ਦਿੱਲੀ ‘ਚ ਅਸੀਂ ਕਹੇ ਜਾਂਦੇ ਕਿੱਤਾਕਾਰੀ ਪੱਤਰਕਾਰ ਜਿੰਨੀਆਂ ਮਹਿਫਲਾਂ ‘ਚ ਬੈਠਦੇ ਹਾਂ,ਇਹਨਾਂ ਮਿੱਥੀਆਂ,ਅਣਮਿੱਥੀਆਂ ਜਾਂ ਸਬੱਬੀ ਮਹਿਫਲਾਂ ‘ਤੇ ਖੁਸ਼ਾਮਦੀ/ਚਾਪਲੂਸੀ/ਚਮਚਾਗਿਰੀ ਦਾ ਵਿਸ਼ਾ ਭਾਰੂ ਰਹਿੰਦਾ ਹੈ।ਮੈਂ ਇਹਨਾਂ ਮਹਿਫਲਾਂ ਨੂੰ ਕਦੇ ਸੋਫੀ ਤੇ ਕਦੇ ਸ਼ਰਾਬੀ ਕਿਸੇ ਸਮਾਜ ਵਿਗਿਆਨੀ ਵਾਂਗੂੰ ਨੇੜਿਓਂ ਵੇਖਦਾ ਰਿਹਾਂ।ਇਹਨਾਂ ਮਹਿਫਲੀ ਪਲੇਟਫਾਰਮਾਂ ‘ਤੇ ਕਈ ਵਾਰ ਚਮਚੇ ਭਾਵੁਕ ਤੇ ਜ਼ਮੀਰਵਾਲੇ ਨਰਾਜ਼ ਹੋ ਜਾਂਦੇ ਨੇ।ਚਮਚੇ ਦਾ ਪੁਲਿੰਗੀ ਸ਼ਬਦ ਜ਼ਮੀਰਵਾਲੇ ਇਸ ਲਈ ਵਰਤਿਆ ਕਿਉਂਕਿ ਮੈਨੂੰ ਲਗਦਾ ਕਿ ਚਮਚਿਆਂ ਦੀ ਕੋਈ ਜ਼ਮੀਰ ਨਹੀਂ ਹੁੰਦੀ।ਜ਼ਿੰਦਗੀ ‘ਚ ਜਦੋਂ ਅਸੀਂ ਸੰਸਥਾਗਤ ਹੋਣੇ ਸ਼ੁਰੂ ਹੁੰਦੇ ਹਾਂ ਤਾਂ ਚਮਚਾਗਿਰੀ ਸਾਡੇ ਸਨਮੁੱਖ ਹੁੰਦੀ ਹੈ।ਮੈਂ ਅਪਣੀ ਸੁਰਤ ਸੰਭਲਣ ਤੋਂ ਲੈਕੇ(ਜਿਹੜੀ ਅੰਤ ਤੱਕ ਸੰਭਲਦੀ ਰਹੂ) ਹੁਣ ਤੱਕ ਦੇ ਚਮਚਾਗਿਰੀ ਦੇ ਸਮਾਜ ਵਿਗਿਆਨ ਨੂੰ ਜਦੋਂ ਸਮਝਣਾ ਸ਼ੁਰੂ ਕੀਤਾ ਤਾਂ ਮੈਨੂੰ ਲੱਗਿਆ ਕਿ ਇਹ ਖਤਰਨਾਕ ਵਰਤਾਰਾ ਅਚੇਤ ਰੂਪ ‘ਚ ਬਚਪਨ ਦੀ ਸਭਤੋਂ ਪਹਿਲੀ ਸੰਸਥਾ ਸਕੂਲ ਤੋਂ ਸ਼ੁਰੂ ਹੋ ਜਾਂਦਾ ਹੈ।ਮੈਂ ਯਾਦ ਕਰਨ ਲੱਗਿਆ ਕਿ ਮੇਰੀ ਸਕੂਲੀ ਯਾਤਰਾ 'ਚ ਕਿਹੜੇ ਕਿਹੜੇ ਵਰਗਾਂ ਤੇ ਜਾਤਾਂ ਦੇ ਲੋਕ ਜਮਾਤ ਦੇ ਮਨੀਟਰ ਵਗੈਰਾ ਬਣਦੇ ਰਹੇ ਹਨ।ਸਕੂਲੀ ਜੀਵਨ ‘ਚ ਮਨੀਟਰ ਚਮਚਾਗਿਰੀ ਦੀ ਪਹਿਲੀ ਇਕਾਈ ਹੈ।ਜਿਥੇ ਅਧਿਆਪਕਾਂ ਦੀ ਹਰਾਰਕੀ ਦੇ ਆਲੇ ਦੁਆਲੇ ਚਮਚਾਗਿਰੀ ਚੇਤ ਅਚੇਤ ਰੂਪ ਕਿਸ ਕੋਹਲੂ ਦੇ ਬਲਦ ਦੀ ਤਰ੍ਹਾਂ ਘੁੰਮਦੀ ਹੈ।ਓਸ ਦੌਰ ਤੋਂ ਹੁਣ ਤੱਕ ਦੇ ਤਜ਼ਰਬਿਆਂ ਤੇ ਅੰਕੜਿਆਂ ਨੂੰ ਸਮਾਜ ਵਿਗਿਆਨ ਨਾਲ ਰਲਗੱਡ ਕਰਦਿਆਂ ਮੈਂ ਚਮਚਾਗਿਰੀ ਦੇ ਇਤਿਹਾਸ ਤੇ ਵਰਤਮਾਨ ਨੂੰ ਰਾਜਨੀਤੀ ਦੀ ਕਸੌਟੀ 'ਤੇ ਪਰਖਣ ਦੀ ਕੋਸ਼ਿਸ਼ ਕੀਤੀ।
ਇਸੇ ਦੌਰਾਨ ਚਮਚਾਗਿਰੀ ਬਾਰੇ ਹੁਣ ਤੱਕ ਕੁਝ ਲਿਖਿਆ ਲੱਭਣ ਦੀ ਕੋਸ਼ਿਸ ਵੀ ਕੀਤੀ ਪਰ ਕੁਝ ਖਾਸ ਹੱਥ ਨਹੀਂ ਲੱਗਿਆ।ਅਸਲ ‘ਚ ਚਮਚਾਗਿਰੀ ਕਰਨ ਵਾਲੇ ਲੋਕਾਂ ਦਾ ਇਕ ਵਿਸ਼ੇਸ਼ ਖਾਸਾ ਹੈ।ਜਿਹੜਾ ਜ਼ਿਆਦਾਤਰ ਕੁਝ ਖਾਸ ਵਰਗਾਂ ਤੇ ਜਾਤਾਂ ਨਾਲ ਜੁੜਿਆ ਰਿਹਾ ਹੈ।ਆਰਥਿਕ ਇਤਿਹਾਸ ਦੇ ਪੰਨਿਆਂ ‘ਤੇ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਕਿ ਕੁਝ ਵਿਸ਼ੇਸ਼ ਵਰਗ ਤੇ ਜਾਤਾਂ ਰਹੀਆਂ ਨੇ,ਜਿਨ੍ਹਾਂ ਦਾ ਉਤਪਾਦਨ ਦੀਆਂ ਗਤੀਵਿਧੀਆਂ ਨਾਲ ਕਦੀਂ ਕੋਈ ਸਬੰਧ ਨਹੀਂ ਰਿਹਾ।ਇਹੀ ਉਹ ਵਰਗ ਹਨ ਜਿਨ੍ਹਾਂ ਦਾ ਇਤਿਹਾਸਕ ਤੌਰ ‘ਤੇ ਸੱਤਾ ਨਾਲ ਕਦੇ ਵੀ ਕੋਈ ਅੰਤਰਵਿਰੋਧ ਨਹੀਂ ਰਿਹਾ,ਸੱਤਾ ਨਾਲ ਰਲ ਮਿਲਕੇ ਜਾਂ ਚਾਕਰੀ ਕਰਕੇ ਖਾਣਾ ਇਹਨਾਂ ਦਾ ਭਰਪੂਰ ਸੱਭਿਆਚਾਰ ਰਿਹਾ।ਇਸਦਾ ਲੇਖਾ-ਜੋਖਾ ਸੱਤਾ ਵਿਰੋਧੀ ਮਨੁੱਖੀ ਅਧਿਕਾਰਾਂ ਲਈ ਚੱਲੀਆਂ ਲਹਿਰਾਂ ‘ਚ ਅਜਿਹੇ ਵਰਗਾਂ ਦੀ ਸ਼ਮੂਲੀਅਤ ਤੋਂ ਵੀ ਕੀਤਾ ਜਾ ਸਕਦਾ।ਸੱਤਾ ਦੇ ਇਹ ਚਮਚੇ ਤੁਹਾਨੂੰ ਇਤਿਹਾਸ ਦੀ ਹਰ ਲਹਿਰ ਤੋਂ ਭਗੌੜੇ ਨਜ਼ਰ ਆਉਣਗੇ।ਸੱਤਾ ਦਾ ਮਤਲਬ ਸਿਰਫ ਸਰਕਾਰਾਂ ਹੀ ਨਹੀਂ,ਬਲਕਿ ਹਰ ਉਹ ਸਥਾਪਤੀ ਜਿਸਦੇ ਮੂਹਰੇ ਇਹ ਅਪਣੇ ਗੋਡੇ ਟੇਕਦੇ ਰਹੇ ਹਨ।ਇਹਨਾਂ ਵਰਗਾਂ ਤੇ ਜਾਤਾਂ ਦੀ ਨਿੱਜੀ ਆਰਥਿਕਤਾ ਹਮੇਸ਼ਾ ਹੀ ਸ਼ੋਸ਼ਣ ਤੇ ਚਾਕਰੀ ‘ਤੇ ਟਿਕੀ ਰਹੀ ਹੈ।ਅੱਜ ਇਹ ਰੰਗ ਰੂਪ ਬਦਲਕੇ ਨਵੇਂ ਭੇਸ਼ ‘ਚ ਆਉਣ ਤੋਂ ਬਾਅਦ ਵੀ ਅਪਣਾ ਭੈੜ ਭਰਿਆ ਸ਼ਾਨਾਮੱਤੀ ਇਤਿਹਾਸਕ ਖ਼ਜ਼ਾਨਾ ਆਪਣੇ ਅੰਦਰ ਸਮੋਈ ਬੈਠੇ ਹਨ।
ਇਤਿਹਾਸ ਤੋਂ ਬਾਅਦ ਗੱਲ ਵਰਤਮਾਨ ਦੀ ਕਰੀਏ ਤਾਂ ਨਿਊ ਇਕੌਨਮੀ(ਨਵੀਂ ਅਰਥਵਿਵਸਥਾ) ਦੇ ਇਸ ਦੌਰ 'ਚ ਜਿੱਥੇ ਸੱਤਾ ਦੇ ਜ਼ਰੀਏ ਚੀਜ਼ਾਂ ਦੇ ਅਰਥ ਤੇ ਪਰਿਭਾਸ਼ਾਵਾਂ ਬਦਲਣੀਆਂ ਸ਼ੁਰੂ ਹੋਈਆਂ,ਓਥੇ ਹੀ ਚਮਚਾਗਿਰੀ ਵੀ ਅਪਣੇ ਨਵੇਂ ਮਖੋਟੇ ਦੇ ਰੂਪ ‘ਚ ਸਾਹਮਣੇ ਆਈ ਹੈ।ਇਸੇ ਨਵੀਂ ਚਮਚਾਗਿਰੀ ਨੂੰ ਸਹੀ ਸਿੱਧ ਕਰਨ ਦੇ 90ਵਿਆਂ ਦੇ ਦਹਾਕੇ ‘ਚ ਪ੍ਰਫੈਸ਼ਨਲਿਜ਼ਮ(ਕਿੱਤਕਾਰਤਾ) ਨਾਂਅ ਦੀ ਨਵੀਂ ਮੱਦ ਸਾਡੇ ਸਾਹਮਣੇ ਆਈ।ਅੱਜਕਲ੍ਹ ਪ੍ਰੋਫੈਸ਼ਨਲਿਜ਼ਮ ਦਾ ਪ੍ਰਚਾਰ ਮੌਜੂਦਾ ਸੰਸਥਾਵਾਂ ‘ਚ ਇਸ ਪੱਧਰ ਤੱਕ ਭਾਰੂ ਹੈ ਕਿ ਸੋਚਣ ਵਾਲੇ ਨੂੰ ਲਗਦਾ ਕੀ ਇਸਤੋਂ ਪਹਿਲਾਂ ਕਿੱਤਾਕਾਰੀ/ਕਿੱਤਾਕਾਰਤਾ ਨਾਂਅ ਦੀ ਕੋਈ ਚੀਜ਼ ਨਹੀਂ ਸੀ।ਸਾਰੀ ਵਿਚਾਰ ਚਰਚਾ ਪ੍ਰੋਫੈਸ਼ਨਲਿਜ਼ਮ ‘ਤੇ ਕੇਂਦਰਿਤ ਹੋਈ ਤੇ ਕਿਸੇ ਵੀ ਗਲਤ ਚੀਜ਼ ਨੂੰ ਸਹੀ ਸਾਬਿਤ ਕਰਨ ਲਈ ਪ੍ਰੋਫੈਸ਼ਨਲਿਜ਼ਮ ਦਾ ਸਹਾਰਾ ਲਿਆ ਜਾਂਦਾ ਰਿਹਾ ਤੇ ਹੈ।ਅਸਲ ਅਰਥਾਂ ‘ਚ ਪ੍ਰੋਫੈਸ਼ਨਲਿਜ਼ਮ ਦੀ ਪ੍ਰੀਭਾਸ਼ਾ “ਕਿਸੇ ਸੰਸਥਾ ਜਾਂ ਕਿਸੇ ਮਨੁੱਖ ਦਾ ਮਨੁੱਖ ਪ੍ਰਤੀ ਅਸੰਵੇਦਨਸ਼ੀਲ, ਗੈਰ ਮਨੁੱਖੀ ਤੇ ਸ਼ੋਸ਼ਣਕਾਰੀ ਵਿਵਹਾਰ ਹੈ”।ਜਿਸਦੇ ਰਾਹੀਂ ਇਕ ਸਿਸਟਮ, ਸੰਸਥਾ ਤੇ ਮਨੁੱਖ ਲਈ ਕੰਮ ਕਰਨ ਵਾਲਾ ਮਨੁੁੱਖ ਇਕ ਮਸ਼ੀਨ ਦੀ ਤਰ੍ਹਾਂ ਹੈ।ਤੇ ਉਹ ਮਸ਼ੀਨ ਜਦੋਂ ਤੱਕ ਚੰਗੀ ਤਰ੍ਹਾਂ ਕੰਮ ਕਰਦੀ ਹੈ,ਉਸਦੇ ਅਰਥ ਵੀ ਓਨੇ ਸਮੇਂ ਤੱਕ ਜਾਂ ਤੁਸੀਂ ਕਿੰਨੀ ਚਾਕਰੀ ਕਰਦੇ ਹੋ,ਇਸ ਨਾਲ ਹੀ ਤੁਹਾਡਾ ਪ੍ਰੋਫੈਸ਼ਨਲਿਜ਼ਮ ਤੈਅ ਹੋਵੇਗਾ।ਇਸੇ ਚੱਕਰ-ਕੁਚੱਕਰ 'ਚੋਂ ਹੀ ਨਿਊ ਇਕੌਨਮੀ 'ਚ ਅਪਣੇ ਪੁਰਾਣੇ ਮੁੱਲਾਂ ਦੇ ਅਧਾਰ 'ਤੇ ਖੜ੍ਹੀ ਨਿਊ ਚਮਚਾਗਿਰੀ ਦਾ ਵਿਕਾਸ ਹੁੰਦਾ ਹੈ।ਇਸ ਨਿਊ ਇਕੌਨਮੀ ਦੇ ਪ੍ਰਫੈਸ਼ਨਲਿਜ਼ਮ ਦੀ ਛਤਰ ਛਾਇਆ ਹੇਠ ਉਹਨਾਂ ਹੀ ਵਰਗਾਂ ਤੇ ਜਾਤਾਂ ਦੇ ਚਮਚੇ ਨਵੇਂ ਰੂਪ ਤੇ ਨਵੇਂ ਢੰਗ ਦੀਆਂ ਜੀਅ ਤੋੜ ਕੋਸ਼ਿਸ਼ ਨਾਲ ਅਪਣੇ ਆਪ ਨੂੰ ਪ੍ਰੋਫੈਸ਼ਨਲਿਸਟ ਸਿੱਧ ਕਰਨ ਦੀ ਕੋਸ਼ਿਸ 'ਚ ਜੁਟੇ ਹੋਏ ਹਨ।ਨਵੇਂ ਦੌਰ 'ਚ ਫਰਕ ਸਿਰਫ ਏਨਾ ਕਿ ਪੁਰਤਾਨਪੰਥ ਨੂੰ ਆਧੁਨਿਕਤਾ 'ਚ ਲਪੇਟਕੇ ਪ੍ਰੋਫੈਸ਼ਲਿਸਟਾਂ,ਜੋ ਸਿਸਟਮ ਦੇ ਦਲਾਲ ਜਾਂ ਚਮਚੇ ਬਣਦੇ ਉਹਨਾਂ ਨੂੰ ਪ੍ਰੋਫੈਸ਼ਨਲਜ਼ ਦਾ ਨਾਂਅ ਦੇ ਦਿੱਤਾ ਜਾਂਦਾਂ ਹੈ।ਇਸ ਤਰ੍ਹਾਂ ਇਕ ਤੀਰ ਨਾਲ ਦੋ ਨਿਸ਼ਾਨੇ ਹੋ ਜਾਂਦੇ ਨੇ।ਸੱਪ ਵੀ ਮਰ ਜਾਂਦੈ ਤੇ ਸੋਟੀ ਵੀ ਬਚ ਜਾਂਦੀ ਹੈ।ਭਾਵ ਚਮਚੇ ਚਮਚਾਗਿਰੀ ਵੀ ਕਰ ਲੈਂਦੇ ਨੇ ਤੇ ਸਥਾਪਤੀ ਉਹਨਾਂ 'ਤੇ ਸਰਵਉੱਤਮ ਹੋਣ ਦਾ ਠੱਪਾ ਵੀ ਲਗਾ ਦਿੰਦੀ ਹੈ।ਇਹਨਾਂ ਆਧੁਨਿਕ ਤੇ ਪੁਰਾਤਨ ਸਬੰਧਾਂ 'ਚ ਚਮਚਿਆਂ ਦਾ ਉਤਪਾਦਨ ਗਤੀਵਿਧੀਆਂ 'ਚ ਸ਼ਾਮਿਲ ਨਾ ਹੋਣ ਵਾਲੀ ਗੱਲ ਬਿਲਕੁਲ ਸਾਂਝੀ ਹੈ।ਇਸ ਲਈ ਮੌਜੂਦਾ ਸਮੇਂ ਚਮਚਿਆ 'ਚ ਮੁਕਾਬਲਾ ਵੀ ਵਧਦਾ ਤੇ ਹਰ ਚਮਚਾ ਸਥਾਪਤੀ ਦੇ ਘਰ ਦੀਆਂ ਪੌੜੀਆਂ ਦੇ ਜ਼ਰੀਏ ਸਥਾਪਿਤ ਹੋਣ ਦੀ
ਜੱਦੋਜਹਿਦ ਕਰ ਰਿਹਾ ਹੈ।
ਤੇਰਾ ਕੁੱਤਾ-ਕੁੱਤਾ,ਸਾਡਾ ਕੁੱਤਾ ਟੋਮੀ ਵਾਲੀ ਕਹਾਵਤ ਵਾਂਗ ਚਮਚੇ ਵੀ ਅਪਣੇ ਆਪ ਨੂੰ ਜ਼ਮੀਰਵਾਲੇ ਸਾਬਿਤ ਕਰਨ ਦੀ ਗੁਆਂਢੀ ਜਾਂ ਸੰਗੀ ਸਾਥੀ ਚਮਚਿਆਂ ਦੀ ਭਰਪੂਰ ਨਿੰਦਿਆ ਕਰਦੇ ਹਨ।ਕੁਝ ਏਨੇ ਸਪੱਸ਼ਟ ਚਮਚੇ ਵੀ ਹਨ, ਜਿਹੜੇ ਕਹਿੰਦੇ ਨੇ ਕਿ ਇਹ ਤਾਂ ਮੌਕਾ ਹੈ ਜਿਸਨੂੰ ਵੀ ਮਿਲੇਗਾ,ਉਹ ਇਸਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰੇਗਾ।ਸਾਨੂੰ ਮੌਕਾ ਮਿਲਿਆ,ਅਸੀਂ ਮੌਕਾਪ੍ਰਸਤ ਹੋ ਗਏ।ਇਹ ਬਿਨਾਂ ਭੇਦਭਾਵ ਸਭਨੂੰ ਇਕੋ ਨਜ਼ਰ ਨਾਲ ਵੇਖਦੇ ਨੇ,ਇਸੇ ਲਈ ਇਹਨਾਂ ਨੂੰ ਲਗਦਾ ਹੈ ਕਿ ਮੌਕੇ ਮਿਲਣ ‘ਤੇ ਸਾਡੇ ਵਾਂਗ ਮੌਕਾ ਵੇਖਦਿਆਂ ਹੀ ਸਾਰੇ ਜ਼ਮੀਰ ਵੇਚ ਦੇਣਗੇ,ਪਰ ਏਨੀ “ਇਮਾਨਦਾਰੀ” ਦੇ ਬਾਵਜੂਦ ਵੀ ਇਹ ਚਮਚੇ ਹਮੇਸ਼ਾ ਦੋ ਲਿਬਾਸਾਂ 'ਚ ਰਹਿੰਦੇ ਨੇ,ਜਿਥੇ ਜਿਹੜਾ ਲਿਬਾਸ ਸੂਟ ਕਰੇ,ਉਹੋ ਪਾ ਲੈਂਦੇ ਹਨ।ਖੈਰ, ਮੇਰੀ ਚਮਚਿਆਂ ਨੂੰ ਇਹੋ ਅਪੀਲ ਹੈ ਕਿ ਜੇ ਚਮਚਾਗਿਰੀ ਕਰੇ ਬਿਨਾਂ ਰਹਿ ਨਹੀਂ ਸਕਦੇ ਤਾਂ ਘੱਟੋ ਘੱਟੋ ਦੋਗਲਾਪਣ ਨਾ ਕਰੋ।ਬਾਕੀ ਤਹਾਨੂੰ ਪਤੈ ਕਿ ਚਮਚਾਗਿਰੀ ਦੇ ਨਾਲ ਤੁਸੀਂ ਅਪਣੀ ਵਿਚਾਰਧਾਰਾ ਵੀ ਲੈਕੇ ਤੁਰੋ ਹੋਏ ਓ।ਕੋਈ ਗੁਰੂ ਦਾ ਲਾਡਲਾ ਸਿੱਖ(ਵੈਸੇ ਮਸੰਦ ਐ),ਕੋਈ ਦੁਰਗਾ,ਕਾਲੀ ਦਾ ਭਗਤ,ਮਨੁੱਖਵਾਦੀ,ਮਾਰਕਸਵਾਦੀ ਤੇ ਕਈ ਵਿਚਾਰੇ ਅਪਣੇ ਆਪ ਨੂੰ ਸੁਤੰਤਰ ਤੇ ਨਿਰਪੱਖ ਦੱਸਣ ਵਾਲੇ ਭੋਲੇ ਭਾਲੇ ਵੀ ਨੇ।ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਜੇ ਗਰੰਥਾਂ ਜਾਂ ਕਿਤਾਬਾਂ ਨੂੰ ਥੋੜ੍ਹਾ ਬਹੁਤਾ ਪੜ੍ਹਦੇ ਹੋਵੋਂਗੇ ਤਾਂ ਥੋੜ੍ਹੀ ਜਿਹੀ ਜ਼ਮੀਰ ਜਗਾ ਲਓ ਜਾਂ ਇਹ ਲਿਬਾਸ/ਚੋਲੇ ਲਾਹ ਦਿਓ ਜਾਂ ਚਮਚਾਗਿਰੀ ਕਰਨੀ ਛੱਡ ਦਿਓ।ਵੈਸੇ ਮੈਨੂੰ ਲਗਦੈ ਕਿ ਧਾਰਮਿਕ ਚਮਚਿਆਂ ਨੂੰ ਇਹ ਗਿਆਨ ਕਿ ਸਭ ਸਵਰਗ ਨਰਕ ਹੇਠਾਂ ਹੀ ਹੈ,ਇਸ ਲਈ ਕਿਸੇ ਇਲਾਹੀ ਸ਼ਕਤੀ ਤੋਂ ਡਰਨ ਦੀ ਲੋੜ ਨਹੀਂ ਤੇ ਨਾਸਤਿਕਾਂ ਨੂੰ ਪਤਾ ਕਿ ਇਸ ਤੋਂ ਚੰਗੀ ਕੋਈ ਦੁਕਾਨਦਾਰੀ ਨਹੀਂ,ਨਾਲੇ ਚੋਪੜੀਆਂ,ਨਾਲੇ ਦੋ-ਦੋ ਨੇ।ਵੈਸੇ ਇਤਿਹਾਸ ਦੀ ਮਹਾਨਤਾ ਦੇ ਅਰਥ ਚਾਹੇ ਇਹਨਾਂ ਨੂੰ ਨਾ ਪਤਾ ਹੋਣ,ਪਰ ਇਹਨਾਂ ਦੀ ਅਸਿਹਜਤਾ ਤੋਂ ਅੰਦਾਜ਼ਾ ਲਗਾਇਆ ਜਾ ਸਕਦੈ ਕਿ ਇਤਿਹਾਸ ਇਨ੍ਹਾਂ ਦੇ ਕਿਸ ਤਰ੍ਹਾਂ ਅਚੇਤ ਰੂਪ ਚਪੇੜਾਂ ਮਾਰ ਰਿਹਾ ਹੈ।ਬਾਕੀ ਮੈਂ ਚਮਚਾਗਿਰੀ 'ਤੇ ਲਿਖਣ ਬਾਰੇ ਕਾਫੀ ਲੰਮੇ ਸਮੇਂ ਤੋਂ ਸੋਚ ਰਿਹਾ ਸੀ,ਪਰ ਹਰ ਵਾਰ ਲਗਦਾ ਸੀ ਕਿ ਲਿਖਣ ਲਈ ਬਹੁਤ ਕੁਝ ਹੈ।ਇਸ ਵਾਰ ਟਾਈਮ ਵੀ ਸੀ ਤੇ ਮੈਨੂੰ ਵੀ ਬੁੱਧ ਵਾਂਗ ਗਿਆਨ ਹੋਇਆ ਕਿ ਸਮਾਜ ਵਿਗਿਆਨ ਦੇ ਹਰ ਵਿਸ਼ੇ ਦੀ ਮਹੱਤਤਾ ਬਰਾਬਰ ਹੁੰਦੀ ਹੈ ਤੇ ਮੁੱਖਧਾਰਾ 'ਚ ਕੇਂਦਰਿਤ ਰਹਿੰਦੀਆਂ ਚੀਜ਼ਾਂ ਨੂੰ ਸਾਨੂੰ ਹਾਸ਼ੀਏ 'ਤੇ ਨਹੀਂ ਸੁੱਟਣਾ ਚਾਹੀਦਾ।ਇਸ ਲਈ ਮੈਂ ਸਾਡੇ ਸਮਿਆਂ ਦੀ ਚਮਚਾਗਿਰੀ ਦਾ ਹਲਕਾ ਫੁਲਕਾ ਇਤਿਹਾਸ ਤੇ ਵਰਤਮਾਨ ਕਲਮਬੰਦ ਕਰਨ ਬੈਠ ਗਿਆ।
ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
MOB-09899436972
mail2malwa@gmail.com,malwa2delhi@yahoo.co.in
Friday, September 18, 2009
Subscribe to:
Post Comments (Atom)
No comments:
Post a Comment