ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਫਿਲਮ ਰੀਵਿਊ. Show all posts
Showing posts with label ਫਿਲਮ ਰੀਵਿਊ. Show all posts

Sunday, October 13, 2013

'ਲੰਚ ਬੌਕਸ': ਸਮਾਜਿਕ ਸੰਕਟ ਦੀਆਂ ਤੈਹਾਂ ਫਰੋਲਦਾ 'ਅਰਥ ਭਰਪੂਰ ਸਿਨੇਮਾ'

ਫ਼ਿਲਮਸਾਜ਼ ਰਿਤੇਸ਼ ਬੱਤਰਾ ਦੀ ਫ਼ਿਲਮ 'ਲੰਚ ਬੌਕਸ' ਮਨੁੱਖਤਾ ਨੂੰ ਕੁੱਲ ਘਰੇਲੂ ਉਤਪਾਦਨ(ਜੀ ਡੀ ਪੀ) ਵਾਧੇ ਤੋਂ ਕੁੱਲ ਘਰੇਲੂ ਖੁਸ਼ੀ(ਜੀ ਡੀ ਐਚ) ਵੱਲ ਜਾਣ ਦੀ ਤਾਕੀਦ ਕਰਦੀ ਹੈ।100 ਦੀ ਸਪੀਡ 'ਤੇ ਭੱਜ ਰਹੇ ਮਨੁੱਖ ਤੋਂ ਮੰਜ਼ਿਲ ਪੁੱਛਦੀ ? ਓਹਨੂੰ ਠਹਿਰਣ,ਸੋਚਣ,ਸਮਝਣ ਦਾ ਸੁਨੇਹਾ ਦਿੰਦੀ ਹੈ'।ਭਾਸ਼ਾ ਪ੍ਰਵਚਨੀ ਨਹੀਂ ਸੰਵਾਦੀ ਹੈ।

ਮੌਜੂਦਾ ਸ਼ਹਿਰੀ ਦੁਨੀਆ ਦਾ ਸਮਾਜਿਕ ਸੰਕਟ ਵੱਡਾ ਹੈ।ਪੂੰਜੀ ਵਾਧਾ ਸਮਾਜਿਕ ਘਰੇਲੂ ਬਖੇੜਿਆਂ/ਕਲੇਸ਼ਾਂ ਦਾ ਵਾਧਾ ਬਣਦਾ ਜਾ ਰਿਹਾ ਹੈ।ਜੋ ਸਿਆਸੀ ਧਰਾਵਾਂ ਸਮਝ ਦੇ ਪੱਧਰ 'ਤੇ 'ਅਤੀ ਆਰਥਿਕ ਵਿਕਾਸ' 'ਚੋਂ ਮਨੁੱਖੀ ਸਮਾਜਿਕ ਵਿਕਾਸ/ਸੰਤੁਸ਼ਟੀ ਦਾ ਹੱਲ ਲੱਭਦੀਆਂ ਨੇ,ਫ਼ਿਲਮਾਂ ਉਨ੍ਹਾਂ ਨੂੰ ਵੀ ਸੰਕੇਤਕ ਸਵਾਲ ਕਰਦੀ ਹੈ।ਮਨੁੱਖੀ ਸਮਾਜਿਕ ਸੰਕਟ ਦੀਆਂ ਬਰੀਕ ਤੰਦਾਂ ਨੂੰ ਫੜ੍ਹਦੀ ਸੂਖਮ ਭਾਸ਼ਾ ਸੰਵੇਦਨਹੀਣਤਾ ਨੂੰ ਸੰਵੇਦਨਾ 'ਚ ਬਦਲਦੀ ਹੈ'।


'ਲੰਚ ਬੌਕਸ' ਪਿਆਰ ਦੀ ਅਣਹੋਂਦ ਤੇ ਇਕੱਲਤਾ ਨੂੰ ਚਿੰਨ੍ਹਤ ਕਰਦੀ,ਮਨੁੱਖੀ ਜ਼ਿੰਦਗੀ 'ਚ ਪਿਆਰ ਦੀ ਅਹਿਮੀਅਤ ਨੂੰ ਪ੍ਰਭਾਸ਼ਤ ਕਰਦੀ ਹੈ।ਹਿੰਦੀ ਦਾ ਮਸ਼ਹੂਰ ਵਿਵਾਦਤ ਲੇਖ਼ਕ ਤੇ 'ਹੰਸ' ਰਸਾਲੇ ਦੇ ਸੰਪਾਦਕ ਰਾਜੇਂਦਰ ਯਾਦਵ ਦਾ ਕਥਨ ਹੈ 'ਹਰ ਨਵਾਂ ਪਿਆਰ ਮਨੁੱਖ ਨੂੰ ਨਵੀ ਐਨਰਜੀ ਦਿੰਦਾ ਹੈ'।ਇਸੇ ਤਰ੍ਹਾਂ ਇਲਾ (ਨਿਮਰਤ ਕੌਰ) ਤੇ ਸਾਜਨ ਫਰਨਾਂਡੇਜ਼ (ਇਰਫਾਨ ਖਾਨ) ਦੀ ਬੇਰੰਗ ਜ਼ਿੰਦਗੀ 'ਲੰਚ ਬੌਕਸ' ਬਹਾਨੇ ਰੰਗੀਨ ਹੁੰਦੀ ਹੈ।'ਲੰਚ ਬੌਕਸ' ਜ਼ਰੀਆ ਬਣਦਾ ਹੈ'।ਇਲਾ ਦੇ 'ਲੰਚ ਬੌਕਸ' ਦੀ ਖੁਸ਼ਬੂ ਦੋਵਾਂ ਨੂੰ ਨਵੇਂ ਸਿਰਿਓਂ ਊਰਜਤ ਕਰਦੀ ਹੈ'।


ਫਰਨਾਂਡੇਜ਼ ਦੀ ਮ੍ਰਿਤਕ ਪਤਨੀ ਫ਼ਿਲਮ 'ਚ ਹਾਜ਼ਰ ਹੈ।ਉਹ ਥਾਂ-ਥਾਂ ਪਤਨੀ ਦਾ ਜ਼ਿਕਰ ਕਰਦਾ ਓਹਦੀਆਂ ਯਾਦਾਂ ਨਾਲ ਜਾ ਜੁੜਦਾ ਹੈ। ਫ਼ਿਲਮ ਭਾਵੇਂ ਇਲਾ ਤੇ ਫਰਨਾਂਡੇਜ਼ ਦੀ ਕਹਾਣੀ ਜ਼ਰੀਏ ਅੱਗੇ ਵਧਦੀ ਹੈ ਪਰ 'ਸ਼ੇਖ'(ਨਵਾਜ਼ੂਦੀਨ ਸਦੀਕੀ) ਦਾ ਬੇਹੱਦ ਪਿਆਰਾ ਤੇ ਬੇਪਰਵਾਹ ਅੰਦਾਜ਼ ਜ਼ਿੰਦਗੀ ਜਿਉਣ ਦੀ ਨਵੀਂ ਪਰਿਭਾਸ਼ਾ ਘੜ੍ਹਦਾ ਹੈ।


ਸੰਕਟ 'ਚ ਘਿਰੇ ਮਨੁੱਖ ਲਈ ਸ਼ਬਦ ਨਾਲ ਸਾਂਝ ਦੀ ਮਹੱਤਤਾ ਫ਼ਿਲਮ ਬਾਖੂਬੀ ਸਮਝਾਉਂਦੀ ਹੈ। ਪੂਰੀ ਫ਼ਿਲਮ 'ਚ ਇਲਾ ਤੇ ਸਾਜਨ ਫਰਨਾਂਡੇਜ਼ ਇਕ ਵਾਰ ਵੀ ਫੋਨ 'ਤੇ ਜਾਂ ਸਿੱਧੀ ਗੱਲਬਾਤ ਨਹੀਂ ਹੁੰਦੀ,ਪਰ ਸ਼ਬਦ ਦੀ ਤਾਕਤ ਦੋਵਾਂ ਨੂੰ 'ਜ਼ਿੰਦਗੀ ਖੂਬਸੂਰਤ ਹੈ' ਦਾ ਅਹਿਸਾਸ ਕਰਵਾਉਂਦੀ ਹੈ'।


ਇਲਾ, ਸਾਜਨ ਫਰਨਾਂਡੇਜ਼ ਨੂੰ ਲਿਖਦੀ ਹੈ "ਚਿੱਠੀ 'ਚ ਤਾਂ ਕੋਈ ਕੁਝ ਵੀ ਲਿਖ ਸਕਦਾ ਹੈ।" ਜਿੰਨੀ ਸਹਿਜਤਾ ਨਾਲ ਇਲਾ ਔਰਤ ਦੀ ਹੋਣੀ ਚਿੱਠੀ 'ਚ ਬਿਆਨਦੀ ਹੈ, ਉਹ ਇਕੱਲਤਾ ਹੰਢਾ ਰਹੇ ਮਨੁੱਖ ਨੂੰ ਸ਼ਬਦ ਨਾਲ ਗਹਿਰੀ ਸਾਂਝ ਪਾਉਣ ਲਈ ਪ੍ਰੇਰਦੀ ਹੈ। 2-3 ਸਾਲ ਪਹਿਲਾਂ ਇਕ ਕੁੜੀ ਦੇ ਪਿਆਰ 'ਚ ਡੁੱਬੇ ਆਪਣੇ ਇਕ 'ਕਾਮਰੇਡ' ਦੋਸਤ (ਜੋ ਕੁਝ ਕਹਿਣ ਤੋਂ ਡਰਦਾ ਸੀ) ਨੂੰ ਬਿਜਲਈ ਸੰਵਾਦ ਦੇ ਸੰਦਰਭ 'ਚ ਮੈਂ ਇਹੀ ਗੱਲ ਕਹੀ ਸੀ "ਜਿਸ ਦਾ 'ਅੰਰਡਗਰਾਉਂਡ ਇਸ਼ਕ' ਅੱਜਕਲ੍ਹ ਸਿਖ਼ਰ ਛੂਹ ਰਿਹਾ ਹੈ"।


ਔਰਤ ਮਰਦ ਨਾਲੋਂ ਜ਼ਿਆਦਾ ਗੁੰਝਲਦਾਰ ਤੇ ਸਪੱਸ਼ਟ ਹੁੰਦੀ ਹੈ। 'ਲੰਚ ਬੌਕਸ' 'ਚ ਇਲਾ ਦੀ ਸਖ਼ਸ਼ੀਅਤ ਇਸਦੀ ਝਲਕ ਹੈ। ਇਲਾ ਤੇ ਉਸਦੇ ਪਤੀ ਸਬੰਧ ਯੰਤਰੀ ਹਨ। ਫ਼ਿਲਮ 'ਚ ਪਤੀ ਦਾ ਫਰੇਮ ਵਾਰ ਵਾਰ ਬਿਜ਼ਨੈਸ ਨਿਊਜ਼ ਚੈਨਲ ਨਾਲ ਵਿਖਾਇਆ ਗਿਆ ਹੈ। ਜੋ ਬਜ਼ਾਰੀ ਮਨੁੱਖ ਦੇ ਪਰਿਵਾਰਕ/ਸਮਾਜਿਕ ਸੰਕਟ ਦੀ ਜੜ੍ਹ ਵੱਲ ਇਸ਼ਾਰਾ ਕਰਦਾ ਹੈ'।


ਫ਼ਿਲਮ 'ਚ ਸੁੰਘਣ ਸ਼ਕਤੀ ਦੀ ਪੇਸ਼ਕਾਰੀ ਬੜੀ ਸ਼ਾਨਦਾਰ ਤੇ ਦਵੰਦਵਾਦੀ ਹੈ। ਇਕ ਪਾਸੇ ਹਰ ਰੋਜ਼ ਇਲਾ ਦੇ 'ਲੰਚ ਬੌਕਸ' ਦੀ ਖੂਸ਼ਬੋ ਸੁੰਘਣ ਨਾਲ ਸਾਜਨ ਫਰਨਾਂਡੇਜ਼ ਦੀ ਜਾਨ 'ਚ ਜਾਨ ਪੈਂਦੀ ਹੈ ਤੇ ਦੂਜੇ ਪਾਸੇ ਇਲਾ ਆਪਣੇ ਪਤੀ ਦੇ ਕੱਪੜਿਆਂ ਦੀ ਹਵਾੜ ਸੁੰਘਣ ਨਾਲ ਹੀ ਅੰਦਾਜ਼ਾ ਲਗਾ ਲੈਂਦੀ ਹੈ ਕਿ 'ਪਤੀ ਦਾ ਚੱਕਰ ਕਿਤੇ ਹੋਰ ਚੱਲ ਰਿਹਾ ਹੈ'।

ਸੰਕਟ 'ਚ ਔਰਤ ਦੀ ਤ੍ਰਾਸਦੀ ਦੋਹਰੀ ਹੁੰਦੀ ਹੈ।ਇਲਾ, ਇਲਾ ਦੀ ਮਾਂ, ਸ਼ੇਖ ਦੀ ਪਤਨੀ ਤੇ ਦੇਸ਼ਪਾਂਡੇ ਆਂਟੀ(ਪੂਰੀ ਫ਼ਿਲਮ ਸਿਰਫ਼ ਅਵਾਜ਼ ਹੈ) ਇਸਦੀਆਂ ਗਵਾਹ ਹਨ।ਇਹ ਸੰਕਟਾਂ ਭਰੀ ਜ਼ਿੰਦਗੀ ਨਾਲ ਦਲੇਰੀ ਨਾਲ ਟਕਰਾਉਂਦੀਆਂ ਹਨ। ਫ਼ਿਲਮ ਦਾ ਇਕ ਦ੍ਰਿਸ਼ ਔਰਤ ਦੀ ਜ਼ਿੰਦਗੀ ਦੀ ਕਰੂਰਤਾ ਪੇਸ਼ ਕਰਦਾ ਹੈ। ਇਲਾ ਦੇ ਪਿਤਾ ਦੀ ਮੌਤ ਦੇ ਸੋਗ 'ਚ ਲਾਸ਼ ਕੋਲ ਬੈਠੀ ਮਾਂ 'ਮੁਕਤ' ਅੰਦਾਜ਼ 'ਚ ਭੁੱਖ ਜ਼ਾਹਰ ਕਰਕੇ ਖਾਣ ਲਈ ਪਰੌਂਠਾ ਮੰਗਦੀ ਹੈ'। ਇਹ 'ਭੁੱਖ' ਔਰਤ ਦੇ ਇਤਿਹਾਸ,ਭਵਿੱਖ ਤੇ ਵਰਤਮਾਨ ਨੂੰ ਇਕੋ ਥਾਂ ਲਿਆ ਖੜ੍ਹਾ ਕਰਦੀ ਹੈ'।

ਫ਼ਿਲਮ ਦੇ ਸੰਵਾਦ ਛੋਟੇ ਹਨ ਪਰ ਬੇਹੱਦ ਡੂੰਘੇ ਹਨ। ਇਰਫਾਨ ਦੀ ਅਦਾਕਾਰੀ ਆਮ ਤੌਰ 'ਤੇ ਦੂਜੇ ਅਦਾਕਾਰਾਂ 'ਤੇ ਭਾਰੂ ਪੈਂਦੀ ਹੈ ਪਰ ਨਿਮਰਤ ਕੌਰ ਦੀ ਸਹਿਜ ਅਦਾਕਾਰੀ 'ਚ ਸਾਜਨ ਪਿਆਰ ਦੀ ਭੁੱਖ ਵਾਂਗ ਸਮਾ ਜਾਂਦਾ ਹੈ'।


ਫ਼ਿਲਮ ਆਲਮੀਕਰਨ ਤੋਂ ਬਾਅਦ ਦੇ ਸ਼ਹਿਰੀ ਸਮਾਜ ਸੰਕਟ ਦਾ ਚਿੱਤਰਣ ਹੈ। ਪਿਛਲੇ ਦੋ ਦਹਾਕਿਆਂ ਦੇ ਮਕੈਨੀਕਲ ਵਿਕਾਸ ਦੇ ਸਮਾਜਿਕ ਬਦਲਾਵਾਂ ਨਾਲ ਪੈਦਾ ਹੋਏ ਸਮਾਜਿਕ ਸੰਕਟ ਨੂੰ ਸਮਝਣ ਦੀ ਕੋਸ਼ਿਸ਼ ਹੈ। ਆਲਮੀਕਰਨ ਦੇ ਦੌਰ ਤੋਂ ਬਾਅਦ ਦੇ ਸ਼ਹਿਰੀ ਸਮਾਜਿਕ ਸੰਕਟਾਂ ਨੂੰ ਸਾਡੀ ਕਿਸੇ ਸਿਆਸੀ ਧਾਰਾ ਨੇ ਫੜ੍ਹਨ, ਸਮਝਣ, ਸੁਲਝਾਉਣ ਦੀ ਗੰਭੀਰ ਕੋਸ਼ਿਸ਼ ਨਹੀਂ ਕੀਤੀ। 30-35 ਕਰੋੜ ਲੋਕਾਂ ਲਈ ਕੋਈ ਠੋਸ ਪ੍ਰੋਗਰਾਮ ਵੀ ਨਹੀਂ। ਇਹਦਾ ਇਕ ਕਾਰਨ ਮਿਡਲ ਕਲਾਸ, ਅੱਪਰ ਮਿਡਲ ਕਲਾਸ ਨੂੰ ਅਛੂਤਾਂ ਵਾਂਗ ਦੇਖਿਆ ਜਾਣਾ।ਸ਼ਾਇਦ, ਜਿਵੇਂ ਇਹ ਕਿਸੇ ਸਮਾਜਿਕ-ਸਿਆਸੀ ਬਦਲਾਅ ਦਾ ਹਿੱਸਾ ਨਹੀਂ ਹੋਣਗੇ?

'ਲੰਚ ਬੌਕਸ' ਵਰਗੇ ਸਿਨੇਮੇ ਵਲੋਂ ਇਕ ਬਰੀਕ ਗੰਝਲ 'ਤੇ ਗੱਲ ਕਰਨ ਦੀ ਕੋਸ਼ਿਸ਼ ਆਪਣੇ ਆਪ 'ਚ ਮਹੱਤਵਪੂਰਨ ਪਹਿਲ ਹੈ। "ਜੋ ਕੰਮ ਸਿਆਸਤ ਨੂੰ ਕਰਨੇ ਚਾਹੀਦੇ ਨੇ,ਓਹਦੀ ਸ਼ੁਰੂਆਤ ਸਿਨੇਮਾ ਕਰ ਰਿਹਾ ਹੈ"। 

ਸੰਕਟ 'ਤੇ ਗੱਲ ਕਰਨ ਵਾਲੇ ਭਾਰਤੀ/ਪੰਜਾਬੀ ਸਿਨੇਮੇ ਦੀ ਸੁਰ ਹਮੇਸ਼ਾ ਪ੍ਰਵਚਨੀ ਰਹੀ ਹੈ, ਪਰ 'ਲੰਚ ਬੌਕਸ' ਵਰਗਾ ਸਹਿਜ ਤੇ ਅਰਥਭਰਪੂਰ ਸਿਨੇਮਾ ਦਰਸ਼ਕ ਦੀ ਸਮਝ 'ਤੇ ਸ਼ੱਕ ਨਾ ਕਰਦਾ ਹੋਇਆ ਪ੍ਰਵਚਨ ਦੇ ਉਲਟ ਸੰਵਾਦ ਤੇ ਸੰਵੇਦਨਾ ਨੂੰ ਤਰਜ਼ੀਹ ਦਿੰਦਾ ਹੈ'।

ਇਹ ਸਾਡੇ ਦੌਰ ਦੇ ਅਰਥਭਰਪੂਰ ਸਿਨੇਮੇ ਵਲੋਂ ਸਮਾਜਿਕ ਤੈਹਾਂ ਫਰੋਲਣ ਦੀ ਨਵੀਂ ਸ਼ੁਰੂਆਤ ਹੈ।'ਲੰਚ ਬੌਕਸ' ਜਿਹੇ ਸਿਨੇਮੇ ਨੂੰ ਪਿਆਰ ਦੇਣ ਦੀ ਜ਼ਰੂਰਤ ਹੈ।

ਯਾਦਵਿੰਦਰ ਕਰਫਿਊ
ਮੋਬ: 95308-95198
mail2malwa@gmail.com

ਅਜੈ ਭਾਰਦਵਾਜ ਦੀ ਫ਼ਿਲਮਸਾਜ਼ੀ : ਕਲਾ ਦੀ ਸਦੀਵੀ ਪ੍ਰਸੰਗਕਿਤਾ

ਅਜੈ ਭਾਰਦਵਾਜ ਦੀ ਫ਼ਿਲਮ ਕਲਾ ਤੇ ਫਲਸਫੇ ਬਾਰੇ ਯਾਦਵਿੰਦਰ ਕਰਫਿਊ ਦਾ ਟੁਕੜਾ ਕੁਝ ਕਾਂਟ ਛਾਂਟ ਤੋਂ ਬਾਅਦ ਸ਼ਨਿਚਰਵਾਰ ਨੂੰ 'ਪੰਜਾਬੀ ਟ੍ਰਿਬਿਊਨ' 'ਚ ਛਪਿਆ ਸੀ।ਸੰਪਾਦਤ ਹੋਣ ਕਾਰਨ ਕੁਝ ਗੱਲਾਂ ਦੇ ਪੂਰਨ ਅਰਥ ਸਮਝ ਨਹੀਂ ਆਏ। ਪੂਰਾ ਟੁਕੜਾ ਤੁਹਾਡੇ ਸਾਹਮਣੇ ਹੈ।-ਗੁਲਾਮ ਕਲਮ

ਸਦੀਵੀ ਅਰਥਾਂ ਵਾਲੀ ਕਲਾ ਮਨੁੱਖੀ ਸੱਭਿਅਤਾ ਦੇ ਕਲਾਤਮਿਕ ਇਤਿਹਾਸ ਦੀ ਨੀਂਹ ਮਜ਼ਬੂਤ ਕਰਦੀ ਹੈ। ਫ਼ਿਲਮਸਾਜ਼ ਅਜੈ ਭਾਰਦਵਾਜ ਆਪਣੀਆਂ ਫ਼ਿਲਮਾਂ 'ਕਿਤੇ ਮਿਲ ਵੇ ਮਾਹੀ', 'ਰੱਬਾ ਹੁਣ ਕੀ ਕਰੀਏ' ਅਤੇ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਦੇ ਜ਼ਰੀਏ ਪੰਜਾਬ ਨੂੰ ਸਦੀਵੀ ਪ੍ਰਸੰਗਿਕਤਾ ਵਾਲੀ ਕਲਾ ਨਾਲ ਜੋੜਦਾ ਹੈ।

ਇਹ ਫਿਲਮਾਂ 1947 ਦੀ ਵੰਡ ਤੇ ਸੂਫੀਵਾਦ ਦੇ ਹਵਾਲੇ ਨਾਲ ਪੰਜਾਬ ਦੇ ਸਾਂਝੇ ਸੱਭਿਆਚਾਰ ਦੀਆਂ ਜੜ੍ਹਾਂ ਲੱਭਦੀਆਂ ਹਨ। ਇਹ ਦਰਸ਼ਕ ਦੀ ਸਾਂਝ 'ਜੋੜਨ ਵਾਲੇ ਫਲਸਫੇ' ਨਾਲ ਪਵਾਉਂਦੀਆਂ ਹਨ ਅਤੇ ਗ਼ੈਰ-ਕੁਦਰਤੀ ਸਿਆਸੀ ਪਹੁੰਚ ਨਾਲ ਹੋਣ ਵਾਲੀ ਸਮਾਜਿਕ ਤੇ ਸੱਭਿਆਚਾਰਕ ਤਬਾਹੀ ਬਾਰੇ ਖ਼ਬਰਦਾਰ ਕਰਦੀਆਂ ਹਨ। ਇਸਲਾਮ ਤੇ ਸੂਫੀਵਾਦ ਦੀ ਰੂਹਾਨੀਅਤ ਨਾਲ ਜੋ ਪੰਜਾਬ ਦਾ ਅਤੁੱਟ ਨਾਤਾ ਹੈ, ਇਨਾਂ ਫ਼ਿਲਮਾਂ ਰਾਹੀਂ ਗੂੜ੍ਹਾ ਹੁੰਦਾ ਹੈ ਅਤੇ ਪੰਜਾਬ ਦਾ ਸਾਂਝਾ ਸੱਭਿਆਚਾਰ ਜਸ਼ਨੀ ਅੰਦਾਜ਼ 'ਚ ਉਘੜਦਾ ਹੈ। ਇਸਲਾਮ ਤੇ ਸੂਫ਼ੀ ਸੰਤਾਂ ਦੀਆਂ ਦਰਗਾਹਾਂ ਮਨੁੱਖੀ ਸਾਂਝਾਂ ਦੀ ਗਵਾਹ ਬਣ ਕੇ ਪੇਸ਼ ਹੁੰਦੀਆਂ ਹਨ।

ਫ਼ਿਲਮਾਂ ਦੇ ਸੰਵਾਦ ਦਾ ਮੁੱਖ ਧੁਰਾ ਸੱਭਿਆਚਾਰ ਹੈ। ਮਾਲਵੇ(ਵੰਡ ਤੋਂ ਪਹਿਲਾਂ) ਦੇ ਮਸ਼ਹੂਰ ਕਵੀਸ਼ਰ ਮਰਹੂਮ ਬਾਬੂ ਰਜਬ ਅਲੀ, ਮਸਕੀਨ ਅਤੇ ਮਰਹੂਮ ਪ੍ਰੋ: ਕਰਮ ਸਿੰਘ ਜਿਹੇ ਲੋਕ ਕਲਾਕਾਰ ਪੰਜਾਬ ਦੀ ਅਮੀਰ ਵਿਰਾਸਤ ਨੂੰ ਕਾਇਨਾਤੀ ਪ੍ਰਸੰਗਾਂ ਨਾਲ ਜੋੜਦੇ ਹਨ ਅਤੇ ਆਪਣੀ ਲੋਕ ਕਲਾ ਰਾਹੀਂ ਹੀ ਸਿਆਸਤ ਦੀ ਤੈਹ 'ਚ ਪਈ ਅਣਮਨੁੱਖੀ ਖਿੱਚੋਤਾਨ ਨੂੰ ਬੇਨਕਾਬ ਵੀ ਕਰੀ ਜਾਂਦੇ ਹਨ।

ਫ਼ਿਲਮਾਂ 1947  ਦੇ ਮਹਾਂ-ਦੁਖਾਂਤ ਤੱਕ ਸੀਮਤ ਨਹੀਂ ਹਨ ਬਲਕਿ ਮਨੁੱਖ ਨੂੰ ਜੱਦ ਵਿਚ ਲੈਣ ਵਾਲੇ ਨਿੱਕੇ-ਵੱਡੇ ਸਾਰੇ ਦੁਖਾਂਤਾਂ ਦੀ ਨਬਜ਼ ਫੜ੍ਹਦੀਆਂ ਹਨ। ਇਨ੍ਹਾਂ 'ਚ ਮਨੁੱਖੀ ਵਜੂਦ ਦਾ ਕੁਦਰਤੀ ਧੁਰਾ ਫੜਨ ਦਾ ਯਤਨ ਹੈ, ਕਿ ਮਨੁੱਖ ਮਨੁੱਖ ਵਜੋਂ ਖੜਦਾ ਕਿੱਥੇ ਹੈ, ਤੇ ਉਹਨੂੰ ਆਪਣੇ ਅਸਲੇ ਤੋਂ ਤੋੜਨ ਵਾਲੇ ਸੰਦ ਕਿਹੜੇ ਹਨ। ਫਿਲਮਾਂ ਪਾਤਰਾਂ ਤੇ ਵਜੂਦ ਲੱਭਦੀਆਂ ਥਾਵਾਂ ਜ਼ਰੀਏ ਬਿਰਤਾਂਤ ਬੁਣਦੀਆਂ ਹਨ ਤੇ ਮਨੁੱਖ ਅੰਦਰ ਬਹੁਪਰਤੀ,ਬਹੁ-ਭੁਜਾਵੀਂ ਤੇ ਬਹੁਦਿਸ਼ਾਵੀਂ ਅਧਿਐਨ ਤੇ ਸੰਵਾਦ ਦੀ ਸੂਖਮ ਚਿਣਗ ਜਗਾਉਂਦੀਆਂ ਹਨ'।

ਇਸ ਤਰ੍ਹਾਂ ਮਨੁੱਖੀ ਅੰਤਰਮੁਖਤਾ ਤੇ ਬਾਹਰਮੁਖਤਾ ਇਕ ਦੂਜੇ ਦੇ ਸਾਹਮਣੇ ਆਣ ਖੜ੍ਹਦੀਆਂ ਹਨ ਤੇ ਇਤਿਹਾਸਕ ਮਹਾਂ-ਦੁਖਾਤਾਂ ਦੀ ਸਹਿਜ ਸਵੈ ਪੜਚੋਲ ਕਰਨ ਲਈ ਕਹਿੰਦੀਆਂ ਹਨ। ਉੱਤਮ ਕਲਾ ਸੰਕੇਤਕ ਤੇ ਚੁੱਪ ਦੀ ਭਾਸ਼ਾ ਰਾਹੀਂ ਮਨੁੱਖੀ ਸੰਵੇਦਨਾ ਨੂੰ ਛੁੰਹਸਦੀ ਹੈ। ਅਜੈ ਦੀ ਫ਼ਿਲਮਸਾਜ਼ੀ ਅਜਿਹੀ ਕਲਾ ਦਾ ਨਮੂਨਾ ਹੈ। ਉਸਨੂੰ ਤਸਵੀਰਾਂ/ਦ੍ਰਿਸ਼ਾ ਨਾਲ ਬਿਰਤਾਂਤ ਸਿਰਜਣ ਵਾਲਾ ਫ਼ਿਲਮਸਾਜ਼ ਕਿਹਾ ਜਾ ਸਕਦਾ ਹੈ'।

ਇਨ੍ਹਾਂ ਦਸਤਾਵੇਜ਼ੀ ਫ਼ਿਲਮਾਂ ਦਾ ਫ਼ਿਲਮਾਂਕਣ ਅਜਿਹਾ ਹੈ ਜੋ ਦਰਸ਼ਕ ਦੀਆਂ ਚੇਤ-ਅਚੇਤ ਖੁੰਦਰਾਂ ਦਾ ਲੱਖਣ ਸਾਹਮਣੇ ਆ ਜਾਂਦਾ ਹੈ। ਅਜਿਹੀ ਪੇਸ਼ਕਾਰੀ ਦਸਤਾਵੇਜ਼ੀ ਫਿਲਮਾਂ ਦੀ ਸੀਮਾ ਤੋਂ ਪਾਰ ਕਲਾਤਮਿਕ ਫ਼ਿਲਮਸਾਜ਼ੀ ਦੇ ਘੇਰੇ ਵਿਚ ਆ ਜਾਂਦੀ ਹੈ। ਫ਼ਿਲਮ ਦਾ ਦ੍ਰਿਸ਼: 'ਕਾਂ ਦੀ ਪਿੱਛਵਰਤੀ ਅਵਾਜ਼ ਅਜਿਹਾ ਪ੍ਰਭਾਵ ਸਿਰਜਦੀ ਹੈ, ਜਿਵੇਂ ਕਾਂ ਉਜੜੇ ਬਾਬਿਆਂ ਦਾਦਿਆਂ ਨੂੰ ਪਰਤ ਆਉਣ ਲਈ ਕਹਿ ਰਿਹਾ ਹੋਵੇ। ਇਸੇ ਤਰ੍ਹਾਂ ਧੂਣੀ 'ਚ ਬਲਦੀਆਂ ਪਾਥੀਆਂ, ਦੀਵੇ ਦੀ ਲੋਅ, ਜ਼ੁਲਮ ਦੀਆਂ ਗਵਾਹ ਥਾਵਾਂ 'ਤੇ ਅੱਗ ਦੇ ਦ੍ਰਿਸ਼, ਆਦਿ, ਸਿਨੇਮਾ ਦੀ ਭਾਸ਼ਾ ਦਾ ਉੱਤਮ ਨਮੂਨਾ ਹਨ। ਇਕ ਦ੍ਰਿਸ਼ ਵਿਚ ਗੁਰਦਆਰੇ ਨੂੰ ਮਸੀਤ ਤੋਂ ਤਿੰਨ ਵਾਰ ਦੂਰ ਹੁੰਦਾ (ਯੂਮ-ਆਉਟ) ਵਿਖਾਇਆ ਗਿਆ ਹੈ। ਸੁਰਤ ਨੂੰ ਜ਼ਖ਼ਮ ਕਰਨ ਵਾਲੇ ਬਿੰਬਾਂ ਦਾ ਅਜਿਹਾ ਬਿਰਤਾਂਤ ਹੀ ਦਰਸ਼ਕਾਂ 'ਤੇ ਗਹਿਰਾ ਅਸਰ ਛੱਡਦਾ ਹੈ।

ਫ਼ਿਲਮਾਂ ਪੰਜਾਬ ਦੀ ਸਥਾਨਿਕਤਾ ਨਾਲ ਮੱਛੀ-ਪਾਣੀ ਵਾਲਾ ਰਿਸ਼ਤਾ ਕਾਇਮ ਕਰਦੀਆਂ ਹਨ ਤੇ ਇਕ ਤਰ੍ਹਾਂ ਸਥਾਨਕਤਾ ਨਾਲ ਆਲਮੀ ਸੰਵਾਦ ਲਈ ਸਪੇਸ ਤਿਆਰ ਕਰਦੀਆਂ ਹਨ। ਫ਼ਿਲਮ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਵਿਚ ਮਸਕੀਨ ਜੰਗ ਦੇ ਵਿਰੋਧ 'ਚ ਅਮਨ ਦਾ ਪਾਠ ਕਰਦਾ ਹੈ, ਜੀਹਦੇ ਨਾਲ ਨੇਸ਼ਨ ਸਟੇਟ ਦੀ ਜੰਗੀ ਸਿਆਸੀ ਆਰਥਿਕਤਾ ਦੇ ਵਿਰੋਧ 'ਚ ਆਲਮੀ ਅਮਨ ਲਹਿਰ ਦਾ ਪੈਗ਼ਾਮ ਮਜ਼ਬੂਤ ਹੁੰਦਾ ਹੈ।

ਫ਼ਿਲਮਾਂ ਮਨੁੱਖ ਨੂੰ ਸਥਾਨਤਕਾ ਨਾਲ ਮੋਹ ਭਰਿਆ ਰਿਸ਼ਤਾ ਬਨਾਉਣ ਲਈ ਪ੍ਰੇਰਦੀਆਂ ਹਨ ਤੇ ਕਹੀ ਜਾਂਦੀ ਆਧੁਨਿਕਤਾ ਸਹਾਰੇ ਦਿਨੋ ਦਿਨੋ ਮਸ਼ੀਨੀ ਹੋ ਰਹੇ ਮਨੁੱਖ ਲਈ ਸੱਭਿਆਚਰਕ ਰੂਹ ਦੀ ਖੁਰਾਕ ਦਾ ਕੰਮ ਕਰਦੀਆਂ ਹਨ। ਇਨ੍ਹਾਂ ਵਿਚ ਠੋਸ ਕਲਾ ਹੈ, ਜੋ ਕਾਇਨਾਤ ਦੀ ਭਰਪੂਰਤਾ ਨਾਲ ਮਨੁੱਖ ਨੂੰ ਆਧੁਨਿਕ ਜ਼ਿੰਦਗੀ ਦੇ ਖਾਲੀਪਣ ਦਾ ਅਹਿਸਾਸ ਕਰਵਾਉਂਦੀ ਕੁਦਰਤੀ ਸੱਭਿਆਚਾਰ ਨਾਲ ਜੁੜਨ ਲਈ ਕਹਿੰਦੀ ਹੈ'।

ਇਹ ਫ਼ਿਲਮਾਂ ਮਨੁੱਖ 'ਚ ਗਰਮ-ਦਲੀ ਪ੍ਰਵਚਨੀ ਕਲਾ ਵਾਂਗ ਵਕਤੀ ਗਰਮੀ ਪੈਦਾ ਨਹੀਂ ਕਰਦੀਆਂ। ਇਹ ਮਨੁੱਖ ਅੰਦਰ ਲੋਕਾਈ, ਪਿਆਰ, ਸਰਬ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੀ ਸਦੀਵੀ ਭੁੱਖ ਜਗਾਉਂਦੀਆਂ ਹਨ। ਮਨੁੱਖ ਨੂੰ ਹੰਕਾਰ ਮੁਕਤ ਹੋਣ, ਗਲਤੀ ਕਬੂਲਣ ਤੇ ਮੁਆਫ ਕਰਨ ਦਾ ਬਲ ਬਖਸ਼ਦੀਆਂ ਹਨ। ਇਨ੍ਹਾਂ ਫ਼ਿਲਮਾਂ ਦੀ ਕਲਾਤਮਿਕ ਅਮੀਰੀ ਅਜੈ ਦੀ ਫ਼ਿਲਮਸਾਜ਼ੀ ਨੂੰ ਆਲਮੀ ਪੱਧਰ ਤੱਕ ਪਹੁੰਚਾਉਂਦੀ ਹੈ, ਜਿੱਥੇ 'ਕਲਾ ਕਲਾ ਲਈ' ਜਾਂ 'ਕਲਾ ਲੋਕਾਂ ਲਈ' ਵਿਚਲਾ ਦੋਫ਼ਾੜ ਮਿੱਟ ਜਾਂਦਾ ਹੈ। 'ਕਲਾ ਕਲਾ ਲਈ ਵੀ' ਵੀ ਹੈ ਅਤੇ 'ਕਲਾ ਮਨੁੱਖਤਾ ਲਈ ਵੀ' ਹੈ ਦਾ ਮਿਲਵਾਂ ਤਸੱਵਰ ਸਾਹਮਣੇ ਆਉਂਦਾ ਹੈ।

ਅਜੈ ਦੀ ਫ਼ਿਲਮਸਾਜ਼ੀ ਗਿਆਨ ਦੇ ਕੇਂਦਰੀਕਰਨ ਦੇ ਖ਼ਿਲਾਫ ਹੈ। ਇਹ ਕਲਾ ਨੂੰ ਮਨੁੱਖੀ ਜ਼ਿੰਦਗੀ ਨਾਲ ਅਡੈਂਟੀਫਾਈ ਕਰਦੀ ਹੈ। ਸਨਅੱਤੀ ਤਰਜ਼ ਦੇ ਗਿਆਨੀ ਲਾਣੇ ਤੋਂ ਦੂਰ ਇਹ ਗਿਆਨ ਦੇ ਸੁਭਾਵਕ ਸਰੋਤਾਂ ਤੇ ਜ਼ਿੰਦਗੀ 'ਚ ਡੁੱਬੇ ਲੋਕਾਂ ਦੀਆਂ ਸਾਦੀਆਂ ਗੱਲਾਂ ਜ਼ਰੀਏ ਦਰਸ਼ਕਾਂ ਨਾਲ ਅਮੀਰ ਸੰਵਾਦ ਰਚਾਉਂਦੀ ਹੈ।ਇਹੀ ਗੱਲ ਅਜੈ ਨੂੰ ਰਵਾਇਤੀ ਦਸਤਾਵੇਜ਼ੀ ਫਿਲਮਸਾਜ਼ੀ ਤੋਂ ਵੱਖਰਾ ਕਰਦੀ ਹੈ। ਅਜੈ ਦਾ ਇਸਲਾਮ ਤੇ ਸੂਫੀਵਾਦ 'ਤੇ ਕੇਂਦਰਤ ਇਹ ਪ੍ਰਾਜੈਕਟ ਸਾਮਰਾਜੀ ਹੈਜਮਨੀ ਤੇ ਧਾਰਮਿਕ ਫ਼ਾਸ਼ੀਵਾਦ ਨੂੰ ਵੰਗਾਰਦਾ ਹੈ। ਅੱਜ ਅਮਰੀਕੀ ਸਾਮਰਾਜ ,ਆਰ ਐਸ ਐਸ ਤੇ ਭਾਰਤੀ ਮੀਡੀਆ 'ਇਸਲਾਮਿਕ ਫੋਬੀਆ' ਮੁਹਿੰਮ ਮਜ਼ਬੂਤ ਕਰਨ ਦਾ ਜ਼ੋਰ ਲਗਾ ਰਿਹਾ ਹੈ ਤੇ ਅਜੈ ਦੀ ਫਿਲਮਸਾਜ਼ੀ ਦਾ ਪ੍ਰਾਜੈਕਟ ਇਨ੍ਹਾਂ ਗ਼ੈਰ-ਮਨੁੱਖੀ ਮੁਹਾਜ਼ਾ ਦੇ ਖ਼ਿਲਾਫ ਖੜ੍ਹਦਾ ਹੈ।

ਅਜੈ ਦੀ ਫ਼ਿਲਮਸਾਜ਼ੀ ਦਾ ਕੋਈ ਤੈਅਸ਼ੁਦਾ ਹਲਕਾ ਨਹੀਂ ਹੈ। ਇਸੇ ਲਈ ਅਜੈ ਦੀ ਕਲਾ ਦਾ ਕੈਨਵੱਸ ਵਸੀਹ ਤੇ ਸਦੀਵੀ ਹੁੰਦਾ ਜਾ ਰਿਹਾ ਹੈ,ਜੋ ਸਬਜੈਕਟਿਵ ਹਾਲਤਾਂ ਦੀ ਜੜ੍ਹ ਫਰੋਲਦੀ ਮਸਲਿਆਂ ਨੂੰ ਉਦੇਸ਼ਆਤਮਿਕਤਾ ਵੱਲ ਲਿਜਾਂਦੀ ਹੈ। ਉਹ 'ਮਾਨਤਾ ਪ੍ਰਾਪਤ' ਸੰਸਥਾਗਤ ਸਿਆਸੀ-ਸੱਭਿਆਚਾਰਕ ਹਲਕਿਆਂ ਤੋਂ ਮਾਨਤਾ ਲੈਣ ਦੇ 'ਚੱਕਰਵਿਊ ਸੱਭਿਆਚਾਰ' ਦਾ ਸ਼ਿਕਾਰ ਨਹੀਂ ਹੋਇਆ, ਸ਼ਾਇਦ ਇਸੇ ਲਈ ਅਜੇ ਤੱਕ ਉਹਨੂੰ ਬਣਦਾ ਮਾਣ ਸਤਿਕਾਰ ਵੀ ਨਹੀਂ ਮਿਲਿਆ।ਨਿਰਸੰਦੇਹ ਉਹ ਪੰਜਾਬ ਦਾ ਉੱਤਮ ਪਰ ਅਣਗੌਲਿਆ ਫਿਲਮਸਾਜ਼ ਹੈ।

ਕਹੇ ਜਾਂਦੇ ਸਿਆਸੀ ਮਹਾਂਰਥੀਆਂ ਨੂੰ ਸ਼ਾਇਦ ਇਹ ਫ਼ਿਲਮਾਂ ਚੰਗੀਆਂ ਨਾ ਲੱਗਣ ਕਿਉਂਕਿ ਇਹ ਸਿਆਸਤ ਨੂੰ ਵਕਤੀ ਆਕਸੀਜਨ ਦੇਣ ਅਤੇ ਕਲਾ-ਸਿਆਸਤ ਦੇ ਗੈਰ ਦਵੰਦਵਾਦੀ ਸੱਭਿਆਚਾਰ ਨੂੰ ਪ੍ਰਫੁੱਲਤ ਨਹੀਂ ਕਰਦੀਆਂ ਸਗੋਂ 90 ਡਿਗਰੀ ਸੱਭਿਆਚਾਰ(ਨੱਕ ਦੀ ਸੇਧ) ਦੇ ਉਲਟ ਪੂਰੇ ਵਰਤਾਰੇ ਨੂੰ 360 ਡਿਗਰੀ' ਤੋਂ ਸਮਝਦੀਆਂ ਹਨ।

ਅਜੈ ਸਥਾਪਤੀ ਨੂੰ ਵੰਗਾਰਨ ਵਾਲਾ ਫਕੀਰ ਫਿਲਮਸਾਜ਼ ਹੈ।ਫਕੀਰੀ ਓਹਦੀ ਫ਼ਿਲਮਸਾਜ਼ੀ ਦੇ ਅਚੇਤ 'ਚ ਹੈ।ਇਸੇ ਲਈ ਅਜੈ ਦੀ ਫ਼ਿਲਮ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਦੇ ਆਖਰੀ ਦ੍ਰਿਸ਼ਾਂ ਦਾ ਇਕ ਪਾਤਰ ਕ੍ਰਾਂਤੀ ਤੇ ਫਕੀਰੀ ਦੇ ਦਵੰਦਵਾਦੀ ਰਿਸ਼ਤੇ ਦੀ ਗੱਲ ਕਰਦਾ ਹੈ। ਫਕੀਰੀ ਦੇ ਸਥਾਪਤੀ ਵਿਰੋਧੀ ਫਲਸਫੇ ਦੀ ਗੱਲ ਕਰਦਾ ਹੈ। ਕ੍ਰਾਂਤੀਕਾਰੀ ਦੇ ਫਕੀਰ ਤੇ ਫਕੀਰ ਦੇ ਕ੍ਰਾਂਤੀਕਾਰੀ ਹੋਣ ਦੇ ਸਫ਼ਰ ਵਿਚਲੀ ਬਰੀਕ ਗੱਲ ਸਮਝਾਉਂਦਾ ਹੈ।

ਯਾਦਵਿੰਦਰ ਕਰਫਿਊ
ਮੋਬ: 95308-95198

ਅਜੈ ਭਾਰਦਵਾਜ ਦਾ ਸੰਪਰਕ:09968283665

Wednesday, May 29, 2013

ਕੁਦਰਤ ਨਾਲ ਗੈਰ ਕੁਦਰਤੀ ਰਿਸ਼ਤਿਆਂ ਦਾ ਆਤਮ-ਚਿੰਤਨ

First,there is Life in the Water, by which everything else is made green. 
(Sri Guru Granth Sahib Ji(page 472, Line 14) 

ਪਹਿਲਾਂ ਪਾਣੀ ਜੀਉ ਹੈ ਜਿਤੁ ਹਰਿਆ ਸਭਿ ਕੋਇ 
( ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ, ਸਫ਼ਾ 472, ਪੰਕਤੀ 14)

ਕਹਿੰਦੇ ਨੇ ਸੁਫ਼ਨੇ ਦਾ ਡਰਾਉਣਾ ਜ਼ਿੰਦਗੀ ਦੇ ਅਸਲ ਦਾ ਡਰ ਹੁੰਦਾ ਹੈ।ਉਸ ਡਰ ਚੋਂ ਜੇ ਅਸੀ ਗੰਭੀਰਤਾ ਦੇ ਨਿਸ਼ਾਨ ਲੱਭਦੇ ਹੋਏ ਆਪਣੀ ਜ਼ਿੰਦਗੀ ‘ਚ ਪੇਸ਼ ਹੋ ਰਹੀ ਤ੍ਰਾਸਦੀ ਖਿਲਾਫ ਇੱਕ ਜੁਟ ਹੋਈਏ ਤਾਂ ਹੀ ਕੁਝ ਵਾਜਬ ਹੈ।ਸੁਫਨੇ ਅੰਦਰ ਤੁਰਦਾ ਹੋਇਆ ਇਹ ਖੌਫ ਸਾਡੇ ਅੱਜ ਦਾ ਸੱਚ ਹੈ।ਅਜਿਹੇ ਬਹੁਤ ਸਾਰੇ ਖੌਫ ਹੋ ਸਕਦੇ ਹਨ ਜੋ ਵਿਅਕਤੀਗਤ ਰੂਪ ‘ਚ ਵੱਖੋ ਵੱਖਰੇ ਹੋ ਸਕਦੇ ਹਨ ਪਰ ਆਉਣ ਵਾਲੇ ਸਮੇਂ ‘ਚ ਸਾਫ ਪਾਣੀਆਂ ਦੀ ਸਮੱਸਿਆ ਅਤੇ ਕੁਦਰਤ ਸਾਡੇ ਲਈ ਨਵੀਂ ਤ੍ਰਾਸਦੀ ਨੂੰ ਜਨਮ ਦੇਵੇਗਾ।ਇਹਨਾਂ ਸਾਰੇ ਪਹਿਲੂਆਂ ਨੂੰ ਮਨਦੀਪ ਸਿੰਘ ਔਜਲਾ ਦੀ ਛੋਟੀ ਫ਼ਿਲਮ ‘ਆਬ’ ਬਹੁਤ ਸੁੱਚਜੇ ਢੰਗ ਨਾਲ ਪੇਸ਼ ਕਰਦੀ ਹੈ।ਪਰ ਉਸ ਤੋਂ ਪਹਿਲਾਂ ਮੈਂ ਇੱਕ ਪਹਿਲੂ ਹੋਰ ਪੇਸ਼ ਕਰਨਾ ਚਾਹੁੰਦਾ ਹਾਂ ਜੋ ਸੁਰਜੀਤ ਪਾਤਰ ਹੁਣਾਂ ਦੀ ਕਥਨੀ ਤੋਂ ਸਮਝਿਆ ਜਾ ਸਕਦਾ ਹੈ।

ਸੁਰਜੀਤ ਪਾਤਰ ਹੁਣਾਂ ਨੇ ਮੈਨੂੰ ਇੱਕ ਮੁਲਾਕਾਤ ਦੌਰਾਨ ਕਿਹਾ ਸੀ ਕਿ ਮਨੁੱਖ 95 ਫੀਸਦੀ ਕੁਦਰਤ ਹੈ 5 ਫੀਸਦੀ ਸੱਭਿਆਚਾਰ ਭਾਵ ਕਿ ਮਨੁੱਖ ਅੰਦਰ ਜ਼ਿਆਦਾ ਪਾਣੀ ਹੈ ਅਤੇ ਉਹ ਕੁਦਰਤ ਦੀ ਬਰਕਤ ਹੈ ਉਸ ਤੋਂ ਬਾਅਦ ਉਹ ਉਹ ਹੈ ਜੋ ਉਸ ਦੀ ਰੂਪ ਰੇਖਾ ਸੱਭਿਆਚਾਰ ਤੈਅ ਕਰਦਾ ਹੈ।ਇਸੇ ਕਰਕੇ ਮੇਰੇ ਜ਼ਿਆਦਾ ਕਿਤਾਬਾਂ ਦੇ ਸਿਰਲੇਖ ਕੁਦਰਤ ਅਤੇ ਸੱਭਿਆਚਾਰ ਤੇ ਆਪਸੀ ਰਿਸ਼ਤੇ ਦੀ ਹੋਂਦ ਚੋਂ ਇਤਿਫਾਕੀਆ ਬਣਦੇ ਗਏ।ਜਿਵੇਂ ਕਿ ‘ਬਿਰਖ ਅਰਜ਼ ਕਰੇ,ਹਵਾ ਵਿੱਚ ਲਿਖੇ ਹਰਫ਼,ਨ੍ਹੇਰੇ ਵਿੱਚ ਸੁਲਗਦੀ ਵਰਣਮਾਲਾ,ਸੁਰਜ਼ਮੀਨ ਆਦਿ।ਸੁਰਜੀਤ ਪਾਤਰ ਮੁਤਾਬਕ ਸੱਭਿਆਚਾਰਕ ਸ਼ਬਦਾਵਲੀ ਅੰਦਰ ਘੜੇ ਗਏ ਨਵੇਂ ਪਦਾਰਥਕ ਸ਼ਬਦਾਂ ਨੇ ਕੁਦਰਤ ਅਤੇ ਸੱਭਿਆਚਾਰ ਵਿਚਲੀ ਸੰਧੀ ਨੂੰ ਪ੍ਰਭਾਵਿਤ ਕੀਤਾ ਹੈ।

ਇਸੇ ਤਰ੍ਹਾਂ ਮਨਦੀਪ ਸਿੰਘ ਔਜਲਾ ਵੀ ਆਪਣੀ ਫ਼ਿਲਮ ਦਾ ਅਧਾਰ ਦੁਬਾਰਾ ਉਸ ਮੁਹਾਨੇ ਤੋਂ ਮਹਿਸੂਸ ਕਰਾਉਂਦੇ ਹੋਏ ਇਸ਼ਾਰਾ ਕਰਦੇ ਹਨ ਕਿ ਸੱਭਿਆਚਾਰ ਅੰਦਰ ਗੁਰਮਤਿ ਫਲਸਫ਼ੇ ਦਾ ਕਿਹਾ ‘ਪਹਿਲਾਂ ਪਾਣੀ ਜੀਉ ਹੈ’ ਦੇ ਮਾਇਨੇ ਅਸੀ ਗਵਾਉਂਦੇ ਜਾ ਰਹੇ ਹਾਂ।ਮਨਦੀਪ ਔਜਲਾ ਮਨੋਵਿਗਿਆਨਕ ਸਮਝ ਨੂੰ ਬਹੁਤ ਖੂਬਸੂਰਤ ਬਿਆਨਦਾ ਹੈ।ਇਸੇ ਕਰਕੇ ਇਹ ਫ਼ਿਲਮ ਕਪਿਊਂਟਰੀ ਐਨੀਮੇਸ਼ਨ ਨਾਲ ਕਹਿਣ ਕਰਕੇ ਵਧੇਰੇ ਪ੍ਰਭਾਵਸ਼ਾਲੀ ਜਾਪਦੀ ਹੈ ਕਿਉਂ ਕਿ ਸਾਰੀ ਫ਼ਿਲਮ ਇੱਕ ਸੁਫ਼ਨੇ ਨੂੰ ਬਿਆਨ ਕਰ ਰਹੀ ਹੈ ਅਤੇ ਸੁਫ਼ਨੇ ਅੰਦਰਲੇ ਦ੍ਰਿਸ਼ ਕੁਝ ਇਸੇ ਤਰ੍ਹਾਂ ਬੇਤਰਤੀਬੇ ਅਤੇ ਘੱਟ ਸਪੱਸ਼ਟ ਹੁੰਦੇ ਹਨ।ਕਹਾਣੀ ਸਿੱਧੀ ਸਾਦੀ ਹੈ ਪਰ ਇਸ ਕਹਾਣੀ ਦੇ ਪ੍ਰਤੀਕ ਬਹੁਤ ਅਰਥਪੂਰਨ ਹਨ।ਸੰਸਾਰ ਉਸ ਦੌਰ ‘ਚ ਹੈ ਜਦੋਂ ਕੁਝ ਕੁ ਮਨੁੱਖ ਜਾਤੀ ਅਤੇ ਜੀਵ ਜੰਤੂ ਬਚੇ ਹੋਏ ਹਨ।ਇਸ ਦੌਰਾਨ ਤਮਾਮ ਕਾਇਨਾਤ ‘ਚ ਪਾਣੀ ਦੀ ਸਾਂਝ ਕਿਹੋ ਜਿਹੀ ਹੈ ਅਤੇ ਇਸ ਦੇ ਦੂਸ਼ਿਤ ਹੋਣ ਦਾ ਪ੍ਰਭਾਵ ਸਮੁੱਚੇ ਰੂਪ ‘ਚ ਕਿੰਝ ਪੈ ਰਿਹਾ ਹੈ ਇਸ ਨੂੰ ਕਹਿਣ ਦਾ ਢੰਗ ਵੀ ਪਾਣੀ ਦੀਆਂ ਲਹਿਰਾਂ ਵਰਗਾ ਹੀ ਹੈ।ਜਿਵੇਂ ਕੀੜੇ ਦੇ ਪਾਣੀ ਪੀਣ ਤੋਂ ਬਾਅਦ ਮੌਤ,ਫਿਰ ਇੱਕ ਮੱਖੀ ਦਾ ਪਾਣੀ ਪੀਕੇ ਮਰਨਾ ਅਤੇ ਫਿਰ ਆਬ(ਫ਼ਿਲਮ ਵਿਚਲਾ ਕਿਰਦਾਰ) ਦਾ ਪਾਣੀ ਪੀਕੇ ਮਰਨਾ ਅਤੇ ਉਸ ਤੋਂ ਬਾਅਦ ਨੀਰ(ਅਮਰ ਨੂਰੀ) ਅਤੇ ਉਹਦੇ ਪਿਤਾ(ਜਸਬੀਰ ਜੱਸੀ) ਦਾ ਅਫਸੋਸ ਕਰਦੇ ਹੋਏ ਮੰਥਨ ਕਰਨਾ ਤੇ ਅਖੀਰ ਸੁਫ਼ਨੇ ਚੋਂ ਜਾਗਨਾ ਇਹ ਪਾਣੀ ਦੇ ਉਸੇ ਵੇਗ ਦੀ ਤਰ੍ਹਾਂ ਹੀ ਬਿਆਨ ਕੀਤਾ ਗਿਆ ਹੈ ਜਿਸ ਤਰ੍ਹਾਂ ਦਰਿਆਵਾਂ ‘ਚ ਹੁੰਦਾ ਹੈ।

ਪਾਣੀ ਦੀ ਸਮੁੱਚੀ ਗੱਲ ਕਰਨ ਤੋਂ ਪਹਿਲਾਂ ਇਹ ਵੀ ਦੱਸਣਾ ਬਣਦਾ ਹੈ ਕਿ ਪੂਰੇ ਸੰਸਾਰ ‘ਚ ਬਹੁਮਤ ਉਹਨਾਂ ਦੇਸ਼ਾਂ ਦਾ ਹੈ ਜਿੱਥੇ ਵਾਤਾਵਰਨ ਦੇ ਮੁੱਦੇ ਕਦੀ ਵੀ ਚੁਣਾਵੀ ਮੁੱਦੇ ਨਹੀਂ ਬਣਦੇ।ਇੱਕ ਖ਼ੋਜ ਮੁਤਾਬਕ ਹਜ਼ਾਰਾਂ ਲੋਕਾਂ ਦੇ ਸੈਂਪਲ ਨੂੰ ਜਦੋਂ ਪਿਛਲੇ ਦੱਸ ਸਾਲਾਂ ਦੌਰਾਨ ਵਾਤਾਵਰਨ ‘ਤੇ ਲਿਖੇ ਲੇਖ ਵੱਖ ਵੱਖ ਅਖ਼ਬਾਰਾਂ ਚੋਂ ਪੜ੍ਹਾਏ ਗਏ ਤਾਂ ਬਾਅਦ ‘ਚ ਉਹਨਾਂ ਦੀ ਰਾਏ ਸੀ ਕਿ ਇਹ ਮੁੱਦਾ ਗੰਭੀਰ ਨਹੀਂ ਹੈ।ਜਿਵੇਂ ਕਿ ਪਿੰਡਾ ‘ਚ ਅਸੀ ਦੇਖਦੇ ਹਾਂ ਕਿ ਪਾਣੀ ਵਾਲੀਆਂ ਟੈਂਕੀਆਂ ਭਰ ਜਾਂਦੀ ਹਨ ਤਾਂ ਵੀ ਅਸੀ ਮੋਟਰ ਦੇਰ ਨਾਲ ਬੰਦ ਕਰਦੇ ਹਾਂ ਅਜਿਹੀਆਂ ਛੋਟੀਆਂ ਛੋਟੀਆਂ ਅਣਗਹਿਲੀਆਂ ‘ਚ ਅਸੀ ਪਾਣੀ ਦੀ ਦੁਰਵਰਤੋਂ ਕਰਦੇ ਹਾਂ ਅਤੇ ਅਜਾਈ ਪਾਣੀ ਨੂੰ ਗਵਾਉਂਦੇ ਹਾਂ।ਵਾਤਾਵਰਨ ਨਾਲ ਸਬੰਧਿਤ 1974 ਦਾ ਐਕਟ ਵੀ ਸਾਡੇ ਲਈ ਗੰਭੀਰ ਨਹੀਂ।ਤਮਾਮ ਲੈਦਰ ਕੰਪਲੈਕਸ ਸਨਅਤ ਅਤੇ ਹੋਰ ਅਧਾਰੇ ਸ਼ਰੇਅਮ ਨਿਯਮਾਂ ਨੂੰ ਅਣਗੋਲਿਆਂ ਕਰਦੇ ਹਨ।ਇਸ ਬਾਰੇ ਅਸਲ ਅਤੇ ਨਾਟਕੀ ਬਿੰਬ ਕਿੰਝ ਸੰਸਾਰ ‘ਚ ਵਾਪਰ ਰਿਹਾ ਹੈ ਇਹ ਅਮੋਲ ਪਾਲੇਕਰ ਦੀ ਫ਼ਿਲਮ ‘ਥੋੜ੍ਹਾ ਰੂਮਾਨੀ ਹੋ ਜਾਏਂ’ ਦਾ ਇੱਕ ਸੰਵਾਦ ਇਸ ਨੁਕਤੇ ਨੂੰ ਬਹੁਤ ਖੂਬਸੂਰਤ ਬਿਆਨ ਕਰਦਾ ਹੈ।ਇਸ ਫ਼ਿਲਮ ‘ਚ ਇਸ ਸੰਵਾਦ ਹੈ ਕਿ ਜਿਹਨੂੰ ਇੱਕ ਕਿਰਦਾਰ ਕੁਝ ਇੰਝ ਬਿਆਨ ਕਰਦਾ ਹੈ।ਆਦਮੀ ਕਹਿੰਦਾ ਹੈ ਕਿ ਅਕਾਲ ਹੈ ਤੇ ਮੈˆ ਮੀˆਹ ਲਿਆਵਾˆਗਾ ਪੰਜ ਹਜ਼ਾਰ ਰੁਪਏ 'ਚ ਉਹੀ ਬਾਰਿਸ਼ ਜਿਹੜੀ ਅੰਬਰਾ ਚੋˆ ਆਉˆਦੀ ਏ,ਕਿਣ ਮਿਣ 'ਚ ਗਾਉˆਦੀ ਏ,ਪਹਾੜਾˆ ਤੋˆ ਫਿਸਲਦੀ ਏ,ਨਦੀਆˆ 'ਚ ਚਲਦੀ ਹੈ।ਨਹਿਰਾˆ 'ਚ ਮਚਲਦੀ ਹੈ,ਖੂਹਾˆ ਖੱਡਿਆ 'ਚ ਮਿਲਦੀ ਹੈ।ਛੱਤਾˆ 'ਤੇ ਗਿਰਦੀ ਹੈ ਗਲੀਆˆ 'ਚ ਫਿਰਦੀ ਹੈ।ਮੋੜ 'ਤੇ ਸੰਭਲਦੀ ਹੈ ਫਿਰ ਅੱਗੇ ਨਿਕਲਦੀ ਹੈ।ਉਹੀ ਮੀˆਹ....ਇਹ ਮੀˆਹ ਅਕਸਰ ਗਿਲਾ ਹੁੰਦਾ ਏ।ਇਹਨੂੰ ਪਾਣੀ ਵੀ ਕਹਿੰਦੇ ਹਨ।ਉਰਦੂ 'ਚ ਆਬ,ਮਰਾਠੀ 'ਚ ਪਾਣੀ,ਤਮਿਲ 'ਚ ਤੱਨੀ,ਕੰਨੜ 'ਚ ਨੀਰ ਅਤੇ ਬੰਗਾਲੀ 'ਚ ਜੌਲ ਵੀ ਕਹਿੰਦੇ ਨੇ....ਸੰਸਕ੍ਰਿਤ 'ਚ ਜਿਹਨੂੰ ਵਾਰੀ,ਨੀਰ,ਜੀਵਨ,ਅੰਮ੍ਰਿਤ,ਉਦ ਤੇ ਅੰਬੂ ਵੀ ਕਹਿੰਦੇ ਹਨ।ਗ੍ਰੀਕ 'ਚ ਇਹਨੂੰ ਐਕਵਾਪਿਊਰਾ,ਅੰਗਰੇਜ਼ੀ 'ਚ ਵਾਟਰ,ਫ੍ਰੈˆਚ 'ਚ ਔਰ ਅਤੇ ਰਸਾਇਣ ਸ਼ਾਸ਼ਤਰ 'ਚ ਇਹਨੂੰ ਐੱਚ ਟੂ ਓ ਵੀ ਕਹਿੰਦੇ ਹਨ।ਇਹ ਪਾਣੀ ਜਦੋˆ ਅੱਖ ਚੋˆ ਵਹਿੰਦਾ ਹੈ ਤਾˆ ਹੰਝੂ ਕਹਾਉˆਦਾ ਹੈ ਜਦੋˆ ਚਿਹਰੇ 'ਤੇ ਛਾ ਜਾਵੇ ਤਾˆ ਰੌਬਾਬ ਬਣ ਜਾˆਦਾ ਹੈ।ਕੋਈ ਸ਼ਰਮ ਨਾਲ ਪਾਣੀ ਪਾਣੀ ਹੋ ਜਾˆਦਾ ਹੈ ਅਤੇ ਕਦੀ ਕਦੀ ਇਹ ਪਾਣੀ ਸਰਕਾਰੀ ਫਾਈਲਾˆ 'ਚ ਆਪਣੇ ਖੂਹ ਸਨੇ ਚੋਰੀ ਹੋ ਜਾਦਾ ਹੈ।ਪਾਣੀ ਤਾ ਪਾਣੀ ਹੈ,ਪਾਣੀ ਤਾ ਜ਼ਿੰਦਗਾਨੀ ਹੈ।ਇਸ ਲਈ ਜਦੋˆ ਰੂਹ ਦੀ ਨਦੀ ਸੁੱਕੀ ਹੋਵੇ ਤੇ ਮਨ ਦਾ ਹਿਰਨ ਪਿਆਸਾ ਹੋਵੇ ਤੇ ਦਿਮਾਗ 'ਚ ਲੱਗੀ ਹੋਵੇ ਅੱਗ ਅਤੇ ਪਿਆਰ ਦੀ ਗਾਗਰ ਖਾਲੀ ਹੋਵੇ ਉਦੋˆ ਮੈˆ ਹਮੇਸ਼ਾ ਬਾਰਿਸ਼ ਨਾਮ ਦਾ ਗਿੱਲਾ ਪਾਣੀ ਦੀ ਸਿਫਾਰਸ਼ ਕਰਦਾ ਹਾˆ।ਮੇਰੀ ਮੰਨੋ ਤਾˆ ਇਹ ਬਾਰਿਸ਼ ਖਰੀਦੋ,ਸਸਤੀ ਸੁੰਦਰ,ਟਿਕਾਊ ਬਾਰਿਸ਼ ਸਿਰਫ ਪੰਜ ਹਜ਼ਾਰ ਰੁਪਏ 'ਚ....ਇਸ ਤੋˆ ਘੱਟ ਰੇਟ 'ਤੇ ਜੇ ਕੋਈ ਤੁਹਾਨੂੰ ਦੇਵੇ ਤਾˆ ਚੋਰ ਦੀ ਸਜ਼ਾ ਹੋਵੇ।ਤੁਹਾਡੀ ਜੁਤੀ ਮੇਰੇ ਸਿਰ 'ਤੇ.....ਮੇਰੀ ਤੇ ਸਿਰਫ ਮੇਰੀ ਬਾਰਿਸ਼ ਖਰੀਦੋ...!

ਸੋ ਇਸੇ ਅੰਦਾਜ਼ ਬਾਰੇ ਮਨਦੀਪ ਵਿਅੰਗ ‘ਚ ਨਾ ਜਾਕੇ ਇਹਨੂੰ ਸਹਿਮ ਦੇ ਵਿੱਚੋਂ ਸਮਝਾਉਂਦੇ ਹਨ।ਜਜ਼ਬਾਤ ਦੀ ਬੁਣਕਰ ਵੀ ਅਜਿਹੀ ਹੈ ਕਿ ਲੋਕਾਂ ਕੋਲ ਪਾਣੀ ਦੀ ਘਾਟ ਹੈ ਸਾਫ ਪਾਣੀ ਨਹੀਂ ਹੈ ਅਤੇ ਇਸ ਕੀਮਤੀ ਨਾਮ ਨੂੰ ਉਹ ਆਪਣੇ ਨਾਮ ਵਜੋਂ ਵਰਤ ਰਹੇ ਹੁੰਦੇ ਹਨ।ਜਿਵੇਂ ਕਿ ਫ਼ਿਲਮ ਵਿਚਲੇ ਕਿਰਦਾਰਾਂ ਦੇ ਨਾਮ ਆਬ ਅਤੇ ਨੀਰ ਹੈ।ਸੋ ਮੈਂ ਇਸ ਫ਼ਿਲਮ ਰਾਹੀਂ ਇਹ ਵੀ ਸਮਝਨ ਦੀ ਕੌਸ਼ਿਸ਼ ਕਰ ਰਿਹਾ ਸੀ ਕਿ ਤਮਾਮ ਬਜ਼ਾਰ ‘ਚ ਕੁਦਰਤ ਅਤੇ ਪਦਾਰਥਵਾਦੀ ਬਨਾਮ ਜੋ ਸੰਵਾਦ ਚੱਲ ਰਿਹਾ ਹੈ ਉਸ ‘ਚ ਹਲਾਤ ਕਲਾ ਰਾਹੀਂ ਚਰਚਾ ‘ਚ ਲਿਆਂਦੇ ਜਾਣ ਤਾਂ ਕੁਝ ਸਾਰਥਕਤਾ ਦੀ ਉਮੀਦ ਵੱਧ ਜਾਂਦੀ ਹੈ।ਅਨਵਰ ਜਮਾਲ ਆਪਣੀ ਫ਼ਿਲਮ ਸਵਰਾਜ-ਦੀ ਲਿਟਿਲ ਰਪਬਲਿਕ,ਵਿਜੈ ਆਨੰਦ ਦੀ ਫ਼ਿਲਮ ਗਾਈਡ,ਮਨੋਜ ਕੁਮਾਰ ਦੀ ਸ਼ੋਰ,ਆਸ਼ੂਤੋਸ਼ ਗੋਵਾਰੀਕਰ ਦੀ ਲਗਾਨ,ਅਮੋਲ ਦੀ ਥੌੜ੍ਹਾ ਰੂਮਾਨੀ ਹੋ ਜਾਏਂ ਜਾਂ ਇੰਡੀਅਨ ਓਸ਼ਨ ਬੈਂਡ ਦਾ ਗੀਤ ਮਾਂ ਰੇਵਾ ਇਹ ਸਾਰੇ ਵੱਖਰੇ ਵੱਖਰੇ ਕੋਣ ਦੇ ਇਸ਼ਾਰੇ ਨੇ ਪਰ ਪਾਣੀ ਦੀ ਕਹਾਣੀ ਨੂੰ ਆਪਣੇ ਮਿਜਾਜ਼ ਮੁਤਾਬਕ ਮਹਿਸੂਸਦੇ ਹਨ।ਅਜਿਹੇ ‘ਚ ਇੱਕ ਪੱਖ ਇਹ ਹੈ ਕਿ ਪ੍ਰਸ਼ਾਸ਼ਣ ਕੀ ਕਰਦਾ ਹੈ ਸਰਕਾਰ ਕੀ ਕਰਦੀ ਹੈ ਜਿਸ ਬਾਰੇ ਪ੍ਰਸਿੱਧ ਦਸਤਾਵੇਜ਼ੀ ਫ਼ਿਲਮ ‘ਐਨ ਇਨਕਨਵੀਨਅਟ ਟਰੁੱਥ’ ਇਸ਼ਾਰਾ ਕਰਦੀ ਹੈ ਅਤੇ ਐਪਟਨ ਸਿਨਕਲੇਅਰ ਵਰਗੇ ਚਿੰਤਕ ਦੀ ਕਹੀ ਗੱਲ ਨੂੰ ਕਹਿੰਦੀ ਉਸ ਸਿਸਟਮ ਦੇ ਕੰਮ ਕਰਨ ਦੇ ਸੁਭਾਅ ਨੂੰ ਬਿਆਨ ਕਰਦੀ ਹੈ।ਸਿਨਕਲੇਅਰ ਕਹਿੰਦਾ ਹੈ ਕਿ ਜਦੋਂ ਕੋਈ ਅਧਿਕਾਰੀ ਤੁਹਾਡੀ ਕਹੀ ਗੱਲ ‘ਤੇ ਗੰਭੀਰ ਹੁੰਦਾ ਉਹਨੂੰ ਨਹੀਂ ਸਮਝ ਰਿਹਾ ਤਾਂ ਯਾਦ ਰੱਖੋ ਉਹਨੂੰ ਤਨਖ਼ਾਹ ਹੀ ਨਾ ਸਹਿਮਤ ਹੋਣ ਲਈ ਦਿੱਤੀ ਜਾਂਦੀ ਹੈ।ਦੂਜਾ ਪੱਖ ਇਹ ਹੈ ਕਿ ਅਸੀ ਖੁਦ ਜ਼ਿੰਮੇਵਾਰੀ ਕਿਵੇਂ ਲਈਏ ਅਤੇ ਪਾਣੀ ਦੀ ਬੇਹਤਰੀ ਲਈ ਕੀ ਕਰੀਏ।ਇਹਨਾਂ ਸਾਰੀਆਂ ਗੱਲਾਂ ਵੱਲ ਮਨਦੀਪ ਸਿੰਘ ਔਜਲਾ ਦੀ ਫ਼ਿਲਮ ‘ਆਬ’ ਬਹੁਤ ਛੋਟੇ ਪਰ ਸਾਰਥਕ ਕੈਨਵਸ ਨਾਲ ਵਾਜਬ ਗੱਲ ਕਰਦੀ ਹੈ।ਸਰਦੂਲ ਸਿੰਕਦਰ ਦਾ ਗਾਇਆ ਪਹਿਲਾਂ ਪਾਣੀ ਜੀਉ ਹੈ ਇੱਕ ਪੁਕਾਰ ਹੈ।ਜਜ਼ਬਾਤ ਬਹੁਤ ਸਾਰੇ ਹਨ ਪਰ ਫ਼ਿਲਮ ਨੂੰ ਵੇਖਕੇ ਕੁਝ ਗੱਲਾਂ ਖੁਦ ਸੋਚੋ…ਕਿਉਂ ਕਿ ਇਹ ਸਾਂਝਾ ਮਸਲਾ ਹੈ।ਅਖੀਰ ‘ਤੇ ਜਗਤਾਰ ਦੀਆਂ ਕਹੀਆਂ ਕੁਝ ਸਤਰਾਂ ਨਾਲ ਮਨੁੱਖੀ ਸੁਭਾਅ ਦੇ ਬੇਮੁੱਖ ਹੋਏ ਵਰਤਾਰੇ ਨੂੰ ਬਿਆਨ ਕਰ ਰਿਹਾ ਹਾਂ..ਉਮੀਦ ਹੈ ਕਿ ਇਹ ਜ਼ਰੂਰ ਸਾਨੂੰ ਆਪਣਾ ਅੰਦਰ ਟਟੋਲਨ ਦਾ ਇਸ਼ਾਰਾ ਕਰਦੀਆਂ ਹਨ ।

ਪਰ ਤਾਂ ਲੈ ਆਇਆ ਸਜਾਵਟ ਦੇ ਲਈ,ਤਾਂ ਸੀ ਕਮਾਲ 
ਦਰਦ ਵੀ ਪੰਛੀ ਦਾ ਲੈਂ ਆਉਂਦਾ ਪਰਾਂ ਦੇ ਨਾਲ ਨਾਲ 
 ਹੈ ਉਡ ਉਡ ਮਿਲਕੇ ਪੁੱਛਦੀ ਰੇਤ ਹਰ ਆਉਂਦੇ ਮੁਸਾਫਿਰ ਨੂੰ 
 ਚੁਰਾ ਕੇ ਲੈ ਗਿਆ ਕਿਹੜਾ ਜੋ ਇੱਥੇ ਸੀ ਨਦੀ ਵਹਿੰਦੀ 
 ਪਰਿੰਦੇ ਬਸਤੀਆਂ ਛੱਡ ਕੇ ਤੁਰ ਜਾਂਦੇ ਨੇ ਜੰਗਲ ਨੂੰ 
 ਜਦੋਂ ਦੇ ਲੋਕ ਰੱਖਣ ਲੱਗ ਪਏ ਨੇ ਪਰ ਕਿਤਾਬਾਂ ਵਿੱਚ 

Interview with Mandeep Singh Aujla 
https://soundcloud.com/harpreetskahlon/conversational-mood-with 
AAB Movie Link 
 http://vimeo.com/66644669 

ਹਰਪ੍ਰੀਤ ਸਿੰਘ ਕਾਹਲੋਂ 
ਲੇਖਕ ਨੌਜਵਾਨ ਫਿਲਮਸਾਜ਼ ਤੇ ਵਿਸਲੇਸ਼ਕ ਹੈ। ਸਿਨੇਮੇ ਨੂੰ ਸ਼ਬਦਾਂ ਜ਼ਰੀਏ ਫੜ੍ਹਦਾ ਹੈ। ਅੱਜਕਲ੍ਹ ਬਾਬੇ ਨਾਨਕ ਦੀ ਵੇਈ ਦੇ ਕੰਢੇ ਅਮੀਰ ਖੁਸਰੋ ਵਾਂਗ 'ਖੁਸਰੋ ਦਰਿਆ ਪ੍ਰੇਮ ਕਾ,ਉਲਟੀ ਵਾ ਕੀ ਧਾਰ,ਜੋ ਉਤਰਾ ਸੋ ਡੂਬ ਗਿਆ,ਜੋ ਡੂਬਾ ਸੋ ਪਾਰ' ਪਿਆਰ ਦੀਆਂ ਰੂਹਾਨੀ ਤਾਰੀਆਂ 'ਚ ਮਸਤ ਹੈ।

Thursday, April 11, 2013

‘ਸਾਡਾ ਹੱਕ’, ਸਾਡਾ ਸੱਚ--ਅਜਮੇਰ ਸਿੰਘ

16 ਮਾਰਚ ਨੂੰ ਅੰਮ੍ਰਿਤਸਰ ਵਿਖੇ ਫਿਲਮ ‘ਸਾਡਾ ਹੱਕ’ ਦਾ ਪ੍ਰੀਵਿਊ ਦੇਖਣ ਉਪਰੰਤ ਮੈਂ ਇਸ ਨਿਸਚਤ ਨਿਰਣੇ ‘ਤੇ ਅੱਪੜ ਗਿਆ ਸੀ ਕਿ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਭਲੇ ਹੀ ਅਖੀਰ ਵਿਚ ਹਰੀ ਝੰਡੀ ਦੇ ਦਿਤੀ ਹੈ, ਪ੍ਰੰਤੂ ਇਸ ਨੂੰ ‘ਵਿਰੋਧੀਆਂ’ ਨੇ ਸਿਨੇਮਾ ਘਰਾਂ ਅੰਦਰ ਚੱਲਣ ਨਹੀਂ ਦੇਣਾ, ਉਹ ਇਸ ਉਤੇ ਕਿਸੇ ਨਾ ਕਿਸੇ ਬਹਾਨੇ ਰੋਕ ਲਾ ਦੇਣਗੇ।

ਇਸ ਦੇਸ ਅੰਦਰ ਘੱਟਗਿਣਤੀ ਭਾਈਚਾਰਿਆਂ ਦੀ ਆਵਾਜ਼ ਨੂੰ ਦਬਾਉਣ ਲਈ ਬਹਾਨੇ ਘੜਨੇ ਹਾਕਮਾਂ ਲਈ ਖੱਬੇ ਹੱਥ ਦੀ ਖੇਡ ਹੈ। ਕਹਿੰਦੇ ਨੇ ਚਾਰ ਅਪਰੈਲ ਦੀ ਸ਼ਾਮ ਨੂੰ ਪੰਜਾਬ ਸਕੱਤਰੇਤ ਅੰਦਰ ਪੰਜਾਬ ਸਰਕਾਰ ਦੇ ਛੇ ਚੋਟੀ ਦੇ ਸਿਵਲ ਤੇ ਪੁਲਸ ਅਫਸਰਾਂ ਨੇ ਫਿਲਮ ਦੇਖੀ ਅਤੇ ਸਰਕਾਰ ਨੂੰ ਫੌਰੀ ਇਸ ਉਤੇ ਪਾਬੰਦੀ ਲਾਉਣ ਦੀ ਸਿਫ਼ਾਰਸ਼ ਕਰ ਦਿਤੀ। ਪੰਜਾਬ ਸਰਕਾਰ ਦੀ ਕੀ ਮਜ਼ਾਲ ਸੀ ਕਿ ਉਹ ਆਪਣੇ ਚੋਟੀ ਦੇ ਅਫਸਰਾਂ ਦੀ ਸਿਫਾਰਸ਼ ਨਾ ਮੰਨਦੀ। ਕਿਉਂਕਿ ਇਹ ਅਫਸਰ ਕੋਈ ਐਰੇ ਗੈਰੇ ਨਹੀਂ। ਇਹ ਉਹੀ ਅਫਸਰ ਹਨ ਫਿਲਮ ਅੰਦਰ ਜਿਨ੍ਹਾਂ ਦੇ ਵਹਿਸ਼ੀ ਕਾਰਨਾਮਿਆਂ ਨੂੰ ਬੇਪੜਦ ਕੀਤਾ ਗਿਆ ਹੈ ਅਤੇ ਜਿਸ ਨੂੰ ਦੇਖ ਕੇ ਨਾ ਸਿਰਫ਼ ਹਰੇਕ ਸਿੱਖ ਦਾ, ਬਲਕਿ ਹਰੇਕ ਇਨਸਾਫ਼ਪਸੰਦ ਵਿਅਕਤੀ ਦਾ ਖ਼ੂਨ ਖੌਲ ਉਠਦਾ ਹੈ। ਏਨ੍ਹਾਂ ਜ਼ਾਲਮ ਅਫਸਰਾਂ ਅੰਦਰ ਏਨੇ ਵਹਿਸ਼ੀ ਅਤਿਆਚਾਰ ਕਰਨ ਤੋਂ ਬਾਅਦ ਵੀ ਜੇਕਰ ਇਨਸਾਨੀਅਤ ਦਾ ਥੋੜ੍ਹਾ ਜਿੰਨਾਂ ਅੰਸ਼ ਬਚਿਆ ਹੁੰਦਾ, ਤਾਂ ਫਿਲਮ ਦੇਖਕੇ ਇਨ੍ਹਾਂ ਦੀਆਂ ਜ਼ਮੀਰਾਂ ਕੰਬ ਜਾਣੀਆਂ ਚਾਹੀਦੀਆਂ ਸਨ ਅਤੇ ਇਨ੍ਹਾਂ ਨੂੰ ਆਪਣੀਆਂ ਹੀ ਨਜ਼ਰਾਂ ਵਿਚ ਸ਼ਰਮਸ਼ਾਰ ਹੋ ਜਾਣਾ ਚਾਹੀਦਾ ਸੀ। ਜਰਮਨੀ ਅੰਦਰ ਦੂਜੀ ਸੰਸਾਰ ਜੰਗ ਮੌਕੇ ਹਿਟਲਰ ਦੀ ਨਾਜ਼ੀਵਾਦੀ ਪੁਲਸ ਦੇ ਜਿੰਨ੍ਹਾਂ ਜੱਲਾਦ ਅਫਸਰਾਂ ਨੇ ਯਹੂਦੀਆਂ ਦਾ ਵਿਆਪਕ ਪੈਮਾਨੇ ‘ਤੇ ਕਤਲੇਆਮ ਕੀਤਾ ਸੀ, ਬਾਅਦ ਵਿਚ ਜਦੋਂ ਉਨ੍ਹਾਂ ਉਤੇ ਵਿਸ਼ੇਸ਼ ਅਦਾਲਤਾਂ ਵਿਚ ਮੁਕੱਦਮੇ ਚੱਲੇ ਸਨ ਅਤੇ ਉਨ੍ਹਾਂ ਨੂੰ ਆਪਣੇ ਅਣਮਨੁੱਖੀ ਕਾਰਿਆਂ ਲਈ ਮਾਨਵਤਾ ਸਾਹਮਣੇ ਜੁਆਬਦੇਹ ਹੋਣਾ ਪਿਆ ਸੀ, ਤਾਂ ਉਨ੍ਹਾਂ ਦੇ ਸ਼ਰਮ ਨਾਲ ਸਿਰ ਝੁਕ ਗਏ ਸਨ ਅਤੇ ਉਨ੍ਹਾਂ ‘ਚੋਂ ਲਗਭਗ ਸਾਰਿਆਂ ਨੇ ਹੀ ਆਪਣੇ ਜ਼ੁਲਮਾਂ ਨੂੰ ਸਾਫ਼ਗੋਈ ਨਾਲ ਪਰਵਾਨ ਕਰ ਲਿਆ ਸੀ। ਉਨ੍ਹਾਂ ਨੇ ਬਾਕੀ ਦੀ ਜ਼ਿੰਦਗੀ ਕਾਲ-ਕੋਠੜੀਆਂ ਅੰਦਰ ਪਛਤਾਵੇ ਦਾ ਸੰਤਾਪ ਹੰਢਾਉਂਦਿਆਂ ਗੁਜ਼ਾਰੀ ਸੀ। ਉਹ ਕੁੱਲ ਮਾਨਵਤਾ ਲਈ ਦੁਸ਼ਟਤਾ ਦੇ ਪ੍ਰਤੀਕ ਬਣ ਗਏ ਸਨ।

ਜਰਮਨੀ ਅੰਦਰ ਉਨ੍ਹਾਂ ਦੁਸ਼ਟਾਂ ਦਾ ਨਾਂਉਂ ਲੈਣਾ ਅੱਜ ਤਕ ਵੀ ਗ਼ੁਨਾਹ ਸਮਝਿਆ ਜਾਂਦਾ ਹੈ। ਜੰਗ ਦੇ ਖ਼ਾਤਮੇ ਤੋਂ ਬਾਅਦ ਜਰਮਨੀ ਅੰਦਰ ਹਿਟਲਰੀ ਰਾਜਤੰਤਰ ਦੇ ਸਾਰੇ ਅੰਗਾਂ ਨੂੰ ਤਹਿਸ਼ ਨਹਿਸ਼ ਕਰ ਦਿਤਾ ਗਿਆ ਸੀ, ਨਾਜ਼ੀਵਾਦ ਦੀ ਵਿਚਾਰਧਾਰਾ ਤੇ ਇਸ ਦੇ ਜਥੇਬੰਦਕ ਤਾਣੇਬਾਣੇ ਨੂੰ ਜੜ੍ਹਾਂ ਤੋਂ ਉਖੇੜ ਦਿਤਾ ਗਿਆ ਸੀ, ਤਾਂ ਕਿ ਅਜਿਹਾ ਮਨਹੂਸ ਵਰਤਾਰਾ ਇਤਿਹਾਸ ਅੰਦਰ ਮੁੜ ਕੇ ਕਦੇ ਦੁਹਰਾਇਆ ਨਾ ਜਾਵੇ। ਉਦੋਂ ਤੋਂ ਲੈ ਕੇ ਅੱਜ ਤਕ ਜਰਮਨੀ ਅੰਦਰ ਜਮਹੂਰੀਅਤ ਤੇ ਤਹਿਜ਼ੀਬ ਦਾ ਬੋਲਬਾਲਾ ਹੈ।



ਪਰ ਏਥੇ ਪੰਜਾਬ ਅੰਦਰ ਕੀ ਹੋਇਆ? ਸਿੱਖ ਕੌਮ ਆਪਣੀਆਂ ਹੱਕੀ ਮੰਗਾਂ ਲਈ ਤਿੰਨ ਦਹਾਕੇ ਪੂਰਨ ਸ਼ਾਂਤਮਈ ਢੰਗ ਨਾਲ ਜੱਦੋਜਹਿਦ ਕਰਦੀ ਰਹੀ। ਸੰਨ 1947 ਤੋਂ ਲੈ ਕੇ ਸੰਨ 1980 ਤਕ ਸਿੱਖਾਂ ਨੇ ਹਿੰਸਾ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰੀ ਰੱਖਿਆ ਸੀ। ਉਨ੍ਹਾਂ ਨੇ ਭਾਰਤ ਅੰਦਰ ਆਪਣੇ ਧਰਮ ਦੀ ਆਤਮਕ ਸੁਤੰਤਰਤਾ ਲਈ ਅਤੇ ਪੰਜਾਬ ਦੀ ਬਿਹਤਰੀ ਤੇ ਤਰੱਕੀ ਲਈ ਪੁਰਅਮਨ ਢੰਗ ਨਾਲ ਗ੍ਰਿਫ਼ਤਾਰੀਆਂ ਦਿਤੀਆਂ, ਜਾਇਦਾਦਾਂ ਕੁਰਕ ਕਰਵਾਈਆਂ, ਜੇਲ੍ਹਾਂ ਅੰਦਰ ਦਸੌਂਟੇ ਕੱਟੇ, ਪੁਲਸ ਦੀਆਂ ਵਧੀਕੀਆਂ ਤੇ ਬਦਤਮੀਜ਼ੀਆਂ ਦਾ ਸਿਦਕਕਿਦਲੀ ਨਾਲ ਸਾਹਮਣਾ ਕੀਤਾ, ਦੇਸ ਦੇ ਹਾਕਮਾਂ ਅੱਗੇ ਫ਼ਰਿਆਦਾਂ ਕੀਤੀਆਂ, ਦੇਸ ਦੇ ਚੁਣੇ ਹੋਏ ਨੁਮਾਇੰਦਿਆਂ ਅੱਗੇ ਪੁਕਾਰ ਕੀਤੀ, ਪਟੀਸ਼ਨਾਂ ਤੇ ਮੰਗ-ਪੱਤਰਾਂ ਰਾਹੀਂ ਆਪਣਾ ਪੱਖ ਪੇਸ਼ ਕੀਤਾ, ਗੱਲ ਕੀ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਕਹਿਣ ਤੇ ਮਨਵਾਉਣ ਲਈ ਸਾਰੇ ਢੰਗ ਤੇ ਸਾਧਨ ਅਜ਼ਮਾ ਕੇ ਦੇਖ ਲਏ। ਜਦੋਂ ਦੇਸ ਦੇ ਹਾਕਮਾਂ ਨੇ ਸਿੱਖਾਂ ਦੀ ਕੋਈ ਵੀ ਹੱਕੀ ਮੰਗ ਨਾ ਮੰਨੀ ਅਤੇ ਉਲਟਾ ਉਨ੍ਹਾਂ ਨੂੰ ਪੈਰ ਪੈਰ ‘ਤੇ ਜ਼ਲੀਲ ਕਰਨਾ ਜਾਰੀ ਰੱਖਿਆ, ਤਾਂ ਅਖੀਰ ਵਿਚ ਜਦੋਂ ਸਿੱਖ ਨੌਜਵਾਨਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਨ੍ਹਾਂ ਨੇ, ਦਸਮ ਪਾਤਸ਼ਾਹ ਦੇ ਆਦੇਸ਼ਾਂ ਅਨੁਸਾਰ, ਆਪਣੇ ਹੱਕਾਂ ਲਈ ਹਥਿਆਰਬੰਦ ਸੰਘਰਸ਼ ਦਾ ਰਾਹ ਅਖਤਿਆਰ ਕਰ ਲਿਆ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਣਮਨੁੱਖੀ ਤਸੀਹੇ ਦੇਣ ਤੋਂ ਬਾਅਦ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਗਿਆ। ਦਸਾਂ ਸਾਲਾਂ ਅੰਦਰ ਪੰਜਾਬ ਅੰਦਰ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲੇ ਬਣਾ ਕੇ ਕਤਲ ਕਰ ਦਿਤਾ ਗਿਆ, ਉਨ੍ਹਾਂ ਦੇ ਸਕੇ ਸਨਬੰਧੀਆਂ ਨੂੰ ਵੀ ਨਾ ਬਖ਼ਸ਼ਿਆ ਗਿਆ। ਪੁਲਸੀ ਦਰਿੰਦਿਆਂ ਨੇ ਹਜ਼ਾਰਾਂ ਦੀ ਸੰਖਿਆ ਵਿਚ ਰਸਦੇ ਵਸਦੇ ਘਰ ਉਜਾੜ ਦਿਤੇ। ਸਿੱਖਾਂ ਨੇ ਇਨਸਾਫ਼ ਦੀ ਦੁਹਾਈ ਦਿਤੀ। ਅਦਾਲਤਾਂ ਦੇ ਬੂਹੇ ਖੜਕਾਏ।


ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰ ਰਹੀਆਂ ਕੌਮਾਂਤਰੀ ਸੰਸਥਾਵਾਂ ਅੱਗੇ ਜਾ ਕੇ ਆਪਣੇ ਦੁੱਖ ਰੋਏ। ਇਨ੍ਹਾਂ ਸੰਸਥਾਵਾਂ ਨੇ ਪੰਜਾਬ ਪੁਲੀਸ ਨੂੰ ਡਟ ਕੇ ਫਿਟਕਾਰਾਂ ਪਾਈਆਂ। ਪਰ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਸਿੱਖਾਂ ਨੂੰ ਭਾਰਤ ਅੰਦਰ ਬਣਦਾ ਇਨਸਾਫ਼ ਨਾ ਮਿਲ ਸਕਿਆ। ਦੋਸ਼ੀ ਪੁਲਸ ਅਫਸਰਾਂ ਉਤੇ ਮੁਕੱਦਮੇ ਤਾਂ ਕੀ ਚੱਲਣੇ ਸਨ, ਉਲਟਾ ਉਨ੍ਹਾਂ ਨੂੰ ਇਨਾਮਾਂ ਸਨਮਾਨਾਂ ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ ਜੇਲ੍ਹਾਂ ਅੰਦਰ ਤਾਂ ਕੀਹਨੇ ਭੇਜਣਾ ਸੀ, ਉਲਟਾ ਤਰੱਕੀਆਂ ਦੇ ਕੇ ਸਰਵਉਚ ਅਹੁਦਿਆਂ ਉਤੇ ਬਿਰਾਜਮਾਨ ਕੀਤਾ ਗਿਆ। ਇਸ ਨਾਲ ਪੁਲਸ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਸਿੱਖਾਂ ਦੇ ਕਾਲਜੇ ਲੂਹੇ ਗਏ। ਉਨ੍ਹਾਂ ਨੇ ਇਸ ਆਸ ਨਾਲ ਕਾਂਗਰਸ ਨੂੰ ਹਰਾ ਕੇ ਪੰਜਾਬ ਅੰਦਰ ਅਕਾਲੀ ਹਕੂਮਤ ਕਾਇਮ ਕੀਤੀ ਸੀ ਕਿ ਇਹ ਸਰਕਾਰ ਉਨ੍ਹਾਂ ਦੇ ਰਿਸਦੇ ਜ਼ਖ਼ਮਾਂ ਉਤੇ ਮੱਲ੍ਹਮ ਲਾਉਣ ਦਾ ਪਰਉਪਕਾਰ ਕਰੇਗੀ। ਪਰ ਪਰਕਾਸ਼ ਸਿੰਘ ਬਾਦਲ ਨੇ ਸਿੱਖਾਂ ਦੇ ਰਿਸਦੇ ਜ਼ਖ਼ਮਾਂ ਉਤੇ ਮੱਲ੍ਹਮ ਤਾਂ ਕੀ ਲਾਉਣੀ ਸੀ, ਸਿੱਖਾਂ ਦੇ ਕਾਤਲ ਪੁਲਸ ਅਫਸਰਾਂ ਨੂੰ ਤਰੱਕੀਆਂ ਦੇ ਕੇ ਸਿੱਖਾਂ ਦੇ ਜ਼ਖ਼ਮਾਂ ਨੂੰ ਹੋਰ ਉਚੇੜ ਦਿਤਾ। ਬੇਅੰਤ ਸਿੰਘ ਦੀ ਸਰਕਾਰ ਨੇ ਜਿਥੇ ਇਕ ਪਾਸੇ ਸਿੱਖ ਨੌਜਵਾਨਾਂ ਦੇ ਕਤਲਾਂ ਦੀ ਮੁਹਿੰਮ ਵਿੱਢੀ ਹੋਈ ਸੀ, ਅਤੇ ਦੂਜੇ ਪਾਸੇ ਉਨ੍ਹਾਂ ਨੂੰ ਲੋਕਾਂ ਅੰਦਰ ਬਦਨਾਮ ਕਰਨ ਲਈ ਕੂੜ ਪਰਚਾਰ ਦੀ ਵਿਆਪਕ ਮੁਹਿੰਮ ਚਲਾ ਰੱਖੀ ਸੀ। ਜਿਹੜਾ ਸ਼ਖ਼ਸ ਇਸ ਕੂੜ ਪਰਚਾਰ ਦੀ ਮੁਹਿੰਮ ਦਾ ਸੂਤਰਧਾਰ ਬਣਿਆ ਹੋਇਆ ਸੀ ਅਤੇ ਜਿਸ ਨੇ ਆਪ ਪੜਦੇ ਦੇ ਪਿੱਛੇ ਰਹਿਕੇ ਸਿੱਖ ਸੰਘਰਸ਼ ਦੇ ਖ਼ਿਲਾਫ਼ ਕਿੰਨੀਆਂ ਹੀ ਝੂਠੀਆਂ ਫ਼ਿਲਮਾਂ ਬਣਾਈਆਂ ਅਤੇ ਇਨ੍ਹਾਂ ਨੂੰ ਵਾਰ ਵਾਰ ਦੂਰਦਰਸ਼ਨ ਤੋਂ ਪ੍ਰਸਾਰਤ ਕੀਤਾ ਗਿਆ, ਪਰਕਾਸ਼ ਸਿੰਘ ਬਾਦਲ ਨੇ ਉਸੇ ਸ਼ਖ਼ਸ ਨੂੰ ਆਪਣਾ ਮੀਡੀਆ ਸਲਾਹਕਾਰ ਬਣਾ ਕੇ ਆਪਣੇ ਦੋਗਲੇ ਤੇ ਫਰੇਬੀ ਕਿਰਦਾਰ ਦਾ ਪੁਖਤਾ ਸਬੂਤ ਦੇ ਦਿਤਾ।


ਅਜਿਹੀ ਹਾਲਤ ਵਿਚ ਜਦੋਂ ਸਿੱਖ ਭਾਈਚਾਰੇ ਨੂੰ ਇਹ ਖ਼ਬਰ ਮਿਲੀ ਕਿ ਕੁੱਝ ਉਤਸ਼ਾਹੀ ਨੌਜਵਾਨਾਂ ਨੇ ‘ਸਾਡਾ ਹੱਕ’ ਨਾਂ ਦੀ ਫਿਲਮ ਬਣਾ ਕੇ ਸਿੱਖਾਂ ਨਾਲ ਹੋਏ ਜ਼ੁਲਮਾਂ ਦੀ ਕਹਾਣੀ ਬਿਆਨ ਕਰਨ ਦਾ ਹੌਂਸਲਾ ਕੀਤਾ ਹੈ, ਤਾਂ ਉਨ੍ਹਾਂ ਨੂੰ ਇਸ ਨਾਲ ਕਾਫੀ ਰਾਹਤ ਮਹਿਸੂਸ ਹੋਈ, ਕਿ ਕੀ ਹੋਇਆ ਜੇਕਰ ਉਨ੍ਹਾਂ ਨੂੰ ਹਾਕਮਾਂ ਕੋਲੋਂ ਇਨਸਾਫ਼ ਨਹੀਂ ਮਿਲਿਆ, ਏਨਾ ਹੀ ਬਹੁਤ ਹੈ ਕਿ ਕਿਸੇ ਨੇ ਉਨ੍ਹਾਂ ਦਾ ਸੱਚ ਬਿਆਨ ਕਰਨ ਦੀ ਹਿੰਮਤ ਤਾਂ ਕੀਤੀ ਹੈ। ਪਰ ਹਤਿਆਰੇ ਪੁਲਸ ਅਫਸਰ ਇਸ ਕਰੂਰ ਸੱਚ ਦਾ ਸਾਹਮਣਾ ਕਿਵੇਂ ਕਰ ਸਕਦੇ ਹਨ? ਖਾਸ ਕਰਕੇ ਉਸ ਹਾਲਤ ਵਿਚ ਜਦ ਦੇਸ ਦੇ ਹਾਕਮ ਤੇ ਬਹੁਗਿਣਤੀ ਭਾਈਚਾਰਾ ਉਨ੍ਹਾਂ ਦੀ ਪਿੱਠ ਉਤੇ ਖੜ੍ਹਾ ਹੋਵੇ, ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਅਣਸੁਖਾਵਾਂ ਸੱਚ ਸੁਣਨ ਤੇ ਦੇਖਣ ਦੀ ਕੀ ਮਜ਼ਬੂਰੀ ਹੈ? ਸੋ ਉਨ੍ਹਾਂ ਨੇ ਆਪਣੀ ਵਿਸ਼ੇਸ਼ ਹਸਤੀ ਤੇ ਰੁਤਬੇ ਦਾ ਇਸਤੇਮਾਲ ਕਰਦੇ ਹੋਏ ਸੱਚ ਦੀ ਆਵਾਜ਼ ਨੂੰ ਦਬਾਅ ਦੇਣ ਦਾ ਫ਼ਾਸ਼ਵਾਦੀ ਰੁਖ ਅਪਣਾ ਲਿਆ ਹੈ।


ਸਿੱਖ ਦੁਸ਼ਮਣ ਤਾਕਤਾਂ ਨੇ ਉਚੀ ਉਚੀ ਚੀਕਣਾ ਸ਼ੁਰੂ ਕਰ ਦਿਤਾ ਹੈ ਕਿ ਫਿਲਮ ਅੰਦਰ ਪੂਰਾ ਸੱਚ ਪੇਸ਼ ਨਹੀਂ ਕੀਤਾ ਗਿਆ, ਅਧੂਰਾ ਤੇ ਇਕਪਾਸੜ ਸੱਚ ਹੀ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਸਾਡਾ ਜੁਆਬ ਇਹ ਹੈ ਕਿ ਤੁਸੀਂ ਤੀਹ ਸਾਲਾਂ ਤਕ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਸੱਚ ਨੂੰ ਆਪਣੇ ਹੀ ਢੰਗ ਨਾਲ ਤੇ ਆਪਣੇ ਹੀ ਨੁਕਤਾ-ਨਜ਼ਰ ਤੋਂ ਪੇਸ਼ ਕਰਦੇ ਰਹੇ ਹੋ। ਤੁਸੀਂ ਸੱਚ ਦੇ ਨਾਂ ਹੇਠ ਮਣਾਂਮ੍ਹੂੰਹੀਂ ਝੂਠ ਬੋਲਿਆ ਹੈ। ‘ਸਾਡਾ ਹੱਕ’ ਫਿਲਮ ਵਿਚ ਪੇਸ਼ ਕੀਤਾ ਗਿਆ ਸੱਚ ਤੁਹਾਡੇ ਝੂਠ ਦਾ ਜੁਆਬ ਹੈ, ਇਹ ਸਾਡਾ ਸੱਚ ਹੈ ਜਿਹੜਾ ਤੁਹਾਨੂੰ ਕੌੜਾ ਲੱਗ ਰਿਹਾ ਹੈ। ਤੁਸੀਂ ਤੀਹ ਸਾਲ ਸਾਨੂੰ ਧੱਕੇ ਨਾਲ ਆਪਣਾ ਸੱਚ ਸੁਣਾਇਆ ਹੈ। ਹੁਣ ਜਦ ਸਾਡੇ ਵਿਚੋਂ ਕਿਸੇ ਨੇ ਸਾਡਾ ਸੱਚ ਪੇਸ਼ ਕਰਨ ਦੀ ਹਿੰਮਤ ਕੀਤੀ ਹੈ ਤਾਂ ਤੁਸੀਂ ਏਨਾ ਘਬਰਾ ਕਿਉਂ ਗਏ ਹੋ? ਇਹ ਤਾਂ ਅਜੇ ਸ਼ੁਰੂਆਤ ਹੀ ਹੋਈ ਹੈ। ਅਜੇ ਤਾਂ ਤੁਹਾਡੇ ਪਾਪਾਂ ਦੇ ਬਹੁਤ ਸਾਰੇ ਕਿੱਸੇ ਖੁਲ੍ਹਣੇ ਹਨ।


ਅਜਮੇਰ ਸਿੰਘ

Wednesday, April 10, 2013

'ਸਾਡਾ ਹੱਕ': ਪੰਜਾਬ ਦੇ ਸੰਤਾਪ ਦੀਆਂ ਕੌੜੀਆਂ ਸੱਚਾਈਆਂ ਦਾ ਫ਼ਿਲਮੀ ਦਸਤਾਵੇਜ਼-ਬਲਜੀਤ ਬੱਲੀ


'ਸਾਡਾ ਹੱਕ' ਦਾ ਸਿਆਸੀ ਪੋਸਟ-ਮਾਰਟਮ

ਫ਼ਿਲਮ 'ਸਾਡਾ ਹੱਕ' ਦਾ ਥੀਮ,ਕਹਾਣੀ, ਪੇਸ਼ਕਾਰੀ ਅਤੇ ਕਿਰਦਾਰ ਅਤੇ ਘਟਨਾਵਾਂ, ਗੀਤ ਅਤੇ ਆਖ਼ਰੀ ਸੁਨੇਹਾ ,ਸਭ ਕੁੱਝ ਅਜਿਹਾ ਹੈ ਜੋ ਸਰਕਾਰੀ ਤੰਤਰ ਅਤੇ ਸਮਾਜ ਦੇ ਹਰ ਵਰਗ ਦੇ ਹਜ਼ਮ ਆਉਣ ਵਾਲਾ ਨਹੀਂ ਹੈ। ਕੁਲਜਿੰਦਰ ਸਿੱਧੂ ਅਤੇ ਦਿਨੇਸ਼ ਸੂਦ ਵੱਲੋਂ ਬਣਾਈ ਗਈ ਇਹ ਫ਼ਿਲਮ 8ਵੇਂ ਅਤੇ ਨੌਵੇਂ ਦਹਾਕੇ ਦੌਰਾਨ ਪੰਜਾਬ ਦੇ ਸੰਤਾਪ ਭਰੇ ਦੌਰ ਦੇ ਕੁਝ ਪੱਖਾਂ ਅਤੇ ਕੁਝ ਇੱਕ ਘਟਨਾਵਾਂ ਨਾਲ ਰਲਦੀ-ਮਿਲਦੀ ਕਹਾਣੀ 'ਤੇ ਅਧਾਰਤ ਹੈ। ਇਨ੍ਹਾਂ ਘਟਨਾਵਾਂ ਦੇ ਪੇਸ਼ਕਾਰੀ ਤੋਂ ਸਾਰੀ ਫ਼ਿਲਮ ਇਸ ਮਨੌਤ ਦਾ ਪ੍ਰਭਾਵ ਦਿੰਦੀ ਹੈ ਕਿ ਪੰਜਾਬ 'ਚ ਬਹੁਤ ਸਾਰੇ ਨੌਜਵਾਨਾਂ ਨੂੰ ਖਾਲਿਸਤਾਨੀ ਲਹਿਰ ਅਤੇ ਖਾੜਕੂਵਾਦ ਵੱਲ ਧੱਕਣ ਪਿੱਛੇ ਇੱਕ ਬਹੁਤ ਵੱਡਾ ਕਾਰਨ ਸਿੱਖਾਂ ਨਾਲ ਹੁੰਦਾ ਵਿਤਕਰਾ, ਪੁਲਿਸ ਅਤੇ ਸੁਰੱਖਿਆ ਫੋਰਸ ਦਾ ਜ਼ਬਰ-ਜ਼ੁਲਮ, ਗ਼ੈਰ-ਮਨੁੱਖੀ ਵਤੀਰਾ,ਝੂਠੇ ਪੁਲਿਸ ਮੁਕਾਬਲੇ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਸੀ । ਕਿਸੇ ਹੱਦ ਤੱਕ ਅਜਿਹੀ ਧਾਰਨਾ ਠੀਕ ਵੀ ਹੈ। ਮਨੁੱਖੀ ਅਧਿਕਾਰਾਂ ਦਾ ਜੋ ਘਾਣ ਉਸ ਦੌਰ ਵਿਚ ਹੋਇਆ,ਉਹ ਹੌਲਨਾਕ ਸੀ।

'ਸਾਡਾ ਹੱਕ' ਵਿਚ ਪੇਸ਼ ਕਹਾਣੀ ਇਕ ਪੰਜਾਬ ਦੇ ਪਿੰਡ ਦੇ ਇੱਕ ਮੱਧ ਵਰਗੀ ਕਿਸਾਨ ਪਰਿਵਾਰ ਦੇ ਇੱਕ ਜੰਮਪਲ ਖਿਡਾਰੀ ਦੇ ਦੁਆਲੇ ਘੁੰਮਦੀ ਹੈ।ਨੌਜਵਾਨ ਦਾ ਨਾਂ ਕਰਤਾਰ ਸਿੰਘ ਹੈ। ਇਹ ਰੋਲ ਖ਼ੁਦ ਕੁਲਜਿੰਦਰ ਸਿੰਧੂ ਨੇ ਬਾਖ਼ੂਬੀ ਨਿਭਾਇਆ ਹੈ।ਪੁਲਿਸ ਦੇ ਧੱਕੇਸ਼ਾਹੀ ਦਾ ਸ਼ਿਕਾਰ ਹੋਣ ਨਾਲ ਪੈਦਾ ਹੋਏ ਹਾਲਾਤ ਵੱਜੋਂ ਉਹ ਘਰੋਂ ਭੱਜਣ, ਰੂਪੋਸ਼ ਹੋਣ ਅਤੇ ਖਾਲਿਸਤਾਨੀ ਖਾੜਕੂ ਗਰੁੱਪ ਵਿਚ ਸ਼ਾਮਲ ਹੋਣ ਲਈ ਮਜ਼ਬੂਰ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਉਸ ਖਾੜਕੂ ਹਿੰਸਾ ਦਾ ਸਰਗਰਮ ਅਤੇ ਮੋਹਰੀ ਕਿਰਦਾਰ ਬਣ ਜਾਂਦਾ ਹੈ ਜੋ ਪੰਜਾਬ ਦਾ ਇੱਕ ਖ਼ੂਨੀ ਇਤਹਾਸ ਬਣ ਚੁੱਕੀ ਹੈ।

ਬਾਅਦ ਦੀ ਕਹਾਣੀ ਆਤਮਘਾਤੀ ਬੰਬ ਰਹੀ ਮਾਰੇ ਗਏ ਪੰਜਾਬ ਦੇ ਸਾਬਕਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਅਤੇ ਇਸ ਵਾਰਦਾਤ ਨਾਲ ਜੁੜੇ ਦੋਸ਼ੀ ਖਾਲਿਸਤਾਨੀਆਂ ਨੂੰ ਫ਼ਰਜ਼ੀ ਜਾਂ ਬਦਲਵੇਂ ਨਵਾਂ ਰਾਹੀਂ ਰੂਪਮਾਨ ਕਰਦੀ ਹੈ ।ਇਸ ਫ਼ਿਲਮ ਵਿਚ ਵੀ ਕਰਤਾਰ ਸਿੰਘ ਅਤੇ ਉਸਦੇ ਸਾਥੀਆਂ ਦੀ ਸੁਰੰਗ ਪੁੱਟ ਕੇ ਜੇਲ੍ਹ ਵਿਚੋਂ ਫ਼ਰਾਰ ਹੋਣ ਦੀ ਦਿਖਾਈ ਘਟਨਾ, ਬੁੜੈਲ ਜੇਲ੍ਹ ਵਿਚੋਂ ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ੀ ਜਗਤਾਰ ਹਵਾਰਾ ਅਤੇ ਉਸ ਦੇ ਸਾਥੀਆਂ ਨਾਲ ਮਿਲਦੀ ਜੁਲਦੀ ਹੈ। ਫ਼ਿਲਮ ਵਿਚ ਉਹ ਗ੍ਰਹਿ ਮੰਤਰੀ ਨੂੰ ਮਨੁੱਖੀ ਬੰਬ ਨਾਲ ਉਡਾਉਣ ਦੀ ਘਟਨਾ ਜੇਲ੍ਹ ਵਿਚ ਫ਼ਰਾਰੀ ਤੋਂ ਬਾਅਦ ਦਿਖਾਈ ਗਈ ਹੈ ਜਦੋਂ ਕਿ ਅਸਲੀਅਤ ਵਿਚ ਬੇਅੰਤ ਸਿੰਘ ਦਾ ਕਤਲ ਪਹਿਲਾਂ ਕੀਤਾ ਗਿਆ ਸੀ ਅਤੇ ਜੇਲ੍ਹ ਵਿਚੋਂ ਜਗਤਾਰ ਹਵਾਰਾ ਅਤੇ ਫ਼ਰਾਰੀ ਬਾਅਦ ਵਿਚ ਹੋਈ ਸੀ।ਲਗਭਗ ਉਸੇ ਤਰ੍ਹਾਂ ਹੀ ਪੰਜਾਬ ਪੁਲਿਸ ਦੇ ਕਰਿੰਦੇ ਹੀ ਮਨੁੱਖੀ ਬੰਬ ਦਿਖਾਏ ਗਏ ਹਨ। ਪੁਲਿਸ ਦੇ ਅਫ਼ਸਰਾਂ ਦੇ ਫ਼ਿਲਮ ਵਿਚਲੇ ਕਿਰਦਾਰ ਵੀ ਸਾਬਕਾ ਡੀ ਜੀ ਪੀ ਕੇ ਪੀ ਐਸ ਗਿੱਲ, ਸਾਬਕਾ ਐਸ ਐਸ ਪੀ ਤਰਤਾਰਨ ਅਜੀਤ ਸਿੰਘ ਸੰਧੂ ਅਤੇ ਬਟਾਲਾ ਦੇ ਸਾਬਕਾ ਐਸ ਐਸ ਪੀ ਗੋਬਿੰਦ ਰਾਮ ਨਾਲ ਮਿਲਦੇ ਜੁਲਦੇ ਦਿਖਾਏ ਗਏ ਹਨ। ਅਣਪਛਾਤੀਆਂ ਲਾਸ਼ਾਂ ਅਤੇ ਲਾਪਤਾ ਹੋਏ ਸਿੱਖ ਨੌਜਵਾਨਾਂ ਬਾਰੇ ਖੋਜ ਰਿਪੋਰਟ ਇਕੱਠੀ ਕਰਦਾ ਪੁਲਿਸ ਹੱਥੋਂ ਮਾਰਿਆ ਕਿਰਦਾਰ ਵੀ ਜਸਵੰਤ ਸਿੰਘ ਖਾਲੜਾ ਵੱਲ ਹੀ ਇਸ਼ਾਰਾ ਕਰਦਾ ਹੈ। ਜਗਤਾਰ ਹਵਾਰੇ ਵਾਂਗ ਇਸ ਫ਼ਿਲਮ ਵਿਚ ਵੀ ਫ਼ਰਾਰੀ ਤੋਂ ਬਾਅਦ ਕਰਤਾਰ ਦਾ ਵਿਆਹ ਹੋਇਆ ਵੀ ਦਿਖਾਇਆ ਗਿਆ ਹੈ।

ਫ਼ਿਲਮ ਦੀ ਕਹਾਣੀ ਅਰਾਜਕਤਾ ਭਰੇ ਮਾਹੌਲ ਦੌਰਾਨ ਓਸ ਦੌਰ ਵਿਚ ਦਹਿਸ਼ਤਪਸੰਦ ਅਤੇ ਖਾਲਿਸਤਾਨੀ ਗਰੁੱਪਾਂ ਵੱਲੋਂ ਕੀਤੇ ਜਾਂਦੇ ਮਾਸੂਮ ਅਤੇ ਨਿਰਦੋਸ਼ ਲੋਕਾਂ ਦੇ ਹਜ਼ਾਰਾਂ ਕਤਲਾਂ ਦੀ ਸਿਰਫ਼ ਇੱਕ ਅੱਧ ਘਟਨਾ ਹੀ ਦਿਖਾਈ ਗਈ ਪਰ ਇਸ ਸਿਲਸਿਲੇ ਨੂੰ ਖਾਲਿਸਤਾਨੀ ਖਾੜਕੂਆਂ ਵਿਚ ਵੜੇ ਸਿਰਫ਼ ਗ਼ਲਤ ਅਨਸਰਾਂ ਜਾਂ ਪੁਲਿਸ ਦੇ ਕੈਟਾਂ ਰਾਹੀਂ ਕਰਵਾਏ ਜਾਂਦੇ ਕਤਲ ਦਰਸਾਉਣ ਦਾ ਹੀ ਯਤਨ ਕੀਤਾ ਗਿਆ ਹੈ ।ਜਦੋਂ ਕਿ ਸਾਡੇ ਵਰਗੇ ਜਿਨ੍ਹਾਂ ਨੇ ਵੀ ਉਹ ਦੁਖਦਾਈ ਦੌਰ ਹੰਢਾਇਆ ਹੈ, ਉਹ ਸਭ ਜਾਣਦੇ ਨੇ ਕਿ ਉਸ ਹਿੰਸਾ ਵਿਚ ਹਜ਼ਾਰਾਂ ਸਾਧਾਰਨ ਲੋਕ ਬੇਕਸੂਰੇ ਲੋਕ ਸਮੂਹਕ ਰੂਪ ਵਿਚ ਜਾਣ ਵਿਅਕਤੀਗਤ ਰੂਪ ਵਿਚ ਹੀ ਸਿੱਖ ਖਾੜਕੂਆਂ ਵੱਲੋਂ ਬਹੁਤ ਵਾਰ ਵਿਓਂਤਬੱਧ ਤਰੀਕੇ ਨਾਲ ਮਾਰੇ ਗਏ ਸਨ। ਉਸ ਦੌਰ ਦਾ ਇਤਿਹਾਸ ਖ਼ੁਦ ਵੀ ਗਵਾਹ ਹੈ।ਇਸ ਲਈ ਇਹ ਇਹ ਕਿਹਾ ਜਾ ਸਕਦਾ ਹੈ ਕਿ ਫ਼ਿਲਮ ਵਿਚ ਉਸ ਦੌਰ ਦੀਆਂ ਕੁਝ ਕੌੜੀਆਂ ਹਕੀਕਤਾਂ ਅਤੇ ਕੁਝ ਅਹਿਮ ਪੱਖਾਂ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਉਹ ਆਪਣੇ-ਆਪ ਵਿਚ ਕੌੜਾ ਸੱਚ ਹੈ ਪਰ ਇਹ ਓਸ ਦੌਰ ਦਾ ਪੂਰਾ ਸੱਚ ਨਹੀਂ ਹੈ।ਵੈਸੇ ਕਿਸੇ ਵੀ ਇੱਕ ਫ਼ਿਲਮ ਵਿਚ ਇੰਨੇ ਲੰਮੇ ਦੌਰ ਦਾ ਪੂਰਾ ਸੱਚ ਦਿਖਾਇਆ ਵੀ ਨਹੀਂ ਜਾ ਸਕਦਾ। ਕੋਈ ਫ਼ਿਲਮ ਜਾਂ ਨਾਟਕ ਕਿਸੇ ਸਮੇਂ ਅਤੇ ਸਥਾਨ ਜਾਂ ਦੌਰ ਦੇ ਕੁਝ ਉੱਭਰਵਾਂ ਜਾਂ ਚੋਣਵੇਂ ਪੱਖਾਂ ਅਤੇ ਹਕੀਕਤਾਂ ਨੂੰ ਹੀ ਰੂਪਮਾਨ ਕਰ ਸਕਦਾ ਹੈ।


ਖਾਲਿਸਤਾਨੀ ਖਾੜਕੂ ਲਹਿਰ ਅਤੇ ਇਸ ਸਬੰਧੀ ਵਾਪਰੇ ਘਟਨਾਕ੍ਰਮ ਬਾਰੇ ਪੰਜਾਬੀ ਅਤੇ ਇਥੋਂ ਤੱਕ ਸਿੱਖ ਸਮਾਜ ਵੀ ਇੱਕਮੱਤ ਨਹੀਂ ਹੈ।ਬੇਸ਼ੱਕ ਸਿੱਖ ਜਗਤ ਦੀ ਬਹੁਗਿਣਤੀ ਦੀ ਮਾਨਸਿਕਤਾ 1984 ਵਿਚ ਹੋਏ ਅਪਰੇਸ਼ਨ ਬਲਿਊ ਸਟਾਰ ਅਤੇ ਇਸ ਤੋਂ ਬਾਅਦ ਦਿੱਲੀ ਅਤੇ ਹੋਰਨਾਂ ਥਾਵਾਂ ਤੇ ਹੋਏ ਸਿੱਖ ਕਤਲੇਆਮ ਤੋਂ ਇਲਾਵਾ ਲੰਮੇ ਸਮੇਂ ਹੁੰਦੇ ਧੱਕੇ-ਧੋੜੇ ਕਾਰਨ ਜ਼ਜ਼ਬਾਤੀ ਤੌਰ ਤੇ ਵਲੂੰਧਰੀ ਗਈ ਸੀ ਪਰ ਇਨ੍ਹਾਂ ਦੇ ਪ੍ਰਤੀਕਰਮ ਵਜੋਂ ਜਾਂ ਉਂਝ ਵੀ ਓਸ ਹਿੰਸਕ ਦੌਰ ਵਿਚ ਜੋ ਕੁਝ ਵਾਪਰਿਆ ,ਇਸ ਬਾਰੇ ਵਿਅਕਤੀ ਅਤੇ ਸਮੂਹਕ ਪੱਧਰ ਤੇ ਵੀ ਰਾਇ ਵੰਡੀ ਹੋਈ ਹੈ।ਜਿਵੇਂ ਕਿ ਹਰੇਕ ਖਾੜਕੂ, ਅੱਤਵਾਦੀ ਅਤੇ ਹਥਿਆਰਬੰਦ ਲਹਿਰ ਬਾਰੇ ਹੁੰਦਾ ਹੈ, ਲਹਿਰ ਦੇ ਕਾਰਕੁੰਨ ਜਾਂ ਆਗੂ , ਕਿਸੇ ਇੱਕ ਧਿਰ ਲਈ ਸੂਰਮੇ,ਯੋਧੇ ,ਨਾਇਕ ਅਤੇ ਸ਼ਹੀਦ ਹੋ ਸਕਦੇ ਹਨ ਅਤੇ ਕਿਸੇ ਦੂਜੀ ਧਿਰ ਲਈ ਉਹੀ ਲੋਕ ਕਾਤਲ, ਗ਼ੱਦਾਰ ਜਾਂ ਨਿਰਦਈ ਅਤੇ ਨਫ਼ਰਤ ਦੇ ਪਾਤਰ ਮੰਨੇ ਜਾ ਸਕਦੇ ਹਨ।

ਪੰਜਾਬ ਵਿਚ ਤਾਂ ਆਮ ਲੋਕ ਖਾੜਕੂਵਾਦ ਦੀ ਬੇਦਰਦ ਹਿੰਸਾ ਦਾ ਸ਼ਿਕਾਰ ਵੀ ਹੋਏ ਸਨ ਅਤੇ ਪੁਲਿਸ ਤੰਤਰ ਦੀ ਗੈਰਮਨੁੱਖੀ ਹਿੰਸਾ ਦੇ ਵੀ।ਸੰਨ 1990-91 ਵਿੱਚ ਇੱਕ ਅਜਿਹਾ ਦੌਰ ਵੀ ਜਦੋਂ ਆਮ ਲੋਕਾਂ ਦੀ ਹਾਲਤ ਚੱਕੀ ਦੇ ਦੋ ਪੀੜਾਂ ਵਿੱਚ ਪਿਸਣ ਵਾਲੀ ਹੋ ਗਈ ਸੀ।ਇਥੋਂ ਤੱਕ ਕਿ ਮੇਰੇ ਆਪਣੇ ਪਰਿਵਾਰ ਵਰਗੇ ਵੀ ਅਨੇਕਾਂ ਅਜਿਹੇ ਲੋਕ ਹਨ ਜਿਹੜੇ ਦੋਹਾਂ ਧਿਰਾਂ ਦੀ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ। ਸਾਡੇ ਪਰਿਵਾਰ ਦੇ ਤਿੰਨ ਨਜ਼ਦੀਕੀ ਰਿਸ਼ਤੇਦਾਰ ਸ਼ਾਹਬਾਦ ਵਿੱਚ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਨਾਮੀ ਮੋਹਰੀਆਂ ਨੇ ਏ ਕੇ 47 ਦੀਆਂ ਗੋਲੀਆਂ ਨਾਲ ਬੇਰਹਿਮੀ ਨਾਲ ਮਾਰੇ ਸਨ। ਦੂਜੇ ਪਾਸੇ ਸਾਡੇ ਹੀ ਪਰਿਵਾਰ ਦਾ ਇਕ 21 ਸਾਲਾ ਨੌਜਵਾਨ ,ਐਸ ਐਸ ਪੀ ਤਰਨ ਤਾਰਨ ਅਜੀਤ ਸਿੰਘ ਸੰਧੂ ਨੇ ਜੰਡਿਆਲੇ ਤੋਂ ਘਰੋਂ ਚੁੱਕ ਕੇ ਮਾਰ ਖਪਾ ਦਿਤਾ ।ਸਾਡੇ ਲਈ ਸੱਚਾਈ ਦੇ ਅਰਥ ਬਿਲਕੁਲ ਵੱਖਰੇ ਹਨ।

ਦਰਅਸਲ ਪੰਜਾਬ ਦੇ ਖ਼ੂਨੀ, ਭਿਆਨਕ ਅਤੇ ਸੰਤਾਪ ਭਰੇ ਦੌਰ ਵਿਚ ਜੋ ਕੁਝ ਵਾਪਰਿਆ ਉਸ ਦਾ ਕੋਈ ਸਰਬ ਸਾਂਝਾ ਨਿਪਟਾਰਾ ਵੀ ਤਾਂ ਨਹੀਂ ਹੋਇਆ ਕਿ ਇਸ ਦੇ ਕੀ ਕਾਰਨ ਸਨ? ਕੌਣ -ਕੌਣ ,ਕਿਹੜੀਆਂ- ਕਿਹੜੀਆਂ ਧਿਰਾਂ ਦੋਸ਼ੀ ਸਨ ? ਕਿਸ ਧਿਰ ਦਾ ਕਿੰਨਾ ਕਸੂਰ ਸੀ ? ਭਾਰਤੀ ਸਟੇਟ ਅਤੇ ਖ਼ੁਫ਼ੀਆ ਏਜੰਸੀਆਂ ਦੀ ਭੂਮਿਕਾ ਕਿਹੋ ਜਿਹੀ ਸੀ ? ਇਸ ਵਿਚ ਬਾਹਰਲੇ ਮੁਲਕਾਂ ਅਤੇ ਉਥੋਂ ਦੀਆਂ ਏਜੰਸੀਆਂ ਦਾ ਕੀ ਰੋਲ ਸੀ ? 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾਵਾਂ ਕਿਉਂ ਨਹੀਂ ਮਿਲੀਆਂ? ਆਦਿ।

ਬੇਸ਼ੱਕ ਇਸ ਫ਼ਿਲਮ ਵਿਚ ਸਮੁੱਚੇ ਸਿਸਟਮ ਦੀ ਤਬਦੀਲੀ ਦੇ ਸੰਵਾਦ ਸੁਣਨ ਨੂੰ ਵੀ ਮਿਲਦੇ ਨੇ ਪਰ ਖਾਲਿਸਤਾਨੀ ਲਹਿਰ ਨਾਲ ਸਬੰਧਤ ਹੁੰਦੀ ਹੋਈ ਵੀ 'ਸਾਡਾ ਹੱਕ' ਦੀ ਕਹਾਣੀ ਵਿਚ ਕੋਈ ਵਿਚਾਰਧਾਰਕ ਡੂੰਘਾਈ ਨਹੀਂ ਲੱਭਦੀ।

ਪੰਜਾਬ ਦੇ ਓਸ ਹਿੰਸਕ ਦੌਰ ਬਾਰੇ ਬਣੀਆਂ ਦੋ ਫ਼ਿਲਮਾਂ ਚਰਚਿਤ ਹੋਈਆਂ ਸਨ। ਇੱਕ ਇਕਬਾਲ ਢਿੱਲੋਂ ਵੱਲੋਂ ਬਣਾਈ ਗਈ ਪੰਜਾਬੀ ਫ਼ਿਲਮ 'ਤਬਾਹੀ' ਸੀ ਅਤੇ ਦੂਜੀ ਗੁਲਜ਼ਾਰ ਵੱਲੋਂ ਬਣਾਈ ਗਈ ਹਿੰਦੀ ਫ਼ਿਲਮ 'ਮਾਚਿਸ' ਸੀ। 'ਸਾਡਾ ਹੱਕ' ਦਾ ਥੀਮ ਪੰਜਾਬ ਦੇ ਓਸ ਦੌਰ ਬਾਰੇ ਗੁਲਜ਼ਾਰ ਵੱਲੋਂ 1996 ਵਿਚ ਬਣਾਈ ਗਈ ਫ਼ਿਲਮ 'ਮਾਚਿਸ' ਨਾਲ ਮਿਲਦਾ-ਜੁਲਦਾ ਹੈ।ਇਸ ਦਾ ਪ੍ਰੇਰਨਾ ਸ੍ਰੋਤ ਬੇਅੰਤ ਸਿੰਘ ਕਤਲ ਕਾਂਡ ਨਾਲ ਜੁੜੇ ਜਗਤਾਰ ਹਵਾਰਾ ਅਤੇ ਉਨ੍ਹਾ ਦੇ ਸਾਥੀ ਲਗਦੇ ਨੇ।ਕਲਾਕਾਰੀ ਅਤੇ ਡੂੰਘਾਈ ਪੱਖੋਂ ਦੇਖਿਆ ਜਾਵੇ ਤਾਂ ਮਾਚਿਸ ਦਾ ਮਿਆਰ ਕਿਤੇ ਉੱਚਾ ਸੀ। ਉਸ ਵਿਚ ਪਾਤਰਾਂ ਦੇ ਕਿਰਦਾਰ ਵੀ ਓਮਪੁਰੀ ਅਤੇ ਤੱਬੂ ਵਰਗੇ ਚੋਟੀ ਦੇ ਕਲਾਕਾਰਾਂ ਨੇ ਨਿਭਾਏ ਸਨ । ਇਹ ਫ਼ਿਲਮ ਕਲਾ ਦਾ ਇੱਕ ਸ਼ਾਨਦਾਰ ਨਮੂਨਾ ਸੀ।

ਦੂਜੇ ਪਾਸੇ 'ਸਾਡਾ ਹੱਕ' ਫ਼ਿਲਮ ਦੀ ਅਪੀਲ ਧਾਰਮਿਕ ਅਤੇ ਜ਼ਜ਼ਬਾਤੀ ਵਧੇਰੇ ਹੈ।ਇਹ ਆਪਣੀ ਕਿਸਮ ਦੀ ਪਹਿਲੀ ਫ਼ਿਲਮ ਹੈ ਜਿਸ ਨੂੰ ਵੱਖ ਵੱਖ ਵਰਗ ਅਤੇ ਵਿਅਕਤੀ ਆਪਣੀ ਆਪਣੀ ਨਜ਼ਰ ਨਾਲ ਦੇਖਣਗੇ,ਉਹ ਅਰਥ ਵੀ ਆਪਣੇ-ਆਪਣੇ ਕੱਢਣਗੇ ਅਤੇ ਰੀਐੱਕਸ਼ਨ ਵੀ ਵੱਖ ਵੱਖ ਹੋਵੇਗਾ।ਫ਼ਿਲਮ ਵਿਚ ਦਿਖਾਈ ਹਿੰਸਾ ਨੂੰ ਭੜਕਾਊ ਅਤੇ ਇਕਤਰਫਾ ਆਖ ਕੇ ਇਸ ਦੀ ਨੁਕਤਾਚੀਨੀ ਵੀ ਹੋ ਸਕਦੀ ਹੈ ਪਰ ਇਸ ਦੇ ਮੁਕਾਬਲੇ ਹਿੰਦੀ ਫ਼ਿਲਮਾਂ ਵਿਚ ਅੱਜ ਕੱਲ੍ਹ ਜਿੰਨੀ ਅਤੇ ਜਿਸ ਤਰ੍ਹਾਂ ਦੀ ਹਿੰਸਾ ਅਤੇ ਜ਼ੁਰਮਾ ਦੇ ਨਵੇਂ ਨਵੇਕਲੇ ਤੌਰ ਤਰੀਕੇ ਦਿਖਾਏ ਜਾਂਦੇ ਹਨ , ਉਸ ਦੇ ਮੁਕਾਬਲੇ ਤਾਂ ਇਸ ਫ਼ਿਲਮ ਬਹੁਤ ਪਿੱਛੇ ਹੋਵੇਗੀ।ਦੇਖਣਾ ਇਹ ਹੈ ਸਾਡਾ ਹੱਕ ਨੂੰ ਦੇਖਣ ਵਾਲੀ ਨਵੀਂ ਨੌਜਵਾਨ ਪੀੜ੍ਹੀ ਦੇ ਮਨ ਤੇ ਕਿਹੋ ਜਿਹਾ ਪ੍ਰਭਾਵ ਪਵੇਗਾ।

ਬਣਤਰ ਪੱਖੋਂ ਇਸ ਫ਼ਿਲਮ ਦੀਆਂ ਕੁਝ ਖ਼ੂਬੀਆਂ ਉੱਭਰਵੀਆਂ ਹਨ ।ਸਿੱਖ ਕਿਰਦਾਰਾਂ ਅਤੇ ਉਨਾਂ ਦੀ ਵੇਸ਼ ਭੂਸ਼ਾ, ਠੇਠ ਪੰਜਾਬੀ ਭਾਸ਼ਾ ਵਿਚ ਬੋਲੇ ਡਾਇਲਾਗ, ਪੰਜਾਬ ਦੇ ਰਹਿਣ -ਸਹਿਣ ਦੀ ਸੁਭਾਵਕ ਅਤੇ ਹਕੀਕੀ ਪੇਸ਼ਕਰੀ ਪੱਖੋਂ ਸਾਡਾ ਹੱਕ ਬਹੁਤ ਸਲਾਹੁਣਯੋਗ ਹੈ। ਆਮ ਤੌਰ ਤੇ ਸਿੱਖ ਕਿਰਦਾਰਾਂ ਨੂੰ ਬਹੁਤ ਹਲਕੇ ਅਤੇ ਬੇ-ਢਵੇ ਢੰਗ (ਬਹੁਤ ਵਾਰ ਮਜ਼ਾਕੀਆ ਢੰਗ ਨਾਲ) ਨਾਲ ਫ਼ਿਲਮਾਂ ਵਿਚ ਪੇਸ਼ ਕੀਤਾ ਜਾਂਦਾ ਹੈ ਪਰ ਸਾਡਾ ਹੱਕ ਵਿਚ ਬਹੁਤੇ ਮੁੱਖ ਪਾਤਰ ਰਹਿਣੀ-ਬਹਿਣੀ ਅਤੇ ਬੋਲ -ਚਾਲ ਪੱਖੋਂ ਜਿਉਂਦੇ ਜਾਗਦੇ ਅਸਲੀ ਪਾਤਰ ਦਿਖਾਈ ਦਿੰਦੇ ਹਨ।ਫ਼ਿਲਮ ਵਿਚ ਮਲਵਈ ਪੰਜਾਬੀ ਦਾ ਬੋਲ -ਬਾਲਾ ਹੈ। ਕਮਾਲ ਦੀ ਗੱਲ ਇਹ ਵੀ ਹੈ ਕੁਲਜਿੰਦਰ ਸਿੱਧੂ ਖ਼ੁਦ ਮਾਝੇ ਦੇ ਜੰਮਪਲ ਹੋਣ ਦੇ ਬਾਵਜੂਦ , ਕਰਤਾਰ ਸਿੰਘ ਦੇ ਪਿਤਾ ਦੇ ਰੂਪ ਵਿਚ ਓਸ ਨੇ ਬਹੁਤ ਖ਼ੂਬਸੂਰਤ ਮਲਵਈ ਪੰਜਾਬੀ ਵਿਚ ਡਾਇਲਾਗ ਨਿਭਾਏ ਹਨ।ਕੁਲਜਿੰਦਰ ਸਿੱਧੂ ,ਅੰਮ੍ਰਿਤਸਰ ਦੇ ਸਵਰਗੀ ਪੱਤਰਕਾਰ ਮਹਿੰਦਰ ਸਿੰਘ ਦਾ ਸਪੁੱਤਰ ਹੈ। ਇਸ ਪਰਿਵਾਰ ਨੇ ਖ਼ੁਦ ਉਸ ਦੌਰ ਦਾ ਸੰਤਾਪ ਹੰਢਾਇਆ ਹੈ। ਕੁਲਜਿੰਦਰ ਦਾ ਭਰਾ ਵੀ ਖਾੜਕੂ ਹੋਣ ਦੇ ਦੋਸ਼ ਵਿਚ ਪੁਲਿਸ ਨੇ ਮਾਰ ਦਿੱਤਾ ਸੀ।

ਫ਼ਿਲਮ ਵਿਚ ਕਿਸੇ-ਕਿਸੇ ਥਾਂ ਦਸਤਾਵੇਜ਼ੀ ਫ਼ਿਲਮ ਵਰਗਾ ਪ੍ਰਭਾਵ ਵੀ ਮਿਲਦਾ ਹੈ ਅਤੇ ਸਾਈਡ ਰੋਲ ਵਾਲੇ ਕੁਝ ਇੱਕ ਕਿਰਦਾਰ ਓਪਰੇ ਜਿਹੇ ਵੀ ਲਗਦੇ ਨੇ। ਗੀਤ-ਸੰਗੀਤ ਵੀ ਫ਼ਿਲਮ ਦੀ ਪੇਸ਼ਕਾਰੀ ਵਾਂਗ ਜ਼ਜ਼ਬਾਤੀ ਅਤੇ ਬਾਗ਼ੀ ਸੁਰ ਵਾਲਾ ਹੈ।ਜੈਜ਼ੀ ਬੀ ਵਰਗੇ ਰੁਤਬੇ ਵਾਲੇ ਕਿਸੇ ਗਾਇਕ ਨੇ ਪਹਿਲੀ ਵਾਰੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਗਤਾਰ ਸਿੰਘ ਹਵਾਰਾ ਅਤੇ ਉਸਦੇ ਸਾਥੀਆਂ ਨੂੰ ਬਾਗ਼ੀ ਦੇ ਰੂਪ ਵਿਚ ਪੇਸ਼ ਕਰਕੇ ਵਡਿਆਇਆ ਹੈ।

ਇਸ ਫ਼ਿਲਮ ਵਿਚ ਉਨ੍ਹਾਂ ਬੱਚਿਆਂ ਦੀ ਸੰਭਾਲ ਦੇ ਵਿਸ਼ੇ ਨੂੰ ਛੋਹਿਆ ਗਿਆ ਹੈ, ਜਿਨ੍ਹਾਂ ਦੇ ਮਾਪੇ ਪੁਲੀਸ ਹੱਥੋਂ ਮਾਰੇ ਗਏ ਸਨ।ਅਮਰੀਕਾ ਤੋਂ ਮਨੁੱਖੀ ਅਧਿਕਾਰਾਂ ਬਾਰੇ ਖੋਜ ਕਰਨ ਆਉਂਦੀ ਕੁੜੀ ਨੂੰ ਮਿਸਾਲ ਵਜੋਂ ਪੇਸ਼ ਕੀਤਾ ਗਿਆ ਹੈ।ਜ਼ਿਕਰ ਕਰਨਾ ਬਣਦਾ ਹੈ ਅੱਤਵਾਦ ਦੌਰਾਨ ਇੱਕ ਪਾਸੇ ਪੁਲੀਸ ਹੱਥੋਂ ਅਤੇ ਦੂਜੇ ਪਾਸੇ ਅੱਤਵਾਦੀਆਂ ਹੱਥੋਂ ਮਾਰੇ ਗਏ ਹਜ਼ਾਰਾਂ ਲੋਕਾਂ ਦੇ ਲਾਵਾਰਿਸ ਬੱਚਿਆਂ ਦੀ ਸਾਂਭ -ਸੰਭਾਲ ,ਪੰਜਾਬ ਵਿਚ ਅਮਨ ਹੋਣ ਤੋਂ ਬਾਅਦ ਵੀ ਇਕ ਅਹਿਮ ਸਿਆਸੀ ਅਤੇ ਸਮਾਜਕ ਸਮੱਸਿਆ ਰਹੀ ਹੈ।

ਫ਼ਿਲਮ ਦੇ ਨਿਰਮਾਤਾਵਾਂ ਨੇ ਸਿੱਖ ਜਗਤ ਦੀਆਂ ਕੁਝ ਮੋਹਤਬਰ ਹਸਤੀਆਂ ਅਤੇ ਸਿੱਖ ਭਾਈਚਾਰੇ ਦੇ ਇੱਕ ਹਿੱਸੇ ਨੂੰ ਰਿਲੀਜ਼ ਨੂੰ ਪਹਿਲਾਂ ਦਿਖਾਕੇ ਫ਼ਿਲਮ ਦੇ ਪ੍ਰਚਾਰ ਲਈ ਭਾਵੁਕ ਅਪੀਲ ਕਰਨ ਦਾ ਯਤਨ ਕੀਤਾ ਹੈ।ਬੇਸ਼ੱਕ ਇਹ ਫਿਲਮ ਕਈ ਦੁਖਦੀਆਂ ਰਗਾਂ ਨੂੰ ਵੀ ਛੇੜ ਸਕਦੀ ਹੈ,ਕਈ ਪੁਰਾਣੇ ਜ਼ਖ਼ਮਾਂ ਦੀ ਚੁਭਣ ਵੀ ਯਾਦ ਕਰਾ ਸਕਦੀ ਹੈ,ਸਿੱਖ ਹਲਕਿਆਂ ਵਿਚ ਇਸਦੀ ਪ੍ਰਸ਼ੰਸ਼ਾ ਵੀ ਹੋਵੇਗੀ ਅਤੇ ਕੁਝ ਹੋਰ ਹਲਕਿਆਂ ਵੱਲੋਂ ਨੁਕਤਾਚੀਨੀ ਵੀ ਪਰ ਫਿਰ ਵੀ ਏਸ ਦੇ ਵਾਧੇ ਘਾਟੇ ਵਾਲੇ ਸਭ ਪਹਿਲੂਆਂ ਦੇ ਬਾਵਜੂਦ ਇਹ ਫ਼ਿਲਮ ਦੇਖਣਯੋਗ ਹੈ। 'ਸੌ ਫੁੱਲ ਖਿੜਨ ਦਿਓ' ਵਾਲੀ ਪਹੁੰਚ ਸਿਹਤਮੰਦ ਲੋਕਤੰਤਰ ਲਈ ਹਮੇਸ਼ਾਂ ਲਾਹੇਵੰਦ ਹੁੰਦੀ ਹੈ।

ਬਲਜੀਤ ਬੱਲੀ 
ਸੰਪਾਦਕ, 
ਬਾਬੂਸ਼ਾਹੀ ਡਾਟ ਕਾਮ 
ਤਿਰਛੀ ਨਜ਼ਰ ਮੀਡੀਆ,ਚੰਡੀਗੜ੍ਹ 9915177722 
MOB:---91-99151--77722
ਬੱਲੀ ਜੀ ਦੀ ਆਗਿਆ ਨਾਲ ਬਾਬੂਸ਼ਾਹੀ ਤੋਂ ਕੱਟ-ਪੇਸਟ

Wednesday, March 20, 2013

ਨਾਬਰ : ਹਿਜਰਤ 'ਚ ਸਿਆਸੀ-ਆਰਥਿਕ ਪੁੱਠ ਦਾ ਸਮਾਜੀ ਜ਼ਿੰਦਗੀਨਾਮਾ

ਸੁਭਾਅ ਕਹੋ ਜਾਂ ਚਰਿੱਤਰ..! ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ।ਪ੍ਰਤੱਖ ਦਾ ਸੁਭਾਅ ਸਮਝਣ ਲਈ ਗੱਲਾਂ ਹੁੰਦੀਆਂ ਹਨ ਪਰ ਅਪ੍ਰਤੱਖ ਦਾ ਸੁਭਾਅ ਸਮਝਣਾ ਹੋਵੇ ਤਾਂ ਬੋਧ ਜ਼ਰੂਰੀ ਹੈ। 60ਵੇਂ ਕੌਮਾਂਤਰੀ ਫ਼ਿਲਮ ਪੁਰਸਕਾਰ ‘ਚ ਸਰਵੋਤਮ ਖੇਤਰੀ ਪੰਜਾਬੀ ਭਾਸ਼ਾਈ ਫ਼ਿਲਮ ਦਾ ਪੁਰਸਕਾਰ ਜਿੱਤਣ ਵਾਲੀ ‘ਨਾਬਰ’ ਫ਼ਿਲਮ ਬਾਰੇ ਗੱਲ ਕਰਨ ਤੋਂ ਪਹਿਲਾਂ ਫ਼ਿਲਮ ‘ਮਟਰੂ ਕੀ ਬਿਜਲੀ ਕਾ ਮੰਡੋਲਾ’ ਦਾ ਇਹ ਸੰਵਾਦ ਚੇਤਨਤਾ ‘ਚ ਜਗ੍ਹਾ ਬਣਾਉਂਦਾ ਹੈ। 

“ਮਸਲਾ ਨਾ ਪਿਆਰ ਦਾ ਹੈ,ਨਾ ਪਾਵਰ ਦਾ,ਨਾ ਕਿਸਾਨ ਦਾ,ਨਾ ਜ਼ਮੀਨ ਦਾ,ਨਾ ਪਿੰਡ,ਕਸਬੇ ਤੇ ਸ਼ਹਿਰ ਦਾ।ਮਸਲਾ ਹੈ ਦੇਸ਼ ਦਾ,ਦੇਸ਼ ਲੋਕਾਂ ਤੋਂ ਬਣਦਾ ਹੈ।ਲੋਕ ਯਾਨਿ ਸਮੂਹ ਭਾਵ ਭੀੜ...ਅਤੇ ਭੀੜ ਦਾ ਕੋਈ ਚਿਹਰਾ ਨਹੀਂ ਹੁੰਦਾ।ਭੀੜ ਨੂੰ ਚਿਹਰਾ ਦਿੰਦਾ ਹੈ ਉਹਦਾ ਆਗੂ...ਸੋ ਜੋ ਚਰਿੱਤਰ ਮੇਰਾ ਹੈ ਉਹੀ ਮੇਰੇ ਆਗੂ ਦਾ ਹੋਵੇਗਾ ਤੇ ਉਹੀ ਮੇਰੇ ਦੇਸ਼ ਦਾ।ਜਦੋਂ ਮੈਂ ਅਧਿਆਤਮਕ ਸੀ ਤਾਂ ਦੇਸ਼ ਬੁੱਧ ਸੀ।ਜਦੋਂ ਮੈਂ ਵਿਲਾਸੀ ਹੋਇਆ ਤਾਂ ਰਾਜਾ ਮਹਿਰ ਕੁੱਲ।ਮੈਂ ਕਮਜ਼ੋਰ ਪਿਆ ਤਾਂ ਸਿਕੰਦਰ।ਟੁੱਟਿਆ ਤਾਂ ਬਾਬਰ।ਮੈਂ ਵਪਾਰ ਕੀਤਾ ਤਾਂ ਦੇਸ਼ ਗੁਲਾਮ ਹੋਇਆ ਤੇ ਬਾਗੀ ਬਣਿਆ ਤਾਂ ਅਜ਼ਾਦ।ਜਦੋਂ ਮੈਂ ਅਜ਼ਾਦ ਹੋਇਆ ਤਾਂ ਸਵਾਰਥੀ ਹੋਇਆ,ਸਵਾਰਥੀ ਤਾਂ ਭ੍ਰਿਸ਼ਟ,ਭ੍ਰਿਸ਼ਟ ਤਾਂ ਧਨਾਢ,ਧਨਾਢ ਤਾਂ ਸਾਧਨ ਸੰਪਨ,ਸਾਧਨ ਸੰਪਨ ਤਾਂ ਪ੍ਰਗਤੀਵਾਨ,ਭਾਵ ਪ੍ਰਗਤੀਵਾਨ ਦੇਸ਼ ਦੀ ਪ੍ਰਗਤੀ....ਦੇਸ਼ ਦੀ ਪ੍ਰਗਤੀ ਲਈ ਨਿਜੀ ਪ੍ਰਗਤੀ ਜ਼ਰੂਰੀ ਹੈ... ਸੰਵਾਦ,ਸ਼ਬਾਨਾ ਆਜ਼ਮੀ ਫ਼ਿਲਮ-ਮਟਰੂ ਕੀ ਬਿਜਲੀ ਕਾ ਮੰਡੋਲਾ 

ਇਹ ਵਿਕਾਸ ਦਾ ਉਹ ਰੂਪ ਹੈ ਜੋ ਵਰ ਨਹੀਂ ਸਗੋਂ ਵਿਕਾਸ ਦੀ ਅਜਿਹੀ ਸਲੀਬ ਹੈ ਜਿਹਨੇ ਦੇਸ਼ ਦੇ ਸੁਭਾਅ ਨੂੰ ਅਸਲੋਂ ਹੋਲਾ ਕੀਤਾ ਹੈ।ਇਸ ਦੀ ਗ੍ਰਿਫ਼ਤ ‘ਚ ਆਇਆ ਹਰ ਬੰਦਾ ਵਿਕਾਸ ਨੂੰ ਬਾਹਰੀ ਚਮਕ ਅਤੇ ਸੁੱਖ ਸਹੂਲਤਾਂ ਦਾ ਨਾਮ ਦੇ ਬੈਠਾ ਹੈ।ਇਸੇ ਵਿਕਾਸ ਦੀ ਜਦ ‘ਚ ਪ੍ਰਗਤੀਵਾਨ ਆਪਣੀ ਨਿਜੀ ਪ੍ਰਗਤੀ ਨੂੰ ਦੇਸ਼ ਦੀ ਪ੍ਰਗਤੀ ਦਾ ਭੁਲੇਖਾ ਪਾ ਭ੍ਰਿਸ਼ਟ ਬਣਦਾ ਹੋਇਆ ਸਿਆਸਤ ਨੂੰ ਦਾਗ਼ਦਾਰ ਕਰਦਾ ਜਾ ਰਿਹਾ ਹੈ।ਤਮਾਮ ਤਰ੍ਹਾਂ ਦੀਆਂ ਯੋਜਨਾਵਾਂ ਅਤੇ ਤਮਾਮ ਤਰ੍ਹਾਂ ਦੇ ਸਮਾਜੀ ਫੇਰਬਦਲ ‘ਚ ਇਸੇ ਕਰਕੇ ਖੌਫ ਦੀ ਬੂ ਆ ਰਹੀ ਹੈ ਅਤੇ ਉਸੇ ਹੁੰਮਸ ‘ਚ ਲੋਕਧਾਰਾ ਦੇ ਤਰਾਨੇ ਬਾਸੀ ਹੋ ਰਹੇ ਹਨ।ਬੇਹਤਰ ਜ਼ਿੰਦਗੀ ਦੀ ਚਾਹ ਬੰਦੇ ਨੂੰ ਸਰੋਕਾਰਾਂ ਤੋਂ ਦੂਰ ਕਰਦੇ ਹੋਏ ਉਹਨੂੰ ਨਿਜ ਤੱਕ ਸਮੇਟ ਦਿੰਦੀ ਹੈ ਅਤੇ ਉਸੇ ਨਿਜ ‘ਚ ਪੰਜਾਬ ਤੋਂ ਬਾਹਰਲੇ ਦੇਸ਼ਾਂ ਨੂੰ ਪਰਵਾਸ ਹੋਇਆ ਹੈ।ਇਸ ਸਮਾਜੀ ਫੇਰਬਦਲ ਪਿੱਛੇ ਆਰਥਿਕ-ਸਿਆਸੀ ਨਾਕਾਮੀ ਬਹੁਤ ਗਹਿਰੇ ਬੈਠੀ ਹੈ।ਮਸਲਾ ਰੋਟੀ ਦਾ ਹੈ ਮਸਲਾ ਖੁਸ਼ਹਾਲ ਵਾਤਾਵਰਣ ‘ਚ ਸਾਹ ਲੈਣ ਦਾ ਵੀ ਹੈ।ਇਸੇ ਆਰਥਿਕ-ਸਿਆਸੀ ਨਾਕਾਮੀ ਨੂੰ ਜਦੋਂ ਬਿਹਾਰ ਵਰਗਾ ਸੂਬਾ ਸਮਝਦਾ ਹੈ ਤਾਂ ਪੰਜਾਬ ਵੱਲ ਨੂੰ ਮਜ਼ਦੂਰਾਂ ਦਾ ਪਰਵਾਸ ਘੱਟਦਾ ਹੈ।ਸੋ ਅਜਿਹੇ ਪਰਵਾਸ ਦੇ ਨਾਲ ਸਾਰਥਕ ਪਹਿਲੂ ਬੇਸ਼ੱਕ ਬਹੁਤ ਸਾਰੇ ਜੁੜੇ ਹੋਣ ਪਰ ਸੱਚ ਇਹ ਵੀ ਹੈ ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਪਰਵਾਸ ਨੇ ਦੱਲਾਗਿਰੀ ਦੀ ਰੂਪਰੇਖਾ ਨੂੰ ਭੈੜੇ ਰੂਪ ‘ਚ ਜਵਾਨ ਕੀਤਾ ਹੈ।ਅਜਿਹੇ ਸਾਰੇ ਅਯਾਮ ਵੇਖਣੇ ਬਹੁਤ ਜ਼ਰੂਰੀ ਹਨ ਸਾਰੇ ਸੁਭਾਅ ਨੂੰ ਸਮਝਦੇ ਹੋਏ।ਸੋ ਰਾਜੀਵ ਕੁਮਾਰ ਦੀ ਫ਼ਿਲਮ ‘ਨਾਬਰ’ ਸੱਚੇ ਸਰੋਕਾਰਾਂ ਦੀ ਪੈੜ ਨੂੰ ਲੱਭਦੀ ਹੋਈ ਅਜਿਹੀ ਹੀ ਧਾਰਾ ਹੈ ਜੋ ਚਰਚਾ ਨੂੰ ਸਾਡੇ ਸਾਹਮਣੇ ਲਿਆ ਖੜ੍ਹਾ ਕਰਦੀ ਹੈ। 

ਵਿਚਾਰਧਾਰਕ ਰੂਪ ਤੋਂ ਮੈਂ ਇਸ ਨੂੰ ਇੰਝ ਵੇਖਦੇ ਹੋਏ ਦੇਸ਼ ਨੂੰ ਸਮਝਨਾ ਚਾਹੁੰਦਾ ਹਾਂ।ਦੂਜਾ ਨਾਲੋ ਨਾਲ ਮੈਂ ਸਿਨੇਮਾ ਅੰਦਰ ਪੁੰਗਰਦੀ ਪਨੀਰੀ ਨੂੰ ਵੀ ਵੇਖਦਾ ਹਾਂ।ਕਿਉਂ ਕਿ ਸਮਾਜ ਦੇ ਨਾਲ ਸਿਨੇਮਾ ਨੂੰ ਵੇਖਣਾ ਬਹੁਤ ਜ਼ਰੂਰੀ ਹੈ।ਜਿਵੇਂ ਕਿ 56 ਵੇਂ ਕੌਮਾਂਤਰੀ ਫ਼ਿਲਮ ਪੁਰਸਕਾਰ ਦੌਰਾਨ ਆਸ਼ੂਤੋਸ਼ ਰਾਣਾ ਨੇ ਕਿਹਾ ਸੀ ਕਿ ਸਿਨੇਮਾ ਤੇ ਸਮਾਜ ਇੱਕ ਦੂਜੇ ਦੇ ਪੂਰਕ ਹਨ।ਸਿਨੇਮਾ ਸਮਾਜ ਚੋਂ ਸਿੱਖਦਾ ਹੈ ਅਤੇ ਸਮਾਜ ਸਿਨੇਮਾ ਚੋਂ ਪ੍ਰਭਾਵ ਲੈਂਦਾ ਹੈ।ਇਸ ਬਣਤਰ ਨੂੰ ਅਸੀ ਸਿੱਧੇ ਸਿੱਧੇ ਰੂਪ ‘ਚ ਨਹੀਂ ਵੇਖਦੇ ਪਰ ਅਜਿਹਾ ਹੈ।ਅਜਿਹੇ ‘ਚ ਨਾਬਰ ਫ਼ਿਲਮ ਰਾਹੀਂ ਜੇ ਪੰਜਾਬ ਅੰਦਰਲੇ ਪਰਵਾਸ ਪ੍ਰੇਮ ਰਾਹੀਂ ਇਹਦੀ ਆਰਥਿਕ-ਸਿਆਸੀ-ਸਮਾਜੀ ਤੰਦਾ ਨੂੰ ਸਿਨੇਮਾ ਵਿਖਾਉਂਦਾ ਹੈ ਤਾਂ ਬਹੁਤ ਚੰਗਾ ਹੈ।ਸਿਨੇਮਾ ਦਾ ਹਰ ਦੌਰ ਆਪਣੇ ਅੰਦਰ ਕੌੜੀ ਸੱਚਾਈ ਅਤੇ ਬੰਦੇ ਦੇ ਅੰਦਰਲੇ ਕਲਪਨਾਤਮਕ ਸੁਖ਼ਨ ਸੁਨੇਹੇ ਨੂੰ ਨਾਲੋਂ ਨਾਲ ਪ੍ਰਗਟ ਕਰਦਾ ਆਇਆ ਹੈ।ਵਿਚਾਰਧਾਰਾ ਵੀ ਜ਼ਿੰਦਗੀ ਦੀ ਤਰ੍ਹਾਂ ਹੀ ਤਾਂ ਹੈ ਕਦੀ ਜਵਾਨ ਹੁੰਦੀ ਹੈ ਅਤੇ ਕਦੀ ਬੁੱਢੀ ਹੁੰਦੀ ਹੈ ਅਤੇ ਫ਼ਿਰ ਕੋਈ ਨਵੀਂ ਵਿਚਾਰਧਾਰਾ ਅੰਗੜਾਈ ਲੈਂਦੀ ਹੈ।ਗੌਰ ਕਰੋ ਐਂਗਰੀ ਯੰਗ ਮੈਨ ਤੋਂ ਪਹਿਲਾਂ ਦਾ ਸਿਨੇਮਾ ਸ਼ੁਰੂਆਤੀ ਰੂਪ ‘ਚ ਮਹਿਜ਼ ‘ਸੱਤਿਆਵਾਦੀ ਰਾਜ ਹਰੀਸ਼ਚੰਦਰ’ ਜਾਂ ‘ਆਲਮ ਆਰਾ’ ਹੀ ਸੀ।ਭਗਤੀ ਰਸ ‘ਚ ਜਵਾਨ ਹੋ ਰਿਹਾ ਸਿਨੇਮਾ ਸ਼ਾਇਦ ਸਰੋਕਾਰਤਾ ‘ਚ ਆਪਣੀ ਸ਼ਮੂਲੀਅਤ ਪ੍ਰਤੀ ਗੰਭੀਰ ਹੀ ਨਹੀਂ ਸੀ।ਫਿਰ ਸਿਨੇਮਾ ਸਰੋਕਾਰਤਾ ਨਾਲ ਵੀ ਜੁੜਿਆ ਅਤੇ ਬਹੁਤ ਸਾਰੀਆਂ ਫ਼ਿਲਮਾਂ ਵੀ ਆਈਆਂ।ਪਰ ਐਂਗਰੀ ਯੰਗਮੈਨ ਤੋਂ ਪਹਿਲਾਂ ਦਾ ਸਿਨੇਮਾ ਨਹਿਰੂ ਵਿਜ਼ਨ ਦਾ ਸਿਨੇਮਾ ਸੁਨਹਿਰੇ ਸੁਫ਼ਨਿਆਂ ਨੂੰ ਖੜ੍ਹਾ ਕਰਦਾ ਸਿਨੇਮਾ ਸੀ।ਇਹ ਸੁਫ਼ਨੇ ਕਿਵੇਂ ਐਂਗਰੀ ਯੰਗ ਮੈਨ ਦੇ ਦੌਰ ‘ਚ ਜ਼ਖ਼ਮੀ ਦਿਲਾਂ ਨਾਲ ਦਾਖ਼ਲ ਹੁੰਦੇ ਹਨ ਇਸ ਨੂੰ ਸਮਝਨ ਲਈ ਦੀਵਾਰ ਜਾਂ ਪਿਆਸਾ ਮਹਿਜ਼ ਉਸ ਦੌਰ ਦੀ ਇੱਕ ਉਦਾਹਰਨ ਹਨ।ਪਰ ਸਮਾਜ ਅੰਦਰ ਖਿੰਡਾਅ ਦੇ ਉਸ ਦੌਰ ‘ਚ ਹਰ ਫ਼ਿਲਮ ‘ਚ ਇੱਕ ਸੰਵਾਦ ਆਮ ਹੁੰਦਾ ਸੀ। 


“ਮਾਂ ਮੁਝੇ ਨੌਕਰੀ ਮਿਲ ਗਈ...ਮਾਂ...! 

ਇਹ ਠੀਕ ਉਸੇ ਤਰ੍ਹਾਂ ਦਾ ਹੈ ਜਿਵੇਂ ਮਿਰਜ਼ਾ ਗ਼ਾਲਿਬ ਕਹਿੰਦੇ ਹਨ,“ਗ਼ਾਲਿਬ ਦਿਲ ਕੋ ਬਹਿਲਾਨੇ ਕੇ ਲੀਏ ਯੇ ਖ਼ਿਆਲ ਅੱਛਾ ਹੈ।ਇਸ ਸੰਵਾਦ ‘ਚ ਉਸ ਸਮੇਂ ਦੀ ਅਰਾਜਕਤਾ ਦਾ ਦਰਦ ਵੀ ਹੈ ਜੋ ਸਰਕਾਰ ਨੂੰ ਹੱਲ ਲੱਭਣ ਨੂੰ ਕਹਿ ਰਿਹਾ ਹੈ ਅਤੇ ਸਿਨੇਮਾ ਦੇ ਸੁਰਮਈ ਜਾਦੂ ‘ਚ ਖੁਦ ਨੂੰ ਸੰਤੁਸ਼ਟ ਕਰਨ ਦਾ ਇੱਕ ਵਸੀਲਾ ਵੀ ਬਣਦਾ ਹੈ।ਇਹ ਸੰਵਾਦ ਅਜੋਕੀ ਫ਼ਿਲਮਾਂ ਤੱਕ ਚੱਲ ਰਿਹਾ ਹੈ।ਵਿਰਾਸਤਾਂ ਆਪਣੇ ਦਰਦ ਨੂੰ ਇੰਝ ਹੀ ਬਿਆਨ ਕਰਦੀਆਂ ਤੁਰਦੀਆਂ ਨੇ ਉਦੋਂ ਤੱਕ....ਜਦੋਂ ਤੱਕ ਕੋਈ ਹੱਲ ਨਹੀਂ ਲੱਭਦਾ।ਇਸੇ ਦਰਦ ਨੂੰ ਸਾਹਿਰ ਸਾਹਬ ਫ਼ਿਲਮ ‘ਪਿਆਸਾ’ ‘ਚ ਜ਼ੁਬਾਨ ਦਿੰਦੇ ਹਨ ਕਿ ਯੇ ਦੁਨੀਆ ਅਗਰ ਮਿਲ ਭੀ ਜਾਏ ਤੋ ਕਿਆ ਹੈ।ਇਸੇ ਦਰਦ ‘ਚ ਸਾਹਿਤ ਦੇ ਉਸ ਕਲਪਨਾ ਗੀਤ ਨਾਲ ਬਗਾਵਤ 21 ਵੀ. ਸਦੀ ‘ਚ ਚੱਲਦੀ ਆ ਰਹੀ ਹੈ ਕਿ ਜਿਸ ਕਵੀ ਕੀ ਕਲਪਨਾ ਮੇਂ ਜ਼ਿੰਦਗੀ ਹੋ ਪ੍ਰੇਮ ਗੀਤ ਉਸ ਕਵੀ ਕੀ ਕਲਪਨਾ ਕੋ ਨਕਾਰ ਦੋ (ਗ਼ੁਲਾਲ ਫ਼ਿਲਮ) ਸੁਭਾਅ ਦੇ ਇਸ ਮਿਜਾਜ਼ ਨੂੰ ਪੰਡਿਤ ਨਹਿਰੂ ਦੇ ਸੁਫਨੇ ਨਾਲ ਸੰਗੇ ਸੰਗੇ ਬਾਗੀਆਂ ਦੇ ਨਿਰਮਾਣ ਦੀ ਕਹਾਣੀ ‘ਚ ਪਾਨ ਸਿੰਘ ਤੋਮਰ ਆਪਣਾ ਬਦਲਾ ਲੈਕੇ ਵੀ ਕਹਿੰਦਾ ਹੈ ਕਿ ਮੈਨੂੰ ਮੇਰਾ ਜਵਾਬ ਨਹੀਂ ਮਿਲਿਆ।ਗੈਂਗਸ ਆਫ ਵਾਸੇਪੁਰ ਇੱਕ ਬਗਲ ਮੇਂ ਚਾਂਦ ਤੇ ਇੱਕ ਬਗਲ ਮੇਂ ਰੋਟੀ ਦਾ ਸੁਫਨਾ ਪਾਲੀ ਉਮੀਦ ਨੂੰ ਜ਼ਿੰਦਾ ਰੱਖਦੀ ਹੈ।2012-2013 ਦੇ ਸਿਨੇਮਾ ‘ਚ ਖੇਤਰੀ ਸਿਨੇਮਾ ਤੋਂ ਲੈਕੇ ਬਾਲੀਵੁੱਡ ਸਿਨੇਮਾ ਤੱਕ ਬਹੁਤ ਸਾਰੇ ਅਜਿਹੇ ਹਵਾਲੇ ਮਿਲਦੇ ਹਨ।ਮਾਲੇਂਗਾਓਂ ਕਾ ਸੁਪਰਮੈਨ ‘ਚ ਇੱਕ ਕਿਰਦਾਰ ਰਾਤ ਨੂੰ ਦੋਸਤਾਂ ਦੀ ਮਹਿਫਲ ‘ਚ ਪੱੜ੍ਹਦਾ ਹੈ ਕਿ – ਚਾਂਦ...! 


ਐ ਰਾਤ ਸਹਿਰਾ ਮੇਂ ਭਟਕਤੇ ਹੂਏ ਚਾਂਦ
ਜਾ ਕਹੀਂ ਔਰ ਚਲੇ ਜਾ
ਯੇ ਬਸਤੀ ਤੇਰੇ ਕਾਬਲ ਹੀ ਨਹੀਂ
ਯੇ ਵੋਹ ਬਸਤੀ ਹੈ ਜਹਾਂ ਰਾਤ ਕੇ ਸੰਨਾਟੇ ਮੇਂ 
ਇਜ਼ਤ-ਓ-ਲਫ਼ਜ਼ ਕੋ ਨੀਲਾਮ ਕੀਆ ਜਾਤਾ ਹੈ
ਇਸ ਜਗ੍ਹਾ ਬਿਕਤੇਂ ਹੈਂ ਇਨਸਾਨ ਭੀ ਸਿਕੋਂ ਕੇ ਏਵਜ਼
ਇਸ ਜਗ੍ਹਾ ਪਿਆਰ ਕੋ ਬਦਨਾਮ ਕੀਆ ਜਾਤਾ ਹੈ
ਇਸ ਜਗ੍ਹਾ ਜ਼ੁਲਮ-ਓ-ਹਿਲਾਕਤ ਕੇ ਸਿਵਾ ਕੁਛ ਭੀ ਨਹੀਂ
ਇਸ ਜਗ੍ਹਾ ਕਰਬ-ਓ-ਅਜ਼ੀਅਤ ਕੇ ਸਿਵਾ ਕੁਛ ਭੀ ਨਹੀਂ
ਇਸ ਜਗ੍ਹਾ ਮੁਫ਼ਲਿਸ-ਓ-ਨਾਦਾਨ ਬਿਲਕਤੇ ਬੱਚੇ
ਜਿਨਕੇ ਕਾਨੋ ਮੇਂ ਲੜਕਪਣ ਸੇ ਜਵਾਨ ਹੋਨੇ ਤੱਕ
ਕਾਰਖ਼ਾਨੋਂ ਮੇਂ ਭਾਰੀ ਮਸ਼ੀਨੋਂ ਕੀ ਸਦਾ ਗੂੰਜਤੀ ਰਹਤੀ ਹੈ
ਮਮਤਾ ਭਰੀ ਲੋਰੀ ਕੀ ਤਰ੍ਹਾਂ
ਚਾਂਦ...!
ਐ ਰਾਤ ਸਹਿਰਾ ਮੇਂ ਭਟਕਤੇ ਹੂੰਏ ਚਾਂਦ
ਜਾ ਕਹੀਂ ਔਰ ਚਲੇ ਜਾ ਮੇਰੀ ਬਸਤੀ ਸੇ

ਸੋ ਸਿਨੇਮਾ ਦੇ ਬਹੁਤ ਸਾਰੇ ਅਯਾਮ ਹਨ ਜੋ ਨਾਬਰ ਤੱਕ ਪੂਰੇ ਹੁੰਦੇ ਬਹੁਤ ਸਾਰੀਆਂ ਵਿਚਾਰਧਾਰਾਵਾਂ ਚਿੰਤਨ ਦੇ ਦਰਸ਼ਨ ਰਾਹੀਂ ਜ਼ਮੀਨ ਅਤੇ ਬੰਦੇ ਦੇ ਰਿਸ਼ਤੇ ਦਾ ਖੁਰਾ ਖੋਜਦੇ ਹਨ।ਰਾਜੀਵ ਕੁਮਾਰ ਮੁਤਾਬਕ ਪੰਜਾਬ ਦੇ ਚਿੰਤਨ ‘ਚ ਦਰਿਆਵਾਂ ਦਾ ਫਲਸਫਾ ਹੈ।ਉਸੇ ਫਲਸਫੇ ਦਾ ਸੰਵਾਦ ਪਹਿਲਾਂ ਉਹ ਛੋਟੀ ਫ਼ਿਲਮ ‘ਆਤੂ ਖ਼ੋਜੀ’ ‘ਚ ਪੇਸ਼ ਕਰ ਚੁੱਕਾ ਹੈ ਅਤੇ ਉਸੇ ਸੰਵਾਦ ‘ਚ ਨਾਬਰ ਦਾ ਸੁਭਾਅ ਹੁਣ ਕਿਸ ਮਿਜਾਜ਼ ਦਾ ਹੈ ਇਹ ਉਹ ਫ਼ਿਲਮ ਨਾਬਰ ‘ਚ ਸਮਝਾਉਂਦਾ ਹੈ।ਨਾਬਰ ‘ਚ (ਸ਼ਕਤੀ ਦੇ ਰੂਪਕ) ਕਪੂਰ ਸਿੰਘ ਅਤੇ (ਕ੍ਰਾਂਤੀ ਦੇ ਰੂਪਕ) ਸੁਰਜਣ ਸਿੰਘ ਦਾ ਸੰਵਾਦ ਵੀ ਨਹਿਰ ਦੇ ਪੁੱਲ ਉੱਤੇ ਪੇਸ਼ ਹੁੰਦਾ ਆਪਣਾ ਫੈਸਲਾ ਸੁਣਾ ਰਿਹਾ ਹੈ ਅਤੇ ਜਿਸ ਦੀ ਅਤਿ ਚੋਂ ਪੰਜਾਬੀ ਸਿਨੇਮਾ ਵੀ ਹੁਣ ਸਰੋਕਾਰਤਾ ਲੈਂਦੇ ਫੈਸਲਿਆਂ ‘ਚ ਕੁੱਦ ਰਿਹਾ ਹੈ। 

ਅਸੀਂ ਕਿਹੜੇ ਪੰਜਾਬੀ ਹਾਂ -ਹਰਦੀਪ ਗਿੱਲ ਦਾ ਮਿੱਟੀ ਫ਼ਿਲਮ 'ਚ ਸੰਵਾਦ 

ਕਹਿੰਦੇ ਨੇ ਆਤਮਾ ਮਰਦੀ ਨਹੀਂ ਜੇ ਆਤਮਾ ਮਰਦੀ ਨਹੀਂ ਤਾਂ ਮੌਤ ਕੀ ਹੋਈ –ਅੰਨ੍ਹੇ ਘੋੜੇ ਦਾ ਦਾਨ ਫ਼ਿਲਮ ਦਾ ਸੰਵਾਦ

ਦਸ਼ਮੇਸ਼ ਪਿਤਾ ਨੇ ਕਿਹਾ ਜਦੋਂ ਜ਼ੁਲਮ ਦੀ ਅਤਿ ਹੋਜੇ ਤਾਂ ਹਥਿਆਰ ਚੁੱਕਣਾ ਪੁੰਨ ਦਾ ਕੰਮ ਹੁੰਦਾ ਹੈ –ਨਾਬਰ ਫ਼ਿਲਮ ‘ਚ ਹਰਦੀਪ ਗਿੱਲ ਦਾ ਸੰਵਾਦ ਇਹ ਸੰਵਾਦ ਖੁਦ-ਬ-ਖੁਦ ਬੋਲਦੇ ਹਨ ਕਿ ਹੁਣ ਪੰਜਾਬੀ ਸਿਨੇਮਾ ਕੀ ਕਹਿਣ ਦੀ ਤਿਆਰੀ ਕਰ ਰਿਹਾ ਹੈ।ਰਾਜੀਵ ਉਸ ਦੌਰ ‘ਚ ਵਧਾਈ ਦਾ ਪਾਤਰ ਹੈ ਜਿਸ ਦੌਰ ‘ਚ ਸਿਨੇਮਾ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਰਾਜੀਵ ਕੁਮਾਰ ਵਰਗੇ ਨਿਰਦੇਸ਼ਕ ਇਹ ਸੋਚਕੇ ਨਹੀਂ ਨਿਕਲਦੇ ਕਿ ਮੁਨਾਫਾ ਕੀ ਹੋਵੇਗਾ।ਮੁਨਾਫੇ ਦੀ ਸਿਨੇਮਾ ਇੰਡਸਟਰੀ ‘ਚ ਉਹ ਦਰਦ ਦਾ ਹਕੀਮ ਬਣਨ ਦੀ ਇੱਛਾ ਰੱਖਦਾ ਹੈ।ਹੋ ਸਕਦਾ ਹੈ ਫੇਲ੍ਹ ਵੀ ਹੋ ਜਾਵੇ ਪਰ ਮੁੱਦਾ ਹੈ ਕਿ ਹੌਂਸਲਾ ਬਰਕਰਾਰ ਰੱਖੀਏ। 

ਉਮੀਦ ਦੇ ਚਿਰਾਗ : ਪਿਛਲੇ ਸਾਲ 59 ਵੇਂ ਫ਼ਿਲਮ ਪੁਰਸਕਾਰ ‘ਚ ਗੁਰਵਿੰਦਰ ਸਿੰਘ ਨੂੰ ਸਰਵੋਤਮ ਨਿਰਦੇਸ਼ਕ ਸਮੇਤ ਸਰਵੋਤਮ ਫ਼ਿਲਮ ਦਾ ਕੌਮਾਂਤਰੀ ਪੁਰਸਕਾਰ ‘ਅੰਨ੍ਹੇ ਘੋੜੇ ਦਾ ਦਾਨ’ ਨੂੰ ਜਾਂਦਾ ਹੈ।ਉਜੱਵਲ ਚੰਦਰਾ ਅੰਨ੍ਹੇ ਘੋੜੇ ਦਾ ਦਾਨ ਦਾ ਐਡੀਟਰ ਹੈ ਅਤੇ ਇਸ ਸਾਲ ਰਾਜੀਵ ਕੁਮਾਰ ਦੀ ਫ਼ਿਲਮ ਨਾਬਰ ਦਾ ਵੀ ਐਡੀਟਰ ਹੈ।ਰਾਜੀਵ ਕੁਮਾਰ ਦੀ ਫ਼ਿਲਮ 60ਵੇਂ ਕੌਮਾਂਤਰੀ ਫ਼ਿਲਮ ਪੁਰਸਕਾਰ ‘ਚ ਇਹ ਪੁਰਸਕਾਰ ਜਿੱਤਦੀ ਹੈ।ਅਜਿਹਾ ਬਿਆਨ ਕਰਨ ਤੋਂ ਮੈਂ ਇੰਝ ਵੀ ਵੇਖਣਾ ਚਾਹੁੰਦਾ ਹਾਂ ਕਿ ਨੌਜਵਾਨ ਆਪਣੀ ਪਲੇਠੀ ਰਚਨਾ ਤੋਂ ਅਜਿਹਾ ਕਮਾਲ ਕਰ ਰਹੇ ਹਨ।ਸਿਨੇਮਾ ਦੀ ਇੱਕ ਉਮੀਦ ਮੈਨੂੰ ਇੰਝ ਵੀ ਵਿਖਦੀ ਹੈ।ਦੂਜਾ ਪੰਜਾਬ ਅੰਦਰ ਸੰਗੀਤ ਨੂੰ ਲੈਕੇ ਕਾਫੀ ਬਹਿਸ ਹੁੰਦੀ ਆ ਰਹੀ ਹੈ।ਅਜਿਹੇ ‘ਚ ਨਾਬਰ ਫ਼ਿਲਮ ਦੇ ਮਿਊਜ਼ਿਕ ‘ਚ ਇੱਕੋ ਸਮੇਂ ਮੈਂ ਬਾਬੂ ਰਜਬ ਅਲੀ,ਚੰਡੀ ਦੀ ਵਾਰ,ਜੁਗਨੀ,ਸੂਫੀ ਸੁਣ ਰਿਹਾ ਹਾਂ ਤਾਂ ਮੇਰੇ ਲਈ ਇਹ ਵੀ ਇੱਕ ਉਮੀਦ ਦਾ ਚਿਰਾਗ ਹੈ। 

ਹਰਪ੍ਰੀਤ ਸਿੰਘ ਕਾਹਲੋਂ 
ਲੇਖਕ ਨੌਜਵਾਨ ਫਿਲਮਸਾਜ਼ ਤੇ ਵਿਸਲੇਸ਼ਕ ਹੈ। ਸਿਨੇਮੇ ਨੂੰ ਸ਼ਬਦਾਂ ਜ਼ਰੀਏ ਫੜ੍ਹਦਾ ਹੈ। ਅੱਜਕਲ੍ਹ ਬਾਬੇ ਨਾਨਕ ਦੀ ਵੇਈ ਦੇ ਕੰਢੇ ਅਮੀਰ ਖੁਸਰੋ ਵਾਂਗ 'ਖੁਸਰੋ ਦਰਿਆ ਪ੍ਰੇਮ ਕਾ,ਉਲਟੀ ਵਾ ਕੀ ਧਾਰ,ਜੋ ਉਤਰਾ ਸੋ ਡੂਬ ਗਿਆ,ਜੋ ਡੂਬਾ ਸੋ ਪਾਰ' ਪਿਆਰ ਦੀਆਂ ਰੂਹਾਨੀ ਤਾਰੀਆਂ 'ਚ ਮਸਤ ਹੈ।

Tuesday, January 8, 2013

ਸਿਨੇਮਾ-ਸਾਹਿਤਕ ਸਾਂਝ ’ਚ ਨਕਲ ਅਤੇ ਵਿਵਾਦ

ਹਰਪ੍ਰੀਤ ਸਿੰਘ ਕਾਹਲੋਂ ਨੌਜਵਾਨ ਫਿਲਮਸਾਜ਼ ਤੇ ਵਿਸਲੇਸ਼ਕ ਹੈ। ਸਿਨੇਮੇ ਨੂੰ ਸ਼ਬਦਾਂ ਜ਼ਰੀਏ  ਫੜ੍ਹਦਾ  ਹੈ। ਅੱਜਕਲ੍ਹ ਬਾਬੇ ਨਾਨਕ ਦੀ ਵੇਈ ਦੇ ਕੰਢੇ ਅਮੀਰ ਖੁਸਰੋ ਵਾਂਗ 'ਖੁਸਰੋ ਦਰਿਆ ਪ੍ਰੇਮ ਕਾ,ਉਲਟੀ ਵਾ ਕੀ ਧਾਰ,ਜੋ ਉਤਰਾ ਸੋ  ਡੂਬ ਗਿਆ,ਜੋ ਡੂਬਾ ਸੋ ਪਾਰ' ਪਿਆਰ ਦੀਆਂ ਰੂਹਾਨੀ ਤਾਰੀਆਂ 'ਚ ਮਸਤ ਹੈ।-ਯਾਦਵਿੰਦਰ ਕਰਫਿਊ

ਹਰਫ਼ ਕਿਸੇ ਅਹਿਸਾਸ ਲਈ ਸੁਖ਼ਨਵਰ ਵੀ ਹੋ ਸਕਦੇ ਹਨ ਅਤੇ ਕਿਸੇ ਤ੍ਰਾਸਦੀ ਦਾ ਬਿੰਬ ਵੀ…ਉਕੇਰਨਾ ਹੀ ਬੰਦੇ ਦਾ ਸੰਘਰਸ਼ ਹੈ। ਚਾਹੇ ਸਫ਼ਿਆ ਦੇ ਹਵਾਲੇ ਕਰਕੇ ਚਾਹੇ ਮੌਖਿਕ ਰੂਪ ‘ਚ ਕਿਸੇ ਮਨ ਦੀ ਦਹਿਲੀਜ਼ ‘ਤੇ ਛਾਪਕੇ ਜਾਂ ਫਿਰ ਸਿਨੇਮਾ ਰਾਹੀਂ ਪਰਦੇ ‘ਤੇ ਉਤਾਰਕੇ ਪਰ ਹਰਫ਼ ਦਾ ਵਜੂਦ ਉਕੇਰਣ ‘ਚ ਹੀ ਹੈ।ਇਸ ਨਜ਼ਰੀਏ ਨੂੰ ਗੁੰਝਲਦਾਰ ਮੰਨਿਆ ਜਾ ਸਕਦਾ ਹੈ ਪਰ ਅਜਿਹਾ ਨਹੀਂ ਹੈ।

ਇਸ ਸਾਰੇ ਸੰਵਾਦ ‘ਚ ਮਹਿਸੂਸ ਹੁੰਦਾ ਹੈ ਕਿ ਸਾਹਿਤ ਦੀ ਅਜਿਹੀ ਸਾਂਝ ‘ਚ ਨਕਲ,ਸਿਨੇਮਾ ਅਤੇ ਵਿਵਾਦਾਂ ਦਾ ਆਪਸੀ ਤਾਣਾ ਬਾਣਾ ਬਹੁਤ ਰਲਵੇਂ ਸੁਰ ‘ਚ ਸਥਾਪਿਤ ਹੈ।ਗੁਰਦਿਆਲ ਸਿੰਘ ਦੇ ਨਾਵਲ ਅੰਨ੍ਹੇ ਘੋੜੇ ਦਾ ਦਾਨ ‘ਤੇ ਅਧਾਰਿਤ ਗੁਰਵਿੰਦਰ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਫ਼ਿਲਮ ਹੁਣ ਬੀਤੇ ਦੀ ਕਹਾਣੀ ਹੈ ਅਤੇ ਸਿਨੇਮਾ ਪੰਧ ਦਾ ਵਿਕਾਸ ਹੁਣ ਅੱਗੇ ਵੇਖਣ ਦੀ ਗੁਜ਼ਾਰਿਸ਼ ਕਰਦਾ ਹੈ।ਬਾਕੀ ਗੁਰੂ ਦਾ ਪ੍ਰਭਾਵ ਚੇਲੇ ‘ਤੇ ਬਹੁਤ ਗੂੜ੍ਹਾ ਹੁੰਦਾ ਹੈ।ਗੁਰਵਿੰਦਰ ਇੱਕ ਚੰਗਾ ਵਿਦਿਆਰਥੀ ਰਿਹਾ ਹੈ।ਗੁਰਵਿੰਦਰ ਦੇ ਕੰਮ ਨੂੰ ਹੋਰ ਸਮਝਨਾ ਹੋਵੇ ਤਾਂ ਮਨੀ ਕੋਲ ਦਾ ਸਿਨੇਮਾ ਵੇਖਣਾ ਜ਼ਰੂਰੀ ਹੈ ਅਤੇ ਮਨੀ ਕੋਲ ਦਾ ਸਿਨੇਮਾ ਆਧੁਨਿਕ ਯੁਗ ‘ਚ ਕਿਸ ਨਵੇਂ ਦੀ ਤਰਜਮਾਨੀ ਕਰਦਾ ਹੈ ਇਹ ਗੁਰਵਿੰਦਰ ਦੀਆਂ ਫ਼ਿਲਮਾਂ ਤੋਂ ਵੇਖਣ ਨੂੰ ਮਿਲਦਾ ਹੈ ਕਿਉਂ ਕਿ ਗੁਰਵਿੰਦਰ ਦੀਆਂ ਫਿਲਮਾਂ ਉਸ ਦੀਆਂ ਵਿਰਾਸਤ ਹੋਣਗੀਆਂ।ਮਨੀ ਕੌਲ ਦਾ ਸ਼ਾਗਿਰਦ ਹੋਣਾ ਵੀ ਗੁਰਵਿੰਦਰ ਲਈ ਇੱਕ ਚਰਚਾ ਹੈ ਅਤੇ ਗੁਰੂ ਦਾ ਸਿਨੇਮਾ ਵੀ ਵਿਚਾਰ ਅਧੀਨ ਚਰਚਾ ‘ਚ ਲਿਆਉਣਾ ਬਣਦਾ ਹੈ।ਪੱੜ੍ਹਦੇ ਆਏ ਹਾਂ ਸੁਣਦੇ ਆਏ ਹਾਂ ਕਿ ਮੋਹਨ ਰਾਕੇਸ਼ ਨੇ ਕਹਾਣੀ ਰਾਹੀਂ ਕਿਰਦਾਰਾਂ ਦੀ ਅੰਦਰਲੀ ਸੂਖਮਤਾ ਨੂੰ ਬਾਖੂਬੀ ਭਾਪਿਆ ਹੈ।ਇਹ ਹੋਰ ਵੀ ਦਿਲਚਸਪ ਜਾਪਦਾ ਹੈ ਕਿ ਪੰਜਾਬ ਦੀ ਸਰਜ਼ਮੀਨ ਦੇ ਹਿੰਦੀ ਸਾਹਿਤ ਦੀ ਕਲਾਤਮਿਕਤਾ ਦਾ ਮੋਹਨ ਰਾਕੇਸ਼ ਸਰਗਰਮ ਨਾਮ ਸੀ।ਔਰਤ ਨਾਮ ਦੀ ਕਿਸੇ ਚਰਚਾ ‘ਚ ਸਿਮੋਨ ਦੀ ਬੁਆਵਰ ਦੀਆਂ ਗੱਲਾਂ ਬਹੁਤ ਹੋ ਸਕਦੀਆਂ ਹਨ।ਅੰਮ੍ਰਿਤਾ ਪ੍ਰੀਤਮ ਵੀ ਇਸ ਵੱਲ ਇਸ਼ਾਰਾ ਦੇ ਸਕਦੀ ਹੈ ਕਿ ਜਿੱਥੇ ਵੀ ਸੁੰਤਤਰ ਰੂਹ ਦੀ ਝਲਕ ਪਵੇ,ਸਮਝਣਾ ਉਹ ਮੇਰਾ ਘਰ ਏ।ਪਰ ਮੋਹਨ ਰਾਕੇਸ਼ ਦੀ ਕਹਾਣੀ ‘ਉਸਕੀ ਰੋਟੀ’ ਦੀ ਬਾਲੋ ਦਾ ਕਿਰਦਾਰ ਆਪਣੇ ਆਪ ‘ਚ ਵਿਚਾਰਣਯੋਗ ਹੈ। ਮੋਹਨ ਰਾਕੇਸ਼ ਦੀ ਇਸੇ ਕਹਾਣੀ ‘ਤੇ ਨਿਰਦੇਸ਼ਕ ਮਨੀ ਕੌਲ ਨੇ ਵੀ ‘ਉਸਕੀ ਰੋਟੀ’ ਨਾਂ ਦੀ ਫ਼ਿਲਮ ਬਣਾਈ ਸੀ।ਮਨੀ ਕੌਲ ਦੀ ਇਸ ਫ਼ਿਲਮ ਨੇ ਕਹਾਣੀ ਨੂੰ ਹੋਰ ਵਧੇਰੇ ਗੂੜ੍ਹਾ ਕਰ ਦਿੱਤਾ ਸੀ।ਇਹ ਫ਼ਿਲਮ ਭਾਰਤੀ ਸਿਨੇਮਾ ‘ਚ ਨਵੀਂ ਤਰ੍ਹਾਂ ਦਾ ਸਿਨੇਮਾ ਪੇਸ਼ ਕਰਨ ਕਰਕੇ ਵੀ ਜਾਣੀ ਜਾਂਦੀ ਹੈ।ਇੱਕ ਪਾਸੇ ਹਿੰਦੀ ਸਾਹਿਤ ‘ਚ ਮੋਹਨ ਰਾਕੇਸ਼ ਦੀ ਵੱਖਰੇ ਹੁਨਰ ਦੀ ਕਹਾਣੀ ਅਤੇ ਦੂਜੇ ਪਾਸੇ ਭਾਰਤੀ ਸਿਨੇਮਾ ਅਤੇ ਸਾਹਿਤ ਦੀ ਨਾਲੋਂ ਨਾਲ ਚੱਲਦੀ ਜੁਗਲਬੰਦੀ ‘ਚ ਅਜਿਹੀਆਂ ਬਹੁਤ ਸਾਰੀਆਂ ਫ਼ਿਲਮਾਂ ਵਿਚਾਰਣਯੋਗ ਰਹੀਆਂ ਹਨ।ਮਨੀ ਕੌਲ ਨੇ ਹਿੰਦੀ ਸਾਹਿਤ ਚੋਂ ਬਹੁਤ ਸੰਭਾਵਨਾਵਾਂ ਨੂੰ ਪਰਦੇ ‘ਤੇ ਉਕੇਰਿਆ ਹੈ।ਮੋਹਨ ਰਾਕੇਸ਼ ਦੀ ਉਸਕੀ ਰੋਟੀ ਹੀ ਕੋਈ ਆਖਰੀ ਉਦਾਹਰਨ ਨਹੀਂ ਹੈ।ਇਸ ਤੋਂ ਬਾਅਦ ਵੀ ਮਨੀ ਕੌਲ ਨੇ ਮੋਹਨ ਰਾਕੇਸ਼ ਦੇ ਇੱਕ ਨਾਟਕ ‘ਅਸ਼ਾਡ ਕਾ ਏਕ ਦਿਨ’ ‘ਤੇ ਅਧਾਰਿਤ ਫ਼ਿਲਮ ਬਣਾਈ ਸੀ।ਵਿਜੈਨਾਥ ਦੇਥਾ ਦੀ ਕਹਾਣੀ ਦੁੱਬਿਧਾ ‘ਤੇ ਮਨੀ ਕੌਲ ਵੱਲੋਂ ਬਣਾਈ ਫ਼ਿਲਮ ਅੱਗੇ ਦੀ ਕੜੀ ਹੈ।ਰਾਜਸਥਾਨੀ ਲੋਕ ਕਥਾ ਨੂੰ ਅਧਾਰ ਬਣਾਕੇ ਬੁਣੀ ਇਸੇ ਕਹਾਣੀ ‘ਤੇ ਬਾਅਦ ‘ਚ ਅਮੋਲ ਪਾਲੇਕਰ ਨੇ ਸ਼ਾਹਰੁਖ਼ ਖ਼ਾਨ ਅਤੇ ਰਾਣੀ ਮੁਖ਼ਰਜੀ ਦੀ ਅਦਾਕਾਰੀ ਵਾਲੀ ਫ਼ਿਲਮ ਪਹੇਲੀ ਬਣਾਈ ਸੀ।

ਹਿੰਦੀ ਸਿਨੇਮਾ ‘ਚ ਅੱਗੇ ਪਿੱਛੇ ਜ਼ਿਕਰ ਕਰੀਏ ਤਾਂ ਫਨੀਸ਼ਵਰਨਾਥ ਰੇਣੂ ਦੀ ‘ਮਾਰੇ ਗਏ ਗ਼ੁਲਫਾਮ’ ‘ਤੇ ਅਧਾਰਿਤ ਤੀਸਰੀ ਕਸਮ ਤੋਂ ਲੈਕੇ ਮੁਨਸ਼ੀ ਪ੍ਰੇਮ ਚੰਦ ਦੀ ਗੋਦਾਨ,ਗਬਨ,ਸ਼ਤਰੰਜ ਕੇ ਖਿਲਾੜੀ, ਮੰਨੂ ਭੰਡਾਰੀ ਦੀ ਕਹਾਣੀ ‘ਯਹੀ ਸੱਚ ਹੈ’ ਤੋਂ ਰਜਨੀਗੰਧਾ ਅਤੇ ਕੇਸ਼ਵ ਪ੍ਰਸਾਦ ਮਿਸ਼ਰ ਦੇ ਨਾਵਲ ‘ਕੋਹਬਰ ਕੀ ਸ਼ਰਤ’ ‘ਤੇ ਅਧਾਰਿਤ ਰਾਜਸ਼੍ਰੀ ਪ੍ਰੋਡਕਸ਼ਨ ਦੀ ਬੇਹੱਦ ਸਫ਼ਲ ਫ਼ਿਲਮ ‘ਨਦੀਆ ਕੇ ਪਾਰ’ ਤੱਕ ਫ਼ਿਲਮਾਂ ਦੀ ਲੰਮੀ ਸੂਚੀ ਹੈ।ਇਸੇ ਫ਼ਿਲਮ ਨੂੰ ਹੀ ਰਾਜਸ਼੍ਰੀ ਪ੍ਰੋਡਕਸ਼ਨ ਨੇ ਅੱਗੇ ਜਾਕੇ ‘ਹਮ ਆਪ ਕੇ ਹੈਂ ਕੌਣ’ ਨਾਂ ਦੀ ਸਫਲ ਫ਼ਿਲਮ ਦੇ ਰੂਪ ‘ਚ ਬਣਾਇਆ।ਇੰਝ ਤਾਂ ਹੋਰ ਬਹੁਤ ਸਾਰੀਆਂ ਫ਼ਿਲਮਾਂ ਹਨ ਜਿੰਨਾ ਦਾ ਜ਼ਿਕਰ ਕਰਨਾ ਬਣਦਾ ਹੈ ਪਰ ਇਹ ਫ਼ਿਲਮਾਂ ਉਹ ਹਨ ਜੋ ਸਮੀਖਿਆ ਅਤੇ ਵਪਾਰਕ ਦੋਵਾਂ ਪੱਖਾਂ ਤੋਂ ਸਫਲ ਰਹੀਆਂ ਹਨ।ਕੁਝ ਫ਼ਿਲਮਾਂ ਤਾਂ ਉਹ ਹਨ ਜੋ ਬੰਗਾਲੀ ਜਾਂ ਹਿੰਦੀ ਨਾਵਲਾਂ ‘ਤੇ ਇੱਕ ਵਾਰ ਨਹੀਂ ਸਗੋਂ ਵਾਰ ਵਾਰ ਬਣੀਆ ਹਨ।ਇੱਕ ਪਰੀਨੀਤਾ ਬਿਮਲ ਰਾਏ ਦੀ ਸੀ ਜਿਸ ‘ਚ ਅਸ਼ੋਕ ਕੁਮਾਰ ਅਤੇ ਮੀਨਾ ਕੁਮਾਰੀ ਸਨ ਅਤੇ ਫ਼ਿਰ ਇਹਨੂੰ ਸੈਫ ਅਲੀ ਖ਼ਾਨ ਅਤੇ ਵਿਦਿਆ ਬਾਲਨ ਨਾਲ ਨਿਰਦੇਸ਼ਕ ਪਰਦੀਪ ਸਰਕਾਰ ਵੱਲੋਂ ਮੁੜ ਬਣਾਇਆ ਗਿਆ।ਇਹਨਾਂ ਦੇ ਵਿਚਕਾਰ 1969 ‘ਚ ਜਤਿੰਦਰ ਦੀ ਫ਼ਿਲਮ ਪਰੀਨੀਤਾ ਵੀ ਅਉਂਦੀ ਹੈ।ਬਾਕੀ ਇਸ ਤੋਂ ਇਲਾਵਾ 1942 ਅਤੇ 1976 ‘ਚ ਵੀ ਸ਼ਰਤ ਚੰਦਰ ਦੇ ਇਸੇ ਨਾਵਲ ‘ਤੇ ਫ਼ਿਲਮਾਂ ਬਣ ਚੁੱਕੀਆਂ ਹਨ।ਸ਼ਰਤ ਚੰਦਰ ਚੱਟੋਪਾਧਿਆ ਦੇ ਸਾਹਿਤ ਦਾ ਸਿਲਸਿਲਾ ਇੱਥੇ ਹੀ ਨਹੀਂ ਰੁੱਕਦਾ। ਦੇਵਦਾਸ ਕੇ.ਐੱਲ.ਸਹਿਗਲ ਤੋਂ ਲੈਕੇ ਦਲੀਪ ਕੁਮਾਰ,ਸ਼ਾਹਰੁਖ ਖ਼ਾਨ ਤੋਂ ਹੁੰਦੀ ਹੋਈ ਅਭੈ ਦਿਓਲ ਨਾਲ ਚਾਰ ਵਾਰ ਬਣ ਚੁੱਕੀ ਹੈ।

ਫ਼ਿਲਮਾਂ ਦੀ ਇਸ ਫੇਹਰਿਸਤ ‘ਚ ਥੋੜ੍ਹੀ ਜਿਹੀ ਝਾਤ ਉਹਨਾਂ ਫ਼ਿਲਮਾਂ ‘ਤੇ ਵੀ ਬਣਦੀ ਹੈ ਜੋ ਪੰਜਾਬੀ ਸਾਹਿਤ ‘ਤੇ ਅਧਾਰਿਤ ਹਨ।ਇਹਨਾਂ ਚੋਂ ਨਾਨਕ ਸਿੰਘ ਦੇ ਨਾਵਲ ਪੱਵਿਤਰ ਪਾਪੀ ‘ਤੇ ਅਧਾਰਿਤ ਬਲਰਾਜ ਸਾਹਨੀ ਵੱਲੋਂ ਨਿਰਮਤ ਫ਼ਿਲਮ ਹੈ।ਜਿਸ ‘ਚ ਬਲਰਾਜ ਸਾਹਨੀ ਦੇ ਮੁੰਡੇ ਪਰੀਕਸ਼ਤ ਸਾਹਨੀ ਨੇ ਹੀ ਮੁੱਖ ਭੂਮਿਕਾ ਨਿਭਾਈ ਸੀ।ਗੁਰਦਿਆਲ ਸਿੰਘ ਦੇ ਨਾਵਲਾਂ ਚੋਂ ਮੜ੍ਹੀ ਦਾ ਦੀਵਾ,ਅੰਨ੍ਹੇ ਘੋੜੇ ਦਾ ਦਾਨ ਤੋਂ ਲੈਕੇ ਪਰਸਾ ਆਦਿ ਨਾਵਲਾਂ ‘ਤੇ ਅਧਾਰਿਤ ਫ਼ਿਲਮਾਂ ਅਤੇ ਨਾਟਕ ਤੱਕ ਬਣ ਚੁੱਕੇ ਹਨ।ਅੱਧ ਚਾਨਣੀ ਰਾਤ ਹੁਣ ਉਹਨਾਂ ਦਾ ਅਗਲਾ ਨਾਵਲ ਹੈ ਜਿਸ ਨੂੰ ਅਧਾਰ ਬਣਾਕੇ ਫ਼ਿਲਮ ਨਿਰਮਾਣ ਦੀ ਵਿਉਂਤਬੰਧੀ ਹੈ।ਅੰਮ੍ਰਿਤਾ ਪ੍ਰੀਤਮ ਦੇ ਨਾਵਲ ਪਿੰਜਰ ‘ਤੇ ਅਧਾਰਿਤ ਡਾ.ਚੰਦਰ ਪ੍ਰਕਾਸ਼ ਦਿਵੇਦੀ(ਚਾਣਕਿਆ ਸੀਰੀਅਲ ਫੇਮ) ਫ਼ਿਲਮ ਬਣਾ ਚੁੱਕੇ ਹਨ।ਜਿਸ ਲਈ ਮਨੋਜ ਬਾਜਪਾਈ ਨੂੰ ਸਪੈਸ਼ਲ ਕ੍ਰਿਟਿਕ ਸਹਾਇਕ ਅਦਾਕਾਰ ਦਾ ਕੌਮਾਂਤਰੀ ਪੁਰਸਕਾਰ ਮਿਲ ਚੁੱਕਾ ਹੈ।ਜੀਤ ਮਠਾਰੂ ਵੱਲੋਂ ਨਿਰਦੇਸ਼ਤ ਫ਼ਿਲਮ ਕੁਦੇਸਣ-ਵੂਮੈਨ ਫਰੋਮ ਦੀ ਈਸਟ ਵੀ ਜਤਿੰਦਰ ਬਰਾੜ ਦੇ ਨਾਟਕ ਕੁਦੇਸਣ ‘ਤੇ ਅਧਾਰਿਤ ਹੈ।ਬਾਕੀ ਨਿੱਕ ਸੁੱਕ ‘ਚ ਸੰਜੈ ਗੁਪਤਾ ਨਿਰਮਤ ਫ਼ਿਲਮ ‘ਦੱਸ ਕਹਾਣੀਆਂ’ ‘ਚ ਇੱਕ ਕਹਾਣੀ ਕਰਤਾਰ ਸਿੰਘ ਦੁੱਗਲ ਦੀ ਪੂਰਨਮਾਸ਼ੀ ਵਰਤੀ ਜਾ ਚੁੱਕੀ ਹੈ।ਇਸ ਕਹਾਣੀ ਨੂੰ ਗੁਲਜ਼ਾਰ ਦੀ ਕੁੜੀ ਮੇਘਨਾ ਗੁਲਜ਼ਾਰ ਨੇ ਨਿਰਦੇਸ਼ਤ ਕੀਤਾ ਸੀ।ਇਸ ਫ਼ਿਲਮ ‘ਚ ਪਰਮੀਤ ਸੇਠੀ ਅਤੇ ਅੰਮ੍ਰਿਤਾ ਸਿੰਘ ਦੀਆਂ ਅਹਿਮ ਭੂਮਿਕਾਵਾਂ ਸਨ।ਦੀਪਾ ਮਹਿਤਾ ਵੱਲੋਂ ਨਿਰਦੇਸ਼ਤ ਪ੍ਰੀਤੀ ਜ਼ਿੰਟਾ ਅਭਿਨੀਤ ਫ਼ਿਲਮ ਵਿਦੇਸ਼-ਹੈਵਨ ਆਨ ਅਰਥ ਫ਼ਿਲਮ ਦਾ ਅਧਾਰ ਨਾਗਮੰਡਲ ਨਾਟਕ ਹੈ ਜੋ ਮੂਲ ਰੂਪ ‘ਚ ਤਾਂ ਬੇਸ਼ੱਕ ਗਰੀਸ਼ ਕਰਨਾਡ ਦਾ ਲਿਖਿਆ ਹੈ ਪਰ ਇਸ ਦੀ ਰੂਪ ਰੇਖਾ ਪੰਜਾਬੀ ‘ਚ ਸੁਰਜੀਤ ਪਾਤਰ ਹੁਣਾਂ ਵੱਲੋਂ ਬਦਲੀ ਗਈ ਸੀ।ਇਸ ਨਾਟਕ ਨੂੰ ਨੀਲਮ ਮਾਨ ਸਿੰਘ ਚੌਧਰੀ ਵੱਲੋਂ ਖੇਡਿਆ ਗਿਆ ਸੀ ਜੋ ਅੱਗੇ ਜਾਕੇ ਫ਼ਿਲਮ ਦਾ ਅਧਾਰ ਬਣਿਆ।ਵਿਦੇਸ਼ ਹੈਵਨ ਆਨ ਅਰਥ ਦੇ ਸੰਵਾਦ ਆਖਰ ਕੌਣ ਭੁੱਲ ਸਕਦਾ ਹੈ।

ਇੱਕ ਕੁੜੀ ਘੜੇ ਨੂੰ ਪੁੱਛਦੀ,ਵੇ ਕਿੱਥੇ ਚੱਲਿਆ ਤੂੰ, ਸੱਤ ਸਮੁੰਦਰ ਪਾਰ ਨੀ ਕੁੜੀਏ,ਅੱਠਵੀ ਧਰਤੀ ਨੂੰ ਆਉਂਦੇ ਸਾਲਾਂ ‘ਚ ਵਰਿਆਮ ਸੰਧੂ ਦੀਆਂ ਕਹਾਣੀਆਂ ‘ਮੈਂ ਹੁਣ ਠੀਕ ਠਾਕ ਹਾਂ’ ਅਤੇ ਚੌਥੀ ਕੂਟ ਤੋਂ ਉਪਜੀ 1984 ਦੇ ਹਲਾਤਾਂ ਨੂੰ ਬਿਆਨ ਕਰਦੀ ਕਹਾਣੀ ਨੂੰ ਫ਼ਿਲਮ ਦੇ ਰੂਪ ‘ਚ ਗੁਰਵਿੰਦਰ ਸਿੰਘ ਲੈ ਕੇ ਆ ਰਿਹਾ ਹੈ। ਇਸ ਫ਼ਿਲਮ ਦੀ ਸਕ੍ਰਿਪਟ ਨੂੰ ਬੈਕਾਂਗ ਵਿਖੇ ਸਰਵੋਤਮ ਸਕ੍ਰਿਪਟ ਦਾ ਪੁਰਸਕਾਰ ਵੀ ਮਿਲ ਚੁੱਕਾ ਹੈ।ਇਸ ਸਾਰੀ ਚਰਚਾ ‘ਚ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਫ਼ਿਲਮਸਾਜ਼ਾਂ ਨੇ ਆਪਣੀ ਫ਼ਿਲਮ ਲਈ ਮਸੌਦਾ ਸਿਰਫ ਗੁਰਦਿਆਲ ਸਿੰਘ ਦੇ ਨਾਵਲਾਂ ਨੂੰ ਜ਼ਿਆਦਾਤਰ ਬਣਾਇਆ ਹੈ।ਬਾਕੀ ਸਾਹਿਤਕਾਰਾਂ ਦੀਆਂ ਕਹਾਣੀਆਂ ਅਜੇ ਵੀ ਕਿਸੇ ਫ਼ਿਲਮਸਾਜ਼ ਦੀ ਉਡੀਕ ਕਰ ਰਹੀਆਂ ਹਨ।

ਹਿੰਦੀ ਫ਼ਿਲਮਾਂ ਜਾਂ ਭਾਰਤੀ ਪਿੱਠਭੂਮੀ ਦੀਆਂ ਫ਼ਿਲਮਾਂ ‘ਚ ਉਹਨਾਂ ਫ਼ਿਲਮਾਂ ਨੂੰ ਵੀ ਵੇਖਣਾ ਬਣਦਾ ਹੈ ਜੋ ਅੰਗਰੇਜ਼ੀ ਸਾਹਿਤ ‘ਤੇ ਅਧਾਰਿਤ ਹਨ।ਇਹਨਾਂ ‘ਚ ਫੌਕਾ ਜਿਹਾ ਵੇਖੀਏ ਤਾਂ ਬਾਪਸੀ ਸਿਧਵਾ ਦਾ ਨਾਵਲ ‘ਆਈਸਕੈਂਡੀ ਮੈਨ’ ਜੋ ਕਿ ‘ਕਰੈਕਿੰਗ ਇੰਡੀਆ’ ਨਾਮ ਵੱਜੋਂ ਵੀ ਜਾਣਿਆ ਜਾਂਦਾ ਹੈ।ਇਹ ਨਾਵਲ ਦੀਪਾ ਮਹਿਤਾ ਦੀ ਕੁਦਰਤੀ ਤੱਤਾਂ ਦੇ ਨਾਮ ਵਾਲੀ ਸੀਰੀਜ਼ ਫ਼ਿਲਮਾਂ ਚੋਂ ਵਾਟਰ,ਫਾਇਰ ਅਤੇ 1947 ਅਰਥ ਚੋਂ 1947 ਅਰਥ ਦਾ ਅਧਾਰ ਬਣਦਾ ਹੈ।ਇਸੇ ਤਰ੍ਹਾਂ ਖੁਸ਼ਵੰਤ ਸਿੰਘ ਦਾ ਨਾਵਲ ‘ਟ੍ਰੇਨ ਟੂ ਪਾਕਿਸਤਾਨ’ ‘ਤੇ ਅਧਾਰਿਤ ਇਸੇ ਨਾਮ ਦੀ ਫ਼ਿਲਮ ਪਾਮੇਲਾ ਰੂਕਸ ਵੱਲੋਂ 1998 ‘ਚ ਬਣਾਈ ਗਈ ਸੀ।ਜੂਮਪਾ ਲਹਿੜੀ ਦਾ ਪੁਲਿਟਜ਼ਰ ਪੁਰਸਕਾਰ ਨਾਵਲ ਨੇਮਸੇਕ ਮੀਰਾ ਨਾਇਰ ਦੀ ਫ਼ਿਲਮ ਦਾ ਅਧਾਰ ਬਣਦਾ ਹੈ।ਇਸ ਫ਼ਿਲਮ ਦੇ ਮੁੱਖ ਅਦਾਕਾਰ ਇਰਫਾਨ ਖ਼ਾਨ,ਤੱਬੂ ਅਤੇ ਕਾਲ ਪੇਨ ਸਨ।ਦੀਪਾ ਮਹਿਤਾ ਦੀ ਅਗਲੀ ਫ਼ਿਲਮ ਸਲਮਾਨ ਰਸ਼ਦੀ ਦੇ ਨਾਵਲ ਮਿਡਨਾਈਟ ਚਿਲਡ੍ਰਨ ‘ਤੇ ਅਧਾਰਿਤ ਹੈ।ਇਸੇ ਤਰ੍ਹਾਂ ਨਿਰਦੇਸ਼ਕ ਡੇਵਿਡ ਲੀਨ ਨੇ ਈ.ਐੱਮ ਫੋਸਟਰ ਦੇ ਨਾਵਲ ‘ਏ ਪੈਸੇਜ ਟੂ ਇੰਡੀਆ ‘ਤੇ ਅਧਾਰਿਤ ਬੇਹੱਦ ਖਰਾਬ ਫ਼ਿਲਮ ਦਾ ਨਿਰਮਾਣ ਕੀਤਾ ਸੀ।ਵਿਕਟਰ ਬੈਨਰਜੀ ਦੀ ਭੂਮਿਕਾ ਵਾਲੀ ਇਹ ਫ਼ਿਲਮ ਆਲੋਚਨਾ ਦਾ ਸ਼ਿਕਾਰ ਰਹੀ ਸੀ।ਆਲੋਚਕਾ ਮੁਤਾਬਕ ਲਾਰੇਂਸ ਆਫ ਅਰਬੀਆ ਅਤੇ ਡਾ. ਜਿਵਾਗੋ ਵਰਗੀਆਂ ਫ਼ਿਲਮਾਂ ਬਣਾਉਣ ਵਾਲੇ ਡੇਵਿਡ ਲੀਨ ਤੋਂ ਅਜਿਹੀ ਫ਼ਿਲਮ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ।ਭਾਰਤੀ ਦਿੱਖ ਮੁਤਾਬਕ ਵੀ ਇਸ ਨੂੰ ਭਾਰਤ ਦੀ ਗਲਤ ਤਸਵੀਰ ਦਿਖਾਉਣ ਦੀ ਆਲੋਚਣਾ ਸਹਿਣੀ ਪਈ ਸੀ।ਇਸੇ ਲੜੀ ਨੂੰ ਅੱਗੇ ਤੋਰੀਏ ਤਾਂ ਮਾਨਿਨੀ ਚੈਟਰਜੀ ਦੇ ਨਾਵਲ ‘ਡੂ ਐਂਡ ਡਾਈ’ ‘ਤੇ ਅਧਾਰਿਤ ਆਸ਼ੂਤੋਸ਼ ਗੋਵਾਰੀਕਰ ਦੀ ਫ਼ਿਲਮ ਖੇਲੇ ਹਮ ਜੀ ਜਾਨ ਸੇ ਮੁੱਖ ਹੈ।ਚਿਟਗਾਓਂ ਅਤੇ ਸੂਰਿਆ ਸੇਨ ਦੀ ਜ਼ਿੰਦਗੀ ‘ਤੇ ਅਧਾਰਿਤ ਇੱਕ ਹੋਰ ਫ਼ਿਲਮ ਬੇਦਾਬਰਾਦਾ ਸੇਨ ਦੀ ਚਿਟਗਾਓਂ ਹੈ ਜੋ ਪਿਛਲੇ ਮਹੀਨਿਆਂ ‘ਚ ਵੇਖਣ ਨੂੰ ਮਿਲੀ।ਇਸ ਫ਼ਿਲਮ ਨੂੰ ਲੈਕੇ ਨਿਰਮਾਤਾ ਨਿਰਦੇਸ਼ਕ ਅਨੁਰਾਗ ਕਸ਼ਅਪ ਦਾ ਫੇਸਬੁੱਕ ‘ਤੇ ਛੱਡਿਆ ਸੰਦੇਸ਼ ਜ਼ਰੂਰ ਨਵਾਂ ਵਿਵਾਦ ਸੀ।ਕਿਉਂ ਕਿ ਅਨੁਰਾਗ ਮੁਤਾਬਕ ਚਿਟਗਾਓਂ ਫ਼ਿਲਮ ਮਹਿਜ ਬੱਚਨ ਪਰਿਵਾਰ ਵੱਲੋਂ ਇਸ ਲਈ ਰਲੀਜ਼ ਨਹੀਂ ਹੋਣ ਦਿੱਤੀ ਗਈ ਤਾਂ ਕਿ ਉਹਨਾਂ ਦੇ ਮੁੰਡੇ ਅਭਿਸ਼ੇਕ ਬੱਚਨ ਦੀ ਇਸੇ ਵਿਸ਼ੇ ‘ਤੇ ਅਧਾਰਿਤ ਫ਼ਿਲਮ 'ਖੇਲੇ ਹਮ ਜੀ ਜਾਨ ਸੇ' ਚੱਲ ਸਕੇ।ਬਾਕੀ ਬੇਦਾਬਰਾਦਾ ਸੇਨ ਦੀ ਫ਼ਿਲਮ ਤੋਂ ਮੌਲਿਕਤਾ ਦੀ ਉਮੀਦ ਵਧੇਰੇ ਹੈ ਕਿਉਂ ਕਿ ਇਸ ਤੋਂ ਪਹਿਲਾਂ ਉਸ ਵੱਲੋਂ ਨਿਰਮਤ 1984 ‘ਤੇ ਅਧਾਰਿਤ ਫ਼ਿਲਮ ‘ਅਮੂ’ ਇਤਿਹਾਸਕ ਪੱਖ ਤੋਂ ਕਾਫੀ ਸਟੀਕ ਟਿੱਪਣੀ ਸਿੱਧ ਹੋਈ ਸੀ।ਇਹ ਫ਼ਿਲਮ ਬੇਦਾਬਰਾਦਾ ਸੇਨ ਦੀ ਪਤਨੀ ਸੋਨਾਲੀ ਬੋਸ ਵੱਲੋਂ ਨਿਰਦੇਸ਼ਤ ਕੀਤੀ ਗਈ ਸੀ।ਉਂਝ ਪੱਛਮੀ ਸਿਨੇਮਾ ‘ਚ ਤਾਂ ਇਹ ਰਿਵਾਜ਼ ਆਮ ਹੀ ਹੈ ਪਰ ਭਾਰਤੀ ਸਿਨੇਮਾ ‘ਚ ਅਜਿਹਾ ਰਿਵਾਜ਼ ਘੱਟ ਹੀ ਵੇਖਣ ਨੂੰ ਆਉਂਦਾ ਹੈ।ਸੋਨਾਲੀ ਬੋਸ ਨੇ ਅਮੂ ਫ਼ਿਲਮ ਦੇ ਨਾਲ ਹੀ ਇਸ ਨੂੰ ਕਿਤਾਬ ਦੇ ਰੂਪ ‘ਚ ਵੀ ਛਪਵਾਇਆ ਸੀ।

ਬਹੁਚਰਚਿਤ ਫ਼ਿਲਮ ਡੈਨੀ ਬੋਏਲ ਨਿਰਦੇਸ਼ਤ ‘ਸਲੱਮਡਾਗ ਮਿਲੇਨੀਅਰ’ ਵੀ ਵਿਕਾਸ ਸਵਰੂਪ ਦੇ ਨਾਵਲ ‘ਕਿਊ ਐਂਡ ਏ’ ‘ਤੇ ਅਧਾਰਿਤ ਹੈ।ਹੁਣ ਤਾਂ ਅੰਗਰੇਜ਼ੀ ਸਾਹਿਤ ‘ਚ ਭਾਰਤੀ ਫ਼ਿਲਮਸਾਜ਼ਾਂ ਲਈ ਚੇਤਨ ਭਗਤ ਹੀ ਵਧੇਰੇ ਨਜ਼ਰ ਆਉਂਦਾ ਹੈ।ਇੱਕਲੇ ਚੇਤਨ ਭਗਤ ਦੇ ਨਾਵਲਾਂ ਨੂੰ ਵੇਖੀਏ ਤਾਂ ਵਨ ਨਾਈਟ ਐਟ ਕਾਲ ਸੈਂਟਰ ‘ਤੇ ਹੈਲੋ,ਫਾਈਵ ਪੋਇੰਟ ਸਮਵਨ ‘ਤੇ ਥ੍ਰੀ ਇਡੀਅਟਸ ਖਾਸ ਹੈ।ਆਉਂਦੇ ਸਮੇਂ ‘ਚ ਉਹਦੇ ਨਾਵਲ ਥ੍ਰੀ ਮਿਸਟੇਕ ਆਫ ਮਾਈ ਲਾਈਫ ਅਤੇ ਟੂ ਸਟੇਟਸ ‘ਤੇ ਫ਼ਿਲਮਾਂ ਬਣਨ ਜਾ ਰਹੀਆਂ ਹਨ।ਇਸ ਤੋਂ ਇਲਾਵਾ ਬੇਸ਼ੱਕ ਅਨੁਸ਼ਾ ਰਿਜ਼ਵੀ(ਪੀਪਲੀ ਲਾਈਵ ਫੇਮ) ਅਮਿਤਾਵ ਘੋਸ਼ ਦੇ ਨਾਵਲ ‘ਸੀ ਆਫ ਪਾਪੀਜ਼’ ‘ਤੇ ਫ਼ਿਲਮ ਬਣਾ ਰਹੀ ਹੈ ਪਰ ਬਾਕੀ ਦੀ ਨਜ਼ਰਸਾਨੀ ‘ਚ ਇਹੋ ਵਿਖ ਰਿਹਾ ਹੈ ਕਿ ਫ਼ਿਲਮਸਾਜ਼ਾਂ ਕੋਲ ਪੰਜਾਬੀ ਸਿਨੇਮਾ ‘ਚ ਗੁਰਦਿਆਲ ਸਿੰਘ ਅਤੇ ਹਿੰਦੀ ਸਿਨੇਮਾ ਦੇ ਅੰਗਰੇਜ਼ੀ ਪ੍ਰਭਾਵ ‘ਚ ਸਿਰਫ ਚੇਤਨ ਭਗਤ ਦੇ ਹੀ ਨਾਵਲ ਹਨ ਅਤੇ ਬਾਕੀ ਸ਼ਰਤ ਚੰਦਰ ਚੱਟੋਪਾਧਿਆ ਦਾ ਸਾਹਿਤ ਹੈ।ਵਪਾਰਕ ਪੱਖ ਇਹਦਾ ਮੁੱਖ ਕਾਰਨ ਹੋ ਸਕਦਾ ਹੈ ਪਰ ਸਾਹਿਤਕਾਰ ਅਤੇ ਫ਼ਿਲਮਸਾਜ਼ਾਂ ਦਾ ਆਪਸੀ ਤਾਲਮੇਲ ਵੀ ਕੋਈ ਬਹੁਤਾ ਵਧੀਆ ਨਹੀਂ ਹੈ।ਇਸ ਬਹਿਸ ‘ਚ ਕਈ ਵਿਚਾਰਕਾਂ ਦਾ ਇਹ ਮੰਨਣਾ ਹੈ ਕਿ ਸਾਹਿਤ ਅਧਾਰਿਤ ਫ਼ਿਲਮ ‘ਚ ਫ਼ਿਲਮਸਾਜ਼ ਦਾ ਆਪਣਾ ਜੋੜ ਤੋੜ ਨਹੀਂ ਹੋਣਾ ਚਾਹੀਦਾ।ਪਰ ਕੁਝ ਫ਼ਿਲਮਸਾਜ਼ਾਂ ਦਾ ਮੰਨਣਾ ਹੈ ਕਿ ਸਾਹਿਤ ਸਾਡੇ ਲਈ ਸਿਰਫ ਇੱਕ ਪ੍ਰੇਰਣਾ ਅਧਾਰ ਹੋ ਸਕਦਾ ਹੈ ਪਰ ਫ਼ਿਲਮ ਸਾਡੀ ਆਪਣੀ ਅਜ਼ਾਦ ਵਿਧਾ ਹੈ ਸੋ ਇਸ ‘ਚ ਨਿਰਦੇਸ਼ਕ ਦੀ ਆਪਣੀ ਅਜ਼ਾਦੀ ਅਹਿਮ ਹੈ।ਜਿਵੇਂ ਕਿ ਨਿਰਦੇਸ਼ਕ ਅਨੁਰਾਹ ਕਸ਼ਅਪ ਕਹਿੰਦਾ ਹੈ ਕਿ ਫ਼ਿਲਮਸਾਜ਼ ਇੱਕ ਕਲਾਕਾਰ ਹੁੰਦਾ ਹੈ ਸੋ ਜਿਵੇਂ ਦੂਜੇ ਕਲਾਕਾਰਾਂ ਨੂੰ ਆਪਣੀ ਕਲਾ ਲਈ ਅਜ਼ਾਦੀ ਹੁੰਦੀ ਹੈ ਠੀਕ ਉਸੇ ਤਰ੍ਹਾਂ ਸਾਡੀ ਅਜ਼ਾਦੀ ਵੀ ਹੋਣੀ ਚਾਹੀਦੀ ਹੈ।ਕੰਨੜ ਫ਼ਿਲਮਸਾਜ਼ ਗਰੀਸ਼ ਕਾਸਾਰਾਵਲੀ ਨੀਓ-ਰੀਅਲਲਿਸਟਕ ਸਿਨੇਮਾ ਦੇ ਅਜਿਹੇ ਫ਼ਿਲਮਸਾਜ਼ ਹਨ ਜੋ ਆਪਣੀ ਜ਼ਿੰਦਗੀ ‘ਚ ਸਾਹਿਤ ਅਧਾਰਿਤ ਬਹੁਤ ਸਾਰੀਆਂ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ ਅਤੇ ਉਹਨਾਂ ਦੀਆਂ ਕਈ ਫ਼ਿਲਮਾਂ ਕੌਮਾਂਤਰੀ ਪੁਰਸਕਾਰਾਂ ‘ਚ ਸਰਵੋਤਮ ਰਹੀਆਂ ਹਨ।ਗਰੀਸ਼ ਕਹਿੰਦੇ ਹਨ ਕਿ ਉਹਨਾਂ ਦਾ ਸਿਨੇਮਾ ਅਕੀਰਾ ਕੁਰੂਸਾਵਾ,ਓਜ਼ੂ,ਸੱਤਿਆਜੀਤ ਰੇ,ਫੈਲਿਨੀ,ਅਨਟੋਨਿਊਨੀ ਤੋਂ ਪ੍ਰਭਾਵਿਤ ਹੈ ਅਤੇ ਇਹਨਾਂ ਦਾ ਮੰਨਣਾ ਸੀ ਕਿ ਕੋਈ ਨਾਵਲ ਤੁਹਾਡੀ ਫ਼ਿਲਮ ਦਾ ਅਧਾਰ ਹੋ ਸਕਦਾ ਹੈ ਪਰ ਉਹਦੀ ਅਡੈਪਟੇਸ਼ਨ ਲਈ ਨਿਰਦੇਸ਼ਕੀ ਦੀ ਆਪਣੀ ਅਜ਼ਾਦ ਸੋਚ ਜ਼ਰੂਰੀ ਹੈ।ਇਸੇ ਤਰ੍ਹਾਂ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਫ਼ਿਲਮ ਅੰਨ੍ਹੇ ਘੋੜੇ ਦਾ ਦਾਨ ਦੌਰਾਨ ਮੇਰੇ ‘ਤੇ ਗੁਰਦਿਆਲ ਸਿੰਘ ਵਿਚਕਾਰ ਆਪੋ ਆਪਣੇ ਖੇਤਰ ਦੇ ਅਧਿਕਾਰ ਸਾਫ ਸਨ।ਪਿੰਜਰ ਫ਼ਿਲਮ ਦੇ ਨਿਰਦੇਸ਼ਕ ਡਾ. ਚੰਦਰ ਪ੍ਰਕਾਸ਼ ਦਿਵੇਦੀ ਦੱਸਦੇ ਹਨ ਪਿੰਜਰ ਫ਼ਿਲਮ ਬਣਾਉਣ ਦੌਰਾਨ ਅੰਮ੍ਰਿਤਾ ਪ੍ਰੀਤਮ ਹੁਣਾਂ ਨੇ ਕਿਹਾ ਸੀ ਕਿ ਫ਼ਿਲਮ ਉਸ ਤਰ੍ਹਾਂ ਨਹੀਂ ਜਿਵੇਂ ਕਿ ਨਾਵਲ,ਜਿਸ ਦੇ ਜਵਾਬ ‘ਚ ਮੈਂ ਉਹਨਾਂ ਨੂੰ ਇਹ ਸਮਝਾਉਣ ‘ਚ ਸਫਲ ਰਿਹਾ ਸੀ ਕਿ ਤੁਸੀ ਠੀਕ ਕਿਹਾ ਕਿਉਂ ਕਿ ਫ਼ਿਲਮ ਦੇ ਰੂਪ ‘ਚ ਹੁਣ ਇਹ ਤੁਹਾਡਾ ਨਾਵਲ ਨਹੀਂ ਸਗੋਂ ਮੇਰੀ ਫ਼ਿਲਮ ਹੈ।ਇਸੇ ਤਰ੍ਹਾਂ ਦਾ ਵਿਵਾਦ ਥ੍ਰੀ ਇਡੀਅਟਸ ਬਣਾਉਣ ਦੌਰਾਨ ਰਾਜ ਕੁਮਾਰ ਹਿਰਾਨੀ ਅਤੇ ਨਾਵਲਕਾਰ ਚੇਤਨ ਭਗਤ ‘ਚ ਹੋਇਆ ਸੀ।ਸੋ ਇਹ ਇੱਕ ਵੱਖਰੀ ਚਰਚਾ ਹੈ ਅਤੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਸਾਡੇ ਕੋਲ ਸਾਹਿਤ ਅਧਾਰਿਤ ਫ਼ਿਲਮਾਂ ਹਨ ਪਰ ਇਸ ਸਭ ਦੇ ਬਾਵਜੂਦ ਭਾਰਤੀ ਫ਼ਿਲਮਾਂ ‘ਚ ਜ਼ਿਆਦਾ ਬੋਲਬਾਲਾ ਨਕਲ ਦਾ ਹੈ।

ਰਚਨਾ ਅਧਾਰਿਤ,ਨਕਲ ਅਤੇ ਪ੍ਰੇਰਣਾ ਦੀ ਬਹਿਸ ਬਹੁਤ ਮਹੀਨ ਕਿਸਮ ਦੇ ਧਾਗੇ ਨਾਲ ਬੁਣੀ ਹੋਈ ਜਾਪਦੀ ਹੈ।ਜਦੋਂ ਤੱਕ ਸਿਨੇਮਾ ਇੱਕ ਜਾਦੂ ਦੀ ਤਰ੍ਹਾਂ ਦਸਤਕ ਦਿੰਦਾ ਸੀ ਉਦੋਂ ਤੱਕ ਸਭ ਠੀਕ ਸੀ।ਪਰ ਹੁਣ ਲੋਕਾਂ ‘ਚ ਜਾਣਕਾਰੀ ਦਾ ਇੰਨਾ ਜ਼ਿਆਦਾ ਘੜਮਸ ਹੈ ਕਿ ਕਈ ਵਾਰ ਇੰਝ ਲੱਗਦਾ ਹੈ ਕਿ ਨਿਰਦੇਸ਼ਕ ਨੂੰ ਫ਼ਿਲਮ ਬਾਰੇ ਘੱਟ ਪਤਾ ਹੈ ਉਸ ਨਾਲੋਂ ਵੱਧ ਤਾਂ ਲੋਕਾਂ ਨੂੰ ਪਤਾ ਹੈ।ਕਈ ਵਾਰ ਵੇਖਿਆ ਹੈ ਕਿ ਕਿਸੇ ਫ਼ਿਲਮ ਬਾਰੇ ਆਲੋਚਕ ਇੰਨਾ ਸੋਹਣਾ ਬਿਆਨ ਨਹੀਂ ਕਰ ਰਿਹਾ ਹੁੰਦਾ ਸਗੋਂ ਉਸ ਨਾਲੋਂ ਜ਼ਿਆਦਾ ਵਧੀਆ ਇੱਕ ਆਮ ਦਰਸ਼ਕ ਫ਼ਿਲਮ ਦੇ ਨੁੱਕਤਿਆਂ ਨੂੰ ਫੱੜ੍ਹ ਰਿਹਾ ਹੁੰਦਾ ਹੈ।ਜਾਣਕਾਰੀ ਦੇ ਇੰਨੇ ਜ਼ਿਆਦਾ ਹੜ੍ਹ ‘ਚ ਕੇਬਲ ਨੈੱਟਵਰਕ ਅਤੇ ਇੰਟਰਨੈੱਟ ਨੇ ਸਾਰੇ ਨੁਕਤਿਆਂ ਨੂੰ ਹੋਰ ਜ਼ਿਆਦਾ ਪਾਰਦਰਸ਼ੀ ਕਰ ਦਿੱਤਾ ਹੈ।ਪਹਿਲਾਂ ਤਾਂ ਸਿਨੇਮਾ ਬਾਰੇ ਜਾਣਕਾਰੀ ਜਾਂ ਮਸਾਲੇ ਦਾ ਸਾਧਨ ਮਾਯਾਪੁਰੀ ਵਰਗੇ ਕੁਝ ਚੰਦ ਰਸਾਲੇ ਹੀ ਸਨ।ਹਰ ਨੁਕਤੇ ‘ਚ ਹਰ ਦਰਸ਼ਕ ਅੰਗਰੇਜ਼ੀ ਸ਼ਬਦ ‘ਟ੍ਰੀਵਿਆ’ ਨੂੰ ਲੱਭਦਾ ਹੈ।ਇਹ ਇੱਕ ਚੰਗੀ ਗੱਲ ਹੈ ਜਾਂ ਨਹੀਂ ਇਸ ਬਾਰੇ ਅੰਦਾਜ਼ਾ ਨਹੀਂ।ਕੁਝ ਸਾਲ ਪਹਿਲਾਂ ਸਿਨੇਮਾ ਦੇ ਤਮਾਮ ਅੰਕੜੇ ਜਾਂ ਖ਼ਬਰਾਂ ਉਸ ਤਰ੍ਹਾਂ ਨਹੀਂ ਸਨ ਜਿਸ ਤਰ੍ਹਾਂ ਅੱਜ ਹਨ।ਪਹਿਲਾਂ ਲੋਕਾਂ ਲਈ 1975 ਦੀ ਐਮਰਜੈਂਸੀ ਦੇ ਯੁੱਗ ‘ਚ ਆਈ ਫ਼ਿਲਮ ਸ਼ੋਲੇ ਸਿਰਫ ਸ਼ੋਲੇ ਸੀ।ਜੋ ਜੇ.ਪੀ.ਸਿੱਪੀ,ਧਰਮਿੰਦਰ,ਅਮਿਤਾਬ ਬੱਚਨ ਜਾਂ ਸਲੀਮ-ਜਾਵੇਦ ਦੀ ਪਛਾਣ ਸੀ।ਪਰ ਹੁਣ ਲੋਕਾਂ ਲਈ ਇਹ ਅਜਿਹੀ ਫ਼ਿਲਮ ਵੀ ਹੈ ਜੋ ਅਕੀਰਾ ਕੁਰੂਸੋਵਾ ਨਿਰਦੇਸ਼ਤ ਜਪਾਨੀ ਫ਼ਿਲਮ ‘ਸੈਵਨ ਸਮੁਰਾਈ’ ਤੋਂ ਪ੍ਰਭਾਵਿਤ ਹੈ।ਇਸ ਤਰ੍ਹਾਂ ਦੀਆਂ ਅਣਗਿਣਤ ਫ਼ਿਲਮਾਂ ਹਨ ਜੋ ਇੱਕ ਵਾਰ ਨਹੀਂ ਵਾਰ ਵਾਰ ਦਹੁਰਾਈਆਂ ਗਈਆਂ।1934 ਦੀ ਬੇਹੱਦ ਸਫਲ ਫ਼ਿਲਮ ਫਰੈਂਕ ਕਾਪਰਾ ਨਿਰਦੇਸ਼ਤ ‘ਇਟ ਹੈਂਪਡ ਵਨ ਨਾਈਟ’ ਨੂੰ ਭਾਰਤੀ ਫ਼ਿਲਮਸਾਜ਼ਾਂ ਨੇ ਵਾਰ ਵਾਰ ਦਹੁਰਾਇਆ।ਇਸੇ ਫ਼ਿਲਮ ਦੀ ਨਕਲ ਕਰਕੇ ਰਾਜ ਕਪੂਰ ਨੇ 1956 ‘ਚ ਨਰਗਿਸ ਦੱਤ ਅਭਿਨੀਤ ‘ਚੋਰੀ ਚੋਰੀ’ ਫ਼ਿਲਮ ਬਣਾਈ ਜਿਸਨੂੰ ਬਾਅਦ ‘ਚ ਮਹੇਸ਼ ਭੱਟ ਵੱਲੋਂ ਨਕਲ ਕੀਤਾ ਗਿਆ ਅਤੇ ਆਮਿਰ ਖ਼ਾਨ ਅਤੇ ਪੂਜਾ ਭੱਟ ਸਟਾਰਰ ਫ਼ਿਲਮ ‘ਦਿਲ ਹੈ ਕਿ ਮਾਨਤਾ ਨਹੀਂ’ ਦਾ ਨਿਰਮਾਣ ਕੀਤਾ।ਇਸੇ ਫ਼ਿਲਮ ਦਾ ਪ੍ਰਭਾਵ ਅੱਗੇ ਜਾਕੇ ਇਮਤਿਆਜ਼ ਅਲੀ ਦੀ ‘ਜਬ ਵੀ ਮੈੱਟ ਅਤੇ ਲਾਰਾ ਦੱਤਾ,ਵਿਨੈ ਪਾਠਕ ਦੀ ‘ਚੱਲੋ ਦਿੱਲੀ’ ‘ਚ ਵੀ ਵਿਖਦਾ ਹੈ।ਨਕਲ ਦਾ ਇਹ ਦਸਤੂਰ ਕੋਈ ਬਹੁਤਾ ਅੰਚਭੇ ਵਾਲੀ ਗੱਲ ਨਹੀਂ ਹੈ।ਹਾਲੀਵੁੱਡ ਦੀਆਂ ਖਾਸ ਫ਼ਿਲਮਾਂ ਭਾਰਤੀ ਫ਼ਿਲਮਾਂ ਦਾ ਇਸੇ ਤਰ੍ਹਾਂ ਕਈ ਵਾਰ ਸ਼ਿੰਗਾਰ ਬਣੀਆ ਹਨ।ਕੇਨ ਕੇਸੇ ਦੀ ਜੈਕ ਨਿਕੋਲਸਨ ਅਭਿਨੀਤ ਫ਼ਿਲਮ ‘ਵਨ ਫਲੂ ਓਵਰ ਕੂਕੂਸ ਨੇਸਟ’ ਦੀ ਨਕਲ ਨਿਰਦੇਸ਼ਕ ਪ੍ਰਿਆ ਦਰਸ਼ਨ ਦੀ ਫ਼ਿਲਮ ‘ਕਿਉਂ ਕੀ’ ਹੈ।ਕਈ ਵਾਰ ਇੰਝ ਦੀਆਂ ਉਦਾਹਰਨਾਂ ਵੀ ਸਾਹਮਣੇ ਆਉਂਦੀਆਂ ਹਨ ਕਿ ਪੱਛਮੀ ਫ਼ਿਲਮ ਕਿਸੇ ਨਾਵਲ ‘ਤੇ ਅਧਾਰਿਤ ਹੁੰਦੀ ਹੈ ਅਤੇ ਉਸ ਫ਼ਿਲਮ ਨੂੰ ਅਧਾਰ ਬਣਾਕੇ ਬਣੀ ਭਾਰਤੀ ਫ਼ਿਲਮ ਹੁੰਦੀ ਹੈ।ਜਿਵੇਂ ਕਿ ਲੇਖਕ ਥੌਮਸ ਹੈਰਿਸ ਦੇ ਨਾਵਲ ‘ਦੀ ਸਾਈਲੈਂਸ ਆਫ ਦੀ ਲੈਂਬ’ ‘ਤੇ ਹਾਲੀਵੁੱਡ ‘ਚ ਐਂਥਨੀ ਹੌਪਕਿੰਨਸ ਅਤੇ ਜੂਡੀ ਫਾਸਟਰ ਸਟਾਰਰ ਫ਼ਿਲਮ ਬਣੀ ਅਤੇ ਇਸੇ ਫ਼ਿਲਮ ਨੂੰ ਅਧਾਰ ਬਣਾਕੇ ਭਾਰਤ ‘ਚ ਤਨੂਜਾ ਚੰਦਰਾ ਨੇ ਅਕਸ਼ੈ ਕੁਮਾਰ ਅਤੇ ਪ੍ਰੀਤੀ ਜ਼ਿੰਟਾ ਦੀ ਜੋੜੀ ਵਾਲੀ ਫ਼ਿਲਮ ‘ਸੰਘਰਸ਼’ ਦਾ ਨਿਰਮਾਣ ਕੀਤਾ।ਇਸੇ ਤਰ੍ਹਾਂ ਪਾਰਟਨਰ,ਨਕਸ਼ਾ,ਦੀ ਕਿਲਰ,ਕ੍ਰਿਸ਼,ਰੰਗ ਦੇ ਬਸੰਤੀ,ਜ਼ਿੰਦਾ,ਏਕ ਅਜਨਬੀ,ਚੋਕਲੇਟ,ਸਲਾਮ ਨਮਸਤੇ,ਮੈਂ ਐਸਾ ਹੀ ਹੂੰ,ਹਮ ਤੁਮ,ਮਰਡਰ,ਕਿਆਮਤ,ਤੀਨ ਦੀਵਾਰੇਂ,ਦੀਵਾਨਗੀ,ਕਾਂਟੇ,ਰਾਜ਼,ਮੇਰੇ ਯਾਰ ਕੀ ਸ਼ਾਦੀ ਹੈ,ਕੁਛ ਖੱਟੀ ਕੁਛ ਮੀਠੀ,ਕਿਉਂ ਕਿ ਮੈਂ ਝੂਠ ਨਹੀਂ ਬੋਲਤਾ,ਅਗਨੀ ਸਾਕਸ਼ੀ,ਅਕੇਲੇ ਹਮ ਅਕੇਲੇ ਤੁਮ,ਕ੍ਰਿਮਿਨਲ,ਮੈਂ ਅਜ਼ਾਦ ਹੂੰ,ਬਾਜ਼ੀਗਰ,ਏਤਰਾਜ਼,ਗੁਲਜ਼ਾਰ ਦੀ ਫ਼ਿਲਮ ਪਰਿਚੈ,ਜੋਸ਼,ਕਰਜ਼,ਗ਼ੁਲਾਮ,ਸ਼ੋਰਿਆ ਆਦਿ ਕ੍ਰਮਵਾਰ ਹਿਚ,ਦੀ ਰਨਡਾਊਨ,ਕੋਲੈਟਰਲ,ਪੇਚੈਕ,ਆਲ ਮਾਈ ਸਨ,ਓਲਡ ਬੁਆਏ,ਮੈਨ ਆਨ ਫਾਇਰ,ਦੀ ਯੂਸਅਲ ਸਸਪੈਕਟ,ਨਾਈਨ ਮੰਥਸ,ਆਈ ਐੱਮ ਸੈਮ,ਵੈਨ ਹੈਰੀ ਮੈਟ ਸੈਲੀ,ਅਨਫੇਥਫੁੱਲ,ਦੀ ਰੋਕ,ਦੀ ਸ਼ੋਸ਼ੈਂਕ ਰੀਡੈਂਪਸ਼ਨ,ਪਰੀਮਲ ਫੀਅਰ,ਰਿਜ਼ਰਵੀਅਰ ਡੋਗ,ਵਟ ਲਾਈਸ ਬੇਨੇਥ,ਮਾਈ ਬੇਸਟ ਫ੍ਰੈਂਡ ਵੇਡਿੰਗ,ਦੀ ਪੇਰੇਂਟ ਟ੍ਰੈਪ,ਲਾਇਰ ਲਾਇਰ,ਸਲੀਪਿੰਗ ਵਿਦ ਦੀ ਐਨੀਮੀ,ਕਰੇਮਰ ਵਰਸਸ ਕਰੇਮਰ,ਦੀ ਫਗੀਟਿਵ,ਮੀਟ ਜੋਹਨ ਡੋਏ,ਏ ਕਿਸ ਬੀਫੋਰ ਡਾਇੰਗ,ਡਿਸਕਲੋਸਰ,ਦੀ ਸਾਉਂਡ ਆਫ ਮਿਊਜ਼ਿਕ,ਵੈਸਟ ਸਾਈਡ ਸਟੋਰੀ,ਰੀਕਾਰਨਾਈਜੇਸ਼ਨ,ਆਨ ਦੀ ਵਾਟਰਫ੍ਰੰਟ,ਏ ਫਿਊ ਗੁੱਡ ਮੈਨ ਦੀ ਨਕਲ ਹਨ।ਕੁਝ ਫਿਲਮਾਂ ਤਾਂ ਅਜਿਹੀਆਂ ਹਨ ਜੋ ਕਈ ਫ਼ਿਲਮਾਂ ਦਾ ਮਿਲਗੋਭਾ ਹਨ।ਜਿਵੇਂ ਕਿ ਯਸ਼ ਚੋਪੜਾ ਵੱਲੋਂ ਨਿਰਮਤ ‘ਧੁਮ’ ਵਰਗੀ ਸਫਲ ਫਿਲਮ ‘ਦੀ ਫਾਸਟ ਐਂਡ ਦੀ ਫਿਊਰਿਸ’ ਅਤੇ ਓਸ਼ੀਅਨ ਇਲੈਵਨ ਦੇ ਜੋੜ ਨਾਲ ਬਣੀ ਹੈ।ਇਸੇ ਤਰ੍ਹਾਂ ਦੀ ਇੱਕ ਫ਼ਿਲਮ ਰਾਕੇਸ਼ ਰੌਸ਼ਨ ਦੀ ਕੋਈ ਮਿਲ ਗਿਆ ਹੈ ਜੋ ਸਟੀਵਨ ਸਪੀਲਬਰਗ ਦੀ ਈ.ਟੀ ਅਤੇ ਟਾਮ ਹੈਂਕਸ ਦੀ ਅਕਾਦਮੀ ਪੁਰਸਕਾਰ ਜੇਤੂ ਫ਼ਿਲਮ ਫੋਰਸਟ ਗੰਪ ਦਾ ਮਿਲਗੋਭਾ ਹੈ।ਅਬਾਸ ਮਸਤਾਨ ਦੀ ਫ਼ਿਲਮ ਬਾਦਸ਼ਾਹ ਮਿਸਟਰ ਨਿਕ ਗਾਏ,ਨਿਕ ਆਫ ਟਾਈਮ,ਰਸ਼ ਆਵਰ,ਇਫ ਲੁਕਸ ਕੁਡ ਕਿਲ ਦਾ ਮਿਸ਼ਰਤ ਰੂਪ ਹੈ। ਇਸ ਸਾਰੀ ਚਰਚਾ ‘ਚ ਮਸਲਾ ਪ੍ਰਭਾਵ ਲੈਣ ਤੋਂ ਨਹੀਂ ਹੈ।ਪ੍ਰਭਾਵ ਲੈਣਾ ਬੁਰੀ ਗੱਲ ਨਹੀਂ ਹੈ ਪਰ ਨਕਲ ਜ਼ਰੂਰ ਸੋਚਣ ਦਾ ਵਿਸ਼ਾ ਹੈ।ਦੀ

ਬਾਈਸਾਈਕਲ ਥੀਵਸ ਵਰਗੀਆਂ ਫ਼ਿਲਮਾਂ ਤੋਂ ਪ੍ਰਭਾਵਿਤ ਹੋਕੇ ਬਿਮਲ ਰਾਏ ਵਰਗੇ ਨਿਰਦੇਸ਼ਕਾਂ ਨੇ 'ਦੋ ਬੀਗਾ ਜ਼ਮੀਨ' ਵਰਗੀਆਂ ਫਿਲਮਾਂ ਬਣਾਈਆਂ ਹਨ ਜੋ ਕਿ ਇਟਾਲੀਅਨ ਨੀੲੋ-ਰੀਅਲਿਸਟਕ ਸਿਨੇਮਾ ਦਾ ਪ੍ਰਭਾਵ ਹੈ। ਸਿਨੇਮਾ ਜਾਂ ਹੋਰ ਕਲਾ ਇੱਕ ਦੂਜੇ ਤੋਂ ਇੰਝ ਹੀ ਹੁਨਰ ਦਾ ਅਦਾਨ ਪ੍ਰਦਾਨ ਕਰਦੀਆਂ ਹਨ।ਪਰ ਜਦੋਂ ਹੂ ਬੂ ਹੂ ਕਿਸੇ ਅੰਗਰੇਜ਼ੀ ਫ਼ਿਲਮ ਦੀ ਨਕਲ ਸਾਡੇ ਸਾਹਮਣੇ ਪਰੋਸ ਦਿੱਤੀ ਜਾਵੇ ਜਿਵੇਂ ਕਿ ਉਪਰੋਕਤ ਫ਼ਿਲਮਾਂ ਇਸ ਦੀ ਉਦਾਹਰਨ ਹਨ ਤਾਂ ਦਰਸ਼ਕ ਕੀ ਕਰ ਸਕਦਾ ਹੈ ਅਤੇ ਸਿਨੇਮਾ ਦੀ ਅਮੀਰੀ ਕਿੱਧਰ ਨੂੰ ਜਾ ਰਹੀ ਹੈ ਇਹ ਗੰਭੀਰਤਾ ਦਾ ਵਿਸ਼ਾ ਹੈ।ਜਦੋਂ ਇਹ ਅੰਦਾਜ਼ਾ ਹੈ ਕਿ ਭਾਰਤ ‘ਚ ਸਿਨੇਮਾ ਵੇਖਣ ਵਾਲੇ ਰੋਜ਼ਾਨਾ 2 ਕਰੋੜ 30 ਲੱਖ ਦਰਸ਼ਕ ਹਨ ਤਾਂ ਇਹ ਪੱਖ ਵੀ ਸਾਹਮਣੇ ਹੈ ਕਿ ਸਾਡੇ ਸਾਹਮਣੇ ਆ ਰਹੀਆਂ ਫ਼ਿਲਮਾਂ ਚੋਂ ਹਰ ਦੂਜੀ ਜਾਂ ਤੀਜੀ ਫ਼ਿਲਮ ਕਿਸੇ ਨਾ ਕਿਸੇ ਫ਼ਿਲਮ ਦੀ ਨਕਲ ਹੈ।ਅੱਬਾਸ-ਮਸਤਾਨ ਵਰਗੇ ਕੁਝ ਨਿਰਦੇਸ਼ਕਾਂ ਦਾ ਚਲਣ ਤਾਂ ਇਹ ਹੈ ਕਿ ਉਹਨਾਂ ਦੀ ਹਰ ਫ਼ਿਲਮ ਹੀ ਅਮਰੀਕਾ ਦੇ ਨੀੲੋ-ਨੋਇਰ ਸਿਨੇਮਾ ਤੋਂ ਪ੍ਰਭਾਵਿਤ ਹੈ।ਇਸ ਨਿਰਦੇਸ਼ਕ ਜੋੜੀ ਦੀ ਫ਼ਿਲਮ ਨਕਾਬ,ਰੇਸ,ਏਤਰਾਜ਼,ਹਮਰਾਜ਼,ਦਰਾਰ,ਬਾਜ਼ੀਗਰ,ਪਲੇਅਰ,ਅਜਨਬੀ ਆਦਿ ਫ਼ਿਲਮਾਂ ਕ੍ਰਮਵਾਰ ਡੋਟ ਦੀ ਆਈ,ਗੁੱਡ ਬੁਆਏ ਲਵਰ,ਡਿਸਕਲੋਜ਼ਰ,ਦੀ ਪਰਫੇਕਟ ਮਰਡਰ,ਸਲੀਪਿੰਗ ਵਿਦ ਦੀ ਐਨੀਮੀ,ਏ ਕਿਸ ਬੀਫੋਰ ਡਾਇੰਗ,ਦੀ ਇਟਾਲੀਅਨ ਜੋਬ,ਕੋਨਸੈਨਟਿੰਗ ਅਡਲਟਸ ਆਦਿ ਫ਼ਿਲਮਾਂ ਦੀ ਨਕਲ ਹਨ।

ਨਕਲ ਦੇ ਅਜਿਹੇ ਦਸਤੂਰ ‘ਚ ਕੁਝ ਫ਼ਿਲਮਾਂ ਤਾਂ ਰੀਮੇਕ ਨਾਮ ਦੀ ਜਮਾਤ ‘ਚ ਵਧੀਆ ਫੁਲੀਆ ਹਨ।ਰਿਸ਼ੀਕੇਸ਼ ਮੁਖਰਜੀ ਦੀ ਗੋਲਮਾਲ ਫ਼ਿਲਮ ਭਾਰਤੀ ਫ਼ਿਲਮਾਂ ਦਾ ਸਭ ਤੋਂ ਪਿਆਰਾ ਰੀਮੇਕ ਕਰਨ ਵਾਲਾ ਵਿਸ਼ਾ ਰਿਹਾ ਹੈ।ਇਸੇ ਫ਼ਿਲਮ ਨੂੰ ਰੋਹਿਤ ਸ਼ੈਟੀ ਨੇ ਬੋਲ ਬੱਚਨ,ਡੇਵਿਡ ਧਵਨ ਨੇ ਚੋਰ ਮਚਾਏ ਸ਼ੋਰ,ਸਾਜਨ ਚਲੇ ਸੁਸਰਾਲ ‘ਚ ਵਰਤਿਆ ਹੈ।ਹਾਲ ਦੀ ਘੜੀ ਮਾਹੌਲ ਇਹ ਹੈ ਕਿ ਬਹੁਤੀਆਂ ਸਫਲ ਫ਼ਿਲਮਾਂ ਦੱਖਣੀ ਭਾਰਤੀ ਸਿਨੇਮਾ ਤੋਂ ਨਕਲ ਹੁੰਦੀ ਆ ਰਹੀਆਂ ਹਨ।ਪੰਜਾਬੀ ਫ਼ਿਲਮਾਂ ਵੀ ਇਸ ਮਾਹੌਲ ਤੋਂ ਬਚੀਆਂ ਹੋਈਆਂ ਨਹੀਂ।ਇਹਨਾਂ ਫ਼ਿਲਮਾਂ ‘ਚ ਵੀ ਪ੍ਰਭਾਵ ਜਾਂ ਨਕਲ ਦੇ ਨੁਕਤੇ ਵਿਖਦੇ ਰਹੇ ਹਨ।ਮੇਲ ਕਰਾਦੇ ਰੱਬਾ,ਧਰਤੀ,ਚੱਕ ਦੇ ਫੱਟੇ,ਮਿੱਟੀ ਆਦਿ ਫ਼ਿਲਮਾਂ ਰਹਿਨਾ ਹੈ ਤੇਰੇ ਦਿਲ ਮੇਂ,ਰਾਜਨੀਤੀ,ਦੀਵਾਨੇ ਹੂਏ ਪਾਗਲ,ਰੰਗ ਦੇ ਬਸੰਤੀ ਤੋਂ ਕ੍ਰਮਵਾਰ ਨਕਲ ਹੋਈਆਂ ਜਾਂ ਥੌੜ੍ਹੀਆਂ ਪ੍ਰਭਾਵਿਤ ਜਾਪਦੀਆਂ ਹਨ।ਕੁਝ ਫ਼ਿਲਮਾਂ ਤਾਂ ਅਜਿਹੀਆਂ ਹਨ ਕਿ ਇੱਕੋ ਨਿਰਦੇਸ਼ਕ ਦੀਆਂ ਹੋਣ ਕਰਕੇ ਪੇਸ਼ਕਾਰੀ ਪੱਖੋਂ ਦੁਹਰਾ ਹੀ ਲੱਗਦੀਆਂ ਹਨ।ਜਿਵੇਂ ਕਿ ਮਨਦੀਪ ਕੁਮਾਰ ਦੀ ਜਿੰਨ੍ਹੇ ਮੇਰਾ ਦਿਲ ਲੁੱਟਿਆ ਅਤੇ ਤੇਰੇ ਨਾਲ ਲਵ ਹੋ ਗਿਆ ਆਦਿ।

ਪੱਛਮੀ ਫ਼ਿਲਮਾਂ ਦੀ ਨਕਲ ‘ਚ ਫ਼ਿਲਮਾਂ ਦੇ ਇਸ ਹੜ੍ਹ ‘ਚ ਪੰਜਾਬੀ ਅਤੇ ਹਿੰਦੀ ਸਾਹਿਤ ‘ਤੇ ਅਧਾਰਿਤ ਫ਼ਿਲਮਾਂ ਹਾਸ਼ੀਏ ‘ਤੇ ਹਨ।ਮੌਲਕਿਤਾ ਨਾਮ ਦੀ ਬਹਿਸ ਬੇਮਾਨੀ ਜਿਹੀ ਲੱਗਦੀ ਹੈ।ਅੰਗਰੇਜ਼ੀ ਸਾਹਿਤ ‘ਚ ਵੀ ਫ਼ਿਲਮਸਾਜ਼ਾਂ ਕੋਲ ਸਿਰਫ ਚੇਤਨ ਭਗਤ ਹੀ ਹੈ।ਵਿਸ਼ਾਲ ਭਰਦਵਾਜ ਜਿਹੇ ਕੁਝ ਨਿਰਦੇਸ਼ਕ ਹਨ ਜੋ ਵਿਲੀਅਮ ਸ਼ੇਕਸਪੀਅਰ ਦੇ ਮੇਕਬੇਥ,ਓਥੇਲੋ ‘ਤੇ ਮਕਬੂਲ ਜਾਂ ਓਮਾਕਾਰਾ ਬਣਾਉਂਦੇ ਹਨ।ਉਹ ਰਸਕਿਨ ਬਾਂਡ ਦੇ ਨਾਵਲ ਸੁਸਾਨਾਸ ਸੇਵਨ ਹਸਬੈਂਡ ‘ਤੇ 7 ਖ਼ੂਨ ਮਾਫ ਵੀ ਬਣਾਉਂਦਾ ਹੈ।ਪ੍ਰਭਾਵ ਅਤੇ ਪ੍ਰੇਰਣਾ ਦੀ ਸੱਚੀ ਨੀਤ ‘ਚ ਨਕਲ ਦਾ ਰਿਵਾਜ਼ ਏਨਾ ਭਾਰੂ ਹੈ ਕਿ ਡਾ.ਚੰਦਰਪ੍ਰਕਾਸ਼ ਦਿਵੇਦੀ ਵਰਗੇ ਨਿਰਦੇਸ਼ਕ ਕਾਸ਼ੀਨਾਥ ਸਿੰਘ ਦੇ ਨਾਵਲ ‘ਕਾਸ਼ੀ ਕਾ ਅੱਸੀ’ ‘ਤੇ ਮੁਹੱਲਾ ਅੱਸੀ’ ਨਾਂ ਦੀ ਫ਼ਿਲਮ ਬਣਾਕੇ ਬੈਠੇ ਹੋਏ ਹਨ ਅਤੇ ਵਿੱਤੀ ਝਮੇਲਿਆ ‘ਚ ਫੱਸਕੇ ਇਹ ਫ਼ਿਲਮ ਠੰਡੇ ਕੜਾਹੇ ‘ਚ ਪਈ ਹੋਈ ਹੈ ਅਤੇ ਦੂਜੇ ਪਾਸੇ ਇੱਕ ਅਜਿਹੀ ਫ਼ਿਲਮ ਹੈ ਜੋ 9 ਕਰੋੜ ਦੇ ਬਜਟ ‘ਤੇ ਬਣਕੇ 104 ਕਰੋੜ ਦਾ ਵਪਾਰ ਕਰਦੀ ਹੈ ਅਤੇ ਵੇਖਣ ਲੱਗਿਆ ਇਸ ਫ਼ਿਲਮ ਬਾਰੇ ਪਤਾ ਲੱਗਦਾ ਹੈ ਕਿ ਫ਼ਿਲਮ ਦੀ ਸ਼ੁਰੂਆਤ ਐਂਜਲੀਨਾ ਜੌਲੀ ਦੀ ਫ਼ਿਲਮ ‘ਏ ਮਾਇਟੀ ਹਾਰਟ’ ਤੋਂ ਚੁੱਕੀ ਗਈ ਹੈ।ਵਿਚਕਾਰ ਵਾਲਾ ਹਿੱਸਾ ਫ਼ਿਲਮ ‘ਦੀ ਯੂਸਅਲ ਸਸਪੈਕਟ’ ਦੀ ਦੇਣ ਹੈ ਅਤੇ ਫ਼ਿਲਮ ਦਾ ਅੰਤ ਹੂ ਬੂ ਹੂ 2004 ‘ਚ ਆਈ ਐਂਜਲੀਨਾ ਜੌਲੀ ਅਤੇ ਈਥਨ ਹੌਕ ਦੀ ਫ਼ਿਲਮ ‘ਟੇਕਿੰਗ ਲਾਈਵ’ ਦੀ ਦੇਣ ਹੈ ਅਤੇ ਇਸ ਫ਼ਿਲਮ ਨੂੰ ਫੇਮਨਿਜ਼ਮ ਵਿਸ਼ੇ ਦੀ ਸਭ ਤੋਂ ਉੱਤਮ ਫ਼ਿਲਮ ਕਰਾਰ ਦੇ ਦਿੱਤਾ ਜਾਂਦਾ ਹੈ।ਇਹ ਫ਼ਿਲਮ ਹੈ ਵਿਦਿਆ ਬਾਲਨ ਦੀ ਸੁਜਾਏ ਘੋਸ਼ ਨਿਰਦੇਸ਼ਤ ‘ਕਹਾਣੀ’।ਸੋ ਫ਼ਿਲਮਾਂ ਦੀ ਕਹਾਣੀ ‘ਚ ਪ੍ਰਭਾਵ,ਪ੍ਰੇਰਣਾ ਅਤੇ ਨਕਲ ਦੇ ਮਿਕਦਾਰ ਤੈਅ ਹੋਣੇ ਜ਼ਰੂਰੀ ਹਨ ਨਹੀਂ ਤਾਂ ਮੌਲਕਿਤਾ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ ਇਹ ਵੀ ਇੱਕ ਯੂਨੀਵਰਸਲ ਟਰੁੱਥ ਜਾਪਦਾ ਹੈ।

ਮੌਬ-94641-41678

Friday, December 28, 2012

ਜੈ ਭੀਮ ਕਾਮਰੇਡ: ਲਾਲ ਸਿਆਸਤ ’ਤੇ ਨੀਲਾ ਦਾਗ

ਦੋਸਤੋ, ਮੇਰਾ ਇਹ ਫਿਲਮ ਰੀਵਿਊ ਪੰਜਾਬੀ ਦੇ ਸਾਹਿਤਕ ਰਸਾਲੇ 'ਫਿਲਹਾਲ' ਦੇ ਨਵੇਂ ਅੰਕ 'ਚ ਥੋੜ੍ਹੀ-ਬਹੁਤ ਕਾਂਟ-ਛਾਂਟ ਨਾਲ ਛਪਿਆ ਹੈ।ਨੈਟ ਦੇ ਸੇਲ੍ਹੀ ਚੱਕ ਯਾਰ ਰਸਾਲਾ ਖਰੀਦ ਕੇ ਵੀ ਪੜ੍ਹ ਸਕਦੇ ਹਨ।-ਯਾਦਵਿੰਦਰ ਕਰਫਿਊ 
(ਪ੍ਰਸੰਗ - ਅਨੰਦ ਪਟਵਰਧਨ ਦੀ ਫ਼ਿਲਮ : ਜੈ ਭੀਮ ਕਾਮਰੇਡ )
ਦਸਤਾਵੇਜ਼ੀ ਫਿਲਮਸਾਜ਼ ਅਨੰਦ ਪਟਵਰਧਨ ਦੀ ਫਿਲਮ 'ਜੈ ਭੀਮ ਕਾਮਰੇਡ' ਦਲਿਤ ਗਾਇਕ ਵਿਲਾਸ ਘੋਗਰੇ ਦੀ ਖੁਦਕੁਸ਼ੀ 'ਤੇ ਕੇਂਦਰਤ ਹੁੰਦਿਆਂ ਖੱਬੇਪੱਖੀ ਸਿਆਸਤ ਦੇ ਦਲਿਤ ਨਜ਼ਰੀਏ ਨੂੰ ਘੋਖਦੀ ਹੈ। ਵਿਲਾਸ ਘੋਗਰੇ ਨਾਲ ਪਟਵਰਧਨ ਦਾ ਨਾਤਾ ਨਿੱਜੀ ਪੱਧਰ ਦਾ ਸੀ। ਇਹ ਗਾਇਕ ਓਹਦੀ ਮੁੰਬਈ ਮਹਾਂਨਗਰ 'ਤੇ 1985 'ਚ ਬਣੀ ਫਿਲਮ 'ਸਾਡਾ ਸ਼ਹਿਰ' ਦਾ ਕਲਾਕਾਰ ਸੀ।ਦਲਿਤ ਕਲਾਕਾਰ ਵਿਲਾਸ ਖੱਬੇਪੱਖੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਸੀ, ਜਿਸ ਨੇ 1997 'ਚ ਖੁਦਕੁਸ਼ੀ ਕਰ ਲਈ। ਇਹ ਖੁਦਕੁਸ਼ੀ ਇਸ ਫ਼ਿਲਮ ਦਾ ਚੂਲਕ ਬਿੰਦੂ ਹੈ। ਇਸ ਦੁਆਲੇ ਅਨੇਕ ਸੁਆਲ ਬੁਣੇ ਜਾਂਦੇ ਹਨ, ਅਨੇਕ ਸੁਆਲ ਪੈਦਾ ਹੁੰਦੇ ਹਨ। ਇਹ ਆਮ ਤਰ੍ਹਾਂ ਦੀ ਖੁਦਕੁਸ਼ੀ ਨਹੀਂ ਸੀ।

ਇਸ ਦੀ ਪਿੱਠਭੂਮੀ ਇਹ ਸੀ : 1997 'ਚ ਬੰਬਈ ਦੇ ਰਮਾਬਾਈ ਨਗਰ 'ਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ 'ਤੇ ਜੁੱਤੀਆਂ ਦਾ ਹਾਰ ਪਾਉਣ ਦੀ ਘਟਨਾ ਵਾਪਰਦੀ ਹੈ। ਵਿਰੋਧ ਵਜੋਂ ਇਲਾਕੇ ਦੇ ਦਲਿਤ ਭਾਈਚਾਰੇ ਦੇ ਲੋਕ ਸੜਕਾਂ 'ਤੇ ਉੱਤਰਦੇ ਹਨ ਤੇ ਪੁਲੀਸ ਫਾਇਰਿੰਗ ਹੁੰਦੀ ਹੈ। ਫਾਇਰਿੰਗ 'ਚ 10 ਲੋਕਾਂ ਦੀ ਮੌਤ ਹੋ ਜਾਂਦੀ ਹੈ। ਰਮਾਬਾਈ ਨਗਰ ਦੇ ਕਾਂਡ ਤੋਂ ਛੇਵੇਂ ਦਿਨ ਵਿਲਾਸ ਘੋਗਰੇ ਖੁਦਕੁਸ਼ੀ ਕਰਦਾ ਹੈ। ਖੁਦਕੁਸ਼ੀ ਕਰਨ ਸਮੇਂ ਉਹ ਸਿਆਸੀ ਦਲਿਤ ਪਛਾਣ ਵਾਲਾ ਨੀਲਾ ਰਿਬਨ ਮੱਥੇ 'ਤੇ ਬੰਨ੍ਹਦਾ ਹੈ।ਖੁਦਕੁਸ਼ੀ ਤੋਂ ਪਹਿਲਾਂ ਕਮਰੇ ਦੀ ਕੰਧ 'ਤੇ ਰਮਾਬਈ ਨਗਰ ਕਾਂਡ 'ਚ ਮਰਨ ਵਾਲੇ ਲੋਕਾਂ ਨੂੰ 'ਸ਼ਹੀਦ ਭੀਮ ਪੁੱਤਰ' ਕਹਿ ਕੇ ਸਰਧਾਂਜ਼ਲੀ ਦਿੰਦਾ ਹੈ ਤੇ ਦਲਿਤ ਅੱਤਿਆਚਾਰਾਂ ਵਿਰੁੱਧ ਸਮੂਹ ਅੰਬੇਡਕਰਵਾਦੀਆਂ ਨੂੰ ਇੱਕਮੁੱਠ ਹੋਣ ਦੀ ਤਾਕੀਦ ਕਰਦਾ ਹੈ। ਦੂਜੇ ਸ਼ਬਦਾਂ ਵਿਚ ਘੋਗਰੇ ਆਪਣੀ ਮੌਤ ਰਾਹੀਂ ਦਲਿਤ ਸਮੱਸਿਆ ਦੇ ਹਵਾਲੇ ਨਾਲ ਖੱਬੇਪੱਖੀ ਸਿਆਸਤ ਨੂੰ ਹਮੇਸ਼ਾਂ ਲਈ ਕਟਹਿਰੇ 'ਚ ਖੜ੍ਹਾ ਕਰ ਦੇਂਦਾ ਹੈ। ਇਹ ਕੋਈ ਭੁੱਲ ਜਾਣ ਵਾਲਾ ਦੂਸ਼ਨ ਨਹੀਂ ਹੈ।ਸੁਆਲ ਹੈ :ਖੱਬੇਪੱਖੀ ਘੋਲ 'ਚੋਂ ਗੁਜ਼ਰਨ ਵਾਲਾ ਦਲਿਤ ਕਲਾਕਾਰ ਐਨਾ ਨਿਰਾਸ਼ ਕਿਉਂ ਹੋਇਆ?
1997: ਬੰਬਈ ਰਮਾਬਾਈ ਨਗਰ

ਪਟਵਰਧਨ ਦੀ ਇਹ ਫ਼ਿਲਮ 'ਚ ਸਿਰਫ਼ ਮਨੁੱਖੀ ਪੱਧਰ ਦੀ ਝੰਜੋੜ ਹੀ ਨਹੀਂ। ਕਿਸੇ ਕਾਮਰੇਡ ਵਲੋਂ ਖੁਦਕੁਸ਼ੀ ਵੇਲੇ ਕੰਧ 'ਤੇ ਸਮੂਹ ਅੰਬੇਡਕਰਵਾਦੀਆਂ ਨੂੰ ਆਪਣੀ ਮੁਕਤੀ ਲਈ ਇਕੱਠੇ ਹੋ ਕੇ ਲੜਨ ਦੀ ਲਲਕਾਰ ਦੇਣਾ ਇਕ ਤਕੜਾ ਸਿਆਸੀ ਪੈਂਤੜਾ ਹੈ। ਇਸ ਦੀ ਤੈਹ ਨੂੰ ਟਟੋਲਣ ਲਈ ਪਟਵਰਧਨ 14 ਸਾਲ ਲਗਾਉਂਦਾ ਹੈ ਤੇ ਇਹ ਫਿਲਮ ਉਸ ਦੌਰ 'ਚ ਤਿਆਰ ਹੁੰਦੀ ਹੈ ਜਦੋਂ ਸੰਸਾਰੀਕਰਨ ਨੇ ਅੱਤ ਨਿਮਨ ਵਰਗ ਦੇ ਬੰਦੇ ਨੂੰ ਹੋਰ ਨਿਮਨ ਕਰ ਦਿੱਤਾ ਹੈ, ਤੇ ਇਸ ਦੇਸ਼ ਦੀ ਖੱਬੇਪੱਖੀ ਸੰਸਦੀ ਸਿਆਸਤ ਆਈ ਸੀ ਯੂ 'ਚ ਹੈ ਅਤੇ ਗੈਰ-ਸੰਸਦੀ ਖੱਬੇਪੱਖੀ ਸਿਆਸਤ ਅੰਤਰ -ਵਿਰੋਧਾਂ ਤੇ ਸੰਕਟਾਂ 'ਚ ਘਿਰੀ ਹੋਈ ਹੈ। ਅਜਿਹੀ ਸਥਿਤੀ ਵਿਚ ਪਟਵਰਧਨ ਨੇ 'ਸਬਾੱਲਟ੍ਰਨ' ਅਤੇ ਖੱਬੇਪਖੀ ਲਹਿਰ ਦੇ ਹਵਾਲੇ ਨਾਲ ਅਨੇਕ ਅਹਮ ਸੁਆਲ ਖੜ੍ਹੇ ਕੀਤੇ ਹਨ।

ਦਲਿਤ ਲਹਿਰ ਤੇ ਭਾਰਤੀ ਕਮਿਊਨਿਸਟ ਲਹਿਰ ਲਗਭਗ ਸਮਕਾਲੀ ਰਹੀਆਂ ਹਨ। ਕਮਿਊਨਿਸਟਾਂ ਦਾ ਬਾਬਾ ਸਾਹਿਬ ਅੰਬੇਡਕਰ ਨਾਲ ਵਿਰੋਧ ਉਨ੍ਹਾਂ ਵਲੋਂ ਸਥਾਪਿਤ 'ਇੰਡੀਅਨ ਲੇਬਰ ਪਾਰਟੀ' ਤੋਂ ਪਹਿਲਾਂ ਦਾ ਹੈ।ਫਰਾਂਸਿਸੀ ਰਾਜਨੀਤੀ ਵਿਗਿਆਨੀ ਕ੍ਰਿਸਤੋਫ ਜੈਫਲੋਤ ਨੇ ਅੰਬੇਡਕਰ ਦੀ ਇੰਡੀਅਨ ਲੇਬਰ ਪਾਰਟੀ ਨੂੰ ਪਹਿਲੀ ਭਾਰਤੀ ਖੱਬੇਪੱਖੀ ਪਾਰਟੀ ਦਾ ਦਰਜਾ ਦਿੰਦਿਆਂ ਕਿਹਾ ਹੈ ਹੈ ਕਿ ਓਸ ਮੌਕੇ ਖੱਬੇਪਖੀ ਪਾਰਟੀਆਂ ਜਾਂ ਤਾਂ ਰੂਪੋਸ਼ ਹੋ ਗਈਆਂ ਜਾਂ 'ਕਾਂਗਰਸ ਸੋਸ਼ਲਿਸਟ ਬਲਾਕ' ਦੀ ਛਤਰੀ ਹੇਠ ਆ ਗਈਆਂ ਸਨ। ਇਹ ਪਾਰਟੀ ਉਸ ਤਜ਼ਰਬੇ 'ਚੋਂ ਬਣਾਈ ਸੀ,ਜਿਸ 'ਚ ਬੰਬਈ ਤੇ ਅਹਿਮਦਾਬਾਦ ਮਿਲਾਂ 'ਚ ਅਛੂਤ ਮਜ਼ਦੂਰਾਂ ਨੂੰ ਸਿਰਫ 'ਕਤਾਈ ਵਿਭਾਗ' 'ਚ ਕੰਮ ਕਰਨ ਲਈ ਕਿਹਾ ਜਾਂਦਾ ਸੀ, ਜਿਸ 'ਚ ਸਭ ਤੋਂ ਘੱਟ ਤਨਖਾਹ ਮਿਲਦੀ ਸੀ। 'ਬੁਣਾਈ ਵਿਭਾਗ' 'ਚ ਉਨ੍ਹਾਂ ਨੂੰ ਕੰਮ ਕਰਨ ਤੋਂ ਇਸ ਕਰਕੇ ਰੋਕ ਦਿੱਤਾ ਜਾਂਦਾ ਸੀ ਕਿਉਂਕਿ ਅਛੂਤ ਮਜ਼ਦੂਰਾਂ ਦਾ ਥੁੱਕ ਧਾਗੇ ਨਾਲ ਲੱਗਦਾ ਸੀ। ਉਦੋਂ ਬੰਬੇ ਦੀਆਂ ਮਿੱਲਾਂ 'ਚ ਕਮਿਊਨਿਸਟ ਪਾਰਟੀ ਦੀ 'ਗਿਰਨੀ ਕਾਮਗਾਰ ਯੂਨੀਅਨ' ਵੀ ਸੀ ਪਰ ਉਨ੍ਹਾਂ ਇਸ ਮਾਮਲੇ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਕਿਉਂ ਨਹੀਂ ਦਿੱਤਾ? ਉਦੋਂ ਹੀ ਡਾਕਟਰ ਅੰਬੇਡਕਰ ਨੇ 'ਜਾਤਪਾਤ ਦਾ ਖਾਤਮਾ' ਨਾਂਅ ਦਾ ਦਸਤਾਵੇਜ਼ ਲਿਖਿਆ ਸੀ ਤੇ ਕਿਹਾ ਸੀ ਕਿ 'ਜਾਤਪਾਤੀ ਪ੍ਰਬੰਧ ਸਿਰਫ ਕਿਰਤ ਨੂੰ ਹੀ ਨਹੀਂ ਸਗੋਂ ਕਿਰਤੀਆਂ ਨੂੰ ਵੀ ਵੰਡਦਾ ਹੈ'।ਏਸ ਵੇਲੇ ਹੀ ਉਨ•ਾਂ ਮਸ਼ਹੂਰ ਭਾਸ਼ਨ 'ਪੂੰਜੀਵਾਦ,ਕਿਰਤ ਤੇ ਬ੍ਰਹਮਣਵਾਦ' ਵੀ ਦਿੱਤਾ। ਉਦੋਂ ਸੀ. ਪੀ. ਆਈ ਵਾਲੇ ਦੌਰ 'ਚ ਕਮਿਊਨਿਸਟਾਂ ਨੂੰ ਕਲਾਸ ਦੇ ਨਾਲੋ ਨਾਲ ਕਾਸਟ ਦਾ ਵਿਰੋਧ ਕਰਨ ਵਾਲਾ 'ਰਾਸ਼ਟਰ ਵਿਰੋਧੀ' ਲੱਗਦਾ ਸੀ। ਸੀ ਪੀ ਆਈ ਦਾ ਮੋਢੀ ਆਗੂ ਐਸ ਏ ਡਾਂਗੇ ਅੰਬੇਡਕਰ ਨੂੰ 'ਵੱਖਵਾਦੀ' ਤੇ 'ਰਾਸ਼ਟਰ ਵਿਰੋਧੀ' ਕਿਹਾ ਕਰਦਾ ਸੀ ਅਤੇ 1952 ਦੀ ਬੰਬਈ ਦੇ ਉੱਤਰੀ ਹਲਕੇ ਤੋਂ ਹੋਈ ਚੋਣ ਵਿਚ ਅੰਬੇਡਕਰ ਨੂੰ ਹਰਾਉਣ 'ਚ ਉਹਨੇ ਵੱਡਾ ਰੋਲ ਅਦਾ ਕੀਤਾ ਸੀ। 'ਫੇਬੀਅਨ ਸਮਾਜਵਾਦੀ' ਵਿਚਾਰਧਾਰਾ ਦਾ ਧਾਰਨੀ ਹੁੰਦਾ ਹੋਇਆ ਵੀ ਅੰਬੇਡਕਰ ਕੁਝ ਮਸਲਿਆਂ ਨੂੰ ਛੱਡ ਕਮਿਊਨਿਸਟਾਂ ਦੀ ਹਮਾਇਤ ਕਰਦਾ ਰਿਹਾ ਸੀ।
ਮਰਹੂਮ ਵਿਲਾਸ ਘੋਗਰੇ

ਅੱਜ ਭਾਰਤੀ ਕਮਿਊਨਿਸਟ 'ਸਬਾੱਲਟ੍ਰਨ' ਦੇ ਮਸਲੇ ਨੂੰ 'ਪੋਸਟ ਮਾਰਡਨਿਸਟ ਪ੍ਰੋਜੈਕਟ' ਦੱਸਦੇ ਹਨ (ਜੋ ਇਕ ਹੱਦ ਤੱਕ ਸਹੀ ਹੈ), ਪਰ ਦੁਖਾਂਤ ਉਨ੍ਹਾਂ ਦਾ ਸ਼ੁਰੂ ਤੋਂ ਇਹ ਰਿਹਾ ਹੈ ਕਿ ਉਹ ਇਸ ਉੱਪ ਮਹਾਂਦੀਪ 'ਚ ਪਛਾਣ ਦੇ ਮਸਲਿਆਂ ਨੂੰ ਸੰਵਾਰ ਕੇ ਕਦੇ ਸੰਬੋਧਤ ਨਹੀਂ ਹੋਏ। ਨਤੀਜਾ ਇਹ ਕਿ ਇਸ ਖਿੱਤੇ ਦੇ 'ਸਬਾੱਲਟ੍ਰਨ' ਸਿਆਸੀ ਧਾਗੇ 'ਚ ਪਰੋਏ ਨਹੀਂ ਜਾ ਸਕੇ। ਨਾ ਤਾਂ ਪਛਾਣਾਂ ਦੇ ਮਸਲਿਆਂ ਲਈ ਕਮਿਊਨਿਸਟ ਸਿਆਸਤ ਕੋਲ ਕਦੇ ਕੋਈ ਏਜੰਡਾ ਰਿਹਾ ਹੈ।ਨਾ ਇਹ ਸਿਆਸਤ ਭਾਰਤੀ ਜਾਤੀਵਾਦ ਤੇ ਇਹਦੀ ਤਕੜੀ ਹੁੰਦੀ ਜਾ ਰਹੀ ਸਿਆਸਤ ਨੂੰ ਕੱਟਣ ਲਈ ਤੈਹ-ਦਿਲੋਂ ਯਤਨ ਕਰ ਸਕੀ ਹੈ। ਅਨੰਦ ਪਟਵਰਧਨ ਇਸ ਫਿਲਮ ਦੇ ਜ਼ਰੀਏ ਅਜਿਹੇ ਮਸਲਿਆਂ ਨਾਲ ਜੂਝਦਾ ਹੈ।

ਫਿਲਮ ਦੇ ਸ਼ੁਰੂ ਵਿਚ ਮਰਹੂਮ ਵਿਲਾਸ ਘੋਗਰੇ ਦੀ ਪਤਨੀ ਆਸ਼ਾ ਘੋਗਰੇ ਕਹਿੰਦੀ ਹੈ : 'ਲੋਕ ਰਮਾਬਾਈ ਨਗਰ ਕਾਂਡ ਦੀ ਗੱਲ ਕਰਨ ਤੋਂ ਡਰਦੇ ਨੇ, ਪਰ ਮੇਰੇ ਪਤੀ ਜਾਨ ਦੇਣ ਤੋਂ ਨਹੀਂ ਡਰੇ'। ਵਿਲਾਸ ਦਾ ਕਲਾਕਾਰ ਦੋਸਤ ਸਾਂਭਾਜੀ ਦੱਸਦਾ ਹੈ ਕਿ 'ਵਿਲਾਸ ਘਟਨਾ ਵਾਲੀ ਥਾਂ 'ਤੇ ਲਗਾਤਾਰ ਜਾਂਦਾ ਰਿਹਾ, ਉਸਨੂੰ ਗਹਿਰਾ ਸਦਮਾ ਪੁੱਜਾ ਸੀ। ਉਸਨੂੰ ਲੱਗਾ ਇਸ ਦੇਸ਼ 'ਚ ਜਿਉਣ ਦਾ ਕੋਈ ਅਰਥ ਨਹੀਂ ਹੈ'। ਫਿਲਮ ਮਹਾਰਾਸ਼ਟਰ 'ਚ ਦਲਿਤ ਲਹਿਰ ਨੂੰ 'ਦਲਿਤ ਪੈਂਥਰਜ਼' ਤੋਂ ਲੈ ਕੇ ਮੌਜੂਦਾ ਸਮੇਂ ਦੀ ਖਾੜਕੂ ਦਲਿਤ ਸਮਝ ਤੇ ਮਜ਼ਬੂਤ ਸੱਭਿਆਚਾਰਕ ਵਿਰਾਸਤ ਨੂੰ ਚਿੰਨ੍ਹਤ ਕਰਦੀ ਹੈ। ਰਮਾਬਾਈ ਨਗਰ ਤੇ ਹੋਰ ਦਲਿਤ ਅੱਤਿਆਚਾਰਾਂ 'ਚ ਮਰਨ ਵਾਲਿਆਂ ਨੂੰ ਦਲਿਤ ਲਹਿਰ ਦੇ ਲੋਕ 'ਸ਼ਹੀਦ ਭੀਮ ਸੈਨਿਕ ਅਮਰ ਰਹੇ' ਦੇ ਨਾਅਰਿਆਂ ਨਾਲ ਸ਼ਰਧਾਂਜ਼ਲੀ ਦਿੰਦੇ ਹਨ। ਅਨੰਦ ਮਹਾਰਾਸ਼ਟਰ ਦੀ ਦਲਿਤ ਚੇਤਨਾ ਨੂੰ ਦਰਸਾਉਂਦਾ ਹੋਇਆ ਇਹਦੀਆਂ ਘਾਟਾਂ ਕਮੀਆਂ ਬਾਰੇ ਸਖ਼ਤ ਨੁਕਤਾਚੀਨੀ ਵਾਲਾ ਰੁਖ ਅਪਣਾਉਂਦਾ ਹੈ।

ਇਹ ਫਿਲਮ ਦਲਿਤ ਚੇਤਨਾ ਦੀ ਵੱਖ ਵੱਖ ਵਰਗਾਂ ਦੇ ਹਵਾਲੇ ਨਾਲ ਨਿਸ਼ਾਨਦੇਹੀ ਕਰਦੀ ਹੈ। ਨਗਰ ਪਾਲਿਕਾ ਦਾ ਕੂੜਾ ਕਰਕਟ ਚੁੱਕਣ ਸੁੱਟਣ ਵਾਲੇ ਗਰੀਬ ਤੇ ਅਨਪੜ੍ਹ ਦਲਿਤ ਆਪਣੀ ਜਾਤ ਬੋਧ ਸਮਾਜ, ਭੀਮ ਸਮਾਜ ਆਦਿ ਦੱਸਦੇ ਹਨ। ਉਨ੍ਹਾਂ ਦੀ ਹਾਲਤ ਤੋਂ ਪਤਾ ਲੱਗਦਾ ਹੈ ਕਿ ਸਦੀਆਂ ਤੋਂ ਇਹੀ ਸਮਾਜ ਅਜਿਹੇ ਕੰਮ ਕਰਦੇ ਆ ਰਹੇ ਹਨ। ਇਵੇਂ ਭਾਈ ਸੰਘਾਰੇ ਜਿਹੇ ਭਾਰਤੀ ਸੱਤਾ ਨੂੰ 'ਹਿੰਦੂ ਰਾਜ' ਕਹਿੰਦੇ ਹਨ ਤੇ ਇਸ ਸੱਤਾ ਦੇ ਦਲਿਤ ਵਿਰੋਧੀ ਚਰਿੱਤਰ ਵਿਰੁੱਧ ਆਵਾਜ਼ ਉਠਾਂਦੇ ਹਨ। ਉਹ ਦਲਿਤ ਵਿਰੋਧੀ ਅੱਤਿਆਚਾਰਾਂ ਦੀ ਬੁਨਿਆਦ 'ਮੰਨੂ ਸਮ੍ਰਿਤੀ' ਨੂੰ ਮੰਨਦੇ ਹਨ। ਸਾਰੇ ਧਰਮ ਬਰਾਬਰ ਨਹੀਂ ਹੁੰਦੇ,ਕਿਵੇਂ ਹਿੰਦੂ ਧਰਮ ਸਦੀਆਂ ਤੋਂ ਦਲਿਤਾਂ ਦੀ ਗੁਲਾਮੀ ਦਾ ਸੰਦ ਰਿਹਾ ਹੈ? ਭਾਈ ਸੰਘਾਰੇ ਜਿਹੇ ਲੋਕ ਇਹ ਵਾਰ ਵਾਰ ਦੱਸਦੇ ਹਨ।ਸੰਘਾਰੇ ਨੂੰ ਮੰਨੂ ਸਮ੍ਰਿਤੀ ਸਾੜਦਿਆਂ ਇਸ ਲਈ ਜ਼ਿੰਦਗੀ ਗੁਆਉਣੀ ਪੈਂਦੀ ਹੈ,ਕਿਉਂਕਿ ਅੰਬੇਡਕਰ ਵਲੋਂ ਸਾੜੀ ਉਸ ਧਰਮ ਦੀ ਜਾਤੀਵਾਦੀ ਕਿਤਾਬ(ਮੰਨੂਸ੍ਰਿਮਤੀ) ਦੇ ਖ਼ਿਲਾਫ ਮੋਰਚਾ ਅੱਗੇ ਵਧਾ ਰਿਹਾ ਸੀ,ਜਿਸ ਧਰਮ ਦੀ ਕੰਧ ਬੇਇੰਸਾਫੀ ਤੇ ਗੈਰ-ਬਰਾਬਰੀ ਦੀ ਨੀਂਹ 'ਤੇ ਟਿਕੀ ਹੋਈ ਹੈ।

ਪਹਿਲੀਆਂ ਫਿਲਮਾਂ ਵਾਂਗ ਅਨੰਦ 'ਪ੍ਰੇਪੋਗੰਡਾ ਥਿਊਰੀ' ਨਹੀਂ ਅਪਣਾਉਂਦਾ।ਉਹ ਦਰਸ਼ਕਾਂ ਨੂੰ ਤਸਵੀਰ ਦੇ ਦੋਨਾਂ ਪਾਸਿਆਂ ਤੋਂ ਜਾਣੂ ਕਰਵਾਉਂਦਾ ਹੈ, ਕਿ ਕਿਵੇਂ ਰਾਖਵਾਂਕਰਨ ਵਿਰੋਧੀ ਇਲੀਟ ਲਾਣੇ ਨੂੰ ਦਲਿਤਾਂ ਤੋਂ ਨਫਰਤ ਹੈ ਤੇ ਰਾਖਵਾਂਕਰਨ ਉਨ੍ਹਾਂ ਨੂੰ ਉੱਚ ਜਾਤੀ ਸਮਾਜ 'ਤੇ ਹਮਲਾ ਲੱਗਦਾ ਹੈ।ਮੁੰਬਈ 'ਚ ਅੰਬੇਡਕਰ ਦੀਆਂ ਅਸਥੀਆਂ ਵਾਲੀ ਥਾਂ 'ਤੇ ਕੀਤੇ ਜਾਂਦੇ ਸਮਾਗਮ ਬਾਰੇ ਇਲੀਟ ਹਿੰਦੂ ਧੁਰੋਂ ਵਿਰੋਧੀ ਹਨ।ਉਨ੍ਹਾਂ ਨੂੰ ਲੱਗਦਾ ਹੈ ਕਿ ਚਾਰ ਦਿਨ ਚੱਲਦਾ ਇਹ ਸਮਾਗਮ ਸ਼ਹਿਰ 'ਚ ਗੰਦ ਪਾਉਂਦਾ ਹੈ ਪਰ ਉਹ ਗਣੇਸ਼ ਉਤਸਵ ਨਾਲ ਪਏ ਗੰਦ ਬਾਰੇ ਗੱਲ ਕਰਨਾ ਨਹੀਂ ਚਾਹੁੰਦੇ।

ਮਸਲਾ ਉੱਚ ਜਾਤ ਦੇ ਸਵਾਲ ਬਾਰੇ ਸਮਝ ਦਾ ਹੀ ਨਹੀਂ ਹੈ; ਮਸਲਾ ਹੈ ਕਿ ਖੱਬੇਪੱਖੀ ਲੋਕ ਵੀ ਇਸ ਬਾਰੇ ਪ੍ਰਸਾਸ਼ਕੀ ਰੁਖ ਅਖਤਿਆਰ ਕਰਦੇ ਹਨ।ਵਿਲਾਸ ਘੋਗਰੇ ਦੀ ਮੌਤ ਬਾਅਦ ਖੱਬੇਪੱਖੀ ਗੁਰਬੀਰ ਦਲੀਲ ਦਿੰਦਾ ਕਹਿੰਦਾ ਹੈ ਕਿ 'ਮੈਨੂੰ ਲੱਗਦਾ ਹੈ ਕਿ ਮੌਤ ਵੇਲੇ ਵਿਲਾਸ ਦੇ ਸਿਰ 'ਤੇ ਨੀਲਾ ਰੰਗ ਦਾ ਰਿਬਨ ਨਹੀਂ ਬਲਕਿ ਜਾਮਨੀ ਰੰਗ ਦਾ ਸੀ। ਇਸੇ ਤਰ੍ਹਾਂ ਮਾਓਵਾਦੀ ਕਵੀ ਵਰਵਰਾ ਰਾਓ ਤੋਂ ਅਨੰਦ ਪੁੱਛਦਾ ਹੈ ਕਿ 'ਵਿਲਾਸ ਮਾਰਕਸੀ ਸੀ, ਪਰ ਜਦੋਂ ਉਹ ਖੁਦਕੁਸ਼ੀ ਕਰਦਾ ਹੈ ਤਾਂ ਮੱਥੇ 'ਤੇ ਨੀਲਾ ਰਿਬਨ ਬੰਨ੍ਹ ਕੇ ਦਲਿਤ ਪਛਾਣ ਨਾਲ ਕਿਉਂ ਜੁੜਦਾ ਹੈ?' ਤਾਂ ਰਾਓ ਜਵਾਬ ਦਿੰਦਾ ਹੈ ਕਿ 'ਇਸਦਾ ਮਤਲਬ ਇਹ ਨਹੀਂ ਕਿ ਉਸਨੇ ਆਰ ਪੀ ਆਈ (ਰਿਪਬਲਿਕਨ ਪਾਰਟੀ ਆਫ ਇੰਡੀਆ) ਦੀ ਸਿਆਸਤ ਮੰਨੀ'। ਜਦ ਕਿ ਸੱਚ ਇਹ ਹੈ ਕਿ ਖੁਦਕੁਸ਼ੀ ਵੇਲੇ ਵਿਲਾਸ ਮੱਥੇ 'ਤੇ ਨੀਲਾ ਰਿਬਨ ਬੰਨ੍ਹ ਕੇ ਸਿਆਸੀ ਲਕੀਰ ਹੀ ਨਹੀਂ ਖਿੱਚਦਾ, ਬਲਕਿ ਰਮਾਬਾਈ ਨਗਰ ਦੇ ਸ਼ਹੀਦ ਭੀਮ ਸੈਨਿਕਾਂ ਨੂੰ ਸ਼ਰਧਾਂਜ਼ਲੀ ਵੀ ਦਿੰਦਾ ਹੈ ਤੇ ਅੰਬੇਡਕਰੀਆਂ (ਆਰ ਪੀ ਆਈ ਦੇ ਗੁੱਟਾਂ) ਨੂੰ ਦਲਿਤ ਅੱਤਿਆਚਾਰਾਂ ਵਿਰੁੱਧ ਇਕੱਠੇ ਹੋਣ ਦਾ ਸੱਦਾ ਦੇਂਦਾ ਹੈ।

ਸਵਾਲ ਪੈਦਾ ਹੁੰਦਾ ਹੈ ਕਿ 'ਖੱਬੇਪੱਖੀ ਚਿੰਤਕ ਇਸ ਗੰਭੀਰ ਮਸਲੇ ਨੂੰ ਲੈ ਕੇ ਪੇਤਲੀਆਂ ਗੱਲਾਂ ਹੀ ਕਿਉਂ ਕਰਦੇ ਹਨ? ਕੀ ਇਹ ਅਗੰਭੀਰਤਾ ਨਿੱਜੀ ਸੰਵੇਦਨਾ ਦੀ ਘਾਟ ਕਰਕੇ ਹੈ? ਉੱਚ ਵਰਗੀ ਅਵਚੇਤਨ ਹੈ ਜਾਂ ਕਮਿਊਨਿਸਟ ਲਹਿਰ ਦਾ ਸਿਆਸੀ ਸੰਕਟ ਹੈ? ਜਾਂ ਅਮਲਾਂ ਦੇ ਪੱਧਰ 'ਤੇ ਉੱਕਾ ਨਾਅਹਿਲੀ ਹੈ?ਜਾਤਪਾਤ ਦੇ ਸਵਾਲ ਬਾਰੇ ਪ੍ਰਸ਼ਾਸ਼ਕੀ ਸਮਝ ਦੇ ਕਾਰਨ ਹੀ  ਕਮਿਊਨਿਸਟ ਲਹਿਰ ਮਸਲੇ ਦੀ ਸੰਵੇਦਨਾ ਨੂੰ ਸਮਝਣ 'ਚ ਨਾਕਾਮਯਾਬ ਰਹੀ ਹੈ। ਇਸੇ ਲਈ ਜਾਤਪਾਤ ਦਾ ਮਸਲਾ ਜ਼ਿਆਦਾਤਾਰ ਪਾਰਟੀਆਂ 'ਚ ਅੰਦਰੂਨੀ ਖਿੱਚੋਤਾਣ ਬਣਦਾ ਰਿਹਾ ਹੈ। ਦੇਸ਼ ਦੀ ਖੱਬੇਪੱੱਖੀ ਸਿਆਸਤ ਦਾ ਗੜ੍ਹ ਮੰਨੀ ਜਾਂਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ,ਦਿੱਲੀ ਤੋਂ ਲੈ ਕੇ ਪੰਜਾਬ ਦੀ ਖੱਬੇਪੱਖੀ ਧਿਰਾਂ ਨਾਲ ਜੁੜੇ ਦਲਿਤ ਭਾਈਚਾਰੇ ਦੇ ਲੋਕ ਬ੍ਰਹਮਣ ਤੇ ਜੱਟ ਆਗੂਆਂ 'ਤੇ ਜਾਤੀਵਾਦੀ ਰਵੱਈਏ ਦੇ ਸਰੇਆਮ ਇਲਜ਼ਾਮ ਲਗਾਉਂਦੇ ਹਨ ਪਰ ਉਨ੍ਹਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ।ਮਰਹੂਮ ਲਾਲ ਸਿੰਘ ਦਿਲ ਵਰਗਾ ਕਵੀ ਨਕਸਲਵਾੜੀ ਲਹਿਰ ਦੌਰਾਨ ਹੋਏ ਜਾਤੀਵਾਦੀ ਭੇਦਭਾਵ ਨੂੰ ਗੰਭੀਰਤਾ ਨਾਲ ਉਠਾਉਂਦਾ ਰਿਹਾ ਹੈ।

ਪਟਵਰਧਨ ਫਿਲਮ 'ਚ ਇਕ ਹਵਾਲਾ ਦਿੰਦਾ ਹੈ ਕਿ ਅੱਜ ਵੀ ਕਮਿਊਨਿਸਟ ਪਾਰਟੀਆਂ ਦੇ ਜ਼ਿਆਦਾਤਰ ਆਗੂ ਉੱਚ ਜਾਤਾਂ ਨਾਲ ਸਬੰਧਤ ਹਨ। ਸੰਕਟ ਇਹ ਹੈ ਇਹ ਕਮਿਊਨਿਸਟ ਲਹਿਰ ਨਾਲ ਜੁੜਿਆ ਅਗਾਂਹਵਧੂ ਕਹਾਉਂਦਾ ਉੱਚ ਜਮਾਤੀ/ਜਾਤੀ ਲਾਣਾ (ਜਿਸ ਵਿਚ ਜਨਤਕ ਆਗੂ, ਬੁੱਧੀਜੀਵੀ/ਲੇਖਕ/ਪੱਤਰਕਾਰ ਆਦਿ ਸ਼ਾਮਲ ਹਨ) ਆਪਣੇ ਆਪ ਨੂੰ ਡੀ-ਕਲਾਸ ਕਰ ਹੀ ਨਹੀਂ ਸਕਿਆ। ਸ਼ਬਦੀ ਗੁਲਦਸਤਿਆਂ ਦੇ ਲੈਣ-ਦੇਣ ਵੇਲੇ ਇਹ ਕੁਝ ਹੋਰ ਹੁੰਦੇ ਹਨ ਪਰ ਅਵਚੇਤਨੀ ਪੱਧਰ 'ਤੇ ਆਪਣੇ ਆਪ ਨੂੰ ਉੱਚ ਵਰਗਾਂ ਨਾਲ ਅਡੈਂਟੀਫਾਈ ਕਰਦੇ ਹਨ, ਜੀਹਦਾ ਪਤਾ ਇਨ•ਾਂ ਦੇ ਅਮਲਾਂ ਤੋਂ ਲੱਗਦਾ ਹੈ।

ਫਿਲਮ 'ਚ ਆਂਧਰਾ ਪ੍ਰਦੇਸ਼ ਦਾ ਖੱਬੇਪੱਖੀ ਲੋਕ ਗਾਇਕ ਤੇ ਵਿਲਾਸ ਦਾ ਦੋਸਤ ਗਦਰ ਨਿੱਘੀ ਸੰਵੇਦਨਾ ਜ਼ਾਹਰ ਕਰਦਾ ਹੋਇਆ ਉਸਦੀ ਕਲਾ ਨੂੰ ਸਲਾਮ ਕਰਦਾ ਹੈ। ਜਾਤੀ ਪਛਾਣ ਨਾਲ ਮਰਨ ਦੇ ਬਾਵਜੂਦ ਉਹ ਵਿਲਾਸ ਦੇ ਵਰਗ ਸੰਘਰਸ਼ ਲਈ ਪਾਏ ਯੋਗਦਾਨ ਦੀ ਨਿਸ਼ਾਨਦੇਈ ਕਰਦਾ ਹੈ। ਗਦਰ ਇਸ਼ਾਰਾ ਕਰਦਾ ਹੈ ਕਿ ਵਿਲਾਸ ਕਲਾਸ ਦੀ ਲੜਾਈ 'ਚ ਕਾਸਟ ਨਾਲ ਜੂਝਦਾ ਰਿਹਾ ਹੈ ਅਤੇ ਜਾਤ ਦਾ ਸਵਾਲ ਬਹੁਤ ਅਹਿਮ ਹੈ। ਉਹ ਕਮਿਊਨਿਸਟ ਪਾਰਟੀਆਂ ਦੀ ਦਲੀਲ ਦਾ ਹਵਾਲਾ ਦੇਂਦਾ ਹੈ ਜਿਸ ਅਨੁਸਾਰ 'ਜਾਤ ਬੇਸ ਦੀ ਸਮੱਸਿਆ ਨਹੀਂ, ਸੁਪਰਸਟਰਕਚਰ ਦੀ ਸਮੱਸਿਆ ਹੈ। ਬੇਸ ਬਦਲ ਜਾਵੇਗਾ ਤਾਂ ਸਭ ਕੁਝ ਬਦਲ ਜਾਵੇਗਾ' ਤੇ ਕਹਿੰਦਾ ਹੈ ਕਿ ਅਜਿਹਾ ਹੁੰਦਾ ਨਹੀਂ ਹੈ। ਦਰ ਅਸਲ, ਸੱਭਿਆਚਾਰਕ ਕ੍ਰਾਂਤੀ ਦੀ ਲੋੜ ਇਸੇ ਲਈ ਹੀ ਪੈਂਦੀ ਹੈ। ਗਦਰ ਭਾਰਤੀ ਜਾਤ ਦੇ ਸਵਾਲ ਨੂੰ ਫਰਾਂਸਿਸੀ ਨਾਰੀਵਾਦੀ ਸਿਮੋਨ ਦੀ ਸਮਝ ਦੇ ਨੇੜੇ ਖੜ•ਾ ਕਰਦਾ ਹੈ ਜਿਸਨੇ 1972 'ਚ ਔਰਤ ਮੁਕਤੀ ਦੇ ਸਵਾਲ ਬਾਰੇ ਕਿਹਾ ਸੀ ਕਿ 'ਮਾਰਕਸਵਾਦੀ ਸਿਧਾਂਤਕਾਰਾਂ ਨੇ ਜੋ ਕੀਤਾ, ਉਹ ਸੀ ਪੂੰਜੀ ਦੀ ਨਿੱਜੀ ਜਗੀਰ ਦਾ ਖ਼ਾਤਮਾ ਤੇ ਉਤਪਾਦਨ ਸਬੰਧਾਂ 'ਚ ਬਦਲਾਅ, ਪਰ ਸਮੇਂ ਦੇ ਨਾਲ ਇਹ ਤੱਥ ਸਪੱਸ਼ਟ ਹੋ ਗਿਆ ਕਿ ਸਿਰਫ ਉਤਪਾਦਨ ਸਬੰਧਾਂ ਨੂੰ ਬਦਲ ਦੇਣਾ ਹੀ ਕਾਫੀ ਨਹੀਂ ਹੈ ਤੇ ਅਜਿਹਾ ਕਰਕੇ ਮਨੁੱਖ ਤੇ ਸਮਾਜ ਦੇ ਅੰਦਰੂਨੀ ਬਦਲਾਓ ਦੇ ਟੀਚੇ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ। ਵੱਖ ਵੱਖ ਆਰਥਿਕ ਪ੍ਰਬੰਧਾਂ 'ਚ ਵੀ ਸਦੀਆਂ ਤੋਂ ਚੱਲੇ ਆ ਰਹੇ ਮੁੱਲ, ਸੱਭਿਆਚਾਰ ਤੇ ਔਰਤ ਤੇ ਮਰਦ ਦੇ ਵਿਚਕਾਰ ਪੁਰਾਤਨ ਭੂਮਿਕਾਵਾਂ ਦੀ ਵੰਡ ਬਾਦਸਤੂਰ ਜਾਰੀ ਹੈ।'
ਕਬੀਰ ਕਲਾ ਮੰਚ ਦੀ ਕਲਾਕਾਰ ਸੀਤਲ ਸਾਠੇ

ਫਿਲਮ ਦੇ ਦੂਜੇ ਹਿੱਸੇ ਨੂੰ ਅਨੰਦ ਉੱਚ ਜਾਤਾਂ ਦੀ ਸਿਆਸੀ ਜਾਤੀਵਾਦੀ ਜ਼ਮੀਨ, ਦਲਿਤ ਆਗੂ ਦੀ ਮੌਕਾਪ੍ਰਸਤੀ, ਦਲਿਤਾਂ ਤੇ ਹਿੰਦੂਤਵੀ ਸਿਆਸਤ ਦਾ ਪ੍ਰਭਾਵ, ਸੰਸਾਰੀਕਰਨ ਦੇ ਦੌਰ 'ਚ ਦਲਿਤ ਦੀ ਸਥਿਤੀ ਤੇ ਅੰਬੇਡਕਰ ਤੋਂ ਮੌਜੂਦਾ ਦੌਰ ਤੱਕ ਬਦਲੇ ਸਮਾਜਿਕ,ਸਿਆਸੀ ਤੇ ਆਰਥਿਕਤਾ ਬਾਰੇ ਸੁਆਲਾਂ ਨੂੰ ਮੁਖ਼ਾਤਿਬ ਹੁੰਦਾ ਹੈ। ਇਸ ਤੋਂ ਇਲਾਵਾ ਉਹ ਵਿਲਾਸ ਘੋਗਰੇ ਦੀ ਸੱਭਿਆਚਾਰਕ ਵਿਰਾਸਤ ਤੇ ਦਲਿਤ ਸਮਾਜ ਨੂੰ ਚੇਤਨ ਤੇ ਉਸਦੀ ਜਮਾਤੀ ਗੋਲਬੰਦੀ ਕਰਦੇ ਕਬੀਰ ਕਲਾ ਮੰਚ 'ਤੇ ਕੇਂਦਰਤ ਕਰਦਾ ਹੈ।

ਫ਼ਿਲਮਸਾਜ਼ ਚਿਤਪਾਵਨ ਬ੍ਰਹਮਣ ਰੈਲੀ, ਬ੍ਰਹਮਣ ਮਹਾਂਸਭਾ ਤੇ ਮਰਾਠਾ ਮਹਾਂਸਭਾ ਦੇ ਜਾਤੀਵਾਦੀ ਸਮਾਗਮਾਂ ਨੂੰ ਚਿੰਨ੍ਹਤ ਕਰਦਾ ਹੈ ਹੋਇਆ ਦੱਸਦਾ ਹੈ ਕਿ ਕਿਵੇਂ ਉੱਚ ਜਾਤਾਂ ਉੱਚਾ ਹੋਣ ਦੇ ਮਾਣ ਵਜੋਂ ਜਸ਼ਨ ਮਨਾਉਂਦੀਆਂ ਹਨ। ਅਜਿਹੇ ਜਸ਼ਨਾਂ ਕਰਕੇ ਹੀ ਖੈਰਲਾਂਜੀ ਜਿਹੇ ਕਾਂਡ ਵਾਪਰਦੇ ਹਨ। ਜਿਨ੍ਹਾਂ ਥਾਵਾਂ 'ਤੇ ਉੱਚ ਜਾਤਾਂ ਜਥੇਬੰਦਕ ਹਨ ਉੱਥੇ ਦਲਿਤ ਅੱਤਿਆਚਾਰਾਂ ਦੀਆਂ ਘਟਨਾਵਾਂ ਜ਼ਿਆਦਾ ਸਾਹਮਣੇ ਆਉਂਦੀਆਂ ਹਨ। ਫਿਲਮ ਦੱਸਦੀ ਹੈ ਕਿ ਕਿਵੇਂ ਇਕ ਕਮਿਊਨਿਸਟ ਲੋਕ ਗਾਇਕ ਆਤਮਾਰਾਮ ਪਾਟਿਲ ਸਮਾਜਿਕ ਜਾਤੀਵਾਦੀ ਭੇਦਭਾਵ ਦੀ ਘਟਨਾ ਨੂੰ ਦੇਖ ਕੇ ਆਪਣੇ ਦੌਰ 'ਚ ਜਾਤਪਾਤੀ ਵਿਤਕਰੇ ਵਿਰੁੱਧ ਗੀਤ ਲਿਖਣੇ ਸ਼ੁਰੂ ਕਰਦਾ ਹੈ।

ਫਿਲਮ ਪੀੜ੍ਹਤ ਨੂੰ ਦੋਸ਼ੀ ਬਣਾਉਣ ਦੀ ਥਿਊਰੀ ਨੂੰ ਬੇਨਕਾਬ ਕਰਦੀ ਹੈ।ਸਿਰਫ ਸਰਕਾਰੀ ਅੰਕੜਿਆਂ ਮੁਤਾਬਕ 'ਭਾਰਤ 'ਚ ਹਰ ਰੋਜ਼ ਦੋ ਦਲਿਤਾਂ ਦੀ ਮੌਤ ਤੇ ਤਿੰਨ ਦਾ ਬਲਾਤਕਾਰ ਹੁੰਦਾ ਹੈ, ਪਰ ਪ੍ਰਬੰਧ ਇਨਸਾਫ਼ ਦੇਣ ਦੀ ਥਾਂ ਉਨ੍ਹਾਂ ਲੋਕਾਂ ਨੂੰ ਹੀ ਕਟਿਹਰੇ 'ਚ ਖੜ੍ਹਾ ਕਰਦਾ ਹੈ ਜੋ ਪੀੜ੍ਹਤ ਹਨ। 2005 'ਚ ਰਮਾਬਈ ਨਗਰ ਦੇ ਪੀੜ੍ਹਤਾਂ 'ਤੇ 307 ਦੇ ਪਰਚੇ ਦਰਜ਼ ਹੁੰਦੇ ਹਨ। ਰਮਾਬਾਈ ਨਗਰ ਤੇ ਖੈਰਲਾਜ਼ੀ ਕਾਂਡ 'ਚ ਪੀੜ੍ਹਤ ਪਰਿਵਾਰ ਨਾਲ ਹੋਈ ਸ਼ਰੇਆਮ ਬੇਇਨਸਾਫ਼ੀ ਹੁੰਦੀ ਹੈ।

ਉੱਚ ਜਾਤਾਂ ਨੂੰ 1989 ਦੇ ਅੱਤਿਆਚਾਰ ਵਿਰੋਧੀ ਕਨੂੰਨ ਹੇਠ ਕੇਸ ਦਰਜ ਹੋਣੇ ਜ਼ਿਆਦਤੀ ਲੱਗਦੀ ਹੈ। ਇਹਨੂੰ ਉਹ ਆਪਣੇ ਹੱਕਾਂ 'ਤੇ ਡਾਕਾ ਕਹਿੰਦੇ ਹਨ, ਘੱਟੋ ਘੱਟ ਉਹ ਹੁਣ ਕਨੂੰਨੀ ਦਾਅ ਹੇਠ ਆਉਂਦੇ ਹਨ। ਫਿਲਮ ਵਿਚ ਪੁਲੀਸ ਦਾ ਸੇਵਾ-ਮੁਕਤ ਉੱਚ ਅਫਸਰ ਐਸ ਸੁਰਡਕਰ ਕਹਿੰਦਾ ਹੈ ਕਿ ''ਪੁਲੀਸ ਤੇ ਸਰਕਾਰ ਦੀ ਮਾਨਸਿਕਤਾ ਬੁਨਿਆਦੀ ਰੂਪ 'ਚ ਦਲਿਤ ਵਿਰੋਧੀ ਹੈ''। ਇਹੀ ਕਾਰਣ ਹੈ ਕਿ ਦਲਿਤ ਮੁੱਦਿਆਂ ਨਾਲ ਜੁੜੀ ਜਾਂਚ ਤੋਂ ਲੈ ਕੇ ਹਰ ਪੱਧਰ 'ਤੇ ਭੇਦਭਾਵ/ ਛੇੜਛਾੜ ਹੁੰਦੀ ਹੈ। ਉਹ ਦੱਸਦਾ ਹੈ ਕਿ ਖੈਰਲਾਂਜੀ ਮਸਲੇ 'ਚ ਵੀ ਇਹੀ ਹੋਇਆ ਸੀ।

ਇਕ ਪਰਿਵਾਰ ਦੀ ਔਰਤ ਤੋਂ ਅਨੰਦ ਪੁੱਛਦਾ ਹੈ ਕਿ 'ਐਨੇ ਅੱਤਿਆਚਾਰਾਂ ਦੇ ਬਾਵਜੂਦ ਤੁਹਾਡੇ ਚਿਹਰੇ 'ਤੇ ਹਾਰ ਨਹੀਂ ਹੈ'? ਉਹ ਕਹਿੰਦੀ ਹੈ 'ਹਾਰ ਕੇ ਕਿਵੇਂ ਚੱਲੂਗਾ। ਮੈਨੂੰ ਲੱਗਦੈ ਜੋ ਮੈਂ ਹੰਢਾਇਆ, ਮੇਰੇ ਬੱਚੇ ਨਾ ਹੰਢਾਉਣ'।

ਹਿੰਦੂਤਵੀ ਤੇ ਮੌਕਾਪ੍ਰਸਤ ਦਲਿਤ ਸਿਆਸਤ ਦੇ ਆਗੂਆਂ ਦਾ ਕਾਕਟੇਲ ਅਨੰਦ ਨੇ ਖੂਬਸੂਰਤੀ ਨਾਲ ਪੇਸ਼ ਕੀਤਾ ਹੈ।ਮੌਕਾਪ੍ਰਸਤੀ ਕਾਕਟੇਲ ਸ਼ਿਵਸ਼ਕਤੀ+ਭੀਮਸ਼ਕਤੀ=ਦੇਸ਼ਭਗਤੀ ਹੋ ਨਿਬੜਦਾ ਹੈ। ਫਿਲਮ ਦੇ ਅੰਤ 'ਚ ਕਬੀਰ ਕਲਾ ਮੰਚ ਦੀ ਕਲਾਕਾਰ ਸੀਤਲ ਸਾਠੇ ਗੀਤਾਂ ਰਾਹੀਂ ਅਜਿਹੇ ਨਵੇਂ ਭੀਮ ਦੇ ਜਨਮ ਦੀ ਮੰਗ ਕਰਦੀ ਹੈ, ਜੋ ਜਾਤਪਾਤ ਦਾ ਖ਼ਾਤਮਾ ਕਰੇ। ਉਹ ਭੀਮ ਨੂੰ ਵੋਟ ਸਿਆਸਤ ਤੇ ਬਜ਼ਾਰ 'ਚੋਂ ਬਾਹਰ ਨਿਕਲਣ ਲਈ ਕਹਿੰਦੀ ਹੈ।

ਮੰਚ ਗੀਤਾਂ ਜ਼ਰੀਏ ਜਾਤਪਾਤ,ਸੰਸਾਰੀਕਰਨ,ਨਿਜੀਕਰਨ ਤੇ ਉਦਾਰੀਕਰਨ ਦੀ ਮਾਰ ਨੂੰ ਵੀ ਗਰੀਬਾਂ 'ਚੋਂ ਸਭ ਤੋਂ ਗਰੀਬਾਂ 'ਤੇ ਪਈ ਮਾਰ ਦੇ ਰੂਪ 'ਚ ਦਰਸਾਉਂਦਾ ਹੈ ਤੇ ਵਿਸ਼ੇਸ਼ ਆਰਥਿਕ ਜੋਨਾਂ ਤਹਿਤ ਲਵਾਸਾ(ਪੂਨਾ) ਜਿਹੇ ਪ੍ਰਜੈਕਟਾਂ ਜ਼ਰੀਏ ਭਾਰਤੀ ਉੱਪ ਮਹਾਂਦੀਪ 'ਚ ਉਸਰਦੇ ਇੰਡੀਆ ਤੇ ਭਾਰਤ ਦੀ ਕਹਾਣੀ ਕਹਿੰਦਾ ਹੈ।

ਸਰਕਾਰ ਕਬੀਰ ਕਲਾ ਮੰਚ ਦੇ ਕਲਾਕਾਰ ਨੂੰ ਮਾਓਵਾਦੀ ਐਲਾਨਦੀ ਹੈ ਤੇ ਕਲਾਕਾਰ ਰੂਪੋਸ਼ ਹੋ ਜਾਂਦੇ ਹਨ।
ਫਿਲਮਸਾਜ਼ ਅਨੰਦ ਪਟਵਰਧਨ

ਸਾਠੇ ਦੀ ਮਾਂ ਕਹਿੰਦੀ ਹੈ ਕਿ 'ਮੇਰੇ ਬੱਚੇ ਹਰ ਪ੍ਰੋਗਰਾਮ ਤੋਂ ਬਾਅਦ ਕਹਿੰਦੇ ਸਨ ਕਿ 'ਮਾਂ ਅਸੀਂ ਹਥਿਆਰ ਨਹੀਂ ਉਠਾਵਾਂਗੇ ਤੇ ਦੁਨੀਆ ਨੂੰ ਆਪਣੇ ਗਾਣਿਆਂ ਦੇ ਬੋਲਾਂ ਤੇ ਡਫਲੀ ਦੀ ਤਾਲ ਨਾਲ ਬਦਲਾਂਗੇ'। ਪਰ ਸੱਤਾ ਨਜ਼ਰੀਏ 'ਤੇ ਹੀ ਰੋਕ ਲਗਾ ਰਹੀ ਹੈ। ਅਸਲ 'ਚ ਨਜ਼ਰੀਏ ਕਾਰਨ ਵਿਲਾਸ ਨੂੰ ਖੁਦਕੁਸ਼ੀ ਤੇ ਕਬੀਰ ਕਲਾ ਮੰਚ ਨੂੰ ਰੂਪੋਸ਼ ਹੋਣ ਲਈ ਮਜ਼ਬੂਰ ਹੋਣਾ ਪੈਂਦਾ ਹੈ।ਅਨੰਦ ਬੜੀ ਰਚਨਾਤਮਿਕਤਾ ਨਾਲ ਫਿਲਮ ਨੂੰ ਇਕੋ ਸਿਆਸਤ ਤੇ ਇਕੋ ਵਿਰਾਸਤ ਦੀ ਤਾਰ ਨਾਲ ਜੋੜਦਾ ਹੋਇਆ ਫਿਲਮ ਦੀ ਸ਼ੁਰੂਆਤ ਵਿਲਾਸ ਦੇ ਗਾਣੇ ਤੇ ਅੰਤ ਕਬੀਰ ਕਲਾ ਮੰਚ ਗਾਣੇ ਨਾਲ ਕਰਦਾ ਹੈ।

ਫਿਲਮ ਭਾਰਤੀ ਸਮਾਜ ਦੀ ਨਬਜ਼ ਫੜ੍ਹਦੀ ਹੋਈ ਦੱਸਦੀ ਹੈ ਕਿ ਇਤਿਹਾਸ ਕਦੇ ਪਰਿਭਾਸ਼ਾਵਾਂ ਦੇ ਘਨੇੜੇ ਚੜ੍ਹ ਕੇ ਸਫ਼ਰ ਤੈਅ ਨਹੀਂ ਕਰਦਾ, ਸਗੋਂ ਅਸਲ ਮਨੁੱਖੀ ਸਮਾਜਿਕ ਵਿਕਾਸ ਦਾ ਅਮਲ ਇਤਿਹਾਸ ਨੂੰ ਨਵੇਂ ਮੋੜ 'ਤੇ ਖੜਾ ਕਰਦਾ ਹੈ, ਪਰ ਭਾਰਤੀ ਉੱਪ ਮਹਾਂਦੀਪ 'ਚ ਖੱਬੇਪੱਖੀ ਸਿਆਸਤ ਘੜੀਆਂ ਘੜਾਈਆਂ ਪਰਿਭਾਸ਼ਵਾਂ 'ਚੋਂ ਬਾਹਰ ਨਿਕਲ ਕੇ ਵਿਭਿੰਨਤਾਵਾਦੀ ਸਮਾਜ ਦਾ ਸਹੀ ਵਿਸ਼ਲੇਸ਼ਨ ਨਹੀਂ ਕਰ ਸਕੀ।

ਦਰ ਅਸਲ ਭਾਰਤੀ ਸਮਾਜ 'ਚ ਜਾਤ ਦੇ ਮਸਲਾ ਬੇਹੱਦ ਪੇਚੀਦਾ ਹੈ। ਜ਼ਮੀਨੀ ਪੱਧਰ 'ਤੇ ਹੀ ਦਲਿਤ ਦੀ ਹਾਲਤ ਖ਼ਸਤਾ ਨਹੀਂ ਬਲਕਿ ਦੇਸ਼ ਦੀ 8 ਫੀਸਦੀ ਬ੍ਰਹਮਣ ਅਬਾਦੀ ਦੀ ਭਾਰਤੀ ਮੀਡੀਆ 'ਚ 71 ਫੀਸਦੀ ਹਿੱਸੇਦਾਰੀ ਹੈ। ਮੀਡੀਆ ਦੇ ਉੱਚ ਅਹੁਦੇ 'ਤੇ ਅੱਜ ਵੀ ਕੋਈ ਦਲਿਤ ਜਾਂ ਆਦਿਵਾਸੀ ਨਹੀਂ ਹੈ। ਪਛਾਣਵਾਦੀ ਮਾਨਸਿਕਤਾ ਖ਼ਿਲਾਫ ਸਟੈਂਡ ਲੈਣ ਵਾਲੇ ਕਈ ਖੱਬੇਪੱਖੀ ਆਪਣੇ ਨਾਂਅ ਨਾਲ ਅਜਿਹੀ ਪਛਾਣ (ਜਾਤ, ਗੋਤ) ਲਗਾਉਣਾ ਨਹੀਂ ਭੁੱਲਦੇ,ਜਿਸ 'ਤੇ ਮਾਣ ਕਰਨ ਲਾਇਕ ਕੁਝ ਵੀ ਨਹੀਂ,ਸਗੋਂ ਇਨ੍ਹਾਂ ਦੀ ਕਿਰਤ ਦੇ ਇਤਿਹਾਸ 'ਚ ਸ਼ਰਮਨਾਕ ਥਾਂ ਹੈ।

ਅੰਬੇਡਕਰ ਅੰਤਰਜਾਤੀ ਵਿਆਹ ਨੂੰ ਜਾਤਪਾਤੀ ਖਾਤਮੇ ਦਾ ਵੱਡਾ ਸੰਦ ਮੰਨਦੇ ਸੀ ਪਰ ਕਹੇ ਜਾਂਦੇ ਅਧੁਨਿਕ ਸਮਾਜ 'ਚ ਮਸਲਾ ਐਨਾ ਗੰਭੀਰ ਹੈ ਪੰਜਾਬ ਦੇ ਜਿਨ੍ਹਾਂ ਚਾਰ ਆਈ ਏ ਐਸ ਤੇ ਆਈ ਪੀ ਐਸ ਜੋੜਿਆਂ ਨੇ ਅੰਤਰਜਾਤੀ ਵਿਆਹ ਕਰਵਾਏ ਸਨ, ਉਨ੍ਹਾਂ ਨੇ ਬੱਚਿਆਂ(ਕੁਝ ਪੰਜਾਬ ਦੇ ਮੌਜੂਦਾ ਸੀਨੀਅਰ ਅਫਸਰ) ਨੇ ਅੱਜਕਲ੍ਹ ਆਪਣੀਆਂ ਮਾਵਾਂ ਦਾ ਗੋਤ ਸਿਰਫ ਇਸ ਕਰਕੇ ਆਪਣੇ ਨਾਂਅ ਨਾਲ ਲਗਾਉਣਾ ਸ਼ੁਰੂ ਕੀਤਾ ਹੈ, ਕਿਉਂਕਿ ਪਿਓ ਦਲਿਤ ਤੇ ਮਾਵਾਂ ਉੱਚ ਜਾਤ ਨਾਲ ਸਬੰਧ ਰੱਖਦੀਆਂ ਸਨ ਤੇ ਉਹ ਆਪਣਾ ਵਿਆਹ ਉੱਚ ਜਾਤਾਂ 'ਚ ਕਰਵਾਉਣ ਦੇ ਚਾਹਵਾਨ ਸਨ।

'ਜੈ ਭੀਮ ਕਾਮਰੇਡ' ਅਮੀਰ ਕਲਾਤਮਿਕ ਦਸਤਾਵੇਜ਼ ਹੈ। ਲੋਕ ਗੀਤ ਫਿਲਮ ਦੀ ਜਾਨ ਹਨ। ਪਹਿਲੀ ਵਾਰ ਅਨੰਦ ਫਿਲਮ 'ਚ ਸਿਆਸਤ ਦੇ ਨਾਲ ਨਾਲ ਸਮਾਜਿਕ ਤੇ ਸੱਭਿਆਚਾਰਕ ਪੱਖਾਂ ਨੂੰ ਚੇਤਨ ਰੂਪ 'ਚ ਉਭਾਰਦਾ ਹੈ। ਦਰਸ਼ਕ ਨੂੰ ਮਹਿਸੂਸ ਹੁੰਦਾ ਹੈ ਕਿ ਫ਼ਿਲਮਸਾਜ਼ ਘਰੋਂ ਕੁਝ ਤੈਅ ਕਰਕੇ ਨਹੀਂ ਨਿਕਲਿਆ ਕਿ ਮੈਂ ਇਹੀ ਬਣਾ ਕੇ ਲਿਆਉਣਾ ਹੈ। ਅਸਲ 'ਚ ਅਨੰਦ ਸਿਆਸੀ ਸਮਝ ਸੇਧਤ ਹੁੰਦਾ ਹੋਇਆ ਵੀ ਸਮਾਜਿਕ ਅਮੀਰੀ ਨੂੰ ਵੱਧ ਤਰਜ਼ੀਹ ਦਿੰਦਾ ਹੈ।

ਫਿਲਮ ਦਾ ਇਕ ਹੋਰ ਮਜ਼ਬੂਤ ਪੱਖ ਹੈ ਕਿ 'ਜੈ ਭੀਮ ਕਾਮਰੇਡ' 'ਚ ਪਿੱਠਵਰਤੀ ਅਵਾਜ਼ (ਵਾਇਸ ਓਵਰ) ਨਹੀਂ ਹੈ।ਹਰ ਦਸਤਾਵੇਜ਼ੀ ਫਿਲਮ ਦਾ ਇਕ ਖਾਸ ਦਰਸ਼ਕ ਵਰਗ ਹੁੰਦਾ ਹੈ, ਪਰ ਜਦੋਂ ਕੋਈ ਫਿਲਮ ਆਪਣੇ ਆਪ ਨਵੇਂ ਦਰਸ਼ਕਾਂ ਨਾਲ ਰੂਬਰੂ ਹੁੰਦੀ ਹੈ, ਉਹ ਫਿਲਮਸਾਜ਼ ਲਈ ਵੱਡੀ ਪ੍ਰਾਪਤੀ ਹੁੰਦੀ ਹੈ।

ਅਨੰਦ ਨੇ ਇਕ ਸੂਝਵਾਨ ਸੱਭਿਆਚਾਰਕ ਕਾਮੇ ਦਾ ਰੋਲ ਅਦਾ ਕੀਤਾ ਹੈ। ਅਗਲੀ ਭੂਮਿਕਾ ਸਿਆਸਤ ਦੀ ਹੈ ਕਿ ਉਹ ਗੁੰਝਲਦਾਰ ਤੇ ਗੰਭੀਰ ਮਸਲੇ ਨੂੰ ਕਿਸੇ ਹੱਲ ਵੱਲ ਕਿਵੇਂ ਤੋਰਦੀ ਹੈ?

ਯਾਦਵਿੰਦਰ ਕਰਫਿਊ 
mail2malwa@gmail.com 
Mob-95308-95198