ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, August 30, 2009

ਦਵਾਈ ਕੰਪਨੀਆਂ ਤੇ ਡਾਕਟਰਾਂ ਦੇ ਗੱਠਜੋੜ ਦੁਆਰਾ ਲੋਕਾਂ ਦੀ ਸਿਹਤ ਨਾਲ ਖਿਲਵਾੜ

ਪਿਛਲੇ ਦਿਨੀਂ ਅਖ਼ਬਾਰਾਂ ਵਿੱਚ ਪੀ. ਜੀ. ਆਈ. ਚੰਡੀਗੜ ਦੇ ਦਿਲ ਦੇ ਰੋਗਾਂ ਦੇ ਵਿਭਾਗ ਦੇ ਸਾਬਕਾ ਮੁਖੀ ਤੇ ਸਰਜਨ ਪ੍ਰੋ. ਆਰ. ਐੱਸ ਧਾਲੀਵਾਲ ਨੂੰ ਇੱਕ ਦਵਾਈਆਂ ਦੀ ਦੁਕਾਨ ਦੇ ਮਾਲਕ ਨਾਲ ਰਲ ਕੇ ਮਰੀਜਾਂ ਨੂੰ ਘਟੀਆ ਕਿਸਮ ਦੇ ਵਾਲਵ ਲਗਾਉਣ ਦੇ ਦੋਸ਼ ਵਿੱਚ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾਣ ਦੀ ਖ਼ਬਰ ਕਾਫ਼ੀ ਸੁਰਖੀਆਂ ਵਿੱਚ ਰਹੀ। ਇਸ ਤਰਾਂ ਦੇ ਇੱਕਾ-ਦੁੱਕਾ ਮਾਮਲੇ ਜਿਹਨਾਂ ਵਿੱਚ ਡਾਕਟਰਾਂ ਤੇ ਦਵਾਈਆਂ ਦੀਆਂ ਦੁਕਾਨਾਂ ਨਾਲ ਮਿਲ ਕੇ ਮਰੀਜ਼ਾਂ ਦੀ ਲੱਟ ਕਰਨ ਦੇ ਦੋਸ਼ ਲੱਗਦੇ ਹਨ, ਅਕਸਰ ਹੀ ..ਆਮ ਲੋਕਾਂ ਦੀ ਨਜ਼ਰ ਵਿੱਚ ਆਉਂਦੇ ਰਹਿੰਦੇ ਹਨ। ਇਸ ਤਰਾਂ ਦਾ ਹੀ ਇੱਕ ਵਾਕਿਆ ਅਮਰੀਕਾ ਦੀ ਮਸ਼ਹੂਰ ਹਾਰਵਰਡ ਯੂਨੀਵਰਸਿਟੀ ਵਿਚਲੇ ਫਾਰਮੇਸੀ ਕਾਲਜ ਵਿੱਚ ਹੋਇਆ ਹੈ ਜਿੱਥੇ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਕਾਰਨ ਕਾਲਜ ਦੇ ਸਾਰੇ ਪ੍ਰੋਫੈਸਰਾਂ ਨੂੰ ਵਿਦਿਆਰਥੀਆਂ ਸਾਹਮਣੇ ਆਪਣੇ ਅਲੱਗ-ਅਲੱਗ ਦਵਾ-ਕੰਪਨੀਆਂ ਨਾਲ ਰਿਸ਼ਤਿਆਂ ਦਾ ਖੁਲਾਸਾ ਕਰਨਾ ਪਿਆ, ਜਿਸ ਦੌਰਾਨ ਇੱਕ ਪ੍ਰੋਫੈਸਰ ਨੇ 47 ਵੱਖ-ਵੱਖ ਕੰਪਨੀਆਂ ਨਾਲ ਆਪਣੇ ਰਿਸ਼ਤੇ ਹੋਣ ਬਾਰੇ ਮੰਨਿਆ।

ਹੁਣੇ-ਹੁਣੇ ਹੀ `ਭਾਰਤ ਵਿੱਚ ਸਿਹਤ ਅਤੇ ਵਿਕਾਸ’ ਉੱਤੇ ਇੱਕ ਕਮਿਸ਼ਨ ਦੀ ਰਿਪੋਰਟ ਤੋਂ ਸਾਹਮਣੇ ਆਇਆ ਕਿ ਅਗਸਤ 1997 ਵਿੱਚ ਸਥਾਪਨਾ ਤੋਂ ਬਾਅਦ ਹੁਣ ਤੱਕ ਦਵਾਈਆਂ ਦੀ ਕੀਮਤ ਮਿਥਣ ਵਾਲੀ ਅਥਾਰਟੀ (ਨੈਸ਼ਨਲ ਫਾਰਮਸਿਊਟੀਕਲ ਪਰਾਈਸਿੰਗ ਅਥਾਰਟੀ, ) ਕੋਲ ਦਵਾ-ਕੰਪਨੀਆਂ ਦੁਆਰਾ ਜ਼ਿਆਦਾ ਕੀਮਤ ਵਸੂਲਣ ਦੇ 614 ਮਾਮਲੇ ਦਰਜ ਹੋਏ ਹਨ ਜਿਹਨਾਂ ਅਨੁਸਾਰ 1954.53 ਕਰੋੜ ਰੁਪਏ ਲੋਕਾਂ ਦੀ ਜੇਬ ਵਿੱਚੋਂ ਵਾਧੂ ਵਸੂਲੇ ਗਏ, ਜਿਸ ਵਿੱਚੋਂ ਸਿਰਫ਼ 140.87 ਕਰੋੜ ਰੁਪਏ ਹੀ ਅਜੇ ਤੱਕ ਵਾਪਸ ਲਏ ਜਾ ਸਕੇ ਹਨ ਤੇ ਬਾਕੀ ਮਾਮਲੇ ਹਾਲੇ ਅਦਾਲਤਾਂ ਦੀ ਚਾਰ-ਦੀਵਾਰੀ ਦੇ ਚੱਕਰ ਲਗਾ ਰਹੇ ਹਨ।ਪਰ ਇਹ ਤਿੰਨ ਗੱਲਾਂ ਤਾਂ ਸਮੁੰਦਰ ਵਿੱਚ ਡੁੱਬੇ ਭਿ੍ਰਸ਼ਟਾਚਾਰ ਤੇ ਲੱਟ ਦੇ ਪਹਾੜ ਦਾ ਸਿਰਫ਼ ਟੀਸੀ ਵਾਲਾ ਹਿੱਸਾ ਮਾਤਰ ਹਨ ਜੋ ਕਿ ਹਰ ਸਾਲ ਹੋਰ ਵੱਡਾ-ਹੋਰ ਵੱਡਾ ਹੁੰਦਾ ਜਾਂਦਾ ਹੈ।

ਭਾਰਤ ਜਿਹੇ ਗਰੀਬ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਆਮ ਲੋਕ ਸਿਹਤ ਨਾਲ ਸਬੰਧਿਤ ਖਰਚੇ ਦਾ 90 ਫੀਸਦੀ ਹਿੱਸਾ ਦਵਾਈਆਂ ਖਰੀਦਣ ’ਤੇ ਖਰਚ ਕਰਦੇ ਹਨ, ਇਸ ਤਰਾਂ ਇੱਕ ਆਮ ਆਦਮੀ ਨੂੰ ਸਿਹਤ ਸਹੂਲਤ ਮਿਲ ਪਾਉਂਦੀ ਹੈ ਜਾਂ ਨਹੀਂ, ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਉਹ ਦਵਾਈ ਖਰੀਦ ਪਾਉਂਦਾ ਹੈ ਜਾਂ ਨਹੀਂ। ਇੱਥੇ ਹੀ ਇੱਕ ਹੋਰ ਤੱਥ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਉਹ ਇਹ ਕਿ ਇੱਕ ਸਰਵੇ ਅਨੁਸਾਰ ਵਿਕਾਸਸ਼ੀਲ ਦੇਸ਼ਾਂ ਵਿੱਚ 50 ਫੀਸਦੀ ਦਵਾਈਆਂ ਅਣ-ਉਚਿਤ ਤਰੀਕੇ ਨਾਲ ਮਰੀਜ਼ਾਂ ਨੂੰ ਲਿਖੀਆਂ ਜਾਂਦੀਆਂ ਹਨ ਜਾਂ ਆਮ ਲੋਕ ਕੰਪਨੀਆਂ ਦੇ ਪ੍ਰਚਾਰ ਦੇ ਪ੍ਰਭਾਵ ਹੇਠ ਆ ਕੇ ਆਪਣੇ ਆਪ ਖਰੀਦ ਲੈਦੇ ਹਨ। ਇਸ ਦੀ ਉਘੜਵੀ ਮਿਸਾਲ ਹੈ, 2005 ਵਿੱਚ ਸਿਹਤ ਨਾਲ ਸਬੰਧਿਤ ਰਾਸ਼ਟਰੀ ਕਮਿਸ਼ਨ (ਨੈਸ਼ਨਲ ਕਮਿਸ਼ਨ ਆਨ ਮੈਕਰੋਇਕਨਾਮਿਕ ਐਂਡ ਹੈਲਥ) ਵੱਲੋਂ ਜਾਰੀ ਕੀਤੀ ਦਵਾਈਆਂ ਦੀ ਸੂਚੀ ਹੈ ਜਿਸ ਅਨੁਸਾਰ ਭਾਰਤ ਵਿੱਚ ਵਿਕਣ ਵਾਲੇ ਦਵਾਈਆਂ ਦੇ 25 ਮੁੱਖ ਬਰਾਡਾਂ ਵਿੱਚੋਂ 10 ਗੈਰ-ਵਿਗਿਆਨਕ ਜਾਂ ਗੈਰ-ਜ਼ਰੂਰੀ ਜਾਂ ਇੱਥੋਂ ਤੱਕ ਕਿ ਕੁਝ ਨੁਕਸਾਨਦਾਇਕ ਵੀ ਹਨ। ਵੇਖੋ ਸਾਰਣੀ।


ਦਵਾਈਆਂ ਵਿੱਚੋਂ ਵੱਧ ਤੋਂ ਵੱਧ ਮੁਨਾਫ਼ੇ ਕਮਾਉਣ ਲਈ ਦਵਾ-ਕੰਪਨੀਆਂ ਕਈ ਤਰਾਂ ਦੇ ਹੱਥ ਕੰਡੇ ਅਪਣਾਉਂਦੀਆਂ ਹਨ ਜਿਸ ਵਿੱਚ ਡਾਕਟਰਾਂ ਨੂੰ ਤੋਹਫਿਆਂ ਤੋਂ ਲੈ ਕੇ ਨਵੀਆਂ-ਨਵੀਆਂ ਬਿਮਾਰੀਆਂ ਪੈਦਾ ਕਰਨਾ ਸ਼ਾਮਿਲ ਹੈ। ਅਮੀਰ ਮੁਲਕਾਂ ਵਿੱਚ ਕੰਪਨੀਆਂ ਦੇ ਪ੍ਰਚਾਰ ਤਰੀਕਿਆਂ ਤੇ ਕੁਝ ਨਕੇਲ ਕਸੀ ਜਾਣ ਨਾਲ ਮੁਨਾਫਿਆਂ ਦੀ ਬਾਂਦਰ-ਵੰਡ ਲਈ ਸੰਘਰਸ਼, ਵਿਕਾਸਸ਼ੀਲ ਦੇਸ਼ਾਂ ਵਿੱਚ ਵੱਧ ਭਿਆਨਕ ਰੂਪ ਵਿੱਚ ਸਾਹਮਣੇ ਆਉਣ ਲੱਗਾ ਹੈ ਜਿਥੇ ਸਿਰਫ਼ 1/6 ਦੇਸ਼ਾਂ ਵਿੱਚ ਹੀ ਦਵਾਈਆਂ ’ਤੇ ਕੰਟਰੋਲ ਲਈ ਕੋਈ ਸਰਕਾਰੀ ਸੰਸਥਾਨ ਜਾਂ ਕਾਨੂੰਨ ਹੈ ਅਤੇ ਜਿਥੇ ਇਸ ਤਰਾਂ ਦਾ ਕੋਈ ਸੰਸਥਾਨ ਜਾਂ ਕਾਨੂੰਨ ਹੈ ਵੀ, ਉੱਥੇ ਵੀ ਇਹ ਸੰਸਥਾਨ ਜਾਂ ਕਾਨੂੰਨ ਦਵਾ-ਕੰਪਨੀਆਂ ਨੂੰ ਨੱਥ ਪਾਉਣ ਵਿੱਚ ਵੱਧ ਜਾਂ ਘੱਟ ਨਾਕਾਮ ਰਹਿੰਦੇ ਹਨ। ਮੁਨਾਫ਼ਾ ਕਮਾਉਣ ਲਈ ਇਹ ਕੰਪਨੀਆਂ ਕਿਸ ਹੱਦ ਤੱਕ ਜਾ ਸਕਦੀਆਂ ਹਨ, ਉਸ ਦਾ ਅੰਦਾਜਾ ਇਸ ਤੱਥ ਤੋਂ ਸਹਿਜੇ ਹੀ ਹੋ ਜਾਂਦਾ ਹੈ—2006 ਦੇ ਸਾਲ ਦੌਰਾਨ ਚੀਨ ਵਿੱਚ ਸਰਕਾਰ ਵੱਲੋਂ ਵੱਢੀ ਭਿ੍ਰਸ਼ਟਾਚਾਰ ਵਿਰੋਧੀ ਮੁਹਿੰਮ ਕਾਰਨ ਦਵਾਈਆਂ ਦੇ ਖੇਤਰ ਵਿੱਚ ਵਾਧਾ ਦਰ 20.5 ਫੀਸਦੀ ਤੋਂ ਘੱਟ ਕੇ 12.5 ਫੀਸਦੀ ਰਹਿ ਗਈ ਸੀ, ਕਿਉਂਕਿ ਕੰਪਨੀਆਂ ਦੇ ਡਾਕਟਰਾਂ ਕੋਲ ਜਾ ਕੇ ਪ੍ਰਚਾਰ ਕਰਨ ਤੇ ਕਾਫ਼ੀ ਸਖਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ।

ਹੁਣ ਦਵਾ-ਕੰਪਨੀਆਂ ਤੇ ਡਾਕਟਰਾਂ ਦੇ ਰਿਸ਼ਤੇ ਬਾਰੇ ਕੁਝ ਵਿਸਥਾਰ ਵਿੱਚ ਗੱਲ ਹੋ ਜਾਵੇ। ਕਿਉਂਕਿ ਦਵਾਈਆਂ ਦੇ ਖੇਤਰ ਵਿੱਚ, ਸਿੱਧਾ ਗਾਹਕ (ਮਰੀਜ਼) ਤੱਕ ਇਸ਼ਤਿਹਾਰ ਰਾਹੀਂ ਵਿਕਰੀ ਨਹੀਂ ਵਧਾਈ ਜਾ ਸਕਦੀ (ਭਾਵੇਂ ਕਿ ਕੁਝ ਹੱਦ ਤੱਕ ਇਸ ਤਰਾਂ ਕੀਤਾ ਵੀ ਜਾਂਦਾ ਹੈ ਪਰ ਇਸ ਦਾ ਦਾਇਰਾ ਕਾਫ਼ੀ ਸੀਮਿਤ ਹੈ), ਇਸ ਲਈ ਦਵਾਈਆਂ ਦੀ ਵਿਕਰੀ ਵਧਾਉਣ ਲਈ ਡਾਕਟਰਾਂ ਤੱਕ ਪ੍ਰਚਾਰ ਤੇ ਡਾਕਟਰਾਂ ਦੁਆਰਾ ਵੱਧ ਤੋਂ ਵੱਧ ਦਵਾਈਆਂ ਲਿਖਵਾਉਣਾ ਦਵਾਈਆਂ ਦੀ ਵਿਕਰੀ ਵਧਾਉਣ ਦਾ ਇੱਕ ਪ੍ਰਮੁੱਖ ਜਰੀਆ ਬਣ ਜਾਂਦਾ ਹੈ। ਡਾਕਟਰਾਂ ਨੂੰ ਅੱਗੇ ਦੋ ਵਰਗਾਂ ਵਿੱਚ ਰੱਖਿਆ ਜਾ ਸਕਦਾ ਹੈ – ਪਹਿਲੇ ਵਰਗ ਵਿੱਚ ਪ੍ਰਾਈਵੇਟ ਕੰਮ ਕਰਦੇ ਡਾਕਟਰ, ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਦੇ ਡਾਕਟਰ ਆਉਂਦੇ ਹਨ ਜਿਹੜੇ ਸਿੱਧਾ-ਸਿੱਧਾ ਵਿਕਰੀ ਵਧਾ ਸਕਦੇ ਹਨ ਅਤੇ ਦੂਜੇ ਵਰਗ ਵਿੱਚ ਅਜਿਹੇ ਡਾਕਟਰ-ਪ੍ਰੋਫੈਸਰ ਆਉਂਦੇ ਹਨ ਜਿਹੜੇ ਮਹੱਤਵਪੂਰਨ ਪਦਾਂ ’ਤੇ ਹੁੰਦੇ ਹੋਏ ਨਿਰਧਾਰਿਤ ਕਰਦੇ ਹਨ ਕਿ ਕਿਹੜੀ ਦਵਾਈ ਕਿਸ-ਕਿਸ ਬਿਮਾਰੀ ਲਈ ਦਿੱਤੀ ਜਾ ਸਕਦੀ ਹੈ, ਕਿੰਨੀ ਦੇਰ ਲਈ ਤੇ ਕਿੰਨੀ ਮਾਤਰਾ ਵਿੱਚ ਦਿੱਤੀ ਜਾ ਸਕਦੀ ਹੈ ਤੇ ਕਿਸ-ਕਿਸ ਬਿਮਾਰੀ ਲਈ ਦਵਾਈਆਂ ਦੁਆਰਾ ਇਲਾਜ ਜ਼ਰੂਰੀ ਹੈ ਅਤੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਖੋਜ ਕਾਰਜਾਂ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਵੱਖ-ਵੱਖ ਵਿਸ਼ਿਆਂ ਦੀਆਂ ਪਾਠ-ਪੁਸਤਕਾਂ ਦੇ ਲੇਖਕ ਹੁੰਦੇ ਹਨ।

ਪਹਿਲੀ ਕਿਸਮ ਦੇ ਡਾਕਟਰਾਂ ਤੱਕ ਪਹੁੰਚ ਕਰਨ ਲਈ ਦਵਾ-ਕੰਪਨੀਆਂ `ਮੈਡੀਕਲ ਰੀਪ੍ਰਜੈਂਟੇਟਿਵ (ਨੁਮਾਇੰਦੇ)’ (M.R.) ਦੀ ਇੱਕ ਵੱਡੀ ਫੌਜ ਭਰਤੀ ਕਰਦੀਆਂ ਹਨ। ਇੱਕਲੇ ਅਮਰੀਕਾ ਵਿੱਚ ਇਹਨਾਂ ਦੀ ਗਿਣਤੀ 90,000 ਦੇ ਲਗਭਗ ਹੈ, ਭਾਰਤ ਤੇ ਹੋਰ ਦੇਸ਼ਾਂ ਵਿੱਚ ਇਹਨਾਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੋਣ ਦਾ ਅੰਦਾਜ਼ਾ ਹੈ। ਇਹ ਐਮ. ਆਰ. ਹਰ ਉਸ ਡਾਕਟਰ ਤੱਕ, ਜੋ ਕਿਸੇ ਨਾ ਕਿਸੇ ਤਰੀਕੇ ਨਾਲ ਦਵਾਈ ਦੀ ਵਿਕਰੀ ਵਧਾ ਸਕਦਾ ਹੈ, ਤੱਕ ਪਹੁੰਚ ਕਰਦੇ ਹਨ। ਡਾਕਟਰਾਂ ਨੂੰ ਮਿਲਣ ਦਾ ਬਹਾਨਾ ਇਹ ਬਣਾਇਆ ਜਾਂਦਾ ਹੈ ਕਿ ਉਹ ਡਾਕਟਰਾਂ ਨੂੰ ਨਵੀਆਂ ਦਵਾਈਆਂ ਬਾਰੇ ਤੇ ਨਵੀਆਂ ਖੋਜਾਂ ਬਾਰੇ ਜਾਣੂ ਕਰਵਾਉਂਦੇ ਹਨ ਤੇ ਪੜਨ-ਸਮੱਗਰੀ ਮੁਹੱਈਆ ਕਰਵਾਉਂਦੇ ਹਨ।ਇੱਕ ਕਸ਼ਮੀਰੀ ਅਖਬਾਰ ਅਨੁਸਾਰ – “ਦਵਾ-ਕੰਪਨੀਆਂ ਦੇ ਨੁਮਾਇੰਦੇ ਜਿਹਨਾਂ ਦੀਆਂ ਦਵਾਈਆਂ ਦੇ ਲਾਭਦਾਇਕ ਅਸਰ ਬਾਰੇ ਕੁਝ ਵੀ ਪੱਕਾ ਨਹੀਂ ਹੁੰਦਾ ਹੈ, ਡਾਕਟਰਾਂ ਨੂੰ ਕੈਸ਼, ਫਰਿਜ਼, ਟੀ. ਵੀ., ਲੈਪਟੌਪ, ਮੋਬਾਇਲ ਫੋਨ, ਫੋਨ ਦੇ ਬਿਲ, ਕਾਰਾਂ, ਬੱਚਿਆ ਦੀ ਟਿਊਸ਼ਨ ਫੀਸ ਤੇ ਹੋਰ ਬਹੁਤ ਕੁਝ ਆਫ਼ਰ ਕਰਦੇ ਹਨ।’’ਮੁੰਬਈ ਦੇ ਡਾਕਟਰ ਅਨੁਸਾਰ – ਦਵਾ-ਕੰਪਨੀਆਂ ਦੀ ਸਕੀਮ ਸਿੱਧੀ ਹੈ, 1000 ਸੈਂਪਲ ਵੇਚਣ ਤੇ ਮੋਟੋਰੋਲਾ ਮੋਬਾਇਲ ਸੈੱਟ, 5000 ਸੈਂਪਲ ਵੇਚਣ ਤੇ ਏਅਰ ਕੂਲਰ ਅਤੇ 10,000 ਸੈਂਪਲ ’ਤੇ ਮੋਟਰਸਾਈਕਲ।


ਆਗਾ ਖਾਨ ਯੂਨੀਵਰਸਿਟੀ, ਪਾਕਿਸਤਾਨ ਵਿੱਚ ਮਾਨਸਿਕ ਰੋਗਾਂ ਦੇ ਵਿਭਾਗ ਦੇ ਮੁਖੀ, ਪ੍ਰੋ. ਮੁਰਾਦ ਐੱਮ. ਖਾਨ ਅਨੁਸਾਰ – ਇੱਕ ਕੰਪਨੀ ਦੀ ਮਹਿੰਗੀ ਦਵਾਈ 200 ਮਰੀਜ਼ਾਂ ਨੂੰ ਲਿਖਣ ’ਤੇ ਤੁਹਾਨੂੰ ਇੱਕ ਨਵੀਂ ਨਕੋਰ ਕਾਰ ਇਨਾਮ ਵਿੱਚ ਮਿਲੇਗੀ। ਪ੍ਰੋ. ਖਾਨ, ਇੱਕ ਹੋਰ ਜ਼ਿਕਰ ਵੀ ਕਰਦੇ ਹਨ – ਅਕਤੂਬਰ 2004 ਵਿੱਚ ਲਿਉਂਡਬੈੱਕ (Lundbeck) ਕੰਪਨੀ ਨੇ ਯਾਦਸ਼ਕਤੀ ਘੱਟ ਹੋਣ ਦੀ ਇੱਕ ਬਿਮਾਰੀ (Alzheimer‘s disease) ਲਈ ਆਪਣੀ ਦਵਾਈ ਨੂੰ ਲਾਂਚ ਕਰਨ ਲਈ 70 ਪਾਕਿਸਤਾਨੀ ਡਾਕਟਰਾਂ ਨੂੰ ਬੈਂਕਾਕ ਦੇ ਪੰਜ-ਤਾਰਾਂ ਹੋਟਲ ਵਿੱਚ ਪਾਰਟੀਆਂ ਦਿੱਤੀਆਂ। ਉਹ ਅੱਗੇ ਲਿਖਦੇ ਹਨ – ਕੰਪਨੀ ਇਹ ਖਰਚਾ ਕਿਥੋਂ ਵਸੂਲ ਕਰੇਗੀ? ਦਵਾਈ ਦੀ ਵਿਕਰੀ ਵਧਾ ਕੇ, ਵਿਕਰੀ ਕੌਣ ਵਧਾਏਗਾ? ਉਹ ਡਾਕਟਰ ਜਿਹੜੇ ਬੈਂਕਾਕ ਗਏ ਸਨ, ਜੇਬ ਕਿਸ ਦੀ ਖਾਲੀ ਹੋਵੇਗੀ? ਮਰੀਜ਼ਾਂ ਤੇ ਉਹਨਾਂ ਪਰਿਵਾਰਾਂ ਦੀ, ਬਿਲਕੁਲ ਸਪੱਸ਼ਟ ਤੌਰ ’ਤੇ।’’ਕੀਨੀਆਂ ਦੇ ਮੈਡੀਕਲ ਵਿਦਿਆਰਥੀ, ਰੈਮਰੂਨ ਪੇਜ ਅਨੁਸਾਰ – ਕੁਝ ਮੈਡੀਕਲ ਵਿਦਿਆਰਥੀਆਂ ਦੇ ਚਿੱਟੇ ਕੋਟ ਵੀ ਕੰਪਨੀ ਦੇ ਲੋਗੋ ਵਾਲੇ ਹਨ….. ਇਹ ਤਾਂ ਹੱਦ ਹੀ ਹੋ ਗਈ ਹੈ

ਇਸ ਤੋਂ ਇਲਾਵਾ ਦਵਾ-ਕੰਪਨੀਆਂ ਦੇ ਸੇਲਜਮੈਨ (ਐਮ. ਆਰ.) ਵੱਖ-ਵੱਖ ਧਾਰਮਿਕ-ਸਮਾਜਿਕ ਤਿਉਹਾਰਾਂ ਦੇ ਮੌਕੇ ’ਤੇ, ਨਵੇਂ ਸਾਲ ਦੇ ਮੌਕੇ ’ਤੇ, ਡਾਕਟਰਾਂ ਅਤੇ ਉਹਨਾਂ ਦੇ ਬੱਚਿਆ ਦੇ ਜਨਮ-ਦਿਨਾਂ ’ਤੇ ਤੋਹਫੇ ਦੇਣ ਦਾ ਬਾਖੂਬੀ ਪ੍ਰਬੰਧ ਕਰਦੇ ਹਨ। ਪਿਛਲੇ ਇੱਕ-ਡੇਢ ਦਹਾਕੇ ਤੋਂ ਸੀ. ਐਮ. ਈ. ਐੱਸ. (3M5S), ਇੱਕ ਤਰਾਂ ਦੇ ਅਕਾਦਮਿਕ ਪ੍ਰੋਗਰਾਮ ਜਿਹਨਾਂ ਦਾ ਮਕਸਦ ਨਵੀਨਤਮ ਖੋਜਾਂ ਤੇ ਦਵਾਈਆਂ ਬਾਰੇ ਡਾਕਟਰਾਂ ਨੂੰ ਸਿੱਖਿਅਤ ਕਰਨਾ ਹੁੰਦਾ ਹੈ – ਦੇ ਨਾਮ ਹੇਠ ਕੰਪਨੀਆਂ ਵੱਲੋਂ ਪਾਰਟੀਆਂ ਤੇ ਖਾਣੇ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਪਾਰਟੀਆਂ ਦੋ-ਤਿੰਨ ਘੰਟੇ ਦੇ ਪ੍ਰੋਗਰਾਮ ਤੋਂ ਲੈ ਕੇ ਤਿੰਨ-ਚਾਰ ਦਿਨਾਂ ਦੀਆਂ ਕਾਨਫਰੰਸਾਂ ਦੇ ਰੂਪ ਵਿੱਚ ਹੁੰਦੀਆਂ ਹਨ। ਇਹਨਾਂ ਦਾ ਲਗਭਗ ਸਾਰਾ ਖਰਚਾ, ਇਥੋਂ ਤੱਕ ਕਿ ਡਾਕਟਰਾਂ ਦੇ ਆਉਣ-ਜਾਣ ਅਤੇ ਰਹਿਣ ਦਾ ਖਰਚਾ, ਵਿੱਚ ਹਵਾਈ ਸਫ਼ਰ ਦੀਆਂ ਟਿਕਟਾਂ ਵੀ ਸ਼ਾਮਿਲ ਹੋ ਸਕਦੀਆਂ ਹਨ, ਸਭ ਕੁਝ ਕੰਪਨੀਆਂ ਦੁਆਰਾ ਸਪਾਂਸਰ ਕੀਤਾ ਜਾਂਦਾ ਹੈ। ਇਹਨਾਂ ਕਾਨਫਰੰਸਾ ਦੌਰਾਨ ਬੁਲਾਰੇ ਆਮ ਤੌਰ ’ਤੇ ਕੰਪਨੀ ਦੁਆਰਾ ਤਿਆਰ ਕੀਤਾ ਭਾਸ਼ਣ ਹੀ ਪੜਦੇ ਹਨ ਅਤੇ ਕੰਪਨੀ ਦੀ ਦਵਾਈ ਦੇ ਬਰਾਂਡ ਦੇ ਨਾਮ ਦੀ ਖਾਸ ਤੌਰ ’ਤੇ ਚਰਚਾ ਕਰਦੇ ਹਨ।

ਹੁਣ ਗੱਲ ਵੱਡੀਆਂ ਮੱਛੀਆਂ ਤੇ ਮਗਰਮੱਛਾਂ ਦੀ, ਭਾਵ ਦੂਜੇ ਵਰਗ ਦੇ ਡਾਕਟਰਾਂ ਦੀ ਵੀ ਹੋ ਜਾਵੇ। ਹੁਣੇ-ਹੁਣੇ ਅਮਰੀਕੀ ਸੈਨੇਟਰ ਚਾਰਲਸ ਗਗਮਲੀ ਨੇ ਦਵਾ-ਕੰਪਨੀਆਂ ਅਤੇ ਡਾਕਟਰਾਂ ਦੇ ਆਰਥਿਕ ਰਿਸ਼ਤਿਆਂ ਬਾਰੇ ਇੱਕ ਰਿਪੋਰਟ ਪੇਸ਼ ਕੀਤੀ ਜਿਸ ਵਿਚ ਕਈ ਹੈਰਾਨੀਜਨਕ ਖੁਲਾਸੇ ਪੇਸ਼ ਕੀਤੇ ਗਏ ਹਨ। ਇਹ ਰਿਪੋਰਟ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ’ਤੇ ਅਧਾਰਿਤ ਹੈ ਤੇ ਛੇਤੀ ਹੀ ਉਹ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰਾਂ ’ਤੇ ਅਧਾਰਿਤ ਰਿਪੋਰਟ ਵੀ ਪੇਸ਼ ਕਰਨ ਜਾ ਰਹੇ ਹਨ।ਇਸ ਰਿਪੋਰਟ ਅਨੁਸਾਰ – ਹਾਰਵਰਡ ਮੈਡੀਕਲ ਸਕੂਲ ਦੇ ਮਾਨਸਿਕ ਰੋਗਾਂ ਦੇ ਪ੍ਰੋਫੈਸਰ ਡਾ. ਜੋਸਫ਼ ਐੱਲ. ਲੀਡਰਮੈਨ ਨੂੰ ਇੱਕ ਕੰਪਨੀ ਵੱਲੋਂ 1.6 ਮਿਲੀਅਨ ਡਾਲਰ ਦੀ ਅਦਾਇਗੀ ਸਾਲ 2006-2007 ਦੇ ਦਰਮਿਆਨ ਕੀਤੀ। ਹੱਦ ਉਦੋਂ ਹੋ ਗਈ ਜਦੋਂ ਹਸਪਤਾਲ ਦੇ ਮੁਖੀ ਨੇ ਉਪਰੋਕਤ ਡਾਕਟਰ ਨੂੰ ਹਮਦਰਦੀ ਭਰੇ ਇਹ ਸ਼ਬਦ ਇਸ ਖੁਲਾਸੇ ਤੋਂ ਬਾਅਦ ਲਿਖ ਭੇਜੇ, “ਸਾਨੂੰ ਪਤਾ ਹੈ ਕਿ ਇਹਨਾਂ ਡਾਕਟਰਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਔਖਾ ਸਮਾਂ ਹੈ, ਤੇ ਸਾਡੀ ਉਹਨਾਂ ਨਾਲ ਦਿਲੀ ਹਮਦਰਦੀ ਹੈ।’’ਇਸ ਤਰਾਂ ਹੀ ਡਾ. ਐਲਨ ਸਾਟਜ਼ਬਰਗ ਦਾ ਕੇਸ ਹੈ। ਸਟੈਨਫੋਰਡ ਯੂਨੀਵਰਸਿਟੀ ਦੇ ਇਸ ਪ੍ਰੋਫੈਸਰ ਦਾ ਕਨਸੈਪਟ ਥੀਰੈਪਟਿਕਸ (3oncept Therapeatics) ਨਾਂ ਦੀ ਕੰਪਨੀ ਵਿੱਚ 60 ਲੱਖ ਡਾਲਰ ਦਾ ਹਿੱਸਾ ਹੈ ਤੇ ਇਹ ਕੰਪਨੀ ਗਰਭਪਾਤ ਵਿੱਚ ਕੰਮ ਆਉਣ ਵਾਲੀ ਇੱਕ ਦਵਾਈ – ਮਿਫੀਪਰਿਸਟੋਨ (Mifepristone) ਨੂੰ ਉਦਾਸੀ ਰੋਗਾਂ ਦੇ ਇਲਾਜ ਲਈ ਟੈਸਟ ਕਰ ਰਹੀ ਹੈ। ਡਾਕਟਰ ਸਾਹਿਬ ਵੀ ਮਾਨਸਿਕ ਸਿਹਤ ਦੇ ਰਾਸ਼ਟਰੀ ਸੰਸਥਾਨ ਵਿੱਚ ਇਸੇ ਦਵਾਈ ਤੇ ਟੈਸਟ ਕਰ ਰਹੇ ਸਨ ਤੇ ਉਹਨਾਂ ਕਈ ਪਰਚੇ ਵੀ ਲਿਖੇ। ਖੁਲਾਸਾ ਹੋਣ ਤੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ।

ਇਸ ਤਰਾਂ ਦੇ ਕਈ ਹੋਰ ਖੁਲਾਸੇ ਵੀ ਇਸ ਰਿਪੋਰਟ ਵਿੱਚ ਕੀਤੇ ਗਏ ਹਨ। ਪਰ ਸਿਰਫ਼ ਇਹੀ ਇੱਕ ਤਰੀਕਾ ਨਹੀਂ ਜਿਸ ਨਾਲ ਕੰਪਨੀਆਂ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਲਈ ਲੋਕਾਂ ਦੀ ਜੇਬ ’ਤੇ ਡਾਕਾ ਮਾਰਦੀਆਂ ਹਨ, ਹੋਰ ਵੀ ਬਹੁਤ ਸਾਰੇ ਤਰੀਕੇ ਅਜਮਾਏ ਜਾਂਦੇ ਹਨ।ਕਿਸੇ ਵੀ ਦਵਾਈ ਨੂੰ ਆਮ ਵਰਤੋਂ ਵਿੱਚ ਲਿਆਉਣ ਤੋਂ ਪਹਿਲਾਂ ਉਸ ਦੀਆਂ ਬਹੁਤ ਸਾਰੀਆਂ ਪਰਖਾਂ ਕੀਤੀਆਂ ਜਾਂਦੀਆਂ ਹਨ ਅਤੇ ਪਰਖ-ਰਿਪੋਰਟਾਂ ਵਿੱਚ ਦਵਾਈ ਦਾ ਲਾਭਦਾਇਕ ਅਸਰ ਸਿੱਧ ਹੋਣ ’ਤੇ ਹੀ ਦਵਾਈ ਆਮ ਵਰਤੋਂ ਲਈ ਜਾਰੀ ਕੀਤੀ ਜਾਂਦੀ ਹੈ। ਪਰ ਕੰਪਨੀਆਂ ਉਲਟ ਨਤੀਜੇ ਦਿਖਾਉਣ ਵਾਲੀਆਂ ਰਿਪੋਰਟਾਂ ਨੂੰ ਪ੍ਰਕਾਸ਼ਿਤ ਹੀ ਨਹੀਂ ਹੋਣ ਦਿੰਦੀਆਂ ਅਤੇ ਦਵਾਈ ਨੂੰ ਪ੍ਰਵਾਨਗੀ ਮਿਲ ਜਾਂਦੀ ਹੈ। ਇਸ ਦੀ ਇੱਕ ਉਦਾਹਰਣ ਹੈ – ਗਲੈਕਸੋ ਸਮਿਥਕਲਾਈਨ (ਜੀ. ਐਸ. ਕੇ.) ਕੰਪਨੀ ਦੀ ਦਵਾਈ ਪੈਕਸਿਲ (Paxil)। ਇਸ ਕੰਪਨੀ ਨੇ 74 ਪਰਖ ਰਿਪੋਰਟਾਂ ਵਿਚੋਂ ਨਾਕਾਰਤਮਕ ਨਤੀਜੇ ਦਿਖਾਉਂਦੀਆਂ 37 ਵਿਚੋਂ 33 ਰਿਪੋਰਟਾਂ ਬਾਹਰ ਹੀ ਨਹੀਂ ਆਉਣ ਦਿੱਤੀਆਂ। ਫਰਾਡ ਦੀ ਪੋਲ ਖੁੱਲਣ ਅਤੇ ਮੁਕੱਦਮੇਬਾਜ਼ੀ ਹੋਣ ’ਤੇ ਜੀ. ਐਸ. ਕੇ. ਨੇ 25 ਲੱਖ ਡਾਲਰ ਦਾ ਹਰਜਾਨਾ ਭਰਨਾ ਮੰਨ ਲਿਆ, ਪਰ ਉਸ ਸਮੇਂ ਤੱਕ ਇਹੀ ਦਵਾਈ 2.7 ਅਰਬ ਡਾਲਰ ਕਮਾ üੱਕੀ ਸੀ।

ਇੱਕ ਦਵਾਈ ਆਮ ਤੌਰ ’ਤੇ ਇੱਕ ਖਾਸ ਬਿਮਾਰੀ ’ਤੇ ਖਾਸ ਕਿਸਮ ਦੇ ਮਰੀਜਾਂ ਲਈ ਵਰਤਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਪਰ ਕੰਪਨੀਆਂ ਇਸ ਤੋਂ ਬਾਅਦ ਹੋਰ ਬਿਮਾਰੀਆਂ ਲਈ ਵਰਤੋਂ ਕਰਨ ਲਈ ਰਿਪੋਰਟਾਂ ਪੇਸ਼ ਕਰਦੀਆਂ ਰਹਿੰਦੀਆਂ ਹਨ ਅਤੇ ਦਵਾਈ ਨੂੰ ਪ੍ਰਮੋਟ ਕਰਨਾ ਜਾਰੀ ਰੱਖਦੀਆਂ ਹਨ, ਸੁਭਾਵਕ ਹੈ ਕਿ ਇਹ ਸਾਰਾ ਕੁਝ ਮਸ਼ਹੂਰ ਤੇ ਰੁਤਬੇ ਵਾਲੇ ਡਾਕਟਰਾਂ ਦੀ ਮੱਦਦ ਬਿਨਾ ਨਹੀਂ ਹੁੰਦਾ ਹੈ। ਇਸ ਪਰਾਕਰਮ ਦੀ ਉਦਾਹਰਣ ਨਿਉਯਾਰਕ ਟਾਈਮਜ਼ ਦੀ ਪੱਤਰਕਾਰ ਮੈਲੋਡੀ ਪੀਟਰਸਨ ਨੇ ਪੇਸ਼ ਕੀਤੀ ਹੈ – ਦਵਾਈ ਦਾ ਨਾਂ ਹੈ – `ਨਿਊਰੋਨਟਿਨ’ ਤੇ ਕੰਪਨੀ ਹੈ ਫਾਈਜ਼ਰ (Pfi੍ਰer)। ਸ਼ੁਰੂ ਵਿੱਚ ਇਸ ਦਵਾਈ ਨੂੰ ਮਿਰਗੀ ਦੀ ਇੱਕ ਖਾਸ ਕਿਸਮ ਲਈ ਪ੍ਰਵਾਨਗੀ ਮਿਲੀ ਪਰ ਕੰਪਨੀ ਨੇ `ਰੁਤਬੇ ਵਾਲੇ ਡਾਕਟਰਾਂ’ ਨਾਲ ਮਿਲ ਕੇ ਇਸ ਨੂੰ ਸਿਰਦਰਦ ਤੋਂ ਲੈ ਕੇ ਮੂਡ ਦੀਆਂ ਮਾਨਸਿਕ ਬਿਮਾਰੀਆਂ ਤੱਕ ਦੇ ਇਲਾਜ ਲਈ ਪ੍ਰਮੋਟ ਕੀਤਾ ਅਤੇ 2003 ਤੱਕ 2.7 ਅਰਬ ਡਾਲਰ ਕਮਾਏ। ਪੋਲ ਖੁੱਲਣ ’ਤੇ 43 ਕਰੋੜ ਡਾਲਰ ਹਰਜਾਨਾ ਭਰਿਆ ਤੇ ਬਾਕੀ ਮੁਨਾਫਾ ਕੰਪਨੀ ਦੇ ਖਾਤੇ ਵਿੱਚ।

ਇੱਕ ਹੋਰ ਤਰੀਕਾ ਲੱਭਿਆ ਗਿਆ ਹੈ ਮੁਨਾਫਾ ਕਮਾਉਣ ਦਾ – ਉਹ ਇਹ ਕਿ ਕਿਸੇ ਆਮ ਪਾਏ ਜਾਣ ਵਾਲੇ ਸੁਭਾਅ ਦੇ ਲੱਛਣ ਨੂੰ ਜਾਂ ਛੋਟੀ-ਮੋਟੀ ਬਿਮਾਰੀ ਨੂੰ ਬਹੁਤ ਖਤਰਨਾਕ ਜਾਂ ਭਿਆਨਕ ਬਣਾ ਕੇ ਪੇਸ਼ ਕਰੋ ਤੇ ਲੋਕਾਂ ਨੂੰ ਇਸ ਦਾ ਇਲਾਜ ਕਰਵਾਉਣ ਲਈ ਪ੍ਰੇਰਿਤ ਕਰੋ, ਕਿਉਂਕਿ ਇਸ ਤਰਾਂ ਦੀਆਂ `ਬਿਮਾਰੀਆਂ’ ਲੋਕਾਂ ਦੇ ਵੱਡੇ ਹਿੱਸੇ ਵਿੱਚ ਪਾਈਆਂ ਜਾਂਦੀਆਂ ਹਨ, ਇਸ ਲਈ ਵਿਕਰੀ ਵੀ ਚੋਖੀ ਹੁੰਦੀ ਹੈ ਤੇ ਮੁਨਾਫਾ ਵੀ ਚੋਖਾ। 1980 ਤੱਕ ਸੰਗ ਜਾਂ ਸ਼ਰਮੀਲਾਪਣ ਕਿਸੇ ਕਿਸਮ ਦੀ ਬਿਮਾਰੀ ਨਹੀਂ ਸੀ, 1980 ਵਿਚ ਸੰਗ-ਸ਼ਰਮੀਲਾਪਣ ਨੇ ਡੀ. ਐਸ. ਐਮ.-3 (4SM-3) `ਮਾਨਸਿਕ ਰੋਗਾਂ ਦੀ ਲਿਸਟ’ ਵਿੱਚ `ਸ਼ੋਸ਼ਲ ਫੋਬੀਆ’ ਦੇ ਨਾਂ ਤੇ ਐਂਟਰੀ ਮਾਰੀ ਤੇ 1994 ਵਿੱਚ ਡੀ. ਐਸ. ਐਮ.-4 (4SM-4) ਵਿੱਚ ਇਹ ਇੱਕ `ਸੋਸ਼ਲ ਐਂਗਜਾਈਟੀ ਡਿਸਆਰਡਰ’ ਨਾਂ ਦੀ ਭਿਆਨਕ ਬਿਮਾਰੀ ਬਣ ਗਈ ਜਿਸ ਦਾ ਇਲਾਜ ਕਰਵਾਉਣਾ ਬਹੁਤ ਹੀ ਜ਼ਰੂਰੀ ਹੈ ਤੇ ਉਹ ਵੀ ਦਵਾਈਆਂ ਨਾਲ, ਨਾ ਕਿ ਹੋਰ ਕਿਸੇ ਤਰੀਕੇ ਨਾਲ। 1999 ਵਿੱਚ ਜੀ.ਐਸ.ਕੇ. ਕੰਪਨੀ ਨੇ ਆਪਣੀ ਦਵਾਈ `ਪੈਕਸਿਲ’ ਨੂੰ ਇਸ ਭਿਆਨਕ ਬਿਮਾਰੀ ਦਾ ਇਲਾਜ ਕਰਨ ਲਈ ਪ੍ਰਵਾਨਗੀ ਦਿਵਾ ਲਈ। ਬਹੁਤ ਹੀ ਜਬਰਦਸ਼ਤ ਤਰੀਕੇ ਨਾਲ ਪ੍ਰਚਾਰ ਕੀਤਾ ਗਿਆ ਤੇ ਦਵਾਈ ਚੱਲ ਨਿਕਲੀ। ਇਸ ਤੋਂ ਬਾਅਦ `ਪੈਕਸਿਲ’ ਦੇ ਡਾਇਰੈਕਟਰ – ਬੈਚੀ ਬਰਾਂਡ ਨੇ ਕਿਹਾ – “ਹਰੇਕ ਵਪਾਰੀ ਦਾ ਸੁਪਨਾ ਹੁੰਦਾ ਹੈ ਇੱਕ ਅਣਜਾਣ ਤੇ ਨਵੀਂ ਮੰਡੀ ਨੂੰ ਲੱਭਣਾ ਤੇ ਵਿਕਸਿਤ ਕਰਨਾ। `ਸੋਸ਼ਲ ਐਂਗਜਾਈਟੀ ਡਿਸਆਰਡਰ’ ਦੇ ਸਬੰਧ ਵਿੱਚ ਅਸੀਂ ਇਹੀ ਕਰਨ ਵਿੱਚ ਕਾਮਯਾਬ ਰਹੇ।’’
ਇਸ ਤੋਂ ਬਿਨਾਂ ਕਈ ਵਾਰੀ ਕੁਝ ਦਵਾਈਆਂ ਵਿਕਸਿਤ ਦੇਸ਼ਾਂ ਵਿੱਚ ਕੁਝ ਸਮੇਂ ਤੋਂ ਬਾਅਦ ਨਾਕਾਰਤਮਕ ਪ੍ਰਭਾਵ ਪਤਾ ਲੱਗਣ ’ਤੇ ਮਾਰਕੀਟ ਵਿਚੋਂ ਵਾਪਸ ਲੈ ਲਈਆਂ ਜਾਂਦੀਆਂ ਹਨ, ਪਰ ਕੰਪਨੀਆਂ ਇਹਨਾਂ ਦਵਾਈਆਂ ਨੂੰ ਲੈ ਕੇ ਵਿਕਾਸਸ਼ੀਲ ਤੇ ਗਰੀਬ ਦੇਸ਼ਾਂ ਵਿੱਚ ਪਹੁੰਚ ਜਾਂਦੀਆਂ ਹਨ ਅਤੇ ਧੜੱਲੇ ਨਾਲ ਵੇਚਦੀਆਂ ਹਨ ਕਿਉਂਕਿ ਇਥੇ ਨਿਯੰਤਰਣ ਕਰਨ ਲਈ ਸੰਸਥਾਨ ਤੇ ਕਾਨੂੰਨ ਦੀ ਘਾਟ ਹੁੰਦੀ ਹੈ।
ਆਖਰ ਵਿੱਚ ਪੇਟੈਂਟ ਦਾ ਘਾਲਾ-ਮਾਲਾ। ਕੋਈ ਵੀ ਕੰਪਨੀ ਜਦੋਂ ਕਿਸੇ ਨਵੀਂ ਦਵਾਈ ਨੂੰ ਵਿਕਸਿਤ ਕਰਦੀ ਹੈ, ਤਾਂ ਉਹ ਦਵਾਈ ਨੂੰ ਪੇਟੈਂਟ ਕਰਵਾ ਲੈਂਦੀ ਹੈ ਭਾਵ ਕਿ ਕੁਝ ਮਿਥੇ ਸਮੇਂ ਲਈ, ਜੋ ਕਿ ਆਮ ਤੌਰ ’ਤੇ 10-20 ਸਾਲਾਂ ਹੁੰਦਾ ਹੈ, ਇਸ ਦਵਾਈ ਦਾ ਅਧਿਕਾਰ ਉਸੇ ਕੰਪਨੀ ਕੋਲ ਰਹਿੰਦਾ ਹੈ, ਭਾਵੇਂ ਇਸ ਦਾ ਕਾਰਨ ਖੋਜ ਕਾਰਜ ਤੇ ਹੋਇਆ ਖਰਚਾ ਦੱਸਿਆ ਜਾਂਦਾ ਹੈ, ਪਰ ਅਸਲ ਵਿੱਚ ਇਜ਼ਾਰੇਦਾਰੀ ਨਾਲ ਮੁਨਾਫੇ ਦੀ ਪ੍ਰਤੀਸ਼ਤ ਵਧਾਉਣ ਦੀ ਇੱਕ ਚਾਲ ਤੋਂ ਵੱਧ ਕੁਝ ਨਹੀਂ। ਵਿਸ਼ਵ ਸਿਹਤ ਸੰਸਥਾ (W8O) ਅਨੁਸਾਰ ਪੇਟੈਂਟ ਕੀਤੀਆਂ ਦਵਾਈਆਂ ਆਮ ਰਿਟੇਲ ਕੀਮਤਾਂ ਤੋਂ 20-100 ਗੁਣਾ ਜ਼ਿਆਦਾ ਕੀਮਤਾਂ ’ਤੇ ਵੇਚੀਆਂ ਜਾਂਦੀਆਂ ਹਨ।
ਆਮ ਤੌਰ ’ਤੇ ਇਹ ਵੱਡੀਆਂ ਕੰਪਨੀਆਂ ਦਾਅਵਾ ਕਰਦੀਆਂ ਹਨ ਕਿ ਇੱਕ ਨਵੀਂ ਦਵਾਈ ਦੀ ਖੋਜ ਕਰਨ ਲਈ ਲਗਭਗ 50 ਕਰੋੜ ਡਾਲਰ ਦਾ ਖਰਚਾ ਆਉਂਦਾ ਹੈ।ਦਵਾ-ਉਦਯੋਗ ਦੇ ਇੱਕ ਮਸ਼ਹੂਰ ਜਾਣਕਾਰ, ਪੈਰਿਲ ਗੂਜ਼ਨਰ ਅਨੁਸਾਰ- ਇਹ ਅੰਕੜਾ ਹੀ ਬੋਗਸ ਹੈ। ਉਸ ਅਨੁਸਾਰ ਖੋਜ-ਕਾਰਜਾਂ ’ਤੇ ਹੋਣ ਵਾਲੇ ਖਰਚੇ ਦਾ 40 ਫੀਸਦੀ ਹਿੱਸਾ ਸਿਰਫ਼ ਪੁਰਾਣੀਆਂ ਮੌਜੂਦ ਦਵਾਈਆਂ ਵਿੱਚ ਛੋਟੇ-ਮੋਟੇ ਬਦਲਾਅ ਕਰਕੇ ਉਸ ਨੂੰ ਨਵੀਂ ਦਵਾਈ ਦੇ ਰੂਪ ਵਿੱਚ ਪੇਸ਼ ਕਰਨ ਵਿੱਚ ਆਉਂਦਾ ਹੈ, ਨਾ ਕਿ ਕਿਸੇ ਕਿਸਮ ਦੀ ਨਵੀਂ ਦਵਾਈ ਲੱਭਣ ’ਤੇ। ਇਸ ਤੋਂ ਬਾਅਦ ਇੱਕ ਵੱਡਾ ਹਿੱਸਾ (ਟੋਰਾਂਟੋ ਸਟਾਰ ਅਖਬਾਰ ਅਨੁਸਾਰ 19 ਅਰਬ ਡਾਲਰ) ਇਸ ਅਖੌਤੀ `ਨਵੀਂ ਦਵਾਈ’ ਨੂੰ ਲੋਕਾਂ ਵਿੱਚ ਪ੍ਰਚਲਿਤ ਕਰਨ ਲਈ ਖਰਚ ਹੁੰਦਾ ਹੈ ਤਾਂ ਕਿ ਉਹ ਭਰੋਸਾ ਕਰਨ ਲੱਗ ਪੈਣ ਇਹ `ਨਵੀਂ ਲੱਭਤ’ ਪੁਰਾਣੀ ਦਵਾਈ ਨਾਲੋਂ ਬੇਹਤਰ ਹੈ। ਇਸ ਲਈ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, 90,000 ਦੇ ਕਰੀਬ ਐਮ. ਆਰ. ਦੀ ਫੌਜ ਹੈ ਜਿਹਨਾਂ ਦੀ ਤਨਖਾਹ ਤੇ ਭੱਤੇ ਵੀ ਗਾਹਕ (ਮਰੀਜ਼) ਦੇ ਸਿਰ ਟੁੱਟਦੀ ਹੈ ਹਾਲਾਂਕਿ ਇਹ ਬਿਲਕੁਲ ਹੀ ਗੈਰ-ਜ਼ਰੂਰੀ ਹਿੱਸਾ ਹੈ[50 ਕਰੋੜ ਡਾਲਰ ਦਾ ਤੀਜਾ ਵੱਡਾ ਹਿੱਸਾ ਕਿਥੇ ਖਰਚ ਹੁੰਦਾ ਹੈ, ਉਸ ਦਾ ਪਤਾ ਕੰਪਨੀਆਂ ਦੇ ਮੈਨੇਜਿੰਗ ਡਾਇਰੈਕਟਰ ਤੇ ਹੋਰ ਟਾਪ ਕਲਾਸ ਦੇ ਅਫ਼ਸਰਾਂ ਦੀ ਤਨਖਾਹਾਂ ਦੇਖ ਕੇ ਪਤਾ ਚੱਲ ਜਾਂਦਾ ਹੈ। —
.ਫਾਈਜ਼ਰ (Pfizer) ਦੇ ਸੀ.ਈ.ਓ. , ਹੈਂਕ ਮੈਕਕਿਨਲ ਦੀ ਤਨਖਾਹ 2.8 ਕਰੋੜ ਡਾਲਰ ਸਾਲਾਨਾ ਤੇ 3.06 ਕਰੋੜ ਦੇ ਹੋਰ ਭੱਤੇ ਤੇ ਸਟੋਕ ਓਪਸ਼ਨਜ।
.ਮਰਕ (Merck) ਦੇ ਸੀ.ਈ.ਓ. , ਰੇਮੰਡ ਗਿਲਮਾਰਟਿਨ ਦੀ ਤਨਖਾਹ 1.95 ਕਰੋੜ ਡਾਲਰ ਤੇ 4.8 ਕਰੋੜ ਡਾਲਰ ਦੇ ਹੋਰ ਭੱਤੇ ਤੇ ਸਟੋਕ ਓਪਸ਼ਨਜ।
ਬਰਿਸਟਲ ਮੇਅਰ (2ristol Mayor Squibb) ਦੇ ਸੀ.ਈ.ਓ. , ਪੀ. ਆਰ. ਡੋਲਨ ਦੀ ਤਨਖਾਹ 85 ਲੱਖ ਡਾਲਰ ਸਾਲਾਨਾ ਤੇ 34 ਲੱਖ ਡਾਲਰ ਦੇ ਹੋਰ ਭੱਤੇ।
ਜੀ. ਐਸ. ਕੇ. (7SK) ਦੇ ਸੀ.ਈ.ਓ. ਜੀਨ ਪਿਅਰ ਗਾਰਨੀਅਰ ਦੀ ਤਨਖਾਹ 1.18 ਕਰੋੜ ਡਾਲਰ।
ਇਹਨਾਂ ਵੱਡੇ ਮਗਰਮੱਛਾਂ ਦੀ ਤਨਖਾਹ ਵਿੱਚ ਕੁਝ ਕੁ ਹਜ਼ਾਰ ਹੋਰ ਬਹੁਤ ਉੱਚ ਤਨਖਾਹ ਪਾਉਣ ਵਾਲੇ ਐਗਜੀਕਿਊਟਿਵ ਅਫ਼ਸਰਾਂ ਦੀ ਤਨਖਾਹ ਵੀ ਜੋੜ ਲਵੋ, ਤਾਂ ਆਪਣੇ ਆਪ ਸਮਝ ਆ ਜਾਵੇਗਾ ਕਿ ਕਿਉਂ ਖੋਜ-ਕਾਰਜਾਂ ’ਤੇ ਇੰਨਾ ਖਰਚ ਆਉਂਦਾ ਹੈ।
.
ਇੱਕ ਗੱਲ ਹੋਰ, ਕੀ ਦਵਾ-ਕੰਪਨੀਆਂ ਸੱਚ-ਮੱੁਚ ਹੀ ਕੋਈ ਖੋਜ-ਕਾਰਜ ਕਰਦੀਆਂ ਹਨ ਤੇ ਮਨੁੱਖਤਾ ਦੀ ਬੇਹਤਰੀ ਲਈ ਨਵੀਂਆਂ ਦਵਾਈਆਂ ਦੀ ਖੋਜ ਕਰਦੀਆਂ ਹਨ? ਇਸ ਸਵਾਲ ਦਾ ਜਵਾਬ ਇੱਕ ਵਾਰ ਫਿਰ ਨਾਂਹ ਵਿੱਚ ਮਿਲਦਾ ਹੈ। ਕਿਵੇਂ, ਇਹਨਾਂ ਤੱਥਾਂ ਵੱਲ ਧਿਆਨ ਮਾਰੋ। —
ਫਰੈਂਚ ਮੈਗਜ਼ੀਨ, ਜਰਨਲ ਲਾ ਰੀਵਿਉ ਪ੍ਰੈਸਕਰੀਰ ਦੁਆਰਾ ਅਪ੍ਰੈਲ 2004 ਵਿੱਚ ਕੀਤੇ ਸਰਵੇ ਅਨੁਸਾਰ 1981 ਤੋਂ 2004 ਤੱਕ ਲੱਭੇ ਗਏ 3096 ਨਵੇਂ ਦਵਾ-ਉਤਪਾਦਾਂ ਵਿੱਚੋਂ 68 ਫੀਸਦੀ ਵਿੱਚ ਪੁਰਾਣੀਆਂ ਦਵਾਈਆਂ ਦੇ ਮੁਕਾਬਲੇ ਕੁਝ ਵੀ ਨਵਾਂ ਨਹੀਂ ਸੀ।
.
ਬਿ੍ਰਟਿਸ਼ ਮੈਡੀਕਲ ਜਰਨਲ (ਬੀ. ਐਮ. ਜੇ.) ਦੀ ਇੱਕ ਰਿਪੋਰਟ ਅਨੁਸਾਰ, ਇਸੇ ਸਮੇਂ ਦੌਰਾਨ ਕੈਨੇਡਾ ਵਿੱਚ ਪੇਟੈਂਟ ਕਰਵਾਈਆਂ ਗਈਆਂ ਦਵਾਈਆਂ ਵਿਚੋਂ ਸਿਰਫ਼ 5 ਫੀਸਦੀ ਹੀ ਕੋਈ ਨਵੀਂ ਲੱਭਤ ਅਖਵਾ ਸਕਦੀਆਂ ਸਨ।ਅਮਰੀਕੀ ਖੁਰਾਕ ਤੇ ਦਵਾਈਆਂ ਨਾਲ ਸਬੰਧਿਤ ਵਿਭਾਗ ਵੱਲੋਂ 1989-2000 ਦੇ ਸਮੇਂ ਵਿਚਕਾਰ ਪ੍ਰਵਾਨਗੀ ਦਿੱਤੀਆਂ ਗਈਆਂ 1000 ਤੋਂ ਵੱਧ ਦਵਾਈਆਂ ਵਿਚੋਂ ਤਿੰਨ-ਚੌਥਾਈ ਦਾ ਪਹਿਲਾਂ ਹੀ ਮੌਜੂਦ ਦਵਾਈਆਂ ਦੇ ਮੁਕਾਬਲੇ ਕੁਝ ਵੀ ਜ਼ਿਆਦਾ ਲਾਭ ਨਹੀਂ ਸੀ।ਸਾਲ 1975 ਤੋਂ 1997 ਦੇ ਵਿਚਕਾਰ, ਪੇਟੈਂਟ ਕਰਵਾਈਆਂ ਗਈਆਂ 1233 ਨਵੀਆਂ ਦਵਾਈਆਂ ਵਿੱਚ ਸਿਰਫ਼ 13 ਅਜਿਹੀਆਂ ਸਨ ਜਿਹੜੀ ਭੂ-ਮੱਧ ਦੇ ਰੇਖਾ ਦੇ ਇਰਦ-ਗਿਰਦ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਮਲੇਰੀਆ, ਵੱਖ-ਵੱਖ ਤਰਾਂ ਦੇ ਵਾਇਰਲ ਬੁਖਾਰ ਤੇ ਗਰੀਬ ਦੇਸ਼ਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣੀਆਂ ਸਨ, ਹਾਲਾਂਕਿ ਵਿਸ਼ਵ ਭਰ ’ਚ ਹੋਣ ਵਾਲੀਆਂ ਮੌਤਾਂ ਦਾ ਵੱਡਾ ਹਿੱਸਾ ਇਹਨਾਂ ਬਿਮਾਰੀਆਂ ਕਾਰਨ ਹੁੰਦਾ ਹੈ।

ਇਹਨਾਂ ਤੱਥਾਂ ਤੋਂ ਸਾਫ਼ ਜ਼ਾਹਿਰ ਹੈ ਕਿ ਖੋਜ-ਕਾਰਜ ਵੀ ਉਹਨਾਂ ਦਵਾਈਆਂ ਲਈ ਹੁੰਦਾ ਹੈ ਜਿਹਨਾਂ ਦੇ ਵੇਚਣ ਨਾਲ ਵੱਧ ਮੁਨਾਫ਼ਾ ਹੋ ਸਕਦਾ ਹੈ ਭਾਵ, ਉੱਚੇ ਵਰਗ ਤੇ ਉੱਚ ਮੱਧ ਵਰਗ ਦੀਆਂ ਬਿਮਾਰੀਆਂ, ਜਿਵੇਂ ਮੋਟਾਪਾ (ਜੋ ਕਿ ਇੱਕ ਬਿਮਾਰੀ ਹੈ ਹੀ ਨਹੀਂ ਜੇ ਸਭ ਲੋਕ ਆਪਣੇ ਹਿੱਸੇ ਦਾ ਕੰਮ ਕਰਨ), ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ (ਇਹਨਾਂ ਦਾ ਇੱਕ ਵੱਡਾ ਕਾਰਨ ਇੱਕ ਵਾਰ ਫਿਰ ਵਿਹਲੇ ਰਹਿਣਾ ਤੇ ਵਾਧੂ ਖਾਣਾ ਹੈ), ਦੇ ਇਲਾਜ ਲਈ ਨਵੀਆਂ-ਨਵੀਆਂ ਵੰਨਗੀਆਂ ਪੇਸ਼ ਕਰਦੇ ਰਹਿਣਾ ਹੈ, ਇਸ ਤੋਂ ਵੱਧ ਅੱਜ ਦਾ ਖੋਜ-ਕਾਰਜ ਵੀ ਕੁਝ ਨਹੀਂ ਹੈਇਸ ਸਭ ਦੇ ਵਿਚਕਾਰ ਕੁਝ ਭਲੀਆਂ ਤੇ ਭੋਲੀਆਂ ਆਤਮਾਵਾਂ ਵੀ ਹਨ ਅਤੇ ਕੁਝ ਸਾਮਰਾਜਵਾਦ ਦੀਆਂ ਚਾਕਰ ਐਨ. ਜੀ. ਓ. (N7O) ਜਿਹੜੀਆਂ ਕਿ ਕੰਪਨੀਆਂ ਦੁਆਰਾ ਲੋਕਾਂ ਦੀ ਲੱਟ ਘੱਟ ਕਰਨ (ਨਾ ਕਿ ਖਤਮ ਕਰਨ) ਲਈ ਸਮੇਂ-ਸਮੇਂ ’ਤੇ ਸਰਕਾਰਾਂ ਤੇ ਦਵਾ-ਕੰਪਨੀਆਂ ਨੂੰ ਸੁਝਾਅ ਦਿੰਦੀਆਂ ਰਹਿੰਦੀਆਂ ਹਨ ਅਤੇ ਆਸ ਕਰਦੀਆਂ ਹਨ ਸਭ ਠੀਕ ਹੋ ਜਾਵੇਗਾ ਤੇ ਫਿਰ ਸੌਂ ਜਾਂਦੀਆਂ ਹਨ, ਕਿਸੇ ਵੱਡੇ ਘਪਲੇ ਦੇ ਬਾਹਰ ਆਉਣ ’ਤੇ ਦੁਬਾਰਾ ਜਾਗਣ ਲਈ ਅਤੇ ਪੁਰਾਣੇ ਸੁਝਾਵਾਂ ਦੀ ਨਵੇਂ ਸਿਰਿਉਂ ਜੁਗਾਲੀ ਕਰਨ ਲਈ ਉੱਠ ਖੜੀਆਂ ਹੁੰਦੀਆਂ ਹਨ।ਇਹਨਾਂ ਦੇ ਸੁਝਾਅ ਕੁਝ ਇਸ ਪ੍ਰਕਾਰ ਦੇ ਹੁੰਦੇ ਹਨ—ਸਰਕਾਰ ਸਖਤ ਕਾਨੂੰਨ ਬਣਾਏ ਤੇ ਲਾਗੂ ਕਰੇ, ਪਰ ਜਿਹੜੇ ਪੱਛਮੀ ਦੇਸ਼ਾਂ ਵਿੱਚ ਸਖਤ ਕਾਨੂੰਨ ਹਨ ਉੱਥੇ ਕਿਹੜਾ ਇਹ ਲੱਟ ਖਤਮ ਹੋ ਗਈ ਹੈ ਤੇ ਨਾਲੇ ਪੱਛਮੀ ਦੇਸ਼ਾਂ ਤੇ ਵਿਕਾਸਸ਼ੀਲ ਦੇਸ਼ਾਂ ਦੇ ਸਮਾਜ ਤੇ ਲੋਕਾਂ ਦੇ ਵਿਦਿਅਕ ਤੇ ਸੱਭਿਆਚਾਰਕ ਪੱਧਰ ’ਚ ਜ਼ਮੀਨ-ਅਸਮਾਨ ਦਾ ਅੰਤਰ ਹੈ।ਡਾਕਟਰਾਂ ਦੁਆਰਾ ਤੋਹਫੇ ਲੈਣ ’ਤੇ ਪਾਬੰਦੀ ਲਾਈ ਜਾਵੇ, ਪਰ ਇਹ ਤਾਂ ਪਹਿਲਾਂ ਹੀ ਇੱਕ ਤਰਾਂ ਨਾਲ ਗੈਰ-ਕਾਨੂੰਨੀ ਹੈ ਅਤੇ ਪਾਬੰਦੀ ਹੋਣ ਦੇ ਬਾਵਜੂਦ ਰਿਸ਼ਵਤਖੋਰੀ ਦਿਨ ਦੂਣੀ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ, ਫਿਰ ਇੱਥੇ ਕੀ ਗਰੰਟੀ ਹੈ ਕਿ ਪਾਬੰਦੀ ਨਾਲ ਕੁਝ ਸੌਰ ਜਾਵੇਗਾ।

ਸਰਕਾਰ ਵਿਦਿਅਕ ਸੰਸਥਾਵਾਂ ਵਿਚਲੇ ਖੋਜ-ਕਾਰਜਾਂ ਉੱਪਰ ਦਵਾ-ਕੰਪਨੀਆਂ ਦਾ ਅਸਰ ਖਤਮ ਕਰਨ ਲਈ ਅਤੇ ਡਾਕਟਰਾਂ ਦੀ ਲਗਾਤਾਰ ਸਿੱਖਿਆ ਲਈ ਗਰਾਂਟਾਂ ਦਾ ਪ੍ਰਬੰਧ ਕਰੇ, ਪਰ ਭਲਿਓ ਲੋਕੋ ਜੇ ਸਰਕਾਰ ਨੇ ਇਹੀ ਕਰਨਾ ਹੋਵੇ ਤਾਂ ਸਭ ਕਾਸੇ ਦਾ ਨਿੱਜੀਕਰਨ ਕਿਉਂ ਕਰੇ।ਅਤੇ ਇਹੋ-ਜਿਹੇ ਹੀ ਸੁਝਾਅ ਲੱਗਦੇ ਹੱਥ ਦਵਾ-ਕੰਪਨੀਆਂ ਦੇ ਮਾਲਕਾਂ ਨੂੰ ਵੀ ਦੇ ਛੱਡਦੇ ਹਨ ਕਿ ਉਹ ਪ੍ਰਚਾਰ ਲਈ ਗਲਤ ਤਰੀਕੇ ਨਾ ਵਰਤਣ, ਡਾਕਟਰਾਂ ਨੂੰ ਤੋਹਫੇ ਨਾ ਦੇਣ, ਆਪਣਾ ਸਮਾਜਿਕ ਫਰਜ਼ ਸਮਝਣ, ਸੱਚੀ ਜਾਣਕਾਰੀ ਮੁਹੱਈਆ ਕਰਵਾਉਣ, ਆਪਣੇ ਲਈ `ਕੋਡ ਆਫ਼ ਕੰਡਕਟ’ ਬਣਾਉਣ ਆਦਿ। ਇਹਨਾਂ ਸਾਰੇ ਠੰਡੇ, ਗਲੇ-ਸੜੇ ਸੁਝਾਵਾਂ ਲਈ, ਐਂਡਰਿਊਂ ਚੇਟਲੇ, ਜੋ ਕਿ ਹੈਲਥ ਐਕਸ਼ਨ ਇੰਟਰਨੈਸ਼ਨਲ ਨਾਲ ਸਬੰਧਿਤ ਹੈ, ਠੀਕ ਹੀ ਲਿਖਿਆ ਹੈ— “ਜੇ ਕੋਈ ਇਹ ਸਲਾਹ ਦੇਵੇ ਕਿ ਅਪਰਾਧ ਕਰਨ ਵਾਲੇ ਹੀ ਇਕ ਜੱਜਾਂ ਦੀ ਕਮੇਟੀ ਬਣ ਜਾਣ, ਆਪਣੇ ਸਾਥੀਆਂ ਤੇ ਦੋਸਤਾਂ ਨੂੰ ਕੇਸ ਦੀ ਸੁਣਵਾਈ ਲਈ ਵਕੀਲ ਤੇ ਜਿਊਰੀ ਦੇ ਤੌਰ ਨਿਯੁਕਤ ਕਰਨ ਅਤੇ ਫੈਸਲਾ ਸੁਣਾਉਣ, ਤਾਂ ਅਸੀਂ ਇਸ ਨੂੰ ਇੱਕ ਅਜਿਹੇ ਹਾਸੋਹੀਣੇ ਖਿਆਲ ਦੇ ਤੌਰ ਰੱਦ ਕਰ ਦੇਵਾਂਗੇ ਜਿਸ ਲਈ ਕੋਈ ਸ਼ਬਦ ਨਹੀਂ। ਪਰ, ਦਵਾ ਕੰਪਨੀਆਂ ਦਵਾਈਆਂ ਦੇ ਅਨੁਚਿਤ ਪ੍ਰਚਾਰ ਦੀ ਸਮੱਸਿਆ ਲਈ ਇਹੋ ਜਿਹੇ ਹੱਲ ਹੀ ਪੇਸ਼ ਕਰ ਰਹੀਆਂ ਹਨ।’’

ਜਦੋਂ ਤੱਕ ਇਹ ਮੁਨਾਫਾ ਅਧਾਰਿਤ ਢਾਂਚਾ ਬਣਿਆ ਰਹੇਗਾ, ਉਸ ਸਮੇਂ ਤੱਕ ਹਰ ਤਰਾਂ ਦਾ ਉਤਪਾਦਨ, ਦਵਾਈਆਂ ਦੇ ਉਤਪਾਦਨ ਸਮੇਤ, ਮਨੁੱਖੀ ਲੋੜਾ ਨੂੰ ਧਿਆਨ ਵਿੱਚ ਰੱਖ ਹੋਣ ਦੀ ਥਾਂ ਮੁਨਾਫੇ ਤੇ ਹੋਰ ਵੱਧ ਮੁਨਾਫੇ ਲਈ ਹੁੰਦਾ ਰਹੇਗਾ। ਲੋਕ ਬੁਖਾਰ, ਟੱਟੀਆਂ-ਉਲਟੀਆਂ ਤੇ ਮਲੇਰੀਏ ਨਾਲ ਮਰਦੇ ਰਹਿਣਗੇ, ਪਰ ਮੋਟਾਪਾ ਘਟਾਉਣ ਲਈ ਹਰ ਸਾਲ ਨਵੀਂ ਤੋਂ ਨਵੀਂ ਵੰਨਗੀ ਦੀ ਦਵਾਈ ਵੀ ਮਾਰਕਿਟ ਵਿੱਚ ਆਉਂਦੀ ਰਹੇਗੀ, ਦਵਾ-ਕੰਪਨੀਆਂ ਡਾਕਟਰਾਂ ਨਾਲ ਰਲ ਕੇ ਲੋਕਾਂ ਦੀਆਂ ਜੇਬਾਂ ’ਤੇ ਡਾਕੇ ਮਾਰਦੀਆਂ ਰਹਿਣਗੀਆਂ, ਮ੍ਰਿਤ ਆਤਮਾਵਾਂ ਮੁਰਦਾ ਹੀ ਰਹਿਣਗੀਆਂ ਤੇ ਹੋਰ ਗਲ-ਸੜ ਕੇ ਬਦਬੂ ਮਾਰਨਗੀਆਂ, ਭੋਲੀਆਂ ਆਤਮਾਵਾਂ ਇਸਦੀਆਂ ਆਪਣੀ ਵੀਣਾ ਤੇ ਉਦਾਸ ਧੁਨਾਂ ਛੇੜਦੀਆਂ ਰਹਿਣਗੀਆਂ। ਇਸ ਲਈ ਜ਼ਰੂਰੀ ਹੈ ਕਿ ਜਾਗਦੀਆਂ ਆਤਮਾਵਾਂ ਵਾਲੇ ਲੋਕ ਅੱਗੇ ਆਉਣ ਅਤੇ ਬਦਬੂਦਾਰ ਮਾਹੌਲ ’ਚੋਂ ਬਾਹਰ ਨਿਕਲ ਕੇ ਇੱਕ ਨਵੇਂ ਸਮਾਜ ਦੀ ਉਸਾਰੀ ਲਈ ਸ਼ੁਰੂਆਤ ਕਰਨ ਤਾਂ ਕਿ ਅੱਗੇ ਤੋਂ ਹਰ ਸਾਲ 1.05 ਕਰੋੜ ਲੋਕ ਸਿਰਫ਼ ਦਵਾਈ ਨਾ ਮਿਲਣ ਕਰਕੇ ਹੀ ਨਾ ਮਰ ਜਾਣ।

ਡਾ. ਅਮ੍ਰਿਤਪਾਲ

 ਲਲਕਾਰ ਤੋਂ ਧੰਨਵਾਦ ਸਹਿਤ

Saturday, August 29, 2009

ਗੁਲਾਮ ਕਲਮ ਹਿੰਦੋਸਤਾਨ ਟਾਈਮਜ ਵਿੱਚ


Hindustan Times Chandigarh edition ਵਿੱਚ ਪੰਜਾਬੀ ਬਲੌਗਿੰਗ ਸਬੰਧੀ ਲੇਖ ਵਿੱਚ ਗੁਲਾਮ ਕਲਮ ਨੂੰ ਸ਼ਾਮਿਲ ਕੀਤਾ ਗਿਆ ਹੈ |


ਇਹ ਖੁਸ਼ੀ ਦੀ ਗੱਲ ਹੈ ਕਿ ਮੇਨਸਟ੍ਰੀਮ ਮੀਡੀਆ ਨੇ ਪੰਜਾਬੀ ਬਲੌਗਿੰਗ ਨੂੰ ਪਛਾਣਿਆ ਹੈ , ਅੰਗਰੇਜੀ ਬਲੌਗਿੰਗ ਪਹਿਲਾਂ ਹੀ ਇਕ ਮਹੱਤਵਪੂਰਨ ਸਥਾਨ ਹਾਸਿਲ ਕਰ ਚੁੱਕੀ ਹੈ, ਅਤੇ ਸੋਸ਼ਲ ਮੀਡੀਆ ਦੇ ਤੌਰ ਤੇ, ਕੌਨਵੈਨਸ਼ਨਲ ਮੀਡੀਆ ਨੂੰ ਟੱਕਰ ਦੇਣ ਦੇ ਕਾਬਿਲ ਹੈ, ਹਿੰਦੀ ਬਲੌਗਿੰਗ ਵੀ ਕਾਫੀ ਪਰਪੱਕ ਹੈ |

ਪੰਜਾਬੀ ਦੇ ਜਿਆਦਾਤਰ ਬਲੌਗ ਸਾਹਿਤ ਨਾਲ ਸੰਬਧਿਤ ਨੇ, ਉਮੀਦ ਹੈ ਆਉਣ ਵਾਲੇ ਸਮੇ ਵਿਚ ਪੰਜਾਬੀ ਬਲੌਗਿੰਗ ਦਾ ਘੇਰਾ ਹੋਰ ਵਿਸ਼ਾਲ ਹੋਵੇਗਾ, ਅਤੇ ਵਧ ਤੋਂ ਵੱਧ ਲੋਕ ਮਾਂ ਬੋਲੀ ਵਿਚ ਆਪਣੀ ਬੌਧਿਕ ਤਰਜਮਾਨੀ ਕਰਨਗੇ |

ਜਸਦੀਪ

Thursday, August 27, 2009

ਚੌਥੇ ਜਮੂਹਰੀ ਥੰਮ੍ਹ ਦਾ ਗੈਰ-ਜਮੂਹਰੀ ਸਮਾਜ ਵਿਗਿਆਨ

ਜਾਤ ਦਾ ਸਵਾਲ ਇਕ ਵਾਰ ਫਿਰ ਮੁੱਖ ਧਰਾਈ ਮੀਡੀਆ ‘ਚ ਚਰਚਾ ਦਾ ਵਿਸ਼ਾ ਬਣਿਆ ਹੈ।ਇੰਡੀਅਨ ਐਕਸਪ੍ਰੈਸ ਗਰੁੱਪ ਦੇ ਬਾਪੂ,ਜਨਸੱਤਾ ਅਖਬਾਰ ਦੇ ਸੰਪਾਦਕ ਤੇ ਭਾਰਤੀ ਮੀਡੀਆ ਦੀ ਨਾਮਵਾਰ ਹਸਤੀ ਪ੍ਰਭਾਸ਼ ਜੋਸ਼ੀ ਨੇ ਰਵੀਵਾਰ ਪਰਚੇ ਨੂੰ ਦਿੱਤੀ ਇੰਟਰਵਿਊ ‘ਚ ਕਿਹਾ ਹੈ ਕਿ ਮੀਡੀਆ ਹੀ ਨਹੀਂ ਬਲਕਿ ਹਰ ਖੇਤਰ ‘ਤੇ ਬ੍ਰਾਹਮਣਾਂ ਦਾ ਦਬਦਬਾ ਹੈ। ਇਸ ਤਰਕ ਤੋਂ ਬਾਅਦ ਹਿੰਦੀ ਤੇ ਅੰਗਰੇਜ਼ੀ ਪੱਟੀ ‘ਚ ਪੱਖ ਤੇ ਵਿਰੋਧ ‘ਚ ਸੁਰਾਂ ਤਿੱਖੀਆਂ ਹੋਈਆਂ ਹਨ।ਅਸਲ ‘ਚ ਇਸ ਡੀਬੇਟ ਦਾ ਜਨਮ ਕੁਝ ਸਮਾਂ ਪਹਿਲਾਂ ਪ੍ਰਸਿੱਧ ਸੁਤੰਤਰ ਪੱਤਰਕਾਰ ਅਨਿਲ ਚਮੜੀਆ ਵਲੋਂ ਭਾਰਤ ਦੇ ਪਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਦੇ ਜਾਤ ਤੇ ਧਰਮ ਅਧਾਰ ਕੀਤੇ ਸਰਵੇ ਤੋਂ ਬਾਅਦ ਹੋਇਆ ਸੀ।ਓਸ ਮੌਕੇ ਚਾਹੇ ਬਹੁਤਿਆਂ ਨੇ “ਜਾਤ ਨਾ ਪੂਛੋ,ਸਾਧੂ ਕੀ” ਵਾਲੀ ਰੱਟ ਲਗਾਉਂਦਿਆ ਅਨਿਲ ਚਮੜੀਆ ਨੂੰ ਜਾਤਾਵਾਦੀ ਕਿਹਾ ਸੀ,ਪਰ ਹੁਣ ਲੱਗ ਰਿਹਾ ਕਿ ਉਹਨਾਂ ਦੀ ਮਿਹਨਤ ਨੁੰ ਫਲ ਲੱਗ ਰਿਹਾ ਹੈ।ਇਸ ਵਿਚਾਰ ਚਰਚਾ ਨੂੰ ਪੜ੍ਹ ਸੁਣਕੇ ਲੱਗ ਰਿਹੈ ਕਿ ਭਾਰਤੀ ਮੀਡੀਏ ਦਾ ਲੋਕਤੰਤਰੀਕਰਨ ਹੋ ਰਿਹਾ ਹੈ।ਜਦੋਂ ਅਨਿਲ ਦਿੱਲੀ ਸਨ ਤਾਂ ਮੈਨੂੰ ਵੀ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਦਾ ਰਿਹਾ।ਪੱਤਰਕਾਰੀ ਦੇ ਰਾਜਨੀਤਿਕ ਵਿਗਿਆਨ ਬਾਰੇ ਉਹਨਾਂ ਦੀ ਡੂੰਘੀ ਸਮਝ ਤੋਂ ਬਹੁਤ ਕੁਝ ਸਿੱਖਣ ਨੁੰ ਮਿਲਿਆ।ਉਹਨਾਂ ਦਿਨਾਂ ‘ਚ ਉਸ ਸਰਵੇ ਨੂੰ ਅਧਾਰ ਬਣਾਕੇ ਮੈਂ ਇਹ ਲੇਖ ਲਿਖਿਆ ਸੀ।…ਯਾਦਵਿੰਦਰ ਕਰਫਿਊ


"ਅੰਕੜਿਆਂ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ,ਕਿਉਂਕਿ ਅੰਕੜੇ ਕਦੇ ਝੂਠ ਨਹੀਂ ਬੋਲਦੇ ਤੇ ਅੰਕੜਿਆਂ ਮੁਤਾਬਕ ਮੀਡੀਆ 'ਚ ਹਮੇਸ਼ਾਂ ਦੀ ਉੱਚ ਜਾਤਾਂ ਦਾ ਦਬਦਬਾ ਰਿਹਾ ਹੈ।ਮੀਡੀਆ ਹੀ ਨਹੀਂ ਬਲਕਿ,ਜ਼ਿਆਦਾਤਰ ਖੇਤਰਾਂ 'ਚ ਹਮੇਸ਼ਾ ਹੀ ਉੱਚ ਜਾਤਾਂ ਦਾ ਦਬਦਬਾ ਰਿਹਾ ਹੈ ਤੇ ਰਾਜਨਤੀ 'ਚ ਜੇ ਥਾਂ ਹੈ ਤਾਂ ਉਹ ਵੀ ਸਿਆਸੀ ਰੋਟੀਆਂ ਸੇਕਣ ਦਾ ਇਕ ਜ਼ਰੀਆ ਹੈ"।ਇਹ ਸ਼ਬਦ ਨੇ ਭਾਰਤੀ ਮੀਡੀਆ ਦੀ ਮਸ਼ਹੂਰ ਹਸਤੀ ਸੀ.ਐਨ.ਐਨ,ਆਈ.ਬੀ.ਐਨ. ਦੇ ਮੁੱਖ ਸੰਪਾਦਕ ਰਾਜਦੀਪ ਸਰਦਸਾਈ ਦੇ ਹਨ।ਇਸੇ ਤਰ੍ਹਾਂ ਐਨ.ਡੀ.ਟੀ.ਵੀ. ਦੇ ਮੁੱਖ ਸੰਪਾਦਕ ਰਹੇ ਚਰਚਿਤ ਪੱਤਰਕਾਰ ਦਿਬਾਂਗ ਨੇ ਕਿਹਾ ਸੀ ਕਿ"ਮੀਡੀਆ 'ਚ ਭਾਈ-ਭਤੀਜਾਵਾਦ ਕਰਕੇ ਹਮੇਸ਼ਾਂ ਹੀ ਇਥੇ ਅੱਗੜਿਆਂ ਦੀ ਸ਼ਮੂਲੀਅਤ ਰਹੀ ਹੈ,ਇਹੀ ਕਾਰਨ ਹੈ ਕਿ ਰਾਖਵੇਂਕਰਨ ਦੇ ਅੰਦੋਲਨ ਸਮੇਂ ਮੀਡੀਆ ਨੇ ਇੱਕਤਰਫਾ ਰਿਪੋਟਿੰਗ ਕੀਤੀ ਹੈ"।ਲਗਭਗ ਇਹੋ ਜਿਹੀ ਧਾਰਨਾ ਹੀ ਦੇਸ਼ ਦੇ ਮਸ਼ਹੂਰ ਅੰਗਰੇਜ਼ੀ ਅਖ਼ਬਾਰ "ਦਾ ਹਿੰਦੂ" ਦੇ ਸੰਪਾਦਕ ਐਨ.ਰਾਮ ਦੀ ਹੈ।ਗੱਲ ਜਦੋਂ ਪੂਰੇ ਸਮਾਜ ਦੀ ਤਸਵੀਰ ਖਿੱਚਣ ਵਾਲੇ ਰਾਸ਼ਟਰੀ ਮੀਡੀਆ ਦੀ ਅੰਦਰੂਨੀ ਸਥਿਤੀ ਦੀ ਕਰ ਰਹੇ ਹਾਂ,ਤਾਂ ਇਹ ਜਾਨਣਾ ਬੜਾ ਜ਼ਰੂਰੀ ਹੋ ਜਾਂਦੈ,ਕਿ ਤਸਵੀਰ ਖਿੱਚਣ ਵਾਲੇ ਲੋਕ ਕਿਸ ਕਿਸ ਸਮਾਜਿਕ ਤੇ ਆਰਥਿਕ ਪਿਛੋਕੜ ਤੋਂ ਆ ਰਹੇ ਹਨ।ਖਾਸ ਕਰ ਉਸ ਦੇਸ਼ ‘ਚ ਜੋ ਬਹੁਜਾਤੀ,ਬਹੁਧਰਮੀ,ਬਹੁਭਸ਼ਾਈ ਤੇ ਬਹੁਕੌਮੀ ਹੈ ਤੇ ਜਿਥੇ ਸਾਰੇ ਵਰਗ,ਧਰਮ ਤੇ ਜਾਤਾਂ ਸਮਾਜਿਕ ਵਿਕਾਸ ਦੇ ਤੌਰ ‘ਤੇ ਇਕ ਦੂਜੇ ਤੋਂ ਕਾਫੀ ਅੱਗੜ ਪਿੱਛੜ ਹਨ।ਇਸੇ ਲਈ ਦੇਸ਼ ਦੇ ਸੰਵਿਧਾਨ ‘ਚ ਵੀ ਸਾਰਿਆਂ ਨੂੰ ਨਾਲ ਲੈਕੇ ਚੱਲਣ ਲਈ ਕਈ ਕਨੂੰਨਾਂ ਦੀ ਵਿਵਸਥਾ ਕੀਤੀ ਗਈ ਸੀ।ਚਰਚਾ ਜਦੋਂ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ 'ਚੌਥੇ ਥੰਮ' ਦੀ ਕਰਨ ਲੱਗੇ ਹਾਂ,ਤਾਂ ਸਥਿਤੀ ਦਾ ਜਾਇਜ਼ਾ ਹੋਰ ਵੀ ਗੰਭੀਰਤਾ ਨਾਲ ਲੈਣਾ ਬਣਦਾ ਹੈ।ਰਾਸ਼ਟਰੀ ਮੀਡੀਏ ਦੇ ਵੱਡੇ ਅਖ਼ਬਾਰਾਂ ਤੇ ਖਬਰੀਆ ਚੈਨਲਾਂ ਦਾ ਜਾਇਜ਼ਾ ਲਈਏ ਤਾਂ ਅਸੀਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਅਖ਼ਬਾਰਾਂ ਦੇ ਸਫਿਆਂ ਤੇ ਚੈਨਲਾਂ ਦੇ ਬੁਲਿਟਨਾਂ ‘ਚੋਂ ਦਿਨੋ ਦਿਨ ਦਲਿਤਾਂ ਤੇ ਘੱਟਗਿਣਤੀਆਂ ਨਾਲ ਹੁੰਦੀਆਂ ਜ਼ਿਆਦਤੀਆਂ ਦੀਆਂ ਖ਼ਬਰਾਂ ਨਜ਼ਰਅੰਦਾਜ਼ ਹੋ ਰਹੀਆਂ ਹਨ।ਇਸਦਾ ਵੱਡਾ ਕਾਰਨ ਭਾਵੇਂ ਮੀਡੀਆ ‘ਤੇ ਬਜ਼ਾਰਵਾਦੀ ਰਣਨੀਤੀ ਦਾ ਅਸਰ ਹੈ,ਪਰ ਮੀਡੀਆ ‘ਚ ਇਹਨਾਂ ਭਾਈਚਾਰਿਆਂ ਦੀ ਸ਼ਮੂਲੀਅਤ ਦੇ ਤੱਥਾਂ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ।

ਮੀਡੀਆ ਦੀ "ਪਰਿਭਾਸ਼ਾ" ਤੱਥਾਂ ਨੂੰ ਅਧਾਰ ਬਣਾਕੇ ਖ਼ਬਰ ਨੂੰ ਸਮਾਜ ਸਾਹਮਣੇ ਪੇਸ਼ ਕਰਨ ਦੀ ਗੱਲ ਕਰਦੀ ਹੈ ਤਾਂ ਇਥੇ ਵੀ ਗੱਲ ਪੂਰਨ ਅੰਕੜਿਆਂ ਨਾਲ ਕਰਾਂਗੇ।ਪਿਛਲੇ ਸਮੇਂ ਮੀਡੀਆ 'ਚ ਦਲਿਤਾਂ ਤੇ ਘੱਟਗਿਣਤੀਆਂ ਦੀ ਸ਼ਮੂਲੀਅਤ ਬਾਰੇ ਦਿੱਲੀ ਦੇ ਕੁਝ ਸੁਤੰਤਰ ਪੱਤਰਕਾਰਾਂ ਤੇ ਬੁੱਧੀਜੀਵੀਆਂ ਵਲੋਂ ਸਰਵੇ ਕੀਤਾ ਗਿਆ।ਸਰਵੇ 'ਚ ਇਲੈਕਟ੍ਰੋਨਿਕ ਮੀਡੀਆ ਦੇ ਮੁੱਖ ਅਦਾਰਿਆਂ,ਲਗਭਗ ਸਾਰੇ ਮੁੱਖ ਧਾਰਾਈ ਅਖ਼ਬਾਰਾਂ ਤੇ ਮੈਗਜ਼ੀਨਾਂ ਨੂੰ ਰੱਖਿਆ ਗਿਆ(ਜਿਨ੍ਹਾਂ 'ਚ ਹਿੰਦੀ ਚੈਨਲ ਆਜ ਤਕ,ਆਈ.ਬੀ.ਐਨ-7,ਸੀ.ਐਨ.ਬੀ.ਸੀ ਅਵਾਜ਼,ਜ਼ੀ ਨਿਊਜ਼,ਐਨ.ਡੀ.ਟੀ.ਵੀ. ਇੰਡੀਆ,ਡੀ.ਡੀ. ਨਿਊਜ਼,ਸਹਾਰਾ ਸਮਯੇ,ਲਾਈਵ ਇੰਡੀਆ(ਜਨਮਤ), ਐਸ-1,ਅੰਗਰੇਜ਼ੀ ਚੈਨਲ ਟਾਈਮਜ਼ ਨਾਓ,ਸੀ.ਐਨ.ਐਨ,ਆਈ.ਬੀ.ਐਨ,ਐਨ.ਡੀ.ਟੀ.ਵੀ. 24/7,ਐਨ.ਡੀ.ਟੀ.ਵੀ.ਪਰੋਫਿਟ,ਸੀ.ਐਨ.ਬੀ.ਸੀ,ਹੈਡਲਾਇਨ ਟੂਡੇ, ਏ.ਐਨ.ਆਈ,ਪ੍ਰਿੰਟ ਅੰਗਰੇਜ਼ੀ ਐਚ.ਟੀ,ਟਾਈਮਜ਼ ਆਫ ਇੰਡੀਆ,ਇਕਨੋਮਿਕ ਟਾਈਮਜ਼,ਦਾ ਹਿੰਦੂ,ਇੰਡੀਅਨ ਐਕਸਪ੍ਰੈਸ,ਫਾਈਨੈਸ਼ੀਅਲ ਐਕਸਪ੍ਰੈਸ,ਇੰਡੀਆ ਟੂਡੇ,ਆਊਟ ਲੁੱਕ,ਪੀ.ਟੀ.ਆਈ,ਯੂ.ਐਨ.ਆਈ,ਪ੍ਰਿੰਟ ਹਿੰਦੀ ਦੈਨਿਕ ਜਾਗਰਣ,ਜਨਸੱਤਾ,ਆਊਟ ਲੁੱਕ,ਦੈਨਿਕ ਹਿੰਦੋਸਤਾਨ,ਨਵਭਾਰਤ ਟਾਈਮਜ਼,ਇੰਡੀਆ ਟੂਡੇ,ਰਾਸ਼ਟਰੀ ਸਹਾਰਾ,ਯੂਨੀਵਾਰਤਾ,ਭਾਸ਼ਾ, ਬੀ.ਬੀ.ਸੀ.ਰੇਡਿਓ ਹਿੰਦੀ ਆਦਿ ਦੇ ਨਾਂਅ ਜ਼ਿਕਰਯੋਗ ਨੇ)।ਇਸ ਸਰਵੇ 'ਚ ਮੀਡੀਆ ਦੇ 315 ਫੈਸਲੇ ਲੈਣ ਵਾਲੇ ੳੁੱਚ ਅਹੁਦਿਆਂ ਦੀ ਜਾਂਚ ਤੋਂ ਪਤਾ ਲੱਗਿਆ ਕਿ ਦੇਸ਼ ਦੇ ਰਾਸ਼ਟਰੀ ਮੀਡੀਏ 'ਚ ਕਿਸੇ ਵੀ ੳੁੱਚ ਅਹੁਦੇ 'ਤੇ ਕੋਈ ਵੀ ਦਲਿਤ ਜਾਂ ਆਦਿਵਾਸੀ ਨਹੀਂ ਹੈ।ਭਾਰਤ ਦੀ ਕੁੱਲ ਅਬਾਦੀ 'ਚ ਹਿੰਦੂ 81%,ਮੁਸਲਮਾਨ 13%,ਇਸਾਈ 2% ਤੇ ਸਿੱਖ 2% ਹਨ,ਜਦੋਂ ਕਿ ਰਾਸ਼ਟਰੀ ਮੀਡੀਆ 'ਚ ਹਿੰਦੂ 90%,ਮੁਸਲਮਾਨ 3%,ਇਸਾਈ 4%(ਸਿਰਫ ਅੰਗਰੇਜ਼ੀ ਮੀਡੀਆ 'ਚ) ਤੇ ਸਿੱਖ 1% ਹਨ।ਹਿੰਦੂਆਂ 'ਚੋਂ ਵੀ ਅੱਗੇ ੳੁੱਚ ਜਾਤੀ ਹਿੰਦੂਆਂ ਦਾ ਪੂਰਨ ਦਬਦਬਾ ਹੈ,ਜਿਨ੍ਹਾਂ ਦੀ ਭਾਰਤ ਦੀ ਕੁੱਲ ਅਬਾਦੀ 'ਚ ਹਿੱਸੇਦਾਰੀ 8% ਹੈ,ਪਰ ਮੀਡੀਆ 'ਚ ਫੈਸਲੇ ਲੈਣ ਵਾਲੇ ੳੁੱਚ ਅਹੁਦਿਆਂ 'ਤੇ ਇਹਨਾਂ ਦੇ 71 % ਲੋਕ ਸਥਾਪਿਤ ਹਨ।ਇਸੇ ਤਰ੍ਹਾਂ ਪਛੜੀਆਂ ਸ਼੍ਰੇਣੀਆਂ ਦੀ ਦੇਸ਼ 'ਚ ਅਬਾਦੀ 43% ਹੈ,ਪਰ ਇਹਨਾਂ ਦੀ ਮੀਡੀਆ 'ਚ ਹਿੱਸੇਦਾਰੀ 4 % ਹੈ।ਲਿੰਗ ਦੇ ਅਧਾਰ 'ਤੇ ਜੇ ਵੇਖਣਾ ਹੋਣੇ ਤਾਂ ਔਰਤਾਂ ਦੀ ਪੂਰੇ ਮੀਡੀਆ 'ਚ ਹਿੱਸੇਦਾਰੀ 17 % ਤੋਂ ਘੱਟ ਹੈ।ਇਹ ਸਰਵੇ ਦਿੱਲੀ ਦੇ ਸੁਤੰਤਰ ਪੱਤਰਕਾਰ ਅਨਿਲ ਚਮੜੀਆ ਤੇ ਸੁਤੰਤਰ ਖੋਜਕਰਤਾ ਜਤਿੰਦਰ ਕੁਮਾਰ ਨੇ ਕੀਤਾ।ਸਰਵੇ ਨੂੰ ਜਦੋਂ ਜਨਤਕ ਕੀਤਾ ਗਿਆ ਤਾਂ ਵੱਡੇ ਦਿਲ ਵਾਲੀ ਦਿੱਲੀ 'ਚ ਬੈਠੇ ਉੱਚ ਮੱਧ ਵਰਗੀ ਪੱਤਰਕਾਰਾਂ,ਸੰਪਾਦਕਾਂ 'ਚ ਹਾਹਾਕਾਰ ਮੱਚ ਗਈ।ਲਗਾਤਾਰ ਆ ਰਹੀਆਂ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ 'ਚ ਅਜਿਹੇ ਬਹੁਤ ਥੋੜ੍ਹੇ ਲੋਕ ਸਨ,ਜਿਨ੍ਹਾਂ ਨੇ ਇਸ ਕੌੜੇ ਸੱਚ ਨੂੰ ਸਿਰ ਮੱਥੇ ਕਬੂਲਿਆ।ਰਾਜਦੀਪ ਸਰਦਸਾਈ,ਦਿਬਾਂਗ ਤੇ ਐਨ.ਰਾਮ ਵਰਗੇ ਲੋਕਾਂ ਨੇ ਭਾਵੇਂ ਇਸ ਜ਼ਮੀਨੀ ਯਥਾਰਥ ਨੂੰ ਸੱਚ ਮੰਨਿਆ,ਪਰ ਉਹਨਾਂ ਨੇ ਆਪਣੀਆਂ ਸੰਸਥਾਂਵਾਂ 'ਚ ਸਭ ਠੀਕ-ਠਾਕ ਹੋਣ ਦੀ ਗੱਲ ਕਹੀ।ਅਜਿਹੇ ਕੁਝ ਲੋਕਾਂ ਤੋਂ ਬਿਨਾਂ ਬਾਕੀਆਂ ਨੇ ਇਸਨੂੰ ਸਮਾਜ 'ਚ ਵੰਡੀਆਂ ਪਾੳਣ ਤੇ ਜਾਤੀਵਾਦ ਨੂੰ ਉਭਾਰਨ ਵਾਲਾ ਕਦਮ ਕਰਾਰ ਦਿੱਤਾ,ਹਾਲਾਂਕਿ ਸਰਵੇ ਕਰਨ ਵਾਲੇ ਲੋਕਾਂ ਨੇ ਵਾਰ ਵਾਰ ਦਲੀਲ ਦਿੱਤੀ ਕਿ "ਅਸੀਂ ਲੋਕਤੰਤਰ ਦੀ ਸਦੀ 'ਚ ਸਭਤੋਂ ਵੱਡੇ ਲੋਕਤੰਤਰ ਦੇ ਕੌੜੇ ਸੱਚ ਨੂੰ ਪੇਸ਼ ਕਰ ਰਹੇ ਹਾਂ ਤੇ ਸਮਾਜ ਦੇ ਇਸ ਸੱਚ ਤੋਂ ਭੱਜਣਾ ਸਮੱਸਿਆ ਦਾ ਹੱਲ ਨਹੀਂ,ਬਲਕਿ ਇਸਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।

ਗੱਲ ਸਿਰਫ ਤੱਥਾਂ ਤੱਕ ਸੀਮਤ ਨਹੀਂ,ਇਹਨਾਂ ਤੱਥਾਂ ਦੇ ਅਸਰ ਦਾ ਵਰਤਾਰਾ ਵੀ ਲਗਾਤਾਰ ਵਾਪਰ ਰਿਹਾ ਹੈ।ਇਸੇ ਦੇ ਤਹਿਤ ਮੀਡੀਆ ਦੀ ਜਾਤ ਦੇ ਰਾਖਵੇਂਕਰਨ ਸਬੰਧੀ ਭੂਮਿਕਾ ਮੰਡਲ ਕਮਿਸ਼ਨ ਤੋਂ ਲੈਕੇ ਓ.ਬੀ.ਸੀ. ਦੇ 27% ਤੱਕ ਇਕਤਰਫਾ ਰਹੀ ਹੈ।ਮੁੱਖਧਾਰਾ ਦੇ ਕੁੱਝ ਮੀਡੀਆ ਅਦਾਰਿਆਂ ਨੂੰ ਛੱਡਕੇ ਬਾਕੀ ਲਗਭਗ ਪੂਰੇ ਮੀਡੀਏ ਦੀ ਭੂਮਿਕਾ ਰਾਖਵਾਂਕਰਨ ਵਿਰੋਧੀ ਰਹੀ ਹੈ।ਮੀਡੀਆ ਸੰਸਥਾਵਾਂ ਦੀ ਰਾਖਵੇਂਕਰਨ ਵਿਰੋਧੀ ਲਹਿਰ ਦਾ ਮੁੱਖ ਕਾਰਨ ਭਾਵੇਂ ਅਖ਼ਬਾਰਾਂ ਤੇ ਚੈਨਲਾਂ ਦੀ ਸੰਪਾਦਕੀ ਨੀਤੀ ਸੀ,ਪਰ ਮੀਡੀਆ ਸੰਸਥਾਂਵਾਂ 'ਚ ਅਜਿਹੀ ਰਾਖਵਾਂਕਰਨ ਵਿਰੋਧੀ ਰਿਪੋਰਟਿੰਗ ਵੀ ,ਓਥੇ ਅੱਗੜਿਆਂ ਦੇ ਪ੍ਰਭਾਵ ਨੂੰ ਪੂਰਨ ਰੂਪ 'ਚ ਦਰਸਾਉਂਦੀ ਹੈ।ਪਿਛਲੇ ਸਾਲਾਂ 'ਚ ਦੇਸ਼ 'ਚ ਰਾਖਵੇਂਕਰਨ ਦੇ ਵਿਰੋਧ ਦੀ ਸਭਤੋਂ ਵੱਡੀ ਲਹਿਰ ਦਿੱਲੀ ਦੇ ਮਸ਼ਹੂਰ ਏਮਜ਼ ਹਸਪਤਾਲ ਚੱਲੀ।ਇਸ ਲਹਿਰ ਦੀ ਜ਼ਮੀਨ ਤਿਆਰ ਕਰਨ ਤੋਂ ਲੈਕੇ ,ਇਸਨੂੰ ਪੂਰੇ ਦੇਸ਼ ਦੇ ੳੁੱਚ ਸਿੱਖਿਆ ਸੰਸਥਾਨਾਂ ਨਾਲ ਜੋੜਨ ਦੀ ਭੂਮਿਕਾ ਮੀਡੀਆ ਨੇ ਖੂਬ ਅਦਾ ਕੀਤੀ।ਇਸ ਸਮੇਂ ਸੁਤੰਤਰ ਪੱਤਰਕਾਰਾਂ ਤੇ ਕਈ ਵੱਡੇ ਬੁੱਧੀਜੀਵੀਆਂ ਨੇ ਮੀਡੀਆ ਦੀ ਸੁਤੰਤਰ ਤੇ ਨਿਰਪੱਖ ਭੂਮਿਕਾ 'ਤੇ ਕਈ ਸਵਾਲ ਵੀ ਉਠਾਏ,ਪਰ ਮੀਡੀਆ ਨੇ ਕਿਸੇ ਦੀ ਪਰਵਾਹ ਨਾ ਕਰਦੇ ਹੋਏ ਸ਼ਰੇਆਮ ਇੱਕਤਰਫਾ ਰਿਪੋਰਟਿੰਗ ਕੀਤੀ।ਇਸੇ 'ਤੇ ਬੋਲਦਿਆਂ ਐਨ.ਡੀ.ਟੀ.ਵੀ. ਦੇ ਮੁੱਖ ਸੰਪਾਦਕ ਰਹੇ ਦਿਬਾਂਗ ਨੇ ਕਿਹਾ ਕਿ "ਮੀਡੀਆ ਦੀ ਭੂਮਿਕਾ ਰਾਖਵੇਂਕਰਨ ਨੂੰ ਲੈਕੇ ਇਕਤਰਫਾ ਰਹੀ ਹੈ।ਅਜਿਹੀਆਂ ਖ਼ਬਰਾਂ ਛਪੀਆਂ ਕੀ "ਇਸ ਵਾਰ ਕਈ ਵਿਦਿਆਰਥੀ ਰਾਖਵੇਂਕਰਨ ਦੇ ਵਿਰੋਧ 'ਚ ਆਤਮਦਾਹ ਕਰਨਗੇ "।ਦਿਬਾਂਗ ਨੇ ਸਵਾਲ ਉਠਾਇਆ ਸੀ ਕਿ "ਇਹ ਖ਼ਬਰ ਹੈ ਜਾਂ ਖ਼ਬਰ ਦਾ ਪ੍ਰਚਾਰ"।ਇਸੇ ਤਰ੍ਹਾਂ ਉਹਨਾਂ ਇਹ ਵੀ ਕਿਹਾ ਰਾਖਵੇਂਕਰਨ ਦੇ ਮੁੱਦੇ 'ਤੇ ਪੱਤਰਕਾਰਾਂ ਨੇ ਪੀ.ਟੂ.ਸੀ. (ਪੀਸ ਟੂ ਕੈਮਰਾ) (ਖ਼ਬਰ ਦਾ ਸਿੱਟਾ) ਰਾਹੀਂ ਖ਼ਬਰ 'ਤੇ ਆਪਣੀ ਵਿਚਾਰਧਾਰਾ ਥੋਪਣ ਦੀ ਕੋਸ਼ਿਸ਼ ਕੀਤੀ ਹੈ।ਮੀਡੀਆ ਨੂੰ ਰਾਖਵਾਂਕਰਨ ਵਿਰੋਧੀ ਖ਼ਬਰਾਂ ਤਾਂ ਦਿਖਦੀਆਂ ਰਹੀਆਂ,ਪਰ ਰਾਖਵਾਂਕਰਨ ਪੱਖੀ ਖ਼ਬਰਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ।ਮੀਡੀਆ 'ਚ ਅਗੜਿਆਂ ਦੇ ਪ੍ਰਭਾਵ ਦਾ ਹੀ ਕਾਰਨ ਹੈ ਕਿ ਜਲੰਧਰ ਦੇ ਤੱਲਣ,ਹਰਿਆਣਾ ਦੇ ਗੋਹਾਣਾ ਕਾਂਡ ਆਦਿ ਦਲਿਤ ਭਾਈਚਾਰੇ 'ਤੇ ਹੋ ਰਹੀਆਂ ਤਸ਼ੱਦਦ ਦੀਆਂ ਖ਼ਬਰਾਂ ਨਿਰਪੱਖ ਤੌਰ 'ਤੇ ਪੇਸ਼ ਨਹੀਂ ਹੋ ਸਕੀਆਂ।ਰਾਖਵੇਂਕਰਨ ਦੇ ਅੰਦੋਲਨ ਸਮੇਂ ਅਖ਼ਬਾਰ ਦੀ ਸੰਪਾਦਕੀ ਨੀਤੀ ਬਾਰੇ ਪੰਜਾਬੀ ਟ੍ਰਿਬਿਊਨ ਦੇ ਮਰਹੂਮ ਪੱਤਰਕਾਰ ਦਲਬੀਰ ਸਿੰਘ ਨੇ ਇਕ ਦਲਿਤ ਕੁੜੀ ਦੀ ਚਿੱਠੀ ਦੇ ਜਵਾਬ 'ਚ ਆਪਣੀ ਬੇਵੱਸੀ ਜਾਹਿਰ ਕੀਤੀ ਸੀ।



ਇਸ ਸਰਵੇ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਇਸਦਾ ਸਭਤੋਂ ਕੱਟੜ ਵਿਰੋਧ ਕੀਤਾ,ਉਹਨਾਂ 'ਚ ਜ਼ਿਆਦਾਤਰ ਲੋਕ ਲਾਇਬਰੇਰੀਆਂ ਨਾਲ ਜੁੜੇ ਕਿਤਾਬੀ ਕੀੜੇ ਸਨ।ਜਿਨ੍ਹਾਂ ਨੂੰ ਜ਼ਮੀਨੀ ਸਥਿਤੀਆਂ ਦਾ ਸ਼ਾਇਦ ਕੋਈ ਬਹੁਤਾ ਗਿਆਨ ਨਹੀਂ ਸੀ। ਇਹਨਾਂ 'ਚੋਂ ਬਹੁਤਿਆਂ ਦੀ ਪੜ੍ਹਾਈ ਵੀ ਵੱਡੀਆਂ ਵੱਡੀਆਂ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਤੋਂ ਹੈ।ਇਸੇ ਲਈ ਇਹਨਾਂ ਦਾ ਸੋਚਣ ਦਾ ਢੰਗ ਵੀ ਯੂਰਪੀ ਤੇ ਪੱਛਮੀ ਸੀ,ਪਰ ਜੇ ਭਾਰਤੀ ਸਮਾਜ ਦੀਆਂ ਹਕੀਕਤਾਂ 'ਤੇ ਪੈਨੀ ਨਜ਼ਰ ਮਾਰੀਏ ਤਾਂ ਪਤਾ ਲੱਗਦੈ ਕਿ ਜਾਤਪਾਤੀ ਸਿਸਟਮ ਨੂੰ ਲੈਕੇ ਯੂਰਪ ਤੇ ਪੱਛਮ ਦੇ ਮੁਕਾਬਲੇ ਭਾਰਤ ਦੀ ਸਥਿਤੀ 'ਚ ਜ਼ਮੀਨ ਅਸਮਾਨ ਦਾ ਫਰਕ ਹੈ।ਇੱਥੇ ਇਤਿਹਾਸਿਕ ਤੌਰ 'ਤੇ ਮਾਨਸਿਕ ਕੰਮਾਂ ‘ਚ ਹਮੇਸ਼ਾ ਹੀ ੳੁੱਚ ਜਾਤੀਆਂ ਤੇ ਬਹੁਗਿਣਤੀਆਂ ਦਾ ਦਬਦਬਾ ਰਿਹਾ ਹੈ।ਜਿਨ੍ਹਾਂ ਦਿਨਾਂ 'ਚ ਸਾਡਾ ਦੇਸ਼ ਪੱਛਮ ਦੀ ਬਸਤੀ ਬਣਿਆ ਹੋਇਆ ਸੀ,ਉਸ ਸਮੇਂ 19 ਸਦੀ ਦੀ ਸ਼ੁਰੂਆਤ 'ਚ ਪੱਛਮ ਤੇ ਯੂਰਪ 'ਚ ਪੂਰਨ ਰੂਪ 'ਚ ਪੂੰਜੀਵਾਦ ਵਿਕਸਤ ਹੋ ਚੁੱਕਿਆ ਸੀ।ਇਸੇ ਸਨਅਤੀ ਵਿਕਾਸ ਨੇ ਹੀ ਓਥੋਂ ਦੇ ਨਸਲੀ ਤਾਣੇ-ਬਾਣੇ ਨੂੰ ਵੱਡੇ ਰੂਪ 'ਚ ਤੋੜਿਆ।ਇਸ ਸਨਅਤੀ ਵਿਕਾਸ ਦਾ ਹੀ ਨਤੀਜਾ ਸੀ,ਕਿ ਪੱਛਮ ਦੇ ਲੋਕਾਂ 'ਚ ਆਪਣੇ ਜਮੂਹਰੀ ਹੱਕਾਂ ਨੂੰ ਲੈਕੇ ਕਾਫੀ ਚੇਤਨਾ ਆਈ,ਪਰ ਇਸਦੇ ਬਿਲਕੁਲ ਉਲਟ ਬਸਤੀਵਾਦੀ ਗੁਲਾਮੀ ਕਾਰਨ ਭਾਰਤ 'ਚ ਪੂੰਜੀਵਾਦ ਉਸ ਸਮਾਜਿਕ ਤੇ ਕੁਦਰਤੀ ਪ੍ਰਕ੍ਰਿਆ 'ਚ ਵਿਕਸਤ ਨਾ ਹੋਣ ਕਰਕੇ,ਇਥੇ ਸਮਾਜਿਕ ਚੇਤਨਾ ਦਾ ਵਿਕਾਸ ਨਹੀਂ ਹੋਇਆ।ਦੂਜਾ ਪਾਸੇ ਇਥੋਂ ਦੇ ਮੰਨੂਵਾਦੀ ਢਾਂਚੇ ਦੀ ਪਕੜ ਵੀ ਏਨੀ ਤਕੜੀ ਹੈ,ਜਿਸਨੇ ਇਸ ਜਾਤਪਾਤ ਸਿਸਟਮ ਨੁੰ ਬਿਲਕੁਲ ਟੁੱਟਣ ਨਹੀਂ ਦਿੱਤਾ,ਇਹ ਬ੍ਰਹਮਣਵਾਦੀ ਢਾਂਚਾ ਵੀ ਪੂੰਜੀਵਾਦ ਦੇ ਵਿਕਸਿਤ ਹੋਣ ਨਾਲ ਹੀ ਟੁੱਟਣਾ ਸੀ।ਮੰਨੂਵਾਦੀ ਢਾਂਚੇ ਦੀ ਜਕੜ ਦਾ ਹੀ ਨਤੀਜਾ ਹੈ ਭਾਰਤ 'ਚ ੳੁੱਚ ਜਾਤਾਂ ਦਾ ਸਬੰਧ ਹਮੇਸ਼ਾਂ ਹੀ ਅਮੀਰ ਵਰਗਾਂ ਤੇ 'ਨੀਵੀਆਂ' ਜਾਤਾਂ ਦਾ ਸਬੰਧ ਹਮੇਸ਼ਾਂ ਹੀ ਗਰੀਬੀ ਤੇ ਜਹਾਲਤ ਨਾਲ ਰਿਹਾ ਹੈ,ਪਰ ਪੱਛਮ ਤੇ ਯੂਰਪ 'ਚ ਅਜਿਹੀ ਸਥਿਤੀ ਨਹੀਂ।ਅਜਿਹੇ ਢਾਂਚੇ ਕਰਕੇ ਹੀ ਭਾਰਤ ਦੀ ਮਹਾਨ ਧਰਤੀ 'ਤੇ ਜੋ ਜਿਸ ਜਾਤ 'ਚ ਪੈਦਾ ਹੁੰਦਾ ਹੈ,ਉਹ ਉਸੇ 'ਚ ਮਰਦਾ ਹੈ।ਇਹ ਵਰਤਾਰਾ ਅੱਜ ਦੇ ਇਸ ਲੋਕਤੰਤਰੀ ਯੁੱਗ 'ਚ ਵੀ ਜਿਉਂ ਦਾ ਤਿਉਂ ਹੈ।ਅਜਿਹੇ ਪੱਛਮੀ ਵਿਕਾਸ ਦੇ ਅੰਕੜੇ ਅਮਰੀਕੀ ਮੀਡੀਆ 'ਚ ਪੂਰਨ ਰੂਪ 'ਚ ਵੇਖੇ ਜਾ ਸਕਦੇ ਹਨ,ਅਮਰੀਕਾ 'ਚ ਘੱਟਗਿਣਤੀਆਂ ਦੀ ਸੰਖਿਆ 33% ਹੈ ਤੇ ਓਥੋਂ ਦੀਆਂ ਮੀਡੀਆਈ ਸੰਸਥਾਵਾਂ 'ਚ ਉਹਨਾਂ ਦੀ ਬਣਦੀ ਸ਼ਮੂਲੀਅਤ ਹੈ।ਇਸ ਮਾਮਲੇ 'ਚ ਭਾਰਤ ਦੀ ਸਥਿਤੀ ਏਨੀ ਬਦਤਰ ਹੈ ਕਿ 1990 'ਚ ਦੇਸ਼ 'ਚ ਦਲਿਤਾਂ ਦੀ ਸਥਿਤੀ 15 ਕਰੋੜ ਸੀ,ਪਰ ਇਹਨਾਂ ਕਰੋੜਾਂ 'ਚੋਂ ਇਕ ਵੀ ਕਿਸੇ ਰੋਜ਼ਾਨਾ ਅਖ਼ਬਾਰ ਦਾ ਪੱਤਰਕਾਰ ਜਾਂ ਉਪ ਸੰਪਾਦਕ ਨਹੀਂ ਸੀ।1996 'ਚ ਇਕ ਸਰਕਾਰੀ ਤੱਥ ਸਾਹਮਣੇ ਆਇਆ ਸੀ ਕਿ ਭਾਰਤ ਸਰਕਾਰ ਦੇ ਪ੍ਰੈਸ ਇਨਫਾਰਮੇਸ਼ਨ ਬਿਊਰੋ (ਪੱਤਰ ਸੂਚਨਾ ਬਿਊਰੋ) ਤੋਂ ਦੇਸ਼ ਦਾ ਇਕ ਵੀ ਦਲਿਤ ਪੱਤਰਕਾਰ ਮਾਨਤਾ ਪ੍ਰਾਪਤ ਨਹੀਂ ਸੀ,ਜਦੋਂਕਿ ਉਸ ਸਮੇਂ ਮਾਨਤਾ ਪ੍ਰਾਪਤ ਪੱਤਰਕਾਰਾਂ ਦੀ ਫਹਿਰਿਸਤ ਸੈਂਕੜਿਆਂ 'ਚ ਸੀ।

ਹਾਸ਼ੀਏ 'ਤੇ ਪਈਆਂ ਘੱਟਗਿਣਤੀਆਂ ਤੇ ਦਲਿਤਾਂ ਦੀ ਦੇਸ਼ ਦੀਆਂ ਸੰਸਥਾਂਵਾਂ 'ਚ ਬਣਦੀ ਹਿੱਸੇਦਾਰੀ ੳਹਨਾਂ ਦਾ ਲੋਕਤੰਤਰੀ ਹੱਕ ਹੈ,ਹਾਲਾਂਕਿ ਇਹ ਚਾਹੇ ਪੂਰੀ ਸਮੱਸਿਆ ਦਾ ਹੱਲ ਨਹੀਂ।ਭਾਰਤ ਚਾਹੇ ਆਪਣੇ ਆਪ ਨੂੰ ਦੁਨੀਆਂ ਦੀ ਸਭਤੋਂ ਵੱਡੀ ਜਮੂਹਰੀਅਤ ਕਹਿੰਦਾ ਹੈ,ਪਰ ਲੋਕ ਆਪਣੇ ਹੱਕਾਂ ਤੋਂ ਵੱਡੇ ਪੱਧਰ 'ਤੇ ਵਾਂਝੇ ਨੇ।ਸੱਚ ਤਾਂ ਇਹ ਵੀ ਹੈ ਕਿ 1993 ਦਾ ਵਿਸ਼ੇਸ਼ ਕਨੂੰਨ ਬਣਨ ਤੋਂ ਬਾਅਦ ਵੀ ਮਹਾਨ ਦੇਸ਼ ਦੇ 13 ਲੱਖ ਦਲਿਤ ਮਨੁੱਖੀ ਮਲ ਮੂਤਰ ਮੈਲਾ ਢੋਅ ਰਹੇ ਹਨ।ਇਹ ਤੱਥ ਹੀ ਸਮਾਜਿਕ ਸੱਚਾਈ ਨਹੀਂ,ਬਲਕਿ ਸਾਨੂੰ ਸਾਡੇ ਆਪਣੇ ਆਲੇ ਦੁਆਲੇ ਵੀ ਹਰ ਰੋਜ਼ ਦਲਿਤਾਂ ਨਾਲ ਭੇਦਭਾਵ ਸ਼ਰੇਆਮ ਨਜ਼ਰ ਆਉਂਦਾ ਹੈ।ਇਥੋਂ ਤੱਕ ਸਿੱਖਾਂ 'ਚ ਵੀ ,ਜਿਨ੍ਹਾਂ ਦੇ ਧਰਮ ਦੀ ਨੀਂਹ ਹੀ ਮੰਨੂਵਾਦ ਦੇ ਖਿਲਾਫ ਰੱਖੀ ਗਈ ਸੀ।ਅੱਜ ਉਸਨੂੰ ਆਪਣਾਏ ਲੋਕ ਵੀ ਮੰਨੂ ਦੀ ਵਿਚਾਰਧਾਰਾ ਨੂੰ ਨਵੇਂ ਰੂਪ 'ਵ ਵਿਕਸਿਤ ਕਰਨ 'ਚ ਲੱਗੇ ਹੋਏ ਹਨ।"ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ" ਵਰਗੀਆਂ ਸਤਰ੍ਹਾਂ ਸਿਰਫ ਅਮੂਰਤ ਸਿਧਾਂਤ ਬਣਕੇ ਰਹਿ ਗਈਆਂ ਹਨ।ਜਿਸ ਮੰਨੂਵਾਦ ਦੇ ਜਾਤਪਾਤੀ ਵਤੀਰੇ ਖਿਲਾਫ਼ ਗੁਰੂਆਂ ਨੇ ਮੁਹਿੰਮ ਵਿੱਢੀ ਸੀ,ਉਸਦੇ ਖਿਲਾਫ਼ ਹੁਣ ਬਹੁਤੇ ਸਿੱਖਾਂ ਕੋਲ ਸਿਰਫ਼ ਸ਼ਬਦੀ ਬਾਣ ਰਹਿ ਗਏ ਹਨ।ਪੰਜਾਬ 'ਚ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਜੱਟ ਤੇ ਭਾਪੇ ਸਿਧਾਂਤਕ ਰੂਪ 'ਚ ਚਾਹੇ ਜਾਤਪਾਤੀ ਵੰਡੀਆਂ ਪਾਉਣ ਵਾਲੇ ਮੰਨੂਵਾਦੀ ਢਾਂਚੇ ਦੇ ਖਿਲਾਫ਼ ਹਨ,ਪਰ ਵਿਵਹਾਰਕ ਰੂਪ 'ਚ ਉਹ ਮੰਨੂਵਾਦ ਦੀ ਥਾਂ ਆਪਣੇ ਉਸੇ ਤਰ੍ਹਾਂ ਦੇ ਜੱਟਵਾਦੀ ਤੇ ਭਾਪਾਵਾਦੀ ਵਿਚਾਰਧਾਰਾ ਦੇ 'ਸੱਭਿਆਚਾਰ' ਨੂੰ ਪ੍ਰਫੁੱਲਿਤ ਕਰ ਰਹੇ ਹਨ।ਇਸ ਦੇ ਤਹਿਤ ਪੰਜਾਬ ਦੀ ਧਰਤੀ 'ਤੇ ਦਲਿਤਾਂ ਨਾਲ ਵੱਡੇ ਪੱਧਰ ਭੇਦਭਾਵ ਤੇ ਵਿਤਕਰੇ ਜਾਰੀ ਹਨ।ਇਕ ਸਮਾਂ ਸੀ ਜਦੋਂ ਅਜਿਹੇ ਮੁੱਦਿਆਂ 'ਤੇ ਵਿਚਾਰ ਵਟਾਂਦਰਾਂ ਕਰਨ ਵਾਲਿਆਂ ਦਾ ਸਮਾਜਿਕ ਬਾਈਕਾਟ ਤੇ ਆਪਣੇ ਜਮੂਹਰੀ ਵਿਚਾਰ ਰੱਖਣ ਵਾਲੇ ਲੋਕਾਂ ਨੂੰ ਜ਼ਿੰਦਾ ਤੱਕ ਜਲਾ ਦਿੱਤਾ ਜਾਂਦਾ ਸੀ।ਇਸ ਸਮੇਂ ਅਸੀਂ ਆਦਿ ਸਮਾਜ ਜਾਂ ਗੁਲਾਮਦਾਰੀ ਯੁੱਗ 'ਚ ਨਹੀਂ ਰਹਿ ਰਹੇ,ਸਗੋਂ ਜਮੂਹਰੀਅਤ ਦੀ ਸਦੀ 'ਚ ਵਿਚਰ ਰਹੇ ਹਾਂ,ਜਿਥੇ ਬੈਠਕੇ ਅਸੀਂ ਸਮਾਜ ਦੀਆਂ ਇਹਨਾਂ ਕੌੜੀਆਂ ਸੱਚਾਈਆਂ 'ਤੇ ਵਿਚਾਰ ਵਿਟਾਦਰਾਂ ਕਰ ਸਕਦੇ ਹਾਂ,ਪਰ ਮੌਜੂਦਾ ਸਮੇਂ ਸੱਭਿਅਕ ਸਮਾਜ ਦੇ ਪਹਿਰੇਦਾਰ ਦੀ ਸਥਿਤੀ ਇਹ ਹੈ,ਉਹ ਪਸ਼ੂਆਂ,ਪੰਛੀਆਂ ਤੇ ਪ੍ਰਕਿਰਤੀ ਨੂੰ ਲੈਕੇ 'ਤੇ ਜ਼ਿਆਦਾ ਚਿੰਤਤ ਨਜ਼ਰ ਆ ਰਹੇ ਨੇ,ਪਰ ਇਕ ਹੱਡ ਮਾਸ ਦੇ ਬਣੇ ਮਨੁੱਖ ਨੂੰ ਅਛੂਤ ਕਹਿਕੇ ਨਕਾਰ ਦਿੰਦੇ ਹਨ।ਸਮਾਜ ਦੇ ਵਿਚਾਰਵਾਨ ਲੋਕਾਂ,"ਬੁੱਧੀਜੀਵੀਆਂ" ਤੇ ਮੀਡੀਏ ਦੀ ਅਜਿਹੀ ਹਾਲਤ ਵੇਖਕੇ ਲਗਦਾ ਹੈ ਕਿ ਜਿਵੇਂ ਰੋਮ ਨੂੰ ਲੱਗੀ ਅੱਗ 'ਚ ਨੀਰੋ ਬੰਸਰੀ ਵਜਾ ਰਿਹਾ ਹੋਵੇ।

ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
MOB-09899436972
mail2malwa@gmail.com,malwa2delhi@yahoo.co.in


  • ਪ੍ਰਭਾਸ਼ ਜੋਸ਼ੀ  ਦੀ ਫੋਟੋ ਜਨਤੰਤਰਾ ਤੋਂ  ਧੰਁਨਵਾਦ ਸਹਿਤ

Tuesday, August 18, 2009

ਵਾਹ ਬਾਬੂ ਜੀ

ਬੰਕਿਮ ਚੰਦਰ ਚਟੋਪਾਧਿਆ ਜਾਂ ਚਟਰਜੀ (1838-94) ਬੰਗਾਲੀ ਲੇਖਣੀ ਦਾ ਵੱਡਾ ਨਾਂ ਹੈ। ਵੈਸੇ ਤਾਂ ਆਦਰਯੋਗ ਬੰਕਿਮ ਬਾਬੂ ਦਾ ਹਿੰਦੂਤਵਵਾਦੀ ਸਿਆਸਤ ਤੇ ਜ਼ਹਿਰੀਲੀ ਲੇਖਣੀ ‘ਚ ਚੰਗਾ ਖ਼ਾਸਾ ਯੋਗਦਾਨ ਰਿਹਾ ਹੈ। ਪਰ ਕਿਸੇ ਵੇਲੇ ਏਸੇ ਕਲਮ ਨੇ ‘ਬਾਬੂ’ ਨੂੰ ਪ੍ਰਭਾਸ਼ਤ ਕੀਤਾ ਸੀ, ਬੰਗਾਲੀ ਬਾਬੂ ਓਸ ਵੇਲੇ ਅੰਗਰੇਜ਼ਾ ਦੇ ਰਾਜ ਦਾ ਇੱਕ ਵੱਡਾ ਹਥਿਆਰ ਹੋਇਆ ਕਰਦਾ ਸੀ। ਵਿਅੰਗਾਤਮਕ ਅੰਦਾਜ਼ ‘ਚ ਬੰਕਿਮ ਚੰਦਰ ਦੀ ਕੀਤੀ ਗਈ ‘ਬਾਬੂ’ ਦੀ ਵਿਆਖਿਆ ਅੱਜ ਦੇ ਬਾਬੂਆਂ ਤੱਕ ਸੀਮਤ ਨਹੀਂ ਸਗੋਂ ਹਰ ਦੋਗਲੇ ਅਫਸਰ ‘ਤੇ ਸਟੀਕ ਢੁੱਕਦੀ ਹੈ। ਇਹ ਉਲਥਾਅ ਮੈ ਐੱਮ.ਜੇ ਅਕਬਰ ਦੀ ਕਿਤਾਬ ‘ਸੇਡ ਔਫ ਸਵੋਰਦਜ਼’ ‘ਚ ਛਪੇ ਅੰਗਰੇਜ਼ੀ ਤਰਜੁਮੇ ‘ਚੋਂ ਕਰ ਕੇ ਦੇ ਰਿਹਾ ਹਾਂ। (ਬਰਹਮ ਦਾ ਮਤਲਬ ਬੰਗਾਲ ‘ਚ ਬ੍ਰਾਹਮਣਾਂ ਦੇ ਸਭ ਤੋਂ ਉੱਚੇ ਵਰਗ ਤੋਂ ਹੈ)

ਵਿਸ਼ਨੂੰ ਭਗਵਾਨ ਵਾਂਗ ਬਾਬੂ ਹਮੇਸ਼ਾ ਇੱਕ ਸਦੀਵੀ ਆਸਣ ‘ਤੇ ਬਿਰਾਜਮਾਨ ਹੈ। ਵਿਸ਼ਨੂੰ ਵਾਂਗ ਹੀ ਬਾਬੂ ਦੇ ਦਸ ਅਵਤਾਰ ਨੇ: ਕਲਰਕ, ਅਧਿਆਪਕ, ਬਰਹਮ, ਦਲਾਲ, ਡਾਕਟਰ, ਵਕੀਲ, ਜੱਜ, ਜ਼ਿਮੀਦਾਰ, ਅਖ਼ਬਾਰ ਦਾ ਐਡੀਟਰ ਤੇ ਵਿਹਲੜ। ਵਿਸ਼ਨੂੰ ਵਾਂਗ ਹੀ ਬਾਬੂ ਆਪਣੇ ਹਰ ਅਵਤਾਰ ‘ਚ ਵੱਡੇ ਰਖਸ਼ਸਾਂ ਦਾ ਨਾਸ਼ ਕਰਦਾ ਹੈ। ਕਲਰਕ ਦੇ ਅਵਤਾਰ ‘ਚ ਓਹ ਆਪਣੇ ਅਰਦਲੀਆਂ ਨੂੰ ਬਰਬਾਦ ਕਰੇਗਾ, ਅਧਿਆਪਕ ਹੋਵੇਗਾ ਤੇ ਵਿਦਿਆਰਥੀਆਂ ਦਾ ਨਾਸ ਕਰੇਗਾ, ਸਟੇਸ਼ਨ ਮਾਸਟਰ ਦੇ ਤੌਰ ‘ਤੇ ਬੇਟਿਕਟਿਆਂ ਦਾ ਨਾਸ ਕਰੇਗਾ, ਬਰਹਮ ਦੇ ਅਵਤਾਰ ‘ਚ ਗ਼ਰੀਬ ਪੰਡਤਾਂ ਦੀ ਬਰਬਾਦੀ ਦਾ ਜ਼ਰੀਆ ਬਣੇਗਾ, ਬਾਬੂ ਡਾਕਟਰ ਹੋਵੇਗਾ ਤਾਂ ਮਰੀਜ਼, ਵਕੀਲ ਹੋਵੇਗਾ ਤਾਂ ਮੁੱਦਈ, ਜ਼ਿਮੀਂਦਾਰ ਹੋਵੇਗਾ ਤਾਂ ਕਿਰਾਏਦਾਰ, ਅਖ਼ਬਾਰ ਦਾ ਐਡੀਟਰ ਹੋਵੇਗਾ ਤਾਂ ਸ਼ਰੀਫ ਇਨਸਾਨ ਤੇ ਵਿਹਲੜ ਹੋਵੇਗਾ ਤਾਂ ਬਾਬੂ ਤਲਾਅ ਵਿਚਲੀਆਂ ਮੱਛੀਆਂ ਨੂੰ ਬਰਬਾਦ ਕਰ ਦੇਵੇਗਾ……… ਓਹ ਜਿਹਦੇ ਦਿਮਾਗ ‘ਚ ਇੱਕ ਸ਼ਬਦ ਹੋਵੇ ਪਰ ਜਦੋਂ ਓਹ ਬੋਲਣ ਲੱਗੇ ਤਾਂ 10 ਸ਼ਬਦ ਬਣ ਜਾਣ, ਜਦੋਂ ਲਿਖੇ ਤਾਂ 100 ਸ਼ਬਦ ਤੇ ਜਦੋਂ ਲੜੇ ਤਾਂ ਹਜ਼ਾਰ ਸ਼ਬਦ ਬਣਨਗੇ………ਓਹ ਬਾਬੂ ਹੈ। ਓਹ ਜਿਹਦੇ ਹੱਥਾਂ ਦੀ ਤਾਕਤ ਦਾ ਯੂਨਿਟ ਇੱਕ ਹੈ, ਜ਼ੁਬਾਨ ਦੀ ਤਾਕਤ ਦਾ ਯੂਨਿਟ 10 ਹੋ ਜਾਂਦਾ ਹੈ ਤ ੇਪਿੱਠ ਪਿੱਛੇ ਇਹੋ ਤਾਕਤ 100 ਗੁਣਾ ਵਧਦੀ ਹੈ ਤੇ ਜਦੋਂ ਕੰਮ ਜਾਂ ਲੋੜ ਹੋਵੇ ਤਾਂ ਓਹ ਗ਼ੈਰਹਾਜ਼ਰ ਹੁੰਦਾ ਹੈ………ਓਹ ਬਾਬੂ ਹੈ। ਜਿਹਦਾ ਦੇਉਤਾ ਅੰਗਰੇਜ਼ ਸਾਹਬ ਹੈ, ਸਿੱਖਿਅਕ ਬਰਹਮ ਗੁਰੁ ਹੈ, ਜਿਹਦੇ ਵੇਦ ਅਖ਼ਬਾਰ ਨੇ ਤੇ ਜਿਹਦਾ ਤੀਰਥ ਨੈਸ਼ਨਲ ਥੀਏਟਰ ਹੈ……… ਓਹ ਬਾਬੂ ਹੈ। ਓਹ ਜਿਹੜਾ ਮਿਸ਼ਨਰੀਆਂ ਅੱਗੇ ਖ਼ੁਦ ਨੂੰ ਇਸਾਈ ਦੱਸਦਾ ਹੈ, ਕੇਸ਼ਬਚੰਦਰਾਂ (ਪੁਜਾਰੀਆਂ) ਅੱਗੇ ਬਰਹਮ ਹੈ, ਆਪਣੇ ਬਾਪ ਅੱਗੇ ਹਿੰਦੂ ਹੈ ਤੇ ਬ੍ਰਾਹਮਣ ਅੱਗੇ ਨਾਸਤਕ ਹੈ…………… ਓਹ ਬਾਬੂ ਹੈ। ਜਿਹੜਾ ਘਰ ਪਾਣੀ ਛਾਣ ਕੇ ਪੀਂਦਾ ਹੈ ਤੇ ਦੋਸਤਾਂ ਕੋਲ ਸ਼ਰਾਬੌ ਹੁੰਦਾ ਹੈ, ਵੇਸਵਾ ਤੋਂ ਗਾਲਾਂ ਤੇ ਆਪਣੇ ਬੋਸ ਤੋਂ ਛਿਤਰ ਖਾਂਦਾ ਹੈ………… ਓਹ ਬਾਬੂ ਹੈ। ਜਿਹੜਾ ਨਹਾਉਣ ਲੱਗਾ ਤੇਲ ਤੋਂ ਚਿੜ੍ਹੇ, ਖਾਣ ਲੱਗਾ ਆਪਣੀਆਂ ਉਂਗਲਾਂ ਤੋਂ ਚਿੜ੍ਹੇ ਤੇ ਬੋਲਣ ਲੱਗਾ ਆਪਣੀ ਮਾਤ ਭਾਸ਼ਾ ਤੋਂ ਸੜੇ………… ਓਹ ਬਾਬੂ ਹੈ। ਜਨਾਬ ਜਿਹਨਾਂ ਸਹਿਬਾਨਾਂ ਦੇ ਗੁਣ ਮੈਂ ਤੁਹਾਨੂੰ ਗਿਣਾ ਆਇਆ ਹਾਂ ਓਹ ਇਸ ਗੱਲ ਤੇ ਲਗਭਗ ਪੂਰੇ ਆਤਮ ਵਿਸ਼ਵਾਸ ‘ਚ ਨੇ ਕਿ ਪਾਨ ਖਾ ਕੇ, ਅਰਾਮ ਨਾਲ ਬਿਸਤਰੇ ‘ਤੇ ਲੇਟ ਕੇ, ਦੁਭਾਸ਼ੀ ਗੱਲਬਾਤ ਕਰਕੇ ਤੇ ਸਿਗਰੇਟ ਦੇ ਸੂਟੇ ਖਿੱਚ ਕੇ ਓਹ ਭਾਰਤ ਨੂੰ ਮੁੜ ਜਿੱਤ ਲੈਣਗੇ।

(ਐੱਮ.ਜੇ ਅਕਬਰ ਦੀ ਕਿਤਾਬ ‘ਚ ਛਪਿਆ ਇਹ ਅੰਗਰੇਜ਼ੀ ਉਲਥਾਅ ਪਹਿਲੋਂ ‘ਚ ਪਾਰਥਾ ਚਟਰਜੀ ਦੀ ‘ਦ ਨੇਸ਼ਨ ਐਂਡ ਇਟਸ ਫਰੈਗਮੈਂਟਸ: ਕਲੋਨੀਅਲ ਐਂਡ ਪੋਸਟ ਕਲੋਨੀਅਲ ਹਿਸਟਰੀਜ਼’  ਆਕਸਫੋਰਡ ਯੂਨੀਵਰਸਿਟੀ ਪ੍ਰੈਸ, 1993 ‘ਚ ਛਪਿਆ ਹ

ਉਲਥਾਅ:ਦਵਿੰਦਰਪਾਲ

Thursday, August 13, 2009

ਅਖੰਡ ਭਾਰਤ ਦਾ ਖੰਡਿਤ ਸੁਪਨਾ

ਅਖੰਡ ਭਾਰਤ ‘ਚ ਖੰਡਿਤ ਕੌਮੀਅਤਾਂ ਦੇ ਮਸਲੇ 1947 ਤੋਂ ਚਲਦੇ ਆ ਰਹੇ ਹਨ।ਪਿਛਲੇ ਦਿਨੀਂ ਕੌਮੀਅਤਾਂ ਦੇ ਸਵਾਲ ਨੂੰ ਲੈਕੇ ਮੈਂ ਵੀ ਕੁਝ ਦੋ-ਚਾਰ ਹੋਇਆ। ਉਹਨਾਂ ਦਿਨਾਂ ‘ਚ ਹੀ ਦਵਿੰਦਰਪਾਲ ਕੌਮੀਅਤ ਦੀ ਇਤਿਹਾਸਿਕ ਲੜਾਈ ਲੜ ਰਹੇ ਕਸ਼ਮੀਰ ਦੀ ਯਾਤਰਾ ‘ਤੇ ਸੀ। ਕਸ਼ਮੀਰ ਤੋਂ ਮੁੜਦਿਆਂ ਹੀ ਵਿਚਾਰ ਚਰਚਾ ਹੋਈ ਕਿ ਜੋ ਕੁਝ ਜ਼ਮੀਨੀ ਯਥਾਰਥ ਹੈ ਉਸਦਾ ਦੋਸਤਾਂ ਮਿੱਤਰਾਂ ਨਾਲ ਸੰਵਾਦ ਰਚਾਇਆ ਜਾਵੇ।ਸੋ ਦਵਿੰਦਰ ਨੇ ਅਪਣੇ ਛੋਟੇ ਜਿਹੇ ਕਸ਼ਮੀਰੀ ਸਫਰ ‘ਚ ਚੀਜ਼ਾਂ ਨੂੰ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ।
-----ਗੁਲਾਮ ਕਲਮ



‘ਆਪ ਬਾਰਤ ਸੇ ਆਏ’
‘ਹਮ ਤੋ ਆਜ਼ਾਦੀ ਕੇ ਲੀਏ ਲੜਤੇ ਹੈ, ਪਾਕਿਸਤਾਨ ਸੇ ਹਮੇਂ ਕਯਾ ਮਤਲਬ’
‘ਯੇ ਅਜ਼ਾਦੀ ਸਿਰਫ ਮੁਸਲਮਾਨ ਕੇ ਲਿਏ ਨਹੀਂ,ਹਰ ਕਸ਼ਮੀਰੀ ਕੇ ਲਿਏ ਹੋਗੀ, ਪੰਡਿਤ ਭੀ ਬਰਾਬਰ ਕੇ ਹਿੱਸੇਦਾਰ ਹੈਂ’

ਇਹ ਕੁਝ ਕੁ ਫਿਕਰੇ ਨੇ ਜਿਹੜੇ ਆਮ ਕਸ਼ਮੀਰੀ ਦੇ ਮੂੰਹੋਂ ਸੁਣਨ ਨੂੰ ਮਿਲਦੇ ਨੇ। ਵੱਡੇ ਆਗੂਆਂ, ਕਸ਼ਮੀਰ ਦੇ ਇਤਿਹਾਸ ਜਾਂ ਮੌਜੂਦਾ ਹੁਕਮਰਾਨਾਂ ਦੇ ਨਾਂ ਲੈਣ ਦੀ ਲੋੜ ਮਹਿਸੂਸ ਨਹੀਂ ਕਰਦਾ ਕਿਉਂਕਿ ਰੋਜ਼ ਅਖ਼ਬਾਰਾਂ ‘ਚ ਇਹ ਸਭ ਕੁਝ ਪੜਦੇ ਓਂ ਤੁਸੀ। ਪਰ ‘ਦੂਧ ਮਾਂਗੋਗੇ ਖੀਰ ਦੇਂਗੇ, ਕਸ਼ਮੀਰ ਮਾਂਗੋਗੇ ਚੀਰ ਦੇਂਗੇ’ ਵਾਲਾ ਬਾਲੀਵੁੱਡ, ਕਸ਼ਮੀਰ ਭਾਰਤ ਕਾ ਅਭਿੰਨ ਅੰਗ ਹੈ ਵਾਲਾ ਦਿੱਲੀ ਦਾ ਨਿਊਜ਼ ਐਂਕਰ ਤੇ ਸਿਆਸਤਦਾਨ ਕਦੇ ਆਮ ਕਸ਼ਮੀਰੀ ਦੀ ਗੱਲ ਨਹੀਂ ਕਰਦਾ। ਕਸ਼ਮੀਰ ਦੇ ਚੱਕਰ ‘ਚ ਕਨਫਿਊਜ਼ ਰਹਿਣ ਵਾਲਾ ਆਮ ਭਾਰਤੀ ਕਦੇ ਇਹ ਨਹੀਂ ਜਾਣ ਸਕਦਾ ਕਿ ਰੋਜ਼ਾਨਾ ਨੌਕਰੀ ਜਾਂ ਦਿਹਾੜੀ ਕਰਨ ਵਾਲਾ, ਕਸ਼ਮੀਰੀ ਮਜ਼ਦੂਰ ਜਾਂ ਗੁਲਮਰਗ, ਅਨੰਤਨਾਗ, ਪਹਿਲਗਾਮ ਦੇ ਪਹਾੜੀ ਜਾਂ ਕਸ਼ਮੀਰ ਵਾਦੀ ਦੇ ਨੀਮ ਪਹਾੜੀ ਇਲਾਕਿਆਂ ‘ਚ ਸਾਡੇ ਕਿਸਾਨਾਂ ਵਾਂਗ ਹੀ ਖੇਤੀ ਕਰਨ ਵਾਲਾ ਆਮ ਕਸ਼ਮੀਰੀ ਕੀ ਕਹਿੰਦਾ ਹੈ। ਉੱਤੇ ਲਿਖੇ ਫਿਕਰੇ ਕੁਝ ਕੁ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਨੇ। ਹਾਲਾਂਕਿ ਲੰਮੇ ਵਿਸਥਾਰ ‘ਚ ਤੇ ਸਿਆਸੀ ਤਕਨੀਕਾਂ ਰੱਖ ਕੇ ਇਸ ਸਮੱਸਿਆ ‘ਤੇ ਵਿਚਾਰ ਦੀ ਜ਼ਰੂਰਤ ਹੈ, ਪਰ ਅਸਲ ਸੱਚਾਈ ਤੋਂ ਮੁੰਹ ਨਹੀਂ ਮੋੜਿਆ ਜਾ ਸਕਦਾ ਕਿ ਚਾਹੇ ਬਾਹਰੀ ਤਾਕਤਾਂ ਦੀ ਮਦਦ ਨਾਲ ਜਾਂ ਕਿਸੇ ਵੇਲੇ ਆਪਣੇ ਹੀ ਆਗੂਆਂ ਦਾ ਸਮਝਾਇਆ ਆਮ ਕਸ਼ਮੀਰੀ ਹੁਣ ਸੰਯੁਕਤ ਰਾਸ਼ਟਰ ਦੇ ਚਾਰਟਰ ਮੁਤਾਬਕ ਆਪਣੇ ਆਜ਼ਾਦ ਖਿੱਤੇ ਦੀ ਮੰਗ ਕਰ ਰਿਹਾ ਹੈ। ਇਸ ਮੰਗ ਦਾ ਜਵਾਬ ਭਾਰਤ ਦੀਆਂ ਸਰਕਾਰਾਂ ਵੱਲੋਂ ਲਗਾਤਾਰ ਦਿੱਤਾ ਜਾ ਰਿਹਾ ਹੈ। ਕਿਸੇ ਵੀ ਸ਼ਹਿਰ, ਕਸਬੇ ਪਿੰਡ ‘ਚ ਜਾਓ ਮੋੜਾਂ ‘ਤੇ ਨੌਜੁਆਨ ਜਾਂ ਸੱਥਾਂ ਖੁੰਢਾਂ ‘ਤੇ ਬੁੜੇ ਬਜ਼ੁਰਗ ਨਹੀਂ ਨਜ਼ਰ ਆਉਂਦੇ। ਦਿੱਸਦਾ ਹੈ ਸਿਰਫ ਬੀਐੱਸਐੱਫ ਵਾਲਾ, ਸੀਆਰਪੀ ਵਾਲਾ ਜਾਂ ਆਰਮੀ ਵਾਲਾ।


ਜੇ ਕਸ਼ਮੀਰ ਭਾਰਤ ਦਾ ਹਿੱਸਾ ਹੈ ਤਾਂ ਸੂਬਾਈ ਰਾਜਧਾਨੀ ਸ੍ਰੀਨਗਰ ਨੂੰ ਜਾਂਦਾ ਨੈਸ਼ਨਲ ਹਾਈਵੇ ਕਿੱਲੋਮੀਟਰਾਂ ਤੱਕ ਟੁੱਟਾ ਤੇ ਅਮਰਨਾਥ ਯਾਤਰਾ ਲਈ ਪਹਿਲਗਾਮ ਦਾ ਰਾਹ ਦੋ ਸੜਕਾਂ ਵਾਲਾ ਮੱਖਣੀ ਵਰਗਾ ਹਾਈਵੇਅ ਕਿਉਂ ਹੈ। ਜੇ ਅਮਰਨਾਥ ਸ਼ਰਾਈਨ ਬੋਰਡ ਨੇ ਜ਼ਮੀਨ ਦੇਣੀ ਸੀ ਤਾਂ ਆਮ ਕਸ਼ਮੀਰੀਆਂ ਨੂੰ ਕੰਮ ਧੰਦੇ ਜੋਗਾ ਕਰਨ ਦੀ ਥਾਂ ਬਾਹਰਲਿਆਂ ਨੂੰ ਦੇ ਕੇ ਰੌਲਾ ਖੜਾ ਕਰਕੇ ਆਮ ਕਸ਼ਮੀਰੀਆਂ ਦੀਆਂ ਜਾਨਾਂ ਕਿਉਂ ਲਈਆਂ, ਨਾਲ ਹੀ ਸਾਰੇ ਕਸ਼ਮੀਰ ਵਾਦੀ ਦਾ ਕਾਰੋਬਾਰ ਲੰਮੇ ਸਮੇਂ ਲਈ ਬੰਦ ਕੀਤਾ। ਇਹ ਸਵਾਲ ਮੇਰੇ ਨਹੀਂ ਕਸ਼ਮੀਰੀ ਨੌਜੁਆਨਾਂ ਦੇ ਨੇ ਜਿਹੜੇ ਅੱਜ ਗਲੀਆਂ ਮੋੜਾਂ ‘ਤੇ ਖੜੇ ਫੌਜ ਨੂੰ ਇੱਟਾਂ ਰੋੜੇ ਮਾਰਦੇ ਨੇ ਚਾਹੇ ਜੁਆਬ ‘ਚ ਗੋਲੀਆਂ ਖਾਣੀਆਂ ਪੈ ਜਾਣ। ਆਪ ਕਹਿੰਦੇ ਨੇ ‘ਹਮਾਰੇ ਪਾਸ ਤੋ ਸਿਰਫ ਪੱਥਰ ਔਰ ਲਾਠੀ ਹੋਤੀ, ਉਨਕੇ ਪਾਸ ਬੰਦੂਕ ਹੈ, ਤੋਪੇਂ ਹੈਂ, ਪਰ ਹਮ ਆਜ਼ਾਦੀ ਕੇ ਲਿਏ ਲੜਤੇ ਹੈਂ’।

ਪੰਜਾਬ ‘ਚ ਚੱਲੀ ਖਾਲਿਸਤਾਨ ਪੱਖੀ ਲਹਿਰ ‘ਚ ਇੱਕ ਵੇਲੇ ਪੁਲਸੀਆ ਤਸ਼ੱਦਦ ਤੇ ਲੋਕਾਂ ਵੱਲੋਂ ਮੁੰਡਿਆਂ ਦੀ ਮਦਦ ਦੀਆਂ ਜਾਣਕਾਰੀਆਂ ਸਭ ਨੂੰ ਨੇ, ਅੱਜ ਇਹੋ ਦੌਰ ਕਸ਼ਮੀਰ ‘ਚ ਜਾਰੀ ਹੈ। ਨੌਜੁਆਨ ਐੱਲਓਸੀ ਟੱਪ ਜਾਣ ਦਾ ਫੈਸਲਾ ਲੈਂਦੇ ਬਹੁਤਾ ਨਹੀਂ ਸੋਚਦੇ, ਵਾਪਸ ਆਉਣ ਤਾਂ ਮਜਬੂਰੀ ‘ਚ ਜਾਂ ਮਰਜ਼ੀ ਨਾਲ ਰਾਸ਼ਨ, ਕੱਪੜਿਆਂ ਦੀ ਮਦਦ ਆਮ ਕਸ਼ਮੀਰੀ ਕਰ ਦਿੰਦੇ ਨੇ ਪਰ ਤਲਾਸ਼ੀਆਂ ਲੈਣ ਆਈ ਫੋਰਸ ਸਾਰੇ ਪਿੰਡ ਨੂੰ ਸੱਥ ‘ਚ ‘ਕੱਠਾ ਕਰ ਬੇਇੱਜ਼ਤ ਕਰਦੀ ਹੈ, ਬੰਦਿਆਂ ਦੇ ਸਿਰਾਂ ‘ਤੇ ਬੂਟ ਰੱਖ ਗਾਲ ਕੱਢੀ ਜਾਣੀ ਤੇ ਕੁੜੀਆਂ, ਔਰਤਾਂ ਦਾ ਬਲਾਤਕਾਰ ਹੋਣਾ ਆਮ ਖ਼ਬਰ ਦਾ ਹਿੱਸਾ ਹੈ। ਭਾਰਤ ਦਾ ‘ਅਟੁੱਟ ਹਿੱਸਾ’ ਕਸ਼ਮੀਰ ਗੋਲੀ ਤੇ ਬੰਦੂਕ ਨਾਲ ਕਾਬੂ ਕੀਤਾ ਜਾ ਰਿਹਾ ਹੈ। ਸਰਕਾਰਾਂ ਨੇ ਪਹਿਲੋਂ ਗਲਤ ਫੈਸਲੇ ਲਏ, ਜ਼ੋਰ ਪਾ ਕੇ ਕਸ਼ਮੀਰੀ ਪੰਡਤਾਂ ਦੀ ਹਿਜਰਤ ਕਰਵਾਈ ਤਾਂ ਕਿ ਮੁੱਦੇ ਦਾ ਕੌਮਾਂਤਰੀ ਕਰਨ ਹੋਵੇ, ਹੁਣ ਕਸ਼ਮੀਰੀ ਸਾਰੀ ਦੁਨੀਆ ਤੋਂ ਮਦਦ ਮੰਗਦੇ ਨੇ ਤਾਂ ਅੰਦਰੂਨੀ ਮੁੱਦਾ ਕਹਿ ਕੇ ਝਾੜ ਦਈ ਦੇ ਨੇ। ਆਂਕੜੇ ਵਾਚੋ ਤਾਂ ਸਵਾ ਲੱਖ ਤੋਂ ਕਸ਼ਮੀਰੀ ਮੌਤਾਂ ‘ਚੋਂ ਗ਼ੈਰ ਮੁਸਲਿਮ ਸਿਰਫ 329 ਨੇ ਇਹਨਾਂ ‘ਚੋਂ ਵੀ 34 ਓਹ ਸਿੱਖ ਜਿਹੜੇ ਚੱਟੀ ਸਿੰਗਪੋਰਾ ‘ਚ ਮਾਰੇ ਗਏ ਸਨ, ਬਾਅਦ ‘ਚ 5 ਸਬਜ਼ੀ ਵਾਲਿਆਂ ਨੂੰ ਅੱਤਵਾਦੀ ਕਹਿ ਕੇ ਮਾਰ ਦਿੱਤਾ, ਸਰਕਾਰੀ ਜਾਂਚ ਦਾ ਨਤੀਜਾ ਨਿਕਲਿਆ ਕਿ ਦੋਵੇਂ ਕਾਰਵਾਈਆਂ ਸੁਰੱਖਿਆ ਦਸਤਿਆਂ ਦੀ ਮਿਹਰਬਾਨੀ ਨੇ।



ਅੱਜ ਕਸ਼ਮੀਰੀ ਨੌਜੁਆਨ ਏਨਾ ਤਾਂ ਸਮਝ ਚੁੱਕਾ ਹੈ ਕਿ ਗੋਲੀ ਬੰਦੂਕ ਦਾ ਰਾਹ ਮੌਤ ਲੈ ਕੇ ਆਵੇਗਾ, ਸੋ ਵਿਰੋਧ ਦਾ ਢੰਗ ਬਦਲ ਕੇ ਇਕੱਠੇ ਹੋ ਕੇ ਸੜਕਾਂ ‘ਤੇ ਉਤਰਿਆ ਜਾ ਰਿਹਾ ਹੈ, ਨਤੀਜਾ ਅਮਰਨਾਥ ਸ਼੍ਰਾਈਨ ਬੋਰਡ ਵਾਲੀ ਜ਼ਮੀਨ ਦੇ ਫੈਸਲੇ ਨੂੰ ਬਦਲੇ ਜਾਣ ਦੇ ਰੂਪ ‘ਚ ਆਇਆ। ਅੱਜ ਪੜੇ ਲਿਖੇ ਕਾਲਜੀਏਟ ਕਸ਼ਮੀਰੀ ਨੌਜੁਆਨ ਚੁਣੌਤੀ ਨਾਲ ਕਹਿੰਦੇ ਨੇ, ‘ਬਸ ਥੋੜੇ ਦਿਨ ਔਰ ਫਿਰ ਆਪਕੋ ਵੀਜ਼ਾ ਲੇ ਕੇ ਕਸ਼ਮੀਰ ਆਨਾ ਪੜੇਗਾ, ਇਸ ਚੁਣੋਤੀ ‘ਚ ਗੁੱਸਾ ਨਹੀਂ ਹੁੰਦਾ, ਸਵੈ ਭਰੋਸਾ ਹੁੰਦਾ ਹੈ, ਇਹੋ ਸਵੈ ਭਰੋਸਾ ਓਸ ਨੌਜੁਆਨ ‘ਚ ਵੀ ਸੀ ਜਿਹਨੇ ਸਾਡੀ ਡੱਲ ਝੀਲ ‘ਚ ਖੁੱਲੇ ਬਜ਼ਾਰ ਸਬੰਧੀ ਟਿੱਪਣੀ ਦਾ ਜੁਆਬ ਦਿੱਤਾ ਸੀ। ਮੇਰੇ ਸਾਥੀ ਨੇ ਬੜੇ ਖੁਸ਼ ਹੋ ਕੇ ਆਖਿਆ ‘ਕਮਾਲ ਹੈ ਯਾਰ, ਐਵਰੀ ਥਿੰਗ ਇਜ਼ ਅਵੇਲੇਬਲ ਇਨ ਦਾ ਲੇਕ’ ਤੇ ਸਾਡੇ ਸ਼ਿਕਾਰੇ ਦੇ ਰਾਹ ‘ਚ ਥੋੜੀ ਦੂਰ ਆਪਣੀ ਕਿਸ਼ਤੀ ‘ਚ ਮੱਛੀਆਂ ਫੜਣ ਬੈਠਾ ਸਥਾਨਕ ਨੌਜੁਆਨ ਪੂਰੇ ਉਤਸ਼ਾਹ ਨਾਲ ਬੋਲਿਆ “ਯੈੱਸ ਐਵਰੀਥਿੰਗ ਇਜ਼ ਅਵੇਲੇਬਲ ਹੇਅਰ, ਐਵਰੀਥਿੰਗ ਐਕਸੈਪਟ ਏ ਗਨ” ਇਸ ਇੱਕ ਲਾਈਨ ‘ਚ ਲਈ ਭਾਵ ਲੁਕੇ ਹੋਏ ਨੇ। ਭਾਸ਼ਾ ਜਾਂ ਭਾਸ਼ਣ ਮਾਹਰ ਵਰਗਾ ਨਹੀਂ ਲੱਗਣਾ ਚਾਹੁੰਦਾ ਪਰ ਓਸੇ ਵੇਲੇ ਮਹਿਸੂਸ ਇਹ ਹੋਇਆ ਕਿ ਲਗਾਤਾਰ ਸਿਰਫ ਅੱਤਵਾਦੀ ਦਾ ਫੱਟਾ ਲੱਗਣ ਤੋਂ ਤੰਗ ਨੌਜੁਆਨ ਪੀੜ੍ਹੀ ਜਿੱਥੇ ਆਪਣੀ ਛਵੀ ਖਾਤਰ ਡਿਫੈਂਸਿਵ ਹੋ ਕੇ ਹਰ ਆਮ ਖ਼ਾਸ ਟਿੱਪਣੀ ਦੇ ਜੁਆਬ ‘ਚ ਵੀ ਇਹੋ ਜਿਹਾ ਜੁਆਬ ਦੇਂਦੀ ਹੈ ਓਥੇ ਜਦੋਂ ਮੈ ਓਹਦੇ ਜੁਆਬ ‘ਚ ਉੱਚੀ ਦੇਣੇ “ਗੁੱਡ ਵੱਨ” ਬੋਲਿਆ ਤਾਂ ਵਧੀਆ ਕਲਾਕਾਰ ਵਾਂਗ ਸਿਰ ਝੁਕਾ ਕੇ ਓਸ ਨੌਜੁਆਨ ਦਾ ਇਸ ਸਿਫਤ ਨੂੰ ਕਬੂਲ ਕਰਨਾ ਓਹਦੇ ਖ਼ੁਦ ‘ਚ ਭਰੋਸੇ ਨੂੰ ਵੀ ਵਖਾ ਗਿਆ।



‘ਗਰੇਟਰ ਕਸ਼ਮੀਰ’ ਵਰਗੇ ਅਖਬਾਰ ਜਿਹੜੇ ਪੰਜਾਬ ‘ਚੋਂ ਵੀ ਭੁਲਾਏ ਜਾ ਚੁੱਕੇ ਸਿਮਰਨਜੀਤ ਸਿੰਘ ਮਾਨ ਵਰਗਿਆਂ ਨੂੰ ਕਸ਼ਮੀਰ ਦਾ ਹਮਦਰਦ ਆਖਦੇ ਨੇ; ਓਹ ਲਗਾਤਾਰ ਅਵਾਜ਼ ਉਠਾਉਂਦੇ ਨੇ ਕਿ ਕਸ਼ਮੀਰੀ ਜਿਊਣਾ ਚਾਹੁੰਦੇ ਨੇ, ਇਨਸਾਨਾਂ ਵਾਂਗ। ਹਾਲਾਂਕਿ ਆਪਣੇ ਨਾਂ ਮੁਤਾਬਕ ਇਹ ਅਖਬਾਰ ਕਸ਼ਮੀਰੀਆਂ ਦੀ………….ਜਿੰਨੀ ਹੋ ਸਕੇ ਆਜ਼ਾਦੀ ਦੀ ਗੱਲ ਕਰਦਾ ਹੈ ਪਰ ਫੇਰ ਵੀ ਇਸ ਅਖ਼ਬਾਰ ‘ਚ ਲੁਕੀ ਛਿਪੀ ਜਾਂ ਖੁੱਲ ਕੇ, ਕਦੇ ਵੀ ‘ਜਿਹਾਦ’ ਵਰਗੀ ਗੱਲ ਨਹੀਂ ਕੀਤੀ ਜਾਂਦੀ। ਹਾਲਾਂਕਿ ਦਿੱਲੀ ਦੀ ਡੈਸਕ ਪੱਤਰਕਾਰੀ ਤੇ ‘ਏ.ਸੀ’ ਡਿਪਲੋਮੈਸੀ ਜਿੰਨਾ ਮਰਜ਼ੀ ਕਸ਼ਮੀਰੀਆਂ ਨੂੰ ਲਾਦੇਨ ਨਾਲ ਜੋੜੀ ਜਾਵੇ।ਇਨਸਾਨੀਅਤ ਦੀ ਗੱਲ ਜ਼ਰੂਰ ਹੁੰਦੀ ਹੈ, ਨੇਤਾਵਾਂ ‘ਤੇ ਸੁਆਲ ਜ਼ਰੂਰ ਚੁੱਕੇ ਜਾਂਦੇ ਨੇ, ਪਤੱਰਕਾਰਤਾ ਜਿਹੜੀ ਹੁੰਦੀ ਹੈ ਓਹ ਲਗਭਗ ਨਿਰਪੱਖ ਹੁੰਦੀ ਹੈ। ਸ਼ਾਇਦ ਏਸ ਲਈ ਕਿ ਕਸ਼ਮੀਰ ‘ਚ ਹਾਲੇ ਕਲਮ ਦੀ ਲੜਾਈ ਸਿਰਫ ਗੋਲੀ ਨਾਲ ਹੀ ਵੱਡੀ ਹੈ। ਪੂੰਜੀ ਨਾਲ ਲੜਾਈ ਜਾਂ ਪੂੰਜੀ ਕੋਲੋਂ ਹਾਰ ਨਹੀਂ ਹੋਈ ਜਿਹੜੀ ਮੁਲਕ ਦੇ ਸਭ ਤੋਂ ਅਮੀਰ ਤੇ ਕਥਿਤ ਤਰੱਕੀਸ਼ੁਦਾ ਸੂਬਿਆਂ ‘ਚ, ਜਿਹਨਾਂ ‘ਚ ਆਪਾਂ ਮੁਹਰੀ ਹਾਂ ਓਥੇ ਕਦੋਂ ਦੀ ਹੋ ਚੁੱਕੀ ਹੈ।


ਇਹੋ ਜੀ ਗੱਲ ਦਾ ਕਦੇ ਅੰਤ ਤਾਂ ਹੁੰਦਾ ਨੀ ਪਰ ਜਦੋਂ ਸ਼ੌਪੀਆਂ, ਅਨੰਤਨਾਗ, ਗੁਲਮਰਗ, ਸ਼੍ਰੀਨਗਰ ‘ਚ ਬਾਰ-ਬਾਰ ਨੌਜੁਆਨਾਂ ਤੋਂ ਤੇ ਕਿਤੇ ਕਿਤੇ ਬਜ਼ੁਰਗਾਂ ਕੋਲੋਂ ਜਿਹਨਾਂ ‘ਚ ਕੁਝ ਮੀਡੀਆ ਵਾਲੇ ਵੀ ਸਨ ਇੱਕੋ ਜੁਆਬ ਮਿਲਿਆ ਤਾਂ ਅੰਤ ਦਾ ਕੁਝ ਕਿਆਸ ਜ਼ਰੂਰ ਹੁੰਦਾ ਹੈ। ਕਸ਼ਮੀਰ ਨੂੰ ‘ਸੰਪੂਰਨ ਅਜ਼ਾਦੀ’…………… ਮੈਂ ਕੌਮਿਆਂ ਵਾਲੇ ਸ਼ਬਦਾਂ ਨਾਲ ਵੱਡੀ ਜਿਹੀ “ਜੇ” ਲਾ ਕੇ ਫੇਰ ਕਹਿ ਰਿਹਾਂ ਕਿ ਕਸ਼ਮੀਰ ਨੂੰ ‘ਸੰਪੂਰਨ ਅਜ਼ਾਦੀ’ ਜੇ ਕਦੇ ਮਿਲੀ ਤਾਂ ‘ਕੱਲੇ ਭਾਰਤ ਪਾਕਿਸਤਾਨ ਨਹੀਂ ਸਗੋਂ ਅਫਗਾਨਿਸਤਾਨ, ਚੀਨ, ਰੂਸ ਤੇ ਤਜਾਕਿਸਤਾਨ, ਕਜ਼ਾਖਿਸਤਾਨ ਰੂਸ ਤੱਕ ਇਹਦਾ ਹਾਲ ਬਘਿਆੜਾਂ ਵਿਚਾਲੇ ਫਸੇ ਖਰਗੋਸ਼ ਵਰਗਾ ਹੋਣਾ ਹੈ। ਇਸ ਸਿਆਸਤ ਦੀ ਸਮਝ ਕਸ਼ਮੀਰੀਆਂ ਨੂੰ ਸ਼ਾਇਦ ਭਾਰਤੀਆਂ ਤੋਂ ਵੱਧ ਹੈ ਸੋ ਓਹ ਇੱਕ ਜੁਆਬ ਸੀ ‘ਲਿਮਿਟਿਡ ਅਟੋਨੋਮੀ’ ਸੁਰੱਖਿਆ ਤੇ ਫੌਜ ਨਾਲ ਵਿਦੇਸ਼ ਨੀਤੀ ਭਾਰਤ-ਪਾਕਿ ਹੱਥ ਤੇ ਕਮਾਓ-ਖਾਓ-ਹੰਢਾਓ ਆਪਣੇ ਕਸ਼ਮੀਰ ਦਾ ਖ਼ਾਲਸ ਆਪਣਾ। ਪਰ ਇਹ ਵੀ ਹਾਲੇ ਸਿਰਫ ਇੱਕ ਬਹੁਤ ਵੱਡੇ ਤੇ ਖੁਸ਼ਨੁਮਾ ਸੁਪਨੇ ਵਰਗਾ ਲਗਦਾ ਹੈ। ਜ਼ਮੀਨੀ ਸੱਚਾਈ ਇਹ ਹੈ ਕਿ ਏਦਾਂ ਦੇ ਸਮਝੌਤੇ ਬਾਰੇ ਸੋਚਦਿਆਂ ਹੀ ਸਰਕਾਰਾਂ ਦੇ ਹੱਥ ਪੈਰ ਫੁੱਲਦੇ ਨੇ ਕਿਉਂਕਿ ਦੋਹਾਂ ਮੁਲਕਾਂ ‘ਚ ਫੇਰ ਲਗਭਗ ਹਰ ਸੂਬੇ ਨੇ ਇਹੋ ਕੁਝ ਮੰਗਣਾ ਏ। ਹਾਲ ਦੀ ਘੜੀ ਜਦ ਤਕ ਕੁਝ ਤਗੜਾ ਤੇ ਕ੍ਰਾਂਤੀਕਾਰੀ ਫੇਰਬਦਲ ਨਹੀਂ ਹੁੰਦਾ ਓਦੋਂ ਤੱਕ ਕਸ਼ਮੀਰੀਆਂ ਦੇ ਸਿਰ ‘ਤੇ ਸਿਰਫ ਸੰਗੀਨਾਂ ਦੀ ਛਾਂ ਹੀ ਨਜ਼ਰ ਆਉਂਦੀ ਐ।


ਦਵਿੰਦਰਪਾਲ

Wednesday, August 5, 2009

ਔਰਤ ਦੀ ਗੁਲਾਮ ਮਾਨਸਿਕਤਾ ਦਾ ਤਿਉਹਾਰ-- ਰੱਖੜੀ

ਗੁਲਾਮੀ,ਦੁਨੀਆਂ ਦੀ ਸਭ ਤੋਂ ਵੱਡੀ ਲਾਹਨਤ ਹੈ।ਚਾਰ ਦਿਨ ਦੀ ਚਾਕਰੀ ਹੀ ਬੰਦੇ ਦੇ ਅੰਦਰ ਨੂੰ ਖੋਰਾ ਲਾ ਜਾਂਦੀ ਹੈ।ਗੁਲਾਮੀ, ਸਭ ਤੋਂ ਵੱਡੀ ਢਾਹ ਸਾਡੇ ਆਤਮ ਸਨਮਾਨ ਨੂੰ ਲਾਉਂਦੀ ਹੈ।ਲੰਮੇ ਸਮਾਂ ਗੁਲਾਮੀ ‘ਚ ਜੀਣ ਤੋਂ ਬਾਅਦ ਮਨੁੱਖ ਅੰਦਰੋਂ ਗੈਰਤ ਤੇ ਅਣਖ ਦੀ ਲੋਅ ਮੱਧਮ ਪੈ ਜਾਂਦੀ ਹੈ। ਆਪਣੀ ਗੱਲ ਨੂੰ ਵਿਸ਼ੇ ਵੱਲ ਤੋਰਦਿਆਂ ਕਹਾਂਗਾ ਕਿ ਬਦਕਿਸਮਤੀ ਨਾਲ ਗੁਲਾਮੀ ਭਾਰਤੀ ਔਰਤ ਦੇ ਮਾਣ ਸਨਮਾਨ ਨੂੰ ਕਈ ਸਦੀਆਂ ਨੇ ਬਹੁਤ ਵੱਡੀ ਢਾਹ ਲਾਈ ਹੈ।ਇਸ ਸਭ ‘ਚ ਉਸਦਾ ਕੋਈ ਦੋਸ਼ ਨਹੀਂ ,ਪਰ ਸਮੇਂ ਦੀਆਂ ਲੱਖ ਕਰਵਟਾਂ ਦੇ ਬਾਵਜੂਦ ਭਾਰਤੀ ਔਰਤਾਂ ਦਾ ਮਾਨਸਿਕ ਪਛੜੇਵਾਂ ਉਵਂੇ ਹੀ ਰਿਹਾ। ਭਾਵੇਂ ਉਹ ਕਿੰਨਾਂ ਪੜ੍ਹ ਲਿਖ ਗਈਆਂ ਹੋਣ।ਅੱਜ ਕਿਸੇ ਧਾਰਮਿਕ ਸਥਾਨ,ਕਬਰ ਮੜੀ ‘ਤੇ ਮੇਲਾ ਜਾ ਕਿਸੇ ਸਾਧ ਦੇ ਧਾਰਮਿਕ ਦੀਵਾਨ ‘ਚ ਵੱਗ ਇਕੱਠਾ ਕਰਨਾਂ ਹੋਵੇ ਤਾਂ ਜ਼ਨਾਨੀਆਂ ਦੀ ਭੀੜ ਮਰਦਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੁੰਦੀ ਹੈ।ਜਦੋਂ ਕਿ ਔਰਤ ਦੀ ਅੱਜ ਦੀ ਸਥਿਤੀ ਤੇ ਹਜ਼ਾਰਾਂ ਸਾਲ ਦੀ ਗੁਲਾਮੀ ਤੇ ਸੋਸ਼ਣ ਲਈ ਸੱਭ ਤੋਂ ਵੱਧ ਜ਼ਿਮੇਵਾਰ ਵੀ ਅਖੋਤੀ ਧਰਮੀਂ ਹੀ ਹਨ ।ਦਰਅਸਲ ਗੁਲਾਮੀ ਦਾ ਪ੍ਰਕੋਪ ਹੀ ਐਸਾ ਹੈ ਕਿ ਇਹ ਸੋਚ ਨੂੰ ਖੁੱਢਿਆਂ ਕਰ ਦਿੰਦੀ ਹੈ।

ਹੈਰਾਨੀ ਦੀ ਗੱਲ ਹੈ ਕਿ ਅੱਜ ਇੱਕਵੀਂ ਸਦੀ ‘ਚ ਵੀ ਭਾਰਤੀ ਔਰਤ ਰੱਖੜੀ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਂ ਕੇ ਸਿੱਧ ਕਰਨਾ ਚਾਹੁੰਦੀ ਹੈ ਕਿ ਉਹ ਅੱਜ ਵੀ ਮਰਦ ਦੀ ਰਾਖੀ ਦੀ ਮੁਹਤਾਜ ਹੈ।ਇਤਿਹਾਸਕ ਪਰਿਪੇਖ ‘ਚ ਵੇਖੀਏ ਤਾਂ ਵਿਦੇਸੀ ਧਾੜਵੀਆਂ ਅੱਗੇ ਰੇਂਗਦੀ ਭਾਰਤੀ ਮਰਦਾਨਗੀ’ਚ ਕੋਈ ਵਿਰਲਾ ਹੀ ਮਰਦ ਲੱਭਦਾ ਅਤੇ ਜੀਅ ਭਿਆਣੀਆਂ ਨਹੁੰਆਂ-ਧੀਆਂ ਆਪਣੀ ਇੱਜਤ ਦੀ ਰਾਖੀ ਲਈ ਉਹਦੇ ਗੁੱਟ ‘ਤੇ ਧਾਗਾ ਬੰਨ ਕੇ ਰਾਖੀ ਕਰਨ ਦਾ ਵਚਨ ਲੈਦੀਆਂ ਸਨ। ਇਹ ਉਨਾਂ ਚਿਰ ਚਲਦਾ ਰਿਹਾ ਜਦ ਤੱਕ ਇਨ੍ਹਾਂ ਹਿੰਦਸਤਾਨੀ ਮਰਦਾਂ ਦੀ ਖਾਹ ਖਾਣ ਗਈ ਗੈਰਤ ਨੂੰ ਕਿਸੇ ਮਰਦ-ਅੰਗਮੜੇ ਨੇ ਆ ਕੇ ਨਾਂ ਹਲੂਣਿਆਂ । ਹੁਣ ਤੱਕ ਸਮਾਜਿਕ ਤੇ ਧਾਰਮਿਕ ਤੌਰ ਤੇ ਬੰਦੇ ਨਾਲੋਂ ਹੀਣੀ ਤੇ ਅਬਲਾ ਕਹੀ ਜਾਣ ਵਲੀ ਔਰਤ ਨੂੰ ਧਾਰਮਿਕ ਤੇ ਸਮਾਜਿਕ ਬਰਾਬਰੀ ਦਿੰਦਿਆਂ ਸਿੱਖ ਗੁਰੂਆਂ ਨੇ ਸਵੈ ਰਖਿਆ ਲਈ ਕ੍ਰਿਪਾਨ ਰੱਖਣਾਂ ਲਾਜ਼ਮੀ ਕਰਾਰ ਦਿੱਤਾ।ਤਵਾਰੀਖ ਗਵਾਹ ਹੈ ਕਿ ਜੁਲਮ ਤੇ ਅਨਿਆਂ ਵਿਰੁੱਧ ਸਿੱਖ ਔਰਤਾਂ ਮਰਦਾਂ ਦੇ ਬਰਾਬਰ ਲੜਦੀਆਂ ਰਹੀਆਂ। ਸਪੱਸ਼ਟ ਹੈ ਕਿ ਕਿਸੇ ਦੇ ਗੁੱਟ ‘ਤੇ ਧਾਗਾ ਬੰਨਣ ਦੀ ਮੁਥਾਜੀ ਨੂੰ ਗਲੋਂ ਲਾਹ ਕੇ ਆਪਣੇ ਹੱਥਾਂ ਦੀ ਤਾਕਤ ਤੇ ਭਰੋਸੇ ਦੀ ਬਖਸ਼ਿਸ ਹੋਈ। ਕੋਈ ਫਿਰਕਾ ਇਸ ਇਤਿਹਾਸਕ ਨਮੋਸ਼ੀ ਨੂੰ ਬੜੇ ਮਾਣ ਨਾਲ ਤਿਉਹਾਰ ਦੇ ਰੂਪ ‘ਚ ਮਨਾਂ ਸਕਦਾ ਹੈ।ਪਰ ਸਾਨੂੰ ਗਿਲਾ ਇਨਕਲਾਬੀ ਬਾਬੇ ਨਾਨਕ ਦੇ ਤਰਕਸੀਲ ਪੰਥ ਦੇ ਪਾਧੀਆਂ ਤੇ ਹੈ ।ਜਿਸ ਧਾਗੇ ਦੀ ਕਚਿਆਈ ਨੂੰ ਸਾਡਾ ਸਤਿਕਾਰਤ ਬਾਬਾ 11 ਸਾਲ ਦੀ ਉਮਰ ‘ਚ ਸਮਝ ਗਿਆ ਸੀ ਅਸੀ 540 ਸਾਲਾ ਦੇ ਹੋ ਕੇ ਸਭ ਕੁਝ ਵਿਸਾਰ ਗਏ। ਉਸ ਨੇ ‘ਨਾ ਇਹ ਟੁਟੇ ਨਾ ਮਲ ਲਗੈ ਨਾ ਇਹ ਜਲੈ ਨਾ ਜਾਏ’ ਕਹਿ ਅਜਿਹੇ ਧਾਗੇ ਦੀ ਮੰਗ ਕੀਤੀ ਜੋ ਸਦਾ ਚਿਰ ਸਦੀਵੀ ਹੋਵੇ।ਨਿਰਸੰਦੇਹ ਕੋਈ ਧਾਗਾ ਇਹ ਸ਼ਰਤ ਪੂਰੀ ਨਹੀਂ ਕਰ ਸਕਦਾ। ਸਦਾਚਾਰਕ ਗੁਣ ਹੀ ਮਨੁੱਖ ਦੇ ਨਾਲ ਜਾ ਸਕਦੇ ਹਨ ਜਦੋਂ ਕਿ ਅਸੀ ਉਸਦੇ ਸਿੱਖ ਕਹਾਉਣ ਵਾਲੇ ਕੱਚੇ ਧਾਗਿਆਂ ਤੇ ਆਸ ਟਿਕਾਈ ਬੈਠੇ ਹਾਂ।

ਅੱਜ ਪਦਾਰਥ ਦੀ ਦੌੜ ‘ਚ ਨਿੱਜੀ ਸੁਆਰਥਾਂ ਤੇ ਗਰਜਾਂ ‘ਚ ਰੁੜੇ ਜਾਂਦੇ ਸਮਾਜ ‘ਚ ਰਿਸਤਿਆਂ ਦਾ ਆਪਸੀ ਤਪਾਕ ਕਾਫੀ ਘੱਟ ਗਿਆ ਹੈ।ਨਿਜਵਾਦ ਏਨਾਂ ਭਾਰੂ ਹੋ ਗਿਆ ਕਿ ਖੁੂਨ ਦੇ ਰਿਸ਼ਤੇ ਪਾਣੀਉ ਪਤਲੇ ਹੋਏ ਪਏ ਹਨ। ਅੰਗਾਂ ਸਾਕਾਂ ਤੋਂ ਮੂਹ ਮੁਲਾਜਾ ਨਿਬੇੜ ਕੇ ਲੋਕ ਆਪੇ ਨੂੰ ਵਡਿਆਉਦੇ ਦੇਖੇ ਜਾ ਸਕਦੇ ਹਨ।ਇਹੋ ਜਿਹੇ ਮੂੰਹ ਜ਼ੋਰ ਸਮੇ ‘ਚ ਧਾਗਿਆਂ ਤੇ ਆਸ ਟਿਕਾਉਣੀ ਤਾਂ ਕੋਈ ਅਕਲਮੰਦੀ ਨਹੀਂ ਜਾਪਦੀ।ਧਾਗੇ ਕਰਨਗੇ ਵੀ ਕੀ? ਰਿਸ਼ਤਿਆਂ ਦੀ ਮਾਣ ਮਰਿਆਦਾ ਤਾਂ ਬੀਤੇ ਦੀ ਗੱਲ ਹੋ ਗਈ। ਬਹੁਤੀ ਵਾਰੀ ਆਪ ਮੁਹਾਰੀ ਹੋਈ ਧੀ ਨੂੰ ਮਾਪੇ ਹੱਥ ਜੋੜਦੇ ਵੇਖੇ ਜਾਂਦੇ ਨੇ ਕਿ ‘ਧੀਏ ਸਾਡੀ ਇਜ਼ਤ ਪੱਤ ਦੀ ਰਾਖੀ ਰੱਖੀ । ਹੁਣ ਉਥੇ ਕੋਈ ‘ਵਿਚਾਰਾ’ ਵੀਰ ਕੀ ਕਰੂ।

ਵੈਸੇ ਵੀ ਹਲਾਤ ਹਮੇਸ਼ਾ ਇੱਕਸਾਰ ਨਹੀਂ ਰਹਿੰਦੇ ਔਰਤ ਹੀ ਹਮੇਸ਼ਾਂ ਅਬਲਾ ਨਹੀਂ ਹੁੰਦੀ । ਸਮਾਜ ‘ਚ ਬਹੁਤ ਸਾਰੇ ਮਰਦ ‘ਅਬਲਾ’ ਤੇ ਔਰਤਾਂ ‘ਮਰਦਾਊ’ ਦੇਖੀਆਂ ਜਾਂ ਸਕਦੀਆਂ ਹਨ। ਕਈ ਵਿਚਾਰੇ ਆਪਣੀ ਰਾਖੀ ਆਪ ਕਰਨ ਜੋਗੇ ਨਹੀਂ ਹੁੰਦੇ ਉਹ ਵੀ ਗੁੱਟ ਤੇ ਫੁੱਲ ਵਾਲੀ ਰੱਖੜੀ ਬੰਨ ਕੇ ਮਰਦਾਨਗੀ ਦੀ ਲਾਟ ਜਗਾ ਰਹੇ ਹੁੰਦੇ ਹਨ । ਜੇ ਸੁਆਲ ਸਿਰਫ ਰਾਖੀ ਦਾ ਹੁੰਦਾ ਤਾਂ ਬੰਦੇ ‘ਤੇ ਤਾਂ ਵੈਸੇ ਵੀ ਆਪਣੇ ਆਰ-ਪਰਿਵਾਰ ਆਲੇ ਦੁਆਲੇ ਦੀ ਰਾਖੀ ਦੀ ਜ਼ਿੰਮੇਵਾਰੀ ਹੁੰਦੀ ਹੈ। ਗੈਰਤ ਨੂੰ ਜਗਾਉਣ ਲਈ ਕਿਸੇ ਧਾਗੇ ਦੀ ਲੋੜ ਨਹੀਂ ਤੇ ਮਰੀ ਹੋਈ ਗੈਰਤ ਨੂੰ ਕੋਈ ਧਾਗਾ ਜਿੰਦਾਂ ਵੀ ਨਹੀ ਕਰ ਸਕਦਾ।

ਚਲੋ ਜੇ ਇੱਕ ਪਲ ਲਈ ਮੰਨ ਵੀ ਲਿਆ ਜਾਵੇ ਕਿ ਰੱਖੜੀ ਬੰਨਣ ਨਾਲ ਵੀਰ ਭੈਣ ਦੀ ਰਾਖੀ ਲਈ ਵਚਨਬੱਧ ਹੋ ਜਾਦਾ ਹੈ ਤਾਂ ਵਿਆਹ ਪਿਛੋਂ ਮੀਲਾਂ ਦੂਰ ਬੈਠੀ ਭੈਣ ਦੀ ਰਾਖੀ ਵੀਰ ਕਿਵੇਂ ਕਰ ਸਕਦਾ ਹੈ। ਇਸ ਹਿਸਾਬ ਨਾਲ ਤਾਂ ਵਿਆਹ ਪਿਛੋਂ ਔਰਤ ਨੂੰ ਆਪਣੇ ਘਰ ਵਾਲੇ ਦੇ ਗੁੱਟ ਤੇ ਰੱਖੜੀ ਬੰਨਣੀ ਚਾਹੀਦੀ ਹੈ। ਜਿਹੜਾ ਅਬੀ-ਨਬੀ ਮੌਕੇ ਕੰਮ ਆਵੇ। ਉਲਟ ਸੁਆਲ ਇਹ ਵੀ ਕੀਤਾ ਜਾਂਦਾ ਹੈ ਕਿ ‘ਫਿਰ ਕੀ ਹੋਇਆ ਰੀਤ ਬਣੀ ਹੋਈ ਏ ਪੱਜ ਨਾਲ ਭੈਣ-ਭਾਈ ਦਾ ਮਿਲਾਪ ਹੋ ਜਾਂਦਾ ਹੈ ਤੇ ਪਿਆਰ ਵੱਧਦਾ ਹੈ।ਮੁਬਾਰਕ ! ਜਿੰਨੀ ਦੇਰ ਭੈਣ ਭਾਈ ਬਚਪਨ ‘ਚ ਖੇਡ ਖੇਡ ‘ਚ ਰੱਖੜੀ ਬੰਨਣ ਉਨੀ ਦੇਰ ਤਾਂ ਕੋਈ ਖਾਸ ਬਖੇੜਾ ਨਹੀਂ ਪੈਦਾ ।ਪੈਸੇ ਵੱਲੋਂ ਸਰਦੇ ਪੁਜਦੇ ਘਰਾਂ ‘ਚ ਇਹ ਖੇਡ ਉਮਰ ਭਰ ਲਈ ਵੀ ਖੇਡਣ ਜੋਗ ਹੋ ਸਕਦੀ ਹੈ। ਪਰ ਨਿਮਨ ਮੱਧਵਰਗੀ ਸ਼ਹਿਰੀ ਪਰਿਵਾਰ, ਮਾੜਾ ਵਪਾਰੀ ਤੇ ਘੱਟ ਤੇ ਬੇਜ਼ਮੀਨੇ ਕਿਸਾਨ ਪਰਿਵਾਰਾਂ ‘ਚ ਮਾਤੜ ਭਰਾਵਾਂ ਲਈ ਰੱਖੜੀ ਵਿਹੁ ਦਾ ਘੁਟ ਬਣੀ ਹੁੰਦੀ ਹੈ। ਆਏ ਸਾਲ ਰੱਖੜੀ ਕਈਆਂ ਪਰਿਵਾਰਾਂ ‘ਚ ਪੁਆੜੇ ਪਾ ਜਾਂਦੀ ਹੈ।ਜਿਥੇ ਭੈਣ ਜਾ ਭਰਾ ਇੱਕ ਤੋਂ ਵੱਧ ਹੋਣ ਉਥੇ ਲੈਣ ਦੇਣ ਤੋਂ ਧੜੇਬਾਜ਼ੀਆਂ ਤੇ ਪਾਟੋਧਾੜ ਤੱਕ ਦੀ ਨੌਬਤ ਆ ਜਾਦੀ ਹੈ। ਭਰਜਾਈਆ ਦੀ ਕਿਸੇ ਇੱਕ ਨਣਾਨ ਨਾਲ ਜਾਂ ਭੈਣ ਦੀ ਕਿਸੇ ਇੱਕ ਵੀਰ ਨਾਲ ਨੇੜਤਾ ਜਾਂ ਵੈਰ ਰੱਖੜੀ ਵਾਲੇ ਦਿਨ ਨਸ਼ਰ ਹੋ ਜਾਦਾ ਹੈ ਤੇ ਭਾਈ ਭੈਣ ਦੇ ਪਿਆਰ ਦਾ ਪ੍ਰਤੀਕ ਰੱਖੜੀ ਵਾਲੇ ਦਿਨ ਕਈ ਭੈਣਾਂ ਸੂਟਾਂ ਤੇ ਪੈਸਿਆ ਤੋਂ ਰਿਹਾੜ ਪਾਉਦੀਆਂ ਤੇ ਕਈ ਗੁੰਮ –ਸੁੰਮ ਹੋ ਕੇ ਪੇਕਿਆਂ ਦੇ ਘਰੋਂ ਨਿਕਲਦੀਆ ਦੇਖੀਆਂ ਜਾ ਸਕਦੀਆ ਹਨ।

ਅਜਿਹੀ ਕਰਮਕਾਂਡੀ ਵਿਵਸਥਾ ਨੂੰ ਅਸੀਂ ਅਖੌਤੀ ਪੜ੍ਹੇ ਲਿਖੇ ਲੋਕ ਅਨਪੜਾਂ ਦੀ ਉਪਜ ਦੱਸਦੇ ਹਾਂ। ਪਰ ਸਾਡੀਆਂ ਪੜ੍ਹੀਆਂ ਲਿਖੀਆਂ ਕਹੀਆਂ ਜਾਣ ਵਾਲੀਆਂ ਬੀਬੀਆਂ ਵੀ ਦੋਹਰੇ ਮਾਪਦੰਡ ਅਪਣਾਉਦੀਆਂ ਦੇਖੀਆਂ ਜਾ ਸਕਦੀਆਂ ਹਨ। ਰਾਣੀ ਝਾਂਸੀ, ਕਲਪਨਾ ਚਾਵਲਾ , ਪ੍ਰਤਿਭਾ ਪਾਟਿਲ ਦੇ ਨਾਂ ਲੈ ਲੈ ਕੇ ਨਾਰੀ ਦਾ ਜੁਗ ਬਦਲਣ ਦੇ ਦਾਅਵੇ ਕਰਨ ਵਾਲੀਆਂ ਵੀ ਨਾਰੀ ਤ੍ਰਿਸਕਾਰ ਦੇ ਅਜਿਹੇ ਕੋਹਜ ਕੰਮਾਂ ਤੋਂ ਬਾਜ ਨਹੀਂ ਆੳਂੁਦੀਆਂ। ਪੜੀਆਂ ਲਿਖੀਆਂ ਤੇ ਸਿੱਖੀ ਭੇਖ ‘ਚ ਦਿਖਣ ਵਾਲੀਆਂ ਬੀਬੀਆਂ ਮੰਗਲ ਸੂਤਰ, ਕਰਵਾ ਚੌਥ ,ਵਰਤ ਰੱਖਣੇ ਤੇ ਗੁੱਟਾਂ ਤੇ ਮੌਲੀਆਂ ਧਾਗੇ ਬੰਨ ਕੇ ਵਿਰਸੇ ‘ਚ ਮਿਲੀ ਮਾਨਸਿਕ ਆਜ਼ਾਦੀ ਨੂੰ ਧਾਗਿਆਂ ਦੀ ਗੁਲਾਮੀ ‘ਚ ਜਕੜਨ ਦੇ ਆਹਰ ‘ਚ ਲੱਗੀਆ ਹੋਈਆਂ ਹਨ ।ਪਰ ਇਸ ਸਭ ਲਈ ਸਾਡੀ ਪਿਛਲੱਗ ਬਿਰਤੀ ਜ਼ਿੰਮੇਵਾਰ ਹੈ।ਉਧਰ ਅਰਬਾਂ ਰੁਪਈਆਂ ਦੀ ਮੰਡੀ ਤੇ ਇਨਵੈਸਟਮੈਟ ਰੱਖੜੀ ਨਾਲ ਜੁੜੀ ਹੋਈ ਹੈ ।ਸਾਡਾ ਮੀਡੀਆ ਤੇ ਫਿਲਮਾਂ ਇਨ੍ਹਾਂ ਬੀਤੇ ਸਮੇ ਦੀ ਗੁਲਾਮ ਵਿਵਸਥਾ ਨੂੰ ‘ਸਟੇਟਸ ਸਿੰਬਲ’ ਵਜੋਂ ਪੇਸ਼ ਕਰ ਰਿਹਾ ਹੈ ਤੇ ਅਸੀਂ ਸਿੱਖ ਕਹਾਉਣ ਵਾਲੇ ਘੁਗੂ ਬਣੇ ਹੋਏ ‘ਜੀ ਚਲਦਾ ਈ ਐ ਅੱਜਕੱਲ’ ਕਹਿ ਕੇ ਗੁਰੁ ਬਾਬੇ ਦੀ ਵਰਿਆਂ ਦੀ ਕਠਿਨ ‘ਤਪੱਸਿਆ’ ਨੂੰ ਮਿੱਟੀ ਰੋਲ ਰਹੇ ਹਾ। ਜਿਸ ਜੂਲੇ ਹੇਠੋਂ ਕੱਢਣ ਲਈ ਗੁਰੁ ਬਾਬੇ ਨੇ ਨਾਨਕ ਨੇ ਔਕੜਾਂ ਭਰਿਆਂ ਸੰਘਰਸ਼ ਕੀਤਾ , ਬਾਹਮਣਾਂ, ਮੋਲਾਣਿਆਂ ਤੇ ਪੁਜਾਰੀਆ ਨਾਲ ਵੈਰ ਲਿਆ, ਜਾਬਰ ਹਾਕਮਾਂ ਦੇ ਤਸੀਹੇ ਝੱਲੇ , ਲੱਖਾਂ ਜਿੰਦੜੀਆਂ ਲੇਖੇ ਲੱਗ ਗਈਆਂ ਤੇ ਅੱਜ ਅਸੀਂ ਆਪ ਆਪਣੀ ਧੋਣ ਉਸ ਜੂਲੇ ਹੇਠ ਦਈ ਜਾ ਰਹੇ ਹਾ।ਅਫਸੋਸ ਦੀ ਗੱਲ ਤਾਂ ਇਹ ਹੈ ਕਿ ਇਹ ਸਭ ਕਰ ਵੀ ੳੇਸੇ ਦੇ ਨਾਂ ਤੇ ਰਹੇ ਹਾ ।ਕਿਸੇ ਅਗਿਆਨੀ ਅਥਵਾ ਸਾਜਸ਼ਕਾਰੀ ਚਿੱਤਰਕਾਰ ਦੀ ‘ਗੁਰੂ ਨਾਨਕ ਦੇ ਗੁੱਟ ਤੇ ਬੇਬੇ ਨਾਨਕੀ ਦੀ ਰੱਖੜੀ ਬੰਨਣ ‘ਵਾਲੀ ਕ੍ਰਿਤ ਦੀ ਸਾਖੀ ਬਣਾ ਕੇ ਬੂਬਨੇ ਸਾਧਾ ਨੇ ਢੋਲਕੀਆਂ ਤੇ ਚੁਮਟਿਆਂ ਦੀ ਲੈਅ ਤੇ ਐਸਾ ਪ੍ਰਚਾਰ ਕੀਤਾ ਕਿ ਅੱਜ ਕਿਸੇ ਸਿੱਖ ਕਹਾਉਣ ਵਾਲੇ ਨਾਲ ਰੱਖੜੀ ਬਾਬਤ ਵਿਚਾਰ ਕਰ ਲਈਏ ਤਾਂ ਉਹ ਨਿਲੱਜਤਾ ਦੇ ਨਾਲ ਬੇਬੇ ਨਾਨਕੀ ਦੀ ਰੱਖੜੀ ਦਾ ਹਵਾਲਾ ਦੇਣ ਲੱਗ ਪੈਂਦਾ ਹੈ।

‘ਅਕਲੀ ਪੜ੍ਹ ਕੇ ਬੂਝੀਐ’ ਤੇ ‘ਛੋੜੀਲੇ ਪਾਖੰਡਾ ‘ ਦਾ ਨਾਅਰਾ ਦੇਣ ਵਾਲੇ ਗੁਰੁ ਬਾਬੇ ਦੇ ਫਲਸਫੇ ਦੇ ਐਸੇ ਅੰਨੇ ਧਾਰਨੀਆ ਨੂੰ ਲਾਹਨਤ ਹੈ ਜੋ ਗੁਰਬਾਣੀ ਦੀਆਂ ਸੈਂਕੜੇ ਸਪੱਸ਼ਟ ਸਤਰਾਂ ਨੂੰ ਅੱਖੋ ਉਹਲੇ ਕਰ ਟੁਕੜਬੋਚ ਸਾਧਾਂ, ਡੇਰੇਦਾਰਾਂ ਤੇ ਟਕਸਾਲੀਆ ਦੇ ਆਖੇ ਲੱਗ ਗੁਰੁ ਨਾਨਕ ਦੇ ਇਨਕਾਲਾਬੀ ਸਿਧਾਤ ਨੂੰ ਕੱਖੋਂ ਹੋਲਾ ਕਰ ਰਹੇ ਹਨ।
ਦਰਅਸਲ ਦੋਸ਼ ਸਾਡਾ ਵੀ ਨਹੀਂ ਸਾਡੀਆ ਨਾੜਾਂ ‘ਚ ਜੰਮਿਆ ਬ੍ਰਹਮਣਵਾਦ ਦਾ ਜੰਗਾਲ ਸਾਡੇ ਖੁਨ ਨਾਲ ਸਦਾ ਵਹਿੰਦਾ ਹੀ ਰਹੇਗਾ। ਜਦੋਂ ਕੋਈ ਅੱਤ ਦਰਜੇ ਦਾ ਨਿੱਗਰ ਜਾਵੇ ਤਾਂ ਉਸਨੂੰ ਕਿਹਾ ਜਾਦਾ ਹੈ ‘ਇਹਦਾ ਤਾਂ ਹੁਣ ਰੱਬ ਹੀ ਰਾਖਾ’ ਪਰ ਸਾਡਾ ਹੁਣ ਉਹ ਵੀ ਨਹੀਂ ਤੇ ਗੁਰੂ ਵੀ ਨਹੀਂ ਕਿੳਂਕਿ ਗੁਰੁ ਦਾ ਹੁਕਮ ਤਾਂ ਅਸੀ ਵਿਸਾਰ ਦਿਤਾ :-

ਜਬ ਲਗ ਖਾਲਸਾ ਰਹੇ ਨਿਆਰਾ
ਤਬ ਲਗ ਤੇਜ਼ ਦਿਯੋ ਮੈਂ ਸਾਰਾ
ਜਬ ਇਹ ਗਹੈ ਬਿਪਰਨ ਕੀ ਰੀਤ
ਤਬ ਮੈ ਨਾਂ ਕਰੋਂ ਇਨ ਕੀ ਪ੍ਰਤੀਤ


ਚਰਨਜੀਤ ਸਿੰਘ ਤੇਜਾ

Saturday, August 1, 2009

ਪੰਜਾਬੀ ਸਾਹਿਤ ਵਿਚ ਇਸਤਰੀਆਂ ਦਾ ਯੋਗਦਾਨ



ਅੱਜ ਦੇ ਇਸ ਆਧੁਨਿਕ ਤੇ ਵਿਗਿਆਨਕ ਯੁੱਗ ਵਿਚ ਔਰਤ ਦੀ ਆਜ਼ਾਦੀ ਬਾਰੇ ਗੱਲ ਕਰਨਾ ਆਪਣੇ ਆਪ ਵਿਚ ਬਹੁਤ ਛੋਟਾ ਵਿਚਾਰ ਹੈ। ਜੇ ਆਜ਼ਾਦੀ ਬਜਾਏ ਇਉਂ ਕਹਿ ਲਿਆ ਜਾਏ, ਕਿ ਅੱਜ ਦੇ ਇਸ ਆਧੁਨਿਕ ਯੁੱਗ ਨੇ ਔਰਤ ਨੂੰ ਬਹੁਤ ਬੇਵੱਸ ਜਿਹਾ ਕਰ ਦਿੱਤਾ ਹੈ ਤਾਂ ਸ਼ਾਇਦ ਅੱਤਿਕਥਨੀ ਨਹੀਂ ਹੋਏਗੀ, ਭਾਰਤੀ ਸਮਾਜ ਵਿਚ ਅੱਜ ਔਰਤ ਹਰ ਪਖੋਂ ਅਜਾਦ ਹੈ,ਹਰ ਖੇਤਰ ਵਿਚ ਪੁਰਖਾਂ ਨਾਲ ਖਲੋਤੀ ਹੈ ਜਾਂ ਇਉਂ ਕਹਿ ਲਉ ਕਿ ਅੱਜ ਔਰਤ ਪੁਰਖ ਨਾਲੋਂ ਵੀ ਅਗਾਂਹ ਜਾ ਖਲੋਤੀ ਹੈ, ਔਰਤ ਸਮਾਜ ਦੇ ਹਰ ਖੇਤਰ ਵਿਚ ਆਪਣੀ ਭਾਗੀਦਾਰੀ ਦਰਸਾ ਚੁੱਕੀ ਹੈ। ਅੱਜ ਕੋਈ ਕੰਮ ਐਸਾ ਨਹੀ ਜੋ ਔਰਤ ਨਹੀਂ ਕਰ ਸਕਦੀ। ਔਰਤ ਹੁਣ ਅਬਲਾ ਨਹੀਂ ਰਹੀ, ਸਮਾਜ ਵਿਚ ਆਪਣੀ ਥਾਂ ਬਣਾਉਣ ਦੇ ਸੰਘਰਸ ਨੇ ਔਰਤ ਨੂੰ ਬਹੁਤ ਮਜਬੂਤ ਬਣਾ ਦਿੱਤਾ ਹੈ। ਦੇਸ ਚਲਾਉਣ ਦੀ ਗੱਲ ਹੋਵੇ ਜਾਂ ਦੁਨੀਆਂ ਚਲਾਉਣ ਦੀ ਗੱਲ ਹੋਏ ਔਰਤ ਦੀ ਭਾਗੀਦਾਰੀ ਅਤਿ ਜਰੂਰੀ ਹੈ।ਰਾਜਨੀਤੀ ਦੇ ਖੇਤਰ ਵਿਚ ਵੀ ਔਰਤਾਂ ਦੀ ਸਰਦਾਰੀ ਰਹੀ, ਇਸ ਵਾਰ ਲੋਕਸਭਾ ਚੋਣਾਂ ਵਿਚ (ਖਾਸਕਰ ਪੰਜਾਬ ਵਿਚ) ਪਰ ਜੇ ਅਸੀਂ ਪਿਛਲੇ ਕੁਝ ਸਮੇਂ ਦੇ ਪੰਜਾਬੀ ਸਾਹਿਤ ਉੱਤੇ ਝਾਤ ਮਾਰੀਏ ਤਾਂ ਪੰਜਾਬੀ ਇਸਤਰੀ ਲੇਖਕਾਂ ਪੰਜਾਬੀ ਸਾਹਿਤ ਤੋਂ ਉਪਰਾਮ ਨਜ਼ਰ ਆਉਂਦੀਆਂ ਹਨ।

ਪੰਜਾਬੀ ਸਾਹਿਤ ਪ੍ਰਤੀ ਇਸਤਰੀ ਲੇਖਕਾਂ ਦਾ ਰੁਝਾਨ ਨਾਂ- ਮਾਤਰ ਹੈ। ਇਕ ਵੇਲਾ ਸੀ, ਜਦੋਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਇਸਤਰੀ ਲੇਖਕਾਂ ਦੀ ਇਕ ਖਾਸ ਥਾਂ ਸੀ, ਬਲਕਿ ਇਹ ਕਹਿ ਸਕਦੇ ਹਾਂ ਕਿ ਕਿਸੇ ਵੇਲੇ ਪੰਜਾਬੀ ਸਾਹਿਤ “ਅੰਮ੍ਰਿਤਾ ਪ੍ਰੀਤਮ” ਦੇ ਨਾਂ ਨਾਲ ਹੀ ਜਾਣਿਆ ਜਾਂਦਾ ਸੀ। “ਅੰਮ੍ਰਿਤਾ ਪ੍ਰੀਤਮ “ਪੰਜਾਬੀ ਇਸਤਰੀ ਸਾਹਿਤ ਦਾ ਮੀਲ -ਪੱਥਰ ਸੀ ਤੇ ਹੈ। ”ਅਜੀਤ ਕੌਰ ,ਦਲੀਪ ਕੌਰ ਟਿਵਾਣਾ” ਪੰਜਾਬੀ ਇਸਤਰੀ ਸਾਹਿਤ ਦੇ ਮਾਣਯੋਗ ਨਾਂ ਹਨ, ਜੋ ਅੱਜ ਵੀ ਪੰਜਾਬੀ ਸਾਹਿਤ ਵਿਚ ਇਸਤਰੀਆਂ ਨੂੰ ਮਾਣ ਦਵਾਂਉੰਦੇ ਹਨ। ਬੇਸ਼ਕ ਪੰਜਾਬੀ ਸਾਹਿਤ ਵਿਚ ਇਸਤਰੀਆਂ ਦਾ ਯੋਗਦਾਨ ਘੱਟ ਰਿਹਾ ਹੈ ਪਰ ਉਹਨਾਂ ਦੀ ਪੰਜਾਬੀ ਸਾਹਿਤ ਵਿਚ ਭਾਗੀਦਾਰੀ ਨੂੰ ਨਕਾਰਿਆ ਨਹੀਂ ਜਾ ਸਕਦਾ। ਅੱਜ ਵੀ ਕੁਝ ਨਾਂ ਜਿਵੇਂ “ਮਨਜੀਤ ਟਿਵਾਣਾ””,ਡਾ ਵਿਨੀਤਾ””,ਵੀਨਾ ਵਰਮਾ” ਪ੍ਰਭਜੋਤ ਕੌਰ” ਪੰਜਾਬੀ ਸਾਹਿਤ ਵਿਚ ਇਸਤਰੀ ਲੇਖਕਾਂ ਦੇ ਤੌਰ ਤੇ ਜਾਣੇ ਜਾਂਦੇ ਨੇ,ਪਰ ਇਹਨਾਂ ਵਿਚ ਕੋਈ ਵੀ ਐਸਾ ਨਾਂ ਨਹੀਂ ਜੋ ਪੰਜਾਬੀ ਇਸਤਰੀ ਸਾਹਿਤ ਦਾ ਮੀਲ ਪੱਥਰ ਹੋ ਨਿਬੜੇ।
ਜੇਕਰ ਪੰਜਾਬੀ ਸਾਹਿਤ ਵਿਚ ਇਸਤਰੀਆਂ ਦੇ ਘੱਟ ਰੁਝਾਨ ਦੇ ਕਾਰਨਾਂ ਉੱਤੇ ਝਾਤ ਮਾਰੀਏ ਤਾਂ ਕੁਝ ਗੱਲਾਂ ਸਾਮ੍ਹਣੇ ਆਉਂਦੀਆਂ ਹਨ ਉਹ ਇਹ ਕਿ ਅੱਜ ਦੇ ਇਸ ਆਧੁਨਿਕ ਤੇ ਵਿਗਿਆਨਕ ਯੁੱਗ ਨੇ ਇਸਤਰੀਆਂ ਦੇ ਰੁਝੇਵਿਆਂ ਵਿਚ ਵਾਧਾ ਕੀਤਾ ਹੈ ਜਾਂ ਇਉਂ ਕਹਿ ਲਉ ਕਿ ਔਰਤਾਂ ਆਪਣੇ ਪਰਿਵਾਰਕ ਵਾਤਾਵਰਣ ਵਿਚੋਂ ਨਿਕਲਣਾ ਨਹੀਂ ਚਾਹੁੰਦੀਆਂ, ਅੱਜ ਦੀ ਔਰਤ ਇਕੋ ਵੇਲੇ ਕਈ ਨੌਕਰੀਆਂ ਕਰ ਰਹੀ ਹੈ,ਬਾਹਰ ਦੀ ਨੌਕਰੀ ਤੋਂ ਅਲਾਵਾ ਘਰ ਦੀ ਜਿਮੇਂਵਾਰੀ,ਬੱਚਿਆਂ ਦੀ ਜਿਮੇਂਵਾਰੀ ਪੜਾਈ ਲਿਖਾਈ, ਤੇ ਪਤੀ ਪ੍ਰਤੀ ਆਪਣੇ ਫਰਜ, ਇੰਨੇ ਰੁਝੇਵਿਆ ਤੋਂ ਬਾਅਦ ਕੀ ਇਕ ਔਰਤ ਤੋਂ ਆਸ ਕਰ ਸਕਦੇ ਹਾਂ ਕਿ ਉਹ ਸਾਹਿਤ ਵਿਚ ਵੀ ਯੋਗਦਾਨ ਪਾਏ। ਅਸਲ ਵਿਚ ਪੰਜਾਬੀ ਸਾਹਿਤ ਤੋਂ ਔਰਤਾਂ ਦੇ ਬੇਮੁੱਖ ਹੋਣ ਦਾ ਕਾਰਣ ਇਹ ਵੀ ਹੈ ਕਿ ਪੰਜਾਬੀ ਲੇਖਕਾਂ ਵਿਚ ਇਸਤਰੀ ਲਿਖਾਰੀਆਂ ਨੂੰ ਲੈ ਕੇ ਬਣਦੀਆਂ ਕਿਆਸ ਅਰਾਈਆਂ। ਸਾਹਿਤਿਕ ਸੰਸਥਾਂਵਾਂ ਅਤੇ ਸਾਹਿਤਿਕ ਇਨਾਂਮਾਂ ਦੇ ਨਾਂ ਉੱਤੇ ਚਲਦੀ ਘੱਟੀਆ ਰਾਜਨੀਤੀ।

ਮੈਂ ਕੁਝ ਐਸੀਆਂ ਔਰਤਾਂ ਨੂੰ ਜਾਣਦੀ ਹਾਂ ਜੋ ਹੱਦੋਂ ਵੱਧ ਚੰਗਾ ਲਿਖਦੀਆਂ ਨੇ ,ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਦਾ ਰੂਪ ਦੇਂਦੀਆਂ ਨੇਂ,ਪਰੰਤ ਉਹ ਆਪਣੀਆਂ ਲਿਖਤਾਂ ਨੂੰ ਸਮਾਜ ਅੱਗੇ ਨਸ਼ਰ ਨਹੀਂ ਕਰਨਾਂ ਚਾਹੁਂਦੀਆਂ, ਕਾਰਣ ਇਹ ਹਨ ----------- ਪਰਿਵਾਰਕ ਦਬਾਅ,ਪਤੀ ਦਾ ਡਰ,ਸਮਾਜ ਦਾ ਡਰ,ਆਦਿ ਬਹੁਤ ਸਾਰੇ ਕਾਰਣ ਹਨ ਜੋ ਇਸਤਰੀਆਂ ਨੂੰ ਆਪਣੀਆਂ ਭਾਵਨਾਂਵਾਂ ਬਿਆਨ ਕਰਨੋਂ ਰੋਕਦੇ ਹਨ।ਇਸ ਵਿਚ ਕੋਈ ਸ਼ਕ ਨਹੀਂ ਕਿ ਇਸਤਰੀਆਂ ਜਾਗਰੂਕ ਹੋਈਆਂ ਹਨ, ਸਿੱਖਿਆ ਨੇ ਅੱਜ ਔਰਤ ਨੂੰ ਆਪਣੇ ਹੱਕਾਂ ਲਈ ਜਾਗਰੂਕ ਕੀਤਾ ਹੈ,ਪਰ ਕਿੰਨੀਆਂ ਇਸਤਰੀਆਂ ਐਸੀਆਂ ਨੇ ਜੋ ਆਪਣੇ ਹੱਕਾਂ ਦਾ ਇਸਤੇਮਾਲ ਕਰਦੀਆਂ ਹਨ??। ਮੈਂ ਇਥੇ ਆਪਣੀ ਹੀ ਗੱਲ ਦੱਸਣਾ ਚਾਹਵਾਂਗੀ ਮੈਂ ਆਪਣੇ ਲੇਖ ਕਈ ਪੰਜਾਬੀ ਅਖਬਾਰਾਂ ਅਤੇ ਮੈਗਜੀਨਾਂ ਨੂੰ ਭੇਜੇ ਪਰ ਕਿਸੇ ਵੀ ਅਖਬਾਰ ਨੇ ਕਦੀ ਮੇਰਾ ਲੇਖ ਨਹੀੰ ਛਾਪਿਆ, ਸਾਇਦ ਇਸ ਲਈ ਕੀ ਮੈਂ ਬਹੁਤ ਨਾਮਚਿਨ ਲੇਖਿਕਾ ਨਹੀਂ, ਜਾਂ ਸ਼ਾਇਦ ਮੇਰੇ ਕੋਲ ਕਿਸੇ ਵੱਡੇ ਲੇਖਕ ਦਾ ਸਹਾਰਾ ਨਹੀਂ ਜਾਂ ਸ਼ਾਇਦ ਮੈਂ ਕਿਸੇ ਨਾਮੀ ਪੰਜਾਬੀ ਸਾਹਿਤਿਕ ਸੰਸਥਾ ਦੀ ਮੈਂਬਰ ਨਹੀਂ, ਤੁਹਾਨੂੰ ਪੜ ਕੇ ਹੈਰਾਨੀ ਹੋਏਗੀ ਕਿ ਅੱਜ ਤੱਕ ਮੇਰੀ ਕੋਈ ਲਿਖਤ ਭਾਰਤ ਜਾਂ ਪੰਜਾਬ ਵਿਚ ਨਹੀਂ ਛਪੀ, ਸ਼ਾਇਦ ਇਸ ਕਰ ਕੇ , ਕਿ ਇਹ ਲੋਕ ਨਵੀਂ ਪੀੜੀ ਨੂੰ ਉੱ ਚ ਪੱਧਰ ਦੇ ਲਿਖਾਰੀ ਨਹੀਂ ਸਮਝਦੇ ਜਾਂ ਸ਼ਾਇਦ ਮੇਰੇ ਵਰਗੀ ਨਵੀਂ ਲਿਖਾਰੀ ਤੇ ਇਹ ਲੋਕ ਯਕੀਨ ਰੱਖਣਾ ਠੀਕ ਨਹੀਂ ਸਮਝਦੇ। ਇਹੋ ਜਿਹੇ ਹਲਾਤਾਂ ਵਿਚ ਆਪਣੇ ਹੱਕ ਦਾ ਇਸਤੇਮਾਲ ਕਰ ਕੇ ਵੀ ਕੁਝ ਹਾਸਿਲ ਨਹੀਂ ਹੁੰਦਾ।

ਇਸੇ ਤਰ੍ਹਾਂ ਸਾਹਿਤਿਕ ਇਨਾਮਾਂ ਦੀ ਗੱਲ ਕੀਤੀ ਜਾਏ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਸਾਹਿਤ ਵਿਚ ਬਹੁਤੀਆਂ ਇਸਤਰੀ ਲਿਖਾਰੀਆਂ ਨੂੰ ਇਨਾਮ ਅਤੇ ਸਨਮਾਨ ਮਿਲੇ ਹੋਣ,ਅੱਜ ਤੱਕ ਜਿਨ੍ਹੀਆਂ ਵੀ ਲੇਖਿਕਾਂਵਾਂ ਪੰਜਾਬੀ ਸਾਹਿਤ ਵਿਚ ਇਨਾਮ ਦੀਆਂ ਹੱਕਦਾਰ ਬਣੀਆਂ ਨੇ ਸਬ ਦੇ ਨਾਂ ਕਿਸੇ ਉੱਘੇ ਲੇਖਕ ਜਾਂ ਕਿਸੇ ਉਘੀ ਸਖਸੀਅਤ ਨਾਲ ਜੋੜੇ ਜਾਂਦੇ ਰਹੇ ਹਨ।ਅੱਜ ਦੇ ਸਮੇ ਵਿੱਚ ਪੰਜਾਬੀ ਸਾਹਿਤ ਵਿਚ ਇਸਤਰੀ ਵਰਗ ਦੀ ਘੱਟ ਭਾਗੀਦਾਰੀ ਦਾ ਇਕ ਕਾਰਣ ਸਾਇਦ ਇਹ ਵੀ ਹੈ ਕਿ ਅੱਜ ਇਸਤਰੀ ਆਪਣਾ ਨਾਂ ਤੇ ਇੱਜਤ ਦਾਅ ਤੇ ਨਹੀਂ ਲਾਉਣਾ ਚਾਹੁੰਦੀ। ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਕੇਵਲ ਪੰਜਾਬੀ ਹੀ ਨਹੀ ਹਿੰਦੀ ਵਿਚ ਵੀ ਇਸਤਰੀ ਲੇਖਕਾਂ ਦੀਆਂ ਲਿਖਤਾਂ ਤੇ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ।ਕਿਉਂਕਿ ਇਹ ਮੰਨਿਆ ਜ਼ਾਂਦਾ ਹੈ ਕਿ ਲਿਖਣ ਵੇਲੇ ਵੀ ਇੱਕ ਔਰਤ ਆਪਣੇ ਘਰ ਦੀ ਚਾਰ ਦਿਵਾਰੀ ਵਿਚੋਂ ਬਾਹਰ ਨਹੀਂ ਨਿਕਲ ਸਕਦੀ ਜਾਂ ਉਹਨਾਂ ਦੀਆਂ ਲਿਖਤਾਂ ਵਿਚ ਸਿਵਾਏ ਮਰਦਾਂ ਨੂੰ ਭੰਡਣ ਦੇ ਹੋਰ ਕੋਈ ਵਿਸ਼ਾ ਨਹੀਂ ਹੁੰਦਾ ।ਜਦੋਂ ਕੋਈ ਅਜਿਹੀ ਲਿਖਤ ਆਉਂਦੀ ਹੈ ਤਾਂ ਸਾਹਿੱਤਕ ਹਲਕਿਆਂ ਵਿਚ ਚਰਚਾ ਸ਼ੁਰੂ ਹੋ ਜਾਂਦੀ ਹੈ ਹੌਲੀ ਹੌਲੀ ਇਹ ਚਰਚਾ ਇਸਤਰੀ ਦੇ ਚਰਿੱਤਰ ਉੱਤੇ ਕਈ ਪ੍ਰਸ਼ਨਚਿਨ੍ਹੰ ਲਾ ਦਿੰਦੀ ਹੈ। ਕੁਝ ਅਜਿਹੀਆਂ ਹੀ ਚਰਚਾਂਵਾਂ ਕਰਕੇ ਬੰਗਲਾਦੇਸ ਦੀ ਲੇਖਿਕਾ ਤਸਲੀਮਾਂ ਨਸਰੀਨ ਨੂੰ ਦੇਸ ਨਿਕਾਲਾ ਤੱਕ ਦੇ ਦਿੱਤਾ ਗਿਆ। ਇਹੀ ਕਾਰਣ ਹਨ ਜਿਨ੍ਹਾਂ ਕਰਕੇ ਅੱਜ ਇਸਤਰੀਆਂ ਪੰਜਾਬੀ ਸਾਹਿਤ ਤੋਂ ਉਪਰਾਮ ਹੋਣਾ ਹੀ ਬੇਹਤਰ ਸਮਝ ਦੀਆਂ ਹਨ। ਕਿਸੇ ਵੀ ਸਾਹਿਤਿਕ ਸਮਾਗਮ ਵਿਚ ਜੇ ਕਰ ਕੋਈ ਲੇਖਿਕਾ ਕਿਸੇ ਲੇਖਕ ਨਾਲ ਕੋਈ ਗੱਲ ਸਾਂਝੀ ਕਰ ਲਏ ਤਾਂ ਸਮਝੋ ਅਗਲੇ ਹੀ ਦਿਨ ਸਾਹਿਤਿਕ ਗਲਿਆਰਿਆਂ ਵਿਚ ਚਰਚਾ ਹੋਣੀ ਸੁਰੂ ਹੋ ਜਾਂਦੀ ਹੈ।ਇਹ ਸਿਰਫ ਅੱਜ ਦੀ ਗੱਲ ਨਹੀੰ ਅੰਮ੍ਰਿਤਾ ਪ੍ਰੀਤਮ ਵਰਗੀ ਲਿਖਾਰੀ ਦਾ ਉਸ ਵੇਲੇ ਦੇ ਹਰ ਨਾਮੀ ਲੇਖਕ ਨਾਲ ਨਾਂ ਜੋੜਿਆ ਜਾਂਦਾ ਰਿਹਾ,ਪਰ ਅੰਮ੍ਰਿਤਾ ਅਜਿਹੀ ਦਲੇਰ ਔਰਤ ਸੀ ਕੀ ਉਸ ਨੇ ਇਸ ਸਭ ਦੀ ਪਰਵਾਹ ਕੀਤੇ ਬਿਨਾਂ ਆਪਣੇ ਆਪ ਨੂੰ ਪੰਜਾਬੀ ਸਾਹਿਤ ਦੇ ਖੇਤਰ ਵਿਚ ਸਥਾਪਿਤ ਕੀਤਾ, ਤੇ ਪੰਜਾਬੀ ਸਾਹਿਤ ਵਿਚ ਉਹ ਮੀਲ ਪੱਥਰ ਹੋ ਨਿਬੜੀ। ਕਿਉਂ ਕੀ ਅੱਜ ਪੰਜਾਬੀ ਲੇਖਕਾਂ ਦਾ ਜ਼ਮੀਰ ਮਰ ਚੁੱਕਾ ਹੈ? ਕਿਉਂ ਉਹ ਇਸਤਰੀ ਲਿਖਾਰੀਆਂ ਦੀ ਮੌਜੂਦਗੀ ਸਵੀਕਾਰ ਨਹੀਂ ਕਰ ਸਕਦੇ। ਕਿਉਂ ਉਹਨਾਂ ਲਈ ਇਹ ਸਵੀਕਾਰ ਕਰਨਾ ਔਖਾ ਹੈ ਕਿ ਇਸਤਰੀਆਂ ਨੂੰ ਵੀ ਪੂਰਾ ਹੱਕ ਹੈ ਆਪਣੀਆਂ ਭਾਵਨਾਂਵਾਂ ਨੂੰ ਵਿਅਕਤ ਕਰਨ ਦਾ ਤੇ ਸਮਾਜ ਤੱਕ ਪਹੁੰਚਾਉਣ ਦਾ।

ਪੰਜਾਬ ਭਾਰਤ ਦਾ ਸਭ ਤੋ ਖੁਸਹਾਲ ਸੂਬਾ ਹੈ ਜਿਥੇ ਔਰਤਾਂ ਲਈ ਹਰ ਤਰ੍ਹਾਂ ਦੀ ਸਹੂਲੀਅਤ ਅਤੇ ਆਜ਼ਾਦੀ ਹੈ, ਪਰ ਨਾਲ ਹੀ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਪੰਜਾਬ ਵਿਚ ਸਭ ਤੋਂ ਵੱਧ ਭਰੂਣ ਹਤਿਆਵਾਂ ਤੇ ਦਾਜ਼ ਦੇ ਨਾਂ ਤੇ ਔਰਤ ਨੂੰ ਬਲੀ ਚੜਾਇਆ ਜਾਂਦਾ ਹੈ, ਪਰ ਫਿਰ ਵੀ ਪੰਜਾਬ ਦੀਆਂ ਬੁੱਧੀਜੀਵੀ ਇਸਤਰੀਆਂ ਖਾਮੋਸ਼ ਹਨ, ਕਿਉਂ ਅੱਜ ਇਸਤਰੀਆਂ ਦੀ ਕਲਮ ਖਾਮੋਸ਼ ਹੈ, ਕਹਿੰਦੇ ਨੇ ਕਿ ਕਲਮ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ। ਜੇਕਰ ਇਸ ਕਲਮ ਦੀ ਵਰਤੋਂ ਸਮਾਜ ਨੂੰ ਜਾਗਰੂਕ ਕਰਨ ਲਈ ਕੀਤੀ ਜਾਏ ਤਾਂ ਇਸਤੋਂ ਵੱਧ ਸਮਾਜ ਸੇਵਾ ਹੋਰ ਕੋਈ ਨਹੀਂ ਹੋ ਸਕਦੀ, ਮੈਂ ਆਪ ਸਭ ਪਾਠਕਾਂ ਨੂੰ ਮੁਖਾਤਿਬ ਹੋ ਕੇ ਪੁੱਛਦੀ ਹਾਂ ਕਿ :-


1: ਕੀ ਇਸਤਰੀਆਂ ਪੰਜਾਬੀ ਸਾਹਿਤ ਤੋਂ ਬੇਮੁੱਖ ਹੋ ਗਈਆਂ ਹਨ?


2: ਕੀ ਵਧੇਰੇ ਰੁਝੇਵਿਆਂ ਕਰਕੇ ਔਰਤਾਂ ਕੋਲ ਵਕਤ ਦੀ ਕਮੀ ਹੈ?


3: ਕੀ ਔਰਤ ਅੱਜ ਪਰਿਵਾਰ ਦੀ ਸੇਵਾ ਨੂੰ ਸਮਾਜ ਦੀ ਸੇਵਾ ਨਾਲੋਂ ਜਿਆਦਾ ਮਹੱਤਵ ਦਿੰਦੀ ਹੈ?


4: ਕੀ ਇਸਤਰੀ ਸਾਹਿਤ ਸਮਾਜ ਲਈ ਕੋਈ ਭੂਮਿਕਾ ਅਦਾ ਕਰਦਾ ਹੈ?


5: ਇਸਤਰੀ ਸਾਹਿਤ ਦੀ ਅਣਹੋਂਦ ਨਾਲ ਪੰਜਾਬੀ ਸਾਹਿਤ ਨੂੰ ਕੀ ਨੁਕਸਾਨ ਹੈ ?

6: ਕੀ ਅੱਜ ਦੇ ਚੋਣਵੇ ਜਿਹੇ ਇਸਤਰੀ ਪੰਜਾਬੀ ਸਾਹਿਤ ਵਿਚੋਂ ਅੰਮ੍ਰਿਤਾ ਪ੍ਰੀਤਮ ਵਰਗੀਆਂ ਲੇਖਿਕਾਂਵਾ ਦੀ ਝਲਕ ਨਹੀਂ ਦਿਸਦੀ?

7: ਕੀ ਅੱਜ ਲੇਖਿਕਾ ਇਸ ਗੱਲ ਤੋੰ ਡਰਦੀ ਹੈ ਕਿ ਕੀਤੇ ਉਸ ਦੇ ਚਰਿੱਤਰ ਤੇ ਦਾਗ ਨਾ ਲੱਗ ਜਾਏ?

8: ਕੀ ਇਕ ਇਸਤਰੀ ਲਿਖਾਰੀ ਦਾ ਕਿਸੇ ਸਾਹਿਤੱਕ ਸੰਸਥਾ ਦਾ ਮੈਂਬਰ ਹੋਣਾ ਜਰੂਰੀ ਹੈ?

9: ਕੀ ਕੋਈ ਇਸਤਰੀ ਲੇਖਕ ਦੇ ਪਿੱਛੇ ਕਿਸੇ ਨਾਮੀ ਲੇਖਕ ਜਾਂ ਨਾਮੀ ਹਸਤੀ ਦਾ ਹੱਥ ਹੋਵੇ ਤਾਂ ਹੀ ਉਹ ਸਮਾਜ ਵਿਚ ਆਪਣੀ ਥਾਂ ਬਣਾ ਸਕਦੀ ਹੈ।

10:ਕੀ ਇਸਤਰੀਆਂ ਨੂੰ ਪੰਜਾਬੀ ਸਾਹਿਤ ਤੋਂ ਬਿਲਕੁਲ ਬੇਮੁਖ ਹੋ ਜਾਣਾ ਚਾਹੀਦਾ ਹੈ?


ਤੁਸੀਂ ਮੈਨੂੰ ਆਪਣੇ ਜਵਾਬ ਹੇਠ ਲਿਖੇ ਈਮੇਲ ਤੇ ਭੇਜ ਸਕਦੇ ਹੋ

ਡਾ :ਜਸਬੀਰ ਕੌਰ
jasbir_noni@yahoo.co.in
mobile no. 9872117774
#74, phase 3-A S.A.S nagar ,Mohali
Distt; Mohali