Wednesday, December 31, 2008
ਚਕਾਚੌਂਧ ਭਾਰਤੀ ਮੀਡੀਏ ਦੀ ਰਾਜਨੀਤਿਕ-ਆਰਥਿਕਤਾ
ਸਮਾਜ ਦੀ ਹਰ ਗਤੀਵਿਧੀ ਵੈਸੇ ਤਾਂ ਪੂਰਨ ਰੂਪ 'ਚ ਕਿਤੇ ਨਾ ਕਿਤੇ ਸਾਡੇ ਸਾਮਜ 'ਤੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਰਾਜਨੀਤਿਕ ਜਾਂ ਆਰਥਿਕ ਪ੍ਰਭਾਵ ਪਾਉਂਦੀ ਹੈ,ਪਰ ਚੱਲ ਰਹੀ ਮੌਜੂਦਾ ਰਾਜਨੀਤਿਕ- ਆਰਥਿਕਤਾ ਇਸਨੂੰ ਹਮੇਸ਼ਾ ਤੋੜਕੇ ਵੇਖਦੀ ਹੈ।ਇਸੇ ਤਰ੍ਹਾਂ ਮੌਜੂਦਾ ਸਮੇਂ ਦਾ ਮੀਡੀਆ (ਖਾਸ ਕਰ ਇਲੈਕਟ੍ਰੋਨਿਕ) ਪ੍ਰੋਫੈਸ਼ਨਲਿਜ਼ਮ ਦੀ ਦੁਹਾਈ ਦੇਕੇ ਸਮਾਜਿਕ ਸਰੋਕਾਰਾਂ ਤੇ ਸੂਚਨਾਵਾਂ ਨੂੰ ਸਮਾਜ ਨਾਲੋਂ ਤੋੜਕੇ ਦਿਖਾਉਣ ਦੀ ਕੋਸ਼ਿਸ਼ 'ਚ ਲੱਗਿਆ ਹੋਇਆ ਹੈ।1990ਵਿਆਂ ਤੋਂ ਬਾਅਦ ਖੁੰਬਾਂ ਵਾਂਗੂ ੳੁੱਗੇ ਤੇ ਉਗ ਰਹੇ ਭਾਰਤੀ ਮੀਡੀਏ ਦੇ ਅਦਾਰਿਆਂ 'ਤੇ ਮੋਟੀ ਮੋਟੀ ਝਾਤ ਮਾਰਨੀ ਹੋਵੇ ਤਾਂ ਕਿਸੇ ਚੰਗੇ ਚਿੱਤਰਕਾਰ ਵਾਂਗ ਬਣਾਈ ਤਸਵੀਰ ਸਾਡੇ ਸਾਹਮਣੇ ੳੁੱਭਰਕੇ ਆਉਂਦੀ ਹੈ।ਵਿੱਤੀ ਪੂੰਜੀ ਦੇ ਇਸ ਦੌਰ 'ਚ ਛੋਟੇ-ਛੋਟੇ ਅਖਬਾਰਾਂ ਤੇ ਪ੍ਰੋਡਕਸ਼ਨ ਹਾਊਸ ਦੇ ਰੂਪ 'ਚ ਕੰਮ ਕਰਨ ਵਾਲੇ ਅਦਾਰੇ, ਵੱਡੇ ਵੱਡੇ ਚੈਨਲਾਂ ਤੇ ਕਾਰਪੋਰੇਟ ਹਾਊਸਜ਼ ਦੇ ਰੂਪ 'ਚ ਸਾਡੇ ਸਾਹਮਣੇ ਆਏ ਤੇ ਅਖ਼ਬਾਰਾਂ ਤੇ ਚੈਨਲਾਂ 'ਚ ਇਸ਼ਤਿਹਾਰਬਾਜ਼ੀ ਦਾ ਹੜ੍ਹ ਆ ਗਿਆ।ਅਸਲ 'ਚ ਇਸ਼ਤਿਹਾਰਬਾਜ਼ੀ ਹੀ ਮੌਜੂਦਾ ਮੀਡੀਏ ਦੀ ਆਰਥਿਕਤਾ ਦਾ ਮੁੱਖ ਧੁਰਾ ਹੈ ,ਜਿਸਦੇ ਆਲੇ ਦੁਆਲੇ ਪੂਰੀ ਰਾਜਨੀਤੀ ਘੁੰਮਦੀ ਹੈ। ਇਸ ਵਿੱਤੀ ਪੂੰਜੀ ਦੇ ਦੌਰ ਦੀ ਸ਼ੁਰੂਆਤ ਤਾਂ ਉਦੋਂ ਹੀ ਹੋ ਚੁੱਕੀ ਸੀ ,ਜਦੋਂ ਭਾਰਤੀ ਆਰਥਿਕਤਾ 'ਚ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਤਹਿਤ 1980 'ਚ ਅੰਤਰਰਾਸ਼ਟਰੀ ਮੁਦਰਾਕੋਸ਼ ਦੀ 5 ਅਰਬ ਡਾਲਰ ਦੀ ਪੂੰਜੀ ਉਦਾਰੀਕਰਨ ਦੇ ਨਾਂਅ ਹੇਠ ਲਿਆਂਦੀ ਸੀ।ਸਹਿਜੇ ਸਹਿਜੇ 90ਵਿਆਂ ਦੇ ਸ਼ੁਰੂਆਤੀ ਸਾਲਾਂ 'ਚ ਮੌਜੂਦਾ ਪ੍ਰਧਾਨਮੰਤਰੀ ਮਨਮੋਹਨ ਸਿੰਘ(ਉਦੋਂ ਵਿੱਤ ਮੰਤਰੀ) ਨੇ ਆਰਥਿਕ ਸੁਧਾਰਾਂ ਦੀਆਂ ਨੀਤੀਆਂ ਲਿਆਕੇ ਵਿਦੇਸ਼ੀ ਪੂੰਜੀ ਲਈ ਰਸਤਾ ਬਿਲਕੁਲ ਸਾਫ ਕਰ ਦਿੱਤਾ।ਜਦੋਂ ਅੰਤਰਰਾਸ਼ਟਰੀ ਆਰਥਿਕਤਾ 'ਚ ਸਾਮਰਾਜੀ ਭਾਵ ਵਿੱਤੀ ਪੂੰਜੀ ਨੇ ਪ੍ਰਵੇਸ਼ ਕੀਤਾ ਸੀ ਤਾਂ ਕਿਸੇ ਮਸ਼ਹੂਰ ਅਰਥਸ਼ਾਸ਼ਤਰੀ ਨੇ ਇਸਦੀ ਵਿਆਖਿਆ ਕਰਦੇ ਕਿਹਾ ਸੀ ਕਿ "ਸਾਰੇ ਆਰਥਿਕ ਤੇ ਕੌਮਾਂਤਰੀ ਸਬੰਧਾਂ ਵਿੱਚ,ਵਿੱਤੀ ਪੂੰਜੀ ਇਕ ਅਜਿਹੀ ਵਿਸ਼ਾਲ ਤੇ ਫੈਸਲਾਕੁੰਨ ਸ਼ਕਤੀ ਹੈ,ਜਿਹੜੀ ਕਿ ਮੁਕੰਮਲ ਰਾਜਨੀਤਿਕ ਅਜ਼ਾਦੀ ਮਾਣ ਰਹੀਆਂ ਕੌਮਾਂ ਤੇ ਰਿਆਸਤਾਂ ਨੂੰ ਗੁਲਾਮ ਬਣਾਉਣ ਦੇ ਸਮਰੱਥ ਤੇ ਹਕੀਕਤ ਵਿੱਚ ਗੁਲਾਮ ਬਣਾਉਂਦੀ ਹੈ"।ਇਹਨਾਂ ਗੱਲਾਂ ਦਾ ਜ਼ਿਕਰ ਕਰਨਾ ਇਸ ਲਈ ਲਾਜ਼ਮੀ ਹੈ ਕਿਉਂਕਿ ਅਜਿਹੀਆਂ ਨੀਤੀਆਂ ਤਹਿਤ ਹੀ ਮੀਡੀਆ ਜਿਹੇ ਸੰਵੇਦਨਸ਼ੀਲ ਖੇਤਰ 'ਚ ਵਿਦੇਸ਼ੀ ਪੂੰਜੀ ਦਾ ਨਿਵੇਸ਼ ਹੋਇਆ,ਜਿਸਨੇ ਆਪਣੇ ਆਰਥਿਕ ਹਿੱਤ ਤਾਂ ਪੂਰੇ ਹੀ,ਨਾਲ ਹੀ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਵੀ ਕੀਤੀ।
ਭਾਰਤੀ ਮੀਡੀਏ ਦੇ ਇਤਿਹਾਸ ਤੇ ਪਲਕ ਝੱਪ ਨਜ਼ਰ ਮਾਰਨੀ ਹੋਵੇ ਤਾਂ 1947 ਤੋਂ ਪਹਿਲਾਂ ਬਹੁਤਾ ਮੀਡੀਆ ਤਾਂ ਦੇਸ਼ ਦੀ ਰਾਸ਼ਟਰੀ ਲਹਿਰ 'ਚ ਕੁੱਦਿਆ,ਪਰ ਉਦੋਂ ਵੀ ਕੁਝ ਪੂੰਜੀਪਤੀ ਘਰਾਣੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ 'ਚ ਲੱਗੇ ਰਹੇ।ਇਹ ਪੂੰਜੀਪਤੀ ਘਰਾਣੇ ਹੀ 1947 ਤੋਂ ਬਾਅਦ ਦੇਸ਼ ਦੇ ਵੱਡੇ ਮੀਡੀਆ ਅਦਾਰਿਆਂ ਦੇ ਰੂਪ 'ਚ ੳੁੱਭਰਕੇ ਸਾਹਮਣੇ ਆਏ।ਹੁਣ ਜਦੋਂ ਅਸੀਂ 90ਵਿਆਂ ਦੇ ਆਰਥਿਕ ਸੁਧਾਰਾਂ ਤੋਂ ਬਾਅਦ ਦੀ ਤਸਵੀਰ ਵੇਖਦੇ ਹਾਂ ਤਾਂ ਜ਼ਿਆਦਾਤਰ ਅਜਿਹੇ ਪੂੰਜੀਪਤੀ ਘਰਾਣਿਆਂ ਨੇ ਹੀ ਵਿਦੇਸ਼ੀ ਪੂੰਜੀ ਨਾਲ ਸਿੱਧੀ ਸਾਂਝ ਪਾਈ।ਲਾਲਚ 'ਚ ਅੰਨ੍ਹੀ ਹੋਈ ਵਿਦੇਸ਼ੀ ਪੂੰਜੀ ਨੂੰ ਵੱਡੇ ਬਜ਼ਾਰ ਦੀ ਜ਼ਰੂਰਤ ਸੀ,ਜਿਸਦਾ ਉਦੇਸ਼ ਭਾਰਤ ਦੇ 20 ਕਰੋੜ ਮੱਧ ਵਰਗੀ ਜਮਾਤ ਤੋਂ ਪੂਰਾ ਹੁੰਦਾ ਸੀ ਤੇ ਦੂਜੇ ਪਾਸੇ ਭਾਰਤੀ ਸਰਮਾਏਦਾਰ ਵੀ ਆਪਣੀ ਜ਼ਮੀਰ ਵੇਚਣ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਬੈਠੇ ਸਨ।ਇਸੇ ਦੇ ਤਹਿਤ ਭਾਜਪਾ ਸਰਕਾਰ ਵਲੋਂ 2002 'ਚ ਡਰਾਮਾ ਰਚਾਕੇ ਮੀਡੀਆ ਦੇ ਖੇਤਰ 'ਚ ਐੱਫ.ਡੀ.ਆਈ. ਭਾਵ ਸਿੱਧੇ ਵਿਦੇਸ਼ੀ ਨਿਵੇਸ਼ ਦੀ ਰਸਮੀ ਸ਼ੁਰੂਆਤ ਕਰਕੇ ਭਾਰਤੀ ਮੀਡੀਆ 'ਚ ਇਕ ਨਵੀਂ ਪਿਰਤ ਪਾਈ ਗਈ,ਜਿਸਦੇ ਤਹਿਤ ਪ੍ਰਿੰਟ ਮੀਡੀਏ 'ਚ 26% ਤੇ ਤਾਜ਼ਾ ਘਟਨਾਵਾਂ,ਵਿਗਿਆਨ ਤੇ ਤਕਨੀਕ ਨਾਲ ਸਬੰਧਿਤ ਪੱਤਰਕਾਵਾਂ 'ਚ 74% ਨਿਵੇਸ਼ ਲਈ ਦਰਵਾਜ਼ੇ ਖੋਲ੍ਹ ਦਿੱਤੇ ਗਏ ਤੇ ਨਾਲ ਹੀ ਐੱਨ.ਡੀ. ਏ. ਦੀ ਕੈਬਨਿਟ ਨੇ ਫਿਲਮਾਂ ਤੇ ਵਿਗਿਆਪਨ 'ਚ ਖ਼ੁਦ-ਬ-ਖ਼ੁਦ ਪ੍ਰਵਾਨਗੀ ਰਸਤੇ ਰਾਹੀਂ 100% ਐੱਫ.ਡੀ.ਆਈ. ਨੂੰ ਪ੍ਰਵਾਨਗੀ ਦੇ ਦਿੱਤੀ ਸੀ।ਇਹ ਉਹੀ ਦੌਰ ਸੀ ਜਦੋਂ ਆਰਥਿਕ ਸੁਧਾਰਾਂ ਦੇ ਦੌਰ 'ਚ ਆਲੇ-ਦੁਆਲਿਓ ਵਿਦੇਸ਼ੀ ਪੂੰਜੀ ਤੇ ਤਕਨੀਕ ਗ੍ਰਹਿਣ ਕਰ ਚੁੱਕੇ ਚੈਨਲਾਂ ਤੇ ਅਖਬਾਰਾਂ ਨੂੰ ਸਾਮਰਾਜੀ ਪੂੰਜੀ ਦੀ ਵੱਡੀ ਆਰਥਿਕ ਖੁਰਾਕ ਮਿਲੀ ਤੇ ਇਹ ਅਦਾਰੇ ਤਾਂ ਮੀਡੀਆ ਦੇ ਵੱਡੇ ਥੰਮ ਬਣਕੇ ਉਭਰੇ ,ਪਰ ਲੋਕਤੰਤਰ ਦੇ ਚੌਥੇ ਥੰਮ ਨੂੰ ਕਾਫੀ ਢਾਹ ਲੱਗੀ,ਕਿਉਂਕਿ ਦੇਸੀ ਪੂੰਜੀ ਲਈ ਸਾਮਰਾਜੀ ਪੂੰਜੀ ਦੇ ਹੱਕ ਲਈ ਪਹਿਰਾ ਦੇਣਾ ਜ਼ਰੂਰੀ ਹੋ ਗਿਆ।
ਜਿਸ ਤਰ੍ਹਾਂ ਆਰਥਿਕ ਸੁਧਾਰਾਂ ਦਾ ਕਈ ਰਾਜਨੀਤਿਕ ਸ਼ਕਤੀਆਂ ਨੇ ਦਿਖਾਵੇ ਲਈ ਵਿਰੋਧ ਕੀਤਾ ਸੀ ,ਉਸੇ ਤਰ੍ਹਾਂ ਮੀਡੀਆ 'ਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ ਵੀ ਦੇਸ਼ ਦੇ ਕਈ ਰਾਸ਼ਟਰਵਾਦੀ ਅਖਵਾਉਂਦੇ ਅਦਾਰਿਆਂ ਨੇ ਕੀਤਾ।ਪਰ ਜਿਵੇਂ ਕਹਿੰਦੇ ਨੇ"ਕੋਈ ਮਰੇ, ਕੋਈ ਜੀਵੇ,ਸੁਥਰਾ ਘੋਲ ਪਤਾਸੇ ਪੀਵੇ " ਉਸੇ ਤਰ੍ਹਾਂ ਬਾਅਦ 'ਚ ਰਾਸ਼ਟਰਵਾਦੀਆਂ ਨੇ ਵੀ ਸਾਮਰਾਜੀ ਪੂੰਜੀ ਦੇ ਡਗੇ 'ਤੇ ਨੱਚਦਿਆਂ ਵਿਦੇਸ਼ੀ ਨਿਵੇਸ਼ ਦਾ ਭਰਪੂਰ ਸਵਾਗਤ ਕੀਤਾ।ਸਿੱਧੇ ਵਿਦੇਸ਼ੀ ਨਿਵੇਸ਼ ਤੇ ਆਈ.ਪੀ.ਓ. (ਆਨੀਸ਼ੀਅਲ ਪਬਲਿਕ ਆਫਰਿੰਗ ) ਦੇ ਤਹਿਤ ਦੇਸ਼ ਦੇ ਮੀਡੀਆ ਅਦਾਰਿਆਂ ਜ਼ੀ ਨੈੱਟਵਰਕ,ਟੀ.ਵੀ. ਟੂਡੇ,ਐਨ.ਡੀ. ਟੀ.ਵੀ,ਬੈਗ ਟੈਲੀਫਿਲਮਜ਼,ਜਾਗਰਨ ਸਮੂਹ,ਦੈਨਿਕ ਭਾਸਕਰ,ਟਾਈਮਜ਼ ਸਮੂਹ,ਹਿੰਦੋਸਤਾਨ ਟਾਈਮਜ਼,ਡੇਕਨ ਕਾਰਨੀਕਲ ਆਦਿ ਨੇ ਵਿਦੇਸ਼ੀ ਨਿਵੇਸ਼ ਦੇ ਜ਼ਰੀਏ ਵੱਡੇ ਮੁਨਾਫੇ ਖੱਟੇ।"ਜਾਗਰਣ" ਅਜਿਹਾ ਪਹਿਲਾ ਖੇਤਰੀ ਭਸ਼ਾਈ ਤੇ ਹਿੰਦੀ ਅਖਬਾਰ ਸੀ, ਜਿਸਨੇ ਆਪਣੇ ਵਿਦੇਸ਼ੀ ਨਿਵੇਸ਼ ਦੇ ਸਟੈਂਡ ਤੋਂ ਪਲਟਦਿਆਂ ਆਇਰਲੈਂਡ ਦੇ "ਇੰਡੀਪੈਂਡਟ ਨਿਊਜ਼" ਸਮੂਹ ਤੋਂ 150 ਕਰੋੜ ਰੁਪਏ ਦਾ ਵਿਦੇਸ਼ੀ ਨਿਵੇਸ਼ ਲਿਆਂਦਾ।ਇਸ ਸਮੂਹ ਨੇ ਆਈ.ਪੀ.ਓ. ਤੇ ਵਿਦੇਸ਼ੀ ਨਿਵੇਸ਼ ਦੇ ਜ਼ਰੀਏ ਆਈ ਪੂੰਜੀ ਨਾਲ ਆਪਣੇ ਨਵੇਂ ਐਡੀਸ਼ਨ ਸ਼ੂਰੂ ਕੀਤੇ ਤੇ ਨਾਲ ਹੀ ਚੈਨਲ "7" ਨਾਂ ਦਾ ਚੈਨਲ ਮਾਰਕੀਟ 'ਚ ਉਤਾਰਿਆ।ਕਾਨਪੁਰ ਦੇ ਛੋਟੇ ਜਿਹੇ ਘੇਰੇ 'ਚ ਨਿਕਲਕੇ ਜਾਗਰਣ ਦੇਸ਼ ਦੁਨੀਆਂ 'ਚ ਚਮਕਿਆ ਤੇ ਮੌਜੂਦਾ ਸਮੇਂ 'ਚ ਮੀਡੀਆ ਦੀ ਇਹ ਸੰਸਥਾ ਸ਼ੇਅਰ ਬਜ਼ਾਰ ਦੀ ਲਿਮਟਿਡ ਕੰਪਨੀ ਹੈ ਤੇ ਇਸਦੀ ਮਾਰਕੀਟ ਪੂੰਜੀ 1800 ਕਰੋੜ ਰੁਪਏ ਤੋਂ ੳੁੱਪਰ ਹੈ।ਇਸੇ ਤਰ੍ਹਾਂ ਹੋਰ ਮੀਡੀਆ ਸਮੂਹ ਵੀ ਸਰੋਕਾਰਾਂ ,ਸਮਾਜਿਕ ਕਦਰਾਂ-ਕੀਮਤਾਂ ਤੇ ਨੈਤਿਕਤਾ ਨੂੰ ਭੁੱਲਕੇ ਪੂੰਜੀ ਇਕੱਠੀ ਕਰਨ ਦੀ ਦੌੜ 'ਚ ਇਕ ਦੂਜੇ ਤੋਂ ਅੱਗੇ ਨੇ।ਇਸੇ ਦੇ ਤਹਿਤ ਵਿਦੇਸ਼ੀ ਪੂੰਜੀ ,ਕੌਮੀ ਪੂੰਜੀ ਤੇ ਕਾਬਿਜ਼ ਹੋ ਰਹੀ ਹੈ ਤੇ ਕੌਮੀ ਸਰਮਾਏਦਾਰੀ ,ਖੇਤਰੀ ਪੂੰਜੀ ਨੂੰ ਆਪਣੀ ਲਪੇਟ 'ਚ ਲੈ ਰਹੀ ਹੈ,ਇਸ ਤਰ੍ਹਾਂ ਪੂੰਜੀਵਾਦੀ ਅਰਥਸਾਸ਼ਤਰ ਦਾ ਝੰਡਾ ਲਗਾਤਾਰ ਬੁਲੰਦ ਹੋ ਰਿਹਾ ਹੈ।ਪਿਛਲੇ ਸਮਿਆਂ 'ਚ ਜ਼ੀ ਨੈੱਟਵਰਕ ਨੇ ਟੈਨ ਸਪੋਰਟਸ ਨਾਲ ਹੱਥ ਮਿਲਾਇਆ ਏ।ਸੰਸਾਰ ਮੀਡੀਏ ਦਾ ਸ਼ਹਿਨਸ਼ਾਹ ,ਅਮਰੀਕੀ ਸਾਮਰਾਜ ਦਾ ਮੋਹਰਾ ਤੇ ਚਲਾਕੀਆਂ ਦੇ ਮਾਹਰ ਰੁਪਰਟ ਮੁਰਡੋਕ ਨੇ ਜਿਸ ਤਰ੍ਹਾਂ ਪਹਿਲਾਂ ਭਾਰਤੀ ਸਰਕਾਰ ਨਾਲ ਲੁਕਣ ਮਿਟੀ ਖੇਡਕੇ ਸਟਾਰ ਗਰੁੱਪ 'ਤੇ ਲਗਭਗ ਪੂਰਨ ਕਬਜ਼ਾ ਕੀਤਾ,ਉਸੇ ਤਰ੍ਹਾਂ ਹੁਣ ਦੱਖਣੀ ਭਾਰਤ ਦੇ "ਸਨ ਗਰੁੱਪ" 'ਚ ਨਿਵੇਸ਼ ਕਰਕੇ "ਸਨ ਟੀ.ਵੀ. ਨੈੱਟਵਰਕ ਲਿਮਿਟਡ ਕੰਪਨੀ ਬਣਾਉਣ ਤੇ ਇਕ ਅਖਬਾਰ ਕੱਢਣ ਜਾ ਰਿਹਾ ਹੈ।"ਵਾਰਬਰਗ ਪਿਕਨਸ" ਦੈਨਿਕ ਭਾਸਕਰ 'ਚ 1500 ਮਿਲੀਅਨ ਤੇ "ਬਲੈਕ ਸਟੋਨ" ਆਂਧਰਾ ਪ੍ਰਦੇਸ਼ ਦੇ ਮਸ਼ਹੂਰ ਇਨਾਡੂ ਗਰੁੱਪ 'ਚ 1,10,925 ਮਿਲੀਅਨ ਦਾ ਨਿਵੇਸ਼ ਕਰਨ ਜਾ ਰਿਹਾ ਹੈ।ਅਮਰੀਕਾ ਦੀ ਡਾਉ ਜੋਨਜ਼ ਕੰਪਨੀ, ਟਾਈਮਜ਼ ਆਫ ਇੰਡੀਆ 'ਚ ਨਿਵੇਸ਼ ਕਰਕੇ ਮੈਗਜ਼ੀਨ "ਵਾਲ ਸਟਰੀਟ" ਦਾ ਭਾਰਤੀ ਐਡੀਸ਼ਨ ਕੱਢਣ ਜਾ ਰਿਹਾ ਹੈ।ਟਾਈਮਜ਼ ਗਰੁੱਪ ,ਬੀ.ਬੀ.ਸੀ. ਵਲਡਵਾਇਡ ਨਾਲ ਮਿਲਕੇ ਰਸਾਲਾ ਕੱਢਣ ਜਾ ਰਿਹਾ ਹੈ ਤੇ ਏਜੰਸੀ "ਰਾਇਟਰ" ਨਾਲ ਮਿਲਕੇ "ਟਾਈਮਜ਼ ਨਾਓ" ਨਾਂ ਦਾ ਅੰਗਰੇਜ਼ੀ ਚੈਨਲ ਵੀ ਚਲਾ ਰਿਹਾ ਹੈ।ਲੰਦਨ ਅਧਾਰਿਤ ਅਖ਼ਬਾਰ "ਫਾਈਨਾਈਸ਼ਲ ਟਾਈਮਜ਼"ਦਾ ਐਗਰੀਮੈਂਟ ਵੀ ਭਾਰਤੀ ਅਖ਼ਬਾਰ ਬਿਜ਼ਨੈੱਸ ਸਟੈਂਡਰਡ ਨਾਲ ਹੋ ਚੱਕਿਆ ਹੈ,ਜਿਸਨੇ ਭਾਰੀ ਨਿਵੇਸ਼ ਕੀਤਾ ਹੈ।ਇਸੇ ਤਰ੍ਹਾਂ ਹਿੰਦੋਸਤਾਨ ਟਾਈਮਜ਼ ਨੇ ਵੀ ਆਸਟਰੇਲੀਆ ਦੇ ਕਿਸੇ ਵੱਡੇ ਗਰੁੱਪ ਨਾਲ ਸਾਂਝ ਭਿਆਲੀ ਪਾਈ ਹੈ।ਵਿਦੇਸ਼ੀ ਪੂੰਜੀ ਦੇ ਛਾਏ ਹੇਠ ਖ਼ਬਰੀਆਂ ਚੈਨਲਾਂ ਦੀ ਜੋ ਨਵੀਂ ਪਨੀਰੀ ੳੁੱਭਰਕੇ ਸਾਹਮਣੇ ਆਈ ਹੈ,ਉਸ 'ਚ ਭਾਜਪਾ ਦੀ ਸਰਕਾਰ 'ਚ ਸੂਚਨਾ ਮੰਤਰੀ ਰਹੇ ਰਵੀਸ਼ੰਕਰ ਪ੍ਰਸ਼ਾਦ ਦੀ ਭੈਣ ਤੇ ਬੀ.ਸੀ.ਸੀ.ਆਈ. ਦੇ ਵਾਇਸ ਪ੍ਰਧਾਨ ਰਾਜੀਵ ਸ਼ੁਕਲਾ ਦੀ ਪਤਨੀ ਅਨੁਰਾਧਾ ਪ੍ਰਸ਼ਾਦ ਦਾ "ਨਿਊਜ਼ 24" ਚੈਨਲ ਹੈ,ਜਿਸ 'ਚ ਸ਼ਾਹਰੁਖ ਖਾਨ ਨੇ ਵੀ 400 ਕਰੋੜ ਰੁਪਏ ਦੀ ਪੂੰਜੀ ਨਿਵੇਸ਼ ਕੀਤੀ ਹੈ।ਇਸੇ ਤਰ੍ਹਾਂ ਆਈ.ਐੱਨ.ਐਕਸ. ਨਾਂ ਦੀ ਕੰਪਨੀ ਖ਼ਬਰੀ ਤੇ ਮਨੋਰੰਜਨ ਚੈਨਲਾਂ ਲਈ ਸਾਲ 2007 'ਚ 1100 ਕਰੋੜ ਰੁਪਏ ਦਾ ਨਿਵੇਸ਼ ਲੈਕੇ ਆਈ ਹੈ।ਦਿੱਲੀ ਦੀ ਤ੍ਰਿਵੇਣੀ ਨਾਂ ਦੀ ਇਮਾਰਤ ਉਸਾਰੀ ਦੀ ਕੰਪਨੀ ਵੀ "ਵਾਇਸ ਆਫ ਇੰਡੀਆ" ਦੇ ਨਾਂ ਨਾਲ ਆਪਣੇ 6 ਖੇਤਰੀ ਤੇ ਇਕ ਰਾਸ਼ਟਰੀ ਚੈਨਲ ਲੈਕੇ ਆਈ ਹੈ।ਵਿਦੇਸ਼ੀ ਨਿਵੇਸ਼ ਦਾ ਵਿਰੋਧ ਤੇ ਦੇਸ਼ ਦੇ ਰਾਸ਼ਟਰੀ ਹਿੱਤਾਂ 'ਤੇ ਪਹਿਰਾ ਦੇਣ ਵਾਲੇ ਬਹਤੇ ਮੀਡੀਆ ਅਦਾਰੇ ਜਾਂ ਤਾਂ ਖਤਮ ਹੋ ਗਏ ਜਾਂ ਆਪਣੀ ਹੋਂਦ ਬਣਾਉਣ ਲਈ ਲਗਾਤਾਰ ਸੰਘਰਸ਼ 'ਚ ਹਨ।ਪੌੜੀ ਦੇ ਆਖਰੀ ਡੰਡੇ 'ਤੇ ਖੜ੍ਹੇ ਆਜ,ਨਵੀਂ ਦੁਨੀਆਂ,ਦੇਸ਼ ਬੰਧੂ,ਪ੍ਰਭਾਤ ਖ਼ਬਰ,ਪਾਈਨੀਅਰ,ਅੰਮ੍ਰਿਤਾ ਬਜ਼ਾਰ ਪੱਤਰਿਕਾ,ਸਟੇਟਸਮੈਨ ਵਰਗੇ ਅਖ਼ਬਾਰ ਸੰਘਰਸ਼ ਕਰ ਰਹੇ ਨੇ ਤੇ ਟ੍ਰਿਬਿਊਨ,ਇੰਡੀਅਨ ਐਕਸਪ੍ਰੈਸ,ਅਮਰ ਉਜਾਲਾ ਤੇ ਰਾਜਸਥਾਨ ਪੱਤਰਿਕਾ ਆਦਿ 'ਤੇ ਅਸਰ ਸਾਫ ਵੇਖਿਆ ਜਾ ਸਕਦਾ ਹੈ।
ਪਿਛਲੇ ਸਮੇਂ 'ਚ ਮੀਡੀਆ ਦੇ ਬਿਜ਼ਨਸ ਵੱਲ ਮੁੜੀਆਂ ਰਾਸ਼ਟਰੀ ਤੇ ਬਹੁਰਾਸ਼ਟਰੀ ਕੰਪਨੀਆਂ ਦਾ ਵੱਡਾ ਕਾਰਨ ਇਸ਼ਤਿਹਾਰਾਂ ਦਾ ਵੱਡਾ ਮਨਾਫਾ ਤੇ ਸਾਮਰਾਜੀ ਵਿੱਤੀ ਪੂੰਜੀ ਦੇ ਗੱਫੇ ਹਨ।1980 'ਚ ਪ੍ਰੈਸ ਦੀ ਕੁੱਲ ਆਮਦਨ 150 ਕਰੋੜ ਸੀ,ਜੋ ਕਿ 2005 ਤੱਕ ਵੱਡੀ ਛਾਲ ਮਾਰਕੇ 9500 ਕਰੋੜ ਤੱਕ ਪਹੁੰਚ ਗਈ ਸੀ।ਪ੍ਰੈਸ ਦੇ ਇਸ਼ਤਿਹਾਰ 1991 'ਚ 1069 ਕਰੋੜ ਰੁਪਏ ਦੇ ਸਨ ,ਜੋ 2005 ਤੱਕ 641 ਫੀਸਦੀ ਦੇ ਨਾਲ 7,929 ਕਰੋੜ ਰੁਪਏ ਤੱਕ ਪਹੁੰਚ ਗਏ।ਪ੍ਰੈਸ ਨੂੰ ਛੱਡਕੇ ਮਨੋਰੰਜਨ ਦੀ ਗੱਲ ਕਰਨੀ ਹੋਵੇ ਤਾਂ ਕੌਮਾਂਤਰੀ ਨਿਵੇਸ਼ ਤੇ ਸੋਧ ਕੰਪਨੀ ਜੇ.ਪੀ. ਮਾਰਗਨ ਦੀ ਰਿਪੋਰਟ ਮੁਤਾਬਿਕ ਭਾਰਤੀ ਉਦਯੋਗ ਤੋਂ ਔਸਤਨ ਸਾਲ 18% ਵਾਧੇ ਦੀ ਦਰ ਨਾਲ 2009 ਤੱਕ 4054.5 ਅਰਬ ਦੀ ਆਮਦਨ ਹੋਵੇਗੀ।ਇਹ ਤਬਦੀਲੀ ਅਖ਼ਬਾਰਾਂ ਦੇ ਇਸ਼ਤਿਹਾਰ ਨਾਲ ਭਰੇ ਸਫਿਆਂ ਅਤੇ ਖ਼ਬਰੀਆ 'ਤੇ "ਮਿਲਤੇ ਹੈਂ ਬਰੇਕ ਕੇ ਬਾਅਦ" ਦੇ ਰੂਪ 'ਚ ਵੇਖੀ ਜਾ ਸਕਦੀ ਹੈ।ਇਸ ਸਾਰੇ ਖਾਕੇ 'ਤੇ ਨਜ਼ਰ ਪਾਈਏ ਤਾਂ ਗੱਲ ਸਾਫ ਹੋ ਜਾਂਦੀ ਹੈ ਕਿ ਬਹੁਰਾਸ਼ਟਰੀ ਕੰਪਨੀਆਂ ਏਨੇ ਵੱਡੇ ਮੁਨਾਫੇ ਦੇ ਭਵਿੱਖ ਨੂੰ ਵੇਖਦੇ ਹੋਏ ਕੋਈ ਵੀ ਮੌਕਾ ਖੰਜਾਉਣਾਂ ਨਹੀਂ ਚਾਹੁੰਦੀਆਂ।ਇਸ਼ਤਿਹਾਰਾਂ ਦੀ ਇਸ ਪੂਰੀ ਖੇਡ 'ਚ ਆਰਥਿਕਤਾ ਦੇ ਨਾਲ ਨਾਲ ਰਾਜਨੀਤੀ ਵੀ ਪੂਰੀ ਤਰ੍ਹਾਂ ਜੁੜੀ ਹੋਈ ਹੈ,ਕਿਉਂਕਿ ਕੰਪਨੀਆਂ ਦੇ ਹਿੱਤ ਇਕ ਦੂਜੇ ਨੂੰ ਪੂਰੀ ਤਰ੍ਹਾਂ ਜੁੜੇ ਹੋਏ ਹਨ।ਜਿਹੜੀਆਂ ਕੰਪਨੀਆਂ ਮੀਡੀਆ ਅਦਾਰਿਆਂ ਨੂੰ ਇਸ਼ਤਿਹਾਰ ਦੇ ਰਹੀਆਂ ਨੇ,ਉਹੀ ਕੰਪਨੀਆਂ ਵਿਸ਼ੇਸ਼ ਆਰਥਿਕ ਜ਼ੋਨ,ਮਾਲਜ਼ ਤੇ ਰਿਟੇਲ ਖੇਤਰ 'ਚ ੳੁੱਤਰਕੇ ਆਮ ਲੋਕਾਂ ਦੀ ਰੋਟੀ ਉਜਾੜ ਰਹੀਆਂ ਨੇ,ਜਿਸ ਕਰਕੇ ਉਹਨਾਂ ਖਿਲਾਫ ਆਉਂਦੀਆਂ ਆਲੋਚਨਾਤਮਕ ਖ਼ਬਰਾਂ ਰਾਹ 'ਚ ਹੀ ਖਤਮ ਹੋ ਰਹੀਆਂ ਨੇ।ਬਹੁਰਾਸ਼ਟਰੀ ਕੰਪਨੀਆਂ ਨੂੰ ਹੀ ਦੇਸ਼ 'ਚ ਚੱਲ ਰਹੀਆਂ ਵੱਖ ਵੱਖ ਆਰਥਿਕ-ਸਮਾਜਿਕ ਲਹਿਰਾਂ ਤੋਂ ਖਤਰਾ ਹੈ,ਕਿਉਂਕਿ ਉਹ ਇਹਨਾਂ ਨੂੰ ਆਪਣਾ ਦੁਸ਼ਮਣ ਗਰਦਾਨਦੀਆਂ ਹਨ ਤੇ ਮੀਡੀਆ ਆਪਣੇ ਦੋਸਤਾਂ ਲਈ ਇਹਨਾਂ ਖਿਲਾਫ ਡਟਕੇ ਪ੍ਰਚਾਰ ਕਰਦਾ ਹੈ।ਇਸੇ ਤਰ੍ਹਾਂ ਮੀਡੀਆ ਲਗਾਤਾਰ ਬ੍ਰਹਮਣਵਾਦੀ ਕਰਮ ਕਾਡਾਂ ਨੂੰ ਪ੍ਰਚਾਰ ਕੇ ਜਗੀਰੂ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਟੁੱਟਣ ਨਹੀਂ ਦੇ ਰਿਹਾ ਹੈ ਤੇ ਉਸਦੀ ਨੀਂਹ ਲਗਾਤਾਰ ਮਜ਼ਬੂਤ ਕਰਨ 'ਚ ਲੱਗਿਆ ਹੋਇਆ ਹੈ।ਮੀਡੀਆ ਦਲਿਤਾਂ,ਆਦਿਵਾਸੀਆਂ ਤੇ ਧਾਰਮਿਕ ਘੱਟਗਿਣਤੀਆਂ ਦੀ ਅਵਾਜ਼ ਨੂੰ ਵੀ ਸਹੀ ਢੰਗ ਨਾਲ ਉਠਾਉਣ ਦੀ ਬਜਾਏ ,ਬਹੁਤੀਆਂ ਚੀਜ਼ਾਂ ਨੂੰ ਤੋੜ ਮਰੋੜਕੇ ਪੇਸ਼ ਕਰ ਰਿਹਾ ਹੈ।ਵਿਦੇਸ਼ੀ ਪੂੰਜੀ ਦੇ ਭਾਰ ਹੇਠ ਦੱਬਿਆ ਭਾਰਤੀ ਮੀਡੀਆ ਅਮਰੀਕੀ ਸਾਮਰਾਜ ਵੱਲੋਂ ਮੁਸਲਿਮ ਦੇਸ਼ਾਂ ਵਿਰੁੱਧ ਵਿੱਢੀ “ਵਾਰ ਅਗੈਂਸਟ ਟੈਰੋਰਿਜ਼ਮ” ਦੀ ਮੁਹਿੰਮ ਦਾ ਵੀ ਪੂਰਾ ਸਾਥ ਦੇ ਰਿਹਾ ਹੈ ਤੇ "ਇਸਲਾਮਿਕ ਫੋਬੀਏ" ਨੂੰ ਵੱਡੇ ਪੱਧਰ ‘ਤੇ ਫੈਲਾ ਰਿਹਾ ਹੈ,ਜਿਸਦੇ ਤਹਿਤ ਹੀ ਦੇਸ਼ ‘ਚ ਹੋਣ ਵਾਲੇ ਧਮਾਕਿਆਂ ਨੂੰ ਪੰਜ ਮਿੰਟਾਂ ਬਾਅਦ "ਮੁਸਲਿਮ ਜਥੇਬੰਦੀਆਂ" ਨਾਲ ਜੋੜਿਆ ਜਾਂਦਾ ਹੈ।ਪੱਤਰਕਾਰੀ ਦੇ ਮੁੱਲਾਂ ਨੂੰ ਵਿਸਾਰਕੇ ਮੀਡੀਏ ਨੇ ਹਮੇਸ਼ਾਂ ਸਮੂਹਿਕ ਘਟਨਾਵਾਂ ਤੇ ਪਰਦਾ ਪਾ ਰਿਹਾ ਹੈ,ਤੇ ਵਿਆਕਤੀਗਤ ਘਟਨਾਵਾਂ ਨੂੰ ਵੱਡੇ ਪੱਧਰ 'ਤੇ ਪ੍ਰਚਾਰਦਾ ਹੈ।ਇਹ ਵੀ ਵੇਖਣ ਵਾਲੀ ਗੱਲ ਹੈ ਕਿ ਏਨੇ ਵੱਡੇ ਪਸਾਰਵਾਦ ਦੇ ਬਾਵਜੂਦ ਵੀ ਭਾਰਤੀ ਮੀਡੀਆ ਨਵੀਆਂ ਤਕਨੀਕਾਂ ਤੇ ਹੋਰ ਸਾਜ਼ੋ-ਸਮਾਨ ਲਈ ਅੱਜ ਵੀ ਪੂਰੀ ਤਰ੍ਹਾਂ ਵਿਦੇਸ਼ੀ ਬਹੁਰਾਸ਼ਟਰੀ ਕੰਪਨੀਆਂ 'ਤੇ ਨਿਰਭਰ ਹੈ,ਇਸ ਨਾਲ ਭਾਰਤੀ ਸਰਮਾਏਦਾਰ ਦਾ ਦਲਾਲ ਖਾਸਾ ਸਾਡੇ ਸਾਹਮਣੇ ੳੁੱਭਰਕੇ ਨਜ਼ਰ ਆਉਂਦਾ ਹੈ।
ਭਾਰਤ ਜਿਹੇ ਅਲਪਵਿਕਸਤ ਦੇਸ਼ 'ਚ ਵਿੱਤੀ ਪੂੰਜੀ ਨੇ ਮੀਡੀਆ ਦੀ ਇਸ਼ਤਿਹਾਰਬਾਜ਼ੀ ਤੇ ਪ੍ਰਚਾਰ ਨਾਲ ਜਗੀਰੂ ਤੇ ਸਾਮਰਾਜੀ ਸਭਿਆਚਾਰ ਦਾ ਅਜਿਹਾ ਕਜੋੜ ਵਰਤਾਰਾ ਪੈਦਾ ਕੀਤਾ ,ਜਿਸ ਨਾਲ ਅਸਾਂਵਾਂ ਸਮਾਜਿਕ ਵਿਕਾਸ ਉੱਭਰਕੇ ਸਾਹਮਣੇ ਆਇਆ ਹੈ।1947 ਦੀ ਰਾਜਨੀਤਿਕ ਅਜ਼ਾਦੀ ਤੋਂ ਬਾਅਦ ਵਿੱਤੀ ਪੂੰਜੀ ਦੇ ਜ਼ਰੀਏ ਆਈ ,ਨਵ-ਬਸਤੀਵਾਦ ਦੀ ਇਹ ਨਵੀਂ ਗੁਲਾਮੀ ਦੇਸ਼ ਦੀ ਪ੍ਰਭੂਸੱਤਾ ਲਈ ਖਤਰਾ ਬਣੀ ਹੋਈ ਹੈ।ਇਸ ਲਈ ਮੌਜੂਦਾ ਸਮੇਂ ਵਿੱਤੀ ਪੂੰਜੀ ਦੇ ਪਹਿਰੇਦਾਰ ਭਾਰਤੀ ਮੀਡੀਆ ਦੀ ਰਾਜਨੀਤੀ-ਆਰਥਿਕਤਾ ਨੂੰ ਵੇਖਦੇ ਹੋਏ ਸਾਮਜ ਦੇ ਦਾਨਿਸ਼ਵਰਾਂ ਤੇ ਸੋਚਵਾਨ ਲੋਕਾਂ ਨੂੰ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ,ਕਿਉਂਕਿ ਨਾ ਲਿਖਣ ਲਈ ਲਿਖਿਆ ਜਾ ਰਿਹਾ ਹੈ ਤੇ ਨਾ ਪੜ੍ਹਨ ਲਈ ਪੜ੍ਹਿਆ ਜਾ ਰਿਹਾ ਹੈ,ਦੋਵਾਂ ਦਾ ਸਬੰਧ ਹੀ ਸਮੁੱਚੇ ਸਮਾਜਿਕ ਵਿਕਾਸ ਦੀ ਬੇਹਤਰੀ ਨਾਲ ਜੁੜਿਆ ਹੋਇਆ ਹੈ।
-ਯਾਦਵਿੰਦਰ ਕਰਫਿਊ
ਜੇ. ਐਨ. ਯੂ, ਨਵੀਂ ਦਿੱਲੀ
ghulamkalam@ymail.com
09899436972
ਵੰਨਗੀ :
ਪ੍ਰੈਸ,
ਮੀਡੀਆ ਚੈਨਲ,
ਵਿਸ਼ਵੀਕਰਨ
Subscribe to:
Post Comments (Atom)
No comments:
Post a Comment