ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਸਾਹਿਤ. Show all posts
Showing posts with label ਸਾਹਿਤ. Show all posts

Tuesday, October 13, 2015

ਤਿਆਗੀ ਲੇਖਕ ਯੋਧਿਆਂ ਨੂੰ ਸਾਡਾ ਸਲਾਮ

ਤਕਾਲੀ ਘਟਨਾਕ੍ਰਮ ਦੌਰਾਨ ਕੁਝ ਦੁਖਦਾਈ ਵਾਰਦਾਤਾਂ ਵਾਪਰੀਆਂ। ਦੋ ਗ਼ੈਰ-ਪੰਜਾਬੀ ਨਾਮਵਰ ਲੇਖਕਾਂ ਪ੍ਰੋ: ਕਲਬੁਰਗੀ ਅਤੇ ਨਰਿੰਦਰ ਦਬੋਲਕਰ ਦੀ ਹੱਤਿਆ ਇਸ ਕਰਕੇ ਕੀਤੀ ਗਈ ਕਿਉਂਕਿ ਉਕਤ ਦਾਨਸ਼ਵਰ ਫ਼ਿਰਕਾਪ੍ਰਸਤੀ ਅਤੇ ਧਾਰਮਿਕ ਅੰਧਵਿਸ਼ਵਾਸ ਖਿਲਾਫ਼ ਝੰਡਾ-ਬਰਦਾਰ ਸਨ। ਇਨ੍ਹਾਂ ਦੀ ਹੱਤਿਆ ਪਿੱਛੇ ਹਿੰਦੂਤਵੀ ਤਾਕਤਾਂ ਤਾਂ ਸਨ ਹੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦਾ ਮੰਤਰੀ-ਮੰਡਲ ਮੂਕ ਦਰਸ਼ਕ ਬਣਿਆ ਰਿਹਾ। ਸਥਿਤੀ ਨੂੰ ਵਾਚਣ ਵਾਲੇ ਲੋਕ ਇਸ ਨਤੀਜੇ 'ਤੇ ਪਹੁੰਚੇ ਕਿ ਇਨ੍ਹਾਂ ਕਤਲਾਂ ਪਿੱਛੇ ਸਰਕਾਰੀ ਸ਼ਹਿ ਸੀ ਅਤੇ ਸਰਕਾਰ ਦੀ ਹਮਦਰਦੀ ਮਕਤੂਲਾਂ ਨਾਲ ਹੋਣ ਦੀ ਬਜਾਇ ਕਾਤਲਾਂ ਨਾਲ ਸੀ। ਇਹ ਸਰਕਾਰੀ ਵਰਤਾਰਾ ਨਿੰਦਣਯੋਗ ਅਤੇ ਦੁਖਦਾਈ ਹੈ। 


ਦੂਜੀ ਵੱਡੀ ਘਟਨਾ ਦਾਦਰੀ ਲਾਗੇ ਵਾਪਰੀ ਜਿਸ ਵਿਚ ਇਕ ਮੁਸਲਮਾਨ ਪਰਿਵਾਰ ਉੱਪਰ ਹਿੰਦੂ ਕੱਟੜਪੰਥੀਆਂ ਨੇ ਇਸ ਲਈ ਕਾਤਲਾਨਾ ਹਮਲਾ ਕੀਤਾ, ਕਿਉਂਕਿ ਉਨ੍ਹਾਂ ਨੂੰ ਇਹ ਸ਼ੱਕ ਪੈ ਗਿਆ ਸੀ ਕਿ ਮੁਸਲਮਾਨ ਪਰਿਵਾਰ ਦੇ ਚੁੱਲ੍ਹੇ ਉੱਪਰ ਗਊ ਮਾਸ ਪਕਾਇਆ ਜਾ ਰਿਹਾ ਹੈ। ਮੰਦਰ ਦੇ ਲਾਊਡ ਸਪੀਕਰ ਤੋਂ ਐਲਾਨ ਕਰਕੇ ਹਜੂਮ ਹਮਲਾ ਕਰਨ ਲਈ ਤੁਰਿਆ ਅਤੇ ਵਹਿਸ਼ੀਆਨਾ ਵਾਰਦਾਤ ਸਰਅੰਜਾਮ ਕੀਤੀ। ਕਾਤਲਾਂ ਨੂੰ ਫੜ ਕੇ ਸੰਗੀਨ ਅਪਰਾਧ ਕਾਰਨ ਮੁਕੱਦਮਾ ਦਰਜ ਕਰਨ ਦੀ ਬਜਾਇ ਪੁਲਸ ਰਿੱਝਦੇ ਹੋਏ ਮੀਟ ਨੂੰ ਪਰਖਣ ਲਈ ਪ੍ਰਯੋਗਸ਼ਾਲਾਵਾਂ ਵਿਚ ਭੇਜਣ 'ਚ ਰੁੱਝ ਗਈ। ਅਰਥ ਇਹ ਹੋਇਆ ਕਿ ਜੇ ਵਾਕਈ ਹੀ ਮੀਟ ਗਾਂ ਦਾ ਹੋਇਆ ਤਾਂ ਇਹ ਕਤਲ ਜਾਇਜ਼ ਹਨ। ਇਨ੍ਹਾਂ ਦੋ ਘਟਨਾਵਾਂ ਨੇ ਭਾਰਤ ਨੂੰ ਹਿਲਾ ਦਿੱਤਾ। 


ਸਰਕਾਰ ਦਾ ਅਜਿਹਾ ਫਿਰਕੂ ਰਵੱਈਆ ਦੇਖਦਿਆਂ ਹੋਇਆਂ ਨਾਮਵਰ ਲੇਖਕਾਂ ਨੇ ਆਪੋ ਆਪਣੇ ਪ੍ਰਾਪਤ ਕੀਤੇ ਮਾਣ-ਸਨਮਾਨ ਵਾਪਸ ਕਰਨੇ ਸ਼ੁਰੂ ਕਰ ਦਿੱਤੇ। ਇਨਾਮ ਵਾਪਸ ਕਰਨ ਵਾਲੇ ਮੋਢੀਆਂ ਵਿਚ ਸ੍ਰੀ ਉਦੈ ਪ੍ਰਕਾਸ਼, ਨਯਨਤਾਰਾ ਸਹਿਗਲ, ਅਸ਼ੋਕ ਵਾਜਪਾਈ, ਰਹਿਮਾਨ ਅੱਬਾਸ, ਸ਼ਸ਼ੀ ਦੇਸ਼ਪਾਂਡੇ, ਸਾਰਾ ਜੋਜ਼ਫ ਅਤੇ ਕੇ. ਸਚਿਦਾਨੰਦਨ ਹਨ। ਅਸੀਂ ਦਿਲਚਸਪੀ ਅਤੇ ਉਤੇਜਨਾ ਨਾਲ ਦੇਖ ਰਹੇ ਸਾਂ ਕਿ ਇਸ ਦਿਸ਼ਾ ਵਿਚ ਪੰਜਾਬ ਕੀ ਭੂਮਿਕਾ ਨਿਭਾਏਗਾ। ਸਭ ਤੋਂ ਪਹਿਲੀ ਖਬਰ ਮਿਲੀ ਕਿ ਉੱਘੇ ਕਹਾਣੀਕਾਰ, ਨਾਵਲਕਾਰ, ਵਾਰਤਾਕਾਰ ਅਤੇ ਸੰਪਾਦਕ-ਪੱਤਰਕਾਰ ਸ: ਗੁਰਬਚਨ ਸਿੰਘ ਭੁੱਲਰ ਨੇ ਸਾਹਿਤ ਅਕਾਦਮੀ ਦਾ ਨਾਮਵਰ ਪੁਰਸਕਾਰ ਰੋਸ ਵਜੋਂ ਵਾਪਸ ਕਰ ਦਿੱਤਾ। ਉਨ੍ਹਾਂ ਪਿੱਛੋਂ ਅਜਮੇਰ ਔਲਖ, ਵਰਿਆਮ ਸੰਧੂ, ਆਤਮਜੀਤ ਅਤੇ ਮੇਘਰਾਜ ਮਿੱਤਰ ਨੇ ਆਪੋ ਆਪਣੇ ਸਨਮਾਨ ਵਾਪਸ ਕੀਤੇ। ਇਨ੍ਹਾਂ ਪਿੱਛੋਂ ਸੁਰਜੀਤ ਪਾਤਰ, ਬਲਦੇਵ ਸਿੰਘ ਸੜਕਨਾਮਾ, ਗਜ਼ਲਗੋ ਜਸਵਿੰਦਰ ਅਤੇ ਦਰਸ਼ਨ ਬੁੱਟਰ ਨੇ ਆਪਣੇ ਸਨਮਾਨ ਚਿੰਨ੍ਹ ਤਿਆਗ ਦਿੱਤੇ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਲੜੀ ਵਿਚ ਕੰਨੜ ਭਾਸ਼ਾ ਦੇ ਸੱਤ ਲੇਖਕ ਪਹਿਲਾਂ ਹੀ ਸਰਕਾਰੀ ਸਨਮਾਨ ਵਾਪਸ ਕਰ ਚੁੱਕੇ ਹਨ। ਪੰਜਾਬੀ ਦੀ ਉੱਘੀ ਕਹਾਣੀਕਾਰਾ ਡਾ: ਦਲੀਪ ਕੌਰ ਟਿਵਾਣਾ ਵੱਲੋਂ ਵੀ ਪਦਮਸ੍ਰੀ ਸਨਮਾਨ ਵਾਪਸ ਕਰ ਦਿੱਤਾ ਗਿਆ ਹੈ।


ਸੰਗੀਨ ਦੁਖਦਾਈ ਘੜੀ ਵਿਚ ਪੰਜਾਬੀਆਂ ਵੱਲੋਂ ਦਿਖਾਇਆ ਤਿਆਗ ਹਿੰਦੁਸਤਾਨ ਦੀ ਰਹਿਨੁਮਾਈ ਕਰੇਗਾ, ਕਿਉਂਕਿ ਪੰਜਾਬੀ ਸਾਹਿਤਕਾਰਾਂ ਨੇ ਗ਼ੈਰ-ਪੰਜਾਬੀ ਹਿਤਾਂ ਦੀ ਰੱਖਿਆ ਵਾਸਤੇ ਆਪੋ ਆਪਣੇ ਸਨਮਾਨ ਚਿੰਨ੍ਹ ਵਾਪਸ ਕਰ ਦਿੱਤੇ। ਇਸ ਮੌਕੇ 'ਤੇ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਟ੍ਰਿਬਿਊਨਜ਼ ਨੇ ਇਸ ਪ੍ਰਸੰਗ ਵਿਚ ਤਾਕਤਵਰ ਸੰਪਾਦਕੀ ਲਿਖੇ। ਸ੍ਰੀ ਹਰੀਸ਼ ਖਰੇ ਨੇ ਦੁਖਿਆਰਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਮਾਰਟਿਨ ਨਿਮੋਲਰ ਦੀਆਂ ਪੰਕਤੀਆਂ ਦੁਹਰਾਈਆਂ ਜਿਹੜੀਆਂ ਉਸ ਨੇ ਜਰਮਨ ਫਾਸ਼ੀਵਾਦ ਵਿਰੁੱਧ ਲਿਖੀਆਂ ਸਨ- 

ਪਹਿਲਾਂ ਉਹ ਸੋਸ਼ਲਿਸਟਾਂ ਨੂੰ ਫੁੰਡਣ ਆਏ 
ਮੈਂ ਖਾਮੋਸ਼ ਰਿਹਾ ਕਿਉਂਕਿ ਮੈ ਸੋਸ਼ਲਿਸਟ ਨਹੀਂ ਸਾਂ। 
ਫਿਰ ਉਹ ਮਜ਼ਦੂਰ ਆਗੂਆਂ ਨੂੰ ਫੁੰਡਣ ਆਏ 
ਮੈਂ ਚੁੱਪ ਰਿਹਾ, ਮੈਂ ਕਿਹੜਾ ਮਜ਼ਦੂਰ ਆਗੂ ਸਾਂ। 
ਫਿਰ ਉਹ ਯਹੂਦੀਆਂ ਨੂੰ ਫੁੰਡਣ ਆਏ 
ਮੈਂ ਦੇਖਦਾ ਰਿਹਾ ਕਿਉਂਕਿ ਮੈਂ ਕਿਹੜਾ ਯਹੂਦੀ ਸਾਂ। 
ਫਿਰ ਉਹ ਮੇਰੇ ਉੱਪਰ ਹਮਲਾ ਕਰਨ ਆਏ 
ਮੈਂ ਇੱਕਲਾ ਰਹਿ ਗਿਆ, ਕੋਈ ਮੇਰੇ ਹੱਕ ਵਿਚ ਨਾ ਨਿੱਤਰਿਆ। 


ਕੁਝ ਕੁ ਮੁੱਠੀ ਭਰ ਤਮਾਸ਼ਬੀਨਾਂ ਨੇ ਸਨਮਾਨ ਤਿਆਗਣ ਵਾਲਿਆਂ ਦੀ ਇਹ ਕਹਿ ਕੇ ਖਿੱਲੀ ਉਡਾਈ ਕਿ ਇਨ੍ਹਾਂ ਨੇ ਕਾਗਜ਼ਾਂ ਦੇ ਸਰਟੀਫਿਕੇਟ ਵਾਪਸ ਕਰ ਦਿੱਤੇ ਪਰ ਸਰਕਾਰ ਵੱਲੋਂ ਪ੍ਰਾਪਤ ਧਨ ਰਾਸ਼ੀ ਨਹੀਂ ਮੋੜੀ। ਇਲਜ਼ਾਮ-ਤਰਾਸ਼ੀ ਕਰਨ ਵਾਲਿਆਂ ਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ ਕਿ ਇਨ੍ਹਾਂ ਸਾਰੇ ਲੇਖਕਾਂ ਨੇ ਰੋਸ ਵਜੋਂ ਸਰਕਾਰ ਨੂੰ ਲਿਖੇ ਪੱਤਰਾਂ ਨਾਲ ਸਨਮਾਨ ਰਾਸ਼ੀ ਦੇ ਚੈੱਕ ਨੱਥੀ ਕੀਤੇ ਸਨ। ਮੈਨੂੰ ਸੱਠਵਿਆਂ ਵਿਚ ਸੋਵੀਅਤ ਰੂਸ ਅੰਦਰ ਵਾਪਰੀ ਘਟਨਾ ਯਾਦ ਆਈ। ਨੋਬਲ ਇਨਾਮ ਜੇਤੂ ਨਾਵਲਕਾਰ ਸਿਕੰਦਰ ਸੋਲਜ਼ੇਨਿਤਸਨ ਨੂੰ ਸੋਵੀਅਤ ਲੇਖਕ ਸੰਘ ਨੇ ਇਸ ਕਰਕੇ ਛੇਕ ਦਿੱਤਾ ਸੀ ਕਿਉਂਕਿ ਉਹ ਕਮਿਊਨਿਸਟ ਨਹੀਂ ਸੀ। ਸੋਵੀਅਤ ਲੇਖਕ ਸੰਘ ਵਿਚੋਂ ਕੱਢੇ ਜਾਣ ਦਾ ਅਰਥ ਭੁੱਖਮਰੀ ਦੀ ਮੌਤ ਮਰਨਾ ਸੀ। ਸੋਲਜ਼ੇਨਿਤਸਨ ਇਸ ਕਰਕੇ ਬਚਿਆ ਰਿਹਾ ਕਿਉਂਕਿ ਉਸ ਦੀਆਂ ਲਿਖਤਾਂ ਪੱਛਮ ਵਿਚ ਧੜਾਧੜ ਛਪਣ ਲੱਗੀਆਂ। ਹੁਣ ਉਸ ਉੱਪਰ ਕਮਿਊਨਿਸਟਾਂ ਨੇ ਇਹ ਇਲਜ਼ਾਮ ਲਾਇਆ ਕਿ ਸੋਲਜ਼ੇਨਿਤਸਨ ਪੱਛਮ ਕੋਲ ਵਿਕ ਗਿਆ ਹੈ। ਇਹ ਇਲਜ਼ਾਮ ਪੜ੍ਹ ਕੇ ਸੋਲਜ਼ੇਨਿਤਸਨ ਨੇ ਐਲਾਨ ਕਰ ਦਿੱਤਾ ਕਿ ਉਹ ਪੱਛਮੀ ਪ੍ਰੈੱਸ ਤੋਂ ਭਵਿੱਖ ਵਿਚ ਰਾਇਲਟੀ ਦੇ ਪੈਸੇ ਨਹੀਂ ਲਵੇਗਾ। ਇਸ ਦੇ ਬਾਅਦ ਆਲੋਚਕਾਂ ਨੇ ਕਿਹਾ- ਸੋਲਜ਼ੇਨਿਤਸਨ ਹੁਣ ਪੈਸੇ ਨਾਲ ਪੱਛਮ ਦੀ ਮਦਦ ਕਰ ਰਿਹਾ ਹੈ। ਜਦੋਂ ਉਸ ਨੂੰ ਜਲਾਵਤਨ ਕਰ ਦਿੱਤਾ ਤਾਂ ਅਮਰੀਕਾ ਤੋਂ ਉਸ ਨੇ ਸੋਵੀਅਤ ਸਰਕਾਰ ਦੇ ਨਾਮ ਖੁੱਲ੍ਹਾ ਖ਼ਤ ਲਿਖਿਆ ਜਿਸ ਵਿਚ ਇਕ ਵਾਕ ਇਹ ਸੀ, 'ਤੁਸੀਂ ਆਪਣੇ ਦੇਸ਼ ਦੇ ਦੁਆਲੇ ਲੋਹੇ ਦੀਆਂ ਉੱਚੀਆਂ ਕੰਧਾਂ ਉਸਾਰ ਰੱਖੀਆਂ ਹਨ, ਇਨ੍ਹਾਂ ਕੰਧਾਂ ਨੂੰ ਢਾਹੋਗੇ ਤਾਂ ਦੇਖੋਗੇ ਕਿ ਬਾਹਰ ਤਾਂ ਕਦੋਂ ਦਾ ਸੂਰਜ ਚੜ੍ਹ ਚੁੱਕਿਆ ਹੈ।' 


ਪੰਜਾਬ ਦੇ ਲੇਖਕਾਂ ਨੇ ਇਸ ਮੌਕੇ ਸਾਰੀਆਂ ਹੱਦਬੰਦੀਆਂ ਤੋਂ ਉੱਪਰ ਉਠਦਿਆਂ ਜਿਵੇਂ ਭਾਰਤੀ ਮਜ਼ਲੂਮਾਂ ਦੇ ਹੱਕ ਵਿਚ ਆਪਣੇ ਸਨਮਾਨ ਤਿਆਗੇ ਹਨ, ਉਸ ਨਾਲ ਸਾਰੇ ਸੰਸਾਰ ਵਿਚ ਪੰਜਾਬ ਦਾ ਮਰਾਤਬਾ ਬੁਲੰਦ ਹੋਇਆ ਹੈ। ਦਿਲਚਸਪ ਤੱਥ ਇਹ ਹੈ ਕਿ ਸਨਮਾਨ ਵਾਪਸ ਕਰਨ ਵਾਲੇ ਲਗਪਗ ਸਾਰੇ ਪੰਜਾਬੀ ਖੱਬੇ-ਪੱਖੀ ਵਿਚਾਰਧਾਰਾ ਦੇ ਸਮਰਥਕ ਲੇਖਕ ਹਨ। ਇਨ੍ਹਾਂ ਨੇ ਜੋ ਫੈਸਲਾ ਇਸ ਦੁਖਦਾਈ ਘੜੀ ਵਿਚ ਲਿਆ, ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਯਾਦ ਕਰਵਾ ਦਿੰਦਾ ਹੈ ਜਿਨ੍ਹਾਂ ਨੇ ਉਸ ਤਿਲਕ ਜੰਜੂ ਦੀ ਸਲਾਮਤੀ ਵਾਸਤੇ ਜਾਨ ਦੇ ਦਿੱਤੀ ਸੀ, ਜਿਸ ਤਿਲਕ ਜੰਜੂ ਨੂੰ ਧਾਰਨ ਕਰਨ ਤੋਂ ਗੁਰੂ ਨਾਨਕ ਦੇਵ ਜੀ ਨੇ ਇਨਕਾਰ ਕਰ ਦਿੱਤਾ ਸੀ। ਵਿਦਰੋਹੀ ਪੰਜਾਬੀ ਸਾਹਿਤਕਾਰਾਂ ਦਾ ਫ਼ੈਸਲਾ ਮਨੁੱਖਤਾ ਦਾ ਸਿਰ ਉੱਚਾ ਕਰਦਾ ਹੈ। ਇਨ੍ਹਾਂ ਲੇਖਕਾਂ ਦੇ ਤਿਆਗਮਈ ਫ਼ੈਸਲੇ ਨੂੰ ਸਾਡਾ ਸਲਾਮ। 

ਹਰਪਾਲ ਸਿੰਘ ਪੰਨੂ
-ਮੋ: 094642-51454
'ਅਜੀਤ' ਤੋਂ ਧੰਨਵਾਦ ਸਾਹਿਤ

ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦੇ ਪਲਾਂ ਵਿੱਚ-ਸੁਰਜੀਤ ਪਾਤਰ

ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦੇ ਪਲਾਂ ਵਿੱਚ ਮੈਂ ਯਾਦਾਂ ਦੇ ਇੱਕ ਝੁਰਮਟ ਵਿੱਚ ਘਿਰਿਆ ਹੋਇਆ ਹਾਂ। ਇਹ ਪੁਰਸਕਾਰ ਮੈਨੂੰ 1993 ਵਿੱਚ ਮਿਲਿਆ ਸੀ, ਮੇਰੀ ਕਵਿਤਾ ਦੀ ਪੁਸਤਕ 'ਹਨ੍ਹੇਰੇ ਵਿੱਚ ਸੁਲਗਦੀ ਵਰਣਮਾਲਾ' ’ਤੇ। ਬਹੁਤ ਖ਼ੁਸ਼ੀ ਹੋਈ ਸੀ ਮੈਨੂੰ, ਓਨੀ ਹੀ ਖ਼ੁਸ਼ੀ ਜਿੰਨੀ ਪਹਿਲੀ ਵਾਰ ‘ਪ੍ਰੀਤ ਲੜੀ’ ਵਿੱਚ ਆਪਣੀਆਂ ਕਵਿਤਾਵਾਂ ਦਾ ਇੱਕ ਪੂਰਾ ਸਫ਼ਾ ਦੇਖ ਕੇ ਹੋਈ ਸੀ। ਖ਼ੁਸ਼ੀ ਨਾਲ ਨਮ ਅੱਖਾਂ ਨਾਲ ਮੈਂ ਧਰਤੀ ’ਤੇ ਝੁਕ ਕੇ ਕਿਸੇ ਅਦਿੱਖ ਸ਼ਕਤੀ ਨੂੰ ਨਮਸਕਾਰ ਕੀਤੀ ਸੀ। ਪੰਜਾਬੀ ਮਾਂ-ਬੋਲੀ ਤੇ ਇਸ ਦੇ ਬੋਲਣਹਾਰਿਆਂ ਨੂੰ ਮੱਥਾ ਟੇਕਿਆ ਸੀ। ਬਾਬਾ ਨਾਨਕ ਨੂੰ ਆਰਾਧਿਆ ਸੀ। ਆਪਣੇ ਮਾਤਾ ਪਿਤਾ ਨੂੰ ਯਾਦ ਕੀਤਾ ਸੀ। ਆਪਣੀ ਭਾਸ਼ਾ ਦੇ ਪ੍ਰਥਮ ਕਵੀ ਬਾਬਾ ਫ਼ਰੀਦ ਅੱਗੇ ਸਿਰ ਝੁਕਾਇਆ ਸੀ। ਮੇਰੀ ਖ਼ੁਸ਼ੀ ਹੋਰ ਵੀ ਵਧ ਗਈ ਸੀ ਜਦੋਂ ਮੈਨੂੰ ਪਤਾ ਲੱਗਾ ਸੀ ਕਿ ਮੇਰੇ ਇਨਾਮ ਦਾ ਫ਼ੈਸਲਾ ਕਰਨ ਵਾਲਿਆਂ ਦੀ ਜਿਊਰੀ ਵਿੱਚ ਬਲਵੰਤ ਗਾਰਗੀ, ਜਸਵੰਤ ਸਿੰਘ ਨੇਕੀ ਅਤੇ ਪ੍ਰੇਮ ਪ੍ਰਕਾਸ਼ ਸਨ।


ਸਾਹਿਤ ਅਕਾਦਮੀ ਦਾ ਜਿਹੜਾ ਸਨਮਾਨ ਚਿੰਨ੍ਹ ਮੈਨੂੰ ਮਿਲਿਆ ਸੀ, ਉਸ ਉੱਤੇ ਮਹਾਨ ਕੰਨੜ ਸਾਹਿਤਕਾਰ ਤੇ ਸਮੁੱਚੇ ਭਾਰਤ ਦੇ ਸਿਰਮੌਰ ਚਿੰਤਕ ਯੂ ਆਰ. ਅਨੰਤਮੂਰਤੀ ਦੇ ਹਸਤਾਖ਼ਰ ਹਨ। ਉਨ੍ਹਾਂ ਦੇ ਹੱਥਾਂ ਦੇ ਇਹ ਅੱਖਰ ਵੀ ਮੈਨੂੰ ਬਹੁਤ ਪਿਆਰੇ ਹਨ। ਮੈਨੂੰ ਇਨ੍ਹਾਂ ਵਿੱਚੋਂ ਅਨੰਤਮੂਰਤੀ ਦਾ ਚਿਹਰਾ ਦਿਸਦਾ ਹੈ, ਉਸ ਦੀ ਰੌਸ਼ਨ ਮੁਸਕਰਾਹਟ, ਉਸ ਦੇ ਰੌਸ਼ਨ ਖ਼ਿਆਲ। ਇਹ ਸਨਮਾਨ ਵੀ ਮੈਨੂੰ ਅਨੰਤਮੂਰਤੀ ਦੇ ਹੱਥੋਂ ਹੀ ਮਿਲਿਆ ਸੀ। ਉਨ੍ਹਾਂ ਦੇ ਕੋਲ ਖੜ੍ਹੇ ਸਨ ਇੰਦਰ ਨਾਥ ਚੌਧਰੀ।ਇਸ ਸਨਮਾਨ ਨਾਲ ਜਿਹੜਾ ਸ਼ੋਭਾ-ਪੱਤਰ ਸੀ ਉਸ ਵਿੱਚ ਮੇਰੀ ਕਵਿਤਾ ‘ਪਿਤਾ ਦੀ ਅਰਦਾਸ’ ਵਿੱਚੋਂ ਸਤਰਾਂ ਕੋਟ ਕੀਤੀਆਂ ਹੋਈਆਂ ਸਨ:

ਨਾ ਹੁਣ ਹੱਥਾਂ ਪਲੰਘ ਬਣਾਉਣੇ ਨਾ ਰੰਗਲੇ ਪੰਘੂੜੇ
ਨਾ ਉਹ ਪੱਟੀਆਂ ਜਿਨ੍ਹਾਂ ’ਤੇ ਲਿਖਣੇ ਬਾਲਾਂ ਪਹਿਲੇ ਊੜੇ
ਹੁਣ ਤਾਂ ਅਪਣੀ ਦੇਹੀ ਰੁੱਖ ਹੈ, ਤੇ ਸਾਹਾਂ ਦਾ ਆਰਾ
ਇੱਕ ਜੰਗਲ ਹੈ ਜਿਸ ਦੇ ਹਰ ਇੱਕ ਰੁੱਖ ਦਾ ਅਰਥ ਹੈ ਅਰਥੀ
ਹਰ ਬੂਟੇ ਤੇ ਨਾਮ ਕਿਸੇ ਦਾ, ਇੱਕ ਬੂਟਾ ਜੀ ਪਰਤੀ
ਉਸ ਜੰਗਲ ਵਿੱਚ ਚੱਲਦਾ ਰਹਿੰਦਾ, ਸਾਰੀ ਰਾਤ ਕੁਹਾੜਾ

ਦੂਜੇ ਦਿਨ ਅਕਾਦਮੀ ਦੇ ਸਭਾ-ਭਵਨ ਵਿੱਚ ਆਪਣੇ ਭਾਸ਼ਨ ਵਿੱਚ ਮੈਂ ਕਬੀਰ ਜੀ ਦਾ ਇੱਕ ਸ਼ਲੋਕ ਪੇਸ਼ ਕੀਤਾ ਸੀ:
ਕਬੀਰ ਸਬ ਰਗ ਤੰਤ, ਰਬਾਬ ਤਨ, ਬਿਰਹਾ ਬਜਾਵੇ ਨਿੱਤ
ਅੌਰ ਨ ਕੋਊ ਸੁਨ ਸਕੇ ਕੈ ਸਾਈ ਕੈ ਚਿੱਤ…......(ਮੇਰਾ ਸਾਰਾ ਵਜੂਦ ਰਬਾਬ ਬਣ ਚੁੱਕਾ ਹੈ ਜਿਸ ਨੂੰ ਮੈਂ ਨਹੀਂ, ਮੇਰਾ ਬਿਰਹਾ ਵਜਾਉਂਦਾ ਹੈ ਤੇ ਜਿਸ ਦੀ ਧੁਨ ਨੂੰ ਜਾਂ ਤਾਂ ਮੇਰਾ ਚਿੱਤ ਸੁਣਦਾ ਹੈ ਜਾਂ ਮੇਰਾ ਰੱਬ)।

ਅੱਜ ਉਸ ਸਨਮਾਨ ਨੂੰ ਵਾਪਸ ਕਰਦਿਆਂ ਸੋਚ ਰਿਹਾ ਹਾਂ: ਕਿਸ ਦਾ ਦਿੱਤਾ ਸਨਮਾਨ, ਮੈਂ ਕਿਸ ਨੂੰ ਮੋੜ ਰਿਹਾ ਹਾਂ? ਅੱਜ ਫਿਰ ਮੇਰੀਆਂ ਅੱਖਾਂ ਨਮ ਹਨ।


ਪਰ ਇਹ ਨਮੀ ਕਰੋੜਾਂ ਅੱਖਾਂ ਦੀ ਨਮੀ ਵਿੱਚ ਸ਼ਾਮਿਲ ਹੋਣ ਲਈ ਹੈ। ਉਨ੍ਹਾਂ ਪਰਿਵਾਰਾਂ ਦੇ ਦੁੱਖ ਵਿੱਚ ਸ਼ਾਮਲ ਹੋਣ ਲਈ ਹੈ ਜਿਨ੍ਹਾਂ ਦੇ ਪ੍ਰਿਅਜਨ ਆਪਣੇ ਭਲੇ ਵਿਚਾਰਾਂ ਲਈ ਕੋਹੇ ਗਏ ਤੇ ਜਿਨ੍ਹਾਂ ਦੇ ਹਤਿਆਰੇ ਭ੍ਰਿਸ਼ਟ ਨੇਤਾਵਾਂ ਦੀ ਆੜ ਵਿੱਚ ਲੁਕ ਗਏ। ਅੱਖਾਂ ਦੀ ਨਮੀ ਦੇ ਇਸ ਪਲ ਇਹ ਵੀ ਸੋਚ ਰਿਹਾ ਹਾਂ ਕਿ ਅਜਾਈਂ ਨਹੀਂ ਜਾਵੇਗੀ ਇਹ:


ਮਹਾਂ ਦਰਿਆ ਹੈ ਇਹ ਤੂੰ ਐਵੇਂ ਨਾ ਸਮਝੀਂ
ਮਨੁੱਖੀ ਹੰਝੂਆਂ ਦੀ ਇਸ ਨਦੀ ਨੂੰ
ਤੇਰਾ ਖ਼ੰਜਰ ਨਹੀਂ, ਮੇਰਾ ਲਹੂ ਹੀ
ਭਲਕ ਦਾ ਰਾਹ ਦੱਸੇਗਾ ਨਦੀ ਨੂੰ


ਇਹ ਇਨਾਮ ਸਾਹਿਤ ਅਕਾਦਮੀ ਵਰਗੀ ਸਾਰਥਿਕ ਸੰਸਥਾ ਨੂੰ ਹੋਰ ਸਾਰਥਕ, ਹੋਰ ਪ੍ਰਭਾਵਸ਼ਾਲੀ ਤੇ ਕਰਮਸ਼ੀਲ ਬਣਾਉਣ ਦੀ ਰੀਝ ਨਾਲ ਮੋੜ ਰਿਹਾ ਹਾਂ। ਇਹ ਇਨਾਮ ਮੈਂ ਇਸ ਲਈ ਮੋੜ ਰਿਹਾ ਹਾਂ ਕਿ ਕਿਉਂ ਕਿਸੇ ਨੇਤਾ ਦਾ ਇੱਕੋ ਬਿਆਨ ਸਾਡੀਆਂ ਹਜ਼ਾਰਾਂ ਕਵਿਤਾਵਾਂ ਨੂੰ ਸਾੜ ਦਿੰਦਾ ਹੈ ਤੇ ਭੜਕੀ ਹੋਈ ਭੀੜ ਕਵਿਤਾਵਾਂ ਦੀਆਂ ਸਤਰਾਂ ਨੂੰ ਮਿੱਧਦੀ ਹੋਈ, ਇੱਕ ਦੂਜੇ ਦੇ ਖ਼ੂਨ ਦੀ ਪਿਆਸੀ ਹੋ ਜਾਂਦੀ ਹੈ। ਕਾਸ਼! ਉਹ ਦਿਨ ਆਵੇ ਲੋਕਾਂ ਦੇ ਦਿਲਾਂ ਵਿੱਚ ਕਵਿਤਾ ਦੀਆਂ ਸਤਰਾਂ ਵਸਣ ਤੇ ਕਿਸੇ ਭ੍ਰਿਸ਼ਟ ਨੇਤਾ ਦਾ ਬਿਆਨ ਉਨ੍ਹਾਂ ਸਤਰਾਂ ਨੂੰ ਪੋਹ ਨਾ ਸਕੇ। ਸਾਡੇ ਅੱਖਰਾਂ ਦੀ ਲੋਅ ਕੁਝ ਹੋਰ ਵਧੇ। ਅਸੀਂ ਇਸ ਵਿੱਚ ਕੁਝ ਹੋਰ ਆਪਣੀ ਰੱਤ ਬਾਲੀਏ।



ਇਹ ਇਨਾਮ ਮੋੜਨ ਸਮੇਂ ਮੇਰੇ ਮਨ ਵਿੱਚ ਇਹ ਦਰਦ ਅਤੇ ਇਸ ਜੁਰਮ ਦਾ ਇਕਬਾਲ ਵੀ ਸ਼ਾਮਲ ਹੈ ਕਿ ਸਾਡੀਆਂ ਕਵਿਤਾਵਾਂ ਨੇ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਵਿੱਚ ਓਨਾ ਹਿੱਸਾ ਨਹੀਂ ਪਾਇਆ ਜਿੰਨਾ ਪਾਉਣਾ ਚਾਹੀਦਾ ਸੀ ਪਰ ਇਹ ਇਨਾਮ ਮੋੜ ਕੇ ਮੈਂ ਇਸ ਗੁਨਾਹ ਤੋਂ ਸੁਰਖ਼ੁਰੂ ਨਹੀਂ ਹੋ ਜਾਂਦਾ। ਇਹ ਇਨਾਮ ਮੋੜਦਿਆਂ ਮੈਨੂੰ ਇਹ ਵੀ ਅਹਿਸਾਸ ਹੈ ਕਿ ਮੈਂ ਉਹ ਸਭ ਕੁਝ ਨਹੀਂ ਮੋੜ ਸਕਦਾ ਜੋ ਇਸ ਇਨਾਮ ਨਾਲ ਜੁੜਿਆ ਹੋਇਆ ਹੈ- ਆਪਣੀ ਸ਼ੋਭਾ, ਆਪਣੀਆਂ ਕਵਿਤਾਵਾਂ ਦੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਤੇ ਕਿੰਨਾ ਕੁਝ ਹੋਰ।


ਸਾਹਿਤ ਅਕਾਦਮੀ ਦੀ ਮਹਾਨ ਸੰਸਥਾ ਨੂੰ ਇਹ ਸਨਮਾਨ ਵਾਪਸ ਕਰਦਿਆਂ ਮੈਂ ਇਹ ਵੀ ਇਕਰਾਰ ਕਰਦਾ ਹਾਂ ਕਿ ਮੈਂ ਇਸ ਲੋਕਰਾਜੀ ਸੰਸਥਾ ਨੂੰ ਹੋਰ ਪ੍ਰਭਾਵਸ਼ਾਲੀ, ਹੋਰ ਸਾਹਿਤਕ, ਹੋਰ ਰੌਸ਼ਨ-ਜ਼ਮੀਰ ਬਣਾਉਣ ਲਈ ਵੀ ਕੰਮ ਕਰਦਾ ਰਹਾਂਗਾ।

ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਾਹਿਤ

Wednesday, November 20, 2013

ਤਲਵਿੰਦਰ ਵਾਂਗ ਹਰ ਸੰਵੇਦਨਸ਼ੀਲ ਵਿਅਕਤੀ ਪਲ-ਪਲ ਮਰ ਰਿਹੈ

ਸ਼ਿਵ ਕੁਮਾਰ ਬਟਾਲਵੀ ਨੇ ਇਕ ਵਾਰ ਬੀ. ਬੀ. ਸੀ. ਦੀ ਉਰਦੂ ਸਰਵਿਸ ਤੋਂ ਇਕ ਮੁਲਾਕਾਤ ਦੇ ਦੌਰਾਨ ਕਿਹਾ ਸੀ ਕਿ ਜਿਹੜਾ ਵੀ ਸੰਵੇਦਨਸ਼ੀਲ ਵਿਅਕਤੀ ਹੋਵੇਗਾ, ਉਹ ਇਸੇ ਤਰ੍ਹਾਂ ਹੌਲੀ-ਹੌਲੀ ਮਰ ਰਿਹਾ ਹੋਵੇਗਾ, ਸਲੋ-ਸਲੋ ਡੈਥ। ਉਸ ਦੌਰ ਨੂੰ ਦੇਖਦਿਆਂ ਤਾਂ ਨਹਿਰੂ ਦਾ ਜੋ ਮਾਡਲ ਹੈ, ਨਹਿਰੂ ਦਾ ਜੋ ਸੋਸ਼ੋ ਇਕਨਾਮਿਕ ਫਿਨੋਮਨਾ ਹੈ, ਉਹ ਫੇਲ੍ਹ ਹੋ ਰਿਹਾ ਹੈ। ਔਰ ਜੋ ਮਿਡਲ ਕਲਾਸ ਹੈ, ਉਸ ਦਾ ਮੋਹ ਭੰਗ ਹੋ ਰਿਹਾ ਹੈ। ਮੱਧ ਵਰਗ ਦਾ ਹਰ ਸੰਵੇਦਨਸ਼ੀਲ ਵਿਅਕਤੀ ਮਰ ਰਿਹਾ ਹੈ। ਬਾਵਾ ਬਲਵੰਤ ਦੀ ਸ਼ਾਇਰੀ ਦੇਖ ਲਓ, ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਦੇਖ ਲਓ, ਗੁਰਦਾਸ ਰਾਮ ਆਲਮ ਦੀ ਸ਼ਾਇਰੀ ਦੇਖ ਲਓ, ਮਰ ਰਿਹਾ ਹੈ ਸੰਵੇਦਨਸ਼ੀਲ ਵਿਅਕਤੀ। ਸ਼ਿਵ ਕੁਮਾਰ ਉਸ ਵੇਲੇ ਜੋ ਲਿਖ ਰਿਹਾ ਹੈ- 'ਕਿਹੜਾ ਏਨਾ ਦਮਾ ਦਿਆਂ ਲੋਭੀਆਂ ਦੇ ਦਰਾਂ 'ਤੇ, ਵਾਂਗ ਖੜ੍ਹਾ ਜੋਗੀਆਂ ਰਵੇ.. ਮਾਏ ਨੀਂ ਮਾਏ ਮੇਰੇ ਗੀਤਾਂ ਦੇ ਨੈਣਾਂ 'ਚ ਬਿਰਹੋਂ ਦੀ ਰੜਕ ਪਵੇ, ਆਖ ਸੁ ਨੀਂ ਮਾਏ ਏਹਨੂੰ ਰੋਵੇ ਬੁੱਲ੍ਹ ਚਿੱਥ ਕੇ ਨੀਂ, ਜਗ ਕਿਤੇ ਸੁਣ ਨਾ ਲਵੇ, ਮਤੇ ਸਾਡੇ ਮੋਇਆਂ ਪਿੱਛੋਂ ਜੱਗ ਇਹ ਸ਼ਰੀਕੜਾ ਨੀਂ, ਗੀਤਾਂ ਨੂੰ ਚੰਦਰਾ ਕਹੇ..!' ਹੁਣ ਇਹ ਜੋ ਸ਼ਾਇਰ ਦਾ ਦਰਦ ਹੈ, ਇਹ ਸਮੇਂ 'ਤੇ ਚੋਟ ਹੈ। ਇਹ ਸਮਾਜ ਦਾ ਵਿਸ਼ਲੇਸ਼ਣ ਹੈ। ਸ਼ਿਵ ਦੇ ਨਾਲ ਇਕ ਦੁਖਾਂਤ ਵਾਪਰਿਆ ਹੈ, ਸ਼ਿਵ ਨੂੰ ਸਮਝਿਆ ਹੀ ਨਹੀਂ ਗਿਆ, ਸ਼ਿਵ ਨੂੰ ਬਿਰਹਾ ਦਾ, ਮੁਹੱਬਤ ਦਾ, ਪਿਆਰ ਦਾ, ਵਿਯੋਗ ਦਾ, ਦੁੱਖ ਦਾ ਸ਼ਾਇਰ ਹੀ ਬਣਾ ਕੇ ਰੱਖ ਦਿੱਤਾ ਗਿਆ, ਪ੍ਰੰਤੂ ਸ਼ਿਵ ਦੀ ਗਹਿਰੀ ਜੋ ਸ਼ਾਇਰਾਨਾ ਅੱਖ ਹੈ, ਉਹ ਇਸ ਦੇ ਸੋਸ਼ੋ ਇਕਨਾਮਿਕ- ਸੋਸ਼ੋ ਪੋਲੀਟਿਕਲ, ਸੋਸ਼ੋ ਕਲਚਰਲ ਸਾਰੇ ਵਿਹਾਰਾਂ ਨੂੰ ਦੇਖ ਰਹੀ ਹੈ। ਜਵਾਹਰ ਲਾਲ ਨਹਿਰੂ ਦਾ ਮਾਡਲ ਫੇਲ੍ਹ ਹੋ ਰਿਹਾ ਹੈ, ਸੰਵੇਦਨਸ਼ੀਲ ਵਿਅਕਤੀ ਮਰ ਰਿਹਾ ਹੈ ਤਾਂ ਸ਼ਿਵ ਦਮਾਂ ਦਿਆਂ ਲੋਭੀਆਂ ਦੇ ਦਰਾਂ 'ਤੇ ਖੜ੍ਹੇ ਹੋਣ ਤੋਂ ਇਨਕਾਰੀ ਹੋ ਰਿਹਾ ਹੈ। ਇਹ ਗੱਲਾਂ ਯਾਦ ਆਉਣੀਆਂ ਅੱਜ ਸੁਭਾਵਿਕ ਇਸ ਲਈ ਨੇ, ਕਿਉਂਕਿ ਅੱਜ ਫਿਰ ਇਕ ਸੰਵੇਦਨਸ਼ੀਲ ਲੇਖਕ, ਇਕ ਸੰਵੇਦਨਸ਼ੀਲ ਅੱਖ ਨਮ ਹੋਈ ਹੈ।

ਤਲਵਿੰਦਰ ਸਿੰਘ ਦਾ ਪਿਛਲੇ ਦਿਨੀਂ ਹੌਲਨਾਕ ਹਾਦਸੇ ਵਿੱਚ ਸਾਡੇ ਤੋਂ ਵਿੱਛੜ ਜਾਣਾ, ਮਾਤਰ ਇਕ ਹਾਦਸਾ ਨਹੀਂ ਹੈ। ਇਸ ਦਾ ਗਹਿਰਾਈ ਨਾਲ ਚਿੰਤਨ ਕਰੀਏ ਤਾਂ ਵਿਚਾਰ ਫਿਰ ਉਹੀ ਹੈ ਕਿ ਹਰ ਸੰਵੇਦਨਸ਼ੀਲ ਵਿਅਕਤੀ ਮਰ ਰਿਹਾ ਹੈ। ਸਿਸਟਮ ਉਸ ਨੂੰ ਹੌਲੀ-ਹੌਲੀ ਕਿਲ ਕਰ ਰਿਹਾ ਹੈ, ਸਲੋ-ਸਲੋ ਡੈਥ। 
  
ਪੰਜਾਬ ਨੇ ਸੰਤਾਪ ਹੰਢਾਇਆ। 70ਵਿਆਂ ਤੋਂ 90ਵਿਆਂ ਦੇ ਦਹਾਕੇ 20 ਵਰ•ੇ। ਤਲਵਿੰਦਰ ਸਿੰਘ ਦੀ ਅੱਖ ਇਨ੍ਹਾਂ 20 ਵਰਿਆਂ 'ਤੇ ਟਿਕੀ ਹੋਈ ਹੈ, ਉਸ ਦੀਆਂ ਕਹਾਣੀਆਂ 'ਚ ਪੰਜਾਬ ਦਾ ਕਰੈਕਟਰ ਜੋ ਹੈ, ਪੰਜਾਬ ਦਾ ਆਮ ਆਦਮੀ ਜੋ ਹੈ, ਪੰਜਾਬ ਦਾ ਸੰਵੇਦਨਸ਼ੀਲ ਮਨ ਜੋ ਹੈ, ਪੰਜਾਬ ਦੀ ਗਹਿਰੀ ਅੱਖ ਜੋ ਹੈ, ਉਹ ਝਾਕ ਰਹੀ ਹੈ, ਉਹ ਝਲਕ ਰਹੀ ਹੈ। ਇਨ੍ਹਾਂ 20 ਵਰਿਆਂ 'ਚ ਜੋ ਅਸੀਂ ਗਵਾਇਆ ਹੈ, ਜਿਸ ਸਟੈਗਨੇਸ਼ਨ ਦਾ ਸਾਡੀਆਂ ਦੋ ਪੀੜਆਂ ਸ਼ਿਕਾਰ ਹੋਈਆਂ, ਜਿਸ ਮਾਹੌਲ ਨੇ ਸਾਡੇ ਕਲਚਰਲ ਬੀਹੇਵੀਅਰ ਨੂੰ ਕਿਲ ਕੀਤਾ। ਤਲਵਿੰਦਰ ਨੇ ਆਪਣੇ ਨਾਵਲ 'ਯੋਧੇ' ਵਿੱਚ ਪੇਸ਼ ਕੀਤਾ ਹੈ। ਮਨੁੱਖਤਾ ਲਈ ਲੜ ਰਹੇ ਯੋਧਿਆਂ ਨੂੰ ਤਲਵਿੰਦਰ ਨੇ ਨਾਇਕਤਵ ਤੋਂ ਮੁਕਤ ਕਰਵਾ ਕੇ ਇਕ ਵਿਸ਼ਲੇਸ਼ਣੀ ਅੱਖ ਨਾਲ ਚਿਤਰਿਆ ਹੈ। ਪੰਜਾਬੀ ਸਾਹਿਤ ਦਾ ਦੁਖਾਂਤ ਦੇਖੋ ਕਿ ਅਸੀਂ ਅੱਜ ਵੀ ਨਾਇਕਤਵ ਦੀ ਸੂਰਮ ਗਤੀ ਵਿੱਚ ਫ਼ਸੇ ਹੋਏ ਹਾਂ। ਅਸੀਂ ਅੱਜ ਵੀ ਸੂਰਮਿਆਂ ਦੀਆਂ ਗਾਥਾਵਾਂ ਬਾਰੇ ਨਾਵਲ ਲਿਖ ਰਹੇ ਹਾਂ। ਸਪੈਲਿਸ਼ ਨਾਵਲਕਾਰ ਸਰਵਨਤਿਸ ਦਾ ਬਹੁਤ ਹੀ ਮਹੱਤਵਪੂਰਨ ਨਾਵਲ ਜੋ 13ਵੀਂ ਸਦੀ ਵਿੱਚ ਲਿਖਿਆ ਗਿਆ, ਉਹ 'ਦੋਨ ਕਿਉ ਹੋਤੇ ਹੈ' ਇਹ ਨਾਵਲ ਸੂਰਮ ਗਤੀ ਦੀਆਂ ਗਾਥਾਵਾਂ 'ਤੇ ਕਰਾਰਾ ਵਿਅੰਗ ਹੈ।

ਨਾਇਕਤਵ ਦੀਆਂ ਗਥਾਵਾਂ 'ਤੇ ਟੇਢੀ ਲਕੀਰ ਹੈ ਪਰ ਪੰਜਾਬੀ ਨਾਵਲ ਅੱਜ ਉਨ੍ਹਾਂ ਗਾਥਾਵਾਂ ਨੂੰ, ਉਨ੍ਹਾਂ ਨਾਇਕਾਂ ਨੂੰ ਸੂਰਮ ਗਤੀ ਦੇ ਕਿੱਸਿਆਂ 'ਚ ਢਾਲ-ਢਾਲ ਕੇ ਲਿਖ ਰਿਹਾ ਹੈ ਕਿ ਅਸੀਂ 10 ਕੁ ਸਦੀਆਂ ਪਿਛਾਂਹ ਨਹੀਂ ਚਲੇ ਗਏ, ਇਹ ਸਵਾਲ ਬਣਿਆ ਹੋਇਆ ਹੈ? ਪਰ ਤਲਵਿੰਦਰ ਆਪਣੇ ਪੂਰੇ ਸਾਹਿਤ ਵਿੱਚ ਇਸ ਗੱਲ ਤੋਂ ਬਚਿਆ ਹੈ। ਇਸ ਕਿੱਸਾਗੋਈ ਤੋਂ ਬਚਿਆ ਹੈ। ਤਲਵਿੰਦਰ ਦੇ ਜੋ ਪਾਤਰ ਨੇ, ਤਲਵਿੰਦਰ ਦੇ ਗਲਪ ਵਿੱਚ ਜੋ ਘਟਨਾਵਾਂ ਨੇ, ਤਲਵਿੰਦਰ ਦੇ ਗਲਪ ਵਿੱਚੋਂ ਜੋ ਵਿਚਾਰ ਉਪਜ ਰਹੇ ਨੇ, ਤਲਵਿੰਦਰ ਦੀ ਗਹਿਰੀ ਲੇਖਣੀ ਦੀ ਗਵਾਹੀ ਸਨ ਉਹ। ਤਲਵਿੰਦਰ 'ਵਿਚਲੀ ਔਰਤ' ਨਾਲ ਪੰਜਾਬੀ ਕਹਾਣੀ ਦੇ ਸਿਖ਼ਰ 'ਤੇ ਪਹੁੰਚਿਆ ਸੀ। ਔਰਤ ਮਨ ਦੀਆਂ ਏਨੀਆਂ ਗਹਿਰੀਆਂ ਪਰਤਾਂ ਸ਼ਾਇਦ ਹੀ ਕਿਸੇ ਲੇਖਕ ਨੇ ਪਹਿਲਾਂ ਫਰੋਲੀਆਂ ਹੋਣ। ਪ੍ਰੇਮ ਪ੍ਰਕਾਸ਼ ਨੂੰ ਅਰਧ ਨਾਰੀਸ਼ਵਰ ਚੇਤਨਾ ਦਾ ਕਹਾਣੀਕਾਰ ਕਿਹਾ ਜਾਂਦਾ ਹੈ। ਪ੍ਰੰਤੂ ਜਦੋਂ ਪ੍ਰੇਮ ਪ੍ਰਕਾਸ਼ ਵੀ 'ਡੈਡ ਲਾਈਨ' ਕਹਾਣੀ ਲਿਖਦਾ ਹੈ ਤਾਂ ਔਰਤ ਮਨ ਦੀ ਕੰਸੀਵ ਕਰਨ ਦੀ ਪ੍ਰਵਿਰਤੀ ਤੋਂ ਉਕ ਜਾਂਦਾ ਹੈ, ਉਹ ਉਸ ਦੀ ਮਨੋ ਅਵਸਥਾ ਵਿੱਚ ਓਨਾ ਗਹਿਰਾ ਨਹੀਂ ਉਤਰ ਪਾਉਂਦਾ। ਪ੍ਰੰਤੂ ਤਲਵਿੰਦਰ ਸਿੰਘ ਜਦੋਂ 'ਵਿਚਲੀ ਔਰਤ' ਕਹਾਣੀ ਲਿਖਦਾ ਹੈ ਤਾਂ ਔਰਤ ਮਨ ਦੀਆਂ ਏਨੀਆਂ ਬਾਰੀਕ ਤੈਹਾਂ ਖੋਲਦਾ ਹੈ, ਪੰਜਾਬ ਦੇ ਜਗੀਰੂ ਮਾਹੌਲ ਵਿੱਚ ਦਮ ਘੁੱਟ ਰਹੀ ਔਰਤ ਜਾਤ ਨੂੰ ਇਕ ਕਿਸਮ ਦਾ ਨਿਜ਼ਾਤ ਦਿਵਾਉਂਦਾ ਹੈ। ਉਸ ਵਿੱਚ ਇਕ ਕਰੈਕਟਰ, ਜੋ ਬਜ਼ੁਰਗ ਹੈ, ਸ਼ਾਇਦ ਤਲਵਿੰਦਰ ਸਿੰਘ ਓਹਦੇ ਮਨ 'ਚ ਬੈਠਾ ਹੈ। ਉਹ ਆਪਣੀ ਵਿਧਵਾ ਹੋ ਚੁੱਕੀ ਨੂੰਹ ਦੇ ਔਰਤਪਣ ਨੂੰ ਮਹਿਸੂਸ ਕਰ ਰਿਹਾ ਹੈ। ਉਹ ਉਸ ਪ੍ਰਤੀ ਸੰਵੇਦਨਸ਼ੀਲ ਹੈ। ਉਸ ਦਾ ਪਾਤਰ ਸੰਵੇਦਨਸ਼ੀਲ ਹੈ, ਕਿਉਂਕਿ ਤਲਵਿੰਦਰ ਸੰਵੇਦਨਸ਼ੀਲ ਹੈ। ਔਰ ਤਲਵਿੰਦਰ ਬੋ ਮਾਰਦੀਆਂ ਰੂੜੀਆਂ ਤੋਂ ਬੇਮੁੱਖ ਹੈ, ਕਿਉਂਕਿ ਉਹ ਸੰਵੇਦਨਸ਼ੀਲ ਹੈ, ਉਹ ਪਲ-ਪਲ ਮਰ ਰਿਹਾ ਹੈ। ਤਲਵਿੰਦਰ ਪਲ-ਪਲ ਮਰ ਰਿਹਾ ਹੈ। 
  
ਤਲਵਿੰਦਰ ਦੀ ਮੌਤ ਇਕ ਮੈਟਾਫਰ ਹੈ। ਉਸ ਦਾ ਇਕ ਕਹਾਣੀ ਸੰਗ੍ਰਹਿ ਸੀ 'ਨਾਇਕ ਦੀ ਮੌਤ'। ਅਸੀਂ ਉਪਰ ਜੋ ਵਿਚਾਰ ਨਾਇਕ, ਕਿੱਸੇ, ਸਮੇਂ ਬਾਰੇ ਕੀਤੀ ਸੀ, ਉਸ ਦੇ ਇਸ ਕਹਾਣੀ ਸੰਗ੍ਰਹਿ ਦੇ ਟਾਈਟਲ ਤੋਂ ਤੁਸੀਂ ਉਸ ਦੇ ਵਿਚਾਰਾਂ ਨੂੰ ਜਾਣ ਸਕਦੇ ਹੋ। ਉਹ ਸਮੇਂ ਦੇ ਹਾਣ ਦਾ ਕਹਾਣੀਕਾਰ ਸੀ। ਜਿਵੇਂ ਬਾਬਾ ਵਾਰਿਸ ਸ਼ਾਹ ਕਿੱਸਾ ਲਿਖ ਰਹੇ ਹਨ ਹੀਰ ਦਾ, ਪ੍ਰੰਤੂ ਇਸ ਨੂੰ ਮਾਡਰਨ ਸੈਂਸੀਬਿਲਟੀ ਕਹੋ, ਕਿ ਉਹ ਕਿੱਸੇ ਰਾਹੀਂ ਇਕ ਨਾਵਲ ਦੇ ਰਹੇ ਹਨ। ਉਹ ਜੋ ਛੋਟੀਆਂ-ਛੋਟੀਆਂ ਡੀਟੇਲਸ ਦੇ ਰਹੇ ਹਨ, ਉਹ ਜੋ ਹੀਰ ਦੇ ਚਿਹਰੇ ਦਾ ਵਰਨਣ ਕਰ ਰਹੇ ਨੇ, ਉਹ ਜੋ ਘਾਹ ਦੀਆਂ ਕਿਸਮਾਂ ਦੱਸ ਰਹੇ ਨੇ, ਉਹ ਜੋ ਪਸ਼ੂਆਂ ਦੀਆਂ ਕਿਸਮਾਂ ਦੱਸ ਰਹੇ ਨੇ, ਉਹ ਜੋ ਉਸ ਸਮੇਂ ਦੀਆਂ ਬਿਮਾਰੀਆਂ ਦਾ ਵਰਨਣ ਦੇ ਰਹੇ ਹਨ, ਉਹ ਜੋ ਉਸ ਸਮੇਂ ਦੇ ਹਿਕਮਤ ਬਾਰੇ ਗਿਆਨ ਦੇ ਰਹੇ ਹਨ, ਇਹ ਸਾਰੀਆਂ ਡੀਟੇਲਸ ਇਕ ਨਾਵਲ ਦੀਆਂ ਨੇ। ਬਾਬਾ ਵਾਰਿਸ ਸ਼ਾਹ ਕਦਾਪੀ ਵੀ ਕਿੱਸਾ ਨਹੀਂ ਲਿਖ ਰਹੇ, ਉਹ ਨਾਵਲ ਲਿਖ ਰਹੇ ਨੇ। ਤਲਵਿੰਦਰ ਸਿੰਘ ਦੀਆਂ ਕਹਾਣੀਆਂ ਨੂੰ ਪੜਦਿਆਂ ਸਾਡੇ ਵਾਰ-ਵਾਰ ਜ਼ਿਹਨ 'ਚ ਆਉਂਦੀ ਹੈ, ਇਹ ਗੱਲ ਵਾਰ-ਵਾਰ ਕੀਤੀ ਜਾਣੀ ਚਾਹੀਦੀ ਹੈ ਕਿ ਤਲਵਿੰਦਰ ਕਿੱਸਾ ਨਹੀਂ ਲਿਖਦਾ। ਸਾਡਾ ਬਹੁਤਾ ਗਲਪ ਸਾਹਿਤ ਅੱਜ ਵੀ ਕਿੱਸੇ ਤੇ ਨਾਇਕ ਤੱਕ ਸਿਮਟਿਆ ਹੈ, ਸੀਮਿਤ ਹੈ। ਤਲਵਿੰਦਰ ਨਾਇਕ ਦੀ ਮੌਤ ਕਹਿ ਰਿਹਾ ਹੈ। ਨਾਇਕਤਵ ਦੇ ਕਿੱਸਿਆਂ ਤੋਂ ਸਾਹਿਤ ਨੂੰ ਮੁਕਤ ਕਰ ਰਿਹਾ ਹੈ। ਉਸ ਦੀਆਂ ਬਹੁਤ ਸਾਰੀਆਂ ਕਹਾਣੀਆਂ, ਇਨ੍ਹਾਂ ਵਿਚਾਰਾਂ ਦੀ ਸਾਣ 'ਤੇ ਖਰੀਆਂ ਉਤਰਦੀਆਂ ਨੇ। ਇਹ ਸਤਰਾਂ ਲਿਖਦਿਆਂ, ਕਿਉਂਕਿ ਮਾਹੌਲ ਵੀ ਉਹ ਨਹੀਂ ਹੈ ਕਿ ਉਸ ਦੇ ਸਾਹਿਤ ਦਾ ਆਲੋਚਨਾਤਮਕ ਵਿਸ਼ਲੇਸ਼ਣ ਕੀਤਾ ਜਾਵੇ ਅਤੇ ਉਸ ਨੂੰ ਨਮ ਅੱਖਾਂ ਨਾਲ ਯਾਦ ਕਰਦਿਆਂ ਲਿਖਿਆ ਜਾਣ ਵਾਲਾ ਹਥਲਾ ਲੇਖ ਵੀ ਇਸ ਗੱਲ ਦੀ ਮੰਗ ਨਹੀਂ ਕਰਦਾ ਕਿ ਏਨੇ ਵਿਚਾਰਾਂ ਵਿੱਚ ਪਿਆ ਜਾਵੇ ਪਰ ਫਿਰ ਵੀ ਕਿਉਂਕਿ ਅਸੀਂ ਕਿਸੇ ਲੇਖਕ ਨੂੰ ਯਾਦ ਕਰ ਰਹੇ ਹਾਂ ਤਾਂ ਵਿਚਾਰ ਵਿਹੂਣੀ ਕੋਈ ਵੀ ਸਤਰ ਲਿਖਣੀ ਮਾਇਨਾ ਨਹੀਂ ਰੱਖਦੀ। ਤਲਵਿੰਦਰ ਆਵੇਗਾ ਤਾਂ ਵਿਚਾਰ ਆਪਣੇ ਆਪ ਆਵੇਗਾ। ਕਿਸੇ ਵੀ ਲੇਖਕ ਦਾ ਜ਼ਿਕਰ ਵਿਚਾਰ ਤੋਂ ਬਿਨਾਂ ਹੋ ਹੀ ਨਹੀਂ ਸਕਦਾ। 
  
ਵੱਡੀ ਗੱਲ ਇਹ ਵੀ ਹੈ ਕਿ ਤਲਵਿੰਦਰ ਸਿੰਘ ਦੀ ਜੋ ਮੁਹੱਬਤ ਹੈ, ਤਲਵਿੰਦਰ ਸਿੰਘ ਦੀ ਜੋ ਸ਼ਖਸੀਅਤ ਹੈ, ਤਲਵਿੰਦਰ ਸਿੰਘ ਦਾ ਜੋ ਵਿਹਾਰ ਹੈ, ਉਹ ਬੜਾ ਕੁਝ ਆਪਣੇ ਨਾਲ ਸਮੋਈ ਬੈਠਾ ਹੈ। ਤਲਵਿੰਦਰ ਸਿੰਘ 90ਵਿਆਂ ਤੋਂ ਪਹਿਲਾਂ ਦਾ ਸੰਗਠਨਾਤਮਕ ਤੌਰ 'ਤੇ ਸਰਗਰਮ ਲੇਖਕ ਹੈ। ਜਨਵਾਦੀ ਲੇਖਕ ਸੰਘ ਦੀਆਂ ਸਾਰੀਆਂ ਸਰਗਰਮੀਆਂ ਉਸ ਦੇ ਆਲੇ-ਦੁਆਲੇ ਉਸਰੀਆਂ ਹੋਈਆਂ ਹਨ। ਮੈਨੂੰ ਯਾਦ ਹੈ 15 ਕੁ ਵਰ•ੇ ਪਹਿਲਾਂ ਰਿਸ਼ੀ ਨਾਲ ਮਿਲ ਕੇ ਉਨ੍ਹਾਂ ਜਵਾਲਾ ਜੀ ਵਿਖੇ ਇਕ ਹੋਟਲ ਵਿੱਚ ਕਹਾਣੀ ਗੋਸ਼ਟੀ ਕਰਵਾਈ ਸੀ। ਨਵੇਂ ਲੇਖਾਂ ਨੇ ਆਪਣੀਆਂ ਕਹਾਣੀਆਂ ਪੜ•ੀਆਂ, ਕਹਾਣੀਆਂ 'ਤੇ ਵਿਚਾਰਾਂ ਹੋਈਆਂ, ਖਾਣ-ਪੀਣ, ਮੌਜ-ਮਸਤੀ ਤੇ ਚਿੰਤਨ। ਫਿਰ ਅੰਮ੍ਰਿਤਸਰ ਰਾਤ ਭਰ ਕਹਾਣੀਆਂ ਤੇ ਬਾਬੇ ਜੋਗਿੰਦਰ ਸਿੰਘ ਰਾਹੀ ਦਾ ਚਿੰਤਨ ਭਰਪੂਰ ਸੰਵਾਦ। ਜੋਗਿੰਦਰ ਸਿੰਘ ਰਾਹੀ ਹੋਰਾਂ ਦਾ ਕਹਾਣੀ ਦਾ ਸੰਵਾਦ ਨਵੇਂ ਲੇਖਕਾਂ ਵਾਸਤੇ ਖ਼ਾਦ ਦਾ ਕੰਮ ਕਰਦਾ ਸੀ ਤੇ ਪ੍ਰਬੰਧ ਕਰਤਾ ਹੁੰਦੇ ਸਨ ਜਨਵਾਦੀ ਲੇਖਕ ਸੰਘ ਦੇ ਤਲਵਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀ। ਨਵੀਆਂ ਆ ਰਹੀਆਂ ਕਿਤਾਬਾਂ 'ਤੇ ਗੋਸ਼ਟੀਆਂ ਹੋ ਰਹੀਆਂ ਨੇ, ਡਲਹੌਜੀ ਵਿੱਚ ਮਿੱਤਰਾਂ ਦੀਆਂ ਸਾਹਿਤਕ ਮਹਿਫ਼ਲਾਂ ਸਜ ਰਹੀਆਂ ਨੇ, ਦਿੱਲੀ ਦੱਖਣ ਤਲਵਿੰਦਰ ਸਿੰਘ ਪ੍ਰਬੰਧ ਕਰ ਰਿਹਾ ਹੈ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਸਰਗਰਮ ਹੈ। ਤਾਜ਼ਾ ਟੀਮ ਦਾ ਉਹ ਜਨਰਲ ਸਕੱਤਰ ਸੀ। ਸਾਹਿਤਕ-ਸਮਾਜਿਕ ਸਰੋਕਾਰਾਂ ਨੇ ਵਰੋਸਾਇਆ ਤਲਵਿੰਦਰ ਸਿੰਘ ਨੇ। ਉਹ ਜਿੰਨਾ ਸਾਹਿਤ 'ਚ ਸਰਗਰਮ ਸੀ, ਸਾਹਿਤਕ ਗਤੀਵਿਧੀਆਂ 'ਚ ਉਸ ਤੋਂ ਵੱਧ ਸਰਗਰਮ ਸੀ। ਉਸ ਦੀ ਇਸ ਦੇਣ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਦੇ ਨਾਲ ਹੀ ਤਲਵਿੰਦਰ ਸਿੰਘ ਜੋ ਸ਼ਾਹਮੁਖੀ ਸਾਹਿਤ ਨੂੰ ਗੁਰਮੁਖੀ ਵਿੱਚ ਉਲਥਾਉਣ ਦਾ ਕਾਰਜ ਕੀਤਾ, ਉਹ ਵੀ ਗੌਲਣਯੋਗ ਕਾਰਜ ਹੈ। ਗਲਪ ਦੇ ਨਾਲ-ਨਾਲ ਪੰਜਾਬੀ ਵਾਰਤਕ ਨੂੰ ਤਲਵਿੰਦਰ ਦੀ ਬਹੁਤ ਵੱਡੀ ਦੇਣ ਹੈ। ਉਸ ਨੇ ਪੱਛਮੀ ਪੰਜਾਬ ਦੇ ਬਜ਼ੁਰਗ ਸਾਹਿਤਕਾਰਾਂ ਬਾਰੇ ਬੜੀਆਂ ਮੂਲਵਾਨ ਰਚਨਾਵਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਨੇ। 
  
ਤਲਵਿੰਦਰ ਸਿੰਘ ਦੀ ਸਮੁੱਚੀ ਸ਼ਖਸੀਅਤ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਸਾਨੂੰ ਉਸ ਦੇ ਘੁਮੱਕੜੀ ਵਿਹਾਰ ਨੂੰ ਨਹੀਂ ਭੁੱਲਣਾ ਚਾਹੀਦਾ। ਉਹ ਘੁਮੱਕੜ ਸੀ। ਕਈ ਵਾਰ ਇੰਝ ਲੱਗਦਾ ਹੈ ਕਿ ਉਸ ਨੇ ਰਾਹੁਲ ਸੰਕ੍ਰਤਿਆਇਨ ਦੀਆਂ ਪੁਸਤਕਾਂ 'ਘੁਮੱਕੜ ਸੁਆਮੀ' ਤੇ 'ਘੁਮੱਕੜ ਸ਼ਾਸਤਰ' ਪੜ ਲਈਆਂ, ਮਨ 'ਚ ਵਸਾ ਲਈਆਂ ਤੇ ਉਨ੍ਹਾਂ ਸਫ਼ਰਾਂ 'ਤੇ ਨਿਕਲ ਗਿਆ, ਜਿਨ੍ਹਾਂ ਸਫ਼ਰਾਂ 'ਤੇ ਕਦੇ ਰਾਹੁਲ ਖੁਦ ਨਿਕਲੇ ਸਨ। ਉਸ ਦੇ ਸਾਹਿਤ 'ਤੇ ਇਨ੍ਹਾਂ ਸਫ਼ਰਾਂ ਦਾ ਬਹੁਤ ਪ੍ਰਭਾਵ ਹੈ। ਉਸ ਦੀਆਂ ਕਹਾਣੀਆਂ ਵਿੱਚ ਉਹ ਨੀਲੀਆਂ ਅੱਖਾਂ ਵਾਲੀਆਂ ਕੁੜੀਆਂ ਅਛੋਪਲੇ ਜਿਹੇ ਆਣ ਉਤਰਦੀਆਂ ਹਨ, ਜਿਹੜੀਆਂ ਸਫ਼ਰਾਂ ਦੌਰਾਨ ਤਲਵਿੰਦਰ ਨੂੰ ਮਿਲੀਆਂ। ਤਲਵਿੰਦਰ ਦੀਆਂ ਕਹਾਣੀਆਂ ਵਿੱਚ ਸਫ਼ਰ ਤੁਸੀਂ ਮਹਿਸੂਸ ਕਰ ਸਕਦੇ ਹੋ। ਇਹ ਸਫ਼ਰ ਹੀ ਉਸ ਦੀ ਕਹਾਣੀ ਨੂੰ ਇਕ ਅਲੱਗ ਰਵਾਨੀ ਦਿੰਦਾ ਹੈ, ਇਕ ਅਲੱਗ ਸ਼ੈਲੀ ਦਿੰਦਾ ਹੈ, ਇਕ ਅਲੱਗ ਅੰਦਾਜ਼ ਦਿੰਦਾ ਹੈ। ਇਸੇ ਕਰਕੇ ਉਸ ਦੇ ਕਰੈਕਟਰ ਜੋ ਪੰਜਾਬੀ ਮੂੜ ਨਾਲੋਂ ਟੁੱਟ ਕੇ ਕਿਸੇ ਹੋਰ ਸੂਬਾਈ ਸੱਭਿਆਚਾਰ ਨੂੰ ਆਪਣੇ ਨਾਲ ਲੈ ਕੇ ਆ ਜਾਂਦੇ ਹਨ। ਤਲਵਿੰਦਰ ਦੀਆਂ ਕਹਾਣੀਆਂ ਦਾ ਘੇਰਾ ਵਸੀਹ ਹੁੰਦਾ। ਪੰਜਾਬੀ ਕਹਾਣੀ ਨਾਲੋਂ ਤਲਵਿੰਦਰ ਇੱਥੇ ਆਣ ਕੇ ਹੀ ਅਲੱਗ ਖੜ੍ਹਾ ਦਿਖਾਈ ਦੇਣ ਲੱਗਦਾ ਹੈ। ਤਲਵਿੰਦਰ ਦੀਆਂ ਕਹਾਣੀਆਂ ਦਾ ਇਸ ਕੋਣ ਤੋਂ ਵੀ ਵਿਸ਼ਲੇਸ਼ਣ ਹੋਣਾ ਚਾਹੀਦਾ ਹੈ। 
  
ਤਲਵਿੰਦਰ ਸਿੰਘ ਨੂੰ ਇਕ ਦੋਸਤ ਦੇ ਨਿੱਘੇ ਅਹਿਸਾਸ ਤੋਂ ਯਾਦ ਕਰਨ ਲੱਗਿਆਂ ਗਲਾ ਭਰ ਆਉਂਦਾ ਹੈ। ਇਸ ਲਈ ਉਸ ਦੀ ਗਲਵੱਕੜੀ ਦੇ ਉਸ ਨਿੱਘ ਦੀ ਗੱਲ ਇੱਥੇ ਨਹੀਂ ਕਰ ਹੋਣੀ। ਆਮੀਨ ! 

ਦੇਸ ਰਾਜ ਕਾਲੀ

Monday, May 6, 2013

ਸੁਰਿੰਦਰ ਨੀਰ ਦਾ ਨਾਵਲ : 'ਮਾਇਆ'

ਸ਼ਿਕਾਰਗਾਹ ਤੋਂ ਬਾਅਦ ਲੇਖਿਕਾ ਸੁਰਿੰਦਰ ਨੀਰ ਦਾ ਨਵਾਂ ਨਾਵਲ 'ਮਾਇਆ' ਸਾਹਿਤਕ ਹਲਕਿਆਂ 'ਚ ਚਰਚਾ ਦਾ ਵਿਸ਼ਾ ਹੈ।ਇਹ ਪੰਜਾਬੀ ਦਾ ਸਭ ਤੋਂ ਲੰਬਾ ਨਾਵਲ ਹੈ। ਇਸੇ ਬਾਰੇ ਹੀ 'ਫ਼ਿਲਹਾਲ' ਰਸਾਲੇ ਦੇ ਸੰਪਾਦਕ ਗੁਰਬਚਨ ਹੋਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਗੁਰਬਚਨ ਛੇਤੀ ਹੀ ਆਪਣੇ ਬਲਾਗ 'ਏਜੰਡਾ ਪੰਜਾਬ' ਦਾ ਲੋਕ ਅਰਪਣ ਕਰਨਗੇ। 'ਫ਼ਿਲਹਾਲ' ਦੀ ਵੈਬਸਾਈਟ ਵੀ ਉਸਾਰੀ ਅਧੀਨ ਹੈ ਤੇ ਛੇਤੀ ਹੀ ਤਹਾਨੂੰ 'ਫ਼ਿਲਹਾਲ' ਦੀਆਂ ਰਚਨਾਵਾਂ ਪੜ੍ਹਨ ਲਈ ਊਂਗਲਾਂ ਕੀਅ ਬੋਰਡ 'ਤੇ ਲਿਜਾਣੀਆਂ ਪੈਣਗੀਆਂ।-ਗੁਲਾਮ ਕਲਮ 

ਪੰਜਾਬੀ 'ਚ ਏਨਾ ਲੰਮਾ ਨਾਵਲ ਪਹਿਲਾਂ ਨਹੀਂ ਲਿਖਿਆ ਗਿਆ। ਕਰੜੀ ਮਿਹਨਤ ਦਾ ਨਤੀਜਾ ਹੈ ਇਹ। ਪੰਜਾਬੀ ਲੇਖਕ ਮਿਹਨਤ ਕਰਨੀ ਭੁਲ ਚੁੱਕਾ ਹੈ। ਫ਼ਿਲਮ ਜਗਤ 'ਚੋਂ ਇਕ ਮਿਸਾਲ ਲੈਂਦਾ ਹਾਂ। ਰਾਜ ਕਪੂਰ ਦੀ ਫ਼ਿਲਮ 'ਮੇਰਾ ਨਾਮ ਜੋਕਰ' ਬਹੁਤ ਲੰਮੀ ਸੀ। ਬੜੀ ਮਿਹਨਤ ਕੀਤੀ ਗਈ। ਗਾਣੇ ਖਿੱਚ ਪਾਉਣ ਵਾਲੇ ਸਨ,ਪਰ ਫ਼ਿਲਮ ਪਿੱਟ ਗਈ। ਰਾਜ ਕਪੂਰ ਨੇ ਕਿਹਾ, ''ਫੁੱਟੇਜ ਨੇ ਹਮ ਕੋ ਡੁਬੋ ਦੀਆ।''(ਫੁੱਟੇਜ=ਲੰਮਾਈ) 

ਮੈਨੂੰ ਲੱਗਦਾ, ਲੰਬਾਈ ਨੇ ਸੁਰਿੰਦਰ ਨੀਰ ਦੇ ਨਾਵਲ 'ਮਾਇਆ' ਨੂੰ ਡੋਬ ਦਿੱਤਾ ਹੈ। ਅਜਿਹਾ ਕਿਉਂ ਹੋਇਆ ਹੈ? ਆਓ ਦੇਖੀਏ, ਸੰਭਾਵਨਾਵਾਂ ਨਾਲ ਭਰੀ ਨਾਵਲ ਦੀ ਸਮੱਗਰੀ ਕਿਵੇਂ ਢਹਿੰਦੀ ਹੈ; ਕਿਵੇਂ ਸਾਰਥਿਕਤਾ ਗੁਵਾਂਦੀ ਹੈ। ਕਿਵੇਂ ਇਸ ਨਾਵਲ ਨੂੰ ਪੜ੍ਹਦਿਆਂ ਸੰਵੇਦਨਾ ਵਾਲਾ ਪਾਠਕ ਹਤਾਸ਼ ਮਹਿਸੂਸ ਕਰਦਾ ਹੈ। ਫ਼ਿਲਮ ਦਾ ਹਵਾਲਾ ਦੇਣ ਦਾ ਕਾਰਣ ਇਹ ਹੈ ਕਿ ਮਾਇਆ ਰਚਨਾਤਮਿਕ ਬਿਰਤਾਂਤ ਨਹੀਂ ਹੈ। ਇਹ ਪਾਪੂਲਰ ਫ਼ਿਲਮੀ ਸ਼ੈਲੀ 'ਚ ਲਿਖਿਆ ਗਿਆ ਕਥਾ ਬਿਆਨ ਹੈ ਜੋ ਟੈਲੀ ਸੀਰੀਅਲ ਦੀ ਤਕਨੀਕ ਵੀ ਅਪਣਾਂਦਾ ਹੈ। 

ਮਾਇਆ ਦਾ ਕਿਰਦਾਰ ਪਿਤਾ ਪੁਰਖੀ ਸਥਾਪਨਾ 'ਚ ਖਲਲ ਪੈਦਾ ਕਰਦਾ ਹੈ। ਉਹ ਘਰਤੋਂ ਬਾਹਰ ਵਲ ਤੁਰ ਪੈਂਦੀ ਹੈ, ਅੰਨ੍ਹੀ ਗਲੀ ਵਲ। ਚਿੱਤ ਵਿਚ ਪੇਂਟਿੰਗ ਸਿਖਣ, ਕਲਾ ਸੰਸਾਰ ਦੀ ਟੀਸੀ 'ਤੇ ਪੁੱਜਣ ਦਾ ਭੂਤ ਸਵਾਰ ਹੈ। ਘਰ ਤੋਂ ਬਾਹਰ ਜੋ ਸਪੇਸ ਹੈ ਉੱਥੇ 'ਬਘਿਆੜ' ਹਨ। 'ਔਰਤ ਬਨਾਮ ਮਰਦ ਸੰਸਾਰ' ਦਾ ਪ੍ਰਾਬਲਮੈਟਿਕ ਸਾਹਮਣੇ ਆਉਂਦਾ ਹੈ। ਪਰ ਲੇਖਿਕਾ ਦੀ ਰਵਾਇਤੀ ਪੱਧਰ ਦੀ ਨਾਵਲੀ ਸੂਝ ਇਹਦੇ ਨਾਲ ਇਨਸਾਫ਼ ਨਹੀਂ ਕਰ ਸਕਦੀ। 

ਨੀਰ ਦੀ ਸੀਮਾ ਦਾ ਪਤਾ 'ਸ਼ਿਕਾਰਗਾਹ' 'ਚ ਲੱਗਾ ਸੀ। ਇਸ ਨਾਵਲ ਨੂੰ ਪ੍ਰਮੋਟ ਕਰਨ ਵਾਲਿਆਂ ਦੀ ਮਨਸ਼ਾ ਕੁਝ ਹੋਰ ਸੀ। ਉਨ੍ਹਾਂ ਇਹਨੂੰ ਲਾਸਾਨੀ ਰਚਨਾ ਦਾ ਦਰਜਾ ਦਿੱਤਾ ਤੇ ਲੇਖਿਕਾ ਨੂੰ ਕੁਰਾਹੇ ਪਾ ਦਿੱਤਾ। ਨਤੀਜਾ ਪੰਜਾਬੀ ਨਾਵਲਕਾਰੀ ਲਈ ਚੰਗਾ ਨਹੀਂ ਨਿਕਲਿਆ। ਇਹਦਾ ਪਤਾ ਨਾਵਲ 'ਮਾਇਆ' ਤੋਂ ਲੱਗਦਾ ਹੈ। ਇਸ ਨਾਵਲ ਨੂੰ ਵੱਡੇ ਕੈਨਵਸ 'ਤੇ ਫੈਲਾਣ ਦਾ ਯਤਨ ਕੀਤਾ ਗਿਆ ਹੈ, ਪਰ ਕਲਾਤਮਿਕ ਸੀਮਾਵਾਂ ਲੇਖਿਕਾ ਦੀ ਵਿਰਾਟ ਪੱਧਰ ਦੀ ਮਹਤਵ ਅਕਾਂਖਿਆ ਵਿਰੁੱਧ ਖੜ ਜਾਂਦੀਆਂ ਹਨ ਤੇ ਨਾਵਲ ਸੂਝਵਾਨ ਅਤੇ ਆਮ ਪਾਠਕ ਦੋਨਾਂ ਲਈ ਅਪੜ੍ਹਣਯੋਗ ਰਚਨਾ ਬਣ ਜਾਂਦਾ ਹੈ। 

ਨੀਰ ਦੀ ਅਸਲ ਤਾਕਤ ਕਸ਼ਮੀਰੀ ਪਿਛੋਕੜ ਦਾ ਹੋਣ 'ਚ ਹੈ। ਉਸ ਖਿੱਤੇ ਵਿਚ ਸਿੱਖ ਸਭਿਆਚਾਰ 'ਚ ਪਰੁੱਚੇ ਭਾਈਚਾਰੇ ਦਾ ਅੰਗ ਹੋਣਾ ਵੀ ਉਹਨੂੰ ਵੱਖਰਿਆਂਦਾ ਹੈ। ਇਸ ਸਭਿਆਚਾਰ ਦਾ ਆਪਣਾ ਜੋ ਜੀਣ ਥੀਣ ਹੈ ਉਸ ਵਿਚ ਉਹਦੀ ਆਸਥਾ ਹੈ। ਉਹ ਆਪਣੀ ਸਥਾਨਿਕਤਾ ਦੇ ਸੰਕਟਾਂ ਨੂੰ ਸਮਝਦੀ ਹੈ। ਨਾਵਲਕਾਰ ਵਜੋਂ ਇਹ ਉਹਦੀ 'ਪੂੰਜੀ' ਹੈ। 'ਸ਼ਿਕਾਰਗਾਹ' 'ਚ ਉਹ ਇਸ 'ਪੂੰਜੀ' ਨੂੰ ਜਿੰਨਾ ਕੁ ਵਰਤਦੀ ਹੈ, ਨਾਵਲ ਉੱਨਾ ਕੁ ਵੱਖਰਾ ਦਿੱਸਦਾ ਹੈ। ਪਹਿਲੇ 30-40 ਸਫ਼ੇ ਇਹਦੀ ਮਿਸਾਲ ਹਨ। ਫਿਰ ਨਾਵਲ ਦੀ ਤੋਰ ਰਵਾਇਤੀ ਘਿਸ ਦਾ ਸ਼ਿਕਾਰ ਹੋ ਜਾਂਦੀ ਹੈ, ਤੇ ਨਾਵਲ ਦੀ ਸੀਮਾ ਪ੍ਰਗਟ ਹੁੰਦੀ ਹੈ। ਕਸ਼ਮੀਰੀ ਲੋਕਾਂ ਦੀ ਆਜ਼ਾਦ ਹਸਤੀ ਬਾਰੇ ਤੜਪ ਨੂੰ ਉਹ ਕੇਂਦਰੀ ਸੱਤਾ ਦੀ ਭਾਸ਼ਾ ਰਾਹੀਂ ਸਮਝਦੀ ਹੈ। ਕੁੱਲ ਮਿਲਾ ਕੇ 'ਸ਼ਿਕਾਰਗਾਹ' ਸਾਧਾਰਣ ਰਚਨਾ ਬਣ ਜਾਂਦਾ ਹੈ। 

ਮਾਇਆ ਦਾ ਬੁਨਿਆਦੀ ਸੰਕਟ ਇਹ ਹੈ ਕਿ ਲੇਖਿਕਾ ਰਵਾਇਤੀ ਘਿਸ ਜੁਗਤਾਂ ਨੂੰ ਤੀਬਰਤਾ ਨਾਲ ਵਰਤਦੀ ਹੈ। ਹੁਣ ਉਹਦੇ ਕੋਲ ਨਾਵਲ ਦੀ ਲੰਮਾਈ ਵਾਲਾ ਪ੍ਰੋਜੈਕਟ ਹੈ। ਇਸ ਪ੍ਰੋਜੈਕਟ ਦੀ ਪੂਰਤੀ ਲਈ ਉਹ ਨਾਵਲ ਨੂੰ ਸਕੀਮੀਪਣ ਦਾ ਸ਼ਿਕਾਰ ਬਣਾਂਦੀ ਹੈ। ਅੰਤ ਇਹ ਕਲਾਤਮਿਕ ਬਿਰਤਾਂਤ ਵਜੋਂ ਫੇਲ ਹੋ ਜਾਂਦਾ ਹੈ। 

ਬਿੱਲੀ/ਬਲਬੀਰ ਦਾ ਘਰੋਂ ਨਿਕਲਣਾ ਏਨਾ ਵਾਸਤਵਿਕ ਨਹੀਂ ਹੈ ਜਿੰਨਾ ਲੇਖਿਕਾ ਦੀ ਤੈਅਸ਼ੁਦਾ ਸਕੀਮ ਅਨੁਕੂਲ ਹੈ। ਉਹ ਘਰੋਂ ਨਿਕਲਦੀ ਹੈ, ਨਾਵਲ ਦੇ ਅੰਤ ਤੱਕ ਵਾਪਿਸ ਨਹੀਂ ਪਰਤਦੀ। ਆਪਣੇ ਰਾਹ ਦੀ ਤਲਾਸ਼ ਕਰਦੀ ਹੈ। ਨਾਵਲ ਇਸ ਸਥਿਤੀ ਨੂੰ ਮਸਲਾ-ਗ੍ਰਸਤ ਕਰਨ ਦੇ ਯਤਨ 'ਚ 700 ਤੋਂ ਵੱਧ ਸਫ਼ਿਆਂ ਤੱਕ ਫੈਲ ਜਾਂਦਾ ਹੈ, ਤੇ ਚਲੰਤ+ਘਿਸ ਜੁਗਤਾਂ ਦਾ ਸ਼ਿਕਾਰ ਹੋ ਜਾਂਦਾ ਹੈ। 

ਬਲਬੀਰ ਜਿਸ ਅੰਨ੍ਹੀ ਗਲੀ 'ਚ ਪੁੱਜਦੀ ਹੈ, ਜਿਸ ਤਰ੍ਹਾਂ ਪਹਿਲੀ ਰਾਤ ਉਹਦਾ 'ਰੇਪ' ਹੁੰਦੀ ਹੈ ਤੇ ਜਿਸ ਹਾਈਪਰ ਲਹਿਜ਼ੇ 'ਚ ਇਹ ਵਾਰਦਾਤ ਵਾਪਰਦੀ ਹੈ, ਤੇ ਜਿਵੇਂ ਉਹ ਮਰਨ ਲਈ ਤਿਆਰ ਹੁੰਦੀ ਗੁਰਬਾਣੀ 'ਚੋਂ ਸਲੋਕ ਨੂੰ ਸੁਣਦੀ ਹੈ, ਤੇ ਉਹਦੇ 'ਤੇ ਜੋ ਅਸਰ ਹੁੰਦਾ ਹੈ, ਇਹ ਸਭ ਬੜਾ ਤੇਜ਼ੀ ਨਾਲ ਵਾਪਰਦਾ ਹੈ। ਅਜਿਹਾ ਘਟਨਾ-ਕ੍ਰਮ ਨਾਵਲ ਦੀ ਟੋਨ ਨੂੰ ਸੈੱਟ ਕਰ ਦੇਂਦਾ ਹੈ। ਪਤਾ ਚਲਦਾ ਹੈ ਨਾਵਲ ਨੇ ਝਟਕੇ ਵਾਲੀ ਘਟਨਾਕਾਰੀ ਰਾਹੀਂ ਹੀ ਤੁਰਨਾ ਹੈ। ਇਹਨੇ ਕਿਸੇ ਸਥਿਤੀ ਦੀਆਂ ਅੰਤ੍ਰੀਵੀ ਤੈਹਾਂ ਵਲ ਦੇਖਣਾ ਨਹੀਂ ਹੈ। ਸਤਹੀ ਲਿਖਣਕਾਰੀ ਦੇ ਇਸ ਪੈਰਾਡਾਈਮ ਦੀ ਲੇਖਿਕਾ ਸ਼ਿਕਾਰ ਦਿਸਦੀ ਹੈ, ਪਰ ਉਹਦੇ ਕੋਲ ਹੁਣ ਇਹੀ ਰਸਤਾ ਹੈ। ਕਲਾਤਮਿਕ ਦ੍ਰਿਸ਼ਟੀ ਦੀ ਅਣਹੋਂਦ ਦਾ ਆਰੰਭ ਤੋਂ ਹੀ ਪਤਾ ਲੱਗ ਜਾਂਦਾ ਹੈ। ਉਹਦੀ ਨਾਵਲਕਾਰੀ ਦਾ ਰਾਹ ਤੈਅ ਹੋ ਜਾਂਦਾ ਹੈ। ਇਸ ਰਾਹ ਨੇ ਲੇਖਿਕਾ ਸਮੇਤ ਬਿਰਤਾਂਤਕ ਗਤੀ ਅਤੇ ਪਾਤਰਾਂ ਨੂੰ ਵੀ ਆਪਣੀ ਲਪੇਟ ਵਿਚ ਲੈਣਾ ਹੈ। ਬੇਸ਼ੱਕ ਇਸ ਲਪੇਟ ਵਿਚ ਆਉਣ ਦੀ ਪਾਠਕ ਨੂੰ ਲਾਚਾਰੀ ਨਹੀਂ ਹੈ। ਪਰ ਜੇ ਉਹ ਇਹਨੂੰ ਵਿਚਾਲੇ ਨਹੀਂ ਛੱਡਦਾ ਤਾਂ ਅੰਤ ਤੱਕ ਪੁੱਜਦਿਆਂ ਉਹਦਾ ਉਹੀ ਹਾਲ ਹੋਣਾ ਹੈ ਜੋ ਲੰਮੇ ਟੈਲੀ ਸੀਰੀਅਲ ਦੇਖ ਕੇ ਹੁੰਦਾ ਹੈ। 

ਲੇਖਿਕਾ ਕੋਲ ਬਿਰਤਾਂਤ ਨੂੰ ਤੇਜ਼ ਗਤੀ 'ਚ ਰੱਖਣ ਲਈ ਇਹੀ ਜੁਗਤ ਹੈ। ਇਸ ਜੁਗਤ ਵਿਚ ਲਕੀਰਤਾ (horizontality) ਹੈ, ਉਸਾਰ (verticality) ਨਹੀਂ। ਇਹ ਮਹੀਨ ਬੁੱਨਤਰ ਨੂੰ ਬਾਈਪਾਸ ਕਰਦੀ ਹੈ ਜਦ ਕਿ ਬੁੱਨਤਰ ਹੀ ਬਿਰਤਾਂਤਕਾਰੀ ਨੂੰ ਕਥਾਕਾਰੀ ਤੋਂ ਵਖਰਿਆਂਦੀ ਹੈ। ਪਾਠਕ ਮਨੁੱਖੀ ਸਥਿਤੀ ਦੀਆਂ ਤੈਹਾਂ ਤੱਕ ਇਹਦੇ ਰਾਹੀਂ ਪੁੱਜਦਾ ਹੈ।ਮਹੀਨ ਬੁੱਨਤਰ ਬਿਰਤਾਂਤ ਨੂੰ ਸ਼ਿਲਪਕਾਰੀ ਦੇ ਨਿਕਟ ਕਰਦੀ ਹੈ ਤੇ ਨਾਵਲੀ ਬਿਰਤਾਂਤ ਸਹਿਜ ਤੇ ਸੰਤੁਲਤ ਗਤੀ 'ਚ ਰਹਿੰਦਾ ਹੈ। ਭਾਸ਼ਾ ਰਚਨਾਤਮਿਕ ਹੁੰਦੀ ਹੈ, ਘਟਨਾਵਾਂ ਦਾ ਵਾਹਣ ਹੋਣ ਤੱਕ ਸੀਮਤ ਨਹੀਂ ਰਹਿੰਦੀ। ਅਰਥ ਸੱਕ ਵਾਂਗ ਨਿਕਲਦੇ ਹਨ। ਅਜਿਹੀ ਭਾਸ਼ਾ ਵਾਲੀ ਚਰਨਾਕਾਰੀ ਵਲ ਦੋਬਾਰਾ ਪਰਤਨ ਦਾ ਮਨ ਕਰਦਾ ਰਹਿੰਦਾ ਹੈ। ਕਲਾਤਮਿਕ ਬਿਰਤਾਂਤ ਇਸੇ ਨੂੰ ਕਹਿੰਦੇ ਹਨ। ਨਾਵਲ 'ਮਾਇਆ' 'ਚ ਭਾਸ਼ਾ ਦੀ ਸੁਰ ਉੱਚੀ ਹੈ। ਜਿਸ ਮੈਲੋਡਰਾਮੈਟਿਕ ਢੰਗ ਨਾਲ ਰੇਪ ਦੀ ਵਾਰਦਾਤ ਘਟਦੀ ਹੈ, ਉਹ ਪਾਪੂਲਰ ਸਿਨੇਮੇ ਦੀ ਭਾਸ਼ਾ ਹੈ। ਜਿਵੇਂ ਬਲਬੀਰ ਚੰਡੀਗੜ੍ਹ ਪੁੱਜਦੀ ਹੈ, ਬਲਬੀਰ ਤੋਂ ਮਾਇਆ ਬਣਦੀ ਹੈ, ਸਮੀਰ ਨਾਲ ਨੇੜਤਾ ਪੈਦਾ ਹੁੰਦੀ ਹੈ, ਨੇੜਤਾ ਖੌਫ਼ ਪੈਦਾ ਕਰਦੀ ਹੈ, ਇਹ ਸਕੀਮ ਦੀ ਅਨੁਸਾਰੀ ਬਣਤ ਹੈ। ਜੇ ਇਹੀ ਨਾਵਲਕਾਰ ਦੀ ਪਾਠਗਤ ਨੀਤੀ (textual strategy) ਹੈ ਤਾਂ ਔਰਤ ਦੀ ਆਜ਼ਾਦੀ ਦਾ ਸਮੱਸਿਆਕਾਰ ਪਸਤ ਹੋ ਜਾਂਦਾ ਹੈ। ਪਾਤਰਾਂ ਦਾ ਵਜੂਦ ਲੇਖਿਕਾ ਦੇ ਕਬਜ਼ੇ 'ਚ ਆ ਜਾਂਦਾ ਹੈ। ਬਲਬੀਰ ਪਿਤਾ ਪੁਰਖੀ ਸਥਾਪਨਾ ਤੋਂ ਬਰੀ ਹੋਣਾ ਚਾਹੁੰਦੀ ਹੈ ਤੇ ਆਣ ਡਿੱਗਦੀ ਹੈ ਲੇਖਿਕਾ ਦੀ ਬਾਜ਼ਾਰੀ ਪਾਠਗਤ ਨੀਤੀ ਦੇ ਟ੍ਰੈਪ 'ਚ। ਸੁਰਿੰਦਰ ਨੀਰ ਦੀ 'ਵਿਯਨ', ਜਿਵੇਂ ਨਾਵਲ 'ਚ ਪ੍ਰਗਟ ਹੈ, ਮਿਡਲ ਕਲਾਸੀ ਰਵਾਇਤੀ ਔਰਤਾਂ ਵਾਲੀ ਹੈ। ਮਾਇਆ ਦਾ ਕਿਰਦਾਰ ਇਸ ਵਿਯਨ ਦਾ ਪਰਤੌ ਬਣਦਾ ਹੈ। 

ਕਲਾ ਦੇ ਪਿੜ ਵਿਚ ਮਾਇਆ ਦਾ ਦਾਖਲਾ ਕਲਾ ਦੀ ਮੰਡੀ ਰਾਹੀਂ ਹੁੰਦਾ ਹੈ। ਮੰਡੀ ਦੇ ਦਲਾਲ ਉਹਦਾ ਸ਼ੋਸ਼ਨ ਕਰਨਾ ਚਾਹੁੰਦੇ ਹਨ, ਉਹਦੇ ਜਿਸਮ ਅਤੇ ਆਰਟ ਦੋਨਾਂ ਦਾ। ਉਨ੍ਹਾਂ ਨਾਲ ਉਹ ਬੇਖੌਫ਼ ਹਿੱਸੇਦਾਰੀ ਪਾਉਂਦੀ ਹੇ। ਉਹ ਜੋ ਕਰਦੀ ਹੈ ਉਹਦੀ ਸਫ਼ਾਈ 'ਚ ਲੇਖਕੀ ਟਿੱਪਣੀ+ਤਬਸਰਾ ਮੁਹੱਈਆ ਹੋਈ ਜਾਂਦਾ ਹੈ। ਉਹਦੇ ਕੋਲ ਆਪਣੀ ਅਕਾਂਖਿਆ ਦੀ ਪੂਰਤੀ ਦਾ ਹੋਰ ਕੋਈ ਰਾਹ ਨਹੀਂ ਹੈ। ਬਦਲੇ 'ਚ ਉਹ 'ਯੂਜ਼ ਐਂਡ ਥਰੋਅ' ਦੀ ਨੀਤੀ ਦੀ ਵਰਤੋਂ ਕਰਦੀ ਹੈ। ਝੂਠ ਬੋਲ ਕੇ, ਪਬਲਿਕ ਰਿਲੇਸ਼ਨੀ ਜੁਗਤਾਂ ਰਾਹੀਂ 'ਅਗਾਂਹ' ਨਿਕਲ ਜਾਣ 'ਚ ਸਫ਼ਲ ਹੁੰਦੀ ਹੈ। ਲੇਖਿਕਾ ਸੰਭਵ/ਅਸੰਭਵ ਘਟਨਾਵਾਂ ਨੂੰ ਬਣਾਵਟੀ ਵਾਸਤਵਿਕਤਾ (contrived reality) 'ਚ ਬੰਨ੍ਹਦੀ ਹੈ। ਨਾਵਲ ਦੀ ਸਿਰਜੀ ਜਾਅਲੀ ਵਾਸਤਵਿਕਤਾ 'ਚ ਮਾਇਆ ਦਾ ਇਕੋ ਦਿਨ 'ਚ ਪਾਸਪੋਰਟ ਬਣਦਾ ਹੈ ਤੇ ਅਮਰੀਕਾ ਦਾ ਵੀਜ਼ਾ ਵੀ ਲੱਗ ਜਾਂਦਾ ਹੈ। ਅਮਰੀਕਾ ਜਾ ਕੇ ਉਹ ਹੋਰ ਠਹਿਰਣਾ ਚਾਹੁੰਦੀ ਹੈ ਤਾਂ ਉਸ ਦਾ ਨਵਾਂ ਪੈਟਰਨ ਕਹਿੰਦਾ, ''ਮੈਂ ਇੰਡੀਅਨ ਗੌਰਮਿੰਟ ਤੋਂ ਵੀਜ਼ਾ ਲਗਵਾ ਦੇਨਾਂ। (ਕੀ ਅਮਰੀਕੀ ਵੀਜ਼ਾ ਭਾਰਤ ਸਰਕਾਰ ਦੇਂਦੀ ਹੈ?) 

ਔਰਤ ਬਨਾਮ ਪਿਤਾ ਪੁਰਖੀ ਸਥਾਪਨਾ ਵਾਲਾ ਸੰਸਾਰ। ਸੰਭਾਵਨਾਵਾਂ ਵਾਲਾ ਇਹ ਜੋ ਸਮੱਸਿਆਕਾਰ ਹੈ, ਉਹ ਕੁਰਾਹੇ ਪੈ ਚੁੱਕਾ ਹੈ। ਪਿਤਾ ਪੁਰਖੀ ਹੈਜਮਨੀ ਤੇ ਨਾਵਲਕਾਰ ਦੀ ਪਾਠਗਤ ਨੀਤੀ 'ਚ ਫਰਕ ਨਹੀਂ ਦਿਖਦਾ। ਦੋਨਾਂ ਦੀ ਮੰਡੀ ਨਾਲ ਲੜਾਈ ਨਹੀਂ।

ਚੰਡੀਗੜ੍ਹ/ਦਿੱਲੀ ਵਾਲੇ ਲੋਕੈਲ 'ਚ ਮਾਇਆ ਤੀਬਰ ਢੰਗ ਨਾਲ ਵਾਪਰਦੀ ਹੈ ਤੇ ਉਹਦੇ ਰਾਹੀਂ ਲੇਖਿਕਾ ਵਾਪਰਦੀ ਦਿਸਦੀ ਹੈ, ਕਿਉਂਕਿ ਲੇਖਿਕਾ ਦਰਸ਼ਕ ਨਹੀਂ ਮਾਇਆ ਦੀ ਧਿਰ ਹੈ। ਜੇ ਦਰਸ਼ਕ ਹੁੰਦੀ ਤਾਂ ਮਾਇਆ ਨੂੰ ਸੁਤੰਤਰ ਵਿਅਕਤੀ ਬਣਾਂਦੀ। ਤਦ ਮਾਇਆ ਲੇਖਿਕਾ ਵਿਰੁੱਧ ਬਗ਼ਾਵਤ ਕਰ ਦੇਂਦੀ। ਬਗ਼ਾਵਤ ਦਾ ਤੰਤ ਉਸ ਵਿਚ ਲੇਖਿਕਾ ਨੇ ਰਹਿਣ ਨਹੀਂ ਦਿੱਤਾ, ਸਿਰਫ਼ ਚੁਸਤੀ ਨਾਲ 'ਯੂਜ਼ ਐਂਡ ਥਰੋਅ' ਦੀ ਜੁਗਤ ਵਰਤਣ ਦੀ ਜਾਚ ਸਿਖੀ ਹੈ। ਨਾਵਲ ਦੀਆਂ ਤੈਹਾਂ ਫਰੋਲਦਿਆਂ ਦਿਸਦਾ ਹੈ ਕਿ ਇਹ ਮੰਡੀ ਦੀ ਸਿਧਾਂਤਕੀ ਅਨੁਕੂਲ ਰਚਿਆ ਗਿਆ ਹੈ। ਮਾਇਆ ਉਹੀ ਕੁਝ ਬੋਲਦੀ ਹੈ ਜੋ ਲੇਖਿਕਾ ਨਿਰਦੇਸ਼ਿਤ ਕਰਦੀ ਹੈ। ਜਾਂ ਲੇਖਿਕਾ ਦਾ ਉਹੀ ਸਟੈਂਡ ਹੈ ਜੋ ਮਾਇਆ ਦਾ ਹੈ। ਬਿਰਤਾਂਤ ਦੋਨਾਂ ਦੀ ਓਵਰਲੈਪਿੰਗ ਵਾਲੀ ਲੀਲਾ ਵਿਚ ਤਬਦੀਲ ਹੁੰਦਾ ਦਿਖਦਾ ਹੈ। 

ਮਾਇਆ ਚੰਡੀਗੜ੍ਹ ਦਿੱਲੀ ਅਮਰੀਕਾ ਰਾਣੀਖੇਤ ਘੁੰਮਦੀ ਹੈ ਤੇ ਲੇਖਿਕਾ ਉਹਦਾ ਪ੍ਰਛਾਵਾਂ ਬਣ ਕੇ ਨਾਲ ਰਹਿੰਦੀ ਹੈ। ਬਾਕੀ ਪਾਤਰ, ਜੋ ਮਾਇਆ ਨਾਲ ਮੋਹ ਦੇ ਰਿਸ਼ਤੇ 'ਚ ਜੁੜਦੇ ਹਨ, ਉਹ ਵੀ ਇਸ ਟ੍ਰੈਪ 'ਚ ਹਨ। ਉਸੇ ਤਰ੍ਹਾਂ ਦੀ ਬੋਲੀ ਬੋਲਦੇ ਹਨ ਜਿਵੇਂ ਮਾਇਆ ਬੋਲਦੀ ਹੈ ਜਾਂ ਲੇਖਿਕਾ ਬੋਲਦੀ ਹੈ। ਸ਼ਬਦਾਂ ਦੀ ਚੋਣ ਵੀ ਉਹੀ ਹੈ। ਇਵੇਂ ਘਟਨਾਕਾਰੀ ਦਾ ਕੇਂਦਰੀਕਰਨ ਹੋਈ ਜਾਂਦਾ ਹੈ। ਸਭ ਨੇ ਉੱਥੇ ਪੁੱਜਣਾ ਹੈ ਜਿੱਥੇ ਲੇਖਿਕਾ ਪਹੁੰਚਾਣਾ ਚਾਹੁੰਦੀ ਹੈ। ਸਭ ਦਾ ਲਕਸ਼ ਲੇਖਿਕਾ ਦੀ ਰੁਮਾਂਸੀ ਦ੍ਰਿਸ਼ਟੀ ਅਨੁਕੂਲ ਹੈ। 

ਸ਼ਿਵ ਮੈਨਨ ਦਾ ਮਿਲਣਾ, ਦਿੱਲੀ ਜਾਣ ਤੇ ਉਹਦੇ ਨਾਲ ਬਜ਼ਨਸੀ ਤੇ ਸੇਜ਼ ਸਾਂਝ ਦਾ ਨਾਤਾ ਆਦਿ, ਫਿਰ ਅਚਾਨਕ ਅਮਰੀਕਾ ਲਈ ਜਾਣ ਦਾ ਕਹਾਣੀ ਮੋੜ, ਏਅਰਪੋਰਟ 'ਤੇ ਆਰਟ ਕ੍ਰਿਟਿਕ ਦਾ ਮਿਲਣਾ ਤੇ ਦੁਨੀਆਂ ਦੇ ਆਰਟ ਕੇਂਦਰਾਂ ਦਾ ਰਟਣ! ਜਾਂ ਪਾਤਰਾਂ ਦਾ ਇਕ ਦੂਜੇ ਨਾਲ ਪਿਆਰ ਮਿਲਾਪ ਜਾਂ ਸ਼ਾਦੀ ਆਦਿ ਇੱਕੋ ਪੈਰਾਡਾਈਮ ਦੇ ਅਨੁਸਾਰੀ ਹਨ। ਬਾਖ਼ਤਿਨ ਦੇ ਸੰਵਾਦੀ ਬਿਰਤਾਂਤ ਦਾ ਹਵਾਲਾ ਦੇਣਾ ਹੋਵੇ ਤਾਂ ਕਹਾਂਗੇ ਇਹ ਸੰਵਾਦੀ ਦੀ ਜਗ੍ਹਾ ਇਕਾਲਾਪੀ ਰਚਨਾ ਹੈ। ਨਾਵਲ ਲਿਖਣ ਦਾ ਇਹ ਮਾੱਡਲ ਜੇ ਭਾਈ ਵੀਰ ਸਿੰਘ ਜਾਂ ਨਾਨਕ ਸਿੰਘ ਅਨੁਕੂਲ ਮੰਨ ਲਈਏ ਤਾਂ ਸਮੱਸਿਆ ਹਲ ਨਹੀਂ ਹੁੰਦੀ। ਭਾਈ ਸਾਹਿਬ ਤੇ ਨਾਨਕ ਸਿੰਘ ਨੂੰ ਉਸ ਸੰਸਾਰ ਦੀਆਂ ਕਲਪਨਾਵਾਂ ਦੀ ਸੋਝੀ ਸੀ – ਰੁਮਾਂਸੀ ਤੇ ਆਦਰਸ਼ਕ ਕਲਪਨਾਵਾਂ ਦੀ ਜੋ ਉਹ ਚਿਤਰ ਰਹੇ ਸਨ। ਆਪਣੀ ਸੀਮਾ ਦੇ ਅੰਦਰਵਾਰ ਰਹਿ ਕੇ ਉਹ ਰੁਮਾਂਸੀ ਨਾਵਲ ਦਾ ਜੋ ਸਿਰਜਣ ਕਰਦੇ ਹਨ ਉਹਦੀ ਅੰਤਰ-ਲੈਅ ਹੈ। 

ਮਾਇਆ 'ਚ ਅੰਤਰ-ਲੈਅ ਖੰਡਿਤ ਹੈ ਕਿਉਂ ਜੋ ਲੇਖਿਕਾ ਸੀਮਤ ਅਨੁਭਵ ਰਾਹੀਂ ਅਸੀਮ ਫੈਲਾਅ ਦੇ ਰਾਹੇ ਪਈ ਹੋਈ ਹੈ। ਦੋ ਨਾਵਲਾਂ ਦਾ ਮਸੌਦਾ ਇੱਕੋ 'ਚ ਫਿਟ ਹੁੰਦਾ ਹੈ। ਦੋ ਲੋਕੈਲਾਂ 'ਤੇ ਕਹਾਣੀ ਦੀ ਸਮਾਨਾਂਤਰਤਾ ਨੂੰ ਕਾਇਮ ਰੱਖਣਾ ਨਵੀਂ ਕਾਢ ਨਹੀਂ ਹੈ, ਪਰ ਇਸ ਅੰਤਰ-ਜੋੜ ਲਈ ਵਿਧੀਰਵਾਇਤੀ ਜਾਂ ਯੰਤਰੀ ਸਫ਼ਲ ਨਹੀਂ ਹੁੰਦੀ। ਮਾਇਆ 'ਚ ਸਮਾਨਾਂਤਰ ਲੋਕੈਲ 'ਚ ਵਾਪਰਣ ਵਾਲੀਆਂ ਘਟਨਾਵਾਂ ਨੂੰ ਸਿਰਫ਼ ਸਾਹਿਬਜੀਤ ਜੋੜਨ ਵਾਲਾ ਹੈ ਜਾਂ ਕਿਸੇ ਹੱਦ ਤੱਕ ਮਾਇਆ ਆਪ। ਪਰ ਲੇਖਿਕਾ ਦੀਆਂ ਟਿੱਪਣੀਆਂ ਕਿਤੇ ਜ਼ਿਆਦਾ ਜੋੜਦੀਆਂ ਹਨ ਜੋ ਮਕਾਨਕੀ ਕਵਾਇਦ ਹੈ। ਨਾਵਲ 'ਚ 1984 ਦੀ ਸਿੱਖ ਖਾੜਕੂਵਾਦ ਦੇ ਹਵਾਲੇ ਨਾਲ ਮੌਜੂਦ ਸਮੱਗਰੀ ਧਿਆਨ ਖਿੱਚਦੀ ਹੈ। ਓਪ੍ਰੇਸ਼ਨ ਬਲੂ ਸਟਾਰ ਤੇ ਓਪ੍ਰੇਸ਼ਨ ਬਲੈਕ ਥੰਡਰ ਦਾ ਜ਼ਿਕਰ ਹੈ, ਪਰ ਇਸ ਜ਼ਿਕਰ ਪਿੱਛੇ 'ਸਿੱਖ ਕੌਮ ਦੀ ਆਜ਼ਾਦੀ' ਦਾ ਹਵਾਲਾ ਜੋ ਦੱਸਿਆ ਗਿਆ ਹੈ, ਉਹਦੇ ਆਰ ਜਾਂ ਪਾਰ ਦਾ ਕੋਈ ਜ਼ਿਕਰ ਨਹੀਂ ਹੈ। ਕੀ ਪੰਜਾਬ ਦੇ ਪਿੰਡੇ ਨੂੰ ਲੂਹਣ ਵਾਲੀਆਂ ਘਟਨਾਵਾਂ ਨੂੰ ਸਰਸਰੀ ਹਵਾਲੇ ਨਾਲ ਦੇਖਿਆ ਜਾਣਾ ਚਾਹੀਦਾ ਹੈ? ਇਹਦੀ ਰਾਜਨੀਤੀ, ਇਹਦੀ ਸਿਧਾਂਤਕੀ ਨੂੰ ਬਿਨਾਂ ਛੋਹਿਆਂ ਇਹਦਾ ਜੋ ਬਿਆਨ ਹੈ, ਇਹਦੇ ਅਰਥ ਕੀ ਹਨ? 'ਕੌਮ ਦੀ ਆਜ਼ਾਦੀ' ਦਾ ਹਵਾਲਾ ਹੈ, ਇਹਦਾ ਸਿਆਸੀ ਤਰਕ ਕਿਤੇ ਨਹੀਂ ਹੈ। 

ਸਾਹਿਬਜੀਤ ਵਰਗਾ ਪਾਤਰ, ਜੋ ਪਹਿਲਾਂ ਖਾੜਕੂ ਸਿਧਾਂਤਕੀ ਅਨੁਸਾਰ ਬੋਲਦਾ ਹੈ, ਬਾਅਦ ਵਿਚ ਮਲੂਕੜਾ ਰੁਮਾਂਸੀ ਤੇ ਸਿਆਸੀ ਮੋੜਾਂ ਤੋਂ ਬੇਲਾਗ ਕਿਵੇਂ ਰਹਿੰਦਾ ਹੈ? ਉਹ ਵੀ ਮਾਇਆ ਦੀ ਭਾਸ਼ਾ ਬੋਲਣ ਲੱਗਦਾ ਹੈ। ਸਿੱਖ ਰਹਿਤਲ ਨੂੰ ਨਾਵਲੀ ਪੇਸ਼ਕਾਰੀ 'ਚ ਅਹਮੀਅਤ ਹੈ। ਇਹ ਸਾਰੀਆਂ ਗੱਲਾਂ ਇਸ ਨਾਵਲ ਵਲ ਧਿਆਨ ਖਿੱਚਦੀਆਂ ਹਨ, ਜਿਵੇਂ ਸਾਹਿਬਜੀਤ ਦਾ ਕਿਰਦਾਰ ਹੋਰਾਂ ਸਭ ਕਿਰਦਾਰਾਂ ਤੋਂ ਵੱਧ ਅਹਿਮੀਅਤ ਵਾਲਾ ਬਣਦਾ ਹੈ। ਪਰ ਗੱਲ ਵਿਚਾਲੇ ਰਹਿ ਜਾਂਦੀ ਹੈ। ਮਸਲਾ ਤਦ ਇਹ ਹੈ ਕਿ ਨਾਵਲ ਵਿਚ ਜੋ ਅਲਪ ਪੱਧਰ 'ਤੇ ਪ੍ਰਮਾਣਿਕ ਛੋਹਾਂ ਵਾਲਾ ਹਿੱਸਾ ਹੈ ਉਹ ਅਪ੍ਰਮਾਣਿਕ ਫੈਲਾਅ ਹੇਠ ਦੱਬ ਜਾਂਦਾ ਹੈ। ਜੰਮੂ ਵਾਲੀ ਸਥਾਨਿਕਤਾ ਦਾ ਜੋ ਨਾਵਲ ਵਿਚ ਹਿੱਸਾ ਹੈ, ਉਹਦੇ ਸਾਹਮਣੇ ਚੰਡੀਗੜ੍ਹ ਜਾਂ ਦਿੱਲੀ ਜਾਂ ਅਮਰੀਕਾ ਵਾਲੀ ਸਥਾਨਿਕਤਾ, ਜੋ ਮਾਇਆ ਦੇ ਕਿਰਦਾਰ ਦਾ ਵੱਖਰਾ ਰੂਪ ਪ੍ਰਸਤੁਤ ਕਰਦੀ ਹੈ, ਅਪ੍ਰਮਾਣਿਕ ਹੈ। ਜ਼ਾਹਿਰ ਹੈ, ਨਾਵਲ ਦਾ ਜ਼ਿਆਦਾ ਹਿੱਸਾ ਚਾਲੂ/ਅਪ੍ਰਮਾਣਿਕ ਚਿਤਰਪਟ ਨੇ ਮੱਲਿਆ ਹੋਇਆ ਹੈ ਜਿਸ ਕਰਕੇ ਜੰਮੂ ਵਾਲੀ ਸਥਾਨਿਕਤਾ ਦਾ ਕਾਰਜ-ਕਰਮ ਤੇ ਘਟਨਾਵਲੀ ਦੂਜੈਲੀ ਥਾਂ 'ਤੇ ਜਾ ਖੜਦਾ ਹੈ। ਨਾਵਲ ਚੂੰਕਿ ਮਾਇਆ 'ਤੇ ਕੇਂਦ੍ਰਿਤ ਹੈ ਤਾਂ ਜੰਮੂ ਵਾਲੀ ਸਥਾਨਿਕਤਾ ਸਮੁੱਚੇ ਪ੍ਰਸੰਗ 'ਚ ਅਰਥ ਗੰਵਾ ਦੇਂਦੀ ਹੈ ਕਿਉਂਕਿ ਮਾਇਆ ਨੇ ਜੰਮੂ ਨੂੰ ਲਗਪਗ ਹਮੇਸ਼ਾਂ ਲਈ ਤਿਆਗ ਦਿੱਤਾ ਹੈ। ਜੰਮੂ, ਦਿੱਲੀ (ਅਮਰੀਕਾ) ਅਤੇ ਅੰਤ ਵਿਚ ਮਕਲੋਡਗੰਜ। ਤਿੰਨਾ ਦੇ ਬਿਰਤਾਂਤ ਵਿਚ ਜੋ ਖੋਲ ਹਨ ਉਹ ਲੇਖਿਕਾ ਦੀਆਂ ਟਿੱਪਣੀਆਂ/ਤਬਸਰੇ ਰਾਹੀਂ ਹੀ ਪੁਰ ਹੁੰਦੇ ਹਨ। ਲੇਖਿਕੀ over-presence ਬਿਰਤਾਂਤ ਲਈ ਉਸੇ ਤਰ੍ਹਾਂ ਅਸਹਿ ਹੈ ਜਿਵੇਂ ਬਲਬੀਰ ਲਈ ਪਿਤਾ ਪੁਰਖੀ ਫ਼ਾਸ਼ੀਵਾਦ। 

600 ਸਫ਼ਿਆਂ ਤੋਂ ਬਾਅਦ ਜੇ ਮਾਇਆ ਮਕਲੋਡਗੰਜ ਦੇ ਨਿਮਨਾਂ 'ਚ ਰਹਿ ਕੇ, ਮਦਰ ਟੀਰੇਸਾ ਵਾਂਗ, ਪੀੜਤਾਂ ਦੀ ਪੀੜਾ ਹਰਨ ਕਰਦੀ ਹੈ ਤਾਂ ਇਹ ਸ਼ੁਰੂ ਤੋਂ ਤੁਰੀ ਆ ਰਹੀ ਯੰਤਰਤਾ ਦੀ ਆਖਰੀ ਕਿਸ਼ਤ ਬਣੇ ਬਗ਼ੈਰ ਨਹੀਂ ਰਹਿ ਸਕਦੀ। ਮਾਇਆ ਦਾ ਵਿਚਾਰਧਾਰਕ ਮੋੜ ਕਿਸੇ ਤਰ੍ਹਾਂ ਦੀ ਨਵੀਂ ਅੰਤਰ-ਲੈਅ ਪੈਦਾ ਕਰਨ ਦੇ ਸਮਰਥ ਨਹੀਂ ਰਹਿੰਦਾ। ਜੇ ਲੇਖਿਕਾ ਨੇ ਅਜਿਹਾ ਅੰਤ ਕਰਨਾ ਸੀ ਤਾਂ ਉਹਨੂੰ ਤਿੰਨ ਚੌਥਾਈ ਹਿੱਸੇ ਦੀ ਬਣਾਵਟ ਵਲ ਧਿਆਨ ਦੇ ਕੇ ਨਾਵਲ ਨੂੰ ਮੁੜ ਤੋਂ ਲਿਖਣਾ ਚਾਹੀਦਾ ਸੀ। ਨਤੀਜਾ ਇਹ ਕਿ ਅਖੀਰਲੇ ਭਾਗ ਦੀ ਘਟ ਅਸ਼ਾਂਤ ਸੁਰ ਪਹਿਲੇ ਵੱਡੇ ਹਿੱਸੇ ਦੀ ਅਪਾਰ ਪੱਧਰ ਦੀ ਅਸ਼ਾਂਤ ਸੁਰ (hyper tonality) ਦੇ ਮੁਕਾਬਲੇ ਸਿੱਥਲ ਦਿਖਦੀ ਹੈ। ਨਿਮਨਾਂ ਦੀ ਪੀੜਾ ਹਰਨ ਕਰਨ ਦਾ ਮੋੜ ਅਖਤਿਆਰ ਕਰਕੇ ਜ਼ਿੰਦਗੀ ਦੀ ਸੰਪੂਰਤਾ ਪ੍ਰਾਪਤ ਕਰਨ ਦਾ ਇਲਹਾਮ ਵੀ ਝਟਕੇ ਵਾਂਗ ਹੁੰਦਾ ਹੈ। ਕੁੱਲ ਮਿਲਾ ਕੇ, ਨਾਵਲ 'ਚ ਕੁਝ ਟੁਕੜੀਆਂ ਬਹੁਤ ਚੰਗੀਆਂ ਹਨ, ਪਰ ਇਹ ਨਾਵਲ ਨੂੰ ਬਚਾਉਣ 'ਚ ਕਾਮਯਾਬ ਨਹੀਂ ਹੁੰਦੀਆਂ। ਨਾ ਮਕਲੋਡਗੰਜ ਦਾ ਅੰਤ ਪਹਿਲੇ ਛੇਅ ਸੌ ਸਫ਼ਿਆਂ ਦੀ hyper tension ਦੇ ਮੁਕਾਬਲੇ ਖੜ ਸਕਦਾ ਹੈ। 

ਸ਼ਿਕਾਰਗਾਹ ਜਿਵੇਂ ਰਿਲੀਜ਼ ਹੋਇਆ, ਤੇ ਹੁਣ ਮਾਇਆ ਬਾਰੇ ਜੋ ਪ੍ਰਮੋਸ਼ਨੀ ਏਜੰਡਾ ਤਿਆਰ ਹੈ, ਉਸ ਦੇ ਕੇਂਦਰ ਵਿਚ ਲੇਖਿਕਾ ਸੁਰਿੰਦਰ ਨੀਰ ਹੈ। ਨਾਵਲ 'ਚ ਮਾਇਆ ਅਗਾਂਹ ਜਾਣ ਲਈ ਸਮਝੋਤਾ ਕਰਦੀ ਹੈ, ਕਲਾ ਦੀ ਮੰਡੀ ਅੰਦਰ ਜਾ ਖੁੱਭਦੀ ਹੈ, ਕਲਾ ਸੰਸਾਰ ਦੀ ਟੀਸੀ 'ਤੇ ਪੁੱਜਣਾ ਚਾਹੁੰਦੀ ਹੈ। ਜ਼ਾਹਿਰ ਹੈ ਲੇਖਿਕਾ ਕੋਲ ਮੰਡੀ ਦਾ ਪੁੱਖਤਾ ਵਿਕਲਪ ਨਹੀਂ ਹੈ, ਜਿਵੇਂ ਉਹਦੇ ਕਿਰਦਾਰ ਮਾਇਆ ਕੋਲ ਵੀ ਨਹੀਂ ਹੈ ਭਾਵੇਂ ਅੰਤ ਵਿਚ ਉਹ ਤਬਦੀਲ ਹੁੰਦੀ ਦਿਖਦੀ ਹੈ। ਜੇ ਇਹ ਗੱਲ ਹੈ ਤਾਂ ਏਥੇ ਔਰਤ ਦੀ ਆਜ਼ਾਦ ਹਸਤੀ ਦਾ ਤਸੱਵਰ ਬੇਜ਼ਮੀਨਾ ਹੋ ਜਾਂਦਾ ਹੈ, ਕਿਉਂਕਿ ਵਿਸ਼ਵੀਕਰਨ ਦੇ ਇਸ ਯੁੱਗ ਵਿਚ ਸਾਹਿਤ/ਕਲਾ ਦੀ ਮੰਡੀ ਵਿਚ ਔਰਤ ਅਤੇ ਕਲਾ ਦੋਨਾਂ ਨੂੰ ਵਸਤੂ ਹੀ ਸਮਝਿਆ ਜਾਂਦਾ ਹੈ। 

ਮਾਇਆ ਨਾਵਲ ਦੇ ਪਿਛਲੇ ਪਾਸੇ ਦਿੱਤੀ ਗਈ ਲੇਖਿਕ ਦੀ ਤਸਵੀਰ ਦੀ ਚਿਹਨਕਤਾ ਅਤੇ ਸ਼ਿਕਾਰਗਾਹ 'ਚ ਮੌਜੂਦ ਭੂਮਿਕਾ ਅਤੇ ਜੈਕਟ ਕਵਰ 'ਤੇ ਟੀਸੀਮੁਖ ਬਿਆਨ ਇਸ ਪ੍ਰਸੰਗ 'ਚ ਅਰਥਾਂ ਤੋਂ ਖਾਲੀ ਨਹੀਂ ਹੈ। 

 -ਗੁਰਬਚਨ

Monday, April 29, 2013

ਸਾਹਿਰ : ਯਿਹ ਦੁਨੀਆ ਅਗਰ ਮਿਲ਼ ਭੀ ਜਾਏ ਤੋ ਕਯਾ ਹੈ


ਕੁਲਵਿੰਦਰ ਦਾ ਸਾਹਿਰ ਬਾਰੇ ਲੇਖ ਦੋਸਤਾਂ ਮਿੱਤਰਾਂ ਦੀ ਮੰਗ ਨੂੰ ਧਿਆਨ 'ਚ ਰੱਖਦਿਆਂ ਛਾਪਿਆ ਜਾ ਰਿਹਾ ਹੈ। ਇਹ ਪੰਜਾਬੀ ਦੇ ਸਾਹਿਤਕ ਤੇ ਵਿਚਾਰਕ ਰਸਾਲੇ 'ਫ਼ਿਲਹਾਲ' ਦੇ ਇਸੇ ਅੰਕ 'ਚ ਛਪਿਆ ਸੀ।ਇਸ ਦੀ ਕਾਪੀ ਮੈਗਜ਼ੀਨ ਦੇ ਸੰਪਾਦਕ ਗੁਰਬਚਨ ਹੁਰਾਂ ਨੂੰ ਬੇਨਤੀ ਕਰਕੇ ਮੰਗਵਾਈ ਹੈ।-ਗੁਲਾਮ ਕਲਮ

ਗੁਰੂ ਦੱਤ ਦੀ ਫ਼ਿਲਮ 'ਪਿਆਸਾ' (1957) ਦੀ ਸਿਖ਼ਰ 'ਤੇ ਰਫ਼ੀ ਦੀ ਅਵਾਜ਼ ਵਿਚ ਸਾਹਿਰ ਦੀ ਰਚਨਾ ਅਤੇ ਐਸ. ਡੀ. ਬਰਮਨ ਦੀ ਧੁਨ ਗੂੰਜਦੀ ਹੈ -
ਯਿਹ ਮਹਿਲੋ ਯਿਹ ਤਖ਼ਤੋਂ, ਯਿਹ ਤਾਜੋਂ ਕੀ ਦੁਨੀਆ 
ਯਿਹ ਇਨਸਾਂ ਕੇ ਦੁਸ਼ਮਣ ਸਮਾਜੋਂ ਕੀ ਦੁਨੀਆ 
ਯਿਹ ਦੌਲਤ ਕੇ ਭੂਖੇ ਰਿਵਾਜੋਂ ਕੀ ਦੁਨੀਆ 
ਯਿਹ ਦੁਨੀਆ ਅਗਰ ਮਿਲ਼ ਭੀ ਜਾਏ ਤੋ ਕਯਾ ਹੈ 

ਆਡੀਟੋਰੀਅਮ ਦੇ ਦਰਵਾਜ਼ੇ ਤੇ ਖੜ੍ਹੇ ਵਿਜੇ (ਗੁਰੂ ਦੱਤ) ਵਿਚ ਸੂਲੀ ਟੰਗੇ ਈਸਾ ਦੀ ਝਲਕ ਵੀ ਮਿਲ਼ਦੀ ਹੈ ਅਤੇ ਸਾਹਿਰ ਦੀ ਪਰਛਾਈਂ ਵੀ।

ਸਾਹਿਰ ਦੇ ਅਸਲੀ ਨਾਂ ਅਬਦੁਲ ਹਈ ਬਾਰੇ ਵੀ ਸ਼ਾਨਦਾਰ ਕਿੱਸਾ ਹੈ। ਅੱਖੜ ਜਗੀਰਦਾਰ ਫ਼ਜ਼ਲ ਮੁਹੰਮਦ ਦੀ ਗਿਆਰਵੀਂ ਪਤਨੀ ਸਰਦਾਰ ਬੇਗਮ ਨੇ 8 ਮਾਰਚ, 1921 ਨੂੰ ਮੁੰਡੇ ਨੂੰ ਜਨਮ ਦਿੱਤਾ। ਬਾਪ ਨੇ ਨਾਂ ਰੱਖਿਆ ਅਬਦੁਲ ਹਈ। ਅਬਦੁਲ ਹਈ ਫ਼ਜ਼ਲ ਮੁਹੰਮਦ ਦੇ ਗੁਆਂਢ ਵਿਚ ਵਸਦੇ ਦੁਸ਼ਮਣ ਦਾ ਨਾਂ ਸੀ। ਰੋਜ਼ ਸ਼ਾਮ ਸਾਹਿਰ ਦਾ ਬਾਪ ਗੁਆਂਢੀ ਨੂੰ ਗਾਲ੍ਹਾਂ ਕੱਢਦਾ। ਇਤਰਾਜ਼ ਕਰਨ 'ਤੇ ਉਸ ਦਾ ਜੁਆਬ ਹੁੰਦਾ ਕਿ ਉਹ ਤਾਂ ਆਪਣੇ ਬੇਟੇ ਨੂੰ ਗਾਲ੍ਹਾਂ ਕੱਢ ਰਿਹਾ ਹੈ। ਘਰ ਵਿਚ ਇਕੱਲਾ ਮੁੰਡਾ ਹੋਣ ਕਾਰਣ ਸਾਹਿਰ ਦਾ ਬਚਪਨ ਬੜਾ ਵਧੀਆ ਬੀਤਿਆ। ਸਭ ਕੁਝ ਉਲ਼ਟ ਪੁਲਟ ਗਿਆ ਜਦ ਸਾਹਿਰ ਦੇ ਮਾਂ ਬਾਪ ਵਿਚ ਅਨਬਣ ਹੋ ਗਈ। ਆਪਣੀਆਂ ਜਗੀਰੂ ਰੁਚੀਆਂ ਕਾਰਣ ਬਾਪ ਉਸ ਨੂੰ ਅੱਯਾਸ਼ੀ ਪੱਠਾ ਬਨਾਉਣਾ ਚਾਹੁੰਦਾ ਸੀ। ਮਾਂ ਸਾਹਿਰ ਨੂੰ ਪੜ੍ਹਾ ਲਿਖਾ ਕੇ ਚੰਗਾ ਇਨਸਾਨ ਬਨਾਉਣਾ 'ਤੇ ਅੜੀ ਹੋਈ ਸੀ। ਦੋਨਾਂ ਵਿਚਕਾਰ ਖਿੱਚੋਤਾਨ ਏਨੀ ਵੱਧ ਗਈ ਕਿ ਸਰਦਾਰ ਬੇਗ਼ਮ ਨੇ ਅਦਾਲਤ ਦੀ ਜਾ ਸ਼ਰਣ ਲਈ। ਅਦਾਲਤ ਨੇ ਮਾਂ ਜਾਂ ਬਾਪ ਦੋਵਾਂ ਚੋਂ ਇਕ ਨੂੰ ਚੁਣਨ ਦੀ ਸਾਹਿਰ ਦੀ ਖਾਹਿਸ਼ ਪੁੱਛੀ ਤਾਂ ਉਹਨੇ ਮਾਂ ਨੂੰ ਚੁਣਿਆ। 

ਉਸ ਨੂੰ ਮਾਲਵਾ ਖਾਲਸਾ ਹਾਈ ਸਕੂਲ ਵਿਚ ਦਾਖਲ ਕਰਾ ਦਿੱਤਾ ਗਿਆ। ਉਹ ਵੱਡਾ ਹੋ ਕੇ ਵਕੀਲ ਬਣਨਾ ਚਾਹੁੰਦਾ ਸੀ। ਪੜ੍ਹਾਈ ਲਿਖਾਈ ਤਾਂ ਸ਼ੁਰੂ ਹੋ ਗਈ ਪਰ ਜੀਵਨ ਵਿਚ ਤੰਗੀਆਂ ਤੁਰਸ਼ੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਨੇ ਸਾਹਿਰ ਨੂੰ ਇਰਦ ਗਿਰਦ ਬਾਰੇ ਸੋਚਵਾਨ ਬਣਾ ਦਿੱਤਾ। ਉਸ ਨੂੰ ਜਗੀਰੂ ਕਦਰਾਂ ਕੀਮਤਾਂ ਨਾਲ਼ ਨਫ਼ਰਤ ਹੋ ਗਈ। 

ਸਕੂਲ ਤੋਂ ਬਾਅਦ ਉਸ ਨੇ ਲੁਧਿਆਣੇ ਦੇ ਗੌਰਮਿੰਟ ਕਾਲਿਜ ਵਿਚ ਦਾਖਲਾ ਲਿਆ। ਜੁਆਨੀ ਤੇ ਪੈਰ ਧਰਦਿਆਂ ਆਪਣੇ ਬਾਗ਼ੀ ਸੁਭਾ ਕਾਰਣ ਉਸ ਦੇ ਕੋਮਲ ਹਿਰਦੇ ਨੇ ਮਨੁੱਖੀ ਭਾਵਨਾਵਾਂ ਅਤੇ ਜ਼ਾਲਮ ਸਮਾਜ ਵਿਚਲੇ ਦਵੰਦ ਨੂੰ ਸ਼ਿਅਰਾਂ ਦੇ ਰੂਪ ਵਿਚ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਇਕਬਾਲ ਦਾ ਸ਼ਿਅਰ 'ਇਸ ਚਮਨ ਮੇਂ ਹੋਂਗੇ ਪੈਦਾ ਬੁਲਬੁਲ-ਏ-ਮੀਰਾਜ਼ ਭੀ, ਸੈਂਕੜੋ ਸਾਹਿਰ ਭੀ ਹੋਂਗੇ, ਸਾਹਿਬ-ਏ-ਏਜਾਜ਼ ਭੀ' ਪੜ੍ਹਿਆ। ਉਨ੍ਹਾਂ ਸੈਂਕੜਿਆਂ ਚੋਂ ਆਪਣੇ ਆਪ ਨੂੰ ਇੱਕ ਸਮਝਦਿਆਂ ਅਬਦੁਲ ਹਈ ਸ਼ੇਅਰ ਲਿਖਦਾ 'ਸਾਹਿਰ' ਲੁਧਿਆਣਵੀ ਬਣ ਗਿਆ। 

ਇਹ ਦੌਰ ਵੀ ਸਮਾਜੀ ਉਥਲ-ਪੁਥਲ ਦਾ ਸੀ। ਦੇਸ਼ ਨੂੰ ਅਜ਼ਾਦ ਕਰਾਉਣ ਦੀ ਅਵਾਜ਼ ਫ਼ਿਜ਼ਾ ਵਿਚ ਗੂੰਜ ਰਹੀ ਸੀ। ਕਮਿਊਨਿਸਟ ਲਹਿਰ ਪੂਰੀ ਚੜ੍ਹਤ 'ਤੇ ਸੀ। ਸਾਹਿਰ ਮਾਰਕਸਵਾਦੀ ਵਿਚਾਰਧਾਰਾ ਵਲ ਖਿੱਚਿਆ ਗਿਆ। ਉਹਨੇ ਬਰਤਾਨਵੀ ਸਾਮਰਾਜ ਅਤੇ ਭਾਰਤੀ ਜਗੀਰਦਾਰੀ ਦੇ ਖਿਲਾਫ਼ ਨਜ਼ਮਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੀਆਂ ਕਈ ਰਚਨਾਵਾਂ 'ਕਿਰਤੀ' ਅਤੇ ਹੋਰਨਾਂ ਖੱਬੇਪੱਖੀ ਰਸਾਲਿਆਂ ਵਿਚ ਛਪਣ ਲੱਗੀਆਂ। ਬਲਵੰਤ ਗਾਰਗੀ ਦੇ ਸ਼ਬਦਾਂ ਵਿਚ, ''ਉਸ (ਸਾਹਿਰ) ਨੂੰ ਪਤਾ ਸੀ ਕਿ ਉਹ ਵੱਡਾ ਸ਼ਾਇਰ ਹੈ। ਇਸ ਗੱਲ ਦਾ ਗਿਆਨ ਉਸ ਨੂੰ 22 ਸਾਲ ਦੀ ਉਮਰ ਵਿਚ ਹੀ ਹੋ ਗਿਆ ਸੀ।'' ਉਹ ਵਿਦਿਆਰਥੀ ਯੂਨੀਅਨ ਦਾ ਆਗੂ ਬਣ ਗਿਆ। 

ਇਸ ਦੇ ਨਾਲ਼ ਹੀ ਉਸ ਦੇ ਇਸ਼ਕਾਂ ਦੇ ਕਿੱਸੇ ਵੀ ਮਸ਼ਹੂਰ ਹੋਣ ਲੱਗੇ। ਪਹਿਲਾ ਕਿੱਸਾ ਮਹਿੰਦਰ ਚੌਧਰੀ ਨਾਲ਼ ਉਸ ਦੇ ਪ੍ਰੇਮ ਦਾ ਹੈ। ਪਰ ਬਿਮਾਰੀ ਨਾਲ਼ ਮਹਿੰਦਰ ਚੌਧਰੀ ਦੀ ਮੌਤ ਹੋ ਗਈ। ਇਸ ਮੌਤ ਨੇ ਸਾਹਿਰ ਨੂੰ ਇਕ ਵਾਰ ਤਾਂ ਹਿਲਾ ਕੇ ਰੱਖ ਦਿੱਤਾ। ਇਹ ਸ਼ੇਅਰ ਉਸ ਦੀ ਮਨੋਦਸ਼ਾ ਨੂੰ ਬਿਆਨ ਕਰਦਾ ਹੈ - 
ਕੋਸਰ ਮੇਂ ਵੁਹ ਧੁਲੀ ਹੋਈ ਬਾਂਹੇਂ ਭੀ ਜਲ ਗਈ 
ਜੋ ਦੇਖਤੀ ਥੀਂ ਮੁਝ ਕੋ ਵੁਹ ਨਿਗਾਹੋਂ ਭੀ ਜਲ ਗਈ 


ਉਸ ਦਾ ਜਿਗਰੀ ਦੋਸਤ ਕ੍ਰਿਸ਼ਨ ਅਦੀਬ ਲਿਖਦਾ ਹੈ, ''ਮੈਂ ਸਾਹਿਰ ਦੇ ਸੁਭਾ ਨੂੰ ਜਾਣਦਾ ਸੀ। ਕਈ ਵਾਰ ਮੈਨੂੰ ਪਹਿਲਾਂ ਵੀ ਤਜਰਬਾ ਹੋ ਚੁਕਿਆ ਸੀ। ... ਕੁਝ ਦਿਨ ਹੋਰ ਲੰਘ ਗਏ। ਮਹਿੰਦਰ ਦਾ ਤਸੱਵਰ ਸਾਹਿਰ ਦੇ ਦਿਲ ਅਤੇ ਦਿਮਾਗ਼ ਤੋਂ ਉੱਡ ਗਿਆ।''  

ਤਦ ਸਾਹਿਰ ਦਾ ਇਸ਼ਕ ਆਪਣੇ ਕਾਲਿਜ ਦੀ ਇਕ ਹੋਰ ਵਿਦਿਆਰਥਣ ਈਸ਼ਰ ਕੌਰ ਨਾਲ਼ ਹੋ ਗਿਆ। ਕੁਝ ਦਿਨਾਂ ਬਾਅਦ ਈਸ਼ਰ ਕੌਰ ਨੇ ਆਪਣੀ ਮਜਬੂਰੀ ਜ਼ਾਹਿਰ ਕਰ ਦਿੱਤੀ। ਸਾਹਿਰ ਫਿਰ ਆਪਣੇ ਸਫ਼ਰ ਤੇ ਇਕੱਲਾ ਸੀ। ਇਸ ਤੋੜ ਵਿਛੋੜੇ ਦਾ ਜ਼ਿਕਰ ਸਾਹਿਰ ਦੀ ਇਕ ਹੋਰ ਨਜ਼ਮ 'ਕਿਸੀ ਕੋ ਉਦਾਸ ਦੇਖ ਕਰ' ਵਿਚ ਮਿਲਦਾ ਹੈ। ਇਸ਼ਕ ਦੀ ਅਸਫ਼ਲਤਾ ਦੇ ਨਾਲ਼ ਹੀ ਸਾਹਿਰ ਵਿਚ ਆਈ ਵਿਚਾਰਧਾਰਕ ਤਬਦੀਲੀ ਦੀ ਝਲਕ ਇਸ ਨਜ਼ਮ ਵਿਚ ਮਿਲ਼ਦੀ ਹੈ। ਉਹ ਇਸ਼ਕ ਦੀ ਅਸਫ਼ਲਤਾ ਦੇ ਗ਼ਮ ਨੂੰ ਸਮਾਜੀ ਪ੍ਰਬੰਧ ਨਾਲ਼ ਜੋੜਦਾ ਹੈ 
ਗਲੀ ਗਲੀ ਮੇਂ ਯਿਹ ਬਿਕਤੇ ਹੂਏ ਜਵਾਂ ਚਿਹਰੇ ਹਸੀਨ ਆਖੋਂ ਮੇਂ ਯਿਹ ਆਫ਼ਸੁਰਦਗੀ 1 ਸੀ ਛਾਈ ਹੂਈ 
ਯਿਹ ਜੰਗ ਔਰ ਯਿਹ ਮੇਰੇ ਵਤਨ ਕੇ ਸ਼ੋਖ ਜਵਾਂ 
ਖ਼ਰੀਦੀ ਜਾਤੀ ਹੈ ਉਠਤੀ ਜਵਾਨੀਆਂ ਜਿਨ ਕੀ 
ਯਿਹ ਬਾਤ ਬਾਤ ਪੇ ਕਾਨੂਨ-ਓ-ਜ਼ਾਬਤੇ ਕੀ ਗਰਿਫ਼ਤ 
ਯਿਹ ਜ਼ਿੱਲਤੇਂ, ਯਿਹ ਗ਼ੁਲਾਮੀ, ਯਿਹ ਦੌਰੇ ਮਜਬੂਰੀ 
ਯਿਹ ਗ਼ਮ ਬਹੁਤ ਹੈ ਮਿਰੀ ਜ਼ਿੰਦਗੀ ਕੇ ਮਿਟਾਨੇ ਕੋ 
ਉਦਾਸ ਰਹਿ ਕੇ ਮਿਰੇ ਦਿਲ ਕੋ ਔਰ ਰੰਜ ਨ ਦੋ 
1 ਨਿਰਾਸ਼ਾ 
  
ਲਾਹੌਰ ਦਾ ਦਿਆਲ ਸਿੰਘ ਕਾਲਜ ਉਹਦੀ ਅਗਲੀ ਮੰਜ਼ਿਲ ਬਣਿਆ। ਕੌਮੀ ਤੇ ਕੌਮਾਂਤਰੀ ਦੋਵਾਂ ਪੱਧਰਾਂ 'ਤੇ ਹਲਚਲ ਦਾ ਸਿਲਸਿਲਾ ਜਾਰੀ ਸੀ। ਉਹ ਪ੍ਰੋਗਰੇਸਿਵ ਰਾਈਟਰਜ਼ ਐਸੋਸ਼ੀਏਸ਼ਨ ਦਾ ਮੈਂਬਰ ਬਣ ਗਿਆ। 1945 ਵਿਚ ਤਰੱਕੀਪਸੰਦ ਲੇਖਕਾਂ ਦੀ ਹੈਦਰਾਬਾਦ ਵਿਚ ਹੋਈ ਕਾਨਫਰੰਸ ਵਿਚ ਪੰਜਾਬ ਤੋਂ ਸ਼ਾਮਲ ਹੋਣ ਵਾਲ਼ਾ ਲੇਖਕ ਸਿਰਫ਼ ਸਾਹਿਰ ਹੀ ਸੀ। ਉਹਦੀਆਂ ਰਚਨਾਵਾਂ ਲੋਕਾਂ ਵਿਚ ਮਕਬੂਲ ਹੋ ਰਹੀਆਂ ਸਨ। ਇਕ ਪਾਸੇ ਇਨਕਲਾਬੀ ਨਜ਼ਮਾਂ, ਦੂਜੇ ਪਾਸੇ ਉਹਦੇ ਇਸ਼ਕਾਂ ਦੇ ਕਿੱਸੇ। ਚੱਕਰ ਐਸਾ ਚੱਲਿਆ ਕਿ ਉਹ ਪਹਿਲਾਂ ਗੌਰਮਿੰਟ ਕਾਲਜ ਲੁਧਿਆਣਾ ਤੇ ਫਿਰ ਦਿਆਲ ਸਿੰਘ ਕਾਲਜ ਲਾਹੌਰ 'ਚੋਂ ਕੱਢਿਆ ਗਿਆ। ਉਹ ਲਾਹੌਰ ਤੋਂ ਨਿਕਲਦੇ ਅਦਬੀ ਰਸਾਲੇ 'ਅਦਬ-ਏ-ਲਤੀਫ਼' ਦਾ ਸੰਪਾਦਕ ਬਣ ਗਿਆ। 

ਲਾਹੌਰ ਵਿਚ ਆਪਣੀਆਂ ਨਜ਼ਮਾਂ ਨੂੰ ਛਪਾਉਣ ਲਈ ਸਾਹਿਰ ਦੋ ਸਾਲ ਕੋਸ਼ਿਸ਼ ਕਰਦਾ ਰਿਹਾ। ਸੰਨ 1945 ਵਿਚ ਉਸ ਦੀਆਂ ਆਸਾਂ ਨੂੰ ਬੂਰ ਪਿਆ। ਪਹਿਲਾ ਕਾਵਿ ਸੰਗ੍ਰਿਹ 'ਤਲਖ਼ੀਆਂ' ਛਪਿਆ। ਇਸ ਕਿਤਾਬ ਦੇ ਛਪਦੇ ਸਾਰ ਹੀ ਸਾਹਿਰ ਪੂਰੇ ਹਿੰਦੋਸਤਾਨ ਵਿਚ ਮਸ਼ਹੂਰ ਹੋ ਗਿਆ। ਤਲਖ਼ੀਆਂ ਦੀਆਂ ਕਈ ਨਜ਼ਮਾਂ ਮਕਬੂਲ ਹੋਈਆਂ। ਤਾਜ ਮਹਿਲ ਬਾਰੇ ਲਿਖੀ ਉਹਦੀ ਨਜ਼ਮ ਤਰੱਕੀ-ਪਸੰਦ ਹਲਕਿਆਂ 'ਚ ਬਹੁਤ ਚਰਚਿਤ ਹੋਈ - 
ਇਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇਕਰ
ਹਮ ਗਰੀਬੋਂ ਕੀ ਮੁਹਬਤ ਕਾ ਉਡਾਇਆ ਹੈ 
ਮਜ਼ਾਕ ਮੇਰੀ ਮਹਿਬੂਬ! ਕਹੀਂ ਔਰ ਮਿਲਾ ਕਰ ਮੁਝਸੇ। 

ਦਿਲਚਸਪ ਗੱਲ ਇਹ ਹੈ ਕਿ ਸਾਹਿਰ ਨੇ ਅਜੇ ਤੱਕ ਤਾਜ ਮਹਿਲ ਨਹੀਂ ਸੀ ਦੇਖਿਅ। ਬਕੌਲ ਸਾਹਿਰ, ਉਸ ਦੇ ਲਈ ''ਆਗਰੇ ਜਾਣ ਦੀ ਕੀ ਲੋੜ ਸੀ? ਕਾਰਲ ਮਾਰਕਸ ਦਾ ਫਲਸਫਾ ਪੜ੍ਹਿਆ ਹੋਇਆ ਸੀ ਅਤੇ ਜੁਗਰਾਫ਼ੀਆ ਵੀ ਯਾਦ ਸੀ। ਇਹ ਵੀ ਪਤਾ ਸੀ ਕਿ ਤਾਜ ਮਹਿਲ ਜਮਨਾ ਦੇ ਕੰਢੇ, ਸ਼ਾਹਜਹਾਂ ਨੇ ਆਪਣੀ ਬੇਗ਼ਮ ਮੁਮਤਾਜ਼ ਮਹਿਲ ਲਈ ਬਣਵਾਇਆ ਸੀ। ਇਸ ਨਜ਼ਮ ਬਾਰੇ ਬਲਵੰਤ ਗਾਰਗੀ ਬਾਖੂਬ ਲਿਖਦਾ ਹੈ, ''ਸਾਹਿਰ ਵਿਚ ਦਿਵਯ ਗਿਆਨ ਸੀ, ਤੀਜੀ ਅੱਖ! ਸ਼ਾਇਰ ਦਾ ਅਹਿਸਾਸ, ਤਖ਼ਈਅਲ ਤੇ ਸਮਾਜੀ ਚੇਤਨਾ! ਕਈ ਲੋਕ ਤਾਜ ਮਹਿਲ ਦੇ ਅੰਦਰ ਬੈਠੇ ਤਾਜ ਮਹਿਲ ਨਹੀਂ ਦੇਖ ਸਕਦੇ, ਸਾਹਿਰ ਲਾਹੌਰ ਬੈਠਾ ਤਾਜ ਮਹਿਲ ਉਸਾਰ ਸਕਦਾ ਹੈ।

'' ਖੈਰ! ਸ਼ਾਇਰ ਵਜੋਂ ਸਾਹਿਰ ਪ੍ਰਸਿੱਧੀ ਦੀਆਂ ਨਵੀਆਂ ਪੋੜੀਆਂ ਚੜ੍ਹਦਾ ਜਾ ਰਿਹਾ ਸੀ ਪਰ ਘਰੇਲੂ ਤੰਗੀਆਂ ਮੂੰਹ ਅੱਡੀ ਖੜ੍ਹੀਆਂ ਸਨ। ਉਹਨੂੰ ਲੱਗਦਾ ਬੰਬਈ ਦੀ ਫ਼ਿਲਮ ਇੰਡਸਟਰੀ ਉਹਨੂੰ ਬੁਲਾ ਰਹੀ ਹੈ। ਉਸ ਵੇਲੇ ਦੀ ਅਦਬੀ ਦੁਨੀਆਂ ਵਿਚ ਫ਼ਿਲਮੀ ਸ਼ਾਇਰੀ ਨੂੰ ਚੰਗਾ ਨਹੀਂ ਸੀ ਮੰਨਿਆ ਜਾਂਦਾ। ਇਸ ਸੰਕੋਚ ਕਰਕੇ ਉਹ ਲਾਹੌਰ ਵਿਚ ਹੀ ਟਿਕਿਆ ਆ ਰਿਹਾ ਸੀ। ਅਚਾਨਕ ਇਕ ਦਿਨ ਉਹ ਗੱਡੀ 'ਚ ਬੈਠ ਬੰਬਈ ਜਾ ਪਹੁੰਚਾ। ਇਹ 1945 ਦੀ ਗੱਲ ਹੈ।

ਬੰਬਈ ਵਿਚ ਕਲਾ ਮੰਦਰ ਫ਼ਿਲਮਜ਼ ਦੇ ਬੈਨਰ ਤੇ ਲਲਿਤ ਮਹਿਤਾ ਦੇ ਨਿਰਦੇਸ਼ਨ ਹੇਠ 'ਅਜ਼ਾਦੀ ਕੀ ਰਾਹ ਪਰ' ਨਾਂ ਦੀ ਫ਼ਿਲਮ ਬਣ ਰਹੀ ਸੀ। 24 ਸਾਲ ਦੇ ਸਾਹਿਰ ਨੂੰ ਇਸ ਫ਼ਿਲਮ ਦੇ ਗੀਤ ਲਿਖਣ ਦਾ ਮੌਕਾ ਮਿਲ਼ਿਆ। ਇਸ ਫ਼ਿਲਮ ਦਾ ਨਾਇਕ ਪ੍ਰਿਥਵੀ ਰਾਜ ਕੂਪਰ ਸੀ। ਸਾਹਿਰ ਦੇ ਚਾਰ ਗਾਣੇ ਇਸ ਫ਼ਿਲਮ ਵਿਚ ਲਏ ਗਏ, ਜਿਨ੍ਹਾਂ ਵਿਚੋਂ 'ਬਦਲ ਰਹੀ ਹੈ ਜ਼ਿੰਦਗੀ' ਮਸ਼ਹੂਰ ਹੋਇਆ। ਕੁਝ ਅਰਸਾ ਗੁਜ਼ਰਿਆ ਤਾਂ ਬੰਬਈ ਦੀ ਜ਼ਿੰਦਗੀ ਉਹਨੂੰ ਅਵਾਜ਼ਾਰ ਕਰਨ ਲੱਗ ਪਈ, ਉਹਦੇ ਅੰਦਰਲੀ ਤੜਪ ਉਹਨੂੰ ਬੇਚੈਨ ਕਰੀ ਰੱਖਦੀ ਸੀ। ਉਹ ਦਿੱਲੀ ਆ ਗਿਆ ਜਿੱਥੇ ਉਸ ਨੇ 'ਸ਼ਾਹਰਾਹ' ਨਾਂ ਦਾ ਪਰਚਾ ਕੱਢਿਆ। 

ਦਿੱਲੀ 'ਚ ਵੀ ਉਹਦੇ ਲਈ ਕੁਝ ਨਹੀਂ ਸੀ ਪਿਆ ਹੋਇਆ। ਉਹ ਫਿਰ ਬੰਬਈ ਵਾਪਸ ਚਲਾ ਗਿਆ। ਸੰਨ 1947 ਵਿਚ ਅਜ਼ਾਦੀ ਆਉਣ ਦੇ ਨਾਲ਼ ਮੁਲਕ ਵੰਡਿਆ ਗਿਆ। ਸਾਹਿਰ ਬੰਬਈ ਛੱਡ ਲਾਹੌਰ ਚਲਿਆ ਗਿਆ। ਉੱਥੇ ਚੌਧਰੀ ਨਜ਼ੀਰ ਨੇ ਦੁਮਾਸਿਕ ਰਸਾਲਾ 'ਸਵੇਰਾ' ਕੱਢਿਆ ਤਾਂ ਉਹਨੇ ਅਹਿਮਦ ਨਦੀਮ ਕਾਸਮੀ ਅਤੇ ਸਾਹਿਰ ਨੂੰ ਸੰਪਾਦਕੀ ਬੋਰਡ ਵਿਚ ਸ਼ਾਮਲ ਕੀਤਾ। 'ਸਵੇਰਾ ' ਖੱਬੇਪੱਖੀ ਰਸਾਲਾ ਸੀ ਅਤੇ ਹਕੂਮਤ ਦੇ ਖਿਲਾਫ਼ ਅਵਾਜ਼ ਬੁਲੰਦ ਕਰਦਾ ਸੀ। ਸਾਹਿਰ ਦੇ ਕੁਝ ਲੇਖਾਂ ਤੋਂ ਪਾਕਿਸਤਾਨ ਦੀ ਹਾਕਮ ਜਮਾਤ ਘਬਰਾ ਗਈ। ਉਹਦੇ ਖਿਲਾਫ਼ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਹੋ ਗਏ। ਸਾਹਿਰ ਮਾਂ ਨੂੰ ਲੈ ਕੇ ਦਿੱਲੀ ਪਹੁੰਚ ਗਿਆ। 

ਦਿੱਲੀ ਵਿਚ ਉਹਨੇ ਕੁਝ ਦੇਰ 'ਪ੍ਰੀਤਲੜੀ', ਜਦ ਗੁਰਬਖ਼ਸ਼ ਸਿੰਘ ਤੇ ਨਵਤੇਜ ਸਿੰਘ ਕੁਝ ਅਰਸੇ ਲਈ ਪ੍ਰੀਤਨਗਰ ਛੱਡ ਕੇ ਮਹਿਰੋਲੀ ਰਹਿਣ ਲੱਗ ਪਏ ਸਨ, ਵਿਚ ਕੰਮ ਕੀਤਾ। ਬਾਅਦ ਵਿਚ ਯੂਸਫ਼ ਦਿਹਲਵੀ ਦੇ 'ਸ਼ਾਹਰਾਹ' ਦੇ ਸੰਪਾਦਨ ਨਾਲ਼ ਜੁੜ ਗਿਆ। 'ਸ਼ਾਹਰਾਹ' ਦੌਰਾਨ ਸਾਹਿਰ ਨੇ ਚਿੱਲੀ ਦੇ ਸ਼ਾਇਰ ਪਾਬਲੋ ਨੈਰੂਦਾ ਅਤੇ ਸਪੇਨ ਦੇ ਕਵੀ ਲੋਰਕਾ ਉਤੇ ਲੇਖ ਲਿਖੇ, ਜੋ ਬਹੁਤ ਮਕਬੂਲ ਹੋਏ। ਉਦੋਂ ਅਮਨ ਤਹਿਰੀਕ ਤੇ ਕਮਿਊਨਿਸਟ ਲਹਿਰ ਦਾ ਜ਼ੋਰ ਸੀ। ਹਾਲਾਤ ਸੁਖਾਵੇਂ ਨਹੀਂ ਸਨ। ਫੜੋ-ਫੜਾਈ ਚਲ ਰਹੀ ਸੀ। 'ਅਜ਼ਾਦੀ ਕੀ ਰਾਹ ਪਰ' ਫ਼ਿਲਮ, ਜੋ 1949 ਵਿਚ ਰਲੀਜ਼ ਹੋਈ ਸੀ, ਸਫ਼ਲ ਨਹੀਂ ਹੋਈ। ਸਾਹਿਰ ਦੀ ਆਰਥਿਕ ਤੰਗੀ ਤੇ ਪ੍ਰੇਸ਼ਾਨੀ ਵਧਣ ਲੱਗੀ। 

ਵਿਚਾਰਧਾਰਕ ਪੱਖੋਂ ਪ੍ਰੋੜ ਹੋ ਚੁਕੇ ਸਾਹਿਰ ਨੂੰ ਪਤਾ ਸੀ ਕਿ ਸਰਮਾਏਦਾਰੀ ਪ੍ਰਬੰਧ ਵਿਚ ਹਰ ਚੀਜ਼ ਜਿਣਸ ਬਣ ਜਾਂਦੀ ਹੈ। ਤਲਖ਼ੀਆਂ ਵਿਚ ਸ਼ਾਮਲ ਨਜ਼ਮ 'ਫ਼ਨਕਾਰ' ਵਿਚ ਸਾਹਿਰ ਨੇ ਇਨਸਾਨੀ ਰਿਸ਼ਤਿਆਂ ਅਤੇ ਕਲਾਤਮਕ ਪ੍ਰਤਿਭਾ ਦੇ ਜਿਣਸ ਬਣ ਜਾਣ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ - 
ਮੈਂ ਨੇ ਜੋ ਗੀਤ ਤਿਰੇ ਪਿਆਰ ਕੀ ਖਾਤਿਰ ਲਿਖੇ 
ਆਜ ਉਨ ਗੀਤੋਂ ਕੋ ਬਾਜ਼ਾਰ ਮੇਂ ਲੇ ਆਇਆ ਹੂੰ 
ਆਜ ਦੁੱਕਾਨ ਪੇ ਨੀਲਾਮ ਉਠੇਗਾ ਉਨ ਕਾ 
ਤੂ ਨੇ  ਜਿਨ ਗੀਤੋਂ ਪੇ ਰੱਖੀ ਥੀ ਮੁਹੱਬਤ ਕੀ ਅਸਾਸ 1 
ਜ ਚਾਂਦੀ ਕੇ ਤਰਾਜ਼ੂ ਮੇਂ ਤੁਲੇਗੀ ਹਰ ਚੀਜ਼ 
ਮੇਰੇ ਅਫ਼ਕਾਰ, ਮਿਰੀ ਸ਼ਾਇਰੀ ਮਿਰਾ ਅਹਿਸਾਸ 
ਜੋ ਤਿਰੀ ਜ਼ਾਤ ਸੇ ਮਨਸੂਬ ਥੇ ਉਨ ਗੀਤੋਂ ਕੋ 
ਮੁਫ਼ਲਿਸੀ 2 ਜਿਨਸ ਬਨਾਨੇ ਪੇ ਉਤਰ ਆਈ ਹੈ 
ਭੂਕ, ਤਿਰੇ ਰੁਖ਼ੇ ਰੰਗੀਂ ਕੇ ਫ਼ਸਾਨੋ ਕੇ ਇਵਜ਼ 
ਚੰਦ ਅਸ਼ੀਆਏ-ਜ਼ਰੂਰਤ 3 ਤਮੰਨਾਈ 4 ਹੈ 
ਦੇਖ, ਇਸ ਕਾਰਗਹੇ-ਮਿਹਨਤੋ-ਸਰਮਾਇਆ 5 ਮੇਂ 
ਮੇਰੇ ਨਗ਼ਮੇਂ ਭੀ ਮਿਰੇ ਪਾਸ ਨਹੀਂ ਰਹਿ ਸਕਤੇ। 
ਤੇਰੇ ਜਲਵੇ ਕਿਸੀ ਜ਼ਰਦਾਰ ਕੀ ਮੀਰਾਸ 6 ਸਹੀ 
ਤੇਰੇ ਖ਼ਾਕੇ ਭੀ ਮਿਰੇ ਪਾਸ ਨਹੀਂ ਰਹ ਸਕਤੇ। 
 ਆਜ ਉਨ ਗੀਤੋਂ ਕੋ ਬਾਜ਼ਾਰ ਮੇਂ ਲੇ ਆਇਆ ਹੂੰ 
ਮੈਂਨੇ ਜੋ ਗੀਤ ਤਿਰੇ ਪਿਆਰ ਕੀ ਖਾਤਿਰ ਲਿਖੇ 
  1 ਬੁਨਿਆਦ 2 ਗ਼ਰੀਬੀ 3 ਲੋੜੀਂਦੀਆਂ 4 ਚਾਹਵਾਨ 5 ਮਿਹਨਤ ਤੇ ਪੈਸੇ ਦਾ ਕਾਰਖ਼ਾਨਾ 6 ਵਿਰਾਸਤ 

'ਸ਼ਾਹਰਾਹ' ਦੇ ਦੋ ਕੁ ਅੰਕ ਛਪਣ ਬਾਅਦ ਸਾਹਿਰ ਨੇ ਤੀਜੇ ਅੰਕ ਦਾ ਖਰੜਾ ਝੋਲੇ ਵਿਚ ਪਾਇਆ ਤੇ ਬੰਬਈ ਵਲ ਦੋਬਾਰਾ ਚਾਲੇ ਪਾ ਲਏ। ਹਾਲਾਤ ਦਾ ਵਿਅੰਗ ਇਹ ਸੀ ਕਿ ਬੰਬਈ ਦੇ ਨਿਰਮਾਤਾ ਸਾਹਿਰ ਦੀ ਚੰਗੇ ਸ਼ਾਇਰ ਵਜੋਂ ਇੱਜ਼ਤ ਤਾਂ ਕਰਦੇ ਸਨ ਪਰ ਉਸ ਨੂੰ ਕੰਮ ਦੇਣ ਦਾ ਜੋਖ਼ਮ ਉਠਾਉਣਾ ਲਈ ਤਿਆਰ ਨਾ ਹੁੰਦੇ। ਚੰਦ ਰੁਪਿਆਂ ਦੀ ਖਾਤਿਰ ਸਾਹਿਰ ਨੂੰ ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਨੂੰ ਖੁਸ਼ਖਤ ਕਰਕੇ ਲਿਖਣਾ ਪੈਂਦਾ। ਹੱਦ ਤਾਂ ਇਹ ਹੋ ਗਈ ਕਿ ਜਦ ਉੱਘੇ ਨਿਰਮਾਤਾ ਨਿਰਦੇਸ਼ਕ ਸ਼ਾਹਿਦ ਲਤੀਫ਼ ਨੇ ਸਾਹਿਰ ਤੋਂ ਫ਼ਿਲਮੀ ਗੀਤ ਲਿਖਾਉਣ ਤੋਂ ਇਨਕਾਰ ਕਰਦਿਆਂ ਕਿਹਾ, ''ਸਾਹਿਰ ਸਾਹਿਬ! ਜੇ ਤੁਹਾਡੀ ਆਰਥਿਕ ਦਸ਼ਾ ਚੰਗੀ ਨਹੀਂ ਤਾਂ ਤੁਸੀਂ ਬਿਨਾਂ ਕਿਸੇ ਤੱਕਲਫ਼ ਦੇ ਸਾਡੇ ਘਰ ਦੋ ਵੇਲੇ ਰੋਟੀ ਖਾ ਸਕਦੇ ਹੋ।'' ਦੋ ਵੇਲੇ ਦੀ ਰੋਟੀ ਖਾਤਿਰ ਸਾਹਿਰ ਨੂੰ ਮਾਂ ਦੇ ਗਹਿਣੇ ਵੇਚਣੇ ਪਏ।
ਜਾਨ ਨਿਸਾਰ ਖਾਨ,ਸਾਹਿਰ ਤੇ ਮਹਿੰਦਰ ਰੰਧਾਵਾ

ਉਹਨੇ ਹਾਰ ਨਹੀਂ ਮੰਨੀ। ਇਹ ਵੀ ਤਾਂ ਇਕ ਲੜਾਈ ਸੀ। ਉਹ ਆਪਣੀ ਵਿਚਾਰਧਾਰਾ ਤੇ ਗ਼ੈਰਤ ਦੀ ਖਾਤਿਰ ਭਟਕ ਰਿਹਾ ਸੀ। ਏਨਾ ਬੁਲੰਦ ਸ਼ਾਇਰ ਹਾਰ ਕਿਵੇਂ ਮੰਨ ਸਕਦਾ ਸੀ? ਲੁਧਿਆਣੇ ਦਿਨ ਦੇ ਗਿਆਰਾਂ ਵਜੇ ਉੱਠਣ ਵਾਲਾ ਸਾਹਿਰ ਬੰਬਈ ਵਿਚ ਸਵੇਰੇ ਛੇ ਵਜੇ ਉਠ ਕੰਮ ਦੀ ਤਲਾਸ਼ ਵਿਚ ਜੁਟ ਜਾਂਦਾ। ਮੋਢੇ ਤੇ ਕਾਮਰੇਡੀ ਝੋਲ਼ਾ ਲਟਕਾ ਸਟੂਡੀਓ ਸਟੂਡੀਓ ਹੋਕਾ ਦੇਂਦਾ, ''ਗੀਤ ਲਿਖਵਾ ਲਓ!'' ਫ਼ਿਲਮ ਨਿਰਮਾਤਾ ਗੀਤ ਸੁਣਦੇ, ਸਲਾਹੁੰਦੇ, ਪਰ ਆਪਣੀ ਫ਼ਿਲਮ ਲਈ ਉਨ੍ਹਾਂ ਨੂੰ ਚੁਣਨ ਤੋਂ ਇਨਕਾਰ ਕਰ ਦੇਂਦੇ। ਕੋਈ ਨਾ ਕੋਈ ਬਹਾਨਾ, ਕੋਈ ਡਰ, ਕੋਈ ਘੁਣਤਰ ਉਨ੍ਹਾਂ ਕੋਲ ਹੁੰਦੀ। ਸਾਹਿਰ ਕਦੇ ਆਪਣੇ ਗੀਤਾਂ ਵਲ ਦੇਖਦਾ ਕਦੇ ਫ਼ਿਲਮ ਨਿਰਮਾਤਾਵਾਂ ਦੇ ਚਿਹਰਿਆਂ ਵਲ। ਚਿਹਰੇ ਜੋ ਨੋਟਾਂ ਨਾਲ ਤੂਸੇ ਹੁੰਦੇ। 

ਇਕ ਨਿਰਮਾਤਾ ਨੇ ਜਦ ਸਾਹਿਰ ਨੂੰ ਬਾਰ ਬਾਰ ਚੱਕਰ ਲਗਵਾਏ ਤਾਂ ਤੰਗ ਆ ਕੇ ਸਾਹਿਰ ਨੇ ਆਪਣਾ ਗੀਤ ਇਹ ਕਹਿੰਦਿਆਂ ਪਾੜ ਸੁਟਿਆ - ''ਕੀ ਤੁਸੀਂ ਮੇਰੇ ਗੀਤ ਯੂ.ਐਨ. ਓ ਵਿਚ ਫੈਸਲਾ ਕਰਾਉਣ ਲਈ ਭੇਜ ਰਹੇ ਹੋ?'' 

ਫ਼ਿਲਮੀ ਜਗਤ 'ਚ ਇਹ ਕੋਈ ਨਵੀਂ ਗੱਲ ਨਹੀਂ ਸੀ। ਏਥੇ ਟੇਲੰਟ ਪਹਿਲਾਂ ਰੁਲਦੀ ਹੈ, ਜਾਂ ਉਹਨੂੰ ਰੋਲਿਆ ਜਾਂਦਾ, ਫਿਰ ਅਚਾਨਕ ਜਿਵੇਂ ਕੋਈ ਧਮਾਕਾ ਪੈਦਾ ਹੋ ਜਾਂਦਾ। ਰੁਲਣ ਵਾਲਾ ਮਹਾਨ ਬਣ ਜਾਂਦਾ। ਉਹਦਾ ਗੁਣ ਗਾਇਨ ਹੋਣ ਲੱਗਦਾ। ਸਾਹਿਰ ਨੂੰ ਉਸ ਧਮਾਕੇ ਦੀ ਉਡੀਕ ਸੀ। ਅਜਿਹਾ ਦੌਰ ਜਰਮਨ ਨਾਟਕਕਾਰ ਬਰਤੋਲਤ ਬ੍ਰੈਖ਼ਤ ਤੇ ਵੀ ਆਇਆ ਸੀ ਜਦ ਉਸ ਨੂੰ ਜਰਮਨ ਛੱਡ ਅਮਰੀਕਾ ਜਾਣਾ ਪਿਆ ਸੀ। ਬ੍ਰੈਖ਼ਤ ਹੌਲੀਵੁੱਡ ਵਿਚ ਰੁਜ਼ਗਾਰ ਦੇ ਇਸ ਸੰਘਰਸ਼ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ - 
ਨਿਤ ਮੈਂ ਆਪਣੀ ਰੋਜ਼ੀ ਲਈ ਜਾਂਦਾ ਹਾਂ 
ਬਜ਼ਾਰ ਵਿਚ, ਜਿਥੇ ਝੂਠ ਵਿਕਦੇ ਨੇ 

ਹੌਲੀਵੁੱਡ ਦੀ ਤਰਜ਼ ਤੇ ਬੌਲੀਵੁੱਡ ਕਹੀ ਜਾਂਦੀ ਬੰਬਈ ਦੀ ਮਾਇਆ ਨਗਰੀ ਵਿਚ ਸਾਹਿਰ ਦੀ ਹਾਲਤ ਅਜਿਹੀ ਹੀ ਸੀ। ਨਿਰਮਾਤਾ ਨਿਰਦੇਸ਼ਕ ਮੋਹਨ ਸਹਿਗਲ ਦੀ ਸਲਾਹ 'ਤੇ ਸਾਹਿਰ ਸੰਗੀਤਕਾਰ ਐਸ. ਡੀ. ਬਰਮਨ ਨੂੰ ਮਿਲਿਆ। ਐਸ. ਡੀ. ਬਰਮਨ ਨੂੰ ਅਜਿਹੇ ਗੀਤਕਾਰ ਦੀ ਲੋੜ ਸੀ ਜੋ ਉਸ ਦੀਆਂ ਬਣਾਈਆਂ ਧੁਨਾਂ 'ਤੇ ਗੀਤ ਰਚ ਸਕੇ। ਸਾਹਿਰ ਐਸ. ਡੀ. ਬਰਮਨ ਦੀ ਕਸਵਟੀ ਤੇ ਪੂਰਾ ਉਤਰਿਆ। 1951 ਵਿਚ ਆਈ ਫ਼ਿਲਮ 'ਨੌਜੁਆਨ'' ਫ਼ਿਲਮ ਨੇ ਸਾਹਿਰ ਲਈ ਭਵਿੱਖ ਦੇ ਰਾਹ ਖੋਲ੍ਹ ਦਿੱਤੇ। ਇਸੇ ਹੀ ਸਾਲ ਆਈ ਗੁਰੂ ਦੱਤ ਦੀ ਫ਼ਿਲਮ ''ਬਾਜ਼ੀ'' ਨੇ ਸਾਹਿਰ ਨੂੰ ਫ਼ਿਲਮੀ ਗੀਤਕਾਰ ਵਜੋਂ ਸਥਾਪਤ ਕਰ ਦਿੱਤਾ। ਸਾਹਿਰ-ਬਰਮਨ ਦੀ ਜੋੜੀ ਕਾਇਮ ਹੋ ਚੁੱਕੀ ਸੀ। ਇਕ ਤੋਂ ਬਾਅਦ ਦੂਜੀ ਫ਼ਿਲਮ, ਸਭ ਹਿੱਟ। ਇਤਿਹਾਸ ਰਚ ਦਿੱਤਾ। ਪਰ ਨਿੱਜੀ ਹਉਮੈ ਨੇ ਦੋਵਾਂ ਵਿਚ ਦੂਰੀਆਂ ਵੀ ਪੈਦਾ ਕਰ ਦਿੱਤੀਆਂ। ਦੋਵੇਂ ਫ਼ਿਲਮਾਂ ਦੀ ਸਫ਼ਲਤਾ ਲਈ ਆਪਣੇ ਆਪਣੇ ਦਾਅਵੇ ਠੋਕਣ ਲੱਗੇ। ਮੌਕਾਪ੍ਰਸਤਾਂ ਨੇ ਇਸ ਨੂੰ ਹਵਾ ਦਿੱਤੀ। ਗੁਰੂ ਦੱਤ ਦੀ 'ਪਿਆਸਾ'' (1957) ਇਸ ਵਿਵਾਦ ਦੀ ਸਿਖ਼ਰ ਹੋ ਨਿੱਬੜੀ। ਐਸ. ਡੀ. ਬਰਮਨ ਦਾ ਕਹਿਣਾ ਸੀ ਕਿ ਉਸ ਦੇ ਸੰਗੀਤ ਨੇ ਫ਼ਿਲਮ ਨੂੰ ਏਨੀ ਬੁਲੰਦੀ 'ਤੇ ਪਹੁੰਚਾਇਆ ਹੈ, ਪਰ ਸਾਰੇ ਪਾਸਿਆਂ ਤੋਂ ਸਿਫ਼ਤਾਂ ਸਾਹਿਰ ਦੇ ਗੀਤਾਂ ਦੀਆਂ ਹੋ ਰਹੀਆਂ ਹਨ। ਅੰਤ, ਸਾਹਿਰ ਅਤੇ ਬਰਮਨ ਨੇ ਵੱਖੋ ਵੱਖਰੇ ਰਾਹ ਫੜ ਲਏ। 

ਤਦ ਸਾਹਿਰ ਫ਼ਿਲਮ ਨਿਰਮਾਤਾ ਬੀ.ਆਰ.ਚੋਪੜਾ ਦੇ ਖੇਮੇ ਦਾ ਅਤੁੱਟ ਅੰਗ ਬਣ ਗਿਆ। ਚੋਪੜਾ ਦੀ ਫ਼ਿਲਮ 'ਨਇਆ ਦੌਰ' ਵਿਚ ਸਾਹਿਰ ਦੇ ਗੀਤਾਂ ਨੂੰ ਓ.ਪੀ.ਨਈਅਰ ਨੇ ਸੰਗੀਤ ਨਾਲ ਸਜਾਇਆ। ਸਾਰੇ ਗਾਣੇ ਹਿੱਟ ਹੋ ਗਏ, ਖਾਸ ਕਰਕੇ ਗਾਣਾ 'ਮਾਂਗ ਕੇ ਸਾਥ ਤੁਮ੍ਹਾਰਾ ਮੈਂ ਨੇ ਮਾਂਗ ਲੀਆ ਸੰਸਾਰ' ਤੇ 'ਉੜੇਂ ਜਬ ਜਬ ਜ਼ੁਲਫ਼ੇਂ ਤੇਰੀ ਕਆਰਿਓਂ ਕਾ ਦਿਲ ਫਿਸਲੇ. ..।' ਸਾਹਿਰ ਤਾਂ ਸਵੈਮਾਨੀ ਸੀ ਹੀ, ਓ ਪੀ ਨੱਈਅਰ ਵੀ ਕਿਸੇ ਗੱਲੋਂ ਆਪਣੇ ਆਪ ਨੂੰ ਘਟ ਨਹੀਂ ਸੀ ਸਮਝਦਾ। ਦੋਨਾਂ ਦੀ ਜੋੜੀ ਨੇ ਹਿੱਟ ਗੀਤ ਤਾਂ ਦਿੱਤੇ ਪਰ ਦੋਵਾਂ ਵਿਚਕਾਰ ਠੰਨ ਗਈ। ਇਹ ਗੱਲ ਧਿਆਨ ਮੰਗਦੀ ਹੈ ਕਿ ਸਾਹਿਰ ਦੀ ਸ਼ਾਇਰੀ ਜਜ਼ਬਿਆਂ ਨਾਲ਼ ਲਬਰੇਜ਼ ਹੁੰਦੀ ਪਰ ਕਾਰੋਬਾਰੀ ਮਾਮਲੇ ਵਿਚ ਉਹ ਕਠੋਰ ਹੋ ਜਾਂਦਾ। ਜ਼ਿੰਦਗੀ ਦੇ ਤਲਖ਼ ਤਜਰਬਿਆਂ ਨੇ ਉਸ ਨੂੰ ਇਸ ਖਾਤੇ 'ਚ ਅੜੀਅਲ ਬਣਾ ਦਿੱਤਾ ਸੀ। ਕਾਮਯਾਬੀ ਦੀ ਸਿਖਰ 'ਤੇ ਪੁੱਜਦਿਆਂ ਉਹਨੇ ਫ਼ਿਲਮ ਨਿਰਮਾਤਾਵਾਂ 'ਤੇ ਆਪਣੀਆਂ ਸ਼ਰਤਾਂ ਠੋਕਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸ਼ਰਤਾਂ ਮੁਆਵਜ਼ੇ ਦੀਆਂ ਵੀ ਹੁੰਦੀਆਂ ਅਤੇ ਸੰਗੀਤਕਾਰਾਂ ਤੇ ਗਾਇਕਾਂ ਦੀ ਚੋਣ ਦੀਆਂ ਵੀ। ਉਹਦੇ ਫ਼ਨ ਅਤੇ ਦਰਸ਼ਕਾਂ ਵਿਚ ਉਹਦੀ ਮਕਬੂਲੀਅਤ ਦਾ ਏਨਾ ਸਿੱਕਾ ਜੰਮ ਚੁੱਕਾ ਸੀ ਕਿ ਨਿਰਮਾਤਾ ਉਸ ਦੀਆਂ ਸ਼ਰਤਾ ਅੱਗੇ ਸਿਰ ਝੁਕਾਉਣ ਲਈ ਤਿਆਰ ਹੋ ਜਾਂਦੇ। ਸਾਹਿਰ ਨੇ ਨਿਰਮਾਤਾਵਾਂ ਨੂੰ ਕਿਹਾ ਕਿ ਉਹ ਉਸ ਨੂੰ ਸੰਗੀਤਕਾਰ ਨਾਲ਼ੋਂ ਵੱਧ ਪੈਸਾ ਦੇਣ, ਉਹ ਤਿਆਰ ਹੋ ਗਏ। ਉਹਦੇ ਜ਼ੋਰ ਦੇਣ 'ਤੇ ਰੇਡੀਓ ਦੇ ਗੀਤਾਂ ਵੇਲੇ ਗੀਤਕਾਰ ਦੇ ਨਾਂ ਨਾਲ ਗੀਤਕਾਰ ਦਾ ਨਾਂ ਵੀ ਦੱਸਿਆ ਜਾਣ ਲੱਗਿਆ। ਬੰਬਈ ਦੀ ਪ੍ਰਥਾ ਰਹੀ ਸੀ ਕਿ ਗੀਤਕਾਰ ਸੰਗੀਤਕਾਰ ਦੇ ਕੋਲ਼ ਜਾ ਕੇ ਉਸਦੀ ਸਿਰਜੀ ਧੁਨ ਅਨੁਸਾਰ ਆਪਣੇ ਗੀਤ ਨੂੰ ਅੰਤਮ ਰੂਪ ਦਿੰਦਾ ਸੀ। ਸਾਹਿਰ ਨੇ ਫ਼ਿਲਮ ਨਿਰਮਾਤਾਵਾਂ ਨੂੰ ਕਿਹਾ ਕਿ ਸੰਗੀਤਕਾਰ ਉਸ ਦੇ ਘਰ ਜਾ ਕੇ ਗੀਤ ਨੂੰ ਅੰਤਮ ਰੂਪ ਦੇਣ। ਉਹਦੇ ਮਾਮਲੇ 'ਚ ਅਜਿਹਾ ਹੀ ਹੋਣ ਲੱਗਾ। 

ਲਾਚਾਰੀ-ਵੱਸ ਫ਼ਿਲਮ ਨਿਰਮਾਤਾਵਾਂ ਨੂੰ ਨੌਸ਼ਾਦ, ਐਸ.ਡੀ.ਬਰਮਨ ਅਤੇ ਓ.ਪੀ. ਨਈਅਰ ਜਿਹੇ ਪਹਿਲੀ ਪਾਲ ਦੇ ਸੰਗੀਤਕਾਰਾਂ ਦੀ ਥਾਂ ਖੱਯਾਮ, ਰਵੀ ਅਤੇ ਐਨ ਦੱਤਾ ਜਿਹੇ ਸੰਗੀਤਕਾਰਾਂ ਨੂੰ ਲੈਣਾ ਪਿਆ। ਉਹੀ ਸਾਹਿਰ ਦੀ ਅੜੀ ਪੁਗਾਣ ਲਈ ਤਿਆਰ ਹੋਏ। ਪਹਿਲੀ ਕਤਾਰ ਵਾਲਿਆਂ ਨੇ ਵੀ ਆਪਣੇ ਸਵੈ-ਅਭਿਮਾਨ ਦੀ ਰਾਖੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹਦਾ ਨਤੀਜਾ ਦੂਜੀ ਪਾਲ ਵਾਲੇ ਸੰਗੀਤਕਾਰਾਂ ਲਈ ਚੰਗਾ ਨਿਕਲਿਆ। ਸਾਹਿਰ ਦੇ ਗੀਤਾਂ ਦੇ ਆਸਰੇ ਉਨ੍ਹਾਂ ਦਾ ਵਕਾਰ ਵੀ ਵਧਣ ਲੱਗਾ। ਫਿਰ ਸਾਹਿਰ ਨੇ ਐਲਾਨ ਕੀਤਾ - ''ਬਰਨਾਰਡ ਸ਼ਾਅ ਨੂੰ ਮਾਣ ਸੀ ਕਿ ਉਹ ਆਪਣੇ ਇੱਕ ਲਫ਼ਜ਼ ਦੀ ਕੀਮਤ ਇਕ ਪੌਂਡ ਲੈਂਦਾ ਹਾਂ। ਮੈਂ ਇਕ ਆਪਣੇ ਇਕ ਗੀਤ ਦਾ ਮੁਆਵਜ਼ਾ ਦਸ ਹਜ਼ਾਰ ਰੁਪਏ ਵਸੂਲ ਕਰਦਾ ਹਾਂ ਤੇ ਮੈਂ ਇਕ ਸਿਗਰਟ ਦੇ ਦਸਾਂ ਕਸ਼ਾਂ ਵਿਚ ਗਾਣਾ ਲਿਖ ਲੈਂਦਾ ਹਾਂ। ਇਸ ਦਾ ਮਤਲਬ ਇਹ ਹੋਇਆ ਕਿ ਮੇਰੇ ਸਿਗਰਟ ਦੇ ਇਕ ਕਸ਼ ਦੀ ਕੀਮਤ ਇਕ ਹਜ਼ਾਰ ਰੁਪਿਆ ਹੁੰਦੀ ਹੈ।'' ਉਂਝ ਬਲਵੰਤ ਗਾਰਗੀ ਕੋਲ਼ ਉਸ ਨੇ ਮੰਨਿਆ, ''ਮੇਰਾ ਰੇਟ ਐਂਵੇ ਹੀ ਵਧ ਗਿਆ। ਦਰਅਸਲ ਮੈਂ ਬਹੁਤੀਆਂ ਫ਼ਿਲਮਾਂ ਲਈ ਲਿਖਣਾ ਨਹੀਂ ਸੀ ਚਾਹੁੰਦਾ। ਮੇਰਾ ਰੇਟ ਇਕ ਗੀਤ ਦਾ ਪੰਜ ਹਜ਼ਾਰ ਸੀ। ਇਕ ਮਾਲਦਾਰ ਪ੍ਰੋਡੀਊਸਰ ਆਇਆ ਤੇ ਉਸ ਨੇ ਕਿਹਾ ਕਿ ਸਾਹਿਰ ਸਾਹਿਬ ਅਸੀਂ ਤਾਂ ਤੁਹਾਥੋਂ ਹੀ ਗੀਤ ਲਿਖਵਾਂਗੇ। ਮੈਂ ਆਖਿਆ, ਮੇਰਾ ਰੇਟ ਤਾਂ ਦਸ ਹਜ਼ਾਰ ਰੁਪਏ ਇਕ ਗੀਤ ਦਾ ਹੈ। ਸੋਚਿਆ ਸੀ ਇਨੇ ਪੈਸੇ ਕੌਣ ਦੇਵੇਗਾ। ਪਰ ਉਹ ਸੇਠ ਪ੍ਰੋਡੀਊਸਰ ਮੰਨ ਗਿਆ। ਉਸ ਨੇ ਆਖਿਆ ਮਨਜ਼ੂਰ ਹੈ। ਇਸ ਤਰ੍ਹਾਂ ਮੇਰਾ ਰੇਟ ਦਸ ਹਜ਼ਾਰ ਰੁਪਏ ਫ਼ੀ ਗੀਤ ਹੋ ਗਿਆ। '' ਸਾਹਿਰ ਦੇ ਇਸ ਵਤੀਰੇ ਤੋਂ ਉਸ ਦੇ ਕਰੀਬੀ ਦੋਸਤ ਵੀ ਅਛੂਤੇ ਨਹੀਂ ਰਹੇ। ਆਪਣੀ ਗਜ਼ਲ ਦੀ ਧੁਨ ਪੂਰੀ ਕਰਨ ਲਈ ਸਾਹਿਰ ਦੇ ਬਚਪਨ ਦਾ ਸਾਥੀ ਸੰਗੀਤਕਾਰ ਜੈ ਦੇਵ ਉਸ ਤੋਂ ਇਕ ਸ਼ਿਅਰ ਦੀ ਗੁਜ਼ਾਰਿਸ਼ ਕਰਦਾ ਰਿਹਾ। ਪਰ ਸਾਹਿਰ ਨੇ ਉਸ ਦੀ ਇਹ ਮੰਗ ਪੂਰੀ ਨਹੀਂ ਕੀਤੀ। 

ਸ਼ੌਹਰਤ ਦਾ ਸਿਰ ਵੀ ਘੁੰਮਾ ਦਿੱਤਾ। ਸਾਰਾ ਦਿਨ ਸਾਹਿਰ ਆਪਣੇ ਮਿੱਤਰਾਂ ਦੀ ਜੁੰਡਲੀ ਵਿਚ ਘਿਰਿਆ ਰਹਿੰਦਾ। ਗੱਲ ਭਾਵੇਂ ਲਤਾ ਮੰਗੇਸ਼ਕਰ ਦੀ ਸੁਰੀਲੀ ਆਵਾਜ਼ ਤੋਂ ਸ਼ੁਰੂ ਹੁੰਦੀ ਜਾਂ ਮਦਰਾਸੀ ਡੋਸੇ ਦੇ ਸੁਆਦ ਤੋਂ, ਪਰ ਮੁਕਣਾ ਇਹਨੇ ਇਸ ਮੁੱਦੇ 'ਤੇ ਹੁੰਦਾ ਕਿ ਇਸ ਦੌਰ ਨੇ ਜੇ ਉਰਦੂ ਦਾ ਕੋਈ ਸ਼ਾਇਰ ਪੈਦਾ ਕੀਤਾ ਹੈ ਤਾਂ ਉਹ ਸਾਹਿਰ ਹੈ।' ਉਨ੍ਹਾਂ ਦਿਨਾਂ ਬਾਰੇ ਸਾਹਿਰ ਦਾ ਇਕ ਹੋਰ ਦੋਸਤ ਪ੍ਰਕਾਸ਼ ਪੰਡਤ ਵਿਅੰਗ ਨਾਲ਼ ਲਿਖਦਾ ਹੈ, ''ਕੰਧਾਂ ਦੇ ਕੰਨ ਤਾਂ ਹੁੰਦੇ ਹਨ ਪਰ ਜ਼ੁਬਾਨ ਨਹੀਂ', ਇਸ ਲਈ ਆਪਣੀਆਂ ਕਦੇ ਖਤਮ ਨਾ ਹੋਣ ਵਾਲ਼ੀਆਂ ਗੱਲਾਂ ਨੂੰ ਸੁਣਾਉਣ ਅਤੇ ਹਾਮੀ ਭਰਵਾਉਣ ਲਈ ਸਾਹਿਰ ਇਕ ਅੱਧੇ ਮਿੱਤਰ ਨੂੰ ਆਪਣੇ ਨਾਲ਼ ਰੱਖਦਾ ਹੈ, ਉਸ ਦਾ ਸਾਰਾ ਖਰਚਾ ਚੁੱਕਦਾ ਹੈ ਅਤੇ ਸੁਣਨ ਤੋਂ ਇਲਾਵਾ ਉਸ ਨੂੰ ਹੋਰ ਕੋਈ ਕਸ਼ਟ ਨਹੀਂ ਹੋਣ ਦਿੰਦਾ। ਪਰ ਰਾਤ ਦੇ ਸੰਨਾਟੇ ਵਿਚ ਉਸ ਨੂੰ ਇਕੱਲਤਾ ਸਤਾਉਣ ਲਗਦੀ ਹੈ। ਇਸ ਦੌਰਾਨ ਸਾਹਿਰ ਦਾ ਇਸ਼ਕ ਵੀ ਚਰਚਾ ਵਿਚ ਰਿਹਾ। ਅਮ੍ਰਿਤਾ ਪ੍ਰੀਤਮ ਤੋਂ ਇਲਾਵਾ ਹੈਦਰਾਬਾਦ ਦੀ ਹਾਜਰਾ ਮਸਰੂਰ ਨਾਲ ਉਸ ਦੀ ਨੇੜਤਾ ਦੇ ਚਰਚੇ ਰਹੇ। ਲਤਾ ਮੰਗੇਸ਼ਕਰ ਨਾਲ਼ ਇਸ਼ਕ ਵੀ ਰਿਹਾ ਤੇ ਦੁਸ਼ਮਣੀ ਵੀ। ਸਾਹਿਰ ਲਤਾ ਬਾਰੇ ਕਹਿੰਦਾ, ''ਉਹ ਮੇਰੇ ਗੀਤਾਂ ਤੇ ਮਰਦੀ ਹੈ 'ਤੇ ਮੈਂ ਉਸ ਦੀ ਆਵਾਜ਼ 'ਤੇ। ਫਿਰ ਵੀ ਸਾਡੇ ਦਰਮਿਆਨ ਹਜ਼ਾਰਾਂ ਮੀਲ ਦਾ ਫਾਸਲਾ ਹੈ।'' ਲਤਾ ਉੱਤੇ ਉਸ ਨੇ 'ਤੇਰੀ ਆਵਾਜ਼' ਨਜ਼ਮ ਲਿਖੀ। ਬਾਅਦ ਵਿਚ ਦੋਵਾਂ ਦੀ ਅਣਖ਼ ਨੇ ਦੋਸਤੀ ਨੂੰ ਦੁਸ਼ਮਣੀ ਵਿਚ ਤਬਦੀਲ ਕਰ ਦਿੱਤਾ। ਗੱਲ ਏਥੇ ਤੱਕ ਪੁੱਜ ਗਈ ਕਿ ਜਦ ਕੋਈ ਨਿਰਮਾਤਾ ਸਾਹਿਰ ਨੂੰ ਗੀਤ ਲਿਖਣ ਲਈ ਕਹਿੰਦਾ ਤਾਂ ਉਹਦੀ ਪਹਿਲੀ ਸ਼ਰਤ ਹੁੰਦੀ, ''ਮੇਰਾ ਇਕ ਵੀ ਗੀਤ ਲਤਾ ਮੰਗੇਸ਼ਕਰ ਨਹੀਂ ਗਾਏਗੀ।'' 


ਜਦ ਬਾਅਦ ਵਿਚ ਲਤਾ ਮੰਗੇਸ਼ਕਰ ਦੀ ਸਾਹਿਰ ਨਾਲ ਸੁਲਹ ਹੋ ਗਈ ਤਾਂ ਸਾਹਿਰ ਨੇ ਕਿਹਾ, ''ਹੁਣ ਸਾਡੀ ਦੋਸਤੀ ਸਹੀ ਅਰਥਾਂ ਵਿਚ ਦੋਸਤੀ ਹੈ। ਦੋਸਤੀ ਅਸਲ ਵਿਚ ਦੋ ਬਰਾਬਰ ਦੇ ਇਨਸਾਨਾਂ ਵਿਚ ਹੀ ਹੋ ਸਕਦੀ ਹੈ। '' ਜਦ ਸੁਧਾ ਮਲਹੋਤਰਾ ਨਾਂ ਦੀ ਨਵੀਂ ਗਾਇਕਾ ਸਾਹਿਰ ਦੀ ਜ਼ਿੰਦਗੀ ਵਿਚ ਆਈ ਤਾਂ ਉਹਨੇ ਸੰਗੀਤਕਾਰਾਂ ਨੂੰ ਸੁਧਾ ਦੇ ਨਾਂ ਦੀ ਸਿਫ਼ਾਰਸ਼ ਕਰਨੀ ਸੁਰੂ ਕਰ ਦਿੱਤੀ। ਇਹ ਰਿਸ਼ਤਾ ਵੀ ਸਿਰੇ ਨਾ ਚੜ੍ਹ ਸਕਿਆ, ਪਰ ਇਸ ਰਿਸ਼ਤੇ ਨੂੰ ਸਾਹਿਰ ਨੇ ਹੇਠਲੀ ਨਜ਼ਮ ਵਿਚ ਸ਼ਿੱਦਤ ਨਾਲ ਬਿਆਨ ਕੀਤਾ ਹੈ - 
ਨ ਮੈਂ ਤੁਮਸੇ ਕੋਈ ਉੱਮੀਦ ਰੱਖੂੰ ਦਿਲ ਨਵਾਜ਼ੀ ਕੀ 
ਨ ਤੁਮ ਮੇਰੀ ਤਰਫ਼ ਦੇਖੋ ਗ਼ਲਤ ਅੰਦਾਜ਼ ਨਜ਼ਰੋਂ ਸੇ 
ਨ ਮੇਰੇ ਦਿਲ ਕੀ ਧੜਕਨ ਲੜਖੜਾਏ ਤੇਰੀ ਬਾਤੋਂ ਸੇ 
ਨ ਜ਼ਾਹਿਰ ਹੋ ਤੁਮ੍ਹਾਰੀ ਕਸ਼ਮਕਸ਼ ਕਾ ਰਾਜ਼ ਨਜ਼ਰੋਂ ਸੇ 
 ਤੁਮ੍ਹੇਂ ਭੀ ਕੋਈ ਉਲਝਨ ਰੋਕਤੀ ਹੈ ਪੇਸ਼ਕਦਮੀ ਸੇ 
ਮੁਝੇ ਭੀ ਲੋਗ ਕਹਤੇ ਹੈਂ ਕਿ ਯੇ ਜਲਵੇ ਪਰਾਏ ਹੈਂ 
ਮਿਰੇ ਹਮਰਾਹ ਵੀ ਭੀ ਰੁਸਵਾਈਆਂ 1 ਹੈਂ ਮੇਰੇ ਮਾਜ਼ੀ 2 ਕੀ 
ਤੁਮ੍ਹਾਰੇ ਸਾਥ ਭੀ ਗੁਜ਼ਰੀ ਹੂਈ ਰਾਤੋਂ ਕੇ ਸਾਏ ਹੈ! 
 ਤੁਆਰੁਫ਼ 3 ਰੋਗ ਬਨ ਜਾਏ ਤੋ ਉਸ ਕੋ ਭੂਲਨਾ ਬਿਹਤਰ 
ਤਆਲੁਕ ਬੋਝ ਬਨ ਜਾਏ ਤੋ ਉਸ ਕੋ ਤੋੜਨਾ ਅੱਛਾ 
ਵੁਹ ਅਫ਼ਸਾਨਾ ਜਿਸੇ ਤਕਮੀਲ 4 ਤਕ ਲਾਨਾ ਨਾ ਹੋ ਮੁਮਕਿਨ 
 ਉਸੇ ਇਕ ਖ਼ੂਬਸੂਰਤ ਮੋੜ ਦੇ ਕੇ ਛੋੜਨਾ ਅੱਛਾ 
ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋਂ। 
1 ਬਦਨਾਮੀਆਂ 2 ਭੂਤਕਾਲ 3 ਜਾਣਪਛਾਣ 4 ਸੰਪੂਰਨਤਾ 

ਮਹਿੰਦਰ ਕੁਮਾਰ ਦੀ ਆਵਾਜ਼ ਵਿਚ ਇਸ ਗੀਤ ਨੂੰ ਰਿਕਾਰਡ ਕੀਤਾ ਗਿਆ। ਸੰਗੀਤਕਾਰ ਰਵੀ ਅਨੁਸਾਰ ਇਸ ਗੀਤ ਦੇ ਸੱਤਰ ਤੋਂ ਵੱਧ ਰੀਟੇਕ ਹੋਏ, ''ਕਿਉਂਕਿ ਸਾਨੂੰ ਪਤਾ ਸੀ ਕਿ ਅਸੀਂ ਇਤਿਹਾਸ ਸਿਰਜ ਰਹੇ ਹਾਂ।'' ਸਾਹਿਰ ਦਾ ਕੋਈ ਵੀ ਇਸ਼ਕ ਸਿਰੇ ਤੱਕ ਨਹੀਂ ਪਹੁੰਚ ਸਕਿਆ। ਸ਼ਾਇਦ ਸਾਹਿਰ ਨੇ ਆਪਣੇ ਦਿਲ ਦੇ ਦਰਵਾਜੇ ਬੰਦ ਕਰ ਲਏ ਹੋਏ ਸਨ। ਉਹ ਸਭ ਤੋਂ ਵੱਧ ਇਸ਼ਕ ਆਪਣੀਆਂ ਨਜ਼ਮਾਂ ਨਾਲ਼ ਕਰਦਾ ਸੀ। ਇਹ ਇਕ ਸੱਚਾਈ ਹੈ ਕਿ ਸਾਹਿਰ ਦੀ 'ਪਿਆਸਾ' ਤੇ 'ਨਇਆ ਦੌਰ' ਤੋਂ ਬਾਅਦ ਦੀ ਫ਼ਿਲਮੀ ਸ਼ਾਇਰੀ ਕਿਸੇ ਪੱਖੋਂ ਊਣੀ ਨਹੀਂ। ਉਸ ਨੇ ਹਿੰਦੀ ਸਿਨੇਮਾ ਜਿਹੀਆਂ ਵਪਾਰਕ ਫ਼ਿਲਮਾਂ ਵਿਚ ਸਮਾਜਕ ਸਰੋਕਾਰਾਂ ਲਈ ਥਾਂ ਬਣਾਈ। ਬਕੌਲ ਸਾਹਿਰ, ''ਮੈਂ ਵੀ ਸ਼ੁਰੂ ਵਿਚ ਫ਼ਿਲਮੀ ਦੁਨੀਆਂ ਦੀ ਰਵਾਇਤ ਨਾਲ਼ ਮਿਲ਼ਦੀ ਜੁਲ਼ਦੀ ਸ਼ਾਇਰੀ ਕੀਤੀ ਤੇ ਬਾਅਦ ਵਿਚ ਆਪਣੀ ਜਗ੍ਹਾ ਬਣਾਉਣ ਤੇ ਮੈਂ ਇਸ ਯੋਗ ਹੋਇਆ ਕਿ ਬਹੁਤ ਸਾਰੀਆਂ ਫ਼ਿਲਮਾਂ ਵਿਚੋਂ ਆਪਣੀ ਪਸੰਦ ਦੀਆਂ ਫ਼ਿਲਮਾਂ ਚੁਣ ਸਕਾਂ। ਇਸ ਤਰ੍ਹਾਂ ਮੈਂ ਆਸਾਨੀ ਨਾਲ਼ ਆਪਣੇ ਖ਼ਿਆਲਾਂ ਤੇ ਜਜ਼ਬਿਆਂ ਦਾ ਪ੍ਰਚਾਰ ਕਰ ਸਕਿਆ।'' 

ਸਾਹਿਰ ਦਾ ਕਹਿਣਾ ਸੀ ਕਿ ਹਿੰਦੀ ਫ਼ਿਲਮਾਂ ਦੇ ਬੁਹਤੇ ਗੀਤ ਦਾ ਵਿਸ਼ਾ ਪ੍ਰੇਮ ਹੁੰਦਾ ਹੈ। ਉਸ ਨੇ ਕਿਹਾ, ''ਮੈਂ ਹੁਣ ਤੀਕ ਪੰਜ ਸੌ ਗਾਣੇ ਤਾਂ ਲਿਖੇ ਹੋਣਗੇ। ਸਾਰੇ ਹੀ ਮਹੁੱਬਤ ਦੇ। ਆਖ਼ਿਰ ਕਿੰਨੇ ਕੁ ਨਵੇਂ ਸ਼ਬਦ ਨਵੀਂ ਤਰ੍ਹਾਂ ਬੀੜ ਸਕਦਾ ਹਾਂ। ਮੈਨੂੰ ਲਿਖਣ ਲੱਗੇ ਸੋਚਣਾ ਪੈਂਦਾ ਹੈ ਕਿ ਮੇਰਾ ਘਟੀਆ ਗੀਤ ਵੀ ਬਾਕੀਆਂ ਦੇ ਵਧੀਆ ਗੀਤਾਂ ਨਾਲ਼ੋਂ ਚੰਗਾ ਹੋਣਾ ਚਾਹੀਦਾ ਹੈ।'' 

ਰੂਸ ਇਨਕਲਾਬ ਦੇ ਬਾਅਦ ਲੈਨਿਨ ਨੇ ਸਿਨਮੇ ਦੀ ਸਮਰਥਾ ਨੂੰ ਦੇਖਦਿਆਂ ਇਸ ਨੂੰ ਸਭ ਤੋਂ ਮਹੱਤਵਪੂਰਨ ਕਲਾ ਦਾ ਦਰਜਾ ਦਿੱਤਾ ਸੀ। ਸਾਹਿਰ ਵੀ ਸਿਨੇਮੇ ਦੀ ਵਿਆਪਕ ਪਹੁੰਚ ਨੂੰ ਸਮਝਦਾ ਸੀ। ਉਸ ਦੀ ਮਾਨਤਾ ਸੀ ਕਿ ''ਫ਼ਿਲਮ ਦੇ ਇਸ ਪਹਿਲੂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਆਪਣੇ ਖ਼ਿਆਲਾਤ ਤੇ ਜਜ਼ਬਾਤ ਦਾ ਪ੍ਰਚਾਰ ਕਰਨ ਲਈ ਇਹ ਇਕ ਪਾਵਰਫੁਲ ਮਾਧਿਅਮ ਹੈ।'' ਉਹ ਇਹ ਵੀ ਸਮਝਦਾ ਸੀ ਫ਼ਿਲਮ ਨੂੰ ਜੇ ਉਸਾਰੂ ਅਤੇ ਸੁਧਾਰ ਦੇ ਮੰਤਵ ਲਈ ਵਰਤਿਆ ਜਾਵੇ ਤਾਂ ਲੋਕਾਂ ਦੀ ਸੂਝ ਸਮਝ ਦੀ ਪਾਲ਼ਣਾ ਅਤੇ ਸਮਾਜਿਕ ਉੱਨਤੀ ਦੀ ਰਫ਼ਤਾਰ ਬਹੁਤ ਤੇਜ਼ ਕੀਤੀ ਜਾ ਸਕਦੀ ਹੈ।'' ਸਾਹਿਰ ਨੇ ਸਿਨਮੇ ਦੀ ਇਸ ਤਾਕਤ ਨੂੰ ਪਛਾਣਿਆ ਜਿਸ ਨੂੰ ਉਸ ਦੇ ਬਹੁਤ ਸਾਰੇ ਸਮਕਾਲੀ ਹੀ ਨਹੀਂ ਸਗੋਂ ਉਸ ਤੋਂ ਬਾਅਦ ਅੱਜ ਦੇ ਖੱਬੇਪੱਖੀ ਕਲਾਕਾਰ ਸਮਝਣ ਤੋਂ ਇਨਕਾਰੀ ਹਨ। ਸਾਹਿਰ ਦਾ ਕਹਿਣਾ ਸੀ ਕਿ ''ਬਦਕਿਸਮਤੀ ਨਾਲ਼ ਸਾਡੇ ਵਲੋਂ ਫ਼ਿਲਮ ਦੇ ਇਸ ਪੱਖ ਤੇ ਧਿਆਨ ਨਹੀਂ ਦਿੱਤਾ ਗਿਆ। ਕਿਉਂ ਕਿ ਹੋਰ ਵਿਭਾਗਾਂ ਵਾਂਗ ਇਹ ਵਿਭਾਗ ਵੀ ਅਜੇ ਤੱਕ ਜ਼ਿਆਦਾ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਹੀ ਹੈ ਜੋ ਨਿੱਜੀ ਲਾਭ ਨੂੰ ਸਮਾਜੀ ਸੇਵਾ ਨਾਲ਼ੋ ਤਰਜੀਹ ਦਿੰਦੇ ਹਨ। ਇਸੇ ਕਾਰਣ ਸਾਡੀਆਂ ਫ਼ਿਲਮੀ ਕਹਾਣੀਆਂ, ਫ਼ਿਲਮੀ ਧੁਨਾਂ ਅਤੇ ਫ਼ਿਲਮੀ ਨਗਮਿਆਂ ਦਾ ਮਿਆਰ ਆਮ ਤੌਰ ਤੇ ਬਹੁਤ ਨੀਵਾਂ ਹੁੰਦਾ ਹੈ। ਇਹੋ ਕਾਰਣ ਹੈ ਕਿ ਸਾਹਿਤਕ ਹਲਕੇ ਫ਼ਿਲਮੀ ਅਦਬ ਨੂੰ ਨਫ਼ਰਤ ਤੇ ਘਿਰਣਾ ਦੀ ਨਜ਼ਰ ਨਾਲ਼ ਦੇਖਦੇ ਹਨ।'' 

ਸਾਹਿਰ ਦਾ ਵਿਚਾਰ ਸੀ, ''ਮੇਰੀ ਹਮੇਸ਼ਾ ਇਹੋ ਕੋਸ਼ਿਸ਼ ਰਹੀ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਫ਼ਿਲਮੀ ਨਗ਼ਮਿਆਂ ਨੂੰ ਤਖ਼ਲੀਕੀ ਸ਼ਾਇਰੀ ਦੇ ਨੇੜੇ ਲਿਆ ਸਕਾਂ ਤੇ ਇਸ ਦੇ ਰਾਹੀਂ ਨਵੇਂ ਸਿਆਸੀ ਤੇ ਸਮਾਜੀ ਦ੍ਰਿਸ਼ਟੀਕੋਣ ਲੋਕਾਂ ਤੱਕ ਪਹੁੰਚਾ ਸਕਾਂ।'' 

ਸਾਹਿਰ ਨੇ ਅਨੇਕਾਂ ਫ਼ਿਲਮਾਂ ਲਈ ਗੀਤ ਲਿਖੇ ਜਿਨ੍ਹਾਂ ਚੋਂ ਬਹੂ ਬੇਗ਼ਮ, ਆਂਖੇ, ਜਾਲ, ਕਾਜਲ, ਬਰਸਾਤ ਕੀ ਰਾਤ, ਗਜ਼ਲ, ਵਕਤ, ਧੂਲ ਕਾ ਫੂਲ, ਧਰਮਪੁੱਤਰ, ਫਿਰ ਸੁਬਹ ਹੋਗੀ, ਗੁਮਰਾਹ, ਕਭੀ ਕਭੀ, ਚੰਬਲ ਕੀ ਕਸਮ, ਹਮ ਦੋਨੋ, ਮੁਝੇ ਜੀਨੇ ਦੋ, ਨੀਲਕਮਲ, ਤ੍ਰਿਸ਼ੂਲ ਆਦਿ ਪ੍ਰਮੁੱਖ ਹਨ। 1963 ਵਿਚ ਜਦ ਸੁਨੀਲ ਦੱਤ ਨੇ ਡਾਕੂਆਂ ਤੇ 'ਮੁਝੇ ਜੀਨੇ ਦੋ' ਫ਼ਿਲਮ ਬਣਾਈ ਤਾਂ ਸਾਹਿਰ ਨੇ ਲੋਰੀ ਲਿਖੀ ਜਿਸ ਵਿਚ ਮਾਂ ਦੇ ਬੋਲ ਸਨ - 
ਤੇਰੇ ਬਚਪਨ ਕੋ ਜੁਆਨੀ ਕੀ ਦੂਆ ਦੇਤੀ ਹੂੰ 
ਔਰ ਦੂਆ ਦੇ ਕੇ ਪਰੇਸ਼ਾਨ ਸੀ ਹੋ ਜਾਤੀ ਹੂੰ 

ਇਹ ਸਾਹਿਰ ਦੀ ਕਲਮ ਦਾ ਜਾਦੂ ਸੀ ਕਿ ਇਸ ਗੀਤ ਤੋਂ ਪ੍ਰਭਾਵਤ ਹੋ ਚੰਬਲ ਦੇ ਡਾਕੂ, ਕਾਰ ਵਿਚ ਬੰਬਈ ਤੋਂ ਪੰਜਾਬ ਆਉਂਦੇ ਸਾਹਿਰ ਨੂੰ, ਗਵਾਲੀਅਰ ਤੋਂ ਆਪਣੇ ਨਾਲ਼ ਲੈ ਗਏ ਤੇ ਰੱਜ ਕੇ ਸੇਵਾ ਕੀਤੀ। ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ 1951 ਵਿਚ ਬਣੀ ਪੰਜਾਬੀ ਫ਼ਿਲਮ 'ਬਾਲੋ' ਲਈ ਸਾਹਿਰ ਨੇ ਇਕ ਗੀਤ ਲਿਖਿਆ ਸੀ। ਬਾਲੋ ਦਾ ਸੰਗੀਤ ਐਨ ਦੱਤਾ ਦਾ ਸੀ। ਸੁਰਿੰਦਰ ਕੌਰ ਅਤੇ ਕ੍ਰਿਸ਼ਨ ਗੋਇਲ ਦਾ ਗਾਏ ਉਸ ਗੀਤ ਦੇ ਬੋਲ ਸਨ - 
ਬੇੜੀ ਦਾ ਮਲਾਹ ਕੋਈ ਨਾ 
ਇਕ ਵਾਰ ਮਿਲ਼ ਜਾ ਵੇ 
ਜ਼ਿੰਦਗੀ ਦਾ ਵਸਾਹ ਕੋਈ ਨਾ 

ਆਪਣੀ ਫ਼ਿਲਮੀ ਸ਼ਾਇਰੀ ਦੇ ਨਾਲ਼ ਨਾਲ਼ ਸਾਹਿਰ ਦੀ ਅਦਬੀ ਸ਼ਾਇਰੀ ਦਾ ਸਫ਼ਰ ਵੀ ਜਾਰੀ ਸੀ। ਉਹ ਮੁਸ਼ਾਇਰਿਆਂ ਦਾ ਵੀ ਓਨਾ ਹੀ ਲੋਕ-ਪ੍ਰਿਅ ਸ਼ਾਇਰ ਸੀ। ਤਲਖ਼ੀਆਂ ਤੋਂ ਇਲਾਵਾ ਸਾਹਿਰ ਦੀਆਂ ਪੁਸਤਕਾਂ ਵਿਚ ਪਰਛਾਈਆਂ, ਗਾਤਾ ਜਾਏ ਬਨਜਾਰਾ, ਆਓ ਕਿ ਕੋਈ ਖ਼ਾਬ ਬੁਨੇਂ ਸ਼ਾਮਲ ਹਨ। ਉਸ ਦੀ ਪ੍ਰਸਿੱਧੀ ਦੀ ਸਿਖ਼ਰ ਤੇ ਉਸ ਨੂੰ ਲੁਧਿਆਣੇ ਦੇ ਓਸੇ ਕਾਲਿਜ਼ ਨੇ ਸਨਮਾਨਤ ਕੀਤਾ ਜਿਥੋਂ ਕਦੇ ਉਸ ਨੂੰ ਕੱਢਿਆ ਗਿਆ ਸੀ। ਵਿਅੰਗ ਵਜੋਂ ਸਾਹਿਰ ਨੇ ਆਪਣੀ ਨਜ਼ਮ 'ਨਜ਼ਰ-ਏ-ਕਾਲਿਜ' ਵਿਚ ਕਿਹਾ - ਲੇਕਿਨ ਹਮ ਇਨ ਫਜ਼ਾਓਂ ਕੇ ਪਾਲੇ ਹੂਏ ਤੋਂ ਹੈਂ ਗਰ ਯਾਂ ਨਹੀਂ, ਯਹਾਂ ਸੇ ਨਿਕਾਲੇ ਹੂਏ ਤੋਂ ਹੈਂ। 

ਜਦ 22 ਨਵੰਬਰ, 1970 ਨੂੰ ਲੁਧਿਆਣੇ ਦੇ ਗੌਰਮਿੰਟ ਕਾਲਿਜ, ਜਦੋਂ ਪ੍ਰੋਫੈਸਰ ਪ੍ਰੀਤਮ ਸਿੰਘ ਕਾਲਜ ਦੇ ਪ੍ਰਿੰਸੀਪਲ ਸਨ, ਨੇ ਸਾਹਿਰ ਨੂੰ ਸਨਮਾਨਤ ਕੀਤਾ ਤਾਂ ਇਸ ਮੌਕੇ ਸਾਹਿਰ ਨੇ 'ਐ ਨਈ ਨਸਲ' ਨਜ਼ਮ ਪੇਸ਼ ਕੀਤੀ - 
ਮੇਰੇ ਅਜਦਾਦ 1 ਕਾ ਵਤਨ ਯਿਹ ਸ਼ਹਰ 
ਮੇਰੀ ਤਾਲੀਮ ਕਾ ਜਹਾਂ ਯਿਹ ਮਕਾਮ 
ਮੇਰੇ ਬਚਪਨ ਕੀ ਦੋਸਤ, ਯਿਹ ਗਲੀਆਂ 
ਜਿਨ ਮੇਂ ਰੁਸਵਾ 2 ਹੂਆ ਸ਼ਬਾਬ ਕਾ ਨਾਮ ... 
 ਮੈਂ ਯਹਾਂ ਜਬ ਸਊਰ ਕੋ ਪਹੁੰਚਾ 
ਅਜਨਬੀ ਕੌਮ ਕੀ ਥੀ ਕੌਮ ਗ਼ੁਲਾਮ 
ਯੂਨੀਅਨ ਜੈਕ ਦਰਸਗਾਹ 3 ਪੇ ਥਾ 
ਔਰ ਵਤਨ ਮੇਂ ਥਾ ਸਾਮਰਾਜੀ ਨਜ਼ਾਮ 
ਇਸੀ ਮਿੱਟੀ ਕੋ ਹਾਥ ਮੇਂ ਲੇ ਕਰ 
ਹਮ ਬਨੇ ਥੇ ਬਗ਼ਾਵਤੋਂ ਕੇ ਅਮਾਮ 4 ... 
ਕਾਫ਼ਿਲੇ ਆਤੇ ਜਾਤੇ ਰਹਿਤੇ ਹੈਂ 
ਕਬ ਹੂਆ ਹੈ ਯਹਾਂ ਕਿਸੀ ਕਾ ਕਯਾਮ 5 
ਨਸਲ ਦਰ ਨਸਲ ਕਾਮ ਜਾਰੀ ਹੈ 
ਕਾਰ-ਏ-ਦੁਨੀਆ 6 ਕਭੀ ਹੂਆ ਕਿਸੀ ਕਾ ਤਮਾਮ 
ਕਲ ਜਹਾਂ ਮੈਂ ਥਾ ਆਜ ਤੂ ਹੈ ਵਹਾਂ 
ਐ ਨਈ ਨਸਲ! ਤੁਝ ਕੋ ਮਿਰਾ ਸਲਾਮ। 
1 ਪੁਰਖੇ 2 ਬਦਨਾਮ 3 ਵਿਦਿਆਲਾ 4 ਆਗੂ 5 ਨਿਵਾਸ 6 ਦੁਨੀਆਂ ਦਾ ਕੰਮ 

ਬਾਅਦ ਵਿਚ ਦੋਸਤਾਂ ਨਾਲ਼ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਸਾਹਿਰ ਨੇ ਕਿਹਾ, ''ਮੈਂ ਸਿਰਫ਼ ਇਸ ਲਈ ਆਇਆ ਕਿ ਲੁਧਿਆਣੇ ਵਿਚ ਮੇਰੇ ਬਚਪਨ ਦੀਆਂ ਯਾਦਾਂ ਨੇ ... ਮੇਰਾ ਯਾਰ ਫ਼ੋਟੋਗ੍ਰਾਫ਼ਰ ਕ੍ਰਿਸ਼ਨ ਅਦੀਬ ਵੀ ਇਥੇ ਹੈ ... ਅਸੀਂ ਚੌੜਾ ਬਜ਼ਾਰ ਵਿਚ ਇਕੱਠੇ ਕੁਲਫ਼ੀਆਂ ਖਾਧੀਆਂ ... ਮੇਰੇ ਅੱਬਾ ਤੇ ਦਾਦਾ ਦੀਆਂ ਕਬਰਾਂ ਵੀ ਇਥੇ ਨੇ। ਮੇਰਾ ਮਾਜ਼ੀ ਇਥੇ ਦਫ਼ਨ ਹੈ ... ਲੁਧਿਆਣਾ ਮੇਰੀਆਂ ਯਾਦਾਂ ਦਾ ਕਬਰਿਸਤਾਨ ਹੈ ... ਮੈਨੂੰ ਬਹੁਤ ਅਜੀਜ਼।''ਲੋਕਾਂ ਦਾ ਸ਼ਾਇਰ ਹੋਣ ਕਾਰਣ ਸਾਹਿਰ ਆਪਣੇ ਵਿਰਸੇ ਨੂੰ ਰੋਮਾਂਸਵਾਦੀ ਨਜ਼ਰੀਏ ਨਾਲ਼ ਨਹੀਂ ਸਗੋਂ ਨੁਕਤਾਚੀਨ ਵਾਲ਼ੇ ਨਜ਼ਰੀਏ ਨਾਲ਼ ਦੇਖਦਾ ਹੈ। ਨਜ਼ਮ 'ਜਾਗੀਰ' ਵਿਚ ਉਹ ਆਪਣੇ ਜਗੀਰੂ ਪੁਰਖਿਆਂ ਵਲੋਂ ਨਿਭਾਏ ਲੋਕ-ਵਿਰੋਧੀ ਰੋਲ ਨੂੰ ਕਬੂਲਦਾ ਸਰੇਆਮ ਐਲਾਨਦਾ ਹੈ - 
 ਮੈਂ ਉਨ ਅਜਦਾਦ ਕਾ ਬੇਟਾ ਹੂੰ ਜਿਨ੍ਹੋਂ ਨੇ ਪੈਹਮ 1 
 ਅਜਨਬੀ ਕੌਮ ਕੇ ਸਾਏ ਕੀ ਹਮਾਯਤ ਕੀ ਹੈ 
ਗ਼ਦਰ ਕੀ ਸਾਇਤੇ-ਨਾਪਾਕ 2 ਸੇ ਲੇ ਕਰ ਅਬ ਤਕ 
ਹਰ ਕੜੇ ਵਕਤ ਮੇਂ ਸਰਕਾਰ ਕੀ ਖ਼ਿਦਮਤ ਕੀ ਹੈ 

1 ਲਗਾਤਾਰ 2 ਅਪਵਿੱਤਰ ਘੜੀ 

ਸਮਾਜੀ ਤੌਰ ਤੇ ਪ੍ਰਤੀਬੱਧ ਹੋਣ ਕਾਰਣ ਸਾਹਿਰ ਦੇ ਬੋਲ ਵਕਤ ਦੀ ਵੰਗਾਰ ਬਣੇ। 1946 ਦੀ ਨੇਵੀ ਬਗ਼ਾਵਤ ਦੀ ਅਸਫ਼ਲਤਾ ਬਾਅਦ ਸਾਹਿਰ ਮੁਲਕ ਦੇ ਆਗੂਆਂ ਨੂੰ ਵੰਗਾਰਦਾ ਪੁੱਛਦਾ ਹੈ - 
ਐ ਰਹਿਬਰੇ ਮੁਲਕੋ ਕੌਮ ਬਤਾ 
ਆਂਖੇ ਤੋ ਉਠਾ ਨਜ਼ਰੇਂ ਤੋ ਮਿਲਾ 
ਕੁਛ ਹਮ ਵੀ ਸੁਨੇਂ ਹਮਕੋ ਭੀ ਬਤਾ 
ਯਿਹ ਕਿਸਕਾ ਲਹੂ ਹੈ ਕੌਨ ਮਰਾ 

1961 ਵਿਚ ਪੈਤ੍ਰਿਸ ਲਮੂੰਬਾ ਦੇ ਕਤਲ ਤੋਂ ਬਾਅਦ ਦਿੱਲੀ ਵਿਖੇ ਕੌਮਾਂਤਰੀ ਅਮਨ ਕਾਨਫਰੰਸ ਵਿਚ ਸਾਹਿਰ ਗਰਜਦਾ ਹੈ - 

ਜ਼ੁਲਮ ਫਿਰ ਜ਼ਲਮ ਹੈ, ਬੜ੍ਹਤਾ ਹੈ ਤੋ ਮਿਟ ਜਾਤਾ ਹੈ ਖ਼ੂਨ ਫਿਰ ਖ਼ੂਨ ਹੈ, ਟਪਕੇਗਾ ਤੋ ਜਮ ਜਾਏਗਾ 

ਅਮਨ ਲਹਿਰ ਬਾਰੇ ਸਾਹਿਰ ਦੀਆਂ ਨਜ਼ਮਾਂ 'ਐ ਸ਼ਰੀਫ਼ ਇਨਸਾਨ' ਅਤੇ 'ਪਰਛਾਈਆਂ' ਆਪਣੀ ਮਿਸਾਲ ਆਪ ਹਨ। ਬਾਅਦ ਵਿਚ ਉਹਨੇ ਬੰਬਈ ਵਿਚ ਆਪਣੇ ਬੰਗਲੇ ਦਾ ਨਾਂ ਵੀ 'ਪਰਛਾਈਆਂ' ਰੱਖਿਆ। ਤਰੱਕੀਪਸੰਦ ਲਹਿਰ ਦੇ ਬਾਰੇ ਸਾਹਿਰ ਦਾ ਕਹਿਣਾ ਸੀ, ''ਮੈਂ ਸਮਝਦਾ ਹਾਂ ਕਿ ਤਰੱਕੀ ਪਸੰਦ ਤਹਿਰੀਕ ਨੇ ਅਦਬ ਤੇ ਮੁਲਕ ਦੀ ਬਹੁਤ ਖ਼ਿਦਮਤ ਕੀਤੀ ਹੈ, ਪਰ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਤੋਂ ਕੁਝ ਗ਼ਲਤੀਆਂ ਵੀ ਜ਼ਰੂਰ ਹੋਈਆਂ ਹਨ, ਐਪਰ ਜੋ ਲੋਕ ਸਿਰਫ਼ ਇਸ ਦੀਆਂ ਖ਼ਾਮੀਆਂ ਗਿਣਦੇ ਹਨ, ਮੈਂ ਉਨ੍ਹਾਂ ਤੋਂ ਸੰਤੁਸ਼ਟ ਨਹੀਂ। ਇਸ ਤਹਿਰੀਕ ਦੇ ਕਾਰਕੁਨਾਂ ਨੇ ਕਾਫ਼ੀ ਕੁਰਬਾਨੀਆਂ ਦਿੱਤੀਆਂ ਹਨ। ਤਕਲੀਫ਼ਾਂ ਝੱਲੀਆਂ ਹਨ। ਇਹ ਠੀਕ ਹੈ ਕਿ ਉਹ ਇਕ ਦੂਜੇ ਦੀ ਸ਼ੁਹਰਤ ਵਿਚ ਵਾਧੇ ਦਾ ਕਾਰਣ ਬਣੇ। ਉਸ ਦੀ ਵਜ੍ਹਾ ਸਮਾਜ ਤੇ ਅਦਬ ਦੇ ਗ਼ਲਤ ਝੁਕਾਵਾਂ ਦੇ ਖਿਲਾਫ਼ ਉਨ੍ਹਾਂ ਦੀ ਨਜ਼ਰਿਆਤੀ ਏਕਤਾ ਸੀ। ਹੁਣ ਜੇ ਤਹਿਰੀਕ ਵਿਚ ਕਰਾਈਸਸ ਪੈਦਾ ਹੋਇਆ ਤਾਂ ਇਸ ਦਾ ਸਬੱਬ ਇਹ ਹੈ ਕਿ ਅਸਾਡੇ ਜ਼ਿਹਨਾਂ 'ਤੇ ਸਰਮਾਏਦਾਰੀ ਦੇ ਖ਼ਤਮੇ ਲਈ ਸਮਾਜਵਾਦ ਦਾ ਜੋ ਖੁਸ਼ਗਵਾਰ ਤਸੱਵਰ ਸੀ ਉਸ ਵਿਚ ਵੀ ਸ਼ਖਸੀ ਆਜ਼ਾਦੀ ਅਤੇ ਕੁਝ ਦੂਜੇ ਮੁਆਮਲਿਆਂ ਬਾਰੇ, ਕੁਝ ਅਮਲੀ ਤਰੁੱਟੀਆਂ ਮਹਿਸੂਸ ਹੋਈਆਂ।'' 

ਆਪਣੇ ਰਾਜਸੀ ਵਿਚਾਰਾਂ ਬਾਰੇ ਸਾਹਿਰ ਦਾ ਕਹਿਣਾ ਸੀ, ''ਮੈਂ ਕਦੇ ਕਿਸੇ ਸਿਆਸੀ ਪਾਰਟੀ ਦਾ ਮੈਂਬਰ ਨਹੀਂ ਰਿਹਾ। ਗ਼ੁਲਾਮ ਹਿੰਦੋਸਤਾਨ ਵਿਚ ਆਜ਼ਾਦੀ ਦੇ ਚੰਗੇ ਪਹਿਲੂ ਤਲਾਸ਼ ਕਰਨਾ ਤੇ ਉਨ੍ਹਾਂ ਦਾ ਪ੍ਰਚਾਰ ਕਰਨਾ ਮੇਰਾ ਮੁੱਖ ਉਦੇਸ਼ ਜ਼ਰੂਰ ਰਿਹੈ। ਹੁਣ ਦਿਮਾਗੀ ਤੌਰ ਤੇ ਆਰਥਿਕ ਆਜ਼ਾਦੀ ਦਾ ਹਾਮੀ ਹਾਂ, ਜਿਸ ਦੀ ਸਪਸ਼ਟ ਰੂਪ ਰੇਖਾ ਮੇਰੇ ਸਾਹਮਣੇ ਕਮਿਊਨਿਜ਼ਮ ਹੈ।'' 

ਗੌਰਮਿੰਟ ਕਾਲਿਜ ਲੁਧਿਆਣੇ ਦੇ ਸਨਮਾਨ ਤੋਂ ਬਾਅਦ ਸਾਹਿਰ ਜਲੰਧਰ ਵਿਚ ਨਰੇਸ਼ ਕੁਮਾਰ ਸ਼ਾਦ ਨੂੰ ਸਪਰਪਿਤ ਮੁਸ਼ਾਇਰੇ ਵਿਚ ਸ਼ਾਮਲ ਹੋਇਆ। ਜਦ ਉਹ ਆਪਣਾ ਕਲਾਮ ਪੜ੍ਹਨ ਲੱਗਾ ਤਾਂ ਪੰਡਾਲ ਚੋਂ ਇੱਕ ਆਰ.ਐਸ.ਐਸ ਸਮਰਥਕ ਚੀਕਿਆ - ''ਹਮ ਨਹੀਂ ਸੁਨੇਂਗੇ, ਸਾਹਿਰ ਲੁਧਿਆਣਵੀ ਕਮਿਊਨਿਸਟ ਸ਼ਾਇਰ ਹੈ ..'' ਲੋਕਾਂ ਨੇ ਉਸ ਨੂੰ ਬਾਹਰ ਧਕੇਲ ਦਿੱਤਾ। ਬਾਹਰ ਦੇਰ ਰਾਤ ਤੱਕ ਸਾਹਿਰ ਪ੍ਰਸੰਸਕਾਂ ਨੂੰ ਆਪਣੀਆਂ ਨਜ਼ਮਾਂ ਸੁਣਾਉਂਦਾ ਰਿਹਾ। 25 ਅਕਤੂਬਰ, 1980 ਨੂੰ ਬੰਬਈ ਵਿਚ ਦਿਲ ਦਾ ਦੌਰਾ ਪੈਣ ਨਾਲ ਸਾਹਿਰ ਦਾ ਦਿਹਾਂਤ ਹੋ ਗਿਆ। 

-ਕੁਲਵਿੰਦਰ 
ਮੋ : 9815568747

Wednesday, March 20, 2013

ਨਾਬਰ : ਹਿਜਰਤ 'ਚ ਸਿਆਸੀ-ਆਰਥਿਕ ਪੁੱਠ ਦਾ ਸਮਾਜੀ ਜ਼ਿੰਦਗੀਨਾਮਾ

ਸੁਭਾਅ ਕਹੋ ਜਾਂ ਚਰਿੱਤਰ..! ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ।ਪ੍ਰਤੱਖ ਦਾ ਸੁਭਾਅ ਸਮਝਣ ਲਈ ਗੱਲਾਂ ਹੁੰਦੀਆਂ ਹਨ ਪਰ ਅਪ੍ਰਤੱਖ ਦਾ ਸੁਭਾਅ ਸਮਝਣਾ ਹੋਵੇ ਤਾਂ ਬੋਧ ਜ਼ਰੂਰੀ ਹੈ। 60ਵੇਂ ਕੌਮਾਂਤਰੀ ਫ਼ਿਲਮ ਪੁਰਸਕਾਰ ‘ਚ ਸਰਵੋਤਮ ਖੇਤਰੀ ਪੰਜਾਬੀ ਭਾਸ਼ਾਈ ਫ਼ਿਲਮ ਦਾ ਪੁਰਸਕਾਰ ਜਿੱਤਣ ਵਾਲੀ ‘ਨਾਬਰ’ ਫ਼ਿਲਮ ਬਾਰੇ ਗੱਲ ਕਰਨ ਤੋਂ ਪਹਿਲਾਂ ਫ਼ਿਲਮ ‘ਮਟਰੂ ਕੀ ਬਿਜਲੀ ਕਾ ਮੰਡੋਲਾ’ ਦਾ ਇਹ ਸੰਵਾਦ ਚੇਤਨਤਾ ‘ਚ ਜਗ੍ਹਾ ਬਣਾਉਂਦਾ ਹੈ। 

“ਮਸਲਾ ਨਾ ਪਿਆਰ ਦਾ ਹੈ,ਨਾ ਪਾਵਰ ਦਾ,ਨਾ ਕਿਸਾਨ ਦਾ,ਨਾ ਜ਼ਮੀਨ ਦਾ,ਨਾ ਪਿੰਡ,ਕਸਬੇ ਤੇ ਸ਼ਹਿਰ ਦਾ।ਮਸਲਾ ਹੈ ਦੇਸ਼ ਦਾ,ਦੇਸ਼ ਲੋਕਾਂ ਤੋਂ ਬਣਦਾ ਹੈ।ਲੋਕ ਯਾਨਿ ਸਮੂਹ ਭਾਵ ਭੀੜ...ਅਤੇ ਭੀੜ ਦਾ ਕੋਈ ਚਿਹਰਾ ਨਹੀਂ ਹੁੰਦਾ।ਭੀੜ ਨੂੰ ਚਿਹਰਾ ਦਿੰਦਾ ਹੈ ਉਹਦਾ ਆਗੂ...ਸੋ ਜੋ ਚਰਿੱਤਰ ਮੇਰਾ ਹੈ ਉਹੀ ਮੇਰੇ ਆਗੂ ਦਾ ਹੋਵੇਗਾ ਤੇ ਉਹੀ ਮੇਰੇ ਦੇਸ਼ ਦਾ।ਜਦੋਂ ਮੈਂ ਅਧਿਆਤਮਕ ਸੀ ਤਾਂ ਦੇਸ਼ ਬੁੱਧ ਸੀ।ਜਦੋਂ ਮੈਂ ਵਿਲਾਸੀ ਹੋਇਆ ਤਾਂ ਰਾਜਾ ਮਹਿਰ ਕੁੱਲ।ਮੈਂ ਕਮਜ਼ੋਰ ਪਿਆ ਤਾਂ ਸਿਕੰਦਰ।ਟੁੱਟਿਆ ਤਾਂ ਬਾਬਰ।ਮੈਂ ਵਪਾਰ ਕੀਤਾ ਤਾਂ ਦੇਸ਼ ਗੁਲਾਮ ਹੋਇਆ ਤੇ ਬਾਗੀ ਬਣਿਆ ਤਾਂ ਅਜ਼ਾਦ।ਜਦੋਂ ਮੈਂ ਅਜ਼ਾਦ ਹੋਇਆ ਤਾਂ ਸਵਾਰਥੀ ਹੋਇਆ,ਸਵਾਰਥੀ ਤਾਂ ਭ੍ਰਿਸ਼ਟ,ਭ੍ਰਿਸ਼ਟ ਤਾਂ ਧਨਾਢ,ਧਨਾਢ ਤਾਂ ਸਾਧਨ ਸੰਪਨ,ਸਾਧਨ ਸੰਪਨ ਤਾਂ ਪ੍ਰਗਤੀਵਾਨ,ਭਾਵ ਪ੍ਰਗਤੀਵਾਨ ਦੇਸ਼ ਦੀ ਪ੍ਰਗਤੀ....ਦੇਸ਼ ਦੀ ਪ੍ਰਗਤੀ ਲਈ ਨਿਜੀ ਪ੍ਰਗਤੀ ਜ਼ਰੂਰੀ ਹੈ... ਸੰਵਾਦ,ਸ਼ਬਾਨਾ ਆਜ਼ਮੀ ਫ਼ਿਲਮ-ਮਟਰੂ ਕੀ ਬਿਜਲੀ ਕਾ ਮੰਡੋਲਾ 

ਇਹ ਵਿਕਾਸ ਦਾ ਉਹ ਰੂਪ ਹੈ ਜੋ ਵਰ ਨਹੀਂ ਸਗੋਂ ਵਿਕਾਸ ਦੀ ਅਜਿਹੀ ਸਲੀਬ ਹੈ ਜਿਹਨੇ ਦੇਸ਼ ਦੇ ਸੁਭਾਅ ਨੂੰ ਅਸਲੋਂ ਹੋਲਾ ਕੀਤਾ ਹੈ।ਇਸ ਦੀ ਗ੍ਰਿਫ਼ਤ ‘ਚ ਆਇਆ ਹਰ ਬੰਦਾ ਵਿਕਾਸ ਨੂੰ ਬਾਹਰੀ ਚਮਕ ਅਤੇ ਸੁੱਖ ਸਹੂਲਤਾਂ ਦਾ ਨਾਮ ਦੇ ਬੈਠਾ ਹੈ।ਇਸੇ ਵਿਕਾਸ ਦੀ ਜਦ ‘ਚ ਪ੍ਰਗਤੀਵਾਨ ਆਪਣੀ ਨਿਜੀ ਪ੍ਰਗਤੀ ਨੂੰ ਦੇਸ਼ ਦੀ ਪ੍ਰਗਤੀ ਦਾ ਭੁਲੇਖਾ ਪਾ ਭ੍ਰਿਸ਼ਟ ਬਣਦਾ ਹੋਇਆ ਸਿਆਸਤ ਨੂੰ ਦਾਗ਼ਦਾਰ ਕਰਦਾ ਜਾ ਰਿਹਾ ਹੈ।ਤਮਾਮ ਤਰ੍ਹਾਂ ਦੀਆਂ ਯੋਜਨਾਵਾਂ ਅਤੇ ਤਮਾਮ ਤਰ੍ਹਾਂ ਦੇ ਸਮਾਜੀ ਫੇਰਬਦਲ ‘ਚ ਇਸੇ ਕਰਕੇ ਖੌਫ ਦੀ ਬੂ ਆ ਰਹੀ ਹੈ ਅਤੇ ਉਸੇ ਹੁੰਮਸ ‘ਚ ਲੋਕਧਾਰਾ ਦੇ ਤਰਾਨੇ ਬਾਸੀ ਹੋ ਰਹੇ ਹਨ।ਬੇਹਤਰ ਜ਼ਿੰਦਗੀ ਦੀ ਚਾਹ ਬੰਦੇ ਨੂੰ ਸਰੋਕਾਰਾਂ ਤੋਂ ਦੂਰ ਕਰਦੇ ਹੋਏ ਉਹਨੂੰ ਨਿਜ ਤੱਕ ਸਮੇਟ ਦਿੰਦੀ ਹੈ ਅਤੇ ਉਸੇ ਨਿਜ ‘ਚ ਪੰਜਾਬ ਤੋਂ ਬਾਹਰਲੇ ਦੇਸ਼ਾਂ ਨੂੰ ਪਰਵਾਸ ਹੋਇਆ ਹੈ।ਇਸ ਸਮਾਜੀ ਫੇਰਬਦਲ ਪਿੱਛੇ ਆਰਥਿਕ-ਸਿਆਸੀ ਨਾਕਾਮੀ ਬਹੁਤ ਗਹਿਰੇ ਬੈਠੀ ਹੈ।ਮਸਲਾ ਰੋਟੀ ਦਾ ਹੈ ਮਸਲਾ ਖੁਸ਼ਹਾਲ ਵਾਤਾਵਰਣ ‘ਚ ਸਾਹ ਲੈਣ ਦਾ ਵੀ ਹੈ।ਇਸੇ ਆਰਥਿਕ-ਸਿਆਸੀ ਨਾਕਾਮੀ ਨੂੰ ਜਦੋਂ ਬਿਹਾਰ ਵਰਗਾ ਸੂਬਾ ਸਮਝਦਾ ਹੈ ਤਾਂ ਪੰਜਾਬ ਵੱਲ ਨੂੰ ਮਜ਼ਦੂਰਾਂ ਦਾ ਪਰਵਾਸ ਘੱਟਦਾ ਹੈ।ਸੋ ਅਜਿਹੇ ਪਰਵਾਸ ਦੇ ਨਾਲ ਸਾਰਥਕ ਪਹਿਲੂ ਬੇਸ਼ੱਕ ਬਹੁਤ ਸਾਰੇ ਜੁੜੇ ਹੋਣ ਪਰ ਸੱਚ ਇਹ ਵੀ ਹੈ ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਪਰਵਾਸ ਨੇ ਦੱਲਾਗਿਰੀ ਦੀ ਰੂਪਰੇਖਾ ਨੂੰ ਭੈੜੇ ਰੂਪ ‘ਚ ਜਵਾਨ ਕੀਤਾ ਹੈ।ਅਜਿਹੇ ਸਾਰੇ ਅਯਾਮ ਵੇਖਣੇ ਬਹੁਤ ਜ਼ਰੂਰੀ ਹਨ ਸਾਰੇ ਸੁਭਾਅ ਨੂੰ ਸਮਝਦੇ ਹੋਏ।ਸੋ ਰਾਜੀਵ ਕੁਮਾਰ ਦੀ ਫ਼ਿਲਮ ‘ਨਾਬਰ’ ਸੱਚੇ ਸਰੋਕਾਰਾਂ ਦੀ ਪੈੜ ਨੂੰ ਲੱਭਦੀ ਹੋਈ ਅਜਿਹੀ ਹੀ ਧਾਰਾ ਹੈ ਜੋ ਚਰਚਾ ਨੂੰ ਸਾਡੇ ਸਾਹਮਣੇ ਲਿਆ ਖੜ੍ਹਾ ਕਰਦੀ ਹੈ। 

ਵਿਚਾਰਧਾਰਕ ਰੂਪ ਤੋਂ ਮੈਂ ਇਸ ਨੂੰ ਇੰਝ ਵੇਖਦੇ ਹੋਏ ਦੇਸ਼ ਨੂੰ ਸਮਝਨਾ ਚਾਹੁੰਦਾ ਹਾਂ।ਦੂਜਾ ਨਾਲੋ ਨਾਲ ਮੈਂ ਸਿਨੇਮਾ ਅੰਦਰ ਪੁੰਗਰਦੀ ਪਨੀਰੀ ਨੂੰ ਵੀ ਵੇਖਦਾ ਹਾਂ।ਕਿਉਂ ਕਿ ਸਮਾਜ ਦੇ ਨਾਲ ਸਿਨੇਮਾ ਨੂੰ ਵੇਖਣਾ ਬਹੁਤ ਜ਼ਰੂਰੀ ਹੈ।ਜਿਵੇਂ ਕਿ 56 ਵੇਂ ਕੌਮਾਂਤਰੀ ਫ਼ਿਲਮ ਪੁਰਸਕਾਰ ਦੌਰਾਨ ਆਸ਼ੂਤੋਸ਼ ਰਾਣਾ ਨੇ ਕਿਹਾ ਸੀ ਕਿ ਸਿਨੇਮਾ ਤੇ ਸਮਾਜ ਇੱਕ ਦੂਜੇ ਦੇ ਪੂਰਕ ਹਨ।ਸਿਨੇਮਾ ਸਮਾਜ ਚੋਂ ਸਿੱਖਦਾ ਹੈ ਅਤੇ ਸਮਾਜ ਸਿਨੇਮਾ ਚੋਂ ਪ੍ਰਭਾਵ ਲੈਂਦਾ ਹੈ।ਇਸ ਬਣਤਰ ਨੂੰ ਅਸੀ ਸਿੱਧੇ ਸਿੱਧੇ ਰੂਪ ‘ਚ ਨਹੀਂ ਵੇਖਦੇ ਪਰ ਅਜਿਹਾ ਹੈ।ਅਜਿਹੇ ‘ਚ ਨਾਬਰ ਫ਼ਿਲਮ ਰਾਹੀਂ ਜੇ ਪੰਜਾਬ ਅੰਦਰਲੇ ਪਰਵਾਸ ਪ੍ਰੇਮ ਰਾਹੀਂ ਇਹਦੀ ਆਰਥਿਕ-ਸਿਆਸੀ-ਸਮਾਜੀ ਤੰਦਾ ਨੂੰ ਸਿਨੇਮਾ ਵਿਖਾਉਂਦਾ ਹੈ ਤਾਂ ਬਹੁਤ ਚੰਗਾ ਹੈ।ਸਿਨੇਮਾ ਦਾ ਹਰ ਦੌਰ ਆਪਣੇ ਅੰਦਰ ਕੌੜੀ ਸੱਚਾਈ ਅਤੇ ਬੰਦੇ ਦੇ ਅੰਦਰਲੇ ਕਲਪਨਾਤਮਕ ਸੁਖ਼ਨ ਸੁਨੇਹੇ ਨੂੰ ਨਾਲੋਂ ਨਾਲ ਪ੍ਰਗਟ ਕਰਦਾ ਆਇਆ ਹੈ।ਵਿਚਾਰਧਾਰਾ ਵੀ ਜ਼ਿੰਦਗੀ ਦੀ ਤਰ੍ਹਾਂ ਹੀ ਤਾਂ ਹੈ ਕਦੀ ਜਵਾਨ ਹੁੰਦੀ ਹੈ ਅਤੇ ਕਦੀ ਬੁੱਢੀ ਹੁੰਦੀ ਹੈ ਅਤੇ ਫ਼ਿਰ ਕੋਈ ਨਵੀਂ ਵਿਚਾਰਧਾਰਾ ਅੰਗੜਾਈ ਲੈਂਦੀ ਹੈ।ਗੌਰ ਕਰੋ ਐਂਗਰੀ ਯੰਗ ਮੈਨ ਤੋਂ ਪਹਿਲਾਂ ਦਾ ਸਿਨੇਮਾ ਸ਼ੁਰੂਆਤੀ ਰੂਪ ‘ਚ ਮਹਿਜ਼ ‘ਸੱਤਿਆਵਾਦੀ ਰਾਜ ਹਰੀਸ਼ਚੰਦਰ’ ਜਾਂ ‘ਆਲਮ ਆਰਾ’ ਹੀ ਸੀ।ਭਗਤੀ ਰਸ ‘ਚ ਜਵਾਨ ਹੋ ਰਿਹਾ ਸਿਨੇਮਾ ਸ਼ਾਇਦ ਸਰੋਕਾਰਤਾ ‘ਚ ਆਪਣੀ ਸ਼ਮੂਲੀਅਤ ਪ੍ਰਤੀ ਗੰਭੀਰ ਹੀ ਨਹੀਂ ਸੀ।ਫਿਰ ਸਿਨੇਮਾ ਸਰੋਕਾਰਤਾ ਨਾਲ ਵੀ ਜੁੜਿਆ ਅਤੇ ਬਹੁਤ ਸਾਰੀਆਂ ਫ਼ਿਲਮਾਂ ਵੀ ਆਈਆਂ।ਪਰ ਐਂਗਰੀ ਯੰਗਮੈਨ ਤੋਂ ਪਹਿਲਾਂ ਦਾ ਸਿਨੇਮਾ ਨਹਿਰੂ ਵਿਜ਼ਨ ਦਾ ਸਿਨੇਮਾ ਸੁਨਹਿਰੇ ਸੁਫ਼ਨਿਆਂ ਨੂੰ ਖੜ੍ਹਾ ਕਰਦਾ ਸਿਨੇਮਾ ਸੀ।ਇਹ ਸੁਫ਼ਨੇ ਕਿਵੇਂ ਐਂਗਰੀ ਯੰਗ ਮੈਨ ਦੇ ਦੌਰ ‘ਚ ਜ਼ਖ਼ਮੀ ਦਿਲਾਂ ਨਾਲ ਦਾਖ਼ਲ ਹੁੰਦੇ ਹਨ ਇਸ ਨੂੰ ਸਮਝਨ ਲਈ ਦੀਵਾਰ ਜਾਂ ਪਿਆਸਾ ਮਹਿਜ਼ ਉਸ ਦੌਰ ਦੀ ਇੱਕ ਉਦਾਹਰਨ ਹਨ।ਪਰ ਸਮਾਜ ਅੰਦਰ ਖਿੰਡਾਅ ਦੇ ਉਸ ਦੌਰ ‘ਚ ਹਰ ਫ਼ਿਲਮ ‘ਚ ਇੱਕ ਸੰਵਾਦ ਆਮ ਹੁੰਦਾ ਸੀ। 


“ਮਾਂ ਮੁਝੇ ਨੌਕਰੀ ਮਿਲ ਗਈ...ਮਾਂ...! 

ਇਹ ਠੀਕ ਉਸੇ ਤਰ੍ਹਾਂ ਦਾ ਹੈ ਜਿਵੇਂ ਮਿਰਜ਼ਾ ਗ਼ਾਲਿਬ ਕਹਿੰਦੇ ਹਨ,“ਗ਼ਾਲਿਬ ਦਿਲ ਕੋ ਬਹਿਲਾਨੇ ਕੇ ਲੀਏ ਯੇ ਖ਼ਿਆਲ ਅੱਛਾ ਹੈ।ਇਸ ਸੰਵਾਦ ‘ਚ ਉਸ ਸਮੇਂ ਦੀ ਅਰਾਜਕਤਾ ਦਾ ਦਰਦ ਵੀ ਹੈ ਜੋ ਸਰਕਾਰ ਨੂੰ ਹੱਲ ਲੱਭਣ ਨੂੰ ਕਹਿ ਰਿਹਾ ਹੈ ਅਤੇ ਸਿਨੇਮਾ ਦੇ ਸੁਰਮਈ ਜਾਦੂ ‘ਚ ਖੁਦ ਨੂੰ ਸੰਤੁਸ਼ਟ ਕਰਨ ਦਾ ਇੱਕ ਵਸੀਲਾ ਵੀ ਬਣਦਾ ਹੈ।ਇਹ ਸੰਵਾਦ ਅਜੋਕੀ ਫ਼ਿਲਮਾਂ ਤੱਕ ਚੱਲ ਰਿਹਾ ਹੈ।ਵਿਰਾਸਤਾਂ ਆਪਣੇ ਦਰਦ ਨੂੰ ਇੰਝ ਹੀ ਬਿਆਨ ਕਰਦੀਆਂ ਤੁਰਦੀਆਂ ਨੇ ਉਦੋਂ ਤੱਕ....ਜਦੋਂ ਤੱਕ ਕੋਈ ਹੱਲ ਨਹੀਂ ਲੱਭਦਾ।ਇਸੇ ਦਰਦ ਨੂੰ ਸਾਹਿਰ ਸਾਹਬ ਫ਼ਿਲਮ ‘ਪਿਆਸਾ’ ‘ਚ ਜ਼ੁਬਾਨ ਦਿੰਦੇ ਹਨ ਕਿ ਯੇ ਦੁਨੀਆ ਅਗਰ ਮਿਲ ਭੀ ਜਾਏ ਤੋ ਕਿਆ ਹੈ।ਇਸੇ ਦਰਦ ‘ਚ ਸਾਹਿਤ ਦੇ ਉਸ ਕਲਪਨਾ ਗੀਤ ਨਾਲ ਬਗਾਵਤ 21 ਵੀ. ਸਦੀ ‘ਚ ਚੱਲਦੀ ਆ ਰਹੀ ਹੈ ਕਿ ਜਿਸ ਕਵੀ ਕੀ ਕਲਪਨਾ ਮੇਂ ਜ਼ਿੰਦਗੀ ਹੋ ਪ੍ਰੇਮ ਗੀਤ ਉਸ ਕਵੀ ਕੀ ਕਲਪਨਾ ਕੋ ਨਕਾਰ ਦੋ (ਗ਼ੁਲਾਲ ਫ਼ਿਲਮ) ਸੁਭਾਅ ਦੇ ਇਸ ਮਿਜਾਜ਼ ਨੂੰ ਪੰਡਿਤ ਨਹਿਰੂ ਦੇ ਸੁਫਨੇ ਨਾਲ ਸੰਗੇ ਸੰਗੇ ਬਾਗੀਆਂ ਦੇ ਨਿਰਮਾਣ ਦੀ ਕਹਾਣੀ ‘ਚ ਪਾਨ ਸਿੰਘ ਤੋਮਰ ਆਪਣਾ ਬਦਲਾ ਲੈਕੇ ਵੀ ਕਹਿੰਦਾ ਹੈ ਕਿ ਮੈਨੂੰ ਮੇਰਾ ਜਵਾਬ ਨਹੀਂ ਮਿਲਿਆ।ਗੈਂਗਸ ਆਫ ਵਾਸੇਪੁਰ ਇੱਕ ਬਗਲ ਮੇਂ ਚਾਂਦ ਤੇ ਇੱਕ ਬਗਲ ਮੇਂ ਰੋਟੀ ਦਾ ਸੁਫਨਾ ਪਾਲੀ ਉਮੀਦ ਨੂੰ ਜ਼ਿੰਦਾ ਰੱਖਦੀ ਹੈ।2012-2013 ਦੇ ਸਿਨੇਮਾ ‘ਚ ਖੇਤਰੀ ਸਿਨੇਮਾ ਤੋਂ ਲੈਕੇ ਬਾਲੀਵੁੱਡ ਸਿਨੇਮਾ ਤੱਕ ਬਹੁਤ ਸਾਰੇ ਅਜਿਹੇ ਹਵਾਲੇ ਮਿਲਦੇ ਹਨ।ਮਾਲੇਂਗਾਓਂ ਕਾ ਸੁਪਰਮੈਨ ‘ਚ ਇੱਕ ਕਿਰਦਾਰ ਰਾਤ ਨੂੰ ਦੋਸਤਾਂ ਦੀ ਮਹਿਫਲ ‘ਚ ਪੱੜ੍ਹਦਾ ਹੈ ਕਿ – ਚਾਂਦ...! 


ਐ ਰਾਤ ਸਹਿਰਾ ਮੇਂ ਭਟਕਤੇ ਹੂਏ ਚਾਂਦ
ਜਾ ਕਹੀਂ ਔਰ ਚਲੇ ਜਾ
ਯੇ ਬਸਤੀ ਤੇਰੇ ਕਾਬਲ ਹੀ ਨਹੀਂ
ਯੇ ਵੋਹ ਬਸਤੀ ਹੈ ਜਹਾਂ ਰਾਤ ਕੇ ਸੰਨਾਟੇ ਮੇਂ 
ਇਜ਼ਤ-ਓ-ਲਫ਼ਜ਼ ਕੋ ਨੀਲਾਮ ਕੀਆ ਜਾਤਾ ਹੈ
ਇਸ ਜਗ੍ਹਾ ਬਿਕਤੇਂ ਹੈਂ ਇਨਸਾਨ ਭੀ ਸਿਕੋਂ ਕੇ ਏਵਜ਼
ਇਸ ਜਗ੍ਹਾ ਪਿਆਰ ਕੋ ਬਦਨਾਮ ਕੀਆ ਜਾਤਾ ਹੈ
ਇਸ ਜਗ੍ਹਾ ਜ਼ੁਲਮ-ਓ-ਹਿਲਾਕਤ ਕੇ ਸਿਵਾ ਕੁਛ ਭੀ ਨਹੀਂ
ਇਸ ਜਗ੍ਹਾ ਕਰਬ-ਓ-ਅਜ਼ੀਅਤ ਕੇ ਸਿਵਾ ਕੁਛ ਭੀ ਨਹੀਂ
ਇਸ ਜਗ੍ਹਾ ਮੁਫ਼ਲਿਸ-ਓ-ਨਾਦਾਨ ਬਿਲਕਤੇ ਬੱਚੇ
ਜਿਨਕੇ ਕਾਨੋ ਮੇਂ ਲੜਕਪਣ ਸੇ ਜਵਾਨ ਹੋਨੇ ਤੱਕ
ਕਾਰਖ਼ਾਨੋਂ ਮੇਂ ਭਾਰੀ ਮਸ਼ੀਨੋਂ ਕੀ ਸਦਾ ਗੂੰਜਤੀ ਰਹਤੀ ਹੈ
ਮਮਤਾ ਭਰੀ ਲੋਰੀ ਕੀ ਤਰ੍ਹਾਂ
ਚਾਂਦ...!
ਐ ਰਾਤ ਸਹਿਰਾ ਮੇਂ ਭਟਕਤੇ ਹੂੰਏ ਚਾਂਦ
ਜਾ ਕਹੀਂ ਔਰ ਚਲੇ ਜਾ ਮੇਰੀ ਬਸਤੀ ਸੇ

ਸੋ ਸਿਨੇਮਾ ਦੇ ਬਹੁਤ ਸਾਰੇ ਅਯਾਮ ਹਨ ਜੋ ਨਾਬਰ ਤੱਕ ਪੂਰੇ ਹੁੰਦੇ ਬਹੁਤ ਸਾਰੀਆਂ ਵਿਚਾਰਧਾਰਾਵਾਂ ਚਿੰਤਨ ਦੇ ਦਰਸ਼ਨ ਰਾਹੀਂ ਜ਼ਮੀਨ ਅਤੇ ਬੰਦੇ ਦੇ ਰਿਸ਼ਤੇ ਦਾ ਖੁਰਾ ਖੋਜਦੇ ਹਨ।ਰਾਜੀਵ ਕੁਮਾਰ ਮੁਤਾਬਕ ਪੰਜਾਬ ਦੇ ਚਿੰਤਨ ‘ਚ ਦਰਿਆਵਾਂ ਦਾ ਫਲਸਫਾ ਹੈ।ਉਸੇ ਫਲਸਫੇ ਦਾ ਸੰਵਾਦ ਪਹਿਲਾਂ ਉਹ ਛੋਟੀ ਫ਼ਿਲਮ ‘ਆਤੂ ਖ਼ੋਜੀ’ ‘ਚ ਪੇਸ਼ ਕਰ ਚੁੱਕਾ ਹੈ ਅਤੇ ਉਸੇ ਸੰਵਾਦ ‘ਚ ਨਾਬਰ ਦਾ ਸੁਭਾਅ ਹੁਣ ਕਿਸ ਮਿਜਾਜ਼ ਦਾ ਹੈ ਇਹ ਉਹ ਫ਼ਿਲਮ ਨਾਬਰ ‘ਚ ਸਮਝਾਉਂਦਾ ਹੈ।ਨਾਬਰ ‘ਚ (ਸ਼ਕਤੀ ਦੇ ਰੂਪਕ) ਕਪੂਰ ਸਿੰਘ ਅਤੇ (ਕ੍ਰਾਂਤੀ ਦੇ ਰੂਪਕ) ਸੁਰਜਣ ਸਿੰਘ ਦਾ ਸੰਵਾਦ ਵੀ ਨਹਿਰ ਦੇ ਪੁੱਲ ਉੱਤੇ ਪੇਸ਼ ਹੁੰਦਾ ਆਪਣਾ ਫੈਸਲਾ ਸੁਣਾ ਰਿਹਾ ਹੈ ਅਤੇ ਜਿਸ ਦੀ ਅਤਿ ਚੋਂ ਪੰਜਾਬੀ ਸਿਨੇਮਾ ਵੀ ਹੁਣ ਸਰੋਕਾਰਤਾ ਲੈਂਦੇ ਫੈਸਲਿਆਂ ‘ਚ ਕੁੱਦ ਰਿਹਾ ਹੈ। 

ਅਸੀਂ ਕਿਹੜੇ ਪੰਜਾਬੀ ਹਾਂ -ਹਰਦੀਪ ਗਿੱਲ ਦਾ ਮਿੱਟੀ ਫ਼ਿਲਮ 'ਚ ਸੰਵਾਦ 

ਕਹਿੰਦੇ ਨੇ ਆਤਮਾ ਮਰਦੀ ਨਹੀਂ ਜੇ ਆਤਮਾ ਮਰਦੀ ਨਹੀਂ ਤਾਂ ਮੌਤ ਕੀ ਹੋਈ –ਅੰਨ੍ਹੇ ਘੋੜੇ ਦਾ ਦਾਨ ਫ਼ਿਲਮ ਦਾ ਸੰਵਾਦ

ਦਸ਼ਮੇਸ਼ ਪਿਤਾ ਨੇ ਕਿਹਾ ਜਦੋਂ ਜ਼ੁਲਮ ਦੀ ਅਤਿ ਹੋਜੇ ਤਾਂ ਹਥਿਆਰ ਚੁੱਕਣਾ ਪੁੰਨ ਦਾ ਕੰਮ ਹੁੰਦਾ ਹੈ –ਨਾਬਰ ਫ਼ਿਲਮ ‘ਚ ਹਰਦੀਪ ਗਿੱਲ ਦਾ ਸੰਵਾਦ ਇਹ ਸੰਵਾਦ ਖੁਦ-ਬ-ਖੁਦ ਬੋਲਦੇ ਹਨ ਕਿ ਹੁਣ ਪੰਜਾਬੀ ਸਿਨੇਮਾ ਕੀ ਕਹਿਣ ਦੀ ਤਿਆਰੀ ਕਰ ਰਿਹਾ ਹੈ।ਰਾਜੀਵ ਉਸ ਦੌਰ ‘ਚ ਵਧਾਈ ਦਾ ਪਾਤਰ ਹੈ ਜਿਸ ਦੌਰ ‘ਚ ਸਿਨੇਮਾ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਰਾਜੀਵ ਕੁਮਾਰ ਵਰਗੇ ਨਿਰਦੇਸ਼ਕ ਇਹ ਸੋਚਕੇ ਨਹੀਂ ਨਿਕਲਦੇ ਕਿ ਮੁਨਾਫਾ ਕੀ ਹੋਵੇਗਾ।ਮੁਨਾਫੇ ਦੀ ਸਿਨੇਮਾ ਇੰਡਸਟਰੀ ‘ਚ ਉਹ ਦਰਦ ਦਾ ਹਕੀਮ ਬਣਨ ਦੀ ਇੱਛਾ ਰੱਖਦਾ ਹੈ।ਹੋ ਸਕਦਾ ਹੈ ਫੇਲ੍ਹ ਵੀ ਹੋ ਜਾਵੇ ਪਰ ਮੁੱਦਾ ਹੈ ਕਿ ਹੌਂਸਲਾ ਬਰਕਰਾਰ ਰੱਖੀਏ। 

ਉਮੀਦ ਦੇ ਚਿਰਾਗ : ਪਿਛਲੇ ਸਾਲ 59 ਵੇਂ ਫ਼ਿਲਮ ਪੁਰਸਕਾਰ ‘ਚ ਗੁਰਵਿੰਦਰ ਸਿੰਘ ਨੂੰ ਸਰਵੋਤਮ ਨਿਰਦੇਸ਼ਕ ਸਮੇਤ ਸਰਵੋਤਮ ਫ਼ਿਲਮ ਦਾ ਕੌਮਾਂਤਰੀ ਪੁਰਸਕਾਰ ‘ਅੰਨ੍ਹੇ ਘੋੜੇ ਦਾ ਦਾਨ’ ਨੂੰ ਜਾਂਦਾ ਹੈ।ਉਜੱਵਲ ਚੰਦਰਾ ਅੰਨ੍ਹੇ ਘੋੜੇ ਦਾ ਦਾਨ ਦਾ ਐਡੀਟਰ ਹੈ ਅਤੇ ਇਸ ਸਾਲ ਰਾਜੀਵ ਕੁਮਾਰ ਦੀ ਫ਼ਿਲਮ ਨਾਬਰ ਦਾ ਵੀ ਐਡੀਟਰ ਹੈ।ਰਾਜੀਵ ਕੁਮਾਰ ਦੀ ਫ਼ਿਲਮ 60ਵੇਂ ਕੌਮਾਂਤਰੀ ਫ਼ਿਲਮ ਪੁਰਸਕਾਰ ‘ਚ ਇਹ ਪੁਰਸਕਾਰ ਜਿੱਤਦੀ ਹੈ।ਅਜਿਹਾ ਬਿਆਨ ਕਰਨ ਤੋਂ ਮੈਂ ਇੰਝ ਵੀ ਵੇਖਣਾ ਚਾਹੁੰਦਾ ਹਾਂ ਕਿ ਨੌਜਵਾਨ ਆਪਣੀ ਪਲੇਠੀ ਰਚਨਾ ਤੋਂ ਅਜਿਹਾ ਕਮਾਲ ਕਰ ਰਹੇ ਹਨ।ਸਿਨੇਮਾ ਦੀ ਇੱਕ ਉਮੀਦ ਮੈਨੂੰ ਇੰਝ ਵੀ ਵਿਖਦੀ ਹੈ।ਦੂਜਾ ਪੰਜਾਬ ਅੰਦਰ ਸੰਗੀਤ ਨੂੰ ਲੈਕੇ ਕਾਫੀ ਬਹਿਸ ਹੁੰਦੀ ਆ ਰਹੀ ਹੈ।ਅਜਿਹੇ ‘ਚ ਨਾਬਰ ਫ਼ਿਲਮ ਦੇ ਮਿਊਜ਼ਿਕ ‘ਚ ਇੱਕੋ ਸਮੇਂ ਮੈਂ ਬਾਬੂ ਰਜਬ ਅਲੀ,ਚੰਡੀ ਦੀ ਵਾਰ,ਜੁਗਨੀ,ਸੂਫੀ ਸੁਣ ਰਿਹਾ ਹਾਂ ਤਾਂ ਮੇਰੇ ਲਈ ਇਹ ਵੀ ਇੱਕ ਉਮੀਦ ਦਾ ਚਿਰਾਗ ਹੈ। 

ਹਰਪ੍ਰੀਤ ਸਿੰਘ ਕਾਹਲੋਂ 
ਲੇਖਕ ਨੌਜਵਾਨ ਫਿਲਮਸਾਜ਼ ਤੇ ਵਿਸਲੇਸ਼ਕ ਹੈ। ਸਿਨੇਮੇ ਨੂੰ ਸ਼ਬਦਾਂ ਜ਼ਰੀਏ ਫੜ੍ਹਦਾ ਹੈ। ਅੱਜਕਲ੍ਹ ਬਾਬੇ ਨਾਨਕ ਦੀ ਵੇਈ ਦੇ ਕੰਢੇ ਅਮੀਰ ਖੁਸਰੋ ਵਾਂਗ 'ਖੁਸਰੋ ਦਰਿਆ ਪ੍ਰੇਮ ਕਾ,ਉਲਟੀ ਵਾ ਕੀ ਧਾਰ,ਜੋ ਉਤਰਾ ਸੋ ਡੂਬ ਗਿਆ,ਜੋ ਡੂਬਾ ਸੋ ਪਾਰ' ਪਿਆਰ ਦੀਆਂ ਰੂਹਾਨੀ ਤਾਰੀਆਂ 'ਚ ਮਸਤ ਹੈ।

Saturday, March 16, 2013

ਪੰਜਾਬ ਨੂੰ ਭਵਿੱਖ ਵੱਲ ਦੇਖਣ ਦੀ ਲੋੜ--ਗੁਰਬਚਨ

'ਫ਼ਿਲਹਾਲ' ਰਸਾਲੇ ਦੇ ਸੰਪਾਦਕ ਗੁਰਬਚਨ ਨੇ ਰਸਾਲੇ ਦੇ ਨਵੇਂ ਅੰਕ 'ਚ 'ਏਜੰਡਾ ਪੰਜਾਬ' ਨਾਂਅ ਹੇਠ ਪੰਜ-ਛੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਲੇਖ ਛਾਪੇ ਹਨ,ਜਿਸ 'ਚ ਮੁੱਖ ਲੇਖ ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਦਾ 'ਭਾਰਤੀ 'ਨੇਸ਼ਨ ਸਟੇਟ' ਦੇ ਸੰਦਰਭ 'ਚ ਪੰਜਾਬ ਦੀ ਖੱਬੀ ਲਹਿਰ ਦਾ ਮੁਲਾਂਕਣ' ਹੈ,ਇਸੇ 'ਤੇ ਗੁਰਬਚਨ ਹੋਰਾਂ ਨੇ ਇਹ ਟਿੱਪਣੀ ਵੀ ਲਿਖੀ ਹੈ।ਜਸਪਾਲ ਸਿੱਧੂ ਦਾ ਲੇਖ ਇਸ ਟਿੱਪਣੀ ਤੋਂ ਹੇਠਾਂ ਹੈ।-ਗੁਲਾਮ ਕਲਮ

'ਨੇਸ਼ਨ ਸਟੇਟ' ਭਾਰਤ ਦੇ ਪ੍ਰਸੰਗ 'ਚ ਸਾਕਾਰ ਹੋ ਚੁੱਕੀ ਵਾਸਤਵਿਕਤਾ (fait accompli) ਹੈ। ਸੰਕਟ 'ਨੇਸ਼ਨ ਸਟੇਟ' ਦਾ ਨਹੀਂ, ਸੰਕਟ ਇਹਨੂੰ ਊਰਜਿਤ ਕਰਨ ਵਾਲੀ ਵਿਚਾਰਧਾਰਾ ਦਾ ਹੈ। ਜਿਸ ਦੇਸ਼ ਵਿਚ ਧਰਮ, ਜਾਤੀ, ਭਾਸ਼ਾ ਦੇ ਏਨੇ ਵਖੇਵੇਂ ਹੋਣ, ਉੱਥੇ ਕਿਸੇ ਇਕ ਧਰਮ ਜਾਂ ਭਾਸ਼ਾ ਦੀ ਹੈਜਮਨੀ ਸਵੀਕਾਰ ਨਹੀਂ ਹੋ ਸਕਦੀ, ਨਾ ਇਹ ਜਮਹੂਰੀਅਤ ਦੇ ਸੰਕਲਪ ਦੀ ਅਨੁਸਾਰੀ ਹੁੰਦੀ ਹੈ। ਭਾਰਤ ਵਿਚ ਨੇਸ਼ਨ ਸਟੇਟ ਦੇ ਤਸੱਵਰ ਨੂੰ ਹਿੰਦੂਤਵ ਦੇ ਬ੍ਰਾਹਮਣੀ ਅਵਚੇਤਨ ਨੇ ਊਰਜਿਤ ਕੀਤਾ ਹੋਇਆ ਹੈ। ਇਹਨੇ ਦੇਸ਼ ਵਿਚ ਅਨੇਕਾਂ ਅੰਤਰ-ਵਿਰੋਧਾਂ ਨੂੰ ਭਖਾਇਆ ਹੈ। ਦੋ ਮਹਾਂ-ਦੁਖਾਂਤ ਇਸ ਕਰਕੇ ਹੀ ਪੈਦਾ ਹੋਏ। ਪਹਿਲਾਂ 1947 'ਚ ਤੇ ਬਾਅਦ ਵਿਚ 1984 'ਚ। ਦੋਵੇਂ ਵੇਰ ਪੰਜਾਬ ਲੂਹਿਆ ਗਿਆ। 

ਹਿੰਦੂਤਵ ਹੈਜਮਨੀ ਦੇ ਪ੍ਰਤਿਕਰਮ ਵਜੋਂ ਪੰਜਾਬ ਵਿਚ ਸਿੱਖ ਪਛਾਣ ਦੀ ਰਾਜਨੀਤੀ ਦੇ ਨਤੀਜੇ ਅਜੇ ਤੱਕ ਚੰਗੇ ਨਹੀਂ ਨਿਕਲੇ, ਨਾ ਭਵਿੱਖ ਵਿਚ ਨਿਕਲਣੇ ਹਨ। ਇਹ ਰਾਜਨੀਤੀ ਪ੍ਰਤਿਕਿਰਿਆਵੀ (reactive) ਹੈ। ਧਰਮ ਅਧਾਰਿਤ ਰਾਜਨੀਤੀ ਅੱਜ ਦੀਆਂ ਚੁਣੌਤੀਆਂ ਦਾ ਜੁਆਬ ਨਹੀਂ ਹੈ। ਪੰਜਾਬ 'ਚ ਡੇਰਾਵਾਦ ਤੇ ਦਲਿਤਵਾਦ ਸਿੱਖ ਪਛਾਣ ਦੀ ਰਾਜਨੀਤੀ ਦੇ ਵਿਪ੍ਰੀਤ ਪਰਤੌ ਬਣ ਚੁੱਕੇ ਹਨ, ਜਿਸ ਨਾਲ ਬਖ਼ੇੜੇ ਵਧੇ ਹਨ। ਲੋੜ ਇਸ ਰਾਜਨੀਤੀ ਤੋਂ ਪਾਰ ਜਾਣ ਦੀ ਹੈ। ਜੇ ਆਮ ਮਨੁੱਖ ਦੇ ਅਵਚੇਤਨ 'ਚ ਧਰਮ ਦੀ ਛਾਪ ਹੈ ਤਾਂ ਇਹਨੂੰ ਤੀਬਰ ਕਰਨ ਦੀ ਜਗ੍ਹਾ ਜ਼ਰੂਰਤ ਆਧੁਨਿਕ ਤਰਜ਼ ਦੇ ਨਵ-ਜਾਗਰਨ ਦਾ ਰਾਹ ਫੜਨ ਦੀ ਹੈ ਜੋ ਪੰਜਾਬ ਦੀ ਸਥਾਨਿਕਤਾ ਨੂੰ ਬੌਧਿਕ ਜੁਗਤਾਂ ਨਾਲ ਮਜ਼ਬੂਤ ਕਰ ਸਕੇ। ਅਜੇ ਤੱਕ ਪੰਜਾਬ ਭਾਵੁਕਤਾ ਦੇ ਭੰਵਰ 'ਚ ਖੁੱਭਾ ਰਿਹਾ ਹੈ। ਏਥੋਂ ਦੀ ਸਥਾਨਿਕਤਾ ਦੇ ਕੇਂਦਰ ਵਿਚ ਪੰਜਾਬੀ ਭਾਸ਼ਾ ਤੇ ਸਭਿਆਚਾਰ ਦਾ ਸੁਆਲ ਹੈ। ਪਛਾਣ ਦੀ ਰਾਜਨੀਤੀ ਨੇ ਬੌਧਿਕ ਪਰੰਪਰਾ ਨੂੰ ਪਨਪਨ ਨਹੀਂ ਦਿੱਤਾ। 



ਫਿਲਹਾਲ ਦੇ ਨਵੇਂ ਅੰਕ ਦਾ ਕਵਰ ਪੇਜ
ਖੱਬੀਆਂ ਧਿਰ ਨੇ ਇਸ ਮਸਲੇ ਵਲ ਕਦੇ ਲੋੜੀਂਦਾ ਧਿਆਨ ਨਹੀਂ ਦਿੱਤਾ। ਪੰਜਾਬ ਦੇ ਭਵਿੱਖ ਬਾਰੇ ਉਨ੍ਹਾਂ ਕੋਲ ਵਿਯਨ ਨਹੀਂ ਹੈ। ਮਾਰਕਸਵਾਦ ਨੂੰ ਸੌੜੇ/ਯੰਤਰੀ ਢੰਗ ਨਾਲ ਲੈਂਦਿਆਂ ਉਨ੍ਹਾਂ ਸਿੱਖ ਧਰਮ ਅਤੇ ਇਤਿਹਾਸ ਦੀ ਏਨੇ ਲੰਮੇ ਸਮੇਂ ਤੋ ਪੰਜਾਬ 'ਚ ਅਸਰਦਾਰ ਮੀਡੀਏਸ਼ਨ ਸਮੇਤ ਪੰਜਾਬੀ ਭਾਸ਼ਾ ਤੇ ਸਭਿਆਚਾਰ ਬਾਰੇ ਬੌਧਿਕ ਸੰਵਾਦ ਪੈਦਾ ਨਹੀਂ ਕੀਤਾ। ਇਤਿਹਾਸਕ ਤੱਥ ਦੱਸਦੇ ਹਨ ਕਿ ਪੰਜਾਬ 'ਚ ਜੋ ਵੀ ਸੰਕਟ ਪੈਦਾ ਹੋਇਆ ਉਹਦੇ ਲਈ ਜ਼ਿੰਮੇਵਾਰ ਕਾਂਗਰਸ ਪਾਰਟੀ ਦੀ ਕੇਂਦਰੀਕਰਨ ਵਾਲੀ ਨੀਤੀ ਹੈ, ਜਿਸ ਦੀ ਤਹਿ 'ਚ ਹਿੰਦੁਤਵੀ/ਬ੍ਰਾਹਮਣੀ ਅਵਚੇਤਨ ਹੈ। ਇਸ ਵਿਚਾਰਧਾਰਾ 'ਤੇ ਹੀ ਇਹਦਾ ਨੇਸ਼ਨ ਸਟੇਟ ਦਾ ਤਸੱਵਰ ਉੱਸਰਿਆ ਹੋਇਆ ਹੈ। ਇਹ ਗੱਲ ਖੱਬਿਆਂ ਨੇ ਨਹੀਂ ਸਮਝੀ। ਜੇ ਸਮਝੀ ਤਾਂ ਕੋਈ ਪੋਜ਼ੀਸ਼ਨ ਨਹੀਂ ਲਈ। ਪੰਜਾਬ 'ਚ ਖਾੜਕੂਵਾਦ ਕਾਂਗਰਸ ਦੀਆਂ ਨੀਤੀਆਂ ਦਾ ਪ੍ਰਤਿ-ਉੱਤਰ ਬਣ ਗਿਆ। ਸਿਆਸਤ ਦੀ ਹਿੰਸਾ ਨੇ ਬੰਦੂਕ ਦੀ ਪ੍ਰਤਿਹਿੰਸਾ ਪੈਦਾ ਕਰ ਦਿੱਤੀ, ਤੇ ਬਲਦੀ ਦੇ ਬੁੱਥੇ 'ਤੇ ਪੰਜਾਬ ਤੇ ਇਸ ਭੂਖੰਡ ਦੇ ਹੱਕ 'ਚ ਭੁਗਤਨ ਵਾਲਾ ਬੰਦਾ ਆ ਗਿਆ। 

ਪੰਜਾਬ ਸੰਕਟ ਦਾ ਟ੍ਰੈਕ ਬਦਲ ਲਿਆ। ਮੰਗਾਂ ਪਿਛਾਂਹ ਰਹਿ ਗਈਆਂ, ਸੁਆਲ ਆਤੰਕ ਨਾਲ ਨਿਪਟਣ ਦਾ ਅਗਾਂਹ ਆ ਗਿਆ। ਪੰਜਾਬ ਦੇ ਹੱਕ ਹਮੇਸ਼ਾਂ ਲਈ ਪਸਤ ਹੋ ਗਏ। ਚੰਡੀਗੜ੍ਹ ਖੁੱਸ ਗਿਆ। ਪੰਜਾਬ ਦੀ ਸਥਾਨਿਕਤਾ ਨੂੰ ਮਜ਼ਬੂਤ ਕਰਨ ਦੀਆਂ ਜੁਗਤਾਂ ਗ਼ਾਇਬ ਹੋ ਗਈਆਂ। ਪੰਜਾਬੀ ਭਾਸ਼ਾ ਦੀ ਅਪ੍ਰਸੰਗਿਕਤਾ ਵਧਣੀ ਸ਼ੁਰੂ ਹੋ ਗਈ। ਅਜੀਬ ਗੱਲ ਇਹ ਹੈ ਕਿ ਪੰਜਾਬ ਦਾ ਵਾਲੀ ਵਾਰਿਸ ਸਿਵਾਏ ਅਕਾਲੀਆਂ ਦੇ ਹੋਰ ਕੋਈ ਨਹੀਂ ਸੀ ਦਿਸ ਰਿਹਾ। ਖੱਬੀਆਂ ਧਿਰਾਂ ਸਾਕਾਰਾਤਮਿਕ ਰੋਲ ਅਦਾ ਕਰ ਸਕਦੀਆਂ ਸਨ। ਪਹਿਲਾਂ ਉਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਸੂਬੇ ਦੀ ਮੰਗ ਨਾ ਕੀਤੀ। ਉਹ ਅਕਾਲੀਆਂ ਦਾ ਵਿਰੋਧ ਕਰਨ ਦੀ ਧੁਨ 'ਚ ਪੰਜਾਬ ਬਾਰੇ ਉੱਕਾ ਬੇਫ਼ਿਕਰੇ ਅਤੇ ਅਲਗਰਜ਼ ਹੋ ਗਏ। ਖਾੜਕੂਵਾਦ ਦੌਰਾਨ ਕਾਂਗਰਸ ਤੇ ਪੰਜਾਬ ਦੀ ਮਹਾਸ਼ਾ ਲੌਬੀ ਦੇ ਸੰਗੀ ਸਾਥੀ ਬਣੇ ਦਿੱਸੇ। ਜਦ ਤੱਕ ਨੇਸ਼ਨ ਸਟੇਟ ਨੂੰ ਕਾਇਮ ਰੱਖਣ ਵਾਲੀ ਵਿਚਾਰਧਾਰਾ ਹਿੰਦੂਤਵੀ ਚੜ੍ਹਤ ਦੇ ਅਵਚੇਤਨ ਦੀ ਸ਼ਿਕਾਰ ਰਹਿੰਦੀ ਹੈ ਤਦ ਤੱਕ ਕੋਈ ਨਾ ਕੋਈ ਸੰਕਟ ਪੈਦਾ ਹੁੰਦਾ ਰਹਿਣਾ ਹੈ। ਪ੍ਰਤਿਕਰਮ ਵਜੋਂ ਦੂਜੀਆਂ ਜਾਤੀਆਂ ਦੀ ਰਾਜਨੀਤੀ ਆਕ੍ਰਮਣੀ ਹੋਣ ਦੀ ਸੰਭਾਵਨਾ ਵੱਧਦੀ ਰਹਿਣੀ ਹੈ। ਪੰਜਾਬ ਵਿਚ ਜਦ ਆਰੀਆ ਸਮਾਜ ਦੀ ਨੀਤੀ ਪੰਜਾਬੀ ਭਾਸ਼ਾ/ਸਭਿਆਚਾਰ ਦਾ ਵਿਰੋਧ ਕਰਨ ਦੀ ਰਹੀ ਤਦ ਹੀ ਸਿੱਖ ਰਾਜਨੀਤੀ ਨੇ ਆਕ੍ਰਮਣੀ ਰੂਪ ਧਾਰਣ ਕੀਤਾ। ਅਜਿਹੀ ਸਥਿਤੀ 'ਚ ਪੰਜਾਬੀ ਕੌਮੀਅਤ ਦਾ ਸੁਆਲ ਅਪ੍ਰਸੰਗਿਕ ਹੋ ਗਿਆ। ਸਿੱਖ ਪਛਾਣ ਦਾ ਸੁਆਲ ਪੰਜਾਬੀ ਕੌਮੀਅਤ ਦਾ ਵਿਕਲਪ ਬਣ ਗਿਆ। 


ਕਾਮਰੇਡ ਇਸ ਸਥਿਤੀ ਦੀ ਤੈਹ ਵਿਚ ਜਾਣ ਤੋਂ ਇਨਕਾਰ ਕਰਦੇ ਰਹੇ, ਤੇ ਘੜੇ ਘੜਾਏ ਨੁਸਖ਼ੇ ਅਨੁਸਾਰ ਕਾਂਗਰਸ ਨੂੰ ਅਕਾਲੀਆਂ ਦੇ ਮੁਕਾਬਲੇ 'ਸੈਕੁਲਰ' ਸਮਝਦੇ ਰਹੇ। ਨਤੀਜਾ : ਪੰਜਾਬ ਦੀਆਂ ਆਰਥਿਕ ਤੇ ਸਭਿਆਚਾਰਕ ਮੰਗਾਂ ਦਾ ਮਾਮਲਾ ਸਿੱਖ ਪਛਾਣ ਦੀ ਆਕ੍ਰਮਣੀ ਰਾਜਨੀਤੀ ਦੀ ਜੱਦ ਵਿਚ ਰਿਹਾ। ਕੁਝ ਇਕ ਕਮਿਊਨਿਸਟ ਨੇਤਾ, ਜਿਨ੍ਹਾਂ ਵਿਚ ਹਰਕਿਸ਼ਨ ਸਿੰਘ ਸੁਰਜੀਤ ਪ੍ਰਮੁੱਖ ਸੀ, ਵਾਪਰ ਰਹੀ ਸਿਆਸੀ ਖੇਡ ਵਿਚ, ball picker ਦਾ ਕਾਰਜ ਹੀ ਨਿਭਾਂਦੇ ਰਹੇ। ਪੰਜਾਬ ਦੀ ਸਥਾਨਿਕਤਾ ਨੂੰ ਮਜ਼ਬੂਤ ਕਰਨ ਵਾਲੀਆਂ ਇਕਾਈਆਂ ਉਨ੍ਹਾਂ ਦੇ ਕਾਰਜ-ਏਜੰਡੇ ਤੋਂ ਦੂਰ ਰਹੀਆਂ। ਉਹ ਇਨ੍ਹਾਂ ਨੂੰ ਆਧੁਨਿਕ ਅਤੇ ਖੱਬੇਪਖੀ ਰੂਪ ਦੇ ਸਕਦੇ ਸਨ। ਇਸ ਨਾਅਹਿਲੀ ਕਰਕੇ ਪੰਜਾਬ ਨਾਲ ਜੁੜੇ ਮਸਲੇ, ਤੇ ਸੱਤਾ ਦੇ ਵਿਕੇਂਦਰੀਕਰਨ ਦਾ ਸੁਆਲ ਆਦਿ, ਅਕਾਲੀਆਂ ਦੇ ਸਿਆਸੀ ਖੇਮੇ 'ਚ ਪਏ ਰਹੇ। ਅਕਾਲੀਆਂ ਲਈ (Idea of Punjab) 'ਪੰਜਾਬ ਦਾ ਤਸੱਵਰ' ਸਿੱਖ ਪਛਾਣ ਦੀ ਸਿਆਸਤ ਥਾਣੀਂ ਹੋ ਕੇ ਗੁਜ਼ਰ ਸਕਦਾ ਸੀ। ਉਹ ਪੰਜਾਬੀ ਭਾਸ਼ਾ ਦੇ ਹੱਕ ਵਿਚ ਕੁਝ ਨਾ ਕਰ ਸਕੇ। ਚੰਡੀਗੜ੍ਹ ਵੀ ਹੱਥੋਂ ਗੰਵਾ ਲਿਆ। ਖੱਬੀ ਧਿਰ ਵਲੋਂ ਚੰਡੀਗੜ੍ਹ ਦੇ ਖੁਸ ਜਾਣ ਦਾ ਖਾਸ ਵਿਰੋਧ ਨਾ ਹੋਇਆ। ਇਸ ਸਥਿਤੀ ਨੇ ਹੀ ਸਿੱਖ ਮਿਲੀਟੈਂਸੀ ਨੂੰ ਪੈਦਾ ਕੀਤਾ। ਕਾਂਗਰਸ ਤੈਹ-ਦਿਲੋਂ ਇਹੀ ਚਾਹੁੰਦੀ ਸੀ। ਹੁਣ ਇਹ ਪੰਜਾਬ ਸੰਕਟ ਨੂੰ ਦੇਸ਼ ਏਕਤਾ ਦੇ ਨਾਂ 'ਤੇ ਨਜਿੱਠ ਸਕਦੀ ਸੀ। 


ਕੁੱਲ ਮਿਲਾ ਕੇ ਅੱਜ ਸੁਆਲ ਪੰਜਾਬ ਦੇ ਭਵਿੱਖ ਦਾ ਹੈ। ਇਸ ਪ੍ਰਸੰਗ ਵਿਚ ਸਿੱਖ ਪਛਾਣ ਦੀ ਸਿਆਸਤ Sikh identity politics ਪਿੱਛਲ-ਮੂੰਹੀ, ਘਟਾਓਵਾਦੀ ਤੇ ਆਪਾ-ਮਾਰੂ ਹੈ। ਇਹ ਸਮਾਂ ਵਿਹਾਜ ਚੁੱਕੀ ਸਿਆਸਤ ਹੈ। ਇਹ ਹਿੰਦੂਤਵੀ ਸਿਆਸੀ ਅਵਚੇਤਨ ਦਾ ਪ੍ਰਤਿਕਰਮ ਜ਼ਰੂਰ ਹੈ, ਜਿਸ ਨੇ ਪਹਿਲਾਂ ਹੀ ਬਖੇੜੇ ਪੈਦਾ ਕੀਤੇ ਹੋਏ ਹਨ। ਕਿਸੇ ਵੀ ਭੂਖੰਡ ਵਿਚ ਧਰਮ-ਅਧਾਰਿਤ ਰਾਜਨੀਤੀ ਕਾਰਗਰ ਸਿੱਧ ਨਹੀਂ ਹੋ ਸਕਦੀ। ਵੈਸੇ ਵੀ, ਵਿਸ਼ਵੀਕਰਨ ਦੇ ਯੁੱਗ 'ਚ, ਆਰਥਿਕਤਾ+ਸਿਆਸਤ ਦਾ ਟ੍ਰੈਕ ਬਦਲ ਚੁੱਕਾ ਹੈ। ਪੰਜਾਬ 'ਚ ਹੋਰ ਤਰ੍ਹਾਂ ਦੇ ਸੰਕਟ ਉਤਪੰਨ ਹੋ ਚੁੱਕੇ ਹਨ। ਸਿੱਖਾਂ ਦਾ ਪੰਜਾਬ ਤੋਂ ਬਾਹਰ ਤੇ ਬਦੇਸ਼ਾਂ 'ਚ ਫੈਲਾਅ ਇਸ ਕਦਰ ਹੋ ਚੁੱਕਾ ਹੈ ਕਿ ਸਿੱਖ ਪਛਾਣ ਦੀਆਂ ਇਕਾਈਆਂ ਸਰਵ-ਆਕਾਰੀ ਨਹੀਂ ਰਹਿ ਸਕਦੀਆਂ। ਪੰਜਾਬ 'ਚ ਬੈਠਾ ਸਿੱਖ ਜਿਸ ਢੰਗ ਨਾਲ ਸੋਚਦਾ ਹੈ, ਦਿੱਲੀ ਜਾਂ ਹੋਰ ਸ਼ਹਿਰਾਂ 'ਚ ਬੈਠਾ ਸਿੱਖ ਓਦਾਂ ਨਹੀਂ ਸੋਚਦਾ। 1984 ਵੇਲੇ ਬਦੇਸ਼ਾਂ 'ਚ ਹੋਏ ਸਿੱਖ ਪ੍ਰਤਿਕਰਮ ਤੋਂ ਬਾਅਦ ਸਥਿਤੀ ਉੱਥੇ ਚੋਖੀ ਬਦਲ ਚੁੱਕੀ ਹੈ। ਜਦੋਂ ਬਦੇਸ਼ਾਂ 'ਚ ਸਿੱਖ 'ਖਾਲਿਸਤਾਨ' ਦੀ ਗੱਲ ਕਰਦੇ ਤਾਂ ਉਹ ਆਪਣੇ ਬੇਘਰੇਪਣ, ਬੇਗ਼ਾਨਗੀ ਤੇ ਪੰਜਾਬ ਤੋਂ ਟੁੱਟੇ ਹੋਣ ਦੀ ਦੋਸ਼-ਭਾਵਨਾ ਨੂੰ ਵੱਧ ਪ੍ਰਗਟ ਕਰਦੇ। ਉਨ੍ਹਾਂ ਦੀ imaginary homeland ਦੀ ਜੋ ਇੱਛਾ ਸੀ ਉਹ ਇਕ ਦੋ ਪੁਸ਼ਤਾਂ ਬਾਅਦ ਗ਼ਾਇਬ ਹੁੰਦੀ ਦਿਸ ਰਹੀ ਹੈ। ਮੈਨੂੰ ਸਾਊਥਾਲ 'ਚ ਅੱਸੀ ਸਾਲ ਦਾ ਉਹ ਬਜ਼ੁਰਗ ਯਾਦ ਆਉਂਦਾ ਜੋ ਬਲੂ ਸਟਾਰ ਤੋਂ ਬਾਅਦ ਗੁਰਦੁਆਰੇ ਦੇ ਬਾਹਰ ਖੜ ਕੇ ਅੱਖਾਂ ਲਾਲ ਕਰੀ ਲਲਕਾਰੇ ਮਾਰ ਕਹਿ ਰਿਹਾ ਸੀ। ਅਨੰਤ ਗੁਬਾਰ ਲਈ ਉਹਨੂੰ ਨਿਕਾਸ ਮਿਲ ਰਿਹਾ ਸੀ। ਉਹ ਕਹੀ ਜਾ ਰਿਹਾ ਸੀ ਅੰਮ੍ਰਿਤਸਰ 'ਚ ਜਾ ਕੇ ਸ਼ਹੀਦੀ ਪਾਉਣੀ ਹੈ। ਜੂਨ 1984 ਦਾ ਤੀਜਾ ਐਤਵਾਰ ਸੀ ਉਹ ਦਿਨ। ਗੁਰਦੁਆਰੇ ਅੰਦਰ ਕੈਨੇਡਾ ਤੋਂ ਆਇਆ ਕੋਈ ਪ੍ਰੋਫੈਸਰ ਦਇਆ ਸਿੰਘ ਖਾੜਕੂ ਭਾਸ਼ਣ ਦੇ ਰਿਹਾ ਸੀ। ਪ੍ਰੋਫੈਸਰ ਦਇਆ ਸਿੰਘ ਅੱਜ ਕਿੱਥੇ ਹੈ? ਸ਼ਹੀਦ ਹੋਣ ਲਈ ਲਲਕਾਰੇ ਮਾਰਦਾ ਬੁੜਾ ਕਿੱਥੇ ਹੈ? 


1984 ਤੋਂ ਬਾਅਦ ਮੈਂ ਚਾਰ ਵੇਰ ਇੰਗਲੈਂਡ ਗਿਆ। ਹਰ ਵੇਰ ਸਾਊਥਾਲ ਘੁੰਮਦਾ ਰਿਹਾ, ਉੱਥੋਂ ਦੇ ਲੋਕਾਂ ਨੂੰ ਦੇਖਦਾ/ਸੁਣਦਾ ਰਿਹਾ। ਸਥਿਤੀ ਬੜੀ ਤੇਜ਼ੀ ਨਾਲ ਬਦਲ ਰਹੀ ਸੀ। ਸਾਊਥਾਲ ਦਾ ਨਕਸ਼ਾ ਬਦਲਦਾ ਜਾ ਰਿਹਾ ਸੀ। ਹੁਣ ਉੱਥੇ ਪਹਿਲਾਂ ਵਾਲੇ ਸਰੋਕਾਰ ਨਹੀਂ ਰਹੇ, ਰਹਿ ਵੀ ਨਹੀਂ ਸੀ ਸਕਦੇ। ਪੁਰਾਣੀਆਂ ਪੁਸ਼ਤਾਂ ਤੁਰ ਗਈਆਂ। ਅੱਜ ਪੰਜਾਬੀ ਸਾਊਥਾਲ 'ਚੋਂ ਨਿਕਲ ਰਹੇ ਹਨ, ਏਸ਼ੀਆ ਅਫਰੀਕਾ ਦੇ ਹੋਰ ਦੇਸਾਂ 'ਚੋਂ ਲੋਕ ਟਿਕਣੇ ਸ਼ੁਰੂ ਹੋ ਗਏ ਹਨ। ਨਵੀ ਪੁਸ਼ਤ ਦਿਨ ਰਾਤ ਕੰਮਾਂ 'ਚ ਵਿਅਸਤ ਹੈ। ਉਹ ਪੰਜਾਬ ਬਾਰੇ ਨਹੀਂ ਸੋਚਦੀ, ਵਲੈਤ 'ਚ ਆਪਣੇ ਵਰਤਮਾਨ ਤੇ ਅਗੇ ਬਾਰੇ ਸੋਚਦੀ ਹੈ। ਪੰਜਾਬ 'ਚ ਗੇੜਾ ਵੀ ਨਹੀਂ ਮਾਰਨਾ ਚਾਹੁੰਦੀ। 


ਅੱਜ-ਕੱਲ੍ਹ ਸਾਊਥਾਲ 'ਚ ਪੰਜਾਬ ਤੋਂ ਜਾਅਲੀ ਆਵਾਸੀ, ਜੋ ਯੂਨੀਵਰਸਟੀ 'ਚ ਪੜ੍ਹਨ ਦੇ ਵੀਜ਼ੇ 'ਤੇ ਗਏ ਤੇ ਗ਼ਾਇਬ ਹੋ ਗਏ, ਰੁਲਦੇ ਫਿਰਦੇ ਹਨ। ਦਿਨੇ ਗੁਰਦੁਆਰੇ 'ਚ ਲੰਗਰ ਛੱਕਦੇ ਹਨ ਤੇ ਰਾਤ ਪਾਰਕਾਂ 'ਚ ਜਾਂ ਆਪਣੇ ਲੋਕਾਂ ਦੇ ਘਰਾਂ ਦੇ ਪਿਛਵਾੜ ਜਾ ਸੌਂਦੇ ਹਨ। ਉਨ੍ਹਾਂ ਨੂੰ ਹਿਕਾਰਤ ਨਾਲ 'ਫੌਜੀ' (ਯਾਨੀਕਿ ਫੋਰਜਡ ਪੇਪਰਾਂ ਵਾਲੇ) ਕਿਹਾ ਜਾਂਦਾ। ਇਹ 'ਫੌਜੀ' ਪੰਜਾਬ ਦੇ ਨਵੇਂ ਸੰਕਟ ਨੂੰ ਪ੍ਰਗਟ ਕਰਦੇ ਹਨ। ਸੰਕਟ ਇਹ ਕਿ ਏਥੇ ਪਿੰਡਾਂ ਦਾ ਯੂਥ ਆਪਣੇ ਪੱਛੜੇ ਮਾਈਕ੍ਰੋ ਸੰਸਾਰ 'ਚ ਘੁਟਣ ਮਹਿਸੂਸ ਕਰ ਰਿਹਾ ਹੈ। ਉਹ ਸਿਆਸੀ ਬੰਦਿਆਂ ਦੀ ਕੁਰੱਪਸ਼ਨ ਤੇ ਬੇਰੁਜ਼ਗਾਰੀ ਤੋਂ ਏਨਾ ਹਤਾਸ਼ ਹੈ ਕਿ ਆਪਣੀ ਭੋਇ ਤੋਂ ਉੱਕਾ ਨਿਰਾਸ਼ ਹੋ ਚੁੱਕਾ ਹੈ। ਗਰੀਬੀ ਦੇ ਤਸ਼ੱਦਦ ਦਾ ਸਤਾਇਆ ਉਹ ਇਸ ਭੋਇੰ ਤੋਂ ਉੱਡ ਜਾਣਾ ਚਾਹੁੰਦਾ ਹੈ ਜਿਵੇਂ ਨੰਦ ਲਾਲ ਨੂਰਪੁਰੀ ਦਾ ਗੀਤ ਹੈ : 'ਏਥੋਂ ਉੱਡ ਜਾ ਭੋਲੇ ਪੰਛੀਆ, ਤੂੰ ਆਪਣੀ ਜਾਨ ਬਚਾ...।'' ਅਜਿਹੀ ਸਥਿਤੀ ਵਿਚ ਕਾਹਦੀ ਧਾਰਮਿਕ ਪਛਾਣ ਤੇ ਕਾਹਦਾ ਗੌਰਵ ਸੰਭਵ ਹੋ ਸਕਦਾ ਹੈ?


ਅੱਜ ਪੰਜਾਬ ਅੱਤ ਗੰਭੀਰ ਸੰਕਟ 'ਚੋਂ ਗੁਜ਼ਰ ਰਿਹਾ ਹੈ। ਇਹਦਾ ਵਜੂਦ ਖਤਰੇ 'ਚ ਹੈ। ਇਹਦੀ ਭਾਸ਼ਾ/ਸਾਹਿਤ ਤੇ ਸਭਿਆਚਾਰ ਫੌਤ ਹੋਣ ਦੇ ਰਾਹੇ ਪਏ ਹੋਏ ਹਨ। ਏਥੋਂ ਦੀ ਬੌਧਿਕਤਾ ਦਾ ਨਾਤਾ ਪੰਜਾਬ ਨਾਲ ਨਹੀਂ ਹੈ। ਪੰਜਾਬ-ਕੇਂਦਰਿਤ ਬੌਧਿਕ ਪਰੰਪਰਾ ਜੇ ਕਿਤੇ ਹੈ ਤਾਂ ਉਹ ਪੰਜਾਬੀ 'ਚ ਲਿਖਣ ਤੋਂ ਇਨਕਾਰੀ ਹੈ। ਪੰਜਾਬੀ ਸਾਹਿਤਕਾਰੀ ਭਾਵੁਕਤਾ ਦੁਆਲੇ ਕਾਇਮ ਹੈ। ਲੇਖਕ-ਜਨ ਅਕਾਦਮੀਆਂ/ਸਰਕਾਰੀ ਅਦਾਰਿਆਂ ਤੋਂ ਫ਼ਾਇਦੇ ਉਗ੍ਰਾਹੁਣ 'ਚ ਰੁੱਝੇ ਹੋਏ ਹਨ। 


ਅਲਪ-ਬੁੱਧ ਲੁੰਪਨੀ ਬੰਦੇ ਅਕਾਦਮੀਆਂ 'ਤੇ ਕਾਬਜ਼ ਹੋ ਰਹੇ ਹਨ। ਪੰਜਾਬੀ ਅਧਿਆਪਨ ਉਨ੍ਹਾਂ ਦੇ ਜ਼ਿੰਮੇ ਹੈ ਜਿਨ੍ਹਾਂ ਨੂੰ ਸੀਮਤ ਸੰਸਾਰ ਤੋਂ ਅਗਾਂਹ ਦੇਖਣ ਦੀ ਤਾਂਘ ਨਹੀਂ ਹੈ। ਪੰਜਾਬੀ ਪਤਰਕਾਰੀ ਖੜੋਤ ਦੀ ਸ਼ਿਕਾਰ ਹੈ। ਸਿਖਰ ਦੀ ਇਸ ਘਟਾਓ ਵਾਲੀ ਸਥਿਤੀ ਵਿਸ਼ਵੀਕਰਨ ਦੀ ਸੁਨਾਮੀ ਦਾ ਕਿਵੇਂ ਮੁਕਾਬਲਾ ਕਰ ਸਕਦੀ ਹੈ? ਇਸ ਸਥਿਤੀ ਦਾ ਜੁਆਬ ਸਿੱਖ ਪਛਾਣ ਦੀ ਰਾਜਨੀਤੀ ਕੋਲ ਵੀ ਕੀ ਹੈ? ਦੂਜੇ ਪਾਸੇ, ਵਿਸ਼ਵੀਕਰਨ ਨੇ ਸਿਆਸਤ ਦੀ ਬਣਤ (morphology) ਹੀ ਨਹੀਂ ਤਬਦੀਲ ਕੀਤੀ, ਮਨੁੱਖ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ। ਕਾਰਪੋਰੇਸ਼ਨਾਂ ਦਾ ਫੈਲਾਅ ਵਿਸ਼ਵ ਦੇ ਹਰ ਕੋਨੇ 'ਚ ਹੋ ਰਿਹਾ ਹੈ। ਇਹ ਕਾਰਪੋਰੇਸ਼ਨਾਂ ਏਨੀਆਂ ਸੱਤਾਧਾਰੀ ਹੋ ਚੁੱਕੀਆਂ ਕਿ ਇਹਨਾਂ ਨੇ ਪਾਰਗਾਮੀ 'ਹੁਕਮ' ਦਾ ਦਰਜਾ ਅਖਤਿਆਰ ਕਰ ਲਿਆ ਹੈ। ਇਨ੍ਹਾਂ ਦੀ ਸਿਆਸਤ ਕਿਸੇ ਭੂਮੀ ਦੀ ਸਥਾਨਿਕਤਾ ਨੂੰ ਤੋੜਨ ਦੇ ਯਤਨਾਂ ਨੂੰ 'ਸੁਧਾਰ' (reforms) ਕਹਿੰਦੀ ਹੈ। 


ਸਾਡੇ ਦੇਸ਼, ਸਮੇਤ ਪੰਜਾਬ ਦੇ, ਵਿਦਿਆ ਪ੍ਰਣਾਲੀ ਕਾਰਪੋਰੇਸ਼ਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਲ ਸੇਧਿਤ ਹੈ। ਦੇਸ਼/ਕੌਮ ਦੀ ਤਕਦੀਰ ਦਾ ਫੈਸਲਾ ਕਰਨ ਲਈ ਮਨੁੱਖ ਦੀ ਮੀਡੀਏਸ਼ਨ ਪ੍ਰਾਪਤ ਨਹੀਂ ਹੈ। ਮਨੁੱਖ ਦਾ 'ਹੋਣਾ' ਤੇ ਇਸ ਹੋਣੇ ਦੀ ਸ਼ੈਲੀ, ਵਿਸ਼ਵ ਆਰਥਿਕਤਾ ਦੇ ਠੋਸੇ 'ਸੁਧਾਰਾਂ' ਦੀ ਅਨੁਸਾਰੀ ਹੋ ਚੁੱਕੀ ਹੈ। ਅਜਿਹੀ ਸਥਿਤੀ 'ਚ ਬੰਦਾ ਰੋਬੋਟ ਵਾਂਗ ਕੰਮ ਕਰਦਾ ਹੈ। ਉਹ ਰੋਬੋਟ ਵਾਂਗ ਮੋਬਾਈਲ ਫੋਨ ਤੇ ਟੈਲੀਵਿਯਨ ਦਾ ਬੰਦੀ ਬਣਦਾ ਹੈ। ਰੋਬੋਟ ਵਾਂਗ ਪਿਆਰ ਤੇ ਸੈਕਸ ਕਰਦਾ ਹੈ। ਅਜਿਹੇ ਬੰਦੇ ਲਈ ਇਤਿਹਾਸ ਮਾਅਨੇ ਨਹੀਂ ਰੱਖਦਾ। ਉਹ ਆਪਣੀ ਹੋਣੀ ਬਾਰੇ ਚੇਤੰਨ ਨਹੀਂ ਰਹਿੰਦਾ। ਇਰਦ ਗਿਰਦ ਜੋ ਵਾਪਰਦਾ ਉਹਨੂੰ ਸੂਤਰਬੱਧ ਨਹੀਂ ਕਰ ਸਕਦਾ। ਇਹ ਕੰਮ ਉਹਦੇ ਲਈ ਮੀਡੀਆ ਕਰਦਾ ਤੇ ਮੀਡੀਆ ਕਾਰਪੋਰੇਸ਼ਨਾਂ ਦੀ ਤੂਤਨੀ ਵਜਾਂਦਾ ਹੈ। ਚੇਤਨਾ-ਵਿਹੂਣੀ ਸਥਿਤੀ 'ਚ ਨਰਿੰਦਰ ਮੋਦੀ ਵਰਗੇ ਨੇਤਾ ਦੀ ਚੜ੍ਹਤ ਹੋਣੀ ਤੈਅ ਹੈ। ਕਾਰਪੋਰਟਰੀ ਫਾਸ਼ੀਵਾਦ ਤੇ ਹਿੰਦੂਤਵੀ ਫਾਸ਼ੀਵਾਦ ਦਾ ਸੁਮੇਲ ਆਉਂਦੇ ਸਮੇਂ 'ਚ ਹੋਇਆ ਦਿਖਾਈ ਦੇਵੇਗਾ। 


ਅੱਜ 'ਹਿੰਦੂਤਵ' ਦੀ ਵਿਚਾਰਧਾਰਾ ਸੁਪਰ-ਸਟੇਟ ਦਾ ਰੋਲ ਅਦਾ ਕਰਦੀ ਦਿਖ ਰਹੀ ਹੈ। ਇਹ ਸਿਆਸਤ ਅਤੇ ਆਰਥਿਕਤਾ ਦਾ ਅੱਤਵਾਦ ਹੈ। 


ਸੁਆਲ ਹੈ : ਇਸ ਅੱਤਵਾਦ ਵਿਚ ਪੰਜਾਬ ਦਾ ਭਵਿੱਖ ਕੀ ਹੈ ਜਦ ਕਿ ਇਹਦੀ ਸਥਾਨਿਕਤਾ ਉੱਜੜ ਰਹੀ ਹੈ ਤੇ ਏਥੋਂ ਦੀ ਭਾਸ਼ਾ ਤੇ ਸਾਹਿਤਕਾਰੀ ਫੌਤ ਹੋਣ ਵਲ ਵੱਧ ਰਹੀ ਹੈ ਤੇ ਯੁਵਕ ਏਥੋਂ ਉੱਡ ਜਾਣਾ ਚਾਹੁੰਦਾ ਹੈ? ਅਜਿਹੀ ਸਥਿਤੀ ਵਿਚ ਖੱਬੀਆਂ ਧਿਰਾਂ ਦਾ ਵੀ ਕੀ ਭਵਿੱਖ ਹੈ? 


ਗੁਰਬਚਨ,ਸੰਪਾਦਕ ਫਿਲਹਾਲ

ਮੌਬਾਇਲ: 98725-06926