
ਫਿਲਮ ਵੇਖ ਕੇ ਲਗਦਾ ਹੈ ਕੇ ਸਿਰਫ ਜਗਾਹ ਦਾ ਹੀ ਅੰਤਰ ਹੈ। ਇਹ ਕਹਾਣੀ ਤਾਂ ਹਰ ਉਸ ਥਾਂ ਦੀ ਹੈ ਜਿਥੇ ਸੱਤਾ ਕਿਸੇ ਕੌਮ ਦੀ ਸਮੂਹਿਕ ਚੇਤਨਾ ਨੂੰ ਤੀਲ੍ਹਾ ਤੀਲ੍ਹਾ ਕਰ ਦਿੰਦੀ ਹੈ। ਫਿਰ ਓਹ ਘਟ- ਗਿਣਤੀ ਜਦ ਰੀਐਕਟ ਕਰਦੀ ਹੈ। ਤਾਂ ਜਬਰ ਦਾ ਦੌਰ ਸ਼ੁਰੂ ਹੁੰਦਾ ਹੈ। ਹਨ੍ਹੇਰੀ ਰਾਤ ਲੰਬੀ ਹੁੰਦੀ ਜਾਂਦੀ ਹੈ । ਕੌਮ ਦੇ ਓਹ ਹਿੱਸੇ ਵੀ ਵਿੱਚ ਖਿੱਚੇ ਜਾਂਦੇ ਨੇ। ਜੋ ਅਜੇ ਤਕ ਨਿੱਕੇ ਨਿੱਕੇ ਸੁਪਨਿਆਂ ਨੂੰ ਜੋੜਨ ਦੀ ਜ਼ਿੰਦਗੀ ਜੀ ਰਹੇ ਹੁੰਦੇ ਨੇ। ਇਕ ਪਾਸੇ ਕੌਮ ਤੇ ਭੀੜ ਪਈ ਤੇ ਅੱਖਾਂ ਬੰਦ ਕਰਨ ਦਾ ਮਿਹਣਾ ਹੈ ਤਾਂ ਦੂਜੇ ਪਾਸੇ ਸਮੇਂ ਦੀ ਸਰਕਾਰ ਨੂ ਅੱਖਾਂ ਵਿਖਾਉਣ ਦੀ ਸਜ਼ਾ ਤੇ ਡੋਰ ਬਿਲਕੁਲ ਹੱਥੋਂ ਨਿਕਲ ਜਾਂਦੀ ਹੈ। ਸਥਰ ਵਿੱਛ ਜਾਂਦੇ ਨੇ। ਸਮਾਂ ਸੁੰਨ ਹੋ ਜਾਂਦਾ ਹੈ।
ਫਿਲਮ 'ਚ ਇਕ ਸੰਵਾਦ ਹੈ, ਜਿਥੇ ਹੈਦਰ ਦਾ ਦਾਦਾ ਖਾੜਕੂ ਸੋਚ ਵਾਲਿਆਂ ਨੂੰ ਕਹਿੰਦਾ ਹੈ ਕਿ ਇੰਤਕਾਮ ਸਿਰਫ ਇੰਤਕਾਮ ਪੈਦਾ ਕਰਦਾ ਹੈ। ਜਦ ਤੱਕ ਇੰਤਕਾਮ ਨਹੀਂ ਛਡਦੇ ਤਦ ਤਕ ਆਜ਼ਾਦੀ ਨਹੀਂ ਆਵੇਗੀ। ਇਹੀ ਸੰਵਾਦ ਹੈਦਰ ਦੀ ਮਾਂ ਦੇ ਮੂੰਹੋਂ ਹੈਦਰ ਨਾਲ ਕੀਤਾ ਗਿਆ। ਖਾੜਕੂ ਲੀਡਰ ਤੇ ਹੈਦਰ ਦੋਵੇਂ ਨਿਰ- ਉੱਤਰ ਵਿਖਾਏ ਗਏ ਹਨ । ਪਰ ਇਹੀ ਸਵਾਲ ਸੱਤਾ ਨੂੰ ਨਹੀਂ ਕੀਤਾ ਜਾਂਦਾ ਜੋ ਕਿ ਇੰਤਕਾਮ ਦੀ ਸ਼ੁਰੂਆਤ ਕਰਦੀ ਹੈ।

ISI ਦੀ ਭੂਮਿਕਾ ਵੀ ਕਸ਼ਮੀਰ 'ਚ ਓਹੀ ਹੈ ਜੋ ਪੰਜਾਬ ਚ ਰਹੀ। ਪੰਜਾਬ ਦੇ ਜੋ ਖਾੜਕੂ ਬਾਰਡਰ ਪਾਰ ਕਰ ਗਏ ਸਨ ਓਹ ਦੱਸਦੇ ਹਨ ਕੇ ਕਿਵੇਂ ਗੱਲ ਓਹਨਾਂ ਦੇ ਹਥ ਵੱਸ ਨਹੀਂ ਸੀ ਰਹੀ। ਟਾਰਗੇਟ , ਤਰੀਕਾ , ਤੇ ਅੰਜਾਮ ਤਿੰਨੇ ਚੀਜ਼ਾਂ ISI ਮਿੱਥਦੀ ਸੀ , ਓਹ ਤਾਂ ਸਿਰਫ ਮੋਹਰੇ ਬਣ ਕੇ ਰਹ ਗਏ ਸਨ। ਇਸ ਗੱਲ ਤੋਂ ਬਹੁਤ ਕੁਝ ਸਿਖਣ ਦੀ ਲੋੜ ਹੈ। ਇਸ ਬਾਰੇ ਫੇਰ ਕਦੇ ਸਹੀ।
ਅਖੀਰ ਤੇ ਜਿਹੜੀ ਸਭ ਤੋਂ ਮੁਖ ਸਮਾਨਤਾ ਹੈ ਓਹ ਹੈ ਲੋਕਾਂ ਦਾ ਪ੍ਰਤੀਕਰਮ। ਕਿਵੇਂ ਆਮ ਬੰਦਾ ਡਰਦਾ ਹੈ। ਹਿੱਲ ਜਾਂਦਾ ਹੈ , ਉਸ ਦੌਰ 'ਚ ਮਜ਼ਾਕ ਕਰਨ ਦਾ ਹੀਆ ਵੀ ਕਰਦਾ ਹੈ ,ਤੇ ਜ਼ਿੰਦਗੀ ਆਪਣੀ ਚਾਲੇ ਤੁਰਦੀ ਵੀ ਜਾਂਦੀ ਹੈ। ਹੁਣ ਹੈਦਰ ਫਿਲਮ 'ਚ ਜੋ ਹੈਦਰ ਦਾ ਚਾਚਾ ਹੈ ਓਹਦੇ ਅੰਦਰ ਓਹੀ ਹੰਕਾਰ ਹੈ ਜੋ ਪੰਜਾਬ ਚ ਕਈ ਖਚਰੇ ਲੀਡਰਾਂ ਦੀ ਹੈ। ਐਸਾ ਬੰਦਾ ਜੋ ਆਪਣਾ ਨਿੱਜ ਵੇਖਦਾ ਹੈ। ਹਨੇਰੇ ਦੌਰ 'ਚ ਵੀ ਫਾਇਦਾ ਵੇਖਦਾ ਹੈ। ਹਾਲਾਤ ਅਨੁਸਾਰ ਆਪਣਾ ਬਿਆਨ ਬਦਲ ਲੈਂਦਾ ਹੈ। ਨਾਮ ਮੈਂ ਐਥੇ ਨਹੀਂ ਲਂੈਦਾ ਪਰ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ।
ਇਕ ਹੋਰ ਕਮਾਲ ਦੀ ਪਾਤਰ ਹੈਦਰ ਦੀ ਮਾਂ ਹੈ। ਓਹ ਸਭ ਕੁਝ ਹੈ।ਓਹ ਚੱਲਦੇ ਦੌਰ ਚ ਆਪਣੀ ਖੁਦਗਰਜ਼ੀ ਸਾਂਭਣ ਦੀ ਕੋਸ਼ਿਸ਼ 'ਚ ਹੈ। ਓਹ ਕੁਝ ਵੀ ਕੁਰਬਾਨ ਕਰਨ ਲਈ ਤਿਆਰ ਨਹੀਂ ਹੈ। ਓਹਨੁੰ ਘਰ ਦੀ ਚਿੰਤਾ ਹੈ। ਪੁੱਤ ਦੀ ਚਿੰਤਾ ਹੈ। ਓਹ ਤਾਰੀਫ਼ ਭਾਲਦੀ ਹੈ , ਓਹ ਆਪਣੇ ਆਪ 'ਤੇ ਕੇਂਦਰਤ ਵਿਅਕਤੀਤਵ ਹੈ। ਓਹ ਕੁਝ ਵੀ ਗਲਤ ਨਹੀਂ ਕਰਦੀ ਹੈ , ਬੱਸ ਕਿਸੇ ਤਰ੍ਹਾਂ ਗੁਜ਼ਰ ਬਸਰ ਕਰਦੀ ਹੈ। ਉਸ ਦੌਰ ਚ ਇਹ ਵੀ ਗਲਤੀ ਹੈ ਜਿਸਦੀ ਸਜ਼ਾ ਓਹ ਆਪਣੇ ਆਪ ਨੂੰ ਦਿੰਦੀ ਹੈ ।
ਹੈਦਰ ਖੁਦ ਆਪਣੇ ਮਾਂ ਤੇ ਪਿਓ ਦਾ ਮਿਸ਼੍ਰਣ ਹੈ । ਇਸ ਕਰਕੇ ਓਹ ਆਪਣੇ ਨਾਲ ਕਦੇ ਵੀ ਸਹਿਜ ਨਹੀਂ ਹੋ ਪਾਉਂਦਾ। ਓਹ ਆਪਣਾ ਅਸਲ ਤਲਾਸ਼ਦਾ ਹੀ ਪੂਰੀ ਫਿਲਮ ਲੰਘਾ ਜਾਂਦਾ ਹੈ।
ਚੌਂਕ 'ਚ ਜੋ ਪਾਗਲਪਨ ਹੈਦਰ ਪੇਸ਼ ਕਰਦਾ ਹੈ ਓਹ ਲਾ-ਕਨੂੰਨੀ ਤੇ ਅਪਸਫਾ ਤੇ ਸਮੇਂ ਦੇ ਸੱਚ ਦੀ ਕਯਾ ਬਾਤ ਵਾਲੀ ਮੈਨੀਫੈਸਟੇਸ਼ਨ ਹੈ।ਤੇ ਜੋ ਕਬਰ ਨੂੰ ਰਾਅ ਤਰੀਕੇ ਨਾਲ ਸਕਰੀਨ 'ਤੇ ਲਿਆਂਦਾ ਗਿਆ ਹੈ। ਮੌਤ ਉੱਤੇ ਜੋ ਵਿਅੰਗ ਨੇ ਓਹ ਵੀ ਬਾਕਮਾਲ ਨੇ। ਇਕ ਸੀਨ ਓਹ ਵੀ ਜਿੱਥੇ ਸਿਨੇਮਾ ਘਰ 'ਚ ਦਾਰੂ ਚਲ ਰਹੀ ਹੈ ਤੇ ਸਲਮਾਨ ਦੀ ਫਿਲਮ ਵੀ ਤੇ ਓਥੇ ਹੀ ਖਤਰਨਾਕ ਦਹਿਸ਼ਤਗਰਦਾ ਦੀ ਪੇਸ਼ੀ ਹੁੰਦੀ ਹੈ ,ਓਹ ਵੀ ਸਮੇਂ ਦੀਆਂ ਵਿਰੋਧਤਾਈਆਂ ਦੀ ਆਹਲਾ ਬਾਤ ਪਈ ਹੈ । ਤੇ ਅਖੀਰ ਤੇ ਜੋ ਧਮਾਕਾ ਹੁੰਦਾ ਹੈ , ਅਤੇ ਫਿਰ ਰਾਖ ਬਚਦੀ ਹੈ , ਓਹ ਕਿਸੇ ਹੈਦਰ ਨੂੰ ਬਚਾ ਵੀ ਸਕਦੀ ਹੈ ਤੇ ਕਿਸੇ ਖਾਲੜੇ ਨੂੰ ਹਰੀਕੇ ਦੀਆਂ ਮੱਛੀਆਂ ਦੀ ਖੁਰਾਕ ਵੀ ਬਣਾ ਸਕਦੀ ਹੈ।
ਹਰਮੀਤ ਢਿੱਲੋਂ
98726-93777
No comments:
Post a Comment