ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਮਿੱਟੀ ਫ਼ਿਲਮ. Show all posts
Showing posts with label ਮਿੱਟੀ ਫ਼ਿਲਮ. Show all posts

Monday, November 5, 2012

'ਸਾਡਾ ਹੱਕ' ਨਾਲ ਸੈਂਸਰ ਬੋਰਡ ਦੀ ਬੇਇੰਸਾਫੀ

ਅੱਜ ਦਾ ਸਮਾਂ ਵਿਗਿਆਨ ਦੀਆਂ ਸਹੂਲਤਾਂ ਨਾਲ ਭਰਪੂਰ ਹੈ। ਇਨ੍ਹਾਂ ਸਹੂਲਤਾਂ ਕਰਕੇ ਕੋਈ ਵੀ ਸੂਚਨਾ ਬਹੁਤ ਸਾਰੇ ਮੁਲਕਾਂ ਤੱਕ ਮਿੰਟਾਂ ਸਕਿੰਟਾਂ ਦੇ ਵਿਚ ਹੀ ਪਹੁੰਚ ਜਾਂਦੀ ਹੈ। ਇਸੇ ਤਰ੍ਹਾਂ ਹੀ ਇਕ ਦੇਸ਼ ਦੀ ਬਣੀ ਫਿਲਮ ਵੀ ਦੁਨੀਆ ਦੇ ਹੋਰ ਦੇਸ਼ਾਂ ਵਿਚ ਵਸਦੇ ਲੋਕਾਂ ਵਲੋਂ ਵੇਖੀ ਜਾਂਦੀ ਹੈ ਤੇ ਪਸੰਦ ਜਾਂ ਨਾਪਸੰਦ ਕੀਤੀ ਜਾਂਦੀ ਹੈ। ਬੌਲੀਵੂੱਡ ਦੀਆਂ ਫਿਲਮਾਂ ਵੀ ਅੱਜ ਕੱਲ ਬਹੁਤ ਦੇਸ਼ਾਂ ਦੇ ਵਿਚ ਰਲੀਜ਼ ਹੋਣ ਕਰਕੇ ਚੰਗੀ ਕਮਾਈ ਕਰਦੀਆਂ ਹਨ ਤੇ ਅਜਿਹੀ ਚਾਲ ਹੀ ਪੰਜਾਬੀ ਸਿਨੇਮਾ ਵੀ ਕੁਝ ਸਮੇਂ ਤੋਂ ਚਲਦਾ ਨਜ਼ਰ ਆ ਰਿਹਾ ਹੈ।

ਇਸ ਦੌਰ ਵਿਚ ਅਜੇ ਤੱਕ ਗਿਣਤੀ ਦੀਆਂ ਪੰਜਾਬੀ ਫਿਲਮਾਂ ਨੇ ਹੀ ਚੰਗੀ ਕਮਾਈ ਕੀਤੀ ਹੈ ਤੇ ਉੱਚ ਪਧਰ ਦੀਆਂ ਪੰਜਾਬੀ ਫਿਲਮਾਂ ਹੋਰ ਵੀ ਥੋੜੀਆਂ ਹਨ ਜਿਵੇਂ ਕੇ ਮਿੱਟੀ, ਅੰਨੇ ਘੋੜੇ ਦਾ ਦਾਨ ਤੇ ਕੁਝ ਹੋਰ ਬਣ ਰਹੀਆਂ ਫਿਲਮਾਂ ਜਿਵੇਂ ਕੇ ਸਰਸਾ, ਕੁਦੇਸਨ, ਸਾਡਾ ਹੱਕ ਆਦਿ. ਬਾਕੀ ਸੁਪਰਹਿੱਟ ਫਿਲਮਾਂ ਸਿਰਫ ਤੇ ਸਿਰਫ ਕਮਾਈ ਨੂੰ ਹੀ ਮੁੱਖ ਰੱਖ ਕੇ ਹੀ ਤਿਆਰ ਕੀਤੀਆਂ ਗਈਆਂ ਹਨ। ਸਾਡਾ ਹੱਕ ਆ ਰਹੀ ਪੰਜਾਬੀ ਫਿਲਮ ਹੈ ਜਿਸਦਾ ਵਿਸ਼ਾ ਬਾਕੀ ਹੋਰ ਸੁਪਰਹਿਟ ਫਿਲਮਾਂ ਵਾਲਾ ਬਿਲਕੁਲ ਨਹੀਂ ਹੈ ਜਿਵੇਂ ਕੇ ਅਸੀਂ ਇੰਟਰਨੈਟ ਤੇ ਅਪਲੋਡ ਟ੍ਰੇਲਰ ਵਿਚ ਵੇਖ ਸਕਦੇ ਹਾਂ। ਹੁਣ ਇਹ ਫਿਲਮ ਭਾਵੇਂ ਤਿਆਰ ਹੋ ਚੁੱਕੀ ਹੈ ਪਰ ਇਸ ਨੂੰ ਸੈਂਸਰ ਬੋਰਡ ਦਾ ਸਰਟੀਫਿਕੇਟ ਨਹੀਂ ਮਿਲ ਰਿਹਾ ਜਿਸ ਕਰਕੇ ਇਹ ਰਲੀਜ਼ ਨਹੀ ਹੋ ਸਕਦੀ। ਇਸਦੇ ਨਾਲ ਹੀ ਇਹ ਵੀ ਸੱਚਾਈ ਹੈ ਕੇ ਨਕਲੀ ਡੀ ਵੀ ਡੀ ਦਾ ਰਿਵਾਜ ਹੋਣ ਕਰਕੇ ਵੀ ਇਹ ਫਿਲਮ ਇਕ ਹਫਤੇ ਦੇ ਵਿਚ ਸਾਰੇ ਚਾਹਵਾਨਾਂ ਤੱਕ ਪਹੁੰਚ ਹੀ ਜਾਣੀ ਹੈ।

ਸਾਡਾ ਹੱਕ ਤੇ ਲੱਗੀ ਰੋਕ ਨੇ ਮੈਨੂੰ ਉਨ੍ਹਾਂ ਫਿਲਮਾਂ ਬਾਰੇ ਵਿਚਾਰ ਕਰਨ ਲਈ ਮਜ਼ਬੂਰ ਕਰ ਦਿੱਤਾ ਜਿਹਨਾਂ ਦਾ ਵਿਸ਼ਾ ਇਤਰਾਜ਼ ਯੋਗ ਸੀ ਜਾਂ ਫਿਰ ਕੁਝ ਸੀਨ ਇਤਰਾਜ਼ ਯੋਗ ਸਨ ਪਰ ਫਿਰ ਵੀ ਓਹ ਫਿਲਮਾਂ ਸੈਂਸਰ ਬੋਰਡ ਦੀ ਮੇਹਰਬਾਨੀ ਸਦਕਾ ਜਨਤਾ ਤੱਕ ਪਹੁੰਚ ਹੀ ਗਈਆਂ ਸਨ। ਇਹ ਓਹ ਫਿਲਮਾਂ ਹਨ ਜਿਹਨਾਂ ਨੂੰ ਵੇਖ ਕੇ ਇਹ ਸਵਾਲ ਉਠਦਾ ਹੈ ਕੇ - ਕੀ ਨਵਾਂ ਹੈ ਜੋ ਸਾਨੂੰ ਸਿਰਫ 'ਸਾਡਾ ਹੱਕ' ਦੇ ਵਿਚ ਹੀ ਦੇਖਣ ਨੂੰ ਮਿਲੇਗਾ ਜੋ ਕੇ ਕਿਸੇ ਨੇ ਪਹਿਲਾਂ ਨਹੀ ਦੇਖਿਆ ਹੈ ?

ਕੁਝ ਫਿਲਮਾਂ ਬਾਰੇ ਜਾਣਕਾਰੀ ਜਿਹਨਾਂ ਨੂੰ ਵੇਖ ਕੇ ਤੇ ਵਿਚਾਰ ਕੇ ਅਫਸੋਸ ਹੋਵੇਗਾ ਕੇ ਸਿਰਫ 'ਸਾਡਾ ਹੱਕ' ਨੂੰ ਹੀ ਕਿਓਂ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਦ ਕੇ ਇਤਰਾਜ਼ ਯੋਗ ਸਮਗਰੀ ਪਹਿਲਾਂ ਹੀ ਸਾਡੇ ਤੱਕ ਸੈਂਸਰ ਬੋਰਡ ਦੀ ਮੇਹਰਬਾਨੀ ਸਦਕਾ ਬਿਨਾਂ ਰੋਕ ਟੋਕ ਪਹੁੰਚ ਦੀ ਰਹੀ ਹੈ। ਸਿਰਫ 'ਸਾਡਾ ਹੱਕ' ਫਿਲਮ ਤੇ ਲੱਗੀ ਰੋਕ ਹੀ ਇਸ ਜਾਣਕਾਰੀ ਬਾਰੇ ਵਿਚਾਰ ਕਰਨ ਦਾ ਸਬਬ ਬਣੀ ਹੈ, ਇਸ ਮਕਸਦ ਨਾਲ ਕੇ ਇਸ ਫਿਲਮ ਨੂੰ ਤਿਆਰ ਕਰਨ ਵਾਲਿਆਂ ਦੀ ਮਿਹਨਤ ਪੱਲੇ ਪੈ ਜਾਵੇ।

ਰਾਮ ਗੋਪਾਲ ਵਰਮਾ ਦੀ ਫਿਲਮ 'ਕੰਟ੍ਰਾਕੇਟ' ਦੇ ਇਕ ਸੀਨ ਵਿਚ ਇਕ ਅੱਤਵਾਦੀ ਬਣੇ ਕਲਾਕਾਰ ਨੇ ਜਿਸ ਤਰੀਕੇ ਨਾਲ ਸਾਡੇ ਦੇਸ਼ ਤੇ ਹਮਲਾ ਕਰਨ ਦਾ ਪਲਾਨ ਪੇਸ਼ ਕੀਤਾ ਸੀ , ਹੂ ਬੂ ਹੂ ਤਰੀਕੇ ਨਾਲ ਕੁਝ ਸਮਂੇ ਬਾਅਦ ਸਚਮੁਚ ਹੀ ਮੁੰਬਈ ਵਿਚ ਅੱਤਵਾਦੀ ਹਮਲਾ ਹੋ ਗਿਆ ਸੀ। ਇਹ ਸੀਨ ਅੱਜ ਵੀ ਸੋਚਣ ਤੇ ਮਜ਼ਬੂਰ ਕਰਦਾ ਹੈ ਕੇ ਸੈਂਸਰ ਬੋਰਡ ਨੇ ਕਿਉਂ ਤੇ ਕਿਸ ਅਧਾਰ ਤੇ ਇਸ ਸੀਨ ਨੂੰ ਮਨਜ਼ੂਰ ਕੀਤਾ ਸੀ।

ਫਨਾਹ ,ਦਿਲ ਸੇ ਅਤੇ ਹੂ ਤੂ ਤੂ ਫਿਲਮਾਂ ਦੇ ਵਿਚ ਮੁਖ ਕਲਾਕਾਰਾਂ ਨੂੰ ਮਨੁੱਖੀ ਬੰਬ ਤੇ ਅੱਤਵਾਦੀ ਬਣਾ ਕੇ ਪੇਸ਼ ਕੀਤਾ ਗਿਆ ਸੀ। ਇਹਨਾ ਫਿਲਮਾਂ ਤੇ ਵੀ ਕੋਈ ਇਤਰਾਜ਼ ਨਾ ਕੀਤਾ ਗਿਆ ਇਹ ਜਾਣਦੇ ਹੋਏ ਵੀ ਕੇ ਦੇਸ਼ ਦੀ ਪ੍ਰਸਿੱਧ ਰਾਜਨੀਤਿਕ ਹਸਤੀ ਨੂੰ ਕਤਲ ਕਰਨ ਵਿਚ ਮਨੁੱਖੀ ਬੰਬ ਦਾ ਹੀ ਹਿਸਾ ਸੀ। ਦੇਸ਼ ਦੇ ਪੁਲਸ ਸਟੇਸ਼ਨ, ਬਲਾਤਕਾਰ ਸਟੇਸ਼ਨ ਨੇ ਇਹ ਰੈਡ ਅਲਰਟ , ਰਾਵਣ , ਚਕਰਵਿਊ ਤੇ ਦੇਸ਼ ਹੋਇਆ ਪਰਦੇਸ ਵਿਚ ਚੰਗੀ ਤਰਾਂ ਦਰਸਾਇਆ ਗਿਆ ਹੈ।

'ਲਮਹਾ' ਫਿਲਮ ਇਹ ਵਿਚਾਰ ਪੇਸ਼ ਕਰਦੀ ਹੈ ਕੇ ਜੰਮੂ ਕਸ਼ਮੀਰ ਸਟੇਟ ਕੁਝ ਲੋਕਾਂ ਤੇ ਕੁਝ ਕੰਪਨੀਆਂ ਲਈ ਸੋਨੇ ਦੀ ਖਾਣ ਸਾਬਤ ਹੋਈ ਹੈ। ਇਸ ਫਿਲਮ ਦੇ ਡਾਇਲਾਗ ਦੁਆਰਾ 'ਹਮੇ ਤੋ ਹਰ ਕੋਈ ਲੂਟ ਤਾ ਹੈ ਚਾਹੇ ਵੋ ਮਿਲਿਟ੍ਰੀ ਹੋ ਯਾ ਫਿਰ ਜੇਹਾਦੀ' ਦੇਸ਼ ਦੀ ਫੌਜ ਤੇ ਅੱਤਵਾਦੀਆਂ ਨੂੰ ਇੱਕੋ ਜਿਹੇ ਬਲਾਤਕਾਰੀ ਕਿਹਾ ਗਿਆ ਹੈ- ਇਸਤੇ ਵੀ ਕੋਈ ਇਤਰਾਜ਼ ਨਹੀਂ ਕੀਤਾ ਗਿਆ।

ਹੇ ਰਾਮ ਫਿਲਮ ਦੇ ਵਿਚ ਇਹ ਵਿਚਾਰ ਪੇਸ਼ ਕੀਤਾ ਗਿਆ ਹੈ ਕੇ ਗਾਂਧੀ ਨੂੰ ਮਾਰਨ ਲਈ ਸਿਰਫ ਇਕ ਬੰਦਾ ਹੀ ਮਾਰਨ ਲਈ ਤਤਪਰ ਨਹੀਂ ਸੀ ਬਲਕਿ ਕਈ ਹੋਰ ਵੀ ਇਸ ਇੱਛਾ ਨਾਲ ਪ੍ਰਬਲ ਸਨ।

'ਬੈਂਡਿਟ ਕਵੀਨ' ਫਿਲਮ ਵਿਚ ਬਲਾਤਕਾਰ ਦੇ ਖੁੱਲ੍ਹੇ ਸੀਨ ਤੇ ਬਹੁਤ ਜ਼ਿਆਦਾ ਹਿੰਸਾ ਹੋਣ ਕਾਰਣ ਲੋਕਾਂ ਨੇ ਇਸਦਾ ਵਿਰੋਧ ਕੀਤਾ ਸੀ ਪਰ ਫਿਰ ਵੀ ਇਹ ਸਿਨੇਮਾ ਸਕਰੀਨ ਤੱਕ ਪਹੁੰਚ ਹੀ ਗਈ ਸੀ।

'ਰਕਤ ਚਰਿੱਤਰ' ਫਿਲਮ ਦੇ ਵਿਚ 1984 ਦੇ ਕਤਲੇਆਮ ਦੇ ਬਾਦ ਇਕ ਸਿਆਸੀ ਹਸਤੀ ਦੁਆਰਾ ਕਹੇ ਗਏ ਸ਼ਬਦ 'ਜਦ ਕੋਈ ਵੱਡਾ ਦਰਖਤ ਡਿਗਦਾ ਹੈ ਤਾਂ ਧਰਤੀ ਕੰਬਦੀ ਹੀ ਹੈ' ਇਸੇ ਤਰਾਂ ਹੀ ਵਰਤੇ ਗਏ ਹਨ। ਇਸ ਬਾਰੇ ਵੀ ਇਸ ਫਿਲਮ ਨੂੰ ਸਰਟੀਫਿਕੇਟ ਜਾਰੀ ਕਰਨ ਵੇਲੇ ਕਿਸੇ ਨੇ ਕੁਝ ਨਹੀਂ ਸੋਚਿਆ ਹੋਵੇਗਾ.

'ਸ਼ੰਘਈ' ਫਿਲਮ ਦੇ ਵਿਚ ਕਿਵੇ ਦੇਸ਼ ਦੇ ਸਿਆਸੀ ਲੀਡਰ ਆਪਣੇ ਸਵਾਰਥ ਲਈ ਕਿਸੇ ਨੂੰ ਵੀ ਮਾਰਨ ਤੋਂ ਪਿਛੇ ਨਹੀਂ ਹਟਦੇ ਤੇ ਇਸ ਕਤਲ ਨੂੰ ਜਨਤਾ ਦੇ ਸਾਹਮਣੇ ਦੁਰਘਟਨਾ ਬਣਾ ਕੇ ਪੇਸ਼ ਕਰਦੇ ਹਨ। ਇਸਤੇ ਵੀ ਕੋਈ ਨਾ ਨਹੀਂ ਹੋਈ। ਕਈ ਸਾਲ ਪਹਿਲਾਂ ਆਈ ਇਨਕਲਾਬ ਦਾ ਮੁੱਖ ਅਭਿਨੇਤਾ ਫਿਲਮ ਦੇ ਆਖਿਰ ਵਿਚ ਦੇਸ਼ ਨੂੰ ਲੁੱਟ ਰਹੇ ਲੀਡਰਾਂ ਨੂੰ ਗੋਲੀਆਂ ਨਾਲ ਭੁੰਨ ਦਿੰਦਾ ਹੈ ਇਹ ਸੀਨ ਵੀ ਪਾਸ ਹੋ ਗਿਆ ਸੀ। ਇਸੇ ਤਰਾਂ ਹੀ ਨੌਜਵਾਨਾ ਵਲੋਂ ਦੇਸ਼ ਦੇ ਨੇਤਾ ਦਾ ਕਤਲ 'ਰੰਗ ਦੇ ਬਸੰਤੀ' ਵਿਚ ਜਾਇਜ਼ ਸਾਬਤ ਕਰਨ ਦੀ ਕੋਸ਼ਿਸ਼ ਨੂੰ ਪੇਸ਼ ਕੀਤਾ ਗਿਆ ਸੀ।

'ਮਾਚਿਸ' ਤੇ 'ਦੇਸ਼ ਹੋਇਆ ਪ੍ਰਦੇਸ' ਨੂੰ ਕਈ ਅਵਾਰਡ ਮਿਲੇ ਸਨ, ਜੋ ਕੇ ਪੁਲਸ ਵਧੀਕੀਆਂ ਨੂੰ ਪੇਸ਼ ਕਰਦੀਆਂ ਹਨ। ਇਨ੍ਹਾ ਫਿਲਮਾਂ ਨੂੰ ਨਾ ਰੋਕ ਕੇ ਇਕ ਤਰਾਂ ਸੈਂਸਰ ਬੋਰਡ ਨੇ ਵੀ ਇਹ ਮੰਨ ਲਿਆ ਸੀ ਕੇ ਦੇਸ਼ ਦੀ ਪੁਲੀਸ ਨੇ ਸੱਚਮੁਚ ਹੀ ਨੌਜਵਾਨਾਂ ਤੇ ਜ਼ੁਲਮ ਕੀਤਾ ਸੀ।

ਹੋਰ ਵੀ ਫਿਲਮਾਂ ਹੋ ਸਕਦੀਆਂ ਹਨ ਜਿਨ੍ਹਾਂ 'ਤੇ ਪਾਬੰਦੀ ਲਾਉਣ ਬਾਰੇ ਸੈਂਸਰ ਬੋਰਡ ਦੀ ਸੋਚਣ ਸ਼ਕਤੀ ਨੇ ਸ਼ਾਇਦ ਕੰਮ ਨਾ ਕੀਤਾ ਹੋਵੇ ਪਰ ਹੁਣ ਸਾਰੀ ਸੋਚਣ ਸ਼ਕਤੀ ਸਿਰਫ 'ਸਾਡਾ ਹੱਕ' ਤੇ ਹੀ ਲੱਗੀ ਹੋਈ ਹੈ। ਦੇਸ਼ ਦੇ ( ਖਾਸ ਕਰਕੇ ਪੰਜਾਬ ਵਿਚ) ਟੀਵੀ ਚੈਨਲਾਂ ਤੇ ਪੇਸ਼ ਹੁੰਦੇ ਹਰ ਤਰਾਂ ਦੇ ਗੀਤਾਂ ਬਾਰੇ ਸੋਚਣ ਦੀ ਜ਼ਿੰਮੇਵਾਰੀ ਤਾਂ ਸੈਂਸਰ ਬੋਰਡ ਦੀ ਬਿਲਕੁਲ ਨਹੀਂ ਹੈ।

ਡਾ ਗੁਰਤੇਜ
ਮੈਲਬੌਰਨ (ਆਸਟਰੇਲੀਆ)

ਮੌਬ: 432187990

Saturday, February 12, 2011

ਪੰਜਾਬ ਦੀ ਖਲਨਾਇਕ ਜਵਾਨੀ

ਨੌਜਵਾਨਾਂ ਦੀ ਸਮਾਜ ਅੰਦਰ ਅਹਿਮ ਭੂਮਿਕਾ ਹੁੰਦੀ ਹੈ। ਅਜਿਹੀਆਂ ਮਿਸਾਲਾਂ ਨਾਲ ਸਾਡਾ ਇਤਿਹਾਸ ਭਰਿਆ ਪਿਆ ਹੈ। ਸਾਡੇ ਇਤਿਹਾਸ ਦੀ ਕੁੱਖ ਅੰਦਰ ਅਜਿਹੇ ਪਲ ਧੜਕ ਰਹੇ ਹਨ, ਜਿਨ੍ਹਾਂ ਨੂੰ ਸਾਡੇ ਨਾਇਕਾਂ ਨੇ ਆਪਣੀਆਂ ਜਾਨਾਂ ਵਾਰ ਕੇ ਜੀਵੰਤ ਕੀਤਾ। ਇਨ੍ਹਾਂ ਪਲਾਂ ‘ਤੇ ਹਿਮਾਲਿਆ ਪਰਬਤ ਤੋਂ ਵੀ ਵੱਡਾ ਮਾਣ ਕੀਤਾ ਜਾ ਸਕਦਾ ਹੈ।

ਅੱਜ ਪੰਜਾਬ ਅੰਦਰ ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਬਹੁਤ ਹੀ ਗੰਭੀਰ ਮਸਲਾ ਹੈ। ਬਹੁਗਿਣਤੀ ਨੌਜਵਾਨ, ਨੈਤਿਕ, ਬੌਧਿਕ ਅਤੇ ਸਮਾਜਕ ਕਦਰਾਂ-ਕੀਮਤਾਂ ਤੋਂ ਕੋਹਾਂ ਦੂਰ ਕਿਸੇ ਹੋਰ ਹੀ ਦੁਨੀਆਂ ਵਿੱਚ ਜਿਉਂ ਰਹੇ ਹਨ, ਜਿਸ ਦੀ ਕੋਈ ਜ਼ਮੀਨ ਹੀ ਨਹੀਂ।ਅਜਿਹੇ ਵੀ ਸਮੇਂ ਰਹੇ ਹਨ ਜਦੋਂ ਨੌਜਵਾਨ ਕਿਸੇ ਨਾ ਕਿਸੇ ਮੰਚ ‘ਤੇ ਇਕੱਠੇ ਹੋ ਕੇ ਲੜੇ। ਉਨ੍ਹਾਂ ਸਾਹਮਣੇ ਕੁਝ ਮਕਸਦ ਸਨ। ਭਾਵੇਂ ਉਹ ਵਿਦਿਆਰਥੀ ਜਥੇਬੰਦੀਆਂ ਹੋਣ, ਨੌਜਵਾਨ ਸਭਾਵਾਂ ਹੋਣ ਜਾਂ ਫਿਰ ਫੈਡਰੇਸ਼ਨਾਂ ਦੇ ਰੂਪ ਵਿੱਚ। ਉਹ ਕਿਸੇ ਨਾ ਕਿਸੇ ਵਿਚਾਰ ਜਾਂ ਧਿਰ ਦੀ ਨੁਮਾਇੰਦਗੀ ਕਰਦੇ ਰਹੇ ਹਨ। ਇਨ੍ਹਾਂ ਲਹਿਰਾਂ ਅੰਦਰ ਜਿੱਤਾਂ ਵੀ ਜਿੱਤੀਆਂ ਤੇ ਹਾਰਾਂ ਵੀ ਝੱਲੀਆਂ। ਇੱਥੇ ਸਵਾਲ ਜਿੱਤਾਂ ਜਾਂ ਹਾਰਾਂ ਦਾ ਨਹੀਂ ਸਗੋਂ ਜ਼ਿੰਦਗੀ ਦੇ ਮਸਲਿਆਂ ਨੂੰ ਸੰਬੋਧਿਤ ਹੋਣ ਦਾ ਹੈ। ਗੱਲ ਇਹ ਨਹੀਂ ਕਿ ਅੱਜ ਇਸ ਕਿਸਮ ਦੇ ਵਿਚਾਰ ਨਹੀਂ ਰਹੇ। ਅੱਜ ਵੀ ਬਹੁਤ ਸਾਰੇ ਲੋਕ ਆਪਣੇ ਅੰਦਰ ਚੰਗੀ ਜ਼ਿੰਦਗੀ ਦਾ ਸੁਪਨਾ ਸਮੋਈ ਬੈਠੇ ਹਨ ਤੇ ਉਸ ਨੂੰ ਹਕੀਕਤ ਵਿੱਚ ਬਦਲਣ ਲਈ ਜੱਦੋ-ਜਹਿਦ ਕਰ ਰਹੇ ਹਨ।

ਨੌਜਵਾਨ ਇਸ ਦੌਰ ਵਿੱਚ ਵੀ ਕਾਲਜਾਂ ਤੇ ਯੂਨੀਵਰਸਿਟੀਆਂ ਅੰਦਰ ਜਥੇਬੰਦੀਆਂ ਬਣਾ ਰਹੇ ਹਨ ਪਰ ਜਿਸ ਤਰਜ਼ ‘ਤੇ ਇਹ ਜਥੇਬੰਦੀਆਂ ਬਣ ਰਹੀਆਂ ਹਨ, ਉਹ ਬਿਲਕੁਲ ਹੀ ਸਮਾਜਕ ਸਰੋਕਾਰਾਂ ਤੋਂ ਸੱਖਣੀਆਂ ਜਾਪਦੀਆਂ ਹਨ। ਕੁਝ ਨੌਜਵਾਨ ਇਕੱਠੇ ਹੁੰਦੇ ਹਨ ਅਤੇ ਆਪਣੇ ਧੜੇ ਦਾ ਨਾਂ ਰੱਖ ਕੇ ਜਥੇਬੰਦੀ ਦਾ ਨਾਂ ਦੇ ਦਿੰਦੇ ਹਨ। ਫਿਰ ਉਹ ਵੱਡੇ-ਵੱਡੇ ਬੈਨਰ ਬਣਾ ਕੇ, ਪੋਸਟਰ, ਸਟਿੱਕਰ ਬਣਾ ਕੇ ਬੋਰਡਾਂ, ਵਹੀਕਲਾਂ ਅਤੇ ਕੰਧਾਂ ‘ਤੇ ਚਿਪਕਾ ਦਿੰਦੇ ਹਨ। ਅਗਲੀ ਗੱਲ ਇਹ ਕਿ ਉਹ ਆਪਣੇ ਬੈਨਰ-ਪੋਸਟਰ ‘ਤੇ ਕਿਸੇ ਨਾ ਕਿਸੇ ਰਾਜਸੀ ਲੀਡਰ ਦੀ ਫੋਟੋ ਵੀ ਚਿਪਕਾ ਦਿੰਦੇ ਹਨ। ਉਸ ਰਾਜ ਨੇਤਾ ਨੂੰ ਵੀ ਇਸ ਉਪਰ ਕਿਸੇ ਗੱਲ ਦਾ ਗਿਲਾ ਨਹੀਂ ਹੁੰਦਾ ਤੇ ਨਾ ਹੀ ਇਹ ਜ਼ਰੂਰਤ ਸਮਝੀ ਜਾਂਦੀ ਹੈ ਕਿ ਇਹ ਕੌਣ ਹਨ ਤੇ ਕਿਉਂ ਕਰ ਰਹੇ ਨੇ? ਸਗੋਂ ਉਹ ਤਾਂ ਖ਼ੁਸ਼ ਹੁੰਦੇ ਹਨ ਕਿ ਅਜਿਹੇ ਮੁੰਡਿਆਂ ਦੀ ਉਨ੍ਹਾਂ ਨੂੰ ਚੋਣਾਂ ਵਿੱਚ ਕਿਸੇ ਰੈਲੀ ਜਾਂ ਜਲਸੇ ਵਿੱਚ ਜ਼ਰੂਰਤ ਪੈਂਦੀ ਰਹਿੰਦੀ ਹੈ। ਇਸੇ ਲਈ ਰਾਜ ਨੇਤਾ ਇਨ੍ਹਾਂ ਮੁੰਡਿਆਂ ਨੂੰ ਕਿਸੇ ਵੀ ਕੀਮਤ ‘ਤੇ ਆਪਣੀ ਛਤਰ-ਛਾਇਆ ਹੇਠ ਰੱਖਣ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ।

ਸਾਡੀ ਬਦਕਿਸਮਤੀ ਇਹ ਹੈ ਕਿ ਇਸ ਪ੍ਰਬੰਧ ਹੇਠ ਅਸੀਂ ਏਨੇ ਬੇਬੱਸ ਹੁੰਦੇ ਜਾਪਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਕਿਸੇ ਵੀ ਸ਼ਰਤ ‘ਤੇ ਜਿਊਣ ਲਈ ਤਿਆਰ ਰਹਿੰਦੇ ਹਾਂ। ਸਾਡੀ ਹੋਂਦ ਦਾ ਸਵਾਲ ਹੀ ਸਾਡੀ ਨੈਤਿਕਤਾ ਅਤੇ ਮਾਸੂਮੀਅਤ ਨੂੰ ਖਾ ਰਿਹਾ ਹੈ। ਮਨੁੱਖ ਹੋਣਾ ਮਾਣ ਦੀ ਗੱਲ ਹੈ ਅਤੇ ਸ਼ਾਨਾਮੱਤੀ ਮਨੁੱਖੀ ਜ਼ਿੰਦਗੀ ਜਿਊਣਾ ਉਸ ਤੋਂ ਵੀ ਵੱਡੇ ਫ਼ਖ਼ਰ ਦੀ ਗੱਲ ਹੈ। ਸਾਡਾ ਸਮਾਜਕ, ਆਰਥਿਕ ਅਤੇ ਰਾਜਨੀਤਕ ਪ੍ਰਬੰਧ ਮਨੁੱਖ ਹੋਣ ਦੇ ਅਹਿਸਾਸ ਤੋਂ ਹੀ ਵਿਰਵਾ ਕਰ ਰਿਹਾ ਹੈ। ਸਾਡੇ ਆਪਣੇ ਲੋਕ ਹੀ ਕੁਝ ਲਾਲਚ ਵੱਸ ਜਾਂ ਫਿਰ ਸਮਾਜ ਦੇ ਠੇਕੇਦਾਰਾਂ ਦੀ ਸ਼ਾਬਾਸੀ ਲਈ ਸਾਡੇ ਆਪਣੇ ਹੀ ਲੋਕਾਂ ਨੂੰ ਗੋਲੀ ਤੱਕ ਮਾਰ ਸਕਦੇ ਹਨ। ਅਸੀਂ ਅਜਿਹੀਆਂ ਹੀ ਮੌਤਾਂ ਨੂੰ ਕਬੂਲ ਕਰਨਾ ਵੀ ਸਿੱਖ ਲਿਆ ਹੈ, ਕੀ ਇਹੋ ਸਾਡੀ ਹੋਣੀ ਹੋਏਗੀ?

ਕੁਝ ਦਿਨ ਪਹਿਲਾਂ ਮੇਰੇ ਨਾਲ ਇੱਕ ਘਟਨਾ ਵਾਪਰੀ। ਮੈਂ ਇੱਕ ਕਾਲਜ ਵਿੱਚ ਨਾਟਕ ਦੀ ਰੀਹਰਸਲ ਕਰਵਾਉਣ ਤੋਂ ਬਾਅਦ ਆਪਣੇ ਮਿੱਤਰ ਨਾਲ ਕਾਲਜ ਕੰਟੀਨ ‘ਤੇ ਚਾਹ ਪੀਣ ਚਲਾ ਗਿਆ। ਉੱਥੇ ਦੋ ਹੋਰ ਮੁੰਡੇ ਖੜ੍ਹੇ ਸਨ ਜਿਨ੍ਹਾਂ ਨੂੰ ਮੈਂ ਪਹਿਲਾਂ ਕਦੇ ਨਹੀਂ ਸੀ ਦੇਖਿਆ। ਉਨ੍ਹਾਂ ‘ਚੋਂ ਇਕ ਨੇ ਅਚਾਨਕ ਹੀ ਮੈਥੋਂ ਪੁੱਛ ਲਿਆ, “ਬਾਈ ਏਥੇ ਪੜ੍ਹਦੇ ਓ।” ਮੈਂ ਹਲਕਾ ਜਿਹਾ ਜਵਾਬ ਦਿੱਤਾ, “ਨਹੀਂ ਵੀਰੇ” ਉਹ ਬੋਲਿਆ, “ਫੇਰ ਏਥੇ ਕੀ ਕਰਨ ਆਏ ਓ।” ਮੈਂ ਕਿਹਾ, “ਵੀਰੇ ਨਾਟਕ ਦੀ ਰੀਹਰਸਲ ਕਰਵਾਉਣ ਆਇਆਂ।” ਉਨ੍ਹਾਂ ਮੋੜਵਾਂ ਫਿਰ ਸਵਾਲ ਕਰ ਦਿੱਤਾ, “ਪੈਸੇ ਕਿੰਨੇ ਕੁ ਦੇ ਦਿੰਦੇ ਨੇ?” ਮੈਂ ਹਲਕੀ ਜਿਹੀ ਮੁਸਕਰਾਹਟ ਨਾਲ ਕਿਹਾ, “ਬਸ ਵਧੀਆ ਗੁਜ਼ਾਰਾ ਚੱਲੀ ਜਾਂਦੈ।” ਪਤਾ ਨਹੀਂ ਮੇਰੇ ਮਨ ਵਿੱਚ ਕੀ ਆਈ ਮੈਂ ਉਨ੍ਹਾਂ ਨੂੰ ਮੋੜਵਾਂ ਸਵਾਲ ਪੁੱਛ ਲਿਆ, “ਤੁਸੀਂ ਕੀ ਕੰਮ ਕਰਦੇ ਹੋ।” ਉਹ ਇਕਦਮ ਬੋਲਿਆ, “ਲੋਕਾਂ ਦੀਆਂ ਲੱਤਾਂ-ਬਾਹਾਂ ਤੋੜੀ ਦੀਆਂ ਨੇ।” ਮੇਰੇ ਮੂੰਹੋਂ ਨਿਕਲ ਗਿਆ, “ਇਹ ਕਿਹੜਾ ਕੰਮ ਹੋਇਆ।” ਉਨ੍ਹਾਂ ਦਾ ਜਵਾਬ ਸੀ, “ਸਾਨੂੰ ਕੋਈ ਪੈਸੇ ਦੇ ਦੇਵੇ ਤੇਰੀਆਂ ਵੀ ਤੋੜ ਦਿਆਂਗੇ।” ਇੰਨੀ ਗੱਲ ਸੁਣ ਕੇ ਮੈਨੂੰ ਵੀ ਗੁੱਸਾ ਆ ਗਿਆ ਤੇ ਅਸੀਂ ਹੱਥੋਪਾਈ ਹੋ ਗਏ। ਉੱਥੇ ਖੜ੍ਹੇ ਹੋਰ ਕੁਝ ਮੁੰਡੇ ਵਿੱਚ ਪੈ ਗਏ ਤੇ ਸਾਨੂੰ ਛੁਡਵਾ ਦਿੱਤਾ ਅਤੇ ਏਨੇ ਨੂੰ ਕਾਲਜ ਦੇ ਕੁਝ ਪ੍ਰੋਫ਼ੈਸਰ ਵੀ ਪਹੁੰਚ ਗਏ। ਉਹ ਮੁੰਡੇ ਉੱਥੋਂ ਭੱਜ ਨਿਕਲੇ। ਬਾਅਦ ਵਿੱਚ ਕਿਸੇ ਮੁੰਡੇ ਨੇ ਦੱਸਿਆ ਕਿ ਉਹ ਫਲਾਣੀ ਜਥੇਬੰਦੀ ਦੇ ਸਨ। ਉਸ ਜਥੇਬੰਦੀ ਦਾ ਮੈਂ ਕਦੇ ਪਹਿਲਾਂ ਨਾਂ ਨਹੀਂ ਸੀ ਸੁਣਿਆ। ਜਦ ਮੈਂ ਅੱਜ ਇਸ ਘਟਨਾ ਬਾਰੇ ਸੋਚਦਾ ਹਾਂ ਤਾਂ ਮੇਰੇ ਮਨ ਵਿੱਚ ਉਨ੍ਹਾਂ ਮੁੰਡਿਆਂ ਪ੍ਰਤੀ ਕੋਈ ਨਫ਼ਰਤ ਜਾਂ ਗੁੱਸਾ ਨਹੀਂ ਪਰ ਇਸ ਘਟਨਾ ਤੋਂ ਬਾਅਦ ਮੈਂ ਕਈ ਦਿਨ ਸਹਿਜ ਨਹੀਂ ਰਹਿ ਸਕਿਆ। ਮੇਰੇ ਦਿਮਾਗ ਅੰਦਰ ਇੱਕੋ ਸਵਾਲ ਘੁੰਮੀ ਜਾਵੇ ਕਿ ਅੱਜ ਅਸੀਂ ਸਿਰਫ਼ ਲੱਤਾਂ ਤੋੜਨ ਜੋਗੇ ਹੀ ਰਹਿ ਗਏ।

ਅੱਜ ਨੌਜਵਾਨਾਂ ਵੱਲੋਂ ਬਹੁਤ ਸਾਰੀਆਂ ਜਥੇਬੰਦੀਆਂ ਬਣਾਈਆਂ ਜਾ ਰਹੀਆਂ ਹਨ। ਜਥੇਬੰਦੀ ਬਣਾਉਣਾ ਸਭ ਦਾ ਜਮਹੂਰੀ ਹੱਕ ਹੈ। ਗੱਲ ਇਹ ਹੈ ਕਿ ਇਸ ਦੇ ਪਿੱਛੇ ਤੁਹਾਡੀ ਮਨਸ਼ਾ ਕੀ ਹੈ। ਪਿਛਲੇ ਸਮੇਂ ‘ਚ ਜਿੰਨਾ ਕੁ ਮੈਂ ਸਮਝਿਆ ਹੈ ਕਿ ਅਜਿਹੀਆਂ ਜਥੇਬੰਦੀਆਂ ਬਣਾਉਣ ਪਿੱਛੇ ਫੋਕੀ ਚੌਧਰ ਕਾਇਮ ਰੱਖਣਾ ਜਾਂ ਫਿਰ ਸਿਆਸੀ ਲਾਹਾ ਖੱਟਣਾ ਹੈ। ਬਹੁਤ ਸਾਰੇ ਲੋਕ ਅਜਿਹਾ ਲਾਹਾ ਖੱਟ ਵੀ ਰਹੇ ਹਨ।

ਮੇਰੀ ਸਮਝ ਮੁਤਾਬਕ ਹਰ ਜਥੇਬੰਦੀ ਦਾ ਆਪਣਾ ਵਿਚਾਰ ਤੇ ਕਿਰਦਾਰ ਹੁੰਦਾ ਹੈ। ਇਸ ਵਿਚਾਰ ਅਤੇ ਕਿਰਦਾਰ ਦੀ ਸਿਖਲਾਈ ਹੁੰਦੀ ਹੈ। ਇਸ ਸਿਖਲਾਈ ਦੀਆਂ ਜੜ੍ਹਾਂ ਜਥੇਬੰਦੀ ਦੀ ਵਿਰਾਸਤ ਵਿੱਚ ਹੁੰਦੀਆਂ ਹਨ। ਅੱਜ ਜਿਸ ਕਿਸਮ ਦੇ ਗਰੁੱਪ ਜਥੇਬੰਦੀਆਂ ਦੇ ਨਾਂ ਹੇਠ ਵਿਚਰਦੇ ਹਨ ਇਨ੍ਹਾਂ ਦੀ ਵਿਰਾਸਤ ਦੀਆਂ ਜੜ੍ਹਾਂ ਕਿੱਥੇ ਨੇ? ਇਹ ਕਿਸ ਕਿਸਮ ਦੀ ਵਿਰਾਸਤ ਹੈ ਜੋ ਨੌਜਵਾਨਾਂ ਅੰਦਰ ਕੁਝ ਪੁੰਘਰਣ ਦੀ ਬਜਾਏ ਉਨ੍ਹਾਂ ਨੂੰ ਖੋਖਲਾ ਕਰ ਰਹੀ ਹੈ?

ਜਿਸ ਤਰ੍ਹਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਸਿਆਸਤ ਦਾ ਅਪਰਾਧੀਕਰਨ ਹੋ ਰਿਹਾ ਹੈ, ਇਸ ਦਾ ਸੱਭਿਆਚਾਰ ਵੀ ਬਹੁਤ ਖ਼ਤਰਨਾਕ ਹੋਵੇਗਾ। ਸਾਡੇ ਸਮਾਜ ਦੇ ਭ੍ਰਿਸ਼ਟ ਪ੍ਰਬੰਧ ਅੰਦਰ ਇਨ੍ਹਾਂ ਮੁੰਡਿਆਂ ਨੂੰ ਉਹ ਜਗ੍ਹਾ ਨਹੀਂ ਮਿਲ ਰਹੀ ਜਿੱਥੇ ਖੜ ਕੇ ਇਨ੍ਹਾਂ ਕੁਝ ਸਿਰਜਣਾ ਸੀ। ਜਿਸ ਮਿੱਟੀ ਅੰਦਰ ਇਨ੍ਹਾਂ ਮੁੰਡਿਆਂ ਦੀਆਂ ਜੜ੍ਹਾਂ ਸਨ, ਉਹ ਧਰਤੀ ਹੀ ਇਨ੍ਹਾਂ ਦੇ ਪੈਰਾਂ ਹੇਠੋਂ ਖਿੱਚੀ ਜਾ ਰਹੀ ਹੈ। ਮੀਡੀਏ ਰਾਹੀਂ ਵੀ ਜ਼ਿੰਦਗੀ ਜੋ ਚਕਾਚੌਂਧ ਪਰੋਸੀ ਜਾ ਰਹੀ ਹੈ, ਉਹ ਛਲਾਵੇ ਤੋਂ ਬਿਨਾਂ ਕੁਝ ਨਹੀਂ। ਮਾਰੂਥਲ ਵਿੱਚ ਪਾਣੀ ਦਾ ਭਰਮ ਤਾਂ ਹੋ ਸਕਦਾ ਹੈ, ਪਰ ਪਾਣੀ ਨਹੀਂ। ਕਿਤੇ ਸਾਡਾ ਭਵਿੱਖ ਇਤਿਹਾਸ ਬਣਨ ਤੋਂ ਪਹਿਲਾਂ ਹੀ ਸਾਡੀ ਮੁੱਠੀ ਵਿੱਚੋਂ ਕਿਰ ਨਾ ਜਾਵੇ। ਇਸ ਮਸਲੇ ਨੂੰ ਸੰਬੋਧਿਤ ਹੋਣਾ ਜ਼ਰੂਰੀ ਹੈ ਕਿ ਸਾਡੇ ਇਤਿਹਾਸ ਦੇ ਨਾਇਕਾਂ ਦੇ ਵਾਰਸ ਖਲਨਾਇਕ ਕਿਉਂ ਹਨ?

ਲੇਖ਼ਕ ਰਣਜੀਤ ਨੋਨਾ ਕਿਸੇ ਸਮੇਂ ਵਿਦਿਆਰਥੀ ਜਥੇਬੰਦੀ ਪੀ.ਐੱਸ.ਯੂ 'ਚ ਕੰਮ ਕਰਦਾ ਰਿਹਾ।ਸਿਆਸਤ ਤੋਂ ਬਾਅਦ ਪੰਜਾਬੀ ਰੰਗਮੰਚ ਦੇ ਅੰਗ-ਸੰਗ ਹੈ।ਨਾਟਕਕਾਰ ਸੈਮੂਅਲ ਜੌਹਨ ਨਾਲ ਵੀ ਲੰਮਾ ਸਮਾਂ ਥੀਏਟਰ ਕੀਤਾ।ਅੱਜਕਲ੍ਹ ਪਿੰਡ ਦੇ ਆਲੇ ਦੁਆਲੇ ਥੀਏਟਰ ਕਰਦਾ ਹੈ ਤੇ ਲਿਖਣ-ਪੜ੍ਹਨ ਦੀ ਵੀ ਕੋਸ਼ਿਸ਼ ਕਰਦਾ ਹੈ।

Thursday, October 14, 2010

ਕਿਸਾਨ, ਕਰਜ਼ਾ ਤੇ ਕਤਲ

ਮਾਨਸਾ 'ਚ ਕਿਸਾਨ ਆਗੂ ਦੇ ਹੋਏ ਕਤਲ 'ਤੇ ਪੰਜਾਬੀ ਟ੍ਰਿਬਿਊਨ ਵਲੋਂ ਸੰਪਾਦਕੀ ਲਿਖ਼ੀ ਗਈ ਹੈ।ਕਿਸੇ ਮੁੱਖ ਧਾਰਾਈ ਅਖ਼ਬਾਰ 'ਚ ਬੈਠੇ ਅਗਾਂਹਵਧੂ ਲੋਕਾਂ ਵਲੋਂ 'ਕੀੲ ਬੋਰਡ' 'ਤੇ ਖੜਕਾਈਆਂ ਗਈਆਂ ਊਂਗਲਾਂ ਦਾ ਸਵਾਗਤ ਹੋਣਾ ਚਾਹੀਦਾ ਹੈ।ਨੌਅਮ ਚੌਮਸਕੀ ਵੀ ਮੁੱਖ ਧਾਰਾ ਦੇ ਸੰਚਾਰ ਸਾਧਨਾਂ 'ਚ Space Expand ਕਰਨ 'ਤੇ ਜ਼ੋਰ ਦਿੰਦਾ ਹੈ।ਸੰਪਾਦਕੀ ਨੂੰ ਟ੍ਰਿਬਿਊਨ ਤੋਂ ਚੋਰੀ ਕਰਕੇ ਗੁਲਾਮ ਕਲਮ 'ਤੇ ਛਾਪ ਰਹੇ ਹਾਂ-ਯਾਦਵਿੰਦਰ ਕਰਫਿਊ

ਸਿਆਸੀ ਰਸੂਖ਼ ਦਾ ਕਰੂਰ ਪ੍ਰਗਟਾਵਾ

ਕਿਸਾਨੀ ਕਰਜ਼ੇ ਦਾ ਮਸਲਾ ਕਿਸਾਨ ਆਗੂ ਪ੍ਰਿਥੀਪਾਲ ਸਿੰਘ ਦੇ ਕਤਲ ਨਾਲ ਗੰਭੀਰ ਰੂਪ ਵਿੱਚ ਸਾਹਮਣੇ ਆਇਆ ਹੈ। ਕਿਸਾਨਾਂ ਅਤੇ ਆੜ੍ਹਤੀਆਂ ਵਿਚਕਾਰ ਸਿੱਧੀ ਅਦਾਇਗੀ ਦੇ ਮਸਲੇ ਤੋਂ ਸ਼ੁਰੂ ਹੋਇਆਂ ਟਕਰਾਅ ਹੁਣ ਖ਼ੂਨੀ ਰੂਪ ਧਾਰ ਗਿਆ ਹੈ। ਪਿਛਲੇ ਕਈ ਸਾਲਾਂ ਤੋਂ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕੁਰਕੀ ਤੋਂ ਬਚਾਉਣ ਲਈ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ। ਹੁਣ ਛੋਟੀ ਕਿਸਾਨੀ ਉੱਤੇ ਕਰਜ਼ੇ ਦਾ ਭਾਰ ਘਾਤਕ ਹੱਦ ਤੱਕ ਵਧ ਗਿਆ ਹੈ। ਟਕਰਾਅ ਕਾਰਨ ਆੜ੍ਹਤੀਆ ਤਬਕਾ ਹਮਲਾਵਰ ਰੁਖ਼ ਅਖ਼ਤਿਆਰ ਕਰ ਰਿਹਾ ਹੈ। ਸਰਕਾਰ ਵੱਲੋਂ ਸਿੱਧੀ ਅਦਾਇਗੀ ਦੇ ਮਸਲੇ ਉੱਤੇ ਹੱਥ ਪਿੱਛੇ ਖਿੱਚਣ ਨਾਲ ਆੜ੍ਹਤੀਆਂ ਦੀ ਸਿਆਸੀ ਪਹੁੰਚ ਦੀ ਪੁਸ਼ਟੀ ਹੁੰਦੀ ਹੈ। ਜਿਹੜਾ ‘ਰਸੂਖ਼’ ਸਰਕਾਰੀ ਫ਼ੈਸਲਿਆਂ ਨੂੰ ਰੱਦ ਕਰਵਾਉਣ ਜਾਂ ਅੱਗੇ ਪਵਾਉਣ ਵਿੱਚ ਕਾਮਯਾਬ ਹੋਇਆ ਹੈ ਉਸੇ ਦਾ ਕਰੂਰ ਪ੍ਰਗਟਾਵਾ ਇਸ ਕਤਲ ਵਜੋਂ ਹੋਇਆ ਹੈ।

ਪ੍ਰਸ਼ਾਸਨ ਵੱਲੋਂ ਆੜ੍ਹਤੀਆਂ ਅਤੇ ਲੱਠਮਾਰਾਂ ਦੀ ਮਦਦ ਨਾਲ ਕੁਰਕੀ ਦਾ ਅਮਲ ਸਿਰੇ ਚਾੜਣ ਦਾ ਯਤਨ ਦਰਸਾਉਂਦਾ ਹੈ ਕਿ ਮੌਕੇ ਦੇ ਅਫ਼ਸਰਾਂ ਦੀ ਪਹੁੰਚ ਇੱਕ ਧਿਰ ਵੱਲ ਉਲਾਰ ਸੀ। ਇਸ ਮਾਮਲੇ ਵਿੱਚ ਸਿਆਸੀ ਸਰਪ੍ਰਸਤੀ ਅਤੇ ਭੂ-ਮਾਫ਼ੀਆ ਦੀ ਸ਼ਮੂਲੀਅਤ ਨਾਲ ਪੰਜਾਬ ਵਿੱਚ ਚੱਲ ਰਿਹਾ ਵੱਡਾ ਵਰਤਾਰਾ ਬੇਪਰਦ ਹੁੰਦਾ ਹੈ। ਕਰਜ਼ੇ ਹੇਠ ਦੱਬੀ ਛੋਟੀ ਕਿਸਾਨੀ ਦੀਆਂ ਜ਼ਮੀਨਾਂ ਉੱਤੇ ਭੂ-ਮਾਫ਼ੀਏ ਦੀ ਅੱਖ ਹੈ। ਬਹੁਤ ਥੋੜੀ ਰਕਮ ਨਾਲ ਮੰਡੀ ਵਿੱਚ ਮਹਿੰਗੇ ਭਾਅ ਦੀ ਜ਼ਮੀਨ ਹਥਿਆਉਣ ਦਾ ਇਹ ਕਾਨੂੰਨੀ ਮੌਕਾ ਬਣਦਾ ਹੈ। ਮੌਜੂਦਾ ਮਾਮਲੇ ਵਿੱਚ ਅਦਾਲਤ ਵੱਲੋਂ ਮਾਲ ਮਹਿਕਮੇ ਨੂੰ ਦਸ ਕਨਾਲ ਜ਼ਮੀਨ ਕੁਰਕ ਕਰਨ ਦਾ ਹੁਕਮ ਦਿੱਤਾ ਗਿਆ ਹੈ। ਮੂਲ, ਵਿਆਜ, ਜ਼ੁਰਮਾਨਾ ਅਤੇ ਅਦਾਲਤੀ ਖਰਚਾ ਪਾ ਕੇ ਕਿਸਾਨ ਸਿਰ ਤਿੰਨ ਲੱਖ ਦਸ ਹਜ਼ਾਰ ਦੀ ਰਕਮ ਕੱਢੀ ਗਈ ਹੈ। ਦਸ ਕਨਾਲ ਦਾ ਮੁੱਲ ਤਕਰੀਬਨ ਸਾਢੇ ਬਾਰਾਂ ਲੱਖ ਬਣਦਾ ਹੈ। ਇਸ ਹਾਲਤ ਵਿੱਚ ਭੂ-ਮਾਫ਼ੀਏ ਦੀ ਦਿਲਚਸਪੀ ਸਹਿਜੇ ਹੀ ਹੋ ਜਾਂਦੀ ਹੈ। ਆੜ੍ਹਤੀਆਂ ਦੀ ਸਿਆਸੀ ਸਰਪ੍ਰਸਤੀ ਪਹਿਲਾਂ ਹੀ ਜੱਗ ਜਾਹਰ ਹੋ ਗਈ ਹੈ। ਇਸ ਸਮੁੱਚੇ ਵਰਤਾਰੇ ਦੀਆਂ ਤੰਦਾਂ ਸਾਧੂ ਸਿੰਘ ਤਖ਼ਤੂਪੁਰਾ ਦੇ ਕਤਲ ਤੋਂ ਲੈ ਕੇ ਨਿੱਤ ਹੁੰਦੀਆਂ ਵਧੀਕੀਆਂ ਰਾਹੀਂ ਪ੍ਰਿਥੀਪਾਲ ਸਿੰਘ ਦੇ ਕਤਲ ਨਾਲ ਜੁੜੀਆਂ ਹੋਈਆਂ ਹਨ।

ਸਰਕਾਰੀ ਅਤੇ ਗ਼ੈਰ-ਸਰਕਾਰੀ ਅਧਿਐਨਾਂ ਰਾਹੀਂ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਖੇਤੀ ਲਾਹੇਵੰਦਾ ਧੰਦਾ ਨਹੀਂ ਰਹੀ। ਆਰਥਿਕ ਪੱਖੋਂ ਨਿਤਾਣਾ ਹੋ ਰਿਹਾ ਇਹ ਤਬਕਾ ਖੇਤੀ ਵੱਲੋਂ ਮਜ਼ਦੂਰੀ ਅਤੇ ਹੋਰ ਧੰਦਿਆਂ ਵੱਲ ਹਿਜਰਤ ਕਰਨ ਲਈ ਹੱਥ-ਪੈਰ ਮਾਰ ਰਿਹਾ ਹੈ। ਬੇਰੁਜ਼ਗਾਰ ਗ਼ੈਰ-ਹੁਨਰਮੰਦ ਕਾਮਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕਿਸਾਨ ਜਥੇਬੰਦੀਆਂ ਲਗਾਤਾਰ ਇਸ ਤਬਕੇ ਦੇਣ ਰਾਹਤ ਲਈ ਸੰਘਰਸ਼ ਕਰ ਰਹੀਆਂ ਹਨ। ਆਮ ਤੌਰ ਉੱਤੇ ਕਿਸਾਨੀ ਉੱਤੇ ਇਲਜ਼ਾਮ ਇਹ ਲਗਾਇਆ ਜਾਂਦਾ ਹੈ ਕਿ ਇਨ੍ਹਾਂ ਨੇ ਖਰਚੇ ਵਧਾ ਲਏ ਹਨ ਅਤੇ ਸਮਾਜਿਕ ਸਮਾਗਮਾਂ ਉੱਤੇ ਲੋੜੋਂ ਵਧ ਖਰਚ ਕਰਨ ਕਰਕੇ ਇਨ੍ਹਾਂ ਦਾ ਕਰਜ਼ਾ ਵਧ ਰਿਹਾ ਹੈ। ਇਸ ਦਲੀਲ ਨੂੰ ਧਿਆਨ ਨਾਲ ਘੋਖਣ ਦੀ ਜ਼ਰੂਰਤ ਹੈ। ਗ਼ੈਰ-ਲਾਹੇਵੰਦ ਧੰਦੇ ਵਿੱਚ ਲੱਗੀ ਛੋਟੀ ਕਿਸਾਨੀ ਕੁਦਰਤੀ ਆਫ਼ਤਾਂ, ਸਰਕਾਰੀ ਨੀਤੀਆਂ, ਸਭਿਆਚਾਰਕ ਵਿਗਾੜਾਂ, ਮਹਿੰਗਾਈ ਅਤੇ ਬੁਨਿਆਦੀ ਲੋੜਾਂ ਦੀ ਚੱਕੀ ਵਿੱਚ ਪਿਸ ਰਹੀ ਹੈ। ਇਸੇ ਤਬਕੇ ਦੀਆਂ ਸਬਸਿਡੀਆਂ ਬਾਬਤ ਗੱਲ ਕਰਨ ਵੇਲੇ ਸ਼ਹਿਰੀ ਵਿਦਵਾਨ ਇਹ ਭੁੱਲ ਜਾਂਦੇ ਹਨ ਕਿ ਜਦੋਂ ਕਣਕ-ਝੋਨੇ ਦਾ ਬਾਜ਼ਾਰ ਵਿੱਚ ਮੁੱਲ ਜ਼ਿਆਦਾ ਸੀ ਉਦੋਂ ਇਨ੍ਹਾਂ ਦੇ ਘਰਾਂ ਵਿੱਚੋਂ ਸਰਕਾਰੀ ਮੁੱਲ ਉੱਤੇ ਆਨਾਜ ਚੁੱਕਾਇਆ ਗਿਆ ਸੀ। ਉਸ ਵੇਲੇ ਮੁਲਕ ਨੂੰ ਭੁੱਖਮਰੀ ਤੋਂ ਬਚਾਉਣ ਦਾ ਮਸਲਾ ਸੀ। ਸਵਾਲ ਇਹ ਹੈ ਕਿ ਜਦੋਂ ਮੁਲਾਜ਼ਮ ਤਬਕੇ ਨੂੰ ਹਰ ਛਮਾਹੀ ਮਹਿੰਗਾਈ ਭੱਤਾ ਮਿਲਦਾ ਹੈ ਤੇ ਸਾਲਾਨਾ ਤਨਖ਼ਾਹ ਵਾਧਾ ਮਿਲਦਾ ਹੈ ਤਾਂ ਕਿਸਾਨੀ ਨੂੰ ਭੁਲਾ ਕਿਉਂ ਦਿੱਤਾ ਜਾਂਦਾ ਹੈ? ਖੇਤੀ ਪੈਦਾਵਾਰ ਦਾ ਮੁੱਲ ਤੈਅ ਕਰਨ ਵੇਲੇ ਤਰਜੀਹ ਖਪਤਕਾਰ ਨੂੰ ਦਿੱਤੀ ਜਾਂਦੀ ਹੈ। ਮੌਸਮ ਦੀ ਮਾਰ ਝੱਲਣ ਲਈ ਸਰਕਾਰ ਵੱਲੋਂ ਹਮੇਸ਼ਾ ਕਿਸਾਨ ਨੂੰ ਇਕੱਲਾ ਛੱਡ ਦਿੱਤਾ ਜਾਂਦਾ ਹੈ। ਸਵਾਲ ਇਹ ਹੈ ਕਿ ਇਸ ਵੇਲੇ ਸਮੁੱਚੇ ਮਸਲੇ ਨੂੰ ਤਕਨੀਕੀ ਪੱਖੋਂ ਹੀ ਵਾਚਿਆ ਜਾਣਾ ਹੈ ਜਾਂ ਇਸ ਦੇ ਮਨੁੱਖੀ, ਨੈਤਿਕ, ਸਭਿਆਚਾਰਕ, ਇਤਿਹਾਸਕ ਤੇ ਜਮਹੂਰੀ ਪੱਖਾਂ ਨੂੰ ਵੀ ਵਿਚਾਰਿਆ ਜਾਣਾ ਹੈ। ਜੇ ਕਰਜ਼ੇ ਹੇਠ ਦੱਬੇ ਕਿਸਾਨ ਦੀ ਜ਼ਮੀਨ ਹੀ ਕੁਰਕ ਕੀਤੀ ਜਾਣੀ ਹੈ ਤਾਂ ਉਸ ਦੇ ਮੁੜ-ਬਹਾਲੀ ਦਾ ਹਰ ਰਾਹ ਬੰਦ ਹੋ ਜਾਵੇਗਾ। ਇਹ ਉਹੀ ਕਿਸਾਨ ਹੈ ਜਿਸ ਨੇ ਸਾਡੇ ਅੰਨ ਭੰਡਾਰ ਭਰੇ ਹਨ। ਇਸ ਦੇ ਆਪਣੇ ਬੱਚੇ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹਿ ਕੇ ਗ਼ੁਰਬਤ ਅਤੇ ਜ਼ਹਾਲਤ ਦੀ ਦਲਦਲ ਵਿੱਚ ਫਸ ਗਏ ਹਨ। ਜੇ ਕਾਗ਼ਜ਼ਾਂ ਵਿੱਚ ਕਿਸਾਨਾਂ ਨੂੰ ਵਡਿਆਉਣ ਵਾਲਾ ਮੁਲਕ ਇਸ ਮੁਸ਼ਕਲ ਦੀ ਘੜੀ ਚੁੱਪ ਰਹਿੰਦਾ ਹੈ ਤਾਂ ਇਸ ਨੂੰ ਨਾਸ਼ੁਕਰਾਪਣ ਕਿਉਂ ਨਾ ਮੰਨਿਆ ਜਾਵੇ? ਜੇ ਅੰਨ-ਸੰਕਟ ਲਈ ਸਰਕਾਰ ਨੇ ਕਿਸਾਨੀ ਉੱਤੇ ਟੇਕ ਰੱਖੀ ਸੀ ਤਾਂ ਹੁਣ ਕਿਸਾਨੀ ਦੇ ਸੰਕਟ ਵੇਲੇ ਸਰਕਾਰ ਦੇ ਕੁਝ ਫ਼ਰਜ਼ ਵੀ ਬਣਦੇ ਹਨ।

Monday, October 11, 2010

ਬਾਦਲ ਐਂਡ ਕੰਪਨੀ ਦੇ ‘ਅਕਾਲੀ ਗੁੰਡਿਆਂ’ ਦੀ ਗੁੰਡਾਗਰਦੀ ਜਾਰੀ

ਕਿਸਾਨ ਲਹਿਰ ‘ਤੇ ਦੂਜਾ ਵੱਡਾ ਹਮਲਾ
ਮਾਝੇ ਤੋਂ ਬਾਅਦ ਮਾਲਵੇ ‘ਚ ਬਾਦਲ ਐਂਡ ਕੰਪਨੀ ਦੀ ਅਕਾਲੀ ਪਾਰਟੀ ਦੇ ਸ਼ਹਿ ਪ੍ਰਾਪਤ ਗੰਡਿਆਂ ਨੇ ਕਿਸਾਨ ਲਹਿਰ ‘ਤੇ ਵੱਡਾ ਹਮਲਾ ਕੀਤਾ ਹੈ।ਜਿੱਥੇ ਕੁਝ ਮਹੀਨੇ ਪਹਿਲਾਂ ਕਿਸਾਨ ਲਹਿਰ ਨੁੰ ਆਪਣਾ ਵੱਡਾ ਆਗੂ ਸਾਧੂ ਸਿੰਘ ਤਖ਼ਤੂਪੁਰਾ ਗੁਆਉਣਾ ਪਿਆ ਸੀ,ਓਥੇ ਹੁਣ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮਾਨਸਾ ਇਕਾਈ ਦੇ ਮੀਤ ਪ੍ਰਧਾਨ ਪ੍ਰਿਥੀ ਸਿੰਘ ਚੱਕ ਅਲੀਸ਼ੇਰ ਨੂੰ ਆਪਣੀ ਜਾਨ ਗੁਵਾਉਣੀ ਪਈ ਹੈ।ਅਮ੍ਰਿਤਸਰ ਦੀ ਘਟਨਾ ‘ਚ ਅਕਾਲੀ ਵਿਧਾਇਕ ਵੀਰ ਸਿੰਘ ਲੋਪੋਕੇ ਦੀ ਸ਼ਹਿ ਪ੍ਰਾਪਤ ਸੀ ਤੇ ਮਾਨਸਾ ਦੇ ਬੀਰੋਕੇ ਖੁਰਦ ‘ਚ ਵਾਪਰੀ ਘਟਨਾ ‘ਚ ਸਾਬਕਾ ਅਕਾਲੀ ਐਲ ਐਲ ਏ ਸੁਖਵਿੰਦਰ ਸਿੰਘ ਦਾ ਨਾਂਅ ਬੋਲ ਰਿਹਾ ਹੈ।ਬੀਰੋ ਕੇ ਖੁਰਦ ‘ਚ ਡੇਢ ਏਕੜ ਜ਼ਮੀਨ ਦੀ ਕੁਰਕੀ ਦਾ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਸਨ।ਵਿਰੋਧ ਦੇ ਚਲਦਿਆਂ ਕਿਸਾਨ ਕੁਰਕੀ ਰਕਵਾਉਣ ‘ਚ ਸਫਲ ਰਹੇ।ਇਸੇ ਦੌਰਾਨ ਅਕਾਲੀ ਦੀ ਸ਼ਹਿ ਪ੍ਰਾਪਤ ਸਬੰਧਤ ਆੜ੍ਹਤੀਆਂ ਦਲ ਦੀ ਗੁੰਡਾ ਪਾਰਟੀ ਨੇ ਕਿਸਾਨ ਆਗੂਆਂ ਤੇ ਵਰਕਰਾਂ ‘ਤੇ ਹਮਲਾ ਕਰ ਦਿੱਤਾ।ਇਸ ਹਮਲੇ ‘ਚ ਮਾਨਸਾ ਇਕਾਈ ਦੇ ਮੀਤ ਪ੍ਰਧਾਨ ਪ੍ਰਿਥੀ ਸਿੰਘ ਚੱਕ ਅਲੀਸ਼ੇਰ ਦਾ ਕਤਲ ਕਰ ਦਿੱਤਾ ਗਿਆ।ਤੇ ਬਾਕੀ ਦੇ ਕਿਸਾਨ ਆਗੂ ‘ਤੇ ਵਰਕਰ ਗੰਭੀਰ ਜ਼ਖਮੀ ਹੋਏ ਹਨ।

ਅੰਮ੍ਰਿਤਸਰ ਦੇ ਚੋਗਾਵਾਂ ਬਲਾਕ ਦੇ ਪਿੰਡ ਭਿੰਡੀ ਔਲਖ ‘ਚ ਵੀ ਅਕਾਲੀਆਂ ਨੇ ਭਾੜੇ ਦੇ ਟੱਟਊਆਂ ਨੂੰ ਨਾਲ ਰਲਾ ਕੇ ਕਾਰੇ ਨੁੰ ਅੰਜ਼ਾਮ ਦਿੱਤਾ ਸੀ ਤੇ ਮਾਨਸਾ ‘ਚ ਮਾਧੋਕੇ ਗਰੁੱਪ ਦੇ ਨਾਂਅ ਨਾਲ ਜਾਣੇ ਜਾਂਦੇ ਗੁੰਡਿਆਂ ਨੂੰ ਕਾਰਵਾਈ ਦੌਰਾਨ ਸ਼ਾਮਲ ਕੀਤਾ ਗਿਆ।ਇਸ ਘਟਨਾ ਤੋਂ ਬਾਅਦ ਪੰਜਾਬ ਭਰ ‘ਚੋਂ ਕਿਸਾਨੀ ਦੀ ਲੀਡਰਸ਼ਿਪ ਮਾਨਸਾ ਪੁੱਜੀ ਹੈ।ਆਪਣੀ ਘਰੇਲੂ ਪਾਰਟੀ ਦੇ ਘਰੇਲੂ ਰੌਲੇ ਰੱਪੇ ‘ਚ ਉਲਝੇ ਸੁਖਬੀਰ ਬਾਦਲ ਨੇ ਪ੍ਰਸ਼ਾਸਨ ਨੂੰ ਮਾਮਲਾ ਛੇਤੀ ਨਿਬੇੜਨ ਦੇ ਆਦੇਸ਼ ਜਾਰੀ ਕੀਤੇ ਹਨ।ਪ੍ਰਸ਼ਾਸ਼ਨ ਨੇ ਪੱਬਾਂ ਭਾਰ ਹੋ ਕੇ ਸ਼ਹਿਰ ਨੂੰ ਪੁਲੀਸ ਛਾਉਣੀ ‘ਚ ਤਬਦੀਲ ਕੀਤਾ ਹੈ।ਮਾਨਸਾ ਦੇ ਡੀ ਸੀ ਨੇ ਕਿਸੇ ਪੱਤਰਕਾਰ ਨੂੰ ਇਸ ਵਾਅਦੇ ਨਾਲ ਇਹ ਖ਼ਬਰ ਦਿੱਤੀ ਕਿ ਉਸਦਾ ਨਾਂਅ ਖ਼ਬਰ ਦੇ ਨੇੜੇ ਤੇੜੇ ਵੀ ਨਾ ਹੋਵੇ।ਜਿਸ ‘ਚ ਉਹਨਾਂ ਦੱਸਿਆ ਕਿ ਮਾਮਲੇ ਨਾਲ ਸਬੰਧਤ ਨਾਇਬ ਤਹਿਸੀਲਦਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਗੰਡਿਆਂ ‘ਤੇ ਅਮ੍ਰਿਤਸਰ ਦੀ ਤਰ੍ਹਾਂ ਮਾਮਲਾ ਤਾਂ ਦਰਜ਼ ਹੋ ਗਿਆ ਹੈ,ਪਰ ਗ੍ਰਿਫਤਾਰੀ ਕਿਸੇ ਦੀ ਨਹੀਂ ਹੋਈ।ਓਧਰ ਸੁਣਿਆ ਹੈ ਕਿ ਆੜ੍ਹਤੀਆਂ ਨੇ ਵੀ ਢੋਂਗ ਰਚਦਿਆਂ ਆਪਣੇ ਆਪ ਨੂੰ ਜਾਣ ਬੁੱਝਕੇ ਹਸਪਤਾਲ ‘ਚ ਦਾਖ਼ਲ ਕਰਵਾਇਆ ਹੈ।ਹਮਲਾ ਕਰਨ ਮੌਕੇ ਗੰਡਿਆਂ ਦੀ ਟੋਲੀ ਸ਼ਰਾਬ ਨਾਲ ਡੱਕੀ ਹੋਈ ਸੀ,ਇਸ ਲਈ ਪੁਲਿਸ ਵਲੋਂ ਉਸੇ ਸਮੇਂ ਗ੍ਰਿਫਤਾਰੀ ਕਰਨ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ।

ਅਕਾਲੀ,ਕਾਂਗਰਸੀ,ਭਾਪਪਾਈ ਭਾਵੇਂ ਇਕੋ ਥਾਲੀ ਦੇ ਚੱਟੇ ਵੱਟੇ ਹਨ ,ਪਰ ਨੰਨ੍ਹੀ ਛਾਂ ਦੇ ਨੰਨ੍ਹੇ ਬਾਦਲ ਨੇ ਕੁਝ ਖਾਸ ਹੀ ਅੱਤ ਚੁੱਕੀ ਹੋਈ ਹੈ।ਅਕਾਲੀ ਦਲ ਦਾ ਬੁਲਾਰਾ ਚੈਨਲ ਪੰਜਾਬ ਟੂਡੇ ਵਾਂਗੂੰ ਨੰਨ੍ਹੀ ਛਾਂ ਤੇ ਨੰਨ੍ਹੇ ਬਾਦਲ ਦੀ ਜਿੰਨੀ ਮਰਜ਼ੀ ਚੰਗੀ ਦਿੱਖ ਦਿਖਾਈ ਜਾਵੇ ,ਪਰ ਪੰਜਾਬ ਦੀਆਂ ਸੱਥਾਂ ਕੁਝ ਹੋਰ ਕਹਿ ਰਹੀਆਂ ਹਨ।ਅਸਲ ‘ਚ ਸੁਖਬੀਰ ਦੀ ਘਰੇਲੂ ਸੱਤਾ ‘ਚ ਸੂਬੇ ‘ਚ ਗੁੰਡਾਗਰਦੀ ਦਾ ਲੋਕਲਾਈਜੇਸ਼ਨ ਹੋਇਆ ਹੈ।ਆਪਣੀ ਸੱਤਾ ਨੂੰ ਚਿਰ ਸਥਾਈ ਰੱਖਣ ਦਾ ਇਕ ਤਰੀਕਾ ਅਕਾਲੀ ਦਲ ਦੀ ਗੁੰਡਾਗਰਦੀ ਦਾ ਸਥਾਨੀਕਰਨ ਵੀ ਹੈ,ਪਰ ਸ਼ਾਇਦ ਬਾਦਲ ਵੱਡੇ ਵਹਿਮ ‘ਚ ਫਸੇ ਹੋਏ ਹਨ।ਮਾਲਵੇ ‘ਚੋਂ ਅਕਾਲੀਆਂ ਨੁੰ ਪਿਛਲੀ ਵਾਰ ਜੇ ਡੇਰੇ ਨੇ ਹੂੰਝਿਆ ਸੀ ਤਾਂ ਇਸ ਵਾਰ ਸਮੁੱਚੀ ਕਿਸਾਨ ਲਹਿਰ ਦੀ ਹਵਾ ਵੀ ਮਾਲਵੇ ਦੇ ਸਿਆਸੀ ਸਮੀਕਰਨ ਨੂੰ ਬਦਲ ਸਕਦੀ ਹੈ।ਵੈਸੇ ਸੱਤਾ ਦੇ ਨਸ਼ੇ ‘ਚ ਚੂਰ ਨੰਨ੍ਹੇ ਬਾਦਲ ਨੂੰ ਕਿਸਾਨ ਲਹਿਰ ‘ਤੇ ਹੋ ਰਹੇ ਲਗਾਤਾਰ ਹਮਲਿਆਂ ਦੇ ਨਤੀਜੇ ਵਿਧਾਨ ਸਭਾ ਚੋਣਾਂ ਦੇ ਨਤੀਜਿਆ ‘ਚ ਜ਼ਰੂਰ ਪਤਾ ਲੱਗਣਗੇ(ਮੇਰੀ ਨਿੱਜੀ ਰਾਇ)।ਬਾਵਜੂਦ ਇਸਦੇ ਕੀ ਭਾਰਤੀ ਕਿਸਾਨ ਯੂਨੀਅਨ ਦੀਆਂ ਬਹੁਤੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਚੋਣਾਂ ‘ਚ ਹਿੱਸਾ ਨਹੀਂ ਲੈਂਦੀਆਂ।ਸੂਬੇ ‘ਚ ਬਾਦਲਾਂ ਦੀ ਸ਼ਹਿ ‘ਤੇ ਹੋ ਰਹੀ ਸਰੇਆਮ ਗੁੰਡਾਗਰਦੀ ਦੀ ਹਰ ਪਾਸਿਓਂ ਤਿੱਖੀ ਵਿਰੋਧਤਾ ਹੋ ਰਹੀ ਹੈ।ਮਾਨਸਾ ਦੇ ਪਿੰਡ ਬੀਰੋਕੇ ‘ਚ ਕਿਸਾਨ ਲਹਿਰ ‘ਤੇ ਹੋਏ ਹਮਲੇ ਦੀ ਸੂਬੇ ਦੀਆਂ ਸਮੂਹ ਜਨਤਕ ਜਥੇਬੰਦੀਆਂ ਨੇ ਕਰੜੇ ਸ਼ਬਦਾਂ ‘ਚ ਨਿਖੇਧੀ ਕੀਤੀ ਹੈ।

ਯਾਦਵਿੰਦਰ ਕਰਫਿਊ
mail2malwa@gmail.com