ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, July 31, 2010

ਸ਼ੁੱਧਤਾਵਾਦੀ ਮਾਂ-ਬੋਲੀ ਦੇ ਸਭ ਤੋਂ ਘਾਤਕ ਦੁਸ਼ਮਣ

ਕਿਸੇ ਨੂੰ ਵੀ ਬੇਲਗਾਓਂ ਦੇ ਮੁੱਦੇ ਉੱਤੇ ਮੁੜ ਕੇ ਸ਼ੁਰੂ ਹੋਈ ਸ਼ਬਦੀ ਜੰਗ ਚੰਗੀ ਨਹੀਂ ਲੱਗੀ। ਹੱਦਬੰਦੀ ਕਮਿਸ਼ਨ ਨੂੰ ਇਹ ਇਲਾਕਾ ਕਰਨਾਟਕ ਵਿੱਚ ਸ਼ਾਮਿਲ ਕਰਨ ਤੋਂ ਪਹਿਲਾਂ ਬੋਲੀ ਨਾਲ ਜੁੜੇ ਨੁਕਤਿਆਂ ਉੱਤੇ ਨਜ਼ਰਸਾਨੀ ਕਰਨੀ ਚਾਹੀਦੀ ਸੀ। ਉੱਥੇ ਮਹਾਰਾਸ਼ਟਰੀ ਬੱਚਿਆਂ ਨੂੰ ਮਰਾਠੀ ਸਕੂਲ ਵਿੱਚ ਜਾਣ ਦੀ ਮਨਾਹੀ ਨਹੀਂ ਹੈ ਅਤੇ ਨਾ ਹੀ ਰੁਜ਼ਗਾਰ ਦੇ ਮਾਮਲੇ ਵਿੱਚ ਕੋਈ ਵਿਤਕਰਾ ਹੁੰਦਾ ਹੈ। ਸ਼ਰਾਰਤੀ ਬੰਦੇ ਆਪਣੇ ਪ੍ਰਚਾਰ ਲਈ ਹਰ ਮੌਕੇ ਉੱਤੇ ਇਸ ਮਸਲੇ ਨੂੰ ਉਛਾਲਨ ਤੋਂ ਗੁਰੇਜ਼ ਨਹੀਂ ਕਰਨਗੇ। ਠਾਕਰੇ ਪਰਿਵਾਰ ਅਤੇ ਉਨ੍ਹਾਂ ਦੇ ਸੈਨਿਕ ਰੌਲਾ ਪਾਉਣ ਤੋਂ ਪਹਿਲਾਂ ਸੋਚਦੇ ਤੱਕ ਨਹੀਂ। ਉਨ੍ਹਾਂ ਦਾ ਕੰਮ ਖ਼ਬਰਾਂ ਵਿੱਚ ਆਉਣਾ ਹੈ। ਪਹਿਲਾਂ ਉਨ੍ਹਾਂ ਨੇ ਛੋਟੇ ਤਾਮਿਲ ਕਾਰੋਬਾਰੀਆਂ ਨੂੰ ਮੁੰਬਈ ਤੋਂ ਬਾਹਰ ਕੱਢਿਆ। ਫਿਰ ਉਹ ਬਿਹਾਰੀਆਂ, ਉੱਤਰ ਪ੍ਰਦੇਸ਼ੀਆਂ ਅਤੇ ਉੜੀਆਂ ਦੇ ਪਿੱਛੇ ਪੈ ਗਏ। ਹੁਣ ਉਹ ਕੰਨਡੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਦੀ ਗੁੰਡਾਗਰਦੀ ਨੂੰ ਰੋਕਣ ਵਾਲਾ ਕੋਈ ਨਹੀਂ ਹੈ।

ਉਨ੍ਹਾਂ ਬੋਲੀਆਂ ਦੀ ਹੋਣੀ ਬਾਬਤ ਗੱਲ ਕਰਨ ਦੀ ਇਜਾਜ਼ਤ ਚਾਹੁੰਦਾ ਹਾਂ ਜਿਨ੍ਹਾਂ ਨੂੰ ਮੁੱਦਾ ਬਣਾ ਕੇ ਸਿਆਸਤਦਾਨਾਂ ਨੇ ਚੋਣਾਂ ਜਿੱਤਣ ਦਾ ਉਪਰਾਲਾ ਕੀਤਾ ਹੈ। ਉਹ ਮਾਂ ਬੋਲੀ ਨਾਲ ਹੇਜ ਦਾ ਰੌਲਾ ਪਾਉਂਦੇ ਹਨ ਅਤੇ ਆਪਣੇ ਬੱਚੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਪਾਉਂਦੇ ਹਨ। ਅੰਗਰੇਜ਼ੀ ਨਾਲ ਨੌਕਰੀ ਅਤੇ ਦੇਸ਼-ਵਿਦੇਸ਼ ਵਿੱਚ ਉਚੇਰੀ ਵਿਦਿਆ ਦੇ ਬਿਹਤਰ ਮੌਕੇ ਮਿਲਦੇ ਹਨ। ਸ਼ੁੱਧਤਾਵਾਦੀ ਮਾਂ-ਬੋਲੀ ਦੇ ਸਭ ਤੋਂ ਘਾਤਕ ਦੁਸ਼ਮਣ ਹੁੰਦੇ ਹਨ। ਇਸ ਦੀਆਂ ਮਿਸਾਲਾਂ ਰੇਲਗੱਡੀਆਂ ਵਿੱਚ ਲਿਖੀਆਂ ਕੁਝ ਸਤਰਾਂ ਤੋਂ ਮਿਲਦੀਆਂ ਹਨ: ‘ਧੁਮਰ ਪਾਨ ਨਿਸ਼ੇਧ’ ਅਤੇ ‘ਯਾਤਰਾ ਮੇ ਮਦੀਰਾ ਪਾਨ ਕਰਨਾ ਵਰਜਿਤ ਹੈ’। ਗਿਣਤੀ ਦੇ ਲੋਕ ਹੀ ਇਨ੍ਹਾਂ ਸਤਰਾਂ ਦੇ ਮਾਅਨੇ ਸਮਝਦੇ ਹਨ। ਇਹੋ ਕਾਰਨ ਹੈ ਕਿ ਸਭ ਤੋਂ ਵੱਧ ਲੋਕਾਂ ਵੱਲੋਂ ਬੋਲੇ ਜਾਣ ਦੇ ਬਾਵਜੂਦ ਹਿੰਦੀ ਸਾਡੇ ਮੁਲਕ ਵਿੱਚ ਸਾਂਝੀ ਕੜੀ ਨਹੀਂ ਬਣ ਸਕੀ। ਸਾਡੀ ਸਾਂਝੀ ਕੜੀ ਅੰਗਰੇਜ਼ੀ ਹੈ। ਹੋਰ ਉੱਘੜਵੀਂ ਮਿਸਾਲ ਪੰਜਾਬ ਹੈ। ਜਦੋਂ ਮਰਦਮਸ਼ੁਮਾਰੀ ਹੋ ਰਹੀ ਸੀ ਤਾਂ ਜਨਸੰਘ ਨੇ ਪੰਜਾਬੀ ਹਿੰਦੂਆਂ ਨੂੰ ਮਾਂ ਬੋਲੀ ਹਿੰਦੀ ਲਿਖਾਉਣ ਲਈ ਕਿਹਾ। ਇਹ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਕੀਤੀ ਗਈ ਜ਼ੋਰਦਾਰ ਮੁਹਿੰਮ ਦਾ ਹੀ ਨਤੀਜਾ ਸੀ ਕਿ ਉਨ੍ਹਾਂ ਨੇ ਸੱਚ ਲਿਖਾਇਆ ਅਤੇ ਫਿਰੋਜ਼ਪੁਰ ਦਾ ਵੱਡਾ ਹਿੱਸਾ ਪੰਜਾਬ ਵਿੱਚ ਰਹਿ ਗਿਆ।

ਸ਼ੁੱਧਤਾਵਾਦੀਆਂ ਵੱਲੋਂ ਬੋਲੀਆਂ ਦੇ ਨੁਕਸਾਨ ਦੀ ਫ਼ੈਸਲਾਕੁੰਨ ਮਿਸਾਲ ਅੰਗਰੇਜ਼ੀ ਦੀ ਆਲਮੀ ਸਰਦਾਰੀ ਤੋਂ ਪਹਿਲਾਂ ਦੇ ਦੌਰ ਵਿੱਚੋਂ ਦਿੱਤੀ ਜਾ ਸਕਦੀ ਹੈ। ਕਿਸੇ ਵੇਲੇ ਫਰੈਂਚ ਅਤੇ ਸਪੈਨਿਸ਼ ਅੰਗਰੇਜ਼ੀ ਦੇ ਮੁਕਾਬਲੇ ਦੀਆਂ ਬੋਲੀਆਂ ਸਨ। ਫਰੈਂਚ ਅਤੇ ਸਪੈਨਿਸ਼ ਨੇ ਦੂਜੀਆਂ ਬੋਲੀਆਂ ਦੇ ਸ਼ਬਦ ਪ੍ਰਵਾਨ ਨਹੀਂ ਕੀਤੇ। ਦੂਜੇ ਪਾਸੇ ਅੰਗਰੇਜ਼ੀ ਨੇ ਦੁਨੀਆਂ ਭਰ ਦੀਆਂ ਬੋਲੀਆਂ ਵਿੱਚੋਂ ਸ਼ਬਦ ਲੈਕੇ ਆਪਣੇ ਖ਼ਜ਼ਾਨੇ ਭਰਪੂਰ ਕੀਤੇ। ਅੰਗਰੇਜ਼ੀ ਵਿੱਚ ਸਿਰਫ਼ ਭਾਰਤੀ ਮੂਲ ਦੇ ਹੀ ਦਸ ਹਜ਼ਾਰ ਤੋਂ ਵਧੇਰੇ ਸ਼ਬਦ ਹਨ ਅਤੇ ਇਹ ਸਭ ਤੋਂ ਵੱਧ ਲੋਕਾਂ ਵੱਲੋਂ ਬੋਲੀ ਜਾਂਦੀ ਹੈ। ਭਾਰਤੀ ਬਹੁਤ ਸਾਰੇ ਗ਼ੈਰ-ਅੰਗਰੇਜ਼ਾਂ ਤੋਂ ਵਧੀਆ ਅੰਗਰੇਜ਼ੀ ਬੋਲਦੇ ਹਨ। ਇਸੇ ਕਰਕੇ ਸਾਨੂੰ ਨੌਕਰੀਆਂ ਅਤੇ ਵਣਜ ਵਿੱਚ ਤਰਜੀਹ ਮਿਲਦੀ ਹੈ।

ਲੋਕਾਂ ਵੱਲੋਂ ਆਪਣੀ ਮਾਂ-ਬੋਲੀ ਤਬਦੀਲ ਕਰਨ ਦੀ ਮੈਨੂੰ ਇੱਕੋ ਮਿਸਾਲ ਯਹੂਦੀਆਂ ਦੀ ਯਾਦ ਹੈ। ਪਹਿਲਾਂ ਉਨ੍ਹਾਂ ਨੇ ਆਪਣੇ ਵਸੇਬੇ ਵਾਲੇ ਮੁਲਕਾਂ ਦੀਆਂ ਬੋਲੀਆਂ ਨੂੰ ਅਪਣਾਇਆ। ਉਨ੍ਹਾਂ ਨੇ ਆਪਣੀ ਸਾਂਝੀ ਬੋਲੀ ਯਿਡਿਸ਼ ਬਣਾਈ। (ਹਿਵਰਿਉ, ਜਰਮਨ, ਅਰੈਮਿਕ ਅਤੇ ਸਲੈਵਿਕ ਉਪਬੋਲੀਆਂ ਦੇ ਮਿਲਗੋਭੇ ਨਾਲ ਬਣੀ ਇਸ ਬੋਲੀ ਨੂੰ ਹਿਵਰਿਉ ਲਿਪੀ ਵਿੱਚ ਲਿਖਿਆ ਜਾਂਦਾ ਹੈ।) ਇਸ ਬੋਲੀ ਦਾ ਆਪਣਾ ਸਾਹਿਤ ਹੈ। ਇਸਾਕ ਬਸਸ਼ੇਵਿਸ ਸਿੰਗਰ (ਪੋਲੈਂਡ ਦਾ ਜੰਮਿਆ ਅਤੇ ਅਮਰੀਕਾ ਵਿੱਚ ਵਸਿਆ ਯਹੂਦੀ ਲੇਖਕ) ਨੂੰ ਯਿਡਿਸ਼ ਬੋਲੀ ਵਿੱਚ ਨਾਵਲ ਲਿਖਣ ਲਈ ਸਾਹਿਤ ਦਾ ਨੋਬਲ ਪੁਰਸਕਾਰ ਵੀ ਮਿਲ ਚੁੱਕਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਮੁਲਕ ਇਸਰਾਈਲ ਦੀ ਕੌਮੀ ਬੋਲੀ ਬਣਾਉਣ ਲਈ ਹਿਵਰਿਉ ਨੂੰ ਮੁੜ-ਸੁਰਜੀਤ ਕਰਨ ਦਾ ਫ਼ੈਸਲਾ ਕੀਤਾ। ਹੁਣ ਸਾਰੇ ਯਹੂਦੀ ਹਿਵਰਿਉ ਪੜ੍ਹਦੇ ਅਤੇ ਬੋਲਦੇ ਹਨ।

ਖੁਸ਼ਵੰਤ ਸਿੰਘ
( ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ )

Thursday, July 29, 2010

ਪੱਤਰਕਾਰ,ਪ੍ਰਭਾਸ਼ ਜੋਸ਼ੀ,ਐਵਾਰਡ ਤੇ ਦਿੱਲੀ ਦੇ ਰੰਗ

ਉਰਲੀਆਂ ਪਰਲੀਆਂ

ਮੰਗਲਵਾਰ ਨੂੰ ਹਫਤਾਵਾਰੀ ਛੁੱਟੀ ਸੀ।ਮੈਂ ਦਿੱਲੀ ਗਹੁਣ ਨਿਕਲ ਤੁਰਿਆ।ਖਾਸ ਪ੍ਰੋਗਰਾਮ ਸਾਡੇ ਪੱਤਰਕਰ ਦੋਸਤ ਤੇ ਮਹੱਲਾ ਲਾਈਵ ਦੇ ਸੰਪਾਦਕ ਅਵਿਨਾਸ਼ ਦਾਸ ਨੂੰ ਮਿਲਣ ਦਾ ਸੀ। ਮੈਂ ਗੋਬਿੰਦਪੁਰੀ,ਜੈ.ਐੱਨ.ਯੂ(ਜਵਾਹਰ ਲਾਲ ਨਹਿਰੂ ਯੂਨੀਵਰਸਿਟੀ),ਮੰਡੀ ਹਾਊਸ,ਫਿਰੋਜਸ਼ਾਹ ਰੋਡ ਗਹੁੳਂਦਾ ਗਹੁਉਂਦਾ ਸ਼ਾਮ ਨੂੰ ਪ੍ਰੈਸ ਕਲੱਬ ਆਫ ਇੰਡੀਆ ਅਪੜਿਆ।ਅਵਿਨਾਸ਼ ਤੇ ਪੈਂਗਊਅਨ ਹਿੰਦੀ ਦੇ ਸੰਪਾਦਕ ਨਿਰੁਪਮ ਨਾਲ 7 ਵਜੇ ਦੇ ਨੇੜੇ ਤੇੜੇ ਮੁਲਾਕਾਤ ਹੋਈ।

ਅਸੀਂ ਗੱਲਬਾਤਾਂ ਕਰਨੀਆਂ ਸੀ।ਕਲੱਬ ‘ਚ ਬੈਠ ਗਏ,ਇਸੇ ਦੇ ਬਹਾਨੇ ਪ੍ਰੈਸ ਕਲੱਬ ਦੇ ਨਵੇਂ ਰੰਗ ਵੇਖਣ ਨੂੰ ਮਿਲੇ।ਪ੍ਰੈਸ ਕਲੱਬ ਆਫ ਇੰਡੀਆ ਹਮੇਸ਼ਾ ਦੇਸ਼ ਤੇ ਦਿੱਲੀ ਦੀ ਪੱਤਰਕਾਰੀ ਤੇ ਸਾਹਿਤਕ ਬਹਿਸ ਨਾਲ ਗਰਮ ਹੁੰਦਾ ਹੈ।ਸੋਫੀ ਤੇ ਸ਼ਰਾਬੀ ਦੋਵੇਂ ਪਾਰਟੀਆਂ ਆਪੋ ਆਪਣੇ ਢੰਗ ਨਾਲ ਭੜਾਸ ਕੱਢਦੀਆਂ ਹਨ,ਇਨ੍ਹੀਂ ਦਿਨੀਂ ਦਿੱਲੀ ਦੀ ਪੱਤਰਕਾਰੀ ‘ਚ ਇੰਡੀਅਨ ਐਕਸਪ੍ਰੈਸ ਗਰੁੱਪ ਦੇ ਹਿੰਦੀ ਅਖ਼ਬਾਰ ਜਨਸੱਤਾ ਦੇ ਸਵਰਗੀ ਸੰਪਾਦਕ ਪ੍ਰਭਾਸ਼ ਜੋਸ਼ੀ ‘ਤੇ ਉਹਨਾਂ ਦੀ ਯਾਦ ‘ਚ ਬਣੇ ਟਰੱਸਟ ‘ਤੇ ਬਹਿਸ ਗਰਮ ਹੈ।ਪ੍ਰਭਾਸ਼ ਜੋਸ਼ੀ ਭਾਰਤੀ ਪੱਤਰਕਾਰੀ ‘ਚ ਵੱਡੀ ਤੋਪ ਵਜੋਂ ਜਾਣੇ ਜਾਂਦੇ ਸਨ।ਸਮਾਜਵਾਦੀ ਆਗੂ ਡਾ. ਰਾਮ ਮਨੋਹਰ ਲੋਹੀਆ ਦੀ ਲਹਿਰ ‘ਚੋਂ ਨਿਕਲੇ ਪ੍ਰਭਾਸ਼ ਜੋਸ਼ੀ ਨੇ ਪੱਤਰਕਾਰੀ ‘ਚ ਹਮੇਸ਼ਾ “ਜ਼ਿੰਦਗੀ ਅਸੂਲਾਂ ਤੋਂ ਪਿਆਰੀ ਨਹੀਂ” ਵਾਲੀ ਗੱਲ ਕੀਤੀ।1992 ‘ਚ ਜਦੋਂ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਤਾਂ ਮੋਹਰਲੀ ਕਤਾਰ ‘ਚ ਖੜ੍ਹੇ ਹੋ ਕੇ ਪ੍ਰਭਾਸ਼ ਜੋਸ਼ੀ ਨੇ ਜਨਸੱਤਾ ‘ਚ ਸੰਪਾਦਕੀ ਲਿਖਕੇ ਸੰਘੀਆਂ ਨੂੰ ਵੰਗਾਰਿਆ ਸੀ।ਫਿਰ ਜਦੋਂ ਦੇਸ਼ ਦੀ ਸੰਸਦ ‘ਤੇ ਹੋਏ ਹਮਲੇ ‘ਚ ਦਿੱਲੀ ਯੂਨਵਿਰਸਿਟੀ ਦੇ ਪ੍ਰੈਫੈਸਰ ਐਸ ਏ ਆਰ ਗਿਲਾਨੀ ਨੂੰ ਮਾਸਟਰਮਾਈਂਡ ਦੱਸਿਆ ਗਿਆ ਤਾਂ ਜਿਹੜੀ ਕਮੇਟੀ ਇਸਦੇ ਵਿਰੋਧ ‘ਚ ਬਣੀ,ੳਸ ‘ਚ ਦੇਸ਼ ਦੇ ਮੁੱਖ ਧਾਰਾਈ ਅਖ਼ਬਾਰ ਦਾ ਇਕੋ ਇਕ ਸੰਪਾਦਕ ਸ਼ਾਮਿਲ ਸੀ।ਗਿਲਾਨੀ ਸੁਪਰੀਮ ਕੋਰਟ ਵਲੋਂ ਬਰੀ ਹੋਏ।ਉਹਨਾਂ ਨੇ ਹੀ ਦੇਸ਼ ‘ਚ ਪੇਡ ਨਿਊਜ਼ ਦੇ ਖਿਲਾਫ ਸਭ ਤੋਂ ਪਹਿਲਾਂ ਬਿਗੁਲ ਵਜਾਇਆ।ਪੱਤਰਕਾਰੀ ਦੇ ਆਦਰਸ਼ਾਂ ਨੂੰ ਜਿਉਂਦਾ ਰੱਖਣ ਲਈ ਆਪਣੇ ਆਖਰੀ ਸਾਹਾਂ ਤੱਕ ਸੰਘਰਸ਼ ਕਰਦੇ ਰਹੇ।ਕੁੱਲ ਮਿਲਾਕੇ ਉਹਨਾਂ ਪੂਰੀ ਜ਼ਿੰਦਗੀ ਜਿੰਨ੍ਹੀ ਟੇਕ ਪੱਤਰਕਾਰੀ 'ਤੇ ਰੱਖੀ,ਓਨੀ ਹੀ ਸੰਘਰਸ਼ਾਂ ‘ਤੇ।


ਜਨਸੱਤਾ ਦੇਸ਼ ਦਾ ਪਹਿਲਾ ਅਖ਼ਬਾਰ ਹੋਵੇਗਾ ਜਿਸਦੀ 3 ਲੱਖ ਕਾਪੀ ਛਪਣ ਤੋਂ ਬਾਅਦ ਪ੍ਰਭਾਸ਼ ਜੋਸ਼ੀ ਨੇ ਪਾਠਕਾਂ ਨੂੰ ਸੰਪਾਦਕੀ ਲਿਖਕੇ ਬੇਨਤੀ ਕੀਤੀ ਸੀ ਕਿ ਕ੍ਰਿਪਾ ਕਰਕੇ ਅਖ਼ਬਾਰ ਫੋਟੋ ਸਟੇਟ ਕਰਵਾਕੇ ਪੜ੍ਹਿਆ ਜਾਵੇ।3 ਲੱਖ ਵਿਕਣਾ ਵੀ ਉਸ ਦੌਰ ਦੀ ਬਹੁਤ ਵੱਡੀ ਉਪਲਬਧੀ ਸੀ।ਜਿਵੇਂ ਜੈ.ਐਨ.ਯੂ ਦੇ ਵਿਦਿਆਰਥੀ ਆਪਣੇ ਆਪ ਨੂੰ ਜੈਨਯੂਆਈਟ ਕਹਾਉਂਦੇ ਨੇ,ਉਸੇ ਤਰ੍ਹਾਂ ਜਨਸੱਤਾ ‘ਚ ਪ੍ਰਭਾਸ਼ ਜੋਸ਼ੀ ਦੀ ਅਗਵਾਈ ‘ਚ ਜਨਸਤਾਈਟ ਪੈਦਾ ਹੋਏ।ਮੈਂ ਵੇਖਿਆ ਹੈ ਕਿ ਕਹੇ ਜਾਂਦੇ ੳੁੱਤਰ ਆਧੁਨਿਕ ਦੌਰ ‘ਚ ਵੀ ਜੇ ਐਨ ਯੂ ‘ਚ ਕੋਟ ਪੈਟਾਂ,ਨਾਈਕੀਆਂ-ਸ਼ਾਈਕਈਆਂ ਤੇ ਰੇਬਨਾਂ ਵਾਲਿਆਂ ਨਾਲੋਂ ਹਵਾਈ ਚੱਪਲਾਂ ਵਾਲੇ ਵੱਧ ਆਤਮਵਿਸ਼ਵਾਸ਼ ਨਾਲ ਭਰੇ ਨਜ਼ਰ ਆਉਂਦੇ ਹਨ।ਦੂਜੇ ਪਾਸੇ ਜਦੋਂ ਜਨਸੱਤਾ ਦੀ ਹਾਲਤ ਬਦ ਤੋਂ ਬਦਤਰ ਹੈ ਤਾਂ ਜਨਸੱਤਾ ਦੇ ਪੱਤਰਕਾਰ ਜਨਸਤਾਈਟ ਹੋਣ ‘ਚ ਮਾਣ ਮਹਿਸੂਸ ਕਰਦੇ ਹਨ।ਇਸ ਆਤਮਵਿਸ਼ਵਾਸ਼ ਦੋਵਾਂ ਥਾਵਾਂ ‘ਤੇ ਮੁੱਖ ਧਾਰਾ ਨੇ ਨਹੀਂ ਭਰਿਆ,ਬਲਕਿ ਦੋਵਾਂ ਥਾਂਵਾਂ ਅੰਦਰ ਵਿਚਰਦੀਆਂ ਵੱਖ ਵੱਖ ਧਰਾਵਾਂ ਨੇ ਭਰਿਆ ਹੈ।

ਗੱਲ ਪ੍ਰਭਾਸ਼ ਜੋਸ਼ੀ ਦੇ ਟਰੱਸਟ ‘ਤੇ ਰੁਕ ਗਈ ਸੀ।ਟਰੱਸਟ ਬਣਿਆ,ਮੁੱਖ ਏਜੰਡਾ ਪੱਤਰਕਾਰੀ ‘ਚ ਆ ਰਹੇ ਰਹੇ ਨਿਘਾਰਾਂ ਬਾਰੇ ਕੰਮ ਕਰਨਾ ਸੀ,ਪਰ ਸੌੜੀ ਸਿਆਸਤ ਹੋਣੀ ਸ਼ੁਰੁ ਹੋ ਗਈ।ਰਾਜਨਾਥ ਸਿੰਘ ਤੇ ਮੁਰਲੀ ਮਨੋਹਰ ਜੋਸ਼ੀ ਵੀ ਕਿਸੇ ਸਮੇਂ ਜਨਸੱਤਾ ‘ਚ ਕੰਮ ਕਰਦੇ ਰਹੇ ਸਨ,ਇਸ ਲਈ ਸੰਘੀ ਸਿਆਸਤ ਸ਼ੁਰੂ ਹੋਈ।ਯਾਨਿ ਪ੍ਰਭਾਸ਼ ਜੋਸ਼ੀ ਨੁੰ ਭਗਵਾ ਰੰਗ ਚਾੜ੍ਹਨ ਦੀ ਸਿਆਸਤ।ਇਸੇ ‘ਚੋਂ ਸਾਰਾ ਕਲੇਸ਼ ਸ਼ੁਰੂ ਹੋਇਆ।ਇਸ ਟਰੱਸਟ ‘ਤੇ ਹੋ ਰਹੀ ਸਿਆਸਤ ਦਾ ਵਿਰੋਧ ਕਰਨ ਵਾਲਿਆਂ ‘ਚ ਯੂ.ਪੀ ‘ਚ ਜਨਸੱਤਾ ਦੇ ਬਿਊਰੋ ਚੀਫ ਅੰਬਰੀਸ਼ ਕਮੁਾਰ ਹਨ।ਪਿਛਲੇ ਦਿਨਾਂ ਤੋਂ ਲਗਾਤਾਰ ਵੱਖ ਵੱਖ ਥਾਈਂ ਉਹਨਾਂ ਨੂੰ ਪੜ੍ਹ ਰਿਹਾ ਸੀ।ਅਸੀਂ 10 ਵਜੇ ਪ੍ਰੈਸ ਕਲੱਬ ‘ਚੋਂ ਬਾਹਰ ਨਿਕਲੇ ਤਾਂ ਸਾਹਮਣੇ ਅੰਬਰੀਸ਼ ਕੁਮਾਰ, ਹਿੰਦੋਸਤਾਨ ਦੇ ਸਿਆਸੀ ਸੰਪਾਦਕ ਪ੍ਰਦੀਪ ਸੌਰਭ ਤੇ ਕੁਝ ਹੋਰ ਜਨਸਤਾਈਟ ਖੜ੍ਹੇ ਸਨ।ਪੂਰੇ ਮੂਡ ਤੇ ਖਿੜੇ ਹੋਇਆਂ ਨੇ ਅਵਿਨਾਸ਼ ਨੂੰ ਹਾਕ ਮਾਰ ਲਈ।ਅਵਿਨਾਸ਼ ਲਗਾਤਾਰ ਮੱਹਲਾ ਲਾਈਵ ‘ਤੇ ਪੂਰੀ ਵਿਚਾਰ ਚਰਚਾ ਨੂੰ ਛਾਪ ਰਿਹਾ ਹੈ।

ਹੁਣੇ ਹੁਣੇ ਪੱਤਰਕਾਰੀ ਦੇ ਸਰਬੋਤਮ (ਰਾਮ ਨਾਥ ਗੋਇਨਕਾ) ਐਵਾਰਡ ਮਿਲਕੇ ਹਟੇ ਨੇ,ਜੋ ਇੰਡੀਅਨ ਐਕਸਪ੍ਰੈਸ ਤੇ ਜਨਸੱਤਾ ਦੇ ਮਾਲਕ ਦੇ ਨਾਂਅ ‘ਤੇ ਦਿੱਤੇ ਜਾਂਦੇ ਹਨ।ਅੰਬਰੀਸ਼ ਕੁਮਾਰ ਕਾਫੀ ਗੁੱਸੇ ਹੋ ਕੇ ਭਾਵੁਕਤਾ ‘ਚ ਬੋਲ ਰਹੇ ਸੀ ਕਿ ਜਨਸੱਤਾ ਦੇਸ਼ ਦੀ ਪੱਤਰਕਾਰੀ ਦਾ ਨਾਂਅ ਰਿਹਾ ਹੈ,ਪਰ ਅੱਜ ਤੱਕ ਕਿਸੇ ਜਨਸੱਤਾ ਦੇ ਪੱਤਰਕਾਰ ਨੁੰ ਐਵਾਰਡ ਨਹੀਂ ਮਿਲਿਆ।ਅੰਗਰੇਜ਼ੀ ਖਾ ਗਈ ਹਿੰਦੀ ਨੂੰ।ਨਾਲ ਹੀ ਕਹਿੰਦੇ ਜਨਸਤਾਈਟ ਹੋਣਾ ਆਪਣੇ ਆਪ ‘ਚ ਇਕ ਐਵਰਾਡ ਹੈ,ਅਸੀਂ ਅਜਿਹੇ ਐਵਾਰਡਾਂ ਦੀ…………!ਕਿਸੇ ਜ਼ਮਾਨੇ ‘ਚ ਖੁਦ ਰਾਮ ਨਾਥ ਗੋਇਨਕਾ ਨੇ ਪ੍ਰਭਾਸ਼ ਜੋਸ਼ੀ ਨੂੰ ਪੂਰੇ ਗਰੁੱਪ ਦੀ ਵਾਗਡੋਰ ਫੜਾਉਣੀ ਚਾਹੀ ਸੀ,ਪਰ ਪ੍ਰਭਾਸ਼ ਜੀ ਨੇ ਇਹ ਇਹ ਕਹਿਕੇ ਨਾਂਹ ਕਰ ਦਿੱਤੀ ਸੀ,ਮੈਨੂੰ ਲੋਕ ਭਾਸ਼ਾ ਦੀ ਸੇਵਾ ਕਰਨ ਦਿਓ।ਪ੍ਰਭਾਸ਼ ਜੋਸ਼ੀ ਜਾਣਦੇ ਸਨ ਕਿ ਅੰਗਰੇਜ਼ੀ ਦਾ ਅਸਰ ਸੱਤਾ ਦੇ ਗਲਿਆਰਿਆਂ ਜ਼ਰੂਰ ਜ਼ਿਆਦਾ ਹੋ ਸਕਦੈ,ਪਰ ਮੇਰੀ ਹਿੰਦੀ ਪੱਟੀ ‘ਚ ਵਸਦੀ ਗਰੀਬ ਅਬਾਦੀ ਦੀ ਜਾਗਰੂਕਤਾ ਨਾਲ ਇਸਦਾ ਕੋਈ ਸਬੰਧ ਨਹੀਂ।ਫਿਰ ਜਿਸ ਤਰ੍ਹਾਂ ਦੀ ਪੇਂਡੂ ਭਾਸ਼ਾ ਉਹ ਜਨਸੱਤਾ ਦੇ ਜ਼ਰੀਏ ਹਿੰਦੀ ਪੱਤਰਕਾਰੀ ‘ਚ ਲੈ ਕੇ ਆਏ ਉਹ ਭਾਰਤੀ ਪੱਤਰਕਾਰੀ ‘ਚ ਇਕ ਨਵਾਂ ਤਜ਼ਰਬਾ ਸੀ।ਜਿਹੜੇ ਮੱਧ ਵਰਗੀ ਸ਼ਹਿਰੀ ਬੌਧਿਕ ਜੁਗਾਲੀ ਵਰਗ ਨੇ ਜਨਸੱਤਾ ਨੂੰ ਰੱਦ ਕੀਤਾ ਸੀ,ਹਿੰਦੀ ਪੱਤਰਕਾਰੀ ‘ਚ ਜਨਸੱਤਾ ਦੀ ਸਥਾਪਤੀ ਉਹਨਾਂ ਦੇ ਮੂੰਹ ‘ਤੇ ਥੱਪੜ ਸੀ।।ਅੱਜ ਪ੍ਰਭਾਸ਼ ਜੋਸ਼ੀ ਦੇ ਮਰਨ ਤੋਂ ਬਾਅਦ ਹਿੰਦੀ ਪੱਤਰਕਾਰੀ ‘ਚ ਪ੍ਰਭਾਸ਼ ਪਰੰਪਰਾ ਦੀ ਗੱਲ ਹੁੰਦੀ ਹੈ।ਪੰਜਾਬੀ ਪੱਤਰਕਾਰੀ ‘ਚ ਅਜਿਹੇ ਦਿਨ ਪਤਾ ਨਹੀਂ ਕਦੋਂ ਆਉਣਗੇ।

ਖੈਰ,ਉਰਲੀਆਂ ਪਰਲੀਆਂ ਮਾਰਦਾ ਮਾਰਦਾ,ਮੈਂ ਕਾਫੀ ਦੂਰ ਨਿਕਲ ਆਇਆਂ।ਦਿੱਲੀ ਦੀਆਂ ਵੱਖ ਵੱਖ ਥਾਵਾਂ ਬਾਰੇ ਪੜ੍ਹਿਆ ਜਾਂ ਸੁਣਿਆ ਹੈ।ਕਿ ਕਿਸ ਤਰ੍ਹਾਂ ਦੇਸੀ ਡਾਇਸਪੋਰੇ ਦੇ ਰੂਪ ‘ਚ ਵਸਦੇ ਵਿਦਿਆਰਥੀਆਂ,ਅਧਿਆਪਕਾਂ ਤੇ ਪੱਤਰਕਾਰਾਂ ਆਦਿ ‘ਤੇ ਐਕਟਵਿਜ਼ਮ ਭਾਰੂ ਹੁੰਦਾ ਸੀ।ਪੁਰਾਣੇ ਲੋਕ ਕਹਿੰਦੇ ਨੇ ਜਿਹੋ ਜਿਹਾ ਮਹੌਲ 70ਵਿਆਂ ਤੋਂ 90ਵਿਆਂ ਤੱਕ ਹੁੰਦਾ ਸੀ,ਹੁਣ ਨਹੀਂ ਰਿਹਾ।ਜਿਸ ਦੌਰ ‘ਚੋਂ ਸਾਡੀ ਪੀੜ੍ਹੀ ਗੁਜ਼ਰ ਰਹੀ ਹੈ,ਇਵੇਂ ਲਗਦਾ ਬੱਸ ਅੰਤ ਹੈ।ਡਾਚੀ ਦੀਆਂ ਮੁਹਾਰਾਂ ਮੁੜਨ ਵਾਲੀਆਂ ਨੇ।ਪੁਰਾਣੇ ਲੋਕਾਂ ਕੋਲ ਬੈਠਕੇ ਮਨ ਨੂੰ ਇਹੀ ਧਰਵਾਸ ਮਿਲਦੀ ਹੈ ਕਿ ਭਵਿੱਖ ਸਾਡਾ ਹੈ।

ਯਾਦਵਿੰਦਰ ਕਰਫਿਊ
ਨਵੀਂ ਦਿੱਲੀ।
mail2malwa@gmail.com,malwa2delhi@yahoo.co.in
09899436972

Wednesday, July 28, 2010

ਇਨਕਲਾਬ ਦੀ ਪਰਿਕਰਮਾ: ਬਾਬਾ ਬੂਝਾ ਸਿੰਘ

ਮਿਸਾਲੀ ਗ਼ਦਰੀ ਬਾਬੇ ਅਤੇ ਨਕਸਲਵਾਦੀ ਅੰਦੋਲਨ ਵੇਲੇ 82 ਸਾਲ ਦੀ ਉਮਰ ਵਿਚ ਸ਼ਹੀਦ ਹੋਏ ਬੂਝਾ ਸਿੰਘ ਦੇ 40ਵੇਂ ਸ਼ਹਾਦਤ ਦਿਨ ਮੌਕੇ 27 ਜੁਲਾਈ ਨੂੰ ਪਿੰਡ ਚੱਕ ਮਾਈਦਾਸ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਿਚ ਬਾਬਾ ਬੂਝਾ ਸਿੰਘ ਯਾਦਗਾਰ ਉੱਤੇ ਫ਼ਿਲਮ 'ਬਾਬਾ ਇਨਕਲਾਬ ਸਿੰਘ' ਦਾ ਮਹੂਰਤ ਸ਼ਾਟ ਲਿਆ ਗਿਆ।ਇਸ ਮੌਕੇ ਪੰਜਾਬੀ ਦੇ ਉੱਘੇ ਕਵੀ ਦਰਸ਼ਨ ਖਟਕੜ ਨੇ ਕੌਮਾਂਤਰੀ ਪੱਧਰ 'ਤੇ ਮਸ਼ਹੂਰ ਫ਼ਿਲਮ 'ਉਮਰ ਮੁਖ਼ਤਾਰ' (ਦ ਲੋਇਨ ਆਫ਼ ਡੈਜ਼ਰਟ) ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਫ਼ਿਲਮ ਵੀ ਉਸੇ ਤਰ੍ਹਾਂ ਦਾ ਇਤਿਹਾਸ ਸਿਰਜ ਚੁੱਕੇ ਨਾਇਕ ਦੀ ਜੀਵਨ ਕਹਾਣੀ 'ਤੇ ਆਧਰਿਤ ਹੈ ਅਤੇ ਇਹ ਰਵਾਇਤੀ ਪੰਜਾਬੀ ਸਿਨੇਮੇ ਵਿਚ ਨਿੱਗਰ ਵਾਧਾ ਹੋਵੇਗੀ। ਉਮਰ ਮੁਖ਼ਤਾਰ ਲਿਬੀਆ ਦੀ ਆਜ਼ਾਦੀ ਖ਼ਾਤਿਰ ਸੰਘਰਸ਼ ਕਰਦਿਆਂ 80 ਸਾਲ ਦੀ ਉਮਰ ਵਿਚ ਫ਼ਾਂਸੀ ਚੜ੍ਹ ਗਿਆ ਸੀ।

ਫ਼ਿਲਮ 'ਬਾਬਾ ਇਨਕਲਾਬ ਸਿੰਘ' ਬਾਬਾ ਬੂਝਾ ਸਿੰਘ ਦੇ ਜੀਵਨ 'ਤੇ ਆਧਰਿਤ ਹੈ ਜਿਸ ਨੇ ਸਾਰੀ ਉਮਰ ਲੋਕਾਂ ਘੋਲ਼ਾਂ ਦੇ ਲੇਖੇ ਲਾ ਦਿੱਤੀ। ਇਸ ਦੀ ਪਟਕਥਾ ਪੱਤਰਕਾਰ-ਫ਼ਿਲਮਸਾਜ਼ ਬਖ਼ਸ਼ਿੰਦਰ ਨੇ ਲਿਖੀ ਹੈ। ਖੋਜ ਕਾਰਜ ਕਹਾਣੀਕਾਰ ਅਜਮੇਰ ਸਿੱਧੂ ਦਾ ਹੈ। ਇਸ ਫ਼ਿਲਮ ਦੀ ਖਾਸੀਅਤ ਇਹ ਹੈ ਕਿ ਇਸ ਦੇ ਨਿਰਮਾਤਾ ਲੋਕ ਹਨ ਭਾਵ ਫ਼ਿਲਮ ਲੋਕਾਂ ਵੱਲੋਂ ਇਕੱਠੇ ਕੀਤੇ ਜਾ ਰਹੇ ਪੈਸਿਆਂ ਨਾਲ ਮੁਕੰਮਲ ਕੀਤੀ ਜਾਵੇਗੀ। ਜਸਵੀਰ ਸਮਰ ਦੇ ਇਸ ਲੇਖ ਵਿਚ ਬਾਬਾ ਬੂਝਾ ਸਿੰਘ ਦੇ ਵੱਖ ਵੱਖ ਪੱਖਾਂ ਬਾਰੇ ਗੱਲ ਕੀਤੀ ਗਈ ਹੈ। ਬਾਬਾ ਜੀ ਜੀਵਨ ਦਾ ਸਭ ਤੋਂ ਵਿਲੱਖਣ ਅਤੇ ਮੌਲਿਕ ਪੱਖ ਇਹ ਰਿਹਾ ਕਿ ਇਨਕਲਾਬ ਹਮੇਸ਼ਾ ਉਸ ਦੇ ਏਜੰਡੇ 'ਤੇ ਰਿਹਾ। ਵੱਖ ਵੱਖ ਸਮੇਂ ਚੱਲੀਆਂ ਲਹਿਰਾਂ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਇਸੇ ਜ਼ਾਵੀਏ ਤੋਂ ਫੜਨ ਦੀ ਲੋੜ ਹੈ। ਬਾਬਾ ਅੰਤ ਤੱਕ ਅਡੋਲ ਰਿਹਾ ਅਤੇ ਸ਼ਹੀਦੀ ਜਾਮ ਪੀ ਗਿਆ।
-ਗੁਲਾਮ ਕਲਮ

ਗ਼ਦਰੀ ਬਾਬੇ ਬੂਝਾ ਸਿੰਘ ਦੀ ਕਥਾ ਕਰਨੀ ਤੇ ਸੁਣਨੀ ਪੰਜਾਬ ਦੀਆਂ, ਤਕਰੀਬਨ ਪੌਣੀ ਸਦੀ ਦੀਆਂ ਅਹਿਮ ਸਰਗਰਮੀਆਂ ਉੱਤੇ ਝਾਤੀ ਮਾਰਨੀ ਹੈ। ਬਾਬਾ ਬੂਝਾ ਸਿੰਘ, ਆਮ ਬੰਦੇ ਦੀ ਜ਼ਿੰਦਗਾਨੀ ਸੌਖੇਰੀ ਬਣਾਉਣ ਲਈ ਜੂਝ ਰਹੇ ਲੋਕਾਂ ਲਈ ਬਹੁਤ ਵੱਡੇ ਸਵਾਲ ਛੱਡ ਗਿਆ ਹੈ। ਉਹ ਆਪਣੀ ਪਿਛਲੀ ਉਮਰ ਵਿਚ ਵੀ, 70ਵਿਆਂ ਵਿਚ ਉੱਠੇ ਹਥਿਆਰਬੰਦ ਸੰਘਰਸ਼ ਦੇ ਜ਼ਰੀਏ ਇਨਕਲਾਬ ਲਿਆਉਣ ਉੱਤੇ ਟੇਕ ਰੱਖਦਾ ਹੈ। ਇੱਥੇ ਸਵਾਲਾਂ ਦਾ ਸਵਾਲ ਤਾਂ ਇਹ ਹੈ ਕਿ ਸਾਰੀ ਉਮਰ ਲੋਕ ਲਹਿਰਾਂ ਦੇ ਲੇਖੇ ਲਾਉਣ ਵਾਲਾ ਬੰਦਾ ਪਿਛਲੀ ਉਮਰੇ ਜਦੋਂ ਉਹ ਸੌਖ ਨਾਲ ਰਹਿ ਸਕਦਾ ਸੀ, ਇਹ ਰਾਹ ਕਿਉਂ ਅਖਤਿਆਰ ਕਰਦਾ ਹੈ? ਪਿਛਲੀ ਉਮਰ ਵਿਚ ਜਦੋਂ ਆਮ ਤੌਰ ’ਤੇ ਸਰੀਰਕ ਹੀ ਨਹੀਂ, ਮਾਨਸਿਕ ਵੇਗ ਵੀ ਮੱਠਾ ਪੈ ਜਾਂਦਾ ਹੈ ਤਾਂ ਬੂਝਾ ਸਿੰਘ ਇਕ ਵਾਰ ਫ਼ਿਰ, ਇਨਕਲਾਬ ਲਈ ਲੰਗੋਟ ਕੱਸ ਕੇ ਪੂਰੇ ਤਾਣ ਨਾਲ ਮੈਦਾਨ ਵਿਚ ਕੁੱਦ ਪੈਂਦਾ ਹੈ।

ਇਸ ਪ੍ਰਸੰਗ ਵਿਚ ਭਗਤ ਸਿੰਘ ਦੀ ਗੱਲ ਕਰਨੀ ਬਣਦੀ ਹੈ। ਭਗਤ ਸਿੰਘ ਦੀ ਚਰਚਾ, ਵੱਖਰੇ ਵੱਖਰੇ ਨੁਕਤਿਆਂ ਮੁਤਾਬਕ ਹਥਿਆਰਬੰਦ ਸੰਗਰਾਮੀਏ, ਕੌਮੀ ਨਾਇਕ ਅਤੇ ਚਿੰਤਕ ਵਜੋਂ ਹੁੰਦੀ ਹੈ। ਦੇਖਣ ਅਤੇ ਸਮਝਣ ਵਾਲੀ ਗੱਲ ਇਹ ਹੈ ਕਿ ਭਗਤ ਸਿੰਘ ਵੱਖ ਵੱਖ ਸਮਿਆਂ ’ਤੇ ਵੱਖਰੇ-ਵੱਖਰੇ ਰੂਪ ਵਿਚ ਅਤੇ ਵੱਖਰੀ-ਵੱਖਰੀ ਸਮਝ ਨਾਲ ਸਾਡੇ ਸਾਹਮਣੇ ਆਉਂਦਾ ਹੈ, ਪਰ ਇਹ ਸਾਰੇ ਰੂਪ ਆਪਸ ਵਿਚ ਖਹਿੰਦੇ ਨਹੀਂ, ਇਨ੍ਹਾਂ ਦਾ ਆਪਸ ਵਿਚ ਕੋਈ ਤਕਰਾਰ ਨਹੀਂ ਦਿਸਦਾ, ਨਾ ਉਹ ਆਪ ਇਕ-ਦੂਜੇ ਨੂੰ ਰੱਦ ਕਰਦੇ ਹਨ, ਸਗੋਂ ਉਹ ਇਕ-ਦੂਜੇ ਦੇ ਪੂਰਕ ਹਨ। ਇਨ੍ਹਾਂ ਦੇ ਸੁਮੇਲ ਤੋਂ ਭਗਤ ਸਿੰਘ ਦਾ ਜਿਹੜਾ ਅਕਸ ਉੱਭਰਦਾ ਹੈ, ਉਸ ਨੂੰ ਸਮਝਣ ਲਈ ਸਮੁੱਚਤਾ (ਠੋਟੳਲਟਿੇ) ਵਿਚ ਗੱਲ ਕਰਨੀ ਦਰਕਾਰ ਹੈ। ਦਰਅਸਲ ਇਹ ਰੂਪ ਭਗਤ ਸਿੰਘ ਦੇ ਭੱਥੇ ਵਿਚ ਪਏ ਉਹ ਤੀਰ ਹਨ, ਜਿਨ੍ਹਾਂ ਨੂੰ ਉਹ ਵੱਖ-ਵੱਖ ਮੌਕਿਆਂ ’ਤੇ ਆਪਣੀ ਸਹੂਲਤ ਅਤੇ ਪਹੁੰਚ ਮੁਤਾਬਕ ਵਰਤਦਾ ਹੈ। ਇਹੀ ਗੱਲ ਬਾਬਾ ਬੂਝਾ ਸਿੰਘ ਉੱਤੇ ਢੁੱਕਦੀ ਹੈ। ਜਦ ਵੀ ਕਦੀ ਇਨਕਲਾਬ ਦਾ ਹੋਕਾ ਲਗਦਾ ਹੈ, ਉਹ ਆਪਣੇ ਭੱਥੇ ਵਿਚੋਂ ਲੋੜ ਮੁਤਾਬਕ ਤੀਰ ਕੱਢ ਲੈਂਦਾ ਹੈ ਅਤੇ ਇਨਕਲਾਬ ਲਈ ਪਿੜ ਤਿਆਰ ਕਰਨ ਲੱਗਦਾ ਹੈ। 70ਵਿਆਂ ਵਿਚ ਜਦੋਂ ਇਨਕਲਾਬ ਦਾ ਹੋਕਾ ਲੱਗਿਆ ਤਾਂ ਉਹ ਆਪਣੀ ਜ਼ਿੰਦਗੀ ਦੇ 80 ਭਰਪੂਰ ਵਰ੍ਹੇ ਹੰਢਾ ਚੁੱਕਾ ਸੀ ਅਤੇ ਉਸ ਪੱਕੀ ਉਮਰੇ ਵੀ ਜਿਹੜੇ ਵੀ ਨੌਜਵਾਨ ਨੇ ਇਕ ਵਾਰ ਉਸ ਦਾ ਸਕੂਲ ਲਾ ਲਿਆ, ਉਹ ਰਾਤੋ-ਰਾਤ ਮੋਢੇ ਉੱਤੇ ਸਲੀਬ ਚੁੱਕ ਕੇ ਤੁਰ ਪਿਆ। ਇਹ ਉਸ ਸ਼ਖ਼ਸ ਦੀ ਕਥਾ ਹੈ, ਜਿਹੜਾ ਹਲ਼ ਵਾਹੁਣ ਵੇਲ਼ੇ ਵੀ ਕਦੀ ਬਲ਼ਦ ਦੇ ਪ੍ਰੈਣੀ ਨਹੀਂ ਸੀ ਮਾਰਦਾ। ਇਸ ਸੂਰਤ ਵਿਚ ਹਿੰਸਾ ਦੇ ਅਰਥ, ਉਹ ਨਹੀਂ ਰਹਿੰਦੇ, ਜੋ ਅਕਸਰ ਅਤੇ ਆਮ ਤੌਰ ’ਤੇ ਪ੍ਰਚਾਰੇ-ਪ੍ਰਸਾਰੇ ਜਾਂਦੇ ਹਨ। ਨਾਲੇ ਇਸ ਹਿੰਸਾ ਦੀ ਗੱਲ ਕਰਨ ਵਾਲੇ, ਉਸ ਹਿੰਸਾ ਦੀ ਗੱਲ ਤੋਰਦੇ ਹੀ ਨਹੀਂ, ਜੋ ਬਹੁਤ ਸੂਖਮ ਢੰਗ ਨਾਲ ਲੋਕਾਂ ਉੱਤੇ ਵਰ੍ਹ ਰਹੀ ਹੁੰਦੀ ਹੈ।

ਪੰਜਾਬ ਦਾ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਪਿਆ ਹੈ, ਪਰ ਜਦੋਂ ਬੂਝਾ ਸਿੰਘ ਵਰਗਾ ਬਜ਼ੁਰਗ ਇਹ ਰਸਤਾ ਅਖ਼ਤਿਆਰ ਕਰਦਾ ਹੈ ਤਾਂ ਇਸ ਦੇ ਅਰਥਾਂ ਨੂੰ ਡਾਢੀ ਜ਼ਰਬ ਆ ਜਾਂਦੀ ਹੈ ਅਤੇ ਇਹ ਮਸਲਾ ਵਿਚਾਰਨ ਲਈ ਫ਼ਿਰ ਤੁਹਾਨੂੰ ਪੁਰਾਣੇ ਮੀਟਰ ਲਾਂਭੇ ਰੱਖਣੇ ਪੈਂਦੇ ਹਨ।ਇਸ ਤਰ੍ਹਾਂ ਹੀ ਜ਼ਿੰਦਗੀ ਦੇ ਮੋਕਲੇ ਪਿੜ ਵਿਚ ਵਿਚਰਦੇ, ਅਜਿਹੇ ਨਾਇਕਾਂ ਨਾਲ ਇਨਸਾਫ਼ ਕੀਤਾ ਜਾ ਸਕਦਾ ਹੈ। ਬਾਬਾ ਜਿੱਥੇ ਵੀ ਜਾਂਦਾ ਹੈ, ਆਪਣੀਆਂ ਪੈੜਾਂ ਛੱਡਦਾ ਜਾਂਦਾ ਹੈ। ਉਹ, ਨੇਤਾ ਜੀ ਸੁਭਾਸ਼ ਚੰਦਰ ਬੋਸ ਵਰਗੇ ਚੋਟੀ ਦੇ ਲੀਡਰ ਨੂੰ ਰੂਸੀ ਲੀਡਰਾਂ ਨਾਲ ਗੱਲਬਾਤ ਚਲਾਉਣ ਲਈ ਪ੍ਰੇਰ ਲੈਂਦਾ ਹੈ ਅਤੇ ਉਸ ਨੂੰ ਆਪਣੇ ਨਾਲ ਰੂਸ ਜਾਣ ਲਈ ਰਾਜ਼ੀ ਕਰ ਲੈਂਦਾ ਹੈ। ਇਸੇ ਤਰ੍ਹਾਂ ਵਿਦੇਸ਼ ਵਿਚ ਜਦੋਂ ਗ਼ਦਰੀਆਂ ਦੀ ਯਾਦਗਾਰ (ਦੇਸ਼ ਭਗਤ ਯਾਦਗਾਰ ਹਾਲ) ਲਈ ਫੰਡ ਇਕੱਠਾ ਕਰਨ ਗਏ ਸਾਥੀਆਂ ਨੂੰ ਦਿੱਕਤ ਆਉਂਦੀ ਹੈ ਤਾਂ ਦੇਸ ਤੋਂ ਬੂਝਾ ਸਿੰਘ ਨੂੰ ਹੀ ਉੱਥੇ ਬੁਲਾਇਆ ਜਾਂਦਾ ਹੈ ਅਤੇ ਉਹ ਪੈਸਿਆਂ ਦੇ ਢੇਰ ਲਾ ਦਿੰਦਾ ਹੈ ਕਿਉਂ ਕਿ ਉਸ ਦੀ ਸ਼ਖ਼ਸੀਅਤ ਬਹੁਤ ਹੀ ਮਿਕਨਾਤੀਸੀ ਸੀ। ਇਸ ਦੇ ਨਾਲ ਹੀ ਬਾਬਾ ਉਨ੍ਹਾਂ ਲੋਕਾਂ ਨੂੰ ਵੀ ਸਵਾ ਸੇਰ ਹੋ ਕੇ ਟੱਕਰਦਾ ਹੈ, ਜਿਹੜੇ ਉਸ ਯਾਦਗਾਰ ਨੂੰ ‘ਕਮਿਊਨਿਸਟਾਂ ਤੇ ਕਮਿਊਨਿਜ਼ਮ ਦੀ ਕਬਰ’ ਦੱਸ ਕੇ ਹੁੱਜਤਾਂ ਕਰਦੇ ਹਨ। ਅੰਗਰੇਜ਼ਾਂ ਨੇ ਜਦੋਂ ਉਸ ਨੂੰ ਪਿੰਡ ਵਿਚ ਜੂਹ ਬੰਦ ਕੀਤਾ ਤਾਂ ਉਹ, ਉਸ ਦੀ ਨਿਗਰਾਨੀ ਕਰਨ ਲਈ ਬਿਠਾਏ ਹੋਏ ਸਿਪਾਹੀਆਂ ਨੂੰ ਆਪਣੇ ਵਿਚਾਰਾਂ ਨਾਲ ਪ੍ਰੇਰ ਕੇ, ਰਾਤ ਨੂੰ ਪਿੰਡੋਂ ਨਿਕਲ ਜਾਂਦਾ ਸੀ ਅਤੇ ਰਾਤ ਭਰ ਹੋਰ ਪਿੰਡਾਂ ਵਿਚ ਸਕੂਲਿੰਗ ਕਰਨ ਤੋਂ ਬਾਅਦ, ਦਿਨ ਚੜ੍ਹਨ ਤੋਂ ਪਹਿਲਾਂ ਫਿਰ ਪਿੰਡ ਮੁੜ ਆਉਂਦਾ ਸੀ। ਆਪਣੇ ਵਿਹਾਰ ਨਾਲ ਉਸ ਨੇ ਉਨ੍ਹਾਂ ਸਿਪਾਹੀਆਂ ਦਾ ਦਿਲ ਵੀ ਜਿੱਤ ਲਿਆ ਸੀ।

ਸਿਆਸੀ ਸਮਝ ਬਾਰੇ ਬਾਬੇ ਦੀਆਂ ਦੋ ਗੱਲਾਂ ਬਹੁਤ ਅਹਿਮ ਹਨ ਅਤੇ ਉਚੇਚਾ ਧਿਆਨ ਮੰਗਦੀਆਂ ਹਨ। ਇਨ੍ਹਾਂ ਦੋਹਾਂ ਦਾ ਬਾਅਦ ਦੀ ਸੰਸਾਰ ਸਿਆਸਤ ਉੱਤੇ ਡਾਢਾ ਅਸਰ ਪਿਆ। ਪਹਿਲੀ, ਰੂਸ ਅਤੇ ਚੀਨ ਬਾਰੇ ਸਮਝ ਸੀ। ਉਸ ਮੁਤਾਬਕ ਭਾਰਤੀ ਕਮਿਊਨਿਸਟਾਂ ਨੂੰ ,ਰੂਸ-ਚੀਨ ਕੈਂਪ ਦੇ ਹੇਠਾਂ ਲੱਗਣ ਦੀ ਥਾਂ ਬਰਾਬਰੀ ਦੇ ਆਧਾਰ ’ਤੇ ਜਮਹੂਰੀ ਇਨਕਲਾਬੀ ਫਰੰਟ ਬਣਾਉਣ ’ਤੇ ਜ਼ੋਰ ਦੇਣਾ ਚਾਹੀਦਾ ਹੈ। ਇਹ, ਅਸਲ ਵਿਚ ਪਿਛਲੱਗੂਪੁਣੇ ਨੂੰ ਸਦਾ ਸਦਾ ਲਈ ਅਲਵਿਦਾ ਆਖਣ ਦਾ ਹੋਕਾ ਸੀ। ਦੂਜੀ ਗੱਲ ਇਹ ਸੀ ਕਿ ਬਾਬਾ ਬੂਝਾ ਸਿੰਘ ਨੇ ਸੋਵੀਅਤ ਸੰਘ ਟੁੱਟਣ ਬਾਰੇ ਪੇਸ਼ੀਨਗੋਈ 1956 ਵਿਚ ਹੀ ਕਰ ਦਿੱਤੀ ਸੀ। ਉਦੋਂ ਲੰਡਨ ਵਿਚ ਕਮਿਊਨਿਸਟ ਇੰਟਰਨੈਸ਼ਨਲ ਦੀ 20ਵੀਂ ਕਾਂਗਰਸ ਦੌਰਾਨ ਪੇਸ਼ ਕੀਤੀ ਗਈ, ਰਜਨੀ ਪਾਮਦੱਤ ਦੀ ਰਿਪੋਰਟ ਬਾਰੇ ਚਰਚਾ ਕਰਦਿਆਂ ਉਸ ਨੇ ਕਿਹਾ ਸੀ,“ਨਵੀਂ ਲਾਈਨ ਨਾਲ ਸੋਵੀਅਤ ਸੰਘ ਸਮਾਜਵਾਦੀ ਦੇਸ਼ ਨਹੀਂ ਰਿਹਾ। ਸਮਾਜਵਾਦ ਦੇ ਮਾਡਲ ਦੇ ਤੌਰ ’ਤੇ ਦੁਨੀਆਂ ਭਰ ਵਿਚ ਜਾਣਿਆ ਜਾਂਦਾ ਸੋਵੀਅਤ ਸੰਘ, ਆਉਣ ਵਾਲੇ ਸਮੇਂ ਵਿਚ ਢਹਿ ਢੇਰੀ ਹੋ ਜਾਵੇਗਾ।”

ਬੂਝਾ ਸਿੰਘ ਦਾ ਸਾਰਾ ਜੀਵਨ ਘਟਨਾਵਾਂ ਭਰਪੂਰ ਸੀ। ਸਾਧਾਰਨ ਕਿਸਾਨ ਟੱਬਰ ਵਿਚ ਜੰਮਿਆ-ਪਲਿਆ ਬੂਝਾ ਸਿੰਘ ਛੇਤੀ ਹੀ ਬਾਪੂ-ਬੇਬੇ ਨੂੰ ਨਿਕੰਮਾ ਦਿਸਣ ਲੱਗ ਪੈਂਦਾ ਹੈ। ਉਸ ਨੂੰ ਲੀਹੇ ਪਾਉਣ ਲਈ ਉਸ ਨੂੰ ਪਿੰਡ ਦੇ ਇਕ ਡੇਰੇ ਭੇਜਿਆ ਜਾਂਦਾ ਹੈ। ਡੇਰੇ ਜਾ ਕੇ ਉਹ ਡੇਰੇ ਜੋਗਾ ਹੀ ਹੋ ਜਾਂਦਾ ਹੈ, ਉਸ ਦੇ ਪ੍ਰਵਚਨ ਕਰਨ ਵੇਲੇ ਪਰਿੰਦੇ ਹੀ ਪਰ ਮਾਰਨੋਂ ਨਹੀਂ ਹਟ ਜਾਂਦੇ ਸਨ, ਪੱਤੇ ਵੀ ਹਿਲਣੋਂ ਹਟ ਜਾਂਦੇ ਹਨ। ਲੋਕਾਂ ਨੂੰ ਇਕਾਗਰ ਕਰ ਕੇ ਉਹ ਇਸ ਤਰ੍ਹਾਂ ਬੰਨ੍ਹ-ਬਹਾਉਂਦਾ ਹੈ ਕਿ ਉਸ ਦੇ ਪਿੰਡ ਦੇ ਇਕ ਗ਼ਦਰੀ ਨੂੰ ਜਾਪਦਾ ਹੈ ਕਿ ਲੋਕਾਂ ਨੂੰ ਇੰਨਾ ਬੰਨ੍ਹਣ ਵਾਲਾ ਇਹ ਬੰਦਾ ਤਾਂ ਗ਼ਦਰੀਆਂ ਦੇ ਕੰਮ ਦਾ ਹੈ। ਫ਼ਿਰ ਹੋਰ ਗ਼ਦਰੀਆਂ ਵਾਂਗ ਉਹ ਵੀ ਟੱਬਰ ਖ਼ਾਤਰ, ਕਮਾਈ ਕਰਨ ਪਰਦੇਸੀ ਹੁੰਦਾ ਹੈ। ਜਦੋਂ ਘਰ ਪਰਤਦਾ ਹੈ ਤਾਂ ਘਰਦਿਆਂ ਦੀ ਆਸ ਦੇ ਉਲਟ ਉਹਦੇ ਪੱਲੇ ਵਿਚੋਂ ਅਮਰੀਕੀ ਡਾਲਰਾਂ ਦੀ ਥਾਂ, ਇਨਕਲਾਬ ਦੀਆਂ ਚੰਗਿਆੜੀਆਂ ਨਿੱਕਲਦੀਆਂ ਹਨ। ਉਹ ਤਾਂ ਆਪਣੇ ਟੱਬਰ ਦੀ ਥਾਂ, ਕੁੱਲ ਜਹਾਨ ਦੇ ਗ਼ਰੀਬਾਂ ਦੀ ਕਬੀਲਦਾਰੀ ਨਜਿੱਠਣ ਤੁਰ ਪਿਆ ਸੀ। ਕੋਈ ਇਸ ਨੂੰ ਆਪਣੇ ਟੱਬਰ ਤੋਂ ਮੂੰਹ ਮੋੜਨਾ ਵੀ ਕਹਿ ਸਕਦਾ ਹੈ, ਉਸ ਉੱਤੇ ਮਾੜਾ ਪਤੀ, ਮਾੜਾ ਪਿਓ, ਮਾੜਾ ਭਰਾ ਹੋਣ ਦੇ ਇਲਜ਼ਾਮ ਵੀ ਲਾ ਸਕਦਾ ਹੈ, ਪਰ ਕੀ ਬੂਝਾ ਸਿੰਘ ਦੀਆਂ ਸਰਗਰਮੀਆਂ ਦੇ ਮੱਦੇਨਜ਼ਰ ਅਜਿਹੀਆਂ ਗੱਲਾਂ ਗ਼ੈਰ-ਦਿਆਨਤਦਾਰੀ ਵਾਲੀਆਂ ਨਹੀਂ? ਕਿਸੇ ਇਨਕਲਾਬੀ ਨਾਲ ਇਉਂ ਇਨਸਾਫ਼ ਕੀਤਾ ਜਾ ਸਕਦਾ ਹੈ? ਬਾਬੇ ਦੇ ਘਰੋਂ ਜਾਣ ਤੋਂ ਬਾਅਦ ਉਹਦੀ ਪਤਨੀ ਧੰਤੀ ਹੀ ਘਰ ਸਾਂਭਦੀ ਹੈ, ਆਪਣੇ ਦਿਓਰਾਂ, ਨਣਦਾਂ ਤੇ ਧੀਆਂ ਦੇ ਵਿਆਹ ਕਰਦੀ ਹੈ। ਬਾਬਾ ਬੂਝਾ ਸਿੰਘ ਅਤੇ ਉਸ ਦੇ ਪਰਿਵਾਰ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ ਜਾ ਸਕਦਾ।

ਮੁੱਢਲੀ ਜੀਵਨ ਸਰਗਰਮੀ ‘ਸਾਧਾਂ ਦੇ ਡੇਰੇ’ ਤੋਂ ਲੈ ਕੇ ‘ਨਕਸਲਬਾੜੀ ਲਹਿਰ’ ਤੱਕ ਦਾ ਸਫ਼ਰ ਬਾਬਾ ਬੂਝਾ ਸਿੰਘ ਦਾ ਜੀਵਨ ਸਫ਼ਰ ਹੀ ਨਹੀਂ, ਸਗੋਂ ਪੰਜਾਬ ਦੀ ਕਮਿਊਨਿਸਟ ਲਹਿਰ ਦੀ ਸਾਰਥਕ ਝਾਕੀ ਹੋ ਨਿਬੜਦਾ ਹੈ। ਗ਼ਦਰ ਲਹਿਰ, ਕਿਰਤੀ ਲਹਿਰ, ਪੈਪਸੂ ਮੁਜਾਰਾ ਲਹਿਰ, ਲਾਲ ਪਾਰਟੀ, ਕਮਿਊਨਿਸਟ ਪਾਰਟੀ ਵਿਚ ਬਾਬਾ ਪੂਰੀ ਜ਼ਿੰਮੇਵਾਰੀ, ਦਿਆਨਤਦਾਰੀ ਅਤੇ ਇਮਾਨਦਾਰੀ ਨਾਲ ਕੁੱਦਦਾ ਹੈ। ਇਉਂ ਬਾਬੇ ਦਾ ਵਾਸਤਾ, ਸਮੇਂ ਦੀਆਂ ਉਨ੍ਹਾਂ ਲਹਿਰਾਂ ਨਾਲ ਰਿਹਾ, ਜਿਹੜੀਆਂ ਸੱਤਾ ਨੂੰ ਵੰਗਾਰ ਰਹੀਆਂ ਸਨ।ਦਰਅਸਲ ਬਾਬੇ ਦਾ ਮੁੱਖ ਏਜੰਡਾ ਹਰ ਵਕਤ ਇਨਕਲਾਬ ਹੀ ਰਿਹਾ ਅਤੇ ਇਸੇ ਮੁਤਾਬਕ ਉਸ ਦੀ ਹਰ ਸਰਗਰਮੀ ਚੱਲਦੀ ਸੀ।

‘ਬਾਬਾ ਇਨਕਲਾਬ ਸਿੰਘ’ ਸਿਰਲੇਖ ਵਾਲੀ ਇਹ ਫ਼ਿਲਮ ਜਿਸ ਦੇ ਲੇਖਕ ਤੇ ਨਿਰਦੇਸ਼ਕ ਪੱਤਰਕਾਰ-ਫ਼ਿਲਮਸਾਜ਼ ਬਖ਼ਸ਼ਿੰਦਰ ਹਨ, ਆਉਣ ਵਾਲੀਆਂ ਪੀੜ੍ਹੀਆਂ ਨੂੰ ਉਂਗਲ ਲਾ ਕੇ ਤੋਰੇਗੀ। ਇਸ ਫ਼ਿਲਮ ਦੀ ਪਟਕਥਾ ਪੜ੍ਹ-ਸੁਣ ਕੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬਾਬੇ ਨਾਲ ਮੇਲਾ ਹੋ ਗਿਆ ਹੈ ਜਾਂ ਤੁਸੀਂ ਬਾਬੇ ਦਾ ਸਕੂਲ ਲਾ ਲਿਆ ਹੈ ਜਾਂ ਕੁੱਝ ਸਮਾਂ ਬਾਬੇ ਨਾਲ ਸਫ਼ਰ ਕਰ ਲਿਆ ਹੈ। ਬਾਬੇ ਦਾ ਸਕੂਲ ਲਾ ਕੇ ਇਸ ਬਿਖੜੇ ਪੈਂਡੇ ਉੱਤੇ ਚੱਲਣ ਵਾਲਾ ਕਿਰਪਾਲ ਸਿੰਘ ਬੀਰ, ਬਾਬੇ ਬਾਰੇ ਬਹੁਤ ਹੁੱਬ ਕੇ ਗੱਲਾਂ ਕਰਦਾ ਹੈ। ਅਖੇ, ਸਕੂਲ ਲਾਉਣ ਤੋਂ ਬਾਅਦ ਬਾਬਾ ਟੈਸਟ ਵੀ ਲੈਂਦਾ ਸੀ। ਆਪ ਲਾਏ ਸਕੂਲ ਦਾ ਜ਼ਿਕਰ ਕਰਦਿਆਂ ਬੀਰ ਦੱਸਦਾ ਹੈ-ਪੰਜ ਜਣਿਆਂ ਦਾ ਲਿਖਤੀ ਟੈਸਟ ਹੋਇਆ ਜਿਸ ਵਿਚੋਂ ਦੋ ਪਾਸ ਹੋਏ ਤੇ ਤਿੰਨ ਫੇਲ੍ਹ। ਪਾਸ ਹੋਣ ਵਾਲੇ ਦੋਵੇਂ ਜਣੇ ਆਖ਼ਰ ਤੱਕ ਇਨਕਲਾਬੀ ਘੋਲ਼ਾਂ ਵਿਚੋਂ ਵੀ ਲਗਾਤਾਰ ਪਾਸ ਹੁੰਦੇ ਰਹੇ।

ਇਹ ਫ਼ਿਲਮ ਅਸਲ ਵਿਚ ਬਾਬੇ ਦੇ ਸਿਰੜ ਦੀ ਕਹਾਣੀ ਹੈ। ਜਦੋਂ ਬਾਬੇ ਦਾ ਪੁਲੀਸ ਮੁਕਾਬਲਾ ਬਣਾਇਆ ਗਿਆ ਤਾਂ ਉਸ ਦੀ ਉਮਰ ਬਿਆਸੀਆਂ ਨੂੰ ਢੁੱਕ ਚੁੱਕੀ ਸੀ। ਉਸ ਦਾ ਸਰੀਰ ਅੱਗੇ ਨੂੰ ਰਤਾ ਕੁ ਲਿਫ ਗਿਆ ਸੀ ਤੇ ਨਜ਼ਰ ਕਮਜ਼ੋਰ ਹੋ ਗਈ ਸੀ। ਇਕ ਤੋਂ ਦੂਜੀ ਥਾਂ ਜਾਣ ਲਈ ਉਸ ਨੂੰ ਕਿਸੇ ਨਾ ਕਿਸੇ ਸਾਥੀ ਦਾ ਸਹਾਰਾ ਲੋੜੀਦਾ ਸੀ। ਫ਼ਿਰ ਵੀ ਵੇਲੇ ਦੀ ਸਰਕਾਰ ਨੂੰ ਬਾਬੇ ਤੋਂ ਖ਼ਤਰਾ ਸੀ। ਦਰਸ਼ਨ ਸਿੰਘ ਖਟਕੜ ਨੂੰ ਦੁੱਖ ਹੈ ਤੇ ਉਹ ਕਹਿੰਦਾ ਹੈ ਕਿ ਸਰਕਾਰ ਬਾਬੇ ਨੂੰ ਨਜ਼ਰਬੰਦ ਕਰ ਸਕਦੀ ਸੀ, ਝੂਠੇ ਮੁਕੱਦਮੇ ਬਣਾ ਕੇ ਜੇਲ੍ਹ ਅੰਦਰ ਡੱਕ ਸਕਦੀ ਸੀ, ਪਰ ਜਿਵੇਂ ਨਹਿਰੂ ਦੀ ਜੇਲ੍ਹ ਵਿਚੋਂ ਕੁੱਬੇ ਹੋ ਕੇ ਆਏ ਬਾਬਾ ਸੋਹਣ ਸਿੰਘ ਭਕਨਾ ਨੇ ਕਿਹਾ ਸੀ ਕਿ ਅੰਗਰੇਜ਼ ਤਾਂ ਉਨ੍ਹਾਂ ਨੂੰ ਸਾਰੀ ਉਮਰ ਝੁਕਾਅ ਨਾ ਸਕੇ, ‘ਆਪਣੀ’ ਸਰਕਾਰ ਨੇ ਝੁਕਾਅ (ਕੁੱਬੇ ਕਰ) ਦਿੱਤਾ। ਉਵੇਂ ਹੀ ਬਾਬੇ ਦਾ ਪ੍ਰਸੰਗ ਹੈ। ਬਾਬੇ ਨੂੰ ਇਸ ਹੋਣੀ ਬਾਰੇ ਪੂਰਾ ਇਲਮ ਸੀ। ਉਸ ਨੂੰ ਪਤਾ ਸੀ, ਉਹ ਕੀ ਕਰ ਰਿਹਾ ਹੈ ਅਤੇ ਉਸ ਨੂੰ ਇਸ ਦੀ ਕੀ ਕੀਮਤ ਤਾਰਨੀ ਪੈਣੀ ਹੈ। ਇਸੇ ਲਈ ਜਦੋਂ ਸਰਕਾਰ ਵੱਲੋਂ ਉਸ ਨੂੰ ਮਾਰਨ ਦਾ ਫ਼ੈਸਲਾ ਕਰ ਲੈਣ ਦੀ ਸੂਹ ਮਿਲਦੀ ਹੈ ਤਾਂ ਸਾਥੀਆਂ ਵੱਲੋਂ ਉਸ ਨੂੰ ਉਹ ਇਲਾਕਾ ਛੱਡ ਕੇ ਇਧਰ-ੳੁੱਧਰ ਹੋ ਜਾਣ ਲਈ ਦਿੱਤੀ ਹੋਈ ਸਲਾਹ ਰੱਦ ਕਰਦਿਆਂ ਉਹਨੇ ਕਿਹਾ ਕਿ ਜਿਨ੍ਹਾਂ ਮੁੰਡਿਆਂ ਨੂੰ ਉਹ ਇਨਕਲਾਬ ਲਈ ਤਿਆਰ ਕਰ ਗਿਆ ਹੈ, ਉਨ੍ਹਾਂ ਨੂੰ ਏਦਾਂ ਮੈਦਾਨ ਵਿਚ ਛੱਡ ਕੇ ਨਹੀਂ ਜਾਵੇਗਾ। ਉਹ ਕੀ ਸੋਚਣਗੇ ਕਿ ਭੀੜ ਪਈ ਤਾਂ ਲਾਂਭੇ ਹੋ ਗਿਆ।…ਸਾਬਤ ਕਦਮੀਂ ਤੁਰਨ ਦਾ ਇਹ ਜਲੌਅ ਬਾਬਾ ਬੂਝਾ ਸਿੰਘ ਦੇ ਹਿੱਸੇ ਆਇਆ ਹੈ ਅਤੇ ਇਹ ਕੁਰਬਾਨੀ ਇਨਕਲਾਬਪਸੰਦਾਂ ਨੂੰ ਪ੍ਰੇਰਦੀ ਰਹੇਗੀ। ਬਖ਼ਸ਼ਿੰਦਰ ਦੀ ਇਹ ਫ਼ਿਲਮ ‘ਬਾਬਾ ਇਨਕਲਾਬ ਸਿੰਘ’ ਇਸ ਪ੍ਰੇਰਨਾ ਨੂੰ ਨਵੀਂ ਪੀੜ੍ਹੀ ਤੱਕ ਅਪੜਾਉਣ ਦਾ ਜ਼ਰੀਆ ਬਣੇਗੀ।

-ਜਸਵੀਰ ਸਮਰ
ਲੇਖਕ ਸੀਨੀਅਰ ਪੱਤਰਕਾਰ ਹਨ।

Saturday, July 24, 2010

ਹੜ੍ਹਾਂ ‘ਤੇ ਸਿਆਸਤ ਅਤੇ ਡੇਰਾਵਾਦ ਭਾਰੂ

ਮੀਂਹ ਨਹੀਂ ਪੈਂਦਾ...ਕਈ ਥਾਂਈ ਲੋਕਾਂ ਵਲੋਂ ਅਰਦਾਸਾਂ....ਫਲਾਣੇ ਥਾਂ ਗੁੱਡੀ ਫੂਕੀ....ਪੰਜਾਬ ‘ਚ ਭਰਵੇਂ ਮੀਂਹ ਨਾਲ ਪਾਣੀ ਦਾ ਪੱਧਰ ੳੁੱਚਾ ਹੋਣ ਦੀ ਸੰਭਾਵਨਾ…..ਆਦਿ ਸਭ ਅਖ਼ਬਾਰਾਂ ਦੀਆਂ ਕਈ ਸੁਰਖ਼ੀਆਂ ਸਨ, ਜਦ 29 ਮਈ ਤੱਕ ਮੌਨਸੂਨ ਪੰਜਾਬ ਨਹੀਂ ਪਹੁੰਚਿਆ ਸੀ।ਮੌਨਸੂਨ ਦੇ ਪਹਿਲੇ ਤੇ ਦੂਜੇ ਮੀਂਹ ਨੇ ਪੂਰੇ ਪੰਜਾਬ ‘ਚ ਹੜਾਂ ਦੀ ਸਥਿਤੀ ਪੈਦਾ ਕਰ ਗਈ,ਜਿਸ ਨਾਲ ਨਜਿੱਠਣ ਲਈ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਆਮ ਲੋਕ ਤਿਆਰ ਸਨ।ਹਾਲਾਤ ਬਦਤਰ ਹੋਣ ਦੀ ਸ਼ੁਰੂਆਤ ਹੋਈ ਨੀਮ ਪਹਾੜੀ ਇਲਾਕਿਆਂ ਤੋਂ ਮੈਦਾਨੀ ਇਲਾਕਿਆਂ ਵੱਲ ਵਹਿੰਦੇ ਚੋਆਂ ‘ਚ ਵਧੇਰੇ ਪਾਣੀ ਆਉਣ ਨਾਲ ਸਮਰਾਲਾ ਤੋਂ।ਪੰਜਾਬ ਦੇ ਆਖਰੀ ਸ਼ਹਿਰ ਸਰਦੂਲਗੜ ਤੱਕ ਮਾਲਵੇ ਦੀ ਨਾਲੀ ਯਾਨਿ ਘੱਗਰ ਨਦੀ ਦੀ ਬਦੌਲਤ ਪੰਜਾਬ ਅਤੇ ਹਰਿਆਣਾ ‘ਚ ਨੁਕਸਾਨ ਇੰਨਾ ਹੋ ਗਿਆ ਕਿ ਪਹਿਲਾਂ ਹੀ ਤੰਗੀ ਤੁਰਸ਼ੀ ਭਰਪੂਰ ਜ਼ਿੰਦਗੀ ਕੱਟ ਰਹੀ ਛੋਟੀ ਕਿਸਾਨੀ ਦੀਆਂ ਖ਼ੁਦਕੁਸ਼ੀਆਂ ‘ਚ ਸ਼ਇਦ ਹੋਰ ਵਾਧਾ ਕਰ ਦੇਵੇ।ਭਾਵੇਂ ਕਿ ਕਈ ਇਹ ਵੀ ਸੋਚ ਰਹੇ ਹਨ ਕਿ ਚਲੋ ਸਾਲਾਂ ਵੱਧੀ ਲਗਾਤਾਰ ਡਿੱਗ ਰਿਹਾ ਜ਼ਮੀਨੀ ਪਾਣੀ ਦਾ ਪੱਧਰ ਉੱਚਾ ਆਉਣ ਨਾਲ ਕਿਸਾਨਾਂ ਦਾ ਫਾਇਦਾ ਹੋਵੇਗਾ,ਪਰ ਸ਼ਾਇਦ ਨੁਕਸਾਨ ਏਨਾ ਹੋ ਗਿਆ ਕਿ ਨੁਕਸਾਨ ਦਾ ਅੰਦਾਜ਼ਾ ਲਗਾਉਣ ਵਾਲੀਆਂ ਸਰਕਾਰੀ ਗਰਦਾਵਰੀਆਂ ਹਮੇਸ਼ਾਂ ਦੀ ਤਰਾਂ ਖਾਨਾਪੂਰਤੀ ਤੱਕ ਹੀ ਨਾ ਰਹਿ ਜਾਣ, ਜਿਵੇਂ 30 ਹਜ਼ਾਰ ਦੀ ਫਸਲ ਦਾ ਮੁਆਵਜ਼ਾ ਸਿਰਫ 4-5 ਹਜ਼ਾਰ ਹੋ ਸਕਦਾ ਹੈ।

ਜਿੱਥੇ ਦੋਵੇਂ ਰਾਜਾਂ ਦੀਆਂ ਸਰਕਾਰਾਂ ਇਕ ਦੂਜੇ ਸਿਰ
ਦੋਸ਼ ਮੜ ਰਹੀਆਂ ਹਨ,ਉਥੇ ਦੋਵੇਂ ਰਾਜਾਂ ਦੀ ਅਫਸਰਸ਼ਾਹੀ ਬੀਤੇ ਵਰਿਆਂ ‘ਚ ਹੜ ਰੋਕਣ ਲਈ ਚੁਕੇ ਕਦਮਾਂ ਦੀਆਂ ਕਰੋੜਾਂ ਦੀਆਂ ਰਕਮਾਂ ਹੜਾਂ ਨਾਲ ਅਸਾਨੀ ਖੁਰਦ-ਬੁਰਦ ਕਰਨ ‘ਚ ਮਿਲੀ ਸਹਾਇਤਾ ਨਾਲਾ ਬਹੁਤ ਖੁਸ਼ ਹੈ। ਇਕੱਲੀ ਘੱਗਰ ਨਦੀ, ਜੋ ਪੰਜਾਬ ਦੀ ਇਕੱਲੀ ਬਰਸਾਤੀ ਨਦੀ ਹੈ ਅਤੇ ਬਿਨਾਂ ਹੜਾਂ ਦੇ ਸਮੇਂ ਸਨੱਅਤੀ ਪ੍ਰਦੂਸ਼ਣ ਨਾਲ ਭਰਪੂਰ ਪਾਣੀ ਨਾਲ ਇਕ ਛੋਟੇ ਨਾਲੇ ਦੇ ਰੂਪ ‘ਚ ਵਗਦੀ ਹੈ, ਉੱਤੇ ਹੜ ਕੰਟਰੋਲ ਲਈ ਹਰ ਸਾਲ 100-200 ਕਰੋੜ ਖਾਧੇ ਜਾਂਦੇ ਹਨ, ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। 30 ਸਾਲ ਪਹਿਲਾਂ ਘੱਗਰ ਨਦੀ ‘ਚ ਹੜ ਆਉਣ ਵੇਲੇ ਸਰਦੂਲਗੜ ਪਿੰਡ, ਜੋ ਹੁਣ ਤਹਿਸੀਲ ਬਣ ਗਿਆ ਹੈ, ਉਸ ਦੀ ਵਾਗਡੋਰ ਸਰਬਸੰਮਤੀ ਨਾਲ ਸਰਪੰਚ ਬਣੇ ਘਾਂਬੜ ਸਰਪੰਚ ਦੇ ਮੋਢੇ ਤੇ ਸੀ। ਸਾਬਕਾ ਸਰਪੰਚ ਸਾਹਿਬ ਦੇ ਘਰ ਉਸ ਸਮੇਂ ਧੀ ਪੈਦਾ ਹੋਣ ਦਾ ਸੁਨੇਹਾ ਵੀ ਉਹਨਾਂ ਨੂੰ ਬੰਨ੍ਹ ‘ਤੇ ਖੜਿਆ ਨੂੰ ਮਿਲਿਆ ਸੀ।ਪਿੰਡ ਦੇ ਲੋਕਾਂ ਨੇ ਕਿਵੇਂ ਸਾਂਝੇ ਉਦਮ ਨਾਲ ਉਸ ਸਮੇਂ ਦਾ ਟਾਕਰਾ ਕੀਤਾ,ਇਹ ਦੱਸਦੇ ਹੋਏ ਸਾਬਕਾ ਸਰਪੰਚ ਅਤੇ ਮਾਰਕਸਵਾਦੀ ਲਹਿਰ ਦੇ ਇਸ ਲੀਡਰ ਦੀਆਂ ਅੱਖਾਂ ਚਮਕ ਪੈਦੀਆਂ ਹਨ।ਸਰਪੰਚ ਸਾਹਿਬ ਮੁਤਾਬਿਕ ਪਹਿਲਾਂ ਭਾਵੇਂ ਬਿਜਲਈ ਮੀਡੀਆ ਨਹੀਂ ਸੀ ਪਰ ਪਿੰਡ ਵਾਸੀ ਮੀਹਾਂ ਦਾ ਪਤਾ ਲੱਗਣ ‘ਤੇ ਹੀ ਸਰਦੂਲਗੜ ਦੇ ਨੇੜੇ ਸਰਦੂਲੇਵਾਲਾ, ਸਾਧੂਵਾਲਾ ਅਤੇ ਪਾਰ ਦਾ ਬੰਨ੍ਹ (ਭੂੰਦੜ ਪਿੰਡ ਵਾਲੇ ਪਾਸੇ) ਸਾਰੇ ਬੰਨ੍ਹ ਮਜ਼ਬੂਤ ਕਰਨ ਲਈ ਕਈ ਦਿਨ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੇ ਸਨ ਅਤੇ ਇਸ ਲਈ ਅਕਾਲੀ-ਕਾਂਗਰਸ ਦੀ ਸੌੜੀ ਸਿਆਸਤ ਕੋਈ ਅੜਚਣ ਨਹੀਂ ਪਾਉਦੀ ਸੀ।

ਘੱਗਰ ਦੇ ਕਿਨਾਰੇ ਵਾਰ ਵਾਰ ਟਰੈਕਟਰ ਆਦਿ ਦੇ ਲੰਘਣ ਨਾਲ ਕਾਫੀ ਮਜ਼ਬੂਤ ਹੋ ਜਾਂਦੇ ਸਨ ਅਤੇ ਚੂਹਿਆਂ ਵਗੈਰਾ ਦੀਆਂ ਖੱਡਾਂ ਦੱਬੀਆ ਜਾਂਦੀਆ ਸਨ (ਇਸ ਬਾਰ ਬੰਨ੍ਹਾਂ ਦੇ ਟੁੱਟਣ ਦਾ ਮੁੱਖ ਕਾਰਨ ਹੀ ਇਹੀ ਰਿਹਾ ਹੈ)। ਲੋਕ ਪਾਣੀ ‘ਚ ਘਿਰੇ ਲੋਕਾਂ ਦੀ ਮੱਦਦ ਸਿਆਸਤ ‘ਚ ਉਨ੍ਹਾਂ ਦੀ ਭੂਮਿਕਾ ਬਾਰੇ ਸੋਚ ਕੇ ਨਹੀਂ ਕਰਦੇ ਸਨ। ਐਮ.ਐਲ.ਏ ਅਤੇ ਐਮ.ਪੀ ਇਕੱਲੇ ਦੌਰੇ ਕਰਨ ਦੀ ਥਾਂ ਆਮ ਲੋਕਾਂ ਨਾਲ ਹੜ੍ਹ ਨਾਲ ਨਜਿੱਠਣ ‘ਤੇ ਵਿਚਾਰ ਕਰਦੇ ਸਨ ਅਤੇ ਇਸ ਵਾਰ ਦੀ ਤਰਾਂ ਕੰਨ੍ਹ ਬੰਦ ਨਹੀਂ ਮਿਲਦੇ ਸਨ। ਜਿੱਥੇ ਲੋਕ ਪਹਿਲਾਂ ਨਦੀ ਵਿਚ ਪਾਣੀ ਆਉਣ ਦੀਆਂ ਖੁਸ਼ੀਆਂ ਮਨਾ ਰਹੇ ਸਨ, ਉਹਨਾਂ ਦਾ ਹੜਾਂ ਦੇ ਖ਼ਦਸ਼ੇ ਪ੍ਰਤੀ ਅਵੇਸਲਾ ਹੋਣਾ ਹੀ ਇਸ ਇਲਾਕੇ ਵਿਚ ਵਧੇਰੇ ਨੁਕਸਾਨ ਦਾ ਕਾਰਨ ਬਣਿਆ।

ਖੈਰ੍ਹਾ ਰੋਡ ਉੱਪਰ ਇਕ ਡਿੱਗ ਰਹੇ ਘਰ ਨੂੰ ਕਵਰ ਕਰਨ ਦੀ ਇੱਛਾ ਨਾਲ ਅਸੀਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਹਰਦੀਪ ਜਟਾਣਾ ਨਾਲ ਇਸ ਇਲਾਕੇ ‘ਚ ਪਹੁੰਚੇ, ਤਾਂ ਇਕ ਘਰ ਦੇ ਨਾਲ ਡੇਰਾ ਸੱਚਾ ਸੌਦਾ ਸਰਸਾ ਦੀਆਂ ਭੂਰੇ ਰੰਗ ਦੀਆਂ ਵਰਦੀਆਂ ਪਾਈ ਕੁੱਝ ਜਰਵਾਣੇ ਨੌਜਵਾਨ ਇਕ ਘਰ ਦੇ ਆਲੇ ਦੁਆਲੇ ਬੰਨ੍ਹ ਮਾਰ ਰਹੇ ਸਨ। ਸਾਡੇ ਸਾਰੇ ਬੰਦਿਆਂ ਨੇ ਉਹਨਾਂ ਦੀ ਇਸ ਪਹਿਲ ਨੂੰ ਚੰਗਾ ਸਮਾਜਿਕ ਉਦਮ ਕਰਾਰ ਦਿੱਤਾ ਪਰ ਕੁਝ ਦੇਰ ਬਾਅਦ ਹੀ ਆਲੇ ਦੁਆਲੇ ਤੋਂ ਪਤਾ ਲੱਗਾ ਕਿ ਸਮਾਜ ਸੇਵਾ ਸਿਰਫ ਆਪਣੇ ਡੇਰੇ ਦੇ ਪ੍ਰੇਮੀਆਂ ਤੱਕ ਹੀ ਸੀਮਤ ਹੈ। ਇਹ ਕਾਫੀ ਭੈੜਾ ਲੱਗਣ ਕਾਰਨ, ਅਸੀਂ ਇਸ ਦੀ ਘੋਖ ਕਰਨ ਦੀ ਕੋਸ਼ਿਸ਼ ਕੀਤੀ ਕਿੳਂੁਕਿ ਡੇਰੇ ਵਲੋਂ ਸਾਰੇ ਧਰਮਾਂ ਦੇ ਨਿਸ਼ਾਨ ਧਾਰਨ ਕੀਤੇ ਹੋਣ ਕਰਕੇ ਇਹ ਇਹਨਾਂ ਭਾਵਾਨਾਵਾਂ ਤੋਂ ੳੱਪਰ ੳੱਠਣ ਦਾ ਦਾਅਵਾ ਕਰਦੇ ਹਨ, ਅਜਿਹੇ ਫਲਸਫੇ ਦੇ ਧਾਰਨੀ ਇੰਝ ਸਮਾਜਿਕ ਵਿਤਕਰਾ ਕਰਨ ਇਹ ਮੈਨੂੰ ਹਜਮ ਨਹੀਂ ਹੋ ਰਿਹਾ ਸੀ। ਪਰ ਪਿੰਡ ਦੇ ਕੁੱਝ ਬਜ਼ੁਰਗਾਂ ਨੇ ਇਹਨਾਂ ਵਲੋਂ ਕਾਹਨੇਵਾਲਾ ਅਤੇ ਅਕਾਲੀ ਲੀਡਰ ਭੂੰਦੜ ਸਾਹਿਬ ਦੇ ਪਿੰਡਾਂ ਵਾਲ ਟੁੱਟੇ ਬੰਨ੍ਹ ਨੂੰ ਰੋਕਣ ਦੀਆਂ ਇਸ ਅਦਾਰੇ ਦੇ ਭੰਗੀਦਾਸਾਂ ਵਲੋਂ ਕੀਤੀਆ ਜਾਣ ਵਾਲੀਆਂ ਕੋਸ਼ਿਸ਼ਾ ਨੂੰ ਵੀ ਆਪਣੇ ਮਤਲਬ ਤੋਂ ਪ੍ਰੇਰਿਤ ਦੱਸਿਆ। ਉਹਨਾਂ ਮੁਤਾਬਿਕ ਕਾਹਨੇਵਾਲਾ ‘ਚ ਡੇਰਾ ਪ੍ਰੇਮੀਆਂ ਦੀ ਵਸੋਂ ਜ਼ਿਆਦਾ ਹੈ ਤਾਂ ਹੀ ਉਹ ਟੁੱਟੇ ਬੰਨ੍ਹ ਨੂੰ ਠੀਕ ਕਰਨ ‘ਚ ਅੱਗੇ ਹਨ, ਜਦ ਕਿ ਸਾਧੂਵਾਲ ਪਿੰਡ ਵਾਲੇ ਪਾਸੇ ਕੋਈ ਨਹੀਂ ਆਇਆ। ਖੈਰ੍ਹਾ ਰੋਡ ‘ਤੇ ਹੀ ਆਰਜੀ ਟੈਂਟਾਂ ‘ਚ ਬੈਠੇ ਲੋਕਾਂ ਨੇ ਵੀ ਇਹੋ ਕਿਹਾ ਕਿ ਲੰਗਰ ਗੁਰੂਦੁਆਰੇ ਜਾਂ ਕਿਸੇ ਸਮਾਜਿਕ ਸੰਸਥਾ ਵਲੋਂ ਆਉਦਾ ਹੈ ਡੇਰਾ ਪ੍ਰੇਮੀਆਂ ਵਲੋਂ ਨਹੀਂ ਕਿਉਕਿ ਉਹਨਾਂ ਦੀ ਮੱਦਦ ਆਪਣੇ ਤੱਕ ਸੀਮਤ ਹੈ।

ਸਿਆਸਤ ਪੰਜਾਬੀਆ ਦੇ ਮਨਾਂ ‘ਚ ਇਸ ਹੱਦ ਤੱਕ ਘਰ ਕਰ ਚੁੱਕੀ ਹੈ ਕਿ ਸਾਧੂਵਾਲਾ ਰੋਡ ‘ਤੇ ਪਾਣੀ ਦੇ ਨਿਕਾਸ ਨੂੰ ਰੋਕਣ ਵਾਲੇ ਇਕ ਘਰ ਦਾ ਸਾਰੇ ਘਰਾਂ ਨੇ ਵਿਰੋਧ ਕੀਤਾ ਅਤੇ ਮਸਲਾ ਉਲਝ ਗਿਆ। ਕੁਝ ਲੋਕਾਂ ਨੇ ਦੱਸਿਆ ਕਿ ਇਹ ਬੰਦਾ ਕਾਂਗਰਸੀ ਹੈ ,ਇਸ ਲਈ ਅੜਿੱਕੇ ਲਾ ਰਿਹਾ ਹੈ ਉਸ ਦਾ ਹੱਲ ਕੱਢਣ ਲਈ ਇਲਾਕੇ ਦੇ ਐਮ.ਐਲ.ਏ ਸਾਹਿਬ ਦੀ ਮੱਦਦ ਲਈ ਗਈ। ਅਕਾਲੀ ਸਰਕਾਰ ਸਮੇਂ ਆਏ ਹੜ੍ਹਾਂ ਨੂੰ ਕਾਂਗਰਸੀ ਸਰਕਾਰ ਦੀ ਨਕਾਮੀ ਕਹਿਕੇ ਭੰਡਦੇ ਹਨ ਅਤੇ ਰਾਹਤ ਕਾਰਜਾਂ ਨਾਲੋਂ ਵੀ ਆਪਣੀ ਦੂਰੀ ਬਣਾਈ ਰੱਖਦੇ ਹਨ, ਭਾਵੇਂ ਮੋਫਰ ਸਾਹਿਬ ਆਪਣੇ ਬੰਦਿਆਂ ਦੀਆਂ ਦੁੱਧ ਵੰਡਣ ਆਦਿ ਦੇ ਕਾਰਜਾਂ ‘ਚ ਡਿਊਟੀਆਂ ਲਗਾਉਂਦੇ ਸਭ ਨੂੰ ਨਜ਼ਰ ਆਏ ਪਰ ਹੇਠਲੇ ਪੱਧਰ ਦੀ ਲੀਡਰਸ਼ਿਪ ਗੈਰਹਾਜ਼ਰ ਸੀ।ਗਰੀਬਾਂ ਦੇ ਮਸੀਹਾਂ ਕਹਿਕੇ ਇਲਾਕੇ ‘ਚ ਆਧਾਰ ਬਣਾਉਣ ਲਈ ਤਤਪਰ ਬੁਹਜਨ ਸਮਾਜ ਪਾਰਟੀ ਦੇ ਨੇਤਾ ਦੇ ਤਾਂ ਦਰਸ਼ਨ ਵੀ ਨਹੀਂ ਹੋਏ ਭਾਵੇਂ ਵਾਰਡ ਨੰਬਰ 2 ‘ਚ ਜ਼ਿਆਦਾ ਆਧਾਰ ਇਸੇ ਪਾਰਟੀ ਦਾ ਸੀ ਜਿੱਥੇ ਨੁਕਸਾਨ ਵੀ ਵੱਧ ਹੋਇਆ ਹੈ। ਅਜਿਹਾ ਹੀ ਕੁੱਝ ਤੀਜੀ ਧਿਰ ਬਣਾਉਣ ਦੀਆਂ ਚਾਹਵਾਨ ਪਾਰਟੀਆਂ ਦੇ ਨੇਤਾਵਾਂ ਨੇ ਵੀ ਲੋਕਾਂ ਨਾਲ ਕੀਤਾ ਕਿ ਔਖੇ ਵੇਲੇ ‘ਚ ਕੰਮ ਨਾ ਆ ਕੇ ਵੈਲਫੇਅਰ ਰਾਜਨੀਤੀ ਦੀ ਪ੍ਰੀਭਾਸ਼ਾ ਗਲਤ ਸਾਬਿਤ ਕੀਤੀ।ਹੜ੍ਹਾਂ ਦਾ ਮੁਆਵਜ਼ਾ ਮਿਲਣ ‘ਚ ਵੀ ਪਟਵਾਰੀਆਂ ਵਲੋਂ ਵਿਤਕਰਾ ਕੀਤੇ ਜਾਣ ਦਾ ਖਦਸ਼ਾ ਹਰੇਕ ਕਾਂਗਰਸੀ ਵਰਕਰ ਦੇ ਮਨ ਵਿਚ ਹੈ ਕਿਉਂਕਿ ਪਹਿਲਾਂ ਵੀ ਅਜਿਹਾ ਹੁੰਦਾ ਰਿਹਾ ਹੈ ਅਤੇ ਉਹ ਇਹ ਸੋਚਦੇ ਹਨ ਕੋਈ ਨਹੀਂ ਕਦੇ ਸਾਡੀ ਬਾਰੀ ਆਏਗੀ।ਭਾਵ ਕਿ ਆਪਣੀ ਕਿੜ ਕੱਢਣ ਲਈ ਇਕ ਵਾਰ ਫੇਰ ਹੜ੍ਹਾਂ ਦੀ ਕਾਮਨਾ ਕਰਦੇ ਹਨ ਜਦ ਉਹਨਾਂ ਦੀ ਸਰਕਾਰ ਆਵੇਗੀ। ਵਾਹ! ਇਹ ਸੋਚ ਬਣ ਰਹੀ ਹੈ ਸਾਡੀ।ਅਸੀਂ ਸਵੇਰੇ ਸ਼ਾਮ ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਨਾਨਕ ਦੇ ਹੀ ਪੈਰੋਕਾਰ ਹਾਂ!

ਪੰਜਾਬੀ ਕੌਮ,ਜੋ ਆਪਣੇ ਉੱਤੇ ਪਈਆਂ ਭੀੜਾਂ ਦਾ ਟਾਕਰਾ ਰਲ ਮਿਲਕੇ ਕਰਨ ਲਈ ਜਾਣੇ ਜਾਂਦੇ ਹਨ ਉਹਨਾਂ ਨੇ ਇਹਨਾਂ ਹੜ੍ਹਾਂ ਦੌਰਾਨ ਅਪਣੇ ਆਪ ਨੂੰ ਫਿਰਕਿਆਂ, ਧਰਮਾਂ ਅਤੇ ਸਿਆਸਤ ‘ਚ ਵੰਡੇ ਹੋਣ ਦਾ ਜੋ ਸਬੂਤ ਦਿੱਤਾ ਹੈ, ੳਹ ਪੰਜਾਬ ਦੇ ਭਵਿੱਖ ਲਈ ਸ਼ੁਭ ਨਹੀਂ ਹੈ।ਲੋਕ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਭੁੱਲ ਚੁੱਕੇ ਹਨ ਅਤੇ ਡੇਰਿਆਂ, ਸਿਆਸੀ ਪਾਰਟੀਆਂ ਅਤੇ ਫਿਰਕਿਆਂ ਦੇ ਛੋਟੀ ਸੋਚ ਦੇ ਨੇਤਾਵਾਂ ਦੀ ਤੁੱਛ ਸਮਝ ਦੇ ਪਿੱਛੇ ਲੱਗਕੇ ਸਾਂਝੇ ਕਾਰਜਾਂ ਤੋਂ ਮੂੰਹ ਮੋੜਣ ਲੱਗ ਪਏ ਹਨ।

ਵਿਸ਼ਵਦੀਪ ਬਰਾੜ
ਲੇਖਕ ਸੁਤੰਤਰ ਪੱਤਰਕਾਰ ਹਨ।
vishavdeepbrar@gmail.com

Monday, July 19, 2010

ਅਲਵਿਦਾ .... ਅੱਜ ਵਰਗਾ ਦਿਨ ਕਿਤੇ ਨਾ ਚੜ੍ਹਨਾ

ਤਿੰਨ ਆਗੂਆਂ ਨੂੰ ਉਮਰ ਕੈਦ ਹੋਣ ਤੋਂ ਬਾਅਦ ਮਹਿਲ ਕਲਾਂ ਤੋਂ ਉੱਠੀ ਲੋਕ ਲਹਿਰ ਸਦਮੇ ਵਿੱਚ ਸੀ। ਸੂਬਾਈ ਪੱਧਰ ਦਾ ਪਹਿਲਾਂ ਮੁਜ਼ਾਹਰਾ ਬਰਨਾਲੇ ਹੋਣਾ ਸੀ। ਪੁਲੀਸ-ਪ੍ਰਸ਼ਾਸਨ ਵੱਲੋਂ ਦਾਬਾ ਪਾਉਣ ਲਈ ਮੁਜ਼ਾਹਰੇ ਵਾਲੀ ਥਾਂ ਉੱਤੇ ਭਾਰੀ ਨਫ਼ਰੀ ਤਾਇਨਾਤ ਕੀਤੀ ਸੀ। ਅਸੀਂ ਦਸਤਾਵੇਜ਼ੀ ਫਿਲਮ ਬਣਾਉਣ ਦਾ ਕੰਮ ਸ਼ੁਰੂ ਕਰ ਚੁੱਕੇ ਸਾਂ। ਲੋਕ ਲਹਿਰ ਦੇ ਖਾਸੇ ਵਿੱਚ ਦ੍ਰਿੜ੍ਹਤਾ ਅਹਿਮ ਹੁੰਦੀ ਹੈ। ਅਸੀਂ ਇਸ ਔਖੀ ਘੜੀ ਵਿੱਚ ਫਸੀ ਲੋਕ ਲਹਿਰ ਵਿੱਚ ਦ੍ਰਿੜ੍ਹਤਾ ਵਾਲੀ ਸੁਰ ਲੱਭ ਰਹੇ ਸੀ। ਰੋਹਲੇ ਇਕੱਠ ਨੇ ਸਦਮੇ ਅਤੇ ਦਹਿਸ਼ਤ ਦੀ ਚਾਦਰ ਚਾਕ ਕਰ ਦਿੱਤੀ ਸੀ।

ਮੰਚ ਤੋਂ ਕੋਈ ਕਹਿ ਰਿਹਾ ਸੀ, “ਮੈਂ ਤੁਹਾਨੂੰ ਦੱਸਣਾ ਚਾਹੁਨਾ ਕਿ ਪੁਲੀਸ-ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਰੋੜਿਆਂ ਵਾਂਗ ਰੜਕਦੀ ਹੈ ਅੱਜ ਦੀ ਰੈਲੀ। ਇਹ ਰੈਲੀ ਅੱਜ ਨਹੀਂ ਹੋਣੀ, ਅਸੀਂ ਵਾਰ-ਵਾਰ ਕਰਾਂਗੇ ਰੈਲੀ। ਅਸੀਂ ਵੀਹ ਸਾਲ ਕਰਾਂਗੇ ਰੈਲੀ।” ਮੈਂ ਕੈਮਰੇ ਵਿੱਚੋਂ ਬੁਲਾਰੇ ਨੂੰ ਨੇੜਿਓਂ ਦੇਖਿਆ ਸੀ। ਸਾਨੂੰ ਦ੍ਰਿੜ੍ਹਤਾ ਵਾਲੀ ਸੁਰ ਮਿਲ ਗਈ ਸੀ। ਇਹ ਸੁਰ ਪੰਜਾਬੀ ਬੰਦੇ ਦੇ ਨਾਬਰ ਖਾਸੇ ਦੇ ਨਾਲ-ਨਾਲ ਆਖ਼ਰੀ ਸਾਹ ਤੱਕ ਲੜਨ ਦੀ ਦ੍ਰਿੜ੍ਹਤਾ ਨੂੰ ਸਮੂਰਤ ਕਰਦੀ ਸੀ। ਚਿੱਟੀ ਦਾੜ੍ਹੀ ਅਤੇ ਕੁੜਤੇ ਪਜਾਮੇ ਵਾਲਾ ਇਹ ਬੰਦਾ ਕਿਸਾਨ ਆਗੂ ਬਲਕਾਰ ਸਿੰਘ ਡਕੌਂਦਾ ਸੀ।

ਉਪਰੋਕਤ ਘਟਨਾ ਤੋਂ ਕਰੀਬ ਪੰਜ ਸਾਲ ਬਾਅਦ ਸਵੇਰੇ ਦਫ਼ਤਰ ਪੁੱਜਿਆ ਤਾਂ ਕੰਪਿਉਟਰ ਚਲਾਇਆ। ਈ.ਮੇਲ ਖੁੱਲ੍ਹ ਰਹੀ ਸੀ। ਜਗਮੋਹਨ ਸਿੰਘ ਪਟਿਆਲਾ ਦੀ ਈ-ਮੇਲ ਦਾ ਵਿਸ਼ਾ ਸੀ, ‘ਬਲਕਾਰ ਸਿੰਘ ਡਕੌਂਦਾ ਅਤੇ ਉਨ੍ਹਾਂ ਦੀ ਜੀਵਨਸਾਥੀ ਦੀ ਸੜਕ ਹਾਦਸੇ ਵਿੱਚ ਮੌਤ।’ ਇਸ ਤੋਂ ਅੱਗੇ ਤਾਂ ਈ-ਮੇਲ ਖੋਲ੍ਹਣ ਦੀ ਹਿੰਮਤ ਨਹੀਂ ਪਈ। ਕੁਝ ਦੇਰ ਇਸ ਨੂੰ ਮਜ਼ਾਕ ਜਾਂ ਸਪੈਮ ਸਮਝਣ ਦਾ ਭੁਲੇਖਾ ਪਾਲ਼ਿਆ। ਮੋਬਾਇਲ ਵਿੱਚ ਸਭ ਦੇ ਫੋਨ ਨੰਬਰ ਦੇਖੇ। ਕਿਸੇ ਨੂੰ ਕਿਵੇਂ ਪੁੱਛਾਂ ਜਾਂ ਕੀ ਕਹਾਂ? ਆਖ਼ਰ ਜਗਮੋਹਨ ਸਿੰਘ ਪਟਿਆਲਾ ਨੂੰ ਫੋਨ ਕੀਤਾ। ਦੋਵਾਂ ਪਾਸਿਓਂ ਇੱਕੋ ਫਿਕਰਾ ਕਈ ਵਾਰ ਦੁਹਰਾਇਆ ਗਿਆ। ‘ਬਹੁਤ ਨੁਕਸਾਨ ਹੋ ਗਿਆ।’

ਬਲਕਾਰ ਸਿੰਘ ਡਕੌਂਦਾ ਨੂੰ ਮੈਂ ਬਾਬਾ ਜੀ ਕਹਿੰਦਾ ਸਾਂ। ਉਨ੍ਹਾਂ ਨੇ ਇੱਕ ਵਾਰ ਇਤਰਾਜ਼ ਕੀਤਾ। ਮੈਂ ਕਿਹਾ ਕਿ ਕੋਈ ਅਜਿਹਾ ਸ਼ਬਦ ਲੱਭ ਦਿਓ ਜਿਸ ਵਿੱਚ ਸਤਿਕਾਰਯੋਗ ਅਤੇ ਪਿਆਰੇ ਦੇ ਅਰਥ ਰਲੇ ਹੋਣ। ਉਨ੍ਹਾਂ ਨੇ ਮੁੜ ਕੇ ਨਹੀਂ ਟੋਕਿਆ। ਪਟਿਆਲੇ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਨੇ ਕਿਸਾਨੀ ਦੇ ਮਸਲੇ ਉੱਤੇ ਕੌਮਾਂਤਰੀ ਸੈਮੀਨਾਰ ਕਰਵਾਇਆ। ਬਲਕਾਰ ਸਿੰਘ ਡਕੌਂਦਾ ਹੁਰਾ ਨੇ ਪੇਪਰ ਪੜ੍ਹਿਆ ਅਤੇ ਮੈਂ ਖੇਤ ਮਜ਼ਦੂਰਾਂ ਬਾਬਤ ਦਸਤਾਵੇਜ਼ੀ ਫਿਲਮ ‘ਕਰਜ਼ੇ ਹੇਠ’ ਦਿਖਾਈ। ਬਾਬਾ ਜੀ ਨੇ ਫਿਲਮ ਉੱਤੇ ਸਖ਼ਤ ਲਹਿਜ਼ੇ ਵਿੱਚ ਇਤਰਾਜ਼ ਕੀਤੇ। ਖੇਤ ਮਜ਼ਦੂਰ ਅਤੇ ਕਿਸਾਨ ਦੇ ਆਪਸੀ ਰਿਸ਼ਤਿਆਂ ਬਾਬਤ ਬਹਿਸ ਬਾਅਦ ਵਿੱਚ ਵੀ ਚਲਦੀ ਰਹੀ। ਜਦੋਂ ਕਿਸਾਨ ਜਥੇਬੰਦੀਆਂ ਨੇ ਮਟਕਾ ਚੌਂਕ ਵਿੱਚ ਧਰਨਾ ਦਿੱਤਾ ਹੋਇਆ ਸੀ ਤਾਂ ਉਨ੍ਹਾਂ ਨੇ ਮੈਨੂੰ ‘ਕਰਜ਼ੇ ਹੇਠ’ ਦਿਖਾਉਣ ਲਈ ਮਟਕਾ ਚੌਂਕ ਸੱਦਿਆ। ਯੂਨੀਵਰਸਿਟੀ ਅੰਦਰ ਸ਼ੁਰੂ ਹੋਈ ਬਹਿਸ ਬਾਬੇ ਰਾਹੀਂ ਪੰਜਾਬ ਦੇ ਪਿੰਡਾਂ ਵਿੱਚ ਪਹੁੰਚ ਗਈ।

ਜਤਿੰਦਰ ਮੌਹਰ ਦੀ ਪਲੇਠੀ ਫਿਲਮ ਵਿੱਚ ਕਿਸਾਨ ਆਗੂ ਦਾ ਕਿਰਦਾਰ ਹੈ – ਜੀਤ ਬਾਈ। ਜਤਿੰਦਰ ਨੂੰ ਲੱਗਦਾ ਸੀ ਕਿ ਇਹ ਕਿਰਦਾਰ ਉਸੇ ਬੰਦੇ ਨਾਲ ਮਿਲਦਾ ਹੈ ਜੋ ‘ਹਰ ਮਿੱਟੀ ਕੁੱਟਿਆ ਨਹੀਂ ਭੁਰਦੀ’ ਵਿੱਚ ਕਹਿ ਰਿਹਾ ਹੈ, “…ਅਸੀਂ ਵੀਹ ਸਾਲ ਕਰਾਂਗੇ ਰੈਲੀ।” ਆਪਾਂ ਬਾਬਾ ਜੀ ਨੂੰ ਪੁੱਛਣ ਦੀ ਸਲਾਹ ਕੀਤੀ। ਫੋਨ ਉੱਤੇ ਗੱਲ ਕੀਤਾ ਤਾਂ ਮੈਨੂੰ ਕਹਿੰਦੇ ਕੀ ਜੇ ਤੂੰ ਕਹਾਣੀ ਸੁਣ ਲਈ ਤਾਂ ਠੀਕ ਹੈ। ਮੈਂ ਜਵਾਬ ਦਿੱਤਾ ਕਿ ਤੁਸੀਂ ਆਪ ਸੁਣੋ। ਤੁਹਾਡੀ ਜਵਾਬਤਲਬੀ ਹੋਣੀ ਹੈ। ਮੈਨੂੰ ਕਿਹਨੇ ਪੁੱਛਣਾ? ਜਤਿੰਦਰ ਉਨ੍ਹਾਂ ਕੋਲ ਗਿਆ। ਬਾਬਾ ਜੀ ਨੂੰ ਕਹਾਣੀ ਵਿੱਚ ਨੌਜਵਾਨਾਂ ਦੇ ਸੰਵਾਦ ਪਸੰਦ ਨਹੀਂ ਸਨ। ਉਨ੍ਹਾਂ ਨਾਂਹ ਕਰ ਦਿੱਤੀ ਅਤੇ ਨਾਂਹ ਦੀ ਤਫ਼ਸੀਲ ਨਾਲ ਵਿਆਖਿਆ ਕੀਤੀ। ਜਦੋਂ ਮੈਨੂੰ ਮਿਲੇ ਤਾਂ ਆਪ ਹੀ ਗੱਲ ਸ਼ੁਰੂ ਕੀਤੀ। ਲੱਚਰਤਾ, ਗਾਲ੍ਹਾਂ, ਕਲਾ ਅਤੇ ਵਿਸ਼ੇ ਬਾਬਤ ਲੰਮੀ ਚਰਚਾ ਹੋਈ। ਉਹ ਕਹਿੰਦੇ ਸੀ ਕਿ ਕੁਝ ਗੱਲਾਂ ਲੱਚਰ ਹਨ। ਮੈਂ ਕਹਿ ਰਿਹਾ ਸੀ ਕਿ ਨੌਜਵਾਨ ਪੀੜ੍ਹੀ ਇੰਝ ਬੋਲਦੀ ਹੈ। ਮੇਰੀ ਦਲੀਲ ਸੀ ਕਿ ਨੌਜਵਾਨਾਂ ਨਾਲ ਸੰਵਾਦ ਛੇੜਨਾ ਜ਼ਰੂਰੀ ਹੈ ਤੁਸੀਂ ਸਿਰਫ਼ ਨੌਜਵਾਨਾਂ ਵਿੱਚ ਆਏ ਵਿਗਾੜਾਂ ਬਾਬਤ ਤਕਰੀਰਾਂ ਕਰਕੇ ਕੰਮ ਸਾਰ ਦਿੰਦੇ ਹੋ। ਖ਼ੈਰ ਲੰਮੀ ਬਹਿਸ ਸਿਰੇ ਨਹੀਂ ਲੱਗੀ ਪਰ ਕਈ ਮਸਲੇ ਸੁਲਝ ਗਏ। ਹੁਣ ਮੈਂ ਸੋਚਦਾ ਹਾਂ ਕਿ ਬਾਬਾ ਤਾਂ ਇੱਕੋ ਸਮੇਂ ਕਈ ਤਬਕਿਆਂ ਨਾਲ ਸੁਹਿਰਦ ਸੰਵਾਦ ਰਚਾ ਰਿਹਾ ਸੀ। ਯੂਨੀਵਰਸਿਟੀ ਦੇ ਵਿਦਵਾਨਾਂ, ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ,ਫਿਲਮਸਾਜ਼ਾਂ ਅਤੇ ਪੱਤਰਕਾਰਾਂ ਵਿੱਚ ਉਹ ਸਾਲਸ ਦਾ ਸਹਿਜ ਪੁਲ਼ ਸੀ। ਇਸੇ ਕਰਕੇ ਪਾਲਾਬੰਦੀ ਦੇ ਬਾਵਜੂਦ ਸਮੂਹ ਕਿਸਾਨ ਜਥੇਬੰਦੀਆਂ ਵਿੱਚ ਸਤਿਕਾਰੇ ਜਾਂਦੇ ਸਨ।

ਇਹ ਗੱਲ ਸਮਝ ਆਉਂਦੇ ਹੀ ਮੇਰਾ ਧਿਆਨ ਉਨ੍ਹਾਂ ਬਜ਼ੁਰਗਾਂ ਵੱਲ ਜਾਂਦਾ ਹੈ ਜਿਹੜੇ ਆਪਣੇ ਤਜਰਬੇ ਵਿੱਚੋਂ ਜੀਵਨ ਜਾਚ ਸਿਖਾਉਂਦੇ ਸਨ। ਪਿੰਡ ਤੋਂ ਚੰਡੀਗੜ੍ਹ ਯੂਨੀਵਰਸਿਟੀ ਪੜ੍ਹਨ ਆਇਆ ਤਾਂ ਇਸ ਗੱਲ ਦਾ ਮਾਣ ਸੀ ਕਿ ਪੇਂਡੂ ਜ਼ਿੰਦਗੀ ਨੂੰ ਮੈਂ ਬਾਕੀਆਂ ਤੋਂ ਬਿਹਤਰ ਜਾਣਦਾ ਹਾਂ। ਜਦੋਂ ਮੇਰੇ ਨਾਲ ਪਿੰਡ ਗਏ ਦੂਜੇ ਸੂਬਿਆਂ ਦੇ ਦੋਸਤਾਂ ਨੇ ਨਿੱਕੀਆਂ-ਨਿੱਕੀਆਂ ਗੱਲਾਂ ਪੁੱਛਣੀਆਂ ਤਾਂ ਮੈਨੂੰ ਲੱਗਣਾ ਕਿ ਪਿੰਡ ਨੂੰ ਜਾਣਨ ਦਾ ਦਾਅਵਾ ਠੋਸ ਨਹੀਂ ਹੈ। ਉਹ ਮਛੇਰਨ ਯਾਦ ਆਈ ਜਿਸ ਨੂੰ ਕਈ ਸਾਲ ਸਮੁੰਦਰ ਕੰਢੇ ਰਹਿਣ ਤੋਂ ਬਾਅਦ ਵੀ ਡੁੱਬਦੇ ਸੂਰਜ ਦੀ ਲਾਲੀ ਓਨੀ ਖ਼ੂਬਸੂਰਤ ਨਹੀਂ ਦਿਖੀ ਜਿੰਨੀ ਵਾਨ ਗੌਗ ਨੂੰ ਪਹਿਲੀ ਵਾਰ ਦਿਖ ਗਈ। ਵਾਨ ਗੌਗ ਨੇ ਮਛੇਰਨ ਨੂੰ ਸੂਰਜ ਦੀ ਖ਼ੂਬਸੂਰਤੀ ਦਿਖਾਈ, ਮੈਨੂੰ ਮੇਰੇ ਦੋਸਤਾਂ ਨੇ ਮੇਰਾ ਪਿੰਡ ਦਿਖਾਇਆ। ਹਾਲੇ ਵੀ ਮੇਰਾ ਇਹ ਮਾਣ ਤਾਂ ਕਾਇਮ ਸੀ ਕਿ ਮੈਂ ਪੇਂਡੂਆਂ ਨੂੰ ਵਧੇਰੇ ਜਾਣਦਾ ਹਾਂ। ਜਦੋਂ ਮੈਂ ਆਪਣੀ ਪਲੇਠੀ ਫਿਲਮ ਬਣਾਉਣ ਲਈ ਪਟਿਆਲੇ ਜ਼ਿਲ੍ਹੇ ਦੇ ਪਿੰਡਾਂ ਵਿੱਚ ਗਿਆ ਤਾਂ ਪਹਿਲੇ ਦਿਨ ਹੀ ਇਸ ਮਾਣ ਦੇ ਅਣਗਿਣਤ ਟੋਟੇ ਹੋ ਗਏ। ਉਦਾਸੀ ਦੇ ਜਿਹੜੇ ਗੀਤ ਬਚਪਨ ਤੋਂ ਗਾਉਂਦਾ-ਸੁਣਦਾ ਰਿਹਾ ਸਾਂ ਉਨ੍ਹਾਂ ਦੇ ਅਰਥ ਉਸੇ ਦਿਨ ਸਮਝ ਆਏ। ਜੋ ਫਿਲਮ ਪੇਂਡੂ ਕਰਜ਼ੇ ਉੱਤੇ ਬਣਨੀ ਸੀ ਉਹ ਖੇਤ ਮਜ਼ਦੂਰਾਂ ਦੇ ਕਰਜ਼ੇ ਬਾਬਤ ਬਣੀ ਅਤੇ ਬਾਬਾ ਜੀ ਨਾਲ ਬਹਿਸ ਦਾ ਸਬੱਬ ਬਣੀ।

ਉਸ ਦਿਨ ਦੇ ਸਵਾਲਾਂ ਨਾਲ ਮੈਂ ਆਪਣੇ ਪਿੰਡ ਬਾਬੇ ਭਾਗੂ ਕੋਲ ਗਿਆ। ਉਹ ਜਵਾਨੀ ਵੇਲੇ ਦਿਹਾੜੀ ਵਿੱਚ ਕਿੱਲਾ ਕਣਕ ਦਾ ਵੱਢ ਦਿੰਦੇ ਸਨ। ਇਕੱਲੇ ਵੱਢ ਕੇ ਚਰੀ ਦੀ ਟਰਾਲੀ ਭਰ ਦਿੰਦੇ ਸਨ। ਉਨ੍ਹਾਂ ਮੈਨੂੰ ਪੜ੍ਹਨ ਅਤੇ ਚੰਡੀਗੜ੍ਹ ਬਾਰੇ ਦੱਸਣ ਦੀ ਸਲਾਹ ਦਿੱਤੀ। ਹੁਣ ਮੈਨੂੰ ਸਮਝ ਆਈ ਕਿ ਪਿੰਡ ਨਾਲ ਮੇਰੀ ਪਛਾਣ ਦਾ ਕੋਈ ਜਾਤੀ ਪੱਖ ਸੀ। ਇਸੇ ਕਾਰਨ ਹਰ ਵੇਲੇ ਚਾਅ ਨਾਲ ਗੱਲਾਂ ਕਰਨ ਵਾਲਾ ਬਾਬਾ ਭਾਗੂ ਮੈਨੂੰ ਟਾਲ ਰਿਹਾ ਸੀ। ਜ਼ਿੱਦੀ ਪੋਤੇ ਨੂੰ ਬਾਬਾ ਕਿੰਨੀ ਕੁ ਦੇਰ ਟਾਲ ਸਕਦਾ ਸੀ। ਆਖ਼ਰ ਮੈਂ ਯੂਨੀਵਰਸਿਟੀ ਵਰਗੀ ਰਸਮੀ ਸੰਸਥਾ ਤੋਂ ਨਿਕਲ ਕੇ ਗਿਆਨ ਦੇ ਕੁਦਰਤੀ ਸਰੋਤ ਸਾਂਭੀ ਬੈਠੇ ਬਾਬਿਆਂ-ਬੇਬੇਆਂ ਦਾ ਵਿਦਿਆਰਥੀ ਬਣ ਗਿਆ। ਬਾਬੇ ਭਾਗੂ ਦੇ ਤਜਰਬੇ ਮੇਰੇ ਵਿੱਚੋਂ ਬਾਬੇ ਡਕੌਂਦੇ ਨਾਲ ਸੰਵਾਦ ਰਚਾਉਂਦੇ ਹਨ, ਉਹ ਅੱਗੇ ਲੜੀ ਜੋੜਦਾ ਹੈ।

ਮੌਜੂਦਾ ਪੰਜਾਬ ਵਿੱਚ ਸੁਹਿਰਦ ਸੰਵਾਦ ਦੇ ਮੌਕੇ ਅਤੇ ਥੜ੍ਹੇ ਘਟ ਰਹੇ ਹਨ। ਨਵੀਂ ਅਤੇ ਪੁਰਾਣੀ ਪੀੜ੍ਹੀ ਵਿਚਕਾਰ ਪਾੜਾ ਵਧ ਰਿਹਾ ਹੈ। ਬੇਮੁਹਾਰ ਜਾਣਕਾਰੀ ਤਜਰਬੇ ਨੂੰ ਰੱਦ ਕਰ ਰਹੀ ਹੈ। ਨਾਬਰੀ ਦੀ ਦ੍ਰਿੜ ਸੁਰ ਮੰਡੀ ਦੇ ਸ਼ੋਰ ਵਿੱਚ ਹੋਰ ਕੰਨੀ ਉੱਤੇ ਚਲੀ ਗਈ ਹੈ। ਇਸ ਹਾਲਾਤ ਵਿੱਚ ਮੁੜ-ਘਿੜ ਕੇ ਇੱਕੋ ਗੱਲ ਸੰਘ ਵਿੱਚ ਅਟਕੀ ਹੋਈ ਹੈ, “ਬਾਬਿਓ ਇੰਝ ਨਾ ਜਾਓ ..¨”

ਦਲਜੀਤ ਅਮੀ
ਅਸਿਸਟੈਂਟ ਐਡੀਟਰ
ਪੰਜਾਬੀ ਟ੍ਰਿਬਿਊਨ
( ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ )

Thursday, July 15, 2010

ਪੰਜਾਬ ਦਾ ਬਲਕਾਰ -----ਜਿਉਣਾ ਸੱਚ ਹੈ

ਬਚਪਨ ਤੋਂ ਹੁਣ ਤੱਕ ਸੁਣਦੇ ਆਏ ਹਾਂ ਕਿ ਜਿਉਣਾ ਝੁਠ ਹੈ ਤੇ ਮਰਨਾ ਸੱਚ,ਪਰ ਮੈਂ ਜਦੋਂ ਤੋਂ ਜ਼ਿੰਦਗੀ ਨੂੰ ਸਮਝਣਾ ਸ਼ੁਰੂ ਕੀਤਾ,ਤਾਂ ਮੇਰੇ ਨਾਲ ਬਾਬੇ ਨਾਨਕ,ਗੁਰੁ ਗੋਬਿੰਦ ਸਿੰਘ,ਭਗਤ ਸਿੰਘ,ਗਦਰੀਆਂ,ਬੱਬਰਾਂ,ਤੇ ਬਲਕਾਰ ਸਿੰਘ ਡਕੌਂਦਾ ਨੇ ਇਹੀ ਸੰਵਾਦ ਰਚਾਇਆ ਕਿ ਜਿਉਣਾ ਸੱਚ ਹੈ।ਲੋਕ ਨਾਇਕਾਂ ਦੀ ਮੌਤ ਤੇ ਸ਼ਹੀਦੀ ਨੂੰ ਸਮਾਜ ਅਚੇਤ ‘ਚੋਂ ਰੋਮਾਂਸ ਦੀ ਨਜ਼ਰ ਨਾਲ ਵੀ ਵੇਖਦਾ ਹੈ।ਇਸੇ ਲਈ ਲੋਕ ਨਾਇਕ ਤੇ ਸ਼ਹੀਦਾਂ ਦਾ ਜ਼ਿਆਦਾਤਰ ਸੰਵਾਦ ਮੌਤ ਤੋਂ ਸ਼ੁਰੂ ਹੁੰਦਾ ਹੈ,ਪਰ ਮੈਨੂੰ ਲਗਦਾ ਕਿ ਜ਼ਿੰਦਗੀ ਨੂੰ ਅਰਥਭਰਪੂਰ ਬਣਾਉਣ ਵਾਲੇ,ਕਣ ਕਣ ‘ਚੋਂ ਪਿਆਰ ਲੱਭਣ ਵਾਲੇ ਤੇ ਐਨੀ ਸ਼ਿੱਦਤ ਨਾਲ ਜਿਉਣ ਵਾਲੇ ਇਹ ਲੋਕ ਕਦੇ ਮਰਨ ਲਈ ਨਹੀਂ ਲੜੇ ਹੋਣਗੇ,ਇਹ ਹਮੇਸ਼ਾ ਜਿਉਣ ਲਈ ਮਰੇ।ਮੌਤ ਤੇ ਮਰਨ ਦਾ ਰੋਮਾਂਸ ਕਿਸੇ ਮੇਰੇ ਵਰਗੇ ਅਰਾਜਕ ‘ਤੇ ਭਾਰੂ ਹੋ ਸਕਦਾ ਹੈ,ਪਰ ਜਿਨ੍ਹਾਂ ਨੇ ਬੁਰਕੀਆਂ ਵਾਸਤੇ ਜ਼ਿੰਦਗੀਆਂ ਪਲ ਪਲ ਮਰਦੀਆਂ ਵੇਖਦੀਆਂ ਹੋਣ,ਉਹ ਘਰੋਂ ਜਿਉਣ ਦਾ ਸੁਫਨਾ ਲੈ ਕੇ ਤੁਰੇ ਹੋਣਗੇ।

ਪਿਛਲੇ ਦਿਨਾਂ ਤੋਂ ਲਗਾਤਾਰ ਮੌਤ ਦੀਆਂ ਖਬਰਾਂ ਮਿਲ ਰਹੀਆਂ ਹਨ।ਮਰਨ ਵਾਲਿਆਂ ਨਾਲ ਮੇਰੇ ਕੋਈ ਨਿਜੀ ਰਿਸ਼ਤਾ ਨਹੀਂ ਸੀ।ਰਿਸ਼ਤੇ ਸਿਰਫ ਨਿਜੀ ਨਹੀਂ ਹੁੰਦੇ,ਕਿਉਂਕਿ ਇਤਿਹਾਸ ਕੁਦਰਤੀ ਤੌਰ ‘ਤੇ ਸਾਨੂੰ ਸਮੂਹਿਕ ਰਿਸ਼ਤੇ ਦਿੰਦਾ ਹੈ।ਖ਼ਬਰਾਂ ਸੁਣਕੇ ਮਨ ਬਹੁਤ ਉਦਾਸ ਸੀ,ਕੁਝ ਹੋਰ ਕਾਰਨ ਵੀ ਸਨ,ਪਰ ਪਹਿਲੀ ਵਾਰ ਲੱਗਿਆ,ਜ਼ਿੰਦਗੀ ਕਿੰਨੀ ਅਸੰਵੇਦਨਸ਼ੀਲ਼ ਹੋ ਗਈ ਹੈ,ਅੱਖ ‘ਚੋਂ ਕੋਈ ਹੰਝੂ ਨਾ ਕਿਰਿਆ।ਫਿਰ ਇਕ ਦਿਨ ਦਾਰੂ ਪੀਂਦਿਆਂ ਪੀਂਦਿਆਂ ਜਦੋਂ ਲਹੂ ਦਾ ਵਹਿਣ ਚੱਕਰ ਵਧਿਆ ਤਾਂ ਅੱਖਾਂ ਛਲਕ ਉੱਠੀਆਂ।

ਬਲਕਾਰ ਸਿੰਘ ਡਕੌਂਦਾ ਨਹੀਂ ਰਹੇ,ਮੇਰੇ ਕੋਲੋਂ ਅਜੇ ਵੀ ਇਹ ਲਾਇਨ ਨਹੀਂ ਲਿਖੀ ਜਾ ਰਹੀ,ਕੀੲ ਬੋਰਡ ‘ਤੇ ਊਂਗਲਾਂ ਥਰਥਰਾ ਰਹੀਆਂ ਨੇ।ਖ਼ਬਰ ਪਤਾ ਲੱਗੀ ਤਾਂ ਪੂਰੀ ਦਿੱਲੀ ਉਦਾਸ ਲੱਗਣ ਲੱਗੀ।ਉਹਨਾਂ ਨਾਲ ਤੇ ਉਹਨਾਂ ਦੀ ਸਿਆਸਤ ਨਾਲ ਗੁਜ਼ਾਰੇ ਪਲ ਇਕ ਇਕ ਕਰਕੇ ਸਾਹਮਣੇ ਖੜ੍ਹੇ ਹੋ ਗਏ।ਮੈਂ 2006 ‘ਚ ਪੰਜਾਬੀ ਯੂਨਵਿਰਸਿਟੀ ਪਟਿਆਲੇ ਆਇਆ।ਪਟਿਆਲੇ ਨਵੇਂ ਚਿਹਰਿਆਂ ਨਾਲ ਮੁਲਕਾਤਾਂ ਹੋਈਆਂ।ਉਹਨਾਂ ਦਿਨਾਂ ‘ਚ ਕਾਂਗਰਸੀ ਵੀ. ਸੀ ਸਵਰਨ ਸਿੰਘ ਬੋਪਾਰਾਏ ਵਿਦਿਆਰਥੀਆਂ ‘ਤੇ ਆਖਰੀ ਡਾਂਗ ਚਲਾ ਰਿਹਾ ਸੀ।ਵੀ ਸੀ ਦੀ ਡਾਂਗ ਨੇ ਯੂਨੀਵਰਸਿਟੀ ਦੀ ਵਿਦਿਆਰਥੀ ਲਹਿਰ ਦਾ ਲੱਕ ਤੋੜ ਦਿੱਤਾ।ਲੀਡਰਸ਼ਿਪ ਬਾਹਰ ਕਰ ਦਿੱਤੀ ਗਈ।ਓਸ ਦੌਰ ‘ਚ ਬਲਕਾਰ ਸਿੰਘ ਡਕੌਂਦਾ ਤੇ ਸਤਵੰਤ ਸਿੰਘ ਲਵਲੀ ਨਾਲ ਮੁਲਾਕਾਤ ਹੋਈ।ਸੁੱਖੀ ਬਰਨਾਲੇ ਤੋਂ ਸੁਣਿਆ ਸੀ ਬਲਕਾਰ ਅੰਕਲ ਨੌਜਵਾਨਾਂ ਨੂੰ ਬੜਾ ਉਤਸ਼ਾਹਿਤ ਕਰਦੇ ਹਨ।ਸੱਚਮੁੱਚ ਜਦੋਂ ਪਹਿਲੀ ਮੁਲਾਕਾਤ ਹੋਈ ਤਾਂ ਉਹਨਾਂ ਦੀ ਮਿਲਣੀ ‘ਚ ਐਨਾ ਨਿੱਘ ਸੀ ਕਿ ਮੈਨੂੰ ਮੋਹ ਲਿਆ।ਅਸਲੀ ਤੇ ਅਮਲੀ ਲੋਕ ਆਗੂਆਂ ਵਾਲੀ ਇਹ ਉਹਨਾਂ ‘ਚ ਪਹਿਲੀ ਖਾਸੀਅਤ ਸੀ।ਉਹਨਾਂ ਆਗੂ ਜਿਹਾ ਕੁਝ ਮਹਿਸੂਸ ਹੀ ਨਹੀਂ ਹੋਣ ਦਿੱਤਾ,ਸ਼ਾਇਦ ਤਾਂ ਵੀ ਜ਼ਿਆਦਾ ਲੱਗਿਆ ਹੋਵੇ ਕਿਉਂਕਿ ਬਹੁਤ ਸਾਰੇ ਕਹੇ ਜਾਂਦੇ ਲੋਕ ਆਗੂਆਂ ਨਾਲ ਸਾਡੀ ਪੀੜ੍ਹੀ ਦੇ ਤਜ਼ਰਬੇ ਬਹੁਤ ਕੌੜੇ ਰਹੇ ਹਨ।

ਮੈਂ ਦਿੱਲੀ ਆ ਗਿਆ ਪਰ ਲਗਾਤਾਰ ਮੁਲਾਕਾਤਾਂ ਹੁੰਦੀਆਂ ਰਹੀਆਂ।ਹਰ ਵਾਰ ਨਿੱਜੀ ਗੱਲਬਾਤ ਤੋਂ ਬਿਨਾਂ ਕਿਸਾਨੀ ਦੇ ਜ਼ਮੀਨੀ ਮਸਲਿਆਂ ਬਾਰੇ ਵਿਚਾਰ ਕਰਦੇ।ਜਦੋਂ ਵੀ ਦਿੱਲੀ ਧਰਨਾ ਦੇਣ ਆਉਣਾ ਤਾਂ ਪ੍ਰੈਸ ਕਵਰੇਜ਼ ਲਈ ਗੱਲਬਾਤ ਹੁੰਦੀ।ਸਾਲ ਪਹਿਲਾਂ ਦਿੱਲੀ ਧਰਨੇ ‘ਤੇ ਆਏ ਤਾਂ ਮੈਨੂੰ ਫੋਨ ਕਰਕੇ ਗੁਰਦੁਆਰਾ ਬੰਗਲਾ ਸਾਹਿਬ ਮਿਲਣ ਲਈ ਬੁਲਾਇਆ,ਰਾਤ ਨੂੰ 10-11 ਵਜੇ ਮੁਲਾਕਾਤ ਹੋਈ।ਪਿਛਲੇ ਸਾਲ ਹੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ‘ਚ ਇਕ ਸੰਸਥਾ ਵਲੋਂ ਕਿਸਾਨੀ ਮਸਲੇ ‘ਤੇ ਵਿਚਾਰ ਚਰਚਾ ਕਰਵਾਈ ਗਈ।ਬਲਕਾਰ ਤੇ ਜਗਮੋਹਨ ਜੀ ਦੋਵੇਂ ਪਹੁੰਚੇ।ਬਲਕਾਰ ਜੀ ਨੇ ਬੁਲਾਰੇ ਦੇ ਤੌਰ ‘ਤੇ ਬੋਲਣਾ ਸੀ।ਮੇਰਾ ਰਹਿਣ ਬਸੇਰਾ ਵੀ ਯੂਨੀਵਰਸਿਟੀ ਦੇ ਨਾਲ ਹੀ ਸੀ।ਉਹਨਾਂ ਨੇ ਆਉਣ ਤੋਂ ਪਹਿਲਾਂ ਫੋਨ ਕੀਤਾ।ਪੁੱਛਿਆ ਕਿੱਥੇ ਹੈਂ,ਮੈਂ ਕਿਹਾ ਦਫਤਰ ਹਾਂ,ਸ਼ਾਮ ਨੂੰ ਮੈਂ ਜੇ.ਐਨ.ਯੂ ਆ ਰਿਹਾਂ,ਪਹੁੰਚੇਂਗਾ ਤੂੰ……ਮੇਰੀ ਡਿਊਟੀ ਸੀ,ਪਰ ਮੈਂ ਦਫਤਰੋਂ ਗੱਪ ਗੁਪ ਮਾਰਕੇ ਰਾਤ ਨੂੰ 9.30 ਵਜੇ ਦੇ ਕਰੀਬ ਤਾਪਤੀ ਹੋਸਟਲ ਦੀ ਮੈੱਸ ‘ਚ ਪੁੱਜਿਆ।ਉਹ ਵਿਦਿਆਰਥੀਆਂ ਨੂੰ ਤੱਥਾਂ ਤੇ ਅੰਕੜਿਆਂ ਸਹਿਤ ਕਿਸਾਨਾਂ ਦੀ ਗੁਰਬਤ ਭਰੀ ਜ਼ਿੰਦਗੀ ਦੀ ਗਾਥਾ ਸੁਣਾ ਰਹੇ ਸੀ।ਗੂਗਲ ਤੋਂ “ਫਾਰਮਰ” ਖੋਜਣ ਵਾਲੇ ਵਿਦਿਆਰਥੀ ਕਾਪੀ ਪੈਨ ਲੈ ਕੇ ਬੜੇ ਧਿਆਨ ਨਾਲ ਉਹਨਾਂ ਦਾ ਲੈਕਚਰ ਨੋਟ ਕਰ ਰਹੇ ਸੀ।ਖੈਰ,ਪਬਲਿਕ ਮੀਟਿੰਗ ਖ਼ਤਮ ਹੋਈ ਤਾਂ ਬਾਹਰ ਆਕੇ ਗੱਲਬਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।ਮੇਰੇ ਨਵੇਂ ਸਵਾਲਾਂ ਤੇ ਉਹਨਾਂ ਦੇ ਨਵੇਂ ਜਵਾਬ।ਮੈਂ ਕਿਹਾ,ਅੱਜ ਰਾਤ ਮੇਰੇ ਕੋਲ ਰਹੋ,ਪਰ ਜਗਮੋਹਨ ਅੰਕਲ ਨੇ ਕਿਸੇ ਰਿਸ਼ਤੇਦਾਰ ਨੂੰ ਟਾਈਮ ਦਿੱਤਾ ਹੋਇਆ ਸੀ।

ਜਵਾਨੀ ਤੋਂ ਹਰ ਕਿਸੇ ਨੂੰ ਆਸ ਹੁੰਦੀ ਹੈ।ਉਹ ਵੀ ਭਵਿੱਖ ‘ਚੋਂ ਭਵਿੱਖ ਨੂੰ ਵੇਖਦੇ ਸਨ।ਨੌਜਵਾਨਾਂ ਪੀੜ੍ਹੀ ‘ਚੋਂ ਉਹ ਅਧੂਰੇ ਸੁਪਨਿਆਂ ਨੂੰ ਪੂਰੇ ਹੁੰਦਿਆਂ ਵੇਖਦੇ ਸਨ।ਸਾਡੇ ਸਾਰਿਆਂ ਨਾਲ ਉਹਨਾਂ ਦਾ ਕਦੇ ਪੱਚੀ ਤੇ ਪੰਜਾਹ ਵਾਲਾ ਰਿਸ਼ਤਾ ਨਾ ਰਿਹਾ।ਜਦੋਂ ਮਿਲਣਾ ਨੌਜਵਾਨਾਂ ਵਾਂਗੂੰ।ਓਨੀ ਹੀ ਊਰਜਾ ਤੇ ਉਹੋ ਜਿਹੀਆਂ ਗੱਲਾਬਾਤਾਂ।ਚੰਗੀ ਸਿਆਸਤ ਤੇ ਚੰਗੇ ਆਗੂ ਉਮਰਾਂ ਦੀਆਂ ਹੱਦਾਂ ਨੂੰ ਭੰਨ੍ਹ ਦਿੰਦੇ ਹਨ।ਉਹਨਾਂ ਕੋਲ ਕੋਈ ਅਸਹਿਜ ਮਹਿਸੂਸ ਨਹੀਂ ਕਰਦਾ।ਪਿਓ ਦੀ ਉਮਰ ਦੇ ਬੰਦੇ ਨਾਲ ਮੈਂ ਦੋਸਤਾਂ ਵਾਂਗੂੰ ਵਿਚਰਦਾ ਸੀ।ਤਿੱਖੇ ਸਿਆਸੀ ਮੱਤਭੇਦ ਹੁੰਦਿਆਂ ਹੋਇਆਂ ਇਕ ਸਾਂਝ ਸੀ,ਜੋ ਇਕ ਥਾਂ ‘ਤੇ ਲਿਆਕੇ ਖੜ੍ਹੇ ਕਰ ਦਿੰਦੀ ਸੀ।ਹਾਲੇ ਕੁਝ ਦਿਨ ਪਹਿਲਾਂ ਹੀ ਮੈਂ ਕਿਸਾਨੀ ਲਹਿਰ ਬਾਰੇ ਇਕ ਤਿੱਖੀ ਲਿਖਤ ਲਿਖੀ ਸੀ,ਲਿਖਣ ਵੇਲੇ ਮੇਰੇ ਸਾਹਮਣੇ 5-7 ਚਿਹਰੇ ਵਾਰ ਵਾਰ ਆ ਕੇ ਖੜ੍ਹੇ ਹੋ ਰਹੇ ਸਨ,ਕਿਉਂਕਿ ਬਲਕਾਰ ਜੀ ਵਰਗੇ ਲੋਕ ਨਤੀਜੇ ਕੱਢਕੇ ਕੋਈ ਗੱਲ ਸ਼ੁਰੂ ਨਹੀਂ ਕਰਦੇ ਸਨ,ਸਗੋਂ ਅਮਲ ਹੰਢਾਉਂਦਿਆ ਤੇ ਵਿਚਾਰ ਚਰਚਾ ਕਰਦੇ ਕਰਦੇ ਨਤੀਜਿਆਂ ਤੱਕ ਪਹੁੰਚਦੇ ਸਨ।

ਮੇਰੇ ਸਾਹਮਣੇ ਬਾਬੇ ਨਾਨਕ ਤੋਂ ਲੈ ਬਲਕਾਰ ਸਿੰਘ ਡਕੌਂਦਾ ਤੱਕ ਦੀ ਕੁੱਲਵਕਤੀ ਜ਼ਿੰਦਗੀ ਖੜ੍ਹੀ ਹੈ।ਉਹਨਾਂ 26 ਸਾਲ ਕੁੱਲਵਕਤੀ ਜ਼ਿੰਦਗੀ ਹੁੰਢਾਈ,ਓਸ ਦੌਰ ‘ਚ ਜਿਸ ‘ਚ ਲੋਕ ਰਾਹਾਂ ਤੋਂ ਭਟਕ ਰਹੇ ਸੀ ਤੇ ਹਰ ਥਾਂ ਨਿੱਜ ਭਾਰੁ ਹੋ ਰਿਹਾ ਸੀ ਤੇ ਹੈ।ਥੌੜ੍ਹੇ ਨਹੀਂ ਹੁੰਦੇ 26 ਸਾਲ।ਬਿਨਾਂ ਕਿਸੇ ਦਾਗ ਤੋਂ ਸਮਾਜ ਦੇ ਲੇਖੇ 26 ਸਾਲ।ਬਲਕਾਰ ਜੀ ਵਰਗਿਆਂ ਦਾ ਪ੍ਰਭਾਵ ਹੈ, ਮੈਂ ਹੋਰਾਂ ਦੀ ਤਰ੍ਹਾਂ ਕਦੇ ਸਿਰਫ ਨੌਕਰ ਨਹੀਂ ਬਣਿਆ।ਇਤਿਹਾਸ ਦੇ ਇਹਨਾਂ ਕੁੱਲ ਵਕਤਾਂ ਦਾ ਕਰਜ਼ਾ ਸਾਡੇ ੳੁੱਪਰ ਹੈ।ਇਤਿਹਾਸ ਸਾਨੂੰ ਸੁੱਤਿਆਂ ਨੂੰ ਜਗਾਉਂਦਾ ਹੈ।ਬਾਬੇ ਨਾਨਕ ਤੇ ਬਲਕਾਰ ਸਿੰਘ ਡਕੌਂਦਾ ‘ਚ ਇਹੀ ਇਤਿਹਾਸਕ ਸਾਂਝ ਹੈ ਕਿ ਬਾਬਰ ਤੋਂ ਬਾਦਲਾਂ ਤੱਕ ਲੜਾਈ ਜਾਰੀ ਹੈ।ਤੇ ਇਹ ਲੜਾਈ ਹਮੇਸ਼ਾ ਸੱਚ ਤੇ ਜਿਉਣ ਲਈ ਲੜੀ ਗਈ ਹੈ।

ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
mail2malwa@gmail.com,malwa2delhi@yahoo.co.in
09899436972

Tuesday, July 13, 2010

ਕਿਸਾਨ ਆਗੂ ਬਲਕਾਰ ਸਿੰਘ ਡਕੌਂਦਾ ਦਾ ਹਾਦਸੇ ਵਿਚ ਦੇਹਾਂਤ


ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ ਦੇ ਪ੍ਰਧਾਨ ਬਲਕਾਰ ਸਿੰਘ ਡਕੌਂਦਾ (55 ਸਾਲ) ਅਤੇ ਉਨ੍ਹਾਂ ਦੀ ਪਤਨੀ ਜਸਵੀਰ ਕੌਰ ਦਾ ਸੜਕ ਹਾਦਸੇ ਵਿਚ ਦੇਹਾਂਤ ਹੋ ਗਿਆ। ਉਹ ਸੋਮਵਾਰ ਰਾਤੀਂ 9 ਕੁ ਵਜੇ ਸਰਹਿੰਦ ਦੇ ਆਮ-ਖ਼ਾਸ ਬਾਗ ਨੇੜੇ ਆਪਣੇ ਮੋਟਰ ਸਾਈਕਲ ਉੱਤੇ ਪਿੰਡ ਫਤਿਹਪੁਰ ਜਾ ਰਹੇ ਸਨ ਕਿ ਕੋਈ ਵਾਹਨ ਵਾਲਾ ਉਨ੍ਹਾਂ ਨੂੰ ਫੇਟ ਮਾਰ ਗਿਆ। ਉਨ੍ਹਾਂ ਨੂੰ ਫਤਿਹਗੜ੍ਹ ਸਾਹਿਬ ਦੇ ਹਸਪਤਾਲ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਪੀ.ਜੀ.ਆਈ. ਭੇਜ ਦਿੱਤਾ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਸਸਕਾਰ 14 ਜੁਲਾਈ ਨੂੰ ਬਾਅਦ ਦੁਪਹਿਰ 2 ਵਜੇ ਪਿੰਡ ਡਕੌਂਦਾ (ਨੇੜੇ ਪਿੰਡ ਟੌਹੜਾ) ਵਿਖੇ ਕੀਤਾ ਜਾਵੇਗਾ।

ਕਾਮਰੇਡ ਡਕੌਂਦਾ ਪਹਿਲਾਂ ਆਰ.ਐੱਮ.ਪੀ. (ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ) ਸਨ। ਗੁਆਂਢੀ ਪਿੰਡ ਦਿੱਤੂਪੁਰ ਦੇ ਕਿਸਾਨ ਆਗੂ ਗੁਰਮੀਤ ਸਿੰਘ ਦਿੱਤੂਪੁਰ ਦੇ ਪ੍ਰਭਾਵ ਸਦਕਾ ਉਹ ਕਿਸਾਨ ਘੋਲ਼ਾਂ ਨਾਲ ਜੁੜ ਗਏ। ਸੰਨ 1984 ਵਿਚ ਭਾਰਤੀ ਕਿਸਾਨ ਯੂਨੀਅਨ ਦੀ ਨਾਭਾ ਇਕਾਈ ਦੇ ਪ੍ਰਧਾਨ ਚੁਣੇ ਗਏ। ਇਸ ਤੋਂ ਬਾਅਦ ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਦੀ ਪਟਿਆਲਾ ਇਕਾਈ ਦੇ ਸਕੱਤਰ, ਸੂਬਾ ਪ੍ਰੱਸ ਸਕੱਤਰ ਅਤੇ ਸੂਬਾ ਜਨਰਲ ਸਕੱਤਰ ਦੇ ਅਹੁਦੇ ਤੇ ਰਹਿੰਦਿਆਂ ਕਿਸਾਨਾਂ ਦੀ ਅਗਵਾਈ ਕੀਤੀ। ਅੱਜਕੱਲ੍ਹ ਉਹ ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ ਦੇ ਪ੍ਰਧਾਨ ਸਨ। ਉਨ੍ਹਾਂ ਦਾ ਪਰਿਵਾਰਕ ਪਿਛੋਕੜ ਛੋਟੀ ਕਿਸਾਨੀ ਵਿਚੋਂ ਸੀ। 26 ਸਾਲ ਤੋਂ ਉਹ ਲਹਿਰ ਨਾਲ ਬਤੌਰ ਕੁਲਵਕਤੀ ਕਾਰਕੁਨ ਜੁੜੇ ਹੋਏ ਸਨ। ਇਸ ਵੇਲੇ 17 ਜਥੇਬੰਦੀਆਂ ਵੱਲੋਂ ਵਿੱਢੇ ਘੋਲ ਦੇ ਉਹ ਸਿਰਕੱਢ ਆਗੂ ਸਨ। ਉਨ੍ਹਾਂ ਦੀ ਜੀਵਨਸਾਥਣ ਜਸਵੀਰ ਕੌਰ ਹਾਲ ਹੀ ਵਿਚ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਸਕੂਲ, ਫ਼ਤਿਹਗੜ੍ਹ ਸਾਹਿਬ ਤੋਂ ਬਤੌਰ ਅਧਿਆਪਕ ਰਿਟਾਇਰ ਹੋਏ ਸਨ। ਉਨ੍ਹਾਂ ਦਾ ਇਕਲੌਤਾ ਬੇਟਾ ਆਸਟਰੇਲੀਆ ਵਿਚ ਹੈ ਅਤੇ ਭਲਕੇ ਪਿੰਡ ਪੁੱਜ ਰਿਹਾ ਹੈ।

‘ਭਗਤਾ ਇੱਕ ‘ਲਾਲ ਬੱਤੀ’ ਤਾਂ ਦੁਆ’

‘ਭਗਤਾ ਇੱਕ ‘ਲਾਲ ਬੱਤੀ’ ਤਾਂ ਦੁਆ ਦੇਈਂ’, ਚੰਡੀਗੜ• ਦੇ ਇੱਕ ਬਾਬੇ ਨੇ ਉਸ ਵੀ.ਆਈ.ਪੀ ਭਗਤ ਕੋਲ ਆਪਣੀ ਇਹ ਮੰਗ ਰੱਖੀ ਜੋ ਭਗਤ ਖੁਦ ਬਾਬੇ ਤੋਂ ਕੁਝ ‘ਮੰਗਣ’ ਗਿਆ ਸੀ। ਇਹ ਭਗਤ ਕੋਈ ਐਰਾ ਗ਼ੈਰਾਂ ਨਹੀਂ ਸੀ ਬਲਕਿ ਜੁਡੀਸਰੀ ਦਾ ਇੱਕ ਬਹੁਤ ਵੱਡਾ ਅਫਸਰ ਸੀ। ਇਸ ਵੀ.ਆਈ.ਪੀ ਭਗਤ ਨੇ ‘ਚੰਡੀਗੜ• ਵਾਲੇ ਬਾਬੇ’ ਦੀ ਬੜੀ ਮਹਿਮਾ ਸੁਣੀ ਸੀ। ਇਹ ਅਫਸਰ ਬੜੀ ਸ਼ਰਧਾ ਤੇ ਆਸ ਨਾਲ ‘ਬਾਬੇ ਦੇ ਦਰਾਂ’ ’ਤੇ ਜੀਵਨ ਸਫਲਾ ਕਰਨ ਵਾਸਤੇ ਗਿਆ ਸੀ। ਜਦੋਂ ਅੱਗਿਓਂ ਬਾਬੇ ਨੇ ਗੱਡੀ ’ਤੇ ਲਾਉਣ ਵਾਸਤੇ ‘ਲਾਲ ਬੱਤੀ’ ਮੰਗ ਲਈ ਤਾਂ ਅਫਸਰ ਨੂੰ ਬਾਬਾ ‘ਆਪਣੇ’ ਵਰਗਾ ਹੀ ਲੱਗਿਆ। ‘ ਜੋ ਖੁਦ ਮੰਗੀ ਜਾਂਦਾ ਏ, ਉਹ ਮੈਨੂੰ ਕੀ ਦੇਊ’ ਇਹ ਸੋਚ ਕੇ ਵੀ.ਆਈ.ਪੀ ਭਗਤ ਵਾਪਸ ਆ ਗਿਆ। ਹਾਲਾਂ ਕਿ ਇਹ ਅਫਸਰ ਖੁਦ ਵੀ ‘ਲਾਲ ਬੱਤੀ’ ਵਾਲੀ ਗੱਡੀ ’ਚ ਗਿਆ ਸੀ। ‘ਲਾਲ ਬੱਤੀ’ ਲਈ ਲਾਲਾਂ ਸੁੱਟਣ ਵਾਲਿਆਂ ’ਚ ਪਹਿਲਾਂ ਨੇਤਾ ਤੇ ਅਫਸਰ ਹੁੰਦੇ ਸਨ। ਹੁਣ ਬਾਬੇ ਤੇ ਸਾਧਾਂ ਤੋਂ ibnW ਧਾਰਮਿਕ ਲੋਕ ਵੀ ਇਸ ਮਾਮਲੇ ’ਚ ਪਿਛੇ ਨਹੀਂ। ਲੀਡਰਾਂ ਤੇ ਅਫਸਰਾਂ ਦੀ ‘ਲਾਲ ਬੱਤੀ’ ਦੀ ਭੁੱਖ ਤਾਂ ਸਮਝ ਪੈਂਦੀ ਹੈ। ਲੋਕਾਂ ਨੂੰ ਸਾਦਗੀ ’ਤੇ ਨਿਮਰ ਹੋਣ ਦਾ ਉਪਦੇਸ਼ ਦੇਣ ਵਾਲੇ ਧਾਰਮਿਕ ਲੋਕ ਗੱਡੀ ’ਤੇ ‘ਲਾਲ ਬੱਤੀ‘ ਲਗਾ ਕੇ ਕੀ ਸੁਨੇਹਾ ਦੇਣਾ ਚਾਹੁੰਦੇ ਹਨ, ਸਮਝੋਂ ਬਾਹਰ ਹੈ।

ਸਰਕਾਰੀ ਤੱਥਾਂ ਅਨੁਸਾਰ ਜਿਨ•ਾਂ ਧਾਰਮਿਕ ਸ਼ਖਸੀਅਤਾਂ ਨੂੰ ‘ਲਾਲ ਬੱਤੀ’ਲਈ ਪਿਛਲੇ ਤਿੰਨ ਸਾਲਾਂ ਦੌਰਾਨ ਸਟਿੱਕਰ ਜਾਰੀ ਹੋਏ ਹਨ, aunHW ’ਚ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ,ਗਿਆਨੀ ਤਰਲੋਚਨ ਸਿੰਘ,ਜਥੇਦਾਰ ਬਲਵੰਤ ਸਿੰਘ ਨੰਦਗੜ•, ਸੰਤ ਬਾਬਾ ਮਾਨ ਸਿੰਘ,ਸੰਤ ਬਾਬਾ ਅਜੀਤ ਸਿੰਘ,ਸੰਤ ਬਲਵੀਰ ਸਿੰਘ,ਸੁਖਦੇਵ ਸਿੰਘ ਭੌਰ,ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਆਦਿ ਸ਼ਾਮਲ ਹਨ। ਕੀ ienHW ਸ਼ਖਸੀਅਤਾਂ ਨੂੰ ਆਪਣੇ ਨਾਲੋਂ ‘ਲਾਲ ਬੱਤੀ’ ਦੀ ਵੁੱਕਤ ਜਿਆਦਾ ਲੱਗਦੀ ਹੈ। ਬਹੁਤ ਬਾਬੇ ਅਜਿਹੇ ਵੀ ਹਨ ਜੋ ibnW ਪ੍ਰਵਾਨਗੀ ਤੋਂ ‘ਲਾਲ ਬੱਤੀ’ ਲਾ ਕੇ ਘੁੰਮ ਰਹੇ ਹਨ। ਜਦੋਂ ਗਾਇਕ ਬੱਬੂ ਮਾਨ ਨੇ ‘ਇੱਕ ਅੱਜ ਕੱਲ ਬਾਬੇ ਨੇ’ ਗੀਤ ਗਾਇਆ ਤਾਂ ਕਈ ਬਾਬੇ ਗੁੱਸਾ ਹੀ ਕਰ ਗਏ । ਸਾਲ 2007 ’ਚ ਪੰਜਾਬ ’ਚ 431 ਗੱਡੀਆਂ ’ਤੇ ‘ਲਾਲ ਬੱਤੀ’ ਲੱਗੀ ਜਦੋਂ ਕਿ ਸਾਲ 2008 ’ਚ 429 ਗੱਡੀਆਂ ’ਤੇ ਇਹੋ ਬੱਤੀ ਲੱਗੀ। ਸਾਲ 2009 ਦੇ ਨਵੰਬਰ ਮਹੀਨੇ ਤੱਕ 286 ਗੱਡੀਆਂ ’ਤੇ ‘ਲਾਲ ਬੱਤੀ’ ਲੱਗੀ। ਇਕੱਲੇ ਮੁੱਖ ਮੰਤਰੀ ਪੰਜਾਬ ਦੇ ਕਾਫਲੇ ਦੀਆਂ 41 ਗੱਡੀਆਂ ਲਈ ‘ਲਾਲ ਬੱਤੀ’ ਦੀ ਪ੍ਰਵਾਨਗੀ ਮਿਲੀ ਹੋਈ ਹੈ। ਕਿਸਾਨ ਨੇਤਾ ਅਜਮੇਰ ਸਿੰਘ ਲੱਖੋਵਾਲ ਵੀ ਆਪਣੀ ਗੱਡੀ ’ਤੇ ‘ਲਾਲ ਬੱਤੀ’ ਲਗਾ ਕੇ ਕਿਸਾਨਾਂ ਦੇ ਮਸਲੇ ਚੁੱਕਦੇ ਹਨ।

ਇੰਸਪੈਕਟਰ ਜਨਰਲ ਪੁਲੀਸ (ਟਰੈਫ਼ਿਕ) ਦੱਸਦੇ ਹਨ ਕਿ ਗੱਡੀ ਉਪਰ ਲਾਲ ਬੱਤੀ ਦਾ ਸਟਿੱਕਰ ਉਸ ਵਿਅਕਤੀ ਨੂੰ ਹੀ ਜਾਰੀ ਕੀਤਾ ਜਾਂਦਾ ਹੈ ਜਿਸ ਵਾਰੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੁੰਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇਨਚਾਰਜਾਂ ਨੂੰ ਇਹ ਸਟਿੱਕਰ ਜਾਰੀ ਨਹੀਂ ਕੀਤਾ ਜਾਂਦਾ, ਉਹ ibnW ਸਟਿੱਕਰ ਤੋਂ ਹੀ ‘ਲਾਲ ਬੱਤੀ’ ਵਾਲੀ ਗੱਡੀ ’ਚ ਝੂਟੇ ਲੈ ਰਹੇ ਹਨ। ਭਾਵੇਂ ਨਿਯਮਾਂ ਤੋਂ ਉਲਟ ਲਾਲ ਬੱਤੀ ਲਗਾਉਣ ਵਾਲਿਆਂ ਖ਼ਿਲਾਫ਼ ਮੋਟਰ ਵਹੀਕਲ ਐਕਟ ਦੀ ਧਾਰਾ 177 ਅਧੀਨ ਕਾਰਵਾਈ ਕੀਤੀ ਜਾਂਦੀ ਹੈ। ਜਦੋਂ ਸਰਕਾਰ ਘਰ ਦੀ ਹੋਵੇ ਤਾਂ ਫਿਰ ਕਾਹਦਾ ਡਰ। ਪਿਛੇ ਜਿਹੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਜ਼ਿਲਾ ਯੋਜਨਾ ਕਮੇਟੀਆਂ ਦੇ ਚੇਅਰਮੈਨਾਂ ਨੂੰ ਖੁਸ਼ ਕਰਨ ਵਾਸਤੇ ਸਰਕਾਰ ਨੇ ‘ਲਾਲ ਬੱਤੀ’ ਲਗਾਉਣ ਦੀ ਆਗਿਆ ਦੇ ਦਿੱਤੀ ਹੈ। ‘ਹਿੰਗ ਲੱਗੇ ਨਾ ਫਟਕੜੀ’ ਵਾਂਗ ਜਦੋਂ ਲੀਡਰ ਇਕੱਲੀ ‘ਲਾਲ ਬੱਤੀ’ ਨਾਲ ਬਾਗੋ ਬਾਗ ਹੁੰਦੇ ਹਨ ਤਾਂ ਸਰਕਾਰ ਨੂੰ ਕੀ ਹਰਜ ਹੈ। ਇੱਕ ‘ਲਾਲ ਬੱਤੀ’ ਉਹ ਵੀ ਹੈ, ਜੋ ਚੌਂਕਾਂ ’ਚ ਜਗਦੀ ਹੈ। ਚੌਂਕਾਂ ਦੀ ‘ਲਾਲ ਬੱਤੀ’ ਦੀ ਉਲੰਘਣਾ ਕਰਨ ਵਾਲਿਆਂ ’ਚ ਵੀ ਸਭ ਤੋਂ ਵੱਧ ‘ਲਾਲ ਬੱਤੀ’ ਵਾਲੀ ਗੱਡੀ ਹੀ ਅੱਗੇ ਹੁੰਦੀ ਹੈ।


ਯੂਰਪ ਦੇ ਇੱਕ ਦੋ ਮੁਲਕਾਂ ’ਚ ਲੋਥਾਂ ਢੋਹਣ ਵਾਲੀ ਗੱਡੀ ’ਤੇ ‘ਲਾਲ ਬੱਤੀ’ ਲੱਗਦੀ ਹੈ। ਫਰਕ ਇੱਧਰ ਵੀ ਥੋੜਾ ਹੀ ਹੈ। ਇੱਧਰ ਬੰਦੇ ਲੋਥਾਂ ਵਰਗੇ ਹਨ ਜੋ ‘ਲਾਲ ਬੱਤੀ’ ਦਾ ਲੁਤਫ਼ ਮਾਣਦੇ ਹਨ। ਬਲਕਿ ਇਹ ਤਾਂ ਲੋਥਾਂ ਨਾਲੋਂ ਵੀ ਭੈੜੇ ਹਨ। ਮੁਰਦਿਆਂ ਦੀਆਂ ਪੈਨਸ਼ਨਾਂ ਖਾਣਾ ਤੇ ਤਾਬੂਤਾਂ ਚੋਂ ਵੱਢੀ ਖਾਣੀ ਆਮ ਆਦਮੀ ਦੇ ਵੱਸ ਦਾ ਰੋਗ ਨਹੀਂ। ਜੇ ਇਹ ਬੰਦੇ ਲੋਥਾਂ ਨਾ ਹੁੰਦੇ ਤਾਂ ਜਨ ਸਧਾਰਨ ਦਾ ਅੱਜ ਇਹ ਹਾਲ ਨਹੀਂ ਹੋਣਾ ਸੀ। ਉਂਝ ਏਨਾ ਲੀਡਰਾਂ ਦਾ ਪਿਆਰ ਮੁਰਦਿਆਂ ਨਾਲ ਵੀ ਕੋਈ ਘੱਟ ਨਹੀਂ ਹੈ। ਹਰ ਸਰਕਾਰ ਸ਼ਮਸ਼ਾਨ ਘਾਟਾਂ ਨੂੰ ਪੈਸੇ ਰਿਊੜੀਆਂ ਵਾਂਗੂ ਵੰਡਦੀ ਹੈ। ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਇੱਕ ਵਰੇ• ’ਚ ਆਪਣੇ ਸੰਸਦੀ ਕੋਟੇ ਚੋਂ 1.96 ਕਰੋੜ ਰੁਪਏ ਵੰਡੇ ਹਨ। ਬੀਬੀ ਬਾਦਲ ਨੇ ਇਸ ਰਾਸ਼ੀ ਚੋਂ ਇੱਕ ਫੁੱਟੀ ਕੌਡੀ ਵੀ ਸਿਹਤ ਪ੍ਰਬੰਧਾਂ ਲਈ ਖਰਚ ਨਹੀਂ ਕੀਤੀ। ਪਸ਼ੂਆਂ ਦੀ ਸਿਹਤ ਲਈ 18 ਲੱਖ ਰੁਪਏ ਜਰੂਰ ਵੰਡ ਦਿੱਤੇ ਹਨ। ਬੀਬੀ ਬਾਦਲ ਇਕੱਲੀ ‘ਲਾਲ ਬੱਤੀ’ ’ਚ ਸਫ਼ਰ ਨਹੀਂ ਕਰਦੀ ਬਲਕਿ ਜਦੋਂ ਉਹ ਪਿੰਡਾਂ ’ਚ ਦੌਰੇ ’ਤੇ ਜਾਂਦੇ ਹਨ ਤਾਂ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਤੋਂ ਇਲਾਵਾ 26 ਅਫਸਰਾਂ ਦੀ ਟੀਮ ਵੀ aunHW ਨਾਲ ਜਾਂਦੀ ਹੈ।

ਅਸਲ ’ਚ ਜਮਹੂਰੀ ਪ੍ਰਬੰਧ ’ਚ ‘ਲਾਲ ਬੱਤੀ’ ਲੋਕ ਹੀ ਲਾਉਂਦੇ ਹਨ ਤੇ ਲੋਕ ਹੀ ਲਾਹੁੰਦੇ ਹਨ। ਪ੍ਰੰਤੂ ਸਾਡੇ ਨੇਤਾ ਹੀ ਏਦਾਂ ਦੇ ਹਨ ਜਿਨ•ਾਂ ਦੀ ਭੁੱਖ ‘ਲਾਲ ਬੱਤੀ’ ਲਾ ਕੇ ਲਹਿੰਦੀ ਹੈ, ਲੋਕ ਸੇਵਾ ਕਰਕੇ ਨਹੀਂ। ‘ਲਾਲ ਬੱਤੀ’ ਜਦੋਂ ਲਹਿ ਜਾਂਦੀ ਹੈ, ਫਿਰ ienHW ਦਾ ਜੱਗ ਜਹਾਨ ’ਤੇ ਕਿਧਰੇ ਜੀਅ ਨਹੀਂ ਲੱਗਦਾ। ਸੱਤਾ ਦੇ ਗਰੂਰ ’ਚ ਇਹ ਭੁੱਲ ਬੈਠਦੇ ਹਨ ਕਿ ਗੱਡੀ ’ਤੇ ਲੱਗੀ ‘ਲਾਲ ਬੱਤੀ’ ਜੰਤਾਂ ਦੀ ਹੈ। ਇੰਂਝ ਲੱਗਦਾ ਹੈ ਕਿ ਜੋ ‘ਲਾਲ ਬੱਤੀ’ ਵਾਲੀ ਗੱਡੀ ’ਚ ਬੈਠਦੇ ਹਨ, ਅਸਲ ’ਚ aunHW ਨੂੰ ਆਪਣੀ ਪਹਿਚਾਣ ਦਾ ਸੰਕਟ ਬਣ ਗਿਆ ਹੈ।aunHW ਦੀ ਇਨਸਾਨ ਦੇ ਤੌਰ ਜਾਂ aunHW ਦੇ ਸ਼ਖਸੀਅਤ ਨਾਤੇ ਭੱਲ ਗੁਆਚ ਚੁੱਕੀ ਹੈ। ਫਿਰ ਉਹ ਕਦੇ ਹੂਟਰ ਮਾਰ ਕੇ ਅਤੇ ਕਦੇ ‘ਲਾਲ ਬੱਤੀ’ ਦੇ ਚਮਕਾਰੇ ਬਣਾ ਕੇ ਆਪਣੀ ਹੋਂਦ ਦਾ ਜਨਤਾ ਜਨਾਰਦਨ ਨੂੰ ਅਹਿਸਾਸ ਕਰਾਉਂਦੇ ਹਨ। ਚੰਗਾ ਹੁੰਦਾ ਇਹ ਨੇਤਾ ਜਾਂ ਅਫਸਰ ਕੁਝ ਐਸਾ ਕਰਦੇ ਕਿ aunHW ਕਰਕੇ ‘ਲਾਲ ਬੱਤੀ’ ਦੀ ਪਹਿਚਾਣ ਬਣਦੀ, ਨਾ ਕਿ aunHW ਦੀ ‘ਲਾਲ ਬੱਤੀ’ ਕਰਕੇ।

‘ਲਾਲ ਬੱਤੀ’ ਹੋਵੇ ,ਚਾਹੇ ਹੂਟਰ ,ਇਸ ਨੇ ਆਮ ਲੋਕਾਂ ਨੂੰ ‘ਲਾਲ ਪੀਲੇ’ ਕੀਤਾ ਹੋਇਆ ਹੈ। ਕਿਉਂਕਿ ਇਹ ‘ਲਾਲ ਬੱਤੀ’ ਕਦੇ aunHW ਲਈ ਹਵਾ ਦੇ ਠੰਡੇ ਬੁੱਲੇ ਨਹੀਂ ਲੈ ਕੇ ਆਈ। ਜਦੋਂ ‘ਲਾਲ ਬੱਤੀ’ ਵਾਲੀ ਗੱਡੀ ਆਈ, ਦੁੱਖ ਲੈ ਕੇ ਹੀ ਆਈ ਹੈ। ਚੋਣਾਂ ’ਚ ਲਾਲ ਬੱਤੀ ਘੁੰਮੀ ਤਾਂ ਨਸ਼ਿਆਂ ਦੇ ਡੱਬੇ ਲੈ ਕੇ ਆਈ। ਜਦੋਂ ਚੋਣਾਂ ਮਗਰੋਂ ‘ਲਾਲ ਬੱਤੀ’ ਆਉਂਦੀ ਹੈ ਤਾਂ ‘ਲਾਰਿਆਂ ਤੇ ਵਾਅਦਿਆਂ’ ਦੀ ਪੰਡ ਲੈ ਕੇ ਆਉਂਦੀ ਹੈ। ਇਹੋ ਲਾਲ ਬੱਤੀ ਪਤਾ ਨਹੀਂ ਕਿੰਨੇ ਵਾਰੀ ਰਾਤ ਨੂੰ ਫੁੱਟ ਪਾਥਾਂ ’ਤੇ ਸੌਣ ਵਾਲਿਆਂ ਕੋਲ ਵੀ ¦ਘੀ ਹੋਵੇਗੀ ਪ੍ਰੰਤੂ ਇਹ ਬੱਤੀ ਕਦੇ ਉਨ•ਾਂ ਦੇ ਦੁੱਖਾਂ ਦੇ ਦਾਰੂ ਨਹੀਂ ਬਣੀ। ‘ਲਾਲ ਬੱਤੀ’ ਅਕਸਰ aunHW ਜਲ ਘਰਾਂ ਕੋਲ ਦੀ ਵੀ ਗੁਜ਼ਰਦੀ ਹੈ ਜਿਨ•ਾਂ ’ਤੇ ਬੇਕਾਰੀ ਝੱਲਣ ਵਾਲਿਆਂ ਨੂੰ ਚੜ•ਨ ਲਈ ਮਜਬੂਰ ਹੋਣਾ ਪਿਆ। ਜੋ ਕਦੇ ਕੋਠੇ ’ਤੇ ਚੜ•ਨ ਤੋਂ ਡਰਦੇ ਸਨ,aunHW ਨੂੰ ਮਜਬੂਰੀ ਨੇ ਟੈਂਕੀਆਂ ’ਤੇ ਚੜ•ਾ ਦਿੱਤਾ। ‘ਲਾਲ ਬੱਤੀ’ ’ਚ ਭਲਮਾਣਸੀ ਹੁੰਦੀ ਤਾਂ ਇਹ ‘ਲਾਲ ਬੱਤੀ’ ਵਾਲੀ ਸਰਕਾਰ ਖ਼ੁਦਕਸ਼ੀ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਦੇ ਸਰਵੇ ਕਰਨ ’ਚ ਹੀ ਡੰਗ ਨਾ ਟਪਾਉਂਦੀ। ਇਨ•ਾਂ ਦੇ ਪਰਿਵਾਰਾਂ ਦੀ ਬਾਂਹ ਫੜਦੀ। ‘ਲਾਲ ਬੱਤੀ’ ਦਾ ਪ੍ਰਤਾਪ ਚੰਗਾ ਹੁੰਦਾ ਤਾਂ ਹਜ਼ਾਰਾਂ ਗਰੀਬ ਲੋਕਾਂ ਨੂੰ ਇਲਾਜ ਖੁਣੋਂ ਆਪਣੇ ਬੱਚਿਆਂ ਨੂੰ ਸੰਗਲ਼ਾਂ ਨਾਲ ਬੰਨ• ਕੇ ਨਾ ਰੱਖਣਾ ਪੈਂਦਾ।ਲੋਕਾਂ ਨੂੰ ਕੀ ਬਚਾਏਗੀ, ਇਹ ਬੱਤੀ ਤਾਂ ਪੰਜਾਬ ਨੂੰ ਬਚਾ ਨਹੀਂ ਸਕੀ, ਤਾਂਹੀਓਂ ਤਾਂ ਸਰਕਾਰ ਸੰਪਤੀ ਵੇਚਣ ਦੇ ਰਾਹ ਪੈ ਗਈ ਹੈ। ‘ਲਾਲ ਬੱਤੀ’ ਨੂੰ ਇਹ ਸਿਹਰਾ ਜ਼ਰੂਰ ਜਾਂਦਾ ਕਿ ਉਸ ਨੇ ਨੇਤਾਵਾਂ ਦੀ ਸੰਪਤੀ ਦਾ ਵਾਲ ਵਿੰਗਾ ਨਹੀਂ ਹੋਣ ਦਿੱਤਾ, ਸਗੋਂ ਜਾਦੂ ਦੀ ਛੜੀ ਨਾਲ ਇਸ ਸੰਪਤੀ ਨੂੰ ਕਈ ਗੁਣਾ ਵੀ ਕਰਕੇ ਦਿਖਾਇਆ ਹੈ।

ਜਦੋਂ ਦੇਸੀ ਨੇਤਾ ਵਿਦੇਸ਼ੋਂ ਸੈਰ ਕਰਕੇ ਵਾਪਸ ਮੁੜਦੇ ਹਨ, ਉਹ ਲੋਕਾਂ ਨੂੰ ਵਿਦੇਸ਼ੀ ਪ੍ਰਬੰਧਾਂ ਦੀ ਪੈਰ ਪੈਰ ’ਤੇ ਗੱਲ ਸੁਣਾਉਂਦੇ ਹਨ। ਖੁਦ ਬਾਹਰੋਂ ਕੁਝ ਨਹੀਂ ਸਿੱਖ ਕੇ ਆਉਂਦੇ। ਵਿਦੇਸ਼ੀ ਮੁਲਕਾਂ ’ਚ ਮੰਤਰੀ ਵੀ ਆਮ ਵਿਅਕਤੀ ਵਾਂਗੂ ਵਿਚਰਦੇ ਹਨ। ਇੱਥੇ ਰੱਬ ਹੀ ਰਾਖਾ ਹੈ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੀ ਗੱਡੀ ’ਤੇ ‘ਲਾਲ ਬੱਤੀ’ ਨਹੀਂ ਲਾਉਂਦੇ। ਦੱਸਦੇ ਹਨ ਕਿ ਆਦੇਸਪ੍ਰਤਾਪ ਸਿੰਘ ਕੈਰੋ ਵੀ ‘ਲਾਲ ਬੱਤੀ’ ਤੋਂ ਬਿਨ•ਾਂ ਚੱਲਦੇ ਹਨ। ਖ਼ਜ਼ਾਨਾ ਮੰਤਰੀ ਤਾਂ ਗੱਡੀ ਵੀ ਖੁਦ ਹੀ ਚਲਾਉਂਦੇ ਹਨ। ਚੰਗੀ ਗੱਲ ਹੈ ਕਿ ਉਹ ਨਵੀਂ ਪਿਰਤ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵੱਖਰੀ ਗੱਲ ਹੈ ਕਿ aunHW ਦੇ ਹਲਕੇ ਲੋਕ ਆਖ ਦਿੰਦੇ ਹਨ, ‘ਇਕੱਲੀ ਸ਼ੇਅਰੋ ਸ਼ਾਇਰੀ ਨਾਲ ਤਾਂ ਸਾਡਾ ਢਿੱਡ ਭਰਨ ਨਹੀਂ ਲੱਗਾ।’

ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਨੌਜਵਾਨ ਲੀਡਰਾਂ ਨੂੰ ਗੱਡੀ ’ਤੇ ‘ਲਾਲ ਬੱਤੀ’ ਨਾ ਲਾਉਣ ਦੀ ਨਸੀਹਤ ਦਿੱਤੀ ਹੈ। ਕੇਂਦਰੀ ਮੰਤਰੀ ਜੇ.ਸਿੰਧੀਆਂ ਆਪਣੇ ਹਲਕੇ ’ਚ ਆਪਣੀ ਪ੍ਰਾਈਵੇਟ ਕਾਰ ’ਤੇ ਜਾਂਦੇ ਹਨ। ਕਾਰ ਉਪਰ ‘ਲਾਲ ਬੱਤੀ’ ਵੀ ਨਹੀਂ ਲਗਾਉਂਦੇ। ਖਾਣਾ ਵੀ ਘਰੋਂ ਡੱਬੇ ’ਚ ਲੈ ਕੇ ਜਾਂਦੇ ਹਨ। ਇਹ ‘ਕੱਲੀ ਇਕਹਿਰੀ ਮਿਸਾਲ ਹੈ। ਉਂਝ ਦੇਖਿਆ ਜਾਵੇ ਤਾਂ ਕਾਂਗਰਸੀ ਲੀਡਰਾਂ ’ਚ ਅਕਾਲੀਆਂ ਨਾਲੋਂ ਵੀ ਵੱਧ ‘ਲਾਲ ਬੱਤੀ’ ਦੀ ਭੁੱਖ ਵਸੀ ਹੋਈ ਹੈ। ਚੋਣਾਂ ਵੇਲੇ ‘ਲਾਲ ਬੱਤੀਆਂ’ ਵਾਲੇ ਲੋਕਾਂ ਦੇ ਦਾਸ ਹੋਣ ਦਾ ਡਰਾਮਾ ਵੀ ਕਰਦੇ ਹਨ। ਚੋਣ ਕਮਿਸ਼ਨ ਵੀ aunHW ਦਿਨਾਂ ’ਚ ‘ਲਾਲ ਬੱਤੀ’ ਲੂਹਾ ਦਿੰਦਾ ਹੈ। ਬਾਕੀ ਕਸਰ ਚੋਣ ਨਤੀਜੇ ਕੱਢ ਦਿੰਦੇ ਹਨ। ਪੂਰੇ ਮੁਲਕ ’ਚ ‘ਲਾਲ ਬੱਤੀ’ ਸਟੇਟਸ ਸਿੰਬਲ ਬਣ ਗਈ ਹੈ। ਪੰਜਾਬ ’ਚ ‘ਲਾਲ ਬੱਤੀ’ ਕਿਵੇਂ ਨਾ ਕਿਵੇਂ ਚਰਚਾ ’ਚ ਰਹੀ ਹੈ। ਕਿਉਂਕਿ ਪੁਲੀਸ ਵਾਲੇ ‘ਲਾਲ ਬੱਤੀ’ ਵਾਲੀ ਗੱਡੀ ਚੋਂ ਭੁੱਕੀ ਤੇ ਅਫੀਮਾਂ ਫੜ ਚੁੱਕੇ ਹਨ। ਕਿਲਾ ਰਾਏਪੁਰ ਦੀ ਜਿਮਨੀ ਚੋਣ ਦੇ ਨਤੀਜੇ ਮਗਰੋਂ ਇੱਕ ਲਾਲ ਬੱਤੀ ਵਾਲੇ ਵਿਧਾਇਕ ਦੀ ਗੱਡੀ ਚੋਂ ਅਫ਼ੀਮ ਫੜੀ ਗਈ ਸੀ, ਪਿਛੋਂ ਮਾਮਲਾ ਰਫਾ ਦਫ਼ਾ ਕਰ ਦਿੱਤਾ ਗਿਆ ਸੀ। ਇੱਕ ਪੁਰਾਣੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਜਿਸ ਗੱਡੀ ਚੋਂ ਭੁੱਕੀ ਫੜੀ ਗਈ ਸੀ, ਉਸ ’ਤੇ ਲਾਲ ਬੱਤੀ ਲੱਗੀ ਹੋਈ ਸੀ।

ਸ਼੍ਰੋਮਣੀ ਕਮੇਟੀ ਦਾ ਇੱਕ ਪੁਰਾਣਾ ਸੀਨੀਅਰ ਨੇਤਾ ਯੂ.ਪੀ ’ਚ ਸੜਕ ਹਾਦਸੇ ਦੀ ਲਪੇਟ ’ਚ ਆ ਗਿਆ ਸੀ। ਉਦੋਂ ਪੁਲੀਸ ਨੇ ਉਸ ਦੀ ਲਾਲ ਬੱਤੀ ਵਾਲੀ ਗੱਡੀ ਚੋਂ ਸ਼ਰਾਬ ਦੀਆਂ ਪੇਟੀਆਂ ਵੀ ਨਾਲ ਬਾਹਰ ਕੱਢੀਆਂ ਸਨ। ਪੰਜਾਬ ਪੁਲੀਸ ਦੇ ਸਲੂਟ ਵੀ ਹਮੇਸ਼ਾ ‘ਲਾਲ ਬੱਤੀ’ ਨੂੰ ਵੱਜਦੇ ਹਨ। ਕਦੇ ਕਦਾਈਂ ਕੋਈ ਅੜਿੱਕੇ ਵੀ ਆ ਜਾਂਦਾ ਹੈ ਪ੍ਰੰਤੂ ਆਮ ਤੌਰ ’ਤੇ ਪੁਲੀਸ ਅਫਸਰ ਵੀ ‘ਲਾਲ ਬੱਤੀ’ ਨਾਲ ਪੰਗਾ ਲੈਣ ਦੀ ਜੁਰਅਤ ਨਹੀਂ ਕਰਦੇ। ਕੁਝ ਵੀ ਹੈ, ਪੁਲੀਸ ਅਫਸਰ ‘ਨੀਲੀ ਬੱਤੀ’ ਵਾਲਿਆਂ ਨੂੰ ਖੰਘਣ ਨਹੀਂ ਦਿੰਦੇ। ਪਿੰਡ ਕੋਟਸ਼ਮੀਰ ਦੇ ਕਲੱਬ ਵਾਲੇ ਮੁੰਡਿਆਂ ਨੇ ਇੱਕ ਐਬੂਲੈਂਸ ਖਰੀਦੀ ਤਾਂ ਜੋ ਮਰੀਜ਼ਾਂ ਦੀ ਮੁਫ਼ਤ ’ਚ ਸੇਵਾ ਕੀਤੀ ਜਾ ਸਕੇ। ਅਣਜਾਣ ਮੁੰਡਿਆਂ ਨੇ ਐਬੂਲੈਂਸ ਉਪਰ ‘ਲਾਲ ਬੱਤੀ’ ਲਗਾ ਲਈ। ਦੂਸਰੇ ਦਿਨ ਹੀ ਬਠਿੰਡਾ ਪੁਲੀਸ ਨੇ ਚਲਾਣ ਕੱਟ ਦਿੱਤਾ। ਮੁੰਡਿਆਂ ਨੇ ਬਥੇਰੇ ਤਰਲੇ ਪਾਏ ਕਿ ਉਹ ਤਾਂ ਅਣਜਾਣ ਸਨ ਤੇ ਲੋਕ ਸੇਵਾ ਦਾ ਕੰਮ ਹੀ ਤਾਂ ਕਰਦੇ ਹਨ। ਉਨ•ਾਂ ਦੀ ਪੁਲੀਸ ਨੇ ਇੱਕ ਨਾ ਸੁਣੀ। ਤਸਵੀਰ ਦਾ ਦੂਜਾ ਪਾਸਾ ਇਹ ਹੈ ਕਿ ਪੁਲੀਸ ਅਫਸਰਾਂ ਦੇ ਬਠਿੰਡਾ ਦੇ ਉਸ ਸਾਬਕਾ ਕਾਨੂੰਨ ਮੰਤਰੀ ਦੀ ‘ਲਾਲ ਬੱਤੀ’ ਵਾਲੀ ਗੱਡੀ ਕਦੇ ਅੱਖਾਂ ’ਤੇ ਨਹੀਂ ਚੜ•ੀ ਜੋ ਐਸ.ਐਸ.ਪੀ ਦੇ ਦਰਾਂ ਮੂਹਰੇ ਆਪਣੀ ਗੱਡੀ ਖੜੀ ਕਰਦਾ ਹੈ। ਬਠਿੰਡਾ ਜ਼ਿਲੇ• ਦੇ ਉਸ ਹਲਕਾ ਇੰਚਾਰਜ ਦੀ ਗੱਡੀ ’ਤੇ ਲੱਗੀ ਲਾਲ ਬੱਤੀ ਵੀ ਪੁਲੀਸ ਨੂੰ ਕਦੇ ਨਹੀਂ ਰੜਕੀ ਜੋ ਹਲਕਾ ਇੰਚਾਰਜ ਇਸੇ ਗੱਡੀ ’ਤੇ ਅਫਸਰਾਂ ਨਾਲ ਮੀਟਿੰਗਾਂ ਕਰਨ ਜਾਂਦਾ ਹੈ। ਇਸ ਤਰ•ਾਂ ਦੇ ਕਿੰਨੇ ਹੀ ਕੇਸ ਹਨ। ਦੇਖਣਾ ਇਹ ਹੈ ਕਿ ‘ਲਾਲ ਬੱਤੀ’ ਵਾਲਿਆਂ ਨੂੰ ਕਦੋਂ ਅਕਲ ਆਉਂਦੀ ਹੈ। ਲੋਕ aunHW ਨੂੰ ਗੱਦੀ ‘ਲਾਲ ਬੱਤੀ’ ਵਾਸਤੇ ਨਹੀਂ ਦਿੰਦੇ ਬਲਕਿ aunHW ਨੂੰ ਫਰਜ਼ ਤੇ ਜਿੰਮੇਵਾਰੀ ਵੀ ਦਿੰਦੇ ਹਨ

- ਚਰਨਜੀਤ ਭੁੱਲਰ,ਬਠਿੰਡਾ

ਲੇਖਕ ਪੱਤਰਕਾਰ ਹਨ।

Sunday, July 4, 2010

ਪੱਤਰਕਾਰੀ ਦੀਆਂ ਪੀੜ੍ਹੀਆਂ ਵਿਚਲਾ ਸਮਾਜ ਵਿਗਿਆਨ


ਮੌਜੂਦਾ ਦੌਰ ’ਚ ਭਾਰਤੀ ਪੱਤਰਕਾਰੀ ਦੀ ਅੰਦਰੂਨੀ ਦਸ਼ਾ ਨੂੰ ਸਮਝਣ ਲਈ, ਪਿਛਲੇ ਕੁਝ ਦਹਾਕਿਆਂ ਦੌਰਾਨ ਹੋਈਆਂ ਅਮਲੀ ਤਬਦੀਲੀਆਂ ਤੇ ਵਾਪਰੀਆਂ ਘਟਨਾਵਾਂ ਦੇ ਸਨਮੁੱਖ ਹੋਣਾ ਜ਼ਰੂਰੀ ਹੈ। ਇਨ੍ਹਾਂ ਤਬਦੀਲੀਆਂ ਨੇ ਕਈ ਪੱਖਾਂ ’ਤੇ ਪੱਤਰਕਾਰੀ ਦੀਆਂ ਦਿਸ਼ਾਵਾਂ ਵੀ ਬਦਲੀਆਂ ਹਨ। ਜਿੱਥੇ ਵਿਸ਼ਵੀਕਰਨ ਦੇ ਦੌਰ ’ਚ ਪੱਤਰਕਾਰੀ ਦਾ ਢਾਂਚਾਗਤ ਸਰੂਪ ਬਦਲਿਆ ਹੈ, ਉਥੇ ਹੀ ਪੁਰਾਣੀ ਪੀੜ੍ਹੀ ਦੇ ਮੁਕਾਬਲੇ ਪੱਤਰਕਾਰੀ ਦੀ ਨਵੀਂ ਪੀੜ੍ਹੀ ਦੀ ਕਿੱਤਾਕਾਰੀ ਸਮਝ, ਨਜ਼ਰੀਏ ਤੇ ਜੀਵਨ ਜਾਚ ’ਚ ਵੱਡਾ ਫਰਕ ਆਇਆ ਹੈ। ਖਾਦੀ ਪਾਉਣ ਤੇ ਸਾਈਕਲ ਚਲਾਉਣ ਵਾਲਿਆਂ ਦੀ ਥਾਂ ਕੋਟ ਪੈਂਟ ਟਾਈ ਤੇ 10 ਲੱਖੀਆ ਗੱਡੀਆਂ ਵਾਲੇ ਪੱਤਰਕਾਰਾਂ ਨੇ ਲਈ ਹੈ। ਕਦੇ ਖ਼ਬਰ ਹੀ ਮੁੱਖ ਚੀਜ਼ ਸੀ, ਪਰ ਅੱਜ ਖ਼ਬਰ ’ਤੇ ਭਾਰੂ ਇਸ਼ਤਿਹਾਰ ਦੇ ਨਾਲ-ਨਾਲ ਖਰੀਦੋ-ਫਰੋਖ਼ਤ (ਪੇਡ ਨਿਊਜ਼) ਦੀ ਨਵੀਂ ਰੀਤ ਵੀ ਜਨਮ ਲੈ ਚੁੱਕੀ ਹੈ। ਪੱਤਰਕਾਰ ਤੇ ਖ਼ਬਰ ਦੇ ਰਿਸ਼ਤੇ ਬਦਲ ਰਹੇ ਹਨ। ਇਕ ਸਮਾਂ ਸੀ, ਜਦ ਪੱਤਰਕਾਰ ਕਿਸੇ ਰਾਜਨੀਤਕ ਲੀਡਰ ਦੇ ਨੇੜੇ ਨਹੀਂ ਸੀ ਬਹਿੰਦਾ, ਕਿ ਕਿਤੇ ਉਸ ਦੀ ਫੋਟੋ ਲੀਡਰ ਨਾਲ ਨਾ ਆ ਜਾਵੇ, ਪਰ ਦੂਜਾ ਦੌਰ ਹੈ, ਜਦੋਂ ਪੱਤਰਕਾਰ ਮੁੱਖ ਮੰਤਰੀ ਨਾਲ ਬੈਠਣ ਤੇ ਫੋਟੋ ਖਿਚਵਾਉਣ ’ਤੇ ਮਾਣ ਮਹਿਸੂਸ ਕਰਦੇ ਹਨ। ਇਹ ਗੱਲ ਆਧੁਨਿਕ ਦੌਰ ਦੇ ਵਰਤਾਰੇ ਗੱਡੀਆਂ ਤੱਕ ਹੀ ਮਹਿਦੂਦ ਨਹੀਂ, ਬਲਕਿ ਮਸਲਾ ਪੱਤਰਕਾਰੀ ਦੇ ਉਨ੍ਹਾਂ ਸਮਾਜਿਕ ਸਰੋਕਾਰਾਂ ਦਾ ਹੈ, ਜਿਹੜੇ ਇਨ੍ਹਾਂ ਦੇ ਜ਼ਰੀਏ ਬਦਲੇ ਜਾਂ ਬਦਲ ਰਹੇ ਹਨ। ਇਸ ਪੂਰੇ ਵਰਤਾਰੇ ਨੂੰ ਸਮਝਣ ਲਈ ਪੱਤਰਕਾਰੀ ਦੀ ਪੁਰਾਣੀ ਤੇ ਨਵੀਂ ਪੀੜ੍ਹੀ ਵਿਚਕਾਰਲੇ ਅਰਸੇ ਦੌਰਾਨ ਵਾਪਰੀਆਂ ਸਮਾਜਿਕ, ਆਰਥਿਕ ਤੇ ਰਾਜਨੀਤਕ ਘਟਨਾਵਾਂ ਦਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ।

ਇਸ ਦਸ਼ਾ ਤੇ ਦਿਸ਼ਾ ਨੂੰ ਸਮਝਣ ਦੇ ਚਾਹੇ ਕਈ ਪਹਿਲੂ ਹਨ, ਪਰ ਮੁੱਖ ਰੂਪ ’ਚ ਪੱਤਰਕਾਰੀ ਦੇ ਜਮਹੂਰੀ ਲਹਿਰਾਂ ਨਾਲ ਰਿਸ਼ਤੇ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਕਿਸ ਤਰ੍ਹਾਂ ਪੱਤਰਕਾਰੀ ਲੋਕ ਸੰਚਾਰ ਦਾ ਮਾਧਿਅਮ ਬਣ ਕੇ ਲੋਕ ਲਹਿਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਮਹੂਰੀਅਤ ਨੂੰ ਮਜ਼ਬੂਤ ਕਰਦੇ ਹਨ। ਪੱਤਰਕਾਰੀ ਤੇ ਲੋਕ ਲਹਿਰਾਂ ਦੋਵੇਂ ਆਪੋ ਆਪਣੀ ਪਹੁੰਚ ਮੁਤਾਬਕ ਸੱਤਾ ਅੱਗੇ ਲੋਕ ਮੁੱਦਿਆਂ ਦੇ ਸਵਾਲ ਖੜ੍ਹੇ ਕਰਦੇ ਹੋਏ, ਉਸ ਨਾਲ ਹਾਂ-ਪੱਖੀ ਸੰਵਾਦ ਰਚਾਉਂਦੇ ਹਨ। ਬਹਿਸ ਮੁਬਾਹਸੇ ਸਿਹਤਮੰਦ ਜਮਹੂਰੀਅਤ ਲਈ ਆਕਸੀਜ਼ਨ ਦਾ ਕੰਮ ਕਰਦੇ ਹਨ। ਵਿਚਾਰ ਚਰਚਾ ਦਾ ਸਭਿਆਚਾਰ ਦੋਵੇਂ ਮਾਧਿਅਮ ਪੈਦਾ ਕਰਦੇ ਹਨ, ਜੋ ਸੱਤਾ ਨੂੰ ਲਚਕੀਲਾ ਤੇ ਜਮਹੂਰੀਅਤ ਨੂੰ ਮਜ਼ਬੂਤ ਕਰਦਾ ਹੈ।

ਆਜ਼ਾਦੀ ਦੀ ਲਹਿਰ ਦੇ ਸ਼ੁਰੂਆਤੀ ਦਿਨਾਂ ਤੋਂ ਡਾ. ਰਾਮ ਮਨੋਹਰ ਲੋਹੀਆ ਤੇ ਜੈ ਪ੍ਰਕਾਸ਼ ਨਰਾਇਣ ਦੇ ‘‘ਗੈਰ ਕਾਂਗਰਸਵਾਦ’’ ਦੇ ਸੰਦਰਭ ’ਚ ਇਸ ਨੂੰ ਬੜੇ ਸੁਚੱਜੇ ਢੰਗ ਨਾਲ ਸਮਝਿਆ ਜਾ ਸਕਦਾ ਹੈ। ਇਨ੍ਹਾਂ ਲੋਕ-ਪੱਖੀ ਸੰਘਰਸ਼ਾਂ ਦੇ ਕਾਰਨ ਹੀ, ਭਾਰਤੀ ਪੱਤਰਕਾਰੀ ਲੋਕ ਸੇਵਾ ਤੇ ਮਿਸ਼ਨ ਦੇ ਰੂਪ ’ਚ ਵਿਕਸਤ ਹੋਈ। ਲੋਕ ਸੰਚਾਰ ਤੇ ਲੋਕ ਲਹਿਰਾਂ ਦਾ ਆਪਸੀ ਤਾਲਮੇਲ ਹੋਣ ਕਰਕੇ, ਇਨ੍ਹਾਂ ਦੌਰਾਂ ਦੇ ਬਹੁਤੇ ਪੱਤਰਕਾਰਾਂ ਦਾ ਸਮਾਜਿਕ ਲੋਕ ਲਹਿਰਾਂ ਨਾਲ ਰਿਸ਼ਤਾ ਰਿਹਾ ਤੇ ਉਸ ਦੌਰ ਦੀ ਪੱਤਰਕਾਰੀ ਹਮੇਸ਼ਾ ਲੋਕਮੁਖੀ ਰਹੀ ਹੈ। ਇਨ੍ਹਾਂ ਲਹਿਰਾਂ ਨੇ ਦੇਸ਼ ਨੂੰ ਜ਼ਮੀਨ ਨਾਲ ਜੁੜੇ ਨਰੋਏ ਪੱਤਰਕਾਰਾਂ ਦੀ ਇਕ ਪੀੜ੍ਹੀ ਦਿੱਤੀ, ਜਿਹੜੀ ਹਮੇਸ਼ਾ ਜਨਤਕ ਸਰੋਕਾਰਾਂ ਨੂੰ ਮੁੱਖ ਰੱਖ ਕੇ ਪੱਤਰਕਾਰੀ ਕਰਦੀ ਰਹੀ ਹੈ। ਇਸ ਮਿਸ਼ਨ ’ਚ ਬਹੁਤ ਸਾਰੇ ਪੱਤਰਕਾਰਾਂ ਨੂੰ ਜੇਲ੍ਹਾਂ ਕੱਟਣੀਆਂ ਪਈਆਂ ਤੇ ਸੰਪਾਦਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਤੱਕ ਕੁਰਕ ਹੋਈਆਂ।

ਪੱਤਰਕਾਰੀ ਦਾ ਕੰਮ ਸਰਕਾਰਾਂ ਦੇ ਗੁਣਗਾਨ ਕਰਨਾ ਨਹੀਂ ਹੁੰਦਾ, ਬਲਕਿ ਜਨਤਾ ਦੀਆਂ ਲੋਕਤੰਤਰੀ ਮੰਗਾਂ ਮਸਲਿਆਂ ਦੀ ਸੁਤੰਤਰ ਨੁਮਾਇੰਦਗੀ ਕਰਕੇ ਸਰਕਾਰ ਨੂੰ ਜਗਾਉਣਾ ਹੁੰਦਾ ਹੈ। ਇਸੇ ਲਈ ਆਜ਼ਾਦੀ ਲਹਿਰ ਦੇ ਦੌਰ ਦੀ ਪੱਤਰਕਾਰ ਪੀੜ੍ਹੀ ਨੇ ਬਾਅਦ ’ਚ ਵੀ ਆਪਣੇ ਫਰਜ਼ਾਂ ਨੂੰ ਪਛਾਣਦਿਆਂ ਭਾਰਤ ਸਰਕਾਰ ਪ੍ਰਤੀ ਆਲੋਚਨਾਤਮਿਕ ਨਜ਼ਰੀਆ ਰੱਖਿਆ ਸੀ। 60ਵਿਆਂ ਦੇ ਦਹਾਕੇ ’ਚ ਜਦੋਂ ਸਮਾਜਵਾਦੀ ਆਗੂ ਡਾ. ਰਾਮ ਮਨੋਹਰ ਲੋਹੀਆ ਦੀ ਅਗਵਾਈ ’ਚ ‘‘ਗੈਰ ਕਾਂਗਰਸਵਾਦ’’ ਲਹਿਰ ਚੱਲੀ ਤਾਂ ਪੱਤਰਕਾਰਾਂ ਦੀ ਇਸੇ ਪੀੜ੍ਹੀ ਨੇ ਡਾ. ਲੋਹੀਆ ਦਾ ਪੂਰਾ ਸਾਥ ਦਿੱਤਾ। ਮਸ਼ਹੂਰ ਪੱਤਰਕਾਰ ਤੇ ਜਨਸੱਤਾ ਦੇ ਸਵਰਗੀ ਸੰਪਾਦਕ ਪ੍ਰਭਾਸ਼ ਜੋਸ਼ੀ ਇਸੇ ਲਹਿਰ ਤੋਂ ਪ੍ਰਭਾਵਿਤ ਹੋ ਕੇ ਪੱਤਰਕਾਰ ਬਣੇ। ਤੇ ਫਿਰ ਐਮਰਜੈਂਸੀ ਦੌਰਾਨ ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ’ਚ ਚੱਲੀ ‘‘ਸੰਪੂਰਨ ਕ੍ਰਾਂਤੀ’’ ਲਹਿਰ ਸਮੇਂ ਪੱਤਰਕਾਰਾਂ ਨੇ ਹਜ਼ਾਰਾਂ ਮੁਸੀਬਤਾਂ ਦੇ ਬਾਵਜੂਦ ਆਪਣਾ ਬਣਦਾ ਰੋਲ ਅਦਾ ਕੀਤਾ, ਭਾਵੇਂ ਕਿ ਇਹ ਮਹਿਜ਼ ਇਤਫਾਕ ਹੈ। ਜਿਸ ਮੌਕੇ ਡਾ. ਲੋਹੀਆ ਦੇ ‘‘ਗੈਰ ਕਾਂਗਰਸਵਾਦ’’, ਜੈ ਪ੍ਰਕਾਸ਼ ਨਰਾਇਣ ਦੀ ਸੰਪੂਰਨ ਕ੍ਰਾਂਤੀ, ਤੇ ਦਲਿਤ ਲਹਿਰ ’ਚੋਂ ਨਿਕਲੇ ਮੁਲਾਇਮ ਸਿੰਘ ਯਾਦਵ, ਜਾਰਜ ਫਰਨਾਂਡੇਜ਼, ਨਿਤੀਸ਼ ਕੁਮਾਰ, ਲਾਲੂ ਪ੍ਰਸਾਦ ਯਾਦਵ, ਰਾਮਵਿਲਾਸ ਪਾਸਵਾਨ ਤੇ ਕੁਮਾਰੀ ਮਾਇਆਵਤੀ ਸਰੋਕਾਰਾਂ ਦੀ ਰਾਜਨੀਤੀ ਛੱਡ ਕੇ ਸਮਝੌਤਿਆਂ ਦੀ ਰਾਜਨੀਤੀ ਰਾਹੀਂ ਸੰਸਦੀ ਸ਼ਤਰੰਜ ਦੇ ਮੋਹਰੇ ਬਣ ਰਹੇ ਸਨ, ਉਨ੍ਹਾਂ ਸਮਿਆਂ ਦੌਰਾਨ ਹੀ ਪੱਤਰਕਾਰਾਂ ਤੇ ਪੱਤਰਕਾਰੀ ਦਾ ਰੰਗ, ਰੂਪ, ਮਿਜ਼ਾਜ ਤੇਜ਼ੀ ਨਾਲ ਬਦਲ ਰਿਹਾ ਸੀ।

ਇਹ ਦੌਰ ਤਿੰਨ ਮੰਮਿਆਂ ਯਾਨਿ ਕਿ ਮੰਡਲ, ਮਾਰਕੀਟ ਤੇ ਮਸਜਿਦ ਦਾ ਸੀ। ਜਦੋਂ ਭਾਰਤੀ ਸਮਾਜ ਦੀ ਜਾਤ, ਧਾਰਮਿਕ ਫਿਰਕਾਪ੍ਰਸਤੀ ’ਤੇ ਬਾਜ਼ਾਰ ਆਧਾਰਿਤ ਵਰਗ ਵੰਡ ’ਤੇ ਲਾਮਬੰਦੀ ਹੋ ਰਹੀ ਸੀ, ਜਿਸ ਨੇ ਦੇਸ਼ ਦੀਆਂ ਜਮਹੂਰੀ ਲਹਿਰਾਂ ਨੂੰ ਵੱਡੀ ਸੱਟ ਮਾਰੀ। ਵੀ.ਪੀ. ਸਿੰਘ ਦੇ ਮੰਡਲ ਕਮਿਸ਼ਨ ਤੋਂ ਬਾਅਦ ਧਾਰਮਿਕ ਫਿਰਕਾਪ੍ਰਸਤੀ ਤੇ ਬਾਜ਼ਾਰ ਨੇ ਸਮਾਜ ’ਚ ਇਕ ਨਵੀਂ ਲਕਸ਼ਮਣ ਰੇਖਾ ਖਿੱਚ ਦਿੱਤੀ ਸੀ। ਦੇਸ਼ ਦੀਆਂ ਗਾਂਧੀਵਾਦੀ, ਸਮਾਜਵਾਦੀ, ਅੰਬੇਦਕਰਵਾਦੀ ਤੇ ਫਾਸ਼ੀਵਾਦੀ ਪਾਰਟੀਆਂ ਨੇ ਨਵੇਂ ਪੈਂਤੜੇ ਲੈਂਦਿਆਂ, ਆਪਣੀ ਸਮਾਜਿਕ-ਆਰਥਿਕ ਇੰਜੀਨੀਅਰਿੰਗ ਦੀ ਨਵੀਂ ਰੂਪ-ਰੇਖਾ ਘੜੀ। ਪੁਰਾਣੀ ਰਾਜਨੀਤੀ ਨੇ ਨਵਾਂ ਨਕਾਬ ਪਾ ਕੇ ‘‘ਨਵੀਆਂ ਆਰਥਿਕ ਨੀਤੀਆਂ’’ ਦੀ ਦਿਸ਼ਾ ’ਚ ਰਾਜ ਦੀਆਂ ਸਾਰੀਆਂ ਸੰਸਥਾਵਾਂ ਦੀ ਮੁਹਾਰ ਨਵੇਂ ਪ੍ਰਬੰਧ ਵੱਲ ਮੋੜਨੀ ਸ਼ੁਰੂ ਕਰ ਦਿੱਤੀ। ਨਵੇਂ ਆਰਥਿਕ ਤੇ ਰਾਜਨੀਤਕ ਪ੍ਰਬੰਧ ਦਾ ਸਮਾਜ ਦੀ ਹਰ ਚੀਜ਼ ‘ਤੇ ਝਲਕਾਰਾ ਪੈਣਾ ਲਾਜ਼ਮੀ ਸੀ। ਸੋ ਬਾਜ਼ਾਰਵਾਦ ਦੀ ਸ਼ੁਰੂਆਤ ਦੇ ਨਾਲ ਹੀ ਪੱਤਰਕਾਰੀ ਦੀ ਬਾਹਰਲੀ ਦਿੱਖ ਬਦਲਣੀ ਸ਼ੁਰੂ ਹੋਈ। ਬਾਹਰਲੀ ਦਿੱਖ ਦੇ ਨਾਲ ਅੰਦਰੂਨੀ ਬਦਲਾਅ ਜੁੜੇ ਹੋਏ ਸਨ। ਇਨ੍ਹਾਂ ਅੰਦਰੂਨੀ ਬਦਲਾਵਾਂ ਦਾ ਸਭ ਤੋਂ ਪਹਿਲਾ ਅਸਰ ਪੱਤਰਕਾਰਾਂ ਦੀ ਨਵੀਂ ਪੀੜ੍ਹੀ ’ਤੇ ਪਿਆ। ਪੱਤਰਕਾਰੀ ਦਾ ਪੂਰਾ ਅਰਥ-ਸ਼ਾਸਤਰ ਬਾਜ਼ਾਰ ’ਤੇ ਨਿਰਭਰ ਹੋਣ ਕਾਰਨ ਰਿਪੋਰਟਿੰਗ ਦੀ ਦਿਸ਼ਾ ਬਦਲਣੀ ਸ਼ੁਰੂ ਹੋਈ। ਬਾਜ਼ਾਰ ਨੂੰ ਵੱਧ ਤੋਂ ਵੱਧ ਉਪਭੋਗਤਾ ਦੀ ਜ਼ਰੂਰਤ ਸੀ, ਜਿਸ ਦਾ ਸਬੰਧ ਸ਼ਹਿਰਾਂ ਨਾਲ ਹੋਣ ਕਾਰਨ ਅਖ਼ਬਾਰਾਂ ਦੇ ਪੰਨਿਆਂ ਤੇ ਖਬਰੀ ਚੈਨਲਾਂ ਦੇ ਬੁਲਿਟਨਾਂ ’ਚ ਜਗਮਗਾਉਂਦੇ ਮੈਟਰੋ ਸ਼ਹਿਰ ਦਿੱਖਣ ਲੱਗੇ। ਮੀਡੀਆ ਦੇ ਸ਼ਹਿਰੀਕਰਨ ਦੇ ਰਾਹ ਪੈਣ ਨਾਲ, ਜਿੱਥੇ ਪੱਤਰਕਾਰੀ ਦੇਸ਼ ਦੇ 70 ਫੀਸਦ ਪਿੰਡਾਂ ਤੋਂ ਦੂਰ ਹੋਈ, ਉਥੇ ਹੀ ਪੱਤਰਕਾਰਾਂ ਦੀ ਨਵੀਂ ਪੀੜ੍ਹੀ ਪੇਂਡੂ ਸਮਾਜ ਤੋਂ ਦੂਰ ਹੋਣ ਕਾਰਨ ਜ਼ਮੀਨੀ ਹਾਲਤਾਂ ਨੂੰ ਸਮਝਣ ‘ਚ ਅਸਫਲ ਰਹੀ, ਜਿਸ ਦੇ ਕਾਰਨ ਵੀ ਇਨ੍ਹਾਂ ਪੀੜ੍ਹੀਆਂ ਵਿਚਲਾ ਪਾੜਾ ਹੋਰ ਵਧਣ ਲੱਗਿਆ ਹੈ।

ਬਾਜ਼ਾਰਵਾਦੀ ਦੌਰ ’ਚ ਜਦੋਂ ਮੀਡੀਆ ਅਦਾਰਿਆਂ ਨੇ ਨਵੇਂ ਪ੍ਰਬੰਧ ਲਈ ਨਵੀਆਂ ਪਰਿਭਾਸ਼ਾਵਾਂ ਘੜੀਆਂ ਤਾਂ ਪੱਤਰਕਾਰਾਂ ਨੇ ਵੀ ਖ਼ਬਰ ਦੀ ਪਰਿਭਾਸ਼ਾ ’ਚ ਤਬਦੀਲੀਆਂ ਕੀਤੀਆਂ। ਤਿੰਨ ‘ਸੀ’ ਕਰਾਈਮ, ਸਿਨੇਮਾ ਤੇ ਕ੍ਰਿਕਟ ਮੌਜੂਦਾ ਪੱਤਰਕਾਰੀ ’ਤੇ ਭਾਰੀ ਹੋਏ। ਕ੍ਰਿਆਵਾਂ ਦਾ ਆਪਸ ’ਚ ਦਵੰਦਵਾਦੀ ਰਿਸ਼ਤਾ ਹੋਣ ਕਾਰਨ ਇਨ੍ਹਾਂ ਤਿੰਨ ‘‘ਸੀਆਂ’’ ਦੇ ਆਉਣ ਨਾਲ ਪੱਤਰਕਾਰੀ ’ਚੋਂ ਸਾਹਿਤ, ਸਭਿਆਚਾਰ ਤੇ ਲੋਕ ਸੰਘਰਸ਼ਾਂ ਦੀਆਂ ਖ਼ਬਰਾਂ ਹਾਸ਼ੀਏ ’ਤੇ ਜਾ ਰਹੀਆਂ ਹਨ। ਇਸ ਕਾਰਨ ਹੀ ਨਵੇਂ ਪੱਤਰਕਾਰਾਂ ਦੀ ਪੀੜ੍ਹੀ ਦੇ ਬਹੁਤੇ ਲੋਕ ਇਤਿਹਾਸ, ਰਾਜਨੀਤੀ, ਸਾਹਿਤ ਤੇ ਸਭਿਆਚਾਰ ਬਾਰੇ ਚੱਲਵੀਂ ਸੂਚਨਾ ਤੋਂ ਬਿਨਾਂ ਕੋਈ ਬਹੁਤਾ ਗਿਆਨ ਨਹੀਂ ਰੱਖਦੇ। ਕਈ ਬਿਲਕੁਲ ਕੋਰੇ ਕਾਗਜ਼ ਵਰਗੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਸਾਡਾ ਕੰਮ ਸੂਚਨਾ ਲੈ ਕੇ ਉਸ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਪਰ ਉਹ ਇਹ ਨਹੀਂ ਜਾਣਦੇ ਕਿ ਸੂਚਨਾ ਦਾ ਵਿਸ਼ਲੇਸ਼ਣ ਕਰਕੇ ਉਸ ਨੂੰ ਸਮਾਜ ਦੇ ਪੱਖ ‘ਚ ਭੁਗਤਾਉਣਾ ਤੇ ਸੱਤਾ ਤੋਂ ਉਸ ਦੀ ਜਵਾਹਦੇਹੀ ਲੈਣੀ, ਉਨ੍ਹਾਂ ਦੀ ਮੁੱਖ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਇਸ ਦੇ ਲਈ ਰਾਜਨੀਤੀ, ਇਤਿਹਾਸ ਤੇ ਸਭਿਆਚਾਰ ਵਰਗੇ ਵਿਸ਼ਿਆਂ ’ਤੇ ਪਕੜ ਹੋਣੀ ਬਹੁਤ ਜ਼ਰੂਰੀ ਹੈ। ਇਸ ਸਾਹਿਤ ਨੂੰ ਪੜ੍ਹਨਾ ਤੇ ਸਮਝਣਾ ਇਸ ਲਈ ਵੀ ਜ਼ਰੂਰੀ ਹੈ ਕਿ ਉਹ ਪੱਤਰਕਾਰ ਨੂੰ ਨਜ਼ਰੀਆ ਤੇ ਸ਼ਬਦਾਂ ਦੀ ਭਾਸ਼ਾਈ ਖੁਰਾਕ ਮੁਹੱਈਆ ਕਰਵਾਉਂਦਾ ਹੈ।

ਜਦੋਂ ਪੱਤਰਕਾਰੀ ਦੀਆਂ ਪੀੜ੍ਹੀਆਂ ਦੌਰਾਨ ਬਦਲੇ ਸਮਾਜਿਕ, ਆਰਥਿਕ ਤੇ ਰਾਜਨੀਤਕ ਮਹੌਲ ਬਾਰੇ ਗੱਲਬਾਤ ਹੋ ਰਹੀ ਹੈ, ਜਿਸ ਨੇ ਪੱਤਰਕਾਰਾਂ ਦੀ ਨਵੀਂ ਪੀੜ੍ਹੀ ਅੱਗੇ ਪ੍ਰਸ਼ਨ ਖੜ੍ਹੇ ਕੀਤੇ ਹਨ ਤਾਂ ਅਜਿਹੇ ਨਵੇਂ ਦੌਰ ’ਚ ਆਈਆਂ ਪੱਤਰਕਾਰੀ ਦੀਆਂ ਕਿੱਤਾਕਾਰੀ ਸੰਸਥਾਵਾਂ ਦੀ ਨਿਸ਼ਾਨਦੇਹੀ ਵੀ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਪਹਿਲੀ ਪੀੜ੍ਹੀ ਨੇ ਬਿਨਾਂ ਸੰਸਥਾਗਤ ਸਿੱਖਿਆ ਤੋਂ ਵੀ ਆਪਣੀ ਕਿੱਤਾਕਾਰੀ ਭੂਮਿਕਾ ਬੜੀ ਜ਼ਿੰਮੇਵਾਰੀ ਨਾਲ ਨਿਭਾਈ, ਪਰ ਦੂਜੀ ਪੀੜ੍ਹੀ ਲੱਖਾਂ ਰੁਪਏ ਆਪਣੇ ਕਿੱਤਾਕਾਰੀ ਕੋਰਸਾਂ ’ਤੇ ਖਰਚਣ ਤੋਂ ਬਾਅਦ ਵੀ ਕਿੱਤਾਕਾਰਤਾ ਲਈ ਸਮਰੱਥ ਕਿਉਂ ਨਹੀਂ ਹੋ ਰਹੀ? ਇਸ ਲਈ ਸਵਾਲਾਂ ਦੇ ਘੇਰੇ ’ਚ ਪੱਤਰਕਾਰੀ ਦੀਆਂ ਸੰਸਥਾਵਾਂ ਆਉਂਦੀਆਂ ਹਨ। ਪੱਤਰਕਾਰੀ ਦੀ ਪਨੀਰੀ ਤਿਆਰ ਕਰਨ ਵਾਲੀਆਂ ਇਨ੍ਹਾਂ ਸੰਸਥਾਵਾਂ ’ਚੋਂ ਨਿਕਲੇ ਹੋਏ ਬਹੁਤ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ, ਕਿ ਸੰਸਥਾਵਾਂ ’ਚ ਦਿਖਾਏ ਜਾਂਦੇ ਕਾਲਪਨਿਕ ਹਸੀਨ ਸੁਫਨਿਆਂ ਦਾ ਯਥਾਰਥ ਨਾਲ ਕੋਈ ਦੂਰ ਨੇੜੇ ਦਾ ਵਾਹ-ਵਾਸਤਾ ਨਹੀਂ ਹੁੰਦਾ। ਵਿਸ਼ਵੀਕਰਨ ਦੇ ਦੌਰ ’ਚ ਜਿੱਥੇ ਪੱਤਰਕਾਰੀ ਦੇ ਖੇਤਰ ’ਚ ਹਰ ਰੋਜ਼ ਨਵੀਆਂ ਤਬਦੀਲੀਆਂ ਤੇ ਤਜਰਬੇ ਹੋ ਰਹੇ ਹਨ, ਓਥੇ ਇਨ੍ਹਾਂ ਸੰਸਥਾਵਾਂ ਨੇ ਅਜੇ ਤੱਕ ਆਪਣੇ ਪੁਰਾਣੇ ਸਿਲੇਬਸ ਨਹੀਂ ਬਦਲੇ। ਨਵੀਂ ਪੀੜ੍ਹੀਆਂ ਪੜ੍ਹਨ ਲਿਖਤ ਤੋਂ ਦੂਰ ਹੋਣ ਕਾਰਨ ਪੂਰੀ ਤਰ੍ਹਾਂ ਇਨ੍ਹਾਂ ਸੰਸਥਾਵਾਂ ’ਤੇ ਨਿਰਭਰ ਹੈ, ਪਰ ਕਈ ਸੰਸਥਾਵਾਂ ’ਚ ਮਹੌਲ ਇਹੋ ਜਿਹਾ ਹੈ ਕਿ ਇਹ ਚੰਗੇ ਭਲੇ ਬੰਦੇ ਨੂੰ ਮਾਨਸਿਕ ਬੀਮਾਰ ਕਰ ਸਕਦੀਆਂ ਹਨ। ਨਵੀਂ ਪੀੜ੍ਹੀ ਨੂੰ ਪੱਤਰਕਾਰੀ ਦਾ ਸਮਾਜ ਵਿਗਿਆਨ ਸਮਝਾਉਣ ਦੀ ਬਜਾਏ, ਪੁਰਾਣੇ ਸਿਲੇਬਸ ਦੀਆਂ ਕਿਤਾਬਾਂ ਨੂੰ ਤੋਤਾ ਰੱਟ ਲਗਵਾਈ ਜਾ ਰਹੀ ਹੈ।

ਬਹੁਤ ਸਾਰੇ ਵਿਸ਼ਿਆਂ ਨੂੰ ਸਮਝਣ ਲਈ ਵਿਸ਼ੇਸ਼ ਲੈਬਾਂ ਹੋ ਸਕਦੀਆਂ ਹਨ,ਪਰ ਪੱਤਰਕਾਰੀ ਨੂੰ ਸਮਝਣ ਲਈ ਸਭ ਤੋਂ ਵੱਡੀ ਪ੍ਰਯੋਗਸ਼ਾਲਾ ਸਮਾਜ ਹੈ। ਜਿਸ ’ਤੇ ਪ੍ਰਯੋਗ ਕਰਦਿਆਂ ਪੱਤਰਕਾਰਾਂ ਨੇ ਜਮਹੂਰੀਅਤ ਨੂੰ ਮਜ਼ਬੂਤ ਕਰਨਾ ਹੈ, ਇਸੇ ਲਈ ਸਮਾਜ ਨੂੰ ਸਮਝਣ ਲਈ ਪੱਤਰਕਾਰੀ ਸੰਸਥਾਵਾਂ ਵਲੋਂ ਸਮਾਜ ’ਚ ਵਾਪਰਦੇ ਜੀਵਤ ਸਭਿਆਚਾਰ ਤੇ ਲਹਿਰਾਂ ਨੂੰ ਤਰਕ ਦੀ ਕਸੌਟੀ ’ਤੇ ਪਰਖਣਾ ਜ਼ਰੂਰੀ ਹੈ। ਮੇਲੇ ਪੰਜਾਬ ਦੇ ਸਭਿਆਚਾਰ ਤੇ ਛੋਟੀਆਂ ਮੋਟੀਆਂ ਲਹਿਰਾਂ ਦੇਸ਼ ਦੇ ਆਰਥਿਕ ਤੇ ਰਾਜਨੀਤਕ ਖਾਸੇ ਨੂੰ ਉਭਾਰਦੀਆਂ ਹਨ। ਇਸ ਲਈ ਮੌਜੂਦਾ ਪੀੜ੍ਹੀ ਨੂੰ ਦੋਵਾਂ ਦੇ ਰੂਬਰੂ ਕਰਨਾ ਜ਼ਰੂਰੀ ਹੈ। ਸਿਰਫ ਸੰਸਥਾਗਤ ਸਮਝ ਦੇ ਜ਼ਰੀਏ ਪੱਤਰਕਾਰੀ ਦੇ ਸਮਾਜ ਵਿਗਿਆਨ ਨੂੰ ਸਮਝਣਾ ਇਤਿਹਾਸ ਨਾਲ ਬੇਇਨਸਾਫੀ ਤੇ ਬਿਲਕੁਲ ਮਸ਼ੀਨੀ ਪਹੁੰਚ ਹੋਵੇਗੀ।

ਪੱਤਰਕਾਰੀ ਦੀਆਂ ਇਨ੍ਹਾਂ ਪੀੜ੍ਹੀਆਂ ਵਿਚਲਾ ਫਾਸਲਾ ਤਬਦੀਲੀ ਤੇ ਘਟਨਾਵਾਂ ਦੇ ਰੂਪ ’ਚ ਇਕ ਕੈਨਵਸ ਉੱਪਰ ਆ ਚੁੱਕਿਆ ਹੈ। ਹੁਣ ਸਵਾਲ ਇਹ ਹੈ ਕਿ ਕੀ ਸਭ ਕੁਝ ਸਿਰਫ ਬਹਿਸ ਮੁਬਾਹਸੇ ਲਈ ਹੀ ਹੋਣਾ ਚਾਹੀਦਾ ਹੈ। ਕੀ ਬਹਿਸ ਨੂੰ ਅਮਲੀ ਰੂਪ ਨਹੀਂ ਲੈਣਾ ਚਾਹੀਦਾ, ਜਦੋਂਕਿ ਇਸੇ ਬਹਿਸ ਬਾਰੇ ਮੀਡੀਆ ਤੇ ਲੋਕਤੰਤਰ ਦੇ ਸੰਵਾਦ ਨਾਲ ਜੁੜੇ ਮਾਹਰ ਵਿਸ਼ਲੇਸ਼ਕ ਮੰਨਦੇ ਹਨ ਕਿ ਪਿਛਲੇ ਸਮਿਆਂ ਤੋਂ ਮੀਡੀਆ ’ਚ ਬੌਧਿਕਤਾ ਘਟਦੀ ਜਾ ਰਹੀ ਹੈ ਤਾਂ ਮਾਮਲਾ ਹੋਰ ਵੀ ਗੰਭੀਰਤਾ ਧਾਰਨ ਕਰ ਲੈਂਦਾ ਹੈ। ਇਸ ਦਾ ਕਾਰਨ ਉਹ ਨਵ-ਉਦਾਰੀਕਰਨ ਤੇ ਪੱਤਰਕਾਰੀ ਸੰਸਥਾਵਾਂ ਦੇ ਜ਼ਰੀਏ ਬਦਲੀਆਂ ਦਿਸ਼ਾਵਾਂ ਨੂੰ ਹੀ ਮੰਨਦੇ ਹਨ।

ਪੱਤਰਕਾਰੀ ਦੇਸ਼ ਦੀ ਜਮਹੂਰੀਅਤ ਦੀ ਚੌਕੀਦਾਰ ਹੈ। ਬਾਕੀ ਤਿੰਨ ਥੰਮ੍ਹਾਂ ਨੇ ਆਪੋ ਆਪਣੇ ਕੰਮ ਕਰਨੇ ਹਨ, ਪਰ ਚੌਥੇ ਥੰੰਮ ਨੇ ਆਪਣੇ ਕੰਮ ਦੇ ਨਾਲ ਦੂਜਿਆਂ ’ਤੇ ਪੈਨੀ ਨਜ਼ਰ ਰੱਖਦੇ ਹੋਏ, ਉਨ੍ਹਾਂ ਨੂੰ ਸਮਾਜ ਪ੍ਰਤੀ ਜਵਾਹਦੇਹ ਬਣਾਉਣਾ ਹੈ। ਇਸ ਲਈ ਜਦੋਂ ‘‘ਗੈਰ-ਜਥੇਬੰਦਕ ਖੇਤਰ ਦੇ ਉਦਯੋਗਾਂ ਲਈ ਬਣੇ ਕੌਮੀ ਕਮਿਸ਼ਨ’’ ਦੀ ਜਾਰੀ ਰਿਪੋਰਟ (ਨੈਸ਼ਨਲ ਕਮਿਸ਼ਨ ਫਾਰ ਇੰਟਰਪਰਾਈਜ਼ ਇਨ ਅਨ-ਆਰਗੇਨਾਈਜ਼ਡ ਸੈਕਟਰ) ਮੁਤਾਬਕ ਦੇਸ਼ ਦੇ 77 ਫੀਸਦ ਲੋਕ 20 ਰੁਪਏ ਦਿਹਾੜੀ ’ਤੇ ਗੁਜ਼ਾਰਾ ਤੇ 40 ਕਰੋੜ ਲੋਕ ਇਕ ਡੰਗ ਦੀ ਰੋਟੀ ਦੇ ਮੁਹਤਾਜ਼ ਹੋਣ ਤਾਂ ਪੱਤਰਕਾਰੀ ਦਾ ਫਰਜ਼ ਹੋਰ ਵੀ ਗੰਭੀਰ ਤੇ ਜ਼ਿੰਮੇਵਾਰ ਹੋ ਜਾਂਦਾ ਹੈ। ਇਸੇ ਨਾਲ ਸਬੰਧਤ ਦੇਸ ਦੇ ਨੋਬਲ ਇਨਾਮ ਜੇਤੂ ਅਰਥਸ਼ਾਸ਼ਤਰੀ ਅਮਰਤਿਆ ਸੇਨ ਦਾ ਬਹੁ-ਚਰਚਿਤ ਸਿਧਾਂਤ ਹੈ ਕਿ ਸੁਤੰਤਰ ਮੀਡੀਆ ਵੱਡੇ ਪੈਮਾਨੇ ’ਤੇ ਭੁੱਖਮਰੀ ਤੇ ਮਹਾਂਮਾਰੀ ਤੋਂ ਮੌਤਾਂ ਰੋਕਣ ਦਾ ਸਾਧਨ ਹੈ। ਇਸ ਇਤਿਹਾਸ ਨੂੰ ਵਰਤਮਾਨ ਬਣਾਉਣ ਦੀ ਲੋੜ ਹੈ। ਕਿਤੇ ਇਹ ਨਾ ਹੋਵੇ ਕਿ ਆਉਣ ਵਾਲੀਆਂ ਪੀੜ੍ਹੀਆਂ ਇਤਿਹਾਸ ਨੂੰ ਸਿਰਫ ਤੱਥਾਂ ਤੇ ਅੰਕੜਿਆਂ ਨਾਲ ਹੀ ਸਮਝਣ। ਤੇ ਭਵਿੱਖ ਉਸੇ ਪੀੜ੍ਹੀ ਦੇ ਪੱਤਰਕਾਰਾਂ ਨੂੰ ਉਂਗਲਾਂ ’ਤੇ ਗਿਣਨ ਜੋਗਾ ਨਾ ਰਹਿ ਜਾਵੇ। ਇਹ ਵੀ ਯਥਾਰਥ ਹੈ ਕਿ ਲੋਕਤੰਤਰ ਦਾ ਚੌਥਾ ਥੰਮ੍ਹ ਕਹਾਉਂਦੀ ਪੱਤਰਕਾਰੀ, ਕਿਸੇ ਬਿਜ਼ਨਸ ਵਾਂਗੂ ਸਿਰਫ ਹੋਣ ਲਈ ਨਹੀਂ ਹੋ ਰਹੀ,ਬਲਕਿ ਇਸ ਦਾ ਸਬੰਧ ਭਵਿੱਖ ਦੇ ਸਮੁੱਚੇ ਅਗਾਂਹਵਧੂ ਸਮਾਜਿਕ ਵਿਕਾਸ ਨਾਲ ਜੁੜਿਆ ਹੋਇਆ ਹੈ।