ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, March 29, 2010

ਗੁਰਬਤ ਦੀ ਧੂੜ 'ਚ ਗੁਆਚਿਆ ਥੀਏਟਰ ਦਾ ਹੀਰਾ


‘ਕਲੀ-ਕੂਚੀ’, ਸੁਰਜੀਤ ਗਾਮੀ ਦਾ ਇਹ ਕਿੱਤਾ ਹੈ, ਨਾਟਕ ਨਹੀਂ। ਨਾਟਕ ਨੇ ਗਾਮੀ ਦੇ ਅੰਦਰਲੀ ਤ੍ਰੇਹ ਤਾਂ ਬੁਝਾਈ ਪਰ ਢਿੱਡ ਦਾ ਉਲਾਭਾਂ ਸਿਰ ਰੱਖਿਆ। ਜੱਗੋਂ ਤੇਹਰਵੀਂ ਹੋ ਜਾਏਗੀ, ਇਹ ਚੇਤਾ ਉਸਨੂੰ ਨਹੀਂ ਸੀ। ਨਿੱਕੇ ਹੁੰਦੇ ‘ਪਰੀਆਂ’ ਦੀ ਨਹੀਂ,‘ਗੁਰਬਤ’ ਦੀ ਬਾਤ ਸੁਣੀ। ਖੇਡਣ ਉਡਣ ਦੀ ਉਮਰ ਪਿਛਾਂਹ ਮੁੜ ਦੇਖਿਆ ਤਾਂ ਪਿਛੇ ‘ਗਰੀਬੀ’ ਸੀ। ਇਕਵੱਜਾਂ ਵਰ੍ਹਿਆਂ ਮਗਰੋਂ ਵੀ ਪਿਛੇ ਪੁਰਾਣੀ ‘ਸਾਥਣ’ ਖੜੀ ਹੈ। ਮਾਨਸਾ ਵਾਲਾ ਸੁਰਜੀਤ ਗਾਮੀ ਥਿਏਟਰ ਦਾ ਉਹ ਹੀਰਾ ਹੈ ਜੋ ਗੁਰਬਤ ਦੀ ਧੂੜ ’ਚ ਗੁਆਚ ਗਿਆ ਹੈ। ਉਮਰ ’ਚ ਮਸਾਂ ਦਸ ਸਾਲ ਦੀ ਸੀ ਕਿ ਗਾਮੀ ਇੱਕ ਵਹ੍ਹਾ ਬਣ ਕੇ ਤੁਰਿਆ। ਰੰਗਮੰਚ ਲਈ ਦਿਨ ਰਾਤ ਜਾਗਿਆ। ਸਭ ਕੁੱਝ ਭੁੱਲ ਗਿਆ। ਇੱਕੋ ਲਲਕ, ਇੱਕੋ ਜਨੂੰਨ, ਇੱਕੋ ਪੈਂਡਾ। ਅੱਗੇ ਹੀ ਅੱਗੇ ਵੱਧਦਾ ਗਿਆ। ਸਮਾਜ ਦੀ ਝੋਲੀ ’ਚ ਇੱਕ ਰੰਗਕਰਮੀ ਵਜੋਂ ਬਹੁਤ ਕੁਝ ਪਾਇਆ। ਖੁਦ ਹੁਣ ਉਸਦੀ ਝੋਲੀ ਖਾਲੀ ਹੈ। ਤਾੜੀਆਂ ਦਾ ਜਸ ਖੱਟਣ ਵਾਲਾ ਸੁਰਜੀਤ ਆਪਣੇ ਪਰਿਵਾਰ ਦੇ ਗਮਾਂ ’ਚ ਸਿਸਕ ਰਿਹਾ ਹੈ। ਕਲੀ ਕੂਚੀ ਦਾ ਕਿੱਤਾ ਤਾਂ ਉਹ ਸ਼ੁਰੂ ਤੋਂ ਹੀ ਕਰ ਰਿਹਾ ਹੈ। ਇਸ ਮੋੜ ’ਤੇ ਉਸ ਨਾਲ ਕਲੀ ਕੂਚੀ ਵੀ ਹਾਮੀ ਭਰਨੋਂ ਹਟ ਗਈ ਹੈ। ਉਸਦੀ ਪਤਨੀ ਕਈ ਦਫਾ ਆਖ ਦਿੰਦੀ ਸੀ, ‘ਨਾਟਕ ਨੂਟਕ ਤਾਂ ਘਰ ਫੂਕ ਤਮਾਸ਼ਾ ਦੇਖਣ ਵਾਲਾ ਕੰਮ ਹੈ।’ ਕਹੀ ਗੱਲ ਤਾਂ ਸੱਚ ਹੋ ਗਈ, ਜੋ ਹੁਣ ਗੁਰਬਤ ਦਾ ਤਮਾਸ਼ਾ ਹੈ, ਉਹ ਇਕੱਲਾ ਨਹੀਂ, ਉਸ ਨੂੰ ਜਾਣਨ ਵਾਲੇ ਸਭ ਦੇਖਦੇ ਹਨ।

ਦਿਹਾੜੀਦਾਰ ਕਾਮਾ ਹੈ ਸੁਰਜੀਤ ਗਾਮੀ। ਦਿਹਾੜੀ ਨਾ ਮਿਲੇ ਤਾਂ ਸਭ ਨੂੰ ਫਿਕਰ ਪੈ ਜਾਂਦਾ ਹੈ। ਕਈ ਮਾਨਸਾ ਵਾਲੇ ਆਖ ਦਿੰਦੇ ਨੇ, ‘ਬਈ ਸ਼ਰਾਬ ਪੀਂਦੈ, ਬੰਦਾ ਚੰਗੈ ,ਕੋਈ ਰੀਸ ਨਹੀਂ, ਬੱਸ ਆਹ ਸ਼ਰਾਬ ਦੀ ਲਤ ਮਾੜੀ ਐਂ। ਸਹਿਮਤ ਹਾਂ ਕਿ ਬੜੀ ਮਾੜੀ ਹੈ ਸ਼ਰਾਬ ਪੀਣ ਵਾਲੀ ਗੱਲ। ਸਹਿਮਤ ਨਹੀਂ ਹਾਂ ਕਿ ਗਾਮੀ ਦੇ ਐਡੇ ਵੱਡੇ ਥੀਏਟਰ ਦੇ ਯੋਗਦਾਨ ਨੂੰ ਇੱਕੋ ਗੱਲ ਵਜੋਂ ਖੂਹ ਖਾਤੇ ਪਾ ਦੇਈਏ। ਉਸਦੇ ਕਰੇ ਕਰਾਏ ਨੂੰ ਇੱਕੋ ਵੱਟੇ ਖਾਤੇ ਪਾਉਣ ਦੀ ਥਾਂ ਉਸ ਨੂੰ ਸਮਝਣ ਦੀ ਵੀ ਲੋੜ ਹੈ। ਕੀ ਭੁੱਲਣਾ ਬਣਦਾ ਹੈ ਜੋ ਜ਼ਿੰਦਗੀ ਉਸ ਨੇ ਨਾਟਕਾਂ ਜਰੀਏ ਸਮਾਜ ਨੂੰ ਜਗਾਉਣ ’ਤੇ ਲਗਾ ਦਿੱਤੀ। ਭੁੱਲ ਜਾਈਏ ਉਨ੍ਹਾਂ ਦਿਨ੍ਹਾਂ ਨੂੰ ਜਦੋਂ ਉਹ ਨਾਟਕਾਂ ਰਾਹੀਂ ‘ਜਾਗਦੇ ਰਹੋ’ ਦਾ ਹੋਕਾ ਦਿੰਦਾ ਰਿਹਾ। ਉਨ੍ਹਾਂ ਦਿਨ੍ਹਾਂ ’ਚ ਘਰ ਦੀ ਪਹੁੰਚ ਨਹੀਂ ਸੀ ਕਿ ਗਾਮੀ ਪੜ ਲਿਖ ਜਾਂਦਾ। ਬਾਪ ਨੇ 8 ਸਾਲ ਦੀ ਉਮਰ ’ਚ ਉਸ ਨੂੰ ਮਾਨਸਾ ਦੇ ਹੋਟਲ ’ਤੇ ਭਾਂਡੇ ਮਾਂਜਣ ਲਾ ਦਿੱਤਾ। ਹੋਟਲ ਤੇ ਆਉਂਦੇ ਕਾਲਜ ਦੇ ਮੁੰਡਿਆਂ ਨੂੰ ਉਸ ਨੇ ਪੜਣ ਦਾ ਵਾਸਤਾ ਪਾਇਆ। ਮੁੰਡਿਆਂ ਨੇ ਫੀਸ ਭਰ ਦਿੱਤੀ ,ਉਹ ਪੜਣ ਲੱਗ ਪਿਆ। ਬਾਪ ਨੂੰ ਪਤਾ ਲੱਗਾ ਤਾਂ ਉਸ ਨੂੰ ਦੂਸਰੇ ਹੋਟਲ ’ਤੇ ਕੰਮ ਕਰਨ ਲਗਾ ਦਿੱਤੀ। ਗਾਮੀ ਪੜਣਾ ਚਾਹੁੰਦਾ ਸੀ। ਆਖਰ 10 ਸਾਲ ਦੀ ਉਮਰ ’ਚ ਉਹ ਘਰੋਂ ਇਕੱਲਾ ਤੁਰ ਪਿਆ, ਕਹਿ ਲਓ ਕਿ ਆਪਣੇ ਮਿਸ਼ਨ ਦੀ ਤਲਾਸ਼ ’ਚ।

ਉਹ ਲੋਗੋਂਵਾਲ ਇਲਾਕੇ ਦੇ ਮਸ਼ਹੂਰ ਕਾਮਰੇਡ ਮਰਹੂਮ ਵਿੱਦਿਆ ਦੇਵ ਦੀ ਨਾਟਕ ਮੰਡਲੀ ਦਾ ਸਾਥੀ ਬਣ ਗਿਆ। ਉਸ ਨੇ ਆਪਣੀ ਪੜਾਈ ਲਈ ਕਾਮਰੇਡ ਦੇ ਕਹੇ ‘ਲੋਕ ਲਹਿਰ’ ਅਖਬਾਰ ਨੂੰ ਗੁਰੂ ਮੰਨਣ ਲੱਗਾ। ਉਸ ਨੂੰ ਪੰਜਾਬੀ ਪੜਣੀ ਆ ਗਈ। 16 ਸਾਲ ਦੀ ਉਮਰ ਤੱਕ ਉਸ ਨੇ ਸਾਰਾ ਰੂਸੀ ਸਾਹਿਤ ਪੜ ਦਿੱਤਾ। ਮਗਰੋਂ ਪੰਜਾਬੀ ਦੇ ਨਾਮੀ ਲੇਖਕਾਂ ਦਾ ਸਾਹਿਤ ਪੜਿਆ। ਕਾਮਰੇਡਾਂ ਦੇ ਡਰਾਮਿਆਂ ਚੋਂ ਉਸ ਨੂੰ ਅਸਲੀ ਨਾਟਕ ਨਾ ਲੱਭਾ। ਮਗਰੋਂ ਦੋ ਕੁ ਸਾਲ ਗੁਰਸ਼ਰਨ ਭਾਅ ਜੀ ਨਾਲ ਵੀ ਇਨਕਲਾਬੀ ਨਾਟਕ ਖੇਡਦਾ ਰਿਹਾ। ਉਮਰ ਮਸਾਂ 14 ਕੁ ਸਾਲ ਦੀ ਸੀ ਤੇ ਗਲਤੀ ਇਨਕਲਾਬੀ ਨਾਟਕ ਖੇਡਣ ਦੀ ਕੀਤੀ, ਇਸੇ ਕਸੂਰ ’ਚ ਪੂਰੀ ਨਾਟਕ ਮੰਡਲੀ ਸਮੇਤ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਦੋਂ ਸੱਤਿਆਗ੍ਰਹਿ ਲਹਿਰ ਚੱਲ ਰਹੀ ਸੀ। ਮਾਨਸਾ ਵਾਲੇ ਮਰਹੂਮ ਦਰਸ਼ਨ ਮਿਤਵਾ ਦਾ ਨਾਟਕ ‘ਕੁਰਸੀ ਨਾਚ ਨਚਾਏ’ ਗਾਮੀ ਨੇ 4770 ਵਾਰੀ ਖੇਡਿਆ। ਕਹਿਣਾ ਸੌਖਾ ਹੈ। ਅਜਿਹੇ ਵੀ ਦਿਨ ਸਨ ਕਿ ਇੱਕੋ ਮਹੀਨੇ ’ਚ ਉਹ 45-45 ਨਾਟਕ ਖੇਡਦਾ ਸੀ। ਗਾਮੀ ਨਾਟਕ ਖੁਦ ਲਿਖਦਾ ਹੈ, ਖਾੜੀ ਜੰਗ ਵੇਲੇ ਉਸ ਨੇ ਨਾਟਕ ‘ਮੌਤ ਦੇ ਖੂਹ’ ਲਿਖਿਆ ਤੇ ਜਦੋਂ ਬੀਬੀ ਜਗੀਰ ਕੌਰ ਦੀ ਲੜਕੀ ਵਾਲਾ ਮਾਮਲਾ ਸਾਹਮਣੇ ਆਇਆ ਤਾਂ ਉਸ ਨੇ ਨਾਟਕ ‘ਰੋਣ ਆਟੇ ਦੀਆਂ ਚਿੱੜੀਆਂ’ ਲਿਖਿਆ।

ਐਮਰਜੈਂਸੀ ਦਾ ਮਾੜਾ ਵੇਲਾ ਵੀ ਦੇਖਿਆ। ਉਦੋਂ ਨਾਟਕ ਵੀ ਖੇਡੇ ਲੇਕਿਨ ਗ੍ਰਿਫਤਾਰੀ ਤੋਂ ਬਚਿਆ ਰਿਹਾ। ਉਸ ਦੀ ਮਲਕਪੁਰ ਖਿਆਲੇ ਵਾਲੀ ਗੱਲ ਸੁਣੋ ਜਿਥੋਂ ਉਹ ਨੁੱਕੜ ਨਾਟਕ ਖੇਡਣ ਲੱਗਾ। ਪੂਰੀ ਤਿਆਰੀ ’ਚ ਜਦੋਂ ਮਾਨਸਾ ਨੇੜਲੇ ਇਸ ਪਿੰਡ ਨਾਟਕ ਖੇਡਣ ਗਿਆ ਤਾਂ ਅੱਗਿਓ ਸਟੇਜ ਉਲਟ ਪੁਲਟ ਹੋਈ ਪਈ। ਇਲਾਕੇ ਦੀ ਪੁਲੀਸ ਉਸ ਤੋਂ ਪਹਿਲਾਂ ਹੀ ਆਪਣਾ ‘ਤਮਾਸਾ’ ਕਰ ਗਈ। ਪੁਲੀਸ ਦਾ ਇੱਕੋ ਮਕਸਦ ਸੀ ਕਿ ਨਾਟਕ ਨੂੰ ਰੋਕਣਾ। ਗਾਮੀ ਨੇ ਸਟੇਜ ਦੀ ਥਾਂ ਨੁੱਕੜ ਨਾਟਕ ਕਰ ਦਿੱਤਾ। ਭਾਵੇਂ ਕੋਈ ਉਤਰਾਅ ਚੜਾਅ ਆਇਆ ਉਸ ਨੇ ਆਪਣੀ ਅਦਾਕਾਰੀ ਨੂੰ ਮਰਨ ਨਾ ਦਿੱਤਾ। ਗਾਮੀ ਦੇ ਸਾਥੀ ਕਲਾਕਾਰ ਵੀ ਉਸ ਨਾਲ ਕਲੀ ਕੂਚੀ ਦੇ ਕੰਮ ਕਾਰ ’ਚ ਦਿਹਾੜੀ ਕਰਨ ਵਾਲੇ ਮਜ਼ਦੂਰ ਹੀ ਹੁੰਦੇ ਹਨ। ਇੱਕ ਅਸਲੀ ਕਹਾਣੀ ਦੱਸਦਾ ਹੈ। ਇੱਕ ਦਫਾ ਕਿਸੇ ਪਿੰਡ ਕਲੀ ਕੂਚੀ ਕਰਦੇ ਕਰਦੇ ਉਹ ਰਾਮਪੁਰਾ ਵਿਖੇ ਨਾਟਕ ਮੁਕਾਬਲੇ ’ਚ ਹਿੱਸਾ ਲੈਣ ਪੁੱਜ ਗਏ। ਰੰਗ ਨਾਲ ਲਿਬੜੇ ਕੱਪੜੇ ਦੇਖ ਕੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਕੁਰਸੀਆ ਚੁੱਕਣ ਲਾ ਲਿਆ। ਜਦੋਂ ਨਾਟਕ ਮੁਕਾਬਲੇ ਚੋਂ ਗਾਮੀ ਦਾ ਨਾਟਕ ਪਹਿਲੇ ਨੰਬਰ ’ਤੇ ਆ ਗਿਆ ਤਾਂ ਪ੍ਰਬੰਧਕਾਂ ਨੂੰ ਪਤਾ ਲੱਗਾ ਕਿ ਕੁਰਸੀਆਂ ਚੱਕਣ ਵਾਲੇ ਤਾਂ ‘ਛੁਪੇ ਰੁਸਤਮ’ ਸਨ।

ਡਰਾਮੇ ਤੇ ਨੁੱਕੜ ਨਾਟਕ ਅੱਜ ਵੀ ਉਸ ਦੀ ਜਾਗ ਖੋਲਦੇ ਹਨ। ਇੱਥੋਂ ਤੱਕ ਕਿ ਇਸ ਮਾਮਲੇ ’ਚ ਤਾਂ ਗਰੀਬੀ ਵੀ ਉਸਦਾ ਕੁਝ ਵਿਗਾੜ ਨਹੀਂ ਸਕੀ। ਇਹ ਵੱਖਰੀ ਗੱਲ ਹੈ ਕਿ ਉਸਦੀ ਖੁਦ ਦੀ ਜ਼ਿੰਦਗੀ ਇੱਕ ਚਲਦਾ ਫਿਰਦਾ ਨਾਟਕ ਬਣ ਗਈ ਹੈ। ਇੱਕ ਕਮਰੇ ਦੇ ਘਰ ਦਾ ਅਗਲਾ ਚੁੱਲ੍ਹੇ ਚੌਂਕੇ ਵਾਲਾ ਵਿਹੜਾ ਹੀ ਪਰਿਵਾਰ ਦੀ ਰਸੋਈ ਹੈ। ਤਿੰਨ ਮੁੰਡੇ ਤੇ ਦੋ ਕੁੜੀਆ ਹਨ। ਉਹ ਤਾਂ ਇਸੇ ਗਰੀਬੀ ’ਚ ਆਪਣੇ ਲੜਕੇ ਦੀਆਂ ਅੱਖਾਂ ਦਾ ਇਲਾਜ ਨਹੀਂ ਕਰਾ ਸਕਿਆ। ਇਨ੍ਹਾਂ ਹਾਲਾਤਾਂ ਨੇ ਉਸਨੂੰ ਸੱਚਮੁੱਚ ਰਵਾ ਦਿੱਤਾ ਹੈ। ਪਤਨੀ ਮਹਿੰਦਰ ਕੌਰ ਨੂੰ ਗਿਲਾ ਹੈ ਕਿ ਕੋਈ ਹੋਰ ਕੰਮ ਕਰਦਾ, ਤਾਂ ਮਾੜੇ ਦਿਨ ਨਾ ਦੇਖਣੇ ਪੈਂਦੇ। ਉਹ ਨਹੋਰਾ ਦਿੰਦੀ ਹੈ, ਕੀ ਦਿੱਤਾ ਹੈ ਇਹਨੂੰ ਨਾਟਕਾਂ ਨੇ। ਘਰ ਦਾ ਚੁੱਲਾ ਸੁੱਕੇ ਬਾਲਣ ਨੂੰ ਤਰਸ ਗਿਐ ਹੈ। ਉਹ ਦੱਸਦਾ ਹੈ ਕਿ ਕਈ ਕਈ ਦਫਾ ਤਾਂ ਘਰ ’ਚ ਚਾਹ ਵੀ ਨਹੀਂ ਬਣਦੀ। ਨਾਲ ਹੀ ਆਖਦਾ ਹੈ ਕਿ ਹੁਣ ਤਾਂ ਉਸ ਨੇ ਗਰੀਬੀ ਨੂੰ ਹੰਢਾ ਲਿਆ ਹੈ ਜਿਸ ਕਰਕੇ ਕੁਝ ਬੁਰਾ ਨਹੀਂ ਲੱਗਦਾ। ਉਹ ਆਖਦਾ ਹੈ ਕਿ ਰਾਤ ਨੂੰ ਨਾਟਕ ਨੂੰ ਦੇਖ ਕੇ ਲੋਕਾਂ ਤੋਂ ਤਾੜੀਆਂ ਦੀ ਸੌਗਾਤ ਲੈ ਕੇ ਜਦੋਂ ਘਰ ਪੁੱਜਦਾ ਹੈ ਤਾਂ ਅੱਗਿਓ ਪਤਨੀ ਆਟੇ ਵਾਲਾ ਪੀਪਾ ਦਿਖਾ ਦਿੰਦੀ ਹੈ। ਗਾਮੀ ਦੀ ਪਤਨੀ ਖੁਦ ਵੀ ਦਿਹਾੜੀ ਕਰਦੀ ਹੈ। ਉਸਦੇ ਦੋਹੇ ਬੱਚੇ ਵੀ ਦਿਹਾੜੀ ਕਰਦੇ ਹਨ।

ਸੁਰਜੀਤ ਗਾਮੀ ਤੇ ਉਸਦੇ ਸਾਥੀਆਂ ਵਲੋਂ ਪੰਜਾਬ ਕਲਾ ਮੰਚ ਬਣਾਇਆ ਗਿਆ। ਫਿਰ ਪੂਰੇ ਢਾਈ ਦਹਾਕੇ ਉਨ੍ਹਾਂ ਨੇ ਮਹਾਂਨਗਰਾਂ ਦਿੱਲੀ, ਮੁੰਬਈ ਤੇ ਕਲਕੱਤਾ ’ਚ ਨਾਟਕ ਖੇਡੇ। ਪੰਜਾਬ ਦਾ ਕੋਈ ਕੋਨਾ ਬਚਿਆ ਨਹੀਂ ਜਿਥੇ ਇਹ ਟੀਮ ਨਾ ਗਈ ਹੋਵੇ। ਮਗਰੋਂ ਪੰਜਾਬ ਕਲਾ ਮੰਚ ਬਠਿੰਡਾ ਤਬਦੀਲ ਹੋ ਕੇ ਬਠਿੰਡਾ ਆਰਟ ਥੀਏਟਰ ਬਣ ਗਿਆ। ਸੁਰਜੀਤ ਗਾਮੀ ਨੇ ਕੌਮੀ ਪੁਰਸਕਾਰ ਜੇਤੂ ਤੇ ਮਾਨਸਾ ਦੇ ਮਸ਼ਹੂਰ ਨਾਟਕਕਾਰ ਪ੍ਰੋ.ਅਜਮੇਰ ਔਲਖ ਨਾਲ ਵੀ ਨਾਟਕ ਖੇਡੇ ਹਨ। ਉਸਨੂੰ ਅੰਬਾਲਾ ’ਚ ਨਾਟਕ ਮੁਕਾਬਲਿਆਂ ’ਚ ਸੋਨਾ ਦਾ ਤਗਮਾ ਅਤੇ ਬਰਨਾਲਾ ਦੇ ਮਹਾਂ ਸ਼ਕਤੀ ਕਲਾ ਮੰਦਰ ਵਲੋਂ ਕਰਾਏ ਮੁਕਾਬਲਿਆਂ ’ਚ ਚਾਂਦੀ ਦਾ ਤਗਮਾ ਮਿਲਿਆ। ਛੇ ਥਾਵਾਂ ’ਤੇ ਉਸ ਨੂੰ ਬੈਸਟ ਐਕਟਰ ਐਲਾਨਿਆ ਗਿਆ। ਸੁਰਜੀਤ ਗਾਮੀ ਹੁਣ ‘ਮਿੱਟੀ’ ਫਿਲਮ ’ਚ ਟੁੰਡੇ ਦੇ ਪਿਓ ਵਜੋਂ ਪਰਦੇ ’ਤੇ ਆਇਆ ਹੈ। ਕਲਾ ਪ੍ਰੇਮੀ ਤੇ ਰੰਗ ਕਰਮੀ ਉਸ ਦੀ ਅਦਾਕਾਰੀ ’ਤੇ ਮਾਣ ਕਰਦੇ ਹਨ। ਤਾਹੀਓ ਤਾਂ ਫਿਲਮ ਦੇ ਕਾਸਟਿੰਗ ਡਾਇਰੈਕਟਰ ਸੈਮੂਅਲ ਜੌਹਨ ਨੇ ਫਿਲਮ ‘ਮਿੱਟੀ’ ਦੀ ਪਟਕਥਾ ਦੇਖਦਿਆਂ ਹੀ ਸੁਰਜੀਤ ਗਾਮੀ ਨੂੰ ਟੁੰਡੇ ਦੇ ਪਿਓ ਦੀ ਭੂਮਿਕਾ ਵਾਸਤੇ ਚੁਣ ਲਿਆ ਸੀ। ਇਸ ਭੁੂਮਿਕਾ ’ਚ ਗਾਮੀ ਨੇ ਜਾਨ ਪਾਈ ਹੈ। ਉਸ ਦੀ ਉਸਤਤ ਹਰ ਪਾਸੇ ਮੁੜ ਹੋਈ ਹੈ। ਉਸ ਦੇ ਪੁਰਾਣੇ ਜਾਣਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਉਹ ਆਖਦਾ ਹੈ ਕਿ ਨਾਟਕ ਇੱਕ ਹਥਿਆਰ ਹੈ ਜਿਸ ਨਾਲ ਉਸ ਨੇ ਸਮਾਜੀ ਤੇ ਸਿਆਸੀ ਪ੍ਰਬੰਧ ’ਚ ਬਦਲਾਓ ਦਾ ਉਪਰਾਲਾ ਕੀਤਾ।

ਉਸ ਨੇ ਹਮੇਸ਼ਾ ਲੋਕਾਂ ਦਾ ਨਾਟਕ ਖੇਡਿਆ। ਅੱਜ ਇਸ ਹਾਲ ਹੈ। ਹੁਣ ਉਦੋਂ ਉਸ ਦੀ ਕੋਈ ਪਹਿਚਾਣ ਨਹੀਂ ਕਰਦਾ ਜਦੋਂ ਉਹ ਮਾਨਸਾ ਦੇ ਮਾਲ ਗੋਦਾਮ ’ਤੇ ਲੇਬਰ ’ਚ ਆਪਣੀ ਦੋ ਵਕਤ ਦੀ ਰੋਟੀ ਦੇ ਜੁਗਾੜ ਵਾਸਤੇ ਬੈਠਾ ਹੁੰਦਾ ਹੈ। ਕਈ ਦਫਾ ਤਾਂ ਉਸ ਨੂੰ ਦਿਹਾੜੀ ਵੀ ਨਹੀਂ ਮਿਲਦੀ। ਉਸਨੇ ਕਈ ਨਾਟਕ ਵੀ ਲਿਖੇ ਹਨ ਜਿਨ੍ਹਾਂ ’ਤੇ ਵੀਡੀਓ ਫਿਲਮਾਂ ਵੀ ਬਣੀਆਂ ਹਨ। ਰੰਗ ਮੰਚ ਦੀ ਧੜਕਣ ਅਗਰ ਇਸ ਤਰ੍ਹਾਂ ਤੰਗੀ ਤੁਰਸ਼ੀ ’ਚ ਮਰੇਗੀ ਤਾਂ ਨਿਰਸੰਦੇਹ ਇਸ ਦੇ ਭਵਿੱਖ ਵੀ ਚਿੰਤਾ ਵਾਲਾ ਹੀ ਹੈ। ਝਾਕ ਸਰਕਾਰ ਤੋਂ ਰੱਖਣੀ ਤਾਂ ਬੇਵਕੂਫੀ ਵਾਲੀ ਗੱਲ ਹੋਏਗੀ। ਕਿਉਂਕਿ ਸਮਾਜ ਨੂੰ ਹਲੂਣ ਕੇ ਦਿਨੇ ਜਗਾਉਣ ਵਾਲੇ ਕਦੇ ਹਕੂਮਤ ਨੂੰ ਚੰਗੇ ਨਹੀਂ ਲੱਗੇ। ਜੋ ਲੋਰੀ ਦੇ ਕੇ ਜਨ ਸਧਾਰਨ ਨੂੰ ਸੁਆਉਂਦੇ ਹਨ,ਉਨ੍ਹਾਂ ਦੀ ਵੁੱਕਤ ਪੈਂਦੀ ਹੈ। ਸੋ ਅਸਲੀ ਮੁੱਲ ਤਾਂ ਸਮਾਜ ਦੇ ਚੇਤੰਨ ਤੇ ਪਹੁੰਚ ਰੱਖਣ ਵਾਲੇ ਲੋਕ ਹੀ ਮੋੜ ਸਕਦੇ ਹਨ ਤਾਂ ਜੋ ਥੀਏਟਰ ਇਸੇ ਤਰ੍ਹਾਂ ਜਿਉਂਦਾ ਰਹੇ ਤੇ ਉਸ ਦੇ ਕਾਮੇ ਤੰਗੀ ਤੁਰਸ਼ੀ ਨੂੰ ਬਰਾਬਰੀ ਨਾਲ ਨਜਿੱਠਣ ਦੀ ਸਮਰੱਥਾ ਰੱਖ ਸਕਣ।

ਚਰਨਜੀਤ ਭੁੱਲਰ, ਬਠਿੰਡਾ।

ਝੱੜ ਰਹੇ ਪੱਤੇ


ਪੰਜਾਬੀ ਸਾਹਿਤ ਦੇ ਮਸ਼ਹੂਰ ਸ਼ਾਇਰ ਡਾ: ਰਾਬਿੰਦਰ ਮਸਰੂਰ ਹੁਰਾਂ ਦੀ ਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ ਮਨੁੱਖੀ ਜੀਵਨ ਦੀ ਇੱਕ ਅਟੱਲ ਸੱਚਾਈ ਨੂੰ ਬਿਆਨ ਕਰਦੀਆਂ ਹਨ।

“ਝੱੜ ਰਹੇ ਪੱਤਿਆਂ ਨੂੰ ਇਸ ਗੱਲ ਤੇ ਬੜਾ ਇਤਰਾਜ਼ ਹੈ

ਇਹ ਨਵੇਂ ਪੱਤੇ ਨਿਕਲਦੇ ਸਾਰ ਸਿ਼ਖਰਾਂ ਹੋ ਗਏ।”

ਮਨੁੱਖੀ ਮਨ ਦੀ ਇਸ ਅਵਸਥਾ ਨੂੰ ਡਾ: ਰਾਬਿੰਦਰ ਮਸਰੂਰ ਹੁਰਾਂ ਨੇ ਇਹਨਾਂ ਦੋ ਸਤਰਾਂ ਵਿੱਚ ਹੀ ਬਿਆਨ ਕਰ ਦਿੱਤਾ ਹੈ। ਅਸਲ ਵਿੱਚ ਕਿੱਤਾ ਕੋਈ ਵੀ ਹੋਵੇ ਪੁਰਾਣੇ ਪੱਤੇ (ਪੁਰਾਣੇ ਲੋਕ) ਇਹ ਨਹੀਂ ਚਾਹੁੰਦੇ ਕਿ ਕੋਈ ਨਵਾਂ ਪੱਤਾ (ਨਵਾਂ ਵਿਅਕਤੀ) ਨਿਕਲਦਿਆਂ (ਉਸ ਖੇਤਰ ਵਿੱਚ ਆਉਂਦਿਆਂ) ਹੀ ਉਹਨਾਂ ਤੋਂ ਉੱਪਰ ਹੋ ਜਾਏ।

ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਵੀ ਇਹ ਸੱਚ ਅੱਖਾਂ ਸਾਹਮਣੇ ਆਉਂਦਾ ਹੈ ਕਿ ਪੁਰਾਣੇ ਪੱਤੇ (ਲਿਖਾਰੀ) ਕਿਸੇ ਨਵੇਂ ਪੱਤੇ (ਲਿਖਾਰੀ) ਨੂੰ ਵੇਖ ਕੇ ਆਪਣੇ ਤਾਜ ਨੂੰ ਹਿੱਲਦਾ ਮਹਿਸੂਸ ਕਰਦੇ ਹਨ ਤੇ ਬਜਾਏ ਉਸ ਨਵੇਂ ਪੱਤੇ (ਲਿਖਾਰੀ) ਨੂੰ ਮਾਂ ਬੋਲੀ ਦੀ ਸੇਵਾ ਕਰਨ ਦੀ ਪ੍ਰੇਰਣਾ ਦੇਣ ਦੇ, ਉਹ ਉਸ ਨੂੰ ਇਸ ਖੇਤਰ ਵਿੱਚੋਂ ਚੁੱਕ ਕੇ ਬਾਹਰ ਵਗਾਹ ਮਾਰਨਾ ਚਾਹੁੰਦੇ ਹਨ। ਇਹ ਨਾ ਮੰਨਣ ਵਾਲਾ ਸੱਚ ਹੈ।

ਅਸਲ ਵਿੱਚ ਬਦਲਾਓ ਕਿਸੇ ਨੂੰ ਚੰਗਾ ਨਹੀਂ ਲੱਗਦਾ ਪਰ ਇਹ ਕੁਦਰਤ ਦਾ ਨਿਯਮ ਹੈ। ਇਸ ਬਦਲਾਓ ਉੱਪਰ ਕਿਸੇ ਦਾ ਕੋਈ ਵੱਸ ਨਹੀਂ ਹੈ। ਵੈਸੇ ਵੀ ਕਿਹਾ ਗਿਆ ਹੈ ਕਿ ਇੱਕ ਥਾਂ ਤੇ ਖੜਾ ਪਾਣੀ ਵੀ ਬਦਬੂ ਮਾਰਨ ਲੱਗ ਪੈਂਦਾ ਹੈ ਫਿਰ ਹੋਰ ਗੱਲ ਹੀ ਕੀ ਕਰੀਏ। ਪਰ ਮਨ ਪਰਿਵਰਤਨ ਨੂੰ ਪ੍ਰਵਾਨ ਕਰਨ ਤੋਂ ਸੰਕੋਚ ਕਰਦਾ ਹੈ।

ਬਦਲਾਓ ਇਸ ਲਈ ਚੰਗਾ ਨਹੀਂ ਲੱਗਦਾ ਕਿ ਸਾਡੀ ਮਨ ਦੀ ਅਸਵਥਾ ਇਸ ਨੂੰ ਪ੍ਰਵਾਨ ਨਹੀਂ ਕਰਦੀ। ਜੇਕਰ ਅਸੀਂ ਮਨ ਨੂੰ ਪਹਿਲਾਂ ਹੀ ਇਸ ਪਰਿਵਰਤਨ ਲਈ ਤਿਆਰ ਕਰ ਦੇਈਏ ਤਾਂ ਸ਼ਾਇਦ ਇਤਨਾ ਜਿਆਦਾ ਬੁਰਾ ਨਾ ਲੱਗੇ ਜਿਤਨਾ ਕਿ ਬਦਲਾਓ ਵੇਲੇ ਲੱਗਦਾ ਹੈ।

ਜਦੋਂ ਘਰ ਬਦਲਣਾ ਹੋਵੇ ਤਾਂ ਬੁਰਾ ਲੱਗਦਾ ਹੈ। ਮਨ ਵਿੱਚ ਡਰ ਹੁੰਦਾ ਹੈ ਕਿ ਗੁਆਂਢੀ ਚੰਗੇ ਮਿਲਣਏ ਜਾਂ ਨਹੀਂ? ਜਦੋਂ ਸਕੂਲ, ਕਾਲਜ, ਜਗ੍ਹਾਂ, ਕਾਰੋਬਾਰ ਜਾਂ ਜੀਵਨ ਨਾਲ ਸੰਬੰਧਤ ਕੋਈ ਵੀ ਬਦਲਾਓ ਹੁੰਦਾ ਹੈ ਤਾਂ ਚੰਗਾ ਨਹੀਂ ਲੱਗਦਾ ਪਰ ਬਾਅਦ ਵਿੱਚ ਠੀਕ ਹੋ ਜਾਂਦਾ ਹੈ ਕਿਉਂਕਿ ਮਨ ਇਸ ਬਦਲਾਓ ਨੂੰ ਪ੍ਰਵਾਨ ਕਰ ਲੈਂਦਾ ਹੈ।

ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵੀ ਪੁਰਾਣੇ ਪੱਤੇ ਨਵੇਂ ਪੱਤਿਆਂ ਨੂੰ ਸ਼ੁਰੂ ਵਿੱਚ ਤਾਂ ਅਸਲੋਂ ਹੀ ਪ੍ਰਵਾਨ ਨਹੀਂ ਕਰਦੇ ਤੇ ਹਰ ਗੱਲ/ਲਿਖਤ ਤੇ ਟੀਕਾ ਟਿੱਪਣੀ ਕਰਕੇ ਉਸ ਦੇ ਆਤਮ ਵਿਸ਼ਵਾਸ ਨੂੰ ਤੋੜਣ ਦਾ ਯਤਨ ਕਰਦੇ ਹਨ ਪਰ ਜੇ ਫਿਰ ਵੀ ਕੋਈ ਆਪਣੀ ਧੁਨ ਵਿੱਚ ਲੱਗਾ ਰਹੇ ਤੇ ਉਹ ਆਪਣੀ ਪਛਾਣ ਕਾਇਮ ਕਰ ਲੈਂਦਾ ਹੈ।

ਮਸਰੂਰ ਹੁਰਾਂ ਦੀ ਇਸ ਕਵਿਤਾ ਦੀ ਦੂਜੀ ਲਾਈਨ ਵਿੱਚ ਇਹ ਗੱਲ ਬੜੀ ਸਾਫ ਹੈ ਕਿ ਜਿੱਥੇ ਪੁਰਾਣੇ ਪੱਤਿਆਂ ਨੂੰ ਇਸ ਗੱਲ ਤੇ ਬੜਾ ਇਤਰਾਜ ਹੈ ਕਿ ਇਹ ਨਵੇਂ ਪੱਤੇ ਅਜੇ ਕੁੱਝ ਚਿਰ ਪਹਿਲਾਂ ਹੀ ਪੈਦਾ ਹੋਏ ਸਨ ਤੇ ਥੋੜੇ ਸਮੇਂ ਵਿੱਚ ਹੀ ਸਾਡੇ ਨਾਲੋਂ ਉੱਚੇ ਕਿਵੇਂ ਹੋ ਗਏ ਹਨ?

ਦੂਜੀ ਗੱਲ ਜਿਤਨਾ ਦੁੱਖ ਪੁਰਾਣੇ ਪੱਤਿਆਂ ਨੂੰ ਇਹ ਹੈ ਕਿ ਨਵੇਂ ਪੱਤੇ ਜਲਦੀ ਸਿ਼ਖਰ ਨੂੰ ਛੂਹ ਰਹੇ ਨੇ ਉਤਨਾ ਹੀ ਦੁੱਖ ਇਹ ਵੀ ਹੈ ਕਿ ਅਸੀਂ ਪੁਰਾਣੇ ਹੋ ਕੇ ਵੀ ਇਸ ਤੋਂ ਥੱਲੇ ਕਿਉਂ ਹੋ ਗਏ ਹਾਂ। ਉਹ ਕਿਸੇ ਦੇ ਥੱਲੇ ਨਹੀਂ ਲੱਗਣਾ ਚਾਹੁੰਦੇ।

ਆਮ ਕਹਾਵਤ ਹੈ ਕਿ ਆਦਮੀ ਆਪਣੇ ਦੁੱਖ ਤੋਂ ਇਤਨਾ ਦੁੱਖੀ ਨਹੀਂ ਹੁੰਦਾ ਜਿਤਨਾ ਕਿ ਗੁਆਂਢੀ ਦੇ ਸੁੱਖ ਤੋਂ ਦੁੱਖੀ ਹੁੰਦਾ ਹੈ। ਇਹ ਬਿਰਤੀ ਕੇਵਲ ਲੇਖਕ ਵਰਗ ਵਿੱਚ ਹੀ ਨਹੀਂ ਬਲਕਿ ਪੱਤਰਕਾਰਤਾ, ਅਧਿਆਪਨ ਖੇਤਰ, ਕਾਨੂੰਨ, ਧਰਮ, ਫਿ਼ਲਮ, ਵਪਾਰ, ਉਦਯੋਗ, ਕਲਾ, ਰਾਜਨੀਤੀ ਅਤੇ ਖੇਡ ਆਦਿ ਹਰੇਕ ਖੇਤਰ ਵਿੱਚ ਹੈ।

ਇਹ ਬਿਰਤੀ ਜਿੱਥੇ ਇਨਸਾਨਾਂ ਵਿੱਚ ਹੁੰਦੀ ਹੈ ਉੱਥੇ ਪਸ਼ੂਆਂ ਵਿੱਚ ਵੀ ਇਹ ਬਿਰਤੀ ਪਾਈ ਜਾਂਦੀ ਹੈ। ਇੱਕ ਸ਼ੇਰ ਜਿਹੜਾ ਕਈ ਸਾਲਾਂ ਤੋਂ ਜੰਗਲ ਵਿੱਚ ਸਿ਼ਕਾਰ ਕਰ ਰਿਹਾ ਹੁੰਦਾ ਹੈ ਜੇ ਕੋਈ ਨਵਾਂ ਜੰਮਿਆਂ ਸ਼ੇਰ ਦਾ ਬੱਚਾ ਉਸ ਦੇ ਇਲਾਕੇ ਵਿੱਚ ਸਿ਼ਕਾਰ ਕਰਨ ਆਉਂਦਾ ਹੈ ਤਾਂ ਉਸ ਪੁਰਾਣੇ ਸ਼ੇਰ ਨੂੰ ਬੜਾ ਬੁਰਾ ਲੱਗਦਾ ਹੈ ਤੇ ਕਈ ਵਾਰ ਲੜਾਈ ਵੀ ਹੋ ਜਾਂਦੀ ਹੈ।

ਇਸ ਜਗ੍ਹਾ ਤੇ ਡਾ: ਮਸਰੂਰ ਹੁਰਾਂ ਨੇ ਰੁੱਖਾਂ ਦੇ ਪੱਤਿਆਂ ਦੇ ਮਾਧਿਅਮ ਦੁਆਰਾ ਮਨੁੱਖੀ ਮਨ ਦੇ ਇਸ ਵਿਚਾਰ ਨੂੰ ਬਹੁਤ ਹੀ ਚੰਗੇ ਢੰਗ ਨਾਲ ਪੇਸ਼ ਕੀਤਾ ਹੈ। ਕਿ ਕਿਸ ਤਰ੍ਹਾਂ ਝੱੜ ਰਹੇ ਪੱਤਿਆਂ ਨੂੰ ਇਸ ਗੱਲ ਤੇ ਗੁੱਸਾ ਆਉਂਦਾ ਹੈ ਕਿ ਇਹ ਨਵਾਂ ਪੱਤਾ ਨਿਕਲਦਿਆਂ ਹੀ ਸਾਥੋਂ ਉੱਪਰ ਕਿਵੇਂ ਚਲਾ ਗਿਆ ਹੈ?

ਪਰ ਇਸ ਬਿਰਤੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਮਨੁੱਖੀ ਮਨ ਦੀ ਇੱਕ ਅਜਿਹੀ ਅਵਸਥਾ ਹੈ ਜੋ ਜਨਮ ਤੋਂ ਲੈ ਕੇ ਮਰਨ ਤੱਕ ਮਨੁੱਖ ਨਾਲ ਸਹਿਜੇ ਹੀ ਚੱਲਦੀ ਹੈ। ਕਹਿੰਦੇ ਨੇ ਕਿ ਇੱਕ ਆਦਮੀ ਨੂੰ ਰਸਤੇ ਵਿੱਚ ਜਾਂਦਿਆਂ ਰੱਬ ਮਿਲਿਆ ਤੇ ਕਹਿਣ ਲੱਗਾ, “ਮੰਗ ਬੱਚਾ ਜੋ ਕੁੱਝ ਤੂੰ ਮੰਗਣਾ ਹੈ, ਅੱਜ ਤੈਨੂੰ ਜੋ ਵੀ ਚਾਹੀਦਾ ਹੈ ਉਹ ਮਿਲ ਜਾਵੇਗਾ।”

ਉਹ ਆਦਮੀ ਬੜਾ ਖੁਸ਼ ਹੋਇਆ ਕਿ ਅੱਜ ਤੇ ਮੇਰੀ ਕਿਸਮਤ ਹੀ ਖੁੱਲ ਗਈ ਹੈ। ਰੱਬ ਆਪ ਹੀ ਮਿਲ ਪਿਆ ਹੈ। ਉਹ ਅਜੇ ਮੰਗਣ ਹੀ ਲੱਗਾ ਸੀ ਕਿ ਰੱਬ ਅਚਾਨਕ ਫਿਰ ਬੋਲਿਆ, “ਇੱਕ ਗੱਲ ਯਾਦ ਰੱਖੀਂ ਕਿ ਤੂੰ ਜੋ ਵੀ ਚੀਜ ਮੰਗ ਕੇ ਲਵੇਂਗਾ ਤੇਰੇ ਗੁਆਂਢੀ ਨੂੰ ਉਹ ਦੁਗਣੀ ਹੋ ਕੇ ਮਿਲੇਗੀ, ਜਿਵੇਂ ਤੂੰ ਇੱਕ ਸੋਨੇ ਦਾ ਹਾਰ ਲਵੇਂਗਾ ਤੇ ਤੇਰਾ ਗੁਆਂਢੀ ਨੂੰ ਦੋ ਸੋਨੇ ਦੇ ਹਾਰ ਮਿਲਣਗੇ।”

ਉਸ ਆਦਮੀ ਦੀ ਖੁਸ਼ੀ ਅਚਾਨਕ ਗਾਇਬ ਹੋ ਗਈ। ਉਸ ਨੇ ਸੋਚਿਆ ਕਿ ਇਸ ਤਰ੍ਹਾਂ ਤੇ ਮੇਰਾ ਗੁਆਂਢੀ ਮੇਰੇ ਨਾਲੋਂ ਜਿਆਦਾ ਅਮੀਰ ਹੋ ਜਾਏਗਾ ਤੇ ਕਾਫੀ ਸੋਚ ਵਿਚਾਰ ਕੇ ਉਸ ਨੇ ਰੱਬ ਤੋਂ ਮੰਗਿਆ, “ਮਹਾਰਾਜ ਮੈਨੂੰ ਇੱਕ ਅੱਖ ਤੋਂ ਕਾਣ੍ਹਾਂ ਕਰ ਦਿਓ ਤੇ ਮੇਰੇ ਘਰ ਅੱਗੇ ਇੱਕ ਖੂਹ ਬਣਵਾ ਦਿਓ। ਮੈਂ ਤਾਂ ਕਾਣ੍ਹਾਂ ਹੋ ਕੇ ਘਰ ਸਾਹਮਣੇ ਬਣੇ ਖੂਹ ਤੋਂ ਬੱਚ ਕੇ ਆਰਾਮ ਨਾਲ ਬਾਹਰ ਨਿਕਲ ਜਾਇਆ ਕਰਾਂਗਾ ਪਰ ਗੁਆਂਢੀ ਅੰਨਾ ਹੋ ਕੇ ਕਦੇ ਨਾ ਕਦੇ ਤਾਂ ਖੂਹ ਵਿੱਚ ਡਿੱਗ ਕੇ ਮਰੇਗਾ।”

ਸੋ ਅਜੋਕੇ ਸਮੇਂ ਪੰਜਾਬੀ ਸਾਹਿਤ ਸਿਰਜਣਾ ਦੇ ਖੇਤਰ ਵਿੱਚ ਝੱੜ ਰਹੇ ਪੱਤਿਆਂ (ਲਿਖਾਰੀਆਂ) ਦੀ ਉਸ ਵਿਅਕਤੀ ਵਾਲੀ ਬਿਰਤੀ ਬਣੀ ਹੋਈ ਹੈ ਕਿ ਅਸੀਂ ਭਾਵੇਂ ਭੁੱਖੇ ਮਰ ਜਾਈਏ ਪਰ ਇਹ ਨਵਾਂ ਪੱਤਾ ਕਿਉਂ ਢਿੱਡ ਭਰ ਕੇ ਰੋਟੀ ਖਾ ਰਿਹਾ ਹੈ? ਅੱਲਾ ਮਿਹਰ ਕਰੇ…, ਇਹ ਪੁਰਾਣੇ ਝੱੜ ਰਹੇ ਪੱਤੇ ਆਪਣੇ ਜੀਵਨ ਦੇ ਅਨੁਭਵ ਨਵੇਂ ਪੱਤਿਆਂ ਨਾਲ ਸਾਂਝੇ ਕਰਨ ਤੇ ਇਹਨਾਂ ਨਵੇਂ ਪੱਤਿਆਂ ਨੂੰ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦੇ ਸਮਰੱਥ ਬਣਾ ਦੇਣ ਤਾਂ ਕਿ ਪੰਜਾਬੀ ਦੇ ਮਿੱਠੇ ਬੋਲ ਹਮੇਸ਼ਾ ਲਈ ਫਿਜ਼ਾ ਵਿੱਚ ਗੂੰਜਦੇ ਰਹਿਣ। ਇਹੀ ਅਰਦਾਸ ਹੈ ਮੇਰੀ…।

ਨਿਸ਼ਾਨ ਸਿੰਘ ‘ਕੁਰੂਕਸ਼ੇਤਰ’
ਈਮੇਲ :nishanrathaur@gmail.com

Monday, March 22, 2010

ਭਗਤ ਸਿੰਘ ,ਪੱਤਰਕਾਰੀ ਤੇ ਬਦਲਵਾਂ ਮੀਡੀਆ

ਪ੍ਰੋਫੈਸਰ ਚਮਨ ਲਾਲ ਭਾਰਤ ਦੀ ਮਸ਼ਹੂਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ,ਦਿੱਲੀ ‘ਚ ਸਕੂਲ਼ ਆਫ ਇੰਡੀਅਨ ਲੈਂਗੂਅਜ਼ ਕੇਂਦਰ ਦੇ ਚੇਅਰਪਰਸਨ ਹਨ।ਜੈ.ਐੱਨ.ਯੂ ਦੀ ਟੀਚਰ ਯੂਨੀਅਨ ਦੇ ਪ੍ਰਧਾਨ ਵੀ ਰਹੇ।“ਭਗਤ ਸਿੰਘ ਦੇ ਸੰਪੂਰਨ ਦਸਤਾਵੇਜ਼” ਦੇ ਸੰਪਾਦਕ।ਭਗਤ ਸਿੰਘ ਦੇ ਜੀਵਨ ਨਾਲ ਜੁੜੇ ਹਰ ਪਹਿਲੂ ‘ਤੇ ਲਗਤਾਰ ਖੋਜ ਕਰ ਰਹੇ ਹਨ।ਭਗਤ ਸਿੰਘ ਦੇ ਜ਼ਰੀਏ ਜਿਸ ਤਰ੍ਹਾਂ ਉਹਨਾਂ ਨੇ ਪੱਤਰਕਾਰੀ ਤੇ ਬਦਲਵੇਂ ਮੀਡੀਏ ਦੀ ਗੱਲ ਕੀਤੀ,ਉਹ ਨਵੀਂ ਪੀੜੀ ਉਤਸ਼ਾਹਿਤ ਤੇ ਉਸ ਅੰਦਰ ਜੋਸ਼ ਭਰਦੀ ਹੈ।ਅੱਜ ਜਦੋਂ ਬਲੌਗਿੰਗ ਵਰਗੇ ਸਾਧਨ ਹਨ ਤਾਂ ਲੋੜ ਸਿਰਫ ਇਕ ਸਿਆਸੀ/ਚੰਗੇ ਨਜ਼ਰੀਏ ਨਾਲ ਲੈੱਸ ਹੋਣ ਦੀ ਹੈ।ਜਿਸਦੇ ਰਾਹੀਂ ਅਸੀਂ ਭਗਤ ਸਿੰਘ ਵਰਗੇ ਲੋਕਾਂ ਦੇ ਵਿਚਾਰਾਂ ਨੂੰ ਜਨਤਾ ਤੱਕ ਲਿਜਾਈਏ।ਸ਼ਾਇਦ …ਸਮੁੰਦਰ ਇਹਨਾਂ ਨਿੱਕੀਆਂ ਨਿੱਕੀਆਂ ਬੂੰਦਾਂ ਨੂੰ ਹੀ ਉਡੀਕ ਰਿਹਾ ਹੋਵੇ।--ਯਾਦਵਿੰਦਰ ਕਰਫਿਊ

ਇਕ ਕ੍ਰਾਂਤੀਕਾਰੀ ਸਿਆਸੀ ਕਾਮੇ ਦੇ ਲਈ ਪੱਤਰਕਾਰੀ ਦਾ ਤਜ਼ਰਬਾ ਕਿੰਨਾ ਕਾਰਗਰ ਸਿੱਧ ਹੋ ਸਕਦਾ ਹੈ,ਭਗਤ ਸਿੰਘ ਨੂੰ ਵੇਖਕੇ ਇਸਨੂੰ ਜਾਣਿਆ ਜਾ ਸਕਦਾ ਹੈ।ਪੱਤਰਕਾਰੀ ਦੇ ਪੇਸ਼ੇ ਦਾ ਇਕ ਸਕਰਾਤਮਿਕ ਪੱਖ ਇਹ ਹੈ ਕਿ ਉਸਦੇ ਜ਼ਰੀਏ ਆਮ ਲੋਕਾਂ ਨਾਲ ਵੱਡੇ ਪੈਮਾਨੇ ‘ਤੇ ਸੂਚਨਾ ਤੇ ਸੰਵਾਦ ਦੇ ਪੱਧਰ ‘ਤੇ ਜੁੜਨ ਦੀ ਸੰਭਾਵਨਾ ਰਹਿੰਦੀ ਹੈ।

17 ਸਾਲ ਦੀ ਉਮਰ ‘ਚ ਜਦੋਂ ਕ੍ਰਾਂਤੀਕਾਰੀ ਲਹਿਰ ਨੂੰ ਜੀਵਨ ਸਮਰਪਿਤ ਕਰਕੇ ਭਗਤ ਸਿੰਘ ਘਰੋਂ ਨਿਕਲੇ ਤਾਂ ਜੈ ਚੰਦਰ ਵਿਦਿਅਲੰਕਰ ਦਾ ਪੱਤਰ ਲੈ ਕੇ ਸਿੱਧਾ “ਪ੍ਰਤਾਪ” ਦੇ ਸੰਪਾਦਕ ਗਣੇਸ਼ ਵਿਦਿਆਰਥੀ ਨੂੰ ਮਿਲਿਆ।ਵਿਦਿਆਰਥੀ ਜੀ ਨੇ ਭਗਤ ਸਿੰਘ ਨੂੰ “ਪ੍ਰਤਾਪ” ਦੇ ਸੰਪਾਦਕੀ ਵਿਭਾਗ ‘ਚ ਕੰਮ ਦੇ ਦਿੱਤਾ।ਇਥੋਂ ਉਹਨਾਂ “ਬਲਵੰਤ” ਦੇ ਨਾਲ ਲਿਖਣਾ ਸ਼ੁਰੂ ਕੀਤਾ।ਫਿਰ ਲਹਿਰ ਦੀਆਂ ਜ਼ਰੂਰਤਾਂ ਲਈ “ਬਲਵੰਤ” ਨਾਂਅ ਨਾਲ ਹੀ 1925 ‘ਚ ਦਿੱਲੀ ਦੇ “ਦੈਨਿਕ ਅਰਜੁਨ” ਅਖ਼ਬਾਰ ਦੇ ਸੰਪਾਦਕੀ ਵਿਭਾਗ ‘ਚ ਕੰਮ ਕੀਤਾ।ਉਹਨਾਂ ਦੇ ਅਧਿਐੱਨ ਤੇ ਲਗਨ ਦੀ ਚਰਚਾ,ਉਹਨਾਂ ਦੇ ਹਰ ਸਾਥੀ ਨੇ ਕੀਤੀ ਹੈ।ਇਹਨਾਂ ਕਿਤਾਬਾਂ ‘ਚ ਸਾਹਿਤ ਵੀ ਸੀ,ਰਾਜਨੀਤੀ ਤੇ ਇਤਿਹਾਸ ਵੀ।1928 ‘ਚ ਉਹਨਾਂ ਨੇ ਸੋਹਣ ਸਿੰਘ ਜੋਸ਼ ਦੀ ਰਹਿਨੁਮਾਈ ‘ਚ ਨਿਕਲਣ ਵਾਲੀ ਪੱਤ੍ਰਕਿਾ “ਕਿਰਤੀ” ‘ਚ ਵੀ ਕੰਮ ਕੀਤਾ।“ਫਿਰਕਾਪ੍ਰਸਤ ਦੰਗੇ ਤੇ ਉਹਨਾਂ ਦਾ ਇਲਾਜ”,ਧਰਮ ਤੇ ਅਜ਼ਾਦੀ ਸੰਗਰਾਮ,“ਅਛੂਤ ਸਮੱਸਿਆ” ਜਿਹੇ ਮਹੱਤਵਪੂਰਨ ਲੇਖ ਉਹਨਾਂ ਨੇ ਉਸੇ ਸਾਲ ਕਿਰਤੀ ‘ਚ ਲਿਖੇ ਸਨ।“ਚਾਂਦ” ਦੇ ਨਵੰਬਰ 1928 ਦੇ “ਫਾਂਸੀ ਅੰਕ” ‘ਚ ਕ੍ਰਾਂਤੀਕਾਰੀਆਂ ਦੇ 37 ਰੇਖਾ ਚਿੱਤਰ ਉਹਨਾਂ ਨੇ ਲਿਖੇ।ਉਹਨਾਂ ਨੂੰ ਹਿੰਦੀ ,ਉਰਦੂ ਤੇ ਪੰਜਾਬੀ –ਤਿੰਨਾਂ ਜ਼ੁਬਾਨਾਂ ‘ਚ ਲ਼ਿਖਣ ਦੀ ਮੁਹਾਰਤ ਹਾਸਿਲ ਸੀ।

ਭਗਤ ਸਿੰਘ ਪੱਤਰਕਾਰੀ ਦੇ ਮਹੱਤਵ ਨੂੰ ਬਹੁਤ ਚੰਗੇ ਢੰਗ ਨਾਲ ਸਮਝਦੇ ਸੀ।ਇਸਨੂੰ ਬੰਬ ਧਮਾਕੇ ਦੇ ਸੰਦਰਭ ‘ਚ ਵੀ ਵੇਖਿਆ ਜਾ ਸਕਦਾ ਹੈ।ਬੰਬ ਧਮਾਕੇ ਤੋਂ ਕੁਝ ਦਿਨ ਪਹਿਲਾਂ ਉਹਨਾਂ ਨੇ ਆਪਣੇ ਤੇ ਬੁਟਕੇਸ਼ਵਰ ਦੱਤ ਦੇ ਦਿੱਲੀ ਦੇ ਕਸ਼ਮੀਰੀ ਗੇਟ ਵਿਖੇ ਰਾਮਨਾਥ ਫੋਟੋਗ੍ਰਾਫਰ ਦੀ ਦੁਕਾਨ ਤੇ ਫੋਟੋ ਖਿਚਵਾਏ।ਉਹਨਾਂ ਨੇ ਅਸੈਂਬਲੀ ‘ਚ ਬੰਬ ਧਮਾਕੇ ਦੇ ਨਾਲ ਭੇਜੇ ਗਏ ਪਰਚੇ ਨੂੰ ਪਹਿਲਾਂ ਹੀ ਪ੍ਰੈਸ ਬਿਆਨ ਦੇ ਰੂਪ ‘ਚ ਟਾਈਪ ਕਰਾ ਲਿਆ ਸੀ।“ਹਿੰਦੋਸਤਾਨ ਟਾਈਮਜ਼” ਦੇ ਪੱਤਰਕਾਰ ਚਮਨ ਲਾਲ ਨੇ ਉਸੇ ਸ਼ਾਮ ਭਗਤ ਸਿੰਘ ਤੇ ਦੱਤ ਦੀ ਫੋਟੋ ਦੇ ਨਾਲ ਵਿਸ਼ੇਸ਼ ਅੰਕ ਦੇ ਰੂਪ ‘ਚ ਪੂਰਾ ਬਿਆਨ ਛਾਪਿਆ।“ਨੌਜਵਾਨ ਭਾਰਤ ਸਭਾ” ਨਾਲ ਜੁੜੇ ਰਹੇ “ਸਟੇਟਸ ਮੈੱਨ” ਦੇ ਪੱਤਰਕਾਰ ਦੁਰਗਾਦਾਸ ਖੰਨਾ ਨੇ ਉਸੇ ਬਿਆਨ ਨੂੰ ਕਲਕੱਤਾ ਨਾ ਭੇਜਕੇ ਲੰਦਨ ਭੇਜ ਦਿੱਤਾ,ਜਿਸਦੇ ਚਲਦਿਆਂ ਨਾ ਸਿਰਫ ਭਾਰਤ ਬਲਕਿ ਬਹੁਤ ਸਾਰੇ ਦੇਸ਼ਾ ‘ਚ ਅਸੈਂਬਲੀ ਬੰਬ ਧਮਾਕੇ ਦੀ ਖ਼ਬਰ ਛਪੀ ਸੀ।ਬਾਅਦ ‘ਚ ਭੁੱਖ ਹੜਤਾਲ ਤੇ ਅਦਾਲਤੀ ਬਿਆਨਾਂ ਦੇ ਜ਼ਰੀਏ ਵੀ ਉਹਨਾਂ ਨੇ ਪੱਤਰਕਾਰੀ ਦੇ ਸਾਧਨ ਦੀ ਜ਼ਬਰਦਸਤ ਵਰਤੋਂ ਕੀਤੀ।

ਅੱਜ ਮੀਡੀਆ ‘ਤੇ ਸੰਪਾਦਕ ਦੀ ਬਜਾਏ ਮੈਨੇਜਮੈਂਟ ਹਾਵੀ ਹੈ।ਮੀਡੀਆ ਦੇ ਜ਼ਰੀਏ ਅੱਜ ਨਵ ਉਦਾਰਵਾਦੀ ਤੇ ਨਵ ਬਸਤੀਵਾਦੀ ਮਾਈਂਡਸੈਟ ਬਣਾਇਆ ਜਾ ਰਿਹਾ ਹੈ।ਵਿਵਸਥਾ ਨੂੰ ਲੋਕਪੱਖੀ ਪੱਤਰਕਾਰੀ ਦੀ ਕੋਈ ਜ਼ਰੂਰਤ ਨਹੀਂ ਹੈ।ਅੱਜ ਬਦਲਵੇਂ ਮੀਡੀਆ ਨੂੰ ਤਾਕਤਵਰ ਬਣਾਉਣ ਦੀ ਬੇਹੱਦ ਜ਼ਰੁਰਤ ਹੈ।ਸ਼ਾਇਦ ਮੌਜੂਦਾ ਦੌਰ ‘ਚ ਬਦਲਵੇਂ ਮੀਡੀਆ ਦੀ ਗਿਣਤੀ ਬਹੁਤ ਘੱਟ ਹੈ ਪਰ ਬਦਲਵੇਂ ਮੀਡੀਆ ਦੀ ਆਪਣੀ ਸਮਝ ਤੇ ਮਹੱਤਵਪੂਰਨ ਭੂਮਿਕਾ ਹੁੰਦੀ ਹੈ।ਅੱਜ ਮੰਥਲੀ ਰੀਵਿਊ ਦੀ ਪੂਰੀ ਦੁਨੀਆਂ ‘ਚ ਬੇਹੱਦ ਇੱਜ਼ਤ ਹੈ।ਦੇਸ਼ ‘ਚ ਜੋ ਬਦਲਵੀਂ ਪੱਤਰਕਾਰੀ ਹੋ ਰਹੀ ਹੈ,ਉਸਦਾ ਆਪਣਾ ਮਹੱਤਵ ਹੈ।ਚਾਹੇ ਅੱਜ ਦੀ ਲੋਕਪੱਖੀ ਪੱਤਰਕਾਰੀ ਨੂੰ ਪਹਾੜ ਨਾਲ ਟਕਰਾਉਣਾ ਪੈ ਰਿਹਾ ਹੈ ਪਰ ਉਸ ਕੋਲ ਆਤਮਚਿੰਤਨ ਦਾ ਵਕਤ ਨਹੀਂ ਹੈ।ਉਸਨੂੰ ਭਗਤ ਸਿੰਘ ਤੇ ਉਸ ਦੌਰ ਦੇ ਅਖ਼ਬਾਰਾਂ ਤੋਂ ਸਿੱਖਣਾ ਚਾਹੀਦਾ ਹੈ।ਲੋਕ ਲਹਿਰਾਂ ਦੀ ਚਿਣਗ ਪੈਦਾ ਕਰਨ ‘ਚ ਅਜਿਹੀਆਂ ਪੱਤਰਕਾਵਾਂ ਆਪਣਾ ਵੱਡਾ ਰੋਲ ਅਦਾ ਕਰਦੀਆਂ ਹਨ।ਇਸਦੇ ਲਈ ਲੋਕ ਭਾਸ਼ਾ ਤੇ ਲੋਕ ਮਹਾਵਰ੍ਹਿਆਂ ਨਾਲ ਜੁੜਨਾ ਤੇ ਜਨਤਾ ਦੀ ਨਬਜ਼ ਨੂੰ ਸਮਝਣਾ ਜ਼ਰੂਰੀ ਹੈ।ਅਜ਼ਾਦੀ ਦੀ ਲਹਿਰ ਦੌਰਾਨ ਜੋ ਛੋਟੀਆਂ ਛੋਟੀਆਂ ਅਖ਼ਬਾਰਾਂ ਸੀ,ਅੱਜ ਦੇ ਮੁਕਾਬਲੇ ਉਹਨਾਂ ਦੇ ਕਈ ਗੁਣਾ ਜ਼ਿਆਦਾ ਪਾਠਕ ਸੀ।ਮੈਨੂੰ ਲਗਦਾ ਹੈ ਕਿ ਜੇ ਭਗਤ ਸਿੰਘ ਦਾ ਕਿੱਤਾਕਾਰੀ ਖੇਤਰ ਪੱਤਰਕਾਰੀ ਹੁੰਦਾ ਤਾਂ ਇਸ ‘ਚ ਵੀ ਉਹਨਾਂ ਦੀ ਬੇਹੱਦ ਬੌਧਿਕ ਤੇ ਈਮੇਜ਼ਨੇਟਿਵ ਸ਼ਖਸ਼ੀਅਤ ਹੋਣੀ ਸੀ।ਉਹ ਆਪਣੀ ਅਖ਼ਬਾਰ ਨੂੰ ਕੁਝ ਹੀ ਮਹੀਨਿਆਂ ‘ਚ ਏਨਾ ਚੰਦਾ ਬਣਾ ਦਿੰਦੇ ਕਿ ਲੋਕ ਇੰਤਜ਼ਾਰ ਕਰਦੇ ਕਿ ਅਗਲੇ ਅੰਕ ‘ਚ ਕੀ ਆਵੇਗਾ।ਉਹ ਪਾਠਕਾਂ ਦੀ ਦਿਲਚਸਪੀ ਬਣਾ ਪਾਉਂਦੇ।ਡੂੰਘੇ ਤੇ ਗੰਭ੍ਰੀ ਵਿਸ਼ਿਆਂ ਨੂੰ ਵੀ ਚੰਗੇ ਤਰੀਕੇ ਨਾਲ ਪੇਸ਼ ਕਰਦੇ।ਭਗਤ ਸਿੰਘ ਦੇ ਅੰਦਰ ਆਤਮਵਿਸ਼ਵਾਸ਼ ਕੁੱਟ ਕੁੱਟਕੇ ਭਰਿਆ ਹੋਇਆ ਸੀ।ਵਿਚਾਰਾਂ ਦੇ ਪ੍ਰਤੀ ਜੇ ਕਿਸੇ ਦੀ ਖਿੱਚ ਹੋਵੇ,ਤਾਂ ਹੀ ਲੇਖਣੀ ਦੇ ਪ੍ਰਤੀ ਅਜਿਹੀ ਤਾਕਤ ਪੈਦਾ ਹੁੰਦੀ ਹੈ।ਤਾਂਹੀਓ ਤਾਂ ਉਹ ਜੇਲ੍ਹ ‘ਚ ਵੀ “ ਮੈਂ ਨਾਸਤਿਕ ਕਿਉਂ ਹਾਂ”,”ਡਰੀਮਲੈਂਡ ਦੀ ਭੂਮਿਕਾ” ,ਤੇ ਨੌਜਵਾਨ ਸਿਆਸੀ ਵਰਕਰਾਂ ਦੇ ਨਾਂਅ ਅਪੀਲ”, ਜਿਹੇ ਇਤਿਹਾਸਿਕ ਦਸਤਾਵੇਜ਼ਾਂ ਦੀ ਰਚਨਾ ਕਰ ਪਾ ਰਿਹਾ ਸੀ।ਉਹਨਾਂ ਨੇ ਆਪਣੇ ਦੌਰ ‘ਚ ਭਾਰਤੀ ਸਮਾਜ ਤੇ ਸੱਭਿਆਚਾਰ ਦੇ ਜਿਨ੍ਹਾਂ ਬੁਨਿਆਦੀ ਸਵਾਲਾਂ ਨੂੰ ਉਠਾਇਆ,ਉਹ ਉਸ ਸਮੇਂ ਦੀ ਸਿਆਸੀ ਜ਼ਰੂਰਤ ਤਾਂ ਸਨ ਹੀ,ਪਰ ਉਹ ਅੱਜ ਵੀ ਓਨੇ ਹੀ ਪ੍ਰਸੰਗਿਕ ਹਨ।ਇਕ ਲੋਕਪੱਖੀ ਤੇ ਸਿਆਸੀ ਪੱਤਰਕਾਰ ਦਾ ਨਜ਼ਰੀਆ ਅਜਿਹਾ ਹੀ ਹੋਣਾ ਚਾਹੀਦਾ ਹੈ।ਭਗਤ ਸਿੰਘ ਦੀ ਸ਼ਹਾਦਤ ਨੇ ਇਸ ਦੇਸ਼ ਦੀ ਪੱਤਰਕਾਰੀ ਨੂੰ ਨਵਾਂ ਵੇਗ ਪ੍ਰਦਾਨ ਕੀਤਾ।“ਭਵਿੱਖ” ਤੇ ਅੱਭਯੂਦਿਯ” ਦੇ ਉਹਨਾਂ ‘ਤੇ ਕੇਂਦਰਿਤ ਅੰਕਾਂ ਨੂੰ ਸਰਕਾਰ ਨੇ ਜ਼ਬਤ ਕਰ ਲਿਆ।ਭਗਤ ਸਿੰਘ ਦੇ ਮਕੱਦਮੇ ਹੀ ਅਖ਼ਬਾਰਾਂ ਦੀ ਰਿਪੋਰਟਿੰਗ ਤੇ ਛਪੀ ਕਿਤਾਬ ‘ਤੇ ਪਾਬੰਦੀ ਲੱਗ ਗਈ ਸੀ।ਹਿੰਦੀ ‘ਚ 54,ਮਰਾਠੀ ‘ਚ 4,ਤਾਮਿਲ ‘ਚ 19,ਅੰਗਰੇਜ਼ੀ ‘ਚ 9,ਪੰਜਾਬੀ ‘ਚ 7,ਬੰਗਲਾ,ਸਿੰਧੀ,ਗੁਜਰਾਤੀ ‘ਚ 2-2 ਤੇ ਕੰਨੜ ਤੇ ਤੇਲਗੂ ‘ਚ 1-1 ਅਜਿਹੇ ਪ੍ਰਕਾਸ਼ਨ 1930 ਤੋਂ 1946 ਦੇ ਵਿਚਕਾਰ ਜ਼ਬਤ ਕੀਤੇ ਗਏ।

ਪ੍ਰੋਫੈਸਰ ਚਮਨ ਲਾਲ

Sunday, March 21, 2010

ਭਗਤ ਸਿੰਘ 'ਤੇ ਕਵਿਤਾ

ਭਗਤ ਸਿੰਘ ਨੂੰ ਰਸਮੀ ਸ਼ਰਧਾਂਜ਼ਲੀਆਂ ਦੇਣ ਦਾ ਸਿਲਸਿਲਾ ਲੰਮੇ ਸਮੇਂ ਤੋਂ ਜਾਰੀ ਹੈ।ਪਰ ਅਜਿਹਾ ਬਹੁਤ ਘੱਟ ਹੈ ਕਿ ਅਸੀਂ ਸ਼ਰਧਾ ਭਾਵਨਾ ਤੋਂ ਬਿਨਾਂ ਵੀ ਭਗਤ ਸਿੰਘ 'ਤੇ ਕੋਈ ਗੱਲ ਤੋਰੀਏ।ਭਗਤ ਸਿੰਘ ਨੂੰ ਲੈ ਕੇ ਇਕ ਅਜੀਬ ਜਿਹਾ ਮਹੌਲ ਸਿਰਜਿਆ ਜਾ ਰਿਹਾ ਹੈ।ਮੈਂ ਆਪਣੀ ਲਿਖਤ "ਭਗਤ ਸਿੰਘ ਦੀ ਸ਼ਹੀਦੀ 'ਤੇ ਟਾਟਾ ਦੀ ਨੈਨੋ ਤੋਹਫਾ" ਰਾਹੀ ਕੁਝ ਕੁ ਗੱਲਾਂ ਦੀ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਸੀ।ਹੁਣ ਦਵਿੰਦਰ ਪਾਲ ਦੀ ਇਹ ਕਵਿਤਾ ਕਾਫੀ ਮਿੱਥਾਂ ਨੂੰ ਤੋੜਦੀ ਨਜ਼ਰ ਆਉਂਦੀ ਹੈ।--ਯਾਦਵਿੰਦਰ ਕਰਫਿਊ

ਕਵਿਤਾ ਪੜ੍ਹਨ ਲਈ ਫੋਟੋ 'ਤੇ ਕਲਿੱਕ ਕਰੋ

ਭਗਤ ਸਿੰਘ ਵੈਲੀ ਜਾਂ ਕਾਤਲ ਨਹੀਂ... ਸਗੋਂ ਚੇਤੰਨ ਨੌਜਵਾਨ ਸੀ


ਭਗਤ ਸਿੰਘ ਕੁੰਢੀਆਂ ਮੁੱਛਾਂ ਜਾਂ ਸਿਰ ਲੜ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀ ਨਹੀਂ ਸੀ ਸਗੋਂ ਭਗਤ ਸਿੰਘ ਤਾਂ ਇੱਕ ਵਿਸ਼ਾਲ ਸੋਚ ਦਾ ਨਾਂ ਹੈ... ਉਸ ਵਿਸ਼ਾਲ ਫਲਸਫੇ ਦਾ ਨਾਂ ਹੈ ਜਿਸਦੇ ਆਮ ਜਨਜੀਵਨ 'ਤੇ ਲਾਗੂ ਹੋਣ ਨਾਲ ਹਰ ਘਰ ਵਿੱਚ ਖੁਸ਼ਹਾਲੀ ਆ ਸਕਦੀ.....ਸੀ। 'ਸੀ' ਸ਼ਬਦ ਨੂੰ ਇੰਨਾ ਪਿਛਾਂਹ ਕਰਕੇ ਲਿਖਣਾ ਵੀ ਸ਼ਾਇਦ ਧਿਆਨ ਮੰਗਦਾ ਹੋਵੇਗਾ। ਬਿਲਕੁਲ ਸਹੀ ਸੋਚਿਆ ਤੁਸੀਂ..ਕਿਉਂਕਿ ਭਗਤ ਸਿੰਘ ਦੀ ਸੋਚ ਹੀ ਅਜਿਹੀ ਸੀ ਕਿ ਉਸਦੇ ਵਿਚਾਰਾਂ ਨੂੰ ਹੁਣ ਤੱਕ ਜੇ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਗਿਆ ਹੁੰਦਾ ਤਾਂ ਇਸ ਤ੍ਰੇੜਾਂ ਖਾਧੇ, ਭੁੱਖਮਰੀ ਦੇ ਮਾਰੇ, ਤੰਗੀਆਂ ਤੁਰਸੀਆਂ ਦੇ ਝੰਬੇ ਸਮਾਜ ਵਿੱਚ ਸਮਾਜਿਕ ਨਾ-ਬਰਾਬਰੀ ਹਰਗਿਜ ਨਹੀਂ ਸੀ ਰਹਿਣੀ। ਭਗਤ ਸਿੰਘ ਨੂੰ ਫਾਂਸੀ ਟੰਗ ਕੇ ਬੇਸ਼ੱਕ ਸਰਮਾਏਦਾਰਾਂ ਦਾ ਲਾਣਾ ਕੱਛਾਂ ਵਜਾ ਰਿਹਾ ਹੋਵੇ ਪਰ ਉਹ ਅਣਜਾਣ ਕੀ ਜਾਨਣ ਕਿ ਬਚਪਨ ਵਿੱਚ 'ਦਮੂਖਾਂ' ਬੀਜਣ ਵਾਲਾ ਭਗਤ ਸਿੰਘ ਆਪਣੀ ਸ਼ਹਾਦਤ ਤੱਕ ਇੰਨੇ ਕੁ 'ਦਿਮਾਗ' ਬੀਜ ਗਿਆ ਹੈ ਜੋ ਉਸ ਦੀ ਸੋਚ ਨੂੰ ਕਦਮ ਦਰ ਕਦਮ ਅੱਗੇ ਲਿਜਾਣ ਦੇ ਉਪਰਾਲੇ ਕਰਦੇ ਰਹਿਣਗੇ। ਭਗਤ ਸਿੰਘ ਨੂੰ ਸਿਰਫ ਸ਼ਹੀਦ ਸ਼ਬਦ ਦਾ ਰੁਤਬਾ ਦੇ ਕੇ ਹਰ ਸਾਲ ਉਸਦੇ ਬੁੱਤਾਂ 'ਤੇ ਗੇਂਦੇ ਦੇ ਫੁੱਲ ਚੜ੍ਹਾ ਕੇ ਅਖਬਾਰਾਂ ਰਾਹੀਂ ਆਪਣੀ ਬੱਲੇ ਬੱਲੇ ਕਰਵਾਉਣ ਵਾਲੇ ਲੀਡਰ ਕੀ ਜਾਨਣ ਕਿ ਜਦੋਂ ਕਿਸੇ ਮਾਂ ਦਾ ਪੁੱਤ ਲੋਕਾਂ ਲਈ ਫਾਂਸੀ ਚੜ੍ਹਦਾ ਹੈ ਤਾਂ ਉਸ ਮਾਂ ਉੱਪਰ ਕੀ ਬੀਤਦੀ ਹੋਵੇਗੀ। ਜਿਸਨੇ ਆਪਣੇ ਜਿਗਰ ਦਾ ਟੁਕੜਾ ਦੇਸ਼ ਲਈ ਕੁਰਬਾਨ ਕਰ ਦਿੱਤਾ। ਜੇ ਅੱਜ ਭਗਤ ਸਿੰਘ ਸਰੀਰਕ ਤੌਰ 'ਤੇ ਜੀਵਿਤ ਇਸ ਅਜੋਕੇ ਭਾਰਤ ਵਿੱਚ ਵਿਚਰ ਰਿਹਾ ਹੁੰਦਾ ਤਾਂ ਸ਼ਾਇਦ ਉਸ ਨੂੰ 'ਮਰਨ' ਲਈ ਵੀ ਥਾਂ ਨਹੀਂ ਸੀ ਲੱਭਣੀ ਕਿਉਂਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਵੱਟਣ ਵਾਲੇ ਰਾਜਭਾਗ ਦੇ ਨਜਾਰੇ ਲੈ ਰਹੇ ਹਨ ਤੇ ਲੋਕਾਂ ਲਈ ਜਿੰਦਗੀਆਂ ਵਾਰਨ ਵਾਲੇ ਬਹੁਤ ਸਾਰੇ ਆਜਾਦੀ ਘੁਲਾਟੀਏ ਅਜੇ ਵੀ ਪੈਨਸ਼ਨਾਂ ਲਗਵਾਉਣ ਲਈ ਸਰਕਾਰੇ ਦਰਬਾਰੇ ਠੇਡੇ ਖਾਂਦੇ ਫਿਰਦੇ ਹਨ।

ਭਗਤ ਸਿੰਘ ਦੀ ਸੋਚ ਨਾਲ ਖਿਲਵਾੜ ਹੋਣਾ ਕੋਈ ਨਵੀਂ ਗੱਲ ਨਹੀਂ। ਤਖਤਾਂ ਉੱਪਰ ਕਾਬਜ ਲੋਕ ਜਾਣਦੇ ਹਨ ਕਿ ਜੇ ਭਗਤ ਸਿੰਘ ਦੀ ਅਸਲ ਵਿਚਾਰਧਾਰਾ ਆਮ ਲੋਕਾਂ ਦੇ ਜਿਹਨ ਦਾ ਹਿੱਸਾ ਬਣ ਗਈ ਤਾਂ ਰਾਜਨੀਤੀ ਸਿਰੋਂ ਉਹਨਾਂ ਦਾ ਚਲਦਾ ਤੋਰੀ-ਫੁਲਕਾ ਹਮੇਸ਼ਾ ਹਮੇਸ਼ਾ ਲਈ ਖੁੱਸ ਜਾਵੇਗਾ। ਫਿਰ ਉਹਨਾਂ ਦੇ ਆਪਣੇ ਲੋਲੂ-ਭੋਲੂ ਨਹੀਂ ਸਗੋਂ ਆਮ ਲੋਕਾਂ ਦੇ ਪੁੱਤ ਨੇਤਾ ਬਣ ਜਾਣਗੇ ਤੇ ਉਹਨਾਂ ਨੂੰ ਕਿਸੇ ਨੇ ਬੇਰਾਂ ਵੱਟੇ ਨਹੀਂ ਪਛਾਨਣਾ। ਇਹੀ ਕਾਰਨ ਹੈ ਕਿ ਗੋਰੇ ਅੰਗਰੇਜਾਂ ਤੋਂ ਬਾਦ ਹੁਣ ਸਾਡੇ ਆਪਣੇ ਹੀ 'ਦੇਸੀ ਅੰਗਰੇਜ' ਭਗਤ ਸਿੰਘ ਦੀ ਵਿਚਾਰਧਾਰਾ ਉੱਪਰ ਮਿੱਟੀ ਮੋੜਨ ਦੇ ਆਹਰ 'ਚ ਰੁੱਝੇ ਹੋਏ ਹਨ। ਕਦੇ ਕੋਈ 'ਸਿਆਣਾ' ਆਗੂ ਬਿਆਨ ਦਾਗਦਾ ਹੈ ਕਿ 'ਭਗਤ ਸਿੰਘ ਸਹੀਦ ਹੀ ਨਹੀਂ.' ਕਦੇ ਕੋਈ ਭਗਤ ਸਿੰਘ ਨੂੰ ਸਿੱਖ, ਕਦੇ ਕੋਈ ਹਿੰਦੂ ਮਤ ਵਿੱਚ ਗਲਤਾਨ ਹੋਇਆ ਦੱਸਦਾ ਹੈ ਜਦੋਂਕਿ ਭਗਤ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਹੈ ਕਿ ਉਹ ਨਾਸਤਿਕ ਸੀ। ਸਿਰਫ ਨਾਸਤਿਕ ਸ਼ਬਦ ਆਪਣੇ ਨਾਲ ਜੋੜ ਲੈਣਾ ਹੀ ਤਾਂ ਭਗਤ ਸਿੰਘ ਦਾ ਗੁਨਾਂਹ ਨਹੀਂ? ਜਿਸਦੇ ਇਵਜ 'ਚ ਭਗਤ ਸਿੰਘ ਨੂੰ ਇਤਿਹਾਸ 'ਚੋਂ ਪਾਸੇ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕਦੇ ਪੋਸਟਰ ਜਾਰੀ ਹੁੰਦੇ ਹਨ ਜਿਹਨਾਂ 'ਤੇ ਭਗਤ ਸਿੰਘ ਨੂੰ ਕਿਸੇ ਵੈਲੀ ਮੁੰਡੇ ਵਾਂਗ ਮੁੱਛ ਨੂੰ ਵਟ ਚਾੜ੍ਹਦੇ ਦਿਖਾਇਆ ਜਾਂਦਾ ਹੈ, ਕਿਸੇ ਪੋਸਟਰ 'ਚ ਉਸਨੂੰ ਹੱਥ ਪਿਸਤੌਲ ਫੜਾ ਕੇ ਕਤਲੋਗਾਰਦ ਕਰਨ ਲਈ ਕਾਹਲੇ ਨੌਜਵਾਨ ਵਜੋਂ ਪੇਸ਼ ਕੀਤਾ ਜਾਂਦਾ ਹੈ। ਕਦੇ ਭਗਤ ਸਿੰਘ ਦੀ ਫੋਟੋ ਵਾਲੇ ਸਟਿੱਕਰ ਵਿਕਣੇ ਆਉਂਦੇ ਹਨ ਜਿਹਨਾਂ 'ਤੇ ਲਿਖਿਆ ਮਿਲਦਾ ਹੈ ਕਿ
÷ਲੋਹੜਿਆਂ ਦੇ ਸ਼ਰੀਫ ਹਾਂ,
ਸਿਰੇ ਦੇ ਲਫੰਗੇ ਹਾਂ।
ਮਾੜਿਆਂ ਨਾਲ ਮਾੜੇ ਹਾਂ,
ਤੇ ਚੰਗਿਆਂ ਨਾਲ ਚੰਗੇ ਹਾਂ।÷

ਤੇ ਕਦੇ ਭਗਤ ਸਿੰਘ ਨੂੰ ਜੱਟਵਾਦ ਨਾਲ ਜੋੜ ਕੇ 'ਟੈਟੂ' ਬਣਾ ਕੇ ਡੌਲਿਆਂ 'ਤੇ ਉੱਕਰ ਦਿੱਤਾ ਜਾਂਦਾ ਹੈ। ਜਦੋਂਕਿ ਲੋੜ ਭਗਤ ਸਿੰਘ ਦੀਆਂ ਫੋਟੋਆਂ ਦੇ ਗੋਂਦਨੇ ਗੁੰਦਵਾਉਣ ਦੀ ਨਹੀਂ ਸਗੋਂ ਭਗਤ ਸਿੰਘ ਦੇ ਵਿਚਾਰਾਂ ਨੂੰ ਮਨੋਂ ਧਾਰਨ ਕਰਨ ਦੀ ਹੈ। ਅਜੇ ਤੱਕ ਅਜਿਹਾ ਪੋਸਟਰ ਕਦੇ ਵੀ ਵਿਕਣਾ ਨਹੀਂ ਆਇਆ ਜਿਸ ਵਿੱਚ ਭਗਤ ਸਿੰਘ ਨੂੰ ਹਿੱਕ ਨਾਲ ਕਿਤਾਬਾਂ ਲਾਈ ਖੜ੍ਹਾ ਦਿਖਾਇਆ ਗਿਆ ਹੋਵੇ ਜਦੋਂਕਿ ਇਹ ਗੱਲ ਜੱਗ ਜਾਹਿਰ ਹੈ ਕਿ ਭਗਤ ਸਿੰਘ ਆਪਣੀ ਜਿੰਦਗੀ ਦੇ ਆਖਰੀ ਪਲਾਂ 'ਚ ਵੀ ਕਿਤਾਬ ਪੜ੍ਹਨ 'ਚ ਮਸ਼ਰੂਫ ਸੀ। ਭਗਤ ਸਿੰਘ ਦੀਆਂ ਜੱਜਾਂ ਵਕੀਲਾਂ ਨਾਲ ਹੋਈ ਦਲੀਲਬਾਜੀ ਵੀ ਉਸ ਦੇ ਕੀਤੇ ਅਧਿਐਨ ਦੀ ਮੂੰਹੋਂ ਬੋਲਦੀ ਤਸਵੀਰ ਹੈ। ਗਿਆਨ ਵਿਹੂਣਾ ਮਨੁੱਖ ਮੂੰਹ ਵਿੱਚ ਘੁੰਗਣੀਆਂ ਜਰੂਰ ਪਾ ਸਕਦਾ ਹੈ, ਦਲੀਲਬਾਜੀ ਨਾਲ ਗੱਲ ਨਹੀਂ ਕਰ ਸਕਦਾ। ਭਗਤ ਸਿੰਘ ਦਾ ਹੀ ਕਥਨ ਸੀ (ਹੈ) ਕਿ 'ਅਧਿਐਨ ਕਰ ਤਾਂ ਕਿ ਤੂੰ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕੇਂ...।' ਪਰ ਸੋਚਣ ਵਾਲੀ ਗੱਲ ਹੈ ਕਿ ਦੂਜਿਆਂ ਨੂੰ ਅਧਿਐਨ ਕਰਨ ਦੀਆਂ ਮੱਤਾਂ ਦੇਣ ਵਾਲੇ ਉਸ ÷ਪਰਮਗੁਣੀ ਭਗਤ ਸਿੰਘ÷ ਨੂੰ ਕਿਉਂ ਇੱਕ ਕਾਤਲ,ਵੈਲੀ ਜਾਂ ਲਫੰਗਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ? ਕਿਉਂ.. ਕਿਉਂ?

ਇਸਦਾ ਜਵਾਬ ਸ਼ਾਇਦ ਇਹੀ ਹੋਵੇਗਾ ਕਿ ਜੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਹੂਬਹੂ ਲਾਗੂ ਕਰਨ ਦੀ ਕੋਈ ਵੀ ਸਰਕਾਰ 'ਗਲਤੀ' ਕਰਦੀ ਹੈ ਤਾਂ ਉਸਦਾ ਫਾਇਦਾ ਸਿੱਧੇ ਤੌਰ 'ਤੇ ਦੱਬੀ ਕੁਚਲੀ ਜਨਤਾ ਨੂੰ ਹੋਵੇਗਾ ਜਦੋਂਕਿ ਅਸਿੱਧੇ ਤੌਰ 'ਤੇ ਖਮਿਆਜਾ ਕੁਰਸੀਆਂ ਵੱਲ ਕੁੱਤੇਝਾਕ ਲਾਈ ਬੈਠੇ ਰਾਜਨੀਤਕ ਪਰਿਵਾਰਾਂ ਨੂੰ ਭੁਗਤਣਾ ਪਵੇਗਾ। ਕਿਉਂਕਿ ਅੰਗਰੇਜਾਂ ਤੋਂ ਬਾਦ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ 'ਤੇ ਹੁਣ ਦੇਸੀ ਅੰਗਰੇਜਾਂ ਦੇ ਹੀ 'ਕਾਕੇ' ਪਲਦੇ ਹਨ। ਜੇ ਭਗਤ ਸਿੰਘ ਦੀ ਸੋਚ ਦੇ ਹਾਣ ਦਾ ਸਮਾਜ ਸਿਰਜਣ ਦੀ ਗੱਲ ਤੁਰਦੀ ਹੈ ਤਾਂ ਗਾਂਧੀਆਂ, ਅਬਦੁੱਲਿਆਂ, ਬਾਦਲਾਂ, ਕੈਪਟਨਾਂ ਦੇ ਪੁੱਤ ਪੋਤਰੇ ਪਿਤਾ ਪੁਰਖੀ ਕੁਰਸੀਆਂ 'ਤੇ ਰਾਜ ਨਹੀਂ ਕਰ ਸਕਣਗੇ ਸਗੋਂ ਲੋਕਾਂ ਦੇ ਪੁੱਤ ਉਹਨਾਂ ਕੁਰਸੀਆਂ 'ਤੇ ਚੜ੍ਹ ਸਕਦੇ ਹਨ। ਸਮਾਜਿਕ ਨਾ-ਬਰਾਬਰੀ ਵਾਲੇ ਖੁਸ਼ਹਾਲ ਸਮਾਜ ਵਿੱਚ ਹਰ ਕਿਸੇ ਕੋਲ ਰੁਜਗਾਰ ਹੋਵੇਗਾ, ਵਿੱਦਿਅਕ ਪੱਖੋਂ ਹਰ ਕੋਈ ਪੂਰਾ ਸੂਰਾ ਹੋਵੇਗਾ। ਕਿਸੇ ਜੁਆਕ ਦੇ ਹੱਥ ਹੋਟਲਾਂ 'ਤੇ ਜੂਠੇ ਭਾਂਡੇ ਮਾਂਜਣ 'ਚ ਨਹੀਂ ਸਗੋਂ ਕਿਤਾਬਾਂ ਜਾ ਖਿਡੌਣਿਆਂ ਨਾਲ ਚਿੱਤ ਪਰਚਾਉਣ ਦੇ ਕਾਬਲ ਹੋਣਗੇ। ਬਾਲਗ ਨੌਜਵਾਨ ਰੁਜਗਾਰ ਨਾ ਮਿਲਣ ਦੀਆਂ ਚਿੰਤਾਵਾਂ 'ਚ ਫਸ ਕੇ ਨਸ਼ਿਆਂ ਦੀ ਦਲਦਲ 'ਚ ਫਸਣ ਨਾਲੋਂ ਖੁਸ਼ਹਾਲ ਜੀਵਨ ਜਿਉਣ ਵੱਲ ਧਿਆਨ ਦੇਣਗੇ। ਬਜੁਰਗ ਬੁਢਾਪੇ ਨੂੰ ਸ਼ਰਾਪ ਵਾਂਗ ਹੰਢਾਉਂਦੇ ਬੁਢਾਪਾ ਪੈਨਸ਼ਨਾਂ ਲਈ ਦਰ ਦਰ ਦੀਆਂ ਠੋਕਰਾਂ ਨਹੀਂ ਖਾਣਗੇ। ਭਵਿੱਖ ਦੀ ਸਾਫ ਨਜਰ ਪੈਂਦੀ ਤਸਵੀਰ ਨੂੰ ਹਕੀਕਤ 'ਚ ਕੋਈ ਵੀ ਸਿਆਸੀ ਆਗੂ ਬਦਲਦੀ ਨਹੀਂ ਦੇਖਣੀ ਚਾਹੁੰਦਾ। ਇਹੀ ਵਜ੍ਹਾ ਹੈ ਕਿ ਸਭ ਭਗਤ ਸਿੰਘ ਨੂੰ ਲੋਕ ਮਨਾਂ 'ਚ ਪ੍ਰਵੇਸ਼ ਪਾਉਣੋਂ ਰੋਕਣ ਲਈ ਆਪਣਾ ਬਣਦਾ ਜੋਰ ਲਾ ਰਹੇ ਹਨ। ਇਸੇ ਅੰਦਰੇ ਅੰਦਰ ਬੁਣੀ ਜਾ ਰਹੀ ਬੁਣਤੀ ਦਾ ਹੀ ਹਿੱਸਾ ਹੈ ਕਿ ਜਿਹੜੇ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 31 ਮਾਰਚ ਦੇ ਦਿਨ ਨਾਲ ਲੰਮੇ ਸਮੇਂ ਤੋਂ ਜੁੜੀ ਹੋਈ ਸੀ, ਉਹ ਨਿਲਾਮੀ ਵੀ ਹੁਣ 23 ਮਾਰਚ ਨੂੰ ਹੋਣੀ ਦੱਸੀ ਜਾ ਰਹੀ ਹੈ। ਇਹ ਉਹੀ ਤੇਈ ਮਾਰਚ ਹੈ ਜਿਸ ਦਿਨ ਲੋਕ ਆਪਣੇ ਮਹਿਬੂਬ 'ਪਰਮਗੁਣੀ ਸ਼ਹੀਦ ਭਗਤ ਸਿੰਘ' ਨੂੰ ਯਾਦ ਕਰਨਗੇ।

ਭਗਤ ਸਿੰਘ ਨੂੰ ਲੋਕ ਮਨਾਂ 'ਚੋਂ ਪਾਸੇ ਕਰਨ ਵੱਲ ਤੁਰੇ ਕਦਮਾਂ 'ਚੋਂ ਹੀ ਇੱਕ ਕਦਮ ਇਹ ਹੈ ਕਿ ਪੰਜਾਬ ਦੇ ਲੋਕ ਭਗਤ ਸਿੰਘ ਦੇ ਸ਼ਹੀਦੀ ਦਿਨ ਨੂੰ ਮਨਾਉਣ ਨਾਲੋਂ ਸਸਤੀ ਸ਼ਰਾਬ ਖਰੀਦਣ ਲਈ ਵਧੇਰੇ ਲਟਾਪੀਂਘ ਹੋਏ ਨਜਰ ਆਉਣਗੇ। ਪੰਜਾਬ ਵਿੱਚ ਰਣਜੀਤ ਸਿੰਘ ਵਰਗਾ ਰਾਜ ਦੇਣ ਦੀਆਂ ਟਾਹਰਾਂ ਮਾਰਨ ਵਾਲੇ ਪਿਉ ਪੁੱਤ ਦੀ ਸਰਕਾਰ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਜੋ ਉਸ ਅਧਿਐਨ ਪਸੰਦ ਲੋਕ ਨਾਇਕ ਦੇ ਸ਼ਹੀਦੀ ਦਿਨ 'ਤੇ ਲੋਕਾਂ ਨੂੰ 'ਸਿਆਣੇ' ਕਰਨ ਨਾਲੋਂ ਸਸਤੀ ਸ਼ਰਾਬ ਦੀ ਲੋਰ 'ਚ ਮਸਤ ਹੋਣ ਦਾ ਇੰਤਜਾਮ ਕਰ ਰਹੀ ਹੈ। ਫੈਸਲਾ ਲੋਕਾਂ ਨੇ ਕਰਨਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਚਾਲਾਂ ਨੂੰ ਕਿੱਥੋਂ ਕੁ ਤੱਕ ਕਾਮਯਾਬ ਹੋਣ ਦਿੰਦੇ ਹਨ ਜਾਂ ਫਿਰ ਭਗਤ ਸਿੰਘ ਦੀ ਸੋਚ ਦੇ ਹਾਣ ਦਾ ਸਮਾਜ ਸਿਰਜਣ ਦੇ ਰਾਹ ਤੁਰਦੇ ਹਨ। ਅੰਤ ਵਿੱਚ ਭਗਤ ਸਿੰਘ ਦੇ ਕਥਨ ਨਾਲ ਇਜਾਜਤ ਚਾਹਾਗਾ ਕਿ ÷ ਗਰੀਬਾਂ ਨੂੰ ਦਾਨ ਦੇਣ ਦੀ ਬਜਾਏ ਅਜਿਹਾ ਸਮਾਜ ਸਿਰਜੋ, ਜਿੱਥੇ ਨਾ ਗਰੀਬ ਹੋਣ ਨਾ ਦਾਨੀ।÷ ਪਰ ਸਮਾਜ ਨੂੰ ਇਹਨਾਂ ਹਾਲਾਤਾਂ ਤੱਕ ਪਹੁੰਚਣੋਂ ਰੋਕਣ ਵਾਲਿਆਂ ਦਾ ਵੀ ਧੁੰਨੀ ਤੱਕ ਜੋਰ ਲੱਗਿਆ ਹੋਇਆ ਹੈ। ਦੇਖਣਾ ਹੈ ਕਿ ਸ਼ਹੀਦ ਦੇ ਵਾਰਸ ਆਪਣੇ ਮਕਸਦ ਵਿੱਚ ਕਾਮਯਾਬ ਹੁੰਦੇ ਹਨ ਜਾਂ ਫਿਰ ਲੋਕਾਂ ਨੂੰ ਬੁੱਧੂ ਬਣਾ ਕੇ ਆਪਣਾ ਤੋਰੀ-ਫੁਲਕਾ ਚਲਾਉਣ ਵਾਲੇ ਨੇਤਾਗਣ...।

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
Mob.- 0044 (0) 75191 12312
E mail:- khurmi13deep@yahoo.in

Tuesday, March 16, 2010

ਔਰਤ ਰਾਖਵਾਂਕਰਨ,ਕਰੀਮੀ ਲੇਅਰ ਤੇ ਹਿੰਦੀ ਪੱਟੀ ਦੀ ਸਿਆਸਤ


ਲੋਕਤੰਤਰ ਨੂੰ ਜੇ ਦੂਜਾ ਨਾਂਅ ਦੇਣਾ ਹੋਵੇ ਤਾਂ ਅਸਹਿਮਤੀਆਂ ਦਾ ਤੰਤਰ ਕਹਿਣਾ ਪਵੇਗਾ।ਜਿੱਥੇ ਅਸਹਿਮਤੀਆਂ ਮਜ਼ਬੂਤ ਤੇ ਸਿਹਤਮੰਦ ਲੋਕਤੰਤਰ ਦੀਆਂ ਨਿਸ਼ਾਨੀਆਂ ਹਨ,ਓਥੇ ਅਸਹਿਮਤੀਆਂ ਜਤਾਉਣ ਦਾ ਤਰੀਕਾ ਵੀ ਜਮਹੂਰੀ ਹੋਣਾ ਚਾਹੀਦਾ ਹੈ।ਸਿਰਫ ਆਪਣੇ ਨਿੱਜੀ ਏਜੰਡੇ ਤੇ ਮੌਕਾਪ੍ਰਸਤੀ ਲਈ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਣ ਦਾ ਅਧਿਕਾਰ ਕਿਸੇ ਕੋਲ ਨਹੀਂ ਹੈ।ਪਰ ਅਜਿਹੇ ਨਜ਼ਾਰੇ ਪਿਛਲੇ ਦਿਨੀਂ ਦੇਸ਼ ਦੀ ਸੰਸਦ ਅੰਦਰ ਵੇਖਣ ਨੂੰ ਮਿਲੇ ਹਨ।ਸੰਸਦ ‘ਚ ਪਿਛਲੇ ਸਮਿਆਂ ਦੌਰਾਨ ਕਾਫੀ ਬਿੱਲ ਪਾਸ ਹੋਏ ਹਨ,ਪਰ ਜਿਸ ਤਰ੍ਹਾਂ ਔਰਤ ਰਾਖਵਾਂਕਰਨ ਬਿੱਲ ‘ਤੇ ਹੱਲਾ ਗੁੱਲਾ ਹੋਇਆ,ਉਵੇਂ ਕਿਸੇ ਹੋਰ ‘ਤੇ ਨਹੀਂ।ਕਾਰਨ ਸਾਫ ਹਨ,ਕਿ ਉਹ ਬਿੱਲ ਪਾਰਟੀਆਂ ਦੇ ਸਿਆਸੀ ਮਾਅਨੇ ਨਹੀਂ ਰੱਖਦੇ ਸਨ,ਜਿੰਨਾ ਔਰਤ ਦੇ ਰਾਖਵਾਂਕਰਨ ਦਾ ਮਸਲਾ।ਇਸੇ ਲਈ ਬਿੱਲ ਦੇ ਵਿਰੋਧ ‘ਚ ਭਾਰਤੀ ਸਿਆਸਤ ਤੇ ਹਿੰਦੀ ਪੱਟੀ ਦੇ ਧੜੱਲੇਦਾਰ ਨੇਤਾ ਤਿੱਖੇ ਰੂਪ ‘ਚ ਸਾਹਮਣੇ ਆਏ।ਇਹਨਾਂ ਪਾਰਟੀਆਂ ਤੇ ਲੀਡਰਾਂ ਤੋਂ ਇਲਾਵਾ ਕਈ ਹੋਰ ਬਿੱਲ ਦਾ ਵਿਰੋਧ ਦੱਬੀ ਸੁਰ ‘ਚ ਕਰਦੇ ਰਹੇ ਹਨ।

ਬਿੱਲ ਦਾ ਵਿਰੋਧ ਕਰਨ ਵਾਲੀਆਂ ਹਿੰਦੀ ਪੱਟੀ ਦੀਆਂ ਸਾਰੀਆਂ ਪਾਰਟੀਆਂ ਅਨੁਸੂਚਿਤ ਜਾਤੀਆਂ,ਪਛੜੀਆਂ ਸ਼੍ਰੇਣੀਆਂ ਤੇ ਘੱਟਗਿਣਤੀ ਭਾਈਚਾਰਿਆਂ ਦੇ ਰਾਖਵੇਂਕਰਨ ਦੀਆਂ ਸਮੱਰਥਕ ਰਹੀਆਂ ਤੇ ਹਨ।ਪਿੱਛਲਝਾਤ ਮਾਰਦਿਆਂ ਪਤਾ ਲਗਦਾ ਹੈ ਕਿ ਭਾਰਤੀ ਸਿਆਸਤ ਦੇ ਧਰਾਤਲ ‘ਤੇ ਇਹਨਾਂ ਸਾਰੀਆਂ ਪਾਰਟੀਆਂ ਦੀਆਂ ਦਾ ਜ਼ਿਆਦਾ ਉਭਾਰ “ਮੰਡਲ ਕਮਿਸ਼ਨ” ਤੋਂ ਬਾਅਦ ਹੋਣਾ ਸ਼ੁਰੂ ਹੋਇਆ।ਯਾਨਿ “ਮੰਡਲ ਕਮਿਸ਼ਨ” ਇਹਨਾਂ ਪਾਰਟੀਆਂ ਲਈ “ਮਸੀਹਾ” ਬਣਕੇ ਆਇਆ।“ਮੰਡਲ” ਨੇ 1977 ਦੀ ਗੈਰ ਕਾਂਗਰਸਵਾਦ ਲਹਿਰ ‘ਚੋਂ ਪੈਦਾ ਹੋਏ ਮੁਲਾਇਮ ਸਿੰਘ,ਲਾਲੂ ਪ੍ਰਸਾਦ ਯਾਦਵ,ਸ਼ਰਦ ਯਾਦਵ,ਨਤੀਸ਼ ਕੁਮਾਰ,ਰਾਮ ਵਿਲਾਸ ਪਾਸਵਾਨ ਵਰਗੇ ਆਗੂਆਂ ਦੀਆਂ ਜੜ੍ਹਾਂ ਭਾਰਤੀ ਸਿਆਸਤ ‘ਚ ਜਮਾ ਦਿੱਤੀਆਂ ਸਨ।ਮੰਡਲ ਤੋਂ ਬਾਅਦ ਭਾਰਤੀ ਸਿਆਸਤ ‘ਚ ਵਾਪਰੀ “ਬਾਬਰੀ ਮਸਜਿਦ” ਦੀ ਅਹਿਮ ਘਟਨਾ ਨੇ,ਇਹਨਾਂ ‘ਚੋਂ ਕੁਝ ਲੀਡਰਾਂ ਲਈ ਨਵੇਂ ਰਾਜਨੀਤਿਕ ਧਰੁਵੀਕਰਨ ਦੀ ਜ਼ਮੀਨ ਤਿਆਰ ਕੀਤੀ।ਇਕ ਪਾਸੇ ਹਿੰਦੂਤਵੀ ਤੇ ਦੂਜੇ ਪਾਸੇ ਕਿਹਾ ਜਾਂਦਾ “ਸੈਕੁਲਰ” ਧਰੁਵੀਕਰਨ।ਮੁਲਾਇਮ ਸਿੰਘ ਯਾਦਵ ਨੇ ਜਿੱਥੇ ੳੁੱਤਰਪ੍ਰਦੇਸ਼ ਦੇ ਅੰਦਰ “ਬਾਬਰੀ ਮਸਜਿਦ ਕਾਂਡ” ਦੇ ਤਿੱਖਾ ਵਿਰੋਧ ਦੇ ਜ਼ਰੀਏ ਨਵੀਂ ਸਿਆਸੀ ਜ਼ਮੀਨ ਬਣਾਉਣ ਦੀ ਕੋਸ਼ਿਸ਼ ਕੀਤੀ ,ਓਥੇ ਹੀ ਲਾਲੂ ਪ੍ਰਸਾਦ ਯਾਦਵ ਨੇ ਹਿੰਦੂਤਵ ਦਾ ਧਰੁਵ ਬਣੇ ਲਾਲ ਕ੍ਰਿਸ਼ਨ ਅਡਵਾਨੀ ਦੀ ਰੱਥ ਯਾਤਰਾ ਨੂੰ ਬਿਹਾਰ ਦੇ ਸਮਸਤੀਪੁਰ ਜ਼ਿਲੇ ਅੰਦਰ ਰੁਕਵਾਕੇ,ਉਹਨਾਂ ਦੀ ਗ੍ਰਿਫਤਾਰੀ ਕਾਰਵਾਈ।ਇਸ ਗ੍ਰਿਫਤਾਰੀ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਨੂੰ ਮੁਸਲਮਾਨ ਭਾਈਚਾਰੇ ਤੋਂ ਵੱਡੀ ਹਮਦਰਦੀ ਮਿਲੀ।ਇਹਨਾਂ ਦੋਵਾਂ ਘਟਨਾਵਾਂ ਤੋਂ ਬਾਅਦ ਦੋਵੇਂ ਯਾਦਵਾਂ ਨੇ ਰਾਜਨੀਤੀ ਅੰਦਰ ਹਮੇਸ਼ਾਂ ਹੀ ਯਾਦਵ-ਮੁਸਲਮਾਨ ਗਠਜੋੜ ਬਣਾਉਣ ਦੀ ਕੋਸ਼ਿਸ਼ ਕੀਤੀ।ਜਿਸ ‘ਚ ਉਹਨਾਂ ਨੂੰ ਸਫਲਤਾ ਵੀ ਮਿਲੀ।

ਇਹਨਾਂ ਸਮੀਕਰਨਾਂ ਦੇ ਜ਼ਰੀਏ ਸਿਆਸਤ ‘ਚ ਵੱਖਰੀ ਥਾਂ ਬਣਾਉਣ ਵਾਲੇ ਇਹਨਾਂ ਲੀਡਰਾਂ ਨੇ ਉਹਨਾਂ ਵਰਗਾਂ ਦੀ ਪ੍ਰਤੀਨਿਧਤਾਂ ਦਾ ਖਿਆਲ ਕਦੇ ਨਹੀਂ ਰੱਖਿਆ।ਅੱਜ ਜਦੋਂ ਔਰਤਾਂ ਦੇ ਰਾਖਵੇਂਕਰਨ ਨੂੰ ਲੈ ਕੇ ਦਲਿਤ,ਪਛੜੀਆਂ ਤੇ ਮੁਸਲਮਾਨ ਔਰਤਾਂ ਦੇ ਰਾਖਵੇਂਕਰਨ ਦੀ ਗੱਲ ਹੋ ਰਹੀ ਹੈ ਤਾਂ ਇਹਨਾਂ ਪਾਰਟੀਆਂ ਅੰਦਰ ਹੁਣ ਤੱਕ ਇਹਨਾਂ ਵਰਗਾਂ ਦੀ ਸ਼ਮੂਲੀਅਤ ਦੀ ਸ਼ਨਾਖ਼ਤ ਵੀ ਕਰਨੀ ਚਾਹੀਦੀ ਹੈ।ਛੋਟੇ ਮੋਟੇ ਅਹੁਦਿਆਂ ਤੋਂ ਇਲਾਵਾ ਵੱਡੇ ਅਹੁਦਿਆਂ ‘ਤੇ ਰਾਬੜੀ ਦੇਵੀ ਤੇ ਡਿੰਪਲ ਯਾਦਵ ਹੀ ਨਜ਼ਰ ਆਉਣਗੀਆਂ।ਜੇ ਬਹੁਜਨ ਸਮਾਜ ਪਾਰਟੀ ਦਾ ਵਿਰੋਧ ਦੇ ਸੁਰ ਕੁਝ ਨੀਵੇਂ ਹਨ,ਉਸਦਾ ਕਾਰਨ ਵੀ ਹੈ ਕਿ ਬਹੁਜਨ ਸਮਾਜ ਪਾਰਟੀ ਮੁਲਾਇਮ ਸਿੰਘ ਯਾਦਵ ਤੇ ਲਾਲੂ ਪ੍ਰਸਾਦ ਯਾਦਵ ਦੀ ਤਰ੍ਹਾਂ ਸਿਰਫ ੳੁੱਤਰਪ੍ਰਦੇਸ਼ ਤੱਕ ਸੀਮਤ ਨਹੀਂ ਰਹਿਣਾ ਚਾਹੁੰਦੀ,ਤੇ ਹੋਰ ਰਾਜਾਂ ‘ਚ ਪਸਾਰਾ ਕਰਨ ਲਈ ਉਸਨੇ ਇਹੋ ਜਿਹੀ ਰਾਜਨੀਤੀ ਨੂੰ ਜ਼ਿਆਦਾ ਉਭਾਰਨ ਤੋਂ ਪ੍ਰਹੇਜ਼ ਕੀਤਾ ਹੈ।ਕਿਉਂਕਿ ਯੂ.ਪੀ ਅੰਦਰ ਉਸ ਕੋਲ ਪਹਿਲਾਂ ਹੀ ਦਲਿਤ-ਬ੍ਰਹਮਣ ਮਜ਼ਬੂਤ ਗਠਜੋੜ ਹੈ।ਜਨਤਾ ਦਲ(ਯੂਨਾਈਟਡ) ‘ਚ ਇਸ ਮਾਮਲੇ ‘ਤੇ ਧੜੇਬੰਦੀ ਹੋਈ ਹੈ।ਪਾਰਟੀ ਦੋ ਦਿੱਗਜ ਲੀਡਰ ਆਹਮੋ ਸਾਹਮਣੇ ਹਨ।ਬਿਹਾਰ ਤੇ ਮੁੱਖ ਮੰਤਰੀ ਤੇ ਪਾਰਟੀ ਦੇ ਸੀਨੀਅਰ ਨੇਤਾ ਜਿੱਥੇ ਔਰਤ ਰਾਖਵੇਂਕਰਨ ਦੇ ਪੱਖ ‘ਚ ਹਨ,ਓਥੇ ਹੀ ਸ਼ਰਦ ਯਾਦਵ ਇਸਦਾ ਵਿਰੋਧ ਕਰ ਰਹੇ ਹਨ।ਇਸਦਾ ਮਤਲਬ ਵੀ ਇਹੀ ਕੱਢਿਆ ਜਾ ਰਿਹੈ ਕਿ ਜਾਂ ਤਾਂ ਸ਼ਰਦ ਯਾਦਵ ਆਪਣੇ ਨਿੱਜੀ ਅਧਾਰ ਨੂੰ ਬਚਾਉਣ ਲਈ ਅਜਿਹਾ ਕਰਨ ਰਹੇ ਹਨ ਜਾਂ ਫਿਰ ਆਉਂਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਜਿੱਤਣ ਲਈ ਆਪਸੀ ਵਿਰੋਧ ਤਹਿਸ਼ੁਦਾ ਸਿਆਸੀ ਰਣਨੀਤੀ ਹੈ।ਜਿਸ ਨਾਲ ਪੱਖ ਤੇ ਵਿਰੋਧ ਵਾਲੇ ਦੋਵੇਂ ਵਰਗਾਂ ਨੂੰ ਆਪਣੇ ਸਿਆਸੀ ਕਲਾਵੇ ‘ਚ ਲਿਆ ਜਾ ਸਕਦਾ ਹੈ।ਵੈਸੇ ਇਸ ਲਈ ਕੋਈ ਸ਼ੱਕ ਨਹੀਂ ਕਿ ਨਤੀਸ਼ ਕੁਮਾਰ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਮਹਾਂਦਲਿਤ ਵਾਲਾ ਪੱਤਾ ਖੇਡਕੇ ਸ਼ਰਦ ਯਾਦਵ ਨੂੰ ਖੁੱਡੇ ਲਾਇਆ ਹੈ।ਨਤੀਸ਼ ਕੁਮਾਰ ਕੁਰਮੀ ਭਾਈਚਾਰੇ ‘ਚੋਂ ਆਉਂਦੇ ਹਨ,ਇਸੇ ਲਈ ਉਹਨਾਂ ਮੁੱਖ ਮੰਤਰੀ ਬਣਨ ਤੋਂ ਤੁਰੰਤ ਬਾਅਦ ਕੁਰਮੀ ਭਾਈਚਾਰੇ ਨੂੰ ਪ੍ਰਸ਼ਾਸ਼ਨ ਤੇ ਸੱਤਾ ਅੰਦਰ ਵੱਡੀ ਭਾਗੀਦਾਰੀ ਦਿਵਾਈ ਹੈ,ਜਿਸ ਕਰਕੇ ਹੀ ਮੌਜੂਦਾ ਦੌਰ ‘ਚ ਬਿਹਾਰ ਅੰਦਰ ਵਿਸ਼ਾਲ ਮਹਾਂਦਲਿਤ ਰੈਲੀਆਂ ਹੋ ਰਹੀਆਂ ਹਨ।ਨਤੀਸ਼ ਕੁਮਾਰ ਦੀ ਇਸ ਮਹਾਂਦਲਿਤ ਸਿਆਸਤ ਨੇ ਯਾਦਵਾਂ ਨੂੰ ਵੱਡਾ ਧੱਕਾ ਪਹੁੰਚਾਇਆ ਹੈ।ਜਿਸ ਕਾਰਨ ਸ਼ਰਦ ਯਾਦਵ ਨਵੇਂ ਸਮੀਕਰਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋਣਗੇ।

ਇਸ ਪੂਰੀ ਸਿਆਸਤ ਦਾ ਖ਼ਾਕਾ ਦੇਖਕੇ ਕੋਈ ਵੀ ਕਹਿਣ ਦੀ ਜ਼ੁਅਰਤ ਨਹੀਂ ਕਰੇਗਾ ਕਿ ਇਹ ਸਮਾਜਵਾਦੀ ਆਗੂ ਡਾ. ਰਾਮ ਮਨੋਹਰ ਲੋਹੀਆ,ਗੈਰ ਕਾਂਗਰਸਵਾਦ ਨੂੰ ਸਿਖ਼ਰ ‘ਤੇ ਲਿਜਾਣ ਵਾਲੇ ਸੰਪੂਰਨ ਕ੍ਰਾਂਤੀ ਦੇ ਮੁੱਖ ਆਗੂ ਜੈ ਪ੍ਰਕਾਸ਼ ਨਰਾਇਣ ਤੇ ਦਲਿਤਾਂ ਦੇ ਮਸੀਹਾ ਡਾ.ਬੀ.ਆਰ.ਅੰਬੇਦਕਰ ਦੇ ਵਾਰਿਸ ਜਾਂ ਅਗਲੀ ਪੀੜੀ ਹਨ।ਉਹਨਾਂ ਹਮੇਸ਼ਾਂ ਆਪਣੀ ਵਿਚਾਰਧਾਰਾ ਨੂੰ ਪਹਿਲ ਦੇ ਕੇ ਰਾਜਨੀਤੀ ਦੇ ਜ਼ਰੀਏ ਸੱਤਾ ਤੇ ਵਿਵਸਥਾ ਨੂੰ ਲੋਕਪੱਖੀ ਬਣਾਇਆ,ਪਰ ਇਹ ਸਾਰੇ ਸਿਧਾਤਾਂ ਨੂੰ ਤਿਲਾਂਜਲੀ ਦੇਕੇ ਆਪਣੀ ਨਿੱਜੀ ਨਫੇ ਨੁਕਸਾਨਾਂ ਤੇ ਸੱਤਾ ਦਾ ਸਵਾਦ ਚੱਖ਼ਣ ਲਈ ਖ਼ੁਦ ਸੱਤਾ ਤੇ ਵਿਵਸਥਾ ਬਣ ਗਏ ਹਨ।ਜੈ.ਪ੍ਰਕਾਸ ਨਰਾਇਣ ਨੇ ਜਿਸ ਰਾਜਨੀਤੀ ਸ਼ਬਦ ਨੁੰ ਘ੍ਰਿਣਾ ਕਰਦਿਆਂ,ਉਸ ਨੂੰ “ਲੋਕਨੀਤੀ” ਕਹਿਕੇ ਪ੍ਰਭਾਸ਼ਤ ਕੀਤਾ,ਅੱਜ ਉਹਨਾਂ ਦੀ ਪੈਦਾਵਾਰ ਇਹ ਪੀੜੀ ਮੌਕਾਪ੍ਰਸਤ ਸਿਆਸਤ ਤੋਂ ਬਿਨਾਂ ਹੋਰ ਕੁਝ ਨਹੀਂ ਕਰ ਰਹੀ।ਇਹਨਾਂ ਕਹੇ ਜਾਂਦੇ ਸਮਾਜਵਾਦੀਆਂ ਦੀ ਜਾਣਕਾਰੀ ਲਈ ਡਾ. ਰਾਮ ਮਨੋਹਰ ਲੋਹੀਆ ਔਰਤਾਂ ਲਈ 33 ਨਹੀਂ ਬਲਕਿ 50 %ਰਾਖਵੇਂਕਰਨ ਦੀ ਮੰਗ ਕਰਦੇ ਸਨ।ਉਹ ਸਮਾਜ ਦੇ ਹੋਰ ਦੱਬੇ ਕੁਚਲੇ ਤਬਕਿਆਂ ਨੂੰ ਰਾਖਵੇਂਕਰਨ ਦੀ ਗੱਲ ਹਮੇਸ਼ਾ ਕਰਦੇ ਰਹੇ,ਪਰ ਉਹਨਾਂ ਇਸਨੂੰ ਮੁੱਖ ਧਰਾਈ ਸਿਆਸੀ ਏਜੰਡਾ ਨਹੀਂ ਬਣਨ ਦਿੱਤਾ।

ਡਾ. ਰਾਮ ਮਨੋਹਰ ਲੋਹੀਆ ਤੇ ਜੈ ਪ੍ਰਕਾਸ਼ ਨਰਾਇਣ ਇਕ ਸਮਾਂ ਕਾਂਗਰਸ ‘ਚ ਮਹਾਤਮਾ ਗਾਂਧੀ ਤੇ ਜਵਾਹਰਲਾਲ ਨਹਿਰੂ ਦੇ ਨਾਲ ਚਲਦੇ ਰਹੇ,ਪਰ ਜਦੋਂ ਵਿਚਾਰਧਾਰਕ ਮੱਤਭੇਦ ਆਏ ਤਾਂ ਪਿੱਛੇ ਮੁੜਕੇ ਨਹੀਂ ਵੇਖਿਆ।ਸੰਘਰਸ਼ਾਂ ਤੇ ਜਨਤਾ ਤੇ ਟੇਕ ਰੱਖੀ।ਜਿਸ ਦੇਸ਼ ਦੀ ਰਾਜਨੀਤੀ ‘ਚ ਕਾਂਗਰਸ ਤੇ ਨਹਿਰੂ ਪਰਿਵਾਰ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ ਸੀ,ਉਸ ਦੇਸ਼ ‘ਚ ਕਾਂਗਰਸ ਦੀ ਸਥਾਪਤੀ ਨਾਲ ਮੱਥਾ ਲਾਕੇ ਉਸਦੀਆਂ ਜੜ੍ਹਾਂ ਹਿਲਾ ਦਿੱਤੀਆਂ।ਦੇਸ਼ ਤੇ ਲੋਕਤੰਤਰ ਨੂੰ ਇਕ ਮਜ਼ਬੂਤ ਵਿਰੋਧੀ ਧਿਰ ਦਿੱਤੀ।ਕਾਂਗਰਸ ਦੇ ਜੀ ਜੀ ਤੇ ਜੈ ਜੈ ਕਾਰ ਸੱਭਿਆਚਾਰ ਦੇ ਖ਼ਿਲਾਫ ਜਮਹੂਰੀ ਪਿਰਤਾਂ ਪਾਈਆਂ।ਪਰ ਅੱਜ ਜਿਹੜੇ ਉਹਨਾਂ ਦੇ ਵਾਰਿਸ ਹੋਣ ਦਾ ਦਾਅਵਾ ਠੋਕਦੇ ਰਹਿੰਦੇ ਹਨ।ਉਹਨਾਂ ਦਾ ਹਾਲ ਇਹ ਹੈ ਕਿ ਪੰਜ ਸਾਲ ਯੂ.ਪੀ.ਏ ਤੇ ਪੰਜ ਸਾਲ ਐੱਨ.ਡੀ.ਏ ਨਾਲ ਸਾਂਝ ਭਿਆਲੀ ਪਾਈ ਹੁੰਦੀ ਹੈ।

1966 ‘ਚ ਜਦੋਂ ਇਟਾਵਾ ‘ਚ ਡਾ.ਲੋਹੀਆ ਨੇ ਮੁਲਾਇਮ ਸਿੰਘ ਯਾਦਵ ਨੂੰ ਦੇਸ਼ ਦਾ ਭਵਿੱਖ ਕਿਹਾ ਹੋਵੇਗਾ,ਤਾਂ ਸ਼ਾਇਦ ਉਹਨਾਂ ਦੇ ਕਿਤੇ ਚਿੱਤ ਚੇਤੇ ਵੀ ਨਹੀਂ ਹੋਣਾ ਕਿ ਕਿ ਇਹਨਾਂ ਸਮਾਜਵਾਦੀਆਂ ਕੋਲ ਸਿਰਫ ਸਿਆਸਤ ਕਰਨ ਲਈ ਲਾਲ ਟੋਪੀਆਂ ਰਹਿ ਜਾਣਗੀਆਂ।ਤੇ 1975 ‘ਚ ਸੰਪੂਰਨ ਕ੍ਰਾਂਤੀ ਦਾ ਨਾਹਰਾ ਦੇਣ ਵੇਲੇ ਜੈ.ਪ੍ਰਕਾਸ਼ ਨਰਾਇਣ ਨੇ ਕਦੇ ਵੀ ਨਹੀਂ ਸੋਚਿਆ ਹੋਣਾ,ਕਿ ਇਹਨਾਂ ਕੋਲ ਕਦੇ ਮੇਰੇ ਸਰੋਕਾਰ ਨਹੀਂ ਰਹਿਣਗੇ।ਅੱਜ ਉਲਟਾ ਸਰੋਕਾਰਾਂ ਦੇ ਜ਼ਰੀਏ ਹੀ ਵਿਅਕਤੀਗਤ ਰਾਜਨੀਤੀ ਚਮਕ ਰਹੀ ਹੈ।ਪਟਨਾ ਦੇ ਬੀ.ਐਨ ਕਾਲਜ ‘ਚ ਵਿਦਿਆਰਥੀ ਰਾਜਨੀਤੀ ਕਰਦੇ ਲਾਲੂ ਪ੍ਰਸ਼ਾਦ ਯਾਦਵ ਜਿਸ ਜੈ.ਪ੍ਰਕਾਸ਼ ਨਰਾਇਣ ਦੇ ਅੰਦੋਲਨ ‘ਚੋਂ ਪੈਦਾ ਹੋਏ,ਉਸਨੂੰ ਉਹ ਅੱਜ ਹਿੱਕ ਠੋਕਕੇ ਕਹਿੰਦੇ ਹਨ ਕਿ ਬਿਹਾਰ ਅੰਦਰ ਜੇ.ਪੀ ਨੂੰ ਜੇ.ਪੀ ਮੈਂ ਬਣਾਇਆ।ਪਾਰਟੀਆਂ ਨੂੰ ਆਪਣੀ ਘਰੇਲੂ ਜਗੀਰ ਬਣਾ ਚੁੱਕੇ ਇਹਨਾਂ ਲੋਕਾਂ ਨੂੰ ਵੇਖਦੇ,ਡਾ.ਲੋਹੀਆਂ ਤੇ ਜੈ.ਪ੍ਰਕਾਸ਼ ਨਰਾਇਣ ਦੀ ਆਤਮਾ ਵੀ ਧਾਹਾਂ ਮਾਰ ਮਾਰ ਰੋਂਦੀ ਹੋਵੇਗੀ।ਪਰ ਮੁੱਖ ਧਾਰਾ ‘ਚ ਲੀਨ ਹੋਈ ਸਿਆਸਤ ਦਾ ਇਹ ਬੁਨਿਆਦੀ ਸਮੱਸਿਆ ਹੈ ਕਿ ਉਹ ਕਹਿਣੀ ਤੇ ਕਰਨੀ ਦੀ ਪੱਕੀ ਕਦੇ ਨਹੀਂ ਹੋ ਸਦੀ,ਕਿਉਂਕਿ ਦੋਵੇਂ ਸ਼ਬਦ ਸਿਆਸਤ ਲਈ ਅੰਤਰਵਿਰੋਧੀ ਹਨ।

ਅਸਲ ‘ਚ ਮਸਲਾ ਔਰਤ ਰਾਖਵੇਂਕਰਨ ਅੰਦਰ ਹੋਰ ਰਾਖਵੇਂਕਰਨ ਦਾ ਨਹੀਂ ਹੈ, ਸਿਰਫ ਨਿਰੋਲ ਰਾਜਨੀਤੀ ਚਮਕਾਉਣ ਦਾ ਹੈ।ਦਲਿਤਾਂ,ਪਛੜਿਆਂ ਜਾਂ ਘੱਟਗਿਣਤੀਆਂ ਦੀ ਇਹਨਾਂ ਨੂੰ ਕਿੰਨੀ ਕੁ ਚਿੰਤਾ ਹੋ ਸਕਦੀ ਹੈ,ਉਹ ਇਹਨਾਂ ਦੀ ਸਿਆਸੀ ਤਸਵੀਰ ‘ਚ ਸਪੱਸ਼ਟ ਨਜ਼ਰ ਆਉਂਦੀ ਹੈ।ਸਿਰਫ ਰਾਜਨੀਤੀ ਦੀ ਬੇੜੀ ਬੱਟੇ ਪਾਉਣ ਲਈ ਸਾਰਾ ਸਿਆਸੀ ਤਮਾਸ਼ਾ ਕੀਤਾ ਜਾ ਰਿਹਾ ਹੈ।ਰਾਜ ਸਭਾ ਤੋਂ ਬਾਅਦ ਲੋਕ ਸਭਾ ‘ਚ ਵੀ ਤਮਾਸ਼ਾ ਜਾਰੀ ਰਹੇਗਾ।ਪਰ ਲਾਲੂ,ਮੁਲਾਇਮ ਤੇ ਸ਼ਰਦ ਯਾਦਵ ਨੂੰ ਇਹ ਸਮਝਣਾ ਚਾਹੀਦਾ ਹੈ,ਕਿ ਉਹਨਾਂ ਦੀ ਤਿਕੜਦੀ ਸਿਆਸਤ ਦੇ ਦਿਨ ਪੁੱਗਦੇ ਜਾ ਰਹੇ ਹਨ।ਭੂ-ਮੰਡਲੀਕਰਨ ਤੋਂ ਬਾਅਦ ਸਮਾਜ ‘ਚ ਹੋਈ ਆਰਥਿਕ-ਸਮਾਜਿਕ ਟੁੱਟ ਫੁੱਟ ਤੇ ਵਿਗੜੇ ਵਿਕਾਸ ਨੇ ਪੁਰਾਣੇ ਸਮਾਜਿਕ ਹਲਾਤਾਂ ਤੇ ਸਿਆਸੀ ਸਮੀਕਰਨਾਂ ਨੂੰ ਬਦਲਿਆ ਹੈ।ਲੰਮੀ ਦੇਰ ਤੱਕ ਭਾਸ਼ਾਈ,ਜਾਤੀ ਤੇ ਫਿਰਕੂ ਸਮੀਕਰਨਾਂ ਨਾਲ ਰੋਟੀਆਂ ਨਹੀਂ ਸਿਕਣਗੀਆਂ।ਬੱਕਰੇ ਦੀ ਮਾਂ ਬਹੁਤਾ ਚਿਰ ਖੈਰ ਨਹੀਂ ਮਨਾ ਸਕਦੀ।

ਔਰਤ ਰਾਖਵੇਂਕਰਨ ਦੇ ਮਾਮਲੇ ਪ੍ਰਤੀ ਜਿਹੜੇ ਲੋਕ ਸੱਚਮੁੱਚ ਸੰਵੇਦਨਸ਼ੀਲ਼ ਹਨ,ਉਹ ਵੱਖ ਵੱਖ ਜਮਹੂਰੀ ਮੰਚਾਂ ਤੋਂ ਜਮਹੂਰੀ ਤਰੀਕੇ ਨਾਲ ਵਿਰੋਧ ਦੀ ਆਵਾਜ਼ ਦਰਜ਼ ਕਰਵਾ ਰਹੇ ਹਨ।ਦੇਸ਼ ਦਾ ਵੱਡਾ ਦਾਨਿਸ਼ਮੰਦ ਤਬਕਾ ਰਾਖਵੇਂਕਰਨ ਦੀ ਹਮਾਇਤ ਦੇ ਨਾਲ ਨਾਲ,ਇਸਦੀ ਪ੍ਰਤੀਨਿਧਤਾ ਬਾਰੇ ਚਿੰਤਾ ਜਤਾ ਚੁੱਕਿਆ ਹੈ।50 ਪ੍ਰਤੀਸ਼ਤ ਰਾਖਵੇਂਕਰਨ ਤੇ ਦੇਸ਼ ਦੀਆਂ ਸਾਰੀਆਂ ਸੰਵਿਧਾਨਿਕ ਸੰਸਥਾਵਾਂ ਅੰਦਰ ਇਸਨੂੰ ਲਾਗੂ ਕਰਨਾ ਵੀ ਇਕ ਮੰਗ ਵਜੋਂ ਉਭਰਦਾ ਆ ਰਿਹਾ ਹੈ।ਇਸ ਪੂਰੇ ਮਾਮਲੇ ‘ਚ ਜੋ ਮੁੱਖ ਤੇ ਵੱਡੇ ਸਵਾਲ ਹੈ,ਉਹ ਇਹ ਹੈ ਕਿ ਜਦੋਂ ਪਿਛਲੇ 20 ਸਾਲਾਂ ਦੌਰਾਨ ਹੋਏ ਤਿੰਨ ਮੁੱਖ ਰਾਖਵੇਂਕਰਨਾਂ ‘ਚ ਕਰੀਮੀ ਲੇਅਰ ਨੂੰ ਹਮੇਸ਼ਾ ਬਾਹਰ ਰੱਖਿਆ ਗਿਆ ਤਾਂ ਇਸ ਰਾਖਵੇਂਕਰਨ ‘ਚ ਕਿਉਂ ਨਹੀਂ ?ਮੰਡਲ ਕਮਿਸ਼ਨ ਦੀਆਂ ਸਿਫਰਸ਼ਾਂ,2006 ਦਾ ੳੁੱਚ ਸਿੱਖਿਆ ਸੰਸਥਾਵਾਂ ਅੰਦਰ ਓ.ਬੀ.ਸੀ ਰਾਖਵਾਂਕਰਨ ਤੇ ਬੰਗਾਲ ਸਰਕਾਰ ਵਲੋਂ ਰਾਜ ‘ਚ ਸਰਕਾਰੀ ਨੌਕਰੀਆਂ ਅੰਦਰ ਮੁਸਲਮਾਨਾਂ ਨੂੰ ਦਿੱਤੇ ਗਏ 10 ਪ੍ਰਤੀਸ਼ਤ ਰਾਖਵੇਂਕਰਨ ‘ਚ ਕਰੀਮੀ ਲੇਅਰ ਨੂੰ ਬਾਹਰ ਰੱਖਿਆ ਗਿਆ ਸੀ।ਅਜਿਹਾ ਦੇਸ਼ ‘ਚ ਜਿੱਥੇ ਬਹੁਤ ਸਾਰੀਆਂ ਸਮਾਜਿਕ ਵਿਭਿੰਨਤਾਵਾਂ ਹਨ,ਇਹ ਖਿਆਲ ਰੱਖਣ ਦੀ ਜ਼ਰੂਰਤ ਹੈ ਕਿ ਸਮਾਜ ਦੇ ਦੱਬੇ ਕੁਚਲੇ ਤਬਕਿਆਂ ਪ੍ਰਤੀ ਸਹੀ ਪਹੁੰਚ ਕੀ ਹੋਵੇ।ਇਹ ਸਮਝਣ ਦੀ ਜ਼ਰੂਰਤ ਹੈ ਕਿ ਕਿ ਰਾਖਵੇਂਕਰਨ ਦਾ ਮਸਲਾ ਆਰਥਿਕ ਬਰਾਬਰਤਾ ਤੱਕ ਸੀਮਤ ਨਹੀਂ ,ਬਲਕਿ ਸਵਾਲ ਸਦੀਆਂ ਤੋਂ ਦੱਬਿਆਂ ਲਤਾੜਿਆਂ ਦੇ ਸਮਾਜਿਕ ਵਿਕਾਸ ਤੇ ਬਰਾਬਰੀ ਦਾ ਹੈ।ਜਿਵੇਂ ਕਿ ਪਿੱਛੇ ਜਿਹੇ ਰੰਗਨਾਥ ਮਿਸ਼ਰਾ ਕਮਿਸ਼ਨ ਦੀ ਰਿਪੋਰਟ ਨੇ ਇਹ ਸਾਬਿਤ ਕੀਤਾ ਸੀ ਕਿ ਮੁਸਲਮਾਨ ਔਰਤਾਂ ਦੇਸ਼ ਦੇ ਸਭਤੋਂ ਦੱਬੇ ਕੁਚਲੇ ਤੇ ਪਛੜੇ ਵਰਗਾਂ ‘ਚ ਆਉਂਦੀਆਂ ਹਨ।ਇਸ ਲਈ ਇਮਾਨਦਾਰੀ ਨਾਲ ਲੋੜ ਅਜਿਹੇ ਵਰਗਾਂ ‘ਤੇ ਧਿਆਨ ਦੇਣ ਦੀ ਹੀ ਨਾ ਕਿ ਆਪੋ ਆਪਣੇ ਰਾਜਨੀਤਿਕ ਰਾਗ ਅਲਾਪਣ ਦੀ।ਕਿਉਂਕਿ ਹਾਸ਼ੀਏ ‘ਤੇ ਪਏ ਵਰਗਾਂ ਨੂੰ ਮੁੱਖ ਧਾਰਾ ਦਾ ਹਿੱਸਾ ਬਣਾਉਣ ਨਾਲ ਹੀ ਜਮਹੂਰੀਅਤ ਨੂੰ ਮਜ਼ਬੂਤੀ ਮਿਲੇਗੀ।

ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
mail2malwa@gmail.com,malwa2delhi@yhaoo.co.in
09899436972

Monday, March 15, 2010

ਆਤਮ ਹੱਤਿਆ ਨਹੀਂ..... ਪ੍ਰਾਪਤੀ ਦੇ ਰਾਹ ਪੈ ਵੇ ਲੋਕਾ....

ਮਨਦੀਪ ਖੁਰਮੀ ਹਿੰਮਤਪੁਰਾ ਪੰਜਾਬੀ ਦੀਆਂ ਵੱਖ ਵੱਖ ਅਖ਼ਬਾਰਾਂ ਤੇ ਸਾਈਟਾਂ 'ਚ ਲਿਖਦੇ ਰਹਿੰਦੇ ਹਨ।ਗੁਲਾਮ ਕਲਮ ਨੂੰ ਉਹਨਾਂ ਨੇ ਆਪਣੀ ਪਹਿਲੀ ਰਚਨਾ ਭੇਜੀ ਹੈ।ਉਮੀਦ ਅੱਗੇ ਤੋਂ ਵੀ ਚੰਗੀਆਂ ਰਚਨਾਵਾਂ ਦਾ ਸਫਰ ਜਾਰੀ ਰਹੇਗਾ।-ਯਾਦਵਿੰਦਰ ਕਰਫਿਊ

ਪਿਆਰੇ ਪੰਜਾਬ ਤੋਂ ਆਉਂਦੀ ਹਰ ਠੰਢੀ ਤੱਤੀ ਹਵਾ ਅਖਬਾਰਾਂ ਰਾਹੀਂ ਮਨ ਉੱਪਰ ਆਪਣਾ ਅਸਰ ਕਰਦੀ ਰਹਿੰਦੀ ਹੈ। ਰਾਜਨੀਤੀਵਾਨਾਂ ਵੱਲੋਂ ਕੀਤੀ ਜਾਂਦੀ ਇੱਕ ਦੂਜੇ ਦੀ ਕੁੱਤ ਪੋਹ ਤੋਂ ਲੈ ਕੇ ਕਤਲਾਂ, ਲੁੱਟਾਂ ਖੋਹਾਂ ਜਾਂ ਫਿਰ ਥਾਂ ਥਾਂ ਨਾਅਰੇ ਮਾਰਦੇ ਲੋਕਾਂ ਦੀਆਂ ਖਬਰਾਂ ਹੀ ਪੜ੍ਹਨ ਨੂੰ ਮਿਲਦੀਆਂ ਨੇ। ਹਰ ਰੋਜ ਅਖਬਾਰ ਦੀ ਪਹਿਲੀ ਸੁਰਖੀ ਦੇਖਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਇਹੀ ਅਰਦਾਸ ਹੁੰਦੀ ਹੈ ਕਿ "ਹੇ ਮਾਲਕਾ! ਖੈਰ ਸੁੱਖ ਹੋਵੇ.... ਬਰੂਦ ਦੇ ਢੇਰ 'ਤੇ ਬਿਠਾਏ ਪੰਜਾਬ 'ਚ..!" ਪਰ ਹਰ ਰੋਜ਼ ਹੀ ਅਰਦਾਸ ਵੀ ਨਿਸਫਲ ਹੋ ਜਾਂਦੀ ਐ ਜਦੋਂ ਕਿੱਧਰੇ ਕਤਲ ਹੋਇਆ ਸੁਣੀਂਦੈ, ਕਿੱਧਰੇ ਕਿਸੇ ਨੂੰ ਅਗਵਾ ਕਰਕੇ ਫਿਰੌਤੀ ਮੰਗੀ ਸੁਣੀਂਦੀ ਐ, ਕਿੱਧਰੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਸਰਕਾਰੀ ਦੱਬੇ ਦੀ ਖ਼ਬਰ ਸੁਣੀਂਦੀ ਐ ਤੇ ਕਿਧਰੇ ਨਵਜੰਮੀ ਬਾਲੜੀ ਦੇ ਗੰਦੇ ਨਾਲੇ ਆਦਿ 'ਚੋਂ ਮਿਲੇ ਭਰੂਣ ਬਾਰੇ ਖ਼ਬਰ ਸੁਣੀਂਦੀ ਐ..! ਕੀ ਹੋ ਗਿਐ ਪੰਜਾਬ ਨੂੰ? ਕਿਸ ਮਾਰੂ ਰੋਗ ਨੇ ਮਾਰ ਲਿਐ ਗੁਲਾਬ ਦਾ ਫੁੱਲ? ਕਿਹਨਾਂ ਦੀਆਂ ਬਦਨੀਤੀਆਂ ਦਾ ਸਿ਼ਕਾਰ ਹੋ ਰਹੇ ਨੇ ਲੋਕ? ਕਿਉਂ ਲੋਕ ਸੰਘਰਸ਼ਾਂ ਦਾ ਰਾਹ
ਛੱਡਕੇ ਖੁਦਕੁਸ਼ੀਆਂ ਦੇ ਰਾਹ ਹੋ ਤੁਰੇ ਨੇ? ਕਿਉਂ... ਕਿਉਂ.... ਕਿਉਂ?

ਇਹਨਾਂ ਸਵਾਲਾ ਦੇ ਜਵਾਬ ਮਨ ਨੂੰ ਅਜੀਬ ਜਿਹੀ ਘੁੰਮਣਘੇਰੀ 'ਚ ਪਾ ਦਿੰਦੇ ਨੇ। ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਬਾਰੇ ਸੁਣਿਆ ਸੀ ਪਰ ਹੁਣ ਤਾਂ ਪੰਜਾਬ ਦੇ ਜਾਏ ਸੰਘਰਸਾਂ ਦਾ ਰਾਹ ਤਿਆਗ ਕੇ ਖੁਦਕੁਸ਼ੀਆਂ ਦੇ ਰਾਹ ਹੋ ਤੁਰੇ ਨੇ। ਚਾਹੇ ਕੋਈ ਈ. ਜੀ. ਐੱਸ. ਵਰਕਰ ਹੋਵੇ ਜਾ ਈ.ਟੀ.ਟੀ. ਹੋਵੇ, ਬੀ. ਐੱਡ. ਅਧਿਆਪਕ ਹੋਵੇ ਜਾਂ ਫਿਰ ਕੋਈ ਹੋਰ ਹੋਵੇ ਜੋ ਅੱਖਰ ਗਿਆਨ ਹਾਸਲ ਕਰਕੇ ਨੌਕਰੀ ਲੈਣ ਤੱਕ ਪੁੱਜਾ ਹੋਵੇ... ਸਭ ਨੂੰ ਇੰਨਾ ਕੁ ਤਾਂ ਗਿਆਨ ਹੋਵੇਗਾ ਹੀ ਕਿ ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਪਿਆਉਂਦੀ। ਕੀ ਕਿਸੇ ਨੇ ਇਹ ਸੁਣਿਆ ਹੈ ਕਿ ‘ਮਰੇ ਬਿਨਾਂ ਮਾਂ ਦੁੱਧ ਨਹੀਂ ਪਿਆਉਂਦੀ?’..... ਇਹ ਕਹਿਣ ਦਾ ਮਤਲਬ ਇਹ ਹੈ ਕਿ ਜੇ ਸਰਕਾਰਾਂ ਤੋਂ ਕੁਝ ਲੈਣਾ ਹੈ ਤਾਂ ਸੰਘਰਸ਼ ਹੀ ਇੱਕੋ ਇੱਕ ਰਾਹ ਹੈ ਜਿਸਦੇ ਜ਼ਰੀਏ ਖੁਦ ਅਤੇ ਦੂਜਿਆਂ ਨੂੰ ਕੁਝ ਹਾਸਲ ਹੋ ਸਕਦਾ ਹੈ।

ਖੁਦ ਨੂੰ ਅੱਗ ਲਗਾ ਕੇ ਰੋਸ ਪ੍ਰਦਰਸ਼ਨ ਕਰਨਾ ਕਿੱਥੋਂ ਕੁ ਦੀ ਸਿਆਣਪ ਹੈ? ਪੰਜਾਬ ਵਿੱਚ ਹੱਕਾਂ ਦੀ ਪ੍ਰਾਪਤੀ ਲਈ ਜੂਝ ਰਹੇ ਵੀਰੋ, ਭੈਣੋ ਇਤਿਹਾਸ ਗਵਾਹ ਹੈ ਕਿ ਹੱਕ ਸੰਘਰਸ਼ ਕਰਿਆਂ ਹੀ ਪ੍ਰਾਪਤ ਹੋਏ ਹਨ। ਜੇ ਦੇਸ਼ ਦੇ ਆਜਾਦੀ ਸੰਗਰਾਮ ਵੇਲੇ ਵੀ ਗਦਰੀ ਬਾਬੇ, ਕਰਤਾਰ ਸਰਾਭਾ, ਭਗਤ ਸਿੰਘ, ਊਧਮ ਸਿੰਘ ਆਦਿ ਤੁਹਾਡੇ ਵਾਲੇ ‘ਖੁਦਕੁਸ਼ੀ ਮਾਰਕਾ ਫਾਰਮੂਲੇ’ ਵਰਤਣ ਲੱਗਦੇ ਤਾਂ ਸ਼ਾਇਦ ਹੀ ਐਡੀ ਤਕੜੀ ਲਾਮਬੰਦੀ ਹੋਣੀ ਸੀ ਕਿਉਂਕਿ ਲਾਮਬੰਦੀ ਕਰਨ ਵਾਲਿਆਂ ਨੇ ਤਾਂ ਪਹਿਲਾਂ ਹੀ ਖੁਦ ਨੂੰ ਅੱਗ ਲਾ ਕੇ ਸੜ ਮਰਨਾ ਸੀ। ਬੜਾ ਦੁਖੀ ਕੀਤਾ ਈ. ਜੀ. ਐੱਸ. ਵਲੰਟੀਅਰ ਭੈਣ ਕਿਰਨਜੀਤ ਕੌਰ ਦੀ ਮੌਤ ਨੇ... ਉਸ ਤੋਂ ਵੀ ਵਧੇਰੇ ਦੁੱਖ ਉਦੋਂ ਹੋਇਆ ਜਦੋਂ ਪੜ੍ਹੇ ਲਿਖੇ ਵਰਗ ਦੇ ਫੂਹੜ ਆਗੂ ਦਾ ਦੂਜੇ ਦਿਨ ਹੀ ਅਖਬਾਰੀ ਬਿਆਨ ਪੜ੍ਹਿਆ ਕਿ ‘ਕਿਰਨਜੀਤ ਵਾਂਗ ਕੁਰਬਾਨੀ ਲਈ ਹੋਰ ਵੀ ਬਹੁਤ ਤਿਆਰ ਹਨ।’ ਅਜਿਹੇ ਬਿਆਨ ਖਾਸ ਕਰਕੇ ਅਧਿਆਪਕ ਵਰਗ ਦੇ ਮੂੰਹੋਂ ਨਿਕਲਣੇ ਹੀ ਦਰਸਾ ਦਿੰਦਾ ਹੈ ਕਿ ਭਵਿੱਖ ਦੇ ਨੇਤਾਵਾਂ ਨੂੰ ਉਹ ਕਿਹੋ ਜਿਹੀ ਨਰੋਈ ਸੇਧ ਦੇ ਦੇਣਗੇ। ਖੁਦਕੁਸ਼ੀਆਂ ਰਾਹੀਂ ਆਪਣੇ ਹੱਕ ਲੈਣ ਦੇ ਭੁਲੇਖੇ ਵਿੱਚ ਵਿਚਰ ਰਹੇ ਮੇਰੇ ਵੀਰ ਭੈਣਾਂ ਕੀ ਆਪਣੇ ਚੇਲੇ ਬਾਲਕਿਆਂ ਨੂੰ ਵੀ ਇਹੀ ਸਿੱਖਿਆ ਦੇਣਗੇ ਕਿ ਜਦੋਂ ਤੁਹਾਡੀ ਗੱਲ ਨਾ ਸੁਣੀ ਜਾਂਦੀ ਹੋਵੇ ਤਾਂ ਚੁੱਕੋ ਮਿੱਟੀ ਦੇ ਤੇਲ ਦੀ ਬੋਤਲ, ਪਿੰਡੇ ‘ਤੇ ਛਿੜਕੋ ਤੇ ਲਾਓ ਤੀਲੀ....? ਘੱਟੋ ਘੱਟ ਇਹੋ ਜਿਹਾ ਰੁਝਾਨ ਇੱਕ ਪੜ੍ਹੇ ਲਿਖੇ ਵਰਗ ਦੇ ਜਿਹਨ ਦਾ ਹਿੱਸਾ ਬਣਨਾ ਦੇਸ਼ ਦੇ ਸਿੱਖਿਆਤੰਤਰ ਦੀਆਂ ਜੜ੍ਹਾਂ ਵਿੱਚ ਘੁਣ ਨਹੀਂ ਤਾਂ ਹੋਰ ਕੀ ਕਿਹਾ ਜਾਵੇਗਾ? ਇੱਕ ਅਧਿਆਪਕ ਤੋਂ ਨਰੋਏ ਸਮਾਜ ਦੀ ਸਥਾਪਨਾ ਦੀ ਆਸ ਰੱਖੀ ਜਾਂਦੀ ਹੈ, ਪਰ ਖੁਦਕੁਸ਼ੀਆਂ ਦੇ ਡਰਾਵੇ ਜਾਂ ਖੁਦਕੁਸ਼ੀਆਂ ਕਰ ਕੇ ਅਧਿਆਪਕ ਬਣਿਆਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਆਪਣੀ ਹੱਕੀ ਆਵਾਜ ਸੁਣਾਉਣ ਲਈ ਉੱਚੀਆਂ ਥਾਵਾਂ ਦੀ ਲੋੜ ਨਹੀਂ ਹੁੰਦੀ ਸਗੋਂ ਨਿੱਗਰ ਦਲੀਲਾਂ, ਬੁਲੰਦ ਹੌਸਲਿਆਂ ਅਤੇ ਆਤਮ ਵਿਸ਼ਵਾਸ ਦੀ ਲੋੜ ਹੁੰਦੀ ਹੈ ਨਾ ਕਿ ਪਾਣੀ ਵਾਲੀਆਂ ਟੈਂਕੀਆਂ ਦੀ। ਆਪਣੀਆਂ ਮੰਗਾਂ ਮਨਵਾਉਣ ਲਈ ਕਿੰਨਾ ਉਚਿਤ ਸਾਧਨ ਲੱਭਿਆ ਹੈ ਪੰਜਾਬ ਦੇ ਪੜ੍ਹੇ ਲਿਖੇ ਵਰਗ ਨੇ...... ਉਹ ਨੇ ਪਾਣੀ ਵਾਲੀਆਂ ਟੈਂਕੀਆਂ। ਕਦੇ ਕੋਈ ਅਧਿਆਪਕ ਟੈਂਕੀ ‘ਤੇ ਚੜ੍ਹ ਜਾਂਦੈ ਤੇ ਕਦੇ ਦੇਖਾ ਦੇਖੀ ਬੇਰੁਜ਼ਗਾਰ ਲਾਈਨਮੈਨ ਟੈਂਕੀ ‘ਤੇ ਜਾ ਚੜ੍ਹੇ। ਵਾਹ ਬਈ ਵਾਹ! ਸੰਘਰਸ਼ ਨੂੰ ਹੀ ਕਿੰਨਾ ਹਾਸੋਹੀਣਾ ਬਣਾ ਦਿੱਤੈ ਸਾਡੇ ਪੜ੍ਹੇ ਲਿਖੇ ਸੰਘਰਸ਼ਸੀਲਾਂ ਨੇ... ਜਿਹਨਾਂ ਨੇ ਸੰਘਰਸ਼ਾਂ ਨੂੰ ਹੀ ਖੁਦਕੁਸ਼ੀਆਂ ਦਾ ਮੁਲੰਮ੍ਹਾ ਚਾੜ੍ਹ ਦਿੱਤੈ।

ਓਏ ਮਾਂ ਦਿਓ ਮਲਾਈ ਖਾਣਿਉ! ਥੋਨੂੰ ਕੌਣ ਸਮਝਾਵੇ ਕਿ ਖੁਦਕੁਸ਼ੀਆਂ ਰਾਹੀਂ ਜਿੰਦਗੀ ਤੋਂ ਛੁਟਕਾਰਾ ਪਾਉਣ ਨਾਲੋਂ ਸੰਘਰਸ਼ਾਂ ਰਾਹੀਂ ਹੱਕ ਪ੍ਰਾਪਤ ਕਰਕੇ ਸ਼ਾਨ ਨਾਲ ਹਿੱਕ ਚੌੜੀ ਕਰਕੇ ਜਿਉਣ ‘ਚ ਜੋ ਮਜ਼ਾ ਹੈ, ਉਹ ਮਿੱਟੀ ਦੇ ਤੇਲ ਨਾਲ ਖੁਦ ਨੂੰ ਅੱਗ ਲਾ ਕੇ ਨਹੀਂ। ਉਮੀਦ ਹੈ ਕਿ ਮੇਰੇ ਸੋਹਣੇ ਪੰਜਾਬ ਦਾ ਸਿਆਣਾ ਵਰਗ ਇਸ ਰੁਝਾਨ ਨੂੰ ਸ਼ਹਿ ਦੇਣ ਨਾਲੋਂ ਆਪਣੇ ਹੱਥਾਂ ਨੂੰ ਨਾਅਰਿਆਂ ਰਾਹੀਂ ਆਵਾਜ਼ ਬੁਲੰਦ ਕਰਨ ਦੇ ਆਹਰ ਲਾਵੇਗਾ ਨਾ ਕਿ ਮਿੱਟੀ ਦੇ ਤੇਲ ਦੀ ਬੋਤਲ ਜਾਂ ਤੀਲੀ ਫੜ੍ਹਨ ਲਈ..! ਅਕਸਰ ਹੀ ਕਿਹਾ ਜਾਂਦੈ ਕਿ ਜਦੋਂ ਦੋ ਏਕੇ ‘ਕੱਠੇ ਹੋ ਜਾਣ ਤਾਂ ਗਿਆਰਾਂ ਬਣ ਜਾਂਦੇ ਨੇ, ਜੇ ਤਿੰਨ ਹੋਣ ਤਾਂ ਇੱਕ ਸੌ ਗਿਆਰਾਂ... ਇਸੇ ਤਰ੍ਹਾਂ ਹੀ ਜੇ ਇੱਕ ਕਰਕੇ ਸੰਘਰਸ਼ ਦੇ ਰਾਹ ਤੁਰਿਆ ਜਾਵੇ ਤਾ ਇਸ ਗੱਲ ਦੀ ਗਾਰੰਟੀ ਮੈਂ ਦਿੰਦਾ ਹਾ ਕਿ ਤੁਹਾਡੇ ਹੱਕ ਖੋਹਣ ਦੀ ਕੋਈ ਵੀ ਹਿੰਮਤ ਨਹੀਂ ਕਰੇਗਾ। ਪਰ ਜੇ ਇਹੀ ‘ਏਕੇ’ ਖੁਦਕੁਸ਼ੀਆਂ ਕਰਦਿਆਂ ਅੰਕੜੇ ਵਧਾਉਣ ਲੱਗ ਗਏ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਪੰਜਾਬ ਜਿਉਂਦੇ ਮਨੁੱਖਾਂ ਨਾਲੋਂ ਖੁਦਕੁਸ਼ੀਆਂ ਕਰਨ ਵਾਲੇ ‘ਸ਼ਹੀਦਾਂ’ ਕਰਕੇ ਜਿ਼ਆਦਾ ਜਾਣਿਆ ਜਾਵੇਗਾ। ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਦੁਜਿਆਂ ਨੂੰ ਲਾਮਬੰਦ ਕਰਕੇ ਹੱਕ ਪ੍ਰਾਪਤੀ ਦੇ ਰਾਹ ਵੱਲ ਤੁਰਨਾ ਹੈ ਜਾਂ ਫਿਰ ‘ਸ਼ਹੀਦ’ ਬਣਕੇ ਦੋ ਤਿੰਨ ਇੱਟਾਂ ਦੀ ਮਟੀ ਦੀ ਵਲਗਣ ‘ਚ ਕੈਦ ਹੋ ਕੇ ਰਹਿਣਾ ਹੈ। ਪੰਜਾਬ ਦੇ ਲੋਕ ਤੁਹਾਡੇ ਕੋਲੋ਼ ਸਾਕਾਰਾਤਮਕ ਹੁੰਗਾਰੇ ਦੀ ਆਸ ਰੱਖਣਗੇ। ਮਿੱਤਰੋ! ਅੱਜ ਵੇਲਾ ਖੁਦਕੁਸ਼ੀਆਂ ਕਰਨ ਦਾ ਨਹੀਂ ਸਗੋਂ ਇਹ ਆਵਾਜ ਬੁਲੰਦ ਕਰਨ ਦਾ ਹੈ ਕਿ
“ਆਓ ਉੱਚਾ ਕਰੀਏ ਹੋਕਾ,
ਆਤਮ ਹੱਤਿਆ ਨਹੀਂ....
ਪ੍ਰਾਪਤੀ ਦੇ ਰਾਹ ਪੈ ਵੇ ਲੋਕਾ।

ਲੇਖਕ-ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

Sunday, March 14, 2010

ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ ਪੰਜਾਬ ਚ ਠੇਕਿਆਂ ਦੀ ਨਿਲਾਮੀ


ਸ਼ਹੀਦ ਹਮੇਸ਼ਾਂ ਲੋਕਾਂ ਦੇ ਹੁੰਦੇ ਨੇ ਸਰਕਾਰਾਂ ਦੇ ਨਹੀਂ ,ਸਰਕਾਰਾਂ ਲਈ ਸ਼ਹੀਦਾਂ ਦੇ ਜਨਮਦਿਨ ਤੇ ਸ਼ਹੀਦੀ-ਦਿਨ ਮਹਿਜ਼ ਝੂਠੀਆਂ ਤਕਰੀਰਾਂ ਦੀ ਜੁਗਾਲੀ ਕਰਨ ਤੋਂ ਇਲਾਵਾ ਕੁੱਝ ਵੀ ਨਹੀਂ ਹੁੰਦੇ, ਇਸ ਗੱਲ ਦੀ ਗਵਾਹੀ ਪੰਜਾਬ ਸਰਕਾਰ ਦਾ ਇਹ ਫੈਸਲਾ ਭਲੀ-ਭਾਂਤ ਭਰ ਰਿਹਾ ਹੈ ਕਿ ਪੰਜਾਬ ਚ ਠੇਕਿਆਂ ਦੀ ਨਿਲਾਮੀ 23 ਮਾਰਚ ਨੂੰ ਹੋ ਰਹੀ ਹੈ ਹੁਣ ਬਾਕੀ ਤੁਸੀਂ ਖੁਦ ਸੋਚ ਸਕਦੇ ਹੋ ਕਿ ਬਾਦਲ ਸਰਕਾਰ ਦੀ "ਕੁਮਿਟਮੈਂਟ" ਕੀ ਹੈ ! ਪਿਛਲੇ ਸਮੇਂ ਦੌਰਾਨ ਹਰ ਮੁਹਾਜ਼ ਤੇ ਆਪਣਾ ਜਲੂਸ ਕੱਢਵਾ ਚੁੱਕੀ ਇਸ ਸਰਕਾਰ ਨੇ ਪਤਾ ਨਹੀਂ ਸੰਹੁ ਹੀ ਖਾਧੀ ਹੈ ਕਿ ਕੋਈ ਕੰਮ ਸਿੱਧਾ ਨਹੀਂ ਕਰਨਾ, ਪਰ ਅਸੀਂ ਲੋਕ ਹਾਂ ਹਰ ਸਰਕਾਰ ਬਦਲ ਸਕਦੇ ਹਾਂ , ਹਰ ਤਖਤਾ ਪਲਟ ਸਕਦੇ ਹਾਂ 23 ਮਾਰਚ ਸਾਡੇ ਲਈ ਕੀ ਮਹੱਤਤਾ ਰਖਦਾ ਹੈ ਇਹ ਸ਼ਾਇਦ ਬਾਦਲ ਸਰਕਾਰ ਨੂੰ ਪਤਾ ਨਹੀਂ ਸੋ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ '' ਤੁਸੀਂ ਲੋਕ ਕੌਮ ਦੇ ਸ਼ਹੀਦਾਂ ਦੇ ਮੁੱਲ ਵੱਟ ਕੇ ਕੁਰਸੀ ਕਮਾ ਸਕਦੇ ਹੋ ਪਰ ਅਸੀਂ ਆਪਂਣੇ ਸ਼ਹੀਦ ਆਬਕਾਰੀ ਮਹਿਕਮੇ ਨੂੰ ਨਹੀਂ ਵੇਚਣੇ ਬਾਦਲ ਸਾਹਿਬ !"
ਸੋ ਦੇਸ਼ ਵਿਦੇਸ਼ ਚ ਬੈਠੇ ਸਾਰੇ ਪੰਜਾਬੀ ਪੰਜਾਬ ਸਰਕਾਰ ਦੇ ਇਸ ਸ਼ਰਮਨਾਕ ਫੈਸਲੇ ਦੀ ਪੁਰਜ਼ੋਰ ਨਿਖੇਧੀ ਕਰੋ ਤਾਂ ਸ਼ਹੀਦਾਂ ਦੀ ਸ਼ਹਾਦਤ ਦਾ ਅਪਮਾਨ ਹੋਣ ਤੋਂ ਰੋਕਿਆ ਜਾ ਸਕੇ !
ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ! ****** ਲੋਕ - ਏਕਤਾ ਜ਼ਿੰਦਾਬਾਦ ! ****** ਇਨਕਲਾਬ ਜ਼ਿੰਦਾਬਾਦ !
Writer--Amardeep Gill

Thursday, March 11, 2010

ਚਿੱਟੀਆਂ ਰਾਤਾਂ ਕਾਲੇ ਦਿਨ

ਨਰਿੰਦਰਪਾਲ ਜ਼ੀ ਖ਼ਬਰਾਂ ਦੇ ਚੰਡੀਗੜ੍ਹ ਬਿਊਰੋ 'ਚ ਹਨ।"ਖ਼ਾਸ ਮੁਲਾਕਾਤ" ਨਾਂਅ ਦਾ ਹਫਤਾਵਾਰੀ ਪ੍ਰੋਗਰਾਮ ਵੀ ਕਰਦੇ ਹਨ।ਹੱਥਲੀ ਰਚਨਾ ਉਹਨਾਂ ਕੁਝ ਸਮਾਂ ਪਹਿਲਾਂ ਲਿਖੀ ਸੀ।ਦਿਨ ਵਰਗੀਆਂ ਰਾਤਾਂ ਦੀ ਬਾਤ ਪਾਉੁਂਦੀ ਰਚਨਾ,ਮੈਨੂੰ ਬਹੁਤ ਚੰਗੀ ਲੱਗੀ।ਸ਼ਾਇਦ ਇਸ ਕਰਕੇ ਵੀ ਕਿ ਇਕ ਨਿਊਜ਼ ਚੈਨਲ 'ਚ ਅਸੀਂ ਦੋਵਾਂ ਨੇ ਇਕੱਠਿਆਂ ਇਕੋ ਸਿਫਟ ਅੰਦਰ "ਚਿੱਟੀਆਂ ਰਾਤਾਂ" ਹੰਢਾਈਆਂ ਹਨ।ਜਜ਼ਬਾਤ,ਭਾਵਨਾਵਾਂ ਤੇ ਯਾਦਾਂ ਇਕੋ ਜਿਹੀਆਂ ਹਨ।ਨਰਿੰਦਰ ਨੂੰ ਵੀ ਯਾਦ ਹੋਵੇਗਾ ਕਿ ਇਕ ਤਾਂ ਬੰਦਾ ਰਾਤ ਦਾ ਥੱਕਿਆ ਹਾਰਿਆ ਮਸਾਂ ਸ਼ਿਫਟ ਤੋਂ ਖਹਿੜਾ ਛਡਾਉਂਦਾ,ੳਤੋਂ ਕਈ ਇਹੋ ਜਿਹੇ ਜਿਨ੍ਹਾਂ ਨੂੰ ਪੱਤਰਕਾਰੀ ਤੇ ਖ਼ਬਰ ਦਾ "ਓ ਤੋਂ ਅ" ਨਹੀਂ ਪਤਾ ਹੁੰਦਾ,ਸਵੇਰੇ ਹੀ ਫੋਨ ਖੜਕਾਉਣੇ ਸ਼ੁਰੂ ਦਿੰਦੇ।ਫਲਾਣੀ ਬੀਬੀ ਦੀ ਬਾਈਟ..ਫਾਲਣੇ ਕਾਕਾ ਜੀ ਦੀ ਬਾਈਟ ਰਹਿ ਗਈ...ਉਸਤੋਂ ਬਾਅਦ ਫਿਰ ਸਾਰਾ ਦਿਨ ਚਮਚੇ ਆਪਣੀ ਚਮਚਾਗਿਰੀ ਚਮਕਾਉਣ ਲਈ "ਚਿੱਟੀਆਂ ਰਾਤਾਂ ਵਾਲੇ ਬਾਬਿਆਂ" ਦੀ ਲਹਿਰ ਲਾਉਂਦੇ ਰਹਿੰਦੇ।।ਸਭ ਥਾਈਂ ਚਿਹਰੇ-ਮੋਹਰੇ ਬਦਲਦੇ ਰਹਿੰਦੇ ਨੇ,ਪਰ ਦੌਰ ਅਜੇ ਵੀ ਜਾਰੀ ਹਨ।ਇਸ ਰਚਨਾ ਦੇ ਨਾਲ ਹੀ ਨਰਿੰਦਰਪਾਲ ਨੂੰ ਬੇਨਤੀ ਨਹੀਂ ਕਰਦੇ,ਬਲਕਿ ਜ਼ਿੰਮੇਵਾਰੀ ਲਾਉਂਦੇ ਹਾਂ,ਕਿ ਉਹ ਕ੍ਰਿਪਾ ਕਰਕੇ ਗੁਲਾਮ ਕਲਮ ਨੂੰ ਰਚਨਾਵਾਂ ਦਾ ਸਹਿਯੋਗ ਜਾਰੀ ਰੱਖਣ।--ਯਾਦਵਿੰਦਰ ਕਰਫਿਊ

ਕੋਈ ਵਿਅਕਤੀ ਸਾਰੀ ਰਾਤ ਕੰਮ ਕਰੇ ਅਤੇ ਦਿਨੇ ਸੁੱਤਾ ਪਿਆ ਰਹੇ, ਇਸ ਬਾਰੇ ਕੁਝ ਕੁ ਸਾਲ ਪਹਿਲਾਂ ਸੁਣਿਆਂ ਜ਼ਰੂਰ ਸੀ, ਹੰਢਾਇਆਂ ਕਦੇ ਵੀ ਨਹੀਂ ਸੀ। ਰਾਤਾਂ ਨੂੰ ਦਫਤਰ ਖੁੱਲ੍ਹੇ ਰਹਿਣ ਬਾਰੇ ਪੰਜਾਬ ਦੇ ਦਿਹਾਤੀ ਖੇਤਰਾਂ ਅਤੇ ਛੋਟੇ ਸ਼ਹਿਰਾਂ ‘ਚ 1997-98 ਦੇ ਆਸ-ਪਾਸ ਥੋੜ੍ਹੀ ਬਹੁਤ ਚਰਚਾ ਹੋਣੀ ਜ਼ਰੂਰ ਸ਼ੁਰੂ ਹੋ ਗਈ ਸੀ।ਦਰਅਸਲ ਵਿਸ਼ਵੀਕਰਨ ਦੇ ਨਾਲ ਹੀ ਰੁਜ਼ਗਾਰ ਦੇ ਨਵੇਂ ਮੌਕਿਆਂ ਅਤੇ ਵੱਖਰੀ ਤਰ੍ਹਾਂ ਦੀਆਂ ਨੌਕਰੀਆਂ ਨੇ ਭਾਰਤ ‘ਚ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਸੀ। ਇਨ੍ਹਾਂ ਵਿੱਚੋਂ ਹੀ ਇੱਕ ਸੀ ਕਾਲ ਸੈਂਟਰ ਜਾਂ ਬੀ.ਪੀ.ਓਜ਼ (ਬਿਜ਼ਨਸ ਪ੍ਰੋਸੈੱਸ ਆਊਟਸੋਰਸਿੰਗ) ਦੀਆਂ ਨੌਕਰੀਆਂ ਅਤੇ ਦੂਸਰਾ ਆਈ.ਟੀ. ਖੇਤਰ ਲਈ ਕੰਮ ਕਰਨਾ।

ਭਾਰਤ ‘ਚ ਘੱਟ ਤਨਖਾਹਾਂ ‘ਤੇ ਨਿਪੁੰਨ ਪੇਸ਼ੇਵਰ (ਖਾਸ ਤੌਰ ‘ਤੇ ਕਾਲ ਸੈਂਟਰਾਂ ਅਤੇ ਆਈ.ਟੀ. ਖੇਤਰ ਲਈ) ਮਿਲ ਜਾਣ ਦੇ ਸਿੱਟੇ ਵੱਜੋਂ ਵਿਦੇਸ਼ੀ ਕੰਪਨੀਆਂ ਇੱਧਰ ਕੰਮ ਕਰਵਾਉਣ ਨੂੰ ਤਰਜੀਹ ਦਿੰਦੀਆਂ ਹਨ। ਪਰ ਮਸਲਾ ਇਹ ਹੈ ਕਿ ਜਦੋਂ ਭਾਰਤ ‘ਚ ਦਿਨ ਚੜ੍ਹਿਆਂ ਹੁੰਦਾ ਹੈ, ਉੱਧਰ ਰਾਤ ਹੁੰਦੀ ਹੈ।ਕੰਮ ਉੱਧਰ ਦੇ ਹਿਸਾਬ ਨਾਲ ਦਿਨ ‘ਚ ਕਰਨਾ ਹੁੰਦਾ ਹੈ, ਇਸ ਲਈ ਭਾਰਤ ‘ਚ ਜ਼ਿਆਦਾਤਰ ਰਾਤਾਂ ਨੂੰ ਕੰਮ ਕਰਨਾ ਪੈਂਦਾ ਹੈ। ਗੱਲ ਚਾਰ ਕੁ ਸਾਲ ਪਹਿਲਾਂ ਦੀ ਹੈ। ਮੈਂ ਚੰਡੀਗੜ੍ਹ ਇੱਕ ਅਖਬਾਰ ‘ਚ ਨੌਕਰੀ ਕਰਦਾ ਸੀ ।ਹਾਲਾਂਕਿ ਅਖਬਾਰਾਂ ਦੇ ਨਿਊਜ਼ ਟੇਬਲਾਂ ‘ਤੇ ਕੰਮ ਕਰਨ ਦੀਆਂ ਸਿਫਟਾਂ ਵੀ ਦੇਰ ਰਾਤ ਤੱਕ ਚੱਲਦੀਆਂ ਹਨ ਪਰ ਸਾਰੀ ਰਾਤ ਨਹੀਂ।


ਅਸੀਂ ਤਿੰਨ ਜਣੇ ਇੱਕੋ ਕਮਰੇ ‘ਚ ਰਹਿੰਦੇ ਸੀ। ਮੇਰੇ ਬਾਕੀ ਦੋ ਸਾਥੀਆਂ ‘ਚੋਂ ਇੱਕ ਕਾਲ ਸੈਂਟਰ ‘ਚ ਨੌਕਰੀ ਕਰਦਾ ਸੀ ਅਤੇ ਦੂਸਰਾ ਕਿਸੇ ਕੰਪਿਊਟਰ ਸਾਫਟਵੇਅਰ ਕੰਪਨੀ ‘ਚ ਸੀ। ਮੈਂ ਜਦੋਂ ਰਾਤੀਂ 10 ਕੁ ਵਜੇ ਆਉਣਾ ਤਾਂ ਕਾਲ ਸੈਂਟਰ ਵਾਲਾ ਜਾਣ ਦੀ ਤਿਆਰੀ ਕਰ ਰਿਹਾ ਹੁੰਦਾ ਸੀ। ਮੇਰੇ ਸੌਂ ਜਾਣ ਤੋਂ ਪਹਿਲਾਂ-ਪਹਿਲਾਂ ਉਹ ਚਲਾ ਜਾਂਦਾ ਅਤੇ ਰਾਤੀਂ ਕਰੀਬ ਸਾਢੇ ਕੁ 12 ਵਜੇ ਕੰਪਿਊਟਰ ਵਾਲੇ ਨੇ ਆ ਜਾਣਾ। ਉਸਦੀ ਸਿਫਟ ਸ਼ਾਮੀਂ 4 ਤੋਂ ਰਾਤੀਂ 12 ਵਜੇ ਤੱਕ ਦੀ ਸੀ। ਸਵੇਰੇ ਜਦੋਂ 7-8 ਕੁ ਵਜੇ ਆ ਕੇ ਕਾਲ ਸੈਂਟਰ ਵਾਲੇ ਨੇ ਸੌਂ ਜਾਣਾ ਤਾਂ ਮੈਂ ਉੱਠਕੇ ਆਪਣੇ ਕੰਮੀਂ ਲੱਗ ਜਾਣਾ। ਸਵੇਰੇ 10-11 ਵਜੇ ਜਦੋਂ ਮੈਂ ਕਿਤੇ ਜਾਣ ਦੀ ਤਿਆਰੀ ਕਰਨੀ ਤਾਂ ਕੰਪਿਊਟਰ ਵਾਲੇ ਨੇ ਉੱਠ ਬਹਿਣਾ। ਕਹਿਣ ਦਾ ਭਾਵ ਅਸੀਂ ਤਿੰਨਾਂ ਨੇ ਕਦੇ ਇਕੱਠਿਆਂ ਗੱਲਾਂ ਹੀ ਨਹੀਂ ਕੀਤੀਆਂ ।

ਇਸ ਤੋਂ ਕੁਝ ਸਮਾਂ ਬਾਅਦ ਮੇਰੀ ਨੌਕਰੀ ਨੋਇਡਾ ਕਿਸੇ ਨਿਊਜ਼ ਚੈੱਨਲ ‘ਚ ਲੱਗ ਗਈ। 24 ਘੰਟੇ ਖਬਰਾਂ ਅਤੇ ਡਿਊਟੀ ਵੀ 24 ਘੰਟੇ ਦੀਆਂ ਸ਼ਿਫਟਾਂ ‘ਚ ਵੰਡੀ ਹੋਈ ਸੀ। ਜਾਂਦੇ ਹੀ ਮੇਰੀ ਸ਼ਿਫਟ ਰਾਤੀਂ 12 ਤੋਂ ਸਵੇਰੇ 8 ਵਜੇ ਦੀ ਲੱਗ ਗਈ। ਦਿਸੰਬਰ ਦਾ ਮਹੀਨਾ ਸੀ। ਜਿੰਨੀ ਮਰਜ਼ੀ ਚੁਸਤੀ ਰੱਖੋ ਰਾਤੀਂ 2 ਤੋਂ ਸਵੇਰੇ 4 ਵਜੇ ਤੱਕ ਦੇ ਸਮੇਂ ਦੌਰਾਨ ਅੱਖਾਂ ਡਿਗਦੀਆਂ ਹੀ ਡਿਗਦੀਆਂ ਹਨ। ਖੈਰ, ਆਦਤ ਪਈ ਅਤੇ ਰਾਤਾਂ ਚਿੱਟੀਆਂ ਜਾਪਣ ਲੱਗ ਪਈਆਂ। ਸਾਰੀ ਰਾਤ ਕੰਮ ਕਰਨਾ, ਦਿਨੇ ਕਮਰੇ ‘ਚ ਹਨ੍ਹੇਰਾ ਜਿਹਾ ਕਰਕੇ ਸੁੱਤੇ ਪਏ ਰਹਿਣਾ। ਨਾਲ ਦਿਆਂ ਨੂੰ ਸਖਤ ਹਿਦਾਇਤਾਂ ਸਨ ਕਿ ਜੇਕਰ ਉਹ ਦਰਵਾਜ਼ਾ ਇੱਕ ਖਾਸ ਅੰਦਾਜ਼ ‘ਚ ਖੜਕਾਉਣਗੇ ਤਾਂ ਹੀ ਖੁੱਲ੍ਹੇਗਾ, ਨਹੀਂ ਤਾਂ ਲੱਖ ਕੋਈ ਟੱਕਰਾਂ ਮਾਰੀ ਜਾਵੇ ਆਪਾਂ ਉੱਠਦੇ ਹੀ ਨਹੀਂ ਸੀ।

ਰਾਤੀਂ ਕੰਮ ਕਰਨ ਦਾ ਸਭ ਤੋਂ ਵੱਡਾ ਨੁਕਸਾਨ ਸੀ ਕਿ ਇੱਕ ਵਕਤ ਦਾ ਖਾਣਾ ਛੁੱਟ ਜਾਂਦਾ ਸੀ। ਦੁਨੀਆਂ ਤੋਂ ਪੂਰੀ ਤਰ੍ਹਾਂ ਕੱਟੇ ਜਾਂਦੇ ਸੀ। ਪੰਜਾਬ ਘਰ ਦਿਆਂ ਨਾਲ ਰਾਬਤਾ ਘੱਟ ਜਾਣਾ। ਰਾਤ ਨੂੰ ਤਿਆਰ-ਸ਼ਿਆਰ ਹੋਣ ਦਾ ਮਨ ਹੀ ਨਾ ਕਰਨਾ। ਸੁਭਾਅ ਅਤੇ ਹਾਜ਼ਮੇ ‘ਚ ਗੜਬੜੀ ਹੋ ਜਾਣੀ। ਜਦੋਂ ਦੁਨੀਆਂ ਨੇ ਘੂਕ ਸੌਂ ਜਾਣਾ ਆਪਾਂ ਝੋਲਾ ਚੁੱਕ ਕੇ ਬਾਹਰ ਨਿਕਲ ਜਾਣਾ। ਚਲੋ, ਜ਼ਿਆਦਾ ਤੋਂ ਜ਼ਿਆਦਾ ਇੱਕ ਮਹੀਨਾ ਰਾਤ ਦੀ ਡਿਊਟੀ ਚੱਲਦੀ ਸੀ ਪਰ ਦਿੱਲੀ-ਨੋਇਡਾ ‘ਚ ਅਜਿਹੀ ਬਥੇਰੀ ਜਨਤਾ ਏ ਜਿਹੜੀ ਸਿਰਫ ਰਾਤੀਂ ਕੰਮ ਕਰਦੀ ਏ! ਨਾਸਕੋਮ ਦੀ ਇੱਕ ਰਿਪੋਰਟ ਅਨੁਸਾਰ ਐਨ.ਸੀ.ਆਰ. (ਦਿੱਲੀ, ਨੋਇਡਾ, ਗੁੜਗਾਉਂ, ਫਰੀਦਾਬਾਦ), ਬੰਗਲੂਰੂ, ਹੈਦਰਾਬਾਦ ਅਤੇ ਪੂਣੇ ‘ਚ ਬੀ.ਪੀ.ਓਜ਼ ਨਾਲ ਕੋਈ ਸੱਤ ਲੱਖ ਤੋਂ ਵੀ ਵਧੇਰੇ ਪੇਸ਼ੇਵਰ ਸਿੱਧੇ ਰੂਪ ਨਾਲ ਜੁੜੇ ਹੋਏ ਹਨ।ਅਸਿੱਧੇ ਰੂਪ ਨਾਲ ਜੁੜੇ ਲੋਕਾਂ ਅਤੇ ਅਪੁਸ਼ਟ ਰਿਪੋਰਟਾਂ ਅਨੁਸਾਰ ਇਹ ਗਿਣਤੀ ਇਸ ਤੋਂ ਕਿਤੇ ਵੱਧ ਹੋਵੇਗੀ। ਇਨ੍ਹਾਂ ‘ਚੋਂ ਅੱਧਿਆਂ ਤੋਂ ਵੱਧ ਦੀ ਸ਼ਿਫਟ ਰਾਤ ਦੀ ਹੁੰਦੀ ਹੈ। ਖੈਰ, ਨੋਇਡਾ ਕਰੀਬ ਡੇਢ ਸਾਲ ਨੌਕਰੀ ਕੀਤੀ ਅਤੇ ਇਸ ‘ਚੋਂ ਤਕਰੀਬਨ ਛੇ ਮਹੀਨੇ ਦਿਨ ਕਾਲੇ ਰਹੇ ਅਤੇ ਰਾਤਾਂ ਚਿੱਟੀਆਂ। ਪਰ ਨੌਕਰੀ ਦੌਰਾਨ ਕਦੇ ਕੋਈ ਨਖਰਾ ਨਹੀਂ ਕੀਤਾ। ਹੱਥਲੇ ਮਿਡਲ ਨੂੰ ਲਿਖਣ ਦਾ ਮੇਰਾ ਉਦੋਂ ਵਿਚਾਰ ਬਣਿਆਂ ਜਦੋਂ ਪਿਛਲੇ ਦਿਨੀਂ ਮਨੋਵਿਗਿਆਨ ਦੇ ਵਿਸ਼ੇ ‘ਤੇ ਕੋਈ ਨਿਬੰਧ ਪੜ੍ਹਦਿਆਂ ਇੱਕ ਸਤਰ ਨੇ ਖਾਸ ਧਿਆਨ ਖਿੱਚਿਆਂ। “ਜਿਹੜੇ ਵਿਅਕਤੀ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਦੀ ਮਾਨਸਿਕਤਾ ਆਮ ਮਨੁੱਖ ਦੇ ਮੁਕਾਬਲੇ ਗੜਬੜਾਉਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ।” ਸੱਚ ਏ, ਸੋਲ੍ਹਾਂ ਆਨੇ ਸੱਚ! ਸ਼ਾਇਦ ਇਸ ਗੱਲ ਨੂੰ ਮੈਂ ਜ਼ਿਆਦਾ ਨਾ ਗੌਲਦਾ ਜੇਕਰ ਕੁਦਰਤ ਦੇ ਖਿਲਾਫ ਖੁਦ ਨਾ ਚੱਲਿਆਂ ਹੁੰਦਾ। ਇਹ ਵੀ ਕੈਸਾ ਦੌਰ
ਹੈ ਕਿ ਜ਼ਿੰਦਗੀ ‘ਚ ਜਿਊਂਦੇ ਰਹਿਣ ਲਈ ਅਸੀਂ ਕੁਦਰਤ ਨਾਲ ਹੀ ਅੜਿੰਗਾ ਡਾਹੀ ਬੈਠੇ ਹਾਂ

-ਨਰਿੰਦਰ ਪਾਲ ਸਿੰਘ ਜਗਦਿਓ

Sunday, March 7, 2010

ਤੀਜੀ ਦੁਨੀਆਂ ਦੀਆਂ ਔਰਤਾਂ ਅਤੇ ਇੱਕੀਵੀਂ ਸਦੀ

ਕੁਲਦੀਪ ਕੌਰ ਔਰਤਾਂ ਨਾਲ ਜੁੜੇ ਸੰਵੇਦਨਸ਼ੀਲ ਮਸਲਿਆਂ 'ਤੇ ਲਿਖਦੇ ਰਹਿੰਦੇ ਹਨ।ਜ਼ਮੀਨੀ ਪੱਧਰ ਤੋਂ ਮਾਮਲੇ ਨੂੰ ਸਮਝਦਿਆਂ ਉਹਨਾਂ ਦੀਆਂ ਲਿਖਤਾਂ ਕੁੱਲ ਦੁਨੀਆਂ ਅੰਦਰ ਔਰਤ ਦੀ ਸਥਿਤੀ ਨੂੰ ਘੋਖਦੀਆਂ ਹਨ।ਅੱਜਕੱਲ੍ਹ ਉਹ ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ 'ਚ ਖੋਜ ਕਾਰਜਾਂ 'ਚ ਜੁਟੇ ਹੋਏ ਨੇ।-ਗੁਲਾਮ ਕਲਮ


ਇੱਕੀਵੀਂ ਸਦੀ ਜਿੱਥੇ ਸੂਚਨਾ-ਤਕਨੀਕ, ਦੂਰਸੰਚਾਰ ਸਾਧਨਾਂ ਅਤੇ ਬਹੁਪਰਤੀ ਪਰਵਾਸ ਦੀ ਸਦੀ ਵਜੋਂ ਸ਼ੁਰੂ ਹੋਈ ਹੈ, ਉ¤ਥੇ ਮਨੁੱਖ ਵਜੋਂ ਔਰਤ ਦੇ ਹੱਕਾਂ ਅਤੇ ਆਜ਼ਾਦੀ ਦੀ ਗੱਲ ਅਨੇਕਾਂ ਸੰਸਿਆਂ,ਰਾਜਨੀਤਕ ਪੈਂਤੜੇਬਾਜ਼ੀ ਅਤੇ ਸਮਾਜਿਕ ਪੇਚੀਦਗੀਆਂ ਦੇ ਤਾਣੇ-ਬਾਣੇ ਵਿਚ ਉਲਝੀ ਦਿਸਦੀ ਹੈ। ਤੀਜੀ ਦੁਨੀਆਂ ਦੀਆਂ ਔਰਤਾਂ ਵਿਚ ਜਿੱਥੇ ਕਈ ਸਭਿਆਚਾਰਕ, ਭਾਸ਼ਾਈ ਅਤੇ ਰਸਮਾਂ-ਰਿਵਾਜਾਂ ਦੀਆਂ ਤੰਦਾਂ ਸਾਂਝੀਆਂ ਹਨ, ਉ¤ਥੇ ਜ਼ਿਆਦਾਤਰ ਦੇਸ਼ਾਂ ਨੇ ਦਾਜ ਵਿਰੋਧੀ, ਘਰੇਲੂ ਹਿੰਸਾ ਵਿਰੋਧੀ, ਘੱਟੋ-ਘੱਟ ਰਾਜਨੀਤਕ/ਸਮਾਜਿਕ ਸ਼ਮੂਲੀਅਤ ਸਬੰਧੀ ਤੇ ਜ਼ਿਨਸੀ ਸ਼ੋਸ਼ਣ ਸਬੰਧੀ ਕੰਮ ਚਲਾਊ ਕਾਨੂੰਨਾਂ ਰਾਹੀਂ ਔਰਤਾਂ ਦੀ ਸੁਰੱਖਿਆ ਅਤੇ ਨਾਗਰਿਕ ਹੱਕਾਂ ਦੀ ਜ਼ਾਮਨੀ ਭਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕੋਸ਼ਿਸ਼ ਨੂੰ ਸੰਭਵ ਬਣਾਉਣ ਲਈ ਨਾ ਤਾਂ ਸਭਿਆਚਾਰਕ, ਧਾਰਮਿਕ, ਸਮਾਜਿਕ ਤੇ ਆਰਥਿਕ ਨਾਬਰਾਬਰੀ ਨੂੰ ਸੰਬੋਧਤ ਹੋਇਆ ਗਿਆ ਹੈ ਅਤੇ ਨਾ ਹੀ ਲੋਕਤੰਤਰੀ ਧਾਰਨਾ ਨੂੰ ਪਰਿਵਾਰਕ ਪੱਧਰ ਦੀ ਸਮਾਜਿਕ ਇਕਾਈ ਵਿਚ ਲਾਗੂ ਕਰਨ ਲਈ ਉਪਰਾਲੇ ਕੀਤੇ ਗਏ ਹਨ। ਲਿਹਾਜ਼ਾ ਵਰਗ-ਸੰਘਰਸ਼ ਵਿਚ ਉਸ ਦਾ ਵਰਗ ਹਾਲੇ ਸੰਘਰਸ਼ ਦੀ ਪੌੜੀ ਦੇ ਹੇਠਲੇ ਡੰਡੇ ’ਤੇ ਖੜ•ਾ ਹੈ, ਜਾਤ ਵਿਰੋਧੀ ਅੰਦੋਲਨਾਂ ਵਿਚ ਸਭ ਤੋਂ ਅਛੂਤ ਤੇ ਦਲਿਤ ਉਹੀ ਹੈ ਅਤੇ ਕੌਮੀਅਤ/ਰਾਸ਼ਟਰੀਅਤਾ ਬਾਰੇ ਵਿਵਾਦਾਂ ਵਿਚ ਔਰਤਾਂ ਦੇ ਮੁੱਦੇ ਜ਼ਿਆਦਾਤਰ ਸਰੀਰਕ ਜਾਂ ਭਾਵਨਾਤਮਕ ਪੱਧਰ ’ਤੇ ਵਿਚਾਰੇ ਜਾਂਦੇ ਹਨ। ਉਪਰੋਂ ਨਵ-ਪੂੰਜੀਵਾਦ, ਉਦਾਰਵਾਦੀ ਨੀਤੀਆਂ, ਭੂਮੰਡਲੀਕਰਨ ਅਤੇ ਧਾਰਮਿਕ ਫਾਸ਼ੀਵਾਦ ਦੇ ਪੁਨਰ-ਜਨਮ ਦਾ ਵੱਡਾ ਖਮਿਆਜ਼ਾ ਵੀ ਉਸੇ ਨੂੰ ਭੁਗਤਣਾ ਪਿਆ ਹੈ। ਸਥਿਤੀ ਨੂੰ ਵਿਗੜੇ ਵਿਕਾਸ ਮਾਡਲਾਂ ਨੇ ਉਸ ਕਗਾਰ ’ਤੇ ਲੈ ਆਂਦਾ ਹੈ ਜਿੱਥੇ ਔਰਤਾਂ ਗ਼ੁਰਬਤ ਅਤੇ ਜਹਾਲਤ ਦੀਆਂ ਨਿਹੱਥੀਆਂ ਸ਼ਿਕਾਰ ਬਣ ਕੇ ਰਹਿ ਗਈਆਂ ਹਨ।

ਭਾਰਤੀ ਸੰਦਰਭ ਵਿਚ ਉਪਰੋਕਤ ਮੁੱਦਿਆਂ ਨੂੰ ਵਿਚਾਰਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਕਿ ਸਾਡੇ ਦੇਸ਼ ਵਾਂਗ ਹੀ ਅਧਵਿਕਸਤ ਅਤੇ ਲੰਮੇ ਸਮੇਂ ਤਕ ਵਿਕਸਤ ਦੇਸ਼ਾਂ ਦੇ ਉਪਨਿਵੇਸ਼ਵਾਦ ਦਾ ਸ਼ਿਕਾਰ ਰਹੇ ਤੀਜੀ ਦੁਨੀਆਂ ਦੇ ਦੇਸ਼ਾਂ ਦੀਆਂ ਔਰਤਾਂ ਕਿਸ ਕਿਸਮ ਦੀਆਂ ਸਮੱਸਿਆਵਾਂ ਨਾਲ ਦੋ ਚਾਰ ਹੋ ਰਹੀਆਂ ਹਨ ਅਤੇ ਉਨ੍ਹਾਂ ਦੀ ਭਾਰਤੀ ਔਰਤ ਦੀ ਨਿੱਤ-ਦਿਨ ਦੀ ਜ਼ਿੰਦਗੀ ਨਾਲ ਕੀ ਸਾਂਝ ਹੈ? ‘‘ਪੈਨੋਜ ਏਸ਼ੀਆ’’ ਨਾਮੀ ਮੀਡੀਆ ਨੈਟਵਰਕ ਵੱਲੋਂ ਕੀਤੇ ਕੁਝ ਅਧਿਐਨਾਂ ਦੇ ਆਧਾਰ ’ਤੇ ਸਾਡੇ ਗੁਆਂਢੀ ਦੇਸ਼ ਸ਼੍ਰੀਲੰਕਾ ਵਿਚ ਵੱਡੇ ਪੱਧਰ ’ਤੇ ਹੁੰਦੀ ਘਰੇਲੂ ਹਿੰਸਾ ਦਾ ਵਰਣਨ ਮਹੱਤਵਪੂਰਨ ਹੈ।ਸ਼੍ਰੀਲੰਕਾ ਦੀਆਂ ਔਰਤਾਂ ਨੂੰ ਏਸ਼ਿਆਈ ਦੇਸ਼ਾਂ ਵਿਚੋਂ ਸਭ ਤੋਂ ਪਹਿਲਾਂ ਵੋਟ ਦਾ ਅਧਿਕਾਰ ਮਿਲਿਆ। ਉ¤ਥੇ ਦਸ ਵਿਚੋਂ ਨੌਂ ਔਰਤਾਂ ਪੜ• ਲਿਖ ਸਕਦੀਆਂ ਹਨ। ਸਿਹਤ ਸਹੂਲਤਾਂ ਬਾਕੀ ਦੇਸ਼ਾਂ ਦੇ ਮੁਕਾਬਲੇ ਵਧੀਆ ਹਨ। ਉ¤ਥੇ ਘਰੇਲੂ ਹਿੰਸਾ ਦੇ ਮਾਮਲੇ ’ਤੇ ਕਾਨੂੰਨ ਅਤੇ ਪ੍ਰਸ਼ਾਸਨ ਕੋਈ ਦਖਲ ਨਹੀਂ ਦੇ ਸਕਦਾ। ਵਿਆਹ ਸੰਸਥਾ ਅੰਦਰ ਹੁੰਦੇ ਬਲਾਤਕਾਰਾਂ ਸਬੰਧੀ ਕੋਈ ਅਲੱਗ ਮੱਦ ਨਹੀਂ ਤੇ ਸਰੀਰਕ ਸੰਬੰਧਾਂ ਵਿਚ ਔਰਤ ਦੀ ਸਹਿਮਤੀ ਨੂੰ ਕੋਈ ਮੁੱਦਾ ਹੀ ਨਹੀਂ ਮੰਨਿਆ ਜਾਂਦਾ। ਵਿਆਹੁਤਾ ਜੋੜੀ ਦਾ ਆਪਸੀ ਮਾਮਲਾ ਕਰਾਰ ਦਿੱਤਾ ਇਹ ਮੁੱਦਾ ਬਹੁਤ ਵਾਰ ਐਚ.ਆਈ.ਵੀ. ਏਡਜ਼, ਅਣਚਾਹੇ ਗਰਭ, ਜਣਨ ਅੰਗਾਂ ਦੀ ਲਾਗ, ਗਰਭਪਾਤ ਅਤੇ ਮਾਨਸਿਕ ਬਿਮਾਰੀਆਂ ਦੇ ਰੂਪ ਵਿਚ ਵਟ ਜਾਂਦਾ ਹੈ। ਸ਼੍ਰੀਲੰਕਾ ਵਿਚ ਔਰਤਾਂ ਦੀ ਸਿਹਤ ਸੰਸਥਾ ‘‘ਵਿਮੈਨ ਇਨ ਨੀਡ’ ਮੁਤਾਬਕ ‘‘ਇਨ੍ਹਾਂ ਮਾਮਲਿਆਂ ਵਿਚ ਮੁੱਖ ਡਰ ਸ਼ਰਮ ਜਾਂ ਇੱਜ਼ਤ ਦਾ ਉਭਰ ਕੇ ਸਾਹਮਣੇ ਆਉਂਦਾ ਹੈ, ਖਾਸ ਕਰਕੇ ਉ¤ਚ ਤਬਕੇ ਦੀਆਂ ਔਰਤਾਂ ਵਿਚ। ਆਰਥਿਕ ਸਾਧਨਾਂ, ਪੜ•ਾਈ-ਲਿਖਾਈ ਅਤੇ ਸਮਾਜਿਕ ਰੁਤਬਾ ਅਜਿਹੇ ਮੌਕੇ ਨਾ ਤਾਂ ਕਾਨੂੰਨੀ ਸਹਾਇਤਾ ਵਿਚ ਕੋਈ ਮਦਦ ਕਰ ਸਕਦਾ ਹੈ ਅਤੇ ਨਾ ਹੀ ਔਰਤ ਨੂੰ ਕੋਈ ਹੋਰ ਠੁੰਮਣਾ ਦੇ ਸਕਦਾ ਹੈ।’’

ਕੀਨੀਆ ਵਿਚ ਨਵ-ਉਦਾਰਵਾਦੀ ਨੀਤੀਆਂ ਕਾਰਨ ਸਿੱਖਿਆ ਸਰਕਾਰੀ ਹੱਥਾਂ ਵਿਚੋਂ ਨਿਕਲ ਕੇ ਪ੍ਰਾਈਵੇਟ ਸਿੱਖਿਆ-ਠੇਕੇਦਾਰਾਂ ਦੇ ਹੱਥਾਂ ਵਿਚ ਜਾ ਚੁੱਕੀ ਹੈ। ਘੱਟ ਵਜ਼ੀਫੇ, ਜ਼ਿਆਦਾ ਫੀਸਾਂ ਅਤੇ ਰਹਿਣ-ਸਹਿਣ ਤੇ ਵਧਦੇ ਖਰਚੇ ਕਾਰਨ ਕਾਲਜਾਂ/ ਯੂਨੀਵਰਸਿਟੀਆਂ ਦੀਆਂ ਕਈ ਕੁੜੀਆਂ ਰਾਜਨੀਤੀਵਾਨਾਂ, ਉ¤ਚ-ਧਾਰਮਿਕ ਆਗੂਆਂ ਅਤੇ ਅਫ਼ਸਰਸ਼ਾਹੀ ਲਈ ਵੇਸਵਾਗਿਰੀ ਕਰਨ ਲਈ ਮਜਬੂਰ ਹਨ। ਕਾਲਜਾਂ/ਸਕੂਲਾਂ ਵਿਚ ਕੁੜੀਆਂ ਅਕਸਰ ਥੱਕੀਆਂ-ਹਾਰੀਆਂ, ਉਣੀਂਦੀਆਂ ਅਤੇ ਕਈ ਵਾਰ ਗ਼ੈਰਹਾਜ਼ਰ ਮਿਲਦੀਆਂ ਹਨ। ਇਸ ਦੇ ਕਾਰਨ ਬਹੁਤ ਵਾਰ ਸਕੂਲਾਂ/ ਕਾਲਜਾਂ ਦੀ ਘਰਾਂ ਤੋਂ ਦੂਰੀ, ਘਰੇਲੂ ਕੰਮਾਂ-ਕਾਰਾਂ ਦਾ ਬੋਝ, ਇੱਥੋਂ ਤਕ ਕਿ ਕੁੜੀਆਂ ਦੇ ਪਹਿਰਾਵੇ, ਤੋਰ, ਉ¤ਠਣ-ਬੈਠਣ ਤੇ ਮੁੰਡਿਆਂ ਵੱਲੋਂ ਕੀਤੀਆਂ ਜਾਂਦੀਆਂ ਨੀਵੇਂ ਦਰਜੇ ਦੀਆਂ ਟਿੱਪਣੀਆਂ ਹੁੰਦੀਆਂ ਹਨ। ਸਥਿਤੀ ਨੂੰ ਅਗਾਂਹ ਸਪਸ਼ਟ ਕਰਦਿਆਂ ਕੈਨਏਤਾ ਯੂਨੀਵਰਸਿਟੀ ਦੀ ਸਿੱਖਿਆ ਵਿਭਾਗ ਦੀ ਅਧਿਆਪਕ ਫਾਤਮਾ ਚੇਗ ਆਖਦੀ ਹੈ, ‘‘ਸਾਡੀਆਂ ਸਥਾਨਕ ਭਾਸ਼ਾਵਾਂ ਵਿਚ ਜ਼ਿਨਸੀ ਸ਼ੋਸ਼ਣ ਸਬੰਧੀ ਕੋਈ ਵਿਆਕਰਣ ਹੀ ਮੌਜੂਦ ਨਹੀਂ। ਇੱਥੇ ਹੋਸਟਲਾਂ ਵਿਚ ਕੁੜੀਆਂ ਆਪਣੇ ਕਮਰਿਆਂ ਵਿਚ ਹੀ ਪਕਾਉਂਦੀਆਂ/ਖਾਂਦੀਆਂ ਹਨ। ਕਲਾਸਾਂ ਉਦੋਂ ਹੀ ਲਗਾਉਣ ਜਾਂਦੀਆਂ ਹਨ ਜਦੋਂ ਇਹ ਬੇਹੱਦ ਜ਼ਰੂਰੀ ਹੋਣ। ਕਾਮਨ-ਰੂਮ ਵਿਚ ਜਾਣ ਤੋਂ ਕਤਰਾਉਂਦੀਆਂ ਹਨ ਅਤੇ ਕੈਂਪਸ ਵਿਚ ਆਯੋਜਿਤ ਕੀਤੇ ਪ੍ਰੋਗਰਾਮਾਂ ਤੋਂ ਡਰਦੀਆਂ ਹਨ। ਇੱਥੋਂ ਤਕ ਕਿ ਇਕ ਖਾਸ ਸਮੇਂ ਤੋਂ ਬਾਅਦ ਲਾਇਬਰੇਰੀ ਦੀ ਵਰਤੋਂ ਨਹੀਂ ਕਰਦੀਆਂ। ਇਸ ਥੋਪੀ ਹੋਈ ਇਕੱਲਤਾ ਦਾ ਸਿੱਧਾ-ਸਿੱਧਾ ਅਸਰ ਉਨ੍ਹਾਂ ਦੀ ਗਿਆਨ ਸਮੱਗਰੀ ਤਕ ਹੋਣ ਵਾਲੀ ਪਹੁੰਚ ’ਤੇ ਪੈਂਦਾ ਹੈ। ਉਹ ਅਗਵਾਈ ਕਰਨ ਤੋਂ ਘਬਰਾਉਂਦੀਆਂ ਹਨ।’’ ਸਥਿਤੀ ਦਾ ਤ੍ਰਾਸਦਿਕ ਪਹਿਲੂ ਇਹ ਹੈ ਕਿ ਉਨ੍ਹਾਂ ਦਾ ਸ਼ੋਸ਼ਣ/ਛੇੜਖ਼ਾਨੀ ਕਰਨ ਦੀਆਂ ਘਟਨਾਵਾਂ ਵਿਚ ਕਈ ਵਾਰ ਉਨ੍ਹਾਂ ਦੇ ਅਧਿਆਪਕ ਵੀ ਸ਼ਾਮਲ ਹੁੰਦੇ ਹਨ ਅਤੇ ਇਹ ਵਰਤਾਰਾ ਪ੍ਰਾਇਮਰੀ ਪੱਧਰ ਦੀਆਂ ਕਲਾਸਾਂ ਵਿਚ ਵੀ ਵਾਪਰਦਾ ਹੈ।

ਇੱਕੀਵੀਂ ਸਦੀ ਦੇ ਯੂਨਾਨ ਦੀ ਪੈਂਤੀ ਸਾਲਾ ਕੁਆਰੀ ਪ੍ਰਸ਼ਾਸਨਿਕ ਅਧਿਕਾਰੀ ਨੋਹਾ-ਐਲ-ਗਰੀਬ ਆਖਦੀ ਹੈ, ‘‘ਮੈਂ ਲੋਕਾਂ ਨੂੰ ਸਮਝਦੀ ਹਾਂ, ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਬੁੱਢ-ਕੁਆਰੀ ਹੀ ਮਰਾਂਗੀ। ਮੇਰੀਆਂ ਆਪਣੀਆਂ ਵਿਆਹੀਆਂ ਹੋਈਆਂ ਸਹੇਲੀਆਂ ਮੈਨੂੰ ਇਸ ਲਈ ਨਹੀਂ ਬੁਲਾਉਂਦੀਆਂ ਕਿ ਮੈਂ ਜਾਂ ਤਾਂ ਉਨ•ਾਂ ਦੀ ਗ੍ਰਹਿਸਤੀ ਲਈ ਖਤਰਾ ਬਣਾ ਸਕਦੀ ਹਾਂ ਜਾਂ ਫਿਰ ਉਨ੍ਹਾਂ ਦੀਆਂ ਕੁੜੀਆਂ ਮੈਨੂੰ ਮਿਲ ਕੇ ਵਿਗੜ ਜਾਣਗੀਆਂ।’’ ਯੂਨਾਨੀ ਵਿਆਹ ਇਕ ਧਾਰਮਿਕ ਗੱਠਜੋੜ ਦੀ ਤਰ•ਾਂ ਮੰਨਿਆ ਜਾਂਦਾ ਹੈ ਅਤੇ ਔਰਤ ਵੱਲੋਂ ਉਸ ਨੂੰ ਅਪਣਾਉਣ ਤੋਂ ਇਨਕਾਰ ਜਾਂ ਤੋੜਨ ਦਾ ਉਪਰਾਲਾ ਇਕ ਬੱਜਰ ਗਲਤੀ ਹੈ। 1925 ਵਿਚ ਬਣੇ ‘ਪਰਸਨਲ ਸਟੇਟਸ ਲਾਅ’ ਰਾਹੀਂ ਹੁੰਦੇ ਵਿਆਹ ਸਮਝੌਤਿਆਂ ਦਾ ਆਖਰੀ ਪੰਨਾ ਜਿੱਥੇ ਦੁਲਹਨ ਇਹ ਲਿਖ ਸਕਦੀ ਸੀ ਕਿ ਮੈਂ ਵੀ ਤਲਾਕ ਮੰਗ ਸਕਦੀ ਹਾਂ (ਜ਼ਰੂਰਤ ਪੈਣ ’ਤੇ) ਅਕਸਰ ਧਾਰਮਿਕ ਜਾਂ ਸਭਿਆਚਾਰਕ ਦਾਬਿਆਂ ਕਾਰਨ ਖਾਲੀ ਹੀ ਰਹਿ ਜਾਂਦਾ ਹੈ। ਇਸ ਦਾ ਖ਼ਮਿਆਜ਼ਾ ਭੁਗਤਦੀ ਛੱਬੀ ਸਾਲਾ ਅਰਬੀ ਦੀ ਲੈਕਚਰਾਰ ਮਹਾ-ਮੋਹਸਿਨ ਆਖਦੀ ਹੈ, ‘‘ਸਮੱਸਿਆ ਇਹ ਹੈ ਕਿ ਮੈਂ ਜੱਜ ਸਾਹਮਣੇ ਇਹ ਸਾਬਤ ਨਹੀਂ ਕਰ ਪਾ ਰਹੀ ਕਿ ਮੇਰਾ ਪਤੀ ਮੈਨੂੰ ਮਾਰਦਾ-ਕੁੱਟਦਾ ਤੇ ਸ਼ਰੇਆਮ ਬੇਇੱਜ਼ਤ ਕਰਦਾ ਹੈ। ਬੇਸ਼ੱਕ ਕੁੱਟਮਾਰ ਦੇ ਨਿਸ਼ਾਨ ਮੇਰੇ ਸਰੀਰ ’ਤੇ ਸਾਫ-ਸਾਫ ਦਿਖ ਰਹੇ ਹਨ।’’ ਇਸ ਤਲਾਕ ਲਈ ਉਸ ਨੂੰ ਇਕ ਅਜਿਹੇ ਗੁਆਂਢੀ ਦੀ ਗਵਾਹੀ ਚਾਹੀਦੀ ਹੈ ਜੋ ਜੱਜ ਸਾਹਮਣੇ ਇਹ ਮੰਨੇ ਕਿ ਉਸ ਨੇ ਮੋਹਸਿਨ ਦੀਆਂ ਚੀਕਾਂ ਸੁਣੀਆਂ ਸਨ। ਉਹ ਪਿਛਲੇ ਤਿੰਨ ਸਾਲਾਂ ਤੋਂ ਅਜਿਹੇ ਗੁਆਂਢੀ ਨੂੰ ਲੱਭ ਰਹੀ ਹੈ।

‘‘ਮਾਂ-ਇਰ-ਪੈਰ-ਇਰ-ਤਲੋਇ ਬਹਿਸ਼ਤੇ’’ (ਮਾਂ ਦੇ ਪੈਰਾਂ ਥੱਲੇ ਜੰਨਤ ਹੈ) ਬੰਗਲਾਦੇਸ਼ ਵਿਚ ਮਾਂ ਸ਼ਬਦ ਨਾਲ ਜੁੜੀ ਇੱਜ਼ਤ ਤੇ ਮਾਣ-ਸਨਮਾਨ ਦਾ ਪ੍ਰਤੀਕ ਹੈ। ਅਸਲੀਅਤ ਵਿਚ ਇਹ ਕੋਰੀ ਕਲਪਨਾ ਹੋ ਨਿਬੜਦਾ ਹੈ। ਬੰਗਲਾਦੇਸ਼ ਦੁਨੀਆਂ ਦਾ ਇਕ ਅਜਿਹਾ ਮੁਲਕ ਹੈ ਜਿੱਥੇ ਔਰਤਾਂ ਦੀ ਮਰਦਾਂ ਨਾਲੋਂ ਔਸਤਨ ਉਮਰ ਘੱਟ ਹੈ। ਇੱਥੇ ਜਣੇਪੇ ਦੌਰਾਨ ਹੁੰਦੀਆਂ ਮੌਤਾਂ ਦੀ ਦਰ ਸਭ ਤੋਂ ਉ¤ਚੀ ਹੈ ਅਤੇ ਚਾਰ ਵਿਚੋਂ ਤਿੰਨ ਔਰਤਾਂ ਗਰਭ ਦੌਰਾਨ ਅਤੇ ਜਣੇਪੇ ਦੌਰਾਨ ਸਿਹਤ ਸਹੂਲਤਾਂ ਤੋਂ ਵਿਰਵੀਆਂ ਰਹਿੰਦੀਆਂ ਹਨ। (ਸੰਯੁਕਤ ਰਾਸ਼ਟਰ ਸੰਘ ਵੱਲੋਂ ਜਾਰੀ ਮਨੁੱਖੀ ਵਿਕਾਸ ਰਿਪੋਰਟ 1998 ਅਤੇ ਬੰਗਲਾਦੇਸ਼ ਜਨਸੰਖਿਆ ਸਿਹਤ-ਸਰਵੇ 1994) ਪਰ ਇੰਜ ਜ਼ਿੰਦਗੀ ਦਾਅ ’ਤੇ ਲਗਾ ਕੇ ਖਰੀਦੀ ਮਮਤਾ ’ਤੇ ਮਾਂ ਦਾ ਨਹੀਂ, ਬਲਕਿ ਪਿਓ ਦਾ ਹੱਕ ਹੋ ਜਾਂਦਾ ਹੈ। ਪਤੀ ਤੋਂ ਤਲਾਕ ਦੀ ਹਾਲਤ ਵਿਚ ਇਕ ਬੰਗਲਾਦੇਸ਼ੀ ਮਾਂ ਸੱਤ ਸਾਲ ਤੋਂ ਬਾਅਦ ਪੁੱਤਰ ’ਤੇ ਆਪਣੀ ਮਾਲਕੀ ਨਹੀਂ ਜਿਤਾ ਸਕਦੀ। ਇਹ ਕਾਨੂੰਨ ਰਾਜਨੀਤਕ ਘੱਟ, ਪਰ ਧਾਰਮਿਕ ਤੇ ਸਭਿਆਚਾਰਕ ਦਹਿਸ਼ਤ ਦੇ ਡਰੋਂ ਜ਼ਿਆਦਾ ਪ੍ਰਚਲਤ ਹੈ। ਅਕਸਰ ਮਾਵਾਂ ਪੁੱਤਰਾਂ ਨਾਲ ਰਹਿਣ ਲਈ ਪਤੀਆਂ ਦੀ ਕੁੱਟਮਾਰ ਬਰਦਾਸ਼ਤ ਕਰ ਜਾਂਦੀਆਂ ਹਨ ਪੀੜੀ ਦਰ ਪੀੜੀ।

ਇੱਥੇ ਇਹ ਧਿਆਨ ਦੇਣ ਯੋਗ ਨੁਕਤਾ ਹੈ ਕਿ ਬੰਗਲਾਦੇਸ਼ ਦੇ ਚਾਲੀ ਫੀਸਦੀ ਪਰਿਵਾਰਾਂ ਨੂੰ ‘ਬੇਹੱਦ ਗਰੀਬ’ ਵਰਗ ਵਿਚ ਰੱਖਿਆ ਗਿਆ ਹੈ। ਗ਼ਰੀਬੀ, ਧਾਰਮਿਕ ਮੂਲਵਾਦ ਅਤੇ ਅਨਪੜ•ਤਾ ਦੇ ਗਠਜੋੜ ਨੂੰ ਸ਼ਬਦ ਦਿੰਦਿਆਂ ਇਕ ਨੌਜਵਾਨ ਡਾਕਟਰ ਆਪਣੇ ਇਕ ਕਮਰੇ ਦੇ ਕਲੀਨਿਕ ਵਿਚ ਬੈਠਿਆਂ ਦੱਸਦੀ ਹੈ,‘‘ਮੇਰਾ ਇਕ ਮਰੀਜ਼ ਜਿਹੜਾ ਚਾਰ ਕੁੜੀਆਂ ਦਾ ਪਿਤਾ ਹੈ, ਮੈਥੋਂ ਵਾਰਸ ਪੈਦਾ ਕਰਨ ਲਈ ਡਾਕਟਰੀ ਸਹਾਇਤਾ ਭਾਲਦਾ ਹੈ। ਜਦੋਂ ਮੈਂ ਉਸ ਨੂੰ ਸਰਸਰੀ ਤੌਰ ’ਤੇ ਪੁੱਛਿਆ ਕਿ ਕੀ ਤੇਰੀ ਪਤਨੀ ਲਈ ਇਕ ਹੋਰ ਬੱਚਾ ਪੈਦਾ ਕਰਨਾ ਔਖਾ ਨਹੀਂ ਹੋਵੇਗਾ? ਤਾਂ ਉਸ ਨੇ ਸਹਿਜ ਸੁਭਾਅ ਹੀ ਕਿਹਾ, ‘‘ਉਹਨੇ ਕੀ ਕਹਿਣਾ? ਬੱਚਾ ਤਾਂ ਮੇਰਾ। ਉਸ ਨੇ ਤਾਂ ਬੱਸ ਜੰਮਣੈ।’’ ਕੀ ਬੱਚੇ ਤੇ ਮਾਂ ਨੂੰ ਖਿਲਾਉਣ-ਪਿਲਾਉਣ ਦਾ ਖਰਚਾ ਦੇਣਾ ਹੀ ਪਿਤਾ, ਪਤੀ ਤੇ ਫਿਰ ਪੁੱਤਰ ਨੂੰ ਸਾਡਾ ਕੁਦਰਤੀ ਮਾਲਕ ਬਣਾ ਦਿੰਦਾ ਹੈ? ਨੌਜਵਾਨ ਡਾਕਟਰ ਸਵਾਲ ਕਰਦੀ ਹੈ।

ਜ਼ਿੰਬਾਬਵੇ ਵਿਚ ਖੇਤੀਬਾੜੀ ਦੇ ਧੰਦੇ ਵਿਚ ਲੱਗੇ ਕਿਸਾਨਾਂ/ਮਜ਼ਦੂਰਾਂ ਦਾ ਸੱਤਰ ਪ੍ਰਤੀਸ਼ਤ ਔਰਤਾਂ ਹਨ। ਇਨ•ਾਂ ਔਰਤਾਂ ਦੀ ਰੋਜ਼ੀ-ਰੋਟੀ ਅਤੇ ਸਮਾਜਿਕ ਹੋਂਦ ਜ਼ਮੀਨ ਦੀ ਮਾਲਕੀ ਨਾਲ ਜੁੜੀ ਹੋਈ ਹੈ। ਔਰਤਾਂ ਜਿੱਥੇ ਫਸਲਾਂ ਦੇ ਉਤਪਾਦਨ/ਵਿਕਰੀ ਵਿਚ ਮੁੱਖ ਭੂਮਿਕਾ ਅਦਾ ਕਰਦੀਆਂ ਹਨ ਅਤੇ ਦੇਸ਼ ਦੀ ਕੁੱਲ ਘਰੇਲੂ ਉਤਪਾਦਨ ਵਿਚ ਮੁੱਖ ਹਿੱਸੇਦਾਰ ਹਨ, ਉ¤ਥੇ ਰਾਸ਼ਟਰ ਵਿਆਪੀ ਜ਼ਮੀਨੀ ਕਾਗ਼ਜ਼ਾਂ ਪੱਤਰਾਂ ਵਿਚ ਉਨ•ਾਂ ਨਾਲ ਸਬੰਧਿਤ ਅੰਕੜੇ ਗਾਇਬ ਹਨ। ਉਪਰੋਂ ਮਾਰਚ 1999 ਵਿਚ ਉਥੋਂ ਦੀ ਸੁਪਰੀਮ ਕੋਰਟ ਵੱਲੋਂ ਪਾਸ ਕੀਤੇ ਕਾਨੂੰਨ ਮੁਤਾਬਕ ਔਰਤਾਂ ਜ਼ਮੀਨ ’ਤੇ ਖੇਤੀ ਕਰ ਸਕਦੀਆਂ ਹਨ (ਜਿੰਨੀ ’ਤੇ ਉਨ੍ਹਾਂ ਦਾ ਪਤੀ ਚਾਹੇ) ਪਰ ਉਹ ਜ਼ਮੀਨ ਦੀਆਂ ਇਕਲੌਤੀਆਂ ਮਾਲਕ ਤੇ ਵਾਰਸ ਨਹੀਂ ਬਣ ਸਕਦੀਆਂ। ਉਥੋਂ ਦਾ ਇਕੱਤੀ ਸਾਲਾ ਨੌਜਵਾਨ ਇਸ ਕਾਨੂੰਨ ਨੂੰ ਮਰਦਾਨਗੀ ਭਾਸ਼ਾ ਵਿਚ ਪ੍ਰਗਟਾਉਂਦਿਆਂ ਆਖਦਾ ਹੈ, ‘‘ਮੈਂ ਔਰਤਾਂ ਲਈ ਜ਼ਮੀਨੀ-ਰਾਖਵੇਂਕਰਨ ਦੇ ਸਖ਼ਤ ਖ਼ਿਲਾਫ਼ ਹਾਂ। ਇਸ ਨਾਲ ਤਾਂ ਤਲਾਕਾਂ ਦੀ ਗਿਣਤੀ ਹੀ ਵਧੇਗੀ। ਇਕ ਇਕੱਲੀ-ਕਾਰੀ ਔਰਤ ਕਿਸ ਯੋਗਤਾ ਦੇ ਬਲ ’ਤੇ ਖੇਤੀਬਾੜੀ ਕਰੇਗੀ ਭਲਾ? ਫਿਰ ਜੇਕਰ ਉਹ ਵਿਆਹ ਕਰਕੇ ਪਤੀ ਨਾਲ ਰਹੇਗੀ ਤਾਂ ਜ਼ਮੀਨ ਦਾ ਕੀ ਬਣੂ।’’ ਦੂਜੇ ਪਾਸੇ ਕਾਨੂੰਨ ੍ਯਮੁਤਾਬਕ ਜੇਕਰ ਵਿਆਹ ਟੁੱਟ ਜਾਂਦਾ ਹੈ ਜਾਂ ਔਰਤ ਤਲਾਕ ਮੰਗਦੀ ਹੈ ਤਾਂ ਆਪਣੇ ਆਪ ਸਾਰੀ ਜਇਦਾਦ ਪਤੀ ਦੀ ਹੋ ਜਾਂਦੀ ਹੈ ਬੇਸ਼ੱਕ ਉਸ ਖੇਤ ਵਿਚ ਪਤਨੀ ਨੇ ਸਾਲਾਂਬੱਧੀ ਖ਼ੂਨ-ਪਸੀਨਾ ਵਹਾਇਆ ਹੋਵੇ। ਲਿਹਾਜ਼ਾ ਔਰਤਾਂ ਆਪਣੀ ਜ਼ਿੰਦਗੀ ਜਿਊਣ ਦੇ ਤਰੱਦਦ ਲਈ ਬੱਚੇ ਪੈਦਾ ਕਰਦੀਆਂ ਹਨ, ਖਾਸ ਕਰਕੇ ਮੁੰਡੇ ਤਾਂ ਕਿ ਉਹ ਕਿਸੇ ਬਹਾਨੇ ਜ਼ਮੀਨ ਦੀ ਮਾਲਕੀ ਨਾਲ ਜੁੜੀਆਂ ਰਹਿਣ। ਇਹੀ ਪੇਟ ਭਰਨ ਦੀ ਇਕਲੌਤੀ ਸੁਰੱਖਿਆ ਹੋ ਨਿਬੜਦੀ ਹੈ।

ਪਾਕਿਸਤਾਨ ਦੀ ਭਾਰਤ ਨਾਲ ਜੁੜੀ ਸਰਹੱਦ ’ਤੇ ਜਦੋਂ ਵੀ ਨਵੇਂ ਵਿਵਾਦ ਜਾਂ ਨਵੀਂ ਜੰਗ ਛਿੜਨ ਦੀਆਂ ਸੰਭਾਵਨਾਵਾਂ ਡਰਾਉਂਦੀਆਂ ਹਨ, ਪਾਕਿਸਤਾਨੀ ਔਰਤਾਂ ਦੀ ਸਿਹਤ, ਸਿੱਖਿਆ ਅਤੇ ਸੁਰੱਖਿਆ ’ਤੇ ਪ੍ਰਸ਼ਨ ਚਿੰਨ• ਲੱਗ ਜਾਂਦਾ ਹੈ। 1998 ਵਿਚ ਜਦੋਂ ਦੋਵੇਂ ਦੇਸ਼, ਜ਼ਮੀਨਦੋਜ਼ ਪ੍ਰਮਾਣੂ ਧਮਾਕਿਆਂ ਰਾਹੀਂ ਸੁਰੱਖਿਆ ਨੂੰ ਰਾਸ਼ਟਰੀ ਮੁੱਦੇ ਦੇ ਤੌਰ ’ਤੇ ਪ੍ਰਚਾਰ ਰਹੇ ਸਨ, ਪਾਕਿਸਤਾਨੀ ਔਰਤਾਂ ਨੇ ਨਾਅਰਾ ਦਿੱਤਾ, ‘‘ਸਾਡੇ ਹੱਕਾਂ ਦਾ ਪ੍ਰਮਾਣੂਕਰਨ ਨਾ ਕਰੋ।’’ ਪਰ ਉਨ•ਾਂ ਦੇ ਖ਼ਦਸ਼ੇ ਆਉਂਦੇ ਬਜਟ ਵਿਚ ਸਭ ਸਾਬਤ ਹੋ ਗਏ ਜਦੋਂ ਕੁੱਲ ਬਜਟ ਵਿਚੋਂ ਸਿਰਫ਼ ਇਕ ਤੋਂ ਦੋ ਫੀਸਦੀ ਹੀ ਸਿੱਖਿਆ ਅਤੇ ਸਿਹਤ ਖੇਤਰ ਲਈ ਰੱਖਿਆ ਗਿਆ। ਪਾਕਿਸਤਾਨੀ ਸਰਕਾਰ ਦੇ ਆਪਣੇ ਅੰਕੜਿਆਂ ਮੁਤਾਬਕਹਾਲ ਸਾਲ ਦੇਸ਼ ਵਿਚ ਲਗਭਗ 30,000 ਔਰਤਾਂ ਗਰਭ ਨਾਲ ਸਬੰਧਿਤ ਉਲਝਣਾਂ ਕਾਰਨ ਮਰ ਜਾਂਦੀਆਂ ਹਨ ਅਤੇ ਹਰ ਸਾਲ ਲਗਭਗ 400,000 ਔਰਤਾਂ ਉਮਰ ਭਰ ਗਰਭ-ਅਵਸਥਾ ਅਤੇ ਜਣੇਪੇ ਸਮੇਂ ਹੋਣ ਵਾਲੀਆਂ ਅਣਗਹਿਲੀਆਂ ਅਤੇ ਗੈਰ-ਹੁਨਰਮੰਦ ਕਾਮਿਆਂ ਵੱਲੋਂ ਕੀਤੀਆਂ ਗ਼ਲਤੀਆਂ ਭੁਗਤਦੀਆਂ ਹਨ। ਫੌਜੀ ਸ਼ਾਸਨ ਵਿਚ ਰਹਿੰਦੀਆਂ ਪਾਕਿਸਤਾਨੀ ਔਰਤਾਂ ਲਈ ਇਕ ਸਦੀਵੀ ਜੰਗ ਬਲਾਤਕਾਰ ਅਤੇ ਜਿਨ•ਾਂ-ਉ-ਜਬਰ (ਜਬਰੀ ਧੱਕਾ) ਦੇ ਵਿਰੁੱਧ ਛਿੜੀ ਹੋਈ ਹੈ। ਔਰਤ ਨਾਲ ਬਲਾਤਕਾਰ ਹੋਣ ਦਾ ਅਰਥ ਬਹੁਤੀ ਵਾਰ ਉਸੇ ਨੂੰ ਸਜ਼ਾ ਵਿਚ ਨਿਕਲਦਾ ਹੈ ਜੇਕਰ ਉਹ ਸਾਬਤ ਨਾ ਕਰ ਸਕੇ ਕਿ ਉਹ ਬਲਾਤਕਾਰੀ ਨਾਲ ਸਹਿਮਤ ਨਹੀਂ ਸੀ ਜਾਂ ਫਿਰ ਉਸ ਦੇ ਪਤੀ ਨੂੰ ਉਸ ’ਤੇ ਵਿਆਹ-ਬਾਹਰੇ ਸੰਬੰਧਾਂ ਦਾ ‘ਸ਼ੱਕ’ ਹੋਵੇ। ਜਬਰ ਸਾਬਤ ਕਰਨ ਲਈ ਚਸ਼ਮਦੀਦ ਗਵਾਹ ਹੋਣਾ ਜ਼ਰੂਰੀ ਹੈ। ਦਸਤਾਵੇਜ਼ੀ ਅਤੇ ਮੌਕੇ ਦੇ ਸਬੂਤ ਗਵਾਹ ਨਹੀਂ ਬਣ ਸਕਦੇ। ਜੇਕਰ ਬਲਾਤਕਾਰ ਕਾਰਨ ਉਸ ਨੂੰ ਗਰਭ ਠਹਿਰ ਜਾਵੇ ਤਾਂ ਇਹ ਮੰਨ ਲਿਆ ਜਾਂਦਾ ਹੈ ਕਿ ਸਭ ਕੁਝ ਉਸੇ ਦੀ ਮਰਜ਼ੀ ਨਾਲ ਹੋਇਆ ਹੈ। ਅਦਾਲਤਾਂ, ਥਾਣਿਆਂ ਅਤੇ ਘਰਾਂ ਵਿਚ ਬਲਾਤਕਾਰ ਹੋਣ ਤੋਂ ਬਾਅਦ ਹੋਣ ਵਾਲੀ ਇਸ ਜ਼ਲਾਲਤ ਤੋਂ ਬਚਣ ਲਈ ਔਰਤਾਂ ਖੂਨ ਦਾ ਘੁੱਟ ਭਰ ਕੇ ਚੁੱਪ ਰਹਿਣਾ ਹੀ ਬਿਹਤਰ ਸਮਝਦੀਆਂ ਹਨ।

ਤੀਜੀ ਦੁਨੀਆਂ ਦੀਆਂ ਔਰਤਾਂ ਲਈ ਵੀ ਇੱਕੀਵੀਂ ਸਦੀ ਵਿਚ ਜਿਊਣ ਦਾ ਅਰਥ ਨਿੱਤ-ਨਵੇਂ ਸੰਘਰਸ਼ਾਂ ਨਾਲ ਦੋ-ਚਾਰ ਹੋਣਾ ਹੈ ਅਤੇ ਭਾਰਤੀ ਔਰਤਾਂ ਲਈ ਵੀ ਲੋਕਤੰਤਰ,ਸਮਾਨਤਾ ਅਤੇ ਨਿਆਂ ਹਾਲੇ ਬੜੀ ਦੂਰ ਹੈ। ਗ਼ੁਰਬਤ, ਜ਼ਲਾਲਤ, ਬਹੁਕੌਮੀ ਕੰਪਨੀਆਂ ਦੇ ਨਿਵੇਸ਼ਵਾਦ ਦਾ ਸ਼ਿਕਾਰ ਤੀਜੀ ਦੁਨੀਆਂ ਦਾ ਮਰਦ ਜਿੱਥੇ ਨੰਗੇ-ਧੜ ਗ਼ਰੀਬੀ, ਭੁੱਖ, ਬਿਮਾਰੀ, ਬੇਰੁਜ਼ਗਾਰੀ ਤੇ ਰਾਜਨੀਤਕ ਨਿਪੁੰਸਕਤਾ ਨਾਲ ਲੜ ਰਿਹਾ ਹੈ, ਉ¤ਥੇ ਔਰਤਾਂ ਲਈ ਇਨ੍ਹਾਂ ਅਲਾਮਤਾਂ ਦਾ ਬੋਝ ਬਹੁ-ਪਰਤੀ ਅਤੇ ਜ਼ਿਆਦਾ ਮੁਸ਼ੱਕਤਾਂ ਨਾਲ ਭਰਿਆ ਹੈ। ਲੋੜ ਦੋਹਾਂ ਦੀ ਆਪਸੀ ਸਹਿਮਤੀ ਅਤੇ ਸੰਵਾਦ ਦੀ ਹੈ।

ਕੁਲਦੀਪ ਕੌਰ >

ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ

Thursday, March 4, 2010

ਪੰਜਾਬੀ ਅਲੋਚਕ ਡਾ.ਟੀ.ਆਰ. ਵਿਨੋਦ ਨਾਲ ਅੰਤਿਮ ਮੁਲਾਕਾਤ


ਉੱਘੇ ਮਾਰਕਸੀ ਅਲੋਚਕ ਡਾ.ਟੀ.ਆਰ. ਵਿਨੋਦ ਸਦਾ ਲਈ ਅਲਵਿਦਾ ਕਹਿ ਗਏ। ਜਮਾਤੀ ਨਜ਼ਰੀਏ ਤੋਂ ਪੰਜਾਬੀ ਅਲੋਚਨਾ ਵਿੱਚ ਨਵੀਆਂ ਪਿਰਤਾਂ ਪਾਉਂਣ ਵਾਲੇ ਡਾ ਵਿਨੋਦ ਨਾਲ ਕੁਝ ਸਮਾਂ ਪਹਿਲਾ ਇੱਕ ਮੁਲਾਕਾਤ ਕੀਤੀ, ਇਹ ਮੁਲਾਕਾਤ ਅੰਤਿਮ ਸਾਬਤ ਹੋਈ ਜੋ ਕਿਸੇ ਕਾਰਣ ਅਖ਼ਬਾਰਾਂ ਵਿੱਚ ਛੱਪ ਨਾ ਸਕੀ। ਉਨ੍ਹਾਂ ਦੀ ਯਾਦ ’ਚ ਇਸ ਮੁਲਕਾਤ ਨੂੰ ਪਾਠਕਾਂ ਦੇ ਰੂ ਬ ਰੂ ਕੀਤਾ ਜਾ ਰਿਹਾ ਹੈ। ਡਾ ਵਿਨੋਦ ਦੀ ਖਾਸੀਅਤ ਇਹ ਵੀ ਰਹੀ ਕਿ ਭਾਵੇਂ ਉਹ ਉਮਰ ਦੇ ਹਿਸਾਬ ਨਾਲ ਬੁੱਢੇ ਹੋ ਗਏ ਸਨ, ਪ੍ਰੰਤੂ ਆਖਰ ਤੱਕ ਉਨ੍ਹਾਂ ਦੇ ਵਿਚਾਰ ਸਮੇਂ ਦੇ ਹਾਣ ਦੇ ਰਹੇ। ਉਨ੍ਹਾਂ ਨੇ ਇਸ ਮੁਲਾਕਾਤ ਵਿੱਚ ਇਮਾਨਦਾਰੀ ਨਾਲ ਕਬੂਲ ਕੀਤੀ ਕਿ ਉਹ ਚਾਹੁੰਦੇ ਹੋਏ ਵੀ ਆਪਣੀ ਕਮਜ਼ੋਰੀ ਕਾਰਣ ਸਮਾਜਿਕ ਤਬਦੀਲੀ ਵਾਲੀਆਂ ਲਹਿਰਾਂ ਵਿੱਚ ਅਮਲੀ ਤੌਰ ’ਤੇ ਯੋਗਦਾਨ ਨਾ ਪਾ ਸਕੇ। ਇਉਂ ਉਹ ਮਾਰਕਸਵਾਦੀ ਪੰਜਾਬੀ ਅਲੋਚਕਾਂ ਵਿੱਚੋਂ ਪਹਿਲੇ ਅਜਿਹੇ ਵਿਦਵਾਨ ਸਨ, ਜੋ ਆਪਣੀਆਂ ਸਮੱਰਥਾਵਾਂ, ਸੀਮਾਵਾਂ ਜਾਨਣ ਦੇ ਨਾਲ ਨਾਲ ਦੂਜੇ ਅਲੋਚਕਾਂ ਨੂੰ ਵੀ ਉਨ੍ਹਾਂ ਦੀਆਂ ਸਮਰੱਥਾਵਾਂ, ਸੀਮਾਵਾਂ ਤੋਂ ਜਾਣੂ ਕਰਵਾਉਣ ਦੀ ਵਿਸ਼ੇਸਤਾ ਰੱਖਦੇ ਸਨ। ਸਾਦਗੀ, ਨਿਮਰਤਾ ਅਤੇ ਪਾਰਦਰਸ਼ਤਾ ਉਸ ਸਖ਼ਸੀਅਤ ਦੇ ਵਿਸ਼ੇਸ ਗੁਣ ਸਨ। ਡਾ ਵਿਨੋਦ ਵੱਲੋਂ ਅਲੋਚਨਾ ਦਾ ਕਾਰਜ 1954 ਈ ਤੋਂ ਆਰੰਭ ਕੀਤੀ ਗਿਆ ਜੋ ਅਖੀਰ ਤੱਕ ਜਾਰੀ ਰਿਹਾ। ਉਨ੍ਹਾਂ ਦੁਆਰਾ ਰਚਿਤ ਰਚਨਾਵਾਂ ਕਹਾਣੀਕਾਰ ਸੁਜਾਨ ਸਿੰਘ 1962, ਕਹਾਣੀਕਾਰ ਕੁਲਵੰਤ ਸਿੰਘ ਵਿਰਕ 1965, ਪੰਜ ਨਾਵਲ 1984, ਪੰਜਾਬੀ ਕਹਾਣੀ ਅਧਿਐਨ 1988, ਪੰਜਾਬੀ ਨਾਵਲ ਦਾ ਸੰਸਕ੍ਰਿਤਕ ਅਧਿਐਨ 1990, ਸੰਸਕ੍ਰਿਤੀ ਅਤੇ ਪੰਜਾਬੀ ਸੰਸਕ੍ਰਿਤੀ 1991, ਕੁਲਵੰਤ ਵਿਰਕ ਜੀਵਨ ਤੇ ਰਚਨਾਵਾਂ 1993, ਸਾਹਿਤ ਅਤੇ ਅਲੋਚਨਾ 1997, ਆਓ ਨਾਵਲ ਪੜ•ੀਏ 1999 ਸ਼ਾਮਲ ਹਨ। ਡਾ ਵਿਨੋਦ ਨੇ ਆਧਿਆਪਨ ਦੀ ਸ਼ੁਰੂਆਤ ਪਹਿਲਾ ਸਕੂਲ ਆਧਿਆਪਕ ਤੋਂ ਕੀਤੀ, ਫਿਰ ਕਾਲਜ ਆਧਿਆਪਕ, ਫਿਰ ਪੰਜਾਬੀ ਦੇ ਪ੍ਰੋਫ਼ੈਸਰ ਬਣੇ ਅਤੇ ਉਹ ਅਖੀਰ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਬਠਿੰਡਾ ਦੇ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ।


ਬਲਜਿੰਦਰ : ਡਾ. ਸਾਹਿਬ ਤੁਹਾਡੀ ਜ਼ਿੰਦਗੀ ਦੀ ਕਿਹੜੀ ਅਜਿਹੀ ਘਟਨਾ ਸੀ, ਜਿਸ ਤੋਂ ਤੁਸੀਂ ਮਾਰਕਸਵਾਦ ਵੱਲ ਪਰਤੇ?

ਡਾ. ਵਿਨੋਦ : ਸੁਰੂ ਸੁਰੂ ਵਿੱਚ ਮੇਰੀ ਸੋਚਣੀ ਵੀ ਆਮ ਲੋਕਾਂ ਦੀ ਤਰ•ਾਂ ਹੀ ਸੀ। 1960 ਵੀਆ ਵਿੱਚ ਮੈਂਨੂੰ ‘‘ਕਮਿਊਨਿਸਟ ਮੈਨੀਫੈਸਟੋ’’ ਪੜਨ ਦਾ ਮੌਕਾ ਮਿਲਿਆ, ਜਿਸ ਨੇ ਮੇਰੇ ਧੁੰਦਲੇ ਜਿਹੇ ਵਿਚਾਰਾਂ ਨੂੰ ਕਾਫੀ ਸੇਧ ਦਿੱਤੀ ਅਤੇ ਇਸੇ ਸਮੇਂ ਦੌਰਾਨ ਮੈਂਨੂੰ ਮੇਰੇ ਇੱਕ ਦੋਸਤ ਪੰਜਾਬੀ ਦੇ ਪ੍ਰੋਫੈਸਰ ਨਿਰਮਲ ਸਿੰਘ ਪਟਿਆਲਾ ਕੋਲ ਰਹਿਣ ਦਾ ਮੌਕਾ ਮਿਲਿਆ ਜਿਨਾਂ ਦੀ ਘਰੇਲੂ ਲਾਇਬਰੇਰੀ ਮਾਰਕਸਵਾਦੀ ਸਾਹਿਤ ਨਾਲ ਭਰੀ ਪਈ ਸੀ, ਇਸ ਲਾਇਬਰੇਰੀ ਵਿਚਲੇ ਮਾਰਕਸਵਾਦੀ ਸਾਹਿਤ ਤੋਂ ਮੇਰੇ ਉਸ ਦੋਸਤ ਨੇ ਐਨਾ ਫਾਇਦਾ ਨਹੀਂ ਉਠਾਇਆ, ਜਿਨਾਂ ਮੈਂ ਇਹ ਸਾਹਿਤ ਪੜਕੇ ਉਠਾਇਆ। ਇਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਨੂੰ ਜੇ ਕੋਈ ਬਿਹਤਰ ਬਣਾ ਸਕਦਾ ਹੈ ਤਾਂ ਉਹ ਮਾਰਕਸਵਾਦ ਹੀ ਹੈ।

ਬਲਜਿੰਦਰ : ਕਿਹੜੀ ਸਮਾਜਿਕ ਲਹਿਰ ਤੋਂ ਤੁਸੀਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਤੇ ਕਿਉਂ ?

ਡਾ. ਵਿਨੋਦ : ਮਾਰਕਸਵਾਦ ਪੜ•ਨ ਤੋਂ ਮਗਰੋਂ ਮੈਂ ਕਿਸੇ ਵਿਵਸਥਾ ਪੱਖੀ ਪਾਰਟੀ ਨਾਲ ਤਾਂ ਖੜ ਨਹੀਂ ਸੀ ਸਕਦਾ, ਪਰ ਦੂਜੇ ਪਾਸੇ ਮੈਂ ਵਿਵਸਥਾ ਵਿਰੋਧੀ ਪਾਰਟੀ ਦਾ ਮੈਂਬਰ ਵੀ ਨਹੀਂ ਬਣਿਆ, ਇਸ ਪਿੱਛੇ ਸਾਇਦ ਮੇਰਾ ਡਰ ਕੰਮ ਕਰਦਾ ਹੋਵੇ ਜਾਂ ਮੇਰੀ ਸੀਮਾ ਹੋਵੇ। ਸੁਰੂ ਵਿੱਚ ਮੈਂ ਸੀ ਪੀ ਆਈ ਦਾ, ਫਿਰ ਸੀ ਪੀ ਐਮ ਦਾ ਅਤੇ ਬਾਅਦ ਵਿੱਚ ਨਕਸਲਾਈਟ ਮੂਵਮੈਂਟ ਦਾ ਸਮਰੱਥਕ ਰਿਹਾ। ਨਕਸਲਵਾੜੀ ਦੌਰ ਸਮੇਂ ਮੈਂ ਉਨ੍ਹਾਂ ਸਾਰੇ ਸਾਹਿਤਕਾਰਾਂ ਦੇ ਪੱਖ ਵਿੱਚ ਲਿਖਦਾ ਰਿਹਾ, ਜੋ ਇਸ ਲਹਿਰ ਦੇ ਯੋਧਿਆਂ ਨੂੰ ਪੰਜਾਬੀ ਸਾਹਿਤ ਵਿੱਚ ਹੀਰੋ ਬਣਾ ਕੇ ਪੇਸ਼ ਕਰਦੇ ਰਹੇ ਹਨ। ਉਹ ਚਾਹੇ ਅਵਤਾਰ ਪਾਸ਼ ਹੋਵੇ, ਸੰਤ ਰਾਮ ਉਦਾਸੀ ਹੋਵੇ, ਵਰਿਆਮ ਸੰਧੂ ਹੋਵੇ ਜਾਂ ਸੁਰਜੀਤ ਪਾਤਰ ਹੋਵੇ। ਪਰ ਦੂਜੇ ਪਾਸੇ ਸੁਧਾਰਵਾਦੀ ਪ੍ਰਗਤੀਵਾਦੀ ਸਾਹਿਤਕ ਲਹਿਰ ਵੀ ਚੱਲਦੀ ਰਹੀ ਹੈ, ਜਿਹੜੀਆਂ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਬਿਨ•ਾ ਆਰਥਿਕ ਸਮਾਜਿਕ ਪ੍ਰਬੰਧ ਬਦਲਿਆ ਹੀ ਹੱਲ ਕਰਨਾ ਲੋਚਦੀ ਹੈ। ਜਿਸ ਵਿੱਚ ਕਹਾਣੀਕਾਰ ਸੁਜਾਨ ਸਿੰਘ ਅਤੇ ਨਾਵਲਕਾਰ ਨਾਨਕ ਸਿੰਘ ਵਰਗੇ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ,ਇਨ੍ਹਾਂ ਲੇਖਕਾਂ ਦੀ ਮਨਸ਼ਾ ਵਿੱਚ ਕੋਈ ਪਾਪ ਨਹੀਂ ਪੰ੍ਰਤੂ ਮੌਜੂਦਾ ਪ੍ਰਬੰਧ ਵਿੱਚ ਇਨ੍ਹਾਂ ਦੀਆਂ ਅਸ਼ਾਵਾਂ ਨੂੰ ਬੂਰ ਨਹੀਂ ਪੈ ਸਕਦਾ।

ਬਲਜਿੰਦਰ : ਤੁਹਾਡੇ ਨਜ਼ਰੀਏ ਅਨੁਸਾਰ ਸਮਾਜ ਵਿੱਚ ਸਾਹਿਤ ਦਾ ਕੀ ਰੋਲ ਹੈ?

ਡਾ. ਵਿਨੋਦ : ਸਮਾਜ ਵਿੱਚ ਸਾਹਿਤ ਦਾ ਰੋਲ ਦੂਜੇ ਦਰਜੇ ਦਾ ਹੈ, ਇੱਕ ਸਹਾਇਕ ਦਾ ਰੋਲ ਹੈ। ਜਦੋਂ ਕਿ ਮੁੱਖ ਰੋਲ ਸਿਆਸਤ ਦਾ ਹੁੰਦਾ ਹੈ। ਕਿਸੇ ਸਾਹਤਿਕਾਰ ਤੋਂ ਇਹ ਉਮੀਦ ਨਹੀਂ ਕਰਨੀ ਚਾਹੀਦੀ ਕਿ ਉਹ ਇਨਕਲਾਬ ਲੈ ਆਵੇਗਾ, ਇਨਕਲਾਬ ਵਿੱਚ ਉਸ ਦਾ ਰੋਲ ਸਹਾਇਕ ਦਾ ਹੁੰਦਾ ਹੈ। ਸਾਹਿਤ ਦਾ ਰੋਲ ਸਿਆਸਤ ਨੂੰ ਉਤੇਜਤ ਕਰਨਾ ਹੁੰਦਾ ਹੈ। ਸਾਹਿਤ ਵਿੱਚ ਦਸ਼ਾ ਅਤੇ ਦਿਸ਼ਾ ਦੋਹੇ ਪੱਖਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਲੋਕਾਂ ਦੀਆਂ ਸਿਰਫ਼ ਦੁੱਖਾਂ, ਤਕਲੀਫ਼ਾ ਦਾ ਰਾਮ ਰੋਲਾ ਪਾਉਂਣ ਵਾਲਾ ਸਾਹਿਤ ਕਿਸੇ ਕੰਮ ਦਾ ਨਹੀਂ ਬਲਕਿ ਸਾਹਿਤ ਜ਼ਰੀਏ ਲੋਕਾਂ ਨੂੰ ਇਹ ਵੀ ਦੱਸਣ ਦੀ ਜਰੂਰਤ ਹੈ ਕਿ ਉਨ੍ਹਾਂਦੀਆਂ ਤਕਲੀਫਾਂ ਦਾ ਕਾਰਣ ਕੀ ਹੈ ਅਤੇ ਦੂਰ ਕਿਵੇਂ ਹੋ ਸਕਦੀਆਂ ਹਨ। ਕ੍ਰਾਂਤੀ ਵਿੱਚ ਸਾਹਿਤ ਦਾ ਰੋਲ ਉਸ ਤਰ•ਾ ਹੋਣਾ ਚਾਹੀਦਾ ਹੈ, ਜਿਸ ਤਰ•ਾਂ ਰੂਸੀ ਇਨਕਲਾਬ ਵਿੱਚ ਮੈਕਸਿਮ ਗੋਰਕੀ ਦੇ ਨਾਵਲ ‘‘ਮਾਂ’’ ਦਾ ਹੈ।

ਬਲਜਿੰਦਰ : ਉਸਾਰੂ ਸਾਹਿਤ ਦੇ ਕੀ ਮਾਪ ਦੰਡ ਹਨ?

ਡਾ. ਵਿਨੋਦ : ਉਸਾਰੂ ਸਾਹਿਤ ਦਾ ਪਹਿਲਾ ਕਾਰਜ ਸਾਰੇ ਕਿਰਤੀ ਲੋਕਾਂ ਨੂੰ ਇੱਕ ਮੁੱਠ ਕਰਨ ਦਾ ਹੈ। ਉਦਾਹਰਣ ਦੇ ਤੌਰ ’ਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਮੇਂ ਪੰਜ ਕਰਾਰਾਂ ਦਾ ਸੰਕਲਪ ਪੇਸ਼ ਕੀਤਾ ਪ੍ਰੰਤੂ ਅਜੋਕੇ ਸਮੇਂ ਇਹ ਪੰਜ ਕਰਾਰ ਹਨ : ਕਾਮੇ, ਕੰਮੀ, ਕਿਸਾਨ, ਕਾਰੀਗਰ ਅਤੇ ਕਰਮਚਾਰੀ। ਅੱਜ ਦੇ ਉਸਾਰੂ ਸਾਹਿਤ ਦਾ ਮੁੱਢਲਾ ਫ਼ਰਜ ਹੈ ਕਿ ਉਹ ਇਨ•ਾਂ ਕਾਮਿਆਂ ਦੇ ਅੰਤਰ ਵਿਰੋਧਾਂ ਨੂੰ ਹੱਲ ਕਰਨ ਦੇ ਨਾਲ ਨਾਲ ਇੱਕ ਜੁੱਟ ਕਰਨ ਦਾ ਕਾਰਜ ਵੀ ਨਿਭਾਏ ਅਜੌਕੇ ਵਿਸ਼ਵੀਕਰਣ ਦੇ ਦੌਰ ਵਿੱਚ ਪੂੰਜੀਪਤੀ ਤਾਂ ਇੱਕ ਹੱਦ ਤੱਕ ਇੱਕਜੁੱਟ ਹੋ ਰਹੇ ਹਨ, ਪ੍ਰੰਤੂ ਕਿਰਤੀ ਜਮਾਤ ਦੇ ਇੱਕਜੁੱਟਤਾ ਦਾ ਕੰਮ ਅਜੇ ਅਧੂਰਾ ਹੈ, ਇਸ ਕਰਕੇ ਉਸਾਰੂ ਸਾਹਿਤ ਦਾ ਫ਼ਰਜ਼ ਹੈ ਕਿ ਦੁਨੀਆ ਭਰ ਦੇ ਮਜ਼ਦੂਰਾਂ ਨੂੰ ਇੱਕਠੇ ਹੋ ਕੇ ਸੰਘਰਸ਼ ਕਰਨ ਦੀ ਪ੍ਰੇਰਣਾ ਦੇਵੇ।

ਬਲਜਿੰਦਰ : ਸਾਹਿਤ ਵਿੱਚ ਅਲੋਚਨਾ ਦੀ ਕੀ ਸਥਾਨ ਸਮਝਦੇ ਹੋ?

ਡਾ. ਵਿਨੋਦ : ਅਲੋਚਨਾ ਦਾ ਮੁੱਖ ਕਾਰਜ ਚੰਗੇ ਅਤੇ ਮਾੜੇ ਸਾਹਿਤ ਵਿੱਚ ਫ਼ਰਕ ਕਰਨਾ ਹੈ। ਅਲੋਚਨਾ ਦਾ ਮੁੱਖ ਮੰਤਵ ਵੀ ਇਹ ਹੈ ਕਿ ਚੰਗੇ ਸਾਹਿਤ ਪ੍ਰਤੀ ਪਾਠਕ ਦੇ ਮਨ ਵਿੱਚ ਰੁਚੀ ਪੈਂਦਾ ਕਰੇ ਅਤੇ ਮਾੜੇ ਸਾਹਿਤ ਪ੍ਰਤੀ ਨਫ਼ਰਤ, ਅਤੇ ਇਹ ਵੀ ਦੱਸੇ ਕਿ ਚੰਗੇ ਅਤੇ ਮਾੜੇ ਸਾਹਿਤ ਵਿੱਚ ਕੀ ਅੰਤਰ ਹੈ।

ਬਲਜਿੰਦਰ : ਅਜੋਕੀ ਪੰਜਾਬੀ ਅਲੋਚਨਾ ਬਾਰੇ ਤੁਹਾਡਾ ਕੀ ਖਿਆਲ ਹੈ?

ਡਾ. ਵਿਨੋਦ : ਜਿਸ ਤਰ•ਾਂ ਸਮਾਜ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ, ਇਸ ਤਰ•ਾਂ ਪੰਜਾਬੀ ਅਲੋਚਨਾ ਵੀ। ਇਸ ਪ੍ਰਬੰਧ ਵਿੱਚ ਜਿਨਾਂ ਲੋਕਾਂ ਨੂੰ ਚੰਗੀ ਪੱਦਵੀ ਮਿਲ ਗਈ, ਚੰਗਾ ਮਾਣ ਸਨਮਾਨ, ਚੰਗੀਆਂ ਤਨਖਾਹਾਂ ਮਿਲਦੀਆਂ ਹਨ, ਉਹ ਸਮਝਦੇ ਹਨ ਕਿ ਸਾਹਿਤ ਕੁਝ ਕੁ ਖਾਸ ਲੋਕਾਂ ਲਈ ਹੀ ਹੁੰਦਾ ਹੈ, ਆਮ ਲੋਕਾਂ ਲਈ ਨਹੀਂ, ਇਸ ਲਈ ਉਹ ਖਾਸ ਲੋਕਾਂ ਲਈ ਲਿਖਣ ਦੀ ਪ੍ਰੇਰਣਾ ਦਿੰਦੇ ਹਨ, ਦੂਜੇ ਪਾਸੇ ਇਹ ਵੀ ਕਹਿੰਦੇ ਹਨ ਕਿ ਅਸੀਂ ਸਵੈ ਦੇ ਪ੍ਰਗਟਾਵੇ ਲਈ ਸਾਹਤਿ ਦੀ ਰਚਨਾ ਕਰਦੇ ਹਾਂ। ਮੈਂ ਅਜਿਹੇ ਅਲੋਚਕਾਂ, ਸਾਹਿਤਕਾਰਾਂ ਨਾਲ ਸਹਿਮਤ ਨਹੀਂ ਹਾਂ, ਅਸਲ ਵਿੱਚ ਅਜਿਹੇ ਸਾਹਿਤਕਾਰ ਸਾਹਿਤ ਦੇ ਜਮਾਤੀ ਖਾਸੇ ’ਤੇ ਪਰਦਾ ਪਾਉਂਣ ਦੀ ਕੋਸ਼ਿਸ ਕਰਦੇ ਹਨ ਜਦੋਂ ਕਿ ਮਾਰਕਸਵਾਦੀ ਅਲੋਚਕ ਅਜਿਹੇ ਪਾਖੰਡਾਂ ਨਾਲ ਸਹਿਮਤ ਨਹੀਂ ਹਨ।

ਬਲਜਿੰਦਰ : ਅਕਾਦਮਿਕ ਪੰਜਾਬੀ ਅਲੋਚਨਾਵਾਂ ਦੀਆਂ ਕੀ ਕੀ ਸੀਮਾਵਾਂ ਹਨ?

ਡਾ. ਵਿਨੋਦ : ਅਕਾਦਮਿਕ ਅਲੋਚਨਾ ਵਿਦਵਾਨਾਂ ਵਾਸਤੇ ਅਲੋਚਨਾ ਹੁੰਦੀ ਹੈ। ਉਦਾਹਰਣ ਦੇ ਤੌਰ ’ਤੇ ਜਿਵੇਂ ਕਰਤਾਰ ਸਿੰਘ ਦੁੱਗਲ। ਤੱਤ ਪੱਖੋਂ ਉਸ ਦੀ ਹਰ ਕਹਾਣੀ ਵਿੱਚ ਹੀ ਸਾਨੂੰ ਪਿਛਾਂਹ ਖਿੱਚੂ ਅੰਸ਼ ਪ੍ਰਾਪਤ ਹੋ ਸਕਦੇ ਹਨ। ਪ੍ਰੰਤੂ ਇਹ ਸੱਚ ਜੇ ਕੋਈ ਵਿਦਿਆਰਥੀ ਇਮਤਿਹਾਨ ਵਿੱਚ ਲਿਖੇਗਾ ਤਾਂ ਉਹ ਆਪਣਾ ਨੁਕਸਾਨ ਹੀ ਕਰਵਾਏਗਾ। ਕਰਤਾਰ ਸਿੰਘ ਵਰਗੇ ‘‘ਕਹਾਣੀਕਾਰਾਂ’’ ਦੀ ਪਹੁੰਚ ਕਲਾ ਵਿਰੋਧੀ ਹੋਣ ਦੇ ਬਾਵਜੂਦ ਇਸ ਨੂੰ ਚੰਗਾ ਕਹਿਣਾ ਪੈਂਦਾ ਹੈ ਇਹ ਅਕਾਦਮਿਕ ਪੰਜਾਬੀ ਅਲੋਚਨਾ ਦੀ ਸੀਮਾ ਹੈ। ਜਿਹੜੇ ਅਲੋਚਕ ਕਲਾ ਪੱਖ ’ਤੇ ਹੀ ਜਿਆਦਾ ਜ਼ੋਰ ਦਿੰਦੇ ਹਨ, ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਕੋਈ ਵੀ ਪਿਛਾਂਹ ਖਿੱਚੂ ਸਾਹਿਤਕਾਰ ਆਪਣੀ ਕਲਾ ਦੀ ਬਾਰੀਕੀ ਰਾਹੀ ਹੀ ਖ਼ਤਰਨਾਕ ਸੁਨੇਹਾ ਦਿੰਦਾ ਹੈ।

ਬਲਜਿੰਦਰ : ਡਾ. ਸਾਹਿਬ ਇਹ ਵੀ ਸੁਣਿਆ ਹੈ ਕਿ ਅਲੋਚਨਾ ਵਿੱਚ ਲਿਹਾਜਾਂ ਦੀ ਪੂਰਤੀ ਵੀ ਹੁੰਦੀ ਹੈ। ਤੁਹਾਡਾ ਇਸ ਬਾਰੇ ਕੀ ਖਿਆਲ ਹੈ?


ਡਾ. ਵਿਨੋਦ : ਇਹ ਬਿਲਕੁੱਲ ਸਹੀ ਹੈ ਕਿ ਪੰਜਾਬੀ ਅਲੋਚਨਾ ਵਿੱਚ ਲਿਹਾਜਾਂ ਦੀ ਪੂਰਤੀ ਹੁੰਦੀ ਹੈ। ਅਲੋਚਨਾ ਹਮੇਸ਼ਾ ਜਮਾਤੀ ਅਧਾਰਤਾਂ ’ਤੇ ਹੋਣੀ ਚਾਹੀਦੀ ਹੈ, ਇਸ ਨੂੰ ਛੱਡ ਕੇ ਜੇ ਅਲੋਚਕ ਅਲੋਚਨਾ ਦਾ ਅਧਾਰ ਕੁਝ ਹੋਰ ਬਣਾ ਬੈਠਦਾ ਹੈ ਤਾਂ ਉਹ ਮਾਰਕਸਵਾਦ ਦਾ ਕੱਚਾ ਖਿਡਾਰੀ ਹੀ ਸਮਝਿਆ ਜਾਵੇਗਾ। ਸਮਾਜ ਦੇ ਹਰ ਵਰਤਾਰੇ ਦਾ ਜਮਾਤੀ ਖਾਸਾ ਹੁੰਦਾ ਹੈ ਜਿਵੇਂ ਜਿਹੜੇ ਸਾਹਿਤਕਾਰ ਨਾਰੀ ਮੁਕਤੀ ਦੀ ਗੱਲ ਕਰਦੇ ਹਨ, ਉਹ ਕੇਵਲ ਉੱਚ ਵਰਗ ਦੀਆਂ ਔਰਤਾਂ ਨੂੰ ਮਖਾਤਿਬ ਹਨ। ਸਮਾਜ ਦੀ ਬਹੁ ਗਿਣਤੀ ਕਿਰਤੀ ਔਰਤਾਂ ਦੀ ਲੁੱਟ ਖਸੁੱਟ ਅਤੇ ਅਜ਼ਾਦੀ ਨਾਲ ਇਸ ਤਰ•ਾਂ ਦੀ ਨਾਰੀ ਮੁਕਤੀ ਦਾ ਕੋਈ ਸਰੋਕਾਰ ਨਹੀਂ ਹੈ। ਇਹ ਨਾਰੀਵਾਦੀ ਪਿਆਰ ਦੀ ਮੁਕਤੀ ਨਹੀਂ ਪਿਆਰ ਤੋਂ ਹੀ ਚਾਹੁੰਦੇ ਹਨ। ਜੋ ਕੇਵਲ ਸੈਕਸੂਅਲ ਤੱਕ ਹੀ ਸੀਮਤ ਹੈ। ਲਿਹਾਜਾਂ ਦੀ ਪੂਰਤੀ ਦਾ ਵੀ ਇੱਕ ਸਮਾਜਿਕ ਅਧਾਰ ਹੈ ਅਤੇ ਜਮਾਤੀ ਸਮਾਜ ਵਿੱਚ ਇਹ ਹੁੰਦਾ ਵੀ ਰਹੇਗਾ। ਜੇ ਮੈਂ ਆਪਣੇ ਸਬੰਧ ਵਿੱਚ ਕਹਾਂ ਕਿ ਮੈਂ ਲਿਹਾਜਾਂ ਤਾਂ ਨਹੀਂ ਪੂਰਦਾ ਪਰ ਜਿੱਥੋਂ ਕਿਤੇ ਮੈਂਨੂੰ ਸਮਝੋਤਾ ਕਰਨਾ ਪਵੇ ਤਾਂ ਉੱਥੇ ਮੈਂ ਚੁੱਪ ਹੀ ਰਹਿੰਦਾ ਹਾਂ ਅਤੇ ਇਹ ਮੇਰੀ ਸੀਮਾ ਵੀ ਹੋ ਸਕਦੀ ਹੈ।

ਬਲਜਿੰਦਰ : ਵਿਸ਼ਵੀਕਰਣ ਦਾ ਸਮਾਜ, ਸਾਹਿਤ ਅਤੇ ਅਲੋਚਨਾ ’ਤੇ ਕੀ ਪ੍ਰਭਾਵ ਦੇਖਦੇ ਹੋ?

ਡਾ. ਵਿਨੋਦ : ਵਿਸ਼ਵੀਕਰਣ ਬਾਰੇ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ। ਜਦੋਂ ਸਰਮਾਏਦਾਰੀ ਹੋਂਦ ਵਿੱਚ ਆਈ, ਉਦੋਂ ਤੋਂ ਹੀ ਵਿਸ਼ਵੀਕਰਣ ਦਾ ਵਰਤਾਰਾ ਹੋਂਦ ਵਿੱਚ ਆਇਆ ਹੈ। ਵਿਸ਼ਵੀਕਰਣ ਸਰਮਾਏਦਾਰੀ ਦੇ ਸੁਭਾਅ ਵਿੱਚ ਸ਼ਾਮਲ ਹੈੇ। ਜਿਹੜੇ ਲੋਕ ਕਹਿੰਦੇ ਹਨ ਕਿ ਵਿਸ਼ਵੀਕਰਣ ਦਾ ਕੋਈ ਬਦਲ ਨਹੀਂ ਮੈਂ ਉਨ੍ਹਾਂ ਨਾਲ ਸਹਿਮਤ ਨਹੀਂ ਹਾਂ, ਵਿਸ਼ਵੀਕਰਣ ਦੇ ਵਰਤਾਰੇ ਨੇ ਅੱਜ ਇਸ ਸਵਾਲ ਨੂੰ ਮੁੱਖ ਬਣਾ ਦਿੱਤਾ ਹੈ ਕਿ ਤੁਸੀਂ ਸਾਮਰਾਜਵਾਦੀ ਵਿਸ਼ਵੀਕਰਣ ਦੇ ਹੱਕ ਵਿੱਚ ਹੋ ਜਾਂ ਸਮਾਜਵਾਦੀ ਵਿਸ਼ਵੀਕਰਣ ਦੇ ਅਤੇ ਇਹ ਸਵਾਲ ਵਿੱਚ ਵੀ ਮੁੱਖ ਸਵਾਲ ਹੈ।

ਬਲਜਿੰਦਰ : ਅੱਜ ਕਿਸ ਵਰਗ ਦੀ ਪ੍ਰਤੀਨਿਧਤਾ ਕਰਨ ਵਾਲੇ ਸਾਹਿਤ ਦੀ ਜ਼ਰੂਰਤਮਹਿਸੂਸ ਕਰਦੇ ਹੋ?

ਡਾ. ਵਿਨੋਦ : ਮੈਂ ਸਮਝਦਾ ਹਾਂ ਕਿ ਅੱਜ ਕਿਰਤੀ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਸਾਹਿਤ ਦੀ ਜ਼ਰੂਰਤ ਹੈ ।ਉਹ ਚੇਤੰਨ ਤੌਰ ’ਤੇ ਲਿਖਣਾ ਚਾਹੀਦਾ ਹੈ। ਜਿਹੜੇ ਲੋਕ ਕਹਿੰਦੇ ਹਨ ਕਿ ਸਾਹਿਤ ਮਹਿਜ ਅਨੁਭਵ ਦੀ ਕਲਾ ਹੈ, ਮੈਂ ਉਨ੍ਹਾਂ ਦੇ ਸਖ਼ਤ ਖਿਲਾਫ਼ ਹਾਂ ਕਿਉਂਕਿ ਮਨੁੱਖ ਕੋਲ ਤਾਂ ਚੇਤਨਾ ਹੈ, ਤਰਕ ਹੈ, ਬੁੱਧੀ ਹੈ। ਉਹ ਚੰਗੇ ਮਾੜੇ ਦੀ ਪਰਖ਼ ਕਰ ਸਕਦਾ ਹੈ, ਇਸ ਤਰ•ਾਂ ਸਾਹਿਤ ਵਿੱਚ ਪਰਖ਼ੀ ਪੜਚੋਲੀ ਚੀਜ਼ ਦੀ ਹੀ ਪੇਸ਼ਕਾਰੀ ਹੋਣੀ ਚਾਹੀਦੀ ਹੈ। ਪਰਖੀ ਪੜਚੋਲੀ ਚੀਜ਼ ਇਹ ਹੀ ਹੈ ਕਿ ਇਸ ਧਰਤੀ ’ਤੇ ਕੰਮ ਕਰਨ ਵਾਲੇ ਲੋਕ ਜੋ ਸੰਸਾਰ ਦੀਆਂ ਸਭ ਚੀਜ਼ਾਂ ਬਣਾਉਂਦੇ ਹਨ, ਪਰ ਵਰਤਦਾ ਕੋਈ ਹੋਰ ਹੈ। ਸਾਹਿਤ ਦਾ ਪਹਿਲਾ ਅਤੇ ਆਖਰੀ ਕਰਤੱਵ ਹੀ ਇਹ ਹੈ ਕਿ ਉਹ ਇਨ੍ਹਾਂ ਲੋਕਾਂ ਨੂੰ ਚੇਤੰਨ ਕਰੇ।

ਬਲਜਿੰਦਰ : ਕਿਸਾਨੀ ਦੇ ਉਜਾੜੇ ਬਾਰੇ ਪੰਜਾਬੀ ਸਾਹਿਤ ਸਿਰਜਣਾ ’ਤੇ ਤੁਹਾਡਾ ਕੀ ਪ੍ਰਤੀਕਰਮ ਹੈ ?

ਡਾ. ਵਿਨੋਦ : ਹੁਣ ਪੰਜਾਬੀ ਸਾਹਿਤ ਵਿੱਚ ਕਿਸਾਨੀ ਦੇ ਉਜਾੜੇ ਦਾ ਜੋ ਪ੍ਰਗਟਾਵਾ ਹੋ ਰਿਹਾ ਹੈ, ਉਹ ਕਿਸਾਨ ਨੂੰ ਕਿਸਾਨੀ ਦੇ ਤੌਰ ’ਤੇ ਹੀ ਕਾਇਮ ਰੱਖਣ ਦੀ ਦ੍ਰਿਸ਼ਟੀ ਨਾਲ ਹੀ ਹੋ ਰਿਹਾ ਹੈ ਜਦੋਂ ਕਿ ਕਿਸੇ ਵੀ ਛੋਟੇ ਮਾਲ ਉਤਪਾਦਕ ਦਾ ਬਚਿਆ ਰਹਿਣਾ ਅਸੰਭਵ ਹੈ ਪਰ ਇਹ ਸੁਨੇਹਾ ਸਾਹਤਿਕਾਰ ਸਿੱਧੇ ਤੌਰ ’ਤੇ ਨਹੀਂ ਦੇਵੇਗਾ ਅਤੇ ਉਸ ਨੂੰ ਦੇਣਾ ਵੀ ਨਹੀਂ ਚਾਹੀਦਾ ਪਰ ਉਹ ਸਾਫ਼ ਤੌਰ ’ਤੇ ਕਹੇਗਾ ਕਿ ਤੁਹਾਡੀਆਂ ਦੁੱਖਾਂ ਤਕਲੀਫਾਂ ਦਾ ਕਲਿਆਣ ਸਮਾਜਵਾਦ ਵਿੱਚ ਹੀ ਸੰਭਵ ਹੈ। ਇਹ ਸਾਰੇ ਤੀਜੀ ਦੁਨੀਆਂ ਦੇ ਮੁਲਕਾਂ ਦਾ ਵੱਡਾ ਮਸਲਾ ਹੈ ਕਿ ਕਿਸਾਨੀ ਨੂੰ ਸਮਾਜਵਾਦ ਦੀ ਲੜਾਈ ਵਿੱਚ ਕਿਵੇਂ ਨਾਲ ਲਿਆ ਜਾਵੇ। ਕਿਉਂਕਿ ਤਾਕਤ ਪੱਖੋਂ ਇਹ ਗੋਲਣਯੋਗ ਹੈ, ਇਹ ਕਿਸਾਨੀ ਤਾਕਤ ਦੋ ਧਾਰੀ ਤਲਵਾਰ ਹੈ ਜੋ ਸਮਾਜ ਨੂੰ ਅੱਗੇ ਵੱਲ ਲਿਜਾ ਸਕਦੀ ਹੈ ਅਤੇ ਪਿਛਾਂਹ ਵੱਲ ਵੀ। ਮਸਲਾ ਇਹ ਹੈ ਕਿ ਸਮਾਜਵਾਦ ਦੀ ਲੜਾਈ ਵਿੱਚ ਇਸ ਨੂੰ ਕਿਵੇਂ ਜਿੱਤਿਆ ਜਾ ਸਕਦਾ ਹੈ।

ਬਲਜਿੰਦਰ : ਤੁਸੀਂ ਬਾਕੀ ਦੇ ਮਾਰਕਸਵਾਦੀ ਅਲੋਚਕਾਂ ਨਾਲੋਂ ਆਪਣੇ ਆਪ ਨੂੰ ਕਿਵੇਂ ਭਿੰਨ ਦੇਖਦੇ ਹੋ?

ਡਾ. ਵਿਨੋਦ : ਪਹਿਲੀ ਗੱਲ ਤਾਂ ਉਨ੍ਹਾਂ ਵਿਦਵਾਨਾਂ ਨਾਲੋਂ ਮੇਰਾ ਬਹੁਤ ਵੱਡਾ ਅੰਤਰ ਹੈ, ਜਿਹੜੇ ਆਪਣੇ ਆਪ ਨੂੰ ਇੱਕ ਵਿਦਵਾਨ ਦੇ ਤੌਰ ’ਤੇ ਸਥਾਪਤ ਕਰਨ ਲਈ ਲਿਖਦੇ ਹਨ ਪਰ ਮੈਂ ਆਪਣੇ ਆਪ ਨੂੰ ਇੱਕ ਵਿਦਵਾਨ ਦੇ ਤੌਰ ’ਤੇ ਅਤੇ ਆਪਣੇ ਵਿਦਿਆਰਥੀਆਂ ਤੋਂ ਸਿੱਖਿਆ ਹੈ ਅਤੇ ਉਨ੍ਹਾਂ ਨੂੰ ਉਨ•ਾਂ ਦੀ ਸਧਾਰਣ ਬੋਲੀ ਵਿੱਚ ਅਤੇ ਉਨ੍ਹਾਂ ਦੇ ਜੀਵਨ ਵਿੱਚੋਂ ਉਦਾਹਰਣਾਂ ਲੈ ਕੇ ਸਮਝਾਉਂਣ ਦੀ ਕੋਸ਼ਿਸ ਕਰਦਾ ਹਾਂ।

ਬਲਜਿੰਦਰ : ਸਰ ਇਹ ਵੀ ਕਿਹਾ ਜਾਂਦਾ ਹੈ ਕਿ ਸਮਾਜ ਨੂੰ ਬਦਲਣ ਲਈ ਉਸ ਨੂੰ ਸਮਝਣਾ ਪੈਂਦਾ ਹੈ ਅਤੇ ਸਮਾਜ ਨੂੰ ਬਦਲਣ ਦੀ ਪ੍ਰਕਿਰਿਆ ਵਿੱਚੋਂ ਖੁਦ ਨੂੰ ਬਦਲਣਾ ਪੈਂਦਾ ਹੈ, ਤੁਸੀਂ ਇਸ ਗੱਲ ਨਾਲ ਕਿਨ•ਾ ਕੁ ਸਹਿਮਤ ਹੋ?

ਡਾ. ਵਿਨੋਦ : ਸਿਧਾਂਤ ਅਤੇ ਅਮਲ ਦਾ ਰਿਸ਼ਤਾ ਦਵੰਦਤਾਮਕ ਹੁੰਦਾ ਹੈ। ਸਮਾਜ ਨੂੰ ਬਦਲਣ ਦੇ ਅਭਿਆਸ ਵਿੱੋਚੋਂ ਮਨੁੱਖ ਦਾ ਅੰਦਰਲਾ ਵੀ ਬਦਲਦਾ ਹੈ, ਅਭਿਆਸ ਵਿੱਚੋਂ ਸਿਧਾਂਤ ਪੈਂਦਾ ਹੁੰਦਾ ਅਤੇ ਸਿਧਾਂਤ ਦੀ ਪੁਸਟੀ ਅਮਲ ਕਰਦਾ ਹੈ। ‘‘ਵਿਨੋਦ ਸਾਹਿਤ ਚਿੰਤਨ’’ ਨਾਮੀ ਮੇਰੇ ਬਾਰੇ ਛਪੀ ਕਿਤਾਬ ਦੀ ਭੁਮਿਕਾ ਵਿੱਚ ਮੈਂ ਇਕਬਾਲ ਕੀਤਾ ਹੈ ਕਿ ਮਾਰਕਸਵਾਦ ਨੂੰ ਮੈਂ ਸਮਝਣ ਦੀ ਕੋਸ਼ਿਸ ਕੀਤੀ ਹੈ ਅਤੇ ਊਸ ਨੂੰ ਆਪਣੇ ਸਮੇਂ ਅਤੇ ਸਮਾਜ ’ਤੇ ਲਾਗੂ ਕਰਨ ਦੀ ਵੀ ਪਰ ਮੈਂ ਡਰਦਾ ਹੋਇਆ ਅਮਲ ਵਿੱਚ ਨਹੀਂ ਪਿਆ, ਇਸ ਦੇ ਲਈ ਇੱਕ ਢੁੱਕਵਾ ਸ਼ਬਦ ਹੈ ‘‘ਡਰਾਇੰਗ ਰੂਮ ਅਲੋਚਕ’’।

ਬਲਜਿੰਦਰ : ਸਾਹਿਤਕ ਖੇਤਰ ਵਿੱਚ ਦਿੱਤੇ ਜਾਂਦੇ ਮਾਣ ਸਨਮਾਨ ਬਾਰੇ ਤੁਹਾਡਾ ਕੀ ਕਹਿਣਾ ਹੈ?

ਡਾ. ਵਿਨੋਦ : ਮੈਂਨੂੰ ਜਦੋਂ ਵੀ ਕੋਈ ਸਰਕਾਰੀ ਇਨਾਮ ਮਿਲਿਆ ਤਾਂ ਮੈਂ ਉਸ ਵਿੱਚ ਹੱਤਕ ਮਹਿਸੂਸ ਕੀਤੀ ਹੈ ਜਾਂ ਮੈਂ ਸਮਝਦਾ ਹਾਂ ਕਿ ਮੈਂ ਆਪਣੀ ਹੱਤਕ ਆਪ ਕਰਵਾਈ ਪਰ ਮੈਂ ਇਹ ਲੈਣ ਤੋਂ ਇਨਕਾਰ ਵੀ ਨਹੀਂ ਸੀ ਕਰ ਸਕਦਾ, ਕਿਉਂਕਿ ਮੈਂਨੂੰ ਭੈਅ ਸੀ ਕਿ ਜੇਕਰ ਮੈਂ ਇਨਕਾਰ ਕਰ ਦਿੱਤਾ ਤਾਂ ਮੇਰੀ ਪਿੱਠ ’ਤੇ ‘‘ਲਾਲ ਰੰਗ ਦਾ ਸਿੱਧਾ ਠੱਪਾ’’ ਨਾ ਲੱਗ ਜਾਵੇ, ਇਹ ਵੀ ਮੇਰਾ ਹਾਲਤਾਂ ਨਾਲ ਇੱਕ ਕਿਸਮ ਦਾ ਸਮਝੋਤਾ ਹੀ ਹੈ।

ਬਲਜਿੰਦਰ : ਇੱਕ ਇਮਾਨਦਾਰ ਅਤੇ ਪਾਰਦਰਸ਼ੀ ਮਾਰਕਸਵਾਦੀ ਅਲੋਚਕ ਹੋਣ ਦੇ ਨਾਤੇ ਤੁਸੀਂ ਪੰਜਾਬੀ ਸਾਹਿਤਕਾਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?

ਡਾ. ਵਿਨੋਦ : ਜੇ ਇਸ ਧਰਤੀ ਨੂੰ ਬਚਾਉਂਣਾ ਹੈ ਤਾਂ ਸਾਨੂੰ ਸਮਾਜਵਾਦ ਲਿਆਉਣਾ ਹੀ ਪਵੇਗਾ ਅਤੇ ਸਮਾਜਵਾਦ ਉਹੀ ਲਿਆਉਂਣਗੇ ਜਿਨ•ਾਂ ਦੀ ਇਹ ਲੋੜ ਹੈ, ਮੇਰੇ ਵਰਗੇ ਮੱਧ ਵਰਗੀ ਬੰਦੇ ਦਾ ਕੰਮ ਦੀਵੇ ਨੂੰ ਬੱਤੀ ਸੀਖਣ ਵਰਗਾ ਹੋ ਸਕਦਾ ਹੈ, ਜਿਸ ਦੀ ਰੋਸਨੀ ਨਾਲ ਸਮਾਜ ਨੂੰ ਚੰਗੇ ਪਾਸੇ ਤੋਰਿਆ ਜਾ ਸਕਦਾ ਹੈ।

ਬਲਜਿੰਦਰ : ਹੁਣ ਤੁਸੀਂ ਜਿੰਦਗੀ ਦੀ ਕੀ ਇੱਛਾ ਰੱਖਦੇ ਹੋ?

ਡਾ. ਵਿਨੋਦ : ਮੈਂ ਇੱਕ ਕਿਤਾਬ ਲਿਖਣਾ ਚਾਹੁੰਦਾ ਹਾਂ ‘‘ਮਾਰਕਸਵਾਦ ਤੇ ਮੈਂ’’।

ਜਰਨਲਿਸਟ ਬਲਜਿੰਦਰ ਕੋਟਭਾਰਾ
ਫ਼ੋਨ 97795 22211 ਬਠਿੰਡਾ