
ਸ਼ੂਜਿਤ ਸਰਕਾਰ ਦੀ ਫ਼ਿਲਮ ਸਿਆਸੀ ਘਟਨਾਕ੍ਰਮ ਨੂੰ ਵਿਖਾਉਣ ਦਾ ਸਾਹਸ ਵੀ ਰੱਖਦੀ ਹੈ ਅਤੇ ਕਿਸੇ ਦੇ ਵੀ ਹੱਕ ‘ਚ ਟਿੱਪਣੀ ਨਾ ਕਰਦੀ ਹੋਈ ਇਤਿਹਾਸ ਦੇ ਉਸ ਪਹਿਲੂ ਨੂੰ ਸਾਡੇ ਸਾਹਮਣੇ ਲਿਆਕੇ ਖੜ੍ਹਾ ਵੀ ਕਰਦੀ ਹੈ ਤਾਂ ਕਿ ਅਸੀ ਆਪਣੀ ਟਿੱਪਣੀ ਆਪ ਬਣਾ ਸਕੀਏ।ਫ਼ਿਲਮ ਨਜ਼ਰੀਏ ਦੀ ਗੱਲ ਕਰਦੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਗਵਾਕੇ ਅਸੀ ਕੀ ਘਾਟਾ ਖਾਧਾ ਅਤੇ ਨਾਲੋਂ ਨਾਲ ਭਾਰਤ ਅੰਦਰ ਬਹੁਭਾਸ਼ੀ ਖੇਤਰ ਅਤੇ ਬਹੁਧਰਮੀ ਖੇਤਰ ਦੀਆਂ ਮਜਬੂਰੀਆਂ ‘ਚ ਸਿਆਸੀ ਸਮਾਜਿਕ ਢਾਂਚੇ ਦੀ ਰੂਪ ਰੇਖਾ ਨੂੰ ਵੀ ਉਜਾਗਰ ਕਰ ਜਾਂਦੀ ਹੈ ਕਿ ਇੱਕ ਰਾਸ਼ਟਰ ਦੇ ਰੂਪ ‘ਚ ਭਾਰਤ ਦੀ ਕਲਪਨਾ ਕਰਨ ਦੌਰਾਨ ਚਣੌਤੀਆਂ ਕੀ ਹਨ। ਫ਼ਿਲਮ ਨੂੰ ਵੇਖਣ ਦੌਰਾਨ ਬਹੁਤ ਗੱਲਾਂ ਤੋਂ ਅਸਹਿਮਤੀ ਹੋ ਸਕਦੀ ਹੈ ਪਰ ਜਿਸ ਦ੍ਰਿਸ਼ਟੀਕੋਣ ਤੋਂ ਸ਼ੁਜਿਤ ਸਰਕਾਰ ਨੇ ਮਦਰਾਸ ਕੈਫੇ ਫ਼ਿਲਮ ਦਾ ਨਿਰਮਾਣ ਕੀਤਾ ਉਸ ਦ੍ਰਿਸ਼ਟੀਕੋਣ ਤੋਂ ਕੁਝ ਗੱਲਾਂ ਮੁੱਢਲੇ ਤੌਰ ‘ਤੇ ਕਰਨੀਆਂ ਬਣਦੀਆਂ ਹਨ।ਜੇ ਸਿਨੇਮਾ ਇੱਕ ਕਲਾ ਹੈ ਤਾਂ ਸ਼ੁਜਿਤ ਨੇ ਉਸ ਕੈਨਵਸ ਨੂੰ ਸਾਬਤ ਕੀਤਾ ਹੈ।ਸਾਹਸੀ ਅਤੇ ਸਿਆਸੀ ਕਹਾਣੀ ਕਹਿਣ ਲਈ ਨਿਰਦੇਸ਼ਕ ਨੂੰ ਬੜਾ ਮਜ਼ਬੂਤ ਹੋਕੇ ਕੰਮ ਕਰਨਾ ਪੈਂਦਾ ਹੈ।ਦੂਜਾ ਸ਼ੂਜਿਤ ਨੇ ਫ਼ਿਲਮ ਦੇ ਰੂਪ ‘ਚ ਸਮਾਜਿਕ ਵਜੇਦਾਰੀ ਤੋਂ ਵੀ ਮੂੰਹ ਨਹੀਂ ਮੋੜਿਆ।ਮਦਰਾਸ ਕੈਫੇ ਬਤੌਰ ਦਰਸ਼ਕ ਦੇ ਰੂਪ ‘ਚ ਸੰਵਾਦ ਕਰਦੀ ਹੋਈ ਦੱਸਦੀ ਹੈ ਕਿ ਸ਼੍ਰੀ ਲੰਕਾ ‘ਚ ਤਮਿਲ ਲੋਕਾਂ ਦੇ ਹੱਕਾਂ ਲਈ ਲੜਨਾ ਇੱਕ ਚਣੌਤੀ ਹੈ ਅਤੇ ਲਿਬਰੇਸ਼ਨ ਟਾਈਗਰ ਆਫ ਤਮਿਲ ਇਲਮ ਦੀ 1976 ਦੀ ਸਥਾਪਨਾ ਤੋਂ ਗੁਜ਼ਰਦੇ ਹੋਏ 1980 ਤੋਂ 2009 ਤੱਕ ਸਮਾਨਤਾ ਅਤੇ ਬੁਹਤਰੀਨ ਹੱਕਾਂ ਲਈ ਵਿੱਢੀ ਜੰਗ ‘ਚ ਲੱਖਾਂ ਦੀਆਂ ਜਾਨਾਂ ਗਈਆਂ ਹਨ।
ਇਹ ਫ਼ਿਲਮ ਬੇਹਤਰ ਢੰਗ ਨਾਲ ਦੱਸਦੀ ਹੈ ਸਮਾਜਿਕ ਅਸਮਾਨਤਾ ਚੋਂ ਜਿਸ ਅੰਸਤੋਸ਼ ਨੂੰ ਪਨਾਹ ਮਿਲਦੀ ਹੈ ਉਹ ਕਿਸੇ ਬੇਹਤਰ ਸਮਾਜ ਦੀ ਉਸਾਰੀ ਨੂੰ ਕਿੰਝ ਢਹਿ ਢੇਰੀ ਕਰਦੀ ਹੈ।ਸਾਰੀ ਖੇਡ ਆਰਥਿਕਤਾ ਦੀ ਹੈ।ਧਨਾਢ ਕਿਉਂ ਵੱਡੇ ਆਤੰਕੀ ਗੁੱਟਾਂ ਨੂੰ ਸ਼ਹਿ ਦਿੰਦੇ ਹਨ, ਕਿਉਂ ਉਹਨਾਂ ਨੂੰ ਆਰਥਿਕ ਮਦਦ ਕਰਦੇ ਹਨ ਆਖਰ ਇਹ ਸਾਰੀ ਖੇਡ ਬਜ਼ਾਰੀ ਹਊਆ ਖੜ੍ਹਾ ਕਰਨਾ ਹੀ ਤਾਂ ਹੈ।ਕੈਪਟਲਿਸਟ ਸੁਭਾਅ ਦੀ ਇੱਕ ਪ੍ਰਵਿਰਤੀ ਹੁੰਦੀ ਹੈ ਕਿ ਅਸੰਤੁਲਨ ਨੂੰ ਕਾਇਮ ਕਰਨਾ ਅਤੇ ਬਜ਼ਾਰੀ ਜ਼ਰੂਰਤ ਨੂੰ ਖੜ੍ਹਾ ਰੱਖਣਾ।ਸ਼ੂਜਿਤ ਦੀ ਫ਼ਿਲਮ ਦੀ ਖੂਬਸੂਰਤੀ ਇਹ ਹੈ ਕਿ ਇਹ ਸਿਰਫ ਫ਼ਿਲਮ ਦੀ ਕਹਾਣੀ ਤੱਕ ਮਹਿਦੂਦ ਨਹੀਂ ਹੈ।ਮਦਰਾਸ ਕੈਫੇ ਭਾਰਤ ਦੀ ਪਹਿਲੀ ਇਤਿਹਾਸਕ ਟਿੱਪਣੀਕਾਰ ਫ਼ਿਲਮ ਵਜੋਂ ਖੜ੍ਹਦੀ ਹੈ।ਇਸ ਫ਼ਿਲਮ ਨੂੰ ਕਿਸੇ ਵੀ ਪੱਖ ਦੇ ਹੱਕ ‘ਚ ਨਿਤਰਦੀ ਫ਼ਿਲਮ ਤੋਂ ਪਰੇ ਹੋਕੇ ਵੇਖਣ ਦੀ ਲੋੜ ਹੈ।

ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਭਾਰਤੀ ਸਿਨੇਮਾ ਅੰਦਰ ਵਪਾਰਕ ਸਿਨੇਮਾ ਇਸ ਤੋਂ ਪਹਿਲਾਂ ਏਨਾ ਜ਼ਿਆਦਾ ਸਟੀਕ ਸਿਆਸੀ ਗੱਲ ਕਰਦਾ ਨਜ਼ਰ ਨਹੀਂ ਆਇਆ।ਫ਼ਿਲਮ ‘ਕਿੱਸਾ ਕੁਰਸੀ ਕਾ’ ਅਜੇ ਤੱਕ ਪਾਬੰਧੀਸ਼ੁਦਾ ਫ਼ਿਲਮ ਹੈ।ਗੁਲਜ਼ਾਰ ਵੱਲੋਂ ਸੰਜੀਵ ਕੁਮਾਰ ਨਾਲ ਬਣਾਈ ਗਈ ਫ਼ਿਲਮ ‘ਆਂਧੀ’ ਨੂੰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।ਵਿਵਾਦਤ ਫ਼ਿਲਮਾਂ ਦੀ ਜਮਾਤ ‘ਚ ਦੀਪਾ ਮਹਿਤਾ ਦੀ ‘ਫਾਇਰ’ ਹੋਵੇ ਜਾਂ ‘ਵਾਟਰ’ ਇਹਨਾਂ ਲਈ ਭਾਰਤੀ ਸੰਗਠਨਾ ਦੀ ਪ੍ਰਤੀਕਿਰਿਆ ਕਦੀ ਵੀ ਨਰਮ ਨਹੀਂ ਰਹੀ ਹੈ।ਕੀ ਸਾਡਾ ਸਿਨੇਮਾ ਹੁਣ ਸਿਆਸੀ ਗੱਲ ਕਹਿਣ ‘ਚ ਸਾਹਸ ਦਿਖਾਉਣ ਲੱਗ ਪਿਆ ਹੈ ਅਤੇ ਲੋਕ ਹੁਣ ਉਸ ਸਿਨੇਮਾ ਨੂੰ ਉਸੇ ਰੂਪ ‘ਚ ਵੇਖਣ ਲਈ ਤਿਆਰ ਹੋ ਰਹੇ ਹਨ।
ਕੁਝ ਸਾਰਥਕ ਗੱਲਾਂ ਦੇ ਬਾਵਜੂਦ ਅਜੇ ਭਾਰਤ ਦਾ ਸਿਨੇਮਾ ਸ਼ੁੱਧ ਰੂਪ ‘ਚ ਕਹਾਣੀ ਕਹਿਣ ਦੇ ਰੁਝਾਣ ‘ਚ ਨਹੀਂ ਹੈ।ਬੇਸ਼ੱਕ ਪ੍ਰਕਾਸ਼ ਝਾਅ ਦੀ ਆਰਕਸ਼ਣ,ਚਕਰਵਿਹੂ,ਸੱਤਿਆਗ੍ਰਹਿ ਜਾਂ ਅਨੁਰਾਗ ਕਸ਼ਿਅਪ ਦੀ ਗੈਂਗਸ ਆਫ ਵਾਸੇਪੁਰ ਵਰਗੀਆਂ ਫ਼ਿਲਮਾਂ ਆਈਆਂ ਹਨ।ਪਰ ਅਸੀ ਜਾਣਦੇ ਹਾਂ ਕਿ ਫ਼ਿਲਮ ਆਰਕਸ਼ਣ ਦੇ ਸਮੇਂ ਪ੍ਰਕਾਸ਼ ਝਾਅ ਨੇ ਇਹ ਕਿਹਾ ਸੀ ਕਿ ਹੁਣ ਨਿਰਦੇਸ਼ਕ ਨੂੰ ਫ਼ਿਲਮ ਬਣਾਉਣ ਵੇਲੇ ਸੈਂਸਰ ਦੀ ਮਨਜ਼ੂਰੀ ਤੋਂ ਬਾਅਦ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਵੀ ਬਕਾਇਦਾ ਇਜਾਜ਼ਤ ਲੈਣੀ ਪਿਆ ਕਰੇਗੀ।
ਦੂਜੇ ਪਾਸੇ ਸਾਡੇ ਕੋਲ ਇਹ ਵੀ ਉਦਾਹਰਨਾਂ ਹਨ ਜਿਸ ਸਟੀਕ ਅੰਦਾਜ਼ ਨਾਲ ਸਿੰਕਦਰ ਫ਼ਿਲਮ ਆਪਣੀ ਗੱਲ ਕਹਿੰਦੀ ਹੈ ਜਾਂ ਫ਼ਿਲਮ ‘ਸਾਡਾ ਹੱਕ’ ਪੰਜਾਬੀ ਸਿਨੇਮਾ ‘ਚ ਉਤਰਦੀਆਂ ਹਨ ਉਸ ਦੀ ਅਗਲੀ ਕਤਾਰ ‘ਚ ਰਾਜੀਵ ਸ਼ਰਮਾ ਦੀ ਵਿਦੇਸ਼ੀ ਏਜੰਟਾ ਦੀ ਠੱਗੀ ‘ਚ ਪਿਸ ਰਹੀ ਪੰਜਾਬ ਦੀ ਨੌਜਵਾਨ ਪੀੜ੍ਹੀ ‘ਤੇ ਕੇਂਦਰਿਤ ਫ਼ਿਲਮ ਨਾਬਰ ਵੀ ਖੜ੍ਹੀ ਹੈ ਅਤੇ ਬਾਅਦ ‘ਚ 1984 ‘ਤੇ ਅਧਾਰਿਤ ਗੁਰਵਿੰਦਰ ਸਿੰਘ ਦੀ ਵਰਿਆਮ ਸੰਧੂ ਦੀਆਂ ਕਹਾਣੀਆਂ ‘ਤੇ ਕੇਂਦਰਿਤ ਫ਼ਿਲਮ ਵੀ ਹੈ।ਪਰ ਕੁਝ ਫ਼ਿਲਮਾਂ ਦਾ ਬੰਦ ਹੋਣਾ ਜਾਂ ਲੱਟਕਣਾ ਸਾਡੇ ਕੋਲ ਅੱਜ ਵੀ ਸਵਾਲ ਖੜ੍ਹਾ ਕਰਦਾ ਹੈ ਕਿ ਸਾਡਾ ਸਿਨੇਮਾ ਅਸੀ ਉਸ ਰੂਪ ‘ਚ ਖੁਲ੍ਹੇ ਤੌਰ ‘ਤੇ ਵੇਖਣ ਨੂੰ ਤਿਆਰ ਨਹੀਂ ਹੋਵੇ ਜਿਸ ਸਟੀਕ ਰੂਪ ‘ਚ ਵਿਦੇਸ਼ੀ ਸਿਨੇਮਾ ਦੀਆਂ ਫ਼ਿਲਮਾਂ ਸਾਡੇ ਕੋਲ ਹਨ।ਸੰਜੇ ਚੌਹਾਨ ਵੱਲੋਂ ਲਿਖੀ ਜਾ ਰਹੀ ਅਤੇ ਤਿਗਮਾਂਸ਼ੂ ਧੂਲੀਆ ਵੱਲੋਂ ਨਿਰਦੇਸ਼ਤ ਕੀਤੀ ਫ਼ਿਲਮ ਕੁਝ ਸੰਗਠਨਾਂ ਵੱਲੋਂ ਵਿਰੋਧ ਕਾਰਨ ਹੀ ਬੰਦ ਹੋ ਚੁੱਕੀ ਹੈ।ਸੰਜੇ ‘ਬਾਲਮੀਕੀ ਕੀ ਬੰਦੂਕ’ ਨਾਂ ਦੀ ਫ਼ਿਲਮ ਲਿਖ ਰਹੇ ਸਨ।ਇਸ ਸਾਰੇ ਘਟਨਾਕ੍ਰਮ ਨੂੰ ਲੈਕੇ ਸੰਜੇ ਦਾ ਕਹਿਣਾ ਜਦੋਂ ਸਾਡੇ ‘ਤੇ ਇਹ ਦੋਸ਼ ਲੱਗਦੇ ਹਨ ਕਿ ਅਸੀ ਭਾਰਤ ਦੀ ਕਹਾਣੀ ਨਹੀਂ ਕਹਿ ਰਹੇ ਤਾਂ ਇਹ ਗੱਲ ਜ਼ਰੂਰ ਧਿਆਨ ‘ਚ ਰਹੇ ਕੋਈ ਭਾਰਤ ਦੀ ਕਹਾਣੀ ਕਹਿਣ ਤੋਂ ਸਾਨੂੰ ਰੋਕ ਵੀ ਰਿਹਾ ਹੈ ਅਤੇ ਇਸ ਦਾ ਵਿਰੋਧ ਵੀ ਹੋ ਰਿਹਾ ਹੈ ਸੋ ਇਸੇ ਕਾਰਨ ਅਸੀ ਬਾਲਮੀਕੀ ਕੀ ਬੰਦੂਕ ਨਾਂ ਦੀ ਫ਼ਿਲਮ ਬਣਾਉਣ ਦਾ ਖਿਆਲ ਹੀ ਛੱਡ ਦਿੱਤਾ।ਪੀਪਲੀ ਲਾਈਵ ਫ਼ਿਲਮ ਤੋਂ ਬਾਅਦ ਅਨੁਸ਼ਾ ਰਿਜ਼ਵੀ ਅਮਿਤਾਬ ਘੋਸ਼ ਦੇ ਨਾਵਲ ‘ਸੀ ਆਫ ਪਾਪੀਜ਼’ ਨਾਮ ਦੀ ਫ਼ਿਲਮ ਬਣਾ ਰਹੀ ਹੈ।ਅਨੁਸ਼ਾ ਨੇ ਆਰਕਸ਼ਨ ਫ਼ਿਲਮ ਦੇ ਹੰਗਾਮੇ ਦੌਰਾਨ ਇਹ ਪੁੱਛਿਆ ਸੀ ਕਿ ਸਾਡੇ ਦਰਸ਼ਕ ਕਿੰਨੇ ਕੁ ਧੀਰਜ ਵਾਲੇ ਹਨ ਇਹ ਵੀ ਚੰਗੇ ਸਿਨੇਮਾ ਦਾ ਅਧਾਰ ਤੈਅ ਕਰਦਾ ਹੈ।ਅਨੁਸ਼ਾ ਮੁਤਾਬਕ ਉਹ ਜਿਸ ਫ਼ਿਲਮਮ ਦਾ ਨਿਰਮਾਣ ਕਰ ਰਹੀ ਹੈ ਉਸ ਦਾ ਕਥਾਨਕ 1830 ਦੇ ਨੇੜੇ ਤੇੜੇ ਦਾ ਹੈ।ਇਤਿਹਾਸਕ ਤੌਰ ‘ਤੇ ਇਸ ਕਥਾਨਕ ‘ਚ ਇੱਕ ਛੋਟੀ ਜਾਤੀ ਦਾ ਮੁੰਡਾ ਠਾਕੁਰਾਂ ਦੀ ਕੁੜੀ ਨੂੰ ਲੈ ਕੇ ਭੱਜਦਾ ਹੈ।ਉਸ ਕਾਲ ‘ਚ ਮਹਾਤਮਾ ਗਾਂਧੀ ਨਹੀਂ ਸਨ ਜਿਨ੍ਹਾਂ ਨੇ ਜਾਤੀ ਲਈ ਹਰੀਜਨ ਸ਼ਬਦ ਦਿੱਤਾ।ਹੁਣ ਦੱਸੋ ਆਪਣੀ ਕਹਾਣੀ ਦੀ ਮੌਲਿਕਤਾ ਲਈ ਮੈਂ ਉਸ ਮੁੰਡੇ ਨੂੰ ਕਿਰਦਾਰਾਂ ਦੀ ਜ਼ੁਬਾਨ ਤੋਂ ਕੀ ਕਹਿਕੇ ਸੰਬੋਧਿਤ ਕਰਵਾਵਾਂ ਤਾਂ ਕਿ ਇਤਿਹਾਸ ਵੀ ਮੌਲਿਕ ਲੱਗੇ ਅਤੇ ਮੈਨੂੰ ਕਿਸੇ ਜਾਤੀ ਸਗੰਠਨ ਦੇ ਵਿਰੋਧ ਦਾ ਸਾਹਮਣਾ ਵੀ ਨਾ ਕਰਨਾ ਪਵੇ।ਸੋ ਇਹਨਾਂ ਗੱਲਾਂ ‘ਚ ਇਹ ਸਮਝਣਾ ਪਵੇਗਾ ਕਿ ਅਸੀ ਕਿਸੇ ਫ਼ਿਲਮ ਮਾਰਫਤ ਜੋ ਕਹਿ ਰਹੇ ਹਾਂ ਉਸ ਵਿਚਲੀ ਮੌਲਿਕਤਾ ‘ਚ ਭਾਵਨਾ ਕਿਹੋ ਜਿਹੀ ਹੈ।
ਫ਼ਿਲਮ 1947 ਅਰਥ ਦਾ ਹਵਾਲਾ ਦੇਵਾਂਗਾ।ਇਸ ਫ਼ਿਲਮ ‘ਚ ਸੰਵਾਦ ਚੱਲਦੇ ਹਨ ਜੋ ਮੁਸਲਮਾਨ,ਹਿੰਦੂ ਤੇ ਸਿੱਖਾਂ ਦਰਮਿਆਨ ਚੱਲ ਰਹੇ ਹਨ।ਸੁਣਨ ਵਾਲਾ ਇਹਨਾਂ ਸੰਵਾਦ ਨੂੰ ਕਿੰਝ ਲੈਂਦਾ ਇਹ ਬਹੁਤ ਅਹਿਮ ਸਵਾਲ ਹੈ।1947 ਦੀ ਲੋਕਾਂ ਵਿੱਚ ਜਿਸ ਫਿਰਕੂ ਵਹਿਸ਼ਤ ਨੂੰ ਇਹਨਾਂ ਸੰਵਾਦਾਂ ਨੇ ਪੇਸ਼ ਕੀਤਾ ਹੈ ਉਹ ਕਿਸੇ ਵੀ ਬੰਦੇ ਨੂੰ ਜਜ਼ਬਾਤੀ ਕਰ ਸਕਦੇ ਹਨ।ਪਰ ਇਹਨਾਂ ਸਾਰੇ ਨੁਕਤਿਆਂ ‘ਤੇ ਇਹ ਜ਼ਰੂਰੀ ਸਮਝਨ ਵਾਲੀ ਗੱਲ ਹੈ ਕਿ ਅਸੀ ਇਤਿਹਾਸ ਦੇ ਉਹਨਾਂ ਹਲਾਤਾਂ ਨੂੰ ਸੰਵੇਦਸ਼ੀਲਤਾ ਦੇ ਕਿਸ ਪੈਮਾਨੇ ‘ਤੇ ਜਜ਼ਬ ਕਰ ਰਹੇ ਹਾਂ।ਅਸਲ ‘ਚ ਅਜਿਹੇ ਸਿਨੇਮਾ ਨੂੰ ਦਰਸ਼ਕਾਂ ਦੇ ਬੌਧਿਕ ਵਿਸ਼ਵਾਸ ਦੀ ਸਖਤ ਜ਼ਰੂਰਤ ਹੈ।ਰਾਹੁਲ ਢੋਲਕੀਆ ਦੀ ਪਰਜ਼ਾਨੀਆਂ,ਗੋਵਿੰਦ ਨਹਿਲਾਨੀ ਦੀ ਦੇਵ,ਨੰਦਿਤਾ ਦਾਸ ਦੀ ਫ਼ਿਰਾਕ ਇਹ ਸਾਰੀਆਂ ਫ਼ਿਲਮਾਂ ਦੌਰਾਨ ਨਿਰਦੇਸ਼ਕ ‘ਚ ਆਪਣੀਆਂ ਫ਼ਿਲਮਾਂ ਪ੍ਰਤੀ ਬੇਰੁੱਖੀ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ।ਸੋ ਅਜਿਹੇ ਵਰਤਾਰੇ ‘ਚ ਨਿਰਦੇਸ਼ਕ ਵੱਲੋਂ ਸਾਹਸੀ ਸਿਨੇਮਾ ਦਰਸ਼ਕਾਂ ਦੀ ਸਮਝ ‘ਤੇ ਹੀ ਨਿਰਭਰ ਕਰਦਾ ਹੈ।
ਬਦਲਦੇ ਦੌਰ ਦੇ ਭਾਰਤੀ ਸਿਨੇਮਾ ‘ਚ ਗੰਭੀਰਤਾ ਹੋਰ ਵੱਧਣੀ ਚਾਹੀਦੀ ਹੈ।ਆਪਣੇ ਆਪ ‘ਚ ਹੈਰਾਨੀ ਹੁੰਦੀ ਹੈ ਕਿ ਬਹੁਤ ਕਹਾਣੀਆਂ ਸਾਡੇ ਦੇਸ਼ ਦੀਆਂ ਹਨ ਅਤੇ ਉਹਨਾਂ ਕਹਾਣੀਆਂ ‘ਤੇ ਪਹਿਲਾਂ ਫ਼ਿਲਮਾਂ ਵਿਦੇਸ਼ੀ ਫ਼ਿਲਮਸਾਜ਼ਾਂ ਨੇ ਬਣਾਈਆਂ ਹਨ।ਕੀ ਸਾਡੀ ਕਹਾਣੀਆਂ ਦੀ ਸਾਡੇ ਵਿੱਚ ਪ੍ਰਸੰਗਕਿਤਾ ਘੱਟ ਹੈ? ਮਹਾਤਮਾ ਗਾਂਧੀ ਦੀ ਜੀਵਨੀ ‘ਤੇ ਪਹਿਲਾਂ ਫ਼ਿਲਮ ਰਿਚਰਡ ਐਟਨਬਰੋ ਨੇ ਬਣਾਈ ਫਿਰ ਭਾਰਤੀ ਸਿਨੇਮਾ ਨੇ ਗਾਂਧੀ ਜੀਵਨੀ ਨੂੰ ਆਪਣੇ ਸਿਨੇਮਾ ਦਾ ਵਿਸ਼ਾ ਬਣਾਇਆ।ਮੇਰਾ ਮੰਨਣਾ ਹੈ ਕਿ ਸੰਵਾਦ ਬਹੁਤ ਜ਼ਰੂਰੀ ਹੈ ਅਤੇ ਇਸ ਦਾ ਬਾਈਕਾਟ ਨਹੀਂ ਹੋਣਾ ਚਾਹੀਦਾ।ਜੋ ਫ਼ਿਲਮ ਸਿੰਕਦਰ ਦੌਰਾਨ ਹੋਇਆ ਅਜਿਹਾ ਸਿਨੇਮਾ ਦੇ ਕਲਾਤਮਕ ਪੱਖ ਨੂੰ ਵੱਡਾ ਨੁਕਸਾਨ ਹੈ।ਸਿਨੇਮਾ ਅੰਦਰ ਹਰ ਵਿਸ਼ੇ ‘ਤੇ ਬਣੀ ਫ਼ਿਲਮ ਦਾ ਸਵਾਗਤ ਹੋਣਾ ਚਾਹੀਦਾ ਹੈ।ਉਸ ‘ਤੇ ਚਰਚਾ ਹੋਣੀ ਚਾਹੀਦੀ ਹੈ।ਸੰਵੇਦਨਸ਼ੀਲ ਸਿਨੇਮਾ ਧਿਆਨ ਦੀ ਮੰਗ ਕਰਦਾ ਹੈ।
ਚਲਦੇ ਚਲਦੇ : ਸ਼ੂਜਿਤ ਸਰਕਾਰ ਨੇ ਇਸ ਤੋਂ ਪਹਿਲਾਂ ਯਹਾਂ,ਸ਼ੂਬਾਈਟ,ਵਿੱਕੀ ਡੋਨਰ ਆਦਿ ਫ਼ਿਲਮਾਂ ਬਣਾਈਆਂ ਹਨ।ਸ਼ੁਜਿਤ ਸਰਕਾਰ ਦੀ ਅਗਲੀ ਆਉਣ ਵਾਲੀ ਫ਼ਿਲਮ ‘ਹਮਾਰਾ ਬਜਾਜ’ ਹੈ।ਫ਼ਿਲਮ ਮਦਰਾਸ ਕੈਫੇ ਦਾ ਪਹਿਲਾਂ ਨਾਮ ‘ਜਾਫਨਾ’ ਰਖਿਆ ਗਿਆ ਸੀ।ਇਸ ਫ਼ਿਲਮ ਨੂੰ 7 ਸਾਲ ਦੀ ਲੰਮੀ ਖੋਜ ਦੌਰਾਨ ਬਣਾਇਆ ਗਿਆ।ਇਸ ਫ਼ਿਲਮ ‘ਤੇ ਪੈਸਾ ਲਗਾਉਣ ਨੂੰ ਕੋਈ ਤਿਆਰ ਨਹੀਂ ਸੀ ਬਾਅਦ ‘ਚ ਜਾਨ ਇਬ੍ਰਾਹਿਮ ਨੇ ਇਸ ਨੂੰ ਆਪਣੀ ਪ੍ਰੋਡਕਸ਼ਨ ‘ਚ ਬਣਾਉਣ ਦਾ ਫੈਸਲਾ ਕੀਤਾ।ਇਸ ਫ਼ਿਲਮ ਦੌਰਾਨ ਫ਼ਿਲਮ ਵਿੱਕੀ ਡੋਨਰ ਦੇ ਨਿਰਮਾਤਾ ਵੀ ਜਾਨ ਇਬ੍ਰਾਹਿਮ ਹੀ ਸਨ।
ਹਰਪ੍ਰੀਤ ਸਿੰਘ ਕਾਹਲੋਂ
ਲੇਖਕ ਨੌਜਵਾਨ ਫਿਲਮਸਾਜ਼ ਤੇ ਵਿਸਲੇਸ਼ਕ ਹੈ। ਸਿਨੇਮੇ ਨੂੰ ਸ਼ਬਦਾਂ ਜ਼ਰੀਏ ਫੜ੍ਹਦਾ ਹੈ। ਅੱਜਕਲ੍ਹ ਬਾਬੇ ਨਾਨਕ ਦੀ ਵੇਈ ਦੇ ਕੰਢੇ ਅਮੀਰ ਖੁਸਰੋ ਵਾਂਗ 'ਖੁਸਰੋ ਦਰਿਆ ਪ੍ਰੇਮ ਕਾ,ਉਲਟੀ ਵਾ ਕੀ ਧਾਰ,ਜੋ ਉਤਰਾ ਸੋ ਡੂਬ ਗਿਆ,ਜੋ ਡੂਬਾ ਸੋ ਪਾਰ' ਪਿਆਰ ਦੀਆਂ ਰੂਹਾਨੀ ਤਾਰੀਆਂ 'ਚ ਮਸਤ ਹੈ।