ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਇੰਟਰਨੈੱਟ. Show all posts
Showing posts with label ਇੰਟਰਨੈੱਟ. Show all posts

Sunday, September 9, 2012

ਜੂਲੀਅਨ ਅਸਾਂਜ ਦਾ ਸ਼ਿਕਾਰੀ ਪਿੱਛਾ: ਆਜ਼ਾਦੀ 'ਤੇ ਹਮਲਾ ਅਤੇ ਪੱਤਰਕਾਰੀ ਦਾ ਮਜ਼ਾਕ

ਆਸਟ੍ਰੇਲੀਆਈ ਪੱਤਰਕਾਰ ਜੌਹਨ ਰਿਚਰਡ ਪਿਲਜਰ (ਜਨਮ 9 ਅਕਤੂਬਰ 1939) ਆਜ਼ਾਦ ਪੱਤਰਕਾਰੀ ਖੇਤਰ ਦੀ ਵਿਸ਼ਵ ਪ੍ਰਸਿੱਧ ਸ਼ਖਸੀਅਤ ਹੈ।ਉਨ੍ਹਾਂ ਨੇ ਮਨੁੱਖਤਾ ਉੱਪਰ ਥੋਪੀਆਂ ਨਹੱਕੀਆਂ ਜੰਗਾਂ ਬਾਰੇ ਵਿਸਤਾਰਤ ਰਿਪੋਰਟਿੰਗ ਰਾਹੀਂ ਅਤੇ 50 ਤੋਂ ਵੱਧ ਡਾਕੂਮੈਂਟਰੀ ਫਿਲਮਾਂ ਬਣਾਕੇ ਆਲਮੀ ਸਰਮਾਏਦਾਰੀ ਦਾ ਕਮਾਲ ਦਾ ਪਰਦਾਫਾਸ਼ ਕੀਤਾ ਹੈ। ਪੇਸ਼ ਹੈ ਉਨ੍ਹਾਂ ਦਾ ਤਾਜ਼ਾ ਲੇਖ ਜੋ ਜੂਲੀਅਨ ਅਸਾਂਜ ਮਾਮਲੇ 'ਚ ਘੜੀ ਅਮਰੀਕੀ ਸਾਜਿਸ਼ ਦਾ ਪਰਦਾਫਾਸ਼ ਕਰਦਾ ਹੈ-ਬੂਟਾ ਸਿੰਘ

ਬਰਤਾਨਵੀ ਹਕੂਮਤ ਵਲੋਂ ਲੰਦਨ ਸਥਿਤ ਐਕੂਆਡੋਰ ਦੇ ਸਫ਼ਾਰਤਖ਼ਾਨੇ ਉੱਪਰ ਹਮਲਾ ਕਰਕੇ ਜੂਲੀਅਨ ਅਸਾਂਜ ਨੂੰ ਗ੍ਰਿਫ਼ਤਾਰ ਕਰਨ ਦੀ ਧਮਕੀ ਦੀ ਅਹਿਮੀਅਤ ਇਤਿਹਾਸਕ ਹੈ। ਕਿਸੇ ਸਮੇਂ ਟੈਲੀਵਿਜ਼ਨ ਸਨਅਤ ਦੇ ਇਕ ਕਾਰੋਬਾਰੀ ਦਾ ਸਾਬਕਾ ਲੋਕ ਸੰਪਰਕ ਅਧਿਕਾਰੀ ਅਤੇ ਸ਼ੇਖ਼ ਰਿਆਸਤਾਂ ਨੂੰ ਹਥਿਆਰ ਵੇਚਣ ਦਾ ਧੰਦਾ ਕਰਦਾ ਰਿਹਾ ਡੇਵਿਡ ਕੈਮਰਨ ਉਨ੍ਹਾਂ ਕੌਮਾਂਤਰੀ ਰਵਾਇਤਾਂ ਦੀਆਂ ਧੱਜੀਆਂ ਉਡਾਉਣ ਲਈ ਐਨ ਢੁੱਕਵਾਂ ਸ਼ਖਸ ਹੈ ਜਿਨ੍ਹਾਂ ਨੂੰ ਬਰਤਾਨਵੀਆਂ ਨੇ ਉੱਥਲ-ਪੁੱਥਲ ਦੇ ਸਮਿਆਂ 'ਚ ਵੀ ਆਂਚ ਨਹੀਂ ਆਉਣ ਦਿੱਤੀ। ਜਿਵੇਂ ਟੋਨੀ ਬਲੇਅਰ ਵਲੋਂ ਇਰਾਕ ਉੱਪਰ ਹਮਲੇ ਦਾ ਸਿੱਟਾ 7 ਜੁਲਾਈ 2005 ਨੂੰ ਲੰਦਨ 'ਚ ਅੱਤਵਾਦੀ ਕਾਰਵਾਈਆਂ 'ਚ ਨਿਕਲਿਆ ਸੀ, ਉਸੇ ਤਰ੍ਹਾਂ ਹੀ ਕੈਮਰਨ ਅਤੇ ਬਦੇਸ਼ ਸਕੱਤਰ ਵਿਲੀਅਮ ਹੇਗ ਨੇ ਦੁਨੀਆ 'ਚ ਬਰਤਾਨਵੀ ਨੁਮਾਇੰਦਿਆਂ ਦੀ ਸੁਰੱਖਿਆ ਦਾਅ 'ਤੇ ਲਾ ਦਿੱਤੀ ਹੈ।

ਬਦੇਸ਼ੀ ਸਫ਼ਾਰਤਖ਼ਾਨਿਆਂ ਵਿਚੋਂ ਕਾਤਲਾਂ ਨੂੰ ਕੱਢਣ ਲਈ ਬਣਾਏ ਕਾਨੂੰਨ ਦਾ ਗ਼ਲਤ ਇਸਤੇਮਾਲ ਕਰਨ ਦੀ ਘੁਰਕੀ ਦੇ ਕੇ, ਉਹ ਵੀ ਇਕ ਬੇਕਸੂਰ ਬੰਦੇ ਨੂੰ ਅਖੌਤੀ ''ਮੁਜਰਮ'' ਵਲੋਂ ਬਦਨਾਮ ਕਰਕੇ, ਹੇਗ ਨੇ ਦੁਨੀਆ 'ਚ ਬਰਤਾਨੀਆ ਦੀ ਹਾਲਤ ਹਾਸੋਹੀਣੀ ਬਣਾ ਦਿੱਤੀ ਹੈ, ਹਾਲਾਂਕਿ ਖ਼ੁਦ ਬਰਤਾਨੀਆ ਵਿਚ ਅਜਿਹੇ ਵਿਚਾਰਾਂ ਨੂੰ ਜ਼ਿਆਦਾਤਰ ਦਬਾਅ ਦਿੱਤਾ ਗਿਆ। ਇੰਡੋਨੇਸ਼ੀਆ 'ਚ ਨਸਲਘਾਤ ਤੋਂ ਲੈ ਕੇ ਇਰਾਕ ਅਤੇ ਅਫ਼ਗਾਨਿਸਤਾਨ ਉੱਪਰ ਹਮਲਿਆਂ ਦੇ ਲੰਮੇ ਖ਼ੂਨੀ ਸਿਲਸਿਲੇ ਦੌਰਾਨ ਬਰਤਾਨੀਆ ਦੀ ਹਮਾਇਤ ਕਰਨ ਵਾਲੇ ਜ਼ੁਅਰਤਮੰਦ ਕਹਾਉਂਦੇ ਅਖ਼ਬਾਰ ਅਤੇ ਰੇਡੀਓ-ਟੀਵੀ ਬ੍ਰਾਡਕਾਸਟਰ ਹੁਣ ਐਕੂਆਡੋਰ ਦੇ ''ਮਨੁੱਖੀ ਹੱਕਾਂ ਦੇ ਰਿਕਾਰਡ'' ਉੱਪਰ ਹਮਲੇ ਕਰਨ 'ਚ ਜੁੱਟੇ ਹੋਏ ਹਨ, ਕਿਉਂਕਿ ਐਕੂਆਡੋਰ ਦਾ ਅਸਲ ਜੁਰਮ ਇਹ ਹੈ ਕਿ ਉਸ ਨੇ ਲੰਦਨ ਅਤੇ ਵਾਸ਼ਿੰਗਟਨ 'ਚ ਬੈਠੇ ਧੱਕੜਾਂ ਨਾਲ ਮੱਥਾ ਲਾਇਆ ਹੈ।

ਇੰਞ ਲਗਦਾ ਹੈ ਜਿਵੇਂ ਓਲਿੰਪਿਕ ਦੀ ਖੁਸ਼ੀ 'ਚ ਤਾੜੀਆਂ ਮਾਰਨ ਵਾਲੇ ਰਾਤੋ-ਰਾਤ ਬਸਤੀਵਾਦੀ ਬਦਮਾਸ਼ੀ ਦਾ ਸ਼ਰੇਆਮ ਮੁਜ਼ਾਹਰਾ ਕਰਨ 'ਤੇ ਉੱਤਰ ਆਏ ਹੋਣ। ਜ਼ਰਾ ਬਰਤਾਨਵੀ ਫ਼ੌਜੀ ਅਫ਼ਸਰ-ਕਮ-ਬੀ ਬੀ ਸੀ ਪੱਤਰਕਾਰ ਮਾਰਕ ਅਰਬਨ ਨੂੰ ਐਕੂਆਡੋਰ ਦੇ ਸਫ਼ਾਰਤਖ਼ਾਨੇ ਦੇ ਬਾਹਰ ਮਿਣ ਮਿਣ ਕਰਦਿਆਂ ਜਨਾਬ ਕ੍ਰਿਸਟੋਫ਼ਰ ਮੇਅਰ ਨਾਲ ''ਵਾਰਤਾਲਾਪ'' ਕਰਦੇ ਨੂੰ ਦੇਖੋ, ਜੋ ਵਾਸ਼ਿੰਗਟਨ 'ਚ ਬਲੇਅਰ ਦਾ ਸਾਬਕਾ ਹਮਾਇਤੀ ਰਿਹਾ ਹੈ। ਇਹ ਜੋੜੀ ਹੈਂਕੜ ਨਾਲ ਗੁੱਸਾ ਜ਼ਾਹਰ ਕਰਦੀ ਹੈ ਕਿ ਵੱਖਰੀ 
ਤਰ੍ਹਾਂ ਦਾ ਅਸਾਂਜ ਅਤੇ ਨਿਧੜਕ ਰੈਫਲ ਕੋਰੇਆ (ਐਕੂਆਡੋਰ ਦਾ ਰਾਸ਼ਟਰਪਤੀ) ਪੱਛਮੀ ਪ੍ਰਬੰਧ ਦੇ ਧਾੜਵੀਪਣ ਦਾ ਪਰਦਾਫਾਸ਼ ਕਿਉਂ ਕਰਦੇ ਹਨ। ਦੀ ਗਾਰਡੀਅਨ ਯੂ ਕੇ ਦੇ ਪੰਨਿਆਂ 'ਚ ਵੀ ਅਜਿਹੀ ਤੌਹੀਨ ਦੇ ਕਾਫ਼ੀ ਉੱਘੜਵੇਂ ਝਲਕਾਰੇ ਮਿਲ ਜਾਂਦੇ ਹਨ। ਇਸ ਨੇ ਹੇਗ ਨੂੰ ''ਤਹੱਮਲ'' ਰੱਖਣ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਕਿ ਸਫ਼ਾਰਤਖ਼ਾਨੇ 'ਤੇ ਹਮਲਾ ਕੀਤੇ ਜਾਣ ਨਾਲ ''ਲੋੜੋਂ ਵੱਧ ਮੁਸ਼ਕਲ'' ਖੜ੍ਹੀ ਹੋਵੇਗੀ। ਦੀ ਗਾਰਡੀਅਨ ਨੇ ਐਲਾਨ ਕੀਤਾ, ਅਸਾਂਜ ਸਿਆਸੀ ਪਨਾਹਗ਼ੀਰ ਨਹੀਂ ਕਿਉਂਕਿ ''ਕਿਸੇ ਵੀ ਸੂਰਤ 'ਚ ਨਾ ਸਵੀਡਨ ਕਿਸੇ ਐਸੇ ਬੰਦੇ ਨੂੰ ਦੇਸ ਨਿਕਾਲਾ ਦੇਵੇਗਾ ਨਾ ਯੂ ਕੇ ਦੇਵੇਗਾ ਜਿਸ ਨੂੰ ਤਸ਼ੱਦਦ ਜਾਂ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ।''

ਇਸ ਬਿਆਨ ਵਿਚਲੀ ਗ਼ੈਰਜ਼ਿੰਮੇਵਾਰੀ ਅਸਾਂਜ ਦੇ ਸਮੁੱਚੇ ਮਾਮਲੇ 'ਚ ਦੀ ਗਾਰਡੀਅਨ ਯੂ ਕੇ ਦੀ ਧੋਖੇਬਾਜ਼ ਭੂਮਿਕਾ ਨਾਲ ਕਿੰਨੀ ਮਿਲਦੀ ਜੁਲਦੀ ਹੈ। ਅਖ਼ਬਾਰ ਚੰਗੀ ਤਰ੍ਹਾਂ ਜਾਣਦਾ ਹੈ ਕਿ ਵਿਕੀਲੀਕਸ ਵਲੋਂ ਨਸ਼ਰ ਕੀਤੇ ਦਸਤਾਵੇਜ਼ ਦਰਸਾਉਂਦੇ ਹਨ ਕਿ ਨਾਗਰਿਕ ਹੱਕਾਂ ਦੇ ਮਾਮਲੇ 'ਚ ਸਵੀਡਨ ਅਮਰੀਕਾ ਦੇ ਦਬਾਅ ਅੱਗੇ ਲਗਾਤਾਰ ਗੋਡੇ ਟੇਕਦਾ ਰਿਹਾ ਹੈ। ਦਸੰਬਰ 2001 'ਚ, ਸਵੀਡਿਸ਼ ਹਕੂਮਤ ਨੇ ਦੋ ਮਿਸਰੀ ਨਾਗਰਿਕਾਂ, ਅਹਿਮਦ ਅਗੀਜ਼ਾ ਅਤੇ ਮੁਹੰਮਦਲ-ਜ਼ਾਰੀ ਦੀ ਸਿਆਸੀ ਪਨਾਹ ਅਚਾਨਕ ਰੱਦ ਕਰ ਦਿੱਤੀ, ਉਨ੍ਹਾਂ ਨੂੰ ਸਟਾਕਹੋਮ ਹਵਾਈ ਅੱਡੇ ਉੱਪਰ ਸੀ ਆਈ ਏ ਦੇ ਅਗਵਾ ਕਰੂ ਗ੍ਰੋਹ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਮਿਸਰ ''ਵਾਪਸ ਭੇਜ ਦਿੱਤਾ'' ਗਿਆ, ਜਿੱਥੇ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ। ਸਵੀਡਨ ਦੇ ਨਿਆਂ ਸਬੰਧੀ ਲੋਕਪਾਲ ਵਲੋਂ ਕੀਤੀ ਛਾਣਬੀਣ 'ਚ ਸਾਹਮਣੇ ਆਇਆ ਕਿ ਹਕੂਮਤ ਨੇ ਦੋਵਾਂ ਦੇ ਮਨੁੱਖੀ ਹੱਕਾਂ ਦਾ ''ਘੋਰ ਉਲੰਘਣ ਕੀਤਾ'' ਸੀ। 2009 'ਚ ਵਿਕੀਲੀਕਸ ਵਲੋਂ ਸੰਨ੍ਹ ਲਾਏ ਅਮਰੀਕੀ ਸਫ਼ਾਰਤਖ਼ਾਨੇ ਦੇ ਕੇਬਲ ਸੁਨੇਹੇ, ਜਿਸਦਾ ਸਿਰਲੇਖ ਸੀ ''ਵਿਕੀਲੀਕਸ ਨੇ ਨਿਰਪੱਖਤਾ ਨੂੰ ਇਤਿਹਾਸ ਦੇ ਕੂੜਾਦਾਨ 'ਚ ਵਗਾਹ ਮਾਰਿਆ'', ਤੋਂ ਸਵੀਡਨ ਦੇ ਕੁਲੀਨ ਵਰਗ ਦੇ ਫੜ੍ਹਮਾਰ ਕਿਰਦਾਰ ਦਾ ਢੌਂਗ ਨੰਗਾ ਹੁੰਦਾ ਹੈ। ਇਕ ਹੋਰ ਅਮਰੀਕੀ ਕੇਬਲ ਸੁਨੇਹੇ ਤੋਂ ਭੇਤ ਖੁੱਲਦਾ ਹੈ ਕਿ ''[ਨਾਟੋ ਨੂੰ ਸਵੀਡਨ ਦੇ ਫ਼ੌਜੀ ਅਤੇ ਖੁਫ਼ੀਆ ਸੇਵਾ ਦੇ] ਸਹਿਯੋਗ ਦੀ ਇੰਤਹਾ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ'' ਅਤੇ ਜੇ ਇਸ ਨੂੰ ਗੁਪਤ ਨਹੀਂ ਰੱਖਿਆ ਜਾਂਦਾ ਤਾਂ ''ਮੁਲਕ 'ਚ ਹਕੂਮਤ ਦੀ ਆਲਚੋਨਾ ਸ਼ੁਰੂ ਹੋ ਜਾਵੇਗੀ।''


ਸਵੀਡਿਸ਼ ਬਦੇਸ਼ ਮੰਤਰੀ, ਕਾਰਲ ਬਿਲਡ ਵਲੋਂ ਇਰਾਕ ਦੀ ਮੁਕਤੀ ਲਈ ਜਾਰਜ ਡਬਲਯੂ. ਬੁਸ਼ ਦੀ ਕਮੇਟੀ 'ਚ ਬਦਨਾਮ ਆਗੂ ਭੂਮਿਕਾ ਨਿਭਾਈ ਗਈ ਅਤੇ ਰਿਪਬਲਿਕਨ ਪਾਰਟੀ ਦੇ ਘੋਰ ਸੱਜੇਪੱਖੀ ਧੜੇ ਨਾਲ ਇਸ ਦੇ ਗੂੜ੍ਹੇ ਸਬੰਧ ਹਨ। ਸਵੀਡਨ ਦੇ ਸਰਕਾਰੀ ਮੁਕੱਦਮਿਆਂ ਦੇ ਸਾਬਕਾ ਨਿਰਦੇਸ਼ਕ ਸਵੇਨ-ਐਰਿਕ ਐਲਮ ਅਨੁਸਾਰ, ਲਿੰਗਕ ਬਦਤਮੀਜ਼ੀ ਦੇ ਇਲਜ਼ਾਮਾਂ ਦੇ ਅਧਾਰ 'ਤੇ ਅਸਾਂਜ ਨੂੰ ਦੇਸ ਨਿਕਾਲਾ ਦੇਣ ਦਾ ਫ਼ੈਸਲਾ ''ਤਰਕਹੀਣ ਅਤੇ ਮਰਯਾਦਾ ਦੇ ਉਲਟ ਤਾਂ ਹੈ ਹੀ, ਨਜਾਇਜ਼ ਅਤੇ ਬੇਮੇਲ ਵੀ ਹੈ।'' ਪੁੱਛਗਿੱਛ ਲਈ ਹਾਜ਼ਰ ਹੋਣ ਦੀ ਪੇਸ਼ਕਸ਼ ਕੀਤੇ ਜਾਣ 'ਤੇ ਅਸਾਂਜ ਨੂੰ ਸਵੀਡਨ ਛੱਡਕੇ ਲੰਦਨ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ ਜਿੱਥੇ, ਉਸ ਨੇ ਫਿਰ ਪੁੱਛਗਿੱਛ ਲਈ ਹਾਜ਼ਰ ਹੋਣ ਦੀ ਪੇਸ਼ਕਸ਼ ਕੀਤੀ। ਮਈ ਵਿਚ, ਦੇਸ ਨਿਕਾਲੇ ਬਾਰੇ ਆਖ਼ਰੀ ਦਰਖ਼ਾਸਤ ਉੱਪਰ ਫ਼ੈਸਲੇ 'ਚ, ਬਰਤਾਨੀਆ ਦੀ ਸਰਵਉੱਚ ਅਦਾਲਤ ਵਲੋਂ ਕੋਈ ''ਇਲਜ਼ਾਮ'' ਨਾ ਹੋਣ ਦਾ ਜ਼ਿਕਰ ਕਰਕੇ ਆਪਣੀ ਹਾਲਤ ਹੋਰ ਵੀ ਹਾਸੋਹੀਣੀ ਬਣਾ ਲਈ ਗਈ।

ਇਸ ਦੇ ਨਾਲ ਹੀ ਅਸਾਂਜ ਵਿਰੁੱਧ ਨਿੱਜੀ ਗਾਲੀਗਲੋਚ ਭਰੀ ਮੁਹਿੰਮ ਚਲਾਈ ਗਈ। ਇਹ ਜ਼ਿਆਦਾਤਰ ਦੀ ਗਾਰਡੀਅਨ ਯੂ ਕੇ ਦੀ ਘੜੀ ਹੋਈ ਹੈ, ਜੋ ਵਿਕੀਲੀਕਸ ਦੇ ਇੰਕਸ਼ਾਫ਼ਾਂ ਤੋਂ ਚੋਖੇ ਮੁਨਾਫ਼ੇ ਕਮਾਕੇ ਹੁਣ, ਦੁਰਕਾਰੇ ਆਸ਼ਕ ਵਾਂਗ, ਜਾਣਕਾਰੀ ਦੇ ਸਾਬਕਾ ਸੂਤਰ ਦੇ ਪਿੱਛੇ ਹੱਥ ਧੋ ਕੇ ਪਿਆ ਹੋਇਆ ਹੈ। ਗਾਰਡੀਅਨ ਯੂ ਕੇ ਦੀ ਇਸ ਬਾਰੇ ਛਾਪੀ ਕਿਤਾਬ ਨੇ ਹਾਲੀਵੁੱਡ ਫਿਲਮਾਂ ਵਾਂਗ ਮੋਟੀ ਕਮਾਈ ਕੀਤੀ ਹੈ, ਪਰ ਇਸ 'ਚੋਂ ਫੁੱਟੀ ਕੌਡੀ ਵੀ ਅਸਾਂਜ ਜਾਂ ਵਿਕੀਲੀਕਸ ਨੂੰ ਨਹੀਂ ਦਿੱਤੀ ਗਈ। ਇਸ ਦੇ ਲੇਖਕ, ਡੇਵਿਡ ਲੇਹ ਅਤੇ ਲਿਊਕ ਹਾਰਡਿੰਗ ਅਸਾਂਜ, ਨੂੰ ''ਦਾਗ਼ੀ ਸ਼ਖਸੀਅਤ'' ਅਤੇ ''ਬੇਰਹਿਮ'' ਗਰਦਾਨਕੇ ਅਕਾਰਣ ਹੀ ਗਾਲ੍ਹਾਂ ਦੇ ਰਹੇ ਹਨ। ਇਨ੍ਹਾਂ ਨੇ ਉਹ ਗੁਪਤ ਪਾਸਵਰਡ ਵੀ ਨਸ਼ਰ ਕਰ ਦਿੱਤਾ ਜੋ ਅਸਾਂਜ ਨੇ ਅਖ਼ਬਾਰ 'ਤੇ ਭਰੋਸਾ ਕਰਕੇ ਇਸ ਦੇ ਹਵਾਲੇ ਕਰ ਦਿੱਤਾ ਸੀ। ਇਹ ਉਸ ਡਿਜੀਟਲ ਫਾਈਲ ਦੀ ਸੁਰੱਖਿਆ ਲਈ ਬਣਾਇਆ ਗਿਆ ਸੀ ਜਿਸ ਵਿਚ ਅਮਰੀਕੀ ਸਫ਼ਾਰਤਖ਼ਾਨੇ ਦੇ ਕੇਬਲ ਸੁਨੇਹਿਆਂ ਦਾ ਰਿਕਾਰਡ ਹੈ। 20 ਅਗਸਤ ਨੂੰ ਹਾਰਡਿੰਗ ਨੇ ਐਕੂਆਡੋਰ ਦੇ ਸਫ਼ਾਰਤਖ਼ਾਨੇ ਤੋਂ ਬਾਹਰ ਆਕੇ, ਆਪਣੇ ਬਲਾਗ ਉੱਪਰ ਬਾਘੀਆਂ ਪਾਈਆਂ, ''ਸਕਾਟਲੈਂਡ ਯਾਰਡ ਨਹਿਲੇ 'ਤੇ ਦਹਿਲਾ ਮਾਰ ਸਕਦਾ ਹੈ।'' ਕਿੰਨਾ ਵਿਅੰਗਮਈ ਹੈ, ਜੇ ਇਹ ਪੂਰੀ ਤਰ੍ਹਾਂ ਢੁੱਕਦਾ ਹੋਵੇ, ਕਿ ਅਖ਼ਬਾਰ ਵਲੋਂ ਅਸਾਂਜ ਨੂੰ ਬੇਰਹਿਮੀ ਨਾਲ ਦੁਰਕਾਰਨਾ ਇਸੇ ਵਿਸ਼ੇ ਬਾਰੇ ਮਰਡੌਕ ਪ੍ਰੈੱਸ ਦੀ ਤੁਅੱਸਬੀ ਭਵਿੱਖਬਾਣੀਨੁਮਾ ਬਿਆਨਬਾਜ਼ੀ ਨਾਲ ਕਿੰਨਾ ਮਿਲਦਾ ਜੁਲਦਾ ਹੈ। ਕਿੰਨਾ ਅਜੀਬ ਹੈ ਇਹ! ਲੈਵੀਸਨ ਜਾਂਚ (ਨਿਊਜ਼ ਇੰਟਰਨੈਸ਼ਨਲ ਫ਼ੋਨ ਹੈਕਿੰਗ ਘੁਟਾਲੇ ਪਿੱਛੋਂ ਲਾਰਡ ਜਸਟਿਸ ਲੈਵੀਸਨ ਦੀ ਅਗਵਾਈ 'ਚ 13 ਜੁਲਾਈ 2011 ਨੂੰ ਬਰਤਾਨਵੀ ਪ੍ਰੈੱਸ ਦੀ ਨੈਤਿਕਤਾ ਦੀ ਪੜਤਾਲ ਲਈ ਬਣਾਈ ਕਮੇਟੀ-ਅਨੁਵਾਦਕ), ਹੈਕਗੇਟ ਘੁਟਾਲਾ (ਨਿਊਜ਼ ਕਾਰਪੋਰੇਸ਼ਨ ਦੀ ਸਹਾਇਕ ਕੰਪਨੀ ਨਿਊਜ਼ ਇੰਟਰਨੈਸ਼ਨਲ ਵਲੋਂ ਪ੍ਰਕਾਸ਼ਤ ਬਰਤਾਨਵੀ ਅਖ਼ਬਾਰਾਂ ਵਲੋਂ ਖ਼ਬਰਾਂ ਘੜਨ ਖ਼ਾਤਰ ਪੁਲਿਸ ਨੂੰ ਰਿਸ਼ਵਤ, ਫ਼ੋਨਾਂ 'ਚ ਸੰਨ੍ਹ ਲਾਉਣ ਅਤੇ ਹੋਰ ਨਜਾਇਜ਼ ਢੰਗ ਵਰਤਣ ਦਾ ਘੁਟਾਲਾ-ਅਨੁਵਾਦਕ) ਅਤੇ ਮਾਣਯੋਗ, ਆਜ਼ਾਦ ਪੱਤਰਕਾਰੀ ਦੀ ਸ਼ਾਨ ਕਿਵੇਂ ਘੱਟੇ ਰੁਲ ਰਹੀ ਹੈ।

ਅਸਾਂਜ ਨੂੰ ਸਤਾਉਣ ਵਾਲੇ ਉਸ ਦੇ ਮੁਕੱਦਮੇ ਨੂੰ ਤੂਲ ਦੇ ਰਹੇ ਹਨ। ਉਸ ਉੱਪਰ ਕੋਈ ਜੁਰਮ ਨਹੀਂ ਹੈ, ਉਹ ਨਿਆਂ ਪ੍ਰਣਾਲੀ ਤੋਂ ਭਗੌੜਾ ਨਹੀਂ ਹੈ। ਮਾਮਲੇ 'ਚ ਸ਼ਾਮਲ ਕੀਤੀਆਂ ਔਰਤਾਂ ਦੇ ਟੈਕਸਟ ਸੁਨੇਹਿਆਂ ਸਮੇਤ ਸਵੀਡਿਸ਼ ਮੁਕੱਦਮੇ ਦੇ ਦਸਤਾਵੇਜ਼ਾਂ ਤੋਂ ਪਤਾ ਚੱਲ ਜਾਂਦਾ ਹੈ ਕਿ ਸੈਕਸ ਨਾਲ ਸਬੰਧਤ ਇਲਜ਼ਾਮ ਕਿੰਨੇ ਬੇਤੁਕੇ ਹਨ-ਇਹ ਇਲਜ਼ਾਮ ਸਟਾਕਹੋਮ ਦੀ ਸੀਨੀਅਰ ਸਰਕਾਰੀ ਵਕੀਲ ਇਵਾ ਫਿਨੇ ਨੇ, ਇਕ ਸਿਆਸਤਦਾਨ ਕਲੈਸ ਬੌਰਜਸਟਰ ਦੇ ਦਖ਼ਲਅੰਦਾਜ਼ੀ ਕਰਨ ਤੋਂ ਪਹਿਲਾਂ, ਤੁਰੰਤ ਰੱਦ ਕਰ ਦਿੱਤੇ ਸਨ। ਬਰੈਡਲੇ ਮੈਨਿੰਗ ਦਾ ਮੁਕੱਦਮਾ ਸ਼ੁਰੂ ਹੋਣ ਦੇ ਮੁੱਢਲੇ ਅਮਲ ਸਮੇਂ, ਅਮਰੀਕੀ ਫ਼ੌਜ ਦੇ ਇਕ ਜਾਂਚ ਅਧਿਕਾਰੀ ਨੇ ਪੁਸ਼ਟੀ ਕੀਤੀ ਸੀ ਕਿ ਐੱਫ ਬੀ ਆਈ ''ਵਿਕੀਲੀਕਸ ਦੇ ਬਾਨੀਆਂ, ਮਾਲਕਾਂ ਜਾਂ ਪ੍ਰਬੰਧਕਾਂ'' ਨੂੰ ਜਾਸੂਸੀ ਕਾਰਨ ਗੁਪਤ ਤੌਰ 'ਤੇ ਨਿਸ਼ਾਨਾ ਬਣਾ ਰਹੀ ਹੈ। ਚਾਰ ਵਰੇ ਪਹਿਲਾਂ, ਵਿਕੀਲੀਕਸ ਵਲੋਂ ਨਸ਼ਰ ਕੀਤੇ ਗਏ ਪੈਂਟਾਗਾਨ ਦੇ ਇਕ ਦਸਤਾਵੇਜ਼, ਜਿਸ ਵੱਲ ਘੱਟ ਹੀ ਗ਼ੌਰ ਕੀਤਾ ਗਿਆ, 'ਚ ਬਿਆਨ ਕੀਤਾ ਗਿਆ ਕਿ ਕਿਵੇਂ ਵਿਕੀਲੀਕਸ ਅਤੇ ਅਸਾਂਜ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾਕੇ ਤਬਾਹ ਕੀਤਾ ਜਾਵੇਗਾ ਅਤੇ ''ਫ਼ੌਜਦਾਰੀ ਮੁਕੱਦਮੇ'' 'ਚ ਫਸਾਇਆ ਜਾਵੇਗਾ। 18 ਅਗਸਤ ਨੂੰ ਸਿਡਨੀ ਮਾਰਨਿੰਗ ਹੇਰਾਲਡ ਨੇ ਸੂਚਨਾ ਦੀ ਆਜ਼ਾਦੀ ਤਹਿਤ ਸਰਕਾਰੀ ਫਾਈਲਾਂ ਨਸ਼ਰ ਕਰਨ ਦੀ ਮੁਹਿੰਮ ਦੁਆਰਾ, ਭੇਤ ਖੋਲਿਆ ਕਿ ਆਸਟ੍ਰੇਲੀਆ ਦੀ ਸਰਕਾਰ ਨੂੰ ਵਾਰ-ਵਾਰ ਪ੍ਰਮਾਣਿਕ ਖ਼ਬਰ ਮਿਲਦੀ ਰਹੀ ਸੀ ਕਿ ਅਮਰੀਕੀ ਹਕੂਮਤ ਅਸਾਂਜ ਦਾ ''ਬੇਮਿਸਾਲ'' ਪਿੱਛਾ ਕਰ ਰਹੀ ਹੈ ਪਰ ਇਸ ਨੇ ਕੋਈ ਉਜਰ ਨਹੀਂ ਕੀਤਾ। ਐਕੂਆਡੋਰ ਵਲੋਂ ਅਸਾਂਜ ਨੂੰ ਪਨਾਹ ਦੇਣ ਦੀ ਇਕ ਵਜ੍ਹਾ ਹੈ ਉਸ ਨੂੰ ''ਉਸ ਰਾਜ ਵਲੋਂ'' ਬੇਸਹਾਰਾ ਛੱਡ ਦੇਣਾ ''ਜਿਸ ਦਾ ਉਹ ਨਾਗਰਿਕ ਹੈ''। 2010 'ਚ ਆਸਟ੍ਰੇਲੀਆ ਦੀ ਫੈਡਰਲ ਪੁਲਿਸ ਦੀ ਜਾਂਚ 'ਚ ਸਾਹਮਣੇ ਆਇਆ ਸੀ ਕਿ ਅਸਾਂਜ ਅਤੇ ਵਿਕੀਲੀਕਸ ਦਾ ਕੋਈ ਜੁਰਮ ਨਹੀਂ ਬਣਦਾ। ਉਸ ਦਾ ਮੁਕੱਦਮਾ ਸਾਡੇ ਸਾਰਿਆਂ ਉੱਪਰ ਅਤੇ ਆਜ਼ਾਦੀ ਉੱਪਰ ਹਮਲਾ ਹੈ। 

ਲੇਖਕ-ਜੌਹਨ ਪਿਲਜਰ 
ਅਨੁਵਾਦਕ ਬੂਟਾ ਸਿੰਘ ਸਮਾਜਿਕ -ਸਿਆਸੀ ਕਾਰਕੁੰਨ ਹਨ।ਕਈ ਅਹਿਮ ਕਿਤਾਬਾਂ ਦਾ ਪੰਜਾਬੀ 'ਚ ਤਰਜ਼ਮਾ ਕਰ ਚੁੱਕੇ ਹਨ।ਪੰਜਾਬ 'ਚ ਅਪਰੇਸ਼ਨ ਗ੍ਰੀਨ ਹੰਟ' ਦੇ ਵਿਰੋਧ ਚ 'ਐਂਟੀ ਗ੍ਰੀਨ ਹੰਟ ਫੋਰਮ' ਬਣਾਉਣ ਦੀ ਪਹਿਲਕਦਮੀ ਕਰਨ ਵਾਲਿਆਂ ਚੋਂ ਇਕ ਹਨ। ਫ਼ੋਨ:94634-74342

Tuesday, June 19, 2012

ਸੰਚਾਰ ਮਾਧਿਅਮਾਂ ਜ਼ਰੀਏ ਬਦਲਦਾ ਸਮਾਜ

ਹਰੇਕ ਖਿੱਤੇ ਦਾ ਇਕ ਖਾਸ ਸੱਭਿਆਚਾਰਕ ਰੰਗ ਅਤੇ ਸਮਾਜਿਕ ਦਾਇਰਾ ਹੁੰਦਾ ਹੈ। ਮੋਕਲੇ ਜਿਹੇ ਸ਼ਬਦਾਂ 'ਚ ਮਨੁੱਖ ਦੇ ਰੀਤੀ-ਰਿਵਾਜ਼, ਪਹਿਰਾਵਾ, ਬੋਲੀ, ਸੰਸਕਾਰ, ਖਾਣ-ਪਾਣ, ਗੀਤ-ਸੰਗੀਤ ਆਦਿ ਉਸਦੇ ਸੱਭਿਆਚਾਰ ਨੂੰ ਦਰਸਾਉਂਦੇ ਹਨ। ਪੰਜਾਬੀ ਇਸ ਪੱਖੋਂ ਅਮੀਰ ਮੰਨੇ ਜਾਂਦੇ ਹਨ। ਪੰਜਾਬੀਆਂ ਵੱਲੋਂ ਦਿੱਤਾ ਜਾਂਦਾ ਆਦਰ-ਮਾਣ, ਤਹਿਜ਼ੀਬ, ਹਲੀਮੀ, ਪਿਆਰ, ਅਣਖ, ਤਗੜੇ ਜੁੱਸੇ, ਮਦਦਗਾਰ, ਦਾਨੀ, ਅੜੀਅਲ ਰਵੱਈਆ, ਅਵੱਲੇ ਸ਼ੌਕ ਆਦਿ ਸਮਾਜਿਕ ਪਛਾਣ ਦੇ ਤੌਰ 'ਤੇ ਦੁਨੀਆਂ ਭਰ 'ਚ ਪ੍ਰਵਾਨ ਚੜੇ ਹਨ। ਪੰਜਾਬੀਆਂ ਦਾ ਸਮਾਜਿਕ ਤਾਣਾ-ਬਾਣਾ ਅਤੇ ਸੱਭਿਆਚਾਰਕ ਤੰਦਾਂ ਮਜ਼ਬੂਤ ਹਨ। ਤਬਦੀਲੀ ਵੀ ਜ਼ਿੰਦਗੀ ਦਾ ਇਕ ਜ਼ਰੂਰੀ ਹਿੱਸਾ ਹੈ। ਮੌਜੂਦਾ ਸਮੇਂ 'ਚ ਸੰਚਾਰ ਸਾਧਨਾਂ ਦੀ ਇੰਤਹਾਂ ਤਰੱਕੀ ਨੇ ਹਰ ਖਿੱਤੇ 'ਚ ਬਦਲਾਅ ਲਿਆਂਦਾ ਹੈ। ਬਹੁਤ ਸਾਰੀਆਂ ਤਬਦੀਲੀਆਂ ਸਵਾਗਤਯੋਗ ਹਨ ਅਤੇ ਕਈ ਥਾਂ ਇਨਾਂ ਤਬਦੀਲੀਆਂ ਕਰਕੇ ਦੋ ਪੀੜੀਆਂ ਵਿਚਕਾਰ ਤਨਾਅ ਵੱਧ ਰਿਹਾ ਹੈ।

ਅੱਜ ਦੇ ਦੌਰ 'ਚ ਸੰਚਾਰ ਸਾਧਨਾਂ ਦੀ ਵਰਤੋਂ ਨੇ ਇਕ ਤੀਜੇ ਕਿਸਮ ਦੀ ਨਵੀਂ ਪੀੜੀ ਨੂੰ ਜਨਮ ਦੇ ਦਿੱਤਾ ਹੈ। ਟੈਲੀਫੋਨ ਤੋਂ ਬਾਅਦ ਮੋਬਾਇਲ ਫੋਨਾਂ, ਕੇਬਲ ਤੇ ਡਿਸ਼ ਟੀਵੀ, ਇੰਟਰਨੈੱਟ, ਸੋਸ਼ਲ ਨੈੱਟਵਰਕਿੰਗ ਅਤੇ ਹੁਣ ਟੈੱਬਲੈਟ ਤੇ ਐਂਡਰਾਇਡ ਸਹੂਲਤ ਵਾਲੇ ਮੋਬਾਇਲ ਫੋਨ ਇੰਟਰਨੈਂਟ ਸਮੇਤ ਆਦਿ ਨੇ ਇਕ ਨਵੇਂ ਸੱਭਿਆਚਾਰ ਰੰਗ ਤੇ ਸਮਾਜਿਕ ਦਾਇਰੇ ਵਾਲੇ ਲੋਕਾਂ ਦੀ ਦੁਨੀਆਂ ਰਵਾਇਤੀ ਸਮਾਜ ਦੇ ਬਰਾਬਰ ਲਿਆ ਕੇ ਖੜੀ ਕਰ ਦਿੱਤੀ ਹੈ। ਇਕੋ ਪਰਿਵਾਰ 'ਚ ਰਹਿਣ ਵਾਲੇ ਮੈਂਬਰਾਂ ਲਈ ਆਪਣੀ ਸੋਚ, ਵਿਚਾਰ ਅਤੇ ਗੱਲਾਂ ਸਮਝਾਉਣ 'ਚ ਕਠਿਨਾਈਆਂ ਪੇਸ਼ ਆ ਰਹੀਆਂ ਹਨ। ਜ਼ਿਆਦਾਤਰ ਨੌਜਵਾਨ ਪੀੜੀ ਦੀ ਸ਼ਬਦਾਵਲੀ (ਜਿਸ 'ਚ ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ ਅਤੇ ਫੇਸਬੁੱਕ, ਟਵਿੱਟਰ, ਚੈਟ, ਆਨ ਲਾਈਨ ਸ਼ਾਪਿੰਗ, ਛੋਟੇ ਤੇ ਸਲੈਂਗ ਸ਼ਬਦਾਂ ਦੀ ਵਰਤੋਂ ਆਦਿ ਦੀਆਂ ਗੱਲਾਂ) ਨੂੰ ਉਨਾਂ ਦੇ ਮਾਪੇ ਅਤੇ ਬਜ਼ੁਰਗ ਸਮਝ ਨਹੀਂ ਪਾ ਰਹੇ। ਸੱਭਿਆਚਾਰਕ ਅਤੇ ਸਮਾਜਿਕ ਤੌਰ 'ਤੇ ਇਹ ਤਰੱਕੀ ਇਕ ਪਾੜੇ ਦਾ ਕੰਮ ਕਰ ਰਹੀ ਹੈ।

ਇਸ ਸਾਰੇ ਵਰਤਾਰੇ 'ਤੇ ਇਕ ਪਿੱਛਲ-ਝਾਤ ਮਾਰਿਆ ਪਤਾ ਲੱਗਦਾ ਹੈ ਕਿ ਜਦੋਂ ਤੱਕ ਸੰਚਾਰ ਸਾਧਨਾਂ ਦੀ ਉਪਲੱਬਧਤਾ ਸੀਮਤ ਸੀ ਉਦੋਂ ਤੱਕ ਸੱਭਿਆਚਾਰਕ ਤੇ ਸਮਾਜਿਕ ਤੌਰ 'ਤੇ ਬਹੁਤ ਛੇਤੀ-ਛੇਤੀ ਨਾ ਤਾਂ ਬਹੁਤ ਜ਼ਿਆਦਾ ਤਬਦੀਲੀ ਆਉਂਦੀ ਸੀ ਅਤੇ 'ਜੈਨਰੇਸ਼ਨ ਗੈਪ' (ਦੋ ਪੀੜੀਆਂ ਵਿਚਲੀ ਸੋਚ ਦਾ ਖੱਪਾ) ਵੀ ਲੰਬੇਰਾ ਸੀ। ਅੱਜ ਕੱਲ ਤਾਂ ਇਹ ਖੱਪਾ ਪੰਜ ਸਾਲ ਦਾ ਹੀ ਰਹਿ ਗਿਆ ਹੈ। ਬਹੁਤੇ ਪੰਜਾਬੀ ਇਸ ਗੱਲੋਂ ਹੀ ਨਿਰਾਸ਼ ਹਨ ਕਿ ਅੱਜ ਚਿੱਠੀਆਂ-ਪੱਤਰਾਂ, ਚਰਖਿਆਂ, ਚਾਦਰਿਆਂ, ਬਲਦ-ਗੱਡੀਆਂ, ਰਹਿਣੀ-ਬਹਿਣੀ ਅਤੇ ਸਮਾਜਿਕ ਸਮਾਗਮਾਂ ਆਦਿ 'ਚ ਆਈ ਤਬਦੀਲੀ ਨੇ ਪੰਜਾਬੀ ਸੱਭਿਆਚਾਰ ਦਾ ਮੂੰਹ-ਮੁਹਾਂਦਰਾ ਹੀ ਬਦਲ ਦਿੱਤਾ ਹੈ। ਇਹ ਚਿੰਤਾਲਾਇਕ ਤਾਂ ਹੈ ਪਰ ਬਹੁਤ ਗੰਭੀਰ ਮਸਲਾ ਨਹੀਂ। ਅਸਲ ਮੁੱਦੇ ਤਾਂ ਹੋਰ ਹਨ ਜਿਨ੍ਹਾਂ ਦੇ ਨਤੀਜਿਆਂ ਦਾ ਆਉਣ ਵਾਲੇ ਸਮੇਂ 'ਚ ਹਾਲੇ ਪਤਾ ਲੱਗੇਗਾ।

ਫਿਲਾਸਫਰ ਹੇਰਕਲਿਟਸ ਅਨੁਸਾਰ "ਹਰ ਚੀਜ਼ ਵਹਿੰਦੀ ਹੈ, ਹਰ ਚੀਜ਼ ਬਦਲਦੀ ਹੈ।" ਭਾਵ ਦੁਨੀਆਂ ਅਹਿਲ ਖੜੀ ਹੋਈ ਨਹੀਂ, ਇਹ ਸਦੀਵੀ ਤੌਰ 'ਤੇ ਵਿਕਸਤ ਹੰਦੀ ਰਹਿੰਦੀ ਹੈ। ਆਵਾਜਾਈ ਦੇ ਸਾਧਨਾਂ 'ਚ ਬੇਹੱਦ ਤਰੱਕੀ ਹੋਈ ਹੈ। ਦਿਨਾਂ ਦਾ ਸਫਰ ਘੰਟਿਆਂ 'ਚ ਤਹਿ ਹੋਣ ਲੱਗਾ ਅਤੇ ਘੰਟਿਆਂ ਦਾ ਸਫਰ ਮਿੰਟਾਂ 'ਚ। ਪਦਾਰਥਕ ਪੱਧਰ 'ਤੇ ਹੋਈ ਤਰੱਕੀ ਦੇ ਨਾਲ-ਨਾਲ ਮਾਨਸਿਕ/ਵਿਚਾਰਕ ਪੱਧਰ 'ਤੇ ਹੋਏ ਵਿਕਾਸ ਨੇ ਮਨੁੱਖ ਨੂੰ ਵਧੇਰੇ ਸੂਝਵਾਨ ਬਣਾ ਦਿੱਤਾ ਹੈ। ਮੌਜੂਦਾ ਬੱਚਿਆਂ ਦੀ ਸਧਾਰਣ ਬੁੱਧੀ ਦੀ ਤੁਲਨਾ ਦਸ-ਵੀਹ ਸਾਲ ਪਹਿਲਾਂ ਜੰਮੇ ਬੱਚਿਆਂ ਨਾਲ ਕਰਕੇ ਦੇਖੋ, ਹੈਰਾਨ ਹੋਵੋਗੇ। "ਅੱਜ ਪੰਜ ਸਾਲ ਦੇ ਬੱਚੇ ਨੂੰ ਜਿੰਨੀ 'ਅਕਲ' ਹੈ, ਏਨੀ ਪਹਿਲਾਂ 12-13 ਸਾਲ ਦੇ ਜੁਆਕ ਨੂੰ ਵੀ ਨਹੀਂ ਸੀ" ਅਜਿਹੇ ਫਿਕਰੇ ਆਮ ਹੀ ਬਜ਼ੁਰਗਾਂ ਤੋਂ ਸੁਣਨ ਨੂੰ ਮਿਲ ਜਾਂਦੇ ਹਨ। ਤਰੱਕੀ ਅਤੇ ਸਮਝ/ਅਕਲ ਦਾ ਆਪਸੀ ਰਿਸ਼ਤਾ ਹੈ। ਜਿਸ ਸਮਾਜਿਕ ਦਾਇਰੇ ਦਾ ਸੱਭਿਆਚਾਰ ਤਰੱਕੀਪਸੰਦ ਨਹੀਂ ਹੋਵੇਗਾ, ਉੱਥੇ ਸੋਚ ਵੀ ਸੀਮਤ ਰਹਿੰਦੀ ਹੈ। ਇਸ ਦੀ ਇਕ ਚੰਗੀ ਉਦਾਹਰਣ ਮੱਧ ਏਸ਼ੀਆਂ ਅਤੇ ਅਫਰੀਕਾ ਖਿੱਤੇ ਦੇ ਕਈ ਕੱਟੜਵਾਦੀ ਮੁਸਲਿਮ ਦੇਸ਼ ਹਨ ਜਿੱਥੇ ਨਾ ਤਾਂ ਸੋਚ ਵਿਕਾਸਸ਼ੀਲ ਮੁਲਕਾਂ ਬਰਾਬਰ ਵਿਕਸਿਤ ਹੋਈ ਹੈ ਅਤੇ ਨਾ ਹੀ ਸੰਚਾਰ ਸਾਧਨ ਵਿਕਸਤ ਹੋਏ ਹਨ।

ਹੁਣ ਜੇਕਰ ਪੰਜਾਬ ਦੇ ਸੰਦਰਭ 'ਚ ਗੱਲ ਕਰੀਏ ਤਾਂ ਪੰਜਾਬੀ ਬੰਦਾ ਦੁਨੀਆਂ ਦੇ ਤਕਰੀਬਨ ਹਰੇਕ ਖਿੱਤੇ 'ਚ ਵਸਿਆਂ ਹੋਇਆ ਹੈ। ਜਦੋਂ ਤੱਕ ਸੰਚਾਰ ਸਾਧਨ ਸੀਮਤ ਸਨ ਪੰਜਾਬ 'ਚ ਵਸਣ ਵਾਲੇ ਅਤੇ ਕੈਨੇਡਾ-ਅਮਰੀਕਾ ਅਤੇ ਯੂਰਪ 'ਚ ਰਹਿਣ ਵਾਲੇ ਪੰਜਾਬੀਆਂ 'ਚ ਹੀ ਅੰਤਾਂ ਦਾ ਫਰਕ ਸਾਫ ਨਜ਼ਰ ਆਉਂਦਾ ਸੀ। ਮੇਰੇ ਯਾਦ ਹੈ 13-14 ਸਾਲ ਪਹਿਲਾਂ ਕੈਨੇਡਾ ਤੋਂ ਆਏ ਆਪਣੇ ਮਾਮਾ ਜੀ ਕੋਲ 'ਪਲਾਸਟਿਕ ਮਨੀ' (ਏਟੀਐਮ ਕਾਰਡ, ਕਰੈਡਿਟ ਕਾਰਡ) ਦੇਖਕੇ ਅਸੀਂ ਕਾਫੀ ਅਚੰਭਿਤ ਹੋਏ ਸੀ। ਉਨ੍ਹਾਂ ਮੁਲਕਾਂ ਦਾ ਗੀਤ-ਸੰਗੀਤ, ਗਾਣਿਆਂ ਦੇ ਵਿਡੀਓ, ਫਿਲਮਾਂ ਵੀ ਸਾਡੇ ਲਈ ਉਤਸੁਕਤਾ ਦਾ ਇਕ ਵੱਡਾ ਕਾਰਣ ਸੀ। ਤਰੱਕੀ ਵਾਲੇ ਮੁਲਕਾਂ 'ਚ ਰਿਸ਼ਤਿਆਂ ਦੀ ਖੁੱਲ੍ਹ ਸੁਣਕੇ ਅੱਖਾਂ ਅੱਡੀਆਂ ਰਹਿ ਜਾਣੀਆਂ। ਉਨਾਂ ਮੁਲਕਾਂ ਦੇ ਪਹਿਰਾਵੇ ਅਤੇ ਖਾਣਿਆਂ ਬਾਰੇ ਪੰਜਾਬ ਵਾਸੀਆਂ ਨੇ ਇੰਝ ਗੱਲਾਂ ਕਰਨੀਆਂ ਜਿਵੇਂ ਇੰਦਰ-ਲੋਕ ਹੋਵੇ। ਇੱਕੋ ਥਾਂ (ਸ਼ਾਪਿੰਗ ਮਾਲ) 'ਸਭ ਕੁਝ' ਮਿਲ ਜਾਣ ਦੀਆਂ ਗੱਲਾਂ ਜਦੋਂ ਵਿਦੇਸ਼ੀ ਪੰਜਾਬੀਆਂ ਨੇ ਸੁਣਾਣੀਆਂ ਤਾਂ ਇਹ ਗੱਲਾਂ ਕਿਸੇ ਪਰੀ ਲੋਕ ਜਾਂ ਅਲੀ ਬਾਬੇ ਦੀ ਗੁਫਾ ਤੋਂ ਘੱਟ ਨਾ ਲੱਗਣੀਆਂ। ਕਹਿਣ ਤੋਂ ਭਾਵ ਕਿ ਜੋ ਕੁਝ ਵਿਕਾਸਸ਼ੀਲ ਮੁਲਕਾਂ 'ਚ ਸੀ ਜਾਂ ਹੈ cਹੋ ਕੁਝ ਅੱਜ ਭਾਰਤ, ਪੰਜਾਬ 'ਚ ਵੀ ਉਪਲੱਬਧ ਹੈ। ਇਸ ਸਾਰੇ ਵਰਤਾਰੇ 'ਚ ਸੰਚਾਰ ਸਾਧਨਾਂ ਦੀ ਵੱਡੀ ਤੇ ਅਹਿਮ ਭੂਮਿਕਾ ਹੈ। ਸੰਚਾਰ ਸਾਧਨਾਂ ਦੇ ਵਿਕਾਸ ਦੇ ਸਿੱਟੇ ਵੱਜੋਂ ਸੂਚਨਾਵਾਂ, ਜਾਣਕਾਰੀਆਂ ਅਤੇ ਦੁਨੀਆਂ ਭਰ ਦੇ ਸੱਭਿਆਚਾਰਾਂ ਤੇ ਸਮਾਜਾਂ ਨੂੰ ਸਮਝਣ 'ਚ ਸੌਖ ਹੋ ਗਈ ਹੈ।

ਚਿੰਤਾ ਜੇਕਰ ਹੈ ਤਾਂ ਉਹ ਇਸ ਗੱਲ ਦੀ ਕਿ ਸੰਚਾਰ ਸਾਧਨਾਂ ਦੀ ਤਰੱਕੀ ਨਾਲ ਸਾਡੇ ਸਮਾਜ ਵਿਚ ਅਤੇ ਖਾਸ ਤੌਰ 'ਤੇ ਸੱਭਿਆਚਾਰ 'ਚ ਜੋ ਤਬਦੀਲੀ ਆਈ ਹੈ ਉਹ ਕਿੱਥੋਂ ਤੱਕ ਪ੍ਰਵਾਨ ਕਰਨ ਯੋਗ ਹੈ ਅਤੇ ਇਸਦੇ ਭਵਿੱਖ 'ਚ ਕੀ ਸਿੱਟੇ ਨਿਕਲਣਗੇ? ਕੀ ਅੱਜ ਵੀ ਏਨੀ ਤਰੱਕੀ ਦੇ ਬਾਵਜੂਦ ਪੰਜਾਬੀਆਂ 'ਚ 'ਸ਼ਰਮ' ਬਾਕੀ ਹੈ ਜਾਂ ਨਹੀਂ, ਭਾਵੇਂ ਇਹ ਬਜ਼ੁਰਗਾਂ ਦੀ ਅੱਖ ਦੀ ਹੋਵੇ ਜਾਂ ਵਿਰੋਧੀ ਲਿੰਗ ਦੀ? (ਸ਼ਰਮ ਪੰਜਾਬੀਆਂ ਦੇ ਸੱਭਿਆਚਾਰ ਦਾ ਵਿਸ਼ੇਸ਼ ਲੱਛਣ ਤੇ ਗਹਿਣਾ ਹੈ) ਕੀ ਆਮ ਪੰਜਾਬੀ ਨੇ ਤਰੱਕੀ ਵਾਲੇ ਦੇਸ਼ਾਂ 'ਚ ਜਾ ਕੇ ਵੀ ਆਪਣਾ ਇਹ ਗਹਿਣਾ ਸੰਭਾਲ ਕੇ ਰੱਖਿਆ ਹੈ ਅਤੇ ਉਨਾਂ ਮੁਲਕਾਂ 'ਚ ਜੰਮੀ ਪੀੜੀ ਨੇ ਵੀ ਇਸਨੂੰ ਸਵਿਕਾਰਿਆਂ ਹੈ? ਜਿੰਨਾ ਨਿੰਦਣਯੋਗ ਵਿਗਾੜ ਸਾਡੇ ਗੀਤ-ਸੰਗੀਤ 'ਚ ਆ ਚੁੱਕਾ ਹੈ ਉਸ ਤੋਂ ਵੀ ਭੈੜਾ ਹਾਲ ਰਿਸ਼ਤਿਆਂ ਦਾ ਹੈ! ਸ਼ਬਰ-ਸੰਤੋਖ ਖਤਮ ਹੁੰਦਾ ਜਾ ਰਿਹਾ ਹੈ, ਜਿੱਧਰ ਦੇਖੋ ਕਾਹਲ ਹੀ ਕਾਹਲ। ਬੋਲੀ, ਪਹਿਰਾਵੇ, ਰੀਤੀ-ਰਿਵਾਜ਼, ਆਦਰ-ਮਾਣ, ਤਹਿਜ਼ੀਬ, ਹਲੀਮੀ ਆਦਿ 'ਚ ਸੰਚਾਰ ਸਾਧਨਾਂ ਦੀ ਤਰੱਕੀ ਕਰਕੇ ਅੰਤਾਂ ਦਾ ਬਦਲਾਅ ਆਇਆ ਹੈ। ਪੰਦਰਾਂ ਤੋਂ ਬਾਈ ਸਾਲ ਦੀ ਉਮਰ ਵਰਗ ਦਾ ਇਕ ਅਜਿਹਾ 'ਨੌਜਵਾਨ ਧੜਾ' ਸਾਹਮਣੇ ਆ ਚੁੱਕਾ ਹੈ ਜੋ ਆਧੁਨਿਕ ਸੰਚਾਰ ਸਾਧਨਾਂ (ਆਈ ਫੋਨ, ਐਂਡਰਾਇਡ ਮੋਬਾਈਲ ਫੋਨ, ਟੈੱਬਲਾਇਡ, ਇੰਟਰਨੈੱਟ, ਟੀ.ਵੀ. ਆਦਿ) ਤੋਂ ਪੂਰੀ ਤਰਾਂ ਪ੍ਰਭਾਵਿਤ ਹੈ।

ਸਮੇਂ ਨਾਲ ਆਏ ਬਦਲਾਅ ਨੂੰ ਉਸ ਹੱਦ ਤੱਕ ਜ਼ਰੂਰ ਸਵੀਕਾਰਨਾ ਚਾਹੀਦਾ ਹੈ ਜਿਸ ਨਾਲ ਜੀਵਨ ਸੁਧਾਰਮਈ ਹੋਵੇ। ਉਂਝ ਵੀ ਬਦਲਾਅ ਤੋਂ ਬਚਣ ਦਾ ਮਤਲਬ ਹੈ ਸਮੇਂ ਦੀ ਰਫਤਾਰ ਤੋਂ ਪਿੱਛੇ ਰਹਿ ਜਾਣਾ। ਅਸਲ 'ਚ ਸੱਭਿਆਚਾਰ ਵੀ ਲੋਕਾਂ ਨੂੰ ਜਿਊਣ ਢੰਗ ਹੀ ਸਿਖਾਉਂਦਾ ਹੈ। ਹਰ ਮਸਲੇ ਨੂੰ ਇਕੱਲੇ-ਇਕੱਲੇ ਰੂਪ 'ਚ ਵਿਚਾਰਨਾਂ ਮੁਸ਼ਕਿਲ ਹੈ, ਪਤਾ ਸਭ ਨੂੰ ਹੈ ਕਿ ਵਾਪਰ ਕੀ ਰਿਹਾ ਹੈ, ਬਸ ਅਸੀਂ ਸਾਰੇ ਉਸ ਕਬੂਤਰ ਵਾਂਗ ਅੱਖਾਂ ਮੀਚੀ ਬੈਠੇ ਹਾਂ ਕਿ ਬਿੱਲੀ ਸਾਨੂੰ ਦਿਖ/ਦੇਖ ਨਹੀਂ ਰਹੀ। ਹਰ ਖੇਤਰ 'ਚ ਆਏ ਵਿਗਾੜ ਨੂੰ ਅਸੀਂ ਭਲੀ-ਭਾਂਤ ਜਾਣਦੇ ਹਾਂ। ਜ਼ਰੂਰਤ ਹੈ ਇਸਤਰੀ ਜ੍ਰਾਗਤੀ ਮੰਚ ਵਾਂਗ ਇਕਮੁੱਠ ਹੋਣ ਦੀ ਅਤੇ ਖਰਾਬੀਆਂ ਕਰਨ ਵਾਲਿਆਂ ਵਿਰੁੱਧ ਆਵਾਜ਼ ਉਠਾਉਣ ਦੀ।(ਅਸ਼ਲੀਲ ਗਾਇਕਾਂ ਖਿਲਾਫ ਇਸ ਮੰਚ ਦੀਆਂ ਔਰਤਾਂ ਨੇ ਸੂਬਾ ਪੱਧਰੀ ਧਰਨੇ ਮਾਰੇ ਹਨ) ਕਿਉਂ ਨਾ ਵਿਕਾਸ ਨੂੰ ਜ਼ਿੰਦਗੀ ਸਵਰਗ ਬਣਾਉਣ ਲਈ ਵਰਤੀਏ!ਵਿਆਪਕ ਪੱਧਰ 'ਤੇ ਸੁਧਾਰ ਤਾਂ ਹੀ ਹੁੰਦਾ ਹੈ ਜੇਕਰ ਇਸਦੀ ਸ਼ੁਰੂਆਤ ਨਿੱਜੀ ਪੱਧਰ ਤੋਂ ਕੀਤੀ ਜਾਵੇ।

 ਨਰਿੰਦਰ ਪਾਲ ਸਿੰਘ ਜਗਦਿਓ
ਲੇਖ਼ਕ ਅੱਜਕਲ੍ਹ ਪੰਜਾਬ ਸਰਕਾਰ ਦੇ 'ਅਸਿਸਟੈਂਟ ਪਬਲਿਕ ਰਿਲੇਸ਼ਨ ਅਫਸਰ' ਹਨ।

Thursday, December 9, 2010

ਇੰਟਰਨੈੱਟ - ਲੋਕਤੰਤਰ ਦਾ ਪੰਜਵਾਂ ਥੰਮ੍ਹ (ਵਿਕੀਲੀਕਸ)

ਪ੍ਰੈਸ ਵਲੋਂ ਲੋਕਤੰਤਰ ਵਿੱਚ ਆਪਣੀ ਭੂਮਿਕਾ ਨਾ ਅਦਾ ਕਰਕੇ ਬਾਕੀ ਤਿੰਨ ਥੰਮ੍ਹਾਂ ਨਾਲ 'ਸੌਦੇਬਾਜ਼ੀ' ਦੇ ਚੱਕਰਾਂ ਪੈ ਜਾਣ ਕਰਕੇ, ਇੰਟਰਨੈੱਟ ਉੱਤੇ ਪ੍ਰੈਸ ਦੀ ਨਵੀਂ ਭੂਮਿਕਾ ਕਹਿਣ ਦੀ ਬਜਾਏ ਇਸ ਨੂੰ ਪੰਜਵਾਂ ਥੰਮ੍ਹ ਹੀ ਕਹਿ ਲਿਆ ਜਾਵੇ ਤਾਂ ਚੰਗਾ ਹੈ-ਲੇਖ਼ਕ

ਵਿਕੀਲੀਕਸ, ਜੋ ਅਮਰੀਕਾ ਦਾ ਚੇਹਰਾ ਬੇਨਕਾਬ ਕਰਨ ਲੱਗਾ ਹੈ, ਇੰਟਰਨੈੱਟ ਦੀ ਦੁਨੀਆਂ 'ਚ ਆਪਣੇ ਆਪ 'ਚ ਨਵਾਂ ਇਨਕਲਾਬ ਹੈ। ਇਹ ਵੈੱਬਸਾਈਟ ਆਪਣੀ ਸਾਈਟ ਉੱਤੇ ਬੇਸ਼ੁਮਾਰ ਡੌਕੂਮੈਂਟ ਉਪਲੱਬਧ ਕਰਵਾ ਰਹੀ ਹੈ, ਜੋ ਅਮਰੀਕਾ ਸਮੇਤ ਕਈ ਦੇਸ਼ਾਂ ਨਾਲ ਸਬੰਧਿਤ ਹਨ, ਜਿਸ ਵਿੱਚ ਅਮਰੀਕਾ ਤੇ ਰਾਜਦੂਤ (ਅਤੇ ਹੋਰ ਲੋਕ) ਵਲੋਂ ਦੂਜੇ ਦੇਸ਼ਾਂ ਵੱਲ ਕੀਤੀਆਂ ਬੇਹੁਦਾ ਟਿੱਪਣੀਆਂ ਵੀ ਸ਼ਾਮਲ ਹਨ। ਇਹ ਟੀਮ ਦਾਅਵਾ ਕਰਦੀ ਹੈ ਕਿ ਕਿਸੇ ਵਲੋਂ ਵੀ ਦਿੱਤੀ ਜਾਣਕਾਰੀ ਪੂਰੀ ਤਰ੍ਹਾਂ ਇੰਕ੍ਰਿਪਟ ਕੀਤੀ ਹੋਈ ਅਤੇ ਗੁਪਤ ਰੱਖੀ ਜਾਵੇਗੀ। ਕਈ ਅਖ਼ਬਾਰਾਂ ਤੇ ਪੱਤਰਕਾਰਾਂ ਨੇ ਇਸ ਦੇ ਸਹਿਯੋਗ ਦਾ ਐਲਾਨ ਕੀਤਾ ਹੈ।

ਅਮਰੀਕਾ ਆਪਣੀ ਹੋਈ ਕਿਰਕਰੀ ਤੋਂ ਐਨਾ ਹਰਫਲਿਆ ਹੋਇਆ ਹੈ ਕਿ ਉਸ ਨੇ ਇਸ ਨੂੰ ਰੋਕਣ ਲਈ ਬਹੁਤ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਜਤਨ ਸ਼ੁਰੂ ਕੀਤੇ ਹਨ, ਜਿਸ ਵਿੱਚ ਵਿਕਿਲੀਕਸ ਨਾਲ ਕਾਰੋਬਾਰ ਕਰਨ ਤੇ ਪੈਸੇ ਦਾ ਲੈਣ ਦੇਣ ਕਰਨ ਵਾਲੀਆਂ ਕੰਪਨੀਆਂ ਨੂੰ ਘੁਰਕੀ ਦੇਣਾ (ਜਿਸ ਤਹਿਤ ਮਾਸਟਰਕਾਰਡ, ਵੀਜ਼ਾ, ਪੇਪਾਲ ਨੇ ਲੈਣ ਦੇਣ ਬੰਦ ਕਰ ਦਿੱਤਾ ਹੈ), ਬੈਂਕ ਵਲੋਂ ਅਕਾਊਂਟ ਬੰਦ ਕਰਨਾ, ਸਰੀਰਕ ਛੇੜਛਾੜ ਦਾ ਕੇਸ, ਵੈੱਬ ਸਾਈਟ ਉੱਤੇ ਸਾਈਬਰ ਹਮਲੇ ਕਰਵਾਉਣੇ ਵੀ ਸ਼ਾਮਲ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਸੈਕਟਰੀ ਵਲੋਂ ਤਾਂ ਇਸ ਨੂੰ ਮਾਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਮੈਨੂੰ ਇਹ ਰੋਜ਼ਾਨਾ ਦੇ ਵਿਚਾਰ ਪੜ੍ਹਦਿਆ ਲੱਗਾ ਕਿ ਇਹ 'ਤਰੱਕੀਸ਼ੁਦਾ' ਦੇਸ਼ਾਂ ਵਿੱਚ ਵੀ ਤਰੱਕੀ ਜਾਂ ਆਜ਼ਾਦੀ ਦਾ ਦਾਅਵਾ ਬਹੁਤਾ ਵੇਖਾਵਾ ਭਰ ਹੈ, ਜਦੋਂ ਕਿ ਅਸਲੀਅਤ 'ਚ ਡੌਕੂਮੈਂਟ ਲੀਕ ਹੋਣ ਕਰਕੇ ਇਹ ਦੇਸ਼ ਹੱਥਾਂ-ਪੈਰਾਂ 'ਚ ਆ ਗਏ ਅਤੇ ਇੱਕ ਸਿੱਖ ਲੀਡਰ ਵਲੋਂ ਇੱਕ ਡੇਰਾ ਦੇ ਪ੍ਰਧਾਨ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਇਨਾਮ ਦੇਣ ਜਾਂ ਮੁੱਲ੍ਹਾਂਵਾਂ ਵਲੋਂ ਦਿੱਤੇ ਮੁਹੰਮਦ ਸਾਹਿਬ ਦਾ ਕਾਰਟੂਨ ਬਣਾਉਣ ਵਾਲੇ ਦੇ ਸਿਰ ਕਲਮ ਦੇ ਐਲਾਨ ਦੇ ਜਮ੍ਹਾਂ ਬਰਾਬਰ ਖੜ੍ਹੇ ਜਾਪਦੇ ਹਨ (ਭਾਵੇਂ ਕਿ ਮੈਂ ਪ੍ਰੈਸ ਦੀ ਆਜ਼ਾਦੀ ਦੇ ਹੱਕ 'ਚ ਹਾਂ, ਪਰ ਜਿਹੜਾ ਕਿਸੇ ਧਰਮ ਬਾਰੇ ਮਾੜੇ ਵਿਚਾਰ ਛਾਪੇ ਤਾਂ ਅਜਿਹੀ ਆਜ਼ਾਦੀ ਦੇ ਨਾਲ ਨਹੀਂ। ਇਹੀ ਸਮਝ ਨੀ ਆਉਂਦਾ ਕਿ ਅਸਲ 'ਚ ਉਦੋਂ ਇਹੀ ਮੁਲਕ ਪ੍ਰੈਸ ਦੀ ਆਜ਼ਾਦੀ ਦੇ ਦਮਗਜੇ ਮਰਦੇ ਸੀ, ਹੁਣ ਪ੍ਰੈਸ ਦੀ ਆਜ਼ਾਦੀ ਕਿਧਰ ਗਈ।

ਇਰਾਕ ਦੀ ਵਿਡੀਓ [1] ਕਿ ਕਿਵੇਂ ਅਮਰੀਕੀ ਹੈਲੀਕਪਟਰ (2007 ਵਿੱਚ) 'ਚ ਸਵਾਰ ਫੌਜੀ ਇਰਾਕੀਆਂ ਨੂੰ ਕੁੱਤੇ ਬਿੱਲੀਆਂ ਤੋਂ ਵੱਧ ਕੁਝ ਨੀਂ ਸਮਝਦੇ ਅਤੇ ਵਿਡੀਓ ਗੇਮ ਵਿੱਚ ਮਾਰਨ ਵਾਂਗ ਭਰੋਸਾ ਭਰ ਵੀ ਨਹੀਂ ਸੋਚਦੇ। '9 ਤੋਂ 5' [2] ਲੜਨ ਵਾਲੇ ਸਿਪਾਹੀ ਸ਼ਾਇਦ ਆਪਣੀ ਅਮਰੀਕੀ ਜਨਤਾ ਨੂੰ ਖੁਸ਼ ਕਰਨ ਲਈ ਕਈ ਦਾਅਵੇ ਕਰਦੇ ਹੋਣ, ਪਰ ਇਹ ਵਿਡੀਓ ਉਨ੍ਹਾਂ ਸਭ ਨੂੰ ਵੇਖਣੀ ਤੇ ਸਮਝਣੀ ਚਾਹੀਦੀ ਹੈ, ਜੋ ਆਪਣੇ '9 ਤੋਂ 5' ਆਲੇ ਫੌਜੀਆਂ ਲਈ ਪੈਸੇ ਦਿੰਦੇ ਹਨ ਅਤੇ ਅਮਰੀਕੀਆਂ ਤੋਂ ਬਿਨਾਂ ਸਭ ਨੂੰ (ਆਮ ਬੰਦਿਆਂ ਤੇ ਅੱਤਵਾਦੀਆਂ ਨੂੰ) ਵਿਡੀਓ ਗੇਮ ਦੇ ਕਰੈਕਟਰ ਤੋਂ ਵੱਧ ਕੁਝ ਨੀਂ ਸਮਝਦੇ।

ਉਮੀਦ ਹੈ ਕਿ ਇਹ ਮੁਹਿੰਮ ਰੁਕਦੀ ਨਹੀਂ, ਕਿਉਂਕਿ ਟੋਰੈਂਟ, ਅਤੇ ਡੀਸੈਂਟਰਲਾਈਜਡ ਕੰਮ ਹੋਣ ਕਰਕੇ ਇਹ ਸਭ ਸੰਭਵਾਨਾ ਹੈ ਕਿ ਅਮਰੀਕਾ ਤੇ ਜੁੰਡੀ ਦੇ ਯਾਰ ਇਹ ਖਤਮ ਨਹੀਂ ਕਰ ਸਕਣਗੇ। ਬੀਬੀਸੀ ਦੇ ਸਾਈਟ ਨੇ ਤਾਂ ਇੰਟਰਨੈੱਟ ਨੂੰ ਭਸਮਾਸੁਰ ਦਾ ਨਾਂ ਦਿੱਤਾ ਹੈ, ਜੋ ਅਮਰੀਕਾ ਦੀ ਤਾਕਤ ਹੋਣ ਦੇ ਨਾਲ ਨਾਲ ਉਸ ਦੇ ਗਲ਼ੇ ਦੀ ਹੀ ਹੱਡੀ ਬਣਦਾ ਜਾਪਦਾ ਹੈ (ਪਹਿਲਾਂ ਗਲੋਬਲਾਈਜੇਸ਼ਨ ਦੇ ਜਿੰਨ ਨੇ ਵੀ ਅਮਰੀਕਾ ਨੂੰ ਤੰਗ ਕਰ ਛੱਡਿਆ ਹੈ)।

ਮੈਂ ਅਮਰੀਕਾ ਲਈ ਹੀ ਨਹੀਂ, ਭਾਰਤ ਸਰਕਾਰ ਦੇ ਕਈ 'ਗੁਪਤ' ਕਦਮਾਂ ਬਾਰੇ ਜਾਣਨਾ ਚਾਹੁੰਦਾ ਹਾਂ, ਅਤੇ ਉਮੀਦ ਕਰਦਾ ਹਾਂ ਕਿ ਜਿਸ ਤਰ੍ਹਾਂ ਵਿਕਿਲੀਕਸ ਨੇ ਅਮਰੀਕਾ ਦੇ ਪੋਤੜੇ ਫੋਲੇ ਹਨ, ਭਾਰਤੀ ਸਰਕਾਰਾਂ ਦੇ ਕਾਲੇ ਕਾਰਨਾਮੇ ਸਾਹਮਣੇ ਆਉਣੇ ਚਾਹੀਦੇ ਹਨ (ਤੇ ਅੱਜ ਨਾ ਭਲਕ ਆ ਵੀ ਜਾਣਗੇ), ਜਿਸ ਵਿੱਚ ਅਰਬਾਂ-ਖ਼ਰਬਾਂ ਦੇ ਘਪਲੇ, ਧਰਮ ਦੇ ਨਾਂ ਉੱਤੇ ਕੀਤੇ ਸਰਕਾਰੀ ਕਤਲ (ਦਿੱਲੀ ਹੋਵੇ ਜਾਂ ਗੁਜਰਾਤ), ਕੇ.ਪੀ.ਐਸ. ਗਿੱਲ ਵਰਗੇ ਬੁੱਚੜਾਂ ਵਲੋਂ ਕੀਤੇ ਫਰਜ਼ੀ ਕਤਲਾਂ ਦਾ ਕੱਚਾ ਚਿੱਠਾ। ਭਾਵੇਂ ਹਾਲੇ ਇਹ ਔਖਾ ਲੱਗੇ, ਪਰ ਇਹ ਪੱਕਾ ਹੋ ਗਿਆ ਹੈ ਕਿ ਜੇ ਬੰਦਾ ਚਾਹੇ ਤਾਂ ਸਭ ਕੁਝ ਕੀਤਾ ਜਾ ਸਕਦਾ ਹੈ ਅਤੇ ਇੰਟਰਨੈੱਟ ਨੂੰ ਸੈਂਸਰ ਕਰਨਾ ਅਮਰੀਕਾ ਵਰਗੇ ਮੁਲਕ ਲਈ ਵੀ ਸੌਖਾ ਨਹੀਂ ਹੈ।

ਹੈਰਾਨੀ ਦੀ ਗੱਲ ਹੈ ਕਿ ਇਹ ਉਹੀ ਅਮਰੀਕਾ ਹੈ, ਜੋ ਕਿ ਚੀਨ ਦੀ ਮੀਡਿਆ ਸੈਂਸਰਸ਼ਿਪ ਦਾ ਵਿਰੋਧ ਕਰਦਾ ਹੈ, ਅਤੇ ਹੁਣ ਜਦ ਖੁਦ ਦੇ ਸਾਹਮਣੇ ਮਸਲਾ ਆਇਆ ਤਾਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵੀ ਬਾਜ਼ ਨਹੀਂ ਆਉਂਦਾ ਜਾਪਦਾ।

ਫੇਰ ਵੀ ਬਾਹਰਲੀ ਪ੍ਰੈਸ ਬਾਰੇ ਪੜ੍ਹ ਕੇ ਸੁਣ ਕੇ ਲੱਗਦਾ ਹੈ ਕਿ ਕੁਝ ਕੁ ਈਮਾਨ ਤਾਂ ਉਨ੍ਹਾਂ ਲੋਕਾਂ ਦਾ ਜਿਉਂਦਾ ਹੈ, ਜੇ ਇਸ ਦੇ ਮੁਕਾਬਲੇ ਭਾਰਤ ਦੀ ਪ੍ਰੈਸ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਸੁਰਖੀਆਂ 'ਚ ਆਇਆਂ 'ਪ੍ਰੈਸ ਵਾਲੇ ਦਲਾਲਾਂ' ਮਸਲਾ ਅਖ਼ਬਾਰਾਂ 'ਚ ਗਧੇ ਦੇ ਸਿਰ ਤੋਂ ਸਿੰਗ ਗੁਆਚਣ ਵਾਂਗ ਗੁਆਚ ਹੀ ਗਿਆ।

ਪਰ ਸਰਕਾਰੋਂ ਹੁਣ ਵੇਲੇ ਬਦਲ ਗਿਆ, ਇਹ ਗੱਲ ਯਾਦ ਰੱਖਿਓ, ਅੱਜ ਨਾ ਭਲਕੇ, ਸਭ ਕੁਝ ਸਾਹਮਣੇ ਆਉਣਾ ਹੀ ਹੈ, ਲੋਕਾਂ ਜਾਣਨਾ ਚਾਹੁੰਦੇ ਹਨ ਕਿ ਲੱਖਾਂ ਦੇ ਘਪਲੇ ਕਿਵੇਂ ਹੁੰਦੇ ਹਨ, ਟੈਕਸਾਂ ਦੇ ਕਰੋੜਾਂ ਰੁਪਏ ਕਿਧਰ ਖਰਚੇ, ਪੱਤਰਕਾਰ ਕਿਵੇਂ ਵੱਡੇ ਵੱਡੇ ਸਨਅਤੀ ਘਰਾਣਿਆਂ ਦੇ ਦਲਾਲ ('ਦੱ..' ਸ਼ਬਦ ਮੈਂ ਚਾਹੁੰਦਾ ਹੋਇਆ ਵੀ ਵਰਤ ਨਾ ਸਕਿਆ) ਬਣ ਗਏ, ਕਿਵੇਂ ਗਰੀਬਾਂ ਦਾ ਖੂਨ ਪੀਤਾ, ਕਿਵੇਂ ਨਿਰਦੋਸ਼ ਲੋਕ ਮਾਰੇ, ਗਾਂਧੀਗਿਰੀ ਕਰਦੇ ਸੰਘਰਸ਼ਸ਼ੀਲ ਲੋਕ ਗੁੰਡਿਆਂ ਤੋਂ ਮਰਵਾਏ।

ਹੁਣ ਸਰਕਾਰਾਂ ਵਲੋਂ ਮਸਲਿਆਂ ਉੱਤੇ ਪਰਦੇ ਪਾਉਣੇ ਓਨ੍ਹਾਂ ਸੌਖੇ ਨਹੀਂ ਰਹਿਣਗੇ, ਗੁਪਤ ਹੋਣ ਦਾ ਕੀ ਅਰਥ ਹੈ? ਜੇ ਤੁਸੀਂ ਕਿਸੇ ਦੇਸ਼ ਨੂੰ ਬਰਬਾਦ ਕਰਨ ਦੀਆਂ ਗੋਂਦਾਂ ਗੁੰਦੋ ਤਾਂ ਉਹ ਗੁਪਤ ਹਨ, ਉਹ ਪ੍ਰਾਈਵੇਟ ਹਨ, ਜੇ ਮੈਂ ਕਿਸੇ ਦੇ ਕਤਲ ਕਰਨ ਬਾਰੇ ਕਿਸੇ ਨਾਲ ਸਲਾਹ ਕਰਾਂ ਤਾਂ ਕਿ ਇਹ ਮੇਰਾ ਨਿੱਜੀ ਮਸਲਾ ਹੈ, ਸਮਾਜ ਦਾ ਨਹੀਂ??

ਖ਼ੈਰ ਵਿਕਿਲੀਕਸ ਨੇ ਅਜਿਹੀ ਪਰਤ ਪਾਈ ਹੈ, ਜੋ ਕਿ ਲੋਕਤੰਤਰ ਦੇ ਮੋਢੀ ਕਹਾਉਂਦੇ ਮੁਲਕਾਂ ਦੇ ਚਿਹਰੇ ਨੰਗੇ ਕਰ ਗਈ, ਇਹ ਹੀ ਇੰਟਰਨੈੱਟ ਦਾ ਅਸਲ ਭਵਿੱਖ ਹੈ, ਇਹ ਹੀ ਪ੍ਰੈਸ ਦਾ ਭਵਿੱਖ ਹੈ, ਇਹੀ ਲੋਕਤੰਤਰ ਦਾ ਉਹ ਰੂਪ ਹੈ, ਜੋ ਇੰਟਰਨੈੱਟ ਦੇ ਜੁੱਗ 'ਚ ਹੋਣਾ ਚਾਹੀਦਾ ਹੈ ਅਤੇ ਹੋਵੇਗਾ।

ਜੇ ਵਿਕਿਲੀਕਸ ਬਾਰੇ ਤਾਜ਼ਾ ਜਾਣਕਾਰੀ ਲੈਣੀ ਹੋਵੇ ਤਾਂ:

http://twitter.com/#!/wikileaks

(ਇਹ ਸਾਈਟ ਤੋਂ ਤਾਜ਼ਾ ਲਿੰਕ ਲਵੋ, ਉਸ ਉੱਤੇ ਮਿੱਰਰ ਵੇਖੋ ਅਤੇ ਉੱਥੋਂ ਮਿੱਰਰ ਰਾਹੀਂ ਤੁਸੀਂ ਜਾਣਕਾਰੀ ਲੈ ਸਕਦੇ ਹੋ)

ਵਿਕਿਲੀਕਸ ਵਲੋਂ ਜਾਰੀ ਕੀਤੀ ਜਾਣਕਾਰੀ ਦੀਆਂ ਸੁਰਖੀਆਂ (ਅੰਗਰੇਜ਼ੀ 'ਚ): http://www.bbc.co.uk/news/world-us-canada-11914040

ਵਿਕਿਲੀਕਸ ਬਾਰੇ ਅੰਗਰੇਜ਼ੀ ਵਿੱਚ ਜਾਣਕਾਰੀ ਲੈਣ ਲਈ ਪੜ੍ਹੋ: http://www.bbc.co.uk/news/technology-10757263

ਇੱਕ ਪੱਤਰਕਾਰ ਦੇ ਜੁਬਾਨੀ: "ਇਹ ਲੋਕਾਂ ਤੇ ਸਰਕਾਰ ਵਿੱਚ ਆਪਸੀ ਜੰਗ ਦੀ ਸ਼ੁਰੂਆਤ ਹੈ।"
ਵਿਕਿਲੀਕਸ ਵੀ ਟਵਿੱਟਰ ਉੱਤੇ ਆਖਦਾ ਹੈ: "We open governments."

[1] Video: Collateral Murder

(ਇਹ ਵਿਡੀਓ ਤਾਂ ਬਾਹਰ ਆ ਸਕੀ ਕਿਉਂਕਿ ਇਹ 'ਚ ਪ੍ਰੈਸ ਦੇ ਬੰਦੇ ਮਾਰੇ ਗਏ, ਹੁਣ ਤੁਸੀਂ ਸੋਚ ਸਕਦੇ ਹੋ ਕਿ ਅਜਿਹੇ ਅਣਜਾਣੇ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਕਿੰਨੀ ਕੁ ਹੋ ਸਕਦੀ ਹੈ)

[2] 9 ਤੋਂ 5 ਦਾ ਮਤਲਬ ਕਿ "ਪ੍ਰੋਫੈਸ਼ਨ ਨੌਕਰੀ" ਪੇਸ਼ਾ ਸਿਪਾਹੀ, ਜਿਹੜੇ 9 ਵਜੇ ਡਿਊਟੀ ਉੱਤੇ ਲੜਨ ਜਾਂਦੇ ਹਨ, 5 ਵਜੇ ਆਥਣੇ ਵਾਪਸ ਆ ਜਾਂਦੇ ਹਨ, ਪੰਜਾਬੀ 'ਚ ਸ਼ਾਇਦ 'ਭਾੜੇ ਦੇ ਸਿਪਾਹੀ' ਵੀ ਕਹਿ ਸਕਦੇ ਹਾਂ। ਇਹਨਾਂ ਨੂੰ ਦਿਨ 'ਚ ਹਰੇਕ ਘੰਟੇ ਬਾਅਦ ਬਰੇਕ, ਲੰਚਬਰੇਕ, ਅਤੇ ਕੋਕ, ਪੈਪਸੀ, ਬਰਗਰ ਪੀਜ਼ੇ, ਜੰਗ-ਏ-ਮੈਦਾਨ 'ਚ ਚਾਹੀਦੇ ਹਨ। ਇਹਨਾਂ ਲਈ ਲੜਾਈ ਇੱਕ ਕੰਮ ਹੈ, ਧੰਦਾ ਹੈ, ਇਸੇ
ਕਰਕੇ ਇਹ ਵੀਅਤਨਾਮ 'ਚ ਹਾਰੇ, ਇਰਾਕ 'ਚ ਵੀ ਜਿੱਤੇ ਨਹੀਂ, ਅਤੇ ਅਫਗਾਨਸਤਾਨ 'ਚ ਵੀ ਹਾਰ ਦੇ ਕਿਨਾਰੇ ਹਨ। ਜੇ ਇਹ ਸਦੀ
ਦਾ ਇਤਿਹਾਸ ਪੜ੍ਹਿਆ ਜਾਵੇ ਤਾਂ ਪਤਾ ਲੱਗੇਗਾ ਕਿ ਏਸ਼ੀਆਈ ਲੋਕਾਂ ਲਈ ਲੜਾਈ ਇੱਕ ਜਨੂੰਨ ਹੈ, ਜੰਗ ਕੋਈ ਕੰਮ ਨਹੀਂ, ਧੰਦਾ ਨਹੀਂ,
ਫੌਜ ਦੀ ਨੌਕਰੀ ਜ਼ਰੂਰ ਹੈ, ਪਰ ਜਦੋਂ ਜੰਗ ਲੱਗੇ ਤਾਂ ਇਹ ਧੰਦਾ ਨਹੀਂ, ਮਰਨ-ਮਾਰਨ ਦਾ ਅਜਿਹਾ ਸਿਲਸਿਲਾ ਹੈ, ਜਿਸ 'ਚ ਜਿੱਤੇ ਹਾਰ ਬਿਨਾਂ ਹੋਰ ਕਈ ਗੱਲ ਨਹੀਂ ਔੜਦੀ। ਜੰਗ ਕਦੇ ਗਿਣਤੀ, ਹਥਿਆਰਾਂ ਨਾਲ ਨਹੀਂ ਨਹੀਂ ਜਿੱਤੀ ਜਾਂਦੀ।


ਲੇਖ਼ਕ ਅਮਨਪ੍ਰੀਤ ਸਿੰਘ ਆਲਮਵਾਲਾ ਪੇਸ਼ੇ ਵਜੋਂ ਸੌਫਟਵੇਅਰ ਇੰਜੀਨੀਅਰ ਹੈ।ਮੋਗੇ ਜ਼ਿਲੇ ਦੇ ਪਿੰਡ ਆਲਮਵਾਲਾ ਤੋਂ ਉੱਠਕੇ ਪੂਨੇ ਪਹੁੰਚਿਆ।ਕੰਪਿਊਟਰ ਤੇ ਇੰਟਰਨੈੱਟ 'ਤੇ ਤਕਨੀਕ ਸਹਾਰੇ ਪੰਜਾਬੀ ਭਾਸ਼ਾਈ ਕ੍ਰਾਂਤੀ ਕਰਨ ਦੀ ਕੋਸ਼ਿਸ਼ 'ਚ ਲੱਗਿਆ ਹੋਇਆ ਹੈ ਤੇ ਕੁਝ ਹੱਦ ਤੱਕ ਕੰਪਿਊਟਰ/ਇੰਟਰਨੈੱਟ ਨੂੰ ਪੰਜਾਬੀ 'ਚ ਰੰਗਣ 'ਚ ਸਫਲ ਵੀ ਹੋਇਆ ।ਪੇਂਡੂ ਪੰਜਾਬੀ ਮੁੰਡਾ ਨਾਂਅ ਦਾ ਬਲੌਗ ਚਲਾਉਂਦਾ ਹੈ।ਆਪਣੇ ਬਾਰੇ ਆਪਣੇ ਸ਼ਬਦਾਂ 'ਚ ਲਿਖਦਾ ਹੈ-ਇੱਕ ਪਿੰਡ ਆਲਮਵਾਲਾ ਕਲਾਂ ਦਾ ਮੁੰਡਾ,ਜੋ ਆਪਣੀ ਮਾਂ ਬੋਲੀ ਨਾਲ ਪਿਆਰ ਕਰਦਾ ਹੈ।