
ਜੇ ਤੁਸੀਂ ਇਹ ਸੋਚ ਕੇ ਲਿਖੋਂਗੇਂ ਕਿ ਇਹ ਲਿਖਿਆ ਤਾਂ ਉਹ ਨਰਾਜ਼ ਹੋ ਜਾਣਗੇ ਤੇ ਉਹ ਲਿਖਿਆ ਤਾਂ ਆਹ ਨਰਾਜ਼ ਹੋਣਗੇ ਤਾਂ ਕਦੇ ਵੀ ਸੱਚਾ ਤੇ ਰਚਨਾਤਮਿਕ ਨਹੀਂ ਲਿਖਿਆ ਜਾ ਸਕਦਾ।ਖਾਨਾਪੂਰਤੀ ਜ਼ਰੂਰ ਹੋ ਸਕਦੀ ਹੈ।-ਰਾਹੁਲ
ਰਾਹੁਲ ਪੰਡਤਾ ਵਿਵਾਦਤ ਮਸਲਿਆਂ 'ਤੇ ਪੱਤਰਕਾਰੀ ਤੇ ਲੇਖਣੀ ਕਰਕੇ ਜਾਣਿਆ ਜਾਂਦੈ।ਉਹ ਅੰਗਰੇਜ਼ੀ ਦੇ ਚਰਚਿਤ ਮੈਗਜ਼ੀਨ 'ਓਪਨ' ਦਾ ਐਸੋਸੀਏਟ ਐਡੀਟਰ ਹੈ।ਰਾਹੁਲ 'ਐਬਸੈਂਟ ਸਟੇਟ',ਮਾਓਵਾਦੀ ਲਹਿਰ ਬਾਰੇ 'ਹੈਲੋ ਬਸਤਰ' ਤੇ ਕਸ਼ਮੀਰੀ ਪੰਡਤਾਂ ਦੇ ਉਜਾੜੇ ਬਾਰੇ 'Our Moon has Blood Clots' ਕਿਤਾਬ ਲਿਖ ਚੁੱਕਿਆ ਹੈ।ਹੈਲੋ ਬਸਤਰ ਦਾ ਪੰਜਾਬੀ 'ਚ ਬੂਟਾ ਸਿੰਘ ਨੇ ਤਰਜ਼ਮਾ ਵੀ ਕੀਤਾ ਹੈ। ਕਸ਼ਮੀਰੀ ਪੰਡਤਾਂ ਵਾਲੀ ਕਿਤਾਬ ਤੋਂ ਬਾਅਦ ਰਾਹੁਲ ਦਾ ਕਾਫੀ ਵਿਰੋਧ ਵੀ ਹੋਇਆ।ਓਹਨੂੰ ਆਰ ਐਸ ਐਸ ਦਾ ਏਜੰਟ ਕਰਾਰ ਦਿੱਤਾ ਗਿਆ।ਇਸੇ ਦੌਰ 'ਚ ਮਾਓਵਾਦੀ ਘੇਰੇ 'ਚੋਂ ਵੀ ਖ਼ਬਰ ਆਈ ਸੀ ਕਿ ਪੰਡਤਾ ਆਈ ਬੀ ਦਾ ਏਜੰਟ ਹੈ।ਰਾਹੁਲ ਪੰਡਤਾ ਪਿਛਲੇ ਦਿਨੀਂ ਚੰਡੀਗੜ੍ਹ ਲਿਟਰੇਚਰ ਫੈਸਟੀਵਲ 'ਚ ਸੀ। ਗੁਲਾਮ ਕਲਮ ਨੇ ਪੰਡਤਾ ਨਾਲ ਗੱਲਬਾਤ ਕੀਤੀ।-ਗੁਲਾਮ ਕਲਮ
ਗੁਲਾਮ ਕਲਮ: ਤੁਹਾਡੀ ਨਵੀਂ ਕਿਤਾਬ 'Our Moon has Blood Clots' ਬਾਰੇ ਦੱਸੋ ?
ਰਾਹੁਲ: ਇਹ 'ਤੇ ਮੈਂ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਸੀ।ਇਹ ਕੋਈ ਫਿਕਸ਼ਨ ਨਹੀਂ ਤੱਥਾਂ 'ਤੇ ਅਧਾਰਤ ਹੈ।ਕਸ਼ਮੀਰ 'ਚੋਂ ਕਸ਼ਮੀਰੀ ਪੰਡਤਾਂ ਨਾਲ ਉਜਾੜਾ ਬਹੁਤ ਦੁਖਦ ਵਰਤਾਰਾ ਹੈ।ਮੇਰਾ ਪਰਿਵਾਰ ਖ਼ੁਦ ਇਸਦਾ ਸ਼ਿਕਾਰ ਰਿਹਾ ਹੈ। ਕਸ਼ਮੀਰੀ ਪੰਡਤਾਂ ਨੂੰ ਬਹੁਤ ਬੇਰਿਹਮੀ ਨਾਲ ਕਸ਼ਮੀਰ 'ਚੋਂ ਉਜਾੜਿਆ ਗਿਆ। ਉਸ ਮੌਕੇ ਜਿਹੜੇ ਲੋਕ ਕਸ਼ਮੀਰੀ ਪੰਡਤਾਂ ਦੇ ਗੁਆਂਢੀ ਸੀ ਜਾਂ ਦੋਸਤ ਸੀ ਉਨ੍ਹਾਂ ਨੇ ਅੱਤਵਾਦੀਆਂ ਦਾ ਸਾਥ ਕਿਉਂ ਦਿੱਤਾ ਤੇ ਕਿਉਂ ਉਨ੍ਹਾਂ ਖ਼ਿਲਾਫ ਅਵਾਜ਼ ਨਹੀਂ ਉਠਾਈ।ਮੈਨੂੰ ਲੱਗਦੈ ਇਨ੍ਹਾਂ ਸਾਰੇ ਮਸਲਿਆਂ 'ਤੇ ਖੱਲ੍ਹਕੇ ਗੱਲਬਾਤ ਹੋਣੀ ਚਾਹੀਦੀ ਹੈ।
ਗੁਲਾਮ ਕਲਮ: ਤੁਹਾਨੂੰ ਨਹੀਂ ਲੱਗਦਾ ਕਿ ਕਸ਼ਮੀਰੀ ਪੰਡਤਾਂ ਦਾ ਉਜਾੜਾ ਆਰ ਐਸ ਐਸ ਤੇ ਭਾਰਤੀ ਸਟੇਟ ਦਾ ਪ੍ਰੋਜੈਕਟ ਸੀ ?
ਰਾਹੁਲ: ਆਰ ਐਸ ਐਸ ਨੂੰ ਤਾਂ ਕਦੇ ਕਸ਼ਮੀਰ 'ਚ ਪੈਰ ਲਾਉਣ ਦਾ ਮੌਕਾ ਨਹੀਂ ਮਿਲਿਆ।ਹਾਂ,ਇਸ 'ਚ ਕੋਈ ਸ਼ੱਕ ਨਹੀਂ ਕਿ ਬੀ ਜੇ ਪੀ ਤੇ ਆਰ ਐਸ ਐਸ ਨੇ ਇਸ ਮੁੱਦੇ ਨੂੰ ਤੂਲ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ,ਪਰ ਕਦੇ ਸਫ਼ਲ ਨਹੀਂ ਹੋਏ। ਸ਼ਿਆਮਾ ਪ੍ਰਸ਼ਾਦ ਮੁਖਰਜੀ ਵੀ ਲੱਗਿਆ ਰਿਹਾ ਪਰ ਗੱਲ ਨਹੀਂ ਬਣੀ। ਜਿੱਥੋਂ ਤੱਕ ਭਾਰਤੀ ਸਟੇਟ ਦਾ ਸਬੰਧ ਹੈ ਉਹ ਆਪਣੇ ਪੱਧਰ 'ਤੇ ਹਰ ਮਸਲੇ 'ਚ ਆਪਣਾ ਦਾਅ ਖੇਡਦੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਕਸ਼ਮੀਰੀ ਪੰਡਤਾਂ ਦਾ ਉਜਾੜਾ ਕੋਈ ਤੈਅਸ਼ੁਦਾ ਪ੍ਰੋਜੈਕਟ ਸੀ।
ਗੁਲਾਮ ਕਲਮ: ਕਸ਼ਮੀਰ ਤੇ ਹੋਰ ਥਾਵਾਂ 'ਤੇ ਮੁਸਲਮਾਨਾਂ 'ਤੇ ਅੱਤਿਆਚਾਰ ਤਾਂ ਬਹੁਤ ਹੋਏ ?

ਗੁਲਾਮ ਕਲਮ: ਮਾਓਵਾਦੀ ਘੇਰੇ 'ਚੋਂ ਖ਼ਬਰ ਆਈ ਸੀ ਰਾਹੁਲ ਪੰਡਤਾ ਆਈ ਬੀ ਦਾ ਏਜੰਟ ਹੋ ਗਿਆ ?
ਰਾਹੁਲ: ਇਕ ਪੱਤਰਕਾਰ ਤੇ ਇਕ ਲੇਖਕ ਦੇ ਨਾਤੇ ਮੇਰਾ ਕਿਸੇ ਵੀ ਪਾਰਟੀ ਦੀ ਵਿਚਾਰਧਾਰਾ ਨਾਲ ਕੋਈ ਮਤਲਬ ਨਹੀਂ ਹੈ।ਮੈਂ ਪੱਤਰਕਾਰੀ ਤੇ ਜ਼ਿੰਦਗੀ ਦਾ ਪਹਿਲਾ ਸਬਕ ਪਾਸ਼ ਦੇ ਪਿੰਡ ਤਲਵੰਡੀ ਸਲੇਮ ਤੋਂ ਸਿੱਖਿਆ ਹੈ। ਪਾਸ਼ ਦੇ ਘਰ ਇਕ ਮੇਜ਼ ਸੀ ਜਿਸ 'ਤੇ ਲਿਖਿਆ ਸੀ Know...What,Who,Why ? ਮੇਰੀ ਪੱਤਰਕਾਰੀ ਦਾ ਪਹਿਲਾ ਸਬਕ ਓਥੋਂ ਹੀ ਸ਼ੁਰੂ ਹੋਇਆ।ਮੇਰਾ ਮੰਨਣਾ ਹੈ ਕਿ ਨਿਰਪੱਖਤਾ ਨਾਂਅ ਦੀ ਕੋਈ ਪੱਤਰਕਾਰੀ ਨਹੀਂ ਹੁੰਦੀ।ਮੈਂ ਜੇ ਛੱਤੀਸਗੜ੍ਹ 'ਚ ਕਿਸੇ ਆਦਿਵਾਸੀ ਔਰਤ ਨਾਲ ਰੇਪ ਦੇਖਦਾਂ ਤਾਂ ਕਿਸੇ ਪੁਲੀਸ ਵਾਲੇ ਦਾ ਕਾਉਂਟਰ ਵਰਸ਼ਨ ਨਹੀਂ ਲੈਂਦਾ। ਜੇ ਮਾਓਵਾਦੀ ਦੇ ਘੇਰੇ ਦੇ ਲੋਕਾਂ ਨੂੰ ਲੱਗਦੈ ਕਿ 'ਹੈਲੋ ਬਸਤਰ ਲਿਖਣ ਵੇਲੇ ਮੈਂ ਉਨ੍ਹਾਂ ਦਾ ਮਿੱਤਰ ਸੀ ਤੇ ਕਸ਼ਮੀਰ ਦੀ ਕਿਤਾਬ ਲਿਖ ਕੇ ਉਨ੍ਹਾਂ ਦਾ ਦੁਸ਼ਮਣ ਹੋ ਗਿਆ ਤਾਂ ਇਸ 'ਚ ਮੇਰਾ ਕੋਈ ਕਸੂਰ ਨਹੀਂ।ਮੈਂ 1998 ਤੋਂ ਮਾਓਵਾਦੀ ਲਹਿਰ ਨੂੰ ਕਵਰ ਕਰ ਰਿਹਾਂ।ਕਸ਼ਮੀਰੀ ਪੰਡਤਾਂ ਬਾਰੇ ਮੇਰੇ ਉਦੋਂ ਤੋਂ ਇਹੀ ਵਿਚਾਰ ਰਹੇ ਨੇ ਤੇ ਮੈਂ ਇਹ ਵਿਚਾਰ ਸਭ ਨਾਲ ਸਾਂਝੇ ਕਰਦਾ ਰਿਹਾਂ। ਕਦੇ ਕਿਸੇ ਤੋਂ ਨਹੀਂ ਲਕੋਏ।
ਗੁਲਾਮ ਕਲਮ: ਫਿਰ ਸਮੱਸਿਆ ਕਿੱਥੇ ਆਈ ?

ਗੁਲਾਮ ਕਲਮ: ਦੁੱਖ ਤੇ ਨਿਰਾਸ਼ਾ ਨਹੀਂ ਹੁੰਦੀ ਇਹੋ ਜਿਹਾ ਕੁਝ ਸੁਣ ਕੇ ?
ਰਾਹੁਲ: ਮੈਨੂੰ ਜਦੋਂ ਪਹਿਲੀ ਵਾਰ ਇਹ ਖ਼ਬਰ ਸੁਣਨ ਨੂੰ ਮਿਲੀ ਤਾਂ ਦੋ ਦਿਨ ਨੀਂਦ ਨਹੀਂ ਆਈ।ਜੰਗਲ 'ਚੋਂ ਇਕ ਦੋਸਤ ਦਾ ਫੋਨ ਆਇਆ ਯਾਰ ਤੇਰੇ ਨਾਲ ਇਕ ਗੱਲ ਕਰਨੀ ਸੀ ਮੈਥੋਂ ਰਿਹਾ ਨਹੀਂ ਗਿਆ 'ਜਿੱਥੇ ਆਪਾਂ ਉਸ ਦਿਨ ਜਾਣਾ ਚਾਹੁੰਦੇ ਸੀ। ਪਤਾ ਕਿਉਂ ਨਹੀਂ ਜਾ ਸਕੇ ? ਦਿੱਲੀ ਤੋਂ ਫੋਨ ਆ ਗਿਆ ਸੀ ਕਿ ਇਸ ਨੂੰ ਅੱਗੇ ਨਾ ਲਿਜਾਇਆ ਜਾਵੇ'। ਮੈਨੂੰ ਲੱਗਦੈ 'ਕਾਮਰੇਡ ਦੋਸਤਾਂ ਨੂੰ ਦੁਸ਼ਮਣ ਬਣਾਉਂਦੇ ਨੇ, ਦੁਸ਼ਮਣ ਨੂੰ ਦੋਸਤ ਨਹੀਂ ਬਣਾ ਸਕਦੇ'।ਧੜੇਬੰਦੀ,ਹਓਮੈ ਤੇ ਹੰਕਾਰ ਖੱਬੀਪੱਖੀ ਲਹਿਰ ਦੇ ਵੱਡੇ ਸੰਕਟ ਹਨ।
ਗੁਲਾਮ ਕਲਮ: ਇਹੋ ਜਿਹੇ ਇਲਜ਼ਾਮ ਪਹਿਲਾਂ ਵੀ ਲੋਕਾਂ 'ਤੇ ਲੱਗਦੇ ਰਹੇ ਨੇ। ਇਹ ਅਪਰੋਚ 'ਚ ਸਮੱਸਿਆ ਹੈ ਜਾਂ ਅੰਡਗਰਾਉਂਡ ਲਹਿਰਾਂ 'ਚ ਇਵੇਂ ਹੀ ਹੁੰਦੈ?
ਰਾਹੁਲ: ਮੈਂ ਆਨ ਰਿਕਾਰਡ ਨਾਵਾਂ ਨਾਲ ਨਹੀਂ ਦੱਸ ਸਕਦਾ ਪਰ ਮੈਨੂੰ ਪਤਾ ਕਿ ਕਿਵੇਂ ਬਹੁਤ ਸਾਰੇ ਲੰਮਾ ਤਿਆਗ ਕਰਨ ਵਾਲੇ ਲੋਕਾਂ ਦੀ ਦੁਰਗਤੀ ਕੁਝ ਲੋਕਾਂ ਕਾਰਨ ਹੋਈ।ਜਿਨ੍ਹਾਂ ਨੇ ਜ਼ਿੰਦਗੀ ਮੂਵਮੈਂਟ ਦੇ ਲੇਖੇ ਲਗਾ ਦਿੱਤੀ ਉਨ੍ਹਾਂ ਨੂੰ ਕਿਵੇਂ ਰੋਲਿਆ ਗਿਆ ਜਾਂ ਰੁਲ ਰਹੇ ਹਨ। ਕਿੰਨੇ ਹੀ ਇੰਟੈਲੀਜੈਂਟ ਬੰਦੇ ਗਰੁੱਪਇਜ਼ਮ ਦੀ ਭੇਂਟ ਚੜ੍ਹ ਰਹੇ ਨੇ। ਇਹ ਜਿਹੜੇ ਦਿੱਲੀ ਆਦਿ ਥਾਵਾਂ 'ਤੇ ਬੈਠ ਕੇ ਚੌਧਰੀ ਬਣਦੇ ਨੇ ਉਹ ਵੀ ਸਮੱਸਿਆ ਹਨ'।ਕਿਉਂਕਿ ਮਾਓਵਾਦੀ ਬਹੁਤ ਸਾਰੇ ਮਾਮਲਿਆਂ 'ਚ ਇਨ੍ਹਾਂ 'ਤੇ ਡਿਪੈਂਡ ਰਹਿੰਦੇ ਨੇ। ਜਿਵੇਂ ਤੁਸੀਂ ਪੁੱਛਿਆ 'ਅਪਰੋਚ 'ਚ ਤਾਂ ਵੱਡੀ ਸਮੱਸਿਆ ਹੈ ਹੀ।ਜਿਸ ਕਰਕੇ ਭਵਿੱਖ ਲਈ ਸਮੱਸਿਆਵਾਂ ਖੜ੍ਹੀਆਂ ਹੋ ਰਹੀਆਂ ਨੇ ।ਤੇ ਸਾਡੇ ਸਾਹਮਣੇ ਨੇ।
ਗੁਲਾਮ ਕਲਮ: ਦਿੱਲੀ ਜਿਹੇ ਚੰਡੀਗੜ੍ਹ ਤੇ ਪੰਜਾਬ 'ਚ ਵੀ ਕਈ ਚੌਧਰੀ ਨੇ...
ਰਾਹੁਲ: ਹਾ ਹਾ ਹਾ..ਪਰ ਮੈਂ ਸਿਰਫ਼ ਦਿੱਲੀ ਵਾਲਿਆਂ ਦਾ ਪੀੜਤ ਹਾਂ।
ਗੁਲਾਮ ਕਲਮ: ਤੁਸੀਂ ਮਾਓਵਾਦੀ ਲਹਿਰ ਬਾਰੇ ਕਾਫੀ ਸਮੇਂ ਤੋਂ ਕੁਝ ਲਿਖ ਨਹੀਂ ਰਹੇ ?
ਰਾਹੁਲ: ਦਰ ਅਸਲ ਕਿਤਾਬ ਦੇ ਪ੍ਰੋਗਰਾਮਾਂ ਕਾਰਨ ਮੈਂ ਸਮਾਂ ਨਹੀਂ ਕੱਢ ਸਕਿਆ। ਮੈਨੂੰ ਇਨ੍ਹਾਂ ਉਨ੍ਹਾਂ ਦੇ ਕੁਝ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਮੇਰਾ ਉਹੀ ਸਟੈਂਡ ਹੈ ਜੋ ਪਹਿਲਾਂ ਸੀ। ਗੜਚਿਰੌਲੀ 'ਚ ਬਹੁਤ ਕੁਝ ਹੋ ਰਿਹੈ।ਮੈਂ ਜਾਵਾਂਗਾ ਤੇ ਲਿਖਾਂਗਾ।ਮੈਂ ਕਸ਼ਮੀਰ ਵੀ ਜਾਵਾਂਗੇ ਤੇ ਹਰ ਧੱਕੇਸ਼ਾਹੀ ਖ਼ਿਲਾਫ ਲਿਖਾਂਗਾ।
ਗੁਲਾਮ ਕਲਮ: ਮਾਓਵਾਦੀ ਲਹਿਰ 'ਤੇ ਪੱਤਰਕਾਰ ਸਭਰਾਸ਼ੂ ਚੌਧਰੀ ਦੀ ਕਿਤਾਬ 'Let's Call Him Vasu' ਬਾਰੇ ਤੁਹਾਡਾ ਕੀ ਵਿਚਾਰ ਹੈ?
ਰਾਹੁਲ: ਮੈਨੂੰ ਲੱਗਦੈ ਕੁਝ ਮਸਲਿਆਂ 'ਚ ਸਭਰਾਸ਼ੂ ਦੀ ਕਿਤਾਬ ਸਨਸਨੀਖ਼ੇਜ਼ ਹੈ।ਜਿਵੇਂ ਬਿਨਾਇਕ ਸੇਨ ਬਾਰੇ ਬਿਨਾਂ ਤੱਥਾਂ ਤੋਂ ਖੁਲਾਸੇ ਕੀਤੇ ਨੇ ਕਿ ਉਹ ਵੀ ਗਲਤ ਗੱਲ ਹੈ। ਮੈਨੂੰ ਲੱਗਦੈ ਜੇ ਤੁਸੀਂ ਐਨਾ ਵੱਡਾ ਖੁਲਾਸਾ ਕਰਨ ਜਾ ਰਹੇ ਹੋਂ ਤਾਂ ਘੱਟ ਘੱਟ ਤੱਥ ਤਾਂ ਹੋਣੇ ਚਾਹੀਦੇ ਨੇ। ਨਹੀਂ ਤਾਂ ਕੋਈ ਕੁਝ ਵੀ ਕਹਿ ਸਕਦੈ। ਬਾਕੀ ਕੁੱਲ ਮਿਲਾ ਕੇ ਉਸਨੇ ਮਿਹਨਤ ਨਾਲ ਕਿਤਾਬ ਲਿਖੀ ਹੈ।
ਗੁਲਾਮ ਕਲਮ: 'ਓਪਨ' ਅਜਿਹਾ ਸਪੇਸ ਕਿਵੇਂ ਦਿੰਦੈ ?
ਰਾਹੁਲ: ਓਪਨ 'ਚ ਹੀ ਨਹੀਂ ਮੈਂ ਤਾਂ ਜ਼ੀ ਨਿਊਜ਼,ਇੰਡੀਅਨ ਐਕਸਪ੍ਰੈਸ ਦੇ ਸਮੇਂ ਤੋਂ ਹੀ ਮਾਓਵਾਦੀ ਲਹਿਰ 'ਤੇ ਸਟੋਰੀਆਂ ਕੀਤੀਆਂ ਨੇ।ਪਰ ਮੇਰੇ ਸਾਬਕਾ ਪੌਲਿਟੀਕਲ ਐਡੀਟਰ ਹਰਤੋਸ਼ ਬੱਲ ਵਰਗਾ 'ਬੌਸ' ਕਦੇ ਨਹੀਂ ਮਿਲ ਸਕਦਾ।ਉਸਨੇ ਕਦੇ ਨਹੀਂ ਕਿਹਾ 'ਤੂੰ ਮਾਓਵਾਦੀਆਂ ਬਾਰੇ ਨਾ ਲਿਖ।ਉਹ ਮਾਓਵਾਦੀ ਲਹਿਰ ਜਾਂ ਖੱਬੇਪੱਖੀ ਵਿਚਾਰਾਂ ਨਾਲ ਸਹਿਮਤ ਨਹੀਂ,ਪਰ ਉਸਨੇ ਮੇਰੀ ਕਿਸੇ ਸਟੋਰੀ ਦਾ ਨਾ ਕਦੇ ਕੋਈ ਸ਼ਬਦ ਕੱਟਿਆ ਨਾ ਵਿਚਾਰ।ਜਦੋਂ ਕਿ ਤਤਕਾਲੀ ਗ੍ਰਹਿ ਮੰਤਰੀ ਪੀ ਚਿਦੰਬਰਮ ਸਾਡੇ ਮਾਲਕਾਂ ਕੋਲ ਮੇਰੀਆਂ ਗੱਲਾਂ-ਬਾਤਾਂ ਕਰਦਾ ਰਿਹੈ। ਅਜਿਹੇ ਬੌਸ ਅੱਜਕਲ੍ਹ ਨਹੀਂ ਮਿਲਦੇ।ਹਾਂ ਇਹ ਜ਼ਰੂਰ ਹੈ ਕਿ 'ਉਹ ਮੇਰੀ ਗਣਪਤੀ ਨਾਲ ਮੁਲਾਕਾਤ ਛਾਪ ਕੇ ਉਸਨੂੰ ਕਾਉਂਟਰ ਜ਼ਰੂਰ ਕਰ ਸਕਦਾ।ਓਹਦੇ ਸੰਪਾਦਕੀ ਕਾਰਜਕਾਲ ਜਿੰਨੀ ਅਜ਼ਾਦੀ ਮੈਂ ਕਿਤੇ ਨਹੀਂ ਹੰਢਾਈ।