Saturday, July 11, 2009
ਜ਼ਿੰਦਗੀ ਦੇ ਤਜ਼ਰਬਿਆਂ ਵਰਗੇ ਪਿੰਡ
ਕੁਝ ਹਫਤੇ ਪਹਿਲਾਂ ਗੁਰਪਾਲ ਬਿਲਾਬਲ ਨੇ ਫੋਨ ਕਰਕੇ ਕਿਹਾ ਮੈਂ ਪਿੰਡ ‘ਤੇ ਗੀਤ ਲਿਖਿਆ ਤੈਨੂੰ ਮੇਲ ਕਰ ਰਿਹਾਂ ਤੇ ਜੇ ਟਾਈਮ ਹੋਇਆ ਤਾਂ ਫੋਨ ਕਰਕੇ ਮੈਥੋਂ ਸੁਣੀਂ।ਸੁਣਿਆ ਤਾਂ ਮੈਂ ਅਜੇ ਤੱਕ ਨਹੀਂ ਪਰ ਗੀਤ ਪੜ੍ਹਕੇ ਪਿੰਡ ਤੇ ਸ਼ਹਿਰ ਦੀ ਪੁਰਾਣੀ ਡੀਬੇਟ ਮੇਰੇ ਦਿਮਾਗ ‘ਚ ਫਿਰ ਤਰੋਤਾਜ਼ਾ ਹੋ ਗਈ।ਬਿਲਾਬਲ ਨਾਲ ਮੇਰੀ ਜਾਣ ਪਹਿਚਾਣ ਚਾਹੇ ਪੰਜਵੀਂ ‘ਚ ਪੜਦਿਆਂ ਦੀ ਹੈ ਪਰ ਇਕ ਕੱਚਪਿੱਲੀ ਸਾਹਿਤਕ ਸਾਂਝ ਬਾਰਵੀਂ ਜਮਾਤ ਦੀ ਹੈ।ਜਦੋਂ ਮੈਂ ਇਕ ਸ਼ਹਿਰੀ ਤੇ ਪੇਂਡੂ ਜੀਵਨ ਦੇ ਦਵੰਦ ਨੂੰ ਬਿਆਨ ਕਰਦੀ ਇਕ ਕਹਾਣੀ ਲਿਖਣ ਦੀ ਜਾਚਨਾ ਗੁਰਪਾਲ ਤੋਂ ਲਈ ਸੀ।ਉਸਤੋਂ ਬਾਅਦ ਸਾਡੀ ਦੋਸਤੀ ਦੇ ਸਿਲਸਿਲੇ ‘ਚ "ਸੋਮਰਸ" ਦੇ ਪਿਆਲਿਆਂ ਤੋਂ ਸਿਗਰਟਾਂ ਦੇ ਕਸ਼ ਤੱਕ ਸਾਂਝੇ ਰਹੇ।ਹੁਣ ਜਦੋਂ ਤੋਂ ਮੈਂ “ਦੇਸੀ ਡਾਇਸਪੋਰੇ” ਦਾ ਸ਼ਿਕਾਰ ਹੋਇਆ ਹਾਂ,ਉਦੋਂ ਤੋਂ ਕਦੀਂ 2-3 ਮਹੀਨਿਆਂ ਬਾਅਦ ਮੁਲਾਕਾਤ ਹੁੰਦੀ ਆ।ਪਰ ਜਦੋਂ ਵੀ ਗੱਲਬਾਤ ਹੁੰਦੀ ਐ ਤਾਂ ਸ਼ਹਿਰਾਂ ਤੇ ਪਿੰਡਾਂ ਦੀ ਜ਼ਿੰਦਗੀ ਦਾ ਵਿਸ਼ਾ ਜ਼ਰੂਰ ਛੋਹਿਆ ਜਾਂਦੈ।ਕਿਉਂਕਿ ਅਸੀਂ ਪੇਂਡੂਪੁਣੇ ਨੂੰ ਵੀ ਹੰਢਾਇਐ ਤੇ “ਦਾਗਿਸਤਾਨਵਾਦੀ” ਵੀ ਹਾਂ।ਪਿਛਲੇ ਕਾਫੀ ਸਮੇਂ ਤੋਂ ਮੈਂ ਪੰਜਾਬੀ,ਹਿੰਦੀ ਤੇ ਅੰਗਰੇਜ਼ੀ ਬਲੌਗ ਸਾਹਿਤ 'ਚ ਪਿੰਡਾਂ-ਸ਼ਹਿਰਾਂ ਦੀ ਵਿਚਾਰ ਚਰਚਾ ਨੂੰ ਵਾਚ ਰਿਹਾਂ।ਬਲੌਗ ਦੀ ਦੁਨੀਆਂ ਦੇ ਜ਼ਿਆਦਾ ਲੋਕ "ਦੇਸੀ ਡਾਇਸਪੋਰੇ" ਦੇ ਸ਼ਿਕਾਰ ਹੋਣ ਕਰਕੇ ਅਕਸਰ ਪਿੰਡਾਂ ਦੀ ਜ਼ਿੰਦਗੀ ਨਾਲ ਜੁੜੀਆਂ ਭਾਵੁਕ ਕਵਿਤਾਵਾਂ,ਕਹਾਣੀਆਂ ਤੇ ਲੇਖ ਵੇਖਣ ਨੂੰ ਮਿਲ ਜਾਂਦੇ ਹਨ।ਜਿਨ੍ਹਾਂ 'ਚ ਪੇਂਡੂ ਸਮਾਜ ਦੀ ਉਸ ਖੂਬਸੂਰਤੀ ਬਿਆਨ ਕੀਤਾ ਜਾਂਦੈ ਜਿਹੜੀ ਮੈਂ ਹੱਡੀ ਹੰਢਾਈਂ ਹੈ।ਮੈਨੂੰ ਹਮੇਸ਼ਾ ਲਗਦਾ ਰਿਹਾ ਕਿ ਸਿਰਜਣਾ ਦੇ ਖੇਤਰ 'ਚ ਜਿੰਨੀ ਡੂੰਘਾਈ ਨਾਲ ਕੋਈ ਪੇਂਡੂ ਸਾਹਿਤਕਾਰ,ਲੇਖਕ,ਪੱਤਰਕਾਰ ਜਾਂ ਕਵੀ ਚੀਜ਼ਾਂ ਦੀ ਤਹਿ ਤੱਕ ਜਾ ਸਕਦੈ ਸ਼ਾਇਦ ਕਿਸੇ ਹੋਰ ਦਾ ਜਾਣਾ ਸੰਭਵ ਨਾ ਹੋਵੇ।ਪਰ ਇਸ ਦਾ ਮਤਲਬ ਉਸ ਤਰ੍ਹਾਂ ਦੀ ਸਾਵਨਵਾਦੀ ਜ਼ਮੀਨ ਨਾਲ ਜੁੜਨਾ( ਜ਼ਮੀਨ ਨਾਲ ਜੁੜੇ ਬਰੈਂਡਡ ਬੁੱਧੀਜੀਵੀ) ਨਹੀਂ ਕਿ ਨਾਵਲ ਜਾਂ ਕਹਾਣੀ ਦੀ ਅਸਲ ਰਚਨਾ ਤਾਂ ਸੱਥ/ਖੇਤ ਦੀ ਵੱਟ ਜਾਂ ਸੂਏ ਦੇ ਨੱਕੇ 'ਤੇ ਬਹਿਕੇ ਹੀ ਕੀਤੀ ਜਾ ਸਕਦੀ ਹੈ।ਏਨਾ ਮਤਲਬ ਜ਼ਰੂਰ ਹੈ ਕਿ ਜ਼ਿੰਦਗੀ ਨੂੰ ਨੇੜਿਓਂ ਵੇਖਣ ਵਾਲੇ ਪੇਂਡੂ ਸਮਾਜਿਕ ਯਥਾਰਥ/ਅਮਲ ਦੇ ਜ਼ਿਆਦਾ ਨੇੜੇ ਜ਼ਰੂਰ ਹੁੰਦੇ ਹਨ।ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਅਮਲ ਤੇ ਸਿਧਾਂਤ ਦਾ ਸੰਤੁਲਿਤ ਮੇਲ ਹੁੰਦੈ ਤਾਂ ਦੁਨੀਆਂ 'ਤੇ ਰਸੂਲ ਹਮਜ਼ਾਤੋਵ ਵਰਗਾ ਸਹਿਤਕਾਰ ਪੈਦਾ ਹੁੰਦੈ,ਜਿਸ ਦੀ ਲਿਖਤ ਦਾ ਇਕ ਇਕ ਅੱਖਰ ਸਤਰੰਗੀ ਪੀਂਘ ਤੇ ਖੂਹ ਦੇ ਛਲਕਦੇ ਪਾਣੀ ਦੇ ਤੁਰੱਨਮ ਜਿਹਾ ਹੁੰਦਾ ਹੈ।ਆਖਰ 'ਚ ਇਹੀ ਕਹਾਂਗਾਂ ਆਰਥਿਕਤਾ ਤੇ ਕੁਝ ਲੱਭਣ ਖੋਜਣ ਦੇ ਚੱਕਰ 'ਚ ਸ਼ਹਿਰੀ ਜ਼ਰੂਰ ਹੋ ਗਏ ਹਾਂ ਪਰ ਅੱਜ ਵੀ ਜ਼ਿੰਦਗੀ ਦੇ ਸਾਰੇ ਸੋਮਿਆਂ 'ਤੇ ਪਹਿਲਾ ਹੱਕ ਪੇਂਡੂ ਹੈ।ਪਰ ਪਤਾ ਨਹੀਂ ਕਦੇ ਕਦੇ ਕਿਉਂ ਲਗਦੈ ਕਿ:
ਹੁਣ ਘਰਾਂ ਨੂੰ ਪਰਤਣਾ ਮੁਸ਼ਕਿਲ ਬੜਾ,
ਕੌਣ ਪਛਾਣੇਗਾ ਸਾਨੂੰ,
ਮੱਥੇ 'ਤੇ ਮੌਤ ਦਸਖਤ ਕਰ ਗਈ ਹੈ।
ਚਿਹਰੇ 'ਤੇ ਯਾਰ ਪੈੜਾਂ ਛੱਡ ਗਏ ਨੇ,
ਸ਼ੀਸ਼ੇ ਵਿਚੋਂ ਕੋਈ ਹੋਰ ਝਾਕਦੈ।
ਗੀਤ
ਸ਼ਹਿਰ ‘ਚ ਰੁਝਿਆ ਰਹਿੰਦਾ ਹਰ ਪਲ ਵੱਡਾ ਵੀਰਾ ਤੇਰਾ ਵੇ।
ਮਸਾਂ ਮਸਾਂ ਪਿੰਡ ਗੇੜਾ ਵੱਜਿਆ ਅੱਜ ਵੀਰਿਆ ਮੇਰਾ ਵੇ।
ਕਿੰਨੇ ਸਾਲਾਂ ਮਗਰੋਂ ਦਿਲ ਦੇ, ਪੂਰੇ ਕਰਦੇ ਚਾਅ ਵੀਰਿਆ।
ਪਿੰਡ ਦੀ ਗੱਲ਼ ਸੁਣਾ ਵੀਰਿਆ, ਬਚਪਨ ਯਾਦ ਕਰਾ ਵੀਰਿਆ।
ਸ਼ਹਿਰ ‘ਚ ਘਰ ਤੋਂ ਕੰਮ ਤੇ, ਕੰਮ ਤੋਂ ਸ਼ਾਮੀ ਘਰ ਮੁੜ ਆਉਂਦਾ ਹਾਂ।
ਬਹਿ ਕੇ ਟੀ.ਵੀ. ਮੂਹਰੇ ਦੋ ਪਲ, ਆਪਣਾ ਚਿੱਤ ਪਰਚਾਉਂਦਾ ਹਾਂ।
ਚੱਲ਼ ਮੇਰੇ ਨਾਲ ਸੱਥ ਵਿੱਚ ਬਹਿ ਕੇ, ਤਾਂਸ਼ ਦੀ ਬਾਜ਼ੀ ਲਾ ਵੀਰਿਆ।
ਪਿੰਡ ਦੀ ਗੱਲ਼ ਸੁਣਾ ਵੀਰਿਆ ………………………
ਸ਼ਹਿਰੀ ਖਾਣਾ ਪੀਣਾ ਵੀ ਨਾ, ਦਿਲ ਮੇਰੇ ਨੂੰ ਭਾਉਂਦਾ ਵੇ।
ਦੁੱਧ ਮਿਲੇ ਜਦ ਪਾਣੀ ਵਾਲਾ, ਪਿੰਡ ਦਾ ਚੇਤਾ ਆਉਂਦਾ ਵੇ।
ਚਾਹ ਨੂੰ ਕੱਢ ਗਲਾਸਾਂ ਵਿੱਚੋਂ, ਬਾਟੀਆਂ ਦੇ ਵਿੱਚ ਪਾ ਵੀਰਿਆ।
ਪਿੰਡ ਦੀ ਗੱਲ਼ ਸੁਣਾ ਵੀਰਿਆ …………………………
ਸ਼ਹਿਰ ਦੀਆਂ ਭੀੜਾਂ ਵਿੱਚ ਹਰ ਥਾਂ, ਪੈਂਦਾ ਰਹਿੰਦਾ ਰੌਲ਼ਾ ਵੇ।
ਦਿਲ ਮੇਰਾ ਅੱਜ ਪਿੰਡ ਵਿੱਚ ਆ ਕੇ, ਹੋ ਗਿਆ ਹੌਲ਼ਾ ਹੌਲ਼ਾ ਵੇ।
ਸੀਨੇ ਦੇ ਵਿੱਚ ਰਹਿਣ ਸੁਲਗਦੇ, ਖੇਤਾਂ ਵਾਲੇ ਰਾਹ ਵੀਰਿਆ।
ਪਿੰਡ ਦੀ ਗੱਲ਼ ਸੁਣਾ ਵੀਰਿਆ …………………………
ਦਿਲ ਕਰੇ ਦਿੱਲੀ ਨੂੰ ਛੱਡ ਕੇ, ਪਿੰਡ ਧਨੌਲੇ ਆਵਾਂ ਮੈਂ।
ਆਪਣੇ ਪਿਆਰੇ ਪਿੰਡ ਵਿੱਚ ਰਹਿ ਕੇ, ਪਿੰਡ ਵਰਗਾ ਹੋ ਜਾਵਾਂ ਮੈਂ।
ਏਹ ਤੇਰੇ ਗੁਰਪਾਲ ਬਾਈ ਦੀ, ਇੱਕੋ ਇੱਕ ਦੁਆ ਵੀਰਿਆ।
ਪਿੰਡ ਦੀ ਗੱਲ਼ ਸੁਣਾ ਵੀਰਿਆ, ਬਚਪਨ ਯਾਦ ਕਰਾ ਵੀਰਿਆ।
Subscribe to:
Post Comments (Atom)
bahut khoob bai ji...
ReplyDeleteBeautiful!
ReplyDeletegurpal tera geet padea.purani sanj hai is lai teri likhan di sheli janda han.teri lekhni vich sehjta dino din hor parfulat ho rahi hai.surjeet patar vargi .changi gal hai.tera veer
ReplyDeletesukhi barnala
guru kirpa kare asin sare DES PUNJAB nun pyaar karan wale ban jayiye.je sade sareyan andron Veer Gurpal vaang pindan layi pyaar jaag paye tan delhi tan ki lok canada america ton pindan vall vahiran khatt den ge .................chandre notan ne mere putt pardesi kite
ReplyDeleteNavdeep Singh Sakraudi