Saturday, January 31, 2009
ਕਦੋਂ ਤੱਕ ਜ਼ੁਲਮ ਸਹਿੰਦਾ ਰਹੇਗਾ “ਵੈਲੰਟਾਈਨ”?
24 ਜਨਵਰੀ 2009 ਦਾ ਦਿਨ ਵੀ ਆਜ਼ਾਦ ‘ਆਧੁਨਿਕ’ ਭਾਰਤ ਦੇ ਇਤਿਹਾਸ ‘ਚ ਉਸੇ ਤਰ੍ਹਾਂ ਦਰਜ ਹੋ ਗਿਆ ਜਿਸ ਤਰ੍ਹਾਂ- ਕੁੱਝ ਸਾਲ ਪਹਿਲਾਂ ਦੇਸ਼ ਭਰ ਦੇ ਲੋਕਾਂ ਨੇ ਆਪਣੀ ਟੀਵੀ ਸਕਰੀਨ ‘ਤੇ ਵੇਖਿਆ ਸੀ ਕਿ ਕਿਸ ਤਰ੍ਹਾਂ ਮੇਰਠ ਦੀ ਇੱਕ ਮਹਿਲਾ ਪੁਲਿਸ ਅਧਿਕਾਰੀ ਨੇ ਪਾਰਕ ‘ਚ ਇਕੱਠੇ ਬੈਠੇ ਮੁੰਡੇ-ਕੁੜੀਆਂ ਨੂੰ ਬੇਇੱਜ਼ਤ ਕਰਦੇ ਹੋਏ ਸ਼ਰੇਆਮ ਮਾਰ-ਕੁੱਟ ਕੇ ਪਾਰਕ ‘ਚੋਂ ਬਾਹਰ ਕੱਢਿਆ, ਉਹ ਪੁਲਿਸ ਅਧਿਕਾਰੀ ਮੀਡੀਆ ਦੇ ਕੈਮਰਿਆਂ ਸਾਹਮਣੇ ਤਾਂ ਹੋਰ ਵੀ ਜ਼ੋਰਾਵਰ ਬਣ ਗਈ,ਇੱਥੋਂ ਤੱਕ ਕਿ ਉਸਨੇ ਇਹ ਵੀ ਨਹੀਂ ਵੇਖਿਆ ਕਿ ਜੋ ਮੁੰਡੇ-ਕੁੜੀਆਂ ਇਕੱਠੇ ਬੈਠੇ ਨੇ ਉਨ੍ਹਾਂ ‘ਚੋਂ ਕੁੱਝ ‘ਵਿਆਹੁਤਾ ਜੋੜੇ’ ਵੀ ਸਨ। ਵਿਆਹੁਤਾ ਜੋੜਿਆਂ ਦਾ ਜ਼ਿਕਰ ਕਰਨ ਦਾ ਮੇਰਾ ਮੰਤਵ ਇਹ ਬਿਲਕੁਲ ਵੀ ਨਹੀਂ ਕਿ ਜਨਤਕ ਪਾਰਕਾਂ ‘ਚ ਸਿਰਫ ਵਿਆਹੇ-ਵਰ੍ਹੇ ਜੋੜੇ ਹੀ ਬੈਠ ਸਕਦੇ ਨੇ, ਬਲਕਿ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਪਰੰਪਰਾਵਾਦੀ ਅਤੇ ਰੂੜ੍ਹੀਵਾਦੀ ਭਾਰਤੀ ਸਮਾਜ ਅੱਜ ਵੀ ਮੁੰਡੇ-ਕੁੜੀ ਨੂੰ ਆਪਣੀ ਮਰਜ਼ੀ ਨਾਲ ਇਕੱਠੇ ਬੈਠਿਆਂ ਆਪਣੀ ਜ਼ਿੰਦਗੀ ਬਾਰੇ ਫੈਸਲੇ ਲੈਂਦਿਆਂ ਨਹੀਂ ਵੇਖ ਸਕਦਾ (ਫਿਰ ਭਾਵੇਂ ਕਾਨੂੰਨ ਮੁਤਾਬਕ ਉਹ ਬਾਲਗ ਹੋਣ ਜਾਂ ਫਿਰ ਸੰਵਿਧਾਨ ਮੁਤਾਬਕ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੋਵੇ)। ਇਸੇ ਦੀ ਤਾਜ਼ਾ ਮਿਸਾਲ ਸੀ 24 ਜਨਵਰੀ 2009 ਨੂੰ ਕਰਨਾਟਕਾ ਦੇ ਮੈਂਗਲੋਰ ‘ਚ ਵਾਪਰੀ ਘਟਨਾ ਜਿੱਥੇ ਇੱਕ ਕੱਟੜਪੰਥੀ ਹਿੰਦੂ ਜਥੇਬੰਦੀ ਰਾਮਸੈਨਾ ਦੇ ਗੁੰਡਿਆਂ ਵੱਲੋਂ ਸ਼ਾਮ ਵੇਲੇ ਇੱਕ ਪੱਬ ‘ਚ ਨੱਚ ਗਾ ਕੇ ਹਫਤੇ ਭਰ ਦੀ ਸਰੀਰਕ ਅਤੇ ਜ਼ਿਹਨੀ ਥਕਾਣ ਮਿਟਾ ਰਹੇ ਮੁੰਡੇ ਕੁੜੀਆਂ ‘ਤੇ ਹਮਲਾ ਕਰ ਦਿੱਤਾ ਗਿਆ।ਇਸ ਹਮਲੇ ਵਿੱਚ ਮੁੰਡਿਆਂ ਨਾਲੋਂ ਕਿਤੇ ਵੱਧਕੇ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਸ਼ਰੇਆਮ ਕੁੜੀਆਂ ‘ਤੇ ਹੱਥ ਚੁੱਕਿਆ ਗਿਆ।ਹਮਲਾਵਰਾਂ ਦਾ ਤਰਕ ਹੈ ਕਿ ਉਨ੍ਹਾਂ ਨੇ ਇਹ ਕੰਮ ਭਾਰਤੀ ਸੱਭਿਆਚਾਰ ਦੀ ਰੱਖਿਆ ਲਈ ਕੀਤਾ।ਪਰ ਸਭ ਤੋਂ ਪਹਿਲਾ ਸਵਾਲ ਹੀ ਇਸ ਗੱਲ ‘ਤੇ ਉੱਠਦਾ ਹੈ ਕਿ ਕੀ ਕੁੜੀਆਂ ‘ਤੇ ਹੱਥ ਚੁੱਕਣਾ ਕੀ ਭਾਰਤੀ ਸੱਭਿਆਚਾਰ ਦਾ ਹਿੱਸਾ ਹੈ?ਦੂਜਾ ਸਵਾਲ ਹੈ ਕਿ ਭਾਰਤੀ ਸੱਭਿਆਚਾਰ ‘ਚ ਵਿਗਾੜ ਲਿਆੳਦੇ,ਇਹਨਾਂ ਪੱਬਾਂ ਨੂੰ ਖੋਲਣ ਦੀ ਮਨਜ਼ੂਰੀ ਕੌਣ ਦਿੰਦਾ ਹੈ।ਕੀ ਸੱਭਿਆਚਾਰ ਨੂੰ ਸਾਂਭਣ ਲਈ ਨਿਸ਼ਾਨੇ ‘ਤੇ ਮਨਜ਼੍ਰਰੀ ਦੇਣ ਵਾਲੇ ਹੋਣੇ ਚਾਹੀਦੇ ਹਨ ਜਾਂ ਆਮ ਲੋਕ। ਸੱਭਿਆਚਾਰ ਦੀ ਗੱਲ ਕਰਨ ਵਾਲੇ ਸ਼ਾਇਦ ਇਹ ਜਾਣਦੇ ਹੀ ਨਹੀਂੇ ਕਿ ਸੱਭਿਆਚਾਰ ਕੋਈ ਲਿਖਿਆ ਹੋਇਆ ਜਾਂ ਗਿਣਿਆ ਮਿੱਥਿਆ ਹਿਸਾਬ ਕਿਤਾਬ ਨਹੀਂ ਹੈ ਬਲਕਿ ਸੱਭਿਆਚਾਰ ਉਹ ਜੀਵਨ ਧਾਰਾ ਹੈ ਜਿਸ ਵਿੱਚ ਰੋਜ਼ਾਨਾ ਕੁੱਝ ਨਾ ਕੁੱਝ ਨਵਾਂ ਜੁੜਦਾ ਹੈ ਕੁੱਝ ਪੁਰਾਣੇ ਬੇਕਾਰ ਹੋ ਚੁੱਕੇ ਵਿਚਾਰ ਤਿਆਗਣੇ ਪੈਂਦੇ ਨੇ।ਜੇ ਅਜਿਹਾ ਨਾ ਹੁੰਦਾ ਤਾਂ ਅੱਜ ਨਾ ਤਾਂ ਕੋਈ ਜਾਤ-ਪਾਤ ਹੁੰਦੀ ਨਾ ਮਜ਼ਹਬ, ਨਾ ਮੁੰਡੇ ਕੁੜੀ ‘ਚ ਕੋਈ ਫਰਕ ਤੇ ਨਾ ਹੀ ਕਾਲੇ-ਗੋਰੇ ਦਾ ਕੋਈ ਭੇਦ ਹੁੰਦਾ, ਜੇ ਕੋਈ ਸੱਭਿਆਚਾਰ ਹੁੰਦਾ ਤਾਂ ਬੱਸ ਮਨੁੱਖਤਾ ਦਾ ਹੁੰਦਾ। ਖੈਰ ਜੀਵਨ ਦਾ ਪਹੀਆ ਘੁੰਮਿਆ ਤੇ ਮਨੁੱਖਤਾ ਕਾਇਮ ਨਾ ਰਹਿ ਸਕੀ ਅਤੇ ਜਾਤ-ਪਾਤ,ਮਜ਼ਹਬ ਅਤੇ ਰੰਗਭੇਦ ਵਰਗੀਆਂ ਬੁਰਾਈਆਂ ਸਮਾਜ ਦਾ ਹਿੱਸਾ ਬਣ ਗਈਆਂ ਤੇ ਅੱਗੇ ਚੱਲਕੇ ਇਹੀ ਸਭ ਬਣ ਗਿਆ ਸੱਭਿਆਚਾਰ।ਸੱਭਿਆਚਾਰ ਨੂੰ ਜੜ੍ਹ ਵਸਤੁ ਮੰਨ ਕੇ ਨਿਰਦੋਸ਼ ਕੜੀ-ਮੁੰਡਿਆਂ ‘ਤੇ ਹਮਲਾ ਕਰਨ ਵਾਲੇ ਕੀ ਮੈਨੂੰ ਇਹ ਦੱਸ ਸਕਦੇ ਨੇ ਕਿ ਜਿਸ ਵਿਚਾਰਧਾਰਾ ਦੇ ਪਿੱਛਲੱਗੂ ਬਣ ਕੇ ਇਨ੍ਹਾਂ ਨੇ ਇਹ ਕਾਰਾ ਕੀਤਾ ਉਸ ਵਿਚਾਰਧਾਰਾ ਵਾਲਿਆਂ ਕੋਲ ਨਿੱਕਰ ਤੇ ਸ਼ਰਟ ਪਾਉਣ ਦਾ ਵਿਚਾਰ ਕਿੱਥੋਂ ਆਇਆ (ਕਿਉਂਕਿ ਨਿੱਕਰ ਅਤੇ ਸ਼ਰਟ ਤਾਂ ਪੁਸ਼ਾਕ ਧਾਰਨ ਕਰਨ ਦਾ ਨਿਹਾਇਤ ਹੀ ਪੱਛਮੀ ਢੰਗ ਹੈ, ਭਾਰਤੀ ਸੱਭਿਆਚਾਰ ਵਿੱਚ ਤਾਂ ਨਿੱਕਰ ਦਾ ਸਥਾਨ ਹੀ ਨਹੀਂ)? ਇਸ ਘਟਨਾ ਨਾਲ ਜੁੜਿਆ ਇੱਕ ਪੱਖ ਇਹ ਵੀ ਹੈ ਕਿ ਜਿੰਨ੍ਹਾਂ ਲੋਕਾ ਨੇ ਇਸ ਵਾਕੇ ਨੂੰ ਅੰਜਾਮ ਦਿੱਤਾ ਉਹ ਆਪਣੇ ਆਪ ਨੂੰ ਹਿੰਦੂ ਸਮਾਜ ਦੇ ਪ੍ਰਤਿਨਿਧ ਕਹਿੰਦੇ ਹਨ ਤੇ ਹਿੰਦੂ ਅਪਣੇ ਆਪ ਨੂੰ ਸਭ ਤੋਂ ਉਦਾਰ ਅਤੇ ਖੁੱਲਦਿਲੇ ਕਹਿੰਦੇ ਨਹੀਂ ਥੱਕਦੇ, ਪਰ ਮੈਂਗਲੋਰ ‘ਚ ਕੀ ਹੋਇਆ ਸੀ ਇਨ੍ਹਾਂ ਉਦਾਰ ਹਿੰਦੂਆਂ ਨੂੰ ਜੋ ਉਨ੍ਹਾਂ ਕੁੜੀਆਂ ਨਾਲ ਕੱਟੜਪੰਥੀ ਮੁਸਲਮਾਨਾਂ ਜਾਂ ਕਹਿ ਲਈਏ ਤਾਲਿਬਾਨ ਵਰਗਾ ਕੱਟੜ ਰਵੱਈਆ ਅਪਣਾਇਆ (ਮੁਸਲਮਾਨਾਂ ‘ਤੇ ਕੱਟੜਪੰਥੀ ਹੋਣ ਦਾ ਇਲਜ਼ਾਮ ਵੀ ਵਧੇਰੇ ਕਰਕੇ ਆਰਐੱਸਐੱਸ ਨਾਲ ਜੁੜੀਆਂ ਜਥੇਬੰਦੀਆਂ ਵੱਲੋਂ ਹੀ ਲਾਇਆ ਜਾਂਦਾ ਹੈ)? ਇਸਨੂੰ ਸਾਡੇ ਜਮਹੂਰੀ ਸਮਾਜ ਦੀ ਤ੍ਰਾਸਦੀ ਹੀ ਕਿਹਾ ਜਾ ਸਕਦਾ ਹੈ ਕਿ ਆਏ ਸਾਲ ਉੱਤਰਪ੍ਰਦੇਸ਼ ਅਤੇ ਹਰਿਆਣਾ ਦੀਆਂ ਪਰੰਪਰਾਵਾਦੀ ਤੇ ਬਿਰਾਦਰੀ ‘ਤੇ ਆਧਾਰਤ ਪੰਚਾਇਤਾਂ ਵੱਲੋਂ ਸੈਂਕੜੇ ਪ੍ਰੇਮੀ ਜੋੜਿਆਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਸਾਡੀਆਂ ‘ਜਮਹੂਰੀ’ ਅਦਾਲਤਾਂ ਤੇ ਪ੍ਰਸ਼ਾਸਨ ਅੱਖਾਂ ਮੀਚ ਕੇ ਚੁੱਪ ਰਹਿਣ ‘ਚ ਹੀ ਭਲਾਈ ਸਮਝਦਾ ਹੈ (ਇਹ ਹਾਲਾਤ ਉਸ ਸਮਾਜ ਦੇ ਨੇ ਜਿਸਦਾ ਦੇਵਤਾ “ਕ੍ਰਿਸ਼ਨ” ਕਈ-ਕਈ ਗੋਪੀਆਂ ਦੇ ਨਾਲ ਰਾਸਲੀਲਾ ਕਰਦਾ ਹੈ ਤੇ ਪਿਆਰ ਦਾ ਸੰਦੇਸ਼ ਦਿੰਦਾ ਹੈ….ਇਹ ਗੱਲ ਵੱਖਰੀ ਹੈ ਕਿ ਇਹੀ ਰੂੜ੍ਹੀਵਾਦੀ ਭਾਰਤੀ ਸਮਾਜ ਮੰਚ ‘ਤੇ ਖੇਡੀ ਜਾਂਦੀ ਰਾਸਲੀਲਾ ਨੂੰ ਤਾਂ ਭਗਤੀ ਦਾ ਨਾਟਕ ਕਰਦੇ ਹੋਏ ਬੜੇ ਸ਼ਰਧਾ ਭਾਵ ਨਾਲ ਵੇਖਦਾ ਹੈ, ਪਰ ਅਸਲ ਜੀਵਨ ‘ਚ ਕੁੜੀ ਮੁੰਡੇ ਦਰਮਿਆਨ ਬਣੇ ਪ੍ਰੇਮ ਸਬੰਧ ਇਸਨੂੰ ਹਜ਼ਮ ਨਹੀਂ ਹੁੰਦੇ)। ਖੈਰ ਇਹ ਤਾਂ ਸੀ ਭਾਰਤੀ ਸਮਾਜ ਦੀ ਗੱਲ, ਉਸਦੇ ਦੋਗਲੇਪਣ ਦੀ ਗੱਲ ਅਤੇ ਉਸਦੇ ਖੋਖਲੇਪਣ ਦੀ ਗੱਲ। ਜੇ ਨਿਗਾਂਹ ਮਾਰੀਏ ਭਾਰਤੀ ਸਿਆਸਤ ਵੱਲ ਤਾਂ ਉਸਦਾ ਕਿਰਦਾਰ ਵੀ ਓਨਾਂ ਹੀ ਦੋਗਲਾ ਹੈ ਅਤੇ ਇਸ ਦਾ ਕਾਰਨ ਵੀ ਇਹੀ ਹੈ ਯਾਨਿ ਸਾਡਾ ਪਰੰਪਰਾਵਾਦੀ, ਜੜ੍ਹ-ਮੂੜ੍ਹ ਸਮਾਜ।ਸਾਡੇ ਚਲਾਕ ਸਿਆਸਤਦਾਨ ਸਮਾਜ ਦੀਆਂ ਇਨ੍ਹਾਂ ਕਮਜ਼ੋਰੀਆਂ ਦਾ ਲਾਹਾ ਚੁੱਕਣ ਤੋਂ ਭੋਰਾ ਵੀ ਨਹੀਂ ਖੁੰਝਦੇ। ਜਾਤ-ਪਾਤ, ਮਜ਼ਹਬ, ਰੀਤਾ-ਰਿਵਾਇਤਾਂ, ਖੇਤਰ ਕੋਈ ਵੀ ਚੀਜ਼ ਅਜਿਹੀ ਨਹੀਂ ਜਿਸਦਾ ਫਾਇਦਾ ਮੌਜੂਦਾ ਭਾਰਤੀ ਸਿਆਸੀ ਸਿਸਟਮ ਵੱਲੋਂ ਵੋਟਾਂ ਦਾ ਜੁਗਾੜ ਕਰਨ ਲਈ ਨਾ ਚੁੱਕਿਆ ਜਾ ਰਿਹਾ ਹੋਵੇ। ਗੁਜਰਾਤ, ਦਿੱਲੀ, ਅਯੋਧਿਆ, ਪੰਜਾਬ ਹਰ ਥਾਂ 'ਤੇ ਹੋਏ ਮਜ਼ਹਬੀ ਦੰਗੇ ਜਾਂ ਕਤਲੇਆਮ ਵੋਟਾਂ ਦੀ ਸਿਆਸਤ ਦਾ ਹੀ ਹਿੱਸਾ ਸਨ। ਸਾਡੇ ਇਹ ਜੁਗਾੜੀ ਸਿਆਸਤਦਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਜਦੋਂ ਤੱਕ ਸਾਡੇ ਸਮਾਜ 'ਚ ਜਾਤ-ਪਾਤ, ਧਰਮ ਆਦਿ ਦੇ ਨਾਂ 'ਤੇ ਵੰਡੀਆਂ ਪਈਆਂ ਰਹਿਣਗੀਆਂ ਉਦੋਂ ਤੱਕ ਉਹ ਆਪਣੀਆਂ ਅਤੇ ਆਪਣੇ 'ਦੇਸੀ ਤੇ ਵਿਦੇਸ਼ੀ ਆਕਾਵਾਂ' ਦੀਆਂ ਰੋਟੀਆਂ ਸੇਕ ਸਕਣਗੇ (ਬਤੌਰ ਭਗਤ ਸਿੰਘ- ਜੇ ਕਾਂਗਰਸ ਦੀਆਂ ਨੀਤੀਆਂ ਤਹਿਤ ਆਜ਼ਾਦੀ ਮਿਲਦੀ ਹੈ ਤਾਂ ਇਹ ਆਜ਼ਾਦੀ ਨਹੀਂ ਮਹਿਜ਼ ਸੱਤਾ ਦਾ ਵਟਾਂਦਰਾ ਹੋਵੇਗਾ ਅਤੇ ਸੱਤਾ ਗੋਰੇ ਹੱਥਾਂ 'ਚੋਂ ਨਿਕਲ ਕੇ ਕਾਲੇ ਹੱਥਾਂ 'ਚ ਆ ਜਾਵੇਗੀ)। ਤੁਹਾਡੇ ਸਾਹਮਣੇ ਹੈ ਕਿ ਭਗਤ ਦਾ ਕਹਿਣਾ ਅੱਜ ਸੱਚ ਸਾਬਤ ਹੋ ਰਿਹਾ ਹੈ ਅਤੇ ਇੱਕ ਪਾਸੇ ਜਿੱਥੇ ਸਾਡੇ ਜਮਹੂਰੀ ਮੁਲਕ ਵਿੱਚ ਜਮਹੂਰੀਅਤ ਸਿਰਫ ਸਰਮਾਏਦਾਰ ਲੋਕਾਂ ਦੇ ਹੱਥ ਦੀ ਕੱਠਪੁਤਲੀ ਬਣ ਕੇ ਰਹਿ ਗਈ ਹੈ, ਉੱਥੇ ਹੀ ਅੰਗਰੇਜ਼ਾਂ ਦੀ ''ਫੁੱਟ ਪਾਓ ਰਾਜ ਕਰੋ" ਦੀ ਨੀਤੀ ਤਹਿਤ ਅੱਜ ਦੇ ਸਿਆਸਤਦਾਨ ਸਮਾਜ ਵਿੱਚ ਫੁੱਟ ਪਾ ਕੇ ਰਾਜ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਇਹੀ ਕਾਰਨ ਹੈ ਕਿ ਅੱਜ ਵੀ ਕਦੇ ਨੰਦੀਗ੍ਰਾਮ ਅਤੇ ਸਿੰਗੂਰ ਵਾਪਰ ਰਹੇ ਨੇ ਤੇ ਕਦੇ ਕੰਧਮਾਲ ਵਿੱਚ ਇਸਾਈਆਂ ਦਾ ਕਤਲੇਆਮ ਹੋ ਰਿਹਾ ਹੈ। ਭਾਰਤੀ ਸਿਆਸਤਦਾਨ ਨਹੀਂ ਚਾਹੁੰਦੇ ਕਿ ਭਾਰਤੀ ਸਮਾਜ ਆਪਣੀ ਪੁਰਾਣੀ ਪੈ ਚੁੱਕੀ ਦਕਿਆਨੂਸੀ ਸੋਚ ਨੂੰ ਬਦਲੇ ਅਤੇ ਸੌੜੀ ਮਾਨਸਿਕਤਾ ਤੋਂ ਬਾਹਰ ਆਏ। ਸੋਚੋ ਜੇ ਕਿਤੇ ਅਜਿਹਾ ਹੋ ਗਿਆ ਤਾਂ ਭਾਜਪਾ, ਸ਼ਿਵਸੈਨਾ, ਮਹਾਰਾਸ਼ਟਰ ਨਵ ਨਿਰਮਾਣ ਸੈਨਾ ਨੂੰ ਕੌਣ ਪੁੱਛੇਗਾ? ਕਾਂਗਰਸ ਮੁਸਲਿਮ ਕਾਰਡ ਕਿਵੇਂ ਖੇਡੇਗੀ ਅਤੇ ਮੁੱਖ ਧਾਰਾ ਦੇ ਖੱਬੇ ਪੱਖੀ ਲੋਕਾਂ ਦੇ ਭਲੇ ਦੇ ਨਾਂ 'ਤੇ ਉਨ੍ਹਾਂ ਦੀਆਂ ਜ਼ਮੀਨਾਂ ਕਿਵੇਂ ਹਥਿਆਉਣਗੇ? ਜੀ ਹਾਂ ਇਹ ਸਭ ਕੁੱਝ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡਾ ਭਾਰਤੀ ਸਮਾਜ ਖੁੱਲੇ ਦਿਮਾਗ ਨਾਲ ਸੋਚਣਾ ਸ਼ੁਰੂ ਨਹੀਂ ਕਰਦਾ, ਇਹ ਸਭ ਕੁੱਝ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਅਸੀਂ ਆਪਣੇ ਆਲੇ-ਦੁਆਲੇ ਵਾਪਰਦੇ ਅਨਿਆਂ ਨੂੰ ਅੱਖਾਂ ਮੀਚ ਕੇ ਵੇਖਦੇ, ਸਹਿੰਦੇ ਤੇ ਅਣਗੌਲਿਆਂ ਕਰਦੇ ਰਹਾਂਗੇ। ਇਹ ਸਭ ਕੁੱਝ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਆਪਣੇ ਆਪ ਨੂੰ ਦੇਸ਼ਭਗਤ ਕਹਿਣ ਵਾਲੇ ਲੋਕ ਆਪਣੇ ਮੁਲਕ ਦੀਆਂ ਖਾਮੀਆਂ ਸਾਹਮਣੇ ਆਉਣ 'ਤੇ ਉਨ੍ਹਾਂ 'ਤੇ ਪਰਦਾ ਪਾਉਂਦੇ ਰਹਿਣਗੇ ਅਤੇ ਕਰਲਾਉਂਦੇ ਰਹਿਣਗੇ। ਜਦੋਂ ਤੱਕ ਸਾਡੇ ਮੁਲਕ 'ਚੋਂ ਇਹ ਵਰਤਾਰਾ ਖਤਮ ਨਹੀਂ ਹੁੰਦਾ ਉਦੋਂ ਤੱਕ..ਤਸਲੀਮਾ ਨਸਰੀਨ...ਵਰਗੀਆਂ ਤ੍ਰਾਸਦੀਆਂ ਵਾਪਰਦੀਆਂ ਰਹਿਣਗੀਆਂ ਅਤੇ ਮੈਂਗਲੋਰ ਵਰਗੀ ਘਟਨਾ ਆਏ ਦਿਨ ਸੁਣਨ ਨੂੰ ਮਿਲਦੀ ਰਹੇਗੀ...ਵੈਲੰਟਾਈਨ ਜ਼ੁਲਮ ਸਹਿੰਦਾ ਹੋਇਆ ਸਿਸਕਦਾ ਰਹੇਗਾ।
ਹਰਪ੍ਰੀਤ ਰਠੌੜ
ਵੰਨਗੀ :
ਅਨੋਖਾ ਲੋਕਤੰਤਰ
Subscribe to:
Post Comments (Atom)
ਇਹ ਤੁਹਾਡੀ ਗੱਲ਼ ਅਤੇ ਲੇਖ ਬਹੁਤ ਸਹੀਂ ਮੁੱਦਾ ਹੈ, ਸੱਭਿਆਚਾਰ
ReplyDeleteਕਿਸੇ ਦੇ ਪਿਉ ਦੀ ਜੱਦੀ-ਜਾਇਦਾਦ ਨਹੀਂ ਅਤੇ ਸੱਭਿਆਚਾਰ ਤਾਂ ਤਰੱਕੀ ਦਾ ਨਾਂ ਹੈ, ਜਿਸ ਵਿੱਚ ਖੜੋਤ ਆਉਣਾ ਅਸੰਭਵ ਜਿਹਾ ਹੈ।
ਭਗਤ ਸਿੰਘ ਦੇ ਸੁਫਨੇ ਤਾਂ ਹਕੀਕਤ ਬਣ ਨਹੀਂ ਸਕੇ ਤਾਂ ਹੀ ਤਾਂ
60 ਸਾਲਾਂ ਬਾਅਦ ਭਗਤ ਸਿੰਘ ਦੀ ਤਸਵੀਰ ਉੱਥੇ ਲੱਗੀ, ਜਿੱਥੇ
ਕਾਨੂੰਨ ਬਣਦੇ ਹਨ। ਨਾਂ ਲੈਣਾ ਤਾਂ ਮਜ਼ਬੂਰੀ ਹੈ, ਪਰ ਵਿਚਾਰਧਾਰਾ
ਅਪਨਾਉਣੀ ਅਤੇ ਆਪਣੇ ਆਪ ਨੂੰ ਵਿਕਾਸ ਦਾ ਹਾਮੀ ਬਣਾਉਣਾ
ਬਹੁਤ ਵੱਡਾ ਮੀਲ ਪੱਥਰ ਹੈ। ਮੈਨੂੰ ਇਸ ਵਿੱਚ ਭੋਰਾ ਵੀ ਸ਼ੱਕ ਨਹੀਂ ਕਿ
ਦੇਸ਼ ਦੀ ਹਾਲਤ ਕਾਲੇ ਭੰਬੂਆਂ ਕਰਕੇ ਹੀ ਹੈ, ਜੋ ਨਾਂ ਤਾਂ ਭਾਵੇਂ ਭਗਤ
ਸਿੰਘ ਦਾ ਲੈਣ, ਪਰ ਕਦਮ-ਤਾਲ ਗੋਰਿਆਂ ਨਾਲ ਹੀ ਮਿਲਾਉਦੇ ਹਨ।
ਇਹ ਕੱਟੜਤਾ, ਭਾਵੇਂ ਧਰਮ ਦੇ ਨਾਂ ਉੱਤੇ ਹੈ ਜਾਂ ਸੂਬੇ ਦੇ ਜਾਂ ਬੋਲੀ ਦੇ, ਦੇਸ਼ ਨੂੰ ਕਮਜ਼ੋਰ ਕਰਨ ਤੋਂ ਬਿਨਾਂ ਕੁਝ ਵੀ ਨਹੀਂ। ਸਭਿਆਚਾਰ ਦੀ ਗੱਲ਼ ਕਰਨ ਵਾਲੇ ਘਰੇ ਖੁਦ ਕੀ ਕਰਦੇ ਹਨ, ਇਹ ਸਭ ਜਾਣਦੇ ਹਨ। ਨੇਤਾਵਾਂ ਨੂੰ ਮੁੱਦਾ ਚਾਹੀਦਾ ਹੈ, ਰਾਜਨੀਤੀ ਇੱਕ ਫ਼ਰਜ਼ ਬਣਨ ਦੀ ਬਜਾਏ, ਅਧਿਕਾਰ ਬਣ ਗਈ ਹੈ, ਜੋ ਕਿ ਤਾਕਤ ਦਾ ਪਰਤੀਕ ਬਣ ਕੇ ਰਹਿ ਗਈ।
VERY NICE.......
ReplyDelete