ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, June 28, 2012

ਇਕ ਨਿੱਕੀ ਕ੍ਰਾਂਤੀ--ਕਿਸਾਨ ਖੁਦਕੁਸ਼ੀਆਂ ਦਾ ਸਮਾਜਿਕ ਦਸਤਾਵੇਜ਼

ਮਨਮੀਤ ਸਿੰਘ ਤੇ ਹਰਪ੍ਰੀਤ ਕੌਰ(ਫਿਲਮਸਾਜ਼ ਜੋੜਾ)
ਖੇਤਾਂ 'ਚ ਫੈਲੀ ਹੋਈ ਹਰਿਆਲੀ ਅਤੇ ਥੌੜ੍ਹੀ ਜਿਹੀ ਧੁੰ 'ਚ ਸਰੋਂ ਦੇ ਖੇਤਾਂ 'ਚ ਮਹਿਕਦੀ ਖੁਸ਼ਬੋ ਮਹਿਸੂਸ ਕਰਦੇ ਹੋਏ ਤੁਹਾਨੂੰ ਇੱਕ ਪਲ ਲਈ ਲਾਲਾ ਧਨੀਰਾਮ ਚਾਤ੍ਰਿਕ ਦੀਆਂ ਕੁਝ ਸਤਰਾਂ ਯਾਦ ਆ ਸਕਦੀਆਂ ਹਨ।

ਗਾਦੀ ਉੱਤੇ ਬੈਠਾ ਕਿਰਸਾਨ ਗਾਂਵਦਾ,
ਢੋਲੇ ਦੀਆਂ ਲਾਕੇ ਮਨ ਪਰਚਾਂਵਦਾ,
ਜ਼ਿੰਦਗੀ ਹੁਲਾਰੇ ਪਈਓ ਜਿੰਦ ਜਾਨ ਦੀ,
ਕਿੰਨੀ ਚੰਗੀ ਜ਼ਿੰਦਗੀ ਹੈ ਕਿਰਸਾਨ ਦੀ।


ਪਰ ਇਹ ਸਿਰਫ ਕੁਝ ਸੈਕਿੰਡ ਦਾ ਹੁਲਾਰਾ ਹੀ ਜਾਪੇਗਾ।ਫ਼ਿਲਮ ਦਾ ਪਹਿਲਾ ਦ੍ਰਿਸ਼ ਬਹੁਤ ਹੀ ਮਨਮੋਹਨਾ ਤੁਹਾਡੀਆਂ ਅੱਖਾਂ ਸਾਹਮਣੇ ਹੈ।ਪੰਜਾਬ ਦੇ ਅਜਿਹੇ ਮਨਮੋਹਨੇ ਦ੍ਰਿਸ਼ਾਂ ਦੇ ਓਹਲੇ,ਬੰਸਤੀ ਰੰਗਾਂ ਦੇ ਓਹਲੇ ਇੱਕ ਚੁੱਪ ਪਸਰੀ ਹੋਈ ਹੈ।ਇਸ ਚੁੱਪ ਨੂੰ ਅਵਾਜ਼ ਦੀ ਲੋੜ ਹੈ।ਅਜਿਹੀ ਅਵਾਜ਼ ਬਣਨ ਦਾ ਇੱਕ ਹੰਭਲਾ ਹੈ ਮਨਮੀਤ ਸਿੰਘ ਹੁਣਾਂ ਦੀ 'ਸੱਚ ਪ੍ਰੋਡਕਸ਼ਨ' ਵੱਲੋਂ ਬਣਾਈ ਗਈ ਦਸਤਾਵੇਜ਼ੀ ਫ਼ਿਲਮ-ਏ ਲਿਟਲ ਰੇਵੂਲੇਸ਼ਣ,ਇੱਕ ਨਿੱਕੀ ਕ੍ਰਾਂਤੀ।ਜਿਹਨੂੰ ਹਰਪ੍ਰੀਤ ਕੌਰ ਹੁਣਾਂ ਨੇ ਨਿਰਦੇਸ਼ਤ ਕੀਤਾ ਹੈ।


ਇਸ ਫ਼ਿਲਮ ਬਾਰੇ ਗੱਲ ਕਰਦੇ ਹੋਏ ਮੈਂ ਪਹਿਲਾਂ ਇਹ ਜ਼ਰੂਰ ਦੱਸਣਾ ਚਾਹਵਾਂਗਾ ਕਿ ਕਿਸਾਨ ਖੁਦਕੁਸ਼ੀਆਂ 'ਤੇ ਬਣੀ ਇਹ ਫ਼ਿਲਮ ਆਪਣੇ ਪਹਿਲੇ ਫ੍ਰੇਮ ਤੋਂ ਹੀ ਰੰਗਲੇ ਪੰਜਾਬ ਦਾ ਵਹਿਮ ਤੋੜਦੀ ਹੋਈ ਤੁਹਾਨੂੰ ਗ਼ਲਪ ਪ੍ਰਤੀਕ ਦੇ ਦ੍ਰਿਸ਼ ਰਾਂਹੀ ਯਥਾਰਥ ਦੀ ਸਰਜ਼ਮੀਨ 'ਤੇ ਲਿਆ ਖੜ੍ਹਾ ਕਰੇਗੀ।ਸਰੋਂ ਦੇ ਇਹਨਾਂ ਖੇਤਾਂ 'ਚ ਇੱਕ ਨਿੱਕੀ ਜਿਹੀ ਕੁੜੀ ਰੋਟੀ ਵਾਲਾ ਡੱਬਾ ਲਈ ਦੌੜ ਰਹੀ ਹੈ।ਤੁਹਾਡੇ ਮਨਾਂ 'ਚ ਇੱਕ ਘਬਰਾਹਟ ਪਸਰ ਜਾਵੇਗੀ।ਦ੍ਰਿਸ਼ ਥੌੜ੍ਹਾ ਹੋਰ ਫੈਲਦਾ ਹੈ,ਪਤਾ ਲੱਗਦਾ ਹੈ ਕਿ ਉਸ ਕੁੜੀ ਦੇ ਅੱਗੇ ਇੱਕ ਬੰਦਾ ਦੋੜਿਆ ਜਾ ਰਿਹਾ ਹੈ।ਦੂਰ ਤੁਹਾਨੂੰ ਰੇਲਗੱਡੀ ਦੀ ਅਵਾਜ਼ ਸੁਣਾਈ ਦੇਵੇਗੀ।ਬੰਦਾ ਪਟੜੀ ਵੱਲ ਨੂੰ ਦੋੜ ਰਿਹਾ ਹੈ।ਪਿੱਛੇ ਉਹਦੀ ਕੁੜੀ ਰੋਟੀ ਵਾਲਾ ਡੱਬਾ ਚੁੱਕੀ ਦੌੜ ਰਹੀ ਹੈ।ਰੇਲਗੱਡੀ ਨੇੜੇ ਆਉਂਦੀ ਜਾ ਰਹੀ ਹੈ ਤੁਹਾਡੀ ਅੰਦਰਲੀ ਤੜਪ ਵੱਧਦੀ ਜਾ ਰਹੀ ਹੈ ਕਿਉਂ ਕਿ ਵੇਖਣ ਵਾਲੇ ਨੂੰ ਮਹਿਸੂਸ ਹੋ ਗਿਆ ਹੈ ਕਿ ਕੀ ਵਾਪਰਣ ਜਾ ਰਿਹਾ ਹੈ।ਬੰਦਾ ਰੇਲਗੱਡੀ ਦੇ ਸਾਹਮਣੇ ਜਾ ਖੜ੍ਹਾ ਹੁੰਦਾ ਹੈ।ਕੁੜੀ ਦੌੜਦੀ ਜਾ ਰਹੀ ਹੈ ਕਿ ਮੈਂ ਰੋਕ ਲਵਾਂ ਬਾਪੂ ਨੂੰ ਪਰ ਰੇਲਗੱਡੀ ਕਦੋਂ ਦੀ ਲੰਘ ਚੁੱਕੀ ਹੈ ਤੇ ਕੁੜੀ ਦੇ ਹੱਥੋਂ ਡੱਬਾ ਡਿੱਗਦਾ ਹੈ।ਦ੍ਰਿਸ਼ 'ਚ ਸੁੰਨ ਪਸਰਦੀ ਹੈ।ਬੱਸ ਇਹ ਉਹੋ ਸੁੰਨ ਹੈ ਜੋ ਕਿਸੇ ਅਖ਼ਬਾਰਾਂ,ਟੈਲੀਵਿਜ਼ਨ,ਸਰਕਾਰੀ ਅੰਕੜਿਆ 'ਚ ਕਿਸਾਨ ਦੀ ਹੋ ਚੁੱਕੀ ਖੁਦਕੁਸ਼ੀ ਦੀ ਖ਼ਬਰ ਤੋਂ ਬਾਅਦ ਬਿਆਨ-ਏ-ਜ਼ਿਕਰ ਨਹੀਂ ਹੁੰਦੀ।ਉਸ ਡੱਬੇ 'ਚ ਪਈ ਰੋਟੀ ਕਦੋਂ ਦੀ ਬਾਸੀ ਹੋ ਚੁੱਕੀ ਹੈ।ਮਰ ਚੁੱਕੇ ਕਿਸਾਨ ਦੀ ਉਹ ਕੁੜੀ ਅੱਜ ਵੀ ਖੇਤਾਂ 'ਚ ਉਵੇਂ ਹੀ ਖੱੜ੍ਹੀ ਹੈ।ਇਹ ਸਭ ਕੁਝ ਭਾਰਤ 'ਚ ਹਰ 32 ਮਿੰਟ ਬਾਅਦ ਵਾਪਰਦਾ ਹੈ।ਇਹ ਕਿਸਾਨ ਦੀ ਅਜਿਹੀ ਦਸ਼ਾ ਹੈ ਜਿਹਨੂੰ ਮੈਂ ਇੱਕ ਵਾਰ ਆਪਣੀ ਕਵਿਤਾ 'ਚ ਲਿਖਿਆ ਸੀ।


ਹਲਾਤਾਂ ਦੇ ਚਰਖ਼ੇ ਦੁੱਖਾਂ ਨੂੰ ਕੱਤੀਏ,
ਵਾਹਕੇ ਖ਼ੂਨ ਪਸੀਨਾ।
ਸਾਡੇ ਪੱਟਾਂ 'ਤੇ ਮੋਰ ਧੁੰਧਲੇ ਪਏ,
ਉਂਗਲੀਓ ਲਿਹਾ ਨਗੀਨਾ।
ਕੀਤਾ ਵਾਅਦਾ ਜੱਟੀ ਨੂੰ ਭੁੱਲੇ,
ਸਾਡਾ ਕਰਜ਼ੇ ਥੱਲੇ ਸੀਨਾ।
ਗੱਡੀ ਆਵੇ ਸਰਕਾਰੀ ਤਾਂ ਖ਼ਿਦਮਤ ਕਰੀਏ,
ਹਜ਼ੂਰ ਦੇਵੋ ਇੱਕ ਮਹੀਨਾ।
ਮੁਫ਼ਲਿਸੀ ਦੇ ਵਿਹੜੇ ਨਿਤ ਜਨਾਜੇ,
ਬਨੇਰਿਓਂ ਉੱਡਿਆ ਕਬੂਤਰ ਚੀਨਾ।
ਅਖ਼ੀਰ ਲਚਾਰੀਆਂ ਦੀ ਹਾਮੀ ਭਰਦਾ,
ਮੈਂ ਹਾਂ ਇੱਕ ਕਿਸਾਨ,
ਹੁਣ ਸ਼ਾਖ਼ ਦਾ ਟੁੱਟਿਆ ਸੁੱਕਾ ਪੱਤਾ,
ਮੈਂ ਡੀਕ ਕੇ ਮੋਹਰਾ ਪੀਨਾ॥


ਦਸਤਾਵੇਜ਼ੀ ਫ਼ਿਲਮ 'ਚ ਅਜਿਹਾ ਕੁਝ ਸੈਕਿੰਡ ਦਾ ਦ੍ਰਿਸ਼ ਤੁਹਾਨੂੰ ਪੰਜਾਬ ਦੇ ਉਸ ਮਾਹੌਲ ਨਾਲ ਜੋੜਦਾ ਹੋਇਆ ਹਲਾਤਾਂ ਦੀ ਜੱੜ੍ਹ ਤੱਕ ਲੈ ਜਾਵੇਗਾ।ਅਜਿਹੀ ਫ਼ਿਲਮ ਬਾਰੇ ਗੱਲ ਕਰਦੇ ਹੋਏ ਮੈਨੂੰ ਇਹ ਵੀ ਮਹਿਸੂਸ ਹੁੰਦਾ ਹੈ ਕਿ ਭਾਰਤ 'ਚ ਦਸਤਾਵੇਜ਼ੀ ਫ਼ਿਲਮ ਨੂੰ ਇੰਨੇ ਚਾਅ ਨਾਲ ਨਹੀਂ ਵੇਖਿਆ ਜਾਂਦਾ ਅਤੇ ਦਸਤਾਵੇਜ਼ੀ ਫ਼ਿਲਮਾਂ ਦੀ ਪਹੁੰਚ ਅਤੇ ਇਸ ਪ੍ਰਤੀ ਰੁੱਚੀ ਨੂੰ ਹਰ ਗਲੀ ਹਰ ਘਰ ਤੱਕ ਮਕਬੂਲ ਕਰਨ ਦੀ ਸਖਤ ਜ਼ਰੂਰਤ ਹੈ।ਕਿਉਂ ਕਿ ਸਿਨੇਮਾ ਦਾ ਅਜਿਹਾ ਪ੍ਰਭਾਵ ਉਹਨਾਂ ਦਰਸ਼ਕਾਂ ਤੱਕ ਆਪਣਾ ਪੱਖ ਬਹੁਤ ਮਜ਼ਬੂਤੀ ਨਾਲ ਰੱਖਦਾ ਹੈ।ਸਮਾਜ 'ਚ ਸਿਨੇਮਾ ਨਾਲ ਨਵੀਂ ਲਹਿਰ ਪੈਦਾ ਕੀਤੀ ਜਾ ਸਕਦੀ ਹੈ।ਇਸ ਨੂੰ ਫ਼ਿਲਮ ਦੀ ਨਿਰਦੇਸ਼ਕ ਹਰਪ੍ਰੀਤ ਕੌਰ ਦੀ ਕਹੀ ਗੱਲ ਰਾਹੀਂ ਹੀ ਸਮਝਾਉਣਾ ਚਾਹਵਾਂਗਾ।ਉਸ ਮੁਤਾਬਕ ਉਹ ਆਪਣੀ ਦਸਤਾਵੇਜ਼ੀ ਫ਼ਿਲਮ ਰਾਹੀਂ ਸਿਰਫ ਲੋਕਾਂ ਨੂੰ ਹੱਲਾਸ਼ੇਰੀ ਦੇ ਸਕਦੇ ਹਨ।ਹਰਪ੍ਰੀਤ ਕੌਰ ਇਸ ਫ਼ਿਲਮ ਰਾਹੀਂ ਹਿੰਮਤ ਦਾ ਸੰਚਾਰ ਕਰਨਾ ਚਾਹੁੰਦੀ ਹੈ ਕਿ ਉਸ ਮੁਤਾਬਕ ਜਦੋਂ ਲੋਕਾਂ 'ਚ ਹਿੰਮਤ ਆਉਂਦੀ ਹੈ ਤਾਂ ਉਹ ਕੁਝ ਵੀ ਕਰ ਸਕਦੇ ਹਨ।


ਇੱਕ ਨਿੱਕੀ ਕ੍ਰਾਂਤੀ ਸਿਰਫ ਕਿਸਾਨ ਖੁਦਕੁਸ਼ੀਆਂ ਦੀ ਗੱਲ ਨਹੀਂ ਕਰਦੀ।ਕਿਸਾਨ ਖੁਦਕੁਸ਼ੀਆਂ ਦੇ ਅੰਕੜੇ ਤਾਂ ਸਰਕਾਰੀ ਕਾਗਜ਼ਾਂ 'ਚ ਵੀ ਨੱਥੀ ਹਨ।ਜੇ ਸਰਕਾਰ ਨੂੰ ਅਲਮ ਦਾ ਇਲਮ ਨਹੀਂ ਹੈ ਤਾਂ ਇਹ ਸਾਡਾ ਵਹਿਮ ਹੈ।ਉਹ ਸਭ ਕੁਝ ਜਾਣਦੀ ਹੈ।ਜੇ ਉਹ ਵੋਟਾਂ ਲੈਣ ਵਾਲੇ ਵੋਟਰਾਂ ਦੀ ਨਬਜ਼ ਨੂੰ ਚੰਗੀ ਤਰ੍ਹਾਂ ਫੱੜ੍ਹਦੇ ਹਨ ਤਾਂ ਉਹਨਾਂ ਨੂੰ ਕਿਸਾਨ ਖੁਦਕੁਸ਼ੀਆਂ ਦੀਆਂ ਖ਼ਬਰਾਂ ਦੀ ਵੀ ਪਲ ਪਲ ਦੀ ਜਾਣਕਾਰੀ ਹੈ ਬੱਸ ਫਰਕ ਇੰਨਾ ਹੀ ਹੈ ਕਿ ਉਹ ਇਸ ਤਸਵੀਰ ਨੂੰ ਵੇਖਦੇ ਹੋਏ ਵੀ ਅਣਗੋਲਿਆ ਕਰਦੇ ਆ ਰਹੇ ਹਨ।ਇੱਕ ਨਿੱਕੀ ਕ੍ਰਾਂਤੀ ਭੱਵਿਖ ਦੇ ਉਸ ਤਸੱਵਰ ਨੂੰ ਲੱਭ ਰਹੀ ਹੈ ਜਿਸ ਲਈ ਅਸੀ ਆਪਣੇ ਦੇਸ਼ ਦੀ ਨਬਜ਼ ਨੂੰ ਨੌਜਵਾਨਾਂ ਦੇ ਹੱਥਾਂ ਨਾਲ ਲਿਖੀ ਇਬਾਰਤ ਮੰਨਕੇ ਚਲੇ ਆ ਰਹੇ ਹਾਂ।ਇੱਕ ਨਿੱਕੀ ਕ੍ਰਾਂਤੀ 'ਚ ਉਠਾਇਆ ਗਿਆ ਸਵਾਲ ਇਸ ਲਈ ਅਹਿਮ ਹੈ ਕਿ ਕਿਸਾਨ ਖੁਦਕੁਸ਼ੀਆਂ ਨੂੰ ਲੈਕੇ ਫਿਕਰ ਇਹ ਨਹੀਂ ਕਿ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ।ਇਹ ਤਾਂ ਸਾਫ ਹੈ ਕਿ ਜਿਹੜੇ ਕਿਸਾਨ ਨੇ ਖੁਦਕੁਸ਼ੀ ਕਰ ਲਈ ਉਹਦਾ ਦਾਣਾ ਪਾਣੀ ਤਾਂ ਇਸ ਸੰਸਾਰ ਤੋਂ ਖਤਮ ਹੋ ਗਿਆ ਫਿਰ ਮਰਿਆ ਦੀ ਗੱਲ ਕਿਉਂ ਕਰਨੀ? ਹਰਪ੍ਰੀਤ ਕੌਰ ਦੀ ਫ਼ਿਲਮ ਕਿਸਾਨ ਖੁਦਕੁਸ਼ੀਆਂ ਨੂੰ ਲੈ ਕੇ ਇਹ ਨਜ਼ਰੀਆਂ ਰੱਖਦੀ ਹੈ ਕਿ ਇੱਕ ਕਿਸਾਨ ਦੇ ਮਰਨ ਨਾਲ ਉਹਦੇ ਪਰਵਾਰ ਦੇ ਜੀਅ,ਉਹਨਾਂ ਦੇ ਬੱਚਿਆਂ ਦੀ ਗਿਣਤੀ ਕਰੀਏ ਤਾਂ ਹਲਾਤ ਬਹੁਤ ਹੀ ਸੰਵੇਦਨਸ਼ੀਲ ਬਣ ਜਾਂਦੇ ਹਨ।ਕਿਉਂ ਕਿ ਫ਼ਿਲਮ 'ਚ ਪੇਸ਼ ਕੀਤੇ ਅੰਕੜਿਆ ਮੁਤਾਬਕ 70 ਦੇ ਦਹਾਕੇ ਤੋਂ ਹੁਣ ਤੱਕ ਜਿੰਨੀਆਂ ਖੁਦਕੁਸ਼ੀਆਂ ਹੋਈਆਂ ਹਨ ਉਹਨਾਂ ਖੁਦਕੁਸ਼ੀਆਂ ਪਿੱਛੇ ਕਿੰਨੇ ਪਰਿਵਾਰ ਪ੍ਰਭਾਵਿਤ ਹੋਏ ਹਨ ਜਾਂ ਕਿੰਨੇ ਬੱਚਿਆਂ ਨੂੰ ਆਪਣੇ ਪਿਓ ਦਾ ਆਸਰਾ ਮਿਲਣਾ ਬੰਦ ਹੋ ਗਿਆ ਹੈ ਉਸ ਨਾਲ ਸਿੱਧੇ ਰੂਪ 'ਚ ਹੀ ਦੇਸ਼ ਦੀ ਲੋਕ ਤਾਕਤ ਨੂੰ ਢਾਅ ਲੱਗੀ ਹੈ।


ਹਰਪ੍ਰੀਤ ਕੌਰ ਦੀ ਫ਼ਿਲਮ 'ਇੱਕ ਨਿੱਕੀ ਕ੍ਰਾਂਤੀ' ਦੂਜੀਆ ਦਸਤਾਵੇਜ਼ੀ ਫ਼ਿਲਮਾਂ ਦੀ ਤਰ੍ਹਾਂ ਮਹਿਜ਼ ਅੰਕੜਿਆ ਦੀ ਬਿਆਨਬਾਜ਼ੀ ਨਹੀਂ ਹੈ।ਇਹ ਬੰਦੇ ਦੇ ਅੰਦਰ ਬੰਦਾ ਹੋਣ ਦੇ ਸੰਘਰਸ਼ ਦੀ ਦਾਸਤਾਨ ਦੇ ਰੂਪ 'ਚ ਵਿਚਰਦੀ ਹੈ।ਅਜਿਹੀ ਫ਼ਿਲਮ ਇੱਕ ਸਵਾਲ ਇਹ ਵੀ ਕਰਦੀ ਹੈ ਕਿ ਸਾਡੇ ਸਮਾਜ ਦਾ ਭੱਵਿਖ(ਨੌਜਵਾਨ ਬੱਚੇ) ਕਿਸ ਮੁਹਾਂਦਰੇ 'ਤੇ ਖੜ੍ਹੇ ਹੋਕੇ ਸੁਫ਼ਨੇ ਵੇਖ ਰਹੇ ਹਨ।ਇਸ ਤੋਂ ਵੀ ਖਾਸ ਗੱਲ ਕਿ ਅਸੀ ਇਹਨਾਂ ਬੱਚਿਆਂ ਲਈ ਕੀ ਕਰ ਰਹੇ ਹਾਂ।ਅਜਿਹੇ ਜਜ਼ਬਾਤ ਨੂੰ ਤਸਵੀਰ ਦੇਣ ਦੇ ਯੋਗਦਾਨ ਲਈ ਮੈਂ ਹਰਪ੍ਰੀਤ ਕੌਰ ਅਤੇ ਮਨਮੀਤ ਸਿੰਘ ਹੁਣਾਂ ਨੂੰ ਹਮੇਸ਼ਾ ਸਲਾਮ ਕਰਦਾ ਹਾਂ।ਫ਼ਿਲਮ ਪੰਜਾਬ ਦੇ ਕਿਸਾਨਾਂ ਦੀ ਹਾਲਤ ਨੂੰ ਬਿਆਨ ਕਰਦੀ ਹੋਈ ਸਮੱਸਿਆ ਦੀ ਉਹਨਾਂ ਜੜ੍ਹਾਂ ਨੂੰ ਫਰੋਲਦੀ ਹੈ ਜਿਥੋਂ ਪੰਜਾਬ ਦੀ ਬਰਬਾਦੀ ਦੀ ਕਹਾਣੀ ਸ਼ੁਰੂ ਹੋਈ।60 ਦੇ ਦਹਾਕੇ 'ਚ ਹਰੀ ਕ੍ਰਾਂਤੀ ਦੇ ਮੌਸਮ 'ਚ ਕਿਸਾਨਾਂ ਨੂੰ ਜਿਸ ਢੰਗ ਨਾਲ ਫਰਟੀਲਾਈਜ਼ਰ,ਪੈਸਟੀਸਾਈਡ ਤੇ ਹੋਰ ਜ਼ਹਿਰੀਲੇ ਨਾਸ਼ਕਾਂ ਨਾਲ ਵੱਧਦੀ ਫਸਲ ਦੇ ਸੁਫ਼ਨੇ ਨਾਲ ਸੁਨਹਿਰੇ ਭੱਵਿਖ ਦਾ ਚੋਚਲਾ ਦਿੱਤਾ ਗਿਆ ਉਹ ਭਾਰਤ ਲਈ ਆਰਥਿਕ ਅਤੇ ਸਮਾਜਿਕ ਤ੍ਰਾਸਦੀ ਸਾਬਤ ਹੋਇਆ।ਇਸ ਲਈ ਕੌਮਾਂਤਰੀ ਅਤੇ ਗਲੋਬਲ ਨੀਤੀਆਂ ਦੋਵੇਂ ਹੀ ਜ਼ਿੰਮੇਵਾਰ ਹਨ।ਕਿਉਂ ਕਿ 60 ਦੇ ਦਹਾਕੇ 'ਚ ਇਹ ਸਭ ਕੁਝ ਸ਼ੁਰੂ ਕਰਨ ਦੌਰਾਨ ਵੱਧ ਤੋਂ ਵੱਧ ਸਬਸੀਡੀਆਂ ਦਿੱਤੀਆਂ ਗਈਆਂ।੭੦ ਦੇ ਦਹਾਕੇ ਤੱਕ ਪਹੁੰਚਦੇ ਹੋਏ ਸਬਸੀਡੀਆਂ ਬੰਦ ਕਰ ਦਿੱਤੀਆਂ ਗਈਆਂ ਅਤੇ ਜਿਹੜੇ ਕਿਸਾਨਾਂ ਨੇ ਹਰੀ ਕ੍ਰਾਂਤੀ ਦੇ ਝੰਡੇ ਥੱਲੇ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣ ਲਈ ਅੱਖਾਂ ਬੰਦ ਕਰ ਆਪਣੀ ਕਿਸਮਤ ਨੂੰ ਸੂਲੀ ਚਾੜ੍ਹ ਦਿੱਤਾ ਉਹਨਾਂ ਦਾ ਕਰਜ਼ੇ ਥੱਲੇ ਆਉਣਾ ਸੁਭਾਵਿਕ ਸੀ।80 ਵਿਆਂ ਤੱਕ ਆਉਂਦੇ ਹੋਏ ਖੁਦਕੁਸ਼ੀਆਂ ਦਾ ਅਜਿਹਾ ਚੱਕਰ ਚੱਲਿਆ ਕਿ ਇਸ ਦੀ ਗ੍ਰਿਫਤ 'ਚ ਕਿਸਾਨ ਅਜੇ ਤੱਕ ਨਹੀਂ ਨਿਕਲ ਸਕਿਆ।ਇਹ ਨੁਕਤਾ ਬਹੁਤ ਹੀ ਗੰਭੀਰ ਹੈ ਕਿ ਕੀ ਆਰਥਿਕ ਆਸਰੇ ਵੱਡੇ ਸਨਅਤੀ ਅਦਾਰਿਆਂ ਲਈ ਹੀ ਰਹਿ ਗਏ ਹਨ ਅਤੇ ਐਗਰੀਕਲਚਰ ਇਕੋਨਮੀ ਦੇ ਪ੍ਰਤੀਕ ਵੱਜੋਂ ਪੇਸ਼ ਕੀਤੇ ਜਾਂਦੇ ਦੇਸ਼ 'ਚ ਦੇਸ਼ ਦੇ ਕਿਸਾਨਾਂ ਲਈ ਹੀ ਕੋਈ ਆਸਰਾ ਨਹੀਂ?

ਕੀ ਮੈਂ ਆਖਾਂ ਤੇ ਕੀ ਮੈਂ ਨਾ ਆਖਾਂ,
ਮਾਰੀ ਮਤ ਕਿਉਂ ਗਈ ਸਰਕਾਰ ਦੀ ਏ।
ਅੰਨ੍ਹੇ ਬੋਲੇ ਤੇ ਬੇਦਿਮਾਗ ਵਾਂਗੂ,
ਪਾਗਲ ਹੋਈ ਨਾ ਕੁਝ ਵਿਚਾਰ ਦੀ ਏ।
ਹਾਏ ਅਫਸੋਸ ਕਿ ਜਿਨ੍ਹਾ ਨੇ ਰਾਜ ਦਿੱਤਾ,
ਵੇਖੋ ਉਹਨਾਂ ਨੂੰ ਹੀ ਮੁੜਕੇ ਮਾਰਦੀ ਏ।
 ਵੱੜਕੇ ਵਾੜ ਨੂੰ ਖਾ ਗਈ ਦੇਸ਼ ਸਾਰਾ,
ਭੁੱਖੀ ਅਜੇ ਵੀ ਦੇਸ਼ ਪਿਆਰ ਦੀ ਏ।


ਤੁਸੀ ਫ਼ਿਲਮ ਵੇਖਦੇ ਹੋਏ ਦਰਦ ਨਾਲ ਜੁੜਾਅ ਕਿੱਥੇ ਕਿੱਥੇ ਵੇਖਦੇ ਹੋ ਇਹ ਤਾਂ ਤੁਹਾਡੇ ਫ਼ਿਲਮ ਵੇਖਣ 'ਤੇ ਹੈ ਪਰ ਮੈਨੂੰ ਫ਼ਿਲਮ ਵਿਚਲੇ ਇੱਕ ਸੀਨ ਨੇ ਝਿੰਝੋੜਕੇ ਰੱਖ ਦਿੱਤਾ।ਪ੍ਰਭਾਵਿਤ ਪਰਿਵਾਰ ਦੇ ਬੱਚੇ ਦੁਕਾਨ 'ਤੇ ਆਪਣੇ ਲਈ ਕੱਪੜੇ ਅਤੇ ਬੂਟ ਖਰੀਦ ਰਹੇ ਹਨ।ਜਸਵੀਰ ਕੌਰ ਨਾਮ ਦੀ ਛੋਟੀ ਬੱਚੀ ਆਪਣੇ ਛੋਟੇ ਭਰਾ ਨੂੰ ਬੂਟ ਪਵਾਕੇ ਜਾਂਚ ਰਹੀ ਹੈ।ਉਹ ਆਪਣੇ ਭਰਾ ਨੂੰ ਇਸ ਦੌਰਾਨ ਝਿੜਕ ਵੀ ਰਹੀ ਹੈ ਅਤੇ ਪਿਆਰ ਵੀ ਕਰ ਰਹੀ ਹੈ ਅਤੇ ਇੱਕ ਜ਼ਿੰਮੇਵਾਰੀ ਭਰਿਆ ਰੱਵਈਆ ਵੀ ਹੈ।ਇਸ ਦ੍ਰਿਸ਼ 'ਚ ਇੱਕ ਹਉਕਾ ਜਿਹਾ ਨਿਕਲਦਾ ਹੈ ਕਿ ਜਿਸ ਉੱਮਰ 'ਚ ਇਹਨਾਂ ਨੰਨ੍ਹੀ ਜਵਾਨੀਆਂ ਨੇ ਬੇਫਿਕਰੀ ਦੇ ਰੰਗ 'ਚ ਸਿਰਫ ਤੇ ਸਿਰਫ ਆਪਣੀ ਖਵਾਇਸ਼ਾਂ ਨੂੰ ਪਰਵਾਜ਼ ਦੇਣਾ ਸੀ ਉਸ ਉੱਮਰ 'ਚ ਉਹਨਾਂ 'ਤੇ ਕੁਝ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਮੰਨੋ ਕਿ ਉਹ ਕੋਈ ਛੋਟੀ ਉੱਮਰ ਦੇ ਬੱਚੇ ਨਾ ਹੋਣ ਸਗੋਂ ਘਰ ਦੇ ਮੁੱਖੀਆ ਹੋਣ।ਇਸ ਤੋਂ ਵੱਡੀ ਤ੍ਰਾਸਦੀ ਇਹਨਾਂ ਬੱਚੀਆਂ ਲਈ ਕੀ ਹੋ ਸਕਦੀ ਹੈ।ਜਦੋਂ ਹਲਾਤ ਬੱਚੇ ਨੂੰ ਵਕਤ ਤੋਂ ਪਹਿਲਾਂ ਬਚਪਨ ਛੱਡਣ ਨੂੰ ਮਜਬੂਰ ਕਰਦੇ ਹੋਏ ਉਹਨਾਂ ਨੂੰ ਵੱਡਾ ਕਰਦੇ ਹਨ ਤਾਂ ਕਿਸੇ ਰਾਸ਼ਟਰ ਲਈ ਇਹ ਸਭ ਤੋਂ ਵੱਡੀ ਸ਼ਰਮਾਨਕ ਗੱਲ ਹੁੰਦੀ ਹੈ।


ਇਸ ਫ਼ਿਲਮ 'ਚ ਮਹਿਜ ਇੱਕ ਦਾਸਤਾਨ ਨਹੀਂ ਉਹਨਾਂ ਦਾਸਤਾਨਾਂ ਨਾਲ ਚਲਦੀਆਂ ਹਜ਼ਾਰਾਂ ਕਹਾਣੀਆਂ ਵੀ ਤੁਸੀ ਵੇਖੋਗੇ ਜੋ ਸਮਾਜ ਦੇ ਹਾਸ਼ੀਏ 'ਤੇ ਧਕੇਲੀਆਂ ਗਈਆਂ ਹਨ।ਇਹ ਸਾਨੂੰ ਫ਼ਿਲਮ ਵੇਖਦੇ ਹੋਏ ਅਹਿਸਾਸ ਹੋਵੇਗਾ ਕਿ ਕਿਸਾਨੀ ਹਲਾਤਾਂ ਦੀ ਵਿੱਥਿਆ ਕਹਿੰਦੇ ਹੋਏ ਸਾਰੀਆਂ ਜ਼ਿੰਦਗਾਨੀਆਂ ਦੇ ਅੰਦਰ ਕਈ ਸੁਫ਼ਨੇ ਦਫ਼ਨ ਹਨ ਅਤੇ ਹਲਾਤਾਂ ਅੱਗੇ ਬੇਬੱਸ ਉਹਨਾਂ ਦੇ ਸਾਰੇ ਸੁਫ਼ਨੇ ਮਰਦੇ ਜਾ ਰਹੇ ਹਨ।ਸੁਫ਼ਨਾ ਮਹਿਜ ਦੋ ਵਕਤ ਦੀ ਰੋਟੀ ਦਾ ਨਸੀਬ ਹੋਣਾ ਹੀ ਕਾਫੀ ਨਹੀਂ ਹੁੰਦਾ।ਸੱਧਰਾਂ ਦੇ ਕਾਫਲੇ ਇਸ ਤੋਂ ਵੀ ਵੱਡੇ ਹਨ ਅਤੇ ਇਹਨਾਂ ਕਿਸਾਨ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਪੂਰਾ ਹੱਕ ਹੈ ਕਿ ਉਹਨਾਂ ਦੇ ਇਹ ਸੁਫ਼ਨੇ ਪੂਰੇ ਹੋਣ।ਇਸ ਫ਼ਿਲਮ 'ਚ ਹੀ ਗੁਰਦਾਸ ਮਾਨ ਵੱਲੋਂ ਕਹੀ ਗੱਲ ਕਾਫੀ ਮਾਇਨੇ ਰੱਖਦੀ ਹੈ ਜਦੋਂ ਮੈਂ ਮਹਿਸੂਸ ਕਰਦਾ ਹਾਂ ਕਿ ਇੱਕ ਬਚਪਨ ਦਾ ਅਧਾਰ ਕਿਹੜੀਆਂ ਗੱਲਾਂ ਨਾਲ ਤੈਅ ਹੋਣਾ ਚਾਹੀਦਾ ਹੈ। ਛੂ ਲੇਣੇ ਦੋ ਇਨ ਨੰਨ੍ਹੇ ਹਾਥੋਂ ਕੋ ਚਾਂਦ ਸਿਤਾਰੇ, ਵਰਨਾ ਦੋ ਚਾਰ ਕਿਤਾਬੇਂ ਪੱੜ੍ਹਕਰ ਹਮ ਜੈਸੇ ਹੋ ਜਾਏਂਗੇ।


ਇਹ ਫ਼ਿਲਮ ਬੇਸ਼ੱਕ ਸੰਤਾਪ ਨੂੰ ਬਿਆਨ ਕਰਦੀ ਹੈ ਪਰ ਇਹ ਉਮੀਦ ਦੀ ਚਿਣਗ ਜਗਾਉਂਦੀ ਸਾਰਥਕਤਾ ਵੱਲ ਨੂੰ ਹੀ ਵੱਧਦੀ ਹੈ।ਕਿਉਂ ਕਿ ਹਾਸ਼ੀਆਗ੍ਰਸਤ ਲੋਕਾਂ ਅੰਦਰ ਹੱਕਾਂ ਲਈ ਅਡੋਲਤਾ ਉਮੀਦ,ਵਿਸ਼ਵਾਸ ਅਤੇ ਹੌਂਸਲੇ ਦੇ ਸਰੋਤ ਚੋਂ ਹੀ ਪੈਦਾ ਹੋਵੇਗੀ।ਪ੍ਰਧਾਨਮੰਤਰੀ ਵੱਲੋਂ ਕੁਪੋਸ਼ਨ ਨੂੰ ਦੇਸ਼ ਲਈ ਸ਼ਰਮਨਾਕ ਐਲਾਨਣਾ,ਮੋਟੇਂਕ ਸਿੰਘ ਆਹਲੂਵਾਲੀਆਂ ਵੱਲੋਂ ਇਹ ਮੰਨਣਾ ਕੇ ਜਿਸ ਕੋਲ ਘੱਟੋ ਘੱਟ 30 ਰੁਪਏ ਹਨ ਉਹ ਗਰੀਬ ਨਹੀਂ ਹੈ।ਵਿਦਰਭ ਦੇ ਕਿਸਾਨ,ਬਸਤਰ ਦਾ ਮਾਓਵਾਦ,ਪੰਜਾਬ ਦੀ ਕਿਸਾਨੀ,ਉੜੀਸਾ 'ਚ ਵਿਲਕਦੇ ਗਰੀਬ ਕਿਸਾਨ ਇਹ ਸਾਰੀਆਂ ਗੱਲਾਂ ਸਵਾਲ ਖੜ੍ਹਾ ਕਰਦੀਆਂ ਹਨ ਕਿ ਵਿਕਾਸ ਕਿਸ ਚਿੜੀ ਦਾ ਨਾਮ ਹੈ।


ਫ਼ਿਲਮ ਦੇ ਅਖੀਰ 'ਚ ਜੋ ਵੇਖਣ 'ਚ ਆਉਂਦਾ ਹੈ ਕਿ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਕੋਲ ਇੰਨ੍ਹਾ ਬੱਚਿਆਂ ਦੇ ਵਫ਼ਦ ਦੀ ਗੱਲ ਸੁਨਣ ਦਾ ਸਮਾਂ ਹੀ ਨਹੀਂ ਹੈ।ਜਦੋਂ ਕੋਈ ਮੰਤਰੀ ਲੋਕਤੰਤਰਿਕ ਦੇਸ਼ 'ਚ ਲੋਕਾਂ ਨੂੰ ਮਿਲਣ ਦਾ ਸਮਾਂ ਨਹੀਂ ਕੱਢ ਰਿਹਾ ਅਤੇ ਉਹਨਾਂ ਦੀ ਗੱਲ ਸੁਨਣ ਦਾ ਉਸ ਕੋਲ ਸਮਾਂ ਹੀ ਨਹੀਂ ਹੈ ਤਾਂ ਇਹ ਲੋਕਤੰਤਰ ਦਾ ਕਤਲ ਹੀ ਹੈ।ਜਿਹੜੇ ਲੋਕਾਂ ਦੀ ਮਦਦ ਨਾਲ ਅਜਿਹੇ ਆਗੂ ਸਿਆਸਤ ਦੇ ਗਲਿਆਰਿਆਂ 'ਚ ਟਹਿਲਦੇ ਹਨ।ਉਹ ਮੰਤਰੀ ਕੀ ਮਹਿਜ਼ ਆਈ.ਪੀ.ਐੱਲ. ਦੀਆਂ ਪਾਰਟੀਆਂ 'ਚ ਸ਼ਿਰਕਤ ਕਰਦੇ ਹੋਏ ਲਾਲ ਇੱਟਾਂ ਦੇ ਸਰਕਾਰੀ ਬੰਗਲਿਆਂ ਨੂੰ ਲੈਣ ਦੇ ਮਨਸੂਬੇ ਤੱਕ ਹੀ ਸੀਮਤ ਹਨ ਜਾਂ ਉਹ ਦੇਸ਼ ਦੀ ਫ਼ਿਕਰ ਕਰ ਰਹੇ ਹਨ?ਇਹ ਨਜ਼ਾਰਾ ਵੇਖਦੇ ਹੋਏ ਇੰਝ ਮਹਿਸੂਸ ਹੁੰਦਾ ਹੈ ਕਿ ਉਹਨਾਂ ਨੂੰ ਆਮ ਲੋਕਾਂ ਦੀ ਕੋਈ ਫ਼ਿਕਰ ਨਹੀਂ ਹੈ।


ਸ਼ਰਦ ਪਵਾਰ ਜੀ ਜਦੋਂ ਬੱਚਿਆ ਦਾ ਵਫ਼ਦ ਜਾਂ ਹੋਰ ਲੋਕ ਆਪਣੇ ਬਹੁਤ ਕੀਮਤੀ ਸਮੇਂ ਚੋਂ ਸਮਾਂ ਕੱਢਕੇ ਤੁਹਾਡੇ ਕੋਲ ਦਿੱਲੀ ਆਉਂਦੇ ਹਨ ਤਾਂ ਉਹਦਾ ਕੋਈ ਅਰਥ ਹੈ।ਦੇਸ਼ ਦੇ ਲੋਕਾਂ ਦੇ ਸਮੇਂ ਦੀ ਕਦਰ ਕੀਤੀ ਜਾਵੇ।ਆਖਰ ਜੇ ਤੁਸੀ ਸਾਡੇ ਘਰਾਂ ਤੱਕ ਪਹੁੰਚ ਕਰੋ ਤਾਂ ਸਾਨੂੰ ਦਿੱਲੀ ਆਉਣ ਦੀ ਜ਼ਰੂਰਤ ਹੀ ਨਾ ਪਵੇ।


ਜ਼ਰੂਰਤ ਹੈ ਕਿ ਇਹ ਫ਼ਿਲਮ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ।ਇੱਕ ਨਿੱਕੀ ਕ੍ਰਾਂਤੀ ਹੁਣ ਤੱਕ ਬਹੁਤ ਸਾਰੇ ਫ਼ਿਲਮ ਮੇਲਿਆਂ 'ਚ ਸ਼ਿਰਕਤ ਕਰ ਚੁੱਕੀ ਹੈ।ਜਿੰਨ੍ਹਾ ਚੋਂ ਵੂਮੈਨ ਇੰਟਰਨੈਸ਼ਨਲ ਫ਼ਿਲਮ ਐਂਡ ਆਰਟਸ ਫੈਸਟੀਵਲ,ਇੰਡੀਅਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ,ਇੰਟਰਨੈਸ਼ਨਲ ਸਰਜ ਫ਼ਿਲਮ ਫੈਸਟੀਵਲ,ਰੀਅਲ ਸਿਸਟਰ ਆਫ ਡਾਇਸਪੋਰਾ ਫ਼ਿਲਮ ਫੈਸਟੀਵਲ,ਛਾਗ੍ਰਿਨ ਡਾਕੁਮੈਂਟਰੀ ਫ਼ਿਲਮ ਫੈਸਟੀਵਲ ਅਤੇ ਟੋਰਾਂਟੋ ਪੰਜਾਬੀ ਫ਼ਿਲਮ ਫੈਸਟੀਵਲ 'ਚ ਸ਼ਿਰਕਤ ਕਰ ਚੁੱਕੀ ਹੈ।ਯੂਨਾਈਟਡ ਨੇਸ਼ਨ ਗਲੋਬਲ ਵੇਕਅਪ ਫ਼ਿਲਮ ਫੈਸਟੀਵਲ 'ਚ ਇਸ ਫ਼ਿਲਮ ਨੂੰ ਸਰਵੋਤਮ ਡਾਕੂਮੈਂਟਰੀ ਦਾ ਪੁਰਸਕਾਰ ਵੀ ਮਿਲਿਆ ਹੈ।


ਇੱਕ ਨਿੱਕੀ ਕ੍ਰਾਂਤੀ ਇੱਕ ਸਵਾਲ ਵੀ ਹੈ ਅਤੇ ਨਾਲੋਂ ਨਾਲ ਜਵਾਬ ਵੀ ਹੈ।ਸਵਾਲ ਜਵਾਬ ਦੀ ਇਸ ਸਾਂਝ 'ਚ ਸਿਆਸੀ ਗਲਿਆਰਿਆਂ ਨੂੰ ਜਾਗਣ ਦੀ ਜ਼ਰੂਰਤ ਹੈ ਅਤੇ ਆਮ ਲੋਕਾਂ ਨੂੰ ਹੱਕਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਹੋਣ ਦੀ ਜ਼ਰੂਰਤ ਹੈ।ਅਖੀਰ 'ਚ ਉੱਮਰ ਤੋਂ ਪਹਿਲਾਂ ਜ਼ਿੰਮੇਵਾਰੀਆਂ ਦੇ ਬੋਝ ਨਾਲ ਵੱਡੇ ਹੋਏ ਬੱਚਿਆਂ ਲਈ ਮੈਂ ਇਹੋ ਚਾਹਵਾਂਗਾ ਕਿ ਉਹਨਾਂ ਦੇ ਸੁਫ਼ਨਿਆਂ ਨੂੰ ਪਰਵਾਜ਼ ਮਿਲੇ।


ਲੇਖਕ ਹਰਪ੍ਰੀਤ ਸਿੰਘ ਕਾਹਲੋਂ ਨੌਜਵਾਨ ਫਿਲਮ ਅਲੋਚਕ ਹੈ ਤੇ ਹਰ ਤਰ੍ਹਾਂ ਦੇ ਸਿਨੇਮੇ ਨੂੰ ਸ਼ਬਦਾਂ ਜ਼ਰੀਏ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ।ਮੌਬ-94641-41678

Sunday, June 24, 2012

ਸਿਆਸੀ ਘੁੰਮਣਘੇਰੀ 'ਚ ਫਸੀ ਦਲਿਤ ਲਹਿਰ ਤੇ ਗੌਲਣਯੋਗ ਮੁੱਦੇ

ਪਿੱਛੇ ਜਹੇ ਪੰਜ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਅੰਦਰ ਬਹੁਜਨ ਸਮਾਜ ਪਾਰਟੀ ਦਾ ਬੁਰੀ ਤਰ੍ਹਾਂ ਸਫ਼ਾਇਆ ਹੋ ਜਾਣ ਕਾਰਨ ਪੰਜਾਬ ਅੰਦਰ ਬਸਪਾ ਦੀਆਂ ਸਫ਼ਾਂ ਲੀਡਰਸ਼ਿੱਪ ਖ਼ਿਲਾਫ਼ ਖੁੱਲ੍ਹੀ ਬਗ਼ਾਵਤ 'ਤੇ ਉੱਤਰ ਆਈਆਂ ਹਨ। ਮੁੱਖ ਆਗੂਆਂ ਦੇ ਪੁਤਲੇ ਸਾੜਨ ਅਤੇ ਹੋਰ ਰੂਪਾਂ ਵਿਚ ਰੋਸ ਪ੍ਰਗਟਾਏ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਭਾਵੇਂ ਇਸ ਬਗ਼ਾਵਤ ਦਾ ਫ਼ੌਰੀ ਕਾਰਨ ਲੀਡਰਸ਼ਿਪ ਵਲੋਂ ਲੰਘੀਆਂ ਚੋਣਾਂ 'ਚ ਦਲਿਤ ਵੋਟ ਬੈਂਕ ਦਾ ਮੁੱਲ ਵੱਟਣਾ ਅਤੇ ਦਲਿਤ ਹਿੱਤਾਂ ਨੂੰ ਅਣਡਿੱਠ ਕਰਨਾ ਬਣਿਆ ਹੈ ਅਸਲ ਵਿਚ ਦਲਿਤ ਹਿੱਤਾਂ ਲਈ ਹਕੀਕੀ ਸੰਘਰਸ਼ ਦੀ ਅਣਹੋਂਦ ਕਾਰਨ ਇਹ ਬਦਜ਼ਨੀ ਅੰਦਰੋ-ਅੰਦਰੀ ਲੰਮੇ ਸਮੇਂ ਤੋਂ ਧੁਖ ਰਹੀ ਸੀ। ਪਰ ਦਲਿਤ ਸਮਾਜ ਦੀ ਤ੍ਰਾਸਦੀ ਇਹ ਹੈ ਕਿ ਹਾਲੇ ਵੀ ਬਸਪਾ ਦੇ ਸਿਆਸੀ ਪ੍ਰੋਗਰਾਮ ਅਤੇ ਆਮ ਰੂਪ 'ਚ ਦਲਿਤ ਲਹਿਰ ਦੇ 'ਮੁਕਤੀ' ਦੇ ਪ੍ਰੋਗਰਾਮ ਦੀ ਤਹਿ 'ਚ ਜਾਕੇ ਸੰਕਟ ਦੀ ਜੜ ਲੱਭਣ ਦਾ ਯਤਨ ਨਹੀਂ ਹੋ ਰਿਹਾ। ਸੰਜੀਦਾ ਚਿੰਤਨ ਕਰਨ ਦੀ ਥਾਂ ਵਿਰੋਧ ਦੀ ਸੁਰ ਆਗੂਆਂ ਦੀ ਵਿਅਕਤੀਗਤ ਮੌਕਾਪ੍ਰਸਤੀ ਨੂੰ ਭੰਡਣ ਅਤੇ ਖ਼ੁਦਗਰਜ਼ ਅਨਸਰਾਂ ਵਿਰੁੱਧ ਭੜਾਸ ਕੱਢਣ ਤੱਕ ਸੀਮਤ ਹੈ।

ਪੂਰੇ ਮੁਲਕ 'ਚ ਦਰਜਨਾਂ ਅਜਿਹੀਆਂ ਜਥੇਬੰਦੀਆਂ ਹਨ ਜੋ ਦੱਬੇ-ਕੁਚਲੇ ਸਮਾਜ ਦੀ ਨੁਮਾਇੰਦਗੀ ਦਾ ਦਾਅਵਾ ਕਰਦੀਆਂ ਹਨ। ਪਰ ਜਿੱਥੋਂ ਤੱਕ ਮਿਹਨਤਕਸ਼ ਆਵਾਮ, ਖ਼ਾਸ ਤੌਰ 'ਤੇ ਦਲਿਤ ਹਿੱਸਿਆਂ ਦੇ ਹਿੱਤਾਂ ਦੀ ਰਾਖੀ ਲਈ ਸੰਜੀਦਾ ਜੱਦੋਜਹਿਦ ਦਾ ਸਵਾਲ ਹੈ ਇਹ ਇਨ੍ਹਾਂ ਜਥੇਬੰਦੀਆਂ ਦੇ ਏਜੰਡੇ 'ਤੇ ਵੀ ਨਹੀਂ ਹੈ। ਪਬਲਿਕ ਸੈਕਟਰ ਦੇ ਨਿੱਜੀਕਰਨ, ਕੁਦਰਤੀ ਵਸੀਲੇ ਕਾਰਪੋਰੇਟ ਸਰਮਾਏਦਾਰੀ ਨੂੰ ਸੌਂਪਣ ਅਤੇ ਨਵੀਂਆਂ ਆਰਥਕ ਨੀਤੀਆਂ ਦੇ ਸਾਲਮ ਪੁਲੰਦੇ ਨੂੰ ਲਾਗੂ ਕੀਤੇ ਜਾਣ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੱਬੇ-ਕੁਚਲੇ ਲੋਕ ਹੋ ਰਹੇ ਹਨ। ਉਨ੍ਹਾਂ ਦੀ ਆਰਥਕ ਹਾਲਤ ਹੋਰ ਬਦਤਰ ਹੋਣ ਨਾਲ ਸਮਾਜਿਕ ਦਾਬਾ ਹੋਰ ਵਧ ਰਿਹਾ ਹੈ। ਇਹ ਸਵਾਲ ਡੂੰਘੇ ਸਰੋਕਾਰ ਦਾ ਵਿਸ਼ਾ ਹੋਣੇ ਚਾਹੀਦੇ ਹਨ ਪਰ ਦਲਿਤ ਜਥੇਬੰਦੀਆਂ 'ਚ ਇਸ ਬਾਰੇ ਸੋਚ-ਵਿਚਾਰ ਦਾ ਅਮਲ ਨਜ਼ਰ ਨਹੀਂ ਆ ਰਿਹਾ। ਜਦੋਂ ਤੱਕ ਦਲਿਤ ਸਮਾਜ ਦਾ ਸਿਆਸੀ ਤੌਰ 'ਤੇ ਜਾਗਰੂਕ ਹਿੱਸਾ ਅਜਿਹੀ ਜ਼ਹਿਨੀਅਤ ਤੋਂ ਖਹਿੜਾ ਛੁਡਾਕੇ ਸਿਆਸੀ ਮਰਜ ਦੀ ਸਹੀ ਰੋਗ ਪਛਾਣ ਕਰਨ ਦੇ ਰਾਹ ਨਹੀਂ ਪੈਂਦਾ ਉਨ੍ਹਾਂ ਦਾ ਪੇਤਲਾ ਵਿਰੋਧ 'ਪਾਰਟੀ ਬਚਾਓ' ਦੇ ਜਜ਼ਬਾਤੀ ਸੱਦਿਆਂ ਤੋਂ ਅੱਗੇ ਨਹੀਂ ਵਧ ਸਕੇਗਾ ਅਤੇ ਦਲਿਤ ਸਮਾਜ ਦੀ ਮੁਕਤੀ ਲਈ ਠੋਸ ਪ੍ਰੋਗਰਾਮ ਬਾਰੇ ਸੋਚ-ਵਿਚਾਰ ਕਰਨ ਦਾ ਰਾਹ ਵੀ ਨਹੀਂ ਖੁੱਲ੍ਹੇਗਾ।


ਭਾਵੇਂ ਭਾਰਤੀ ਸਮਾਜ ਨੂੰ ਚਿੰਬੜੇ ਜਾਤਪਾਤ ਦੇ ਕੋਹੜ ਅਤੇ ਦਲਿਤਾਂ ਨਾਲ ਧੱਕੇ ਤੇ ਵਿਤਕਰੇ ਅਤੇ ਇਨ੍ਹਾਂ ਵਿਰੁੱਧ ਸਮਾਜ ਸੁਧਾਰ ਲਹਿਰਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ ਪਰ ਇਸਨੇ ਬੱਝਵੇਂ ਸਿਆਸੀ ਅੰਦੋਲਨ ਦੀ ਸ਼ਕਲ ਅੰਗਰੇਜ਼ੀ ਰਾਜ ਸਮੇਂ ਹੀ ਅਖ਼ਤਿਆਰ ਕੀਤੀ। ਅੰਗਰੇਜ਼ਾਂ ਵਲੋਂ ਭਾਰਤ ਦੇ ਸਮਾਜੀ-ਆਰਥਕ ਢਾਂਚੇ ਨੂੰ ਆਪਣੇ ਬਸਤੀਵਾਦੀ ਹਿੱਤਾਂ ਅਨੁਸਾਰ ਢਾਲਣ ਦੇ ਸਿੱਟੇ ਵਜੋਂ ਦਲਿਤਾਂ ਦੇ ਇਕ ਹਿੱਸੇ ਲਈ ਪਹਿਲੀ ਵਾਰ ਪੜਨ-ਲਿਖਣ, ਜ਼ੱਦੀ-ਪੁਸ਼ਤੀ ਕਿੱਤਿਆਂ 'ਚੋਂ ਬਾਹਰ ਨਿਕਲਣ ਅਤੇ ਫ਼ੌਜ ਤੇ ਹੋਰ ਛੋਟੀਆਂ-ਮੋਟੀਆਂ ਨੌਕਰੀਆਂ 'ਤੇ ਲੱਗਣ ਦਾ ਰਾਹ ਖੁੱਲਿਆ। ਇਹੀ ਹਿੱਸਾ ਦਲਿਤ ਲਹਿਰ ਦਾ ਮੁੱਖ ਸਮਾਜਿਕ ਅਧਾਰ ਬਣਿਆ। ਇਸ ਨਾਲ ਛੂਆਛਾਤ ਅਤੇ ਜਾਤਪਾਤੀ ਵਿਤਕਰੇ ਵਿਰੁੱਧ ਦਲਿਤ ਜਾਗ੍ਰਿਤੀ ਅਤੇ ਹੱਕ-ਜਤਾਈ ਦੀ ਲਹਿਰ ਦਾ ਮੁੱਢ ਬੱਝਿਆ।

20ਵੀਂ ਸਦੀ ਦੇ ਪਹਿਲੀ ਚੌਥਾਈ 'ਚ ਜਿਥੇ ਕੌਮੀ ਮੁਕਤੀ ਲਹਿਰ ਨੇ ਜ਼ੋਰ ਫੜਿਆ ਉੱਥੇ ਦਲਿਤ ਸਮਾਜ ਨੇ ਵੀ ਕਰਵਟ ਲਈ। ਡਾ. ਬੀ ਆਰ ਅੰਬੇਡਕਰ ਇਸੇ ਦੌਰ 'ਚ ਦਲਿਤਾਂ ਦੇ ਮਸੀਹਾ ਬਣਕੇ ਉੱਭਰੇ ਜੋ ਭਵਿੱਖ ਦੀ ਦਲਿਤ ਲਹਿਰ ਉੱਪਰ ਡੂੰਘੀ ਛਾਪ ਛੱਡਣਗੇ। ਉਹ ਅਜਿਹੇ ਪਹਿਲੇ ਆਗੂ ਸਨ ਜਿਨ੍ਹਾਂ ਨੇ ਦਲਿਤ ਸਵਾਲ ਨੂੰ ਦੇਸ਼ ਪੱਧਰ 'ਤੇ ਸਿਆਸੀ ਏਜੰਡੇ 'ਤੇ ਲਿਆਂਦਾ। ਕੌਮੀ ਮੁਕਤੀ ਲਹਿਰ ਦੀ ਭਾਰੂ ਲੀਡਰਸ਼ਿਪ ਦੇ ਦਲਿਤ ਸਵਾਲ ਪ੍ਰਤੀ ਨਾਂਹਪੱਖੀ ਅਤੇ ਉੱਚ ਜਾਤੀ ਵਤੀਰੇ ਨੂੰ ਦੇਖਦਿਆਂ ਉਹ ਇਸ ਸਿੱਟੇ 'ਤੇ ਪਹੁੰਚੇ ਕਿ ਕਾਂਗਰਸ ਜਾਂ ਮੁਸਲਿਮ ਲੀਗ ਦੀ ਅਗਵਾਈ ਵਾਲੀ ਲਹਿਰ ਦਾ ਹਿੱਸਾ ਬਣਕੇ ਦਲਿਤ ਜਾਤਪਾਤੀ ਵਿਤਕਰੇ ਅਤੇ ਜ਼ਲਾਲਤ ਵਾਲੀ ਜ਼ਿੰਦਗੀ 'ਚ ਕੋਈ ਬਦਲਾਅ ਨਹੀਂ ਲਿਆ ਸਕਣਗੇ। ਉਨ੍ਹਾਂ ਨੇ ਮਹਿਸੂਸ ਕਰ ਲਿਆ ਸੀ ਕਿ ਆਜ਼ਾਦੀ ਹਾਸਲ ਕਰਨ ਤੋਂ ਬਾਦ ਵੀ ਦਲਿਤਾਂ ਨੂੰ ਇਸ ਘਿਣਾਉਣੀ ਪ੍ਰਥਾ ਤੋਂ ਨਿਜ਼ਾਤ ਨਹੀਂ ਮਿਲੇਗੀ। ਕਾਂਗਰਸ ਦੀ ਅਗਵਾਈ ਹੇਠ ਹੋਈ ਸੱਤਾ-ਬਦਲੀ ਉਪਰੰਤ ਹੋਂਦ 'ਚ ਆਈ 'ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ' ਦੀ ਕਾਰਗੁਜ਼ਾਰੀ ਨਾਲ ਉਨ੍ਹਾਂ ਦੇ ਖਦਸ਼ੇ ਸਹੀ ਸਾਬਤ ਹੋਏ ਹਨ।


ਇਸ ਖਦਸ਼ੇ ਨੂੰ ਮੁੱਖ ਰੱਖਕੇ ਡਾ. ਅੰਬੇਡਕਰ ਨੇ ਵੱਖਰੀ ਸਿਆਸੀ ਧਿਰ ਵਜੋਂ ਜਥੇਬੰਦ ਹੋਣ, ਅੰਗਰੇਜ਼ ਹਕੂਮਤ ਨਾਲ ਕਾਂਗਰਸ ਅਤੇ ਮੁਸਲਿਮ ਲੀਗ ਦੇ ਵਿਰੋਧਾਂ ਨੂੰ ਵਰਤਣ ਅਤੇ ਇਸ ਸਿਆਸੀ ਸਮੀਕਰਨ ਅੰਦਰ ਬਦੇਸ਼ੀ ਰਾਜ ਨੂੰ ਹਮਾਇਤ ਦੇਕੇ ਇਸ ਬਦਲੇ ਦਲਿਤ ਸਮਾਜ ਦੀਆਂ ਮੰਗਾਂ ਮੰਨਵਾਉਣ ਦੀ ਰਣਨੀਤੀ ਅਪਣਾਈ। ਇਸਦਾ ਸਿੱਟਾ ਦਲਿਤ ਲਹਿਰ ਅਤੇ ਮੁਲਕ ਦੀ ਆਜ਼ਾਦੀ ਦੀ ਲਹਿਰ 'ਚ ਡੂੰਘੀ ਖਾਈ ਪੈਦਾ ਹੋ ਜਾਣ 'ਚ ਨਿਕਲਿਆ। ਦੂਜੇ ਪਾਸੇ, ਸਮਾਜੀ ਨਿਆਂ, ਬਰਾਬਰੀ ਅਤੇ ਵਿਤਕਰੇ ਰਹਿਤ ਸਮਾਜ ਉਸਾਰਨ ਦੀ ਝੰਡਾਬਰਦਾਰ ਕਹਾਉਂਦੀ ਕਮਿਊਨਿਸਟ ਲਹਿਰ ਵੀ ਦਲਿਤ ਸਵਾਲ ਨੂੰ ਸਹੀ ਪੈਂਤੜੇ ਤੋਂ ਨਹੀਂ ਉਠਾ ਸਕੀ (ਜੋ ਵੱਖਰੇ ਵਿਸ਼ਲੇਸ਼ਣ ਦਾ ਮਾਮਲਾ ਹੈ)। ਇਨ•ਾਂ ਕਾਰਨਾਂ ਕਰਕੇ ਦਲਿਤ ਲਹਿਰ ਦੀ ਉਸਾਰੀ ਸਾਮਰਾਜ ਵਿਰੋਧੀ ਜਮਹੂਰੀ ਅਧਾਰ 'ਤੇ ਹੋਣ ਦੀ ਥਾਂ ਜਾਤਪਾਤੀ ਅਧਾਰ 'ਤੇ ਹੋਈ। ਸਮਾਜੀ ਤਬਦੀਲੀ ਦੇ ਮੁਕੰਮਲ ਪ੍ਰੋਗਰਾਮ ਦੇ ਅਧਾਰ 'ਤੇ ਜੱਦੋਜਹਿਦ ਦੀ ਬਜਾਏ ਚੋਣਾਂ 'ਚ ਨੁਮਾਇੰਦਗੀ/ਸੀਟਾਂ ਬਾਰੇ ਲੈ-ਦੇ ਦਾ ਰਾਹ ਅਪਣਾਇਆ ਗਿਆ।

ਜਦੋਂ ਅੰਗਰੇਜ਼ਾਂ ਦੇ ਭਾਰਤ ਛੱਡਕੇ ਚਲੇ ਜਾਣ ਦੇ ਆਸਾਰ ਬਣ ਗਏ ਤਾਂ ਡਾ. ਅੰਬੇਡਕਰ ਦਾ ਝੁਕਾਅ ਕਾਂਗਰਸ ਵੱਲ ਹੋ ਗਿਆ। ਉਹ ਪੱਛਮੀ ਬੁਰਜੂਆ ਜਮਹੂਰੀਅਤ ਤੋਂ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਨੂੰ ਪੱਕਾ ਯਕੀਨ ਸੀ ਕਿ ਪੱਛਮੀ ਤਰਜ਼ ਦਾ ਸੰਵਿਧਾਨ ਬਣਾਕੇ ਦਲਿਤਾਂ ਦੇ ਹਿੱਤ ਮਹਿਫੂਜ਼ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਨਹਿਰੂ ਮੰਤਰੀ ਮੰਡਲ 'ਚ ਸ਼ਾਮਲ ਹੋਕੇ ਅਜਿਹਾ ਕਰਨ ਦੀ ਵਾਹ ਲਾਈ। ਪਰ ਜਦੋਂ ਦਲਿਤਾਂ ਲਈ ਰਾਖਵੇਂਕਰਨ ਦੇ ਸੰਵਿਧਾਨਕ ਇੰਤਜ਼ਾਮ ਤੋਂ ਅੱਗੇ ਕੋਈ ਸਾਰਥਕ ਸਿੱਟੇ ਸਾਹਮਣੇ ਨਹੀਂ ਆਏ ਤਾਂ ਮਾਯੂਸ ਹੋਕੇ ਉਨ੍ਹਾਂ ਨੇ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਧਰਮ-ਬਦਲੀ ਕਰਕੇ ਬੁੱਧ ਧਰਮ 'ਚ ਸ਼ਾਮਲ ਹੋ ਗਏ। ਇਕ ਸਮੇਂ ਅੰਗਰੇਜ਼ ਹਕੂਮਤ ਅਤੇ ਅਗਾਂਹ ਬਦਲੇ ਹਾਲਾਤ 'ਚ ਕਾਂਗਰਸ ਨਾਲ ਮੇਲਜੋਲ ਕਰਕੇ ਦਲਿਤ ਪੱਖੀ ਨੀਤੀਆਂ ਬਣਾਉਣ ਦੀ ਕੋਸ਼ਿਸ਼ ਕਰਨਾ ਡਾ. ਅੰਬੇਡਕਰ ਹੋਰਾਂ ਦੀ ਰਣਨੀਤੀ ਦਾ ਧੁਰਾ ਸੀ। ਇਹ ਕਹਿਣਾ ਤਾਂ ਮੁਸ਼ਕਲ ਹੈ ਕਿ ਅੰਬੇਡਕਰ ਆਪਣੀ ਰਣਨੀਤੀ ਅਨੁਸਾਰ ਇਨ੍ਹਾਂ ਤਾਕਤਾਂ ਨੂੰ ਵਰਤ ਸਕੇ ਜਾਂ ਨਹੀਂ (ਜਾਂ ਕਿੰਨਾ ਕੁ ਵਰਤ ਸਕੇ) ਪਰ ਇਹ ਜੱਗ ਜ਼ਾਹਿਰ ਤੱਥ ਹੈ ਕਿ ਪਹਿਲਾਂ ਅੰਗਰੇਜ਼ ਅਤੇ ਬਾਦ 'ਚ ਕਾਂਗਰਸ ਆਪਣੇ ਰਾਜਸੀ ਹਿੱਤਾਂ ਲਈ ਉਨ੍ਹਾਂ ਦਾ ਸ਼ੋਸ਼ਣ ਕਰਨ 'ਚ ਸੌ ਫ਼ੀ ਸਦੀ ਕਾਮਯਾਬ ਰਹੇ। ਦਲਿਤਾਂ ਦੀ ਮੁਕਤੀ ਲਈ ਉਨ੍ਹਾਂ ਦੀ ਜੱਦੋਜਹਿਦ ਆਪਣੀ ਥਾਂ ਅਹਿਮ ਹੈ ਪਰ ਇਸ ਉਦੇਸ਼ ਦੀ ਪੂਰਤੀ ਲਈ ਉਨ੍ਹਾਂ ਵਲੋਂ ਅਪਣਾਈ ਰਣਨੀਤੀ ਦੀ ਸੀਮਤਾਈ ਨੂੰ ਸਮਝਣਾ ਅਤੇ ਇਸਦਾ ਸਹੀ ਮੁਲੰਕਣ ਕਰਨਾ ਬਹੁਤ ਜ਼ਰੂਰੀ ਹੈ। ਜਿਸਦਾ ਸਾਰਤੱਤ ਹੈ ਵਿਸ਼ਾਲ ਜਮਹੂਰੀ ਜੱਦੋਜਹਿਦ ਦੀ ਬਜਾਏ ਦਲਿਤ ਮੁਕਤੀ ਲਹਿਰ ਨੂੰ ਜਾਤ ਅਧਾਰਤ ਸੰਵਿਧਾਨਕ ਲੜਾਈ ਤੱਕ ਸੀਮਤ ਕਰ ਦੇਣਾ।


ਇਸ ਅਮਲ ਦੌਰਾਨ ਦਲਿਤ ਲਹਿਰ ਅਤੇ ਇਨਕਲਾਬੀ-ਜਮਹੂਰੀ ਲਹਿਰ ਦਰਮਿਆਨ ਖਾਈ ਨੇ ਸਥਾਈ ਰੂਪ ਅਖ਼ਤਿਆਰ ਕਰ ਲਿਆ। ਦਲਿਤ ਜੱਦੋਜਹਿਦ ਸਿਰਫ਼ ਰਾਖਵੇਂਕਰਨ ਨੂੰ ਲਾਗੂ ਕਰਾਉਣ ਅਤੇ ਚੋਣਾਂ ਤੱਕ ਸੀਮਤ ਹੋ ਗਈ। ਦੂਜੇ ਪਾਸੇ, ਇਨਕਲਾਬੀ-ਜਮਹੂਰੀ ਲਹਿਰ ਕਾਠੇ ਜਮਾਤੀ ਨਜ਼ਰੀਏ ਦੀ ਸ਼ਿਕਾਰ ਬਣੀ ਰਹੀ। ਇਹ ਵੀ ਭਾਰਤੀ ਸਮਾਜ ਦੇ ਜਮਹੂਰੀਕਰਨ ਅਤੇ ਇਸ ਦੇ ਹਿੱਸੇ ਵਜੋਂ ਜਾਤਪਾਤ ਦੇ ਖ਼ਾਤਮੇ ਲਈ ਫ਼ੈਸਲਾਕੁੰਨ ਸੰਘਰਸ਼ ਨਾ ਵਿੱਢ ਸਕੀ। ਜਾਗਰੂਕ ਦਲਿਤ ਹਿੱਸਿਆਂ ਨੇ ਰਾਖਵੇਂਕਰਨ ਦੀ ਸੀਮਤ ਭੂਮਿਕਾ ਬਾਰੇ ਸੁਚੇਤ ਹੋਕੇ ਇਸਨੂੰ ਜਾਤਪਾਤ ਦੇ ਬੀਜ-ਨਾਸ਼ ਦੇ ਮੂਲ ਮੁੱਦੇ ਉੱਪਰ ਸੰਘਰਸ਼ ਨਾਲ ਸੁਮੇਲਣ ਦੀ ਬਜਾਏ ਇਸਨੂੰ ਹੀ ਸੰਘਰਸ਼ ਦੀ ਆਖ਼ਰੀ ਮੰਜ਼ਿਲ ਮੰਨ ਲਿਆ। ਅਤੇ ਇਸ ਹਕੀਕਤ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਜਾਤਪਾਤ ਖ਼ੁਦ ਹੀ ਇਕ ਦਰਜੇਬੰਦੀ ਵਾਲਾ ਪ੍ਰਬੰਧ ਹੈ। ਕਿ ਜਾਤ ਵਰਗਾ ਸੰਕੀਰਣ ਅਧਾਰ ਜਾਤਪਾਤ ਦੇ ਖ਼ਾਤਮੇ ਲਈ ਵਿਆਪਕ ਜਮਹੂਰੀ ਸੰਘਰਸ਼ ਦਾ ਸਾਧਨ ਨਹੀਂ ਬਣ ਸਕਦਾ। ਜਾਤ ਅਧਾਰਤ ਸੰਘਰਸ਼ ਜਾਤਾਂ ਦੀ ਆਪਸ 'ਚ ਪਾਟੋਧਾੜ ਅਤੇ ਕਲੇਸ਼ ਦਾ ਸਾਧਨ ਤਾਂ ਬਣ ਸਕਦਾ ਹੈ ਪਰ ਵਿਸ਼ਾਲ ਦੱਬੇ-ਕੁਚਲੇ ਹਿੱਸਿਆਂ ਨੂੰ ਆਪਣੇ ਕਲਾਵੇ 'ਚ ਨਹੀਂ ਲੈ ਸਕਦਾ। ਇਸ ਜੱਦੋਜਹਿਦ ਦਾ ਅਧਾਰ ਜਮਾਤੀ ਵੰਡ ਬਣੇਗੀ ਜੋ ਸਮਾਜ ਦੇ ਮੁਕੰਮਲ ਜਮਹੂਰੀਕਰਨ ਦੇ ਪ੍ਰੋਗਰਾਮ ਦੇ ਅੰਗ ਵਜੋਂ ਜਾਤਪਾਤ ਨੂੰ ਖ਼ਤਮ ਕਰਨ ਦਾ ਮੋਕਲਾ ਜਮਹੂਰੀ ਚੌਖਟਾ ਮੁਹੱਈਆ ਕਰਦੀ ਹੈ। ਪਰ ਡਾ. ਅੰਬੇਡਕਰ ਦੇ ਇਕ ਖ਼ਾਸ ਪੜਾਅ 'ਤੇ ਮਾਰਕਸਵਾਦ ਅਤੇ ਸਮਾਜਵਾਦ ਬਾਰੇ ਜੋ ਤੁਅੱਸਬ ਬਣ ਗਏ ਸਨ ਦਲਿਤ ਲਹਿਰ ਇਸ ਦਾ ਪੁਨਰ ਮੁਲੰਕਣ ਕਰਕੇ ਇਨ੍ਹਾਂ ਤੋਂ ਖਹਿੜਾ ਨਹੀਂ ਛੁਡਾ ਸਕੀ।



ਡਾ.ਅੰਬੇਡਕਰ ਦੇ ਦੇਹਾਂਤ ਤੋਂ ਬਾਦ ਦਲਿਤ ਲਹਿਰ ਪਹਿਲਾਂ ਰਿਪਬਲਿਕਨ ਪਾਰਟੀ ਅਤੇ ਫੇਰ ਦਲਿਤ ਪੈਂਥਰ ਦੇ ਰੂਪ 'ਚ ਨਵੇਂ ਸਿਰਿਉਂ ਜਥੇਬੰਦ ਹੋਈ। ਸ਼ੁਰੂ 'ਚ ਇਹ ਜਥੇਬੰਦੀਆਂ ਇਕ ਹੱਦ ਤੱਕ ਸਮਾਜਿਕ-ਸੱਭਿਆਚਾਰਕ ਬਦਲਾਅ ਦੇ ਮੁੱਦੇ ਨੂੰ ਮੁਖ਼ਾਤਿਬ ਹੋਈਆਂ ਪਰ ਪ੍ਰਚਲਤ ਰੁਚੀਆਂ ਤੋਂ ਮੁਕਤ ਨਹੀਂ ਹੋ ਸਕੀਆਂ। ਇਹ ਨਾ ਤਾਂ ਇਕਜੁੱਟ ਰਹਿ ਸਕੀਆਂ ਅਤੇ ਨਾ ਹੀ ਦਲਿਤ ਲਹਿਰ ਨੂੰ ਇਕ ਆਜ਼ਾਦ ਟਿਕਾਊ ਸਿਆਸੀ ਜਮਹੂਰੀ ਤਾਕਤ ਵਜੋਂ ਸਥਾਪਤ ਕਰ ਸਕੀਆਂ। ਆਖ਼ਿਰ ਇਹ ਆਗੂ ਵੀ ਉਸੇ ਸਥਾਪਤੀ 'ਚ ਜਜ਼ਬ ਹੋ ਗਏ ਜਿਸਨੂੰ ਉਹ ਜਾਤਪਾਤ ਨੂੰ ਸਲਾਮਤ ਰੱਖਣ ਦਾ ਸੰਦ ਸਮਝਦੇ ਸਨ।

80ਵਿਆਂ ਦੇ ਸ਼ੁਰੂ 'ਚ ਬਾਬੂ ਕਾਂਸ਼ੀਰਾਮ ਨੇ 'ਰਾਜਨੀਤਕ ਸੱਤਾ' ਹਾਸਲ ਕਰਨ ਨੂੰ ਕੁਲ ਦਲਿਤ ਮਸਲਿਆਂ ਦੇ ਹੱਲ ਦੀ ਕੁੰਜੀ ਬਣਾਕੇ ਪੇਸ਼ ਕੀਤਾ। ਉਨ੍ਹਾਂ ਦੀ ਸੋਚ ਸੀ ਕਿ ਦਲਿਤਾਂ ਦੇ ਹੱਥ ਰਾਜਨੀਤਕ ਸੱਤਾ ਆ ਜਾਣ ਤੋਂ ਬਾਦ ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ। ਇਸ ਲਈ ਉਨ੍ਹਾਂ ਨੇ ਸਮਾਜੀ-ਸੱਭਿਆਚਾਰਕ ਅਤੇ ਆਰਥਕ ਮੁੱਦਿਆਂ ਦੇ ਅਧਾਰ 'ਤੇ ਅੰਦੋਲਨਾਂ ਦੀ ਲੋੜ ਨੂੰ ਸੁਚੇਤ ਰੂਪ 'ਚ ਵਿਸਾਰ ਦਿੱਤਾ। ਰਾਜਨੀਤਕ ਸੱਤਾ ਤੋਂ ਉਨ੍ਹਾਂ ਦਾ ਭਾਵ ਰਾਜ-ਪ੍ਰਬੰਧ 'ਚ ਬਦਲਾਅ ਨਹੀਂ ਸਗੋਂ ਸਿਰਫ਼ ਇਸੇ ਪ੍ਰਬੰਧ ਅੰਦਰ ਆਪਣੀ ਸਰਕਾਰ ਬਣਾਉਣ ਅਤੇ ਮੰਤਰਾਲੇ ਦੇ ਅਹੁਦੇ ਸੰਭਾਲਣ ਤੋਂ ਸੀ। ਉਨ੍ਹਾਂ ਨੇ 15 ਫ਼ੀ ਸਦੀ ਸਵਰਨ ਜਾਤੀਆਂ ਵਿਰੁੱਧ 85 ਫ਼ੀ ਸਦੀ 'ਬਹੁਜਨ' ਵੋਟ ਬੈਂਕ (ਐੱਸ.ਸੀ., ਐੱਸ.ਟੀ., ਬੀ.ਸੀ. ਅਤੇ ਘੱਟਗਿਣਤੀਆਂ) ਨੂੰ ਅਧਾਰ ਬਣਾਕੇ ਚੋਣ ਰਣਨੀਤੀ ਉਲੀਕੀ। ਯੂ ਪੀ ਵਿਚ ਇਕ ਖ਼ਾਸ ਜਾਤ ਦੀ 16 ਫ਼ੀਸਦੀ ਤੋਂ ਵੱਧ ਵੋਟ ਹੋਣ ਕਰਕੇ ਬਸਪਾ ਸਰਕਾਰ ਬਣਾਉਣ 'ਚ ਕਾਮਯਾਬ ਹੁੰਦੀ ਰਹੀ (ਲੰਘੀਆਂ ਚੋਣਾਂ ਵਿਚ ਇਹ ਫਾਰਮੂਲਾ ਵੀ ਨਾਕਾਮਯਾਬ ਰਿਹਾ) ਪਰ ਇਹ ਫਾਰਮੂਲਾ ਪੰਜਾਬ 'ਚ ਯੂ ਪੀ ਵਰਗੀ ਚੋਣ 'ਪ੍ਰਾਪਤੀ' ਵੀ ਨਹੀਂ ਕਰ ਸਕਿਆ ਹਾਲਾਂਕਿ ਇਥੇ ਦਲਿਤਾਂ ਦੀ ਵਸੋਂ 29 ਫ਼ੀ ਸਦੀ ਹੈ। ਸਰਕਾਰ ਬਣਾਉਣ ਅਤੇ ਮੁੱਖ ਮੰਤਰੀ ਬਨਣ ਲਈ ਘੋਰ ਮੌਕਾਪ੍ਰਸਤੀ ਅਤੇ ਅਨੈਤਿਕ ਢੰਗ ਇਸ ਨਿਆਰੀ ਰਣਨੀਤੀ ਦਾ ਹੀ ਮੰਤਕੀ ਸਿੱਟਾ ਹੈ। ਜੇ ਇਨ•ਾਂ ਨੂੰ ਪਾਸੇ ਰੱਖਕੇ ਦਲਿਤਾਂ ਦੀ ਤਰੱਕੀ ਦੇ ਨਜ਼ਰੀਏ ਤੋਂ ਹੀ ਦੇਖਿਆ ਜਾਵੇ ਤਾਂ ਮਾਇਆਵਤੀ ਅਤੇ ਕੁਝ ਹੋਰ ਆਗੂ ਤਾਕਤਵਰ ਜ਼ਰੂਰ ਬਣ ਗਏ ਪਰ ਸਥਾਪਤੀ ਦੀਆਂ ਉਨ੍ਹਾਂ ਵਿਸ਼ੇਸ਼ਤਾਵਾਂ ਨੂੰ ਝਰੀਟ ਵੀ ਨਹੀਂ ਆਈ ਜੋ ਦਲਿਤਾਂ ਦੀ ਦੁਰਦਸ਼ਾ ਲਈ ਜ਼ਿੰਮੇਵਾਰ ਹਨ। ਡਾ. ਅੰਬੇਡਕਰ ਦੀ ਬੁੱਤਪੂਜਾ 'ਤੇ ਜ਼ੋਰ ਦੇਕੇ ਅਤੇ ਸੜਕਾਂ, ਸੰਸਥਾਵਾਂ ਤੇ ਚੇਅਰਾਂ ਦੇ ਨਾਂ ਉਨ੍ਹਾਂ ਦੇ ਨਾਂ 'ਤੇ ਰੱਖਣ ਨਾਲ ਦਲਿਤਾਂ ਦੀ ਹਾਲਤ 'ਚ ਨਾ ਕੋਈ ਫ਼ਰਕ ਪੈਣਾ ਸੀ ਨਾ ਪਿਆ ਹੈ ਅਤੇ ਨਾ ਹੀ ਪਵੇਗਾ। ਯੂ ਪੀ 'ਚ ਆਮ ਦਲਿਤਾਂ ਦੀ ਹਾਲਤ ਉਹੀ ਹੈ ਜੋ ਕਿਸੇ ਹੋਰ ਪਾਰਟੀ ਦੇ ਰਾਜ ਜਾਂ ਕਿਸੇ ਹੋਰ ਮੁੱਖ ਮੰਤਰੀ ਦੀ ਸਰਕਾਰ ਵਿਚ ਰਹੀ ਹੈ। ਨਾ ਬਸਪਾ ਕੋਲ ਜ਼ਮੀਨੀ ਸੁਧਾਰਾਂ ਦਾ ਕੋਈ ਪ੍ਰੋਗਰਾਮ ਹੈ (ਕਿਉਂਕਿ ਜ਼ਮੀਨ ਦੀ ਜਗੀਰੂ ਮਾਲਕੀ ਬੇਜ਼ਮੀਨੇ ਦਲਿਤਾਂ ਨੂੰ ਜਾਤਪਾਤੀ ਦਾਬੇ ਹੇਠ ਰੱਖਣ ਦਾ ਮੁੱਖ ਸਾਧਨ ਹੈ) ਅਤੇ ਨਾ ਹੀ ਸਰਮਾਏ ਦੀ ਜਕੜ ਤੋੜਕੇ ਮਿਹਨਤਕਸ਼ ਲੋਕਾਂ ਨੂੰ ਉਜ਼ਰਤੀ ਗ਼ੁਲਾਮੀ ਤੋਂ ਮੁਕਤ ਕਰਾਉਣ ਦਾ ਕੋਈ ਭਰਵਾਂ ਆਰਥਕ ਪ੍ਰੋਗਰਾਮ। ਸਮਾਜ ਦੇ ਹਾਸ਼ੀਏ 'ਤੇ ਧੱਕੇ ਲੋਕ ਵਿਸ਼ਵੀਕਰਨ-ਉਦਾਰੀਕਰਨ-ਨਿੱਜੀਕਰਨ ਦੀਆਂ ਨੀਤੀਆਂ ਰਾਹੀਂ ਯੂ ਪੀ ਵਿਚ ਵੀ ਉਵੇਂ ਹੀ ਉਜਾੜੇ ਅਤੇ ਵਾਂਝੇ ਬਣਾਏ ਜਾ ਰਹੇ ਹਨ ਜਿਵੇਂ ਬਾਕੀ ਸੂਬਿਆਂ 'ਚ। ਦੱਬੇ-ਕੁਚਲੇ ਅਵਾਮ ਦੀ ਇਸ ਆਰਪਾਰ ਦੀ ਲੜਾਈ 'ਚ ਬਸਪਾ ਸ਼ਰੇਆਮ ਹਾਕਮ ਜਮਾਤਾਂ ਦੇ ਪਾਲੇ 'ਚ ਖੜ੍ਹੀ ਹੈ। ਹੋਰ ਦਲਿਤ ਜਥੇਬੰਦੀਆਂ ਦੀ ਹਾਲਤ ਵੀ ਇਸ ਤੋਂ ਬਹੁਤੀ ਵੱਖਰੀ ਨਹੀਂ ਹੈ। ਪਿੱਛੇ ਜਹੇ ਬਾਮਸੇਫ਼ ਦੇ ਇਕ ਧੜੇ ਦੇ ਸੰਮੇਲਨ 'ਚ ਸਰਕਾਰ ਦੀ ਪ੍ਰਚੂਨ ਵਪਾਰ 'ਚ ਬਦੇਸ਼ੀ ਕੰਪਨੀਆਂ ਨੂੰ ਖੁੱਲ ਦੇਣ ਦੀ ਨੀਤੀ ਦੀ ਹਮਾਇਤ ਕੀਤੀ ਗਈ। ਦਲੀਲ ਇਹ ਦਿੱਤੀ ਗਈ ਕਿ ਪ੍ਰਚੂਨ ਵਪਾਰ ਉੱਪਰ ਮਨੂਵਾਦੀ ਤਾਕਤਾਂ ਕਾਬਜ਼ ਹਨ। ਬਦੇਸ਼ੀ ਕੰਪਨੀਆਂ ਦੇ ਆਉਣ ਨਾਲ ਇਨ੍ਹਾਂ ਦੀ ਪ੍ਰਚੂਨ ਵਪਾਰ ਉੱਪਰੋਂ ਅਜਾਰੇਦਾਰੀ ਟੁੱਟ ਜਾਵੇਗੀ, ਇਸ ਕਰਕੇ ਇਨ੍ਹਾਂ ਵਲੋਂ ਇਸ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮੁਲਕ ਦੇ ਅਰਥਚਾਰੇ ਉੱਪਰ ਵਧ ਰਹੀ ਬਦੇਸ਼ੀ ਕਾਰਪੋਰੇਟ ਸਰਮਾਏ ਦੀ ਜਕੜ ਦੀਆਂ ਡੂੰਘੀਆਂ ਅਰਥ-ਸੰਭਾਵਨਾਵਾਂ ਦਾ ਵਿਸ਼ਲੇਸ਼ਣ ਕਰਨ ਦੀ ਥਾਂ ਇਸ ਦਾ ਅਤਿ ਸਰਲੀਕਰਨ ਕਰਕੇ ਇਸ ਨੂੰ ਮਹਿਜ਼ ਕੁਝ ਸਵਰਣ ਜਾਤਾਂ ਦੀ ਅਜਾਰੇਦਾਰੀ ਦਾ ਸਵਾਲ ਸਮਝ ਲੈਣ ਵਾਲੀਆਂ ਤਾਕਤਾਂ ਦਲਿਤ ਸਮਾਜ ਨੂੰ ਕੀ ਸੇਧ ਦੇ ਸਕਣਗੀਆਂ!


ਚੋਣਾਂ ਰਾਹੀਂ 'ਬ੍ਰਾਹਮਣਵਾਦੀ' ਸਥਾਪਤੀ 'ਚ ਦਲਿਤ ਨੁਮਾਇੰਦਗੀ (ਜੋ ਅਸਲ ਵਿਚ ਦਲਿਤਾਂ 'ਚੋਂ ਸਮਝੌਤੇਬਾਜ਼ ਹਿੱਸਿਆਂ ਨੂੰ ਸਥਾਪਤੀ 'ਚ ਸਮੋਣ ਦਾ ਅਮਲ ਹੈ) ਅਤੇ ਇਸ ਜ਼ਰੀਏ ਸਥਾਪਤੀ ਦੇ ਅਹੁਦੇ ਲੈਣ ਤੇ ਭੋਗਣ ਦੀ ਸੋਚ ਦਲਿਤ ਲਹਿਰ 'ਚ ਡੂੰਘੀਆਂ ਜੜ੍ਹਾਂ ਜਮਾਈ ਬੈਠੀ ਹੈ। ਇਹ ਸੋਚ ਦਲਿਤ ਸਮਾਜ ਦੇ ਉਸ ਨਿੱਕੇ ਹਿੱਸੇ ਲਈ ਪੂਰੀ ਤਰ੍ਹਾਂ ਮੁਆਫ਼ਕ ਹੈ ਜੋ ਰਾਖਵੇਂਕਰਨ ਜ਼ਰੀਏ ਬਿਹਤਰ ਹਾਲਤ ਵਾਲੀ ਮਲਾਈਦਾਰ ਪਰਤ ਬਣ ਚੁੱਕਾ ਹੈ। ਇਸ ਜ਼ਿਆਦਾਤਰ ਹਿੱਸੇ ਦੀ ਬੁਰੀ ਤਰ੍ਹਾਂ ਲਤਾੜੀ ਵਿਸ਼ਾਲ ਦਲਿਤ ਲੋਕਾਈ ਦੀ ਹਾਲਤ ਨੂੰ ਸੁਧਾਰਨ 'ਚ ਕੋਈ ਦਿਲਚਸਪੀ ਨਹੀਂ ਹੈ ਇਸ ਦੀ ਸੋਚ ਤਾਂ ਸਥਾਪਤੀ ਅੰਦਰ ਆਪਣੀ ਪੁਜ਼ੀਸ਼ਨ ਨੂੰ ਹੋਰ ਮਜ਼ਬੂਤ ਕਰਨ ਦੀ ਹੈ। ਕੀ ਦਲਿਤ ਜਾਤਾਂ ਅੰਦਰਲੀ ਇਸ ਜਮਾਤੀ ਕਤਾਰਬੰਦੀ ਦੀ ਸ਼ਨਾਖ਼ਤ ਕਰਨਾ ਅਤੇ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਅੱਜ ਇਕ ਸਭ ਤੋਂ ਜ਼ਰੂਰੀ ਸਵਾਲ ਨਹੀਂ ਹੈ? ਡਾ. ਅੰਬੇਡਕਰ ਨੇ 'ਜਾਤਪਾਤ ਦੇ ਖ਼ਾਤਮੇ' ਦਾ ਸੱਦਾ ਦਿੱਤਾ ਸੀ ਪਰ ਸਮੁੱਚੀ ਦਲਿਤ ਸਿਆਸਤ ਉਲਟਾ ਜਾਤਪਾਤ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਅਤੇ ਇਸਦੀ ਮਹਿਮਾ ਗਾਉਣ ਦੁਆਲੇ ਘੁੰਮਦੀ ਹੈ। ਹਕੀਕਤ 'ਚ ਜਾਤਪਾਤ ਦੇ ਬੀਜ-ਨਾਸ਼ ਦਾ ਮੂਲ ਮੁੱਦਾ ਹੀ ਛੱਡ ਦਿੱਤਾ ਗਿਆ ਹੈ। ਇਹ ਬੇਹੱਦ ਅਹਿਮ ਮੁੱਦਾ ਜਾਤ ਅਧਾਰਤ ਰਾਖਵੇਂਕਰਨ ਦੀ ਇਕਪਾਸੜ ਵਜਾਹਤ ਅਤੇ ਚੋਣਵਾਦੀ ਸਿਆਸਤ ਦੀਆਂ ਗਿਣਤੀਆਂ-ਮਿਣਤੀਆਂ ਦੀ ਭੇਟ ਚੜ ਗਿਆ ਹੈ। ਸਵਾਲ ਰਾਖਵੇਂਕਰਨ ਦੀ ਸੀਮਤ ਰਾਹਤ ਨੂੰ ਖ਼ਤਮ ਕਰਨ ਦਾ ਨਹੀਂ ਸਗੋਂ ਇਸ ਨੂੰ ਤਰਕਸੰਗਤ ਬਣਾਉਣ ਅਤੇ ਇਸਨੂੰ ਮਲਾਈਦਾਰ ਪਰਤ ਦੀ ਜਕੜ 'ਚੋਂ ਕੱਢਕੇ ਵਿਸ਼ਾਲ ਬਹੁ-ਗਿਣਤੀ ਦੀ ਪਹੁੰਚ 'ਚ ਲਿਆਉਣ ਦਾ ਹੈ।ਸਵਾਲ ਇਹ ਹੈ ਕਿ ਕੀ ਜਾਤ ਅਧਾਰਤ ਚੋਣ ਰਣਨੀਤੀ ਜਾਤਪਾਤ ਵਰਗੇ ਜਟਿਲ ਅਤੇ ਵਿਰਾਟ ਸਮਾਜੀ ਮਸਲੇ ਨੂੰ ਹੱਲ ਕਰ ਸਕਦੀ ਹੈ? ਕੀ ਸਰਮਾਏਦਾਰੀ ਪ੍ਰਬੰਧ ਦੀ ਪਿਛਾਖੜੀ ਭੂਮਿਕਾ ਬਾਰੇ ਸਪਸ਼ਟ ਸਮਝ ਬਣਾਕੇ ਜਮਹੂਰੀ ਜਮਾਤੀ ਨਜ਼ਰੀਏ ਤੋਂ ਜਾਤਪਾਤ ਵਿਰੁੱਧ ਘੋਲ ਉਸਾਰਨ ਬਾਰੇ ਸੋਚਣਾ ਅੱਜ ਸਮੇਂ ਦਾ ਤਕਾਜ਼ਾ ਨਹੀਂ ਹੈ? ਜਦੋਂ ਤੱਕ ਦਲਿਤ ਲਹਿਰ ਦੇ ਚਿੰਤਕ ਹਿੱਸੇ ਇਨ੍ਹਾਂ ਸਵਾਲਾਂ ਨੂੰ ਮੁਖ਼ਾਤਬ ਹੋ ਕੇ ਸੰਜੀਦਾ ਸੋਚ-ਵਿਚਾਰ ਦਾ ਅਮਲ ਸ਼ੁਰੂ ਨਹੀਂ ਕਰਦੇ ਇਸ ਸਿਆਸੀ ਘੁੰਮਣਘੇਰੀ 'ਚ ਫ਼ਸੀ ਰਹੇਗੀ।

ਬੂਟਾ ਸਿੰਘ 
ਲੇਖ਼ਕ ਸਮਾਜਿਕ -ਸਿਆਸੀ ਕਾਰਕੁੰਨ ਹਨ।ਕਈ ਅਹਿਮ ਕਿਤਾਬਾਂ ਦਾ ਪੰਜਾਬੀ 'ਚ ਤਰਜ਼ਮਾ ਕਰ ਚੁੱਕੇ ਹਨ।ਪੰਜਾਬ 'ਚ ਅਪਰੇਸ਼ਨ ਗ੍ਰੀਨ ਹੰਟ' ਦੇ ਵਿਰੋਧ ਚ 'ਐਂਟੀ ਗ੍ਰੀਨ ਹੰਟ ਫੋਰਮ' ਬਣਾਉਣ ਦੀ ਪਹਿਲਕਦਮੀ ਕਰਨ ਵਾਲਿਆਂ ਚੋਂ ਇਕ ਹਨ। ਫ਼ੋਨ:94634-74342

ਹੱਡੀਂ ਰਚਿਆ ਸੱਚ:ਪਸ਼ੂਆਂ ਵਰਗੀ ਜ਼ਿੰਦਗੀ ਹੰਢਾਉਂਦਾ ਪੇਂਡੂ ਮਜ਼ਦੂਰ

ਰ ਤਾਂ ਸਰਜ਼ਮੀਨ ਹੈ,ਪਰਵਾਜ਼ ਭਰਨ ਲਈ।ਇਹ ਸ਼ਬਦ ਸੰਜੀਵ ਮਿੰਟੂ ਵਰਗੇ ਲੋਕਾਂ ਲਈ ਬਣੇ ਹਨ।ਓਹਨੇ ਡੇਢ ਦਹਾਕਾ ਪਹਿਲਾਂ ਸਮਾਜ ਨੂੰ ਸਮਝਣ ਤੇ ਬਦਲਣ ਲਈ ਘਰੋਂ ਪਰਵਾਜ਼ ਭਰੀ ਸੀ।ਮਾਝਾ ਛਾਣਦਾ-ਛਾਣਦਾ ਮਾਲਵੇ ਤੁਰ ਆਇਆ।ਸਮਾਜ ਪਤਾ ਨਹੀਂ ਕਿੰਨਾ ਬਦਲਿਆ ਪਰ ਅੱਜ ਡੇਢ ਦਹਾਕੇ ਬਾਅਦ ਵੀ ਉਸਦੇ ਨਿਸ਼ਚੈ 'ਚ ਰੱਤੀ ਭਰ ਫਰਕ ਨਹੀਂ ਹੈ।ਡੇਢ ਦਹਾਕਾ ਉਸ ਨਾਲ ਸਫਰ ਕਰਦੇ ਮੇਰੇ ਵਰਗੇ ਅਨੇਕਾਂ ਜੁਗਾੜੀ ਆਪਣੇ ਜੁਗਾੜਾਂ 'ਚ ਲੱਗ ਗਏ।ਕਈ 'ਇਲੀਟ ਜੁਗਾੜੀ' ਸ਼ਬਦਜਾਲ ਬੁਣ ਕੇ ਆਪਣੇ ਜੁਗਾੜਾਂ ਨੂੰ 'ਸਮਾਜਿਕ-ਸਿਆਸੀ ਸਰੋਕਾਰਾਂ' ਦੀ ਪਰਿਭਾਸ਼ਾ ਦਿੰਦੇ ਰਹੇ,ਪਰ ਓਹਨੇ ਸਿਦਕ ਨਹੀਂ ਛੱਡਿਆ।ਦਰ ਅਸਲ ਇਸ ਦੌਰ ਦੀ ਸਭ ਤੋਂ ਵੱਡੀ ਤਰਾਸਦੀ ਇਹੀ ਹੈ ਕਿ ਹਰ ਜੁਗਾੜੀ ਆਪਣੇ ਆਪ ਨੂੰ 'ਅਤੀ ਇਨਕਲਾਬੀ' ਦੱਸਦਾ ਹੈ।ਮੈਂ  ਮਿੰਟੂ ਨੂੰ ਅੱਠ ਸਾਲ ਪਹਿਲਾਂ ਰਣਬੀਰ ਕਾਲਜ ਸੰਗਰੂਰ ਮਿਲਿਆ ਸੀ,ਜਦੋਂ ਜਵਾਨੀ ਪੌੜ੍ਹੀ ਦੇ ਪਹਿਲੇ ਡੰਡੇ 'ਤੇ ਪੈਰ ਧਰ ਰਹੀ ਸੀ।ਓਹਨੂੰ ਦੇਖਦਿਆਂ-ਸਮਝਦਿਆਂ ਪਤਾ ਲੱਗਿਆ ਕਿ 24 ਘੰਟੇ ਪਾਪੜ ਵੇਲਦੇ ਸਮਾਜ 'ਚ ਜ਼ਿੰਦਗੀ ਨੂੰ ਚੁਟਕੀ ਮਾਰ ਕੇ ਜਿਉਣ ਵਾਲੇ ਜ਼ਿੰਦਾਦਿਲ ਲੋਕ ਵੀ ਹਨ।ਮਿੰਟੂ ਪਹਿਲਾਂ ਵਿਦਿਆਰਥੀਆਂ-ਨੌਜਵਾਨਾਂ 'ਚ ਕੰਮ ਕਰਦਾ ਰਿਹਾ ਤੇ ਫੇਰ ਮਜ਼ਦੂਰਾਂ ਨੂੰ ਹੱਕਾਂ ਪ੍ਰਤੀ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ।ਪਿੱਛੇ ਜਿਹੇ ਪੰਜਾਬ ਸਰਕਾਰ ਨੇ ਉਸ ਨੂੰ ਸਰਕਾਰੀ ਸਾਜਿਸ਼ 'ਚ ਫਸਾਉਂਦਿਆਂ 'ਮਾਓਵਾਦੀ' ਐਲਾਨ ਕੇ ਗ੍ਰਿਫਤਾਰ ਕਰ ਲਿਆ।ਇਕ ਪਾਸੇ ਉਸ 'ਤੇ ਬਰਨਾਲਾ ਜੇਲ੍ਹ 'ਚ ਪੁਲਸੀਆ ਅੱਤਿਆਚਾਰ ਹੋ ਰਹੇ ਸਨ ਤੇ ਦੂਜੇ ਪਾਸੇ ਪਤਨੀ ਬੱਚੇ ਨੂੰ ਜਨਮ ਦੇ ਰਹੀ ਸੀ।ਸਿਆਸੀ ਸਮਝ ਕਿਸੇ ਦੀ ਕੋਈ ਵੀ ਹੋ ਸਕਦੀ ਹੈ ਪਰ ਕਥਨੀ ਤੇ ਕਰਨੀ ਦਾ ਇਕ ਹੋਣਾ ਇਤਿਹਾਸ ਤੋਂ ਹੁਣ ਤੱਕ ਗਿਣਤੀ ਦੇ ਲੋਕਾਂ ਦੇ ਹਿੱਸੇ ਆਇਆ  ਹੈ।ਲੇਖਣ ਤੇ ਹੋਰ ' ਟੌਹਰੀ ਸਮਾਜਿਕ-ਸਿਆਸੀ' ਕੰਮਾਂ ਨਾਲ ਹੰਕਾਰੀ,ਚੌਧਰੀ ਤੇ ਅਖੌਤੀ ਕ੍ਰਾਂਤੀਕਾਰੀ ਬਣਦੇ ਤਾਂ ਪਿਛਲੇ ਅੱਠ ਸਾਲਾਂ 'ਚ ਬਹੁਤ ਵੇਖੇ ਹਨ ਪਰ ਮਿੰਟੂ ਵਰਗੇ ,ਕਮਿੱਟਡ,ਅਨੁਸਾਸ਼ਿਤ ਬੰਦੇ ਵਿਰਲੇ ਮਿਲਦੇ ਹਨ।ਸਿਰਫ ਕਿਤਾਬਾਂ ਪੜ੍ਹਨ ਨਾਲ ਸੋਹਣਾ ਲਿਖਣਾ-ਬੋਲਣਾ ਜ਼ਰੂਰ ਆ ਜਾਂਦਾ ਹੈ,ਪਰ ਅਮਲੀ ਤੌਰ 'ਤੇ ਬੰਦਾ ਚੰਗਾ ਹੋਵੇ ਇਹ ਜ਼ਰੂਰੀ ਨਹੀਂ।ਮਿੰਟੂ ਨੇ ਪੇਂਡੂ ਮਜ਼ਦੂਰਾਂ ਦੀ ਹੱਡੀਂ ਹੰਢਾਈ ਸੱਚਾਈ ਆਪਣੀ ਲਿਖ਼ਤ 'ਚ ਬਿਆਨ ਕੀਤੀ ਹੈ।ਆਓ ਹੱਡੀਂ ਹੰਢਾਏ ਸੱਚ ਦਾ ਸਵਾਗਤ ਕਰੀਏ।ਉਮੀਦ ਹੈ ਅੱਗੇ ਤੋਂ ਉਹ ਹੋਰ ਮਸਲਿਆਂ ਪ੍ਰਤੀ ਸਾਨੂੰ ਰੂਬਰੂ ਹੁੰਦਾ ਰਹੇਗਾ-ਯਾਦਵਿੰਦਰ ਕਰਫਿਊ 

ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਤੇ 65% ਲਗਭਗ ਲੋਕ ਪਿੰਡਾਂ ਵਿਚ ਵਸਦੇ ਹਨ। ਪੇਂਡੂ ਮਜ਼ਦੂਰ ਸੂਬੇ ਦੀ ਅਬਾਦੀ ਦਾ 28%ਹਿੱਸਾ ਬਣਦੇ ਹਨ ।ਪੇਂਡੂ ਸਮਜ਼ਦੂਰਾਂ ਦਾ ਵਡਾ ਹਿੱਸਾ ਦਲਿਤਾਂ ਚੋਂ ਹੀ ਹੈ ।ਮਜ਼ਦੂਰਾਂ ਸਮੇਤ ਬੇਜ਼ਮੀਨੇ ਕਿਸਾਨ ਗਰੀਬ ਕਿਸਾਨ ਅਤੇ ਦਰਮਿਆਨੇ ਕਿਸਾਨਾਂ ਦੀ ਮਿਹਨਤ ਸਦਕਾ ਹੀ ਪੰਜਾਬ ( ਦੇਸ਼ ਦਾ ਬਹੁਤ ਹੀ ਛੋਟਾ ਹਿੱਸਾ ) ਦੇਸ਼ ਅੰਦਰ ਅੰਨ੍ਹ ਪੈਦਾ ਕਰਨ ਦੇ ਮਾਮਲੇ 'ਚ ਸਭ ਤੋਂ ਅੱਗੇ ਹੈ ।ਪੰਜਾਬ ਦੀ ਖੇਤੀ ਦੀ ਰੀੜ੍ਹ ਦੀ ਹੱਡੀ ਪੇਂਡੂ ਮਜ਼ਦੂਰ ਹੀ ਬਣਦੇ ਹਨ।ਸੂਬਾ ਬੰਜ਼ਰ ਭੋਂਇ ਤੇ ਰੇਤ ਦੇ ਉੱਚੇ-ਉੱਚੇ ਟਿੱਬਿਆਂ ਨੂੰ ਸੁਆਰਕੇ ਜੋ ਉਪਜਾਊ ਜ਼ਮੀਨ ਪੈਦਾ ਕੀਤੀ ਗਈ ਹੈ,ਉਸ 'ਚ ਵੀ ਮੁੱਖ ਰੂਪ 'ਚ ਮਜ਼ਦੂਰਾਂ ਦੇ ਪੁਰਖਿਆਂ ਦੀ ਚਰਬੀ ਢਲ਼ੀ ਹੈ।"ਹਰੇ ਇਨਕਲਾਬ" ਦੀ ਆਮਦ ਨਾਲ ਜੋ ਤਬਦੀਲੀਆਂ ਹੋਈਆਂ ਤੇ ਪੰਜਾਬ ਵੱਡੇ ਅੰਨ ਭੰਡਾਰ ਪੈਦਾ ਕਰਨ ਦੇ ਤੌਰ ਤੇ ਅੱਗੇ ਆਇਆ ਉਹ ਸਭ ਮਜ਼ਦੂਰਾਂ ਦੀ ਮਿਹਨਤ ਸਦਕਾ ਹੀ ਹੈ।ਹੁਣ ਤੋਂ ਹੀ ਨਹੀਂ ਬੜੇ ਲੰਬੇ ਸਮੇਂ ਤੋਂ ਮਜ਼ਦੂਰਾਂ ਦੇ ਬਾਪ-ਦਾਦੇ ਜ਼ਮੀਨ ਨਾਲ ਜੁੜੇ ਆ ਰਹੇ ਹਨ ।ਕਦੇ ਹਿੱਸੇ ਪੱਤੀ ਤੇ ਜ਼ਮੀਨ ਲੈ ਕੇ ਅਤੇ ਕਦੇ ਮੁਜ਼ਾਰੇ ਬਣਕੇ ਖੇਤਾਂ 'ਚ ਆਪਣਾ ਮੁੜ੍ਹਕਾ ਡੋਲ੍ਹਦੇ ਰਹੇ ਹਨ ।ਜਦੋਂ ਜਗੀਰਦਾਰਾਂ ਵੱਲੋਂ ਇਹਨਾਂ ਦੇ ਬੋਹਲ ਵੰਡਾ ਲਏ ਜਾਂਦੇ ਸਨ ਤਾਂ ਮਜ਼ਦੂਰਾਂ ਦੀ ਹਾਲਤ ਬੇਵਸੀ ਵਾਲੀ ਹੋ ਜਾਂਦੀ ।ਮਜ਼ਦੂਰਾਂ ਦੇ ਕੰਮ ਦਾ ਅੱਜ ਵੀ ਕੋਈ ਸਮਾਂ ਤੈਅ ਨਹੀਂ ਹੈ ।ਅੱਜ ਵੀ ਮਜ਼ਦੂਰ ਟਿੱਕੀ ਚੜ੍ਹਨ ਤੋਂ ਪਹਿਲਾਂ ਖੇਤਾਂ 'ਚ ਕੰਮ ਤੇ ਚਲੇ ਜਾਂਦੇ ਹਨ ਤੇ ਫਿਰ ਟਿੱਕੀ ਛਿੱਪਣ ਤੋਂ ਬਾਅਦ ਘਰੇ ਪਰਤਦੇ ਹਨ ।

ਪੰਜਾਬ ਅਤੇ ਕੁੱਝ ਹੋਰ ਹਿੱਸਿਆਂ ਵਿੱਚ 60 ਵਿਆਂ 'ਚ "ਹਰਾ ਇਨਕਲਾਬ" ਆਇਆ ਪਰ ਮੌਜੂਦਾ ਸਮੇ ਦੌਰਾਨ ਦੇਖੀਏ ਤਾਂ ਇਹ ਪੀਲ਼ਾ ਪੈ ਚੁੱਕਿਆ ਹੈ।ਸ਼ੁਰੂ ਦੇ ਦੌਰ ਦੇ ਕੁੱਝ ਸਾਲਾਂ ਵਿੱਚ ਬੇਸ਼ੱਕ ਕਿਸਾਨੀ ਨੂੰ ਬਹੁਤ ਨਿਗੂਣਾ ਜਿਹਾ ਫਾਇਦਾ ਹੋਇਆ ਪਰ ਇਹ ਬਹੁਤਾ ਲੰਮਾ ਸਮਾ ਨਾ ਚੱਲਕੇ ਅੱਗੇ ਜਾਕੇ ਕਿਸਾਨੀ ਲਈ ਕਰਜ਼ੇ ਦਾ ਸੰਕਟ ਲੈਕੇ ਆਇਆ।ਕਰਜ਼ਾ ਨਾ ਮੋੜਨ ਦੀ ਹਾਲਤ ਵਿੱਚ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਗਏ।ਜੇਕਰ "ਹਰੇ ਇਨਕਲਾਬ" ਨੂੰ ਵੇਖੀਏ ਤਾਂ ਸਾਫ ਪਤਾ ਲੱਗਦਾ ਹੈ ਕਿ ਸਾਮਰਾਜ ਨੇ ਆਪਣੀ ਮਸ਼ੀਨਰੀ ,ਰੇਹ੍ਹ ਸ਼ਪਰੇਅ ਤੇ ਕੀੜੇ ਮਾਰ ਦੁਆਈਆਂ ਆਦਿ ਨੂੰ ਵੇਚਣ ਲਈ ਪੰਜਾਬ ਅਤੇ ਹੋਰ ਸੂਬਿਆਂ ਨੂੰ ਆਪਣਾ ਵਾਧੂ ਮਾਲ ਵੇਚਣ ਲਈ ਮੰਡੀ ਦੇ ਤੌਰ ਤੇ ਵਰਤਿਆ ਅਤੇ ਮਣਾਂ ਮੂੰਹੀ ਨਫਾ ਕਮਾਇਆ।ਹਰੇ ਇਨਕਲਾਬ ਦੀ ਖੇਤੀ ਨੇ ਪੇਂਡੂ ਮਜ਼ਦੂਰਾਂ ਦੇ ਸਵੈ ਰੁਜ਼ਗਾਰ 'ਤੇ ਮਾਰੂ ਅਸਰ ਪਾਇਆ ਤੇ ਅਣ-ਕਿਆਸੀਆਂ ਸਮੱਸਿਅਵਾਂ ਨੂੰ ਸੱਦਾ ਦਿੱਤਾ ।ਪਾਣੀ ਦੇ ਡੂੰਘਿਆਂ ਅਤੇ ਪ੍ਰਦੂਸ਼ਿਤ ਹੋਣ ਦੀ ਸਮੱਸਿਆ ਨੇ ਕੈਂਸਰ ਅਤੇ ਹੋਰ ਨਾ-ਮੁਰਾਦ ਬਿਮਾਰੀਆਂ ਨੂੰ ਪੈਦਾ ਕਰਕੇ ਮਜ਼ਦੂਰਾਂ ਦੇ ਘਰਾਂ ਵਿੱਚ ਸੱਥਰ ਵਿਛਾ ਦਿਤੇ ਹਨ ।


"ਹਰੇ ਇਨਕਲਾਬ" ਦੀਆਂ ਲੋਕ-ਮਾਰੂ ਨੀਤੀਆਂ ਨੇ ਗਰੀਬ ਅਤੇ ਦਰਮਿਆਨੇ ਕਿਸਾਨਾਂ 'ਤੇ ਜਿੱਥੇ ਇਕ ਪਾਸੇ ਮਾਰੂ ਅਸਰ ਛੱਡਿਆ ਹੈ, ਉਥੇ ਧਨੀ ਕਿਸਾਨਾਂ ਤੇ ਜਗੀਰਦਾਰਾਂ ਚੋਂ ਤਬਦੀਲ ਤਬਦੀਲ ਹੋ ਕੇ ਜੋ ਸਰਮਾਏਦਾਰ ਪੱਖੀ ਭੋਂਇ ਮਾਲਕ ਉਹਨਾਂ ਦੀਆਂ ਜਮੀਨਾਂ  'ਚ ਵਾਧਾ ਹੋਇਆ ਹੈ।

ਮਜ਼ਦੂਰਾਂ ਨੂੰ ਕੰਮਾਂ-ਧੰਦਿਆਂ 'ਚ ਨਾ-ਮਾਤਰ ਕੰਮ ਮਿਲਣ ਕਾਰਨ ਮਜ਼ਬੂਰਨ ਬਹੁਭਾਂਤੀ ਕਿੱਤਿਆਂ 'ਚ ਕੰਮ ਕਰਨਾ ਪੈ ਰਿਹਾ ਹੈ ।ਕਣਕ ਤੇ ਚੌਲ਼ਾਂ ਸੀਜ਼ਨ 'ਚ ਮੰਡੀਆਂ 'ਚ ,ਕੰਮ ਕਰਨਾਂ ਇੱਟਾਂ ਪੱਥਣ ਲਈ ਭੱਠਿਆ 'ਤੇ ਜਾਣਾ ਅਤੇ ਜਾਂ ਫਿਰ ਸ਼ਹਿਰ ਦੇ ਚੌਕਾਂ 'ਚ ਜਾਕੇ ਖੜ੍ਹਨਾ ਪੈਂਦਾ ਹੈ ।ਇਸ ਤੋਂ ਬਿਨਾਂ ਨਹਿਰਾਂ,ਸੜਕਾਂ ਦੀ ਉਸਾਰੀ,ਕੱਪੜੇ ਸਿਉਣ ,ਸਾਈਕਲ ਠੀਕ ਕਰਨ , ਰੰਗ- ਰੋਗਨ ਕਰਨ , ਕਚਰਾ ਇਕੱਠਾ ਕਰਨ , ਅਤੇ ਫ਼ਲ਼ ਸ਼ਬਜੀਆਂ ਵੇਚਣ ਆਦਿ ਵਰਗੇ ਹੋਰ ਬਹੁਤ ਕੰਮ ਕਰਨੇ ਪੈ ਰਹੇ ਹਨ ।ਸਵੈ-ਰੁਜ਼ਗਾਰੀ ਵਾਲੇ ਇਹ ਕਿੱਤੇ ਡੰਗ ਟਪਾਊ ਤੇ ਟਿਕਾਊ ਨਾ ਹੋਣ ਕਰਕੇ ਇਨ੍ਹਾਂ 'ਚ ਉਖੇੜਾ ਆਉਂਦਾ ਰਹਿੰਦਾ ਹੈ ।ਪੇਂਡੂ ਮਜ਼ਦੂਰਾਂ ਲਈ ਕੋਈ ਸਥਾਈ ਰੁਜ਼ਗਾਰ ਦਾ ਪ੍ਰਬੰਧ ਨਹੀਂ ਹੈ।ਸਥਾਈ ਰੁਜ਼ਗਾਰ ਦਾ ਪ੍ਰਬੰਧ ਨਾ ਹੋਣ ਕਰਕੇ (ਲੋਕ ਮਾਰੂ ਨੀਤੀਆਂ ਦੇ ਸਿੱਟੇ ਕਰਕੇ ) ਲਗਾਤਾਰ ਵੱਧ ਰਹੀ ਮਹਿੰਗਾਈ ਕਰਕੇ ਮਜ਼ਦੂਰਾਂ ਘਰਾਂ ਅੰਦਰ ਰੋਜ਼ੀ ਰੋਟੀ ਦਾ ਸੰਕਟ ਖੜ੍ਹਾ ਹੁੰਦਾ ਜਾ ਰਿਹਾ ਹੈ ।ਇਸ ਕਰਕੇ ਬੱਚਿਮਾਂ ਦਾ ਪਾਲਣ-ਪੋਸ਼ਣ, ਉਹਨਾਂ ਦੀ ਪੜ੍ਹਾਈ , ਬਿਮਾਰੀ ਦੀ ਹਾਲਤ 'ਚ ਉਹਨਾਂ ਦਾ ਇਲਾਜ਼ ਕਰਾਉਣਾ ਬੜੀ ਦੂਰ ਦੀ ਗੱਲ ਹੈ।ਪੇਂਡੂ ਮਜ਼ਦੂਰ ਔਰਤਾਂ ਨੂੰ ਜਿਥੇ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਹੈ।ਉਸਦੇ ਨਾਲ ਨਾਲ ਉਨ੍ਹਾਂ ਨੂੰ ਬਾਲਣ ਇਕੱਠਾ ਕਰਨ ਵੀ ਜਾਣਾ ਪੈਂਦਾ ਹੈ ।ਇਸ ਬਿਨਾਂ ਘਰ ਦਾ ਗੁਜ਼ਾਰਾ ਤੋਰਨ ਲਈ ਉਹਨਾਂ ਨੇ ਡੰਗਰ ਪਸ਼ੂ ਵੀ ਰੱਖੇ ਹੋਏ ਹਨ।ਉਨ੍ਹਾਂ ਲਈ ਪੱਠੇ ਲਿਆਉਣਾ ਵੀ ਉਨ੍ਹਾਂ ਦੇ ਜਿੰਮੇਂ ਹੁੰਦਾ ਹੈ।ਪੱਠੇ ਲਿਆਉਣ ਸਮੇ ਉਨ੍ਹਾਂ ਨੂੰ ਜਿਸ ਜਹਾਲਤ ਦਾ ਸਾਹਮਣਾ ਕਰਨਾ ਪੈਂਦਾ ਹੈ ਉਸਦਾ ਬਿਆਨ ਨਹੀਂ ਕੀਤਾ ਜਾ ਸਕਦਾ।ਇੱਕ ਪੰਡ ਪੱਠਿਆਂ ਦੀ ਖਾਤਰ ਉਨ੍ਹਾਂ ਦੀਆਂ ਇੱਜ਼ਤਾਂ ਨੂੰ ਹੱਥ ਪੈਂਦੇ ਹਨ।ਇਸਦਾ ਕਾਰਨ ਹੈ ਕਿ ਉਹਨਾਂ ਕੋਲ ਕੋਈ ਆਪਣੀ ਜ਼ਮੀਨ ਨਹੀਂ ਹੈ ਇਸ ਕਰਕੇ ਉਨ੍ਹਾਂ ਨੂੰ ਬੇਗਾਨੇ ਖੇਤਾਂ ਵਿੱਚ ਜਾਣਾ ਪੈਂਦਾ ਹੈ ।ਆਰਥਿਕ ਤੰਗੀਆਂ ਕਾਰਨ ਸਹੀ ਤੇ ਵਧੀਆ ਖੁਰਾਕ ਨਾ ਮਿਲਣ ਕਾਰਨ ਮਜ਼ਦੂਰ ਔਰਤਾਂ ਅਤੇ ਬੱਚੇ ਅਨੀਮੀਆ ਅਤੇ ਹੋਰ ਬੀਮਾਰੀਆਂ ਦਾ ਅਕਸਰ ਸ਼ਿਕਾਰ ਹੁੰਦੇ ਹਨ ।ਹਾਲਾਂਕਿ ਮਜ਼ਦੂਰ ਔਰਤਾਂ ਮਰਦਾਂ ਦੇ ਮੁਕਾਬਲੇ ਕਿਸੇ ਪੱਖੋਂ ਵੀ ਘੱਟ ਕੰਮ ਨਹੀਂ ਕਰਦੀਆਂ ਫਿਰ ਵੀ ਉਹਨਾਂ ਨੂੰ ਘੱਟ ਮਜ਼ਦੂਰੀ ਮਿਲਦੀ ਹੈ ।ਇਹ ਵੀ ਉਹਨਾਂ ਨਾਲ਼ ਬੇਇਨਸਾਫੀ ਹੈ ।

ਪੰਜਾਬ ਸਰਕਾਰ ਇਹ ਵੱਡੇ-ਵੱਡੇ ਦਾਅਵੇ ਕਰਦੀ ਹੈ ਕਿ ਉਸਨੇ ਪੰਜਾਬ ਦੇ ਹਰੇਕ ਵਰਗ ਲਈ ਵਿਕਾਸ ਦਾ ਰਾਹ ਖੋਲ੍ਹਿਆ ਹੈ।ਮਜ਼ਦੂਰਾਂ ਲਈ ਖ਼ਾਸ ਤੌਰ ਤੇ ਸਹੂਲਤਾਂ ਦੇਣ ਪੱਖੋਂ ਸਕੀਮਾਂ ਦੀਆਂ ਝੜੀਆਂ ਲਗਾ ਦਿੱਤੀਆਂ ਹਨ ਪਰ ਇਹ ਦਾਅਵਾ ਵੀ ਅਸਲ 'ਚ ਅਮਲੀ ਪੱਖੋਂ ਕਾਗਜ਼ਾਂ ਦਾ ਸ਼ਿੰਗਾਰ ਹੈ ।

ਪਹਿਲੀ ਗੱਲ-ਸ਼ਗਨ ਸ਼ਕੀਮ ਦੀ ,ਇਹ ਸ਼ਕੀਮ ਮਜ਼ਦੂਰਾਂ ਤੱਕ ਬਹੁਤ ਘੱਟ ਪਹੁੰਚਦੀ ਹੈ ।ਇਸ ਸਕੀਮ ਤਹਿਤ ਰਕਮ ਪ੍ਰਾਪਤ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਕਾਗਜ਼ਾਂ ਦੇ ਘਰ ਪੂਰੇ ਕਰਨੇ ਹਰ ਕਿਸੇ ਦੇ ਵੱਸ ਨਹੀਂ।ਦੂਜੀ ਗੱਲ-ਆਟਾ ਦਾਲ਼ ਸਕੀਮ ਦੀ ਉਹ ਵੀ ਡਿੱਪੂਆਂ ਅੰਦਰ ਕੇਵਲ ਦੋ ਦਿਨ ਹੀ ਮਿਲਦੀ ਹੈ ,ਜੋ ਲੈ ਗਿਆ ਸੋ ਲੈ ਗਿਆ ਸੋ ਰਹਿ ਗਿਆ ਸੋ ਰਹਿ ਗਿਆ ।ਬਚਿਆ ਰਾਸ਼ਨ ਕਿੱਥੇ ਜਾਂਦਾ ਹੈ ਇਹ ਕਿਸੇ ਤੋਂ ਭੁੱਲਿਆ ਨਹੀਂ ।ਤੀਜੀ ਗੱਲ –ਬੀ. ਪੀ. ਐੱਲ. ਸਕੀਮ ਦੀ ,ਪਿੰਡਾਂ ਅੰਦਰ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਦੇ ਬੀ. ਪੀ. ਐੱਲ. ਕਾਰਡ ਬਣੇ ਹੀ ਨਹੀਂ ਹਨ। ਜਿਹੜੇ ਬਣੇ ਵੀ ਹਨ ਉਹਨਾਂ ਵਿੱਚ ਵੀ ਰਾਜ਼ਨੀਤਿਕ ਪੱਖਪਾਤ ਸਾਫ਼ ਝਲਕਦਾ ਹੈ ।ਜਦੋਂ ਪਿਛਲੇ ਸਾਲ ਬੀ. ਪੀ. ਐੱਲ. ਕਾਰਡ ਬਣਾਉਣ ਸਬੰਧੀ ਸਰਵੇ ਹੋਇਆ ਤਾਂ ਉਹ ਦੇਖਦੇ ਸਨ ਕਿ ਮਜ਼ਦੂਰਾਂ ਦੇ ਘਰ ਕੱਚੇ ਹਨ ਕਿ ਨਹੀਂ ਜੇਕਰ ਘਰ ਕੱਚਾ ਹੈ ਤਾਂ ਕਾਰਡ ਬਣੇਗਾ ਨਹੀਂ ਤਾਂ ਨਹੀਂ । ਇਸ ਹਿਸਾਬ ਨਾਲ਼ ਤਾਂ ਨਾਂ-ਮਾਤਰ ਗਿਣਤੀ ਹੀ ਬੀ. ਪੀ. ਐੱਲ. ਕਾਰਡਾਂ ਦੀ ਸ੍ਰੇਣੀ ਵਿੱਚ ਆਵੇਗੀ ।ਇੱਥੇ ਵੇਖਣ ਵਾਲੀ ਗੱਲ ਇਹ ਹੈ ਕਿ ਮਜ਼ਦੂਰ ਨੇ ਜਿਹੜਾ ਪੱਕਾ ਕਮਰਾ ਪਾਇਆ ਹੈ ਕੀ ਉਸ ਨਾਲ ਉਸਦੀ ਹਾਲਤ ਵਧੀਆ ਬਣ ਗਈ ? ਜੇਕਰ ਵੇਖਿਆ ਜਾਵੇ ਤਾਂ ਪੱਕਾ ਕਮਰਾ ਬਣਾਉਣ ਦੀ ਅਸਲ ਤਸਵੀਰ ਕੁੱਝ ਹੋਰ ਹੈ ।ਅਸਲ ਵਿੱਚ ਉਹ ਮਜ਼ਦੂਰ ਨੇ ਇੱਧਰੋਂ ਓਧਰੋਂ ਕਰਜ਼ਾ ਚੁੱਕਕੇ ਹੀ ਬਣਾਇਆ ਹੁੰਦਾ ਹੈ ।ਇਹ ਕਰਜ਼ਾ ਲੱਗਭੱਗ ਹਰ ਇੱਕ ਮਜ਼ਦੂਰ ਸਿਰ ਘੱਟੋ ਘੱਟ 80-80 ਹਜ਼ਾਰ ਬਣਦਾ ਹੈ ।ਸਰਵੇ ਕਰਾਉਣ ਵਾਲਿਆਂ ਨੂੰ ਇਹ ਗੱਲ ਨਜ਼ਰੀਂ ਕਿਉਂ ਨਹੀਂ ਆਉਂਦੀ ? ਚੌਥੀ ਗੱਲ – ਮਜ਼ਦੂਰ ਸਬਸ਼ਿਡੀ ਤੇ ਕਰਜ਼ਾ ਲੈ ਸਕਦਾ ਹੈ ਇਹ ਵੀ ਸਿਰਫ ਕਹਿਣ ਦੀਆਂ ਗੱਲਾਂ ਹਨ ।ਮਜ਼ਦੂਰ ਕਰਜ਼ਾ ਲੈਣ ਖਾਤਰ ਪਤਾ ਨਹੀਂ ਕਿੰਨਆਂ ਦਿਹਾੜੀਆਂ ਛੱਡਦਾ ਹੈ ।ਪਰ ਬੈਂਕਾਂ ਦੇ ਚੱਕਰ ਲਾ ਲਾਕੇ ਜਦੋਂ ਕੁੱਝ ਬਣਦਾ ਨਹੀਂ ਦਿਖਦਾ ਤਾਂ ਥੱਕ ਹਾਰਕੇ ਉਹ ਕਰਜ਼ਾ ਲੈਣ ਦਾ ਖਹਿੜਾ ਹੀ ਛੱਡ ਦਿੰਦਾ ਹੈ ।ਪੰਜ਼ਵੀਂ ਗੱਲ – ਇਲਾਜ ਕਰਵਾਉਣ ਲਈ ਕਾਰਡ ਬਣਾਉਣ ਸਬੰਧੀ,ਇਹ ਵੀ ਲੋਕਾਂ ਦੇ ਨਾਂ ਮਾਤਰ ਹੀ ਬਣੇ ਹੋਏ ਹਨ।ਇਸੇ ਤਰਾਂ ਸਰਕਾਰ ਹੋਰ ਬਹੁਤ ਸਾਰੀਆਂ ਸਹੂਲਤਾਂ ਮਜ਼ਦੂਰਾਂ ਨੂੰ ਦੇਣ ਦੇ ਦਮਗਜ਼ੇ ਮਾਰਦੀ ਨਹੀਂ ਥੱਕਦੀ ਪਰ ਇਹ ਸਭ ਕਹਿਣ ਤੱਕ ਹੀ ਸੀਮਤ ਹੈ ।

ਕੇਂਦਰ ਸਰਕਾਰ ਨੇ ਮਜ਼ਦੂਰਾਂ ਨੂੰ 100 ਦਿਨ ਰੁਜ਼ਗਾਰ ਦੇਣ ਲਈ ਜਿੱਥੇ ਪੂਰੇ ਦੇਸ਼ 'ਚ ਸ਼ੁਰੂ ਕੀਤੀ ਉੱਥੇ ਪੰਜ਼ਾਬ 'ਚ ਵੀ ਸ਼ੁਰੂ ਕੀਤੀ ਪਰ ਇਸ ਮਾਮਲੇ 'ਚ ਪੰਜ਼ਾਬ ਸਰਕਾਰ ਕਹਿੰਦੀ ਹੈ ਕਿ ਪੰਸਾਬ ਦੇ ਮਜ਼ਦੂਰਾਂ ਨੂੰ ਨਰੇਗਾ ਸ਼ਕੀਮ ਦੀ ਕੋਈ ਲੋੜ ਨਹੀਂ ਕਿਉਂਕਿ ਪੰਜ਼ਾਬ ਦਾ ਮਜ਼ਦੂਰ ਖੁਸ਼ਹਾਲ ਹੈ ।ਬਾਦਲ ਸਾਹਿਬ ਪੰਜਾਬ ਦੇ ਪਿੰਡਾਂ 'ਚ ਜਾ ਕੇ ਦੇਖਣ ਕਿ ਪੰਜ਼ਾਬ ਦਾ ਮਜ਼ਦੂਰ ਖੁਸ਼ਹਾਲ ਹੈ ਕਿ ਬਦਹਾਲ ਹੈ।100 ਦਿਨ ਰੁਜ਼ਗਾਰ ਵੀ ਪੰਜ਼ਾਬ ਦੇ ਪਿੰਡਾਂ ਅੰਦਰ ਨਹੀਂ ਮਿਲਿਆ ।ਪੰਜਾਬ ਦਾ ਕੋਈ ਵੀ ਪਿੰਡ ਅਜਿਹਾ ਨਹੀਂ ਹੈ ਜਿਥੇ ਮਜ਼ਦੂਰਾਂ ਨੂੰ ਇਸ ਸਕੀਮ ਤਹਿਤ ਪੂਰੇ 100 ਦਿਨ ਰੁਜ਼ਗਾਰ ਮਿਲਿਆ ਹੋਵੇ ।ਪਹਿਲੀ ਗੱਲ ਗੱਲ ਰੁਜ਼ਗਾਰ ਮਿਲਦਾ ਹੀ ਨਹੀਂ ,ਦੂਜੇ ਦਿਹਾੜੀ ਵੀ ਬਹੁਤ ਘੱਟ ਹੈ ।ਸਰਕਾਰ ਵਿਕਾਸ-ਵਿਕਾਸ ਦੀ ਰੱਟ ਲਗਾਉਂਦੀ ਹੈ ,ਪਰ ਵਿਕਾਸ ਹੈ ਕਿੱਥੇ ? ਵੱਡੇ ਵੱਡੇ ਪੁਲ਼ਾਂ ਦਾ ਬਣ ਜਾਣਾ , ਸ਼ਾਪਿੰਗ ਮਾਲਾਂ ਦਾ ਬਣ ਜਾਣਾ, ਚਹੁੰ ਮਾਰਗੀ ਸੜਕਾਂ ਦਾ ਬਣ ਜਾਣਾ, ਥਰਮਲ ਪਲਾਟਾਂ (ਉਹ ਵੀ ਪ੍ਰਾਈਵੇਟ ਕੰਪਨੀਆਂ ਦੁਆਰਾ ਲਗਾਉਣਾ) ਪੰਜਾਬ ਸਰਕਾਰ ਦੀ ਉਸ ਵਿੱਚ ਕੋਈ ਵੀ ਭੁਮਿਕਾ ਨਾ ਹੋਣ ਦੇ ਬਾਵਜੂਦ ਦਮਗਜ਼ੇ ਮਾਰਨਾ, ਵੱਡੀਆਂ ਵੱਡੀਆਂ ਕੰਪਨੀਆਂ ਲਈ ਕਿਸਾਨੀ ਦੀ ਮਰਜ਼ੀ ਤੋਂ ਬਿਨਾਂ ਜ਼ਮੀਨਾਂ ਐਕਵਾਇਰ ਕਰਨੀਆਂ ਕੀ ਇਹ ਵਿਕਾਸ ਹੈ ? ਇਹ ਵਿਕਾਸ ਨਹੀਂ ਵਿਨਾਸ ਹੈ।ਖਾਸ ਕਰਕੇ ਮਜ਼ਦੂਰਾਂ ਲਈ।ਮਜ਼ਦੂਰਾਂ ਲਈ ਵਿਨਾਸ਼ ਇਸ ਕਰਕੇ ਹੈ ਕਿਉਂਕਿ ਖੇਤੀਬਾੜੀ ਦੇ ਧੰਦੇ ਅੰਦਰ ਜੋ ਵੀ ਥੋੜ੍ਹਾ ਬਹੁਤਾ ਕੰਮ ਮਿਲ ਜਾਂਦਾ ਸੀ, ਉਹੀ ਜ਼ਮੀਨ ਜਦੋਂ ਪੰਜਾਬ ਸਰਕਾਰ ਵੱਡੀਆਂ ਵੱਡੀਆਂ ਕੰਪਨੀਆਂ ਕਿਸਾਨਾਂ ਕੋਲੋਂ ਖੋਹਕੇ ਦੇ ਦਿੰਦੀਆਂ ਹਨ ਤਾਂ ਇਸ ਨਾਲ ਮਜ਼ਦੂਰਾਂ ਦਾ ਤਾਂ ਮਾੜਾ ਮੋਟਾ ਰੁਜ਼ਗਾਰ ਵੀ ਗਿਆ।ਸਾਰੀ ਉਮਰ ਸਿਰ ਤੇ ਬੱਠਲ਼ ਢੋਣ ਵਾਲਾ ਮਜ਼ਦੂਰ ਜਦੋਂ ਬੁੱਢਾ ਹੋ ਜਾਂਦਾ ਹੈ ਤਾਂ ਉਸ ਲਈ ਖੇਤਾਂ ਅੰਦਰ ਤੇ ਲੇਬਰ-ਚੌਂਕਾਂ 'ਚ ਕੋਈ ਕੰਮ ਨਹੀਂ ਹੁੰਦਾ ਉਹ ਰੋਜ਼ੀ-ਰੋਟੀ ਤੋਂ ਵੀ ਆਤੁਰ ਹੋ ਜਾਂਦਾ ਹੈ ।ਬੀਮਾਰੀ ਦੀ ਹਾਲਤ ਵਿੱਚ ਤਾਂ ਸਥਿਤੀ ਹੋਰ ਵੀ ਨਾਜ਼ਕ ਹੋ ਜਾਂਦੀ ਹੈ ।ਉਸਦੇ ਮਜ਼ਦੂਰੀ ਕਰਦੇ ਬੱਚੇ ਚਾਹੁੰਦੇ ਹੋਏ ਵੀ ਉਸਦਾ ਇਲਾਜ਼ ਨਹੀਂ ਕਰਵਾ ਸਕਦੇ।ਮਹਿੰਗਾਈ ਦੀ ਮਾਰ ਕਰਕੇ ਦੋ ਵਕਤ ਦੀ ਰੋਟੀ ਵੀ ਮਿਲਣੀ ਵੀ ਮੁਸ਼ਕਿਲ ਹੋਈ ਪਈ ਹੈ।ਮਜ਼ਦੂਰ ਜਿਸਨੇ ਜ਼ਿੰਦਗੀ ਦੇ ਸਾਰੇ ਕੀਮਤੀ ਸਾਲ ਸਿਰ ਤੇ ਬੱਠਲ਼ ਢੋਅ ਢੋਅ ਕੇ ਗੁਜ਼ਾਰੇ ਹੋਣ ਉਸ ਮਹਾਨ ਕਿਰਤੀ ਮਜ਼ਦੂਰ ਲਈ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ? ਕਿ ਉਹ ਮਜ਼ਦੂਰ ਲਈ ਕੁੱਝ ਕਰੇ ।ਸਰਕਾਰ ਕਹਿੰਦੀ ਹੈ ਕਿ ਅਸੀਂ ਬੁਢਾਪਾ ਪੈਨਸ਼ਨ ਦਿੰਦੇ ਹਾਂ ।ਪੈਨਸ਼ਨ 250 ਰਪਏ, ਕੀ ਇਸ ਨਾਲ ਅੱਤ ਦੀ ਮਹਿੰਗਾਈ ਦੇ ਜ਼ਮਾਨੇ ਵਿੱਚ ਗੁਜ਼ਾਰਾ ਹੋ ਸਕਦਾ ਹੈ ? ਇਸ ਨਾਲ ਤਾਂ ਦੋ ਵੱਕਤ ਦੀ ਚਾਹ ਵੀ ਪੂਰੀ ਨਹੀਂ ਹੁੰਦੀ ਰੋਟੀ ਦੀ ਗੱਲ ਥਾ ਦੂਰ ਰਹੀ ।

ਸਰਕਾਰ ਨੌਕਰੀ ਕਰਦੇ ਮੁਲਾਜ਼ਮਾਂ ਨੂੰ ਰਿਟਾਇਰ ਹੋਣ ਪਿਛੋਂ ਇਸ ਕਰਕੇ ਪੈਨਸ਼ਨ ਦਿੰਦੀ ਹੈ ਕਿ ਉਨ੍ਹਾਂ ਨੇ ਦੇਸ ਦੀ ਤਰੱਕੀ ਵਿੱਚ ਹਿੱਸਾ ਪਾਇਆ ਹੈ ।ਇਹ ਪੈਨਸ਼ਨ ਉਸਦੇ ਮਰਨ ਤੱਕ ਮਿਲਦੀ ਹੈ, ਮਰਨ ਉਪਰੰਤ ਉਸਦੇ ਜੀਵਨ ਸਾਥੀ ਨੂੰ ਮਰਨ ਵੇਲੇ ਤੱਕ ਮਿਲਦੀ ਰਹਿੰਦੀ ਹੈ ।ਛੋਟੇ ਤੋਂ ਛੋਟੇ ਕਰਮਚਾਰੀ ਦੀ ਪੈਨਸ਼ਨ ਇਸ ਵਕਤ ਘੱਟੋ ਘੱਟ 10000 ਰੂ: ਮਹੀਨਾ ਹੋਵੇਗੀ ।ਸਰਕਾਰ ਨੂੰ ਪੁੱਛਿਆ ਜਾਵੇ ਕਿ ਮਜ਼ਦੂਰ ਦੀ ਪੈਨਸ਼ਨ 250 ਰੁ :ਕਿਉਂ ? ਜਦੋਂ ਕਿ ਮਜ਼ਦੂਰ ਦੇਸ਼ ਦੀ ਤਰੱਕੀ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ ।ਮਜ਼ਦੂਰ ਦੁਆਰਾ ਕੀਤੀ ਹੋਈ ਕਿਰਤ ਦੁਆਰਾ ਹੀ ਸੱਭ ਕੁੱਝ ਉਸਰਦਾ ਹੈ ।ਵੱਡੇ ਵੱਡੇ ਗੁਦਾਮ ਖੜ੍ਹੇ ਕਰਨ ਤੇ ਭਰਨ,ਸ਼ਰਕਾਰੀ ਅਤੇ ਗੈਰ ਸ਼ਰਕਾਰੀ ਇਮਾਰਤਾਂ ਖੜ੍ਹੀਆਂ ਕਰਨ 'ਚ,ਢੋਅ ਢੁਆਈ ਦੇ ਕੰਮ .ਚ, ਫ਼ੈਕਟਰੀਆਂ ਤੋਂ ਲੈਕੇ ਉਪਰ ਤੱਕ, ਮੁਕਦੀ ਗੱਲ ਕਿ ਕੋਈ ਵੀ ਅਜ਼ਿਹਾ ਕੰਮ ਨਹੀਂ ਜੋ ਕਿਰਤ ਬਿਨਾਂ ਪੈਦਾ ਹੋਵੇ।ਪਰ ਅਫ਼ਸੋਸ ਦੀ ਗੱਲ ਇਹ 60 ਸਾਲ ਤੱਕ ਪਿਛੋਂ ਮਜ਼ਦੂਰ ਨੂੰ ਕੋਈ ਸਰਕਾਰ ਪੁੱਛਦੀ ਨਹੀਂ ਹੈ ।ਇਸ ਤੋਂ ਵੱਡੀ ਬੇਇਨਸਾਫੀ ਹੋਰ ਕੀ ਹੋ ਸਕਦੀ ਹੈ ।ਅਸਲ 'ਚ ਚਾਹੀਦਾ ਤਾਂ ਇਹ ਹੈ ਕਿ ਸ਼ਰਕਾਰ 60ਸਾਲ ਤੋਂ ਬਾਅਦ ਉਸਦੀ ਰੋਟੀ ,ਕੱਪੜਾ,ਇਲਾਜ਼,ਅਤੇ ਹੋਰ ਸ਼ਹੂਲਤਾਂ ਦਾ ਪ੍ਰਬੰਧ ਕਰੇ ।ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ।ਬਾਹਰਲੇ ਦੇਸ਼ਾਂ ਖਾਸ ਕਰਕੇ ਯੂਰਪੀ ਦੇਸ਼ਾਂ ਅੰਦਰ ਹਰ ਇੱਕ ਨਾਗਰਿਕ ਭਾਵੇਂ ਉਹ ਨੌਕਰੀ ਕਰਦਾ ਹੈ ਜਾਂ ਨਹੀਂ ਬੁਢਾਪਾ ਪੈਨਸ਼ਨ 50 ਹਜ਼ਾਰ ਰੁਪਏ ਹੈ ।

ਮਜ਼ਦੂਰਾਂ ਲਈ ਕਈ ਕਾਨੂੰਨ ਬਣੇ ਹੋਏ ਹਨ ਜਿਵੇਂ ਕਿ "ਪੰਜਾਬ ਬਿਲਜ਼ ਕਾਮਨ ਲੈਂਡਜ਼(ਰੈਗੁਲੇਸ਼ਨ) ਐਕਟ 1961 ਅਧੀਨ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਦਿਤੇ ਜਾਣ ।ਪਰ ਹੁਣ ਤੱਕ ਲੱਗਭੱਗ ਤਿੰਨ ਪੀੜੀਆਂ ਲੰਘ ਜਾਣ ਤੇ ਵੀ ਇਸ ਤੇ ਕੋਈ ਅਮਲ ਨਹੀਂ ਹੋਇਆ ।ਇਹੋ ਹਾਲ ਜ਼ਮੀਨ ਹੱਦਬੰਦੀ ਕਾਨੂੰਨ ਦਾ ਹੈ ।ਅੱਜ ਵੀ ਪੰਜਾਬ ਅੰਦਰ ਲੱਖਾਂ ਏਕੜ ਜ਼ਮੀਨ ਅਜਿਹੀ ਪਈ ਹੈ ਜੋ ਕਿ ਮਜ਼ਦੂਰਾਂ ਅੰਦਰ ਵੰਡੀ ਜਾਣੀ ਬਣਦੀ ਹੈ ।ਪਰ ਸਰਮਾਏਦਾਰੀ ਸਰਕਾਰਾਂ ਆਮ ਲੋਕਾਂ ਵਾਰੇ ਸੋਚ ਵੀ ਨਹੀਂ ਸਕਦੀਆਂ।ਉਹ ਤਾਂ ਝੂਠੇ ਦਾਅਵੇ ਵਾਅਦੇ ਅਤੇ ਲਾਰੇ ਹੀਲਾ ਸਕਦੀਆਂ ਹਨ ।ਅੱਜ ਮਜ਼ਦੂਰ ਸਮਾਜਿਕ,ਸਿਆਸੀ,ਆਰਥਿਕ,ਅਤੇ ਸੱਭਿਆਚਾਰਕ ਖੇਤਰ ਅੰਦਰ ਬਹੁਤ ਜ਼ਿਆਦਾ ਲੁੱਟ ਅਤੇ ਦਾਬੇ ਦਾ ਸ਼ਿਕਾਰ ਹੋਣ ਦੇ ਨਾਲ ਨਾਲ ਹਰੇਕ ਪੱਖ ਤੋਂ ਕੰਨ੍ਹੀ 'ਤੇ ਹੈ।

ਕਹਿਣ ਨੂੰ ਤਾਂ ਕਾਨੂੰਨ ਬਣੇ ਹੋਏ ਹਨ ਪਰ ਹਾਕਮ ਜ਼ਮਾਤਾਂ ਇਹਨਾਂ ਕਾਨੂੰਨਾ ਨੂੰ ਲਾਗੂ ਨਹੀਂ ਕਰਦੀਆਂ ।ਇਥੋਂ ਦੀ ਅਫਸ਼ਰਸ਼ਾਹੀ ਸ਼ਰੇਆਮ ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੀ ਹੈ ਪਰ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ।ਕਿਸੇ ਨੇ ਠੀਕ ਹੀ ਕਿਹਾ ਹੈ ਕਿ "ਕਾਨੂੰਨ ਗਰੀਬਾਂ ਤੇ ਰਾਜ ਕਰਦਾ ਹੈ ਅਤੇ ਅਮੀਰ (ਪਹੁੰਚ ਵਾਲੇ ਲੋਕ ) ਕਾਨੂੰਨ ਤੇ ਰਾਜ ਕਰਦੇ ਹਨ ।

ਮਜ਼ਦੂਰਾਂ ਦੇ ਬਣਦੇ ਹੱਕ ਉਹਨਾਂ ਨੂੰ ਆਪਣੇ ਆਪ ਨਹੀਂ ਮਿਲ ਸਕਦੇ ,ਇਸ ਵਾਸਤੇ ਉਹਨਾਂ ਨੂੰ ਲਾਮਬੰਦ ਹੋਣਾ ਪੈਣਾ ਹੈ ।ਉਹਨਾਂ ਨੂੰ ਇਹ ਸਮਝਣ ਕਰਨ ਦੀ ਲੋੜ ਹੈ ਕਿ ਹਾਕਮ ਸਿਰਫ ਧਨਾਢ ਚੌਧਰੀਆਂ,ਜਗੀਰਦਰਾਂ,ਸਰਮਾਏਦਾਰਾਂ ਅਤੇ ਬਹੁ-ਕੌਮੀ ਕੰਪਨੀਆਂ ਵਾਰੇ ਹੀ ਸੋਚਦੇ ਹਨ ।

"ਅਛੂਤ ਦਾ ਸਵਾਲ" ਉੱਪਰ ਸ਼ਹੀਦੇ-ਆਜ਼ਮ ਭਗਤ ਸਿੰਘ ਨੇ ਜੂਨ 1929 ਦੇ ਕਿਰਤੀ ਰਸ਼ਾਲੇ ਵਿੱਚ ਇੱਕ ਲੇਖ ਪ੍ਰਕਾਸ਼ਿਤ ਕੀਤਾ ਸੀ ।ਉਸ ਵਿੱਚੋਂ ਕੁੱਝ ਲਾਇਨਾਂ ਇਸ ਤਰਾਂ ਹਨ ਕਿ ਉੱਠੋ, ਅਛੂਤ ਕਹਾਉਣ ਵਾਲੇ ਅਸਲੀ ਤੇ ਸੇਵਕ ਵੀਰੋ ਉੱਠੋ, ਆਪਣਾ ਇਤਿਹਾਸ ਦੇਖੋ । ਗੁਰੂ ਗੋਬਿੰਦ ਸਿੰਘ ਦੀ ਫੌਜ ਦੀ ਅਸਲੀ ਤਾਕਤ ਤੁਹਾਡੀ ਸੀ ।ਸ਼ਿਵਾ ਜੀ ਤੁਹਾਡੇ ਅਸਰ ਨਾਲ ਸਭ ਕੁੱਝ ਕਰ ਸਕਿਆ।ਤੁਹਾਡੀਆਂ ਕੁਰਬਾਨੀਆਂ ਸੋਨੇ ਦੇ ਅੱਖਰਾਂ ਵਿੱਚ ਲਿਖੀਆਂ ਹੋਈਆਂ ਹਨ ।ਤੁਸੀਂ ਜੋ ਨਿੱਤ ਸੇਵਾ ਕਰਕੇ ਕੌਮ ਦੇ ਸੁੱਖ ਵਿੱਚ ਵਾਧਾ ਕਰਕੇ ਅਤੇ ਜ਼ਿੰਦਗੀ ਮੁਮਕਨ ਬਣਾਕੇ ਇੱਕ ਬੜਾ ਭਾਰੀ ਅਹਿਸਾਨ ਕਰ ਰਹੇ ਹੋ, ਅਸੀਂ ਲੋਕ ਨਹੀਂ ਸਮਝਦੇ ।ਇੰਤਕਾਲੇ ਆਰਜ਼ੀ ਐਕਟ ਦੇ ਮੁਤਾਬਿਕ ਤੁਸੀਂ ਪੈਸੇ ਇੱਕਠੇ ਕਰਕੇ ਵੀ ਜ਼ਮੀਨ ਨਹੀਂ ਖਰੀਦ ਸਕਦੇ ।ਤਹਾਡੇ ਤੇ ਐਨਾ ਜ਼ੁਲਮ ਹੋ ਰਿਹਾ ਹੈ ਕਿ ਅਮਰੀਕਾ ਦੀ ਮਿਸ ਮੇਯੋ ਮਨੁੱਖਾਂ ਨਾਲੋਂ ਵੀ ਹੇਠਾਂ ਕਹਿੰਦੀ ਹੈ,ਉਠੋ ਆਪਣੀ ਤਾਕਤ ਪਛਾਣੋ ! ਜਥੇਬੰਦ ਹੋ ਜਾਓ ।ਅਸਲ ਵਿੱਚ ਤੁਹਾਡੇ ਆਪਣੇ ਯਤਨ ਕੀਤਿਆਂ ਬਿਨਾਂ ਤੁਹਾਨੂੰ ਕੱਖ ਵੀ ਨਹੀਂ ਮਿਲ ਸਕੇਗਾ ।

ਸੰਜੀਵ ਮਿੰਟੂ 
ਸੂਬਾ ਪ੍ਰਧਾਨ 
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ । 
ਫੋਨ ਨੰ :98551-22466

ਜੂਨ ਦੇ ਗਦਰੀ ਸ਼ਹੀਦ ਨੂੰ ਸਲਾਮ

ਅੰਗਰੇਜ਼ਾਂ ਦੀ ਸਮਾਜਿਕ, ਆਰਥਿਕ, ਰਾਜਨੀਤਕ ਗੁਲਾਮੀ ਹੱਥੋਂ ਸਤਾਏ ਲੋਕਾਂ ਨੇ 1847 ਦਾ ਗ਼ਦਰ ਕਰ ਦਿੱਤਾ ਜੋ ਫੇਲ੍ਹ ਤਾਂ ਹੋ ਗਿਆ ਪਰ ਅਜ਼ਾਦੀ ਲਈ ਜਾਗ ਜਰੂਰ ਲਾ ਗਿਆ।ਬਹੁਤ ਸਾਰੀਆਂ ਇਨਕਲਾਬੀ ਲਹਿਰਾਂ ਉੱਠੀਆਂ ਜੋ ਸਮੇਂ ਸਮੇਂ ਦਬਾ ਦਿੱਤੀਆਂ ਗਈਆਂ।ਫਿਰ ਆਰਥਿਕ ਮੰਦਹਾਲੀ ਦੇ ਕਾਰਨ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਹਿੰਦੁਸਤਾਨੀ ਅਵਾਸੀ ਕਨੇਡਾ ਅਮਰੀਕਾ ਆਉਣੇ ਸ਼ੁਰੂ ਹੋਏ।ਇੱਥੇ ਆ ਕੇ ਉਨ੍ਹਾਂ ਨੂੰ ਤਲਖ ਹਕੀਕਤਾਂ ਦਾ ਸਾਹਮਣਾ ਕਰਨਾ ਪਿਆ।ਉਨ੍ਹਾਂ ਦੇ ਕਈ ਭਰਮ ਟੁੱਟੇ, ਨਸਲੀ ਵਿਤਕਰਿਆਂ ਦਾ ਸ਼ਿਕਾਰ ਹੋਣਾ ਪਿਆ।ਸੜਕਾਂ 'ਤੇ ਜ਼ਲੀਲ ਹੋਣਾ ਪਿਆ, ਤੁਰੇ ਜਾਂਦਿਆਂ ਨੂੰ ਗੋਰੇ ਬੱਚੇ "ਹੈਲੋ, ਇੰਡੀਅਨ ਸਲੇਵ" ਕਹਿ ਕੇ ਬਲਾਉਂਦੇ ਤਾਂ ਉਨ੍ਹਾਂ ਦੇ ਕਾਲਜੇ 'ਚ ਛੁਰੀ ਫਿਰ ਜਾਂਦੀ।ਹਿੰਦੁਸਤਾਨੀ ਅਵਾਸੀਆਂ ਪ੍ਰਤੀ ਗੋਰੇ ਲੋਕਾਂ ਦੇ ਮਨਾਂ ਵਿੱਚ ਜ਼ਹਿਰ ਭਰਨ ਲਈ ਮੀਡੀਆ ਵੀ ਆਪਣਾ ਪੂਰਾ ਜ਼ੋਰ ਲਾ ਰਿਹਾ ਸੀ।ਅਖਬਾਰਾਂ ਨੇ, 'ਹਿੰਦੂਜ਼ ਕਵਰ ਡੈਡ ਬਾਡੀਜ਼ ਵਿੱਦ ਬਟਰ' ਵਰਗੀਆਂ ਨਫਰਤ ਫੈਲਾਉਂਦੀਆਂ ਸੁਰਖੀਆਂ ਲਾਈਆਂ। ਕਨੇਡਾ ਦੀ ਕੰਜ਼ਰਵੇਟਿਵ ਸਰਕਾਰ ਨੇ 27 ਮਾਰਚ 1907 ਵਾਲੇ ਦਿਨ ਬਿੱਲ ਪਾਸ ਕਰਕੇ ਹਿੰਦੁਸਤਾਨੀਆਂ ਕੋਲ਼ੋਂ ਵੋਟ ਦਾ ਅਧਿਕਾਰ ਖੋਹ ਲਿਆ। ਕਨੇਡਾ ਆਏ ਹਿੰਦੁਸਤਾਨੀ ਅਵਾਸੀਆਂ ਵਿੱਚੋਂ ਬਹੁਤ ਸਾਰੇ ਸਿੱਧੇ ਸਾਦੇ ਪੰਜਾਬੀ ਸਨ।ਜੋ ਖੇਤਾਂ ਵਿੱਚੋਂ ਕੰਮ ਕਰਦੇ ਜਾਂ ਹਿੰਦੁਸਤਾਨ ਦੀ ਫੌਜ ਵਿੱਚ ਨੌਕਰੀਆਂ ਕਰਦੇ ਆਏ ਸਨ।ਪਰ ਇੱਥੇ ਆ ਕੇ ਉਨ੍ਹਾਂ ਵਿੱਚ ਰਾਜਨੀਤਕ ਜਾਗ੍ਰਤੀ ਬਹੁਤ ਤੇਜ਼ੀ ਨਾਲ਼ ਆਈ।ਥੋੜ੍ਹੇ ਜਿਹੇ ਸਮੇਂ ਵਿੱਚ ਉਹ ਹਿੰਦੂ, ਸਿੱਖ, ਮੁਸਲਮਾਨ ਜਾਂ ਪੰਜਾਬੀ, ਬੰਗਾਲੀ, ਗੁਜਰਾਤੀ ਆਦਿ ਵਖਰੇਵਿਆਂ ਨੂੰ ਭੁੱਲ ਆਪਣੇ ਆਪ ਨੂੰ ਹਿੰਦੁਸਤਾਨੀ ਸਮਝਣ ਲੱਗੇ ਤਾਂ ਹੀ ਉਹ ਸਾਮਰਾਜੀ ਬਰਤਾਨਵੀ ਸਰਕਾਰ ਨੂੰ ਦੋਸ਼ੀ ਮੰਨ ਕਹਿ ਉੱਠੇ

'ਦੇਸ਼ ਪੈਣ ਧੱਕੇ ਬਾਹਰ ਮਿਲੇ ਢੋਈਂ ਨਾ 
ਸਾਡਾ ਪ੍ਰਦੇਸੀਆਂ ਦਾ ਦੇਸ਼ ਕੋਈ ਨਾ' 


ਕਨੇਡਾ ਅਮਰੀਕਾ ਆਏ ਹਿੰਦੁਸਤਾਨੀਆਂ ਨੇ ਹਥਿਆਰਬੰਦ ਇਨਕਲਾਬ ਕਰਕੇ ਦੇਸ਼ ਅਜ਼ਾਦ ਕਰਵਾਉਣ ਦੇ ਇਰਾਦੇ ਨਾਲ਼ 1913 'ਚ 'ਹਿੰਦੀ ਪੈਸਿਫਿਕ ਕੋਸਟ' ਨਾਂ ਦੀ ਜਥੇਬੰਦੀ ਬਣਾਈ ਸੀ ਜਿਸ ਦਾ ਹੈੱਡਕੁਆਟਰ ਅਮਰੀਕਾ ਦੇ ਸ਼ਹਿਰ ਸਾਨਫਰਾਂਸਿਸਕੋ ਵਿੱਚ ਸੀ, ਕਨੇਡਾ ਬਰਤਾਨਵੀ ਕਲੋਨੀ ਹੋਣ ਕਰਕੇ ਗਦਰ ਪਾਰਟੀ ਅਮਰੀਕਾ ਵਿੱਚ ਬਣੀ ਵੈਸੇ ਕਨੇਡਾ ਦੇ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਬਾਬੂ ਹਰਨਾਮ ਸਿੰਘ ਸਾਹਰੀ ਤੇ ਹੁਸੈਨ ਰਹੀਮ ਵਰਗੇ ਲੀਡਰ ਗਦਰ ਪਾਰਟੀ ਦੀ ਲੀਡਰਸ਼ਿਪ ਨਾਲ਼ ਪੂਰੀ ਤਰ੍ਹਾਂ ਜੁੜੇ ਹੋਏ ਸਨ ਤੇ ਉਨ੍ਹਾਂ ਦੀ ਰਾਇ ਨੂੰ ਗਦਰ ਪਾਰਟੀ ਵਾਲ਼ੇ ਬੜੀ ਅਹਿਮੀਅਤ ਦਿੰਦੇ ਸਨ।ਗਦਰ ਪਾਰਟੀ ਹਿੰਦੁਸਤਾਨੀਆਂ ਦੀ ਸਭ ਤੋਂ ਪਹਿਲੀ ਧਰਮ- ਨਿਰਪੱਖ ਤੇ ਗੈਰ-ਫਿਰਕੂ ਸਿਆਸੀ ਪਾਰਟੀ ਸੀ।ਜਿਸ ਨੇ ਹਥਿਆਰਬੰਦ ਸੰਘਰਸ਼ ਰਾਹੀਂ ਦੇਸ਼ ਲਈ ਅਜ਼ਾਦੀ ਪ੍ਰਾਪਤ ਕਰਨ ਅਤੇ ਹਿੰਦੁਸਤਾਨ ਵਿੱਚ ਪੰਚਾਇਤੀ ਕੌਮੀ ਰਾਜ ਸਥਾਪਿਤ ਕਰਨ ਨੂੰ ਆਪਣਾ ਨਿਸ਼ਾਨਾ ਮਿਥਿਆ।ਉਸ ਸਮੇਂ ਹਿੰਦੁਸਤਾਨ ਦੇ ਲੋਕ ਫਿਰਕੂ ਲੀਹਾਂ 'ਤੇ ਵੰਡੇ ਹੋਏ ਸਨ।ਹਿੰਦੁਸਤਾਨੀ ਇਨਕਲਾਬੀਆਂ ਵਿੱਚੋਂ ਬੰਗਾਲੀ ਇਨਕਲਾਬੀ ਫਿਰਕੂ ਜ਼ਹਿਨੀਅਤ ਤੋਂ ਕਾਫੀ ਹੱਦ ਤੱਕ ਬਚੇ ਹੋਏ ਸਨ ਪਰ ਉਨ੍ਹਾਂ ਨੇ ਵੀ ਅੰਦਰਖਾਤੇ ਤਹਿ ਕੀਤੀ ਪਾਲਸੀ ਅਧੀਨ ਮੁਸਲਮਾਨਾਂ ਨੂੰ ਜਥੇਬੰਦੀਆਂ ਤੋਂ ਬਾਹਰ ਹੀ ਰੱਖਿਆ ਸੀ।ਪਰ ਗਦਰੀਆਂ ਨੇ ਧਾਰਮਿਕ ਤੇ ਫਿਰਕੂ ਲੀਹਾਂ ਤੋਂ ਉੱਪਰ ਉੱਠ ਕੇ ਸੈਕੁਲਰ ਸੋਚ ਵਾਲ਼ੀ ਜਥੇਬੰਦੀ ਬਣਾਈ।ਉਹ ਜਾਤ ਪਾਤ ਦੇ ਕੋਹੜ ਨੂੰ ਖਤਮ ਕਰ ਬਰਾਬਰ ਦਾ ਸਮਾਜ ਸਿਰਜਣਾ ਚਾਹੁੰਦੇ ਸਨ।

ਛੂਤ-ਛਾਤ ਦਾ ਕੋਈ ਖਿਆਲ ਨਾਹੀਂ,ਸਾਨੂੰ ਪਰਖ ਨਾ ਛੂਹੜੇ- ਚੁਮਾਰ ਵਾਲ਼ੀ 
ਹਿੰਦੁਸਤਾਨ ਵਾਲ਼ੇ ਸਾਰੇ ਹੈਣ ਭਾਈ,ਨੀਤ ਰੱਖਣੀ ਨਹੀਂ ਮੱਕਾਰ ਵਾਲ਼ੀ।

 ਇਹ ਯੋਧੇ ਬਹਾਦਰੀ, ਕੁਰਬਾਨੀ, ਦਲੇਰੀ ਤੇ ਤਿਆਗ ਵਿੱਚ ਹੀ ਬੇਮਿਸਾਲ ਨਹੀਂ, ਸਗੋਂ ਵਿਚਾਰਾਂ ਦੇ ਮਾਮਲੇ ਵਿੱਚ ਵੀ ਗਾਂਧੀ ਜੀ ਦੀ ਅਗਵਾਈ ਥੱਲੇ ਚੱਲ ਰਹੀ ਲਹਿਰ ਨਾਲ਼ੋਂ ਅੱਡਰੇ ਸਨ।ਇਨ੍ਹਾਂ ਦੀ ਕੌਮ-ਪ੍ਰਸਤੀ ਸ਼ੁੱਧ ਤੇ ਬੇਬਾਕ ਸੀ।ਇਹ ਬਰਤਾਨਵੀ ਸਰਕਾਰ ਦਾ ਬੋਰੀਆ ਬਿਸਤਰਾ ਗੋਲ਼ ਕਰਨਾ ਚਾਹੁੰਦੇ ਸਨ।ਉਨ੍ਹਾਂ ਨਾਲ਼ ਕੋਈ ਸਮਝੌਤਾ ਕਰਨ ਦੇ ਵਿਰੁੱਧ ਸਨ।ਇਹ ਰਾਜੇ–ਰਜਵਾੜਿਆਂ ਤੇ ਟੋਡੀਆਂ ਦੇ ਵਿਰੁੱਧ ਸਨ।ਆਰਥਿਕ ਬਰਾਬਰੀ ਦੀ ਗੱਲ ਕਰਦੇ ਸਨ।ਇਹ ਸੁਧਾਰ ਤੇ ਡੈਪੂਟੇਸ਼ਨਾਂ ਦੀ ਸੀਮਾ ਤੋਂ ਜਾਣੂ ਸਨ।ਇਸੇ ਲਈ ਬਰਤਾਨਵੀ ਸਾਮਰਾਜ ਦੇ ਕਰਾਰੀ ਚੋਟ ਮਾਰਨ ਲਈ ਤਤਪਰ ਹੋ ਉੱਠੇ ਸਨ।ਪਹਿਲਾ ਸੰਸਾਰ ਯੁੱਧ ਸ਼ੁਰੂ ਹੋਣ 'ਤੇ ਗਦਰ ਪਾਰਟੀ ਨੇ ਬਾਹਰਲੇ ਦੇਸ਼ਾਂ ਵਿੱਚ ਵੱਸਦੇ ਗਦਰੀਆਂ ਨੂੰ ਦੇਸ਼ ਜਾ ਕੇ ਗਦਰ ਮਚਾਉਣ ਦਾ ਸੱਦਾ ਦਿੱਤਾ।ਗਦਰੀ ਆਪਣੇ ਕੰਮਾਂ ਕਾਰਾਂ ਨੂੰ ਛੱਡ, ਜਾਇਦਾਦਾਂ ਤਿਆਗ ਅੰਗਰੇਜ਼ ਵਿਰੁੱਧ ਵਿੱਢੀ ਜੰਗ ਵਿੱਚ ਕੁੱਦ ਪਏ।ਉਹ ਜਥੇ ਬਣਾ ਕੇ ਕਨੇਡਾ ਅਮਰੀਕਾ ਤੋਂ ਵੱਖ-ਵੱਖ ਜਹਾਜ਼ਾਂ ਰਾਹੀ ਸਮੇਂ ਦੀਆਂ ਅੱਖਾਂ 'ਚ ਅੱਖਾਂ ਪਾ ਅੰਗਰੇਜ਼ ਸਰਕਾਰ ਨੂੰ ਵੰਗਾਰਨ ਤੁਰ ਪਏ।


ਭਾਈ ਉੱਤਮ ਸਿੰਘ ਹਾਂਸ, ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਬੀਰ ਸਿੰਘ ਬਾਹੋਵਾਲ, ਭਾਈ ਰੰਗਾ ਸਿੰਘ ਖੁਰਦਪੁਰ, ਭਾਈ ਰੂੜ ਸਿੰਘ ਤਲਵੰਡੀ ਦੁਸਾਂਝ ਇਹ ਸਾਰੇ ਗਦਰ ਪਾਰਟੀ ਦੇ ਮੁੱਢਲੇ ਮੈਬਰਾਂ ਵਿੱਚੋਂ ਸਨ।ਉੱਤਮ ਸਿੰਘ ਹਾਂਸ ਆਪਣੇ ਸਾਥੀਆਂ ਈਸ਼ਰ ਸਿੰਘ ਢੁੱਡੀਕੇ, ਭਾਈ ਪਾਖਰ ਸਿੰਘ ਢੁੱਡੀਕੇ ਸਮੇਤ ਕਨੇਡਾ ਤੋਂ ਐੱਸ.ਅੱਸ ਮੰਗੋਲੀਆ ਜਹਾਜ਼ ਤੇ ਹਾਂਗਕਾਂਗ ਪੁੱਜੇ ਉੱਥੋਂ ਆਸਟ੍ਰੇਲੀਅਨ ਨਾਂ ਦੇ ਜਹਾਜ਼ ਰਾਂਹੀ ਜਿਸ ਵਿੱਚ 88 ਮੁਸਾਫਿਰ ਸਨ ਜਿਨ੍ਹਾਂ 'ਚੋਂ 31 ਅਮਰੀਕਾ ਤੋਂ 48 ਕਨੇਡਾ ਤੋਂ ਅਤੇ 2 ਸੰਘਾਈ ਤੋਂ ਸਨ। ਇਹ ਜਹਾਜ਼ 12 ਦਸੰਬਰ 1914 ਨੂੰ ਕੋਲੰਬੂ ਪੁੱਜਾ।ਪੁਲਿਸ ਨੇ ਸਭ ਦੀ ਤਲਾਸ਼ੀ ਲਈ ਪਰ ਕੋਈ ਅਸਲਾ ਨਾ ਮਿਲਿਆ।14 ਦਸੰਬਰ 1914 ਨੂੰ ਹਿੰਦੁਸਤਾਨੀ ਪੁਲਿਸ ਦੇ ਹਵਾਲੇ ਕਰ ਦਿੱਤਾ।ਇਸੇ ਤਰ੍ਹਾਂ ਭਾਈ ਬੀਰ ਸਿੰਘ 22 ਅਗਸਤ 1914 ਨੂੰ ਵਿਕਟੋਰੀਆ ਤੋਂ 'ਮੈਕਸੀਕੋ ਮਾਰੂ ਜਹਾਜ਼ ਰਾਹੀਂ ਭਾਈ ਜਵੰਦ ਸਿੰਘ ਨੰਗਲ ਕਲਾਂ, ਭਾਈ ਹਰੀ ਸਿੰਘ ਸੂੰਢ ਅਤੇ ਭਾਈ ਨੰਦ ਸਿੰਘ ਕੈਲੇ, ਵਰਗੇ ਵੈਨਕੂਵਰ ਦੇ ਗਦਰੀ ਵੀ ਨਾਲ਼ ਸਨ। ਗਦਰ ਲਹਿਰ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਵੀ ਇਸੇ ਜਹਾਜ਼ ਤੇ ਸਵਾਰ ਸਨ।ਜਹਾਜ਼ ਉੱਤੇ ਗਦਰੀਆਂ ਵਲੋਂ ਬਹੁਤ ਜੋਸ਼ੀਲੇ ਤੇ ਇਨਕਲਾਬੀ ਗੀਤ ਗਾਏ ਜਾਂਦੇ ਸਨ। ਇਹ ਜਹਾਜ਼ 13 ਅਕਤੂਬਰ, 1913 ਨੂੰ ਕਲਕੱਤੇ ਪੁੱਜਾ। ਇਸ ਤਰ੍ਹਾਂ ਇਹ ਗਦਰੀ ਗਦਰ ਕਰਨ ਦੇਸ਼ ਆ ਪਹੁੰਚੇ।



ਸ਼ਹੀਦ ਭਾਈ ਉੱਤਮ ਸਿੰਘ ਹਾਂਸ

ਸ਼ਹੀਦ ਭਾਈ ਉੱਤਮ ਸਿੰਘ ਹਾਂਸ ਉਰਫ ਰਾਘੋ ਸਿੰਘ ਦਾ ਜਨਮ 1990 ਈ. ਦੇ ਨੇੜੇ ਜਿਲ੍ਹਾ ਲੁਧਿਆਣਾ ਦੀ ਤਹਿਸੀਲ ਜਗਰਾਉਂ ਦੇ ਪਿੰਡ ਹਾਂਸ ਵਿਖੇ ਜੀਤਾ ਸਿੰਘ ਹਾਂਸ ਦੇ ਘਰ ਹੋਇਆ।ਆਪ ਸੋਹਣੇ-ਸਨੁੱਖੇ, ਇਨਸਾਫ ਪਸੰਦ ਤੇ ਜ਼ੁਲਮ ਦੇ ਵੈਰੀ ਸਨ।ਗਰੀਬੀ ਤੋਂ ਤੰਗ ਆ ਆਪ 1906 ਵਿੱਚ ਕਨੇਡਾ ਆ ਗਏ।ਉਸ ਨੇ ਜ਼ਮੀਨ ਸਾਫ ਕਰਨ ਵਾਲੀ ਵੈਨਕੂਵਰ ਦੀ ਇੱਕ ਕੰਪਨੀ ਨਾਲ ਕੰਮ ਕੀਤਾ।ਫਿਰ ਲੰਬਰ ਮਿੱਲ ਵਿੱਚ ਕੰਮ ਕਰਦਿਆਂ ਸਮਝ ਲੱਗੀ ਕਿ ਹਿੰਦੁਸਤਾਨੀਆਂ ਦੀ ਹਰ ਪਾਸੇ ਬੇਇੱਜ਼ਤੀ ਇਸ ਕਰਕੇ ਹੁੰਦੀ ਹੈ ਕਿਉਂ ਕਿ ਉਨ੍ਹਾਂ ਦਾ ਮੁਲਕ ਗੁਲਾਮ ਹੈ।1913 ਵਿੱਚ ਬਣੀ ਗਦਰ ਪਾਰਟੀ ਦੇ ਮੈਂਬਰ ਬਣੇ ਤੇ ਹਿੰਦੁਸਤਾਨ ਰਹਿੰਦੇ ਦੋਸਤਾਂ ਨੂੰ 'ਗਦਰ' ਅਖਬਾਰ ਭੇਜਿਆ ਕਰਦੇ ਸਨ।ਉਨ੍ਹਾਂ ਨੇ ਕਾਮਾਗਾਟਾ ਮਾਰੂ ਦੇ ਘੋਲ਼ ਵਿੱਚ ਅਹਿਮ ਭੂਮਿਕਾ ਨਿਭਾਈ।22 ਜੁਲਾਈ 1914 ਨੂੰ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਮਿਲ਼ੇ।ਉਨ੍ਹਾਂ ਨੇ ਮੁਸਾਫਰਾਂ ਨੂੰ ਦੇਸ਼ ਜਾ ਕੇ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਕਰਨ ਦਾ ਪੈਗਾਮ ਦਿੱਤਾ।23 ਜੁਲਾਈ ਨੂੰ ਜਹਾਜ਼ ਵਾਪਸ ਮੋੜਨ ਤੇ ਉੱਤਮ ਸਿੰਘ ਤੇ ਉਸ ਦੇ ਸਾਥੀਆਂ ਦਾ ਰੋਹ ਜਵਾਲਾ ਦਾ ਰੂਪ ਧਾਰਨ ਲੱਗਾ।4ਅਗਸਤ 1914 ਨੂੰ ਪਹਿਲਾ ਸੰਸਾਰ ਯੁੱਧ ਸ਼ੁਰੂ ਹੋਣ ਤੇ ਗਦਰ ਪਾਰਟੀ ਨੇ ਬਾਹਰਲੇ ਦੇਸ਼ਾਂ 'ਚ ਵੱਸਦੇ ਹਿੰਦੁਸਤਾਨੀ ਗਦਰੀਆਂ ਨੂੰ ਦੇਸ਼ ਜਾ ਕੇ ਗਦਰ ਮਚਾਉਣ ਦਾ ਸੱਦਾ ਦਿੱਤਾ।ਉਹ 19-20 ਦਸੰਬਰ ਨੂੰ ਲੁਧਿਆਣੇ ਨੇੜੇ ਪੁੱਜੇ ਆਪ ਨੇ ਪੁਲਿਸ ਨੂੰ ਪਿੰਡ ਦਾ ਨਾਂ ਰਾਘੋ ਸਿੰਘ ਦੱਸਿਆ ਕਨੇਡਾ ਵਿੱਚ ਆਪ ਉੱਤਮ ਸਿੰਘ ਦੇ ਨਾਂ ਨਾਲ ਸਰਗਰਮੀਆ ਕਰਦੇ ਸਨ, ਪੁਲਿਸ ਟਪਲ਼ਾ ਖਾ ਗਈ ਤੇ ਆਪ ਪਿੰਡ ਪੁੱਜਣ ਵਿੱਚ ਕਾਮਯਾਬ ਹੋ ਗਏ।ਕੁਝ ਹਫਤੇ ਪਿੰਡ ਗੁਜ਼ਾਰਨ ਪਿੱਛੋਂ ਆਪ ਅੰਡਰਗਰਾਉਂਡ ਹੋ ਕੇ ਕਨੇਡਾ ਤੋਂ ਪਰਤੇ ਆਪਣੇ ਮਿੱਤਰ ਈਸ਼ਰ ਸਿੰਘ ਢੁੱਡੀਕੇ ਨਾਲ਼ ਰਲ਼ ਕੇ ਗਦਰ ਪਾਰਟੀ ਲਈ ਕੰਮ ਕਰਨ ਲੱਗੇ। ਉੱਤਮ ਸਿੰਘ ਹਾਂਸ ਤੇ ਉਸ ਦਾ ਗਦਰੀ ਸਾਥੀ ਈਸ਼ਰ ਸਿੰਘ ਢੁੱਡੀਕੇ ਆਖਰ 19 ਸਤੰਬਰ 1914 ਨੂੰ ਫਰੀਦਕੋਟ ਦੀ ਰਿਆਸਤ ਦੇ ਪਿੰਡ ਮਾਨਾਂ ਭਗਵਾਨਾਂ ਤੋਂ ਫੜੇ ਗਏ।ਆਪ ਨੂੰ ਗ੍ਰਿਫਤਾਰ ਕਰਕੇ ਲੁਧਿਆਣੇ ਹਵਾਲਾਤ ਵਿੱਚ ਰੱਖਿਆ ਗਿਆ।ਉੱਥੇ ਅਫਸਰ ਆਪ ਨੂੰ ਪੁੱਛਣ ਲੱਗੇ , "ਸਰਦਾਰ ਜੀ, ਤੁਸੀਂ ਕਿੱਥੇ-ਕਿੱਥੇ ਰਹੇ, ਕਿੱਥੇ-ਕਿੱਥੇ ਗਏ ਤੇ ਕੀ ਕੁਝ ਕੀਤਾ?" ਆਪ ਉਨ੍ਹਾਂ ਨੂੰ ਆਖਣ ਲੱਗੇ , "ਤੁਸੀਂ ਪੁੱਛ ਕੇ ਕੀ ਕਰੋਗੇ ?" ਕੀ ਮੈਨੂੰ ਫਾਂਸੀ ਦੇ ਦਿਓਗੇ ਜਾਂ ਛੱਡ ਦੇਵੋਗੇ?" ਉਨ੍ਹਾਂ ਜਵਾਬ ਦਿੱਤਾ, "ਨਹੀਂ, ਅਸੀਂ ਤੁਹਾਨੂੰ ਅਦਾਲਤ ਵਿੱਚ ਲੈ ਜਾਵਾਂਗੇ" ਭਾਈ ਸਾਹਿਬ ਉਨ੍ਹਾਂ ਨੂੰ ਕਹਿਣ ਲੱਗੇ, "ਫਿਰ ਸਾਡਾ ਤੁਹਾਡੇ ਨਾਲ਼ ਕੀ ਵਾਸਤਾ ਹੈ।ਅਸੀ ਜੋ ਕਹਿਣਾ ਹੋਊ, ਅਦਾਲਤ ਵਿੱਚ ਹੀ ਕਹਿ ਲਵਾਂਗੇ"। ਅਫਸਰ ਸ਼ਰਮਿੰਦੇ ਹੋ ਕੇ ਚਲੇ ਗਏ।ਉਹ ਹਵਾਲਾਤ ਵਿੱਚ ਬੰਦ ਹੋ ਕੇ ਵੀ ਪੁਲਿਸ ਕਰਮਚਾਰੀਆਂ ਨੂੰ ਅਜ਼ਾਦੀ ਸੰਘਰਸ਼ ਨਾਲ ਜੋੜਨ ਦੀ ਕੋਸ਼ਿਸ਼ ਕਰਦੇ। ਕੋਤਵਾਲੀ ਵਿੱਚ ਇੱਕ ਦਿਨ ਇੰਸਪੈਕਟਰ ਦਾ ਲੜਕਾ ਆਪ ਪਾਸ ਆਇਆ ।ਆਪ ਉਸ ਨੂੰ ਪੁੱਛਣ ਲੱਗੇ, "ਕਾਕਾ ਤੂੰ ਅਜ਼ਾਦੀ ਚਾਹੁੰਦਾ ਜਾਂ ਗੁਲਾਮੀ?" ਉਸ ਲੜਕੇ ਨੇ ਜਵਾਬ ਦਿੱਤਾ, "ਅਜ਼ਾਦੀ" ਆਪ ਇੰਸਪੈਕਟਰ ਨੂੰ ਕਹਿਣ ਲੱਗੇ; "ਦੇਖ ਮੀਆਂ, ਤੇਰੇ ਨਾਲੋਂ ਤਾਂ ਇਹ ਬੱਚਾ ਹੀ ਚੰਗਾ ਜਿਹੜਾ ਅਜ਼ਾਦੀ ਚਾਹੁੰਦਾ, ਤੂੰ ਤਾ ਦਿਨ ਰਾਤ ਲੋਕਾਂ ਨੂੰ ਗੁਲਾਮੀ ਦੇ ਸੰਗਲਾਂ ਵਿੱਚ ਬੰਨ੍ਹ ਰਿਹਾ।ਤੈਨੂੰ ਆਪਣੇ ਪੁੱਤਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ"।ਇਹ ਸੁਣ ਅਫਸਰ ਨੇ ਨੀਵੀਂ ਪਾ ਲਈ। ਇਸੇ ਤਰ੍ਹਾਂ ਇੱਕ ਵਾਰ ਇੱਕ ਹਿੰਦੁਸਤਾਨੀ ਅਫਸਰ ਇਨ੍ਹਾਂ ਨਾਲ਼ ਬੜੀ ਬਦਤਮੀਜ਼ੀ ਨਾਲ਼ ਪੇਸ਼ ਆਇਆ ਉਸ ਦੀ ਆਕੜ ਵੇਖ ਆਪ ਨੇ ਉਸ ਨੂੰ ਤੂੰ ਕਹਿ ਕੇ ਬੁਲਾਇਆ ਤਾਂ ਉਹ ਔਖਾ ਹੋ ਕੇ ਕਹਿਣ ਲੱਗਾ," ਮੈਂ ਇੱਕ ਅਫਸਰ ਹਾਂ ਤੁਸੀ ਮੇਰੇ ਨਾਲ ਜ਼ਰਾ ਸੋਚ ਸਮਝ ਕੇ ਗੱਲ ਕਰੋ"। ਆਪ ਉਸ ਨੂੰ ਆਖਣ ਲੱਗੇ, "ਤੂੰ ਜਿਨ੍ਹਾਂ ਦਾ ਨੌਕਰ ਹੈ, ਅਸੀਂ ਤਾਂ ਉਨ੍ਹਾਂ ਨੂੰ ਕੁਝ ਨਹੀਂ ਸਮਝਦੇ।ਤੇਰਾ ਰੋਅਬ ਅਸੀਂ ਕਿੱਥੋਂ ਸਹਿਣ ਲੱਗੇ ਹਾਂ ਅਫਸਰ ਨਿੰਮੋਝਣਾ ਹੋ ਪਾਸੇ ਨੂੰ ਚਲਾ ਗਿਆ"। ਇੱਕ ਵਾਰ ਬਹੁਤ ਭੈੜੀ ਹਾਲਤ ਵਾਲ਼ਾ ਗਰੀਬੜਾ ਜਿਹਾ ਘੁਮਿਆਰ ਆਪ ਦੀ ਝੂਠੀ ਗਵਾਹੀ ਦੇਣ ਆ ਗਿਆ ਆਪ ਉਸ ਦੀ ਦਸ਼ਾ ਦੇਖ ਕੇ ਕਹਿਣ ਲੱਗੇ, "ਦੇਖੋ, ਇਹ ਦਸ਼ਾ ਹੈ ਸਾਡੇ ਭਰਾਵਾਂ ਦੀ ! ਇਸ ਵਿਚਾਰੇ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਸੀਂ ਕਿਸ ਜੁਰਮ ਵਿੱਚ ਫੜੇ ਹੋਏ ਹਾਂ।ਇਹ ਤਾਂ ਭੁੱਖ ਦਾ ਮਾਰਿਆ ਝੂਠੀ ਗਵਾਹੀ ਦੇਣ ਆ ਗਿਆ ਹੈ।ਇਸ ਤੇ ਰੰਜ ਕਰਨਾ ਸਰਾਸਰ ਸਾਡੀ ਬੇਵਕੂਫੀ ਹੈ।ਇਹ ਕਹਿੰਦਿਆਂ ਆਪ ਦੀਆਂ ਅੱਖਾਂ ਵਿੱਚ ਅੱਥਰੂ ਭਰ ਆਏ।ਆਪ ਦੇ ਪ੍ਰਭਾਵ ਅਧੀਨ ਆਪ ਦਾ ਭਾਣਜਾ ਇੰਦਰ ਸਿੰਘ ਸ਼ੇਖ ਦੌਲਤ ਵੀ ਗਦਰ ਲਹਿਰ ਵਿੱਚ ਆਇਆ ਉਸ ਨੂੰੰ ਇਸ ਮੁਕੱਦਮੇ ਵਿੱਚ ਉਮਰ ਕੈਦ ਤੇ ਘਰ ਘਾਟ ਜ਼ਬਤੀ ਦੀ ਸਜ਼ਾ ਹੋਈ ਜੋ ਬਾਅਦ 'ਚ ਸੱਤ ਸਾਲ ਕੈਦ ਕਰ ਦਿੱਤੀ।ਉੱਤਮ ਸਿੰਘ ਹਾਂਸ ਨੂੰ ਫਾਸੀ ਦੀ ਸਜ਼ਾ ਹੋਈ।



ਭਾਈ ਈਸ਼ਰ ਸਿੰਘ ਢੁੱਡੀਕੇ

ਗਦਰ ਲਹਿਰ ਨੂੰ ਦਰਜਨ ਦੇ ਕਰੀਬ ਯੋਧੇ ਦੇਣ ਵਾਲਾ ਮਾਲਵੇ ਦੇ ਪਿੰਡ ਢੁੱਡੀਕੇ ਵਿੱਚ ਇਸ ਮਹਾਨ ਗਦਰੀ ਈਸ਼ਰ ਸਿੰਘ ਦਾ ਜਨਮ 1882 ਈ. ਨੂੰ ਪਿਤਾ ਗੱਜਣ ਸਿੰਘ ਤੇ ਮਾਤਾ ਧਰਮ ਕੌਰ ਦੀ ਕੁੱਖੋਂ ਹੋਇਆ ਸੀ ।ਗਦਰ ਲਹਿਰ ਵਿੱਚ ਇਸ ਪਿੰਡ ਦਾ ਰੋਲ ਵੇਖਦਿਆਂ ਅੰਗਰੇਜ਼ ਸਰਕਾਰ ਨੇ ਪਿੰਡ 'ਚ ਪੁਲਿਸ ਚੌਂਕੀ ਬਿਠਾ ਦਿੱਤੀ ਸੀ।ਆਪ ਧਾਰਮਿਕ, ਦਿਆਲੂ ਤੇ ਯਾਰਾਂ ਖਾਤਰ ਜਾਨ ਵਾਰਨ ਵਾਲ਼ੇ ਇਨਸਾਨ ਸਨ।ਜਦੋਂ ਪੰਜਾਬ ਵਿੱਚ ਪਲੇਗ ਫੈਲੀ ਤਾਂ ਸਭ ਲੋਕ ਪਿੰਡ ਛੱਡ ਬਾਹਰ ਖੇਤਾਂ ਵਿੱਚ ਰਹਿਣ ਲੱਗੇ।ਆਪ ਦੇ ਮਿੱਤਰ ਦੇ ਪਲੇਗ ਦਾ ਫੋੜਾ ਨਿਕਲ਼ਿਆ ਹੋਇਆ ਸੀ ਆਪ ਛੂਤ ਦੀ ਬਿਮਾਰੀ ਤੋਂ ਨਾ ਡਰੇ, ਜਾਨ ਦੀ ਪਰਵਾਹ ਨਾ ਕਰਦਿਆਂ ਆਪਣੇ ਮਿੱਤਰ ਕੋਲ਼ ਰਹਿ ਉਸ ਦੀ ਸੇਵਾ ਸੰਭਾਲ ਕਰਦੇ ਰਹੇ। 1907 ਈ. ਵਿੱਚ ਆਪ ਕਮਾਈ ਕਰਨ ਕਨੇਡਾ ਆ ਕੇ ਮਿੱਲ 'ਚ ਨੌਕਰੀ ਕੀਤੀ।ਪਿੱਛੋਂ ਆਪ ਦੇ ਦੋਨੋਂ ਭਰਾਵਾਂ ਦੀ ਮੌਤ ਹੋ ਗਈ।1911 ਈ. ਆਪ ਪਿੰਡ ਆ ਗਏ ਮਾਂ ਬਾਪ ਕੋਲ਼।ਆਪ ਦਾ ਭਰਾ ਜੈਤੋ ਲਾਗੇ ਪਿੰਡ ਝੱਖੜਵਾਲ ਦੇ ਫੁੰਮਣ ਸਿੰਘ ਦੀ ਧੀ ਰਾਮ ਕੌਰ ਨਾਲ਼ ਵਿਆਹਿਆ ਹੋਇਆ ਸੀ ਪਰ ਮੁਕਲਾਵਾ ਨਹੀਂ ਸੀ ਆਇਆ।ਦੋਹਾਂ ਪਰਿਵਾਰਾਂ ਨੇ ਸਲਾਹ ਕਰਕੇ ਈਸ਼ਰ ਸਿੰਘ ਦੇ ਘਰ ਰਾਮ ਕੌਰ ਨੂੰ ਬਿਠਾ ਦਿੱਤਾ।1912 ਨੂੰ ਆਪ ਕਨੇਡਾ ਵਾਪਸ ਆ ਗਏ ਫਿਰ ਲੱਕੜ ਮਿੱਲ 'ਚ ਕੰਮ ਕਰਨ ਲੱਗੇ। ਕਨੇਡਾ 'ਚ ਰਹਿੰਦਿਆਂ ਈਸ਼ਰ ਸਿੰਘ ਨੇ ਹਿੰਦੀਆਂ ਦਾ ਨਿਰਾਦਰ ਹੁੰਦਾ ਦੇਖਿਆ।ਉਨ੍ਹਾਂ ਨੂੰ ਸਮਝ ਆਈ ਕਿ ਇਸ ਦੁਰਵਿਵਹਾਰ ਦਾ ਅਸਲ ਕਾਰਨ ਹਿੰਦੁਸਤਾਨ ਦੀ ਗੁਲਾਮੀ ਹੈ।ਆਪ ਨੇ ਦੇਸ਼ ਅਜ਼ਾਦ ਕਰਾਉਣ ਦਾ ਇਰਾਦਾ ਧਾਰ ਲਿਆ ਤੇ ਗਦਰ ਪਾਰਟੀ ਦੇ ਮੈਂਬਰ ਬਣ ਗਏ।ਆਪ ਨੇ ਸੰਗੀ ਸਾਥੀਆਂ ਨੂੰ ਮੈਂਬਰ ਬਣਨ ਲਈ ਪ੍ਰੇਰਿਆ ਹੀ ਨਹੀਂ ਸਗੋਂ ਆਪਣੇ ਅਸਰ ਰਸੂਖ ਸਦਕਾ ਗਦਰ ਪਾਰਟੀ ਲਈ ਬਹੁਤ ਸਾਰਾ ਫੰਡ ਇਕੱਠਾ ਕੀਤਾ।ਆਪ ਹਿੰਦੁਸਤਾਨ ਵਿੱਚ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਕਨੇਡਾ ਤੋਂ ਡਾਕ ਰਾਹੀਂ ਗਦਰ ਅਖਬਾਰ ਭੇਜਿਆ ਕਰਦੇ ਸਨ। ਆਪ 19-20 ਦਸੰਬਰ ਦੇ ਨੇੜੇ ਲੁਧਿਆਣੇ ਪੁੱਜੇ ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ।ਕੁਝ ਦਿਨ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਭਾਈ ਈਸ਼ਰ ਸਿੰਘ ਨੂੰ ਢੁੱਡੀਕੇ ਲਿਜਾ ਕੇ ਜੂਹਬੰਦ ਕਰ ਦਿੱਤਾ।ਮਹੀਨੇ ਕੁ ਬਾਅਦ ਜ਼ਮਾਨਤ ਮੰਗ ਲਈ ਗਈ।ਆਪ ਜ਼ਮਾਨਤ ਰੱਖਣ ਲਈ ਤਿਆਰ ਨਾ ਹੋਏ ਪਰ ਜ਼ੈਲਦਾਰ ਨੂੰ ਇਹ ਕਹਿ ਪਿੰਡੋਂ ਨਿਕਲ ਗਏ ਕਿ ਉਹ ਸੌਹਰਿਆਂ ਨੂੰ ਚੱਲੇ ਹਨ ਪਰ ਆਪ ਸੌਹਰਿਆਂ ਨੂੰ ਜਾਣ ਦੀ ਥਾਂ ਅੰਡਰਗਰਾਉਂਡ ਹੋ ਕੇ ਗਦਰ ਪਾਰਟੀ ਲਈ ਕੰਮ ਕਰਨ ਲੱਗੇ। ਗਦਰ ਪਾਰਟੀ ਦਾ ਪ੍ਰਚਾਰ ਕਰਦੇ ਤੇ ਲੋਕਾਂ ਨੂੰ ਪਾਰਟੀ ਨਾਲ਼ ਜੋੜਦੇ ਸੀ। ਆਪ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੇ ਕਈੇ ਵਾਰ ਛਾਪਾ ਮਾਰਿਆ। ਪਰ ਆਪ ਪੁਲਿਸ ਦੇ ਹੱਥ ਨਾ ਆਏ, ਪੁਲਿਸ ਆਪ ਨੂੰ ਹੱਥ ਪਾਉਣੋਂ ਝਿਜਕਦੀ ਸੀ।ਈਸ਼ਰ ਸਿੰਘ ਦੇ ਪੁੱਤਰ ਭਾਗ ਸਿੰਘ ਨੇ ਆਪਣੀ ਮਾਂ ਰਾਮ ਕੌਰ ਤੋਂ ਮਿਲੀ ਜਾਣਕਾਰੀ ਦੇ ਅਧਾਰ ਤੇ ਲਿਖਿਆ ਹੈ ਕਿ ਇੱਕ ਵਾਰੀ ਆਪ ਨੂੰ ਫੜਨ ਲਈ ਪੁਲਿਸ ਦੀ ਟੋਲੀ ਪਿੰਡ ਆਈ ਥਾਣੇਦਾਰ ਨੇ ਪਤਾ ਕਰਨ ਲਈ ਸਿਪਾਹੀ ਨੂੰ ਘਰ ਭੇਜਿਆ।ਸਿਪਾਹੀ ਨੇ ਘਰ ਜਾ ਕੇ ਪੁੱਛਿਆ, "ਈਸ਼ਰ ਸਿੰਘ ਕਿੱਥੇ ਹੈ ?" ਈਸ਼ਰ ਸਿੰਘ ਦੀ ਪਤਨੀ ਰਾਮ ਕੌਰ ਨੇ ਨਿਧੜਕ ਜਵਾਬ ਦਿੱਤਾ, ਅਗਲੇ ਅੰਦਰ"। ਸਿਪਾਹੀ ਨੇ ਥਾਣੇਦਾਰ ਨੂੰ ਜਾ ਦੱਸਿਆ ਪਰ ਥਾਣੇਦਾਰ ਆਪਣੀ ਟੋਲੀ ਨਾਲ਼ ਘਰ ਵੱਲ ਜਾਣ ਦੀ ਥਾਂ ਪਿਛਾਂਹ ਮੁੜ ਗਿਆ।ਈਸ਼ਰ ਸਿੰਘ ਦੇ ਯਤਨਾਂ ਸਦਕਾ ਢੁੱਡੀਕੇ ਗਦਰੀਆਂ ਦਾ ਗੜ੍ਹ ਬਣ ਗਿਆ।ਈਸ਼ਰ ਸਿੰਘ ਤੋਂ ਬਿਨ੍ਹਾਂ ਇਸ ਪਿੰਡ ਦੇ ਹੋਰ ਗਦਰੀ ਸਨ ਪਾਖਰ ਸਿੰਘ, ਮਹਿੰਦਰ ਸਿੰਘ, ਸ਼ਾਮ ਸਿੰਘ, ਪਾਲਾ ਸਿੰਘ ਸਪੁੱਤਰ ਕਾਲਾ ਸਿੰਘ, ਪਾਲਾ ਸਿੰਘ ਸਪੁੱਤਰ ਬੱਗਾ ਸਿੰਘ ਅਤੇ ਮਾਸਟਰ ਫੇਰਾ ਸਿੰਘ ਆਦਿ।ਭਾਈ ਈਸ਼ਰ ਸਿੰਘ ਤੇ ਉਸ ਦਾ ਵੈਨਕੂਵਰ ਤੋਂ ਗਿਆ ਸਾਥੀ, ਸਾਧੂਆਂ ਦੇ ਭੇਸ ਵਿੱਚ ਵਿੱਚ ਪਿੰਡੋਂ ਬਾਹਰ ਕੁਟੀਆ ਵਿੱਚ ਰਹਿੰਦੇ ਸਨ। ਇੱਕ ਦਿਨ ਪਿੰਡ ਦੇ ਕਿਸੇ ਬੰਦੇ ਨੇ ਆਖਿਆ, "ਸੰਤੋਂ, ਜੇ ਕੁਝ ਚਾਹੀਦਾ ਹੋਵੇ ਤਾਂ ਪਿੰਡੋਂ ਲੈ ਆਇਆ ਕਰੋ। ਆਪ ਨੇ ਜਵਾਬ ਦਿੱਤਾ, "ਮੰਗਣਾ ਖਾਲਸੇ ਦਾ ਧਰਮ ਨਹੀਂ"। ਪਿੰਡ ਵਾਲੇ ਬੰਦੇ ਨੂੰ ਸ਼ੱਕ ਹੋ ਗਿਆ।ਉਸ ਨੇ ਪੁਲਿਸ ਨੂੰ ਇਤਲਾਹ ਦੇ ਦਿੱਤੀ।ਆਪ ਨੂੰ ਫੜਨ ਲਈ ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਆਪ ਗੁਆਰੇ ਦੀਆਂ ਫਲ਼ੀਆਂ ਤੋੜ ਰਹੇ ਸਨ।ਜਦੋਂ ਆਪ ਨੂੰ ਫੜਿਆ ਗਿਆ।ਤਾਂ ਆਪ ਨੇ ਗਦਰ ਗੂੰਜਾਂ ਵਾਲ਼ੇ ਇਨਕਲਾਬੀ ਗੀਤ ਗਾਉਣੇ ਸ਼ੁਰੂ ਕਰ ਦਿੱਤੇ।ਈਸ਼ਰ ਸਿੰਘ ਹੁਰਾਂ ਨੇ ਅਫਸੋਸ ਜ਼ਾਹਰ ਕੀਤਾ ਕਿ ਉਨ੍ਹਾਂ ਦੇ ਹਥਿਆਰ ਉਨ੍ਹਾਂ ਕੋਲ ਨਹੀਂ ਸਨ।ਨਹੀਂ ਤਾਂ ਉਹ ਪੁਲਿਸ ਨੂੰ ਹੱਥ ਜ਼ਰੂਰ ਦਿਖਾਉਦੇ।ਤਲਾਸ਼ੀ ਲੈਣ 'ਤੇ ਪੁਲਿਸ ਨੂੰ ਕੁਟੀਆ ਵਿੱਚੋਂ ਇੱਕ ਰੀਵਾਲਵਰ, ਇੱਕ ਆਟੋਮੈਟਿਕ ਪਿਸਤੌਲ ਅਤੇ ਬਹੁਤ ਸਾਰੇ ਕਾਰਤੂਸ ਮਿਲੇ।ਈਸ਼ਰ ਸਿੰਘ ਦੇ ਫੜੇ ਜਾਣ ਦੀ ਖਬਰ ਸੁਣ ਕੇ ਢੁੱਡੀਕੇ ਦੇ ਬਹੁਤ ਸਾਰੇ ਘਰਾਂ ਵਿੱਚ ਮਾਤਮ ਛਾ ਗਿਆ।ਲੋਕ ਅੰਦਰ ਵੜ-ਵੜ ਰੋਦੇਂ ਸਨ।ਪਿੰਡ ਦੇ ਝੋਲੀ-ਚੁੱਕਾਂ ਨੇ ਖੁਸ਼ੀਆਂ ਵੀ ਮਨਾਈਆਂ।ਈਸ਼ਰ ਸਿੰਘ ਨੂੰ ਪਹਿਲਾਂ ਲੁਧਿਆਣੇ ਫਿਰ ਲਾਹੌਰ ਲਿਜਾਇਆ ਗਿਆ।ਜੇਲ੍ਹ ਵਿੱਚ ਆਪ ਉੱਤੇ ਬਹੁਤ ਤਸ਼ਦੱਦ ਕੀਤਾ ਗਿਆ।ਪਰ ਆਪ ਨੇ ਕੋਈ ਭੇਦ ਨਾ ਖੋਲ੍ਹਿਆ।ਈਸ਼ਰ ਸਿੰਘ ਢੁੱਡੀਕੇ, ਉੱਤਮ ਸਿੰਘ ਹਾਂਸ ਅਤੇ ੧੦੦ ਹੋਰ ਗਦਰੀਆਂ ਉੱਤੇ ਅੰਗਰੇਜ਼ ਸਰਕਾਰ ਦਾ ਤਖਤਾ ਉਲਟਾਉਣ ਦੀ ਕੋਸ਼ਿਸ਼ ਦਾ ਦੋਸ਼ ਲਾ ਕੇ 'ਸਪਲੀਮੈਟਰੀ ਲਾਹੌਰ ਕਾਂਸਪੀਰੇਸੀ ਕੇਸ' ਨਾਂ ਦਾ ਮੁਕੱਦਮਾ ਚਲਾਇਆ ਗਿਆ।18 ਜੂਨ 1916 ਨੂੰ ਫਾਂਸੀ ਲਾ ਸ਼ਹੀਦ ਕਰ ਦਿੱਤਾ।


ਭਾਈ ਬੀਰ ਸਿੰਘ ਬਾਹੋਵਾਲ

ਬਾਈ ਬੀਰ ਸਿੰਘ ਦਾ ਜਨਮ 1871 ਈ. ਨੂੰ ਜ਼ਿਲ੍ਹਾ ਹੁਸ਼ਿਆਰਪੁਰ 'ਚ ਮਾਹਿਲਪੁਰ ਨੇੜੇ ਪਿੰਡ ਬਾਹੋਵਾਲ ਵਿਖੇ ਬੂਟਾ ਸਿੰਘ ਬੈਂਸ ਦੇ ਘਰ ਹੋਇਆ।1893 'ਚ ਬੰਗਿਆਂ ਲਾਗੇ ਮਾਹਿਲ ਗਹਿਲ਼ਾਂ ਆਪ ਦਾ ਵਿਆਹ ਬੀਬੀ ਅਤਰੀ ਨਾਲ ਹੋਇਆ ਜਿਸ ਦੀ ਕੁੱਖੋਂ ਦੋ ਪੁੱਤਰ ਕਿਸ਼ਨ ਸਿੰਘ ਤੇ ਨਿਰਮਲ ਸਿੰਘ ਤੇ ਇੱਕ ਧੀ ਸਵਰਨੀ ਪੈਦਾ ਹੋਈ।1906 ਵਿੱਚ ਭਾਈ ਬੀਰ ਸਿੰਘ ਕਨੇਡਾ ਆ ਗਏ।ਲੱਕੜ ਮਿੱਲ 'ਚ ਕੰਮ ਕਰਦਿਆਂ ਗੋਰਿਆਂ ਵੱਲੋਂ ਮਾਰੇ ਜਾਂਦੇ ਤਾਹਨੇ ਕਿ ਹਿੰਦੁਸਤਾਨ ਵਿੱਚ ਤੀਹ ਕਰੋੜ ਬੰਦੇ ਨਹੀਂ, ਭੇਡਾਂ ਰਹਿੰਦੀਆਂ ਹਨ।ਜਿਨ੍ਹਾਂ ਨੂੰ ਥੋੜ੍ਹੇ ਜਿਹੇ ਗੋਰੇ ਕਾਬੂ ਕਰੀ ਬੈਠੇ ਹਨ, ਆਪ ਨੂੰ ਬੜਾ ਦੁੱਖੀ ਕਰਦੇ ਆਪ ਦਾ ਅਣਖੀ ਮਨ ਉਬਾਲੇ ਖਾਂਦਾ ਆਪ ਦੇਸ਼ ਅਜ਼ਾਦ ਕਰਾਉਣ ਬਾਰੇ ਸੋਚਣ ਲੱਗਦੇ ਆਪ ਨੂੰ ਯਕੀਨ ਸੀ ਕਿ ਗੋਰਿਆਂ ਨੂੰ ਸਿਰਫ ਹਥਿਆਰਬੰਦ ਸੰਘਰਸ਼ ਰਾਹੀਂ ਹੀ ਬਾਹਰ ਕੱਢਿਆ ਜਾ ਸਕਦਾ।ਆਪ ਗਦਰ ਪਾਰਟੀ ਦੇ ਮੈਂਬਰ ਬਣੇ ਦੂਸਰੇ ਹਿੰਦੁਸਤਾਨੀਆਂ ਨੂੰ ਵੀ ਮੈਂਬਰ ਬਣਨ ਲਈ ਪ੍ਰੇਰਿਆ। ਉਹ ਪਾਰਟੀ ਲਈ ਫੰਡ ਵੀ ਇੱਕਠਾ ਕਰਦੇ। ਦੇਸ਼ ਵਿੱਚ ਬਹੁਤ ਸਾਰੇ ਗਦਰੀ ਫੜੇ ਗਏ ਬਾਹਰੋਂ ਸੰਪਰਕ ਟੁੱਟਣ ਕਰਕੇ ਪੈਸਿਆਂ ਦੀ ਕਮੀ ਮਹਿਸੂਸ ਹੋਈ।ਪੈਸਿਆਂ ਦੀ ਘਾਟ ਨੂੰ ਪੂਰੀ ਕਰਨ ਲਈ ਪਾਰਟੀ ਅੰਦਰ ਮੱਤ-ਭੇਦ ਹੋਣ ਦੇ ਬਾਵਜੂਦ ਵੀ ਸਿਆਸੀ ਡਾਕੇ ਮਾਰਨੇ ਪਏ। ਭਾਈ ਬੀਰ ਸਿੰਘ ਨੇ ਬੜੀ ਬਹਾਦਰੀ ਨਾਲ਼ ਹਿੱਸਾ ਲਿਆ।ਗਦਰ ਪਾਰਟੀ ਵੱਲੋਂ ਪਹਿਲਾ ਡਾਕਾ ਪਿੰਡ ਸਾਨ੍ਹੇਵਾਲ, ਦੂਜਾ ਡਾਕਾ ਮਨਸੂਰਾਂ ਮਾਰਿਆ ਭਾਈ ਬੀਰ ਸਿੰਘ ਦੋਨਾਂ ਡਾਕਿਆ ਵਿੱਚ ਸ਼ਾਮਿਲ ਸਨ।ਭਾਈ ਬੀਰ ਸਿੰਘ ਇਸ ਡਾਕੇ ਵਿੱਚ ਜ਼ਖਮੀ ਹੋ ਗਏ ਅਗਲੇ ਪਿੰਡ ਜਾ ਕੇ ਬੀਬੀ ਅਤਰੀ ਦੇ ਘਰ ਭਾਈ ਬੀਰ ਸਿੰਘ ਦੇ ਖੂਨ ਨਾਲ਼ ਭਿੱਜੇ ਕੱਪੜੇ ਸਾੜੇ ਗਏ ਤੇ ਉਨਾਂ ਨੂੰ ਨਵੇਂ ਕੱਪੜੇ ਪੁਆਏ ।ਭਾਈ ਬੀਰ ਸਿੰਘ ਦੇ ਸਾਥੀ ਉਨ੍ਹਾਂ ਨੂੰ ਅੰਮ੍ਰਿਤਸਰ ਲੈ ਗਏ, ਜਿੱਥੇ ਫੌਜ ਦੇ ਸਾਬਕਾ ਕੰਪਾਊਂਡਰ ਨੇ ਉਨ੍ਹਾਂ ਦੀ ਪਿੱਠ 'ਚੋਂ ਬੰਬ ਦੇ ਛੋਟੇ-ਛੋਟੇ ਟੁਕੜੇ ਕੱਢੇ।ਫਰਵਰੀ 1915 ਦਾ ਗਦਰ ਫੇਲ੍ਹ ਹੋ ਗਿਆ ਗਦਰੀ ਲੀਡਰਾਂ ਨੇ ਪੈਸੇ ਇਕੱਠੇ ਕਰਨ ਤੇ ਝੋਲੀ-ਚੁੱਕਾਂ ਦਾ ਸਫਾਇਆ ਕਰਨ ਦਾ ਫੈਸਲਾ ਕੀਤਾ।ਕਪੂਰਥਲੇ ਅਸਲਾਖਾਨੇ 'ਤੇ ਹਮਲਾ ਕਰਨ ਦੀ ਸਕੀਮ ਫੇਲ੍ਹ ਹੋਣ ਕਰਕੇ ਹਮਲੇ ਦੀ ਤਰੀਕ 12 ਜੂਨ ਤੱਕ ਮੁਲਤਵੀ ਕਰ ਦਿੱਤਾ ਗਦਰੀ ਵੱਖ ਵੱਖ ਦਿਸ਼ਾਵਾਂ ਵੱਲ ਚਲੇ ਗਏ ਇਸ ਤੋਂ ਥੋੜ੍ਹੀ ਦੇਰ ਬਾਅਦ ਸੁੰਦਰ ਸਿੰਘ ਤੇ ਹਰਨਾਮ ਸਿੰਘ ਨਾਂ ਦੇ ਦੋ ਬੌਰੀਏ ਤਿੱਤਰਾਂ ਨੂੰ ਲੱਭਦੇ ਲੱਭਦੇ ਫੌਜੀ ਬੈਰਕਾਂ ਦੇ ਪਿਛਲੇ ਪਾਸੇ ਆ ਨਿਕਲ਼ੇ। ਉਨ੍ਹਾਂ ਗਦਰੀਆਂ ਦੀਆਂ ਪੈੜਾਂ ਵੇਖ ਲਈਆਂ।ਉਨ੍ਹਾਂ ਨੂੰ ਸ਼ੱਕ ਪੈ ਗਈ ਉਹ ਪੈੜ ਲੱਭਦੇ ਲੱਭਦੇ ਉੱਥੇ ਪੁੱਜ ਗਏ ਜਿੱਥੇ ਅਠਾਰਾਂ ਗਦਰੀ ਇੱਕਠੇ ਹੋਏ ਸੀ ਉੱਥੇ ਰੇਤ ਉੱਤੇ ਛਵ੍ਹੀਆਂ ਦੇ ਨਿਸ਼ਾਨ ਸਨ ਬੌਰੀਆਂ ਦੀ ਸ਼ੱਕ ਪੱਕੀ ਹੋ ਗਈ।ਉਹ ਖੁਰੇ ਮਗਰ ਹੋ ਤੁਰੇ ।ਗਦਰੀਆਂ 'ਚੋਂ ਸੱਤ ਜਣੇ ਕਰਤਾਰਪੁਰ ਵੱਲ ਤਿੰਨ ਜਣੇ ਛਾਉਣੀ ਵੱਲ ਤੇ ਚਾਰ ਜਣੇ ਕੱਚੇ ਰਸਤੇ ਕਾਲ਼ਾ ਸੰਘਿਆਂ ਵੱਲ ਗਏ ਸਨ।ਪੱਕੀ ਸੜਕ 'ਤੇ ਜਾ ਕੇ ਬਾਕੀ ਸਭ ਦਾ ਖੁਰਾ ਤਾਂ ਗੁਆਚ ਗਿਆ ਪਰ ਜੋ ਚਾਰ ਜਣੇ ਕੱਚੇ ਰਸਤੇ ਕਾਲ਼ਾ ਸੰਘਿਆਂ ਵੱਲ ਗਏ ਸਨ, ਬੌਰੀਏ ਉਨ੍ਹਾਂ ਮਗਰ ਹੋ ਤੁਰੇ।ਕਾਲ਼ਾ ਸੰਘਿਆਂ ਪੁੱਜ ਕੇ ਉਨ੍ਹਾਂ ਪੁਲਿਸ ਨਾਲ਼ ਲੈ ਲਈ ਤੇ ਚਿੱਟੀ ਪਿੰਡ ਵੱਲ ਹੋ ਤੁਰੇ। ਚਿੱਟੀ ਤੋਂ ਲੰਬੜਦਾਰ ਮੋਹਣ ਸਿੰਘ ਨੂੰ ਨਾਲ਼ ਲੈ ਕੇ ਉਹ ਖੁਰੇ ਦੇ ਮਗਰ ਮਗਰ ਚਿੱਟੀ ਦੇ ਗੁਰਦੁਆਰੇ ਜਾ ਪੁੱਜੇ।6 ਜੂਨ ਵਾਲ਼ੇ ਦਿਨ ਚਿੱਟੀ ਦੇ ਗੁਰਦੁਆਰੇ 'ਚੋਂ ਭਾਈ ਬੀਰ ਸਿੰਘ ਬਾਹੋਵਾਲ, ਬੂਟਾ ਸਿੰਘ ਅਕਾਲਗੜ੍ਹ, ਅਰਜਨ ਸਿੰਘ ਜਗਰਾਉਂ ਤੇ ਕਪੂਰ ਸਿੰਘ ਕਉਂਕੇ ਗ੍ਰਿਫਤਾਰ ਕਰ ਲਏ ਗਏ।ਭਾਈ ਬੀਰ ਸਿੰਘ ਨੂੰ ਲਾਹੌਰ ਲਿਜਾ ਕੇ "ਸਪਲੀਮੈਂਟਰੀ ਲਾਹੌਰ ਕਾਂਸਪੀਰੇਸੀ ਕੇਸ ਸ਼ਾਮਿਲ ਕੀਤਾ ਗਿਆ।ਭਾਈ ਬੀਰ ਸਿੰਘ ਉੱਤੇ ਦੋਸ਼ ਸੀ ਕਿ ਉਨ੍ਹਾਂ ਨੇ ਸਾਹਨੇਵਾਲ ਅਤੇ ਚੱਬੇ ਦੇ ਡਾਕਿਆ ਵਿੱਚ, ਜਿੱਥੇ ਕਿ ਕਤਲ ਕੀਤੇ ਗਏ ਸਨ, ਹਿੱਸਾ ਲਿਆ ਸੀ।ਉਨ੍ਹਾਂ ਉੱਤੇ ਇਹ ਵੀ ਦੋਸ਼ ਸੀ ਕਿ ਉਨ੍ਹਾਂ ਉੱਤੇ ਕਪੂਰਥਲੇ ਅਸਲਾਖਾਨੇ ਤੇ ਹਮਲਾ ਕਰਨ ਅਤੇ ਅੰਗਰੇਜ਼ ਸਰਕਾਰ ਨੂੰ ਡੇਗਣ ਲਈ ਲੜਾਈ ਲੜੀ ਸੀ।ਸਰਕਾਰੀ ਵਕੀਲ ਨੇ ਭਾਈ ਬੀਰ ਸਿੰਘ ਦੇ ਬੰਬ ਨਾਲ ਲੱਗੇ ਜ਼ਖਮਾਂ ਨੂੰ ਦਰਸਾਉਂਦੀਆਂ ਫੋਟੋਆਂ ਅਦਾਲਤ ਵਿੱਚ ਪੇਸ਼ ਕੀਤੀਆਂ।ਜੱਜਾਂ ਨੇ ਇੰਡੀਅਨ ਪੀਨਲ ਕੋਡ ਦੀ ਧਾਰਾ 121/396 ਅਤੇ 302/109 ਅਧੀਨ ਭਾਈ ਬੀਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਉਨ੍ਹਾਂ ਨੂੰ ਫਾਂਸੀ ਅਤੇ ਘਰ ਘਾਟ ਜ਼ਬਤੀ ਦੀ ਸਜ਼ਾ ਸੁਣਾਈ।19 ਜੂਨ 1916 ਨੂੰ ਐਤਵਾਰ ਵਾਲ਼ੇ ਦਿਨ ਆਪ ਦੇ ਚਾਰ ਸਾਥੀਆਂ ਸਮੇਤ ਫਾਂਸੀ ਲਗਾ ਕੇ ਸ਼ਹੀਦ ਕਰ ਦਿੱਤਾ।ਇਨ੍ਹਾਂ ਗਦਰੀਆਂ ਦੀਆਂ ਲਾਸ਼ਾਂ ਘਰਦਿਆਂ ਨੂੰ ਦੇਣ ਦੀ ਬਜਾਇ ਜੇਲ੍ਹ ਦੇ ਹਾਤੇ ਵਿੱਚ ਹੀ ਸੰਸਕਾਰ ਕਰ ਦਿੱਤਾ।


ਸ਼ਹੀਦ ਭਾਈ ਰੂੜ ਸਿੰਘ ਤਲਵੰਡੀ 

ਸ਼ਹੀਦ ਰੂੜ ਸਿੰਘ (ਸਪੁੱਤਰ ਸ. ਸਮੁੰਦ ਸਿੰਘ) ਜਿਹਨਾਂ ਦਾ ਜਨਮ ਤਾਂ ਤਲਵੰਡੀ ਦੁਸਾਂਝ ਦਾ ਹੈ ਪਰ ਆਪ ਰਹਿੰਦੇ ਢੁੱਡੀਕੇ ਸਨ ਜਿੱਥੇ ਕਿ ਇਹਨਾਂ ਦਾ ਮੇਲ ਇੱਥੋਂ ਦੇ ਇਨਕਲਾਬੀ ਜੱਥੇ ਨਾਲ ਹੋਇਆ।ਇੱਕ ਵਾਅਦਾ ਮਾਫ਼ ਅਨੁਸਾਰ ਭਾਈ ਰੂੜ ਸਿੰਘ ਦਾ ਬਾਬਾ ਪਾਖਰ ਸਿੰਘ ਦੇ ਖੂਹ 'ਤੇ ਆਮ ਆਉਣਾ ਜਾਣਾ ਸੀ। ਕਪੂਰਥਲੇ ਦੇ ਪੰਜ ਜੂਨ ਦੇ ਹਮਲੇ ਵਿੱਚ ਹਿੱਸਾ ਲੈਣ ਲਈ ਅਜਿਤਵਾਲ ਦੇ ਸਟੇਸ਼ਨ 'ਤੇ ਗੱਡੀ ਚੜ੍ਹ ਕੇ ਕਪੂਰਥਲੇ ਗਏ। ਹਥਿਆਰ ਤੇ ਆਦਮੀ ਘੱਟ ਹੋਣ ਕਰਕੇ ਹਮਲੇ ਦੀ ਤਾਰੀਕ 4 ਜੂਨ ਦੀ ਥਾਂ 12 ਜੂਨ ਕਰ ਦਿੱਤੀ ਗਈ। ਇਸ ਤੇ ਬਚਨ ਸਿੰਘ ਦਿਨ ਵੱਲੇ ਪੁਲ ਦੀ ਗਾਰਦ ਤੇ ਹਮਲਾ ਕਰਕੇ ਰਾਈਫਲਾਂ ਖੋਹਣ ਦਾ ਪ੍ਰੋਗਰਾਮ ਬਣਿਆ ਜੋ ਕਿ 12 ਜੂਨ ਨੂੰ ਕੰਮ ਆਉਣਗੀਆਂ। ਭਾਈ ਰੂੜ ਸਿੰਘ ਵੱਲੇ ਪੁੱਲ ਵਾਲੇ ਜਥੇ ਵਿੱਚ ਸ਼ਾਮਲ ਹੋਏ। ਇਸ ਹਮਲੇ ਲਈ ਭਾਈ ਰੂੜ ਸਿੰਘ, ਭਾਈ ਪ੍ਰੇਮ ਸਿੰਘ (ਸੁਰ ਸਿੰਘ), ਭਾਈ ਜਵੰਦ ਸਿੰਘ (ਨੰਗਲ ਕਲਾਂ) ਤੇ ਬਚਨ ਸਿੰਘ (ਵਾਦਾ ਮਾਫ਼) ਇਕੱਠੇ ਤੁਰੇ, ਰਸਤੇ ਵਿੱਚ ਭਾਈ ਪ੍ਰੇਮ ਸਿੰਘ ਨੇ ਇਹਨਾਂ ਦੀ ਜਾਣ ਪਛਾਣ ਠੱਠੀਖਾਰੇ ਦੇ ਭਾਈ ਹਰਨਾਮ ਸਿੰਘ ਨਾਲ ਕਰਵਾਈ, ਇਹ ਵੀ ਇਸ ਜਥੇ ਵਿੱਚ ਸ਼ਾਮਲ ਹੋਏ ਤੇ ਪਿੱਛੋਂ ਸ਼ਹੀਦ ਹੋਏ। ਭਾਈ ਰੂੜ ਸਿੰਘ ਨੂੰ ਭਾਈ ਪ੍ਰੇਮ ਸਿੰਘ ਨੇ ਭਾਈ ਹਰਨਾਮ ਸਿੰਘ ਦੇ ਘਰ ਤੇਜ਼ਾਬ ਦੀ ਬੋਤਲ ਲੈਣ ਲਈ ਭੇਜਿਆ ਜੋ ਉੱਥੇ ਛੱਡ ਆਏ ਸਨ।12 ਜੂਨ ਦੀ ਰਾਤ ਨੂੰ ਹਮਲਾ ਨਾ ਹੋ ਸਕਿਆ ਤੇ 11 ਜੂਨ ਨੂੰ ਹਮਲਾ ਕਰਕੇ ਸਿਪਾਹੀਆਂ ਦੀਆਂ ਰਾਈਫਲਾਂ ਤੇ ਵਰਦੀਆਂ ਲੈ ਕੇ ਗ਼ਦਰੀ ਚੱਲ ਪਏ। ਹਮਲੇ ਵਿੱਚ ਭਾਈ ਜਵੰਦ ਸਿੰਘ ਨੇ ਸਿਪਾਹੀ ਦੀ ਵਰਦੀ ਪਾ ਲਈ ਅਤੇ ਕੁੱਝ ਦੇਰ ਪਿੱਛੋਂ ਇਹਨਾਂ ਨੇ ਇਹ (ਵਰਦੀ ਵਾਲੀ) ਪਗੜੀ ਭਾਈ ਰੂੜ ਸਿੰਘ ਨਾਲ ਵਟਾ ਲਈ।ਇਹ ਪੱਗੜੀ ਬਾਅਦ ਵਿੱਚ ਇਹਨਾਂ ਕੋਲੋਂ ਬਰਾਮਦ ਹੋਈ ਦੱਸੀ ਗਈ ਹੈ। ਗ਼ਦਰੀਆਂ ਦਾ ਇੱਕ ਜੱਥਾ ਤਾਂ ਨਹਿਰ ਪੈ ਕੇ ਤਰਨ ਤਾਰਨ ਚਲਿਆ ਗਿਆ, ਪਰ ਰੂੜ ਸਿੰਘ ਤੇ ਬਚਨ ਸਿੰਘ (ਵਾਦਾ ਮਾਫ਼) ਜੰਡਿਆਲੇ, ਬਿਆਸ ਤੇ ਕਰਤਾਰਪੁਰ ਵੱਲ ਹੋ ਕੇ ਕਪੂਰਥਲੇ ਆ ਗਏ ਜਿਥੇ ਉਹ ਭਾਈ ਪ੍ਰੇਮ ਸਿੰਘ (ਸੁਰ ਸਿੰਘ) ਤੇ ਹਵਲਦਾਰ ਭਗਵਾਨ ਸਿੰਘ ਨੂੰ ਮਿਲੇ, ਉਥੇ ਉਹਨਾਂ ਨੂੰ ਪਤਾ ਲੱਗਾ ਕਿ ਚਿੱਟੀ ਪਿੰਡ ਦੇ ਗੁਰਦੁਆਰੇ ਵਿੱਚ ਭਾਈ ਅਰਜਨ ਸਿੰਘ, ਭਾਈ ਬੀਰ ਸਿੰਘ ਬਾਹੋਵਾਲ (ਜੋ ਇਹਨਾਂ ਨਾਲ ਸ਼ਹੀਦ ਹੋਏ), ਭਾਈ ਬੂਟਾ ਸਿੰਘ (ਸ਼ਹੀਦ) ਅਕਾਲ ਗੜੀਆ ਤੇ ਭਾਈ ਕਪੂਰ ਸਿੰਘ (ਕਾਉਂਕੇ) ਫੜੇ ਗਏ। ਉਥੇ ਆਪ ਕਪੂਰਥਲੇ ਤੋਂ ਉੱਗੀ ਚਿੱਟੀ ਹੁੰਦੇ ਹੋਏ ਪਿੰਡ ਗਾਂਧਰਾ ਨੂੰ ਗਏ ਜਿੱਥੇ ਰਾਤ ਰਹੇ, ਫਿਰ ਪਿੰਡ ਸੋਹਲ ਤੇ ਜਨੇਤਪੁਰੇ ਹੁੰਦੇ ਹੋਏ ਪਿੰਡ ਸ਼ੇਖ ਦੌਲਤ ਗਏ। ਫਿਰ ਆਪ ਢੁਡੀਕੇ ਵਾਪਸ ਆ ਗਏ। ਭਾਈ ਰੂੜ ਸਿੰਘ ਦੀ ਇੱਕ ਅੱਖ ਨਿਕਾਰਾ ਹੋ ਚੁੱਕੀ ਸੀ ਅਤੇ ਕੰਨਾਂ ਤੋਂ ਵੀ ਉੱਚਾ ਸੁਣਦਾ ਸੀ।ਪਰ ਜੋਸ਼ ਤੇ ਉਤਸ਼ਾਹ ਵਿੱਚ ਕਿਸੇ ਨਾਲੋਂ ਵੀ ਪਿੱਛੇ ਨਹੀਂ ਸਨ। ਇਹਨਾਂ ਦੀ ਅੱਖ ਦੀ ਨਿਸ਼ਾਨੀ ਕਰਕੇ ਛੇਤੀ ਪਛਾਣੇ ਜਾਂਦੇ ਸਨ ਇਸ ਲਈ ਗਵਾਹਾਂ ਨੂੰ ਪਛਾਣਨ ਵਿੱਚ ਕੋਈ ਮੁਸ਼ਕਲ ਨਹੀਂ ਸੀ।ਜੱਜਾਂ ਨੇ ਆਪਣੇ ਫੈਸਲੇ ਵਿੱਚ ਲਿਖਿਆ ਹੈ ਕਿ ਭਾਈ ਰੂੜ ਸਿੰਘ ਉਹਨਾਂ ਇਨਕਲਾਬੀਆਂ ਵਿੱਚੋਂ ਸੀ ਜਿਹੜੇ ਪਿੰਡ ਢੁੱਡੀਕੇ ਵਿੱਚ ਇਕੱਠੇ ਹੋਏ। ਫਿਰ 5 ਜੂਨ 1915 ਨੂੰ ਕਪੂਰਥਲੇ ਗਏ ਤੇ ਵੱਲੇ ਪੁੱਲ਼ ਵਾਲੇ ਹਮਲੇ ਵਿੱਚ ਸ਼ਾਮਲ ਹੋਏ।ਆਪ ਨੂੰ ਸਰਕਾਰ ਦੇ ਵਿਰੁੱਧ ਜੰਗ ਕਰਨ ਦੇ ਦੋਸ਼ ਵਿੱਚ ਫਾਂਸੀਂ ਦੀ ਸਜ਼ਾ ਤੇ ਘਰਘਾਟ ਦੀ ਜ਼ਬਤੀ ਦੀ ਸਜ਼ਾ ਦਿੱਤੀ ਗਈ।ਆਪ ਦੀ ਕੋਈ ਫੋਟੋ ਨਹੀਂ ਮਿਲ ਸਕੀ।ਭਾਈ ਰੂੜ ਸਿੰਘ ਆਪਣੇ ਚਾਰ ਸਾਥੀਆਂ ਸਮੇਤ 18 ਜੂਨ 1916 ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਫਾਂਸੀ ਲਾ ਕੇ ਸ਼ਹੀਦ ਕੀਤੇ ਗਏ।


ਸ਼ਹੀਦ ਰੰਗਾ ਸਿੰਘ ਉਰਫ਼ ਰੋਡਾ ਸਿੰਘ

ਉੱਘੇ ਦੇਸ਼ ਭਗਤ ਤੇ ਲੰਮੀ ਸਜ਼ਾਜ਼ਾਫਤਾ ਸਾਥੀ ਹਰਭਜਨ ਸਿੰਘ ਚਮਿੰਡਾ (ਲੁਧਿਆਣਾ) ਸ਼ਹੀਦ ਰੰਗਾ ਸਿੰਘ ਬਾਰੇ ਇਉਂ ਲਿਖਦੇ ਹਨ :- " ਰੰਗਾ ਰੰਗ ਦੇ ਹੈਨ ਇਨਸਾਨ ਭਾਵੇਂ, ਰੰਗਾ ਸਿੰਘ ਅਨੋਖੜੀ ਸ਼ਾਨ ਦਾ ਸੀ। ਸ਼ੇਰੇ-ਮਰਦ ਕਹਿੰਦੇ ਇਹਨੂੰ ਪੁਲਿਸ ਵਾਲੇ ਭੌ ਰੱਖਦਾ ਨਾ ਕਿਸੇ ਖਾਨ ਦਾ ਸੀ। ਦੋ ਚਾਰ ਛੇ ਸਾਲ ਦੀ ਕੈਦ ਤਾਂਈ, ਹੱਤਕ ਆਪਦੀ ਇਹ ਸੋਹਣਾ ਜਾਣਦਾ ਸੀ। ਦਿਨੇ ਰਾਤ ਸਾਥੀ ਇਹਦੇ ਦਿਲ ਅੰਦਰ, ਰਹੇ ਚਾਓ ਸ਼ਹੀਦੀਆਂ ਪਾਉਣ ਦਾ ਸੀ। ਹੋਰ ਵਿਸਥਾਰ 'ਚ ਉਹ ਲਿਖਦੇ ਹਨ ਕਿ ਭਾਵੇਂ ਇਹ ਵੀਰ ਦੁਆਬੇ ਦੇ ਸਨ, ਪਰ ਇਨ੍ਹਾਂ ਦਾ ਜੁੱਟ ਭਾਈ ਉੱਤਮ ਸਿੰਘ ਹਾਂਸ (ਲੁਧਿਆਣਾ) ਤੇ ਭਾਈ ਈਸ਼ਰ ਸਿੰਘ ਢੁੱਡੀਕੇ (ਮੋਗਾ) ਦੇ ਨਾਲ ਰਿਹਾ ਹੈ।ਇਹ ਸੱਜਣ ਬਹੁਤ ਦਲੇਰ ਤੇ ਦ੍ਰਿੜ ਵਿਸ਼ਵਾਸੀ ਸੀ, ਜਿਸ ਦੀ ਤਾਰੀਫ਼ ਭਰੀ ਕਚਹਿਰੀ ਵਿੱਚ ਹਕੀਮ ਇਕਰਅਲ ਹੱਕ ਇੰਸਪੈਕਟਰ ਸੀ. ਆਈ. ਡੀ. ਨੇ ਵੀ ਕੀਤੀ। ਰੋਡਾ ਸਿੰਘ ਉਰਫ਼ ਰੰਗਾ ਸਿੰਘ ਖੁਰਦਪੁਰ ਵਤਨ ਪਰਤਿਆ ਪ੍ਰਵਾਸੀ ਸੀ, ਜਿਹੜਾ ਕੁਝ ਵਰ੍ਹੇ ਕੈਲੇਫੋਰਨੀਆ (ਅਮਰੀਕਾ) ਵਿੱਚ ਰਿਹਾ।ਪੰਜਾਬ ਆ ਕੇ ਉਸ ਨੇ ਬਹੁਤ ਸਾਰੀਆਂ ਇਨਕਲਾਬੀ ਮੀਟਿੰਗਾਂ ਵਿੱਚ ਹਿੱਸਾ ਲਿਆ। ਉਸਨੇ ਜ਼ੈਲਦਾਰ ਚੰਦਾ ਸਿੰਘ ਨੰਗਲ ਕਲਾਂ (ਹੁਸ਼ਿਆਰਪੁਰ) ਨੂੰ, ਜਿਸ ਉੱਤੇ ਗ਼ਦਰੀ ਪਿਆਰਾ ਸਿੰਘ ਲੰਗੇਰੀ ਨੂੰ ਫੜਵਾਉਣ ਦਾ ਵੀ ਦੋਸ਼ ਸੀ, ਨੂੰ ਆਪਦੇ ਸਾਥੀਆਂ (ਸ. ਜਵੰਦ ਸਿੰਘ ਨੰਗਲ ਕਲਾਂ, ਬੰਤਾ ਸਿੰਘ ਸੰਘਾਵਾ, ਬੂਟਾ ਸਿੰਘ ਅਕਾਲਗੜ੍ਹ ਆਦਿ) ਨਾਲ ਕਤਲ ਕਰਨ ਦਾ ਦੋਸ਼ ਲੱਗਾ। ਉਹ ਕਪੂਰਥਲੇ ਦੇ ਅਸਲਾਖਾਨੇ ਦੇ ਉੱਤੇ 6 ਜੂਨ 1914 ਦੇ ਹਮਲੇ ਵਿੱਚ ਵੀ ਸ਼ਾਮਲ ਸੀ, ਜਿੱਥੋਂ ਗ਼ਦਰ ਲਈ ਹਥਿਆਰ ਲੁੱਟਣੇ ਸਨ।ਉਸ ਨੂੰ ਵੱਲਾ ਪੁੱਲ (ਅੰਮ੍ਰਿਤਸਰ) ਸਾਕੇ ਵਿੱਚ ਵੀ ਹਥਿਆਰ ਲੁੱਟਣ ਲਈ ਪੁੱਲ ਉੱਤੇ ਤਾਇਨਾਤ ਫੌਜੀ ਟੁਕੜੀ ਉੱਤੇ ਹਮਲਾ ਕਰਨ ਦਾ ਦੋਸ਼ੀ ਮੰਨਿਆ ਗਿਆ। ਦਰਅਸਲ ਉਸ ਵਿੱਚ ਉਹ ਸ਼ਾਮਲ ਨਹੀਂ ਸੀ, ਪਰ ਉਸਦੇ ਗ਼ਦਰੀ ਸਾਥੀ ਚੰਨਣ ਸਿੰਘ ਬੂੜਚੰਦ, ਆਤਮਾ ਸਿੰਘ ਤੇ ਹਰਨਾਮ ਸਿੰਘ ਠੱਠੀਖਾਰਾ, ਬੰਤਾ ਸਿੰਘ ਸੰਘਵਾਲ, ਜਾਵੰਦ ਸਿੰਘ ਨੰਗਲ ਕਲਾਂ, ਕਾਲਾ ਸਿੰਘ ਜਗਤਪੁਰ, ਬਚਨ ਸਿੰਘ ਢੁੱਡੀਕੇ, ਰੂੜ ਸਿੰਘ ਤਲਵੰਡੀ ਦੁਸਾਂਝ ਤੇ ਪ੍ਰੇਮ ਸਿੰਘ ਸ਼ਾਮਲ ਸਨ।ਹਾਂ ਕਪੂਰਥਲੇ ਦੇ ਹਮਲੇ ਸਮੇਂ ਉਹ ਪ੍ਰੇਮ ਸਿੰਘ, ਬੰਤਾ ਸਿੰਘ ਸੰਘਵਾਲ, ਜਵੰਦ ਸਿੰਘ ਨੰਗਲ ਕਲਾਂ, ਨਿਰੰਜਣ ਸਿੰਘ ਪੰਡੋਰੀ ਲੱਧਾ ਸਿੰਘ, ਅਮਰ ਸਿੰਘ ਉਸਮਾਨਪੁਰ, ਉੱਤਮ ਸਿੰਘ ਹਾਂਸ, ਬੂਟਾ ਸਿੰਘ ਅਕਾਲਗੜ੍ਹ, ਕਾਲਾ ਸਿੰਘ ਜਗਤਪੁਰ, ਚੰਨਣ ਸਿੰਘ ਬੂੜਚੰਦ, ਰੂੜ ਸਿੰਘ ਤਲਵੰਡੀ ਦੁਸਾਂਝ, ਰਿਸ਼ਨ ਸਿੰਘ ਵਰਪਾਲ, ਮਹਿੰਦਰ ਸਿੰਘ, ਈਸ਼ਰ ਸਿੰਘ ਤੇ ਸ਼ਾਮ ਸਿੰਘ ਢੁੱਡੀਕੇ, ਰਾਮ ਸਿੰਘ ਫੁਲੈਵਾਲ, ਅਰਜਨ ਸਿੰਘ ਸਹਿਜਭਾਈ, ਹਰੀਦਿੱਤ ਸਿੰਘ, ਅਰਜਨ ਸਿੰਘ ਸਲੋਤਰੀ ਅਤੇ ਬੀਰ ਸਿੰਘ ਬਾਹੋਵਾਲ ਆਦਿ ਸਮੇਤ ਸ਼ਾਮਲ ਸੀ।ਰੰਗਾ ਸਿੰਘ ਹੋਰ ਵੀ ਬਹੁਤ ਸਾਰੀਆਂ ਦਲੇਰਾਨਾ ਕਾਰਵਾਈਆਂ ਅਤੇ ਪ੍ਰਚਾਰ ਪ੍ਰਸਾਰ ਮੁਹਿੰਮਾਂ 'ਚ ਸ਼ਾਮਲ ਰਿਹਾ।ਇਹ ਮਹਾਂ ਗ਼ਦਰੀ ਹੋਤੀ ਮਰਦਾਨ (ਹੁਣ ਪਾਕਿਸਤਾਨ) ਵਿੱਚ ਹਥਿਆਰਾਂ ਸਮੇਤ ਫੜਿਆ ਗਿਆ। ਉਹਨਾਂ ਉੱਤੇ ਪਹਿਲੇ ਲਾਹੌਰ ਸਪਲੀਮੈਂਟ ਸਾਜਿਸ਼ ਕੇਸ ਤਹਿਤ ਮੁਕੱਦਮਾ 925 (ਅਕਤੂਬਰ 1915 ਤੋਂ ਮਾਰਚ 1916 ਤੱਕ) ਚਲਾ ਕੇ 18 ਜੂਨ 1916 ਨੂੰ ਸਾਥੀਆਂ ਸਮੇਤ ਫਾਂਸੀ ਲਗਾ ਦਿੱਤੀ।

ਗਦਰੀਆਂ ਦੀਆਂ ਸਰਗਰਮੀਆਂ 

ਗਦਰੀਆਂ ਨੇ ਫੌਜਾਂ ਵਿੱਚ ਪ੍ਰਚਾਰ ਕਰਕੇ ਬਹੁਤ ਸਾਰੇ ਫੌਜੀਆਂ ਨੂੰ ਆਪਣੇ ਨਾਲ਼ ਜੋੜ ਲਿਆ ਸੀ।ਉੱਤਰੀ ਹਿੰਦੁਸਤਾਨ ਦੀਆਂ ਬਹੁਤੀਆਂ ਫੌਜੀ ਛਾਉਣੀਆਂ ਵਿੱਚ ਉੇਨ੍ਹਾਂ ਦੇ ਸੈੱਲ ਸਨ।ਪਾਰਟੀ ਨੇ ਗਦਰ ਦਾ ਦਿਨ 21 ਫਰਵਰੀ,1914 ਦਾ ਮਿੱਥਿਆ ਗਦਰ ਦੀ ਸ਼ੁਰੂਆਤ ਮੀਆਂ ਮੀਰ ਦੀਆਂ ਛਾਉਣੀਆਂ ਤੋਂ ਹੋਣੀ ਸੀ।ਗਦਰੀਆਂ ਨੇ ਪਹਿਲਾਂ ਆਪਣੇ ਬੰਦਿਆਂ ਨਾਲ਼ ਹਮਲਾ ਕਰਨਾ ਸੀ। ਇਸ ਤੋਂ ਬਾਅਦ ਫੌਜੀਆਂ ਨੇ ਨਾਲ਼ ਰਲ਼ ਕੇ ਗਦਰ ਮਚਾ ਦੇਣਾ ਸੀ।ਈਸ਼ਰ ਸਿੰਘ ਤੇ ਮਾਲਵੇ ਦੇ ਹੋਰ ਗਦਰੀ 14 ਫਰਵਰੀ,1914 ਨੂੰ ਗੁੱਜਰਵਾਲ਼ ਇੱਕ ਅਖੰਡਪਾਠ ਤੇ ਇਕੱਠੇ ਹੋਏ ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਗਦਰ ਲਹਿਰ ਦੀ ਸਹਾਇਤਾ ਕਰਨ ਲਈ ਅਪੀਲ ਕੀਤੀ।ਅਖੰਡਪਾਠ ਤੋਂ ਬਾਅਦ ਗਦਰੀਆਂ ਨੇ ਫੈਸਲਾ ਕੀਤਾ ਕਿ ਆਪਣੇ ਬੰਦਿਆਂ ਨੂੰ ਹਥਿਆਰਾਂ ਨਾਲ਼ ਲੈਸ ਕਰਕੇ 21 ਫਰਵਰੀ 1914 ਨੂੰ ਗਦਰ ਕਰਨ ਲਈ ਫਿਰੋਜ਼ਪੁਰ ਜਾਇਆ ਜਾਵੇ।ਪਰ ਮੁਖਬਰ ਕਿਰਪਾਲ ਸਿੰਘ ਵੱਲ਼ੋਂ ਭੇਦ ਖੋਲ੍ਹ ਦਿੱਤੇ ਜਾਣ ਕਰਕੇ ਪਾਰਟੀ ਨੇ ਗਦਰ ਦੀ ਤਰੀਕ 21 ਤੋਂ ਬਦਲ ਕੇ 19 ਫਰਵਰੀ ਕਰ ਦਿੱਤੀ।19 ਫਰਵਰੀ ਦੀ ਸ਼ਾਮ ਨੂੰ ਈਸ਼ਰ ਸਿੰਘ ਢੁੱਡੀਕੇ, ਕਰਤਾਰ ਸਿੰਘ ਸਰਾਭਾ, ਉੱਤਮ ਸਿੰਘ ਹਾਂਸ ਆਦਿ ਗਦਰੀ ਲੀਡਰ ਅਤੇ ਸੰਤ ਰਣਧੀਰ ਸਿੰਘ ਦੇ ਜਥੇ ਦੇ 60-70 ਬੰਦੇ ਫਿਰੋਜ਼ਪੁਰ ਸਟੇਸ਼ਨ ਤੇ ਗੱਡੀਓਂ ਉੱਤਰੇ ਤੇ ਛਾਉਣੀ ਵੱਲ ਗਏ।ਇਨ੍ਹਾਂ ਗਦਰੀਆਂ ਦੀ ਟੋਲੀ ਪਾਸ ਢੋਲਕੀ ਤੇ ਹਰਮੋਨੀਅਮ ਸੀ।ਰਾਹ ਵਿੱਚ ਉਨ੍ਹਾਂ ਨੂੰ ਫੌਜ ਦੀ ਟੁਕੜੀ ਮਿਲ਼ੀ ਜੋ ਗਦਰ ਦਾ ਭੇਦ ਖੁੱਲ ਜਾਣ ਕਾਰਨ ਗਦਰੀਆਂ ਦੀ ਭਾਲ ਵਿੱਚ ਫਿਰ ਰਹੀ ਸੀ ਫੌਜੀਆਂ ਵੱਲੋਂ ਪੁੱਛਣ ਤੇ ਉਨ੍ਹਾਂ ਜਵਾਬ ਦਿੱਤਾ ਕਿ ਉਹ ਤਾਂ ਰਾਗੀ ਹਨ ਜੋ ਕਿਸੇ ਵਿਆਹ 'ਤੇ ਕੀਰਤਨ ਕਰਨ ਜਾ ਰਹੇ ਹਨ।19 ਫਰਵਰੀ ਨੂੰ ਹੋਣ ਵਾਲ਼ੇ ਗਦਰ ਦਾ ਵੀ ਸਰਕਾਰ ਨੂੰ ਪਤਾ ਲੱਗ ਗਿਆ ਸਭ ਛਾਉਣੀਆਂ ਵਿੱਚ ਗਦਰੀਆਂ ਨਾਲ ਰਲ਼ੀਆਂ ਹੋਈਆਂ ਹਿੰਦੁਸਤਾਨੀ ਫੌਜਾਂ ਤੋਂ ਹਥਿਆਰ ਰਖਾ ਲਏ ਗਏ ਤੇ ਉਨ੍ਹਾਂ ਤੇ ਕਰੜੀ ਨਜ਼ਰ ਰੱਖੀ ਜਾ ਰਹੀ ਸੀ।ਲਾਹੌਰ ਦੀ ਮੀਆਂਮਾਰ ਛਾਉਣੀ ਤੇ ਹਮਲਾ ਕਰਨ ਦੀ ਪਲੈਨ ਵੀ ਭੇਦ ਖੁੱਲ ਜਾਣ ਕਾਰਣ ਕਾਮਯਾਬ ਨਾ ਹੋ ਸਕੀ।ਗ਼ਦਰੀਆਂ ਦੀ ਫੜੋਫੜੀ ਸ਼ੁਰੂ ਹੋ ਗਈ ਬਾਹਰ ਬਚੇ ਗ਼ਦਰੀਆਂ ਨੇ ਫੈਸਲਾ ਕੀਤਾ ਕਿ ਪਾਰਟੀ ਦੀ ਤਾਕਤ ਵਧਾਉਣ ਲਈ ਹਥਿਆਰ ਪ੍ਰਾਪਤ ਕੀਤੇ ਜਾਣ ਤੇ ਦੁਸ਼ਮਣ ਦੀ ਤਾਕਤ ਘਟਾਉਣ ਲਈ ਝੋਲ਼ੀ ਚੁੱਕਾਂ ਦਾ ਸਫਾਇਆ ਕੀਤਾ ਜਾਵੇ।ਮਾਲ਼ਪੁਰ ਨੇੜੇ ਪੈਂਦੇ ਪਿੰਡ ਨੰਗਲ ਕਲਾਂ ਦੇ ਜ਼ੈਲਦਾਰ ਚੰਦਾ ਸਿੰਘ ਨੇ ਵੈਨਕੂਵਰ ਤੋਂ ਗਏ ਗ਼ਦਰੀ ਪਿਆਰਾ ਸਿੰਘ ਲੰਗੇਰੀ ਨੂੰ ਪੁਲਸ ਕੋਲ ਫੜਾ ਦਿੱਤਾ। ਉਸ ਨੂੰ ਸਜ਼ਾ ਦੇਣ ਲਈ ਗ਼ਦਰੀਆਂ ਨੇ 24 ਅਪਰੈਲ 1914 ਨੂੰ ਉਸਦਾ ਕਤਲ ਕਰ ਦਿੱਤਾ।ਗਦਰ ਪਾਰਟੀ ਵੱਲ਼ੋਂ ਪਹਿਲਾ ਡਾਕਾ 23 ਜਨਵਰੀ 1914 ਈ ਨੂੰ ਲੁਧਿਆਣੇ ਦੇ ਪਿੰਡ ਸਾ੍ਹਨੇਵਾਲ ਵਿੱਚ ਮਾਰਿਆ ਗਿਆ।27 ਜਨਵਰੀ ਨੂੰ ਗਦਰੀਆਂ ਵੱਲ਼ੋਂ ਮਨਸੂਰਾਂ ਪਿੰਡ ਵਿੱਚ ਡਾਕਾ ਮਾਰਨ ਤੇ ਪੁਲਿਸ ਨੇ ਝਾਬੇਵਾਲ਼ ਪਿੰਡ ਵਿੱਚ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਜਿੱਥੇ ਗਦਰੀਆਂ ਦੀ ਬੰਬ ਫੈਕਟਰੀ ਸੀ।ਗਦਰੀ ਬੰਬ ਫੈਕਟਰੀ ਝਾਬੇਵਾਲ ਤੋਂ ਉਠਾ ਕੇ ਨਾਭੇ ਰਿਆਸਤ ਵਿੱਚ ਲੋਹਟਬੱਦੀ ਲੈ ਆਏ ਜਿੱਥੇ ਪਿੱਤਲ ਜਾਂ ਸ਼ੀਸ਼ੇ ਦੀਆਂ ਦਵਾਤਾਂ ਵਿੱਚ ਮਸਾਲਾ ਭਰ ਕੇ ਬੰਬ ਬਣਾਏ ਜਾਂਦੇ ਸਨ। 2 ਫਰਵਰੀ 1914 ਦੀ ਰਾਤ ਨੂੰ ਅੰਮ੍ਰਿਤਸਰ ਨੇੜੇ ਚੱਬੇ ਪਿੰਡ 'ਚ ਡਾਕਾ ਮਾਰਿਆ ਇਸ ਡਾਕੇ ਵਿੱਚ ਗ਼ਦਰੀਆਂ ਦਾ ਆਪਣਾ ਵੀ ਬਹੁਤ ਜਿਆਦਾ ਨੁਕਸਾਨ ਹੋਇਆ। ਵਰਿਆਮ ਸਿੰਘ ਅਮਲੀ ਪੌੜੀਆਂ ਉੱਤਰਦਾ ਹੀ ਡਿੱਗ ਪਿਆ, ਉਸ ਕੋਲ ਜੋ ਬੰਬ ਸੀ ਉਹ ਚੱਲ ਗਿਆ, ਉਸਦੀ ਉੱਥੇ ਹੀ ਮੌਤ ਹੋ ਗਈ। ਪਿੰਡੋਂ ਨਿਕਲਦੇ ਗ਼ਦਰੀਆਂ ਨੂੰ ਪਿੰਡ ਦੇ ਲੋਕਾਂ ਨੇ ਘੇਰ ਲਿਆ, ਉਹਨਾਂ ਨੂੰ ਗਲ਼ੋਂ ਲਾਹੁਣ ਲਈ ਰਾਮ ਰੱਖੇ ਨੇ ਬੰਬ ਸੁੱਟਿਆ ਜੋ ਕੰਧ ਵਿੱਚ ਵੱਜ ਕੇ ਮੁੜ ਆਇਆ ਉਸ ਨਾਲ ਰਾਮ ਰੱਖਾ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਉਸ ਨੂੰ ਚੁੱਕ ਕੇ ਲਿਜਾਣਾ ਪਿਆ। ਭਾਈ ਬੀਰ ਸਿੰਘ ਵੀ ਇਸ ਨਾਲ ਪੂਰੀ ਤਰ੍ਹਾਂ ਜਖ਼ਮੀ ਹੋ ਗਏ । ਉਹਨਾਂ ਦੀ ਪਿੱਠ ਵਿੱਚ ਬੰਬ ਦੇ ਛੋਟੇ ਛੋਟੇ ਟੁਕੜੇ ਧੱਸ ਗਏ, ਪਿੰਡ ਵਾਲੇ ਗ਼ਦਰੀਆਂ ਦੇ ਮਗਰ ਲੱਗੇ ਹੋਏ ਸਨ। ਅਰਜਨ ਸਿੰਘ ਵਲੋਂ ਇੱਕ ਹੋਰ ਬੰਬ ਸੁੱਟਿਆ ਗਿਆ ਜਿਸਦੇ ਧੂੰਏਂ ਦੀ ਆੜ ਵਿੱਚ ਗ਼ਦਰੀ ਪਿੰਡੋਂ ਨਿਕਲ ਗਏ ਹਥਿਆਰਾਂ ਦੀ ਘਾਟ ਪੂਰੀ ਕਰਨ ਲਈ ਗ਼ਦਰੀਆਂ ਨੇ ਕਪੂਰਥਲਾ ਦੇ ਅਸਲਾਖ਼ਾਨੇ ਉੱਤੇ ਹਮਲਾ ਕਰਨ ਦੀ ਸਕੀਮ ਬਣਾਈ ਪਰ ਬੰਦੇ ਪੂਰੇ ਨਾ ਪਹੁੰਚਣ ਕਰਕੇ ਹਮਲਾ ਕਰਨ ਦੀ ਪਲੈਨ 12 ਜੂਨ ਤੱਕ ਮੁਲਤਵੀ ਕਰਨੀ ਪਈ।11 ਜੂਨ ਦੀ ਰਾਤ ਨੂੰ ਅੰਮ੍ਰਿਤਸਰ ਵਾਲੀ ਨਹਿਰ ਤੇ ਵੱਲੇ ਪਿੰਡ ਨੇੜੇ ਰੇਲਵੇ ਪੁੱਲ ਤੇ ਤਾਇਨਾਤ ਫੌਜੀ ਗਾਰਦ ਕੋਲ਼ੋਂ ਰਫਲਾਂ ਖੋਹਣ ਦੀ ਕੋਸ਼ਿਸ਼ ਕੀਤੀ ਪਰ ਇਸ ਹਮਲੇ ਵਿੱਚ ਗ਼ਦਰੀਆਂ ਦਾ ਬੜਾ ਨੁਕਸਾਨ ਹੋਇਆ ਤੇ ਕਪੂਰਥਲਾ ਅਸਲਾਖ਼ਾਨੇ ਵਿੱਚੋਂ ਹਥਿਆਰ ਲੁੱਟਣ ਦੀ ਸਕੀਮ ਵਿੱਚੇ ਰਹਿ ਗਈ।ਇਸ ਤਰ੍ਹਾਂ ਇਹ ਗਦਰੀ ਯੋਧੇ ਆਪਣੀ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਨੂੰ ਲੱਤ ਮਾਰ ਹੱਸ ਹੱਸ ਫਾਂਸੀ ਦਾ ਰੱਸਾ ਚੁੰਮ 18 ਜੂਨ 1916 ਨੂੰ ਸ਼ਹੀਦ ਇਹ ਕਹਿੰਦਿਆ ਹੋ ਗਏ ।

"ਹਿੰਦ ਵਾਸੀਓ ਰੱਖਣਾ ਯਾਦ ਸਾਨੂੰ
ਕਿਤੇ ਦਿਲਾਂ ਤੋਂ ਨਾ ਭੁਲਾ ਦੇਣਾ
ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ 
ਸਾਨੂੰ ਦੇਖ ਕੇ ਨਾ ਘਬਰਾ ਜਾਣਾ"

ਜਸਵੀਰ ਕੌਰ 
ਲੇਖਿਕਾ ਕੈਨੇਡਾ 'ਚ ਰਹਿ ਰਹੇ ਹਨ ਤੇ ਅੱਜਕਲ੍ਹ ਜੂਨ ਦੇ ਗਦਰੀ ਸ਼ਹੀਦਾਂ ਦੀ ਯਾਦ 'ਚ ਪ੍ਰੋਗਰਾਮ ਕਰਵਾ ਰਹੇ ਹਨ।

Friday, June 22, 2012

‘Politically Correct’ ਹੋਣ ਦੀ ਲੜਾਈ 'ਚ ਮਾਓਵਾਦੀ ਦੋਫਾੜ

ਨੇਪਾਲ ਦੀ ਮਾਓਵਾਦੀ ਪਾਰਟੀ(ਸਾਂਝੀ) ਦੀ ਵੰਡੀ ਗਈ ਹੈ।ਕਈ ਸਾਲਾਂ ਤੋਂ ਪ੍ਰਚੰਡ ਤੇ  ਬਾਬੂਰਾਮ ਭੱਟਾਰਾਈ ਦੀ ਸਿਆਸਤ ਦਾ ਵਿਰੋਧ ਕਰਨ ਵਾਲਾ ਧੜਾ ਉਨ੍ਹਾਂ ਤੋਂ ਬਾਗੀ ਹੋ ਗਿਆ ਹੈ।ਕੌਮਾਂਤਰੀ ਕਮਿਊਨਿਸਟਾਂ ਲਹਿਰ ਦੇ ਸੰਕਟ ਦੇ ਦੌਰ 'ਚ ਇਹ ਨਵੀਂ ਤਰ੍ਹਾਂ ਦੀ ਇਤਿਹਾਸਕ ਘਟਨਾ ਹੈ।ਨਵੀਂ ਪਾਰਟੀ ਬਨਾਉਣ ਵਾਲੇ ਧੜ੍ਹੇ ਦੇ ਆਗੂ ਕਿਰਨ ਨਾਲ ਅਜ਼ਾਦ ਪੱਤਰਕਾਰ ਵਿਸ਼ਵਦੀਪਕ ਨੇ ਗੱਲ ਕੀਤੀ ਹੈ।ਉਸਦਾ ਪੰਜਾਬੀ ਤਰਜ਼ਮਾ ਛਾਪ ਰਹੇ ਹਾਂ।-ਗੁਲਾਮ ਕਲਮ

 ਸਬੰਧ ਤੋੜਨ 'ਚ ਅਸੀਂ ਦੇਰ ਕੀਤੀ ਪਰ ਫੈਸਲਾ ਸਹੀ  ਹੈ-ਮੋਹਨ ਵੈਦਿਆ ਕਿਰਨ (ਨਵੀਂ ਪਾਰਟੀ ਬਨਾਉਣ ਵਾਲਾ ਆਗੂ)


ਪਤਾ ਲੱਗਾ ਹੈ ਕਿ ਤੁਸੀਂ ਨੇਪਾਲ ਦੀ ਮਾਓਵਾਦੀ ਪਾਰਟੀ(ਸਾਂਝੀ) ਤੋਂ ਅੱਡ ਹੋ ਗਏ ਹੋਂ?ਕੀ ਇਹ ਠੀਕ ਗੱਲ ਹੈ ?

ਹਾਂ ਇਹ ਖ਼ਬਰ ਠੀਕ ਹੈ।ਪਾਰਟੀ ਨੇ ਸਰਵਹਾਰਾ ਵਰਗ ਦੇ ਹਿੱਤ ਦੀ ਗੱਲ ਕਰਨੀ ਛੱਡ ਦਿੱਤੀ ਸੀ।ਦਸ ਸਾਲ ਜੋ ਯੁੱਧ ਚੱਲਿਆ ਉਸ ਦੀਆਂ ਪ੍ਰਾਪਤੀਆਂ ਨੂੰ ਭੁਲਾ ਦਿੱਤਾ।ਇਸ ਲਈ ਪਾਰਟੀ ਅਸੀਂ ਪਾਰਟੀ ਦੇ ਲੋਕਾਂ ਨੂੰ ਛੱਡ ਕੇ ਨਵੀਂ ਪਾਰਟੀ ਦਾ ਨਿਰਮਾਣ ਕੀਤਾ ਹੈ।ਅਸੀਂ ਦੇਰ ਕੀਤੀ ਪਰ ਠੀਕ ਫੈਸਲਾ ਕੀਤਾ ਹੈ। 

ਤੁਹਾਡੀ ਪਾਰਟੀ ਦਾ ਨਾਂਅ ਤੇ ਚਿੰਨ੍ਹ ਕੀ ਹੋਵੇਗਾ ? 
ਮੇਰੀ ਪਾਰਟੀ ਦਾ ਨਾਂਅ ਨੇਪਾਲ ਕਮਿਊਨਿਸਟ ਪਾਰਟੀ ਮਾਓਵਾਦੀ ਹੋਵੇਗਾ।

ਤੁਸੀਂ ਪ੍ਰਚੰਡ(ਪਾਰਟੀ ਦੇ ਮੁਖੀ) ਨੂੰ ਜਦੋਂ ਫੈਸਲਾ ਸੁਣਾਇਆ ਤਾਂ ਉਸਦੀ ਟਿੱਪਣੀ ਕੀ ਸੀ।ਉਨ੍ਹਾਂ ਤੁਹਾਨੂੰ ਕੀ ਕਿਹਾ ?

ਪਿਛਲੇ ਇਕ ਦੋ ਦਿਨਾਂ ਤੋਂ ਸਾਡੀ ਗੱਲਬਾਤ ਨਹੀਂ ਹੋਈ ਹੈ।ਜਦੋਂ ਸਾਡਾ ਕੌਮੀ ਸੰਮੇਲਨ ਚੱਲ ਰਿਹਾ ਸੀ ਤਾਂ ਉਨ੍ਹਾਂ ਦਾ ਫੋਨ ਆਇਆ ਸੀ ਤੇ ਕਿਹਾ ਸੀ ਕਿ ਅਸੀਂ ਗੱਲ ਕਰੀਏ।ਪਰ ਮੈਂ ਪੁੱਛਿਆ ਉਸਦਾ ਮਕਸਦ ਕੀ ਹੈ।ਉਨ੍ਹਾਂ ਕਿਹਾ ਕਿ ਤੁਸੀਂ ਵੰਡ ਨੂੰ ਮੁਲਤਵੀ ਕਰ ਦਿਓ ਤੇ ਪਾਰਟੀ ਨੂੰ ਟੁੱਟਣ ਦਾ ਦਿਓ।ਮੈਂ ਕਿਹਾ ਅਜਿਹਾ ਨਹੀਂ ਹੋਵੇਗਾ ਜਦੋਂ ਅਸੀਂ ਵੱਖ ਹੋ ਜਾਵਾਂਗੇ ਇਸ ਤੋਂ ਬਾਅਦ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ।

ਇਹ ਗੱਲਬਾਤ ਕਦੋਂ ਹੋਈ ਸੀ ? 


ਕੌਮੀ ਸੰਮੇਲਨ ਤੋਂ ਦੋ ਦਿਨ ਬਾਅਦ ਹੋਈ ਸੀ। ਨੇਪਾਲ ਦੇ ਮੌਜੂਦਾ ਪ੍ਰਧਾਨਮੰਤਰੀ ਬਾਬੂਰਾਮ ਭੱਟਰਾਈ ਦੀ ਵੀ ਤੁਹਾਡੇ ਨਾਲ ਗੱਲਬਾਤ ਹੋਈ।ਉਹ ਵੀ ਮਾਓਵਾਦੀ ਪਾਰਟੀ ਦੇ ਆਗੂ ਹਨ?

ਉਨ੍ਹਾਂ ਕੀ ਕਿਹਾ ਤੁਹਾਨੁੰ ? 

ਬਾਬੂਰਾਮ ਨਾਲ ਦੋ ਚਾਰ ਦਿਨ ਪਹਿਲਾਂ ਮੁਲਾਕਾਤ ਹੋਈ ਸੀ।ਹੁਣ ਤਾਂ ਉਹ ਬਰਾਜ਼ੀਲ ਗਏ ਹੋਏ ਹਨ।ਉਨ੍ਹਾਂ ਦੀ ਕੋਈ ਖਾਸ ਟਿੱਪਣੀ ਨਹੀਂ ਸੀ।ਉਨ੍ਹਾਂ ਦੀ ਸਰਕਾਰ ਬਚਾਉਣ ਗੱਲ ਸੀ।ਲਾਈਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਸਿਆਸੀ ਚਿੰਤਨ ਜ਼ਿਆਦਾ ਹੈ।

ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਇਸ ਕਦਮ ਨਾਲ ਨੇਪਾਲ ਦਾ ਸੰਕਟ ਹੋਰ ਗਹਿਰਾ ਹੋ ਜਾਵੇਗਾ ?ਨੇਪਾਲ ਦੀ ਜਨਤਾ ਨੇ ਜਿਸ ਪਾਰਟੀ ਨੂੰ ਸਭ ਤੋਂ ਜ਼ਿਆਦਾ ਵੋਟ ਦਿੱਤੇ ਸਨ ਉਸਦੀ ਵੀ ਵੰਡ ਹੋ ਗਈ ? 

ਸੰਕਟ ਤਾਂ ਹੈ ਹੀ।ਕਾਰਜਪਾਲਿਕਾ ਨਹੀਂ ਹੈ।ਵਿਵਸਥਾਪਿਕਾ ਨਹੀਂ ਹੈ।ਜੋ ਵੱਡੀ ਪਾਰਟੀ ਸੀ ਉਸ ਨਾਲ ਅਸੀਂ ਸਬੰਧ ਤੋੜ ਲਿਆ ਹੈ।ਇਸ ਸੰਕਟ ਨੂੰ ਅਸੀਂ ਜਨਤਾ ਦੇ ਪੱਖ 'ਚ ਵਰਤਾਂਗੇ।ਇਹ ਸਾਡਾ ਸੰਕਟ ਨਹੀਂ ਹੈ।ਇਹ ਸਮੱਸਿਆ ਪੁਰਾਣੀ ਸੰਸਦੀ ਵਿਵਸਥਾ ਦੀ ਹੈ।ਇਸ ਸੰਕਟ ਦੇ ਵਿਚੋਂ ਹੀ ਕ੍ਰਾਂਤੀ ਦੀ ਤਿਆਰੀ ਕਰਨੀ ਹੈ।ਅਸੀਂ ਇਸੇ ਦਿਸ਼ਾ 'ਚ ਸੋਚਾਂਗੇ ਤੇ ਇਸ ਸੰਕਟ ਨੂੰ ਅਸੀਂ ਕ੍ਰਾਂਤੀ ਦੀ ਦਿਸ਼ਾ 'ਚ ਸਮਰੱਥ ਢੰਗ ਨਾਲ ਬਦਲਣ ਦੀ ਕੋਸ਼ਿਸ਼ ਕਰਾਂਗੇ।

ਤੁਸੀਂ ਕਾਂਰਤੀ ਦੀ ਗੱਲ ਕਰ ਰਹੇ ਹੋਂ ?ਸਪੱਸ਼ਟ ਕਰੋ ਕੀ ਤੁਹਾਡਾ ਮਤਲਬ ਹਥਿਆਰਬੰਦ ਸੰਘਰਸ਼ ਹੈ ? 

ਅਸੀਂ ਹਾਲਤਾਂ ਦਾ ਮੁਲਾਂਕਣ ਕਰਾਂਗੇ ਤੇ ਫਿਰ ਨਵੀਂ ਕਾਰਜ ਦਿਸ਼ਾ ਤੈਅ ਕਰਾਂਗੇ।ਅਸੀਂ ਲੋਕ ਵਿਦਰੋਹ ਦੀ ਤਿਆਰੀ ਦੀ ਦਿਸ਼ਾ 'ਚ ਜਾਵਾਂਗੇ।ਨੇਪਲ ਜਗੀਰਦਾਰੀ ਦੇਸ਼ ਸੀ ਤੇ ਫਿਰ ਅਰਧ ਉਪਨਿਵੇਸ਼ੀ ਹੁੰਦਾ ਹੋਇਆ ਹੁਣ ਨਵ ਉਪਨਿਵੇਸ਼ ਤੱਕ ਪਹੁੰਚ ਗਿਆ ਹੈ।ਇਸ ਸਾਨੂੰ ਨਵੀਂ ਲੋਕ ਕ੍ਰਾਂਤੀ ਦੀ ਲੋੜ ਹੈ।

ਤੁਸੀਂ ਪਾਰਟੀ ਬਣਾ ਚੁੱਕੇ ਹੋਂ?ਸ਼ਰੇਆਮ ਕਹਿ ਰਹੇ ਹੋਂ ਕਿ ਕਿ ਲੋਕ ਯੁੱਧ ਕਰਾਂਗੇ।ਪ੍ਰਚੰਡ ਦੇ ਗੁੱਟ ਤੇ ਦੂਜੀਆਂ ਪਾਰਟੀ ਦਾ ਵੀ ਪ੍ਰਭਾਵ ਹੈ ?ਕੀ ਇਸ ਨਾਲ ਨੇਪਾਲ 'ਚ ਘਰੇਲੂ ਯੁੱਧ ਦਾ ਖਤਰਾ ਖੜ੍ਹਾ ਨਹੀਂ ਹੋ ਜਾਵੇਗਾ ? 

 ਅਸੀਂ ਕੌਮੀ ਤੇ ਕੌਮਾਂਤਰੀ ਹਾਲਤਾਂ ਦਾ ਵਿਸ਼ਲੇਸ਼ਨ ਕਰਕੇ ਕੋਈ ਕਦਮ ਚੁੱਕਾਂਗੇ।ਅਸੀਂ ਜਨ ਯੁੱਧ 'ਚ ਕਿਵੇਂ ਜਾਵਾਂਗੇ,ਇਸ ਉੇਸੇ ਤੋਂ ਤੈਅ ਹੋਵੇਗਾ।ਪਰ ਗੱਲ ਇਹ ਹੈ ਰੁਪਾਂਤਰਨ ਤੇ ਬਦਲਾਅ ਲਈ ਸਭ ਕੁਝ ਕਰਨਾ ਹੋਵੇਗਾ।

ਨਵੰਬਰ 'ਚ ਜਿਹੜੇ ਸੰਵਿਧਾਨ ਸਭਾ ਦੀ ਚੋਣ ਹੋਣ ਵਾਲੀ ਹੈ ਉਸ 'ਚ ਤੁਸੀਂ ਹਿੱਸਾ ਲਵੋਂਗੇ ? 

ਨਵੰਬਰ 'ਚ ਜੋ ਚੋਣਾਂ ਹੋ ਰਹੀਆਂ ਹਨ ਅਸੀਂ ਉਸ 'ਚ ਹਿੱਸਾ ਨਹੀਂ ਲਵਾਂਗੇ।ਆਖਰੀ ਰੂਪ 'ਚ ਅਸੀਂ ਕੀ ਕਰਾਂਗੇ ਇਹ ਤਾਂ ਉਸੇ ਮੌਕੇ ਹੀ ਸੋਚਾਂਗੇ,ਪਰ ਫਿਲਹਾਲ ਅਸੀਂ ਹਿਸਾ ਨਹੀਂ ਲਵਾਂਗੇ।ਵੈਸੇ ਵੀ ਨਵੰਬਰ 'ਚ ਜੋ ਚੋਣਾਂ ਹੋਣ ਜਾ ਰਹੀਆਂ ਹਨ ਉਹ ਮੁਸ਼ਕਿਲ ਹਨ।ਜੋ ਦੂਜੀਆਂ ਪਾਰਟੀਆਂ ਹਨ ਉਸ ਇਸ 'ਚ ਹਿੱਸਾ ਨਹੀਂ ਲੈਣਗੀਆਂ।ਇਹ ਲੋਕ ਤਾਂ ਉਸੇ ਸੰਵਿਧਾਨ ਸਭਾ ਦੀ ਪੁਨਰ-ਸਥਾਪਨਾ ਦੀ ਮੰਗ ਕਰ ਰਹੀਆਂ ਹਨ।ਕੁਝ ਲੋਕ ਚੋਣਾਂ ਦੀ ਗੱਲ ਕਰ ਰਹੇ ਹਨ ਪਰ ਅਸੀਂ ਨਾਅਰਾ ਦਿੱਤਾ ਹੈ ਕਿ ਇਸ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ।ਇਸ ਦੇ ਲਈ ਸਭ ਨੂੰ ਗੋਲਮੇਜ਼ ਸਭਾ ਕਰਨੀ ਚਾਹੀਦੀ ਹੈ।ਸੰਵਿਧਾਨ ਸਭਾ ਦੇਸ਼ ਦਾ ਸਿਆਸੀ ਵਿਕਾਸ ਨਹੀਂ ਹੈ।

ਨੇਪਾਲ ਦੇ ਸੰਕਟ ਲਈ ਤੁਸੀਂ ਕਿਸਨੂੰ ਜ਼ਿੰਮੇਵਾਰ ਮੰਨਦੇ ਹੋਂ ? 
ਇਸ ਸੰਕਟ ਲਈ ਵੱਡੇ ਦਲਾਂ ਦੇ ਮੁੱਖ ਆਗੂ ਜ਼ਿੰਮੇਵਾਰ ਹਨ।ਸਰਕਾਰ ਜਿੰਮੇਵਾਰ ਹੈ।ਜੋ ਲੋਕ ਸਰਕਾਰ ਤੇ ਸੰਵਿਧਾਨ ਸਭਾ ਦੇ ਪ੍ਰਧਾਨ ਬਣੇ ਬੈਠੇ ਹਨ ਉਹ ਜ਼ਿੰਮੇਵਾਰ ਹਨ।ਜਿਨ੍ਹਾਂ ਦੇ ਹੱਥ 'ਚ ਸੱਤਾ ਸੀ ਤੇ ਜਿਨ੍ਹਾਂ 'ਤੇ ਸੰਵਿਧਾਨ ਸਭਾ ਦੇ ਮਾਧਿਅਮ ਤੋਂ ਸੰਵਿਧਾਨ ਬਣਾਉਣ ਦੀ ਜ਼ਿੰਮੇਂਵਾਰੀ ਸੀ ਉਹੀ ਅਸਫਲ ਹੋ ਗਏ ਤੇ ਦੂਜੀ ਗੱਲ ਇਹ ਸੰਸਦੀ ਵਿਵਸਥਾ ਦੀ ਅਸਫਲਤਾ ਹੈ।

ਜੇ ਤੁਸੀਂ ਸੰਸਦੀ ਪ੍ਰਬੰਧ ਨੂੰ ਰੱਦ ਕਰਦੇ ਹੋਂ ਤੋਂ ਤੁਹਾਡੇ ਕੋਲ ਦੂਜਾ ਬਦਲ ਕਿਹੜਾ ਹੈ ? 

ਨੇਪਾਲ 'ਚ ਅਸੀਂ ਸੰਸਦੀ ਪ੍ਰਬੰਧ ਨੂੰ ਰੱਦ ਕਰਦੇ ਹਾਂ।ਅਸੀਂ ਨੇਪਾਲ 'ਚ ਜਨਵਾਦੀ ਗਣਤੰਤਰ ਚਾਹੁੰਦੇ ਹਾਂ।ਇਸ ਤੋਂ ਬਾਅਦ ਸਮਾਜਵਾਦ ਤੇ ਸਾਮਵਾਦ 'ਚ ਜਾਣਾ ਹੈ।ਇਸ ਸੰਸਦੀ ਪ੍ਰਬੰਧ ਨੂੰ ਅਸੀਂ ਸਵੀਕਾਰ ਨਹੀਂ ਕਰਦੇ। ਭਾਰਤ ਦੀ ਭੂਮਿਕਾ ਨੂੰ ਕਿਵੇਂ ਦੇਕਦੇ ਹੋਂ ? ਭਾਰਤ ਦੀ ਭੂਮਿਕਾ ਸਕਰਾਤਮਾਕ ਨਹੀਂ ਹੈ।ਨੇਪਾਲ ਇਕ ਨਵ ਉਪਨਿਵੇਸ਼ਕ ਦੇਸ਼ ਹੈ।ਸਾਡਾ ਵਿਸ਼ਲੇਸ਼ਨ ਇਹੀ ਹੈ ਕਿ ਭਾਰਤ ਦਾ ਸਾਸ਼ਕ ਵਰਗ ਨੇਪਾਲ ਦੇ ਸਾਸ਼ਕ ਵਰਗ ਨਾਲ ਮਿਲਕੇ ਜਨਤਾ ਦੀ ਲੁੱਟ ਕਰ ਰਿਹਾ ਹੈ।ਭਾਰਤ ਦੀ ਭੂਮਿਕਾ ਨੇਪਾਲ 'ਚ ਦਖ਼ਲ ਦੇਣ ਵਾਲੀ ਹੈ। 

ਨੇਪਾਲ ਦੀ ਮਾਓਵਾਦੀ ਪਾਰਟੀ (ਸਾਂਝੀ) ਦੇ ਆਗੂ 'ਤੇ ਦੱਬੀ ਜ਼ੁਬਾਨ 'ਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਲੱਗਦੇ ਹਨ।ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ? 

ਇਸ ਦੇ ਬਾਰੇ ਮੈਂ ਕੁਝ ਜ਼ਿਆਦਾ ਨਹੀਂ ਕਹਿਣਾ ਚਾਹਾਂਗਾ,ਪਰ ਆਰਥਿਕ ਮਾਮਲਿਆਂ 'ਚ ਜੋ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਉਹ ਹੈ ਨਹੀਂ ਹੈ। ਤੁਹਾਡਾ ਅਗਲਾ ਕਦਮ ਕੀ ਹੈ ? ਕੇਂਦਰੀ ਕਮੇਟੀ ਦੀ ਬੈਠਕ ਹੋਵੇਗੀ।ਪਾਰਟੀ ਤੇ ਕੌਮੀ ਅਜ਼ਾਦੀ ਦੀ ਪੱਖ 'ਚ ਮੁਹਿੰਮ ਚਲਾਵਾਂਗੇ।ਅੰਦੋਲਨ ਦੀ ਤਿਆਰੀ ਕਰਾਂਗੇ ਤੇ ਜਥੇਬੰਦੀ ਤੇ ਪਾਰਟੀ 'ਚ ਅਨੁਸਾਸ਼ਨ ਪੈਦਾ ਕਰਾਂਗੇ।

ਪ੍ਰਧਾਨ ਮੰਤਰੀ ਦੇ ਤੌਰ 'ਤੇ ਬਾਬੂਰਾਮ ਭੱਟਰਾਈ ਦੇ ਕਾਰਜਕਾਲ ਨੂੰ ਤੁਸੀਂ ਕਿਵੇਂ ਦੇਖਦੇ ਹੋਂ ?

ਦੇਖੋ ਉਨ੍ਹਾਂ ਦਾ ਜੋ ਵਾਅਦਾ ਸੀ ਕਿ ਲੋਕ ਮੁਕਤੀ ਫੌਜ ਸਨਮਾਨਜਨਕ ਢੰਗ ਨਾਲ ਰਲੇਵਾਂ ਕਰਵਾਉਣਗੇ ਇਹ ਉਹ ਨਹੀਂ ਕਰ ਸਕੇ।ਜਨਤਾ ਦੇ ਪੱਖ 'ਚ ਸੰਵਿਧਾਨ ਨਿਰਮਾਣ ਦੀ ਗੱਲ ਕਹੀ ਸੀ ਉਨ੍ਹਾਂ ਨੇ।ਉਸ 'ਚ ਵੀ ਉਹ ਅਸਫਲ ਰਹੇ।ਨੇਪਾਲੀ ਜਨਤਾ ਦੇ ਪੱਖ 'ਚ ਜੋ ਸਿਆਸਤ ਕਰਨੀ ਹੈ ਉਸ 'ਚੋਂ ਉਹ ਸਫਲ ਨਹੀਂ ਹਨ।


ਜਨਜਵਾਰ ਤੋਂ ਧੰਨਵਾਦ ਸਹਿਤ

ਨਸ਼ੇ 'ਚ ਡੁੱਬੀ ਜਵਾਨੀ ਦੀਆਂ ਮਾਨਸਕ ਤੇ ਸਮਾਜਕ ਚੁਣੌਤੀਆਂ

ਭਾਰਤ ਦੇ ਹੋਰਨਾਂ ਹਿੱਸਿਆਂ ਵਾਂਗ ਪੰਜਾਬ 'ਚ ਵੀ ਨੌਜਵਾਨਾਂ ਦੇ ਭਵਿੱਖ ਅੱਗੇ ਕਈ ਚੁਨੌਤੀਆਂ ਹਨ। ਇਨ੍ਹਾਂ ਚੁਣੌਤੀਆਂ 'ਚ ਮੁੱਖ ਚੁਨੌਤੀ ਹੈ ਖ਼ੁਦ ਨੂੰ ਅਜੋਕੇ ਸਮੇਂ ਵਿਚ ਮੁਕਾਬਲੇਬਾਜ਼ੀ ਲਈ ਤਿਆਰ ਕਰਨਾ ਜਾਂ ਤਿਆਰ ਰਹਿਣਾ ਹੈ। 

ਮੁਕਾਬਲੇਬਾਜ਼ੀ ਲਈ ਸਿਰਫ਼ ਡਿਗਰੀ ਜਾਂ ਹੁਨਰਮੰਦ ਡਿਗਰੀ ਹੀ ਕਾਫ਼ੀ ਨਹੀਂ ਹੈ, ਬਲਕਿ ਸਰੀਰ ਤੇ ਮਨ ਦਾ ਤਾਲਮੇਲ ਵੀ ਬਿਹਤਰ ਬਣਾਉਣ ਦੀ ਅਜੋਕੇ ਸਮੇਂ 'ਚ ਮੁੱਖ ਲੋੜ ਹੈ। ਪੰਜਾਬ ਦੀ ਜਵਾਨੀ ਦੇ ਜੁੱਸੇ ਦੀਆਂ ਕਥਾਵਾਂ ਸਾਡੇ ਇਤਿਹਾਸ ਦਾ ਹਿੱਸਾ ਹਨ। ਮਸਲਾ ਕਿਸੇ ਇਕ ਧਰਮ, ਜਾਤ-ਪਾਤ ਦਾ ਨਹੀਂ, ਬਲਕਿ ਉਸ ਪੰਜਾਬੀ ਕਿਰਦਾਰ ਦਾ ਹੈ, ਜਿਸ ਨੂੰ ਅਸੀਂ ਗੀਤਾਂ ਵਿਚ ਸੁਣਦੇ ਆਏ ਹਾਂ ਜਾਂ ਕਥਾਵਾਂ ਵਿਚ ਪੜ੍ਹਦੇ ਆ ਰਹੇ ਹਾਂ।

ਮੌਜੂਦਾ ਸਮੇਂ ਵਿਚ ਪੰਜਾਬ ਦੀ ਜਵਾਨੀ ਇਤਿਹਾਸ ਦੇ ਮਾਣ ਨੂੰ ਵੱਡੇ ਪੱਧਰ 'ਤੇ ਖੋਰਾ ਲਾ ਰਹੀ ਹੈ। ਸ਼ਾਇਦ ਨੌਜਵਾਨਾਂ ਨੇ ਅਜੋਕੇ ਸਮੇਂ ਦੇ ਅਰਥ ਗ਼ਲਤ ਕੱਢ ਲਏ ਹਨ ਜਾਂ ਇਸ ਸਮੇਂ ਦੇ ਇਕ ਪੱਖ ਨੂੰ ਵਾਚਿਆ ਹੈ। ਅੰਕੜਿਆਂ ਮੁਤਾਬਕ ਅਜੋਕੇ ਸਮੇਂ ਵਿਚ ਜਿਨ੍ਹਾਂ ਪੱਖਾਂ ਤੋਂ ਨੌਜਵਾਨ ਵੱਧ ਪ੍ਰਭਾਵਤ ਹਨ, ਉਨ੍ਹਾਂ ਵਿਚ ਨਸ਼ਾਖੋਰੀ, ਐਸ਼ਪ੍ਰਸਤੀ ਤੇ ਹੈਵਾਨੀਅਤ ਦਾ ਪੱਖ ਭਾਰੂ ਹੈ, ਜਦਕਿ ਇਸ ਯੁੱਗ ਦੇ ਨਾਇਕ ਅਜੋਕੇ ਨੌਜਵਾਨਾਂ ਦੀ ਮਾਨਸਿਕਤਾ ਦਾ ਹਿੱਸਾ ਨਹੀਂ ਬਣ ਸਕੇ।


ਚਿੰਤਕ ਇਸ ਗੱਲ ਤੋਂ ਬੇਹੱਦ ਚਿੰਤਤ ਹਨ ਕਿ ਪੰਜਾਬ ਨਸ਼ਿਆਂ ਦੀ ਵਰਤੋਂ ਦਾ ਵੱਡਾ ਕਾਰੋਬਾਰੀ ਅੱਡਾ ਬਣ ਚੁੱਕਾ ਹੈ। ਸ਼ਰਾਬ ਪੀਣ ਵਿਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਸਮੈਕ, ਅਫ਼ੀਮ ਅਤੇ ਹੋਰ ਨਸ਼ਿਆਂ 'ਚ ਵੀ ਪੰਜਾਬ ਦੇਸ਼ ਦੇ ਹੋਰਨਾਂ ਸੂਬਿਆਂ ਨਾਲੋਂ ਬਹੁਤ ਅੱਗੇ ਹੈ। ਪੰਜਾਬੀ ਨੌਜਵਾਨ ਨਸ਼ੇ ਦੀਆਂ ਦਵਾਈਆਂ ਤੋਂ ਲੈ ਕੇ ਹਰ ਉਸ ਚੀਜ਼ ਦਾ ਵੱਡੇ ਪੱਧਰ 'ਤੇ ਸੇਵਨ ਕਰ ਰਹੇ ਹਨ, ਜਿਹੜੀ ਉਨ੍ਹਾਂ ਨੂੰ ਕੁਝ ਸਮੇਂ ਲਈ ਯਥਾਰਥਕ ਜ਼ਿੰਦਗੀ ਤੋਂ ਦੂਰ ਲੈ ਜਾਂਦੀ ਹੈ। ਪੰਜਾਬ ਦਾ ਕੋਈ ਵੀ ਪਿੰਡ ਜਾਂ ਸ਼ਹਿਰ ਨਸ਼ਿਆਂ ਦੀ ਗ੍ਰਿਫ਼ਤ ਤੋਂ ਨਹੀਂ ਬਚਿਆ ਹੈ, ਇਸ ਦੇ ਕਾਰਨਾਂ ਬਾਰੇ ਸੋਚਣਾ ਬਣਦਾ ਹੈ। ਰੋਗ ਦੀ ਜੜ੍ਹ ਨੂੰ ਜਾਣੇ ਬਿਨਾਂ ਇਲਾਜ ਸੰਭਵ ਨਹੀਂ ਹੈ।

ਦਰਅਸਲ ਪੰਜਾਬੀ ਨੌਜਵਾਨਾਂ ਦਾ ਨਸ਼ਿਆਂ ਦੀ ਗ੍ਰਿਫ਼ਤ ਵਿਚ ਫਸਣ ਪਿੱਛੇ ਕੁਝ ਕੁ ਉਹ ਕਾਰਨ ਜ਼ਿੰਮੇਵਾਰ ਹਨ, ਜਿਨ੍ਹਾਂ ਦਾ ਸਬੰਧ ਇਸ ਦੀ ਭੂਗੋਲਿਕ ਸਥਿਤੀ ਨਾਲ ਹੈ ਅਤੇ ਕੁਝ ਵਜ੍ਹਾ ਪੰਜਾਬ ਵਿਚ ਵਾਪਰੇ ਹਿੰਸਕ ਦੌਰ ਨਾਲ ਵੀ ਹੈ।

ਪੰਜਾਬ ਦੀ ਧਰਤੀ 'ਤੇ ਜਦੋਂ ਹਥਿਆਰਬੰਦ ਹਿੰਸਾ ਸ਼ੁਰੂ ਹੋਈ ਸੀ, ਉਹ ਸਮਾਂ ਅੱਜ ਦੇ ਮੁਕਾਬਲੇ ਬਹੁਤ ਪੁਰਾਣਾ ਸੀ। ਮਨੁੱਖੀ ਕਦਮਾਂ ਦੀ ਚਾਲ ਵੀ ਅੱਜ ਦੇ ਮੁਕਾਬਲੇ ਬਹੁਤ ਹੌਲੀ ਸੀ। ਨਾ ਕੰਪਿਊਟਰ ਸੀ, ਨਾ ਟੈਲੀਵਿਜ਼ਨ ਸੀ ਅਤੇ ਅੱਜ ਦੇ ਵਿਸ਼ਵੀਕਰਨ ਦੇ ਦੌਰ ਬਾਰੇ ਤਾਂ ਦੂਰ-ਦੂਰ ਤੱਕ ਕਿਆਸ ਨਹੀਂ ਸੀ ਕੀਤਾ ਜਾ ਸਕਦਾ।


ਤਕਰੀਬਨ ਤਕਰੀਬਨ ਦੋ ਢਾਈ ਦਹਾਕਿਆਂ ਤੱਕ ਅਸੀਂ ਬਾਕੀ ਦੁਨੀਆ ਨਾਲੋਂ ਟੁੱਟੇ ਰਹੇ ਅਤੇ ਹਿੰਸਾ ਦੇ ਦੁੱਖ ਦਰਦ ਵਿਚ ਵਿਲਕਦੇ ਰਹੇ, ਜਦੋਂ ਥੋੜ੍ਹੇ ਬਹੁਤ ਇਸ ਤਕਲੀਫ਼ ਵਿਚੋਂ ਬਾਹਰ ਆਏ ਤਾਂ ਦੁਨੀਆ ਬਦਲ ਚੁੱਕੀ ਸੀ। ਇਹ ਓਵੇਂ ਸੀ ਜਿਵੇਂ ਜੰਗਲ ਵਿਚੋਂ ਚੁੱਕ ਕੇ ਕਿਸੇ ਬੱਚੇ ਨੂੰ ਸ਼ਹਿਰ ਦੇ ਕਿਸੇ ਬਾਜ਼ਾਰ 'ਚ ਸੁੱਟ ਦਿੱਤਾ ਗਿਆ ਹੋਵੇ। ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਬਦਲੇ ਸਮੇਂ ਨੂੰ ਅਸੀਂ ਆਮ ਦੀ ਤਰ੍ਹਾਂ ਅਨੁਭਵ ਨਹੀਂ ਕਰ ਸਕੇ। ਅਜੋਕੇ ਸਮੇਂ ਨੂੰ ਅਸੀਂ ਜਿਵੇਂ ਦੂਸਰਿਆਂ ਦੀਆਂ ਅੱਖਾਂ ਨਾਲ ਪਹਿਲੀ ਵਾਰ ਤੱਕਿਆ ਹੋਵੇ ਤੇ ਓਵੇਂ ਕਿਵੇਂ ਉਸ ਨੂੰ ਸਮਝ ਲਿਆ ਹੋਵੇ। ਕੁਝ ਇਸ ਤਰ੍ਹਾਂ ਹੀ ਹੋਇਆ ਸਾਡੇ ਨਾਲ। ਜਿਸ ਕਰ ਕੇ ਇਸ ਸਮੇਂ ਦੀ ਮਨੁੱਖੀ ਚੇਤਨਾ 'ਤੇ ਪੈਣ ਵਾਲੇ ਬੁਰੇ ਪ੍ਰਭਾਵ ਬਾਰੇ ਸਾਡੀ ਸਮਝ ਮੁਕਾਬਲੇ ਦੀ ਨਹੀਂ ਸੀ। ਇਹੀ ਉਚਿੱਤ ਸਮਾਂ ਸੀ, ਜਦੋਂ ਮਨੁੱਖੀ ਸਮਾਜ ਦੇ ਘਾਣ ਲਈ ਬੈਠੇ ਦੁਸ਼ਮਣਾਂ ਨੇ ਨੌਜਵਾਨਾਂ ਦੇ ਦਿਮਾਗ਼ਾਂ 'ਤੇ ਕਾਬਜ਼ ਹੋਣਾ ਸੀ ਅਤੇ ਉਨ੍ਹਾਂ ਨੂੰ ਨਸ਼ੇ ਦੀ ਮੰਡੀ ਬਣਾਉਣਾ ਸੀ ।

ਪੰਜਾਬ ਦਾ ਪਿਛੋਕੜ ਜਾਗੀਰੂ ਮਾਨਸਿਕਤਾ ਅਤੇ ਇਸ ਦੀ ਭੂਗੋਲਿਕ ਸਥਿਤੀ ਵੀ ਨਸ਼ੇ ਦੇ ਵਪਾਰੀਆਂ ਦੇ ਅਨੁਕੂਲ ਸੀ। ਬਦਲਦੇ ਸਮਿਆਂ ਦੀ ਤਸਵੀਰ ਵਿਚ ਪੱਛਮੀ ਪ੍ਰਭਾਵ ਨੇ ਨੌਜਵਾਨਾਂ ਦੇ ਮਨਾਂ ਨੂੰ ਕੁਝ ਇਸ ਤਰ੍ਹਾਂ ਕੀਲ ਲਿਆ ਕਿ ਉਹ ਇਸ ਵਿਚ ਹੋਰ ਡੂੰਘੇ ਧਸਦੇ ਚਲੇ ਗਏ। ਪੰਜਾਬ ਨੂੰ ਸਰਹੱਦੀ ਸੂਬਾ ਹੋਣ ਅਤੇ ਗੜਬੜੀ ਖੇਤਰ ਦਾ ਗੁਆਂਢੀ ਹੋਣ ਦਾ ਵੀ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਨੇਪਾਲ ਜ਼ਰੀਏ ਸਪਲਾਈ ਹੋਣ ਵਾਲੇ ਨਸ਼ਿਆਂ ਦੇ ਰਸਤੇ ਵਿਚ ਪੰਜਾਬ ਵੀ ਪੈਂਦਾ ਹੈ,ਜਿਸ ਕਾਰਨ ਇਹ ਸੂਬਾ ਨਸ਼ੇ ਦੇ ਵਪਾਰੀਆਂ ਲਈ ਇਕ ਮਹੱਤਵਪੂਰਨ ਮੰਡੀ ਬਣ ਚੁੱਕਾ ਹੈ ।ਪਿਛਲੇ ਸਮਿਆਂ ਦੌਰਾਨ ਪਾਕਿਸਤਾਨ ਵਾਲੇ ਪਾਸੇ ਤੋਂ ਆਉਣ ਵਾਲੀਆਂ ਨਸ਼ਿਆਂ ਦੀਆਂ ਕਈ ਵੱਡੀਆਂ ਖੇਪਾਂ ਦੀ ਬਰਾਮਦਗੀ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਇਸ ਸੂਬੇ ਦੀ ਨੌਜਵਾਨ ਪੀੜ੍ਹੀ ਕਸ ਕਸ ਦੇ ਨਿਸ਼ਾਨੇ 'ਤੇ ਹੈ ।ਜਿੱਥੇ ਨੌਜਵਾਨ ਬੁਰੀ ਤਰ੍ਹਾਂ ਦਵਾਈਆਂ ਅਤੇ ਹੋਰ ਰਸੈਣਿਕ ਨਸ਼ਿਆਂ ਦੀ ਗ੍ਰਿਫ਼ਤ 'ਚ ਹਨ ਉੱਥੇ ਰਹਿੰਦੀ ਕਸਰ ਸ਼ਰਾਬ ਦੀ ਰਿਕਾਰਡ ਵਿੱਕਰੀ ਕੱਢ ਰਹੀ ਹੈ।

ਸ਼ਰਾਬ ਤੋਂ ਇਲਾਵਾ ਅਫ਼ੀਮ, ਭੁੱਕੀ, ਸਮੈਕ, ਗੋਲੀਆਂ ਤੇ ਟੀਕੇ ਆਦਿ ਨਸ਼ਿਆਂ ਦਾ ਲਸੰਸੀ ਅਤੇ ਗੈਰ-ਲਸੰਸੀ ਬਹੁਤ ਵੱਡਾ ਕਾਰੋਬਾਰ ਹੈ। ਕਿਸੇ ਪਾਰਟੀ ਦਾ ਰਾਜ ਆਵੇ, ਕਿਸੇ ਦਾ ਜਾਵੇ, ਇਹ ਕਾਰੋਬਾਰ ਬਿਨਾ ਰੋਕ-ਟੋਕ ਚੱਲਦਾ ਰਹਿੰਦਾ ਹੈ।ਸਰਕਾਰਾਂ ਬਦਲ ਜਾਂਦੀਆਂ ਹਨ ਪਰ ਨਸ਼ੇ ਦੇ ਵਪਾਰੀ ਲਗਭਗ ਉਹੀ ਰਹਿੰਦੇ ਹਨ , ਹਾਂ ਜ਼ਿਆਦਾ ਤੋਂ ਜ਼ਿਆਦਾ ਇਨ੍ਹਾਂ ਵਿਚ ਹੋਰ ਭਾਈਵਾਲ ਸ਼ਾਮਲ ਹੋ ਜਾਂਦੇ ਹਨ। 

ਨਸ਼ਿਆਂ ਦੀ ਪੈਦਾਵਾਰ, ਵੰਡ-ਵੰਡਾਈ ਅਤੇ ਖਪਤ ਦੀ ਸਮੁੱਚੀ ਲੜੀ ਨਿਰਵਿਘਨ, ਬੇਪ੍ਰਵਾਹ ਹੋ ਕੇ ਅਖੰਡ ਚੱਲਦੀ ਰਹਿੰਦੀ ਹੈ। ਇਹਦੇ ਵਿਚ ਕਦੇ ਮੰਦਾ ਨਹੀਂ ਆਉਂਦਾ। ਕਦੇ ਵਿਘਨ ਨਹੀਂ ਪੈਂਦਾ। ਸਗੋਂ ਇਹ ਵਪਾਰ-ਕਾਰੋਬਾਰ ਲਗਾਤਾਰ ਵਿਕਾਸ ਕਰ ਰਿਹਾ ਹੈ।ਸੰਸਾਰ ਵਿਚ ਮੰਦੀ ਦੇ ਬਾਵਜੂਦ ਇਸਦੀ ਵਿਕਾਸ ਦਰ, ਮੁਨਾਫ਼ਾ ਦਰ, ਲਗਾਤਾਰ ਉੱਚੀ ਹੋਈ ਜਾ ਰਹੀ ਹੈ। ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੀ ਬੋਲੀ ਉੱਚੀ, ਹੋਰ ਉੱਚੀ ਜਾਣ ਤੋਂ ਇਸ ਨਿਰਨੇ ਦੀ ਪੁਸ਼ਟੀ ਹੋ ਜਾਂਦੀ ਹੈ। ਸਾਲ 2005-06 ਵਿੱਚ ਸ਼ਰਾਬ ਦੇ ਠੇਕਿਆਂ ਦੀ ਬੋਲੀ ਤੋਂ ਹੋਈ ਆਮਦਨ ਤਕਰੀਬਨ ਪੌਣੇ ਸੋਲ੍ਹਾਂ ਅਰਬ ਰੁਪਏ ਬਣੀ ਸੀ। ਸਾਲ 2011-12 ਦੌਰਾਨ ਸ਼ਰਾਬ ਤੋਂ ਤਕਰੀਬਨ 600 ਕਰੋੜ ਤੋਂ ਵੱਧ ਮਾਲੀਆ ਦੀ ਉਗਰਾਹੀ ਦਾ ਸਰਕਾਰੀ ਟੀਚਾ ਹੈ।ਯਾਨੀ, 6 ਸਾਲਾਂ ਦੇ ਅਰਸੇ ਵਿੱਚ ਦੁੱਗਣੀ ਤੋਂ ਵੱਧ ਆਮਦਨ ਹੋ ਜਾਣੀ ਹੈ ਨਸ਼ੇ ਦੇ ਕਾਰੋਬਾਰ ਵਿਚ ਮੁਨਾਫ਼ਾ ਦਰ ਦੀ ਗਵਾਹੀ ਭਰਦੀ ਹੈ।

ਨਸ਼ਿਆਂ ਦਾ ਵਿਆਪਕ ਪ੍ਰਵਾਹ, ਮਿਹਨਤਕਸ਼ ਆਬਾਦੀ ਦੇ, ਮੁਲਕ ਦੀ ਜੁਆਨੀ ਦੇ, ਤਕੜੇ ਹਿੱਸਿਆਂ ਨੂੰ ਲਪੇਟ ਕੇ ਲਿਜਾ ਰਿਹਾ ਹੈ। ਨਵੀਆਂ ਆਰਥਿਕ ਨੀਤੀਆਂ ਦੇ ਛਾਂਗੇ, ਨਚੋੜੇ ਲੋਕਾਂ ਦਾ ਨਸ਼ੇ ਦੇ ਸੌਦਾਗਰ ਬੁਰੀ ਤਰ੍ਹਾਂ ਲਹੂ ਚੂਸ ਰਹੇ ਹਨ।ਆਰਥਕਤਾ ਦੇ ਗ਼ਮਗੀਨ ਲੋਕ ਸੌਖਿਆਂ ਹੀ ਨਸ਼ੇ ਦੇ ਪਾਤਰ ਬਣ ਜਾਂਦੇ ਹਨ।ਨਸ਼ਿਆਂ ਦਾ ਵਪਾਰ ਬੇ-ਰਹਿਮ ਆਰਥਿਕ ਲੁੱਟ ਦਾ ਘਿਣਾਉਣਾ ਰੂਪ ਹੈ। ਉਨ੍ਹਾਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਸਿਹਤਾਂ, ਪਰਿਵਾਰਕ ਅਮਨ-ਚੈਨ ਤੇ ਸਮਾਜਕ ਸੁੱਖ-ਸ਼ਾਂਤੀ ਨੂੰ ਤਹਿਸ ਨਹਿਸ ਕਰ ਰਹੇ ਹਨ।

ਇਸ ਖ਼ਤਰਨਾਕ ਨਰਕ ਤੋਂ ਬਚਣ ਲਈ ਸਮਾਜਕ ਚੇਤਨਾ ਦਾ ਵਿਕਾਸ ਕਰਨਾ ਜ਼ਰੂਰੀ ਹੈ ਨਹੀਂ ਤਾਂ ਉਹ ਜਿਉਦਿਆਂ ਨੂੰ ਮੁਰਦੇ-ਹਾਣੀ ਬਣਾ ਦੇਣਗੇ।ਜਵਾਨੀਆਂ ਲਾਸ਼ਾਂ ਵਿਚ ਤਬਦੀਲ ਕਰ ਦੇਣਗੇ । ਨਸ਼ਿਆਂ ਦੇ ਇਸ ਵਿਆਪਕ ਕਾਰੋਬਾਰੀਆਂ ਦਾ ਇਹ ਰੂਪ ਹੋਰ ਵੀ ਘਿਣਾਉਣਾ ਹੋ ਸਕਦਾ ਹੈ ਅਜਿਹੀਆਂ ਰਿਪੋਰਟਾਂ ਵਿਚ ਪੜ੍ਹਨ ਸੁਣਨ ਨੂੰ ਆ ਰਹਾ ਹੈ।

ਮਦਨਦੀਪ
ਲੇਖਕ ਲੰਮੇ ਸਮੇਂ ਤੋਂ ਪੰਜਾਬੀ ਪੱਤਰਕਾਰੀ 'ਚ ਸਰਗਰਮ ਹਨ ਤੇ ਅੱਜਕਲ੍ਹ ਚੰਡੀਗੜ੍ਹ ਤੋਂ ਚਲਦੇ ਪੰਜਾਬੀ ਅਖ਼ਬਾਰ 'ਚ ਨਿਊਜ਼ ਐਡੀਟਰ ਹਨ।

Tuesday, June 19, 2012

ਸੰਚਾਰ ਮਾਧਿਅਮਾਂ ਜ਼ਰੀਏ ਬਦਲਦਾ ਸਮਾਜ

ਹਰੇਕ ਖਿੱਤੇ ਦਾ ਇਕ ਖਾਸ ਸੱਭਿਆਚਾਰਕ ਰੰਗ ਅਤੇ ਸਮਾਜਿਕ ਦਾਇਰਾ ਹੁੰਦਾ ਹੈ। ਮੋਕਲੇ ਜਿਹੇ ਸ਼ਬਦਾਂ 'ਚ ਮਨੁੱਖ ਦੇ ਰੀਤੀ-ਰਿਵਾਜ਼, ਪਹਿਰਾਵਾ, ਬੋਲੀ, ਸੰਸਕਾਰ, ਖਾਣ-ਪਾਣ, ਗੀਤ-ਸੰਗੀਤ ਆਦਿ ਉਸਦੇ ਸੱਭਿਆਚਾਰ ਨੂੰ ਦਰਸਾਉਂਦੇ ਹਨ। ਪੰਜਾਬੀ ਇਸ ਪੱਖੋਂ ਅਮੀਰ ਮੰਨੇ ਜਾਂਦੇ ਹਨ। ਪੰਜਾਬੀਆਂ ਵੱਲੋਂ ਦਿੱਤਾ ਜਾਂਦਾ ਆਦਰ-ਮਾਣ, ਤਹਿਜ਼ੀਬ, ਹਲੀਮੀ, ਪਿਆਰ, ਅਣਖ, ਤਗੜੇ ਜੁੱਸੇ, ਮਦਦਗਾਰ, ਦਾਨੀ, ਅੜੀਅਲ ਰਵੱਈਆ, ਅਵੱਲੇ ਸ਼ੌਕ ਆਦਿ ਸਮਾਜਿਕ ਪਛਾਣ ਦੇ ਤੌਰ 'ਤੇ ਦੁਨੀਆਂ ਭਰ 'ਚ ਪ੍ਰਵਾਨ ਚੜੇ ਹਨ। ਪੰਜਾਬੀਆਂ ਦਾ ਸਮਾਜਿਕ ਤਾਣਾ-ਬਾਣਾ ਅਤੇ ਸੱਭਿਆਚਾਰਕ ਤੰਦਾਂ ਮਜ਼ਬੂਤ ਹਨ। ਤਬਦੀਲੀ ਵੀ ਜ਼ਿੰਦਗੀ ਦਾ ਇਕ ਜ਼ਰੂਰੀ ਹਿੱਸਾ ਹੈ। ਮੌਜੂਦਾ ਸਮੇਂ 'ਚ ਸੰਚਾਰ ਸਾਧਨਾਂ ਦੀ ਇੰਤਹਾਂ ਤਰੱਕੀ ਨੇ ਹਰ ਖਿੱਤੇ 'ਚ ਬਦਲਾਅ ਲਿਆਂਦਾ ਹੈ। ਬਹੁਤ ਸਾਰੀਆਂ ਤਬਦੀਲੀਆਂ ਸਵਾਗਤਯੋਗ ਹਨ ਅਤੇ ਕਈ ਥਾਂ ਇਨਾਂ ਤਬਦੀਲੀਆਂ ਕਰਕੇ ਦੋ ਪੀੜੀਆਂ ਵਿਚਕਾਰ ਤਨਾਅ ਵੱਧ ਰਿਹਾ ਹੈ।

ਅੱਜ ਦੇ ਦੌਰ 'ਚ ਸੰਚਾਰ ਸਾਧਨਾਂ ਦੀ ਵਰਤੋਂ ਨੇ ਇਕ ਤੀਜੇ ਕਿਸਮ ਦੀ ਨਵੀਂ ਪੀੜੀ ਨੂੰ ਜਨਮ ਦੇ ਦਿੱਤਾ ਹੈ। ਟੈਲੀਫੋਨ ਤੋਂ ਬਾਅਦ ਮੋਬਾਇਲ ਫੋਨਾਂ, ਕੇਬਲ ਤੇ ਡਿਸ਼ ਟੀਵੀ, ਇੰਟਰਨੈੱਟ, ਸੋਸ਼ਲ ਨੈੱਟਵਰਕਿੰਗ ਅਤੇ ਹੁਣ ਟੈੱਬਲੈਟ ਤੇ ਐਂਡਰਾਇਡ ਸਹੂਲਤ ਵਾਲੇ ਮੋਬਾਇਲ ਫੋਨ ਇੰਟਰਨੈਂਟ ਸਮੇਤ ਆਦਿ ਨੇ ਇਕ ਨਵੇਂ ਸੱਭਿਆਚਾਰ ਰੰਗ ਤੇ ਸਮਾਜਿਕ ਦਾਇਰੇ ਵਾਲੇ ਲੋਕਾਂ ਦੀ ਦੁਨੀਆਂ ਰਵਾਇਤੀ ਸਮਾਜ ਦੇ ਬਰਾਬਰ ਲਿਆ ਕੇ ਖੜੀ ਕਰ ਦਿੱਤੀ ਹੈ। ਇਕੋ ਪਰਿਵਾਰ 'ਚ ਰਹਿਣ ਵਾਲੇ ਮੈਂਬਰਾਂ ਲਈ ਆਪਣੀ ਸੋਚ, ਵਿਚਾਰ ਅਤੇ ਗੱਲਾਂ ਸਮਝਾਉਣ 'ਚ ਕਠਿਨਾਈਆਂ ਪੇਸ਼ ਆ ਰਹੀਆਂ ਹਨ। ਜ਼ਿਆਦਾਤਰ ਨੌਜਵਾਨ ਪੀੜੀ ਦੀ ਸ਼ਬਦਾਵਲੀ (ਜਿਸ 'ਚ ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ ਅਤੇ ਫੇਸਬੁੱਕ, ਟਵਿੱਟਰ, ਚੈਟ, ਆਨ ਲਾਈਨ ਸ਼ਾਪਿੰਗ, ਛੋਟੇ ਤੇ ਸਲੈਂਗ ਸ਼ਬਦਾਂ ਦੀ ਵਰਤੋਂ ਆਦਿ ਦੀਆਂ ਗੱਲਾਂ) ਨੂੰ ਉਨਾਂ ਦੇ ਮਾਪੇ ਅਤੇ ਬਜ਼ੁਰਗ ਸਮਝ ਨਹੀਂ ਪਾ ਰਹੇ। ਸੱਭਿਆਚਾਰਕ ਅਤੇ ਸਮਾਜਿਕ ਤੌਰ 'ਤੇ ਇਹ ਤਰੱਕੀ ਇਕ ਪਾੜੇ ਦਾ ਕੰਮ ਕਰ ਰਹੀ ਹੈ।

ਇਸ ਸਾਰੇ ਵਰਤਾਰੇ 'ਤੇ ਇਕ ਪਿੱਛਲ-ਝਾਤ ਮਾਰਿਆ ਪਤਾ ਲੱਗਦਾ ਹੈ ਕਿ ਜਦੋਂ ਤੱਕ ਸੰਚਾਰ ਸਾਧਨਾਂ ਦੀ ਉਪਲੱਬਧਤਾ ਸੀਮਤ ਸੀ ਉਦੋਂ ਤੱਕ ਸੱਭਿਆਚਾਰਕ ਤੇ ਸਮਾਜਿਕ ਤੌਰ 'ਤੇ ਬਹੁਤ ਛੇਤੀ-ਛੇਤੀ ਨਾ ਤਾਂ ਬਹੁਤ ਜ਼ਿਆਦਾ ਤਬਦੀਲੀ ਆਉਂਦੀ ਸੀ ਅਤੇ 'ਜੈਨਰੇਸ਼ਨ ਗੈਪ' (ਦੋ ਪੀੜੀਆਂ ਵਿਚਲੀ ਸੋਚ ਦਾ ਖੱਪਾ) ਵੀ ਲੰਬੇਰਾ ਸੀ। ਅੱਜ ਕੱਲ ਤਾਂ ਇਹ ਖੱਪਾ ਪੰਜ ਸਾਲ ਦਾ ਹੀ ਰਹਿ ਗਿਆ ਹੈ। ਬਹੁਤੇ ਪੰਜਾਬੀ ਇਸ ਗੱਲੋਂ ਹੀ ਨਿਰਾਸ਼ ਹਨ ਕਿ ਅੱਜ ਚਿੱਠੀਆਂ-ਪੱਤਰਾਂ, ਚਰਖਿਆਂ, ਚਾਦਰਿਆਂ, ਬਲਦ-ਗੱਡੀਆਂ, ਰਹਿਣੀ-ਬਹਿਣੀ ਅਤੇ ਸਮਾਜਿਕ ਸਮਾਗਮਾਂ ਆਦਿ 'ਚ ਆਈ ਤਬਦੀਲੀ ਨੇ ਪੰਜਾਬੀ ਸੱਭਿਆਚਾਰ ਦਾ ਮੂੰਹ-ਮੁਹਾਂਦਰਾ ਹੀ ਬਦਲ ਦਿੱਤਾ ਹੈ। ਇਹ ਚਿੰਤਾਲਾਇਕ ਤਾਂ ਹੈ ਪਰ ਬਹੁਤ ਗੰਭੀਰ ਮਸਲਾ ਨਹੀਂ। ਅਸਲ ਮੁੱਦੇ ਤਾਂ ਹੋਰ ਹਨ ਜਿਨ੍ਹਾਂ ਦੇ ਨਤੀਜਿਆਂ ਦਾ ਆਉਣ ਵਾਲੇ ਸਮੇਂ 'ਚ ਹਾਲੇ ਪਤਾ ਲੱਗੇਗਾ।

ਫਿਲਾਸਫਰ ਹੇਰਕਲਿਟਸ ਅਨੁਸਾਰ "ਹਰ ਚੀਜ਼ ਵਹਿੰਦੀ ਹੈ, ਹਰ ਚੀਜ਼ ਬਦਲਦੀ ਹੈ।" ਭਾਵ ਦੁਨੀਆਂ ਅਹਿਲ ਖੜੀ ਹੋਈ ਨਹੀਂ, ਇਹ ਸਦੀਵੀ ਤੌਰ 'ਤੇ ਵਿਕਸਤ ਹੰਦੀ ਰਹਿੰਦੀ ਹੈ। ਆਵਾਜਾਈ ਦੇ ਸਾਧਨਾਂ 'ਚ ਬੇਹੱਦ ਤਰੱਕੀ ਹੋਈ ਹੈ। ਦਿਨਾਂ ਦਾ ਸਫਰ ਘੰਟਿਆਂ 'ਚ ਤਹਿ ਹੋਣ ਲੱਗਾ ਅਤੇ ਘੰਟਿਆਂ ਦਾ ਸਫਰ ਮਿੰਟਾਂ 'ਚ। ਪਦਾਰਥਕ ਪੱਧਰ 'ਤੇ ਹੋਈ ਤਰੱਕੀ ਦੇ ਨਾਲ-ਨਾਲ ਮਾਨਸਿਕ/ਵਿਚਾਰਕ ਪੱਧਰ 'ਤੇ ਹੋਏ ਵਿਕਾਸ ਨੇ ਮਨੁੱਖ ਨੂੰ ਵਧੇਰੇ ਸੂਝਵਾਨ ਬਣਾ ਦਿੱਤਾ ਹੈ। ਮੌਜੂਦਾ ਬੱਚਿਆਂ ਦੀ ਸਧਾਰਣ ਬੁੱਧੀ ਦੀ ਤੁਲਨਾ ਦਸ-ਵੀਹ ਸਾਲ ਪਹਿਲਾਂ ਜੰਮੇ ਬੱਚਿਆਂ ਨਾਲ ਕਰਕੇ ਦੇਖੋ, ਹੈਰਾਨ ਹੋਵੋਗੇ। "ਅੱਜ ਪੰਜ ਸਾਲ ਦੇ ਬੱਚੇ ਨੂੰ ਜਿੰਨੀ 'ਅਕਲ' ਹੈ, ਏਨੀ ਪਹਿਲਾਂ 12-13 ਸਾਲ ਦੇ ਜੁਆਕ ਨੂੰ ਵੀ ਨਹੀਂ ਸੀ" ਅਜਿਹੇ ਫਿਕਰੇ ਆਮ ਹੀ ਬਜ਼ੁਰਗਾਂ ਤੋਂ ਸੁਣਨ ਨੂੰ ਮਿਲ ਜਾਂਦੇ ਹਨ। ਤਰੱਕੀ ਅਤੇ ਸਮਝ/ਅਕਲ ਦਾ ਆਪਸੀ ਰਿਸ਼ਤਾ ਹੈ। ਜਿਸ ਸਮਾਜਿਕ ਦਾਇਰੇ ਦਾ ਸੱਭਿਆਚਾਰ ਤਰੱਕੀਪਸੰਦ ਨਹੀਂ ਹੋਵੇਗਾ, ਉੱਥੇ ਸੋਚ ਵੀ ਸੀਮਤ ਰਹਿੰਦੀ ਹੈ। ਇਸ ਦੀ ਇਕ ਚੰਗੀ ਉਦਾਹਰਣ ਮੱਧ ਏਸ਼ੀਆਂ ਅਤੇ ਅਫਰੀਕਾ ਖਿੱਤੇ ਦੇ ਕਈ ਕੱਟੜਵਾਦੀ ਮੁਸਲਿਮ ਦੇਸ਼ ਹਨ ਜਿੱਥੇ ਨਾ ਤਾਂ ਸੋਚ ਵਿਕਾਸਸ਼ੀਲ ਮੁਲਕਾਂ ਬਰਾਬਰ ਵਿਕਸਿਤ ਹੋਈ ਹੈ ਅਤੇ ਨਾ ਹੀ ਸੰਚਾਰ ਸਾਧਨ ਵਿਕਸਤ ਹੋਏ ਹਨ।

ਹੁਣ ਜੇਕਰ ਪੰਜਾਬ ਦੇ ਸੰਦਰਭ 'ਚ ਗੱਲ ਕਰੀਏ ਤਾਂ ਪੰਜਾਬੀ ਬੰਦਾ ਦੁਨੀਆਂ ਦੇ ਤਕਰੀਬਨ ਹਰੇਕ ਖਿੱਤੇ 'ਚ ਵਸਿਆਂ ਹੋਇਆ ਹੈ। ਜਦੋਂ ਤੱਕ ਸੰਚਾਰ ਸਾਧਨ ਸੀਮਤ ਸਨ ਪੰਜਾਬ 'ਚ ਵਸਣ ਵਾਲੇ ਅਤੇ ਕੈਨੇਡਾ-ਅਮਰੀਕਾ ਅਤੇ ਯੂਰਪ 'ਚ ਰਹਿਣ ਵਾਲੇ ਪੰਜਾਬੀਆਂ 'ਚ ਹੀ ਅੰਤਾਂ ਦਾ ਫਰਕ ਸਾਫ ਨਜ਼ਰ ਆਉਂਦਾ ਸੀ। ਮੇਰੇ ਯਾਦ ਹੈ 13-14 ਸਾਲ ਪਹਿਲਾਂ ਕੈਨੇਡਾ ਤੋਂ ਆਏ ਆਪਣੇ ਮਾਮਾ ਜੀ ਕੋਲ 'ਪਲਾਸਟਿਕ ਮਨੀ' (ਏਟੀਐਮ ਕਾਰਡ, ਕਰੈਡਿਟ ਕਾਰਡ) ਦੇਖਕੇ ਅਸੀਂ ਕਾਫੀ ਅਚੰਭਿਤ ਹੋਏ ਸੀ। ਉਨ੍ਹਾਂ ਮੁਲਕਾਂ ਦਾ ਗੀਤ-ਸੰਗੀਤ, ਗਾਣਿਆਂ ਦੇ ਵਿਡੀਓ, ਫਿਲਮਾਂ ਵੀ ਸਾਡੇ ਲਈ ਉਤਸੁਕਤਾ ਦਾ ਇਕ ਵੱਡਾ ਕਾਰਣ ਸੀ। ਤਰੱਕੀ ਵਾਲੇ ਮੁਲਕਾਂ 'ਚ ਰਿਸ਼ਤਿਆਂ ਦੀ ਖੁੱਲ੍ਹ ਸੁਣਕੇ ਅੱਖਾਂ ਅੱਡੀਆਂ ਰਹਿ ਜਾਣੀਆਂ। ਉਨਾਂ ਮੁਲਕਾਂ ਦੇ ਪਹਿਰਾਵੇ ਅਤੇ ਖਾਣਿਆਂ ਬਾਰੇ ਪੰਜਾਬ ਵਾਸੀਆਂ ਨੇ ਇੰਝ ਗੱਲਾਂ ਕਰਨੀਆਂ ਜਿਵੇਂ ਇੰਦਰ-ਲੋਕ ਹੋਵੇ। ਇੱਕੋ ਥਾਂ (ਸ਼ਾਪਿੰਗ ਮਾਲ) 'ਸਭ ਕੁਝ' ਮਿਲ ਜਾਣ ਦੀਆਂ ਗੱਲਾਂ ਜਦੋਂ ਵਿਦੇਸ਼ੀ ਪੰਜਾਬੀਆਂ ਨੇ ਸੁਣਾਣੀਆਂ ਤਾਂ ਇਹ ਗੱਲਾਂ ਕਿਸੇ ਪਰੀ ਲੋਕ ਜਾਂ ਅਲੀ ਬਾਬੇ ਦੀ ਗੁਫਾ ਤੋਂ ਘੱਟ ਨਾ ਲੱਗਣੀਆਂ। ਕਹਿਣ ਤੋਂ ਭਾਵ ਕਿ ਜੋ ਕੁਝ ਵਿਕਾਸਸ਼ੀਲ ਮੁਲਕਾਂ 'ਚ ਸੀ ਜਾਂ ਹੈ cਹੋ ਕੁਝ ਅੱਜ ਭਾਰਤ, ਪੰਜਾਬ 'ਚ ਵੀ ਉਪਲੱਬਧ ਹੈ। ਇਸ ਸਾਰੇ ਵਰਤਾਰੇ 'ਚ ਸੰਚਾਰ ਸਾਧਨਾਂ ਦੀ ਵੱਡੀ ਤੇ ਅਹਿਮ ਭੂਮਿਕਾ ਹੈ। ਸੰਚਾਰ ਸਾਧਨਾਂ ਦੇ ਵਿਕਾਸ ਦੇ ਸਿੱਟੇ ਵੱਜੋਂ ਸੂਚਨਾਵਾਂ, ਜਾਣਕਾਰੀਆਂ ਅਤੇ ਦੁਨੀਆਂ ਭਰ ਦੇ ਸੱਭਿਆਚਾਰਾਂ ਤੇ ਸਮਾਜਾਂ ਨੂੰ ਸਮਝਣ 'ਚ ਸੌਖ ਹੋ ਗਈ ਹੈ।

ਚਿੰਤਾ ਜੇਕਰ ਹੈ ਤਾਂ ਉਹ ਇਸ ਗੱਲ ਦੀ ਕਿ ਸੰਚਾਰ ਸਾਧਨਾਂ ਦੀ ਤਰੱਕੀ ਨਾਲ ਸਾਡੇ ਸਮਾਜ ਵਿਚ ਅਤੇ ਖਾਸ ਤੌਰ 'ਤੇ ਸੱਭਿਆਚਾਰ 'ਚ ਜੋ ਤਬਦੀਲੀ ਆਈ ਹੈ ਉਹ ਕਿੱਥੋਂ ਤੱਕ ਪ੍ਰਵਾਨ ਕਰਨ ਯੋਗ ਹੈ ਅਤੇ ਇਸਦੇ ਭਵਿੱਖ 'ਚ ਕੀ ਸਿੱਟੇ ਨਿਕਲਣਗੇ? ਕੀ ਅੱਜ ਵੀ ਏਨੀ ਤਰੱਕੀ ਦੇ ਬਾਵਜੂਦ ਪੰਜਾਬੀਆਂ 'ਚ 'ਸ਼ਰਮ' ਬਾਕੀ ਹੈ ਜਾਂ ਨਹੀਂ, ਭਾਵੇਂ ਇਹ ਬਜ਼ੁਰਗਾਂ ਦੀ ਅੱਖ ਦੀ ਹੋਵੇ ਜਾਂ ਵਿਰੋਧੀ ਲਿੰਗ ਦੀ? (ਸ਼ਰਮ ਪੰਜਾਬੀਆਂ ਦੇ ਸੱਭਿਆਚਾਰ ਦਾ ਵਿਸ਼ੇਸ਼ ਲੱਛਣ ਤੇ ਗਹਿਣਾ ਹੈ) ਕੀ ਆਮ ਪੰਜਾਬੀ ਨੇ ਤਰੱਕੀ ਵਾਲੇ ਦੇਸ਼ਾਂ 'ਚ ਜਾ ਕੇ ਵੀ ਆਪਣਾ ਇਹ ਗਹਿਣਾ ਸੰਭਾਲ ਕੇ ਰੱਖਿਆ ਹੈ ਅਤੇ ਉਨਾਂ ਮੁਲਕਾਂ 'ਚ ਜੰਮੀ ਪੀੜੀ ਨੇ ਵੀ ਇਸਨੂੰ ਸਵਿਕਾਰਿਆਂ ਹੈ? ਜਿੰਨਾ ਨਿੰਦਣਯੋਗ ਵਿਗਾੜ ਸਾਡੇ ਗੀਤ-ਸੰਗੀਤ 'ਚ ਆ ਚੁੱਕਾ ਹੈ ਉਸ ਤੋਂ ਵੀ ਭੈੜਾ ਹਾਲ ਰਿਸ਼ਤਿਆਂ ਦਾ ਹੈ! ਸ਼ਬਰ-ਸੰਤੋਖ ਖਤਮ ਹੁੰਦਾ ਜਾ ਰਿਹਾ ਹੈ, ਜਿੱਧਰ ਦੇਖੋ ਕਾਹਲ ਹੀ ਕਾਹਲ। ਬੋਲੀ, ਪਹਿਰਾਵੇ, ਰੀਤੀ-ਰਿਵਾਜ਼, ਆਦਰ-ਮਾਣ, ਤਹਿਜ਼ੀਬ, ਹਲੀਮੀ ਆਦਿ 'ਚ ਸੰਚਾਰ ਸਾਧਨਾਂ ਦੀ ਤਰੱਕੀ ਕਰਕੇ ਅੰਤਾਂ ਦਾ ਬਦਲਾਅ ਆਇਆ ਹੈ। ਪੰਦਰਾਂ ਤੋਂ ਬਾਈ ਸਾਲ ਦੀ ਉਮਰ ਵਰਗ ਦਾ ਇਕ ਅਜਿਹਾ 'ਨੌਜਵਾਨ ਧੜਾ' ਸਾਹਮਣੇ ਆ ਚੁੱਕਾ ਹੈ ਜੋ ਆਧੁਨਿਕ ਸੰਚਾਰ ਸਾਧਨਾਂ (ਆਈ ਫੋਨ, ਐਂਡਰਾਇਡ ਮੋਬਾਈਲ ਫੋਨ, ਟੈੱਬਲਾਇਡ, ਇੰਟਰਨੈੱਟ, ਟੀ.ਵੀ. ਆਦਿ) ਤੋਂ ਪੂਰੀ ਤਰਾਂ ਪ੍ਰਭਾਵਿਤ ਹੈ।

ਸਮੇਂ ਨਾਲ ਆਏ ਬਦਲਾਅ ਨੂੰ ਉਸ ਹੱਦ ਤੱਕ ਜ਼ਰੂਰ ਸਵੀਕਾਰਨਾ ਚਾਹੀਦਾ ਹੈ ਜਿਸ ਨਾਲ ਜੀਵਨ ਸੁਧਾਰਮਈ ਹੋਵੇ। ਉਂਝ ਵੀ ਬਦਲਾਅ ਤੋਂ ਬਚਣ ਦਾ ਮਤਲਬ ਹੈ ਸਮੇਂ ਦੀ ਰਫਤਾਰ ਤੋਂ ਪਿੱਛੇ ਰਹਿ ਜਾਣਾ। ਅਸਲ 'ਚ ਸੱਭਿਆਚਾਰ ਵੀ ਲੋਕਾਂ ਨੂੰ ਜਿਊਣ ਢੰਗ ਹੀ ਸਿਖਾਉਂਦਾ ਹੈ। ਹਰ ਮਸਲੇ ਨੂੰ ਇਕੱਲੇ-ਇਕੱਲੇ ਰੂਪ 'ਚ ਵਿਚਾਰਨਾਂ ਮੁਸ਼ਕਿਲ ਹੈ, ਪਤਾ ਸਭ ਨੂੰ ਹੈ ਕਿ ਵਾਪਰ ਕੀ ਰਿਹਾ ਹੈ, ਬਸ ਅਸੀਂ ਸਾਰੇ ਉਸ ਕਬੂਤਰ ਵਾਂਗ ਅੱਖਾਂ ਮੀਚੀ ਬੈਠੇ ਹਾਂ ਕਿ ਬਿੱਲੀ ਸਾਨੂੰ ਦਿਖ/ਦੇਖ ਨਹੀਂ ਰਹੀ। ਹਰ ਖੇਤਰ 'ਚ ਆਏ ਵਿਗਾੜ ਨੂੰ ਅਸੀਂ ਭਲੀ-ਭਾਂਤ ਜਾਣਦੇ ਹਾਂ। ਜ਼ਰੂਰਤ ਹੈ ਇਸਤਰੀ ਜ੍ਰਾਗਤੀ ਮੰਚ ਵਾਂਗ ਇਕਮੁੱਠ ਹੋਣ ਦੀ ਅਤੇ ਖਰਾਬੀਆਂ ਕਰਨ ਵਾਲਿਆਂ ਵਿਰੁੱਧ ਆਵਾਜ਼ ਉਠਾਉਣ ਦੀ।(ਅਸ਼ਲੀਲ ਗਾਇਕਾਂ ਖਿਲਾਫ ਇਸ ਮੰਚ ਦੀਆਂ ਔਰਤਾਂ ਨੇ ਸੂਬਾ ਪੱਧਰੀ ਧਰਨੇ ਮਾਰੇ ਹਨ) ਕਿਉਂ ਨਾ ਵਿਕਾਸ ਨੂੰ ਜ਼ਿੰਦਗੀ ਸਵਰਗ ਬਣਾਉਣ ਲਈ ਵਰਤੀਏ!ਵਿਆਪਕ ਪੱਧਰ 'ਤੇ ਸੁਧਾਰ ਤਾਂ ਹੀ ਹੁੰਦਾ ਹੈ ਜੇਕਰ ਇਸਦੀ ਸ਼ੁਰੂਆਤ ਨਿੱਜੀ ਪੱਧਰ ਤੋਂ ਕੀਤੀ ਜਾਵੇ।

 ਨਰਿੰਦਰ ਪਾਲ ਸਿੰਘ ਜਗਦਿਓ
ਲੇਖ਼ਕ ਅੱਜਕਲ੍ਹ ਪੰਜਾਬ ਸਰਕਾਰ ਦੇ 'ਅਸਿਸਟੈਂਟ ਪਬਲਿਕ ਰਿਲੇਸ਼ਨ ਅਫਸਰ' ਹਨ।

ਸਰਬਸੰਮਤੀ ਨਾਲ ਹੋਈ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਚੋਣ


ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ ਕੈਨੇਡਾ ਦੀ ਸਲਾਨਾ ਚੋਣ ਪ੍ਰੋਗਰੈਸਿਵ ਕਲਚਰਲ ਸੈਂਟਰ # 126-7536-130 ਸਟਰੀਟ ਵਿਖੇ ਕਰਵਾਈ ਗਈ।ਮਿਥੇ ਸਮੇਂ ਅਨੁਸਾਰ ਚੋਣ ਕਾਰਵਾਈ ਸ਼ੁਰੂ ਕਰਦਿਆਂ ਅਤੇ ਸਭਨੂੰ ਜੀ ਆਇਆਂ ਕਹਿੰਦਿਆਂ ਪ੍ਰਧਾਨ ਅਵਤਾਰ ਬਾਈ ਨੇ ਸੁਸਾਇਟੀ ਦੇ ਉਦੇਸ਼ਾਂ 'ਤੇ ਮਹੱਤਤਾ ਬਾਰੇ ਦੱਸਿਆ, ਗੁਰਮੇਲ ਗਿੱਲ ਨੇ ਸੁਸਾਇਟੀ ਦਾ ਸੰਵਿਧਾਨ ਪੜ੍ਹਕੇ ਸੁਣਾਇਆ ਅਤੇ ਸੁਸਾਇਟੀ ਦੀ ਸਥਾਈ ਮੈਂਬਰਸ਼ਿੱਪ ਅਤੇ ਹਮਦਰਦ ਮੈਂਬਰਸ਼ਿੱਪ ਹਾਸਲ ਕਰਨ ਬਾਰੇ ਵਿਸਥਾਰ ਨਾਲ ਦੱਸਦਿਆਂ ਨਵੇਂ ਆਏ ਮੈਂਬਰਾਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਮੈਂਬਰਸ਼ਿੱਪ ਭਰਨ ਲਈ ਅਪੀਲ ਕੀਤੀ।ਉਪਰੰਤ ਪ੍ਰਮਿੰਦਰ ਕੌਰ ਸਵੈਚ ਨੇ ਪਿਛਲੇ ਸਾਲ ਦੀ ਰਿਪੋਰਟ ਪੇਸ਼ ਕੀਤੀ ਜਿਸਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।ਉਪਰੰਤ ਪਿਛਲੀ ਕਮੇਟੀ ਭੰਗ ਕਰਨ ਦਾ ਐਲਾਨ ਕੀਤਾ ਗਿਆ ਅਤੇ ਨਵੀਂ ਚੋਣ ਕਰਵਾਉਣ ਲਈ ਨਛੱਤਰ ਸਿੰਘ ਗਿੱਲ 'ਤੇ ਇਕਬਾਲ ਪੁਰੇਵਾਲ ਨੂੰ ਨਵੀਂ ਚੋਣ ਕਰਾਉਣ ਲਈ ਬੇਨਤੀ ਕੀਤੀ ਗਈ।ਨਛੱਤਰ ਸਿੰਘ ਗਿੱਲ ਅਤੇ ਇਕਬਾਲ ਪੁਰੇਵਾਲ ਨੇ ਚੋਣ ਬੜੇ ਹੀ ਸੁਚੱਜੇ ਢੰਗ ਨਾਲ ਕਰਵਾਈ।ਸਰਬ ਸੰਮਤੀ ਨਾਲ ਕੀਤੀ ਗਈ ਚੋਣ ਵਿੱਚ ਇੱਕ ਵਾਰ ਫੇਰ ਅਵਤਾਰ ਬਾਈ ਨੂੰ ਪ੍ਰਧਾਨ ਗੁਰਮੇਲ ਗਿੱਲ ਨੂੰ ਮੀਤ ਪ੍ਰਧਾਨ, ਪ੍ਰਮਿੰਦਰ ਕੌਰ ਸਵੈਚ ਨੂੰ ਸਕੱਤਰ, ਜਸਵਿੰਦਰ ਹੇਅਰ ਨੂੰ ਮੀਤ ਸਕੱਤਰ ਅਤੇ ਹਰਪਾਲ ਗਰੇਵਾਲ ਨੂੰ ਖਜਾਨਚੀ ਚੁਣਿਆ ਗਿਆ।ਅਵਤਾਰ ਬਾਈ ਹੋਰਾਂ ਨੇ ਚੋਣ ਤੋਂ ਬਾਅਦ ਐਗ਼ਜ਼ੈਕਟਿਵ ਕਮੇਟੀ ਮੈਂਬਰਾਂ ਦੀ ਚੋਣ ਲਈ ਵਲੰਟੀਅਰਾਂ ਨੂੰ ਖੁਦ ਅੱਗੇ ਆਉਣ ਦਾ ਸੱਦਾ ਦਿੱਤਾ ਜਿਸ ਵਿੱਚ ਕੁਲਵੀਰ ਮੰਗੂਵਾਲ, ਤੇਜਾ ਸਿੰਘ ਸਿੱਧੂ, ਪ੍ਰਮਜੀਤ ਕੌਰ ਗਿੱਲ, ਹਰਵਿੰਦਰ ਕੌਰ ਕਿੰਗਰਾ, ਇੰਦਰਜੀਤ ਸਿੰਘ ਧਾਲੀਵਾਲ ਅਤੇ  ਹਰਦੀਪ ਸਿੰਘ ਗਿੱਲ ਚੁਣੇ ਲਏ ਗਏ।ਅੱਜ ਦੀ ਮੀਟਿੰਗ ਵਿੱਚ ਹਾਜਰ ਮੈਂਬਰਾਂ ਵਿੱਚ ਜਿੱਥੇ ਨਵੀਂ ਮੈਂਬਰਸ਼ਿੱਪ ਲੈਣ ਲਈ ਕਾਫੀ ਉਤਸ਼ਾਹ ਸੀ ਉੱਥੇ ਹੀ ਨਵੇਂ ਬਣੇ ਮੈਂਬਰਾਂ ਵਿੱਚ ਜਾਣੇ ਪਹਿਚਾਣੇ ਉੱਘੇ ਵਕੀਲ ਹਰੀ ਸਿੰਘ ਨਾਗਰਾ, ਦੀਦਾਰ ਸਿੰਘ ਮਾਵੀ, ਸੁਖਦੇਵ ਸਿੰਘ ਧਾਲੀਵਾਲ ਲੰਬੀ ਦੇ ਨਾਮ ਖਾਸ ਵਰਣਨ ਯੋਗ ਹਨ।ਹਰੀ ਸਿੰਘ ਨਾਗਰਾ ਨੇ ਨਵੀਂ ਟੀਮ ਨੂੰ ਵਧਾਈ ਦਿੰਤੀ ਅਤੇ ਸੁਸਾਇਟੀ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਮੁੱਢ ਕਦੀਮਾਂ ਤੋਂ ਚੱਲੇ ਆ ਰਹੇ ਅੰਧਵਿਸ਼ਵਾਸ਼ਾਂ ਦੀ ਇਸ ਕਹਾਣੀ ਨੂੰ ਪੂਰੀ ਡਿਟੇਲ ਵਿੱਚ ਬਿਆਨ ਕਰਦਿਆਂ ਵਿਗਿਆਨਕ ਸੋਚ ਤੇ ਅਧਿਆਤਮਵਾਦੀ ਸੋਚ ਦੇ ਸੰਘਰਸ਼ ਦਾ ਬਾ-ਖੂਬੀ ਜਿਕਰ ਕੀਤਾ।ਦਿਦਾਰ ਸਿੰਘ ਮਾਵੀ ਸਮੇਤ ਸਾਰੇ ਹੀ ਨਵੀਂ ਮੈਂਬਰਸ਼ਿੱਪ ਹਾਸਲ ਕਰਨ ਵਾਲੇ ਮੈਂਬਰਾਂ ਨੇ ਪੂਰੇ ਸਹਿਯੋਗ ਦਾ ਭਰੋਸਾ ਦੁਆਇਆ।
         

ਇਸ ਇਕੱਠ ਵਿੱਚ ਇੱਕ ਮਤੇ ਰਾਹੀਂ ਕੈਨੇਡਾ ਦੀ ਮੌਜੂਦਾ ਸਰਕਾਰ ਤੋਂ ਮੰਗ ਕੀਤੀ ਗਈ ਕਿ ਅੰਧਵਿਸ਼ਵਾਸ਼ਾਂ ਨੂੰ ਫੈਲਾਉਣ ਵਾਲੇ ਅਤੇ ਲੋਕਾਂ ਨੂੰ ਲੁੱਟਣ ਵਾਲੇ ਅਜਿਹੇ ਅਖੌਤੀ ਜੋਤਿਸ਼ੀਆਂ, ਤਾਂਤਰਿਕਾਂ, ਨਗ ਧਾਰਨ ਕਰਾਉਣ ਵਾਲਿਆਂ, ਕਸਰਾਂ, ਭੂਤਾਂ ਪ੍ਰੇਤਾਂ, ਜਾਦੂ ਟੂਣੇ ਸਮੇਤ ਅਖੌਤੀ ਬਾਬਿਆਂ, ਸੰਤਾਂ, ਸਵਾਮੀਆਂ ਆਦਿ ਦੇ ਇਸ਼ਤਿਹਾਰਾਂ ਤੇ ਤੁਰੰਤ ਪਾਬੰਦੀ ਲਾਈ ਜਾਵੇ ਜਾਂ ਅਜਿਹੇ ਕਾਨੂੰਨ ਲਾਗੂ ਕੀਤੇ ਜਾਣ ਤਾਕਿ ਕਿਸੇ ਨਾਲ ਅਜਿਹਾ ਧੋਖਾ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾ ਸਕਣ ਕਿਓਂਕਿ ਇਹ ਸਭ ਝੂਠ ਦਾ ਆਸਰਾ ਲੈਕੇ ਲੋਕਾਂ ਨੂੰ ਲਾਲਚ ਅਤੇ ਸਬਜ਼ਬਾਗਾਂ ਰਾਹੀਂ ਗੁੰਮਰਾਹ ਕਰਕੇ ਲੋਕਾਂ ਤੋਂ ਕਰੋੜਾਂ ਡਾਲਰ ਲੁੱਟ ਰਹੇ ਹਨ।ਇਹ ਵੀ ਮੰਗ ਕੀਤੀ ਗਈ ਕਿ ਭਾਰਤ ਸਮੇਤ ਕਿਸੇ ਵੀ ਹੋਰ ਮੁਲਕ 'ਚੋਂ ਆਉਣ ਵਾਲੇ ਅਜਿਹੇ ਪਖੰਡੀਆਂ ਨੂੰ ਵੀਜ਼ੇ ਦੇਣ ਤੇ ਰੋਕ ਲਾਈ ਜਾਵੇ ਜਿੰਨ੍ਹਾਂ ਉੱਪਰ ਪਹਿਲਾਂ ਹੀ ਕਈ ਤਰ੍ਹਾਂ ਦੇ ਦੋਸ਼ ਲੱਗੇ ਹੋਏ ਹਨ ਜਾਂ ਜਿੰਨ੍ਹਾਂ ਦੀਆਂ ਸਮਾਜ ਵਿਰੋਧੀ ਹਰਕਤਾਂ ਪ੍ਰੈਸ ਅਤੇ ਸੋਸ਼ਲ ਨੈੱਟਵਰਕ ਉੱਪਰ ਨਸ਼ਰ ਹੋ ਚੁੱਕੀਆਂ ਹਨ।ਅਜਿਹਾ ਕਰਨਾ ਜਿੱਥੇ ਸਰਕਾਰ ਦਾ ਫਰਜ ਹੈ ਉੱਥੇ ਅਜਿਹੇ ਕਾਨੂੰਨ ਲਾਗੂ ਕਰਨ ਨਾਲ ਸੂਝਵਾਨ ਲੋਕਾਂ ਵਿੱਚ ਸਰਕਾਰ ਦਾ ਅਕਸ ਵਧੀਆ ਬਣ ਸਕਦਾ ਹੈ।


ਇੱਕ ਹੋਰ ਮਤੇ ਰਾਹੀਂ ਪੰਜਾਬ ਸਰਕਾਰ ਦੇ ਉਸ ਫੈਸਲੇ ਦੀ ਸਖਤ ਅਲੋਚਨਾ ਕੀਤੀ ਗਈ ਜਿਸ ਅਨੁਸਾਰ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਇਹ ਐਲਾਨਿਆ ਗਿਆ ਹੈ ਕਿ ਪੰਜ ਲੱਖ, ਸੱਤ ਲੱਖ, ਅਤੇ ਦਸ ਲੱਖ ਰੁਪਏ ਦੇ ਕੇ ਕੋਈ ਵੀ ਆਪਣੇ ਪਿੰਡ ਜਾਂ ਸ਼ਹਿਰ ਦੇ ਸਕੂਲ਼ ਜਾਂ ਕਾਲਜ ਦਾ ਨਾਮ ਆਪਣੇ ਕਿਸੇ ਪ੍ਰਵਾਰ ਦੇ ਮੈਂਬਰ ਦੇ ਨਾਮ ਤੇ ਰਖਵਾ ਸਕਦਾ ਹੈ।ਇਹ ਬਹੁਤ ਹੀ ਗੈਰ ਵਿਗਿਆਨਕ ਅਤੇ ਅਢੁੱਕਵਾਂ ਐਲਾਨ ਸਿਰਫ ਪੈਸੇ ਵਾਲੇ ਅਮੀਰ ਲੋਕਾਂ ਲਈ ਰਾਖਵਾਂ ਕਰ ਦਿੱਤਾ ਗਿਆ ਹੈ ਜਿੰਨ੍ਹਾਂ ਨੇ ਇਹ ਧਨ ਭਾਵੇਂ ਕਿਸੇ ਵੀ ਜਾਇਜ਼ / ਨਜਾਇਜ਼ ਤਰੀਕਿਆਂ ਰਾਹੀਂ ਕਮਾਇਆ ਹੋਵੇ ਜਦੋਂ ਕਿ ਪਹਿਲਾਂ ਇਹ ਮਾਣ ਦੇਸ਼ ਲਈ ਕੁਰਬਾਨੀਆਂ ਦੇਣ ਵਾਲਿਆਂ, ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੀਆਂ ਉੱਘੀਆਂ ਸ਼ਖਸ਼ੀਅਤਾਂ ਨੂੰ ਦਿੱਤਾ ਜਾਂਦਾ ਸੀ।ਇਸ ਐਲਾਨ ਨੇ ਸੂਝਵਾਨ ਲੋਕਾਂ ਦੇ ਹਿਰਦਿਆਂ ਨੂੰ ਬਹੁਤ ਠੇਸ ਪਹੁੰਚਾਈ ਹੈ।ਇਸ ਲਈ ਇਹ ਐਲਾਨ ਤੁਰੰਤ ਵਾਪਸ ਲਿਆ ਜਾਵੇ।ਇੱਕ ਹੋਰ ਮਤੇ ਰਾਹੀਂ ਜੀ-੨੦ ਦੇਸ਼ਾਂ ਬਾਰੇ ਉਸ ਰਿਪੋਰਟ ਤੇ ਡੂੰਘੇ ਦੁੱਖ ਦਾ ਇਜਹਾਰ ਕੀਤਾ ਗਿਆ ਜਿਸ ਵਿੱਚ ਔਰਤਾਂ ਵਿਰੁੱਧ ਜੁਰਮ ਵਿੱਚ ਭਾਰਤ ਇੰਨ੍ਹਾਂ ੨੦ ਦੇਸ਼ਾਂ ਵਿੱਚੋਂ ਸਭ ਤੋਂ ਹੇਠਲੇ ਥਾਂ ਤੇ ਹੈ।ਆਪਣੇ ਆਪਨੂੰ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਾਉਣ ਵਾਲੇ ਦੇਸ਼ ਦੇ ਮੂੰਹ ਤੇ ਇਹ ਇੱਕ ਕਾਲਾ ਧੱਬਾ ਹੈ।ਸੁਸਾਇਟੀ ਦੁਨੀਆਂ ਭਰ ਦੇ ਤਰਕਸ਼ੀਲਾਂ 'ਤੇ ਜਮਹੂਰੀਅਤ ਪਸੰਦ ਲੋਕਾਂ ਨੂੰ ਔਰਤ ਦੀ ਇਸ ਭੈੜੀ ਦਸ਼ਾ ਨੂੰ ਬਦਲੇ ਜਾਣ ਲਈ ਅਵਾਜ਼ ਬੁਲੰਦ ਕਰਨ ਦੀ ਅਪੀਲ ਕਰਦੀ ਹੈ।

ਸਰੀ ਤੋਂ ਪਰਮਿੰਦਰ ਸਵੈਚ ਦੀ ਰਿਪੋਰਟ                                        

Friday, June 15, 2012

ਰਾਏਸਿਨਾ ਹਿੱਲਜ਼ ਦੇ ਜੋੜ-ਤੋੜ 'ਚ ਘਿਰੀ ਕਾਂਗਰਸ

ਜਿਨ੍ਹਾਂ ਦਿਨ੍ਹਾਂ 'ਚ ਮੈਂ ਦਿੱਲੀ ਇੱਕ ਨਿਉਜ਼ ਚੈਨਲ 'ਚ ਕੰਮ ਕਰਦਾ ਸੀ, ਉਸ ਵੇਲੇ ਛੁੱਟੀ ਵਾਲੇ ਦਿਨ ਅਸੀਂ ਅਕਸਰ ਘੁੰਮਣ ਲਈ ਰਾਏਸਿਨ੍ਹਾ ਹਿੱਲਜ਼ ਜਾਇਆ ਕਰਦੇ ਸੀ।ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਤੱਕ ਦੀ ਸੜਕ 'ਤੇ ਘੁੰਮਦੇ ਹੋਏ ਮੈਂ ਅਤੇ ਮੇਰੇ ਮਿੱਤਰ, ਹਿੰਦੁਸਤਾਨ ਦੀ ਰਾਜਨਿਤੀ 'ਤੇ ਆਮ ਚਰਚਾ ਕਰਿਆ ਕਰਦੇ ਸੀ।ਪਰ ਉਸ ਇਮਾਰਤ ਦੇ ਬਾਹਰ ਘੁੰਮਦੇ ਹੋਏ ਕੀਤੀ ਚਰਚਾ ਨਾਲੋਂ ਵੱਖਰੀ ਹੈ, ਆਉਣ ਵਾਲੇ ਸਮੇਂ 'ਚ ਰਾਏਸਿਨ੍ਹਾ ਹਿੱਲਜ਼ ਦੇ ਅੰਦਰ ਜਾਣ ਵਾਲੇ ਸ਼ਖਸ ਦੀ ਚਰਚਾ ਨਾਲੋਂ।ਮੁਲਕ ਦੇ 13ਵੇਂ ਰਾਸ਼ਟਰਪਤੀ ਲਈ ਉਮੀਦਵਾਰ ਚੁਣਨ ਲੱਗੇ, ਸਾਰੇ ਹੀ ਸਿਆਸੀ ਦਲਾਂ ਨਾਲ ਜੱਗੋਂ ਤੇਹਰਵੀਂ ਜਿਹੀ ਸਥਿਤੀ ਬਣੀ ਹੋਈ ਹੈ।ਖਾਸ ਕਰ ਕਾਂਗਰਸ ਨਾਲ।ਜੋੜ ਤੋੜ ਦੇ ਦੌਰ 'ਚ ਕਾਂਗਰਸ ਕਿਸੇ ਵੀ ਨਾਂਅ 'ਤੇ ਹਾਲੇ ਕਿਸੇ ਇੱਕ ਫੈਸਲੇ 'ਤੇ ਨਹੀਂ ਪੁੱਜ ਪਾ ਰਹੀ।ਜਾਂ ਇੰਝ ਮੰਨ ਲਿਆ ਜਾਵੇ ਕਿ ਇੱਕ ਜਨਾਨੀ (ਮਮਤਾ ਬੈਨਰਜੀ) ਨੇ ਦੂਜੀ ਜਨਾਨੀ (ਸੋਨੀਆ ਗਾਂਧੀ) ਦੀ ਬੱਸ ਕਰਵਾ ਰੱਖੀ ਹੈ।ਯੂ.ਪੀ.ਏ. ਕਿਸੇ ਇੱਕ ਨਤੀਜੇ 'ਤੇ ਪੁੱਜੇ, ਇਸ ਤੋਂ ਪਹਿਲਾ ਹੀ ਸਹਿਯੋਗੀ ਦਲਾਂ ਦੀ ਬਗਾਵਤ ਸਾਹਮਣੇ ਆ ਜਾਂਦੀ ਹੈ।ਸਭ ਤੋਂ ਪਹਿਲਾਂ ਮਮਤਾ ਵੱਲੋਂ ਮੁਲਾਇਮ ਸਿੰਘ ਨਾਲ ਮਿਲਕੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਨਾਂਅ ਸੁਝਾਇਆ ਗਿਆ।ਮੰਨਿਆ ਇਹ ਜਾ ਰਿਹਾ ਹੈ ਕਿ ਮਮਤਾ-ਮੁਲਾਇਮ ਦੀ ਇਹ ਦੂਰਅੰਦੇਸ਼ੀ ਚਾਲ ਸੀ।ਮਨਮੋਹਨ ਸਿੰਘ ਨੂੰ ਰਾਸ਼ਟਰਪਤੀ ਭਵਨ ਭੇਜਕੇ ਉਹ ਦੋਵੇਂ ਪ੍ਰਧਾਨਮੰਤਰੀ ਦੀ ਕੁਰਸੀ ਖਾਲੀ ਕਰਵਾਉਣਾ ਚਾਹੁੰਦੇ ਸੀ।ਤਾਂ ਜੋ ਸਿਆਸੀ ਬਿਸਾਤ 'ਤੇ ਅਗਲੀ ਚਾਲ ਖੇਡੀ ਜਾ ਸਕੇ।


ਪ੍ਰਣਬ ਮੁਖਰਜੀ ਮਮਤਾ ਦੀ ਪੰਸਦ ਨਹੀਂ ਸੀ।ਪਰ ਵੀਰਵਾਰ ਨੂੰ ਹੀ ਪ੍ਰੈਸ ਕਾਨਫਰੰਸ ਦੌਰਾਨ ਮਮਤਾ ਨੇ ਇੱਕ ਹੋਰ ਦਾਅ ਵੀ ਖੇਡ ਦਿੱਤਾ।ਪ੍ਰਣਬ ਦੀ ਦਾਵੇਦਾਰੀ ਰੱਦ ਕਰਨ ਨਾਲ ਬੰਗਾਲੀ  ਤੋਂ ਨਾਰਾਜ਼ ਨਾ ਹੋ ਜਾਣ, ਇਸ ਲਈ ਉਸ ਦਾ ਵਿਕਲਪ ਮਮਤਾ ਨੇ ਸੋਮਨਾਥ ਚੈਟਰਜੀ ਦੇ ਦਿੱਤਾ।ਅਸਲ 'ਚ ਮਮਤਾ ਬੈਨਰਜੀ ਹੰਢੀ ਹੋਈ ਸਿਆਸਤਦਾਨ ਵਾਗੂੰ ਇੱਕ ਤੀਰ ਨਾਲ ਦੋ ਨਿਸ਼ਾਨੇ ਲਗਾਉਣਾ ਜਾਣਦੀ ਹੈ।ਰਾਸ਼ਟਰਪਤੀ ਉਮੀਦਵਾਰ ਲਈ ਦਬਾਓ ਬਣਾਕੇ ਮਮਤਾ 'ਦੀਦੀ' ਇੱਕ ਤਾਂ ਕੇਂਦਰ ਸਰਕਾਰ ਤੋਂ ਪੱਛਮੀ ਬੰਗਾਲ ਦੇ ਹਿੱਸੇ ਦਾ ਕਰਜ਼ਾ ਮੁਆਫ ਕਰਵਾਉਣਾ ਚਾਹੁੰਦੀ ਹੈ, ਜਿਸ ਨਾਲ ਉਸ ਦੀ ਸੂਬੇ 'ਚ ਪੈਠ ਬਣ ਜਾਵੇਗੀ।

ਦੂਸਰਾ ਨਿਸ਼ਾਨਾ 2014 ਦੀ ਲੋਕ ਸਭਾ ਚੋਣਾਂ।ਕਾਂਗਰਸ 'ਤੇ ਦਬਾਓ ਦੀ ਰਾਜਨੀਤੀ ਨਾਲ ਮਮਤਾ ਆਪਣਾ ਕੱਦ ਯੂ.ਪੀ.ਏ. ਦੇ ਅੰਦਰ ਹੋਰ ਵੱਡਾ ਕਰ ਲਵੇਗੀ।ਵੱਡਾ ਹੋਣ ਦੀ ਇਹੀ ਹੋੜ ਮੁਲਾਇਮ ਸਿੰਘ 'ਤੇ ਵੀ ਭਾਰੀ ਹੈ।ਸੂਬਾਈ ਰਾਜਨੀਤੀ ਬੇਟੇ ਦੇ ਹਵਾਲੇ ਕਰ ਵਿਹਲੇ ਹੋਏ ਮੁਲਾਇਮ ਕੋਲ ਹੁਣ ਕੇਂਦਰ 'ਚ ਭੰਨ-ਤੋੜ ਕਰਨ ਲਈ ਬੁਹਤ ਸਮਾਂ ਹੈ।

ਉਂਝ ਕਾਂਗਰਸ ਲਈ ਜੋ ਮੁਸੀਬਤਾਂ ਮਮਤਾ ਅਤੇ ਮੁਲਾਇਮ ਖੜੇ ਕਰ ਰਹੇ ਹਨ, ਐਨ.ਡੀ.ਏ. ਅਤੇ ਮਾਇਆਵਤੀ ਫਿਲਹਾਲ ਉਸ ਦਾ ਲੁਤਫ ਉਠਾ ਰਹੇ ਹਨ।ਕਿਉਂਕਿ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਨੇ ਵੀ ਉਮੀਦਵਾਰ ਦੇ ਨਾਂਅ 'ਤੇ ਆਪਣੇ ਪੱਤੇ ਨਹੀਂ ਖੋਲੇ ਹਨ।ਹਾਲਾਂਕਿ ਡਾ.ਏ.ਪੀ.ਜੇ.ਅਬਦੁਲ ਕਲਾਮ ਦੇ ਨਾਂਅ 'ਤੇ ਭਾਜਪਾ ਸਹਿਮਤ ਹੈ, ਪਰ ਜਨਤਾ ਦਲ (ਯੂਨਾਇਟਿਡ) ਵਲੋਂ ਕੋਈ ਹੁੰਗਾਰਾ ਨਹੀਂ ਮਿਲ ਸਕਿਆ।'ਕੋਣ ਬਣੇਗਾ ਰਾਸ਼ਟਰਪਤੀ' ਦੀ ਇਸ ਖੇਡ 'ਚ ਮਾਇਆਵਤੀ ਦਾ ਰੁੱਖ ਵੀ ਕਾਫੀ ਕੁਝ ਸਪਸ਼ਟ ਕਰੇਗਾ।ਵੈਸੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਸਾਬਕਾ ਲੋਕ ਸਭਾ ਸਪੀਕਰ ਪੀ.ਏ ਸੰਗਮਾ ਅਤੇ ਮੌਜੂਦਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਦੇ ਨਾਂਅ ਵੀ ਯੂ.ਪੀ.ਏ. ਦੀ ਪ੍ਰਸਤਾਵਿਤ ਸੂਚੀ 'ਚ ਸ਼ੁਮਾਰ ਹਨ।

 ਭਾਰਤ ਦਾ ਰਾਸ਼ਟਰਪਤੀ ਚੁਣਨ ਲਈ ਸੂਬਿਆਂ ਦੀ ਵਿਧਾਨ ਸਭਾ ਦੇ ਵਿਧਾਇਕ, ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾ ਦਾ ਗੁਣਾਂਕ ਮਤਾਂ ਦੀ ਗਿਣਤੀ ਤੈਅ ਕਰਦਾ ਹੈ।ਸਿਰਫ ਕਾਂਗਰਸ ਦੇ ਆਪਣੇ 3,30,485 ਮਤ ਹਨ, ਜਦਕਿ ਆਪਣੀ ਪੰਸਦ ਦਾ ਰਾਸ਼ਟਰਪਤੀ ਬਣਾਉਨ ਲਈ ਕਾਂਗਰਸ ਨੂੰ 5,49,442 ਮਤਾਂ ਦਾ ਜਾਦੂਈ ਆਂਕੜਾ ਹਾਸਲ ਕਰਨਾ ਪਵੇਗਾ, ਇਸ ਦੇ ਉਲਟ ਭਾਜਪਾ ਦੇ ਸਹਿਯੋਗੀ ਰਲਾਕੇ ਯਾਨੀ ਐਨ.ਡੀ.ਏ. ਕੋਲ 3,04,785 ਮਤ ਹਨ।ਯਾਨੀ ਇੱਕਲੀ ਕਾਂਗਰਸ ਪਾਰਟੀ ਨਾਲੋਂ ਵੀ ਘੱਟ।ਅਜਿਹੇ 'ਚ ਗੇਂਦ ਖੱਬੇ ਪੱਖੀਆ ਅਤੇ ਹੋਰਨਾਂ ਸੂਬਾਈ ਪਾਰਟੀਆਂ ਦੇ ਪਾਲੇ 'ਚ ਹੈ।ਜੇਕਰ ਕਾਂਗਰਸ ਅੰਗਰੇਜ਼ੀ ਦੇ ਤਿੰਨ 'ਐਮ' ਯਾਨੀ ਮਮਤਾ, ਮੁਲਾਇਮ ਅਤੇ ਮਾਇਆਵਤੀ ਦਾ ਵਿਸ਼ਵਾਸ ਵੀ ਹਾਸਲ ਕਰ ਲਵੇ, ਤਾਂ ਵੀ ਰਾਸ਼ਟਰਪਤੀ ਲਈ ਲੋੜੀਂਦੇ ਵੋਟ ਨਹੀਂ ਜੁਟਾ ਪਾਵੇਗੀ।

 ਮਤਲਬ ਸਾਫ ਹੈ, ਕਿ ਰਾਏਸਿਨ੍ਹਾ ਹਿਲਜ਼ ਦੀ ਉਚਾਈ ਨੂੰ ਸਰ ਕਰਨ ਲਈ ਕਾਂਗਰਸ ਨੂੰ ਖੱਬੇਪੱਖੀਆਂ 'ਤੇ ਵੀ ਨਿਰਭਰ ਹੋਣਾ ਪਵੇਗਾ।ਪਰ ਕਿ ਇਹ ਸਾਰੇ ਕਾਂਗਰਸ ਨਾਲ ਇੱਕ ਸੁਰ ਹੋ ਪਾਉਣਗੇ।ਕਹਿਣਾ ਮੁਸ਼ਕਿਲ ਹੈ।ਪਰ ਮੈਨੂੰ ਯਾਦ ਹੈ ਮਈ 2004 ਦਾ ਉਹ ਦਿਨ, ਜਦੋਂ ਲੋਕ ਸਭਾ 'ਚ ਬਹੁਮਤ ਹਾਸਲ ਕਰਨ ਵਾਲੀ ਯੂ.ਪੀ.ਏ. ਕੋਲ ਮੌਕਾ ਸੀ ਪ੍ਰਧਾਨ ਮੰਤਰੀ ਚੁਣਨ ਦਾ, ਅਤੇ ਦਾਵੇਦਾਰਾਂ ਦੀ ਲਿਸਟ ਲੰਬੀ ਸੀ, ਪਰ ਸੋਨੀਆ ਗਾਂਧੀ ਦੀ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਹੋ ਰਹੀ ਮੁਖਾਲਫਤ ਦੇ ਬਾਵਜੂਦ ਉਸਨੇ ਸਮਝਦਾਰੀ ਵਿਖਾਉਂਦੇ ਮਨਮੋਹਨ ਸਿੰਘ ਦੇ ਨਾਂਅ 'ਤੇ ਆਪਣਾ ਉਟਰੰਪ ਕਾਰਡ” ਖੇਡਿਆ ਸੀ।

 ਲੇਖਕ ਗੌਤਮ ਕਪਿਲ ਖੰਨਾ 'ਚ ਜ਼ੀ ਨਿਊਜ਼/ਜ਼ੀ ਪੰਜਾਬੀ ਦਾ ਪੱਤਰਕਾਰ ਹੈ।ਲੰਮੇ ਸਮੇਂ ਤੋਂ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ 'ਚ ਕੰਮ ਕਰ ਰਿਹਾ ਹੈ।
Mob-96460 30599

Thursday, June 14, 2012

ਕੈਨੇਡਾ: ਪਲੀ ਦੀ ਪੰਜਾਬੀ ਵਿਕਾਸ ਬਾਰੇ ਬੈਠਕ




ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ ਕੈਨੇਡਾ) ਦੀ ਸਲਾਨਾ (ਏ ਜੀ ਐਮ) ਮੀਟਿੰਗ ਪਿਛਲੇ ਦਿਨੀਂ ਰਿਚਮੰਡ ਵਿਚ ਹੋਈ। ਜਥੇਬੰਦੀ ਦੇ ਆਮ ਕੰਮਾਂ ਦੇ ਨਾਲ ਨਾਲ ਮੈਂਬਰਾਂ ਵਲੋਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਗੱਲਬਾਤ ਕੀਤੀ ਗਈ। ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਗਈ ਕਿ ਪਲੀ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਇਸ ਗੱਲ ਉਤਸ਼ਾਹਤ ਕਰਦੀ ਰਹੇ ਕਿ ਉਹ ਜਿੱਥੇ ਵੀ ਸੰਭਵ ਹੋਵੇ ਸਕੂਲਾਂ ਵਿਚ ਪੰਜਾਬੀ ਜਮਾਤਾਂ ਦੀ ਮੰਗ ਕਰਦੇ ਰਹਿਣ। ਸਰੀ, ਐਬਟਸਫੋਰਡ, ਰਿਚਮੰਡ ਅਤੇ ਬਰਨਬੀ ਵਰਗੇ ਥਾਵਾਂ ਵਿਚ ਕਈ ਅਜਿਹੇ ਸਕੂਲ ਹਨ ਜਿੱਥੇ ਜੇ ਲੋੜ ਜੋਗੇ ਮਾਪੇ ਤੇ ਵਿਦਿਆਰਥੀ ਪੰਜਾਬੀ ਜਮਾਤਾਂ ਦੀ ਮੰਗ ਕਰਨ ਤਾਂ ਇਹ ਜਮਾਤਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਪਲੀ ਸਤੰਬਰ 2012 ਜਦੋਂ ਨਵਾਂ ਸਕੂਲ ਵਰ੍ਹਾ ਸ਼ੁਰੂ ਹੋਵੇ ਤਾਂ ਇਸ ਕੰਮ ਲਈ ਆਪਣੀਆਂ ਕੋਸ਼ਸ਼ਾਂ ਜਾਰੀ ਰੱਖੇਗੀ।

ਇਹ ਗੱਲ ਸਾਂਝੀ ਕੀਤੀ ਗਈ ਕਿ ਪਲੀ ਦੀਆਂ ਲਗਾਤਾਰ ਕੋਸ਼ਸ਼ਾਂ ਦੇ ਬਾਵਜੂਦ ਮਾਪਿਆਂ ਅਤੇ ਵਿਦਿਆਰਥੀਆਂ ਦੀ ਦਿਲਚਸਪੀ ਦੀ ਘਾਟ ਕਾਰਨ ਰਿਚਮੰਡ ਦੇ ਕਿਸੇ ਵੀ ਸਕੂਲ ਵਿਚ ਪੰਜਾਬੀ ਜਮਾਤਾਂ ਚਾਲੂ ਨਹੀਂ ਕਰਵਾਈਆਂ ਜਾ ਸਕੀਆਂ।  ਪਰ, ਇੰਡੀਆ ਕਲਚਰਲ ਸੈਂਟਰ (# 5 ਰੋਡ ਗੁਰਦਵਾਰੇ) ਦੇ ਸਹਿਯੋਗ ਨਾਲ ਪੰਜ ਸਾਲ ਦੀ ਆਯੂ ਤੋਂ ਉੱਪਰ ਦੇ ਤਕਰੀਬਨ 100 ਵਿਦਿਆਰਥੀਆਂ ਵਾਸਤੇ ਪੰਜਾਬੀ ਪੜ੍ਹਾਉਣ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਸਮੇਂ ਨਾਨਕ ਨਿਵਾਸ ਗੁਰਦਵਾਰੇ ਵਿਚ ਵੀ ਹਰ ਐਤਵਾਰ 2 ਤੋਂ ਲੈ ਕੇ 5 ਵਜੇ ਤੱਕ ਪੰਜਾਬੀ ਦੀਆਂ ਛੇ ਜਮਾਤਾਂ ਚਲ ਰਹੀਆਂ ਹਨ। 

ਮੈਂਬਰਾਂ ਨਾਲ ਪਿਛਲੇ ਸਾਲ ਦੀਆਂ ਸਰਗਰਮੀਆਂ ਦੀ ਰੀਪੋਰਟ ਸਾਂਝੀ ਕੀਤੀ ਗਈ ਅਤੇ ਮੈਂਬਰਾਂ ਨੂੰ ਜਥੇਬੰਦੀ ਦੇ ਫੰਡਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਕਿ ਪਲੀ ਵਲੋਂ ਆਉਣ ਵਾਲੇ ਅਕਤੂਬਰ ਦੀ 28 ਤਰੀਕ ਨੂੰ ਸਰੀ ਵਿਚ ਇਕ ਫੰਕਸ਼ਨ ਕੀਤਾ ਜਾਵੇ। ਨਾਲ ਹੀ, ਜੁਲਾਈ ਵਿਚ ਪਲੀ ਵਾਸਤੇ ਇਕ ਫੰਡ ਰੇਜ਼ਿੰਗ ਫੰਕਸ਼ਨ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਪਲੀ ਦੇ ਕੰਮ ਕਾਰ ਚਲਾਉਣ ਵਾਸਤੇ ਸਰਵਸੰਮਤੀ ਨਾਲ ਇਨ੍ਹਾਂ ਵਿਅਕਤੀਆਂ ਨੂੰ ਚੁਣਿਆਂ ਗਿਆ:


ਪ੍ਰਧਾਨ - ਬਲਵੰਤ ਸੰਘੇੜਾ
ਮੀਤ ਪ੍ਰਧਾਨ - ਸਾਧੂ ਬਿਨਿੰਗ
ਸਕੱਤਰ - ਪਰਵਿੰਦਰ ਧਾਰੀਵਾਲ
ਖਜਾਨਚੀ - ਪਾਲ ਬਿਨਿੰਗ
ਡਾਇਰੈਕਟਰ: ਰਜਿੰਦਰ ਪੰਧੇਰ, ਸੁਖਵੰਤ ਹੁੰਦਲ, ਰਣਬੀਰ ਜੌਹਲ, ਰਮਿੰਦਰਜੀਤ ਧਾਮੀ, ਹਰਮੋਹਨਜੀਤ ਪੰਧੇਰ ਤੇ ਸੁਖੀ ਬੈਂਸ


ਸੀਮਾ ਆਜ਼ਾਦ ਤੇ ਵਿਸ਼ਵ ਵਿਜੇ ਨੂੰ ਉਮਰ ਕੈਦ ਦੀ ਨਿਖੇਧੀ


ਜਮਹੂਰੀ ਅਧਿਕਾਰ ਸਭਾ, ਪੰਜਾਬ ਸ਼ਹਿਰੀ ਹੱਕਾਂ ਦੀ ਆਗੂ ਅਤੇ ਪੱਤਰਕਾਰ ਸੀਮਾ ਆਜ਼ਾਦ ਅਤੇ ਉਸ ਦੇ ਪਤੀ ਵਿਸ਼ਵ ਵਿਜੇ ਨੂੰ ਉਮਰ ਕੈਦ ਦੀ ਸਜ਼ਾ ਦੇਣ ਅਤੇ ਭਾਰੀ ਜ਼ੁਰਮਾਨਾ ਕਰਨ ਦੀ ਸਖ਼ਤ ਨਿਖੇਧੀ ਕਰਦੀ ਹੈ। ਇਹ ਸਜ਼ਾ ਅਲਾਹਾਬਾਦ ਦੀ ਇਕ ਹੇਠਲੀ ਅਦਾਲਤ ਵਲੋ ਰਾਜਧ੍ਰੋਹ, ਰਾਜ ਵਿਰੁੱਧ ਜੰਗ ਛੇੜਨ ਅਤੇ ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ (ਯੂ ਏ ਪੀ ਏ) ਤਹਿਤ ਦਿਤੀ ਗਈ ਹੈ। ਯਾਦ ਰਹੇ ਕਿ ਦੋਵਾਂ ਨੂੰ ਦਿੱਲੀ 'ਚ  'ਵਰਲਡ ਬੁੱਕ ਫੇਅਰ' ਤੋਂ ਪਰਤਣ ਸਮੇਂ 6 ਫਰਵਰੀ 2010 ਨੂੰ ਯੂ ਪੀ ਦੀ ਸਪੈਸ਼ਲ ਟਾਸਕ ਫੋਰਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਦ ਵਿਚ 'ਮਾਓਵਾਦੀ ਦਹਿਸ਼ਤਪਸੰਦ' ਕਾਰਵਾਈਆਂ ਦੇ ਮਾਮਲਿਆਂ 'ਚ ਉਲਝਾਉਣ ਲਈ ਇਹ ਕੇਸ ਦਹਿਸ਼ਤਵਾਦ ਵਿਰੋਧੀ ਸੁਕੈਡ ਨੂੰ ਦੇ ਦਿੱਤਾ ਗਿਆ। ਉਨ੍ਹਾਂ ਨੂੰ 'ਖ਼ਤਰਨਾਕ' ਅੱਤਵਾਦੀ ਦਰਸਾ ਕੇ ਜ਼ਮਾਨਤ ਦੀ ਦਰਖ਼ਾਸਤ ਵਾਰ-ਵਾਰ ਰੱਦ ਕੀਤੀ ਜਾਂਦੀ ਰਹੀ।

ਪੀ ਯੂ ਸੀ ਐੱਲ ਦੀ ਮੁੱਖ ਆਗੂ ਸੀਮਾ, ਸ਼ਹਿਰੀ ਆਜ਼ਾਦੀਆਂ/ਜਮਹੂਰੀ ਹੱਕਾਂ ਲਈ ਜੂਝਣ ਵਾਲੀ ਧੜੱਲੇਦਾਰ ਸ਼ਖਸੀਅਤ ਹੈ ਅਤੇ ਸਮਾਜਿਕ, ਸਿਆਸੀ ਮਾਮਲਿਆਂ ਬਾਰੇ ਡੂੰਘੀ ਸੂਝ ਰੱਖਦੀ ਪੱਤਰਕਾਰ ਹੈ। 'ਦਸਤਕ' ਨਾਂ ਦੇ ਰਸਾਲੇ ਰਾਹੀਂ ਅੱਤਵਾਦ ਦੇ ਨਾਂ ਹੇਠ ਮੁਸਲਿਮ ਨੌਜਵਾਨਾਂ ਉੱਪਰ ਜਬਰ, ਯੂ ਪੀ ਵਿਚ ਗੰਗਾ ਐਕਸਪ੍ਰੈੱਸਵੇਅ ਅਤੇ ਵਿਸ਼ੇਸ਼ ਆਰਥਕ ਜ਼ੋਨਾਂ ਰਾਹੀਂ ਲੋਕਾਂ ਦੇ ਹੋਣ ਵਾਲੇ ਉਜਾੜੇ ਅਤੇ ਕਾਰਪੋਰੇਟ ਖੇਤਰ ਅਤੇ ਜ਼ਮੀਨ ਮਾਫ਼ੀਆ ਵਲੋਂ ਹੁਕਮਰਾਨਾਂ ਦੀ ਮਿਲੀ-ਭੁਗਤ ਨਾਲ ਮੁਲਕ ਦੇ ਕੁਦਰਤੀ ਵਸੀਲੇ ਅਤੇ ਜ਼ਮੀਨਾਂ ਹਥਿਆਉਣ ਦਾ ਪਰਦਾਫਾਸ਼ ਕਰਨ 'ਚ  ਉੱਘੀ ਭੂਮਿਕਾ  ਨਿਭਾਣਾ ਉਸ ਦਾ ਕਸੂਰ ਹੈ।


ਇਸ ਕੇਸ ਤੋਂ ਸਪਸ਼ਟ ਹੋ ਗਿਆ ਹੈ ਕਿ ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ (ਯੂ ਏ ਪੀ ਏ) ਅਤੇ ਧਾਰਾ 124-ਏ (ਰਾਜਧ੍ਰੋਹ) ਵਰਗੇ ਕਾਨੂੰਨ ਲੋਕ ਹਿਤਾਂ ਦੇ ਉਲਟ ਅਤੇ ਲੂੱਟ ਕਰਨ ਵਾਲੀ ਧਿਰ ਦੀ ਰਾਖੀ ਲਈ ਹਨ।
 

ਜਮਹੂਰੀ ਅਧਿਕਾਰ ਸਭਾ ਸਮਝਦੀ ਹੈ ਕਿ ਹੁਕਮਰਾਨ ਜਮਾਤ ਦੀਆਂ ਤਬਾਹਕੁੰਨ ਨੀਤੀਆਂ ਦਾ ਜਮਹੂਰੀ ਵਿਰੋਧ ਨਾਗਰਿਕਾਂ ਦਾ ਸੰਵਿਧਾਨਕ ਹੱਕ ਹੈ ਅਤੇ ਇਹ ਪੂਰੀ ਤਰ੍ਹਾਂ ਜਾਇਜ਼ ਸਰਗਰਮੀ ਹੈ। ਪਰ ਹੁਕਮਰਾਨਾਂ ਵਲੋਂ ਲੋਕਾਂ ਦੇ ਹਿਤਾਂ ਦੀ ਰਾਖੀ ਲਈ ਅਜਿਹੀਆਂ ਸਰਗਰਮੀਆਂ ਨੂੰ ਸਰਕਾਰ ਵਿਰੁੱਧ ਜੰਗ ਛੇੜਨ ਦਾ ਨਾਂ ਦੇ ਕੇ ਘੋਰ ਜੁਰਮ ਬਣਾ ਦਿੱਤਾ ਗਿਆ ਹੈ। ਹੁਕਮਰਾਨਾਂ ਅਨੁਸਾਰ ਖੁੱਲ੍ਹੀ ਮੰਡੀ ਦੀ ਹਮਾਇਤ ਹੀ ਦੇਸ਼ਭਗਤੀ ਹੈ ਅਤੇ ਇਸ ਦੀ ਆਲੋਚਨਾ ਦੇਸ਼ਧ੍ਰੋਹ ਹੈ। ਆਏ ਦਿਨ ਜਨਤਕ ਜਮਹੂਰੀ ਕਾਰਕੁੰਨਾਂ ਦੀਆਂ ਗ੍ਰਿਫ਼ਤਾਰੀਆਂ ਅਤੇ ਯੂ ਏ ਪੀ ਏ ਤੇ ਧਾਰਾ 124-ਏ ਤਹਿਤ ਬਣਾਏ ਜਾ ਰਹੇ ਮੁਕੱਦਮੇ ਗੰਭੀਰ ਖ਼ਤਰੇ ਦੀ ਘੰਟੀ ਹਨ ਕਿ ਮੁਲਕ ਨੂੰ ਅਣਐਲਾਨੀ ਐਮਰਜੈਂਸੀ ਵੱਲ ਧੱਕਿਆ ਜਾ ਰਿਹਾ ਹੈ। ਸਭਨਾਂ ਜਮਹੂਰੀ ਤਾਕਤਾਂ ਨੂੰ ਹਾਕਮਾਂ ਦੇ ਜਾਬਰ ਕਦਮਾਂ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਅਤੇ ਇਸ ਰੁਝਾਨ ਨੂੰ ਰੋਕਣ ਲਈ ਜ਼ੋਰਦਾਰ ਵਿਰੋਧ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ। ਸਭਾ ਮੰਗ ਕਰਦੀ ਹੈ ਕਿ ਸੀਮਾ ਆਜ਼ਾਦ ਤੇ ਉਸ ਦੇ ਪਤੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਤੁਰੰਤ ਰੱਦ ਕੀਤੀ ਜਾਵੇ ਅਤੇ ਸਾਰੇ ਜਮਹੂਰੀ ਕਾਰਕੁੰਨਾਂ ਉੱਪਰ ਦਰਜ ਕੀਤੇ ਦੇਸ਼-ਧ੍ਰੋਹ ਦੇ ਕੇਸ ਤੁਰੰਤ ਰੱਦ ਕਰਕੇ ਉਨ੍ਹਾਂ ਨੂੰ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ।


ਜਾਰੀ ਕਰਤਾ:
ਪ੍ਰੋਫੈਸਰ ਜਗਮੋਹਣ ਸਿੰਘ, ਜਨਰਲ ਸਕੱਤਰ (ਫ਼ੋਨ 98140-01836)
ਪ੍ਰੋਫੈਸਰ ਏ ਕੇ ਮਲੇਰੀ ਪ੍ਰੈੱਸ ਸਕੱਤਰ (ਫ਼ੋਨ 98557-00310)