ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਅਣਖ਼ ਖਾਤਰ ਕਤਲ. Show all posts
Showing posts with label ਅਣਖ਼ ਖਾਤਰ ਕਤਲ. Show all posts

Saturday, December 22, 2012

ਦਲਿਤਾਂ,ਕੌਮੀਅਤਾਂ ਤੇ ਘੱਟਗਿਣਤੀਆਂ ਦੇ ਬਲਾਤਕਾਰਾਂ ’ਤੇ ਕਿਉਂ ਨਹੀਂ ਉੱਠਦੀ ਆਵਾਜ਼ ?-ਅਰੁੰਧਤੀ ਰਾਏ

ਮੈਂ ਨਹੀਂ ਮੰਨਦੀ ਕਿ ਦਿੱਲੀ ਰੇਪ ਕੈਪੀਟਲ ਹੈ। ਇਹ ਰੇਪ ਤਾਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਇਹ ਮਾਨਸਿਕਤਾ 'ਚ ਵਸਿਆ ਹੋਇਆ ਹੈ। ਗੁਜਰਾਤ 'ਚ ਮੁਲਸਾਮਾਨਾਂ ਨਾਲ ਹੋਇਆ,ਕਸ਼ਮੀਰ 'ਚ ਸੁਰੱਖਿਆ ਬਲ ਬਲਾਤਕਾਰ ਕਰਦੇ ਹਨ ਤੇ ਮਨੀਪੁਰ 'ਚ ਵੀ ਅਜਿਹਾ ਹੀ ਹੁੰਦਾ ਹੈ ਤੇ ਉਦੋਂ ਕੋਈ ਆਵਾਜ਼ ਨਹੀਂ ਉਠਾਉਂਦਾ।

ਖੈਰਲਾਂਜੀ 'ਚ ਦਲਿਤ ਔਰਤ ਤੇ ਉਸਦੀ ਕੁੜੀ ਨਾਲ ਬਲਾਤਕਾਰ ਕਰਕੇ ਸਾੜ ਦਿੱਤਾ ਗਿਆ ਸੀ। ਉਦੋਂ ਤਾਂ ਅਜਿਹੀ ਆਵਾਜ਼ ਨਹੀਂ ਉੱਠੀ ਸੀ।
ਇਹ ਜਗੀਰੂ ਮਾਨਸਿਕਤਾ ਹੈ। ਲੋਕਾਂ ਦੀ ਉਦੋਂ ਹੀ ਅਵਾਜ਼ ਉੱਠਦੀ ਹੈ ਜਦੋਂ ਉੱਚੀ ਜਾਤ ਤੇ ਪ੍ਰਭਾਵਸ਼ਾਲੀ ਲੋਕਾਂ ਨਾਲ ਦਿੱਲੀ 'ਚ ਕੁਝ ਹੁੰਦਾ ਹੈ।

ਅਵਾਜ਼ ਉੱਠਣੀ ਚਾਹੀਦੀ ਹੈ ਜੋ ਦਿੱਲੀ 'ਚ ਹੋਇਆ ਉਸ ਲਈ ਹੋ ਹੱਲਾ ਤਾਂ ਹੋਣਾ ਚਾਹੀਦਾ ਹੈ,ਇਹ ਹੱਲਾ ਸਿਰਫ ਮੱਧ ਵਰਗ ਦੇ ਲੋਕਾਂ ਨੂੰ ਬਚਾਉਣ ਲਈ ਨਹੀਂ ਹੋਣਾ ਚਾਹੀਦਾ ਹੈ।
ਛੱਤੀਸਗੜ੍ਹ ਦੀ ਆਦਿਵਾਸੀ ਮਹਿਲਾ ਸੋਨੀ ਸੋਰੀ ਦੇ ਖ਼ਿਲਾਫ ਵੀ ਕੁਝ ਹੋਇਆ ਸੀ ,ਤੁਹਾਨੂੰ ਯਾਦ ਦਾ ਹੋਵੇਗਾ,ਉਸਦੇ ਜਨਣ ਅੰਗ 'ਚ ਪੱਥਰ ਪਾਏ ਗਏ ਸਨ। ਪੁਲੀਸ ਨੇ ਅਜਿਹਾ ਕੀਤਾ ਪਰ ਉਦੋਂ ਤਾਂ ਕਿਸੇ ਨੇ ਅਵਾਜ਼ ਨਹੀਂ ਉਠਾਈ ਸੀ। ਉਸ ਪੁਲੀਸ ਅਧਿਕਾਰੀ ਨੂੰ ਤਾਂ ਦਲੇਰੀ ਲਈ ਸਨਮਾਨ ਮਿਲਿਆ।

ਕਸ਼ਮੀਰ 'ਚ ਜਦੋਂ ਗਰੀਬ ਕਸ਼ਮੀਰੀਆਂ ਨਾਲ ਸੁਰੱਖਿਆ ਬਦਲ ਬਲਾਤਕਾਰ ਕਰਦੇ ਹਨ ਤਾਂ ਉਦੋਂ ਸੁਰੱਖਿਆ ਬਲਾਂ ਖ਼ਿਲਾਫ ਕੋਈ ਫਾਂਸੀ ਦੀ ਮੰਗ ਨਹੀਂ ਕਰਦਾ।

ਜਦੋਂ ਕੋਈ ਉੱਚੀ ਜਾਤੀ ਦਾ ਆਦਮੀ ਦਲਿਤ ਨਾਲ ਬਲਾਤਕਾਰ ਕਰਦਾ ਹੈ ਤਾਂ ਵੀ ਕੋਈ ਉਸ ਲਈ ਫਾਂਸੀ ਦੀ ਮੰਗ ਨਹੀਂ ਕਰਦਾ।

ਇਸ ਵਾਰ ਜਦੋਂ 100 ਲੋਕ ਇਕੱਠੇ ਖੜ੍ਹੇ ਸਨ ਦਿੱਲੀ 'ਚ ਜਦੋਂ ਕੁੜੀ ਨੂੰ ਬੱਸ 'ਚੋਂ ਨੰਗਾ ਬਾਹਰ ਸੁੱਟਿਆ ਗਿਆ,ਬੱਸ ਤੋਂ ਬਾਹਰ ਤਾਂ ਲੋਕ ਖੜ੍ਹੇ ਸੀ। ਕਿਸੇ ਨੇ ਉਸਨੂੰ ਆਪਣਾ ਕੱਪੜਾ ਦਿੱਤਾ ? ਸਾਰੇ ਲੋਕ ਖੜ੍ਹੇ ਰਹੇ।

ਦਿੱਲੀ 'ਚ ਅਮੀਰ-ਗਰੀਬ ਵਿਚਕਾਰ ਭੇਦਭਾਵ ਤਾਂ ਪਹਿਲਾਂ ਵੀ ਸੀ। ਹੁਣ ਵੀ ਹੈ,ਪਰ ਹੁਣ ਉਹ ਨਿਸ਼ਾਨਾ ਬਣ ਰਹੇ ਹਨ। ਬਲਾਤਕਾਰ ਮੁੱਦਾ ਨਹੀਂ ਹੈ,ਜਦੋਂ ਦੇਸ਼ ਦੀ ਵੰਡ ਹੋਈ ਤਾਂ ਕਿੰਨੇ ਬਲਾਤਕਾਰ ਹੋਏ ਸਨ। ਅੰਦਾਜ਼ਾ ਵੀ ਨਹੀਂ ਲਗਾ ਸਕਦੇ ਅਸੀਂ।

ਇਹ ਜਗੀਰੂ ਮਾਨਸਿਕਤਾ ਹੈ,ਸਾਡੇ ਲੋਕਾਂ ਅੰਦਰ।
ਬਲਾਤਕਾਰ ਇਕ ਘਿਨੌਣਾ ਅਪਰਾਧ ਹੈ,ਪਰ ਲੋਕ ਕੀ ਕਰਦੇ ਹਨ। ਜਿਸ ਕੁੜੀ ਦਾ ਬਲਾਤਕਾਰ ਹੋਇਆ ਉਸ ਨੂੰ ਕੋਈ ਸਵੀਕਾਰ ਕਿਉਂ ਨਹੀਂ ਕਰਦਾ ਹੈ? ਕਿਹੋ ਜਿਹੇ ਸਮਾਜ 'ਚ ਰਹਿੰਦੇ ਹਾਂ ਅਸੀਂ ? ਕਈ ਮਾਮਲਿਆਂ 'ਚ ਜਿਸ ਦਾ ਬਾਲਤਕਾਰ ਹੁੰਦਾ ਉਸੇ ਨੂੰ ਪਰਿਵਾਰ ਦੇ ਲੋਕ ਘਰੋਂ ਕੱਢ ਦਿੰਦੇ ਹਨ।

ਮੇਰੇ ਕੋਲ ਕੋਈ ਜਵਾਬ ਨਹੀਂ ਹੈ ਕਿ ਇਹ ਕਿਵੇਂ ਠੀਕ ਹੋਵੇਗਾ ਪਰ ਮਾਨਸਿਕਤਾ ਦੀ ਵੱਡੀ ਸਮੱਸਿਆ ਹੈ। ਸਮਾਜ 'ਚ ਬਹੁਤ ਜ਼ਿਆਦਾ ਹਿੰਸਾ ਹੈ।

ਵਿਰੋਧ ਹੋਣਾ ਚਾਹੀਦਾ ਹੈ ਪਰ ਚੁਣ ਚੁਣ ਕੇ ਵਿਰੋਧ ਨਹੀਂ ਹੋਣਾ ਚਾਹੀਦਾ।ਹਰ ਔਰਤ ਦੇ ਬਲਾਤਕਾਰ ਦਾ ਵਿਰੋਧ ਹੋਣਾ ਚਾਹੀਦਾ ਹੈ,ਇਹ ਦੋਹਰੀ ਮਾਨਸਿਕਤਾ ਹੈ ਕਿ ਤੁਸੀਂ ਦਿੱਲੀ ਦੇ ਬਲਾਤਕਾਰ ਲਈ ਅਵਾਜ਼ ਉਠਾਵੋਂਗੇ ਪਰ ਮਨੀਪੁਰ ਦੀਆਂ ਔਰਤਾਂ ਲਈ, ਕਸ਼ਮੀਰ ਦੀਆਂ ਔਰਤਾਂ ਲਈ ਤੇ ਖੈਰਲਾਂਜੀ ਦੀਆਂ ਦਲਿਤ ਔਰਤਾਂ ਲਈ ਤੁਸੀਂ ਅਵਾਜ਼ ਕਿਉਂ ਨਹੀਂ ਉਠਾਉਂਦੇ ਹੋਂ?

ਬਲਾਤਕਾਰ ਦਾ ਵਿਰੋਧ ਇਸ ਅਧਾਰ 'ਤੇ ਨਹੀਂ, ਇਹ ਉਹ ਦਿੱਲੀ 'ਚ ਹੋਇਆ ਹੈ ਜਾਂ ਮਨੀਪੁਰ 'ਚ ਜਾਂ ਕਿਸੇ ਹੋਰ ਥਾਂ।ਮੈਂ ਬੱਸ ਇਹੀ ਕਹਿ ਸਕਦੀ ਹਾਂ।

ਬੀ ਬੀ ਸੀ ਹਿੰਦੀ ਤੋਂ ਵੀਰਪਾਲ ਕੌਰ ਦਾ ਪੰਜਾਬੀ ਤਰਜ਼ਮਾ

Monday, March 7, 2011

'ਔਰਤ ਕੋਲ ਖੋਣ ਨੂੰ ਕੁਝ ਨਹੀਂ ਹੈ'--ਸਿਮੋਨ

ਫਰਾਂਸ ਦੀ 'ਸਿਮੋਨ ਦੀ ਬੌਵੁਆਰ' ਸੰਸਾਰ ਦੀ ਨਾਰੀਵਾਦੀ ਲਹਿਰ ਨੂੰ ਸੇਧ ਦੇਣ ਵਾਲੀ ਚਿੰਤਕ ਰਹੀ ਹੈ।ਆਪਣੀ ਜਵਾਨੀ ਦੇ ਦਿਨਾਂ 'ਚ ਉਸਨੇ ਕਿਹਾ ਸੀ,ਕਿ 'ਔਰਤ ਪੈਦਾ ਨਹੀਂ ਹੁੰਦੀ,ਬਣਾ ਦਿੱਤੀ ਜਾਂਦੀ ਹੈ'।ਉਸਦੀ 'ਦ ਸੈਕੇਂਡ ਸੈਕਸ' ਨਾਂਅ ਦੀ ਕਿਤਾਬ ਦਾ ਦੁਨੀਆ ਦੀ ਲਗਭਗ ਹਰ ਭਾਸ਼ਾ 'ਚ ਤਰਜ਼ਮਾ ਹੋਇਆ।ਆਪਣੇ ਵਿਦਵਾਨ ਪ੍ਰੇਮੀ ਸਾਰਤਰ ਨਾਲ ਉਹ ਬਿਨਾਂ ਵਿਆਹ ਤੋਂ ਸਾਰੀ ਉਮਰ ਰਹੀ।ਮੈਂ ਪੱਤਰਕਾਰ ਐਲਿਸ ਸ਼ਵੇਰਜਰ ਵਲੋਂ ਉਸ ਨਾਲ 1972 'ਚ ਕੀਤੀ ਲੰਮੀ ਇੰਟਰਵਿਊ ਪੜ੍ਹ ਰਿਹਾ ਸੀ,ਜਿਸ 'ਚੋਂ ਕੁਝ ਹਿੱਸੇ ਦਾ ਤਰਜ਼ਮਾ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ।ਅਸਲ 'ਚ ਮੁੱਖ ਧਾਰਾ ਦੇ ਅਖ਼ਬਾਰ 'ਔਰਤ ਦਿਹਾੜੇ' 'ਤੇ ਖਾਨਾਪੂਰਤੀ ਕਰਨ ਲਈ ਗੁੱਡੀ ਗੁੱਡੀ(ਖਾਸ ਕਰ ਪੰਜਾਬੀ ਅਖ਼ਬਾਰ) ਗੱਲਾਂ ਨਾਲ ਸਾਰ ਦਿੰਦੇ ਹਨ ਤੇ ਬਦਲਵੀਂ ਸਿਆਸੀ ਧਾਰਾ ਨਾਲ ਜੁੜੇ ਲੋਕ ਆਪਣੇ ਵਿਚਾਰਧਾਰਕ ਮੱਤਭੇਦਾਂ ਕਾਰਨ ਬਹੁਤ ਸਾਰੀਆਂ ਚੀਜ਼ਾਂ ਨਹੀਂ ਛਾਪ ਪਾਉਂਦੇ।ਇਸ ਲਈ ਬਹੁਤ ਸਾਰੇ ਸਵਾਲ ਕੰਨ੍ਹੀਆਂ 'ਤੇ ਪਏ ਹੀ ਰਹਿ ਜਾਂਦੇ ਹਨ।ਸਿਮੋਨ ਨੇ ਇਸ ਇੰਟਰਵਿਊ 'ਚ (1972)ਕਈ ਅਹਿਮ ਸਵਾਲ ਖੜ੍ਹੇ ਕੀਤੇ ਹਨ,ਮੈਨੂੰ ਲਗਦਾ ਉਨ੍ਹਾਂ ਦੀ ਸਾਰਥਿਕਤਾ ਓਨੀ ਹੀ ਹੈ ਤੇ ਅੱਜ ਵੀ ਉਨ੍ਹਾਂ 'ਤੇ ਚਰਚਾ ਦੀ ਲੋੜ ਹੈ।--ਯਾਦਵਿੰਦਰ ਕਰਫਿਊ

ਐਲਿਸ ਸ਼ਵੇਰਜਰ--'ਨਾਰੀਵਾਦ' ਨੂੰ ਬਹੁਤ ਗਲਤ ਢੰਗ ਨਾਲ ਸਮਝਿਆ ਤੇ ਪ੍ਰਭਾਸ਼ਿਤ ਕੀਤਾ ਗਿਆ ਹੈ।ਤੁਹਾਡੀ 'ਨਾਰੀਵਾਦ' ਦੀ ਪਰਿਭਾਸ਼ਾ ਕੀ ਹੈ ?

ਸਿਮੋਨ--'ਦ ਸੈਕੇਂਡ ਸੈਕਸ' ਦੇ ਅਖੀਰ 'ਚ ਮੈਂ ਕਿਹਾ ਹੈ ਕਿ ਮੈਂ ਨਾਰੀਵਾਦੀ ਨਹੀਂ ਹਾਂ,ਕਿਉਂਕਿ ਉਸ ਸਮੇਂ ਮੇਰਾ ਵਿਸ਼ਵਾਸ ਸੀ ਕਿ ਔਰਤਾਂ ਦੀਆਂ ਸਮੱਸਿਆਵਾਂ ਸਮਾਜਵਾਦ ਦੀ ਸਥਾਪਨਾ ਤੇ ਵਿਕਾਸ ਨਾਲ ਆਪਣੇ ਆਪ ਹੱਲ ਹੋ ਜਾਣਗੀਆਂ।'ਨਾਰੀਵਾਦੀ' ਹੋਣ ਦਾ ਮੇਰਾ ਮਤਲਬ ਹੈ ਕਿ ਕੁਝ ਖਾਸ ਔਰਤ ਮਸਲਿਆਂ 'ਤੇ ਜਮਾਤੀ ਸੰਘਰਸ਼ ਤੋਂ ਹੱਟ ਕੇ ਆਜ਼ਾਦ ਰੂਪ 'ਚ ਸੰਘਰਸ਼ ਕਰਨਾ।ਮੈਂ ਅੱਜ ਵੀ ਆਪਣੇ ਉਸੇ ਵਿਚਾਰ 'ਤੇ ਕਾਇਮ ਹਾਂ।ਮੇਰੀ ਪਰਿਭਾਸ਼ਾ ਦੇ ਮੁਤਾਬਕ ਔਰਤਾਂ ਤੇ ਉਹ ਮਰਦ ਵੀ ਨਾਰੀਵਾਦੀ ਹਨ,ਜੋ ਪਿੱਤਰਸਤਾਮਿਕ ਵਿਵਸਥਾ 'ਚ ਔਰਤਾਂ ਦੀ ਹਾਲਤ 'ਚ ਬਦਲਾਅ ਲਈ ਸੰਘਰਸ਼ ਕਰ ਰਹੇ ਹਨ।ਇਹ ਸੰਘਰਸ਼ ਜਿੰਨਾ ਜਮਾਤੀ ਸੰਘਰਸ਼ ਨਾਲ ਜੁੜਿਆ ਹੋਇਆ ਹੈ,ਓਨਾ ਹੀ ਉਸਤੋਂ ਅਜ਼ਾਦਆਨਾ ਰੂਪ 'ਚ ਆਪਣਾ ਪਛਾਣ ਰੱਖਦਾ ਹੈ।ਇਹ ਸੱਚ ਹੈ,ਕਿ ਪੂਰੇ ਸਮਾਜ ਦੀ ਮੁਕਤੀ ਤੋਂ ਬਗੈਰ ਔਰਤਾਂ ਦੀ ਮੁਕਤੀ ਸੰਭਵ ਨਹੀਂ ਹੈ,ਪਰ ਫਿਰ ਵੀ ਨਾਰੀਵਾਦੀ ਇਸ ਟੀਚੇ ਲਈ ਅੱਜ ਤੇ ਹੁਣੇ ਤੋਂ ਸੰਘਰਸ਼ ਕਰ ਰਹੇ ਹਨ।ਇਸ ਅਰਥ 'ਚ ਮੈਂ ਨਾਰੀਵਾਦੀ ਹਾਂ,ਕਿਉਂਕਿ ਮੈਨੂੰ ਲੱਗਦਾ ਹੈ ਕਿ ਔਰਤ ਦੀ ਮੁਕਤੀ ਲਈ ਅੱਜ ਤੇ ਹੁਣੇ ਸੰਘਰਸ਼ ਕਰਨਾ ਚਾਹੀਦਾ ਹੈ,ਇਸ ਤੋਂ ਪਹਿਲਾਂ ਕਿ ਸਮਾਜ ਦਾ ਸੁਫਨਾ ਪੂਰਾ ਹੋਵੇ।ਇਸ ਦੇ ਨਾਲ ਹੀ ਮੈਨੂੰ ਇਹ ਵੀ ਲੱਗਦਾ ਹੈ ਕਿ ਸਮਾਜਵਾਦੀ ਦੇਸ਼ਾਂ 'ਚ ਵੀ ਔਰਤ ਤੇ ਮਰਦ ਦੇ ਵਿਚਕਾਰ ਅਮਲੀ ਬਰਾਬਰੀ ਹਾਸਲ ਨਹੀਂ ਕੀਤੀ ਜਾ ਸਕੀ ਹੈ।ਇਸ ਲਈ ਹੁਣ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਔਰਤਾਂ ਆਪਣਾ ਭਵਿੱਖ ਆਪਣੇ ਹੱਥਾਂ 'ਚ ਲੈਣ,ਇਹੀ ਕਾਰਨ ਹੈ ਕਿ ਮੈਂ ਵੀਮਨਜ਼ ਲਿਬਰੇਸ਼ਨ ਮੂਵਮੈਂਟ ਦੇ ਨਾਲ ਜੁੜੀ ਹਾਂ।

ਇਸ ਤੱਥ ਨਾਲ ਜੁੜਿਆ ਇਕ ਪਹਿਲੂ ਹੋਰ ਵੀ ਹੈ ਤੇ ਮੇਰਾ ਵਿਸ਼ਵਾਸ ਹੈ ਕਿ ਇਹ ਬਹੁਤ ਵੱਡਾ ਕਾਰਨ ਹੈ ਕਿ ਜਿਸ ਵਜ੍ਹਾ ਕਰਕੇ ਔਰਤਾਂ ਵੱਡੀ ਗਿਣਤੀ 'ਚ ਅਜ਼ਾਦ ਔਰਤ-ਲਹਿਰ ਲਈ ਅੱਗੇ ਆ ਰਹੀਆਂ ਹਨ--ਉਹ ਇਹ ਹੈ ਕਿ ਫਰਾਂਸ ਦੇ ਖੱਬੇਪੱਖੀ ਹਲਕਿਆਂ ,ਕ੍ਰਾਂਤੀਕਾਰੀ ਗਰੁੱਪਾਂ ਤੇ ਜਥੇਬੰਦੀਆਂ ਦੇ ਅੰਦਰ ਵੀ ਲਿੰਗ ਭੇਦਭਾਵ ਤੇ ਘੋਰ ਗੈਰ-ਬਰਾਬਰੀ ਹੈ।ਸਾਹਮਣੇ ਜੋ ਦਿਖਾਈ ਦਿੰਦਾ ਹੈ,ਉਸਦੇ ਪਿਛਲੀਆਂ ਸੱਚਾਈਆਂ ਇਹ ਹਨ ਕਿ ਔਰਤਾਂ ਹਮੇਸ਼ਾਂ ਸਭ ਤੋਂ ਹੇਠਲੇ ਪੱਧਰ ਦੇ ਥਕਾਊ ਤੇ ਨੀਰਸ ਕੰਮ ਕਰਦੀਆਂ ਹਨ,ਜਦੋਂਕਿ ਮਰਦ ਬੁਲਾਰੇ ਹੁੰਦੇ ਹਨ,ਉਹ ਗੰਭੀਰ ਲੇਖ ਲਿਖ਼ਦੇ ਹਨ।ਸਭ ਤੋਂ ਚੰਗੇ ਤੇ ਰੁਚੀ ਭਰਪੂਰ ਕੰਮ ਕਰਦੇ ਹਨ ਤੇ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਉਂਦੇ ਹਨ।ਇਨ੍ਹਾਂ ਮਾਰਕਸਵਾਦੀ ਜਥੇਬੰਦੀਆਂ 'ਚ--ਸਿਧਾਂਤਕ ਰੂਪ 'ਚ ਜਿੰਨ੍ਹਾਂ ਦਾ ਟੀਚਾ ਔਰਤ ਸਮੇਤ ਹਰ ਮਨੁੱਖ ਦੀ ਮੁਕਤੀ ਹੈ ਦੇ ਅੰਦਰ ਔਰਤਾਂ ਦੀ ਹਾਲਤ ਅੱਜ ਵੀ ਅਧੀਨਤਾ ਵਾਲੀ ਹੈ।ਸੱਚਾਈ ਇੱਥੋਂ ਤੱਕ ਹੀ ਨਹੀਂ ਹੈ।ਖੱਬੇਪੱਖੀਆਂ ਅੰਦਰ ਕੁਝ ਗਿਣੇ ਚੁਣੇ ਲੋਕਾਂ ਨੂੰ ਛੱਡ ਕੇ,ਔਰਤ ਮੁਕਤੀ ਦੇ ਵਿਚਾਰ ਪ੍ਰਤੀ ਜ਼ਿਆਦਾਤਰ ਮਰਦ ਕਾਮਰੇਡਾਂ ਦਾ ਰਵੱਈਆ ਕਾਫੀ ਵਿਰੋਧੀ,ਹਮਲਾਵਰ ਤੇ ਦੁਸ਼ਮਣਾਂ ਵਾਲਾ ਹੈ।ਜਦ ਪਹਿਲੀ ਵਾਰ ਵੈਂਸਾਨਨ(ਫਰਾਂਸ) 'ਚ ਹੋਈ ਸੀ ਤਾਂ ਕੁਝ ਖੱਬੇਪੱਖੀ ਆਪਣੇ ਕਮਰਿਆਂ 'ਚੋਂ ਬੋਲੇ ਸੀ ਕਿ "ਸੱਤਾ ਲਿੰਗ 'ਤੇ ਰੱਖੀ ਹੋਈ ਹੈ"।ਮੇਰੇ ਖਿਆਲ 'ਚ ਹੁਣ ਮਰਦਾਂ 'ਚ ਥੋੜ੍ਹਾ ਜਿਹਾ ਬਦਲਾਅ ਆਇਆ ਹੈ ਪਰ ਉਹ ਵੀ ਇਸ ਕਰਕੇ ਕਿਉਂਕਿ ਔਰਤਾਂ ਨੇ ਅਜ਼ਾਦ ਰੂਪ 'ਚ ਹਥਿਆਰਬੰਦ ਤੇ ਜਝਾਰੂ ਸੰਘਰਸ਼ ਦੀ ਪਹਿਲ ਕੀਤੀ ਹੈ।

ਐਲਿਸ ਸ਼ਵੇਰਜਰ--ਤੁਸੀਂ ਫਰਾਂਸ ਦਾ ਜ਼ਿਕਰ ਕੀਤਾ।ਹੁਣ ਤੱਕ ਤੁਸੀਂ ਅਨੇਕਾਂ ਸਮਾਜਵਾਦੀ ਦੇਸਾਂ ਦੀ ਯਾਤਰਾ ਕਰ ਚੁੱਕੇ ਹੋਂ।ਕੀ ਉਨ੍ਹਾਂ ਦੇਸ਼ਾਂ 'ਚ ਔਰਤਾਂ ਦੀ ਅਮਲੀ ਹਾਲਤ 'ਚ ਕੁਝ ਫਰਕ ਆਇਆ ਹੈ ?

ਸਿਮੋਨ--ਓਥੇ ਹਾਲਤਾਂ ਕੁਝ ਭਿੰਨ ਹਨ।ਰੂਸ 'ਚ ਲਗਭਗ ਸਾਰੀਆਂ ਔਰਤਾਂ ਕੰਮ ਕਾਜੀ ਹਨ ਤੇ ਉਹ ਔਰਤਾਂ ਜੋ ਕੰਮ ਨਹੀਂ ਕਰਦੀਆਂ,ਹੋਰ ਲੋਕ ਉਨ੍ਹਾਂ ਨੂੰ ਬੇਇੱਜ਼ਤੀ ਦੀ ਨਜ਼ਰ ਨਾਲ ਵੇਖਦੇ ਹਨ।ਰੂਸੀ ਔਰਤ ਨੂੰ ਇਸ ਗੱਲ 'ਤੇ ਮਾਣ ਹੈ ਕਿ ਉਹ ਕੰਮ ਕਾਜੀ ਹੈ।ਸਿਆਸੀ ਤੇ ਸਮਾਜਿਕ ਨਜ਼ਰੀਏ ਤੋਂ ਵੀ ਔਰਤਾਂ ਓਥੇ ਅਹਿਮ ਜ਼ਿੰਮੇਵਾਰੀਆਂ ਨਿਭਾਉਂਦੀਆਂ ਹਨ।ਪਰ ਇਸ ਸਭ ਦੇ ਬਾਵਜੂਦ ਵੀ ਜੇ ਤੁਸੀਂ ਕੇਂਦਰੀ ਕਮੇਟੀਆਂ ਤੇ ਪੀਪਲਜ਼ ਅੰਸੈਂਬਲੀ ,ਜਿਸ ਕੋਲ ਅਮਲੀ ਰੂਪ 'ਚ ਅਧਿਕਾਰ ਤੇ ਸੱਤਾ ਹੈ,ਦਾ ਜਾਇਜ਼ਾ ਲਵੋਂ ਤਾਂ ਓਥੇ ਮਰਦਾਂ ਦੀ ਤੁਲਨਾ 'ਚ ਔਰਤਾਂ ਬਹੁਤ ਘੱਟ ਹਨ।ਕਿੱਤਾਕਾਰੀ ਖੇਤਰਾਂ ਅੰਦਰ ਵੀ ਹਾਲਤ ਕੁਝ ਅਜਿਹੀ ਹੀ ਹੈ।ਜ਼ਿਆਦਤਰ ਗੈਰ-ਰੁਚੀ ਤੇ ਘੱਟ ਅਹਿਮੀਅਤ ਵਾਲੇ ਕੰਮ ਔਰਤਾਂ ਦੁਆਰਾ ਕੀਤੇ ਜਾਂਦੇ ਹਨ।ਸੋਵੀਅਤ ਸੰਘ 'ਚ ਲੱਗਭਗ ਸਾਰੀਆਂ ਡਾਕਟਰਾਂ ਔਰਤਾਂ ਹਨ,ਕਿਉਂਕਿ ਓਥੇ ਸਿਹਤ ਸੇਵਾ ਮੁਫ਼ਤ ਹੈ।ਰਾਜ ਇਸ ਕੰਮ ਦੀ ਪੂਰੀ ਤਨਖਾਹ ਨਹੀਂ ਦਿੰਦਾ,ਜਦੋਂ ਇਹ ਕਿੱਤਾ ਹੋਰਾਂ ਤੋਂ ਔਖਾ ਹੈ।ਸਿਹਤ ਤੇ ਸਿੱਖਿਆ ਦਾ ਖੇਤਰ ਔਰਤਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ,ਪਰ ਜੋ ਅਸਲੀ ਮਾਅਨਿਆਂ 'ਚ ਅਹਿਮ ਕਾਰਜ ਖੇਤਰ ਹਨ,ਜਿਵੇਂ ਵਿਗਿਆਨ ਤੇ ਇੰਜੀਨੀਅਰਿੰਗ ਆਦਿ ,ਉਨ੍ਹਾਂ 'ਚ ਅੱਜ ਵੀ ਔਰਤਾਂ ਬਹੁਤ ਘੱਟ ਹਨ।ਇਹ ਸੱਚਾਈ ਸ਼ੋਲਜੇਨਿਤਸਿਨ ਦੇ ਨਾਵਲ 'ਕੈਸ਼ਰ ਵਾਰਡ' 'ਚ ਵੀ ਸਾਹਮਣੇ ਆਈ ਹੈ।ਨਾਵਲ 'ਚ ਇਕ ਔਰਤ ਹੈ,ਜੋ ਹਸਪਤਾਲ 'ਚ ਉੱਚੇ ਅਹੁਦੇ 'ਤੇ ਤੈਨਾਤ ਹੈਤੇ ਸਿਹਤ ਵਿਭਾਗ ਦੇ ਸੀਨੀਅਰ ਮੈਂਬਰਾਂ 'ਚੋਂ ਇਕ ਹੈ।ਹਸਪਤਾਲ ਦੇ ਅਹਿਮ ਦੌਰਿਆਂ ਤੇ ਦਿਨ ਭਰ ਦੀ ਥਕਾਵਟ ਤੋਂ ਬਾਅਦ ਉਹ ਘਰ ਭੱਜਦੀ ਹੈ,ਪਤੀ ਤੇ ਬੱਚਿਆਂ ਲਈ ਰੋਟੀ-ਪਾਣੀ ਬਣਾਉਣਾ,ਕੱਪੜੇ ਧੋਣੇ ਤੇ ਘਰ ਦੇ ਦੂਜੇ ਕੰਮ ਨਿਬੇੜਨ ਲਈ।ਦੂਜੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਬੇਹੱਦ ਔਖੀਆਂ ਤੇ ਕਿੱਤਾਕਾਰੀ ਜ਼ਿੰਮੇਵਾਰੀਆਂ ਦੇ ਬਾਵਜੂਦ ਉਸਨੂੰ ਘਰ ਦੇ ਕੰਮ ਕਾਰ ਲਈ ਮਰਨਾ ਪੈਂਦਾ ਹੈ,ਜਿਵੇਂ ਕਿ ਦੁਨੀਆਂ ਦੇ ਦੂਜੇ ਸਾਰੇ ਦੇਸ਼ਾਂ 'ਚ ਹੁੰਦਾ ਹੈ ਤੇ ਸ਼ਾਇਦ ਉਸਤੋਂ ਵੀ ਜ਼ਿਆਦਾ,ਕਿਉਂਕਿ ਫਰਾਂਸ ਘੱਟੋ ਘੱਟ ਔਰਤਾਂ ਘਰੇਲੂ ਕੰਮਾਂ 'ਚ ਨੌਕਰ ਦੀ ਮੱਦਦ ਤਾਂ ਲੈ ਸਕਦੀਆਂ ਹਨ।ਸਾਰੀਆਂ ਹਾਲਤਾਂ ਦਾ ਨਿਚੋੜ ਇਹੀ ਹੈ ਕਿ ਸੋਵੀਅਤ ਸੰਘ 'ਚ ਵੀ ਔਰਤਾਂ ਤੇ ਮਰਦਾਂ ਦੇ ਵਿਚਕਾਰ ਸਬੰਧ ਬਰਾਬਰੀ ਅਧਾਰਿਤ ਨਹੀਂ ਹਨ।

ਐਲਿਸ ਸ਼ਵੇਰਜਰ--ਇਸਦਾ ਕਾਰਨ ਕੀ ਹੈ ?

ਸਿਮੋਨ--ਪਹਿਲਾ ਤੇ ਮੁੱਖ ਕਾਰਨ ਇਹ ਹੈ ਕਿ ਸਮਾਜਵਾਦੀ ਦੇਸ਼ ਅਸਲ 'ਚ ਸਮਾਜਵਾਦੀ ਦੇਸ਼ ਨਹੀਂ ਹਨ।ਦੂਜੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਮਾਰਕਸਵਾਦ ਦੇ ਪੈਰੋਕਾਰ ਸਮਾਜਵਾਦ ਦੀ ਉਸ ਹੱਦ ਤੱਕ ਪਹੁੰਚ ਹੀ ਨਹੀਂ ਸਕੇ,ਜਿੱਥੇ ਪੂਰੇ ਮਰਦ ਵਰਗ ਦੀ ਜਾਗਰੂਕਤਾ ਦਾ ਰੂਪਾਂਤਰਨ ਸੰਭਵ ਹੁੰਦਾ,ਜੋ ਮਾਰਕਸ ਦਾ ਸੁਫ਼ਨਾ ਸੀ।ਮਾਰਕਸਵਾਦੀ ਸਿਧਾਂਤਕਾਰਾਂ ਨੇ ਜੋ ਕੀਤਾ,ਉਹ ਸੀ ਪੂੰਜੀ ਦੀ ਨਿੱਜੀ ਜਗੀਰ ਦਾ ਖਾਤਮਾ ਤੇ ਉਤਪਾਦਨ ਸਬੰਧਾਂ 'ਚ ਬਦਲਾਅ।ਪਰ ਸਮੇਂ ਦੇ ਨਾਲ ਇਹ ਤੱਥ ਸਪੱਸ਼ਟ ਹੋ ਗਿਆ ਕਿ ਸਿਰਫ ਉਤਪਾਦਨ ਸਬੰਧਾਂ ਨੂੰ ਬਦਲ ਦੇਣਾ ਹੀ ਕਾਫੀ ਨਹੀਂ ਹੈ ਤੇ ਅਜਿਹਾ ਕਰਕੇ ਮਨੁੱਖ ਤੇ ਸਮਾਜ ਦੇ ਅੰਦਰੂਨੀ ਰੂਪਾਂਤਰਨ ਦੇ ਟੀਚੇ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ।ਵੱਖ ਵੱਖ ਆਰਥਿਕ ਵਿਵਸਥਾਵਾਂ 'ਚ ਵੀ ਸਦੀਆਂ ਤੋਂ ਚੱਲੇ ਆ ਰਹੇ ਮੁੱਲ,ਸੱਭਿਆਚਾਰ ਤੇ ਔਰਤ ਤੇ ਮਰਦ ਦੇ ਵਿਚਕਾਰ ਪੁਰਾਤਨ ਭੂਮਿਕਾਵਾਂ ਦੀ ਵੰਡ ਬਾਦਸਤੂਰ ਜਾਰੀ ਰਹੇਗੀ।ਇਸ ਅਮਲ ਦੇ ਸਬੰਧ 'ਚ ਇਹ ਵੀ ਕੌੜਾ ਸੱਚ ਹੈ ਕਿ ਕਿ ਮਰਦ ਪ੍ਰਧਾਨਤਾ ਵਾਲੇ ਸਮਾਜ 'ਚ ਮਰਦਾਂ ਅੰਦਰ ਆਪਣੀ ਕੁਦਰਤੀ ਬੌਧਿਕ ਤੇ ਉਚਤਮ ਹੋਣ ਦਾ ਗਰੂਰ ਕੁੱਟ-ਕੁੱਟ ਕੇ ਭਰਿਆ ਹੋਇਆ ਹੈ।ਉਨ੍ਹਾਂ ਦੀ ਮਨੋਸਥਿਤੀ ਦੀ ਨੀਂਹ ਮਰਦ ਪ੍ਰਧਾਨਤਾ 'ਤੇ ਟਿਕੀ ਹੋਈ ਹੈ ਤੇ ਉਹ ਅਸਾਨੀ ਨਾਲ ਇਸ ਵਿਸ਼ੇਸ਼ ਅਧਿਕਾਰ ਦਾ ਤਿਆਗ ਕਰਨ ਨੂੰ ਤਿਆਰ ਨਹੀਂ ਹੈ।ਮਰਦ ਅਜ਼ਾਰੇਦਾਰੀ ਕਾਇਮ ਰਹੇ,ਇਸ ਲਈ ਜ਼ਰੂਰੀ ਹੈ ਕਿ ਔਰਤਾਂ ਮਰਦਾਂ ਦੀ ਤੁਲਨਾ 'ਚ ਘੱਟ ਤੇ ਹੀਣਭਾਵ ਰਹਿਣ ਤੇ ਔਰਤਾਂ ਵੀ ਮਰਦਾਂ ਦੇ ਮੁਕਾਬਲੇ ਆਪਣਾ ਦਰਜ਼ਾ ਹੇਠਾਂ ਰੱਖਣ ਤੇ ਖੁਦ ਨੂੰ ਹੀਣ ਮੰਨਣ ਦੀਆਂ ਆਦੀ ਹੋ ਗਈਆਂ ਹਨ।ਇਹ ਸੱਭਿਆਚਾਰਕ ਜਕੜਬੰਦੀ ਐਨੀ ਡੂੰਘੀ ਹੈ ਕਿ ਬਹੁਤ ਹੀ ਘੱਟ ਔਰਤਾਂ ਲਿੰਗ ਗੈਰ-ਬਰਾਬਰੀ ਦੇ ਖ਼ਿਲਾਫ ਅਵਾਜ਼ ਬੁਲੰਦ ਕਰ ਪਾਉਂਦੀਆਂ ਹਨ।

ਐਲਿਸ ਸ਼ਵੇਰਜਰ--ਤੁਸੀਂ 1968 'ਚ ਜਮਾਤੀ ਸੰਘਰਸ਼ ਦੀ ਲੜਾਈ 'ਚ ਕਾਫੀ ਸਰਗਰਮ ਸੀ।ਜਿਵੇਂ ਕਿ ਤੁਸੀਂ ਇਕ ਬਦਲਵੀਂ ਧਾਰਾ ਦੀ ਅਖ਼ਬਾਰ ਦਾ ਕੰਮ ਕਾਰ ਵੀ ਸੰਭਾਲਿਆ ਹੋਇਆ ਸੀ.ਤੁਸੀਂ ਇਸ ਲੜਾਈ 'ਚ ਸੜਕਾਂ 'ਤੇ ਵੀ ਉੱਤਰੇ।ਤੁਹਾਡੇ ਮੁਤਾਬਕ ਜਮਾਤੀ ਸੰਘਰਸ਼ ਤੇ ਦੋ ਲਿੰਗਾਂ ਦੇ ਵਿਚਕਾਰ ਸੰਘਰਸ਼ 'ਚ ਕੀ ਫਰਕ ਹੈ ?


ਸਿਮੋਨ-ਅੱਜ ਜਿਸ ਤੱਥ ਨੂੰ ਮੈਂ ਪੂਰੀ ਸ਼ਿੱਦਤ ਨਾਲ ਸਥਾਪਤ ਕਰ ਸਕਦੀ ਹਾਂ,ਉਹ ਇਹ ਹੈ ਕਿ ਸਿਰਫ ਜਮਾਤੀ ਸੰਘਰਸ਼ ਦੁਆਰਾ ਹੀ ਔਰਤ ਮੁਕਤੀ ਮੁਕਤੀ ਦੇ ਮਹਾਨ ਟੀਚੇ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ।'ਦ ਸੈਕੇਂਡ ਸੈਕਸ' ਪ੍ਰਕਾਸ਼ਤ ਹੋਣ ਤੋਂ ਬਾਅਦ ਮੇਰਾ ਵਿਚਾਰ ਹੋਰ ਪੱਕਾ ਤੇ ਵਿਆਪਕ ਹੋਇਆ।ਭਾਵੇਂ ਸਾਮਵਾਦੀ ਹੋਣ,ਮਾਓਵਾਦੀ ਹੋਣ ਤਾਂ ਟਰਾਟਸਕੀਅਨ,ਔਰਤ ਹਰ ਥਾਂ,ਹਰ ਖੇਮੇ 'ਚ ਅਧੀਨਤਾ ਦੀ ਹਾਲਤ 'ਚ ਹੈ,ਪੌੜੀ ਦੇ ਅਖੀਰਲੇ ਡੰਡੇ 'ਤੇ ਖੜ੍ਹੀ ਹੈ।ਸਿੱਟੇ ਦੇ ਰੂਪ 'ਚ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਔਰਤਾਂ ਨੂੰ ਸੱਚੀ ਨਾਰੀਵਾਦੀ ਹੋਣਾ ਚਾਹੀਦਾ ਹੈ।ਤੇ ਆਪਣੇ ਸੰਘਰਸ਼ ਨੂੰ ਖੁਦ ਹੱਥ 'ਚ ਲੈਣ ਦੀ ਜ਼ੁਅੱਰਤ ਰੱਖਣੀ ਚਾਹੀਦੀ ਹੈ।ਅੱਜ ਇਜ ਜ਼ਰੂਰੀ ਹੈ ਕਿ ਮਜ਼ਦੂਰਾਂ ਤੇ ਔਰਤਾਂ ਦੇ ਸ਼ੋਸ਼ਣ ਦੇ ਵਿਚਕਾਰ ਸਬੰਧ ਸਥਾਪਤ ਹੋਵੇ।

ਐਲਿਸ ਸ਼ਵੇਰਜਰ--ਜ਼ਿਆਦਾਤਰ ਨਾਰੀਵਾਦੀ ਅੰਦੋਲਨਾਂ 'ਚ ਕੁਝ ਹਮਜਿਨਸੀ ਤੱਤ ਵੀ ਮੌਜੂਦ ਹਨ,ਪਰ ਜਿਵੇਂ ਕਿ ਅਕਸਰ ਕਿਹਾ ਜਾਂਦਾ ਹੈ ਕਿ ਜ਼ਿਆਦਾਤਰ ਹਮਜਿਨਸੀ ਸਬੰਧ ਸੰਯੋਗਵੱਸ ਹਨ ਤੇ ਇਨ੍ਹਾਂ ਦੀ ਗਿਣਤੀ ਵੀ ਜ਼ਿਆਦਾ ਨਹੀਂ ਹੈ।ਫਿਰ ਵੀ ਘੱਟ ਗਿਣਤੀ 'ਚ ਹੋਣ ਦੇ ਬਾਵਜੂਦ ਹਮਜਿਨਸੀ ਸਬੰਧ ਮੁਕਤੀ ਦੇ ਸਵਾਲ ਸੂਤਰਧਾਰ ਬਣੇ ਹਨ।ਤੁਹਾਨੂੰ ਲਗਦਾ ਹੈ ਕਿ ਔਰਤ ਹਮਜਿਨਸੀ ਸਬੰਧ ਮਰਦਾਂ ਨੂੰ ਨਕਾਰਣ ਦਾ ਖਾੜਕੂ ਤਰੀਕਾ ਤੇ ਅੰਦੋਲਨ ਲਈ ਪ੍ਰਭਾਵੀ ਹਥਿਆਰ ਹੋ ਸਕਦਾ ਹੈ ?

ਸਿਮੋਨ--ਮੈਂ ਇਸ ਵਿਸ਼ੇ 'ਤੇ ਜ਼ਿਆਦਾ ਨਹੀਂ ਸੋਚਿਆ ਹੈ।ਚੰਗਾ ਹੈ ਕਿ ਕੁਝ ਔਰਤਾਂ ਅਜਿਹੀਆਂ ਹਨ,ਜੋ ਕਾਫੀ ਖਾੜਕੂ ਤੇ ਜਝਾਰੂ ਹਨ।ਹਮਜਿਨਸੀ ਔਰਤਾਂ ਬਹੁਤ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ,ਪਰ ਜਦੋਂ ਇਹ ਔਰਤਾਂ ਹਮਜਿਨਸੀ ਸਵਾਲ 'ਤੇ ਹੀ ਜ਼ਿਆਦਾ ਜ਼ੋਰ ਦੇਣ ਲੱਗੀ ਜਾਂਦੀਆਂ ਹਨ,ਤਾਂ ਇਸਤਰੀ ਲਿੰਗ ਔਰਤਾਂ ਦੀ ਲਹਿਰ ਤੋਂ ਵੱਖਵਾਦ ਦਾ ਖਤਰਾ ਖੜ੍ਹਾ ਹੋ ਜਾਂਦਾ ਹੈ।ਰਵਾਇਤੀ ਰੂਪ 'ਚ ਥੋਪਿਆ ਹੋਇਆ ਵਿਪਰੀਤ ਲਿੰਗੀ ਸੈਕਸ ਜਿੰਨਾ ਘਟੀਆ ਤੇ ਖਿਝ ਪੈਦਾ ਵਾਲਾ ਹੈ,ਭਗਸ਼ਿਸ਼ਨ(CLITORIS) ਦੀ ਰਹੱਸਤਾ ਵੀ ਓਨੀ ਹੀ ਬਕਵਾਸ ਹੈ।

ਐਲਿਸ ਸ਼ਵੇਰਜਰ--ਵਿਪਰੀਤ ਲਿੰਗੀ ਜੀਵਨ ਦੇ ਬੰਧਨ ਤੋਂ ਮੁਕਤੀ ਪਾਉਣ ਲਈ ਔਰਤਾਂ ਨੇ ਸਹਿਜਤਾ ਨਾਲ ਹਮਜਿਨਸੀ ਸਬੰਧਾਂ ਨੂੰ ਸਵੀਕਾਰ ਕੀਤਾ ਹੈ,ਕਿਉਂਕਿ ਪਿੱਤਰਸਤਾਮਿਕ ਸਮਾਜ 'ਚ ਮਰਦਾਂ ਦਾ ਯੌਨ ਸਬੰਧ ਪੱਕੇ ਤੌਰ 'ਤੇ ਦਮਨਕਾਰੀ ਹੋਣਗੇ ?

ਸਿਮੋਨ--ਕੀ ਇਹ ਜ਼ਰੂਰੀ ਹੈ ਕਿ ਔਰਤ-ਮਰਦ ਵਿੱਚ ਸਬੰਧ ਹਮੇਸ਼ਾ ਦਮਨਕਾਰੀ ਹੀ ਹੋਣ ? ਅਜਿਹੇ ਸਰੀਰਕ ਸਬੰਧ ਨੂੰ ਨਕਾਰਣ ਦੀ ਬਜਾਏ ਉਸ ਸੰਬੰਧ 'ਚ ਮੌਜੂਦ ਦਮਨਕਾਰੀ ਤੱਤਾਂ ਦੇ ਵਿਨਾਸ਼ ਦੀ ਗੱਲ ਕਿਉਂ ਨਾ ਕੀਤੀ ਜਾਵੇ।ਮੈਨੂੰ ਹੈਰਾਨੀ ਹੁੰਦੀ ਹੈ ਕਿ ਜਦੋਂ ਲੋਕ ਕਹਿੰਦੇ ਹਨ ਕਿ ਸੰਭੋਗ ਹਮੇਸ਼ਾ ਬਲਾਤਕਾਰ ਹੀ ਹੁੰਦਾ ਹੈ।ਮੈਂ ਅਜਿਹਾ ਨਹੀਂ ਮੰਨਦੀ।ਜਦ ਕੋਈ ਕਹਿੰਦਾ ਹੈ ਕਿ ਸੰਭੋਗ ਬਲਾਤਕਾਰ ਹੈ ਤਾਂ ਉਹ ਮਰਦਾਂ ਵਲੋਂ ਫੈਲਾਏ ਗਏ ਮਿੱਥ ਨੂੰ ਸਵੀਕਾਰ ਕਰ ਰਿਹਾ ਹੁੰਦਾ ਹੈ,ਜਿਸਦਾ ਮਤਲਬ ਹੈ ਕਿ ਮਰਦਾਂ ਦਾ ਯੌਨ ਅੰਗ ਕੋਈ ਤਲਵਾਰ ਜਾਂ ਹਥਿਆਰ ਹੈ।ਦਰਅਸਲ ਸਵਾਲ ਔਰਤ ਤੇ ਮਰਦ ਦੇ ਵਿਚਕਾਰ ਇਕ ਨਵੇਂ ਢੰਗਾਂ ਦੇ ਉਤਪੀੜਨ ਮੁਕਤ ਯੌਨ ਸਬੰਧਾਂ ਦੀ ਸਿਰਜਨਾ ਦਾ ਹੈ।

Wednesday, November 24, 2010

ਅੰਤਰਜਾਤੀ ਵਿਆਹ ਸਮਾਜਿਕ ਵਿਕਾਸ ਵੱਲ ਅਹਿਮ ਕਦਮ

ਅਣਖ਼ ਦੇ ਨਾਂ ’ਤੇ ਹੁੰਦੀ ਹੈਵਾਨੀਅਤ...

ਦੋਸਤੋ, ਇਸ ਆਰਟੀਕਲ ਵਿੱਚ ਜਾਣ-ਬੁੱਝ ਕੇ ਕੁਝ ਖੱਪੇ ਛੱਡੇ ਗਏ ਹਨ ਤਾਂ ਕਿ ਤੁਸੀਂ ਬਹਿਸ ਕਰ ਸਕੋ। ਬਹੁਤ ਕੁਝ ਇਸ ਵਿਸ਼ੇ 'ਤੇ ਛਪ ਜਾਣ ਦੇ ਬਾਵਜੂਦ ਵੀ ਇਹ ਆਰਟੀਕਲ ਇਸ ਕਰਕੇ ਲਿਖਿਆ ਕਿ ਜਦੋਂ ਤੱਕ ਬਿਮਾਰੀ ਖ਼ਤਮ ਨਹੀਂ ਹੰਦੀ,ਉਦੋਂ ਤੱਕ ਕੋਈ ਨਾ ਕੋਈ ਹੀਲਾ ਵਸੀਲਾ ਕਰਦੇ ਰਹਿਣਾ ਚਾਹੀਦਾ ਹੈ।--ਲੇਖ਼ਕ

ਬੇਰੁਜ਼ਗਾਰੀ, ਰਿਸ਼ਵਤਖੋਰੀ, ਗੁੰਡਾਗਰਦੀ, ਦਹਿਸ਼ਤਗਰਦੀ,ਫਿਰਕਾਪ੍ਰਸਤੀ, ਅਣਜੋੜ ਵਿਆਹ, ਨਸਲਵਾਦ, ਜਾਤ-ਪਾਤ,ਅਨਪੜ੍ਹਤਾ, ਭੁੱਖਮਰੀ, ਮਹਿੰਗਾਈ, ਬਾਲ-ਮਜ਼ਦੂਰੀ, ਬੰਧੂਆ-ਮਜ਼ਦੂਰੀ, ਕਾਲਾ-ਬਾਜਾਰੀ, ਭਰੂਣ ਹੱਤਿਆ, ਦੇਹ ਵਪਾਰ, ਕਿਸਾਨਾਂ ਦੀਆਂ ਖੁਦਕਸ਼ੀਆਂ, ਦਾਜ ਦੀ ਸਮੱਸਿਆ, ਨਸ਼ਿਆਂ ਦੇ ਦਰਿਆ, ਸਿਖਿਆ ਤੇ ਸਿਹਤ ਸਹੂਲਤਾਂ ਜਿਹੀਆਂ ਮੁਢਲੀਆਂ ਲੋੜਾਂ ਤੋਂ ਸਰਕਾਰਾਂ ਦੀ ਕਿਨਾਰਾਕਸ਼ੀ, ਭਾਈ-ਭਤੀਜਾਵਾਦ.....ਅਜਿਹਾ ਹੋਰ ਵੀ ਬਹੁਤ ਕੁਝ ਹੈ ਜਿਥੇ ਸਾਨੂੰ ਆਪਣੀ ਅਣਖ ਜਗਾਉਣ ਦੀ ਲੋੜ ਹੈ ਤੇ ਅਸੀਂ ਬੇਅਣਖੀ ਦੀ ਨੀਂਦਰ ਸੁੱਤੇ ਰਹਿੰਦੇ ਹਾਂ । ਤੇ ਜਦੋਂ ਦੋ ਇਨਸਾਨ ਆਪਣੀ ਮਨਮਰਜ਼ੀ ਨਾਲ ਆਪਣਾ ਜੀਵਨ ਸਾਥੀ ਚੁਣ ਲੈਂਦੇ ਹਨ ਤਾਂ ਅਣਖ ਦੇ ਨਾਂ 'ਤੇ ਕਤਲ ਕਰਨ ਲੱਗ ਪਏ ਹਾਂ, ਹੈਵਨੀਅਤ ਦਾ ਨੰਗਾ ਨਾਚ ਹੋ ਰਿਹਾ ਹੈ ਅਣਖ਼ ਦੇ ਨਾਂ 'ਤੇ..... ਕਿਹੜੇ ਰਾਹ ਤੁਰ ਪਏ ਹਾਂ ਅਸੀਂ.....

ਜੇ ਇਤਿਹਾਸ 'ਤੇ ਸਰਸਰੀ ਜਿਹੀ ਮਾਰੀਏ ਤਾਂ ਪਤਾ ਚਲਦਾ ਹੈ ਕਿ ਮੈਸੋਪਟਾਮੀਆਂ ਸਭਿਅਤਾ ਵਿਚ 1075 ਈ.ਪੂ. ਅਸਾਈਰੀਅਨ ਲਾਅ ਸੀ ਜਿਸ ਅਨੁਸਾਰ ਆਪਣਾ ਕੁਆਰਾਪਣ ਭੰਗ ਕਰਨ ਵਾਲੀ ਲੜਕੀ ਨੂੰ ਉਸਦਾ ਪਿਤਾ ਸਜ਼ਾ ਦੇਵੇਗਾ । ਇਸੇ ਤਰ੍ਹਾਂ 1790 ਈ.ਪੂ.ਬੇਬੀਲੋਨ ਚ ਕੋਡ ਆੱਫ ਹੈਮੁਰਾਬੀ ਜਾਰੀ ਕੀਤਾ ਗਿਆ ਜਿਸ ਅਨੁਸਾਰ ਪਰ ਪੁਰਸ਼ਗਾਮੀ ਜਾਂ ਪਰ ਇਸਤਰੀਗਾਮੀ ਨੂੰ ਪਾਣੀ 'ਚ ਡਬੋ ਕੇ ਮਾਰ ਦਿੱਤਾ ਜਾਂਦਾ ਸੀ । ਇਤਿਹਾਸ ਦੇ ਬਹੁਤ ਸਾਰੇ ਪੜਾਅ ਲੰਘ ਗਏ ਤੇ ਇਹ ਕਤਲੇਆਮ ਜ਼ਾਰੀ ਰਿਹਾ ਭਾਵੇਂ ਕਿ ਇਸਦੇ ਕਾਰਨ ਤੇ ਢੰਗ ਬਦਲਦੇ ਰਹੇ.....
ਵਿਸ਼ਵ ਪੱਧਰ 'ਤੇ ਤਿੰਨ ਕਾਰਨਾਂ ਕਰਕੇ ਅਣਖ਼ ਦੀ ਖ਼ਾਤਿਰ ਕਤਲ ਕੀਤੇ ਜਾਂਦੇ ਹਨ :
(ੳ) ਪਰਿਵਾਰ ਜਾਂ ਭਾਈਚਾਰੇ ਮਰਜ਼ੀ ਦੇ ਖਿਲਾਫ ਪਹਿਰਾਵਾ ਪਾਉਣਾ ਜਾਂ ਪ੍ਰਚਲਿਤ ਕਰਨਾ
(ਅ) ਪਰਿਵਾਰ ਦੀ ਮਰਜ਼ੀ ਅਨੁਸਾਰ ਵਿਆਹ ਨਾ ਕਰਵਾਉਣਾ ਜਾਂ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾਉਣਾ
(ੲ) ਕਿਸੇ ਮਰਦ ਜਾਂ ਔਰਤ ਨਾਲ ਕਾਮ ਕ੍ਰੀੜਾ ਕਰਨਾ


ਸਾਡੇ ਇਤਿਹਾਸ 'ਚ ਵੀ ਅਣਖ਼ ਦੀ ਖ਼ਾਤਿਰ ਕਤਲ ਬਹੁਤ ਵੱਡੇ ਪੱਧਰ 'ਤੇ ਹੋਏ ਮਿਲਦੇ ਹਨ । ਜੋ ਦੇਸ਼ ਵੰਡ ਦੇ ਸਮੇਂ 1947 ਤੋਂ ਲੈ ਕੇ 1950 ਦੇ ਦਰਮਿਆਨ ਵਾਪਰਦੇ ਹਨ । ਵੰਡ ਸਮੇਂ ਬਹੁਤ ਔਰਤਾਂ ਨੂੰ ਪਰਿਵਾਰ ਦੀ ਅਣਖ਼ ਨੂੰ ਬਚਾਉਣ ਦੇ ਨਾਂ 'ਤੇ ਆਪਣਿਆਂ ਵੱਲੋਂ ਹੀ ਜ਼ਬਰਦਸਤੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ।ਵੰਡ ਦੌਰਾਨ ਹੀ ਬਹੁਤ ਸਾਰੀਆਂ ਇਕ ਧਰਮ ਦੀਆਂ ਔਰਤਾਂ ਦੇ ਦੂਜੇ ਧਰਮ ਦੇ ਮਰਦਾਂ ਨਾਲ ਦੋਹਾਂ ਮੁਲਕਾਂ 'ਚ ਜ਼ਬਰਦਸਤੀ ਵਿਆਹ ਕੀਤੇ ਗਏ ਤੇ ਜਦੋਂ ਇਹਨਾ ਔਰਤਾਂ ਨੂੰ ਆਪਣੇ ਆਪਣੇ ਮੁਲਕ ਵਾਪਿਸ ਜਾਣ ਦਾ ਮੌਕਾ ਮਿਲਿਆ ਤਾਂ ਇਕ ਵਾਰ ਫੇਰ ਇਹਨਾਂ ਨੂੰ ਅਣਖ਼ ਨੇ ਮਰਵਾ ਦਿੱਤਾ । ਇਸ ਪੱਖੋਂ ਦੇਸ਼ ਵੰਡ ਆਧੁਨਿਕ ਭਾਰਤ ਦੇ ਇਤਿਹਾਸ ਦਾ ਖ਼ੌਫ਼ਜ਼ਦਾ ਤੇ ਖ਼ਤਰਨਾਕ ਸਮਾਂ ਸੀ।

ਜੋਕੇ ਸਮੇਂ 'ਚ ਖਾਸਕਰ ਭਾਰਤ ਦੇ ਪ੍ਰਸੰਗ 'ਚ ਅਣਖ਼ ਦੀ ਖ਼ਾਤਿਰ ਕਤਲ ਇਕ ਅਜਿਹੀ ਮੌਤ ਹੈ ਜੋ ਪਰਿਵਾਰ ਜਾਂ ਸਕੇ ਸਬੰਧੀਆਂ ਵੱਲੋਂ ਉਸ ਔਰਤ ਨੂੰ ਦਿੱਤੀ ਜਾਂਦੀ ਹੈ ਜੋ ਆਪਣੇ ਮਾਪਿਆਂ ਦੀ ਮਰਜ਼ੀ ਦੇ ਖ਼ਿਲਾਫ ਵਿਆਹ ਕਰਵਾਉਂਦੀ ਹੈ ਜਾਂ ਜੋ ਆਪਣੇ ਹੀ ਗੋਤ 'ਚ ਜਾਂ ਹੋਰ ਜਾਤ 'ਚ ਵਿਆਹ ਕਰਵਾਉਂਦੀ ਹੈ ।ਪਰ ਅਣਖ਼ ਦੀ ਖ਼ਾਤਿਰ ਕਤਲ ਦੇ ਵਧੇਰੇ ਮਾਮਲੇ ਅੰਤਰਜਾਤੀ ਵਿਆਹ ਕਰਵਾਉਣ ਕਰਕੇ ਸਾਹਮਣੇ ਆਉਂਦੇ ਹਨ ਜੋ ਬਹੁਤ ਹਿੰਸਕ ਹੁੰਦੇ ਹਨ ਖਾਸਕਰ ਓਦੋਂ ਜਦੋਂ ਕੁੜੀ ਕਿਸੇ ਦਲਿਤ ਜਾਂ ਕਥਿਤ ਨੀਂਵੀ ਜਾਤ ਦੇ ਲੜਕੇ ਨਾਲ ਵਿਆਹ ਕਰਵਾਉਂਦੀ ਹੈ । ਵਧੇਰੇ ਕਤਲ ਓਥੇ ਹੁੰਦੇ ਹਨ ਜਿਥੇ ਖਾਪ ਪੰਚਾਇਤਾਂ ਦਾ ਸਿੱਕਾ ਚਲਦਾ ਹੈ । ਭਾਵ ਜਾਤ ਇਸ ਵਰਤਾਰੇ ਦੇ ਵਾਪਰਨ ਦਾ ਮੁੱਖ ਕਾਰਨ ਹੈ ।

ਯੂਨਾਈਟਡ ਨੇਸ਼ਨਜ ਪਾੱਪੂਲੇਸ਼ਨ ਫੰਡ ਦੇ ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿਚ ਹਰ ਸਾਲ 5,000 ਤੋਂ ਵੀ ਵੱਧ ਇਨਸਾਨ ਅਣਖ਼ ਦੀ ਖ਼ਾਤਿਰ ਕਤਲ ਕਰ ਦਿੱਤੇ ਜਾਂਦੇ ਹਨ ।ਏਸ਼ੀਅਨ ਲੋਕ ਇਸ ਮਾਮਲੇ ਕਾਰਨ ਵਧੇਰੇ ਚਰਚਾ 'ਚ ਹਨ । ਬਰਤਾਨੀਆਂ 'ਚ ਸਾਲ 2004 ਤਕ 117 ਕੇਸ ਅਜਿਹੇ ਹਨ ਜਿਨ੍ਹਾਂ ਅਨੁਸਾਰ ਏਸ਼ੀਅਨ ਲੋਕਾਂ ਨੇ ਆਪਣੀਆਂ ਜੁਆਨ ਧੀਆਂ ਨੂੰ ਅਣਖ਼ ਦੇ ਨਾਂ 'ਤੇ ਕਤਲ ਕਰ ਦਿੱਤਾ ।ਭਾਰਤ ਵਿਚ ਅਜਿਹੇ ਕਤਲਾਂ ਦਾ ਭਾਵੇਂ ਕੋਈ ਦਫਤਰੀ ਰਿਕਾਰਡ ਨਹੀਂ ਪਰ ਹਰ ਸਾਲ ਅੰਦਾਜ਼ਨ 1,000 ਲੋਕਾਂ ਦੀ ਅਣਖ਼ ਦੇ ਨਾਂ 'ਤੇ ਬਲੀ ਦਿੱਤੀ ਜਾਂਦੀ ਹੈ। ਅਜਿਹੇ ਕਤਲ ਮੁੱਖ ਤੌਰ 'ਤੇ ਦਿੱਲੀ,ਰਾਜਸਥਾਨ, ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ 'ਚ ਹੁੰਦੇ ਹਨ। ਸ਼ਕਤੀ ਵਾਹਿਨੀ ਨਾਂ ਦੀ ਗੈਰ ਸਰਕਾਰੀ ਸੰਸਥਾ ਦੁਆਰਾ ਕੀਤੇ ਗਏ ਸਰਵੇਖਣ ਅਨੁਸਾਰ 560 ਕੇਸਾਂ ਵਿਚੋਂ 89 ਫੀਸਦੀ ਜਿਨ੍ਹਾਂ ਕੇਸਾਂ 'ਚ ਪੀੜਿਤ ਜੋੜਿਆਂ ਨੇ ਆਪਣੇ ਮਾਪਿਆਂ ਦੀ ਮਰਜ਼ੀ ਦੇ ਖ਼ਿਲਾਫ ਵਿਆਹ ਕਰਵਾਏ ਸਨ।

ਣਖ਼ ਦੇ ਨਾਂ 'ਤੇ ਹੁੰਦੀ ਹੈਵਾਨੀਅਤ ਤੋਂ ਸਿਰਫ ਔਰਤਾਂ ਹੀ ਕਤਲ ਨਹੀਂ ਹੁਦੀਆਂ ਬਲਕਿ ਮਰਦ ਵੀ ਮਾਰੇ ਜਾਂਦੇ ਹਨ । ਸਾਲ 2002 ਦੇ ਅੰਕੜਿਆਂ ਮੁਤਾਬਿਕ ਪਾਕਿਸਤਾਨ 'ਚ ਅੰਦਾਜ਼ਨ 245 ਔਰਤਾਂ ਤੇ 137 ਮਰਦ 'ਕਾਰੋ ਕਾਰੀ' ਦੇ ਨਾਂ ਨਾਲ ਕਤਲ ਕਰ ਦਿੱਤੇ ਗਏ । ਅਣਖ਼ ਦੀ ਖਾਤਿਰ ਹੋ ਰਿਹਾ ਕਤਲੇਆਮ ਹੁਣ ਮੋੜਵਾਂ ਰੂਪ ਵੀ ਅਖਤਿਆਰ ਕਰ ਰਿਹਾ ਹੈ । ਜਿਸ ਵਿਚ ਪ੍ਰੇਮੀ ਜੋੜੇ ਮੋੜਵੇਂ ਰੂਪ 'ਚ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਕਤਲ ਕਰਨ ਦੇ ਰਾਹ ਤੁਰ ਪਏ ਹਨ । ਅਜਿਹਾ ਵਾਪਰਨਾ ਸੁਭਾਵਿਕ ਹੈ ਕਿਉਂਕਿ ਮਨੁੱਖ ਨਾ ਚਾਹੁੰਦਿਆਂ ਵੀ ਜਦੋਂ ਆਪਣਾ ਖ਼ਤਰਾ ਟਾਲਦਾ ਹੈ ਤਾਂ ਹੋਰ ਖ਼ਤਰੇ ਸਹੇੜ ਲੈਦਾਂ ਹੈ ।

ਣਖ਼ ਦੇ ਨਾਂ 'ਤੇ ਕੀਤਾ ਕਤਲ ਕਾਨੂੰਨ ਅਨੁਸਾਰ ਕਤਲ ਹੀ ਹੈ ਤੇ ਇਹਦੇ ਲਈ ਸਜ਼ਾ ਪੱਖੋਂ ਕੋਈ ਛੋਟ ਨਹੀਂ ਬਲਕਿ ਜਿਹੜੇ ਕਤਲ ਜ਼ਿਆਦਾ ਬੇਰਹਿਮੀ ਨਾਲ ਕੀਤੇ ਜਾਂਦੇ ਹਨ ਉਥੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ । ਜ਼ਿਕਰਯੋਗ ਹੈ ਕਿ ਅਜਿਹੇ ਕਤਲ ਕਰਨ ਵਾਲਿਆਂ ਨੂੰ ਲੱਗਦਾ ਹੈ ਕਿ ਉਹ ਅਖੌਤੀ ਬੇਇੱਜ਼ਤੀ ਦਾ ਦਾਗ ਇਸ ਤਰ੍ਹਾਂ ਧੋ ਲੈਣਗੇ ਪਰ ਵਾਪਰਦਾ ਇਸਦੇ ਬਿਲਕੁਲ ਉਲਟ ਹੈ, ਨਾ ਸਿਰਫ ਉਹ ਕਿਸੇ ਦੀ ਜ਼ਿੰਦਗੀ ਖ਼ਤਮ ਕਰ ਦਿੰਦੇ ਹਨ ਬਲਕਿ ਖ਼ੁਦ ਵੀ ਕੈਦ ਕੱਟਦੇ ਹਨ ਤੇ ਉਮਰ ਭਰ ਆਪਣੇ ਆਪ ਨੂੰ ਗੁਨਾਹਗਾਰ ਵੀ ਸਮਝਦੇ ਰਹਿੰਦੇ ਹਨ । ਓਹੀ ਸਮਾਜ, ਜਿਸ 'ਚ ਆਪਣੀ ਨੱਕ ਸਲਾਮਤ ਰੱਖਣ ਲਈ ਲੋਕ ਕਤਲ ਕਰਦੇ ਹਨ, ਕਾਤਲਾਂ ਨੂੰ ਕੁੜੀਮਾਰ ਵੀ ਕਹਿੰਦਾ ਰਹਿੰਦਾ ਹੈ । ਭਾਵ ਇਨਸਾਨ ਵੀ ਖੋ ਲੈਂਦੇ ਹਨ ਤੇ ਮਾਣ ਵੀ । ਪੱਲੇ ਰਹਿ ਜਾਂਦਾ ਹੈ ਸਿਰਫ ਪਛਤਾਵਾ । ਇਹ ਮਾਮਲਾ ਓਵੇਂ ਹੀ ਹੈ ਜਿਵੇਂ ਅੱਜ ਤੋਂ ਕਈ ਦਹਾਕੇ ਪਹਿਲਾਂ ਸਤੀ ਪ੍ਰਥਾ ਨੂੰ ਜਾਇਜ਼ ਸਮਝਦੇ ਲੋਕਾਂ ਲਈ ਵਿਧਵਾ ਹੋਈ ਔਰਤ ਨੂੰ ਸਤੀ ਕਰਨਾ ਜਿੰਨਾ ਕੁ ਸਹੀ ਲਗਦਾ ਸੀ ਓਨਾ ਹੀ ਕੁਝ ਲੋਕਾਂ ਨੂੰ ਅਣਖ਼ ਦੀ ਖਾਤਿਰ ਕਤਲ ਜਾਇਜ਼ ਲੱਗਦਾ ਹੈ । ਜਿਵੇਂ ਇਤਿਹਾਸ ਨੇ ਇਹ ਦਿਖਾ ਦਿੱਤਾ ਹੈ ਕਿ ਸਤੀ ਪ੍ਰਥਾ ਵੀ ਪਸ਼ੂਪੁਣਾ ਸੀ ਓਵੇਂ ਅਣਖ਼ ਦੀ ਖਾਤਿਰ ਕਤਲ ਵੀ ਇਤਿਹਾਸ ਦੇ ਪੰਨਿਆਂ ਉੱਤੇ ਪਸ਼ੂਪੁਣੇ ਵਜੋਂ ਦਰਜ਼ ਹੋਣਗੇ । ਸ਼ਾਇਦ ਅਜਿਹੀਆਂ ਹਾਲਤਾਂ ਬਾਰੇ ਹੀ ਸ਼ਾਇਰਾ ਸਾਰਾ ਸ਼ਗੁਫ਼ਤਾ ਨੇ ਲਿਖਿਆ ਹੈ :

ਅਸੀਂ ਅੱਜ ਵੀ ਸਤੀ ਹੋ ਰਹੀਆਂ
ਬਸ ਚਿਖ਼ਾ ਦਾ ਅੰਦਾਜ਼ ਬਦਲ ਗਿਆ ਹੈ


ਕੇਂਦਰ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਅਜਿਹੀ ਹੈਵਾਨੀਅਤ ਨੂੰ ਰੋਕਣ ਲਈ ਕਾਨੂੰਨ ਬਣਾਉਣ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ । ਕੁਝ ਰਾਜ ਸਰਕਾਰਾਂ ਨੇ ਅਜਿਹੇ ਕਤਲੇਆਮ ਨੂੰ ਰੋਕਣ ਲਈ ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਲਈ ਹਿਫ਼ਾਜ਼ਤ ਦਾ ਪ੍ਰਬੰਧ ਵੀ ਕੀਤਾ ਹੈ,ਜਿਨ੍ਹਾਂ 'ਚ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਫੈਸਲਾ ਸ਼ਲਾਘਾਯੋਗ ਹੈ ਕਿ ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਨੂੰ ਛੇ ਹਫ਼ਤੇ ਦੀ ਠਹਿਰ ਸਰਕਾਰੀ ਗੈਸਟ ਹਾਉਸਾਂ ਜਾਂ ਨੋਟੀਫਾਈ ਕੀਤੇ ਥਾਵਾਂ 'ਤੇ ਮੁਹੱਈਆ ਕਰਵਾਈ ਜਾਵੇਗੀ । ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਅੰਤਰਜਾਤੀ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ 25 ਹਜ਼ਾਰ ਰੁਪਏ ਦੀ ਗਰਾਂਟ, ਜਿਸ ਵਿਚ ਭਾਂਡੇ ਤੇ ਘਰੇਲੂ ਵਰਤੋਂ ਦਾ ਸਮਾਨ ਵੀ ਹੁੰਦਾ ਹੈ, ਦਾ ਵੀ ਪ੍ਰਬੰਧ ਹੈ।

ਕਾਨੂੰਨਨ ਵੀ, ਸਮਾਜਿਕ ਤੇ ਵਿਗਿਆਨਕ ਤੌਰ 'ਤੇ ਵੀ ਅੰਤਰਜਾਤੀ ਵਿਆਹ ਸਮਾਜ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ।ਇਹਦੇ ਨਾਲ ਸਮਾਜ ਲਈ ਸਭ ਤੋਂ ਵੱਡੀ ਅਲਾਮਤ ਜਾਤ-ਪਾਤ ਦੀ ਜ਼ਹਿਰ ਘਟੇਗੀ ਜਿਹੜੀ ਸਦੀਆਂ ਤੋਂ ਭਾਰਤੀ ਸਮਾਜ ਦੇ ਮੱਥੇ ਦਾ ਕਲੰਕ ਹੈ ਅਤੇ ਵਿਕਾਸ, ਅਖੰਡਤਾ,ਨੈਤਿਕਤਾ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਹੈ। ਆਰਥਿਕ ਬਰਾਬਰਤਾ ਆ ਸਕੇਗੀ। ਮਨੁੱਖੀ ਨਸਲ 'ਚ ਨਵੇਂ ਗੁਣ ਪੈਦਾ ਹੋ ਸਕਣਗੇ । ਸਭ ਤੋਂ ਵੱਡੀ ਗੱਲ ਆਮ ਮਨੁਖ ਮੌਤ ਦੇ ਖ਼ੌਫ ਤੋਂ ਬੇਖ਼ੌਫ ਹੋ ਕੇ ਕੁਝ ਨਵਾਂ ਸਿਰਜ ਸਕੇਗਾ ਅਤੇ ਅਸੀਂ ਦੋ ਇਨਸਾਨਾਂ ਨੂੰ ਮਨ ਮਰਜ਼ੀ ਤੇ ਆਜ਼ਾਦੀ ਨਾਲ ਜਿਉਣ ਦਾ ਹੱਕ ਦੇ ਰਹੇ ਹੋਵਾਂਗੇ।

ਯਾਦ ਰੱਖਣ ਵਾਲੀ ਗੱਲ ਹੈ ਕਿ ਸਮਾਜ ਪਰਿਵਰਤਣ ਤੇ ਵਿਕਾਸ ਦੇ ਜਿਸ ਦੌਰ 'ਚੋਂ ਲੰਘ ਰਿਹਾ ਹੈ,ਉਦੋਂ ਪਿਆਰ ਵਿਆਹ ਜਾਂ ਮਨ ਮਰਜ਼ੀ ਦੇ ਵਿਆਹ ਜਾਂ ਅੰਤਰਜਾਤੀ ਵਿਆਹ ਨੂੰ ਰੋਕਣਾ ਅਸੰਭਵ ਹੈ । ਇਸ ਵਰਤਾਰੇ ਨੇ ਵਾਪਰ ਕੇ ਰਹਿਣਾ ਹੈ । ਇਸ ਨੂੰ ਨਾ ਅਖੌਤੀ ਅਣਖ਼ ਰੋਕ ਸਕਦੀ ਹੈ ਤੇ ਨਾ ਹੀ ਖਾਪ ਪੰਚਾਇਤਾਂ । ਫੈਸਲਾ ਸਾਡੇ ਹੱਥ ਹੈ ਕਿ ਇਸ ਕਤਲੇਆਮ ਨੂੰ ਰੋਕ ਕੇ ਇਨਸਾਨੀਅਤ ਦੇ ਹੱਕ ਖਲੋਣਾ ਹੈ ਜਾਂ ਕਾਤਲਾਂ ਦਾ ਸਾਥ ਦੇ ਕੇ ਇਤਿਹਾਸ ਦੇ ਮੁਜਰਿਮ ਬਣਨਾ ਹੈ।

ਪਰਮਜੀਤ ਸਿੰਘ ਕੱਟੂ ,ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਸਰਚ ਸਕਾਲਰ ਹਨ।ਕਿਸੇ ਸਮੇਂ ਸਾਹਿਤ ਦੀ ਰਾਜਧਾਨੀ ਤੇ 'ਹਰੇ ਘਾਹ ਦਾ ਜੰਗਲ' ਕਹੇ ਜਾਂਦੇ ਬਰਨਾਲੇ ਇਲਾਕੇ ਦੇ ਪਿੰਡ ਕੱਟੂ ਨਾਲ ਸਬੰਧ ਰੱਖਦੇ ਹਨ।ਕਵਿਤਾ ਲਿਖ਼ਣ ਤੇ ਸੁਣਨ ਦੇ ਸ਼ੌਕੀਨ ਵੀ ਹਨ।ਉਹਨਾਂ ਨੂੰ ਫੋਨ ਦੀ ਘੰਟੀ ਖੜ੍ਹਕਾ ਕੇ ਯੂਨੀਵਰਸਿਟੀ ਲਾਇਬਰੇਰੀ ਦੇ ਆਲੇ ਦੁਆਲੇ ਫੜਿਆ ਜਾ ਸਕਦਾ ਹੈ।
ਮੋ. 94631 24131
pkattu@yahoo.in