ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, December 31, 2008

ਚੌਥੇ ਜਮੂਹਰੀ ਥੰਮ੍ਹ ਦਾ ਗੈਰ-ਜਮੂਹਰੀ ਸਮਾਜ ਵਿਗਿਆਨ

"ਅੰਕੜਿਆਂ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ,ਕਿਉਂਕਿ ਅੰਕੜੇ ਕਦੇ ਝੂਠ ਨਹੀਂ ਬੋਲਦੇ ਤੇ ਅੰਕੜਿਆਂ ਮੁਤਾਬਕ ਮੀਡੀਆ 'ਚ ਹਮੇਸ਼ਾਂ ਦੀ ਉੱਚ ਜਾਤਾਂ ਦਾ ਦਬਦਬਾ ਰਿਹਾ ਹੈ।ਮੀਡੀਆ ਹੀ ਨਹੀਂ ਬਲਕਿ,ਜ਼ਿਆਦਾਤਰ ਖੇਤਰਾਂ 'ਚ ਹਮੇਸ਼ਾ ਹੀ ਉੱਚ ਜਾਤਾਂ ਦਾ ਦਬਦਬਾ ਰਿਹਾ ਹੈ ਤੇ ਰਾਜਨਤੀ 'ਚ ਜੇ ਥਾਂ ਹੈ ਤਾਂ ਉਹ ਵੀ ਸਿਆਸੀ ਰੋਟੀਆਂ ਸੇਕਣ ਦਾ ਇਕ ਜ਼ਰੀਆ ਹੈ"।ਇਹ ਸ਼ਬਦ ਨੇ ਭਾਰਤੀ ਮੀਡੀਆ ਦੀ ਮਸ਼ਹੂਰ ਹਸਤੀ ਸੀ.ਐਨ.ਐਨ,ਆਈ.ਬੀ.ਐਨ. ਦੇ ਮੁੱਖ ਸੰਪਾਦਕ ਰਾਜਦੀਪ ਸਰਦਸਾਈ ਦੇ ਹਨ।ਇਸੇ ਤਰ੍ਹਾਂ ਐਨ.ਡੀ.ਟੀ.ਵੀ. ਦੇ ਮੁੱਖ ਸੰਪਾਦਕ ਰਹੇ ਚਰਚਿਤ ਪੱਤਰਕਾਰ ਦਿਬਾਂਗ ਨੇ ਕਿਹਾ ਸੀ ਕਿ"ਮੀਡੀਆ 'ਚ ਭਾਈ-ਭਤੀਜਾਵਾਦ ਕਰਕੇ ਹਮੇਸ਼ਾਂ ਹੀ ਇਥੇ ਅੱਗੜਿਆਂ ਦੀ ਸ਼ਮੂਲੀਅਤ ਰਹੀ ਹੈ,ਇਹੀ ਕਾਰਨ ਹੈ ਕਿ ਰਾਖਵੇਂਕਰਨ ਦੇ ਅੰਦੋਲਨ ਸਮੇਂ ਮੀਡੀਆ ਨੇ ਇੱਕਤਰਫਾ ਰਿਪੋਟਿੰਗ ਕੀਤੀ ਹੈ"।ਲਗਭਗ ਇਹੋ ਜਿਹੀ ਧਾਰਨਾ ਹੀ ਦੇਸ਼ ਦੇ ਮਸ਼ਹੂਰ ਅੰਗਰੇਜ਼ੀ ਅਖ਼ਬਾਰ "ਦਾ ਹਿੰਦੂ" ਦੇ ਸੰਪਾਦਕ ਐਨ.ਰਾਮ ਦੀ ਹੈ।ਗੱਲ ਜਦੋਂ ਪੂਰੇ ਸਮਾਜ ਦੀ ਤਸਵੀਰ ਖਿੱਚਣ ਵਾਲੇ ਰਾਸ਼ਟਰੀ ਮੀਡੀਆ ਦੀ ਅੰਦਰੂਨੀ ਸਥਿਤੀ ਦੀ ਕਰ ਰਹੇ ਹਾਂ,ਤਾਂ ਇਹ ਜਾਨਣਾ ਬੜਾ ਜ਼ਰੂਰੀ ਹੋ ਜਾਂਦੈ,ਕਿ ਤਸਵੀਰ ਖਿੱਚਣ ਵਾਲੇ ਲੋਕ ਕਿਸ ਕਿਸ ਸਮਾਜਿਕ ਤੇ ਆਰਥਿਕ ਪਿਛੋਕੜ ਤੋਂ ਆ ਰਹੇ ਹਨ।ਖਾਸ ਕਰ ਉਸ ਦੇਸ਼ ‘ਚ ਜੋ ਬਹੁਜਾਤੀ,ਬਹੁਧਰਮੀ,ਬਹੁਭਸ਼ਾਈ ਤੇ ਬਹੁਕੌਮੀ ਹੈ ਤੇ ਜਿਥੇ ਸਾਰੇ ਵਰਗ,ਧਰਮ ਤੇ ਜਾਤਾਂ ਸਮਾਜਿਕ ਵਿਕਾਸ ਦੇ ਤੌਰ ‘ਤੇ ਇਕ ਦੂਜੇ ਤੋਂ ਕਾਫੀ ਅੱਗੜ ਪਿੱਛੜ ਹਨ।ਇਸੇ ਲਈ ਦੇਸ਼ ਦੇ ਸੰਵਿਧਾਨ ‘ਚ ਵੀ ਸਾਰਿਆਂ ਨੂੰ ਨਾਲ ਲੈਕੇ ਚੱਲਣ ਲਈ ਕਈ ਕਨੂੰਨਾਂ ਦੀ ਵਿਵਸਥਾ ਕੀਤੀ ਗਈ ਸੀ।ਚਰਚਾ ਜਦੋਂ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ 'ਚੌਥੇ ਥੰਮ' ਦੀ ਕਰਨ ਲੱਗੇ ਹਾਂ,ਤਾਂ ਸਥਿਤੀ ਦਾ ਜਾਇਜ਼ਾ ਹੋਰ ਵੀ ਗੰਭੀਰਤਾ ਨਾਲ ਲੈਣਾ ਬਣਦਾ ਹੈ।ਰਾਸ਼ਟਰੀ ਮੀਡੀਏ ਦੇ ਵੱਡੇ ਅਖ਼ਬਾਰਾਂ ਤੇ ਖਬਰੀਆ ਚੈਨਲਾਂ ਦਾ ਜਾਇਜ਼ਾ ਲਈਏ ਤਾਂ ਅਸੀਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਅਖ਼ਬਾਰਾਂ ਦੇ ਸਫਿਆਂ ਤੇ ਚੈਨਲਾਂ ਦੇ ਬੁਲਿਟਨਾਂ ‘ਚੋਂ ਦਿਨੋ ਦਿਨ ਦਲਿਤਾਂ ਤੇ ਘੱਟਗਿਣਤੀਆਂ ਨਾਲ ਹੁੰਦੀਆਂ ਜ਼ਿਆਦਤੀਆਂ ਦੀਆਂ ਖ਼ਬਰਾਂ ਨਜ਼ਰਅੰਦਾਜ਼ ਹੋ ਰਹੀਆਂ ਹਨ।ਇਸਦਾ ਵੱਡਾ ਕਾਰਨ ਭਾਵੇਂ ਮੀਡੀਆ ‘ਤੇ ਬਜ਼ਾਰਵਾਦੀ ਰਣਨੀਤੀ ਦਾ ਅਸਰ ਹੈ,ਪਰ ਮੀਡੀਆ ‘ਚ ਇਹਨਾਂ ਭਾਈਚਾਰਿਆਂ ਦੀ ਸ਼ਮੂਲੀਅਤ ਦੇ ਤੱਥਾਂ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ।

ਮੀਡੀਆ ਦੀ "ਪਰਿਭਾਸ਼ਾ" ਤੱਥਾਂ ਨੂੰ ਅਧਾਰ ਬਣਾਕੇ ਖ਼ਬਰ ਨੂੰ ਸਮਾਜ ਸਾਹਮਣੇ ਪੇਸ਼ ਕਰਨ ਦੀ ਗੱਲ ਕਰਦੀ ਹੈ ਤਾਂ ਇਥੇ ਵੀ ਗੱਲ ਪੂਰਨ ਅੰਕੜਿਆਂ ਨਾਲ ਕਰਾਂਗੇ।ਪਿਛਲੇ ਸਮੇਂ ਮੀਡੀਆ 'ਚ ਦਲਿਤਾਂ ਤੇ ਘੱਟਗਿਣਤੀਆਂ ਦੀ ਸ਼ਮੂਲੀਅਤ ਬਾਰੇ ਦਿੱਲੀ ਦੇ ਕੁਝ ਸੁਤੰਤਰ ਪੱਤਰਕਾਰਾਂ ਤੇ ਬੁੱਧੀਜੀਵੀਆਂ ਵਲੋਂ ਸਰਵੇ ਕੀਤਾ ਗਿਆ।ਸਰਵੇ 'ਚ ਇਲੈਕਟ੍ਰੋਨਿਕ ਮੀਡੀਆ ਦੇ ਮੁੱਖ ਅਦਾਰਿਆਂ,ਲਗਭਗ ਸਾਰੇ ਮੁੱਖ ਧਾਰਾਈ ਅਖ਼ਬਾਰਾਂ ਤੇ ਮੈਗਜ਼ੀਨਾਂ ਨੂੰ ਰੱਖਿਆ ਗਿਆ(ਜਿਨ੍ਹਾਂ 'ਚ ਹਿੰਦੀ ਚੈਨਲ ਆਜ ਤਕ,ਆਈ.ਬੀ.ਐਨ-7,ਸੀ.ਐਨ.ਬੀ.ਸੀ ਅਵਾਜ਼,ਜ਼ੀ ਨਿਊਜ਼,ਐਨ.ਡੀ.ਟੀ.ਵੀ. ਇੰਡੀਆ,ਡੀ.ਡੀ. ਨਿਊਜ਼,ਸਹਾਰਾ ਸਮਯੇ,ਲਾਈਵ ਇੰਡੀਆ(ਜਨਮਤ), ਐਸ-1,ਅੰਗਰੇਜ਼ੀ ਚੈਨਲ ਟਾਈਮਜ਼ ਨਾਓ,ਸੀ.ਐਨ.ਐਨ,ਆਈ.ਬੀ.ਐਨ,ਐਨ.ਡੀ.ਟੀ.ਵੀ. 24/7,ਐਨ.ਡੀ.ਟੀ.ਵੀ.ਪਰੋਫਿਟ,ਸੀ.ਐਨ.ਬੀ.ਸੀ,ਹੈਡਲਾਇਨ ਟੂਡੇ, ਏ.ਐਨ.ਆਈ,ਪ੍ਰਿੰਟ ਅੰਗਰੇਜ਼ੀ ਐਚ.ਟੀ,ਟਾਈਮਜ਼ ਆਫ ਇੰਡੀਆ,ਇਕਨੋਮਿਕ ਟਾਈਮਜ਼,ਦਾ ਹਿੰਦੂ,ਇੰਡੀਅਨ ਐਕਸਪ੍ਰੈਸ,ਫਾਈਨੈਸ਼ੀਅਲ ਐਕਸਪ੍ਰੈਸ,ਇੰਡੀਆ ਟੂਡੇ,ਆਊਟ ਲੁੱਕ,ਪੀ.ਟੀ.ਆਈ,ਯੂ.ਐਨ.ਆਈ,ਪ੍ਰਿੰਟ ਹਿੰਦੀ ਦੈਨਿਕ ਜਾਗਰਣ,ਜਨਸੱਤਾ,ਆਊਟ ਲੁੱਕ,ਦੈਨਿਕ ਹਿੰਦੋਸਤਾਨ,ਨਵਭਾਰਤ ਟਾਈਮਜ਼,ਇੰਡੀਆ ਟੂਡੇ,ਰਾਸ਼ਟਰੀ ਸਹਾਰਾ,ਯੂਨੀਵਾਰਤਾ,ਭਾਸ਼ਾ, ਬੀ.ਬੀ.ਸੀ.ਰੇਡਿਓ ਹਿੰਦੀ ਆਦਿ ਦੇ ਨਾਂਅ ਜ਼ਿਕਰਯੋਗ ਨੇ)।ਇਸ ਸਰਵੇ 'ਚ ਮੀਡੀਆ ਦੇ 315 ਫੈਸਲੇ ਲੈਣ ਵਾਲੇ ੳੁੱਚ ਅਹੁਦਿਆਂ ਦੀ ਜਾਂਚ ਤੋਂ ਪਤਾ ਲੱਗਿਆ ਕਿ ਦੇਸ਼ ਦੇ ਰਾਸ਼ਟਰੀ ਮੀਡੀਏ 'ਚ ਕਿਸੇ ਵੀ ੳੁੱਚ ਅਹੁਦੇ 'ਤੇ ਕੋਈ ਵੀ ਦਲਿਤ ਜਾਂ ਆਦਿਵਾਸੀ ਨਹੀਂ ਹੈ।ਭਾਰਤ ਦੀ ਕੁੱਲ ਅਬਾਦੀ 'ਚ ਹਿੰਦੂ 81%,ਮੁਸਲਮਾਨ 13%,ਇਸਾਈ 2% ਤੇ ਸਿੱਖ 2% ਹਨ,ਜਦੋਂ ਕਿ ਰਾਸ਼ਟਰੀ ਮੀਡੀਆ 'ਚ ਹਿੰਦੂ 90%,ਮੁਸਲਮਾਨ 3%,ਇਸਾਈ 4%(ਸਿਰਫ ਅੰਗਰੇਜ਼ੀ ਮੀਡੀਆ 'ਚ) ਤੇ ਸਿੱਖ 1% ਹਨ।ਹਿੰਦੂਆਂ 'ਚੋਂ ਵੀ ਅੱਗੇ ੳੁੱਚ ਜਾਤੀ ਹਿੰਦੂਆਂ ਦਾ ਪੂਰਨ ਦਬਦਬਾ ਹੈ,ਜਿਨ੍ਹਾਂ ਦੀ ਭਾਰਤ ਦੀ ਕੁੱਲ ਅਬਾਦੀ 'ਚ ਹਿੱਸੇਦਾਰੀ 8% ਹੈ,ਪਰ ਮੀਡੀਆ 'ਚ ਫੈਸਲੇ ਲੈਣ ਵਾਲੇ ੳੁੱਚ ਅਹੁਦਿਆਂ 'ਤੇ ਇਹਨਾਂ ਦੇ 71 % ਲੋਕ ਸਥਾਪਿਤ ਹਨ।ਇਸੇ ਤਰ੍ਹਾਂ ਪਛੜੀਆਂ ਸ਼੍ਰੇਣੀਆਂ ਦੀ ਦੇਸ਼ 'ਚ ਅਬਾਦੀ 43% ਹੈ,ਪਰ ਇਹਨਾਂ ਦੀ ਮੀਡੀਆ 'ਚ ਹਿੱਸੇਦਾਰੀ 4 % ਹੈ।ਲਿੰਗ ਦੇ ਅਧਾਰ 'ਤੇ ਜੇ ਵੇਖਣਾ ਹੋਣੇ ਤਾਂ ਔਰਤਾਂ ਦੀ ਪੂਰੇ ਮੀਡੀਆ 'ਚ ਹਿੱਸੇਦਾਰੀ 17 % ਤੋਂ ਘੱਟ ਹੈ।ਇਹ ਸਰਵੇ ਦਿੱਲੀ ਦੇ ਸੁਤੰਤਰ ਪੱਤਰਕਾਰ ਅਨਿਲ ਚਮੜੀਆ,ਸੁਤੰਤਰ ਖੋਜਕਰਤਾ ਜਤਿੰਦਰ ਕੁਮਾਰ ਤੇ ਹਿੰਦੀ ਦੇ ਮਸ਼ਹੂਰ ਮੈਗਜ਼ੀਨ 'ਹੰਸ' ਦੇ ਮੁੱਖ ਸੰਪਾਦਕ ਨੇ ਕੀਤਾ।ਸਰਵੇ ਨੂੰ ਜਦੋਂ ਜਨਤਕ ਕੀਤਾ ਗਿਆ ਤਾਂ ਵੱਡੇ ਦਿਲ ਵਾਲੀ ਦਿੱਲੀ 'ਚ ਬੈਠੇ ਉੱਚ ਮੱਧ ਵਰਗੀ ਪੱਤਰਕਾਰਾਂ,ਸੰਪਾਦਕਾਂ 'ਚ ਹਾਹਾਕਾਰ ਮੱਚ ਗਈ।ਲਗਾਤਾਰ ਆ ਰਹੀਆਂ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ 'ਚ ਅਜਿਹੇ ਬਹੁਤ ਥੋੜ੍ਹੇ ਲੋਕ ਸਨ,ਜਿਨ੍ਹਾਂ ਨੇ ਇਸ ਕੌੜੇ ਸੱਚ ਨੂੰ ਸਿਰ ਮੱਥੇ ਕਬੂਲਿਆ।ਰਾਜਦੀਪ ਸਰਦਸਾਈ,ਦਿਬਾਂਗ ਤੇ ਐਨ.ਰਾਮ ਵਰਗੇ ਲੋਕਾਂ ਨੇ ਭਾਵੇਂ ਇਸ ਜ਼ਮੀਨੀ ਯਥਾਰਥ ਨੂੰ ਸੱਚ ਮੰਨਿਆ,ਪਰ ਉਹਨਾਂ ਨੇ ਆਪਣੀਆਂ ਸੰਸਥਾਂਵਾਂ 'ਚ ਸਭ ਠੀਕ-ਠਾਕ ਹੋਣ ਦੀ ਗੱਲ ਕਹੀ।ਅਜਿਹੇ ਕੁਝ ਲੋਕਾਂ ਤੋਂ ਬਿਨਾਂ ਬਾਕੀਆਂ ਨੇ ਇਸਨੂੰ ਸਮਾਜ 'ਚ ਵੰਡੀਆਂ ਪਾੳਣ ਤੇ ਜਾਤੀਵਾਦ ਨੂੰ ਉਭਾਰਨ ਵਾਲਾ ਕਦਮ ਕਰਾਰ ਦਿੱਤਾ,ਹਾਲਾਂਕਿ ਸਰਵੇ ਕਰਨ ਵਾਲੇ ਲੋਕਾਂ ਨੇ ਵਾਰ ਵਾਰ ਦਲੀਲ ਦਿੱਤੀ ਕਿ "ਅਸੀਂ ਲੋਕਤੰਤਰ ਦੀ ਸਦੀ 'ਚ ਸਭਤੋਂ ਵੱਡੇ ਲੋਕਤੰਤਰ ਦੇ ਕੌੜੇ ਸੱਚ ਨੂੰ ਪੇਸ਼ ਕਰ ਰਹੇ ਹਾਂ ਤੇ ਸਮਾਜ ਦੇ ਇਸ ਸੱਚ ਤੋਂ ਭੱਜਣਾ ਸਮੱਸਿਆ ਦਾ ਹੱਲ ਨਹੀਂ,ਬਲਕਿ ਇਸਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।

ਗੱਲ ਸਿਰਫ ਤੱਥਾਂ ਤੱਕ ਸੀਮਤ ਨਹੀਂ,ਇਹਨਾਂ ਤੱਥਾਂ ਦੇ ਅਸਰ ਦਾ ਵਰਤਾਰਾ ਵੀ ਲਗਾਤਾਰ ਵਾਪਰ ਰਿਹਾ ਹੈ।ਇਸੇ ਦੇ ਤਹਿਤ ਮੀਡੀਆ ਦੀ ਜਾਤ ਦੇ ਰਾਖਵੇਂਕਰਨ ਸਬੰਧੀ ਭੂਮਿਕਾ ਮੰਡਲ ਕਮਿਸ਼ਨ ਤੋਂ ਲੈਕੇ ਓ.ਬੀ.ਸੀ. ਦੇ 27% ਤੱਕ ਇਕਤਰਫਾ ਰਹੀ ਹੈ।ਮੁੱਖਧਾਰਾ ਦੇ ਕੁੱਝ ਮੀਡੀਆ ਅਦਾਰਿਆਂ ਨੂੰ ਛੱਡਕੇ ਬਾਕੀ ਲਗਭਗ ਪੂਰੇ ਮੀਡੀਏ ਦੀ ਭੂਮਿਕਾ ਰਾਖਵਾਂਕਰਨ ਵਿਰੋਧੀ ਰਹੀ ਹੈ।ਮੀਡੀਆ ਸੰਸਥਾਵਾਂ ਦੀ ਰਾਖਵੇਂਕਰਨ ਵਿਰੋਧੀ ਲਹਿਰ ਦਾ ਮੁੱਖ ਕਾਰਨ ਭਾਵੇਂ ਅਖ਼ਬਾਰਾਂ ਤੇ ਚੈਨਲਾਂ ਦੀ ਸੰਪਾਦਕੀ ਨੀਤੀ ਸੀ,ਪਰ ਮੀਡੀਆ ਸੰਸਥਾਂਵਾਂ 'ਚ ਅਜਿਹੀ ਰਾਖਵਾਂਕਰਨ ਵਿਰੋਧੀ ਰਿਪੋਰਟਿੰਗ ਵੀ ,ਓਥੇ ਅੱਗੜਿਆਂ ਦੇ ਪ੍ਰਭਾਵ ਨੂੰ ਪੂਰਨ ਰੂਪ 'ਚ ਦਰਸਾਉਂਦੀ ਹੈ।ਪਿਛਲੇ ਸਾਲਾਂ 'ਚ ਦੇਸ਼ 'ਚ ਰਾਖਵੇਂਕਰਨ ਦੇ ਵਿਰੋਧ ਦੀ ਸਭਤੋਂ ਵੱਡੀ ਲਹਿਰ ਦਿੱਲੀ ਦੇ ਮਸ਼ਹੂਰ ਏਮਜ਼ ਹਸਪਤਾਲ ਚੱਲੀ।ਇਸ ਲਹਿਰ ਦੀ ਜ਼ਮੀਨ ਤਿਆਰ ਕਰਨ ਤੋਂ ਲੈਕੇ ,ਇਸਨੂੰ ਪੂਰੇ ਦੇਸ਼ ਦੇ ੳੁੱਚ ਸਿੱਖਿਆ ਸੰਸਥਾਨਾਂ ਨਾਲ ਜੋੜਨ ਦੀ ਭੂਮਿਕਾ ਮੀਡੀਆ ਨੇ ਖੂਬ ਅਦਾ ਕੀਤੀ।ਇਸ ਸਮੇਂ ਸੁਤੰਤਰ ਪੱਤਰਕਾਰਾਂ ਤੇ ਕਈ ਵੱਡੇ ਬੁੱਧੀਜੀਵੀਆਂ ਨੇ ਮੀਡੀਆ ਦੀ ਸੁਤੰਤਰ ਤੇ ਨਿਰਪੱਖ ਭੂਮਿਕਾ 'ਤੇ ਕਈ ਸਵਾਲ ਵੀ ਉਠਾਏ,ਪਰ ਮੀਡੀਆ ਨੇ ਕਿਸੇ ਦੀ ਪਰਵਾਹ ਨਾ ਕਰਦੇ ਹੋਏ ਸ਼ਰੇਆਮ ਇੱਕਤਰਫਾ ਰਿਪੋਰਟਿੰਗ ਕੀਤੀ।ਇਸੇ 'ਤੇ ਬੋਲਦਿਆਂ ਐਨ.ਡੀ.ਟੀ.ਵੀ. ਦੇ ਮੁੱਖ ਸੰਪਾਦਕ ਰਹੇ ਦਿਬਾਂਗ ਨੇ ਕਿਹਾ ਕਿ "ਮੀਡੀਆ ਦੀ ਭੂਮਿਕਾ ਰਾਖਵੇਂਕਰਨ ਨੂੰ ਲੈਕੇ ਇਕਤਰਫਾ ਰਹੀ ਹੈ।ਅਜਿਹੀਆਂ ਖ਼ਬਰਾਂ ਛਪੀਆਂ ਕੀ "ਇਸ ਵਾਰ ਕਈ ਵਿਦਿਆਰਥੀ ਰਾਖਵੇਂਕਰਨ ਦੇ ਵਿਰੋਧ 'ਚ ਆਤਮਦਾਹ ਕਰਨਗੇ "।ਦਿਬਾਂਗ ਨੇ ਸਵਾਲ ਉਠਾਇਆ ਸੀ ਕਿ "ਇਹ ਖ਼ਬਰ ਹੈ ਜਾਂ ਖ਼ਬਰ ਦਾ ਪ੍ਰਚਾਰ"।ਇਸੇ ਤਰ੍ਹਾਂ ਉਹਨਾਂ ਇਹ ਵੀ ਕਿਹਾ ਰਾਖਵੇਂਕਰਨ ਦੇ ਮੁੱਦੇ 'ਤੇ ਪੱਤਰਕਾਰਾਂ ਨੇ ਪੀ.ਟੂ.ਸੀ. (ਪੀਸ ਟੂ ਕੈਮਰਾ) (ਖ਼ਬਰ ਦਾ ਸਿੱਟਾ) ਰਾਹੀਂ ਖ਼ਬਰ 'ਤੇ ਆਪਣੀ ਵਿਚਾਰਧਾਰਾ ਥੋਪਣ ਦੀ ਕੋਸ਼ਿਸ਼ ਕੀਤੀ ਹੈ।ਮੀਡੀਆ ਨੂੰ ਰਾਖਵਾਂਕਰਨ ਵਿਰੋਧੀ ਖ਼ਬਰਾਂ ਤਾਂ ਦਿਖਦੀਆਂ ਰਹੀਆਂ,ਪਰ ਰਾਖਵਾਂਕਰਨ ਪੱਖੀ ਖ਼ਬਰਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ।ਮੀਡੀਆ 'ਚ ਅਗੜਿਆਂ ਦੇ ਪ੍ਰਭਾਵ ਦਾ ਹੀ ਕਾਰਨ ਹੈ ਕਿ ਜਲੰਧਰ ਦੇ ਤੱਲਣ,ਹਰਿਆਣਾ ਦੇ ਗੋਹਾਣਾ ਕਾਂਡ ਆਦਿ ਦਲਿਤ ਭਾਈਚਾਰੇ 'ਤੇ ਹੋ ਰਹੀਆਂ ਤਸ਼ੱਦਦ ਦੀਆਂ ਖ਼ਬਰਾਂ ਨਿਰਪੱਖ ਤੌਰ 'ਤੇ ਪੇਸ਼ ਨਹੀਂ ਹੋ ਸਕੀਆਂ।ਰਾਖਵੇਂਕਰਨ ਦੇ ਅੰਦੋਲਨ ਸਮੇਂ ਅਖ਼ਬਾਰ ਦੀ ਸੰਪਾਦਕੀ ਨੀਤੀ ਬਾਰੇ ਪੰਜਾਬੀ ਟ੍ਰਿਬਿਊਨ ਦੇ ਮਰਹੂਮ ਪੱਤਰਕਾਰ ਦਲਬੀਰ ਸਿੰਘ ਨੇ ਇਕ ਦਲਿਤ ਕੁੜੀ ਦੀ ਚਿੱਠੀ ਦੇ ਜਵਾਬ 'ਚ ਆਪਣੀ ਬੇਵੱਸੀ ਜਾਹਿਰ ਕੀਤੀ ਸੀ।

ਇਸ ਸਰਵੇ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਇਸਦਾ ਸਭਤੋਂ ਕੱਟੜ ਵਿਰੋਧ ਕੀਤਾ,ਉਹਨਾਂ 'ਚ ਜ਼ਿਆਦਾਤਰ ਲੋਕ ਲਾਇਬਰੇਰੀਆਂ ਨਾਲ ਜੁੜੇ ਕਿਤਾਬੀ ਕੀੜੇ ਸਨ।ਜਿਨ੍ਹਾਂ ਨੂੰ ਜ਼ਮੀਨੀ ਸਥਿਤੀਆਂ ਦਾ ਸ਼ਾਇਦ ਕੋਈ ਬਹੁਤਾ ਗਿਆਨ ਨਹੀਂ ਸੀ। ਇਹਨਾਂ 'ਚੋਂ ਬਹੁਤਿਆਂ ਦੀ ਪੜ੍ਹਾਈ ਵੀ ਵੱਡੀਆਂ ਵੱਡੀਆਂ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਤੋਂ ਹੈ।ਇਸੇ ਲਈ ਇਹਨਾਂ ਦਾ ਸੋਚਣ ਦਾ ਢੰਗ ਵੀ ਯੂਰਪੀ ਤੇ ਪੱਛਮੀ ਸੀ,ਪਰ ਜੇ ਭਾਰਤੀ ਸਮਾਜ ਦੀਆਂ ਹਕੀਕਤਾਂ 'ਤੇ ਪੈਨੀ ਨਜ਼ਰ ਮਾਰੀਏ ਤਾਂ ਪਤਾ ਲੱਗਦੈ ਕਿ ਜਾਤਪਾਤੀ ਸਿਸਟਮ ਨੂੰ ਲੈਕੇ ਯੂਰਪ ਤੇ ਪੱਛਮ ਦੇ ਮੁਕਾਬਲੇ ਭਾਰਤ ਦੀ ਸਥਿਤੀ 'ਚ ਜ਼ਮੀਨ ਅਸਮਾਨ ਦਾ ਫਰਕ ਹੈ।ਇੱਥੇ ਇਤਿਹਾਸਿਕ ਤੌਰ 'ਤੇ ਮਾਨਸਿਕ ਕੰਮਾਂ ‘ਚ ਹਮੇਸ਼ਾ ਹੀ ੳੁੱਚ ਜਾਤੀਆਂ ਤੇ ਬਹੁਗਿਣਤੀਆਂ ਦਾ ਦਬਦਬਾ ਰਿਹਾ ਹੈ।ਜਿਨ੍ਹਾਂ ਦਿਨਾਂ 'ਚ ਸਾਡਾ ਦੇਸ਼ ਪੱਛਮ ਦੀ ਬਸਤੀ ਬਣਿਆ ਹੋਇਆ ਸੀ,ਉਸ ਸਮੇਂ 19 ਸਦੀ ਦੀ ਸ਼ੁਰੂਆਤ 'ਚ ਪੱਛਮ ਤੇ ਯੂਰਪ 'ਚ ਪੂਰਨ ਰੂਪ 'ਚ ਪੂੰਜੀਵਾਦ ਵਿਕਸਤ ਹੋ ਚੁੱਕਿਆ ਸੀ।ਇਸੇ ਸਨਅਤੀ ਵਿਕਾਸ ਨੇ ਹੀ ਓਥੋਂ ਦੇ ਨਸਲੀ ਤਾਣੇ-ਬਾਣੇ ਨੂੰ ਵੱਡੇ ਰੂਪ 'ਚ ਤੋੜਿਆ।ਇਸ ਸਨਅਤੀ ਵਿਕਾਸ ਦਾ ਹੀ ਨਤੀਜਾ ਸੀ,ਕਿ ਪੱਛਮ ਦੇ ਲੋਕਾਂ 'ਚ ਆਪਣੇ ਜਮੂਹਰੀ ਹੱਕਾਂ ਨੂੰ ਲੈਕੇ ਕਾਫੀ ਚੇਤਨਾ ਆਈ,ਪਰ ਇਸਦੇ ਬਿਲਕੁਲ ਉਲਟ ਬਸਤੀਵਾਦੀ ਗੁਲਾਮੀ ਕਾਰਨ ਭਾਰਤ 'ਚ ਪੂੰਜੀਵਾਦ ਉਸ ਸਮਾਜਿਕ ਤੇ ਕੁਦਰਤੀ ਪ੍ਰਕ੍ਰਿਆ 'ਚ ਵਿਕਸਤ ਨਾ ਹੋਣ ਕਰਕੇ,ਇਥੇ ਸਮਾਜਿਕ ਚੇਤਨਾ ਦਾ ਵਿਕਾਸ ਨਹੀਂ ਹੋਇਆ।ਦੂਜਾ ਪਾਸੇ ਇਥੋਂ ਦੇ ਮੰਨੂਵਾਦੀ ਢਾਂਚੇ ਦੀ ਪਕੜ ਵੀ ਏਨੀ ਤਕੜੀ ਹੈ,ਜਿਸਨੇ ਇਸ ਜਾਤਪਾਤ ਸਿਸਟਮ ਨੁੰ ਬਿਲਕੁਲ ਟੁੱਟਣ ਨਹੀਂ ਦਿੱਤਾ,ਇਹ ਬ੍ਰਹਮਣਵਾਦੀ ਢਾਂਚਾ ਵੀ ਪੂੰਜੀਵਾਦ ਦੇ ਵਿਕਸਿਤ ਹੋਣ ਨਾਲ ਹੀ ਟੁੱਟਣਾ ਸੀ।ਮੰਨੂਵਾਦੀ ਢਾਂਚੇ ਦੀ ਜਕੜ ਦਾ ਹੀ ਨਤੀਜਾ ਹੈ ਭਾਰਤ 'ਚ ੳੁੱਚ ਜਾਤਾਂ ਦਾ ਸਬੰਧ ਹਮੇਸ਼ਾਂ ਹੀ ਅਮੀਰ ਵਰਗਾਂ ਤੇ 'ਨੀਵੀਆਂ' ਜਾਤਾਂ ਦਾ ਸਬੰਧ ਹਮੇਸ਼ਾਂ ਹੀ ਗਰੀਬੀ ਤੇ ਜਹਾਲਤ ਨਾਲ ਰਿਹਾ ਹੈ,ਪਰ ਪੱਛਮ ਤੇ ਯੂਰਪ 'ਚ ਅਜਿਹੀ ਸਥਿਤੀ ਨਹੀਂ।ਅਜਿਹੇ ਢਾਂਚੇ ਕਰਕੇ ਹੀ ਭਾਰਤ ਦੀ ਮਹਾਨ ਧਰਤੀ 'ਤੇ ਜੋ ਜਿਸ ਜਾਤ 'ਚ ਪੈਦਾ ਹੁੰਦਾ ਹੈ,ਉਹ ਉਸੇ 'ਚ ਮਰਦਾ ਹੈ।ਇਹ ਵਰਤਾਰਾ ਅੱਜ ਦੇ ਇਸ ਲੋਕਤੰਤਰੀ ਯੁੱਗ 'ਚ ਵੀ ਜਿਉਂ ਦਾ ਤਿਉਂ ਹੈ।ਅਜਿਹੇ ਪੱਛਮੀ ਵਿਕਾਸ ਦੇ ਅੰਕੜੇ ਅਮਰੀਕੀ ਮੀਡੀਆ 'ਚ ਪੂਰਨ ਰੂਪ 'ਚ ਵੇਖੇ ਜਾ ਸਕਦੇ ਹਨ,ਅਮਰੀਕਾ 'ਚ ਘੱਟਗਿਣਤੀਆਂ ਦੀ ਸੰਖਿਆ 33% ਹੈ ਤੇ ਓਥੋਂ ਦੀਆਂ ਮੀਡੀਆਈ ਸੰਸਥਾਵਾਂ 'ਚ ਉਹਨਾਂ ਦੀ ਬਣਦੀ ਸ਼ਮੂਲੀਅਤ ਹੈ।ਇਸ ਮਾਮਲੇ 'ਚ ਭਾਰਤ ਦੀ ਸਥਿਤੀ ਏਨੀ ਬਦਤਰ ਹੈ ਕਿ 1990 'ਚ ਦੇਸ਼ 'ਚ ਦਲਿਤਾਂ ਦੀ ਸਥਿਤੀ 15 ਕਰੋੜ ਸੀ,ਪਰ ਇਹਨਾਂ ਕਰੋੜਾਂ 'ਚੋਂ ਇਕ ਵੀ ਕਿਸੇ ਰੋਜ਼ਾਨਾ ਅਖ਼ਬਾਰ ਦਾ ਪੱਤਰਕਾਰ ਜਾਂ ਉਪ ਸੰਪਾਦਕ ਨਹੀਂ ਸੀ।1996 'ਚ ਇਕ ਸਰਕਾਰੀ ਤੱਥ ਸਾਹਮਣੇ ਆਇਆ ਸੀ ਕਿ ਭਾਰਤ ਸਰਕਾਰ ਦੇ ਪ੍ਰੈਸ ਇਨਫਾਰਮੇਸ਼ਨ ਬਿਊਰੋ (ਪੱਤਰ ਸੂਚਨਾ ਬਿਊਰੋ) ਤੋਂ ਦੇਸ਼ ਦਾ ਇਕ ਵੀ ਦਲਿਤ ਪੱਤਰਕਾਰ ਮਾਨਤਾ ਪ੍ਰਾਪਤ ਨਹੀਂ ਸੀ,ਜਦੋਂਕਿ ਉਸ ਸਮੇਂ ਮਾਨਤਾ ਪ੍ਰਾਪਤ ਪੱਤਰਕਾਰਾਂ ਦੀ ਫਹਿਰਿਸਤ ਸੈਂਕੜਿਆਂ 'ਚ ਸੀ।

ਹਾਸ਼ੀਏ 'ਤੇ ਪਈਆਂ ਘੱਟਗਿਣਤੀਆਂ ਤੇ ਦਲਿਤਾਂ ਦੀ ਦੇਸ਼ ਦੀਆਂ ਸੰਸਥਾਂਵਾਂ 'ਚ ਬਣਦੀ ਹਿੱਸੇਦਾਰੀ ੳਹਨਾਂ ਦਾ ਲੋਕਤੰਤਰੀ ਹੱਕ ਹੈ,ਹਾਲਾਂਕਿ ਇਹ ਚਾਹੇ ਪੂਰੀ ਸਮੱਸਿਆ ਦਾ ਹੱਲ ਨਹੀਂ।ਭਾਰਤ ਚਾਹੇ ਆਪਣੇ ਆਪ ਨੂੰ ਦੁਨੀਆਂ ਦੀ ਸਭਤੋਂ ਵੱਡੀ ਜਮੂਹਰੀਅਤ ਕਹਿੰਦਾ ਹੈ,ਪਰ ਲੋਕ ਆਪਣੇ ਹੱਕਾਂ ਤੋਂ ਵੱਡੇ ਪੱਧਰ 'ਤੇ ਵਾਂਝੇ ਨੇ।ਸੱਚ ਤਾਂ ਇਹ ਵੀ ਹੈ ਕਿ 1993 ਦਾ ਵਿਸ਼ੇਸ਼ ਕਨੂੰਨ ਬਣਨ ਤੋਂ ਬਾਅਦ ਵੀ ਮਹਾਨ ਦੇਸ਼ ਦੇ 13 ਲੱਖ ਦਲਿਤ ਮਨੁੱਖੀ ਮਲ ਮੂਤਰ ਮੈਲਾ ਢੋਅ ਰਹੇ ਹਨ।ਇਹ ਤੱਥ ਹੀ ਸਮਾਜਿਕ ਸੱਚਾਈ ਨਹੀਂ,ਬਲਕਿ ਸਾਨੂੰ ਸਾਡੇ ਆਪਣੇ ਆਲੇ ਦੁਆਲੇ ਵੀ ਹਰ ਰੋਜ਼ ਦਲਿਤਾਂ ਨਾਲ ਭੇਦਭਾਵ ਸ਼ਰੇਆਮ ਨਜ਼ਰ ਆਉਂਦਾ ਹੈ।ਇਥੋਂ ਤੱਕ ਸਿੱਖਾਂ 'ਚ ਵੀ ,ਜਿਨ੍ਹਾਂ ਦੇ ਧਰਮ ਦੀ ਨੀਂਹ ਹੀ ਮੰਨੂਵਾਦ ਦੇ ਖਿਲਾਫ ਰੱਖੀ ਗਈ ਸੀ।ਅੱਜ ਉਸਨੂੰ ਆਪਣਾਏ ਲੋਕ ਵੀ ਮੰਨੂ ਦੀ ਵਿਚਾਰਧਾਰਾ ਨੂੰ ਨਵੇਂ ਰੂਪ 'ਵ ਵਿਕਸਿਤ ਕਰਨ 'ਚ ਲੱਗੇ ਹੋਏ ਹਨ।"ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ" ਵਰਗੀਆਂ ਸਤਰ੍ਹਾਂ ਸਿਰਫ ਅਮੂਰਤ ਸਿਧਾਂਤ ਬਣਕੇ ਰਹਿ ਗਈਆਂ ਹਨ।ਜਿਸ ਮੰਨੂਵਾਦ ਦੇ ਜਾਤਪਾਤੀ ਵਤੀਰੇ ਖਿਲਾਫ਼ ਗੁਰੂਆਂ ਨੇ ਮੁਹਿੰਮ ਵਿੱਢੀ ਸੀ,ਉਸਦੇ ਖਿਲਾਫ਼ ਹੁਣ ਬਹੁਤੇ ਸਿੱਖਾਂ ਕੋਲ ਸਿਰਫ਼ ਸ਼ਬਦੀ ਬਾਣ ਰਹਿ ਗਏ ਹਨ।ਪੰਜਾਬ 'ਚ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਜੱਟ ਤੇ ਭਾਪੇ ਸਿਧਾਂਤਕ ਰੂਪ 'ਚ ਚਾਹੇ ਜਾਤਪਾਤੀ ਵੰਡੀਆਂ ਪਾਉਣ ਵਾਲੇ ਮੰਨੂਵਾਦੀ ਢਾਂਚੇ ਦੇ ਖਿਲਾਫ਼ ਹਨ,ਪਰ ਵਿਵਹਾਰਕ ਰੂਪ 'ਚ ਉਹ ਮੰਨੂਵਾਦ ਦੀ ਥਾਂ ਆਪਣੇ ਉਸੇ ਤਰ੍ਹਾਂ ਦੇ ਜੱਟਵਾਦੀ ਤੇ ਭਾਪਾਵਾਦੀ ਵਿਚਾਰਧਾਰਾ ਦੇ 'ਸੱਭਿਆਚਾਰ' ਨੂੰ ਪ੍ਰਫੁੱਲਿਤ ਕਰ ਰਹੇ ਹਨ।ਇਸ ਦੇ ਤਹਿਤ ਪੰਜਾਬ ਦੀ ਧਰਤੀ 'ਤੇ ਦਲਿਤਾਂ ਨਾਲ ਵੱਡੇ ਪੱਧਰ ਭੇਦਭਾਵ ਤੇ ਵਿਤਕਰੇ ਜਾਰੀ ਹਨ।ਇਕ ਸਮਾਂ ਸੀ ਜਦੋਂ ਅਜਿਹੇ ਮੁੱਦਿਆਂ 'ਤੇ ਵਿਚਾਰ ਵਟਾਂਦਰਾਂ ਕਰਨ ਵਾਲਿਆਂ ਦਾ ਸਮਾਜਿਕ ਬਾਈਕਾਟ ਤੇ ਆਪਣੇ ਜਮੂਹਰੀ ਵਿਚਾਰ ਰੱਖਣ ਵਾਲੇ ਲੋਕਾਂ ਨੂੰ ਜ਼ਿੰਦਾ ਤੱਕ ਜਲਾ ਦਿੱਤਾ ਜਾਂਦਾ ਸੀ।ਇਸ ਸਮੇਂ ਅਸੀਂ ਆਦਿ ਸਮਾਜ ਜਾਂ ਗੁਲਾਮਦਾਰੀ ਯੁੱਗ 'ਚ ਨਹੀਂ ਰਹਿ ਰਹੇ,ਸਗੋਂ ਜਮੂਹਰੀਅਤ ਦੀ ਸਦੀ 'ਚ ਵਿਚਰ ਰਹੇ ਹਾਂ,ਜਿਥੇ ਬੈਠਕੇ ਅਸੀਂ ਸਮਾਜ ਦੀਆਂ ਇਹਨਾਂ ਕੌੜੀਆਂ ਸੱਚਾਈਆਂ 'ਤੇ ਵਿਚਾਰ ਵਿਟਾਦਰਾਂ ਕਰ ਸਕਦੇ ਹਾਂ,ਪਰ ਮੌਜੂਦਾ ਸਮੇਂ ਸੱਭਿਅਕ ਸਮਾਜ ਦੇ ਪਹਿਰੇਦਾਰ ਦੀ ਸਥਿਤੀ ਇਹ ਹੈ,ਉਹ ਪਸ਼ੂਆਂ,ਪੰਛੀਆਂ ਤੇ ਪ੍ਰਕਿਰਤੀ ਨੂੰ ਲੈਕੇ 'ਤੇ ਜ਼ਿਆਦਾ ਚਿੰਤਤ ਨਜ਼ਰ ਆ ਰਹੇ ਨੇ,ਪਰ ਇਕ ਹੱਡ ਮਾਸ ਦੇ ਬਣੇ ਮਨੁੱਖ ਨੂੰ ਅਛੂਤ ਕਹਿਕੇ ਨਕਾਰ ਦਿੰਦੇ ਹਨ।ਸਮਾਜ ਦੇ ਵਿਚਾਰਵਾਨ ਲੋਕਾਂ,"ਬੁੱਧੀਜੀਵੀਆਂ" ਤੇ ਮੀਡੀਏ ਦੀ ਅਜਿਹੀ ਹਾਲਤ ਵੇਖਕੇ ਲਗਦਾ ਹੈ ਕਿ ਜਿਵੇਂ ਰੋਮ ਨੂੰ ਲੱਗੀ ਅੱਗ 'ਚ ਨੀਰੋ ਬੰਸਰੀ ਵਜਾ ਰਿਹਾ ਹੋਵੇ।

-ਯਾਦਵਿੰਦਰ ਕਰਫਿਊ
ਜੇ. ਐਨ. ਯੂ, ਨਵੀਂ ਦਿੱਲੀ
ghulamkalam@ymail.com

09899436972

ਕਾਮਰੇਡਾਂ ਨੇ ਗੋਗੜਾਂ ਛੱਡੀਆਂ,ਚੰਦਰਾ... ਕਰਵਾਚੌਥ ਤੋਂ ਪਹਿਲਾਂ ਚੜ੍ਹਿਆ 'ਮਾਰਕਸੀ' ਚੰਦ...?


"ਔਰਤ ਪੈਦਾ ਨਹੀਂ ਹੁੰਦੀ ,ਔਰਤ ਬਣਾ ਦਿੱਤੀ ਜਾਂਦੀ ਹੈ"ਇਹ ਸਤਰ੍ਹਾਂ ਦੁਨੀਆਂ ਦੇ ਨਾਰੀਵਾਦੀ (ਫੈਮਨਿਸਟ) ਅੰਦੋਲਨ ਦੀ ਮਸ਼ਹੂਰ ਔਰਤ ਨੇਤਾ ਸਿਮੋਨ ਦੀ ਬੌਅਵਾਰ ਦੀਆਂ ਹਨ।ਇਹਨਾਂ ਸਤਰ੍ਹਾਂ ਨੂੰ ਸੁਣਕੇ ਮੈਂ ਹਮੇਸ਼ਾਂ ਦੁਖੀ ਤੇ ਭਾਵੁਕ ਹੁੰਦਾ ਰਿਹਾ ਹਾਂ।ਦੁਖੀ ਇਸ ਕਰਕੇ ਕੀ ਮੇਰੇ ਨਾਲ ਜੁੜੀਆਂ ਵੱਖ ਵੱਖ ਰਿਸ਼ਤਿਆਂ ਦੀਆਂ ਔਰਤਾਂ ਹਮੇਸ਼ਾਂ ਮਰਦਾਊ ਹੈਂਕੜ ਤੇ ਤਸ਼ੱਦਦ ਦਾ ਸ਼ਿਕਾਰ ਰਹੀਆਂ ਤੇ ਭਾਵੁਕ ਇਸ ਕਰਕੇ ਕਿ ਮੈਂ ਚੇਤਨ ਹੁੰਦਾ ਹੋਇਆ ਵੀ ਅਚੇਤਨ ਰਿਹਾ।ਇਹ ਸਤਰ੍ਹਾਂ ਚਾਹੇ ਇਕ ਹੋਂਦਵਾਦੀ ਵਿਚਾਰਧਾਰਾ ਨਾਲ ਸਬੰਧ ਰੱਖਣ ਵਾਲੀ ਔਰਤ ਦੀਆਂ ਸਨ,ਪਰ ਆਮ ਸਮਾਜ ਤੱਕ ਇਹ ਸਤਰ੍ਹਾਂ ਨੂੰ ਸਭਤੋਂ ਵੱਧ ਨਾਰੀਵਾਦੀਆਂ ਨੇ ਨਹੀਂ,ਸਗੋਂ ਮਾਰਕਸਵਾਦੀਆਂ ਨੇ ਪਹੁੰਚਾਇਆ।ਪਰ ਜਿਵੇਂ ਹਮੇਸ਼ਾਂ ਮਨੁੱਖ ਆਪਣੀਆਂ ਗੱਲਾਂ ਦੇ ਹਾਣ ਦਾ ਕਦੇ ਨਹੀਂ ਹੋ ਸਕਿਆ,ਉਸੇ ਤਰ੍ਹਾਂ ਕਾਮਰੇਡਾਂ ਨੇ ਵੀ ਸਮਾਜ ਨੂੰ ਥਿਊਰਾਈਜ਼(ਸਿਧਾਂਤੀਕਰਨ) ਕਰਨ 'ਚ ਕਾਫੀ ਅਹਿਮ ਭੂਮਿਕਾ ਨਿਭਾਈ ,ਪਰ ਅਮਲ 'ਚ ਲਿਆਉਣ 'ਚ ਹਮੇਸ਼ਾਂ ਅਸਮਰਥ ਰਹੇ।ਇਸ ਲਈ ਹੋਂਦਵਾਦੀ ਸਿਮੋਨ ਦੀਆਂ ਲਾਇਨਾਂ ਨੂੰ ਪ੍ਰਚਾਰਨ ਵਾਲੇ 'ਕਾਮਰੇਡ' ਆਪ ਹਮੇਸ਼ਾ ਮਰਦਾਊ ਪਿੱਤਰਸੱਤਾ ਤੋਂ ਦੂਰ ਨਹੀਂ ਹੋ ਸਕੇ।

ਮੈਂ ਪੱਤਰਕਾਰੀ ਨਾਲ ਜੁੜਿਆ ਹੋਇਆ ਬੰਦਾ ਹਾਂ,ਇਸ ਲਈ ਵੱਡੀ ਤੋਂ ਵੱਡੀ ਘਟਨਾ ਮੇਰੇ ਲਈ ਹਮੇਸ਼ਾ ਖ਼ਬਰ ਬਣਕੇ ਰਹਿ ਜਾਂਦੀ ਹੈ।ਮੌਜੂਦਾ ਸਮੇਂ ਖ਼ਬਰ ਤੇ ਪੱਤਰਕਾਰ ਦਾ ਰਿਸ਼ਤਾ ਹੀ ਕੁਝ ਇਸ ਤਰ੍ਹਾਂ ਹੋ ਗਿਆ ਹੈ,ਕਿ ਪੱਤਰਕਾਰ ਸੰਵੇਦਨਹੀਣ ਹੁੰਦੇ ਜਾ ਰਹੇ ਹਨ,ਪਰ ਕੁਝ ਖ਼ਬਰਾਂ ਅੱਜ ਵੀ ਕਿਸੇ ਕਿਸੇ ਪੱਤਰਕਾਰ ਨੂੰ ਭਾਵੁਕ ਕਰ ਦਿੰਦੀਆਂ ਨੇ।ਮੈਨੂੰ ਵੀ ਕਰਵਾਚੌਥ ਤੋਂ ਇਕ ਦਿਨ ਪਹਿਲਾਂ ਆਈ ਖ਼ਬਰ ਨੇ,ਬੜਾ ਭਾਵੁਕ ਕੀਤਾ।ਜ਼ਿਆਦਾ ਇਸ ਕਰਕੇ ਵੀ ਕਿ ਮੈਂ ਉਸ ਖ਼ਬਰ ਦੀ ਪੀੜਤ ਔਰਤ ਨੂੰ ਨਿਜੀ ਤੌਰ 'ਤੇ ਜਾਣਦਾ ਸੀ।ਖ਼ਬਰ ਸੀ,ਸੀ.ਪੀ.ਆਈ.(ਐੱਮ) ਦੀ ਪੰਜਾਬ ਇਕਾਈ ਦੇ ਜਨਰਲ ਸਕੱਤਰ 'ਕਾਮਰੇਡ' ਬਲਵੰਤ ਸਿੰਘ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਗਿਆ ਹੈ।ਮੁਅੱਤਲੀ ਲਈ ਗੰਭੀਰ ਇਲਜ਼ਾਮ ਸਨ,ਕਿਸੇ ਵਿਧਵਾ ਔਰਤ ਨਾਲ ਸ਼ਰਾਬ ਪੀਕੇ ਬਦਸਲੂਕੀ ਕਰਨ ਦਾ।ਵੈਸੇ ਇਹ ਇਲਜ਼ਾਮ ਕਿਸੇ ਕਮਿਊਨਿਸਟ ਪਾਰਟੀ ਦਾ ਕੋਈ ਨਵਾਂ ਵਰਤਾਰਾ ਨਹੀਂ,ਬਲਕਿ ਪਹਿਲਾਂ ਵੀ ਅਜਿਹੇ ਇਲਜ਼ਾਮਾਂ ਦਾ ਇਤਿਹਾਸ ਕਾਫੀ ਪੁਰਾਣਾ ਹੈ।ਅਜਿਹੇ ਇਲਜ਼ਾਮ ਕਿਸੇ ਹੋਰ ਪਾਰਟੀ 'ਤੇ ਲੱਗੇ ਹੁੰਦੇ ਤਾਂ ਸ਼ਾਇਦ ਏਨੀ ਚਰਚਾ ਦਾ ਵਿਸ਼ਾ ਨਹੀਂ ਬਣਨਾ ਸੀ।ਇਲਜ਼ਾਮ ਮਾਰਕਸਵਾਦੀ ਪੁਸ਼ਤਪਨਾਹੀ ਦੀ ਸਭ ਤੋਂ ਵੱਡੀ ਦਾਅਵੇਦਾਰ ਕੁਹਾਉਂਦੀ ਪਾਰਟੀ ਦੇ ਵੱਡੇ ਦਾਅਵੇਦਾਰ 'ਤੇ ਲੱਗੇ ਸਨ।ਇਲਜ਼ਾਮ ਲੱਗਣ ਤੋਂ ਬਾਅਦ ਵੀ ਜਿਸ ਤਰ੍ਹਾਂ ਉਸ ਪਾਰਟੀ ਦਾ ਰਵੱਈਆ ਰਿਹਾ,ਉਹ ਇਲਜ਼ਾਮਾਂ ਤੋਂ ਵੀ ਸੰਦੇਹਪੂਰਨ ਸੀ।ਪਾਰਟੀ ਵਲੋਂ ਪ੍ਰੈਸ ਸਾਹਮਣੇ ਸਿਰਫ ਏਨਾ ਕਿਹਾ ਗਿਆ,ਕਿ ਬਲਵੰਤ ਸਿੰਘ 'ਤੇ ਗੰਭੀਰ ਇਲਜ਼ਾਮ ਨੇ,ਪਰ ਸਵਾਲ ਪੈਦਾ ਹੁੰਦਾ ਹੈ, ਕਿ ਪਾਰਟੀ ਨੇ ਇਹਨਾਂ ਸਾਰੇ ਗੰਭੀਰ ਇਲਜ਼ਾਮਾਂ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਿਉਂ ਕੀਤੀ।ਕੀ ਸਿਰਫ ਵੋਟਾਂ ਦੇ ਨੁਕਸਾਨ ਨੂੰ ਵੇਖਦਿਆਂ ਕਾਮਰੇਡਾਂ ਨੇ ਆਪਣੀ ਪਿੱਤਰਸਤਾ ਵਿਰੋਧੀ ਲੜਾਈ ਨੂੰ ਮੱਠਾ ਕਰ ਦਿੱਤਾ।ਕੀ ਪਿੱਤਰਸੱਤਾ ਵਿਰੁੱਧ ਲੜਨ ਦਾ ਸਬਕ ਸਿਰਫ 'ਬਾਹਰਲਿਆਂ' ਨੂੰ ਹੀ ਸਿਖਾਉਣਾ ਹੈ।ਸੀ.ਪੀ.ਆਈ.ਐੱਮ 'ਚੋਂ ਕੁਝ ਸਮਾਂ ਪਹਿਲਾਂ ਕੱਢੇ ਆਗੂ ਮੰਗਤ ਰਾਮ ਪਾਸਲਾ ਨੇ ਇਸ ਘਟਨਾ ਤੋਂ ਬਾਅਦ ਕਿਹਾ,ਕਿ ਪਾਰਟੀ 'ਚ ਅਜਿਹੇ ਵਰਤਾਰੇ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਉਹ ਕਾਮਰੇਡ ਹਰਕ੍ਰਿਸ਼ਨ ਸਰਜੀਤ ਤੇ ਪਾਰਟੀ ਕੋਲ ਕਰ ਚੱਕੇ ਸਨ,ਪਰ ਕੋਈ ਕਾਰਵਾਈ ਨਹੀਂ ਹੋਈ ,ਸਗੋਂ ਉਹਨਾਂ ਨੂੰ ਨਿਸ਼ਾਨਾ ਬਣਾਕੇ ਬਾਹਰ ਦਾ ਰਾਸਤਾ ਵਿਖਾਇਆ ਗਿਆ।ਦਅਰਸਲ ,ਸਵਾਲ ਸਿਰਫ ਇਸ ਘਟਨਾ ਦਾ ਨਹੀਂ,ਬਲਕਿ ਉਸ ਪਿੱਤਰਸੱਤਾ ਦਾ,ਜੋ ਇਹਨਾਂ ਅਗਾਂਹਵਧੂ ਕਹਾਉਂਦੀਆਂ ਤਮਾਮ ਕਮਿਊਨਿਸਟ ਪਾਰਟੀਆਂ(ਖਾਸ ਕਰ ਲੀਡਰਸ਼ਿਪ) 'ਤੇ ਭਾਰੂ ਹੈ। ਅਜਿਹੀਆਂ ਘਟਨਾਵਾਂ ਦਾ ਵਰਤਾਰਾ ਸਿਰਫ ਮੁੱਖਧਾਰਾ ਦੇ ਕਮਿਊਨਿਸਟਾਂ 'ਚ ਨਹੀਂ ,ਬਲਕਿ ਪਿੱਤਰਸੱਤਾ ਦੀ ਇਹ ਸੱਤਾ ਸੰਸਦੀ ਧਾਰਾ ਨੂੰ ਰੱਦ ਕਰਕੇ ਅੰਡਰਗਰਾਊਂਡ ਹੋਈਆਂ ਨਕਸਲੀ ਪਾਰਟੀਆਂ 'ਤੇ ਵੀ ਭਾਰੂ ਹੈ।ਔਰਤ ਨੂੰ ਅੱਧੀ ਧਰਤੀ ਤੇ ਅੱਧੇ ਅਕਾਸ਼ ਦੀ ਦਾਅਵੇਦਾਰ ਕਹਿਣ ਵਾਲੀਆਂ ਇਹਨਾਂ ਪਾਰਟੀਆਂ ਦੀ ਲੀਡਰਸ਼ਿਪ ਅੰਦਰ ਔਰਤਾਂ ਦੀ ਗਿਣਤੀ ਨਾਂਮਾਤਰ ਹੈ।


ਕੁਝ ਯਾਦਾਂ ਬੜੀਆਂ ਇਤਿਹਾਸਕ ਹੁੰਦੀਆਂ ਹਨ,ਅਜਿਹੀ ਹੀ ਮੁੱਦੇ ਨਾਲ ਜੁੜਦੀ ਇਕ ਯਾਦ ਮੈਨੂੰ ਇਤਿਹਾਸ ਵਾਂਗ ਦਹੁਰਾਉਣੀ ਪੈ ਰਹੀ ਹੈ।ਜਿਸਨੂੰ ਦੁਹਰਾਉਣ ਦੀ ਮੈਨੂੰ ਕਾਫੀ ਜ਼ਰੂਰਤ ਲੱਗ ਰਹੀ ਹੈ।ਮੈਂ ਜਦੋਂ ਪਿੰਡ ਸੀ ਤਾਂ ਇਕ ਸ਼ਾਮ ਖੇਤ ਪਾਣੀ ਲਾਉਂਦੇ ਨੂੰ ਮੈਨੂੰ ਕਾਫੀ ਹਨੇਰਾ ਹੋ ਗਿਆ।ਸਰਦੀਆਂ ਤੋਂ ਪਹਿਲਾਂ ਦੀ ਉਸ ਅਧਠੰਡੀ ਸੁੰਨਸਾਨ ਰਾਤ 'ਚ ਮੈਂ ਖੇਤੋਂ ਘਰ ਵਾਪਸ ਆ ਰਿਹਾ ਸੀ ਤਾਂ ਰਾਤ ਦੇ ਗਿਆਰਾਂ-ਬਾਰ੍ਹਾਂ ਵਜੇ ਇਕ ਬਾਬਾ ਪਿੰਡ ਦੀ ਸੱਥ 'ਚ ੳੁੱਚੀ ੳੁੱਚੀ ਬੋਲ ਰਿਹਾ ਸੀ..ਕਾਮਰੇਡਾਂ ਨੇ ਗੋਗੜਾਂ ਛੱਡੀਆਂ ਚੰਦਰਾ ਜ਼ਮਾਨਾ ਆ ਗਿਆ..ਕਾਮਰੇਡਾਂ ਨੇ..? ਮੈਂ ਬਚਪਨ ਤੋਂ ਸੁਣਦਾ ਆ ਰਿਹਾ ਸੀ ਕਿ ਇਹ ਬਾਬਾ ਕਿਸੇ ਸਮੇਂ ਕਾਮਰੇਡਾਂ ਨਾਲ ਹੁੰਦਾ ਸੀ।ਮੈਂ ਜਦੋਂ ਵੀ ਬਾਬੇ ਨੂੰ ਵੇਖਦਾ ਸਾਂ,ਹਮੇਸ਼ਾ ਉਸਦੇ ਚਿਹਰੇ 'ਤੇ ਇਕ ਅਜੀਬ ਜਿਹੀ ਚੁੱਪ ਹੁੰਦੀ।ਬਾਬੇ ਦੇ ਮੱਥੇ ਦੀਆਂ ਤਿਉੜੀਆਂ ਨੂੰ ਵੇਖਕੇ ਲਗਦਾ ਜ਼ਿਵੇਂ ਇਹ ਤੂਫਾਨ ਤੋਂ ਪਹਿਲਾਂ ਆਉਣ ਵਾਲੀ ਚੁੱਪ ਹੋਵੇ।ਉਸ ਰਾਤ ਜਦੋਂ ਮੈਂ ਬਾਬੇ ਕੋਲ ਗਿਆ ਤਾਂ ਬਾਬੇ ਦੀ ਕਾਫੀ ਸ਼ਰਾਬ ਪੀਤੀ ਹੋਈ ਸੀ।ਸਧਾਰਨ ਜਿਹੇ ਉਸ ਬਾਬੇ ਦੇ ਮੂੰਹ 'ਚੋਂ ਉਸ ਦਿਨ 5-7 ਵਾਦਾਂ ਵਿਵਾਦਾਂ ਵਾਲੇ ਭਾਰੇ ਭਾਰੇ ਸ਼ਬਦ ਨਿਕਲ ਰਹੇ ਸਨ ਤੇ ਉਹ ਵਾਰ ਦੁਹਰਾਅ ਰਹੇ ਸਨ..ਕਾਮਰੇਡਾਂ ਨੇ ਗੋਗੜਾਂ..।ਲਾਇਨਾਂ ਦਹਰਾਉਂਦੇ ਦਹਰਾਉਂਦੇ ਇਕਦਮ ਬੋਲੇ ,"ਮਕੈਨੀਕਲ ਹੋ ਗਏ ਨੇ ਇਹ ਸਾਰੇ ਦੇ ਸਾਰੇ...,ਰਾਜਨੀਤੀ ਗੋਗੜ ਛੱਡਣ ਲੱਗੀ ਆ ਇਹਨਾਂ ਦੀ...,ਜਗੀਰ ਬਣ ਗਈਆਂ ਨੇ ਪਾਰਟੀਆਂ, ਭਾਰੂ ਪੈਣ ਲੱਗੀ ਆ ਪਿੱਤਰਸੱਤਾ..ਤਿੱਤਰਸਤਾ.. ਬਾਬੇ ਦੀ ਜ਼ੁਬਾਨ ਲੜਖੜਾਉਣ ਲੱਗੀ।ਖੈਰ,ਇਹ ਸਭ ਕੁਝ ੳਦੋਂ ਮੇਰੇ ੳੁੱਪਰੋਂ ਲੰਘ ਰਿਹਾ ਸੀ।ਫਿਰ ਇਕ ਲੰਮੀ ਚੁੱਪ ਤੋਂ ਬਾਅਦ ਉਹ ਬੋਲੇ ,ਤੂੰ "ਏਂਗਲਜ਼" ਨੂੰ ਜਾਣਦਂੈ।ਮੈਂ ਬਿਨਾਂ ਸੋਚੇ ਕਿਹਾ,ਨਾ।ਮੈਂ ਸੋਚਿਆ ਬਾਬਾ ਪਤਾ ਨਹੀਂ ਕਿਸ ਸ਼ੈਅ ਦਾ ਨਾਂਅ ਲੈ ਰਿਹੈ।ਮੈਂ ਸੋਚ ਹੀ ਰਿਹਾ ਸਾਂ,ਕਿ ਬਾਬਾ ਫਿਰ ਆਪਣੇ ਅਚੇਤ ਜਿਹੇ 'ਚੋਂ ਬੋਲਿਆ,ਏਂਗਲਜ਼ ਨੇ ਕਿਹਾ ਸੀ"ਇਸ ਦੁਨੀਆਂ 'ਤੇ ਜੇ ਕਿਸੇ ਵਰਗ ਦੁਆਰਾ ਦੂਜੇ ਵਰਗ ਦਾ ਸਭਤੋਂ ਪਹਿਲਾਂ ਸ਼ੋਸ਼ਣ ਕੀਤਾ ਗਿਐ ਤਾਂ ਉਹ ਮਰਦ ਵਲੋਂ ਔਰਤ ਦਾ ਸ਼ੋਸ਼ਣ ਸੀ" ਤੇ ਇਹ ਅੱਜ ਵੀ ਜਾਰੀ ਹੈ।ਮੈਨੂੰ ਪਤਾ ਨਹੀਂ ਲੱਗਿਆ,ਕਿਸਨੇ ਕਿਹਾ,ਕਿਉਂ ਕਿਹਾ,ਕਿਹੜੇ ਵਰਗ।ਬਾਬਾ ਲਗਾਤਾਰ ਬੋਲੀ ਰਿਹਾ ਸੀ,"ਬਾਹਰਲੀ ਲੜਾਈ ਲੜੀ ਜਾਓ,ਵਰਗ ਦੁਸ਼ਮਣ ਲੱਭ ਲਓ,"ਅੰਦਰੂਨੀ" ਲੜਾਈ ਨਾ ਲੜਿਓ..,ਔਰਤ ਨੂੰ 'ਔਰਤ' ਬਣਾਉਣ ਦਾ ਸਿਲਸਿਲਾ ਪਤਾ ਨਹੀਂ ਕਦੋਂ ਰੁਕੂ...? ਫਿਰ ਬਾਬੇ ਦੇ ਜ਼ਿਵੇਂ ਸਾਰੇ ਸਾਹ ਸੱਤੂ ਮੁੱਕ ਗਏ ਹੋਣ।ਬਾਬਾ ਸ਼ਾਂਤ ਹੋ ਗਿਆ ਤੇ ਸੱਥ 'ਚ ਹੀ ਸੌਣ ਦਾ ਮੂਡ ਬਣਾਕੇ ਨਿਢਾਲ ਹੋ ਗਿਆ।ਬਾਬਾ ਕਾਫੀ ਭਰਿਆ ਪਿਆ ਸੀ,ਬਸ ਸਭ ਕੁਝ ਟੁੱਟਵਾਂ ,ਉਲਝਵਾਂ ਬੋਲ ਰਿਹਾ ਸੀ,ਟੁੱਟਦੇ ,ਉਲਝਦੇ ਬਾਬੇ ਨੂੰ ਨਸ਼ੇ ਨੇ ਬਿਲਕੁਲ ਤੋੜ ਦਿੱਤਾ।ਉਹ ਦਿਨ ਤੋਂ ਹੁਣ ਤੱਕ ਮੈਂ ਸੰਵੇਦਨਸ਼ੀਲ ਪਿੰਡੋਂ ਸੰਵੇਦਨਹੀਣ ਮੈਟਰੋ ਸ਼ਹਿਰ 'ਚ ਪਹੁੰਚ ਗਿਆ।ਹੋਰ ਬੜਾ ਕੁਝ ਬਦਲ ਗਿਆ।ਉਹ ਬਾਬਾ ਵੀ ਨਹੀਂ ਰਿਹਾ।ਇਸ ਘਟਨਾ ਦੇ ਬਹਾਨੇ ਮੇਰੇ ਉਹ ਦਿਨ ਤਾਜ਼ਾ ਹੋ ਗਿਆ,ਕਿਉਂਕਿ ਉਹ ਵੀ ਕਰਵਾਚੌਥ ਦਾ ਦਿਨ ਸੀ ਤੇ ਪਿੰਡ ਦੀਆਂ ਨਵ-ਵਿਆਹੀਆਂ ਕੋਠਿਆਂ 'ਤੇ ਖੜ੍ਹੀਆਂ ਆਪਣੇ ਆਪਣੇ 'ਚੰਦ' ਨੂੰ ਅਰਗ ਦੇ ਰਹੀਆਂ ਸਨ।

-ਯਾਦਵਿੰਦਰ ਕਰਫਿਊ
ਜੇ. ਐਨ. ਯੂ, ਨਵੀਂ ਦਿੱਲੀ
ghulamkalam@ymail.com

09899436972

ਦਿੱਲੀ ਧਮਾਕੇ,ਜਾਮੀਆ ਨਗਰ ਐਨਕਾਉਂਟਰ ਤੇ ਸਵਾਲ ਦਰ ਸਵਾਲ

ਦਿੱਲੀ 'ਚ ਹੋਏ ਲੜੀਵਾਰ ਧਮਾਕਿਆਂ 'ਚ ਕਈ ਬੇਕਸੂਰ ਲੋਕ ਮਾਰੇ ਗਏ ਤੇ ਕਈਆਂ ਨੇ ਆਪਣੇ ਬਹੁਤ ਹੀ ਨਜ਼ਦੀਕੀਆਂ ਨੂੰ ਗੁਆਇਆ।ਬਿਨਾ ਸ਼ੱਕ ਸਾਰੇ ਹੀ ਇਨਸਾਨੀਅਤ ਪਸੰਦ ਲੋਕਾਂ ਵਲੋਂ ਇਹਨਾਂ ਧਮਾਕਿਆਂ ਕਰਨ ਵਾਲੀਆਂ ਮਨੁੱਖਤਾ ਵਿਰੋਧੀ ਤਾਕਤਾਂ ਦੀ ਨਿੰਦਿਆ ਕੀਤੀ ਗਈ।ਇਹਨਾਂ ਧਮਾਕਿਆਂ ਤੋਂ ਬਾਅਦ ਜੋ ਘਟਨਾ ਸਭ ਤੋਂ ਅਹਿਮ ਵਾਪਰੀ ,ਉਹ ਸੀ ਦਿੱਲੀ ਦੇ ਜਾਮੀਆ ਨਗਰ 'ਚ ਬਾਟਲਾ ਹਾਊਸ ਦੀ ਐਲ-18 ਇਮਾਰਤ 'ਚ ਹੋਇਆ "ਐਨਕਾਊਂਟਰ"।ਇਸ "ਐਨਕਾਊਂਟਰ" ਤੋਂ ਬਾਅਦ ਦਿੱਲੀ ਪੁਲਿਸ ਵਲੋਂ ਦਾਅਵਾ ਕੀਤਾ ਗਿਆ ਕਿ ਇਸ ਇਮਾਰਤ 'ਚ ਉਹੀ "ਅੱਤਵਾਦੀ" ਸਨ,ਜਿਨ੍ਹਾਂ ਦਾ ਹੱਥ ਦਿੱਲੀ ਧਮਾਕਿਆਂ 'ਚ ਸੀ।ਇਹਨਾਂ ਨੂੰ "ਸਿਮੀ" ਭਾਵ ਸਟੂਡੈਂਟ ਇਸਲਾਮਿਕ ਮੂਵਮੈਂਟ ਆਫ ਇੰਡੀਆ ਤੋਂ ਵੱਖ ਹੋਈ ਜਥੇਬੰਦੀ "ਇੰਡੀਅਨ ਮੁਜ਼ਾਹੀਦੀਨ" ਦੇ ਮੈਂਬਰ ਕਿਹਾ ਗਿਆ।ਇਸ "ਐਨਕਾਊਂਟਰ" ਤੋਂ ਬਾਅਦ ਕਈ ਮਨੁੱਖੀ ਅਧਿਕਾਰ ਜਥੇਬੰਦੀਆਂ,ਰਾਜਨੀਤਿਕ ਪਾਰਟੀਆਂ ਤੇ ਪੂਰੇ ਦੇਸ਼ ਦੇ ਬੁੱਧੀਜੀਵੀਆਂ ਨੇ ਸਰਕਾਰ ਤੇ ਪੁਲਿਸ ਦੀ ਕਾਰਵਾਈ 'ਤੇ ਕਈ ਸਵਾਲ ਖੜ੍ਹੇ ਕੀਤੇ।"ਐਨਕਾਊਂਟਰ" 'ਤੇ ਅਜਿਹੀ ਪ੍ਰਤੀਕਿਰਿਆ ਸਮਾਜ ਦੇ ਇਕੱਲੇ ਅਜਿਹੇ ਵਰਗ ਦੀ ਨਹੀਂ,ਬਲਕਿ ਦੇਸ਼ ਦੇ ਮੁਸਲਿਮ ਭਾਈਚਾਰੇ ਵਲੋਂ ਵੀ ਧਮਾਕਿਆਂ ਦੀ ਨਿੰਦਿਆ ਕਰਦੇ ਹੋਏ "ਐਨਕਾਊਂਟਰ" ਨੂੰ ਪੁਲਿਸ ਤੇ ਸਰਕਾਰ ਵਲੋਂ ਘੱਟਗਿਣਤੀਆਂ ਦੀ ਨਸਲਕੁਸ਼ੀ ਦਾ ਸੰਦ ਕਰਾਰ ਦਿੱਤਾ।ਵੱਖ ਵੱਖ ਮੁਸਲਿਮ ਜਥੇਬੰਦੀਆਂ ਵਲੋਂ ਇਸਨੂੰ ਫ਼ਰਜ਼ੀ "ਐਨਕਊਂਟਰ" ਕਹਿੰਦੇ ਹੋਏ ਮਾਮਲੇ ਦੀ ੳੁੱਚ ਪੱਧਰੀ ਜੁਡੀਸ਼ੀਅਲ ਜਾਂਚ ਦੀ ਵੀ ਮੰਗ ਕੀਤੀ ਜਾ ਰਹੀ ਹੈ।

ਅਸਲ 'ਚ ਦਿੱਲੀ ਦੇ ਧਮਾਕਿਆਂ ਤੋਂ ਜਾਮੀਆ ਨਗਰ ਤੱਕ ਦੇ "ਐਨਕਾਊਂਟਰ" ਨੇ ਆਪਣੇ ਰਸਤੇ 'ਚ ਕਈ ਅਜਿਹੇ ਅਣਸੁਲ਼ਝੇ ਸਵਾਲ ਛੱਡੇ,ਜਿਨ੍ਹਾਂ ਬਾਰੇ ਸੋਚਕੇ ਹਰ ਕਿਸੇ ਦੇ ਮਨ 'ਚ ਸ਼ੱਕ ਪੈਦਾ ਹੋਣੇ ਲਾਜ਼ਮੀ ਸੀ।ਮੀਡੀਆ ਵਲੋਂ ਦਿਖਾਈਆਂ ਖ਼ਬਰਾਂ ਮੁਤਾਬਕ ਦਿੱਲੀ ਪੁਲਿਸ ਨੇ ਲੜੀਵਾਰ ਧਮਾਕਿਆਂ ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਸਕੈਚ ਜਾਰੀ ਕੀਤੇ,ਉਹ ਦਾੜੀਆਂ ਵਾਲੇ 25 ਤੋਂ 30 ਸਾਲ ਦੀ ੳਮਰ ਦੇ ਨੌਜਵਾਨ ਸਨ,ਜਦੋਂ ਕਿ ਇਸ "ਐਨਕਾਊਂਟਰ" 'ਚ ਮਾਰੇ ਗਏ,ਜਾਮੀਆ ਯੂੁਨੀਵਰਸਿਟੀ ਦੇ 17 ਸਾਲ ਮੁਹੰਮਦ ਸਾਜ਼ਿਦ ਤੇ ਆਤਿਫ਼ ਅਮੀਨ ਵਰਗੇ ਵਿਦਿਆਰਥੀ ਛੋਟੀ ਉਮਰ ਤੇ ਬਿਲਕੁਲ ਕਲੀਨ ਸੇਵ ਸਨ।ਇਸੇ ਤਰ੍ਹਾਂ ਵੇਖਣ ਨੂੰ ਮਿਲਿਆ ਕਿ ਧਮਾਕਿਆਂ ਤੋਂ ਪਹਿਲਾਂ ਤੌਕੀਰ ਤੇ ਅੱਬੂ ਬਸ਼ੀਰ ਨੂੰ "ਮਾਸਟਰਮਾਈਂਡ" ਦੱਸਿਆ ਜਾ ਰਿਹਾ ਸੀ,ਪਰ ਬਾਅਦ 'ਚ ਐਨਕਾਊਂਟਰ 'ਚ ਮਾਰੇ ਗਏ ਸਾਜ਼ਿਦ ਤੇ ਆਤਿਫ ਨੂੰ ਦਿੱਲੀ ਪੁਲਿਸ ਵਲੋਂ "ਮਾਸਟਰਮਾਈਂਡ" ਕਿਹਾ ਗਿਆ।ਇਕ ਤੱਥ ਇਹ ਵੀ ਸਾਹਮਣੇ ਆਇਆ ਕਿ ਜੈਪੁਰ ਤੋਂ ਦਿੱਲੀ ਧਮਾਕਿਆਂ ਤੱਕ ਦਿੱਲੀ,ਮੁੰਬਈ ਤੇ ਗੁਜਰਾਤ ਪੁਲਿਸ ਦੀਆਂ ਬਿਆਨਬਾਜ਼ੀਆਂ ਇਕ ਦੂਜੇ ਦੇ ਵਿਰੋਧੀ ਸਨ,ਕਿਉਂਕਿ ਮੁੰਬਈ,ਦਿੱਲੀ ਤੇ ਗੁਜਰਾਤ ਪੁਲਿਸ ਵੱਖ ਵੱਖ ਤਰ੍ਹਾਂ ਦੀਆਂ ਦਲੀਲਾਂ ਨਾਲ ਆਪਣੇ ਆਪਣੇ "ਮਾਸਟਰਮਾਈਂਡ" ਤਿਆਰ ਕਰ ਰਹੀਆਂ ਸਨ।ਇਥੇ ਹੀ ਬੱਸ ਨਹੀਂ,ਜਾਮੀਆ ਦੇ "ਐਨਕਾਊਂਟਰ" 'ਚ ਪੁਲਿਸ ਦੇ ਤਰੀਕਿਆਂ ਤੇ ਰਵੱਈਏ ਨੇ ਵੀ ਨਵੇਂ ਵਿਵਾਦਾਂ ਨੂੰ ਜਨਮ ਦਿੱਤਾ।ਪੁਲਿਸ ਦੀ ਦਲੀਲ ਮੁਤਾਬਕ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ 'ਤੇ ਹੀ,ਸਪੈਸ਼ਲ ਸ਼ੈੱਲ ਦੇ ਇੰਸਪੈਕਟਰ ਮੋਹਨ ਚੰਦ ਸ਼ਰਮਾ ਇਸ ਇਮਾਰਤ 'ਚ ਗਏ ਤੇ ਅੱਗਿਓਂ "ਅੱਤਵਾਦੀਆਂ" ਨੇ ਜਦੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜਵਾਬੀ ਕਾਰਵਾਈ 'ਚ ਪੁਲਿਸ ਨੂੰ ਗੋਲੀਆਂ ਚਲਾੳਣੀਆਂ ਪਈਆਂ,ਜਿਸ 'ਚ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੀ ਛਾਤੀ 'ਚ ਤਿੰਨ ਗੋਲੀਆਂ ਲੱਗੀਆਂ ਤੇ ਉਹਨਾਂ ਦੇ ਨਾਲ ਹੌਲਦਾਰ ਬਲਵੰਤ ਸਿੰਘ ਨੂੰ ਵੀ ਗੋਲੀ ਲੱਗੀ,ਜਿਸਤੋਂ ਬਾਅਦ ਇੰਸਪੈਕਟਰ ਦੀ ਮੌਤ ਹੋ ਗਈ।ਇਸੇ ਦੇ ਤਹਿਤ ਪੁਲਿਸ ਵਲੋਂ ਕਿਹਾ ਗਿਆ ਕਿ ਇਸ ਇਮਾਰਤ 'ਚ 5 ਅੱਤਵਾਦੀ ਸਨ,ਜਿਨ੍ਹਾਂ 'ਚੋਂ 2 ਨੂੰ ਮੌਕੇ 'ਤੇ ਢੇਰ, 1 ਨੂੰ ਗ੍ਰਿਫਤਾਰ ਤੇ 2 ਭੱਜਣ 'ਚ ਫਰਾਰ ਹੋ ਗਏ।ਪੁਲਿਸ ਵਲੋਂ ਇਹ ਵੀ ਕਿਹਾ ਗਿਆ ਕਿ ਇਸ ਇਮਾਰਤ ਦੇ ਕੇਅਰਟੇਕਰ ਤੇ ਇਹਨਾਂ "ਅੱਤਵਾਦੀਆਂ" ਨੇ ਆਪਣੀ ਪਹਿਚਾਣ ਦਾ ਕੋਈ ਵੀ ਦਸਤਾਵੇਜ਼ ਜਾਮੀਆ ਨਗਰ ਦੇ ਥਾਣੇ 'ਚ ਜਮ੍ਹਾਂ ਨਹੀਂ ਕਰਵਾਇਆ ਸੀ।ਪੁਲਿਸ ਨੇ ਇਹਨਾਂ ਲੋਕਾਂ ਕੋਲ ਹਥਿਆਰ ਤੇ ਲੈਪਟੋਪ 'ਚ ਧਮਾਕਿਆਂ ਕਰਨ ਦੀ ਯੋਜਨਾ ਦੇ ਦਸਤਾਵੇਜ਼ 'ਤੇ ਕਈ ਹੋਰ ਅਹਿਮ ਸਬੂਤ ਮਿਲਣ ਦੀ ਗੱਲ ਵੀ ਕਹੀ ।

ਦਿੱਲੀ ਪੁਲਿਸ ਦੇ ਇਹਨਾਂ ਸਬੂਤਾਂ ਨੂੰ ਦੇਸ਼ ਦੀਆਂ ਦੋ ਮਸ਼ਹੂਰ ਸੁਤੰਤਰ ਮਨੁੱਖੀ ਅਧਿਕਾਰ ਜਥੇਬੰਦੀਆਂ ਪੀ.ਯੂ.ਡੀ.ਆਂਰ. ਤੇ ਪੀ.ਯੂ.ਸੀ.ਐਲ਼. ਤੋਂ ਇਲਾਵਾ ਹੋਰ ਵੀ ਕਈ ਬੁੱਧਜੀਵੀਆਂ ਨੇ ਸਵਾਲਾਂ ਦੇ ਕਟਿਹਰੇ 'ਚ ਖੜ੍ਹਾ ਕੀਤਾ।ਇਹਨਾਂ ਸੰਸਥਾਵਾਂ ਮੁਤਾਬਕ ਇਮਾਰਤ ਦੇ ਜਿਸ ਫਲੈਟ 'ਚ ਐਨਕਾਊਂਟਰ ਹੋਇਆ ,ਉਹ ਆਲੇ ਦੁਆਲਿਓ ਪੂਰੀ ਤਰ੍ਹਾਂ ਬੰਦ ਸੀ ਤੇ ਨਿਕਲਣ ਲਈ ਕੋਈ ਰਸਤਾ ਨਹੀਂ ਸੀ।ਇਸ ਲਈ 2 "ਅੱਤਵਾਦੀ" ਕਿਵੇਂ ਭੱਜੇ।ਜਿਨ੍ਹਾਂ 2 ਨੌਜਵਾਨਾਂ ਨੂੰ ਪੁਲਿਸ ਵਲੋਂ ਭੱਜਿਆ ਦੱਸਿਆ ਗਿਆ ,ਉਹਨਾਂ 'ਚੋਂ ਜਾਸ਼ੀਨ ,ਜੋ ਆਈ.ਆਈ.ਪੀ.ਐਮ. ਦੀ ਦਾਖਿਲਾ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ,ਉਸਨੇ "ਐਨਕਾਊਂਟਰ" ਤੋਂ ਬਾਅਦ "ਹੈੱਡਲਾਇਨ ਟੂਡੇ" ਚੈਨਲ 'ਤੇ ਜਾਕੇ ਆਪਣਾ ਇੰਟਰਵਿਊ ਦਿੱਤੀ,ਜਿਸਨੂੰ ਵੀ ਪੁਲਿਸ ਵਲੋਂ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।ਪੁਲਿਸ ਵਲੋਂ ਕਿਹਾ ਗਿਆ ਸੀ ਕਿ ਇੰਸਪੈਕਟਰ ਸ਼ਰਮਾ ਦੀ ਮੌਤ ਛਾਤੀ 'ਚ 3 ਗੋਲੀਆਂ ਲੱਗਣ ਨਾਲ ਹੋਈ ਹੈ,ਜਦੋਂ ਕਿ ਪੋਸਟਮਾਰਟਮ ਦੀ ਰਿਪੋਰਟ 'ਚ ਛਾਤੀ 'ਚ ਕੋਈ ਵੀ ਗੋਲੀ ਨਾ ਲੱਗਣ ਦੀ ਗੱਲ ਸਾਬਿਤ ਹੋ ਚੁੱਕੀ ਹੈ।ਰਿਪੋਟਰ ਮੁਤਾਬਕ ਗੋਲੀਆਂ ਮੋਡੇ ਤੇ ਪਿੱਠ 'ਤੇ ਲੱਗੀਆਂ ਹੋਈਆਂ ਸਨ,ਜੋ ਗੋਲੀਆਂ ਪਿਛਲੇ ਪਾਸਿਓਂ ਵੱਜਣ ਵੱਲ ਇਸ਼ਾਰਾ ਕਰਦੀਆਂ ਹਨ।ਇਸੇ ਸਬੰਧੀ ਇੰਡੀਆ ਟੂਡੇ ਗਰੁੁੱਪ ਦੀ ਅਖ਼ਬਾਰ "ਮੇਲ ਟੂਡੇ" ਨੇ ਵੀ "ਐਨਕਾਊਂਟਰ" ਤੋਂ ਦੂਜੇ ਦਿਨ ਆਪਣੇ ਮੁੱਖ ਪੇਜ 'ਤੇ ਇਕ ਤਸਵੀਰ ਛਾਪੀ ਸੀ,ਜਿਸ 'ਚ "ਐਨਕਾੳਂੁਟਰ" ਤੋਂ ਬਾਅਦ ਉਹਨਾਂ ਦੀ ਛਾਤੀ 'ਤੇ ਕੋਈ ਵੀ ਲਹੂ ਦਾ ਦਾਗ ਨਹੀਂ ਸੀ।ਇੰਸਪੈਕਟਰ ਸ਼ਰਮਾ ਦੀ ਮੌਤ ਸਬੰਧੀ ਹੋਲੀ ਫੈਮਿਲੀ ਹਸਪਤਾਲ ਦੇ ਡਾਕਟਰਾਂ ਦਾ ਵੀ ਕਹਿਣਾ ਹੈ,ਕਿ ਉਹਨਾਂ ਦੀ ਮੌਤ ਜ਼ਿਆਦਾ ਖੂਨ ਵਗਣ ਨਾਲ ਹੋਈ ਹੈ,ਜਦੋਂ ਕਿ ਹੋਲੀ ਫੈਮਿਲੀ ਹਸਪਤਾਲ "ਐਨਕਾਊਂਟਰ" ਵਾਲੀ ਥਾਂ ਤੋਂ 5 ਮਿੰਟ ਦੀ ਦੂਰੀ 'ਤੇ ਸੀ।ਪੁਲਿਸ ਵਲੋਂ ਇੰਸਪੈਕਟਰ ਦੀ ਮੌਤ ਤੋਂ ਬਾਅਦ ਕਿਸੇ ਵੀ ਮੀਡੀਆ ਕਰਮੀ ਜਾਂ ਮਨੁੱਖੀ ਅਧਿਕਾਰ ਜਥੇਬੰਦੀ ਦੇ ਲੋਕਾਂ ਨੂੰ ਹੋਲੀ ਫੈਮਿਲੀ ਹਸਪਤਾਲ ਦੇ ਡਾਕਟਰਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ "ਐਨਕਾਊਂਟਰ" ਵਾਲੀ ਇਮਾਰਤ 'ਚ ਕਿਸੇ ਨੂੰ ਜਾਣ ਦਿੱਤਾ ਜਾ ਰਿਹਾ ਹੈ।ਇਸੇ ਤਰ੍ਹਾਂ ਪੁਲਿਸ ਵਲੋਂ ਐਲ-18 ਇਮਾਰਤ ਦੇ ਫਲੈਟ ਦੀ ਪਹਿਚਾਣ ਨਾ ਦੇਣ ਦੀ ਗੱਲ ਕਹੀ ਗਈ ਸੀ,ਜਦੋਂ ਕਿ ਹੁਣ ਇਹ ਪੂਰੀ ਤਰ੍ਹਾਂ ਸਾਬਿਤ ਹੋ ਚੁੱਕਿਆ ਹੈ ਕਿ 21 ਅਗਸਤ 2008 ਨੂੰ ਇਹਨਾਂ ਸਾਰੇ ਲੋਕਾਂ ਨੇ ਆਪਣੇ ਮੋਬਾਇਲ ਨੰਬਰਾਂ ਸਮੇਤ ਪੂਰੀ ਸਹੀ ਵੈਰੀਫਿਕੇਸ਼ਨ ਜਾਮੀਆ ਨਗਰ ਦੇ ਥਾਣੇ 'ਚ ਦਿੱਤੀ ਸੀ।ਦਿੱਲੀ ਪੁਲਿਸ ਮੁਤਾਬਕ ਗੋਲੀਬਾਰੀ ਦੀ ਸ਼ੁਰੂਆਤ "ਅੱਤਵਾਦੀਆਂ" ਨੇ ਕੀਤੀ ਸੀ ਤੇ ਪੁਲਿਸ ਨੇ ਜਵਾਬੀ ਕਾਰਵਾਈ ਹੀ ਹੇਠਾਂ ਤੋਂ ਗੋਲੀਆਂ ਚਲਾਈਆਂ ਸਨ,ਪਰ ਜਿਸ ਤਰ੍ਹਾਂ ਜਾਮੀਆ ਯੂਨੀਵਰਸਿਟੀ ਦੇ 17 ਸਾਲਾ ਵਿਦਿਆਰਥੀ ਮਹੁੰਮਦ ਸਾਜ਼ਿਦ ਨੂੰ ਗੋਲੀਆਂ ਲੱਗੀਆਂ ਸਨ,ਉਸਨੇ ਵੀ ਪੁਲਸੀਆ ਕਾਰਵਾਈ ਦੇ ਪਾਜ ਉਧੇੜੇ ਹਨ।ਉਰਦੂ ਦੇ ਅਖ਼ਬਾਰ "ਸਹਾਰਾ ਉਰਦੂ" ਨੇ ਸਾਜ਼ਿਦ ਦੀ ਪੋਸਟਮਾਰਟਮ ਤੋਂ ਬਾਅਦ ਦੀ ਇਕ ਫੋਟੋ ਆਪਣੇ ਮੁੱਖ ਪੰਨੇ 'ਤੇ ਪ੍ਰਕਾਸ਼ਿਤ ਕੀਤੀ ਸੀ,ਜਿਸ 'ਚ 5 ਗੋਲੀਆਂ ਉਸਦੇ ਸਿਰ 'ਚ ਤੇ ਇਕ ਮੋਢੇ 'ਚ ਲੱਗੀ ਦਿਖਾਈ ਗਈ ਸੀ।"ਸਹਾਰਾ ਉਰਦੂ" ਦੇ ਸੰਪਾਦਕ ਨੇ ਸਵਾਲ ਚੁੱਕਿਆ ਸੀ ਕਿ ਪੁਲਿਸ ਦੀ ਗੋਲੀਆਂ ਦਾ ਮੁਕਾਬਲਾ ਕਰ ਰਹੇ ਸਾਜ਼ਿਦ ਦੇ ਸਿਰ ਦੇ ਬਿਲਕੁਲ ੳੁੱਪਰ ਗੋਲੀ ਕਿਵੇਂ ਲੱਗ ਸਕਦੀ ਹੈ।ਇਸੇ ਤਰ੍ਹਾਂ ਫਰੈਂਸਿਕ ਮਾਹਿਰਾਂ ਨੇ ਕਿਹਾ ਹੈ ਕਿ ਸਾਜ਼ਿਦ ਨੂੰ ਗੋਲੀਆਂ 1 ਤੋਂ 3 ਮੀਟਰ ਦੀ ਵਿੱਥ ਤੋਂ ੳੁੱਪਰੋਂ ਖੜ੍ਹਕੇ ਮਾਰੀਆਂ ਗਈਆਂ ਸਨ ਤੇ ਗੋਲੀਆਂ ਲੱਗਣ ਸਮੇਂ ਉਹ ਬੈਠਾ ਹੋਇਆ ਸੀ।ਜਦੋਂਕਿ ਕਿਸੇ ਵੀ "ਮੁਕਾਬਲੇ 'ਚ 1 ਮੀਟਰ ਤੋਂ ਗੋਲੀ ਲੱਗਣੀ ਬਿਲਕੁਲ ਸੰਭਵ ਨਹੀਂ।


ਸਵਾਲਾਂ ਦੀ ਪੰਡ ਬਣੇ ਇਸ "ਐਨਕਾਊਂਟਰ" 'ਤੇ ਸਵਾਲ ਲਗਾਤਾਰ ਪੈਦਾ ਹੋ ਰਹੇ ਹਨ।ਸਭਤੋਂ ਵੱਡਾ ਸਵਾਲ ਇਹ ਹੈ ਕਿ ਦਿੱਲੀ ਪੁਲਿਸ ਨੂੰ ਜੇ "ਅੱਤਵਾਦੀਆਂ" ਦੀ ਪੱਕੀ ਇਤਲਾਹ ਸੀ ਤਾਂ ਪੂਰੇ ਜਾਮੀਆ ਨਗਰ ਨੂੰ ਸੀਲ ਕਿਉਂ ਨਹੀਂ ਕੀਤਾ ਗਿਆ।ਸਪੈਸ਼ਲ ਸੈੱਲ ਦੇ ਇੰਸਪੈਕਟਰ ,ਜੋ ਦਿੱਲੀ 'ਚ ਐਨਕਾਊਂਟਰਾਂ ਦੇ ਮਾਹਰ ਮੰਨੇ ਜਾਂਦੇ ਸਨ,ਨੇ ਬੂਲਿਟ ਪਰੂਫ ਜੈਕਟ ਕਿਉਂ ਨਹੀਂ ਪਾਈ..?ਜਦੋਂ ਕਿ ਪੁਲਿਸ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਨੂੰ ਇਸ "ਅਨਕਾਊਂਟਰ" ਬਾਰੇ ਪਲ ਪਲ ਦੀ ਜਾਣਕਾਰੀ ਸੀ।ਪੁਲਿਸ ਵਲੋਂ ਇਹ ਝੂਠ ਕਿਉਂ ਬੋਲਿਆ ਗਿਆ ਕਿ ਇੰਸਪੈਕਟਰ ਸ਼ਰਮਾ ਦੀ ਛਾਤੀ 'ਚ ਤਿੰਨ ਗੋਲੀਆਂ ਲੱਗੀਆਂ ਹਨ।ਐਨ.ਐਚ.ਆਰ.ਸੀ. ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ "ਐਨਕਾਊਂਟਰ" ਤੋਂ ਪਹਿਲਾਂ ਪੂਰੀ ਰਣਨੀਤੀ ਕਿਉਂ ਨਹੀਂ ਘੜੀ ਗਈ।"ਅੱਤਵਾਦੀਆਂ" ਨੂੰ ਮਾਰਨ ਤੋਂ ਪਹਿਲਾਂ,ਉਹਨਾਂ ਨੂੰ ਆਤਮ ਸਮਰਪਣ ਕਰਨ ਲਈ ਕਿਉਂ ਨਹੀਂ ਕਿਹਾ ਗਿਆ।"ਐਨਕਾਊਂਟਰ" ਤੋਂ ਥੋੜ੍ਹੇ ਜਿਹੇ ਘੰਟਿਆਂ ਬਾਅਦ ਹੀ ਪੁਲਿਸ ਨੇ ਫੜ੍ਹੇ ਗਏ "ਅੱਤਵਾਦੀ" ਸੈਫ ਤੇ ਲੈਪਟੋਪ ਦੀ ਜਾਂਚ ਤੋਂ ਪਹਿਲਾਂ ਹੀ ਪੁਲਿਸ ਨੇ ਇਹਨਾਂ ਸਭਨੂੰ ਦਿੱਲੀ ਧਮਾਕਿਆਂ ਦੇ ਜ਼ਿੰਮੇਂਵਾਰ ਕਿਵੇਂ ਐਲਾਨ ਦਿੱਤਾ।ਐਨਕਾਉਂਟਰ ਤੋਂ ਬਾਅਦ ਗ੍ਰਿਫਤਾਰ ਕੀਤੇ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨਵੇਂ ਨਕੋਰ "ਗਮਸ਼ਿਆਂ" ਭਾਵ ਮੁਸਲਿਮ ਭਾਈਚਾਰੇ ਦੇ ਸਕਾਰਫਾਂ 'ਚ ਮੀਡੀਆ ਸਾਹਮਣੇ ਪੇਸ਼ ਕਿਉਂ ਕੀਤਾ ਗਿਆ.? ਕੀ ਉਹਨਾਂ ਨੂੰ ਅੰਤਰਰਾਸ਼ਟਰੀ "ਅੱਤਵਾਦ" ਨਾਲ ਜੋੜਦਿਆਂ ਫਲਸਤੀਨੀ ਖਾੜਕੂਆਂ ਤੇ ਤਾਲਿਬਾਨਾਂ ਦਾ ਰੂਪ 'ਚ ਪੂਰੇ ਦੇਸ਼ ਸਾਹਮਣੇ "ਇਸਲਾਮੀ ਅੱਤਵਾਦੀਆਂ" ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਸੀ।ਇਕ ਤੱਥ ਇਹ ਵੀ ਸਾਹਮਣੇ ਆਇਆ ਸੀ ਕਿ ਪੁਲਿਸ ਵਲੋਂ ਬਿਲਕੁਲ ਨਵੇਂ ਗਸ਼ਮੇ ਖਰੀਦਕੇ ਪਹਿਨਾਏ ਗਏ ਸਨ,ਜੋ ਮੁਸਲਿਮ ਲਾਅ ਬੋਰਡ ਦੇ ਵਿਰੋਧ ਕਰਨ ਤੋਂ ਬਾਅਦ ਹਟਾਏ ਗਏ।ਅਜਿਹੇ ਤੱਥ ਇਸ ਘਟਨਾ ਨੂੰ ਅਮਰੀਕਾ ਵਲੋਂ ਚਲਾਈ "ਵਾਰ ਅਗੈਂਸਟ ਟੈਰੋਰਿਜ਼ਮ" ਦੀ ਮੁਹਿੰਮ ਨਾਲ ਜੋੜਕੇ ਵੇਖਣ ਲਈ ਮਜ਼ਬੂਰ ਕਰਦੇ ਹਨ।ਇਸੇ ਤਰ੍ਹਾਂ ਪੁਲਿਸ ਵਲੋਂ ਕਿਹਾ ਗਿਆ ਸੀ ਕਿ ਆਤਿਫ ਤੇ ਸਾਜ਼ਿਦ ਦੇ ਬੈਂਕ ਖਾਤਿਆਂ 'ਚ 3 ਕਰੌੜ ਰੁਪਏ ਦੇ ਵਿਦੇਸ਼ੀ ਰੁਪਏ ਦੀ ਗੱਲ ਕਹੀ ਗਈ ਸੀ,ਪਰ ਉਹਨਾਂ ਦੋਵਾਂ ਦੇ ਖਾਤਿਆਂ 'ਚੋਂ ਸਿਰਫ 17-18 ਹਜ਼ਾਰ ਰੁਪਏ ਨਿਕਲੇ ਹਨ।



ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੀਡੀਆ ਦੀ ਭੂਮਿਕਾ 'ਤੇ ਵੀ ਸਵਾਲ ਖੜ੍ਹੇ ਹੋਏ,ਕਿਉਂਕਿ "ਮੇਲ ਟੂਡੇ" ਤੇ "ਸਹਾਰਾ ਉਰਦੂ" ਵਰਗੀਆਂ ਮੁੱਖਧਾਰਾ ਦੀਆਂ ਅਖ਼ਬਾਰਾਂ ਤੋਂ ਬਿਨਾਂ ਬਾਕੀ ਸਾਰੇ ਹੀ ਅਖ਼ਬਾਰਾਂ ਤੇ ਚੈਨਲਾਂ ਨੇ ਮੀਡੀਆ ਵਲੋਂ ਪੁਲਿਸ ਦੇ ਬਿਆਨਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ,ਜਿਵੇਂ ਉਹ ਦਿੱਲੀ ਪੁਲਿਸ ਦੇ "ਮੁੱਖ ਬੁਲਾਰੇ" ਹੋਣ।ਨੋਇਡਾ ਦੇ ਮਸ਼ਹੂਰ "ਆਰੂਸ਼ੀ ਕਤਲ ਕਾਂਡ" ਦੇ ਕਣ-ਕਣ ਦੀ "ਇਨਵੈਸਟੀਗੇਸ਼ਨ" ਕਰਨ ਵਾਲੇ ਮੀਡੀਏ ਨੇ ਇਸ ਮਾਮਲੇ ਦੀ ਕੋਈ ਵੀ ਪਾਰਦਰਸ਼ੀ ਢੰਗ ਨਾਲ ਖੋਜਬੀਨ ਨਹੀਂ ਕੀਤੀ।ਮੀਡੀਆ ਨੇ ਦਿੱਲੀ ਪੁਲਿਸ ਅੱਗੇ ਇਹ ਸਵਾਲ ਨਹੀਂ ਕਿਉਂ ਨਹੀਂ ਰੱਖੇ,ਕੀ ਜਿਹੜੀ ਪੁਲਿਸ ਇਕ ਨਿੱਜੀ ਕਤਲ ਕਾਂਡ ਦੇ ਕਾਤਲਾਂ ਦਾ ਪਤਾ, ਏਡੇ ਲੰਬੇ ਸਮੇਂ 'ਚ ਨਹੀਂ ਲਗਾ ਸਕੀ,ਉਸਨੇ ਏਨੇ ਵੱਡੇ ਧਮਾਕਿਆਂ ਦੇ "ਮਾਸਟਰਮਾਈਂਡਾਂ" ਨੂੰ ਧਮਾਕਿਆਂ ਤੋਂ ਦੂਜੇ ਤੀਜੇ ਦਿਨ ਬਾਅਦ ਹੀ ਕਿਵੇਂ ਲੱਭ ਲਿਆ..? ਇਸ ਮਾਮਲੇ 'ਚ ਵੀ ਪੁਲਿਸ ਅਜੇ ਤੱਕ ਅਦਾਲਤ ਸਾਹਮਣੇ ਕੋਈ ਪੁਖਤਾ ਸਬੂਤ ਵੀ ਪੇਸ਼ ਨਹੀਂ ਕਰ ਸਕੀ।ਜਦੋਂ ਪੁਲਿਸ ਵਲੋਂ ਦੱਸਿਆ ਗਿਆ ਕਿ ਇਸ ਮਾਮਲੇ 'ਚ ਜ਼ਿਆਦਾਤਰ ਲੋਕ ਯੂ.ਪੀ. ਦੇ ਆਜ਼ਮਗੜ੍ਹ ਨਾਲ ਜੁੜੇ ਹੋਏ ਨੇ,ਤਾਂ ਮੀਡੀਆ ਨੇ ਆਜ਼ਮਗੜ੍ਹ ਨੂੰ "ਅੱਤਵਾਦ" ਦਾ ਅੱਡਾ ਗਰਦਾਨ ਦਿੱਤਾ।ਕੁਝ ਚੈਨਲਾਂ ਵਲੋਂ ਆਜ਼ਮਗੜ੍ਹ ਨੂੰ ਦਾਊਦ ਇਬਰਾਹਿਮ ਤੇ ਅੱਬੂ ਸਲੇਮ ਦੀ ਧਰਤੀ ਤਾਂ ਵਾਰ ਵਾਰ ਕਿਹਾ ਗਿਆ,ਪਰ ਉਸੇ ਧਰਤੀ ਦੇ ਮਹਾਨ ਸਪੂਤ "ਕੈਫੀ ਆਜ਼ਮੀ" ਦੀ ਗੱਲ ਬਿਲਕੁਲ ਨਹੀਂ ਕੀਤੀ।ਜਿਸ ਨਾਲ ਪੂਰੇ ਦੇਸ਼ ਦੇ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਬਹੁਤ ਧੱਕਾ ਲੱਗਿਆ ਤੇ ਭਾਈਚਾਰ ਨਾਲ ਜੁੜੇ ਆਮ ਲੋਕਾਂ 'ਚ ਕਾਫੀ ਦਹਿਸ਼ਤ ਵੀ ਵੇਖਣ ਨੂੰ ਮਿਲੀ।ਆਜ਼ਮਗੜ੍ਹ ਨੂੰ ਇਕ "ਮਿੰਨੀ ਪਾਕਿਸਤਾਨ" ਦੇ ਤੌਰ 'ਤੇ ਪੇਸ਼ ਕੀਤਾ ਗਿਆ,ਜਿਸ ਕਾਰਨ ਹੁਣ ਆਜ਼ਮਗੜ੍ਹ ਦੇ ਲੋਕ ਆਪਣੇ ਬੱਚਿਆਂ ਨੂੰ ਮੈਟਰੋ ਸ਼ਹਿਰਾਂ 'ਚ ਭੇਜਣ ਤੋਂ ਡਰ ਰਹੇ ਹਨ।ਸਿਰਫ ਤੇ ਸਿਰਫ "ਸਰਕਾਰੀ" ਪੱਖ ਨੂੰ ਵਿਖਾਕੇ ਮੀਡੀਆ ਨੇ ਪੱਤਰਕਾਰੀ ਦੇ ਮੁੱਲਾਂ ਤੇ ਸਰੋਕਾਰਾਂ ਦੀਆਂ ਧੱਜੀਆਂ ਤਾਂ ਉਡਾਈਆਂ ਹੀ,ਨਾਲ ਹੀ ਮੁਸਲਿਮ ਭਾਈਚਾਰੇ ਦੇ ਅਕਸ ਨੂੰ ਵੀ ਇਕ "ਪੇਸ਼ਾਵਾਰ ਅੱਤਵਾਦੀ" ਦੇ ਤੌਰ 'ਤੇ ਪੂਰੇ ਦੇਸ਼ ਦੇ ਸਾਹਮਣੇ ਪੇਸ਼ ਕੀਤਾ।ਇਸ ਮਾਮਲੇ 'ਚ ਗ੍ਰਿਫਤਾਰ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ 'ਵਰਸਿਟੀ ਦੇ ਚਾਂਸਲਰ ਨੇ ਜਦੋਂ ਕਨੂੰਨੀ ਮਦਦ ਦੇਣ ਦਾ ਐਲਾਨ ਕੀਤਾ ਤਾਂ ਸੰਘ ਪਰਿਵਾਰ ਦੀਆਂ ਹਿੰਦੁਤਵੀ ਜਥੇਬੰਦੀਆਂ ਨੇ ਵੀ.ਸੀ. ਨੂੰ "ਦੇਸ਼ ਦਾ ਗਦਾਰ" ਕਹਿਕੇ ਇਸਦਾ ਵਿਰੋਧ ਕੀਤਾ,ਜਿਸਨੂੰ ਵੀ ਲਗਭਗ ਸਾਰੇ ਮੁੱਖ ਧਾਰਾਈ ਮੀਡੀਏ ਨੇ ਨਕਾਰਾਤਮਕ ਤੌਰ 'ਤੇ ਪੇਸ਼ ਕੀਤਾ। ਆਖਰ ਸਵਾਲ ਪੈਦਾ ਹੁੰਦਾ ਹੈ ਕੀ ਜਮੂਹਰੀਅਤ ਦੀ ਇਸ ਸਦੀ 'ਚ ਪੁਲਿਸ ਵਲੋਂ ਐਲਾਨੇ "ਅੱਤਵਾਦੀਆਂ" ਨੂੰ ਅਦਾਲਤਾਂ ਸਾਹਮਣੇ ਆਪਣਾ ਪੱਖ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ.? ਸਵਾਲ ਇਹ ਵੀ ਹੈ ਕਿ ਜੇ ਆਜ਼ਮਗੜ੍ਹ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਕੇ ਉਹਨਾਂ ਲਈ ਪੜਨ ਲਿਖਣ ਦੇ ਰਸਤੇ ਬੰਦ ਕਰ ਦਿੱਤੇ ਜਾਣਗੇ ਤਾਂ ਉਹ ਕਿਸ ਰਸਤੇ ਨੂੰ ਅਪਨਾਉਣਗੇ।ਕੀ ਇਸ ਤਰ੍ਹਾਂ ਨਾਲ "ਅੱਤਵਾਦ" ਨੂੰ ਦੇਸ਼ 'ਚੋਂ ਖਤਮ ਕੀਤਾ ਜਾ ਰਿਹੈ ਜਾਂ ਉਸ ਲਈ ਇਕ ਨਵੀਂ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ..?

ਮੁੱਖ ਧਾਰਾ ਦੀਆਂ ਪਾਰਟੀਆਂ ਜਿਵੇਂ ਹਰ ਮੁੱਦੇ ਨੂੰ ਕੈਸ਼ ਕਰਨੋਂ ਨਹੀਂ ਖੁੰਝਦੀਆਂ,ਉਸੇ ਤਰ੍ਹਾਂ ਇਸ ਮਾਮਲੇ 'ਤੇ ਵੀ ਕਾਂਗਰਸੀਆਂ,ਭਾਜਪਾਈ ਤੇ ਸਮਾਜਵਾਦੀ ਪਾਰਟੀ ਨੇ ਆਪਣੇ ਆਪਣੇ ਦਾਇਰੇ 'ਚ ਰਹਿਕੇ ਇਕ ਦੂਜੇ 'ਤੇ ਤੀਰ ਛੱਡੇ।ਸਭਤੋਂ ਵੱਧ ਚਰਚਾ ਦਾ ਵਿਸ਼ਾ ਸਮਜਾਵਾਦੀ ਪਾਰਟੀ ਦੇ ਕਰਤਾ ਧਰਤਾ ਅਮਰ ਸਿੰਘ ਬਣੇ,ਅਸਲ 'ਚ ਅਮਰ ਸਿੰਘ ਨੇ ਇਕ ਪਾਸੇ ਇੰਸਪੈਕਟਰ ਸ਼ਰਮੇ ਨੂੰ ਸ਼ਹੀਦ ਕਹਿਕੇ ,ਉਸਦੇ ਪਰਿਵਾਰ ਨੂੰ ਦਸ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਤੇ ਦੂਜੇ ਪਾਸੇ ਯੂ.ਪੀ. ਦੇ ਵੱਡੇ ਮੁਸਲਿਮ ਵੋਟ ਬੈਂਕ ਨੂੰ ਵੇਖਦਿਆਂ ਤੇ ਆਪਣੀ ਦਿਨੋ ਦਿਨ ਘਟਦੀ ਰਾਜਨੀਤਿਕ ਜ਼ਮੀਨ ਨੂੰ ਬਚਾਉਣ ਲਈ ਜਾਮੀਆ ਨਗਰ ਵਿਖੇ ਜਾਕੇ "ਐਨਕਾਊਂਟਰ" ਨੂੰ "ਫਰਜ਼ੀ ਮੁਕਬਲਾ" ਕਰਾਰ ਦੇ ਦਿੱਤਾ ਤੇ ਇਸਦੀ ੳੁੱਚ ਪੱਧਰੀ ਨਿਆਂਇਕ ਜਾਂਚ ਦੀ ਮੰਗ ਕੀਤੀ।ਜਦੋਂ ਇਸਤੇ ਭਾਈਵਾਲ ਕਾਂਗਰਸ ਨੇ ਟਿੱਪਣੀ ਕੀਤੀ ਤਾਂ ਉਹਨਾਂ ਕਿਹਾ ਕਿ "ਤੁਹਾਡੇ ਲੀਡਰ ਤਾਂ ਮੇਰੇ ਵਾਲੀਆਂ ਗੱਲਾਂ ਪਹਿਲਾਂ ਹੀ ਕਹਿ ਚੁੱਕੇ ਹਨ ,ਮੈਂ ਤਾਂ ਸਿਰਫ ਦੁਹਰਾਈਆਂ ਹਨ"। ਸੁੱਚਮੁੱਚ ਹੀ ਕਾਂਗਰਸ ਦੇ ਕਪਿਲ ਸਿੱਬਲ,ਦਿਗਵਿਜੈ ਸਿੰਘ,ਪ੍ਰਵੇਜ਼ ਹਾਸ਼ਮੀ ਤੇ ਸਲਮਾਨ ਖੁਰਸ਼ੀਦ ਇਸ "ਐਨਕਾਉਂਟਰ" ਦੀ ਨਿਆਂਇਕ ਜਾਂਚ ਲਈ ਪਹਿਲਾਂ ਹੀ ਚੁੱਪ ਚਪੀਤੇ ਮਨਮੋਹਨ ਸਿੰਘ ,ਸੋਨੀਆ ਗਾਂਧੀ ਤੇ ਸ਼ਿਵਰਾਜ ਪਾਟਿਲ ਨੂੰ ਮਿਲ ਚੱਕੇ ਸਨ।ਕਿਉਂਕਿ ਇਹਨਾਂ ਸਭ ਦਾ ਰਾਜਨੀਤਿਕ ਇਲਾਕਾ ਮੁਸਲਮਾਨਾਂ ਦੇ ਵੋਟ ਬੈਂਕ ਨਾਲ ਵੱਡੇ ਪੱਧਰ 'ਤੇ ਜੁੜਿਆ ਹੋਇਆ ਹੈ।ਓਧਰ ਭਾਜਪਾ ਨੇ ਹਰ ਵਾਰ ਦੀ ਤਰ੍ਹਾਂ ਆਪਣੇ ਹੀ ਅੰਦਾਜ਼ 'ਚ ਸਾਰੇ ਜੁਡੀਸ਼ੀਅਲ ਜਾਂਚ ਦੀ ਮੰਗ ਕਰਨ ਵਾਲੇ ਲੋਕਾਂ ਨੂੰ "ਦੇਸ਼ ਧ੍ਰੋਹ" ਦਾ ਸਰਟੀਫਿਕੇਟ ਦੇ ਦਿੱਤਾ।"ਐਨਕਾਉਂਟਰ" ਦੀ ਨਿਆਂਇਕ ਜਾਂਚ ਨੂੰ ਕੋਈ ਵੀ ਰੱਦ ਕਰੇ,ਪਰ ਇਹ ਜਾਂਚ ਬਹੁਤ ਜ਼ਰੂਰੀ ਹੈ,ਕਿਉਂੁਕਿ 2001 'ਚ "ਸੰਸਦ 'ਤੇ ਹੋਏ ਹਮਲੇ" ਦੀ ਨਿਆਂਇਕ ਜਾਂਚ ਤੋਂ ਬਾਅਦ ਦਿੱਲੀ ਪੁਲਿਸ ਵਲੋਂ "ਮਾਸਟਰਮਾਈਂਡ" ਕਹੇ ਗਏ ਦਿੱਲੀ ਯੂਨੀਵਰਸਿਟੀ ਦੇ ਪ੍ਰਫੈਸਰ ਐੱਸ.ਏ.ਆਰ. ਗਿਲਾਨੀ ਪੂਰੀ ਤਰ੍ਹਾਂ ਬਰੀ ਹੋਏ ਸਨ।ਖੈਰ,ਸਿਆਸੀ ਲੀਡਰਾਂ ਦਾ ਲਾਸ਼ਾਂ 'ਤੇ ਰੋਟੀਆਂ ਸੇਕਣ ਦਾ ਇਤਿਹਾਸ ਤਾਂ ਕਾਫੀ ਪੁਰਾਣਾ ਹੈ,ਪਰ ਇਮਾਨਦਾਰ ਤੇ ਵਿਚਾਰਸ਼ੀਲ ਲੋਕਾਂ ਨੂੰ ਆਪਣੇ ਜਮੂਹਰੀ ਹੱਕਾਂ ਨੂੰ ਵਰਤਦੇ ਹੋਏ ਜੁਡੀਸ਼ੀਅਲ ਜਾਂਚ ਦੀ ਮੰਗ ਜ਼ੋਰਾਂ ਸ਼ੋਰਾਂ ਨਾਲ ਉਠਾਉਣੀ ਚਾਹੀਦੀ ਹੈ ਤੇ ਲੋਕਾਂ ਦੀ ਨੁਮਾਇੰਦਗੀ ਕਰਦੀਆਂ ਸਿਆਸੀ ਪਾਰਟੀਆਂ ਨੂੰ ਸਮੂਹ ਲੋਕਾਈ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ,ਨਹੀਂ ਤਾਂ ਵੱਖ ਵੱਖ ਧਰਮਾਂ,ਵਰਗਾਂ,ਤੇ ਜਾਤਾਂ ਨਾਲ ਜੁੜੀਆਂ ਘੱਟਗਿਣਤੀਆਂ 'ਚ ਪੈਦਾ ਹੋ ਰਹੀ ਅਸੰਤੁਸ਼ਟਤਾ ਇਸ ਜਮੂਹਰੀ ਸਿਸਟਮ ਤੋਂ ਉਹਨਾਂ ਦਾ ਮੋਹ ਭੰਗ ਕਰ ਸਕਦੀ ਹੈ ਤੇ ਜਿਸਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ।

-ਯਾਦਵਿੰਦਰ ਕਰਫਿਊ
ਜੇ. ਐਨ. ਯੂ, ਨਵੀਂ ਦਿੱਲੀ
ghulamkalam@ymail.com

09899436972

ਵਿਸ਼ਵੀਕਰਨ ਦੀ ਹਨ੍ਹੇਰੀ 'ਚ ਰੁਲਿਆ ਚੌਥਾ ਥੰਮ


ਭਾਰਤ ਵਰਗੇ ਅਲਪ-ਵਿਕਸਤ ਦੇਸ਼ ਦੀ ਆਰਥਿਕਤਾ 'ਚ ਜਦੋਂ "ਵਿਸ਼ਵੀਕਰਨ" ਜਿਹੇ ਭਾਰੇ ਸ਼ਬਦ ਨੇ ਦਸਤਕ ਦਿੱਤੀ ਸੀ ਤਾਂ ਦੇਸ਼ ਦੇ ਵੱਡੇ ਹਿੱਸੇ ਨੂੰ ਇਹਨਾਂ ਨੀਤੀਆਂ ਬਾਰੇ ਕੁਝ ਵੀ ਪਤਾ ਨਾ ਲੱਗਿਆ।ਪਤਾ ਵੀ ਕਿਵੇਂ ਲੱਗੇ ,ਜਿਹੜੇ ਦੇਸ਼ 'ਚ ਲੋਕਤੰਤਰ ਦੇ 60 ਸਾਲਾਂ ਬਾਅਦ 77 % ਲੋਕ 20 ਰੁਪਏ ਦਿਹਾੜੀ 'ਤੇ ਗੁਜ਼ਾਰਾ ਕਰ ਰਹੇ ਹੋਣ,ਓਥੇ ਜਨਤਾ ਦੇ ਚੇਤਨ ਸਮਾਜਿਕ ਵਿਕਾਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।ਵਿਸ਼ਵੀਕਰਨ ਦੇ ਏਸ ਸ਼ਬਦ ਤੇ ਨੀਤੀਆਂ ਦਾ ਦੇਸ਼ ਦੇ ਵੱਡੇ ਹਿੱਸੇ ਨੂੰ ਚਾਹੇ ਪਤਾ ਭਾਵੇਂ ਨਾ ਲੱਗਿਆ ਹੋਵੇ,ਪਰ ਇਹਨਾਂ ਨੀਤੀਆਂ ਤੋਂ ਲਾਹਾ ਲੈਣ ਵਾਲੇ ਦੇਸ਼ ਦੇ ਇਕ ਨਿਸ਼ਚਿਤ ਵਰਗ ਨੇ ਨੀਤੀਆਂ ਦੇ ਪੱਖ 'ਚ ਵੱਡੀ ਪ੍ਰਚਾਰ ਮੁਹਿੰਮ ਵਿੱਢੀ ,ਜਿਸਦਾ ਸਾਥ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨੇ ਦਿੱਤਾ।ਇਸੇ ਪ੍ਰਚਾਰ ਦਾ ਨਤੀਜਾ ਸੀ ਕਿ ਭਾਰਤ ਦੀ ਮੱਧ ਵਰਗੀ ਜਮਾਤ ਵੀ ਅਖ਼ਬਾਰਾਂ ਤੇ ਖ਼ਬਰੀਆਂ ਚੈਨਲਾਂ ਦੀ ਭਾਸ਼ਾ ਬੋਲਣ ਲੱਗੀ।ਦੇਸ਼ 'ਚ ਨਵ-ਬਸਤੀਵਾਦ ਦੇ ਰੂਪ 'ਚ ਆਈਆਂ ਇਹਨਾਂ ਨੀਤੀਆਂ ਦਾ ਦੇਸ਼ ਦੇ ਵੱਡੇ ਮੀਡੀਆ ਘਰਾਣਿਆਂ ਨੇ ਸਵਾਗਤ ਕਿਉਂ ਕੀਤਾ? ਤੇ ਕਿਉਂ ਵਿਸ਼ਵੀਕਰਨ ਪੱਖੀ ਪ੍ਰਚਾਰ ਲਹਿਰ ਚਲਾਈ?ਇਸਦੇ ਲਈ ਥੋੜ੍ਹਾ ਵੇਰਵੇ ਤੇ ਵਿਸਥਾਰ 'ਚ ਜਾਣਾ ਪਵੇਗਾ।

1947 ਤੋਂ ਬਾਅਦ ਦੀ ਪੱਤਰਕਾਰੀ ਦੇ ਇਤਿਹਾਸ 'ਚ 1990ਵਿਆਂ ਦੇ ਦਹਾਕੇ ਸਮੇਂ ਭਾਰਤੀ ਪੱਤਰਕਾਰੀ ਦਾ ਚਹਿਰਾ ਅਜਿਹਾ ਬਦਲਣਾ ਸ਼ੁਰੂ ਹੋਇਆ,ਕਿ ਪਛਾਣਨਾ ਮੁਸ਼ਕਿਲ ਹੋ ਗਿਆ।ਵਿਸ਼ਵੀਕਰਨ ਦੀ ਪੂੰਜੀ ਨਾਲ ਮੀਡੀਆ ਦੇ ਪਸਾਰਵਾਦ ਨੂੰ ਮੀਡੀਆ ਘਰਾਣਿਆਂ ਨੇ "ਸੂਚਨਾ ਕ੍ਰਾਂਤੀ" ਦਾ ਨਾਂਅ ਦਿੱਤਾ।ਇਹ ਸੂਚਨਾ ਕ੍ਰਾਂਤੀ ਵਿਸ਼ਵੀਕਰਨ ਦੀ ਪੂੰਜੀ ਨਾਲ ਹੋਈ ਸੀ ,ਇਸ ਲਈ ਜ਼ਿਆਦਾਤਰ ਮੀਡੀਆ ਸੰਸਥਾਵਾਂ ਤੋਂ ਲਿਮਟਿਡ ਕਾਰਪੋਰੇਟ ਕੰਪਨੀਆਂ ਬਣੇ ਮੀਡੀਆ ਨੇ ਇਹਨਾਂ ਨੂੰ ਭਾਰਤ ਦੇ ਵਿਕਾਸ ਦੇ ਰੂਪ 'ਚ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਇਹਨਾਂ ਨੀਤੀਆਂ ਨਾਲ ਆਏ "ਸੂਚਨਾ ਇਨਕਲਾਬ" ਨਾਲ 70ਵਿਆਂ ਦੇ ਦਹਾਕੇ ਤੱਕ ਝੋਲਾ ਲਟਕਾਈ,ਮੋਟੇ ਫਰੇਮ ਦੇ ਸ਼ੀਸ਼ੇ ਦੀ ਐਨਕ ਵਾਲੇ ਪੱਤਰਕਾਰਾਂ ਦੀ ਥਾਂ ,ਕੋਟ ਪੈਂਟ ਵਾਲੇ ਹਾਈ ਫਾਈ ਪੱਤਰਕਾਰ ਨਜ਼ਰ ਆਉਣ ਲੱਗੇ।ਪਹਿਰਾਵੇ ਦੇ ਇਹ ਕੀਟਾਣੂ ਜਿਸਮਾਨੀ ਤੌਰ ਤੇ ਹੀ ਨਹੀਂ, ਬਲਕਿ ਦਿਮਾਗੀ ਤੌਰ 'ਤੇ ਵੀ ਧੁਰ ਅੰਦਰ ਪ੍ਰਵੇਸ਼ ਕਰ ਗਏ।ਹਮੇਸ਼ਾਂ ਸਮਾਜਿਕ ਸਰੋਕਾਰ ਨੂੰ ਮੁੱਖ ਰੱਖਣ ਵਾਲੇ ਪੱਤਰਕਾਰਾਂ 'ਤੇ ਪ੍ਰੋਫੈਸ਼ਨਲਿਜ਼ਮ ਏਨਾ ਭਾਰੂ ਹੋ ਗਿਆ ਕਿ ਸਮਾਜਿਕ ਜਿੰਮੇਂਵਾਰੀ ਤੇ ਪ੍ਰਤੀਬੱਧਤਾ ਦੀ ਥਾਂ ਕਾਰਪੋਰੇਟ ਘਰਾਣਿਆਂ ਦੇ ਮਾਲਕਾਂ ਦੀ ਜਵਾਬਦੇਹੀ ਵੱਡੀ ਗੱਲ ਜਾਪਣ ਲੱਗੀ ਹੈ ।ਵਿਦੇਸ਼ੀ ਪੂੰਜੀ ਦੇ ਭਾਰ ਹੇਠ ਦੱਬੇ ਮੀਡੀਏ ਨੇ,ਸਮਾਜਿਕ ਸਰੋਕਾਰ ਨਾਲ ਜੁੜੀਆਂ ਖ਼ਬਰਾਂ ਨੂੰ ਭੁਲਾਕੇ ਟੀ.ਆਰ.ਪੀ. ਤੇ ਸਰਕੂਲੇਸ਼ਨ ਦੀ ਦੌੜ 'ਚ ਵਿਸ਼ਵੀਕਰਨ ਦੀ ਲੋੜ ਲਈ ਫੈਸ਼ਨਵਾਦ,ਖਪਤਵਾਦ ਤੇ ਸਨਸਨੀ ਨੂੰ ਤਾਂ ਖੂਬ ਹੁਲਾਰਾ ਦਿੱਤਾ, ਪਰ ਜਨਤਾ ਦੇ ਦੁੱਖਾਂ ਦਰਦਾਂ ਨਾਲ ਜੁੜੀਆਂ ਖ਼ਬਰਾਂ ਦੇ ਆਕਾਸ਼ 'ਚ ਹਨ੍ਹੇਰਾ ਲਿਆ ਦਿੱਤਾ।



ਜਿਹੜੀ ਪੱਤਰਕਾਰੀ ਬਸਤੀਵਾਦ ਦੇ ਖਿਲ਼ਾਫ ਲੜਦਿਆਂ ਲੰਮੇ ਸੰਘਰਸ਼ਾਂ ਦੇ ਇਤਿਹਾਸ ਤੋਂ ਲੰਘੀ ਸੀ,ਉਸਨੂੰ ਦੇਸ਼ ਦੇ ਕੁਝ ਘਰਾਣਿਆਂ ਨੇ ਆਪਣੇ ਨਿਜੀ ਹਿੱਤਾਂ ਲਈ ਨਵ-ਬਸਤੀਵਾਦ ਦੀ ਗੁਲਾਮੀ ਵੱਲ ਧੱਕ ਦਿੱਤਾ। ਨਵ-ਬਸਤੀਵਾਦੀ ਦੇ ਰੂਪ 'ਚ ਆਈਆਂ ਇਹਨਾਂ ਨੀਤੀਆਂ ਦਾ ਦੇਸ਼ ਦੇ ਕਈ ਸੱਜਿਆਂ-ਖੱਬਿਆਂ ਨੇ ਡਟਕੇ ਵਿਰੋਧ ਕੀਤਾ।ਇਹਨਾਂ ਨੀਤੀਆਂ ਦਾ ਵਿਰੋਧ ਕਰਦੇ ਹੋਏ ਹੀ ਪ੍ਰਸਿੱਧ ਅਮਰੀਕੀ ਵਿਦਵਾਨ ਨੌਅਮ ਚੌਮਸਕੀ ਨੇ ਲਿਖਿਆ "ਮੀਡੀਆ ਦੇ ਵਿਸ਼ਵੀਕਰਨ ਦਾ ਮਤਲਬ ਭੈਅ ਮੁਕਤ ਅਕਾਸ਼ ਤੇ ਵਿਗਿਆਪਨ 'ਚ ਵਾਧਾ ਹੋਵੇਗਾ।ਖਾਸ ਤੌਰ ਤੇ ਵਿਦੇਸ਼ੀ ਮਾਲ ਤੇ ਵਿਗਿਆਪਨ 'ਚ ਵਾਧਾ।ਇਹਨਾਂ ਮੀਡੀਆ ਚੈਨਲਾਂ ਰਾਹੀਂ ਉਹਨਾਂ ਦਾ ਹੀ ਦ੍ਰਿਸ਼ਟੀਕੋਣ ਪੈਦਾ ਹੋਵੇਗਾ,ਜਿਨ੍ਹਾਂ ਕੋਲ ਕੌਮਾਂਤਰੀ ਮੀਡੀਆ ਨੂੰ ਚਲਾਉਣ ਲਈ ਪੂੰਜੀ ਹੈ।ਸੂਚਨਾਵਾਂ 'ਚ ਕਮੀ ਆਉਂਦੀ ਜਾਵੇਗੀ ਤੇ ਵਿਆਪਕ ਰੂਪ 'ਚ ਵੇਖਿਆ ਜਾਵੇ ਤਾਂ ਇਹਨਾਂ ਦਾ ਉਦੇਸ਼ ਅਜਿਹੇ ਸਰੋਤੇ ਪੈਦਾ ਕਰਨਾ ਹੋਵੇਗਾ,ਜੋ ਇਕ ਦੂਜੇ ਤੋਂ ਅਲੱਗ ਹੋਵੇ ਤੇ ਇਹ ਸਰੋਤੇ ਜ਼ਿਹਨੀ ਤੌਰ 'ਤੇ ਐਨੇ ਵੰਡੇ ਹੋਏ ਹੋਣ,ਕਿ ਰਾਜਨੀਤੀ 'ਚ ਕਿਸੇ ਸ਼ਕਤੀ ਨੂੰ ਪ੍ਰੇਸ਼ਾਨ ਨਾ ਕਰ ਸਕਣ"।ਵੇਖਣਾ ਹੋਵੇ ਤਾਂ ਵਿਸ਼ਵੀਕਰਨ ਦੀ ਪੂੰਜੀ ਨਾਲ ਸ਼ੁਰੂ ਹੋਏ ਭਾਰਤੀ ਅਖ਼ਬਾਰ ਤੇ ਚੈਨਲ ਵੀ ਲਗਭਗ ਅਜਿਹੀ ਹੀ ਭੂਮਿਕਾ ਨਿਭਾ ਰਹੇ ਨੇ।ਸਮਾਜਿਕ ਸਰੋਕਾਰਾਂ ਨਾਲ ਜੁੜੀ ਪੱਤਰਕਾਰੀ 'ਤੇ ਭਾਰੂ ਪ੍ਰੋਫੈਸ਼ਨਲਿਜਮ ਨੇ ਅਖ਼ਬਾਰਾਂ ਤੇ ਚੈਨਲਾਂ ਦੇ ਸੰਪਾਦਕਾਂ ਨੂੰ ਮੈਨੇਜਰਾਂ 'ਚ ਤਬਦੀਲ ਕਰ ਦਿੱਤਾ ਹੈ ਤੇ ਖ਼ਬਰ ਹੁਣ ਪ੍ਰੋਡਕਟ ਦੇ ਰੂਪ 'ਚ ਤਬਦੀਲ ਹੋ ਗਈ ਹੈ।ਚੈਨਲ ਤੇ ਅਖ਼ਬਾਰ ਦਾ ਸਾਰਾ ਅਰਥਸ਼ਾਸ਼ਤਰ ਇਸ਼ਤਿਹਾਰ ਨਾਲ ਜੁੜਿਆ ਹੋਣ ਦੇ ਕਾਰਨ ਚੈਨਲਾਂ 'ਤੇ ਅਖਬਾਰਾਂ 'ਚ ਲੋਕ-ਲਭਾਵਨੀਆਂ ਕਹਾਣੀਆਂ,ਭੂਤ ਪ੍ਰੇਤ ਤੇ ਅਧਾਰਿਤ ਸੀਰੀਅਲ,ਅਰਧ ਨਗਨ ਤਸਵੀਰਾਂ ਆਦਿ ਹੋਰ ਪਤਾ ਨੀਂ ਕੀ ਕੀ ਪਰੋਸਿਆ ਜਾਂਦਾ ਹੈ ਤੇ ਬਾਅਦ 'ਚ ਇਸੇ ਨੂੰ ਪ੍ਰੋਫੈਸ਼ਨਲਿਜ਼ਮ ਦਾ ਨਾਂਅ ਦੇਕੇ ਕਿਹਾ ਜਾਂਦਾ ਹੈ ਕਿ ਜੋ ਜਨਤਾ ਵੇਖਣਾ ਚਾਹੁੰਦੀ ਹੈ,ਅਸੀਂ ਉਹੀ ਵਿਖਾਉਂਦੇ ਹਾਂ"।ਸੱਭਿਅਕ ਸਮਾਜ ਦਾ ਸਭ ਤੋਂ ਵੱਧ ਰੌਲਾ ਪਾਉਣ ਵਾਲੇ ਚੈਨਲਾਂ ਨੇ ਨੈਤਕਿਤਾ ਤੇ ਅਨੈਤਿਕਤਾ ਨੂੰ ਇਕੋ ਤੱਕੜੀ 'ਚ ਤੋਲ ਦਿੱਤਾ ਹੈ।ਕਈ ਖ਼ਬਰੀਆ ਚੈਨਲ ਜੋਤਿਸ਼ ਜਾਂ ਗ੍ਰਹਿਾਂ ਨਛੱਤਰਾਂ ਨੂੰ ਇਸ ਤਰ੍ਹਾਂ ਵਿਖਾਉਂਦੇ ਨੇ,ਜਿਸ ਤਰ੍ਹਾਂ ਉਹ ਖ਼ਬਰੀਆਂ ਨਹੀਂ ,ਅੰਧਵਿਸ਼ਵਾਸੀ ਚੈਨਲ ਹੋਣ।

ਜਰਮਨੀ 'ਚ ਨਾਜ਼ੀਵਾਦ ਜਦੋਂ ਸਿਖਰਾਂ 'ਤੇ ਸੀ ਤਾਂ ਹਿਟਲਰ ਦੇ ਮੀਡੀਆ ਪ੍ਰਚਾਰਕ ਗੋਇਬਲਜ਼ ਨੇ ਕਿਹਾ ਸੀ "ਕਿ ਜੇ ਇਕ ਝੂਠ ਨੂੰ ਸੌ ਵਾਰ ਬੋਲ ਦਿੱਤਾ ਜਾਵੇ ਤਾਂ ਇਹ ਸੱਚ ਹੋ ਜਾਂਦਾ ਹੈ"।ਵਿਸ਼ਵੀਕਰਨ ਦੀਆਂ ਨੀਤੀਆਂ ਦੇ ਭਾਰ ਹੇਠ ਦੱਬਿਆ ਮੀਡੀਆ ਵੀ ਅੱਜਕਲ੍ਹ ਬਹੁਤੇ ਝੂਠਾਂ ਨੂੰ ਸੱਚ ਬਣਾਉਣ ਦੀ ਕਵਾਇਦ 'ਚ ਜੁਟਿਆ ਹੋਇਆ ਹੈ।ਦੇਸ਼ ਦੀ ਅਸਲ ਤਸਵੀਰ ਦੇ,ਪੁੱਠੇ ਪਾਸੇ ਨੂੰ ਲੋਕਾਂ ਸਾਹਮਣੇ ਪੇਸ਼ ਕੀਤੇ ਜਾ ਰਿਹਾ ਹੈ।ਸ਼ੇਅਰ ਬਜ਼ਾਰ ਦਾ ਸੂਚਕ ਅੰਕ ਹੋਵੇ ਜਾਂ ਫਿਰ ਸਾਮਰਾਜੀ ਮੰਡੀ ਦੀ ਲੋੜ ਲਈ ਆਈ "ਹਰੀ ਕ੍ਰਾਂਤੀ" ਹੋਵੇ,ਸਭ ਚੀਜ਼ਾਂ ਨੂੰ ਪੂਰੇ ਭਾਰਤ ਦੇ ਵਿਕਾਸ ਨਾਲ ਜੋੜਕੇ ਵੇਖਾਇਆ ਜਾਂਦਾ ਹੈ।ਸ਼ੇਅਰ ਬਜ਼ਾਰ ਜਦੋਂ 20,000 ਦਾ ਅੰਕੜਾ ਪਾਰ ਕਰਦਾ ਹੈ ਤਾਂ ਮੀਡੀਆ ਇਸਨੂੰ ਲੋਕਤੰਤਰ ਦਾ ਪੰਜਵਾਂ ਥੰਮ੍ਹ ਬਣਾਕੇ ਪ੍ਰਚਾਰਦਾ ਹੈ,ਜਦੋਂ ਕਿ ਚੈਨਲ ਉਸੇ ਬਜ਼ਾਰ ਦੀ ਗੱਲ ਕਰ ਰਹੇ ਹੁੰਦੇ ਨੇ ,ਜੋ ਕਦੇ ਕ੍ਰਿਕੇਟ ਦੇ ਮੈਚ ਤੇ ਕਦੇ ਚੋਣਾਂ ਦੀ ਜਿੱਤ ਹਾਰ ਕਾਰਨ ਪ੍ਰਭਾਵਿਤ ਹੋ ਜਾਂਦਾ ਹੈ ਤੇ ਜਿਸਨੂੰ ਵਿਦੇਸ਼ੀ ਨਿਵੇਸ਼ਕ ਏਜੰਸੀਆਂ ਨਿਰਧਾਰਿਤ ਕਰਦੀਆਂ ਹਨ। ਦੇਸ਼ ਦੇ ਕਿਸੇ ਅਦਾਕਾਰ ਨੂੰ "ਸਦੀ ਦਾ ਨਾਇਕ " ਬਣਾਕੇ ਤੇ ਕ੍ਰਿਕਟ ਦੇ ਵਿਸ਼ਵ ਕੱਪ ਨੂੰ ਵਿਸ਼ਵ ਯੁੱਧ ਦਾ ਨਾਂ ਦੇਣਾ ਵੀ ਝੂਠ ਨੂੰ ਸੱਚ ਬਣਾਉਣ ਵਾਲੀ ਗੱਲ ਹੈ।ਕ੍ਰਿਕੇਟ ਨੂੰ 24 ਘੰਟਿਆਂ 'ਚੋਂ 16-16 ਘੰਟੇ ਵਿਖਾਕੇ ਕਰੋੜਾਂ ਦਰਸ਼ਕ ਨੂੰ ਕ੍ਰਿਕੇਟ ਦੇ ਰਾਸ਼ਟਰਵਾਦ ਨਾਲ ਜੋੜਦੇ ਹੋਏ ਚੈਨਲ ਇਸ਼ਤਿਹਾਰਬਾਜ਼ੀ ਜ਼ਰੀਏ ਬਹੁਰਾਸ਼ਟਰੀ ਕੰਪਨੀਆਂ ਲਈ ਵੱਡਾ ਬਜ਼ਾਰ ਪੈਦਾ ਕਰਨ 'ਚ ਲੱਗੇ ਹੋਏ ਹਨ।ਅਲੋਚਨਾ ਦੇ ਹੁਣ ਨਵੇਂ ਸਟੈਂਡਰਡ ਬਣ ਗਏ ਹਨ,ਮੀਡੀਆ ਰਾਖੀ- ਮੀਕਾ,ਸ਼ਿਲਪਾ ਸੈਟੀ ਚੁੰਮਣ ਆਦਿ ਹਾਸੋਹੀਣੀ ਮੱਦਿਆਂ ਦੀ "ਜਿੰਮੇਂਵਾਰ" ਮੀਡੀਆ ਆਲੋਚਨਾ ਕਰਦਾ ਨਜ਼ਰ ਆਉਂਦਾ ਹੈ।ਸਮਾਜ 'ਚ ਵਾਪਰਦੀਆਂ ਦੱਬੇ ਕੁਚਲੇ ਲੋਕਾਂ ਦੀਆਂ ਸੂਚਨਾਵਾਂ ਨੂੰ ਅਣਗੌਲਿਆਂ ਕਰਕੇ ਮੀਡੀਆ ਵਿਅਕਤੀਗਤ ਘਟਨਾਵਾਂ ਨੂੰ ਹਮੇਸ਼ਾਂ ਉਭਾਰਕੇ ਪੇਸ਼ ਕਰਦਾ ਹੈ।
ਜਿਵੇਂ ਇਕ ਪ੍ਰਿੰਸ ਦੇ ਖੱਡੇ 'ਚ ਡਿੱਗਣ ਦੀ ਘਟਨਾ ਨੂੰ ਮੀਡੀਆ ਵੱਡੇ ਪੱਧਰ 'ਤੇ ਪੇਸ਼ ਕਰਦਾ ਹੈ ਪਰ ਦੇਸ਼ ਦੀਆਂ ਸੜਕਾਂ 'ਤੇ ਫਿਰਦੇ ਹਜ਼ਾਰਾਂ ਭੁੱਖੇ ਨੰਗਿਆਂ ਬੱਚਿਆਂ ਦੀ ਖ਼ਬਰ ਚੈਨਲ ਕਦੇ ਪੇਸ਼ ਨਹੀਂ ਕਰਦੇ ।ਇਸੇ ਤਰ੍ਹਾਂ ਮੀਡੀਆਂ ਦਲਿਤਾਂ,ਆਦਿਵਾਸੀਆਂ,ਕਿਸਾਨਾਂ ਤੇ ਘੱਟਗਿਣਤੀਆਂ ਦੇ ਸੰਘਰਸ਼ਾਂ ਨੂੰ ਪੇਸ਼ ਨਹੀਂ ਕਰਦਾ,ਜਿਹੜੀਆਂ ਖ਼ਬਰਾਂ ਸਿਸਟਮ ਦੀਆਂ ਵਿਰੋਧਤਾਈਆਂ ਨੂੰ
ਤਿੱਖਾ ਕਰਦੀਆਂ ਨੇ,ਉਹਨਾਂ ਤੋਂ ਮੀਡੀਆ ਪਰਹੇਜ਼ ਕਰਦਾ ਹੈ ,ਕਿਉਂਕਿ ਮੀਡੀਏ ਦੀ ਰਾਜਨੀਤਿਕ-ਆਰਥਿਕਤਾ ਉਸਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੀ।ਮੀਡੀਆ ਨੂੰ ਵੱਡੇ ਰੂਪ 'ਚ ਇਸ਼ਤਿਹਾਰ ਬਹੁਰਾਸ਼ਟਰੀ ਕੰਪਨੀਆਂ ਹੀ ਦਿੰਦੀਆਂ ਹਨ,ਇਸ ਲਈ ਮੀਡੀਆ ਕੰਪਨੀਆਂ ਦੇ ਆਰਥਿਕ ਤੇ ਰਾਜਨੀਤਿਕ ਹਿੱਤ ਪੂਰਨੇ ਆਪਣੀ ਜਿੰਮੇਂਵਾਰੀ ਸਮਝਦਾ ਹੈ।ਖ਼ਬਰੀ ਚੈਨਲ ਕੋਲ ਅੱਜਕੱਲ੍ਹ ਹਰ ਖੇਤਰ ਲਈ ਵਿਸ਼ੇਸ਼ ਬੀਟ ਦੇ ਪੱਤਰਕਾਰ ਨੇ,ਪਰ ਦੇਸ਼ ਦੇ ਵੱਡੇ ਹਿੱਸੇ ਮਜ਼ਦੂਰਾਂ ਕਿਸਾਨਾਂ ਲਈ ਕੋਈ ਵੀ ਲੇਬਰ ਜਾਂ ਐਗਰੀਕਲਚਰ ਬੀਟ ਨਹੀਂ ਹੈ।ਦੇਸ਼ ਦੇ 75% ਹਿੱਸੇ ਨੂੰ ਛੱਡਕੇ 25% ਹਿੱਸੇ ਨੂੰ ਕਵਰ ਕਰਨ ਦਾ ਵੀ ਇਹੀ ਕਾਰਨ ਹੈ,ਕਿਉਂਕਿ 25% ਲੋਕਾਂ ਸਿੱਧੇ ਤੌਰ 'ਤੇ ਬਹੁਰਾਸ਼ਟਰੀ ਕੰਪਨੀਆਂ ਦੇ ਬਜ਼ਾਰ ਨਾਲ ਜੁੜੇ ਹੋਏ ਹਨ।ਇਸੇ ਲਈ ਚੈਨਲ ਅਜਿਹੇ ਪ੍ਰੋਗਰਾਮ ਪੇਸ਼ ਕਰਦੇ ਹਨ,ਜਿਨ੍ਹਾਂ ਨਾਲ "ਖਾਓ ਪੀਓ ਐਸ਼ ਕਰੋ ਮਿੱਤਰੋ" ਦੇ ਸਭਿਆਚਾਰ ਨੂੰ ਪ੍ਰਫੁੱਲਤ ਕੀਤਾ ਜਾ ਸਕੇ। ਹੁਣ ਚੈਨਲ ਨਾਗਰਿਕ ਨੂੰ ਉਪਭੋਗਤਾ 'ਚ ਤਬਦੀਲ ਕਰਨ 'ਚ ਲੱਗੇ ਹੋਏ ਹਨ।ਗੰਭੀਰਤਾ ਨਾਂ ਦੀ ਚੀਜ਼ ਚੈਨਲਾਂ ਤੋਂ ਖਤਮ ਹੋ ਗਈ ਹੈ।ਇਸੇ ਨੂੰ ਬਿਆਨ ਕਰਦੇ ਮਸ਼ਹੂਰ ਮੀਡੀਆ ਆਲੋਚਕ ਬੇਨ ਬੈਕੇਡੀਅਨ ਕਹਿੰਦੇ ਨੇ ਕਿ "ਗੰਭੀਰ ਖ਼ਬਰਾਂ ਤੇ ਪ੍ਰੋਗਰਾਮ ਪਾਠਕਾਂ ਤੇ ਦਰਸ਼ਕਾਂ ਨੂੰ ਯਾਦ ਦਿਵਾਉਂਦੇ ਨੇ ਕਿ ਨਵੇਂ ਪਾਓਡਰ,ਸਾਬਣ ਜਾਂ ਨਵੇਂ ਮੋਬਾਇਲ ਨਾਲ ਦੁਨੀਆਂ ਮੁੱਠੀ 'ਚ ਨਹੀਂ ਕੀਤੀ ਜਾ ਸਕਦੀ,ਭਾਵ ਸਾਡੀਆਂ ਆਰਥਿਕ,ਸਮਾਜਿਕ ਤੇ ਰਾਜਨੀਤਿਕ ਸਮੱਸਿਆਵਾਂ ਦੇ ਹੱਲ ਨਹੀਂ ਹੋ ਸਕਦੇ,ਪਰ ਮੁੱਖ ਧਾਰਾ ਦੇ ਮੀਡੀਏ ਦਾ ਪੂਰਾ ਅਰਥਸ਼ਾਸ਼ਤਰ ਹੀ ਸਾਬਣਾਂ,ਟੂਥਪੇਸਟਾਂ ਤੇ ਮੋਬਾਇਲਾਂ ਤੇ ਟਿਕਿਆ ਹੋਇਆ ਹੈ"।

ਜਿਸ ਤਰ੍ਹਾਂ ਵੱਡੀ ਮੱਛੀ,ਛੋਟੀ ਮੱਛੀ ਨੂੰ ਖਾਂਦੀ ਹੈ,ਉਸੇ ਤਰ੍ਹਾਂ ਵਿਸ਼ਵੀਕਰਨ ਦੇ ਦੌਰ 'ਚ ਵੱਡੀਆਂ ਮੀਡੀਆ ਕੰਪਨੀਆਂ ਛੋਟੀਆਂ ਨੂੰ ਖਾ ਕੇ ਏਕਾਧਿਕਾਰੀ ਕਾਇਮ ਕਰ ਰਹੀਆਂ ਹਨ।ਇਸ ਨਾਲ ਸੂਚਨਾ ਦੇ ਮਰਨ ਦਾ ਖਤਰਾ ਜ਼ਿਆਦਾ ਪੈਦਾ ਹੋਇਆ ਹੈ।ਅੰਤਰਰਾਸ਼ਟਰੀ ਮੀਡੀਆ ਤੇ ਨਜ਼ਰ ਮਾਰੀਏ ਤਾਂ ਨਜ਼ਰ ਆਉਂਦਾ ਹੈ ਤਾਂ ਪੂਰੀ ਦੁਨੀਆਂ ਦਾ ਧੁਰਾ ਕਹਾਉਂਦੇ ਅਮਰੀਕਾ 'ਚ 1983 'ਚ ਮੀਡੀਆ ਦੇ ਲਗਭਗ ਹਰ ਸਾਧਨ 'ਤੇ 50 ਕਾਰਪੋਰੇਸ਼ਨਾਂ ਦਾ ਕਬਜ਼ਾ ਸੀ,1987 'ਚ 29,1990'ਚ 23 ਤੇ 1997 ਤੱਕ ਆਉਂਦਿਆਂ 10 ਹੀ ਕਾਰਪੋਰੇਸ਼ਨਾਂ ਪੂਰੇ ਮੀਡੀਆ ਢਾਂਚੇ 'ਤੇ ਕਾਬਜ਼ ਸੀ।ਮੌਜੂਦਾ ਸਮੇਂ ਨਿਊਜ਼ ਕਾਰਪੋਰੇਸ਼ਨ,ਟਾਇਮ ਵਾਰਨਰ,ਏ.ਓ.ਐੱਲ ਡਿਜ਼ਨੀ,ਬਟੇਲਸਮੈਨ,ਵਾਅਕਾਮ ਤੇ ਟੀ.ਐੱਸ.ਆਈ. ਅਜਿਹੀਆਂ 6 ਕੰਪਨੀਆਂ ਨੇ ,ਜੋ ਅਮਰੀਕਾ ਦੇ ਰੇਡਿਓ,ਟੀ.ਵੀ ਤੇ ਅਖ਼ਬਾਰਾਂ ਨੂੰ ਕੰਟਰੋਲ ਕਰਦੀਆਂ ਨੇ।ਇਹਨਾਂ 'ਚੋਂ "ਨਿਊਜ਼ ਕਾਪੋਰੇਸ਼ਨ" ਦਾ ਸਟਾਰ ਗਰੁੱਪ ਤੇ ਟਾਈਮ ਵਾਰਨਰ ਦਾ ਸੀ.ਐੱਨ.ਐੱਨ. ਭਾਰਤੀ ਮੀਡੀਏ 'ਤੇ ਆਪਣੀ ਪੈਂਠ ਲਗਾਤਾਰ ਵਧਾ ਰਹੇ ਹਨ।ਇਸੇ ਤਰ੍ਹਾਂ ਭਾਰਤੀ ਮੀਡੀਆ ਦੇ ਇਸ਼ਤਿਹਾਰ ਨਾਲ ਸਬੰਧਿਤ ਬਿਜ਼ਨਸ 'ਤੇ ਵੀ ਚੋਟੀ ਦੀਆਂ 5 ਕੰਪਨੀਆਂ ਕਬਜ਼ਾ ਹੈ,ਜਿਨ੍ਹਾਂ ਸਾਰੀਆਂ ਨੂੰ ਵਿਦੇਸ਼ੀ ਕੰਪਨੀਆਂ ਕੰਟਰੋਲ ਕਰਦੀਆਂ ਹਨ।ਏਕਾਧਿਕਾਰ ਤੇ ਸ਼ਕਤੀ ਜਦੋਂ ਵੀ ਵਧਦੀ ਹੈ ਤਾਂ ਇਸਦੇ ਗੰਭੀਰ ਸਿੱਟੇ ਸਮਾਜ ਨੂੰ ਭੁਗਤਣੇ ਪੈਂਦੇ ਹਨ।ਖਾਸ ਕਰ ਭਾਰਤ ਵਰਗੇ ਦੇਸ਼ 'ਚ ਜਿੱਥੇ ਦੇਸੀ ਪੂੰਜੀ ਨਹੀਂ ,ਬਲਕਿ ਵਿਦੇਸ਼ੀ ਪੂੰਜੀ ਆਪਣਾ ਏਕਾਧਿਕਾਰ ਕਾਇਮ ਕਰ ਰਹੀ ਹੈ।ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸੀ.ਐਨ.ਬੀ.ਸੀ. ਚੈਨਲ 'ਤੇ ਵਿਚਾਰ ਚਰਚਾ 'ਚ ਕਿਹਾ ਕਿ"ਸਾਨੂੰ ਆਪਣੇ ਸੀ.ਐੱਨ.ਐੱਨ. ਤੇ ਬੀ.ਬੀ.ਸੀ. ਦੀ ਜ਼ਰੂਰਤ ਹੈ,ਜੋ ਗਲੋਬਲ ਪੱਧਰ 'ਤੇ ਗਲੋਬਲ ਨਜ਼ਰੀਏ ਦਾ ਸਰੋਤਾ ਪੈਦਾ ਕਰ ਸਕਣ",ਹਾਂ ਜ਼ਰੂਰ ਹੀ ਦੇਸ਼ ਦੀ ਤਰੱਕੀ ਤੇ ਵਿਕਾਸ ਲਈ ਅਜਿਹੇ ਚੈਨਲਾਂ ਦੀ ਜ਼ਰੂਰਤ ਹੈ,ਪਰ ਕੀ ਵਿਦੇਸ਼ੀ ਪੂੰਜੀ ਦੀ ਨੀਂਹ 'ਤੇ ਟਿਕੇ ਹੋਏ ਸੀ.ਐਨ.ਐਨ,ਬੀ.ਬੀ.ਸੀ. ਤੇ "ਸਟਾਰ" ਸੰਘਰਸ਼ਾਂ ਭਰੀ ਪੱਤਰਕਾਰੀ ਦੇ ਸਿਧਾਂਤਾਂ, ਮੁੱਲਾਂ ,ਮਿਆਰਾਂ ਤੇ ਸਰੋਕਾਰਾਂ 'ਤੇ ਪਹਿਰਾ ਦੇ ਸਕਣਗੇ ?ਇਹ ਗੱਲ ਜ਼ਰਾ ਧਿਆਨਦੇਣਯੋਗ ਹੈ।ਹਾਲਤ ਤਾਂ ਇਹ ਹੈ ਕਿ ਸਾਬਕਾ ਪ੍ਰਧਾਨਮੰਤਰੀ ਜਵਾਹਰਲਾਲ ਨਹਿਰੂ ਵਲੋਂ ਖ਼ਬਰ ਏਜੰਸੀ ਪੀ.ਟੀ.ਆਈ. ਦਾ ਏਕਾਧਿਕਾਰ ਤੋੜਨ ਲਈ ਨਵੀਂ ਇਜ਼ਾਦ ਕੀਤੀ ਗਈ ਏਜੰਸੀ ਯੂ.ਐੱਨ.ਆਈ. ਨੂੰ ਕਬਜ਼ੇ 'ਚ ਲੈਣ ਲਈ ਕੁਝ ਮੀਡੀਆ ਸੰਸਥਾਵਾਂ ਵਲੋਂ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਹਨ।ਇਸ ਲਈ ਸਾਰੇ ਵਰਤਾਰੇ ਨੂੰ ਸਮਝਦੇ ਹੋਏ ਪੱਤਰਕਾਰ ਭਾਈਚਾਰੇ ਨੂੰ ਡੂੰਘਾਈ ਨਾਲ ਸੋਚਣ ਸਮਝਣ ਦੀ ਜ਼ਰੂਰਤ ਹੈ,ਨਹੀਂ ਤਾਂ ਇਤਿਹਾਸ, ਸਾਡੇ ਸਮਿਆਂ ਦੇ ਇਸ ਦੌਰ ਵੱਲ ਹਮੇਸ਼ਾਂ ਸਵਾਲੀਆ ਨਿਗ੍ਹਾ ਨਾਲ ਵੇਖਦਾ ਰਹੇਗਾ।

-ਯਾਦਵਿੰਦਰ ਕਰਫਿਊ
ਜੇ. ਐਨ. ਯੂ, ਨਵੀਂ ਦਿੱਲੀ
ghulamkalam@ymail.com

09899436972

ਸੰਸਦੀ ਜਾਂ ਮੀਡੀਆਈ ਇਤਿਹਾਸ ਦਾ ਕਾਲਾ ਦਿਨ..?

22 ਜੁਲਾਈ 2008 ਨੂੰ ਸੰਸਦ 'ਚ ਭਰੋਸੇ ਦੀ ਵੋਟ ਦੌਰਾਨ ਜੋ ਡਰਾਮਾ ਹੋਇਆ, ਉਸਨੂੰ ਲਗਭਗ ਸਾਰੇ ਹੀ ਮੀਡੀਏ ਤੇ ਬੁੱਧੀਜੀਵੀ ਹਲਕਿਆਂ ਨੇ ਸੰਸਦੀ ਇਤਿਹਾਸ ਦੇ ਕਾਲੇ ਦਿਨ ਦਾ ਨਾਂਅ ਦਿੱਤਾ। ਇਸ ਘਟਨਾ 'ਚ ਜੇਕਰ ਸਾਰੇ ਪਹਿਲੂਆਂ ਦੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਇਹ ਦਿਨ ਸੰਸਦ ਦੇ ਇਤਿਹਾਸ ਲਈ ਨਹੀਂ, ਬਲਕਿ ਮੀਡੀਆ ਦੇ ਇਤਿਹਾਸ ਲਈ ਕਾਲਾ ਸੀ। ਕਿਉਂਕਿ ਸੰਸਦੀ ਇਤਿਹਾਸ 'ਚ ਨਹਿਰੂ ਦੇ ਜ਼ਮਾਨੇ ਤੋਂ ਅੱਜ ਤੱਕ ਜੋ ਘਟਨਾਵਾਂ ਵਾਪਰਦੀਆਂ ਰਹੀਆਂ ਹਨ, ਉਹ ਲਗਾਤਾਰ ਸੰਸਦ ਦੀ ਮਰਿਯਾਦਾ ਤੇ ਸੰਵਿਧਾਨਕ ਕਾਨੂੰਨਾਂ ਦੀਆਂ ਪਹਿਲਾਂ ਹੀ ਧੱਜੀਆਂ ਉੱਡਾਉਂਦੀਆਂ ਰਹੀਆਂ ਹਨ। ਇਹ ਘਟਨਾ ਜਦੋਂ ਵਾਪਰੀ ਸੀ ਤਾਂ ਇਸ ਦਾ ਵਿਸ਼ਲੇਸ਼ਨ ਕਰਨਾ ਕਾਫੀ ਔਖਾ ਸੀ, ਪਰ ਜਿਉਂ ਜਿਉਂ ਮਾਮਲੇ ਦੇ ਲੁਕੇ ਪਹਿਲੂ ਉੱਭਰਕੇ ਸਾਹਮਣੇ ਆਉਂਦੇ ਗਏ ,ਤਿਉਂ ਤਿਉਂ ਧੁੰਦਲੀ ਤਸਵੀਰ ਪੂਰੀ ਤਰ੍ਹਾਂ ਸਾਫ ਹੁੰਦੀ ਗਈ। ਜਿਸ ਤਰਾਂ ਸਾਡੇ ਸਮਾਜ 'ਚ ਰਾਜਨੀਤੀਵਾਨਾਂ ਦਾ ਪੁਲਿਸ ਜਾਂ ਗੁੰਡਿਆਂ ਨਾਲ ਸਿੱਧਾ ਗਠਜੋੜ ਹੰਦਾ ਹੈ, ਉਸੇ ਤਰ੍ਹਾਂ ਇਸ ਘਟਨਾ 'ਚ ਖ਼ਬਰੀਆ ਚੈਨਲ ਸੀ.ਐਨ.ਐਨ., ਆਈ.ਬੀ.ਐਨ. ਤੇ ਬੀ.ਜੇ.ਪੀ ਦਾ ਗਠਜੋੜ ਵੀ ਮੀਡੀਆਈ ਇਤਿਹਾਸ ਦੀ ਨਿਵੇਕਲੀ ਘਟਨਾ ਦੇ ਰੂਪ 'ਚ ਸਾਹਮਣੇ ਆਇਆ। ਪੂਰੇ ਮਾਮਲੇ 'ਚ ਚੈਨਲ ਵਲੋਂ ਸਟਿੰਗ ਅਪਰੇਸ਼ਨ ਸਹੀ ਸਮੇਂ 'ਤੇ ਨਾ ਦਿਖਾਏ ਕਾਰਨ ਬੀ.ਜੇ.ਪੀ. ਨਾਲ ਵੱਡੇ ਪੱਧਰ 'ਤੇ ਮੱਤਭੇਦ ਸਾਹਮਣੇ ਆਏ। ਖ਼ਬਰੀਆ ਚੈਨਲਾਂ ‘ਤੇ ਰਾਜਨੀਤਿਕ ਪਾਰਟੀਆਂ ਦੇ ਗਠਜੋੜ 'ਤੇ ਚਾਹੇ ਪਹਿਲਾਂ ਵੀ ਕਈ ਸਵਾਲ ਉੱਠਦੇ ਰਹੇ ਹਨ, ਪਰ ਇਸ ਘਟਨਾ ਨਾਲ ਜਿਵੇਂ ਸਾਰਾ ਕੁਝ ਜੱਗਜ਼ਾਹਰ ਹੋਇਆ, ਉਸਨੇ ਚੈਨਲਾਂ ‘ਤੇ ਕਈ ਸਵਾਲ ਖੜ੍ਹੇ ਕੀਤੇ।

ਅਸਲ 'ਚ ਜਦੋਂ ਭਾਰਤ ਅਮਰੀਕਾ ਪ੍ਰਮਾਣੂ ਸਮਝੌਤੇ ਦੇ ਸ਼ੈਸ਼ਨ ਤੋਂ ਪਹਿਲਾਂ ਦਿੱਲੀ ਦੀ "ਘੋੜ ਮੰਡੀ" 'ਚ ਸੰਸਦ ਦੀ ਖਰੀਦੋ ਫਰੋਖਤ ਹੋ ਰਹੀ ਸੀ, ਤਾਂ ਉਦੋਂ ਬੀ.ਜੇ.ਪੀ. ਨੇ ਸੋਚਿਆ ਕਿ ਕਿਉਂ ਨਾ ਮੌਕੇ ਨੂੰ ਸਿਆਸੀ ਦਾਅ ਪੇਚ ਦੇ ਤੌਰ 'ਤੇ ਵਰਤਿਆ ਜਾਵੇ। ਇਸ ਕੰਮ ਲਈ ਬੀ.ਜੇ.ਪੀ. ਵਲੋਂ ਕਿਸੇ ਚੈਨਲ ਤੋਂ ਸਟਿੰਗ ਅਪਰੇਸ਼ਨ ਕਰਵਾਉਣ ਦੀ ਰਣਨੀਤੀ ਘੜੀ ਗਈ। ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਬੀ.ਜੇ.ਪੀ. ਵਲੋਂ ਸਭ ਤੋਂ ਪਹਿਲੀ ਮੀਟਿੰਗ ਪ੍ਰਧਾਨ ਮੰਤਰੀ ਪਦ ਦੇ ਅਗਲੇ ਦਾਅਵੇਦਾਰ ਲਾਲ ਕ੍ਰਿਸ਼ਨ ਅਡਵਾਨੀ ਦੇ ਘਰ ਰੱਖੀ ਗਈ। ਇਸ ਮੀਟਿੰਗ 'ਚ ਬੀ.ਜੇ.ਪੀ. ਦੀ ਪਹਿਲੀ ਕਤਾਰ ਦੇ ਵਿਸ਼ਵਾਸ਼ਯੋਗ ਲੀਡਰਾਂ ਨੂੰ ਬੁਲਾਇਆ ਗਿਆ ਸੀ। ਮੀਟਿੰਗ 'ਚ ਸਟਿੰਗ ਅਪਰੇਸ਼ਨ ਕਰਵਾਉਣ ਲਈ ਵੱਖ ਵੱਖ ਚੈਨਲਾਂ ਦੇ ਪੱਤਰਕਾਰਾਂ ਬਾਰੇ ਚਰਚਾ ਕੀਤੀ ਗਈ, ਪਰ ਆਖਰ 'ਚ ਬੀ.ਜੇ.ਪੀ. ਦੇ ਚਾਣਕੀਏ ਕਹੇ ਜਾਂਦੇ ਅਰੁਣ ਜੇਟਲੀ ਨੇ ਚੈਨਲ ਸੀ.ਐਨ.ਐਨ, ਆਈ.ਬੀ.ਐਨ. ਦੇ ਪੱਤਰਕਾਰ ਰਾਜਦੀਪ ਸਰਦਸਾਈ 'ਤੇ ਸਭ ਤੋਂ ਵੱਧ ਭਰੋਸਾ ਜਤਾਇਆ ਤੇ ਇਸ ਭਰੋਸੇ 'ਤੇ ਸਾਰੇ ਹੀ ਭਾਜਪਾਈਆਂ ਵਲੋਂ ਮੋਹਰ ਲਗਾ ਦਿੱਤੀ ਗਈ। ਇਸ ਕੰਮ ਲਈ ਜ਼ਿੰਮੇਵਾਰੀ ਅਡਵਾਨੀ ਦੇ ਸਹਾਇਕ ਸੁਧੀਰ ਕੁਲਕਰਨੀ ਨੂੰ ਸੋਂਪੀ ਗਈ। ਕੁਲਕਰਨੀ ਨੇ ਰਾਜਦੀਪ ਸਰਦਸਾਈ ਨਾਲ ਗੱਲਬਾਤ ਪੱਕੀ ਕਰਕੇ ਮੀਡੀਆ ਤੇ ਭਾਜਪਾਈ ਰਾਜਨੀਤੀ ਦੇ ਗਠਜੋੜ ਨੂੰ ਪੱਕੇ ਜਿੰਦੇ ਲਗਾ ਦਿੱਤੇ। ਓਧਰ ਪੂਰੇ ਕੰਮ ਨੂੰ ਅਣਜਾਮ ਦੇਣ ਲਈ ਸੰਸਦ 'ਚ ਨੋਟਾਂ ਦੀਆਂ ਗੁੱਟੀਆਂ ਦਿਖਾਉਣ ਵਾਲੇ ਤਿੰਨੇ ਭਾਜਪਾ ਲੀਡਰ ਅਸ਼ੋਕ ਅਰਗਲ, ਫੱਗਣ ਸਿੰਘ ਕਲਸਤੇ ਤੇ ਮਹਾਂਵੀਰ ਭਗੋਰਾ ਪਹਿਲਾਂ ਹੀ ਸਮਾਜਵਾਦੀਏ ਅਮਰ ਸਿੰਘ ਦੇ ਸਹਾਇਕ ਸੰਜੀਵ ਸਕਸੈਨਾ ਦੇ ਸੰਪਰਕ 'ਚ ਸਨ। ਦੱਸਣ ਵਾਲਿਆਂ ਮੁਤਾਬਕ ਸੀ.ਐਨ.ਐਨ., ਆਈ.ਬੀ.ਐਨ. ਨੇ ਪੂਰੀ ਰਣਨੀਤੀ ਤਹਿਤ ਅਸ਼ੋਕ ਅਰਗਲ ਦੀ ਫਿਰੋਜਸ਼ਾਹ ਸਥਿਤ ਕੋਠੀ 'ਚ ਹਰ ਪਾਸੇ ਕੈਮਰੇ ਲਗਵਾ ਦਿੱਤੇ ਗਏ। ਇਸ ਪੂਰੇ ਕੰਮ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰਨ ਲਈ ਬੀ.ਜੇ.ਪੀ. ਵਲੋਂ ਮੱਧਪ੍ਰਦੇਸ਼ ਪੁਲਿਸ ਦੀ ਤੈਨਾਤੀ ਵੀ ਕੀਤੀ ਗਈ ਸੀ।

ਰਾਜਦੀਪ ਸਰਦਸਾਈ ਦੀ ਅਗਵਾਈ 'ਚ ਬੀ.ਜੇ.ਪੀ. ਨੇ ਆਪਣੀ ਮਹਿੰਮ ਨੂੰ ਫਤਿਹ ਕਰ ਲਿਆ। ਪੂਰਾ ਕੰਮ ਨਿਬੜਣ ਤੋਂ ਬਾਅਦ ਬੀ.ਜੇ.ਪੀ.-ਮੀਡੀਆ ਗਠਜੋੜ 'ਚ ਤਹਿ ਹੋਇਆ ਕਿ ਚੈਨਲ ਸਟਿੰਗ ਅਪਰੇਸ਼ਨ ਨੂੰ ਭਰੋਸੇ ਦੀ ਵੋਟ ਵਾਲੇ ਦਿਨ ਦਿਖਾਵੇਗਾ। ਇਸ ਦਿਨ ਸਵੇਰ ਤੋਂ ਹੀ ਭਾਜਪਾਈ ਲੀਡਰਾਂ ਦੀਆਂ ਨਜ਼ਰਾਂ ਚੈਨਲ 'ਤੇ ਲੱਗ ਗਈਆਂ, ਪਰ ਭਾਜਪਾ ਦੀਆਂ ਅੱਖਾਂ ਉਦੋਂ ਅੱਡੀਆਂ ਅਡਾਈਆਂ ਰਹਿ ਗਈਆਂ, ਜਦੋਂ ਚੈਨਲ ਨੇ ਸਟਿੰਗ ਅਪਰੇਸ਼ਨ ਨੂੰ ਪ੍ਰਸਾਰਿਤ ਨਾ ਕੀਤਾ। ਭਾਜਪਾ ਨੂੰ ਲੱਗਿਆ ਜਿਵੇਂ ਉਸ ਨਾਲ "ਨਾਤ੍ਹੀ ਧੋਤੀ ਰਹਿ ਗਈ, ਮੂੰਹ 'ਤੇ ਮੱਖੀ ਬਹਿ ਗਈ" ਵਾਲੀ ਹੋਈ ਹੋਵੇ। ਭਾਜਪਾਈ ਵੀ ਹਾਰਨ ਵਾਲੇ ਕਿੱਥੇ ਸਨ, ਅੰਤਮ ਉਡੀਕਾਂ ਤੋਂ ਬਾਅਦ ਬੀ.ਜੇ.ਪੀ. ਦੇ ਤਿੰਨੇ ਲੀਡਰਾਂ ਨੇ ਇਕ ਕਰੋੜ ਰੁਪਏ ਦੀਆਂ ਗੁੱਟੀਆਂ ਲੋਕ ਸਭਾ 'ਚ ਆਕੇ ਲਹਿਰਾ ਦਿੱਤੀਆਂ। ਬੀ.ਜੇ.ਪੀ. ਦੀ ਇਸ ਕਾਰਵਾਈ ਨੂੰ ਬਹੁਤ ਸਾਰੇ ਲੋਕਾਂ ਨੇ ਗੈਰ ਜਮੂਹਰੀ ਦੱਸਿਆ, ਪਰ ਬੀ.ਜੇ.ਪੀ. ਨੇ ਹੋਰ ਕੋਈ ਚਾਰਾ ਨਾ ਹੁੰਦਿਆਂ ਵੇਖਕੇ ਮੌਕੇ ਨੂੰ ਖੰਜਾਉਣਾ ਬੇਵਕੂਫੀ ਸਮਝਿਆ। ਇਸ ਸਾਰੇ ਡਰਾਮੇ ਦਾ ਟੀ.ਵੀ. 'ਤੇ ਸਿੱਧਾ ਪ੍ਰਸਾਰਨ ਸਾਰੇ ਦੇਸ਼ ਨੇ ਵੇਖਿਆ। ਇਸਤੋਂ ਬਾਅਦ ਮਾਮਲੇ 'ਚ ਵਾਅਦਾ ਖਿਲਾਫੀ ਕਰਨ ਵਾਲੇ ਚੈਨਲ ਤੇ ਪੱਤਰਕਾਰ ਰਾਜਦੀਪ ਸਰਦਸਾਈ ਨਾਲ ਬੀ.ਜੇ.ਪੀ. ਦੀ ਸ਼ਬਦੀ ਜੰਗ ਸ਼ੁਰੂ ਹੋਈ। ਬੀ.ਜੇ.ਪੀ. ਨੇ ਸਟਿੰਗ 'ਤੇ ਆਪਣਾ ਹੱਕ ਜਤਾਉਂਦਿਆਂ ਸੀ.ਐਨ.ਆਈ., ਆਈ.ਬੀ.ਐਨ. 'ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ। ਆਪਣੀ ਵਾਅਦਾਖਿਲਾਫੀ ਦੇ ਜਵਾਬ 'ਚ ਚੈਨਲ ਨੇ ਦਲੀਲ ਦਿੱਤੀ ਕਿ "ਸਟਿੰਗ ਅਧੂਰਾ ਸੀ ਇਸੇ ਲਈ ਚੈਨਲ ਨੇ ਨਹੀਂ ਵਿਖਾਇਆ, ਪਰ ਬਾਅਦ 'ਚ ਇਸੇ ਦਲੀਲ ਦੇ ਉਲਟ ਅਧੂਰੇ ਸਟਿੰਗ ਨੂੰ ਹੀ ਚੈਨਲ 'ਤੇ ਵਿਖਾਇਆ ਵੀ ਗਿਆ। ਇਸ ਸੰਸਦੀ ਡਰਾਮੇ ਦੇ ਦੂਜੇ ਦਿਨ ਜਦੋਂ ਭਾਜਪਾ ਨੇ ਸੰਸਦੀ ਕਮੇਟੀ ਦੇ ਸਾਹਮਣੇ ਆਪਣੇ ਆਪ ਨੂੰ ਸਾਬਿਤ ਕਰਨਾ ਸੀ ਤਾਂ ਚੈਨਲ ਪਾਰਟੀ ਨੂੰ ਸਟਿੰਗ ਦੀ ਟੇਪ ਨਹੀਂ ਦੇ ਰਿਹਾ ਸੀ, ਇਸ ਸਬੰਧੀ ਜਨਤਕ ਦਬਾਅ ਬਣਾਉਣ ਲਈ ਐਲ.ਕੇ.ਅਡਵਾਨੀ ਨੂੰ ਪ੍ਰੈਸ ਕਾਨਫਰੰਸ ਵੀ ਕਰਨੀ ਪਈ, ਆਖਰ ਜਦੋਂ ਟੇਪ ਆਈ ਤਾਂ ਤਿੰਨੇ ਸੰਸਦ ਮੈਂਬਰਾਂ ਦਾ ਬਿਆਨ ਆਇਆ ਕਿ ਟੇਪ ਨਾਲ ਛੇੜਛਾੜ ਕੀਤੀ ਗਈ ਹੈ। ਇਸਤੋਂ ਬਾਅਦ ਗੁੱਸੇ 'ਚ "ਭਗਵੀਂ" ਹੋਈ ਬੀ.ਜੇ.ਪੀ. ਨੇ ਚੈਨਲ ਨੂੰ ਫਾਸ਼ੀਵਾਦੀ ਫਰਮਾਨ ਸੁਣਾਉਣੇ ਸ਼ੁਰੂ ਕਰ ਦਿੱਤੇ। ਭਾਰਤ ਨੂੰ ਸਭ ਤੋਂ ਵੱਡਾ ਲੋਕਤੰਤਰ ਕਹਿਣ ਵਾਲੀ ਭਾਜਪਾ ਦੇ ਬੁਲਾਰੇ ਵੈਂਕਰਈਆ ਨਾਇਡੂ ਨੇ ਆਪਣੇ ਹੀ ਅੰਦਾਜ਼ 'ਚ ਸੀ.ਐਨ.ਐਨ., ਆਈ.ਬੀ.ਐਨ. ਦਾ ਬਾਈਕਾਟ ਕਰਨ ਦਾ ਸੱਦਾ ਦੇਕੇ ਵੱਡੀ ਜਮੂਹਰੀਅਤ ਨੂੰ ਨਿਗੂਣਾ ਸਾਬਿਤ ਕਰ ਦਿੱਤਾ। ਅਰੁਣ ਜੇਟਲੀ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਚੈਨਲ ਨੂੰ ਸਟਿੰਗ ਆਪਰੇਸ਼ਨ ਦਿਖਾਉਣ ਲਈ ਵੰਗਾਰਿਆ। ਇਸਤੋਂ ਬਾਅਦ ਦਿੱਲੀ ਦੇ ਰਾਜਨੀਤਿਕ ਗਲਿਆਰਿਆਂ 'ਚ ਕਈ ਮੁੱਖ ਧਾਰਾਈ ਪਾਰਟੀਆਂ ਨੇ ਆਪੋ ਆਪਣੀਆਂ ਸੀ.ਡੀਜ਼. ਰਿਲੀਜ਼ ਕਰਨ ਦੇ ਡਰਾਮੇ ਕਰਦੇ ਹੋਏ ਇਕ ਦੂਜੇ ਦੇ ਪੋਤੜੇ ਫਰੋਲਣੇ ਸ਼ੁਰੂ ਕਰ ਦਿੱਤੇ। ਯੂ.ਪੀ.ਏ ਨੇ ਵੀ ਇਸੇ ਸਟਿੰਗ ਵਰਗੀ ਸੀ.ਡੀ. ਰਿਲੀਜ਼ ਕੀਤੀ ਤੇ ਭਾਜਪਾ ਨਾਲ ਰੁੱਸੀ ਉਮਾ ਭਾਰਤੀ ਨੇ ਵੀ ਸੀ.ਡੀ. ਰਿਲੀਜ਼ ਕਰਕੇ ਆਪਣੇ ਹੀ ਰਾਗ ਅਲਾਪੇ।

ਚੈਨਲਾਂ ਦੇ ਸਟਿੰਗ ਅਪਰੇਸ਼ਨਾਂ ਦਾ ਛੋਟਾ ਜਿਹਾ ਇਤਿਹਾਸ ਫਰੋਲੀਏ ਤਾਂ ਇਹਨਾਂ ਜ਼ਰੀਏ ਰਾਜਨੀਤੀ ਦੇ ਵੱਡੇ ਵੱਡੇ ਭ੍ਰਿਸ਼ਟ ਲੀਡਰਾਂ ਦੇ ਚਿਹਰੇ ਬੇਨਕਾਬ ਹੁੰਦੇ ਰਹੇ ਹਨ। ਭਾਜਪਾ ਇਹਨਾਂ ਸਟਿੰਗ ਅਪਰੇਸ਼ਨਾਂ 'ਚ ਤੱਥਾਤਮਕ ਤੌਰ 'ਤੇ ਹਮੇਸ਼ਾ ਹੀ ਸਭ ਤੋਂ ਵੱਧ ਬੇਨਕਾਬ ਹੋਈ, ਹਾਲਾਂਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਕਾਂਗਰਸ ਵੀ ਨਹਿਰੂ ਦੇ ਜ਼ਮਾਨੇ ਤੋਂ ਹੀ ਕੋਈ ਦੁੱਧ ਧੋਤੀ ਨਹੀਂ। 2001 'ਚ ਤਹਿਲਕਾ ਨੇ ਬੇ.ਜੇ.ਪੀ. ਦੇ ਪ੍ਰਧਾਨ ਬੰਗਾਰੂ ਲਕਸ਼ਮਣ ਨੂੰ ਕਿਸੇ ਨਕਲੀ ਹਥਿਆਰਾਂ ਦੀ ਕੰਪਨੀ ਤੋਂ 1 ਲੱਖ ਰੁਪਏ ਲੈਂਦੇ ਦਿਖਾਇਆ ਸੀ, ਜਿਸਤੋਂ ਬਾਅਦ ਵੀ ਬੰਗਾਰੂ ਲਕਸ਼ਮਣ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਿਆ ਸੀ। 2005 ਦੇ ਸਟਿੰਗ ਅਪਰੇਸ਼ਨ ਦਰਯੋਧਨ 'ਚ ਸੰਸਦ ਦੇ ਜਿਨ੍ਹਾਂ 11 ਮੈਂਬਰਾਂ ਨੂੰ ਸਵਾਲ ਪੁੱਛਣ ਦੇ ਬਦਲੇ ਰਿਸ਼ਵਤ ਲੈਦੇਂ ਦਿਖਾਇਆ ਗਿਆ ਸੀ, ਉਹਨਾਂ 'ਚ ਭਾਜਪਾ ਦੇ 6, ਬਸਪਾ 3, ਕਾਂਗਰਸ 1 ਤੇ ਆਰ.ਜੇ.ਡੀ. ਦਾ 1 ਮੈਂਬਰ ਸ਼ਾਮਿਲ ਸੀ। ਜਿਨ੍ਹਾਂ 'ਚ ਹੁਣ ਵਾਲੇ ਫੱਗਣ ਸਿੰਘ ਕਲਸਤੇ ਵੀ ਸ਼ਾਮਿਲ ਸਨ। ਇਸਤੋਂ ਇਲਾਵਾ 2007 'ਚ ਤਹਿਲਕਾ ਵਲੋਂ ਗੁਜਰਾਤ ਦੰਗਿਆਂ ਬਾਰੇ ਜੋ ਸਟਿੰਗ ਆਪਰੇਸ਼ਨ ਕੀਤਾ ਗਿਆ, ਉਸ 'ਚ ਵੀ ਮੁਸਲਿਮ ਵਿਰੋਧੀ ਦੰਗਿਆਂ ਦੇ ਲਈ ਭਾਜਪਾ ਦੇ ਮੁੱਖ ਮੰਤਰੀ ਨਰਿੰਦਰ ਮੋਦੀ 'ਤੇ ਕਈ ਸਵਾਲ ਉੱਠੇ ਸਨ। ਇਹ ਸਾਰੀਆਂ ਉਦਾਹਰਨਾਂ ਸੰਸਦ ਦੀ ਮਰਿਯਾਦਾ ਦੀ ਦਲੀਲ ਦੇਣ ਵਾਲੇ ਬੁੱਧੀਜੀਵੀਆਂ ਨੂੰ ਵੀ ਦੱਸਦੀਆਂ ਨੇ, ਕਿ ਸੰਸਦ 'ਚ ਮਰਿਯਾਦਾ ਦੀ ਸਹੁੰ ਖਾਣ ਵਾਲੇ ਮੈਂਬਰ ਲੋਕ ਸਭਾ ਤੋਂ ਬਾਹਰ ਪਹਿਲਾਂ ਕਿੰਨੀ ਵਾਰ ਸਿਰ ਸੁਆਹ ਪਵਾ ਚੁੱਕੇ ਹਨ।

ਸਾਡੇ ਦੇਸ਼ 'ਚ ਸਟਿੰਗ ਅਪਰੇਸ਼ਨਾਂ 'ਤੇ ਰਾਜਨੀਤਿਕ ਪਾਰਟੀਆਂ ਵਲੋਂ ਹਮੇਸ਼ਾਂ ਪਾਬੰਦੀ ਦੀ ਮੰਗ ਉਠਦੀ ਰਹੀ ਹੈ, ਇਹ ਵੀ ਸੱਚ ਹੈ ਕਿ ਲਗਾਤਾਰ ਰਾਜਨੀਤਿਕ ਪਾਰਟੀਆਂ ਕਿਸੇ ਨਾ ਕਿਸੇ ਰੂਪ 'ਚ ਸਟਿੰਗ ਅਪਰੇਸ਼ਨਾਂ ਨੂੰ ਵਰਤਦੀਆਂ ਰਹੀਆਂ ਹਨ। ਸਟਿੰਗ ਅਪਰੇਸ਼ਨਾਂ ਨੇ ਭਾਵੇਂ ਹਮੇਸ਼ਾਂ ਹੀ ਝੂਠੇ ਚਿਹਰਿਆਂ ਨੂੰ ਬੇਨਕਾਬ ਕਰਨ ਦਾ ਰੋਲ ਅਦਾ ਕੀਤਾ ਹੈ, ਪਰ ਇਸ ਵਾਰ ਸੰਸਦੀ ਮਾਮਲੇ 'ਚ ਸਟਿੰਗ ਅਪਰੇਸ਼ਨ ਨਾ ਦਿਖਾਏ ਜਾਣ ਕਰਕੇ ਲੋਕਾਂ ਦੇ ਸਾਹਮਣੇ ਭਾਰਤੀ ਮੀਡੀਏ ਦੇ ਜਿਹੜੇ ਭੇਦ ਜਨਤਕ ਹੋਏ, ਉਹ ਸ਼ਾਇਦ ਦਿਖਾਏ ਜਾਣ ਨਾਲ ਉਜਾਗਰ ਨਾ ਹੁੰਦੇ, ਹਾਲਾਂਕਿ ਚੈਨਲ ਵਲੋਂ ਅਧੂਰੇ ਕਹੇ ਗਏ ਸਟਿੰਗ ਨੂੰ ਬਾਅਦ 'ਚ ਦਿਖਾਇਆ ਵੀ ਗਿਆ ਹੈ। ਚੈਨਲ ਵਲੋਂ ਸਮੇਂ ਸਿਰ ਸਟਿੰਗ ਨਾ ਦਿਖਾਏ ਜਾਣ ਨਾਲ ਮੀਡੀਆ ਤੇ ਰਾਜਨੀਤੀ ਦਾ ਗਠਜੋੜ ਤਾਂ ਸਾਹਮਣੇ ਆਇਆ ਹੀ, ਨਾਲ ਹੀ ਭਾਜਪਾ ਦਾ ਮੀਡੀਆ ਪ੍ਰਤੀ ਅਪਨਾਇਆ ਤਾਨਾਸ਼ਾਹ ਰਵੱਈਆ ਵੀ ਸਾਹਮਣੇ ਆਇਆ। ਇਸ ਪੂਰੇ ਮਾਮਲੇ 'ਚ ਭਾਜਪਾ ਵਲੋਂ ਆਪਣੀ ਬਿਆਨਬਾਜ਼ੀ ਰਾਹੀਂ, ਜਿਸ ਤਰ੍ਹਾਂ ਚੈਨਲ ਨੂੰ ਆਪਣੀ ਜਗੀਰ ਵਾਂਗ ਸਮਝਿਆ ਗਿਆ, ਉਸ ਨੇ ਵੀ ਕਈ ਨਵੇਂ ਸਵਾਲਾਂ ਨੂੰ ਜਨਮ ਦਿੱਤਾ ਹੈ। ਲੋਕਾਂ ਨੁੰ ਪਤਾ ਲੱਗਿਆ ਕਿ ਕਿਸ ਤਰ੍ਹਾਂ ਲੋਕਤੰਤਰ ਦੀ ਨੀਂਹ ਕਹਾਉਂਦੇ ਅਦਾਰੇ ਸਟਿੰਗ ਅਪਰੇਸ਼ਨ ਬਣਾਉਣ ਵਾਲੀਆਂ ਵੀਡਿਓ ਕੰਪਨੀਆਂ ਬਣ ਜਾਂਦੇ ਹਨ ਤੇ ਕਿਵੇਂ “ਖ਼ਬਰ ਹਰ ਕੀਮਤ ‘ਤੇ” ਕਹਿਣ ਵਾਲੇ ਚੈਨਲ ਕੀਮਤ ਲੈ ਦੇਕੇ ਖ਼ਬਰਾਂ ਇਕੱਠੀਆਂ ਕਰਦੀਆਂ ਹਨ। ਇਸ ਭਾਰਤ ਅਮਰੀਕਾ ਪ੍ਰਮਾਣੂ ਸਮਝੌਤੇ ਦੇ ਰੌਲੇ 'ਚ ਯੂ.ਪੀ.ਏ. ਸਰਕਾਰ ਬਚ ਗਈ, ਮਨਮੋਹਨ ਸਿੰਘ 'ਤੇ ਸੋਨੀਆ ਗਾਂਧੀ ਦੀ ਬੱਲੇ ਬੱਲੇ ਹੋਈ…? ਭਾਜਪਾ, ਕਾਮਰੇਡਾਂ ਤੇ ਬਸਪਾ ਨੂੰ ਵੋਟ ਬੈਂਕ ਦੀ ਰਾਜਨੀਤੀ ਤੇ ਸਿਆਸੀ ਰੋਟੀਆਂ ਸੇਕਣ ਲਈ ਜ਼ਮੀਨ ਮਿਲ ਗਈ, ਪਰ ਦਿੱਲੀ ਦੇ ਗਲਿਆਰਿਆਂ 'ਚ ਜੋ ਬੇਪਤੀ ਕਲਮ ਦੀ ਹੋਈ, ਉਸ ਨੂੰ ਇਤਿਹਾਸ ਸ਼ਾਇਦ ਕਦੇ ਨਹੀਂ ਭੁੱਲੇਗਾ।

-ਯਾਦਵਿੰਦਰ ਕਰਫਿਊ
ਜੇ. ਐਨ. ਯੂ, ਨਵੀਂ ਦਿੱਲੀ
ghulamkalam@ymail.com

09899436972

ਚਕਾਚੌਂਧ ਭਾਰਤੀ ਮੀਡੀਏ ਦੀ ਰਾਜਨੀਤਿਕ-ਆਰਥਿਕਤਾ


ਸਮਾਜ ਦੀ ਹਰ ਗਤੀਵਿਧੀ ਵੈਸੇ ਤਾਂ ਪੂਰਨ ਰੂਪ 'ਚ ਕਿਤੇ ਨਾ ਕਿਤੇ ਸਾਡੇ ਸਾਮਜ 'ਤੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਰਾਜਨੀਤਿਕ ਜਾਂ ਆਰਥਿਕ ਪ੍ਰਭਾਵ ਪਾਉਂਦੀ ਹੈ,ਪਰ ਚੱਲ ਰਹੀ ਮੌਜੂਦਾ ਰਾਜਨੀਤਿਕ- ਆਰਥਿਕਤਾ ਇਸਨੂੰ ਹਮੇਸ਼ਾ ਤੋੜਕੇ ਵੇਖਦੀ ਹੈ।ਇਸੇ ਤਰ੍ਹਾਂ ਮੌਜੂਦਾ ਸਮੇਂ ਦਾ ਮੀਡੀਆ (ਖਾਸ ਕਰ ਇਲੈਕਟ੍ਰੋਨਿਕ) ਪ੍ਰੋਫੈਸ਼ਨਲਿਜ਼ਮ ਦੀ ਦੁਹਾਈ ਦੇਕੇ ਸਮਾਜਿਕ ਸਰੋਕਾਰਾਂ ਤੇ ਸੂਚਨਾਵਾਂ ਨੂੰ ਸਮਾਜ ਨਾਲੋਂ ਤੋੜਕੇ ਦਿਖਾਉਣ ਦੀ ਕੋਸ਼ਿਸ਼ 'ਚ ਲੱਗਿਆ ਹੋਇਆ ਹੈ।1990ਵਿਆਂ ਤੋਂ ਬਾਅਦ ਖੁੰਬਾਂ ਵਾਂਗੂ ੳੁੱਗੇ ਤੇ ਉਗ ਰਹੇ ਭਾਰਤੀ ਮੀਡੀਏ ਦੇ ਅਦਾਰਿਆਂ 'ਤੇ ਮੋਟੀ ਮੋਟੀ ਝਾਤ ਮਾਰਨੀ ਹੋਵੇ ਤਾਂ ਕਿਸੇ ਚੰਗੇ ਚਿੱਤਰਕਾਰ ਵਾਂਗ ਬਣਾਈ ਤਸਵੀਰ ਸਾਡੇ ਸਾਹਮਣੇ ੳੁੱਭਰਕੇ ਆਉਂਦੀ ਹੈ।ਵਿੱਤੀ ਪੂੰਜੀ ਦੇ ਇਸ ਦੌਰ 'ਚ ਛੋਟੇ-ਛੋਟੇ ਅਖਬਾਰਾਂ ਤੇ ਪ੍ਰੋਡਕਸ਼ਨ ਹਾਊਸ ਦੇ ਰੂਪ 'ਚ ਕੰਮ ਕਰਨ ਵਾਲੇ ਅਦਾਰੇ, ਵੱਡੇ ਵੱਡੇ ਚੈਨਲਾਂ ਤੇ ਕਾਰਪੋਰੇਟ ਹਾਊਸਜ਼ ਦੇ ਰੂਪ 'ਚ ਸਾਡੇ ਸਾਹਮਣੇ ਆਏ ਤੇ ਅਖ਼ਬਾਰਾਂ ਤੇ ਚੈਨਲਾਂ 'ਚ ਇਸ਼ਤਿਹਾਰਬਾਜ਼ੀ ਦਾ ਹੜ੍ਹ ਆ ਗਿਆ।ਅਸਲ 'ਚ ਇਸ਼ਤਿਹਾਰਬਾਜ਼ੀ ਹੀ ਮੌਜੂਦਾ ਮੀਡੀਏ ਦੀ ਆਰਥਿਕਤਾ ਦਾ ਮੁੱਖ ਧੁਰਾ ਹੈ ,ਜਿਸਦੇ ਆਲੇ ਦੁਆਲੇ ਪੂਰੀ ਰਾਜਨੀਤੀ ਘੁੰਮਦੀ ਹੈ। ਇਸ ਵਿੱਤੀ ਪੂੰਜੀ ਦੇ ਦੌਰ ਦੀ ਸ਼ੁਰੂਆਤ ਤਾਂ ਉਦੋਂ ਹੀ ਹੋ ਚੁੱਕੀ ਸੀ ,ਜਦੋਂ ਭਾਰਤੀ ਆਰਥਿਕਤਾ 'ਚ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਤਹਿਤ 1980 'ਚ ਅੰਤਰਰਾਸ਼ਟਰੀ ਮੁਦਰਾਕੋਸ਼ ਦੀ 5 ਅਰਬ ਡਾਲਰ ਦੀ ਪੂੰਜੀ ਉਦਾਰੀਕਰਨ ਦੇ ਨਾਂਅ ਹੇਠ ਲਿਆਂਦੀ ਸੀ।ਸਹਿਜੇ ਸਹਿਜੇ 90ਵਿਆਂ ਦੇ ਸ਼ੁਰੂਆਤੀ ਸਾਲਾਂ 'ਚ ਮੌਜੂਦਾ ਪ੍ਰਧਾਨਮੰਤਰੀ ਮਨਮੋਹਨ ਸਿੰਘ(ਉਦੋਂ ਵਿੱਤ ਮੰਤਰੀ) ਨੇ ਆਰਥਿਕ ਸੁਧਾਰਾਂ ਦੀਆਂ ਨੀਤੀਆਂ ਲਿਆਕੇ ਵਿਦੇਸ਼ੀ ਪੂੰਜੀ ਲਈ ਰਸਤਾ ਬਿਲਕੁਲ ਸਾਫ ਕਰ ਦਿੱਤਾ।ਜਦੋਂ ਅੰਤਰਰਾਸ਼ਟਰੀ ਆਰਥਿਕਤਾ 'ਚ ਸਾਮਰਾਜੀ ਭਾਵ ਵਿੱਤੀ ਪੂੰਜੀ ਨੇ ਪ੍ਰਵੇਸ਼ ਕੀਤਾ ਸੀ ਤਾਂ ਕਿਸੇ ਮਸ਼ਹੂਰ ਅਰਥਸ਼ਾਸ਼ਤਰੀ ਨੇ ਇਸਦੀ ਵਿਆਖਿਆ ਕਰਦੇ ਕਿਹਾ ਸੀ ਕਿ "ਸਾਰੇ ਆਰਥਿਕ ਤੇ ਕੌਮਾਂਤਰੀ ਸਬੰਧਾਂ ਵਿੱਚ,ਵਿੱਤੀ ਪੂੰਜੀ ਇਕ ਅਜਿਹੀ ਵਿਸ਼ਾਲ ਤੇ ਫੈਸਲਾਕੁੰਨ ਸ਼ਕਤੀ ਹੈ,ਜਿਹੜੀ ਕਿ ਮੁਕੰਮਲ ਰਾਜਨੀਤਿਕ ਅਜ਼ਾਦੀ ਮਾਣ ਰਹੀਆਂ ਕੌਮਾਂ ਤੇ ਰਿਆਸਤਾਂ ਨੂੰ ਗੁਲਾਮ ਬਣਾਉਣ ਦੇ ਸਮਰੱਥ ਤੇ ਹਕੀਕਤ ਵਿੱਚ ਗੁਲਾਮ ਬਣਾਉਂਦੀ ਹੈ"।ਇਹਨਾਂ ਗੱਲਾਂ ਦਾ ਜ਼ਿਕਰ ਕਰਨਾ ਇਸ ਲਈ ਲਾਜ਼ਮੀ ਹੈ ਕਿਉਂਕਿ ਅਜਿਹੀਆਂ ਨੀਤੀਆਂ ਤਹਿਤ ਹੀ ਮੀਡੀਆ ਜਿਹੇ ਸੰਵੇਦਨਸ਼ੀਲ ਖੇਤਰ 'ਚ ਵਿਦੇਸ਼ੀ ਪੂੰਜੀ ਦਾ ਨਿਵੇਸ਼ ਹੋਇਆ,ਜਿਸਨੇ ਆਪਣੇ ਆਰਥਿਕ ਹਿੱਤ ਤਾਂ ਪੂਰੇ ਹੀ,ਨਾਲ ਹੀ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਵੀ ਕੀਤੀ।

ਭਾਰਤੀ ਮੀਡੀਏ ਦੇ ਇਤਿਹਾਸ ਤੇ ਪਲਕ ਝੱਪ ਨਜ਼ਰ ਮਾਰਨੀ ਹੋਵੇ ਤਾਂ 1947 ਤੋਂ ਪਹਿਲਾਂ ਬਹੁਤਾ ਮੀਡੀਆ ਤਾਂ ਦੇਸ਼ ਦੀ ਰਾਸ਼ਟਰੀ ਲਹਿਰ 'ਚ ਕੁੱਦਿਆ,ਪਰ ਉਦੋਂ ਵੀ ਕੁਝ ਪੂੰਜੀਪਤੀ ਘਰਾਣੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ 'ਚ ਲੱਗੇ ਰਹੇ।ਇਹ ਪੂੰਜੀਪਤੀ ਘਰਾਣੇ ਹੀ 1947 ਤੋਂ ਬਾਅਦ ਦੇਸ਼ ਦੇ ਵੱਡੇ ਮੀਡੀਆ ਅਦਾਰਿਆਂ ਦੇ ਰੂਪ 'ਚ ੳੁੱਭਰਕੇ ਸਾਹਮਣੇ ਆਏ।ਹੁਣ ਜਦੋਂ ਅਸੀਂ 90ਵਿਆਂ ਦੇ ਆਰਥਿਕ ਸੁਧਾਰਾਂ ਤੋਂ ਬਾਅਦ ਦੀ ਤਸਵੀਰ ਵੇਖਦੇ ਹਾਂ ਤਾਂ ਜ਼ਿਆਦਾਤਰ ਅਜਿਹੇ ਪੂੰਜੀਪਤੀ ਘਰਾਣਿਆਂ ਨੇ ਹੀ ਵਿਦੇਸ਼ੀ ਪੂੰਜੀ ਨਾਲ ਸਿੱਧੀ ਸਾਂਝ ਪਾਈ।ਲਾਲਚ 'ਚ ਅੰਨ੍ਹੀ ਹੋਈ ਵਿਦੇਸ਼ੀ ਪੂੰਜੀ ਨੂੰ ਵੱਡੇ ਬਜ਼ਾਰ ਦੀ ਜ਼ਰੂਰਤ ਸੀ,ਜਿਸਦਾ ਉਦੇਸ਼ ਭਾਰਤ ਦੇ 20 ਕਰੋੜ ਮੱਧ ਵਰਗੀ ਜਮਾਤ ਤੋਂ ਪੂਰਾ ਹੁੰਦਾ ਸੀ ਤੇ ਦੂਜੇ ਪਾਸੇ ਭਾਰਤੀ ਸਰਮਾਏਦਾਰ ਵੀ ਆਪਣੀ ਜ਼ਮੀਰ ਵੇਚਣ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਬੈਠੇ ਸਨ।ਇਸੇ ਦੇ ਤਹਿਤ ਭਾਜਪਾ ਸਰਕਾਰ ਵਲੋਂ 2002 'ਚ ਡਰਾਮਾ ਰਚਾਕੇ ਮੀਡੀਆ ਦੇ ਖੇਤਰ 'ਚ ਐੱਫ.ਡੀ.ਆਈ. ਭਾਵ ਸਿੱਧੇ ਵਿਦੇਸ਼ੀ ਨਿਵੇਸ਼ ਦੀ ਰਸਮੀ ਸ਼ੁਰੂਆਤ ਕਰਕੇ ਭਾਰਤੀ ਮੀਡੀਆ 'ਚ ਇਕ ਨਵੀਂ ਪਿਰਤ ਪਾਈ ਗਈ,ਜਿਸਦੇ ਤਹਿਤ ਪ੍ਰਿੰਟ ਮੀਡੀਏ 'ਚ 26% ਤੇ ਤਾਜ਼ਾ ਘਟਨਾਵਾਂ,ਵਿਗਿਆਨ ਤੇ ਤਕਨੀਕ ਨਾਲ ਸਬੰਧਿਤ ਪੱਤਰਕਾਵਾਂ 'ਚ 74% ਨਿਵੇਸ਼ ਲਈ ਦਰਵਾਜ਼ੇ ਖੋਲ੍ਹ ਦਿੱਤੇ ਗਏ ਤੇ ਨਾਲ ਹੀ ਐੱਨ.ਡੀ. ਏ. ਦੀ ਕੈਬਨਿਟ ਨੇ ਫਿਲਮਾਂ ਤੇ ਵਿਗਿਆਪਨ 'ਚ ਖ਼ੁਦ-ਬ-ਖ਼ੁਦ ਪ੍ਰਵਾਨਗੀ ਰਸਤੇ ਰਾਹੀਂ 100% ਐੱਫ.ਡੀ.ਆਈ. ਨੂੰ ਪ੍ਰਵਾਨਗੀ ਦੇ ਦਿੱਤੀ ਸੀ।ਇਹ ਉਹੀ ਦੌਰ ਸੀ ਜਦੋਂ ਆਰਥਿਕ ਸੁਧਾਰਾਂ ਦੇ ਦੌਰ 'ਚ ਆਲੇ-ਦੁਆਲਿਓ ਵਿਦੇਸ਼ੀ ਪੂੰਜੀ ਤੇ ਤਕਨੀਕ ਗ੍ਰਹਿਣ ਕਰ ਚੁੱਕੇ ਚੈਨਲਾਂ ਤੇ ਅਖਬਾਰਾਂ ਨੂੰ ਸਾਮਰਾਜੀ ਪੂੰਜੀ ਦੀ ਵੱਡੀ ਆਰਥਿਕ ਖੁਰਾਕ ਮਿਲੀ ਤੇ ਇਹ ਅਦਾਰੇ ਤਾਂ ਮੀਡੀਆ ਦੇ ਵੱਡੇ ਥੰਮ ਬਣਕੇ ਉਭਰੇ ,ਪਰ ਲੋਕਤੰਤਰ ਦੇ ਚੌਥੇ ਥੰਮ ਨੂੰ ਕਾਫੀ ਢਾਹ ਲੱਗੀ,ਕਿਉਂਕਿ ਦੇਸੀ ਪੂੰਜੀ ਲਈ ਸਾਮਰਾਜੀ ਪੂੰਜੀ ਦੇ ਹੱਕ ਲਈ ਪਹਿਰਾ ਦੇਣਾ ਜ਼ਰੂਰੀ ਹੋ ਗਿਆ।


ਜਿਸ ਤਰ੍ਹਾਂ ਆਰਥਿਕ ਸੁਧਾਰਾਂ ਦਾ ਕਈ ਰਾਜਨੀਤਿਕ ਸ਼ਕਤੀਆਂ ਨੇ ਦਿਖਾਵੇ ਲਈ ਵਿਰੋਧ ਕੀਤਾ ਸੀ ,ਉਸੇ ਤਰ੍ਹਾਂ ਮੀਡੀਆ 'ਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ ਵੀ ਦੇਸ਼ ਦੇ ਕਈ ਰਾਸ਼ਟਰਵਾਦੀ ਅਖਵਾਉਂਦੇ ਅਦਾਰਿਆਂ ਨੇ ਕੀਤਾ।ਪਰ ਜਿਵੇਂ ਕਹਿੰਦੇ ਨੇ"ਕੋਈ ਮਰੇ, ਕੋਈ ਜੀਵੇ,ਸੁਥਰਾ ਘੋਲ ਪਤਾਸੇ ਪੀਵੇ " ਉਸੇ ਤਰ੍ਹਾਂ ਬਾਅਦ 'ਚ ਰਾਸ਼ਟਰਵਾਦੀਆਂ ਨੇ ਵੀ ਸਾਮਰਾਜੀ ਪੂੰਜੀ ਦੇ ਡਗੇ 'ਤੇ ਨੱਚਦਿਆਂ ਵਿਦੇਸ਼ੀ ਨਿਵੇਸ਼ ਦਾ ਭਰਪੂਰ ਸਵਾਗਤ ਕੀਤਾ।ਸਿੱਧੇ ਵਿਦੇਸ਼ੀ ਨਿਵੇਸ਼ ਤੇ ਆਈ.ਪੀ.ਓ. (ਆਨੀਸ਼ੀਅਲ ਪਬਲਿਕ ਆਫਰਿੰਗ ) ਦੇ ਤਹਿਤ ਦੇਸ਼ ਦੇ ਮੀਡੀਆ ਅਦਾਰਿਆਂ ਜ਼ੀ ਨੈੱਟਵਰਕ,ਟੀ.ਵੀ. ਟੂਡੇ,ਐਨ.ਡੀ. ਟੀ.ਵੀ,ਬੈਗ ਟੈਲੀਫਿਲਮਜ਼,ਜਾਗਰਨ ਸਮੂਹ,ਦੈਨਿਕ ਭਾਸਕਰ,ਟਾਈਮਜ਼ ਸਮੂਹ,ਹਿੰਦੋਸਤਾਨ ਟਾਈਮਜ਼,ਡੇਕਨ ਕਾਰਨੀਕਲ ਆਦਿ ਨੇ ਵਿਦੇਸ਼ੀ ਨਿਵੇਸ਼ ਦੇ ਜ਼ਰੀਏ ਵੱਡੇ ਮੁਨਾਫੇ ਖੱਟੇ।"ਜਾਗਰਣ" ਅਜਿਹਾ ਪਹਿਲਾ ਖੇਤਰੀ ਭਸ਼ਾਈ ਤੇ ਹਿੰਦੀ ਅਖਬਾਰ ਸੀ, ਜਿਸਨੇ ਆਪਣੇ ਵਿਦੇਸ਼ੀ ਨਿਵੇਸ਼ ਦੇ ਸਟੈਂਡ ਤੋਂ ਪਲਟਦਿਆਂ ਆਇਰਲੈਂਡ ਦੇ "ਇੰਡੀਪੈਂਡਟ ਨਿਊਜ਼" ਸਮੂਹ ਤੋਂ 150 ਕਰੋੜ ਰੁਪਏ ਦਾ ਵਿਦੇਸ਼ੀ ਨਿਵੇਸ਼ ਲਿਆਂਦਾ।ਇਸ ਸਮੂਹ ਨੇ ਆਈ.ਪੀ.ਓ. ਤੇ ਵਿਦੇਸ਼ੀ ਨਿਵੇਸ਼ ਦੇ ਜ਼ਰੀਏ ਆਈ ਪੂੰਜੀ ਨਾਲ ਆਪਣੇ ਨਵੇਂ ਐਡੀਸ਼ਨ ਸ਼ੂਰੂ ਕੀਤੇ ਤੇ ਨਾਲ ਹੀ ਚੈਨਲ "7" ਨਾਂ ਦਾ ਚੈਨਲ ਮਾਰਕੀਟ 'ਚ ਉਤਾਰਿਆ।ਕਾਨਪੁਰ ਦੇ ਛੋਟੇ ਜਿਹੇ ਘੇਰੇ 'ਚ ਨਿਕਲਕੇ ਜਾਗਰਣ ਦੇਸ਼ ਦੁਨੀਆਂ 'ਚ ਚਮਕਿਆ ਤੇ ਮੌਜੂਦਾ ਸਮੇਂ 'ਚ ਮੀਡੀਆ ਦੀ ਇਹ ਸੰਸਥਾ ਸ਼ੇਅਰ ਬਜ਼ਾਰ ਦੀ ਲਿਮਟਿਡ ਕੰਪਨੀ ਹੈ ਤੇ ਇਸਦੀ ਮਾਰਕੀਟ ਪੂੰਜੀ 1800 ਕਰੋੜ ਰੁਪਏ ਤੋਂ ੳੁੱਪਰ ਹੈ।ਇਸੇ ਤਰ੍ਹਾਂ ਹੋਰ ਮੀਡੀਆ ਸਮੂਹ ਵੀ ਸਰੋਕਾਰਾਂ ,ਸਮਾਜਿਕ ਕਦਰਾਂ-ਕੀਮਤਾਂ ਤੇ ਨੈਤਿਕਤਾ ਨੂੰ ਭੁੱਲਕੇ ਪੂੰਜੀ ਇਕੱਠੀ ਕਰਨ ਦੀ ਦੌੜ 'ਚ ਇਕ ਦੂਜੇ ਤੋਂ ਅੱਗੇ ਨੇ।ਇਸੇ ਦੇ ਤਹਿਤ ਵਿਦੇਸ਼ੀ ਪੂੰਜੀ ,ਕੌਮੀ ਪੂੰਜੀ ਤੇ ਕਾਬਿਜ਼ ਹੋ ਰਹੀ ਹੈ ਤੇ ਕੌਮੀ ਸਰਮਾਏਦਾਰੀ ,ਖੇਤਰੀ ਪੂੰਜੀ ਨੂੰ ਆਪਣੀ ਲਪੇਟ 'ਚ ਲੈ ਰਹੀ ਹੈ,ਇਸ ਤਰ੍ਹਾਂ ਪੂੰਜੀਵਾਦੀ ਅਰਥਸਾਸ਼ਤਰ ਦਾ ਝੰਡਾ ਲਗਾਤਾਰ ਬੁਲੰਦ ਹੋ ਰਿਹਾ ਹੈ।ਪਿਛਲੇ ਸਮਿਆਂ 'ਚ ਜ਼ੀ ਨੈੱਟਵਰਕ ਨੇ ਟੈਨ ਸਪੋਰਟਸ ਨਾਲ ਹੱਥ ਮਿਲਾਇਆ ਏ।ਸੰਸਾਰ ਮੀਡੀਏ ਦਾ ਸ਼ਹਿਨਸ਼ਾਹ ,ਅਮਰੀਕੀ ਸਾਮਰਾਜ ਦਾ ਮੋਹਰਾ ਤੇ ਚਲਾਕੀਆਂ ਦੇ ਮਾਹਰ ਰੁਪਰਟ ਮੁਰਡੋਕ ਨੇ ਜਿਸ ਤਰ੍ਹਾਂ ਪਹਿਲਾਂ ਭਾਰਤੀ ਸਰਕਾਰ ਨਾਲ ਲੁਕਣ ਮਿਟੀ ਖੇਡਕੇ ਸਟਾਰ ਗਰੁੱਪ 'ਤੇ ਲਗਭਗ ਪੂਰਨ ਕਬਜ਼ਾ ਕੀਤਾ,ਉਸੇ ਤਰ੍ਹਾਂ ਹੁਣ ਦੱਖਣੀ ਭਾਰਤ ਦੇ "ਸਨ ਗਰੁੱਪ" 'ਚ ਨਿਵੇਸ਼ ਕਰਕੇ "ਸਨ ਟੀ.ਵੀ. ਨੈੱਟਵਰਕ ਲਿਮਿਟਡ ਕੰਪਨੀ ਬਣਾਉਣ ਤੇ ਇਕ ਅਖਬਾਰ ਕੱਢਣ ਜਾ ਰਿਹਾ ਹੈ।"ਵਾਰਬਰਗ ਪਿਕਨਸ" ਦੈਨਿਕ ਭਾਸਕਰ 'ਚ 1500 ਮਿਲੀਅਨ ਤੇ "ਬਲੈਕ ਸਟੋਨ" ਆਂਧਰਾ ਪ੍ਰਦੇਸ਼ ਦੇ ਮਸ਼ਹੂਰ ਇਨਾਡੂ ਗਰੁੱਪ 'ਚ 1,10,925 ਮਿਲੀਅਨ ਦਾ ਨਿਵੇਸ਼ ਕਰਨ ਜਾ ਰਿਹਾ ਹੈ।ਅਮਰੀਕਾ ਦੀ ਡਾਉ ਜੋਨਜ਼ ਕੰਪਨੀ, ਟਾਈਮਜ਼ ਆਫ ਇੰਡੀਆ 'ਚ ਨਿਵੇਸ਼ ਕਰਕੇ ਮੈਗਜ਼ੀਨ "ਵਾਲ ਸਟਰੀਟ" ਦਾ ਭਾਰਤੀ ਐਡੀਸ਼ਨ ਕੱਢਣ ਜਾ ਰਿਹਾ ਹੈ।ਟਾਈਮਜ਼ ਗਰੁੱਪ ,ਬੀ.ਬੀ.ਸੀ. ਵਲਡਵਾਇਡ ਨਾਲ ਮਿਲਕੇ ਰਸਾਲਾ ਕੱਢਣ ਜਾ ਰਿਹਾ ਹੈ ਤੇ ਏਜੰਸੀ "ਰਾਇਟਰ" ਨਾਲ ਮਿਲਕੇ "ਟਾਈਮਜ਼ ਨਾਓ" ਨਾਂ ਦਾ ਅੰਗਰੇਜ਼ੀ ਚੈਨਲ ਵੀ ਚਲਾ ਰਿਹਾ ਹੈ।ਲੰਦਨ ਅਧਾਰਿਤ ਅਖ਼ਬਾਰ "ਫਾਈਨਾਈਸ਼ਲ ਟਾਈਮਜ਼"ਦਾ ਐਗਰੀਮੈਂਟ ਵੀ ਭਾਰਤੀ ਅਖ਼ਬਾਰ ਬਿਜ਼ਨੈੱਸ ਸਟੈਂਡਰਡ ਨਾਲ ਹੋ ਚੱਕਿਆ ਹੈ,ਜਿਸਨੇ ਭਾਰੀ ਨਿਵੇਸ਼ ਕੀਤਾ ਹੈ।ਇਸੇ ਤਰ੍ਹਾਂ ਹਿੰਦੋਸਤਾਨ ਟਾਈਮਜ਼ ਨੇ ਵੀ ਆਸਟਰੇਲੀਆ ਦੇ ਕਿਸੇ ਵੱਡੇ ਗਰੁੱਪ ਨਾਲ ਸਾਂਝ ਭਿਆਲੀ ਪਾਈ ਹੈ।ਵਿਦੇਸ਼ੀ ਪੂੰਜੀ ਦੇ ਛਾਏ ਹੇਠ ਖ਼ਬਰੀਆਂ ਚੈਨਲਾਂ ਦੀ ਜੋ ਨਵੀਂ ਪਨੀਰੀ ੳੁੱਭਰਕੇ ਸਾਹਮਣੇ ਆਈ ਹੈ,ਉਸ 'ਚ ਭਾਜਪਾ ਦੀ ਸਰਕਾਰ 'ਚ ਸੂਚਨਾ ਮੰਤਰੀ ਰਹੇ ਰਵੀਸ਼ੰਕਰ ਪ੍ਰਸ਼ਾਦ ਦੀ ਭੈਣ ਤੇ ਬੀ.ਸੀ.ਸੀ.ਆਈ. ਦੇ ਵਾਇਸ ਪ੍ਰਧਾਨ ਰਾਜੀਵ ਸ਼ੁਕਲਾ ਦੀ ਪਤਨੀ ਅਨੁਰਾਧਾ ਪ੍ਰਸ਼ਾਦ ਦਾ "ਨਿਊਜ਼ 24" ਚੈਨਲ ਹੈ,ਜਿਸ 'ਚ ਸ਼ਾਹਰੁਖ ਖਾਨ ਨੇ ਵੀ 400 ਕਰੋੜ ਰੁਪਏ ਦੀ ਪੂੰਜੀ ਨਿਵੇਸ਼ ਕੀਤੀ ਹੈ।ਇਸੇ ਤਰ੍ਹਾਂ ਆਈ.ਐੱਨ.ਐਕਸ. ਨਾਂ ਦੀ ਕੰਪਨੀ ਖ਼ਬਰੀ ਤੇ ਮਨੋਰੰਜਨ ਚੈਨਲਾਂ ਲਈ ਸਾਲ 2007 'ਚ 1100 ਕਰੋੜ ਰੁਪਏ ਦਾ ਨਿਵੇਸ਼ ਲੈਕੇ ਆਈ ਹੈ।ਦਿੱਲੀ ਦੀ ਤ੍ਰਿਵੇਣੀ ਨਾਂ ਦੀ ਇਮਾਰਤ ਉਸਾਰੀ ਦੀ ਕੰਪਨੀ ਵੀ "ਵਾਇਸ ਆਫ ਇੰਡੀਆ" ਦੇ ਨਾਂ ਨਾਲ ਆਪਣੇ 6 ਖੇਤਰੀ ਤੇ ਇਕ ਰਾਸ਼ਟਰੀ ਚੈਨਲ ਲੈਕੇ ਆਈ ਹੈ।ਵਿਦੇਸ਼ੀ ਨਿਵੇਸ਼ ਦਾ ਵਿਰੋਧ ਤੇ ਦੇਸ਼ ਦੇ ਰਾਸ਼ਟਰੀ ਹਿੱਤਾਂ 'ਤੇ ਪਹਿਰਾ ਦੇਣ ਵਾਲੇ ਬਹਤੇ ਮੀਡੀਆ ਅਦਾਰੇ ਜਾਂ ਤਾਂ ਖਤਮ ਹੋ ਗਏ ਜਾਂ ਆਪਣੀ ਹੋਂਦ ਬਣਾਉਣ ਲਈ ਲਗਾਤਾਰ ਸੰਘਰਸ਼ 'ਚ ਹਨ।ਪੌੜੀ ਦੇ ਆਖਰੀ ਡੰਡੇ 'ਤੇ ਖੜ੍ਹੇ ਆਜ,ਨਵੀਂ ਦੁਨੀਆਂ,ਦੇਸ਼ ਬੰਧੂ,ਪ੍ਰਭਾਤ ਖ਼ਬਰ,ਪਾਈਨੀਅਰ,ਅੰਮ੍ਰਿਤਾ ਬਜ਼ਾਰ ਪੱਤਰਿਕਾ,ਸਟੇਟਸਮੈਨ ਵਰਗੇ ਅਖ਼ਬਾਰ ਸੰਘਰਸ਼ ਕਰ ਰਹੇ ਨੇ ਤੇ ਟ੍ਰਿਬਿਊਨ,ਇੰਡੀਅਨ ਐਕਸਪ੍ਰੈਸ,ਅਮਰ ਉਜਾਲਾ ਤੇ ਰਾਜਸਥਾਨ ਪੱਤਰਿਕਾ ਆਦਿ 'ਤੇ ਅਸਰ ਸਾਫ ਵੇਖਿਆ ਜਾ ਸਕਦਾ ਹੈ।

ਪਿਛਲੇ ਸਮੇਂ 'ਚ ਮੀਡੀਆ ਦੇ ਬਿਜ਼ਨਸ ਵੱਲ ਮੁੜੀਆਂ ਰਾਸ਼ਟਰੀ ਤੇ ਬਹੁਰਾਸ਼ਟਰੀ ਕੰਪਨੀਆਂ ਦਾ ਵੱਡਾ ਕਾਰਨ ਇਸ਼ਤਿਹਾਰਾਂ ਦਾ ਵੱਡਾ ਮਨਾਫਾ ਤੇ ਸਾਮਰਾਜੀ ਵਿੱਤੀ ਪੂੰਜੀ ਦੇ ਗੱਫੇ ਹਨ।1980 'ਚ ਪ੍ਰੈਸ ਦੀ ਕੁੱਲ ਆਮਦਨ 150 ਕਰੋੜ ਸੀ,ਜੋ ਕਿ 2005 ਤੱਕ ਵੱਡੀ ਛਾਲ ਮਾਰਕੇ 9500 ਕਰੋੜ ਤੱਕ ਪਹੁੰਚ ਗਈ ਸੀ।ਪ੍ਰੈਸ ਦੇ ਇਸ਼ਤਿਹਾਰ 1991 'ਚ 1069 ਕਰੋੜ ਰੁਪਏ ਦੇ ਸਨ ,ਜੋ 2005 ਤੱਕ 641 ਫੀਸਦੀ ਦੇ ਨਾਲ 7,929 ਕਰੋੜ ਰੁਪਏ ਤੱਕ ਪਹੁੰਚ ਗਏ।ਪ੍ਰੈਸ ਨੂੰ ਛੱਡਕੇ ਮਨੋਰੰਜਨ ਦੀ ਗੱਲ ਕਰਨੀ ਹੋਵੇ ਤਾਂ ਕੌਮਾਂਤਰੀ ਨਿਵੇਸ਼ ਤੇ ਸੋਧ ਕੰਪਨੀ ਜੇ.ਪੀ. ਮਾਰਗਨ ਦੀ ਰਿਪੋਰਟ ਮੁਤਾਬਿਕ ਭਾਰਤੀ ਉਦਯੋਗ ਤੋਂ ਔਸਤਨ ਸਾਲ 18% ਵਾਧੇ ਦੀ ਦਰ ਨਾਲ 2009 ਤੱਕ 4054.5 ਅਰਬ ਦੀ ਆਮਦਨ ਹੋਵੇਗੀ।ਇਹ ਤਬਦੀਲੀ ਅਖ਼ਬਾਰਾਂ ਦੇ ਇਸ਼ਤਿਹਾਰ ਨਾਲ ਭਰੇ ਸਫਿਆਂ ਅਤੇ ਖ਼ਬਰੀਆ 'ਤੇ "ਮਿਲਤੇ ਹੈਂ ਬਰੇਕ ਕੇ ਬਾਅਦ" ਦੇ ਰੂਪ 'ਚ ਵੇਖੀ ਜਾ ਸਕਦੀ ਹੈ।ਇਸ ਸਾਰੇ ਖਾਕੇ 'ਤੇ ਨਜ਼ਰ ਪਾਈਏ ਤਾਂ ਗੱਲ ਸਾਫ ਹੋ ਜਾਂਦੀ ਹੈ ਕਿ ਬਹੁਰਾਸ਼ਟਰੀ ਕੰਪਨੀਆਂ ਏਨੇ ਵੱਡੇ ਮੁਨਾਫੇ ਦੇ ਭਵਿੱਖ ਨੂੰ ਵੇਖਦੇ ਹੋਏ ਕੋਈ ਵੀ ਮੌਕਾ ਖੰਜਾਉਣਾਂ ਨਹੀਂ ਚਾਹੁੰਦੀਆਂ।ਇਸ਼ਤਿਹਾਰਾਂ ਦੀ ਇਸ ਪੂਰੀ ਖੇਡ 'ਚ ਆਰਥਿਕਤਾ ਦੇ ਨਾਲ ਨਾਲ ਰਾਜਨੀਤੀ ਵੀ ਪੂਰੀ ਤਰ੍ਹਾਂ ਜੁੜੀ ਹੋਈ ਹੈ,ਕਿਉਂਕਿ ਕੰਪਨੀਆਂ ਦੇ ਹਿੱਤ ਇਕ ਦੂਜੇ ਨੂੰ ਪੂਰੀ ਤਰ੍ਹਾਂ ਜੁੜੇ ਹੋਏ ਹਨ।ਜਿਹੜੀਆਂ ਕੰਪਨੀਆਂ ਮੀਡੀਆ ਅਦਾਰਿਆਂ ਨੂੰ ਇਸ਼ਤਿਹਾਰ ਦੇ ਰਹੀਆਂ ਨੇ,ਉਹੀ ਕੰਪਨੀਆਂ ਵਿਸ਼ੇਸ਼ ਆਰਥਿਕ ਜ਼ੋਨ,ਮਾਲਜ਼ ਤੇ ਰਿਟੇਲ ਖੇਤਰ 'ਚ ੳੁੱਤਰਕੇ ਆਮ ਲੋਕਾਂ ਦੀ ਰੋਟੀ ਉਜਾੜ ਰਹੀਆਂ ਨੇ,ਜਿਸ ਕਰਕੇ ਉਹਨਾਂ ਖਿਲਾਫ ਆਉਂਦੀਆਂ ਆਲੋਚਨਾਤਮਕ ਖ਼ਬਰਾਂ ਰਾਹ 'ਚ ਹੀ ਖਤਮ ਹੋ ਰਹੀਆਂ ਨੇ।ਬਹੁਰਾਸ਼ਟਰੀ ਕੰਪਨੀਆਂ ਨੂੰ ਹੀ ਦੇਸ਼ 'ਚ ਚੱਲ ਰਹੀਆਂ ਵੱਖ ਵੱਖ ਆਰਥਿਕ-ਸਮਾਜਿਕ ਲਹਿਰਾਂ ਤੋਂ ਖਤਰਾ ਹੈ,ਕਿਉਂਕਿ ਉਹ ਇਹਨਾਂ ਨੂੰ ਆਪਣਾ ਦੁਸ਼ਮਣ ਗਰਦਾਨਦੀਆਂ ਹਨ ਤੇ ਮੀਡੀਆ ਆਪਣੇ ਦੋਸਤਾਂ ਲਈ ਇਹਨਾਂ ਖਿਲਾਫ ਡਟਕੇ ਪ੍ਰਚਾਰ ਕਰਦਾ ਹੈ।ਇਸੇ ਤਰ੍ਹਾਂ ਮੀਡੀਆ ਲਗਾਤਾਰ ਬ੍ਰਹਮਣਵਾਦੀ ਕਰਮ ਕਾਡਾਂ ਨੂੰ ਪ੍ਰਚਾਰ ਕੇ ਜਗੀਰੂ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਟੁੱਟਣ ਨਹੀਂ ਦੇ ਰਿਹਾ ਹੈ ਤੇ ਉਸਦੀ ਨੀਂਹ ਲਗਾਤਾਰ ਮਜ਼ਬੂਤ ਕਰਨ 'ਚ ਲੱਗਿਆ ਹੋਇਆ ਹੈ।ਮੀਡੀਆ ਦਲਿਤਾਂ,ਆਦਿਵਾਸੀਆਂ ਤੇ ਧਾਰਮਿਕ ਘੱਟਗਿਣਤੀਆਂ ਦੀ ਅਵਾਜ਼ ਨੂੰ ਵੀ ਸਹੀ ਢੰਗ ਨਾਲ ਉਠਾਉਣ ਦੀ ਬਜਾਏ ,ਬਹੁਤੀਆਂ ਚੀਜ਼ਾਂ ਨੂੰ ਤੋੜ ਮਰੋੜਕੇ ਪੇਸ਼ ਕਰ ਰਿਹਾ ਹੈ।ਵਿਦੇਸ਼ੀ ਪੂੰਜੀ ਦੇ ਭਾਰ ਹੇਠ ਦੱਬਿਆ ਭਾਰਤੀ ਮੀਡੀਆ ਅਮਰੀਕੀ ਸਾਮਰਾਜ ਵੱਲੋਂ ਮੁਸਲਿਮ ਦੇਸ਼ਾਂ ਵਿਰੁੱਧ ਵਿੱਢੀ “ਵਾਰ ਅਗੈਂਸਟ ਟੈਰੋਰਿਜ਼ਮ” ਦੀ ਮੁਹਿੰਮ ਦਾ ਵੀ ਪੂਰਾ ਸਾਥ ਦੇ ਰਿਹਾ ਹੈ ਤੇ "ਇਸਲਾਮਿਕ ਫੋਬੀਏ" ਨੂੰ ਵੱਡੇ ਪੱਧਰ ‘ਤੇ ਫੈਲਾ ਰਿਹਾ ਹੈ,ਜਿਸਦੇ ਤਹਿਤ ਹੀ ਦੇਸ਼ ‘ਚ ਹੋਣ ਵਾਲੇ ਧਮਾਕਿਆਂ ਨੂੰ ਪੰਜ ਮਿੰਟਾਂ ਬਾਅਦ "ਮੁਸਲਿਮ ਜਥੇਬੰਦੀਆਂ" ਨਾਲ ਜੋੜਿਆ ਜਾਂਦਾ ਹੈ।ਪੱਤਰਕਾਰੀ ਦੇ ਮੁੱਲਾਂ ਨੂੰ ਵਿਸਾਰਕੇ ਮੀਡੀਏ ਨੇ ਹਮੇਸ਼ਾਂ ਸਮੂਹਿਕ ਘਟਨਾਵਾਂ ਤੇ ਪਰਦਾ ਪਾ ਰਿਹਾ ਹੈ,ਤੇ ਵਿਆਕਤੀਗਤ ਘਟਨਾਵਾਂ ਨੂੰ ਵੱਡੇ ਪੱਧਰ 'ਤੇ ਪ੍ਰਚਾਰਦਾ ਹੈ।ਇਹ ਵੀ ਵੇਖਣ ਵਾਲੀ ਗੱਲ ਹੈ ਕਿ ਏਨੇ ਵੱਡੇ ਪਸਾਰਵਾਦ ਦੇ ਬਾਵਜੂਦ ਵੀ ਭਾਰਤੀ ਮੀਡੀਆ ਨਵੀਆਂ ਤਕਨੀਕਾਂ ਤੇ ਹੋਰ ਸਾਜ਼ੋ-ਸਮਾਨ ਲਈ ਅੱਜ ਵੀ ਪੂਰੀ ਤਰ੍ਹਾਂ ਵਿਦੇਸ਼ੀ ਬਹੁਰਾਸ਼ਟਰੀ ਕੰਪਨੀਆਂ 'ਤੇ ਨਿਰਭਰ ਹੈ,ਇਸ ਨਾਲ ਭਾਰਤੀ ਸਰਮਾਏਦਾਰ ਦਾ ਦਲਾਲ ਖਾਸਾ ਸਾਡੇ ਸਾਹਮਣੇ ੳੁੱਭਰਕੇ ਨਜ਼ਰ ਆਉਂਦਾ ਹੈ।


ਭਾਰਤ ਜਿਹੇ ਅਲਪਵਿਕਸਤ ਦੇਸ਼ 'ਚ ਵਿੱਤੀ ਪੂੰਜੀ ਨੇ ਮੀਡੀਆ ਦੀ ਇਸ਼ਤਿਹਾਰਬਾਜ਼ੀ ਤੇ ਪ੍ਰਚਾਰ ਨਾਲ ਜਗੀਰੂ ਤੇ ਸਾਮਰਾਜੀ ਸਭਿਆਚਾਰ ਦਾ ਅਜਿਹਾ ਕਜੋੜ ਵਰਤਾਰਾ ਪੈਦਾ ਕੀਤਾ ,ਜਿਸ ਨਾਲ ਅਸਾਂਵਾਂ ਸਮਾਜਿਕ ਵਿਕਾਸ ਉੱਭਰਕੇ ਸਾਹਮਣੇ ਆਇਆ ਹੈ।1947 ਦੀ ਰਾਜਨੀਤਿਕ ਅਜ਼ਾਦੀ ਤੋਂ ਬਾਅਦ ਵਿੱਤੀ ਪੂੰਜੀ ਦੇ ਜ਼ਰੀਏ ਆਈ ,ਨਵ-ਬਸਤੀਵਾਦ ਦੀ ਇਹ ਨਵੀਂ ਗੁਲਾਮੀ ਦੇਸ਼ ਦੀ ਪ੍ਰਭੂਸੱਤਾ ਲਈ ਖਤਰਾ ਬਣੀ ਹੋਈ ਹੈ।ਇਸ ਲਈ ਮੌਜੂਦਾ ਸਮੇਂ ਵਿੱਤੀ ਪੂੰਜੀ ਦੇ ਪਹਿਰੇਦਾਰ ਭਾਰਤੀ ਮੀਡੀਆ ਦੀ ਰਾਜਨੀਤੀ-ਆਰਥਿਕਤਾ ਨੂੰ ਵੇਖਦੇ ਹੋਏ ਸਾਮਜ ਦੇ ਦਾਨਿਸ਼ਵਰਾਂ ਤੇ ਸੋਚਵਾਨ ਲੋਕਾਂ ਨੂੰ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ,ਕਿਉਂਕਿ ਨਾ ਲਿਖਣ ਲਈ ਲਿਖਿਆ ਜਾ ਰਿਹਾ ਹੈ ਤੇ ਨਾ ਪੜ੍ਹਨ ਲਈ ਪੜ੍ਹਿਆ ਜਾ ਰਿਹਾ ਹੈ,ਦੋਵਾਂ ਦਾ ਸਬੰਧ ਹੀ ਸਮੁੱਚੇ ਸਮਾਜਿਕ ਵਿਕਾਸ ਦੀ ਬੇਹਤਰੀ ਨਾਲ ਜੁੜਿਆ ਹੋਇਆ ਹੈ।

-ਯਾਦਵਿੰਦਰ ਕਰਫਿਊ
ਜੇ. ਐਨ. ਯੂ, ਨਵੀਂ ਦਿੱਲੀ
ghulamkalam@ymail.com

09899436972

ਸਮਰ-2007 ਦੀ ਧੁਖਦੀ ਅੱਗ ਦਾ ਲੇਖਾ ਜੋਖਾ


ਪਿਛਲੇ ਸਮੇਂ 'ਚ ਸਿਲਵਰ ਸਕਰੀਨ ਨੇ ਥੌੜ੍ਹਾ ਬਹੁਤ ਅਜਿਹਾ ਪੇਸ਼ ਕੀਤਾ ਹੈ,ਜਿਸ ਨਾਲ ਸਮਾਜ ਦੇ ਚੇਤਨ ਵਰਗ 'ਚ ਬਹਿਸ-ਮੁਹਾਬਸਾ ਛਿੜਿਆ ਹੈ।ਪਰਜ਼ਾਨੀਆਂ,ਬਲੈਕ ਫਰਾਈਡੇ,ਰੰਗ ਦੇ ਬਸੰਤੀ,ਹੱਲਾ ਬੋਲ ਆਦਿ ਫਿਲਮਾਂ ਨੇ ਵਿਚਾਰ ਚਰਚਾ ਦਾ ਮਹੌਲ ਪੈਦਾ ਕੀਤਾ।ਇਸੇ ਲੜੀ ' ਚ 13 ਜੂਨ 2008 ਨੂੰ ਰਿਲੀਜ਼ ਹੋਈ "ਸਮਰ 2007" ਨਾਂ ਦੀ ਫਿਲਮ ਵੀ ਸ਼ਾਮਿਲ ਹੋ ਗਈ ਹੈ।ਪੂਰੇ ਦੇਸ਼ 'ਚ ਏਸ ਸਮੇਂ ਵੱਡੇ ਪੱਧਰ 'ਤੇ ਆਤਮਹੱਤਿਆਂਵਾਂ ਕਰ ਰਹੇ ਕਿਸਾਨਾਂ ਦੀ ਜ਼ਿੰਦਗੀ ਦੇ ਵਿਸ਼ੇ ਦੇ ਦੁਆਲੇ ਘੁੰਮਦੀ ਹੈ "ਸਮਰ 2007" ਦੀ ਕਹਾਣੀ।ਫਿਲਮ ਦੇ ਡਾਇਰੈਕਟਰ ਸੁਹੇਲ ਤਤਾਰੀ ਹਨ। ਪੂਰੀ ਕਹਾਣੀ 'ਚ ਜ਼ਿਆਦਾਤਰ ਗੱਲਬਾਤ 6-7 ਪਾਤਰਾਂ ਤੇ ਕਿਸਾਨੀ ਦੀਆਂ ਖੁਦਕੁਸ਼ੀਆਂ ਲਈ ਮਸ਼ਹੂਰ ਮਹਾਰਾਸ਼ਟਰ ਦੇ ਇਲਾਕੇ ਵਿਦਰਭ 'ਤੇ ਅਧਾਰਿਤ ਹੈ।ਫਿਲਮ ਦੀ ਸ਼ੂਰੂਆਤ ਇਕ ਪ੍ਰਈਵੇਟ ਮੈਡੀਕਲ ਕਾਲਜ ਦੇ 'ਚ ਪੜ੍ਹ ਰਹੇ ਅਮੀਰ ਵਰਗ ਦੇ ਵਿਦਿਆਰਥੀਆਂ ਦੀ ਅਯਾਸ਼ੀ ਭਰੀ ਜ਼ਿੰਦਗੀ ਤੋਂ ਸ਼ੂਰੂ ਹੁੰਦੀ ਹੈ।ਰਾਹੁਲ ਸ਼ਰਮਾ(ਸਿਕੰਦਰ ਖੇਰ),ਕੇਤੀਲ(ਅਰੁਜਨ ਬਾਜਵਾ) ਬਾਗਾਨੀ(ਆਲੇਖ ਸੰਘਲ),ਵਿਸ਼ਾਖਾ(ਗੁਲ ਪਨਾਗ) ਤੇ ਪ੍ਰਿਯੰਕਾ(ਯੂਵਿਕਾ ਚੌਧਰੀ) ਪੰਜੇ ਕਾਲਜ ਦੇ ਦੋਸਤ ਹਨ।ਕਾਲਜ ਦੀ ਜ਼ਿੰਦਗੀ 'ਚ ਉਹਨਾਂ ਨਾਲ ਜਿਹੜੀ ਸਭ ਤੋਂ ਅਹਿਮ ਘਟਨਾ ਵਾਪਰਦੀ ਏ,ੳਹ ਕਾਫੀ ਮਹੱਤਵਪੂਰਨ ਹੈ।ਰਾਜਨੀਤੀ ਨੂੰ ਮਜ਼ਾਕ ਸਮਝਣ ਵਾਲਾ ਫਿਲਮ ਦਾ ਮੁੱਖ ਕਿਰਦਾਰ ਰਾਹੁਲ ਸ਼ਰਮਾ ਜਦੋਂ ਵਿਦਿਆਰਥੀ ਰਾਜਨੀਤੀ ਦੇ ਪਹਿਲੇ ਡੰਡੇ 'ਤੇ ਪੈਰ ਧਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਾਲਜ ਦੀਆਂ ਵਿਦਿਆਰਥੀ ਚੋਣਾਂ 'ਚ ਉਸਨੂੰ ਕੱਟੜਪੰਥੀ ਜਥੇਬੰਦੀ ਦੀ ਗੰਦੀ ਰਾਜਨੀਤੀ ਦਾ ਸਾਹਮਣਾ ਕਰਨਾ ਪੈਂਦਾ ਹੈ।ਜਿਸ ਤਰ੍ਹਾਂ "ਰੰਗ ਦੇ ਬਸੰਤੀ" ਨੇ ਦੇਸ਼ ਦੀ ਧਰਮ ਅਧਾਰਿਤ ਕੱਟੜ ਜਥੇਬੰਦੀ ਦੀ ਵਿਦਿਆਰਥੀ ਰਾਜਨੀਤੀ ਨੂੰ ਬੇਨਕਾਬ ਕਰਨ ਦੀ ਕੋਸ਼ਿਸ਼ ਕੀਤੀ ਸੀ,ਉਸੇ ਤਰ੍ਹਾਂ ਦਾ ਉਪਰਾਲਾ "ਸਮਰ 2007" ਨੇ ਵੀ ਕੀਤਾ ਹੈ।ਇਸੇ ਗੰਦੀ ਰਾਜਨੀਤੀ ਦੇ ਚੁੰਗਲ 'ਚੋਂ ਨਿਲਕਣ ਲਈ ਹੀ ,ਉਹ ਕਾਲਜ ਤੋਂ ਕਿਸੇ ਪੇਂਡੂ ਇਲਾਕੇ 'ਚ ਆਪਣੇ ਡਾਕਟਰੀ ਤਜ਼ਰਬੇ ਲਈ ਇਕ ਮਹੀਨੇ ਦੀ ਟ੍ਰੇਨਿੰਗ 'ਤੇ ਜਾਂਦੇ ਹਨ।
ਅਮੀਰ ਜਮਾਤ ਨਾਲ ਸਬੰਧ ਰੱਖਣ ਵਾਲੇ ਪੰਜੇ ਪਾਤਰਾਂ ਨੂੰ ਪੇਂਡੂ ਜੀਵਨ ਬਾਰੇ ਕੋਈ ਗਿਆਨ ਨਹੀਂ ਹੈ ਹੁੰਦਾ ਤੇ ਨਾ ਹੀ ਉਹਨਾਂ ਦਾ ਰੋਟੀ ਟੁਕੜੇ ਵਾਸਤੇ ਗੁਜ਼ਰ ਬਸਰ ਕਰ ਰਹੀਆਂ ਜ਼ਿੰਦਗੀਆਂ ਨਾਲ ਕੋਈ ਸਰੋਕਾਰ ਹੁੰਦਾ ਹੈ।ਵਿਦਰਭ ਦੇ ਕਿਸੇ ਪਿੰਡ 'ਚ ਜਦੋਂ ਉਹ ਪਹਿਲਾ ਕਦਮ ਧਰਦੇ ਨੇ ਤਾਂ ਉਹਨਾਂ ਸਾਹਮਣੇ ਕਿਸਾਨਾਂ ਨਾਲ ਵਾਪਰ ਰਹੇ ਹਰ ਰੋਜ਼ ਦੇ ਵਰਤਾਰੇ ,ਆਤਮਹੱਤਿਆਂਵਾਂ ਦਾ ਦ੍ਰਿਸ਼ ਪੇਸ਼ ਹੁੰਦਾ ਹੈ।ਇਸੇ ਪਹਿਲੇ ਦ੍ਰਿਸ਼ ਤੋਂ ਫਿਲਮ ਦੀ ਭਾਵੁਕ ਪਾਤਰ ਵਿਸ਼ਾਖਾ ਦੀ ਆਤਮਾ ਵਲੂੰਧਰੀ ਜਾਂਦੀ ਹੈ ਤੇ ਉਹ ਅੱਗੇ ਹੋਕੇ ਕੀਟਨਾਸ਼ਕ ਦਵਾਈ ਪੀਕੇ ਆਏ ਕਿਸਾਨ ਪਰਿਵਾਰ ਨੂੰ ਸਾਂਭਣ ਦੀ ਕੋਸ਼ਿਸ ਕਰਦੀ ਹੈ।ਫਿਲਮ 'ਚ ਜੋ ਪਿੰਡ ਦਾ ਡਾਕਟਰ(ਆਸ਼ੂਤੋਸ਼ ਰਾਣਾ) ਹੈ,ਉਸਨੂੰ ਸੱਚਮੁੱਚ ਕਿਸਾਨੀ ਦਾ ਹਮਦਰਦ ਵਿਖਾਇਆ ਗਿਆ ਹੈ।ਡਾ. ਦੇ ਕਮਰੇ 'ਚ ਚੀ ਗਵੇਰੇ ਦੀ ਫੋਟੋ ਤੇ ਮਾਰਕਸਵਾਦ ਦੀਆਂ ਕਿਤਾਬਾਂ ਵਿਖਾਕੇ ,ਉਸਨੂੰ ਸਾਬਕਾ ਕਾਮਰੇਡ ਜਾਂ ਅਗਾਂਹਵਧੂ ਡਾਕਟਰ ਵਜੋਂ ਪੇਸ਼ ਕੀਤਾ ਗਿਆ ਹੈ।ਪੰਜੇ ਪਾਤਰ ਦਾ ਮੁੱਖ ਮਕਸਦ ਡਾ. ਨੂੰ ਪੈਸੇ ਦੇਕੇ ਟ੍ਰੇਨਿੰਗ ਦਾ ਸਰਟੀਫਿਕੇਟ ਲੈਣਾ ਹੁੰਦਾ ਹੈ,ਪਰ ਬਾਅਦ 'ਚ ਹੌਲੀ ਹੌਲੀ ਸੱਚ ਤੋਂ ਪ੍ਰਭਾਵਿਤ ਹੁੰਦੇ ਵਿਖਾਏ ਗਏ ਨੇ।ਭਾਰਤੀ ਸਮਾਜ ਦੇ ਅਰਧ ਜਗੀਰੂ ਤੇ ਨਵ ਬਸਤੀਵਾਦੀ ਖਾਸੇ 'ਚੋਂ ਭਾਵੇਂ ਜਗੀਰਦਾਰੀ ਨੂੰ ਹੀ ਕਿਸਾਨਾਂ ਦੀਆਂ ਆਤਮਹੱਤਿਆਵਾਂ ਦਾ ਮੁੱਖ ਕਾਰਨ ਬਣਾਇਆ ਗਿਆ ਹੈ।ਪਿੰਡ ਦਾ ਕਿਸਾਨ ਪੱਖੀ ਡਾਕਟਰ ਜੋ ਲਗਭਗ ਹਰ ਸਮੇਂ ਸ਼ਰਾਬ ਪੀਂਦਾ ਵਿਖਾਇਆ ਗਿਆ ਹੈ ।ਇਕ ਡਾਇਲਾਗ 'ਚ ਪੰਜੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਾ ਕਹਿੰਦਾ ਹੈ ਕਿ "ਜੈ ਜਵਾਨ,ਜੈ ਕਿਸਾਨ" ਦਾ ਨਾਅਰਾ ਦੇਣ ਵਾਲੀਆਂ ਸਰਕਾਰਾਂ ਦੀਆਂ ਨੀਤੀਆਂ ਹੀ ਕਿਸਾਨ ਨੂੰ ਖਾ ਗਈਆਂ ਤੇ ਦੇਸ਼ ਦਾ ਮੀਡੀਆ ਵੀ ਯਥਾਰਥ ਤੋਂ ਦੂਰ ਪ੍ਰਿੰਸ ਦੇ ਖੱਡੇ 'ਚ ਡਿੱਗਣ ਵਰਗੀਆਂ ਹਾਸੋਹੀਣੀਆਂ ਖ਼ਬਰਾਂ ਬਣਾਉਣ 'ਚ ਲੱਗਿਆ ਹੋਇਆ ਹੈ"।
ਫਿਲਮ ਦੇ ਮੁੱਖ ਤੇ ਆਖਰੀ ਹਿੱਸੇ 'ਚ ਸਾਡੇ ਦੇਸ਼ ਦੇ ਜਗੀਰਦਾਰੀ ਸਿਸਟਮ ਤੇ ਉਸਦੀਆਂ ਸ਼ੋਸ਼ਣਕਾਰੀਆਂ ਨੀਤੀਆਂ ਦੀ ਤਸਵੀਰ ਪੇਸ਼ ਕੀਤੀ ਗਈ ਹੈ,ਹਾਲਾਂਕਿ ਵਿਦਰਭ ਦੀ ਕਿਸਾਨੀ ਦਾ ਬੀ.ਟੀ. ਕੋਟਨ ਰਾਹੀਂ ਸ਼ੋਸ਼ਣ ਕਰ ਰਹੀਆਂ ਬਹੁਰਾਸ਼ਟਰੀ ਕੰਪਨੀਆਂ ਨੂੰ ਅਲੋਚਨਾ ਦੇ ਹਾਸ਼ੀਏ ਤੋਂ ਬਾਹਰ ਰੱਖਿਆ ਗਿਆ ਹੈ,ਜੋ ਕਿ ਕਿਸਾਨੀ ਦੀ ਮੌਜੂਦਾ ਹਾਲਤ ਲਈ ਮੁੱਖ ਜਿੰਮੇਂਵਾਰ ਹਨ"।ਜਗੀਰਦਾਰੀ ਖਿਲਾਫ ਲੜਾਈ ਕਰਨ ਵਾਲਾ ਹੀਰੋ ਸ਼ੰਕੀਆ ਨਾਂ ਦਾ ਵਿਆਕਤੀ ਹੈ।ਜੋ ਜਗੀਰਦਾਰਾਂ ਖਿਲਾਫ ਪ੍ਰਚਾਰ ਕਰਦਿਆਂ ਤਸ਼ੱਦਦ ਦਾ ਸ਼ਿਕਾਰ ਵੀ ਹੁੰਦਾ ਹੈ।ਸ਼ੰਕੀਆਂ ਨੂੰ ਬਚਾਉਣ ਲਈ ਪਿੰਡ ਦਾ ਡਾਕਟਰ ਆਪਣੀ ਜਾਨ ਵੀ ਦਾਅ 'ਤੇ ਲਾਉਂਦਾ ਹੈ ਤੇ ਉਸਨੂੰ ਜਗੀਰਦਾਰਾਂ ਦੀ ਕੈਦ 'ਚੋਂ ਮੁਕਤ ਕਰਵਾਕੇ ਲਿਆਉਂਦਾ ਹੈ।ਫਿਲਮ ਦੇ ਇਕ ਦ੍ਰਿਸ਼ 'ਚ ਸ਼ੰਕੀਆ ਪਿੰਡ ਦੀ ਜਨਤਾ ਨੂੰ ਬੰਗਲਾਦੇਸ਼ ਦੇ ਨੋਬਲ ਪੁਰਸਕਾਰ ਜੇਤੂ ਮਹੁੰਮਦ ਯੂਨਿਸ ਦੀ "ਛੋਟੇ ਕਰਜ਼ਿਆਂ" ਦੀ ਸਕੀਮ ਨਾਲ ਵੀ ਸੰਬੋਧਿਤ ਹੁੰਦਾ ਹੈ,ਇਸੇ ਸਕੀਮ ਨੂੰ ਕਰਜ਼ੇ 'ਚ ਫਸੀ ਕਿਸਾਨੀ ਲਈ ਇਕ ਬਦਲ ਦੇ ਰੂਪ 'ਚ ਵੀ ਪੇਸ਼ ਕੀਤਾ ਗਿਆ ਹੈ ।ਇਸੇ ਦੌਰਾਨ ਪੰਜਾਂ ਵਿਦਿਆਰਥੀਆਂ 'ਚੋਂ ਤਿੰਨ ਜਨਤਾ ਲਈ ਕੰਮ ਕਰਨ ਦੀ ਠਾਣ ਲੈਂਦੇ ਨੇ,ਪਰ ਦੋ ਪਾਤਰ ਰਾਹੁਲ ਸ਼ਰਮਾ ਤੇ ਪ੍ਰਿਯੰਕਾ ਵਾਪਸ ਜਾਣ ਦਾ ਰਸਤਾ ਫੜ੍ਹ ਲੈਂਦੇ ਹਨ।ਜਿਸ ਗੱਡੀ 'ਚ ਉਹ ਜਾ ਰਹੇ ਹੁੰਦੇ ਨੇ,ਉਸੇ 'ਚ ਹੀ ਸ਼ੰਕੀਆ ਹੁੰਦਾ ਹੈ,ਜੋ ਕਿਸੇ ਅਗਲੇ ਪਿੰਡ 'ਚ ਕੰਮ ਸ਼ੁਰੂ ਕਰਨ ਚੱਲਿਆ ਹੈ।ਇਸੇ ਦੌਰਾਨ ਉਹਨਾਂ ਦੀ ਜੀਪ 'ਤੇ ਜਗੀਰਦਾਰਾਂ ਦਾ ਹਮਲਾ ਹੁੰਦਾ ਹੈ ਤੇ ਹਮਲੇ ਸਮੇਂ ਜਦੋਂ ਜਗੀਰਦਾਰ ਦੀ ਫੌਜ ਸ਼ੰਕੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੀ ਹੈ ਤਾਂ ਨਕਸਲੀਏ ਉਹਨਾਂ ਦੀ ਸੁਰੱਖਿਆ ਲਈ ਆਉਂਦੇ ਨੇ ਤੇ ਤਿੰਨਾਂ ਲੋਕਾਂ ਦਾ ਬਚਾਅ ਹੋ ਜਾਂਦਾ ਹੈ।ਜਗੀਰਦਾਰਾਂ ਦੇ ਸ਼ੰਕੀਆਂ 'ਤੇ ਹਮਲੇ ਤੋਂ ਬਾਅਦ ਪਿੰਡ ਦੇ ਡਾ. ਦੀ ਨਕਸਲੀ ਲੀਡਰ ਨਾਲ ਰਾਜਨੀਤਿਕ ਬਹਿਸ ਹੁੰਦੀ ਹੈ।ਇਸ ਬਹਿਸ 'ਚ ਨਕਸਲੀਆ ਜਦੋਂ ਹਥਿਆਰਬੰਦ ਰਾਹ ਨੂੰ ਕਿਸਾਨਾਂ ਦੀ ਮੁਕਤੀ ਦੱਸਦਾ ਹੈ ਤਾਂ ਡਾ. ਵਿਅੰਗ ਕਰਦਾ ਕਹਿੰਦਾ ਹੈ " ਕਿ ਜੇ ਦੇਸ਼ ਨੂੰ ਬਣਾ ਨਹੀਂ ਸਕਦੇ ਤਾਂ ਅੱਗ ਜ਼ਰੂਰ ਲਗਾ ਦਿਓ"। ਫਿਲਮ ਦੇ ਅੰਤ 'ਚ ਪੁਲਿਸ ਤੇ ਜਗੀਰਦਾਰਾਂ ਦੇ ਗੱਠਜੋੜ ਦੀ ਝਲਕ ਪੇਸ਼ ਕੀਤੀ ਗਈ ਹੈ।ਗੋਲੀ ਲੱਗੇ ਸ਼ੰਕੀਆ ਦੀ ਰਾਖੀ ਕਰਦੀ ਵਿਸ਼ਾਖਾ ਨਾਲ ਬਲਾਤਕਾਰ ਕਰਦੇ ਜਗੀਰਦਾਰ ਤੇ ਪੁਲਿਸ ਅਫਸਰ ਨੂੰ ਮਰਦ ਦੁਨੀਆਂ ਵਲੋਂ ਔਰਤ ਖਿਲਾਫ ਵਰਤੇ ਜਾਂਦੇ ਆਖਰੀ ਸੰਦ ਬਲਾਤਕਾਰ ਦੀ ਵਰਤੋਂ ਕਰਦੇ ਵਿਖਾਇਆ ਗਿਆ ਹੈ।ਆਖਰੀ ਦ੍ਰਿਸ਼ 'ਚ ਪਿੰਡ ਦਾ ਡਾ.,ਸ਼ੰਕੀਆ ਲਈ ਆਪਣੀ ਜਾਨ ਨਿਸ਼ਾਵਰ ਕਰ ਦਿੰਦਾ ਹੈ ਤਾਂ ਕਿ ਵਿਚਾਰ ਜ਼ਿੰਦਾ ਰਹਿ ਸਕੇ।ਇਸਦੇ ਨਾਲ ਹੀ ਵਿਦਿਆਰਥੀ ਵੀ ਸ਼ਹਿਰ ਨੂੰ ਪਰਤ ਜਾਂਦੇ ਨੇ ਤੇ ਮੀਡੀਆ ਉਹਨਾਂ ਦੇ ਵਿਚਾਰ ਨੂੰ ਥਾਂ ਦਿੰਦਾ ਨਜ਼ਰ ਆਉਂਦਾ ਹੈ।ਜਿਵੇਂ"ਰੰਗ ਦੇ ਬਸੰਤੀ" 'ਚ ਕੋਈ ਵੀ ਸਮਾਜਿਕ ਜਾਂ ਰਾਜਨੀਤਿਕ ਸਮਾਜਿਕ ਲਹਿਰ ਨਾ ਵਿਖਾਕੇ ਨੌਜਵਾਨਾਂ ਦੀ ਅਰਾਜਕਤਾ ਵਿਖਾਈ ਗਈ ਸੀ,ਉਸੇ ਤਰ੍ਹਾਂ ਹੀ ਏਨੀਆਂ ਖੁਦਕੁਸ਼ੀਆਂ ਦੇ ਪੈਮਾਨੇ ਦੇ ਬਾਵਜੂਦ ਫਿਲਮ 'ਚ ਕੋਈ ਵੀ ਸਮਾਜਿਕ ਜਾਂ ਰਾਜਨੀਤਿਕ ਲੋਕ ਲਹਿਰ ਨਹੀਂ ਵਿਖਾਈ ਗਈ ਹੈ।
ਫਿਲਮ 'ਚ ਜਿਸ ਵਿਚਾਰ ਨੂੰ ਆਤਮਹੱਤਿਆਵਾਂ ਕਰਦੀ ਕਿਸਾਨੀ ਦੇ ਲਈ ਬਦਲ ਦੇ ਰੂਪ 'ਚ ਪੇਸ਼ ਕੀਤਾ ਗਿਆ ਹੈ ,ਉਹ ਬੰਗਲਾਦੇਸ਼ 'ਚ ਐੱਨ.ਜ਼ੀ.ਓ. ਚਲਾ ਰਹੇ ਨੋਬਲ ਪੁਰਸਕਾਰ ਜੇਤੂ ਮਹੁੰਮਦ ਯੂਨਸ ਦੀ "ਮਾਈਕਰੋ ਕਰੈਡਿਟ" ਸਕੀਮ ਹੈ,ਹਾਲਾਂਕਿ ਜਿਸ ਸਕੀਮ ਨੂੰ ਪ੍ਰਚਾਰਕੇ ਫਿਲਮ 'ਚ ਕਿਸਾਨੀ ਨੂੰ ਸੰਕਟ 'ਚੋਂ ਉਭਾਰਨ ਦੀ ਕੋਸ਼ਿਸ ਕੀਤੀ ਗਈ ਹੈ, ਉਸੇ ਸਕੀਮ ਦੇ ਨੋਬਲ ਪੁਰਸਕਾਰ ਵਿਜੇਤਾ ਨੂੰ ਨੋਬਲ ਮਿਲਣ ਤੋਂ ਬਾਅਦ ਬੰਗਲਾਦੇਸ਼ ਦੀ ਹਾਲਤ ਕੋਈ ਬਹੁਤੇ ਬੇਹਤਰ ਨਹੀਂ ਹੈ"।ਬੰਗਲਾਦੇਸ਼ ਸਰਕਾਰ ਦੇ ਅਕਤੂਬਰ 2006 ਦੇ ਅੰਕੜਿਆਂ ਅਨੁਸਾਰ "70 ਮਿਲੀਅਨ ਲੋਕ ਗਰੀਬੀ ਰੇਖਾ ਤੋਂ ਹੇਠਾਂ ਗੁਜ਼ਾਰਾ ਕਰ ਰਹੇ ਸਨ"।ਭਾਰਤ ਸਰਕਾਰ ਦੇ ਖੇਤੀ ਮੰਤਰੀ ਦੇ ਬਿਆਨ ਮੁਤਾਬਕ "1993 ਤੋਂ ਲੈਕੇ 2003 ਤਕ 1,00,248 ਕਿਸਾਨ ਆਤਮਹੱਤਿਆਵਾਂ ਕਰ ਚੁੱਕੇ ਨੇ"।ਵੇਖਣਾ ਹੋਵੇ ਤਾਂ ਜਿਨ੍ਹਾਂ ਭਾਰਤੀ ਇਲਾਕਿਆਂ 'ਚ ਵੱਡੇ ਪੱਧਰ 'ਤੇ ਖੁਦਕੁਸ਼ੀਆਂ ਦਾ ਵਰਤਾਰਾ ਵਾਪਰ ਰਿਹਾ ਹੈ ,ਉਹਨਾਂ 'ਚ ਐੱਨ.ਜੀ.ਓਜ਼. ਦਾ ਜਾਲ ਮੱਕੜੀ ਵਾਂਗ ਫੈਲਿਆ ਹੋਇਆ ਹੈ,ਪਰ ਉਸਦੇ ਬਾਵਜੂਦ ਵੀ ਇਹ ਦੌਰ ਜਾਰੀ ਹੈ।ਕਈ ਅਰਥਸ਼ਾਸ਼ਤਰੀ ਤਾਂ ਐੱਨ.ਜੀ.ਓਜ਼. ਦੇ ਵਰਤਾਰੇ ਨੂੰ ਵਿਸ਼ਵ ਬੈਂਕ ਦੀਆਂ ਨਵ-ਉਦਾਰਵਾਦੀ ਨੀਤੀਆਂ ਦੀ ਚਾਲ ਦੱਸਦੇ ਹਨ,ਕਿਉਂਕਿ ਸਾਰੀਆਂ ਵੱਡੀਆਂ ਐੱਨ.ਜੀ.ਓਜ਼. ਦਾ ਅਧਾਰ ਵਿਦੇਸ਼ੀ ਪੂੰਜੀ ਹੈ ।ਫਿਲਮ 'ਚ ਬਦਲ ਚਾਹੇ ਕੁਝ ਵੀ ਦਿਖਾਇਆ ਗਿਆ ਹੋਵੇ ,ਪਰ ਪੂਰੇ ਦੇਸ਼ ਦਾ ਢਿੱਡ ਭਰਨ ਵਾਲੀ ਕਿਸਾਨੀ ਵਾਸਤੇ ਗੰਭੀਰਤਾ ਨਾਲ ਕੋਈ ਹੱਲ ਲੱਭਣ ਦੀ ਸਖ਼ਤ ਜ਼ਰੂਰਤ ਹੈ।

-ਯਾਦਵਿੰਦਰ ਕਰਫਿਊ
ਜੇ. ਐਨ. ਯੂ, ਨਵੀਂ ਦਿੱਲੀ
ghulamkalam@ymail.com

09899436972