ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, December 28, 2014

ਭੂਤਵਾੜੇ ਦਾ 'ਲਾਲੀ ਭੂਤ' ਨਹੀਂ ਰਿਹਾ


ਪੰਜਾਬ ਦੀ ਮੌਖਿਕ ਗਿਆਨ ਪਰੰਪਰਾ ਦਾ ਆਖਰੀ ਚਿਰਾਗ
ਪੰਜਾਬ ਦੀ ਮੌਖਿਕ ਗਿਆਨ ਪਰੰਪਰਾ ਦਾ ਆਖਰੀ ਚਿਰਾਗ ਪਟਿਆਲੇ ਵਾਲਾ ਪ੍ਰੋ. ਲਾਲੀ ( ਹਰਦਲਜੀਤ ਸਿੰਘ ਸਿੱਧੂ) ਇਸ ਜਹਾਨੋਂ ਤੁਰ ਗਿਆ ਹੈ।ਅਸਲ ਵਿਚ ਉਸ ਦੀ ਖੁਦ-ਦਾਰ ਰੂਹ ਤਾਂ ਕੁਝ ਸਾਲ ਪਹਿਲਾਂ ਪਟਿਆਲਿਓਂ ਆਪਣੇ ਜੱਦੀ ਘਰ 'ਚੋਂ ਉਖੜ ਕੇ ਪੰਚਕੂਲੇ ਤੇ ਫਿਰ ਉਥੋਂ ਉਲਝ ਕੇ ਵਾਪਸ ਪਟਿਆਲੇ ਕਿਰਾਏ ਦੇ ਘਰ ਵਿਚ ਰੈਣਬਸੇਰਾ ਕਰਨ ਵੇਲੇ ਮਰ ਗਈ ਸੀ , ਕੇਵਲ ਸਰੀਰ ਹੁਣ ਮਰਿਆ ਹੈ।ਅਸਲ ਵਿਚ ਲਾਲੀ ਦੀ ਰੂਹ ਤਾਂ ਸਿਲੇਬਸ ਦੇ ਹਾਸ਼ੀਏ 'ਤੇ ਗਿਆਨ ਦੇ ਚਿਰਾਗ ਬਾਲਣ ਵਾਲੀ ਉਸ ਵਲੋਂ ਚਲਾਈ ਜਾ ਰਹੀ ਅਰਸਤੂਈਅਨ ਗੁਰੂ-ਸ਼ਿਸ਼ ਪਰੰਪਰਾ ਦੀ ਨੱਬਿਆਂ 'ਚ ਪੰਜਾਬੀ ਯੂਨੀਵਰਸਿਟੀ ਚੋਂ ਸਫ ਵਲ੍ਹੇਟੇ ਜਾਣ ਵੇਲੇ ਹੀ ਮਰ ਗਈ ਸੀ, ਕੇਵਲ ਕਲਬੂਤ ਹੁਣ ਮਰਿਆ ਹੈ। ਲਾਲੀ ਜਗੀਰਦਾਰਾਂ ਦੇ ਘਰ ਜੰਮਿਆ ਉਹ ਦਰਵੇਸ਼ ਸੀ ਜੋ ਬਗਲੀ ਪਾ ਕੇ ਮੋਹਰਾਂ ਵੰਡਦਾ ਰਿਹਾ।ਲਾਲੀ ਇਕ ਅਜਿਹਾ ਅਧਿਆਪਕ ਸੀ ਜੋ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਬਾਹਰਲੇ ਗਿਆਨ ਦੀ ਚੇਟਕ ਲਾ ਕੇ , ਅਜੋਕੇ ਵਿਸ਼ਵਦਿਆਲਾ ਕਲਚਰ ਦਾ ਥੋਥਾਪਣ ਉਜਾਗਰ ਕਰਦਾ ਰਿਹਾ। ਵਿਛੜ ਗਏ ਯਾਰ ਨੂੰ ਮੇਰੀਆਂ ਭਰੀਆਂ ਅੱਖਾਂ ਦੀ ਸ਼ਰਧਾਂਜਲੀ ।--
-Sidhu Damdami 
ਜਦੋਂ 1965 ਵਿਚ ਮੈਂ ਐਮ.ਏ. ਅੰਗਰੇਜ਼ੀ ਕਰਨ ਲਈ ਪਟਿਆਲੇ ਪਹੁੰਚਿਆ ਉਥੇ ਭੂਤਵਾੜਾ ਸਥਾਪਤ ਹੀ ਨਹੀਂ ਸੀ, ਉਸ ਦੀ ਪਛਾਣ ਵੀ ਕਾਇਮ ਹੋ ਚੁੱਕੀ ਸੀ। ਉਸ ਨਾਲ ਗੁਰਭਗਤ ਸਿੰਘ, ਹਰਿੰਦਰ ਸਿੰਘ ਮਹਿਬੂਬ, ਹਰਦਿਲਜੀਤ ਲਾਲੀ, ਨਵਤੋਜ ਭਾਰਤੀ, ਕੁਲਵੰਤ ਗਰੇਵਾਲ ਤੇ ਕਈ ਹੋਰ ਜਣੇ ਸਬੰਧਤ ਸਨ। ਭੂਤਵਾੜਾ ਪ੍ਰੀਤ ਨਗਰ, ਲੋਅਰ ਮਾਲ, ਪ੍ਰੋ. ਪ੍ਰੀਤਮ ਸਿੰਘ ਦੀ ਕੋਠੀ, ‘ਅਰਵਿੰਦ’ ਦੇ ਸਾਹਮਣੇ ਸਥਿਤ ਸੀ। ਦੋ ਕਮਰਿਆਂ, ਇਕ ਰਸੋਈ, ਬਰਾਂਡੇ ਤੇ ਵੱਡੇ ਵਿਹੜੇ ਵਾਲੀ ਕੋਠੀ। ਇਥੇ ਰਹਿਣ ਵਾਲੇ ਕਦੋਂ ਸੌਂਦੇ, ਕਦੋਂ ਜਾਗਦੇ ਸਨ, ਆਸੇ ਪਾਸੇ ਕਿਸੇ ਨੂੰ ਪਤਾ ਨਹੀਂ ਸੀ। ਉਹ ਹਮੇਸ਼ਾ ਇਨ੍ਹਾਂ ਨੂੰ ਜਾਗਦੇ ਹੀ ਦੇਖਦੇ, ਰਾਤ ਨੂੰ ਸੰਗੀਤ ਦੀਆਂ ਧੁਨਾਂ ਉਚੀਆਂ ਹੁੰਦੀਆਂ, ਗਾਇਕੀ ਸੁਣਦੀ। ਆਏ ਗਏ ਦਾ ਦਿਨ ਰਾਤ ਮੇਲਾ ਲੱਗਿਆ ਰਹਿੰਦਾ। ਕਦੇ ਧਮਾਲ ਪੈਂਦੀ ਤੇ ਕਦੇ ਸਾਰੀ ਰਾਤ ਕਿਤਾਬਾਂ ਵਿਚਾਰਨ ਦਾ, ਸ਼ਾਇਰੀ ਦਾ ਦਰਬਾਰ ਲੱਗਿਆ ਰਹਿੰਦਾ। ਆਂਢੀਆਂ ਗੁਆਂਢੀਆਂ ਨੇ ਇਸ ਥਾਂ ਦਾ ਨਾਂ ‘ਭੂਤਵਾੜਾ’ ਰੱਖ ਦਿੱਤਾ ਅਤੇ ਭੂਤਵਾੜੇ ‘ਚ ਰਹਿਣ ਵਾਲਿਆਂ ਨੇ ਇਹ ਨਾਂ ਸਵੀਕਾਰ ਕਰ ਲਿਆ ਤੇ ਉਨ੍ਹਾਂ ਨੂੰ ‘ਭੂਤ’ ਆਖਿਆ ਜਾਣ ਲੱਗ ਪਿਆ। ਸਾਹਮਣੇ ਪ੍ਰੋ. ਪ੍ਰੀਤਮ ਸਿੰਘ ਸਨ, ਸਾਰਿਆਂ ਦੇ ਗੁਰੂਦੇਵ, ਉਨ੍ਹਾਂ ਨੂੰ ਸਹਿਜੇ ਹੀ ‘ਮਹਾਭੂਤ’ ਦੀ ਪਦਵੀ ਦੇ ਦਿੱਤੀ ਗਈ।

ਹੌਲੀ ਹੌਲੀ ਭੂਤਵਾੜੇ ਦਾ ਪਰਿਵਾਰ ਵਧਦਾ ਗਿਆ। ਸੁਰਜੀਤ ਲਾਲੀ, ਪ੍ਰੇਮ ਪਾਲੀ, ਹਰਭਜਨ ਸੋਹੀ, ਮੇਘ ਰਾਜ, ਜਗਮੀਤ ਸਿੰਘ, ਦਰਬਾਰਾ ਸਿੰਘ, ਜੋਗਿੰਦਰ ਹੀਰ, ਅਮਰਜੀਤ ਸਾਥੀ ਤੇ ਕਿੰਨੇ ਹੀ ਹੋਰ ਭੂਤ, ਜਿਨ੍ਹਾਂ ਦਾ ਵੱਖ-ਵੱਖ ਖੇਤਰਾਂ ਵਿਚ ਚਰਚਾ ਹੋਇਆ।

ਗੁਰਭਗਤ ਸਿੰਘ ਖਾਲਸਾ ਕਾਲਜ ਪੜ੍ਹਾ ਰਿਹਾ ਸੀ, ਨਵਤੇਜ ਭਾਰਤੀ ਤੇ ਹਰਿੰਦਰ ਮਹਿਬੂਬ ਭਾਸ਼ਾ ਵਿਭਾਗ ਵਿਚ ਕੰਮ ਕਰਦੇ ਸਨ ਤੇ ਭੂਤਵਾੜੇ ਦਾ ਸਾਰਾ ਖਰਚ ਉਨ੍ਹਾਂ ਦੇ ਜਿ਼ੰਮੇ ਸੀ। ਹੋਰ ਜਿੰਨਾ ਕਿਸੇ ਕੋਲ ਹੁੰਦਾ, ਸਾਂਝੇ ਲੰਗਰ ‘ਚ ਪੈ ਜਾਂਦਾ। ਗੱਲ ਖਰਚ ਜਾਂ ਅਖਰਚ ਦੀ ਨਹੀਂ ਸੀ, ਪੜ੍ਹਨ-ਪੜ੍ਹਾਉਣ ਤੇ ਗਿਆਨ ਦੇ ਮਾਹੌਲ ਨੂੰ ਵਿਕਸਤ ਕਰਨ ਦੀ ਸੀ। ਇਸ ਲਈ ਨਿਸ਼ਚਿਤ ਹੋ ਜਾਂਦਾ ਕਿ ਅੱਜ ਇਸ ਕਿਤਾਬ ਬਾਰੇ, ਇਸ ਵਿਸ਼ੇ ਬਾਰੇ ਚਰਚਾ ਕੀਤੀ ਜਾਣੀ ਹੈ, ਕੋਈ ਵੀ ਉਸ ਬਾਰੇ ਕਦੋਂ ਪੜ੍ਹਦਾ ਹੈ, ਕਦੋਂ ਸੋਚਦਾ, ਕਿੰਨਾ ਚਿਰ ਲਾਇਬਰੇਰੀ ਲਾਉਂਦਾ ਹੈ, ਇਸ ਬਾਰੇ ਕਿਸੇ ਨੇ ਨਹੀਂ ਪੁੱਛਣਾ, ਪਰ ਉਸ ਵੇਲੇ ਉਹ ਸਭ ਕੁਝ ਪੜ੍ਹਿਆ ਹੁੰਦਾ ਤਾਂ ਹੀ ਕੋਈ ਸਵੀਕਾਰ ਹੋ ਸਕਦਾ ਸੀ। ਗੁਰਭਗਤ ਸਿੰਘ ਗਿਆਨ ਦੀ ਬੁਲੰਦੀ ਤੇ ਅਕਾਦਮਿਕ ਸਿਰਜਣਾ ਨੂੰ ਕਾਇਮ ਰੱਖਦਾ, ਲਾਲੀ ਵਿਸ਼ਾਲ ਪਰਿਪੇਖ ਵਿਚ ਵਿਸ਼ੇ ਨੂੰ ਛੋਂਹਦਾ ਤੇ ਫਿਰ ਸਾਰਿਆਂ ‘ਚ ਸੰਵਾਦ ਸ਼ੁਰੂ ਹੋ ਜਾਂਦਾ। ਸ਼ਹਿਰ ਵਿਚ ਇਨ੍ਹਾਂ ਗੱਲਾਂ ਵਿਚ ਦਿਲਚਸਪੀ ਲੈਣ ਵਾਲੇ ਭੂਤਵਾੜੇ ਤੋਂ ਬਾਹਰ ਵਿਚਰਦੇ ਦੋਸਤਾਂ ਨੂੰ ਵੀ ਪਤਾ ਹੁੰਦਾ ਤੇ ਉਹ ਰਾਤ ਨੂੰ ਸਹਿਜੇ ਹੀ ਸੰਗਤ ਵਿਚ ਆ ਬੈਠਦੇ।

ਜਿਨ੍ਹਾਂ ਦਿਨਾਂ ਵਿਚ ਮੈਂ ਭੂਤਵਾੜੇ ਵਿਚ ਪਹੁੰਚਿਆ, ਮੈਂ ਵਿਲੱਖਣ ਅੰਦਾਜ਼ ਵਿਚ ਸਭ ਤੋਂ ਪਹਿਲਾਂ ਕੁਲਵੰਤ ਗਰੇਵਾਲ ਨੂੰ ਮਿਲਿਆ। ਉਹ ਭੂਤਵਾੜੇ ਦੇ ਨੇੜੇ ਹੀ ਰਹਿੰਦਾ ਸੀ, ਘਰੋਂ ਪੈਸੇ ਲੈ ਕੇ ਉਹ ਘਿਉ ਖਰੀਦਣ ਆਇਆ ਸੀ, ਪਰ ਉਸਨੇ ਦੇਖਿਆ ਭੂਤਵਾੜੇ ਦਾ ਲੰਗਰ ਮਸਤਾਨਾ ਹੋਇਆ ਸੀ। ਉਸਨੇ ਲੰਗਰ ਲਈ ਸਾਮਾਨ ਖਰੀਦਿਆ। ਸ਼ਾਮ ਨੂੰ ਬੜੀ ਦੇਰ ਤਕ ਆਪਣੇ ਗੀਤ ਗਾਉਂਦਾ ਰਿਹਾ (ਉਸ ਦੇ ਪ੍ਰਭਾਵਸ਼ਾਲੀ ਗੀਤ ਪੁਸਤਕ ਰੂਪ ਵਿਚ ਅਜੇ ਵੀ ਪ੍ਰਕਾਸ਼ਤ ਨਹੀਂ ਹੋਏ, ਉਡੀਕ ਹੈ)। ਉਹ ਸੱਚਾ ਸੌਦਾ ਕਰਨ ਦੀ ਪ੍ਰਸੰਨਤਾ ਨਾਲ ਡੂੰਘੀ ਰਾਤ ਘਰ ਚਲਾ ਗਿਆ।

ਇਹ ਦਿਨ ਬੜੇ ਦਿਲਚਸਪ ਸਨ। ਨਵਤੇਜ ਭਾਰਤੀ ‘ਤੇ ਸ਼ਾਇਰੀ ਛਾਈ ਹੋਈ ਸੀ। ਉਹ ਗਿਆਨ-ਵਿਗਿਆਨ ਦੀਆਂ ਗੱਲਾਂ ਵਿਚ ਆਪਣੀ ਸ਼ਾਇਰੀ ਬੁਲੰਦ ਕਰਦਾ।

‘‘ਸੂਰਜ ਕੋਈ ਨਿਚੋੜ ਕੇ ਮੇਰੇ ਸਾਹ ਗਰਮਾਓ।’’

ਹਰਿੰਦਰ ਮਹਿਬੂਬ ਵੀ ਸ਼ਾਇਰੀ ਦੇ ਵਿਸਥਾਰ ਵਿਚ ਪ੍ਰਗੀਤਕ ਬੋਲਾਂ ਦੀ ਸਿਰਜਣਾ ਵਿਚ ਰੁਝਿਆ ਹੋਇਆ ਸੀ ਤੇ ਉਸ ਦੇ ਫਕੀਰੀ ਬੋਲ ਉਚੇ ਹੁੰਦੇ:

ਕੰਤ ਦੀ ਥਾਹ ਨਾ ਲੈ ਤੂੰ ਸਖੀਏ

ਕੌਣ ਕੰਤ ਹੈ ਮੇਰਾ

ਜਲਾਂ ‘ਚੋਂ ਮੇਰਾ ਰੂਪ ਪਛਾਣੇ

ਪੱਥਰਾਂ ਉਤੇ ਬਸੇਰਾ।

ਕੇਸਾਂ ਨੂੰ ਧਾਹ ਚੜ੍ਹੀ ਜੁਆਨੀ

ਜਨਮ ਮੇਘ ਦਾ ਹੋਇਆ,

ਪੰਧ ਕਿਸੇ ਨੇ ਕੀਤਾ ਲੰਮਾ,

ਦਰ ਵਿਚ ਆਣ ਖਲੋਇਆ।

ਮੇਰਿਆਂ ਕੁੱਲ ਰਾਹਾਂ ਦਾ ਭੇਤੀ

ਦੀਵਿਆਂ ਦਾ ਵਣਜਾਰਾ,

ਰਹਿੰਦੀ ਉਮਰ ਦੀ ਪੂੰਜੀ ਲੈ ਕੇ

ਰਾਹੀਂ ਬਲੇ ਪਿਆਰਾ।

ਹਰਿੰਦਰ ਮਹਿਬੂਬ ਇਨ੍ਹਾਂ ਦਿਨਾਂ ਵਿਚ ਆਪਣੀ ਕਵਿਤਾ ਦੇ ਨਾਲ ਨਾਲ ਮਾਓ ਜ਼ੇ-ਤੁੰਗ ਦੀ ਕਵਿਤਾ ਦਾ ਅਨੁਵਾਦ ਕਰ ਰਿਹਾ ਸੀ ਅਤੇ ਬੜੇ ਜੋਸ਼ ਅਤੇ ਉਮਾਹ ਵਿਚ ਸੀ। ਕੁਝ ਦਿਨਾਂ ਬਾਅਦ ਉਸਨੂੰ ਪਤਾ ਲੱਗਾ ਕਿ ਮਾਓ ਜ਼ੇ-ਤੁੰਗ ਨੇ ਬੁੱਢੀ ਉਮਰ ਵਿਚ ਯੰਗਸੀ ਦਰਿਆ ਤਰ ਕੇ ਪਾਰ ਕੀਤਾ ਹੈ। ਹਰਿੰਦਰ ਮਹਿਬੂਬ ਉਹੋ ਜਿਹਾ ਕੋਈ ਦਰਿਆ ਲੱਭ ਰਿਹਾ ਸੀ ਜਿਸਨੂੰ ਉਹ ਉਸੇ ਤਰ੍ਹਾਂ ਤਰ ਕੇ ਪਾਰ ਕਰ ਸਕੇ ਕਿਉਂਕਿ ਉਸਨੂੰ ਤਰਨ ਦਾ ਡਾਢਾ ਸ਼ੌਕ ਸੀ।

ਹਰਬੰਸ ਬਰਾੜ, ਨਿਰਦੋਖ ਸਿੰਘ ਸਾਹਮਣੇ ਹੀ ਰਹਿੰਦੇ ਸਨ। ਉਹ ਥੋੜ੍ਹੀ ਜਿਹੀ ਵਿੱਥ ਵੀ ਸਥਾਪਤ ਰਖਦੇ ਸਨ ਤੇ ਭੂਤਵਾੜੇ ਦੀ ਗਿਆਨ-ਪ੍ਰਕਿਰਿਆ ਵਿਚ ਸ਼ਾਮਲ ਵੀ ਰਹਿੰਦੇ ਸਨ। ਹਰਬੰਸ ਬਰਾੜ ਕੰਜੂਸ ਬਾਹਲਾ ਸੀ। ਇਸ ਲਈ ਉਸਨੂੰ ਬੇਪਰਵਾਹ ਭੂਤਾਂ ਵਿਚ ਪੂਰੀ ਤਰ੍ਹਾਂ ਰਲਣਾ ਚੰਗਾ ਨਾ ਲੱਗਦਾ। ਇਸੇ ਲਈ ਇਕ ਵਾਰ ਜਦੋਂ ਹਰਬੰਸ ਬਰਾੜ ਇਧਰ ਉਧਰ ਸੀ ਇਹ ਫੈਸਲਾ ਕੀਤਾ ਗਿਆ ਕਿ ਉਸ ਦੇ ਚੁਬਾਰੇ ਵਿਚ ਛਾਪਾ ਮਾਰਿਆ ਜਾਏ। ਸਭ ਕੁਝ ਫੋਲਿਆ ਗਿਆ। ਜਮ੍ਹਾਂ ਪਏ ਦੇਸੀ ਘਿਓ ਦਾ ਪ੍ਰਸ਼ਾਦ ਬਣਾਇਆ ਗਿਆ। ਕੱਪੜਿਆਂ ਦੀਆਂ ਤੈਹਾਂ ‘ਚ ਲੁਕਾਏ ਪੈਸਿਆਂ ਦਾ ਇਹ ਫੈਸਲਾ ਕੀਤਾ ਗਿਆ ਕਿ ਸਾਰਾ ਭੂਤਵਾੜਾ ਸਿ਼ਮਲੇ ਦੀ ਸੈਰ ਕਰੇ। ਜਮ੍ਹਾ ਦੇਸੀ ਘਿਉ ਦਾ ਜਦੋਂ ਪ੍ਰਸ਼ਾਦ ਬਣਾਇਆ ਜਾ ਰਿਹਾ ਸੀ ਤਾਂ ਕਿਸੇ ਕੋਨੇ ‘ਚੋਂ ਬੀ ਪੈਨਸਲੀਨ ਦੀਆਂ ਗੋਲੀਆਂ ਵੀ ਨਿਕਲ ਆਈਆਂ। ਕਿਸੇ ਨੇ ਸੁਝਾਅ ਦਿੱਤਾ ਇਹ ਵੀ ਕੜਾਹ ਪ੍ਰਸ਼ਾਦ ਵਿਚ ਸੁੱਟ ਦਿਓ। ਇਉਂ ਹੀ ਹੋਇਆ। ਕਿਸੇ ਹੋਰ ਨੇ ਕਿਹਾ ਇਹ ਤਾਂ ਜ਼ਹਿਰੀਲਾ ਹੋ ਗਿਆ। ਇਕ ਕੁੱਤਾ ਲਿਆਂਦਾ ਗਿਆ। ਉਸਨੂੰ ਪਹਿਲਾਂ ਕੜਾਹ ਪ੍ਰਸ਼ਾਦ ਛਕਾਇਆ ਗਿਆ। ਉਹ ਕਾਇਮ ਰਿਹਾ। ਸਾਰੇ ਕੜਾਹ ਪ੍ਰਸ਼ਾਦ ਨੂੰ ਟੁੱਟ ਕੇ ਪੈ ਗਏ। ਹਰਬੰਸ ਬਰਾੜ ਵਾਪਸ ਆਇਆ ਤਾਂ ਉਸਨੂੰ ਉਸਦੇ ਨਕਦ ਪੈਸੇ ਵਾਪਸ ਕਰ ਦਿੱਤੇ ਗਏ। ਉਹ ਬੰਦਾ ਲਾਇਕ ਸੀ। ਦੁਨੀਆਂ ਤੋਂ ਵਿਦਾ ਹੋ ਜਾਣ ਦਾ ਸਾਰੇ ਭੂਤਾਂ ਨੂੰ ਅਜੇ ਤਕ ਅਫਸੋਸ ਹੈ।

ਭੂਤਵਾੜੇ ਵਿਚ ਫਿਕਰ ਸਿਰਫ ਕਿਤਾਬਾਂ ਤੇ ਗਿਆਨ ਦਾ ਹੁੰਦਾ ਸੀ। ਇਸ ਲਈ ਡਾ. ਅਮਰੀਕ ਸਿੰਘ ਜੋ ਅੰਗਰੇਜ਼ੀ ਵਿਭਾਗ ਦੇ ਉਦੋਂ ਮੁਖੀ ਬਣੇ ਸਨ, ਉਨ੍ਹਾਂ ਦੀ ਇਹ ਗੱਲ ਪਸੰਦ ਆਈ ਸੀ ਕਿ ਉਨ੍ਹਾਂ ਨੇ ਮਹਿੰਦਰਾ ਕਾਲਜ ਦੇ ਕੈਂਪਸ ਵਿਚ ਬਣੀ ਪੰਜਾਬੀ ਯੂਨੀਵਰਸਿਟੀ ਦੀ ਲਾਇਬਰੇਰੀ ਸਾਰੀ ਰਾਤ ਖੁੱਲ੍ਹਣ ਦਾ ਹੁਕਮ ਦੇ ਦਿੱਤਾ ਸੀ। ਭੂਤਵਾੜੇ ਦੇ ਬੰਦੇ ਸਾਰੀ ਰਾਤ ਲਾਇਬਰੇਰੀ ਦਾ ਫਾਇਦਾ ਉਠਾਉਂਦੇ ਤੇ ਆਪਣਾ ਪੜ੍ਹਨ-ਪੜ੍ਹਾਉਣ ਦਾ ਪ੍ਰੋਗਰਾਮ ਅੱਗੇ ਪਿੱਛੇ ਕਰ ਲੈਂਦੇ।

ਰਾਤ ਬਰਾਤੇ ਲਾਇਬਰੇਰੀ ਜਾਣ ਕਰ ਕੇ ਭੂਤਵਾੜੇ ਦੀ ਸ਼ਾਮ ਦਾ ਲੰਗਰ ਮਸਤਾਨਾ ਹੋ ਗਿਆ। ਲੰਗਰ ਤਾਂ ਉਂਜ ਵੀ ਕਈ ਵਾਰੀ ਮਸਤਾਨਾ ਹੋ ਜਾਂਦਾ ਸੀ। ਪ੍ਰਬੰਧ ਕਰਨਾ ਔਖਾ ਹੋ ਜਾਂਦਾ ਸੀ। ਇਕ ਵਾਰ ਲੰਗਰ ਮਸਤਾਨਾ ਹੋ ਗਿਆ ਤਾਂ ਮਹਿੰਦਰਾ ਕਾਲਜ ਦੇ ਹੋਸਟਲ ਵਿਚ ਸ਼ਾਮ ਨੂੰ ਰੋਟੀ ਖਾਣੀ ਸ਼ੁਰੂ ਕਰ ਦਿੱਤੀ। ਰਾਤ ਨੂੰ ਵਾਪਸ ਆ ਰਹੇ ਸਾਂ ਤਾਂ ਹੋਸਟਲ ਦੇ ਬਾਹਰ ਇਕ ਮੰਜੇ ‘ਤੇ ਕਸੂਤੇ ਜਿਹੇ ਢੰਗ ਨਾਲ ਦੋ ਬੰਦੇ ਸੁੱਤੇ ਦਿੱਸੇ। ਉਨ੍ਹਾਂ ਨੂੰ ਜਗਾਇਆ। ਪੁੱਛਣ ‘ਤੇ ਪਤਾ ਲੱਗਾ ਉਹ ਹਰਭਜਨ ਸੋਹੀ (ਬਾਅਦ ਵਿਚ ਨਕਸਲੀ ਨੇਤਾ ਬਣਿਆ) ਤੇ ਮੇਘ ਰਾਜ ਸਨ। ਉਨ੍ਹਾਂ ਨੂੰ ਭੂਤਵਾੜੇ ਟਿਕਣ ਦਾ ਸੱਦਾ ਦਿੱਤਾ। ਉਨ੍ਹਾਂ ਸਵੀਕਾਰ ਕਰ ਲਿਆ ਤੇ ਦੋ ਤਿੰਨ ਦਿਨਾਂ ਵਿਚ ਹੀ ਉਹ ਭੂਤਵਾੜੇ ਵਿਚ ਰਚਮਿਚ ਗਏ। ਕਈ ਦਿਨ ਹੋ ਗਏ ਸਨ ਭੂਤਵਾੜੇ ਵਿਚ ਲੰਗਰ ਪੱਕਿਆਂ। ਹਰਭਜਨ ਗਾ ਲੈਂਦਾ ਸੀ। ਇਕ ਦਿਨ ਭਾਸ਼ਾ ਵਿਭਾਗ ਦੇ ਇਕ ਮੁਕਾਬਲੇ ਵਿਚ ਹਰਭਜਨ ਨੂੰ ਪੁਰਸਕਾਰ ਮਿਲਿਆ। ਸੋਚਿਆ ਭੂਤਵਾੜੇ ਵਿਚ ਅੱਜ ਲੰਗਰ ਤਿਆਰ ਹੋਵੇ। ਉਨ੍ਹਾਂ ਦਿਨਾਂ ਵਿਚ 75 ਰੁਪਏ ਕਾਫੀ ਹੁੰਦੇ ਸਨ। ਫੈਸਲਾ ਹੋਇਆ ਕਿ ਕਈ ਦਿਨਾਂ ਤੋਂ ਮਹਿਫਲ ਨਹੀਂ ਲੱਗੀ, ਇਸ ਲਈ ਮਹਿਫਲ ਲੱਗ ਗਈ ਤੇ ਸਾਰੀ ਰਾਤ ਸਿ਼ਅਰੋ ਸ਼ਾਇਰੀ, ਗਾਇਕੀ ਨੇ ਭੂਤਵਾੜੇ ਦੀਆਂ ਸੁਰਾਂ ਨੂੰ ਗੂੰਜਾਈ ਰੱਖਿਆ।

ਜਦੋਂ ਇਹ ਮਹਿਫਲ ਸਾਰੀ ਰਾਤ ਲੱਗਦੀ, ਕੋਈ ਵਿਚੇ ਹੀ ਸੌਂ ਵੀ ਜਾਂਦਾ। ਬਹੁਤੇ ਜਾਗਦੇ ਰਹਿੰਦੇ ਤੇ ਸਵੇਰੇ ਉਠਦਿਆਂ ਹੀ ਵਿਹੜੇ ਵਿਚ ਇੱਟਾਂ ਦੂਰ ਸੁੱਟਣ ਦਾ ਭੂਤਾਂ ‘ਚ ਮੁਕਾਬਲਾ ਸ਼ੁਰੂ ਹੋ ਜਾਂਦਾ ਤੇ ਇਉਂ ਦਿਨੇ ਰਾਤ ਜਾਗਣ ਦੀ ਭੂਤਵਾੜੇ ਦੀ ਪਰੰਪਰਾ ਬਰਕਰਾਰ ਰਹਿੰਦੀ। ਆਂਢੀ ਗੁਆਂਢੀ ਜਾਗਦੇ ਤਾਂ ਉਵੇਂ ਹੀ ਉਨ੍ਹਾਂ ਵਿਚ ਭੂਤਵਾੜੇ ਦਾ ਚਰਚਾ ਬਰਕਰਾਰ ਰਹਿੰਦਾ।

ਭੂਤਵਾੜਾ ਲੇਖਕਾਂ ਦਾ ਮੱਕਾ ਬਣ ਗਿਆ ਸੀ। ਪ੍ਰੋ. ਮੋਹਨ ਸਿੰਘ, ਸੰਤ ਸਿੰਘ ਸੇਖੋਂ, ਜਸਵੰਤ ਸਿੰਘ ਕੰਵਲ, ਡਾ. ਹਰਿਭਜਨ ਸਿੰਘ, ਜਸਵੰਤ ਸਿੰਘ ਨੇਕੀ, ਹਰਨਾਮ ਤੇ ਅਗਲੀ ਪੀੜ੍ਹੀ ਦੇ ਲੇਖਕ ਦੇਵ, ਸੁਰਜੀਤ ਪਾਤਰ ਸਾਰੇ ਹੀ ਪਟਿਆਲੇ ਆਉਂਦੇ ਤੇ ਭੂਤਵਾੜੇ ਤੋਂ ਬਿਨਾ ਯਾਤਰਾ ਅਧੂਰੀ ਹੁੰਦੀ। ਜਦੋਂ ਭੂਤਵਾੜੇ ਦਾ ਲੰਗਰ ਮਸਤਾਨਾ ਹੁੰਦਾ ਤਾਂ ਲੇਖਕਾਂ ਨੂੰ ਸਟੇਸ਼ਨ ਦੇ ਕੋਲ ਢਾਬੇ ਤੇ ਸੁਆਦੀ ਰੋਟੀ ਖੁਆਈ ਜਾਂਦੀ ਤੇ ਬਹੁਤ ਠੰਢਾ ਪਾਣੀ ਦੋ ਮੀਲ ਦੂਰ ਮਹਿੰਦਰਾ ਕਾਲਜ ਕੋਲ ਠੰਢੀ ਖੂਹੀ ‘ਤੇ ਮਿਲ ਸਕਦਾ ਸੀ। ਪਾਣੀ ਪੀਣ ਲਈ ਪੈਦਲ ਉਥੇ ਪਹੁੰਚਿਆ ਜਾਂਦਾ।

ਆਉਂਦੇ ਜਾਂਦੇ ਲੇਖਕ ਭੂਤਵਾੜੇ ਹੀ ਠਹਿਰਦੇ। ਉਥੇ ਬਿਸਤਰੇ ਦੋ ਤਿੰਨ ਤੋਂ ਵੱਧ ਨਹੀਂ ਸਨ। ਅਖਬਾਰਾਂ ਨੂੰ ਬਿਸਤਰਾ ਬਣਾਇਆ ਜਾਂਦਾ। ਇੱਟਾਂ ਨੂੰ ਸਰਹਾਣਾ ਬਣਾਇਆ ਜਾਂਦਾ। ਜੇ ਕੋਈ ਵੱਧ ਸਤਿਕਾਰ ਵਾਲਾ ਜਾਂ ਸੀਨੀਅਰ ਲੇਖਕ ਹੁੰਦਾ ਤਾਂ ਉਸਨੂੰ ਇਕ ਵੱਧ ਅਖਬਾਰ ਦੇ ਦਿੱਤਾ ਜਾਂਦਾ, “ਲਓ ਤੁਸੀਂ ਗਦੇਲਾ ਵੀ ਲਓ ਤੇ ਆਰਾਮ ਕਰੋ’’ ਤੇ ਇਉਂ ਕਹਿੰਦਾ ਕਹਾਉਂਦਾ ਲੇਖਕ ਅੱਧੀ ਰਾਤ ਤਕ ਸੰਵਾਦ ਕਰਨ ਬਾਅਦ ਆਰਾਮ ਨਾਲ ਸੌਂ ਜਾਂਦਾ। ਸਵੇਰੇ ਜਿੰਨਾ ਕੁ ਨਾਸ਼ਤਾ ਤਿਆਰ ਹੁੰਦਾ, ਸਾਰਿਆਂ ‘ਚ ਵੰਡ ਲਿਆ ਜਾਂਦਾ ਤੇ ਸਾਰੇ ਆਪਣੇ ਆਪਣੇ ਕੰਮ ‘ਚ ਰੁੱਝ ਜਾਂਦੇ।

ਕਈ ਵਾਰੀ ਤਾਂ ਲਾਇਬਰੇਰੀ ਜਾਂ ਹੋਰ ਥਾਵਾਂ ‘ਤੇ ਜਾਣ ਦਾ ਵਕਤ ਵੀ ਵੰਡਣਾ ਪੈਂਦਾ ਕਿਉਂਕਿ ਕਈ ਵਾਰ ਕੰਮ ਦੇ ਕੱਪੜੇ ਜਾਂ ਕਮੀਜ਼ਾਂ ਕੁਝ ਹੀ ਹੁੰਦੀਆਂ। ਇਕ ਧੋ ਲੈਂਦਾ, ਇਕ ਪਾ ਲੈਂਦਾ। ਇਉਂ ਕੱਪੜੇ ਸਾਂਝੇ ਤੌਰ ‘ਤੇ ਵਰਤੇ ਜਾਂਦੇ। ਇਉਂ ਸਭ ਕੁਝ ਤੁਰਿਆ ਜਾਂਦਾ ਪਰ ਇਸ ਬਾਰੇ ਕੋਈ ਸਮਝੌਤਾ ਨਹੀਂ ਸੀ ਹੋ ਸਕਦਾ ਕਿ ਗਿਆਨ-ਵਿਗਿਆਨ ਦੀ ਪ੍ਰਕਿਰਿਆ ਵਿਚ ਕੋਈ ਸ਼ਾਮਿਲ ਨਾ ਹੋਵੇ। ਭੂਤਵਾੜੇ ਨੇ ਹਰ ਇਕ ਨੂੰ ਸੁਤੰਤਰਤਾ ਦਿੱਤੀ ਹੋਈ ਸੀ ਕਿ ਉਹ ਵਿਚਾਰਧਾਰਕ ਤੌਰ ‘ਤੇ ਕੀ ਦ੍ਰਿਸ਼ਟੀ ਜਾਂ ਸੇਧ ਬਣਾਉਂਦਾ ਹੈ। ਮਹੱਤਵਪੂਰਨ ਗੱਲ ਸੀ ਗਿਆਨ ਵਲ ਵਧਣਾ। ਇਸੇ ਲਈ ਪੰਜਾਬ ਦੀ ਪਿਛਲੇ ਵਰ੍ਹਿਆਂ ਦੀ ਹਰ ਲਹਿਰ ਦੀਆਂ ਜੜ੍ਹਾਂ ਭੂਤਵਾੜੇ ਵਿਚ ਹਨ।

ਗਿਆਨ ਦੀ ਪ੍ਰਕਿਰਿਆ ਵਿਚ ਬੰਦੇ ਕਿੰਨੇ ਕੁ ਲੀਨ ਸਨ, ਇਸ ਦਾ ਅਨੁਮਾਨ ਤਾਂ ਕਿੰਨੀਆਂ ਹੀ ਗੱਲਾਂ ਤੋਂ ਲਾਇਆ ਜਾ ਸਕਦਾ ਹੈ। ਇਹ ਪੁੱਛਣ ਦੀ ਕਿਸ ਨੂੰ ਵਿਹਲ ਸੀ ਕਿ ਲੰਗਰ ਲਈ ਕੀ ਮਹਿੰਗਾ ਹੈ ਤੇ ਕੀ ਸਸਤਾ। ਫੈਸਲਾ ਕੀਤਾ ਗਿਆ ਕਿ ਲਗਾਤਾਰ ਸਬਜ਼ੀ ਆਲੂਆਂ ਦੀ ਹੀ ਬਣਾਈ ਜਾਵੇ, ਸਸਤੇ ਹਨ। ਜਦੋਂ ਸਬਜ਼ੀ ਵਾਲੇ ਦਾ ਮਹੀਨੇ ਬਾਅਦ ਬਿਲ ਆਇਆ, ਜਿ਼ਆਦਾ ਸੀ। ਉਸਨੇ ਦੱਸਿਆ ਕਿ ਕਿਸੇ ਨੇ ਪੁੱਛਿਆ ਹੀ ਨਹੀਂ, ਇਸ ਮਹੀਨੇ ਸਭ ਤੋਂ ਵੱਧ ਮਹਿੰਗੇ ਆਲੂ ਹੀ ਸਨ। ਕਿਤਾਬਾਂ ਤੋਂ ਵਿਹਲ ਕਿਸ ਨੂੰ ਸੀ? ਦੁੱਧ ਲਈ ਭਾਂਡਾ ਸਾਫ ਕਰਨ ਦੀ ਵਿਹਲ ਕਿੱਥੇ ਸੀ? ਆਮ ਤੌਰ ‘ਤੇ ਦੁੱਧ ਹਰਿੰਦਰ ਮਹਿਬੂਬ ਲੈਣ ਜਾਂਦਾ ਸੀ। ਇਕ ਦਿਨ ਭਾਂਡਾ ਸਾਫ ਕਰ ਦਿੱਤਾ ਗਿਆ। ਦੁੱਧ ਵਾਲੇ ਨੇ ਇਹ ਕਹਿ ਕੇ ਦੁੱਧ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਭਾਂਡਾ ਭੂਤਵਾੜੇ ਦਾ ਨਹੀਂ।

ਭੂਤਵਾੜੇ ਨਾਲ ਡਾ. ਦਲੀਪ ਕੌਰ ਟਿਵਾਣਾ ਤੇ ਅੰਮ੍ਰਿਤ ਕਲੇਰ ਵੀ ਸਬੰਧਤ ਸਨ। ਡਾ. ਟਿਵਾਣਾ ਕੋਲ ਕਈ ਵਾਰ ਡੇਰੇ ਜਾ ਲੱਗਦੇ। ਗੱਲਾਂ ਵਿਚਾਰਨ ਲਈ, ਲੰਗਰ ਲਈ। ਕਈ ਵਾਰ ਅੰਮ੍ਰਿਤ ਕਲੇਰ ਕਹਿੰਦੀ ਤੁਹਾਡੇ ਸਾਰਿਆਂ ਲਈ ਫਲਾਣੀ ਅੰਗਰੇਜ਼ੀ ਫਿਲਮ ਦੀਆਂ ਟਿਕਟਾਂ ਖਰੀਦ ਲਈਆਂ ਗਈਆਂ ਹਨ, ਤੁਸੀਂ ਪਹੁੰਚ ਜਾਣਾ।

ਭੂਤਵਾੜੇ ਨੂੰ ਤਾਲਾ ਲਾਉਣ ਦਾ ਰਿਵਾਜ ਨਹੀਂ ਸੀ ਕਿਉਂਕਿ ਪਤਾ ਨਹੀਂ ਸੀ ਹੁੰਦਾ, ਕਿਸ ਲੇਖਕ ਨੇ ਕਦੋਂ ਆ ਜਾਣਾ ਹੈ ਤੇ ਠਹਿਰਨਾ ਹੈ। ਇਕ ਵਾਰ ਪ੍ਰੋ. ਪ੍ਰੀਤਮ ਸਿੰਘ ਹੁਰਾਂ ਦਾ ਕੋਈ ਮਹਿਮਾਨ ਆਇਆ। ਉਨ੍ਹਾਂ ਦੇ ਤਾਲਾ ਲੱਗਿਆ ਹੋਇਆ ਸੀ। ਉਸਨੂੰ ਪਤਾ ਸੀ ਕਿ ਸਾਹਮਣੇ ਉਨ੍ਹਾਂ ਦੇ ਕੁਝ ਵਿਦਿਆਰਥੀ ਰਹਿੰਦੇ ਹਨ। ਉਸਨੇ ਪ੍ਰੋ. ਸਾਹਿਬ ਨੂੰ ਬਰਫੀ ਦੇ ਡੱਬੇ ਦੇਣੇ ਸਨ। ਉਹ ਡੱਬੇ ਉਸਨੇ ਸਾਡੀ ਗੈਰ ਹਾਜ਼ਰੀ ਵਿਚ ਸਾਹਮਣੇ ਰੱਖ ਦਿੱਤੇ ਤੇ ਕੁਝ ਦੇਰ ਲਈ ਬਾਜ਼ਾਰ ਚਲਿਆ ਗਿਆ। ਅਸੀਂ ਆਏ, ਦੇਖ ਕੇ ਨਿਹਾਲ ਹੋ ਗਏ ਤੇ ਬਰਫੀ ਸਾਰੇ ਭੂਤਾਂ ਵਿਚ ਵੰਡ ਦਿੱਤੀ ਗਈ। ਮਹਿਮਾਨ ਆਇਆ ਤਾਂ ਗੱਲ ਦਾ ਪਤਾ ਲੱਗਾ, ਉਸਨੂੰ ਵਿਸ਼ੇਸ਼ ਤੌਰ ‘ਤੇ ਬਰਫੀ ਮੰਗਵਾ ਕੇ ਦਿੱਤੀ ਗਈ ਤੇ ਪ੍ਰੋ. ਸਾਹਿਬ ਦੇ ਪਹੁੰਚਾਉਣ ਲਈ ਕਿਹਾ ਗਿਆ।

ਇਕ ਵਾਰ ਇਉਂ ਹੋਇਆ ਕਿ ਸਾਰਿਆਂ ਦੇ ਇਮਤਿਹਾਨ ਨੇੜੇ ਆ ਰਹੇ ਸਨ, ਨੇੜੇ ਕੀ ਅਗਲੇ ਦਿਨ ਪਹਿਲਾ ਪਰਚਾ ਸੀ। ਪਰ ਅੰਬਾਲੇ ਸਤਿਆਜੀਤ ਰੇਅ ਦੀ ਇਕ ਦਿਨ ਲਈ ਫਿਲਮ ਲੱਗ ਗਈ। ਫੈਸਲਾ ਹੋਇਆ ਕਿ ਪਟਿਆਲੇ ਤੋਂ ਸਾਈਕਲਾਂ ‘ਤੇ ਫਿਲਮ ਦੇਖਣ ਜਾਇਆ ਜਾਵੇ। ਥੱਕੇ ਟੁੱਟੇ ਆਏ, ਸੌਂ ਗਏ ਤੇ ਸਵੇਰੇ ਹੀ ਪਰਚਾ ਦੇਣ ਲਈ ਵੀ ਹਾਜ਼ਰ ਹੋ ਗਏ।

ਅਜਿਹਾ ਕਈ ਵਾਰ ਵਾਪਰਦਾ ਸੀ। ਇਕ ਵਾਰ ਅਗਲੇ ਦਿਨ ਇਮਤਿਹਾਨ ਸੀ। ਬਰਸਾਤ ਸ਼ੁਰੂ ਹੋ ਗਈ। ਪਟਿਆਲੇ ਦੇ ਨੇੜੇ ਹੀ ਕੁਝ ਮੀਲਾਂ ‘ਤੇ ਲਾਲੀ ਦਾ ਅੰਬਾਂ ਦਾ ਬਾਗ ਹੈ। ਫੈਸਲਾ ਹੋਇਆ ਕਿ ਪਿਕਨਿਕ ਲਈ ਉਥੇ ਜਾਇਆ ਜਾਏ। ਰਾਹ ਅਜੇ ਕੱਚਾ ਸੀ। ਤਿਲਕਦੇ ਤਿਲਕਦੇ ਉਥੇ ਪਹੁੰਚੇ। ਬਰਸਾਤ ਹੋਰ ਸੰਘਣੀ ਹੋ ਗਈ। ਰਾਤ ਉਥੇ ਨਹੀਂ ਸੀ ਰਿਹਾ ਜਾ ਸਕਦਾ। ਅਸੀਂ ਅੱਧੀ ਰਾਤ ਵਾਪਸ ਪਹੁੰਚੇ ਤੇ ਸਵੇਰੇ ਇਮਤਿਹਾਨ ਵਿਚ ਹਾਜ਼ਰ ਹੋ ਗਏ।

ਭੂਤਵਾੜੇ ਦੀ ਸਾਂਭ ਸੰਭਾਲ ਦਾ ਕੰਮ ਇਉਂ ਸੀ ਕਿ ਇਕ ਵਾਰ ਇਕ ਕਮੀਜ਼ ਨਾ ਲੱਭੇ। ਇਕ ਚੂਹੇ ਨੇ ਖੁੱਡ ਬਣਾ ਲਈ ਸੀ। ਹਰਿੰਦਰ ਨੇ ਕਿਤੇ ਪੜ੍ਹਦਿਆਂ ਪੜ੍ਹਦਿਆਂ ਬੇਧਿਆਨੇ ਉਹ ਨਵੀਂ ਕਮੀਜ਼ ਚੂਹੇ ਦੀ ਖੁੱਡ ਵਿਚ ਤੁੰਨ ਦਿੱਤੀ। ਇਕ ਗੁਆਚੀ ਛੁਰੀ ਵੀ ਕਈ ਦਿਨਾਂ ਬਾਅਦ ਉਸਦੇ ਬਿਸਤਰੇ ਦੀਆਂ ਤੈਹਾਂ ‘ਚੋਂ ਲੱਭੀ।

ਸਾਰਾ ਧਿਆਨ ਕਿਤਾਬਾਂ ਤੇ ਸੰਵਾਦ ‘ਚ ਹੋਣ ਕਰ ਕੇ ਕਿਸੇ ਦਾ ਵੀ ਇਹ ਧਿਆਨ ਨਾ ਆਉਂਦਾ ਕਿ ਭੂਤਵਾੜੇ ਦਾ ਸਾਰੇ ਕੋਨੇ ਸੰਵਾਰ ਲਏ ਜਾਣ। ਇਕ ਵਾਰ ਸਾਡਾ ਇਕ ਮਿੱਤਰ ਵਿਦੇਸ਼ ਤੋਂ ਆਇਆ। ਉਸਨੇ ਕਿਹਾ ਕਿ ਉਸਦੀ ਮਿੱਤਰ ਵੀ ਨਾਲ ਆਏਗੀ। ਅਸੀਂ ਸੋਚਿਆ ਭੂਤਵਾੜੇ ਵਿਚ ਇਕ ਔਰਤ ਨੇ ਆਉਣਾ ਹੈ, ਇਸ ਲਈ ਇਸ ਦੀ ਪੂਰੀ ਸਫਾਈ ਕੀਤੀ ਜਾਵੇ। ਅਸੀਂ ਭੂਤਵਾੜੇ ਦੇ ਹਰ ਕੋਨੇ ਨੂੰ ਲਿਸ਼ਕਾ ਦਿੱਤਾ ਪਰ ਉਹ ਉਸ ਦੀ ਮਿੱਤਰ ਉਸਦੇ ਨਾਲ ਨਾ ਆਈ। ਭੂਤਵਾੜੇ ਵਿਚ ਇਹੀ ਉਦਾਸ ਦਿਨ ਸੀ।

ਭੂਤਵਾੜੇ ਨੇ ਸਾਰਿਆਂ ਨੂੰ ਵਿਚਾਰਧਾਰਕ ਆਜ਼ਾਦੀ ਪਰ ਚੇਤਨਾ ਦਾ ਮਾਰਗ ਦਿੱਤਾ। ਉਸ ਪਿੱਛੋਂ ਵੀ ਉਸ ਦੇ ਨੇੜੇ ਤੇੜੇ ਭੂਤਵਾੜੇ ਬਣਾਉਣ ਦਾ ਯਤਨ ਕੀਤਾ ਗਿਆ। ਪਰ ਭੂਤਵਾੜਾ, ਭੂਤਵਾੜਾ ਹੀ ਸੀ। ਇਕ ਸੰਕਲਪ ਸੀ, ਜਿਸ ਦੀ ਪੰਜਾਬ ਨੂੰ ਅਗੇਰੇ ਵਧਣ ਲਈ ਅੱਜ ਵੀ ਲੋੜ ਹੈ। ਪਰ ਅਜਿਹਾ ਸੰਕਲਪ ਕਿਸੇ ਯਤਨ ਨਾਲ ਨਹੀਂ ਬਣਿਆ ਕਰਦਾ, ਇਹ ਇਕ ਸਹਿਜ ਪ੍ਰਕਿਰਿਆ ਹੈ।

ਸੁਤਿੰਦਰ ਸਿੰਘ ਨੂਰ
ਲੇਖਕ ਪੰਜਾਬੀ ਦੇ  
ਅਲੋਚਕ  ਸਨ

Tuesday, December 2, 2014

ਦਰਬਾਨ ਪੱਤਰਕਾਰੀ ਦੇ ਦੌਰ ਵਿੱਚ ਸਰਕਾਰੀ ਪ੍ਰਾਪਤੀਆਂ

'ਏ ਬੀ ਪੀ ਸਾਂਝਾ' ਤੇ 'ਡੇਅ ਐਂਡ ਨਾਈਟ' ਚੈਨਲਾਂ 'ਚ ਇਕੋ ਜਿਹੀਆਂ ਦੋ ਸਮਾਨਤਾਵਾਂ ਹਨ। ਦੋਵੇਂ ਇਸ ਮੌਕੇ ਬੰਦ ਹਨ ਤੇ ਦੋਵੇਂ ਕੇਬਲ ਮਾਫੀਆ ਤੇ ਬਾਦਲ ਸਰਕਾਰ ਦਾ ਸ਼ਿਕਾਰ ਹੋਏ।ਇਸ ਲਈ ਇਹ ਲੇਖ਼ ਭਾਵੇਂ 'ਡੇਅ ਐਂਡ ਨਾਈਟ' 'ਤੇ ਕੇਬਲ ਮਾਫੀਆ ਹਮਲੇ ਦੌਰਾਨ ਲਿਖਿਆ ਗਿਆ ਸੀ ਪਰ ਇਸਦੀ ਅਹਿਮੀਅਤ 'ਏ ਬੀ ਪੀ ਸਾਂਝਾ' ਦੇ ਬੰਦ ਹੋਣ ਤੱਕ ਬਰਕਰਾਰ ਹੈ'। ਪੱਤਰਕਾਰ ਦਲਜੀਤ ਅਮੀ ਦੀ ਉਦੇਸ਼ਆਤਮਿਕਤਾ ਲੇਖ ਨੂੰ ਸਮੇਂ ਦੀ ਹੱਦ ਤੋਂ ਬਾਹਰ ਕਰਦੀ ਹੈ। ਇਸੇ ਲਈ 'ਗੁਲਾਮ ਕਲਮ' ਲੇਖ ਨੂੰ ਨਵੇਂ ਸਿਰਿਓਂ ਛਾਪ ਰਿਹੈ। ਅਮੀ ਏ ਬੀ ਸਾਂਝਾ ਦੇ ਹਵਾਲੇ ਨਾਲ ਨਵਾਂ ਲੇਖ ਵੀ ਲਿਖਣਗੇ ਪਰ ਫਿਲਹਾਲ ਨਵਾਂ ਆਉਣ ਤੱਕ ਇਹ ਜ਼ਰੂਰੀ ਹੈ।-ਗੁਲਾਮ ਕਲਮ 

ਅਖ਼ਬਾਰਾਂ, ਰਸਾਲਿਆਂ ਅਤੇ ਟੈਲੀਵਿਜ਼ਨ ਲਈ ਹਰ ਆਵਾਮੀ-ਦਿਲਚਸਪੀ ਵਾਲੀ ਖ਼ਬਰ ਅਹਿਮ ਹੁੰਦੀ ਹੈ। ਦਾਅਵਾ ਤਾਂ ਇਹੋ ਕੀਤਾ ਜਾਂਦਾ ਹੈ ਕਿ ਖ਼ਬਰ ਦੀ ਚੋਣ ਸਰੋਤੇ, ਦਰਸ਼ਕ ਅਤੇ ਪਾਠਕ ਦੀ ਦਿਲਚਸਪੀ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਂਦੀ ਹੈ। ਪੰਜਾਬ ਵਿੱਚ ਨਿਡਰ, ਨਿਰਪੱਖ ਅਤੇ ਪੰਜਾਬ ਤੇ ਪੰਜਾਬੀਅਤ ਦੀ ਅਲੰਬਰਦਾਰੀ ਦੇ ਦਾਅਵੇ ਪੱਤਰਕਾਰੀ ਦੇ ਕਈ ਅਦਾਰੇ ਕਰਦੇ ਹਨ। ਇਸ ਦਾਅਵੇਦਾਰੀ ਅਤੇ ਕਾਰਗੁਜ਼ਾਰੀ ਵਿਚਕਾਰ ਕੁਝ ਵਿੱਥ ਲਗਾਤਾਰ ਬਣੀ ਰਹਿੰਦੀ ਹੈ। ਇਸੇ ਵਿੱਥ ਵਿੱਚੋਂ ਮੀਡੀਆ ਦੀ ਚੋਣ ਨੂੰ ਹੀ ਆਵਾਮੀ-ਦਿਲਚਸਪੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਸੇ ਧਾਰਨਾ ਦੇ ਹਵਾਲੇ ਨਾਲ ਪਿਛਲੇ ਦਿਨਾਂ ਦੀ ਕੁਝ ਘਟਨਾਵਾਂ ਦੀ ਪੜਚੋਲ ਕੀਤੀ ਜਾਣੀ ਚਾਹੀਦੀ ਹੈ। 

ਚੰਡੀਗੜ੍ਹ ਤੋਂ ਚੱਲਦਾ ਟੈਲੀਵਿਜ਼ਨ ਚੈਨਲ 'ਡੇਅ ਐਂਡ ਨਾਈਟ ਨਿਉਜ਼' ਪਿਛਲੇ ਦਿਨਾਂ ਵਿੱਚ ਚਰਚਾ ਦਾ ਵਿਸ਼ਾ ਰਿਹਾ। ਤਿੰਨ ਸਾਲ ਪੁਰਾਣੇ ਇਸ ਚੈਨਲ ਵਿੱਚ ਇੱਕੋ ਐਲਾਨ ਨਾਲ ਸੱਠ ਮੁਲਾਜ਼ਮਾਂ ਦੀ ਨੌਕਰੀ ਚਲੀ ਗਈ। ਚੈਨਲ ਦੇ ਕੰਮ-ਕਾਜ ਉੱਤੇ ਵੱਡੀਆਂ ਕਟੌਤੀਆਂ ਕੀਤੀਆਂ ਗਈਆਂ। ਚੈਨਲ ਦੇ ਪ੍ਰਬੰਧਕੀ ਸੰਪਾਦਕ ਕੰਵਰ ਸੰਧੂ ਨੇ ਅਸਤੀਫ਼ਾ ਦੇ ਦਿੱਤਾ। ਉਸੇ ਦਿਨ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਵਾਂ ਮੀਡੀਆ ਸਲਾਹਕਾਰ ਅੰਗਰੇਜ਼ੀ ਟ੍ਰਿਬਿਊਨ ਦੇ ਪੱਤਰਕਾਰ ਜੰਗਵੀਰ ਸਿੰਘ ਨੂੰ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਰਾਜ ਮੰਤਰੀ ਦਾ ਰੁਤਬਾ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਮਸਲਿਆਂ ਦਾ ਆਪਸ ਵਿੱਚ ਭਾਵੇਂ ਕੁਝ ਰਿਸ਼ਤਾ ਨਹੀਂ ਹੈ ਪਰ ਕੁਝ ਸਵਾਲ ਇਨ੍ਹਾਂ ਦੇ ਹਵਾਲੇ ਨਾਲ ਵਿਚਾਰੇ ਜਾ ਸਕਦੇ ਹਨ। ਜਦੋਂ ਸੱਠ ਬੰਦਿਆਂ ਦਾ ਰੁਜ਼ਗਾਰ ਜਾਂਦਾ ਹੈ ਤਾਂ ਇਹ ਆਵਾਮੀ-ਦਿਲਚਸਪੀ ਦੀ ਘਟਨਾ ਬਣਦੀ ਹੈ। ਜਦੋਂ ਕੋਈ ਰਾਜ ਮੰਤਰੀ ਬਣਦਾ ਹੈ ਤਾਂ ਇਹ ਆਵਾਮੀ-ਦਿਲਚਸਪੀ ਦੀ ਘਟਨਾ ਬਣਦੀ ਹੈ।

ਅਜਿਹੇ ਮੌਕਿਆਂ ਉੱਤੇ ਮੀਡੀਆ ਖ਼ਬਰਾਂ ਦੇ ਕੁਝ ਪੱਖਾਂ ਨੂੰ ਤਵੱਜੋ ਦਿੰਦਾ ਹੈ। ਪਹਿਲੀ ਖ਼ਬਰ ਦੇ ਮਾਮਲੇ ਵਿੱਚ ਬੇਰੁਜ਼ਗਾਰ ਹੋਣ ਵਾਲਿਆਂ ਦੀਆਂ ਕਹਾਣੀਆਂ ਆਵਾਮੀ ਦਿਲਚਸਪੀ ਦਾ ਸਬੱਬ ਬਣਦੀਆਂ ਹਨ। ਦੂਰੋਂ-ਨੇੜਿਓ ਆਕੇ ਨੌਕਰੀਆਂ ਕਰਦੇ ਮੀਡੀਆ ਕਰਮੀਆਂ ਦੀਆਂ ਜ਼ਿੰਮੇਵਾਰੀਆਂ ਜਾਂ ਸਾਹਮਣੇ ਖੜੀਆਂ ਦੁਸ਼ਵਾਰੀਆਂ ਨਾਲ ਪਾਠਕ, ਦਰਸ਼ਕ ਅਤੇ ਸਰੋਤੇ ਹਮਦਰਦੀ ਅਤੇ ਦਰਦਮੰਦੀ ਦੇ ਨਾਤੇ ਜੁੜ ਸਕਦੇ ਹਨ। ਇਹ ਖ਼ਬਰਾਂ ਮੀਡੀਆ ਦੀ ਦਿਲਚਸਪੀ ਦਾ ਸਬੱਬ ਨਹੀਂ ਬਣੀਆਂ। ਮੀਡੀਆ ਨੇ ਤੈਅ ਕੀਤਾ ਕਿ ਇਹ ਆਵਾਮੀ-ਦਿਲਚਸਪੀ ਦਾ ਸਬੱਬ ਨਹੀਂ ਬਣਦੀਆਂ ਸੋ ਇਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਜਦੋਂ ਕੋਈ ਰਾਜ ਮੰਤਰੀ ਬਣਦਾ ਹੈ ਤਾਂ ਉਸ ਬੰਦੇ ਦਾ ਪਿਛੋਕੜ ਪੇਸ਼ ਕੀਤਾ ਜਾਂਦਾ ਹੈ। ਉਸ ਦੀ ਯੋਗਤਾ, ਅਸਰ-ਰਸੂਖ਼, ਸਿਆਸੀ ਪਹੁੰਚ ਅਤੇ ਪੁਰਾਣੀ ਕਾਰਗੁਜ਼ਾਰੀ ਦਾ ਤਤਕਰਾ ਕੀਤਾ ਜਾਂਦਾ ਹੈ। ਨਵੇਂ ਬਣੇ ਮੰਤਰੀ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਕਿਸ ਦੇ ਖ਼ਾਤੇ ਵਿੱਚੋਂ, ਕਿਸ ਦੀ ਇਮਦਾਦ ਨਾਲ ਅਤੇ ਕਿਸ ਯੋਗਤਾ ਦੇ ਆਸਰੇ ਇਸ ਅਹੁਦੇ ਉੱਤੇ ਪਹੁੰਚਿਆ ਹੈ। ਇਸ ਦੇ ਨਾਲ ਹੀ ਇਹ ਵੀ ਪੜਚੋਲ ਕੀਤੀ ਜਾਂਦੀ ਹੈ ਕਿ ਨਵੇਂ ਅਹੁਦੇ ਨੂੰ ਹਾਸਲ ਕਰਨ ਵਿੱਚ ਕਿਹੜੀਆਂ ਵਫ਼ਾਦਾਰੀਆਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਸਵਾਲ ਹੈ ਕਿ ਇਨ੍ਹਾਂ ਦੋਵਾਂ ਖ਼ਬਰਾਂ ਨੂੰ ਬਣਦੀ ਤਵੱਜੋ ਕਿਉਂ ਨਹੀਂ ਦਿੱਤੀ ਗਈ? ਕੀ ਇਨ੍ਹਾਂ ਖ਼ਬਰਾਂ ਵਿੱਚ ਆਵਾਮੀ-ਦਿਲਚਸਪੀ ਨਹੀਂ ਬਣਦੀ? ਕਿਤੇ ਪਾਬੰਦੀ ਦਾ ਵਿਰੋਧ ਕਰਨ ਵਾਲੇ ਮੀਡੀਆ ਨੇ ਆਪਣੇ-ਆਪ ਨੂੰ ਅਣਕਹੀਆਂ ਪਾਬੰਦੀਆਂ ਵਿੱਚ ਬੰਨ੍ਹਿਆ ਹੋਇਆ ਹੈ? ਮਈ ਵਿੱਚ ਵਨੀਤ ਜੋਸ਼ੀ ਨੂੰ ਪੰਜਾਬ ਸਰਕਾਰ ਦਾ ਸਹਾਇਕ ਮੀਡੀਆ ਸਲਾਹਕਾਰ ਲਗਾਇਆ ਗਿਆ ਤਾਂ ਖ਼ਬਰਾਂ ਆਈਆਂ ਕਿ ਉਹ ਭਾਜਪਾ ਦੇ ਖ਼ਾਤੇ ਵਿੱਚੋਂ ਇਸ ਅਹੁਦੇ ਉੱਤੇ ਪਹੁੰਚਿਆ ਹੈ। ਵਨੀਤ ਜੋਸ਼ੀ ਭਾਜਪਾਈ ਆਗੂ ਹੋਣ ਦੇ ਨਾਲ 'ਤ੍ਰਿਵੇਣੀ ਮੀਡੀਆ ਕੰਸਲਟੈਂਸੀ ਸਰਵਿਸਿਜ਼' ਨਾਮ ਹੇਠ ਕਾਰੋਬਾਰ ਕਰਦਾ ਹੈ। ਇਹ ਕੰਪਨੀ ਇਸ਼ਤਿਹਾਰਬਾਜ਼ੀ ਅਤੇ ਮੀਡੀਆ ਵਿੱਚ ਖ਼ਬਰਾਂ ਪੇਸ਼ ਕਰਨ ਦਾ ਕਾਰੋਬਾਰ ਕਰਦੀ ਹੈ। ਇਸ਼ਤਿਹਾਰਬਾਜ਼ੀ, ਖ਼ਬਰਾਂ ਅਤੇ ਸਿਆਸਤ ਦਾ ਇਹ ਕਾਰੋਬਾਰ ਚੰਗਾ ਮੁਨਾਫ਼ਾ ਕਮਾਉਂਦਾ ਹੈ। ਇਸ਼ਤਿਹਾਰ ਨੂੰ ਖ਼ਬਰ ਵਜੋਂ ਪੇਸ਼ ਕਰਨਾ ਇਸ ਕਾਰੋਬਾਰ ਦੀ ਮਹਾਰਤ ਹੈ। ਵਨੀਤ ਜੋਸ਼ੀ ਤੋਂ ਬਾਅਦ ਜੰਗਵੀਰ ਸਿੰਘ ਨੂੰ ਮੀਡੀਆ ਸਲਾਹਕਾਰ ਲਗਾਇਆ ਗਿਆ ਹੈ। ਵਨੀਤ ਜੋਸ਼ੀ ਅਤੇ ਜੰਗਵੀਰ ਸਿੰਘ ਦੀ ਯੋਗਤਾ ਵਿੱਚ ਕੀ ਮੇਲ ਹੈ?

'ਡੇਅ ਐਂਡ ਨਾਈਟ ਨਿਉਜ਼' ਚੈਨਲ ਉੱਤੇ ਸੂਬਾ ਸਰਕਾਰ ਦੀ ਸਰਪ੍ਰਸਤੀ ਵਿੱਚ ਪਾਬੰਦੀ ਲੱਗੀ ਹੋਈ ਹੈ। ਪੰਜਾਬ ਵਿੱਚ ਤਕਰੀਬਨ 85 ਫ਼ੀਸਦੀ ਲੋਕ ਕੇਬਲ ਨੈੱਟਵਰਕ ਰਾਹੀਂ ਟੈਲੀਵਿਜ਼ਨ ਦੇਖਦੇ ਹਨ। ਬਾਕੀ ਦੇ ਦਰਸ਼ਕ ਡਿੱਸ (ਡਾਈਰੈਕਟ ਟੂ ਹੋਮ ਪਲੇਟਫਾਰਮ) ਰਾਹੀਂ ਟੈਲੀਵਿਜ਼ਨ ਦੇਖਦੇ ਹਨ। ਕਈ ਕੰਪਨੀਆਂ ਦੀਆਂ ਡਿੱਸਾਂ ਇਹ ਸੇਵਾਵਾਂ ਮੁਹੱਈਆ ਕਰਦੀਆਂ ਹਨ। ਟੈਲੀਵਿਜ਼ਨ ਨੂੰ ਦਰਸ਼ਕਾਂ ਤੱਕ ਪਹੁੰਚਣ ਲਈ ਕੇਬਲ ਨੈੱਟਬਰਕ ਜਾਂ ਡਿੱਸਾਂ ਰਾਹੀਂ ਰਾਹ ਬਣਾਉਣਾ ਪੈਂਦਾ ਹੈ। ਇਨ੍ਹਾਂ ਸਭ ਰਾਹੀਂ ਚੈਨਲ ਦੀ ਪਹੁੰਚ ਦਰਸ਼ਕ ਤੱਕ ਬਣਾਉਣ ਲਈ ਕੈਰੀਜ਼ ਫੀਸ ਦੇਣੀ ਹੁੰਦੀ ਹੈ। ਪੰਜਾਬ ਵਿੱਚ ਕੇਬਲ ਨੈੱਟਬਰਕ ਤੋਂ ਬਿਨਾਂ ਜ਼ਿਆਦਾਤਰ ਦਰਸ਼ਕ ਪਹੁੰਚ ਤੋਂ ਬਾਹਰ ਰਹਿ ਜਾਂਦੇ ਹਨ। ਟੈਲੀਵਿਜ਼ਨ ਦੀ ਆਮਦਨ ਦਾ ਜ਼ਰੀਆ ਇਸ਼ਤਿਹਾਰ ਹੁੰਦੇ ਹਨ। ਕੁਝ ਕੰਪਨੀਆਂ ਇਹ ਅਧਿਐਨ ਕਰਦੀਆਂ ਹਨ ਕਿ ਕਿਸ ਇਲਾਕੇ ਵਿੱਚ ਕਿਹੜੇ ਚੈਨਲ ਅਤੇ ਕਿਹੜੇ ਪ੍ਰੋਗਰਾਮ ਨੂੰ ਦਰਸ਼ਕ ਜ਼ਿਆਦਾ ਦੇਖਦੇ ਹਨ। ਇਸ ਅਧਿਐਨ ਰਾਹੀਂ ਟਾਰਗੇਟ ਰੇਟਿੰਗ ਪੁਆਇੰਟ (ਟੀ.ਆਰ.ਪੀ.) ਤੈਅ ਹੁੰਦੇ ਹਨ ਜੋ ਅੱਗੇ ਇਸ਼ਤਿਹਾਰ ਦਾ ਮੁਹਾਣ ਅਤੇ ਮੁੱਲ ਤੈਅ ਕਰਦੇ ਹਨ। ਪੰਜਾਬ ਵਿੱਚ ਕੇਬਲ ਨੈੱਟਬਰਕ ਉੱਤੇ ਫਾਸਟਵੇਅ ਟਰਾਂਸਮਿਸ਼ਨ ਲਿਮਿਟਿਡ ਦਾ ਗ਼ਲਬਾ ਹੈ। ਪਹਿਲਾਂ ਹਰ ਸ਼ਹਿਰ ਵਿੱਚ ਕਈ-ਕਈ ਕਾਰੋਬਾਰੀ ਇਸ ਧੰਦੇ ਵਿੱਚ ਸ਼ਾਮਿਲ ਸਨ ਪਰ ਸਿਆਸੀ ਸਰਪ੍ਰਸਤੀ ਤਹਿਤ ਇਹ ਕੰਮ ਸਿਰਫ਼ ਇੱਕੋ ਕੰਪਨੀ ਜਾਂ ਇਸ ਦੀਆਂ ਭਾਈਵਾਲ ਕੰਪਨੀਆਂ ਕੋਲ ਆ ਗਿਆ ਹੈ। 'ਡੇਅ ਐਂਡ ਨਾਈਟ ਨਿਉਜ਼' ਸ਼ੁਰੂ ਹੋਣ ਤੋਂ ਤਕਰੀਬਨ ਛੇ ਮਹੀਨੇ ਬਾਅਦ ਹੀ ਕੇਬਲ ਨੈੱਟਵਰਕ ਉੱਤੇ ਇਸ ਦਾ ਸਿਗਨਲ ਖ਼ਰਾਬ ਹੋਣਾ ਸ਼ੁਰੂ ਹੋ ਗਿਆ। ਕਈ ਵਾਰ ਦੀਆਂ ਸ਼ਿਕਾਇਤਾਂ ਦਾ ਕੋਈ ਅਸਰ ਨਹੀਂ ਪਿਆ ਪਰ ਕੁਝ ਸਮੇਂ ਬਾਅਦ ਇਸ ਨੂੰ ਕੇਬਲ ਤੋਂ ਹਟਾ ਦਿੱਤਾ ਗਿਆ। ਸਿਗਨਲ ਖ਼ਰਾਬ ਹੋਣ ਦਾ ਰੁਝਾਨ ਇਸ਼ਾਰਾ ਕਰਦਾ ਹੈ ਕਿ ਕੁਝ ਵਿਰੋਧੀ ਪਾਰਟੀਆਂ ਜਾਂ ਆਗੂਆਂ ਦੀਆਂ ਖ਼ਬਰਾਂ ਨਸ਼ਰ ਹੋਣ ਵੇਲੇ ਪ੍ਰਸਾਰਨ ਜ਼ਿਆਦਾ ਖ਼ਰਾਬ ਹੁੰਦਾ ਸੀ। 'ਡੇਅ ਐਂਡ ਨਾਈਟ ਨਿਉਜ਼' ਵੱਲੋਂ ਪਹੁੰਚ ਕਰਨ ਉੱਤੇ ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ ਨੇ ਫਾਸਟਵੇਅ ਨੂੰ ਅੱਠ ਕਰੋੜ ਤੋਂ ਜ਼ਿਆਦਾ ਰੁਪਏ ਦਾ ਜ਼ੁਰਮਾਨਾ ਕੀਤਾ ਅਤੇ ਆਪਣੇ ਫ਼ੈਸਲੇ ਵਿੱਚ ਲਿਖਿਆ ਕਿ ਇਹ ਏਕਾਧਿਕਾਰ ਜਮਾ ਰਿਹਾ ਹੈ ਜੋ ਜਾਇਜ਼ ਨਹੀਂ ਹੈ। ਇਸ ਫ਼ੈਸਲੇ ਦੇ ਬਾਵਜੂਦ ਇਹ ਰੁਝਾਨ ਜਿਉਂ ਦਾ ਤਿਉਂ ਜਾਰੀ ਹੈ। 'ਡੇਅ ਐਂਡ ਨਾਈਟ ਨਿਉਜ਼' ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਮਨਮਰਜ਼ੀ ਨਾਲ ਚੈਨਲਾਂ ਨੂੰ ਕੇਬਲ ਤੋਂ ਹਟਾਉਣ ਦਾ ਰੁਝਾਨ ਜਾਰੀ ਹੈ। ਇਹ ਪਾਬੰਦੀਆਂ ਜ਼ੀ-ਪੰਜਾਬੀ ਅਤੇ ਐਨ.ਡੀ.ਟੀ.ਵੀ. ਵਰਗੇ ਚੈਨਲਾਂ ਉੱਤੇ ਵੀ ਲੱਗਦੀਆਂ ਰਹੀਆਂ ਹਨ। 

ਇਹ ਤਾਂ ਇਸ ਚੈਨਲ ਦੀ ਦਰਸ਼ਕ ਤੱਕ ਪਹੁੰਚ ਨੂੰ ਰੋਕਣ ਦਾ ਮਸਲਾ ਹੈ ਜਿਸ ਵਿੱਚ ਸਰਕਾਰੀ ਸਰਪ੍ਰਸਤੀ ਅਤੇ ਨਿੱਜੀ ਕਾਰੋਬਾਰੀ ਦੀ ਮਿਲੀਭੁਗਤ ਅਹਿਮ ਨੁਕਤਾ ਬਣਦੀ ਹੈ। ਇਸੇ ਪਾਬੰਦੀ ਦੇ ਨਤੀਜੇ ਵਜੋਂ ਵਿੱਤੀ ਘਾਟਾ ਝਲਦਾ ਹੋਇਆ ਇਹ ਚੈਨਲ ਤਿੰਨ ਸਾਲ ਦਾ ਸਫ਼ਰ ਮੁੰਕਮਲ ਕਰ ਚੁੱਕਿਆ ਹੈ। ਹੁਣ ਇਸ ਚੈਨਲ ਵਿੱਚ ਹੋਈਆਂ ਤਬਦੀਲੀਆਂ ਦਾ ਕੋਈ ਵੀ ਪੱਖ ਮੀਡੀਆ ਦੀ ਸੰਜੀਦਾ ਚਰਚਾ ਦਾ ਵਿਸ਼ਾ ਨਹੀਂ ਬਣਿਆ। ਕੁਝ ਅਖ਼ਬਾਰਾਂ ਨੇ ਇਸ ਦੇ ਪ੍ਰਬੰਧਕੀ ਸੰਪਾਦਕ ਜਾਂ ਤਬਦੀਲੀਆਂ ਬਾਰੇ ਚਟਕਾਰਾਨੁਮਾ ਖ਼ਬਰਾਂ ਜ਼ਰੂਰ ਲਗਾਈਆਂ ਹਨ। ਇਸ ਤੋਂ ਪਹਿਲਾਂ ਵੀ ਇਸ ਚੈਨਲ ਬਾਰੇ ਲਿਖੇ ਇੱਕ ਲੇਖ ਨੂੰ ਇੱਕ ਜਲੰਧਰੀ ਪੰਜਾਬੀ ਅਖ਼ਬਾਰ ਨੇ ਆਪਣੀ ਨੀਤੀ ਨਾਲ ਮੇਲ ਨਾ ਖਾਣ ਦੀ ਦਲੀਲ ਦੇਕੇ ਬਣੇ ਹੋਏ ਪੰਨੇ ਵਿੱਚੋਂ ਕੱਢ ਦਿੱਤਾ ਸੀ। ਮੀਡੀਆ ਦੀ ਪੜਚੋਲ ਕਰਨ ਵਾਲਾ ਇੱਕ ਜਲੰਧਰੀ ਵਿਦਵਾਨ ਇਸ ਚੈਨਲ ਦੇ ਪ੍ਰੋਗਰਾਮਾਂ ਬਾਰੇ ਲਿਖਣ ਵੇਲੇ ਇਸ ਚੈਨਲ ਦਾ ਨਾਮ ਨਹੀਂ ਲਿਖਦਾ ਸੀ। ਇਸ ਦੇ ਦੋ ਹੀ ਕਾਰਨ ਹੋ ਸਕਦੇ ਹਨ ਕਿ ਮੀਡੀਆ ਦੇ ਅਦਾਰੇ ਇੱਕ-ਦੂਜੇ ਦੀਆਂ ਚੋਰੀਆਂ ਦਾ ਪਰਦਾ ਕੱਜਣ ਲਈ ਚੁੱਪ ਅਖ਼ਤਿਆਰ (ਅਣਕਹੀ ਪਾਬੰਦੀ) ਕਰਦੇ ਹਨ ਜਾਂ ਇੱਕ-ਦੂਜੇ ਦੀ ਚੰਗੀ-ਬੁਰੀ ਖ਼ਬਰ ਨੂੰ ਆਵਾਮੀ-ਦਿਲਚਸਪੀ ਦਾ ਹਿੱਸਾ ਨਹੀਂ ਮੰਨਦੇ।

ਹੁਣ ਸਵਾਲ ਦੂਜੇ ਮਸਲੇ ਦਾ ਆਉਂਦਾ ਹੈ। ਜੰਗਵੀਰ ਸਿੰਘ ਦੀ ਯੋਗਤਾ ਬਾਰੇ ਗੱਲ ਕਰਨ ਤੋਂ ਮੀਡੀਆ ਕੰਨੀ ਕਿਉਂ ਖਿਸਕਾਉਂਦਾ ਹੈ? ਆਖ਼ਰ ਉਨ੍ਹਾਂ ਨੂੰ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਵਿੱਚੋਂ ਤਨਖ਼ਾਹ ਦਿੱਤੀ ਜਾਣੀ ਹੈ ਅਤੇ ਰਾਜ-ਮੰਤਰੀ ਦਾ ਰੁਤਬਾ ਦਿੱਤਾ ਗਿਆ ਹੈ। ਉਨ੍ਹਾਂ ਨੇ ਅਹੁਦਾ ਪ੍ਰਵਾਨ ਕਰਦੇ ਹੋਏ ਬਿਆਨ ਦਿੱਤਾ ਹੈ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਰੋਸੇ ਨੂੰ ਕਾਇਮ ਰੱਖਣਗੇ ਅਤੇ ਸਰਕਾਰ ਦੀਆਂ ਲੋਕ ਪੱਖੀ ਪ੍ਰਾਪਤੀਆਂ ਨੂੰ ਪੇਸ਼ ਕਰਨ ਦਾ ਉਪਰਾਲਾ ਕਰਨਗੇ। ਕੀ ਉਹ ਹੁਣ ਤੱਕ ਵੀ ਇਹੋ ਕੁਝ ਕਰਦੇ ਆਏ ਹਨ? ਇਸ ਅਹੁਦੇ ਲਈ ਕਈ ਪੱਤਰਕਾਰ ਦੌੜ ਵਿੱਚ ਸ਼ਾਮਿਲ ਸਨ। ਉਨ੍ਹਾਂ ਦੀ ਯੋਗਤਾ ਜੰਗਵੀਰ ਸਿੰਘ ਵਰਗੀ ਹੀ ਹੋਵੇਗੀ, ਕੁਝ ਘੱਟ ਜਾਂ ਕੁਝ ਵੱਧ। ਸਵਾਲ ਇਹੋ ਹੈ ਕਿ ਜੇ ਪੱਤਰਕਾਰਾਂ ਦੀ ਇਹ ਯੋਗਤਾ ਹੈ ਤਾਂ ਲੋਕ ਸੰਪਰਕ ਮਹਿਕਮੇ ਦੀ ਕੀ ਲੋੜ ਹੈ? ਇਹ ਸਵਾਲ ਵੱਡੇ ਪੱਤਰਕਾਰਾਂ ਦੇ ਪ੍ਰਧਾਨਮੰਤਰੀ ਜਾਂ ਹੋਰ ਸਰਕਾਰਾਂ ਦੇ ਮੀਡੀਆ ਸਲਾਹਕਾਰ ਬਣਨ ਵੇਲੇ ਵੀ ਪੁੱਛਿਆ ਜਾਂਦਾ ਰਿਹਾ ਹੈ। ਇਸੇ ਤਰ੍ਹਾਂ ਜਦੋਂ ਪੱਤਰਕਾਰਾਂ ਨੂੰ ਸਰਕਾਰਾਂ ਕਮਿਸ਼ਨਾਂ ਵਿੱਚ ਨਾਮਜ਼ਦ ਕਰਦੀਆਂ ਹਨ ਤਾਂ ਇਹੋ ਸਵਾਲ ਪੁੱਛਿਆ ਜਾਂਦਾ ਹੈ। ਇਸੇ ਰੁਝਾਨ ਦੀਆਂ ਕੜੀਆਂ ਮੁੱਲ ਦੀਆਂ ਖ਼ਬਰਾਂ ਜਾਂ ਇਸ਼ਤਿਹਾਰੀ ਖ਼ਬਰਾਂ ਜਾਂ ਦਰਬਾਰੀ ਸੰਪਾਦਕੀਆਂ ਦੇ ਰੁਝਾਨ ਨਾਲ ਜੁੜਦੀਆਂ ਹਨ। 

'ਡੇਅ ਐਂਡ ਨਾਈਟ ਨਿਉਜ਼' ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਕਾਂਗਰਸ ਦੀ ਬੋਲੀ ਬੋਲਦਾ ਸੀ। ਦੂਜੀ ਦਲੀਲ ਇਹ ਹੈ ਕਿ ਇਹ ਪੀਪਲਜ਼ ਪਾਰਟੀ ਆਫ਼ ਪੰਜਾਬ ਨੂੰ ਜ਼ਿਆਦਾ ਥਾਂ ਦਿੰਦਾ ਸੀ। ਜੇ ਇਨ੍ਹਾਂ ਦਲੀਲਾਂ ਨੂੰ ਸੱਚ ਮੰਨ ਲਿਆ ਜਾਵੇ ਤਾਂ ਕੀ ਇਸ ਚੈਨਲ ਦੀ ਹੋਣੀ ਜਾਇਜ਼ ਕਰਾਰ ਦਿੱਤੀ ਜਾ ਸਕਦੀ ਹੈ? ਉਂਝ ਇਹ ਦਲੀਲ ਸਿਰਫ਼ ਸਰਕਾਰੀ ਦਾਅਵੇ ਨਾਲ ਸੱਚੀ ਸਾਬਤ ਨਹੀਂ ਹੋ ਜਾਣੀ। ਇਸ ਲਈ ਅਧਿਐਨ ਕਰਕੇ ਸਿਆਸੀ ਮੁਹਾਣ ਦੀ ਸ਼ਨਾਖ਼ਤ ਕਰਕੇ ਦਿਖਾਉਣੀ ਜ਼ਰੂਰੀ ਹੈ। ਮੀਡੀਆ ਦੇ ਕੰਮ ਵਿੱਚ ਸਰਕਾਰੀ ਕਾਰਗੁਜ਼ਾਰੀ ਦੀ ਪੜਚੋਲ ਅਹਿਮ ਹੈ ਅਤੇ ਇਸ ਪੜਚੋਲ ਨੂੰ ਸਿਆਸਤ ਕਰਾਰ ਦੇਣਾ ਲੋਕ ਸੰਪਰਕ ਮਹਿਕਮੇ ਦਾ ਹਿੱਸਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਕਬੱਡੀ ਕੱਪ, ਪਰਵਾਸੀ ਪੰਜਾਬੀ ਸੰਮੇਲਨ, ਜ਼ਿਆਦਾਤਰ ਵਾਰ ਵਿਧਾਨ ਸਭਾ ਦੀ ਕਾਰਵਾਈ ਅਤੇ ਹੋਰ ਸਰਕਾਰੀ ਸਮਾਗਮਾਂ ਨੂੰ ਨਸ਼ਰ ਕਰਨ ਦਾ ਅਖ਼ਤਿਆਰ ਸਿਰਫ਼ ਨਿੱਜੀ ਟੈਲੀਵਿਜ਼ਨ ਚੈਨਲ ਨੂੰ ਦਿੰਦੀ ਹੈ। ਇਸ ਚੈਨਲ ਦੇ ਮੁਖੀ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੌਮਣੀ ਅਕਾਲੀ-ਭਾਜਪਾ ਗੱਠਜੋੜ ਦੀ ਜਿੱਤ ਉੱਤੇ ਸ਼ਾਬਾਸ਼ੀ ਦੀ ਈ-ਮੇਲ ਆਪਣੇ ਅਮਲੇ ਨੂੰ ਲਿਖੀ ਸੀ। ਹੁਣ ਇਸੇ ਚੈਨਲ ਨੇ ਇੱਕ ਪੰਜਾਬੀ ਫ਼ਿਲਮ ਬਣਾਈ ਹੈ ਜਿਸ ਨੂੰ ਦਿਖਾਉਣ ਲਈ ਸਿਨਮੇ ਵਾਲਿਆਂ ਉੱਤੇ ਜ਼ੋਰ ਪਾਇਆ ਗਿਆ। ਦੂਜੀਆਂ ਫ਼ਿਲਮਾਂ ਨੂੰ ਜਬਰੀ ਹਟਾਇਆ ਗਿਆ ਅਤੇ ਦਰਸ਼ਕਾਂ ਦੀ ਘਾਟ ਦੇ ਬਾਵਜੂਦ ਇਸੇ ਫ਼ਿਲਮ ਨੂੰ ਚਲਾਉਣ ਲਈ ਮਜਬੂਰ ਕੀਤਾ ਗਿਆ। ਸਰਪੰਚਾਂ ਅਤੇ ਸਰਕਾਰੀ ਸਕੂਲਾਂ ਦੇ ਪ੍ਰਿਸੀਪਲਾਂ ਨੂੰ ਦਰਸ਼ਕ ਜੁਟਾਉਣ ਦੇ ਜੁਬਾਨੀ ਹੁਕਮ ਜਾਰੀ ਕੀਤੇ ਗਏ। ਇਸ ਫ਼ਿਲਮ ਦੇ ਪ੍ਰਚਾਰ ਦਾ ਕੰਮ ਵਨੀਤ ਜੋਸ਼ੀ ਦੀ ਕੰਪਨੀ 'ਤ੍ਰਿਵੇਣੀ ਮੀਡੀਆ ਕੰਸਲਟੈਂਸੀ ਸਰਵਿਸਿਜ਼' ਕਰ ਰਹੀ ਹੈ। ਇਸੇ ਮਾਹੌਲ ਵਿੱਚ ਪੰਜਾਬ ਦਾ ਰੇਤ, ਸ਼ਰਾਬ ਅਤੇ ਭੂਮੀ ਮਾਫ਼ੀਆ ਮੂੰਹਜ਼ੋਰ ਹੋਇਆ ਹੈ। ਜਦੋਂ ਸਰਕਾਰੀ ਸਰਪ੍ਰਸਤੀ ਵਿੱਚ ਨਿੱਜੀ ਕਾਰੋਬਾਰੀ ਇੱਕ ਚੈਨਲ ਦਾ ਦਮ ਘੁੱਟਦੇ ਹਨ ਤਾਂ ਦੂਜੇ ਪਾਸੇ ਮੀਡੀਆ ਸਲਾਹਕਾਰਾਂ ਦੀ ਰਸਮੀ ਅਤੇ ਗ਼ੈਰ-ਰਸਮੀ ਫ਼ੌਜ ਤਿਆਰ ਕੀਤੀ ਜਾਂਦੀ ਹੈ। ਜਾਪਦਾ ਇਹੋ ਹੈ ਕਿ ਨੁਮਾਇਸ਼ੀ ਪ੍ਰਾਪਤੀਆਂ ਨੂੰ ਸਵਾਲਾਂ ਦੇ ਘੇਰੇ ਤੋਂ ਬਚਾਉਣ ਵਿੱਚ ਰੁਝੀਆਂ ਸਰਕਾਰਾਂ ਪੱਤਰਕਾਰੀ ਨੂੰ ਸੁਨੇਹਾ ਦੇ ਰਹੀਆਂ ਹਨ ਕਿ ਉਹ ਲੋਕ ਸੰਪਰਕ ਮਹਿਕਮੇ ਨਾਲ ਸੁਰ ਰਲਾ ਲੈਣ ਜਾਂ ਪਾਬੰਦੀਆਂ ਦੀ ਤਾਕਤ ਦਾ ਅੰਦਾਜ਼ਾ ਲਗਾਕੇ ਆਪਣੀ ਦ੍ਰਿੜਤਾ ਪਰਖ਼ ਲੈਣ। ' 

ਇਹ ਦਰਬਾਨ-ਪੱਤਰਕਾਰੀ ਦਾ ਦੌਰ ਹੈ ਜੋ ਚੌਮਸਕੀ ਦੇ ਸ਼ਬਦਾਂ ਵਿੱਚ 'ਸਹਿਮਤੀ ਦਾ ਸਿਰਜਣਾ' ਕਰ ਰਿਹਾ ਹੈ। ਲੋਕ ਸੰਪਰਕ ਮਹਿਕਮੇ ਸਰਕਾਰੀ ਨਾਕਾਮਯਾਬੀਆਂ ਦਾ ਹਿਸਾਬ ਨਹੀਂ ਕਰਦੇ। ਇਹ ਸਭ-ਕੁਝ ਨੂੰ ਲੋਕ ਪੱਖੀ ਸਰਕਾਰੀ ਪ੍ਰਾਪਤੀ ਵਜੋਂ ਪੇਸ਼ ਕਰਦੇ ਹਨ। ਨਵੇਂ ਰਾਜ ਮੰਤਰੀ 'ਡੇਅ ਐਂਡ ਨਾਈਟ ਨਿਉਜ਼' ਨੂੰ ਭਾਵੇਂ ਪ੍ਰੈਸ-ਨੋਟ ਜਾਰੀ ਕਰਕੇ ਆਵਾਮੀ ਦਿਲਚਸਪੀ ਦਾ ਸਬੱਬ ਨਾ ਮੰਨਣ ਪਰ ਮਹਿਕਮੇ ਦੇ ਅੰਦਰ ਤਾਂ ਸਰਕਾਰੀ ਪ੍ਰਾਪਤੀ ਵਜੋਂ ਪੇਸ਼ ਕਰ ਸਕਦੇ ਹਨ। ਉਨ੍ਹਾਂ ਦਾ ਅਹੁਦਾ ਸੰਭਾਲਣਾ ਸਰਕਾਰ ਲਈ 'ਸ਼ੁਭ ਸ਼ਗਨ' ਸਾਬਤ ਹੋਇਆ ਹੈ। ਹੁਣ ਜੰਗਵੀਰ ਸਿੰਘ ਅਤੇ ਵਨੀਤ ਜੋਸ਼ੀ ਦੇ ਪੇਸ਼ੇਵਰ ਅਹੁਦੇ ਦਾ ਨਾਮ ਵੀ ਇੱਕ ਹੋ ਗਿਆ ਹੈ। ਇੱਕੋ ਕੰਮ ਕਰਦਿਆਂ ਵੱਖਰੇ-ਵੱਖਰੇ ਨਾਮ ਰੱਖਣਾ 'ਕਲਿੱਪ ਵਾਲਾ ਪਾਸਾ ਨੰਗਾ ਰੱਖ ਕੇ ਘੁੰਡ ਕੱਢਣ' ਵਾਲੀ ਬੋਲੀ ਨੂੰ ਨਵੇਂ ਅਰਥ ਦਿੰਦਾ ਹੈ।

ਦਲਜੀਤ ਅਮੀ
ਲੇਖ਼ਕ ਅੱਜਕਲ੍ਹ ਬੀ ਬੀ ਸੀ ਹਿੰਦੀ ਦੇ ਪੱਤਰਕਾਰ ਹਨ ਤੇ ਕਿਸੇ ਸਮੇਂ ਡੇਅ ਐਂਡ ਨਾਈਟ ਨਾਲ ਜੁੜੇ ਰਹੇ ਹਨ।

'ਅਨਹਦ ਬਾਜਾ ਬੱਜੇ' ਬਲੌਗ ਤੋਂ  ਬਾ-ਦਸਤੂਰ ਚੋਰੀ :)

Sunday, November 16, 2014

ਕਾਮਾਗਾਟਾ ਮਾਰੂ : ਇਤਿਹਾਸ ਤੋਂ ਭਵਿੱਖ ਤੱਕ ਨਸਲਵਾਦ ਦਾ ਸਫ਼ਰ

ਰਵਾਸ ਇੱਕ ਅਜਿਹਾ ਕੁਦਰਤੀ ਜੈਵਿਕ ਵਰਤਾਰਾ ਹੈ। ਜਦੋਂ ਜੀਵ ਨੂੰ ਇੱਕ ਥਾਂ ਤੋਂ ਭੋਜਨ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਭੋਜਨ ਦੀ ਭਾਲ ਵਿੱਚ ਦੂਰ ਦੁਰਾਡੇ ਪਹੁੰਚਦਾ ਹੈ। ਵਿਕਸਿਤ ਮਨੁੱਖ ਵਿੱਚ ਸੋਚਣ, ਵਿਚਾਰਨ ਦੀ ਪ੍ਰਕਿਰਿਆ ਜ਼ਿਆਦਾ ਹੋਣ ਕਰਕੇ ਉਹ ਇਸ ਨੂੰ ਛੇਤੀ ਗ੍ਰਹਿਣ ਕਰਦਾ ਹੈ। ਇਸੇ ਵਰਤਾਰੇ ਦੇ ਅੰਤਰਗਤ 19ਵੀਂ ਸਦੀ ਦੇ ਅੰਤ ਵਿੱਚ ਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਜਦੋਂ ਭਾਰਤ ’ਤੇ ਅੰਗਰੇਜ਼ ਰਾਜ ਕਰ ਰਿਹਾ ਸੀ, ਉਸਨੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਮਾਲੀਆ (ਟੈਕਸ) ਆਮਦਨ ਨਾਲੋਂ ਕਿਤੇ ਜ਼ਿਆਦਾ ਵਧਾ ਦਿੱਤਾ ਸੀ ਕਿ ਉਹ ਦੇਣ ਤੋਂ ਅਸਮਰੱਥ ਸਨ। ਉੱਪਰੋਂ ਗਰੀਬੀ, ਕੰਗਾਲੀ ਤੇ ਘਾਤਕ ਬਿਮਾਰੀਆਂ ਨੇ ਉਹਨਾਂ ਦਾ ਜੀਣਾ ਹਰਾਮ ਕਰ ਦਿੱਤਾ ਸੀ। ਕੁੱਝ ਕਿਸਾਨ ਜਿਹੜੇ ਅੰਗਰੇਜ਼ ਦੇ ਵਫਾਦਾਰ ਸਿਪਾਹੀ ਰਹਿ ਚੁੱਕੇ ਸਨ, ਮਹਾਰਾਣੀ ਵਿਕਟੋਰੀਆ ਦੀ ਫੇਰੀ ਸਮੇਂ ਉਹਨਾਂ ਨੇ ਕੈਨੇਡਾ ਅਮਰੀਕਾ ਦੀ ਸੁਹਾਵਣੀ ਧਰਤੀ ਨੂੰ ਦੇਖਿਆ ਅਤੇ ਮਿਹਨਤ ਕਰਕੇ ਆਪਣੇ ਜੀਵਨ ਨੂੰ ਵਧੀਆ ਬਣਾਉਣ ਲਈ ਕੈਨੇਡਾ ਦੀ ਧਰਤੀ ਵੱਲ ਪਰਵਾਸ ਸ਼ੁਰੂ ਕਰ ਦਿੱਤਾ। ਪਹਿਲਾਂ ਪਹਿਲ ਤਾਂ ਥੋੜ੍ਹੇ ਲੋਕ ਆਉਂਦੇ ਸਨ ਪਰ ਜਦੋਂ ਇਹ ਗਿਣਤੀ ਵਧਣ ਲੱਗੀ ਤਾਂ ਇੱਥੋਂ ਦੇ ਕੁੱਝ ਗੋਰੇ ਲੋਕਾਂ ਨੂੰ, ਚੀਨੀਆਂ, ਜਪਾਨੀਆਂ ਤੇ ਭਾਰਤੀਆਂ ਦੀ ਸਖ਼ਤ ਮਿਹਨਤ, ਜਿਸ ਨਾਲ ਉਹਨਾਂ ਨੇ ਆਪਣੇ ਮਾਲਕਾਂ ਦੇ ਦਿਲਾਂ ਵਿੱਚ ਥਾਂ ਬਣਾਉਣੀ ਸ਼ੁਰੂ ਕਰ ਦਿੱਤੀ ਸੀ, ਚੰਗੀ ਨਾ ਲੱਗੀ। ਇਸ ਤਰ੍ਹਾਂ ਮਜ਼ਦੂਰਾਂ ਨੂੰ ਵੰਡਿਆ ਜਾਣ ਲੱਗਿਆ। ਪਰਵਾਸੀ ਮਜ਼ਦੂਰਾਂ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਤੇ ਨਸਲੀ ਨਸ਼ਤਰਾਂ, ਜਿਵੇਂ ਇੰਡੀਅਨ ਡੌਗ, ਵਰਗੇ ਘਟੀਆ ਵਿਸ਼ੇਸ਼ਣਾਂ ਨਾਲ ਹਰ ਰੋਜ਼ ਘਾਇਲ ਕੀਤਾ ਜਾਂਦਾ ਸੀ। ਇਸ ਸਭ ਕਾਸੇ ਦੇ ਬਾਵਜੂਦ ਉਹ ਕੰਮ ਕਰਨ ਲਈ ਮਜ਼ਬੂਰ ਸਨ ਤੇ ਹੁਣ ਉਹਨਾਂ ਨੂੰ ਹੌਲੀ ਹੌਲੀ ਆਪਣੀ ਗ਼ੁਲਾਮੀ ਦੀ ਸਮਝ ਵੀ ਆਉਣ ਲੱਗ ਗਈ ਸੀ।

1908 ਵਿੱਚ ਜਦੋਂ ਭਾਰਤੀਆਂ ਦੀ ਗਿਣਤੀ ਵਧਣ ਲੱਗੀ ਤਾਂ ਕੈਨੇਡਾ ਦੀ ਸਰਕਾਰ ਨੇ ਇਹ ਕਾਨੂੰਨ ਬਣਾ ਦਿੱਤਾ ਕਿ ਕੈਨੇਡਾ ਵਿੱਚ ਉਹੀ ਦਾਖਲ ਹੋ ਸਕਦਾ ਹੈ ਜੋ ਅਟੁੱਟ ਸਫਰ ਦੇ ਰਾਹੀਂ ਸਿੱਧੀ ਟਿਕਟ ਲੈ ਕੇ ਆਵੇ ਅਤੇ 200 ਡਾਲਰ ਉਸ ਕੋਲ ਹੋਵੇ। ਇਹ ਕਾਨੂੰਨ ਨਸਲੀ ਵਿਤਕਰੇ ਦੇ ਤਹਿਤ ਵਿਸ਼ੇਸ਼ ਕਰਕੇ ਭਾਰਤੀਆਂ ਲਈ ਹੀ ਬਣਾਇਆ ਗਿਆ ਸੀ। ਪਰ ਸਿਰੜ ਦੇ ਪੱਕੇ ਭਾਰਤੀ ਆਪਣੇ ਭਾਈ ਭਰੱਪਣ ਦੇ ਸਹਿਯੋਗ ਸਦਕਾ ਸ਼ਰਤਾਂ ਪੂਰੀਆਂ ਕਰਕੇ ਵੀ ਆਉਣੋ ਨਾ ਹਟੇ। 1913 ਵਿੱਚ 35 ਭਾਰਤੀ ਆਪਣੀ ਕਾਨੂੰਨੀ ਲੜਾਈ ਲੜ ਕੇ ਇਸ ਧਰਤੀ ਦੇ ਬਸ਼ਿੰਦੇ ਬਣ ਚੁੱਕੇ ਸਨ। ਇਸ ਜਿੱਤ ਨੇ ਭਾਰਤੀ ਲੋਕਾਂ ਵਿੱਚ ਇੱਕ ਖੁਸ਼ੀ ਦੀ ਚਿਣਗ਼ ਫੈਲਾ ਦਿੱਤੀ ਸੀ, ਜਿਸ ਕਰਕੇ ਹੁਣ ਉਹਨਾਂ ਨੇ ਆਪਣੇ ਭਾਈਆਂ ਦੀ ਮਦਦ ਕਰਕੇ ਉਹਨਾਂ ਨੂੰ ਇੱਥੇ ਬੁਲਾਉਣ ਦੇ ਬਾਨਣੂੰ ਬੰਨ੍ਹਣੇ ਸ਼ੁਰੂ ਕਰ ਦਿੱਤੇ। ਬਹੁਤ ਸਾਰੇ ਭਾਰਤੀ ਹਾਂਗਕਾਂਗ ਫਸੇ ਬੈਠੇ ਸਨ, ਜੋ ਕਨੇਡਾ ਅਮਰੀਕਾ ਆਉਣਾ ਚਾਹੁੰਦੇ ਸਨ। ਪਰ ਕਨੇਡਾ ਦੀ ਸਰਕਾਰ ਨੇ ਸਭ ਜਹਾਜ਼ਾਂ ਵਾਲਿਆਂ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਉਹ ਭਾਰਤੀਆਂ ਨੂੰ ਟਿਕਟਾਂ ਨਾ ਵੇਚਣ। ਉਸ ਸਮੇਂ ਹੀ ਗ਼ਦਰ ਪਾਰਟੀ ਹੋਂਦ ਵਿੱਚ ਆ ਚੁੱਕੀ ਸੀ। ਬਾਬਾ ਗੁਰਦਿੱਤ ਸਿੰਘ ਜੋ ਇੱਕ ਵਿਉਪਾਰੀ ਸੀ ਉਸਨੇ ਕਾਮਾਗਾਟਾ ਮਾਰੂ ਨਾਂ ਦਾ ਜਹਾਜ਼ ਕਿਰਾਏ ਤੇ ਕਰਕੇ ਅਤੇ ਆਪਣੇ ਭਾਰਤੀ ਭਾਈਚਾਰੇ ਦੀ ਮਦਦ ਲਈ ਸਾਰੀਆਂ ਸ਼ਰਤਾਂ ਨੂੰ ਮੱਦੇ ਨਜ਼ਰ ਰੱਖਦਿਆਂ 376 ਮੁਸਾਫਰਾਂ ਨੂੰ 18 ਅਪਰੈਲ 1914 ਨੂੰ ਹਾਂਗਕਾਂਗ ਤੋਂ ਕਨੇਡਾ ਵੱਲ ਨੂੰ ਤੋਰ ਲਿਆ। ਬੇਸ਼ੱਕ ਹਾਂਗਕਾਂਗ ਦੀ ਸਰਕਾਰ ਨੇ ਗੁਰਦਿੱਤ ਸਿੰਘ ਨਾਲ ਬਦਸਲੂਕੀ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਕਿ ਇਹ ਡਰ ਕੇ ਸਲਾਹ ਬਦਲ ਦੇਵੇਗਾ ਪਰ ਇਹ ਸੰਭਵ ਨਾ ਹੋ ਸਕਿਆ ਕਿਉਂਕਿ ਗੁਰਦਿੱਤ ਸਿੰਘ ਨੂੰ ਰੋਕਣ ਦੀ ਕੋਈ ਖਾਸ ਵਜ੍ਹਾ ਨਾ ਬਣ ਸਕੀ ਅਤੇ ਮੁਸਾਫਰਾਂ ਨੂੰ ਵੀ ਬਾਬਾ ਗੁਰਦਿੱਤ ਸਿੰਘ ਤੇ ਪੂਰਾ ਮਾਣ ਸੀ ਕਿ ਉਸਨੇ ਉਹਨਾਂ ਦੀ ਬਾਂਹ ਫੜੀ ਹੈ ਤਾਂ ਮੰਜ਼ਲ ਤੇ ਜਰੂਰ ਲੈ ਜਾਵੇਗਾ। ਹੋਇਆ ਵੀ ਇਹੀ ਕਿ 21 ਮਈ 1914 ਨੂੰ ਕਾਮਾਗਾਟਾ ਮਾਰੂ ਵਿਕਟੋਰੀਆ ਦੇ ਪਾਣੀਆਂ ਵਿੱਚ ਰੁਕਿਆ, ਉੱਥੋਂ ਦੂਸਰੇ ਦਿਨ ਵੈਨਕੂਵਰ ਦੇ ਬੁਰਾਰਡ ਇਨਲੈੱਟ ਵਿੱਚ ਪਹੁੰਚ ਗਿਆ। ਯਾਤਰੀਆਂ ਨੂੰ ਮੰਜ਼ਲ ਤੇ ਪਹੁੰਚ ਕੇ ਸੁੱਖ ਦਾ ਸਾਹ ਆਇਆ ਪਰ ਉਹ ਅਜਿਹੀ ਭਾਵੀ ਤੋਂ ਅਨਜਾਣ ਸਨ ਜੋ ਉਹਨਾਂ ਦੇ ਨਾਲ ਵਾਪਰੀ ਕਿ ਉਹਨਾਂ ਨੂੰ ਉੱਤਰਨ ਨਾ ਦਿੱਤਾ ਗਿਆ। ਸਗੋਂ ਆਲੇ ਦੁਆਲੇ ਹਥਿਆਰਬੰਦ ਪੁਲੀਸ ਨੇ ਘੇਰਾ ਪਾਇਆ ਹੋਇਆ ਸੀ ਕਿ ਨਾ ਉਹ ਬਾਹਰ ਆ ਸਕਣ ਤੇ ਨਾ ਕੋਈ ਉਹਨਾਂ ਨੂੰ ਮਿਲ ਸਕੇ। ਮੈਡੀਕਲ ਚੈੱਕਅਪ ਲਈ ਬੇਵਜਾਹ ਦੇਰ ਲਾਈ ਗਈ ਤਾਂ ਕਿ ਉਹ ਜਹਾਜ਼ ਦੀ 12 ਜੂਨ ਨੂੰ ਦੇਣ ਵਾਲੀ ਕਿਸ਼ਤ ਨਾ ਦੇ ਸਕਣ ਤੇ ਮਜ਼ਬੂਰਨ ਆਪਣੇ ਆਪ ਹੀ ਮੁੜ ਜਾਣ। ਪਰ ਵੈਨਕੂਵਰ ਵਿੱਚ ਰਹਿੰਦੇ ਭਾਰਤੀਆਂ ਨੇ ਇੱਕ ਇਕੱਠ ਕੀਤਾ ਜਿਸ ਵਿੱਚ ਕਾਮਾਗਾਟਾ ਦੀ ਮਦਦ ਲਈ 15000 ਡਾਲਰ ਇਕੱਠੇ ਕਰਨੇ ਸਨ ਪਰ ਉਸ ਦਿਨ ਉਹਨਾਂ ਨੇ, ਸੁਣਨ ਵਿੱਚ ਮਿਲਦਾ ਹੈ ਕਿ 66000 ਡਾਲਰ ਇਕੱਠੇ ਕਰ ਲਏ ਸਨ ਤੇ ਕਿਸ਼ਤ 10 ਜੂਨ ਨੂੰ ਹੀ ਚੁਕਤਾ ਕਰ ਦਿੱਤੀ ਸੀ।

ਉਸ ਵੇਲੇ ਕੈਨੇਡਾ ਦੀ ਸਰਕਾਰ ਤੇ ਇੰਮੀਗ੍ਰੇਸ਼ਨ ਅਮਲੇ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਨਸਲੀ ਤੇ ਘਿਨਾਉਣੀਆਂ ਸਾਜ਼ਸ਼ਾਂ ਨਾਲ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਨਾਲ ਅਣਮਨੁੱਖੀ ਵਰਤਾ ਕਰਕੇ, ਭੁੱਖਣ ਭਾਣੇ ਸਮੁੰਦਰ ਵਿੱਚ ਮਰਨ ਲਈ ਮਜ਼ਬੂਰ ਕਰ ਦਿੱਤਾ ਸੀ। ਜੇ ਕਿਤੇ ਭਾਰਤੀ ਭਾਈਚਾਰਾ ਉਹਨਾਂ ਦੀ ਬਾਂਹ ਨਾ ਫੜਦਾ ਤਾਂ ਉਹ ਦੋ ਮਹੀਨੇ ਤਾਂ ਕੀ ਦੋ ਦਿਨ ਵੀ ਇੱਥੇ ਨਾ ਟਿਕ ਸਕਦੇ। ਉਹਨਾਂ ਨੂੰ ਡਰਾ ਧਮਕਾ ਕੇ ਹਮਲਾ ਕਰਕੇ ਭਜਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਪਰ ਜਦੋਂ ਭਾਰਤੀ ਮਰਨ ਮਾਰਨ ਤੇ ਉੱਤਰ ਆਏ ਤਾਂ ਉਹਨਾਂ ਨੂੰ ਰਸਦ ਪਾਣੀ ਪਹੁੰਚਾਇਆ ਗਿਆ। ਉਹਨਾਂ ਦਾ ਵਕੀਲ ਐਡਵਰਡ ਬਰਡ ਉਹਨਾਂ ਨੂੰ ਮਿਲ ਨਹੀਂ ਸੀ ਸਕਦਾ, ਕੋਰਟ ਵਿੱਚ ਕੇਸ ਲਿਜਾਣ ਤੇ ਵੀ ਬਹਿਸ ਕਰਨ ਤੇ ਰੋਕ ਲਾ ਦਿੱਤੀ ਗਈ। ਇਸ ਨਫ਼ਰਤ ਦੀ ਜੰਗ ਵਿੱਚ ਕੁੱਦੇ ਪਰਵਾਸੀ ਵਿਭਾਗ ਦੇ ਅਮਲੇ ਨੇ ਇਹ ਨਹੀਂ ਸੀ ਸੋਚਿਆ ਕਿ ਇਸਦੀ ਨੌਬਤ ਇਹ ਆ ਜਾਵੇਗੀ ਕਿ ਕੈਨੇਡਾ ਵਿੱਚ ਰਹਿੰਦੇ ਭਾਰਤੀਆਂ ਬਾਰੇ ਵੈਨਕੂਵਰ ਦੀਆਂ ਲੱਕੜ ਦੀਆਂ ਇਮਾਰਤਾਂ ਨੂੰ ਸਾੜ ਕੇ ਸੁਆਹ ਕਰਨ ਦੀਆਂ ਅਫਵਾਹਾਂ ਐਡੀ ਵੱਡੀ ਪੱਧਰ ਤੇ ਤੂਲ ਫੜ ਜਾਣਗੀਆਂ। ਕੇਨੈਡੀਅਨ ਸਰਕਾਰ ਨੇ ਆਪਣੀ ਤਾਕਤ ਦੀ ਨੁਮਾਇਸ਼ ਕਰਕੇ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਨ ਦਾ ਕੰਮ ਕਰ ਲਿਆ ਸੀ ਜਿਸਦੇ ਸਿੱਟੇ ਵਜੋਂ ਅੰਤ ਨੂੰ ਮੁਸਾਫਰਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਕੇ ਜਹਾਜ਼ ਨੂੰ ਇੱਥੋਂ ਵਾਪਸ ਭੇਜਣਾ ਪਿਆ। ਇਸ ਤਰ੍ਹਾਂ ਇਹ ਸਿੱਟਾ ਕੱਢਣਾ ਮੁਸ਼ਕਲ ਹੈ ਕਿ ਮੁਸਾਫਰਾਂ ਨੂੰ ਸ਼ਕਤੀ ਪ੍ਰਦਰਸ਼ਨ ਨਾਲ ਝੁਕਾਇਆ ਗਿਆ ਸੀ ਜਾਂ ਉਹਨਾਂ ਦੇ ਦ੍ਰਿੜ੍ਹਤਾ ਨਾਲ ਕੀਤੇ ਘੋਲ ਅੱਗੇ ਗੋਡੇ ਟੇਕਣੇ ਪਏ ਸਨ। ਇਹ ਤਾਂ ਸਪਸ਼ਟ ਹੀ ਹੈ ਕਿ ਉਹਨਾਂ ਨੇ ਜੰਗੀ ਜਹਾਜ਼ ਰੇਨਬੋਅ ਦੀਆਂ ਛੇ ਇੰਚ ਮੂੰਹ ਵਾਲੀਆਂ ਤੋਪਾਂ ਨੂੰ ਹਰਾ ਕੇ ਸਿਪਾਹੀਆਂ ਨੂੰ ਜਖ਼ਮੀ ਕਰਕੇ ਜਿੱਤ ਹਾਸਲ ਕੀਤੀ ਸੀ। ਹੁਣ ਉਹ ਮੁਸਾਫ਼ਰ ਰੀਡ, ਹਾਪਕਿਨਸਨ ਤੇ ਸਟੀਵਨਜ਼ ਦੀ ਤਿੱਕੜੀ ਵਲੋਂ ਬਾਲ਼ੀ ਭੱਠੀ ਵਿੱਚ ਤਿੰਨ ਮਹੀਨੇ ਰਹਿ ਕੇ ਲੋਹਾ ਨਹੀਂ ਹਥਿਆਰ ਬਣ ਚੁੱਕੇ ਸਨ, ਜਿਹਨਾਂ ਨੂੰ ਗ਼ੁਲਾਮੀ ਦਾ ਅਹਿਸਾਸ ਹੋ ਚੁੱਕਿਆ ਸੀ ਤੇ ਹੁਣ ਉਹਨਾਂ ਦੇ ਹੌਂਸਲੇ ਬੁਲੰਦ ਸਨ ਅਤੇ ਉਹ ਹੁਣ ਸੁਤੰਤਰਤਾ ਦੇ ਸੰਗਰਾਮ ਵਿੱਚ ਜੁੱਟ ਜਾਣ ਲਈ ਤਿਆਰ ਸਨ। ਦੁਸ਼ਮਣ ਪਹਿਲਾਂ ਹੀ ਉਹਨਾਂ ਦੇ ਇਰਾਦਿਆਂ ਨੂੰ ਭਾਂਪ ਗਿਆ ਸੀ ਜਿਸ ਕਰਕੇ ਕਲਕੱਤੇ ਦੀ ਬੰਦਰਗਾਹ ਤੋਂ ਪਹਿਲਾਂ ਹੀ ਉਹਨਾਂ ਨੂੰ ਬਜਬਜ ਘਾਟ ’ਤੇ ਉਤਾਰ ਲਿਆ ਗਿਆ ਤੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਉਹਨਾਂ ਵਿੱਚੋਂ 20 ਮੁਸਾਫਰ ਮਾਰੇ ਗਏ, ਬਾਕੀਆਂ ਨੂੰ ਜੇਲ੍ਹਾਂ ਵਿੱਚ ਤੁੰਨ ਦਿੱਤਾ ਗਿਆ, ਕਾਲੇ ਪਾਣੀ ਭੇਜਿਆ ਗਿਆ, ਜ਼ਮੀਨਾਂ ਕੁਰਕ ਕੀਤੀਆਂ ਗਈਆਂ ਜਾਂ ਜੂਹ ਬੰਦੀ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਅਤੇ ਬਾਅਦ ਵਿੱਚ ਇਸ ਸਾਕੇ ਦੀ ਅਸਲੀਅਤ ਨੂੰ ਤੋੜ ਮਰੋੜ ਕੇ ਪੇਸ਼ ਵੀ ਕੀਤਾ ਗਿਆ।  

ਅਸੀਂ ਥੋੜ੍ਹੇ ਸ਼ਬਦਾਂ ਵਿੱਚ ਕਾਮਾਗਾਟਾ ਮਾਰੂ ਦੇ ਇਤਿਹਾਸ ਤੇ ਨਜ਼ਰ ਮਾਰੀ ਹੈ, ਇਹ ਕੈਨੇਡਾ ਦੇ ਇਤਿਹਾਸ ਵਿੱਚ ਸੌ ਸਾਲ ਪਹਿਲਾਂ ਵਾਪਰੀ ਘਟਨਾ ਹੈ। ਇਤਿਹਾਸ ਮਨੁੱਖੀ ਜ਼ਿੰਦਗੀ ਦਾ ਇੱਕ ਅਜਿਹਾ ਪੰਨਾ ਹੈ ਜਿਸ ਨੂੰ ਪੜ੍ਹ ਕੇ ਮਨੁੱਖਤਾ ਦੇ ਭਵਿੱਖ ਦੀ ਉਸਾਰੀ ਹੁੰਦੀ ਹੈ, ਜੋ ਇਤਿਹਾਸ ਕਾਲੇ ਵਰਕਿਆਂ ਤੇ ਲਿਖਿਆ ਜਾਂਦਾ ਹੈ, ਕੌਮਾਂ ਉਸਨੂੰ ਯਾਦ ਰੱਖਦੀਆਂ ਹਨ ਤੇ ਕੋਸ਼ਿਸ਼ ਕਰਦੀਆਂ ਹਨ ਕਿ ਮੁੜ ਕੇ ਇਹ ਕੁਝ ਨਾ ਵਾਪਰੇ। ਅੱਜ ਸੌ ਸਾਲ ਬਾਅਦ ਸਾਡੇ ਸਾਹਮਣੇ ਬਹੁਤ ਸਾਰੇ ਸਵਾਲ ਮੂੰਹ ਅੱਡੀ ਖੜ੍ਹੇ ਹਨ ਜਿਨ੍ਹਾਂ ਦਾ ਜਵਾਬ ਅਸੀਂ ਦੇਣਾ ਹੈ ਤਾਂ ਕਿ ਉਹੀ ਸਵਾਲ ਸਾਡੇ ਬੱਚੇ ਸਾਨੂੰ ਨਾ ਕਰਨ। ਅਸੀਂ ਇਹ ਦੇਖਣਾ ਹੈ ਕਿ ਇਹ ਕਿਸ ਕਿਸਮ ਦਾ ਇਤਿਹਾਸ ਹੈ? ਸਾਡੇ ਲਈ ਅੱਜ ਦੇ ਜੀਵਨ ਵਿੱਚ ਇਸਦੀ ਕੀ ਮਹੱਤਤਾ ਹੈ? ਆਲੇ ਦੁਆਲੇ ਸੌ ਸਾਲ ਪਹਿਲਾਂ ਘਟੀ ਇਸ ਘਟਨਾ ਨੂੰ ਲੈ ਕੇ ਕੀ ਕੁੱਝ ਹੋ ਰਿਹਾ ਹੈ? ਕੀ ਅੱਜ ਧਰਮ, ਰੰਗ, ਨਸਲ ਤੇ ਖਿੱਤੇ ਦੇ ਅਧਾਰ ਤੇ ਮਨੁੱਖਤਾ ਵਿੱਚ ਕੋਈ ਪੱਖਪਾਤ ਨਹੀਂ? ਕੀ ਸੌ ਸਾਲ ਪਹਿਲਾਂ ਹੋਈ ਗਲਤੀ ਦੀ ਮਾਫੀ ਦਾ ਕੋਈ ਅਧਾਰ ਹੈ ਜਾਂ ਨਹੀਂ? ਕਿਤੇ ਮਾਫੀ ਮੰਗਣ ਜਾਂ ਨਾ ਮੰਗਣ ਜਾਂ ਕਿੱਥੇ ਮੰਗਣ ਦੇ ਵਿੱਚ ਭਾਰਤੀ ਕਮਿਊਨਿਟੀ ਨੂੰ ਵੰਡਿਆ ਤਾਂ ਨਹੀਂ ਜਾ ਰਿਹਾ? ਕਿਤੇ ਅਸੀਂ ਆਪਣੇ ਆਪਣੇ ਛੋਟੇ ਛੋਟੇ ਨਿੱਜੀ ਹਿਤਾਂ ਦੀ ਪੂਰਤੀ ਲਈ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਮਿੱਟੀ ਵਿੱਚ ਤਾਂ ਨਹੀਂ ਰੋਲ਼ ਰਹੇ? ਕੀ ਗਰਾਂਟਾਂ ਦੇ ਸਿਲਸਿਲੇ ਵਿੱਚ ਛੋਟੇ ਵੱਡੇ ਪ੍ਰੋਗਰਾਮ ਕਰਕੇ ਗ਼ਦਰੀ ਬਾਬਿਆਂ ਦੀ ਮਨੁੱਖੀ ਹਿਤਾਂ ਲਈ ਵਿੱਢੀ ਲੜਾਈ ਨੂੰ ਠੇਸ ਤਾਂ ਨਹੀਂ ਪਹੁੰਚਾ ਰਹੇ?

ਆਓ ਅਸੀਂ ਇਨ੍ਹਾਂ ਸਵਾਲਾਂ ਦੇ ਉੱਤਰਾਂ ਬਾਰੇ ਕੁੱਝ ਵਿਚਾਰੀਏ। ਇਹ ਉਹ ਅਮੀਰ ਇਤਿਹਾਸ ਹੈ ਜੋ ਭੁੱਖਾਂ, ਦੁੱਖਾਂ ਤੇ ਤਕਲੀਫਾਂ ਵਿੱਚੋਂ ਪੈਦਾ ਹੋ ਕੇ ਗ਼ੁਲਾਮ ਜਨ ਸਮੂਹ ਦੀ ਅਜ਼ਾਦੀ ਦੀ ਅਵਾਜ਼ ਬਣ ਕੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਚਾਨਣ ਮੁਨਾਰਾ ਬਣ ਕੇ ਉੱਭਰਿਆ ਅਤੇ ਗ਼ਦਰ ਦੀ ਲਾਟ ਬਣ ਕੇ ਲੋਕਾਂ ਦੇ ਦਿਲਾਂ ਵਿੱਚ ਲਟ ਲਟ ਕਰਕੇ ਜਗਿਆ। ਬੇਸ਼ੱਕ ਜੇਲਾਂ, ਫਾਂਸੀਆਂ, ਕਾਲੇ ਪਾਣੀਆਂ ਦੀਆਂ ਸਜਾਵਾਂ ਵਿੱਚੋਂ ਲੰਘਦਾ ਹੋਇਆ ਗ਼ਦਰ ਲਹਿਰ, ਨੌਜਵਾਨ ਭਾਰਤ ਸਭਾ, ਬੱਬਰ ਲਹਿਰ, ਅਕਾਲੀ ਲਹਿਰ, ਕਿਰਤੀ ਲਹਿਰ, ਲਾਲ ਪਾਰਟੀ ਅਤੇ ਨਕਸਲਬਾੜੀ ਤੱਕ ਪਹੁੰਚਿਆ ਸੀ ਅਤੇ ਅੱਜ ਘੋਲ਼ਾਂ ਦੇ ਰੂਪ ਵਿੱਚ ਜਾਰੀ ਹੈ ਪਰ ਇਸਦਾ ਟੀਚਾ ਮੁੱਢੋਂ ਸੁੱਢੋਂ ਅਮੀਰ ਤੇ ਗਰੀਬ ਦੇ ਪਾੜੇ ਨੂੰ ਖ਼ਤਮ ਕਰਨਾ ਹੀ ਸੀ। ਦੂਸਰੇ ਸਵਾਲ ਦੇ ਸੰਦਰਭ ਵਿੱਚ ਦੇਖੀਏ ਤਾਂ ਪਿਛਲੇ ਸਾਲ ਗ਼ਦਰ ਲਹਿਰ ਨੂੰ ਸਮਰਪਤ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ। ਬਹੁਤ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਵੀ ਤੇ ਕੁੱਝ ਨੇ ਆਪਣੇ ਆਪਣੇ ਤੌਰ ਤੇ ਗ਼ਦਰੀ ਬਾਬਿਆਂ ਦੀ ਕੁਰਬਾਨੀ ਨੂੰ ਲੋਕਾਂ ਤੱਕ ਲੈ ਜਾਣ ਦਾ ਅਹਿਦ ਵੀ ਕੀਤਾ। ਇਹ ਇੱਕ ਚੰਗਾ ਬਿਗਲ ਸੀ। ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਵਲੋਂ ਪ੍ਰਦਰਸ਼ਨੀਆਂ, ਸੈਮੀਨਾਰ, ਪਬਲਿਕ ਰੈਲੀ, ਕਵੀ ਦਰਬਾਰ, ਫੰਡਰੇਜ਼ ਡਿਨਰ, ਨਾਟਕਾਂ ਦਾ ਸਭਿਆਚਾਰਕ ਪ੍ਰੋਗਰਾਮ, ਗ਼ਦਰ ਦੀ ਮੂੰਹ ਬੋਲਦੀ ਤਸਵੀਰ ਕੈਲੰਡਰ ਰਲੀਜ਼ ਤੇ ”ਗ਼ਦਰ ਦੀ ਲਾਟ”ਪੁਸਤਕ ਰਲੀਜ਼ ਤੇ ਹੋਰ ਸਾਹਿਤ ਵੰਡਣਾ ਆਦਿ। ਉਸੇ ਲੜੀ ਵਿੱਚ ਇਸ ਸਾਲ ਵੀ ਕਾਮਾਗਾਟਾ ਮਾਰੂ ਨੂੰ ਸਮਰਪਤ ਰੈਲੀ ਤੇ ਸੈਮੀਨਾਰ ਕਰਵਾਏ ਗਏ। ਇਹ ਪ੍ਰੋਗਰਾਮ ਸਾਰੇ ਕੈਨੇਡਾ ਵਿੱਚ ਉਲੀਕੇ ਗਏ ਜਾਂ ਸ਼ਮੂਲੀਅਤ ਕੀਤੀ ਗਈ ਜਿਵੇਂ ਸਰ੍ਹੀ, ਵੈਨਕੂਵਰ, ਡੈਲਟਾ, ਵਿਕਟੋਰੀਆ, ਐਬਸਫੋਰਡ, ਕੈਲਗਰੀ, ਐਡਮਿੰਟਨ, ਵਿਨੀਪੈੱਗ, ਟੋਰਾਂਟੋ ਆਦਿ ਜਿਹਨਾਂ ਦਾ ਮੁੱਖ ਮਨੋਰਥ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਕੇ ਅੱਜ ਦੀਆਂ ਹਾਲਤਾਂ ਵਿੱਚ ਉਹੀ ਨਸਲਵਾਦ ਦੇ ਝਰੋਖੇ ਵਿੱਚੋਂ ਚੀਰਫਾੜ ਕਰਨਾ ਸੀ ਅਤੇ ਉੱਪਰ ਲਿਖੇ ਸਾਰੇ ਸਵਾਲਾਂ ਦੇ ਜਵਾਬ ਲੱਭਣਾ ਸੀ। ਹੋਰ ਜਥੇਬੰਦੀਆਂ ਨੇ ਵੀ ਆਪਣੇ ਵਿੱਤ ਮੁਤਾਬਕ ਇਤਿਹਾਸ ਦੇ ਇੰਨਾ ਅਣਗੌਲ਼ੇ ਵਰਕਿਆਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਹੋਵੇਗਾ ਪਰ ਇਹਨਾਂ ਤੋਂ ਇਲਾਵਾ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਕੁੱਝ ਜਥੇਬੰਦੀਆਂ ਜਿਹੜੀਆਂ ਗ਼ਦਰੀ ਬਾਬਿਆ ਦੇ ਵਾਰਸ ਕਹਾਉਂਦੀਆਂ ਹੋਈਆਂ ਵੀ ਉਹਨਾਂ ਦੀ ਸੋਚ ਦੇ ਉਲਟ ਭੁਗਤਦੀਆਂ ਹਨ ਜਿਵੇਂ ਲੋਕਾਂ ਦਾ ਇਕੱਠ ਕਰਨ ਲਈ ਲੱਚਰ ਗੀਤਕਾਰ ਜਾਂ ਗਾਉਣ ਵਾਲੇ ਸਟੇਜਾਂ ਤੇ ਚਾੜ੍ਹ ਕੇ ਲੋਕਾਂ ਦੀ ਸੋਚ ਨੂੰ ਧੁੰਦਲਾਉਣਾ ਹੈ ਤੇ ਖੁੰਢਿਆਂ ਕਰਨਾ ਹੈ। ਉਦੋਂ ਗ਼ਦਰ ਦੇ ਪਰਚੇ ਵਿੱਚ ਪ੍ਰਕਾਸ਼ਤ ਕਰਨ ਵਾਸਤੇ ਰਚਨਾਵਾਂ ਭੇਜਣ ਵਾਲੇ ਲੇਖਕਾਂ ਨੂੰ ਹਦਾਇਤਾਂ ਸਨ ਕਿ ਉਹ ਅਜਿਹੀਆਂ ਰਚਨਾਵਾਂ ਭੇਜਣ ਜਿਹੜੀਆਂ ਲੋਕਾਂ ਵਿੱਚ ਅਜ਼ਾਦੀ ਦਾ ਦੀਪ ਜਗਾ ਸਕਣ ਨਾ ਕਿ ਲੱਛੀ ਬੰਤੋ ਦੇ ਗੀਤਾਂ ਵਰਗੀ ਬਰਬਾਦੀ ਦੀ ਸੋਚ। ਉਹ ਲਿਖਦੇ ਸਨ ਕਿ ਰਚਨਾਵਾਂ ਵਿੱਚ ਮਰਨ ਮਾਰਨ ਦਾ ਹੌਂਸਲਾ, ਜੋਸ਼ ਤੇ ਗੁਰੂ ਗੋਬਿੰਦ ਸਿੰਘ ਵਰਗੀ ਕੁਰਬਾਨੀ ਦਾ ਜ਼ਜ਼ਬਾ ਰੱਖਣ ਵਾਲੀਆਂ ਕਵਿਤਾਵਾਂ ਭੇਜੀਆਂ ਜਾਣ ਜਿਸਦਾ ਸਿੱਟਾ ਇਹ ਨਿੱਕਲਿਆ ਕਿ ਵਿਦੇਸ਼ਾਂ ਵਿੱਚ ਬੈਠੇ ਲੋਕ ਆਪਣੀਆਂ ਜ਼ਮੀਨਾਂ ਜਾਇਦਾਦਾਂ ਗ਼ਦਰ ਪਾਰਟੀ ਨੂੰ ਦੇ ਕੇ ਦੇਸ਼ ਅਜ਼ਾਦ ਕਰਾਉਣ ਤੁਰ ਪਏ ਸਨ। ਪਰ ਅੱਜ ਅਸੀਂ ਸੌ ਸਾਲ ਬਾਅਦ ਉਹਨਾਂ ਨੂੰ ਯਾਦ ਕਰਨ ਲੱਗਿਆਂ ਬਹੁਤ ਤਰ੍ਹਾਂ ਦੀ ਤਰੱਕੀ ਦੇ ਬਾਵਜੂਦ ਅੱਤ ਦਰਜੇ ਦੇ ਘਟੀਆ ਗੀਤ ਗਾਉਣ ਵਾਲਿਆਂ ਨੂੰ ਸਟੇਜ਼ਾਂ ਤੇ ਚੜ੍ਹਾ ਕੇ ਉਹਨਾਂ ਇਤਿਹਾਸ ਦੇ ਪੰਨਿਆਂ ਨੂੰ ਰੋਲ਼ਣ ਜਾ ਰਹੇ ਹਾਂ। ਸਾਨੂੰ ਸੋਚਣਾ ਪਵੇਗਾ ਕਿ ਇਹਨਾਂ ਲੋਕਾਂ ਦੇ ਕੀ ਮੁਫਾਦ ਹਨ? ਉਹਨਾਂ ਦੀ ਸੋਚ ਇੱਥੋਂ ਤੱਕ ਕਿਉਂ ਗਿਰ ਗਈ ਹੈ? ਉਹ ਗ਼ਦਰੀ ਬਾਬਿਆਂ ਜਾਂ ਕਾਮਾਗਾਟਾ ਮਾਰੂ ਦਾ ਨਾਂ ਵਰਤ ਕੇ ਕੀ ਖੱਟਣਾ ਕਮਾਉਣਾ ਚਾਹੁੰਦੇ ਹਨ?  

ਕਾਮਾਗਾਟਾ ਮਾਰੂ ਦਾ ਐਡਾ ਵੱਡਾ ਦੁਖਾਂਤ ਸਿਰਫ ਤੇ ਸਿਰਫ ਨਸਲਵਾਦ ਦੇ ਬੋਲਬਾਲੇ ਕਰਕੇ ਵਾਪਰਿਆ ਸੀ। ਉਹਨਾਂ ਦੀ ਕੁਰਬਾਨੀ ਕਰਕੇ ਹੀ ਅੱਜ ਕੈਨੇਡਾ ਵਰਗੇ ਦੇਸ਼ ਵਿੱਚ ਭਾਰਤੀ ਲੋਕਾਂ ਦੇ ਐਡੇ ਐਡੇ ਬਿਜ਼ਨਿਸ ਹਨ ਜਾਂ ਲੀਡਰ ਵੀ ਬਣ ਗਏ ਹਾਂ ਜਾਂ ਅਸੀਂ ਕੰਮ ਕਰਕੇ ਇੱਥੋਂ ਦੀਆਂ ਸੁੱਖ ਸਹੂਲਤਾਂ ਪ੍ਰਾਪਤ ਕਰ ਰਹੇ ਹਾਂ ਜਾਂ ਕਹਿ ਲਓ ਇਸ ਦੇਸ਼ ਨੂੰ ਅਬਾਦ ਤੇ ਤਰੱਕੀ ਵਿੱਚ ਅਸੀਂ ਭਾਰਤੀਆਂ ਨੇ ਬਹੁਤ ਵੱਡਾ ਰੋਲ ਨਿਭਾਇਆ ਹੈ। ਇਹ ਸਿਰਫ ਉਹਨਾਂ ਦੀ ਬਦੌਲਤ, ਜਿਹਨਾਂ ਨੇ ਸਾਨੂੰ ਇੱਥੇ ਰਹਿਣ ਦਾ ਹੱਕ ਲੈ ਕੇ ਦਿੱਤਾ। ਉਦੋਂ ਐਥੋਂ ਦੇ ਗੋਰੇ ਲੋਕ, ਕੈਨੇਡੀਅਨ ਸਰਕਾਰ ਜਾਂ ਇੰਮੀਗ੍ਰੇਸ਼ਨ ਅਮਲਾ ਰੰਗ, ਨਸਲ ਤੇ ਧਰਮ ਤੇ ਹਮਲਾ ਕਰਕੇ ਸਾਊਥ ਏਸ਼ੀਅਨ ਭਾਈਚਾਰੇ ਨੂੰ ਕੱਢਣਾ ਚਾਹੁੰਦਾ ਸੀ ਤੇ ਸਿਰਫ ਗੋਰਿਆਂ ਦਾ ਦੇਸ਼ ਰੱਖਣਾ ਚਾਹੁੰਦਾ ਸੀ। ਉਹ ਤਾਂ ਸੀ ਸੌ ਸਾਲ ਪਹਿਲਾਂ ਦੀਆਂ ਗੱਲਾਂ ਅੱਜ ਜਦੋਂ ਅਸੀਂ ਕਾਮਾਗਾਟਾ ਮਾਰੂ ਦਾ ਸ਼ਤਾਬਦੀ ਵਰ੍ਹਾ ਮਨਾ ਰਹੇ ਹਾਂ ਤਾਂ ਸੋਚਣਾ ਪਵੇਗਾ ਕਿ ਕੀ ਇਹ ਅੱਜ ਤਾਂ ਨਹੀਂ ਹੋ ਰਿਹਾ? ਹਾਂ ਨਸਲਵਾਦ ਦਾ ਪ੍ਰਕੋਪ ਘੱਟ ਗਿਣਤੀਆਂ ਤੇ ਅੱਜ ਵੀ ਜਾਰੀ ਹੈ ਜਿਵੇਂ ਸੁਪਰ ਵੀਜ਼ਾ। ਸੌ ਸਾਲ ਪਹਿਲਾਂ ਪਰਿਵਾਰਾਂ ਨੂੰ ਇਕੱਠੇ ਕਰਨ ਦਾ ਹੱਕ ਗ਼ਦਰੀਆਂ ਨੇ ਲੜਾਈ ਲੜ ਕੇ ਲਿਆ ਸੀ, ਉਹ ਅੱਜ ਖੋਹਿਆ ਗਿਆ ਹੈ। ਸੁਪਰ ਵੀਜ਼ੇ ਦੇ ਨਾਂ ਤੇ 10 ਡਾਲਰ ਤੇ ਕੰਮ ਕਰਨ ਵਾਲਾ ਵਿਅਕਤੀ ਚਿੱਠੀ ਹੀ ਨਹੀਂ ਭਰ ਸਕਦਾ, ਕਿਉਂਕਿ ਇਨਕਮ ਹੀ ਨਹੀਂ ਬਣੇਗੀ, ਜੇ ਕਿਸੇ ਤਰ੍ਹਾਂ ਮਾਂ ਬਾਪ ਆ ਵੀ ਜਾਂਦੇ ਹਨ ਤਾਂ ਉਹਨਾਂ ਦੇ ਮੈਡੀਕਲ ਲਈ ਇੰਸ਼ੋਰੈਂਸ਼ ਕਿੱਥੋਂ ਭਰੇਗਾ? ਮਾਪੇ ਆ ਕੇ ਕੋਈ ਕੰਮ ਨਹੀਂ ਕਰ ਸਕਦੇ। ਜਿਹੜੇ ਮਾਪੇ ਆ ਕੇ ਬੱਚਿਆਂ ਦਾ ਸਹਾਰਾ ਬਣਦੇ ਸਨ, ਹੁਣ ਬੱਚੇ ਇੱਥੋਂ ਦੀ ਉਲਝਣਾਂ ਭਰੀ ਜ਼ਿੰਦਗੀ ਵਿੱਚ ਮਾਪਿਆਂ ਨੂੰ ਆਪਣੇ ਤੇ ਬੋਝ ਸਮਝਣਗੇ। ਖਰਚਿਆਂ ਵਿੱਚ ਉਲਝੇ ਉਹ ਆਪਸ ਵਿੱਚ ਲੜਨਗੇ। ਹਿੰਸਕ ਵਾਰਦਾਤਾਂ ਵਧਣਗੀਆਂ। ਕੁਦਰਤ ਦੀ ਦਿੱਤੀ ਪਿਆਰ ਵਰਗੀ ਸ਼ੈਅ, ਰਿਸ਼ਤਿਆਂ ਦੀਆਂ ਗੰਢਾਂ ਖੁੱਲ੍ਹ ਕੇ ਖਿੰਡਰ ਜਾਣਗੀਆਂ। ਐਨੇ ਨੁਕਸਾਨਾਂ ਦੇ ਬਾਵਜੂਦ ਕੀ ਆਪਾਂ ਇਹਨੂੰ ਨਸਲੀ ਘਾਤਕ ਹਮਲਾ ਨਾ ਸਮਝੀਏ? ਹਾਂ ਬਹੁਤੀ ਵਾਰ ਸਾਨੂੰ ਐਸ ਭੇਲ਼ਸੇ ਵਿੱਚ ਰੱਖਿਆ ਜਾਂਦਾ ਹਾਂ ਕਿ ਦੋ ਮਹੀਨੇ ਵਿੱਚ ਤੁਹਾਡੇ ਮਾਪੇ ਵੀ ਐਥੇ ਆ ਜਾਣਗੇ। ਅਸੀਂ ਮੋਹ ਭਿੱਜੇ ਲੋਕ ਯਕੀਨ ਕਰਕੇ ਵਿਤੋਂ ਬਾਹਰ ਹੋ ਕੇ ਕੌੜਾ ਅੱਕ ਚੱਬਣ ਨੂੰ ਤਿਆਰ ਹੋ ਬਹਿੰਦੇ ਹਾਂ। ਦੂਸਰਾ ਸਾਡੇ ਭਾਈਚਾਰੇ ਵਿੱਚੋਂ ਹੀ ਇੰਮੀਗ੍ਰੇਸ਼ਨ ਦੇ ਕੰਮਾਂ ਵਿੱਚੋਂ ਬਿਜ਼ਨਿਸ ਕਰਨ ਵਾਲੇ ਲੋਕ ਵੱਡੀਆਂ ਵੱਡੀਆਂ ਐਡਾਂ ਕਰਕੇ ਲੋਕਾਂ ਨੂੰ ਅਸਲੀਅਤ ਤੋਂ ਦੂਰ ਪਰੇ ਕਰਦੇ ਹਨ ਕਿਉਂਕਿ ਉਹਨਾਂ ਦਾ ਮਕਸਦ ਸਿਰਫ ਪੈਸੇ ਕਮਾਉਣਾ ਹੁੰਦਾ ਹੈ।

ਹੁਣ ਇੱਕ ਹੋਰ ਬਾਹਰੋਂ ਆਉਣ ਵਾਲਿਆਂ ਤੇ, ਬਿੱਲ ਸੀ-24 ਲਿਆਉਣ ਨਾਲ ਸਾਡੇ ਹੱਕਾਂ ਤੇ ਦਾਤੀ ਫਿਰੀ ਹੈ ਜਿਸ ਵਿੱਚ ਨਾਗਰਿਕਤਾ ਲੈਣੀ ਬਹੁਤ ਔਖੀ ਕਰ ਦਿੱਤੀ ਗਈ ਹੈ ਪਰ ਖੋਹੀ ਮਿੰਟਾਂ ਸਕਿੰਟਾਂ ਵਿੱਚ ਜਾ ਸਕਦੀ ਹੈ, ਕੋਈ ਛੋਟੇ ਮੋਟੇ ਚਾਰਜ ਨਾਲ ਵੀ, ਚਾਹੇ ਉਹ ਕੰਮ ਦਸ ਵੀਹ ਸਾਲ ਪਹਿਲਾਂ ਕੀਤਾ ਗਿਆ ਹੋਵੇ। ਇਸ ਤੋਂ ਅੱਗੇ ਤੁਹਾਨੂੰ ਕੋਰਟ ਜਾਣ ਦਾ ਵੀ ਮੌਕਾ ਨਹੀਂ ਦਿੱਤਾ ਜਾਵੇਗਾ। ਨਾਗਰਿਕਤਾ ਖੋਹਣ ਦਾ ਹੱਕ ਇੰਮੀਗ੍ਰੇਸ਼ਨ ਮਨਿਸਟਰ ਨੂੰ ਹੀ ਦੇ ਦਿੱਤਾ ਗਿਆ ਹੈ। ਅਸਲ ਵਿੱਚ ਦੁਨੀਆਂ ਭਰ ਵਿੱਚ ਅਗਰ ਤੁਸੀਂ ਕਿਸੇ ਵੀ ਦੇਸ਼ ਦੇ ਨਾਗਰਿਕ ਬਣ ਜਾਂਦੇ ਹੋ, ਤਾਂ ਇਹ ਹੱਕ ਖੋਹਿਆ ਨਹੀਂ ਜਾ ਸਕਦਾ। ਇਹ ਸਾਰਾ ਕੁੱਝ ਨੂੰ ਲੋਕਤੰਤਰ ਢਾਂਚੇ ਵਿੱਚ ਨਹੀਂ, ਸਗੋਂ ਡਿਕਟੇਟਰਸ਼ਿੱਪ ਵਿੱਚ ਵਾਪਰ ਰਿਹਾ ਕਹਿ ਸਕਦੇ ਹਾਂ। ਹੁਣ ਬਾਹਰੋਂ ਆਏ ਲੋਕਾਂ ਲਈ ਇਸ ਕਾਨੂੰਨ ਵਿੱਚ ਨਾਗਰਿਕਤਾ ਸਿਰਫ ਸਹੂਲਤ ਹੈ, ਉਹਨਾਂ ਦਾ ਹੱਕ ਨਹੀਂ। ਇਹ ਕਾਨੂੰਨ ਤੁਹਾਡੇ ਬੱਚਿਆਂ ਨੂੰ ਵੀ ਪ੍ਰਭਾਵਤ ਕਰੇਗਾ ਜਿਹੜੇ ਐਥੋਂ ਦੇ ਜੰਮੇ ਪਲ਼ੇ ਹਨ। ਉਹਨਾਂ ਦੇ ਮਾਪਿਆਂ ਦੀ ਕੀਤੀ ਗ਼ਲਤੀ ਦਾ ਹਰਜਾਨਾ ਬੱਚਿਆਂ ਨੂੰ ਦੇਸ਼ ਨਿਕਾਲ਼ੇ ਨਾਲ ਵੀ ਦਿੱਤਾ ਜਾ ਸਕਦਾ ਹੈ। ਸੰਖੇਪ ਸ਼ਬਦਾਂ ਵਿੱਚ ਇਹ ਨਸਲੀ ਤੇ ਪੱਖਪਾਤੀ ਕਾਨੂੰਨ ਹੈ। ਇਹ ਕਾਨੂੰਨ ਪਾਸ ਕਰਵਾਉਣ ਵਾਲੇ ਵੀ ਸਾਡੇ ਭਾਈਚਾਰੇ ਦੇ ਸਿਰ ਕੱਢਵੇਂ ਲੀਡਰ ਹਨ। 

ਇਹ ਸਵਾਲ ਵੀ ਦਸ ਪੰਦਰਾਂ ਸਾਲਾਂ ਤੋਂ ਬਹੁਤ ਹੀ ਗਰਮਾਇਆ ਜਾ ਰਿਹਾ ਹੈ ਕਿ ਸੌ ਸਾਲ ਪਹਿਲਾਂ ਹੋਈ ਘਟਨਾ ਦੀ ਮਾਫੀ ਮੰਗੀ ਜਾਵੇ ਜਾਂ ਕਿੱਥੇ ਮੰਗੀ ਜਾਵੇ। ਸੋਚਣ ਵਾਲੀ ਗੱਲ ਹੈ ਕਿ ਅਗਰ ਗ਼ਲਤੀ ਹੋਈ ਹੈ, ਫਿਰ ਮਾਫੀ ਮੰਗਣ ਵਿੱਚ ਇਤਰਾਜ਼ ਕਿਉਂ? ਸਰਕਾਰਾਂ ਨੂੰ ਕੀ ਦਿੱਕਤ ਆ ਰਹੀ ਹੈ? ਅਸਲ ਵਿੱਚ ਗੱਲ ਇਹ ਹੈ ਕਿ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਬਹੁਤ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਬੋਝੇ ਵਿੱਚ ਘੜੀਸੀ ਫਿਰਦੀਆਂ ਹਨ। ਹਰ ਇੱਕ ਜਥੇਬੰਦੀ ਹੀ ਇਹ ਚਾਹੁੰਦੀ ਹੈ ਕਿ ਮੁਆਫੀਨਾਮੇ ਦਾ ਹੀਰਾ ਬੁੜ੍ਹਕ ਕੇ ਮੇਰੀ ਝੋਲ਼ੀ ਵਿੱਚ ਡਿੱਗੇ ਜਿਸ ਨਾਲ ਉਹ ਮੁੱਛ ਨੂੰ ਵੱਟ ਦੇ ਕੇ ਗ਼ਦਰੀਆਂ ਦੇ ਪੈਰੋਕਾਰ ਅਖਵਾ ਸਕਣ। ਦੂਜੇ ਪਾਸੇ ਸਰਕਾਰ ਬਾਂਦਰਾਂ ਵਿਚਾਲੇ ਭੇਲੀ ਸਿੱਟਣ ਨੂੰ ਤਿਆਰ ਹੀ ਨਹੀਂ। ਜੇ ਕਿਤੇ ਸਿੱਟ ਦੇਣ ਤੇ ਕਿਸੇ ਦੇ ਆ ਜਾਵੇ ਹੱਥ, ਫੇਰ ਤਾਂ ਮੁੱਦਾ ਹੀ ਹੱਥੋਂ ਚਲਾ ਗਿਆ, ਉਹ ਇਹ ਗਲਤੀ ਕਰਨੀ ਨਹੀਂ ਚਾਹੁੰਦੇ। ਜਿਹੜੀਆਂ ਜਥੇਬੰਦੀਆਂ ਅੱਜ ਇੱਕ ਦੂਜੇ ਨੂੰ ਅੱਖਾਂ ਦਿਖਾ ਰਹੀਆਂ ਨੇ ਜਾਂ ਇੱਕ ਦੂਜੇ ਦੀਆਂ ਲੱਤਾਂ ਘੜੀਸ ਰਹੀਆਂ ਹਨ ਫਿਰ ਉਹ ਸਰਕਾਰ ਵੱਲ ਸੇਧਤ ਹੋ ਜਾਣਗੀਆਂ। ਇਹਨਾਂ ਨੂੰ ਵੰਡ ਕੇ ਹੀ ਤਾਂ ਵੋਟਾਂ ਦੀਆਂ ਝੋਲ਼ੀਆਂ ਭਰਨੀਆਂ ਹਨ। ਇਹ ਤਾਂ ਰਹੀ ਦੋ ਧੜਿਆਂ ਦੀ ਗੱਲ, ਅਸੀਂ ਹਾਂ ਆਮ ਲੋਕ, ਜਿਹਨਾਂ ਨੇ ਇਹਨਾਂ ਮਾਫੀਆਂ ਵਿੱਚੋਂ ਕੁੱਝ ਖੱਟਣਾ ਕਮਾਉਣਾ ਨਹੀਂ। ਸਾਡੇ ਸੋਚਣ ਲਈ ਹੈ ਕਿ ਜਿਸ ਗ਼ਲਤੀ ਦੀ ਮਾਫੀ ਮੰਗੀ ਜਾ ਰਹੀ ਹੈ ਕਿਤੇ ਸਾਡੇ ਆਲੇ ਦੁਆਲੇ ਉਹੀ ਗ਼ਲਤੀ ਮੁੜ ਦੁਹਰਾਈ ਤਾਂ ਨਹੀਂ ਜਾ ਰਹੀ।  

ਕੀ ਸਾਡੇ ਦੇਸ਼ ਭਗਤਾਂ ਦੇ ਪਾਏ ਪੂਰਨਿਆਂ ਤੋਂ ਸਾਨੂੰ ਵੱਖ ਕਰਕੇ, ਮਾਫੀਨਾਮਿਆਂ ਤੇ ਧਿਆਨ ਕੇਂਦਰਤ ਕਰਕੇ ਉਹਨਾਂ ਦੇ ਆਦੇਸ਼ ਤੋਂ ਲਾਂਭੇ ਤਾਂ ਨਹੀਂ ਕੀਤਾ ਜਾ ਰਿਹਾ? ਮੈਂ ਜਿਹਨਾਂ ਸੁਪਰ ਵੀਜ਼ੇ ਜਾਂ ਬਿੱਲ ਸੀ-24 ਦਾ ਉੱਪਰ ਜ਼ਿਕਰ ਕਰਕੇ ਆਈ ਹਾਂ, ਕੀ ਤੁਹਾਨੂੰ ਆਪਣੇ ਲੋਕਾਂ ਤੇ ਲੁਕਵੇਂ ਢੰਗ ਨਾਲ ਲਾਈਆਂ ਨਸਲੀ ਨਸ਼ਤਰਾਂ ਨਹੀਂ ਲੱਗਦੀਆਂ, ਜਿਹੜੀਆਂ ਸੌ ਸਾਲ ਪਹਿਲਾਂ ਨੰਗੇ ਚਿੱਟੇ ਰੂਪ ਲਾਈਆਂ ਜਾਂਦੀਆਂ ਸਨ। ਮੈਨੂੰ ਲੱਗਦਾ ਹੈ ਕਿ ਸਮੇਂ ਦੇ ਨਾਲ ਨਾਲ ਸਰਕਾਰਾਂ ਨੇ ਰੁਖ਼ ਤਾਂ ਜਰੂਰ ਬਦਲੇ ਹਨ ਪਰ ਆਪਣੀਆਂ ਨੀਅਤਾਂ ਉਹੀ ਰੱਖੀਆਂ ਹਨ, ਜਿਵੇਂ 1913-14 ਵਿੱਚ ਸ਼ਰੇਆਮ ਨਸਲਵਾਦ ਦਾ ਬੋਲਬਾਲਾ ਸੀ ਜਿਸਦਾ ਦਾ ਪ੍ਰਮਾਣ ਕਾਮਾਗਾਟਾ ਮਾਰੂ ਦਾ ਇੱਥੋਂ ਬੇਰੰਗ ਮੁੜਨਾ ਅਤੇ ਡੀਪੋਰਟ ਕਰਨ ਦਾ ਕੋਈ ਮੁਆਵਜ਼ਾ ਵੀ ਨਾ ਦੇਣਾ। 1970ਵਿਆਂ ਵਿੱਚ ਨਸਲੀ ਦੌਰ ਦਾ ਰੂਪ ਸੀ ਕਿ ਇੰਡੀਅਨਾਂ ਦੇ ਘਰਾਂ ਦੇ ਦਰਵਾਜ਼ੇ, ਖਿੜਕੀਆਂ ਭੰਨ ਜਾਣੇ, ਪੁਲੀਸ ਨੇ ਰਿਪੋਰਟ ਤੱਕ ਨਾ ਲਿਖਣੀ। ਜਦੋਂ ਕਿਸੇ ਕਿਸਮ ਦੀ ਸੁਣਵਾਈ ਨਾ ਹੋਈ ਤਾਂ ਹੀ ਭਾਰਤੀਆਂ ਨੇ ਇਹ ਨਾਹਰਾ ਦਿੱਤਾ ਸੀ ਕਿ “Self defence is the only way.”ਸਿੱਟੇ ਵਜੋਂ ਉਹ ਸਾਰੀ ਸਾਰੀ ਰਾਤ ਘਰਾਂ ਦੇ ਬਾਹਰ ਲੁਕ ਕੇ ਬੈਠਦੇ। ਜਦੋਂ ਗੋਰੇ ਸ਼ੀਸ਼ੇ ਤੋੜਨ ਆਉਂਦੇ ਤਾਂ ਉਹ ਉਹਨਾਂ ਦੀ ਜੰਮ ਕੇ ਕੁਟਾਈ ਕਰਦੇ। ਫਿਰ ਸਰਕਾਰ ਵੀ ਚੌਕਸ ਹੋ ਗਈ ਤੇ ਸ਼ਰਾਰਤੀ ਅਨਸਰ ਵੀ॥ ਇਹ ਸੀ ਉਦੋਂ ਨਸਲਵਾਦ ਨੂੰ ਨਜਿੱਠਣ ਦਾ ਢੰਗ, ਅੱਜ ਨਸਲਵਾਦ ਨੂੰ ਜ਼ਿੰਦਾ ਰੱਖਣ ਲਈ ਕਮਿਊਨਿਟੀ ਨੂੰ ਵੰਡ ਕੇ ਤੇ ਕਾਨੂੰਨੀ ਦਾਓ ਪੇਚ ਵਰਤ ਕੇ ਹੋਰ ਲੁਕਵੇਂ ਢੰਗ ਤਰੀਕੇ ਅਪਣਾਏ ਜਾ ਰਹੇ ਹਨ॥ ਅੱਜ ਸਾਨੂੰ ਇਕੱਠੇ ਹੋ ਕੇ ਇਸ ਕਿਸਮ ਦੇ ਨਸਲੀ ਵਿਤਕਰਿਆਂ ਦੇ ਖ਼ਿਲਾਫ ਲੜਾਈ ਵਿੱਢਣ ਦੀ ਲੋੜ ਹੈ, ਨਹੀਂ ਤਾਂ ਆਪਾਂ ਆਪਣੇ ਹੱਥ ਆਪ ਹੀ ਵਢਾ ਚੁੱਕੇ ਹੋਵਾਂਗੇ।  

ਪਰਮਿੰਦਰ ਕੌਰ ਸਵੈਚ (ਈਸੜੂ) 
ਸਰ੍ਹੀ ਬੀ. ਸੀ. ਕੈਨੇਡਾ 
ਫੋਨ: 604 760 4794

Wednesday, October 22, 2014

ਹੈਦਰ: ਕਸ਼ਮੀਰ ਵਰਗਾ ਪੰਜਾਬ ਜਾਂ ਪੰਜਾਬ ਵਰਗਾ ਕਸ਼ਮੀਰ !

ਹੈਦਰ ਫਿਲਮ ਕਸ਼ਮੀਰ ਦੇ ਲੋਕਾਂ ਦਾ ਦਰਦ ਬਿਆਨ ਕਰਦੀ ਹੋਈ ਖਾੜਕੂਵਾਦ ਦੇ ਦੌਰ ਦੀ ਤਸਵੀਰ ਖਿਚਦੀ ਹੈ। ਕਹਾਣੀ ਇਕ ਪਰਿਵਾਰ ਦੀ ਹੈ ਪਰ ਕੋਸ਼ਿਸ਼ ਕੀਤੀ ਗਈ ਹੈ ਕਿ ਕਸ਼ਮੀਰ ਘਾਟੀ ਦੇ ਉਸ ਸਮੇਂ ਦੀ ਥਾਹ ਪਾਈ ਜਾਵੇ ਜਿਸ ਦੀ ਗੂੰਜ ਅਜੇ ਵੀ ਓਥੋਂ ਦੀਆਂ ਫਿਜ਼ਾਵਾਂ 'ਚ ਮੌਜੂਦ ਹੈ। ਵਿਸ਼ਾਲ ਭਾਰਦਵਾਜ ਸੇਕਸ਼ਪੀਅਰ ਦੇ ਹੈਮਲੇਟ ਨੂ ਪੇਸ਼ ਕਰਨ ਲਈ ਕਸ਼ਮੀਰ ਦੇ ਹੈਦਰ ਨੂੰ ਚੁਣਿਆ ਹੈ, ਪਰ ਵਿਸ਼ਾਲ ਜਿਵੇਂ ਆਪ ਕਹਿੰਦਾ ਹੈ ਕੇ ਅਸਲ ਵਿਚ ਕਸ਼ਮੀਰ ਹੀ ਹੈਮਲੇਟ ਹੈ। 

ਫਿਲਮ ਵੇਖ ਕੇ ਲਗਦਾ ਹੈ ਕੇ ਸਿਰਫ ਜਗਾਹ ਦਾ ਹੀ ਅੰਤਰ ਹੈ। ਇਹ ਕਹਾਣੀ ਤਾਂ ਹਰ ਉਸ ਥਾਂ ਦੀ ਹੈ ਜਿਥੇ ਸੱਤਾ ਕਿਸੇ ਕੌਮ ਦੀ ਸਮੂਹਿਕ ਚੇਤਨਾ ਨੂੰ ਤੀਲ੍ਹਾ ਤੀਲ੍ਹਾ ਕਰ ਦਿੰਦੀ ਹੈ। ਫਿਰ ਓਹ ਘਟ- ਗਿਣਤੀ ਜਦ ਰੀਐਕਟ ਕਰਦੀ ਹੈ। ਤਾਂ ਜਬਰ ਦਾ ਦੌਰ ਸ਼ੁਰੂ ਹੁੰਦਾ ਹੈ। ਹਨ੍ਹੇਰੀ ਰਾਤ ਲੰਬੀ ਹੁੰਦੀ ਜਾਂਦੀ ਹੈ । ਕੌਮ ਦੇ ਓਹ ਹਿੱਸੇ ਵੀ ਵਿੱਚ ਖਿੱਚੇ ਜਾਂਦੇ ਨੇ। ਜੋ ਅਜੇ ਤਕ ਨਿੱਕੇ ਨਿੱਕੇ ਸੁਪਨਿਆਂ ਨੂੰ ਜੋੜਨ ਦੀ ਜ਼ਿੰਦਗੀ ਜੀ ਰਹੇ ਹੁੰਦੇ ਨੇ। ਇਕ ਪਾਸੇ ਕੌਮ ਤੇ ਭੀੜ ਪਈ ਤੇ ਅੱਖਾਂ ਬੰਦ ਕਰਨ ਦਾ ਮਿਹਣਾ ਹੈ ਤਾਂ ਦੂਜੇ ਪਾਸੇ ਸਮੇਂ ਦੀ ਸਰਕਾਰ ਨੂ ਅੱਖਾਂ ਵਿਖਾਉਣ ਦੀ ਸਜ਼ਾ ਤੇ ਡੋਰ ਬਿਲਕੁਲ ਹੱਥੋਂ ਨਿਕਲ ਜਾਂਦੀ ਹੈ। ਸਥਰ ਵਿੱਛ ਜਾਂਦੇ ਨੇ। ਸਮਾਂ ਸੁੰਨ ਹੋ ਜਾਂਦਾ ਹੈ।  

ਫਿਲਮ 'ਚ ਇਕ ਸੰਵਾਦ ਹੈ, ਜਿਥੇ ਹੈਦਰ ਦਾ ਦਾਦਾ ਖਾੜਕੂ ਸੋਚ ਵਾਲਿਆਂ ਨੂੰ ਕਹਿੰਦਾ ਹੈ  ਕਿ ਇੰਤਕਾਮ ਸਿਰਫ ਇੰਤਕਾਮ ਪੈਦਾ ਕਰਦਾ ਹੈ। ਜਦ ਤੱਕ ਇੰਤਕਾਮ ਨਹੀਂ ਛਡਦੇ ਤਦ ਤਕ ਆਜ਼ਾਦੀ ਨਹੀਂ ਆਵੇਗੀ। ਇਹੀ ਸੰਵਾਦ ਹੈਦਰ ਦੀ ਮਾਂ ਦੇ ਮੂੰਹੋਂ ਹੈਦਰ ਨਾਲ ਕੀਤਾ ਗਿਆ। ਖਾੜਕੂ ਲੀਡਰ ਤੇ ਹੈਦਰ ਦੋਵੇਂ ਨਿਰ- ਉੱਤਰ ਵਿਖਾਏ ਗਏ ਹਨ । ਪਰ ਇਹੀ ਸਵਾਲ ਸੱਤਾ ਨੂੰ ਨਹੀਂ ਕੀਤਾ ਜਾਂਦਾ ਜੋ ਕਿ ਇੰਤਕਾਮ ਦੀ ਸ਼ੁਰੂਆਤ ਕਰਦੀ ਹੈ।  

ਫਿਲਮ ਵੇਖਦੇ ਪੰਜਾਬ ਦਾ 80ਵਿਆਂ ਦਾ ਦੌਰ ਯਾਦ ਆ ਜਾਂਦਾ ਹੈ। ਤੇ ਕਮਾਲ ਦੀ ਗੱਲ ਹੈ ਕਿ ਪੰਜਾਬ ਦੇ ਉਸ ਦੌਰ ਨਾਲ ਕਿੰਨੀਆਂ ਸਮਾਨਤਾਵਾਂ ਵਿਖਦੀਆਂ ਨੇ। ਕਾਲੀਆਂ ਬਿੱਲੀਆਂ (ਬਲੈਕ ਕੈਟ ) ਦੀ ਭੂਮਿਕਾ ਵੇਖ ਕੇ ਸਮਝ ਪੈਂਦੀ ਹੈ ਕਿ ਇਹ ਅਸਲ 'ਚ ਮਨੋਵਿਗਿਆਨਕ ਵਰਤਾਰਾ ਹ। ਕਿਸੇ ਧਰਮ ਜਾਂ ਖਿੱਤੇ ਨਾਲ ਜੁੜਿਆ ਹੋਇਆ ਨਹੀਂ। ਕਿਓਂ ਕਿ ਪੰਜਾਬ 'ਚ ਵੀ ਕਾਲੀਆਂ ਬਿੱਲੀਆਂ ਦੀ ਸ਼ੁਰੂਆਤ , ਓਹਨਾਂ ਦਾ ਖੇਤਰ , ਕੰਮ ਢੰਗ , ਤੇ ਲਈਆਂ ਗਈਆਂ ਸੇਵਾਵਾਂ ਸਭ ਓਵੇਂ ਹੀ ਸੀ ਜਿਵੇਂ ਕਸ਼ਮੀਰ ਚ ਫਿਲਮ 'ਚ ਵਿਖਾਇਆ ਗਿਆ ਹੈ। ਇਹ ਜਵਾਨੀ ਦਾ ਓਹ ਹਿੱਸਾ ਹੁੰਦਾ ਹੈ ਜੋ ਉਪਭਾਵੁਕਤਾ 'ਚ ਯਾ ਜੋਸ਼ ਕਾਰਨ ਲਹਿਰ 'ਚ ਆਉਂਦਾ ਹੈ ਪਰ ਜਲਦੀ ਮੋਹ ਭੰਗ ਹੋਣ ਕਰਕੇ ਜਾਂ ਜਬਰ ਤੋਂ ਡਰਦਾ/ਦੱਬਿਆ ਸੱਤਾ ਦੀ ਸੇਵਾ ਕਰਨ ਲੱਗ ਜਾਂਦਾ ਹੈ।  


ISI ਦੀ ਭੂਮਿਕਾ ਵੀ ਕਸ਼ਮੀਰ 'ਚ ਓਹੀ ਹੈ ਜੋ ਪੰਜਾਬ ਚ ਰਹੀ। ਪੰਜਾਬ ਦੇ ਜੋ ਖਾੜਕੂ ਬਾਰਡਰ ਪਾਰ ਕਰ ਗਏ ਸਨ ਓਹ ਦੱਸਦੇ ਹਨ ਕੇ ਕਿਵੇਂ ਗੱਲ ਓਹਨਾਂ ਦੇ ਹਥ ਵੱਸ ਨਹੀਂ ਸੀ ਰਹੀ। ਟਾਰਗੇਟ , ਤਰੀਕਾ , ਤੇ ਅੰਜਾਮ ਤਿੰਨੇ ਚੀਜ਼ਾਂ ISI ਮਿੱਥਦੀ ਸੀ , ਓਹ ਤਾਂ ਸਿਰਫ ਮੋਹਰੇ ਬਣ ਕੇ ਰਹ ਗਏ ਸਨ। ਇਸ ਗੱਲ ਤੋਂ ਬਹੁਤ ਕੁਝ ਸਿਖਣ ਦੀ ਲੋੜ ਹੈ। ਇਸ ਬਾਰੇ ਫੇਰ ਕਦੇ ਸਹੀ। 


ਅਖੀਰ ਤੇ ਜਿਹੜੀ ਸਭ ਤੋਂ ਮੁਖ ਸਮਾਨਤਾ ਹੈ ਓਹ ਹੈ ਲੋਕਾਂ ਦਾ ਪ੍ਰਤੀਕਰਮ। ਕਿਵੇਂ ਆਮ ਬੰਦਾ ਡਰਦਾ ਹੈ। ਹਿੱਲ ਜਾਂਦਾ ਹੈ , ਉਸ ਦੌਰ 'ਚ ਮਜ਼ਾਕ ਕਰਨ ਦਾ ਹੀਆ ਵੀ ਕਰਦਾ ਹੈ ,ਤੇ ਜ਼ਿੰਦਗੀ ਆਪਣੀ ਚਾਲੇ ਤੁਰਦੀ ਵੀ ਜਾਂਦੀ ਹੈ। ਹੁਣ ਹੈਦਰ ਫਿਲਮ 'ਚ ਜੋ ਹੈਦਰ ਦਾ ਚਾਚਾ ਹੈ ਓਹਦੇ ਅੰਦਰ ਓਹੀ ਹੰਕਾਰ ਹੈ ਜੋ ਪੰਜਾਬ ਚ ਕਈ ਖਚਰੇ ਲੀਡਰਾਂ ਦੀ ਹੈ। ਐਸਾ ਬੰਦਾ ਜੋ ਆਪਣਾ ਨਿੱਜ ਵੇਖਦਾ ਹੈ। ਹਨੇਰੇ ਦੌਰ 'ਚ ਵੀ ਫਾਇਦਾ ਵੇਖਦਾ ਹੈ। ਹਾਲਾਤ ਅਨੁਸਾਰ ਆਪਣਾ ਬਿਆਨ ਬਦਲ ਲੈਂਦਾ ਹੈ। ਨਾਮ ਮੈਂ ਐਥੇ ਨਹੀਂ  ਲਂੈਦਾ ਪਰ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ।  

ਇਕ ਹੋਰ ਕਮਾਲ ਦੀ ਪਾਤਰ ਹੈਦਰ ਦੀ ਮਾਂ ਹੈ। ਓਹ ਸਭ ਕੁਝ ਹੈ।ਓਹ ਚੱਲਦੇ ਦੌਰ ਚ ਆਪਣੀ ਖੁਦਗਰਜ਼ੀ ਸਾਂਭਣ ਦੀ ਕੋਸ਼ਿਸ਼ 'ਚ ਹੈ। ਓਹ ਕੁਝ ਵੀ ਕੁਰਬਾਨ ਕਰਨ ਲਈ ਤਿਆਰ ਨਹੀਂ ਹੈ। ਓਹਨੁੰ ਘਰ ਦੀ ਚਿੰਤਾ ਹੈ। ਪੁੱਤ ਦੀ ਚਿੰਤਾ ਹੈ। ਓਹ ਤਾਰੀਫ਼ ਭਾਲਦੀ ਹੈ , ਓਹ ਆਪਣੇ ਆਪ 'ਤੇ ਕੇਂਦਰਤ ਵਿਅਕਤੀਤਵ ਹੈ। ਓਹ ਕੁਝ ਵੀ ਗਲਤ ਨਹੀਂ ਕਰਦੀ ਹੈ , ਬੱਸ ਕਿਸੇ ਤਰ੍ਹਾਂ ਗੁਜ਼ਰ ਬਸਰ ਕਰਦੀ ਹੈ। ਉਸ ਦੌਰ ਚ ਇਹ ਵੀ ਗਲਤੀ ਹੈ ਜਿਸਦੀ ਸਜ਼ਾ ਓਹ ਆਪਣੇ ਆਪ ਨੂੰ ਦਿੰਦੀ ਹੈ ।  

ਹੈਦਰ ਖੁਦ ਆਪਣੇ ਮਾਂ ਤੇ ਪਿਓ ਦਾ ਮਿਸ਼੍ਰਣ ਹੈ । ਇਸ ਕਰਕੇ ਓਹ ਆਪਣੇ ਨਾਲ ਕਦੇ ਵੀ ਸਹਿਜ ਨਹੀਂ ਹੋ ਪਾਉਂਦਾ। ਓਹ ਆਪਣਾ ਅਸਲ ਤਲਾਸ਼ਦਾ ਹੀ ਪੂਰੀ ਫਿਲਮ ਲੰਘਾ ਜਾਂਦਾ ਹੈ।  

ਖੈਰ, ਫਿਲਮ ਕਸ਼ਮੀਰ ਦੀ ਤਸਵੀਰਕਸ਼ੀ ਬਹੁਤ ਖੂਬਸੂਰਤ ਢੰਗ ਨਾਲ ਕਰਦੀ ਹੈ। ਕਸ਼ਮੀਰ ਦੀ ਖੂਬਸੂਰਤੀ , ਸਹਿਜਤਾ ,ਵੱਖਰਤਾ , ਦਰਦ ਸਭ ਕਸ਼ਮੀਰ ਵਾਦੀ ਦੇ ਦ੍ਰਿਸ਼ਾਂ ਚੋਂ ਬਾਹਰ ਝਲਕਦਾ ਹੈ। ਇਹ ਵੀ ਇਸ ਫਿਲਮ ਦਾ ਹਾਸਿਲ ਹੈ ਕਾਮਯਾਬੀ ਹੈ। ਕੁਝ ਸੀਨ ਤਾਂ ਆਹਲਾ ਦਰਜੇ ਦੇ ਨੇ। ਜਿਵੇਂ ਹੈਦਰ ਦੇ ਘਰ ਨੂੰ ਉਡਾਇਆ ਜਾਂਦਾ ਹੈ ਉਸ ਚੋਂ ਫੌਜ ਦਾ ਅਕੇਵਾਂ ਤੇ ਤਬਾਹੀ ਦੀ ਕਾਹਲ ਹੈ।  

ਚੌਂਕ 'ਚ ਜੋ ਪਾਗਲਪਨ ਹੈਦਰ ਪੇਸ਼ ਕਰਦਾ ਹੈ ਓਹ ਲਾ-ਕਨੂੰਨੀ ਤੇ ਅਪਸਫਾ ਤੇ ਸਮੇਂ ਦੇ ਸੱਚ ਦੀ ਕਯਾ ਬਾਤ ਵਾਲੀ ਮੈਨੀਫੈਸਟੇਸ਼ਨ ਹੈ।ਤੇ ਜੋ ਕਬਰ ਨੂੰ ਰਾਅ ਤਰੀਕੇ ਨਾਲ ਸਕਰੀਨ 'ਤੇ ਲਿਆਂਦਾ ਗਿਆ ਹੈ। ਮੌਤ ਉੱਤੇ ਜੋ ਵਿਅੰਗ ਨੇ ਓਹ ਵੀ ਬਾਕਮਾਲ ਨੇ। ਇਕ ਸੀਨ ਓਹ ਵੀ ਜਿੱਥੇ ਸਿਨੇਮਾ ਘਰ 'ਚ ਦਾਰੂ ਚਲ ਰਹੀ ਹੈ ਤੇ ਸਲਮਾਨ ਦੀ ਫਿਲਮ ਵੀ ਤੇ ਓਥੇ ਹੀ ਖਤਰਨਾਕ ਦਹਿਸ਼ਤਗਰਦਾ ਦੀ ਪੇਸ਼ੀ ਹੁੰਦੀ ਹੈ ,ਓਹ ਵੀ ਸਮੇਂ ਦੀਆਂ ਵਿਰੋਧਤਾਈਆਂ ਦੀ ਆਹਲਾ ਬਾਤ ਪਈ ਹੈ । ਤੇ ਅਖੀਰ ਤੇ ਜੋ ਧਮਾਕਾ ਹੁੰਦਾ ਹੈ , ਅਤੇ ਫਿਰ ਰਾਖ ਬਚਦੀ ਹੈ , ਓਹ ਕਿਸੇ ਹੈਦਰ ਨੂੰ ਬਚਾ ਵੀ ਸਕਦੀ ਹੈ ਤੇ ਕਿਸੇ ਖਾਲੜੇ ਨੂੰ ਹਰੀਕੇ ਦੀਆਂ ਮੱਛੀਆਂ ਦੀ ਖੁਰਾਕ ਵੀ ਬਣਾ ਸਕਦੀ ਹੈ।

ਹਰਮੀਤ ਢਿੱਲੋਂ 
98726-93777

Friday, October 3, 2014

ਭਗਤ ਸਿੰਘ ਤੇ ਟਰਾਟਸਕੀ ਦੀ ਵਿਚਾਰਕ ਸਮਾਨਤਾ

ਟਰਾਟਸਕੀ ਰੂਸ ਦਾ ਇਨਕਲਾਬੀ ਸੀ। ਜੋ ਸਤਾਲਿਨ ਦੀ ਧਾਰਾ ਤੋਂ ਵੱਖਰੇ ਵਿਚਾਰ ਰੱਖਦਾ ਸੀ। ਕੌਮਾਂਤਰੀ ਇਨਕਲਾਬ ਉਸਦੀ ਲੀਹ ਸੀ। ਸਤਾਲਿਨ ਵਲੋਂ ਉਸ ਨੂੰ ਕਤਲ ਕਰਵਾਇਆ ਗਿਆ ਤੇ ਕਾਤਲ 'ਰਾਮੋਨ ਮਰਕੇਡਰ' ਨੂੰ 'ਹੀਰੋ ਆਫ ਸੋਵੀਅਤ ਯੂਨੀਅਨ' ਦਾ ਐਵਾਰਡ ਦਿੱਤਾ। ਇਹ ਸੋਚਣ ਵਾਲੀ ਗੱਲ ਹੈ ਕਿ ਜੇ ਸਮਝਦਾਰ ,ਤਰਕਸ਼ੀਲ ਤੇ ਵਿਗਿਆਨਕ ਲੋਕਾਂ ਮੁਤਾਬਕ ਦੁਨੀਆ ਦੀ ਸਭ ਤੋਂ ਅਹਿਮ ਗੱਲ ਦਲੀਲ ਤੇ ਤਰਕ ਹੈ ਤਾਂ ਵਿਚਾਰਧਰਾਵਾਂ ਅਸਹਿਮਤੀ ਰੱਖਣ ਵਾਲੇ ਲੋਕਾਂ ਦੇ ਕਤਲ ਤੱਕ ਕਿਉਂ ਪਹੁੰਚ ਜਾਂਦੀਆਂ ਹਨ ? ਕੀ ਬਹੁਤੀਆਂ ਵਿਚਾਰਧਰਾਵਾਂ ਮਨੁੱਖੀ ਇਤਿਹਾਸ ਦੀ ਸਹਿਹੋਂਦ ਧਾਰਾ ਦੇ ਉਲਟ ਚੀਜ਼ਾਂ ਦੀ ਹੋਂਦ ਮਿਟਾਉਣ ਤੇ ਇਕ-ਦੂਜੀ ਨੂੰ ਆਪਣੇ 'ਚ ਸਮਾਉਣ 'ਚ ਵਿਸ਼ਵਾਸ ਰੱਖਦੀਆਂ ਹਨ ? ਇਸੇ ਲਈ ਸਮਿਆਂ ,ਥਾਵਾਂ ਤੇ ਇਤਿਹਾਸ ਤੋਂ ਪਾਰ ਵੱਖ-ਵੱਖ ਵਿਚਾਰਧਰਾਵਾਂ ਬਾਰਬਰ ਇਕੋ ਲਾਈਨ ਚ ਖੜ੍ਹੀਆਂ ਹੋ ਜਾਂਦੀਆਂ ਹਨ।ਕੀ ਵਿਚਾਰਧਰਾਵਾਂ ਦੀ ਇਹੋ ਸੀਮਤਾਈ ਹੈ ? ਤੇ ਇਹ ਬਿਨਾਂ ਕਿਸੇ ਸੋਧ ਦੇ ਜਾਰੀ ਰਹੇਗੀ  ...ਖੈਰ, ਭਗਤ ਸਿੰਘ ਤੇ ਟਰਾਟਸਕੀ ਦੇ  ਵਿਚਾਰਾਂ ਦੀ ਸਮਾਨਤਾ ਬਾਰੇ ਰਾਜੇਸ਼ ਤਿਆਗੀ ਦਾ ਲੇਖ ਪੜ੍ਹੋ।ਜਿਸਦਾ ਦਾ ਪੰਜਾਬੀ ਤਰਜ਼ਮਾ ਰਜਿੰਦਰ ਨੇ ਕੀਤਾ ਹੈ।-ਗੁਲਾਮ ਕਲਮ 

ਸਾਡੇ ਸਮਿਆਂ 'ਚ ਇਹ ਵਾਰ ਵਾਰ ਸੁਣਨ ਨੂੰ ਆਇਆ ਹੈ ਕਿ ਸਰਮਾਏਦਾਰ ਹਾਕਮ ਜਮਾਤਾਂ ਅਤੇ ਭਾਰਤ 'ਚ ਉਹਨਾਂ ਦੀ ਹਕੂਮਤ ਨੇ ਜਾਣ ਬੁਝ ਕੇ ਭਗਤ ਸਿੰਘ ਦੇ ਵਿਚਾਰਾਂ ਦੇ ਇਨਕਲਾਬੀ ਸਾਰਤੱਤ ਨੂੰ ਦਬਾਇਆ ਹੈ। ਬੇਸ਼ਕ ਇਹ ਸੱਚ ਹੈ। ਪਰ ਇਹ ਅਧੂਰਾ ਸੱਚ ਹੈ। ਸਾਰਾ ਸੱਚ ਇਹ ਹੈ ਕਿ ਸਤਾਲਿਨਵਾਦੀ ਕਮਿਊਨਿਸਟ ਇੰਟਰਨੈਸ਼ਨਲ ਅਤੇ ਉਸ ਨਾਲ਼ ਜੁੜੇ ਤੱਤ ਵੀ ਇਹਨਾਂ ਨੂੰ ਦਬਾਉਣ 'ਚ ਬਰਾਬਰ ਦੇ ਸਾਂਝੀਦਾਰ ਹਨ। ਦੋਵਾਂ ਹੀ ਹਾਲਤਾਂ 'ਚ ਦਮਨ ਪਹਿਲਾਂ ਤੋਂ ਹੀ ਵਿਉਂਤਿਆਂ ਅਤੇ ਦੋਨਾਂ ਨੂੰ ਫ਼ਾਇਦਾ ਦੇਣ ਵਾਲ਼ਾ ਸੀ। ਜਦੋਂ ਕਿ ਸਰਮਾਏਦਾਰ ਭਗਤ ਸਿੰਘ ਅਤੇ ਉਸਦੇ ਵਿਚਾਰਾਂ ਨੂੰ ਕੌਮਵਾਦ ਅਤੇ ਦੇਸ਼ਭਗਤੀ ਦੇ ਧੁੰਦਲੇ ਰੰਗਾਂ 'ਚ ਪੇਸ਼ ਕਰਦਾ ਹੈ ਤਾਂ ਸਤਾਲਿਨਵਾਦੀ ਲੀਡਰਸ਼ੀਪ ਉਸਨੂੰ ਇਕ ਅਜਿਹੇ ਇਨਕਲਾਬੀ ਦੇ ਰੂਪ 'ਚ ਪੇਸ਼ ਕਰਦਾ ਹੈ ਜਿਹੜਾ ਸਮਾਜਵਾਦ, ਇਨਕਲਾਬ, ਸੋਵਿਅਤ ਸੰਘ ਅਤੇ ਲੈਨਿਨ ਨਾਲ਼ ਹਮਦਰਦੀ ਰੱਖਦਾ ਹੈ। 

ਕੀ ਭਗਤ ਸਿੰਘ ਆਪਣੇ ਸਮੇਂ ਦੇ ਦਫ਼ਤਰੀ ਸਮਾਜਵਾਦ ਨਾਲ਼ ਸਬੰਧ ਰੱਖਦਾ ਸੀ, ਜਿਹੜਾ ਸਤਾਲਿਨਵਾਦੀ ਕੋਮਿਨਟਰਨ ਦੇ ਮੁਖ ਸੋਮੇ ਤੋਂ ਨਿਕਲਦਾ ਸੀ। ਤਦ ਉਸਨੂੰ ਸਮਾਜਵਾਦ ਦੇ ਦਫ਼ਤਰੀ ਸੋਮੇ ਤੋਂ ਵੱਖ ਰਹਿਣ ਦੀ ਕੀ ਲੋੜ ਸੀ ਜਿਹੜਾ ਕਿ ਆਪਣੇ ਆਪ 'ਚ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ) ਦੇ ਰੂਪ 'ਚ ਮੌਜੂਦ ਸੀ। ਸਤਾਨਿਵਾਦੀ ਕੋਮਿਨਟਰਨ ਦੀ ਇਹ ਪਾਰਟੀ ਆਪਣੇ ਸਮੇਂ ਦੇ ਭਗਤ ਸਿੰਘ ਵਰਗੇ ਸਰਗਰਮ ਇਨਕਲਾਬੀਆਂ ਨੂੰ ਪ੍ਰਭਾਵਿਤ ਕਰਨ 'ਚ ਕਿਉਂ ਅਸਫਲ ਰਹੀ ਅਤੇ ਉਹਨਾਂ ਨੂੰ ਆਪਣੀ ਲਪੇਟ ਵਿੱਚ ਨਹੀਂ ਲੈ ਸਕੀ। ਕਿਉਂ ਸੰਵੇਦਨਸ਼ੀਲ ਨੌਜਵਾਨਾਂ ਦੀ ਪੀੜੀ, ਇਸਦੀ ਅਪੀਲ ਨੂੰ ਨਕਾਰਦੇ ਹੋਏ ਦਹਿਸ਼ਤਗਰਦੀ ਦੇ ਆਤਮਘਾਤੀ ਰਾਹ ਅਤੇ ਖਤਰਨਾਕ ਸਿਆਸੀ ਆਦਰਸ਼ਵਾਦ ਵੱਲ ਚੱਲੀ ਗਈ। ਇਹ ਸਵਾਲ ਸਿਆਸੀ ਮਤਭੇਦਾਂ ਦੇ ਕੇਂਦਰੀ ਨੁਕਤੇ, ਜਿਹੜਾ ਕਿ ਅਸਲ 'ਚ ਇੱਕ ਪਾਸੇ ਇਨਕਲਾਬੀ ਮਾਰਕਸਵਾਦ ਅਤੇ ਦੂਜੇ ਪਾਸੇ ਇਸਦੇ ਸਤਾਲਿਨਵਾਦੀ ਵਿਅੰਗ-ਚਿੱਤਰ- ਮੈਨਸ਼ਵਿਜ਼ਮ ਦਾ ਪੂਨਰ ਦੇ ਰੂਪ 'ਚ ਮੌਜੂਦ ਸਨ ਨੂੰ ਸ਼ਾਮਿਲ ਕਰਦਾ ਹੈ। 

ਭਗਤ ਸਿੰਘ ਦੇ ਵਿਚਾਰ ਅਤੇ ਲਿਖਤਾਂ ਤੱਤਕਾਲੀ ਕਮਿਊਨਿਸਟਾਂ ਦੀ ਨਵੀਂ ਨੌਜਵਾਨ ਪੀੜੀ ਨੂੰ ਪ੍ਰਭਾਵਿਤ ਕਰਨ ਦੀ ਨਾਕਾਮਯਾਬੀ 'ਤੇ ਮੁੰਕਮਲ ਚਾਨਣਾ ਪਾਉਂਦੀਆਂ ਹਨ। ਕੋਮਿਨਟਰਨ ਦੇ ਮਾਰੂ ਪ੍ਰਭਾਅ ਹੇਠ ਕੰਮ ਕਰਦੇ ਸੀਪੀਆਈ ਦੀ ਲੀਡਰਸ਼ੀਪ ਕੋਈ ਸਥਿਰ ਇਨਕਲਾਬੀ ਪਾਲਿਸੀ ਬਣਾਉਣ 'ਚ ਨਾਕਾਮ ਰਹੀ। ਵੀਹਵੀ ਸਦੀ ਦੇ ਦੂਜੇ ਦਹਾਕੇ ਦੇ ਅੱਧ ਤੱਕ ਸਤਾਲਿਨਵਾਦੀਆਂ ਦੇ ਸਿੱਧੇ ਨਿਰਦੇਸ਼ਾਂ ਹੇਠ ਇਸਦੀ ਅਗਵਾਈ ਹੋਰ ਅਤੇ ਹੋਰ ਇਸ ਗੱਲ 'ਤੇ ਸਹਿਮਤ ਹੁੰਦੀ ਗਈ ਕਿ ਅਜਾਦੀ ਸੰਘਰਸ਼ ਇਨਕਲਾਬ ਦੀ ਬੁਰਜੂਆ ਜਮਹੂਰੀ ਸਟੇਜ ਦੇ ਤੌਰ 'ਤੇ ਲੜਿਆ ਜਾਵੇਗਾ, ਉਹਨਾਂ ਮੁਤਾਬਕ ਜਿਸਦੀ ਉਦਾਰ ਬੁਰਜੂਆਜੀ ਗਾਂਧੀ ਦੀ ਅਗਵਾਈ ਹੇਠ ਇਨਕਲਾਬ ਦੀ ਸੁਭਾਵਿਕ ਆਗੂ ਹੋਵੇਗੀ ਅਤੇ ਮਜ਼ਦੂਰ ਜਮਾਤ ਇਸ ਲੀਡਰਸ਼ੀਪ ਨੂੰ ''ਧੱਕੋ ਅਤੇ ਪਿੱਛੇ ਚੱਲੋ'' ਲਈ ਸੀ। ਸਾਰਾ ਜ਼ੋਰ, ਕੋਮਿਨਟਰਨ ਦੀਆਂ ਨੀਤੀਆਂ ਮੁਤਾਬਕ ਕੌਮੀ ਬੁਰਜੂਆਜੀ ਨੂੰ ਖੱਬੇ ਪੱਖ ਵੱਲ ਹੋਰ ਅਤੇ ਹੋਰ ਪ੍ਰਭਾਵਿਤ ਕਰਨ ਲਈ ਰਿਹਾ ਬਜਾਏ ਇਸਦੇ ਵਿਰੁੱਧ ਸੱਤਾ 'ਤੇ ਕਬਜ਼ੇ ਕਰਨ ਦਾ ਦਾਅਵਾ ਕਰਨ ਲਈ। ਕੌਮੀ ਬੁਰਜੂਆਜ਼ੀ ਉਹਨਾਂ ਮੁਤਾਬਕ ਜਿਵੇਂ ਕਿ ਕੋਮਿਨਟਰਨ ਦੁਆਰਾ ਸਿਖਾਇਆ ਗਿਆ ਸੀ ਇਨਕਲਾਬ ਦੀ ਆਗੂ ਅਤੇ ਸੁਭਾਵਿਕ ਸਮਰਥਕ ਸੀ ਭਾਰਤੀ ਕੌਮੀ ਕਾਂਗਰਸ ਉਹਨਾਂ ਲਈ ਮਾਰਕਸਵਾਦੀਆਂ ਅਤੇ ਕੌਮੀ ਸਰਮਾਏਦਾਰਾਂ ਦਰਮਿਆਨ ਸਿਆਸੀ ਮਕਸਦ ਲਈ ਏਕਤਾ ਦੀ ਅਸਲੀ ਇਮਾਰਤ ਸੀ।

ਭਗਤ ਸਿੰਘ ਨੇ ਸਤਾਲਿਨਵਾਦੀ ਕੋਮਿਨਟਰਨ ਰਾਹੀਂ ਪੇਸ਼ ਕੀਤੇ ਇਸ ਨਕਲੀ ਸਿਧਾਂਤ ਦਾ ਦਿੜਤਾ ਨਾਲ਼ ਵਿਰੋਧ ਕੀਤਾ। ਸਤਾਲਿਨਵਾਦੀਆਂ ਵਾਗੂੰ ਕੌਮੀ ਸਰਮਾਏਦਾਰਾਂ ਦੇ ਰੋਲ 'ਤੇ ਉਸਨੂੰ ਕੋਈ ਭਰਮ ਨਹੀਂ ਸੀ। ਭਗਤ ਸਿੰਘ ਨੇ ਸੱਪਸ਼ਟ ਤੌਰ 'ਤੇ ਨਿਸ਼ਚਿਤ ਕੀਤਾ ਸੀ ਕਿ ਦੇਸ਼ੀ ਅਤੇ ਵਿਦੇਸ਼ੀ ਸਰਮਾਏਦਾਰਾਂ 'ਚ ਕੋਈ ਫ਼ਰਕ ਨਹੀਂ ਹੈ। ਉਸ ਲਈ ਸਰਮਾਏਦਾਰਾਂ ਦੀ ਹਕੂਮਤ ਭਾਵੇਂ ਉਹ ਦੇਸ਼ੀ ਜਾਂ ਵਿਦੇਸ਼ੀ ਹੋਵੇ ਇੱਕ ਹੀ ਚੀਜ਼ ਸੀ। ਬਸਤੀਵਾਦ ਅਤੇ ਸਾਮਰਾਜਵਾਦ, ਭਗਤ ਸਿੰਘ ਲਈ ਸਿਰਫ਼ ਵਿਦੇਸ਼ੀ ਸਰਮਾਏਦਾਰਾ ਦੀ ਹਕੂਮਤ ਨਹੀਂ ਸੀ ਜਿਹੜੀ ਕਿ ਅਧੀਨ ਮੁਲਕ ਦੀਆਂ ਸਾਰੀਆਂ ਜਮਾਤਾਂ ਦੀ ਬਰਾਬਰ ਦੀ ਦੁਸ਼ਮਣ ਹੈ ਜਿਵੇਂ ਕਿ ਸਤਾਲਿਨਵਾਦੀਆਂ ਰਾਹੀਂ ਪ੍ਰਚਾਰਿਆ ਗਿਆ, ਪਰ ਇਹ ਸੰਸਾਰ ਸਰਮਾਏਦਾਰੀ ਦੀ ਸਾਰੇ ਮੁਲਕਾਂ ਦੇ ਕਿਰਤੀਆਂ ਦੇ ਉੱਤੇ ਸਿੱਧੀ ਹਕੂਮਤ ਸੀ। 

ਭਗਤ ਸਿੰਘ ਆਪਣੇ ਪ੍ਰਤੱਖ ਬੋਧ ਵਿੱਚ ਪੂਰੀ ਤਰਾ ਸੱਪਸ਼ਟ ਸੀ ਕਿ ਵਿਦੇਸ਼ੀ ਸਰਮਾਏਦਾਰਾਂ ਦੀ ਥਾਂ ਦੇਸ਼ੀ ਸਰਮਾਏਦਾਰਾਂ ਦੀ ਥਾਂ ਬਦਲੀ ਕੋਈ ਅਸਲ ਇਨਕਲਾਬ ਨਹੀਂ ਲਿਆ ਸਕਦੀ। ਉਸਨੇ ਲਿਖਿਆ 'ਇਨਕਲਾਬੀ ਪ੍ਰੋਗਰਾਮ ਦਾ ਮਸੌਦਾ- ਨੌਜਵਾਨ ਸਿਆਸੀ ਕਾਰਕੁਨਾਂ ਨੂੰ ਪੱਤਰ' – ''ਜੇਕਰ ਤੁਸੀਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਸਰਗਰਮ ਭਾਗੀਦਾਰੀ ਲਈ ਉਹਨਾਂ ਕੋਲ ਜਾ ਰਹੇ ਹੋ ਤਾਂ ਮੈਂ ਤੁਹਾਨੂੰ ਸਲਾਹ ਦਿਆਂਗਾ ਕਿ ਉਹ ਤੁਹਾਡੇ ਭਾਵੁਕ ਭਾਸ਼ਣਾਂ ਨਾਲ਼ ਮੂਰਖ਼ ਨਹੀਂ ਬਣ ਸਕਦੇ। ਉਹ ਸੱਪਸ਼ੱਟ ਤੌਰ 'ਤੇ ਤੁਹਾਡੇ ਤੋਂ ਪੁਛਣਗੇ ਕਿ ਤੁਹਾਡਾ ਇਨਕਲਾਬ ਉਹਨਾਂ ਨੂੰ ਕੀ ਦੇਵੇਗਾ, ਜਿਸ ਲਈ ਤੁਸੀਂ ਉਹਨਾਂ ਦੀ ਕੁਰਾਬਾਨੀ ਮੰਗ ਰਹੇ ਹੋ। ਜੇਕਰ ਲਾਰਡ ਰੀਡੀਂਗ ਦੀ ਥਾਂ ਸ਼੍ਰੀਮਾਨ ਪੁਰਸ਼ੋਤਮ ਦਾਸ ਸਰਕਾਰ ਦਾ ਨੁਮਾਇੰਦਾ ਬਣ ਜਾਂਦਾ ਹੈ ਤਾਂ ਇਸ ਨਾਲ਼ ਲੋਕਾਂ ਨੂੰ ਕੀ ਫ਼ਰਕ ਪੈਣਾ ਹੈ? ਲੋਕਾਂ ਨੂੰ ਕੀ ਫ਼ਰਕ ਪਏਗਾ ਜੇਕਰ ਲਾਰਡ ਇਰਵਨ ਦੀ ਜਗਾ ਸ਼੍ਰੀਮਾਨ ਤੇਜ ਬਹਾਦਰ ਸਪਰੂ ਆ ਜਾਵੇਗਾ? ਤੁਸੀਂ ਲੋਕਾਂ ਨੂੰ ਆਪਣੇ ਕੰਮ ਲਈ ਵਰਤ ਨਹੀਂ ਸਕਦੇ.'' ਜਦੋਂ ਸਤਾਲਿਨ ਭਾਰਤ 'ਚ ਆਪਣੇ ਪੈਰੋਕਾਰਾਂ ਨੂੰ ਗਾਂਧੀ ਅਤੇ ਕਾਂਗਰਸ ਨਾਲ਼ ਉਹਨਾਂ ਦਾ ਗਾਂਢਾ ਸਾਂਢਾ ਕਰਨ ਲਈ ਧੱਕ ਰਿਹਾ ਸੀ ਉਦੋਂ ਭਗਤ ਸਿੰਘ ਗਾਂਧੀ ਦੇ ਗ਼ਲਤ ਉਪਦੇਸ਼ਾਂ ਦਾ ਅਖਬਾਰਾਂ ਅਤੇ ਪਰਚਿਆਂ 'ਚ ਆਪਣੀ ਲਿਖਤਾਂ ਰਾਹੀਂ ਪਰਦਾਫ਼ਾਸ ਕਰ ਰਿਹਾ ਸੀ। ਭਗਤ ਸਿੰਘ ਨੇ ਲਿਖਿਆ ''ਉਹ (ਗਾਂਧੀ) ਬਹੁਤ ਪਹਿਲਾਂ ਤੋਂ ਇਹ ਜਾਣਦਾ ਹੈ ਕਿ ਉਸ ਦਾ ਅੰਦੋਲਨ ਕਿਸੇ ਨਾ ਕਿਸੇ ਸਮਝੌਤੇ ਦੇ ਰੂਪ 'ਚ ਖ਼ਤਮ ਹੋਵੇਗਾ। ਅਸੀਂ ਇਸ ਪ੍ਰਤੀਬੱਧਤਾ ਦੀ ਘਾਟ ਨੂੰ ਨਫ਼ਰਤ ਕਰਦੇ ਹਾਂ...'' ਉਹ ਕਾਂਗਰਸ ਬਾਰੇ ਅੱਗੇ ਲਿਖਦਾ ਹੈ ''ਕਾਂਗਰਸ ਦਾ ਮਕਸਦ ਕੀ ਹੈ? ਮੈਂ ਕਹਿ ਰਿਹਾ ਹਾਂ ਕਿ ਇਹ ਤਹਿਰੀਕ ਕਿਸੇ ਕਿਸਮ ਦੇ ਸਮਝੌਤੇ 'ਚ ਖ਼ਤਮ ਹੋਵੇਗੀ ਜਾਂ ਫ਼ਿਰ ਮੁੰਕਮਲ ਅਸਫ਼ਲਤਾ 'ਚ। ਮੈਂ ਅਜਿਹਾ ਇਸ ਲਈ ਕਹਿ ਰਿਹਾ ਹਾਂ ਕਿਉਂ ਕਿ ਮੇਰੇ ਮੁਤਾਬਕ ਅਜੇ ਤੱਕ ਇਨਕਲਾਬ ਦੀ ਅਸਲੀ ਤਾਕਤ ਨੂੰ ਤਹਿਰੀਕ 'ਚ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ ਗਿਆ ਹੈ। ਇਹ ਤਹਿਰੀਕ ਕੁਝ ਮੱਧਵਰਗੀ ਦੁਕਾਨਦਾਰਾਂ ਅਤੇ ਕੁਝ ਸਰਮਾਏਦਾਰਾਂ ਦੇ ਅਧਾਰ 'ਤੇ ਚੱਲ ਰਹੀ ਹੈ। ਇਹਨਾਂ ਦੋਨਾਂ 'ਚੋ ਖਾਸ ਕਰਕੇ ਸਰਮਾਏਦਾਰ ਆਪਣੀ ਸੰਪਤੀ ਖੁੱਸਣ ਦਾ ਖਤਰਾ ਕਦੇ ਮੁੱਲ ਨਹੀਂ ਲੈ ਸਕਦੇ। ਇਨਕਲਾਬ ਦੀ ਅਸਲੀ ਫ਼ੌਜ ਕਿਸਾਨ ਅਤੇ ਮਜ਼ਦੂਰ, ਖੇਤਾਂ ਅਤੇ ਕਾਰਖ਼ਾਨਿਆਂ 'ਚ ਹਨ। ਪਰ ਸਾਡੇ ਬੁਰਜੂਆ ਆਗੂ ਨਾ ਹੀ ਤਾਂ ਉਹਨਾਂ ਨੂੰ ਨਾਲ਼ ਲੈਣ ਦੀ ਹਿਮੰਤ ਕਰਦੇ ਹਨ ਅਤੇ ਨਾ ਹੀ ਉਹ ਅਜਿਹਾ ਕਰ ਸਕਦੇ ਹਨ। ਇਹ ਸੁੱਤੇ ਸ਼ੇਰ ਜੇਕਰ ਆਪਣੀ ਡੂੰਘੀ ਨੀਂਦ 'ਚੋਂ ਜਾਗ ਪਏ ਤਾਂ ਸਾਡੇ ਆਗੂਆਂ ਦੀ ਹਿਤ ਪੂਰਤੀ ਤੋਂ ਬਾਅਦ ਵੀ ਨਹੀਂ ਰੁਕਣਗੇ। '' ਭਗਤ ਸਿੰਘ ਦੇ ਇਹਨਾਂ ਸ਼ਬਦਾਂ ਦੀ ਪ੍ਰੋੜਤਾ ਹੁੰਦੀ ਹੈ ਜਦੋਂ ਬੰਬਈ ਦੇ ਬੁਨਕਰਾਂ ਦੀ ਕਾਰਵਾਈ ਤੋਂ ਬਾਅਦ ਭਾਰਤੀ ਕੌਮੀ ਬੁਰਜੂਆਜੀ ਦੇ ਆਗੂ ਗਾਂਧੀ ਇਸ ਜਮਾਤ ਲਈ ਇਹ ਡਰ ਜ਼ਾਹਿਰ ਕਰਦੇ ਹੋਏ ਕਹਿੰਦੇ ਹਨ ਕਿ ''ਸਿਆਸੀ ਮਕਸਦ ਲਈ ਪ੍ਰੋਲੇਤਾਰੀਏ ਦਾ ਇਸਤੇਮਾਲ ਬਹੁਤ ਹੀ ਖਤਰਨਾਕ ਹੈ''।

ਹੈਰਾਨੀਜਨਕ ਹੈ ਕਿ ਜਦੋਂ ਕੌਮਾਂਤਰੀ ਕਮਿਊਨਿਸਟ ਅੰਦੋਲਨ ਦੇ ਮਹਾਨ ਆਗੂ, ਲਿਓ ਟਰਾਟਸਕੀ, ਗਾਂਧੀ ਅਤੇ ਕਾਂਗਰਸ 'ਤੇ ਤਿੱਖਾ ਹਮਲਾ ਕਰਦੇ ਹੋਏ, ਭਾਰਤ ਅੰਦਰ ਸਤਾਲਿਨਵਾਦੀ ਨੀਤੀ ਦੀ ਕਠੋਰ ਅਲੋਚਨਾ ਕਰ ਰਹੇ ਸਨ ਉਸੇ ਸਮੇਂ ਦੌਰਾਨ ਉਸੇ ਲੀਹ 'ਤੇ ਭਗਤ ਸਿੰਘ ਵੀ ਇਸ ਲੀਡਰਸ਼ੀਪ ਦੀ ਗਲਤ ਨੀਤੀਆਂ ਦੀ ਅਲੋਚਨਾ ਕਰ ਰਹੇ ਸਨ। ਇਹ ਇਸ ਕਰਕੇ ਨਹੀਂ ਸੀ ਕਿ ਭਗਤ ਸਿੰਘ ਟਰਾਟਸਕੀ ਦੇ ਵਿਚਾਰਾਂ ਤੋਂ ਜਾਣੂ ਸੀ, ਸਗੋਂ ਉਹ ਖੁਦ ਇਸੇ ਲੀਹ 'ਤੇ ਸੋਚ ਰਿਹਾ ਸੀ। ਉਸਨੇ ਕੌਮੀ ਬੁਰਜੂਆਜੀ ਨਾਲ਼ ਗਾਂਢਾ-ਸਾਂਢਾ ਕਰਨ ਦੇ ਮੈਨਸ਼ਵਿਕ ਪ੍ਰੋਗਰਾਮ ਨੂੰ ਨਕਾਰ ਦਿੱਤਾ ਸੀ ਅਤੇ ਆਪਣੀ ਜਿੰਦਗੀ ਦੇ ਅੰਤ ਤੱਕ ਆਪਣੀ ਸਿਆਸੀ ਪੁਜ਼ਿਸ਼ਨ 'ਤੇ ਕਾਇਮ ਰਿਹਾ ਸੀ। ਭਾਵੇਂ ਉਸਨੇ ਪ੍ਰੇਰਣਾ ਦਾ ਸਰੋਤ ਸੀਪੀਆਈ ਦੀ ਬਜਾਏ ਗਦਰ ਪਾਰਟੀ ਦਾ ਪ੍ਰੋਗਰਾਮ ਅਤੇ ਉਸਦੀ ਕਾਰਵਾਈ ਨੂੰ ਬਣਾਇਆ ਸੀ। 

ਜਿਵੇਂ ਕਿ ਭਗਤ ਸਿੰਘ ਉਸ ਸਮੇਂ ਕੌਮੀ ਬੁਰਜੂਆਜੀ ਦੇ ਪਿਛਾਖੜੀ ਕਿਰਦਾਰ ਨਾਲ਼ ਮੁੰਕਮਲ ਤੌਰ 'ਤੇ ਸਹਿਮਤ ਸੀ ਅਤੇ ਸਤਾਲਿਨਵਾਦੀ ਲੀਡਰਸ਼ੀਪ ਦੇ ਦੋ ਮੰਜਲ ਦੇ ਸਿਧਾਂਤ ਪਹਿਲੀ 'ਚ 'ਸਰਮਾਏਦਾਰਾਂ ਦੇ ਨਾਲ਼' ਅਤੇ ਦੂਜੀ 'ਚ 'ਸਰਮਾਏਦਾਰਾਂ ਵਿਰੁੱਧ' ਦੇ ਨਾਲ਼ ਕਦੇ ਵੀ ਸਹਿਮਤ ਨਹੀਂ ਹੋ ਸਕਦਾ ਸੀ। ਭਗਤ ਸਿੰਘ ਇਨਕਲਾਬ ਦੇ 'ਦੋ ਮੰਜਲ' ਦੇ ਹਾਸੋਹੀਣੇ ਸਿਧਾਂਤ 'ਚ ਵਿਸ਼ਵਾਸ ਨਹੀਂ ਕਰਦਾ ਸੀ। ਭਗਤ ਸਿੰਘ ਲਈ ਇਨਕਲਾਬ ਇੱਕੋ ਵਾਰੀ 'ਚ ਹੋਣ ਵਾਲ਼ੀ ਘਟਨਾ ਸੀ, - ਸਮਾਜਵਾਦੀ ਇਨਕਲਾਬ ਜਿਸ 'ਚ ਸੱਤਾ ਸਦਾ ਹੀ ਮਜ਼ਦੂਰ ਜਮਾਤ ਦੇ ਹੱਥਾਂ 'ਚ ਰਹੇਗੀ, ਕਿਸਾਨੀ ਉਸਦੇ ਸਹਿਯੋਗੀ ਦੇ ਤੌਰ 'ਤੇ ਹੋਵੇਗੀ ਜਿਸਦੇ ਜਮਹੂਰੀ ਕੰਮਾਂ ਨੂੰ ਪੂਰਾ ਕਰਨਾ ਇਸਦਾ ਇੱਕ ਹਿੱਸਾ ਹੋਵੇਗਾ। ਭਗਤ ਸਿੰਘ ਸਤਾਲਿਨਵਾਦੀਆਂ ਵਾਗੂੰ ਬੁਰਜੂਆ ਰੀਪਬਲਿਕ ਦੇ ਸੁਪਨੇ ਨਹੀਂ ਸੀ ਲੈਦਾ ਅਤੇ ਕਦੇ ਵੀ ਉਸਨੇ ਇੱਕ ਪਾਸੇ ਕਿਸਾਨਾਂ-ਮਜ਼ਦੂਰਾਂ ਅਤੇ ਦੂਜੇ ਪਾਸੇ ਸਰਮਾਏਦਾਰਾਂ ਦਰਮਿਆਨ ਸੱਤਾ ਦੀ ਸਾਝੇਦਾਰੀ ਦੀ ਇਜਾਜਤ ਨਹੀਂ ਦਿੱਤੀ। ਭਗਤ ਸਿੰਘ ਲਈ ਨਾ ਤਾਂ ਸਾਰੇ ਅਤੇ ਨਾ ਹੀ ਸਰਮਾਏਦਾਰਾਂ ਦਾ ਕੁਝ ਹਿੱਸਾ ਅਗਾਂਹਵਧੂ ਜਾਂ ਇਨਕਲਾਬੀ ਸੀ। ਇਹ ਉਸ ਸਮੇਂ ਦੀ ਕੋਮਿੰਟਰਨ ਦੀ ਸਿਆਸੀ ਲੀਹ ਦੇ ਬਿਲਕੁਲ ਵਿਰੁੱਧ ਸੀ, ਜਿਸਨੇ ਪ੍ਰਚਾਰ ਕੀਤਾ ਕਿ ਭਾਰਤ ਵਰਗੇ ਪੱਛੜੇ ਅਤੇ ਬਸਤੀਵਾਦੀ ਮੁਲਕਾਂ ਅੰਦਰ ਕੌਮੀ ਸਰਮਾਏਦਾਰੀ, ਇਨਕਲਾਬ ਦੀ ਸਹਿਯੋਗੀ ਅਤੇ ਸਾਮਰਾਜਵਾਦ ਵਿਰੁੱਧ ਲੜਨ ਵਾਲ਼ੀ ਸੱਚੀ ਲੜਾਕੂ ਹੋਵੇਗੀ। 

ਗਤ ਸਿੰਘ ਗਾਂਧੀ ਰਾਹੀਂ ਪ੍ਰਚਾਰੇ ਜਾਂਦੇ ਮੱਤ 'ਅਹਿੰਸਾ' ਦਾ ਸਿਦਕਵਾਨ ਵਿਰੋਧੀ ਸੀ, ਉਸ ਮੁਤਾਬਕ ਇਹ ਮਜ਼ਦੂਰਾਂ ਅਤੇ ਕਿਸਾਨਾਂ ਤੋਂ ਸਰਮਾਏਦਾਰਾਂ ਦੀ ਸੰਪਤੀ ਅਤੇ ਹਕੂਮਤ ਦੇ ਵਿਰੋਧ 'ਚ ਕਦਮ ਚੁਕਣ ਤੋਂ ਬਚਾਈ ਰੱਖਣ ਲਈ ਇੱਕ ਜਾਲ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਭਗਤ ਸਿੰਘ ਨੇ ਗਾਂਧੀ ਦੇ ਉਪਦੇਸ਼ਾਂ ਬਾਰੇ ਲਿਖਿਆ, .. ''ਇਹ ਗਾਂਧੀ ਦਾ ਅਹਿੰਸਾ ਦਾ ਸਮਝੌਤਾਪ੍ਰਸਤ ਸਿਧਾਂਤ ਹੀ ਸੀ ਜਿੰਨ੍ਹਾਂ ਨੇ ਕੌਮੀ ਲਹਿਰ ਦੌਰਾਨ ਉੱਠੀਆਂ ਇੱਕਮੁੱਠ ਤਰੰਗਾਂ 'ਚ ਫੁੱਟ ਪਾ ਦਿੱਤੀ।'' ਉਸਨੇ ਇਨਕਲਾਬੀ ਸਿਧਾਂਤ ਅਤੇ ਆਪਣੇ ਸਮੇਂ ਦੇ ਅਨੁਭਵ ਦੀਆਂ ਜੀਵੰਤ ਵਿਆਖਿਆਵਾਂ ਨੂੰ ਅੱਗੇ ਵਧਾਉਂਦੇ ਹੋਏ ਪੁਰਾਣੀਆਂ ਜਮਾਤਾਂ ਵਿਰੁੱਧ ਨਵੀਂਆਂ ਜਮਾਤਾਂ ਲਈ ਇਨਕਲਾਬੀ ਹਿੰਸਾ ਦੀ ਵਰਤੋਂ ਨੂੰ ਦਰੁਸਤ ਠਹਿਰਾਇਆ। ਉਸਦੀਆਂ ਲਿਖਤਾਂ ਗਾਂਧੀ ਦੀਆਂ ਆਗਿਆਕਾਰੀ, ਡਰਾਕਲ ਅਤੇ ਝੁਠੀਆਂ ਦਲਾਲ ਪੁਜੀਸ਼ਨਾਂ ਅਤੇ ਕਾਂਗਰਸ 'ਚ ਉਸਦੇ ਪੈਰੋਕਾਰਾਂ ਲਈ ਸਹੀ ਜਵਾਬ ਸੀ। 

ਬਿਨਾ ਸ਼ੱਕ , ਭਗਤ ਸਿੰਘ ਦਾ ਪਰਿਪੇਖ ਕਈ ਕਾਰਨਾਂ ਕਰਕੇ ਸੀਮਤ ਸੀ ਜਿਸ 'ਚ ਉਸਦੀ ਛੋਟੀ ਉਮਰ, ਬਹੁਤ ਘੱਟ ਸਮਾਂ, ਸਿਆਸੀ ਅਵਿਕਸਿਤ ਮਾਹੌਲ, ਬਦਕਿਸਮਤੀ ਨਾਲ਼ ਕੋਮਿਨਟਰਨ ਅਤੇ ਸੋਵਿਅਤ ਯੂਨਿਅਨ ਦੀ ਲੀਡਰਸ਼ੀਪ ਦਾ ਸਤਾਲਿਨਵਾਦੀ ਨੌਕਰਸ਼ਾਹੀ ਵੱਲ ਖਿਸਕ ਜਾਣਾ ਜਿਸਨੇ ਸੰਸਾਰ ਇਨਕਲਾਬ ਦੇ ਸਿਧਾਂਤ ਨੂੰ ਤਿਆਗ ਦਿੱਤਾ। ਭਾਵੇਂ ਸਤਾਲਿਨ ਮਹਾਨ ਅਕਤੂਬਰ ਇਨਕਲਾਬ ਅਤੇ ਪੂਰਵ 'ਚ ਭਾਰਤ ਸਣੇ ਇਨਕਲਾਬੀ ਅੰਦੋਲਨ ਦੇ ਰਾਹ 'ਚ ਕੰਧ ਦੀ ਤਰ੍ਹਾਂ ਖੜਾ ਸੀ ਉਦੋਂ ਵੀ ਅਕਤੂਬਰ ਇਨਕਲਾਬ ਦੀਆਂ ਤਰੰਗਾਂ ਨੇ ਭਗਤ ਸਿੰਘ 'ਤੇ ਅਥਾਹ ਪ੍ਰਭਾਅ ਛੱਡਿਆ। ਜੇਲ ਅੰਦਰ ਵੀ ਆਪਣੀ ਜਿੰਦਗੀ ਦੇ ਅੰਤਲੇ ਸਿਰੇ 'ਤੇ ਭਗਤ ਸਿੰਘ ਲੈਨਿਨ ਅਤੇ ਟਰਾਟਸਕੀ ਨੂੰ ਪੜ ਰਿਹਾ ਸੀ। 

ਮੌਤ ਦੀ ਦਹਿਲੀਜ਼ 'ਤੇ ਵੀ ਭਗਤ ਸਿੰਘ ਨੇ ਉਸਦੇ ਸਮੇਂ ਦੀ ਸਿਆਸੀ ਚੇਤਨਾ ਨੂੰ ਇੱਕ ਸਭ ਤੋੱ ਵੱਡਾ ਯੋਗਦਾਨ ਦਿੱਤਾ। ਉਸਨੇ ਚੋਰੀ ਨਾਲ਼ ਜੇਲ ਦੀ ਕੋਠੜੀ 'ਚੋਂ ਭਾਰਤ 'ਚ ਇਨਕਲਾਬ ਦਾ ਪ੍ਰੋਗਰਾਮ ਬਾਹਰ ਭੇਜਿਆ। ਇਸ ਪ੍ਰੋਗਰਾਮ ਅੰਦਰ ਉਸਨੇ ਸਚੇਤ ਤੌਰ 'ਤੇ ਵਿਅਕਤੀਗਤ ਦਹਿਸ਼ਤਗਰਦੀ ਦੇ ਰਾਹ ਨੂੰ ਨਕਾਰ ਦਿੱਤਾ ਅਤੇ ਸਾਮਰਾਜਵਾਦ ਵਿਰੁੱਧ ਮਜ਼ਦੂਰਾਂ ਅਤੇ ਦੱਬਿਆ-ਕੁਚਲਿਆ ਦੇ ਉਭਾਰ ਨੂੰ ਜਥੇਬੰਦ ਕਰਨ ਲਈ ਕਿਹਾ। ਜਦੋਂ ਕਿ ਹਥਿਆਰਬੰਦ ਸੰਘਰਸ਼ ਨੂੰ ਇਨਕਲਾਬੀ ਸੰਘਰਸ਼ ਲਈ ਢੁਕਵਾਂ, ਨਿਆਂਸੰਗਤ ਅਤੇ ਨੇੜੇ ਲੋੜ ਪੈਣ ਦੀ ਸੰਭਾਵਨਾ ਵਾਲ਼ਾ ਦੱਸਣ ਦੇ ਬਾਵਜੂਦ ਵੀ ਭਗਤ ਸਿੰਘ ਨੇ ਸੰਘਰਸ਼ ਦੇ ਹਥਿਆਰਬੰਦ ਢੰਗਾਂ ਨੂੰ ਨਕਾਰ ਦਿੱਤਾ, ਸਿਰਫ਼ ਵਿਅਰਥ ਸਮਝ ਕੇ ਨਹੀਂ ਸਗੋਂ ਨੁਕਸਾਨਦਾਇਕ ਸਮਝ ਕੇ ਵੀ। 

ਭਾਵੇਂ ਭਗਤ ਸਿੰਘ ਉਸਦੇ ਸਮੇਂ 'ਚ ਕਮਿਊਨਿਸਟ ਇੰਟਰਨੈਸ਼ਨਲ ਅੰਦਰ ਚੱਲ ਰਹੇ ਸਿਆਸੀ ਝਗੜੇ ਅਤੇ ਟਰਾਟਸਕੀ ਦੀ ਲੜਾਈ ਜਿਹੜੀ ਉਸਨੇ ਪਰਿਵਰਤਨ ਵਿਰੋਧੀ ਸਤਾਲਿਨਵਾਦੀਆਂ ਵਿਰੁੱਧ ਲੜੀ ਤੋੱ ਜਾਣੂ ਨਹੀਂ ਸੀ, ਸੈਂਕੜੇ ਮੀਲ ਦੂਰ ਬੇਠਿਆਂ ਹੋਇਆ ਵੀ ਭਗਤ ਸਿੰਘ ਵੀ ਉਸੇ ਸਿਆਸੀ ਸਿੱਟੇ 'ਤੇ ਪਹੁੰਚਿਆ ਜਿੱਥੇ ਟਰਾਟਸਕੀ ਪਹੁੰਚਿਆ ਅਤੇ ਜਿਸ ਲਈ ਉਸਨੇ ਸੰਸਾਰ ਕਮਿਊਨਿਸਟ ਅੰਦੋਲਨ ਵੱਲ ਮੁੜ ਝੁਕਾਅ ਕੀਤਾ। ਭਗਤ ਸਿੰਘ ਸਤਾਲਿਨਵਾਦੀਆਂ ਦੇ ਹੱਥੋਂ ਮੁੰਕਮਲ ਗੱਦਾਰੀ ਦੇਖਣ ਲਈ ਜਿਉਂਦਾ ਨਹੀਂ ਰਹਿ ਸਕਿਆ, ਜਦੋਂ ਉਹਨਾਂ ਨੇ ਬ੍ਰਿਟਿਸ਼ ਸਾਮਰਾਜਵਾਦੀਆਂ ਦਾ ਪੱਖ ਲਿਆ ਪੂਰੇ ਇਨਕਲਾਬੀ ਸੰਘਰਸ਼ ਨੂੰ ਰੋਕ ਦਿੱਤਾ। 

ਸਰਮਾਏਦਾਰਾਂ ਅਤੇ ਸਤਾਲਿਨਵਾਦੀਆਂ ਦੋਨਾਂ ਨੇ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਦਾ ਸਤਿਆਨਾਸ਼ ਕਰਨ ਲਈ ਆਪਣੇ-ਆਪਣੇ ਤਰੀਕੇ ਨਾਲ਼ ਯੋਗਦਾਨ ਪਾਇਆ, ਜਿਹੜੇ ਵਿਚਾਰਾਂ ਨੂੰ ਉਸਨੇ ਆਪਣੀ ਜਿੰਦਗੀ ਦੇ ਅੰਤਮ ਸਮੇਂ ਆਪਣਾਇਆ ਸੀ, ਉਹਨਾਂ ਵਿਚਾਰਾਂ ਨੂੰ ਉਸਦੇ ਸ਼ੁਰੂਆਤੀ ਵਿਚਾਰਾਂ ਨਾਲ਼ ਮਿਲਾ ਕੇ ਜਿੱਥੇ ਰੈਡੀਕਲ ਸਟੈਂਡ, ਕੌਮਵਾਦੀ ਤੁਅਸਬ ਅਤੇ ਆਦਰਸ਼ਵਾਦੀ ਵਿਸ਼ਵਾਸ ਜਿਹੜੇ ਉਸ ਸਮੇਂ 'ਚ ਮੌਜੂਦ ਸਨ, ਨਾਲ਼ ਮਿਲ ਜਾਂਦੇ ਹਨ। ਇਹ ਇਨਕਲਾਬੀਆਂ ਦਾ ਫ਼ਰਜ ਹੈ ਕਿ ਉਹ ਨੌਜਵਾਨ ਪੀੜੀ ਅਤੇ ਕਿਰਤੀ ਜਮਾਤ ਨੂੰ ਸੱਚੇ ਇਨਕਲਾਬੀ ਪ੍ਰੋਗਰਾਮ ਵੱਲ ਖਿੱਚਣ ਲਈ ਸਿਆਸੀ ਤੌਰ ਪ੍ਰੋੜ ਭਗਤ ਸਿੰਘ ਨੂੰ ਵੱਖਰਾ ਪੇਸ਼ ਕਰਨ ਅਤੇ ਉਸਦੇ ਕੰਮਾਂ ਅਤੇ ਵਿਚਾਰਾਂ ਨੂੰ ਸੰਦਰਭਾਂ 'ਚ ਹੀ ਪੇਸ਼ ਕਰਨ। 

ਲੇਖਕ--ਰਾਜੇਸ਼ ਤਿਆਗੀ,ਜ਼ ਸ਼ੋਸਲਿਸਟ ਬਲਾਗ ਤੋਂ 
ਪੰਜਾਬੀ ਤਰਜ਼ਮਾ--ਰਜਿੰਦਰ

Sunday, September 14, 2014

‘ਲਵ ਜਿਹਾਦ’: ਇਤਿਹਾਸ ਦੇ ਝਰੋਖੇ 'ਚੋਂ

ਲਵ ਜਿਹਾਦ ਅੰਦੋਲਨ ਔਰਤਾਂ ਦੇ ਨਾਮ ’ਤੇ ਫਿਰਕਾਪ੍ਰਸਤ ਲਾਮਬੰਦੀ ਦਾ ਇੱਕ-ਸਮਕਾਲੀ ਯਤਨ ਹੈ | ਬਤੌਰ ਇੱਕ ਇਤਹਾਸਕਾਰ ਮੈਂ ਇਸਦੀਆਂ ਜੜਾਂ ਉਪਨਿਵੇਸ਼ਿਕ ਅਤੀਤ ਵਿੱਚ ਵੀ ਵੇਖਦੀ ਹਾਂ | ਜਦੋਂ ਵੀ ਫਿਰਕਾਪ੍ਰਸਤ ਤਣਾਓ ਅਤੇ ਦੰਗਿਆਂ ਦਾ ਮਾਹੌਲ ਮਜ਼ਬੂਤ ਹੋਇਆ ਹੈ, ਉਦੋਂ ਉਦੋਂ ਇਸ ਤਰ੍ਹਾਂ ਦੇ ਝੂਠ ਘੜੇ ਗਏ ਅਤੇ ਉਨ੍ਹਾਂ ਦੇ ਇਰਦ-ਗਿਰਦ ਪ੍ਰਚਾਰ ਸਾਡੇ ਸਾਹਮਣੇ ਆਏ ਹਨ | ਇਹਨਾਂ ਪ੍ਰਚਾਰਾਂ ਵਿੱਚ ਮੁਸਲਮਾਨ ਮਰਦ ਨੂੰ ਵਿਸ਼ੇਸ਼ ਰੂਪ ਵਿੱਚ ਇੱਕ ਅਗਵਾਹਕਾਰ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਇੱਕ ‘ਕਾਮੀ’ ਮੁਸਲਮਾਨ ਦੀ ਤਸਵੀਰ ਘੜੀ ਗਈ ਹੈ |-ਚਾਰੂ ਗੁਪਤਾ

ਮੈਂ 1920 - 30 ਦੇ ਦਹਾਕਿਆਂ ਵਿੱਚ ਉੱਤਰ ਪ੍ਰਦੇਸ਼ ਵਿੱਚ ਫਿਰਕਾਪ੍ਰਸਤੀ ਅਤੇ ਲਿੰਗ-ਭੇਦ ਵਿੱਚ ਉੱਭਰ ਰਹੇ ਰਿਸ਼ਤੇ ਉੱਤੇ ਕੰਮ ਕੀਤਾ ਹੈ | ਉਸ ਦੌਰ ਵਿੱਚ ਲਵ ਜਿਹਾਦ ਸ਼ਬਦ ਦਾ ਇਸਤੇਮਾਲ ਨਹੀਂ ਹੋਇਆ ਸੀ, ਪਰ ਉਸ ਸਮੇਂ ਵਿੱਚ ਵੀ ਕਈ ਹਿੰਦੂ ਸੰਗਠਨਾਂ — ਆਰਿਆ ਸਮਾਜ, ਹਿੰਦੂ ਮਹਾਸਭਾ ਆਦਿ –ਦੇ ਇੱਕ ਵੱਡੇ ਹਿੱਸੇ ਨੇ ‘ਮੁਸਲਮਾਨ ਗੁੰਡਿਆਂ’ ਦੁਆਰਾ ਹਿੰਦੂ ਔਰਤਾਂ ਦੇ ਅਗਵਾਹ ਅਤੇ ਧਰਮ ਤਬਦੀਲੀ ਦੀਆਂ ਅਨਗਿਣਤ ਕਹਾਣੀਆਂ ਪ੍ਰਚਾਰਿਤ ਕੀਤੀਆਂ ਗਈਆਂ | ਉਨ੍ਹਾਂ ਨੇ ਕਈ ਪ੍ਰਕਾਰ ਦੇ ਭੜਕਾਊ ਅਤੇ ਲੱਫਾਜ਼ੀ ਭਰੇ ਭਾਸ਼ਣ ਦਿੱਤੇ ਜਿਨ੍ਹਾਂ ਵਿੱਚ ਮੁਸਲਮਾਨਾਂ ਦੁਆਰਾ ਹਿੰਦੂ ਔਰਤਾਂ ਉੱਤੇ ਜ਼ੁਲਮ ਅਤੇ ਵਿਭਚਾਰ ਦੀਆਂ ਅਣਗਿਣਤ ਕਹਾਣੀਆਂ ਘੜੀਆਂ ਗਈਆਂ | ਇਹਨਾਂ ਭਾਸ਼ਣਾਂ ਦਾ ਅਜਿਹਾ ਹੜ੍ਹ ਆਇਆ ਕਿ ਮੁਸਲਮਾਨਾਂ ਦੁਆਰਾ ਹਿੰਦੂ ਔਰਤਾਂ ਦੇ ਨਾਲ ਬਲਾਤਕਾਰ, ਹਮਲਾਵਰ ਰੁਖ, ਅਗਵਾਹ , ਬਹਿਲਾਉਣਾ-ਫੁਸਲਾਉਣਾ, ਧਰਮ ਪਰਿਵਰਤਨ ਅਤੇ ਜਬਰੀ ਮੁਸਲਮਾਨ ਪੁਰਸ਼ਾਂ ਨਾਲ ਹਿੰਦੂ ਔਰਤਾਂ ਦੇ ਵਿਆਹਾਂ ਦੀਆਂ ਕਹਾਣੀਆਂ ਦੀ ਇੱਕ ਲੰਮੀ ਸੂਚੀ ਬਣਦੀ ਗਈ | ਅੰਤਰ-ਧਾਰਮਿਕ ਵਿਆਹ, ਪ੍ਰੇਮ, ਇੱਕ ਔਰਤ ਦਾ ਆਪਣੀ ਮਰਜੀ ਨਾਲ ਸਹਵਾਸ ਅਤੇ ਧਰਮ ਪਰਿਵਰਤਨ ਨੂੰ ਵੀ ਸਾਮੂਹਿਕ ਰੂਪ ਵਿੱਚ ਅਗਵਾਹ ਅਤੇ ਜਬਰੀ ਧਰਮ-ਪਰਿਵਰਤਨ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਗਿਆ |

ਉਸ ਦੌਰ ਵਿੱਚ ਉਭਰੇ ਅਗਵਾਹ ਪ੍ਰਚਾਰ ਅਭਿਆਨ ਅਤੇ ਅਜੋਕੇ ਲਵ ਜਿਹਾਦ ਵਿੱਚ ਮੈਨੂੰ ਕਈ ਸਮਾਨਤਾਵਾਂ ਨਜ਼ਰ ਆਉਂਦੀਆਂ ਹਨ | ਇਨ੍ਹਾਂ ਦੋਨਾਂ ਪ੍ਰਚਾਰਾਂ ਵਿੱਚ ਮੁਸਲਮਾਨਾਂ ਦੁਆਰਾ ਹਿੰਦੂ ਔਰਤਾਂ ਦੇ ਅਖੌਤੀ ਜਬਰੀ ਧਰਮ-ਪਰਿਵਰਤਨ ਦੀਆਂ ਕਹਾਣੀਆਂ ਨੇ ਹਿੰਦੂਆਂ ਦੇ ਇੱਕ ਵਰਗ ਨੂੰ ਹਿੰਦੂ ਪਹਿਚਾਣ ਅਤੇ ਚੇਤਨਾ ਲਈ ਲਾਮਬੰਦੀ ਦਾ ਇੱਕ ਪ੍ਰਮੁੱਖ ਕਾਰਕ ਦੇ ਦਿੱਤਾ | ਇਸਨੇ ਹਿੰਦੂ ਉਪਦੇਸ਼ਕਾਂ ਨੂੰ ਇੱਕ ਅਹਿਮ ਸੰਦਰਭ ਬਿੰਦੂ ਅਤੇ ਇੱਕ-ਜੁੱਟਤਾ ਬਣਾਉਣ ਲਈ ਇੱਕ ਭਾਵਨਾਤਮਕ ਸੂਤਰ ਪ੍ਰਦਾਨ ਕੀਤਾ | ਨਾਲ ਹੀ, ਇਸ ਤਰ੍ਹਾਂ ਦੇ ਅਭਿਆਨ ਮੁਸਲਮਾਨ ਪੁਰਸ਼ਾਂ ਦੇ ਖਿਲਾਫ ਡਰ ਅਤੇ ਗੁੱਸਾ ਵਧਾਉਂਦੇ ਹਨ | ਹਿੰਦੂਤਵਵਾਦੀ ਤਾਕਤਾਂ ਨੇ ਲਵ ਜਿਹਾਦ ਨੂੰ ਮੁਸਲਮਾਨਾਂ ਦੀਆਂ ਗਤੀਵਿਧੀਆਂ ਦਾ ਢੰਗ ਘੋਸ਼ਿਤ ਕਰ ਦਿੱਤਾ ਹੈ | ਨਾਲ ਹੀ ਇਸ ਤਰ੍ਹਾਂ ਦੇ ਝੂਠ ਹਿੰਦੂ ਔਰਤਾਂ ਦੀ ਕਮਜੋਰੀ, ਨੈਤਿਕ ਗਿਰਾਵਟ ਅਤੇ ਦਰਦ ਨੂੰ ਪਰਗਟ ਕਰਦੇ ਹੋਏ ਉਨ੍ਹਾਂ ਨੂੰ ਅਕਸਰ ਮੁਸਲਮਾਨਾਂ ਦੇ ਹੱਥੋਂ ਇੱਕ ਕਮਜੋਰ ਸ਼ਿਕਾਰ ਦੇ ਰੂਪ ਵਿੱਚ ਦਰਸ਼ਾਉਂਦੇ ਹਨ | ਧਰਮ-ਪਰਿਵਰਤਿਤ ਹਿੰਦੂ ਔਰਤ ਨਾਪਾਕ ਅਤੇ ਬੇ-ਇੱਜ਼ਤੀ, ਦੋਨਾਂ ਦਾ ਪ੍ਰਤੀਕ ਬਣ ਜਾਂਦੀ ਹੈ |

ਉਦੋਂ ਅਤੇ ਹੁਣ ਦੇ ਅਭਿਆਨ ਵਿੱਚ ਕਈ ਹੋਰ ਮੁੱਦੇ ਵੀ ਜੁਡ਼ੇ ਹਨ | ਹਿੰਦੂ ਉਪਦੇਸ਼ਕਾਂ ਨੂੰ ਲਗਦਾ ਹੈ ਕਿ ਇਸ ਨਾਲ ਅਸੀ ਸਮਾਜ ਵਿੱਚ ਜੋ ਜਾਤੀ ਭੇਦਭਾਵ ਹੈ, ਉਹਨੂੰ ਦਰਕਿਨਾਰ ਕਰ ਸਕਦੇ ਹਨ ਅਤੇ ਹਿੰਦੂ ਸਮੂਹਿਕਤਾ ਨੂੰ ਇੱਕਜੁਟ ਕਰ ਸਕਦੇ ਹਾਂ | ਜੇਕਰ ਅਸੀ ਗਊ-ਰੱਖਿਆ ਦਾ ਮੁੱਦਾ ਲਈਏ ਤਾਂ ਇਹ ਦਲਿਤਾਂ ਦਾ ਪ੍ਰਭਾਵਿਤ ਨਹੀਂ ਕਰੇਗਾ | ਪਰ ਔਰਤਾਂ ਦਾ ਮੁੱਦਾ ਅਜਿਹਾ ਹੈ ਜਿਸਦੇ ਨਾਲ ਜਾਤੀ ਨੂੰ ਪਰੇ ਰੱਖਕੇ ਸਾਰੇ ਹਿੰਦੂਆਂ ਨੂੰ ਲਾਮਬੰਦ ਕੀਤਾ ਜਾ ਸਕਦਾ ਹੈ | ਔਰਤ ਦਾ ਸਰੀਰ ਹਿੰਦੂ ਉਪਦੇਸ਼ਕਾਂ ਲਈ ਇੱਕ ਕੇਂਦਰੀ ਚਿੰਨ੍ਹ ਬਣ ਜਾਂਦਾ ਹੈ | ਲਵ ਜਿਹਾਦ ਅਤੇਅਗਵਾਹ ਅੰਦੋਲਨ, ਦੋਵੇਂ ਹੀ ਹਿੰਦੂਆਂ ਦੀ ਗਿਣਤੀ ਦੇ ਸਵਾਲ ਨਾਲ ਵੀ ਜੁਡ਼ੇ ਹੋਏ ਹਨ | ਵਾਰ-ਵਾਰ ਕਿਹਾ ਜਾਂਦਾ ਹੈ ਕਿ ਹਿੰਦੂ ਔਰਤਾਂ ਮੁਸਲਮਾਨ ਪੁਰਸ਼ਾਂ ਨਾਲ ਵਿਆਹ ਕਰ ਰਹੀਆਂ ਹਨ ਅਤੇ ਮੁਸਲਮਾਨਾਂ ਦੀ ਗਿਣਤੀ ਵਧਾ ਰਹੀਆਂ ਹਨ, ਪਰ ਅਲੱਗ ਅਲੱਗ ਸਰਵੇਖਣ ਇਸ ਗੱਲ ਨੂੰ ਪੂਰੀ ਤਰ੍ਹਾਂ ਖ਼ਾਰਜ ਕਰ ਚੁੱਕੇ ਹਨ | ਅਸਲ ਵਿੱਚ ਹਿੰਦੂ ਪ੍ਰਚਾਰਵਾਦੀ ਇਸ ਤਰ੍ਹਾਂ ਦੇ ਅਭਿਆਨਾਂ ਦੇ ਜ਼ਰਿਏ ਹਿੰਦੂ ਔਰਤਾਂ ਦੇ ਪ੍ਰਜਨਣ ਉੱਤੇ ਵੀ ਕਾਬੂ ਕਰਨਾ ਚਾਹੁੰਦੇ ਹਾਂ |

ਮੇਰਾ ਮੰਨਣਾ ਹੈ ਕਿ ਹਰ ਬਲਾਤਕਾਰ ਜਾਂ ਜਬਰੀ ਧਰਮ-ਪਰਿਵਰਤਨ ਦੀ ਛਾਨਬੀਨ ਹੋਣੀ ਚਾਹੀਦੀ ਹੈਅਤੇ ਮੁਲਜਮਾਂ ਨੂੰ ਸਜਾ ਦਿੱਤੀ ਜਾਣੀ ਚਾਹੀਦੀ ਹੈ | ਪਰ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਅਸੀ ਵੱਖ-ਵੱਖ ਘਟਨਾਵਾਂ ਨੂੰ ਇੱਕ ਹੀ ਚਸ਼ਮੇ ਨਾਲ ਦੇਖਣ ਲਗਦੇ ਹਾਂ, ਜਦੋਂ ਅਸੀ ਪਿਆਰ, ਰੁਮਾਂਸ ਅਤੇ ਹਰ ਅੰਤਰ-ਧਰਮੀ ਵਿਆਹ ਨੂੰ ਜਬਰੀ ਧਰਮ-ਪਰਿਵਰਤਨ ਦੇ ਨਜ਼ਰੀਏ ਨਾਲ ਪਰਖਣ ਲਗਦੇ ਹਾਂ | ਇਹ ਗੌਰਤਲਬ ਹੈ ਕਿ 1920-30 ਦੇ ਦਹਾਕਿਆਂ ਵਿੱਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਜਿੰਨਾਂ ਵਿੱਚ ਔਰਤਾਂ ਨੇ ਆਪਣੀ ਮਰਜ਼ੀ ਨਾਲਮੁਸਲਮਾਨ ਪੁਰਸ਼ਾਂ ਦੇ ਨਾਲ ਵਿਆਹ ਕੀਤਾ | ਇਹਨਾਂ ਵਿੱਚ ਵਿਸ਼ੇਸ਼ ਤੌਰ ਉੱਤੇ ਉਹ ਔਰਤਾਂ ਸਨ ਜੋ ਹਿੰਦੂ ਸਮਾਜ ਦੇ ਹਾਸ਼ਿਏ ਉੱਤੇ ਸਨ, ਜਿਵੇਂ ਵਿਧਵਾਵਾਂ, ਦਲਿਤ ਔਰਤਾਂ ਅਤੇ ਕੁੱਝ ਵੇਸ਼ਵਾਵਾਂ ਵੀ | ਉਦੋਂ ਹਿੰਦੂਆਂ ਵਿੱਚ ਵਿਧਵਾ-ਵਿਆਹ ਨਾਮਮਾਤਰ ਦਾ ਸੀ, ਅਤੇ ਅਜਿਹੇ ਵਿੱਚ ਕਈ ਵਿਧਵਾਵਾਂ ਨੇ ਮੁਸਲਮਾਨਾਂ ਦੇ ਨਾਲ ਵਿਆਹ ਰਚਾਇਆ | ਇਹਨਾਂ ਦੀ ਜਾਣਕਾਰੀ ਸਾਨੂੰ ਉਸ ਸਮੇਂ ਦੀਆਂ ਕਈ ਪੁਲਿਸ ਅਤੇ ਸੀ.ਆਈ.ਡੀ. ਦੀਆਂ ਰਿਪੋਰਟਾਂਤੋਂ ਵੀ ਮਿਲਦੀ ਹੈ |

ਇਹ ਵੀ ਕਿੰਨਾ ਵਿਰੋਧਾਭਾਸੀ ਹੈ ਕਿ ਹਿੰਦੂਤਵਵਾਦੀ ਪ੍ਰਚਾਰ ਵਿੱਚ ਜਦੋਂ ਹਿੰਦੂ ਔਰਤ ਮੁਸਲਮਾਨ ਪੁਰਸ਼ ਦੇ ਨਾਲ ਵਿਆਹ ਕਰਦੀ ਤਾਂ ਉਸਨੂੰ ਹਮੇਸ਼ਾ ਅਗਵਾਹ ਦੇ ਤੌਰ ਉੱਤੇ ਦੱਸਿਆ ਜਾਂਦਾ ਹੈ | ਪਰ ਜਦੋਂ ਮੁਸਲਮਾਨ ਔਰਤ ਹਿੰਦੂ ਪੁਰਸ਼ ਦੇ ਨਾਲ ਵਿਆਹ ਕਰਦੀ ਹੈ, ਤਾਂ ਉਸਨੂੰ ਪਿਆਰ ਦੀ ਸੰਗਿਆ ਦਿੱਤੀ ਜਾਂਦੀ ਸੀ | ਉੱਪਨਿਵੇਸ਼ਿਕ ਉੱਤਰ ਪ੍ਰਦੇਸ਼ ਵਿੱਚ ਵੀ ਇਸ ਤਰ੍ਹਾਂ ਦੀ ਕਈ ਕਹਾਣੀਆਂ ਅਤੇ ਨਾਵਲ ਲਿਖੇ ਗਏ, ਜਿਨ੍ਹਾਂ ਵਿੱਚ ਅਜਿਹੇ ਹਿੰਦੂ ਪੁਰਸ਼ ਨੂੰ , ਜੋ ਕਿਸੇ ਮੁਸਲਮਾਨ ਨਾਰੀ ਨਾਲ ਪਿਆਰ ਕਰਨ ਵਿੱਚ ਸਫਲ ਹੁੰਦਾ ਸੀ, ਇੱਕ ਅਦਭੁਤ ਨਾਇਕ ਦੇਰੂਪ ਵਿੱਚ ਪੇਸ਼ ਕੀਤਾ ਗਿਆ | ਇੱਕ ਮਸ਼ਹੂਰ ਨਾਵਲ ਸ਼ਿਵਾਜੀਅਤੇ ਰੋਸ਼ਨਆਰਾ ਇਸ ਸਮੇਂ ਪ੍ਰਕਾਸ਼ਿਤ ਹੋਇਆ, ਜਿਸਨੂੰਅਪ੍ਰਮਾਣਿਤ ਸੂਤਰਾਂ ਦੇ ਹਵਾਲੇ ਨਾਲ ਇਤਿਹਾਸਿਕ ਦੱਸਿਆ ਗਿਆ | ਇਸ ਵਿੱਚ ਮਰਾਠਾਪਰੰਪਰਾ ਦਾ ਰੰਗ ਭਰਕੇ ਵਿਖਾਇਆ ਗਿਆ ਕਿ ਸ਼ਿਵਾਜੀ ਨੇ ਔਰੰਗਜੇਬ ਦੀ ਧੀ ਰੋਸ਼ਨਆਰਾ ਦਾ ਦਿਲ ਜਿੱਤਿਆ ਅਤੇ ਉਸ ਨਾਲ ਵਿਆਹ ਕਰ ਲਿਆ, ਜੋ ਇਤਿਹਾਸਿਕ ਸਚਾਈ ਨਹੀਂ ਹੈ|

ਲਵ ਜਿਹਾਦ ਵਰਗੇ ਅੰਦੋਲਨ ਹਿੰਦੂ ਔਰਤ ਦੀ ਸੁਰੱਖਿਆ ਕਰਨ ਦੇ ਨਾਮ ਉੱਤੇ ਅਸਲ ਵਿੱਚ ਉਸਦੀ ਲਿੰਗਿਕਤਾ, ਉਸਦੀ ਇੱਛਾ, ਅਤੇ ਉਸਦੀ ਨਿੱਜੀ ਪਹਿਚਾਣ ਉੱਤੇ ਕਾਬਜ ਹੋਣਾ ਚਾਹੁੰਦੇ ਹਨ | ਨਾਲ ਹੀ ਉਹ ਅਕਸਰ ਹਿੰਦੂ ਔਰਤ ਨੂੰ ਅਜਿਹਾ ਦਰਸਾਉਂਦੇ ਹਨ, ਜਿਵੇਂ ਉਹ ਸੌਖ ਨਾਲ ਫੁਸਲਾ ਲਈ ਜਾ ਸਕਦੀ ਹੈ | ਉਸਦਾ ਆਪਣਾ ਵਜੂਦ, ਆਪਣੀ ਕੋਈ ਇੱਛਾ ਹੋ ਸਕਦੀ ਹੈ, ਜਾਂ ਉਹ ਆਪਣੇ ਆਪ ਅੰਤਰ-ਧਾਰਮਿਕ ਪ੍ਰੇਮ ਅਤੇ ਵਿਆਹ ਦਾ ਕਦਮ ਉਠਾ ਸਕਦੀ ਹੈ -ਇਸ ਸੋਚ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ | ਮੈਨੂੰ ਇਸਦੇ ਪਿੱਛੇ ਇੱਕ ਡਰ ਵੀ ਨਜ਼ਰ ਆਉਂਦਾ ਹੈ, ਕਿਉਂਕਿ ਔਰਤਾਂ ਹੁਣ ਆਪਣੇ ਆਪ ਆਪਣੇ ਫੈਸਲੇ ਲੈ ਰਹੀਆਂ ਹਨ | ਨਫਰਤ ਫ਼ੈਲਾਉਣ ਵਾਲੇ ਅਭਿਆਨਾਂ ਦੀ ਇੱਕ ਹੋਰ ਵੱਡੀ ਵਿਸ਼ੇਸ਼ਤਾ ਹੁੰਦੀ ਹੈ – ਇੱਕ ਹੀ ਗੱਲ ਦੇ ਦੁਹਰਾਓ ਕਰਨਾ, ਜਿਸਦੇ ਨਾਲ ਉਹ ਲੋਕਾਂ ਦੇ ਆਮ ਗਿਆਨ ਵਿੱਚ ਸ਼ੁਮਾਰ ਹੋ ਜਾਵੇ | ਲਵ ਜਿਹਾਦ ਅੰਦੋਲਨ ਵਿੱਚ ਅਜਿਹਾ ਝੂਠਾ ਦੁਹਰਾਓ ਕਾਫ਼ੀ ਨਜ਼ਰ ਆਉਂਦਾ ਹੈ, ਜਿਸਦੇ ਨਾਲ ਫਿਰਕਾਪ੍ਰਸਤੀ ਮਜ਼ਬੂਤ ਹੁੰਦੀ ਹੈ | ਇਸਦੇ ਇਲਾਵਾ, ਲਵ ਜਿਹਾਦ ਵਿੱਚ ਕਈ ਨਵੀਂਆਂ ਚੀਜਾਂ ਵੀ ਸ਼ਾਮਿਲ ਹੋਈਆਂ ਹਨ, ਜਿਸ ਵਿੱਚ ਮੁਸਲਮਾਨਾਂ ਦੇਖਿਲਾਫ ਟਰੂਪ ਵਿੱਚ ਨਵੇਂ - ਨਵੇਂ ਇਜਾਫੇ ਵੀ ਹਨ — ਅੱਤਵਾਦ ਅਤੇ ਅੱਤਵਾਦੀ ਮੁਸਲਮਾਨ, ਮੁਸਲਮਾਨ ਫਿਰਕਾਪ੍ਰਸਤੀ, ਫਸਾਦੀ ਮੁਸਲਮਾਨ ਨੌਜਵਾਨ, ਵਿਦੇਸ਼ੀ ਫੰਡ ਅਤੇ ਅੰਤਰਾਸ਼ਟਰੀ ਚਾਲ |

ਇਸ ਤਰ੍ਹਾਂ ਦੇ ਦੁਸ਼ਪ੍ਰਚਾਰ ਨਾਲ ਫਿਰਕਾਪ੍ਰਸਤ ਮਾਹੌਲ ਵਿੱਚ ਤਾਂ ਵਾਧਾ ਹੋਇਆ ਹੈ, ਪਰ ਇਹ ਵੀ ਸੱਚ ਹੈ ਕਿ ਔਰਤਾਂ ਨੇ ਅੰਤਰ-ਧਾਰਮਿਕ ਪ੍ਰੇਮ ਅਤੇ ਵਿਆਹ ਦੇ ਜ਼ਰਿਏ ਇਸ ਫਿਰਕਾਪ੍ਰਸਤ ਲਾਮਬੰਦੀ ਦੀਆਂ ਕੋਸ਼ਿਸ਼ਾਂ ਵਿੱਚ ਸੰਨ੍ਹ ਵੀ ਲਾਈ ਹੈ | ਅੰਬੇਡਕਰ ਨੇ ਕਿਹਾ ਸੀ ਕਿ ਅੰਤਰਜਾਤੀ ਵਿਆਹ ਜਾਤੀਵਾਦ ਨੂੰ ਖਤਮ ਕਰ ਸਕਦਾ ਹੈ | ਮੇਰਾ ਮੰਨਣਾ ਹੈ ਕਿ ਅੰਤਰ-ਧਾਰਮਿਕ ਵਿਆਹ, ਧਾਰਮਿਕ ਪਹਿਚਾਣ ਨੂੰ ਕਮਜੋਰ ਕਰ ਸਕਦਾ ਹੈ | ਔਰਤਾਂ ਨੇ ਆਪਣੇ ਪੱਧਰ ਉੱਤੇ ਇਸ ਤਰ੍ਹਾਂ ਦੇ ਫਿਰਕਾਪ੍ਰਸਤ ਪ੍ਰਚਾਰਾਂ ਉੱਤੇ ਕਈ ਵਾਰ ਕੰਨ ਨਹੀਂ ਧਰਿਆ | ਜੋ ਔਰਤਾਂ ਅੰਤਰ-ਧਾਰਮਿਕ ਵਿਆਹ ਕਰਦੀਆਂ ਹਨ , ਉਹ ਕਿਤੇ ਨਾ ਕਿਤੇ ਸਮੁਦਾਇਕ ਅਤੇ ਫਿਰਕਾਪ੍ਰਸਤ ਕਿਲਾਬੰਦੀ ਵਿੱਚ ਪਾੜ ਲਗਾਉਂਦੀਆਂ ਹਨ| ਰੁਮਾਂਸ ਅਤੇ ਪਿਆਰ ਇਸ ਤਰ੍ਹਾਂ ਦੇ ਪ੍ਚਾਰ ਨੂੰ ਤਬਾਹ ਕਰ ਸਕਦਾ ਹੈ |

ਚਾਰੂ ਗੁਪਤਾ
ਲੇਖਿਕਾ ਦਿੱਲੀ ਯੂਨੀਵਰਸਿਟੀ ਦੇ ਇਤਹਾਸ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਹਨ | 

ਪੰਜਾਬੀ ਤਰਜ਼ਮਾ : ਇਕਬਾਲ ਗਿੱਲ ਧਨੌਲਾ

Wednesday, September 10, 2014

ਮੇਰੀ ਮੌਤ ਲਈ ਕੇ ਪੀ ਐਸ ਗਿੱਲ ਤੇ ਬੇਅੰਤ ਸਿੰਘ ਜ਼ਿੰਮੇਵਾਰ : ਖਾਲੜਾ

ਸਵੰਤ ਸਿੰਘ ਖਾਲੜਾ ਨੂੰ ਜਦੋਂ 6 ਸਤੰਬਰ 1995 ਨੂੰ ਘਰੋਂ ਚੁੱਕਿਆ ਗਿਆ ਸੀ ਤਾਂ ਪੰਜਾਬ ਅੰਦਰ ਕੰਮ ਕਰਦੀਆਂ ਲਗਭਗ ਸਾਰੀਆਂ ਹੀ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਇਹ ਸ਼ੱਕ ਜਾਹਰ ਕੀਤਾ ਸੀ ਕਿ ਸ. ਖਾਲੜੇ ਨੂੰ ਕੇ ਪੀ ਐੱਸ ਗਿੱਲ ਦੀ ਪੁਲਿਸ ਨੇ ਚੁੱਕਿਆ ਹੈ। ਦੂਸਰੇ ਦਿਨ ਹੀ ਇਸ ਕਿਸਮ ਦੇ ਬਿਆਨ ਅਖ਼ਬਾਰਾਂ ਵਿਚ ਛਪ ਗਏ ਸਨ, ਜਿਨ੍ਹਾਂ 'ਚ ਇਸ ਦੀ ਸਪੱਸ਼ਟ ਤੌਰ 'ਤੇ ਨਿਸ਼ਾਨਦੇਹੀ ਕੀਤੀ ਗਈ ਸੀ। ਇਸ ਨਿਸ਼ਾਨੇਦਹੀ ਦਾ ਠੋਸ ਆਧਾਰ ਸੀ।

ਕਿਉਂਕਿ ਸ. ਜਸਵੰਤ ਸਿੰਘ ਖਾਲੜਾ ਨੇ 23 ਫਰਵਰੀ 1995 ਨੂੰ ਜਾਰੀ ਕੀਤੇ ਗਏ ਆਪਣੇ ਬਿਆਨ ਵਿਚ ਸਾਫ ਐਲਾਨ ਕੀਤਾ ਸੀ ਕਿ ''ਜੇਕਰ ਪੰਜਾਬ ਸਰਕਾਰ ਤੇ ਪੁਲਿਸ ਇਹ ਸਮਝਦੀ ਹੈ ਕਿ ਮੈਨੂੰ ਖਤਮ ਕਰਕੇ 25 ਹਜ਼ਾਰ ਲਾਵਾਰਿਸ ਲਾਸ਼ਾਂ ਦੇ ਮਾਮਲੇ ਨੂੰ ਖੁਰਦ ਬੁਰਦ ਕੀਤਾ ਜਾ ਸਕਦਾ ਹੈ ਤਾਂ ਇਹ ਉਸਦੀ ਗਲਤਫਿਹਿਮੀ ਹੈ। ਕਿਉਂਕਿ ਇਸ ਸੰਬੰਧੀ ਤੱਥ ਦੁਨੀਆਂ ਪੱਧਰ ਦੇ ਮਨੁੱਖੀ ਅਧਿਕਾਰ ਸੰਗਠਨਾਂ ਤੱਕ ਪੁਹੰਚ ਚੁੱਕੇ ਹਨ।'' ਇਸੇ ਬਿਆਨ 'ਚ ਸ. ਖਾਲੜਾ ਨੇ ਇਹ ਇੰਕਸ਼ਾਫ ਵੀ ਕੀਤਾ ਸੀ, "ਕਾਂਗਰਸ ਪਾਰਟੀ ਦੇ ਇਕ ਜਿ਼ੰਮੇਵਾਰ ਐੱਮ ਐੱਲ ਏ ਨੇ 2 ਦਿਨ ਪਹਿਲਾਂ ਮੈਨੂੰ...ਜਾਤੀ ਤੌਰ 'ਤੇ ਮਿਲ ਕੇ ਦੱਸਿਆ ਹੈ ਕਿ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਖੁੱਲ੍ਹਣ ਤੋਂ ਬਹੁਤ ਖਫਾ ਹੋਏ ਪਏ ਹਨ ਅਤੇ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਇਹ ਪੜਤਾਲ ਅੱਗੇ ਵਧਦੀ ਹੈ ਤਾਂ ਹਰ ਹਾਲਤ ਵਿਚ ਉਹ ਜਸਵੰਤ ਸਿੰਘ ਖਾਲੜਾ ਦੀ ਲਾਸ਼ ਨੂੰ ਖੁਰਦ ਬੁਰਦ ਕਰਨਗੇ ਅਤੇ ਜਿੱਥੇ 25 ਹਜ਼ਾਰ ਲਾਸ਼ਾਂ ਦੀ ਜਾਂਚ ਹੋਵੇਗੀ, ਉੱਥੇ ਇਕ ਹੋਰ ਵੀ ਝੱਲ ਲੈਣਗੇ। ਐੱਮ ਐੱਲ ਏ ਜਿਸ ਦਾ ਅਜੇ ਮੈਂ ਨਾਂ ਦੱਸਣਾ ਠੀਕ ਨਹੀਂ ਸਮਝਦਾ, ਨੇ ਮੈਨੂੰ ਇਹ ਵੀ ਦੱਸਿਆ ਹੈ ਕਿ ਇਸ ਕੰਮ ਦੀ ਉਨ੍ਹਾਂ ਨੇ ਸਾਡੀ ਕਾਂਗਰਸ ਸਰਕਾਰ ਤੋਂ ਇਜ਼ਾਜਤ ਵੀ ਲੈ ਲਈ ਹੈ।" ਇਹ ਜੋ ਸ਼ੰਕਾ ਸੀ ਅੱਜ ਉਹ ਸੱਚ ਸਾਬਤ ਹੋ ਚੁੱਕੀ ਹੈ। ਪਰ ਸ. ਖਾਲੜਾ ਨੇ ਆਪਣੀ ਜਿ਼ੰਦਗੀ ਦੀ ਭੀਖ ਮੰਗਣ ਦੀ ਬਜਾਇ ਦ੍ਰਿੜ੍ਹਤਾ ਨਾਲ ਐਲਾਨਿਆ ਸੀ, ''ਮੈਂ ਆਪਣੀ ਜਿ਼ੰਦਗੀ ਦੀ ਰਾਖੀ ਲਈ ਕਿਸੇ ਅਦਾਲਤ ਵਿਚ ਜਾਣ ਦੀ ਥਾਂ ਅਕਾਲ ਪੁਰਖ ਦੇ ਚਰਨਾਂ ਵਿਚ ਅਤੇ ਲੋਕਾਂ ਦੀਆਂ ਬਰੂਹਾਂ ਵਿਚ ਜਾਣ ਨੂੰ ਤਰਜੀਹ ਦੇਵਾਂਗਾ ਅਤੇ ਸਭ ਜਮਹੂਰੀਅਤ ਪਸੰਦ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਮੈਨੂੰ ਖਤਮ ਕੀਤਾ ਗਿਆ ਤਾਂ ਕਿਸੇ ਪੁਲਿਸ ਕੈਟ ਜਾਂ ਥਾਣੇਦਾਰ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ ਬਲਕਿ ਮੁੱਖ ਮੰਤਰੀ ਬੇਅੰਤ ਸਿੰਘ ਤੇ ਪੁਲਿਸ ਮੁਖੀ ਕੇ ਪੀ ਐੱਸ ਗਿੱਲ ਨੂੰ ਇਸਦਾ ਜਿ਼ੰਮੇਵਾਰ ਠਹਿਰਾਇਆ ਜਾਵੇ।''

ਖਾਲੜਾ ਦੀ ਇਹ ਭਵਿੱਖਬਾਣੀ ਇਨ-ਬਿੰਨ ਸੱਚ ਸਾਬਤ ਹੋਈ। ਬੇਅੰਤ ਸਿੰਘ ਦੇ ਬੰਬ ਧਮਾਕੇ 'ਚ ਉੱਡਣ ਦੀ ਘਟਨਾ ਦੀ ਆੜ 'ਚ ਸ. ਜਸਵੰਤ ਸਿੰਘ ਖਾਲੜਾ ਨੂੰ ਘਰੋਂ ਚੁੱਕ ਲਿਆ ਗਿਆ ਤੇ ਪੂਰੀ ਕਾਇਰਤਾ ਨਾਲ ਉਸ ਦਰਵੇਸ਼ ਨੂੰ ਕੋਹ-ਕੋਹ ਕੇ ਸਿਰਫ ਇਸ ਲਈ ਕਤਲ ਕਰ ਦਿੱਤਾ ਗਿਆ ਕਿ ਉਸਨੇ ਇਸ ਹਕੂਮਤ ਤੇ ਖਾਸ ਕਰਕੇ ਪੰਜਾਬ ਪੁਲਿਸ ਦੇ ਜਬਰ ਦਾ ਪਰਦਾਫਾਸ਼ ਕੀਤਾ ਸੀ।

ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਰਹੇ ਸ. ਜਸਵੰਤ ਸਿੰਘ ਖਾਲੜਾ ਦੀ ਪੁਲਿਸ ਦੀ ਗੈਰਕਾਨੂੰਨੀ ਹਿਰਾਸਤ 'ਚ ਹੋਈ ਹਲਾਕਤ ਦੇ ਇਸ ਚਸ਼ਮਦੀਦ ਕੁਲਦੀਪ ਸਿੰਘ, ਜਿਸ ਦੇ ਜਿ਼ੰਮੇ ਉਸ ਦੇ ਸੰਬੰਧਤ ਅਫ਼ਸਰ ਵਲੋਂ ਸ. ਖਾਲੜਾ ਨੂੰ ਰੋਟੀ ਪਾਣੀ ਦੇਣ ਅਤੇ ਟੱਟੀ ਪਿਸ਼ਾਬ ਕਰਾਉਣ ਦਾ ਕੰਮ ਸੌਂਪਿਆ ਗਿਆ ਸੀ, ਨੇ ਦੱਸਿਆ ਹੈ ਕਿ 1994 ਵਿਚ ਉਸ ਨੇ ਐੱਸ ਪੀ ਓ ਵਜੋਂ ਆਪਣੀ ਨੌਕਰੀ ਥਾਣਾ ਸਦਰ ਰੋਪੜ ਵਿਖੇ, ਥਾਣਾ ਸਦਰ ਦੇ ਐੱਸ ਐੱਚ ਓ ਸਤਨਾਮ ਸਿੰਘ ਦੇ ਗੰਨਮੈਨ ਵਜੋਂ ਸ਼ੁਰੂ ਕੀਤੀ ਸੀ, ਉਥੋਂ ਉਸ ਨੂੰ ਚਮਕੌਰ ਸਾਹਿਬ ਵਿਖੇ ਬਦਲ ਦਿੱਤਾ ਗਿਆ।

ਜਦੋਂ ਅਜੀਤ ਸਿੰਘ ਸੰਧੂ ਐੱਸ ਐੱਸ ਪੀ ਰੋਪੜ ਤੋਂ ਬਦਲ ਕੇ ਮੁੜ ਐੱਸ ਐੱਸ ਪੀ ਤਰਨਤਾਰਨ ਆਣ ਲੱਗੇ ਤਾਂ ਉਨ੍ਹਾਂ ਨੇ ਉਸ ਨੂੰ ਆਪਣੇ ਨਾਲ ਹੀ ਲਿਆਕੇ ਐੱਸ ਪੀ ਓ ਲਾ ਦਿੱਤਾ ਅਤੇ ਉਸ ਦੀ ਤਾਇਨਾਤੀ ਥਾਣਾ ਝਬਾਲ ਦੇ ਐੱਸ ਐੱਚ ਓ ਸਤਨਾਮ ਸਿੰਘ (ਜੋ ਸ੍ਰੀ ਸੰਧੂ ਦੇ ਨਾਲ ਹੀ ਉਨ੍ਹਾਂ ਦੀ ਟੀਮ ਦੇ ਮੈਂਬਰ ਵਜੋਂ ਰੋਪੜ ਪੁਲਿਸ ਜਿ਼ਲ੍ਹੇ 'ਚੋਂ ਬਦਲ ਕੇ ਆਇਆ ਸੀ) ਦੇ ਅੰਗ ਰੱਖਿਅਕ ਵਜੋਂ ਕਰ ਦਿੱਤੀ। ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਇਹ ਅਕਤੂਬਰ 1995 ਦੀ ਗੱਲ ਹੈ ਕਿ ਡਿਊਟੀ ਸੰਭਾਲਣ ਦੇ ਤੀਜੇ ਚੌਥੇ ਦਿਨ ਹੀ ਤੱਤਕਾਲੀ ਐੱਸ ਐੱਸ ਓ ਝਬਾਲ ਸ੍ਰੀ ਸਤਨਾਮ ਸਿੰਘ (ਜੋ ਹੁਣ ਨਕੋਦਰ ਹੈ) ਨੇ ਉਸ ਨੂੰ ਕੋਲ ਬੁਲਾ ਕੇ ਕਿਹਾ ਕਿ ਉਸ ਨੇ ਥਾਣੇ ਦੀ ਹਦੂਦ ਤੋਂ ਬਾਹਰ ਪੈਂਦੀ ਇਕ ਹਨ੍ਹੇਰੀ ਕੋਠੜੀ 'ਚ ਬੰਦ ਇਕ ਐਸੇ ਬੰਦੇ ਨੂੰ ਰੋਟੀ ਪਾਣੀ ਦੇਣ ਦੀ ਡਿਊਟੀ ਕਰਨੀ ਹੈ, ਜਿਸ ਬਾਰੇ ਉਸ ਨੇ ਭੇਦ ਇਸ ਤਰ੍ਹਾਂ ਗੁਪਤ ਰੱਖਣਾ ਹੈ ਕਿ ਕੰਧਾਂ ਨੂੰ ਵੀ ਇਸ ਦੀ ਭਿਣਕ ਨਹੀਂ ਪੈਣੀ ਚਾਹੀਦੀ।

ਐੱਸ ਪੀ ਓ ਦੇ ਦੱਸਣ ਅਨੁਸਾਰ ਆਪਣੇ ਸੰਬੰਧਤ ਪੁਲਿਸ ਅਫ਼ਸਰ ਦੀ ਹਦਾਇਤ ਅਨੁਸਾਰ ਜਦੋਂ ਉਕਤ ਹਨ੍ਹੇਰ ਕੋਠੜੀ 'ਚ ਬੰਦ ਅਜਨਬੀ ਨੂੰ ਰੋਟੀ ਪਾਣੀ ਦੇਣ ਲਈ ਆਪਣੇ ਅਫ਼ਸਰ ਕੋਲੋਂ ਚਾਬੀ ਲੈ ਕੇ ...ਉਸਨੇ ਕੋਠੜੀ ਨੂੰ ਵੱਜਾ ਜਿੰਦਰਾ ਖੋਲ੍ਹਿਆ ਤਾਂ ਅੰਦਰ ਗੁਲਾਬੀ ਕੁੜਤੇ ਪਜਾਮੇ 'ਚ ਭੁੰਜੇ ਅਧਮੋਇਆਂ ਵਾਂਗ ਲੇਟੇ ਇਸ ਵਿਅਕਤੀ ਨੇ ਉਸ ਵਲੋਂ ਪੁੱਛੇ ਪ੍ਰਸ਼ਨਾਂ ਦੇ ਜੁਆਬ ਵਿਚ ਆਪਣਾ ਨਾਂ ਜਸਵੰਤ ਸਿੰਘ, ਪਿੰਡ ਖਾਲੜਾ ਆਤੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮਨੁੱਖੀ ਅਧਿਕਾਰ ਵਿੰਗ ਦਾ ਜਨਰਲ ਸਕੱਤਰ ਦੱਸਿਆ। ਉਕਤ ਐੱਸ ਪੀ ਓ ਨੇ ਦੱਸਿਆ ਕਿ ਉਸ ਵਲੋਂ ਸ੍ਰੀ ਖਾਲੜਾ ਨੂੰ ਰੋਟੀ ਪਾਣੀ ਦੇਣ ਅਤੇ ਹਾਜ਼ਤ ਸਮੇਂ ਉਸ ਨੂੰ ਟੱਟੀ ਪਿਸ਼ਾਬ ਕਰਾਉਣ ਆਦਿ ਦਾ ਸਿਲਸਿਲਾ ਇਸੇ ਤਰਾਂ ਤਿੰਨ-ਚਾਰ ਦਿਨ ਹੋਰ ਚਲਦਾ ਰਿਹਾ ਕਿ ਇਕ ਦਿਨ ਸ਼ਾਮੀਂ 7 ਵਜੇ ਇਕ ਮਾਰੂਤੀ ਕਾਰ ਝਬਾਲ ਥਾਣੇ ਵਿਚ ਆ ਕੇ ਰੁਕੀ, ਜਿਸ ਵਿਚੋਂ ਉਸ ਵੇਲੇ ਦੇ ਐੱਸ ਐੱਸ ਪੀ ਤਰਨ ਤਾਰਨ ਅਜੀਤ ਸਿੰਘ ਸੰਧੂ, ਉਸ ਵੇਲੇ ਦੇ ਡੀ ਐੱਸ ਪੀ ਜਸਪਾਲ ਸਿੰਘ ਅਤੇ ਉਨ੍ਹਾਂ ਦੇ ਗੰਨਮੈਨ ਅਰਵਿੰਦਰ ਸਿੰਘ ਹੇਠਾਂ ਉਤਰੇ। ਉਸ ਨੇ ਅੱਗੇ ਦੱਸਿਆ ਕਿ ਇਸ ਦੇ ਮਗਰੇ ਹੀ ਇਕ ਹੋਰ ਮਾਰੂਤੀ ਕਾਰ ਥਾਣੇ ਪੁੱਜੀ, ਜਿਸ ਵਿਚ ਤਤਕਾਲੀ ਐੱਸ ਐੱਚ ਓ ਸਰਹਾਲੀ ਸੁਰਿੰਦਰਪਾਲ ਸਿੰਘ, ਐੱਸ ਐੱਚ ਓ ਮਾਨੋਚਾਹਲ, ਜਸਬੀਰ ਸਿੰਘ ਅਤੇ ਹੌਲਦਾਰ ਪ੍ਰਿਥੀਪਾਲ ਸਿੰਘ ਬਾਹਰ ਨਿਕਲੇ। ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਪਿਛੋਂ ਐੱਸ ਐੱਚ ਓ ਸਰਹਾਲੀ ਸੁਰਿੰਦਰਪਾਲ ਸਿੰਘ ਜੋ ਕਿ ਹਾਲ ਹੀ ਵਿਚ ਮਹਿਲ ਕਲਾਂ (ਪੁਲਿਸ ਜਿ਼ਲ੍ਹਾ ਬਰਨਾਲਾ) ਵਿਖੇ ਤਾਇਨਾਤੀ ਸਮੇਂ ਕਿਸੇ ਕੇਸ ਵਿਚ ਮੁਅੱਤਲ ਹੋਏ ਹਨ, ਨੇ ਉਸ ਨੂੰ ਕੋਠੜੀ ਦੀ ਚਾਬੀ ਲੈ ਕੇ ਆਉਣ ਲਈ ਕਿਹਾ। ਉਸ ਨੇ ਦੱਸਿਆ ਕਿ ਉਸ ਉਪਰੰਤ ਸ੍ਰੀ ਸੰਧੂ ਸਮੇਤ ਇਹ ਸਾਰੇ ਅਫ਼ਸਰ ਅਤੇ ਪੁਲਿਸ ਕਰਮੀ ਉਸ ਕੋਠੜੀ ਵਿਚ ਵੜ ਗਏ। ਐੱਸ ਪੀ ਓ ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਇਸ ਪਿਛੋਂ ਅਜੀਤ ਸਿੰਘ ਨੇ ਇਹ ਕਹਿੰਦਿਆਂ ਕਿ 'ਤੂੰ ਸਾਡੇ ਖਿਲਾਫ ਬੜੇ 'ਐਫੀਡੇਵਿਟ' ਇਕੱਠੇ ਕਰਦਾ ਫਿਰਦਾ ਹੈਂ, ਤੈਨੂੰ ਸੈਆਂ ਵੇਰ ਵਰਜਿਆ ਹੈ ਪਰ ਤੂੰ ਫਿਰ ਵੀ ਬੰਦੇ ਦਾ ਪੁੱਤ ਨਹੀਂ ਬਣਿਆ' ਤੇ ਉਹ ਨੇ ਪੁਲਿਸ ਕਰਮੀਆਂ ਨੂੰ ਸ. ਖਾਲੜਾ ਦੇ ਦੋਵੇਂ ਹੱਥ ਪਿੱਛੇ ਬੰਨ੍ਹ ਕੇ ਉਸ ਨੂੰ ਅਲਫ ਨੰਗਾ ਕਰਕੇ ਲਟਕਾਉਣ ਦਾ ਹੁਕਮ ਦਿੰਦਿਆਂ, ਖਾਲੜਾ ਦੇ ਸਿਰ ਦੇ ਵਾਲਾਂ ਨੂੰ ਫੜਕੇ ਕਮਰੇ 'ਚ ਘਸੀਟਣਾ ਸ਼ੁਰੂ ਕਰ ਦਿੱਤਾ। ਕੁਲਦੀਪ ਸਿੰਘ ਅਨੁਸਾਰ ਇਸ ਮੌਕੇ ਪੁਲਿਸ ਮਾਰ ਨਾਲ ਬਹੁੜੀ ਪਾਉਂਦੇ ਅਤੇ ਡਾਡਾਂ ਮਾਰਦੇ ਸ. ਖਾਲੜਾ ਦੇ ਪੱਟਾਂ 'ਤੇ ਕੋਈ ਅੱਧਾ ਘੰਟਾ ਲੂਣ ਘੋਟਣਾ ਫੇਰਨ ਦੀ ਜ਼ਹਿਮਤ ਦੇਣੀ ਵੀ ਸੰਧੂ ਨੇ ਕਿਸੇ ਹੋਰ ਨੂੰ ਗਵਾਰਾ ਨਾ ਸਮਝੀ ਅਤੇ ਉਹ ਖੁਦ ਸ੍ਰੀ ਖਾਲੜਾ ਦੇ ਪੱਟਾਂ 'ਤੇ ਲੂਣ ਘੋਟਣਾ ਫੇਰਨ ਲਈ ਚੜ੍ਹਦੇ ਰਹੇ।

ਉਸ ਨੇ ਦੱਸਿਆ ਕਿ ਅੱਧੇ ਘੰਟੇ ਦੇ ਇਸ ਘੋਰ ਤਸ਼ੱਦਦ ਪਿੱਛੋਂ ਸ. ਖਾਲੜਾ ਨੂੰ ਨੀਮ ਬੇਹੋਸ਼ੀ ਦੀ ਹਾਲਤ 'ਚ ਲੀੜੇ ਪਾ ਕੇ ਬਿਠਾ ਦਿਤਾ ਅਤੇ ਉਸ ਨੂੰ ਕੋਸਾ ਪਾਣੀ ਪਿਆਉਣ ਪਿੱਛੋਂ ਰਾਤੀਂ 9 ਵਜੇ ਦੇ ਕਰੀਬ ਸ੍ਰੀ ਸੰਧੂ ਸਮੇਤ ਸਾਰੇ ਪੁਲਿਸ ਕਰਮੀ ਚਲੇ ਗਏ। ਐੱਸ ਪੀ ਓ ਕੁਲਦੀਪ ਸਿੰਘ ਨੇ ਇਹ ਅਹਿਮ ਇੰਕਸ਼ਾਫ ਕੀਤਾ ਕਿ ਸ. ਖਾਲੜਾ ਨੂੰ 27-28 ਅਕਤੂਬਰ ਦੇ ਆਸ-ਪਾਸ ਗੋਲੀ ਨਾਲ ਹਲਾਕ ਕਰਨ ਅਤੇ ਇਸ ਪਿਛੋਂ ਹਰੀਕੇ ਪੱਤਣ ਦਰਿਆ 'ਚ ਰੋੜਨ ਤੋਂ ਚੰਦ ਦਿਨ ਪਹਿਲਾਂ ਸ. ਖਾਲੜਾ ਨੂੰ ਇਕ ਰਾਤ ਪਿੰਡ ਮਾਨਾਂਵਾਲਾ ਸਥਿਤ ਅਜੀਤ ਸਿੰਘ ਸੰਧੂ ਦੀ ਰਿਹਾਇਸ਼ਗਾਹ 'ਤੇ ਵੀ ਲਿਜਾਇਆ ਗਿਆ। ਉਸ ਦੇ ਦੱਸਣ ਅਨੁਸਾਰ ਝਬਾਲ ਦੇ ਉਸ ਸਮੇਂ ਦੇ ਐੱਸ ਐੱਚ ਓ ਸਤਨਾਮ ਸਿੰਘ ਦੇ ਆਦੇਸ਼ 'ਤੇ ਉਸ ਨੇ ਸ. ਖਾਲੜਾ ਨੂੰ ਡੌਲਿਆਂ ਤੋਂ ਪਕੜਦਿਆਂ ਸਹਾਰਾ ਦੇ ਕੇ ਉਸਦੀ ਮਾਰੂਤੀ ਕਾਰ ਦੀ ਪਿਛਲੀ ਸੀਟ 'ਤੇ ਬਿਠਾਇਆ। ਉਸਨੇ ਦੱਸਿਆ ਕਿ ਸ. ਖਾਲੜਾ ਨੂੰ ਮਾਨਾਂਵਾਲਾ ਲਿਜਾਣ ਵਾਲੀ ਇਸ ਕਾਰ ਨੂੰ ਖੁਦ ਸਤਨਾਮ ਸਿੰਘ ਨੇ ਚਲਾਇਆ। ਜਦੋਂਕਿ ਕਾਰ ਦੀ ਪਿਛਲੀ ਸੀਟ 'ਤੇ ਉਹ (ਕੁਲਦੀਪ ਸਿੰਘ) ਸ. ਖਾਲੜਾ ਨੂੰ ਢੋਈ ਦੇ ਕੇ ਬੈਠਾ ਹੋਇਆ ਸੀ। ਉਸ ਨੇ ਦੱਸਿਆ ਕਿ ਮਾਨਾਂਵਾਲੇ, ਅਜੀਤ ਸਿੰਘ ਸੰਧੂ ਦੀ ਕੋਠੀ ਦੇ ...ਮੂਹਰੇ ਜਾ ਕੇ ਸਤਨਾਮ ਸਿੰਘ ਕਾਰ ਰੋਕ ਕੇ ਸੰਧੂ ਨੂੰ ਮਿਲਣ ਅੰਦਰ ਗਿਆ ਅਤੇ ਬਾਅਦ ਵਿਚ ਸ. ਖਾਲੜਾ ਨੂੰ ਸ੍ਰੀ ਸੰਧੂ ਦੇ ਆਦੇਸ਼ 'ਤੇ ਕੋਠੀ ਦੇ ਇਕ ਵੱਡੇ ਕਮਰੇ ਵਿਚ ਲਿਜਾ ਕੇ ਉਸ ਨੇ ਅਤੇ ਸਤਨਾਮ ਸਿੰਘ ਨੇ ਕੁਰਸੀ 'ਤੇ ਬਿਠਾਇਆ ਅਤੇ ਬਾਅਦ ਵਿਚ ਸਤਨਾਮ ਸਿੰਘ ਨੇ ਉਸ ਨੂੰ ਬਾਹਰ ਲਾਅਨ ਵਿਚ ਜਾ ਕੇ ਬੈਠਣ ਅਤੇ ਉਡੀਕ ਕਰਨ ਲਈ ਕਿਹਾ। ਉਸਨੇ ਦੱਸਿਆ ਕਿ ਏਨੇ ਨੂੰ ਟੂ-ਟੂ ਕਰਦੀਆਂ ਗੱਡੀਆਂ ਦੀ ਇਕ ਆਵਾਜ਼ ਕੋਠੀ ਦੇ ਅੱਗੇ ਆ ਕੇ ਸ਼ਾਂਤ ਹੋ ਗਈ ਅਤੇ ਇਕ ਕਾਰ ਵਿਚੋਂ ਪੰਜਾਬ ਪੁਲਿਸ ਦੇ ਤਤਕਾਲੀ ਮੁਖੀ ਕੇ ਪੀ ਐੱਸ ਗਿੱਲ ਅਤੇ ਉਨ੍ਹਾਂ ਨਾਲ ਇਕ ਕਲੀਨ ਸ਼ੇਵ ਪੁਲਿਸ ਅਫ਼ਸਰ, ਸੰਧੂ ਦੀ ਕੋਠੀ ਅੰਦਰ ਗਏ ਅਤੇ ਕੋਈ ਅੱਧਾ ਘੰਟਾ ਸ. ਖਾਲੜਾ ਨੂੰ ਮੂਹਰੇ ਬਿਠਾ ਕੇ ਗੱਲਬਾਤ ਕਰਨ ਬਾਅਦ ਗਿੱਲ ਆਪਣੇ ਨਾਲ ਆਏ ਪੁਲਿਸ ਅਫ਼ਸਰ ਅਤੇ ਐੱਸ ਐੱਸ ਪੀ ਤਰਨਤਾਰਨ ਰਹੇ ਅਜੀਤ ਸਿੰਘ ਸੰਧੂ ਨਾਲ ਉਥੋਂ ਚਲੇ ਗਏ। ਜਦਕਿ ਸਤਨਾਮ ਸਿੰਘ ਅਤੇ ਉਹ ਸ. ਖਾਲੜਾ ਨੂੰ ਲੈ ਕੇ ਵਾਪਸ ਝਬਾਲ ਆ ਗਏ। ਉਸ ਨੇ ਦੱਸਿਆ ਕਿ ਰਸਤੇ ਵਿਚ ਐੱਸ ਐੱਚ ਓ ਸਤਨਾਮ ਸਿੰਘ ਇਹ ਕਹਿੰਦਾ ਰਿਹਾ ਕਿ ''ਜੇਕਰ ਖਾਲੜਾ ਤੂੰ ਗਿੱਲ ਸਾਹਬ ਦਾ ਕਿਹਾ ਮੰਨ ਲੈਂਦਾ ਤਾਂ ਅਸੀਂ ਵੀ ਬਚ ਜਾਂਦੇ ਤੇ ਤੂੰ ਵੀ ਬਚ ਜਾਣਾ ਸੀ। ਸੁਪਰੀਮ ਕੋਰਟ 'ਚ ਲਵਾਰਸ ਲਾਸ਼ਾਂ ਦੀ ਰਿੱਟ ਤੋਂ ਭਲਾ ਤੈਨੂੰ ਕੀ ਕੋਹਿਨੂਰ ਮਿਲੂ।'' ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਸ. ਖਾਲੜਾ ਸਰੀਰਕ ਤੌਰ 'ਤੇ ਅਤਿ ਜ਼ਰਜ਼ਰ ਹਾਲਾਤ 'ਚ ਹੁੰਦਿਆਂ ਵੀ 'ਸਭ ਕੁਝ ਭਾਣੇ 'ਚ ਹੀ ਹੈ' ਦੇ ਆਤਮਿਕ ਬੁਲੰਦੀ ਭਰੇ ਲਫਜ਼ ਹੀ ਕਹਿੰਦਾ ਰਿਹਾ।

ਕੁਲਦੀਪ ਸਿੰਘ ਨੇ ਖਾਲੜਾ ਦੀ ਹਲਾਕਤ ਵੇਲੇ ਦਾ ਦ੍ਰਿਸ਼ ਵਰਨਣ ਕਰਦਿਆਂ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਤੋਂ ਤਿੰਨ-ਚਾਰ ਦਿਨ ਬਾਅਦ ਸ਼ਾਮੀਂ 7.30 ਵਜੇ ਡੀ ਐੱਸ ਪੀ ਜਸਪਾਲ ਸਿੰਘ ਆਪਣੇ ਗੰਨਮੈਨ ਅਰਵਿੰਦਰ ਸਿੰਘ ਸਮੇਤ ਥਾਣਾ ਝਬਾਲ ਆਏ ਅਤੇ ਉਨ੍ਹਾ ਦੇ ਮਗਰ-ਮਗਰ ਹੀ ਕਾਰ ਰਾਹੀਂ ਜਸਬੀਰ ਸਿੰਘ ਐੱਸ ਐਚ ਓ ਮਾਨੋਚਾਹਲ, ਸੁਰਿੰਦਰ ਪਾਲ ਸਿੰਘ ਐੱਸ ਐੱਚ ਓ ਸਰਹਾਲੀ ਅਤੇ ਪ੍ਰਿਥੀਪਾਲ ਸਿੰਘ ਹੌਲਦਾਰ ਵੀ ਉਥੇ ਆ ਗਏ। ਐੱਸ ਪੀ ਓ ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਸੁਰਿੰਦਰਪਾਲ ਸਿੰਘ ਦਾ ਗੰਨਮੈਨ ਬਲਵਿੰਦਰ ਸਿੰਘ ਘੋੜਾ ਵੀ ਉਨ੍ਹਾਂ ਦੇ ਨਾਲ ਹੀ ਸੀ। ਉਸ ਨੇ ਦੱਸਿਆ ਕਿ ਇਸ ਪਿਛੋਂ ਉਹ ਚਾਬੀ ਲੈ ਕੇ ਕੋਠੜੀ ਦਾ ਦਰਵਾਜ਼ਾ ਖੋਲ੍ਹ ਕੇ ਕੋਠੜੀ 'ਚ ਜਾ ਵੜੇ ਅਤੇ ਮੈਨੂੰ ਉਨ੍ਹਾਂ ਨੇ ਗਰਮ ਪਾਣੀ ਕਰਕੇ ਲਿਆਉਣ ਲਈ ਕਿਹਾ। ਐੱਸ ਪੀ ਓ ਕੁਲਦੀਪ ਸਿੰਘ ਦੇ ਦੱਸਣ ਮੁਤਾਬਕ ਥੋੜ੍ਹਾ ਚਿਰ ਬਾਅਦ ਹੀ ਸ. ਖਾਲੜਾ ਦੀ ਮਾਰਕੁੱਟ ਪਿੱਛੋਂ ਉਸ ਨੇ ਪਿਸਤੌਲ ਦੇ ਦੋ ਫਾਇਰਾਂ ਦੀ ਆਵਾਜ਼ ਸੁਣੀ। ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਗਰਮ ਪਾਣੀ ਛੱਡ ਕੇ ਅਸਾਲਟ ਚੁੱਕੀ ਬਾਹਰ ਆਇਆ ਤਾਂ ਬਲਵਿੰਦਰ ਸਿੰਘ ਘੋੜਾ ਮਾਰੂਤੀ ਵੈਨ ਦੀ ਡਿੱਕੀ ਖੋਲ੍ਹ ਰਿਹਾ ਸੀ। ਡਿੱਕੀ ਖੋਲ੍ਹਣ ਪਿਛੋਂ ਬਲਵਿੰਦਰ ਘੋੜਾ ਅਤੇ ...ਅਰਵਿੰਦਰ ਸਿੰਘ ਦੋਵਾਂ ਪੁਲਿਸ ਅਧਿਕਾਰੀਆਂ ਦੇ ਅੰਗ ਰੱਖਿਅਕਾਂ ਨੇ ਸ. ਖਾਲੜਾ ਦੀ ਖੂਨ 'ਚ ਲੱਥਪੱਥ ਮ੍ਰਿਤਕ ਦੇਹ ਕੋਠੜੀ 'ਚੋਂ ਕੱਢ ਕੇ ਲਿਆਂਦੀ ਤੇ ਭੂਆਂ ਕੇ ਡਿੱਕੀ 'ਚ ਸੁੱਟਦਿਆਂ ਕਾਰ ਦੀ ਡਿੱਕੀ ਬੰਦ ਕਰ ਦਿੱਤੀ। ਉਸ ਨੇ ਦੱਸਿਆ ਕਿ ਹਰੀਕੇ ਪੱਤਣ ਦੀਆਂ ਭੁੱਖੀਆਂ ਮੱਛੀਆਂ ਦੀ ਖੁਰਾਕ ਬਣਨ ਲਈ ਲਿਜਾਈ ਜਾ ਰਹੀ ਸ. ਖਾਲੜਾ ਦੀ ਲਾਸ਼ ਵਾਲੀ ਵੈਨ ਨੂੰ ਬਲਵਿੰਦਰ ਸਿੰਘ ਘੋੜਾ ਚਲਾ ਰਿਹਾ ਸੀ, ਜਦਕਿ ਪ੍ਰਿਥੀਪਾਲ ਸਿੰਘ ਅਤੇ ਅਰਵਿੰਦਰ ਸਿੰਘ ਵੀ ਉਸ ਵਿਚ ਬੈਠੇ ਹੋਏ ਸਨ। ਉਸ ਨੇ ਦੱਸਿਆ ਕਿ ਇਸ ਪਿਛੋਂ ਆ ਰਹੀ ਮਾਰੂਤੀ ਕਾਰ ਵਿਚ ਡੀ ਐੱਸ ਪੀ ਜਸਪਾਲ ਸਿੰਘ ਅਤੇ ਜਸਬੀਰ ਸਿੰਘ (ਉਸ ਵੇਲੇ ਐੱਸ ਐੱਚ ਓ ਮਾਨੋਚਾਹਲ) ਸਵਾਰ ਸਨ ਅਤੇ ਇਸ ਪਿਛੋਂ ਤੀਸਰੀ ਮਾਰੂਤੀ ਕਾਰ ਵਿਚ ਉਹ ਐੱਸ ਐੱਚ ਓ ਝਬਾਲ ਸਤਨਾਮ ਸਿੰਘ ਅਤੇ ਐੱਸ ਐੱਚ ਓ ਸਰਹਾਲੀ ਸੁਰਿੰਦਰਪਾਲ ਸਿੰਘ ਨਾਲ ਬੈਠਾ ਹੋਇਆ ਸੀ। ਉਸ ਨੇ ਦੱਸਿਆ ਕਿ ਹਰੀਕੇ ਪੱਤਣ ਲੰਘਕੇ ਜਿੱਥੇ ਦੋ ਨਹਿਰਾਂ ਲੰਘਦੀਆਂ ਹਨ, ਵਿਖੇ ਰਾਤੀਂ 10 ਵਜੇ ਦੇ ਕਰੀਬ ਪੁੱਜਕੇ ਅਰਵਿੰਦਰ ਸਿੰਘ ਤੇ ਬਲਵਿੰਦਰ ਘੋੜੇ ਨੇ ਲਾਸ਼ ਨਹਿਰ 'ਚ ਸੁੱਟ ਦਿਤੀ। ਧੜੰਮ ਦੀ ਅਵਾਜ਼ ਨਾਲ ਲਾਸ਼ ਪਾਣੀਆਂ ਦੇ ਬਿਲੇ ਲੱਗਦਿਆਂ ਹੀ ਇਕੇਰਾਂ ਤੇ ਜਿਵੇਂ ਉਸ ਨੂੰ ਖੜੇ ਖੜੋਤੇ ਸਕਤਾ ਜਿਹਾ ਮਾਰ ਗਿਆ ਅਤੇ ਪਿਛੋਂ ਉਹ ਸਾਰੇ ਹਰੀਕੇ ਰੈੱਸਟ ਹਾਊਸ ਵਿਚ ਆ ਗਏ। ਜਿੱਥੇ ਬਲਵਿੰਦਰ ਘੋੜਾ, ਪ੍ਰਿਥੀਪਾਲ, ਅਰਵਿੰਦਰ ਸਿੰਘ ਅਤੇ ਉਸ ਲਈ ਜੀਭ ਦੀ ਤਰਾਵਟ ਵਾਸਤੇ ਪੁਲਿਸ ਅਫ਼ਸਰਾਂ ਨੇ ਦੋ ਵਧੀਆ ਸ਼ਰਾਬ ਦੀਆਂ ਬੋਤਲਾਂ ਭੇਜੀਆਂ ਅਤੇ ਖੁਦ ਉਹ ਰੈੱਸਟ ਹਾਊਸ ਦੇ ਬੰਗਲੇ 'ਚ ਅਨੰਦ ਮੰਗਲ ਮਾਣਦੇ ਰਹੇ।

ਐੱਸ ਪੀ ਓ ਦੇ ਦੱਸਣ ਅਨੁਸਾਰ ਉਹ ਰਾਤੀਂ 12 ਵਜੇ ਤੋਂ ਬਾਅਦ ਉਸ ਦਿਨ ਮਾਰੂਤੀ ਕਾਰ 'ਤੇ ਥਾਣਾ ਝਬਾਲ ਆ ਕੇ ਵੜੇ। ਇਸ ਵਾਰਦਾਤ ਦੇ ਚਾਰ ਦਿਨ ਪਿਛੋਂ ਅਜੀਤ ਸਿੰਘ ਸੰਧੂ ਨੇ ਉਸ ਨੂੰ ਸੱਦਿਆ ਅਤੇ ਉਸ ਨੂੰ ਇਹ ਕਿਹਾ ਕਿ 'ਜੋ ਕੁਝ ਵੀ ਕਾਕਾ ਤੂੰ ਉਸ ਦਿਨ ਵੇਖਿਆ ਹੈ, ਉਸਨੂੰ ਸੁਪਨੇ ਵਾਂਗ ਭੁੱਲ ਜਾਹ.... ਇਹਦੇ 'ਚ ਹੀ ਤੇਰੀ ਜਿ਼ੰਦਗੀ ਦੀ ਬਿਹਤਰੀ ਛੁਪੀ ਹੈ... ਤੂੰ ਫਿਕਰ ਨਾ ਕਰੀਂ ਅਡੀਸ਼ਨਲ ਡੀ ਜੀ ਪੀ ਨੂੰ ਕਹਿ ਕੇ ਤੈਨੂੰ ਪੀ ਏ ਪੀ ਦਾ ਨੰਬਰ ਤਾਂ ਦੁਆ ਹੀ ਦਿਆਂਗੇ।' ਪਿਛੋਂ ਕਾਂਸਟੇਬਲ ਦੇ ਨੰਬਰ ਦੀ ਮੰਗ ਕਰਨ 'ਤੇ ਸਤਨਾਮ ਸਿੰਘ ਨੇ ਕਿਹਾ ਕਿ ਤੇਰੇ ਵਰਗੇ ਵੀਹ ਐੱਸ ਪੀ ਓ ਤੁਰੇ ਫਿਰਦੇ ਹਨ।

ਕੁਲਦੀਪ ਸਿੰਘ

Thursday, September 4, 2014

ਅਧਿਆਪਕ ਟੀ.ਵੀ 'ਤੇ ਬੋਲੇ ਤੇ ਮੋਦੀ ਸੁਣੇ

ਉਹ ਤੁਰਦਾ ਰਿਹਾ,ਰਾਹ ਬਣਦੇ ਗਏ..

ਗੁਰਬਤ ਉਸ ਦਾ ਰਾਹ ਨਹੀਂ ਰੋਕ ਸਕੀ ਤੇ ਠੰਢੀਆਂ ਰਾਤਾਂ ਉਸ ਦਾ ਸਾਈਕਲ। ਜਦੋਂ ਸਿਰੜ ਨੇ ਜਜ਼ਬੇ ਦੀ ਉਂਗਲ ਫੜੀ ਤਾਂ ਅਧਿਆਪਕ ਕਰਨੈਲ ਸਿੰਘ ਵੈਰਾਗੀ ਨੇ ਸਾਈਕਲ ਚੁੱਕ ਲਿਆ। ਜਿਉਂ ਹੀ ਸਵੇਰ ਦੇ ਪੌਣੇ ਚਾਰ ਵੱਜਦੇ ਹਨ, ਉਹ ਆਪਣੇ ਸਾਈਕਲ 'ਤੇ ਘਰੋਂ ਚਾਲੇ ਪਾ ਦਿੰਦਾ ਹੈ। ਵੈਰਾਗੀ ਠੰਢੇ ਮੌਸਮ ਵਿੱਚ ਆਪਣੇ ਹਰ ਵਿਦਿਆਰਥੀ ਘਰ ਦਾ ਬੂਹਾ ਖੜਕਾਉਂਦਾ ਹੈ। ਰਜਾਈ 'ਚੋਂ ਉਠਾ ਕੇ ਉਹ ਆਪਣੇ ਹਰ ਬੱਚੇ ਨੂੰ ਪੜ੍ਹਨ ਬਿਠਾਉਂਦਾ ਹੈ। ਫਿਰ ਉਹ ਅਗਲੇ ਘਰ ਦੇ ਬੂਹੇ 'ਤੇ ਜਾਂਦੇ ਹਨ। ਪੂਰੇ ਸੱਤ ਵਰ੍ਹਿਆਂ ਤੋਂ ਵੈਰਾਗੀ ਸਵੇਰੇ ਚਾਰ ਵਜੇ ਘਰੋਂ-ਘਰੀਂ ਜਾ ਕੇ ਆਪਣੇ ਸਕੂਲੀ ਬੱਚਿਆਂ ਦੀ ਪੜ੍ਹਾਈ ਦਾ ਪਾਠ ਸ਼ੁਰੂ ਕਰਾ ਰਿਹਾ ਹੈ।ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰ ਹੋਡਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਅਧਿਆਪਕ ਕਰਨੈਲ ਸਿੰਘ ਵੈਰਾਗੀ ਜਿਸ ਮਿਸ਼ਨ ਨੂੰ ਲੈ ਕੇ ਤੁਰਿਆ, ਉਹ ਹੁਣ ਰਾਹ ਬਣ ਗਿਆ ਹੈ। ਪੂਰਾ ਸਾਲ ਉਸ ਦਾ ਸਾਈਕਲ ਸਕੂਲ ਦੇ ਚਾਰੇ ਪਾਸੇ ਪੈਂਦੇ ਅੱਠ ਪਿੰਡਾਂ ਵਿੱਚ ਘੁੰਮਦਾ ਹੈ। ਉਹ ਸਵੇਰ ਵਕਤ ਬੱਚਿਆਂ ਦੀਆਂ ਮੁਸ਼ਕਲਾਂ ਵੀ ਹੱਲ ਕਰਦਾ ਹੈ। ਉਹ ਦੱਸਦਾ ਹੈ ਕਿ ਬਹੁਤੇ ਬੱਚੇ ਤਾਂ ਉਸ ਦਾ ਕੁੰਡਾ ਖੜਕਾਉਣ ਤੋਂ ਪਹਿਲਾਂ ਉੱਠ ਜਾਂਦੇ ਹਨ। ਜੋ ਸਵੇਰ ਵਕਤ ਬੱਚੇ ਪੜ੍ਹਦੇ ਮਿਲਦੇ ਹਨ, ਉਨ੍ਹਾਂ ਨੂੰ ਉਹ ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਸ਼ਾਬਾਸ਼ ਦਿੰਦਾ ਹੈ। ਜਦੋਂ ਠੰਢੀਆਂ ਰਾਤਾਂ ਵਿੱਚ ਹਰ ਕੋਈ ਸੌਂ ਰਿਹਾ ਹੁੰਦਾ ਹੈ ਤਾਂ ਇਹ ਅਧਿਆਪਕ ਉਦੋਂ ਇਕੱਲਾ ਆਪਣੇ ਬੱਚਿਆਂ ਨੂੰ ਹੀ ਜ਼ਿੰਦਗੀ ਦਾ ਰਾਹ ਨਹੀਂ ਦਿਖਾ ਹੁੰਦਾ ਬਲਕਿ ਉਹ ਸੌਣ ਵਾਲਿਆਂ ਦੀ ਜ਼ਮੀਰ ਨੂੰ ਵੀ ਹਲੂਣ ਰਿਹਾ ਹੁੰਦਾ ਹੈ। ਉਹ ਆਖਦਾ ਹੈ ਕਿ ਬੱਚਿਆਂ ਨੂੰ ਜਲਦੀ ਉਠਾਉਣ ਦਾ ਇਹ ਨਤੀਜਾ ਹੈ ਕਿ ਬਹੁਤੇ ਬੱਚੇ ਖ਼ੁਦ ਜਲਦੀ ਉੱਠਣ ਲੱਗੇ ਹਨ ਅਤੇ ਚੰਗੇ ਨਤੀਜੇ ਦੇਣ ਲੱਗੇ ਹਨ।

ਜਦੋਂ ਉਹ ਸ਼ਾਮ ਵਕਤ ਬੱਚਿਆਂ ਦੇ ਘਰਾਂ ਵਿੱਚ ਜਾਂਦਾ ਹੈ ਤਾਂ ਉਸ ਨੂੰ ਦੋ ਬੱਚੇ ਅਜਿਹੇ ਮਿਲੇ ਜੋ ਆਪਣੇ ਮਾਪਿਆਂ ਨਾਲ ਕੰਮ ਵਿਚ ਹੱਥ ਵਟਾਉਂਦੇ ਸਨ, ਉਨ੍ਹਾਂ ਬੱਚਿਆਂ ਨੂੰ ਉਸ ਨੇ ਸਕੂਲ ਵਿੱਚ ਸਨਮਾਨਿਤ ਕੀਤਾ। ਵੈਰਾਗੀ ਨੇ ਦੋ ਸਾਲ ਤਾਂ ਸਕੂਲੀ ਸਮੇਂ ਤੋਂ ਪਹਿਲਾਂ ਅਤੇ ਮਗਰੋਂ ਪਿੰਡ ਦੀ ਧਰਮਸ਼ਾਲਾ ਵਿੱਚ ਲੋੜਵੰਦਾਂ ਨੂੰ ਮੁਫ਼ਤ ਪੜ੍ਹਾਇਆ ਅਤੇ ਹੁਣ ਉਹ ਆਪਣੇ ਘਰ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਨੂੰ ਮੁਫ਼ਤ ਪੜਾਉਂਦਾ ਹੈ। ਪਿੰਡ ਦੇ ਇੱਕ ਮੁਸਲਿਮ ਬੱਚੇ ਨੇ ਬੀ.ਐਡ ਕਰਨ ਦੀ ਇੱਛਾ ਜ਼ਾਹਰ ਕੀਤੀ ਅਤੇ ਨਾਲ ਹੀ ਵਿੱਤੀ ਮਜਬੂਰੀ ਦੱਸੀ ਤਾਂ ਵੈਰਾਗੀ ਨੇ ਉਸ ਦੀ ਪੂਰੀ ਫ਼ੀਸ ਆਪਣੇ ਕੋਲੋਂ ਭਰ ਦਿੱਤੀ। ਏਦਾਂ ਹੀ ਉਹ ਹੋਰ ਵਿਦਿਆਰਥੀਆਂ ਦੀ ਵਿੱਤੀ ਮਦਦ ਕਰਦਾ ਹੈ ਜਾਂ ਕਿਤਾਬਾਂ ਆਦਿ ਲੈ ਕੇ ਦੇ ਦਿੰਦਾ ਹੈ। ਵੈਰਾਗੀ ਨੇ ਸਾਲ 1994 ਵਿੱਚ ਹੋਡਲਾ ਕਲਾਂ ਦੇ ਇਸ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਕਾਰਜ ਸ਼ੁਰੂ ਕੀਤਾ। ਉਸ ਨੇ ਇੱਕ ਵਰ੍ਹੇ ਮਗਰੋਂ ਹੀ ਸ਼ਹਿਰ ਛੱਡ ਕੇ ਪੱਕੇ ਤੌਰ 'ਤੇ ਪਿੰਡ ਹੋਡਲਾ ਕਲਾਂ ਵਿੱਚ ਰਹਿਣ ਦਾ ਫ਼ੈਸਲਾ ਕੀਤਾ। ਉਹ 19 ਵਰ੍ਹਿਆਂ ਤੋਂ ਪਿੰਡ ਵਿੱਚ ਰਹਿ ਰਿਹਾ ਹੈ। ਉਸ ਨੇ ਆਪਣੇ ਦੋਵੇਂ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਨ ਲਾਇਆ। ਉਸ ਦੇ ਪੁੱਤ ਨੇ ਪ੍ਰਾਇਮਰੀ ਤਕ ਦੀ ਪੜ੍ਹਾਈ ਸਰਕਾਰੀ ਸਕੂਲ 'ਚੋਂ ਕੀਤੀ ਜੋ ਕਿ ਹੁਣ ਮੁਹਾਲੀ ਵਿੱਚ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਵਿੱਚ ਪੜ੍ਹ ਰਿਹਾ ਹੈ ਅਤੇ ਉਸ ਦੀ ਧੀ ਸਰਕਾਰੀ ਸਕੂਲ ਵਿੱਚ ਹੀ ਸੱਤਵੀਂ ਜਮਾਤ ਵਿੱਚ ਪੜ੍ਹ ਰਹੀ ਹੈ।ਉਸ ਨੇ ਅਧਿਆਪਕ ਬਣਨ ਮਗਰੋਂ ਦੋ ਸਾਲ ਟਿਊਸ਼ਨ ਪੜ੍ਹਾਈ ਸੀ ਪਰ ਉਸ ਮਗਰੋਂ ਉਹ ਲਗਾਤਾਰ ਬੱਚਿਆਂ ਨੂੰ ਸਕੂਲ ਸਮੇਂ ਮਗਰੋਂ ਮੁਫ਼ਤ ਪੜ੍ਹਾਉਂਦਾ ਹੈ। ਸਾਲ 1995 ਨੂੰ ਛੱਡ ਕੇ ਉਸ ਦਾ ਕਦੇ ਵੀ ਨਤੀਜਾ ਨਾਂਹ-ਪੱਖੀ ਨਹੀਂ ਰਿਹਾ ਹੈ ਅਤੇ ਛੇ ਵਰ੍ਹਿਆਂ ਤੋਂ ਉਸ ਦਾ ਨਤੀਜਾ ਸੌ ਫ਼ੀਸਦੀ ਹੈ।
 
ਸਾਲ 2002 ਵਿੱਚ ਜਦੋਂ ਸਕੂਲ ਵਿੱਚ ਸਾਈਕਲ ਸਟੈਂਡ ਦੀ ਲੋੜ ਮਹਿਸੂਸ ਹੋਈ ਤਾਂ ਵੈਰਾਗੀ ਨੇ ਬੱਚਿਆਂ ਨੂੰ ਨਾਲ ਲੈ ਕੇ ਘਰੋਂ-ਘਰੀਂ ਕਣਕ ਮੰਗਣੀ ਸ਼ੁਰੂ ਕਰ ਦਿੱਤੀ। ਇੰਜ 55 ਕੁਇੰਟਲ ਕਣਕ ਇਕੱਠੀ ਹੋਈ ਅਤੇ ਪੰਚਾਇਤ ਨੇ ਵੀ 50 ਹਜ਼ਾਰ ਦਾ ਯੋਗਦਾਨ ਪਾ ਦਿੱਤਾ। ਇਸੇ ਨਾਲ ਸਕੂਲ ਵਿੱਚ ਚੰਗਾ ਸਾਈਕਲ ਸਟੈਂਡ ਬਣ ਗਿਆ। ਵੈਰਾਗੀ ਗੁਰੂ-ਚੇਲੇ ਪਰੰਪਰਾ ਦੀ ਮਿਸਾਲ ਹੈ। ਪੰਜਾਬ ਸਰਕਾਰ ਨੇ ਵੀ ਸਾਲ 2008 ਵਿੱਚ ਉਸ ਦੇ ਇਸ ਮਿਸ਼ਨ ਦੀ ਕਦਰ ਕਰਦਿਆਂ ਉਸ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਵੈਰਾਗੀ ਨੇ ਆਪਣੀ ਖ਼ੁਦ ਦੀ ਪੜਾਈ ਨੂੰ ਵੀ ਜਾਰੀ ਰੱਖਿਆ ਹੈ। ਉਹ ਐੱਮ.ਫਿਲ ਤੇ ਪੀ.ਐੱਚ.ਡੀ ਤੋਂ ਇਲਾਵਾ ਐਮ.ਐਡ ਵੀ ਹੈ। ਉਸ ਨੇ ਨੈੱਟ ਦੀ ਪ੍ਰੀਖਿਆ ਵੀ ਪਾਸ ਕੀਤੀ ਹੋਈ ਹੈ। ਇਸ ਤੋਂ ਇਲਾਵਾ ਪੀ.ਪੀ.ਐੱਸ.ਸੀ. ਦੀ ਲੈਕਚਰਾਰ ਅਤੇ ਹੈੱਡਮਾਸਟਰ ਦੀ ਪ੍ਰ੍ਰੀਖਿਆ ਵੀ ਉਹ ਪਾਸ ਕਰ ਚੁੱਕਿਆ ਹੈ। ਜਦੋਂ ਵੈਰਾਗੀ ਦੀ ਦਾਸਤਾਨ ਸੁਣੀ ਤਾਂ ਲੱਗਾ ਕਿ ਪਹਿਲਾਂ ਉਸ ਨੇ ਗੁਰਬਤ ਦੇ ਹੱਲੇ ਨੂੰ ਪਛਾੜਿਆ ਅਤੇ ਹੁਣ ਉਹ ਸਰਕਾਰੀ ਅਧਿਆਪਕਾਂ ਪ੍ਰਤੀ ਆਮ ਲੋਕਾਂ ਦੀ ਬਣੀ ਮਾੜੀ ਰਾਇ ਨੂੰ ਤੋੜਨ ਵਿੱਚ ਜੁਟਿਆ ਹੋਇਆ ਹੈ। ਬੁਢਲਾਡਾ ਦੇ ਵਸਨੀਕ ਕਰਨੈਲ ਸਿੰਘ ਵੈਰਾਗੀ ਕੋਲ ਸਿਰਫ਼ ਪੌਣਾ ਏਕੜ ਜ਼ਮੀਨ ਹੈ। ਮਾਂ ਕਰਤਾਰ ਕੌਰ ਅਤੇ ਬਾਪ ਪ੍ਰੀਤਮ ਦਾਸ ਦੋਵੇਂ ਅਨਪੜ੍ਹ ਹਨ। ਉਹ ਬਚਪਨ ਉਮਰੇ ਹੀ ਮਾਂ-ਬਾਪ ਨਾਲ ਸਬਜ਼ੀ ਦਾ ਕੰਮ ਕਰਨ ਲੱਗਾ। ਆਪਣੀ ਪੜ੍ਹਾਈ ਲਈ ਉਸ ਨੇ ਖ਼ੁਦ ਮਿਹਨਤ ਮਜ਼ਦੂਰੀ ਕੀਤੀ। ਉਸ ਨੇ ਪੜ੍ਹਾਈ ਕਰਨ ਵਾਸਤੇ ਸੱਤ ਵਰ੍ਹੇ ਭਾਰਤੀ ਖ਼ੁਰਾਕ ਨਿਗਮ ਦੇ ਗੁਦਾਮਾਂ ਵਿੱਚ ਚੌਂਕੀਦਾਰੀ ਕੀਤੀ। ਉਸ ਨੇ ਦੱਸਿਆ ਕਿ ਉਹ ਰਾਤ ਵਕਤ ਬੋਰੀਆਂ ਦੇ ਚੱਠੇ ਉੱਪਰ ਬੈਠ ਕੇ ਪੜ੍ਹਦਾ ਹੁੰਦਾ ਸੀ ਅਤੇ ਉਦੋਂ ਉਸ ਨੂੰ ਚੌਂਕੀਦਾਰੀ ਦੀ ਤਨਖ਼ਾਹ 450 ਰੁਪਏ ਪ੍ਰਤੀ ਮਹੀਨਾ ਮਿਲਦੀ ਸੀ।

ਜਦੋਂ ਉਸ ਨੇ ਬੀ.ਐਡ ਕਰਨ ਲਈ ਪਟਿਆਲਾ ਦੇ ਸਰਕਾਰੀ ਕਾਲਜ ਵਿੱਚ ਦਾਖ਼ਲਾ ਲਿਆ ਤਾਂ ਉਸ ਦੀ ਜੇਬ ਖ਼ਾਲੀ ਸੀ। ਉਸ ਦੀ ਮਾਂ ਨੇ ਸ਼ਹਿਰ ਦੇ ਇੱਕ ਸੇਠ ਤੋਂ 1500 ਰੁਪਏ ਕਰਜ਼ਾ ਲਿਆ ਜਿਸ ਨੂੰ ਮੁੜ ਵੈਰਾਗੀ ਨੇ ਹੀ ਚੁਕਾਇਆ। ਉਸ ਨੇ ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਗਰੈਜੂਏਸ਼ਨ ਕੀਤੀ ਅਤੇ ਕਾਲਜ ਵਿੱਚ ਸਭ ਤੋਂ ਵੱਧ ਨੰਬਰ ਲੈ ਕੇ ਪਾਸ ਕੀਤੀ। ਉਸ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਅੱੈਨ.ਐੱਸ.ਐੱਸ ਦਾ ਬੈਸਟ ਵਲੰਟੀਅਰ ਵੀ ਐਲਾਨਿਆ ਗਿਆ। ਉਸ ਨੇ ਵਿਦਿਆਰਥੀ ਸੰਘਰਸ਼ਾਂ ਵਿੱਚ ਵੀ ਕੰਮ ਕੀਤਾ। ਉਹ ਦੱਸਦਾ ਹੈ ਕਿ ਜਦੋਂ ਨੌਕਰੀ ਤੋਂ ਪਹਿਲਾਂ ਉਸ ਦੇ ਘਰ ਰਿਸ਼ਤੇ ਵਾਲੇ ਆਉਂਦੇ ਸਨ ਤਾਂ ਪੌਣਾ ਏਕੜ ਜ਼ਮੀਨ ਸੁਣਦੇ ਹੀ ਮੰਜੇ ਤੋਂ ਉੱਠ ਜਾਂਦੇ ਸਨ। ਸਾਲ 1997 ਵਿੱਚ ਉਸ ਦਾ ਗੀਤਾ ਬਾਲਾ ਨਾਲ ਵਿਆਹ ਹੋਇਆ ਜੋ ਪਿੰਡ ਹੋਡਲਾ ਕਲਾਂ ਦੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਹੈ। ਉਹ ਦੱਸਦਾ ਹੈ ਕਿ ਉਸ ਦੇ 40 ਦੇ ਕਰੀਬ ਵਿਦਿਆਰਥੀ ਅੱਜ ਅਧਿਆਪਕ ਹਨ। ਉਸ ਨੇ ਦੱਸਿਆ ਕਿ ਉਸ ਨੇ ਅਧਿਆਪਕ ਬਣਨ ਵਾਲੇ ਹਰ ਵਿਦਿਆਰਥੀ ਨੂੰ ਇਹੋ ਆਖਿਆ ਕਿ ਉਹ ਵੀ ਆਪਣੇ ਵਿਦਿਆਰਥੀਆਂ ਨੂੰ ਇਵੇਂ ਹੀ ਜਗਾਵੇ, ਜਿਵੇਂ ਉਹ ਖ਼ੁਦ ਜਾਗਿਆ ਸੀ। ਜਦੋਂ ਵੈਰਾਗੀ ਨੂੰ ਇਹ ਪੁੱਛਿਆ ਕਿ ਅੱਜ ਦਾ ਅਧਿਆਪਕ ਕਿਹੋ ਜਿਹਾ ਹੋਵੇ ਤਾਂ ਉਸ ਨੇ ਸਿਰਫ਼ ਇਨਾ ਹੀ ਆਖਿਆ, ''ਏਦਾਂ ਦਾ ਅਧਿਆਪਕ ਹੋਵੇ ਕਿ ਟੀ.ਵੀ 'ਤੇ ਉਹ ਬੋਲੇ, ਮੋਦੀ ਸੁਣੇ।

ਚਰਨਜੀਤ ਭੁੱਲਰ
ਲੇਖ਼ਕ ਸੀਨੀਅਰ ਪੱਤਰਕਾਰ ਹਨ।

Friday, August 29, 2014

ਸਿਰੇ ਦੇ ਮਝੈਲ ਦੀ ਨਜ਼ਰ 'ਚ ਪੇਂਡੂ ਮਲਵਈ ਵਿਆਹ

ਮੈਂ 10ਵੀ ਦੀ ਐਮ.ਬੀ.ਡੀ ‘ਚ ਦਰਜ ਹੋਰਨਾਂ ਸੈਕੜੇ ਲੇਖਾਂ ਵਾਂਗ ਇਹ ਲੇਖ ਵੀ ਯਾਦ ਕਰਨ ‘ਚ ਅਸਫਲ ਰਿਹਾ , ਸੰਨ 2000 ਦੇ 10ਵੀਂ ਕਲਾਸ ਦੇ ਪੰਜ ਰੰਗੇ ਬੋਰਡ ਦੇ ਪੇਪਰਾਂ ‘ਚ ‘ ਅੱਖੀ ਡਿਠਾ ਸਾਦਾ ਵਿਆਹ ਸਮਾਗਮ’ ਲੇਖ ਆ ਗਿਆ ।ਮੈਨੂੰ ਸਲੇਬਸ ਦੀਆਂ ਕਿਤਾਬਾਂ ਪੜਨੀਆਂ ਖੋਤੇ ਨੂੰ ਲੂਣ ਦੇਣ ਵਾਂਗ ਲੱਗਦੀਆਂ, ਇਸ ਲਈ ਲੇਖ ਯਾਦ ਨਹੀਂ ਸੀ , ਸੋ 41% ਨਾਲ ਦਸਵੀਂ ਤੇ 43% ਨਾਲ ਬਾਰਵੀਂ ਪਾਸ ਹਾਂ ।-ਚਰਨਜੀਤ ਤੇਜਾ

ਮੇਰੇ ਖਾਸ ਯਾਰ (ਮੁਛ ਫੁਟਦੀ ਦੇ ਦਿਨਾਂ ਦੇ) ਹੌਲੀ –ਹੌਲੀ ਵਿਆਹੇ ਜਾ ਰਹੇ ਨੇ, ਜਦੋਂ ਮੇਰੇ ਯਾਰ ਹਰਪ੍ਰੀਤ ਕਾਂ ਦਾ ਵਿਆਹ ਹੋਇਆ ਤਾਂ ਅਸੀਂ ਬੜੇ ਬੁਲੇ ਲੁੱਟੇ । ਉਨ੍ਹੇ ਵਾਹਵਾ ਮਡੀਰ ਇਕੱਠੀ ਕੀਤੀ ਸੀ । ਸਿਆਲ ਦੇ ਦਿਨ੍ਹਾਂ ‘ਚ ਕਾਂ ਹੋਰਾਂ ਦੇ ਚੁਬਾਰੇ ‘ਚ ਅਸੀਂ 5-6 ਵਿਹਲੜਾਂ ਨੇ ਵਿਆਹ ਤੋਂ 4 ਦਿਨ ਪਹਿਲਾਂ ਹੀ ਜਾ ਡੇਰੇ ਲਾਏ ਸਨ । ਮੰਜੇ-ਬਿਸਤਰੇ ਇਕੱਠੇ ਕਰਨ ਤੋਂ ਲੈ ਕੇ ਮੰਜਿਆ ਦੀ ਵਾਪਸੀ ਤੱਕ 10-12 ਦਿਨ ਕਾਂ ਕੇ ਪਿੰਡ ਦੀਆਂ ਗਲੀਆਂ, ਪਹੇ, ਡੰਡੀਆਂ ਸਭ ਮਾਪ ਛਡੀਆਂ । ਵਾਪਸੀ ਤੇ ਕਾਂ ਕੀ ਬੁੜੀ ਨੇ ਸਾਨੂੰ ਸੀਮੇਂਟ ਵਾਲੇ ਧੋਤੇ ਤੋੜਿਆਂ ‘ਚ 5-5 ਕਿਲੋਂ ਬੂੰਦੀ ਪਾ ਕੇ ਤੋਰਿਆ । ਅਸੀਂ 5-5 ਕਿਲੋ ਬੂੰਦੀ ਤੇ ਪਿੰਡ ‘ਚੋਂ 2-4 ਲਾਹਮੇ ਲੈ ਕੇ ਬੱਸੇ ਚੜੇ । ਫਿਰ ਸੈਦੋ ਲੇਹਲ ਵਾਲੇ ਗੁਰਮੁਖ (ਮੁਸ਼ਕੀ) ਦਾ ਵਿਆਹ ਆਇਆ, ਉਹ ਖੁੰਬਾਂ (ਮਸ਼ਰੂਮ) ਲਾਊਂਦੇ ਨੇ । ਵਿਆਹ ਤੋਂ ਇਕ ਦਿਨ ਪਹਿਲਾਂ ਉਹਦੇ ਵੱਡੇ ਭਾਊ ਦਾ ਐਕਸੀਡੈਂਟ ਹੋਣ ਕਰਕੇ ਵਿਆਹ ‘ਚ ਬੇਰਸੀ ਜਿਹੀ ਹੋ ਗਈ । ਮੁਸ਼ਕੀ ਹੋਣਾ ਨੇ ਸਾਨੂੰ ਤੁਰਨ ਲੱਗਿਆ ਖੁੰਭਾ ਦੇ 2-2 ਪੈਕਟ ਦਿਤੇ ।ਮੈਂ ਜਦ ਬਿਨ੍ਹਾਂ ਸ਼ਗਨ ਦਾ ਕੋਈ ਪੈਸਾ ਦਿਤੇ ਮਹਿੰਗੇ ਮੁੱਲ ਦੀਆਂ ਬੇ-ਬਹਾਰੀਆਂ ਖੁੰਭਾ ਲੈ ਕੇ ਘਰ ਆਇਆ ਤਾਂ ਮੇਰੇ ਘਰਦਿਆਂ ਨੂੰ ਮੁਸ਼ਕੀ ਦੇ ਵਿਆਹ ਦਾ ਖਾਸਾ ਚਾਅ ਚੜਿਆ। ਪਹਿਲੇ-ਪਹਿਲ ਯਾਰਾਂ ਦੇ ਵਿਆਹਾਂ ਸਬੰਧੀ ਮੇਰੀ ਮਨੋਂ-ਦਸ਼ਾ ਸੁਹਾਗ ‘ਚ ਗਾਏ ਜਾਂਦੇ, ਉਸ ਸੁਹਾਗ ਵਿਚਲੀ ਕੁੜੀ ਵਰਗੀ ਹੁੰਦੀ ਸੀ ਜਿਸ ‘ਚ ਉਹ ਅਪਣੇ ਬਾਬਲ ਨੂੰ ਕਹਿੰਦੀ ਹੈ ਕਿ ਮੈਨੂੰ ਉਸ ਘਰੇ ਦੇਵੀਂ ਜਿਸ ਘਰੇ ਸੱਸ ਨੇ ਬਹੁਤੇ ਪੁੱਤ ਜਾਏ ਹੋਣ ਤੇ ਉਹ ਦਿਉਂਰਾਂ ਦੇ ਵਿਆਹ ਕਰਦੀ ਨਿਤ ਮੇਲਣ ਬਣੇ ।

ਖੈਰ, ਸਾਡੇ ਖਾਸ ਯਾਰ ਮਲਵਈ ਦਾ ਵਿਆਹ ਸੀ । ਅੰਮ੍ਰਿਤਸਰ ਅਸੀਂ ਜਿਥੇ ਹੋਸਟਲ ‘ਚ ਰਹਿੰਦੇ ਸੀ ਉਥੇ ਇਹ ਇਕੱਲਾ ਹਰੇ ਰੰਗ ਦਾ ਕੁੜਤਾ ਤੇ ਡੱਬੀਆਂ ਵਾਲਾ ਪਰਨਾ ਬੰਨਦਾ ਸੀ , ਉਝ ਹੈ ਵੀ ਮੁਕਤਸਰੀਆ ਸੀ ਇਸ ਲਈ ਇਸ ਦਾ ਨਾਂ ‘ਮਲਵਈ’ ਧਰਿਆ ਗਿਆ। ਮਲਵਈ ਦਾ ਰੰਗ ਰੂਪ ਨਵੇਂ ਜਮਾਨੇ ਵਾਲਾ ਨਹੀਂ , ਇਸ ਲਈ ਉਸ ਦੇ ਹੁਣ ਤੱਕ 5 ਸਾਕ ਛੁੱਟ ਚੁੱਕੇ ਹਨ। ਮਾਂ-ਪਿਉ ਕਮਾਊ ਮੁੰਡਾ ਵੇਖ ਕੇ ਘਰ-ਬਾਹਰ ਤੇ ਪੈਲੀ ਨੂੰ ਸਾਕ ਕਰ ਜਾਂਦੇ ਤੇ ਕੁੜੀਆਂ ਫੋਟੋ ਵੇਖ ਕੇ ਜਾਂ ਰੂ-ਬਰੂ ਹੋ ਕੇ ਨਾਂਹ ਕਰ ਦਿੰਦੀਆਂ । ਅੰਤ ਕਿਸੇ ਹਮਦਰਦ ਨੇ ਜੋੜ-ਜਾਮਾਂ ਸਿਰੇ ਚਾੜ ਕੇ ਈ ਦਮ ਲਿਆ। ਉਝ ਕੋਸ਼ਿਸ਼ ਅਸੀਂ ਵੀ ਬੜੀ ਕੀਤੀ, ਪਰ ਕਿਸੇ ਸਿਰੇ ਨਾ ਚੜ੍ਹੀ । ਇਕ ਵਾਰ ਖਾਲਸਾ ਪੰਚਾਇਤ ਵਾਲਾ ਜਗਿੰਦਰ ਸਿੰਘ ਫੌਜੀ ਉਸ ਨੂੰ ਤਰਨ ਤਾਰਨ ਤੋਂ ਰਿਸਤਾ ਕਰਵਾਏ । ਮਲਵਈ ਕਹਿੰਦਾ, ਨਹੀਂ ਫੌਜੀ ਸਾਹਬ, ਕਿਥੇ ਮੁਕਤਸਰ ਕਿਥੇ ਤਰਨ ਤਾਰਨ …ਦੂਰ ਪੈ ਜਾਂਦਾ ਵਾਹਵਾ………। ਅੱਗੋਂ ਫੌਜੀ ਆਹਾਂਦਾ , ਦੱਸ ਤੂੰ ਵਿਆਹ ਈ ਕਰਵਾਉਣਾਂ , ਕਿਹੜਾ ਨਗਰ ਕੀਰਤਨ ਲੈ ਕੇ ਆਉਂਣਾ ………। ਖੈਰ! ਮਲਵਈ ਮਾਝੇ ‘ਚ ਵਿਆਹ ਲਈ ਨਾ ਮੰਨਿਆ ।

ਇਨ੍ਹਾਂ ਖਿਆਲਾਂ ‘ਚ ਗਵਾਚਾ ਮੈਂ ਜੀਰੇ ਪਹੁੰਚ ਗਿਆ, ਰਾਜ ਬੱਸ ਦੀ ਅਗਲੀ ਸੀਟ ਤੇ ਬੈਠਾ ਹੋਣ ਕਰਕੇ ਮੈਨੂੰ ਦਇਆ ਜੀਰੇ ਚੌਕ ‘ਚ ਈ ਮਿਲ ਪਿਆ । ਉਸ ਦਾ ਪਿੰਡ ਜੀਰੇ ਤੋਂ 15 ਕੁ ਕਿ.ਮੀ. ਪੈਂਦਾ । ਅੱਗੇ ਮੁਕਤਸਰ ਤੱਕ ਸਾਡੀ ਮੋਟਰ ਸਾਇਕਲ ਤੇ ਜਾਣ ਦੀ ਸਲਾਹ ਸੀ । ਸਾਡੇ ਕੋਲ ਸਾਥ ਦੇ 8 ਸਾਲ ਨੇ , ਜਿਸ ‘ਚ ਬਹੁਤ ਕੁਝ ਬਦਲਿਆ ਅਸੀਂ 12 ਪੜ੍ਹੇ ਅੱਜ ਯੂਨੀਵਰਸਟੀਆਂ ਵਲੋਂ ਦਿਤੇ ਕਿਲੋ ਕਿਲੋ ਮੋਟੇ ਕਾਗਜਾਂ ਦੇ ਮਾਲਕ ਹੋ ਗਏ ਪਰ ਸਾਡਾ ਮਸਲਾ ਉਹੀ ਸੀ , ‘ਸਾਲਿਆ , ਮੇਰੇ ਕੋਲ ਪੈਸਾ ਕੋਈ ਨਹੀਂ ਊ ਤੇਲ ਤੂੰ ਈ ਪਵਾਉਣਾਂ ਈ’ । ਇਹ ਗੱਲ ਦੋਵਾਂ ਦੀ ਅੱਜ ਵੀ ਉਹੀ ਸੀ ਜੋ 8 ਸਾਲ ਪਹਿਲਾਂ ਸੀ । ਤਲਵੰਡੀ ਭਾਈ ਕੀ ਲੰਘ ਕੇ ਚਾਹ ਦੀ ਤਲਬ ਲੱਗ ਗਈ , ਸਵੱਬ ਨਾਲ ਮੁੱਦਕੀ ਤੋਂ ਪਹਿਲਾਂ ਹੀ ਇਕ ਡੇਰਾ ਆ ਗਿਆ ਸਾਧਾਂ ਦਾ , ਸਾਡਾ ਹੁਲੀਆ ਵੇਖ ਕੇ ਉਨ੍ਹਾਂ ਕੌਲਿਆਂ ‘ਚ ਚਾਹ ਪਾ ਦਿਤੀ। ਛੱਕ ਕੇ ਅਸੀਂ ਕੋਟ-ਕਪੂਰੇ ਪਹੁੰਚਣ ਜੋਗੇ ਹੋ ਗਏ । “ਮਲਵਈ ਨੇ ਸਰਾਏ ਨਾਗੇ ਦੇ ਕੋਲ ਵਿਆਹੁਣ ਆਉਣਾ ਕਿਉਂ ਨਾਂ ਉਸ ਦੇ ਸਹੁਰਿਆਂ ਦੇ ਪਿੰਡ ਕੋਲੋਂ ਈ ਚਾਹ ਪੀਈਏ” ।ਮੈਂ ਸਹੀ ਪਾਈ। ਚਾਹ ਪੀ ਕੇ ਮੁਕਤਸਰ ਬਾਈਪਾਸ ਹੁੰਦੇ ਰੁਪਾਣਾ ਫਿਰ ਨਹਿਰੇ ਨਹਿਰ ਧਿਗਾਣਾਂ ਤੇ ਅੰਤ ਤਾਮਕੋਟ । ਸੂਰਜ ਅੰਦਰ ਬਾਹਰ ਸੀ, ਦੋ ਮੁੰਡੇ ਵਿਆਹ ਵਾਲੇ ਘਰ ਦੇ ਬਾਹਰੋਂ ਲੰਘਦੀਆਂ ਤਾਰਾਂ ਤੇ 200 ਵਾਟ ਦਾ ਬਲਬ ਟੰਗਣ ਦਾ ਜੁਗਾੜ ਕਰ ਰਹੇ ਸਨ ।

ਬੂਹਾ ਵੜਦਿਆਂ ਈ ਲਾਗਣ ਨੇ ਸਾਡੀਆਂ ਪੱਗਾਂ ਬੰਨੀਆਂ ਵੇਖ ਕੇ ਤੇਲ ਵਾਲੀ ਸ਼ੀਸ਼ੀ ਚੁੱਕੀ ਪਰ ਫਿਰ ਸ਼ਾਇਦ ਸਾਡੀਆਂ ਸ਼ਕਲਾਂ ਵੇਖ ਕੇ ਸਮਝ ਗਈ ਕਿ ਨੰਗ ਈ ਆ, ਉਸ ਨੇ ਸ਼ੀਸ਼ੀ ਫਿਰ ਖੁਰੇ ਦੀ ਬੰਨੀ ਤੇ ਰੱਖ ਦਿਤੀ । ਅਸੀਂ ਇਸ ਰੁੱਖੇ ਸਵਾਗਤ ਤੋਂ ਬੇਹਿਸਤ ਹੋਏ ਬੈਠਕ ਵੱਲ ਨੂੰ ਵਧੇ । ਸਾਡਾ ਇਕ ਹੋਰ ਛੜਾ ਯਾਰ ਲਹੁਕਿਆਂ ਵਾਲਾ ਹਰਪਾਲ ਦੋ ਰਾਤਾਂ ਪਹਿਲਾਂ ਦਾ ਪਹੁੰਚਾ ਖੜਾ ਸੀ । ਉਹ ਪ੍ਰਹੁਣਿਆ ਤੇ ਘਰ ਵਾਲਿਆਂ ‘ਚ ਰਲਿਆ ਮਿਲਿਆ ਫਿਰਦਾ ਸੀ । ਉਸ ਦੀ ਇਸ ਪਹਿਲ ਕਦਮੀ ਦਾ ਸਾਨੂੰ ਬੜਾ ਫਇਦਾ ਹੋਇਆ । ਬੂਟ ਬਾਟ ਲਾਉਂਦਿਆਂ ਤੱਕ ਬਾਹਰ ਮਲਵੈਣਾਂ ਨੇ ਗਿੱਧੇ ਦਾ ਪਿੜ ਮਗ੍ਹਾ ਲਿਆ । ਮੇਰਾ ਹਾਲੇ ਝਾਕਾ ਨਹੀਂ ਸੀ ਖੁਲਾ ਬੈਠਕ ‘ਚ ਬਹਿਣਾ ਮਜਬੂਰੀ ਬਣ ਗਿਆ । ਆਮ ਬੋਲੀ ਤਾਂ ਸੁਣ ਜਾਂਦੀ ਪਰ ਜਿਹੜੀ ਸੁਣਨ ਵਾਲੀ ਹੁੰਦੀ ਉਹ ਬੀਬੀਆ ਨੀਵੀ ਸੁਰ ‘ਚ ਪਾਉਂਦੀਆਂ, ਕੰਨ ਖੜੇ ਕਰਨ ਦੇ ਬਾਵਜੂਦ ਵੀ ਮੈਂ ਉਹ ਬੋਲੀਆਂ ਨਾਂ ਸੁਣ ਸਕਿਆ, ਜਿਨ੍ਹਾਂ ਦੀ ਮੈਨੂੰ ਮੁਛ ਫੁਟਦੀ ਦੇ ਦਿਨਾਂ ਤੋਂ ਹੀ ਬੜੀ ਜਗਿਆਸਾ ਰਹੀ ।

ਹੁਣ ਵਰਤਾਵੇ ਬਾਹਰ ਡੱਠੇ ਮੰਜਿਆ ਦੇ ਦਵਾਲੇ-ਦਵਾਲੇ ਘੁੰਮ ਕੇ ਹੱਥ ਧਵਾ ਰਹੇ ਸਨ , ਪੰਜ ਖਾਨਿਆ ਵਾਲੀ ਥਾਲੀ ‘ਚ ਸਾਨੂੰ ਰੋਟੀ ਪਰੋਸੀ ਗਈ । ਮੈਂ ਆਮ ਨਾਲੋਂ ਦੋ ਕੁ ਵੱਧ ਖਾ ਗਿਆ । ਘਰ ‘ਚ ਕਈ ਬੰਦੇ ਇਧਰ ਉਧਰ ਭੱਜ ਰਹੇ ਸਨ ਪਰ ਮਲਵਈ ਖਾਸਾ ਵਿਹਲਾ ਲੱਗ ਰਿਹਾ ਸੀ । ਦਿਨ ਨਾਲੋਂ ਠੰਢ ਵੱਧ ਗਈ ਸੀ , ਅਸੀਂ ਲੋਈਆਂ ਦੀਆਂ ਬੁਕਲਾਂ ਮਾਰ ਕੇ , ਦਬੜੇ ਵਾਲੀ ਸੜਕ ਤੇ ਰੋਟੀ ਪਚਾਉਣ ਨਿਕਲ ਤੁਰੇ । ਮਲਵਈ ਨਾਲ ਸੀ , ਤੇ ਵਿਸ਼ਾ ਉਹੀ ਸੀ ਜਿਹੜਾ ਮੁੰਡੇ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਮੁੰਡਿਆਂ ਦੀ ਢਾਣੀ ‘ਚ ਹੁੰਦਾ । ਮੈਂ ਕਿਹਾ ਮਲਵਈਆਂ, “ਤੰ ਤਾਂ ਜਮਾਂ ਈ ਅਨਾੜੀ ਆ, ਫਿਰ ਕਿਵੇਂ ਚੱਲੂ, ਵੇਖੀ ਜੇ ਮਦਾਤ ਦੀ ਲੋੜ ਹੋਈ ਤਾਂ ਅੱਧੀ ਰਾਤ ਵਾਜ ਮਾਰੀ, ਯਾਰ ਭੱਜਦੇ ਨਹੀਂ। ਮਲਵਈ ਪਹਿਲੀ ਵਾਰ ਝੇਪ ਰਿਹਾ ਸੀ , ਤੂੰ ਨਾਲ ਈ ਰਹੀ, ਜੇ ਲੱਗੂ ਪਈ ਰੰਗਰੂਟ ਦੇ ਗੱਲ ਵੱਸ ਦੀ ਨਹੀਂ ਤਾਂ ਹੱਥ ਪਵਾ ਦਈ । ਢੋਟੀਆਂ ਨੂੰ ਛੜੇ ਬੰਦੇ ਦੀ ਉਸਤਾਦੀ ਚੰਗੀ ਨਾ ਲੱਗੀ। ਆਹਦਾਂ , ਇਹਨੂੰ ਸਾਲੇ ਨੂੰ ਕੀ ਪਤਾ, ਹੁਣ ਤੱਕ ਮੱਝਾਂ ਗਾਈਆ ਦੇ ਟੁੱਚ ਲਗਦੇ ਵੇਖ ਕੇ ਠਰਕ ਭੋਰਿਆ ਏਹਨੇ , ਕਿਸੇ ਵਿਆਹੇ ਬੰਦੇ ਦੇ ਕੋਲ ਬਹੀਦਾ ਹੁੰਦਾ ।ਫਿਰ ਉਸ ਨੇ ਐਸੀਆਂ ਮੱਤਾਂ ਦਿਤੀਆਂ ਕਿ ਜਿਹੜੀਆਂ ਤੁ ਚੱਲ ਕੇ ਅੱਜ ਤੱਕ ਕੋਈ ਘਰ ਵੱਸਿਆ ਨਹੀਂ ਹੋਣਾਂ। ਮਲਵਈ ਕਹਿੰਦਾ ਕਾਂ ਦਾ ਫੋਨ ਆਇਆ ਸੀ ਕਹਿੰਦਾ ਯਾਰ ਆਹ ਚੰਗਾ ਕੀਤਾ ਤੂੰ ਵਿਆਹ ਚੜੇ ਸਿਆਲ ਕਰਵਾਉਣ ਲੱਗਾ । “ ਮੇਰਾ ਮਾਰਚ ਦੇ ਅੱਧ ‘ਚ ਹੋਇਆ ਸੀ , ਤੈਨੂੰ ਪਤਾ ਬਈ ਪਿੰਡਾਂ ‘ਚ ਬੱਤੀ ਤੇ ਆਉਂਦੀ ਨਹੀਂ, ਗੋਡੇ ਗੋਡੇ ਮੱਛਰ ਤੇ ਉਤੋਂ ਗਰਮੀਂ , ਜਨਾਨੀ ਵੇਹੁੰ ਵਿਖਾਲੀ ਦਿੰਦੀ , ਉਦੋਂ ਕੈਪਟਨ ਦਾ ਰਾਜ ਸੀ, ਮੈਂ ਤਾਂ ਕਹਿਣਾਂ ਪਈ ਬੰਦਾ ਜਨਾਨੀ ਕੈਪਟਨ ਦੇ ਘਰੇ ਈ ਛੱਡ ਆਵੇ, ਪਈ ਲੈ ਤੂੰ ਨਜ਼ਾਰੇ ਏ.ਸੀ. ‘ਚ, ਸਿਆਲ ਆਊ ਤੇ ਲੈ ਜਾਵਾਂਗੇ। ਸਾਡਾ ਹਾਸਾ ਭੰਗਚੜ੍ਹੀ ਤੱਕ ਸੁਣਿਆ । ਮੈਂ ਇਨ੍ਹਾਂ ਮਾਮਲਿਆਂ ਦਾ ਤਜ਼ਰਬੇਕਾਰ ਨਾ ਹੋਣ ਕਰਕੇ ਜਿਆਦ ਸਰੋਤਾ ਈ ਰਿਹਾ । ਪਰ ਇਹ ਸਿਖ-ਸਿਖਾਈ ਦੀਆਂ ਗੱਲਾਂ ‘ਚ ਅਨੰਦ ਬੜਾ ਆਇਆ । ਇਹ ਸਿੱਖ-ਸਿਖਾਂਈ ਕਵੀ ਵਾਰ ਪੁੱਠੀ ਵੀ ਪੈ ਜਾਂਦੀ । ਢੋਟੀਆਂ ਦੀ ਸਿੰਘਣੀ ਨਾਲ ਵਿਆਹ ਵਾਲੀ ਰਾਤ ਹੋਈ ਗੱਲਬਾਤ ਸੁਣ ਕੇ ਅਸੀਂ ਸਾਰਾ ਰਾਹ ਹੱਸਦੇ ਰਹੇ।

ਘਰ ਪਹੁੰਚਦਿਆਂ ਨੂੰ ਮੰਜੇ ਡਾਹੇ ਜਾ ਰਹੇ ਸਨ ।ਮਲਵਈ ਹੌਰੀ 4 ਚਾਚੇ ਤਾਏ ਨੇ , ਘਰ ‘ਚ ਪਿਆਰ ਇਤਾਫਾਕ ਇਉਂ, ਕਿ ਮਿਸਾਲ ਦਿਤੀ ਜਾਏ। ਸਾਨੂੰ ਬਜ਼ੁਰਗ ਤਾਏ ਵਾਲੀ ਨਿੱਕੀ ਬੈਠਕ ‘ਚ ਜੋੜ ਕੇ ਚਾਰ ਮੰਜੇ ਲਾ ਦਿਤੇ । ਸਾਡੇ ਕੋਲ ਕਰਨ ਲਈ ਗੱਲਾਂ ਦੇ ਅੰਬਾਰ ਸਨ । ਇਹ ਉਹੀਉਂ ਬੈਠਕ ਸੀ ਜਿਥੇ ਅਸੀਂ ਮਲਵਈ ਦੇ ਬਾਪੂ ਦੀ ਕੈਂਸਰ ਕਾਰਨ ਹੋਈ ਮੌਤ ਤੋਂ ਪਿਛੋਂ ਕੁਝ ਰਾਤਾਂ ਕੱਟੀਆਂ ਸਨ, ਇਕ ਉਹ ਰਾਤਾਂ ਸਨ, ਗੰਭੀਰ ਚੁੱਪ ਵਾਲੀਆਂ ਤੇ ਇਕ ਇਹ ਠਾਹਕੇ ਸਨ , ਜਿਨ੍ਹਾਂ ਨੂੰ ਸੁਣ ਕੇ ਬਾਹਰ ਕਿੱਕਰ ਥੱਲੇ ਪਾਏ ਪ੍ਰਹੁਣੇ ਵਿਹੜ ਗਏ, “ ਅਸੀਂ ਜਾਵਈ ਭਾਈ ਹੋ ਕੇ ਕਿੱਕਰਾਂ ਥਲੇ ਤੇ ਔਹ ਮਸ਼ਕਰੇ ਜੇ ਪਤਾ ਨਹੀਂ ਕਿਥੋਂ ਲਿਆ ਕੇ ਅੰਦਰੀਂ ਪਾਏ ਆ”। ਸਾਨੂੰ ਤਲਾਈਆਂ ਚੁਭਣ ਲੱਗੀਆਂ । ਖੈਰ, ਪ੍ਰਹੁਣੇ ਦੀ ਘੁੱਟ ਪੀਤੀ ਹੋਈ ਸੀ, ਸਾਡੀ ਬੈਠਕ ਦੀ ਛੱਤ ਤੋਂ ਖਤਰਾ ਤਾਂ ਹੋਇਆ ਪਰ ਖੁਸੀ ਨਹੀਂ । ਪਰ ਇਸ ਹੰਗਾਮੇ ਨਾਲ ਅਸੀਂ ਖੇਸ ਵੱਟ ਕੇ ਪੈ ਗਏ ਤੇ ਛੇਤੀ ਸੋਂ ਗਏ ।

“ਪੈਲੀਆਂ ਵੇਹਲੀਆਂ, ਪੈਲੀਆਂ ਨੂੰ ਜਾਨੇ ਆ”, ਦਇਆ ਤਜ਼ਰਬੇ ਦੇ ਅਧਾਰ ਤੇ ਕਹਿ ਰਿਹਾ ਸੀ, “ਘਰੇ ਤਾਂ ਮਸੀਂ ਜਨਾਨੀਆਂ ਦਾ ਲੋਟ ਆਉਂਣਾ” । ਇਨ੍ਹਾਂ ਪਿੰਡਾਂ ‘ਚ ਸੇਮ ਪਈ ਹੋਣ ਕਰ ਕੇ ਨਰਮਾ ਵੀ ਕਿਸੇ ਵਿਰਲੀ ਵਿਰਲੀ ਪੈਲੀ ‘ਚ ਹੀ ਸੀ । ਝੋਨੇ ਦੇ ਵਾਹਣ ਖੁੱਲੇ ਪਏ ਸਨ , ਕਿਸੇ ਕਿਸੇ ਉਦਮੀ ਨੇ ਕਣਕ ਦਾ ਛੱਟਾ ਵੀ ਦਿਤਾ ਸੀ। ਹੁਣ ਅਸੀਂ ਸਾਰੇ ਭੋਇ ਵਿਗਿਆਨੀ ਸੀ , ਜੰਡੀ ਵੇਖ ਕੇ ਕਿੱਕਰ ਜਾਤੀ ਦੇ ਬੂਟਿਆਂ ਦੀ ਚਰਚਾ ਸ਼ੂਰੂ ਹੋਈ, ਲੰਮੀ ਚੱਲੀ। ਫਿਰ ਵੱਟਾਂ ਬੰਨਿਆਂ ਤੇ ਉਗੇ ਘਾਹ ਦੀਆਂ ਕਿਸਮਾਂ , ਕਿਹੜੇ ਇਲਾਕੇ ‘ਚ ਕਿਹੜਾ ਹੁੰਦਾ ਤੇ ਕਿਸ ਘਾਹ ਨੂੰ ਕਿਥੇ ਕੀ ਕਹਿੰਦੇ ? ਆਪਸ ‘ਚ ਬਹਿਸਦੇ ਖਹਿਬੜਦੇ ਇਕ ਮੱਤ ਹੁੰਦੇ ਘਰ ਪਹੁੰਚੇ । ਬੈਗਾਂ ‘ਚੋਂ ਨਵੇਂ ਸੂਟ ਕੱਢ ਕੇ ਤਿਆਰ ਹੋ ਗਏ ।

10 ਵਜੇ 95 ਫੀਸਦੀ ਜੰਝ ਤਿਆਰ ਸੀ ਕਿਉਂ ਕਿ ਸਿਰਫ ਬੰਦੇ ਹੀ ਜਾਂਝੀ ਸਨ , ਤੇ ਉਹ ਵੀ ਕੁਲ ਮਿਲਾ ਕੇ 28 ਕੁ , ਜਨਾਨੀ ਸਿਰਫ ਵਿਚੋਲਣ (ਮੁੰਡੇ ਦੀ ਭਰਜਾਈ) ਸੀ ਤੇ ਉਹਦੇ ਤਿਆਰ ਹੋਣ ਦੀ ਦੇਰੀ ਸੀ । ਜਾਨਾਨੀਆਂ ਨਾਲ ਨਾ ਹੋਣ ਕਰਕੇ ਅਸੀਂ ਦਿੱਤੇ ਟਾਇਮ ਤੇ ਪਹੁੰਚ ਗਏ । ਰਿਸ਼ਤੇਦਾਰਾਂ ਦੀਆਂ ਨਿੱਜੀ ਗੱਡੀਆਂ ‘ਚੋਂ ਉਤਰੇ ਤਾਂ ਮੈਨੂੰ ਆਪਣੇ ਬਚਪਨ ‘ਚ ਵੇਖੇ ਵਿਆਹ ਯਾਦ ਆ ਗਏ । ਜਦੋਂ ਬਰਾਤਾਂ ਕੁੜੀ ਵਾਲਿਆਂ ਦੇ ਘਰ ਜਾਂਦੀਆਂ ਹੁੰਦੀਆਂ ਸਨ । ਪਿਛਲੇ 15 ਸਾਲਾਂ ‘ਚ ਇਹ ਪਹਿਲਾ ਵਿਆਹ ਸੀ ਜਦੋਂ ਅਸੀਂ ਕਿਸੇ ਦੇ ਘਰ ਢੁੱਕੇ । ਬਿਲਕੁਲ ਉਵੇਂ ਹੀ ਗੱਡੀਆਂ ਲਾਉਂਣ ਲਈ ਘਰ ਦੇ ਸਾਹਮਣੇ ਕਿੱਲਾ ਕੁ ਥਾਂ ‘ਚ ਕੜਾਹਾ ਮਾਰ ਕੇ ਪੱਧਰ ਕੀਤਾ । ਰਾਹ ਤੇ ਪਾਣੀ ਤਰੌਂਕਿਆ । ਮਲਵਈਆਂ ਦਾ ਸਾਦਾਪਨ ਮੈਨੂੰ ਬਹੁਤ ਪਸੰਦ ਆਇਆ, ਮੈਂ ਬੰਦੇ ਗਿਣੇ , ਵਿਆਹ ਵਾਲੇ ਮੁੰਡੇ ਸਣੇ ਅਸੀਂ 8 ਕੁ ਬੰਦੇ ਈ ਪੈਟਾਂ ਕਮੀਜਾ ਵਾਲੇ ਸਾਂ, ਬਾਕੀ ਕੁੜਤੇ ਪਜਾਮੇ ਤੇ ਉਹ ਵੀ ਚਿੱਟੇ । ਮੇਰੀ ਭੂਆ ਦੇ ਵਿਆਹ ਦੀ ਐਲਬੰਮ ਵਾਲ ਸੀਨ ਸਕਾਰ ਹੋਇਆ ਪਿਆ ਸੀ । ਟੈਂਟ ਹਾਊਸ ਵਾਲਿਆ ਦਾ ਇਕ ਮੁੰਡਾ ਟਰੇਅ ‘ਚ ਲਿਮਕੇ ਵਾਲੇ ਗਿਲਾਸ ਲੈ ਕੇ ਆਇਆ । ਪਹਿਲੇ 5 ਲਿਮਕੇ ਦੇ ਗਿਲਾਸਾਂ ਨਾਲ ਮਲਵਈਆਂ ਨੇ ਹੱਥ ਈ ਸੁੱਚੇ ਕੀਤੇ ਕਿਉਂ ਕਿ ਮਿਲਣੀ ਦੀ ਅਰਦਾਸ ਸ਼ੁਰੂ ਹੋ ਚੁੱਕੀ ਸੀ ।

ਲੈਣ ਦੇਣ ਤੋਂ ਬਿਨ੍ਹਾਂ ਸਾਦੀ ਜਿਹੀ ਮਿਲਣੀ ਨੇ ਮੈਨੂੰ ਇਕ ਉਹ ਝਗੜਾ ਯਾਦ ਕਰਵਾ ਦਿਤਾ ਜਿਥੇ ਕੁੜੀ ਮੁੰਡੇ ਦੇ ਤਲਾਕ ਮਿਲਣੀ ਦੇ ਮਾੜੇ ਕੰਬਲਾਂ ਤੋਂ ਵੱਧੀ ਲੜਾਈ ਤੋਂ ਹੋ ਗਿਆ ਸੀ । ਕਾਸ਼ ਅਸੀਂ ਰੀਤੀ ਰਿਵਾਜ਼ਾਂ ‘ਚ ਏਨੇ ਨਾਂ ਨਿਘਰਦੇ ਜਾਂ 'ਮਲਵਈ’ਵਰਗੇ ਪੁੱਤ ਘਰ ਘਰ ਜੰਮਦੇ । ਇਹੀ ਗੱਲ ਬੂਹੇ ਤੇ ਰਿਬਨ ਦੀ ਥਾਂ ਲਾਲ ਜਿਹੇ ਲੀੜੇ ਦੀ ਪੂਣੀ ਫੜੀ ਮਲਵਈ ਦੀਆਂ ਸਾਲੀਆਂ ਗਾ ਰਹੀਆ ਸਨ । ਸਾਡੇ ਇਲਾਕੇ ‘ਚ ਗਾਉਣਾਂ ਤਾਂ ਅਲੋਪ ਈ ਹੋ ਗਿਆ, ਅਸੀਂ ਸਿਰਫ ਡੀ.ਜੇ ਤੇ ਲੱਤਾਂ ਮਾਰਨ ਵਾਲੇ ਹੀ ਰਹਿ ਗਏ ਹਾਂ । ਇਨ੍ਹਾਂ ਪੱਛੜੇ ਪਿੰਡਾਂ ਦੀਆ ਮਲਵੈਣਾਂ ਗੱਲ-ਗੱਲ ਤੇ ਗਾ ਰਹੀਆਂ ਸਨ । ਸਾਲੀਆਂ ਬਹੁਤ ਹੀ ਸਾਦੀਆਂ ਸਨ । ਕੂਝ ਵੀ ਹੋਵੇ ਮੈਂ ਆਪਣੇ ਮੂੰਹੋਂ ਆਪਣੀ ਸਿਫਤ ਕਰ ਕੇ ਹੀ ਰਹਾਂਗਾ ਕਿ ਰਿਬਨ ਕੱਟਣ ਦੇ ਮੌਕੇ ਮੈਂ ਜਿਸ ਧਿਰ ਵੱਲ ਹੋਵਾਂ ਬਹੁਤ ਕਾਰਗਰ ਸਾਬਤ ਹੁੰਦਾ ਹਾਂ । ਮਜਾਲ ਹੈ ਗੱਲ ਭੁੰਜੇ ਪੈ ਜਾਵੇ । ਸੋ ਇਥੇ ਵੀ ਆਪਣੀ ਚੜਾਈ ਰਹੀ । ਅੰਦਰ ਵੜ ਕੇ ਪੁਰਾਣੇ ਵੇਲਿਆਂ ਵਾਲ ਲੱਕੜ ਦਾ ਉਹ ਟੂਟੀ ਵਾਲ ਸਟੈਂਡ ਲੱਗਾ ਸੀ ਜਿਸ ਤੇ ਲਿਖਿਆ ਸੀ ‘ਪੰਜਾਬ ਟੈਂਟ ਹਾਊਸ ਸਰਾਏਨਾਗਾ’।

ਦੋ ਕਨਾਤਾਂ ਲੱਗੀਆਂ ਸਨ ਇਕ ‘ਚ ਚਾਹ ਲੱਗੀ ਹੋਈ ਸੀ ਤੇ ਸਾਹਮਣੇ ਗੁਰੂੁ ਗ੍ਰੰਥ ਸਾਹਬ ਦਾ ਪ੍ਰਕਾਸ਼ ਸੀ । ਬੇਸੁਰਾ ਰਾਗੀ ਤਪਲੇ ਨਾਲ ਸੁਰ ਮਿਲਾਉਣ ਦੀ ਕੋਸ਼ਿਸ਼ ’ਚ ਸੀ ਜਿਹੜਾ ਕਿ ਬੇਤਾਲਾ ਵੱਜ ਰਿਹਾ ਸੀ । ਇਹ ਗੱਲ ਮੈਨੂੰ ਐਮ.ਏ. ਮਿਊਜਿਕ ਦਇਆ ਸਿੰਘ ਨੇ ਦੱਸੀ । ਹੁਣ ਭਾਬੀ ਵੇਖਣ ਦਾ ਵੇਲਾ ਸੀ । ਅਸੀਂ ਪੰਡਾਲ ਦੇ ਜਿਸ ਬੰਨੇ ਨਜ਼ਰਾਂ ਟਿਕਾਈ ਬੈਠੇ ਸੀ ਭਾਬੀ ਦੀ ਐਂਟਰੀ ਉਲਟ ਬੰਨਿਉ ਹੋਈ । ਅਸੀਂ ਭਾਬੀ ਵੇਖ ਕੇ ਸੀਤ ‘ਚ ਲਹਿ ਗਏ । ਮਲਵਈ ਦਾ ਤੇ ਨਾਹੁਣ ਹੋ ਗਿਆ ,ਭਾਬੀ 2 ਇੰਚ ਬਾਈ ਤੋਂ ਉਚੀ । ਭਾਈ ਨੇ ਦੋਵੇਂ ਵਾਰ ਅਰਦਾਸ ‘ਚ ਮੁੰਡੇ ਦਾ ਨਾਂ ਗਲਤ ਬੋਲਿਆ, ਜਿਸ ਦਾ ਬਰਾਤ ਨੇ ਗੰਭੀਰ ਨੋਟਿਸ਼ ਲਿਆ ਤੇ ਵਿਚਾਰ ਵਾਲੀਆਂ ਬੁੜੀਆਂ ਨੇ ਵਿਚਾਰ ਵੀ ਕੀਤੀ । ਪਨੀਰ ਵਾਲੇ ਪਕੌੜਿਆਂ ਦਾ ਸਵਾਦ ਇਸ ਗੱਲ ਤੇ ਨਿਰਭਰ ਕਰਦਾ ਹੁੰਦਾ ਹੈ ਕਿ ਪਨੀਰ ਕਿੰਨਾਂ ਮਿਆਰੀ ਹੈ ਅਸਲੀ ਜਾਂ ਨਕਲੀ । ਸੁਣਨ ‘ਚ ਆਇਆ ਸੀ ਕਿ ਕੁੜੀ ਦੇ ਭੂਆ ਦੇ ਪੁਤ ਦੀ ਨੈਸਲੇ ਵਾਲੀ ਡੇਅਰੀ ਹੈ । ਸੋ ਪਨੀਰ ਦਾ ਸੈਂਪਲ ਪਾਸ ਹੋਇਆ ।

ਚਾਹ ਤੋਂ ਪਿਛੋਂ ਅਸੀਂ ਗੁਆਂਢ ‘ਚ ਵੱਡੇ ਖੁਲੇ ਘਰ ਵੱਲ ਤੁਰੇ ਜਿਥੇ ਸਾਡੇ ਬਹਿਣ ਦਾ ਖਾਸ ਇੰਤਜਾਮ ਸੀ । ਮੈਂ ਫਿਰ 15 ਸਾਲ ਪਿਛੇ ਚਲੇ ਜਾਂਦਾ। ਵੱਡੇ ਖੁਲੇ ਵਿਹੜੇ ਅਤੇ ਬ੍ਰਾਂਡੇ ‘ਚ ਮੰਜੀਆਂ ਡਿੱਠੀਆਂ । ਚਿੱਟੀਆਂ ਚਾਦਰਾਂ ਤੇ ਤੋਤੇ, ਮੋਰ ਤੇ ਫੁਲ, ਬੂਟੇ ਵੇਖ ਕੇ ਮੇਰੇ ਮਨ ਦਾ ਬਾਗ ਖਿੜ ਗਿਆ । ਮੈਂ ਕਈ ਚਿਰ ਵੇਖਦਾ ਰਿਹਾ ਤਾਂ ਕਿ ਇਹ ਮੇਰੇ ਅੰਦਰ ਵੱਸ ਜਾਵੇ, ਕਿਉਂਕਿ ਹੁਣ ਅਗਾਂਹ ਅਗਾਂਹ ਇਹ ਵੇਖਣ ਨੂੰ ਨਹੀਂ ਮਿਲਣਾ । ਪੈਲਸਾਂ ਦੇ ਢੋਲ ਢਮੱਕੇ ਤੇ ਲਿਫਾਫੇਬਾਜ਼ੀ ਤੋਂ ਤੰਗ ਆਏ ਨੇ ਸਿਰਾਹਣੇ ਪਈਆਂ ਪੱਖੀਆ ਝੱਲ ਝੱਲ ਵੇਖੀਆਂ । ਹੱਥ ਦੀਆਂ ਕੱਡੀਆਂ ਪੱਖੀਆਂ । ਮੈਂ ਮਲਵਈ ਨੂੰ ਪੁਛਿਆ , ਝਾਲਰ ਭਰਜਾਈ ਨੇ ਲਾਈ ਹੋਊ ? ਕਹਿੰਦਾ ਪਤਾ ਨਹੀਂ ਬਾਈ, ਉਝ ਕਹਿੰਦੇ ਘਰ ਦੇ ਕੰਮ ਨੂੰ ਸਚਾਰੀ ਬਹੁਤ ਆ । ਮੁੰਡਿਆਂ ਦੇ ਬਹਿਣ ਲਈ ਚੁਬਾਰ ਤੇ ਵੀ ਇੰਤਜਾਮ ਸੀ , ਬੰਦਿਆਂ ਦੀ ਗਿਣਤੀ ਤੋਂ ਵੱਧ ਮੰਜੇ ਡਾਹੇ ਹੋਏ ਸਨ । ਉਥੇ ਬਹਿਠਿਆਂ ਦਾ ਸੇਵਾ ਪਾਣੀ ਹੋਣ ਲੱਗਾ । ਸ਼ਰਾਬ ਵਾਲ ਕੰਮ ਹੈ ਨਹੀਂ ਸੀ । ਨਾਲੇ ਸਾਨੂੰ ਤਾਂ ਕੋਈ ਝਾਕ ਵੀ ਨਹੀਂ ਸੀ ।ਮਨਪ੍ਰੀਤ ਬਾਦਲ ਦਾ ਇਲਾਕਾ ਹੋਣ ਕਰਕੇ ਸਿਅਸੀ ਉਥਲ ਪੁਥਲ ਦੀਆਂ ਗੱਲਾਂ ਹੋਈਆਂ । ਬਾਦਲਾਂ ਨਾਲ ਲੋਕਾਂ ਦਾ ਨਿੱਜੀ ਵਰਤੋਂ ਵਿਹਾਰ ਹੈ ਕਈ ਅੰਦਰਲੀਆਂ ਗੱਲਾਂ ਦੀ ਚਰਚਾ ਹੋਈ । ਕੈਪਟਨ ਦੇ ਗੁਣ ਗਾਏ । ਅੰਗਰੇਜ ਦੇ ਰਾਜ ਦੀਆਂ ਗੱਲਾਂ ਚੱਲੀਆਂ ਪਰ ਮੁੱਖ ਬੁਲਾਰਾਦ ਲਿਤਾਂ ਦੀ ਹੋਣੀ ਤੇ ਚਿੰਤਾ ਪੇਸ਼ ਕਰਦਾ ਰਿਹਾ ।

ਏਨੇ ਨੂੰ ਭੰਡ ਆ ਗਏ, ਉਨ੍ਹਾਂ ਦੀਆਂ ਚੋਟਾਂ ਦਾ ਸਵਾਦ ਈ ਵੱਖਰਾ ਸੀ , ਮੈਨੂੰ ਲਾ ਕੇ ਉਨ੍ਹਾਂ ਇਕ ਗੱਲ ਕਹੀ ਜਿਸ ਤੋਂ ਮੁੰਡੇ ਮੈਨੂੰ ਬਾਅਦ ‘ਚ ਵੀ ਠਿਠ ਕਰਦੇ ਰਹੇ । ਮੈਂ ਹਰ ਪਲ ਜੀਵਿਆ , ਇਕ ਤੇ ਮੇਰੇ ਖਾਸ ਯਾਰ ਦਾ ਵਿਆਹ ਸੀ ਤੇ ਉਤੋਂ ਉਹ ਵੀ ਮੇਰੀ ਪਸੰਦ ਦਾ । ਮੈਨੂੰ ਆਪਣੀ ਪੈਂਟ ਕਮੀਜ ਤੇ ਬੈਲਟ 'ਤੇ ਖਿਜ ਆ ਰਹੀ ਸੀ । ਕਿਤੇ ਮੈਂ ਚਾਦਰ ਲਾਈ ਹੁੰਦੀ ਤੇ ਹੁੰਦੀ ਪੱਗ ਲੜ੍ਹ ਛੱਡ ਕੇ …ਪਤਾ ਲੱਗਣਾ ਸੀ ਕੋਈ ਮਝੈਲ ਜੰਝੇ ਆਇਆ।
 
ਮਲਵਈਆਂ ਦੇ ਕੁਝ ਰਿਵਾਜ ਸਾਡੇ ਤੋਂ ਬਿਲਕੁਲ ਈ ਵੱਖਰੇ ਨੇ । ਉਨ੍ਹਾਂ ‘ਚ ਮੈਂ ਖਾਸ ਨਿਨਵਾ ਲਿਆ । ਡੋਲੀ ਤੋਰ ਕੇ ਜਿਹੜੀ ਢਾਣੀ ਸਭ ਤੋਂ ਪਹਿਲਾਂ ਪਿੰਡ ਪਹੁੰਚ ਕੇ ਮੁੰਡੇ ਦੀ ਮਾਂ ਨੂੰ ਨਹੁ ਲੈ ਆਣ ਦੀ ਖਬਰ ਦੇਵੇ ਉਸ ਨੂੰ ਇਨਾਮ ਮਿਲਦਾ । ਖਾਣ-ਪੀਣ ਵਾਲਿਆਂ ਮੁੰਡਿਆਂ ਨੂੰ ਜਿਆਦੀ ਲਲਕ ਸੀ ਉਨ੍ਹਾਂ ਗੱਡੀ ਭਾਜਈ ਤੇ ਇਨਾਮ ਵੀ ਲਿਆ । ਉਸੇ ਇਨਾਮ ਦੀ ਰਾਤ ਨੂੰ ‘ਰਾਇਲ ਸਟੈਗ’ ਲਿਆਂਦੀ। ਨੇੜਲੇ ਪਿੰਡ ਮਝੈਲਾਂ (ਲਾਹੌਰੀਆਂ) ਦੇ ਹੋਣ ਕਰਕੇ ਘਰ ਦੀ ਕੱਡੀ ਵੀ ਚੰਗੀ ਮਿਲ ਜਾਂਦੀ ਹੈ । ਅੱਜ ਦੀ ਰਾਤ ਅਸੀਂ ਨੱਚਣਾ ਸੀ ਤੇ ਅਸੀਂ ਨੱਚੇ ……….ਮੇਰਾ ਹੱਥ ਕੰਨ ਤੇ ਸੀ ਤੇ ਬੋਲੀ ਤੇ ਬੋਲੀ ............

ਕਦੀ ਹੂੰ ਕਰ ਕੇ ………. 
ਕਦੇ ਹਾਂ ਕਰ ਕੇ ………. 
 ਗੇੜਾ ਦੇ ਦੇ ਨੀ ਮੁਟਿਆ ਰੇ ਲੰਮੀ ਬਾਂਹ ਕਰ ਕੇ ……….

ਚਰਨਜੀਤ  ਤੇਜਾ
ਲ਼ੇਖ਼ਕ ਕਾਗਜ਼ਾਂ 'ਚ ਪੱਤਰਕਾਰ ਹੈ ਪਰ ਅਮਲ 'ਚ 'ਲਟੋਰੀਬਾਜ਼ ਆਸ਼ਕ' ਹੈ। ਥਾਂ-ਥਾਂ ਲਟੋਰੀ ਤੇ ਥਾਂ ਥਾਂ ਇਸ਼ਕ(ਹਰ ਚੀਜ਼ ਨਾਲ)। ਉਸ ਲਈ ਪੀ ਏ ਯੂ ਲੁਧਿਆਣਾ ਤੋਂ ਲੇਹ-ਲਦਾਖ ਇਵੇਂ ਹੈ ਜਿਵੇਂ ਤਲਵੰਡਿਓਂ ਭਾਗੀਬਾਂਦਰ ਹੋਵੇ। ਬੰਦਾ ਖਤਰਨਾਕ ਹੈ ਪਰ ਚੰਗੇ ਬੰਦਿਆਂ ਦੀ ਯਾਰੀ ਕਾਰਨ ਬਚਿਆ ਹੋਇਐ :))