ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, July 12, 2013

ਅਮਰੀਕਾ 'ਚ ਜਨਤਕ ਜਾਸੂਸੀ ਦੇ ਡੂੰਘੇ ਮਾਅਨੇ

ਓਬਾਮਾ ਸਰਕਾਰ ਵਲੋਂ ਦਹਿ ਕਰੋੜਾਂ ਅਮਰੀਕੀਆਂ ਅਤੇ ਦੁਨੀਆ ਭਰ ਦੇ ਨਾਗਰਿਕਾਂ ਦੇ ਸੰਚਾਰ ਸਾਧਨਾਂ ਦੀ ਜਾਸੂਸੀ ਕਰਨ ਲਈ ਕੌਮੀ ਸੁਰੱਖਿਆ ਏਜੰਸੀ ਦੀ ਵਰਤੋਂ ਕੀਤੇ ਜਾਣ ਦਾ ਭਾਂਡਾ ਭੱਜ ਜਾਣ ਨਾਲ ਦੁਨੀਆ ਭਰ 'ਚ ਨਿਖੇਧੀਆਂ ਦਾ ਸਿਲਸਿਲਾ ਛਿੜ ਗਿਆ ਹੈ। ਵਿਆਪਕ ਮੀਡੀਆ ਕਵਰੇਜ ਅਤੇ ਸ਼ਹਿਰੀ ਹੱਕਾਂ ਦੀਆਂ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਅਮਰੀਕਾ ਵਿਚ ਇਸ ਬਾਰੇ ਕੋਈ ਜਨਤਕ ਰੋਸ ਵਿਖਾਵੇ ਨਹੀਂ ਹੋਏ। ਅਮਰੀਕੀ ਕਾਂਗਰਸ ਵਿਚ ਰਿਪਬਲਿਕਨ ਤੇ ਡੈਮੋਕਰੇਟਿਕ ਦੋਵਾਂ ਪਾਰਟੀਆਂ ਦੇ ਆਗੂਆਂ ਤੇ ਨਾਲ ਹੀ ਚੋਟੀ ਦੇ ਜੱਜਾਂ ਵਲੋਂ ਬੇਮਿਸਾਲ ਘਰੋਗੀ ਜਾਸੂਸੀ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਜਾਂਦੀ ਰਹੀ ਹੈ। ਹੋਰ ਵੀ ਮਾੜੀ ਗੱਲ, ਜਦੋਂ ਜਾਸੂਸੀ ਦੀਆਂ ਵਿਆਪਕ ਕਾਰਵਾਈਆਂ ਜ਼ਾਹਰ ਹੋ ਗਈਆਂ, ਸੈਨੇਟ ਅਤੇ ਕਾਂਗਰਸ ਦੇ ਚੋਟੀ ਦੇ ਆਗੂਆਂ ਨੇ ਅਮਰੀਕੀ ਸ਼ਹਿਰੀਆਂ ਨਾਲ ਸਬੰਧਤ ਹਰ ਬਿਜਲਈ ਅਤੇ ਲਿਖਤੀ ਵਾਰਤਾਲਾਪ ਨੂੰ ਸੰਨ ਲਾਉਣ ਦੀ ਹਰ ਕਾਰਵਾਈ ਉੱਪਰ ਆਪਣੀ ਸਹਿਮਤੀ ਦੀ ਮੋਹਰ ਮੁੜ ਲਗਾ ਦਿੱਤੀ। ਪ੍ਰਧਾਨ ਓਬਾਮਾ ਅਤੇ ਉਸ ਦੇ ਅਟਾਰਨੀ ਜਰਨਲ ਹੋਲਡਰ ਨੇ ਸ਼ਰੇਆਮ ਅਤੇ ਧੜੱਲੇ ਨਾਲ ਐੱਨ ਐੱਸ ਏ ਦੀਆਂ ਸਰਵਵਿਆਪਕ ਜਾਸੂਸੀ ਕਾਰਵਾਈਆਂ ਦੀ ਹਮਾਇਤ ਕੀਤੀ।ਸ਼ਹਿਰੀਆਂ ਦੀ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਰੋਕਾਂ ਲਾਉਣ ਵਾਲੇ ਇਸ ਵਿਆਪਕ ਪੁਲਿਸ ਢਾਂਚੇ ਅਤੇ ਸਿਵਲ ਸਮਾਜ ਵਿਚ ਸੰਨ ਲਾਉਣ ਤੇ ਇਸ ਨੂੰ ਰਾਜ ਦੇ ਕੰਟਰੋਲ ਹੇਠ ਲੈਣ ਨਾਲ ਉੱਠੇ ਮੁੱਦੇ ਮਹਿਜ਼ 'ਨਿੱਜਤਾ ਦੀ ਉਲੰਘਣਾ' ਨਹੀਂ ਹਨ, ਜਿਵੇਂ ਕਈ ਕਾਨੂੰਨੀ ਮਾਹਰਾਂ ਨੇ ਮੁੱਦਾ ਚੁੱਕਿਆ ਹੈ ਸਗੋਂ ਇਸ ਦੇ ਨਤੀਜੇ ਇਸ ਤੋਂ ਕਿਤੇ ਅਗਾਂਹ ਤਕ ਜਾਂਦੇ ਹਨ।

ਸ਼ਹਿਰੀ ਹੱਕਾਂ ਨਾਲ ਸਬੰਧਤ ਜ਼ਿਆਦਾਤਰ ਲੋਕਾਂ ਦੀ ਚਰਚਾ ਵਿਅਕਤੀਗਤ ਹੱਕਾਂ, ਸੰਵਿਧਾਨਕ ਗਾਰੰਟੀਆਂ ਅਤੇ ਨਾਗਰਿਕਾਂ ਦੀ ਨਿੱਜਤਾ ਦੇ ਹੱਕਾਂ ਦੀਆਂ ਉਲੰਘਣਾਵਾਂ ਉੱਪਰ ਕੇਂਦਰਤ ਹੈ। ਇਹ ਅਹਿਮ ਕਾਨੂੰਨੀ ਮੁੱਦੇ ਹਨ ਅਤੇ ਇਨ੍ਹਾਂ ਨੂੰ ਉਠਾਉਣ ਵਾਲੇ ਆਲੋਚਕਾਂ ਦੀ ਗੱਲ ਸਹੀ ਹੈ। ਪਰ, ਇਹ ਸੰਵਿਧਾਨਕ-ਕਾਨੂੰਨੀ ਆਲੋਚਕ ਇਸ ਤੋਂ ਅੱਗੇ ਨਹੀਂ ਜਾਂਦੇ; ਉਹ ਤਾਂ ਵਧੇਰੇ ਬੁਨਿਆਦੀ ਮੁੱਦਿਆਂ ਨੂੰ ਉਠਾਉਣ 'ਚ ਵੀ ਅਸਫ਼ਲ ਰਹਿੰਦੇ ਹਨ; ਉਹ ਬੁਨਿਆਦੀ ਸਿਆਸੀ ਸਵਾਲਾਂ ਤੋਂ ਟਾਲਾ ਵੱਟਦੇ ਹਨ।

ਪੁਲਿਸ ਰਾਜ ਦਾ ਅਜਿਹਾ ਵਿਆਪਕ ਢਾਂਚਾ ਅਤੇ ਸਰਵ-ਵਿਆਪਕ ਜਾਸੂਸੀ ਸੱਤਾਧਾਰੀ ਰਾਜ ਲਈ ਐਨੀ ਕੇਂਦਰੀ ਕਿਵੇਂ ਬਣ ਗਈ? ਸਮੁੱਚੀ ਹਕੂਮਤ, ਸੰਵਿਧਾਨ-ਘੜਨੀ ਅਤੇ ਨਿਆਂਇਕ ਲੀਡਰਸ਼ਿਪ ਕੁਲ ਸੰਵਿਧਾਨਕ ਗਾਰੰਟੀਆਂ ਦੀ ਅਜਿਹੀ ਖੁੱਲੀ ਉਲੰਘਣਾ ਦੇ ਹੱਕ 'ਚ ਕਿਉਂ ਖੜ ਗਈ? ਚੁਣੇ ਹੋਏ ਸਿਆਸੀ ਆਗੂ ਸ਼ਹਿਰੀਆਂ ਖ਼ਿਲਾਫ਼ ਅਜਿਹੀ ਸਰਵਵਿਆਪਕ ਸਿਆਸੀ ਜਾਸੂਸੀ ਦਾ ਪੱਖ ਕਿਉਂ ਪੂਰਦੇ ਹਨ? ਪੁਲਿਸ ਰਾਜ ਦੀ ਲੋੜ ਕਿਸ ਤਰ੍ਹਾਂ ਦੀ ਸਿਆਸਤ ਨੂੰ ਹੈ? ਕਿਸ ਤਰ੍ਹਾਂ ਦੀਆਂ ਲੰਮੇ ਸਮੇਂ ਤਕ ਚਲਣ ਵਾਲੀਆਂ, ਵੱਡੇ ਪੈਮਾਨੇ ਦੀਆਂ ਘਰੋਗੀ ਅਤੇ ਬਦੇਸ਼ ਨੀਤੀਆਂ ਗ਼ੈਰਕਾਨੂੰਨੀ ਅਤੇ ਅਸੰਵਿਧਾਨਕ ਹਨ ਜੋ ਓਦੋਂ ਘਰੋਗੀ ਜਾਸੂਸੀ ਕਰਨ ਵਾਲਿਆਂ ਦਾ ਇਕ ਵਿਆਪਕ ਤਾਣਾਬਾਣਾ ਤਿਆਰ ਕਰਨ ਅਤੇ ਸੈਂਕੜੇ ਅਰਬ ਡਾਲਰ ਖ਼ਰਚਕੇ ਤਕਨੀਕੀ ਜਾਸੂਸੀ ਦਾ ਕਾਰਪੋਰੇਟ ਤੇ ਰਾਜ ਦਾ ਸਾਂਝਾ ਬੁਨਿਆਦੀ ਢਾਂਚਾ ਖੜਾ ਕਰਨ ਲਈ ਜ਼ਰੂਰੀ ਸਮਝੀਆਂ ਗਈਆਂ ਜਦੋਂ 'ਸੰਜਮ' ਵਾਲੇ ਬਜਟ ਦਾ ਦੌਰ ਹੈ ਅਤੇ ਸਮਾਜਿਕ ਪ੍ਰੋਗਰਾਮਾਂ ਨੂੰ ਛਾਂਗਿਆ ਜਾ ਰਿਹਾ ਹੈ?

ਦੂਜੀ ਵੰਨਗੀ ਦੇ ਸਵਾਲ ਜਾਸੂਸੀ ਕੀਤੇ ਡਾਟਾ ਦੀ ਵਰਤੋਂ ਤੋਂ ਪੈਦਾ ਹੁੰਦੇ ਹਨ। ਹੁਣ ਤਕ ਜ਼ਿਆਦਾਤਰ ਆਲੋਚਕਾਂ ਨੇ ਰਾਜ ਵਲੋਂ ਵਿਆਪਕ ਜਸੂਸੀ ਦੀ ਹੋਂਦ ਬਾਰੇ ਤਾਂ ਸਵਾਲ ਉਠਾਏ ਹਨ ਪਰ ਇਸ ਅਹਿਮ ਮੁੱਦੇ ਤੋਂ ਟਾਲਾ ਵੱਟਿਆ ਹੈ ਕਿ ਜਦੋਂ ਮਾਹਰ ਜਸੂਸ ਇਕ ਵਾਰ ਵਿਅਕਤੀਆਂ, ਸਮੂਹਾਂ, ਲਹਿਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਤਾਂ ਉਹ ਕਿਸ ਤਰ੍ਹਾਂ ਦੇ ਢੰਗ ਅਪਣਾਉਂਦੇ ਹਨ? ਲਾਜ਼ਮੀ ਸਵਾਲ ਇਹ ਹੈ : ਘਰੋਗੀ ਜਸੂਸੀ ਦੇ ਇਸ ਵਿਆਪਕ ਜਾਲ ਵਲੋਂ ਜੋ ਜਾਣਕਾਰੀ ਜੁਟਾਕੇ ਗੁਪਤ ਰੂਪ 'ਚ ਜਮਾਂ ਕੀਤੀ ਜਾਂਦੀ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਉਸ ਦਾ ਸਿੱਟਾ ਕਿਸ ਤਰ੍ਹਾਂ ਦੀਆਂ ਬਦਲਾਲਊ ਕਾਰਵਾਈਆਂ ਅਤੇ ਮਨਜ਼ੂਰੀਆਂ ਵਿਚ ਨਿਕਲਦਾ ਹੈ? ਹੁਣ ਜਦੋਂ ਰਾਜ ਵਲੋਂ ਸਰਵ-ਵਿਆਪਕ, ਸਿਆਸੀ ਜਾਸੂਸੀ ਦੇ 'ਭੇਤ' ਬਾਰੇ ਜਨਤਕ ਚਰਚਾ ਛਿੜ ਹੀ ਗਈ ਹੈ ਤਾਂ ਅਗਲਾ ਕਦਮ ਉਨ੍ਹਾਂ ਖ਼ੁਫ਼ੀਆ ਕਾਰਵਾਈਆਂ ਨੂੰ ਨੰਗਾ ਕਰਨ ਦਾ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਮਾਹਰ ਜਸੂਸਾਂ ਵਲੋਂ 'ਕੌਮੀ ਸੁਰੱਖਿਆ ਲਈ ਖ਼ਤਰਾ' ਮੰਨਕੇ ਨਿਸ਼ਾਨਾ ਬਣਾਇਆ ਜਾਂਦਾ ਹੈ।

ਪੁਲਿਸ ਰਾਜ ਪਿੱਛੇ ਸਿਆਸਤ

ਰਾਜ ਦੇ ਧੜਵੈਲ ਜਸੂਸੀ ਮਸ਼ੀਨ 'ਚ ਵਟ ਜਾਣ ਦੀ ਮੂਲ ਵਜਾ ਭਾਰੀ ਤਬਾਹਕੁਨ ਘਰੋਗੀ ਅਤੇ ਬਦੇਸ਼ੀ ਨੀਤੀਆਂ ਦਾ ਸੁਭਾਅ ਹੈ ਜਿਨ੍ਹਾਂ ਨੂੰ ਹਕੂਮਤ ਐਨਾ ਜ਼ੋਰਦਾਰ ਰੂਪ 'ਚ ਅਪਣਾਕੇ ਚਲ ਰਹੀ ਹੈ। ਪੁਲਿਸ ਰਾਜ ਦੇ ਢਾਂਚੇ ਦਾ ਵਿਆਪਕ ਪਸਾਰਾ 11 ਸਤੰਬਰ ਦੇ ਦਹਿਸ਼ਗਰਦ ਹਮਲਿਆਂ ਦਾ ਹੁੰਗਾਰਾ ਨਹੀਂ ਹੈ। ਕੁਲ ਦੁਨੀਆ ਵਿਚ ਇਕ ਪਾਸੇ ਜੰਗਾਂ ਤੇ ਜਸੂਸਾਂ ਅਤੇ ਖ਼ੁਫ਼ੀਆ ਪੁਲਿਸ ਦੇ ਬਜਟ ਵਿਚ ਬੇਸ਼ੁਮਾਰ ਵਾਧਾ ਅਤੇ ਨਾਗਰਿਕਾਂ ਦੇ ਸੰਚਾਰ ਸਾਧਨਾਂ 'ਚ ਵਿਆਪਕ ਸੰਨ• ਇਕੋ ਸਮੇਂ ਹੋਏ ਹਨ। ਅਮਰੀਕਾ ਦੀ ਆਲਮੀ ਨੀਤੀ ਦਾ ਫ਼ੌਜੀਕਰਨ ਕਰਨ ਲਈ ਵਿਆਪਕ ਬਜਟ, ਸਲਤਨਤ ਉਸਾਰਨ ਲਈ ਸਮਾਜ ਭਲਾਈ ਫੰਡਾਂ 'ਚ ਕਟੌਤੀਆਂ ਜ਼ਰੂਰੀ ਹਨ। ਵਾਲ ਸਟਰੀਟ ਨੂੰ ਸੰਕਟ ਵਿਚੋਂ ਕੱਢਣ ਲਈ ਜੇ ਮਦਦ ਦੇਣੀ ਹੈ ਤਾਂ ਲੋਕਾਂ ਦੀ ਸਿਹਤ ਅਤੇ ਸਮਾਜੀ ਸੁਰੱਖਿਆ ਤੋਂ ਹੱਥ ਖਿੱਚਣਾ ਜ਼ਰੂਰੀ ਹੈ। ਇਹੀ ਨੀਤੀਆਂ ਹਨ ਜੋ ਬੈਂਕਰਾਂ ਅਤੇ ਕਾਰਪੋਰੇਸ਼ਨਾਂ ਦੇ ਮੁਨਾਫ਼ਿਆਂ 'ਚ ਭਾਰੀ ਇਜਾਫ਼ਾ ਕਰਦੀਆਂ ਹਨ ਜਦਕਿ ਉਜਰਤਾਂ ਤੇ ਤਨਖ਼ਾਹਾਂ 'ਤੇ ਕੰਮ ਕਰਨ ਵਾਲੇ ਕਾਮਿਆਂ ਉੱਪਰ ਪਿਛਾਂਹਖਿਚੂ ਟੈਕਸ ਥੋਪਦੀਆਂ ਹਨ।

ਮੁਲਕ ਤੋਂ ਬਾਹਰ ਲੰਮੀਆਂ ਅਤੇ ਫੈਲਦੀਆਂ ਜਾ ਰਹੀਆਂ ਜੰਗਾਂ ਨੂੰ ਫੰਡ ਮੁਲਕ ਦੇ ਅੰਦਰ ਲੋਕ ਭਲਾਈ ਸਕੀਮਾਂ ਦੀ ਕੀਮਤ 'ਤੇ ਦਿੱਤੇ ਗਏ ਗਏ ਹਨ। ਇਸ ਨੀਤੀ ਦਾ ਸਿੱਟਾ ਕਰੋੜਾਂ ਸ਼ਹਿਰੀਆਂ ਦੇ ਜੀਵਨ ਪੱਧਰ ਵਿਚ ਗਿਰਾਵਟ ਆਉਣ ਅਤੇ ਬਦਜ਼ਨੀ 'ਚ ਵਾਧਾ ਹੋਣ 'ਚ ਨਿਕਲਿਆ ਹੈ। ਜਨਤਕ ਵਿਰੋਧ ਦੀ ਸੰਭਾਵਨਾ ਦਾ ਸਬੂਤ ਹੈ ਥੋੜੇ ਵਕਤ ਲਈ ਚੱਲੀ ''ਵਾਲ ਸਟਰੀਟ 'ਤੇ ਕਬਜ਼ਾ ਕਰੋ'' ਲਹਿਰ ਜਿਸ ਨੂੰ 80 ਫ਼ੀ ਸਦੀ ਤੋਂ ਉੱਪਰ ਅਬਾਦੀ ਨੇ ਸਹਿਮਤੀ ਦਿੱਤੀ। ਹਾਂਪੱਖੀ ਹੁੰਗਾਰਾ ਦੇਖਕੇ ਰਾਜ ਦੇ ਕੰਨ ਖੜੇ ਹੋ ਗਏ ਅਤੇ ਇਸ ਦਾ ਸਿੱਟਾ ਸੀ ਪੁਲਿਸ ਰਾਜ ਦੇ ਕਦਮਾਂ 'ਚ ਤੇਜ਼ੀ। ਜਨਤਕ ਜਸੂਸੀ ਦਾ ਢਾਂਚਾ ਉਨ੍ਹਾਂ ਨਾਗਰਿਕਾਂ ਦੀ ਨਿਸ਼ਾਨਦੇਹੀ ਕਰਨ ਲਈ ਘੜਿਆ ਗਿਆ ਹੈ ਜੋ ਸਾਮਰਾਜੀ ਜੰਗਾਂ ਅਤੇ ਘਰੋਗੀ ਲੋਕ-ਭਲਾਈ ਢਾਂਚੇ ਨੂੰ ਤਬਾਹ ਕਰਨ ਦਾ ਵਿਰੋਧ ਕਰਦੇ ਹਨ;ਉਨ੍ਹਾਂ ਉੱਪਰ 'ਸੁਰੱਖਿਆ ਨੂੰ ਖ਼ਤਰੇ' ਦਾ ਠੱਪਾ ਲਾਉਣਾ ਉਨ੍ਹਾਂ ਨੂੰ ਪੁਲਿਸ ਦੀਆਂ ਆਪਾਸ਼ਾਹ ਤਾਕਤਾਂ ਰਾਹੀਂ ਕੰਟਰੋਲ ਕਰਨ ਦਾ ਸਾਧਨ ਹੈ। ਰਾਸ਼ਟਰਪਤੀ ਦੇ ਜੰਗੀ ਅਧਿਕਾਰਾਂ ਦਾ ਪਸਾਰਾ ਅਤੇ ਰਾਜ ਦੇ ਜਸੂਸੀ ਢਾਂਚੇ ਦਾ ਵਾਧਾ ਅਤੇ ਫੈਲਾਅ ਨਾਲੋ ਨਾਲ ਚੱਲਦੇ ਰਹੇ ਹਨ: ਬਾਹਰ ਰਾਸ਼ਟਰਪਤੀ ਜਿੰਨੇ ਵੱਧ ਡਰੋਨ ਹਮਲਿਆਂ ਦੇ ਹੁਕਮ ਦਿੰਦਾ ਹੈ, ਉਸ ਦੀਆਂ ਫ਼ੌਜੀ ਦਖ਼ਲਅੰਦਾਜ਼ੀਆਂ ਦੀ ਗਿਣਤੀ ਜਿੰਨੀ ਵਧਦੀ ਜਾਂਦੀ ਹੈ, ਰਾਸ਼ਟਰਪਤੀ ਦੁਆਲੇ ਜੁੜੇ ਸਿਆਸੀ ਕੋੜਮੇ ਦੀ ਲੋਕਾਂ ਦਾ ਵਿਰੋਧ ਉੱਠਣ ਤੋਂ ਪਹਿਲਾਂ ਹੀ ਪੁਲਿਸ ਦੀ ਸ਼ਹਿਰੀਆਂ 'ਤੇ ਨਜ਼ਰ ਰੱਖਣ ਦੀ ਲੋੜ ਓਨੀ ਹੀ ਵਧਦੀ ਜਾਂਦੀ ਹੈ। ਇਸ ਪ੍ਰਸੰਗ 'ਚ, ਲੋਕਾਂ ਦੀ ਜਸੂਸੀ ਕਰਨ ਦੀ ਨੀਤੀ 'ਪੇਸ਼ਗੀ ਕਾਰਵਾਈ' ਵਜੋਂ ਅਖ਼ਤਿਆਰ ਕੀਤੀ ਗਈ ਹੈ। ਪੁਲਿਸ ਰਾਜ ਦੀਆਂ ਕਾਰਵਾਈਆਂ ਜਿੰਨੀਆਂ ਵੱਧ ਹੋਣਗੀਆਂ, ਵਿਰੋਧੀ ਵਿਚਾਰ ਰੱਖਣ ਵਾਲੇ ਨਾਗਰਿਕਾਂ ਤੇ ਕਾਰਕੁੰਨਾਂ ਵਿਚ ਡਰ ਅਤੇ ਅਸੁਰੱਖਿਆ ਵੀ ਓਨੇ ਹੀ ਵਧੇਰੇ ਹੋਣਗੇ।

ਰਾਜ ਵਲੋਂ ਅਮਰੀਕੀ ਸ਼ਹਿਰੀਆਂ ਵਿਰੁੱਧ ਵਿਆਪਕ ਸਾਈਬਰ ਜੰਗ ਛੇੜਨ ਦੀ ਅਸਲ ਵਜਾ ਹੈ ਜੰਗਾਂ ਦੇ ਅਮੁੱਕ ਸਿਲਸਿਲੇ ਨੂੰ ਫੰਡ ਮੁਹੱਈਆ ਕਰਨ ਲਈ ਮਿਹਨਤਕਸ਼ ਅਤੇ ਮੱਧਵਰਗੀ ਅਮਰੀਕੀਆਂ ਉੱਪਰ ਹਮਲਾ ਕਰਨ ਦੀ ਲੋੜ, ਅਖੌਤੀ 'ਦਹਿਸ਼ਤਵਾਦ ਵਿਰੁੱਧ ਜੰਗ' ਇਸ ਦੀ ਵਜਾ ਨਹੀਂ ਹੈ। ਮੁੱਦਾ ਮਹਿਜ਼ ਵਿਅਕਤੀ ਦੀ ਨਿੱਜਤਾ ਦੀ ਉਲੰਘਣਾ ਦਾ ਨਹੀਂ ਹੈ: ਮੂਲ ਤੌਰ 'ਤੇ ਇਹ ਜਥੇਬੰਦ ਸ਼ਹਿਰੀਆਂ ਵਲੋਂ ਪਿਛਾਖੜੀ ਸਮਾਜੀ-ਆਰਥਕ ਨੀਤੀਆਂ ਦਾ ਆਜ਼ਾਦਾਨਾ ਤੌਰ 'ਤੇ ਜਨਤਕ ਵਿਰੋਧ ਕਰਨ ਅਤੇ ਸਲਤਨਤ ਨੂੰ ਸਵਾਲ ਕਰਨ ਦੇ ਸਮੂਹਕ ਹੱਕਾਂ ਉੱਪਰ ਰਾਜ ਵਲੋਂ ਝਪਟ ਮਾਰਨ ਦਾ ਸਵਾਲ ਹੈ। ਇਕ ਲੱਖ ਦੇ ਕਰੀਬ ਸੁਰੱਖਿਆ 'ਡਾਟਾ ਕੁਲੈਕਟਰਾਂ' ਵਾਲੇ ਸਥਾਈ ਨੌਕਰਸ਼ਾਹ ਅਦਾਰਿਆਂ ਦੇ ਨਾਲ-ਨਾਲ ਦਹਿ-ਹਜ਼ਾਰਾਂ 'ਫੀਲਡ ਓਪਰੇਟਰਾਂ', ਵਿਸ਼ਲੇਸ਼ਣਕਾਰਾਂ ਅਤੇ ਜਾਂਚ ਅਧਿਕਾਰੀਆਂ ਦਾ ਐਸਾ ਜਾਲ ਫੈਲਾਇਆ ਗਿਆ ਹੈ ਜੋ ਆਪਣੇ ਹੁਕਮਰਾਨ ਰਾਜਸੀ ਬੌਸਾਂ ਦੀਆਂ ਰਾਜਸੀ ਲੋੜਾਂ ਅਨੁਸਾਰ ਵੱਖਰੇ ਵਿਚਾਰਾਂ ਵਾਲੇ ਨਾਗਰਿਕਾਂ ਨੂੰ 'ਸੁਰੱਖਿਆ ਲਈ ਖ਼ਤਰਾ' ਨਾਮਜ਼ਦ ਕਰਨ ਅਤੇ ਉਨ੍ਹਾਂ ਨੂੰ ਬਦਲਾਲਊ ਕਾਰਵਾਈਆਂ ਦਾ ਨਿਸ਼ਾਨਾ ਬਣਾਉਣ ਲਈ ਆਪਹੁਦਰੀਆਂ ਕਾਰਵਾਈਆਂ 'ਚ ਜੁਟਿਆ ਹੋਇਆ ਹੈ। ਪੁਲਿਸ ਰਾਜ ਢਾਂਚੇ ਦੇ ਆਪਣੀ ਸੁਰੱਖਿਆ ਅਤੇ ਖ਼ੁਦ ਨੂੰ ਸਥਾਈ ਬਣਾਈ ਰੱਖਣ ਦੇ ਆਪਣੇ ਹੀ ਨੇਮ ਹਨ; ਇਸ ਦੇ ਆਪਣੇ ਹੀ ਸੰਪਰਕ ਹਨ ਅਤੇ ਕਦੇ ਕਦੇ ਤਾਂ ਇਹ ਪੈਂਟਾਗਾਨ ਨਾਲ ਮੁਕਾਬਲੇਬਾਜ਼ੀ ਵਿਚ ਵੀ ਪੈ ਸਕਦਾ ਹੈ। ਪੁਲਿਸ ਰਾਜ ਦੀਆਂ ਤਾਰਾਂ ਵਾਲ ਸਟਰੀਟ ਦੇ ਆਕਾਵਾਂ ਅਤੇ ਮਾਸ ਮੀਡੀਆ ਦੇ ਪ੍ਰਚਾਰਕਾਂ ਨਾਲ ਜੁੜੀਆਂ ਹੋਈਆਂ ਹਨ ਅਤੇ ਇਹ ਉਨ੍ਹਾਂ ਦੀ ਰਾਖੀ ਕਰਦਾ ਹੈ – ਇਥੋਂ ਤਕ ਕਿ ਇਹ ਉਨ੍ਹਾਂ ਦੀ ਜਾਸੂਸੀ ਵੀ ਕਰੇਗਾ.

ਪੁਲਿਸ ਰਾਜ ਕਾਰਜਕਾਰੀ ਸ਼ਾਖ਼ਾ (ਹਕੂਮਤ) ਦਾ ਸੰਦ ਹੈ ਜੋ ਇਸ ਦੀਆਂ ਆਪਹੁਦਰੀਆਂ ਵਿਸ਼ੇਸ਼ ਅਧਿਕਾਰਾਂ ਵਾਲੀਆਂ ਤਾਕਤਾਂ ਦੇ ਵਾਹਨ ਵਜੋਂ ਕੰਮ ਕਰਦਾ ਹੈ। ਜਦਕਿ ਪ੍ਰਸ਼ਾਸਨਿਕ ਮਾਮਲਿਆਂ 'ਚ, ਇਹ ਵੱਖਰੇ ਵਿਚਾਰ ਰੱਖਣ ਦੀ ਸੋਚ ਨੂੰ ਨਿਸ਼ਾਨਾ ਬਣਾਉਣ ਲਈ ਇਕ ਹੱਦ ਤਕ 'ਖ਼ੁਦਮੁਖਤਿਆਰੀ' ਰੱਖਦਾ ਹੈ। ਇਹ ਸਾਫ਼ ਹੈ ਕਿ ਬਹੁਤ ਜ਼ਿਆਦਾ ਇਕਸੁਰਤਾ, ਸਿੱਧਾ ਬੰਧੇਜ ਅਤੇ ਇਕ ਦੂਜੇ ਦੀ ਰਾਖੀ ਇਸ ਦਰਜ਼ੇਬੰਦੀ ਵਿਚ ਉੱਪਰ ਤੋਂ ਲੈ ਕੇ ਹੇਠਾਂ ਤਕ ਮੌਜੂਦ ਹਨ। ਇਹ ਤੱਥ ਇਸ ਨੇਮ ਦੀ ਹੀ ਪ੍ਰੋੜਤਾ ਕਰਦਾ ਹੈ ਕਿ ਨਾਗਰਿਕਾਂ ਦੀ ਜਸੂਸੀ ਕਰਨ ਵਾਲੇ ਦਹਿ ਲੱਖਾਂ ਜਸੂਸਾਂ ਵਿਚੋਂ ਜੋ ਇਕ ਐਡਵਰਡ ਸਨੋਡੈਨ ਅੱਗੇ ਆਇਆ ਹੈ, ਉਹ ਇਕੱਲਾ ਪਹਿਰੇਦਾਰ ਹੈ ਅਤੇ ਇਕ ਵਿਸ਼ੇਸ਼ ਮਾਮਲਾ ਹੈ। ਯੂਰਪ ਅਤੇ ਉਤਰੀ ਅਮਰੀਕਾ ਦੇ ਕੁਲ ਮਾਫ਼ੀਆ ਘਰਾਣਿਆਂ ਨਾਲੋਂ ਅਮਰੀਕਾ ਦੇ ਦਸ ਲੱਖ ਜਾਸੂਸਾਂ ਦੇ ਜਾਲ ਨੂੰ ਬੇਦਾਵਾ ਦੇਣ ਵਾਲੇ ਬਹੁਤ ਥੋੜੇ ਲੱਭਣਗੇ।

ਆਪਣੇ ਮੁਲਕ ਅੰਦਰਲੇ ਅਤੇ ਬਦੇਸ਼ੀ ਸੰਗੀਆਂ ਦੇ ਤਾਕਤਵਰ ਜਾਲ ਦੇ ਬਲਬੂਤੇ ਘਰੋਗੀ ਜਸੂਸੀ ਢਾਂਚਾ ਬੇਖ਼ੌਫ਼ ਹੋ ਕੇ ਕੰਮ ਕਰਦਾ ਹੈ। ਅਮਰੀਕੀ ਕਾਂਗਰਸ ਦੀ ਦੋ-ਧਿਰੀ ਪੂਰੀ ਲੀਡਰਸ਼ਿਪ ਇਸ ਦੀਆਂ ਕਾਰਵਾਈਆਂ ਦੀ ਹਮਰਾਜ਼ ਹੈ ਅਤੇ ਇਸ ਦੀ ਇਸ ਵਿਚ ਮਿਲੀਭੁਗਤ ਹੈ। ਅੰਦਰੂਨੀ ਰੈਵੀਨਿਊ ਸੇਵਾ ਵਰਗੀਆਂ ਸਬੰਧਤ ਸਰਕਾਰੀ ਸ਼ਾਖਾਵਾਂ ਨਿਸ਼ਾਨਾ ਬਣਾਏ ਜਾਣ ਵਾਲੇ ਸਿਆਸੀ ਗਰੁੱਪਾਂ ਤੇ ਵਿਅਕਤੀਆਂ ਬਾਰੇ ਜਾਣਕਾਰੀ ਦੇਣ ਅਤੇ ਇਸ ਦੀ ਪੈਰਵੀ ਕਰਨ 'ਚ ਸਹਿਯੋਗ ਦਿੰਦੀਆਂ ਹਨ। ਜਿਵੇਂ ਇਸਰਾਇਲੀ ਪ੍ਰੈੱਸ ਵਿਚ ਜ਼ਿਕਰ ਹੋਇਆ ਹੈ (8 ਜੂਨ 2013), ਇਸਰਾਇਲ ਕੌਮੀ ਸੁਰੱਖਿਆ ਏਜੰਸੀ ਦਾ ਅਹਿਮ ਬਦੇਸ਼ੀ ਸੰਗੀ ਹੈ। ਇਸਰਾਇਲ ਦੀ ਖ਼ੁਫ਼ੀਆ ਪੁਲਿਸ (ਮੋਸਾਦ) ਨਾਲ ਇਸਰਾਇਲ ਦੀਆਂ ਜਿਹੜੀਆਂ ਦੋ ਆਹਲਾ ਤਕਨੀਕੀ ਫਰਮਾਂ (ਵੇਰਿੰਟ ਅਤੇ ਨਾਰੂਸ) ਜੁੜੀਆਂ ਹੋਈਆਂ ਹਨ, ਉਨ੍ਹਾਂ ਨੇ ਐੱਨ ਐੱਸ ਏ ਨੂੰ ਜਸੂਸੀ ਸਾਫਟਵੇਅਰ ਮੁਹੱਈਆ ਕਰਾਇਆ ਹੈ ਅਤੇ ਯਕੀਨਨ ਹੀ ਇਸ ਨਾਲ ਅਮਰੀਕਾ ਵਿਚ ਇਸਰਾਇਲ ਵਲੋਂ ਉਨ੍ਹਾਂ ਅਮਰੀਕੀਆਂ ਦੀ ਜਸੂਸੀ ਦਾ ਰਾਸਤਾ ਖੁੱਲ ਗਿਆ ਹੈ ਜੋ ਯਹੂਦੀਵਾਦੀ ਰਾਜ ਦੀ ਵਿਰੋਧਤਾ ਕਰਦੇ ਹਨ। ਲੇਖਕ ਅਤੇ ਆਲੋਚਕ ਸਟੀਵ ਲੇਂਡਮੈਨ ਧਿਆਨ ਦਿਵਾਉਂਦਾ ਹੈ ਕਿ ਇਸਰਾਇਲ ਦੇ ਜਸੂਸੀ ਮਾਹਰ ਆਪਣੀਆਂ ਸਾਫਟਵੇਅਰ ''ਫਰੰਟ ਕੰਪਨੀਆਂ'' ਜ਼ਰੀਏ ਬਿਨਾ ਕਿਸੇ ਡਰ-ਭੈ ਦੇ ''ਵਪਾਰਕ ਅਤੇ ਸਨਅਤੀ ਡਾਟਾ ਚੋਰੀ ਕਰਨ'' ਦੇ ਲੰਮੇ ਸਮੇਂ ਤੋਂ ਸਮਰੱਥ ਹਨ। ਅਤੇ 52 ਵੱਡੀਆਂ ਅਮਰੀਕੀ ਯਹੂਦੀ ਜਥੇਬੰਦੀਆਂ ਦੇ ਪ੍ਰਧਾਨਾਂ ਦੀ ਤਾਕਤ ਅਤੇ ਰਸੂਖ਼ ਕਾਰਨ, ਨਿਆਂ ਮਹਿਕਮੇ ਦੇ ਅਧਿਕਾਰੀਆਂ ਵਲੋਂ ਇਸਰਾਇਲੀ ਵਲੋਂ ਜਸੂਸੀ ਕੀਤੇ ਜਾਣ ਦੇ ਦਰਜਨਾਂ ਮਾਮਲੇ ਵਾਪਸ ਲੈਣ ਦੇ ਹੁਕਮ ਦਿੱਤੇ ਗਏ ਹਨ। ਇਸਰਾਇਲੀ-ਅਮਰੀਕੀ ਜਸੂਸੀ ਢਾਂਚੇ ਦੇ ਗੂੜੇ ਰਿਸ਼ਤੇ ਇਸ ਦੀਆਂ ਕਾਰਵਾਈਆਂ ਅਤੇ ਸਿਆਸੀ ਟੀਚਿਆਂ ਦੀ ਡੂੰਘੇਰੀ ਜਾਂਚ ਕੀਤੇ ਜਾਣ ਨੂੰ ਰੋਕਣ ਦਾ ਕੰਮ ਕਰਦੇ ਹਨ - ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਪੱਖੋਂ ਬਹੁਤ ਹੀ ਭਾਰੀ ਕੀਮਤ ਤਾਰਕੇ। ਇਨ੍ਹਾਂ ਸਾਲਾਂ ਦੀਆਂ ਦੋ ਮਿਸਾਲਾਂ ਬਹੁਤ ਉੱਘੜਵੀਂਆਂ ਹਨ: ਪੈਨਿਨਸਿਲਵੇਨੀਆ ਦੇ ਘਰੋਗੀ ਸੁਰੱਖਿਆ ਮਹਿਕਮੇ ਵਲੋਂ ਸਰਕਾਰ ਦੀ ਨੁਕਤਾਚੀਨੀ ਕਰਨ ਵਾਲਿਆਂ ਅਤੇ ਵਾਤਾਵਰਣ ਸਬੰਧੀ ਕਾਰਕੁੰਨਾਂ (ਇਸਰਾਇਲੀਆਂ ਨੇ ਇਨ੍ਹਾਂ ਦੀ ਤੁਲਨਾ 'ਅਲ ਕਾਇਦਾ ਦਹਿਸ਼ਤਗਰਦਾਂ' ਨਾਲ ਕੀਤੀ) ਦੀ ਤਫ਼ਤੀਸ਼ ਕਰਨ ਅਤੇ ਉਨ੍ਹਾਂ ਨੂੰ 'ਸਟੈਸੀ ਵਰਗੇ' (ਜਰਮਨ ਘਰੋਗੀ ਸੁਰੱਖਿਆ ਮੰਤਰਾਲੇ) ਦਮਨ ਦਾ ਨਿਸ਼ਾਨਾ ਬਣਾਉਣ ਦੇ ਮਕਸਦ ਨਾਲ ਸਲਾਹ ਲੈਣ ਦਾ ਠੇਕਾ ਇਸਰਾਇਲੀ ਸੁਰੱਖਿਆ ਮਾਹਰਾਂ ਨਾਲ ਕੀਤਾ ਗਿਆ ਸੀ - ਜਿਸ ਦਾ ਭੇਤ ਖੁੱਲ ਜਾਣ ਨਾਲ 2010 ਵਿਚ ਹੋਮਲੈਂਡ ਸਕਿਊਰਿਟੀ ਦਫ਼ਤਰ ਦੇ ਨਿਰਦੇਸ਼ਕ ਜੇਮਜ਼ ਪਾਵਰਜ਼ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ। 2003 'ਚ ਨਿਊ ਜਰਸੀ ਦੇ ਰਾਜਪਾਲ, ਜਿਮ ਮੈਕਗ੍ਰੀਵੀ ਨੇ ਆਪਣੀ ਮਾਸ਼ੂਕਾ, ਇਸਰਾਇਲੀ ਹਕੂਮਤ ਦੀ ਕਾਰਿੰਦਾ ਅਤੇ ਸਾਬਕਾ ਆਈ ਡੀ ਐੱਫ ਅਫ਼ਸਰ ਨੂੰ ਉਸ ਰਾਜ ਦੇ 'ਹੋਮਲੈਂਡ ਸਕਿਊਰਿਟੀ ਮਹਿਕਮੇ' ਦੀ ਮੁਖੀ ਥਾਪ ਦਿੱਤਾ ਅਤੇ 2004 ਦੇ ਅਖ਼ੀਰ 'ਚ ਇਸਰਾਈਲੀ ਗੋਲਾਨ ਸਿਪਲ ਦੀ ਬਲੈਕਮੇਲ ਕਰਨ ਲਈ ਨਿਖੇਧੀ ਕਰਦਿਆਂ ਅਸਤੀਫ਼ਾ ਦੇ ਦਿੱਤਾ। ਇਹ ਮਿਸਾਲਾਂ ਇਸਰਾਇਲੀ ਪੁਲਿਸ ਰਾਜ ਦੇ ਦਾਅਪੇਚਾਂ ਦੇ ਅਮਰੀਕੀ ਘਰੋਗੀ ਦਮਨ ਵਿਚ ਪ੍ਰਭਾਵ ਅਤੇ ਵਿਆਪਕਤਾ ਉੱਪਰ ਚਾਨਣਾ ਪਾਉਣ ਵਾਲਾ ਨਿੱਕਾ ਜਿਹਾ ਨਮੂਨਾ ਹਨ।

ਜਸੂਸ ਰਾਜ ਦੇ ਰਾਜਸੀ ਅਤੇ ਆਰਥਕ ਨਤੀਜੇ

ਜਿੰਨੀ ਵੀ ਹੋ ਸਕੇ, ਅਵਾਮ ਦੀ ਜਸੂਸੀ ਦੀਆਂ ਕਾਰਵਾਈਆਂ ਦੀ ਭੰਡੀ ਇਕ ਹਾਂਪੱਖੀ ਕਦਮ ਹੈ। ਪਰ ਬਰਾਬਰ ਅਹਿਮ ਹੈ ਇਹ ਸਵਾਲ ਕਿ ਜਸੂਸੀ ਦੀਆ ਕਾਰਵਾਈਆਂ ਦਾ ਨਤੀਜਾ ਕੀ ਹੁੰਦਾ ਹੈ? ਅੱਜ ਅਸੀਂ ਜਾਣਦੇ ਹਾਂ ਕਿ ਰਾਜ ਵਲੋਂ ਕਰੋੜਾਂ ਅਮਰੀਕੀਆਂ ਦੀ ਜਸੂਸੀ ਕੀਤੀ ਜਾ ਰਹੀ ਹੈ। ਅਸੀਂ ਜਾਣਦੇ ਹਾਂ ਕਿ ਜਨਤਕ ਪੱਧਰ 'ਤੇ ਜਸੂਸੀ ਹਕੂਮਤ ਦੀ ਸਰਕਾਰੀ ਨੀਤੀ ਹੈ ਅਤੇ ਇਸ ਨੂੰ ਕਾਂਗਰਸ ਦੇ ਆਗੂਆਂ ਵਲੋਂ ਮਨਜ਼ੂਰੀ ਦਿੱਤੀ ਗਈ ਹੈ। ਪਰ ਸਾਡੇ ਕੋਲ ਜਾਬਰ ਕਦਮਾਂ ਦੀ ਉਹ ਟੁੱਟਵੀਂ ਜਾਣਕਾਰੀ ਹੀ ਹੈ ਜੋ ''ਸ਼ੱਕੀ ਬੰਦਿਆਂ'' ਦੀ ਪੁੱਛਗਿਛ ਨਾਲ ਸਾਹਮਣੇ ਆਈ ਹੈ। ਅਸੀਂ ਇਹ ਸੋਚ ਸਕਦੇ ਹਾਂ ਕਿ ''ਖ਼ਤਰਨਾਕ ਵਿਅਕਤੀਆਂ ਅਤੇ ਗਰੁੱਪਾਂ'' ਦਾ ਪਿੱਛਾ ਕਰਦਿਆਂ ਡਾਟਾ ਜੁਟਾਉਣ ਵਾਲਿਆਂ, ਡਾਟਾ ਵਿਸ਼ਲੇਸ਼ਣਕਾਰਾਂ ਅਤੇ ਫੀਲਡ ਵਿਚ ਕੰਮ ਕਰਨ ਵਾਲਿਆਂ ਨੇ ਆਪਸ ਵਿਚ ਕੰਮ ਵੰਡੇ ਹੋਏ ਹਨ ਉਸ ਅੰਦਰੂਨੀ ਪੈਮਾਨੇ ਦੇ ਅਧਾਰ 'ਤੇ ਜਿਸ ਦੀ ਜਾਣਕਾਰੀ ਸਿਰਫ਼ ਖ਼ੁਫ਼ੀਆ ਪੁਲਿਸ ਨੂੰ ਹੈ। ਅਹਿਮ ਜਸੂਸੀ ਕਰਨ ਵਾਲੇ ਬੰਦੇ ਉਹ ਹਨ ਜੋ ਕਿਸੇ ਨੂੰ ''ਸੁਰੱਖਿਆ ਲਈ ਖ਼ਤਰਾ'' ਦਾ ਦਰਜਾ ਦੇਣ ਦਾ ਪੈਮਾਨਾ ਬਣਾਉਂਦੇ ਹਨ ਅਤੇ ਇਸ ਨੂੰ ਅਮਲ ਵਿਚ ਲਿਆਉਂਦੇ ਹਨ। ਘਰੋਗੀ ਅਤੇ ਬਦੇਸ਼ ਨੀਤੀ ਬਾਰੇ ਪੜਚੋਲੀਆ ਵਿਚਾਰ ਰੱਖਣ ਵਾਲੇ ਵਿਅਕਤੀ ਅਤੇ ਗਰੁੱਪ ''ਖ਼ਤਰਾ'' ਹਨ; ਜਿਹੜੇ ਰੋਸ ਮੁਜ਼ਾਹਰੇ ਕਰਦੇ ਹਨ ਉਹ ''ਵੱਡਾ ਖ਼ਤਰਾ'' ਹਨ; ਜਿਹੜੇ ਲੜਾਈ ਦੇ ਖੇਤਰਾਂ ਵਿਚ ਆਉਂਦੇ ਜਾਂਦੇ ਹਨ ਉਨ੍ਹਾਂ ਨੂੰ ''ਸਭ ਤੋਂ ਵੱਡਾ ਖ਼ਤਰਾ'' ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ, ਚਾਹੇ ਉਨ੍ਹਾਂ ਨੇ ਕਾਨੂੰਨ ਦੀ ਕੋਈ ਵੀ ਉਲੰਘਣਾ ਨਾ ਕੀਤੀ ਹੋਵੇ। ਇਕ ਸ਼ਹਿਰੀ ਦੇ ਵਿਚਾਰਾਂ ਅਤੇ ਕਾਰਵਾਈਆਂ ਦੀ ਕਾਨੂੰਨ ਦੀ ਪਾਲਣਾ ਜਸੂਸੀ ਮਾਹਰਾਂ ਦੇ ਸਮੀਕਰਨ ਵਿਚ ਸ਼ਾਮਲ ਨਹੀਂ ਹੈ; ਨਾ ਹੀ ਜਸੂਸਾਂ ਵਲੋਂ ਸ਼ਹਿਰੀਆਂ ਵਿਰੁੱਧ ਕੀਤੀਆਂ ਕਾਰਵਾਈਆਂ ਦੀ ਕਾਨੂੰਨੀ ਵਾਜਬੀਅਤ ਬਾਰੇ ਸਵਾਲ ਇਸ ਵਿਚ ਸ਼ਾਮਲ ਹੈ। ਸੁਰੱਖਿਆ ਲਈ ਖ਼ਤਰੇ ਨੂੰ ਪ੍ਰੀਭਾਸ਼ਤ ਕਰਨ ਦਾ ਪੈਮਾਨਾ ਕਿਸੇ ਵੀ ਸੰਵਿਧਾਨਕ ਸੋਚ-ਵਿਚਾਰ ਅਤੇ ਬਚਾਓ ਦੇ ਸਾਧਨਾਂ ਦੀ ਥਾਂ ਲੈ ਲੈਂਦਾ ਹੈ।

ਵੱਡੀ ਤਦਾਦ ਵਿਚ ਛਪੇ ਮਾਮਲਿਆਂ ਤੋਂ ਅਸੀਂ ਜਾਣਦੇ ਹਾਂ ਕਿ ਜਿਨ੍ਹਾਂ ਕਾਨੂੰਨ ਦੇ ਪਾਬੰਦ ਆਲੋਚਕਾਂ ਦੀ ਗ਼ੈਰਕਾਨੂੰਨੀ ਤੌਰ 'ਤੇ ਜਸੂਸੀ ਕੀਤੀ ਗਈ, ਉਨ੍ਹਾਂ ਨੂੰ ਪਿੱਛੋਂ ਗ੍ਰਿਫ਼ਤਾਰ ਕਰ ਲਿਆ ਗਿਆ, ਮੁਕੱਦਮੇ ਚਲਾਏ ਗਏ ਅਤੇ ਜੇਲ ਵਿਚ ਡੱਕਿਆ ਗਿਆ - ਉਨ੍ਹਾਂ ਦੀਆਂ ਅਤੇ ਉਨ੍ਹਾਂ ਦੇ ਦੋਸਤਾਂ ਤੇ ਪਰਿਵਾਰਾਂ ਦੇ ਮੈਂਬਰਾਂ ਦੀਆਂ ਜ਼ਿੰਦਗੀਆਂ ਤਹਿਸ਼-ਨਹਿਸ਼ ਹੋ ਗਈਆਂ। ਅਸੀਂ ਜਾਣਦੇ ਹਾਂ ਕਿ 'ਫੜੋ ਫੜੀ ਦੀਆਂ ਮੁਹਿੰਮਾਂ' ਵਿਚ ਸ਼ੱਕੀ ਬੰਦਿਆਂ ਦੇ ਸੈਂਕੜੇ ਘਰਾਂ, ਕੰਮ ਦੀਆਂ ਥਾਵਾਂ ਅਤੇ ਦਫ਼ਤਰਾਂ 'ਤੇ ਛਾਪੇ ਮਾਰੇ ਗਏ। ਅਸੀਂ ਜਾਣਦੇ ਹਾਂ ਕਿ ''ਸ਼ੱਕੀ ਬੰਦਿਆਂ'' ਦੇ ਪਰਿਵਾਰਾਂ, ਉਨ੍ਹਾਂ ਨਾਲ ਸਬੰਧ ਰੱਖਣ ਵਾਲਿਆਂ, ਗੁਆਂਢੀਆਂ, ਉਨ੍ਹਾਂ ਦੇ ਗਾਹਕਾਂ ਅਤੇ ਉਨ੍ਹਾਂ ਨੂੰ ਕੰਮ ਦੇਣ ਵਾਲਿਆਂ ਤੋਂ ਪੁੱਛਗਿਛ ਕੀਤੀ ਗਈ, ਉਨ੍ਹਾਂ 'ਤੇ ਦਬਾਅ ਪਾਇਆ ਗਿਆ ਅਤੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ। ਸਭ ਤੋਂ ਵੱਧ, ਅਸੀਂ ਜਾਣਦੇ ਹਾਂ ਕਿ ਕਾਨੂੰਨ ਦੇ ਪਾਬੰਦ ਉਨ੍ਹਾਂ ਕਰੋੜਾਂ ਸ਼ਹਿਰੀਆਂ ਨੂੰ ਪੁਲਿਸ ਰਾਜ ਵਲੋਂ ਕੀਤੀਆਂ ਵਿਆਪਕ ਕਾਰਵਾਈਆਂ ਦੇ ਬਹੁਤ ਹੀ ਹਕੀਕੀ ਭੈਅ ਦਾ ਸ਼ਿਕਾਰ ਬਣਾਇਆ ਗਿਆ, ਜੋ ਘਰੋਗੀ ਆਰਥਕ ਅਤੇ ਬਦੇਸ਼ਾਂ 'ਚ ਜੰਗ ਦੀਆਂ ਨੀਤੀਆਂ ਦੇ ਆਲੋਚਕ ਹਨ। ਤੰਗ-ਪ੍ਰੇਸ਼ਾਨ ਕਰਨ ਵਾਲੇ ਇਸ ਮਾਹੌਲ ਵਿਚ, ਕੋਈ ਵੀ ਵਾਰਤਾਲਾਪ ਜਾਂ ਕਿਸੇ ਵੀ ਪ੍ਰਸੰਗ ਵਿਚ ਬੋਲੇ ਜਾਂ ਮੀਡੀਆ ਜ਼ਰੀਏ ਭੇਜੇ ਕਿਸੇ ਵੀ ਲਫ਼ਜ਼ ਨੂੰ ਅਣਪਛਾਤੇ, ਗੁਪਤ ਜਸੂਸ ''ਸੁਰੱਖਿਆ ਲਈ ਖ਼ਤਰਾ'' ਬਣਾਕੇ ਪੇਸ਼ ਕਰ ਸਕਦੇ ਹਨ - ਕਿਸੇ ਵੀ ਬੰਦੇ ਦਾ ਨਾਂ ''ਸੰਭਾਵੀ ਦਹਿਸ਼ਤਗਰਦਾਂ'' ਦੀ ਉਸ ਗੁਪਤ ਸੂਚੀ ਵਿਚ ਸ਼ਾਮਲ ਹੋ ਸਕਦਾ ਹੈ ਜੋ ਵਧਦੀ ਹੀ ਜਾਂਦੀ ਹੈ। ਪੁਲਿਸ ਰਾਜ ਦੀ ਹੋਂਦ ਅਤੇ ਪਸਾਰ ਆਪਣੇ ਆਪ ਹੀ ਤੰਗ-ਪ੍ਰੇਸ਼ਾਨ ਕਰਨ ਵਾਲੇ ਹਨ। ਐਸੇ ਸ਼ਹਿਰੀ ਹਨ ਜੋ ਦਾਅਵਾ ਕਰਨਗੇ ਕਿ ਉਨ੍ਹਾਂ ਨੂੰ ਦਹਿਸ਼ਤਗਰਦਾਂ ਤੋਂ ਬਚਾਉਣ ਲਈ ਪੁਲਿਸ ਰਾਜ ਜ਼ਰੂਰੀ ਹੈ - ਪਰ ਹੋਰ ਕਿੰਨੇ ਲੋਕ ਹਨ ਜੋ ਲੰਮੀਆਂ ਹੁੰਦੀਆਂ ਜਾ ਰਹੀਆਂ ਸੂਚੀਆਂ ਤੋਂ ਬਾਹਰ ਰਹਿਣ ਦੀ ਝਾਕ ਨਾਲ, ਕਿਸੇ ਵੀ ਸ਼ੱਕ ਤੋਂ ਬਚਣ ਦੀ ਖ਼ਾਤਰ ਆਪਣੇ ਹੀ ਰਾਜ ਦੇ ਦਹਿਸ਼ਤਗਰਦਾਂ ਨੂੰ ਕਬੂਲ ਕਰਨ ਲਈ ਮਜਬੂਰ ਹਨ? ਅੱਜ ਕਿੰਨੇ ਆਲੋਚਨਾਤਮਕ ਸੋਚ ਵਾਲੇ ਅਮਰੀਕਨ ਰਾਜ ਤੋਂ ਭੈਅ ਖਾਂਦੇ ਹਨ ਅਤੇ ਉਹ ਘਰ ਦੇ ਅੰਦਰ ਜੋ ਘੁਸਰ-ਮੁਸਰ ਕਰ ਲੈਂਦੇ ਹਨ ਕਦੇ ਵੀ ਜਨਤਕ ਤੌਰ 'ਤੇ ਕਹਿਣ ਦਾ ਹੀਆ ਨਹੀਂ ਕਰਨਗੇ?ਖ਼ੁਫ਼ੀਆ ਪੁਲਿਸ ਜਿੰਨੀ ਵੱਡੀ ਹੋਵੇਗੀ, ਇਸ ਦੀਆਂ ਕਾਰਵਾਈਆਂ ਓਨੀਆਂ ਹੀ ਵਸੀਹ ਹੁੰਦੀਆਂ ਹਨ। ਘਰੋਗੀ ਆਰਥਕ ਨੀਤੀ ਜਿੰਨੀ ਵੱਧ ਪਿਛਾਖੜੀ ਹੋਵੇਗੀ, ਸਿਆਸੀ ਕੋੜਮੇ ਦਾ ਭੈਅ ਅਤੇ ਨਫ਼ਰਤ ਵੀ ਓਨੀ ਹੀ ਵਧੇਰੇ ਹੋਵੇਗੀ।

ਪ੍ਰਧਾਨ ਓਬਾਮਾ ਅਤੇ ਉਸਦੇ ਸੱਤਾਧਾਰੀ ਹਿੱਸੇਦਾਰ ਡੈਮੋਕਰੇਟਿਕ ਅਤੇ ਰਿਪਬਲਿਕਨ ਭਲੇ ਹੀ ਆਪਣੇ ਪੁਲਿਸ ਰਾਜ ਅਤੇ ਇਸ ਦੀ ਕਾਰਗਰ ''ਸੁਰੱਖਿਆ ਕਾਰਗੁਜ਼ਾਰੀ'' ਦੀਆਂ ਸ਼ੇਖ਼ੀਆਂ ਅਤੇ ਦਮਗਜੇ ਮਾਰਦੇ ਰਹਿਣ, ਅਮਰੀਕਨਾਂ ਦੀ ਵਿਸ਼ਾਲ ਬਹੁਗਿਣਤੀ ਜਾਗਰੂਕ ਹੋ ਰਹੀ ਹੈ ਕਿ ਮੁਲਕ ਦੇ ਅੰਦਰ ਪਾਇਆ ਡਰ ਬਦੇਸ਼ਾਂ ਵਿਚ ਛੇੜੀਆਂ ਸਾਮਰਾਜੀ ਜੰਗਾਂ ਦੇ ਹਿੱਤ ਪੂਰਦਾ ਹੈ; ਕਿ ਪੁਲਿਸ ਰਾਜ ਅੱਗੇ ਬੁਜ਼ਦਿਲੀ ਉਨ੍ਹਾਂ ਦੀ ਜ਼ਿੰਦਗੀ ਨੂੰ ਹੋਰ ਦੁੱਭਰ ਬਣਾਉਣ ਲਈ ਸ਼ਹਿ ਦੇਕੇ ਖ਼ਤਰਾ ਹੀ ਬਣਦੀ ਹੈ। ਪਰ ਉਹ ਇਹ ਕਦੋਂ ਸਿੱਖਣਗੇ ਕਿ ਜਸੂਸੀ ਦਾ ਭਾਂਡਾ ਭੰਨਣਾ ਹੀ ਇਸ ਦੇ ਹੱਲ ਦਾ ਆਗਾਜ਼ ਹੈ? ਉਹ ਕਦੋਂ ਬੁੱਝਣਗੇ ਕਿ ਪੁਲਿਸ ਰਾਜ ਦਾ ਖ਼ਾਤਮਾ ਖ਼ਰਚ ਦਾ ਖੌਅ ਬਣੀ ਸਲਤਨਤ ਦਾ ਭੋਗ ਪਾਉਣ ਅਤੇ ਇਕ ਸੁਰੱਖਿਅਤ, ਮਹਿਫੂਜ਼ ਅਤੇ ਖੁਸ਼ਹਾਲ ਅਮਰੀਕਾ ਦੇ ਨਿਰਮਾਣ ਦੀ ਕੁੰਜੀ ਹੈ।

ਜੇਮਜ਼ ਪੈਤਰਾ
ਲੇਖਕ ਬਿੰਘਮਟਨ ਯੂਨੀਵਰਸਿਟੀ ਵਿਖੇ ਸਮਾਜ ਵਿਗਿਆਨ ਦਾ ਸਾਬਕਾ ਪ੍ਰੋਫੈਸਰ ਤੇ 50ਸਾਲ ਤੋਂ ਜਮਾਤੀ ਘੋਲ ਦਾ ਹਿੱਸਾ ਹੈ। ਉਹ ਬਰਾਜ਼ੀਲ ਅਤੇ ਅਰਜਨਟਾਈਨਾ ਵਿਚ ਬੇਜ਼ਮੀਨੇ ਅਤੇ ਬੇਰੋਜ਼ਗਾਰ ਲੋਕਾਂ ਦਾ ਸਲਾਹਕਾਰ ਅਤੇ ਵਿਸ਼ਵੀਕਰਨ ਬੇਨਕਾਬ (ਜ਼ੈੱਡ ਬੁਕਸ) ਵਰਗੀਆਂ ਮਸ਼ਹੂਰ ਕਿਤਾਬਾਂ ਦਾ ਲੇਖਕ ਹੈ।
ਅਨੁਵਾਦ : ਬੂਟਾ ਸਿੰਘ

No comments:

Post a Comment