ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਥੀਏਟਰ. Show all posts
Showing posts with label ਥੀਏਟਰ. Show all posts

Wednesday, September 28, 2011

ਭਾਅ ਜੀ, ਮੈਂ ਤਕੜੇ ਰਹਿਣ ਦਾ ਯਤਨ ਕਰਾਂਗੀ…

ਰਾਤੀਂ ਦੂਜੇ ਐਡੀਸ਼ਨ ਲਈ ਮੇਰੀ ਡਿਊਟੀ ਸੀ। ਰਾਤ ਦੇ ਸਾਢੇ ਗਿਆਰਾਂ ਹੋ ਰਹੇ ਸਨ, ਡਿਊਟੀ ਮੁੱਕ ਰਹੀ ਸੀ। ਸਫ਼ੇ ਬਣਾਉਂਦਿਆਂ ਤੇ ਰੂਮ ‘ਚ ਪੁੱਜਦਿਆਂ ਪੈੱਨ, ਐਨਕਾਂ ਤੇ ਹੋਰ ਨਿੱਕ-ਸੁੱਕ ਸਾਂਭਦਿਆਂ 12 ਵੱਜ ਗਏ। ਮੈਨੂੰ ਘਰ ਜਾਣ ਦੀ ਤਰਲੋਮੱਛੀ ਲੱਗੀ ਹੋਈ ਸੀ ਤੇ ਮੇਰੀ ਸੁਤਾਅ ਵਾਰ-ਘਰ ‘ਚ ਉਡੀਕ ਰਹੇ ਇਕੱਲੇ ਪੁੱਤਰ ਵੱਲ ਜਾ ਰਹੀ ਸੀ। ਨਿਊਜ਼ ਐਡੀਟਰ ਨਾਲ ਕੋਈ ਗੱਲ ਕਰਦਿਆਂ ਮੇਰੇ ਫੋਨ ਦੀ ਘੰਟੀ ਵੱਜੀ ਤੇ ਉਸ ਵੇਲੇ ਸ਼ਬਦੀਸ਼ ਦਾ ਫੋਨ ਦੇਖ ਕੇ ਮੈਨੂੰ ਹੈਰਾਨੀ ਹੋਈ। ਉਹ ਕਹਿ ਰਿਹਾ ਸੀ, ”ਦੀਦੀ, ਭਾਜੀ ਗੁਰਸ਼ਰਨ ਦੇ ਘਰੋਂ ਬੋਲ ਰਿਹਾਂ।” ”ਦੀਦੀ, ਭਾਅ ਜੀ ਚਲੇ ਗਏ…।” ਮੇਰਾ ਹੁੰਗਾਰਾ ਹੈਂਅ ਸੀ। ਫਿਰ ਫੌਰੀ ‘ਧੀ ਦੇ ਨਾਲ-ਨਾਲ ਪੱਤਰਕਾਰੀ’ ਵੀ ਜਾਗ ਪਈ ਤੇ ‘ਕਦੋਂ’, ਭਾਅ ਜੀ ਦੀ ਉਮਰ ਕਿੰਨੀ ਹੋ ਗਈ ਸੀ, ਕਿਵੇਂ ਹੋਇਆ… ਜਿਹੇ ਕਈ ਸੁਆਲ ਮੈਂ ਇੱਕੋ ਸਾਹ ਕਰ ਦਿੱਤੇ। ਨਿਊਜ਼ ਐਡੀਟਰ ਨੂੰ ਵੀ ਭਾਅ ਜੀ ਦੇ ਜਾਣ ਦਾ ਇਲਮ ਹੋ ਗਿਆ। ਉਹ ਵੀ ਫੌਰੀ ਪਹਿਲੇ ਸਫ਼ੇ ਤੋਂ ਕੋਈ ਖ਼ਬਰ ਬਦਲਣ ਦੀ ਤਿਆਰੀ ‘ਚ ਧਿਆਨ ਮਗਨ ਸਨ। ਘਰਾਂ ਨੂੰ ਜਾਣ ਦੀ ਤਿਆਰੀ ਕਰ ਰਹੇ ਅਸੀਂ ਥੱਕੇ ਅਲਸਾਏ ਜਿਹੇ ਇੱਕਦਮ ਚੌਕਸ ਹੋ ਗਏ ਸਾਂ। ਮੇਰਾ ਧਿਆਨ ਹੁਣ ਘਰੋਂ ਮੁੜ ਕੇ ਭਾਅ ਜੀ ਤੇ ਫਿਰ ਵਾਰ-ਵਾਰ ਸਰਵਮੀਤ ਤੇ ਉਹ ਦੀ ਚਰਚਿਤ ਕਹਾਣੀ ‘ਕਲਾਣ’ ਵੱਲ ਜਾ ਰਿਹਾ ਸੀ। ਖ਼ੈਰ ਖ਼ਬਰ ਵਾਲਾ ਕੰਮ ਨਿਬੇੜ ਕੇ ਮੈਂ ਨਿਊਜ਼ ਰੂਮ ‘ਚੋਂ ਬਾਹਰ ਹੁੰਦੀ ‘ਨਿੱਜੀ’ ਦੁਨੀਆਂ ਵਿੱਚ ਦਾਖ਼ਲ ਹੋਣ ਲੱਗੀ। ਦਫ਼ਤਰ ਦੇ ਵਿਹੜਿਓਂ ਬਾਹਰ ਹੁੰਦਿਆਂ ਤਕ ਮੇਰਾ ਸਰਵਮੀਤ ਨਾਲ ਸੰਵਾਦ ਸ਼ੁਰੂ ਹੋ ਜਾਂਦਾ ਹੈ। ਸਵਾ ਪੰਜ ਸਾਲ ਪਹਿਲਾਂ ਰੁਖ਼ਸਤ ਹੋ ਚੁੱਕੇ ਸਰਵਮੀਤ ਨੂੰ ‘ਹੈ’ ਤੋਂ ‘ਸੀ’ ਕਹਿਣਾ ਮੇਰੇ ਲਈ ਬਹੁਤ ਔਖਾ ਹੈ। ਮੈਨੂੰ ਜ਼ਿੰਦਗੀ ਦੀਆਂ ਸਭ ਦੁਸ਼ਵਾਰੀਆਂ, ਮਾਇਕ ਥੁੜ੍ਹਾਂ ਤੇ ਔਖਾਂ ਤੇ ਸਰਵਮੀਤ ਦੀਆਂ ਯੋਜਨਾਵਾਂ ਦੀਆਂ ਗੱਲਾਂ ਚੇਤੇ ਆਉਣ ਲੱਗ ਪੈਂਦੀਆਂ ਹਨ।

ਭਾਅ ਜੀ ਗੁਰਸ਼ਰਨ ਸਿੰਘ ਹੋਰਾਂ ਨੂੰ ਮੈਂ ਬਹੁਤਾ ਨਹੀਂ ਮਿਲੀ ਸੀ। ਮੈਂ ਉਨ੍ਹਾਂ ਨੂੰ ਟੀ.ਵੀ., ਰੰਗਮੰਚ ਰਾਹੀਂ ਹੀ ਜਾਣਿਆ ਸੀ ਤੇ ਆਦਰਸ਼ਾਂ ‘ਚ ਸ਼ੁਮਾਰ ਕੀਤਾ ਸੀ। ਉਨ੍ਹਾਂ ਨੇ ਸਰਵਮੀਤ ਦੀ ਕਹਾਣੀ ‘ਚਲਾਣ’ ਨੂੰ ‘ਨਵਾਂ ਜਨਮ’ ਨਾਟਕ ਦੇ ਰੂਪ ਵਿੱਚ ਪੰਜਾਬ ਦੇ ਪਿੰਡ-ਪਿੰਡ ਤੇ ਸੱਥ-ਸੱਥ ‘ਚ ਪਹੁੰਚਾਇਆ ਸੀ। ਵਿਦੇਸ਼ਾਂ ‘ਚ ਇਸ ਨਾਟਕ ਦੇ ਪਤਾ ਨਹੀਂ ਕਿੰਨੇ ਸ਼ੋਅ ਹੋਏ? ਪਹਿਲੀ ਵਾਰ ਚੰਡੀਗੜ੍ਹ ਦੇ ਟੈਗੋਰ ਥੀਏਟਰ ‘ਚ ਭਾਅ ਜੀ ਦੀ ਟੀਮ ਵੱਲੋਂ ਖੇਡਿਆ ਇਹ ਨਾਟਕ ਦੇਖਣ ਮਗਰੋਂ ਮੈਂ ਆਪਣੇ ਸਾਲ ਕੁ ਦੇ ਪੁੱਤਰ ਅਨਹਦ ਨੂੰ ਢਾਕ ‘ਤੇ ਚੁੱਕ ਕੇ ਸਟੇਜ ‘ਤੇ ਹੀ ਭਾਅ ਜੀ ਨੂੰ ਮਿਲਣ ਤੁਰ ਪਈ ਸੀ। ਸਰਵਮੀਤ ਦੀ ਪਤਨੀ ਵਜੋਂ ਉਨ੍ਹਾਂ ਨੂੰ ਆਪਣੇ ਬਾਰੇ ਦੱਸਿਆ। ਉਨ੍ਹਾਂ ਨੇ ਬੜੇ ਖ਼ਲੂਸ ਨਾਲ ਮੇਰਾ ਸਿਰ ਪਲੋਸਿਆ ਤੇ ਫਿਰ ਅਨਹਦ ਨੂੰ ਪੁਚਕਾਰ ਕੇ ਕਹਿਣ ਲੱਗੇ, ”ਉਏ! ਇਹ ਤਾਂ ਸਾਡਾ ਸ਼ਿੱਬੂ ਏ… ਸ਼ਿੱਬੂ ਕੀ ਹਾਲ ਏ ਤੇਰਾ…” ਮੇਰੇ ਬੱਚੇ ਨੇ ਪੂਰੇ ਰੋਅਬ ਨਾਲ ਉਨ੍ਹਾਂ ਦੀ ਬਾਂਹ ਪਰ੍ਹਾਂ ਕਰਦਿਆਂ ਕਿਹਾ, ”ਮੈਂ ਤਾਂ ਐਨੀ ਆਂ…” ਬੱਚੇ ਦੀ ਗੜਕਦੀ ਆਵਾਜ਼ ਸੁਣ ਕੇ ਭਾਅ ਜੀ ਦੇ ਨੀਲੇ ਅੰਬਰ ਜਿਹੇ ਮੋਹ ਨਾਲ ਭਰੇ ਨੈਣਾਂ ‘ਚ ਹੋਰ ਮੋਹ ਉਤਰਦਾ ਮੈਨੂੰ ਨਜ਼ਰੀਂ ਪਿਆ ਸੀ। ਮੇਰੇ ਲਈ ਸਰਵਮੀਤ ਦੀ ਕਹਾਣੀ ‘ਤੇ ਆਧਾਰਤ ਨਾਟਕ ਦੇਖਣਾ, ਭਾਅ ਜੀ ਨੂੰ ਮਿਲਣਾ ਉਸ ਦੇ ਹੋਰ ਨੇੜੇ ਹੋਣ ਦਾ ਉਪਰਾਲਾ ਸੀ।

ਭਾਅ ਜੀ ਨੂੰ ਸਰਵਮੀਤ ਤੋਂ ਬੜੀਆਂ ਆਸਾਂ ਸਨ। ਕਮਾਲ ਦੀ ਭਾਸ਼ਾ ਲਿਖ ਸਕਣ ਦੇ ਸਮਰੱਥ ਤੇ ਸਿਰਜਣਸ਼ੀਲ ਸਰਵਮੀਤ ਨੂੰ ਉਨ੍ਹਾਂ ਨੇ ਵੱਡੇ ਹੁੰਦਿਆਂ, ਕਹਾਣੀਕਾਰ ਤੇ ਕਾਬਲ ਪੱਤਰਕਾਰ ਬਣਦਿਆਂ ਦੇਖਿਆ ਮਾਣਿਆ ਸੀ। ਉਨ੍ਹਾਂ ਵੱਲੋਂ ਸਥਾਪਤ ਬਲਰਾਜ ਸਾਹਨੀ ਪ੍ਰਕਾਸ਼ਨ ਨੇ ਹੀ ਸਰਵਮੀਤ ਦੀ ਕਿਤਾਬ ‘ਤਰਲੋਮੱਛੀ ਕਾਇਨਾਤ’ ਪ੍ਰਕਾਸ਼ਿਤ ਕੀਤੀ ਸੀ। ਮਿੰਨੀ ਮਹਾਂਨਗਰੀ ਚੰਡੀਗੜ੍ਹ ਆ ਕੇ ਭਾਅ ਜੀ ਦੇ ਲਾਡਲੇ ਇਸ ਜ਼ਹੀਨ ਕਹਾਣੀਕਾਰ ਪੱਤਰਕਾਰ ਦੀ ਨਾਬਰੀ ਕਿਵੇਂ ਪ੍ਰਤੱਖ ਰੂਪ ‘ਚ ਕੇਵਲ ਸ਼ਰਾਬੀ ਬੁਲਬੁਲੀ ਤੇ ਨੰਗੀਆਂ ਗਾਲ੍ਹਾਂ ਬਣ ਕੇ ਰਹਿ ਗਈ, ਇਸ ਗੱਲੋਂ ਉਹ ਨਿਰਾਸ਼ ਸਨ, ਤਾਂ ਹੀ ਤਾਂ ਸਰਵਮੀਤ ਦੇ ਭੋਗ ‘ਤੇ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਬੈਠੇ ਨਿਰਾਸ਼ਾ ‘ਚ ਹੱਥ ਮਾਰ ਰਹੇ ਸਨ। ਸਿਰ ਫੇਰ ਰਹੇ ਸਨ।

ਭਾਅ ਜੀ, ਨਾਲ ਅਕਸਰ ਵੱਖ-ਵੱਖ ਥਾÂੀਂ ਮੇਲ ਹੁੰਦਾ ਰਹਿੰਦਾ। ਸਮਾਂ ਅਕਸਰ ਹੀ ਮੇਰੇ ‘ਤੇ ਕਹਿਰਵਾਨ ਰਿਹਾ। ਜਦੋਂ ਕਦੇ ਅੱਕ ਜਾਂਦੀ ਤਾਂ ਜੀਅ ਕਰਦਾ ਕਿ ਭਾਅ ਜੀ ਕੋਲ ਜਾ ਕੇ ਆਪਣੀ ਵੇਦਨਾ ਦੱਸਾਂ ਕਿ ਕਿਵੇਂ ਮੇਰੇ ਭਰੋਸੇ ਨੂੰ ਠੱਗਿਆ ਗਿਆ। ਇੱਕ ਦਿਨ ਕਿਸੇ ਘਰੇਲੂ ਸਮਾਗਮ ‘ਚ ਕੁਰਸੀ ‘ਤੇ ਬੈਠੇ ਭਾਅ ਜੀ ਨੇ ਕੁਝ ਇਸ ਤਰ੍ਹਾਂ ਹਾਲ ਪੁੱਛਿਆ ਸੀ ਕਿ ਮੈਂ ਉਨ੍ਹਾਂ ਦੇ ਗੋਡਿਆਂ ‘ਤੇ ਸਿਰ ਧਰ ਕੇ ਰੋ ਪਈ ਸੀ। ਉਨ੍ਹਾਂ ਸਿਰ ‘ਤੇ ਹੱਥ ਧਰ ਕੇ ਕਿਹਾ ਸੀ, ”ਦਵੀ ਧੀਏ ਤਕੜੀ ਹੋ ਜਾ…।” ਮੈਨੂੰ ਉਦੋਂ ਹੀ ਪਤਾ ਲੱਗਿਆ ਸੀ ਕਿ ਮੇਰੀ ਹੋਣੀ ਬਾਰੇ ਉਨ੍ਹਾਂ ਨੂੰ ਸਾਰਾ ਇਲਮ ਸੀ। ਆਖ਼ਰ ਇੱਕ ਅਹਿਸਾਸਮੰਦ ਬਾਬਲ ਧੀਆਂ ਦੀ ਵੇਦਨਾ ਕਿਵੇਂ ਨਾ ਸਮਝਦਾ?

ਰਾਤੀਂ ਦੇਰ ਨਾਲ ਸਰਵਮੀਤ ਦੀ ਮਿੱਤਰ ਮੰਡਲੀ ‘ਵੱਡੀਆਂ ਗੱਡੀਆਂ’ ‘ਚ ਉਹਨੂੰ ਬੂਹੇ ਅੱਗੇ ਲਾਹ ਜਾਂਦੀ। ਕਦੇ-ਕਦੇ ਕੋਈ ਸ਼ਰਾਬੀ ਮਸ਼ਕਰੀ ਸੁਣਾਈ ਦਿੰਦੀ,”ਯਾਰ, ਸੁਣਿਐ ਮਲਵੈਣ ਬੜੀ ਡਾਢੀ ਐ-ਝੱਟ ਲੜ ਪੈਂਦੀ ਐ…।”

ਫਿਰ ਇਸੇ ਤਰਜ਼ ਦੇ ਹੋਰ ਠਹਾਕੇ ਸੁਣਨ ਨੂੰ ਮਿਲਦੇ। ਅਜਿਹੇ ਕਿਸੇ ਵੇਲੇ ਫਿਰ ਮੇਰਾ ਭਾਅ ਜੀ ਨੂੰ ਹੀ ਦੱਸਣ ਨੂੰ ਜੀਅ ਕਰਦਾ ਕਿ ਮੇਰੇ ਬਾਰੇ ਕਿਵੇਂ-ਕਿਵੇਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇੱਕ ਨੇ ਇਹ ਗੱਲਾਂ ਅਖ਼ਬਾਰ ‘ਚ ਵੀ ਲਿਖ ਦਿੱਤੀਆਂ।

ਇਸੇ ਕਰਕੇ ਇੱਕ ਵਾਰ ਮੈਂ ਤਪੀ ਹੋਈ ਨੇ ਇੱਕ ਭਰੀ ਹੋਈ ਸਭਾ ‘ਚ ਭਾਅ ਜੀ ਤੇ ਕਾਮਰੇਡ ਸੁਰਿੰਦਰ ਧੰਜਲ ਨੂੰ ਸੁਆਲ ਕੀਤਾ ਸੀ ਕਿ ਸਾਹਿਤਕ ਸਮਾਗਮਾਂ ‘ਚ ਵੀ ਸੁਖਨਵਰਾਂ ਵੱਲੋਂ ਹਰ ਗੱਲ ‘ਚ ਮਾਵਾਂ-ਭੈਣਾਂ ਕਿਉਂ ਪੁਣੀਆਂ ਜਾਂਦੀਆਂ ਹਨ? ਕਿਉਂ ਇਹ ਸਮਾਗਮ ਅੰਤ ‘ਚ ਦਾਰੂ ਦੇ ਦੌਰ ‘ਚ ਖਿੱਲਰ ਜਾਂਦੇ ਹਨ? ਉਸ ਦਿਨ ਵੀ ਭਾਅ ਜੀ ਨੇ ਤਕੜੇ ਹੋਣ ਦੀ ਤਾਕੀਦ ਕੀਤੀ ਸੀ ਤੇ ਫਿਰ ਮਗਰੋਂ ਸਿਰ ‘ਤੇ ਹੱਥ ਧਰ ਕੇ ਅਜਿਹੇ ਨਿੱਕੇ-ਮੋਟੇ ਮਾਨਸਿਕ ਤੌਰ ‘ਤੇ ਗ਼ਰੀਬ ਲੋਕਾਂ ਦੀ ਪਰਵਾਹ ਨਾ ਕਰਨ ਦੀ ਨਸੀਹਤ ਦਿੱਤੀ ਸੀ।

ਸ਼ਬਦੀਸ਼ ਦਾ ਫੋਨ ਮੈਨੂੰ 27-28 ਸਤੰਬਰ ਦੀ ਰਾਤ ਦੇ 12.03 ਵਜੇ ਆਇਆ। ਭਾਅ ਜੀ, ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਆਗਾਜ਼ ਤੋਂ ਅੱਧਾ ਘੰਟਾ ਪਹਿਲਾਂ ਤੁਰ ਗਏ। ਦਲੇਰ ਤੇ ਜ਼ਿੰਦਗੀ ਦੇ ਆਸ਼ਕ ਲੋਕਾਂ ਦੇ ਦਿਨ ਤਿੱਥ ਨਾਲੋ-ਨਾਲ ਨਿਭੇ।

ਮੈਂ ਘਰ ਪੁੱਜ ਗਈ ਹਾਂ। ਘੜੀ ਦੀਆਂ ਸੂਈਆਂ ਕਦੋਂ ਦੀਆਂ ਸਾਢੇ ਬਾਰਾਂ ਪਾਰ ਕਰ ਚੁੱਕੀਆਂ ਹਨ। ਮੇਰਾ ਬੱਚਾ ਮਾਂ ਨੂੰ ਉਡੀਕਦਾ ਸੌਂ ਗਿਆ। ਮੇਰਾ ਮਨ ਡੋਲ ਰਿਹਾ ਸੀ। ਮੈਂ ਹਨੇਰੇ ਕਮਰੇ ‘ਚ ਇਕੱਲੀ ਖੜ੍ਹੀ ਸੀ। ਇੱਕ ਵਾਰ ਫਿਰ ਤੜਫ਼ ਕੇ ਸਰਵਮੀਤ ਨੂੰ ਮੁਖ਼ਾਤਿਬ ਹੋਈ…

”ਪਾਸ਼, ਭਗਤ ਸਿੰਘ, ਚੀ ਗੁਵੇਰਾ ਤੇ ਗੁਰੂ ਗੋਬਿੰਦ ਸਿੰਘ ਜਿਹਿਆਂ ਦੀਆਂ ਗੱਲਾਂ ਦਾਰੂ ਨਾਲ ਡੱਕ ਕੇ ਨਹੀਂ ਕੀਤੀਆਂ ਜਾ ਸਕਦੀਆਂ। ਇਹ ਨਾਬਰੀ ਨਹੀਂ। ਇਹਦੇ ਲਈ ਤਾਂ ਅੰਦਰਲੀ ਖ਼ੁਮਾਰੀ ਤੇ ਸਦਾ ਜਾਗਣ ਦੀ ਲੋੜ ਹੁੰਦੀ ਹੈ। ਬਾਹਰਲੇ ਨਸ਼ਿਆਂ ਦੀ ਲੋੜ ਤਾਂ ਨਕਲੀ ਲੋਕਾਂ ਨੂੰ ਪੈਂਦੀ ਹੈ। ਸਰਵਮੀਤ ਤੂੰ ਤਾਂ ਇੰਜ ਦਾ ਨਹੀਂ ਸੀ।” ਭਾਅ ਜੀ ਮੈਂ ਤਕੜੇ ਰਹਿਣ ਦਾ ਯਤਨ ਕਰਾਂਗੀ। ਆਪਣੇ ਮੋਹ ਦੇ ਅੰਬਰਾਂ ‘ਚੋਂ ਮੇਰੇ ਸਿਰ ‘ਤੇ ਹੱਥ ਧਰੀ ਰੱਖਣਾ।

ਦਵੀ ਦਵਿੰਦਰ ਕੌਰ
ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ

Tuesday, August 3, 2010

ਮੇਰੇ ਬੱਚੇ ਸਾਂਭ ਲਿਓ--ਸੁਰਜੀਤ ਗਾਮੀ

ਸੁਰਜੀਤ ਗਾਮੀ ਦੀ ਮੱਦਦ ਲਈ ਮੁੱਢਲੇ ਕਦਮ ਚੁਕਣ ਵੇਲੇ ਮੇਰੇ ਮਨ ‘ਚ ਕਿਧਰੇ ਵੀ ਉਸਨੂੰ ਖੋ ਦੇਣ ਦਾ ਡਰ ਨਹੀਂ ਸੀ,ਕਿਉਂਕਿ ਆਪਣੀ ਉਮਰ ਗਾਮੀ ਬੜੀ ਅਸਾਨੀ ਨਾਲ ਲੁਕਾਉਣ ਵਾਲੀ ਸ਼ਖਸ਼ੀਅਤ ਦਾ ਮਾਲਿਕ ਸੀ। ਮੱਦਦ ਲਈ ਭਾਂਵੇ ਮੈਨੂੰ ਦੇਸ਼ਾਂ ਵਿਦੇਸ਼ਾਂ ਵਿਚੋਂ ਕਿਸੇ ਨੇ ਫ਼ੋਨ ਨਹੀਂ ਕੀਤਾ ਸੀ,ਪਰ ਯਾਦਵਿੰਦਰ ਅਤੇ ਗਾਮੀ ਦੇ ਨੇੜਲੇ ਸਾਥੀ ਸੈਮੂਅਲ ਜੌਹਨ ਨੂੰ ਕਈ ਫ਼ੋਨ ਅਕਸਰ ਹੀ ਆਉਂਦੇ ਸਨ।ਮੈਂ ਤਾਂ ਆਪਣੇ ਪੱਧਰ ਤੇ ਮਾਨਸਾ ‘ਚ ਵਸਦੇ ਗਾਮੀ ਦੇ ਅਸਲ ਚੇਲੇ ਸੇਮੀ ਨਾਲ ਮਿਲਕੇ ਉਸ ਲਈ ਮੁਫ਼ਤ ਮੈਡੀਕਲ, ਰਾਸ਼ਨ-ਪਾਣੀ ਹੀ ਜੁਟਾ ਸਕਿਆ।ਹੋਰ ਤਾਂ ਹੋਰ ਮੇਰੇ ਵਲੋਂ ਬਾਰ-ਬਾਰ ਬੇਨਤੀਆ ਕਰਨ ਦੇ ਬਾਵਜੂਦ ਵੀ ਮੈਂ ਪੰਜਾਬੀ ਟੀ.ਵੀ ਚੈਨਲਾਂ ਦੇ ਪੱਤਰਕਾਰਾਂ ਨੂੰ ਉਸਦੀ ਗਰੀਬੀ ਦੀ ਦਾਸਤਾਂ ਬਾਰੇ ਰਿਪੋਰਟ ਵੀ ਨਹੀਂ ਤਿਆਰ ਕਰਣ ਲਈ ਨਹੀਂ ਮਨਾ ਸਕਿਆ।ਅੱਜ ਉਸ ਦੀ ਮੌਤ ਦੀ ਖ਼ਬਰ ਨਸ਼ਰ ਕਰਨ ‘ਚ ਭਾਂਵੇ, ਹੁਣ ਇਹਨਾਂ ਚੈਨਲਾਂ ਦੇ ਪੱਤਰਕਾਰ ਮੋਹਰੀ ਹਨ,ਪਰ ਮੇਰਾ ਇਹਨਾਂ ਨੂੰ ਗਾਮੀ ਦੀ ਮੌਤ ਦੀ ਖ਼ਬਰ ਦਿੰਦਾ ਅਸਲ ‘ਚ ਛੋਟਾ ਸੁਨੇਹਾ ( ਐਸ.ਐਮ.ਐਸ) ਕੁੱਝ ਇਸ ਤਰ੍ਹਾਂ ਸੀ :ਗਾਮੀ ਜਿਉਂਦਾ ਨਹੀਂ ਸਾਂਭਿਆ, ਮਰੇ ਪਏ ਨੂੰ ਤਾਂ ਕਵਰ ਕਰ ਦਿਓ।

ਉਸ ਮਹਾਨ ਲੋਕ ਪੱਖੀ ਘੁਲਾਟੀਏ ਨਾਟਕਕਾਰ ਲਈ ਮਾਲੀ ਇਮਦਾਦ ਇਕੱਠੀ ਕਰਨਾ, ਸ਼ਇਦ ਮੇਰੇ ਨਾਲ ਸੰਬੰਧਿਤ ਸਰਮਾਏਦਾਰਾਂ ਨੂੰ ਪਚਦਾ ਨਹੀਂ ਸੀ, ਇਕ ਦਿਨ ਕਿਸੇ ਨੇ ਕਿਹਾ ਕਿ ਤੁਸੀਂ ਕੀ ਰੱਬ ਹੋ? ਜੋ ਉਸਨੂੰ ਬਚਾ ਲਵੋਗੇ!ਮੈਂ ਪੁੱਛ ਲਿਆ ਕਿ, ਕੀ ਮਤਲਬ ਹੈ ,ਅਜਿਹਾ ਕਹਿਣ ਦਾ? ਤਾਂ ਜਵਾਬ ਮਿਲਿਆ ਕਿ ਰੱਬ ਨੇ ਉਸਨੂੰ ਜਿਸ ਹਾਲ ‘ਚ ਰੱਖਣਾ ਹੈ,ਉਸੇ ਵਿਚ ਰੱਖੇਗਾ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਵੋ। ਜਦ ਗਾਮੀ ਨੂੰ ਜੁਲਾਈ ਦੇ ਆਖਰੀ ਹਫ਼ਤੇ ਅਧਰੰਗ ਦਾ ਦੌਰਾ ਪਿਆ ਤਾਂ ਉਸ ਬੰਦੇ ਨੇ ਕਿਹਾ, ਤੁਸੀਂ ਉਸਨੂੰ ਭੁੱਖਮਰੀ ਤੋਂ ਬਚਾ ਲਿਆ ਤਾਂ ਰੱਬ ਨੇ ਵੇਖ ਲਓ,ਉਹਨੂੰ ਇਹ ਰੋਗ ਲਗਾ ਦਿੱਤਾ। ਮੁਕਦੀ ਗੱਲ ਇਹ ਕਿ ਜਿਸ ਅਜਬ ਸ਼ਕਤੀ ਨੂੰ ਆਮ ਸਮਾਜ ਰੱਬ ਕਹਿੰਦਾ ਹੈ ਸ਼ਾਇਦ ਉਸ ਅੱਗੇ ਸਾਰੇ ਮੱਦਦਗਾਰ ਹਾਰ ਗਏ।( ਮੇਰੀਆ ਗੱਲਾਂ ਗਾਮੀ ਦੇ ਨਾਲ ਸਾਲਾਂ ਬੱਧੀ ਮਾਰਕਸਵਾਦੀ ਲਹਿਰ ‘ਚ ਕੰਮ ਕਰਨ ਵਾਲੇ ਸਹਿਮਤ ਨਹੀਂ ਹੋਣਗੇ ਅਤੇ ਨਾ ਹੀ ਤਰਕਸ਼ੀਲ ਜਿਨਾਂ ਨਾਲ ਉਸਨੇ ਔਖਾ ਵਕਤ ਆਪਣੇ ਪਿੰਡੇ ‘ਤੇ ਹੰਢਾਇਆ ।

ਸਵੇਰੇ ਫ਼ੋਨ ਆਨ ਕਰਨ ਸਾਰ ਗਾਮੀ ਦੀ ਮੌਤ ਦਾ ਸੁਨੇਹਾ ਮਿਲਿਆ ਤਾਂ ਗਾਮੀ ਦੇ ਸਾਰੇ ਸਾਥੀਆ ਫ਼ੈਸਲਾ ਕੀਤਾ ਕਿ ਉਸ ਦੀਆਂ ਅੱਖਾਂ ਦਾਨ ਕਰ ਦਿੱਤੀਆ ਜਾਣ,ਜੋ ਪ੍ਰੀਵਾਰ ਦੀ ਸਹਿਮਤੀ ਨਾਲ ਸੇਵਾ ਭਾਰਤੀ ਦੀ ਮਾਨਸਾ ਇਕਾਈ ਨੂੰ ਦਾਨ ਕੀਤੀਆ ਗਈਆ।ਵਾਹ ! ਕੀ ਵੇਦਨਾ ਹੈ, ਜਿਸਦੇ ਪੁੱਤਰ ਦੀਆਂ ਅੱਖਾਂ ਦੀ ਰੋਸ਼ਨੀ ਬਚਾਉਣ ਲਈ ਮੈਂ ਪਾਠਕਾਂ ਨੂੰ ਬੇਨਤੀਆਂ ਕੀਤੀਆਂ ਸਨ, ਅੱਜ ਉਸ ਦੀਆਂ ਅੱਖਾਂ ਨਾਲ ਦੋ ਹਨੇਰੇ ‘ਚ ਰਹਿੰਦੀਆਂ ਜ਼ਿੰਦਗੀਆਂ ਰੋਸ਼ਨਾਉਣਗੀਆਂ।ਸੇਮੀ ਵਲੋਂ ਲਗਾਈਆ ਡਿਊਟੀਆਂ ਮੁਤਾਬਿਕ ਗਾਮੀ ਲਈ 12 ਮਣ ਲੱਕੜ ਦੇ ਪੈਸੇ ਦਿੰਦਿਆਂ ਅਦਾਕਾਰ ਅਮਨ ਧਾਲੀਵਾਲ ਦੀਆਂ ਅਤੇ ਮੇਰੀਆਂ ਅੱਖਾਂ ਨਮ ਸਨ, ਕਿਉਂਕਿ ਹਾਲੇ ਕੱਲ ਪਰਸੋਂ ਹੀ ਤਾਂ ਗਾਮੀ ਨੇ ਬਾਈ ਅਮਰਦੀਪ ਅਤੇ ਸੈਮੂਅਲ ਅੱਗੇ, ਉਸਨੂੰ ਅੰਨ੍ਹੇ ਦੀ ਐਕਟਿੰਗ ਮੰਜੇ ‘ਤੇ ਪਏ ਨੇ ਕਰਕੇ ਵਿਖਾਈ ਸੀ। ਗਾਮੀ ਦੀ ਇੱਛਾ ਸੀ ਕਿ ਉਹ ਅੰਨੇ ਵਿਅਕਤੀ ਦਾ ਕਿਰਦਾਰ ਨਿਭਾਏ ਜੋ ਦੁਨਿਆਂ ਯਾਦ ਰੱਖੇ, ਪਰ ਇਹ ਐਕਟਿੰਗ ਸ਼ਾਇਦ ਉਹਨਾਂ 3-4 ਜਣਿਆਂ ਨੇ ਹੀ ਵੇਖਣੀ ਸੀ, ਆਪਾਂ ਹੋਰਾਂ ਨੇ ਨਹੀਂ।

ਗਾਮੀ ਨੇ ਸਾਰੀ ਜ਼ਿੰਦਗੀ ਇਨਕਲਾਬੀ ਨਾਟਕ ਹੀ ਖੇਡੇ ਅਤੇ ਕੋਈ ਪੈਸੇ ਦਾ ਲਾਲਚ ਨਹੀਂ ਕੀਤਾ, ਇਸ ਦਾ ਉਸਨੇ ਕਦੇ ਦੁੱਖ ਵੀ ਨਹੀਂ ਜ਼ਾਹਰ ਨਹੀਂ ਕੀਤਾ ਸੀ। ਗਾਮੀ ਦੇ ਇਕ ਕਮਰੇ ਦੇ ਘਰ ਕਰਕੇ ਉਸਦੇ ਆਖਰੀ ਦਰਸ਼ਨਾਂ ਲਈ ਸਮਾਜ ਪ੍ਰਤੀ ਚੇਤੰਨ ਲੋਕਾਂ ਅਤੇ ਵੱਖ-ਵੱਖ ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਦੇ ਨੇਤਾਵਾਂ ਦੇ ਪਹੁੰਚਣ ਕਰਕੇ ਮ੍ਰਿਤਕ ਦੇਹ ਨੇੜੇ ਦੇ ਸਰਕਾਰੀ ਸਕੂਲ ‘ਚ ਬੱਚਿਆਂ ਨੂੰ ਛੁੱਟੀ ਕਰਵਾ ਕੇ ਰੱਖੀ ਗਈ।ਦੁਪਿਹਰ ਬਾਰਾਂ ਵਜੇ ਤੱਕ ਇੰਟਰਨੈਟ ਫੇਸਬੁੱਕ ਰਾਹੀਂ ਪੂਰੀ ਦੁਨਿਆ ਦੇ ਲੋਕਾਂ ‘ਚ ਇਹ ਮਾੜੀ ਖ਼ਬਰ ਅਸੀਂ ਪਹਿਲਾਂ ਹੀ ਪਹੁੰਚਾ ਚੁੱਕੇ ਸੀ।ਮਰੇ ਪਏ ਗਾਮੀ ਲਈ ਮੱਦਦ ਦੇ ਫ਼ੋਨ ਅਤੇ ਐਸ.ਐਮ.ਐਸ ਰਾਹੀਂ ਸੁਨੇਹੇ ਸੱਥਰ ਤੇ ਬੈਠਿਆ ਸਾਨੂੰ ਆਉਂਦੇ ਰਹੇ, ਪਰ ਮਨ ਸਾਡਾ ਦੁਖੀ ਸੀ ਕਿ ਅਸੀਂ ਚਾਹ ਕਿ ਵੀ ਇਸ ਨੂੰ ਬਚਾ ਨਹੀਂ ਸਕੇ। ਗਾਮੀ ਦੇ ਦੇਹ ਨੂੰ ਕਿਸਾਨ ਅਤੇ ਮਜ਼ਦੂਰ ਮੁਕਤੀ ਮੋਰਚਾ ਅਤੇ ਮਾਰਕਸਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਸਾਰੀਆਂ ਧਿਰਾਂ ਨੇ ਆਪੋ ਆਪਣੇ ਝੰਡੇ ‘ਚ ਲਪੇਟਕੇ ਉਸ ਪ੍ਰਤੀ ਆਪਣੀ ਆਦਰ ਪ੍ਰਗਟ ਕੀਤਾ। ਨੇਤਾਵਾਂ ‘ਚ ਕਾਮਰੇਡ ਹਰਦੇਵ ਅਰਸ਼ੀ, ਬੂਟਾ ਸਿੰਘ, ਨੱਤ, ਹਰਭਗਵਾਨ ਭੀਖੀ, ਰੁਲਦਾ ਸਿੰਘ ਆਦਿ ਸਾਰੇ ਸਨ, ਪਰ ਸਰਮਾਏਦਾਰਾਂ ਦੀਆਂ ਹਾਕਮ ਅਤੇ ਵਿਰੋਧੀ ਧਿਰ ਵਾਲੀ ਪਾਰਟੀ ਜਾਂ ਸਰਕਾਰ ਵਲੋਂ ਕੋਈ ਨੁਮਾਇੰਦਾ ਨਹੀਂ ਸੀ। ਇੰਨੇ ਸਾਰੇ ਕੁਝ ਵਿਚ ਉਸ ਦੇ ਛੋਟੇ ਤਿੰਨੇ ਬੱਚੇ ਮੂਕ ਦਰਸ਼ਕ ਬਣੇ ਬੈਠੇ ਸਨ ਅਤੇ ਸਾਨੂੰ ਇਹ ਝੋਰਾ ਖਾ ਰਿਹਾ ਸੀ ਕਿ ਇਹਨਾਂ ਦਾ ਹੁਣ ਕੀ ਬਣੂੰ?

12 ਵਜੇ ਹੀ ਸੈਮੁਅਲ ਨੂੰ ਆਖਰੀ ਫ਼ੋਨ ਕੀਤਾ ਗਿਆ ਕਿ ਉਹ ਕਿੱਥੇ ਕੁ ਪਹੁੰਚਿਆ ਹੈ,ਉਸਦੇ ਦੂਰ ਹੋਣ ਕਰਕੇ
ਗਾਮੀ ਦਾ ਜ਼ਨਾਜਾ ਸਕੂਲ ਚੋਂ ਰਵਾਨਾ ਹੋ ਗਿਆ।ਕਾਮਰੇਡ ਗਾਮੀ ਅਮਰ ਰਹੇ, ਗਾਮੀ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰੇ ਆਲੇ ਦੁਆਲੇ ਦੇ ਮੂਕ ਦਰਸ਼ਕਾਂ ਲਈ ਦੱਸਣ ਲਈ ਕਾਫੀ ਸਨ ਕਿ ਇਕ ਕਾਮਰੇਡ ਸਾਥੀ ਦੀ ਮੌਤ ਹੋਈ ਹੈ।

ਗਾਮੀ ਦੀਆਂ ਆਖਰੀ ਰਸਮਾਂ ਉਸਦੇ ਵੱਡੇ ਪੁੱਤਰ ਵਲੋਂ ਨਿਭਾਈਆਂ ਗਈ, ਪਰ ਉਸਦੇ ਚਿਹਰੇ ਦੇ ਪਿੱਛੇ ਲੁਕਿਆ ਡਰ ਹਰ ਕੋਈ ਪੜ੍ਹ ਸਕਦਾ ਸੀ। ਇਹ ਡਰ ਸ਼ਾਇਦ ਸੀ, ਕਿ ਕੱਲ ਘਰ ਰੋਟੀ ਕਿੱਦਾਂ ਪੱਕੇਗੀ? ਛੋਟੀ ਭੈਣ ਦਾ ਕੀ ਬਣੂੰ ਜਾਂ ਕੀ ਜੋ ਅੱਜ ਇਕੱਠੇ ਹੋਏ ਹਨ ਇਹ ਬਾਅਦ ‘ਚ ਸਾਡੇ ਕੋਲ ਆਉਣਗੇ ਵੀ ਜਾਂ ਨਹੀਂ? ਪਤਾ ਨਹੀਂ ਉਹ ਵਿਚਾਰਾ ਕੀ-ਕੀ ਸੋਚਦਾ, ਸਭ ਸਹੀ ਜਾ ਰਿਹਾ ਹੋਣਾ। ਸਭਨੇ ਇੱਕਠੇ ਬੈਠਕੇ ਰੀਤਾਂ ਨੂੰ ਤੋੜਦੇ ਹੋਏ ਸੋਮਵਾਰ ਨੂੰ ਉਸ ਦਾ ਸ਼ਰਧਾਜਲੀ ਸਮਾਗਮ ਕਰਨ ਦਾ ਫੈਸਲਾ ਕੀਤਾ ਭਾਵ ਕਿ 9 ਅਗਸਤ ਨੂੰ ਕਿਉਂਕਿ 8 ਅਗਸਤ ਨੂੰ ਬਾਈ ਅਮਰਦੀਪ ਦੀ ਮਾਤਾ ਜੀ ਦਾ ਭੋਗ ਹੈ।

2 ਕੁ ਵਜੇ ਸੈਮੁਅਲ ਅਤੇ ਮਿੱਟੀ ਫ਼ਿਲਮ ਨਾਲ ਸਬੰਧਤ ਮਨਭਾਵਨ ਜੀ ਦੇ ਮਾਨਸਾ ਪਹੁੰਚਣ ਕਾਰਨ ਸੇਮੀ ਅਤੇ ਗਾਮੀ ਦੇ ਸਾਰੇ ਮੱਦਦਗਾਰ ਦੁਬਾਰਾ ਸ਼ਮਸ਼ਾਨ ਘਾਟ ਇਕੱਠੇ ਹੋਏ, ਉਸ ਵੇਲੇ ਤੱਕ ਗਾਮੀ ਰਾਖ ਦੀ ਢੇਰੀ, ਜੋ ਹਾਲੇ ਸੁਲਗ ਰਹੀ ਸੀ, ਉਸ ਵਿਚ ਤਬਦੀਲ ਹੋ ਗਿਆ ਸੀ। ਉਥੇ ਬੈਠ ਕੇ ਹੀ 1 ਘੰਟਾ ਸਾਰੀ ਸਥਿਤੀ ਤੇ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਆਖਰੀ ਰਸਮਾਂ ਇਨਕਲਾਬੀ ਲਹਿਰ ਦੇ ਨਾਟਕ ਦੇ ਪ੍ਰਦਰਸ਼ਨ ਅਤੇ ਉਸ ਨਾਲ ਜੁੜੇ ਲੋਕਾਂ ਦੇ ਵਿਚਾਰਾਂ ਨਾਲ ਹੀ ਸੰਬੰਧਿਤ ਰੱਖੀਆ ਜਾਣ। ਇਸ ਵੇਲੇ ਤੱਕ ਕਾਫੀ ਦਾਨੀ ਸੱਜਣਾਂ ਨੇ ਆਪੋ ਆਪਣੀ ਜ਼ਿੰਮੇਵਾਰੀ ਓਟ ਲਈ ਸੀ, ਜੋ ਨਹੀਂ ਹੋਇਆ ਸੀ, ਉਹ ਬੱਚਿਆਂ ਦਾ ਪਾਲਣ ਪੋਸ਼ਣ ਅਤੇ ਭਵਿੱਖ ਕਿਵੇਂ ਸੁਰੱਖਿਅਤ ਕੀਤਾ ਜਾਵੇ? ਮੈਨੂੰ ਤਾਂ ਹਾਲੇ ਕੁਝ ਸੁਝਦਾ ਨਹੀਂ। ਉਸ ਦੀ ਯਾਦਗਾਰ ਲਈ ਵੀ ਵਿਚਾਰ ਬਹੁਤ ਨੇ, ਪਰ ਅਸਲੀ ਸੱਚਾਈ ਹੈ ਕਿ ਗਾਮੀ ਦੇ ਨਾਮ ਤੇ ਮੇਲੇ ਹੋਣ ਦੀ ਜਗ੍ਹਾ ਗਰੀਬ ਕਲਾਕਾਰਾਂ ਦੀ ਮੱਦਦ ਲਈ ਕੋਈ ਫੰਡ ਬਣਾਉਣਾ ਚਾਹੀਦਾ ਹੈ ( ਮੇਰਾ ਵਿਚਾਰ ਹੈ)।ਗਾਮੀ ਦੇ ਸ਼ਬਦ ਛੋਟੇ ਵੀਰ! ਮੇਰੇ ਬੱਚੇ ਸਾਂਭ ਲਿਓ ……ਹਾਲੇ ਵੀ ਕੰਨਾਂ ‘ਚ ਗੂੰਜਦੇ ਹਨ । ਦੋਸਤੋ ਗਾਮੀ ਤੁਰ ਗਿਆ, ਅਸੀਂ ਵੀ ਤੁਰ ਜਾਣਾ ਹੈ.....ਕਿੳਂ ਨਾ ਕੁਝ ਰਲ ਕੇ ਅਜਿਹਾ ਕਰੀਏ, ਤਾਂ ਜੋ ਹੋਰ ਕੋਈ ਕਲਾਕਾਰ ਬਦਤਰ ਗਰੀਬੀ ‘ਚ ਰੁਲਕੇ ਦੁਨੀਆ ਵਿਚੋਂ ਨਾ ਵਿਦਾ ਹੋਵੇ।

ਵਿਸ਼ਵਦੀਪ ਬਰਾੜ
ਲੇਖਕ ਸੁਤੰਤਰ ਪੱਤਰਕਾਰ ਹਨ।
vishavdeepbrar@gmail.com

Monday, March 29, 2010

ਗੁਰਬਤ ਦੀ ਧੂੜ 'ਚ ਗੁਆਚਿਆ ਥੀਏਟਰ ਦਾ ਹੀਰਾ


‘ਕਲੀ-ਕੂਚੀ’, ਸੁਰਜੀਤ ਗਾਮੀ ਦਾ ਇਹ ਕਿੱਤਾ ਹੈ, ਨਾਟਕ ਨਹੀਂ। ਨਾਟਕ ਨੇ ਗਾਮੀ ਦੇ ਅੰਦਰਲੀ ਤ੍ਰੇਹ ਤਾਂ ਬੁਝਾਈ ਪਰ ਢਿੱਡ ਦਾ ਉਲਾਭਾਂ ਸਿਰ ਰੱਖਿਆ। ਜੱਗੋਂ ਤੇਹਰਵੀਂ ਹੋ ਜਾਏਗੀ, ਇਹ ਚੇਤਾ ਉਸਨੂੰ ਨਹੀਂ ਸੀ। ਨਿੱਕੇ ਹੁੰਦੇ ‘ਪਰੀਆਂ’ ਦੀ ਨਹੀਂ,‘ਗੁਰਬਤ’ ਦੀ ਬਾਤ ਸੁਣੀ। ਖੇਡਣ ਉਡਣ ਦੀ ਉਮਰ ਪਿਛਾਂਹ ਮੁੜ ਦੇਖਿਆ ਤਾਂ ਪਿਛੇ ‘ਗਰੀਬੀ’ ਸੀ। ਇਕਵੱਜਾਂ ਵਰ੍ਹਿਆਂ ਮਗਰੋਂ ਵੀ ਪਿਛੇ ਪੁਰਾਣੀ ‘ਸਾਥਣ’ ਖੜੀ ਹੈ। ਮਾਨਸਾ ਵਾਲਾ ਸੁਰਜੀਤ ਗਾਮੀ ਥਿਏਟਰ ਦਾ ਉਹ ਹੀਰਾ ਹੈ ਜੋ ਗੁਰਬਤ ਦੀ ਧੂੜ ’ਚ ਗੁਆਚ ਗਿਆ ਹੈ। ਉਮਰ ’ਚ ਮਸਾਂ ਦਸ ਸਾਲ ਦੀ ਸੀ ਕਿ ਗਾਮੀ ਇੱਕ ਵਹ੍ਹਾ ਬਣ ਕੇ ਤੁਰਿਆ। ਰੰਗਮੰਚ ਲਈ ਦਿਨ ਰਾਤ ਜਾਗਿਆ। ਸਭ ਕੁੱਝ ਭੁੱਲ ਗਿਆ। ਇੱਕੋ ਲਲਕ, ਇੱਕੋ ਜਨੂੰਨ, ਇੱਕੋ ਪੈਂਡਾ। ਅੱਗੇ ਹੀ ਅੱਗੇ ਵੱਧਦਾ ਗਿਆ। ਸਮਾਜ ਦੀ ਝੋਲੀ ’ਚ ਇੱਕ ਰੰਗਕਰਮੀ ਵਜੋਂ ਬਹੁਤ ਕੁਝ ਪਾਇਆ। ਖੁਦ ਹੁਣ ਉਸਦੀ ਝੋਲੀ ਖਾਲੀ ਹੈ। ਤਾੜੀਆਂ ਦਾ ਜਸ ਖੱਟਣ ਵਾਲਾ ਸੁਰਜੀਤ ਆਪਣੇ ਪਰਿਵਾਰ ਦੇ ਗਮਾਂ ’ਚ ਸਿਸਕ ਰਿਹਾ ਹੈ। ਕਲੀ ਕੂਚੀ ਦਾ ਕਿੱਤਾ ਤਾਂ ਉਹ ਸ਼ੁਰੂ ਤੋਂ ਹੀ ਕਰ ਰਿਹਾ ਹੈ। ਇਸ ਮੋੜ ’ਤੇ ਉਸ ਨਾਲ ਕਲੀ ਕੂਚੀ ਵੀ ਹਾਮੀ ਭਰਨੋਂ ਹਟ ਗਈ ਹੈ। ਉਸਦੀ ਪਤਨੀ ਕਈ ਦਫਾ ਆਖ ਦਿੰਦੀ ਸੀ, ‘ਨਾਟਕ ਨੂਟਕ ਤਾਂ ਘਰ ਫੂਕ ਤਮਾਸ਼ਾ ਦੇਖਣ ਵਾਲਾ ਕੰਮ ਹੈ।’ ਕਹੀ ਗੱਲ ਤਾਂ ਸੱਚ ਹੋ ਗਈ, ਜੋ ਹੁਣ ਗੁਰਬਤ ਦਾ ਤਮਾਸ਼ਾ ਹੈ, ਉਹ ਇਕੱਲਾ ਨਹੀਂ, ਉਸ ਨੂੰ ਜਾਣਨ ਵਾਲੇ ਸਭ ਦੇਖਦੇ ਹਨ।

ਦਿਹਾੜੀਦਾਰ ਕਾਮਾ ਹੈ ਸੁਰਜੀਤ ਗਾਮੀ। ਦਿਹਾੜੀ ਨਾ ਮਿਲੇ ਤਾਂ ਸਭ ਨੂੰ ਫਿਕਰ ਪੈ ਜਾਂਦਾ ਹੈ। ਕਈ ਮਾਨਸਾ ਵਾਲੇ ਆਖ ਦਿੰਦੇ ਨੇ, ‘ਬਈ ਸ਼ਰਾਬ ਪੀਂਦੈ, ਬੰਦਾ ਚੰਗੈ ,ਕੋਈ ਰੀਸ ਨਹੀਂ, ਬੱਸ ਆਹ ਸ਼ਰਾਬ ਦੀ ਲਤ ਮਾੜੀ ਐਂ। ਸਹਿਮਤ ਹਾਂ ਕਿ ਬੜੀ ਮਾੜੀ ਹੈ ਸ਼ਰਾਬ ਪੀਣ ਵਾਲੀ ਗੱਲ। ਸਹਿਮਤ ਨਹੀਂ ਹਾਂ ਕਿ ਗਾਮੀ ਦੇ ਐਡੇ ਵੱਡੇ ਥੀਏਟਰ ਦੇ ਯੋਗਦਾਨ ਨੂੰ ਇੱਕੋ ਗੱਲ ਵਜੋਂ ਖੂਹ ਖਾਤੇ ਪਾ ਦੇਈਏ। ਉਸਦੇ ਕਰੇ ਕਰਾਏ ਨੂੰ ਇੱਕੋ ਵੱਟੇ ਖਾਤੇ ਪਾਉਣ ਦੀ ਥਾਂ ਉਸ ਨੂੰ ਸਮਝਣ ਦੀ ਵੀ ਲੋੜ ਹੈ। ਕੀ ਭੁੱਲਣਾ ਬਣਦਾ ਹੈ ਜੋ ਜ਼ਿੰਦਗੀ ਉਸ ਨੇ ਨਾਟਕਾਂ ਜਰੀਏ ਸਮਾਜ ਨੂੰ ਜਗਾਉਣ ’ਤੇ ਲਗਾ ਦਿੱਤੀ। ਭੁੱਲ ਜਾਈਏ ਉਨ੍ਹਾਂ ਦਿਨ੍ਹਾਂ ਨੂੰ ਜਦੋਂ ਉਹ ਨਾਟਕਾਂ ਰਾਹੀਂ ‘ਜਾਗਦੇ ਰਹੋ’ ਦਾ ਹੋਕਾ ਦਿੰਦਾ ਰਿਹਾ। ਉਨ੍ਹਾਂ ਦਿਨ੍ਹਾਂ ’ਚ ਘਰ ਦੀ ਪਹੁੰਚ ਨਹੀਂ ਸੀ ਕਿ ਗਾਮੀ ਪੜ ਲਿਖ ਜਾਂਦਾ। ਬਾਪ ਨੇ 8 ਸਾਲ ਦੀ ਉਮਰ ’ਚ ਉਸ ਨੂੰ ਮਾਨਸਾ ਦੇ ਹੋਟਲ ’ਤੇ ਭਾਂਡੇ ਮਾਂਜਣ ਲਾ ਦਿੱਤਾ। ਹੋਟਲ ਤੇ ਆਉਂਦੇ ਕਾਲਜ ਦੇ ਮੁੰਡਿਆਂ ਨੂੰ ਉਸ ਨੇ ਪੜਣ ਦਾ ਵਾਸਤਾ ਪਾਇਆ। ਮੁੰਡਿਆਂ ਨੇ ਫੀਸ ਭਰ ਦਿੱਤੀ ,ਉਹ ਪੜਣ ਲੱਗ ਪਿਆ। ਬਾਪ ਨੂੰ ਪਤਾ ਲੱਗਾ ਤਾਂ ਉਸ ਨੂੰ ਦੂਸਰੇ ਹੋਟਲ ’ਤੇ ਕੰਮ ਕਰਨ ਲਗਾ ਦਿੱਤੀ। ਗਾਮੀ ਪੜਣਾ ਚਾਹੁੰਦਾ ਸੀ। ਆਖਰ 10 ਸਾਲ ਦੀ ਉਮਰ ’ਚ ਉਹ ਘਰੋਂ ਇਕੱਲਾ ਤੁਰ ਪਿਆ, ਕਹਿ ਲਓ ਕਿ ਆਪਣੇ ਮਿਸ਼ਨ ਦੀ ਤਲਾਸ਼ ’ਚ।

ਉਹ ਲੋਗੋਂਵਾਲ ਇਲਾਕੇ ਦੇ ਮਸ਼ਹੂਰ ਕਾਮਰੇਡ ਮਰਹੂਮ ਵਿੱਦਿਆ ਦੇਵ ਦੀ ਨਾਟਕ ਮੰਡਲੀ ਦਾ ਸਾਥੀ ਬਣ ਗਿਆ। ਉਸ ਨੇ ਆਪਣੀ ਪੜਾਈ ਲਈ ਕਾਮਰੇਡ ਦੇ ਕਹੇ ‘ਲੋਕ ਲਹਿਰ’ ਅਖਬਾਰ ਨੂੰ ਗੁਰੂ ਮੰਨਣ ਲੱਗਾ। ਉਸ ਨੂੰ ਪੰਜਾਬੀ ਪੜਣੀ ਆ ਗਈ। 16 ਸਾਲ ਦੀ ਉਮਰ ਤੱਕ ਉਸ ਨੇ ਸਾਰਾ ਰੂਸੀ ਸਾਹਿਤ ਪੜ ਦਿੱਤਾ। ਮਗਰੋਂ ਪੰਜਾਬੀ ਦੇ ਨਾਮੀ ਲੇਖਕਾਂ ਦਾ ਸਾਹਿਤ ਪੜਿਆ। ਕਾਮਰੇਡਾਂ ਦੇ ਡਰਾਮਿਆਂ ਚੋਂ ਉਸ ਨੂੰ ਅਸਲੀ ਨਾਟਕ ਨਾ ਲੱਭਾ। ਮਗਰੋਂ ਦੋ ਕੁ ਸਾਲ ਗੁਰਸ਼ਰਨ ਭਾਅ ਜੀ ਨਾਲ ਵੀ ਇਨਕਲਾਬੀ ਨਾਟਕ ਖੇਡਦਾ ਰਿਹਾ। ਉਮਰ ਮਸਾਂ 14 ਕੁ ਸਾਲ ਦੀ ਸੀ ਤੇ ਗਲਤੀ ਇਨਕਲਾਬੀ ਨਾਟਕ ਖੇਡਣ ਦੀ ਕੀਤੀ, ਇਸੇ ਕਸੂਰ ’ਚ ਪੂਰੀ ਨਾਟਕ ਮੰਡਲੀ ਸਮੇਤ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਦੋਂ ਸੱਤਿਆਗ੍ਰਹਿ ਲਹਿਰ ਚੱਲ ਰਹੀ ਸੀ। ਮਾਨਸਾ ਵਾਲੇ ਮਰਹੂਮ ਦਰਸ਼ਨ ਮਿਤਵਾ ਦਾ ਨਾਟਕ ‘ਕੁਰਸੀ ਨਾਚ ਨਚਾਏ’ ਗਾਮੀ ਨੇ 4770 ਵਾਰੀ ਖੇਡਿਆ। ਕਹਿਣਾ ਸੌਖਾ ਹੈ। ਅਜਿਹੇ ਵੀ ਦਿਨ ਸਨ ਕਿ ਇੱਕੋ ਮਹੀਨੇ ’ਚ ਉਹ 45-45 ਨਾਟਕ ਖੇਡਦਾ ਸੀ। ਗਾਮੀ ਨਾਟਕ ਖੁਦ ਲਿਖਦਾ ਹੈ, ਖਾੜੀ ਜੰਗ ਵੇਲੇ ਉਸ ਨੇ ਨਾਟਕ ‘ਮੌਤ ਦੇ ਖੂਹ’ ਲਿਖਿਆ ਤੇ ਜਦੋਂ ਬੀਬੀ ਜਗੀਰ ਕੌਰ ਦੀ ਲੜਕੀ ਵਾਲਾ ਮਾਮਲਾ ਸਾਹਮਣੇ ਆਇਆ ਤਾਂ ਉਸ ਨੇ ਨਾਟਕ ‘ਰੋਣ ਆਟੇ ਦੀਆਂ ਚਿੱੜੀਆਂ’ ਲਿਖਿਆ।

ਐਮਰਜੈਂਸੀ ਦਾ ਮਾੜਾ ਵੇਲਾ ਵੀ ਦੇਖਿਆ। ਉਦੋਂ ਨਾਟਕ ਵੀ ਖੇਡੇ ਲੇਕਿਨ ਗ੍ਰਿਫਤਾਰੀ ਤੋਂ ਬਚਿਆ ਰਿਹਾ। ਉਸ ਦੀ ਮਲਕਪੁਰ ਖਿਆਲੇ ਵਾਲੀ ਗੱਲ ਸੁਣੋ ਜਿਥੋਂ ਉਹ ਨੁੱਕੜ ਨਾਟਕ ਖੇਡਣ ਲੱਗਾ। ਪੂਰੀ ਤਿਆਰੀ ’ਚ ਜਦੋਂ ਮਾਨਸਾ ਨੇੜਲੇ ਇਸ ਪਿੰਡ ਨਾਟਕ ਖੇਡਣ ਗਿਆ ਤਾਂ ਅੱਗਿਓ ਸਟੇਜ ਉਲਟ ਪੁਲਟ ਹੋਈ ਪਈ। ਇਲਾਕੇ ਦੀ ਪੁਲੀਸ ਉਸ ਤੋਂ ਪਹਿਲਾਂ ਹੀ ਆਪਣਾ ‘ਤਮਾਸਾ’ ਕਰ ਗਈ। ਪੁਲੀਸ ਦਾ ਇੱਕੋ ਮਕਸਦ ਸੀ ਕਿ ਨਾਟਕ ਨੂੰ ਰੋਕਣਾ। ਗਾਮੀ ਨੇ ਸਟੇਜ ਦੀ ਥਾਂ ਨੁੱਕੜ ਨਾਟਕ ਕਰ ਦਿੱਤਾ। ਭਾਵੇਂ ਕੋਈ ਉਤਰਾਅ ਚੜਾਅ ਆਇਆ ਉਸ ਨੇ ਆਪਣੀ ਅਦਾਕਾਰੀ ਨੂੰ ਮਰਨ ਨਾ ਦਿੱਤਾ। ਗਾਮੀ ਦੇ ਸਾਥੀ ਕਲਾਕਾਰ ਵੀ ਉਸ ਨਾਲ ਕਲੀ ਕੂਚੀ ਦੇ ਕੰਮ ਕਾਰ ’ਚ ਦਿਹਾੜੀ ਕਰਨ ਵਾਲੇ ਮਜ਼ਦੂਰ ਹੀ ਹੁੰਦੇ ਹਨ। ਇੱਕ ਅਸਲੀ ਕਹਾਣੀ ਦੱਸਦਾ ਹੈ। ਇੱਕ ਦਫਾ ਕਿਸੇ ਪਿੰਡ ਕਲੀ ਕੂਚੀ ਕਰਦੇ ਕਰਦੇ ਉਹ ਰਾਮਪੁਰਾ ਵਿਖੇ ਨਾਟਕ ਮੁਕਾਬਲੇ ’ਚ ਹਿੱਸਾ ਲੈਣ ਪੁੱਜ ਗਏ। ਰੰਗ ਨਾਲ ਲਿਬੜੇ ਕੱਪੜੇ ਦੇਖ ਕੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਕੁਰਸੀਆ ਚੁੱਕਣ ਲਾ ਲਿਆ। ਜਦੋਂ ਨਾਟਕ ਮੁਕਾਬਲੇ ਚੋਂ ਗਾਮੀ ਦਾ ਨਾਟਕ ਪਹਿਲੇ ਨੰਬਰ ’ਤੇ ਆ ਗਿਆ ਤਾਂ ਪ੍ਰਬੰਧਕਾਂ ਨੂੰ ਪਤਾ ਲੱਗਾ ਕਿ ਕੁਰਸੀਆਂ ਚੱਕਣ ਵਾਲੇ ਤਾਂ ‘ਛੁਪੇ ਰੁਸਤਮ’ ਸਨ।

ਡਰਾਮੇ ਤੇ ਨੁੱਕੜ ਨਾਟਕ ਅੱਜ ਵੀ ਉਸ ਦੀ ਜਾਗ ਖੋਲਦੇ ਹਨ। ਇੱਥੋਂ ਤੱਕ ਕਿ ਇਸ ਮਾਮਲੇ ’ਚ ਤਾਂ ਗਰੀਬੀ ਵੀ ਉਸਦਾ ਕੁਝ ਵਿਗਾੜ ਨਹੀਂ ਸਕੀ। ਇਹ ਵੱਖਰੀ ਗੱਲ ਹੈ ਕਿ ਉਸਦੀ ਖੁਦ ਦੀ ਜ਼ਿੰਦਗੀ ਇੱਕ ਚਲਦਾ ਫਿਰਦਾ ਨਾਟਕ ਬਣ ਗਈ ਹੈ। ਇੱਕ ਕਮਰੇ ਦੇ ਘਰ ਦਾ ਅਗਲਾ ਚੁੱਲ੍ਹੇ ਚੌਂਕੇ ਵਾਲਾ ਵਿਹੜਾ ਹੀ ਪਰਿਵਾਰ ਦੀ ਰਸੋਈ ਹੈ। ਤਿੰਨ ਮੁੰਡੇ ਤੇ ਦੋ ਕੁੜੀਆ ਹਨ। ਉਹ ਤਾਂ ਇਸੇ ਗਰੀਬੀ ’ਚ ਆਪਣੇ ਲੜਕੇ ਦੀਆਂ ਅੱਖਾਂ ਦਾ ਇਲਾਜ ਨਹੀਂ ਕਰਾ ਸਕਿਆ। ਇਨ੍ਹਾਂ ਹਾਲਾਤਾਂ ਨੇ ਉਸਨੂੰ ਸੱਚਮੁੱਚ ਰਵਾ ਦਿੱਤਾ ਹੈ। ਪਤਨੀ ਮਹਿੰਦਰ ਕੌਰ ਨੂੰ ਗਿਲਾ ਹੈ ਕਿ ਕੋਈ ਹੋਰ ਕੰਮ ਕਰਦਾ, ਤਾਂ ਮਾੜੇ ਦਿਨ ਨਾ ਦੇਖਣੇ ਪੈਂਦੇ। ਉਹ ਨਹੋਰਾ ਦਿੰਦੀ ਹੈ, ਕੀ ਦਿੱਤਾ ਹੈ ਇਹਨੂੰ ਨਾਟਕਾਂ ਨੇ। ਘਰ ਦਾ ਚੁੱਲਾ ਸੁੱਕੇ ਬਾਲਣ ਨੂੰ ਤਰਸ ਗਿਐ ਹੈ। ਉਹ ਦੱਸਦਾ ਹੈ ਕਿ ਕਈ ਕਈ ਦਫਾ ਤਾਂ ਘਰ ’ਚ ਚਾਹ ਵੀ ਨਹੀਂ ਬਣਦੀ। ਨਾਲ ਹੀ ਆਖਦਾ ਹੈ ਕਿ ਹੁਣ ਤਾਂ ਉਸ ਨੇ ਗਰੀਬੀ ਨੂੰ ਹੰਢਾ ਲਿਆ ਹੈ ਜਿਸ ਕਰਕੇ ਕੁਝ ਬੁਰਾ ਨਹੀਂ ਲੱਗਦਾ। ਉਹ ਆਖਦਾ ਹੈ ਕਿ ਰਾਤ ਨੂੰ ਨਾਟਕ ਨੂੰ ਦੇਖ ਕੇ ਲੋਕਾਂ ਤੋਂ ਤਾੜੀਆਂ ਦੀ ਸੌਗਾਤ ਲੈ ਕੇ ਜਦੋਂ ਘਰ ਪੁੱਜਦਾ ਹੈ ਤਾਂ ਅੱਗਿਓ ਪਤਨੀ ਆਟੇ ਵਾਲਾ ਪੀਪਾ ਦਿਖਾ ਦਿੰਦੀ ਹੈ। ਗਾਮੀ ਦੀ ਪਤਨੀ ਖੁਦ ਵੀ ਦਿਹਾੜੀ ਕਰਦੀ ਹੈ। ਉਸਦੇ ਦੋਹੇ ਬੱਚੇ ਵੀ ਦਿਹਾੜੀ ਕਰਦੇ ਹਨ।

ਸੁਰਜੀਤ ਗਾਮੀ ਤੇ ਉਸਦੇ ਸਾਥੀਆਂ ਵਲੋਂ ਪੰਜਾਬ ਕਲਾ ਮੰਚ ਬਣਾਇਆ ਗਿਆ। ਫਿਰ ਪੂਰੇ ਢਾਈ ਦਹਾਕੇ ਉਨ੍ਹਾਂ ਨੇ ਮਹਾਂਨਗਰਾਂ ਦਿੱਲੀ, ਮੁੰਬਈ ਤੇ ਕਲਕੱਤਾ ’ਚ ਨਾਟਕ ਖੇਡੇ। ਪੰਜਾਬ ਦਾ ਕੋਈ ਕੋਨਾ ਬਚਿਆ ਨਹੀਂ ਜਿਥੇ ਇਹ ਟੀਮ ਨਾ ਗਈ ਹੋਵੇ। ਮਗਰੋਂ ਪੰਜਾਬ ਕਲਾ ਮੰਚ ਬਠਿੰਡਾ ਤਬਦੀਲ ਹੋ ਕੇ ਬਠਿੰਡਾ ਆਰਟ ਥੀਏਟਰ ਬਣ ਗਿਆ। ਸੁਰਜੀਤ ਗਾਮੀ ਨੇ ਕੌਮੀ ਪੁਰਸਕਾਰ ਜੇਤੂ ਤੇ ਮਾਨਸਾ ਦੇ ਮਸ਼ਹੂਰ ਨਾਟਕਕਾਰ ਪ੍ਰੋ.ਅਜਮੇਰ ਔਲਖ ਨਾਲ ਵੀ ਨਾਟਕ ਖੇਡੇ ਹਨ। ਉਸਨੂੰ ਅੰਬਾਲਾ ’ਚ ਨਾਟਕ ਮੁਕਾਬਲਿਆਂ ’ਚ ਸੋਨਾ ਦਾ ਤਗਮਾ ਅਤੇ ਬਰਨਾਲਾ ਦੇ ਮਹਾਂ ਸ਼ਕਤੀ ਕਲਾ ਮੰਦਰ ਵਲੋਂ ਕਰਾਏ ਮੁਕਾਬਲਿਆਂ ’ਚ ਚਾਂਦੀ ਦਾ ਤਗਮਾ ਮਿਲਿਆ। ਛੇ ਥਾਵਾਂ ’ਤੇ ਉਸ ਨੂੰ ਬੈਸਟ ਐਕਟਰ ਐਲਾਨਿਆ ਗਿਆ। ਸੁਰਜੀਤ ਗਾਮੀ ਹੁਣ ‘ਮਿੱਟੀ’ ਫਿਲਮ ’ਚ ਟੁੰਡੇ ਦੇ ਪਿਓ ਵਜੋਂ ਪਰਦੇ ’ਤੇ ਆਇਆ ਹੈ। ਕਲਾ ਪ੍ਰੇਮੀ ਤੇ ਰੰਗ ਕਰਮੀ ਉਸ ਦੀ ਅਦਾਕਾਰੀ ’ਤੇ ਮਾਣ ਕਰਦੇ ਹਨ। ਤਾਹੀਓ ਤਾਂ ਫਿਲਮ ਦੇ ਕਾਸਟਿੰਗ ਡਾਇਰੈਕਟਰ ਸੈਮੂਅਲ ਜੌਹਨ ਨੇ ਫਿਲਮ ‘ਮਿੱਟੀ’ ਦੀ ਪਟਕਥਾ ਦੇਖਦਿਆਂ ਹੀ ਸੁਰਜੀਤ ਗਾਮੀ ਨੂੰ ਟੁੰਡੇ ਦੇ ਪਿਓ ਦੀ ਭੂਮਿਕਾ ਵਾਸਤੇ ਚੁਣ ਲਿਆ ਸੀ। ਇਸ ਭੁੂਮਿਕਾ ’ਚ ਗਾਮੀ ਨੇ ਜਾਨ ਪਾਈ ਹੈ। ਉਸ ਦੀ ਉਸਤਤ ਹਰ ਪਾਸੇ ਮੁੜ ਹੋਈ ਹੈ। ਉਸ ਦੇ ਪੁਰਾਣੇ ਜਾਣਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਉਹ ਆਖਦਾ ਹੈ ਕਿ ਨਾਟਕ ਇੱਕ ਹਥਿਆਰ ਹੈ ਜਿਸ ਨਾਲ ਉਸ ਨੇ ਸਮਾਜੀ ਤੇ ਸਿਆਸੀ ਪ੍ਰਬੰਧ ’ਚ ਬਦਲਾਓ ਦਾ ਉਪਰਾਲਾ ਕੀਤਾ।

ਉਸ ਨੇ ਹਮੇਸ਼ਾ ਲੋਕਾਂ ਦਾ ਨਾਟਕ ਖੇਡਿਆ। ਅੱਜ ਇਸ ਹਾਲ ਹੈ। ਹੁਣ ਉਦੋਂ ਉਸ ਦੀ ਕੋਈ ਪਹਿਚਾਣ ਨਹੀਂ ਕਰਦਾ ਜਦੋਂ ਉਹ ਮਾਨਸਾ ਦੇ ਮਾਲ ਗੋਦਾਮ ’ਤੇ ਲੇਬਰ ’ਚ ਆਪਣੀ ਦੋ ਵਕਤ ਦੀ ਰੋਟੀ ਦੇ ਜੁਗਾੜ ਵਾਸਤੇ ਬੈਠਾ ਹੁੰਦਾ ਹੈ। ਕਈ ਦਫਾ ਤਾਂ ਉਸ ਨੂੰ ਦਿਹਾੜੀ ਵੀ ਨਹੀਂ ਮਿਲਦੀ। ਉਸਨੇ ਕਈ ਨਾਟਕ ਵੀ ਲਿਖੇ ਹਨ ਜਿਨ੍ਹਾਂ ’ਤੇ ਵੀਡੀਓ ਫਿਲਮਾਂ ਵੀ ਬਣੀਆਂ ਹਨ। ਰੰਗ ਮੰਚ ਦੀ ਧੜਕਣ ਅਗਰ ਇਸ ਤਰ੍ਹਾਂ ਤੰਗੀ ਤੁਰਸ਼ੀ ’ਚ ਮਰੇਗੀ ਤਾਂ ਨਿਰਸੰਦੇਹ ਇਸ ਦੇ ਭਵਿੱਖ ਵੀ ਚਿੰਤਾ ਵਾਲਾ ਹੀ ਹੈ। ਝਾਕ ਸਰਕਾਰ ਤੋਂ ਰੱਖਣੀ ਤਾਂ ਬੇਵਕੂਫੀ ਵਾਲੀ ਗੱਲ ਹੋਏਗੀ। ਕਿਉਂਕਿ ਸਮਾਜ ਨੂੰ ਹਲੂਣ ਕੇ ਦਿਨੇ ਜਗਾਉਣ ਵਾਲੇ ਕਦੇ ਹਕੂਮਤ ਨੂੰ ਚੰਗੇ ਨਹੀਂ ਲੱਗੇ। ਜੋ ਲੋਰੀ ਦੇ ਕੇ ਜਨ ਸਧਾਰਨ ਨੂੰ ਸੁਆਉਂਦੇ ਹਨ,ਉਨ੍ਹਾਂ ਦੀ ਵੁੱਕਤ ਪੈਂਦੀ ਹੈ। ਸੋ ਅਸਲੀ ਮੁੱਲ ਤਾਂ ਸਮਾਜ ਦੇ ਚੇਤੰਨ ਤੇ ਪਹੁੰਚ ਰੱਖਣ ਵਾਲੇ ਲੋਕ ਹੀ ਮੋੜ ਸਕਦੇ ਹਨ ਤਾਂ ਜੋ ਥੀਏਟਰ ਇਸੇ ਤਰ੍ਹਾਂ ਜਿਉਂਦਾ ਰਹੇ ਤੇ ਉਸ ਦੇ ਕਾਮੇ ਤੰਗੀ ਤੁਰਸ਼ੀ ਨੂੰ ਬਰਾਬਰੀ ਨਾਲ ਨਜਿੱਠਣ ਦੀ ਸਮਰੱਥਾ ਰੱਖ ਸਕਣ।

ਚਰਨਜੀਤ ਭੁੱਲਰ, ਬਠਿੰਡਾ।