ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, August 23, 2014

ਇੰਡੀਅਨ ਵਰਕਰਜ਼ ਐਸੋਸੀਏਸ਼ਨ (ਜੀ.ਬੀ.) ਵਲੋਂ ਗਾਜ਼ਾ ਦੇ ਹੱਕ 'ਚ ਮੁਜ਼ਾਹਰੇ

ਲੰਡਨ ਵਿਚ ਬਹੁਤ ਸਾਰੀਆਂ ਲੋਕ ਹਿੱਤੂ ਤੇ ਅਗਾਂਹਵਧੂ ਜਥੇਬੰਦੀਆਂ ਨੇ ਇਜ਼ਰਾਇਲ ਵਲੋਂ ਗਾਜ਼ਾ ਦੇ ਫ਼ਲਸਤੀਨੀ ਲੋਕਾਂ ਉਪਰ ਜ਼ੋਰਦਾਰ ਹਮਲੇ ਕਰਕੇ ਤੇ ਹਜ਼ਾਰਾਂ ਲੋਕਾਂ ਦਾ ਕਤਲੇਆਮ ਕਰਕੇ ਸਮੁੱਚੇ ਇਲਾਕੇ ਨੂੰ ਆਪਣੀ ਮਿਲਟਰੀ ਤੇ ਹਵਾਈ ਫ਼ੌਜ ਰਾਹੀਂ ਬੰਬਾਂ ਨਾਲ ਤਬਾਹ ਕੀਤੇ ਜਾਣ ਦੇ ਖ਼ਿਲਾਫ਼ ਬਹੁਤ ਵੱਡਾ ਮੁਜ਼ਾਹਰਾ ਕੀਤਾ ਗਿਆ।ਜਿਸ ਵਿਚ ਵੱਖ-ਵੱਖ ਧਰਮਾਂ, ਨਸਲਾਂ ਤੇ ਅਗਾਂਹਵਧੂ ਇਨਸਾਫ਼ਪਸੰਦ ਲੋਕਾਂ ਨੇ ਹਿੱਸਾ ਲਿਆ।ਮੁਜ਼ਾਹਰੇ ਵਿਚ ਡੇਢ ਲੱਖ ਤੋਂ ਵੀ ਵੱਧ ਲੋਕ ਹਾਜ਼ਰ ਸਨ ਜਿਨ੍ਹਾਂ ਨੇ ਇਜ਼ਰਾਈਲ ਦੇ ਜ਼ੁਲਮਾਂ ਖ਼ਿਲਾਫ਼ ਡੱਟ ਕੇ ਪ੍ਰਦਰਸ਼ਨ ਕੀਤਾ।

ਇੰਡੀਅਨ ਵਰਕਰਜ਼ ਐਸੋਸੀਏਸ਼ਨ (ਜੀ.ਬੀ.) ਦੇ ਸਾਥੀਆਂ ਨੇ ਵੀ ਮੁਜ਼ਾਹਰੇ ਵਿਚ ਹਿੱਸਾ ਲੈ ਕੇ ਉਨ੍ਹਾਂ ਜ਼ੁਲਮ ਦੇ ਸ਼ਿਕਾਰ ਹੋਏ ਲੋਕਾਂ ਦੇ ਹੱਕ ਵਿਚ ਆਵਾਜ਼ ਉਠਾਈ। ਸਾਥੀਆਂ ਵਲੋਂ ਤਿੰਨ ਹਜ਼ਾਰ ਤੋਂ ਵੀ ਉਪਰ ਇਕ ਸਟੇਟਮੈਂਟ ਵੰਡੀ ਗਈ ਅਤੇ ਆਮ ਲੋਕਾਂ ਨਾਲ ਇਸ ਜ਼ੁਲਮ ਦੇ ਖ਼ਿਲਾਫ਼ ਵਿਚਾਰ ਵਟਾਂਦਰਾ ਕੀਤਾ ਗਿਆ। ਆਪਣੀ ਸਟੇਟਮੈਂਟ ਵਿਚ ਦੱਸਿਆ ਕਿ ਕਿਵੇਂ ਅਮਰੀਕਾ ਤੇ ਇੰਗਲੈਂਡ ਦੀ ਸ਼ਹਿ 'ਤੇ ਇਜ਼ਰਾਈਲ ਦੀ ਫਾਸ਼ੀਵਾਦੀ ਸਰਕਾਰ ਦਹਾਕਿਆਂ ਤੋਂ ਨਿਹੱਥੇ ਫ਼ਲਸਤੀਨੀ ਲੋਕਾਂ ਦਾ ਕਤਲੇਆਮ ਕਰ ਰਹੀ ਹੈ ਤੇ ਸਾਰੇ ਪਾਸਿਆਂ ਤੋਂ ਇਲਾਕੇ ਦੀ ਘੇਰਾਬੰਦੀ ਕਰਕੇ ਸਾਰੇ ਦੇਸ਼ ਨੂੰ ਇਕ ਤਰ੍ਹਾਂ ਨਾਲ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਹੈ।

ਅਮਰੀਕੀ ਸਾਮਰਾਜੀਏ ਤੇ ਇਨ੍ਹਾਂ ਦੇ ਪਿੱਛਲੱਗ ਇੰਗਲੈਂਡ ਦੀ ਸਰਕਾਰ ਜਦੋਂ ਸਾਲ 2000 ਤੋਂ ਗਾਜ਼ਾ ਦੇ ਇਲਾਕੇ ਵਿਚ ਬਹੁਤ ਵੱਡੇ ਕੁਦਰਤੀ ਗੈਸ ਭੰਡਾਰਾਂ ਦੀ ਖੋਜ ਹੋਈ ਹੈ ਓਦੋਂ ਤੋਂ ਹੀ ਇਨ੍ਹਾਂ ਸਾਮਰਾਜੀਆਂ ਦੇ ਮੂੰਹਾਂ ਵਿੱਚੋਂ ਰਾਲਾਂ ਟਪਕ ਰਹੀਆਂ ਹਨ ਕਿ ਕਿਵੇਂ ਨਾ ਕਿਵੇਂ ਇਨ੍ਹਾਂ ਲੋਕਾਂ ਨੂੰ ਕੰਮਜ਼ੋਰ ਕਰਕੇ ਤੇ ਕਤਲ ਕਰਕੇ ਇਨ੍ਹਾਂ ਕੁਦਰਤੀ ਖਣਿਜਾਂ ਨਾਲ ਭਰਪੂਰ ਇਲਾਕਿਆਂ 'ਤੇ ਕਬਜ਼ਾ ਕਰਕੇ ਸਾਰਾ ਕੁਝ ਲੁੱਟ ਕੇ ਇਨ੍ਹਾਂ ਦੀਆਂ ਤਿਜੌਰੀਆਂ 'ਚ ਆ ਜਾਏ।ਬਿਲਕੁਲ ਉਸੇ ਤਰ੍ਹਾਂ ਜਿਵੇਂ ਹਿੰਦੁਸਤਾਨ ਦੀ ਫਾਸ਼ੀਵਾਦੀ ਸਰਕਾਰ ਮੁਲਕ ਦੇ ਕੇਂਦਰੀ ਹਿੱਸੇ ਤੇ ਝਾਰਖੰਡ-ਉੜੀਸਾ ਦੇ ਇਲਾਕਿਆਂ ਵਿਚ ਸਦੀਆਂ ਤੋਂ ਵਸਦੇ ਲੋਕਾਂ 'ਤੇ ਤਸ਼ੱਦਦ ਕਰਕੇ ਲੋਕਾਂ ਦਾ ਕਤਲੇਆਮ ਕਰਕੇ ਪਿੰਡਾਂ ਦੇ ਪਿੰਡ ਉਜਾੜ ਕੇ ਉੱਥੋਂ ਦੇ ਅਰਬਾਂ ਖ਼ਰਬਾਂ ਦੇ ਖਣਿਜ ਪਦਾਰਥ ਆਪਣੇ ਚਹੇਤੇ ਕਾਰਪੋਰੇਟ ਸਰਮਾਏਦਾਰਾਂ ਨੂੰ ਲੁਟਾਉਣਾ ਚਾਹੁੰਦੀ ਹੈ।

ਅਮਰੀਕਾ ਤੇ ਇੰਗਲੈਂਡ ਵਲੋਂ ਅਰਬਾਂ ਪੌਂਡਾਂ ਦੇ ਹਥਿਆਰ ਇਜ਼ਰਾਈਲ ਨੂੰ ਦਿੱਤੇ ਜਾ ਰਹੇ ਹਨ ਤਾਂ ਕਿ ਉਹ ਅਰਬ ਦੇ ਲੋਕਾਂ ਨੂੰ ਦਬਾ ਕੇ ਤੇ ਕਮਜ਼ੋਰ ਕਰਕੇ ਆਪਣੀ ਲੁੱਟ ਨੂੰ ਆਸਾਨ ਬਣਾਇਆ ਜਾ ਸਕਣ। ਅੱਜ ਜਦੋਂ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਲੋਕ ਇਸ ਜ਼ੁਲਮ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਤਦ ਹਿੰਦੁਸਤਾਨ ਦੀ ਮੋਦੀ ਸਰਕਾਰ ਇਜ਼ਰਾਈਲ ਦਾ ਇਸ ਜ਼ੁਲਮ ਵਿਚ ਡੱਟ ਕੇ ਸਾਥ ਦੇ ਰਹੀ ਹੈ।ਹਿੰਦੁਸਤਾਨੀ ਸਰਕਾਰ ਦੇ ਨੁਮਾਇੰਦੇ ਸ਼ਰੇਆਮ ਬਿਆਨ ਦੇ ਰਹੇ ਹਨ ਕਿ ਇਜ਼ਰਾਈਲ ਵਲੋਂ ਫ਼ਲਸਤੀਨੀ ਲੋਕਾਂ ਦਾ ਕਤਲੇਆਮ ਬਿਲਕੁਲ ਸਹੀ ਹੈ, ਕਿਉਂਕਿ ਮੁਸਲਮਾਨ ਦਹਿਸ਼ਤਪਸੰਦੀ 'ਚ ਯਕੀਨ ਰੱਖਦੇ ਹਨ ਇਸ ਕਰਕੇ ਇਨ੍ਹਾਂ ਨੂੰ ਦਬਾਉਣਾ ਜ਼ਰੂਰੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਉਹ ਹਿੰਦੁਸਤਾਨ 'ਚ ਵੀ ਅਜਿਹਾ ਕਰਨ ਦੀ ਸੋਚ ਰਹੇ ਹਨ।

ਹਿੰਦੁਸਤਾਨ ਦੀ ਮੋਦੀ ਸਰਕਾਰ ਨੇ ਵੀ ਆਪਣਾ ਅਸਲੀ ਚਿਹਰਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।ਉਨ੍ਹਾਂ ਨੇ ਘੱਟਗਿਣਤੀਆਂ, ਕੌਮਾਂ, ਦਲਿਤਾਂ ਤੇ ਆਦਿਵਾਸੀਆਂ ਦੇ ਖ਼ਿਲਾਫ਼ ਆਪਣੀ ਲੜਾਈ ਤੇਜ਼ ਕਰਨ ਦੇ ਮਨਸੂਬੇ ਬਣਾ ਰੱਖੇ ਹਨ।
ਅੱਜ ਮੋਹਨ ਭਾਗਵਤ ਤੇ ਤੋਗੜੀਆ ਵਰਗੇ ਫਾਸ਼ੀਵਾਦੀ ਹਿੰਦੂ ਲੀਡਰਾਂ ਦੇ ਬਿਆਨ ਇਸ ਸਰਕਾਰ ਦੀ ਨੀਤੀ ਨੂੰ ਸਪਸ਼ਟ ਕਰ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਹਿੰਦੁਸਤਾਨ 'ਚ ਸਿੱਖਾਂ, ਮੁਸਲਮਾਨਾਂ, ਈਸਾਈਆਂ ਤੇ ਆਦਿਵਾਸੀਆਂ-ਦਲਿਤਾਂ ਤੇ ਹੋਰ ਕਮਜ਼ੋਰ ਵਰਗਾਂ ਦੇ ਲੋਕਾਂ ਦੇ ਹਿੱਤ ਬਿਲਕੁਲ ਸੁਰੱਖਿਅਤ ਨਹੀਂ।

ਓਪਰੇਸ਼ਨ ਗ੍ਰੀਨ ਹੰਟ ਤੇ ਹੋਰ ਫਾਸ਼ੀਵਾਦੀ ਮੁਹਿੰਮਾਂ ਤੇ ਕਾਨੂੰਨਾਂ ਰਾਹੀਂ ਹਿੰਦੁਸਤਾਨ ਦੀ ਸਰਕਾਰ ਆਪਣੇ ਲੋਕਾਂ 'ਤੇ ਅੰਨ੍ਹਾ ਤਸ਼ੱਦਦ ਕਰ ਰਹੀ ਹੈ। ਸਰਕਾਰ ਦੇ ਇਨ੍ਹਾਂ ਜ਼ੁਲਮਾਂ ਦੇ ਖ਼ਿਲਾਫ਼ ਲੜ ਰਹੇ ਲੋਕਾਂ ਨੂੰ ਦਬਾਉਣ ਲਈ ਇਜ਼ਰਾਈਲ ਦੀ ਸਰਕਾਰ ਤੇ ਉਸ ਦੀਆਂ ਮੋਸਾਦ ਵਰਗੀਆਂ ਏਜੰਸੀਆਂ ਜਿਥੇ ਹਿੰਦੁਸਤਾਨੀ ਸਰਕਾਰ ਦੀ ਮੱਦਦ ਕਰ ਰਹੀਆਂ ਹਨ ਉਥੇ ਹਿੰਦੁਸਤਾਨ ਇਜ਼ਰਾਈਲ ਕੋਲੋਂ ਕਰੋੜਾਂ ਪੌਂਡਾਂ ਦੇ ਹਥਿਆਰ ਵੀ ਖ਼ਰੀਦ ਰਿਹਾ ਹੈ।

ਯਾਦ ਰਹੇ ਪਿੱਛੇ ਜਹੇ ਬਾਦਲ ਸਰਕਾਰ ਨੇ ਵੀ ਪੰਜਾਬ ਦੇ ਲੋਕਾਂ 'ਤੇ ਜ਼ੁਲਮ ਢਾਹੁਣ ਲਈ ਇਜ਼ਰਾਈਲ ਤੋਂ ਨਵੀਂਆਂ ਜ਼ਾਲਮਾਨਾ ਤਕਨੀਕਾਂ ਸਿੱਖਣ ਲਈ ਆਪਣੀ ਪੁਲਿਸ ਦੇ ਨੁਮਾਇੰਦੇ ਇਜ਼ਰਾਈਲ ਭੇਜੇ ਸਨ।

ਅੱਜ ਹਿੰਦੁਸਤਾਨ ਦੇ ਈਮਾਨਦਾਰ ਤੇ ਅਗਾਂਹਵਧੂ ਲੋਕਾਂ ਨੂੰ ਇਸ ਲੁੱਟਖਸੁੱਟ ਤੇ ਜਬਰ ਦੇ ਖ਼ਿਲਾਫ਼ ਅਤੇ ਦੁਨੀਆਂ ਦੇ ਦੱਬੇ-ਕੁਚਲੇ ਲੋਕਾਂ ਦੇ ਨਾਲ ਖੜ੍ਹਨ ਲਈ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਜੀ.ਬੀ.) ਖੁੱਲ੍ਹਾ ਸੱਦਾ ਦਿੰਦੀ ਹੈ।

ਹੋਰ ਜਾਣਕਾਰੀ ਇਨ੍ਹਾਂ ਫ਼ੋਨ ਨੰਬਰਾਂ 'ਤੇ ਸੰਪਰਕ ਕਰੋ

 ਚਰਨ ਅਟਵਾਲ, ਪ੍ਰੈਜ਼ੀਡੈਂਟ (ਕੇਂਦਰੀ ਜਥੇਬੰਦਕ ਕਮੇਟੀ)
ਆਈ.ਡਬਲਯੂ.ਏ. (ਜੀ.ਬੀ.)
ਫ਼ੋਨ: 07779-144977

 ਲੇਖਰਾਜ ਪਾਲ, ਜਨਰਲ ਸਕੱਤਰ (ਕੇਂਦਰੀ ਜਥੇਬੰਦਕ ਕਮੇਟੀ)
ਆਈ.ਡਬਲਯੂ.ਏ. (ਜੀ.ਬੀ.) ਫ਼ੋਨ: 07550-662739

ਚਿੱਠੀ-ਪਤਰ ਲਈ ਪਤਾ: 
IWA(GB) P.O. Box 8175, DERBY, DE1 9HW
E-mail: iwagb1938@hotmail.com

No comments:

Post a Comment