ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, December 28, 2014

ਭੂਤਵਾੜੇ ਦਾ 'ਲਾਲੀ ਭੂਤ' ਨਹੀਂ ਰਿਹਾ


ਪੰਜਾਬ ਦੀ ਮੌਖਿਕ ਗਿਆਨ ਪਰੰਪਰਾ ਦਾ ਆਖਰੀ ਚਿਰਾਗ
ਪੰਜਾਬ ਦੀ ਮੌਖਿਕ ਗਿਆਨ ਪਰੰਪਰਾ ਦਾ ਆਖਰੀ ਚਿਰਾਗ ਪਟਿਆਲੇ ਵਾਲਾ ਪ੍ਰੋ. ਲਾਲੀ ( ਹਰਦਲਜੀਤ ਸਿੰਘ ਸਿੱਧੂ) ਇਸ ਜਹਾਨੋਂ ਤੁਰ ਗਿਆ ਹੈ।ਅਸਲ ਵਿਚ ਉਸ ਦੀ ਖੁਦ-ਦਾਰ ਰੂਹ ਤਾਂ ਕੁਝ ਸਾਲ ਪਹਿਲਾਂ ਪਟਿਆਲਿਓਂ ਆਪਣੇ ਜੱਦੀ ਘਰ 'ਚੋਂ ਉਖੜ ਕੇ ਪੰਚਕੂਲੇ ਤੇ ਫਿਰ ਉਥੋਂ ਉਲਝ ਕੇ ਵਾਪਸ ਪਟਿਆਲੇ ਕਿਰਾਏ ਦੇ ਘਰ ਵਿਚ ਰੈਣਬਸੇਰਾ ਕਰਨ ਵੇਲੇ ਮਰ ਗਈ ਸੀ , ਕੇਵਲ ਸਰੀਰ ਹੁਣ ਮਰਿਆ ਹੈ।ਅਸਲ ਵਿਚ ਲਾਲੀ ਦੀ ਰੂਹ ਤਾਂ ਸਿਲੇਬਸ ਦੇ ਹਾਸ਼ੀਏ 'ਤੇ ਗਿਆਨ ਦੇ ਚਿਰਾਗ ਬਾਲਣ ਵਾਲੀ ਉਸ ਵਲੋਂ ਚਲਾਈ ਜਾ ਰਹੀ ਅਰਸਤੂਈਅਨ ਗੁਰੂ-ਸ਼ਿਸ਼ ਪਰੰਪਰਾ ਦੀ ਨੱਬਿਆਂ 'ਚ ਪੰਜਾਬੀ ਯੂਨੀਵਰਸਿਟੀ ਚੋਂ ਸਫ ਵਲ੍ਹੇਟੇ ਜਾਣ ਵੇਲੇ ਹੀ ਮਰ ਗਈ ਸੀ, ਕੇਵਲ ਕਲਬੂਤ ਹੁਣ ਮਰਿਆ ਹੈ। ਲਾਲੀ ਜਗੀਰਦਾਰਾਂ ਦੇ ਘਰ ਜੰਮਿਆ ਉਹ ਦਰਵੇਸ਼ ਸੀ ਜੋ ਬਗਲੀ ਪਾ ਕੇ ਮੋਹਰਾਂ ਵੰਡਦਾ ਰਿਹਾ।ਲਾਲੀ ਇਕ ਅਜਿਹਾ ਅਧਿਆਪਕ ਸੀ ਜੋ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਬਾਹਰਲੇ ਗਿਆਨ ਦੀ ਚੇਟਕ ਲਾ ਕੇ , ਅਜੋਕੇ ਵਿਸ਼ਵਦਿਆਲਾ ਕਲਚਰ ਦਾ ਥੋਥਾਪਣ ਉਜਾਗਰ ਕਰਦਾ ਰਿਹਾ। ਵਿਛੜ ਗਏ ਯਾਰ ਨੂੰ ਮੇਰੀਆਂ ਭਰੀਆਂ ਅੱਖਾਂ ਦੀ ਸ਼ਰਧਾਂਜਲੀ ।--
-Sidhu Damdami 
ਜਦੋਂ 1965 ਵਿਚ ਮੈਂ ਐਮ.ਏ. ਅੰਗਰੇਜ਼ੀ ਕਰਨ ਲਈ ਪਟਿਆਲੇ ਪਹੁੰਚਿਆ ਉਥੇ ਭੂਤਵਾੜਾ ਸਥਾਪਤ ਹੀ ਨਹੀਂ ਸੀ, ਉਸ ਦੀ ਪਛਾਣ ਵੀ ਕਾਇਮ ਹੋ ਚੁੱਕੀ ਸੀ। ਉਸ ਨਾਲ ਗੁਰਭਗਤ ਸਿੰਘ, ਹਰਿੰਦਰ ਸਿੰਘ ਮਹਿਬੂਬ, ਹਰਦਿਲਜੀਤ ਲਾਲੀ, ਨਵਤੋਜ ਭਾਰਤੀ, ਕੁਲਵੰਤ ਗਰੇਵਾਲ ਤੇ ਕਈ ਹੋਰ ਜਣੇ ਸਬੰਧਤ ਸਨ। ਭੂਤਵਾੜਾ ਪ੍ਰੀਤ ਨਗਰ, ਲੋਅਰ ਮਾਲ, ਪ੍ਰੋ. ਪ੍ਰੀਤਮ ਸਿੰਘ ਦੀ ਕੋਠੀ, ‘ਅਰਵਿੰਦ’ ਦੇ ਸਾਹਮਣੇ ਸਥਿਤ ਸੀ। ਦੋ ਕਮਰਿਆਂ, ਇਕ ਰਸੋਈ, ਬਰਾਂਡੇ ਤੇ ਵੱਡੇ ਵਿਹੜੇ ਵਾਲੀ ਕੋਠੀ। ਇਥੇ ਰਹਿਣ ਵਾਲੇ ਕਦੋਂ ਸੌਂਦੇ, ਕਦੋਂ ਜਾਗਦੇ ਸਨ, ਆਸੇ ਪਾਸੇ ਕਿਸੇ ਨੂੰ ਪਤਾ ਨਹੀਂ ਸੀ। ਉਹ ਹਮੇਸ਼ਾ ਇਨ੍ਹਾਂ ਨੂੰ ਜਾਗਦੇ ਹੀ ਦੇਖਦੇ, ਰਾਤ ਨੂੰ ਸੰਗੀਤ ਦੀਆਂ ਧੁਨਾਂ ਉਚੀਆਂ ਹੁੰਦੀਆਂ, ਗਾਇਕੀ ਸੁਣਦੀ। ਆਏ ਗਏ ਦਾ ਦਿਨ ਰਾਤ ਮੇਲਾ ਲੱਗਿਆ ਰਹਿੰਦਾ। ਕਦੇ ਧਮਾਲ ਪੈਂਦੀ ਤੇ ਕਦੇ ਸਾਰੀ ਰਾਤ ਕਿਤਾਬਾਂ ਵਿਚਾਰਨ ਦਾ, ਸ਼ਾਇਰੀ ਦਾ ਦਰਬਾਰ ਲੱਗਿਆ ਰਹਿੰਦਾ। ਆਂਢੀਆਂ ਗੁਆਂਢੀਆਂ ਨੇ ਇਸ ਥਾਂ ਦਾ ਨਾਂ ‘ਭੂਤਵਾੜਾ’ ਰੱਖ ਦਿੱਤਾ ਅਤੇ ਭੂਤਵਾੜੇ ‘ਚ ਰਹਿਣ ਵਾਲਿਆਂ ਨੇ ਇਹ ਨਾਂ ਸਵੀਕਾਰ ਕਰ ਲਿਆ ਤੇ ਉਨ੍ਹਾਂ ਨੂੰ ‘ਭੂਤ’ ਆਖਿਆ ਜਾਣ ਲੱਗ ਪਿਆ। ਸਾਹਮਣੇ ਪ੍ਰੋ. ਪ੍ਰੀਤਮ ਸਿੰਘ ਸਨ, ਸਾਰਿਆਂ ਦੇ ਗੁਰੂਦੇਵ, ਉਨ੍ਹਾਂ ਨੂੰ ਸਹਿਜੇ ਹੀ ‘ਮਹਾਭੂਤ’ ਦੀ ਪਦਵੀ ਦੇ ਦਿੱਤੀ ਗਈ।

ਹੌਲੀ ਹੌਲੀ ਭੂਤਵਾੜੇ ਦਾ ਪਰਿਵਾਰ ਵਧਦਾ ਗਿਆ। ਸੁਰਜੀਤ ਲਾਲੀ, ਪ੍ਰੇਮ ਪਾਲੀ, ਹਰਭਜਨ ਸੋਹੀ, ਮੇਘ ਰਾਜ, ਜਗਮੀਤ ਸਿੰਘ, ਦਰਬਾਰਾ ਸਿੰਘ, ਜੋਗਿੰਦਰ ਹੀਰ, ਅਮਰਜੀਤ ਸਾਥੀ ਤੇ ਕਿੰਨੇ ਹੀ ਹੋਰ ਭੂਤ, ਜਿਨ੍ਹਾਂ ਦਾ ਵੱਖ-ਵੱਖ ਖੇਤਰਾਂ ਵਿਚ ਚਰਚਾ ਹੋਇਆ।

ਗੁਰਭਗਤ ਸਿੰਘ ਖਾਲਸਾ ਕਾਲਜ ਪੜ੍ਹਾ ਰਿਹਾ ਸੀ, ਨਵਤੇਜ ਭਾਰਤੀ ਤੇ ਹਰਿੰਦਰ ਮਹਿਬੂਬ ਭਾਸ਼ਾ ਵਿਭਾਗ ਵਿਚ ਕੰਮ ਕਰਦੇ ਸਨ ਤੇ ਭੂਤਵਾੜੇ ਦਾ ਸਾਰਾ ਖਰਚ ਉਨ੍ਹਾਂ ਦੇ ਜਿ਼ੰਮੇ ਸੀ। ਹੋਰ ਜਿੰਨਾ ਕਿਸੇ ਕੋਲ ਹੁੰਦਾ, ਸਾਂਝੇ ਲੰਗਰ ‘ਚ ਪੈ ਜਾਂਦਾ। ਗੱਲ ਖਰਚ ਜਾਂ ਅਖਰਚ ਦੀ ਨਹੀਂ ਸੀ, ਪੜ੍ਹਨ-ਪੜ੍ਹਾਉਣ ਤੇ ਗਿਆਨ ਦੇ ਮਾਹੌਲ ਨੂੰ ਵਿਕਸਤ ਕਰਨ ਦੀ ਸੀ। ਇਸ ਲਈ ਨਿਸ਼ਚਿਤ ਹੋ ਜਾਂਦਾ ਕਿ ਅੱਜ ਇਸ ਕਿਤਾਬ ਬਾਰੇ, ਇਸ ਵਿਸ਼ੇ ਬਾਰੇ ਚਰਚਾ ਕੀਤੀ ਜਾਣੀ ਹੈ, ਕੋਈ ਵੀ ਉਸ ਬਾਰੇ ਕਦੋਂ ਪੜ੍ਹਦਾ ਹੈ, ਕਦੋਂ ਸੋਚਦਾ, ਕਿੰਨਾ ਚਿਰ ਲਾਇਬਰੇਰੀ ਲਾਉਂਦਾ ਹੈ, ਇਸ ਬਾਰੇ ਕਿਸੇ ਨੇ ਨਹੀਂ ਪੁੱਛਣਾ, ਪਰ ਉਸ ਵੇਲੇ ਉਹ ਸਭ ਕੁਝ ਪੜ੍ਹਿਆ ਹੁੰਦਾ ਤਾਂ ਹੀ ਕੋਈ ਸਵੀਕਾਰ ਹੋ ਸਕਦਾ ਸੀ। ਗੁਰਭਗਤ ਸਿੰਘ ਗਿਆਨ ਦੀ ਬੁਲੰਦੀ ਤੇ ਅਕਾਦਮਿਕ ਸਿਰਜਣਾ ਨੂੰ ਕਾਇਮ ਰੱਖਦਾ, ਲਾਲੀ ਵਿਸ਼ਾਲ ਪਰਿਪੇਖ ਵਿਚ ਵਿਸ਼ੇ ਨੂੰ ਛੋਂਹਦਾ ਤੇ ਫਿਰ ਸਾਰਿਆਂ ‘ਚ ਸੰਵਾਦ ਸ਼ੁਰੂ ਹੋ ਜਾਂਦਾ। ਸ਼ਹਿਰ ਵਿਚ ਇਨ੍ਹਾਂ ਗੱਲਾਂ ਵਿਚ ਦਿਲਚਸਪੀ ਲੈਣ ਵਾਲੇ ਭੂਤਵਾੜੇ ਤੋਂ ਬਾਹਰ ਵਿਚਰਦੇ ਦੋਸਤਾਂ ਨੂੰ ਵੀ ਪਤਾ ਹੁੰਦਾ ਤੇ ਉਹ ਰਾਤ ਨੂੰ ਸਹਿਜੇ ਹੀ ਸੰਗਤ ਵਿਚ ਆ ਬੈਠਦੇ।

ਜਿਨ੍ਹਾਂ ਦਿਨਾਂ ਵਿਚ ਮੈਂ ਭੂਤਵਾੜੇ ਵਿਚ ਪਹੁੰਚਿਆ, ਮੈਂ ਵਿਲੱਖਣ ਅੰਦਾਜ਼ ਵਿਚ ਸਭ ਤੋਂ ਪਹਿਲਾਂ ਕੁਲਵੰਤ ਗਰੇਵਾਲ ਨੂੰ ਮਿਲਿਆ। ਉਹ ਭੂਤਵਾੜੇ ਦੇ ਨੇੜੇ ਹੀ ਰਹਿੰਦਾ ਸੀ, ਘਰੋਂ ਪੈਸੇ ਲੈ ਕੇ ਉਹ ਘਿਉ ਖਰੀਦਣ ਆਇਆ ਸੀ, ਪਰ ਉਸਨੇ ਦੇਖਿਆ ਭੂਤਵਾੜੇ ਦਾ ਲੰਗਰ ਮਸਤਾਨਾ ਹੋਇਆ ਸੀ। ਉਸਨੇ ਲੰਗਰ ਲਈ ਸਾਮਾਨ ਖਰੀਦਿਆ। ਸ਼ਾਮ ਨੂੰ ਬੜੀ ਦੇਰ ਤਕ ਆਪਣੇ ਗੀਤ ਗਾਉਂਦਾ ਰਿਹਾ (ਉਸ ਦੇ ਪ੍ਰਭਾਵਸ਼ਾਲੀ ਗੀਤ ਪੁਸਤਕ ਰੂਪ ਵਿਚ ਅਜੇ ਵੀ ਪ੍ਰਕਾਸ਼ਤ ਨਹੀਂ ਹੋਏ, ਉਡੀਕ ਹੈ)। ਉਹ ਸੱਚਾ ਸੌਦਾ ਕਰਨ ਦੀ ਪ੍ਰਸੰਨਤਾ ਨਾਲ ਡੂੰਘੀ ਰਾਤ ਘਰ ਚਲਾ ਗਿਆ।

ਇਹ ਦਿਨ ਬੜੇ ਦਿਲਚਸਪ ਸਨ। ਨਵਤੇਜ ਭਾਰਤੀ ‘ਤੇ ਸ਼ਾਇਰੀ ਛਾਈ ਹੋਈ ਸੀ। ਉਹ ਗਿਆਨ-ਵਿਗਿਆਨ ਦੀਆਂ ਗੱਲਾਂ ਵਿਚ ਆਪਣੀ ਸ਼ਾਇਰੀ ਬੁਲੰਦ ਕਰਦਾ।

‘‘ਸੂਰਜ ਕੋਈ ਨਿਚੋੜ ਕੇ ਮੇਰੇ ਸਾਹ ਗਰਮਾਓ।’’

ਹਰਿੰਦਰ ਮਹਿਬੂਬ ਵੀ ਸ਼ਾਇਰੀ ਦੇ ਵਿਸਥਾਰ ਵਿਚ ਪ੍ਰਗੀਤਕ ਬੋਲਾਂ ਦੀ ਸਿਰਜਣਾ ਵਿਚ ਰੁਝਿਆ ਹੋਇਆ ਸੀ ਤੇ ਉਸ ਦੇ ਫਕੀਰੀ ਬੋਲ ਉਚੇ ਹੁੰਦੇ:

ਕੰਤ ਦੀ ਥਾਹ ਨਾ ਲੈ ਤੂੰ ਸਖੀਏ

ਕੌਣ ਕੰਤ ਹੈ ਮੇਰਾ

ਜਲਾਂ ‘ਚੋਂ ਮੇਰਾ ਰੂਪ ਪਛਾਣੇ

ਪੱਥਰਾਂ ਉਤੇ ਬਸੇਰਾ।

ਕੇਸਾਂ ਨੂੰ ਧਾਹ ਚੜ੍ਹੀ ਜੁਆਨੀ

ਜਨਮ ਮੇਘ ਦਾ ਹੋਇਆ,

ਪੰਧ ਕਿਸੇ ਨੇ ਕੀਤਾ ਲੰਮਾ,

ਦਰ ਵਿਚ ਆਣ ਖਲੋਇਆ।

ਮੇਰਿਆਂ ਕੁੱਲ ਰਾਹਾਂ ਦਾ ਭੇਤੀ

ਦੀਵਿਆਂ ਦਾ ਵਣਜਾਰਾ,

ਰਹਿੰਦੀ ਉਮਰ ਦੀ ਪੂੰਜੀ ਲੈ ਕੇ

ਰਾਹੀਂ ਬਲੇ ਪਿਆਰਾ।

ਹਰਿੰਦਰ ਮਹਿਬੂਬ ਇਨ੍ਹਾਂ ਦਿਨਾਂ ਵਿਚ ਆਪਣੀ ਕਵਿਤਾ ਦੇ ਨਾਲ ਨਾਲ ਮਾਓ ਜ਼ੇ-ਤੁੰਗ ਦੀ ਕਵਿਤਾ ਦਾ ਅਨੁਵਾਦ ਕਰ ਰਿਹਾ ਸੀ ਅਤੇ ਬੜੇ ਜੋਸ਼ ਅਤੇ ਉਮਾਹ ਵਿਚ ਸੀ। ਕੁਝ ਦਿਨਾਂ ਬਾਅਦ ਉਸਨੂੰ ਪਤਾ ਲੱਗਾ ਕਿ ਮਾਓ ਜ਼ੇ-ਤੁੰਗ ਨੇ ਬੁੱਢੀ ਉਮਰ ਵਿਚ ਯੰਗਸੀ ਦਰਿਆ ਤਰ ਕੇ ਪਾਰ ਕੀਤਾ ਹੈ। ਹਰਿੰਦਰ ਮਹਿਬੂਬ ਉਹੋ ਜਿਹਾ ਕੋਈ ਦਰਿਆ ਲੱਭ ਰਿਹਾ ਸੀ ਜਿਸਨੂੰ ਉਹ ਉਸੇ ਤਰ੍ਹਾਂ ਤਰ ਕੇ ਪਾਰ ਕਰ ਸਕੇ ਕਿਉਂਕਿ ਉਸਨੂੰ ਤਰਨ ਦਾ ਡਾਢਾ ਸ਼ੌਕ ਸੀ।

ਹਰਬੰਸ ਬਰਾੜ, ਨਿਰਦੋਖ ਸਿੰਘ ਸਾਹਮਣੇ ਹੀ ਰਹਿੰਦੇ ਸਨ। ਉਹ ਥੋੜ੍ਹੀ ਜਿਹੀ ਵਿੱਥ ਵੀ ਸਥਾਪਤ ਰਖਦੇ ਸਨ ਤੇ ਭੂਤਵਾੜੇ ਦੀ ਗਿਆਨ-ਪ੍ਰਕਿਰਿਆ ਵਿਚ ਸ਼ਾਮਲ ਵੀ ਰਹਿੰਦੇ ਸਨ। ਹਰਬੰਸ ਬਰਾੜ ਕੰਜੂਸ ਬਾਹਲਾ ਸੀ। ਇਸ ਲਈ ਉਸਨੂੰ ਬੇਪਰਵਾਹ ਭੂਤਾਂ ਵਿਚ ਪੂਰੀ ਤਰ੍ਹਾਂ ਰਲਣਾ ਚੰਗਾ ਨਾ ਲੱਗਦਾ। ਇਸੇ ਲਈ ਇਕ ਵਾਰ ਜਦੋਂ ਹਰਬੰਸ ਬਰਾੜ ਇਧਰ ਉਧਰ ਸੀ ਇਹ ਫੈਸਲਾ ਕੀਤਾ ਗਿਆ ਕਿ ਉਸ ਦੇ ਚੁਬਾਰੇ ਵਿਚ ਛਾਪਾ ਮਾਰਿਆ ਜਾਏ। ਸਭ ਕੁਝ ਫੋਲਿਆ ਗਿਆ। ਜਮ੍ਹਾਂ ਪਏ ਦੇਸੀ ਘਿਓ ਦਾ ਪ੍ਰਸ਼ਾਦ ਬਣਾਇਆ ਗਿਆ। ਕੱਪੜਿਆਂ ਦੀਆਂ ਤੈਹਾਂ ‘ਚ ਲੁਕਾਏ ਪੈਸਿਆਂ ਦਾ ਇਹ ਫੈਸਲਾ ਕੀਤਾ ਗਿਆ ਕਿ ਸਾਰਾ ਭੂਤਵਾੜਾ ਸਿ਼ਮਲੇ ਦੀ ਸੈਰ ਕਰੇ। ਜਮ੍ਹਾ ਦੇਸੀ ਘਿਉ ਦਾ ਜਦੋਂ ਪ੍ਰਸ਼ਾਦ ਬਣਾਇਆ ਜਾ ਰਿਹਾ ਸੀ ਤਾਂ ਕਿਸੇ ਕੋਨੇ ‘ਚੋਂ ਬੀ ਪੈਨਸਲੀਨ ਦੀਆਂ ਗੋਲੀਆਂ ਵੀ ਨਿਕਲ ਆਈਆਂ। ਕਿਸੇ ਨੇ ਸੁਝਾਅ ਦਿੱਤਾ ਇਹ ਵੀ ਕੜਾਹ ਪ੍ਰਸ਼ਾਦ ਵਿਚ ਸੁੱਟ ਦਿਓ। ਇਉਂ ਹੀ ਹੋਇਆ। ਕਿਸੇ ਹੋਰ ਨੇ ਕਿਹਾ ਇਹ ਤਾਂ ਜ਼ਹਿਰੀਲਾ ਹੋ ਗਿਆ। ਇਕ ਕੁੱਤਾ ਲਿਆਂਦਾ ਗਿਆ। ਉਸਨੂੰ ਪਹਿਲਾਂ ਕੜਾਹ ਪ੍ਰਸ਼ਾਦ ਛਕਾਇਆ ਗਿਆ। ਉਹ ਕਾਇਮ ਰਿਹਾ। ਸਾਰੇ ਕੜਾਹ ਪ੍ਰਸ਼ਾਦ ਨੂੰ ਟੁੱਟ ਕੇ ਪੈ ਗਏ। ਹਰਬੰਸ ਬਰਾੜ ਵਾਪਸ ਆਇਆ ਤਾਂ ਉਸਨੂੰ ਉਸਦੇ ਨਕਦ ਪੈਸੇ ਵਾਪਸ ਕਰ ਦਿੱਤੇ ਗਏ। ਉਹ ਬੰਦਾ ਲਾਇਕ ਸੀ। ਦੁਨੀਆਂ ਤੋਂ ਵਿਦਾ ਹੋ ਜਾਣ ਦਾ ਸਾਰੇ ਭੂਤਾਂ ਨੂੰ ਅਜੇ ਤਕ ਅਫਸੋਸ ਹੈ।

ਭੂਤਵਾੜੇ ਵਿਚ ਫਿਕਰ ਸਿਰਫ ਕਿਤਾਬਾਂ ਤੇ ਗਿਆਨ ਦਾ ਹੁੰਦਾ ਸੀ। ਇਸ ਲਈ ਡਾ. ਅਮਰੀਕ ਸਿੰਘ ਜੋ ਅੰਗਰੇਜ਼ੀ ਵਿਭਾਗ ਦੇ ਉਦੋਂ ਮੁਖੀ ਬਣੇ ਸਨ, ਉਨ੍ਹਾਂ ਦੀ ਇਹ ਗੱਲ ਪਸੰਦ ਆਈ ਸੀ ਕਿ ਉਨ੍ਹਾਂ ਨੇ ਮਹਿੰਦਰਾ ਕਾਲਜ ਦੇ ਕੈਂਪਸ ਵਿਚ ਬਣੀ ਪੰਜਾਬੀ ਯੂਨੀਵਰਸਿਟੀ ਦੀ ਲਾਇਬਰੇਰੀ ਸਾਰੀ ਰਾਤ ਖੁੱਲ੍ਹਣ ਦਾ ਹੁਕਮ ਦੇ ਦਿੱਤਾ ਸੀ। ਭੂਤਵਾੜੇ ਦੇ ਬੰਦੇ ਸਾਰੀ ਰਾਤ ਲਾਇਬਰੇਰੀ ਦਾ ਫਾਇਦਾ ਉਠਾਉਂਦੇ ਤੇ ਆਪਣਾ ਪੜ੍ਹਨ-ਪੜ੍ਹਾਉਣ ਦਾ ਪ੍ਰੋਗਰਾਮ ਅੱਗੇ ਪਿੱਛੇ ਕਰ ਲੈਂਦੇ।

ਰਾਤ ਬਰਾਤੇ ਲਾਇਬਰੇਰੀ ਜਾਣ ਕਰ ਕੇ ਭੂਤਵਾੜੇ ਦੀ ਸ਼ਾਮ ਦਾ ਲੰਗਰ ਮਸਤਾਨਾ ਹੋ ਗਿਆ। ਲੰਗਰ ਤਾਂ ਉਂਜ ਵੀ ਕਈ ਵਾਰੀ ਮਸਤਾਨਾ ਹੋ ਜਾਂਦਾ ਸੀ। ਪ੍ਰਬੰਧ ਕਰਨਾ ਔਖਾ ਹੋ ਜਾਂਦਾ ਸੀ। ਇਕ ਵਾਰ ਲੰਗਰ ਮਸਤਾਨਾ ਹੋ ਗਿਆ ਤਾਂ ਮਹਿੰਦਰਾ ਕਾਲਜ ਦੇ ਹੋਸਟਲ ਵਿਚ ਸ਼ਾਮ ਨੂੰ ਰੋਟੀ ਖਾਣੀ ਸ਼ੁਰੂ ਕਰ ਦਿੱਤੀ। ਰਾਤ ਨੂੰ ਵਾਪਸ ਆ ਰਹੇ ਸਾਂ ਤਾਂ ਹੋਸਟਲ ਦੇ ਬਾਹਰ ਇਕ ਮੰਜੇ ‘ਤੇ ਕਸੂਤੇ ਜਿਹੇ ਢੰਗ ਨਾਲ ਦੋ ਬੰਦੇ ਸੁੱਤੇ ਦਿੱਸੇ। ਉਨ੍ਹਾਂ ਨੂੰ ਜਗਾਇਆ। ਪੁੱਛਣ ‘ਤੇ ਪਤਾ ਲੱਗਾ ਉਹ ਹਰਭਜਨ ਸੋਹੀ (ਬਾਅਦ ਵਿਚ ਨਕਸਲੀ ਨੇਤਾ ਬਣਿਆ) ਤੇ ਮੇਘ ਰਾਜ ਸਨ। ਉਨ੍ਹਾਂ ਨੂੰ ਭੂਤਵਾੜੇ ਟਿਕਣ ਦਾ ਸੱਦਾ ਦਿੱਤਾ। ਉਨ੍ਹਾਂ ਸਵੀਕਾਰ ਕਰ ਲਿਆ ਤੇ ਦੋ ਤਿੰਨ ਦਿਨਾਂ ਵਿਚ ਹੀ ਉਹ ਭੂਤਵਾੜੇ ਵਿਚ ਰਚਮਿਚ ਗਏ। ਕਈ ਦਿਨ ਹੋ ਗਏ ਸਨ ਭੂਤਵਾੜੇ ਵਿਚ ਲੰਗਰ ਪੱਕਿਆਂ। ਹਰਭਜਨ ਗਾ ਲੈਂਦਾ ਸੀ। ਇਕ ਦਿਨ ਭਾਸ਼ਾ ਵਿਭਾਗ ਦੇ ਇਕ ਮੁਕਾਬਲੇ ਵਿਚ ਹਰਭਜਨ ਨੂੰ ਪੁਰਸਕਾਰ ਮਿਲਿਆ। ਸੋਚਿਆ ਭੂਤਵਾੜੇ ਵਿਚ ਅੱਜ ਲੰਗਰ ਤਿਆਰ ਹੋਵੇ। ਉਨ੍ਹਾਂ ਦਿਨਾਂ ਵਿਚ 75 ਰੁਪਏ ਕਾਫੀ ਹੁੰਦੇ ਸਨ। ਫੈਸਲਾ ਹੋਇਆ ਕਿ ਕਈ ਦਿਨਾਂ ਤੋਂ ਮਹਿਫਲ ਨਹੀਂ ਲੱਗੀ, ਇਸ ਲਈ ਮਹਿਫਲ ਲੱਗ ਗਈ ਤੇ ਸਾਰੀ ਰਾਤ ਸਿ਼ਅਰੋ ਸ਼ਾਇਰੀ, ਗਾਇਕੀ ਨੇ ਭੂਤਵਾੜੇ ਦੀਆਂ ਸੁਰਾਂ ਨੂੰ ਗੂੰਜਾਈ ਰੱਖਿਆ।

ਜਦੋਂ ਇਹ ਮਹਿਫਲ ਸਾਰੀ ਰਾਤ ਲੱਗਦੀ, ਕੋਈ ਵਿਚੇ ਹੀ ਸੌਂ ਵੀ ਜਾਂਦਾ। ਬਹੁਤੇ ਜਾਗਦੇ ਰਹਿੰਦੇ ਤੇ ਸਵੇਰੇ ਉਠਦਿਆਂ ਹੀ ਵਿਹੜੇ ਵਿਚ ਇੱਟਾਂ ਦੂਰ ਸੁੱਟਣ ਦਾ ਭੂਤਾਂ ‘ਚ ਮੁਕਾਬਲਾ ਸ਼ੁਰੂ ਹੋ ਜਾਂਦਾ ਤੇ ਇਉਂ ਦਿਨੇ ਰਾਤ ਜਾਗਣ ਦੀ ਭੂਤਵਾੜੇ ਦੀ ਪਰੰਪਰਾ ਬਰਕਰਾਰ ਰਹਿੰਦੀ। ਆਂਢੀ ਗੁਆਂਢੀ ਜਾਗਦੇ ਤਾਂ ਉਵੇਂ ਹੀ ਉਨ੍ਹਾਂ ਵਿਚ ਭੂਤਵਾੜੇ ਦਾ ਚਰਚਾ ਬਰਕਰਾਰ ਰਹਿੰਦਾ।

ਭੂਤਵਾੜਾ ਲੇਖਕਾਂ ਦਾ ਮੱਕਾ ਬਣ ਗਿਆ ਸੀ। ਪ੍ਰੋ. ਮੋਹਨ ਸਿੰਘ, ਸੰਤ ਸਿੰਘ ਸੇਖੋਂ, ਜਸਵੰਤ ਸਿੰਘ ਕੰਵਲ, ਡਾ. ਹਰਿਭਜਨ ਸਿੰਘ, ਜਸਵੰਤ ਸਿੰਘ ਨੇਕੀ, ਹਰਨਾਮ ਤੇ ਅਗਲੀ ਪੀੜ੍ਹੀ ਦੇ ਲੇਖਕ ਦੇਵ, ਸੁਰਜੀਤ ਪਾਤਰ ਸਾਰੇ ਹੀ ਪਟਿਆਲੇ ਆਉਂਦੇ ਤੇ ਭੂਤਵਾੜੇ ਤੋਂ ਬਿਨਾ ਯਾਤਰਾ ਅਧੂਰੀ ਹੁੰਦੀ। ਜਦੋਂ ਭੂਤਵਾੜੇ ਦਾ ਲੰਗਰ ਮਸਤਾਨਾ ਹੁੰਦਾ ਤਾਂ ਲੇਖਕਾਂ ਨੂੰ ਸਟੇਸ਼ਨ ਦੇ ਕੋਲ ਢਾਬੇ ਤੇ ਸੁਆਦੀ ਰੋਟੀ ਖੁਆਈ ਜਾਂਦੀ ਤੇ ਬਹੁਤ ਠੰਢਾ ਪਾਣੀ ਦੋ ਮੀਲ ਦੂਰ ਮਹਿੰਦਰਾ ਕਾਲਜ ਕੋਲ ਠੰਢੀ ਖੂਹੀ ‘ਤੇ ਮਿਲ ਸਕਦਾ ਸੀ। ਪਾਣੀ ਪੀਣ ਲਈ ਪੈਦਲ ਉਥੇ ਪਹੁੰਚਿਆ ਜਾਂਦਾ।

ਆਉਂਦੇ ਜਾਂਦੇ ਲੇਖਕ ਭੂਤਵਾੜੇ ਹੀ ਠਹਿਰਦੇ। ਉਥੇ ਬਿਸਤਰੇ ਦੋ ਤਿੰਨ ਤੋਂ ਵੱਧ ਨਹੀਂ ਸਨ। ਅਖਬਾਰਾਂ ਨੂੰ ਬਿਸਤਰਾ ਬਣਾਇਆ ਜਾਂਦਾ। ਇੱਟਾਂ ਨੂੰ ਸਰਹਾਣਾ ਬਣਾਇਆ ਜਾਂਦਾ। ਜੇ ਕੋਈ ਵੱਧ ਸਤਿਕਾਰ ਵਾਲਾ ਜਾਂ ਸੀਨੀਅਰ ਲੇਖਕ ਹੁੰਦਾ ਤਾਂ ਉਸਨੂੰ ਇਕ ਵੱਧ ਅਖਬਾਰ ਦੇ ਦਿੱਤਾ ਜਾਂਦਾ, “ਲਓ ਤੁਸੀਂ ਗਦੇਲਾ ਵੀ ਲਓ ਤੇ ਆਰਾਮ ਕਰੋ’’ ਤੇ ਇਉਂ ਕਹਿੰਦਾ ਕਹਾਉਂਦਾ ਲੇਖਕ ਅੱਧੀ ਰਾਤ ਤਕ ਸੰਵਾਦ ਕਰਨ ਬਾਅਦ ਆਰਾਮ ਨਾਲ ਸੌਂ ਜਾਂਦਾ। ਸਵੇਰੇ ਜਿੰਨਾ ਕੁ ਨਾਸ਼ਤਾ ਤਿਆਰ ਹੁੰਦਾ, ਸਾਰਿਆਂ ‘ਚ ਵੰਡ ਲਿਆ ਜਾਂਦਾ ਤੇ ਸਾਰੇ ਆਪਣੇ ਆਪਣੇ ਕੰਮ ‘ਚ ਰੁੱਝ ਜਾਂਦੇ।

ਕਈ ਵਾਰੀ ਤਾਂ ਲਾਇਬਰੇਰੀ ਜਾਂ ਹੋਰ ਥਾਵਾਂ ‘ਤੇ ਜਾਣ ਦਾ ਵਕਤ ਵੀ ਵੰਡਣਾ ਪੈਂਦਾ ਕਿਉਂਕਿ ਕਈ ਵਾਰ ਕੰਮ ਦੇ ਕੱਪੜੇ ਜਾਂ ਕਮੀਜ਼ਾਂ ਕੁਝ ਹੀ ਹੁੰਦੀਆਂ। ਇਕ ਧੋ ਲੈਂਦਾ, ਇਕ ਪਾ ਲੈਂਦਾ। ਇਉਂ ਕੱਪੜੇ ਸਾਂਝੇ ਤੌਰ ‘ਤੇ ਵਰਤੇ ਜਾਂਦੇ। ਇਉਂ ਸਭ ਕੁਝ ਤੁਰਿਆ ਜਾਂਦਾ ਪਰ ਇਸ ਬਾਰੇ ਕੋਈ ਸਮਝੌਤਾ ਨਹੀਂ ਸੀ ਹੋ ਸਕਦਾ ਕਿ ਗਿਆਨ-ਵਿਗਿਆਨ ਦੀ ਪ੍ਰਕਿਰਿਆ ਵਿਚ ਕੋਈ ਸ਼ਾਮਿਲ ਨਾ ਹੋਵੇ। ਭੂਤਵਾੜੇ ਨੇ ਹਰ ਇਕ ਨੂੰ ਸੁਤੰਤਰਤਾ ਦਿੱਤੀ ਹੋਈ ਸੀ ਕਿ ਉਹ ਵਿਚਾਰਧਾਰਕ ਤੌਰ ‘ਤੇ ਕੀ ਦ੍ਰਿਸ਼ਟੀ ਜਾਂ ਸੇਧ ਬਣਾਉਂਦਾ ਹੈ। ਮਹੱਤਵਪੂਰਨ ਗੱਲ ਸੀ ਗਿਆਨ ਵਲ ਵਧਣਾ। ਇਸੇ ਲਈ ਪੰਜਾਬ ਦੀ ਪਿਛਲੇ ਵਰ੍ਹਿਆਂ ਦੀ ਹਰ ਲਹਿਰ ਦੀਆਂ ਜੜ੍ਹਾਂ ਭੂਤਵਾੜੇ ਵਿਚ ਹਨ।

ਗਿਆਨ ਦੀ ਪ੍ਰਕਿਰਿਆ ਵਿਚ ਬੰਦੇ ਕਿੰਨੇ ਕੁ ਲੀਨ ਸਨ, ਇਸ ਦਾ ਅਨੁਮਾਨ ਤਾਂ ਕਿੰਨੀਆਂ ਹੀ ਗੱਲਾਂ ਤੋਂ ਲਾਇਆ ਜਾ ਸਕਦਾ ਹੈ। ਇਹ ਪੁੱਛਣ ਦੀ ਕਿਸ ਨੂੰ ਵਿਹਲ ਸੀ ਕਿ ਲੰਗਰ ਲਈ ਕੀ ਮਹਿੰਗਾ ਹੈ ਤੇ ਕੀ ਸਸਤਾ। ਫੈਸਲਾ ਕੀਤਾ ਗਿਆ ਕਿ ਲਗਾਤਾਰ ਸਬਜ਼ੀ ਆਲੂਆਂ ਦੀ ਹੀ ਬਣਾਈ ਜਾਵੇ, ਸਸਤੇ ਹਨ। ਜਦੋਂ ਸਬਜ਼ੀ ਵਾਲੇ ਦਾ ਮਹੀਨੇ ਬਾਅਦ ਬਿਲ ਆਇਆ, ਜਿ਼ਆਦਾ ਸੀ। ਉਸਨੇ ਦੱਸਿਆ ਕਿ ਕਿਸੇ ਨੇ ਪੁੱਛਿਆ ਹੀ ਨਹੀਂ, ਇਸ ਮਹੀਨੇ ਸਭ ਤੋਂ ਵੱਧ ਮਹਿੰਗੇ ਆਲੂ ਹੀ ਸਨ। ਕਿਤਾਬਾਂ ਤੋਂ ਵਿਹਲ ਕਿਸ ਨੂੰ ਸੀ? ਦੁੱਧ ਲਈ ਭਾਂਡਾ ਸਾਫ ਕਰਨ ਦੀ ਵਿਹਲ ਕਿੱਥੇ ਸੀ? ਆਮ ਤੌਰ ‘ਤੇ ਦੁੱਧ ਹਰਿੰਦਰ ਮਹਿਬੂਬ ਲੈਣ ਜਾਂਦਾ ਸੀ। ਇਕ ਦਿਨ ਭਾਂਡਾ ਸਾਫ ਕਰ ਦਿੱਤਾ ਗਿਆ। ਦੁੱਧ ਵਾਲੇ ਨੇ ਇਹ ਕਹਿ ਕੇ ਦੁੱਧ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਭਾਂਡਾ ਭੂਤਵਾੜੇ ਦਾ ਨਹੀਂ।

ਭੂਤਵਾੜੇ ਨਾਲ ਡਾ. ਦਲੀਪ ਕੌਰ ਟਿਵਾਣਾ ਤੇ ਅੰਮ੍ਰਿਤ ਕਲੇਰ ਵੀ ਸਬੰਧਤ ਸਨ। ਡਾ. ਟਿਵਾਣਾ ਕੋਲ ਕਈ ਵਾਰ ਡੇਰੇ ਜਾ ਲੱਗਦੇ। ਗੱਲਾਂ ਵਿਚਾਰਨ ਲਈ, ਲੰਗਰ ਲਈ। ਕਈ ਵਾਰ ਅੰਮ੍ਰਿਤ ਕਲੇਰ ਕਹਿੰਦੀ ਤੁਹਾਡੇ ਸਾਰਿਆਂ ਲਈ ਫਲਾਣੀ ਅੰਗਰੇਜ਼ੀ ਫਿਲਮ ਦੀਆਂ ਟਿਕਟਾਂ ਖਰੀਦ ਲਈਆਂ ਗਈਆਂ ਹਨ, ਤੁਸੀਂ ਪਹੁੰਚ ਜਾਣਾ।

ਭੂਤਵਾੜੇ ਨੂੰ ਤਾਲਾ ਲਾਉਣ ਦਾ ਰਿਵਾਜ ਨਹੀਂ ਸੀ ਕਿਉਂਕਿ ਪਤਾ ਨਹੀਂ ਸੀ ਹੁੰਦਾ, ਕਿਸ ਲੇਖਕ ਨੇ ਕਦੋਂ ਆ ਜਾਣਾ ਹੈ ਤੇ ਠਹਿਰਨਾ ਹੈ। ਇਕ ਵਾਰ ਪ੍ਰੋ. ਪ੍ਰੀਤਮ ਸਿੰਘ ਹੁਰਾਂ ਦਾ ਕੋਈ ਮਹਿਮਾਨ ਆਇਆ। ਉਨ੍ਹਾਂ ਦੇ ਤਾਲਾ ਲੱਗਿਆ ਹੋਇਆ ਸੀ। ਉਸਨੂੰ ਪਤਾ ਸੀ ਕਿ ਸਾਹਮਣੇ ਉਨ੍ਹਾਂ ਦੇ ਕੁਝ ਵਿਦਿਆਰਥੀ ਰਹਿੰਦੇ ਹਨ। ਉਸਨੇ ਪ੍ਰੋ. ਸਾਹਿਬ ਨੂੰ ਬਰਫੀ ਦੇ ਡੱਬੇ ਦੇਣੇ ਸਨ। ਉਹ ਡੱਬੇ ਉਸਨੇ ਸਾਡੀ ਗੈਰ ਹਾਜ਼ਰੀ ਵਿਚ ਸਾਹਮਣੇ ਰੱਖ ਦਿੱਤੇ ਤੇ ਕੁਝ ਦੇਰ ਲਈ ਬਾਜ਼ਾਰ ਚਲਿਆ ਗਿਆ। ਅਸੀਂ ਆਏ, ਦੇਖ ਕੇ ਨਿਹਾਲ ਹੋ ਗਏ ਤੇ ਬਰਫੀ ਸਾਰੇ ਭੂਤਾਂ ਵਿਚ ਵੰਡ ਦਿੱਤੀ ਗਈ। ਮਹਿਮਾਨ ਆਇਆ ਤਾਂ ਗੱਲ ਦਾ ਪਤਾ ਲੱਗਾ, ਉਸਨੂੰ ਵਿਸ਼ੇਸ਼ ਤੌਰ ‘ਤੇ ਬਰਫੀ ਮੰਗਵਾ ਕੇ ਦਿੱਤੀ ਗਈ ਤੇ ਪ੍ਰੋ. ਸਾਹਿਬ ਦੇ ਪਹੁੰਚਾਉਣ ਲਈ ਕਿਹਾ ਗਿਆ।

ਇਕ ਵਾਰ ਇਉਂ ਹੋਇਆ ਕਿ ਸਾਰਿਆਂ ਦੇ ਇਮਤਿਹਾਨ ਨੇੜੇ ਆ ਰਹੇ ਸਨ, ਨੇੜੇ ਕੀ ਅਗਲੇ ਦਿਨ ਪਹਿਲਾ ਪਰਚਾ ਸੀ। ਪਰ ਅੰਬਾਲੇ ਸਤਿਆਜੀਤ ਰੇਅ ਦੀ ਇਕ ਦਿਨ ਲਈ ਫਿਲਮ ਲੱਗ ਗਈ। ਫੈਸਲਾ ਹੋਇਆ ਕਿ ਪਟਿਆਲੇ ਤੋਂ ਸਾਈਕਲਾਂ ‘ਤੇ ਫਿਲਮ ਦੇਖਣ ਜਾਇਆ ਜਾਵੇ। ਥੱਕੇ ਟੁੱਟੇ ਆਏ, ਸੌਂ ਗਏ ਤੇ ਸਵੇਰੇ ਹੀ ਪਰਚਾ ਦੇਣ ਲਈ ਵੀ ਹਾਜ਼ਰ ਹੋ ਗਏ।

ਅਜਿਹਾ ਕਈ ਵਾਰ ਵਾਪਰਦਾ ਸੀ। ਇਕ ਵਾਰ ਅਗਲੇ ਦਿਨ ਇਮਤਿਹਾਨ ਸੀ। ਬਰਸਾਤ ਸ਼ੁਰੂ ਹੋ ਗਈ। ਪਟਿਆਲੇ ਦੇ ਨੇੜੇ ਹੀ ਕੁਝ ਮੀਲਾਂ ‘ਤੇ ਲਾਲੀ ਦਾ ਅੰਬਾਂ ਦਾ ਬਾਗ ਹੈ। ਫੈਸਲਾ ਹੋਇਆ ਕਿ ਪਿਕਨਿਕ ਲਈ ਉਥੇ ਜਾਇਆ ਜਾਏ। ਰਾਹ ਅਜੇ ਕੱਚਾ ਸੀ। ਤਿਲਕਦੇ ਤਿਲਕਦੇ ਉਥੇ ਪਹੁੰਚੇ। ਬਰਸਾਤ ਹੋਰ ਸੰਘਣੀ ਹੋ ਗਈ। ਰਾਤ ਉਥੇ ਨਹੀਂ ਸੀ ਰਿਹਾ ਜਾ ਸਕਦਾ। ਅਸੀਂ ਅੱਧੀ ਰਾਤ ਵਾਪਸ ਪਹੁੰਚੇ ਤੇ ਸਵੇਰੇ ਇਮਤਿਹਾਨ ਵਿਚ ਹਾਜ਼ਰ ਹੋ ਗਏ।

ਭੂਤਵਾੜੇ ਦੀ ਸਾਂਭ ਸੰਭਾਲ ਦਾ ਕੰਮ ਇਉਂ ਸੀ ਕਿ ਇਕ ਵਾਰ ਇਕ ਕਮੀਜ਼ ਨਾ ਲੱਭੇ। ਇਕ ਚੂਹੇ ਨੇ ਖੁੱਡ ਬਣਾ ਲਈ ਸੀ। ਹਰਿੰਦਰ ਨੇ ਕਿਤੇ ਪੜ੍ਹਦਿਆਂ ਪੜ੍ਹਦਿਆਂ ਬੇਧਿਆਨੇ ਉਹ ਨਵੀਂ ਕਮੀਜ਼ ਚੂਹੇ ਦੀ ਖੁੱਡ ਵਿਚ ਤੁੰਨ ਦਿੱਤੀ। ਇਕ ਗੁਆਚੀ ਛੁਰੀ ਵੀ ਕਈ ਦਿਨਾਂ ਬਾਅਦ ਉਸਦੇ ਬਿਸਤਰੇ ਦੀਆਂ ਤੈਹਾਂ ‘ਚੋਂ ਲੱਭੀ।

ਸਾਰਾ ਧਿਆਨ ਕਿਤਾਬਾਂ ਤੇ ਸੰਵਾਦ ‘ਚ ਹੋਣ ਕਰ ਕੇ ਕਿਸੇ ਦਾ ਵੀ ਇਹ ਧਿਆਨ ਨਾ ਆਉਂਦਾ ਕਿ ਭੂਤਵਾੜੇ ਦਾ ਸਾਰੇ ਕੋਨੇ ਸੰਵਾਰ ਲਏ ਜਾਣ। ਇਕ ਵਾਰ ਸਾਡਾ ਇਕ ਮਿੱਤਰ ਵਿਦੇਸ਼ ਤੋਂ ਆਇਆ। ਉਸਨੇ ਕਿਹਾ ਕਿ ਉਸਦੀ ਮਿੱਤਰ ਵੀ ਨਾਲ ਆਏਗੀ। ਅਸੀਂ ਸੋਚਿਆ ਭੂਤਵਾੜੇ ਵਿਚ ਇਕ ਔਰਤ ਨੇ ਆਉਣਾ ਹੈ, ਇਸ ਲਈ ਇਸ ਦੀ ਪੂਰੀ ਸਫਾਈ ਕੀਤੀ ਜਾਵੇ। ਅਸੀਂ ਭੂਤਵਾੜੇ ਦੇ ਹਰ ਕੋਨੇ ਨੂੰ ਲਿਸ਼ਕਾ ਦਿੱਤਾ ਪਰ ਉਹ ਉਸ ਦੀ ਮਿੱਤਰ ਉਸਦੇ ਨਾਲ ਨਾ ਆਈ। ਭੂਤਵਾੜੇ ਵਿਚ ਇਹੀ ਉਦਾਸ ਦਿਨ ਸੀ।

ਭੂਤਵਾੜੇ ਨੇ ਸਾਰਿਆਂ ਨੂੰ ਵਿਚਾਰਧਾਰਕ ਆਜ਼ਾਦੀ ਪਰ ਚੇਤਨਾ ਦਾ ਮਾਰਗ ਦਿੱਤਾ। ਉਸ ਪਿੱਛੋਂ ਵੀ ਉਸ ਦੇ ਨੇੜੇ ਤੇੜੇ ਭੂਤਵਾੜੇ ਬਣਾਉਣ ਦਾ ਯਤਨ ਕੀਤਾ ਗਿਆ। ਪਰ ਭੂਤਵਾੜਾ, ਭੂਤਵਾੜਾ ਹੀ ਸੀ। ਇਕ ਸੰਕਲਪ ਸੀ, ਜਿਸ ਦੀ ਪੰਜਾਬ ਨੂੰ ਅਗੇਰੇ ਵਧਣ ਲਈ ਅੱਜ ਵੀ ਲੋੜ ਹੈ। ਪਰ ਅਜਿਹਾ ਸੰਕਲਪ ਕਿਸੇ ਯਤਨ ਨਾਲ ਨਹੀਂ ਬਣਿਆ ਕਰਦਾ, ਇਹ ਇਕ ਸਹਿਜ ਪ੍ਰਕਿਰਿਆ ਹੈ।

ਸੁਤਿੰਦਰ ਸਿੰਘ ਨੂਰ
ਲੇਖਕ ਪੰਜਾਬੀ ਦੇ  
ਅਲੋਚਕ  ਸਨ

Tuesday, December 2, 2014

ਦਰਬਾਨ ਪੱਤਰਕਾਰੀ ਦੇ ਦੌਰ ਵਿੱਚ ਸਰਕਾਰੀ ਪ੍ਰਾਪਤੀਆਂ

'ਏ ਬੀ ਪੀ ਸਾਂਝਾ' ਤੇ 'ਡੇਅ ਐਂਡ ਨਾਈਟ' ਚੈਨਲਾਂ 'ਚ ਇਕੋ ਜਿਹੀਆਂ ਦੋ ਸਮਾਨਤਾਵਾਂ ਹਨ। ਦੋਵੇਂ ਇਸ ਮੌਕੇ ਬੰਦ ਹਨ ਤੇ ਦੋਵੇਂ ਕੇਬਲ ਮਾਫੀਆ ਤੇ ਬਾਦਲ ਸਰਕਾਰ ਦਾ ਸ਼ਿਕਾਰ ਹੋਏ।ਇਸ ਲਈ ਇਹ ਲੇਖ਼ ਭਾਵੇਂ 'ਡੇਅ ਐਂਡ ਨਾਈਟ' 'ਤੇ ਕੇਬਲ ਮਾਫੀਆ ਹਮਲੇ ਦੌਰਾਨ ਲਿਖਿਆ ਗਿਆ ਸੀ ਪਰ ਇਸਦੀ ਅਹਿਮੀਅਤ 'ਏ ਬੀ ਪੀ ਸਾਂਝਾ' ਦੇ ਬੰਦ ਹੋਣ ਤੱਕ ਬਰਕਰਾਰ ਹੈ'। ਪੱਤਰਕਾਰ ਦਲਜੀਤ ਅਮੀ ਦੀ ਉਦੇਸ਼ਆਤਮਿਕਤਾ ਲੇਖ ਨੂੰ ਸਮੇਂ ਦੀ ਹੱਦ ਤੋਂ ਬਾਹਰ ਕਰਦੀ ਹੈ। ਇਸੇ ਲਈ 'ਗੁਲਾਮ ਕਲਮ' ਲੇਖ ਨੂੰ ਨਵੇਂ ਸਿਰਿਓਂ ਛਾਪ ਰਿਹੈ। ਅਮੀ ਏ ਬੀ ਸਾਂਝਾ ਦੇ ਹਵਾਲੇ ਨਾਲ ਨਵਾਂ ਲੇਖ ਵੀ ਲਿਖਣਗੇ ਪਰ ਫਿਲਹਾਲ ਨਵਾਂ ਆਉਣ ਤੱਕ ਇਹ ਜ਼ਰੂਰੀ ਹੈ।-ਗੁਲਾਮ ਕਲਮ 

ਅਖ਼ਬਾਰਾਂ, ਰਸਾਲਿਆਂ ਅਤੇ ਟੈਲੀਵਿਜ਼ਨ ਲਈ ਹਰ ਆਵਾਮੀ-ਦਿਲਚਸਪੀ ਵਾਲੀ ਖ਼ਬਰ ਅਹਿਮ ਹੁੰਦੀ ਹੈ। ਦਾਅਵਾ ਤਾਂ ਇਹੋ ਕੀਤਾ ਜਾਂਦਾ ਹੈ ਕਿ ਖ਼ਬਰ ਦੀ ਚੋਣ ਸਰੋਤੇ, ਦਰਸ਼ਕ ਅਤੇ ਪਾਠਕ ਦੀ ਦਿਲਚਸਪੀ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਂਦੀ ਹੈ। ਪੰਜਾਬ ਵਿੱਚ ਨਿਡਰ, ਨਿਰਪੱਖ ਅਤੇ ਪੰਜਾਬ ਤੇ ਪੰਜਾਬੀਅਤ ਦੀ ਅਲੰਬਰਦਾਰੀ ਦੇ ਦਾਅਵੇ ਪੱਤਰਕਾਰੀ ਦੇ ਕਈ ਅਦਾਰੇ ਕਰਦੇ ਹਨ। ਇਸ ਦਾਅਵੇਦਾਰੀ ਅਤੇ ਕਾਰਗੁਜ਼ਾਰੀ ਵਿਚਕਾਰ ਕੁਝ ਵਿੱਥ ਲਗਾਤਾਰ ਬਣੀ ਰਹਿੰਦੀ ਹੈ। ਇਸੇ ਵਿੱਥ ਵਿੱਚੋਂ ਮੀਡੀਆ ਦੀ ਚੋਣ ਨੂੰ ਹੀ ਆਵਾਮੀ-ਦਿਲਚਸਪੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਸੇ ਧਾਰਨਾ ਦੇ ਹਵਾਲੇ ਨਾਲ ਪਿਛਲੇ ਦਿਨਾਂ ਦੀ ਕੁਝ ਘਟਨਾਵਾਂ ਦੀ ਪੜਚੋਲ ਕੀਤੀ ਜਾਣੀ ਚਾਹੀਦੀ ਹੈ। 

ਚੰਡੀਗੜ੍ਹ ਤੋਂ ਚੱਲਦਾ ਟੈਲੀਵਿਜ਼ਨ ਚੈਨਲ 'ਡੇਅ ਐਂਡ ਨਾਈਟ ਨਿਉਜ਼' ਪਿਛਲੇ ਦਿਨਾਂ ਵਿੱਚ ਚਰਚਾ ਦਾ ਵਿਸ਼ਾ ਰਿਹਾ। ਤਿੰਨ ਸਾਲ ਪੁਰਾਣੇ ਇਸ ਚੈਨਲ ਵਿੱਚ ਇੱਕੋ ਐਲਾਨ ਨਾਲ ਸੱਠ ਮੁਲਾਜ਼ਮਾਂ ਦੀ ਨੌਕਰੀ ਚਲੀ ਗਈ। ਚੈਨਲ ਦੇ ਕੰਮ-ਕਾਜ ਉੱਤੇ ਵੱਡੀਆਂ ਕਟੌਤੀਆਂ ਕੀਤੀਆਂ ਗਈਆਂ। ਚੈਨਲ ਦੇ ਪ੍ਰਬੰਧਕੀ ਸੰਪਾਦਕ ਕੰਵਰ ਸੰਧੂ ਨੇ ਅਸਤੀਫ਼ਾ ਦੇ ਦਿੱਤਾ। ਉਸੇ ਦਿਨ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਵਾਂ ਮੀਡੀਆ ਸਲਾਹਕਾਰ ਅੰਗਰੇਜ਼ੀ ਟ੍ਰਿਬਿਊਨ ਦੇ ਪੱਤਰਕਾਰ ਜੰਗਵੀਰ ਸਿੰਘ ਨੂੰ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਰਾਜ ਮੰਤਰੀ ਦਾ ਰੁਤਬਾ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਮਸਲਿਆਂ ਦਾ ਆਪਸ ਵਿੱਚ ਭਾਵੇਂ ਕੁਝ ਰਿਸ਼ਤਾ ਨਹੀਂ ਹੈ ਪਰ ਕੁਝ ਸਵਾਲ ਇਨ੍ਹਾਂ ਦੇ ਹਵਾਲੇ ਨਾਲ ਵਿਚਾਰੇ ਜਾ ਸਕਦੇ ਹਨ। ਜਦੋਂ ਸੱਠ ਬੰਦਿਆਂ ਦਾ ਰੁਜ਼ਗਾਰ ਜਾਂਦਾ ਹੈ ਤਾਂ ਇਹ ਆਵਾਮੀ-ਦਿਲਚਸਪੀ ਦੀ ਘਟਨਾ ਬਣਦੀ ਹੈ। ਜਦੋਂ ਕੋਈ ਰਾਜ ਮੰਤਰੀ ਬਣਦਾ ਹੈ ਤਾਂ ਇਹ ਆਵਾਮੀ-ਦਿਲਚਸਪੀ ਦੀ ਘਟਨਾ ਬਣਦੀ ਹੈ।

ਅਜਿਹੇ ਮੌਕਿਆਂ ਉੱਤੇ ਮੀਡੀਆ ਖ਼ਬਰਾਂ ਦੇ ਕੁਝ ਪੱਖਾਂ ਨੂੰ ਤਵੱਜੋ ਦਿੰਦਾ ਹੈ। ਪਹਿਲੀ ਖ਼ਬਰ ਦੇ ਮਾਮਲੇ ਵਿੱਚ ਬੇਰੁਜ਼ਗਾਰ ਹੋਣ ਵਾਲਿਆਂ ਦੀਆਂ ਕਹਾਣੀਆਂ ਆਵਾਮੀ ਦਿਲਚਸਪੀ ਦਾ ਸਬੱਬ ਬਣਦੀਆਂ ਹਨ। ਦੂਰੋਂ-ਨੇੜਿਓ ਆਕੇ ਨੌਕਰੀਆਂ ਕਰਦੇ ਮੀਡੀਆ ਕਰਮੀਆਂ ਦੀਆਂ ਜ਼ਿੰਮੇਵਾਰੀਆਂ ਜਾਂ ਸਾਹਮਣੇ ਖੜੀਆਂ ਦੁਸ਼ਵਾਰੀਆਂ ਨਾਲ ਪਾਠਕ, ਦਰਸ਼ਕ ਅਤੇ ਸਰੋਤੇ ਹਮਦਰਦੀ ਅਤੇ ਦਰਦਮੰਦੀ ਦੇ ਨਾਤੇ ਜੁੜ ਸਕਦੇ ਹਨ। ਇਹ ਖ਼ਬਰਾਂ ਮੀਡੀਆ ਦੀ ਦਿਲਚਸਪੀ ਦਾ ਸਬੱਬ ਨਹੀਂ ਬਣੀਆਂ। ਮੀਡੀਆ ਨੇ ਤੈਅ ਕੀਤਾ ਕਿ ਇਹ ਆਵਾਮੀ-ਦਿਲਚਸਪੀ ਦਾ ਸਬੱਬ ਨਹੀਂ ਬਣਦੀਆਂ ਸੋ ਇਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਜਦੋਂ ਕੋਈ ਰਾਜ ਮੰਤਰੀ ਬਣਦਾ ਹੈ ਤਾਂ ਉਸ ਬੰਦੇ ਦਾ ਪਿਛੋਕੜ ਪੇਸ਼ ਕੀਤਾ ਜਾਂਦਾ ਹੈ। ਉਸ ਦੀ ਯੋਗਤਾ, ਅਸਰ-ਰਸੂਖ਼, ਸਿਆਸੀ ਪਹੁੰਚ ਅਤੇ ਪੁਰਾਣੀ ਕਾਰਗੁਜ਼ਾਰੀ ਦਾ ਤਤਕਰਾ ਕੀਤਾ ਜਾਂਦਾ ਹੈ। ਨਵੇਂ ਬਣੇ ਮੰਤਰੀ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਕਿਸ ਦੇ ਖ਼ਾਤੇ ਵਿੱਚੋਂ, ਕਿਸ ਦੀ ਇਮਦਾਦ ਨਾਲ ਅਤੇ ਕਿਸ ਯੋਗਤਾ ਦੇ ਆਸਰੇ ਇਸ ਅਹੁਦੇ ਉੱਤੇ ਪਹੁੰਚਿਆ ਹੈ। ਇਸ ਦੇ ਨਾਲ ਹੀ ਇਹ ਵੀ ਪੜਚੋਲ ਕੀਤੀ ਜਾਂਦੀ ਹੈ ਕਿ ਨਵੇਂ ਅਹੁਦੇ ਨੂੰ ਹਾਸਲ ਕਰਨ ਵਿੱਚ ਕਿਹੜੀਆਂ ਵਫ਼ਾਦਾਰੀਆਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਸਵਾਲ ਹੈ ਕਿ ਇਨ੍ਹਾਂ ਦੋਵਾਂ ਖ਼ਬਰਾਂ ਨੂੰ ਬਣਦੀ ਤਵੱਜੋ ਕਿਉਂ ਨਹੀਂ ਦਿੱਤੀ ਗਈ? ਕੀ ਇਨ੍ਹਾਂ ਖ਼ਬਰਾਂ ਵਿੱਚ ਆਵਾਮੀ-ਦਿਲਚਸਪੀ ਨਹੀਂ ਬਣਦੀ? ਕਿਤੇ ਪਾਬੰਦੀ ਦਾ ਵਿਰੋਧ ਕਰਨ ਵਾਲੇ ਮੀਡੀਆ ਨੇ ਆਪਣੇ-ਆਪ ਨੂੰ ਅਣਕਹੀਆਂ ਪਾਬੰਦੀਆਂ ਵਿੱਚ ਬੰਨ੍ਹਿਆ ਹੋਇਆ ਹੈ? ਮਈ ਵਿੱਚ ਵਨੀਤ ਜੋਸ਼ੀ ਨੂੰ ਪੰਜਾਬ ਸਰਕਾਰ ਦਾ ਸਹਾਇਕ ਮੀਡੀਆ ਸਲਾਹਕਾਰ ਲਗਾਇਆ ਗਿਆ ਤਾਂ ਖ਼ਬਰਾਂ ਆਈਆਂ ਕਿ ਉਹ ਭਾਜਪਾ ਦੇ ਖ਼ਾਤੇ ਵਿੱਚੋਂ ਇਸ ਅਹੁਦੇ ਉੱਤੇ ਪਹੁੰਚਿਆ ਹੈ। ਵਨੀਤ ਜੋਸ਼ੀ ਭਾਜਪਾਈ ਆਗੂ ਹੋਣ ਦੇ ਨਾਲ 'ਤ੍ਰਿਵੇਣੀ ਮੀਡੀਆ ਕੰਸਲਟੈਂਸੀ ਸਰਵਿਸਿਜ਼' ਨਾਮ ਹੇਠ ਕਾਰੋਬਾਰ ਕਰਦਾ ਹੈ। ਇਹ ਕੰਪਨੀ ਇਸ਼ਤਿਹਾਰਬਾਜ਼ੀ ਅਤੇ ਮੀਡੀਆ ਵਿੱਚ ਖ਼ਬਰਾਂ ਪੇਸ਼ ਕਰਨ ਦਾ ਕਾਰੋਬਾਰ ਕਰਦੀ ਹੈ। ਇਸ਼ਤਿਹਾਰਬਾਜ਼ੀ, ਖ਼ਬਰਾਂ ਅਤੇ ਸਿਆਸਤ ਦਾ ਇਹ ਕਾਰੋਬਾਰ ਚੰਗਾ ਮੁਨਾਫ਼ਾ ਕਮਾਉਂਦਾ ਹੈ। ਇਸ਼ਤਿਹਾਰ ਨੂੰ ਖ਼ਬਰ ਵਜੋਂ ਪੇਸ਼ ਕਰਨਾ ਇਸ ਕਾਰੋਬਾਰ ਦੀ ਮਹਾਰਤ ਹੈ। ਵਨੀਤ ਜੋਸ਼ੀ ਤੋਂ ਬਾਅਦ ਜੰਗਵੀਰ ਸਿੰਘ ਨੂੰ ਮੀਡੀਆ ਸਲਾਹਕਾਰ ਲਗਾਇਆ ਗਿਆ ਹੈ। ਵਨੀਤ ਜੋਸ਼ੀ ਅਤੇ ਜੰਗਵੀਰ ਸਿੰਘ ਦੀ ਯੋਗਤਾ ਵਿੱਚ ਕੀ ਮੇਲ ਹੈ?

'ਡੇਅ ਐਂਡ ਨਾਈਟ ਨਿਉਜ਼' ਚੈਨਲ ਉੱਤੇ ਸੂਬਾ ਸਰਕਾਰ ਦੀ ਸਰਪ੍ਰਸਤੀ ਵਿੱਚ ਪਾਬੰਦੀ ਲੱਗੀ ਹੋਈ ਹੈ। ਪੰਜਾਬ ਵਿੱਚ ਤਕਰੀਬਨ 85 ਫ਼ੀਸਦੀ ਲੋਕ ਕੇਬਲ ਨੈੱਟਵਰਕ ਰਾਹੀਂ ਟੈਲੀਵਿਜ਼ਨ ਦੇਖਦੇ ਹਨ। ਬਾਕੀ ਦੇ ਦਰਸ਼ਕ ਡਿੱਸ (ਡਾਈਰੈਕਟ ਟੂ ਹੋਮ ਪਲੇਟਫਾਰਮ) ਰਾਹੀਂ ਟੈਲੀਵਿਜ਼ਨ ਦੇਖਦੇ ਹਨ। ਕਈ ਕੰਪਨੀਆਂ ਦੀਆਂ ਡਿੱਸਾਂ ਇਹ ਸੇਵਾਵਾਂ ਮੁਹੱਈਆ ਕਰਦੀਆਂ ਹਨ। ਟੈਲੀਵਿਜ਼ਨ ਨੂੰ ਦਰਸ਼ਕਾਂ ਤੱਕ ਪਹੁੰਚਣ ਲਈ ਕੇਬਲ ਨੈੱਟਬਰਕ ਜਾਂ ਡਿੱਸਾਂ ਰਾਹੀਂ ਰਾਹ ਬਣਾਉਣਾ ਪੈਂਦਾ ਹੈ। ਇਨ੍ਹਾਂ ਸਭ ਰਾਹੀਂ ਚੈਨਲ ਦੀ ਪਹੁੰਚ ਦਰਸ਼ਕ ਤੱਕ ਬਣਾਉਣ ਲਈ ਕੈਰੀਜ਼ ਫੀਸ ਦੇਣੀ ਹੁੰਦੀ ਹੈ। ਪੰਜਾਬ ਵਿੱਚ ਕੇਬਲ ਨੈੱਟਬਰਕ ਤੋਂ ਬਿਨਾਂ ਜ਼ਿਆਦਾਤਰ ਦਰਸ਼ਕ ਪਹੁੰਚ ਤੋਂ ਬਾਹਰ ਰਹਿ ਜਾਂਦੇ ਹਨ। ਟੈਲੀਵਿਜ਼ਨ ਦੀ ਆਮਦਨ ਦਾ ਜ਼ਰੀਆ ਇਸ਼ਤਿਹਾਰ ਹੁੰਦੇ ਹਨ। ਕੁਝ ਕੰਪਨੀਆਂ ਇਹ ਅਧਿਐਨ ਕਰਦੀਆਂ ਹਨ ਕਿ ਕਿਸ ਇਲਾਕੇ ਵਿੱਚ ਕਿਹੜੇ ਚੈਨਲ ਅਤੇ ਕਿਹੜੇ ਪ੍ਰੋਗਰਾਮ ਨੂੰ ਦਰਸ਼ਕ ਜ਼ਿਆਦਾ ਦੇਖਦੇ ਹਨ। ਇਸ ਅਧਿਐਨ ਰਾਹੀਂ ਟਾਰਗੇਟ ਰੇਟਿੰਗ ਪੁਆਇੰਟ (ਟੀ.ਆਰ.ਪੀ.) ਤੈਅ ਹੁੰਦੇ ਹਨ ਜੋ ਅੱਗੇ ਇਸ਼ਤਿਹਾਰ ਦਾ ਮੁਹਾਣ ਅਤੇ ਮੁੱਲ ਤੈਅ ਕਰਦੇ ਹਨ। ਪੰਜਾਬ ਵਿੱਚ ਕੇਬਲ ਨੈੱਟਬਰਕ ਉੱਤੇ ਫਾਸਟਵੇਅ ਟਰਾਂਸਮਿਸ਼ਨ ਲਿਮਿਟਿਡ ਦਾ ਗ਼ਲਬਾ ਹੈ। ਪਹਿਲਾਂ ਹਰ ਸ਼ਹਿਰ ਵਿੱਚ ਕਈ-ਕਈ ਕਾਰੋਬਾਰੀ ਇਸ ਧੰਦੇ ਵਿੱਚ ਸ਼ਾਮਿਲ ਸਨ ਪਰ ਸਿਆਸੀ ਸਰਪ੍ਰਸਤੀ ਤਹਿਤ ਇਹ ਕੰਮ ਸਿਰਫ਼ ਇੱਕੋ ਕੰਪਨੀ ਜਾਂ ਇਸ ਦੀਆਂ ਭਾਈਵਾਲ ਕੰਪਨੀਆਂ ਕੋਲ ਆ ਗਿਆ ਹੈ। 'ਡੇਅ ਐਂਡ ਨਾਈਟ ਨਿਉਜ਼' ਸ਼ੁਰੂ ਹੋਣ ਤੋਂ ਤਕਰੀਬਨ ਛੇ ਮਹੀਨੇ ਬਾਅਦ ਹੀ ਕੇਬਲ ਨੈੱਟਵਰਕ ਉੱਤੇ ਇਸ ਦਾ ਸਿਗਨਲ ਖ਼ਰਾਬ ਹੋਣਾ ਸ਼ੁਰੂ ਹੋ ਗਿਆ। ਕਈ ਵਾਰ ਦੀਆਂ ਸ਼ਿਕਾਇਤਾਂ ਦਾ ਕੋਈ ਅਸਰ ਨਹੀਂ ਪਿਆ ਪਰ ਕੁਝ ਸਮੇਂ ਬਾਅਦ ਇਸ ਨੂੰ ਕੇਬਲ ਤੋਂ ਹਟਾ ਦਿੱਤਾ ਗਿਆ। ਸਿਗਨਲ ਖ਼ਰਾਬ ਹੋਣ ਦਾ ਰੁਝਾਨ ਇਸ਼ਾਰਾ ਕਰਦਾ ਹੈ ਕਿ ਕੁਝ ਵਿਰੋਧੀ ਪਾਰਟੀਆਂ ਜਾਂ ਆਗੂਆਂ ਦੀਆਂ ਖ਼ਬਰਾਂ ਨਸ਼ਰ ਹੋਣ ਵੇਲੇ ਪ੍ਰਸਾਰਨ ਜ਼ਿਆਦਾ ਖ਼ਰਾਬ ਹੁੰਦਾ ਸੀ। 'ਡੇਅ ਐਂਡ ਨਾਈਟ ਨਿਉਜ਼' ਵੱਲੋਂ ਪਹੁੰਚ ਕਰਨ ਉੱਤੇ ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ ਨੇ ਫਾਸਟਵੇਅ ਨੂੰ ਅੱਠ ਕਰੋੜ ਤੋਂ ਜ਼ਿਆਦਾ ਰੁਪਏ ਦਾ ਜ਼ੁਰਮਾਨਾ ਕੀਤਾ ਅਤੇ ਆਪਣੇ ਫ਼ੈਸਲੇ ਵਿੱਚ ਲਿਖਿਆ ਕਿ ਇਹ ਏਕਾਧਿਕਾਰ ਜਮਾ ਰਿਹਾ ਹੈ ਜੋ ਜਾਇਜ਼ ਨਹੀਂ ਹੈ। ਇਸ ਫ਼ੈਸਲੇ ਦੇ ਬਾਵਜੂਦ ਇਹ ਰੁਝਾਨ ਜਿਉਂ ਦਾ ਤਿਉਂ ਜਾਰੀ ਹੈ। 'ਡੇਅ ਐਂਡ ਨਾਈਟ ਨਿਉਜ਼' ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਮਨਮਰਜ਼ੀ ਨਾਲ ਚੈਨਲਾਂ ਨੂੰ ਕੇਬਲ ਤੋਂ ਹਟਾਉਣ ਦਾ ਰੁਝਾਨ ਜਾਰੀ ਹੈ। ਇਹ ਪਾਬੰਦੀਆਂ ਜ਼ੀ-ਪੰਜਾਬੀ ਅਤੇ ਐਨ.ਡੀ.ਟੀ.ਵੀ. ਵਰਗੇ ਚੈਨਲਾਂ ਉੱਤੇ ਵੀ ਲੱਗਦੀਆਂ ਰਹੀਆਂ ਹਨ। 

ਇਹ ਤਾਂ ਇਸ ਚੈਨਲ ਦੀ ਦਰਸ਼ਕ ਤੱਕ ਪਹੁੰਚ ਨੂੰ ਰੋਕਣ ਦਾ ਮਸਲਾ ਹੈ ਜਿਸ ਵਿੱਚ ਸਰਕਾਰੀ ਸਰਪ੍ਰਸਤੀ ਅਤੇ ਨਿੱਜੀ ਕਾਰੋਬਾਰੀ ਦੀ ਮਿਲੀਭੁਗਤ ਅਹਿਮ ਨੁਕਤਾ ਬਣਦੀ ਹੈ। ਇਸੇ ਪਾਬੰਦੀ ਦੇ ਨਤੀਜੇ ਵਜੋਂ ਵਿੱਤੀ ਘਾਟਾ ਝਲਦਾ ਹੋਇਆ ਇਹ ਚੈਨਲ ਤਿੰਨ ਸਾਲ ਦਾ ਸਫ਼ਰ ਮੁੰਕਮਲ ਕਰ ਚੁੱਕਿਆ ਹੈ। ਹੁਣ ਇਸ ਚੈਨਲ ਵਿੱਚ ਹੋਈਆਂ ਤਬਦੀਲੀਆਂ ਦਾ ਕੋਈ ਵੀ ਪੱਖ ਮੀਡੀਆ ਦੀ ਸੰਜੀਦਾ ਚਰਚਾ ਦਾ ਵਿਸ਼ਾ ਨਹੀਂ ਬਣਿਆ। ਕੁਝ ਅਖ਼ਬਾਰਾਂ ਨੇ ਇਸ ਦੇ ਪ੍ਰਬੰਧਕੀ ਸੰਪਾਦਕ ਜਾਂ ਤਬਦੀਲੀਆਂ ਬਾਰੇ ਚਟਕਾਰਾਨੁਮਾ ਖ਼ਬਰਾਂ ਜ਼ਰੂਰ ਲਗਾਈਆਂ ਹਨ। ਇਸ ਤੋਂ ਪਹਿਲਾਂ ਵੀ ਇਸ ਚੈਨਲ ਬਾਰੇ ਲਿਖੇ ਇੱਕ ਲੇਖ ਨੂੰ ਇੱਕ ਜਲੰਧਰੀ ਪੰਜਾਬੀ ਅਖ਼ਬਾਰ ਨੇ ਆਪਣੀ ਨੀਤੀ ਨਾਲ ਮੇਲ ਨਾ ਖਾਣ ਦੀ ਦਲੀਲ ਦੇਕੇ ਬਣੇ ਹੋਏ ਪੰਨੇ ਵਿੱਚੋਂ ਕੱਢ ਦਿੱਤਾ ਸੀ। ਮੀਡੀਆ ਦੀ ਪੜਚੋਲ ਕਰਨ ਵਾਲਾ ਇੱਕ ਜਲੰਧਰੀ ਵਿਦਵਾਨ ਇਸ ਚੈਨਲ ਦੇ ਪ੍ਰੋਗਰਾਮਾਂ ਬਾਰੇ ਲਿਖਣ ਵੇਲੇ ਇਸ ਚੈਨਲ ਦਾ ਨਾਮ ਨਹੀਂ ਲਿਖਦਾ ਸੀ। ਇਸ ਦੇ ਦੋ ਹੀ ਕਾਰਨ ਹੋ ਸਕਦੇ ਹਨ ਕਿ ਮੀਡੀਆ ਦੇ ਅਦਾਰੇ ਇੱਕ-ਦੂਜੇ ਦੀਆਂ ਚੋਰੀਆਂ ਦਾ ਪਰਦਾ ਕੱਜਣ ਲਈ ਚੁੱਪ ਅਖ਼ਤਿਆਰ (ਅਣਕਹੀ ਪਾਬੰਦੀ) ਕਰਦੇ ਹਨ ਜਾਂ ਇੱਕ-ਦੂਜੇ ਦੀ ਚੰਗੀ-ਬੁਰੀ ਖ਼ਬਰ ਨੂੰ ਆਵਾਮੀ-ਦਿਲਚਸਪੀ ਦਾ ਹਿੱਸਾ ਨਹੀਂ ਮੰਨਦੇ।

ਹੁਣ ਸਵਾਲ ਦੂਜੇ ਮਸਲੇ ਦਾ ਆਉਂਦਾ ਹੈ। ਜੰਗਵੀਰ ਸਿੰਘ ਦੀ ਯੋਗਤਾ ਬਾਰੇ ਗੱਲ ਕਰਨ ਤੋਂ ਮੀਡੀਆ ਕੰਨੀ ਕਿਉਂ ਖਿਸਕਾਉਂਦਾ ਹੈ? ਆਖ਼ਰ ਉਨ੍ਹਾਂ ਨੂੰ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਵਿੱਚੋਂ ਤਨਖ਼ਾਹ ਦਿੱਤੀ ਜਾਣੀ ਹੈ ਅਤੇ ਰਾਜ-ਮੰਤਰੀ ਦਾ ਰੁਤਬਾ ਦਿੱਤਾ ਗਿਆ ਹੈ। ਉਨ੍ਹਾਂ ਨੇ ਅਹੁਦਾ ਪ੍ਰਵਾਨ ਕਰਦੇ ਹੋਏ ਬਿਆਨ ਦਿੱਤਾ ਹੈ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਰੋਸੇ ਨੂੰ ਕਾਇਮ ਰੱਖਣਗੇ ਅਤੇ ਸਰਕਾਰ ਦੀਆਂ ਲੋਕ ਪੱਖੀ ਪ੍ਰਾਪਤੀਆਂ ਨੂੰ ਪੇਸ਼ ਕਰਨ ਦਾ ਉਪਰਾਲਾ ਕਰਨਗੇ। ਕੀ ਉਹ ਹੁਣ ਤੱਕ ਵੀ ਇਹੋ ਕੁਝ ਕਰਦੇ ਆਏ ਹਨ? ਇਸ ਅਹੁਦੇ ਲਈ ਕਈ ਪੱਤਰਕਾਰ ਦੌੜ ਵਿੱਚ ਸ਼ਾਮਿਲ ਸਨ। ਉਨ੍ਹਾਂ ਦੀ ਯੋਗਤਾ ਜੰਗਵੀਰ ਸਿੰਘ ਵਰਗੀ ਹੀ ਹੋਵੇਗੀ, ਕੁਝ ਘੱਟ ਜਾਂ ਕੁਝ ਵੱਧ। ਸਵਾਲ ਇਹੋ ਹੈ ਕਿ ਜੇ ਪੱਤਰਕਾਰਾਂ ਦੀ ਇਹ ਯੋਗਤਾ ਹੈ ਤਾਂ ਲੋਕ ਸੰਪਰਕ ਮਹਿਕਮੇ ਦੀ ਕੀ ਲੋੜ ਹੈ? ਇਹ ਸਵਾਲ ਵੱਡੇ ਪੱਤਰਕਾਰਾਂ ਦੇ ਪ੍ਰਧਾਨਮੰਤਰੀ ਜਾਂ ਹੋਰ ਸਰਕਾਰਾਂ ਦੇ ਮੀਡੀਆ ਸਲਾਹਕਾਰ ਬਣਨ ਵੇਲੇ ਵੀ ਪੁੱਛਿਆ ਜਾਂਦਾ ਰਿਹਾ ਹੈ। ਇਸੇ ਤਰ੍ਹਾਂ ਜਦੋਂ ਪੱਤਰਕਾਰਾਂ ਨੂੰ ਸਰਕਾਰਾਂ ਕਮਿਸ਼ਨਾਂ ਵਿੱਚ ਨਾਮਜ਼ਦ ਕਰਦੀਆਂ ਹਨ ਤਾਂ ਇਹੋ ਸਵਾਲ ਪੁੱਛਿਆ ਜਾਂਦਾ ਹੈ। ਇਸੇ ਰੁਝਾਨ ਦੀਆਂ ਕੜੀਆਂ ਮੁੱਲ ਦੀਆਂ ਖ਼ਬਰਾਂ ਜਾਂ ਇਸ਼ਤਿਹਾਰੀ ਖ਼ਬਰਾਂ ਜਾਂ ਦਰਬਾਰੀ ਸੰਪਾਦਕੀਆਂ ਦੇ ਰੁਝਾਨ ਨਾਲ ਜੁੜਦੀਆਂ ਹਨ। 

'ਡੇਅ ਐਂਡ ਨਾਈਟ ਨਿਉਜ਼' ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਕਾਂਗਰਸ ਦੀ ਬੋਲੀ ਬੋਲਦਾ ਸੀ। ਦੂਜੀ ਦਲੀਲ ਇਹ ਹੈ ਕਿ ਇਹ ਪੀਪਲਜ਼ ਪਾਰਟੀ ਆਫ਼ ਪੰਜਾਬ ਨੂੰ ਜ਼ਿਆਦਾ ਥਾਂ ਦਿੰਦਾ ਸੀ। ਜੇ ਇਨ੍ਹਾਂ ਦਲੀਲਾਂ ਨੂੰ ਸੱਚ ਮੰਨ ਲਿਆ ਜਾਵੇ ਤਾਂ ਕੀ ਇਸ ਚੈਨਲ ਦੀ ਹੋਣੀ ਜਾਇਜ਼ ਕਰਾਰ ਦਿੱਤੀ ਜਾ ਸਕਦੀ ਹੈ? ਉਂਝ ਇਹ ਦਲੀਲ ਸਿਰਫ਼ ਸਰਕਾਰੀ ਦਾਅਵੇ ਨਾਲ ਸੱਚੀ ਸਾਬਤ ਨਹੀਂ ਹੋ ਜਾਣੀ। ਇਸ ਲਈ ਅਧਿਐਨ ਕਰਕੇ ਸਿਆਸੀ ਮੁਹਾਣ ਦੀ ਸ਼ਨਾਖ਼ਤ ਕਰਕੇ ਦਿਖਾਉਣੀ ਜ਼ਰੂਰੀ ਹੈ। ਮੀਡੀਆ ਦੇ ਕੰਮ ਵਿੱਚ ਸਰਕਾਰੀ ਕਾਰਗੁਜ਼ਾਰੀ ਦੀ ਪੜਚੋਲ ਅਹਿਮ ਹੈ ਅਤੇ ਇਸ ਪੜਚੋਲ ਨੂੰ ਸਿਆਸਤ ਕਰਾਰ ਦੇਣਾ ਲੋਕ ਸੰਪਰਕ ਮਹਿਕਮੇ ਦਾ ਹਿੱਸਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਕਬੱਡੀ ਕੱਪ, ਪਰਵਾਸੀ ਪੰਜਾਬੀ ਸੰਮੇਲਨ, ਜ਼ਿਆਦਾਤਰ ਵਾਰ ਵਿਧਾਨ ਸਭਾ ਦੀ ਕਾਰਵਾਈ ਅਤੇ ਹੋਰ ਸਰਕਾਰੀ ਸਮਾਗਮਾਂ ਨੂੰ ਨਸ਼ਰ ਕਰਨ ਦਾ ਅਖ਼ਤਿਆਰ ਸਿਰਫ਼ ਨਿੱਜੀ ਟੈਲੀਵਿਜ਼ਨ ਚੈਨਲ ਨੂੰ ਦਿੰਦੀ ਹੈ। ਇਸ ਚੈਨਲ ਦੇ ਮੁਖੀ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੌਮਣੀ ਅਕਾਲੀ-ਭਾਜਪਾ ਗੱਠਜੋੜ ਦੀ ਜਿੱਤ ਉੱਤੇ ਸ਼ਾਬਾਸ਼ੀ ਦੀ ਈ-ਮੇਲ ਆਪਣੇ ਅਮਲੇ ਨੂੰ ਲਿਖੀ ਸੀ। ਹੁਣ ਇਸੇ ਚੈਨਲ ਨੇ ਇੱਕ ਪੰਜਾਬੀ ਫ਼ਿਲਮ ਬਣਾਈ ਹੈ ਜਿਸ ਨੂੰ ਦਿਖਾਉਣ ਲਈ ਸਿਨਮੇ ਵਾਲਿਆਂ ਉੱਤੇ ਜ਼ੋਰ ਪਾਇਆ ਗਿਆ। ਦੂਜੀਆਂ ਫ਼ਿਲਮਾਂ ਨੂੰ ਜਬਰੀ ਹਟਾਇਆ ਗਿਆ ਅਤੇ ਦਰਸ਼ਕਾਂ ਦੀ ਘਾਟ ਦੇ ਬਾਵਜੂਦ ਇਸੇ ਫ਼ਿਲਮ ਨੂੰ ਚਲਾਉਣ ਲਈ ਮਜਬੂਰ ਕੀਤਾ ਗਿਆ। ਸਰਪੰਚਾਂ ਅਤੇ ਸਰਕਾਰੀ ਸਕੂਲਾਂ ਦੇ ਪ੍ਰਿਸੀਪਲਾਂ ਨੂੰ ਦਰਸ਼ਕ ਜੁਟਾਉਣ ਦੇ ਜੁਬਾਨੀ ਹੁਕਮ ਜਾਰੀ ਕੀਤੇ ਗਏ। ਇਸ ਫ਼ਿਲਮ ਦੇ ਪ੍ਰਚਾਰ ਦਾ ਕੰਮ ਵਨੀਤ ਜੋਸ਼ੀ ਦੀ ਕੰਪਨੀ 'ਤ੍ਰਿਵੇਣੀ ਮੀਡੀਆ ਕੰਸਲਟੈਂਸੀ ਸਰਵਿਸਿਜ਼' ਕਰ ਰਹੀ ਹੈ। ਇਸੇ ਮਾਹੌਲ ਵਿੱਚ ਪੰਜਾਬ ਦਾ ਰੇਤ, ਸ਼ਰਾਬ ਅਤੇ ਭੂਮੀ ਮਾਫ਼ੀਆ ਮੂੰਹਜ਼ੋਰ ਹੋਇਆ ਹੈ। ਜਦੋਂ ਸਰਕਾਰੀ ਸਰਪ੍ਰਸਤੀ ਵਿੱਚ ਨਿੱਜੀ ਕਾਰੋਬਾਰੀ ਇੱਕ ਚੈਨਲ ਦਾ ਦਮ ਘੁੱਟਦੇ ਹਨ ਤਾਂ ਦੂਜੇ ਪਾਸੇ ਮੀਡੀਆ ਸਲਾਹਕਾਰਾਂ ਦੀ ਰਸਮੀ ਅਤੇ ਗ਼ੈਰ-ਰਸਮੀ ਫ਼ੌਜ ਤਿਆਰ ਕੀਤੀ ਜਾਂਦੀ ਹੈ। ਜਾਪਦਾ ਇਹੋ ਹੈ ਕਿ ਨੁਮਾਇਸ਼ੀ ਪ੍ਰਾਪਤੀਆਂ ਨੂੰ ਸਵਾਲਾਂ ਦੇ ਘੇਰੇ ਤੋਂ ਬਚਾਉਣ ਵਿੱਚ ਰੁਝੀਆਂ ਸਰਕਾਰਾਂ ਪੱਤਰਕਾਰੀ ਨੂੰ ਸੁਨੇਹਾ ਦੇ ਰਹੀਆਂ ਹਨ ਕਿ ਉਹ ਲੋਕ ਸੰਪਰਕ ਮਹਿਕਮੇ ਨਾਲ ਸੁਰ ਰਲਾ ਲੈਣ ਜਾਂ ਪਾਬੰਦੀਆਂ ਦੀ ਤਾਕਤ ਦਾ ਅੰਦਾਜ਼ਾ ਲਗਾਕੇ ਆਪਣੀ ਦ੍ਰਿੜਤਾ ਪਰਖ਼ ਲੈਣ। ' 

ਇਹ ਦਰਬਾਨ-ਪੱਤਰਕਾਰੀ ਦਾ ਦੌਰ ਹੈ ਜੋ ਚੌਮਸਕੀ ਦੇ ਸ਼ਬਦਾਂ ਵਿੱਚ 'ਸਹਿਮਤੀ ਦਾ ਸਿਰਜਣਾ' ਕਰ ਰਿਹਾ ਹੈ। ਲੋਕ ਸੰਪਰਕ ਮਹਿਕਮੇ ਸਰਕਾਰੀ ਨਾਕਾਮਯਾਬੀਆਂ ਦਾ ਹਿਸਾਬ ਨਹੀਂ ਕਰਦੇ। ਇਹ ਸਭ-ਕੁਝ ਨੂੰ ਲੋਕ ਪੱਖੀ ਸਰਕਾਰੀ ਪ੍ਰਾਪਤੀ ਵਜੋਂ ਪੇਸ਼ ਕਰਦੇ ਹਨ। ਨਵੇਂ ਰਾਜ ਮੰਤਰੀ 'ਡੇਅ ਐਂਡ ਨਾਈਟ ਨਿਉਜ਼' ਨੂੰ ਭਾਵੇਂ ਪ੍ਰੈਸ-ਨੋਟ ਜਾਰੀ ਕਰਕੇ ਆਵਾਮੀ ਦਿਲਚਸਪੀ ਦਾ ਸਬੱਬ ਨਾ ਮੰਨਣ ਪਰ ਮਹਿਕਮੇ ਦੇ ਅੰਦਰ ਤਾਂ ਸਰਕਾਰੀ ਪ੍ਰਾਪਤੀ ਵਜੋਂ ਪੇਸ਼ ਕਰ ਸਕਦੇ ਹਨ। ਉਨ੍ਹਾਂ ਦਾ ਅਹੁਦਾ ਸੰਭਾਲਣਾ ਸਰਕਾਰ ਲਈ 'ਸ਼ੁਭ ਸ਼ਗਨ' ਸਾਬਤ ਹੋਇਆ ਹੈ। ਹੁਣ ਜੰਗਵੀਰ ਸਿੰਘ ਅਤੇ ਵਨੀਤ ਜੋਸ਼ੀ ਦੇ ਪੇਸ਼ੇਵਰ ਅਹੁਦੇ ਦਾ ਨਾਮ ਵੀ ਇੱਕ ਹੋ ਗਿਆ ਹੈ। ਇੱਕੋ ਕੰਮ ਕਰਦਿਆਂ ਵੱਖਰੇ-ਵੱਖਰੇ ਨਾਮ ਰੱਖਣਾ 'ਕਲਿੱਪ ਵਾਲਾ ਪਾਸਾ ਨੰਗਾ ਰੱਖ ਕੇ ਘੁੰਡ ਕੱਢਣ' ਵਾਲੀ ਬੋਲੀ ਨੂੰ ਨਵੇਂ ਅਰਥ ਦਿੰਦਾ ਹੈ।

ਦਲਜੀਤ ਅਮੀ
ਲੇਖ਼ਕ ਅੱਜਕਲ੍ਹ ਬੀ ਬੀ ਸੀ ਹਿੰਦੀ ਦੇ ਪੱਤਰਕਾਰ ਹਨ ਤੇ ਕਿਸੇ ਸਮੇਂ ਡੇਅ ਐਂਡ ਨਾਈਟ ਨਾਲ ਜੁੜੇ ਰਹੇ ਹਨ।

'ਅਨਹਦ ਬਾਜਾ ਬੱਜੇ' ਬਲੌਗ ਤੋਂ  ਬਾ-ਦਸਤੂਰ ਚੋਰੀ :)