ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਓਬਾਮਾ. Show all posts
Showing posts with label ਓਬਾਮਾ. Show all posts

Wednesday, January 23, 2013

ਅਰਾਜਕਤਾਵਾਦੀ ਹਿੰਸਾ ਦਾ ਸ਼ਿਕਾਰ ਅਮਰੀਕੀ ਮਾਨਸਿਕਤਾ

ਮਰੀਕਾ ਦੇ ਸੂਬੇ ਕਨੈਟੀਕਟ ਵਿਚਲੇ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਦੇਸ਼ ਵਿੱਚ ਅਸਲੇ ਨਾਲ ਸਬੰਧਤ ਕਾਨੂੰਨ ਨੂੰ ਸਖ਼ਤ ਕਰਨ ਬਾਰੇ ਚਰਚਾ ਹੋ ਰਹੀ ਹੈ। ਯਾਦ ਰਹੇ ਦਸੰਬਰ 14, 2012 ਨੂੰ ਇੱਕ 20 ਸਾਲ ਦੇ ਵਿਅਕਤੀ ਦੁਆਰਾ ਅੰਨ੍ਹੀ ਗੋਲੀਬਾਰੀ ਵਿੱਚ ਇਸ ਸਕੂਲ ਦੇ 20 ਮਾਸੂਮ ਬੱਚੇ ਮਾਰੇ ਗਏ ਸਨ। ਇਹਨਾਂ ਤੋਂ ਇਲਾਵਾ ਮਰਨ ਵਾਲਿਆਂ ਵਿੱਚ ਛੇ ਬਾਲਗ ਵੀ ਸਨ, ਜਿਨ੍ਹਾਂ ਵਿੱਚ ਇੱਕ ਕਾਤਲ ਦੀ ਮਾਂ ਸੀ।

ਇਸ ਦੁਖਦਾਈ ਘਟਨਾ ਉਪਰੰਤ ਰਾਸ਼ਟਰਪਤੀ ਬਰਾਕ ਉਬਾਮਾ ਨੇ ਆਪਣੀਆਂ ਸੇਜਲ ਅੱਖਾਂ ਰਾਹੀਂ ਇਹਨਾਂ ਬਦਨਸੀਬ ਬੱਚਿਆਂ ਨੂੰ ਸ਼ਰਧਾਂਜਲੀ ਦਿੰਦਿਆਂ ਹੋਇਆਂ ਕਿਹਾ ਕਿ ਅਮਰੀਕਾ ਵਿੱਚ ਅਜਿਹੀਆਂ ਦੁਖਦਾਈ ਘਟਨਾਵਾਂ ਵਿੱਚ ਵਾਧੇ ਨੂੰ ਦੇਖਦੇ ਹੋਏ ਹੁਣ ਅਸਲੇ ਨਾਲ ਸੰਬੰਧਿਤ ਕਾਨੂੰਨਾਂ ਵਿੱਚ ਸਖਤਾਈ ਕਰਨੀ ਪਵੇਗੀ। ਹਾਲਾਂਕਿ ਅਜਿਹਾ ਕਿਵੇਂ ਹੋਵੇਗਾ ਇਸ ਬਾਰੇ ਉਹਨਾਂ ਫਿਲਹਾਲ ਕੋਈ ਖੁਲਾਸਾ ਨਹੀਂ ਕੀਤਾ। ਪਾਠਕਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਸਿਰਫ਼ 2012 ਵਿੱਚ ਹੀ ਅਮਰੀਕਾ ਵਿੱਚ ਅਜਿਹੀਆਂ ਗੋਲੀਬਾਰੀ ਦੀਆਂ 16 ਘਟਨਾਵਾਂ ਹੋ ਚੁੱਕੀਆਂ ਹਨ ਅਤੇ 88 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

ਰਾਸ਼ਟਰਪਤੀ ਉਬਾਮਾ ਤੋਂ ਇਲਾਵਾ ਕੁਝ ਡੈਮੋਕਰੈਟਿਕ ਸੈਨੇਟਰਾਂ ਨੇ ਵੀ ਆਉਣ ਵਾਲੇ ਦਿਨਾਂ ਵਿੱਚ ਕਾਨੂੰਨਾਂ ਨੂੰ ਸਖਤ ਕਰਨ ਦੀ ਗੱਲ ਕਹੀ ਹੈ। ਪਰ ਅਜਿਹਾ ਕਰਨਾ ਏਨਾ ਸੌਖਾਲਾ ਨਹੀਂ ਹੋਵੇਗਾ ਕਿਉਂਕਿ ਕਾਨੂੰਨ ਨੂੰ ਸਖਤ ਕਰਨ ਦੇ ਰਾਹ ਵਿੱਚ ਜਿੱਥੇ ਕੁਝ ਕਾਨੂੰਨੀ ਅੜਚਨਾਂ ਹਨ ਉਥੇ ਬਹੁਤੇ ਰਾਜਨੀਤਿਕ ਲੋਕ ਵੀ ਇਸ ਸਖਤੀ ਲਈ ਤੱਤਪਰ ਨਹੀਂ ਹਨ। ਜੇ ਸੈਨੇਟ ਵਿੱਚ ਬਹੁਗਿਣਤੀ ਡੈਮੋਕਰੈਟਿਕਾਂ ਨੂੰ ਇਸ ਦਾ ਸਮਰਥਨ ਪ੍ਰਾਪਤ ਹੋ ਵੀ ਜਾਵੇ ਤਾਂ ਵੀ ਪਾਰਲੀਮੈਂਟ ਵਿੱਚ ਬਹੁਗਿਣਤੀ ਰਿਪਬਲਿਕਨਾਂ ਦੀ ਹੋਣ ਕਰਕੇ ਇਸ ਕਾਨੂੰਨ ਨੂੰ ਪਾਸ ਕਰਨਾ ਏਨਾ ਆਸਾਨ ਨਹੀਂ ਹੋਵੇਗਾ। 

ਇਤਿਹਾਸ ਦੇਖ ਲਵੋ। ਮੌਜੂਦਾ ਅਮਰੀਕੀ ਕਾਂਗਰਸ ਦੇ ਕਾਰਜਕਾਲ ਦੌਰਾਨ ਅਸਲੇ ਕੰਟਰੋਲ ਲਈ ਕਈ ਬਿੱਲ ਪੇਸ਼ ਕੀਤੇ ਗਏ ਪਰ ਉਹਨਾਂ ਵਿੱਚੋਂ ਇੱਕ ਵੀ ਸਿਰੇ ਨਾ ਚੜ੍ਹਿਆ। ਸਾਲ 2011 ਦੌਰਾਨ ਅਮਰੀਕੀ ਕਾਂਗਰਸ ਦੀ ਮੈਂਬਰ ਗੈਬਰਿਲ ਗਿਫੋਰਡਸ ਉਪਰ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਇੱਕ ਬਿੱਲ ਲਿਆਂਦਾ ਗਿਆ ਜਿਸ ਤਹਿਤ ਕਿਸੇ ਵੀ ਫੈਡਰਲ ਅਧਿਕਾਰੀ ਦੁਆਰਾ ਕੀਤੇ ਜਾਣ ਵਾਲੇ ਪਬਲਿਕ ਇਕੱਠ ਦੇ ਨਜ਼ਦੀਕ ਅਸਲਾ ਲਿਜਾਣ ਦੀ ਮਨਾਹੀ ਲਾਗੂ ਕਰਨੀ ਸੀ। ਅਮਰੀਕੀ ਕਾਂਗਰਸ ਨੂੰ ਆਪਣੇ ਹੀ ਇੱਕ ਮੈਂਬਰ 'ਤੇ ਹੋਏ ਜਾਨਲੇਵਾ ਹਮਲੇ ਨੇ ਬਿਲਕੁਲ ਨਾ ਹਲੂਣਿਆ ਅਤੇ ਬਿੱਲ ਪਾਸ ਨਾ ਹੋ ਸਕਿਆ। ਇਸ ਤੋਂ ਇਲਾਵਾ ਜ਼ਿਆਦਾ ਖਤਰਨਾਕ ਅਤੇ ਆਧੁਨਿਕ ਮਸ਼ੀਨਗੰਨ ਰੱਖਣ ਉਪਰ ਮਨਾਹੀ ਅਤੇ ਹਥਿਆਰਾਂ ਦੀ ਖਰੀਦੋ ਫਰੋਖਤ ਸਮੇਂ ਅਪਰਾਧਿਕ ਪਿਛੋਕੜ ਦੀ ਪੜਤਾਲ ਸੰਬੰਧੀ ਪੇਸ਼ ਕੀਤੇ ਬਿੱਲ ਵੀ ਅਮਰੀਕੀ ਕਾਂਗਰਸ ਵਿੱਚ ਮੂਧੇ ਮੂੰਹ ਡਿੱਗੇ।


ਜੇ ਪਿਛਲੇ ਦੋ ਦਹਾਕਿਆਂ 'ਤੇ ਨਜ਼ਰ ਮਾਰੀਏ ਤਾਂ ਅਸਲੇ ਦੇ ਕੰਟਰੋਲ ਲਈ ਸਭ ਤੋਂ ਕਾਰਗਰ ਕਾਨੂੰਨ ਸੰਨ 1994 ਵਿੱਚ ਬਿੱਲ ਕਲਿੰਟਨ ਦੀ ਡੈਮੋਕਰੈਟਿਕ ਸਰਕਾਰ ਨੇ ਬਣਾਇਆ ਸੀ। ਉਸ ਕਾਨੂੰਨ ਤਹਿਤ ਕਲਿੰਟਨ ਸਰਕਾਰ ਨੇ ਦੇਸ਼ ਅੰਦਰ ਅਸਾਲਟ ਹਥਿਆਰਾਂ (ਜ਼ਿਆਦਾ ਮਾਰੂ ਅਸਲਾ) ਉੱਪਰ 10 ਸਾਲ ਦੀ ਪਾਬੰਦੀ ਲਾ ਦਿੱਤੀ ਸੀ। ਸੰਨ 2004 ਵਿੱਚ ਇਹ ਪਾਬੰਦੀ ਖਤਮ ਹੋ ਗਈ ਅਤੇ ਇਸ ਦੀ ਮਿਆਦ ਵਧਾਉਣ ਬਾਰੇ ਤਤਕਾਲੀ ਬੁਸ਼ ਸਰਕਾਰ ਨੇ ਕੋਈ ਦਿਲਚਸਪੀ ਨਾ ਦਿਖਾਈ। ਏਸੇ ਤਰ੍ਹਾਂ ਹੀ ਸਾਲ 2007 ਦੌਰਾਨ ਵਾਪਰੇ ਵਰਜੀਨੀਆ ਗੋਲੀਕਾਂਡ ਤੋਂ ਬਾਅਦ, ਜਿਸ ਵਿੱਚ 32 ਵਿਅਕਤੀ ਮਾਰੇ ਗਏ ਸਨ, ਬੁਸ਼ ਪ੍ਰਸ਼ਾਸ਼ਨ ਨੇ ਇੱਕ ਕਾਨੂੰਨ ਬਣਾਇਆ ਸੀ ਜਿਸ ਤਹਿਤ ਅਸਲੇ ਨੂੰ ਮਾਨਸਿਕ ਰੋਗੀਆਂ ਦੀ ਪਹੁੰਚ ਤੋਂ ਦੂਰ ਰੱਖਣਾ ਸੀ। ਇਹ ਕਾਨੂੰਨ ਕਿੰਨਾ ਕੁ ਕਾਰਗਰ ਸਾਬਿਤ ਹੋਇਆ, ਇਸ ਬਾਰੇ ਕਹਿਣ ਦੀ ਜ਼ਰੂਰਤ ਨਹੀਂ ਕਿਉਂਕਿ ਲਗਭਗ ਹਰ ਅਜਿਹੀ ਵਾਰਦਾਤ ਵਿੱਚ ਕਾਤਲ ਮਾਨਸਿਕ ਰੋਗੀ ਹੀ ਹੁੰਦਾ ਹੈ। ਕੁਝ ਮਹੀਨੇ ਪਹਿਲਾਂ ਵਿਸਕਾਨਸਨ ਗੁਰੂ ਘਰ ਵਿੱਚ ਮਾਰੇ ਗਏ ਸਿੱਖਾਂ ਦੀ ਘਟਨਾ ਨੂੰ ਜਾਂ ਕਿਸੇ ਹੋਰ ਅਮਰੀਕੀ ਗੋਲੀਕਾਂਡ ਨੂੰ ਯਾਦ ਕਰੋ, ਜਾਂਚ ਕਰਤਾਵਾਂ ਦੇ ਜੁਆਬੀ ਸ਼ਬਦ ਹੁੰਦੇ ਹਨ ਕਿ ਕਾਤਲ ਮਾਨਸਿਕ ਰੋਗ ਤੋਂ ਪੀੜ੍ਹਤ ਸੀ।

ਅਸਲ ਵਿੱਚ ਅਮਰੀਕੀ ਸੁਪਰੀਮ ਕੋਰਟ ਕਹਿੰਦੀ ਹੈ ਕਿ ਕਾਨੂੰਨ ਦੀ ਪਾਲਣਾ ਕਰਨ ਵਾਲਾ ਹਰ ਅਮਰੀਕੀ ਨਾਗਰਿਕ ਆਪਣੀ ਸੁਰੱਖਿਆ ਲਈ ਘਰ ਵਿੱਚ ਅਸਲਾ ਰੱਖਣ ਦਾ ਹੱਕਦਾਰ ਹੈ। ਇਸ ਤੋਂ ਇਲਾਵਾ ਅਸਲੇ ਨਾਲ ਸੰਬੰਧਿਤ ਕਾਨੂੰਨ ਹਰ ਇੱਕ ਅਮਰੀਕੀ ਪ੍ਰਾਂਤ ਵਿੱਚ ਵੱਖਰੇ ਵੱਖਰੇ ਹਨ। ਲਗਭਗ 40 ਪ੍ਰਾਂਤਾਂ ਦੇ ਕਾਨੂੰਨ ਏਨੇ ਨਰਮ ਹਨ ਕਿ ਤੁਸੀਂ ਪਿਸਤੌਲ ਜੇਬ ਵਿੱਚ ਪਾ ਕੇ ਚਾਹੇ ਮੇਲਾ ਦੇਖਣ ਚਲੇ ਜਾਓ। ਹਾਂ ਕੁਝ ਕੁ ਪ੍ਰਾਂਤਾਂ ਜਿਵੇਂ ਕਿ ਕੈਲੇਫੋਰਨੀਆ ਅਤੇ ਨਿਊਯਾਰਕ ਦੀਆਂ ਸਥਾਨਿਕ ਸਰਕਾਰਾਂ ਨੇ ਕਾਨੂੰਨ ਵਿੱਚ ਸਖਤੀ ਕੀਤੀ ਹੋਈ ਹੈ।

ਤਾਜ਼ਾਤਰੀਨ ਦੁਰਘਟਨਾ ਦੇ ਚਲਦਿਆਂ ਮੈਂ ਨਵੀਂ ਦੁਨੀਆ (ਅਮਰੀਕਾ ਅਤੇ ਕੈਨੇਡਾ) ਦੇ ਲੋਕਾਂ ਦੀ ਅਸਲੇ ਪ੍ਰਤੀ ਚਾਹਤ ਨੂੰ ਬਿਆਨ ਕਰਨਾ ਚਾਹਵਾਂਗਾ। ਕੈਨੇਡਾ ਦੀ ਆਬਾਦੀ ਲਗਭਗ ਸਾਢੇ ਤਿੰਨ ਕਰੋੜ ਹੈ ਜਦਕਿ 2011 ਦੇ ਅੰਕੜਿਆਂ ਮੁਤਾਬਿਕ ਏਥੇ ਰਜਿਸਟਰਡ ਹਥਿਆਰਾਂ ਦੀ ਗਿਣਤੀ 78 ਲੱਖ ਹੈ। ਯਾਦ ਰਹੇ ਇਹ ਅੰਕੜੇ ਸਿਰਫ਼ ਰਜਿਸਟਰਡ ਹਥਿਆਰਾਂ ਦੇ ਹਨ, ਨਜਾਇਜ਼ ਹਥਿਆਰਾਂ ਬਾਰੇ ਕੋਈ ਅਨੁਮਾਨ ਨਹੀਂ ਹੈ। ਮੁੱਕਦੀ ਗੱਲ ਹਰੇਕ ਚੌਥਾ ਕੈਨੇਡੀਅਨ ਬੰਦੂਕ ਜਾਂ ਪਿਸਤੌਲ ਚੁੱਕੀ ਫਿਰਦਾ ਹੈ। ਅਮਰੀਕਾ ਦਾ ਇਸ ਤੋਂ ਵੀ ਬੁਰਾ ਹਾਲ ਹੈ। ਆਬਾਦੀ ਤਾਂ 31 ਕਰੋੜ ਤੇ ਹਥਿਆਰ 30 ਕਰੋੜ ਤੋਂ ਉੱਪਰ, ਮਤਲਬ ਹਰਕੇ ਬੱਚਾ, ਜਵਾਨ, ਬੁੱਢਾ, ਮਰਦ, ਔਰਤ ਹਥਿਆਰ ਨਾਲ ਲੈਸ ਹੈ। ਇੰਝ ਲੱਗਦਾ ਹੈ ਕਿ ਜਿਵੇਂ ਤੀਜੀ ਵਿਸ਼ਵ ਜੰਗ ਲਈ ਹਥਿਆਰ ਇਕੱਠੇ ਕਰ ਰਹੇ ਹੋਣ। 

ਇਹ ਲੋਕ ਪੁਰਾਣਿਆਂ ਸਮਿਆਂ ਤੋਂ ਹੀ ਅਸਲਾ ਰੱਖਣ ਦੇ ਸ਼ੌਕੀਨ ਹਨ। ਕੁਝ ਹੱਦ ਤੱਕ ਅਸਲਾ ਰੱਖਣਾ ਇਹਨਾਂ ਦੀ ਜ਼ਰੂਰਤ ਵੀ ਸੀ। ਪੁਰਾਣੇ ਸਮਿਆਂ ਵਿੱਚ ਦੂਰ ਦੁਰਾਡੇ ਇਲਾਕਿਆਂ ਵਿੱਚ ਰਹਿਣ ਵਾਲੇ ਅਮਰੀਕੀ/ਕੈਨੇਡੀਅਨ ਲੋਕਾਂ ਨੂੰ ਜੰਗਲੀ ਜਾਨਵਰਾਂ ਜਾਂ ਮਨੁੱਖੀ ਖਤਰਿਆਂ ਤੋਂ ਬਚਾਅ ਲਈ ਹਥਿਆਰ ਰੱਖਣੇ ਪੈਂਦੇ ਸਨ। ਇਸ ਤੋਂ ਇਲਾਵਾ ਅਥਾਹ ਕੁਦਰਤੀ ਅਤੇ ਜੰਗਲੀ ਸੋਮੇ ਹੋਣ ਕਰਕੇ ਇਹਨਾਂ ਲੋਕਾਂ ਵਿੱਚ ਸ਼ਿਕਾਰ ਕਰਨ ਦੀ ਪ੍ਰਵਿਰਤੀ ਜ਼ਿਆਦਾ ਹੈ। ਅੱਜ ਵੀ ਸ਼ਹਿਰ ਵਿੱਚ ਰਹਿਣ ਵਾਲੇ ਲੋਕ ਸ਼ੌਕੀਆ ਤੌਰ 'ਤੇ ਸ਼ਿਕਾਰ ਕਰਨ ਆਪਣੇ ਹਥਿਆਰ ਚੁੱਕ ਦੂਰ ਦੁਰਾਡੇ ਦੇ ਜੰਗਲਾਂ ਵਿੱਚ ਚਲੇ ਜਾਂਦੇ ਹਨ। ਕਹਿਣ ਤੋਂ ਭਾਵ ਹੈ ਕਿ ਇਹਨਾਂ ਲੋਕਾਂ ਦਾ ਹਥਿਆਰ ਨਾਲ ਮੁੱਢ ਤੋਂ ਹੀ ਵਾਸਤਾ ਰਿਹਾ। ਪਰ ਅੱਜ ਦੇ ਦੌਰ ਵਿੱਚ ਇਹਨਾਂ ਪੱਖਾਂ ਨੂੰ ਹਥਿਆਰ ਰੱਖਣ ਦੇ ਬਹਾਨੇ ਵਜੋਂ ਨਹੀਂ ਦੇਖਿਆ ਜਾ ਸਕਦਾ। ਮਸਲਨ ਅੱਜ ਹਰ ਪੰਜਾਂ ਵਿੱਚ ਚਾਰ ਅਮਰੀਕੀ ਜਾਂ ਕੈਨੇਡੀਅਨ ਨਾਗਰਿਕ ਸ਼ਹਿਰਾਂ ਵਿੱਚ ਰਹਿੰਦੇ ਹਨ ਜਿੱਥੇ ਜੰਗਲੀ ਜੀਵਾਂ ਜਾਂ ਹੋਰ ਖਤਰਿਆਂ ਲਈ ਹਥਿਆਰ ਰੱਖਣਾ ਕੋਈ ਮਜਬੂਰੀ ਨਹੀਂ ਹੈ। ਲੋਕਾਂ ਦੇ ਬਚਾਉ ਲਈ ਪੁਲਿਸ ਅਤੇ ਪ੍ਰਸ਼ਾਸ਼ਨ ਸਿਰਫ਼ ਕੁਝ ਮਿੰਟਾਂ ਦੀ ਦੂਰੀ 'ਤੇ ਹੀ ਹੁੰਦੇ ਹਨ। ਸੋ ਮੌਜੂਦਾ ਦੌਰ ਵਿੱਚ ਨਵੀਂ ਦੁਨੀਆਂ ਦੇ ਲੋਕਾਂ ਦੁਆਰਾ ਹਥਿਆਰ ਰੱਖਣਾ ਸ਼ੌਕ ਜਾਂ ਸ਼ਿਕਾਰ ਲਈ ਜ਼ਰੂਰਤ ਹੀ ਹੋ ਸਕਦਾ ਹੈ, ਮਜਬੂਰੀ ਨਹੀਂ।

ਅਸਲਾ ਰੱਖਣ ਦੀ ਮਜਬੂਰੀ ਵਾਲੇ ਪੱਖ ਨੂੰ ਅਸਲੇ ਦੀ ਮਾਰੂ ਸ਼ਕਤੀ ਨੂੰ ਵੇਖਦਿਆਂ ਹੋਇਆਂ ਹੀ ਰੱਦ ਕੀਤਾ ਜਾ ਸਕਦਾ ਹੈ। ਕਿਸੇ ਜੰਗਲੀ ਜਾਨਵਰ ਜਾਂ ਆਮ ਖਤਰੇ ਤੋਂ ਬਚਣ ਲਈ ਇੱਕ ਆਮ ਪਿਸਤੌਲ ਜਾਂ ਆਮ ਬੰਦੂਕ ਵੀ ਕਾਫੀ ਹੁੰਦੀ ਹੈ ਪਰ ਇਸ ਜ਼ਰੂਰਤ ਨੂੰ ਏ.ਕੇ. 47 ਜਾਂ ਹੋਰ ਆਧੁਨਿਕ ਮਸ਼ੀਨਗੰਨਾਂ ਰੱਖਣ ਲਈ ਕਾਰਨ ਨਹੀਂ ਬਣਾਇਆ ਜਾ ਸਕਦਾ। ਮੌਜੂਦਾ ਸੈਂਡੀ ਹੁੱਕ ਸਕੂਲ ਗੋਲੀਕਾਂਡ ਵਿੱਚ ਹਮਲਾਵਰ ਨੇ ਆਧੁਨਿਕ 0.22 ਅਸਾਲਟ ਰਾਈਫਲ ਬੁਸ਼ਮਾਸਟਰ ਦਾ ਇਸਤੇਮਾਲ ਕੀਤਾ ਹੈ, ਜਿਹੜੀ ਕਿ ਮਿਲਟਰੀ ਦੁਆਰਾ ਵਰਤੀ ਜਾਂਦੀ ਐਮ-16 ਦਾ ਵਪਾਰਿਕ ਮਾਡਲ ਹੈ। ਇਹ ਹਥਿਆਰ ਜੰਗ ਲਈ ਤਿਆਰ ਕੀਤਾ ਗਿਆ ਹੈ ਅਤੇ ਇਸ ਦੀਆਂ ਖਤਰਨਾਕ ਗੋਲੀਆਂ ਪ੍ਰਤੀ ਸੈਕਿੰਡ ਤਿੰਨ ਹਜ਼ਾਰ ਫੁੱਟ ਦੀ ਸਪੀਡ ਨਾਲ ਨਿਕਲਦੀਆਂ ਹਨ। ਇਹ ਹਥਿਆਰ ਪੂਰਨ ਰੂਪ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਾਨੀ ਨੁਕਸਾਨ ਲਈ ਬਣਿਆ ਹੈ ਅਤੇ ਇਸ ਮਸ਼ੀਨਗੰਨ 'ਚੋਂ ਨਿਕਲੀਆਂ ਗੋਲੀਆਂ ਸਰੀਰ ਦੇ ਅੰਦਰੂਨੀ ਅੰਗਾਂ ਦਾ ਵੱਧ ਤੋਂ ਵੱਧ ਨੁਕਸਾਨ ਕਰਦੀਆਂ ਹਨ। ਜੇ ਕਿਤੇ ਇਸ ਆਧੁਨਿਕ ਹਥਿਆਰ ਦੀ ਜਗ੍ਹਾ ਹਮਲਾਵਰ ਕੋਲ ਆਮ ਹਥਿਆਰ ਹੁੰਦਾ ਤਾਂ ਏਨਾਂ ਜਾਨੀ ਨੁਕਸਾਨ ਨਾ ਹੁੰਦਾ। 

ਸੈਂਡੀ ਹੁੱਕ ਵਰਗੀ ਹਰੇਕ ਦੁਰਘਟਨਾ ਤੋਂ ਬਾਅਦ ਕੁਝ ਕੀਤੇ ਜਾਣ ਬਾਰੇ ਚਰਚਾ ਹੁੰਦੀ ਹੈ। ਬਦਕਿਸਮਤੀ ਨਾਲ ਮਾਰੇ ਗਿਆਂ ਦੇ ਦੁੱਖ ਨੂੰ ਕੁਝ ਸਮੇਂ ਬਾਅਦ ਭੁਲਾ ਦਿੱਤਾ ਜਾਂਦਾ ਹੈ ਅਤੇ ਜਜ਼ਬਾਤੀ ਦਾਅਵੇ ਫਿਰ ਖੋਖਲੇ ਸਾਬਿਤ ਹੁੰਦੇ ਹਨ। ਅਸਲ ਵਿੱਚ ਅਮਰੀਕੀ ਅਤੇ ਕੈਨੇਡੀਅਨ ਰਾਜਨੀਤਕਾਂ ਵਿੱਚ ਅਸਲੇ ਨੂੰ ਕੰਟਰੋਲ ਕਰਨ ਲਈ ਦਿਲੋਂ ਚਾਹਤ ਗੁੰਮ ਹੈ। ਹੁਣ ਕੈਨੇਡਾ ਨੂੰ ਹੀ ਲੈ ਲਓ। 1989 ਦੇ ਮਾਂਟਰੀਅਲ ਗੋਲੀ ਕਾਂਡ ਉਪਰੰਤ ਦੇਸ਼ ਵਿੱਚ ਅਸਲੇ ਸੰਬੰਧਿਤ ਸਖਤ ਕਾਨੂੰਨ ਬਣਾਏ ਗਏ ਸਨ, ਜਿੰਨਾਂ ਦੇ ਪਿਛਲੇ ਦੋ ਦਹਾਕਿਆਂ ਦੌਰਾਨ ਚੰਗੇ ਪ੍ਰਭਾਵ ਉੱਭਰ ਕੇ ਆਏ ਸਨ। ਸੰਨ 1995 ਵਿੱਚ ਕੈਨੇਡਾ ਵਿੱਚ ਅਸਲੇ ਨੂੰ ਰਜਿਸਟਰ ਕਰਵਾਉਣ ਸੰਬੰਧੀ ਕਾਨੂੰਨ ਬਣਨ ਉਪਰੰਤ ਵੱਡੇ ਹਥਿਆਰਾਂ ਨਾਲ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਿੱਚ 41 ਪ੍ਰਤੀਸ਼ਤ ਕਮੀ ਆਈ (2010 ਤੱਕ)। ਪਰ ਵੋਟਰਾਂ ਨੂੰ ਭਰਮਾਉਣ ਖਾਤਰ (ਕਿਉਂਕਿ ਹਥਿਆਰ ਰੱਖਣਾ ਕੈਨੇਡੀਅਨ ਗੋਰਿਆਂ ਦੇ ਖੂਨ ਵਿੱਚ ਹੈ) ਮੌਜੂਦਾ ਟੋਰੀ ਸਰਕਾਰ ਨੇ ਪਿਛਲੀਆਂ 2011 ਚੋਣਾਂ ਦੌਰਾਨ ਅਸਲੇ ਦੀ ਰਜਿਸਟਰੀ ਨੂੰ ਖਤਮ ਕਰਨ ਦਾ ਪ੍ਰਚਾਰ ਕੀਤਾ ਅਤੇ ਚੋਣਾਂ ਜਿੱਤਣ ਉਪਰੰਤ ਇਹ ਕਾਨੂੰਨ ਇਸ ਸਾਲ ਖਤਮ ਕਰ ਦਿੱਤਾ ਗਿਆ। ਇਥੋਂ ਤੱਕ ਕਿ ਟੋਰੀ ਸਰਕਾਰ ਨੇ ਅਸਲੇ ਦੀ ਰਜਿਸਟਰੀ ਸੰਬੰਧੀ ਸਾਰੇ ਰਿਕਾਰਡ ਨੂੰ ਖਤਮ ਕਰਨ ਦਾ ਫੈਸਲਾ ਵੀ ਲਿਆ ਹੈ, ਜਿਸ ਨੂੰ ਇਕੱਠਾ ਕਰਨ ਵਿੱਚ ਬਿਲੀਅਨਾਂ ਡਾਲਰ ਖਰਚੇ ਗਏ ਸਨ। ਇੱਕ ਆਧੁਨਿਕ ਦੇਸ਼ ਦੇ ਸਿਰਕੱਢ ਲੀਡਰਾਂ ਦੀ ਇਹ ਕਿਹੋ ਜਿਹੀ ਸੋਚ ਹੈ। 

ਕਈ ਅਮਰੀਕੀ ਰਾਜਨੀਤਿਕ ਇਹ ਵੀ ਕਹਿੰਦੇ ਹਨ ਕਿ ਅਜਿਹੀਆਂ ਘਟਨਾਵਾਂ ਸਿਰਫ ਇੱਕਾ ਦੁੱਕਾ ਹੀ ਹਨ ਅਤੇ ਇਹ ਮਾਨਸਿਕ ਰੋਗੀਆਂ ਕਰਕੇ ਹੀ ਹੁੰਦੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਹਥਿਆਰ ਰੱਖਣ ਵਾਲੇ ਅਮਰੀਕੀ ਸ਼ਹਿਰੀ ਕਾਨੂੰਨ ਪਾਲਣਾ ਕਰਨ ਵਾਲੇ ਹਨ। ਅਜਿਹੇ ਲੀਡਰਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਉਹਨਾਂ ਮਾਪਿਆਂ ਨੂੰ ਪੁੱਛ ਕੇ ਦੇਖੋ ਜਿੰਨ੍ਹਾਂ ਨੇ ਆਪਣੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਘਰੋਂ ਸਕੂਲ ਤੋਰ ਤਾਂ ਦਿੱਤਾ ਪਰ ਵਾਪਸ ਪੱਲੇ ਲਾਸ਼ਾਂ ਹੀ ਪਈਆਂ। ਗੱਲ ਇੱਕਾ ਦੁੱਕਾ ਘਟਨਾਵਾਂ ਦੀ ਨਹੀਂ, ਗੱਲ ਇਹ ਹੈ ਕਿ ਇਹ ਘਟਨਾਵਾਂ ਵਾਪਰਦੀਆਂ ਕਿਉਂ ਨੇ। ਇਸ ਦਾ ਕਾਰਨ ਇਹ ਹੈ ਕਿ ਅਮਰੀਕੀ ਸਮਾਜ ਵਿੱਚ ਆਮ ਨਾਗਰਿਕ ਦੀ ਹਥਿਆਰਾਂ ਤੱਕ ਪਹੁੰਚ ਬੇਹੱਦ ਸੁਖਾਲੀ ਹੈ। ਇਹਨਾਂ ਘਟਨਾਵਾਂ ਨੂੰ ਸਿਰਫ ਮਾਨਸਿਕ ਰੋਗੀਆਂ ਨਾਲ ਜੋੜ ਕੇ ਇਸ ਦੇ ਅਸਲ ਕਾਰਨਾਂ ਤੋਂ ਭੱਜਿਆ ਨਹੀਂ ਜਾ ਸਕਦਾ । 

ਯਕੀਨਨ ਅਮਰੀਕੀ ਲੋਕਾਂ ਅਤੇ ਲੀਡਰਾਂ ਨੂੰ ਅਸਲੇ ਪ੍ਰਤੀ ਆਪਣੀ ਸੋਚ ਬਦਲਣੀ ਪਵੇਗੀ। ਇਹ ਨਜ਼ਰਸਾਨੀ ਕਰਨੀ ਪਵੇਗੀ ਕਿ ਵਾਕਿਆ ਹੀ ਆਮ ਨਾਗਰਿਕਾਂ ਨੂੰ ਮਸ਼ੀਨਗੰਨਾਂ ਦੀ ਜ਼ਰੂਰਤ ਹੈ। ਇਹ ਮੂਰਖ਼ਤਾ ਹੀ ਹੋਵੇਗੀ ਕਿ ਜੇ ਅਮਰੀਕੀ ਪ੍ਰਸ਼ਾਸ਼ਨ ਕੋਈ ਵੀ ਕਾਰਗਰ ਕਾਨੂੰਨ ਬਣਾਉਣ ਤੋਂ ਪਹਿਲਾਂ ਅਜਿਹੀਆਂ ਹੋਰ ਦੁਖਦਾਈ ਘਟਨਾਵਾਂ ਦੀ ਉਡੀਕ ਕਰ ਰਿਹਾ ਹੈ। 

ਡਾ. ਨਿਰਮਲ ਹਰੀ 
ਵਿਨੀਪੈਗ,ਕਨੇਡਾ 
Mob: 1-204-391-3623

Friday, November 18, 2011

ਸਾਡਾ ਰੋਹ ਉਨ੍ਹਾਂ ਨੂੰ ਤਬਾਹ ਕਰਨ ਲਈ ਕਾਫੀ ਹੈ-ਅਰੁੰਧਤੀ ਰਾਏ

ਅਰੁੰਧਤੀ ਨੇ ਆਕੂਪਾਈ ਲਹਿਰ ਦੀ ਹਮਾਇਤ 'ਚ ਇਹ ਭਾਸ਼ਨ ਨਿਊਯਾਰਕ ਦੀ ਪੀਪਲਜ਼ ਯੂਨੀਵਰਸਿਟੀ 'ਚ ਦਿੱਤਾ ਹੈ।ਇਹ ਭਾਸ਼ਨ ਸਭ ਤੋਂ ਪਹਿਲਾਂ ਗਾਰਡੀਅਨ ਨੇ ਪ੍ਰਕਾਸ਼ਤ ਕੀਤਾ।ਪੰਜਾਬੀ 'ਚ ਇਸ ਦਾ ਤਰਜ਼ਮਾ Naujwan Bharat Sabha ਵਾਲਿਆਂ ਨੇ ਆਪਣੇ ਬਲੌਗ 'ਤੇ ਦਿੱਤਾ ਹੈ।ਓਥੋਂ ਚੋਰੀ ਕਰਕੇ ਗੁਲਾਮ ਕਲਮ 'ਤੇ ਛਾਪ ਰਹੇ ਹਾਂ।-ਗੁਲਾਮ ਕਲਮ
a
ਮੰਗਲਵਾਰ ਸਵੇਰੇ ਪੁਲਸ ਨੇ ਜ਼ੁਕੋਟੀ ਪਾਰਕ ਨੂੰ ਖਾਲੀ ਕਰਵਾ ਲਿਆ ਸੀ, ਪਰ ਅੱਜ ਲੋਕ ਫਿਰ ਵਾਪਸ ਆ ਗਏ ਹਨ। ਪੁਲਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਲੜਾਈ ਕਿਸੇ ਇਲਾਕੇ ਖਾਤਰ ਨਹੀਂ ਲੜੀ ਜਾ ਰਹੀ। ਅਸੀਂ ਇੱਥੇ ਜਾਂ ਉਥੇ ਕਿਸੇ ਪਾਰਕ 'ਤੇ ਕਬਜ਼ਾ ਕਰਨ ਦੇ ਹੱਕ ਖਾਤਰ ਨਹੀਂ ਲੜ ਰਹੇ ਹਾਂ। ਅਸੀਂ ਨਿਆਂ ਲਈ ਲੜ ਰਹੇ ਹਾਂ। ਸਿਰਫ਼ ਅਮਰੀਕਾ ਦੇ ਲੋਕਾਂ ਖਾਤਰ ਨਿਆਂ ਲਈ ਨਹੀਂ, ਸਗੋਂ ਹਰ ਇੱਕ ਖਾਤਰ ਨਿਆਂ ਲਈ।

ਅਮਰੀਕਾ ਅੰਦਰ 17 ਸਤੰਬਰ ਤੋਂ ਸ਼ੁਰੂ ਹੋਈ 'ਕਬਜ਼ਾ ਕਰੋ' ਦੀ ਲਹਿਰ ਰਾਹੀਂ ਤੁਸੀਂ ਸਾਮਰਾਜ ਦੀ ਐਨ ਹਿੱਕ 'ਚ ਇੱਕ ਨਵੀਂ ਸੋਚ, ਨਵੇਂ ਸਿਆਸੀ ਬੋਲਾਂ ਨੂੰ ਦਾਖਲ ਕਰਨ 'ਚ ਕਾਮਯਾਬ ਹੋਏ ਹੋਂ। ਤੁਸੀਂ ਓਸ ਪ੍ਰਬੰਧ ਅੰਦਰ ਸੁਪਨੇ ਲੈਣ ਦੇ ਹੱਕ ਨੂੰ ਮੁੜ ਦਾਖਲ ਕੀਤਾ ਹੈ ਜੋ ਹਰ ਬੰਦੇ ਨੂੰ ਸੰਮੋਹਿਤ ਕਰਕੇ ਅਜਿਹੀਆਂ ਜਿਉਂਦੀਆਂ ਲੋਥਾਂ 'ਚ ਤਬਦੀਲ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹੜੀਆਂ ਬੇਥਵ੍ਹੇ ਉਪਭੋਗਤਾਵਾਦ ਨੂੰ ਹੀ ਖੁਸ਼ਹਾਲੀ ਅਤੇ ਸੰਪੂਰਣਤਾ ਸਮਝਦੀਆਂ ਹਨ।

ਇੱਕ ਲੇਖਕ ਦੇ ਤੌਰ 'ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਜ਼ਬਰਦਸਤ ਪ੍ਰਾਪਤੀ ਹੈ। ਮੇਰੇ ਕੋਲ ਤੁਹਾਡਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ।

ਅਸੀਂ ਨਿਆਂ ਦੀ ਗੱਲ ਕਰ ਰਹੇ ਸੀ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਅਮਰੀਕਾ ਦੀ ਫੌਜ ਇਰਾਕ ਅਤੇ ਅਫ਼ਗਾਨੀਸਤਾਨ ਅੰਦਰ ਕਬਜ਼ਾ ਕਰਨ ਲਈ ਜੰਗ ਲੜ ਰਹੀ ਹੈ। ਅਮਰੀਕੀ ਡਰੋਨ ਜਹਾਜ਼ ਪਾਕਿਸਤਾਨ ਅਤੇ ਉਸਤੋਂ ਪਰ੍ਹੇ ਆਮ ਸ਼ਹਿਰੀਆਂ ਨੂੰ ਮਾਰ ਰਹੇ ਹਨ। ਦਹਿ ਹਜ਼ਾਰਾਂ ਦੀ ਗਿਣਤੀ 'ਚ ਅਮਰੀਕੀ ਪਲਟਨਾਂ ਅਤੇ ਮੌਤ ਵੰਡਦੇ ਜੱਥੇ ਅਫਰੀਕਾ 'ਚ ਦਾਖਲ ਹੋ ਰਹੇ ਹਨ। ਤੇ ਹੁਣ ਇਰਾਨ ਖਿਲਾਫ਼ ਜੰਗ ਲਈ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ, ਜਿਵੇਂ ਕਿਤੇ ਹਾਲੇ ਇਰਾਕ ਅਤੇ ਅਫਗਾਨੀਸਤਾਨ 'ਤੇ ਕਬਜ਼ਾ ਕਰਨ ਲਈ ਵਹਾਏ ਜਾ ਰਹੇ ਤੁਹਾਡੇ ਕਰੋੜਾਂ ਡਾਲਰ ਕਾਫ਼ੀ ਨਾ ਹੋਣ।

ਵੱਡੇ ਆਰਥਿਕ ਮੰਦਵਾੜੇ ਦੇ ਵੇਲੇ ਤੋਂ ਲੈ ਕੇ,
ਹਥਿਆਰ ਬਣਾਉਣਾ ਅਤੇ ਜੰਗ ਲਾਉਣਾ ਦੋ ਅਜਿਹੀਆਂ ਮੁੱਖ ਜੁਗਤਾਂ ਹਨ ਜਿਹਨਾਂ ਰਾਹੀਂ ਅਮਰੀਕਾ ਆਪਣੇ ਅਰਥਚਾਰੇ ਨੂੰ ਬਲ ਬਖਸ਼ਦਾ ਰਿਹਾ ਹੈ। ਹੁਣੇ ਹੁਣੇ ਹੀ, ਰਾਸ਼ਟਰਪਤੀ ਉਬਾਮਾ ਦੇ ਸਮੇਂ 'ਚ ਹੀ ਅਮਰੀਕਾ ਨੇ ਸਾਊਦੀ ਅਰਬ ਨਾਲ 60 ਬਿਲੀਅਨ ਡਾਲਰ ਦੇ ਹਥਿਆਰਾਂ ਦਾ ਸੌਦਾ ਕੀਤਾ ਹੈ। ਇਹ ਸਯੁੰਕਤ ਅਰਬ ਅਮੀਰਾਤ ਨੂੰ ਹਜ਼ਾਰਾਂ ਦੀ ਗਿਣਤੀ 'ਚ ਬੰਕਰ-ਭੰਨ ਬੰਬ ਵੇਚਣ ਦੀ ਤਿਆਰੀ 'ਚ ਬੈਠਾ ਹੈ। ਇਹਨੇ ਮੇਰੇ ਮੁਲਕ ਭਾਰਤ ਨੂੰ 5 ਬਿਲੀਅਨ ਡਾਲਰ ਦੇ ਫੌਜੀ ਜਹਾਜ਼ ਵੇਚੇ ਹਨ ਜਿੱਥੇ ਅਫ਼ਰੀਕਾ ਦੇ ਸਾਰੇ ਗਰੀਬ ਮੁਲਕਾਂ ਦੇ ਕੁੱਲ ਜੋੜ ਨਾਲੋਂ ਵੀ ਜਿਆਦਾ ਗ਼ਰੀਬ ਲੋਕ ਵਸਦੇ ਹਨ। ਹੀਰੋਸ਼ੀਮਾਂ ਅਤੇ ਨਾਗਾਸਾਕੀ 'ਤੇ ਸੁੱਟੇ ਬੰਬਾਂ ਤੋਂ ਲੈ ਕੇ ਵਿਅਤਨਾਮ, ਕੋਰੀਆ, ਲਾਤੀਨੀ ਅਮਰੀਕਾ ਤੱਕ ਦੇ ਸਾਰੇ ਯੁੱਧਾਂ ਦੌਰਾਨ ਲੱਖਾਂ ਹੀ ਜਾਨਾਂ ਗਈਆਂ ਹਨ-ਤੇ ਇਹ ਸਾਰੇ ਯੁੱਧ ''ਅਮਰੀਕੀ ਜੀਵਨ ਜਾਚ'' ਦੀ ਚੜ੍ਹਾਈ ਯਕੀਨੀ ਕਰਨ ਲਈ ਲੜੇ ਗਏ। ਅੱਜ ਅਸੀਂ ਜਾਣਦੇ ਹਾਂ ਕਿ ''ਅਮਰੀਕੀ ਜੀਵਨ ਜਾਚ''-ਜਿਹੋ ਜਿਹਾ ਬਣਨ ਦੀ ਇੱਛਾ ਕਰਨ ਦੀ ਬਾਕੀ ਸਾਰੇ ਮੁਲਕਾਂ ਤੋਂ ਆਸ ਕੀਤੀ ਜਾਂਦੀ ਹੈ- ਦਾ ਸਿੱਟਾ ਇਹ ਨਿਕਲਿਆ ਹੈ ਕਿ ਅਮਰੀਕਾ ਦੀ ਅੱਧੀ ਵਸੋਂ ਦੀ ਦੌਲਤ 'ਤੇ 4 ਸੌ ਲੋਕਾਂ ਦੀ ਮਾਲਕੀ ਹੈ। ਇਸਦਾ ਮਤਲਬ ਹੈ ਕਿ ਹਜ਼ਾਰਾਂ ਲੋਕਾਂ ਨੂੰ ਘਰਾਂ ਅਤੇ ਨੌਕਰੀਆਂ ਤੋਂ ਕੱਢਿਆ ਗਿਆ ਹੈ ਜਦੋਂ ਕਿ ਅਮਰੀਕੀ ਸਰਕਾਰ ਨੇ ਬੈਂਕਾਂ ਅਤੇ ਕਾਰਪੋਰੇਸ਼ਨਾਂ ਨੂੰ ਰਾਹਤ ਪੈਕੇਜ ਵੰਡੇ ਹਨ — ਇਕੱਲੇ ਅਮਰੀਕੀ ਕੌਮਾਂਤਰੀ ਗਰੁੱਪ ਨੂੰ ਹੀ 182 ਬਿਲੀਅਨ ਡਾਲਰ ਦਿੱਤੇ ਗਏ ਹਨ।

ਭਾਰਤੀ ਸਰਕਾਰ ਅਮਰੀਕੀ ਆਰਥਿਕ ਨੀਤੀ ਦੀ ਸ਼ਰਧਾਵਾਨ ਭਗਤ ਹੈ। ਖੁੱਲੀ ਮੰਡੀ ਦੀ ਆਰਥਿਕਤਾ ਦੇ 20 ਸਾਲਾਂ ਦੇ ਸਿੱਟੇ ਵਜੋਂ ਭਾਰਤ ਦੇ ਸਿਖਰਲੇ 100 ਧਨਾਢਾਂ ਕੋਲ ਮੁਲਕ ਦੀ ਕੁੱਲ ਪੈਦਾਵਾਰ ਦੇ ਇੱਕ ਚੌਥਾਈ ਦੇ ਬਰਾਬਰ ਧਨ-ਦੌਲਤ ਹੈ, ਜਦੋਂ ਕਿ 80 ਫੀਸਦੀ ਤੋਂ ਵੀ ਜਿਆਦਾ ਲੋਕ 50 ਸੈਂਟ (23-24 ਰੁ.) ਦਿਹਾੜੀ ਨਾਲੋਂ ਵੀ ਘੱਟ 'ਤੇ ਗੁਜ਼ਾਰਾ ਕਰਦੇ ਹਨ; 2 ਲੱਖ 50 ਹਜ਼ਾਰ ਕਿਸਾਨ ਮੌਤ ਦੇ ਮੂੰਹ 'ਚ ਧੱਕੇ ਜਾ ਚੁੱਕੇ ਹਨ, ਉਹਨਾਂ ਨੇ ਖੁਦਕੁਸ਼ੀ ਕਰ ਲਈ ਹੈ। ਸਾਡੇ ਲਈ ਇਹ ਵਿਕਾਸ ਹੈ, ਅਤੇ ਹੁਣ ਅਸੀਂ ਆਵਦੇ ਆਪ ਨੂੰ ਸੁਪਰ-ਪਾਵਰ (ਮਹਾਂ-ਸ਼ਕਤੀ) ਸਮਝਦੇ ਹਾਂ। ਤੁਹਾਡੀ ਤਰ੍ਹਾਂ ਅਸੀਂ ਵੀ ਯੋਗਤਾ ਸ਼ਰਤਾਂ ਪੂਰੀਆਂ ਕਰ ਲਈਆਂ ਹਨ : ਸਾਡੇ ਕੋਲ ਪ੍ਰਮਾਣੂ ਬੰਬ ਹਨ ਅਤੇ ਘਿਣਾਉਣੀ ਨਾ-ਬਰਾਬਰੀ ਹੈ।

ਚੰਗੀ ਖ਼ਬਰ ਇਹ ਹੈ ਕਿ ਲੋਕ ਅੱਕ ਚੁੱਕੇ ਹਨ ਅਤੇ ਉਹ ਹੋਰ ਬਰਦਾਸ਼ਤ ਨਹੀਂ ਕਰਨ ਲੱਗੇ। 'ਕਬਜ਼ਾ ਕਰੋ' ਲਹਿਰ ਵੀ ਸੰਸਾਰ ਭਰ 'ਚ ਚੱਲ ਰਹੀਆਂ ਉਹਨਾਂ ਹਜ਼ਾਰਾਂ ਵਿਰੋਧ ਲਹਿਰਾਂ 'ਚ ਸ਼ਾਮਲ ਹੋ ਗਈ ਹੈ ਜਿਹਨਾਂ ਰਾਹੀਂ ਗਰੀਬੀ ਮਾਰੇ ਲੋਕ ਉੱਠ ਖੜ੍ਹੇ ਹੋਏ ਹਨ ਅਤੇ ਧਨਾਢ ਕਾਰਪੋਰੇਸ਼ਨਾਂ ਦਾ ਰਾਹ ਰੋਕ ਰਹੇ ਹਨ। ਸਾਡੇ 'ਚੋਂ ਥੋੜਿਆਂ ਨੇ ਹੀ ਸੋਚਿਆ ਸੀ ਕਿ ਅਸੀਂ ਤੁਹਾਨੂੰ, ਯਾਨੀ ਕਿ ਅਮਰੀਕਾ ਦੇ ਲੋਕਾਂ ਨੂੰ ਆਵਦੇ ਨਾਲ ਖੜ੍ਹੇ ਅਤੇ ਸਾਮਰਾਜ ਦੇ ਗੜ੍ 'ਚ ਅਜਿਹਾ ਕਰਦੇ ਹੋਏ ਤੱਕਾਂਗੇ। ਮੈਨੂੰ ਨਹੀਂ ਪਤਾ ਵੀ ਮੈਂ ਕਿਵੇਂ ਦੱਸਾਂ ਕਿ ਇਹ ਕਿੱਡੀ ਵੱਡੀ ਗੱਲ ਹੈ।

ਉਹ (1% ਧਨਾਢ) ਕਹਿੰਦੇ ਹਨ ਕਿ ਸਾਡੇ ਕੋਲ ਮੰਗਾਂ ਨਹੀਂ ਹਨ . . . ਸ਼ਾਇਦ ਉਹ ਨਹੀਂ ਜਾਣਦੇ ਕਿ ਉਹਨਾਂ ਨੂੰ ਤਬਾਹ ਕਰਨ ਲਈ ਸਿਰਫ਼ ਸਾਡਾ ਰੋਹ ਹੀ ਕਾਫ਼ੀ ਹੈ। ਪਰ ਮੈਂ ਸਾਡੇ ਸਾਰਿਆਂ ਦੇ ਇਕੱਠਿਆਂ ਸੋਚਣ ਲਈ ਕੁੱਝ ਗੱਲਾਂ ਕਹਿਣਾ ਚਾਹਾਂਗੀ-ਕੁਝ ''ਪੂਰਵ-ਇਨਕਲਾਬੀ'' ਵਿਚਾਰ ਜੋ ਮੈਂ ਸੋਚੇ ਸਨ :

ਅਸੀਂ ਏਸ ਪ੍ਰਬੰਧ ਨੂੰ ਥੰਮ੍ਹਣਾ ਚਾਹੁੰਦੇ ਹਾਂ ਜੋ ਨਾ-ਬਰਾਬਰੀ ਪੈਦਾ ਕਰਦਾ ਹੈ। ਅਸੀਂ ਇਕੱਲੇ-'ਕਹਿਰੇ ਬੰਦਿਆਂ ਅਤੇ ਕਾਰਪੋਰੇਸ਼ਨਾਂ ਵੱਲੋਂ ਧਨ ਅਤੇ ਦੌਲਤ ਦੀ ਬੇਮੁਹਾਰ ਇਕੱਤਰਤਾ ਨੂੰ ਨੂੜ ਲੈਣਾ ਚਾਹੁੰਦੇ ਹਾਂ। ''ਨੂੜਨ'' ਵਾਲਿਆਂ ਅਤੇ ''ਥੰਮ੍ਹਣ'' ਵਾਲਿਆਂ ਵਜੋਂ ਅਸੀਂ ਮੰਗ ਕਰਦੇ ਹਾਂ-

• ਕਾਰੋਬਾਰਾਂ 'ਚ ਦੁਪਾਸੜ ਮਾਲਕੀ ਬੰਦ ਹੋਵੇ। ਉਦਾਹਰਣ ਲਈ ਹਥਿਆਰ ਬਣਾਉਣ ਵਾਲੇ
ਟੀ.ਵੀ. ਸਟੇਸ਼ਨਾਂ ਦੇ ਮਾਲਕ ਨਹੀਂ ਬਣ ਸਕਦੇ; ਖਾਣਾਂ ਪੁੱਟਣ ਵਾਲੀਆਂ ਕਰਪੋਰੇਸ਼ਨਾਂ ਅਖ਼ਬਾਰ ਨਹੀਂ
ਚਲਾ ਸਕਦੀਆਂ; ਵਪਾਰਕ ਘਰਾਣੇ ਯੂਨੀਵਰਸਿਟੀਆਂ ਨੂੰ ਫੰਡ ਨਹੀਂ ਦੇ ਸਕਦੇ; ਦਵਾਈਆਂ ਬਣਾਉਣ
ਵਾਲੀਆਂ ਕੰਪਨੀਆਂ ਜਨਤਕ ਸਿਹਤ ਨਾਲ ਸੰਬੰਧਿਤ ਫੰਡਾਂ ਨੂੰ ਕੰਟਰੋਲ ਨਹੀਂ ਕਰ ਸਕਦੀਆਂ।
• ਕੁਦਰਤੀ ਸੋਮਿਆਂ ਅਤੇ ਪਾਣੀ ਦੀ ਸਪਲਾਈ, ਬਿਜਲੀ, ਸਿਹਤ ਅਤੇ ਸਿੱਖਿਆ ਜਿਹੇ ਜ਼ਰੂਰੀ
ਢਾਂਚਿਆਂ ਦਾ ਨਿੱਜੀਕਰਨ ਨਹੀਂ ਕੀਤਾ ਜਾ ਸਕਦਾ।
• ਰਿਹਾਇਸ਼, ਸਿੱਖਿਆ ਅਤੇ ਸਿਹਤ ਸੰਭਾਲ ਹਰ ਇੱਕ ਦਾ ਹੱਕ ਹੋਵੇ।
• ਧਨਾਢਾਂ ਦੇ ਬੱਚਿਆਂ ਨੂੰ ਆਪਣੇ ਮਾਪਿਆਂ ਦੀ ਦੌਲਤ ਵਿਰਾਸਤ 'ਚ ਨਹੀਂ ਮਿਲ ਸਕਦੀ।


ਮੌਜੂਦਾ ਸੰਘਰਸ਼ ਨੇ ਸਾਡੀ ਸੋਚ ਨੂੰ ਮੁੜ-ਸੁਰਜੀਤ ਕਰ ਦਿੱਤਾ ਹੈ। ਪਤਾ ਨਹੀਂ ਕਿਹੜੇ ਵੇਲੇ ਪੂੰਜੀਵਾਦ ਨੇ ਨਿਆਂ ਦਾ ਮਤਲਬ ਸਿਰਫ਼ ''ਮਨੁੱਖੀ ਅਧਿਕਾਰਾਂ'' ਤੱਕ ਹੀ ਸੁੰਗੇੜ ਦਿੱਤਾ ਸੀ ਅਤੇ ਬਰਾਬਰੀ ਦਾ ਸੁਪਨਾ ਲੈਣ ਦਾ ਵਿਚਾਰ ਵੀ ਕਾਫ਼ਰਾਨਾ ਹੋ ਗਿਆ ਸੀ। ਅਸੀਂ ਏਸ ਪ੍ਰਬੰਧ ਨੂੰ ਸੋਧਣ ਜਾਂ ਇਹਦੀ ਗੰਢ-ਤੁੱਪ ਕਰਨ ਲਈ ਨਹੀਂ ਲੜ ਰਹੇ, ਇਹਨੂੰ ਬਦਲਣ ਦੀ ਜ਼ਰੂਰਤ ਹੈ।
''ਨੂੜਨ'' ਵਾਲੀ ਅਤੇ ''ਥੰਮ੍ਹਣ'' ਵਾਲੀ ਵਜੋਂ ਮੈਂ ਤੁਹਡੇ ਸੰਘਰਸ਼ ਨੂੰ ਸਲਾਮ ਕਰਦੀ ਹਾਂ।

ਸਲਾਮ ਅਤੇ ਜ਼ਿੰਦਾਬਾਦ।

Wednesday, May 11, 2011

ਅਮਰੀਕਾ ਨਾਜ਼ੀਆਂ ਨਾਲੋਂ ਵੱਡਾ ਦੋਸ਼ੀ ਹੈ--ਨੌਅਮ ਚੌਮਸਕੀ

ਆਉ ਆਪਾਂ ਆਪਣੇ ਆਪ ਨੂੰ ਪੁੱਛੀਏ ਕਿ ਸਾਡਾ ਕੀ ਪ੍ਰਤੀਕਰਮ ਹੋਵੇਗਾ,ਜੇਕਰ ਇਰਾਕੀ ਕਮਾਂਡੋ ਜਾਰਜ ਡਬਲਿਊ ਬੁਸ਼ ਦੇ ਅਹਾਤੇ ਵਿੱਚ ਉਤਰਨ,ਉਸਦਾ ਕਤਲ ਕਰ ਦੇਣ ਅਤੇ ਉਹਦੀ ਲਾਸ਼ ਅੰਧ ਮਹਾਂਸਾਗਰ ਵਿੱਚ ਸੁੱਟ ਦੇਣ।--ਨੌਅਮ ਚੌਮਸਕੀ

ਬਹੁਤ ਹੀ ਸਪੱਸ਼ਟ ਹੈ ਕਿ ਇਹ ਆਪਰੇਸ਼ਨ ਇੱਕ ਯੋਜਨਾਬਧ ਕਤਲ ਹੈ,ਕੌਮਾਂਤਰੀ ਕਨੂੰਨ ਦੀ ਅਨੇਕ ਪੱਖਾਂ ਤੋਂ ਉਲੰਘਣਾ ਹੈ।ਲੱਗਦਾ ਹੈ ਨਿਹੱਥੇ ਮਕਤੂਲ ਨੂੰ ਗਿਰਫਤਾਰ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ,ਜੋ ਕੀਤੀ ਜਾਣੀ ਚਾਹੀਦੀ ਸੀ।ਆਖਰ ਅੱਸੀ ਕਮਾਂਡੋ ਸਨ ਤੇ ਅੱਗੋਂ ਕੋਈ ਵਿਰੋਧ ਨਹੀਂ ਸੀ,ਉਹ ਖੁਦ ਦਾਅਵਾ ਕਰਦੇ ਹਨ ਕਿ ਉਹਦੀ ਪਤਨੀ ਨੂੰ ਛੱਡਕੇ ਜੋ ਉਨ੍ਹਾਂ ਵੱਲ ਕੁੱਦ ਪਈ ਸੀ ਕੋਈ ਵਿਰੋਧ ਨਹੀਂ ਹੋਇਆ।ਕਨੂੰਨ ਲਈ ਕੁੱਝ ਸਨਮਾਨ ਦੇ ਦਾਅਵੇਦਾਰ ਸਮਾਜਾਂ ਵਿੱਚ ਸ਼ੱਕੀਆਂ ਨੂੰ ਗਿਰਫਤਾਰ ਕਰ ਕੇ ਨਿਰਪੱਖ ਸੁਣਵਾਈ ਦਾ ਮੌਕਾ ਦਿੱਤਾ ਜਾਂਦਾ ਹੈ . ਮੇਰੀ ‘ਸ਼ੱਕੀਆਂ’ ਸ਼ਬਦ ਤੇ ਤਾਕੀਦ ਹੈ।ਅਪ੍ਰੈਲ 2002 ਵਿੱਚ ਐਫ਼ ਬੀ ਆਈ ਮੁਖੀ,ਰਾਬਰਟ ਮਿਊਲਰ ਨੇ ਪ੍ਰੈੱਸ ਨੂੰ ਦੱਸਿਆ ਸੀ ਕਿ ਇਤਹਾਸ ਵਿੱਚ ਸਭ ਤੋਂ ਜਿਆਦਾ ਸੰਘਣੀ ਜਾਂਚ ਦੇ ਬਾਅਦ ਐਫ਼ ਬੀ ਆਈ ਇਸ ਤੋਂ ਵਧ ਕੁਝ ਨਹੀਂ ਕਹਿ ਸਕਦੀ ਕਿ ਇਹਦਾ ‘ਵਿਸ਼ਵਾਸ’ ​​ਸੀ ਕਿ ਅਫਗਾਨਿਸਤਾਨ ਵਿੱਚ ਸਾਜਿਸ਼ ਰਚੀ ਗਈ ਹਾਲਾਂਕਿ ਲਾਗੂ ਸੰਯੁਕਤ ਅਰਬ ਅਮੀਰਾਤ ਅਤੇ ਜਰਮਨੀ ਵਿੱਚ ਕੀਤੀ ਗਈ ।ਜੋ ਅਪ੍ਰੈਲ 2002 ਵਿੱਚ ਕੇਵਲ ‘ਵਿਸ਼ਵਾਸ’ ਸੀ,ਸਪੱਸ਼ਟ ਤੌਰ ਤੇ ਉਹ ਉਸ ਤੋਂ ਵੀ 8 ਮਹੀਨੇ ਪਹਿਲਾਂ ਉਨ੍ਹਾਂ ਨੂੰ ਪਤਾ ਨਹੀਂ ਸੀ,ਜਦੋਂ ਵਸ਼ਿੰਗਟਨ ਨੇ ਤਾਲਿਬਾਨ ਨੇ ਬਿਨ ਲਾਦੇਨ ਨੂੰ ਵਸ਼ਿੰਗਟਨ ਦੇ ਹਵਾਲੇ ਕਰਨ ਦੀ ਪੇਸ਼ਕਸ( ਕਿੰਨੀ ਗੰਭੀਰ ਸੀ ਅਸੀਂ ਨਹੀਂ ਜਾਣਦੇ,ਕਿਉਂਕਿ ਇਹ ਤੁਰੰਤ ਠੁਕਰਾ ਦਿੱਤੀ ਗਈ ਸੀ )ਕੀਤੀ ਸੀ,ਅਗਰ ਉਨ੍ਹਾਂ ਨੂੰ ਸਬੂਤ ਪੇਸ਼ ਕੀਤੇ ਜਾਣ,ਜੋ ( ਜਿਵੇਂ ਛੇਤੀ ਹੀ ਸਾਨੂੰ ਪਤਾ ਚੱਲ ਗਿਆ ਸੀ) ਵਸ਼ਿੰਗਟਨ ਕੋਲ ਨਹੀਂ ਸਨ।ਇਸ ਪ੍ਰਕਾਰ ਓਬਾਮਾ ਕੇਵਲ ਝੂਠ ਬੋਲ ਰਿਹਾ ਸੀ ਜਦੋਂ ਉਹਨੇ ਆਪਣੇ ਵ੍ਹਾਈਟ ਹਾਉਸ ਬਿਆਨ ਵਿੱਚ ਕਿਹਾ,“ ਅਸੀਂ ਤੁਰਤ ਜਾਣ ਲਿਆ ਸੀ ਕਿ 9/11 ਹਮਲੇ ਅਲ ਕਾਇਦਾ ਦੁਆਰਾ ਕੀਤੇ ਗਏ ਸਨ।”

ਉਸ ਦੇ ਬਾਅਦ ਤੋਂ ਕੁੱਝ ਵੀ ਗੰਭੀਰ ਪੇਸ਼ ਨਹੀਂ ਕੀਤਾ ਗਿਆ।ਬਿਨ ਲਾਦੇਨ ਦੇ ਇਕ਼ਬਾਲੀਆ ਬਿਆਨ ਦੀ ਖੂਬ ਚਰਚਾ ਹੋਈ ਹੈ ਪਰ ਇਹ ਮੇਰੇ ਇਹ ਕਹਿਣ ਵਾਂਗ ਹੈ ਕਿ ਮੈਂ ਬੋਸਟਨ ਮੈਰਾਥਨ ਜਿੱਤੀ ਹੈ।ਉਸਨੇ ਫੜ ਮਾਰ ਦਿੱਤੀ ਉਸ ਕਾਰਨਾਮੇ ਦੀ ਜਿਸ ਨੂੰ ਉਹ ਇੱਕ ਵੱਡੀ ਪ੍ਰਾਪਤੀ ਮੰਨਦਾ ਸੀ।

ਵਸ਼ਿੰਗਟਨ ਦੇ ਕ੍ਰੋਧ ਦੀ ਖੂਬ ਮੀਡਿਆ ਚਰਚਾ ਹੈ ਕਿ ਪਾਕਿਸਤਾਨ ਨੇ ਬਿਨ ਲਾਦੇਨ ਨੂੰ ਨਹੀਂ ਫੜਾਇਆ, ਹਾਲਾਂਕਿ ਫੌਜ ਅਤੇ ਸੁਰੱਖਿਆ ਬਲਾਂ ਦੇ ਤੱਤ ਐਬਟਾਬਾਦ ਵਿੱਚ ਉਸ ਦੇ ਹੋਣ ਬਾਰੇ ਭਲੀਭਾਂਤ ਜਾਣਦੇ ਸਨ।ਪਾਕਿਸਤਾਨੀ ਕ੍ਰੋਧ ਦੇ ਬਾਰੇ ਵਿੱਚ ਬਹੁਤ ਘੱਟ ਗੱਲ ਕੀਤੀ ਜਾ ਰਹੀ ਹੈ ਕਿ ਅਮਰੀਕਾ ਨੇ ਇੱਕ ਰਾਜਨੀਤਕ ਕਤਲ ਲਈ ਉਸ ਦੇ ਖੇਤਰ ਉੱਤੇ ਹਮਲਾ ਕੀਤਾ ਹੈ।ਅਮਰੀਕਾ ਵਿਰੋਧੀ ਰੋਹ ਪਹਿਲਾਂ ਹੀ ਪਾਕਿਸਤਾਨ ਵਿੱਚ ਬਹੁਤ ਜਿਆਦਾ ਹੈ,ਅਤੇ ਇਨ੍ਹਾਂ ਘਟਨਾਵਾਂ ਨਾਲ ਇਹਦੇ ਹੋਰ ਵਧਣ ਦੀ ਸੰਭਾਵਨਾ ਹੈ।ਮੁਰਦਾ ਦੇਹ ਨੂੰ ਸਮੁੰਦਰ ਵਿੱਚ ਡੰਪ ਕਰਨ ਦਾ ਫ਼ੈਸਲਾ ਪਹਿਲਾਂ ਹੀ ਮੁਸਲਮਾਨ ਦੁਨੀਆਂ ਦੇ ਵੱਡੇ ਹਿੱਸੇ ਵਿੱਚ ਰੋਹ ਅਤੇ ਸ਼ੱਕ ਨੂੰ ਹੋਰ ਭੜਕਾ ਰਿਹਾ ਹੈ।

ਆਉ ਆਪਾਂ ਆਪਣੇ ਆਪ ਨੂੰ ਪੁੱਛੀਏ ਕਿ ਸਾਡਾ ਕੀ ਪ੍ਰਤੀਕਰਮ ਹੋਵੇਗਾ,ਜੇਕਰ ਇਰਾਕੀ ਕਮਾਂਡੋ ਜਾਰਜ ਡਬਲਿਊ ਬੁਸ਼ ਦੇ ਅਹਾਤੇ ਵਿੱਚ ਉਤਰਨ,ਉਸਦਾ ਕਤਲ ਕਰ ਦੇਣ ਅਤੇ ਉਹਦੀ ਲਾਸ਼ ਅੰਧ ਮਹਾਂਸਾਗਰ ਵਿੱਚ ਸੁੱਟ ਦੇਣ।

ਬੇਸ਼ਕ ਉਹਦੇ ਗੁਨਾਹਾਂ ਦੀ ਗਿਣਤੀ ਬਿਨ ਲਾਦੇਨ ਤੋਂ ਕਿਤੇ ਜਿਆਦਾ ਹੈ ਅਤੇ ਉਹ ‘ਸ਼ੱਕੀ’ ਨਹੀਂ ਸਗੋਂ ਨਿਰਵਿਵਾਦ ‘ਫੈਸਲਾਕੁੰਨ ’ ਹੈ ਜਿਸਨੇ “ਸਰਵਉਚ ਅੰਤਰਰਾਸ਼ਟਰੀ ਗੁਨਾਹਾਂ ” ਲਈ ਆਦੇਸ਼ ਦਿਤੇ “ ਜੋ ਹੋਰਨਾਂ ਜੰਗੀ ਜੁਰਮਾਂ ਤੋਂ ਸਿਰਫ਼ ਇਸ ਗੱਲੋਂ ਹੀ ਵੱਖ ਹਨ ਕਿ ਇਨ੍ਹਾਂ ਦੇ ਅੰਦਰ ਸਮੂਹ ਦੀ ਸੰਚਿਤ ਬੁਰਾਈ ਹੈ ” ਨੂਰੇਨਬਰਗ ਟਰਿਬਿਊਨਲ ਦਾ ਹਵਾਲਾ )ਜਿਸਦੇ ਲਈ ਨਾਜੀ ਮੁਲਜਮਾਂ ਨੂੰ ਫ਼ਾਂਸੀ ਦਿੱਤੀ ਗਈ ਸੀ : ਲੱਖਾਂ ਮੌਤਾਂ ,ਲੱਖੂਖਾ ਸ਼ਰਣਾਰਥੀ,ਦੇਸ਼ ਦੇ ਵੱਡੇ ਹਿੱਸੇ ਦੀ ਤਬਾਹੀ,ਤਲਖ ਫਿਰਕੂ ਸੰਘਰਸ਼ ਜੋ ਹੁਣ ਬਾਕੀ ਖੇਤਰਾਂ ਵਿੱਚ ਫੈਲ ਗਿਆ ਹੈ।

ਹੋਰ ਬਹੁਤ ਕੁਝ ਕਿਹਾ ਜਾ ਸਕਦਾ ਹੈ -[ ਕਿਊਬਾ ਏਅਰਲਾਈਨ ਹਮਲਾਵਰ ਆਰਲੈਂਡੋ ] ਬਾਸ਼ ਦੇ ਬਾਰੇ ਜੋ ਫਲੋਰੀਡਾ ਵਿੱਚ ਸ਼ਾਂਤੀ ਨਾਲ ਮਰ ਗਿਆ ਅਤੇ ਬੁਸ਼ ਸਿੱਧਾਂਤ ਦੇ ਹਵਾਲੇ ਨਾਲ ਕਿ ਜੋ ਸਮਾਜ ਅੱਤਵਾਦੀਆਂ ਨੂੰ ਪਨਾਹ ਦਿੰਦੇ ਹਨ ਉਹ ਖੁਦ ਅੱਤਵਾਦੀਆਂ ਜਿੰਨੇ ਹੀ ਦੋਸ਼ੀ ਹੁੰਦੇ ਹਨ ਅਤੇ ਇਸੇ ਮੂਜਬ ਸਲੂਕ ਉਨ੍ਹਾਂ ਨਾਲ ਕੀਤਾ ਜਾਣਾ ਚਾਹੀਦਾ ਹੈ।ਲਗਦਾ ਹੈ ਕੀ ਕਿਸੇ ਨੇ ਵੀ ਧਿਆਨ ਨਹੀਂ ਸੀ ਦਿੱਤਾ ਕਿ ਬੁਸ਼ ਅਤੇ ਅਮਰੀਕਾ ਤੇ ਹਮਲੇ ਅਤੇ ਇਸਦੇ ਵਿਨਾਸ਼ ਲਈ ਅਤੇ ਉਸਦੇ ਆਪਰਾਧੀ ਪ੍ਰਧਾਨ ਦੇ ਕਤਲ ਲਈ ਸੱਦਾ ਦੇ ਰਿਹਾ ਸੀ।

ਆਪਰੇਸ਼ਨ ਜੇਰੋਨੀਮੋ ਦੇ ਨਾਂ ਬਾਰੇ ਵੀ ਇਹੀ ਗੱਲ ਹੈ।ਸਮੁਚੇ ਪੱਛਮੀ ਸਮਾਜ ਵਿੱਚ ਸ਼ਾਹੀ ਮਾਨਸਿਕਤਾ ਇੰਨੀ ਗਹਿਰੀ ਉੱਤਰ ਗਈ ਹੈ ਕਿ ਕੋਈ ਵੀ ਸਮਝ ਨਹੀਂ ਸਕਦਾ ਕਿ ਉਹ ਉਸਨੂੰ ਨਸਲਘਾਤੀ ਹਮਲਾਵਰਾਂ ਦੇ ਖਿਲਾਫ ਸਾਹਸੀ ਪ੍ਰਤੀਰੋਧ ਦੇ ਨਾਲ ਬਿਨ ਲਾਦੇਨ ਨੂੰ ਮੇਲ ਕੇ ਉਸਦੀ ਵਡਿਆਈ ਕਰ ਰਹੇ ਹਨ।ਇਹ ਸਾਡੇ ਗੁਨਾਹਾਂ ਦੇ ਸ਼ਿਕਾਰ ਹੋਣ ਵਾਲਿਆਂ ਦੇ ਨਾਮ ਤੇ ਸਾਡੇ ਹੱਤਿਆ ਹਥਿਆਰਾਂ ਦੇ ਨਾਮਕਰਣ ਦੀ ਤਰ੍ਹਾਂ ਹੈ : ਅਪਾਚ , ਟਾਮਹਾਕ . . . ਇਉਂ ਲੱਗਦਾ ਹੈ ਜਿਵੇਂ ਲੂਫਟਵਾਫ ਆਪਣੇ ਲੜਾਕੂ ਜਹਾਜ਼ਾਂ ਨੂੰ ਯਹੂਦੀ ਅਤੇ ਜਿਪਸੀ ਕਹਿ ਕੇ ਬੁਲਾਏ।

ਹੋਰ ਬਹੁਤ ਕੁੱਝ ਕਹਿਣ ਵਾਲਾ ਹੈ,ਪਰ ਇਨ੍ਹਾਂ ਸਭ ਤੋਂ ਸਪੱਸ਼ਟ ਅਤੇ ਮੁਢਲੇ ਤਥ ਵੀ ਸਾਨੂੰ ਸੋਚਣ ਲਈ ਕਾਫੀ ਸਮਗਰੀ ਦਿੰਦੇ ਹਨ।

ਮੁੱਖ ਧਾਰਾ ਤੋਂ ਚੋਰੀ:))))))))

Thursday, May 5, 2011

ਓਸਾਮਾ ਦੀ ਦੂਜੀ ਮੌਤ ਦੇ ਕੌਮਾਂਤਰੀ ਡਰਾਮੇ ਦਾ ਮਤਲਬ

ਓਸਾਮਾ ਬਿਨ ਲਾਦੇਨ ਦੀ ਮੌਤ((ਅਮਰੀਕਾ ਮੁਤਾਬਕ) ਤੋਂ ਬਾਅਦ ਕੌਮਾਂਤਰੀ ਤੇ ਅਮਰੀਕੀ ਸਿਆਸਤ 'ਤੇ ਕਈ ਚਰਚਾਵਾਂ ਛਿੜੀਆਂ ਹਨ।ਵੱਡੇ ਵੱਡੇ ਪੱਤਰਕਾਰਾਂ ਤੋਂ ਲੈ ਕੇ ਸਿਆਸਤਦਾਨਾਂ ਨੇ ਮੌਤ 'ਤੇ ਟਿੱਪਣੀਆਂ ਵੀ ਕੀਤੀਆਂ,ਪਰ ਸਭ ਕਾਸੇ ਦੇ ਬਾਵਜੂਦ ਅਮਰੀਕੀ ਪ੍ਰਚਾਰ ਦੁਨੀਆ 'ਤੇ ਭਾਰੂ ਹੈ। ਬੁਨਿਆਦੀ ਮਸਲੇ 'ਤੇ ਬਹੁਤ ਘੱਟ ਗੱਲ ਹੋ ਰਹੀ ਹੈਆਰਥਿਕ ਮੰਦਵਾੜੇ 'ਚ ਫਸੇ ਅਮਰੀਕਾ ਲਈ ਲਾਦੇਨ ਦੀ ਮੌਤ ਜ਼ਰੂਰੀ ਸੀ।ਦੁਨੀਆ ਦੇ ਸਭ ਤੋਂ ਵੱਡੇ ਮਨੁੱਖੀ ਹੱਕਾਂ ਦੇ ਰਾਖੇ ਕਹਾਉਣ ਵਾਲੇ ਅਮਰੀਕਾ ਨੇ ਦੂਜੀ ਆਲਮੀ ਜੰਗ ਤੋਂ ਲੈ ਕੇ ਜੌੜੇ ਟਾਵਰਾਂ 'ਤੇ ਕਹੇ ਜਾਂਦੇ ਅੱਤਵਾਦੀ ਹਮਲੇ ਨੂੰ ਅਧਾਰ ਬਣਾ ਕੇ ਕਿਸ ਤਰ੍ਹਾਂ ਦੁਨੀਆਂ ਦਾ ਘਾਣ ਤੇ ਕੌਮਾਂਤਰੀ ਚੌਧਰ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ,ਇਸ ਬਾਰੇ ਅਜਿਹੇ ਮਹੱਤਵਪੂਰਨ ਮੌਕਿਆਂ 'ਤੇ ਗੱਲ ਕਰਨ ਦੀ ਜ਼ਰੂਰਤ ਹੈ।ਤੱਥਾਂ ਮੁਤਾਬਕ ਇਰਾਕ 'ਚ ਅਮਰੀਕੀ ਧੱਕੇਸ਼ਾਹੀ ਨਾਲ 14 ਲੱਖ 55 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ ਹਨ।ਲਿੱਟਿਆਂ ਦੇ ਨਾਂਅ 'ਤੇ ਲੱਖਾਂ ਤਮਿਲਾਂ ਦਾ ਕਤਲੇਆਮ ਕੀਤਾ ਗਿਆ(ਜ਼ਿੰਮੇਂਵਾਰ ਕੌਣ)?ਅਮਰੀਕਾ ਦੀ 'ਅੱਤਵਾਦ ਵਿਰੋਧੀ ਜੰਗ' ਤੇ 'ਇਸਲਾਮਿਕ ਫੋਬੀਆ ਮੁਹਿੰਮ' ਦਾ ਮਤਲਬ ਕੀ ਹੈ?'ਅੱਤਵਾਦ ਵਿਰੋਧੀ ਜੰਗ' ਦੀ ਭਾਰਤ ਦੇ 'ਆਪਰੇਸ਼ਨ ਗ੍ਰੀਨ ਹੰਟ' ਤੇ 'ਇਸਲਾਮਿਕ ਫੋਬੀਆ' ਮੁਹਿੰਮ ਦੀ ਘੱਟਗਿਣਤੀਆਂ ਦੇ ਕਤਲੇਆਮ ਤੇ ਹਿੰਦੂਤਵੀ ਫਾਸ਼ੀਵਾਦੀ ਫੋਰਸਾਂ ਨਾਲ ਕੀ ਸਬੰਧ ਹੈ,ਇਸ ਨੂੰ ਘੋਖਣ ਦੀ ਲੋੜ ਹੈ।ਇਸ 'ਤੇ ਗੱਲ ਇਸ ਲਈ ਕਰ ਰਹੇ ਹਾਂ,ਕਿਉਂਕਿ ਅੱਤਵਾਦ ਤੇ ਸਰਕਾਰੀ ਅੱਤਵਾਦ ਵਰਗੇ ਮਸਲਿਆਂ 'ਤੇ ਸਮਾਜ ਦੇ ਸਮਝਦਾਰ ਕਹਾਉਂਦੇ ਤਬਕੇ ਦੇ ਵਿਚਾਰ ਸਰਕਾਰੀ ਅਮਲੇ ਦੇ ਪੱਖ 'ਚ ਭੁਗਤਣੇ ਸ਼ੁਰੂ ਹੋ ਜਾਂਦੇ ਹਨ।ਅੱਤਵਾਦ ਦੇ ਪੈਦਾ ਹੋਣ ਦੇ ਤਾਂ ਕੋਈ ਨਾ ਕੋਈ ਕਾਰਨ(ਬੇਇੰਸਾਫੀ,ਨਾਬਰਾਬਰੀ,ਕੈਟ ਜਾਂ ਡੁਪਲੀਕੇਟ ਅੱਤਵਾਦ,ਮੌਸਾਦ,ਸੀ ਆਈ ਏ,ਰਾਅ ਆਦਿ ਅੱਤਵਾਦ)ਹੋਣਗੇ,ਪਰ ਸਰਕਾਰੀ ਅੱਤਵਾਦ ਹਮੇਸ਼ਾਂ ਬੇਦਲੀਲ ਜਾਰੀ ਕਿਉਂ ਰਹਿੰਦਾ ਹੈ,ਇਸ ਵੱਲ ਧਿਆਨ ਦੇਣ ਦੀ ਲੋੜ ਹੈ।ਇਸ ਦੌਰ 'ਚ ਸਮਾਜਿਕ-ਆਰਥਿਕ ਤੇ ਕੌਮੀ ਲੜਾਈਆਂਨੂੰ ਲਗਾਤਾਰ ਅੱਤਵਾਦੀ ਐਲਾਨਿਆ ਜਾ ਰਿਹਾ ਹੈ।ਸਿਆਸੀ ਹਿੰਸਾ ਨੂੰ ਅਰਾਜਕ ਹਿੰਸਾ ਦੀ ਪ੍ਰਭਾਸ਼ਾ ਦਿੱਤੀ ਜਾ ਰਹੀ ਹੈ।ਅਜਿਹੇ 'ਚ ਸਰਕਾਰੀ ਅੱਤਵਾਦ ਤੇ ਅੱਤਵਾਦ ਬਾਰੇ ਸਮਝ ਬਣਾਉਣਾ ਅਹਿਮ ਮਸਲਾ ਹੈ।ਯਾਦ ਰਹੇ ਕਿ ਹੁਣ ਤੱਕ ਦੁਨੀਆ ਨੂੰ ਅੱਤਵਾਦੀ ਐਲਾਨਣ ਦਾ ਠੇਕਾ ਸਿਰਫ ਅਮਰੀਕਾ ਕੋਲ ਹੈ।ਯੂ.ਐੱਨ 'ਚ ਅੱਤਵਾਦ ਦੀ ਪ੍ਰਭਾਸ਼ਾ 'ਤੇ ਕੋਈ ਸਾਂਝੀ ਸਹਿਮਤੀ ਨਹੀਂ ਬਣੀ ਹੈ।ਖੈਰ ਅੱਤਵਾਦ 'ਤੇ ਲੰਮੀ ਚਰਚਾ ਕਦੇ ਫੇਰ,ਫਿਲਹਾਲ ਅਮਰੀਕੀ ਅਰਥਸਾਸ਼ਤਰੀ,ਵਾਲ ਸਟਰੀਟ ਜਰਨਲ ਤੇ ਬਿਜ਼ਨਸ ਵੀਕ ਦੇ ਸਾਬਕਾ ਸੰਪਾਦਕ,ਅਮਰੀਕਾ ਦੀ ਟ੍ਰੇਜ਼ਰੀ ਫਾਰ ਇਕਨਾਮਿਕ ਪਾਲਿਸੀ ਦੇ ਸਹਾਇਕ ਸਕੱਤਰ ਪਾਲ ਕ੍ਰੈਗ ਰਾਬਰਟਸ ਦਾ ਓਸਾਮਾ ਬਿਨ ਲਾਦੇਨ ਦੇ ਵਰਤਾਰੇ 'ਤੇ ਅਮਰੀਕੀ ਅਰਥਚਾਰੇ ਨੂੰ ਘੋਖਦਾ ਲੇਖ ਪੜ੍ਹੋ।--ਯਾਦਵਿੰਦਰ ਕਰਫਿਊ

ਜੇ ਅੱਜ 2 ਮਈ ਦੀ ਥਾਂ 1 ਅਪ੍ਰੈਲ ਹੁੰਦਾ ਤਾਂ ਅਸੀਂ ਓਸਾਮਾ ਬਿਨ ਲਾਦੇਨ ਦੇ ਪਾਕਿਸਤਾਨ 'ਚ ਮਾਰੇ ਜਾਣ ਤੇ ਛੇਤੀ ਸਮੁੰਦਰ 'ਚ ਸੁੱਟੇ ਜਾਣ ਨੂੰ ਅਪ੍ਰੈਲ ਫੂਲ਼ ਦੇ ਦਿਨ ਦੇ ਮਜ਼ਾਕ ਦੇ ਰੂਪ 'ਚ ਰੱਦ ਕਰ ਸਕਦੇ ਸੀ।ਪਰ ਇਸ ਘਟਨਾ ਦੇ ਅਰਥਾਂ ਨੂੰ ਸਮਝਦੇ ਹੋਏ ਸਾਨੂੰ ਇਸ ਗੱਲ ਨੂੰ ਸਬੂਤ ਦੇ ਰੂਪ 'ਚ ਲੈ ਲੈਣਾ ਚਾਹੀਦਾ ਹੈ ਕਿ ਅਮਰੀਕੀ ਸਰਕਾਰ ਨੂੰ ਅਮਰੀਕੀਆਂ ਦੀ ਲਾਪਰਵਾਹੀ 'ਤੇ ਬੇਹੱਦ ਭਰੋਸਾ ਹੈ।

ਜ਼ਰਾ ਸੋਚੋ।ਇਕ ਆਦਮੀ ਜੋ ਕਥਿਤ ਰੂਪ 'ਚ ਗੁਰਦਿਆਂ ਦੀ ਬਿਮਾਰੀ ਤੋਂ ਪੀੜ੍ਹਤ ਹੈ ਤੇ ਜਿਸ ਨੂੰ ਨਾਲ ਸ਼ੂਗਰ ਤੇ ਬਲੱਡ ਪ੍ਰੈਸ਼ਰ ਵੀ ਹੋਵੇ ਤੇ ਉਸਨੂੰ ਡਾਇਲਸੈਸ ਦੀ ਜ਼ਰੂਰਤ ਹੋਵੇ,ਉਸਦੀ ਇਕ ਦਹਾਕੇ ਤੋਂ ਖੁਫੀਆ ਪਹਾੜੀ ਇਲਾਕਿਆਂ 'ਚ ਲੁਕੇ ਰਹਿਣ ਦੀ ਕਿੰਨੀ ਗੰਜ਼ਾਇਸ਼ ਹੈ ?ਜੇ ਬਿਨ ਲਾਦੇਨ ਆਪਣੇ ਲਈ ਜ਼ਰੂਰੀ ਡਾਇਲਸੈਸ ਦੇ ਸਾਜ਼ੋ ਸਮਾਨ ਤੇ ਡਾਕਟਰੀ ਦੇਖ ਰੇਖ ਜੁਟਾ ਲੈਣ 'ਚ ਕਾਮਯਾਬ ਵੀ ਹੋ ਗਿਆ ਸੀ ਤਾਂ ਕਿ ਇਨ੍ਹਾਂ ਡਾਕਟਰੀ ਸਾਜ਼ੋ ਸਮਾਨਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਇਸ ਗੱਲ ਦਾ ਭਾਂਡਾ ਭੰਨ੍ਹ ਦਿੰਦੀ ਹੈ,ਕਿ ਉਹ ਓਥੇ ਲੁਕਿਆ ਹੋਇਆ ਸੀ?ਫਿਰ ਉਸਨੂੰ ਲੱਭਣ ਵਾਸਤੇ ਦਸ ਸਾਲ ਕਿਵੇਂ ਲੱਗ ਗਏ ?

ਬਿਨ ਲਾਦੇਨ ਦੀ ਮੌਤ ਦਾ ਜਸ਼ਨ ਮਨਾ ਰਹੇ ਅਮਰੀਕੀ ਮੀਡੀਆ ਤੇ ਦੂਜੇ ਦਾਅਵਿਆਂ ਦੇ ਬਾਰੇ ਵੀ ਸੋਚਣਾ ਚਾਹੀਦਾ ਹੈ।ਉਨ੍ਹਾਂ(ਅਮਰੀਕਾ)ਦਾ ਦਾਅਵਾ ਹੈ ਕਿ ਬਿਨ ਲਾਦੇਨ ਨੇ ਆਪਣੇ ਦਸਾਂ ਲੱਖਾਂ ਰੁਪਏ ਖਰਚ ਕਰਕੇ ਸੂਡਾਨ,ਫਿਲੀਪੀਨਜ਼,ਅਫਗਾਨਿਸਤਾਨ 'ਚ ਆਪਣੇ ਅੱਤਵਾਦੀ ਟਰੇਨਿੰਗ ਦੇ ਅੱਡੇ ਖੜ੍ਹੇ ਕੀਤੇ।'ਪਵਿੱਤਰ ਲੜਾਕੂਆਂ' ਨੂੰ aੁੱਤਰੀ ਅਫਰੀਕਾ,ਚੇਚਨੀਆ,ਤਜਾਕਿਸਤਾਨ ਤੇ ਬੋਸਨੀਆ 'ਚ ਕੱਟੜਪੰਥੀ ਮੁਸਲਮਾਨ ਕਰਮੀਆਂ ਦੇ ਖਿਲਾਫ ਲੜਨ ਤੇ ਕ੍ਰਾਂਤੀ ਭੜਕਾਉਣ ਲਈ ਭੇਜਿਆ।ਐਨੇ ਸਾਰੇ ਕਾਰਨਾਮਿਆਂ ਦੇ ਲਈ ਇਹ ਰਕਮ ਤਾਂ aੁੱਠ ਦੇ ਮੂੰਹ 'ਚ ਜ਼ੀਰਾ ਦੇਣ ਦੇ ਬਰਾਬਰ ਹੈ।ਪਰ ਅਸਲੀ ਸਵਾਲ ਇਹ ਹੈ ਕਿ ਬਿਨ ਲਾਦੇਨ ਆਪਣੀ ਰਕਮ ਭੇਜਨ 'ਚ ਸਮਰੱਥ ਕਿਵੇਂ ਹੋਇਆ ?ਕਿਹੜੀ ਬੈਂਕਿੰਗ ਪ੍ਰਣਾਲੀ ਉਸਦੀ ਮਦਦ ਕਰ ਰਹੀ ਸੀ ?ਅਮਰੀਕੀ ਸਰਕਾਰ ਤਾਂ ਵਿਅਕਤੀਆਂ ਤੇ ਪੂਰੇ ਦੇ ਪੂਰੇ ਦੇਸ਼ਾਂ ਦੀਆਂ ਜਾਇਦਾਦਾਂ ਕੁਰਕ ਕਰਦੀ ਰਹੀ ਹੈ।ਲੀਬੀਆ ਹੁਣੇ ਹੁਣੇ ਦੀ ਉਦਾਹਰਨ ਹੈ।ਫਿਰ ਬਿਨ ਲਾਦੇਨ ਦੀ ਜਾਇਦਾਦ ਕੁਰਕ ਕਿਉਂ ਨਹੀਂ ਕੀਤੀ ਗਈ ?ਕੀ ਲਾਦੇਨ ੧੦੦ ਮਿਲੀਅਨ ਡਾਲਰ ਦੀ ਜਾਇਦਾਦ ਸੋਨੇ ਦੇ ਸਿੱਕਿਆਂ ਦੇ ਰੂਪ 'ਚ ਲੈ ਕੇ ਚਲਦਾ ਸੀ ਤੇ ਆਪਣੀ ਮੁਹਿੰਮਾਂ ਨੂੰ ਪੂਰਾ ਕਰਨ ਲਈ ਦੂਤਾਂ ਦੇ ਜ਼ਰੀਏ ਰਕਮ ਭੇਜਦਾ ਸੀ ?

ਮੈਨੂੰ ਇਹ ਸੁਰਖੀਆਂ 'ਚੋਂ ਨਵੀਂ ਨਾਟਕੀ ਭਿਣਕ ਆ ਰਹੀ ਹੈ।ਇਹ ਭਿਣਕ ਜਿੱਤ ਦੇ ਜਸ਼ਨ 'ਚ ਡੁੱਬੀਆਂ ਅਤਿਕੱਥਨੀਆਂ 'ਚ ਭਰੀਆਂ ਖ਼ਬਰਾਂ 'ਚੋਂ ਚੋਅ ਰਹੀ ਹੈ।ਜਿਸ 'ਚ ਜਸ਼ਨ 'ਚ ਡੁੱਬੇ ਲੋਕ ਝੰਡੇ ਲਹਿਰਾ ਰਹੇ ਹਨ ਤੇ ਅਮਰੀਕਾ -ਅਮਰੀਕਾ ਦਾ ਮੰਤਰ ਜਪ ਰਹੇ ਹਨ।ਕੀ ਅਜਿਹੀ ਕੋਈ ਘਟਨਾ ਸੱਚਮੁੱਚ ਹੋਈ ਹੈ ?

ਇਸ 'ਚ ਕੋਈ ਸ਼ੱਕ ਨਹੀਂ ਹੈ,ਕਿ ਓਬਾਮਾ ਨੂੰ ਜਿੱਤ ਦੀ ਬੇਹੱਦ ਜ਼ਰੂਰਤ ਨਹੀਂ ਸੀ।ਉਸਨੇ ਅਫਗਾਨਿਸਤਾਨ ਦੇ ਯੁੱਧ ਨੂੰ ਮੁੜ ਤੋਂ ਸ਼ੁਰੂ ਕਰਕੇ ਮੂਰਖਤਾ ਭਰੀ ਗਲਤੀ ਕੀਤੀ ਤੇ ਹੁਣ ਇਕ ਦਹਾਕਾ ਲੰਮੀ ਲੜਾਈ ਤੋਂ ਬਾਅਦ ਓਬਾਮਾ ਜੇ ਹਾਰ ਨਹੀਂ ਰਿਹਾ ਤਾਂ ਆਪਣੇ ਆਪ 'ਚ ਠਹਿਰਾ 'ਚ ਫਸਿਆ ਜ਼ਰੂਰ ਮਹਿਸੂਸ ਕਰ ਰਿਹਾ ਹੈ।ਬੁਸ਼ ਤੇ ਓਬਾਮਾ ਦੇ ਜੰਗੀ ਕਾਰਜਕਾਲ ਨੇ ਅਮਰੀਕਾ ਦਾ ਦੀਵਾਲਾ ਕੱਢ ਦਿੱਤਾ ਹੈ।ਉਸੇ ਭਾਰੀ ਘਾਟੇ ਤੇ ਡਾਲਰ ਦੀ ਪਤਲੀ ਹੁੰਦੀ ਹਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਫਿਰ ਚੋਣਾਂ ਵੀ ਬਹੁਤ ਨੇੜੇ ਆ ਰਹੀਆਂ ਹਨ।

ਪਿਛਲੀਆਂ ਅਨੇਕਾਂ ਸਰਕਾਰਾਂ ਦੁਆਰਾ 'ਵੱਡੇ ਕਤਲੇਆਮਾਂ ਦੇ ਹਥਿਆਰਾਂ' ਜਿਹੇ ਤਰ੍ਹਾਂ ਤਰ੍ਹਾਂ ਦੇ ਝੂਠਾਂ ਤੇ ਹੱਥਕੰਡਿਆਂ ਦਾ ਨਤੀਜਾ ਅਮਰੀਕਾ ਤੇ ਦੁਨੀਆਂ ਲਈ ਬਹੁਤ ਭਿਆਨਕ ਰਿਹਾ ਹੈ,ਪਰ ਸਾਰੇ ਹੱਥਕੰਥੇ ਇਕ ਤਰ੍ਹਾਂ ਦੇ ਨਹੀਂ ਸੀ।ਯਾਦ ਰਹੇ,ਅਫਗਾਨਿਸਤਾਨ 'ਤੇ ਹਮਲੇ ਦੀ ਇਕੋ ਕਾਰਨ ਦੱਸਿਆ ਗਿਆ ਸੀ--ਓਸਾਮਾ ਨੂੰ ਫੜ੍ਹਨਾ।ਹੁਣ ਓਬਾਮਾ ਨੇ ਐਲਾਨ ਕੀਤਾ ਹੈ ਕਿ ਬਿਨ ਲਾਦੇਨ ਅਮਰੀਕੀ ਸੁਰੱਖਿਆ ਦਸਤਿਆਂ ਦੁਆਰਾ ਇਕ ਅਜ਼ਾਦ ਦੇਸ਼ 'ਚ ਕੀਤੀ ਗਈ ਕਾਰਵਾਈ 'ਚ ਮਾਰਿਆ ਗਿਆ ਹੈ ਤੇ ਉਸਨੂੰ ਸਮੁੰਦਰ 'ਚ ਸਪੁਰਦ-ਏ-ਖ਼ਾਕ ਕੀਤਾ ਗਿਆ ਹੈ ਤੇ ਹੁਣ ਯੁੱਧ ਜਾਰੀ ਰੱਖਣ ਦੀ ਕੋਈ ਵਜ੍ਹਾ ਨਹੀਂ ਹੈ।

ਸ਼ਾਇਦ ਦੁਨੀਆ ਦੇ ਵਿੱਤੀ ਬਜ਼ਾਰ 'ਚ ਅਮਰੀਕੀ ਡਾਲਰ ਦੀ ਭਾਰੀ ਨਿਘਾਰ ਨੇ ਕੁਝ ਅਮਲੀ ਬਜਟ ਕਟੌਤੀਆਂ ਦੇ ਲਈ ਮਜ਼ਬੂਰ ਕੀਤਾ ਹੈ।ਇਹ ਸਿਰਫ ਉਦੋਂ ਹੀ ਸੰਭਵ ਹੈ,ਜਦੋਂ ਅੰਤਹੀਨ ਯੁੱਧਾਂ ਨੂੰ ਰੋਕਿਆ ਜਾ ਸਕੇ।ਅਜਿਹੇ 'ਚ ਜਾਣਕਾਰਾਂ ਦੀ ਰਾਇ 'ਚ ਬਹੁਤ ਪਹਿਲਾਂ ਮਰ ਚੁੱਕੇ ਓਸਾਮਾ ਬਿਨ ਲਾਦੇਨ ਨੂੰ ਡਾਲਰਾਂ ਦੇ ਪੂਰੀ ਤਰ੍ਹਾਂ ਧੂੜ 'ਚ ਰੁਲ ਜਾਣ ਤੋਂ ਪਹਿਲਾਂ ਇਕ ਵਰਤੋਂ ਯੋਗ ਹਊਏ ਦੇ ਰੂਪ 'ਚ ਅਮਰੀਕੀ ਫੌਜੀ ਤੇ ਸੁਰੱਖਿਆ ਗਠਜੋੜ ਦੇ ਮੁਨਾਫੇ ਲਈ ਵਰਤਿਆ ਗਿਆ ਹੈ।

Wednesday, January 7, 2009

ਸ਼ਕਤੀਸ਼ਾਲੀ "ਓਬਾਮਾ" ਦੀ ਜ਼ੁਬਾਨ ਖ਼ਾਮੋਸ਼ ਕਿਉਂ..?



ਜੰਗਲੀ ਦੁਨੀਆਂ 'ਚ ਜਿਵੇਂ ਸ਼ੇਰ ਨੂੰ ਜੰਗਲ ਦੇ ਸਭਤੋਂ ਤਾਕਤਵਰ ਜਾਨਵਰ ਵਜੋਂ ਜਾਣਿਆ ਜਾਂਦਾ ਹੈ,ਉਸੇ ਤਰ੍ਹਾਂ 21ਵੀਂ ਸਦੀ ਦੀ ਜਮੂਹਰੀਅਤ 'ਚ ਅਮਰੀਕਾ ਦੇ ਰਾਸ਼ਟਰਪਤੀ ਨੂੰ ਦੁਨੀਆਂ ਦੇ ਸ਼ਕਤੀਸ਼ਾਲੀ ਮਨੁੱਖ ਦੇ ਤੌਰ 'ਤੇ ਜਾਣਿਆ ਜਾਂਦਾ ਹੈ।ਅਮਰੀਕਾ ਸ਼ਕਤੀਸ਼ਾਲੀ ਹੈ,ਰਾਸ਼ਟਰਪਤੀ ਵੀ ਸ਼ਕਤੀਸ਼ਾਲੀ ਹੀ ਹੋਵੇਗਾ।ਇਸੇ ਕਰਕੇ ਪੂਰੀ ਦੁਨੀਆਂ ਦਾ ਧੁਰਾ ਬਣਕੇ ਅਮਰੀਕਾ ਹੀ ਤਹਿ ਕਰਦਾ ਹੈ ਕਿ ਕੌਣ ਅੱਤਵਾਦੀ ਹੈ ਤੇ ਕੌਣ ਵੱਖਵਾਦੀ।ਅਮਰੀਕਾ ਦਾ ਹਰ ਸ਼ਕਤੀਸ਼ਾਲੀ ਰਾਸ਼ਟਰਪਤੀ ਵਿਵਾਦ ਦਾ ਵਿਸ਼ਾ ਬਣਦਾ ਰਿਹਾ ਹੈ।ਅਗਲੇ ਕਾਰਜਕਾਲ 'ਚ ਰਾਸ਼ਟਰਪਤੀ ਬਣਨ ਜਾ ਰਹੇ "ਬਰਾਕ ਓਬਾਮਾ" ਤਾਂ ਕਾਲੇ ਚਮੜੀ ਤੇ ‘ਮੁਸਲਿਮ’ ਹੋਣ ਕਰਕੇ ਪੂਰੀ ਦੁਨੀਆਂ ਦੇ ਮੀਡੀਏ ਦੀਆਂ ਸੁਰਖੀਆਂ ਰਹੇ।ਪੂਰੀ ਦੁਨੀਆਂ ਨੂੰ ਉਮੀਦ ਬੱਝੀ ਕਿ ਪਹਿਲੀ ਵਾਰੀ ਅਜਿਹੇ ਰਾਸ਼ਟਰਪਤੀ ਬਣਨ ਜਾ ਰਹੇ ਨੇ,ਜੋ ਦੱਬਿਆਂ ਕੁਚਲਿਆਂ ਦੀ ਅਵਾਜ਼ ਨੂੰ ਸੁਣਨਗੇ ਤੇ ਅਮਰੀਕਾ ਦੀ ਤਾਨਾਸ਼ਾਹ ਦਿੱਖ ਨੂੰ ਸੁਧਾਰਨਗੇ।"ਓਬਾਮਾ" ਦੀ ਤੁਲਨਾ ਅਗਾਂਗਵਧੂ ਦਲਿਤ ਲੀਡਰ ਮਾਰਟਿਨ ਲੂਥਰ ਕਿੰਗ ਨਾਲ ਕੀਤੀ ਗਈ।ਪਰ ਅਜਿਹੇ ਸਾਰੇ ਭਰਮ ਉਹਨਾਂ ਦੇ ਅਹੁਦੇ 'ਤੇ ਬੈਠਣ ਤੋਂ ਪਹਿਲਾਂ ਹੀ ਟੁੱਟਦੇ ਨਜ਼ਰ ਆ ਰਹੇ ਹਨ।ਅੱਜ ਮੱਧ ਪੂਰਬ(ਫਲਸਤੀਨ) ਤੇ ਦੱਖਣੀ ਏਸ਼ੀਆ(ਸ਼੍ਰੀ ਲੰਕਾ) ਦੀ ਧਰਤੀ ‘ਤੇ ਭਿਆਨਕ ਅੱਗ ਲੱਗੀ ਹੋਈ ਹੈ,ਪਰ ਪੂਰੀ ਦੁਨੀਆਂ ਨਾਲ ਵਿਸ਼ਵ ਸ਼ਾਂਤੀ ਦਾ ਵਾਅਦਾ ਕਰਨ ਵਾਲੇ ਸ਼ਕਤੀਸ਼ਾਲੀ ਮਨੁੱਖ ਦੇ ਮੂੰਹੋਂ ਸ਼ਾਂਤੀ ਲਈ ਕੋਈ ਸ਼ਬਦ ਨਹੀਂ ਨਿੱਕਲ ਰਿਹਾ।

ਮੱਧ ਪੂਰਬ 'ਚ ਫਲਸਤੀਨ ਦੇ ਗਾਜ਼ਾ 'ਤੇ ਇਜ਼ਰਾਇਲ ਵਲੋਂ ਲਗਾਤਾਰ ਹਵਾਈ ਤੇ ਜ਼ਮੀਨੀ ਹਮਲੇ ਕੀਤੇ ਜਾ ਰਹੇ ਹਨ ਤੇ ਦੱਖਣੀ ਏਸ਼ੀਆ 'ਚ ਸ਼੍ਰੀਲੰਕਾ ਦੀ ਫੌਜ ਵਲੋਂ ਤਮਿਲ ਬਹੁਗਿਣਤੀ ਵਾਲੇ ਸ਼੍ਰੀਲੰਕਾਈ ਇਲਾਕੇ ਦਾ ਘਾਣ ਜਾਰੀ ਹੈ।ਅਸਲ 'ਚ ਇਹ ਦੋਵੇਂ ਹੀ ਇਲਾਕਿਆਂ ਦੀ ਸਮੱਸਿਆ ਨੂੰ ਕੌਮਾਂਤਰੀ ਭਾਈਚਾਰਾ ਰਾਜਨੀਤਿਕ ਸਮੱਸਿਆ ਦੇ ਤੌਰ 'ਤੇ ਦੇਖਦਾ ਹੈ,ਪਰ ਸ਼ੁਰੂ ਤੋਂ ਹੀ ਇਜ਼ਰਾਇਲ ਨੇ ਫਲਸਤੀਨੀ ਖਾੜਕੂ ਜਥੇਬੰਦੀ ਹਮਾਸ ਤੇ ਸ਼੍ਰੀਲੰਕਾਈ ਸਰਕਾਰ ਨੇ ਲਿੱਟਿਆਂ ਦੇ ਨਾਂਅ 'ਤੇ ਹਜ਼ਾਰਾਂ ਆਮ ਲੋਕਾਂ ਨੂੰ ਆਪਣੇ ਬੰਬਾਂ ਤੇ ਟੈਕਾਂ ਦੀ ਚੱਕੀ 'ਚ ਪੀਸੀਆ ਹੈ।ਪਿਛਲੇ ਦਿਨਾਂ ਤੋਂ ਦੋਵਾਂ ਥਾਵਾਂ 'ਤੇ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ।ਘਰਾਂ ਦੇ ਘਰ ਤਾਂ ਤਬਾਅ ਹੋ ਹੀ ਰਹੇ ਨੇ,ਸਕੂਲਾਂ ਤੇ ਹਸਪਤਾਲਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਬੱਚਿਆਂ,ਬੁੱਢਿਆਂ ਤੇ ਔਰਤਾਂ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾ ਰਿਹਾ।ਗਾਜ਼ਾ ਪੱਟੀ 'ਚ ਅਨਾਜ,ਦਵਾਈਆਂ ਤੇ ਕੱਪੜੇ ਇਜ਼ਰਾਇਲ ਦੀ ਨਾਕਾਬੰਦੀ ਕਾਰਨ ਨਹੀਂ ਪਹੁੰਚ ਰਹੇ।ਬਿਜਲੀਘਰ ਬੰਦ ਨੇ ਤੇ ਲੋਕ ਪਲ ਪਲ ਹਨੇਰੇ 'ਚ ਕੱਟ ਰਹੇ ਨੇ।ਇਉਂ ਲੱਗਦਾ ਜਿਵੇਂ ਰਾਜਨੀਤਿਕ ਸੱਮਸਿਆ ਦਾ ਹੱਲ ਬੰਬਾਰੀ ਨਾਲ ਕੱਢਣਾ ਹੋਵੇ।ਫੌਜਾਂ ਨੂੰ ਕਿਸੇ ਦਾ ਡਰ ਨਹੀਂ,ਕਿਉਂ ਜੋ ਅਮਰੀਕਾ ਤੇ ਭਾਰਤ ਵਰਗੇ ਦੋਸਤ ਉਹਨਾਂ ਦੇ ਸਿਰ 'ਤੇ ਹਨ।ਇਜ਼ਰਾਇਲੀ ਫੌਜ ਦੇ ਹਮਲਿਆਂ ਨਾਲ ਗਾਜ਼ਾ 'ਚ ਹੁਣ ਤਕ 700 ਦੇ ਲਗਭਗ ਲੋਕਾਂ ਦੀ ਮੌਤ ਹੋ ਚੱਕੀ ਹੈ ਤੇ ਇਹੀ ਹਾਲ ਸ਼੍ਰੀਲੰਕਾ ਦੇ ਹਨ।ਇਸ ਵੱਡੇ ਮਨੁੱਖੀ ਕਤਲੇਆਮ ਤੋਂ ਬਾਅਦ ਵੀ,ਬੁਸ਼ ਹਮਾਸ ਨੂੰ ਜ਼ਿੰਮੇਂਵਾਰ ਮੰਨ ਰਹੇ ਹਨ ਤੇ ਮਨਮੋਹਨ ਸਿੰਘ ਲਿੱਟਿਆਂ ਨੂੰ।ਸਵਾਲ ਪੈਦਾ ਹੁੰਦਾ ਹੈ ਕਿ ਜੇ ਇਸ ਲਈ ਦੋਵੇਂ(ਲਿੱਟੇ ਤੇ ਹਮਾਸ)ਜ਼ਿੰਮੇਂਵਾਰ ਹਨ,ਤਾਂ ਹਜ਼ਾਰਾਂ ਆਮ ਬਲੀ ਦੇ ਬੱਕਰੇ ਕਿਉਂ ਬਣਾਏ ਜਾ ਰਹੇ ਹਨ।ਸ਼ੁੰਯਕਤ ਰਾਸ਼ਟਰ ਦੇ ਸਕੱਤਰ ਬਾਨ ਕੀ ਮੂਨ ਇਜ਼ਰਾਇਲ ਦੀ ਕਾਰਵਾਈ ਦੀ ਨਿੰਦਿਆ ਕਰ ਰਹੇ ਹਨ ਤੇ ਪੱਛਮੀ ਦੇਸ਼ਾਂ ਨੂੰ ਇਜ਼ਰਾਇਲ 'ਤੇ ਦਬਾਅ ਪਾਉਣ ਲਈ ਕਹਿ ਰਹੇ ਹਨ,ਪਰ ਸੰਯੁਕਤ ਰਾਸ਼ਟਰ ਦੀ ਕੌਣ ਸੁਣਦੈ।ਇਰਾਕ 'ਤੇ ਹਮਲੇ ਦੇ ਸਮੇਂ ਕਿਹੜਾ ਸੰਯੁਕਤ ਰਾਸ਼ਟਰ ਦਾ ਹੁਕਮਨਾਮਾ ਸੁਣਿਆ ਗਿਆ ਸੀ।ਕਿਸੇ ਸਮੇਂ ਇਜ਼ਰਾਇਲ ਦੀ ਨੀਤੀਆਂ ਦਾ ਸਮਰਥਨ ਕਰਦੇ ਰਹੇ ਕੁਝ ਯੂਰਪੀ ਦੇਸ਼ਾਂ ਨੇ ਵੀ,ਹੁਣ ਇਜ਼ਰਾਇਲ ਦੇ ਹਮਲਿਆਂ ਦੀ ਨਿਖੇਧੀ ਕੀਤੀ ਹੈ।ਵੱਖ ਵੱਖ ਤਰ੍ਹਾਂ ਦੀਆਂ ਅਵਾਜ਼ਾਂ ੳੁੱਠਣ ਤੋਂ ਬਾਅਦ ਵੀ ਸ਼ਕਤੀਸ਼ਾਲੀ ਡੈਮੋਕਰੇਟਿਕ ਓਬਾਮਾ ਦੀ ਅਵਾਜ਼ ਕਿਉਂ ਖਾਮੋਸ਼ ਹੈ,ਇਸਦਾ ਕੁਝ ਵੀ ਸਾਫ ਸਪੱਸ਼ਟ ਪਤਾ ਨਹੀਂ ਲੱਗ ਰਿਹਾ।

ਰਾਸ਼ਟਰਪਤੀ ਬੁਸ਼ ਤੋਂ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ,ਕਿਉਂਕਿ ਉਹਨਾਂ ਦਾ ਇਤਿਹਾਸ ਤਾਂ ਅਜਿਹੇ ਕਾਲੇ ਪੰਨਿਆਂ ਨਾਲ ਭਰਿਆ ਪਿਆ ਹੈ,ਪਰ ਓਬਾਮਾ ਜਿਨ੍ਹਾਂ ਤੋਂ ਪੂਰੀ ਦੁਨੀਆਂ ਨੂੰ ਇਕ ਉਮੀਦ ਹੈ,ਉਹ ਵੀ ਅਜਿਹੇ ਰਾਹ ਪੈਣਗੇ,ਇਹ ਸ਼ਾਇਦ ਕਿਸੇ ਨੇ ਨਾ ਸੋਚਿਆ ਹੋਵੇ।ਇਜ਼ਰਾਇਲ ਤੇ ਤਮਿਲਾਂ 'ਤੇ ਹੋ ਰਹੇ ਹਮਲਿਆਂ ਬਾਰੇ ਚੁੱਪ ਸਾਧੀ ਬੈਠੇ ਓਬਾਮਾ ਨੇ ਇਹ ਸਿੱਧ ਕਰ ਦਿੱਤਾ,ਕਿ ਉਹ ਵੀ ਅਮਰੀਕੀ ਸਿਸਟਮ ਦੀਆਂ ਨੀਤੀਆਂ ਤੋਂ ਮੁਕਤ ਨਹੀਂ।ਇਜ਼ਰਾਇਲ ਨੂੰ 1948 ਤੋਂ ਅਮਰੀਕਾ ਆਰਥਿਕ ਤੇ ਰਾਜਨੀਤਿਕ ਖੁਰਾਕ ਦਿੰਦਾ ਆ ਰਿਹਾ ਹੈ,ਅਮਰੀਕਾ ਦਾ ਰਾਸ਼ਟਰਪਤੀ ਚਾਹੇ ਕੋਈ ਵੀ ਰਿਹਾ ਹੋਵੇ,ਪਰ ਇਜ਼ਰਾਇਲ-ਫਲਸਤੀਨ ਸਮੱਸਿਆ ਨੂੰ ਲੈਕੇ ਸਮਝ ਇਕੋ ਰਹੀ ਹੈ।ਮੱਧ ਪੂਰਬ ਨੂੰ ਆਪਣੀ ਚੌਧਰ ਹੇਠ ਰੱਖਣ ਲਈ ਅਮਰੀਕਾ ਕੋਲ ਇਜ਼ਰਾਇਲ ਬੇਹਤਰੀਨ ਫੌਜੀ ਅੱਡਾ ਹੈ।ਹੁਣ ਓਬਾਮਾ ਨੇ ਇਜ਼ਰਾਇਲ-ਫਲਸਤੀਨ ਵਿਵਾਦ 'ਤੇ ਖ਼ਾਮੋਸ਼ ਰਹਿਕੇ ਇਸਤੇ ਮੋਹਰ ਲਗਾ ਦਿੱਤੀ ਹੈ,ਓਬਾਮਾ ਵੀ ਇਜ਼ਰਾਇਲੀ ਫੌਜੀ ਅੱਡੇ ਨੂੰ ਵਰਤਣੋ ਕਦੇ ਨਹੀਂ ਖੂੰਝਣਗੇ,ਕਿਉਂਕਿ ਅਮਰੀਕਾ ਨੇ ਹਮੇਸ਼ਾਂ ਹੀ ਖੂਨ ਦੇ ਬਦਲੇ ਤੇਲ ਦੀ ਨੀਤੀ ਨੂੰ ਉਤਸ਼ਾਹਿਤ ਕੀਤਾ ਹੈ।ਜਿਹੜੀ ਗਲਤੀ ਹਿਟਲਰ ਨੇ ਯਹੂਦੀਆਂ ਨਾਲ ਕੀਤੀ ਸੀ,ਉਹੋ ਹੁਣ ਇਜ਼ਰਾਇਲ ਤੇ ਅਮਰੀਕਾ ਫਲਸਤੀਨੀਆਂ ਖਿਲਾਫ ਕਰ ਰਹੇ ਹਨ।ਪੂਰਾ ਅਮਰੀਕੀ ਪ੍ਰਸ਼ਾਸ਼ਨ ਇਕੋ ਅਵਾਜ਼ ਹਮਾਸ ਨੂੰ ਜ਼ਿੰਮੇਂਵਾਰ ਠਹਿਰਾਕੇ,ਹਮਾਸ ਵਲੋਂ ਇਜ਼ਰਾਇਲ 'ਤੇ ਕੀਤੇ ਹਮਲਿਆਂ ਦੌਰਾਨ ਮਰੇ ਲੋਕਾਂ ਦੀ ਦਲੀਲ ਦੇ ਰਿਹਾ ਹੈ।ਪਿਛਲੇ 8 ਸਾਲਾਂ 'ਚ ਇਜ਼ਰਾਇਲ 'ਤੇ ਹੋਏ ਹਮਲਿਆਂ 'ਚ 20 ਆਮ ਇਜ਼ਰਾਇਲੀ ਮਰੇ ਹਨ,ਜਦੋਂਕਿ ਮੌਜੂਦਾ ਹਮਲੇ ਦੇ ਪਹਿਲੇ 8-10 ਦਿਨਾਂ 'ਚ ਇਜ਼ਰਾਇਲ ਵਲੋਂ ਹੋਈ ਫੌਜੀ ਕਾਰਵਾਈ 'ਚ 700 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ।

ਸਵਾਲ ਇਹ ਵੀ ਪੈਦਾ ਹੋ ਸਕਦਾ ਹੈ ਕੀ ਓਬਾਮਾ ਨੇ ਕਿਹੜਾ ਆਪਣਾ ਕਾਰਜਕਾਲ ਸੰਭਾਲਿਆ ਹੈ,ਪਰ ਕੀ ਇਕ ਸੱਭਿਅਕ ਮਨੁੱਖ ਹੋਣ ਦੇ ਨਾਤੇ ਓਬਾਮਾ ਘਾਣ ਹੋ ਰਹੀ ਮਨੁੱਖਤਾ ਦੇ ਪੱਖ 'ਚ ਹਾਅ ਦਾ ਨਾਅਰਾ ਨਹੀਂ ਮਾਰਨਗੇ।ਓਬਾਮਾ ਨੂੰ ਪੂਰੀ ਦੁਨੀਆਂ ਦੇ ਮੀਡੀਏ ਨੇ ਮਾਰਟਿਨ ਲੂਥਰ ਕਿੰਗ ਦੇ ਵਾਰਿਸ ਦੇ ਤੌਰ 'ਤੇ ਪੇਸ਼ ਕੀਤਾ ਸੀ।ਲੂਥਰ ਨੇ ਤਾਂ ਬਿਨਾਂ ਕਿਸੇ ਸ਼ਕਤੀ 'ਚ ਰਹਿੰਦਿਆਂ ਹਮੇਸ਼ਾ ਪੂਰੀ ਦੁਨੀਆਂ 'ਚ ਮਨੁੱਖੀ ਅਧਿਕਾਰਾਂ ਦੀ ਉੇਲੰਘਣਾ ਦੇ ਖਿਲਾਫ ਅਵਾਜ਼ ਬੁਲੰਦ ਕੀਤੀ ਸੀ।ਮੀਡੀਆ ਨੂੰ ਵੇਖਕੇ ਇੰਝ ਲਗਦਾ ਸੀ ਜਿਵੇਂ ਓਬਾਮਾ ਪੂਰੀ ਦੁਨੀਆਂ ਨੂੰ ਕਿਸੇ ਨਵੇਂ ਯੁੱਗ 'ਚ ਪ੍ਰਵੇਸ਼ ਕਰਾ ਦੇਣਗੇ।ਇਸੇ ਨੂੰ ਵੇਖਕੇ ਦੁਨੀਆਂ ਦੀਆਂ ਬਹੁਤ ਸਾਰੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ,ਚਿੰਤਕਾਂ ਤੇ ਮੁਸਲਿਮ ਸੰਸਥਾਵਾਂ ਨੇ ਓਬਾਮਾ ਦਾ ਭਰਭੂਰ ਸਵਾਗਤ ਕੀਤਾ ਸੀ।ਮੁਸਲਮਾਨਾਂ ਨੂੰ ਉਮੀਦ ਹੈ ਕਿ ਓਬਾਮਾ ਬੁਸ਼ ਦੀਆਂ ਇਸਲਾਮ ਵਿਰੋਧੀ ਨੀਤੀਆਂ ਦਾ ਵਿਰੋਧ ਕਰਨਗੇ ਤੇ ਮੱਧ ਪੂਰਬ ਦੇ ਦੇਸ਼ਾਂ ਨੂੰ ਜੰਗ ਦੀ ਥਾਂ ਸ਼ਾਂਤੀ ਨਸੀਬ ਹੋਵੇਗੀ।ਪਰ ਓਬਾਮਾ ਦੀ ਜ਼ੁਬਾਨ 'ਤੇ ਲੱਗੇ ਤਾਲੇ ਨੇ ਸਾਬਿਤ ਕਰ ਦਿੱਤਾ ਕਿ ਮਾਰਟਿਨ ਲੂਥਰ ਦੇ ਸੁਪਨਿਆਂ ਦੇ ਸਮਾਜ ਨੂੰ ਓਬਾਮਾ,ਸ਼ਾਇਦ ਹੀ ਅਮਲੀ ਜਾਮਾ ਪਾ ਸਕਣ।
-ਯਾਦਵਿੰਦਰ ਕਰਫਿਊ
ਜੇ. ਐਨ. ਯੂ, ਨਵੀਂ ਦਿੱਲੀ
ghulamkalam@ymail.com