ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, April 7, 2014

ਹਿੰਦੀ ਕਿਤੇ ਇਕੱਲੀ ਨਹੀਂ ਜਾਂਦੀ, ਹਿੰਦੂਤਵੀ ਵਿਚਾਰਧਾਰਾ ਨਾਲ ਲੈ ਕੇ ਜਾਂਦੀ ਹੈ: ਚਮੜੀਆ

ਜਸਪਾਲ ਸਿੰਘ ਸਿੱਧੂ ਦੀ ਕਿਤਾਬ 'Embedded Journalism , Punjab'  ਲੋਕ ਅਰਪਣ


ਸਿੱਧੂ ਦਮਦਮੀ ਬੋਲਦੇ ਹੋਏ
ਲੋਕ ਪਹਿਲਕਦਮੀ (People Initative's ) ਵੱਲੋਂ ਚੰਡੀਗੜ੍ਹ ਵਿਚ ਉਘੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਦੀ ਕਿਤਾਬ Embedded Journalism , Punjab (ਪੰਜਾਬ ਦੀ ਹਮ-ਬਿਸਤਰ ਪੱਤਰਕਾਰੀ) ਪਾਠਕਾਂ ਦੇ ਹੱਥਾਂ ਤੱਕ ਪੁਜਦੀ ਕੀਤੀ ਗਈ । Embedded Journalism , Punjab ,ਭਾਰਤੀ ਹਕੂਮਤ ਵੱਲੋਂ 80ਵਿਆਂ ਦੌਰਾਨ ਸਿੱਖ ਨਸ਼ਲਕੁਸ਼ੀ ਦੇ ਦੌਰ ‘ਚ ਪੱਤਰਕਾਰੀ ਦੇ ਰੋਲ ‘ਤੇ ਚਰਚਾ ਕਰਦੀ ਇਸ ਕਿਸਮ ਦੀ ਪਲੇਠੀ ਕਿਤਾਬ ਹੈ, ਜੋ ਸਰਕਾਰੀ ਸਰਪ੍ਰਸਤੀ ਨਾਲ ਹੋਣ ਵਾਲੀ ਇਕ ਪਾਸੜ ਪੱਤਰਕਾਰੀ ਉਤੇ ਭੈ-ਮੁਕਤ ਵਿਸ਼ਲੇਸ਼ਣ ਕਰਦੀ ਹੈ ।

ਕਿਤਾਬ ਦੀ ਜਾਣ ਪਛਾਣ ਕਰਵਾਉਂਦਿਆਂ, ਜਸਪਾਲ ਸਿੰਘ ਸਿੱਧੂ ਨੇ ਦੱਸਿਆ ਕਿ 2002 ਵਿਚ ਜਦੋਂ ਨਾਟੋ ਫੋਜਾਂ ਨੇ ਐਟਮੀ ਹਥਿਆਰਾਂ ਦੀਆਂ ਕੁਫਰ-ਰਿਪੋਟਾਂ ਨੁੰ ਅਧਾਰ ਬਣਾ ਕੇ ਇਰਾਕ ਤੇ ਹਮਲਾ ਕੀਤਾ ਤਾਂ 600 ਪੱਤਰਕਾਰ ਫੌਜ ਦੀ ਛਤਰੀ ਥੱਲੇ ਬੜੀ “ਦਲੇਰਾਨਾ” ਰਿਪੋਰਟਿੰਗ ਕਰਦੇ ਵਿਖਾਏ ਗਏ। ਉਨ੍ਹਾਂ ਪੱਤਰਕਾਰਾਂ ਨੇ ਇਸ “ਯੁਧ-ਨਾਟ” ਤੋਂ ਸਿਰਫ ਤੇ ਸਿਰਫ ਅਮਰੀਕੀ ਪੱਖ ਦੀਆਂ ਖਬਰਾਂ ਹੀ ਨਸ਼ਰ ਕੀਤੀਆਂ । ਸੰਸਾਰ ਪੱਧਰ ਤੇ ਵਿਚਾਰਵਾਨਾਂ ਨੇ ਕਦਰਾਂ ਕੀਮਤਾਂ ਤੋਂ ਡਿੱਗੀ ਹੋਈ ਇਸ ਤਰ੍ਹਾਂ ਦੀ ਪੱਤਰਕਾਰੀ ਨੁੰ Embedded Journalism ਦਾ ਨਾਂ ਦਿਤਾ । ਇਸ ਤਰ੍ਹਾਂ ਦੀ ਪੱਤਰਕਾਰੀ ਲਈ ਪੰਜਾਬੀ ‘ਚ ਢੁਕਵੇ ਸ਼ਬਦ ਦੀ ਘਾੜਤ ਘੜਦਿਆਂ ਪੰਜਾਬੀ ਸਿਆਣਿਆਂ ਨੇ “ਹਮ-ਬਿਸਤਰ ਪੱਤਰਕਾਰੀ” ਅਤੇ “ਦਰਬਾਰੀ ਪੱਤਰਕਾਰੀ” ਵਰਗੇ ਨਾਵਾਂ ਦੀ ਦੱਸ ਪਾਈ ਹੈ।

ਜਸਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਭਾਵੇਂ ਇਹ ਸ਼ਬਦ ਇਰਾਕ ਯੁਧ ਤੋਂ ਬਾਅਦ ਘੜਿਆ ਗਿਆ ਹੈ ਪਰ ਇਸ ਤਰ੍ਹਾਂ ਦੀ ਪੱਤਰਕਾਰੀ ਸੰਸਾਰ ‘ਚ ਕੋਈ ਨਵੀਂ ਗੱਲ ਨਹੀਂ । ਦਸਿਆ ਗਿਆ ਕਿ ਸਾਡੇ ਖਿਤੇ ਵਿਚ ਕਸ਼ਮੀਰ, ਉਤਰ-ਪੂਰਬੀ ਸੂਬਿਆਂ ਸਣੇ ਪੰਜਾਬ ‘ਚ ਇਸ ਤਰ੍ਹਾਂ ਦੀ ਹਕੂਮਤੀ ਸਰਪ੍ਰਸਤੀ ਵਾਲੀ ਇਕਪਾਸੜ ਪੱਤਰਕਾਰੀ ਦਹਾਕਿਆਂ ਤੋਂ ਚਾਲੂ ਹੈ । ਉਨ੍ਹਾਂ ਸਣੇ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਦੀ ਖਾੜਕੂ ਲਹਿਰ ਦੌਰਾਨ ਇਕਪਾਸੜ ਪੱਤਰਕਾਰੀ ਤੇ ਸਰਕਾਰੀ ਲਾਭਪਾਤਰੀ ਪੱਤਰਕਾਰਾਂ ਦੇ ਲਹਿਰ ਦੌਰਾਨ ਨਿਭਾਏ ਅਨੈਤਿਕ ਰੋਲ ੳਤੇ ਚਰਚਾ ਕੀਤੀ।


ਸੁਖਦੇਵ ਸਿੰਘ ਤੇ ਅਨਿਲ ਚਮੜੀਆ
ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਸਿੱਧੂ ਦਮਦਮੀ ਨੇ ਦੱਸਿਆ ਕਿ ਸਰਕਾਰੀ ਸੰਚਾਰ ਮਹਿਕਮੇ ਥੱਲੇ ਚਲਦੇ ਰੇਡੀਉ ਅਤੇ ਟੀਵੀ ਸਟੇਸ਼ਨ ਵਿਚ “ਕਰਨ” ਨਾਲੋਂ “ਨਾ-ਕਰਨ” ਦੀ ਸੂਚੀ ਵੱਡੀ ਹੁੰਦੀ ਸੀ । ਉਨ੍ਹਾਂ ਮੂਜ਼ਬ ਅਜਿਹੇ ਅਦਾਰਿਆਂ ‘ਚ ਕੰਮ ਕਰਨ ਵਾਲੇ ਪੱਤਰਕਾਰਾਂ ਦੀ “ਕੰਡੀਸ਼ਨਿੰਗ” ਹੀ ਇਉਂ ਹੋ ਜਾਂਦੀ ਹੈ ਕਿ ਇਕ ਸਮੇਂ ਪਿਛੋਂ ਉਹ ਆਪਣੇ ਪੱਧਰ ਤੇ ਹੀ ਸਰਕਾਰ ਦੇ ਹਿੱਤਾਂ ਦੀ ਪੂਰਤੀ ਵਾਲੀ ਪੱਤਰਕਾਰੀ ਕਰਨ ਲੱਗ ਜਾਂਦੇ ਹਨ । ਦਮਦਮੀ ਨੇ ਕਿਹਾ ਕਿ ਪ੍ਰਈਵੇਟ ਚੈਨਲਾਂ ਦੀ ਆਮਦ ਤੋਂ ਪਹਿਲਾਂ ਉਹ ਬੜੇ ਆਸਵੰਦ ਸਨ ਕਿ ਪ੍ਰਈਵੇਟ ਚੈਨਲ ਲੋਕਾਂ ਦੀ ਅਵਾਜ਼ ਬਣਨਗੇ , ਪਰ ਹੋਇਆ ਇਸ ਤੋਂ ਉਲਟ । ਉਨ੍ਹਾਂ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਇਸ ਮਸਲੇ ਤੇ ਬੱਝਵੇ ਰੂਪ ‘ਚ ਇਸ ਤਰ੍ਹਾਂ ਦਾ ਕੰਮ ਪਹਿਲੀ ਵਾਰ ਹੋਇਆ ਹੈ।

ਅੰਗਰੇਜ਼ੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਰਹੇ ਸੁਖਦੇਵ ਸਿੰਘ ਨੇ ਪੰਜਾਬ ‘ਚ 1982 ਤੋਂ 1996 ਦੇ ਦੌਰ ਦੀ ਪੱਤਰਕਾਰੀ ਦੀ ਗੱਲ ਕਰਦਿਆਂ ਕਿਹਾ ਕਿ ਉਹ ਦੌਰ ਐਮਰਜੰਸੀ ਨਾਲੋਂ ਵੀ ਖਤਰਨਾਕ ਸੀ । ਉਘੇ ਪੱਤਰਕਾਰ ਕੁਲਦੀਪ ਨਈਅਰ ਦੀ ਲਿਖਤ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਕੁਲਦੀਪ ਨਈਅਰ ਲਿਖਦਾ ਹੈ ਕਿ ਜਦੋਂ ਨਿਊਯਾਰਕ ਟਾਇਮਜ਼ ਦਾ ਇਕ ਪੱਤਰਕਾਰ ਪੂਰਬੀ-ਪਾਕਿਸਤਾਨ (ਹੁਣ ਬੰਗਲਾਦੇਸ਼) ਦੀ ਜੰਗ ਮੌਕੇ ਉਸ ਨੁੰ ਪੁਛਦਾ ਹੈ ਕਿ ਤੁਹਾਡੀ ਭਾਰਤੀ ਪ੍ਰੈਸ ਨੁੰ ਕੋਈ ਖਾਸ ਹਦਾਇਤਾਂ ਹਨ ? ਤਾਂ ਜੁਆਬ ‘ਚ ਕੁਲਦੀਪ ਨਈਅਰ ਕਹਿੰਦਾ ਹੈ ਕਿ ਨਹੀਂ ਅਸੀਂ ਤਾਂ ਸਵੈ-ਇਛਤ, ਸਵੈ ਅਨੁਸ਼ਾਸ਼ਨ ਨਾਲ ਆਪਣੀ ਜਿਮੇਵਾਰੀ ਸਮਝਦਿਆਂ ਹੋਇਆਂ ਲੋਕਾਂ ਨੁੰ ਇਹ ਦਿਖਾ ਰਹੇ ਹਾਂ ਕਿ ਲੋਕ ਪੂਰਬੀ ਪਾਕਿਸਤਾਨ ‘ਚ ਲੋਕਾਂ ਦੇ ਮਾੜੇ ਹਾਲ ਨੇ ਤੇ ਕਤਲੋਗਾਰਤ ਹੋ ਰਹੀ ਹੈ । ਕੁਲਦੀਪ ਨਈਅਰ ਇਹ ਸਭ ਕੁਝ “ਦੇਸ਼-ਭਗਤੀ” ਦੇ ਭਾਵ ਨਾਲ ਕਰ ਰਿਹਾ ਸੀ ।

ਉਨ੍ਹਾਂ ਦੱਸਿਆ ਕਿ ਸਿੱਖ ਨਸਲਕੁਸ਼ੀ ਦੇ ਦੌਰ ‘ਚ ਲੋਕ ਸੰਪਰਕ ਦੇ ਉਚ ਅਧਿਕਾਰੀ ਉਘੇ ਪੱਤਰਕਾਰਾਂ ਨੁੰ ਉਨ੍ਹਾਂ ਦੀ ਹੈਸੀਅਤ ਮੁਤਾਬਕ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਨਾਲ ਚਾਹ ਜਾਂ ਰੋਟੀ ਦਾ ਸੱਦਾ ਦਿੰਦੇ ਸਨ । ਉਘੀਆਂ ਪੰਜਾਬੀ ਅਖਬਾਰਾਂ ਦੇ ਕਈ ਸੰਪਾਦਕ ਬੀਬੀ ਇੰਦਰਾ ਨਾਲ ਟੁਕੜ ਸਾਝਾਂ ਵੀ ਕਰ ਆਏ ਸਨ ।
ਕਿਤਾਬ Embedded Journalism , Punjab ਲੋਕ ਅਰਪਣ

ਨਿਜੀ ਤਜ਼ਰਬੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਉਸ ਦੌਰ ‘ਚ ਕਿਵੇਂ ਉਨ੍ਹਾਂ ਵੱਲੋਂ ਭੇਜੀਆਂ ਖਬਰਾਂ ਨੁੰ ਤੋੜ ਮੜੋੜ ਕੇ ਤੱਥਾਂ ਤੋਂ ਉਲਟ ਛਾਪ ਦਿਤਾ ਜਾਂਦਾ ਸੀ । ਉਨ੍ਹਾਂ ਦੱਸਿਆਂ ਕਿ ਏਸੀਆਂ ਖੇਡਾਂ ‘ਚ ਲੋਕਾਂ ਸਾਹਮਣੇ ਆਪਣਾ ਪੱਖ ਰੱਖਣ ਦੀ ਗੱਲ ਨੁੰ ਮੀਡੀਏ ਨੇ ਏਸੀਆ ਖੇਡਾਂ ਦਾ ਬਾਈਕਾਟ ਬਣਾ ਕੇ ਪੇਸ਼ ਕਰ ਦਿੱਤਾ ਸੀ ।

ਅਖਬਾਰਾਂ ਰਾਹੀ ਕਿਵੇਂ ਦਿਮਾਗਾਂ ‘ਚ ਜ਼ਹਿਰ ਭਰਿਆ ਜਾਂਦਾ ਹੈ , ਇਸ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਉਸ ਦੌਰ ‘ਚ ਸਿੱਖ ਹਾਕੀ ਖਿਡਾਰੀਆਂ ਨੁੰ ਕੇਰਲਾ ‘ਚ ਹੂਟਿੰਗ ਦਾ ਸਾਹਮਣਾ ਕਰਨਾ ਪਿਆ । ਕਈ ਭੇਦ ਜ਼ਾਹਰ ਕਰਦਿਆਂ ਉਨ੍ਹਾਂ ਦੱਸਿਆ ਕਿ ਖਾੜਕੂ ਸੰਘਰਸ਼ ਦੌਰਾਨ ਪੰਜਾਬ ਦਾ ਪੁਲਿਸ ਮੁਖੀ ਏਜੰਸੀਆਂ ਦੇ ਪੱਤਰਕਾਰਾਂ ਦੀਆਂ ਬਦਲੀਆਂ ਕਰਵਾਉਣ ਤੇ ਰੋਕਣ ਦਾ ਅਧਿਕਾਰ ਰੱਖਦਾ ਸੀ ।

ਸਿੱਖ ਚਿੰਤਕ ਅਜਮੇਰ ਸਿੰਘ ਨੇ ਕੁਲਦੀਪ ਨਈਅਰ ਦੇ ਮਸਲੇ ‘ਚ ਸਪੱਸਟ ਕੀਤਾ ਕਿ ਉਹ ਸਰਕਾਰ ਦੀ ਮਨ ਇਛਤ ਰਿਪਰਟਿੰਗ ਪੈਸਿਆਂ ਲਈ ਨਹੀਂ ਸਗੋਂ ਆਪਣੇ ਅੰਦਰਲੇ ਦੇਸ਼ ਭਗਤੀ ਦੇ ਭਾਵ ਲਈ ਕਰਦਾ ਹੈ । ਇਹ ਇਕ ਪੁਜੀਸ਼ਨ ਹੈ। ਪੱਤਰਕਾਰ ਵੱਲੋਂ ਦੇਸ਼ ਭਗਤੀ ਅਤੇ ਧਾਰਮਿਕ ਸੰਕੀਰਨਤਾ ਦੇ ਅਧਾਰ ਤੇ ਰਾਜਨੀਤੀ ਕਰਨਾ ਬਹੁਤ ਘਾਤਕ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਇਮਾਨਦਾਰ , ਦਲੇਰ ਤੇ ਸੱਚਾ ਹੋਣ ਦੇ ਨਾਲ-ਨਾਲ ਦਰਪੇਸ਼ ਮਸਲੇ ਬਾਰੇ ਮਨੁਖਤਾਵਾਦੀ ਸਮਝ ਰੱਖਦਾ ਹੋਵੇ । ਉਨ੍ਹਾਂ ਦੱਸਿਆ ਕਿ ਖਾੜਕੂ ਸੰਗਰਸ਼ ਦੌਰਾਨ ਖਾੜਕੂ ਮੁਡਿਆਂ ਨੁੰ ਪੱਤਰਕਾਰਾਂ ਨੁੰ ਵੱਡੀ ਰਕਮ ਦੇ ਕੇ ਜਾਂ ਬੰਦੂਕ ਦੀ ਨੋਕ ਤੇ ਖਬਰ ਲਵਾਉਂਣੀ ਪੈਦੀ ਸੀ । ਉਨ੍ਹਾਂ ਕੋਲ ਆਪਣਾ ਪੱਖ ਰੱਖਣ ਲਈ ਹੋਰ ਕੋਈ ਹੱਲ ਵੀ ਨਹੀਂ । ਪੰਜਾਬ ‘ਚ ਇਸ ਗੱਲ ਦਾ ਰੌਲਾ ਪੈਂਦਾ ਰਿਹਾ ਹੈ ਕਿ ਇਹ ਪੱਤਰਕਾਰੀ ਦੀ ਆਜ਼ਾਦੀ ਤੇ ਹਮਲਾ ਹੈ । ਪਰ ਦੂਜੇ ਪਾਸੇ ਸਰਕਾਰੀ ਪੱਤਰਕਾਰੀ ਤੇ ਕੋਈ ਸਵਾਲ ਨਹੀਂ ਉਠਾਉਂਦਾ ਸੀ ।

ਇਸ ਮੌਕੇ ਬੋਲਦਿਆਂ ਪੱਤਰਕਾਰ ਤੇ ਸਿੱਖ ਚਿੰਤਕ ਕਰਮਜੀਤ ਸਿੰਘ ਨੇ ਕਿਹਾ ਕਿ ਪੱਤਰਕਾਰੀ ‘ਚ ਸ਼ਬਦਾਂ ਦਾ ਵੱਡਾ ਰੋਲ ਹੁੰਦਾ ਹੈ। ਕਿਸੇ ਵੇਲੇ ਜੋ ਮਹਿਕਮਾਂ ਏ ਪੰਜਾਬੀ ਹੁੰਦਾ ਸੀ ਉਸ ਨੁੰ ਭਾਸ਼ਾ ਵਿਭਾਗ ਬਣਾ ਦਿਤਾ ਗਿਆ । ਉਨ੍ਹਾਂ ਕਿਹਾ ਕਿ militant ਦਾ ਢੁਕਵਾਂ ਤਰਜਮਾਂ “ਖਾੜਕੂ” ਹੈ । ਪਰ ਪੰਜਾਬੀ ਅਖਬਾਰਾਂ ਦੇ ਸੰਪਾਦਕ ਜਬਰੀ ਇਸ ਦੇ ਅਰਥ ਅਤਿਵਾਦੀ ਕਰਵਾਉਂਦੇ ਰਹੇ।

ਹਮਬਿਸਤਰ ਪੱਤਰਕਾਰੀ ਦੀ ਮਿਸਲ ਦਿੰਦਆਂ ਉਨ੍ਹਾਂ ਦੱਸਿਆਂ ਕਿ ਇਕ ਪੰਜਾਬੀ ਦੇ ਅਖਬਾਰ ਨੇ ਜਰਨਲ ਲਾਭ ਸਿੰਘ ਦੀ ਸ਼ਹੀਦੀ ਦੀ ਖਬਰ ਲਿਖਦਿਆਂ ਕਲਪਨਾਂ ਨੁੰ ਵੀ ਰੰਗ ਦੇ ਦਿਤਾ ਤੇ ਲਿਖਿਆ ਕਿ ਉਸ ਦੀ ਲਾਸ਼ ਨੁੰ ਗਿਰਝਾਂ ਵੀ ਖਾਣ ਤੋਂ ਇਨਕਾਰੀ ਸਨ। ਉਨ੍ਹਾਂ ਦੱਸਿਆ ਕਿ ਉਸ ਦੌਰ ‘ਚ ਸਿੱਖ ਦਿੱਖ ਵਾਲੇ ਪੱਤਰਕਾਰ ਹੀ ਸਿੱਖਾਂ ਦੇ ਵਿਰੁਧ ਭੁਗਤਾਏ ਗਏ ।

ਨਿਜੀ ਤਜ਼ਰਬੇ ਸਾਂਝੇ ਕਰਦਿਆਂ ਇੰਡੀਅਨ ਐਕਸਪ੍ਰੈਸ ਦੇ ਸਾਬਕਾ ਪੱਤਰਕਾਰ ਚੰਚਲ ਮਨੋਹਰ ਸਿੰਘ ਨੇ ਦਸਿਆ ਕਿ ਅੰਮ੍ਰਿਤਸਰ ਜ਼ਿਲੇ ‘ਚ ਅਜੀਤ ਸਿੰਘ ਨਾਂ ਦੇ ਡੀਐਸਪੀ ਨੇ ਇਕ ਨੌਜਵਾਨ ਮੁੰਡੇ ਦੇ ਸਬੰਧ ‘ਚ ਕਹਾਣੀ ਘੜੀ ਕਿ ਉਹ ਆਪਣੀ ਮਹਿਬੂਬਾਂ ਦੀ 6 ਮਹੀਨੇ ਦੀ ਬੱਚੀ ਨਾਲ ਬਲਾਤਕਾਰ ਕਰਦਾ ਰਿਹਾ ਹੈ । ਕਹਾਣੀ ਸਰਾਸਰ ਝੂਠੀ ਤੇ ਮੁੰਡਿਆਂ ਨੁੰ ਬਦਨਾਮ ਕਰਨ ਲਈ ਘੜੀ ਗਈ ਸੀ ਪਰ ਪੱਤਰਕਾਰ ਸਭ ਸੱਚ ਜਾਣ ਕੇ ਸੁਣ ਰਹੇ ਸਨ । ਉਨ੍ਹਾਂ ਵੱਲੋਂ ਉਲਟ ਸਵਾਲ ਪੁਛਣ ਤੇ ਅਜੀਤ ਸਿੰਘ ਭੜ੍ਹਕ ਪਿਆ। ਉਨ੍ਹਾਂ ਦੱਸਿਆ ਕਿ ਉਸ ਦੌਰ ‘ਚ ਸੱਚ ਲਿਖਣ ਵਾਲੇ ਨੁੰ ਖਾੜਕੂ ਲਹਿਰ ਦਾ ਹਮਦਰਦ ਬਣਾ ਕੇ ਪੇਸ਼ ਕਰ ਦਿਤਾ ਜਾਂਦਾ ਸੀ । ਉਨ੍ਹਾਂ ਕਿਹਾ ਕਿ ਖੱਬੇ ਪੱਖੀ ਪੱਤਰਕਾਰ ਹਰ ਉਸ ਬੰਦੇ ਨੁੰ ਫਿਰਕਾ ਪ੍ਰਸਤ ਕਰਾਰ ਦਿੰਦੇ ਸਨ ਜੋ ਕਾਮਰੇਡ ਨਹੀਂ ਸੀ ।

ਬਜ਼ੁਰਗ ਪੱਤਰਕਾਰ ਦਲਬੀਰ ਸਿੰਘ ਟ੍ਰਿਬਿਊਨ ਨੇ ਦੱਸਿਆ ਕਿ ਉਹ ਪੱਤਰਕਾਰਾਂ ਨੁੰ ਪਲਾਟ ਵੰਡੇ ਜਾਣ ਦੇ ਵਿਰੋਧ ‘ਚ ਰਹੇ ਹਨ । ਉਨ੍ਹਾਂ ਸਿੱਖ ਨੌਜਵਾਨੀ ਤੇ ਆਪਣੇ ਨਾਲ ਵਾਪਰੇ ਤਮਾਮ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਕਿਵੇਂ 84 ਵਾਪਰਨ ਤੋਂ ਪਹਿਲਾਂ ਅਮ੍ਰਿਤਸਰ ਦੇ ਡੀਸੀ ਵੱਲੋਂ ਕਰਵਾਈ ਹਿੰਦੂ ਸਿੱਖ ਸਹਿਮਤੀ ਮੀਟਿੰਗ ਨੁੰ ਗਲਤ ਅਖਬਾਰੀ ਰਿਪੋਟਾਂ ਨੇ ਸਿਰੇ ਨਹਿੰ ਚੜਨ ਦਿਤਾ ।

ਪੱਤਰਕਾਰ ਹਮੀਰ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਨਿਰਪੱਖ ਪੱਤਰਕਾਰੀ ਦੀ ਕਲਪਨਾ ਕਰਨੀ ਬਹੁਤ ਔਖੀ ਹੈ । ਹਰ ਬੰਦਾ ਵਾਪਰ ਰਹੀਆਂ ਘਟਨਾਵਾਂ ਬਾਰੇ ਆਪਣਾ ਤਜ਼ਰਬਾ ਰੱਖਦਾ ਹੈ। ਇਸ ਦੇ ਬਾਵਯੂਦ ਪੱਤਰਕਾਰ ਵੱਖਰਤਾਈਆਂ (diversity ) ਦੀ ਰਾਖੀ ਲਈ ਗੰਭੀਰ ਹੋਣਾ ਚਾਹੀਦਾ ਹੈ। ਪੱਤਰਕਾਰ ਦਾ ਕਿਸੇ ਮਨੁਖਤਾ ਪੱਖੀ ਵਿਚਾਰ ਨਾਲ ਲਗਾਅ ਬਹੁਤ ਜਰੂਰੀ ਹੈ । ਉਨ੍ਹਾਂ ਕਿਹਾ ਕਿ ਸਭ ਕਾਸੇ ਦੇ ਬਾਵਯੂਦ ਪੱਤਰਕਾਰ ਕੋਲ ਅੱਜ ਵੀ ਇਕ ਸਪੇਸ ਹੈ ਜਿਸ ਦੀ ਵਰਤੋਂ ਕਰਨੀ ਪੱਤਰਕਾਰ ਦੇ ਫਰਜ਼ਾਂ ‘ਚ ਸ਼ੁਮਾਰ ਹੈ ।

ਗੱਲਬਾਤ ਨੁੰ ਸਮੇਟਦਿਆਂ , ਦਿੱਲੀ ਤੋਂ ਉਘੇ ਮੀਡੀਆਂ ਕਾਰਕੁਨ ਅਨਿਲ ਚਮੜੀਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਰਵਾਈ ਗਈ ਇਕ ਸਟੱਡੀ ‘ਚ ਇਹ ਸਾਬਤ ਹੋਇਆ ਹੈ ਕਿ ਐਮਰਜੰਸੀ ਅਤੇ ਅੱਜ ਦੇ ਆਮ ਹਲਾਤ ਵਿਚ ਹੋਣ ਵਾਲੀ ਪੱਤਰਕਾਰੀ ਵਿਚ ਕੋਈ ਫਰਕ ਨਹੀਂ ਹੈ। ਟੀਵੀ ਚੈਨਲਾਂ ਦੀਆਂ ਹੇੜਾਂ ਦੇ ਬਾਵਯੂਦ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਲੋਕ ਉਨੀ ਕੁ ਹੀ ਗਿਣਤੀ ‘ਚ ਟੀਵੀ ਸਟੂਡੀਊ ਤੱਕ ਪਹੁੰਚਦੇ ਹਨ, ਜਿਨੇ ਐਮਰਜੰਸੀ ਵੇਲੇ। ਉਨ੍ਹਾਂ ਕਿਹਾ ਕਿ ਜੋ ਭਾਰਤੀ ਹੁਕਮਰਾਨਾਂ ਨੇ ਪੰਜਾਬ ‘ਚ ਕੀਤਾ ਸੀ ਉਹੀ ਕਸਮੀਰ ‘ਚ ਵੀ ਦੁਹਰਾਇਆ ਗਿਆ । ਮੀਡੀਆ ਨੁੰ ਕਸ਼ਮੀਰ ‘ਚ ਵੀ ਪੰਜਾਬ ਦੀ ਤਰਜ਼ 'ਤੇ ਹੀ ਵਰਤਿਆ ਗਿਆ । ਭਾਰਤੀ ਫੋਜ ਵੱਲੋਂ ਕੀਤੇ ਜਾਂਦੇ ਬਲਾਤਕਰਾਂ ਨੁੰ ਮੀਡੀਆਂ ਕਦੇ ਵੀ ਜ਼ਾਹਰ ਨਹੀਂ ਕਰਦਾ।

ਮੀਡੀਏ ਲਈ ਖਿੱਤੇ ਦੇ ਲੋਕਾਂ ਦੀ ਜੁਬਾਨ ਦੀ ਮਹੱਤਤਾ ਦੱਸਦਿਆਂ ਉਨ੍ਹਾਂ ਕਿਹਾ ਕਿ "ਜਿਥੇ ਵੀ ਕਿਤੇ ਹਿੰਦੀ ਜਾਂਦੀ ਹੈ ਇਕੱਲੀ ਨਹੀਂ ਜਾਂਦੀ ਉਹ ਆਪਣੇ ਨਾਲ ਹਿੰਦੂਤਵ ਦੀ ਵਿਚਾਰਧਾਰਾ ਲੈ ਕੇ ਜਾਂਦੀ ਹੈ । ਉਨ੍ਹਾਂ ਪੰਜਾਬ ‘ਚ ਪੰਜਾਬੀ ਅਖਬਾਰਾਂ ਦਾ ਡਿਗ ਰਹੀ ਪਾਠਕ ਗਿਣਤੀ ਤੇ ਹਿੰਦੀ ਅਖਬਾਰਾਂ ਦਾ ਪੰਜਾਬ ਦੀ ਸਰਜਮੀਨ ਤੇ ਮਨਾਪਲੀ ਬਣਾਏ ਜਾਣ ਨੁੰ ਚਿੰਤਾ ਦਾ ਵਿਸ਼ਾ ਦੱਸਿਆ । ਉਨ੍ਹਾਂ ਉਦਾਹਰਨ ਦੇ ਕੇ ਕਿਹਾ ਕਿ "ਪਿਛਲੇ ਸਮੇਂ 'ਚ ਜਿਹੜੇ-ਜਿਹੜੇ ਗੈਰ-ਹਿੰਦੀ ਭਸ਼ਾਈ ਸੂਬਿਆਂ 'ਚ ਹਿੰਦੀ ਅਖ਼ਬਾਰਾਂ ਦਾ ਵਿਸਥਾਰ ਹੋਇਆ ਹੈ,ਉਨ੍ਹਾਂ 'ਚ ਬੀ ਜੇ ਪੀ ਵੀ ਵਧੀ ਫੁੱਲੀ ਹੈ। ਪੰਜਾਬ 'ਚ ਹਿੰਦੀ ਅਖ਼ਬਾਰਾਂ ਦੇ ਵਿਸਥਾਰ ਦੇ ਨਾਲ-ਨਾਲ ਭਾਜਪਾ ਦੇ ਵਿਸਥਾਰ ਨੂੰ ਵੀ ਇਸ ਨਾਲ ਜੋੜ ਕੇ ਦੇਖਿਆ-ਸਮਝਿਆ ਜਾ ਸਕਦਾ ਹੈ। ਉਨ੍ਹਾਂ ਪੰਜਾਬੀਆਂ ਨੁੰ ਕਿਹਾ ਕਿ ਤੁਹਾਡੀ ਜ਼ੁਬਾਨ ‘ਚ ਸੈਕੜੇ ਸ਼ਬਦ ਉਹ ਵੜ੍ਹ ਗਏ ਨੇ ਜੋ ਤੁਹਾਡੇ ਨਹੀਂ । ਬਹੁਤ ਸਾਰੀਆਂ ਬੋਲੀਆਂ ਖਤਮ ਹੋ ਗਈਆਂ ਹਨ ਤੇ ਕੁਝ ਖਤਮ ਹੋਣ ਦੇ ਕੰਢੇ ਹਨ । ਉਨ੍ਹਾਂ ਦੁਖ ਪ੍ਰਗਟ ਕੀਤਾ ਕਿ ਪੰਜਾਬ ਨਾਲ ਵਾਪਰੀ ਤ੍ਰਸਦੀ ਬਾਰੇ ਮੀਡੀਆ ‘ਚ ਕੋਈ ਚਰਚਾ ਨਹੀਂ ਹੁੰਦੀ । ਉਨ੍ਹਾਂ ਮਨੁਖਤਾ ਖਿਲਾਫ ਹੋ ਰਹੇ ਜੁਲਮਾਂ ਖਿਲਾਫ ਕਲਮਾਂ ਚੁਕਣ ਦਾ ਸੱਦਾ ਦਿੱਤਾ ।

ਟੀਮ 'ਲੋਕ ਪਹਿਲਕਦਮੀ' ਨੇ ਕਿਹਾ ਕਿ ਕਿ ਇਹ ਮਨੁੱਖੀ ਤੇ ਵਿਚਾਰਧਾਰਕ ਸੰਕੀਰਨਤਾਵਾਂ ਦਾ ਦੌਰ ਹੈ ਤੇ ਸਾਡੇ ਉਪਰਾਲੇ ਇਨ੍ਹਾਂ ਸੰਕੀਰਨਤਾ ਤੋਂ ਮੁਕਤੀ ਦੀ ਇਕ ਨਿੱਕੀ ਜਿਹੀ ਕੋਸ਼ਿਸ਼ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਕੁਲਦੀਪ ਕੌਰ,ਗੁਰਦਰਸ਼ਨ ਸਿੰਘ ਢਿੱਲੋਂ,ਦਲਜੀਤ ਅਮੀ,ਸੁਰਿੰਦਰ ਸਿੰਘ ਕਿਸ਼ਨਪੁਰਾ,ਪ੍ਰੀਤਮ ਰੁਪਾਲ,ਸ਼ਿਵਇੰਦਰ ਸਿੰਘ,ਪ੍ਰਭਜੋਤ ਸਿੰਘ ,ਜਸਦੀਪ ਸਿੰਘ, ਗੰਗਵੀਰ ਸਿੰਘ,ਖੁਸ਼ਹਾਲ ਸਿੰਘ,ਚਰਨਜੀਤ ਤੇਜਾ ਤੇ ਯਾਦਵਿੰਦਰ ਵੀ ਹਾਜ਼ਰ ਸਨ।

No comments:

Post a Comment