ 'ਚ ਬਲੌਗਿੰਗ ਦੇ ਰਾਹੀਂ ਪੈਦਾ ਹੋ ਰਹੇ ਸਹਿਤਕ ਪ੍ਰਦੂਸ਼ਨ 'ਤੇ ਵਿਸ਼ੇਸ਼ ਗੱਲਬਾਤ ਹੋਈ।ਇਸ ਗੱਲ 'ਤੇ ਜ਼ੋਰ ਦਿੱਤਾ ਗਿਆ,ਕਿ ਜੇ ਬਲੌਗਿੰਗ 'ਤੇ ਕੋਈ ਕੈਂਚੀ ਚਲਾਉਣ ਵਾਲਾ ਨਹੀਂ,ਤਾਂ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਗੈਰ-ਜ਼ਿੰਮੇਂਵਾਰ ਹੋ ਜਾਈਏ।

ਅਸਲ 'ਚ ਇਹਨਾਂ 364 ਦਿਨਾਂ 'ਚ ਸਾਡੀ ਬਲੌਗਿੰਗ ਸਾਡੇ ਮੂਹਰੇ ਕਈ ਸਵਾਲ ਵੀ ਖੜ੍ਹੀ ਕਰਦੇ ਹੈ।ਕੀ 364 ਦਿਨੋਂ 'ਚ ਕੀਅ ਬੋਰਡ 'ਤੇ ਅੂੰਗਲਾਂ ਠੱਪ ਠੱਪ ਕਰਨ ਤੋਂ ਬਾਅਦ ਸਾਨੂੰ ਕੀ ਮਿਲਿਆ।ਵੈਸੇ ਤਾਂ ਜ਼ਿੰਦਗੀ 'ਚ ਸਭ ਕੁਝ ਮਿਲਣ ਲਈ ਹੀ ਨਹੀਂ ਕੀਤਾ ਜਾਂਦਾ,ਪਰ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾਂ ਕਿ ਮੈਨੂੰ ਬਲੌਗਿੰਗ ਨੇ ਪਹਿਲਾਂ ਨਾਲੋਂ ਥੋੜ੍ਹਾ ਬਹੁਤ ਜ਼ਿੰਮੇਂਵਾਰ ਤੇ ਮਿਹਨਤੀ ਜ਼ਰੂਰ ਬਣਾਇਆ।ਨਵੀਂ ਪਛਾਣ ਦਿੱਤੀ।ਮੇਰਾ ਪੜ੍ਹਨਾ ਲਿਖਣਾ ਵਧਿਆ।ਪੂਰੀ ਦੁਨੀਆਂ 'ਚੋਂ ਨਵੇਂ ਯਾਰ ਦੋਸਤ ਬਣੇ।ਜਿਹੜੇ ਲੋਕਾਂ ਨੂੰ ਮੈਂ ਵਿਦਵਤਾ ਤੇ ਪੱਤਰਕਾਰੀ ਦੇ ਖੇਤਰ 'ਚ ਆਪਣੇ ਆਦਰਸ਼ ਮੰਨਦਾ ਸੀ,ਉਹ ਮੇਰੀਆਂ ਲਿਖਤਾਂ ਦੇ ਜ਼ਰੀਏ,ਮੇਰੇ ਦੋਸਤ ਬਣੇ।ਬਲੌਗਿੰਗ ਦੇ ਮੈਨੂੰ 18 ਸਾਲ ਤੋਂ ਲੈਕੇ 80 ਸਾਲ ਦੇ ਦੋਸਤ ਦਿੱਤੇ।ਇਸ ਦੌਰਾਨ ਮੇਰੇ ਲਈ ਸਭਤੋਂ ਖੁਸ਼ੀ ਵਾਲਾ ਦਿਨ ਉਹ ਸੀ ,ਜਿੱਦਣ ਪਾਸ਼ 'ਤੇ ਪੋਸਟ ਲਿਖਣ ਕਰਕੇ ਮੈਨੂੰ ਅਮਰੀਕਾ ਤੋਂ ਪਾਸ਼ ਦੇ ਬਜ਼ਰਗ ਪਿਤਾ ਸੋਹਣ ਸਿੰਘ ਸੰਧੂ ਦਾ ਫੋਨ ਆਇਆ।ਅਸਲ 'ਚ ਇਹ ਦੋਸਤੀ ਉਮਰ ਦੀ ਨਹੀਂ ਸਗੋਂ ਸੰਵਾਦ ਦੀ ਹੈ।ਮੈਂ ਕਹਿ ਸਕਦਾ ਹਾਂ ਕਿ ਸੰਵਾਦ ਦਾ ਜਿਹੜਾ ਪਾੜਾ ਨਵੀਂ ਤੇ ਪੁਰਾਣੀ ਦੌਰਾਨ ਹੈ।ਸਹਿਤ 'ਤੇ ਸੂਚਨਾ ਉਸਨੂੰ ਭਰ ਰਹੇ ਹਨ।ਜਿਸਦੇ ਲਈ ਬਲੌਗਿੰਗ ਇਕ ਵਧੀਆ ਮਾਧਿਅਮ ਹੈ।

ਇਸੇ ਦੌਰਾਨ ਬਹੁਤ ਸਾਰੀਆਂ ਲੋਕਾਂ ਵਲੋਂ ਸ਼ਲਾਘਾ ਤੇ ਅਲੋਚਨਾ ਹੁੰਦੀ ਰਹੀ,ਮੈਂ ਦੋਵਾਂ ਨੂੰ ਹੀ ਸਿਰ ਮੱਥੇ ਲਿਆ।ਸ਼ਲਾਘਾ ਨਾਲ ਨਵਾਂ ਕਰਨ ਦਾ ਬਲ ਮਿਲਿਆ ਤੇ ਅਲੋਚਨਾ ਨੇ ਸਵੈ ਵੱਲ ਤੱਕਣਾ ਤੇ ਕੁਝ ਨਵਾਂ ਸਿਖਾਇਆ।ਇਸ ਇਕ ਸਾਲ ਦੀ ਬਲੌਗਿੰਗ ਤੋਂ ਅਸੀਂ ਨਵਾਂ ਚੈੱਲਜ਼ ਲੈਣ ਲਈ ਤਿਆਰ ਹਾਂ।ਨਿਊ ਮੀਡੀਆ ਦੇ ਅੰਦਰ ਬਹੁਤ ਸਾਰੀਆਂ ਸੰਭਾਵਨਾਵਾਂ ਨੇ।ਇਹ ਮੁੱਖ ਧਰਾਈ ਮੀਡੀਆਂ ਤੋਂ ਹੱਟਕੇ,ਤੁਸੀਂ ਜਿੱਥੇ ਤੱਕ ਸੋਚ ਸਕਦੇ ਹੋਂ,ਓਥੇ ਤੱਕ ਸੋਚਣ ਦਾ ਮੌਕਾ ਦਿੰਦਾ।ਇਸੇ ਸੰਭਾਵਨਾਵਾਂ 'ਤੇ ਗੱਲਬਾਤ ਕਰਦੇ ਹੋਏ ਬਾਹਰ ਅੰਦਰ ਦੇ ਕੁਝ ਦੋਸਤਾਂ ਮਿੱਤਰਾਂ ਨੇ ਵੈਬਸਾਈਟ ਸ਼ੁਰੂ ਕਰਨ ਲਈ ਕਿਹਾ।ਕੁਝ ਕਲਮ ਘਸੀਟਿਆਂ ਨੇ ਲਗਾਤਾਰ ਲਿਖਣ ਲਈ ਵੀ ਕਿਹਾ ਹੈ।ਕੁਝ ਨੂੰ ਅਸੀਂ ਕਹਿ ਰਹੇ ਹਾਂ।ਜੇ ਸਾਰੇ ਆਪ ਆਪਣੀਆਂ ਜ਼ਿੰਮੇਂਵਾਰੀਆਂ ਚੁੱਕਣ ਲਈ ਤਿਆਰ ਹੋ ਗਏ ਤਾਂ ਆਉਣ ਵਾਲੇ ਸਮੇਂ 'ਚ ਵੈੱਬਸਾਈਟ ਨੂੰ ਦੋਸਤਾਂ ਮਿੱਤਰਾਂ ਦੇ ਰੂਬਰੂ ਕਰਾਂਗੇ।

ਨਵੇਂ ਸਾਲ ਦੀ ਰਸਮੀ ਮੁਬਾਰਕ ਨਾਲ,
ਯਾਦਵਿੰਦਰ ਕਰਫਿਊ।
mail2malwa@gmail.com,malwa2delhi@yahoo.co.in

mob:09899436972

Wednesday, December 30, 2009

‘ਵੱਡੇ ਢਿੱਡ’ ਬਨਾਮ ‘ਖਾਲੀ ਢਿੱਡ’

ਪੰਜਾਬੀ ਪੱਤਰਕਾਰੀ 'ਚ ਜੇ ਗਿਣੇ ਚੁਣੇ ਨਾਮ ਲੈਣੇ ਹੋਣ ਤਾਂ ਚਰਨਜੀਤ ਭੁੱਲਰ ਆਪਣੇ ਆਪ ਪਹਿਲੀ ਕਤਾਰ 'ਚ ਖੜ੍ਹਾ ਹੋ ਜਾਂਦਾ ਹੈ।ਵੈਸੇ ਤਾਂ ਪੱਤਰਕਾਰੀ ਦੀਆਂ ਕਦਰਾਂ ਕੀਮਤਾਂ 'ਤੇ ਸਿਧਾਂਤਕ ਲੈਕਚਰ ਦੇਣ ਵਾਲੇ ਹਰ ਵੇਲੇ ਆਪਣੇ ਹੱਥ 'ਚ ਮਾਈਕ ਰੱਖਦੇ ਹਨ,ਪਰ ਚਰਨਜੀਤ ਨੇ ਸਿਧਾਂਤਾਂ 'ਤੇ ਕੋਈ ਸ਼ੌਸ਼ੇਬਾਜ਼ੀ ਨਾ ਕਰਦੇ ਹੋਏ ਇਹਨਾਂ ਨੂੰ ਅਮਲੀ ਰੂਪ ਦਿੱਤਾ।ਇਸ ਅਮਲ ਨੂੰ ਹੰਢਾਉਂਦਿਆਂ ਉਸਨੂੰ ਬੜੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਉਹ ਅਸਲੀ ਇਨਸਾਨ ਦੀ ਤਰ੍ਹਾਂ ਹਰ ਮੁਸ਼ਕਿਲ 'ਚੋਂ ਮਾਨਸਿਕ ਤੌਰ 'ਤੇ ਹੋਰ ਮਜ਼ਬੂਤੀ ਨਾਲ ਨਿਕਲਿਆ।ਮੇਰੀ 'ਤੇ ਚਰਨਜੀਤ ਦੀ ਉਮਰ ਦਾ ਡੇਢ ਦਹਾਕੇ ਦਾ ਫਰਕ ਹੈ।ਇਸ ਲਈ ਮੈਂ ਉਹਦੀ ਪੱਤਰਕਾਰੀ ਨੂੰ ਸਕੂਲੀ ਦਿਨਾਂ ਤੋਂ ਵਾਚਦਾ ਰਿਹਾਂ।ਜਦੋਂ ਵੀ ਹੱਥ 'ਚ ਪੰਜਾਬੀ ਟ੍ਰਿਬਿਊਨ ਹੁੰਦਾ ਸੀ,ਤਾਂ ਐਡੀਟੋਰੀਅਲ ਤੋਂ ਬਾਅਦ ਹਮੇਸ਼ਾਂ ਬਠਿੰਡੇ ਦੀ ਖ਼ਬਰ 'ਤੇ ਧਿਆਨ ਜਾਂਦਾ ਸੀ।ਮੈਂ ਕਹਿ ਸਕਦਾਂ ਕਿ ਮੇਰੇ ਵਰਗੇ ਪਤਾ ਨਹੀਂ ਕਿੰਨਿਆਂ ਦੇ ਅੰਦਰ ਚਰਨਜੀਤ ਨੇ ਪੱਤਰਕਾਰੀ ਦੀ ਚਿਣਗ ਜਗਾਈ ਹੋਣੀ ਹੈ।ਅੱਜ ਉਸ ਬਾਰੇ ਕੁਝ ਸ਼ਬਦ ਲਿਖਕੇ ਮੈਨੂੰ ਅਥਾਹ ਖੁਸ਼ੀ ਮਹਿਸੂਸ ਹੋ ਰਹੀ ਹੈ।ਉਮੀਦ ਹੇ ਚਰਨਜੀਤ ਦੀ ਕਲਮ ਹਜ਼ਾਰਾ ਝੱਖੜ ਝੇਲਿਆਂ ਦੇ ਬਾਵਜੂਦ ਇਸ ਤਰ੍ਹਾਂ ਚਲਦੀ ਰਹੇਗੀ ਤੇ ਸਾਨੂੰ ਵੀ ਲਗਾਤਾਰ ਸਹਿਯੋਗ ਦਿੰਦੇ ਰਹਿਣਗੇ--ਯਾਦਵਿੰਦਰ ਕਰਫਿਊ

‘ਰੁੱਖੀ-ਮਿੱਸੀ’ ਆਖਰੀ ਸਹਾਰਾ ਨਹੀਂ ਸਗੋਂ ਹੁਣ ਮੁੱਖ ਸਹਾਰਾ ਸੀ। ਹਰ ਗਰੀਬ ਦੇ ਪੇਟ ਲਈ ਇਹੋ ਧਰਵਾਸ ਸੀ। ਇੱਕ ਮਜ਼ਦੂਰ ਇਸ ਪੇਟ ਲਈ ਕੀ ਕੁਝ ਨਹੀਂ ਕਰਦਾ। ਮੂੰਹ ’ਨੇਰੇ ਕਿਸੇ ਕੱਚੇ ਘਰ ’ਚ ਝਾਕੋਗੇ ਤਾਂ ਅੰਦਰੋਂ ਠੰਡੇ ਹੋਏ ਚੁੱਲੇ ਚੌਂਕੇ ਤੋਂ ਸਿਵਾ ਕੁਝ ਨਹੀਂ ਦਿਖੇਗਾ। ਲੇਬਰ ਚੌਂਕ ਚੋਂ ਮੁੜੇ ਮਜ਼ਦੂਰ ਦੀ ਬੱਚੀ ਆਪਣੇ ਬਾਪ ਦੀ ਪੋਟਲੀ ਫਰੋਲ ਰਹੀ ਹੋਵੇਗੀ । ਸਿਵਾਏ ਸੁੱਕੇ ਅਚਾਰ ਦੀ ਗੁਠਲੀ ਤੋਂ ਜਦੋਂ ਬੱਚੀ ਨੂੰ ਪੋਟਲੀ ’ਚ ਕੁਝ ਨਹੀਂ ਮਿਲੇਗਾ ਤਾਂ ਮਾਂ ਇਹੋ ਆਖੇਗੀ, ‘ਸੌ ਜਾ ਰਾਣੀ, ਕੱਲ ਰੋਟੀ ਖਾਵਾਂਗੇ।’ ਕੱਚੇ ਘਰਾਂ ’ਚ ਵਸਣ ਵਾਲੇ ਹੁਣ ‘ਆਟੇ ਵਾਲੇ ਪੀਪੇ’ ਨਹੀਂ ਰੱਖਦੇ। ਕਿਉਂਕਿ ਇਨ੍ਹਾਂ ਪੀਪਿਆਂ ਦੇ ਖਾਲੀ ਥੱਲੇ ਉਨ੍ਹਾਂ ਨੂੰ ਲਾਹਨਤਾਂ ਪਾਉਂਦੇ ਹਨ। ਪੀਪੇ-ਪੀਪੀਆਂ ਦਾ ਕੀ ਕਸੂਰ। ਕਸੂਰ ਤਾਂ ਇਨ੍ਹਾਂ ਦਾ ਮਾਲਕਾਂ ਦਾ ਵੀ ਨਹੀਂ। ਠੰਡੇ ਚੁੱਲਿਆਂ ਚੋਂ ਵੋਟਾਂ ਭਾਲਣ ਵਾਲੇ ਇਨ੍ਹਾਂ ਪੀਪਿਆਂ ਚੋਂ ਹੀ ਆਪਣੇ ‘ਗੱਦੀ’ ਤੱਕ ਅੱਪੜਦੇ ਹਨ। ਗਰੀਬ ਗੁਰਬੇ ਲਈ ਸਭ ਕੁਝ ਵਿਤੋਂ ਬਾਹਰ ਹੋ ਚੱਲਿਆ ਹੈ। ਗੁਰੂ ਘਰਾਂ ਦੇ ¦ਗਰਾਂ ’ਚ ਹੁਣ ਬੱਚਿਆਂ ਦੀ ਕਤਾਰ ਦਿੱਖਦੀ ਹੈ। ‘ਭਾਈ ਜੀ’ ਗੁਸੈਲ ਹੋਵੇ ਤਾਂ ਬੱਚਿਆਂ ਦੇ ਹੱਥ ‘ਸੌਣ’ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ ਹੁੰਦਾ। ਜਦੋਂ ਇਹ ਬੱਚੇ ਵੱਡੇ ਹੋਣਗੇ ਤਾਂ ਆਪ ਹੀ ਸਮਝ ਜਾਣਗੇ। ਸਮਝ ਜਾਣਗੇ ਚੁੱਲਿਆਂ ’ਚ ਉਘੇ ਘਾਹ ਦੇ ਮਾਹਣੇ। ਸੋਝੀ ਆਏਗੀ ਕਿ ਲੇਬਰ ਚੋਂਕ ਚੋਂ ਕਿਉਂ ਖਾਲੀ ਮੁੜਨਾ ਪੈਂਦਾ ਹੈ। ਲੀਡਰਾਂ ਦੇ ਗੇੜੇ ਸਮਝਾ ਦੇਣਗੇ ਕਿ ਵੋਟਾਂ ਦੀ ਰੁੱਤ ਨੇੜੇ ਹੈ। ਲੀਡਰਾਂ ਦੇ ਭਾਸ਼ਨਾਂ ਚੋਂ ਉਨ੍ਹਾਂ ਨੂੰ ਵੀ ਆਪਣੇ ਬਾਪ-ਦਾਦੇ ਵਾਂਗੂ ਝਾਉਲਾ ਪਏਗਾ ਕਿ ‘ਦਿਨ ਬਦਲਣ ਵਾਲੇ ਨੇ’।


ਦਿਨ ਹੁਣ ਉਹ ਨਹੀਂ ਰਹੇ। ‘ਰੁੱਖੀ ਮਿਸੀ’ ਖਾ ਦੇ ਕੇ ਗੁਜ਼ਾਰਾ ਕਰਨਾ ਦੂਰ ਦੀ ਗੱਲ ਹੈ। ਹੁਣ ਤਾਂ ਗਰੀਬ ਦੇ ਹੱਥੋਂ ਰੁੱਖੀ ਮਿਸੀ ਵੀ ਨਿਕਲ ਗਈ ਹੈ। ਮਹਿੰਗਾਈ ਦਾ ਭੂਤ ਅੱਜ ਗਰੀਬ ਪਰਿਵਾਰਾਂ ਨੂੰ ਡਰਾ ਰਿਹਾ ਹੈ। ਕੌਣ ਜਿਮੇਵਾਰ ਹੈ, ਇਹ ਵੱਖਰਾ ਮਾਮਲਾ ਹੈ। ਮਾਮਲਾ ਇਥੇ ‘ਪੇਟ’ ਦਾ ਹੈ। ਪਤਾ ਨਹੀਂ ਇਸ ਮਹਿੰਗਾਈ ’ਚ ਕਿੰਨੇ ਲੋਕ ਆਪਣੇ ਪੇਟ ਨੂੰ ਬਿਨ੍ਹਾਂ ਕਸੂਰੋਂ ਸਜਾ ਦਿੰਦੇ ਹੋਣਗੇ। ਇਕੱਲੀ ਰੁੱਖੀ ਮਿਸੀ ਵੀ ਪਾਣੀ ਨਾਲ ਖਾਣੀ ਪੈ ਜਾਏ ਤਾਂ ਉਹ ਵੀ ਔਖੀ ਹੈ। ਆਟੇ ਦਾ ਭਾਅ 16 ਰੁਪਏ ਪ੍ਰਤੀ ਕਿਲੋ ਤੋਂ ਉਪਰ ਹੈ। ‘ਚਟਨੀ’ ਵੀ ਵਸ ’ਚ ਨਹੀਂ ਰਹੀ। ਗੰਢਿਆਂ ਦਾ ਭਾਅ ਪਿਛਲੇ ਵਰ੍ਹੇ 20 ਰੁਪਏ ਕਿਲੋ ਤੋਂ ਟੱਪਿਆ ਨਹੀਂ ਸੀ। ਐਤਕੀਂ 30 ਰੁਪਏ ਪ੍ਰਤੀ ਕਿਲੋ ਤੱਕ ਅੱਪੜ ਗਿਆ ਹੈ। ਗੰਢਿਆਂ ਦੀ ਚਟਨੀ ਵੀ ਹੱਥੋਂ ਨਿਕਲ ਗਈ। ਦਾਲ ਰੋਟੀ ਖਾ ਕੇ ਵੀ ਦਿਨ ਟਪਾਉਣਾ ਸੌਖਾ ਨਹੀਂ ਰਿਹਾ। ਦਾਲ ਦਾ ਭਾਅ 90 ਰੁਪਏ ਕਿਲੋ ਨੂੰ ਪਾਰ ਕਰ ਗਿਆ ਹੈ। ‘ਮਾਰੂ ਚਾਹ’ ਵੀ ਕਰਮਾਂ ’ਚ ਨਹੀਂ ਬਚੀ। ਗੁੜ ਦਾ ਭਾਅ ਵੀ 26 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਚੀਨੀ 40 ਦੇ ਨੇੜੇ ਪੁੱਜ ਗਈ ਹੈ। ਇਕੱਲਾ ਪਾਣੀ ਬਚਿਆ ਹੈ। ਉਹ ਵੀ ਜ਼ਹਿਰਾਂ ਵਾਲਾ ਧਰਤੀ ਹੇਠਲਾ ਪਾਣੀ। ਜੋ ਰੱਜ ਕੇ ਸੌਂਦੇ ਹਨ,ਸਰਕਾਰਾਂ ਨੂੰ ਉਨ੍ਹਾਂ ਦਾ ਫਿਕਰ ਹੈ। ਜੋ ਭੁੱਖਣ ਭਾਣੇ ਰਾਤਾਂ ¦ਘਾਉਂਦੇ ਨੇ, ਉਨ੍ਹਾਂ ਦੀ ਚਿੰਤਾਂ ਨਹੀਂ। ਖਬਰ ਹੈ ਕਿ ਰਾਜਸਥਾਨ ’ਚ ਇੱਕ ਮਜ਼ਦੂਰ ਨੇ ਇਸ ਕਰਕੇ ਆਪਣੀ ਬੱਚੀ ਮਾਰ ਦਿੱਤੀ ਕਿ ‘ਨਿੱਤ ਰੋਟੀ ਮੰਗਦੀ ਸੀ।’


ਮਹਿੰਗਾਈ ਦੀ ਮਾਰ ਕੇਵਲ ਗਰੀਬ ’ਤੇ ਪਈ ਹੈ। ਲਿਸ਼ਕਦੀਆਂ ਕਾਰਾਂ ਦੇ ਭਾਅ ਨਹੀਂ ਵਧੇ। ਹਵਾਈ ਟਿਕਟਾਂ ਦੇ ਨਹੀਂ ਵਧੇ। ਇਲੈਕਟ੍ਰੋਨਿਕ ਵਸਤਾਂ ਦੇ ਨਹੀਂ ਵਧੇ। ਫਰਕ ਏਥਾ ਹੀ ਹੈ ਕਿ ਸਰਕਾਰ ਕੇਵਲ ‘ਵੱਡੇ ਲੋਕਾਂ’ ਦੇ ਪੇਟ ਦਾ ਦੁੱਖ ਸਮਝਦੀ ਹੈ। ਕੱਚੇ ਘਰਾਂ ਤੱਕ ਪੁੱਜਣ ਲਈ ਸਰਕਾਰਾਂ ਨੂੰ ਵਿਹਲ ਕਿਥੇ। ਸ਼ੁਕਰ ਹੈ ਕਿ ਵੋਟਾਂ ਵੇਲੇ ਇਹ ਲੀਡਰ ਵਕਤ ਕੱਢ ਲੈਂਦੇ ਹਨ। ਸੁਆਲ ਇਹ ਹੈ ਕਿ ਗਰੀਬ ਬੰਦੇ ਕੋਲ ਆਖਰੀ ਜੋ ਪੇਟ ਦੀ ਅੱਗ ਬੁਝਾਉਣ ਦਾ ਸਹਾਰਾ ਸੀ, ਉਹ ਵੀ ਖੁਸ ਗਿਆ ਹੈ। ਕਦੋਂ ਤੱਕ ਸਰਕਾਰ ਗੱਲੀਂ ਬਾਤੀਂ ਪੇਟ ਭਰਦੀ ਰਹੇਗੀ। ਸਰਕਾਰ ਇਹ ਨਹੀਂ ਜਾਣਦੀ ਕਿ ਜਦੋਂ ਭੁੱਖੇ ਪੇਟ ਦਾ ਖੂਨ ਖੌਲਦਾ ਹੈ ਤਾਂ ‘ਖੂਨ’ ਡੁੱਲਣ ਦੀ ਨੌਬਤ ਵੀ ਬਣ ਜਾਂਦੀ ਹੈ। ਅੱਜ ਕੱਲ ਵਿਆਹ ਸਾਹਿਆ ਦਾ ਸੀਜਨ ਹੈ। ਅਮੀਰ ਲੋਕਾਂ ਦੇ ਵਿਆਹਾਂ ’ਚ ਉਨ੍ਹਾਂ ਖਾਧਾ ਨਹੀਂ ਜਾਂਦਾ ਜਿਨ੍ਹਾਂ ਵੇਸਟ ਹੁੰਦਾ ਹੈ। ਮਹਿੰਗਾਈ ਮਹਿੰਗੇ ਵਿਆਹਾਂ ’ਤੇ ਕੋਈ ਅਸਰ ਨਹੀਂ ਛੱਡ ਸਕੀ। ਮਹਿੰਗਾਈ ਸਰਦੇ ਪੁੱਜਦਿਆਂ ਦਾ ਵਾਲ ਵਿੰਗਾ ਨਹੀਂ ਕਰ ਸਕੀ। ਇੱਧਰ ਗਰੀਬਾਂ ਦੇ ਸਿਰ ਗੰਜੇ ਕਰ ਦਿੱਤੇ ਹਨ। ਕਿਹਾ ਜਾਂਦਾ ਹੈ, ਕਿ ‘ਭੁੱਖੇ ਮੂਹਰੇ ਪਾਈ ਬਾਤ, ਕਹਿੰਦੈ ਟੁੱਕ’। ਸਰਕਾਰਾਂ ਲੱਖ ਬਾਤਾਂ ਪਾਉਣ, ਹੁਣ ਤਾਂ ਹਰ ਮੂੰਹੋਂ ‘ਟੁੱਕ’ ਹੀ ਨਿਕਲਦਾ ਹੈ। ਇਹ ਵੀ ਭਰਮ ਹੀ ਹੋਵੇਗਾ ਕਿ ‘ਟੁੱਕ’ ਵਾਲੇ ਆਪਣੀ ਸਿਹਤ ਵਾਰੇ ਸੋਚਣਗੇ ਜਾਂ ਫਿਰ ਉਨ੍ਹਾਂ ਨੂੰ ਆਪਣੇ ਵਾਰਸਾਂ ਨੂੰ ਪੜਾਉਣ ਦਾ ਖਿਆਲ ਮਨ ’ਚ ਆਵੇਗਾ। ਆਟਾ ਦਾਲ ਸਕੀਮਾਂ ਨਾਲ ਕਦੋਂ ਤੱਕ ਗੱਡੀ ਚੱਲੇਗੀ। ਲੋਕ ਰੁਜ਼ਗਾਰ ਮੰਗਦੇ ਨੇ ,ਮਿਹਨਤਾਂ ਦੇ ਮੁੱਲ ਮੰਗਦੇ ਨੇ, ਸਰਕਾਰ ਸਕੀਮਾਂ ਦਿੰਦੀ ਹੈ। ਵੋਟਾਂ ਖਿੱਚਣ ਵਾਲੀਆਂ ਸਕੀਮਾਂ ਨੇ ਤਾਂ ਅੱਜ ਇਹ ਦਿਨ ਦਿਖਾ ਦਿੱਤੇ ਹਨ। ਇਕੱਲੇ ਗਰੀਬ ਨੂੰ ਨਹੀਂ, ਪੰਜਾਬ ਨੂੰ ਵੀ ਦਿਖਾਏ ਹਨ। ਵੋਟਾਂ ਵਾਲਾ ਪੀਪਾ ਭਰਨ ਲਈ ਸਰਕਾਰੀ ਪੀਪੇ ਨੂੰ ਖਾਲੀ ਕਰਨ ’ਚ ਲੀਡਰ ਦੇਰ ਨਹੀਂ ਲਾਉਂਦੇ। ਸਿਆਸੀ ਧਿਰ ਚਾਹੇ ਕੋਈ ਵੀ ਹੈ। ਇਹ ਤਾਂ ਦਸਤੂਰ ਹੀ ਬਣ ਗਿਆ ਹੈ।
ਖ਼ਜ਼ਾਨਾ ਮੰਤਰੀ ਕਈ ਵਾਰ ਆਖ ਚੁੱਕੇ ਹਨ। ਸੱਚਮੁੱਚ ਸਰਕਾਰੀ ਪੀਪਾ ਖਾਲੀ ਹੈ। ਗੱਦੀ ’ਤੇ ਬੈਠਣ ਵਾਲੇ ਬਾਦਸ਼ਾਹੀ ਦਿਖਾ ਰਹੇ ਹਨ। ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ। ਉਹ ਦਿਨ ਦੂਰ ਨਹੀਂ ਹਨ ਜਦੋਂ ਪੰਜਾਬ ਦੇ ਹਰ ਕੋਨੇ ਚੋਂ ਇਹ ਖਬਰ ਮਿਲਣ ਲੱਗੇਗੀ ਕਿ ,‘ਫਲਾਣਾ ਸਿਓ ਭੁੱਖ ਨਾਲ ਮਰ ਗਿਐ।’ ਬਿਮਾਰੀ ਨਾਲ ਤਾਂ ਨਿੱਤ ਲੋਕ ਮਰ ਹੀ ਰਹੇ ਹਨ। ਪੰਜਾਬ ’ਚ ਹਜ਼ਾਰਾਂ ਗਰੀਬ ਘਰਾਂ ’ਚ ਲੋਕ ਆਪਣੀ ਮੌਤ ਉਡੀਕ ਰਹੇ ਹਨ। ਬਠਿੰਡਾ ਦੇ ਪਿੰਡ ਤੁੰਗਵਾਲੀ ਦੇ ਸਰਕਾਰੀ ਡਾਕਟਰ ਨੇ ਇੱਕ ਦਿਨ ਫੋਨ ਕਰਕੇ ਦੱਸਿਆ ,‘ਪਿੰਡ ਦੀ ਗਰੀਬ ਔਰਤ ਨੂੰ ਕੈਂਸਰ ਹੋ ਗਿਆ ਹੈ, ਉਸ ਦੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਾਲਿਆਂ ਨੇ ਟੈਸਟ ਵੀ ਨਹੀਂ ਕੀਤੇ।’ ਹਫਤੇ ਮਗਰੋਂ ਉਸੇ ਡਾਕਟਰ ਨੇ ਦੱਸਿਆ ਕਿ ਪਰਿਵਾਰ ਵਾਲੇ ਔਰਤ ਦਾ ਮੰਜਾ ਪਿੰਡ ਦੇ ਗੁਰੂ ਘਰ ਵਿੱਚ ਲੈ ਗਏ ਹਨ। ਸਿਵਾਏ ਅਰਦਾਸ ਤੋਂ ਉਨ੍ਹਾਂ ਪੱਲੇ ਕੁਝ ਨਹੀਂ ਬਚਿਆ। ਇਲਾਜ ਦੀ ਪਹੁੰਚ ਨਹੀਂ। ਮੱਦਦ ਲਈ ਜਦੋਂ ਦੂਸਰੇ ਦਿਨ ਪਿੰਡ ਤੁੰਗਵਾਲੀ ਜਾਣ ਦੀ ਤਿਆਰੀ ਕਰਨ ਲੱਗੇ ਤਾਂ ਉਸੇ ਡਾਕਟਰ ਦਾ ਫੋਨ ਆ ਗਿਆ, ‘ ਉਹ ਔਰਤ ਨਹੀਂ ਰਹੀ।’ ਕਿੰਨੇ ਹੀ ਇਸ ਤਰ੍ਹਾਂ ਦੇ ਲੋਕ ਹਨ ਜਿਨ੍ਹਾਂ ਕੋਲ ਇਲਾਜ ਦੀ ਪਹੁੰਚ ਹੀ ਨਹੀਂ। ਮੌਤ ਉਡੀਕਦੇ ਰਹਿੰਦੇ ਹਨ। ਸਰਕਾਰ ਫਿਰ ਵੀ ਇਨ੍ਹਾਂ ਦੀ ਨਹੀਂ ਸੁਣਦੀ, ਆਖਰ ਮੌਤ ਸੁਣ ਲੈਂਦੀ ਹੈ। ਕੈਂਸਰ ਵਰਗੀ ਬਿਮਾਰੀ ਕੇਸ ਕੋਈ ਮਾਲਵੇ ਦੇ ਲੋਕਾਂ ਨੂੰ ਪੁੱਛ ਕੇ ਦੇਖੇ।

ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਧਰਮਪਤਨੀ ਨੇ ਆਖਿਆ ਕਿ ਵਪਾਰੀ ਲੋਕਾਂ ਨੇ ਭੰਡਾਰ ਭਰ ਲਏ ਨੇ, ਤਾਹੀਓ ਮਹਿੰਗਾਈ ਵਧੀ ਹੈ। ਸਰਕਾਰ ਖੁਦ ਵੀ ਮੰਨਦੀ ਹੈ। ਫਿਰ ਦੇਰੀ ਕਿਸ ਗੱਲ ਦੀ ਹੈ। ਲੋੜ ਹੈ ਕਿ ‘ਵੱਡੇ ਢਿੱਡਾਂ’ ਦੀ ਥਾਂ ‘ਖਾਲੀ ਢਿੱਡਾਂ’ ਵਾਰੇ ਸੋਚਣ ਦੀ। ਉਨ੍ਹਾਂ ਦੀ ਸਿਹਤ ਵਾਰੇ ਸੋਚਣ ਦੀ, ਵਿੱਦਿਆ ਵਾਰੇ ਸੋਚਣ ਦੀ। ਰੁਜ਼ਗਾਰ ਵਾਰੇ ਸੋਚਣ ਦੀ, ਉਨ੍ਹਾਂ ਦੇ ਬੱਚਿਆਂ ਵਾਰੇ ਸੋਚਣ ਦੀ। ਵੇਲੇ ਸਿਰ ਨਾ ਸੋਚਿਆ ਜਾਵੇ ਤਾਂ ਨਤੀਜੇ ਭਿਆਨਕ ਵੀ ਬਣ ਜਾਂਦੇ ਹਨ। ਕਈ ਦਫਾ ਇੱਕ ਇੱਕ ਸੋਚ ਜੁੜ ਕੇ ‘ਵੱਡੀ ਸੋਚ’ ਬਣ ਜਾਂਦੀ ਹੈ ਜਿਸ ਚੋਂ ਫਿਰ ਕਈ ਰਸਤੇ ਨਿਕਲਦੇ ਹਨ, ਜਿਨ੍ਹਾਂ ਨੂੰ ਭਰਨ ਲਈ ਸਰਕਾਰਾਂ ਦਾ ਸਮਾਂ ਵੀ ਲੱਗਦਾ ਹੈ ਤੇ ਪੈਸਾ ਵੀ। ਫਿਰ ਕਿਉਂ ਨਾ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਪਹਿਲਾਂ ਹੀ ਬੰਨ ਦੇਈਏ।

ਚਰਨਜੀਤ ਭੁੱਲਰ,ਬਠਿੰਡਾ

Monday, December 28, 2009

ਮਿੱਟੀ: ਦਿਸ਼ਾਹੀਣਤਾ ਤੇ ਜ਼ਿੰਮੇਵਾਰੀ ਵਿੱਚ ਸੰਵਾਦ


ਹੁਣ ਤੱਕ ਪੰਜਾਬੀ ਫ਼ਿਲਮਾਂ ਦਾ ਖਾਸਾ ਮਨੋਰੰਜਨ ਤੱਕ ਮਹਿਦੂਦ ਰਿਹਾ ਹੈ। ਜਾਤੀ ਹਉਮੈ, ਜ਼ਮੀਨ ਲਈ ਦੁਸ਼ਮਣੀਆਂ, ਪਰਵਾਸ ਦੇ ਕੁਝ ਪੱਖਾਂ ਅਤੇ ਪਿਆਰ ਤਿਕੋਣਾਂ ਦੁਆਲੇ ਘੁੰਮਦਾ ਪੰਜਾਬੀ ਫ਼ਿਲਮਾਂ ਦਾ ਵਿਸ਼ਾ-ਵਸਤੂ ਖੜੋਤ ਦਾ ਸ਼ਿਕਾਰ ਹੈ। ਆ ਰਹੀ ਫ਼ਿਲਮ ‘ਮਿੱਟੀ’ ਇਸ ਖੜੋਤ ਅਤੇ ਪੰਜਾਬੀ ਫ਼ਿਲਮ ਦੇ ਪ੍ਰਵਾਨਿਤ ਖਾਸੇ ਨੂੰ ਵੱਢ ਮਾਰਦੀ ਹੈ। ਮਿੱਟੀ ਪੰਜਾਬ ਦੇ ਮੁੰਡਿਆਂ ਦੀ ਕਹਾਣੀ ਹੈ ਜੋ ਪੰਜਾਬੀ ਹੋਣ ਦੇ ਬਾਵਜੂਦ ਇੱਥੇ ਦੀ ‘ਮਿੱਟੀ’ ਤੋਂ ਨਿਰਲੇਪ ਹਨ। ਦਿਸ਼ਾਹੀਣਤਾ ਦੀ ਹਾਲਤ ਵਿੱਚ ਉਹ ਜੋ ਵੀ ਕਰਦੇ ਹਨ ਸਿਰਫ਼ ਸਾਹ ਲੈਂਦੇ ਰਹਿਣ ਦਾ ਤਰੱਦਦ ਹੈ। ਜਦੋਂ ਜ਼ਿੰਦਗੀ ਦੇ ਥਪੇੜੇ ਉਨ੍ਹਾਂ ਨੂੰ ਮਿੱਟੀ ਦੀ ਜਾਗ ਲਾਉਂਦੇ ਹਨ ਤਾਂ ਉਨ੍ਹਾਂ ਨੂੰ ਕੀਮਤ ਜਾਨ ਦੇਕੇ ਤਾਰਨੀ ਪੈਂਦੀ ਹੈ।

ਮੌਜੂਦਾ ਸਮਿਆਂ ਦੀ ਵੱਡੀ ਤ੍ਰਾਸਦੀ ਨੌਜਵਾਨ ਪੀੜ੍ਹੀ ਨਾਲ ਸੰਵਾਦ ਦੀ ਅਣਹੋਂਦ ਹੈ। ਨਿਘਾਰ ਅਤੇ ਗ਼ੈਰ-ਜ਼ਿੰਮੇਵਾਰੀ ਦੀਆਂ ਤੋਹਮਤਾਂ ਸਹਿੰਦੀ ਇਹ ਪੀੜ੍ਹੀ ਆਪਣੇ ਜੀਣ-ਥੀਣ ਦੇ ਕਾਰਨ ਤੇ ਸਾਧਨ ਤਲਾਸ਼ ਰਹੀ ਹੈ। ਮਿੱਟੀ ਇਸ ਪੀੜ੍ਹੀ ਨਾਲ ਨਿੱਗਰ ਅਤੇ ਟਕਰਾਵਾਂ ਸੰਵਾਦ ਸਿਰਜਦੀ ਹੈ। ਇਸ ਸੰਵਾਦ ਨਾਲ ਇਸ ਪੀੜ੍ਹੀ ਦਾ ਰਿਸ਼ਤਾ ਪਿਛਲੀਆਂ ਪੀੜ੍ਹੀਆਂ ਰਾਹੀਂ ਹੁੰਦਾ ਹੋਇਆ ਇਤਿਹਾਸ ਨਾਲ ਜੁੜਦਾ ਹੈ ਜੋ ਨਾਬਰੀ ਦੀਆਂ ਬਾਤਾਂ ਪਾ ਰਿਹਾ ਹੈ। ਇਹ ਮੁੰਡੇ ਜਦੋਂ ਇਤਿਹਾਸ ਵਿੱਚੋਂ ਸੋਝੀ ਹਾਸਿਲ ਕਰਦੇ ਹਨ ਤਾਂ ਇਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੱਡੀਆਂ ਹੋ ਨਿਬੜਦੀਆਂ ਹਨ। ਇਸ ਤਰ੍ਹਾਂ ਉਹ ਮਿੱਟੀ ਬਚਾਉਣ ਦੇ ਜਿਸ ਆਹਰ ਵਿੱਚ ਲੱਗਦੇ ਹਨ ਉਹ ਸਿਆਸਤ, ਮੁਨਾਫ਼ੇ ਅਤੇ ਧਰਮ ਦੀ ਜੁੰਡਲੀ ਨੂੰ ਬੇਪਰਦ ਕਰਦਾ ਹੈ। ਇਹ ਜੁੰਡਲੀ ਜੋ ਲੋਕਾਂ ਦੇ ਜੀਣ-ਥੀਣ ਦੇ ਸਾਧਨਾਂ ਤੇ ਕਾਰਨਾਂ ਨੂੰ ਆਪਣੇ ਹਿੱਤਾਂ ਦੀ ਬਲੀ ਚਾੜ ਰਹੀ ਹੈ।

ਰੱਬੀ, ਗਾਜ਼ੀ, ਲਾਲੀ ਅਤੇ ਟੁੰਡਾ ਯੂਨੀਵਰਸਿਟੀ ਤੋਂ ਕੱਢੇ ਜਾਣ ਤੋਂ ਬਾਅਦ ਚੰਡੀਗੜ੍ਹ ਵਿੱਚ ਦੱਬੀ ਹੋਈ ਕੋਠੀ ਵਿੱਚ ਟਿਕੇ ਹੋਏ ਹਨ। ਉਹ ਸ਼ਰਾਬ ਅਤੇ ਸਿਆਸਤ ਦਾ ਧੰਦਾ ਕਰਦੇ ਹਰਮੇਲ ਸਿੰਘ ਲਈ ਹਰ ਜਾਇਜ਼-ਨਾਜਾਇਜ਼ ਕੰਮ ਕਰਦੇ ਹਨ। ਪਿੰਡ ਲਾਲੀ ਦਾ ਭਰਾ ਜੀਤ ਕਿਸਾਨ ਯੂਨੀਅਨ ਆਗੂ ਹੈ ਜੋ ਇਨ੍ਹਾਂ ਨੂੰ ਜ਼ਿੰਦਗੀ ਦਾ ਅਸਲ ਪੱਖ ਦਿਖਾਉਣਾ ਚਾਹੁੰਦਾ ਹੈ ਪਰ ਇਨ੍ਹਾਂ ਕੋਲ ਉਸ ਦੀ ਗੱਲ ਸੁਣਨ ਲਈ ਨਾ ਸਮਾਂ ਹੈ, ਨਾ ਸਬਰ। ਇਹ ਤੋੜ-ਵਿਛੋੜਾ ਕਰਨ ਉੱਤੇ ਉਤਾਰੂ ਹਨ ਤੇ ਉਹ ਜੋੜਨ ਨੂੰ ਫਿਰਦਾ ਹੈ।
ਰੱਬੀ ਦੀ ਪ੍ਰੇਮਿਕਾ ਉਨ੍ਹਾਂ ਨੂੰ ਅਸਲੀਅਤ ਦਾ ਸ਼ੀਸ਼ਾ ਦਿਖਾਉਂਦੀ ਹੈ। ਉਨ੍ਹਾਂ ਹੱਥੋਂ ਸਰਦਾਰ ਦੀਆਂ ਬੇਇਮਾਨੀਆਂ ਨੂੰ ਬੇਪਰਦ ਕਰਨ ਲਈ ਕੰਮ ਕਰਦੇ ਪੱਤਰਕਾਰ ਦਾ ਕਤਲ ਹੁੰਦਾ ਹੈ। ਜ਼ਮੀਨ ਮਾਫ਼ੀਆ ਅਤੇ ਸਨਅਤਕਾਰ ਪੁਲੀਸ ਦੀ ਮਿਲੀਭੁਗਤ ਤੇ ਸਿਆਸੀ ਸਰਪ੍ਰਸਤੀ ਨਾਲ ਜੀਤ ਦਾ ਕਤਲ ਕਰਦੇ ਹਨ। ਇਨ੍ਹਾਂ ਮੁੰਡਿਆਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਕੁੱਤਿਆਂ ਤੋਂ ਵੀ ਬਦਤਰ ਹਨ। ਉਨ੍ਹਾਂ ਦੀ ਮੁੜ-ਬਹਾਲੀ ਦਾ ਸੰਘਰਸ਼ ਇਸ ਫ਼ਿਲਮ ਦਾ ਹਾਸਿਲ ਹੈ। ਜ਼ਿੰਦਗੀ ਦੀ ਬਿਹਤਰੀ ਦੀ ਲੜਾਈ ਦੇ ਦਾਅਪੇਚਾਂ ਤੋਂ ਅਨਜਾਣ ਮੁੰਡੇ ਜਦੋਂ ਪਿੜ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਸਿਆਸੀ-ਸਮਾਜਿਕ ਵਰਤਾਰਾ ਕਿੰਨਾ ਗੁੰਝਲਦਾਰ ਹੈ।

ਇਸ ਫ਼ਿਲਮ ਵਿੱਚ ਨੌਜਵਾਨ ਪੀੜ੍ਹੀ ਅੰਦਰਲਾ ਖਰੂਦ ਉਨ੍ਹਾਂ ਦੀ ਜੁਬਾਨ ਵਿੱਚੋਂ ਪ੍ਰਗਟ ਹੁੰਦਾ ਹੈ। ਪੰਜਾਬੀ ਗਾਇਕ ਮੀਕਾ ਸਿੰਘ ਨੇ ਫ਼ਿਲਮ ਵਿੱਚ ਗ਼ਾਜ਼ੀ ਦੀ ਭੂਮਿਕਾ ਨਿਭਾਈ ਹੈ। ਉਸ ਦਾ ਕਿਰਦਾਰ ਬਹੁਤ ਗੁੰਝਲਦਾਰ ਹੈ ਜੋ ਆਪਣੇ ਦੋਸਤ ਦੀ ਮਾਸ਼ੂਕ ਉੱਤੇ ਅੱਖ ਵੀ ਰੱਖ ਸਕਦਾ ਹੈ ਅਤੇ ਉਸੇ ਦੋਸਤ ਲਈ ਜਾਨ ਵੀ ਦੇ ਸਕਦਾ ਹੈ। ਦੋਵੇਂ ਕੰਮ ਉਹ ਬਹੁਤ ਸਹਿਜਤਾ ਨਾਲ ਕਰਦਾ ਹੈ। ਫ਼ਿਲਮ ਦੇ ਨਿਰਦੇਸ਼ਕ ਜਤਿੰਦਰ ਮੌਹਰ ਦਾ ਕਹਿਣਾ ਹੈ ਕਿ ਸੇਕਸ਼ਪੀਅਰ ਦੇ ਨਾਟਕ ਜੁਲੀਅਸ ਸੀਜ਼ਰ ਦੇ ਦੋ ਕਿਰਦਾਰਾਂ ਵਾਂਗ ਹਰ ਲਹਿਰ ਵਿੱਚ ਬਰੁਟਸ ਤੇ ਕੈਸ਼ੀਅਸ਼ ਦੀ ਮਾਨਸਿਕਤਾ ਵਾਲੇ ਆਗੂ ਹੁੰਦੇ ਹਨ। ਬਰੁਟਸ ਨੈਤਿਕਤਾ ਨੂੰ ਤਰਜੀਹ ਦਿੰਦਾ ਹੈ ਅਤੇ ਕੈਸ਼ੀਅਸ਼ ਨੈਤਿਕਤਾ ਤੋਂ ਬੇਪਰਵਾਹ ਟੀਚੇ ਵੱਲ ਵਧਦਾ ਹੈ। ਇਹ ਜ਼ਿਆਦਾ ਹਿੰਸਕ ਹੁੰਦਾ ਹੈ। ਕੈਸ਼ੀਅਸ਼ ਤੋਂ ਪ੍ਰਭਾਵਤ ਗ਼ਾਜ਼ੀ ਦਾ ਕਿਰਦਾਰ ਮੀਕਾ ਸਿੰਘ ਉੱਤੇ ਚੰਗੀ ਤਰ੍ਹਾਂ ਨਿਭਿਆ ਹੈ। ਬਰੁਟਸ ਦਾ ਕਿਰਦਾਰ ਰੱਬੀ ਹੈ ਜੋ ਲਖਵਿੰਦਰ ਕੰਦੋਲਾ ਨੇ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਸਰਦਾਰ ਸੋਹੀ, ਹਰਦੀਪ ਗਿੱਲ, ਵਿਕਟਰ ਜੌਨ, ਵੱਕਾਰ ਸ਼ੇਖ਼, ਕਸ਼ਿਸ਼ ਧਨੋਆ, ਸੁਰਜੀਤ ਗਾਮੀ, ਯਾਦ ਗਰੇਵਾਲ, ਕਰਤਾਰ ਚੀਮਾ ਅਤੇ ਤੇਜਵੰਤ ਮਾਂਗਟ ਨੇ ਅਹਿਮ ਕਿਰਦਾਰ ਨਿਭਾਏ ਹਨ।

ਜਤਿੰਦਰ ਮੌਹਰ ਮੁਤਾਬਕ ‘ਮਿੱਟੀ’ ਰਾਹੀਂ ਪੰਜਾਬੀ ਫ਼ਿਲਮਾਂ ਵਿੱਚ ਪਹਿਲੀ ਬਾਰ ਦਲਿਤ ਕਿਰਦਾਰ ਨਾਇਕ ਵਜੋਂ ਪੇਸ਼ ਹੋਏ ਹਨ। ਟੁੰਡਾ ਮਜ਼ਬੀ ਸਿੱਖਾਂ ਵਿੱਚੋਂ ਹੈ। ਟੁੰਡੇ ਦੇ ਪਿਓ ਦਾ ਕਿਰਦਾਰ ਸੁਰਜੀਤ ਗਾਮੀ ਨੇ ਨਿਭਾਇਆ ਹੈ ਜੋ ਨਿਰਦੇਸ਼ਕ ਅਨੁਸਾਰ ਫ਼ਿਲਮ ਦਾ ਸਭ ਤੋਂ ਚੇਤਨ ਬੰਦਾ ਹੈ।

ਇਸ ਫ਼ਿਲਮ ਦਾ ਸੰਗੀਤ ਮੀਕਾ ਸਿੰਘ ਨੇ ਦਿੱਤਾ ਹੈ। ਕਹਾਣੀ, ਪਟਕਥਾ ਅਤੇ ਸੰਵਾਦ ਇਸ ਫ਼ਿਲਮ ਦੇ ਨਿਰਦੇਸ਼ਕ ਜਤਿੰਦਰ ਮੌਹਰ ਨੇ ਲਿਖੇ ਹਨ। ਸਿਨਮਾ ਘਰਾਂ ਵਿੱਚ ਪਹੁੰਚਣ ਤੋਂ ਪਹਿਲਾਂ ‘ਮਿੱਟੀ’ ਕਈ ਵਾਰ ਮੁੰਬਈ ਵਿੱਚ ਦਿਖਾਈ ਗਈ ਹੈ। ਫ਼ਿਲਮ ਸਨਅਤ ਨਾਲ ਜੁੜੇ ਲੋਕਾਂ ਵਿੱਚ ਇਸ ਦੀ ਬਹੁਤ ਚਰਚਾ ਹੈ। ਉਂਝ ਚੋਣਵੇਂ ਲੋਕਾਂ ਵਿੱਚ ਚਰਚਾ ਕਰਵਾ ਕੇ ਹੀ ਕਾਮਯਾਬ ਨਹੀਂ ਹੋ ਜਾਂਦੀ। ਇਸ ਦਾ ਅਸਲ ਇਮਤਿਹਾਨ ਤਾਂ ਸਿਨਮਾ ਘਰਾਂ ਵਿੱਚ ਹੋਣਾ ਹੈ। ਦਰਸ਼ਕਾਂ ਨੂੰ ‘ਮਿੱਟੀ’ ਦੀ ਉਡੀਕ ਹੈ। ਫ਼ਿਲਮ ਨਿਰਮਾਤਾ ਕਮਲ ਬੈਂਸ, ਰੁਬੀਨਾ ਬੇਗ ਅਤੇ ਦਰਸ਼ਨ ਪਟੇਲ ‘ਮਿੱਟੀ’ ਨੂੰ ਦਰਸ਼ਕਾਂ ਦੀ ਉਡੀਕ 8 ਜਨਬਰੀ ਨੂੰ ਪੂਰਾ ਕਰ ਦੇਣਗੇ।

ਦਲਜੀਤ ਅਮੀ
ਅਸਿਸਟੈਂਟ ਐਡੀਟਰ,
ਪੰਜਾਬੀ ਟ੍ਰਿਬਿਊਨ।
ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ

Thursday, December 24, 2009

ਮਾਓਵਾਦੀ ਲਹਿਰ ਦੀ ਦਸ਼ਾ ਤੇ ਦਿਸ਼ਾ



ਭਾਰਤ ਦੇ ਨਕਸਲੀਆਂ ਜਾਂ ਮਾਓਵਾਦੀਆਂ ਅਤੇ ਹਕੂਮਤ ਦੇ ਵਿਸ਼ੇਸ਼ ਫੌਜੀ ਬਲਾਂ ਵਿਚਕਾਰ ਹੋਣ ਜਾ ਰਹੀ ਜੰਗ ਹੁਣ ਬਹੁਤੀ ਦੂਰ ਨਹੀਂ ਰਹੀ। ਤਿਆਰੀਆਂ ਹੋ ਚੁੱਕੀਆ ਹਨ। ਇਹ ਜੰਗ ਇਸ ਕਰਕੇ ਨਹੀਂ ਹੋਣ ਜਾ ਰਹੀ ਕਿ ਮਾਓਵਾਦੀਆਂ ਨੇ ਵਿਸ਼ੇਸ਼ ਉਧਮੂਲ ਚੁੱਕ ਲਿਆ ਹੈ। ਜੰਗ ਇਸ ਕਰਕੇ ਹੋਵੇਗੀ ਕਿ ਵਿਸ਼ਵਵਿਆਪੀ ਮੰਦਵਾੜੇ ਸਦਕਾ ਬਹੁਕੌਮੀ ਕਾਰਪੋਰੇਸ਼ਨਾਂ ਦੀ ਗਿਰਝੀ ਅੱਖ ਭਾਰਤ ਦੇ ਕੁਦਰਤੀ ਸਰੋਤਾਂ ਉਪਰ ਚਿਰਾਂ ਤੋਂ ਟਿਕੀ ਹੋਣ ਕਰਕੇ ਉਹ ਆਪਣੇ ਪ੍ਰਾਜੈਕਟਾਂ ਲਈ ਮੌਜੂਦਾ ਸਰਕਾਰ ਉਪਰ ਲਗਾਤਾਰ ਦਬਾਅ ਵਧਾ ਰਹੀਆਂ ਹਨ। ਭਾਰਤੀ ਦਲਾਲਾਂ ਨੇ ਇਹਨਾਂ ਕੰਪਨੀਆਂ ਨਾਲ ਮਿਲਕੇ ਝਾਰਖੰਡ, ਪੱਛਮੀ ਬੰਗਾਲ, ਉੜੀਸਾ ਅਤੇ ਛਤੀਸਗੜ੍ਹ ਆਦਿ ਦੀਆਂ ਸਰਕਾਰਾਂ ਨਾਲ ਵਿਸ਼ੇਸ਼ ਆਰਥਕ ਜੋਨਾਂ ਦੀ ਸਥਾਪਤੀ ਲਈ ਸਮਝੌਤੇ ਕੀਤੇ ਹੋਏ ਹਨ। ਜਨਤਾ ਦੇ ਵਿਰੋਧ ਸਦਕਾ ਕ¦ਿਗਾਨਗਰ, ਸਿੰਗੂਰ, ਨੰਦੀਗ੍ਰਾਮ ਅਤੇ ਨਵੀ ਮੁੰਬਈ ਵਰਗੇ ਅਨੇਕਾਂ ਵਿਸ਼ੇਸ਼ ਆਰਥਕ ਜੋਨ ਜਾਂ ਤਾਂ ਖਟਾਈ ਵਿਚ ਪੈ ਚੁੱਕੇ ਹਨ ਜਾਂ ਪੈ ਰਹੇ ਹਨ। ਪਾਸਕੋ, ਲਕਸਮੀ ਮਿੱਤਲ, ਟਾਟਾ, ਜਿੰਦਲ ਅਤੇ ਰਿਲਾਇੰਸ ਵਰਗੇ ਘਰ੍ਯਾਣਿਆਂ ਦੇ ਹਿਤ ਦਾਅ ਤੇ ਲੱਗੇ ਹੋਏ ਹਨ। ਅਸਲ ਵਿਚ ਇਹ ਆਰਥਕ ਜੋਨ ਉਹਨਾਂ ਜੰਗਲੀ ਖੇਤਰਾਂ ਵਿਚ ਹੀ ਉਸਰਨੇ ਹਨ, ਜਿੱਥੇ ਮਾਓਵਾਦੀ ਲਹਿਰ ਚੱਲ ਰਹੀ ਹੈ।

ਹਕੂਮਤ ਅਤੇ ਮਾਓਵਾਦੀ ਦੋਵੇਂ ਹੀ ਮਨੁੱਖ ਦੇ ਵਿਕਾਸ ਦੇ ਦਾਅਵੇ ਕਰ ਰਹੇ ਹਨ। ਪਹਿਲੀ ਧਿਰ ਦੀ ਧਾਰਨਾ ਅਨੁਸਾਰ ਵਿਕਾਸ ਕੇਵਲ ਤਦ ਹੀ ਸੰਭਵ ਹੈ, ਜੇਕਰ ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਕੋਸ਼ ਅਤੇ ਵਿਸ਼ਵ ਵਪਾਰ ਸੰਗਠਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚਲਾਏ ਜਾ ਰਹੇ ਆਰਥਕ ਸੁਧਾਰਾਂ ਦੇ ਮਾਡਲ ਨੂੰ ਧੁਰ ਹੇਠਲੇ ਪੱਧਰਾਂ ਅਰਥਾਤ ਦੇਸ਼ ਦੇ ਦੂਰ ਦਰਾਡੇ ਅਤੇ ਜੰਗਲੀ ਖੇਤਰਾਂ ਤੱਕ ਲਾਗੂ ਕਰ ਦਿੱਤਾ ਜਾਵੇ। ਵਿਕਾਸ ਦੇ ਇਸ ਨਵਉਦਾਰਵਾਦੀ ਮਾਡਲ ਨੂੰ ਬਹੁਤ ਸਾਰੇ ਅਰਥਸ਼ਾਸ਼ਤਰੀਆਂ ਨੇ ਪਹਿਲਾਂ ਹੀ ਰੱਦ ਕਰ ਦਿੱਤਾ ਸੀ, ਲੇਕਿਨ ਹੁਣ ਤਾਂ ਅਮਰਤਿਆ ਸੇਨ ਅਤੇ ਪਾਲ ਕਰੂਗਮੈਨ ਵਰਗੇ ਨੋਬਲ ਇਨਾਮ ਜੇਤੂ ਅਰਥਸ਼ਾਸ਼ਤਰੀ ਵੀ ਸਵਾਲ ਖੜੇ ਕਰ ਰਹੇ ਹਨ, ਜਿਹੜੇ ਇਸ ਮਾਡਲ ਦੇ ਉਘੇ ਪ੍ਰਵਕਤਾ ਰਹੇ ਹਨ।

ਮਾਓਵਾਦੀਆਂ ਦਾ ਕਹਿਣਾ ਹੈ ਕਿ ਜਲ, ਜੰਗਲ ਤੇ ਜ਼ਮੀਨ ਉਪਰ ਕਬਾਇਲੀਆਂ ਅਤੇ ਗਰੀਬ ਕਿਸਾਨਾਂ ਦਾ ਜਨਮ ਸਿੱਧ ਅਧਿਕਾਰ ਹੈ। 2006 ਦਾ ਜੰਗਲੀ ਅਤੇ ਕਬਾਇਲੀ ਕਨੂੰਨ ਵੀ ਆਦਿਵਾਸੀਆਂ ਦੇ ਹੱਕ ਵਿਚ ਜਾਂਦਾ ਹੈ, ਜਿਸ ਵਿਚ ਹਰੇਕ ਕਬਾਇਲੀ ਪਰਿਵਾਰ ਨੂੰ ਢਾਈ ਹੈਕਟੇਅਰ ਜ਼ਮੀਨ ਰੱਖਣ ਦੀ ਗਰੰਟੀ ਕੀਤੀ ਹੋਈ ਹੈ। ਹਕੂਮਤ ਇਸ ਜ਼ਮੀਨ ਬਦਲੇ ਉਹਨਾਂ ਨੂੰ ਕੀਮਤ ਦੇਣ ਦੀ ਗੱਲ ਕਰਦੀ ਹੈ। ਕੀਮਤ ਲੈਕੇ ਇਕ ਅਨਪੜ੍ਹ ਜਾਂਗਲੀ ਪੈਸੇ ਨੂੰ ਘਟੀਆ ਸ਼ਰਾਬ ਦੇ ਲੇਖੇ ਲਾ ਦੇਵੇਗਾ ਅਤੇ ਫੇਰ ਕਿਸੇ ਮਹਾਂਨਗਰ ਦੀ ਫਿਰਨੀ ਦੁਆਲੇ ਗੰਦੀ ਖ਼ੋਲੀ ਵਿਚ ਬਸੇਰਾ ਕਰ ਲਵੇਗਾ। ਸਰਕਾਰਾਂ ਕੋਲ ਦੇਣ ਲਈ ਕੀਮਤ ਤਾਂ ਹੈ, ਰੁਜ਼ਗਾਰ ਤੇ ਵਸੇਬਾ ਨਹੀਂ। ਮਾਓਵਾਦੀਆਂ ਦੀ ਦਲੀਲ ਰੱਦ ਵੀ ਕਰ ਦੇਈਏ, ਤਾਂ ਅਮਿਤ ਭਾਦੜੀ ਵਰਗੇ ਅਰਥਸ਼ਾਸ਼ਤਰੀਆਂ, ਰੋਮਿਲਾ ਥਾਪਰ ਵਰਗੇ ਮਾਨਵਸ਼ਾਸ਼ਤਰੀ ਇਤਿਹਾਸਕਾਰਾਂ, ਅਰੁੰਨਧਤੀ ਵਰਗੇ ਬੁੱਕਰ ਇਨਾਮ ਜੇਤੂ ਲੇਖਕਾਂ ਨਾਲ ਸੰਵਾਦ ਚਲਾਉਣ ਲਈ ਵੀ ਹਕੂਮਤਾਂ ਰਾਜ਼ੀ ਕਿਓਂ ਨਹੀਂ ਹਨ? ਲੱਗਦਾ ਹੈ ਕਿ ਸਰਕਾਰ ਦੀ ਨੀਤ ਵਿਚ ਹੀ ਕਿਧਰੇ ਖੋਟ ਛੁਪਿਆ ਹੋਇਆ ਹੈ।

ਮਾਓਵਾਦੀਆਂ ਦਾ ਗਰੀਨ ਹੰਟ ਯਾਨੀ ਸ਼ਿਕਾਰ ਕਰਨਾ ਸਰਕਾਰੀ ਤੰਤਰ, ਦੇਸ਼ੀ ਅਤੇ ਬਦੇਸ਼ੀ ਕੰਪਨੀਆਂ ਦੀ ਅਣਸਰਦੀ ਲੋੜ ਬਣ ਚੁੱਕੀ ਹੈ।  ਪਹਿਲਾਂ ਭਾਜਪਾ ਦੀ, ਬਾਅਦ ਵਿਚ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ¦ਬੇ ਸਮੇਂ ਤੋਂ ਮਾਓਵਾਦੀ ਸਮੱਸਿਆ ਨੂੰ ਦੇਸ਼ ਦੀ ਸਭ ਤੋਂ ਵੱਡੀ ਅੰਦਰੂਨੀ ਸਮੱਸਿਆ ਵਜੋਂ ਅੰਗਦੀਆਂ ਆ ਰਹੀਆਂ ਹਨ। ਮੌਜੂਦਾ ਸਰਕਾਰ ਨੇ ਇਸ ਮਸਲੇ ਨੂੰ ਤਰਜ਼ੀਹ ਨਾਲ ਹੱਥ ਪਾਇਆ ਹੈ। ਇਸ ਨੇ ਕੌਮੀ ਮੁਕਤੀ ਦੀਆਂ ਲਹਿਰਾਂ ਨੂੰ ਪਲੋਸਣ ਅਤੇ ਲੀਡਰਸ਼ਿਪ ਨੂੰ ਵਿਵਸਥਾ ਵਿਚ ਸਮੋਣ ਦਾ ਕੰਮ ਹੱਥ ਲਿਆ ਹੈ। ਕਸ਼ਮੀਰ ਵਾਦੀ ਵਿਚੋਂ ਹੀ 30000 ਨੀਮ ਫੌਜੀ ਬਲਾਂ ਨੂੰ ਕੱਢਕੇ ਝਾਰਖੰਡ, ਪੱਛਮੀ ਬੰਗਾਲ, ਉੜੀਸਾ ਅਤੇ ਛਤੀਸਗੜ੍ਹ ਵਿਚ ਝੋਕ ਦਿੱਤਾ ਗਿਆ ਹੈ।

ਜੂਨ ਮਹੀਨੇ ਤੋਂ ਹੀ ਦੋਵੇਂ ਧਿਰਾਂ ਇਕ ਦੂਜੀ ਦੀ ਤਾਕਤ ਨੂੰ ਟੋਹਣ ਵਿਚ ਲੱਗੀਆਂ ਹੋਈਆਂ ਹਨ। ਸਰਕਾਰੀ ਫੋਰਸਾਂ ਨੇ ਤਜ਼ਰਬੇ ਦੇ ਤੌਰ ਤੇ ਆਂਧਰਾ ਪ੍ਰਦੇਸ਼ ਦੀ ਤਰਫ਼ ਤੋਂ ਛਤੀਸਗੜ੍ਹ ਵਿਚਲੇ ਮਾਓਵਾਦੀ ਗੜ੍ਹਾਂ ਤੇ ਹਮਲੇ ਅਤੇ ਦੂਜਾ ਪੱਛਮੀ ਬੰਗਾਲ ਵਿਚ ਜੰਗਲ ਮਹਿਲ ਦੇ ਨਾਮ ਨਾਲ ਮਸ਼ਹੂਰ ਲਾਲਗੜ੍ਹ ਖਿੱਤੇ ਵਿਚਲੇ ਟਿਕਾਣਿਆਂ ਤੋਂ ਜੰਗਲੀ ਸ਼ਿਕਾਰ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਛਤੀਸਗੜ੍ਹ ਵਿਚਲੀ ਕਾਰਵਾਈ ਨੂੰ ਤਾਂ ਮਾਓਵਾਦੀਆਂ ਵੱਲੋਂ ਪਹਿਲੀ ਸੱਟੇ ਹੀ 9, 12 ਅਤੇ 26 ਜੁਲਾਈ ਨੂੰ  ਤਿੰਨ ਵੱਡੇ ਮੋੜਵੇਂ ਹਮਲਿਆਂ ਰਾਹੀਂ ਪਿੱਛੇ ਧੱਕ ਦਿੱਤਾ ਗਿਆ ਹੈ। ਉਥੇ ਤਾਂ ਪੁਲੀਸ ਵਿਚ ਫੈਲੀ ਬਗਾਵਤ ਨੂੰ ਨੱਥਣ ਲਈ ਇਸੇ 15 ਜੁਲਾਈ ਨੂੰ 29 ਸਿਪਾਹੀਆਂ ਨੂੰ ਮੁਅੱਤਲ ਕਰਨਾ ਪਿਆ ਹੈ, ਕਿਉਂਕਿ ਉਹਨਾਂ ਨੇ ਜੰਗਲ ਯੁੱਧ ਦੀ ਸਿਖਲਾਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਘਟਨਾ ਸੁਰੱਖਿਆ ਬਲਾਂ ਵਿਚ ਫੈਲ ਰਹੀ ਬੇਚੈਨੀ ਦੀ ਸੂਚਕ ਹੈ। 15 ਨਵੰਬਰ 2008 ਨੂੰ ਕੌਂਟਾ ਅਸੰਬਲੀ ਦੀ ਹੋਈ ਚੋਣ ਵਿਚ ਅਨੇਕਾਂ ਥਾਵਾਂ ਤੇ ਸੀ ਆਰ ਪੀ ਐਫ ਦੇ ਅਫਸਰ ਸਮੇਤ 15 ਚੋਣ ਅਧਿਕਾਰੀ ਆਪਣੇ ਨਿਸ਼ਚਤ ਬੂਥਾਂ ਤੇ ਜਾਣ ਦੀ ਬਜਾਏ ਕਿਸੇ ਲੁਕਵੀਂ ਥਾਂ ਤੇ ਖੁਦ ਹੀ ਵੋਟਾਂ ਭੁਗਤਾਉਂਦੇ ਗ੍ਰਿਫਤਾਰ ਕੀਤੇ ਗਏ। ਇਹ ਘਟਨਾ ਮਾਓਵਾਦੀ ਇਲਾਕਿਆਂ ਅੰਦਰ ਚੋਣਾਂ ਦੀ ਹਾਲਤ ਬਿਆਨ ਕਰਦੀ ਹੈ।

ਦੂਜੇ ਪਾਸੇ ਲਾਲਗੜ੍ਹ ਵਿਚ ਹਕੂਮਤ ਦੀਆਂ ਸਾਝੀਆਂ ਫੋਰਸਾਂ ਨੇ ਸ਼ੁਰੂਆਤੀ ਦੌਰ ਵਿਚ ਕੁੱਝ ਆਮ ਕਬਾਇਲੀ ਮਰਦਾਂ ਅਤੇ ਔਰਤਾਂ ਨੂੰ ਗ੍ਰਿਫਤਾਰ ਕਰਕੇ ਮਾਓਵਾਦੀਆਂ ਨੂੰ ਕੁਚਲ ਦੇਣ ਦੇ ਦਾਅਵੇ ਕੀਤੇ ਸਨ। ਲੱਗਦਾ ਸੀ ਕਿ ਮਾਓਵਾਦੀਆਂ ਨੂੰ ਖਦੇੜ ਦਿੱਤਾ ਗਿਆ ਹੈ। ਲੇਕਿਨ ਮਾਓਵਾਦੀ ਭੱਜਣ ਦੀ ਬਜਾਏ ਕੁੱਝ ਸਮੇਂ ਲਈ ਛਾਪਲ ਗਏ ਸਨ। ਜਿਓਂ ਹੀ ਸੁਰੱਖਿਆ ਬਲ ਢੈਲੇ ਪਏ, ਉਹਨਾਂ ਨੇ 20 ਅਕਤੂਬਰ ਨੂੰ ਸੰਕਰੇਲ ਥਾਣੇ ਤੇ ਹਮਲਾ ਕਰਕੇ ਅਤੇ 27 ਅਕਤੂਬਰ ਨੂੰ ਰਾਜਧਾਨੀ ਐਕਸਪਰੈਸ ਨੂੰ ਇਕ ਸਟੇਸ਼ਨ ਤੇ ਪੰਜ ਘੰਟੇ ਤੱਕ ਡੱਕਕੇ ਆਪਣੀ ਹੋਂਦ ਦਾ ਅਹਿਸਾਸ ਕਰਵਾ ਦਿੱਤਾ। ਲਾਲਗੜ੍ਹ ਅਪਰੇਸ਼ਨ ਬੁਰੀ ਤਰਾਂ ਫਲਾਪ ਹੋ ਚੁਕਿਆ ਹੈ। ਹੁਣ ਇਹਨਾਂ ਇਲਾਕਿਆਂ ਵਿਚ ਵਿਸ਼ੇਸ਼ ਸਿਖਲਾਈ ਯਾਫ਼ਤਾ ਕੋਬਰਾ ਦੀਆਂ 70 ਬਟਾਲੀਅਨਾਂ ਦੀ ਤਾਇਨਾਤੀ ਦੀ ਤਿਆਰੀ ਚੱਲ ਰਹੀ ਹੈ।

ਮਾਓਵਾਦੀ ਸਾਡੇ ਦੇਸ਼ ਵਿਚ ਕੋਈ ਨਵਾਂ ਵਰਤਾਰਾ ਨਹੀਂ ਹਨ। ਅਸਲ ਵਿਚ ਤਾਂ ਮਾਓਵਾਦ ਹੀ ਕੋਈ ਰਾਖਸ਼ੀ ਸ਼ੈਅ ਨਹੀਂ ਹੈ। ਇਹ ਮਾਰਕਸਵਾਦ ਦਾ ਵੀਹਵੀਂ ਸਦੀ ਦੇ ਤੀਜੇ ਦਹਾਕੇ ਵਿਚ ਵਿਕਸਤ ਹੋਇਆ ਜਾਰੀ ਰੂਪ ਹੈੇ। ਇਹ ਅਜਾਰੇਦਾਰਾ ਸਰਮਾਏਦਾਰੀ ਦੇ ਮੌਜੂਦਾ ਦੌਰ ਵਿਸ਼ੇਸ਼ ਕਰਕੇ ਬਸਤੀਵਾਦੀ, ਅਰਧ ਬਸਤੀਵਾਦੀ ਅਤੇ ਪਿਛੜੇ ਦੇਸ਼ਾਂ ਦੀਆਂ ਆਰਥਕ ਸਮਾਜਕ ਹਾਲਤਾਂ ਨੂੰ ਸਮਝਣ ਅਤੇ ਬਦਲਣ ਦੀ ਵਿਧੀ ਮਾਤਰ ਹੈ। ਮਾਓਵਾਦੀ ਵੀ ਕੋਈ ਅਸਮਾਨੋਂ ਨਹੀਂ ਟਪਕੇ, ਬਲਕਿ ਉਹਨਾਂ ਨੇ ਆਪਣੀ ਨਵੇਂ ਸਿਰਿਓਂ ਇਕਜੁੱਟ ਹੋਈ ਪਾਰਟੀ ਨੂੰ ਵਖਰਿਆਉਣ ਲਈ ਇਸਦੇ ਪਿੱਛੇ ਬਰੈਕਟਾਂ ਵਿਚ ਹੁਣ ਮਾਓਵਾਦੀ ਲਿਖਣਾ ਸ਼ੁਰੂ ਕਰ ਦਿੱਤਾ ਹੈ। ਵੈਸੇ ਤਾਂ ਇਹ ਪਿਛਲੇ ਚਾਰ ਦਹਾਕਿਆਂ ਤੋਂ ਸਰਗਰਮ ਹਨ। ਪੱਛਮੀ ਬੰਗਾਲ ਦੇ ਨਿੱਕੇ ਜਿਹੇ ਪਿੰਡ ਨਕਸਲਬਾੜੀ ਵਿਚ ਮਈ 1967 ਵਿਚ ਸ਼ੁਰੂ ਹੋਈ ਇਕ ਘਟਨਾ, ਮਹਿਜ਼ ਇਕ ਘਟਨਾ ਨਾ ਰਹਿ ਕੇ ਇਕ ਵਰਤਾਰਾ ਬਣ ਗਈ ਹੈ, ਕਿਉਂਕਿ ਹਾਸਲ ਸਮਾਜ ਦੀਆਂ ਅੰਦਰੂਨੀ ਅਤੇ ਬਾਹਰੀ ਬਣਤਰਾਂ ਹੀ ਅਜਿਹੀਆਂ ਸਨ ਅਤੇ ਅੱਜ ਵੀ ਹਨ ਕਿ ਨਕਸਲਬਾੜੀ ਦੀ ਲਹਿਰ ਨਿਰੰਤਰ ਤੁਰੀ ਆ ਰਹੀ ਹੈ।

ਇਸ ਲਹਿਰ ਦੇ ਚਰਚਾ ਵਿਚ ਆਉਣ ਦੇ ਅਨੇਕਾਂ ਸਬੱਬ ਹਨ। ਬਹੁਤਾ ਪਿੱਛੇ ਨਾ ਵੀ ਜਾਈਏ, ਤਾਂ ਪਿਛਲੇ ਪੰਜ ਕੁ ਸਾਲਾਂ ਵਿਚ, ਸੈਂਕੜੇ ਹੀ ਛੋਟੀਆਂ ਘਟਨਾਵਾਂ ਤੋਂ ਇਲਾਵਾ ਚਾਰ ਐਨੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਹਨ, ਜਿਹਨਾਂ ਨੇ ਸਰਕਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬਹੁਤੀਆਂ ਘਟਨਾਵਾਂ ਨੂੰ ਸਰਕਾਰਾਂ ਤਾਂ ਕੀ ਮਾਓਵਾਦੀਆਂ ਦੇ ਸ਼ਰੀਕ ਵੀ ਦਹਿਸ਼ਤਗਰਦੀ ਦੇ ਜ਼ੁਮਰੇ ਵੀ ਰੱਖਕੇ ਪ੍ਰਚਾਰਦੇ ਹਨ। ਲੇਕਿਨ ਕੁੱਝ ਘਟਨਾਵਾਂ ਅਜਿਹੀਆਂ ਹਨ ਜਿਹੜੀਆਂ ਆਹਲਾ ਦਰਜੇ ਦੀ ਜੰਗੀ ਮੁਹਾਰਤ, ਵਿਰੋਧੀਆਂ ਦੀਆਂ ਅੰਦਰੂਨੀ ਕਮਜ਼ੋਰੀਆਂ ਦੀ ਸੋਝੀ, ਵਿਸ਼ਾਲ ਲੋਕ ਲਾਮਬੰਦੀ ਅਤੇ ਜਨਤਕ ਹਮਾਇਤ ਤੋਂ ਬਿਨਾਂ ਨੇਪਰੇ ਨਹੀਂ ਚੜ੍ਹ ਸਕਦੀਆਂ।

ਪਹਿਲੀ ਘਟਨਾ ਛੇ ਫਰਵਰੀ 2004 ਦੀ ਰਾਤ ਨੂੰ ਉੜੀਸਾ ਦੇ ਕੋਰਾਪੁਟ ਵਿਚ ਵਾਪਰੀ ਜਦੋਂ ਸੱਤ ਅਹਿਮ ਸੁਰੱਖਿਆ ਟਿਕਾਣਿਆਂ ’ਤੇ ਇਕੋਂ ਸਮੇਂ ਹਮਲੇ  ਕਰਕੇ ਵੱਖ ਵੱਖ ਬੋਰਾਂ ਦੇ 500 ਹਥਿਆਰ ਅਤੇ ਬੇਹਿਸਾਬਾ ਗੋਲਾ ਬਾਰੂਦ ਲੁੱਟ ਲਿਆ। ਦੂਜੀ ਘਟਨਾ 13 ਨਵੰਬਰ 2005 ਨੂੰ ਝਾਰਖੰਡ ਦੇ ਜਹਾਨਾਬਾਦ ਜਿਲਾ ਹੈਡਕਵਾਟਰ ਵਿਖੇ ਵਾਪਰੀ। ਇਸ ਘਟਨਾ ਵਿਚ ਵੀ ਕੋਰਾਪੁਟ ਵਾਲੀ ਜੁਗਤ ਵਰਤੀ ਗਈ। ਪੂਰੇ ਸ਼ਹਿਰ ਦੀ ਘੇਰਾਬੰਦੀ ਕਰਕੇ ਜਹਾਨਾਬਾਦ ਦੀ ਜੇਲ੍ਹ ਵਿਚੋਂ ਆਪਣੇ ਸਾਥੀਆਂ ਨੂੰ ਛੁਡਾ ਲਿਆ ਗਿਆ। ਜੇਲ੍ਹ ਗਾਰਦਾਂ ਅਤੇ ਨਾਲ ਲੱਗਦੇ ਥਾਣਿਆਂ ਦੇ ਸਿਪਾਹੀਆਂ ਕੋਲੋਂ ਹਥਿਆਰਾਂ ਦੀ ਲੁੱਟਮਾਰ ਉਹਨਾਂ ਵਾਸਤੇ ਵਾਧੂ ਦੀ ਪ੍ਰਾਪਤੀ ਸੀ।

17 ਜੁਲਾਈ 2006 ਨੂੰ ਤੀਜੀ ਘਟਨਾ ਵਿਚ ਛਤੀਸਗੜ੍ਹ ਵਿਚਲੇ ਈਰਾਬੋਰਾ ਸਥਿਤ ਸਲਵਾਜੁੜਮ ਦੇ 4000 ਅਵਾਰਾਗਰਦਾਂ ਦੇ ਕੇੈਂਪ ਉਪਰ ਹਮਲਾ ਕਰਕੇ ਇਸ ਨੂੰ ਖਦੇੜ ਦਿੱਤਾ ਗਿਆ ਅਤੇ ਉਥੇ ਧੱਕੇ ਨਾਲ ਬੰਨ੍ਹਕੇ ਬਿਠਾਏ ਲੋਕਾਂ ਨੂੰ ਅਜ਼ਾਦ ਕਰਵਾਇਆ ਗਿਆ। ਚੌਥੀ ਅਤੇ ਪੰਜਵੀਆਂ ਘਟਨਾਵਾਂ ਕ੍ਰਮਵਾਰ 16 ਦਸੰਬਰ 2007 ਅਤੇ 15 ਫਰਵਰੀ 2009 ਦੀ ਰਾਤ ਨੂੰ ਦਾਂਤੇਵਾੜਾ ਅਤੇ ਨਿਆਏਗੜ੍ਹ ਵਿਚ ਵਾਪਰੀਆਂ, ਜਿੱਥੇ ਜੇਲ੍ਹਾਂ ਅਤੇ ਪੁਲੀਸ ਥਾਣਿਆਂ ਤੇ ਹਮਲੇ ਕਰਕੇ 300 ਤੋਂ ਵੱਧ ਕੈਦੀਆਂ ਨੂੰ ਛੁਡਵਾਇਆ ਗਿਆ ਅਤੇ ਕਰੋੜਾਂ ਰੁਪਏ ਦੇ ਆਧੁਨਿਕ ਹਥਿਆਰ ਲੁੱਟੇ ਗਏ। ਰਾਜਧਾਨੀ ਐਕਸਪ੍ਰੈਸ ਦੀ ਘਟਨਾ ਵੀ ਇਸੇ ਲੜੀ ਦਾ ਮਣਕਾ ਹੈ।  ਸਪਸ਼ਟ ਹੈ ਕਿ ਜਨਤਾ ਵਿਚਕਾਰ ਵਿਸ਼ਾਲ ਅਧਾਰ ਸਦਕਾ ਹੀ ਮਾਓਵਾਦੀ ਇੰਨੇ ਵੱਡੇ ਵੱਡੇ ਐਕਸ਼ਨ ਕਰਨ ਵਿਚ ਸਫ਼ਲ ਹੋ ਰਹੇ ਹਨ।

ਸਰਕਾਰੀ ਤੰਤਰ ਵੱਲੋਂ ਮਾਓਵਾਦੀਆਂ ਕੋਲ ਆਧੁਨਿਕ ਹਥਿਆਰ ਹੋਣ ਦਾ ਪ੍ਰਚਾਰ ਕੀਤਾ ਜਾਂਦਾ ਹੈ। ਸਿਰਫ ਹਥਿਆਰਾਂ ਦੀ ਮਦਦ ਨਾਲ ਅਤੇ ਲੋਕ ਸ਼ਕਤੀ ਬਗੈਰ ਅੱਜ ਤੱਕ ਕੋਈ ਜੰਗ ਨਹੀਂ ਜਿੱਤੀ ਜਾ ਸਕੀ। ਜੇਕਰ ਉਹਨਾਂ ਨੇ ਵੀ 1970ਵਿਆਂ ਵਾਂਗ ਲੋਕਾਂ ਤੇ ਵਿਸ਼ਵਾਸ਼ ਨਾ ਕੀਤਾ ਅਤੇ ਕੁੱਝ ਮੁੱਠੀ ਭਰ ਸਿਰਲੱਥਾਂ ਦੇ ਸਹਾਰੇ ਲੜਣ ਲੱਗ ਪਏ ਤਦ ਉਹ ਵੀ ਹਾਰ ਜਾਣ ਲਈ ਸਰਾਪੇ ਜਾਣਗੇ। ਉਂਜ ਲੱਗਦਾ ਹੈ, ਕਿ ਮਾਓਵਾਦੀ ਲਹਿਰ ਦੀ ਲੀਡਰਸ਼ਿਪ ਅਨੇਕਾਂ ਸੱਟਾਂ ਨੂੰ ਸਹਾਰਦੀ ਹੋਈ ਕਾਫੀ ਪ੍ਰੌੜ ਹੋ ਚੁੱਕੀ ਹੈ। ਦੂਜੇ ਪਾਸੇ 62 ਸਾਲਾਂ ਦੀ ਅਜ਼ਾਦੀ ਤੋਂ ਬਾਅਦ ਵੀ 85 ਕਰੋੜ ਲੋਕ 20 ਰੁਪਏ ਪ੍ਰਤੀ ਦਿਨ ਅਤੇ ਇਹਨਾਂ ਵਿਚੋਂ ਅੱਧੇ ਸਿਰਫ 10 ਰੁਪਏ ਪ੍ਰਤੀ ਦਿਨ ਤੇ ਗੁਜ਼ਾਰਾ ਕਰ ਰਹੇ ਹਨ। ਸਰਕਾਰੀ ਤੰਤਰ ਕੋਲ ਵੀ ਆਮ ਲੋਕਾਈ ਨੂੰ ਭੁੱਖਨੰਗ, ਗਰੀਬੀ, ਬੇਕਾਰੀ, ਅਣਮਨੁੱਖੀ ਬਸੇਬਾ ਅਤੇ ਅੱਗੇ ਤੋਂ ਲਾਠੀਆਂ ਤੇ ਗੋਲੀਆਂ ਦੇਣ ਤੋਂ ਸਿਵਾਏ ਕੁੱਝ ਨਹੀਂ ਬਚਿਆ। ਇਹਨਾਂ ਹਾਲਤਾਂ ਵਿਚ ਹੀ ਮਾਓਵਾਦੀ ਲਹਿਰ ਦੀ ਤਾਕਤ ਛੁਪੀ ਹੋਈ ਹੈ।


ਕਰਮ ਬਰਸਟ
( ਕਰਮ ਬਰਸਟ ਦਾ ਇਹ ਲੇਖ "ਪੰਜਾਬੀ ਟ੍ਰਿਬਿਊਨ" ਵਿੱਚ ਵੀ ਪ੍ਰਕਾਸ਼ਿਤ ਹੋਇਆ ਹੈ ) 

Friday, December 11, 2009

ਬੌਲੀਵੁਡ:ਅਨੁਰਾਗ ਕਸ਼ਯਪ ਕਰੇਗਾ ਪਾਸ਼ ਨੂੰ ਵਰਤਮਾਨ ਦੇ ਰੂਬਰੂ

ਵਧਣ ਵਾਲੇ ਬਹੁਤ ਅੱਗੇ,
ਵਧ ਜਾਂਦੇ ਨੇ,
ਉਹ ਸਮੇਂ ਨੂੰ ਨਹੀਂ,
ਸਮਾਂ ਉਹਨਾਂ ਨੂੰ ਪੁੱਛਕੇ ਬੀਤਦੈ।

ਜਗੀਰੂ ਸਮਾਜ ਦਾ ਖਾਸਾ ਹੈ ਕਿ ਲੋਕਾਂ ਨੂੰ ਕਿਸੇ ਦੀ ਮੌਤ ਤੋਂ ਬਾਅਦ ਭਾਵਨਾਤਮਿਕ ਤੌਰ ‘ਤੇ ਉਸਦੀਆਂ ਅਛਾਈਆਂ ਹੀ ਨਜ਼ਰ ਆਉਂਦੀਆਂ ਹਨ।ਅਜਿਹੇ ਸਮਾਜ ‘ਚ ਏਨੀ ਹਿੰਮਤ ਨਹੀਂ ਹੁੰਦੀ ਕਿ ਉਹ ਮੌਤ ਤੋਂ ਬਾਅਦ ਕਿਸੇ ਦੀ ਵਿਚਾਰਧਾਰਕ ਪੱਧਰ ‘ਤੇ ਚੰਗਿਆਈਆਂ ਜਾਂ ਬੁਰਾਈਆਂ ਦੀ ਅਲੋਚਨਾ ਕਰੇ।ਮੌਤ ਤੋਂ ਬਾਅਦ ਬੁਰਾਈਆਂ ਦੇ ਕਿਸੇ ਪੁਤਲੇ ‘ਚ ਸਭ ਚੰਗਾ-ਚੰਗਾ ਜਾਪਣ ਲੱਗ ਜਾਂਦਾ ਹੈ।ਚੰਗਿਆਈਆਂ ਦੀ ਹਨੇਰੀ ‘ਚ ਅਲੋਚਨਾ ਦਾ ਰੁਲਨਾ ਖਤਰਨਾਕ ਵਰਤਾਰਾ ਹੈ।ਇਸੇ ਖਾਸੇ ਦੀ ਖਾਸੀਅਤ ਹੈ ਕਿ ਮੌਤ ਤੋਂ ਬਾਅਦ ਮਹਾਨਤਾ ਦੇਣ ਵਾਲਾ ਉਹੀ ਸਮਾਜ ਜਿਉਂਦਿਆਂ ਅਪਨਾਉਣ ਦੀ ਕੋਸ਼ਿਸ ਨਹੀਂ ਕਰਦਾ ਹੈ।

ਪੰਜਾਬ ਦੀ ਧਰਤੀ ‘ਤੇ ਬਾਬੇ ਨਾਨਕ ਤੋਂ ਲੈਕੇ ਪਾਸ਼ ਤੱਕ ਇਹੀ ਤਰਾਸ਼ਦੀ ਰਹੀ ਹੈ।ਕਿ ਪੰਜਾਬੀ ਦੇ ਅਗਾਂਹਵਧੂ ਕਹਾਉਂਦੇ ਸੈਕਸ਼ਨ ਆਪਣੇ ਯੋਧਿਆਂ ਤੇ ਦਾਰਸ਼ਨਿਕਾਂ ਨੂੰ ਲੋਕਾਂ ਦੇ ਰੂਬਰੂ ਕਰਵਾਉਣ ‘ਚ ਅਸਫਲ ਰਹੇ ਹਨ।ਸਮਾਜਿਕ ਜਾਂ ਰਾਜਨੀਤਿਕ ਲਹਿਰਾਂ ‘ਚ ਬਹੁਤ ਹੀ ਘੱਟ ਇਤਿਹਾਸ ਨੂੰ ਵਰਤਮਾਨ ਦੇ ਰੂਬਰੂ ਕੀਤਾ ਗਿਆ ਹੈ।ਪੰਜਾਬ ਨੂੰ ਕਦੇ ਨੂੰ ਪੰਜਾਬੀ ਤਰਜ਼ ‘ਤੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਗਈ।ਸਿਵਾਏ ਇਸਦੇ ਕਿ ਜਦੋਂ ਕਦੇ ਵੀ ਦੋ ਧੜੇ ਆਪਸ ‘ਚ ਬਹਿਸੇ ਤਾਂ ਸਿਹਤਮੰਦ ਬਹਿਸ ਦੀ ਬਜਾਏ ਪੰਜਾਬ,ਪੰਜਾਬੀ ਤੇ ਪੰਜਾਬੀਅਤ ਨੂੰ ਪਿੱਛੇ ਧੱਕਣ ਲਈ ਲਿਖਤੀ ਤੇ ਅਮਲੀ ਅਰਾਜਕਤਾ ਫੈਲਾਈ ਗਈ।  





ਗੱਲ ਪਾਸ਼ ‘ਤੇ ਮਸ਼ਹੂਰ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਵਲੋਂ ਬਣਾਈ ਜਾ ਰਹੀ ਫਿਲਮ ਦੀ ਸ਼ੁਰੂ ਕਰਨੀ ਸੀ,ਪਰ ਕੁਝ ਗੱਲਾਂ ਕਹਿਣੀਆਂ ਸਮੇਂ ਦੀ ਲੋੜ ਲੱਗੀ।ਅਨੁਰਾਗ ਕਸ਼ਯਪ ਜਝਾਰੂ ਕਵੀ “ਅਵਤਾਰ ਸਿੰਘ “ਸੰਧੂ” ਉਰਫ ਪਾਸ਼ ‘ਤੇ ਫਿਲਮ ਬਣਾਉਣ ਲਈ ਅੱਜ ਕੱਲ੍ਹ ਉਸ ਸੰਵੇਦਨਸ਼ੀਲ ਕਵੀ ਦੀ ਜ਼ਿੰਦਗੀ ਦੇ ਵਰਕੇ ਫਰੋਲਣ ਲੱਗਿਆ ਹੋਇਆ ਹੈ।ਇਹ ਫਿਲਮ ਯੂ.ਟੀ.ਵੀ ਵਲੋਂ ਪਰਡਿਊਸ ਕੀਤੀ ਜਾ ਰਹੀ ਹੈ।ਅਨੁਰਾਗ ਕਸ਼ਯਪ ਆਪਣੇ ਪੰਜਾਬ ਦੌਰੇ ਦੌਰਾਨ ਪਾਸ਼ ਨਾਲ ਜੁੜੇ ਕਈ ਲੋਕਾਂ ਨੂੰ ਵੀ ਮਿਲਿਆ ਹੈ।ਇਸ ਫਿਲਮ ‘ਚ ਪਾਸ਼ ਦਾ ਰੋਲ ਇਰਫਾਨ ਕਰ ਰਿਹਾ ਹੈ।ਇਰਫਾਨ ਇਨ੍ਹੀਂ ਦਿਨੀਂ ਪਾਸ਼ ਦੇ ਜੀਵਨ ਤੇ ਕਵਿਤਾ ਨੂੰ ਦੇ ਅਧਿਐਨ ‘ਚ ਰੁੱਝਿਆ ਹੋਇਆ ਹੈ।ਤੇ ਉਸਨੇ ਪੰਜਾਬੀ ਸਿੱਖਣੀ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਪਾਸ਼ ਦੀਆਂ ਕਵਿਤਾਵਾਂ ਨੂੰ ਉਹ ਸਕਰੀਨ ‘ਤੇ ਨਿਖਾਰ ਸਕੇ।



ਹੁਣ ਸਵਾਲ ? …ਪਾਸ਼ ਦੀ ਤੁਲਨਾ ਦੁਨੀਆਂ ਦੇ ਮਸ਼ਹੂਰ ਸਪੇਨਿਸ਼ ਕਵੀ ਲੋਰਕਾ ਤੇ ਚਿੱਲੀ ਦੇ ਪਾਬਲੋ ਨੈਰੂਦਾ ਨਾਲ ਕੀਤੀ ਜਾਂਦੀ ਹੈ,ਕੀ ਅਨੁਰਾਗ ਕਸ਼ਯਪ ਸਿਲਵਰ ਸਕਰੀਨ ‘ਤੇ ਉਸ ਦੀ ਵਿਚਾਰਧਾਰਾ ਨੂੰ ਉਸ ਪੱਧਰ ਦਾ ਟਰੀਟਮੈਂਟ ਦੇ ਪਾਵੇਗਾ।ਜਾਂ ਪਾਸ਼ ਦੀ ਹਾਲਤ ਵੀ ਰਾਸ਼ਟਰਵਾਦੀ ਭਗਤ ਸਿੰਘ ਵਾਲੀ ਹੋਵੇਗੀ।ਸਿਲਵਰ ਸਕਰੀਨ ਨੇ “ਸ਼ਹੀਦ” ਜਾਂ “ਰੰਗ ਦੇ ਬਸੰਤੀ” ਵਗੈਰਾ ਫਿਲਮਾਂ ਦੇ ਰਾਹੀਂ ਜਿਸ ਤਰ੍ਹਾਂ ਦਾ ਖਿਲਵਾੜ ਭਗਤ ਸਿੰਘ ਨਾਲ ਕੀਤਾ,ਉਹ ਦੁਖਦਾਈ ਹੀ ਨਹੀਂ ਬਲਕਿ ਬਹੁਤ ਖਤਰਨਾਕ ਹੈ। 

ਵੈਸੇ ਦਿੱਲੀ ‘ਚੋਂ ਨਿਕਲੇ ਡਾਇਰੈਕਟਰਾਂ ਤੇ ਐਕਟਰਾਂ ਦਾ (ਕੁਝ ਨੂੰ ਛੱਡਕੇ) ਬੰਬਈਆਂ ਫਿਲਮੀ ਦੁਨੀਆਂ ਨਾਲੋਂ ਥੋੜ੍ਹਾ ਬਹੁਤ ਫਰਕ ਜ਼ਰੂਰ ਰਿਹਾ ਹੈ।ਕਿਉਂਕਿ ਦਿੱਲੀ ਦਾ ਸਮਾਜਿਕ ਤੇ ਰਾਜਨੀਤਿਕ ਮਹੌਲ ‘ਚ ਅੱਜ ਵੀ ਇਕ ਸਪੇਸ ਹੈ,ਜੋ ਸੋਚਣ ਸਮਝਣ ਦਾ ਮੌਕਾ ਦਿੰਦਾ ਹੈ।ਪਰ ਮੁੰਬਈ ਇਸਦੇ ਬਿਲਕੁਲ ਉਲਟ ਹੈ।ਅਨੁਰਾਗ ਵੀ ਦਿੱਲੀ ਯੂਨੀਵਰਸਿਟੀ ਦੇ ਹੰਸ ਰਾਜ ਕਾਲਜ ਦੀ ਪੈਦਾਇਸ਼ ਹੈ।ਸਾਇੰਸ(ਜ਼ੌਅਲਜ਼ੀ) ਦਾ ਵਿਦਿਆਰਥੀ ਹੁੰਦਾ ਹੋਇਆ 1993 ਦੇ ਦਿਨਾਂ ‘ਚ “ਜਨ ਨਾਟਿਆ ਮੰਚ” ਨਾਲ ਜੁੜਿਆ ਰਿਹਾ।ਉਸੇ ਦੌਰਾਨ ਉਸਨੇ ਦਿੱਲੀ ਦੀਆਂ ਝੁੱਗੀਆਂ ਝੋਪੜੀਆਂ ਬਸਤੀਆਂ ‘ਚ ਨਾਟਕ ਖੇਡੇ।ਇਸੇ ਦੌਰਾਨ ਉਹ ਮਾਨਸਿਕ ਤੌਰ ‘ਤੇ ਅੱਪਸੈੱਟ ਤੇ ਕਾਫੀ ਨਸ਼ੱਈ ਵੀ ਹੋ ਗਿਆ ਹੈ।

ਅਨੁਰਾਗ ਦੇ ਇਸ ਤਰ੍ਹਾਂ ਦੇ ਪਿਛੋਕੜ ਤੋਂ ਲਗਦਾ ਹੈ ਕਿ ਉਹ ਸਿਲਵਰ ਸਕਰੀਨ ‘ਤੇ ਪਾਸ਼ ਦੀ ਜ਼ਿੰਦਗੀ ਦੇ ਹਰ ਪੱਖ-ਵਿਪੱਖ ਨੂੰ ਪੇਸ਼ ਕਰੇਗਾ।ਤੇ ਪਾਸ਼ ਦੀ ਫਿਲਮ ਨੂੰ ਬੰਬਈਆ ਫਿਲਮਸਾਜ਼ੀ ਤੋਂ ਬਚਾਵੇਗਾ।ਇਸ ਫਿਲਮ ਬਾਰੇ ਇਹ ਵੀ ਸੂਚਨਾ ਹੈ ਕਿ ਕਿਸੇ ਵਲੋਂ ਇਸ ਪ੍ਰੋਜੈਕਟ ਨੂੰ ਰਕਵਾਉਣ ਦੀ ਕੋਸ਼ਿਸ਼ ਕੀਤੀ ਗਈ।ਅਜਿਹੀ ਉਮੀਦ ਕਿਸੇ ਸੰਘੀਆਂ ਤੋਂ ਕੀਤੀ ਜਾ ਸਕਦੀ ਹੈ,ਕਿਉਂਕਿ ਐਨ.ਡੀ.ਏ ਦੇ ਕਾਰਜਕਾਲ ਕੈਬਨਿਟ ਮੰਤਰੀ ਰਹੀ ਸ਼ੁਸ਼ਮਾ ਸਵਰਾਜ ਬਾਰਵੀਂ ਜਮਾਤ ਦੇ ਸਿਲੇਬਸ ‘ਚੋਂ ਪਾਸ਼ ਦੀ ਕਵਿਤਾ(ਸਭ ਤੋਂ ਖਤਰਨਾਕ) ਕਢਵਾਉਣ ਲਈ ਅਪਣੀ ਪੂਰੀ ਵਾਹ ਲਗਾ ਚੁੱਕੀ ਹੈ।

ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਿਨਆਂ ਦਾ ਮਰ ਜਾਣਾ

ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ ‘ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਲਈ ਖੜੀ ਹੁੰਦੀ ਹੈ |

ਸਭ ਤੋ ਖਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਕੁਝ ਦੇਖਦੀ ਹੋਈ ਵੀ ਠੰਡੀ ਯੱਖ ਹੁੰਦੀ ਹੈ
ਿਜਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ
Read More
                                                                   
ਸਿਲਵਰ ਸਕਰੀਨ ‘ਤੇ ਪਾਸ਼ ਦੇ ਆਉਣ ਦੀ ਸਾਨੂੰ ਸਭਨੂੰ ਉਡੀਕ ਰਹੇਗੀ। ਉਮੀਦ ਹੈ ਕਿ ਅਨੁਰਾਗ ਕਸ਼ਯਮ ਵੀ ਇਸ ਇਤਿਹਾਸਕ ਜ਼ਿੰਮੇਂਵਾਰੀ ਨੂੰ ਸਮਝਦੇ ਤੇ ਪਛਾਣਦੇ ਹੋਏ ਲੋਕਾਂ ਦੀਆਂ ਉਮੀਦਾਂ ‘ਤੇ ਖਰ੍ਹੇ ਉਤਰਨਗੇ।

ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
MOB-09899436972
mail2malwa@gmail.com,malwa2delhi@yahoo.co.in

Sunday, December 6, 2009

ਲੁਧਿਆਣਾ ਕਾਂਡ :ਭਾਜਪਾ + ਨੂਰ ਮਹਿਲੀਆ = ਬਾਦਲ ਭਾਜਪਾ ਗੱਠਜੋੜ

ਮੀਡੀਆ ਤੋਂ ਲੈਕੇ ਸਾਰਾ ਸਰਕਾਰੀ ਤੰਤਰੀ ਕਿਉਂ ਨੂਰ ਮਹਿਲੀਏ ਦੇ ਗੁਣ ਗਾ ਰਿਹੈ?

ਲੁਧਿਆਣਾ ਵਿਚ ਬਾਬਾ ਨੂਰਮਹਿਲੀਏ ਦੇ ਸਤਸੰਗ ਨੂੰ ਲੈਕੇ ਹੋਏ ਵਿਵਾਦ ਵਿਚ ਇਕ ਮੌਤ ਹੋ ਗਈ ਤੇ ਬਹੁਤ ਸਾਰੇ ਜਖ਼ਮੀ ਹੋਗਏ ,ਇਕ ਦਿਨ ਪਹਿਲਾਂ ਹੀ ਬਾਇਕਰ ਗੈਂਗ ਦੇ ਵਿਰੋਧ ਪਰਵਾਸੀ ਮਜਦੂਰਾਂ ਨੇ ਦੰਗਿਆਂ ਵਰਗੀ ਸਥਿਤੀ ਪੈਦਾ ਕਰ ਦਿਤੀ ਸੀ,ਇਹ ਦੋਵੇਂ ਘਟਨਾਵਾਂ ਨੂੰ ਅਸੀਂ ਆਪਸ ਵਿਚ ਜੋੜ ਕੇ ਦੇਖ ਰਹੇ ਹਾਂ, ਅਸਲ ਵਿਚ ਬਾਬਾ ਆਸ਼ੂਤੋਸ ਦੀ ਭਾਜਪਾ ਨਾਲ ਯਾਰੀ ਹੈ ਤੇ ਭਾਜਪਾ ਨਾਲ ਬਾਦਲ ਦੀ ਯਾਰੀ ਹੈ ਇਸ ਮਾਮਲੇ ਵਿਚ ਅੰਦਰਲਾ ਸੱਚ ਪੇਸ਼ ਕਰਦੀ ਇਹ ਰਿਪੋਰਟ ਇੰਡੋ ਪੰਜਾਬ ਦੀ ਟੀਮ ਵਲੋਂ ਤਿਆਰ ਕੀਤੀ ਹੋਈ ਪੇਸ਼ ਹੈ :->

ਵਿਰੋਧਤਾ ਵਿਚੋਂ ਨਵੀਆਂ ਧਾਰਨਾਵਾਂ ਪੈਦਾ ਕਰਦਾ ਹੋਇਆ ਇਕ ਅਜਿਹਾ ਮਿਸ਼ਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤੀ ਸਮਾਜ ਨੂੰ ਦਿੱਤਾ ਕਿ ਉਹ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਪੁੱਜਦੇ ਹੋਏ ਇਕ ਧਰਮ ਦਾ ਰੂਪ ਧਾਰ ਗਿਆ। ਧਰਮ ਉਹ ਜਿਸ ਨੇ ਕਿ ਹਿੰਦੂਵਾਦੀ (ਪੰਖਡਵਾਦੀ) ਰਵਾਇਤਾਂ ਨੂੰ ਭੰਡਿਆ ਅਤੇ ਉਸ ਦਾ ਸ਼ਰੇਆਮ ਵਿਰੋਧਤਾ ਕਰਦੇ ਹੋਏ ਇਕ ਨਵਾਂ ਰਸਤਾ ਮਨੁੱਖਤਾ ਨੂੰ ਦਿੱਤਾ ਜਿਸ ਰਸਤੇ ਉਤੇ ਤੁਰਦੇ ਹੋਏ ਬਹੁਤ ਸਾਰੇ ਵਿਅਕਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ਨਵਾਂ ਰਸਤਾ ਤਲਾਸ਼ਦੇ ਹੋਏ ਇਕ ਮੁਸ਼ਾਫਿਰ ਨੂੰ ਆਪਣੇ ਪੈਰਾਂ ਵਿਚ ਭਿਆਨਕ ਸੂਲਾਂ ਦਾ ਦਰਦ ਸਹਿਣਾ ਪੈਂਦਾ ਹੈ।
ਬਹੁਤ ਸਾਰੀਆਂ ਘਟਨਾਵਾਂ ਤੋਂ ਬਾਦ ਨਵੇਕਲੀ ਘਟਨਾ ਲੁਧਿਆਣਾ ਦੀ ਅਜਿਹੀ ਸਾਹਮਣੇ ਆਈ ਹੈ ਜਿਸ ਨੇ ਸਿੱਖ ਧਰਮ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ 'ਤੇ ਆਪਣਾ ਪ੍ਰਸ਼ਨਚਿੰਨ੍ਹ ਛੱਡਿਆ ਹੈ। ਇਸੇ ਘਟਨਾ ਦੇ ਮੱਦੇਨਜ਼ਰ ਬਹੁਤ ਸਾਰੇ ਵਿਦਵਾਨਾਂ ਦੀਆਂ ਗੱਲਾਂ ਵੀ ਸਾਹਮਣੇ ਆਈਆਂ। ਸਿੱਖ ਪੱਖੀ ਵਿਦਵਾਨ ਕਹਿੰਦੇ ਹਨ ਕਿ ਇਹ ਵਰਤਾਰਾ ਸਿਆਸਤ ਨੇ ਪੇਸ਼ ਕੀਤਾ ਹੈ ਉਹ ਸਾਰਾ ਹੀ ਦੋਸ ਬਾਦਲ ਆਦਿ ਤੇ ਮੜ ਰਹੇ ਹਨ। ਸਿੱਖ ਵਿਰੋਧੀ ਵਿਦਵਾਨ ਕਹਿੰਦੇ ਹਨ ਕਿ ਸਿੱਖ ਧਰਮ ਦੇ ਪਹਿਰੇਦਾਰ ਇਹ ਚਾਹੁੰਦੇ ਹਨ ਕਿ ਅਸੀਂ ਕੁਝ ਵੀ ਨਾ ਕਰੀਏ ਪਰ ਜੋ ਕੋਈ ਹੋਰ ਧਰਮ ਦਾ ਵਿਅਕਤੀ ਪੰਜਾਬ ਵਿਚ ਆ ਕੇ ਕੋਈ ਵੀ ਗੱਲ ਕਰਦਾ ਹੈ ਤਾਂ ਉਸ ਦੀ ਇਹ ਜੁਰੱਤ ਕਿਵੇਂ ਬਣ ਗਈ। ਇਹ ਕਲੇਸ਼ ਪੁਸਤ ਦਰ ਪੁਸਤ ਤਾਂ ਚਲਦਾ ਆ ਹੀ ਰਿਹਾ ਹੈ ਪਰ ਹੁਣ ਇਹ ਕਲੇਸ਼ ਘਰ ਤੋਂ ਘਰ ਤੱਕ ਦਾ ਬਣ ਗਿਆ ਹੈ। ਜੇ ਅਸੀਂ ਕੁਲਬੀਰ ਸਿੰਘ ਕੌੜਾ ਦੀ ਕਿਤਾਬ '.. ਤੇ ਸਿੱਖ ਵੀ ਨਿਗਲਿਆ ਗਿਆ' ਪੜ੍ਹ ਲਈਏ ਤਾਂ ਕੁਲਬੀਰ ਸਿੰਘ ਕੌੜਾ ਦੀ ਲਿਆਕਤ ਨੂੰ ਦਾਦ ਮੰਗਦੀ ਹੈ ਕਿ ਉਸ ਨੇ ਭਾਰਤੀ ਧਰਮਾਂ ਦੀ ਮਹੀਨਤਾ ਨਾਲ ਪ੍ਰੋੜ੍ਹਤਾ ਕੀਤੀ ਹੈ। ਉਹ ਦੱਸਦਾ ਹੈ ਕਿ ਹਿੰਦੂਇਜ਼ਮ ਇਕ ਅਜਿਹੀ ਵਿਚਾਰਧਾਰਾ ਹੈ ਜਿਸ ਵਿਚਾਰਧਾਰਾ ਦਾ ਕੋਈ ਸਾਇੰਟਿਫਿਕ ਕਾਰਨ ਨਹੀਂ ਹੈ। ਇਹ ਵਿਚਾਰਧਾਰਾ ਸੁਪਨਿਆਂ ਉਤੇ, ਚਮਤਕਾਰਾਂ ਉਤੇ ਖੜ੍ਹੀ ਹੈ। ਇਹ ਵਿਚਾਰਧਾਰਾ ਪੱਥਰਵਾਦ ਨੂੰ ਉਭਾਰਦੀ ਹੈ ਅਤੇ ਸਮੁੱਚੇ ਰੂਪ ਵਿਚ ਇਨਸਾਨੀਅਤ ਨੂੰ ਵੰਡਦੀ ਹੈ ਪਰ ਫਿਰ ਵੀ ਇਸ ਵਿਚਾਰਧਾਰਾ ਦਾ ਇਕ ਅਜਿਹਾ ਕਰਮ ਹੈ ਕਿ ਇਸ ਨੇ ਬੁੱਧ ਧਰਮ ਨੂੰ ਪੂਰੀ ਤਰ੍ਹਾਂ ਆਪਣੇ ਵਿਚ ਸਮਾਂ ਲਿਆ ਹੈ। ਜੈਨ ਧਰਮ ਨੂੰ ਇਸ ਨੇ ਆਪਣਾ ਹੀ ਧਰਮ ਬਣਾ ਲਿਆ। ਇਸੇ ਤਰ੍ਹਾਂ ਚਲਦੇ ਚਲਦੇ ਇਹ ਵਿਚਾਰਧਾਰਾ ਸਿੱਖ ਧਰਮ ਦੇ ਮਗਰ ਵੀ ਬੁਰੀ ਤਰ੍ਹਾਂ ਪਈ ਹੋਈ ਹੈ।<a href="http://1.bp.blogspot.com/_sKU1rrKpJRc/Sxynf7Y3vxI/AAAAAAAAAOM/2YVeuaV4sOg/s1600-h/sikh+2.jpg">

ਵਿਵਾਦਤ ਵਿਦਵਾਨ ਇੰਦਰ ਸਿੰਘ ਘੱਗਾ ਕਹਿੰਦੇ ਹਨ ਕਿ ਸਿੱਖ ਧਰਮ ਨੂੰ ਮਾਰਨ ਵਾਲੇ ਸਿੱਖ ਧਰਮ ਦੇ ਰਾਖੇ ਹੀ ਹਨ। ਉਹ ਕਹਿੰਦੇ ਹਨ ਕਿ ਸਿੱਖ ਧਰਮ ਦੇ ਵਿਚ ਜੋ ਤਖ਼ਤਾਂ ਦੇ ਜਥੇਦਾਰ ਹਨ ਉਹ ਪੂਰੀ ਤਰ੍ਹਾਂ ਉਹ ਹੀ ਗੱਲ ਕਰਦੇ ਹਨ ਜੋ ਸਿਆਸਤ ਚਾਹੁੰਦੀ ਹੈ। ਇੰਦਰ ਸਿੰਘ ਘੱਗਾ ਇਹਵੀ ਕਹਿੰਦੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਉਤੋਂ ਹੁਕਮਨਾਮੇ ਵੀ ਉਹੀ ਜਾਰੀ ਹੁੰਦੇ ਹਨ ਜੋ ਸਿਆਸਤ ਚਾਹੁੰਦੀ ਹੈ।
ਹੁਣ ਇਕ ਵਿਚਾਰ ਪੰਜਾਬ ਦੀ ਸਿਆਸਤ 'ਤੇ ਨਜ਼ਰਸਾਨੀ ਕਰਨ ਲਈ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਆਪਸ ਵਿਚ ਮੇਲ ਕਿਹਨਾਂ ਨਿਯਮਾਂ ਤਹਿਤ ਹੋਇਆ? ਸ਼੍ਰੋਮਣੀ ਅਕਾਲੀ ਦਲ ਦਾ ਮੇਲ ਇੰਡੀਅਨ ਲੋਕ ਦਲ ਨਾਲ ਕਿਵੇਂ ਹੋਇਆ। ਸ਼੍ਰੋਮਣੀ ਅਕਾਲੀ ਦਲ ਸਮੁੱਚੇ ਰੂਪ ਵਿਚ ਕੇਂਦਰ ਦੀ ਉਸ ਪਾਰਟੀ ਨਾਲ ਮਿਲਿਆ ਹੋਇਆ ਹੈ ਜਿਸ ਦੀ ਪ੍ਰਮੁੱਖਤਾ ਲਾਲ ਕ੍ਰਿਸ਼ਨ ਅਡਵਾਨੀ ਜਿਹੇ ਵਿਅਕਤੀਆਂ ਅਧੀਨ ਹੈ। ਉਹ ਅਡਵਾਨੀ ਜਿਸ ਉਤੇ ਹਾਲ ਹੀ ਵਿਚ ਆਈ ਜਸਟਿਸ ਲਿਬਰਹਾਨ ਰਿਪੋਰਟ ਨੇ ਸਪਸ਼ਟ ਰੂਪ ਵਿਚ ਕਿੰਤੂ ਕੀਤਾ ਹੈ ਕਿ ਬਾਬਰੀ ਮਸਜਿਦ ਢਹਾਉਣ ਦੇ ਵਿਚ ਉਸ ਦਾ ਪੂਰੀ ਤਰ੍ਹਾਂ ਰੋਲ ਹੈ। ਹਾਲਾਂਕਿ ਇਸ ਰਿਪੋਰਟ ਦੀ ਜਾਂਚ ਅਜੇ ਹੋਰ ਵੀ ਹੋਣੀ ਹੈ, ਪਰ ਜੋ ਪ੍ਰਸ਼ਨ ਚਿੰਨ ਉਸ ਦੇ ਲਾਇਆ ਗਿਆ ਹੈ ਉਹ ਉਸ ਦੀ ਸੋਚ ਨੂੰ ਉਭਾਰਦਾ ਹੈ। ਇਸੇ ਤਰਾਂ ਹੀ ਜਦੋਂ ਅਡਵਾਨੀ ਆਪਣੀ ਜੀਵਨ ਸਬੰਧੀ ਲਿਖੀ ਹੋਈ ਕਿਤਾਬ 'ਮਾਈ ਕੰਟਰੀ ਮਾਈ ਲਾਈਫ' ਵਿਚ ਕਹਿੰਦਾ ਹੈ ਕਿ ਇੰਦਰਾ ਗਾਂਧੀ ਦੋਚਿਤੀ ਵਿਚ ਫਸੀ ਹੋਈ ਸੀ ਅਸੀਂ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਹਮਲਾ ਕਰਨ ਲਈ ਜ਼ੋਰ ਪਾਇਆ ਸੀ। ਜਦੋਂ ਲਾਲ ਕ੍ਰਿਸ਼ਨ ਅਡਵਾਨੀ ਇਹ ਵੀ ਕਹਿੰਦਾ ਹੈ ਕਿ ਹਿੰਦੂਤਵ ਦਾ ਰਾਜ ਪੂਰੇ ਹਿੰਦੁਸਤਾਨ ਵਿਚ ਹੋਣਾ ਚਾਹੀਦਾ ਹੈ। ਰਾਮ ਮੰਦਰ ਉਸਰਨਾ ਚਾਹੀਦਾ ਹੈ। ਇਹ ਭਾਵਨਾਤਮਕ ਬਿਆਨ ਗਲਤ ਨਹੀਂ ਹੈ ਪਰ ਜਦੋਂ ਇਕ ਹਿੰਦੂਵਾਦੀ ਸੰਸਥਾ ਆਰ ਐਸ ਐਸ ਇਹ ਕਹਿ ਦਿੰਦੀ ਹੈ ਕਿ ਸਿੱਖ ਧਰਮ ਹਿੰਦੂ ਧਰਮ ਵਿਚੋਂ ਹੀ ਉਪਜਿਆ ਸੀ ਅਸਲ ਵਿਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਹਿੰਦੂ ਧਰਮ ਉਤੇ ਭੀੜ ਸੀ ਤਾਂ ਇਕ ਫੌਜ ਤਿਆਰ ਕੀਤੀ ਸੀ ਉਸ ਫੌਜ ਦਾ ਨਾਂ ਖਾਲਸਾ ਰੱਖਿਆ ਗਿਆ ਸੀ। ਸਿੰਘ ਪੈਦਾ ਕੀਤੇ ਗਏ ਸੀ ਪਰ ਹੁਣ ਹਿੰਦੂ ਧਰਮ ਨੂੰ ਕੋਈ ਸੰਕਟ ਨਹੀਂ ਹੈ ਇਸ ਲਈ ਹੁਣ ਸਿੱਖ ਧਰਮ ਨੂੰ ਪੂਰੀ ਤਰ੍ਹਾਂ ਹਿੰਦੂ ਧਰਮ ਵਿਚ ਆ ਜਾਣਾ ਚਾਹੀਦਾ ਹੈ।

ਪ੍ਰੰਤੂ ਗੱਲ ਇਥੋਂ ਅੱਗੇ ਤੁਰਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਅਜਿਹੀ ਸੋਚ ਰੱਖਣ ਵਾਲੀ ਹਿੰਦੂਵਾਦੀ ਪਾਰਟੀ ਨਾਲ ਸਮਝੌਤਾ ਕਿਉਂ ਕੀਤਾ? ਹੁਣ ਓਮ ਪ੍ਰਕਾਸ਼ ਚੌਟਾਲਾ ਕਹਿੰਦਾ ਹੈ ਕਿ ਸਾਨੂੰ ਐਸ. ਵਾਈ. ਐਲ. ਦਾ ਪਾਣੀ ਚਾਹੀਦਾ ਹੈ। ਐਸ. ਵਾਈ. ਐਲ. ਨਹਿਰ ਪੂਰੀ ਹੋਣੀ ਚਾਹੀਦੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਉਸ ਦੀ ਪੂਰੀ ਸਾਂਝ ਹੈ। ਹਾਲ ਹੀ ਵਿਚ ਗੁਜ਼ਰੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪੂਰੀ ਤਰ੍ਹਾਂ ਇਨੈਲੋ ਦਾ ਸਾਥ ਦਿੱਤਾ ਪਰ ਜਦੋਂ ਪੱਤਰਕਾਰਾਂ ਵਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਪੁੱਛਿਆ ਗਿਆ ਕਿ ਓਮ ਪ੍ਰਕਾਸ਼ ਸਿੰਘ ਚੌਟਾਲਾ ਤੁਹਾਡੀ ਪਾਰਟੀ ਨਾਲ ਮੇਲ ਰੱਖਦਾ ਹੈ ਉਹ ਐਸ. ਵਾਈ. ਐਲ. ਪੂਰੀ ਕਰਨ ਦੀ ਗੱਲ ਕਰਦਾ ਹੈ ਤੁਸੀਂ ਇਸ ਗੱਲ 'ਤੇ ਕਿਥੇ ਸਟੈਂਡ ਕਰਦੇ ਹੋ ਤਾਂ ਪ੍ਰਕਾਸ਼ ਸਿੰਘ ਬਾਦਲ ਆਪਣੇ ਘਾਗ ਸਿਆਸੀ ਸੁਭਾਅ ਅਨੁਸਾਰ ਕਹਿ ਦਿੰਦੇ ਹਨ ਕਿ ਕਾਕਾ ਕੋਈ ਹੋਰ ਗੱਲ ਕਰੋ ਜਾਂ ਇੰਜ ਵੀ ਕਹਿ ਦਿੰਦੇ ਹਨ ਕਿ ਮੈਨੂੰ ਇਸ ਗੱਲ ਬਾਰੇ ਪਤਾ ਨਹੀਂ। ਵੱਖ-ਵੱਖ ਥਾਵਾਂ 'ਤੇ ਪੱਤਰਕਾਰਾਂ ਵਲੋਂ ਇਹ ਸਵਾਲ ਪੁੱਛੇ ਗਏ। ਹੈਰਾਨੀ ਹੋਈ ਕਿ ਬਾਦਲ ਸਾਹਿਬ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ। ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਪੰਜ ਸਾਲ ਕੇਂਦਰ ਸਰਕਾਰ 'ਤੇ ਕਾਬਜ਼ ਰਹੀ ਹੈ। '84 ਦੇ ਦੰਗਿਆਂ ਦੇ ਦੋਸ਼ੀ ਉਸ ਸਮੇਂ ਵੀ ਦਿੱਲੀ ਵਿਚ ਘੁੰਮ ਰਹੇ ਸਨ ਉਨ੍ਹਾਂ ਦੋਸ਼ੀਆਂ ਖਿਲਾਫ਼ ਉਸ ਸਮੇਂ ਵੀ ਹਲਫ਼ੀਆ ਬਿਆਨ ਆਏ ਪਏ ਸਨ ਪਰ ਕਿਸੇ ਖਿਲਾਫ਼ ਕੋਈ ਕੇਸ ਦਰਜ ਹੋ ਕੇ ਕਾਰਵਾਈ ਹੋਣ ਦੀ ਗੱਲ ਨਹੀਂ ਹੋਈ। ਇਸੇ ਤਰ੍ਹਾਂ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਮਸਲਾ ਵੀ ਉਸੇ ਤਰ੍ਹਾਂ ਖੜ੍ਹਾ ਸੀ ਪਰ ਚੰਡੀਗੜ੍ਹ ਦੇ ਮਸਲੇ ਨੂੰ ਛੇੜਿਆ ਤੱਕ ਨਹੀਂ ਗਿਆ। ਪੰਜਾਬੀ ਬੋਲਦੇ ਇਲਾਕੇ ਵਿਚ ਪੰਜਾਬ ਨੂੰ ਦੇਣ ਦੀ ਗੱਲ ਵੀ ਉਥੇ ਹੀ ਖੜ੍ਹੀ ਸੀ ਉਹ ਛੇੜੀ ਤੱਕ ਨਹੀਂ ਗਈ। ਜਦੋਂ ਕੇਂਦਰ ਵਿਚ ਕਾਂਗਰਸ ਸਰਕਾਰ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਮੁੱਦੇ ਸਾਹਮਣੇ ਨਜ਼ਰ ਆਉਣ ਲੱਗ ਪਏ ਹਨ। ਭਾਰਤੀ ਜਨਤਾ ਪਾਰਟੀ ਇਸ ਦੀ ਸਾਂਝੀਵਾਲਤਾ ਵਾਲੀ ਪਾਰਟੀ ਹੈ।

ਉਕਤ ਚਰਚਾ ਪਾਠਕਾਂ ਨੂੰ ਕਈ ਮੁੱਦਿਆਂ ਉਤੇ ਚਾਨਣਾ ਪਾ ਗਈ ਹੋਵੇਗੀ। ਅਸਲ ਵਿਚ ਚਰਚਾ ਹਾਲ ਹੀ ਵਾਪਰੇ ਲੁਧਿਆਣਾ ਕਾਂਡ ਬਾਰੇ ਹੋਣ ਵਾਲੀ ਸੀ। ਵੇਰਵਾ ਦੇਣ ਦਾ ਮਕਸਦ ਇਹ ਸੀ ਕਿ ਪਾਠਕ ਇਹ ਲੱਭਣ ਵਿਚ ਕਾਮਯਾਬ ਹੋ ਜਾਣ ਕਿ ਅਸਲ ਵਿਚ ਦੋਸ਼ ਕਿਥੇ ਹੈ? ਅਸੀਂ ਵੱਖ-ਵੱਖ ਵਿਦਵਾਨਾਂ ਨਾਲ ਗੱਲ ਕੀਤੀ ਉਨ੍ਹਾਂ ਵਿਚ ਇਕ ਵਿਦਵਾਨ ਨੇ ਕਿਹਾ ਕਿ ਆਸ਼ੂਤੋਸ਼ ਨੂਰਮਹਿਲੀਏ ਦਾ ਸਤਿਸੰਗ ਹੀ ਹੈ ਜਿਸ ਨੇ ਕਿ ਵਾਇਕਰ ਕਾਂਡ ਨੂੰ ਜਨਮ ਦਿੱਤਾ। ਗੱਡੀਆਂ ਭੰਨੀਆਂ ਗਈਆਂ। ਅੱਗਾਂ ਲਾਈਆਂ ਗਈਆਂ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਨੂਰਮਹਿਲੀਏ ਦੇ ਪੱਖ ਵਿਚ ਖੜ੍ਹੀ ਸੀ। ਉਹ ਚਾਹੁੰਦੀ ਸੀ ਕਿ ਨੂਰਮਹਿਲੀਏ ਬਾਬੇ ਦਾ ਸਤਿਸੰਗ ਲੁਧਿਆਣਾ ਵਿਚ ਹੋਵੇ। ਪਾਠਕਾਂ ਨੂੰ ਦਸ ਦੇਈਏ ਕਿ ਅਸੀਂ ਕਿਸੇ ਸੰਤ ਬਾਬੇ ਦੇ ਜਾਂ ਕਿਸੇ ਵਿਚਾਰਧਾਰਾ ਦੇ ਖਿਲਾਫ਼ ਨਹੀਂ ਹਾਂ ਪਰ ਜੇਕਰ ਸੰਤ ਬਾਬੇ ਜਾਂ ਵਿਅਕਤੀ ਵਿਸ਼ੇਸ਼ ਦੇ ਕੋਈ ਕੰਮ ਕਰਨ ਨਾਲ ਸਮਾਜ ਵਿਚ ਅਸਥਿਰਤਾ ਫੈਲਦੀ ਹੈ, ਦੰਗੇ ਹੋਣ ਦਾ ਡਰ ਹੁੰਦਾ ਹੈ ਤਾਂ ਉਥੇ ਕਿੰਤੂ ਕਰਨ ਲਈ ਥਾਂ ਬਣ ਜਾਂਦੀ ਹੈ। ਬਾਦਲ ਦੀ ਭਾਈਵਾਲ ਭਾਜਪਾ ਉਤੇ ਵਿਦਵਾਨਾਂ ਨੇ ਦੋਸ਼ ਲਾਏ ਕਿ ਸਰਕਾਰੀ ਸਰਪ੍ਰਸਤੀ ਵਿਚ ਕੰਮ ਕਰ ਰਿਹਾ ਵਾਈਕਰ ਗੈਂਗ ਤਾਂ ਅਸਲ ਵਿਚ ਮੋਹਰਾ ਬਣਾਇਆ ਗਿਆ ਉਸ ਦੇ ਨਾਂ ਨੂੰ ਲੈ ਕੇ ਪ੍ਰਵਾਸੀਆਂ ਨੂੰ ਭੜਕਾਇਆ ਗਿਆ। ਕੁਝ ਲੀਡਰ ਅਜਿਹੇ ਵੀ ਸਾਹਮਣੇ ਆਏ ਹਨ ਜਿਨ੍ਹਾਂ ਦਾ ਸਿੱਧਾ ਮਿਲਾਪ ਬੀ. ਜੇ. ਪੀ. ਨਾਲ ਹੈ ਜਿਹੜੇ ਯੂ. ਪੀ., ਬਿਹਾਰ ਦੇ ਵਸਨੀਕ ਹਨ ਉਨ੍ਹਾਂ ਵਲੋਂ ਰਾਤ ਨੂੰ ਹੀ ਇਸ ਕਾਂਡ ਨੂੰ ਜਨਮ ਦਿੱਤਾ ਗਿਆ। ਹੈਰਾਨੀ ਉਦੋਂ ਹੋਈ ਜਦੋਂ ਇਕ ਅਖੌਤੀ ਸਿੱਖ ਅਖ਼ਬਾਰ ਨੇ ਇਹ ਲਿਖ ਦਿੱਤਾ ਕਿ ਪਿੰਡ ਦੇ ਲੋਕਾਂ ਨੇ ਪ੍ਰਵਾਸੀ ਮਜ਼ਦੂਰਾਂ ਨਾਲ ਝਗੜਾ ਕੀਤਾ। ਵਕਤ ਬੜਾ ਨਾਜ਼ੁਕ ਮੋੜ 'ਤੇ ਆ ਜਾਣਾ ਸੀ ਜੇਕਰ ਇਸ ਅਖ਼ਬਾਰ ਵਿਚ ਲੱਗੀ ਹੋਈ ਸੁਰਖੀ ਨੂੰ ਜ਼ਿਆਦਾ ਲੋਕ ਪੜ੍ਹ ਲੈਂਦੇ। ਇਹ ਲੜਾਈ ਸਥਾਨਕ ਵਸਨੀਕਾਂ ਅਤੇ ਪ੍ਰਵਾਸੀ ਵਸਨੀਕਾਂ ਵਿਚਾਰ ਹੋ ਜਾਣੀ ਸੀ। ਵਿਦਵਾਨ ਬੀ. ਜੇ.ਪੀ. 'ਤੇ ਸਿੱਧਾ ਦੋਸ਼ ਲਗਾ ਰਹੇ ਹਨ ਕਿ ਪੰਜਾਬ ਦੇ ਸਿੱਖ ਮਸਲਿਆਂ ਨੂੰ ਤਹਿਸ਼-ਨਹਿਸ਼ ਕਰਕੇ ਇਥੇ ਹਿੰਦੂਤਵ ਦਾ ਰਾਜ ਬਣਾਉਣਾ ਚਾਹੁੰਦੀ ਹੈ ਜਿਸ ਦੀ ਮਦਦ ਸ੍ਰ. ਪ੍ਰਕਾਸ਼ ਸਿੰਘ ਬਾਦਲ ਸਿੱਧੇ ਰੂਪ ਵਿਚ ਕਰ ਰਹੇ ਹਨ ਜੋ ਕਿ ਵੋਟਾਂ ਦੇ ਮਾਮਲੇ ਨੂੰ ਲੈ ਕੇ ਸਿੱਖ ਸਿਧਾਂਤਾਂ ਨੂੰ ਸਿੱਕੇ ਟੰਗ ਡੇਰੇ ਸਰਸੇ ਵਿਚ ਜਾ ਆਉਂਦਾ ਹੈ, ਡੇਰੇ ਬਿਆਸ ਵੀ ਜਾ ਆਉਂਦਾ ਹੈ, ਨੂਰਮਹਿਲੀਆਂ ਕੋਲ ਵੀ ਜਾ ਆਉਂਦਾ ਹੈ, ਹਿੰਦੂਆਂ ਦੇ ਹਰ ਪ੍ਰੋਗਰਾਮ ਵਿਚ ਹਰ ਹਰ ਮਹਾਂਦੇਵ ਵੀ ਬੋਲ ਦਿੰਦਾ ਹੈ। ਸਿਰ 'ਤੇ ਮੁਕਟ ਸਜਾ ਕੇ ਮੱਥੇ 'ਤੇ ਤਿਲਕ ਵੀ ਲਗਾ ਲੈਂਦਾ ਹੈ।

ਇਥੇ ਹੀ ਗੱਲ ਹੋਰ ਸਪਸ਼ਟ ਕਰਨੀ ਬਣਦੀ ਹੈ ਕਿ ਕਥਿਤ ਤੌਰ 'ਤੇ ਸੁਖਬੀਰ ਬਾਦਲ ਦੇ ਅਧੀਨ ਚਲ ਰਿਹਾ ਲੁਧਿਆਣਾ ਵਿਚੋਂ ਹੀ ਪ੍ਰਸਾਰਤ ਹੋ ਰਿਹਾ ਫਸਟ-ਵੇਅ ਨੈਟਵਰਕ ਵਿਚ ਜੋ ਖ਼ਬਰਾਂ ਲੁਧਿਆਣਾ ਕਾਂਡ ਵੇਲੇ ਪੜ੍ਹੀਆਂ ਗਈਆਂ ਉਹ ਸਮੁੱਚੇ ਰੂਪ ਵਿਚ ਨੂਰਮਹਿਲੀਏ ਦੇ ਪੱਖ ਵਿਚ ਸਨ ਉਸ ਵਿਚ ਨੂਰਮਹਿਲੀਏ ਦੇ ਪ੍ਰੋਗਰਾਮ ਵਿਚ ਢਾਈ ਲੱਖ ਦੇ ਕਰੀਬ ਸੰਗਤ ਪੁੱਜਣ ਦੀ ਗੱਲ ਕਹੀ ਜਾ ਰਹੀ ਸੀ ਜਦਕਿ ਢਾਈ ਲੱਖ ਦੀ ਗਿਣਤੀ ਬਹੁਤ ਵੱਡੀ ਹੁੰਦੀ ਹੈ। ਢਾਈ ਲੱਖ ਲੋਕ ਜਿਥੇ ਪਹੁੰਚ ਜਾਣ ਉਥੇ ਅੱਖਾਂ ਨੂੰ ਇਹ ਕਹਿਣ ਦੀ ਲੋੜ ਨਹੀ ਕਿ ਇਹ ਢਾਈ ਲੱਖ ਦਾ ਇਕੱਠ ਹੈ। ਪਰ ਫਾਸਟਵੇਅ ਵਿਚ ਪੜ੍ਹੀਆਂ ਜਾਣ ਵਾਲੀਆਂ ਖਬਰਾਂ ਵਿਚ ਇਹ ਸਪਸ਼ਟ ਸੀ ਕਿ ਸੰਤ ਬਾਬਾ ਨੂਰਮਹਿਲੀਏ ਬਾਬੇ ਨੂੰ ਸੰਤ ਬਾਬਾ ਅਤੇ ਵਾਰ ਵਾਰ ਮਹਾਰਾਜ ਦਾ ਖਿਤਾਬ ਦੇ ਕੇ ਬੋਲਿਆ ਜਾ ਰਿਹਾ ਸੀ ਜਦਕਿ ਸਿੱਖਾਂ ਨੂੰ ਭੜਕਾਹਟ ਪੈਦਾ ਕਰਨ ਵਾਲੇ ਵਿਅਕਤੀ ਦੱਸਿਆ ਜਾ ਰਿਹਾ ਸੀ। ਆਮ ਚਰਚਾ ਹੈ ਕਿ ਫਾਸਟਵੇਅ ਟੀ. ਵੀ.ਚੈਨਲ ਕਦੇ ਵੀ ਸਰਕਾਰ ਵਿਰੁੱਧ ਕਿਸੇ ਵੀ ਚੈਨਲ ਵਿਚ ਚਲਣ ਵਾਲੀ ਖ਼ਬਰ ਕਾਰਨ ਉਸ ਚੈਨਲ ਨੂੰ ਹੀ ਬੰਦ ਕਰ ਦਿੰਦਾ ਹੈ (ਫਾਸਟ-ਵੇਅ ਇਕ ਅਜਿਹਾ ਨੈੱਟ ਵਰਕ ਹੈ ਜੋ ਕਿ ਕੇਬਲ ਇੰਡਸਟਰੀ ਪੰਜਾਬ ਤੇ ਕੰਟਰੋਲ ਕਰ ਰਿਹਾ ਹੈ ਜੋ ਕਿਸੇ ਵੀ ਚੈਨਲ ਨੂੰ ਪੰਜਾਬ ਵਿਚ ਚਲਣ ਤੋਂ ਬੰਦ ਕਰ ਸਕਦਾ ਹੈ) ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਜਿਵੇਂ ਕਿ ਕੈਪਟਨ ਕੰਵਲਜੀਤ ਸਿੰਘ ਸਪੁੱਤਰ ਜਸਜੀਤ ਸਿੰਘ ਬੰਨੀ ਨੇ ਬਾਦਲ ਵਿਰੁੱ ਝੰਡੀ ਚੁੱਕਿਆ ਤਾਂ ਕਿਸੇ ਵੀ ਟੀ. ਵੀ. ਚੈਨਲ 'ਚ ਉਹ ਖ਼ਬਰ ਨਹੀਂ ਆਈ। ਇਕ ਟੀ. ਵੀ. ਵਾਈਸ ਆਫ਼ ਇੰਡੀਆ ਨੇ ਇਹ ਖ਼ਬਰ ਚਲਾਈ ਉਸ ਟੀ. ਵੀ. ਚੈਨਲ ਨੂੰ ਬੰਦ ਕਰ ਦਿੱਤਾ ਗਿਆ। ਉਹ ਟੀ. ਵੀ. ਚੈਨਲ ਵਿਚਾਰਾ ਅਜੇ ਵੀ ਪੰਜਾਬ ਦੇ ਨੈਟਵਰਕ 'ਤੇ ਚਲਣਾ ਚਾਹੁੰਦਾ ਹੈ ਪਰ ਅਜੇ ਤੱਕ ਨਹੀਂ ਚਲਾਇਆ ਗਿਆ। ਅਜਿਹੇ ਟੀ. ਵੀ. ਚੈਨਲ ਵਿਚ ਪੜ੍ਹੀਆਂ ਜਾਣ ਵਾਲੀਆਂ ਖ਼ਬਰਾਂ ਸਮੁੱਚੀ ਸਿੱਖ ਕੌਮ ਭੜਕਾਹਟ ਪੈਦਾ ਕਰਨ ਵਾਲੀਆਂ ਕਹਿ ਰਹੀਆਂ ਹੋਣ ਅਤੇ ਨੂਰਮਹਿਲੀਏ ਨੂੰ ਵਾਰ-ਵਾਰ ਮਹਾਰਾਜਾ ਕਹਿ ਰਹੀਆਂ ਹੋਣ। ਇਹ ਸੰਕੇਤ ਦਿੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਵੀ ਇਹ ਚਾਹੁੰਦਾ ਹੈ ਕਿ ਰੌਲਾ ਪਾਉਣ ਵਾਲੇ ਇਹ ਚਾਰ ਕੁ ਸਿੱਖ ਬਿਲਕੁਲ ਹੀ ਚੁੱਪ ਕਰ ਜਾਣ ਅਤੇ ਉਸ ਨੂੰ ਵੋਟਾਂ ਦੇਣ ਵਾਲੇ ਬਾਬੇ ਪੰਜਾਬ ਆਦਮ ਬੋ-ਆਦਮ ਬੋ ਕਰਦੇ ਫਿਰਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਬਾਬੇ ਨੂਰਮਹਿਲੀਏ ਪੈਰੋਕਾਰਾਂ ਵਿਚੋਂ ਮੁਖੀਆਂ ਨੇ ਪੰਜਾਬ ਸਰਕਾਰ ਦਾ ਇਸ ਗੱਲੋਂ ਧੰਨਵਾਦ ਵੀ ਕੀਤਾ ਕਿ ਉਸ ਨੇ ਸਾਡੇ ਸਤਰੰਗ ਨੂੰ ਸ਼ਾਂਤਮਈ ਹੋਣ ਦਿੱਤਾ। ਲੁਧਿਆਣਾ ਦੇ ਡੀ. ਸੀ. ਵਿਕਾਸ ਗਰਗ ਬਾਰੇ ਕਿਹਾ ਗਿਆ ਹੈ ਕਿ ਉਹ ਥਾਵਾਂ ਹੀ ਕਰਫਿਊ ਲਾਉਣ ਲਈ ਲੱਭ ਰਿਹਾ ਸੀ ਜਿਨ੍ਹਾਂ ਥਾਵਾਂ ਉਤੇ ਸਿੱਖ ਜ਼ਿਆਦਾ ਭੜਕਾਹਟ ਪੈਦਾ ਕਰ ਸਕਦੇ ਸਨ।

ਉਕਤ ਹੋਈ ਵਿਚਾਰ ਚਰਚਾ ਨੇ ਇਹ ਸਪਸ਼ਟ ਕੀਤਾ ਹੈ ਕਿ ਕੁਲਬੀਰ ਸਿੰਘ ਕੌੜਾ ਦੀ ਲਿਖੀ ਹੋਈ ਕਿਤਾਬ 'ਤੇ ਸਿੱਖ ਨਿਗਲਿਆ ਗਿਆ' ਆਪਣੀ ਸੱਚਾਈ ਵੱਲ ਜਾ ਰਹੀ ਹੈ ਕਿਉਂਕਿ ਸਿੱਖਾਂ ਦੀ ਧਰਮ ਦੀ ਕਮਾਂਡ ਉਨ੍ਹਾਂ ਲੋਕਾਂ ਦੇ ਹੱਥ ਵਿਚ ਜੋ ਲੋਕ ਹਿੰਦੂ ਧਰਮ ਦੇ ਕੱਟੜ ਸਮਰੱਥਕਾਂ ਅਤੇ ਕੱਟੜ ਪ੍ਰਚਾਰਕਾਂ ਦੇ ਕੋਲ ਆਪਣੇ ਆਪ ਨੂੰ ਗਿਰਵੀ ਰੱਖ ਚੁੱਕੇ ਹਨ। ਹਿੰਦੂ ਧਰਮ ਚਾਹੁੰਦਾ ਹੈ ਕਿ ਸਿੱਖ ਹਿੰਦੂਆਂ ਵਿਚੋਂ ਵੀ ਨਿਕਲੇ ਹਨ ਇਸੇ ਕਰਕੇ ਸਿਰਦਾਰ ਕਪੂਰ ਸਿੰਘ ਵਲੋਂ ਲਿਖੀ ਹੋਈ ਕਿਤਾਬ 'ਸਾਚੀ ਸਾਖੀ' ਇਹ ਪੁਕਾਰ-ਪੁਕਾਰ ਕੇ ਕਹਿ ਰਹੀ ਹੈ ਕਿ ਸਿੱਖ ਧਰਮ ਨੂੰ ਵੱਖਰਾ ਹਿੰਦੂਵਾਦੀ ਤਾਕਤਾਂ ਨੇ ਹੋਣ ਨਹੀਂ ਦਿੱਤਾ। ਜਦੋਂ ਕਿ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਹੀ ਮੁਸਲਮਾਨ ਧਰਮ ਦਾ ਹਰ ਸਿਸਟਮ ਵੱਖਰਾ ਹੋ ਗਿਆ ਸੀ। ਸਿੱਖ ਧਰਮ ਨੂੰ ਵੱਖਰਾ ਜਾਹਿਰ ਹੀ ਨਹੀਂ ਹੋਣ ਦਿੱਤਾ ਗਿਆ। ਸਿਰਦਾਰ ਕਪੂਰ ਸਿੰਘ ਨੇ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਸਿੱਖ ਧਰਮ ਨੂੰ ਬਚਾਅ ਲਿਆ ਜਾਵੇ ਜੇ ਇਸ ਦੇ ਪੈਰੋਕਾਰ ਅਕਲਾਂ ਵਾਲੇ ਹੋਣ ਨਹੀਂ ਤਾਂ ਇਕ ਨਾ ਇਕ ਦਿਨ ਸਿੱਖ ਧਰਮ ਹਿੰਦੂ ਧਰਮ ਦੇ ਵਿਚ ਸਮਾਂ ਜਾਵੇਗਾ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 27 ਵਾਰ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਵੀ ਕਈ ਪੱਖਾਂ ਤੋਂ ਸਹੀ ਨਹੀਂ ਕਹਿ ਸਕਦੇ ਪਰ ਇਕ ਪੱਖ ਉਨ੍ਹਾਂ ਦਾ ਦਰੁਸਤ ਸੀ ਕਿ ਸਿੱਖ ਧਰਮ ਬਾਰੇ ਉਹ ਪੂਰੀ ਤਰ੍ਹਾਂ ਕੱਟੜ ਸਨ ਅਤੇ ਪ੍ਰਕਾਸ਼ ਸਿੰਘ ਬਾਦਲ 'ਤੇ ਅੰਕੁਸ਼ ਲਾਉਣ ਵਾਲੇ ਇਕੋ ਇਕ ਵਿਅਕਤੀ ਸਨ ਜਿਨ੍ਹਾਂ ਦੀ ਮੌਤ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਵਿਚ ਉਹ ਸਭ ਕੁਝ ਹੋ ਰਿਹਾ ਹੈ ਜੋ ਸਿੱਖ ਧਰਮ ਨੂੰ ਖਤਮ ਕਰਨ ਵਾਸਤੇ ਕਾਫ਼ੀ ਹੈ। ਹੁਕਮਨਾਮਾ ਕਲਚਰ ਵੀ ਸਿੱਖ ਧਰਮ ਨੂੰ ਹੋਰ ਸੰਕਟ ਵਿਚ ਪਾ ਰਿਹਾ ਹੈ। ਇਹ ਸਾਰੀ ਬਹਿਸ ਦੇ ਸਬੰਧ ਵਿਚ ਹੋਰ ਬਹੁਤ ਸਾਰੇ ਪੱਖ ਹਨ। ਸਾਡੇ ਵਲੋਂ ਕਹੇ ਬਹੁਤ ਸਾਰੇ ਪੱਖ ਗਲਤ ਵੀ ਹੋ ਸਕਦੇ ਹਨ ਆਖਰੀ ਸੱਚ ਕੁਝ ਵੀ ਨਹੀਂ ਹੁੰਦਾ ਪਰ ਵਿਚਾਰ ਚਰਚਾ ਚਲਣੀ ਚਾਹੀਦੀ ਹੈ।

ਬਾਬਰੀ ਮਸਜਿਦ ਢਾਹੁਣ ਵਾਲੇ ਨੇਤਾ ਬਨਾਮ ਕੇਹਰ ਸਿੰਘ

ਕੀ ਬਾਬਰੀ ਮਸਜਿਦ ਢਾਹੁਣ ਵਾਲੇ ਨੇਤਾਵਾਂ ਨੂੰ ਵੀ ਕੇਹਰ ਸਿੰਘ ਵਾਂਗ ਸ਼ਾਜਿਸ ਤਹਿਤ ਸਜ਼ਾਵਾਂ  ਸੁਣਾਈਆਂ ਜਾਣਗੀਆਂ ?                 


  ਭਾਰਤੀ ਦੰਡ ਸੰਹਿਤਾ ਵਿੱਚ ਦਰਜ਼ ਇੱਕ ਕਾਂਨੂੰਨ 120 ਬੀ ਮੁਤਾਬਕ ਜੋ ਵਿਆਕਤੀ ਦੋਸ਼ੀਆਂ ਨੂੰ ਉਕਤਸਾ ਕੇ ਜਾਂ ਸ਼ਾਜਿਸ ਰਚ ਕੇ ਭੜਕਾ ਕੇ ਕੋਈ ਗੈਰ ਕਾਨੂੰਨੀ ਵਰਤਾਰਾ ਕਰਾਉਂਦਾ ਹੈ, ਤਾਂ ਉਹ ਉਸ ਘਟਨਾ ਨੂੰ ਅਜਾਮ ਦੇਣ ਦੇ ਬਰਾਬਰ ਦਾ ਹੀ ਦੋਸ਼ੀ ਹੈ, ਜੋ ਘਟਨਾ ਨੂੰ ਅੰਜ਼ਾਮ ਦੇਣ ਵਾਲਾ ਦੋਸੀ ਕਤਲ ਕੇਸ ਵਿੱਚ ਧਾਰਾ 302 ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਸ ਕਾਤਲ ਮਗਰ ਕੰਮ ਕਰਦੇ ਸ਼ਾਜਿਸੀ ਵੀ ਇਸ ਸ਼ਜਾ ਦੇ ਭਾਗੀ ਹੋਣਗੇ, ਇਦਰਾ ਗਾਂਧੀ ਕਤਲ ਵਿੱਚ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਦਾ ਸਿੱਧਾ ਹੱਥ ਸੀ ਪਰ ਇਸ ਕੇਸ ਵਿੱਚ ਕੇਹਰ ਸਿੰਘ ਨੂੰ ਵੀ ਇਸ ਕਾਨੂੰਨ ਤਹਿਤ ਫ਼ਾਸੀ ਦੀ ਸਜਾ ਸੁਣਾਈ ਗਈ ਸੀ, ਇਸ ਕੇਸ ਨੂੰ ਪੜ੍ਹਦਿਆ ਸਾਹਮਣੇ ਆਇਆ ਕਿ ਕੇਹਰ ਸਿੰਘ ਵਰਸਸ ਯੂਨੀਅਨ ਆਫ਼ ਇੰਡੀਆ  ਵਿੱਚ ਦਿੱਤੇ¦ ਬੇ ਫੈਸਲੇ ਵਿੱਚ ਸੁਪਰੀਮ ਕੋਰਟ ਦਿੱਲੀ ਦੇ ਪੰਜ ਜੱਜਾਂ ਦੀ ਇਹ ਸਟੇਟਮੈਂਟ ਹੈ, Accused Kehar Singh, a religious fanatic, after the Blue Star Operation converted Beant Singh and through him Satwant Singh to religious bigotry and made them undergo Amrit Chhakana Ceremony on 14-10-1984 and 24-10-1984 respectively at Gurudwara Sector VI, R.K. Puran, New Delhi. He also took Beant Singh to Golden Temple on 20-10-1984 where Satwant Singh was to join them as part of the mission. ਇਸ ਫੈਸਲੇ ਵਿੱਚ ਭਾਰਤੀ ਸੰਹਿਤਾ ਕਾਨੂੰਨ ਵਿੱਚ ਧਾਰਾ 120 ਦੀ ਵਿਆਖਿਆ ਇਸ ਤਰ੍ਹਾਂ ਦਰਜ਼ ਹੈ,Sections 120 A and 120B have brought the law of Conspiracy in India in line with the English Law by making the over act unessential when the conspiracy is to commit any punishable offence.  The most important ingredient of the offence of conspiracy is the agreement between two or more persons an illegal act. The illegal act may not be done in pursuance of agreement, but the very agreement is an offence and is punishable. Reference to Ss. 120 A and 120 B IPC would make these aspects clear beyond doubt. Entering into an agreement by two or more persons to do an illegal act by illegal means is the very quintessence of the offence of conspiracy. (Paras 268, 271 )

ਸਵਾਲ ਪੈਂਦਾ ਹੁੰਦਾ ਹੈ ਕਿ ਜੇ ਇੱਕ ਵਿਆਕਤੀ ਦੇ ਕਤਲ ਦੀ ਸ਼ਾਜ਼ਿਸ ਤਹਿਤ ਕੇਹਰ ਸਿੰਘ ਨੂੰ ਫ਼ਾਸੀ ’ਤੇ ਲਟਕਾਇਆ ਗਿਆ ਸੀ ਤਾਂ ਕੀ ਇਹ ਕਾਨੂੰਨ ਭਾਰਤ ਦੇ ਊਨ੍ਹਾਂ ਰਾਜਸੀ ਨੇਤਾਵਾਂ ’ਤੇ ਵੀ ਲਾਗੂ ਹੋਵੋਗਾ ਜਿਨ੍ਹਾਂ ਨੇ ਰਾਜ ਭਾਗ ਲਈ ਸੈਂਕੜੇ ਨਿਹੱਥੇ ਲੋਕਾਂ ਦੇ ਕਾਤਲ ਪਿੱਛੇ ਸ਼ਾਜਿਸੀ ਅਤੇ ਭੜਕਾਊਂ ਭੂਮਿਕਾ ਨਿਭਾਂਈ ਸੀ, ਨਾ ਕੇਵਲ ਇਹ ਭੂਮਿਕਾ ਤਹਿਤ ਸਗੋਂ ਇੱਕ ਹੋਰਭਾਰਤੀ ਐਵੀਡੈਂਸ ਕਾਨੂੰਨ ਤਹਿਤ ਅਪਰਾਧੀ ਵਿਰੁੱਧ  ਇਸ ਤੋਂ ਵੱਡਾ ਕੋਈ ਸਬੂਤ ਨਹੀਂ ਹੋ ਸਕਦਾ ਕਿ ਅਪਰਾਧੀ ਆਾਪਣਾ ਜੁਰਮ ਕਬੂਲ ਕਰ ਲਵੇ, ਬਾਬਰੀ ਮਸਜਿਦ ਢਹਿ ਢੇਰੀ ਕਰਨ  ਜਿਸ ਸਮੇਂ ਦੌਰਾਨ ਸੈਕੜੇ ਬੇਕਸੂਰ ਦੀ ਹੱਤਿਆ ਵੀ ਸਾਮਲ ਹੈ ਦੇ ਮਾਮਲੇ ਵਿੱਚ ਭਾਰਤੀ ਨੇਤਾ ਆਪਣੀ ਸਿੱਧੀ ਸਮੂਲੀਅਤ ਬਹੁਤ ਮਾਣ ਨਾਲ ਕਬੂਲ ਕਰਦੇ ਹੋਏ ਨਾਲੇ ਚੋਰ ਨਾਲੇ ਚਤਰਾਈ ਵਾਲੀ ਸਿਆਣਪ ਖੇਡਦਿਆ ਬਿਆਨਵਾਜੀ ਕਰ ਰਹੇ ਹਨ ਕਿ ਉਹ ਲਿਬਰਾਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਦੋਸ਼ੀ ਨਹੀਂ ਹਨ ਪਰੰਤੂ ਉਨ੍ਹਾਂ ਨੂੰ ਇਹ ਢਾਚਾ ਢਹਾਉਂਣ ਵਿੱਚ ਮਾਣ ਹੈ, ਉਮਾ ਪਾਰਤੀ, ਅਡਵਾਨੀ ਆਦਿ ਦਾ ਇਹ ਬਿਆਨ ਹੈ, ਉਮਾ ਭਾਰਤੀ ਕਹਿ ਰਹੇ ਹਨ ਕਿ ਉਸ ਨੇ ਲੋਕਾਂ ਨੂੰ ਇੱਕਤਰ ਹੋਣ ਦਾ ਸੱਦਾ ਸੀ, ਪਰ ਉਹ ਕਾਨੂੰਨੀ ਲੜਾਈ ਨਹੀਂ ਲੜੇਗੀ ਕਿਉਂਕਿ  ਉਹ ਮਸਜਿਦ ਢਾਹੁਣ ਵਿੱਚ ਸ਼ਾਮਲ ਨਹੀਂ ਸੀ। ਮੈਂ ਮਾਣ ਮਹਿਸੂਸ ਕਰਦੀ ਹਾਂ ਕਿ ਮੈਂ ਰਾਮ ਜਨਮ ਭੂਮੀ ਮੁਹਿੰਮ ਦਾ ਹਿੱਸਾ ਹਾਂੇ, ਮੇਰੇ ਕੋਲ ਦਲੀਲ ਹੈ ਜੋ ਮੈਂਨੂੰ ਦੇੋਸ ਮੁਕਤ ਕਰਦੀ ਹੈ ਅਤੇ ਸਾਬਤ ਹੁੰਦਾ ਹੈ ਕਿ ਇਮਾਰਤ ਢਾਹੁਣ ਵਿੱਚ ਮੇਰਾ ਕੋਈ ਹੱਥ ਨਹੀਂ, ਉਮਾ ਦੀ ਇਹ ਦਲੀਲ ਉਸ ਵੱਲੋਂ ਕੀਤੇ ਅਪਰਾਧ ਨੂੰ ਕਬੂਲ ਕਰਨ ਦਾ ਸਭ ਤੋਂ ਵੱਡਾ ਅਤੇ ਅਹਿਮ ਸਬੂਤ ਹੈ। ਦੇਸ਼ ਦੀ ਸੱਤਾ ’ਤੇ ਕਾਬਜ਼ ਨੇਤਾਵਾਂ ਦਾ ਕੰਮ ਅਮਨ ਕਾਨੂੰਨ ਬਹਾਲ ਰੱਖਣਾ ਅਤੇ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਕਰਨਾ ਹੁੰਦਾ ਹੈ, ਉਸ ਸਮੇਂ ਦਾ ਯੂ ਪੀ ਦਾ ਮੁੱਖ ਮੰਤਰੀ ਕਲਿਆਣ ਸਿੰਘ  ਢੀਹਤਾਈ ਨਾਲ ਆਪਣੀ ਦਲੀਲ ਦਿੰਦਾ ਹੈ ਕਿ ਕਈ ਵਾਰ ਸੁਰੱਖਿਆ ਦੇ ਬਾਵਜੂਦ ਕੁਝ ਨਾ ਕੁਝ ਵਾਪਰ ਜਾਂਦਾ ਹੈ, ਜਿਵੇਂ ਇੰਦਰਾ ਗਾਂਧੀ ਅਤੇ ਰਾਜੀਵ ਗਾਧੀ ਦੀਆਂ ਹੱਤਿਆਵਾਂ ਵੇਲੇ ਵੀ ਵਾਪਰਿਆ, ਕਿੰਨਾ ਬੇਸਰਮੀ ਭਰਿਆ ਝੂਠ ਹੈ ਹਰ ਕੋਈ ਜਾਣਦਾ ਹੈ ਕਿ ਇੰਦਰਾ ਦੇ ਕਤਲ ਮਗਰੋਂ ਸਿੱਖਾਂ ਦੇ ਕਤਲੇ ਆਮ ਵਿੱਚ ਰਾਜੀਵ ਦੀ ਕਿਵੇਂ ਸਿੱਧੀ ਸਮੂਲੀਅਤ ਸੀ, ਸਿੱਖਾਂ ਦੇ ਕਤਲੇ ਆਮ ਮਗਰੋ ਰਾਜੀ ਗਾਂਧੀ ਦਾ ਵੀ ਬੇਸਮਰਮੀ ਭਰਿਆ ਬਿਆਨ ਕਿ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ ਨੇ ਸਿੱਖਾਂ ਦੇ ਕਤਲੇਆਮ ਨੂੰ ਉਤਸਾਹਿਤ ਕੀਤਾ, ਸਵਾਲ ਪੈਂਦਾ ਹੁੰਦਾ ਹੈ ਕਿ ਜੱਜ ਲਿਬਰਹਾਨ ਦੀ ਰਿਪੋਰਟ ਮਗਰੋਂ ਇਨ੍ਹਾਂ ਨੇਤਾਵਾਂ ’ਤੇ ਵੀ ਕੇਹਰ ਸਿੰਘ ਵਰਗਿਆ ਵਾਂਗ ਮੁਕੱਦਕੇ ਚਲਾ ਕੇ ਸਜ਼ਾਵਾਂ ਦਿੱਤੀਆਂ ਜਾਣਗੀ, ਨਹੀਂ ਇਹ ਤਾਂ ਅਜੇ ਸੱਤਾ ਦਾ ਹੋਰ ਸੁੱਖ ਭੋਗਣਗੇ।

       ਸਦੀਆਂ ਪੁਰਾਣੀ ਬਾਬਰੀ ਮਸਜ਼ਿਦ ਨੂੰ ਢਾਹ ਦੇਣਾ, ਗੁਜਰਾਤ ਵਿੱਚ ਮੁਸਲਿਮ ਭਾਈਚਾਰੇ ’ਤੇ ਅਣਮਨੁੱਖੀ ਤਸ਼ੱਦਦ, ਦੋ ਦਹਾਕਿਆਂ ਦੇ ਕਰੀਬ ¦ਬੀ ਉਡੀਕ ਤੋਂ ਮਗਰੋਂ ਲਿਬਰਾਨ ਕਮਿਸ਼ਨ ਦੀ ਰਿਪੋਰਟ , ਫਿਰ ਇਸ ’ਤੇ ਕੋਝੀ ਸਿਆਸਤ , ਰਾਜ ਸੱਤਾ ’ਤੇ ਕਾਬਜ਼ ਨੇਤਾਵਾਂ ਦੇ ਬੇਸ਼ਰਕੀ ਭਰੇ ਝੂਠ ਅਤੇ ਦੋਗਲੀ ਬਿਆਨਵਾਜ਼ੀ ਇਹ ਸਾਰਾ ਵਰਤਾਰਾ ਇਨ੍ਹਾਂ ਹਾਕਮਾਂ ਦਾ ਨਾ ਹੀ ਪਹਿਲਾ ਹੈ ਅਤੇ ਨਾ ਹੀ ਆਖਰੀ ਸਗੋਂ ਇਨ੍ਹਾ ਦੇ ਕਾਲੇ ਕਾਰਨਾਮਿਆਂ ਦੀ ਇੱਕ ਕੜੀ ਦਾ ਇੱਕ ਹਿੱਸਾ ਹੀ ਹੈ। ਹਿੰਦੂ ਕੱਟੜਪੰਥੀ ਦੀ ਜਮਾਤ ਦੇ ਟੋਲਾ ਭਾਜਪਾ, ਇਸ ਦੀਆਂ ਭਾਈਵਾਲ ਵਿਸ਼ਵ ਹਿੰਦੂ ਪਰਿਸ਼ਦ, ਰਾਸ਼ਟਰੀ ਸੇਵਕ ਸੰਘ, ਸਿਵ ਸੈਨਾ, ਬਜਰੰਗ ਦਲ ਦੇਸ਼ ਵਿਰੋਧੀ ਫ਼ਿਰਕੂ ਜਥੇਬੰਦੀਆਂ ਦੇ ਸੱਦੇ ਅਤੇ ਸਹਿ ’ਤੇ 6 ਦਸੰਬਰ 1992 ਨੂੰ ਉੱਤਰ ਪ੍ਰਦੇਸ਼ ਵਿੱਚ ਸਦੀਆਂ ਪਹਿਲਾ ਬਣੀ ਬਾਬਰੀ ਮਸਜਿਦ ਨੂੰ ਮਲਿਆਮੇਟ ਕਰ ਦਿੱਤਾ। ਇਹ ਸਾਰਾ ਅਚਾਨਕ ਨਹੀਂ ਵਾਪਰਿਆ ਇਸ ਸਾਰੇ ਕੋਝੇ ਵਰਤਾਰੇ ਪਿੱਛੇ ਸੰਘ ਪਰਿਵਾਰ ਦੇ ਫ਼ਿਰਕੂ ਆਗੂਆ ਦਾ ਹੱਥ ਅਤੇ ਨੀਤੀ ਸਾਫ਼ ਹੈ।


ਇਸ ਇਸਤਿਹਾਸਕ ਮਸਜ਼ਿਦ ਨੂੰ ਢਹਿ ਢੇਰੀ ਕਰਨ ਤੋ  ਪਹਿਲਾ ਸੰਘ ਪਰਿਵਾਰ ਨਾਲ ਸਬੰਧਤ ਭਾਜਪਾ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਗੁਜਰਾਤ ਦੇ ਸੋਮਨਾਥ ਮੰਦਰ ਤੋਂ ਇੱਕ ਫ਼ਿਰਕੂ ਲਹਿਰ ਉਸਰਾਨ ਦਾ ਕੰਮ ਅਰੰਭਿਆ ਇਸ ਨੂੰ ਸੰਘ ਪਰਿਵਾਰ ਨੇ ਰੱਥ ਯਾਤਰਾ ਦਾ ਨਾਂ ਦਿੱਤਾ, ਕਿਉਂਕਿ ਅਡਵਾਨੀ ਨੇ ਹਿੰਦੂ ਇਤਿਹਾਸ ਦੀ ਘਟਨਾ ਵਾਂਗ ਰੱਥ ’ਤੇ ਸਵਾਰ ਹੋ ਕੇ ਇਹ ਕੰਮ ਸੁਰੂ ਕੀਤਾ, ਉਸ ਦੀ ਇਸ ਅਖੌਤੀ ਰੱਥ ਯਾਤਰਾ ਦਾ ਉਦੇਸ਼ ਬਾਬਰੀ ਮਸਜਿਦ ਨੂੰ ਢਾਹੁਣ ਲਈ ਲੋਕਾਂ ਨੂੰ ਭਟਕਾਉਂਣਾਂ ਅਤੇ ਫ਼ਿਰਕੂ ਲਹਿਰ ਉਸਾਰਨਾ ਸੀ, ਅਡਮਾਨੀ ਦਾ ਇਹ ਰੱਥ ਜਿੱਥੋਂ ਦੀ ਵੀ ਗੁਜਰਿਆਂ ਲੋਕਾਂ ਦੇ ਸਿਰਾਂ ਉਤੋਂ ਦੀ ਇਸ ਦੇ ਟਾਇਰ ¦ਘੇ, ਉਸ ਦੇ ਜਹਿਰੀਲੇ ਪ੍ਰਚਾਰ ਨਾਲ ਘੱਟ ਗਿਣਤੀ ਲੋਕਾਂ ਮੁਸਲਿਕ ਭਾਈਚਾਰੇ ਦਾ ਜਾਨੀ ਮਾਲੀ ਨੁਕਸਾਨ ਹੋਇਆ। ਜਮਹੂਰੀ ਸੋਚ ਰੱਖਣ ਵਾਲੇ ਬੁੱਧਜੀਵੀਆਂ ਨੇ ਉਸ ਮੌਕੇ ਹੀ ਇਸ ਦੇ ਗੰਭੀਰ ਨਤੀਜਿਆਂ ਦਾ ਖ਼ਦਸਾ ਪ੍ਰਗਟ ਕਰਦਿਆ ਇਸ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ, ਇਧਰ ਇਸ ਸੰਘ ਪਰਿਵਾਰ ਵੱਲੋਂ ਇਨ੍ਹਾਂ ਲੋਕਾਂ ਦੀਆਂ ਲੋਥਾਂ ’ਤੇ ਤਾਜ ਸਜਾਉਂਣ ਦੇ ਸੁਪਨੇ ਅਤੇ ਉਧਰ ਉਸ ਸਮੇਂ ਕੇਂਦਰ ਸਰਕਾਰ ਵਿੱਚ ਕਾਂਗਰਸ ਵੱਲੋਂ ਵੀ ਬਹੁ ਗਿਣਤੀ ਲੋਕਾਂ ਦਾ ਵੋਟ ਬੈਂਕ ਖੁਸਣ ਦਾ ਡਰ, ਤਾਂ ਇਹ ਫ਼ਿਰਕੁ, ਕੱਟੜਪੰਥੀ ਆਗੂ ਅਡਵਾਨੀ, ਉਮਾ ਭਾਰਤੀ, ਮੁਰਲੀ ਮਨੋਹਰ ਜੋਸੀ, ਅਸੋਕ ਸਿੰਘਲ, ਸਾਧਵ ਰਿੰਤਬਰਾ ਆਦਿ ਨੇ ਬਾਬਰੀ ਮਸਜਿਦ ਵਾਲੀ ਥਾਂ ਨਜ਼ਦੀਕ ਪੁੱਜ ਕੇ ਜਹਿਰੀਲੇ ਭੜਕਾਉਂ ਭਾਸ਼ਣ ਦਿੰਦਿਆਂ, ਕਾਰ ਸੇਵਕਾਂ ਦੇ ਨਾਂ ’ਤੇ ਇੱਕਠੇ ਹੋਏ ਹਜੂਮ ਨੂੰ ਇਹ ਮਸਜਿਦ ਓਹਿ ਢੇਰੀ ਕਰਨ ਲਈ ਹੱਲਾ ਸ਼ੇਰੀ ਦਿੱਤੀ। ਜਿਸ ਦੇ ਨਤੀਜੇ ਵਜੋਂ ਇਸ ਇਤਿਹਾਸਕ ਇਮਾਰਤ ਨੂੰ ਮਲੀਆਮੇਟ ਕਰ ਦਿੱਤਾ, ਇਸ ਫ਼ਿਰਕੂ ਕੰਮ ਅਤੇ ਖ਼ੂਨ ਖਰਾਬੇ ਦਾ ਭਾਜਪਾ ਨੂੰ ਉਸ ਦੀ ਖ਼ਾਹਿਸ ਮੁਤਾਬਕ ਇੱਕ ਵਕਤੀ ਲਾਭ ਮਿਲਿਆ, ਉਸ ਦੇ ਸੁਪਨੇ ਸਕਾਰ ਹੋਏ ਅਤੇ ਸੱਤਾ ’ਤੇ ਕਾਬਜ਼ ਹੋਣ ਦਾ ਮੌਕਾ ਮਿਲਿਆ। ਮਸਜਿਦ ਢਾਹੁਣ ਵਿੱਚ     ਸਮੂਲੀਅਤ ਕਰਨ ਵਾਲੇ ਇਨ੍ਹਾਂ ਸਾਰੇ ਨੇਤਾਵਾਂ ਨੂੰ ਚੰਗੇ ਵਿਭਾਗਾਂ ਨਾਲ ਨਿਵਾਜ਼ਿਆ। ਦੂਜੇ ਸਾਰੇ ਕਾਡਾਂ ਵਾਗ ਭਾਰਤ ਸਰਕਾਰ ਨੇ ਇਸ ’ਤੇ ਵੀ ਜਾਂਚ ਦਾ ਨਾਟਕ ਕਰਦਿਆ ਸਾਰੀ ਘਟਨਾ ਦੀ ਜਾਂਚ ਲਈ ਜਸਟਿਸ ਮਨਮੋਹਨ ਸਿੰਘ ਲਿਬਰਹਾਨ ਦੀ ਅਗਵਾਈ ਹੇਠ ਇੱਕ ਕਮਿਸ਼ਨ ਸਥਾਪਤ ਕੀਤਾ, ਜੋ ਲਗਾਤਾਰ ਵਿਵਾਦਾਂ ਵਿੱਚ ਘਿਰਿਆ ਰਿਹਾ, ਇਹ ਇਨਸਾਫ਼ ਦੇਣ ਦੇ ਦਾਅਵੇ ਕਰਦਿਆ ਇਸ ਦੀ ਮਿਆਦ ਵਿੱਚ 48 ਵਾਰ ਵਾਧਾ ਕਰਦਿਆ ਪੂਰੇ 17 ਸਾਲ ¦ਘਾ ਦਿੱਤੇ,  ਇਸ ਕਮਿਸਸ਼ਨ ਦਾ ਚਿਹਰਾ ਉਸ ਮੌਕੇ ਨਿੰਗਾ ਹੋ ਗਿਆ ਜਦੋਂ ਇਸ ਸਾਲ ਜੁਲਾਈ ਵਿੱਚ ਕਮਿਸ਼ਨ ਦੇ ਦੇ ਮੈਂਬਰ ਅਤੇ ਵਕੀਲ ਅਨੁਪਮ ਗੁਪਤਾ ਨੇ ਜਸਟਿਸ ਦੇ ਪਾਜ ਖੋਲਦਿਆ ਅਸਤੀਫ਼ਾ ਦੇ ਦਿੱਤਾ, ਉਨ੍ਹਾਂ ਆਪਣਾ ਅਸਤੀਫ਼ਾ ਦੇਣ ਦਾ ਕਾਰਣ ਦਿੰਦਿਆ ਸਪੱਸ਼ਟ ਟਿੱਪਣੀ ਕੀਤੀ ਸੀ ਕਿ ਉਹ ਜਦੋਂ ਇਸ ਮਾਮਲੇ ਵਿੱਚ ਅਡਵਾਨੀ ਬਾਰੇ ਸੱਚ ਲਿਖਣ ਦੀ ਜਰੂਅਤ ਕਰਦਾ ਹੈ ਤਾਂ ਉਸ ’ਤੇ ਜਸਟਿਸ ਲਿਬਰਾਨ ਦਬਾਅ ਪਾਉਂਦਾ ਹੈ, ਸ੍ਰੀ ਗੁਪਤਾ ਮੁਤਾਬਕ ਇੱਕ ਵਾਰ ਤਾਂ ਸ਼੍ਰੀ ਲਿਬਰਾਹਨ ਨੇ ਸ਼ੀ ਗੁਪਤਾ ਨੂੰ ਅਡਵਾਨੀ ਤੋਂ ਮਾਫ਼ੀ ਮੰਗਣ ਦਾ ਹੁਕਮ ਵੀ ਚਾੜ੍ਹ ਦਿੱਤਾ ਸੀ, ਉਸ ਸਮੇਂ ਵੀ ਇਸ ਕਮਿਸ਼ਨ ਦੀ ਕਾਰਗੁਜਾਰੀ ’ਤੇ ਉਂਗਲਾਂ ਉੱਠ ਖੜੀਆਂ ਸਨ। ਸਤਾਰਾਂ ਸਾਲਾਂ ਮਗਰੋਂ ਇਹ ਰਿੋਰਟ ਪੇਸ਼ ਕਰਨ ਦਾ ਅੱਕ ਚੰਬਣਾ ਪਿਆ ਪਰ ਭਾਰਤੀ ਨੇਤਾਵਾਂ ਵੱਲੋਂ ਕੋਝੀ ਸਿਆਸਤ ਕਰਨ ਮੌਕਾ ਨਾ ਜਾਣ ਦਿੱਤਾ ਅਤੇ ਦੂਜੇ ਮੁੱਦਿਆ ਤੋਂ ਧਿਆਨ ਪਾਸੇ ਲਿਜਾਣ ਕਰਨ ਲਈ ਇਹ ਰਿਪੋਰਟ ਪਾਰਲੀਮੈ.ਟ ਵਿੱਚ ਪੇਸ਼ ਕਰਨ ਤੋਂ ਪਹਿਲਾ ਹੀ ਲੀਕ ਕਰਵਾ ਦਿੱਤੀ, ਊਨ੍ਹਾਂ ਨੂੰ ਆਪਣੇ ਰਾਜ ਭਾਗ ਨਾਲ ਮਤਲਬ ਹੈ, ਖੈਰ ਇਸ ਕਮਿਸ਼ਨ ਨੇ ਅਡਵਾਨੀ ਸਮੇਤ 68 ਆਗੂਆਂ ਨੂੰ ਦੋਸੀ ਕਰਾਰ ਦੇ ਦਿੱਤਾ। ਇਨ੍ਹਾਂ ਸਤਾਰਾਂ ਸਾਲਾਂ ਵਿੱਚ ਬਹੁਤ ਕੁਝ ਵਾਪਰ ਗਿਆ, ਰਾਜ ਸੱਤਾ ਦਾ ਰੱਜ ਕੇ ਸੁੱਖ ਮਾਣਿਆ, ਅਨੇਕਾਂ ਨੇਤਾ ਪਾਲੇ ਬਦਲ ਗਏ, ਇਸ ਰਿਪੋਰਟ ਦੇ ਹਰ ਪੜਾਅ ’ਤੇ ਸਿਆਸਤ ਹੋਈ। ਬੇਗੁਨਾਹਾਂ ਦੇ ਕਤਲਾਂ ਦਾ ਮਜਾਕ ਉੱਡ ਰਿਹਾ ਹੈ।

ਬਲਜਿੰਦਰ ਕੋਟਭਾਰਾ

Friday, December 4, 2009

ਢਹਿ ਢੇਰੀ ਹੋਇਆ ਚੌਥਾ ਥੰਮ


ਦਹਾਕਾ ਕੁ ਪਹਿਲਾਂ ਜਦੋਂ ਖਬਰੀ ਮੀਡੀਆ ਦੇ ਨਾਂ ‘ਤੇ ਸਿਰਫ ਦੂਰਦਰਸ਼ਨ ਅਤੇ ਅਖਬਾਰਾਂ ਹੀ ਹੁੰਦੀਆਂ ਸੀ । ਉਦੋਂ ਲੋਕ ਅਖਬਰਾਂ ਤੇ ਟੀਵੀ ਦੀ ਕਿਸੇ ਖਬਰ ਨਾਲ ਅਸਿਹਮਤ ਹੁੰਦਿਆਂ ਪ੍ਰਤੀਕਿਰਿਆ ਦੇਦੇ “ਅਖੇ! ਅਖਬਾਰਾਂ ਅੱਧਾ ਸੱਚ ਅੱਧਾ ਝੂਠ ਲਿਖਦੀਆਂ ਨੇ”। ਸੂਚਨਾਂ ਇਨਕਲਾਬ ਨੇ ਯੁੱਗ ਪਲਟ ਦਿੱਤਾ, ਲਗਦਾ ਹੀ ਨਹੀਂ ਕਿ ਆਪਮੁਹਾਰੇ ਹੋਏ ਟੀਵੀ ਚੈਨਲਾਂ ਨੂੰ ਕੋਈ ਪੁਛਣ ਵਾਲਾ ਵੀ ਹੋਵੇਗਾ। ਖਬਰੀ ਚੈਨਲਾਂ ਨੇ ਖਬਰਾਂ ਇਨੀਆਂ ਸੁਆਦਲੀਆਂ ਬਣਾਂ ਦਿੱਤੀ ਹਨ ਕਿ ਸਭ ਪ੍ਰਤੀਕਿਰਿਆਵਾ ਇਸ ਸੁਆਦ ‘ਚ ਗੁਆਚ ਕੇ ਰਹਿ ਗਈਆ ਹਨ। ਮੁੱਖ ਧਰਾਈ ਖਬਰੀ ਚੈਨਲਾਂ ਦੇ ਖੌਫਨਾਕ ਐਂਕਰ ਲੋਕਾਂ ਦੀ ਨੀਦ ਹਰਾਮ ਕਰਨ ਤੋਂ ਬਾਅਦ ਦਸਦੇ ਨੇ ਕਿ ਇਹ ਸਭ ਉਹ ਉਨ੍ਹਾਂ ਨੂੰ ਚੈਨ ਦੀ ਨੀਦ ਸਵਾਉਣ ਲਈ ਕਰ ਰਹੇ ਹਨ। ਪੱਤਰਕਾਰੀ ਦੀ ਪੜ੍ਹਾਈ ਤੋਂ ਪਹਿਲਾਂ ਮੈ ਨਹੀਂ ਸੀ ਜਾਣਦਾ ਕਿ ਖਬਰ ਕਿਵੇਂ ਬਣਦੀ ਹੈ। ਪਰ ਪੜਾਈ ਖਤਮ ਹੋਣ ਤੋਂ ਪਿਛੋਂ ਵੱਡੇ ਅਖਬਾਰ ਤੇ ਖਬਰੀ ਚੈਨਲ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਹੁਣ ਘੱਟੋ-ਘੱਟ ਇਹ ਤਾਂ ਸਮਝ ਆ ਗਿਆ ਕਿ ਜਰੂਰੀ ਨਹੀਂ ਕਿ ਖਬਰ ਦਾ ਕੋਈ ਘਟਨਾਂ ਸਥਾਨ ਹੋਵੇ ਤੇ ਖਬਰ ਹੋਈ ਵਾਪਰੀ ਘਟਨਾਂ ਦੀ ਪੇਸ਼ਕਾਰੀ ਹੋਵੇ। ਸਗੋਂ ਖਬਰ ਡੈਸਕ ਤੇ ਬੈਠੇ ਸੰਪਾਦਕ ਦੀ ਜਾਂ ਚੈਨਲ/ਅਖਬਾਰ ਦੇ ਮਾਲਕ ਲਾਲੇ ਦੇ ਦਿਮਾਗ ‘ਚ ਹੋਈ ਕਿਸੇ ਸਰਾਰਤੀ ਉਥਲ ਪੁਥਲ ਦਾ ਨਤੀਜਾ ਵੀ ਹੋ ਸਕਦੀ ਹੈ। ਖਬਰ ਸਰਕਾਰ ਦੇ ਕਿਸੇ ਏਲਚੀ ਦੇ ਮੁਖਾਰਬਿੰਦ ਤੋਂ ਉਚਾਰੇ ਸ਼ਬਦ ਵੀ ਹੋ ਸਕਦੇ ਹਨ ਤੇ ਕਿਸੇ ਗੁਪਤ ਏਜੰਸੀ ਦੇ ਏਜੰਟ ਦੀ ਸ਼ਾਜਿਸੀ ਟਿਪਣੀ ਵੀ। ਸਹੀ ਖਬਰ ਨੂੰ ਕਿਵੇਂ ਅੰਤਰਾਸਟਰੀ ਨੀਤੀ ਘਾੜਿਆਂ, ਸਰਕਾਰਾਂ, ਰਸੂਖਦਾਰ ਵਿਅਕਤੀਆਂ, ਇਸ਼ਤਿਹਾਰ ਦਾਤਾਵਾਂ, ਸਿਆਸੀ ਲੋਕਾਂ, ਸੰਤਾਂ ਮਹਾਤਾਵਾਂ ਤੇ ਪਾਧਿਆਂ ਜੋਤਸ਼ੀਆਂ ਦੀ ਘੁਰਕੀ ਨਾਲ ਮੋੜਾਂ ਦਿੱਤਾ ਜਾਦਾਂ ਹੈ , ਇਹ ਸ਼ਾਇਦ ਆਮ ਪਾਠਕ ਤੇ ਦਰਸ਼ਕ ਦੀ ਸਮਝ ਤੇ ਪੁੰਹਚ ਤੋਂ ਬਾਹਰ ਦੀ ਚੀਜ਼ ਹੈ।ਮੁੱਖ ਧਾਰਾਈ ਮੀਡੀਆ ‘ਚ ਸੁਹਜ਼-ਸਮਝ, ਜ਼ਮੀਰ ਤੇ ਜ਼ਜ਼ਬਾਤੀ ਕਦਰਾਂ ਕੀਮਤਾਂ ਵਾਲੇ ਕਾਮਿਆਂ ਦੇ ਚਿਹਰਿਆਂ ਤੇ ਕਚੀਚੀਆਂ ਦੇ ਪੱਕੇ ਨਿਸ਼ਾਨ ਛਪ ਜਾਦੇ ਹਨ। ਪਰ ਬੇਜ਼ਮੀਰੇ, ਖੁਸਾਂਮਦਾਂ ਕਰਦੇ ਚਹਿਕਦੇ ਟਹਿਕਦੇ ਆਮ ਦੇਖੇ ਜਾ ਸਕਦੇ ਹਨ।

ਭਾਰਤ ‘ਚ ਮੀਡੀਆ ਦਾ ਅਗਾਜ਼ ਈਸਟ ਇੰਡੀਆ ਕੰਪਨੀ ਦੇ ਇੱਕ ਅਫਸਰ ‘ਹਿੱਕੀ’ ਨੇ ਕੀਤਾ ਸੀ । ਜਿਸ ਨੂੰ ਭਾਰਤੀ ਪ੍ਰੈਸ ਦਾ ਪਿਤਾਮਾ ਵੀ ਕਿਹਾ ਜਾਦਾ ਹੈ। ਉਸ ਨੇ ਕੰਪਨੀ ਦੇ ਭ੍ਰਿਸਟ ਅਫਸਰਾਂ ਅਤੇ ਉਨ੍ਹਾਂ ਤੇ ਲੋਕ ਵਿਰੋਧੀ ਰਵੱਈਏ ਵਿਰੁਧ ਲਿੱਖ ਕੇ ਲੋਕਾਂ ਪ੍ਰਤੀ ਮੀਡੀਆ ਦੇ ਫਰਜ਼ਾਂ ਨੂੰ ਦਰਸਾਇਆ ਸੀ।ਅੰਗਰੇਜਾਂ ਵਿਰੁੱਧ ਭਾਰਤੀ ਲੋਕਾਂ ਦੇ ਸੰਘਰਸ਼ ‘ਚ ਆਪਣੇ ਲੋਕਾਂ ਨੇ ਮੀਡੀਆ ਦੀ ਖੂਬ ਵਰਤੋਂ ਕੀਤੀ। ਗਦਰ ਪਾਰਟੀ ਦੇ ‘ਗਦਰ’ਨਾਮ ਦੇ ਅਖਬਾਰ ਨੇ ਆਪਣੇ ਸਮੇਂ ‘ਚ ਅਹਿਮ ਭੂਮਿਕਾ ਨਿਭਾਈ। ਪਰ ਅਜ਼ਾਦ ਕਹੇ ਜਾਣ ਵਾਲੇ ਭਾਰਤ ‘ਚ ਪ੍ਰੈਸ ਨੂੰ ਕਿਵੇਂ ਬੇੜੀਆਂ ‘ਚ ਬੱਧਾਂ ਗਿਆ, ਇਸ ਦੀ ਮਿਸਾਲ ਐਮਰਜੰਸੀ ਸਣੇ ਹੋਰ ਸੈਕੜੇ ਘਟਨਾਵਾਂ ਤੋਂ ਲਈ ਜਾ ਸਕਦੀ ਹੈ। ਸੰਸਾਰੀਕਰਨ ਤੇ ਵਪਾਰੀਕਰਨ ਦੇ ਯੁੱਗ ‘ਚ ਮੀਡੀਆਂ ਮੰਡੀ ਦੀ ਵਸਤੂ ਬਣ ਕੇ ਰਹਿ ਗਿਆ ਹੈ । ਟੀ.ਆਰ.ਪੀ ਤੇ ਸਰਕੂਲੇਸ਼ਨ ਦੀ ਦੌੜ ‘ਚ ਸਮਾਜ ਤੇ ਲੋਕ ਕਿਤੇ ਨਹੀਂ ਲੱਭਦੇ।ਕਿਸੇ ਵੀ ਸਵੇਰ ਤੁਸੀ ਖਬਰੀ ਚੈਨਲ ਅੱਗੇ ਬੈਠ ਕੇ ਬਾਅਦ ਦੁਪਹਿਰ ਤੱਕ ਜੋਤਸੀਆਂ ਦੇ ਅਟਕਲ ਪੱਚੂ, ਜੋਗ ਗੁਰੂਆਂ ਦੀਆਂ ਕਲਾਬਾਜੀਆਂ, ਬਹੁਤ ਸਾਰੇ ਬਦਨਾਮ ਸਾਧਾਂ ਦੇ ਪ੍ਰਵਚਨ, ਤੇ ਮੰਦਿਰਾਂ ਗੁਰਦਵਾਰਿਆਂ ਦੇ ਲਾਇਵ ਪ੍ਰਸਾਰਨ ਖਬਰੀ ਚੈਨਲਾਂ ਤੇ ਦੇਖ ਸਕਦੇ ਹੋ। ਸ਼ਾਮ ਨੂੰ ਕਿਸੇ ਟੀਵੀ ਸੋਅ ਦੀ ਪ੍ਰਮੋਸ਼ਨ, ਰਿਆਲਟੀ ਸੋਅ ਦਾ ਡਰਾਮਾ, ਰਾਖੀ ਸਾਵੰਤ ਦੇ ਨਖਰੇ, ਰਾਜੂ ਸ਼੍ਰੀਵਾਸਤਵ ਦੇ ਚੁਟਕਲੇ, ਸਲਮਾਨ ਤੇ ਸਾਹਰੁਖ ਦੀ ਲੜਾਈ ਦੇ ਕਿਸੇ, ਰਮਾਇਣ ਮਹਾਭਾਰਤ ਦੇ ਮਿਥਿਹਸਕ ਕਥਾ ਨੂੰ ਅਸਲੀਅਤ ਬਣਾਉਦੇ ‘ਮਿਲ ਗਏ ਰਾਮ’ ਵਰਗੇ ਪ੍ਰੋਗਰਾਮ ਦੇਖ ਸਕਦੇ ਹੋ।

ਪ੍ਰਇਮ ਟਾਇਮ ‘ਚ 4-5 ਚੈਨਲ ਪਾਕਿਸਤਾਨ ਨੂੰ ਨਿਸ਼ਾਨਾਂ ਬਣਾਈ ਸਪੈਸਲ ਰਿਪੋਟਾਂ ਦਿਖਾ ਰਹੇ ਹੋਣਗੇ। ਪਾਕਸਤਾਨੀ ਵੱਖਵਾਦੀ ਗਰੁੱਪਾਂ ਵੱਲੋਂ ਜਾਰੀ ਕਿਸੇ ਸੀਡੀ ਚੋਂ 5-4 ਬੇ-ਸਿਰ ਪੈਰ ਦੇ ਸਾਟ ਲੈ ਕੇ ਜਾ ਇੰਟਰਨੈਟ ਤੋਂ ਡਾਊਨਲੋਡ ਕਰਕੇ ਐਂਕਰ ਕਿਲ੍ਹ-ਕਿਲ੍ਹ ਕੇ ਅਸਮਾਨ ਨੂੰ ਟਾਕੀ ਲਾ ਰਹੇ ਹੁੰਦੇ ਹਨ। ਬਾਕੀ ਬਚਦੇ ਚੈਨਲਾਂ ਕੋਲ ਚੀਨ, ਮਾਉਵਾਦੀ, ਨਕਸਲੀ, ਲਿੱਟੇ, ਤੇ ਜੇ ਕੁਝ ਨਾਂ ਹੋਵੇ ਤਾਂ ਖਾਲਸਿਤਨੀਆਂ ਤੇ ਸਪੈਸਲ ਰਿਪੋਟਾਂ ਪ੍ਰੀ-ਅਡਿਟ ਹੋਈਆਂ ਪਈਆਂ ਹੁੰਦੀਆਂ ਹਨ। ਸੁਣਨ ‘ਚ ਇਹ ਵੀ ਆਇਆ ਹੈ ਕਿ ਦਾਊਦ ਤੇ ਉਸਦੇ ਗੁਰਗੇ 20-20 ਸਾਲ ਪੁਰਾਣੀਆਂ ਪਾਰਟੀ ਦੀਆਂ ਰਿਕਾਰਡਡ ਟੇਪਾਂ ਚੈਨਲਾਂ ਵਾਲਿਆਂ ਨੂੰ ਕਰੋੜਾਂ ਦੀਆਂ ਵੇਚ ਜਾਦੇ ਹਨ ਤੇ ਇਹ ਹਫਤਾ-ਹਫਤਾ ਉਨ੍ਹਾਂ ਦੀ ਪ੍ਰੋਮੋਸਨ ਕਰਦੇ ਰਹਿੰਦੇ ਹਨ। ਇਹਨਾਂ ਚੈਨਲਾਂ ਦੀਆਂ ਰਿਪੋਟਾਂ ਵੇਖਕੇ ਚੰਗੇ ਭਲੇ ਬੰਦੇ ਦਾ ਤ੍ਰਹੁ ਨਿਕਲ ਜਾਦਾ ਹੈ। ਲਗਾਤਾਰ ਅਜਿਹੀਆਂ ਰਿਪੋਟਾਂ ਵੇਖਣ ਤੋਂ ਬਾਅਦ ਕੋਈ ਵੀ ਬੰਦਾ ਮਾਨਸਿਕ ਰੋਗੀ ਬਣ ਸਕਦਾ ਹੈ। ਭਾਰਤੀ ਮੀਡੀਆਂ ਚੈਨਲ ਪਾਕਿਸਤਾਨ ਵਿਰੁੱਧ ਰਿਪੋਟਿੰਗ ਕਰਦਿਆ ਇਹ ਭੁਲ ਹੀ ਜਾਦਾ ਹੈ ਕਿ ਉਹ ਭਾਰਤ ਸਰਕਾਰ ਦਾ ਬੁਲਾਰਾ ਨਹੀਂ ਸਗੋਂ ਲੋਕਾਂ ਦਾ ਬੁਲਾਰਾ ਹੈ।ਕੁਝ ਅਖਬਾਰਾਂ ਨੂੰ ਵੀ ਰਾਸ਼ਟਰਵਾਦ ਦਾ ਕੁਝ ਅਜਿਹਾ ਹੀ ਰੋਗ ਲੱਗਿਆ ਹੋਇਆ ਹੈ। ਉੱਤਰੀ ਭਾਰਤ ਦੇ ਇੱਕ ਪ੍ਰਮੁੱਖ ਅੰਗਰੇਜ਼ੀ ਅਖਬਾਰ ਦਾ ਸੰਪਾਦਕ ਪਾਕਿਸਤਾਨ ਸਬੰਧੀ ਸੰਪਾਦਕੀ ਪਹਿਲੇ ਪੰਨੇ ਲਿਖ ਕੇ ਮੀਡੀਏ ਦਾ ਭਾਰਤੀਕਰਨ ਕਰਦਾ ਹੋਇਆ ਦੇਖਿਆ ਜਾ ਸਕਦਾ ਹੈ। ਪਾਕਿਸਤਾਨ ਸਬੰਧੀ ਮੀਡੀਏ ਦੀ ਰਿਪੋਟਿੰਗ ਇਸ ਵਾਰਤਾ ਤੋਂ ਸਮਜੀ ਜਾ ਸਕਦੀ ਹੈ

ਨਿਊਜ ਡੈਸਕ ਤੇ ਖਬਰ ਆਈ, ‘ਇੱਕ ਵਿਅਕਤੀ ਨੇ ਪਾਗਲ ਕੁੱਤੇ ਨੂੰ ਗੋਲੀ ਮਾਰ ਕੇ ਔਰਤ ਦੀ ਜਾਨ ਬਚਾਈ’।ਖਬਰ ਇਸ ਤਰਾਂ ਛਪੀ, ‘ਇੱਕ ਭਾਰਤੀ ਨੇ ਔਰਤ ਨੂੰ ਬਚਾਇਆ’ ।ਸਬੰਧਤ ਵਿਅਕਤੀ ਨੇ ਦੱਸਿਆ ਕਿ ਮੈਂ ਭਾਰਤੀ ਨਹੀਂ। ਖਬਰ ਛਪੀ, ‘ਵਿਦੇਸੀ ਨੇ ਔਰਤ ਨੂੰ ਬਚਾਇਆ’। ਸਬੰਧਤ ਵਿਅਕਤੀ ਨੇ ਕਿਹਾ ‘ਮੈ ਤਾਂ ਭਾਈ ਪਾਕਿਸਤਾਨੀ ਹਾ’, ਖਬਰ ਛਪੀ, ‘ਸਥਾਨਕ ਕੁੱਤੇ ਤੇ ਅੱਤਵਾਦੀ ਹਮਲਾ’।
ਸੋ ਕਹਿਣ ਨੂੰ ਤਾਂ ਮੀਡੀਏ ਨੂੰ ਲੋਕਤੰਤਰ ਦਾ ਚੌਥਾ ਥੰਮ ਕਹਿੰਦੇ ਨੇ ਪਰ ਲੱਗ ਇਹ ਭਾਰਤੀ ਲੋਕਤੰਤਰ ਦੇ ਤਬੂਤ ‘ਚ ਚੌਥੇ ਕਿੱਲ ਵਾਂਗ ਰਿਹਾ ਹੈ।
ਚਰਨਜੀਤ ਸਿੰਘ ਤੇਜਾ
ਫੋਨ
9478440512
mythbuster_teja@yahoo।co.in

Saturday, November 28, 2009

ਖੇਤਾਂ ‘ਤੇ ਕਬਜ਼ੇ ਦੀ ਕੌਮਾਂਤਰੀ ਸਾਜ਼ਿਸ਼

ਪੰਜਾਬ ‘ਚ ਭੂਤਵਾੜੇ ਤੇ ਕੌਫੀ ਹਾਊਸਾਂ ਦੇ ਦੌਰ ਦਾ ਇਤਿਹਾਸ ਪੜ੍ਹਨ ਲਿਖਣ ਦੇ ਮਾਮਲੇ ‘ਚ ਬੜਾ ਸੁਨਿਹਰਾ ਸੀ।ਖੱਬਿਆਂ,ਸੱਜਿਆਂ ਤੇ ਕੇਂਦਰਵਾਦੀਆਂ ਨੇ ਉਸ ਸਮੇਂ ਪੰਜਾਬ ਦੀ ਧਰਤੀ ਨੂੰ ਵਡਮੁੱਲਾ ਸਾਹਿਤਕ ਖ਼ਜ਼ਾਨਾ ਦਿੱਤਾ।ਉਸ ਸਮੇਂ ਪੰਜਾਬੀ ‘ਚ ੳੁੱਚ ਪਾਏ ਦੀਆਂ ਸਾਹਿਤਕ ਤੇ ਰਾਜਨੀਤਿਕ ਲਿਖਤਾਂ ਅਨਵਾਦ ਹੋਈਆਂ।ਪਰ ਉਸ ਦੌਰ ਤੋਂ ਬਾਅਦ ਗੁਣਾਤਮਕ ਪੱਧਰ ‘ਤੇ ਪੰਜਾਬ ਵਿਦਵਤਾ ਨੂੰ ਵੱਡੇ ਪੱਧਰ ‘ਤੇ ਖੋਰਾ ਲੱਗਿਆ ਹੈ।ਇਸਦੇ ਕਾਰਨਾਂ ਦਾ ਦਾਇਰਾ ਕਾਫੀ ਵਿਸ਼ਾਲ ਹੈ।ਜਿਸ ਨੂੰ ਕਿਸੇ ਲਿਖਤ ‘ਚ ਜ਼ਰੂਰ ਸਾਝਾਂ ਕਰਾਂਗਾ।ਪਰ ਇਹ ਸਾਰੀਆਂ ਗੱਲਾਂ ਇਸ ਲਈ ਕਿ ਦਵਿੰਦਰਪਾਲ ਇਹ ਲਿਖਤ ਜੋ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਹੈ,ਸਚਮੁੱਚ ਹੀ ਇਕ ਨਵੇਂ ਜਾਂ ਕਿਹਾ ਜਾਵੇ ਭਵਿੱਖਮੁਖੀ ਭੂਤਵਾੜਿਆਂ ਦਾ ਸੁਪਨਾ ਸੰਜੋਦੀ ਹੈ।ਇਸ ਅਨੁਵਾਦ ਲਈ ਦਵਿੰਦਰਪਾਲ ਦੇ ਰਸਮੀ ਧੰਨਵਾਦ ਦੇ ਨਾਲ ਉਸਨੂੰ ਅਜਿਹੇ ਕਾਰਜ ‘ਚ ਲਗਾਤਾਰਤਾ ਲਿਆਉਣ ਦੀ ਗੁਜ਼ਾਰਿਸ਼ ਕਰਦੇ ਹਾਂ-ਗੁਲਾਮ ਕਲਮ

ਤੀਜੀ ਦੁਨੀਆਂ ‘ਚ ਅੰਨ ਸੁਰੱਖਿਆ ਨੂੰ ਖ਼ਤਰਾ

ਤੀਜੀ ਦੁਨੀਆਂ ਦੇ ਮੁਲਕਾਂ ‘ਚ ਤਰੱਕੀਸ਼ੁਦਾ ਮੁਲਕਾਂ ਦੀਆਂ ਵੱਡੀਆਂ ਕਾਰਪੋਰੇਸ਼ਨਾਂ ਵੱਲੋਂ ਜ਼ਮੀਨਾਂ ਦੀ ਨਵੀਂ ਖ਼ਰੀਦ ਏਥੋਂ ਦੇ ਬਾਸ਼ਿੰਦਿਆਂ ਲਈ ਅੰਨ ਪੈਦਾ ਕਰਨ ਵਾਲੀ ਜ਼ਮੀਨ ਘਟਾ ਕੇ ਅੰਨ ਸੁਰੱਖਿਆ ਦੇ ਖ਼ਤਰੇ ਨੂੰ ਹੋਰ ਵਧਾ ਰਿਹਾ ਹੈ

* ਆਂਕੜੇ ਪੜਣ ਲੱਗਿਆਂ ਚੇਤਾ ਰਹੇ ਕਿ ਪੰਜਾਬ ‘ਚ ਕੁੱਲ ਖੇਤੀ ਹੇਠ ਰਕਬਾ ਇੱਕ ਕਰੋੜ ਏਕੜ ਤੋਂ ਕੁਝ ਵੱਧ ਜਾਂ 42 ਲੱਖ ਹੈਕਟੇਅਰ ਹੈ


ਪਿਛਲੇ ਸਮੇਂ ‘ਚ ਹੋਏ ਕੌਮਾਂਤਰੀ ਜ਼ਮੀਨਾਂ ‘ਤੇ ਕਬਜ਼ੇ/ਖ਼ਰੀਦ ‘ਤੇ ਇੱਕ ਨਜ਼ਰ

• 2008 ‘ਚ ਦੁਬਈ ਨਿਵੇਸ਼ ਕੰਪਨੀ ਨੇ ਪਾਕਿਸਤਾਨ ‘ਚ 8 ਲੱਖ ਏਕੜ ਜ਼ਮੀਨ ਖ਼ਰੀਦੀ

• 2009 ‘ਚ ਸਾਊਦੀ ਅਰਬ ਨੇ ਤਨਜ਼ਾਨੀਆ ‘ਚ 12 ਲੱਖ ਏਕੜ ਜ਼ਮੀਨ ਦਾ ਸੌਦਾ ਕੀਤਾ

• ਆਪਣੀ ਵਿੱਤੀ ਤਾਕਤ ਨਾਲ ਚੀਨ ਦੁਨੀਆ ਦਾ ਵੱਡਾ ਨਿਵੇਸ਼ਕ ਬਣ ਚੁੱਕਾ ਹੈ, ਪਹਿਲੋਂ ਹੀ ਇੰਡੋਨੇਸ਼ੀਆ ‘ਚ ਚੀਨ ਅੱਠ ਸਾਲਾਂ ਦੀ ਲੀਜ਼ ‘ਤੇ ਇੰਡੋਨੇਸ਼ੀਆ ਤੇ ਹੋਂਗਕੋਂਗ ਦੇ ਨਿਵੇਸ਼ਕਾਂ ਨਾਲ 24.7 ਲੱਖ ਏਕੜ ਜ਼ਮੀਨ ‘ਤੇ ਗੰਨੇ, ਖਜੂਰਾਂ ਤੇ ਹੋਰ ਫਸਲਾਂ ਦੀ ਖੇਤੀ ਕਰ ਰਿਹਾ ਹੈ


• ਫਿਲਿਪੀਨਜ਼, ਲਾਓਸ, ਕਜ਼ਾਖ਼ਸਤਾਨ, ਮਿਆਂਮਾਰ ਕੈਮਰੂਨ ਤੇ ਯੁਗਾਂਡਾ ‘ਚ ਚੀਨ ਵੱਲੋਂ ਜ਼ਮੀਨਾਂ ਦੀ ਵੱਡੇ ਪੱਧਰ ‘ਤੇ ਲੀਜ਼ ਜਾਂ ਖ਼ਰੀਦ ਪ੍ਰਕਿਰਿਆ ਜਾਰੀ ਹੈ

• ਦੱਖਣੀ ਕੋਰੀਆ, ਰੂਸ ‘ਚ ਵੱਡੇ ਪੱਧਰ ‘ਤੇ ਖੇਤੀ ਕਰ ਕੇ ਫਸਲ ਦੱਖਣੀ ਕੋਰੀਆ ਨੂੰ ਭੇਜਣ ਲਈ ਨਿੱਜੀ ਕੰਪਨੀਆਂ ਨੂੰ 50 ਸਾਲ ਦੀ ਲੀਜ਼ ਲਈ ਸਸਤੇ ਕਰਜ਼ੇ ਮੁਹੱਈਆ ਕਰਾਉਣ ਦੀ ਤਿਆਰੀ ‘ਚ ਹੈ


• ਕੰਬੋਡੀਆ ਤੇ ਕੁਵੈਤ ਵਿਚਾਲੇ ਹੋਏ ਸਮਝੌਤੇ ‘ਚ ਕੰਬੋਡੀਆ ਦਾ ਮੁਢਲਾ ਢਾਂਚਾ ਬਣਾਉਨ ਬਦਲੇ 99 ਸਾਲ ਲਈ ਕੁਵੈਤ ਨੂੰ 1,24,000 ਏਕੜ ਜ਼ਮੀਨ ਖੇਤੀ ਲਈ ਮਿਲੇਗੀ

ਸਾਲ 2008-09 ‘ਚ ਸੰਯੁਕਤ ਰਾਸ਼ਟਰ ਦੀ ਸੰਸਥਾ, ਇੱਕ ਖੇਤੀ ਥਿੰਕ ਟੈਂਕ ਤੇ ਇੱਕ ਸੁਸਾਇਟੀ ਵਾਚ ਡੌਗ ਦੀਆਂ ਪ੍ਰਕਾਸ਼ਤ ਕੀਤੀਆਂ ਰਿਪੋਰਟਾਂ ‘ਚ ਇਹ ਸਾਰੇ ਖ਼ੁਲਾਸੇ ਕੀਤੇ ਗਏ ਨੇ।ਕੌਮਾਂਤਰੀ ਗ਼ੈਰ ਸਰਕਾਰੀ ਸੰਸਥਾ ‘ਗ੍ਰੇਨ’ ਨੇ 2008 ‘ਚ 100 ਅਜਿਹੇ ਸੌਦਿਆਂ ਦਾ ਖ਼ੁਲਾਸਾ ਕਰ ਕੇ ਇਹ ਖ਼ਬਰ ਨਸ਼ਰ ਕੀਤੀ ਸੀ।

ਯੂ.ਐੱਨ ਦੇ ਇੰਟਰਨੈਸ਼ਨਲ ਫੰਡ ਫੋਰ ਐਗਰੀਕਲਚਰ ਡਿਵੈਲਪਮੈਂਟ ਨੇ ਇਥਿਓਪੀਆ, ਘਾਨਾ, ਮੈਡਾਗਾਸਕਰ, ਮਾਲੀ ਤੇ ਸੁਡਾਨ ‘ਚ ਸਾਲ 2004 ਤੇ 2008 ਵਿਚਕਾਰ 62 ਲੱਖ ਏਕੜ ਜ਼ਮੀਨ ਦੇ ਸੌਦਿਆਂ ਦੀਆਂ ਰਿਪੋਰਟਾਂ ਦਿੱਤੀਆਂ ਨੇ।

ਕੌਮਾਂਤਰੀ ਖ਼ੁਰਾਕ ਨੀਤੀ ਖੋਜ ਸੰਸਥਾ (ਆਈ.ਐੱਫ.ਪੀ.ਆਰ.ਆਈ) ਨੇ ਸਾਲ 2006 ਤੋਂ 2009 ਦੇ ਅੱਧ ਤੱਕ ਵਿਦੇਸ਼ੀ ਖ਼ਰੀਦਦਾਰਾਂ ਵੱਲੋਂ ਤੀਜੀ ਦੁਨੀਆ ਦੇ ਮੁਲਕਾਂ ‘ਚ 3.7 ਕਰੋੜ ਤੋਂ 4.9 ਕਰੋੜ ਏਕੜ ਜ਼ਮੀਨ ਦੇ ਸੌਦੇ ਹੋਣ ਜਾਂ ਕੋਸ਼ਿਸ਼ਾਂ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।


ਕੌਣ ਕਰ ਰਿਹਾ ਐ ਕਬਜ਼ੇ

ਮੁੱਖ ਤੌਰ ‘ਤੇ ਇਹ ਕਬਜ਼ੇ/ਸੌਦੇ ਅਨਾਜ ਤੇ ਖੇਤੀ ਅਧਾਰਤ ਬਾਲਣ ਦੀ ਭੁੱਖ ਪੂਰਨ ਲਈ ਤਾਂ ਕੀਤੇ ਹੀ ਗਏ ਨੇ ਨਾਲ ਹੀ ਹੌਲਨਾਕ ਤੱਥ ਇਹ ਕਿ ਇਹਨਾਂ ਥਾਂਵਾਂ ‘ਤੇ ਪਾਣੀ ਦੇ ਕੁਦਰਤੀ ਸੋਮਿਆਂ ਦੀ ਸਰਦਾਰੀ ਮੰਗਣਾ ਵੀ ਇਹਨਾਂ ਸੌਦਿਆਂ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਕੌਮਾਂਤਰੀ ਇਨਵੈਸਟਮੈਂਟ ਬੈਂਕ ਤੇ ਹੈੱਜ ਫੰਡ ਦੁਨੀਆ ਭਰ ਦੇ ਖੇਤਾਂ ‘ਤੇ ਕਬਜ਼ੇ ਕਰ ਰਹੇ ਨੇ।

ਜਪਾਨ ਚੀਨ ਤੇ ਦੱਖਣੀ ਕੋਰੀਆ ਸਣੇ ਅਨਾਜ ਦੀ ਦਰਾਮਦ ‘ਤੇ ਨਿਰਭਰ ਕਈ ਅਮੀਰ ਮੁਲਕ ਆਪਣੀਆਂ ਸਰਹੱਦਾਂ ਤੋਂ ਪਾਰ ਆਪਣੇ ਖੇਤ ਵਧਾਉਣ ‘ਚ ਰੁਝੇ ਨੇ ਚੀਨ ਆਪਣੀ ਵਧਦੀ ਜਨਤਾ ਦੀ ਭੁੱਖ ਪੂਰਨ ਤੇ ਵਧ ਰਹੀ ਸਨਅਤ ਲਈ ਤੇਲ ਦਾ ਇੰਤਜ਼ਾਮ ਕਰਨ ਨੂੰ ਆਪਣੀ ਪੂਰੀ ਵਾਹ ਲਾ ਰਿਹਾ ਐ ਤੇ ਫੇਰ ਪਹਿਲੋਂ ਹੀ ਇੰਡਸਟਰੀਅਲਾਈਜ਼ਡ ਪੱਛਮੀ ਮੁਲਕਾਂ ਨੂੰ ਵੱਖਰਾ ਗਿਣੋ।
ਕਬਜ਼ਾਧਾਰੀਆਂ ‘ਚੋਂ ਬਹੁਤੇ ਇਕ ਮਿੱਥੀ ਹੋਈ ਨੀਤੀ ਤਹਿਤ ਆਪਣੇ ਮੁਲਕਾਂ ਦਾ ਪੀਣ ਵਾਲਾ ਪਾਣੀ ਸਿੰਜਾਈ ਲਈ ਘੱਟ ਵਰਤ ਕੇ ਇਹਨਾਂ ਮੁਲਕਾਂ ਦੇ ਸੋਮਿਆਂ ਦੀ ਵਰਤੋ ਕਰ ਰਹੇ ਨੇ ਤੇ ਓਥੋਂ ਦੀ ਪੈਦਾਵਾਰ ਆਪਣੇ ਮੁਲਕ ‘ਚ ਹਜ਼ਮ ਕਰੀ ਜਾਂਦੇ ਨੇ। ਸਾਲ 2008 ਦੇ ਖੁਰਾਕ ਸੰਕਟ ਨੇ ਜ਼ਮੀਨਾਂ ‘ਤੇ ਕਬਜ਼ੇ ਦੀ ਏਸ ਦੌੜ ਨੂੰ ਹੋਰ ਤੇਜ਼ ਕੀਤਾ ਹੈ। ਓਧਰ ਕਿਉਂਕਿ ਏਸ਼ੀਆ ਦੀ ਖੇਤੀਯੋਗ ਜ਼ਮੀਨ ਦਾ ਲਗਭਗ 95% ਪਹਿਲੋਂ ਹੀ ਹਲ ਥੱਲੇ ਹੈ ਤਾਂ ਹੋਣ ਇਹਨਾਂ ਕਬਜ਼ਿਆਂ ਲਈ ਫੋਕਸ ਅਫਰੀਕੀ ਤੇ ਲਾਤਿਨ ਅਮਰੀਕੀ ਮੁਲਕਾਂ ਵੱਲ ਤੁਰ ਪਿਆ ਹੈ।

ਪਿਛਲੇ ਪੰਜ ਵਰ੍ਹਿਆਂ ‘ਚ ਏਸ ਗੱਲ ‘ਤੇ ਆਮ ਪ੍ਰੈਸ ਜਾਂ ਬੁੱਧੀਜੀਵੀਆਂ ਤੇ ਖੋਜੀਆਂ ਦਾ ਧਿਆਨ ਬਹੁਤ ਘੱਟ ਗਿਆ ਹੈ ਕਿ ਦੁਨੀਆ ਦੇ ਸਭ ਤੋਂ ਗ਼ਰੀਬ ਮੁਲਕਾਂ ‘ਚ ਕਰੋੜਾਂ ਏਕੜ ਜ਼ਮੀਨ ‘ਤੇ ਕਬਜ਼ੇ ਦੀ ਚੁੱਪ ਕੀਤੀ ਲਹਿਰ ਚੱਲ ਰਹੀ ਹੈ।ਨਾਂ ਸਿਰਫ ਅਮੀਰ ਸਗੋਂ ਹਾਲੇ ਕਥਿਤ ਤਰੱਕੀ ਕਰ ਰਹੇ ਮੁਲਕ ਵੀ ਇਸ ਦੌੜ ‘ਚ ਜੁੜੇ ਹੋਏ ਨੇ। ਏਸ਼ੀਆ, ਅਫਰੀਕਾ, ਪੂਰਬੀ ਯੂਰੋਪ ਤੇ ਲਾਤਿਨ ਅਮਰੀਕੀ ਮੁਲਕਾਂ ‘ਚ ਕਰੋੜਾਂ ਏਕੜ ਜ਼ਮੀਨ ਖ਼ਰੀਦੀ ਜਾਂ ਲੀਜ਼ ਕੀਤੀ ਗਈ ਹੈ।

ਜੂਨ 2009 ‘ਚ 200 ਵੱਡੀਆਂ ਵਿੱਤੀ ਤੇ ਖੇਤੀ ਵਪਾਰ ਕਾਰਪੋਰੇਸ਼ਨਾਂ ਦੇ ਨੁਮਾਇੰਦਿਆਂ ਨੇ ਨਿਊਯੋਰਕ ‘ਚ ‘ਡਿਵੈਲਪਿੰਗ’ ਮੁਲਕਾਂ ‘ਚ ਖੇਤੀ ਅਧਾਰਤ ਨਿਵੇਸ਼ ਦੀਆਂ ਸੰਭਾਵਨਾਵਾਂ ‘ਤੇ ਵਿਚਾਰ ਕੀਤਾ… ਓਹ ਸੰਭਾਵਨਾਵਾਂ ਜਿਹੜੀਆਂ ਇਹਨਾਂ ਕਾਰਪੋਰੇਸ਼ਨਾਂ ਦੇ ਖ਼ਜ਼ਾਨੇ ਭਰਨਗੀਆਂ ਤੇ ਦੁਨੀਆ ‘ਚ ਅੰਨ ਦੀ ਕਮੀ ਹੋਰ ਵਧੇਗੀ।

ਸਾਲ 2009 ਦੀ ਤੱਥ ਸੂਚੀ

ਇਹਨਾਂ ਨਿਵੇਸ਼ਾਂ ਦਾ ਸਾਈਜ਼ ਸਿੱਧੇ ਤੌਰ ‘ਤੇ ਗ਼ਰੀਬ ਮੁਲਕਾਂ ‘ਚ ਭੁੱਖ ਨੰਗ ਨੂੰ ਵਧਾ ਰਿਹਾ ਹੈ ਤੇ ਦੁਨੀਆ ਦੀਆਂ ਸਭ ਤੋਂ ਜ਼ਰਖ਼ੇਜ਼ ਜ਼ਮੀਨਾਂ ‘ਤੇ ਕਬਜ਼ਾ ਪੂਰੀ ਦੁਨੀਆਂ ‘ਚ ਖੁਰਾਕ ਸੁਰੱਖਿਆ ਨੂੰ ਨਵਾਂ ਖ਼ਤਰਾ ਪੈਦਾ ਕਰ ਰਿਹਾ ਹੈ ਕਿਊਕਿ ਕਰੋੜਾਂ ਏਕੜ ਜ਼ਮੀਨ ਅੰਨ ਲਈ ਵਰਤੇ ਜਾਣ ਦੀ ਥਾਂ ਐਗਰੋ ਫਿਊਲ, ਚਿਪਸ, ਜੂਸ ਜਾਂ ਹੋਰ ਅਜਿਹੇ ਤਜੁਰਬਿਆਂ ‘ਚ ਲਾਈ ਜਾ ਰਹੀ ਹੈ। ਵੱਡੀਆਂ ਕਾਰਪੋਰੇਸ਼ਨਾਂ ਵੱਲੋਂ ਪਹਿਲਾਂ ਵੀ ਅਜਿਹੀਆਂ ਖ਼ਰੀਦਦਾਰੀਆਂ ਹੁੰਦੀਆਂ ਸਨ ਪਰ ਪਿਛਲੇ ਕੁਝ ਸਾਲਾਂ ‘ਚ ਕੀਤੇ ਗਏ ਕਬਜ਼ਿਆਂ ਮੁਕਾਬਲੇ ਇਹ ਨਿਗੂਣਾ ਜਿਹਾ ਲਗਦਾ ਹੈ।

ਦੁਨੀਆ ਦੀ ਸਭ ਤੋਂ ਵੱਡੀ ਸਬਜ਼ੀਆਂ ਤੇ ਫਲਾਂ ਦੀ ਸਪਲਾਇਰ ਕੰਪਨੀ ਅਮਰੀਕਾ ਦੀ ‘ਡੋਲ ਫੂਡਜ਼’ ਦੁਨੀਆ ‘ਚ ਲਗਭਗ 1,54,000 ਏਕੜ ਰਕਬੇ ਦੀ ਮਾਲਕ ਹੈ…… ਪਰ ਜੇ ਆਈ.ਐੱਫ.ਪੀ.ਆਰ.ਆਈ ਦੇ ਤਾਜ਼ਾ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ‘ਡੋਲ ਫੂਡਜ਼’ ਦੀ ਤਾਕਤ ਬੱਚਿਆਂ ਤੌਂ ਵੀ ਕਮਜ਼ੋਰ ਨਜ਼ਰ ਆਉਂਦੀ ਹੈ। ਚੇਤੇ ਰਹੇ ਆਈ.ਐੱਫ.ਪੀ.ਆਰ.ਆਈ ਮੁਤਾਬਿਕ ਘੱਟੋ-ਘੱਟ 3.7 ਕਰੋੜ ਏਕੜ ‘ਤੇ ਕਬਜ਼ੇ ਦਾ ਖ਼ੁਲਾਸਾ ਹੋ ਰਿਹਾ ਹੈ। ਏਨੀ ਸਾਰੀ ਜ਼ਮੀਨ ਨੂੰ ਅਨਾਜ ਪੈਦਾਵਾਰ ਦੇ ਕੰਮ ‘ਚੋਂ ਹਟਾ ਦੇਣਾ, ਕੋਈ ਸ਼ੱਕ ਨਹੀਂ ਕਿ ਪਹਿਲੋਂ ਹੀ ਡਾਵਾਂ–ਡੋਲ ਖ਼ੁਰਾਕ ਸੁਰੱਖਿਆ ਲਈ ਖ਼ਤਰਾ ਕਈ ਗੁਣਾ ਵਧਾ ਰਿਹਾ ਹੈ। ਚੇਤੇ ਰਹੇ ਕਿ ਕੀਨੀਆ, ਸੁਡਾਨ, ਯੁਗਾਂਡਾ ਤੇ ਮਿਅਨਮਾਰ ਪੂਰੀ ਦੁਨੀਆ ‘ਚ ਖ਼ੁਰਾਕ ਪੱਖੋ ਅਸੁਰੱਖਿਆਤ ਮੁਲਕਾਂ ਦੇ ਤੌਰ ‘ਤੇ ਪਛਾਣੇ ਗਏ ਨੇ।

ਸ਼ੇਅਰ ਬਜ਼ਾਰਾਂ ਦੇ ਡਿੱਗਣ ਮਗਰੋਂ ਖੇਤੀ ਨੂੰ ਨਵੇਂ ਨਿਵੇਸ਼ ਖੇਤਰ ਵਾਂਗ ਲਿਆ ਜਾ ਰਿਹਾ ਹੈ।2007-08 ‘ਚ ਖ਼ੁਰਾਕ ਦੀ ਕਮੀ ਜਾਂ ਗਲੋਬਲ ਫੂਡ ਕਰਾਈਸਿਸ ਤੋਂ ਬਾਅਦ ਇਹ ਕਾਰਵਾਈਆਂ ਹੋਰ ਵੀ ਵਧੀਆਂ ਨੇ। ਸਨਅਤੀ ਮੁਲਕਾਂ ਤੇ ਤਰੱਕੀਸ਼ੀਲ ਮੁਲਕਾਂ ‘ਚ ਖੇਤੀ ਲਾਇਕ ਜ਼ਮੀਨਾਂ ਦੇ ਭਾਅ ਵਧਣ ਨਾਲ ਹੁਣ ਇੱਲਾਂ ਦੀ ਨਜ਼ਰ ਗ਼ਰੀਬ ਮੁਲਕਾਂ ‘ਤੇ ਹੈ। ਪਰ ਇਹ ਕਬਜ਼ੇ ਓਹਨਾਂ ਛੋਟੇ ਕਿਸਾਨਾਂ ਲਈ ਮਾਰੂ ਹਨ ਜਿਹੜੇ ਪਹਿਲੋਂ ਹੀ 5 ਜਾਂ 2 ਜਾਂ ਇੱਕ ਏਕੜ ‘ਤੇ ਖੇਤੀ ਕਰ ਰਹੇ ਨੇ।ਇਹਨਾਂ ਕਿਸਾਨਾਂ ਕੋਲ ਇਹਨਾਂ ਜ਼ਮੀਨਾਂ ਦਾ ਹੱਕ ਸਿਰਫ ਪੁਸ਼ਤੈਨੀ ਖੇਤੀ ਦੇ ਰੂਪ ‘ਚ ਹੈ। ਪੱਛਮੀ ਮੁਲਕਾਂ ਵਾਂਗ ਇਹਨਾਂ ਕੋਲ ਲਿਖ਼ਤੀ ਰਜਿਸਟਰੀਆਂ ਨਹੀਂ ਤੇ ਇਸੇ ਗੱਲ ਦਾ ਫਾਇਦਾ ਪੱਛਮੀ ਜਾਂ ਹੋਰ ਖਿੱਤਿਆਂ ਦੇ ਸਨਅਤੀ ਮੁਲਕ ਲੈ ਰਹੇ ਨੇ।ਚੇਤਾ ਰਹੇ ਕਿ ਜੇ ਪੰਜਾਬ ਵਰਗੇ ਕੁਝ ਸਮਾਜਿਕ ਪ੍ਰਬੰਧਾਂ ਨੂੰ ਛੱਡ ਦੇਈਏ ਤੇ ਹਰ ਥਾਂ ਪ੍ਰਭਾਵਤ ਛੋਟੇ ਕਿਸਾਨਾਂ ‘ਚ 70% ਤੋਂ ਵੱਧ ਔਰਤਾਂ ਹੀ ਨੇ, ਤੇ ਇਸ ਗੱਲ ਵੱਲ ਕਦੇ ਧਿਆਨ ਵੀ ਨਹੀਂ ਦਿੱਤਾ ਜਾਂਦਾ ਕਿ ਇਹਨਾਂ ਕੋਲ ਜ਼ਮੀਨਾਂ ਦੇ ਕਾਗ਼ਜ਼ ਨਹੀਂ ਤੇ ਦੂਜੇ ਪਾਸੇ ਬਾਹਰਲੇ ਖ਼ਰੀਦਦਾਰ ਸਭ ਤੋਂ ਬਿਹਤਰੀਨ ਜ਼ਮੀਨਾਂ ਦਾ ਸੌਦਾ ਸਿੱਧੇ ਇਲਾਕੇ ਦੀਆਂ ਸਰਕਾਰਾਂ ਨਾਲ ਕਰਦੇ ਨੇ ਤੇ ਓਹਨਾਂ ਸਰਕਾਰਾਂ ਦੇ ਅਫਸਰ ਮੁੜਕੇ ਇਹਨਾਂ ਨੂੰ ਇੱਜੜਾਂ ਵਾਂਗ ਹੱਕ ਕੇ ਲਾਂਭੇ ਕਰ ਦਿੰਦੇ ਨੇ।
ਜ਼ਮੀਨ ਨਾਲ ਪਾਣੀ ‘ਤੇ ਕਬਜ਼ਾ

‘ਦ ਇੰਟਰਨੈਸ਼ਨਲ ਇੰਸਟੀਚਿਊਟ ਔਫ ਸਟੇਨੇਬਲ ਡਿਵੈਲਪਮੈਂਟ’ ਦੀ 2009 ਦੀ ਇੱਕ ਰਿਪੋਰਟ ਮੁਤਾਬਿਕ: ਅਸਲ ‘ਚ ਜਿਸਨੂੰ ਅਸੀਂ ਜ਼ਮੀਨਾਂ ‘ਤੇ ਕਬਜ਼ਾ ਕਹਿੰਦੇ ਹਾਂ, ਓਹ ਪਾਣੀ ਦੇ ਸੋਮਿਆਂ ‘ਤੇ ਕਬਜ਼ਾ ਹੈ ਲੀਜ਼ ਜਾਂ ਖ਼ਰੀਦ ਦੇ ਸਮਝੌਤਿਆਂ ‘ਤੇ ਪਾਣੀ ਦੇ ਹੱਕ ਪਹਿਲੋਂ ਲਏ ਜਾ ਰਹੇ ਨੇ।ਜਿਹੜੇ ਮੁਲਕਾਂ ‘ਚ ਇਹ ਖ਼ਰੀਦਦਾਰੀ ਕੀਤੀ ਜਾ ਰਹੀ ਹੈ ਓਹ ਲਗਭਗ ਸਾਰੇ ਹੀ ਪੀਣ ਵਾਲੇ ਪਾਣੀ ਦੇ ਸੋਮਿਆਂ ‘ਚ ਅਮੀਰ ਨੇ, ਤੇ ਇਹਨਾਂ ਸੋਮਿਆਂ ਨੂੰ ਹਾਲੇ ਤੱਕ ਮਸ਼ੀਨਾਂ ਰਾਹੀ ਬਰਬਾਦੀ ਦੇ ਰਾਹ ਵੀ ਨਹੀਂ ਤੋਰਿਆ ਗਿਆ। ਉਦਾਹਰਣ ਦੇ ਤੌਰ ‘ਤੇ ਕੇਂਦਰੀ ਅਫਰੀਕਾ ‘ਚ ਆਮ ਤੌਰ ‘ਤੇ ਬਰਸਾਤੀ ਪਾਣੀ ਦੇ ਆਸਰੇ ਖੇਤੀ ਹੁੰਦੀ ਏ ਤੇ ਕੁੱਲ ਸਾਫ ਪਾਣੀ ਦਾ 2% ਵੀ ਖੇਤੀ ਲਈ ਨਹੀਂ ਵਰਤਿਆ ਜਾ ਰਿਹਾ। ਇਹੋ ਪਾਣੀ ਇਹਨਾਂ ਇਲਾਕਿਆਂ ‘ਚ ਨਿਵੇਸ਼/ਕਬਜ਼ੇ ਦੀ ਸਿਆਸਤ ਨੂੰ ਹੱਲਾਸ਼ੇਰੀ ਦਿੰਦਾ ਹੈ। ਜੂਨ 2009 ਦੀ ਖੇਤੀਬਾੜੀ ਨਿਵੇਸ਼ ਕਾਨਫਰੰਸ ‘ਚ ਇਮਰਜੈਂਟ ਐਸੱਟ ਮੈਨੇਜਮੈਂਟ ਦੇ ਅਫਰੀਕਨ ਐਗਰੀਕਲਚਰ ਲੈਂਡ ਫੰਡ ਦੇ ਸੀ.ਈ.ਓ ਨੇ ਭਵਿੱਖਬਾਣੀ ਕੀਤੀ ਸੀ “ਆਉਂਦੇ ਸਮੇਂ ‘ਚ ਪਾਣੀ ਸਭ ਤੋਂ ਦੁਰਲੱਭ ਚੀਜ਼ ਬਣਨ ਵਾਲਾ ਹੈ”
ਜੇ ਆਈ.ਐੱਫ.ਪੀ.ਆਰ.ਆਈ ਦੇ ਦੱਸੇ 3.7 ਕਰੋੜ ਏਕੜ ‘ਚ ਸਿਰਫ ਕਣਕ ਹੀ ਬੀਜੀ ਜਾਵੇ ਤਾਂ ਹਰ ਫਸਲ 80 ਖਰਬ ਲੀਟਰ ਪਾਣੀ ਦੀ ਵਰਤੋਂ ਹੋਵੇਗੀ।ਚੇਤੇ ਰਹੇ ਕਿ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਤੇ ਰਾਜਸਥਾਨ ਨੂੰ ਪਾਣੀ ਦੇ ਕੇ ਵੀ ਭਾਖੜਾ ਬੰਨ੍ਹ ਦੀ ਪੂਰੀ ਪਾਣੀ ਸਪਲਾਈ ਦਾ ਦਾਅਵਾ ਮਸਾਂ ਇੱਕ ਕਰੋੜ ਏਕੜ ਨਹੀਂ ਪੁੱਜਦਾ। ਏਨਾ ਹੀ ਮੁਕਤ ਵਪਾਰ ਸਮਝੌਤਿਆਂ ਰਾਹੀ ਕੀਤੀਆਂ ਗਈਆਂ ਇਹਨਾਂ ਖ਼ਰੀਦਦਾਰੀਆਂ ‘ਚ ਇਹ ਮਦਾਂ ਵੀ ਨੇ ਕਿ ਜੇ ਨਵੇਂ ਮਾਲਕਾਂ ਨੂੰ ਆਪਣੇ ਅੰਦਾਜ਼ੇ ਮੁਤਾਬਿਕ ਪਾਣੀ ਜ਼ਮੀਨ ‘ਚੋਂ ਨਹੀਂ ਮਿਲਿਆ ਤਾਂ ਓਸੇ ਮੁਲਕ ਦੀ ਸਰਕਾਰ ਇਹਦਾ ਹਰਜ਼ਾਨਾ ਵੀ ਭਰੇਗੀ। ਸਾਲ 2008 ਦੇ ਅੰਤ ਤੱਕ 2,700 ਅਜਿਹੇ ਦੁਪੱਖੀ ਸਮਝੌਤੇ ਹੋ ਚੁੱਕੇ ਸਨ, ਜਿਹਨਾਂ ਦਾ ਲਗਭਗ 42% ਸਨਅਤੀ ਤੇ ਕਮਜ਼ੋਰ ਮੁਲਕਾਂ ਦੇ ਵਿਚਕਾਰ ਸੀ। ਮਤਲਬ ਅਗਲੇ ਕੁਝ ਸਾਲਾਂ ‘ਚ ਇਹਨਾਂ ਮੁਲਕਾਂ ਦਾ ਪਾਣੀ ਖੁੱਲ ਕੇ ਵਰਤਿਆ ਵੀ ਜਾਵੇਗਾ ਤੇ ਜੇ ਨਵੇਂ ਮਾਲਕਾਂ ਨੂੰ ਇਹਦੇ ਨਾਲ ਤਸੱਲੀ ਨਾਂ ਹੋਈ ਤਾਂ ਓਹ ਵੇਚਣ ਵਾਲੇ ਮੁਲਕ ਨੂੰ ਅਦਾਲਤਾਂ ‘ਚ ਵੀ ਘੜੀਸਣਗੇ। ਏਥੇ ਗੱਲ ਮੁੱਕਦੀ ਨਹੀਂ। ਇਹਨਾਂ ਵੱਡੇ ਇੰਡਸਟਰੀਅਲ ਫਾਰਮਾਂ ‘ਚ ਆਪਣਾ ਕੰਮ ਕਰਨ ਲਈ ਇਹ ਕੰਪਨੀਆਂ ਇੱਥੇ ਵਸਦੇ ਛੋਟੇ ਪਿੰਡਾਂ ਤੇ ਬਸਤੀਆਂ ਨੂੰ ਨਾਂ ਸਿਰਫ ਮੂਲੋਂ ਉਜਾੜ ਦੇਣਗੇ ਸਗੋਂ ਕੁਦਰਤੀ ਢੰਗਾਂ ਨਾਲ ਇਹਨਾਂ ਲੋਕਾਂ ਵੱਲੋਂ ਇਹਨਾਂ ਖੇਤਰਾਂ ਦੀ ਸਾਂਭ ਸੰਭਾਲ ਦੇ ਸੱਭਿਆਚਾਰ ਦਾ ਵੀ ਨਾਸ ਮਾਰ ਦੇਣਗੇ ਤੇ ਨਾਲ ਹੀ ਵੱਖੋ ਵੱਖ ਵੰਨਗੀਆਂ ਦੇ ਜੰਗਲੀ ਜੀਵ, ਬਨਸਪਤੀ ਤੇ ਰੁੱਖ ਬੂਟੇ ਵੀ ਓਦਾਂ ਹੀ ਖ਼ਤਮ ਹੋ ਜਾਣਗੇ ਜਿੱਦਾਂ ਸਾਡੇ ਵੱਲ ਹਰੀ ਕ੍ਰਾਂਤੀ ਨੇ ਇਹਨਾਂ ਦਾ ਕਤਲੇਆਮ ਕੀਤਾ।
ਇੱਕ ਧਰਵਾਸਾ ਇਹ ਕਿ ਇਹਨਾਂ ਇਲਾਕਿਆਂ ‘ਚ ਸ਼ਹਿਰੀਆਂ ਤੇ ਕਿਸਾਨਾਂ ਦੇ ‘ਕੱਠੇ ਵਿਰੋਧ ਅਜਿਹੇ ਕਬਜ਼ਿਆਂ ਖ਼ਿਲਾਫ ਸ਼ੁਰੂ ਹੋ ਗਏ ਨੇ।ਕਈ ਥਾਂਈਂ ਇਹਨਾਂ ਵਿਰੋਧਾਂ ਨੇ ਡੀਲਾਂ ਵੀ ਤੁੜਵਾ ਦਿੱਤੀਆਂ ਨੇ, 2008 ‘ਚ ਉੱਤਰੀ ਕੋਰੀਆਂ ਨੂੰ ਲੱਖਾਂ ਏਕੜ ਜ਼ਮਨੀਨ ਦਾ ਕਬਜ਼ਾ ਦੇਣ ਵਿਰੁੱਧ ਉਠੀ ਲਹਿਰ ਕਾਰਨ ਮੈਡਾਗਾਸਕਰ ਦੀ ਸਰਕਾਰ ਹੀ ਡਿੱਗ ਗਈ ਸੀ। ਖ਼ੁਰਾਕ ਸੁਰੱਖਿਆ ਤੇ ਕਾਨੂੰਨੀ ਮਦਾਂ ਦੀ ਬਹਿਸ ਗਰਮ ਹੋਣ ‘ਤੇ ਫਿਲੀਪੀਨਜ਼ ਸਰਕਾਰ ਨੂੰ ਚੀਨ ਨਾਲ ਹੋਣ ਵਾਲਾ ਅਜਿਹਾ ਇੱਕ ਸਮਝੌਤਾ ਰੱਦ ਕਰਨਾ ਪਿਆ।
ਹੁਣ ਸਵਾਲ ਕਈ ਉੱਠਦੇ ਨੇ

ਕੀ ਅਜਿਹੀਆਂ ਖਰੀਦਾਂ ‘ਚ ਹਰ ਥਾਂ ਵਾਤਾਵਰਣ ਤੇ ਸਥਾਨਕ ਲੋਕਾਂ ਦੀ ਸੁਰੱਖਿਆ ਵਿਚਾਰਨ ਨੂੰ ਇਹਨਾਂ ਸੌਦਾਗਰਾਂ ਨੂੰ ਮਜਬੂਰ ਕੀਤਾ ਜਾ ਸਕੇਗਾ?

ਕੀ ਇਹਨਾਂ ਖ਼ਰੀਦਾਰੀਆਂ ‘ਚ ਹੋਣ ਵਾਲੀ ਕਮਾਈ ਨੂੰ ਇਹਨਾਂ ਮੁਲਕਾਂ ਦੀਆਂ ਸਰਕਾਰਾਂ ਓਹਨਾਂ ਲੋਕਾਂ ਨਾਲ ਵੰਡਣਗੀਆਂ ਜਿਹਨਾਂ ਦੀਆਂ ਜ਼ਮੀਨਾਂ ਖਾਧੀਆਂ ਜਾ ਰਹੀਆਂ ਨੇ?

ਕੀ ਇਹਨਾਂ ਮੁਲਕਾਂ ਦੀ ਵੱਡੀ ਗਿਣਤੀ ‘ਚ ਅਣਪੜ੍ਹ ਜਨਤਾ ਆਪਣੇ ਹੱਕਾਂ ‘ਤੇ ਹੋ ਰਹੇ ਕਬਜ਼ੇ ਨੂੰ ਸਮਝ ਵੀ ਸਕੇਗੀ?

ਤੇ ਸਭ ਤੋਂ ਹੌਲਨਾਕ ਸਵਾਲ…

ਕੀ ਜੇ ਉਤਲਾ ਸਭ ਕੁਝ ਨਹੀਂ ਹੁੰਦਾ ਤਾਂ ਪੱਛੜੇ ਮੁਲਕ ਇੱਕ ਵਾਰ ਫੇਰ ਸਨਅਤੀ ਮੁਲਕਾਂ ਦੀਆਂ ਕਲੋਨੀਆ ਬਣ ਜਾਣਗੇ?

(ਸਿਰਫ ਆਖਰੀ ਸਵਾਲਾਂ ਨੂੰ ਛੱਡ ਕੇ ਬਾਕੀ ਸਾਰੀ ਰਿਪੋਰਟ ਫਾਰਮਲੈਂਡਗਰੈਬ.ਓਆਰਜੀ ਦੇ ਆਰਟੀਕਲ ਨੰ 7188 (http://farmlandgrab.org/7188 ) ਦਾ ਉਲਥਾਅ ਹੈ।

ਦਵਿੰਦਰਪਾਲ

Friday, November 27, 2009

“ਗਰੀਨ ਹੰਟ”:ਮਾਓਵਾਦੀਆਂ,ਆਦਿਵਾਸੀਆਂ ਜਾਂ “ਕੁਦਰਤ ਦਾ ਸ਼ਿਕਾਰ"


ਕੁਦਰਤ ਨਾਲ ਛੇੜ-ਛਾੜ ਖਤਰਨਾਕ ਹੁੰਦੀ ਹੈ।ਪਰ ਭਾਰਤ ਸਰਕਾਰ “ਕੁਦਰਤ ਦਾ ਸ਼ਿਕਾਰ” ਕਰਨ ਜਾ ਰਹੀ ਹੈ।ਆਦਿਵਾਸੀ ਇਲਾਕਿਆਂ ‘ਚੋਂ ਮਾਓਵਾਦੀਆਂ ਨੂੰ ਹਟਾਉਣ ਲਈ ਵਿੱਢੇ ਗਏ ਅਪਰੇਸ਼ਨ ਦਾ ਨਾਂਅ “ਗਰੀਨ ਹੰਟ” ਰੱਖਿਆ ਗਿਆ ਹੈ।ਵੈਸੇ ਅਪਣੇ ਹੀ ਲੋਕਾਂ ਖਿਲਾਫ ਭਾਰਤ ਸਰਕਾਰ ਦਾ ਇਹ ਕੋਈ ਪਹਿਲਾ ਗ੍ਰਹਿ ਯੁੱਧ ਨਹੀਂ,ਬਲਕਿ ਪਹਿਲਾਂ ਕਈ ਦਫਾ ਅਜਿਹਾ ਹੋ ਚੁੱਕਿਆ ਹੈ।ਅਸਲ ‘ਚ ਅਪਰੇਸ਼ਨ ਦੀ ਵਜ੍ਹਾ ਚਾਹੇ “ਮਾਓਵਾਦੀ” ਦੱਸੇ ਜਾ ਰਹੇ ਹਨ,ਪਰ “ਗਰੀਨ ਹੰਟ” ਕਰਨ ਦੇ ਸੱਤਾ ਦੇ ਡੂੰਘੇ ਰਾਜਨੀਤਿਕ ਤੇ ਆਰਥਿਕ ਮਨਸੂਬੇ ਹਨ।ਇਹਨਾਂ ਰਾਜਨੀਤਿਕ ਤੇ ਆਰਥਿਕ ਮਨਸੂਬਿਆ ਨਾਲ ਸੱਤਾ ਅਜਿਹੀ ਪ੍ਰਣਾਲੀ ਉਸਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਜੋ “ਗਰੀਨ ਹੰਟ” ਦੇ ਜ਼ਰੀਏ ਹੀ ਸੰਭਵ ਹੈ।ਸੱਤਾ ਦਾ ਉਹ ਨਵਾਂ ਆਰਥਿਕ ਮਾਡਲ ਜਿਸਦੇ ਤਹਿਤ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਗ੍ਰਹਿ ਮੰਤਰੀ ਪੀ. ਚਿੰਦਬਰਮ ਨੇ ਭਾਰਤ ਨੂੰ ਸ਼ੰਘਈ ਤੇ ਨਿਊਯਾਰਕ ਬਣਾਉਣ ਦਾ ਸੁਪਨਾ ਬੁਣਿਆ ਹੈ।ਜਿਸਦੇ ਤਹਿਤ ਹੀ ਕਾਂਗਰਸ ਮਹਾਤਮਾ ਗਾਂਧੀ ਦੇ ਫਲਸਫੇ ਉਲਟ ਭਾਰਤ ਨੂੰ ਥੋੜ੍ਹੇ ਸਮੇਂ ‘ਚ ਹੀ ਸ਼ਹਿਰਾਂ ਦਾ ਦੇਸ਼ ਬਣਾਉਣਾ ਚਾਹੰਦੀ ਹੈ।ਇਸ ਥੋੜ੍ਹੇ ਜਿਹੇ ਸਮੇਂ ਦੀ ਪ੍ਰਕ੍ਰਿਆ ਨਾਲ ਹੀ ਅਪਰੇਸ਼ਨ “ਗਰੀਨ ਹੰਟ” ਜੁਂਿੜਆ ਹੋਇਆ ਹੈ।

ਅਸਲ ‘ਚ ਵਿਕਾਸ ਦੇ ਜਿਸ ਮਾਡਲ ਰਾਹੀਂ ਆਰਥਿਕਤਾ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਕੀਤੀ ਜਾ ਰਹੀ ਹੈ,ਉਸਦੇ ਨਾਲ ਰਾਜਨੀਤਕ ਸੱਤਾ ਵੀ ਗਾਂਧੀ ਦੇ ਰਸਤਿਓਂ ਭਟਕਦੀ ਹਿੰਸਕ ਤੇ ਉਗਰਤਾ ਦਾ ਰਸਤਾ ਅਖਤਿਆਰ ਕਰ ਰਹੀ ਹੈ।ਸੱਤਾ ਦੀ ਲੜਾਈ ‘ਚ ਰਾਜ ਦੇ ਸਾਰੇ ਅੰਗ ਹੀ ਭਾਗੀਦਾਰ ਬਣਦੇ ਜਾ ਰਹੇ ਹਨ।ਦੱਬਿਆਂ ਕੁਚਲਿਆਂ ਦੀ ਲੜਾਈ ਲੜਨ ਦੀ ਥਾਂ ਸੱਤਾ ਦੇ ਸੰਦ ਵਰਤਕੇ ਕੁਚਲਣ ਵਾਲਿਆਂ ਦੀ ਅਗਵਾਈ ਕੀਤੀ ਜਾ ਰਹੀ ਹੈ।ਨਵੇਂ ਆਰਥਿਕ ਵਿਕਾਸ ਦੇ ਮਾਡਲ ਤਹਿਤ ਬਹੁਰਾਸ਼ਟਰੀ ਕੰਪਨੀਆਂ ਭਾਰਤ ਦੇ ਆਦਿਵਾਸੀ ਇਲਾਕਿਆਂ(ਖਾਸ ਕਰ ਬਿਹਾਰ,ਝਾਰਖੰਡ,ਛੱਤੀਸਗੜ੍ਹ,ਉੜੀਸਾ,ਬੰਗਾਲ,ਮਹਾਰਾਸ਼ਟਰ) ਅੰਦਰਲੇ ਕੁਦਰਤੀ ਸੋਮਿਆਂ ਤੇ ਖਣਿਜ ਪਦਾਰਥਾਂ ਵਾਲਿਆਂ ਇਲਾਕਿਆਂ ਨੂੰ ਐਕਵਾਇਰ ਕਰ ਰਹੀਆਂ ਹਨ।ਉਹਨਾਂ ਕੰਪਨੀਆਂ ਨਾਲ ਸਰਕਾਰੀਤੰਤਰ ਦੀ ਦਿਲਚਸਪੀ ਸਿੱਧੇ ਜਾਂ ਅਸਿੱਧੇ ਰੂਪ ‘ਚ ਜੁੜੀ ਹੋਈ ਹੈ।ਇਸ ਦੀਆਂ ਕਈਆਂ ਪ੍ਰੱਤਖ ਉਦਾਹਰਨਾਂ ਵੀ ਹਨ।ਪਿਛਲੇ ਦਿਨੀਂ ਛੱਤੀਸਗੜ੍ਹ ਦੀ ਉਦਯੋਗਿਕ ਨਗਰੀ ਕੋਰਬਾ ‘ਚ ਆਦਿਵਾਸੀ ਇਲਾਕਿਆਂ ਅੰਦਰ ਵੱਡਾ ਨਿਵੇਸ਼ ਕਰਨ ਵਾਲੀ ਬਹੁਰਾਸ਼ਟਰੀ ਕੰਪਨੀ “ਵੇਦਾਂਤਾ” ਦੀ ਉਸਾਰੀ ਅਧੀਨ ਚਿਮਨੀ ਡਿੱਗਣ ਨਾਲ 41 ਮਜ਼ਦੂਰਾਂ ਦੀ ਮੌਤ ਹੋ ਗਈ ਤੇ 6 ਜ਼ਖਮੀ ਹੋ ਗਏ।ਇਸ ਹਾਦਸੇ ‘ਚ ਮਰੇ ਮਜ਼ਦੂਰਾਂ ਸਬੰਧੀ ਕੰਪਨੀ ਵਲੋਂ ਪੂਰੀ ਤਰ੍ਹਾਂ ਕਨੂੰਨ ਦੀ ਉਲੰਘਣਾ ਕੀਤੀ ਗਈ।ਪਰ ਕਨੂੰਨਾਂ ਦੀ ਉਲੰਘਣਾ ਦੇ ਬਾਵਜੂਦ ਨਾ ਤਾਂ ਕਿਸੇ ਅਧਿਕਾਰੀ ਦੀ ਗ੍ਰਿਫਤਾਰੀ ਹੋਈ ਤੇ ਨਾ ਹੋਈ ਕੋਈ ਪ੍ਰਸ਼ਾਸਨਿਕ ਕਾਰਵਾਈ ਹੋਈ।ਇਸਦਾ ਇਕੋ ਇਕ ਕਾਰਨ ਦੇਸ਼ ਦੇ ਮੌਜੂਦਾ ਗ੍ਰਹਿ ਮੰਤਰੀ ਪੀ.ਚਿਦੰਬਰਮ ਪਿਛਲੇ ਕਾਰਜਕਾਲ ‘ਚ ਵਿੱਤ ਮੰਤਰੀ ਬਣਨ ਤੋਂ ਪਹਿਲਾਂ ਬਹੁਰਾਸ਼ਟਰੀ ਕੰਪਨੀ “ਵੇਦਾਂਤਾ” ਸਮੂਹ ਦੇ ਨਿਰਦੇਸ਼ਕ ਬੋਰਡ ਰਹਿ ਚੁੱਕੇ ਹਨ(ਜੋ ਪਹਿਲਾਂ ਦੀਵਾਲੀਆ ਕੰਪਨੀ “ਐਨਰਾਨ” ਦੇ ਸੀਨੀਅਰ ਵਕੀਲ ਵੀ ਰਹੇ ਹਨ)।ਆਰ.ਪੋਧਾਰ ਦੀ ਲਿਖੀ ਕਿਤਾਬ “ਵੇਦਾਂਤਾ ਬਿਲੀਅਨਜ਼” ‘ਚ ਦੱਸਿਆ ਗਿਆ ਹੈ ਕਿ ਚਿਦੰਬਰਮ “ਵੇਦਾਂਤਾ” ਰਿਸੋਰਸਜ਼ ਦੇ ਤੌਰ ‘ਤੇ ਭਾਰੀ ਤਨਖਾਹ ਲੈਂਦੇ ਸਨ।2003 ‘ਚ ਸਲਾਨਾ 70,000 ਡਾਲਰ ਉਹਨਾਂ ਨੂੰ ਗੈਰ-ਕਾਰਜਕਾਰੀ ਨਿਰਦੇਸ਼ਕ ਦੇ ਤੌਰ ‘ਤੇ ਮਿਲਦੇ ਸਨ।ਵਿੱਤ ਮੰਤਰੀ ਰਹਿੰਦਿਆਂ ਹੋਇਆਂ ਉਹਨਾਂ “ਵੇਦਾਂਤਾ” ਸਮੂਹ ਦੀ ਔਰੰਗਾਬਾਦ ਸਥਿਤ ਕੰਪਨੀ “ਸਟਰਲਾਇਟ ਆਪਟੀਕਲ ਟੈਕਨੌਲਜਿਸਟ ਲਿਮਿਟਡ” ਦੇ ਕੇਂਦਰੀ ਉਤਪਾਦ ਤੇ ਕਸਟਮ ਕਰ ਦੇ ਰੂਪ ‘ਚ ਬਕਾਇਆ ਭਾਰੀ ਭਰਕਮ ਰਾਸ਼ੀ ਨੂੰ ਵਸੂਲਣ ‘ਚ ਅਪਣੇ ਕਦਮ ਪਿੱਛੇ ਖਿੱਚ ਲਏ ਸਨ।ਇਸਦਾ ਇਕੋ ਇਕ ਕਾਰਨ ਇਹ ਸੀ ਕਿ ਜਦੋਂ ਕੰਪਨੀ ਨੇ ਆਪਣੀ ਕਰ ਦੇਣਦਾਰੀ ਦੇ ਸਬੰਧਿਤ ਰੋਕ ਲਗਾਉਣ ਲਈ ਬੰਬੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ ਤਾਂ ਚਿਦੰਬਰਮ ਤੇ ੳੇਹਨਾਂ ਦੀ ਪਤਨੀ ਨਲਿਨੀ ਚਿਦੰਬਰਮ ਨੇ ਹੀ “ਸਟਰਲਾਇਟ” ਦਾ ਮਕੱਦਮਾ ਲੜਿਆ ਸੀ।

“ਗਰੀਨ ਹੰਟ” ਦੀ ਰਾਜਨੀਤਿਕ-ਆਰਥਿਕਤਾ ਦਾ ਚੱਕਰ ਇੱਥੇ ਹੀ ਖਤਮ ਨਹੀਂ ਹੁੰਦਾ।ਬਲਕਿ ਇਸ ਦੀਆਂ ਜੜ੍ਹਾਂ ਹੋਰ ਵੀ ਡੂੰਘੀਆਂ ਹਨ।ਨਿਆਂਪਾਲਿਕਾ ਦੇ ਕੁਝ ਧੁਨੰਤਰ ਵੀ ਏਸ ਖੇਡ ਦੇ ਯੱਕੇ,ਬਾਦਸ਼ੇ ਬਣੇ।ਉੜੀਸਾ ‘ਚ ਬਾਕਸਾਇਟ ਤੇ ਐਲਮੀਨੀਅਮ ਸੋਧਕ ਪਰਿਯੋਜਨਾ ਨੂੰ “ਵੇਦਾਂਤਾ” ਸਮੂਹ ਦੀ ਇਕ ਕੰਪਨੀ ਨੂੰ ਦੇਣ ਸਬੰਧੀ ਫੈਸਲਾ ਸਣਾਉਣ ਵਾਲੇ ਸੁਪਰੀਮ ਕੋਰਟ ਦੇ ਜੱਜ ਐਸ.ਐਚ. ਕਪਾੜੀਆ ਕੰਪਨੀ ਦੇ ਸ਼ੇਅਰਧਾਰਕ ਸਨ।ਇਸ ਮਾਮਲੇ ‘ਤੇ ਜਦੋਂ ਸੁਪਰੀਮ ਕੋਰਟ ਦੇ ਮਸ਼ਹੂਰ ਵਕੀਲ ਤੇ ਮਨੁੱਖੀ ਅਧਿਕਾਰ ਜਥੇਬੰਦੀ ਪੀ.ਯੂ.ਡੀ.ਆਰ ਦੇ ਮੈਂਬਰ ਪ੍ਰਸ਼ਾਤ ਭੂਸ਼ਨ ਨੇ ਸਵਾਲ ਉਠਾਏ ਤਾਂ ਕਿਹਾ ਗਿਆ ਕਿ ਉਹਨਾਂ ਨੇ ਅਦਾਲਤ ਨੂੰ ਸ਼ੇਅਰਧਾਰਕਿਤਾ ਦੀ ਗੱਲ ਦੱਸ ਦਿੱਤੀ ਸੀ।ਪਰ ਸਬੰਧਿਤ ਪੱਖਾਂ ‘ਚੋਂ ਕਿਸੇ ਨੇ ਵੀ ਉਹਨਾਂ ਖਿਲਾਫ ਕੋਈ ਸ਼ਿਕਾਇਤ ਦਰਜ਼ ਨਹੀਂ ਕਰਵਾਈ।ਅਜੀਬ ਦਲੀਲ ਹੈ ਕਿ ਜਿਨ੍ਹਾਂ ਤਿੰਨਾਂ ਸ਼ਿਕਾਇਤਕਰਤਾਵਾਂ ਨੇ “ਵੇਦਾਂਤਾ” ਦੀ ਯੋਜਨਾ ਨੂੰ ਅਦਾਲਤ ‘ਚ ਚੁਣੌਤੀ ਦਿੱਤੀ ਉਹਨਾਂ ‘ਚੋਂ ਕੋਈ ਕਿਵੇਂ ਸਹਿਮਤ ਹੋ ਸਕਦਾ ਹੈ।ਅਸਲ ‘ਚ ਜਸਟਿਸ ਐਸ. ਐਚ ਕਪਾੜੀਆ ਇਸ ਗੱਲ ‘ਤੇ ਪਰਦਾ ਪਾ ਗਏ।ਇਸੇ ਤਰ੍ਹਾਂ ਦਾ ਦਾ ਹੀ ਮਾਮਲਾ ਉਦੋਂ ਸਾਹਮਣੇ ਆਇਆ ਸੀ ਜਦੋਂ ਸੁਪਰੀਮ ਕੋਰਟ ਦੇ ਹੀ ਜੱਜ ਜਸਟਿਸ ਬੀ.ਐਨ.ਕਿਰਪਾਲ ਨੇ ਕਿਹਾ ਸੀ ਕਿ ਨਦੀਆਂ ਦਾ ਪਾਣੀਆਂ ਸਮੁੰਦਰ ‘ਚ ਡਿੱਗਣ ਨਾਲ ਪਾਣੀ ਦੀ ਬੇਫਾਲਤੂ ਖਰਾਬੀ ਹੁੰਦੀ ਹੈ ਤੇ ਉਹਨਾਂ ਹੀ ਭਾਰਤ ਦੀਆਂ ਨਦੀਆਂ ਨੂੰ ਇਕ ਦੂਜੀ ਨਾਲ ਜੋੜਨ ਦਾ ਫੈਸਲਾ ਸੁਣਾਇਆ ਸੀ।ਅਪਣੀ ਰਿਟਾਇਰਮੈਂਟ ਤੋਂ ਉਹਨਾਂ ਨੇ ਬਹੁਰਾਸ਼ਟਰੀ ਕੰਪਨੀ “ਕੋਕਾ ਕੋਲਾ” ਦੇ ਵਾਤਾਵਰਨ ਬੋਰਡ ‘ਚ ਜੁਆਇਨ ਕੀਤਾ ਹੈ।ਇਸੇ ਦੇ ਚਲਦਿਆਂ ਹੀ ਕੇਂਦਰੀ ਕਨੂੰਨ ਮੰਤਰੀ ਵਰਿੱਪਾ ਮੋਇਲੀ ਨੇ ਨਿਆਂਪਾਲਿਕਾ ਦੇ ਭ੍ਰਿਸ਼ਟਾਚਾਰ ‘ਤੇ ਚਿੰਤਾ ਜਤਾਉਂਦੇ ਹੋਏ ਜੱਜਾਂ ਦੀ ਜਵਾਬਦੇਹੀ ਲਈ ਨਵਾਂ ਕਨੂੰਨ ਲਿਆੳਣ ਦੀ ਗੱਲ ਕਰ ਰਹੇ ਹਨ।ਜਿੱਥੇ ਵਿਧਾਨਪਾਲਿਕਾ ਤੇ ਨਿਆਂਪਾਲਿਕਾ ਦੇ ਦਿੱਗਜ ਬਹੁਰਾਸ਼ਟਰੀ ਕੰਪਨੀਆਂ ਦੇ ਪਿਆਰ ‘ਚ ਮੰਤਰਮੁਗਧ ਹਨ,ਓਥੇ ਕਾਰਜਪਾਲਿਕਾ ਅਪਣਾ ਮੋਹ ਕਿਵੇਂ ਭੰਗ ਕਰਦੀ ਹੋਵੇਗੀ।

“ਗਰੀਨ ਹੰਟ” ਨੂੰ ਸੱਤਾ ਦੀ ਭਾਸ਼ਾ ਤੇ ਲੋਕ ਭਾਸ਼ਾ ਦੇ ਸੰਦਰਭ ‘ਚ ਵੀ ਸਮਝਣ ਦੀ ਜ਼ਰੂਰਤ ਹੈ।ਜਦੋਂ ਦੇਸ਼ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਲੋਕ ਸਭਾ ਤੋਂ ਲਾਲ ਕਿਲੇ ਤੱਕ ਦੇ ਭਾਸ਼ਨ ‘ਚ ਲਾਲ ਗਲਿਆਰੇ ਦੀ ਗੱਲ ਕਰਦੇ ਹਨ ਤਾਂ ਉਹ ਕਹਿੰਦੇ ਨੇ ਕਿ ਮਾਓਵਾਦੀਆਂ ਨੇ ਬੇਸ਼ਕੀਮਤੀ ਖਣਿਜ ਪਦਾਰਥਾਂ ਵਾਲੇ ਇਲਾਕਿਆਂ ‘ਤੇ ਕਬਜ਼ਾ ਕਰ ਰੱਖਿਆ ਹੈ।ਜੋ ਉਦਯੋਗਿਕ ਵਿਕਾਸ ਦੇ ਰਾਹ ‘ਚ ਵੱਡਾ ਅੜਿੱਕਾ ਹੈ।ਅਜਿਹੇ ‘ਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਵਕਾਲਤ ਕਰਦੀ ਸੱਤਾ ਦੇ ਵਿਕਾਸ ਦਾ ਮਤਲਬ,ਖਣਿਜ ਪਦਾਰਥਾਂ ਵਾਲੇ ਇਲਾਕਿਆਂ ਨੂੰ ਬਹੁਰਾਸ਼ਟਰੀ ਕੰਪਨੀਆਂ ਦੇ ਹੱਥ ‘ਚ ਸੋਂਪਣਾ ਹੈ।ਜਿਸ ਨਾਲ ਆਦਿਵਾਸੀ ਵੱਡੇ ਪੱਧਰ ‘ਤੇ ਵਿਸਥਾਪਿਤ ਹੋਣਗੇ।ਤੇ ਲੋਕ ਭਾਸ਼ਾ ‘ਚ ਵਿਕਾਸ ਸ਼ਬਦ ਵਿਨਾਸ਼ ਦਾ ਰੂਪ ਲੈ ਲਵੇਗਾ।ਇਸੇ ਨੂੰ ਲੈਕੇ 2008 ‘ਚ ਨਕਸਲਵਾਦ ‘ਤੇ ਯੋਜਨਾ ਕਮਿਸ਼ਨ ਵਲੋਂ ਬੈਠਾਈ ਗਈ ਸਪੈਸ਼ਲ ਕਮੇਟੀ ਨੇ ਅਪਣੀ ਰਿਪੋਰਟ ‘ਚ ਕਿਹਾ ਸੀ ਕਿ ਇਹ ਇਕ ਸਮਾਜਿਕ,ਰਾਜਨੀਤਿਕ ਤੇ ਆਰਥਿਕ ਸਮੱਸਿਆ ਹੈ।ਜੋ ਰਾਜ ਦੀ “ਸਲਵਾ ਜੁਡਮ” ਵਰਗੀ ਸੰਸਥਾਗਤ ਹਿੰਸਾ ਨਾਲ ਨਹੀਂ,ਬਲਕਿ ਜਲ,ਜੰਗਲ,ਜ਼ਮੀਨ ‘ਤੇ ਨਿਰਭਰ ਆਦਿਵਾਸੀਆਂ ਨੂੰ ਮੁੱਢਲੇ ਅਧਿਕਾਰਾਂ,ਸਮਾਜਿਕ ਤੇ ਆਰਥਿਕ ਵਿਕਾਸ ਨਾਲ ਹੱਲ ਹੋ ਸਕਦੀ ਹੈ।ਤੇ ਇਸ ਲਈ ਸਰਕਾਰ ਨੂੰ ਗੱਲਬਾਤ ਲਈ ਅੱਗੇ ਆਉਣਾ ਚਾਹੀਦਾ ਹੈ।ਪਰ ਸਰਕਾਰ ਨੂੰ ਸਾਰੇ ਹੱਲ ਸੈਨਿਕ ਕਾਰਵਾਈ ‘ਚੋਂ ਹੀ ਨਜ਼ਰ ਆ ਰਹੇ ਹਨ।


ਇਸ ਅਪਰੇਸ਼ਨ ਦੀਆਂ ਤਾਰਾਂ ਅੰਤਰਾਸ਼ਟਰੀ ਸਿਆਸਤ ਨਾਲ ਵੀ ਜੁੜੀਆਂ ਹੋਈਆਂ ਹਨ।ਵਿਸ਼ਵ ਆਰਥਿਕ ਸੰਕਟ ਦੇ ਚਲਦਿਆਂ ਤੇ ਦੱਖਣੀ ਪੂਰਬੀ ਏਸ਼ੀਆ ‘ਚ ਰੂਸ ਤੇ ਚੀਨ ਦੇ ਵਧਦੇ ਪ੍ਰਭਾਵ ਨੂੰ ਵੇਖਦਿਆਂ ਅਮਰੀਕਾ ਵੀ ਦੱਖਣੀ ਏਸ਼ੀਆਂ ‘ਚ ਅਪਣੀ ਗਹਿਰੀ ਰੁਚੀ ਵਿਖਾ ਰਿਹਾ ਹੈ।ਇਸੇ ਲਈ ਅਮਰੀਕਾ ਤੇ ਭਾਰਤ ਦੇ ਸੈਨਿਕ ਰਿਸ਼ਤੇ ਦਿਨੋ ਦਿਨ ਮਜ਼ਬੂਤ ਹੁੰਦੇ ਜਾ ਰਹੇ ਹਨ।ਦਰਅਸਲ ਅਮਰੀਕਾ ਨੂੰ ਦੱਖਣੀ ਏਸ਼ੀਆ ‘ਚ ਰੂਸ ਤੇ ਚੀਨ ਨਾਲ ਨਿਪਟਣ ਲਈ ਆਰਥਿਕ ਨਹੀਂ,ਸੈਨਿਕ ਤੌਰ ‘ਤੇ ਸ਼ਕਤੀਸ਼ਾਲੀ ਭਾਰਤ ਦੀ ਜ਼ਰੂਰਤ ਹੈ।ਅਫਗਾਨਿਸਤਾਨ ‘ਚ ਮੌਜੂਦਗੀ ਦੇ ਲਈ ਤੇ ਭਾਰਤ ਨੂੰ ਰੂਸ-ਚੀਨ ਬਰਾਬਰ ਦੀ ਸ਼ਕਤੀ ਬਣਾਉਣ ਦੇ ਲਈ ਵੀ ਸੈਨਿਕ ਰਿਸ਼ਤੇ ਜ਼ਰੂਰੀ ਹਨ।ਮੁੰਬਾਈ ਹਮਲਿਆਂ ਤੋਂ ਬਾਅਦ ਭਾਰਤ ਤੇ ਅਮਰੀਕਾ ਦਾ ਇਕ ਵੱਡਾ ਸਾਂਝਾ ਸੈਨਿਕ ਮੁਹਾਜ ਵੀ ਬਣਿਆ ਹੈ।ਇਸੇ ਸੰਦਰਭ ‘ਚ ਗ੍ਰਹਿ ਮੰਤਰੀ ਪੀ.ਚਿਦੰਬਰਮ ਨੇ ਅਪਣੀ ਤਾਜ਼ਾ ਅਮਰੀਕਾ ਫੇਰੀ ਦੌਰਾਨ ਐਫ.ਬੀ.ਆਈ ਮੁਖੀ ਨਾਲ ਮੁਲਾਕਾਤ ਕੀਤੀ।ਤੇ ਇਸ ਮੁਲਾਕਾਤ ਤੋਂ ਬਾਅਦ ਚਿਦੰਬਰਮ ਅਪਣੀ ਹਰ ਪ੍ਰੈਸ ਕਾਨਫਰੰਸ ‘ਚ ਅਮਰੀਕੀ ਯੁੱਧਨੀਤਿਕ ਭਾਸ਼ਾ ਬੋਲ ਰਹੇ ਹਨ,ਜਿਸ ਤਰ੍ਹਾਂ ਅਮਰੀਕਾ ਅਫਗਾਨਿਸਤਾਨ ਤੇ ਇਰਾਕ ਨੂੰ ਲੈਕੇ ਤਿੰਨ ਸ਼ਬਦ ਹਮਲਾ,ਕਬਜ਼ਾ ਤੇ “ਵਿਕਾਸ” ਬੋਲਦਾ ਹੈ।ਉਸੇ ਤਰ੍ਹਾਂ ਗ੍ਰਹਿ ਮੰਤਰੀ ,ਉਹ ਵਿਕਾਸ ਜਿਹੜਾ ਪਿਛਲੇ 62 ਸਾਲਾਂ ‘ਚ ਨਹੀਂ ਹੋਇਆ।ਹਮਲਿਆਂ ਤੇ ਕਬਜ਼ਿਆਂ ਰਾਹੀਂ ਕਰਨਾ ਚਾਹੰਦੇ ਹਨ।ਸ਼ਾਇਦ!ਇਸਦੇ ਨਤੀਜੇ ਵੀ ਅਫਗਾਨਿਸਤਾਨ ਤੇ ਇਰਾਕ ਵਾਲੇ ਨਿਕਲਣ।ਇਥੇ ਇਕ ਮਹੱਤਵਪੂਰਨ ਗੱਲ ਹੋਰ ਵੀ ਹੈ ਕਿ ਪਿਛਲੀ ਸਰਕਾਰ ‘ਚ ਵਿੱਤ ਮੰਤਰੀ ਹੁੰਦਿਆਂ ਪੀ.ਚਿਦੰਬਰਮ ਜੀ ਨੇ ਉਹ ਸਾਰੇ “ਐਮ.ਓ.ਯੂ.” ਸਾਈਨ ਕਰਵਾਏ ਸਨ,ਜਿਨ੍ਹਾਂ ਦਾ ਉਹ ਗ੍ਰਹਿ ਮੰਤਰੀ ਰਹਿੰਦਿਆਂ ਕਬਜ਼ਾਨੀਤੀ ਰਾਹੀਂ “ਵਿਕਾਸ” ਕਰਵਾਉਣਾ ਚਾਹੁੰਦੇ ਹਨ।ਇਸੇ ਰਾਜਨੀਤੀ ਦੀ ਦੂਜੀ ਪਰਤ ਹਿਲੇਰੀ ਕਲਿੰਟਨ ਦੀ ਪਿਛਲੀ ਭਾਰਤ ਫੇਰੀ ਦੌਰਾਨ ਫਰੋਲੀ ਜਾ ਸਕਦੀ ਹੈ,ਜਦੋਂ ਉਹਨਾਂ ਟਾਈਮਜ਼ ਆਫ ਇੰਡੀਆ ‘ਚ ਲ਼ਿਖੇ ਲੇਖ ‘ਚ ਭਾਰਤ ਦੇ 30 ਕਰੋੜ ਮੱਧ ਵਰਗ ਦੀ ਗੱਲ ਵਾਰ ਵਾਰ ਕੀਤੀ ,ਪਰ ਭਾਰਤ ਦੀ ਗਰੀਬੀ ਦੀ ਕੋਈ ਚਰਚਾ ਨਹੀਂ ਕੀਤੀ।ਜਦੋਂਕਿ ਹਾਲ ਹੀ ‘ਚ ਵਿਸ਼ਵ ਬੈਂਕ ਦੀ ਆਈ ਰਿਪੋਰਟ ‘ਚ ਕਿਹਾ ਕਿ 45 ਕਰੋੜ ਤੋਂ ਜ਼ਿਆਦਾ ਲੋਕ ਹਰ ਰੋਜ਼ 1.25 ਡਾਲਰ ਤੋਂ ਵੀ ਘੱਟ ‘ਤੇ ਗੁਜ਼ਾਰਾ ਕਰਦੇ ਹਨ।30 ਕਰੋੜ ਮੱਧ ਵਰਗ ਉਹਨਾਂ ਨੂੰ ਨਿਵੇਸ਼ ਲਈ ਵੱਡੀ ਮਾਰਕਿਟ ਦਿਖ ਰਹੀ ਹੈ,ਕਿਉਂਕਿ ਅਮਰੀਕਾ ਦੀ ਕੁੱਲ ਅਬਾਦੀ 30 ਕਰੋੜ ਦੇ ਲੱਗਭਗ ਹੈ।ਅਮਰੀਕਾ ਭਾਰਤ ਨੂੰ ਸੈਨਿਕ ਸ਼ਕਤੀ ਬਣਾਕੇ ਹਥਿਆਰਾਂ ਦੀ ਹੋੜ ‘ਚ ਸ਼ਾਮਿਲ ਕਰ ਰਿਹਾ ਹੈ,ਜੋ ਉਸਦੇ ਹਥਿਆਰਾਂ ਦੀ ਵੀ ਵੇਚਣ ਦੀ ਵੀ ਵੱਡੀ ਮਾਰਕੀਟ ਹੈ।ਇਸ ਤਰ੍ਹਾਂ ਭਾਰਤ ਸਰਕਾਰ ਅਪਣੇ ਵਿਸ਼ਵੀਕ੍ਰਿਤ ਆਰਥਿਕ ਮਾਡਲ ਨੂੰ ਹਿੰਸਾ ਤੇ ਉਗਰਤਾ ਦੇ ਜ਼ਰੀਏ ਵਿਕਸਿਤ ਕਰਨ ‘ਚ ਜੁਟੀ ਹੋਈ ਹੈ।ਇਸੇ ਲਈ ਇਸ ਸਾਲ ਰੱਖਿਆ ਬਜਟ ‘ਚ 34% ਦਾ ਵਾਧਾ ਕੀਤਾ ਗਿਆ ਹੈ।ਤੇ ਭਾਰਤ ਦੁਨੀਆਂ ਦੇ ਸਭਤੋਂ ਵੱਧ ਹਥਿਆਰ ਖਰੀਦਣ ਵਾਲੀ ਸੂਚੀ ‘ਚ 10ਵੇਂ ਨੰਬਰ ‘ਤੇ ਹੈ।ਜਦੋਂਕਿ ਸ਼ਕਤੀਸ਼ਾਲੀ ਭਾਰਤ ਬਾਰੇ ਅਕਤੂਬਰ ਦੇ ਪਹਿਲੇ ਹਫਤੇ ਆਈ ਯੂ.ਐਨ.ਡੀ.ਪੀ ਦੀ ਸਮਾਜਿਕ ਤੇ ਆਰਥਿਕ ਵਿਕਾਸ ਰਿਪੋਰਟ ਮੁਤਾਬਿਕ 182 ਦੇਸ਼ਾਂ ‘ਚੋਂ 134 ਨੰਬਰ ‘ਤੇ ਹੈ,(ਪਿਛਲੇ ਸਾਲ 128 ਨੰਬਰ ‘ਤੇ ਸੀ,ਸਾਖਰਤਾ ਦਰ ਸ਼੍ਰੀਲੰਕਾ,ਚੀਨ ਤੇ ਬਰਮਾ ਤੋਂ ਪਿੱਛੇ)ਇਸ ਲਈ ਸੋਚਣ ਦੀ ਜ਼ਰੂਰਤ ਹੈ ਕਿ 1991 ਤੋਂ ਬਾਅਦ ਦੇ ਨਵੀਆਂ ਆਰਥਿਕ ਨੀਤੀਆਂ ਦੇ ਡੇਢ ਦਹਾਕੇ ਦੇ ਦੌਰ ‘ਚ ਦੇਸ਼ ਦੇ ਵਿਕਾਸ ਦੀ ਧਾਰਾ ਕਿੱਧਰ ਨੂੰ ਗਈ ਹੈ।ਪ੍ਰਧਾਨਮੰਤਰੀ ਫਿਰ ਦੇਸ਼ ਦੀ ਰਾਜਨੀਤਕ-ਆਰਥਿਕਤਾ ਨੂੰ ਸਿੱਧੇ ਵਿਦੇਸ਼ੀ ਨਿਵੇਸ਼ ਦੇ ਆਲੇ ਦੁਆਲੇ ਘੁੰਮਾ ਰਹੇ ਹਨ।ਤੇ ਉਸ ਲਈ ਆਦਿਵਾਸੀ ਇਲਾਕਿਆਂ ਦੇ ਖਣਿਜ ਪਦਾਰਥਾਂ ‘ਤੇ ਬਹੁਰਾਸ਼ਟਰੀ ਕੰਪਨੀਆਂ ਕਬਜ਼ਾ ਹੀ ਉਹਨਾਂ ਨੂੰ ਇਕੋ ਇਕੋ ਹੱਲ ਨਜ਼ਰ ਆ ਰਿਹਾ ਹੈ।ਜਦੋਂਕਿ ਭਾਰਤ ਸਰਕਾਰ ਦਾ ਹੀ ਅਦਾਰਾ ਯੋਜਨਾ ਕਮਿਸ਼ਨ ਉਸਨੂੰ ਇਕ ਰਾਜਨੀਤਿਕ-ਆਰਥਿਕ ਸਮੱਸਿਆ ਦੱਸਦਿਆਂ ਹੋਇਆ ਉਸਦੇ ਰਾਜਨੀਤਕ ਹੱਲ ਦੀ ਗੱਲ ਕਰ ਰਿਹਾ ਹੈ।

ਖੈਰ,ਸਰਕਾਰ ਦੀਆਂ ਤਿਆਰੀਆਂ ਮੁਕੰਮਲ ਤੇ ਛਿੱਟ ਪੁੱਟ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਹਨ।1 ਲੱਖ ਦੇ ਕਰੀਬ ਨੀਮ ਫੌਜੀ ਦਸਤਿਆਂ ਦੀ ਤੈਨਾਤੀ ਕੀਤੀ ਗਈ ਹੈ।ਹਵਾਈ ਹਮਲਿਆਂ ਦੀ ਵੀ ਤਿਆਰੀ ਹੈ।ਅਮਰੀਕਾ ਤੇ ਇਜ਼ਰਾਇਲ ਤਕਨੀਨੀ ਮੱਦਦ ਦੇ ਰਹੇ ਹਨ।ਇਸ ਨੂੰ ਲੈਕੇ ਭਾਰਤ ਤੇ ਅੰਤਰਰਾਸ਼ਟਰੀ ਪੱਧਰ ਦੇ ਸੁਤੰਤਰ ਬੁੱਧੀਜੀਵੀਆਂ ਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਗੁਰਬਤ ਦੀ ਜ਼ਿੰਦਗੀ ਜਿਉਂ ਰਹੇ ਆਦਿਵਾਸੀਆਂ ਬਾਰੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਪੱਤਰ ਲਿਖਕੇ ਚਿੰਤਾ ਵਿਅਕਤ ਕੀਤੀ।ਹੁਣ ਇੰਤਜ਼ਾਰ ਇਸ ਗੱਲ ਦਾ ਹੈ ਕੀ ਗ੍ਰਹਿ ਮੰਤਰੀ ਪੀ.ਚਿਦੰਬਰਮ ਸਿੱਧੇ ਵਿਦੇਸ਼ੀ ਨਿਵੇਸ਼ ਦੇ ਨਜ਼ਰੀਏ ਤੋਂ ਹੱਟਕੇ ਪਿੰਡਾਂ ਦੇ ਭਾਰਤ ਨੂੰ ਸ਼ਹਿਰਾਂ ਦਾ ਭਾਰਤ ਬਣਾਉਣ ਦੀ ਦਲੀਲ ‘ਤੇ ਮੁੜਤੋਂ ਗੌਰ ਫਰਮਾਉਣਗੇ ਤੇ ਇਸ ਸਮੱਸਿਆ ਦਾ ਕੋਈ ਰਾਜਨੀਤਕ ਹੱਲ ਲੱਭਣਗੇ ?

ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
MOB-09899436972
mail2malwa@gmail.com,malwa2delhi@yahoo.co.in

Monday, November 23, 2009

ਸੌ ਫੁੱਲ ਖਿੜਨ ਦਿਓ ਤੇ ਹਜ਼ਾਰ ਵਿਚਾਰ ਭਿੜਨ ਦਿਓ

ਤੀਜੀ ਚੌਥੀ ਜਮਾਤ ਦੇ ਦਿਨ ਤੇ ਪਿੰਡ ਦੇ ਬਾਬਾ ਗਾਂਧਾ ਸਿੰਘ ਸਕੂਲ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਅਜੇ ਵੀ ਦਿਲ ‘ਤੇ ੳਕਰੀਆਂ ਹੋਈਆਂ ਨੇ,ਜਿੱਥੇ ਭੁਪਿੰਦਰ ਮੇਰਾ ਸੀਨੀਅਰ ਹੁੰਦਾ ਸੀ।ਉਸਤੋਂ ਬਾਅਦ ਬਾਸਕਟਬਾਲ ਬਾਲ ਦੇ ਗਰਾਉਂਡ ‘ਚ ਵੀ ਇਕੱਠੇ ਰਹੇ।ਫਾਸਲੇ ਦੇ ਤੌਰ ‘ਤੇ ਨੇੜੇ ਹੁੰਦੇ ਹੋਏ ਵੀ ਅਸੀਂ ਇਕ ਦੂਜੇ ਦੇ ਕੋਈ ਬਹੁਤੇ ਨੇੜੇ ਨਹੀਂ ਰਹੇ।ਪਰ ਜਿਵੇਂ ਵਿਚਾਰ ਦੀ ਸਮਾਜ ‘ਚ ਹਮੇਸ਼ਾ ਤੋਂ ਖਾਸ ਭੂਮਿਕਾ ਰਹੀ ਏ,ਉਸੇ ਤਰ੍ਹਾਂ ਵਿਚਾਰਾਂ ਦੀ ਸਾਂਝ ਕਾਰਨ ਮੈਂ ਤੇ ਉਹ ਸੱਤ ਸਮੁੰਦਰ ਪਾਰੋਂ ਵੀ ਜੁੜ ਗਏ।ਮੈਨੂੰ ਹਮੇਸ਼ਾਂ ਲਗਦਾ ਹੈ ਕਿ ਚੰਗੀਆਂ ਯਾਰੀਆਂ ਦੋਸਤੀਆਂ ਵਿਚਾਰਕ ਧਰਾਤਲ ਤੋਂ ਬਿਨਾਂ ਨਹੀਂ ਹੋ ਸਕਦੀਆਂ। ਚਾਹੇ ਉਹ ਵਿਚਾਰਕ ਸਾਂਝ ਯੂ.ਪੀ.ਏ ਸਰਕਾਰ ਦੇ "Common Minimum Programme" ਵਰਗੀ ਹੀ ਕਿਉਂ ਨਾ ਹੋਵੇ।ਗੁਲਾਮ ਕਲਮ ਨੂੰ ਪਹਿਲੀ ਰਚਨਾ ਭੇਜਣ ਲਈ ਭਪਿੰਦਰ ਗਿੱਲ ਦਾ ਬਹੁਤ ਬਹੁਤ ਧੰਨਵਾਦ।ਅਗਲੀ ਰਚਨਾ ਦੀ ਉਡੀਕ ਰਹੇਗੀ ਤੇ ਇਹ ਰਚਨਾ ਕੁਝ ਕਾਰਨਾਂ ਕਰਕੇ ਲੇਟ ਹੋ ਗਈ ਸੀ,ਇਸ ਦੀ ਪੂਰਨ "ਰਾਜਨੀਤਿਕ" ਜ਼ਿੰਮੇਂਵਾਰੀ ਸਾਡੇ ਭਰਾ ਹਰਪ੍ਰੀਤ ਰਠੌੜ ਨੇ ਲਈ ਹੈ।ਵੈਸੇ ਰਸਮੀ ਤੌਰ ‘ਤੇ ਅਸੀਂ ਖਿਮਾਂ ਦੇ ਜਾਚਕ ਵੀ ਹਾਂ।-ਯਾਦਵਿੰਦਰ ਕਰਫਿਊ


ਭਾਰਤ ਦੇਸ਼ ਦੀ ਰਾਜਧਾਨੀ ‘ਚ ਪੜ੍ਹਦਿਆਂ, ਦਿੱਲੀ ਯੂਨਵਿਰਸਿਟੀ ਦੇ ਪ੍ਰੋਫੈਸਰ ਸਾਹਿਬ ਤੋਂ ਕਮਿਊਨਿਕੇਸਨ ਸਕਿਲਜ਼ ਬਾਰੇ ਪੜ੍ਹਨ-ਸਿੱਖਣ ਦਾ ਮੌਕਾ ਮਿਲਿਆ। ਉਹ ਕਹਿੰਦੇ ਸਨ ਕਿ ਧਰਤੀ ‘ਤੇ ਹਾਈਡ੍ਰੋਜਨ (ਪਾਣੀ) ਤੇ ਮੂਰਖ ਵਿਅਕਤੀ ਸੁਖਾਲੇ ਹੀ ਲੱਭ ਜਾਂਦੇ ਨੇ, ਇਸ ਗੱਲ ਨੂੰ ਬੀਤਿਆਂ 6-7 ਸਾਲ ਹੋ ਗਏ ਨੇ ਪਰ ਇਹਨਾਂ ਸਾਲਾਂ ‘ਚ ਕਈ ਅਜਿਹੀਆਂ ਉਦਾਹਰਨਾਂ ਮਿਲੀਆਂ ਜੋ ਪ੍ਰੋਫੈਸਰ ਸਾਹਿਬ ਦੇ ਇਸ ਕਥਨ ਨੂੰ ਸਹੀ ਸਾਬਿਤ ਕਰਦੀਆਂ ਹਨ। ਤਕਰੀਬਨ ਹਰ ਸਬੰਧਿਤ ਘਟਨਾ ‘ਚ ਮੂਰਖਤਾ ਦਾ ਤਾਜ ਪਹਿਣਨ ਵਾਲੇ ਵਿਅਕਤੀ ਪਿੱਛੇ ਉਸਦੀ ਕਮਜ਼ੋਰ ਮਾਨਸਿਕਤਾ ਕੰਮ ਕਰਦੀ ਹੈ ਅਤੇ ਦੂਜੀ ਧਿਰ ਦਾ ਤੇਜ਼ ਤੇ ਤੀਖਣ ਬੁੱਧੀ ਵਾਲਾ ਹੋਣਾ ਵੀ। ਪਰ ਤੁਹਾਨੂੰ ਕਈ ਪੜ੍ਹ ਲਿਖੇ ਮੂਰਖ ਵੀ ਮਿਲੇ ਹੋਣਗੇ ਜੋ ਆਪਣੇ ਨਾਲ ਡਿਗਰੀਆਂ ਦੀ ਪੰਡ ਚੁੱਕ ਕੇ ਵੀ ਰੂੜ੍ਹੀਵਾਦੀ ਤੇ ਪਿਛਾਂਹ ਖਿੱਚੂ ਵਿਚਾਰਦਾਰਾ ਦਾ ਝੋਲਾ (ਥੈਲਾ) ਨਾਲ ਹੀ ਰੱਖਦੇ ਨੇ। ਮੀਡੀਆ ਦਾ ਫਰਜ਼ ਬਣਦਾ ਹੈ ਕਿ ਉਹ ਜਨਤਾ-ਜਨਾਰਦਨ ਨੂੰ ਸੱਚ ਦੇ ਨੇੜੇ ਰੱਖੇ। ਕੁੱਝ ਇਹੋ ਜਿਹੇ ਕੰਮ ਸਮਾਜ ਵਿੱਚ ਬੁੱਧੀਜੀਵੀ (ਚਿੰਤਕ, ਲੇਖਕ) ਵੀ ਕਰਦੇ ਨੇ। ਹਾਲਾਂਕਿ ਇਹ ਵਰਗ ਆਮ ਲੋਕਾਂ ਤੱਕ ਮੁੱਖ ਧਾਰਾਈ ਮੀਡੀਆ ਜਿੰਨੀ ਪਹੁੰਚ ਨਹੀਂ ਰੱਖਦਾ ਤੇ ਨਾ ਹੀ ਉਨੀਂ ਤੇਜ਼ੀ ਨਾਲ ਉਨ੍ਹਾਂ ਦੀ ਮਾਨਸਿਕਤਾ ‘ਤੇ ਅਸਰ ਉਨੳਅਸਰ ਪਾਉਂਦਾ ਹੈ। ਅੱਜਕੱਲ ਪ੍ਰਿੰਟ ਮੀਡੀਆ ‘ਤੇ ਵੀ ਟੀ.ਵੀ. ਕਲਚਰ ਭਾਰੂ ਹੁੰਦਾ ਜਾ ਰਿਹਾ ਹੈ, ਅਖਬਾਰ ਪਿੰਡ ‘ਚ ਕੁੱਝ ਗਿਣੇ ਚੁਣੇ ਘਰਾਂ ‘ਚ ਹੀ ਪਹੁੰਚਦਾ ਹੈ ਪਰ ਡਿਸ਼ ਟੀ.ਵੀ. ਵਾਲੀ ‘ਛਤਰੀ’ ਹਰ ਘਰ ਦੀ ਛੱਤ ‘ਤੇ ਨਜ਼ਰ ਆਉਂਦੀ ਹੈ। ਟੀ.ਵੀ. ਲੋਕਾਂ ਨੂੰ ਆਪਣੇ ਨਾਲ ਜੋੜਨ ‘ਚ ਕਾਮਯਾਬ ਹੋਇਆ ਹੈ। ਇਸ ਦੀ ਪਹੁੰਚ ਸਮਾਜ ਦੇ ਹਰ ਵਰਗ ਤੱਕ ਤਾਂ ਹੈ ਹੀ ਪਰ ਅੱਖਰ ਗਿਆਨ ਤੋਂ ਹੀਣੇ ਲੋਕ ਵੀ ਇਸ ਨਾਲ ਘੰਟਿਆਂ ਬੱਧੀ ਬੰਨੇ ਜਾਂਦੇ ਨੇ।

ਇਸੇ ਮਾਧਿਅਮ ਦੀ ਵਰਤੋਂ ਫਤਿਹਗੜ੍ਹ ਸਾਹਿਬ ਸ਼ਹਿਰ ਦੇ ਨੇੜਲੇ ਪਿੰਡ ਖੰਟ ਮਾਨਪੁਰ ਦੇ ਤੇਜਿੰਦਰ ਸਿੰਘ ਮਾਨ ਉਰਫ ਬੱਬੂ ਮਾਨ ਨੇ ਬਾਬੇ ਨਾਨਕ ਦੀ ਜ਼ਿੰਦਗੀ ਸਬੰਧਿਤ ਗੀਤ..

“ਇੱਕ ਬਾਬਾ ਨਾਨਕ ਸੀ, ਜੀਹਨੇ ਤੁਰ ਕੇ ਦੁਨੀਆ ਗਾਹਤੀ।
ਇੱਕ ਅੱਜ ਦੇ ਬਾਬੇ ਨੇ, ਬੱਤੀ ਲਾਲ ਗੱਡੀ ‘ਤੇ ਲਾਤੀ…”

ਨੂੰ ਕੈਸੇਟ ‘ਸਿੰਘ ਬੈਟਰ ਦੈਨ ਕਿੰਗ’ ਵਿੱਚ ਸ਼ਾਮਿਲ ਕਰਕੇ ਕੀਤੀ। ਜਿੱਥੇ ਇਹ ਗੀਤ ਪੰਜਾਬ ਦੇ ਸਾਰੇ ਪਿੰਡਾਂ ਤੇ ਸ਼ਹਿਰਾਂ ਤੱਕ ਅਤੇ ਭਾਰਤ ਦੇ ਹਰ ਕੋਨੇ ‘ਚ ਪਹੁੰਚਿਆ। ਉਸ ਦੇ ਨਾਲ-ਨਾਲ ਗਲੋਬਲ ਪਿੰਡ ਦੇ ਸਾਰੇ ਦੇਸ਼ਾਂ, ਜਿੱਥੇ ਪੰਜਾਬੀ, ਬੋਲੀ ਅਤੇ ਪੜ੍ਹੀ ਜਾਂਦੀ ਹੈ ਵਿੱਚ ਟੀ.ਵੀ. ਤੇ ਇੰਟਰਨੈੱਟ ਰਾਹੀਂ ਆਪਣੀ ਦਸਤਕ ਦਿੱਤੀ। ਇਸ ਗੀਤ ਵਿੱਚ ਸਿੱਖਾਂ ਦੇ ਪਹਿਲੇ ਗੁਰੂ ਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੀ ਜ਼ਿੰਦਗੀ ਦੇ ਤਕਰੀਬਨ 22 ਸਾਲਾਂ 'ਚ ਕੀਤੀਆਂ ਉਦਾਸੀਆਂ ਦਾ ਜ਼ਿਕਰ ਕੀਤਾ ਗਿਆ ਹੈ।ਇਤਿਹਾਸ ਦੇ ਵਰਕੇ ਫਰੋਲੀਏ ਤਾਂ ਗੁਰੂ ਨਾਨਕ ਜੀ ਦੀਆਂ ਇਨ੍ਹਾਂ ਉਦਾਸੀਆਂ ਵਿੱਚ ਕਦੇ ਕਿਸੇ ਆਵਾਜਾਈ ਦੇ ਸਾਧਨਾਂ ਦਾ ਕੋਈ ਜ਼ਿਕਰ ਨਹੀਂ ਆਉਂਦਾ। 15ਵੀਂ ਸਦੀ ਘੋੜੇ, ਰੱਖ ਤੇ ਪਾਲਕੀਆਂ ਦਾ ਜ਼ਮਾਨਾ ਸੀ, ਪਰ ਉਨ੍ਹਾਂ ਵੱਲੋਂ ਸਾਰੀਆਂ ਉਦਾਸੀਆਂ ਪੈਦਲ ਹੀ ਕੀਤੀਆਂ ਗਈਆਂ।ਗੀਤ ਦੇ ਅਗਲੇ ਅੰਤਰੇ 'ਚ ਮੌਜੂਦਾ ਧਰਮ ਪ੍ਰਚਾਰਕਾਂ ਦੀ ਗੱਲ ਕੀਤੀ ਗਈ ਹੈ। ਜਿਸ ਵਿੱਚ ਧਰਮ ਪ੍ਰਚਾਰਕਾਂ ਵੱਲੋਂ ਆਪਣੀਆਂ ਮਹਿੰਗੀਆਂ ਗੱਡੀਆਂ ਤੇ ਲਾਲ ਬੱਤੀ ਦੀ ਗੱਲ ਕੀਤੀ ਹੈ।ਜਿਸ ਦੇ ਵਿਰੋਧ ਵਿੱਚ ਧਾਰਮਿਕ ਹਲਕਿਆਂ 'ਚ ਰੋਸ ਹੈ। ਰੋਸ ਹੈ ਕਿ ਗੈਰ ਪੂਰਨ ਸਿੱਖ ਵੱਲੋਂ ਪ੍ਰਚਾਰ ਕਰਨ ਅਤੇ ਕਾਰ ਸੇਵਾ ਵਾਲਿਆਂ 'ਤੇ ਸ਼ਬਦੀ ਵਾਰ ਕੀਤਾ ਗਿਆ ਹੈ ਤੇ ਇਹ ਰੋਸ ਇੰਟਰਨੈੱਟ ਤੇ ਟੀ.ਵੀ. ਰਾਹੀਂ ਜ਼ਾਹਿਰ ਕੀਤਾ ਗਿਆ ਹੈ।


ਵਿਰੋਧ ਕਰਨ ਵਾਲਿਆਂ 'ਚੋਂ ਸੱਭ ਤੋਂ ਪਹਿਲਾ ਨਾਂਅ ਸਧਾਰਨ ਕਿਸਾਨ ਪਰਿਵਾਰ ਵਿੱਚ ਜਨਮੇ, ਪੰਜਾਬ ਦੇ ਸੱਭ ਤੋਂ ਵੱਡੇ ਪਿੰਡ ਲੌਂਗੋਵਾਲ ਦੇ ਨੇੜਲੇ ਪਿੰਡ ਢੱਡਰੀਆਂ ਦੇ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਆਉਂਦਾ ਹੈ।ਇਨ੍ਹਾਂ ਦਾ ਇਤਰਾਜ਼ ਹੈ ਕਿ ਗੈਰ ਅੰਮ੍ਰਿਤਧਾਰੀ ਇਹ ਸਵਾਲ ਨਹੀਂ ਪੁੱਛ ਸਕਦਾ।ਸਿੱਖ ਇਤਿਹਾਸ ਉਨ੍ਹਾਂ ਲੋਕਾਂ ਦੀਆਂ ਉਦਾਹਰਨਾਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਨੇ ਸਮੇਂ ਦੀਆਂ ਸ਼ਕਤੀਆਂ ਦੇ ਗਲਤ ਢੰਗ ਤਰੀਕਿਆਂ ਉੱਤੇ ਹਮੇਸ਼ਾਂ ਹੀ ਕਟਾਕਸ਼ ਕੀਤਾ ਹੈ।ਸੋ ਇਤਰਾਜ਼ ਕਰਨ ਵਾਲੇ ਗੀਤ ਦੇ ਬੋਲਾਂ ਨੂੰ ਸਮਝਣ ਦੀ ਲੋੜ ਹੈ, ਜੋ ਸਿਰਫ ਲਾਲ ਬੱਤੀ ਨੂੰ ਹੀ ਨਹੀਂ ਪੂਰੇ ਸਿਸਟਮ ਨੂੰ ਉਜਾਗਰ ਕਰਦਾ ਹੈ, ਅੱਜਕੱਲ ਦੇ ਪ੍ਰਚਾਰਕਾਂ ਦੇ ਜੀਵਨ ਢੰਗ ਨੂੰ ਦਰਸਾਉਂਦਾ ਹੈ ਕਿ ਕਿਵੇਂ ਉਹ ਆਮ ਜਨਤਾ ਤੋਂ ਦੂਰ ਜਾਂ ਵੱਖ ਰਹਿੰਦੇ ਨੇ। ਜੇ ਤੁਹਾਨੂੰ ਸੰਗਰੂਰ ਤੇ ਪਟਿਆਲੇ ਸ਼ਹਿਰਾਂ ਵਿੱਚ ਸਫਰ ਕਰਨ ਦਾ ਮੌਕਾ ਮਿਲਿਆ ਤਾਂ ਤੁਹਾਡਾ ਧਿਆਨ ਆਰਮੀ ਸ਼ੂਟਿੰਗ ਰੇਂਜ ਨੇੜੇ ਵਿਸ਼ਾਲ ਬਿਲਡਿੰਗ ਵਾਲੇ ਗੁਰਦੁਆਰਾ ਸਾਹਿਬ ਪ੍ਰਮੇਸ਼ਰ ਦੁਆਰ ਤੇ ਉਸਦੇ ਨਾਲ ਬਣੀ ਕੋਠੀ (ਰਿਹਾਇਸ਼) ਤੇ ਵੀ ਪਵੇਗਾ, ਜੋ ਤੁਹਾਨੂੰ ਇਸ ਕਹਾਣੀ ਨੂੰ ਸਮਝਣ ‘ਚ ਮਦਦ ਕਰੇਗਾ। 50ਹਾਰਸ ਪਾਵਰ ਵਾਲਾ ਟ੍ਰੈਕਟਰ, ਵਿਦੇਸ਼ੀ ਕਾਰਾਂ ਇਸ ਡੇਰੇ ਦੀ ਸੋਭਾ ਵਾਧਾਉਂਦੀਆਂ ਨੇ। ਇੱਕ ਬੇਰੋਜ਼ਗਾਰ ਨੌਜਵਾਨ ਜੋ ਸ਼ਹਿਰ ਪਟਿਆਲੇ ਕਿਸੇ ਨੌਕਰੀ ਦੇ ਟੈਸਟ ਤੋਂ ਨਿਰਾਸ਼ ਹੋ ਕੇ ਪਿੰਡ ਪਰਤ ਰਿਹਾ ਹੋਵੇਗਾ, ਜਿਸਦੀ ਜੇਬ ਵਿੱਚ ਸਿਰਫ ਆਪਣੇ ਪਿੰਡ ਮੁੜਨ ਲਈ ਹੀ ਬੱਸ ਦਾ ਕਿਰਾਇਆ ਹੈ। ਉਹ ਇਸ ਡੇਰੇ ਨੂੰ ਵੇਖਕੇ ਕੀ-ਕੀ ਸੋਚੇਗਾ ਇਹ ਇੱਕ ਸਧਾਰਨ ਪਰਿਵਾਰ ਦਾ ਜੀਅ ਹੀ ਸਮਝ ਸਕਦਾ ਹੈ।

ਸਿੱਖ ਪੰਥ ਪਾਕਿਸਤਾਨ ਵਿਚਲੇ ਗੁਰੁਆਰੇ ਕਰਤਾਰਪੁਰ ਸਾਹਿਬ ਲਈ ਬਾਰਡਰ ਖੋਲ੍ਹਣ ਦਾ ਚਾਹਵਾਨ ਹੈ। ਜਿੱਥੇ ਗੁਰੁ ਨਾਨਕ ਦੇਵ ਜੀ ਨੇ ਆਪਣੀ ਉਮਰ ਦੇ 65ਵੇਂ ਸਾਲਾਂ ਵਿੱਚ ਖੇਤੀ ਕੀਤੀ ਸੀ। ਪਰ ਅੱਜ ਦੇ ਜ਼ਮਾਨੇ ‘ਚ ਕਿਸੇ ਪ੍ਰਚਾਰਕ ਵੱਲੋਂ ਖੇਤੀ ਕਰਨ ਦੀ ਗੱਲ ਨੂੰ ਅਚੰਭਾ ਹੀ ਕਿਹਾ ਜਾ ਸਕਦਾ ਹੈ। ਜੋ ਸਿੱਖ ਧਰਮ ਦੇ 3 ਮੁੱਢਲੇ ਅਸੂਲ (1) ਕਿਰਤ ਕਰੋ (2) ਵੰਡ ਕੇ ਛਕੋ (3) ਨਾਮ ਜਪੋ, ਨੂੰ ਅਣਗੌਲਿਆ ਹੀ ਕਰਦਾ ਹੈ।

ਇਤਰਾਜ਼ ਕਰਨਵਾਲਿਆਂ ਵਿੱਚ ਦੂਜਾ ਨੰਬਰ ਆਉਂਦਾ ਹੈ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਦਾ।ਗੀਤ,ਕਵਿਸ਼ਰੀ ਜਾਂ ਵਾਰ ਸਮੇਂ ਦੀ ਸਥਿਤੀ ਦਾ ਦਰਪਨ ਹੁੰਦਾ ਹੈ। ਢਾਡੀ ਸਿੰਘਾਂ ਵੱਲੋਂ ਸਿੱਖ ਧਰਮ ਦੇ ਇਤਿਹਾਸ ਨਾਲ ਸਬੰਧਿਤ ਵਾਰਾਂ ਦਾ ਗਾਇਨ ਹੁੰਦਾ ਹੈ, ਜੋ ਸਮੇਂ ਦੀਆਂ ਸਰਕਾਰਾਂ ਤੇ ਅਣਮਨੁੱਖੀ ਸ਼ਕਤੀਆਂ ਦੇ ਜ਼ਬਰ ਅਤੇ ਵਿਰੋਧ ਨੂੰ ਦਰਸਾਉਂਦੀਆਂ ਨੇ। ਕੁੱਝ ਅਜਿਹਾ ਹੀ ਇਸ ਗੀਤ ਰਾਹੀਂ ਸਮੇਂ ਦੇ ਪ੍ਰਚਾਰਕਾਂ ਦੇ ਲਾਇਫ ਸਟਾਇਲ ਨੂੰ ਉਜਾਗਰ ਕਰਦਾ ਹੈ।

ਵਿਚਾਰਾਂ ਦੀ ਇਸ ਲੜਾਈ ‘ਚ ਮਹਿੰਗੀਆਂ ਗੱਡੀਆਂ ਤੇ ਲਾਲ ਬੱਤੀ ਦੀ ਗੱਲ ਨੂੰ ਹੀ ਮੁੱਦਾ ਬਣਾਇਆ ਜਾ ਰਿਹਾ ਹੈ। ਪਰ ਗੀਤ ਦੇ ਅਸਲ ਪਹਿਲੂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਜਦੋਂ ਕਿਸੇ ਸਥਿਤਿ ਵਿੱਚ ‘ਹਜ਼ਾਰ’ ਵਿਚਾਰ ਭਿੜਨੇ ਹਨ ਤਾਂ ਗਿਆਨ ਦੇ ਸੌ ਫੁੱਲ ਵੀ ਖਿੜਨੇ ਹਨ। ਲੜਾਈ ਸਾਰੀ ਵਿਚਾਰਾਂ ਦੀ ਹੈ, ਟਕਰਾਅ ਸੋਚ ਦਾ ਹੈ।

ਲੇਖ ਦੇ ਸ਼ੁਰੂ ਵਿੱਚ ਪ੍ਰੋਫੈਸਰ ਸਾਹਿਬ ਦੇ ਕਥਨ ਨੁੰ ਝੂਠਾ ਕਰਨ ਲਈ ਸਮਾਜ ਵਿੱਚ ਸੱਚ ਬੋਲਣ ਵਾਲਿਆਂ ਦੀ ਅਜੇ ਹੋਰ ਲੋੜ ਹੈ। ਹਾਈਡ੍ਰੋਜਨ ਤਾਂ ਕੁਦਰਤ ਵਿੱਚ ਮੌਜੂਦ ਹੀ ਰਹੇਗੀ ਪਰ ਦੂਜੇ ਵਰਗ ਨੂੰ ਘਟਾਉਣ ਲਈ ਤੁਹਾਡੇ ਸੱਭ ਦੇ ਸਹਿਯੋਗ ਦੀ ਲੋੜ ਹੈ।

ਭੁਪਿੰਦਰ ਗਿੱਲ
780-239-8600
ਰੇਡੀਓ ਹੋਸਟ
“ਰੇਡੀਓ ਪੰਜਾਬ”
ਐਡਮੰਟਨ, ਏ.ਬੀ. ਕੈਨੇਡਾ,
(Edmonton, AB CANADA)
bps_gill22@yahoo.ca

Sunday, November 22, 2009

‘‘ਜਿਹੜੇ ਨਾ ਲਿਖਦੇ ਗੱਲ ਹਾਦਸਿਆਂ ਦੀ, ਵਿਕਦੇ ਉਹ ਅਖ਼ਬਾਰ ਹੌਲੀ ਹੌਲੀ’’

ਖਾੜੀ ਯੁੱਧ ਤੋਂ ਲੈਕੇ ਵਲਰਡ ਟਰੈਡ ਸੈਂਟਰ,ਅਫਗਾਨਿਸਤਾਨ,ਇਰਾਕ ਦੀ "ਜੜਿਤ ਪੱਤਰਕਾਰੀ" "ਐਮਬੇਡਡ ਜਰਨਲਿਜ਼ਮ ਦੀ ਭੂਮਿਕਾ ਤੋਂ ਬਾਅਦ ਲੱਗਭਗ ਹੁਣ ਕਿਸੇ ਸੋਚ ਸਮਝਣ ਵਾਲੇ ਬੰਦੇ ਨੂੰ ਪੱਤਰਕਾਰੀ ਬਾਰੇ ਕੋਈ ਬਹੁਤੇ ਸ਼ੰਕੇ ਨਹੀਂ ਰਹੇ।ਕਿ ਕਿਸ ਤਰ੍ਹਾਂ ਸੱਤਾ ਪੱਤਰਕਾਰੀ ਨੂੰ ਇਕ ਸੰਦ ਤੇ ਹਥਿਆਰ ਦੇ ਤੌਰ 'ਤੇ ਵਰਤਕੇ ਕੌਮੀਅਤਾਂ ਤੇ ਹੋਰ ਜਮੂਹਰੀ ਲਹਿਰਾਂ ਨੂੰ ਕੁਚਲਣ ਲਈ ਪੱਧਰੀ ਜ਼ਮੀਨ ਤਿਆਰ ਕਰਦੀ ਹੈ।ਤੇ ਇਸ ਵਰਤਾਰੇ ਦੇ ਮੱਕੜਜਾਲ ਤੋਂ ਨਾ ਖਾੜੀ ਅਤੇ ਨਾ ਪੰਜਾਬ ਸੱਖਣਾ ਹੈ।ਇਸੇ ਮੁੱਦੇ 'ਤੇ ਪੰਜਾਬ ਦੇ ਪੱਤਰਕਾਰੀ ਹਲਕਿਆਂ 'ਚ ਜਾਣੇ ਜਾਂਦੇ ਸੂਝਵਾਨ ਪੱਤਰਕਾਰ ਬਲਵਿੰਦਰ ਕੋਟਭਾਰਾ ਨੇ ਸਾਨੂੰ ਇਕ ਰਚਨਾ ਭੇਜੀ ਹੈ।ਕੋਟਭਾਰਾ ਪੱਤਰਕਾਰੀ 'ਤੇ ਸਾਮਰਾਜੀ ਜਕੜ ਬਾਰੇ ਇਕ ਕਿਤਾਬ ਵੀ ਲਿਖ ਚੁੱਕੇ ਹਨ।ਅਸੀਂ ਉਹਨਾਂ ਦਾ ਪਹਿਲੀ ਲਿਖਤ ਭੇਜਣ ਲਈ ਧੰਨਵਾਦ ਕਰਦੇ ਹਾਂ।ਉਮੀਦ ਹੈ ਅੱਗੇ ਤੋਂ ਵੀ ਸਹਿਯੋਗ ਦਿੰਦੇ ਰਹਿਣਗੇ।--ਯਾਦਵਿੰਦਰ ਕਰਫਿਊ

ਪ੍ਰੈਸ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ, ਕਦੇ ਇਸ ਨੂੰ ਨਿਰਪੱਖ ਕਿਹਾ ਜਾਂਦਾ ਹੈ, ਕਦੇ ਸੱਚ ਦੀ ਆਵਾਜ਼ ਅਤੇ ਕਦੇ ਕੋਈ ਆਦਰਸ਼ ਜਿਹਾ ਸੰਕਲਪ ਇਸ ਬਾਰੇ ਖੜਿਆ ਜਾਂਦਾ ਰਿਹਾ। ਪਰ ਗੱਲ ਐਨੇ ਛੋਟੇ ਜਿਹੇ ਆਦਰਸ਼ਵਾਦੀ ਸਬਦਾਂ ਵਿੱਚ ਹੀ ਨਹੀਂ ਨਿਬੜਦੀ। ਅਸਲ ਵਿੱਚ ਮਾਧੀਅਮ ਚਾਹੇ ਦੋਈ ਚੈਨਲ ਹੋਵੇ, ਅਖ਼ਬਾਰ, ਮੈਗਜ਼ੀਨ ਜਾਂ ਕੋਈ ਹੋਰ ਮਾਧਿਅਮ ਉਹ ਜਿਸ ਉਦੇਸ਼ ਨੂੰ ਮੁੱਖ ਰੱਖ ਕੇ ਅਦਾਰਾ ਚਲਾਉਂਦਾ ਹੈ, ਓਹੀ ਜਿਹੀਆਂ ਹੀ ਨੀਤੀਆਂ ਘੜੀਆਂ ਜਾਂਦੀ ਹਨ, ਇਸ ਵੇਲੇ ਬਹੁਤ ਅਖ਼ਬਾਰਾਂ ਅਤੇ ਚੈਨਲਾਂ ਦਾ ਉਦੇਸ਼ ਕੇਵਲ ਵਪਾਰਕ ਬਣ ਕੇ ਰਹੇ ਗਿਆ, ਉਹ ਸਰਮਾਏਦਾਰਾਂ ਅਤੇ ਸਰਕਾਰਾਂ ਦੇ ਰਹਿਮੋ ਰਹਿਮ ’ਤੇ ਹੀ ਚੱਲਦੇ ਹਨ। ਜਿਸ ਕਰਕੇ ਉਨ੍ਹਾਂ ਤੋ ਲੋਕ ਪੱਖੀ ਖ਼ਬਰਾਂ ਦੀ ਉਮੀਦ ਨਹੀਂ ਰੱਖੀ ਜਾਂ ਸਕਦੀ, ਸਹੀ ਖ਼ਬਰਾਂ ਨੂੰ ਅੱਖੋਂ ਪਰੋਖੇ ਕਰਨ ਦੀ ਗੱਲ ਨੂੰ ਪਾਸੇ ਵੀ ਕਰ ਦੇਈਏ ਤਾਂ ਇਹੋ ਜਿਹੀ ਮੀਡੀਆ ਲੋਕਾਂ ਵਿੱਚ ਜੋ ਗਲਤ ਪ੍ਰਚਾਰ ਲੈ ਕੇ ਜਾ ਰਿਹਾ ਹੈ ਉਸ ਤੋਂ ਅਜਿਹੇ ਪੱਤਰਕਾਰਾਂ ਅਤੇ ਪ੍ਰੈਸ ਦਾ ਟਾਊਟਪਣੇ ਵਾਲਾ ਚਿਹਰੇ ਨੰਗਾ ਹੋ ਜਾਂਦਾ ਹੈ। ਇੱਕ ਵਾਰ ਸ਼ਹੀਦ ਪਾਸ਼ ਅਮਰੀਕਾ ਜਾਂਦਾ ਹੋਇਆ ਸਾਥੀ ਲੁਧਿਆਣਵੀ ਕੋਲ ਰੁਕਿਆ ਸੀ, ਉਸ ਸਮੇਂ ਪ੍ਰੈਸ ਦੀ ਪਹੁੰਚ ਬਾਰੇ ਗੱਲ ਹੋਈ ਤਾਂ ਪਾਸ਼ ਨੇ ਗੱਲਬਾਤ ਤੋਂ ਪਹਿਲਾ ਵਾਲੀ ਰਾਤ ਨੂੰ ਸਾਥੀ ਲੁਧਿਆਣਵੀ ਵੱਲੋ ਪੜ੍ਹੀ ਗਜ਼ਲ ‘‘ਜਿਹੜੇ ਨਾ ਲਿਖਦੇ ਗੱਲ ਹਾਦਸਿਆਂ ਦੀ ਵਿਕਦੇ, ਉਹ ਅਖ਼ਬਾਰ ਹੌਲੀ ਹੌਲੀ’’ ਦਾ ਜ਼ਿਕਰ ਕਰਦਿਆ ਕਿਹਾ ਸੀ ਕਿ ਸਰਮਾਏਦਾਰੀ ਪ੍ਰੈਸ ਕਾਮਰੇਡਾਂ ਦੇ ਆਪਸੀ ਵਖਰੇਵਿਆਂ ਨੂੰ ਤਾਂ ਉਛਾਲਦੇ ਹਨ ਪਰ ਕੰਮ ਦੀਆਂ ਖ਼ਬਰਾਂ ਨਹੀਂ ਲਾਉਂਦੇ। ਇੱਕ ਵਾਰ ਨਹੀਂ ਅਜਿਹਾ ਵਾਰ ਵਾਰ ਦੇਖਣ ਨੂੰ ਮਿਲ ਰਿਹਾ ਹੈ।
26 ਨਵੰਬਰ ਤਾਜ ਹੋਟਲ ਦੇ ਬੰਦੀਆਂ ਨੂੰ "ਅੱਤਵਾਦੀਆਂ" ਦੇ ਖ਼ੂਨੀ ਪੰਜੀਆਂ ਵਿੱਚੋਂ ਛੁਡਵਾਉਣ ਲਈ ਜੂਝ ਰਹੇ ਲੋਕਾਂ ਦੀ ਕਵਰੇਜ਼ ਘੱਟ ਪਰ ਅਮਿਤਾਬ ਬੱਚਨ ਦੀ ਸੁਰਖ਼ੀ ਪਹਿਲੇ ਪੰਨੇ ’ਤੇ ਲੱਗੀ ਕਿ ਰਾਤ ਬਿੱਗ ਬੀ ਨੂੰ ਨੀਂਦ ਨਹੀਂ ਆਈ ਉਹ ਸਿਰਹਾਣੇ ਪਿਸਤੋਲ ਰੱਖ ਕੇ ਸੁੱਤਾ।ਇੱਥੈ ਪ੍ਰੈਸ ਲਈ ਅਮਿਤਾਬ ਬਚਨ ਦੀ ਪ੍ਰਾਪਤੀ ਵੱਡੀ ਹੈ ਨਾ ਕਿ ਕਰਕਰੇ ਦੀ ਬੁਲਟ ਪਰੂਫ਼ ਜਾਕਟ ਦੀ ਜਾਂਚ ਸਟੋਰੀ।

ਜਿਸ ਤਾਜ਼ਾ ਮਸਲੇ ਦੀ ਗੱਲ ਚੱਲ ਰਹੀ ਹੈ, ਉਹ ਹੈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਦੀ ਗਿਰਫ਼ਤਾਰੀ ਦੇ ਮਾਮਲੇ ਵਿੱਚ ਸਰਮਾਏਦਾਰੀ ਪ੍ਰੈਸ ਅਤੇ ਹਿੰਦੂਤਵ ਪਿਛੋਕੜ ਵਾਲੀਆਂ ਅਖ਼ਬਾਰਾਂ ਦੀ ਪੁਲਿਸ ਟਾਉਂਟ ਵਰਗੀ ਪਹੁੰਚ, ਤਿੰਨ ਕੁ ਪੰਜਾਬੀ ਅਤੇ ਇੱਕ ਅੰਗਰੇਜ਼ੀ ਅਖ਼ਬਾਰ ਨੂੰ ਛੱਡ ਬਾਕੀ ਸਾਰੇ ਅਖ਼ਬਾਰ ਨੇ ਇਸ ਮਾਮਲੇ ਨੂੰ ਐਨੇ ਗਲਤ ਢੰਗ ਨਾਲ ਤੂਲ ਦਿੱਤਾ ਹੈ ਜਿਵੇਂ ਪੰਜਾਬ ਨੂੰ ਸੁਰਜੀਤ ਫੂਲ ਨੇ ਨਕਸਲਵਾਦ ਵਿੱਚ ਝੋਕ ਦਿੱਤਾ ਹੋਵ।ਉਹ ਪੁਲਿਸ ਦੇ ਹਕੀਕਤ ਤੋਂ ਦੂਰ ਝੂਠੇ ਦਾਅਵਿਆਂ ਤੋਂ ਵੀ ਅੱਗੇ ਲੱਗ ਗਏ ਹਨ,ਇੱਕ ਸਮੂਹ ਗਰੁੱਪ ਦੇ ਅਖ਼ਬਾਰਾਂ ਨੇ ਬੜੀ ਬੇਸ਼ਰਮੀ ਨਾਲ ਲਿਖਿਆ ਕਿ ਉਨ੍ਹਾਂ ਸਾਲ ਪਹਿਲਾ ਹੀ ਖੁਲਾਸਾ ਕਰ ਦਿੱਤਾ ਸੀ ਕਿ ਪੰਜਾਬ ਵਿੱਚ ਨਕਸਲਵਾਦ ਪੈਰ ਪਿਸਾਰ ਰਿਹਾ ਹੈ, ਅਤੇ ਉਨ੍ਹਾਂ ਦੀ ਭਵਿੱਖਬਾਣੀ ਵੀ ਸੱਚੀ ਸਾਬਤ ਹੋਈ ਹੈ। ਇਸ ਸਮੂਹ ਅਖ਼ਬਾਰ ਦਾ ਪੱਤਰਕਾਰ ਝੂਠ ਦੇ ਸਾਰੇ ਹੱਦਾਂ ਬੰਨੇ ਪਾਰ ਕਰਦਿਆ ਲਿਖਦਾ ਹੈ ਕਿ ਬਠਿੰਡਾ ਜਿਲ੍ਹੇ ਨਾਲ ਸਬੰਧਤ ਨਕਸਲੀ ਆਗੂ ਹਰਭਜਨ ਸਿੰਘ ਸੋਹੀ ਦੀ ਅੰਤਿਮ ਸਮਾਰੋਹ ਮੌਕੇ ਵੀ ਨਕਸਲਵਾਦੀ ਲਹਿਰ ਦੇ ਕਈ ਪੁਰਾਣੇ ਚਿਹਰੇ ਵੀ ਦੇਖਣ ਨੂੰ ਮਿਲੇ, ਜਦ ਕਿ ਕਈ ਨੌਜਵਾਨ ਆਗੂਆਂ ਨੇ ਵੀ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ। ਜਿਵੇਂ ਇਹ ਪੱਤਰਕਾਰ ਪੁਲਿਸ ਅਤੇ ਖ਼ੁਫ਼ੀਆ ਤੰਤਰ ਤੋਂ ਵੀ ਵੱਧ ਇਸ ਦੇਸ਼ ਦੀ ‘‘ਅਮਨ ਸਾਂਤੀ’’ ਲਈ ਫਿਕਰਮੰਦ ਹੈ।ਇਹ ਪੱਤਰਕਾਰ ਇਸ ਗੱਲੋਂ ਔਖਾ ਹੈ ਕਿ ਪੁਰਾਣੇ ਨਕਸਲੀਆਂ ਨੂੰ ਜੀਣ ਦਾ ਕੋਈ ਅਧਿਕਾਰ ਨਹੀਂ ਅਤੇ ਨਾ ਹੀ ਨੌਜਵਾਨਾਂ ਨੂੰ ਕਿਸੇ ਸੋਹੀ ਵਰਗੇ ਲੋਕਾਂ ਦੀ ਅੰਤਿਮ ਸਰਧਾਂਜਲੀ ’ਤੇ ਜਾਣ ਦਾ ਹੱਕ ਹੈ।

ਹਿੰਦੂਤਵ ਦੇ ਪਿਛੋਕੜ ਵਾਲੀ ਅਤੇ ਪਿਛਾਖੜੀ ਸੋਚ ਦੀ ਧਾਰਨੀ ਪ੍ਰੈਸ ਨੇ ਇਸ ਜਨਤਕ ਆਗੂ ਦੀ ਗਿਰਫ਼ਤਾਰੀ ਬਾਰੇ ਨਾ ਕੇਵਲ ਪੁਲਿਸ ਦੇ ਝੂਠੇ ਬਿਆਨਾਂ ਨੂੰ ਹੂ ਬ ਹੂ ਛਾਪਿਆ ਸਗੋਂ ਆਪਣੇ ਕੋਲੋਂ ਮਿਰਚ ਮਸਾਲਾ ਲਾ ਕੇ ਪੰਜਾਬ ਨੂੰ ਬਸਤਰ ਦੇ ਜੰਗਲਾਂ ਦੀ ਇਕਾਈ ਬਣਾ ਕੇ ਪੇਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ‘‘ਮਾਓਵਾਦੀ’’ ਆਗੂ ਦੀ ਗਿਰਫ਼ਤਾਰੀ ਦੇ ਦਾਅਵਿਆਂ ਤੋਂ ਮਗਰੋਂ ਉਸ ’ਤੇ ਪਹਿਲਾ ਹੀ ਚਲਦੇ ਅਨੇਕਾਂ ਮੁਕੱਦਮਿਆਂ ਦੀ ਫਾਈਲਾਂ ਨੂੰ ਵਾਚਣ ’ਤੇ ਸਾਫ਼ ਅਤੇ ਸਪੱਸ਼ਟ ਸਾਹਮਣੇ ਆਇਆ ਕਿ ਕਾ. ਫ਼ੂਲ ਇਸ ਤੋਂ ਪਹਿਲਾ ਸਾਰੀਆਂ ਅਦਾਲਤੀ ਪੇਸ਼ੀਆਂ ’ਤੇ ਬਕਾਇਦਾ ਹਾਜ਼ਰ ਹੋ ਕੇ ਆਪ ਪੇਸ਼ੀ ਭੁਗਤ ਕੇ ਜਾਂਦੇ ਰਹੇ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਕਾ. ਫ਼ੂਲ ਇਸ ਤੋਂ ਪਹਿਲਾਂ ਇਸੇ ਕੇਸ ਵਿੱਚ 30 ਅਤੇ 14 ਅਕਤੂਬਰ ਨੂੰ ਵੀ ਪੇਸ਼ੀ ਭੁਗਤ ਕੇ ਗਏ ਅਤੇ ਇਸ ‘‘ਮਾਓਵਾਦੀ’’ ਆਗੂ ਨੂੰ ਕਚਹਿਰੀਆਂ ਵਿੱਚੋਂ ਲੋਕਾਂ ਦੇ ਸਾਹਮਣੇ ਜਬਰੀ ਚੁਕ ਕੇ ਉਸ ’ਤੇ ਗੈਰ ਕਾਨੂੰਨੀ ਗਤੀਵਿਧੀਆਂ ਫੈਲਾਉਣ ਦੇ ਗੰਭੀਰ ਮੁੱਕਦਮਿਆਂ ਵਿੱਚ ਫਸਾ ਕੇ ਇੱਕ ਹਫ਼ਤੇ ਦਾ ਰਿਮਾਂਡ ਲਿਆ ਉਨ੍ਹਾਂ ਵੱਲੋਂ ਅਦਾਲਤੀ ਪੇਸ਼ੀਆਂ ਭੁਗਤਣ ਵਾਲੀ ਤਫ਼ਤੀਸ਼ ਇਨ੍ਹਾਂ ਚਿੜੀ ਮਾਰ ਪੱਤਰਕਾਰਾਂ ਨੇ ਕਰਨ ਦੀ ਜਰੂਰਤ ਨਹੀਂ ਸਮਝੀ। ਇਹ ਭਲੀਭਾਂਤ ਸਪੱਸ਼ਟ ਹੈ ਕਿ ਕਾ. ਫ਼ੁੂਲ ਪਿਛਲੇ ਸਮੇਂ ਤੋਂ ਹਰ ਪ੍ਰਕਾਰ ਦੇ ਜਬਰ ਦੇ ਵਿਰੁੱਧ ਜਨਤਕ ਤੌਰ ’ਤੇ ਬਿਲਕੁੱਲ ਸਾਂਤਮਈ ਢੰਗ ਨਾਲ ਜੂਝਦੇ ਰਹੇ ਜੋ ਕਿ ਸਰਮਾਏਦਾਰਾਂ ਦੇ ਹਜ਼ਮ ਨਹੀਂ ਹੋਇਆ, ਜਿਸ ਤਰ੍ਹਾਂ ਇਹ ਨਾ ਬਰਾਬਰੀ ਵਾਲੇ ਢਾਂਚਾ ਲੋਕਾਂ ’ਤੇ ਦਿਨੋਂ ਦਿਨ ਮਹਿੰਗਾਈ ਦਾ, ਸਹੂਲਤਾਂ ਖੋਹਣ, ਉਨ੍ਹਾਂ ਦੇ ਹੱਕਾਂ ’ਤੇ ਡਾਕੇ ਮਾਰਨ ਦਾ ਸਿਕੰਜ਼ਾ ਕਸ ਰਿਹਾ ਹੈ ਉਸ ਤੋਂ ਲੋਕ ਰੋਹ ਪਣਪਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਦੂਜੇ ਪਾਸੇ ਸਮੇਂ ਦੀਆਂ ਹਕੂਮਤਾਂ ਕੋਲ ਕੋਈ ਲੋਕ ਪੱਖੀ ਏਜੰਡੇ ਨਾ ਹੋਣ ਕਾਰਨ ਉਹ ਲੋਕਾਂ ਨੂੰ ਕਦੇ ਸਾਧਾਂ ਅਤੇ ਫ਼ਿਰਕੂ ਅੱਗ ਵਿੱਚ ਝੋਕਦੀ ਹੈ ਅਤੇ ਕਦੇ ‘‘ਮਾਓਵਾਦ’’ ਦਾ ਝੂਠਾ ਪ੍ਰਚਾਰ ਕਰਕੇ ਲੋਕ ਪੱਖੀ ਮੁੱਦਿਆਂ ਤੋਂ ਲੋਕ ਦਾ ਧਿਆਨ ਪਾਸੇ ਕਰਦੀ ਹੈ।

ਅਜਿਹੇ ਬੇਗੇਰਤ ਕੰਮਾਂ ਵਿੱਚ ਸਰਮਾਏਦਾਰੀ ਪ੍ਰੈਸ ਅਤੇ ਚਿੜੀਮਾਰ ਪੱਤਰਕਾਰ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ,ਇੱਕ ਗੱਲ ਸਪੱਸ਼ਟ ਹੈ ਕਿ ਜੇ ਲੋਕਾਂ ਦੇ ਹੱਕਾਂ ਦੇ ਪੈਂਦੇ ਡਾਕਿਆਂ ਵਿਰੁੱਧ ਲੜ੍ਹਨ ਵਾਲੇ ‘‘ਮਾਓਵਾਦੀ’’ ਹਨ ਤਾਂ ਫਿਰ ਕਾਰਗਿਲ ਵਿੱਚ ਸ਼ਹੀਦ ਹੋਏ ਫ਼ੌਜੀ ਜਵਾਨਾਂ ਦੇ ਕਫ਼ਨਾਂ ਵਿੱਚੋਂ ਕਮਿਸ਼ਨ ਖਾਣ ਵਾਲੇ ਦੇਸ਼ ਭਗਤ ਹਨ, ਜੇ ਸਾਡੇ ਪੱਤਰਕਾਰਾਂ ਦੀ ਜ਼ਮੀਰ ਜਾਗਦੀ ਹੈ ਤਾਂ ਉਨ੍ਹਾਂ ਨੂੰ ਤੀਜੀ ਅੱਖ ਵੀ ਮਾੜ੍ਹੀ ਮੋਟੀ ਖੋਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਪੁਲਿਸ ਦੇ ਟਾਊਟ ਵਰਗੀ ਭੂਮਿਕਾ ਨਿਭਾਉਂਣੀ ਚਾਹੀਦੀ ਹੈ।ਥੋੜੀ ਹੋਰ ਪਿੱਛੇ ਨਜ਼ਰ ਮਰੀਏ ਤਾਂ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਪੰਜਾਬ ਵਿੱਚ ਕਾਲੀ ਹਨੇਰੀ ਦੌਰਾਨ ਵੀ ਇਨ੍ਹਾਂ ਹਿੰਦੂਤਵ ਅਤੇ ਸ਼ਰਮਾਏਦਾਰੀ ਵਾਲੀ ਪਿਛੋਕੜ ਪ੍ਰੈਸ ਦਾ ਰੋਲ ਅਤਿ ਨਿਖਿੱਧ ਰਿਹਾ ਜਿਸ ਨੇ ਉਸ ਸਮੇਂ ਸਾਰੇ ਪੰਜਾਬ ’ਤੇ ਨਾ ਕੇਵਲ ਅੱਤਵਾਦ ਦਾ ਲੇਬਲ ਸਗੋਂ ਇਸ ਅੱਗ ’ਤੇ ਲਗਾਤਾਰ ਪਟਰੋਲ ਪਾਇਆ। ਉਸ ਸਮੇਂ ਵੀ ਪ੍ਰੈਸ ਦਾ ਮਾਰੂ ਰੋਲ ਕਿਸੇ ਤੋਂ ਗੁਝਿਆ ਨਹੀਂ ਰਿਹਾ, ਅਤੇ ਭਵਿੱਖ ਵਿੱਚ ਵੀ ਕੋਈ ਆਸ ਨਹੀਂ ਕੀਤੀ ਜਾ ਸਕਦੀ।
ਬਲਵਿੰਦਰ ਕੋਟਭਾਰਾ
kotbhara@yahoo.com

Sunday, November 15, 2009

ਬੱਬੂ ਮਾਨ,ਢੋਂਗੀ ਬਾਬੇ ਤੇ ਗੁਲਾਮ ਕਲਮ ‘ਤੇ ਕ੍ਰਿਆਵਾਂ-ਪ੍ਰਤੀਕ੍ਰਿਆਵਾਂ

ਦੋਸਤੋ ਅਸੀਂ ਦੋ ਦਿਨ ਪਹਿਲਾਂ ਬੱਬੂ ਮਾਨ ਦੀ ਨਵੀਂ ਕੈਸੇਟ ਬਾਰੇ ਅਵਤਾਰ ਸਿੰਘ ਯੂ.ਕੇ ਦਾ ਇਕ ਲੇਖ ‘ਪੰਜਾਬ ਦੀ ਨਬਜ਼ ‘ਤੇ ਹੱਥ ਧਰਦਾ ਬੁੱਬੂ ਮਾਨ’ ਛਾਪਿਆ ਸੀ।ਜਿਸਨੂੰ ਕਾਫੀ ਪ੍ਰਸੰਸਾ ਵੀ ਮਿਲੀ ਤੇ ਤਿੱਖੀ ਅਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ।ਉਸ ਰਚਨਾ ਤੇ ਆਈਆਂ ਟਿੱਪਣੀਆਂ ਤੋਂ ਇਲਾਵਾ ਵੀ ਕਈ ਲੋਕਾਂ ਨੇ ਨਿੱਜੀ ਤੌਰ ‘ਤੇ ਗੁਲਾਮ ਕਲਮ ਨਾਲ ਅਪਣੀ ਨਰਾਜ਼ਗੀ ਜ਼ਾਹਿਰ ਕੀਤੀ।ਇਸ ਨੂੰ ਲੈਕੇ ਹੀ ਅਸੀਂ ਕੁਝ ਗਲਤਫਹਿਮੀਆਂ ਤੇ ਕੁਝ ਭਰਮ ਭਲੇਖਿਆਂ ਨੂੰ ਦੂਰ ਕਰਨਾ ਚਾਹੁੰਦੇ ਹਾਂ।ਟਿੱਪਣੀ ਉਸ ਲੇਖ ਹੇਠਾਂ ਪੜ੍ਹੀ ਜਾ ਸਕਦੀ ਹੈ ਜਾਂ ਇੱਥੇ ਕਲਿੱਕ ਕਰੋ।
ਸਭਤੋਂ ਪਹਿਲਾਂ ਅਸੀਂ ਇਹ ਸ਼ਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਗੁਲਾਮ ਕਲਮ ਕੋਈ ਪੋਲੀਟੀਕਲ ਪਲੇਟਫਾਰਮ ਜਾਂ ਪਾਰਟੀ ਪਰਚਾ ਨਹੀਂ ਹੈ।ਜਿੱਥੇ ਸਭਨੂੰ ਇਕੋ ਧਾਰਾ ਦੇ ਸ਼ੁੱਧਤਾਵਾਦੀ ਧਾਗੇ ‘ਚ ਪਿਰੋਇਆ ਜਾਵੇ।ਇਹ“100 ਫੁੱਲ ਖਿੜਨ ਦਿਓ ਤੇ ਹਜ਼ਾਰ ਵਿਚਾਰ ਭਿੜਨ ਦਿਓ” ਦੇ ਫਲਸਫੇ ਨਾਲ ਸ਼ੁਰੂ ਕੀਤਾ ਗਿਆ।ਤੇ ਅਸੀਂ ਖੁਦ ‘ਬਾਇਓਡੈਵਰਸਿਟੀ ਆਫ ਰਜਿਸਟੈਂਸ” ‘ਚ ਪੂਰਾ ਯਕੀਨ ਰੱਖਦੇ ਹਾਂ।ਇਸੇ ਧਾਰਨਾ ਨਾਲ ਕਿ ਗੁਲਦਸਤਾ ਬਹੁਰੰਗੇ ਫੁੱਲਾਂ ਦਾ ਹੀ ਚੰਗਾ ਲੱਗਦਾ ਹੈ।

ਸਾਨੂੰ ਲਗਦਾ“ਕਿ ਭਾਰਤੀ ਤੇ ਪੰਜਾਬੀ ਪੱਤਰਕਾਰੀ ‘ਚ ਲੋਕਤੰਤਰ ਦੇ ਮੌਲਿਕ ਅਧਿਕਾਰ “ਫ੍ਰੀਡਮ ਆਫ ਐਕਸਪ੍ਰੈਸ਼ਨ” ਤੇ ਸੂਚਨਾਵਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ।ਇਸ ਲਈ ਅਸੀਂ ਜਦੋਂ ਗੁਲਮ ਕਲਮ ਨੂੰ ਸ਼ੁਰੂ ਕੀਤਾ ਤਾਂ ਇਕ ਗੱਲ ਤਹਿ ਕੀਤੀ ਕਿ ਕੋਈ ਵੀ ਜਾਤੀਵਾਦੀ,ਬ੍ਰਹਮਣਵਾਦੀ ਜਾਂ ਫਾਸ਼ੀਵਾਦੀ ਲਿਖਤ ਨੂੰ ਸਪੇਸ ਨਹੀਂ ਦਿੱਤਾ ਜਾਵੇਗਾ।ਪਰ ਧਾਰਮਿਕ,ਸੱਭਿਆਚਾਰ ਤੇ ਰਾਜਨੀਤਕ ਜਾਂ ਹੋਰ ਕਿਸੇ ਵੀ ਹੋਰ ਵਿਚਾਰ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ।ਤੇ ਅਸੀਂ ਅਪਣੀ ਵਿਅਕਤੀਗਤ ਤੇ ਰਾਜਨੀਤਿਕ ਅਸਹਿਮਤੀ ਦੇ ਬਾਵਜੂਦ ਹਰ ਤਰ੍ਹਾਂ ਦੀ ਰਚਨਾਵਾਂ ਛਾਪੀਆਂ ਹਨ।ਇਹ ਇਸ ਲਈ ਵੀ ਜ਼ਰੂਰੀ ਸੀ ਕਿ ਜਿਸ ‘ਲਿਖਣ ਦੀ ਅਜ਼ਾਦੀ’ ਦੀ ਅਜ਼ਾਦੀ ਦਾ ਅਸੀਂ ਰੌਲਾ ਪਾ ਰਹੇ ਹਾਂ,ਕਿਤੇ ਉਸ ਦਾ ਘਾਣ ਸਾਡੇ ਕੋਲੋਂ ਨਾ ਹੋਵੇ।ਅਜਿਹਾ ਵੱਡੀਆਂ ਵੱਡੀਆਂ ਅਗਾਂਹਵਧੂ ਪੱਤਰਕਾਵਾਂ ਅੰਦਰ ਹੁੰਦਾ ਰਿਹੈ,ਕਿ ਚੰਗੀਆਂ ਚੰਗੀਆਂ ਰਚਾਨਵਾਂ ਇਕ ਵਿਅਕਤੀ ਦੇ ਨਿੱਜੀ ਵਿਚਾਰਾਂ ਦੀ ਭਂੇਟ ਚੜ੍ਹਦੀਆਂ ਰਹੀਆਂ ਹਨ।ਪਰ ਸਾਡੀ ਇਹ ਹਮੇਸ਼ਾ ਇੱਛਾ ਰਹੀ ਕਿ ਬਲੌਗ ਇਕ ਅਲਟਰਨੇਵਿਟ ਮੀਡੀਆ ਨਾ ਬਣਕੇ ਪਾਪੂਲਰ ਕਚਲਰ ਦਾ ਹਿੱਸਾ ਬਣੇ।

ਸਾਨੂੰ ਨਹੀਂ ਲੱਗਦਾ ਕਿ ਕੋਈ ਵੀ ਚੀਜ਼ “ਅਰਾਜਨੀਤਿਕ” ਹੁੰਦੀ ਹੈ।ਇਸ ਲਈ ਤੁਹਾਡੇ ਨਜ਼ਰੀਏ ਮੁਤਾਬਿਕ ਲੇਖਕ ਦੇ ਵਿਚਾਰ ਸੰਕੀਰਨ ਹੋ ਸਕਦੇ ਹਨ,ਪਰ ਕਿਸੇ ਹੋਰ ਪਾਠਕ ਲਈ ਅਗਾਂਹਵਧੂ ਵੀ ਹੋ ਸਕਦੇ ਹਨ।ਇਥੇ ਮੁੱਦਾ ਰਾਜਨੀਤਿਕ ਸਮਝ ਤੇ ਵਿਚਾਰਾਂ ਦਾ ਆ ਜਾਵੇਗਾ ਜੋ ਕਿ ਅਸੀਂ ਗੁਲਾਮ ਕਲਮ ਬਾਰੇ ਪਹਿਲਾਂ ਹੀ ਸਾਫ ਕਰ ਚੁੱਕੇ ਹਾਂ।ਆਖਿਰ ‘ਚ ਇਹੀ ਕਹਾਂਗੇ ਕਿ ਰਾਜ ਠਾਕਰੇ,ਬਾਲ ਠਾਕਰੇ,ਮੋਦੀ ਆਦਿ ਆਦਿ ਵਰਗੀਆਂ ਫਾਸ਼ੀਵਾਦੀ ਸ਼ਕਤੀਆਂ ਦੇ ਅਸੀਂ ਕੱਟੜ ਖਿਲਾਫ ਹਾਂ।ਤੇ ਇਸ ਲੇਖ ‘ਚ ਅਜਿਹਾ ਕੁਝ ਵੀ ਨਹੀਂ ਜੋ ਮੋਦੀ ਜਾਂ ਠਾਕਰਿਆਂ ਦੀ ਰਾਜਨੀਤੀ ਵਰਗਾ ਹੋਵੇ।ਲੇਖਕ ਨੇ ਕੋਈ ਵੀ ਜਾਤੀਵਾਦੀ ਜਾਂ ਫਾਸ਼ੀਵਾਦੀ ਗੱਲ ਨਾ ਕਰਦੇ ਹੋਏ ਅਪਣੇ ਧਾਰਮਿਕ ਤੇ ਖਾਲਸਾਈ ਨਜ਼ਰੀਏ ਤੋਂ ਬੱਬੂ ਮਾਨ ਤੇ ਬਾਬਿਆਂ ਨੂੰ ਪ੍ਰਭਾਸ਼ਿਤ ਕੀਤਾ ਹੈ।ਇਸ ਰਚਨਾ ਦੇ ਕੁਝ ਕੁ ਪੱਖਾਂ ਨਾਲ ਸਾਡੀ ਵਿਅਕਤੀਗਤ ਤੌਰ ‘ਤੇ ਅਸਹਿਮਤੀ ਸੀ,ਪਰ ਜੇ ਇਸ ਕਰਕੇ ਅਸੀਂ ਰਚਨਾ ਦਾ ਗਲਾ ਘੱਟਾਂਗੇ ਤਾਂ ਸਾਡੇ ਤੇ ਮੁੱਖ ਧਾਰਾ ‘ਚ ਕੋਈ ਫਰਕ ਨਹੀਂ ਰਹੇਗਾ।ਇਸ ਲਈ ਅਸੀਂ ਉਹ ਡੈਮੋਕਰੇਟਿਕ ਸਪੇਸ ਹਮੇਸ਼ਾ ਬਣਾਏ ਰੱਖਣਾ ਚਾਹੰਦੇ ਹਾਂ ਜਿਸ ਨਾਲ ਸਾਰੇ ਤਰ੍ਹਾਂ ਦੀਆਂ ਧਾਰਾਵਾਂ ‘ਚ ਵਿਚਾਰਧਾਰਕ ਵਿਚਾਰ-ਚਰਚਾ ਤੇ ਅਦਾਨ ਪ੍ਰਦਾਨ ਹੁੰਦਾ ਰਹੇ।ਤੇ ਫਾਸ਼ੀਵਾਦ ਤੇ ਲੋਕਤੰਤਰੀ ਸੰਸਥਾਵਾਂ ਤੇ ਵਿਅਕਤੀਆਂ ਅੰਦਰ ਇਹੀ ਵਖਰੇਵਾਂ ਤੇ ਵਿਸ਼ੇਸ਼ਤਾ ਹੁੰਦੀ ਹੈ ਕਿ ਹਜ਼ਾਰਾਂ ਅਸਹਿਮਤੀਆਂ ਦੇ ਬਾਵਜੂਦ ਉਹਨਾਂ ਅੰਦਰ ਸੁਣਨ,ਦੇਖਣ ਤੇ ਸਹਿਣ ਦੀ ਅਥਾਹ ਸਮਰੱਥਾ ਹੁੰਦੀ ਹੈ।

ਯਾਦਵਿੰਦਰ ਕਰਫਿਊ ,ਹਰਪ੍ਰੀਤ ਰਠੌੜ
09899436972,09999436161

ਇਕ ਬੱਬੂ ਮਾਨ ਹੈ,ਜੀਹਨੇ ਬਾਬਿਆਂ ਨੂੰ ਭਾਜੜ ਪਾਤੀ

ਬੱਬੂ ਮਾਨ ਪੰਜਾਬੀ ਗਾਇਕੀ ਦਾ ਪ੍ਰਤੀਭਾਵਾਨ ਹਸਤਾਖ਼ਰ ਹੈ। ਓਸ ਦੀ ਲੇਖਣੀ ਵਿਚ ਦਮ ਹੈ ਤੇ ਗਾਉਂਦਾ ਵੀ ਚੰਗਾ ਹੈ। ਉਂਜ ਉਹ ਜਦੋਂ ਤੋਂ ਇਸ ਖੇਤਰ ਵਿਚ ਆਇਆ ਹੈ, ਕਈ ਤਰ੍ਹਾਂ ਦੇ ਚਰਚੇ ਓਸੇ ਦੁਆਲੇ ਘੁੰਮਦੇ ਰਹੇ ਹਨ। ਕਦੇ ਉਹਦੀ ਜ਼ਿੰਦਗੀ ਦੇ ਢੰਗ, ਬੋਲ-ਚਾਲ, ਖਾਣ ਪੀਣ, ਰਹਿਣ ਸਹਿਣ 'ਤੇ ਟਿੱਪਣੀਆਂ ਹੁੰਦੀਆਂ ਰਹੀਆਂ ਹਨ, ਮੀਡੀਆ ਨਾਲ ਉਹਦਾ ਇਟ ਖੜੱਕਾ ਹਮੇਸ਼ਾ ਰਿਹਾ ਹੈ, ਕਦੇ ਉਹਦੇ ਗੀਤਾਂ ਦੇ ਬੋਲ ਚਰਚਾ ਦਾ ਵਿਸ਼ਾ ਬਣਦੇ ਹਨ। ਪਿੰਡ ਪਹਿਰਾ ਲਗਦਾ, ਪਿਛਲੀ ਗਲੀ ਵਿਚ ਆਜਾ, ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜ੍ਹਨੀ ਤੇ ਕਬਜਾ ਲੈਣਾ ਵਰਗੇ ਉਹਦੇ ਗੀਤ ਸੱਚਮੁੱਚ ਸਵੀਕਾਰਨਯੋਗ ਨਹੀਂ ਹਨ। ਪਰ ਇਹਦੇ ਬਾਵਜੂਦ ਪਿਛਲੇ ਕੁੱਝ ਅਰਸੇ ਤੋਂ ਬੱਬੂ ਮਾਨ ਨੇ ਸਾਡੇ ਸਮੁੱਚੇ ਪ੍ਰਬੰਧ ਦੀਆਂ ਖਾਮੀਆਂ, ਸਮਾਜਿਕ ਬੁਰਾਈਆਂ ਨੂੰ ਜਿਸ ਤਰ੍ਹਾਂ ਆਪਣੇ ਗੀਤਾਂ ਦਾ ਵਿਸ਼ਾ ਬਣਾਇਆ ਹੈ, ਬੱਬੂ ਦੀ ਤਾਰੀਫ ਹੋਈ ਹੈ। ਜੱਟ ਦੀ ਜੂਨ ਬੁਰੀ, ਉੱਚੀਆਂ ਇਮਾਰਤਾਂ, ਆਸ਼ਕਾਂ ਦੀ ਲਾਈਨ ਵਰਗੇ ਗੀਤਾਂ ਨਾਲ ਬੱਬੂ ਮਾਨ ਸਵੀਕਾਰਿਆ ਜਾਣ ਲੱਗਾ।
ਹੁਣ ਉਹਦੀ ਤਾਜ਼ਾ ਕੈਸੇਟ 'ਸਿੰਘ ਇਜ਼ ਬੈਟਰ ਦੈਨ ਕਿੰਗ' ਆਈ ਤਾਂ ਬੱਬੂ ਮਾਨ ਇੱਕ ਦਮ ਸੁਰਖ਼ੀਆਂ ਵਿਚ ਆ ਗਿਆ। ਇਸ ਕੈਸੇਟ ਵਿਚ ਬੁੱਬੂ ਨੇ ਬਹੁਤ ਹੀ ਸੰਵੇਦਨਸ਼ੀਲ ਵਿਸ਼ਿਆਂ ਨੂੰ ਬੜੇ ਹੀ ਬੇਬਾਕ ਲਹਿਜ਼ੇ ਵਿਚ ਛੋਹਿਆ ਹੈ। ਪਰ ਜਿਸ ਗੀਤ ਨੇ ਹਰ ਪਾਸੇ ਚਰਚਾ ਛੇੜੀ ਹੈ, ਉਹ ਹੈ, 'ਇੱਕ ਬਾਬਾ ਨਾਨਕ ਸੀ'। ਬੱਬੂ ਨੇ ਇਸ ਗੀਤ ਰਾਹੀਂ ਪੰਜਾਬ ਅੰਦਰ ਫੈਲੇ ਬਾਬਾਵਾਦ ਅਤੇ ਬਾਬਿਆਂ ਦੀਆਂ ਮਨਮਾਨੀਆਂ ਤੇ ਐਸ਼ ਪ੍ਰਸਤੀ ਨੂੰ ਬੇਪਰਦ ਕੀਤਾ ਹੈ। ਭਾਵੇਂ ਬੱਬੂ ਨੇ ਇਸ ਗੀਤ ਵਿਚ ਕਿਸੇ ਬਾਬੇ ਦਾ ਸਿੱਧੇ ਤੌਰ 'ਤੇ ਨਾਂਅ ਨਹੀਂ ਲਿਆ ਪਰ ਬਾਬਿਆਂ ਦਾ ਭੜਕਣਾ ਯਕੀਨੀ ਸੀ ਤੇ ਉਹ ਬੁਰੀ ਤਰ੍ਹਾਂ ਭੜਕੇ ਹਨ।

ਦੋ ਬਾਬਿਆਂ ਨੇ ਬੜੇ ਤਿੱਖੇ ਪਰ ਗੈਰ ਮਿਆਰੀ, ਘਟੀਆ ਸ਼ਬਦਾਵਲੀ ਵਿਚ ਆਪਣੇ ਪ੍ਰਤੀਕਰਮ ਜ਼ਾਹਿਰ ਕੀਤੇ ਹਨ। ਭੜਕੇ 'ਬਾਬਿਆਂ' ਵਿਚ ਪਹਿਲਾ ਨਾਂਅ ਹੈ 'ਸੰਤ' ਰਣਜੀਤ ਸਿੰਘ ਢੱਡਰੀਆਂ ਵਾਲਾ ਤੇ ਦੂਜਾ ਹੈ ਕੋਈ ਤਰਸੇਮ ਸਿੰਘ ਮੋਰਾਂਵਾਲੀ। ਦੋਏਂ ਬਾਬਿਆਂ ਨੇ ਜਿਸ ਤਰ੍ਹਾਂ ਦਾ ਪ੍ਰਤੀਕਰਮ ਪ੍ਰਗਟ ਕੀਤਾ ਹੈ, ਓਸ ਨਾਲ ਉਨ੍ਹਾਂ ਨੇ ਇਹ ਸਾਬਿਤ ਕਰ ਦਿੱਤਾ ਹੈ, ਕਿ ਹੋਰਾਂ ਨੂੰ ਗੁਰਮਤਿ ਦਾ ਪਾਠ ਪੜ੍ਹਾਉਣ ਵਾਲੇ ਇਨ੍ਹਾਂ ਮਹਾਨ ਪ੍ਰਚਾਰਕਾਂ ਨੇ ਆਪ ਕੁੱਝ ਨਹੀਂ ਸਿੱਖਿਆ। ਦੋਆਂ ਦੇ ਬੋਲਣ ਦਾ ਲਹਿਜ਼ਾ ਸੰਤਾਂ ਵਾਲਾ ਨਹੀਂ। ਢੱਡਰੀਆਂ ਵਾਲੇ ਦੀ ਦਲੀਲ ਦੇਖੋ ; ਉਹ ਕਹਿੰਦਾ ਹੈ, ਸੰਗਤਾਂ ਮਹਿੰਗੀਆਂ ਗੱਡੀਆਂ 'ਤੇ ਆਵੇ ਤੇ ਪ੍ਰਚਾਰਕ ਤੁਰ ਕੇ ਜਾਣ? ਯਾਨੀ ਪ੍ਰਚਾਰ ਕਰਨੇ ਗਏ ਇਸ ਬਾਬੇ ਦੀ ਨਜ਼ਰ ਸੰਗਤਾਂ ਦੀਆਂ ਗੱਡੀਆਂ ਵੱਲ ਰਹਿੰਦੀ ਹੈ। ਤਰਸੇਮ ਦਾ ਕਹਿਣਾ ਹੈ 'ਪ੍ਰਚਾਰਕਾਂ ਦੀ ਚੜ੍ਹਤੇ 'ਤੇ ਕੁੱਝ ਲੋਕ ਮੱਚਦੇ ਹਨ, ਉਹ ਚਾਹੁੰਦੇ ਹਨ ਕਿ ਗੁਰਮਤਿ ਦੇ ਪ੍ਰਚਾਰਕ ਮੰਗ ਕੇ ਖਾਣ।' ਉਹ ਅੱਗੇ ਚੱਲ ਕੇ ਬੱਬੂ ਮਾਨ ਨੂੰ ਸੜਿਆ ਜਿਹਾ ਗਾਉਣ ਵਾਲਾ, ਸਮੈਕੀਆ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਲਕਬਾਂ ਨਾਲ ਨਿਵਾਜ਼ਦਾ ਹੈ। ਜੋ ਵੀ ਹੈ, ਬੱਬੂ ਮਾਨ ਦੇ ਇਸ ਗੀਤ ਤੋਂ ਬਾਅਦ ਆਮ ਲੋਕ ਸੋਚਣ ਲੱਗੇ ਹਨ। ਵੱਖ ਵੱਖ ਸਾਈਟਾਂ, ਕਮਿਊਨਟੀਆਂ 'ਤੇ ਲੋਕਾਂ ਨੇ ਬਾਬਿਆਂ ਖਿਲਾਫ ਖੁੱਲ੍ਹ ਕੇ ਭੜ੍ਹਾਸ ਕੱਢੀ ਹੈ। ਸੱਚ ਪੁੱਛੋ ਤਾਂ ਸ਼ਰੇਆਮ ਗਾਲ੍ਹਾਂ ਕੱਢੀਆਂ ਹਨ।

ਅਨੇਕ ਅਜਿਹੀਆਂ ਵੀਡੀਓਜ਼ ਸਾਹਮਣੇ ਆ ਗਈਆਂ ਹਨ ਜਿਹੜੀਆਂ ਇਨ੍ਹਾਂ ਬਾਬਿਆਂ ਦੇ ਅਸਲ ਰੂਪ ਪੇਸ਼ ਕਰਦੀਆਂ ਹਨ। ਬੱਬੂ ਮਾਨ ਨੇ ਆਪਣੇ ਇਸ ਗੀਤ ਵਿਚ ਬਾਬਿਆਂ ਨੂੰ ਪੈਦਲ ਚੱਲਣ ਲਈ ਨਹੀਂ ਕਿਹਾ। ਉਸ ਨੇ ਸਿਫਰ ਇਨ੍ਹਾਂ ਵੱਲੋਂ 40-45 ਲੱਖ ਦੀ ਕੀਮਤ ਵਾਲੀਆਂ ਵਾਲੀਆਂ ਗੱਡੀਆਂ ਵਰਤਣ ਤੇ ਫੇਰ ਉਨ੍ਹਾਂ 'ਤੇ ਕਾਨੂੰਨੀ ਉਲੰਘਣਾ ਕਰਕੇ ਲਾਲ ਬੱਤੀ ਲਾਉਣ 'ਤੇ ਹੀ ਕਿੰਤੂ ਕੀਤਾ ਹੈ, ਜੋ ਬਿਲਕੁਲ ਜਾਇਜ਼ ਹੈ। ਪਰ ਲੋਕਾਂ ਨੂੰ ਸ਼ਾਂਤੀ ਪ੍ਰੇਮ, ਪਿਆਰ, ਭਾਈਚਾਰੇ ਦਾ ਪਾਠ ਪੜ੍ਹਾਉਣ ਵਾਲੇ ਬਾਬੇ ਬੱਬੂ ਦੇ ਗਾਣੇ ਤੋਂ ਬੁਰੀ ਤਰ੍ਹਾਂ ਕਲਪ ਉੱਠੇ ਹਨ। ਉਹ ਆਪਣੇ ਦੀਵਾਨਾਂ ਹੁਣ ਗੁਰਮਤਿ ਦਾ ਪ੍ਰਚਾਰ ਘੱਟ ਤੇ ਬੱਬੂ ਮਾਨ ਦੀ ਨਿਖੇਧੀ ਜ਼ਿਆਦਾ ਕਰਦੇ ਹਨ। ਆਸ ਹੈ ਬੱਬੂ ਮਾਨ ਆਪਣੀ ਇਸ ਨਵੀਂ ਪਿਰਤ ਨੂੰ ਕਾਇਮ ਰੱਖੇਗਾ ਤੇ ਪਿਛਲੇ ਸਮੇਂ 'ਚ ਗਾਏ ਕੁੱਝ ਗਲਤ ਗੀਤਾਂ ਨੂੰ ਫੇਰ ਨਹੀਂ ਦੁਹਰਾਵੇਗਾ। ਅਜੋਕੇ ਦੌਰ ਵਿਚ ਸਾਨੂੰ ਸੱਚਮੁੱਚ ਹੀ ਉਸ ਕਿਸਮ ਦੀ ਦਲੇਰੀ ਦੀ ਲੋੜ ਹੈ ਜਿਹੜੀ ਬੱਬੂ ਮਾਨ ਨੇ ਦਿਖਾਈ ਹੈ। ਬੱਬੂ ਦੇ ਪਿਛਲੇ ਕੁੱਝ ਗਾਣਿਆਂ 'ਤੇ ਸਖ਼ਤ ਇਤਰਾਜ਼ ਹੁੰਦਿਆਂ ਵੀ, ਅਸੀਂ ਓਸ ਦੀ ਇਸ ਨਵੀਂ ਕੋਸ਼ਿਸ਼ ਨੂੰ ਖੁੱਲ੍ਹੇ ਦਿਲ ਨਾਲ ਜੀ ਆਇਆਂ ਆਖਦੇ ਹਾਂ ਤੇ 'ਬੱਬੂ-ਬਾਬਾ ਵਿਵਾਦ' ਵਿਚ ਬੱਬੂ ਦੇ ਨਾਲ ਹਾਂ।
ਬਲੌਗ ਪਰਵਾਜ਼ ਤੋਂ ਧੰਨਵਾਦ ਸਹਿਤ
-ਹਰਮੇਲ ਪਰੀਤ

Saturday, November 14, 2009

ਪੰਜਾਬ ਦੀ ਨਬਜ਼ ‘ਤੇ ਹੱਥ ਧਰਦਾ ਬੱਬੂ ਮਾਨ

ਪੰਜਾਬ ਦਾ ਨੌਜਵਾਨ ਗਾਇਕ ਬੱਬੂ ਮਾਨ ਇਕ ਵਾਰ ਫਿਰ ਆਪਣੀ ਨਿਵੇਕਲੀ ਅਤੇ ਵਿਲੱਖਣ ਕਿਸਮ ਦੀ ਗਾਇਕੀ ਨਾਲ ਪੰਜਾਬੀਆਂ ਦੇ ਪਿੜ ਵਿਚ ਹਾਜ਼ਰ ਹੈ। ਚਾਰ ਸਾਲ ਦੇ ਵਕਫੇ ਤੋਂ ਬਾਅਦ ਆਪਣੇ ਹੱਥੀਂ ਲਿਖੇ ਅਤੇ ਆਪਣੇ ਹੀ ਸੰਗੀਤ ਨਾਲ ਸੰਵਾਰੇ ਬਹੁਤ ਹੀ ਗੰਭੀਰ ਕਿਸਮ ਦੇ ਗੀਤਾਂ ਨਾਲ ਬੱਬੂ ਮਾਨ ਨੇ ਪੰਜਾਬੀ ਗਾਇਕੀ ਦੇ ਪਿੜ ਵਿਚ ਆਪਣੀ ਵਿਲੱਖਣ ਥਾਂ ਬਣਾ ਲਈ ਹੈ। ਪੰਜਾਬੀ ਗਾਇਕੀ ਦਾ ਜੋ ਰੁਝਾਨ ਚੱਲ ਰਿਹਾ ਹੈ ਉਸ ਵਿਚ ਕਿਸੇ ਵੀ ਥਾਂ ੱਤੇ ਕਿਸੇ ਗੰਭੀਰ ਸੋਚ, ਸਹਿਜ ਜਾਂ ਸੰਦੇਸ਼ ਦਾ ਝਲਕਾਰਾ ਨਹੀਂ ਮਿਲਦਾ। ਗੁਰਦਾਸ ਮਾਨ ਨੇ ਆਪਣੇ ਕੁਝ ਗੀਤਾਂ ਵਿਚ ਮਨੁੱਖੀ ਸੁਭਾਅ ਅਤੇ ਫਿਤਰਤ ਬਾਰੇ ਸਮਾਜਕ ਟਿੱਪਣੀਆਂ ਕੀਤੀਆਂ ਹਨ ਪਰ ਪੰਜਾਬ ਅਤੇ ਸਿੱਖ ਵਿਰਸੇ ਬਾਰੇ ਉਸ ਗੀਤਾਂ ਵਿਚੋਂ ਕੁਝ ਵੀ ਅਜਿਹਾ ਨਹੀਂ ਮਿਲਦਾ ਜਿਸ ਤੋਂ ਇਹ ਝਲਕਾਰਾ ਮਿਲਦਾ ਹੋਵੇ ਕਿ ਗੁਰਦਾਸ ਮਾਨ ਦਾ ਪੰਜਾਬ ਵਿਚ ਰਹਿ ਰਹੇ ਸਿੱਖਾਂ ਨਾਲ, ਉਨ੍ਹਾਂ ਦੇ ਜੀਵਨ ਨਾਲ ਜਾਂ ਉਨ੍ਹਾਂ ਦੇ ਸੰਘਰਸ਼ ਨਾਲ ਕੋਈ ਗਹਿਰਾ ਲਗਾਅ ਹੈ। ਬਾਕੀ ਦੇ ਪੰਜਾਬੀ ਗਾਇਕ ਤਾਂ ਸਿਰਫ ਭੰਗੜਾ ਪਾਉਣ ਵਾਲੇ ਚੱਕ ਵਿਚ ਹੀ ਰੁਝੇ ਹੋਏ ਹਨ।

ਬੱਬੂ ਮਾਨ ਨੇ ਸੱਭਿਆਚਾਰਕ ਗੀਤਾਂ ਵਿੱਚ ਵੀ ਲੀਹ ਤੋਂ ਹਟਵੇਂ ਗੀਤ ਲਿਖ ਕੇ ਆਪਣੀ ਗੀਤਕਾਰੀ ਦਾ ਸਿੱਕਾ ਮਨਵਾਇਆ ਸੀ ਅਤੇ ਹੁਣ ‘ਸਿੰਘ ਬੈਟਰ ਦੈਨ ਕਿੰਗੱ ਨਾਮੀ ਕੈਸਟ ਰਾਹੀਂ ਉਸ ਨੇ ਖਾਲਸਾ ਪੰਥ ਦੇ ਉਸ ਦਰਦ ਨੂੰ ਬੋਲ ਦਿੱਤੇ ਹਨ ਜਿਸ ਨੂੰ ਕੌਮ ਦਾ ਵੱਡਾ ਹਿੱਸਾ ਆਪਣੇ ਸੀਨੇ ਵਿੱਚ ਛੁਪਾਈ ਬੈਠਾ ਹੈ। ਸਥਾਪਤੀ ਦੇ ਉਚੇ ਡੰਡੇ ਤੇ ਬੈਠੇ ਬੱਬੂ ਮਾਨ ਵੱਲੋਂ ਇਸ ਮੁਕਾਮ ਤੇ ਪਹੁੰਚ ਕੇ ਵੀ ਪੰਜਾਬ ਲਈ ਸ਼ਹਾਦਤਾਂ ਪਾ ਗਏ ਸਿੱਖ ਨੌਜਵਾਨਾਂ ਦੇ ਦਰਦ ਦੀ ਗੱਲ ਕਰਨੀ ਆਪਣੇ ਆਪ ਵਿੱਚ ਇਕ ਵੱਡੀ ਗੱਲ ਹੈ।

ਦਾਅਵਿਆਂ ਦੀ ਦੌੜ ਵਿੱਚ ਪੰਜਾਬ ਪਿੱਛੇ ਰਹਿ ਗਿਆ
ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ
ਦੇਸ਼ ਦੀ ਆਜ਼ਾਦੀ ਕੱਲਾ ਗਾਂਧੀ ਕਿਵੇਂ ਲੈ ਗਿਆ
ਗਦਰੀ ਬਾਬਿਆਂ ਦਾ ਕਿਵੇਂ ਗਦਰ ਭੁਲਾਵਾਂ ਮੈਂ
ਝੂਠੇ ਇਤਿਹਾਸ ਉੱਤੇ ਮੋਹਰ ਕਿਵੇਂ ਲਾਵਾਂ ਮੈਂ

ਨਿਰਸੰਦੇਹ ਬੱਬੂ ਮਾਨ ਦਾ ਇਹ ਗੀਤ ਉਸ ਦੇ ਸਿੱਖ ਵਿਰਸੇ ਨਾਲ ਗੂੜ੍ਹੀ ਤਰ੍ਹਾਂ ਜੁੜੇ ਹੋਣ ਅਤੇ ਪੰਜਾਬ ਨਾਲ ਹੋਈਆਂ ਸਿਆਸੀ ਬੇਈਮਾਨੀਆਂ ਦੀ ਸਪਸ਼ਟ ਬਾਤ ਪਾਉਂਦਾ ਹੈ। ਪੰਜਾਬੀ ਦਾ ਕੋਈ ਵੀ ਗਾਇਕ ਅੱਜ ਤੱਕ ਇਹ ਸਪੱਸ਼ਟ ਲਕੀਰ ਮਾਰ ਕੇ ਨਹੀਂ ਤੁਰ ਸਕਿਆ। ਭਾਰਤੀ ਸਟੇਟ ਨਾਲ ਪੰਜਾਬ ਦੇ ਰਿਸ਼ਤੇ ਬਾਰੇ ਅਤੇ ਪੰਜਾਬ ਨਾਲ ਹੋਈਆਂ ਵਧੀਕੀਆਂ ਬਾਰੇ ਕਿਸੇ ਪੰਜਾਬੀ ਗਾਇਕ ਦਾ ਏਨਾ ਸਪੱਸ਼ਟ ਸਟੈਂਡ ਲੈਣ ਦੀ ਇਹ ਸ਼ਾਇਦ ਪਹਿਲੀ ਘਟਨਾ ਹੈ। ਵਰਨਾ ਪੰਜਾਬੀ ਗਾਇਕੀ ਸਿਰਫ ਗਿੱਦੜ ਟਪੂਸੀਆਂ ਮਾਰਨ ਦਾ ਨਾਂ ਬਣਕੇ ਹੀ ਰਹਿ ਗਈ ਹੈ। ਕਰਮ ਚੰਦ ਗਾਂਧੀ ਦੇ ‘ਮਹਾਤਮਾੱ ਬਣ ਜਾਣ ਦਾ ਦਰਦ ਬੱਬੂ ਮਾਨ ਨੇ ਉਸੇ ਤਰ੍ਹਾਂ ਮਹਿਸੂਸ ਕੀਤਾ ਹੈ ਜਿਵੇਂ ਖਾਲਸਾਈ ਸਭਿਆਚਾਰ ਨਾਲ ਜੁੜਿਆ ਹੋਇਆ ਕੋਈ ਆਮ ਸਿੱਖ ਮਹਿਸੂਸ ਕਰਦਾ ਹੈ। ਇਸੇ ਤਰ੍ਹਾਂ ਕਰਤਾਰ ਸਿੰਘ ਸਰਾਭਾ ਅਤੇ ਸਿੱਖੀ ਨਾਲ ਜੁੜੇ ਹੋਏ ਅੰਮ੍ਰਿਤਧਾਰੀ ਗਦਰੀ ਬਾਬਿਆਂ ਦੀ ਅਦੁੱਤੀ ਸ਼ਹੀਦੀ ਦੇ ਮੁਕਾਬਲੇ ਭਾਰਤ ਦੀ ਬਹੁਗਿਣਤੀ ਵੱਲੋਂ ਸਿਰਫ ਭਗਤ ਸਿੰਘ ਨੂੰ ਅਪਨਾ ਕੇ ਇੱਕੋ ਇੱਕ ਹੀਰੋ ਵੱਜੋਂ ਪੇਸ਼ ਕਰਨ ਪਿੱਛੇ ਕੰਮ ਕਰਦੀ ਗੰਦੀ ਰਾਜਨੀਤੀ ਨੂੰ ਵੀ ਬੱਬੂ ਮਾਨ ਦੀ ਅੱਖ ਸਪੱਸ਼ਟ ਦੇਖ ਰਹੀ ਹੈ।
ਇਸੇ ਤਰ੍ਹਾਂ ਖੁਦਕੁਸ਼ੀਆਂ ਕਰ ਰਹੀ ਪੰਜਾਬ ਦੀ ਕਿਸਾਨੀ ਨਾਲ ਸੈਂਟਰ ਸਰਕਾਰ ਦੇ ਧੱਕੇ ਦੀ ਗੱਲ ਕਰਦਿਆਂ ਬੱਬੂ ਮਾਨ ਸਪੱਸ਼ਟ ਰੂਪ ਵਿਚ ਖਾਲਸਾਈ ਸਭਿਆਚਾਰ ਨਾਲ ਜਾ ਖੜ੍ਹਦਾ ਹੈ।
ਪ੍ਰਸਿੱਧ ਪੱਤਰਕਾਰ ਅਤੇ ਗੀਤਕਾਰ ਸ਼ਮਸ਼ੇਰ ਸੰਧੂ ਨੇ ਬੱਬੂ ਮਾਨ ਨੂੰ ਇਸ ਦਹਾਕੇ ਦੀ ਪੰਜਾਬੀ ਗਾਇਕੀ ਦਾ ਸੁਭਾਗ ਆਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਬੂ ਮਾਨ ਦੀ ਗਾਇਕੀ ਵਿਚ ਇਕ ਸਹਿਜ, ਸਥਿਰਤਾ ਅਤੇ ਸੁਨੇਹਾ ਮੌਜੂਦ ਹੈ ਇਸੇ ਲਈ ਉਹ ਭੀੜ ਵਿੱਚ ਨਹੀਂ ਗੁਆਚਿਆ। ਵਾਕਿਆ ਹੀ ਸਿੱਖ ਸ਼ਹੀਦਾਂ ਦੇ ਲਹੂ ਨਾਲ ਰੰਗੀ ਹੋਈ ਘਰਤੀ ਤੇ ਜੰਮਿਆ ਪਲਿਆ ਬੱਬੂ ਮਾਨ ਭੀੜ ਤੋਂ ਹਟਕੇ ਚੱਲਣ ਦੀ ਕੋਸ਼ਿਸ ਕਰ ਰਿਹਾ ਪ੍ਰਤੀਤ ਹੋ ਰਿਹਾ ਹੈ।
‘ਸਿੰਘ ਬੈਟਰ ਦੈਨ ਕਿੰਗੱ ਵਿੱਚ ਉਸ ਨੇ ਜਿੱਥੇ ਆਪਣੀ ਗਾਇਕੀ ਅਤੇ ਗੀਤਕਾਰੀ ਦਾ ਲੋਹਾ ਮਨਵਾਇਆ ਹੈ ਉਥੇ ਉਸ ਨੇ ਇਸ ਕੈਸਟ ਰਾਹੀਂ ਆਪਣੀ ਨਿਖਰੀ ਹੋਈ ਸਿਆਸੀ ਸੂਝ ਦਾ ਵੀ ਬੇਖੌਫ ਮੁਜਾਹਰਾ ਕੀਤਾ ਹੈ :
ਇੱਕ ਬਾਬਾ ਨਾਨਕ ਸੀ ਜੀਹਨੇ ਤੁਰ ਕੇ ਦੁਨੀਆਂ ਗਾਹਤੀ
ਇੱਕ ਅੱਜ ਦੇ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ...


ਬਹੁਤ ਹੀ ਟਿਕਾਅ ਅਤੇ ਸਹਿਜ ਵਿੱਚ ਗਾਏ ਗਏ ਗੀਤ ਰਾਹੀਂ ਬੱਬੂ ਮਾਨ ਨੇ ਸਿੱਖ ਪੰਥ ਵਿੰਚ ਪੈਦਾ ਹੋ ਰਹੇ ਡੇਰਾਵਾਦ ਅਤੇ ਸਿੱਖੀ ਦੇ ਨਾਂ ਤੇ ਚਲਦੇ ‘ਕਾਰੋਬਾਰੱ ਦਾ ਪਾਜ਼ ਨੰਗਾ ਕੀਤਾ ਹੈ। ਜਿਹੜੇ ਵਿਚਾਰੇ ਕੁਝ ਵੀ ਨਹੀਂ ਸਨ ਅਤੇ ਨਾ ਹੀ ਕੁਝ ਹਨ ਉਹ ਰੱਬ ਬਣ ਬੈਠੇ ਹਨ ਪਰ ਜਿਹੜੇ ਖਾਲਸਾ ਪੰਥ ਦੇ ਗਹਿਰ ਗੰਭੀਰ ਕਾਫਲੇ ਦੇ ਵਾਰਸ ਸਨ ਉਹ ਜੇਲ੍ਹਾਂ ਵਿਚ ਡੱਕੇ ਹੋਏ ਹਨ। ਜਿਹੜੇ ਸਰਕਾਰ ਖਿਲਾਫ ਹਿੱਕਾਂ ਡਾਹ ਕੇ ਖੜੇ੍ਹ ਹਨ ਉਹ ਤਰੀਕਾਂ ਭੁਗਤਦੇ ਫਿਰਦੇ ਹਨ ਪਰ ਸਿੱਖੀ ਦੇ ਨਾਂ ਤੇ ਡੰਕੇ ਵਜਾਉਣ ਵਾਲੇ ਹਾਕਮਾਂ ਵਰਗੀ ਤਰਜ਼ੇ ਜਿੰਦਗੀ ਜੀਅ ਰਹੇ ਹਨ।
ਆਪਣੇ ਇਕ ਹੋਰ ਗੀਤ ..ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ...ਰਾਹੀਂ ਬੱਬੂ ਮਾਨ ਨੇ ਖਾਲਸਾ ਪੰਥ ਵੱਲੋਂ ਆਪਣੇ ਅਕੀਦੇ ਅਤੇ ਵਿਰਸੇ ਦੀ ਸੰਭਾਲ ਲਈ ਲਾਈ ਸ਼ਹਾਦਤਾਂ ਦੀ ਝੜੀ ਦੀ ਗੱਲ ਕੀਤੀ ਹੈ। ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਅਤੇ ਸਰਦਾਰ ਹਰੀ ਸਿੰਘ ਨਲੂਆ ਦਾ ਜਿਕਰ ਕਰਦਾ ਕਰਦਾ ਬੱਬੂ ਮਾਨ ਵਰਤਮਾਨ ਸਮੇਂ ਦੀ ਸਿੱਖ ਸ਼ਹੀਦਾਂ ਦੀ ਗੱਲ ਵੀ ਡਟਕੇ ਕਰਦਾ ਹੈ।
ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸੁਰੰਗ ਪੁੱਟ ਕੇ ਜੇਲ੍ਹ ਵਿਚੋਂ ਫਰਾਰ ਹੋ ਜਾਣ ਦੇ ਇਤਿਹਾਸਕ ਕਾਰਨਾਮੇ ਨੂੰ ਵੀ ਬੱਬੂ ਮਾਨ ਨੇ ਪੁਰਾਤਨ ਸ਼ਹੀਦਾਂ ਦੀ ਕੁਰਬਾਨੀ ਦੇ ਬਰਾਬਰ ਸਲਾਹਿਆ ਹੈ।
ਸੁਰੰਗਾਂ ਪੱਟ ਕੇ ਨਿਕਲ ਗਏ ਅਗਲੇ ਕਾਹਨੂੰ ਡੱਕਦੀਆਂ ਜੇਲ੍ਹਾਂ ਦਾ ਜਿਕਰ ਕਰਕੇ ਉਸ ਨੇ ਆਪਣੀ ਗਵਾਂਢੀ ਪਿੰਡ ਦੇ ਸਿੱਖ ਜੁਝਾਰੂ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਦਲੇਰੀ ਨੂੰ ਪ੍ਰਣਾਮ ਕੀਤਾ ਹੈ। ਪੰਜਾਬੀ ਗਾਇਕੀ ਵਿਚ ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਕਿਸੇ ਏਡੇ ਵੱਡੇ ਸਥਾਪਤ ਗਾਇਕ ਨੇ ਸਿੱਖ ਵਿਰਸੇ ਨਾਲ ਆਪਣੀ ਵਫਾ ਕਮਾਈ ਹੈ।
ਕਈ ਵਾਰ ਕੌਮਾਂ ਦੇ ਸੀਨੇ ਤੇ ਲੱਗੇ ਵੱਡੇ ਫੱਟ ਸਦੀਆਂ ਤੱਕ ਕੌਮਾਂ ਦੇ ਦਿਲ ਦਾ ਦਰਦ ਬਣ ਜਾਂਦੇ ਹਨ। ਬੱਬੂ ਮਾਨ ਜਿਸ ਇਲਾਕੇ ਵਿਚ ਜੰਮਿਆ ਪਲਿਆ ਹੈ ਉਹ ਖਾੜਕੂ ਸਿੱਖ ਸੰਘਰਸ਼ ਦੀ ਬਹੁਤ ਹੀ ਵੱਡੀ ਕਰਮਭੂਮੀ ਰਹੀ ਹੈ। ਇਸ ਇਲਾਕੇ ਨੇ ਭਾਈ ਜਗਤਾਰ ਸਿੰਘ ਹਵਾਰਾ ਤੋਂ ਬਿਨਾਂ ਭਾਈ ਬਲਦੇਵ ਸਿੰਘ ਹਵਾਰਾ, ਭਾਈ ਚਰਨਜੀਤ ਸਿੰਘ ਚੰਨੀ, ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਖੰਟ ਮਾਨਪੁਰ ਪਿੰਡ ਦੇ ਹੀ ਬਹਤੁ ਦਲੇਰ ਅਤੇ ਸਾਊ ਖਾੜਕੂ ਸਿੰਘ ਭਾਈ ਜਸਵੀਰ ਸਿੰਘ ਲਾਲੀ ਖੰਟ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਪੰਥ ਨਾਲ ਹੋਏ ਧੱਕਿਆਂ ਦੇ ਖਿਲਾਫ ਜੰਗ ਦੇ ਮੈਦਾਨ ਵਿਚ ਜੂਝ ਕੇ ਸ਼ਹੀਦੀਆਂ ਪਾਈਆਂ। ਸਾਇਦ ਉਨ੍ਹਾਂ ਯੋਧਿਆਂ ਦੀ ਸ਼ਹੀਦੀ ਹੋਰ ਦਰਦਮੰਦ ਸਿੱਖਾਂ ਵਾਂਗ ਬੱਬੂ ਮਾਨ ਦੇ ਸੀਨੇ ਵਿੱਚ ਵੀ ਸੱਲ੍ਹ ਪਾਉਂਦੀ ਹੋਵੇਗੀ।
ਗੁਲਾਮੀ ਜਾਂ ਵਿਦੇਸ਼ੀ ਤਾਕਤਾਂ ਦੇ ਕਬਜ਼ੇ ਹੇਠ ਰਹਿ ਰਹੀਆਂ ਕੌਮਾਂ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ਬਾਰੇ ਬਹੁਤ ਹੀ ਗੰਭੀਰ ਖੋਜ ਕਾਰਜ ਕਰਨ ਵਾਲੇ ਇਤਿਹਾਸਾਕਾਰ ਜੇਮਜ਼ ਸੀ ਸਕਾਟ ਦਾ ਮੰਨਣਾ ਹੈ ਕਿ ਗੁਲਾਮੀ ਵਿਚ ਜਾਂ ਗੁਲਾਮੀ ਵਰਗੇ ਹਾਲਤਾਂ ਵਿਚ ਰਹਿਣ ਵਾਲੀਆਂ ਕੌਮਾਂ ਦਾ ਦਿਲ ਅਤੇ ਜਿਗਰਾ ਬਹੁਤ ਵੱਡਾ ਹੁੰਦਾ ਹੈ ਅਤੇ ਉਹ ਕਈ ਕਈ ਦਹਾਕੇ ਸਧਾਰਨ ਜਿੰਦਗੀ ਜੀਊਣ ਦੇ ਬਾਵਜੂਦ ਵੀ ਕਿਸੇ ਨੂੰ ਆਪਣੇ ਦਿਲ ਅਤੇ ਆਤਮਾ ਵਿਚ ਵਸੀ ਹੋਈ ਗੱਲ ਦਾ ਭੇਤ ਨਹੀਂ ਦੇਂਦੀਆਂ। ਅਜਿਹੀਆਂ ਕੌਮਾਂ ਆਪਣੀ ਆਜ਼ਾਦੀ ਦੀ ਤਾਂਘ ਹਮੇਸ਼ਾ ਹੀ ਆਪਣੇ ਦਿਲ ਵਿਚ ਵਸਾ ਕੇ ਰੱਖਦੀਆਂ ਹਨ। ਕਬਜ਼ੇ ਖਿਲਾਫ ਜੰਗ ਵਿਚ ਨਿਤਰੇ ਅਤੇ ਸ਼ਹੀਦ ਹੋ ਗਏ ਸੂਰਬੀਰਾਂ ਦੀ ਯਾਦ ਕੌਮਾਂ ਦੇ ਮਨ ਵਿਚ ਹਮੇਸ਼ਾ ਬਣੀ ਰਹਿੰਦੀ ਹੈ।
ਸ਼ਾਇਦ ਇਸੇ ਲਈ ਬੱਬੂ ਮਾਨ ਆਪਣੇ ਅਗਲੇ ਗੀਤ ਵਿਚ ਕੌਮ ਦੇ ਸ਼ਹੀਦਾਂ ਦੀ ਗੱਲ ਕਰਦਾ ਕਹਿੰਦਾ ਹੈ :
ਜਿਹੜੇ ਕੌਮ ਦੇ ਹੀਰੇ ਸੀ ਦੱਸ ਉਹ ਕਿਉਂ ਸੂਲੀ ਟੰਗੇ
ਜਿਹੜੇ ਕੌਮ ਦੇ ਕਾਤਲ ਸੀ ਉਹ ਲਹਿਰਾਉਂਦੇ ਫਿਰਦੇ ਝੰਡੇ...

ਇਸੇ ਗੀਤ ਵਿੱਚ ਉਹ ਸਮੇਂ ਦੀ ਬੇਵਫਾਈ ਤੇ ਟਕੋਰ ਕਰਦਾ ਹੋਇਆ ਸਿੱਖ ਕੌਮ ਵੱਲੋਂ ਭੁਲਾ ਦਿਤੇ ਗਏ ਆਪਣੇ ਹੀਰਿਆਂ ਦਾ ਉਲਾਂਭਾ ਦੇਂਦਾ ਹੈ :
ਜਿਹੜਾ ਧਰਮ ਲਈ ਮਰਦੈ
ਉਹਨੂੰ ਕਿੱਥੇ ਯਾਦ ਕੋਈ ਕਰਦੈ
ਜਿਹੜਾ ਪਾਵਰ ਵਿੰਚ ਹੁੰਦਾ ਉਸ ਦਾ ਹਰ ਕੋਈ ਪਾਣੀ ਭਰਦੈ
ਸਾਡੀ ਹਾਲਤ ਇਹ ਬਣ ਗਈ ਜਿਵੇਂ ਸੰਣਘ ਦੇ ਦੱਬੇ ਟੰਗੇ
ਜਿਹੜੇ ਕੌਮ ਦੇ ਹੀਰੇ ਸੀ ਦੱਸ ਉਹ ਕਿਉਂ ਸੂਲੀ ਟੰਗੇ
ਜਿਹੜੇ ਕੌਮ ਦੇ ਕਾਤਲ ਸੀ ਉਹ ਲਹਿਰਾਉਂਦੇ ਫਿਰਦੇ ਝੰਡੇ...

ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਤੇ ਕੁਰਸੀਆਂ ਡਾਹੀ ਬੈਠੇ ਮੌਕਾਪ੍ਰਸਤ ਲੀਡਰਾਂ ਲਈ ਇਹ ਵੱਡਾ ਮਿਹਣਾ ਹੈ। ਬੱਬੂ ਮਾਨ ਦੀ ਗੀਤਕਾਰੀ ਸਿਰਫ ਕਿਸ ਭਾਵੁਕ ਜਿਹੇ ਜਜ਼ਬਾਤ ਦੀ ਹੀ ਉਪਜ ਨਹੀਂ ਹੈ ਬਲਕਿ ਉਹ ਸਿਆਸੀ ਤੌਰ ੱਤੇ ਇਕ ਸੁਚੇਤ ਵਿਦਿਆਰਥੀ ਵਾਂਗ ਟਿੱਪਣੀਆਂ ਕਰਦਾ ਹੈ। ਇਸੇ ਗੀਤ ਵਿਚ ਉਹ ਅੱਗੇ ਜਾ ਕੇ ਲਿਖਦਾ ਹੈ:
ਮਾਂ-ਪਿਓ ਮਰਵਾ ਲਏ ਨੇ
ਇੱਜ਼ਤ ਭੈਣਾਂ ਦੀ ਲੁਟਵਾਈ
ਇਹ ਲੋਕੀ ਦੇਂਦੇ ਨੇ ਕਿਸ ਪੰਜਾਬੀ ਦੀ ਦੁਹਾਈ


ਇਸ ਛੰਦ ਨਾਲ ਬੱਬੂ ਮਾਨ ਸਿੱਖ ਪੰਥ ਦੇ ਆਪਣੇ ਵਿਲੱਖਣ ਅਤੇ ਇਤਿਹਾਸਕ ਵਿਰਸੇ ਦੇ ਮੁਕਾਬਲੇ ਸਟੇਟ ਵੱਲੋਂ ਅਤੇ ਉਸ ਦੇ ਚਮਚਿਆਂ ਵੱਲੋਂ ਫੈਲਾਈ ਜਾ ਰਹੀ ਨਿਪੁੰਸਕ ਜਿਹੀ ਪੰਜਾਬੀਅਤ ਦਾ ਪਾਜ ਉਘੇੜਿਆ ਹੈ। ਕਿਸੇ ਪੰਜਾਬੀ ਗਾਇਕ ਵਲੋਂ ਪੰਜਾਬ ਦੇ ਰਾਜਨੀਤਕ ਵਿਰਸੇ ਬਾਰੇ ਏਨਾ ਸੁਚੇਤ ਸਟੈਂਡ ਲੈਣਾ ਬਹੁਤ ਮਹੱਤਵਪੂਰਨ ਕਾਰਜ ਹੈ।

ਖਾੜਕੂ ਸਿੱਖ ਲਹਿਰ ਦੌਰਾਨ ਮਹਿਜ ਪੁਲਿਸ ਵਿਚ ਨੌਕਰੀ ਕਰਨ ਕਰਕੇ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਦਰਦ ਨੂੰ ਬੱਬੂ ਮਾਨ ਨੇ ਬਾਖੂਬ ਪੇਸ਼ ਕੀਤਾ ਹੈ। ਇਸ ਬੰਦ ਰਾਹੀਂ ਉਸ ਨੇ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋਏ ਖਾੜਕੂ ਸਿੱਖ ਲਹਿਰ ਦਾ ਇਕ ਪਿਆਰੇ ਦੋਸਤ ਵਾਂਗ ਮੁਤਾਲਿਆ ਕਰਨ ਦਾ ਯਤਨ ਕੀਤਾ ਹੈ। ਅਜਿਹਾ ਕਰਦਿਆਂ ਉਹ ਸਟੇਟ ਦਾ ਧੁਤੂ ਬਣੇ ਕਾਮਰੇਡਾਂ ਵਾਂਗ ਲਲਕਾਰੇ ਮਾਰਦਾ ਨਜ਼ਰ ਨਹੀਂ ਆਇਆ।

ਆਪਸ ਵਿਚ ਮਰ ਮਰ ਕੇ ਦੱਸੋ ਖੱਟੀ ਕੀ ਕਮਾਈ
ਜਿਹੜੀ ਪੁਲਿਸ ਵੀ ਮਰੀ ਹੈ ਉਹ ਵੀ ਸੀ ਸਾਡੇ ਭਾਈ...


ਸਿੱਖ ਵਿਰਸੇ ਨੂੰ ਖੋਰ ਕੇ ਅਤੇ ਢਾਹ ਕੇ ਉਸਾਰੇ ਜਾ ਰਹੇ ਸੰਗਮਰਮਰੀ ਗੁਰਦੁਆਰਿਆਂ ਬਾਰੇ ਵੀ ਬੱਬੂ ਮਾਨ ਇਕ ਸੁਚੇਤ ਸਿੱਖ ਵਾਂਗ ਦਰਦ ਮਹਿਸੂਸ ਕਰਦਾ ਹੈ। ਉਸ ਨੂੰ ਖਾਲਸਾ ਪੰਥ ਦੇ ਮਹਾਨ ਵਿਰਸੇ ਚੱਪੜਚਿੜੀ ਦੇ ਮੈਦਾਨ ਦੇ ਗੁਆਚ ਜਾਣ ਦਾ ਦਰਦ ਵੱਢ ਵੱਢ ਖਾ ਰਿਹਾ ਹੈ। ਦੀਵਾਨ ਟੋਡਰ ਮੱਲ ਦੀ ਹਵੇਲੀ ਨਾਲ ਪਿਆਰ ਕਰਨ ਦਾ ਹੋਕਾ ਵੀ ਬੱਬੂ ਮਾਨ ਇਸ ਕੈਸਟ ਰਾਹੀਂ ਦੇਂਦਾ ਹੈ।

ਸਮੁੱਚੇ ਰੂਪ ਵਿਚ ਆਖਿਆ ਜਾ ਸਕਦਾ ਹੈ ਕਿ ਬੱਬੂ ਮਾਨ ਨੇ ਸਥਾਪਤੀ ਦੇ ਇਸ ਮੁਕਾਮ ਤੇ ਪਹੁੰਚ ਕੇ ਵੀ ਸਿੱਖ ਵਿਰਸੇ ਨਾਲ ਆਪਣੇ ਮੋਹ ਨੂੰ ਟੁੱਟਣ ਨਹੀਂ ਦਿਤਾ ਹੈ। ਖਾਲਸਾਈ ਕਾਜ਼ ਲਈ ਜੂਝ ਕੇ ਸ਼ਹਾਦਤਾਂ ਪਾ ਗਏ ਸੂਰਮਿਆਂ ਦੀ ਯਾਦ ਹਮੇਸ਼ਾ ਹਮੇਸ਼ਾ ਲਈ ਦਰਦਮੰਦ ਸਿੱਖਾਂ ਵਾਂਗ ਉਸ ਦੀ ਰੂਹ ਦਾ ਹਿੱਸਾ ਬਣ ਗਈ ਹੈ।

ਸਿੱਖ ਮਾਨਸਿਕਤਾ ਤੇ ਲੱਗੇ ਜ਼ਖਮਾਂ ਨੂੰ ਇਸ ਤਰ੍ਹਾਂ ਬੋਲ ਦੇਣ ਦੀ ਜ਼ਿੰਮੇਵਾਰੀ ਵੈਸੇ ਤਾਂ ਹਰ ਸਿੱਖ ਇਤਿਹਾਸਕਾਰ, ਪੱਤਰਕਾਰ, ਕਵੀ, ਲਿਖਾਰੀ ਅਤੇ ਗਾਇਕ ਦੀ ਹੈ ਪਰ ਹਵਾ ਦੇ ਉਲਟ ਚੱਲਣ ਦਾ ਜਿਗਰਾ ਕਿਸੇ ਕਿਸੇ ਵਿੱਚ ਹੀ ਹੁੰਦਾ ਹੈ। ਆਪਣੀ ਨਵੀਂ ਕੈਸਟ ਰਾਹੀਂ ਬੱਬੂ ਮਾਨ ਨੇ ਸਿੱਖੀ ਨਾਲ ਆਪਣੀ ਸਾਂਝ ਦੀ ਗਵਾਹੀ ਦੇ ਦਿੱਤੀ ਹੈ।
ਅਵਤਾਰ ਸਿੰਘ ਯੂ ਕੇ
ਅੰਮ੍ਰਿਤਸਰ ਟਾਈਮਜ਼ ਤੋਂ ਧੰਨਵਾਦ ਸਹਿਤ