ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, October 21, 2015

ਪੰਜਾਬ ਦਾ ਸਮਕਾਲ, ਸਿਆਸਤ ਤੇ ਸਿੱਖ ਸਿਆਸਤ

ਪੰਜਾਬੀ ਟ੍ਰਿਬਿਊਨ ਵਿਚ (ਕੁਝ ਗੱਲਾਂ ਸੰਪਾਦਤ ਹੋ ਕੇ) 'ਦੇਸ਼ ਅਤੇ ਸਿੱਖ ਸਿਆਸਤ ਨੂੰ ਸਿੱਖ ਮਾਡਲ ਦੀ ਲੋੜ' ਸਿਰਲੇਖ ਹੇਠ ਛਪੇ  ਪ੍ਰੋ. ਬਲਕਾਰ ਸਿੰਘ ਦੇ ਇਸ ਆਰਟੀਕਲ ਨੂੰ ਮੂਲ ਰੂਪ ' ਛਾਪਿਆ ਜਾ ਰਿਹਾ ਹੈ। ਇਸ ਸਬੰਧੀ ਤੁਹਾਡੇ ਵਿਚਾਰ-ਚਰਚਾ ਤੇ ਬਹਿਸ ਦਾ ਗ਼ੁਲਾਮ ਕਲਮ ਵਲੋਂ ਸਵਾਗਤ ਹੈ । -ਗ਼ੁਲਾਮ ਕਲਮ 

ਵਰਤਮਾਨ ਪੰਜਾਬੀ ਸੂਬਾ, ਭਾਰਤੀ ਵਿਧਾਨ ਦੇ ਅੰਤਰਗਤ ਜਿਹੋ ਜਿਹਾ ਸੰਭਵ ਹੋ ਸਕਦਾ ਹੈ, ਉਹੋ ਜਿਹਾ ਖਾਲਿਸਤਾਨ ਬਣ ਗਿਆ ਹੈਇਥੇ ਰਾਜ, ਸਿੱਖਾਂ ਦਾ ਹੀ ਰਹਿਣਾ ਹੈ ਅਤੇ ਸਿੱਖਾਂ ਵਿਚੋਂ ਵੀ ਜੱਟਾਂ ਦੇ ਰਾਜ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨਇਸ ਨਾਲ ਬਹੁਤ ਸਾਰੀਆਂ ਸਿਆਸੀ-ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨਪੰਜਾਬ ਦੀਆਂ ਸਿਆਸੀ-ਪਾਰਟੀਆਂ ਨੂੰ ਹਿਸਾਬ ਦੇਣਾ ਪਵੇਗਾ ਕਿ ਸਾਰੇ ਖੇਤਰਾਂ ਵਿਚੋ ਮੋਹਰੀ ਪੰਜਾਬ, ਰਿਸ਼ਵਤਖੋਰੀ ਅਤੇ ਗੁੰਡਾਗਰਦੀ ਨੂੰ ਛੱਡਕੇ ਬਾਕੀ ਸਾਰੇ ਹੀ ਖੇਤਰਾਂ ਵਿਚ ਫਾਡੀ ਕਿਉਂ ਰਹਿ ਗਿਆ ਹੈ?ਇਹ ਕੋਈ ਤਸੱਲੀ ਵਾਲੀ ਗੱਲ ਨਹੀਂ ਹੈ, ਜੇ ਕੋਈ ਵੀ ਸਿਆਸਤਦਾਨ ਇਹ ਸਮਝਦਾ ਹੋਵੇ ਕਿ ਉਸ ਨਾਲੋਂ ਵੱਡੇ ਬੇਈਮਾਨ ਵੀ ਕਾਇਮ ਹਨਹੁਣ ਇਹ ਸੱਚ ਸਾਹਮਣੇ ਆ ਗਿਆ ਹੈ ਕਿ ਗੁੰਡਾਗਰਦੀ ਨੂੰ ਸਿਆਸਤ ਨਾਲੋਂ ਵੱਖ ਕੀਤੇ ਬਿਨਾਂ ਕਿਸੇ ਕਿਸਮ ਦਾ ਵਿਕਾਸਮਈ-ਸੁਧਾਰ ਸੰਭਵ ਨਹੀਂ ਹੈਅਮੀਰੀ ਸੰਭਾਲਣ ਜਾਂ ਅਮੀਰ ਹੋਣ ਦੀ ਸਿਆਸਤ ਦਾ ਅੰਤ ਹੋਣਾ ਚਾਹੀਦਾ ਹੈਇਹ ਮਹਿਸੂਸ ਤਾਂ ਸਾਰਿਆਂ ਨੂੰ ਹੋਣ ਲੱਗ ਪਿਆ ਹੈ, ਪਰ ਲੋੜ ਇਸ ਨੂੰ ਅਮਲ ਵਿਚ ਲਿਆਉਣ ਲਈ ਯਤਨ ਕੀਤੇ ਜਾਣ ਦੀ ਹੈਮਹਿਜ਼ ਵਿਰੋਧ ਦੀ ਸਿਆਸਤ ਵਿਚ ਸਮਾਂ ਤੇ ਸਰਮਾਇਆ ਬਰਬਾਦ ਕਰਨ ਦੀ ਥਾਂ, ਇਹੋ ਜਿਹੇ ਮੁੱਦਿਆਂ ਨੂੰ ਆਮ ਲੋਕਾਂ ਤੱਕ ਲੈਕੇ ਜਾਣ ਦੀ ਲੋੜ ਹੈਇਹ ਮੁਹਿੰਮ ਪੰਜਾਬ ਤੋਂ ਉਠਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਚੇਤੰਨ ਲੋਕਾਂ ਨੇ ਹਮੇਸ਼ਾ ਹੀ ਹਰ ਖੇਤਰ ਵਿਚ ਪਹਿਲ ਕੀਤੀ ਹੈਸੋ ਆਮ ਪੰਜਾਬੀ ਨੂੰ ਮੁੱਦਿਆਂ ਦੀ ਸਿਆਸਤ ਵਾਸਤੇ ਇਸ ਲਈ ਤਿਆਰ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਜਜ਼ਬਿਆਂ ਦੇ ਸ਼ੋਸ਼ਣ ਦੀ ਸਿਆਸਤ ਦਾ ਪਹਿਲਾਂ ਹੀ ਬਹੁਤ ਮੁੱਲ ਤਾਰਿਆ ਜਾ ਚੁੱਕਾ ਹੈ                  

   
ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਇਸ ਵੇਲੇ ਪੰਜਾਬ ਵਿਚ ਇਕ ਖਾਸ ਕਿਸਮ ਦੀ ਮਾਯੂਸੀ, ਉਦਾਸੀ ਅਤੇ ਬੇਬਸੀ ਪਸਰਦੀ ਜਾ ਰਹੀ ਹੈਇਸਦੇ ਹੋਰ ਵੀ ਬਹੁਤ ਸਾਰੇ ਕਾਰਨ ਹੋਣਗੇ, ਪਰ ਸਭ ਤੋਂ ਵੱਡਾ ਕਾਰਨ ਸਿਆਸਤ ਅਤੇ ਸਿਆਸਤਦਾਨ ਹੀ ਹਨਲੋਕ-ਭਲਾਈ ਲਈ ਸੇਵਾ-ਭਾਵਨਾਂ ਦਾ ਜਜ਼ਬਾ ਸਿਆਸਤ ਦੀ ਭੇਟ ਚੜ੍ਹ ਗਿਆ ਲੱਗਣ ਲੱਗ ਪਿਆ ਹੈਸਿਆਸਤ ਵੀ ਬਾਕੀ ਧੰਧਿਆਂ ਵਾਂਗ ਧੰਦਾ ਹੁੰਦੀ ਜਾ ਰਹੀ ਹੈਹਰ ਕਿਸਮ ਦੇ ਅਪਹਰਣ ਨੂੰ ਸਿਆਸਤ ਮੰਨ ਲਿਆ ਗਿਆ ਹੈਹਿਤਾਂ ਦਾ ਅਪਹਰਣ, ਨੈਤਿਕਤਾ ਦਾ ਅਪਹਰਣ, ਜਜਬਿਆਂ ਦਾ ਅਪਹਰਣ ਅਤੇ ਸੰਸਥਾਂਵਾਂ ਦਾ ਅਪਹਰਣ, ਸਿਆਸੀ-ਸ਼ੁਗਲ ਵਾਂਗ ਸਭ ਦੇ ਸਾਹਮਣੇ ਹੈਪਹਿਲਾਂ ਹੀ ਪੰਜਾਬ, ਬਲਦੀ ਦੇ ਬੁੱਥੇ ਆਇਆ ਹੋਇਆ ਹੈ ਕਿਉਕਿ ਪੰਜਾਬ ਦੇ ਹਿਤਾਂ ਦੀ ਬਲੀ, ਭਾਰਤ ਦੀ ਇਕਸਾਰ-ਖੁਸ਼ਹਾਲੀ ਲਈ ਜ਼ਰੂਰੀ ਮੰਨ ਲਈ ਗਈ ਹੈਪੰਜਾਬ-ਵਿਰੋਧੀਆਂ ਦੀ ਸਿਆਸਤ ਵੀ ਪੰਜਾਬੀ-ਸਿਆਸਤ ਦਾ ਹਿੱਸਾ ਹੁੰਦੀ ਜਾ ਰਹੀ ਹੈਇਸ ਪ੍ਰਸੰਗ ਵਿਚ ਸਿੱਖ-ਸਿਆਸਤਦਾਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਮਝੌਤਿਆਂ ਦੀ ਸੀਮਾਂ ਵੀ ਹੁੰਦੀ ਹੈ ਅਤੇ ਪ੍ਰਸੰਗਤਾ ਵੀ ਹੁੰਦੀ ਹੈਹੱਥ ਮਿਲਾਉਣ ਦੀ ਸਿਆਸਤ ਨੂੰ ਚਰਣਾਂ ਤੇ ਡਿੱਗੇ ਰਹਿਣ ਦੀ ਸਿਆਸਤ ਮੰਨ ਲੈਣਾ,ਪੰਜਾਬ ਨੂੰ ਕਦੇ ਰਾਸ ਨਹੀਂ ਆਇਆਪ੍ਰਾਪਤ ਪਰਜਾ-ਤੰਤ੍ਰੀ ਸਿਆਸਤ ਨੂੰ ਸਿੱਖ-ਤੰਤ੍ਰ ਦਾ ਰੰਗ ਸਿੱਖ-ਸਿਆਸਤਦਾਨਾਂ ਨੇ ਦੇਣਾ ਸੀਪਰ ਸਿੱਖ-ਸਿਆਸਤਦਾਨਾਂ ਨੇ ਸਿੱਖ-ਜੁੰਮੇਵਾਰੀ ਨਹੀਂ ਨਿਭਾਈਇਸ ਤੋਂ ਬਿਲਕੁਲ ਉਲਟ ਵਿਅਕਤੀਗਤ ਸਿਆਸੀ-ਈਜਾਰੇਦਾਰੀ ਸਥਾਪਤ ਕਰਨ ਨੂੰ ਪੰਥਕ ਐੇਲਾਨਣ ਦੀ ਵਧੀਕੀ ਹੁੰਦੀ ਰਹੀ ਹੈ ਪੰਜਾਬ ਦੇ ਚੇਤੰਨ ਵਰਗ ਨੇ ਵੀ ਬਣਦੀ ਜੁੰਮੇਵਾਰੀ ਨਹੀਂ ਨਿਭਾਈ ਅਤੇ ਸਿੱਟੇ ਵਜੋਂ ਪੰਜਾਬ ਨੂੰ ਸੰਕਟ ਗ੍ਰਸਤ ਹੋਣ ਦਿੱਤਾ ਗਿਆ ਹੈ


ਸੋ ਸਮਾਂ ਆ ਗਿਆ ਹੈ ਸਿੱਖ ਰੰਗ ਵਿਚ ਸਿਆਸੀ-ਪੈਂਤੜਾ ਲੈਣ ਦਾ ਅਤੇ ਸਿੱਖ-ਦਾਹਵਿਆਂ ਤੇ ਸੁਜੱਗਤਾ ਨਾਲ ਪਹਿਰਾ ਦੇਣ ਦਾਗੁਰੂ ਸਾਹਿਬਾਨ ਨੇ 1708 . ਤੱਕ ਸਿੱਖ-ਪਰਜਾਤੰਤ੍ਰ ਦੀ ਜੁੰਮੇਵਾਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਪੰਥ ਨੂੰ ਸੌਪ ਦਿੱਤੀ ਸੀਸਿੱਖ ਰੰਗ ਵਾਲੀ ਲੋਕ-ਹਿਤੈਸ਼ੀ ਸਿਆਸਤ ਦੀ ਬਹਾਲੀ ਵਾਸਤੇ ਪ੍ਰਾਪਤ ਅਵਸਰਾਂ ਸਿੱਖ-ਜੁੰਮੇਵਾਰੀ ਸਮਝਣਾ ਚਾਹੀਦਾ ਹੈਲੋਕ-ਤੰਤ੍ਰ ਦੇ ਉਸਰੱਈਆਂ ਨੂੰ ਇਹ ਸਮਝਾਉਣਾ ਪਵੇਗਾ ਕਿ ਜੋ ਆਪਣੀ ਰੱਖਿਆ ਆਪ ਨਹੀਂ ਕਰ ਸਕਦਾ,ਉਸ ਕੋਲੋਂ ਸੁਰੱਖਿਅਤ ਰਹਿਣ ਦਾ ਅਧਿਕਾਰ ਆਪਣੇ ਆਪ ਖੁੱਸ ਜਾਂਦਾ ਹੈਇਹ ਇਤਿਹਾਸ ਵਿਚ ਵਾਰ ਵਾਰ ਵਾਪਰਦਾ ਰਿਹਾ ਹੈ ਅਤੇ ਇਸ ਵਿਚੋਂ ਨਿਕਲਣ ਲਈ ਗੁਰੂ ਸਾਹਿਬਾਨ ਨੇ ਬੰਦੇ ਦੇ ਨਹੀਂ, ਬਾਣੀ-ਸਿਧਾਂਤਕੀ ਦੇ ਲੜ ਲਾਇਆ ਸੀਵਰਤਮਾਨ ਸਿਆਸੀ ਸਥਿਤੀ ਵਿਚ ਪੰਜਾਬ ਨੂੰ ਇਸ ਗੁਰੁ-ਜੁਗਤਿ ਦੇ ਸਨਮੁਖ ਹੋਣਾ ਪੈਣਾ ਹੈਸਿਆਸੀ ਚੌਧਰ ਦੀ ਗੱਲ ਬਹੁਤ ਦੂਰ ਰਹਿ ਗਈ ਹੈ ਹੁਣ ਤਾਂ ਸਿਰ ਬਚਾਉਣ ਦੇ ਲਾਲੇ ਪਏ ਹੋਏ ਹਨਸ਼ਾਹ ਮੁਹੰਮਦ ਦੇ ਬੋਲ ਇਕ ਵਾਰ ਫਿਰ ਸਾਰਥਕ ਲੱਗਣ ਲੱਗ ਪਏ ਹਨ:


            “ਧਾੜ ਬੁਰਛਿਆਂ ਦੀ ਸਾਡੇ ਪੇਸ਼ ਆਈ, ਕੋਈ ਅਕਲ ਦਾ ਕਰੋ ਇਲਾਜ ਯਾਰੋ

ਜੰਗਾਂ ਤਾਂ ਸਦਾ ਨਾਬਰੀ-ਸੁਰ ਵਾਲਿਆਂ ਨੂੰ ਹੀ ਲੜਣੀਆਂ ਪੈਂਦੀਆਂ ਰਹੀਆਂ ਹਨਧਰਮ-ਨਿਰਪੇਖ-ਸਿਆਸਤ ਅਤੇ ਧਰਮ-ਆਧਾਰਤ-ਸਿਆਸਤ ਵਿਚੋਂ ਕਿਸੇ ਇਕ ਨੂੰ ਚੁਣਨ ਲੱਗਿਆਂ ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਦੇਸ਼ ਦੇ ਹਿਤ ਵਿਚ ਕੀ ਹੈ?ਇਸ ਹਾਲਤ ਵਿਚ ਪੰਜਾਬ ਦੇ ਰੋਲ ਨੂੰ ਧਿਆਨ ਨਾਲ ਵੇਖਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੀ ਲੜਾਕੂ ਸਮਰਥਾ ਦੇ ਸਭ ਭੇਤੀ ਹਨਇਸ ਸਮਰਥਾ ਨੂੰ ਪਾੜਕੇ ਰੱਖਣ ਦੀ ਕਿਸੇ ਨੂੰ ਲੋੜ ਹੀ ਨਹੀਂ ਪੈਣੀ ਕਿਉਂਕਿ ਇਹ ਸ਼ੁਭ ਕਾਰਜ ਪੰਜਾਬੀ-ਸਿਆਸਤਦਾਨ ਆਪ ਹੀ ਕਰੀ ਜਾ ਰਹੇ ਹਨਅਕਾਲੀਅਤ ਦੇ ਨਾਮ ਤੇ ਜੋ ਸਿਆਸੀ-ਧੜੇ ਬਣ ਗਏ ਹਨ, ਉਹ ਪੰਜਾਬ ਦੀ ਸਿਆਸੀ-ਭੂਮਿਕਾ ਨੂੰ ਖੁੰਢਾ ਕਰ ਰਹੇ ਹਨਇਸ ਵੇਲੇ ਦੀ ਲੋੜ ਸਿਆਸਤ ਨੂੰ ਵਿਅਕਤੀਗਤ-ਚੌਧਰ ਦੀ ਥਾਂ ਜੁੰਮੇਵਾਰੀ ਦੀ ਨੈਤਿਕਤਾ ਨਾਲ ਜੋੜਣ ਦੀ ਹੈਇਸ ਪਾਸੇ ਸਿੱਖ-ਸੁਰ ਵਿਚ ਤੁਰਨ ਦੀ ਪਹਿਲ ਅਕਾਲੀ-ਸਿਆਸਤਦਾਨਾਂ ਨੂੰ ਕਰਨੀ ਚਾਹੀਦੀ ਹੈਇਸ ਵਿਚ ਰੁਕਾਵਟ ਸਿੱਖ-ਸਿਆਸਤਦਾਨਾਂ ਅੰਦਰੋਂ ਸਿੱਖ-ਰੀਝ ਦਾ ਮਰ ਜਾਣਾ ਹੈਸਿਆਸੀ-ਗਰਜਾਂ ਦੀ ਬਲੀ ਬਹੁਤ ਕੁਝ ਚੜ੍ਹ ਚੁੱਕਾ ਹੈਇਸ ਨਾਲ ਉਹ ਸਾਰੇ ਰਾਹ, ਜਿਨ੍ਹਾਂ ਨੂੰ ਸਿਧਾਂਤਕ, ਪਰੰਪਰਕ ਅਤੇ ਇਤਿਹਾਸਕ ਮਾਨਤਾ ਅਤੇ ਮਹਤਤਾ ਹਾਸਲ ਸੀ,ਇਕ ਵਾਰ ਬੇਲੋੜੇ,ਬੇਅਸਰ ਅਤੇ ਸਮਾਂ ਵਿਹਾ ਗਏ ਲੱਗਣ ਲੱਗ ਪਏ ਹਨਅਜੇ ਵੀ ਜੇ ਸਮਝ ਨਹੀ ਆ ਰਹੀ ਤਾਂ ਤੇ ਇਹੀ ਕਹਿਣਾ ਪਵੇਗਾ ਕਿ "ਜਾ ਕਉ ਕਰਤਾ ਆਪ ਖੁਹਾਏ ਖਸ ਲਏ ਚੰਗਿਆਈ" ਵਰਗੀ ਹਾਲਤ ਸਿੱਖ-ਲੀਡਰਾਂ ਨੇ ਆਪ ਸਹੇੜ ਲਈ ਹੈ। ਹੋਰ ਵੀ ਬਹੁਤ ਸਾਰੀਆਂ ਸਿਆਸਤੀ-ਪਰਤਾਂ ਹਨ, ਜਿਹੜੀਆਂ ਰੂਹ ਦੀ ਪੱਧਰ ਤੇ ਕਿਸੇ ਨੂੰ ਵੀ ਸ਼ਰਮਿੰਦਾ ਕਰ ਸਕਦੀਆਂ ਹਨ ਪਰ ਮਾਇਆ ਨਾਲ ਥਿੰਦੀ ਹੋ ਗਈ ਸਿਆਸੀ-ਮਾਨਸਿਕਤਾ ਹੀ ਮਸਲਾ ਬਣੀ ਹੋਈ ਹੈ। ਅਕਾਲੀ-ਸਿਆਸਤਦਾਨ, ਇਸ ਬਾਰੇ ਨਾ ਸੁਨਣ ਨੂੰ ਤਿਆਰ ਹੈ ਅਤੇ ਨਾ ਸਮਝਣ ਨੂੰ ਤਿਆਰ ਹੈਇਸ ਹਾਲਤ ਵਿਚ ਵਿਰਾਸਤੀ-ਅਕਾਲੀਅਤ ਦਾਅ ਤੇ ਲੱਗ ਗਈ ਹੈ



ਅਕਾਲੀਅਤ ਦੀ ਨਿਹਿਤ-ਊਰਜਾ ਨੂੰ ਅਕਾਲੀਵਾਦ ਵਜੋਂ ਸਿਧਾਂਤਕੀ ਵਿਚ ਢਾਲੇ ਬਿਨਾਂ ਇਹ ਸਿੱਖ-ਸੱਚ ਸਾਹਮਣੇ ਨਹੀਂ ਲਿਆਂਦਾ ਜਾ ਸਕਦਾ ਕਿ ਦੇਸ਼ ਦੀ ਸਿਆਸਤ ਨੂੰ ਸਿੱਖ-ਮਾਡਲ ਦੀ ਲੋੜ ਹੈ ਕਿਉਂਕਿ ਸਿੱਖ-ਮਾਡਲ ਦੁਆਰਾ ਰਾਏ ਦੇ ਵਿਰੋਧ ਨਾਲ ਨਿਭਦਿਆਂ ਸਹਿਜ-ਸਥਾਪਨ ਦੀ ਸਿਆਸਤ ਕੀਤੀ ਜਾ ਸਕਦੀ ਹੈ ਪਰ ਇਸ ਮਾਡਲ ਨੂੰ ਅਕਾਲੀਆਂ ਨੇ ਆਪ ਹੀ ਵਰਤੋਂ ਵਿਚ ਨਹੀਂ ਲਿਆਂਦਾ ਅਤੇ ਇਸ ਨਾਲ ਅਕਾਲੀਵਾਦ ਦੀ ਸਥਾਪਤੀ ਦਾ ਰਾਹ ਸਾਹਮਣੇ ਹੀ ਨਹੀਂ ਆਇਆਵਰਤਮਾਨ ਸੰਕਟ ਵਿਚੋਂ ਅਕਾਲੀ-ਸਿਆਸਤਦਾਨ ਏਸੇ ਰਾਹ ਪੈਕੇ ਹੀ ਬਾਹਰ ਨਿਕਲ ਸਕਦੇ ਹਨ


ਪ੍ਰੋ. ਬਲਕਾਰ ਸਿੰਘ
*ਪ੍ਰੋ. ਤੇ ਸਾਬਕਾ ਮੁਖੀ, ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
93163-01328

Tuesday, October 13, 2015

ਤਿਆਗੀ ਲੇਖਕ ਯੋਧਿਆਂ ਨੂੰ ਸਾਡਾ ਸਲਾਮ

ਤਕਾਲੀ ਘਟਨਾਕ੍ਰਮ ਦੌਰਾਨ ਕੁਝ ਦੁਖਦਾਈ ਵਾਰਦਾਤਾਂ ਵਾਪਰੀਆਂ। ਦੋ ਗ਼ੈਰ-ਪੰਜਾਬੀ ਨਾਮਵਰ ਲੇਖਕਾਂ ਪ੍ਰੋ: ਕਲਬੁਰਗੀ ਅਤੇ ਨਰਿੰਦਰ ਦਬੋਲਕਰ ਦੀ ਹੱਤਿਆ ਇਸ ਕਰਕੇ ਕੀਤੀ ਗਈ ਕਿਉਂਕਿ ਉਕਤ ਦਾਨਸ਼ਵਰ ਫ਼ਿਰਕਾਪ੍ਰਸਤੀ ਅਤੇ ਧਾਰਮਿਕ ਅੰਧਵਿਸ਼ਵਾਸ ਖਿਲਾਫ਼ ਝੰਡਾ-ਬਰਦਾਰ ਸਨ। ਇਨ੍ਹਾਂ ਦੀ ਹੱਤਿਆ ਪਿੱਛੇ ਹਿੰਦੂਤਵੀ ਤਾਕਤਾਂ ਤਾਂ ਸਨ ਹੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦਾ ਮੰਤਰੀ-ਮੰਡਲ ਮੂਕ ਦਰਸ਼ਕ ਬਣਿਆ ਰਿਹਾ। ਸਥਿਤੀ ਨੂੰ ਵਾਚਣ ਵਾਲੇ ਲੋਕ ਇਸ ਨਤੀਜੇ 'ਤੇ ਪਹੁੰਚੇ ਕਿ ਇਨ੍ਹਾਂ ਕਤਲਾਂ ਪਿੱਛੇ ਸਰਕਾਰੀ ਸ਼ਹਿ ਸੀ ਅਤੇ ਸਰਕਾਰ ਦੀ ਹਮਦਰਦੀ ਮਕਤੂਲਾਂ ਨਾਲ ਹੋਣ ਦੀ ਬਜਾਇ ਕਾਤਲਾਂ ਨਾਲ ਸੀ। ਇਹ ਸਰਕਾਰੀ ਵਰਤਾਰਾ ਨਿੰਦਣਯੋਗ ਅਤੇ ਦੁਖਦਾਈ ਹੈ। 


ਦੂਜੀ ਵੱਡੀ ਘਟਨਾ ਦਾਦਰੀ ਲਾਗੇ ਵਾਪਰੀ ਜਿਸ ਵਿਚ ਇਕ ਮੁਸਲਮਾਨ ਪਰਿਵਾਰ ਉੱਪਰ ਹਿੰਦੂ ਕੱਟੜਪੰਥੀਆਂ ਨੇ ਇਸ ਲਈ ਕਾਤਲਾਨਾ ਹਮਲਾ ਕੀਤਾ, ਕਿਉਂਕਿ ਉਨ੍ਹਾਂ ਨੂੰ ਇਹ ਸ਼ੱਕ ਪੈ ਗਿਆ ਸੀ ਕਿ ਮੁਸਲਮਾਨ ਪਰਿਵਾਰ ਦੇ ਚੁੱਲ੍ਹੇ ਉੱਪਰ ਗਊ ਮਾਸ ਪਕਾਇਆ ਜਾ ਰਿਹਾ ਹੈ। ਮੰਦਰ ਦੇ ਲਾਊਡ ਸਪੀਕਰ ਤੋਂ ਐਲਾਨ ਕਰਕੇ ਹਜੂਮ ਹਮਲਾ ਕਰਨ ਲਈ ਤੁਰਿਆ ਅਤੇ ਵਹਿਸ਼ੀਆਨਾ ਵਾਰਦਾਤ ਸਰਅੰਜਾਮ ਕੀਤੀ। ਕਾਤਲਾਂ ਨੂੰ ਫੜ ਕੇ ਸੰਗੀਨ ਅਪਰਾਧ ਕਾਰਨ ਮੁਕੱਦਮਾ ਦਰਜ ਕਰਨ ਦੀ ਬਜਾਇ ਪੁਲਸ ਰਿੱਝਦੇ ਹੋਏ ਮੀਟ ਨੂੰ ਪਰਖਣ ਲਈ ਪ੍ਰਯੋਗਸ਼ਾਲਾਵਾਂ ਵਿਚ ਭੇਜਣ 'ਚ ਰੁੱਝ ਗਈ। ਅਰਥ ਇਹ ਹੋਇਆ ਕਿ ਜੇ ਵਾਕਈ ਹੀ ਮੀਟ ਗਾਂ ਦਾ ਹੋਇਆ ਤਾਂ ਇਹ ਕਤਲ ਜਾਇਜ਼ ਹਨ। ਇਨ੍ਹਾਂ ਦੋ ਘਟਨਾਵਾਂ ਨੇ ਭਾਰਤ ਨੂੰ ਹਿਲਾ ਦਿੱਤਾ। 


ਸਰਕਾਰ ਦਾ ਅਜਿਹਾ ਫਿਰਕੂ ਰਵੱਈਆ ਦੇਖਦਿਆਂ ਹੋਇਆਂ ਨਾਮਵਰ ਲੇਖਕਾਂ ਨੇ ਆਪੋ ਆਪਣੇ ਪ੍ਰਾਪਤ ਕੀਤੇ ਮਾਣ-ਸਨਮਾਨ ਵਾਪਸ ਕਰਨੇ ਸ਼ੁਰੂ ਕਰ ਦਿੱਤੇ। ਇਨਾਮ ਵਾਪਸ ਕਰਨ ਵਾਲੇ ਮੋਢੀਆਂ ਵਿਚ ਸ੍ਰੀ ਉਦੈ ਪ੍ਰਕਾਸ਼, ਨਯਨਤਾਰਾ ਸਹਿਗਲ, ਅਸ਼ੋਕ ਵਾਜਪਾਈ, ਰਹਿਮਾਨ ਅੱਬਾਸ, ਸ਼ਸ਼ੀ ਦੇਸ਼ਪਾਂਡੇ, ਸਾਰਾ ਜੋਜ਼ਫ ਅਤੇ ਕੇ. ਸਚਿਦਾਨੰਦਨ ਹਨ। ਅਸੀਂ ਦਿਲਚਸਪੀ ਅਤੇ ਉਤੇਜਨਾ ਨਾਲ ਦੇਖ ਰਹੇ ਸਾਂ ਕਿ ਇਸ ਦਿਸ਼ਾ ਵਿਚ ਪੰਜਾਬ ਕੀ ਭੂਮਿਕਾ ਨਿਭਾਏਗਾ। ਸਭ ਤੋਂ ਪਹਿਲੀ ਖਬਰ ਮਿਲੀ ਕਿ ਉੱਘੇ ਕਹਾਣੀਕਾਰ, ਨਾਵਲਕਾਰ, ਵਾਰਤਾਕਾਰ ਅਤੇ ਸੰਪਾਦਕ-ਪੱਤਰਕਾਰ ਸ: ਗੁਰਬਚਨ ਸਿੰਘ ਭੁੱਲਰ ਨੇ ਸਾਹਿਤ ਅਕਾਦਮੀ ਦਾ ਨਾਮਵਰ ਪੁਰਸਕਾਰ ਰੋਸ ਵਜੋਂ ਵਾਪਸ ਕਰ ਦਿੱਤਾ। ਉਨ੍ਹਾਂ ਪਿੱਛੋਂ ਅਜਮੇਰ ਔਲਖ, ਵਰਿਆਮ ਸੰਧੂ, ਆਤਮਜੀਤ ਅਤੇ ਮੇਘਰਾਜ ਮਿੱਤਰ ਨੇ ਆਪੋ ਆਪਣੇ ਸਨਮਾਨ ਵਾਪਸ ਕੀਤੇ। ਇਨ੍ਹਾਂ ਪਿੱਛੋਂ ਸੁਰਜੀਤ ਪਾਤਰ, ਬਲਦੇਵ ਸਿੰਘ ਸੜਕਨਾਮਾ, ਗਜ਼ਲਗੋ ਜਸਵਿੰਦਰ ਅਤੇ ਦਰਸ਼ਨ ਬੁੱਟਰ ਨੇ ਆਪਣੇ ਸਨਮਾਨ ਚਿੰਨ੍ਹ ਤਿਆਗ ਦਿੱਤੇ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਲੜੀ ਵਿਚ ਕੰਨੜ ਭਾਸ਼ਾ ਦੇ ਸੱਤ ਲੇਖਕ ਪਹਿਲਾਂ ਹੀ ਸਰਕਾਰੀ ਸਨਮਾਨ ਵਾਪਸ ਕਰ ਚੁੱਕੇ ਹਨ। ਪੰਜਾਬੀ ਦੀ ਉੱਘੀ ਕਹਾਣੀਕਾਰਾ ਡਾ: ਦਲੀਪ ਕੌਰ ਟਿਵਾਣਾ ਵੱਲੋਂ ਵੀ ਪਦਮਸ੍ਰੀ ਸਨਮਾਨ ਵਾਪਸ ਕਰ ਦਿੱਤਾ ਗਿਆ ਹੈ।


ਸੰਗੀਨ ਦੁਖਦਾਈ ਘੜੀ ਵਿਚ ਪੰਜਾਬੀਆਂ ਵੱਲੋਂ ਦਿਖਾਇਆ ਤਿਆਗ ਹਿੰਦੁਸਤਾਨ ਦੀ ਰਹਿਨੁਮਾਈ ਕਰੇਗਾ, ਕਿਉਂਕਿ ਪੰਜਾਬੀ ਸਾਹਿਤਕਾਰਾਂ ਨੇ ਗ਼ੈਰ-ਪੰਜਾਬੀ ਹਿਤਾਂ ਦੀ ਰੱਖਿਆ ਵਾਸਤੇ ਆਪੋ ਆਪਣੇ ਸਨਮਾਨ ਚਿੰਨ੍ਹ ਵਾਪਸ ਕਰ ਦਿੱਤੇ। ਇਸ ਮੌਕੇ 'ਤੇ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਟ੍ਰਿਬਿਊਨਜ਼ ਨੇ ਇਸ ਪ੍ਰਸੰਗ ਵਿਚ ਤਾਕਤਵਰ ਸੰਪਾਦਕੀ ਲਿਖੇ। ਸ੍ਰੀ ਹਰੀਸ਼ ਖਰੇ ਨੇ ਦੁਖਿਆਰਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਮਾਰਟਿਨ ਨਿਮੋਲਰ ਦੀਆਂ ਪੰਕਤੀਆਂ ਦੁਹਰਾਈਆਂ ਜਿਹੜੀਆਂ ਉਸ ਨੇ ਜਰਮਨ ਫਾਸ਼ੀਵਾਦ ਵਿਰੁੱਧ ਲਿਖੀਆਂ ਸਨ- 

ਪਹਿਲਾਂ ਉਹ ਸੋਸ਼ਲਿਸਟਾਂ ਨੂੰ ਫੁੰਡਣ ਆਏ 
ਮੈਂ ਖਾਮੋਸ਼ ਰਿਹਾ ਕਿਉਂਕਿ ਮੈ ਸੋਸ਼ਲਿਸਟ ਨਹੀਂ ਸਾਂ। 
ਫਿਰ ਉਹ ਮਜ਼ਦੂਰ ਆਗੂਆਂ ਨੂੰ ਫੁੰਡਣ ਆਏ 
ਮੈਂ ਚੁੱਪ ਰਿਹਾ, ਮੈਂ ਕਿਹੜਾ ਮਜ਼ਦੂਰ ਆਗੂ ਸਾਂ। 
ਫਿਰ ਉਹ ਯਹੂਦੀਆਂ ਨੂੰ ਫੁੰਡਣ ਆਏ 
ਮੈਂ ਦੇਖਦਾ ਰਿਹਾ ਕਿਉਂਕਿ ਮੈਂ ਕਿਹੜਾ ਯਹੂਦੀ ਸਾਂ। 
ਫਿਰ ਉਹ ਮੇਰੇ ਉੱਪਰ ਹਮਲਾ ਕਰਨ ਆਏ 
ਮੈਂ ਇੱਕਲਾ ਰਹਿ ਗਿਆ, ਕੋਈ ਮੇਰੇ ਹੱਕ ਵਿਚ ਨਾ ਨਿੱਤਰਿਆ। 


ਕੁਝ ਕੁ ਮੁੱਠੀ ਭਰ ਤਮਾਸ਼ਬੀਨਾਂ ਨੇ ਸਨਮਾਨ ਤਿਆਗਣ ਵਾਲਿਆਂ ਦੀ ਇਹ ਕਹਿ ਕੇ ਖਿੱਲੀ ਉਡਾਈ ਕਿ ਇਨ੍ਹਾਂ ਨੇ ਕਾਗਜ਼ਾਂ ਦੇ ਸਰਟੀਫਿਕੇਟ ਵਾਪਸ ਕਰ ਦਿੱਤੇ ਪਰ ਸਰਕਾਰ ਵੱਲੋਂ ਪ੍ਰਾਪਤ ਧਨ ਰਾਸ਼ੀ ਨਹੀਂ ਮੋੜੀ। ਇਲਜ਼ਾਮ-ਤਰਾਸ਼ੀ ਕਰਨ ਵਾਲਿਆਂ ਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ ਕਿ ਇਨ੍ਹਾਂ ਸਾਰੇ ਲੇਖਕਾਂ ਨੇ ਰੋਸ ਵਜੋਂ ਸਰਕਾਰ ਨੂੰ ਲਿਖੇ ਪੱਤਰਾਂ ਨਾਲ ਸਨਮਾਨ ਰਾਸ਼ੀ ਦੇ ਚੈੱਕ ਨੱਥੀ ਕੀਤੇ ਸਨ। ਮੈਨੂੰ ਸੱਠਵਿਆਂ ਵਿਚ ਸੋਵੀਅਤ ਰੂਸ ਅੰਦਰ ਵਾਪਰੀ ਘਟਨਾ ਯਾਦ ਆਈ। ਨੋਬਲ ਇਨਾਮ ਜੇਤੂ ਨਾਵਲਕਾਰ ਸਿਕੰਦਰ ਸੋਲਜ਼ੇਨਿਤਸਨ ਨੂੰ ਸੋਵੀਅਤ ਲੇਖਕ ਸੰਘ ਨੇ ਇਸ ਕਰਕੇ ਛੇਕ ਦਿੱਤਾ ਸੀ ਕਿਉਂਕਿ ਉਹ ਕਮਿਊਨਿਸਟ ਨਹੀਂ ਸੀ। ਸੋਵੀਅਤ ਲੇਖਕ ਸੰਘ ਵਿਚੋਂ ਕੱਢੇ ਜਾਣ ਦਾ ਅਰਥ ਭੁੱਖਮਰੀ ਦੀ ਮੌਤ ਮਰਨਾ ਸੀ। ਸੋਲਜ਼ੇਨਿਤਸਨ ਇਸ ਕਰਕੇ ਬਚਿਆ ਰਿਹਾ ਕਿਉਂਕਿ ਉਸ ਦੀਆਂ ਲਿਖਤਾਂ ਪੱਛਮ ਵਿਚ ਧੜਾਧੜ ਛਪਣ ਲੱਗੀਆਂ। ਹੁਣ ਉਸ ਉੱਪਰ ਕਮਿਊਨਿਸਟਾਂ ਨੇ ਇਹ ਇਲਜ਼ਾਮ ਲਾਇਆ ਕਿ ਸੋਲਜ਼ੇਨਿਤਸਨ ਪੱਛਮ ਕੋਲ ਵਿਕ ਗਿਆ ਹੈ। ਇਹ ਇਲਜ਼ਾਮ ਪੜ੍ਹ ਕੇ ਸੋਲਜ਼ੇਨਿਤਸਨ ਨੇ ਐਲਾਨ ਕਰ ਦਿੱਤਾ ਕਿ ਉਹ ਪੱਛਮੀ ਪ੍ਰੈੱਸ ਤੋਂ ਭਵਿੱਖ ਵਿਚ ਰਾਇਲਟੀ ਦੇ ਪੈਸੇ ਨਹੀਂ ਲਵੇਗਾ। ਇਸ ਦੇ ਬਾਅਦ ਆਲੋਚਕਾਂ ਨੇ ਕਿਹਾ- ਸੋਲਜ਼ੇਨਿਤਸਨ ਹੁਣ ਪੈਸੇ ਨਾਲ ਪੱਛਮ ਦੀ ਮਦਦ ਕਰ ਰਿਹਾ ਹੈ। ਜਦੋਂ ਉਸ ਨੂੰ ਜਲਾਵਤਨ ਕਰ ਦਿੱਤਾ ਤਾਂ ਅਮਰੀਕਾ ਤੋਂ ਉਸ ਨੇ ਸੋਵੀਅਤ ਸਰਕਾਰ ਦੇ ਨਾਮ ਖੁੱਲ੍ਹਾ ਖ਼ਤ ਲਿਖਿਆ ਜਿਸ ਵਿਚ ਇਕ ਵਾਕ ਇਹ ਸੀ, 'ਤੁਸੀਂ ਆਪਣੇ ਦੇਸ਼ ਦੇ ਦੁਆਲੇ ਲੋਹੇ ਦੀਆਂ ਉੱਚੀਆਂ ਕੰਧਾਂ ਉਸਾਰ ਰੱਖੀਆਂ ਹਨ, ਇਨ੍ਹਾਂ ਕੰਧਾਂ ਨੂੰ ਢਾਹੋਗੇ ਤਾਂ ਦੇਖੋਗੇ ਕਿ ਬਾਹਰ ਤਾਂ ਕਦੋਂ ਦਾ ਸੂਰਜ ਚੜ੍ਹ ਚੁੱਕਿਆ ਹੈ।' 


ਪੰਜਾਬ ਦੇ ਲੇਖਕਾਂ ਨੇ ਇਸ ਮੌਕੇ ਸਾਰੀਆਂ ਹੱਦਬੰਦੀਆਂ ਤੋਂ ਉੱਪਰ ਉਠਦਿਆਂ ਜਿਵੇਂ ਭਾਰਤੀ ਮਜ਼ਲੂਮਾਂ ਦੇ ਹੱਕ ਵਿਚ ਆਪਣੇ ਸਨਮਾਨ ਤਿਆਗੇ ਹਨ, ਉਸ ਨਾਲ ਸਾਰੇ ਸੰਸਾਰ ਵਿਚ ਪੰਜਾਬ ਦਾ ਮਰਾਤਬਾ ਬੁਲੰਦ ਹੋਇਆ ਹੈ। ਦਿਲਚਸਪ ਤੱਥ ਇਹ ਹੈ ਕਿ ਸਨਮਾਨ ਵਾਪਸ ਕਰਨ ਵਾਲੇ ਲਗਪਗ ਸਾਰੇ ਪੰਜਾਬੀ ਖੱਬੇ-ਪੱਖੀ ਵਿਚਾਰਧਾਰਾ ਦੇ ਸਮਰਥਕ ਲੇਖਕ ਹਨ। ਇਨ੍ਹਾਂ ਨੇ ਜੋ ਫੈਸਲਾ ਇਸ ਦੁਖਦਾਈ ਘੜੀ ਵਿਚ ਲਿਆ, ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਯਾਦ ਕਰਵਾ ਦਿੰਦਾ ਹੈ ਜਿਨ੍ਹਾਂ ਨੇ ਉਸ ਤਿਲਕ ਜੰਜੂ ਦੀ ਸਲਾਮਤੀ ਵਾਸਤੇ ਜਾਨ ਦੇ ਦਿੱਤੀ ਸੀ, ਜਿਸ ਤਿਲਕ ਜੰਜੂ ਨੂੰ ਧਾਰਨ ਕਰਨ ਤੋਂ ਗੁਰੂ ਨਾਨਕ ਦੇਵ ਜੀ ਨੇ ਇਨਕਾਰ ਕਰ ਦਿੱਤਾ ਸੀ। ਵਿਦਰੋਹੀ ਪੰਜਾਬੀ ਸਾਹਿਤਕਾਰਾਂ ਦਾ ਫ਼ੈਸਲਾ ਮਨੁੱਖਤਾ ਦਾ ਸਿਰ ਉੱਚਾ ਕਰਦਾ ਹੈ। ਇਨ੍ਹਾਂ ਲੇਖਕਾਂ ਦੇ ਤਿਆਗਮਈ ਫ਼ੈਸਲੇ ਨੂੰ ਸਾਡਾ ਸਲਾਮ। 

ਹਰਪਾਲ ਸਿੰਘ ਪੰਨੂ
-ਮੋ: 094642-51454
'ਅਜੀਤ' ਤੋਂ ਧੰਨਵਾਦ ਸਾਹਿਤ

ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦੇ ਪਲਾਂ ਵਿੱਚ-ਸੁਰਜੀਤ ਪਾਤਰ

ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦੇ ਪਲਾਂ ਵਿੱਚ ਮੈਂ ਯਾਦਾਂ ਦੇ ਇੱਕ ਝੁਰਮਟ ਵਿੱਚ ਘਿਰਿਆ ਹੋਇਆ ਹਾਂ। ਇਹ ਪੁਰਸਕਾਰ ਮੈਨੂੰ 1993 ਵਿੱਚ ਮਿਲਿਆ ਸੀ, ਮੇਰੀ ਕਵਿਤਾ ਦੀ ਪੁਸਤਕ 'ਹਨ੍ਹੇਰੇ ਵਿੱਚ ਸੁਲਗਦੀ ਵਰਣਮਾਲਾ' ’ਤੇ। ਬਹੁਤ ਖ਼ੁਸ਼ੀ ਹੋਈ ਸੀ ਮੈਨੂੰ, ਓਨੀ ਹੀ ਖ਼ੁਸ਼ੀ ਜਿੰਨੀ ਪਹਿਲੀ ਵਾਰ ‘ਪ੍ਰੀਤ ਲੜੀ’ ਵਿੱਚ ਆਪਣੀਆਂ ਕਵਿਤਾਵਾਂ ਦਾ ਇੱਕ ਪੂਰਾ ਸਫ਼ਾ ਦੇਖ ਕੇ ਹੋਈ ਸੀ। ਖ਼ੁਸ਼ੀ ਨਾਲ ਨਮ ਅੱਖਾਂ ਨਾਲ ਮੈਂ ਧਰਤੀ ’ਤੇ ਝੁਕ ਕੇ ਕਿਸੇ ਅਦਿੱਖ ਸ਼ਕਤੀ ਨੂੰ ਨਮਸਕਾਰ ਕੀਤੀ ਸੀ। ਪੰਜਾਬੀ ਮਾਂ-ਬੋਲੀ ਤੇ ਇਸ ਦੇ ਬੋਲਣਹਾਰਿਆਂ ਨੂੰ ਮੱਥਾ ਟੇਕਿਆ ਸੀ। ਬਾਬਾ ਨਾਨਕ ਨੂੰ ਆਰਾਧਿਆ ਸੀ। ਆਪਣੇ ਮਾਤਾ ਪਿਤਾ ਨੂੰ ਯਾਦ ਕੀਤਾ ਸੀ। ਆਪਣੀ ਭਾਸ਼ਾ ਦੇ ਪ੍ਰਥਮ ਕਵੀ ਬਾਬਾ ਫ਼ਰੀਦ ਅੱਗੇ ਸਿਰ ਝੁਕਾਇਆ ਸੀ। ਮੇਰੀ ਖ਼ੁਸ਼ੀ ਹੋਰ ਵੀ ਵਧ ਗਈ ਸੀ ਜਦੋਂ ਮੈਨੂੰ ਪਤਾ ਲੱਗਾ ਸੀ ਕਿ ਮੇਰੇ ਇਨਾਮ ਦਾ ਫ਼ੈਸਲਾ ਕਰਨ ਵਾਲਿਆਂ ਦੀ ਜਿਊਰੀ ਵਿੱਚ ਬਲਵੰਤ ਗਾਰਗੀ, ਜਸਵੰਤ ਸਿੰਘ ਨੇਕੀ ਅਤੇ ਪ੍ਰੇਮ ਪ੍ਰਕਾਸ਼ ਸਨ।


ਸਾਹਿਤ ਅਕਾਦਮੀ ਦਾ ਜਿਹੜਾ ਸਨਮਾਨ ਚਿੰਨ੍ਹ ਮੈਨੂੰ ਮਿਲਿਆ ਸੀ, ਉਸ ਉੱਤੇ ਮਹਾਨ ਕੰਨੜ ਸਾਹਿਤਕਾਰ ਤੇ ਸਮੁੱਚੇ ਭਾਰਤ ਦੇ ਸਿਰਮੌਰ ਚਿੰਤਕ ਯੂ ਆਰ. ਅਨੰਤਮੂਰਤੀ ਦੇ ਹਸਤਾਖ਼ਰ ਹਨ। ਉਨ੍ਹਾਂ ਦੇ ਹੱਥਾਂ ਦੇ ਇਹ ਅੱਖਰ ਵੀ ਮੈਨੂੰ ਬਹੁਤ ਪਿਆਰੇ ਹਨ। ਮੈਨੂੰ ਇਨ੍ਹਾਂ ਵਿੱਚੋਂ ਅਨੰਤਮੂਰਤੀ ਦਾ ਚਿਹਰਾ ਦਿਸਦਾ ਹੈ, ਉਸ ਦੀ ਰੌਸ਼ਨ ਮੁਸਕਰਾਹਟ, ਉਸ ਦੇ ਰੌਸ਼ਨ ਖ਼ਿਆਲ। ਇਹ ਸਨਮਾਨ ਵੀ ਮੈਨੂੰ ਅਨੰਤਮੂਰਤੀ ਦੇ ਹੱਥੋਂ ਹੀ ਮਿਲਿਆ ਸੀ। ਉਨ੍ਹਾਂ ਦੇ ਕੋਲ ਖੜ੍ਹੇ ਸਨ ਇੰਦਰ ਨਾਥ ਚੌਧਰੀ।ਇਸ ਸਨਮਾਨ ਨਾਲ ਜਿਹੜਾ ਸ਼ੋਭਾ-ਪੱਤਰ ਸੀ ਉਸ ਵਿੱਚ ਮੇਰੀ ਕਵਿਤਾ ‘ਪਿਤਾ ਦੀ ਅਰਦਾਸ’ ਵਿੱਚੋਂ ਸਤਰਾਂ ਕੋਟ ਕੀਤੀਆਂ ਹੋਈਆਂ ਸਨ:

ਨਾ ਹੁਣ ਹੱਥਾਂ ਪਲੰਘ ਬਣਾਉਣੇ ਨਾ ਰੰਗਲੇ ਪੰਘੂੜੇ
ਨਾ ਉਹ ਪੱਟੀਆਂ ਜਿਨ੍ਹਾਂ ’ਤੇ ਲਿਖਣੇ ਬਾਲਾਂ ਪਹਿਲੇ ਊੜੇ
ਹੁਣ ਤਾਂ ਅਪਣੀ ਦੇਹੀ ਰੁੱਖ ਹੈ, ਤੇ ਸਾਹਾਂ ਦਾ ਆਰਾ
ਇੱਕ ਜੰਗਲ ਹੈ ਜਿਸ ਦੇ ਹਰ ਇੱਕ ਰੁੱਖ ਦਾ ਅਰਥ ਹੈ ਅਰਥੀ
ਹਰ ਬੂਟੇ ਤੇ ਨਾਮ ਕਿਸੇ ਦਾ, ਇੱਕ ਬੂਟਾ ਜੀ ਪਰਤੀ
ਉਸ ਜੰਗਲ ਵਿੱਚ ਚੱਲਦਾ ਰਹਿੰਦਾ, ਸਾਰੀ ਰਾਤ ਕੁਹਾੜਾ

ਦੂਜੇ ਦਿਨ ਅਕਾਦਮੀ ਦੇ ਸਭਾ-ਭਵਨ ਵਿੱਚ ਆਪਣੇ ਭਾਸ਼ਨ ਵਿੱਚ ਮੈਂ ਕਬੀਰ ਜੀ ਦਾ ਇੱਕ ਸ਼ਲੋਕ ਪੇਸ਼ ਕੀਤਾ ਸੀ:
ਕਬੀਰ ਸਬ ਰਗ ਤੰਤ, ਰਬਾਬ ਤਨ, ਬਿਰਹਾ ਬਜਾਵੇ ਨਿੱਤ
ਅੌਰ ਨ ਕੋਊ ਸੁਨ ਸਕੇ ਕੈ ਸਾਈ ਕੈ ਚਿੱਤ…......(ਮੇਰਾ ਸਾਰਾ ਵਜੂਦ ਰਬਾਬ ਬਣ ਚੁੱਕਾ ਹੈ ਜਿਸ ਨੂੰ ਮੈਂ ਨਹੀਂ, ਮੇਰਾ ਬਿਰਹਾ ਵਜਾਉਂਦਾ ਹੈ ਤੇ ਜਿਸ ਦੀ ਧੁਨ ਨੂੰ ਜਾਂ ਤਾਂ ਮੇਰਾ ਚਿੱਤ ਸੁਣਦਾ ਹੈ ਜਾਂ ਮੇਰਾ ਰੱਬ)।

ਅੱਜ ਉਸ ਸਨਮਾਨ ਨੂੰ ਵਾਪਸ ਕਰਦਿਆਂ ਸੋਚ ਰਿਹਾ ਹਾਂ: ਕਿਸ ਦਾ ਦਿੱਤਾ ਸਨਮਾਨ, ਮੈਂ ਕਿਸ ਨੂੰ ਮੋੜ ਰਿਹਾ ਹਾਂ? ਅੱਜ ਫਿਰ ਮੇਰੀਆਂ ਅੱਖਾਂ ਨਮ ਹਨ।


ਪਰ ਇਹ ਨਮੀ ਕਰੋੜਾਂ ਅੱਖਾਂ ਦੀ ਨਮੀ ਵਿੱਚ ਸ਼ਾਮਿਲ ਹੋਣ ਲਈ ਹੈ। ਉਨ੍ਹਾਂ ਪਰਿਵਾਰਾਂ ਦੇ ਦੁੱਖ ਵਿੱਚ ਸ਼ਾਮਲ ਹੋਣ ਲਈ ਹੈ ਜਿਨ੍ਹਾਂ ਦੇ ਪ੍ਰਿਅਜਨ ਆਪਣੇ ਭਲੇ ਵਿਚਾਰਾਂ ਲਈ ਕੋਹੇ ਗਏ ਤੇ ਜਿਨ੍ਹਾਂ ਦੇ ਹਤਿਆਰੇ ਭ੍ਰਿਸ਼ਟ ਨੇਤਾਵਾਂ ਦੀ ਆੜ ਵਿੱਚ ਲੁਕ ਗਏ। ਅੱਖਾਂ ਦੀ ਨਮੀ ਦੇ ਇਸ ਪਲ ਇਹ ਵੀ ਸੋਚ ਰਿਹਾ ਹਾਂ ਕਿ ਅਜਾਈਂ ਨਹੀਂ ਜਾਵੇਗੀ ਇਹ:


ਮਹਾਂ ਦਰਿਆ ਹੈ ਇਹ ਤੂੰ ਐਵੇਂ ਨਾ ਸਮਝੀਂ
ਮਨੁੱਖੀ ਹੰਝੂਆਂ ਦੀ ਇਸ ਨਦੀ ਨੂੰ
ਤੇਰਾ ਖ਼ੰਜਰ ਨਹੀਂ, ਮੇਰਾ ਲਹੂ ਹੀ
ਭਲਕ ਦਾ ਰਾਹ ਦੱਸੇਗਾ ਨਦੀ ਨੂੰ


ਇਹ ਇਨਾਮ ਸਾਹਿਤ ਅਕਾਦਮੀ ਵਰਗੀ ਸਾਰਥਿਕ ਸੰਸਥਾ ਨੂੰ ਹੋਰ ਸਾਰਥਕ, ਹੋਰ ਪ੍ਰਭਾਵਸ਼ਾਲੀ ਤੇ ਕਰਮਸ਼ੀਲ ਬਣਾਉਣ ਦੀ ਰੀਝ ਨਾਲ ਮੋੜ ਰਿਹਾ ਹਾਂ। ਇਹ ਇਨਾਮ ਮੈਂ ਇਸ ਲਈ ਮੋੜ ਰਿਹਾ ਹਾਂ ਕਿ ਕਿਉਂ ਕਿਸੇ ਨੇਤਾ ਦਾ ਇੱਕੋ ਬਿਆਨ ਸਾਡੀਆਂ ਹਜ਼ਾਰਾਂ ਕਵਿਤਾਵਾਂ ਨੂੰ ਸਾੜ ਦਿੰਦਾ ਹੈ ਤੇ ਭੜਕੀ ਹੋਈ ਭੀੜ ਕਵਿਤਾਵਾਂ ਦੀਆਂ ਸਤਰਾਂ ਨੂੰ ਮਿੱਧਦੀ ਹੋਈ, ਇੱਕ ਦੂਜੇ ਦੇ ਖ਼ੂਨ ਦੀ ਪਿਆਸੀ ਹੋ ਜਾਂਦੀ ਹੈ। ਕਾਸ਼! ਉਹ ਦਿਨ ਆਵੇ ਲੋਕਾਂ ਦੇ ਦਿਲਾਂ ਵਿੱਚ ਕਵਿਤਾ ਦੀਆਂ ਸਤਰਾਂ ਵਸਣ ਤੇ ਕਿਸੇ ਭ੍ਰਿਸ਼ਟ ਨੇਤਾ ਦਾ ਬਿਆਨ ਉਨ੍ਹਾਂ ਸਤਰਾਂ ਨੂੰ ਪੋਹ ਨਾ ਸਕੇ। ਸਾਡੇ ਅੱਖਰਾਂ ਦੀ ਲੋਅ ਕੁਝ ਹੋਰ ਵਧੇ। ਅਸੀਂ ਇਸ ਵਿੱਚ ਕੁਝ ਹੋਰ ਆਪਣੀ ਰੱਤ ਬਾਲੀਏ।



ਇਹ ਇਨਾਮ ਮੋੜਨ ਸਮੇਂ ਮੇਰੇ ਮਨ ਵਿੱਚ ਇਹ ਦਰਦ ਅਤੇ ਇਸ ਜੁਰਮ ਦਾ ਇਕਬਾਲ ਵੀ ਸ਼ਾਮਲ ਹੈ ਕਿ ਸਾਡੀਆਂ ਕਵਿਤਾਵਾਂ ਨੇ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਵਿੱਚ ਓਨਾ ਹਿੱਸਾ ਨਹੀਂ ਪਾਇਆ ਜਿੰਨਾ ਪਾਉਣਾ ਚਾਹੀਦਾ ਸੀ ਪਰ ਇਹ ਇਨਾਮ ਮੋੜ ਕੇ ਮੈਂ ਇਸ ਗੁਨਾਹ ਤੋਂ ਸੁਰਖ਼ੁਰੂ ਨਹੀਂ ਹੋ ਜਾਂਦਾ। ਇਹ ਇਨਾਮ ਮੋੜਦਿਆਂ ਮੈਨੂੰ ਇਹ ਵੀ ਅਹਿਸਾਸ ਹੈ ਕਿ ਮੈਂ ਉਹ ਸਭ ਕੁਝ ਨਹੀਂ ਮੋੜ ਸਕਦਾ ਜੋ ਇਸ ਇਨਾਮ ਨਾਲ ਜੁੜਿਆ ਹੋਇਆ ਹੈ- ਆਪਣੀ ਸ਼ੋਭਾ, ਆਪਣੀਆਂ ਕਵਿਤਾਵਾਂ ਦੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਤੇ ਕਿੰਨਾ ਕੁਝ ਹੋਰ।


ਸਾਹਿਤ ਅਕਾਦਮੀ ਦੀ ਮਹਾਨ ਸੰਸਥਾ ਨੂੰ ਇਹ ਸਨਮਾਨ ਵਾਪਸ ਕਰਦਿਆਂ ਮੈਂ ਇਹ ਵੀ ਇਕਰਾਰ ਕਰਦਾ ਹਾਂ ਕਿ ਮੈਂ ਇਸ ਲੋਕਰਾਜੀ ਸੰਸਥਾ ਨੂੰ ਹੋਰ ਪ੍ਰਭਾਵਸ਼ਾਲੀ, ਹੋਰ ਸਾਹਿਤਕ, ਹੋਰ ਰੌਸ਼ਨ-ਜ਼ਮੀਰ ਬਣਾਉਣ ਲਈ ਵੀ ਕੰਮ ਕਰਦਾ ਰਹਾਂਗਾ।

ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਾਹਿਤ

Sunday, October 11, 2015

ਘੱਟਗਿਣਤੀਆਂ ਤੇ ਵਿਦਵਾਨਾਂ ਉੱਤੇ ਹੋਏ ਹਮਲਿਆਂ ਕਾਰਨ ਕੀਤਾ ਸਨਮਾਨ ਵਾਪਸ-ਆਤਮਜੀਤ

ਪਿਆਰੇ ਤਿਵਾੜੀ ਜੀ,
ਮੈਂ ਵੀ ਅਕਾਡਮੀ ਦਾ ਸਨਮਾਨ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਵੇਲੇ ਮੁਲਕ ਦੇ ਹਾਲਾਤ ਸੋਗਵਾਰ ਹਨ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਮੂਲਵਾਦੀ ਤਾਕਤਾਂ ਨੇ ਸਮਾਜ ਦੀ ਵੰਨ-ਸਵੰਨਤਾ ਵਾਲੀ ਮਨੁੱਖੀ ਰਵਾਇਤ ਉੱਤੇ ਹਮਲਾ ਕੀਤਾ ਹੈ। ਸਾਡੀ ਇਸ ਰਵਾਇਤ ਦੀਆਂ ਜੜ੍ਹਾਂ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ਼ ਬਹਾਦਰ ਦੀਆਂ ਕੁਰਬਾਨੀਆਂ ਨਾਲ ਸਿੰਜੀਆਂ ਗਈਆਂ ਹਨ। ਅਸੀਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਂਗਰਸ ਸਰਕਾਰ ਦੀ ਸਰਪ੍ਰਸਤੀ ਵਿੱਚ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਮਨੁੱਖਤਾ ਦੀ ਤਬਾਹੀ ਮਚਦੀ ਦੇਖੀ ਹੈ। ਇਹ ਜੱਗ ਜ਼ਾਹਰ ਹੈ ਕਿ ਉਸ ਵੇਲੇ ਦੀ ਹੁਕਮਰਾਨ ਧਿਰ ਦੇ ਆਗੂਆਂ ਦੀ ਅਗਵਾਈ ਵਿੱਚ ਕਤਲੇਆਮ ਕੀਤਾ ਗਿਆ ਅਤੇ ਹੁਣ ਤੱਕ ਉਹ ਮੁਲਜ਼ਮਾਂ ਦੀ ਬੇਸ਼ਰਮੀ ਵਾਲੀ ਢਾਲ ਬਣੀ ਹੋਈ ਹੈ।


ਪਰ ਤਿਵਾੜੀ ਸਾਹਿਬ, ਇਹ ਪਹਿਲੀ ਵਾਰ ਹੈ ਕਿ ਸਰਕਾਰੀ ਧਿਰਾਂ ਦੇ ਬੁਲਾਰੇ ਚੁੱਧ ਧਾਰ ਕੇ ਜਾਂ ਸਿਆਸੀ ਟੀਰ ਵਾਲੇ ਬਿਆਨਾਂ ਰਾਹੀਂ ਘੱਟਗਿਣਤੀਆਂ ਅਤੇ ਵੱਖਰੇ ਵਿਚਾਰ ਰੱਖਣ ਵਾਲੇ ਵਿਦਵਾਨਾਂ ਉੱਤੇ ਹੋਏ ਹਮਲਿਆਂ ਨੂੰ ਜਾਇਜ਼ ਕਰਾਰ ਦੇ ਰਹੇ ਹਨ। ਮੈਂ ਏਥੇ ਮਕਤੂਲ ਕਲਬੁਰਗੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਨਹੀਂ ਕਰ ਰਿਹਾ ਪਰ ਜਮਹੂਰੀ ਮੁਲਕ ਵਿੱਚ ਕੌਮੀ ਪਛਾਣ ਵਾਲੇ ਲੇਖਕ ਦਾ ਉਸ ਦੇ ਵਿਚਾਰਾਂ ਕਾਰਨ ਕਤਲ ਹੋਣਾ ਮੇਰੀ ਚਿੰਤਾ ਦਾ ਸਬੱਬ ਬਣਦਾ ਹੈ। ਕੀ ਇਸ ਮੌਕੇ ਲੇਖਕਾਂ ਦੀ ਅਕਾਡਮੀ ਦੇ ਚੇਅਰਮੈੱਨ ਨੂੰ ਕਤਲ ਅਤੇ ਹੋਰ ਵਾਰਦਾਤਾਂ ਦੀ ਨਿੰਦਾ ਕਰਨ ਲਈ ਕਿਸੇ ਦੀ ਇਜਾਜ਼ਤ ਦਰਕਾਰ ਹੈ? ਹੈਰਾਨੀ ਹੁੰਦੀ ਹੈ ਕਿ ਸਾਡੀ ਅਕਾਡਮੀ ਰਸਮੀ ਬਿਆਨਾਂ ਅਤੇ ਸ਼ੋਕ ਮਤਿਆਂ ਨਾਲ ਡੰਗ ਟਪਾ ਰਹੀ ਹੈ। ਅਕਾਡਮੀ ਦੇ ਚੇਅਰਮੈੱਨ ਦੀ ਨਾਮਜ਼ਦਗੀ ਦੀ ਯੋਗਤਾ ਉਸ ਦੀਆਂ ਲਿਖਤਾਂ ਹੁੰਦੀਆਂ ਹਨ; ਇਸ ਲਈ ਉਸ ਦੀ ਪਹਿਲੀ ਪਛਾਣ ਵੀ ਲੇਖਕ ਵਜੋਂ ਹੀ ਰਹਿਣੀ ਚਾਹੀਦੀ ਹੈ। ਮੈਂ ਹੈਰਾਨ ਹਾਂ ਕਿ ਤੁਸੀਂ ਲੇਖਕ ਦੀ ਥਾਂ ਚੇਅਰਮੈੱਨ ਹੋਣ ਨੂੰ ਤਰਜੀਹ ਦਿੱਤੀ ਹੈ।



ਤੁਸੀਂ ਕਹਿੰਦੇ ਹੋ ਕਿ ਲੇਖਕ ਆਪਣੇ ਸਨਮਾਨ ਵਾਪਸ ਕਰਕੇ ਸਿਆਸਤ ਕਰ ਰਹੇ ਹਨ। ਸ਼ਾਇਦ ਇਹ ਕੁਝ ਮਾਮਲਿਆਂ ਵਿੱਚ ਸਹੀ ਹੋਵੇ, ਪਰ ਜੇ ਤੁਸੀਂ ਚੁੱਪ ਧਾਰ ਕੇ ਸਿਆਸਤ ਕਰਦੇ ਹੋ ਤਾਂ ਉਹ ਆਪਣੇ ਸਚੇਤ ਫ਼ੈਸਲਿਆਂ ਨਾਲ ਅਜਿਹਾ ਕਰ ਰਹੇ ਹਨ। ਮੈਂ ਇਹ ਸਾਫ਼ ਕਰ ਦਿੰਦਾ ਹਾਂ ਕਿ ਮੇਰਾ ਕਿਸੇ ਸਿਆਸੀ ਧਿਰ ਨਾਲ ਕਿਸੇ ਕਿਸਮ ਦਾ ਕੋਈ ਰਾਬਤਾ ਨਹੀਂ ਹੈ। ਮੈਂ ਅਜਿਹਾ ਕਿਸੇ ਦੀ ਸਲਾਹ ਨਾਲ ਨਹੀਂ ਕਰ ਰਿਹਾ। ਅਸਲ ਵਿੱਚ ਮੇਰੇ ਫ਼ੈਸਲੇ ਦਾ ਸਬੱਬ ਤੁਹਾਡੇ ਬਿਆਨ ਬਣੇ ਹਨ। ਮੈਂ ਤੁਹਾਨੂੰ ਅਤੇ ਆਪਣੇ ਮੁਲਕਵਾਸੀਆਂ ਨੂੰ ਸਾਫ਼ ਤੌਰ ਤੇ ਕਹਿਣਾ ਚਾਹੁੰਦਾ ਹਾਂ ਕਿ ਸਾਂਝਾ ਸੱਭਿਆਚਾਰ ਅਤੇ ਸਮਾਜਿਕ ਸਾਂਝ ਸਾਡੇ ਮੁਲਕ ਦੀ ਬੁਨਿਆਦੀ ਚੂਲ ਹੈ। ਜੇ ਕੋਈ ਇਸ ਸਾਂਝ ਨੂੰ ਖੋਰਾ ਲਗਾਉਂਦਾ ਹੈ ਤਾਂ ਉਸ ਦਾ ਕਤਲ ਕਰਨ ਨਾਲ ਮਸਲਾ ਹੱਲ ਨਹੀਂਂ ਹੋ ਜਾਣਾ। ਇੱਕ ਕਤਲ ਦੂਜੇ ਕਤਲ ਲਈ ਰਾਹ ਪੱਧਰਾ ਕਰਦਾ ਹੈ।



ਤਿਵਾੜੀ ਸਾਹਿਬ! ਤੁਸੀਂ ਇਸ ਸੁਨੇਹੇ ਦੀ ਅਹਿਮੀਅਤ ਨੂੰ ਮੈਥੋਂ ਬਿਹਤਰ ਸਮਝਦੇ ਹੋ ਅਤੇ ਮੈਂ ਇਸੇ ਸੁਨੇਹੇ ਦੀ ਅਹਿਮੀਅਤ ਨੂੰ ਆਪਣੇ 'ਕਰਮ' ਰਾਹੀਂ ਉਘਾੜਨ ਦਾ ਉਪਰਾਲਾ ਕਰ ਰਿਹਾ ਹਾਂ। ਮੈਂ ਆਪਣੇ ਨਾਟਕਾਂ ਰਾਹੀਂ ਸੱਭਿਆਚਾਰਕ ਵੰਨ-ਸਵੰਨਤਾ ਵਾਲੀਆਂ ਕਦਰਾਂ-ਕੀਮਤਾਂ ਨੂੰ ਪੇਸ਼ ਕੀਤਾ ਹੈ; ਪਰ ਤੁਸੀਂ ਮਨੁੱਖਤਾ ਮੁਖੀ ਕਦਰਾਂ-ਕੀਮਤਾਂ ਨੂੰ ਆਵਾਜ਼ ਦੇਣ ਦੀ ਥਾਂ ਲੇਖਕਾਂ ਨੂੰ ਪ੍ਰਵਚਨ ਦੇਣ ਨੂੰ ਤਰਜੀਹ ਦਿੱਤੀ ਹੈ। ਤੁਸੀਂ ਇਹ ਦਰੁਸਤ ਫਰਮਾਇਆ ਹੈ ਕਿ ਅਕਾਡਮੀ ਖ਼ੁਦਮੁਖ਼ਤਿਆਰ ਅਦਾਰਾ ਹੈ ਪਰ ਇਹ ਤੱਥ ਤੁਹਾਨੂੰ ਵੀ ਪ੍ਰਵਾਨ ਕਰਨਾ ਪਵੇਗਾ ਕਿ ਇਹ ਖ਼ੁਦਮੁਖ਼ਤਿਆਰੀ ਇਸਦੀ ਕਾਰਗੁਜ਼ਾਰੀ ਵਿੱਚੋਂ ਨਹੀਂ ਝਲਕਦੀ।



ਤੁਸੀਂ ਲੇਖਕਾਂ ਨੂੰ ਟਿੱਚਰ ਕੀਤੀ ਹੈ ਕਿ ਉਹ ਇਸ ਸਨਮਾਨ ਨਾਲ ਕਮਾਈ ਇੱਜ਼ਤ ਕਿਵੇਂ ਵਾਪਸ ਕਰਨਗੇ ਕਿਉਂਕਿ ਅਕਾਡਮੀ ਨੇ ਉਨ੍ਹਾਂ ਦੀਆਂ ਲਿਖਤਾਂ ਦਾ ਤਰਜਮਾ ਕਰਕੇ ਵੱਖ-ਵੱਖ ਬੋਲੀਆਂ ਵਿੱਚ ਛਾਪਿਆ ਹੈ। ਕ੍ਰਿਪਾ ਕਰਕੇ ਮੇਰੀ ਸਨਮਾਨਯਾਫ਼ਤਾ ਕਿਤਾਬ ਦੀ ਦੂਜੀ ਬੋਲੀਆਂ ਵਿੱਚ ਛਪਾਈ ਬੰਦ ਕਰ ਦਿੱਤੀ ਜਾਵੇ। ਮੈਨੂੰ ਇਹ ਦੱਸਣ ਦੀ ਕ੍ਰਿਪਾਲਤਾ ਕਰਨਾ ਕਿ ਮੈਂ ਆਪਣੀ ਕਿਤਾਬ ਨੂੰ ਹਿੰਦੀ ਵਿੱਚ ਉਲਥਾਉਣ ਦਾ ਅਹਿਸਾਨ ਕਿਵੇਂ ਉਤਾਰ ਸਕਦਾ ਹਾਂ? ਇਹ ਦੱਸਣਾ ਦਿਲਚਸਪ ਹੈ ਕਿ ਮੇਰਾ ਨਾਟਕ ਫ਼ਿਰਕੂ ਸਦਭਾਵਨਾ ਦਾ ਸੁਨੇਹਾ ਦਿੰਦਾ ਹੈ ਅਤੇ ਨਫ਼ਰਤ ਦੀ ਸਿਆਸਤ ਦੇ ਖ਼ਿਲਾਫ਼ ਹੈ। ਤੁਸੀਂ ਇਹ ਵੀ ਸਲਾਹ ਦਿੱਤੀ ਹੈ ਕਿ ਲੇਖਕਾਂ ਨੂੰ ਆਪਣਾ ਵਿਰੋਧ ਦਰਜ ਕਰਵਾਉਣ ਦਾ ਹੋਰ ਕੋਈ ਤਰੀਕਾ ਲੱਭਣਾ ਚਾਹੀਦਾ ਹੈ। ਮੈਂ ਤੁਹਾਡੇ ਇਸ ਸਲਾਹ ਦੀ ਕਦਰ ਕਰਦਾ ਹਾਂ ਅਤੇ ਇਸੇ ਵਿਸ਼ੇ ਉੱਤੇ ਹੋਰ ਨਾਟਕ ਲਿਖਣ ਦਾ ਉਪਰਾਲਾ ਕਰਾਂਗਾ।



ਮੈਂ ਸਿਰਫ਼ ਸਰਕਾਰ ਦੀ ਘੇਸਲ ਖ਼ਿਲਾਫ਼ ਸਨਮਾਨ ਵਾਪਸ ਨਹੀਂ ਕਰ ਰਿਹਾ ਸਗੋਂ ਇਹ ਉਨ੍ਹਾਂ ਸਰਗਰਮ ਤੱਤਾਂ ਦੇ ਖ਼ਿਲਾਫ਼ ਵੀ ਹੈ ਜੋ ਸਾਡੇ ਮੁਲਕ ਨੂੰ ਸਦਭਾਵਨਾ ਵਾਲੇ ਸਮਾਜ ਵਜੋਂ ਵੇਖਣਾ ਪ੍ਰਵਾਨ ਨਹੀਂ ਕਰਦੇ। ਮੇਰਾ ਸਨਮਾਨ ਵਾਪਸ ਕਰਨ ਦਾ ਫ਼ੈਸਲਾ ਸਾਹਿਤ ਅਕਾਡਮੀ ਦੇ ਚੌਧਰੀਆਂ ਦੀ ਬੇਦਿਲੀ ਦੇ ਖ਼ਿਲਾਫ਼ ਵੀ ਹੈ। ਮੈਂ ਸਨਮਾਨ ਦੇ ਨਾਲ ਦਿੱਤੀ ਲੱਖ ਰੁਪਏ ਦੀ ਰਕਮ ਚੈੱਕ ਰਾਹੀਂਂ ਵਾਪਸ ਭੇਜ ਰਿਹਾ ਹਾਂ। ਮੈਂ ਇਹ ਵੀ ਬੇਨਤੀ ਕਰਦਾ ਹਾਂ ਕਿ ਮੇਰੀ ਛਪ ਚੁੱਕੀ ਕਿਤਾਬ ਦੀ ਵਿਕਰੀ ਨਾਲ ਹੋਣ ਵਾਲੀ ਆਮਦਨ ਵਿੱਚੋਂ ਮੈਨੂੰ ਕੋਈ ਹਿੱਸਾ ਨਾ ਦਿੱਤਾ ਜਾਵੇ।

 ਸ਼ੁਭ ਇੱਛਾਵਾਂ ਨਾਲ, 
ਆਤਮਜੀਤ, ਨਾਟਕਕਾਰ 
ਪੰਜਾਬੀ ਤਰਜਮਾ-ਦਲਜੀਤ ਅਮੀ 
ਪੰਜਾਬੀ ਕਲਾਵੇਅਰ ਬਲੌਗ ਤੋਂ ਧੰਨਵਾਦ ਸਾਹਿਤ

ਮੈਂ ਸਾਹਿਤ ਅਕਾਦਮੀ ਪੁਰਸਕਾਰ ਕਿਉਂ ਮੋੜਿਆ?:ਗੁਰਬਚਨ ਸਿੰਘ ਭੁੱਲਰ

ਪਿਛਲੇ ਕੁਝ ਸਮੇਂ ਤੋਂ ਸਾਡੇ ਸਮਾਜਕ ਖੇਤਰ ਨੂੰ, ਖਾਸ ਕਰਕੇ ਸਾਹਿਤ ਤੇ ਸਭਿਆਚਾਰ ਨੂੰ ਜਿਸ ਵਿਉਂਤਬੰਦ ਢੰਗ ਨਾਲ ਤੇ ਗਿਣ-ਮਿਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਨਾਲ ਮੈਂ ਬੇਚੈਨ ਤੇ ਫ਼ਿਕਰਮੰਦ ਹੁੰਦਾ ਰਿਹਾ ਹਾਂ। ਸਾਹਿਤ, ਸਭਿਆਚਾਰ, ਬਹੁਭਾਂਤੀ ਕਲਾ, ਇਤਿਹਾਸ, ਆਦਿ ਜਿਹੀਆਂ ਖ਼ੂਬਸੂਰਤ ਮਨੁੱਖੀ ਪਰਾਪਤੀਆਂ ਨੂੰ ਨਿੰਦਿਆ, ਭੰਡਿਆ ਤੇ ਕਰੂਪ ਕੀਤਾ ਜਾ ਰਿਹਾ ਹੈ। 


ਕਿਹਾ ਜਾ ਸਕਦਾ ਹੈ ਕਿ ਇਹ ਕੋਈ ਨਵਾਂ ਵਰਤਾਰਾ ਨਹੀਂ ਅਤੇ ਅਜਿਹੀਆਂ ਘਟਨਾਵਾਂ ਕਾਫ਼ੀ ਲੰਮੇ ਸਮੇਂ ਤੋਂ ਵਾਪਰ ਰਹੀਆਂ ਹਨ। ਠੀਕ ਹੀ ਪਿਛਲੇ ਕੁਝ ਦਹਾਕਿਆਂ ਦੀ ਕਿਸੇ ਵੀ ਸਰਕਾਰ ਨੂੰ ਇਸ ਪੱਖੋਂ ਨੇਕ-ਪਾਕ ਨਹੀਂ ਸਮਝਿਆ ਜਾ ਸਕਦਾ। ਤਾਂ ਵੀ ਇਹ ਚਿਤਾਰਨਾ ਜ਼ਰੂਰੀ ਹੈ ਕਿ ਉਹ ਸਰਕਾਰਾਂ ਕਦੀ-ਕਦਾਈਂ ਵਾਪਰਦੀਆਂ ਅਜਿਹੀਆਂ ਘਟਨਾਵਾਂ ਨੂੰ, ਸਾਡੇ ਦੇਸ ਦੀ ਮੰਦਭਾਗੀ ਵੋਟਮੁਖੀ ਰਾਜਨੀਤੀ ਕਾਰਨ, ਆਮ ਕਰ ਕੇ ਅਨਡਿੱਠ ਤਾਂ ਕਰ ਦਿੰਦੀਆਂ ਸਨ ਪਰ ਉਹਨਾਂ ਦੀਆਂ ਸਿੱਧੀਆਂ ਪ੍ਰੇਰਕ ਤੇ ਭਾਈਵਾਲ ਨਹੀਂ ਸਨ ਬਣਦੀਆਂ। ਹੁਣ ਇਹ ਗੱਲ ਵਧੇਰੇ ਹੀ ਵਧੇਰੇ ਸਪੱਸ਼ਟ ਹੁੰਦੀ ਜਾ ਰਹੀ ਹੈ ਕਿ ਨਾਂਹਮੁਖੀ ਹਨੇਰੀਆਂ ਤਾਕਤਾਂ ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿਚ ਜੋ ਕੁਝ ਐਲਾਨੀਆ ਅਮਲ ਵਿਚ ਲਿਆ ਰਹੀਆਂ ਹਨ, ਉਹ ਵਰਤਮਾਨ ਹਾਕਮਾਂ ਦਾ ਅਨਐਲਾਨਿਆ ਏਜੰਡਾ ਹੈ। ਇਹ ਹਾਲਤ ਹਰ ਹੋਸ਼ਮੰਦ ਆਦਮੀ ਨੂੰ ਸੋਚ ਵਿਚ ਪਾਉਣ ਵਾਲੀ ਹੈ। 


ਜਦੋਂ ਪ੍ਰਕਾਸ਼ਕਾਂ ਨੂੰ ਕਿਤਾਬਾਂ ਕਤਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਲੇਖਕਾਂ ਨੂੰ ਘਰਾਂ ਵਿਚ ਵੜ ਕੇ ਕਤਲ ਕੀਤਾ ਜਾ ਰਿਹਾ ਹੈ, ਸਾਹਿਤ ਅਕਾਦਮੀ ਤੋਂ ਸਾਡਾ ਇਹ ਆਸ ਕਰਨਾ ਬਿਲਕੁਲ ਵਾਜਬ ਸੀ ਕਿ ਘੱਟੋ-ਘੱਟ ਉਹ ਲੇਖਕਾਂ ਦੀ ਇਕ ਸਭਾ ਬੁਲਾ ਕੇ ਇਸ ਹਾਲਤ ਬਾਰੇ ਚਿੰਤਾ, ਲੇਖਕਾਂ ਤੇ ਬੁੱਧੀਮਾਨਾਂ ਨੂੰ ਕਤਲ ਦੀਆਂ ਧਮਕੀਆਂ ਵਿਰੁੱਧ ਰੋਸ ਅਤੇ ਕਤਲਾਂ ਸੰਬੰਧੀ ਗ਼ਮ ਪਰਗਟ ਕਰੇਗੀ। ਇਸ ਦੇ ਉਲਟ ਅਕਾਦਮੀ ਨੇਮਾਂ ਅਤੇ ਪ੍ਰੰਪਰਾਵਾਂ ਦਾ ਸਹਾਰਾ ਲੈ ਕੇ ਆਪਣੀ ਅਸਹਿ ਅਬੋਲਤਾ ਨੂੰ ਵਾਜਬ ਠਹਿਰਾ ਰਹੀ ਹੈ। ਇਸ ਸੂਰਤ ਵਿਚ ਮੇਰੇ ਸਾਹਮਣੇ ਇਹ ਦੁਖਦਾਈ ਫ਼ੈਸਲਾ ਲੈਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ ਕਿ ਮੈਂ 2005 ਵਿਚ ਪੰਜਾਬੀ ਲੇਖਕ ਵਜੋਂ ਮਿਲਿਆ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦੇਵਾਂ। 


ਅੰਤ ਵਿਚ ਮੈਂ ਇਹ ਵੀ ਸਪੱਸ਼ਟ ਕਰ ਦੇਵਾਂ ਕਿ ਇਸ ਚੰਦਰੇ ਮਾਹੌਲ ਦੇ ਬਾਵਜੂਦ ਮੈਂ ਪੂਰੀ ਤਰ੍ਹਾਂ ਨਿਰਾਸ਼ ਨਹੀਂ ਹਾਂ। ਮੈਨੂੰ ਆਸ ਅਤੇ ਵਿਸ਼ਵਾਸ ਹੈ ਕਿ ਸਾਡਾ ਸਾਹਿਤ ਤੇ ਸਭਿਆਚਾਰ, ਖਾਸ ਕਰਕੇ ਮੇਰੇ ਲੋਕ, ਇਹਨਾਂ ਜ਼ਖ਼ਮਾਂ ਦੇ ਬਾਵਜੂਦ, ਇਸ ਹਨੇਰੇ ਦੌਰ ਵਿਚੋਂ ਸਾਬਤ-ਸਬੂਤ ਪਾਰ ਨਿੱਕਲ ਸਕਣਗੇ ਅਤੇ ਅਸੀਂ ਫੇਰ ਸੱਜਰੇ ਬਲ ਨਾਲ ਆਪਣੇ ਸਹਿਜ-ਵਿਕਾਸੀ ਮਾਰਗ ਦੇ ਉਤਸਾਹੀ ਪਾਂਧੀ ਬਣ ਸਕਾਂਗੇ! 
 ਗੁਰਬਚਨ ਸਿੰਘ ਭੁੱਲਰ

Friday, May 15, 2015

ਮਿੱਟੀ ਨੂੰ ਫਰੋਲਣ ਦਾ ਨਹੀਂ,ਮਹਿਸੂਸ ਕਰਨ ਦਾ ਜਜ਼ਬਾ

ਇਹ ਅਹਿਸਾਸ ਹਾਰੀ-ਸਾਰੀ ਨੂੰ ਸਮਝ ਨਹੀਂ ਆਉਣਾ ਕਿ ਰਾਵੀ ਦੇ ਵੱਗਦੇ ਪਾਣੀ ਨੂੰ ਬੁੱਲਾਂ ਨਾਲ ਛਹਾਉਣ ‘ਤੇ ਰਾਵੀ ਪਾਰ ਦੀ ਧਰਤੀ ਨੂੰ ਕੋਈ ਆਪਣਾ ਚੁੰਮਣ ਕਿਉਂ ਭੇਜਦਾ ਹੈ।ਉਸ ਧਰਤੀ ਜਾਣ ਲਈ ਕੋਈ ਏਨਾ ਵੀ ਦੀਵਾਨਾ ਹੋ ਸਕਦਾ ਹੈ ਕਿ ਉਹ ਸਰਹੱਦਾਂ ਤੋਂ ਬਲੈਕ ਕਰਨ ਲੱਗ ਪਵੇ ਜਿਵੇਂ ਕਿ ਬਾਰਡਰਨਾਮਾ ਵਾਲਾ ਨਿਰਮਲ ਨਿੰਮਾ ਲੰਗਾਹ…ਆਪਣੀ ਧਰਤੀ ਤੋਂ ਜੁਦਾ ਹੋਣਾ ਕੀ ਹੁੰਦਾ ਹੈ ਇਸ ਦੀ ਟੀਸ ਤਾਂ ਉਹੋ ਦੱਸ ਸਕਦਾ ਹੈ ਜੋ ਲਾਹੌਰ ਬਹਿਕੇ ਦਿੱਲੀ ਦੇ ਚਾਵੜੀ ਬਜ਼ਾਰ,ਚਾਂਦਨੀ ਚੌਂਕ ਦੀਆਂ ਗਲੀਆਂ ਨੂੰ ਯਾਦ ਕਰਦਾ ਹੈ।ਇਹ ਹਿਜਰਤ ਤਾਂ ਉਹਨੂੰ ਹੀ ਮਹਿਸੂਸ ਹੋਵੇਗੀ ਜੋ ਅੰਬਰਸਰ ਬਹਿ ਚੱਕ ਨੰਬਰ 70 ਅਤੇ ਰੱਤੇ ਰੱਤੀ ਦੇ ਥੇਹ ਅਤੇ ਉਸ ਦਰਗਾਹ ‘ਤੇ ਲੱਗਣ ਵਾਲੇ ਮੇਲੇ ਦੀਆਂ ਗੱਲਾਂ ਨੂੰ ਆਪਣੀਆਂ ਸਮ੍ਰਿਤੀਆਂ ‘ਚੋਂ ਬਾਰ ਬਾਰ ਲਘਾਉਂਦਾ ਹੈ ਬਾਵਜੂਦ ਇਸ ਦੇ ਕਿ ਇਹ ਮਿੱਟੀ ਫਰੋਲਣ ਨਾਲ ਹੋਣਾ ਕੁਝ ਵੀ ਨਹੀਂ।ਆਖਰ ਤ੍ਰਾਸਦੀਆਂ ਸਾਥੋਂ ਬਹੁਤ ਕੁਝ ਖੋਹ ਲੈਂਦੀਆਂ ਹਨ। 

ਕਿਆ ਦਿੱਲੀ ਕਿਆ ਲਾਹੌਰ ਦਾ ਉਹ ਦ੍ਰਿਸ਼ ਯਾਦ ਕਰੋ ਜਦੋਂ ਭਾਰਤ-ਪਾਕਿਸਤਾਨ ਦੇ ਫੌਜੀ ਆਪਸ ‘ਚ ਆਪੋ ਆਪਣੇ ਅਤੀਤ ਨੂੰ ਖੰਘਾਲਦੇ ਹਨ ਅਤੇ ਚੰਨ ਨੂੰ ਮੰਜੀ ‘ਤੇ ਬੈਠਾਉਣ ਦੀਆਂ ਗੱਲਾਂ ਦੀ ਤੜਪ ਉਜਾਗਰ ਕਰਦੇ ਹਨ।ਅਵਤਾਰ ਸਿੰਘ ਦੀ ਫ਼ਿਲਮ ਨੂੰ ਵੇਖਣ ਲਈ 1947 ‘ਤੇ ਅਧਾਰਿਤ ਫ਼ਿਲਮਾਂ ਦੀ ਗੱਲ ਕਰਕੇ ਉਹਨਾਂ ਦੇ ਪ੍ਰਭਾਵ ਦੀ ਤਕਨੀਕੀ ਗੱਲਾਂ ‘ਚ ਨਾ ਗਵਾਚਿਆ ਜਾਵੇ।ਇਸ ਫ਼ਿਲਮ ਦਾ ਹੋਣਾ ਉਸ ਤੋਂ ਉੱਪਰ ਦਾ ਹੈ।ਇਹਨੂੰ ਉਸ ਦੌਰ ਦੀ ਤਕਸੀਮ ਮਾਰਫਤ ਹੀ ਵੇਖਿਆ ਜਾਵੇ।ਇਹਨੂੰ ਵੇਖਣ ਲੱਗਿਆਂ ਭਗੌਲਿਕ ਲਕੀਰਾਂ ਤੋਂ ਪਾਰ ਸਾਂਝੀ ਚੇਤਨਾ ਦੇ ਪੰਜਾਬ ਨੂੰ ਸਮਰਣ ਕਰਨਾ ਪਵੇਗਾ।ਇਹ ਭਾਰਤ ਬਨਾਮ ਪਾਕਿਸਤਾਨ ਦੀ ਗੱਲ ਨਹੀਂ।ਇਹ ਪੰਜਾਬ ਜਮ੍ਹਾਂ ਪੰਜਾਬ ਦੇ ਵਜੂਦ ਨੂੰ ਭਾਰਤ-ਪਾਕਿਸਤਾਨ ਹੋਣ ਦੀ ਸਜ਼ਾ ‘ਚ ਜੂਝਣ ਦੀ ਵਿੱਥਿਆ ਹੈ।ਮੈਂ ਇਹਨੂੰ ਇੰਝ ਮਹਿਸੂਸ ਕਰਦਾ ਹਾਂ। 

ਕਹਾਣੀ 1990 ਤੋਂ ਸ਼ੁਰੂ ਹੁੰਦੀ ਹੈ।ਇਹ ਪੰਜਾਬ ਅੰਦਰ ਉਦੋਂ ਵਾਪਰ ਰਹੀ ਹੈ ਜਦੋਂ ਭਾਰਤ ਦੇ ਅੰਦਰ ਵਿਸ਼ਵੀਕਰਨ ਦੀ ਦਸਤਕ ਹੈ ਅਤੇ ਵਪਾਰਕ ਤੌਰ ਦੀ ਖੁਲ੍ਹੀ ਮੰਡੀ ਦੇ ਸਵਾਗਤੀ ਗੀਤ ਹਨ।ਜਿਸ ‘ਚ ਜਜ਼ਬਾਤ ਨੂੰ ਕੋਈ ਜਗ੍ਹਾ ਨਹੀਂ ਹੈ।ਦੋਵੇਂ ਪਾਸੇ ਇੱਕ ਨਵੀਂ ਜਾਤ ਹੈ-ਜਿਹਨੂੰ ਮੁਹਾਜ਼ਿਰ ਕਹੋ,ਪਨਾਹਗੀਰ ਕਹੋ ਜਾਂ ਰਫਿਊਜ਼ੀ…ਇਹ ਵੰਡ ਸਿਰਫ ਭੁਗੌਲਿਕ ਨਹੀਂ,ਇਹ ਵੰਡ ਉਸ ਤੋਂ ਵੀ ਖਤਰਨਾਕ ਹੈ,ਪਿੰਡ,ਪੱਤੀਆਂ,ਕੋੜਮੇ,ਰਿਸ਼ਤੇ,ਸਾਂਝੀ ਸੱਥਾਂ,ਆਪਸੀ ਸਹਿਚਾਰ,ਬੰਦੇ ਬਨਾਮ ਬੰਦਾ ਵੰਡ,ਨਿਜ ਦੀ ਵੰਡ…ਇਹ ਬੰਦੇ ਦੇ ਆਪਣੇ ਅੰਦਰ ਨਾਲ ਹੀ ਹੋ ਰਹੀ ਵੰਡ ਹੈ…ਜਿਵੇਂ ਕਿ ਪਿੱਛੇ ਜਹੇ ਅਨੂਪ ਸਿੰਘ ਦੀ ਆਈ ਫ਼ਿਲਮ ‘ਕਿੱਸਾ’ ਦਾ ਬਿਆਨ ਹੈ।1947 ‘ਚ ਵੰਡ ਵੀ ਕਈ ਤਰ੍ਹਾਂ ਦੀ ਚੱਲਦੀ ਹੈ।ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਮੈਨੂੰ ਜਾਨਣਾ’ ਨਾਲ ਸਾਂਝ ਪਾਕੇ ਵੇਖੋ…ਜਿਸ ਕਹਾਣੀ ਦਾ ਪਾਤਰ ਵੰਡ ਤੋਂ ਏਨਾਂ ਅਲੱਗ-ਥਲੱਗ ਪੈ ਗਿਆ ਹੈ ਕਿ ਉਹਨੂੰ ਆਪਣਾ ਹੋਣਾ ਹੀ ਮਹਿਸੂਸ ਨਹੀਂ ਹੁੰਦਾ।ਜਦੋਂ ਕੋਈ ਉਹਨੂੰ ਆਪਣੇ ਵਿਛੜੇ ਇਲਾਕੇ ਦਾ ਬੰਦਾ ਉਹਦੀ ਬੋਲੀ,ਇਸ਼ਾਰਿਆਂ,ਹਾਵ-ਭਾਵ ਨਾਲ ਮਿਲਦਾ ਹੈ ਤਾਂ ਉਹਦੇ ਅੰਦਰ ਜੀਊਣ ਦੀ ਇੱਛਾ ਕਿੰਝ ਜਾਗਦੀ ਹੈ।

ਇਹਨੂੰ ਸਮਝਨਾ ਪਵੇਗਾ ਕਿ ਭਾਰਤ ਦੇ ਲੋਕਾਂ ਦੀ ਪਾਕਿਸਤਾਨ ਦੇ ਲੋਕਾਂ ਲਈ ਅਤੇ ਪਾਕਿਸਤਾਨ ਦੇ ਲੋਕਾਂ ਦੀ ਭਾਰਤ ਦੇ ਲੋਕਾਂ ਲਈ ਨਫਰਤ ਪੈਦਾ ਕੌਣ ਕਰ ਰਿਹਾ ਹੈ ਅਤੇ ਇਸ ਪ੍ਰਾਪੇਗੰਡਾ ਤੋਂ ਪ੍ਰਭਾਵਿਤ ਹੋਕੇ ਅਸੀ ਕਿਸ ਪੱਧਰ ਦੀ ਦੇਸ਼ ਭਗਤੀ ਉਜਾਗਰ ਕਰ ਰਹੇ ਹਾਂ ਇਹ ਸੂਖਮ ਮਨ ਲਈ ਅੱਜ ਦੇ ਦੌਰ ‘ਚ ਸਭ ਤੋਂ ਵੱਧ ਸੁਚੇਤ ਹੋਕੇ ਸਮਝਨ ਦੀ ਲੋੜ ਹੈ।ਇਸ ਬੇ-ਸਮਝੀ ‘ਚ ਅਤੀਤ ‘ਚ ਬਹੁਤ ਸਾਰੀਆਂ ਦੋ ਦੇਸ਼ਾਂ ਦਰਮਿਆਨ ਦੋਸਤਾਨਾ ਰਿਸ਼ਤੇ ਦੀ ਗੱਲ ਕਰਦੀਆਂ ਫ਼ਿਲਮਾਂ ਪੁੱਠੇ ਮੂੰਹ ਵੀ ਡਿੱਗੀਆ ਹਨ।( ਹਾਲਾਂਕਿ ਇਹ ਵਪਾਰਕ ਤੌਰ ਦੀ ਗੱਲ ਹੈ ਪਰ ਇਹ ਇੱਕ ਮਹਿਜ਼ ਪ੍ਰਤੀਕ ਹੈ ਕਿ ਅਸੀ ਕਿਸ ਤਰ੍ਹਾਂ ਦੀ ਸਮਝ ਲੈ ਕੇ ਬੈਠੇ ਹਾਂ ) ਪਰ ਅਵਤਾਰ ਸਿੰਘ ਦੀ ਫ਼ਿਲਮ ਮੌਜੂਦਾ ਦੌਰ ਦੇ ਸਿਆਸੀ ਪੇਚੇਦਗੀ ਭਰੇ ਮਾਹੌਲ ‘ਚ ਆਪਣੀ ਸਾਦਗੀ ਨਾਲ ਉਸ ਤੜਪ ਨੂੰ ਉਜਾਗਰ ਕਰਦੀ ਹੈ।ਭਾਵਾਂਕਿ ਇਹ ਵਿਜੈ ਰਾਜ ਦੀ ਫ਼ਿਲਮ ‘ਕਿਆ ਦਿੱਲੀ ਕਿਆ ਲਾਹੌਰ’ ਵਾਂਗੂ ਉਸ ਸੰਵਾਦ ‘ਚ ਨਹੀਂ ਜਾਂਦੀ।ਇਸ ਸਭ ਦੇ ਬਾਵਜੂਦ ਇਸ ਫ਼ਿਲਮ ਨੂੰ ਉਪਰੋਕਤ ਕੀਤੇ ਜ਼ਿਕਰ ਸੰਗ ਹੀ ਵੇਖਣਾ ਚਾਹੀਦਾ ਹੈ।ਕਿਤੇ ਨਾ ਕਿਤੇ ਇਹ ਸਾਡੇ ਨਿਜ ਦੀ ਤਰਜਮਾਨੀ ਕਰਦੀ ਹੈ। 

ਤਕਨੀਕੀ ਅਧਾਰ ‘ਤੇ ਇਹ ਫ਼ਿਲਮ ਆਪਣੇ ਮਾਹੌਲ ਨੂੰ ਬੁਣਨ ‘ਚ ਕਾਫੀ ਥਾਂ ‘ਤੇ ਖੁੰਝਦੀ ਹੈ।ਇਸ ਨੂੰ ਬਹੁਤ ਸੰਖੇਪ ‘ਚ ਕਹਾਂਗਾ ਕਿ ਜਿੱਥੇ ਵਿੱਤੀ ਸਾਧਨਾਂ ਦੀ ਘਾਟ ਸੀ ਉਸ ਨੂੰ ਅਸੀ ਦਰਨਿਕਾਰ ਕਰ ਸਕਦੇ ਹਾਂ ਪਰ ਕੁਝ ਨੁਕਤਿਆਂ ਨੂੰ ਸੋਖਿਆਂ ਸੁਧਾਰਿਆ ਜਾ ਸਕਦਾ ਸੀ।ਸੁੱਚਾ ਸਿੰਘ (ਕਰਤਾਰ ਚੀਮਾ) ਆਪਣੇ ਹੋਣ ਦੀ ਖੂਬਸੂਰਤ ਛਾਪ ਛੱਡਦਾ ਹੈ।ਪਰ ਕਰਤਾਰ ਚੀਮਾ ਨੂੰ ਗ੍ਰੀਕ ਨਾਇਕ ਵਾਂਗੂ ਸੁਡੋਲ ਸ਼ਰੀਰ ਤੋਂ ਤੋੜ ਪੰਜਾਬੀ ਜੁੱਸੇ ਦਾ ਵਿਖਾਇਆ ਜਾ ਸਕਦਾ ਸੀ।ਪੰਜਾਬੀ ਮਨਾਂ ਅੰਦਰ ਪੰਜਾਬੀ ਪਾਤਰ ਆਪਣੀ ਬੋਲੀ,ਹਾਵ-ਭਾਵ ਨਾਲ ਪੇਸ਼ ਹੋਵੇ ਤਾਂ ਜ਼ਿਆਦਾ ਵਧੀਆ ਲੱਗਦਾ ਹੈ।ਇਹੋ ਫ਼ਿਲਮ ਦੀ ਖੂਬਸੂਰਤੀ ਸੀ ਕਿ ਇਸ ਫ਼ਿਲਮ ਨੇ ਬੋਲੀ ਨੂੰ ਲੈ ਕੇ ਇਲਾਕੇ ਦੀ ਪੇਸ਼ਕਾਰੀ ਵਿਖਾਈ ਹੈ।ਫ਼ਿਲਮ ਮਾਲਵੇ ‘ਚ ਆਪਣੇ ਪਾਤਰਾਂ ਦੀ ਮਲਵਈ ਬੋਲੀ ਨਾਲ ਹੈ।ਅੰਮ੍ਰਿਤਸਰ ਜਾਂਦੀ ਹੋਈ ਮਾਝੇ ਦੇ ਪਾਤਰਾਂ ਤੋਂ ਮਾਝੀ ਬੁਲਵਾ ਰਹੀ ਹੈ ਅਤੇ ਲਾਹੌਰ ‘ਚ ਦਾਖਲ ਹੋਣ ਲੱਗਿਆ ਇਹ ਲਾਹੌਰ ਦੀ ਪੰਜਾਬੀ ਬੋਲਦੀ ਹੈ।ਇਸ ਲਈ ਨਿਰਦੇਸ਼ਕ ਦਾ ਕੰਮ ਸਲਾਹੁਣਯੋਗ ਹੈ।ਭਾਂਵਾਕਿ ਕਿਰਦਾਰ ਉਹਨੂੰ ਹੂ ਬੂ ਹੂ ਨਿਰਵਾਹ ਕਰਨ ‘ਚ ਕਾਫੀ ਜਗ੍ਹਾ ਖੁੰਝਦੇ ਹਨ।ਪਰ ਸੁੱਚਾ ਸਿੰਘ ਨੂੰ ਲੈ ਕੇ ਇਹ ਗੱਲ ਕਰਨੀ ਬਣਦੀ ਹੈ ਕਿ ਫ਼ਿਲਮ ਸ਼ੁਰੂਆਤ ਤੋਂ ਹੀ ਸੰਗਰੂਰ ਜ਼ਿਲ੍ਹੇ ਦੇ ਛਾਜਲੀ ਪਿੰਡ ਦੀ ਆਬੋ ਹਵਾ ਨਾਲ ਠੇਠ ਮਾਲਵੇ ਦਾ ਪ੍ਰਗਟਾਵਾ ਕਰ ਰਹੀ ਸੀ।ਮੈਨੂੰ ਇਸ ਦਾ ਭਲੀਭਾਂਤ ਅੰਦਾਜ਼ਾ ਸੀ ਕਿ ਨਿਰਦੇਸ਼ਕ ਨੇ ਆਪਣੀ ਪਹਿਲੀ ਫ਼ਿਲਮ ਤੋਂ ਹੀ ਬਹੁਤ ਬਾਰੀਕੀ ਨਾਲ ਕੰਮ ਕੀਤਾ ਹੈ ਤਾਂ ਉਹ ਇਸ ‘ਤੇ ਵੀ ਸੋਚੇਗਾ ਪਰ ਅਜਿਹਾ ਨਹੀਂ ਹੋਇਆ।ਬਾਕੀ 1990-1993 ਦੇ ਦਰਮਿਆਨ ਗੁਰਦੁਆਰੇ ਅੰਦਰ ਸੁਖਾਸਨ ਘਰ ਐਲੂਮੀਨਿਅਮ ਚਾਦਰਾਂ ਦਾ ਬਣਿਆ ਹੋਇਆ ਹੈ ਜੋ ਉਸ ਕਾਲ-ਖੰਡ ਨੂੰ ਭੰਗ ਕਰਦਾ ਹੈ।ਫ਼ਿਲਮ ਨੂੰ ਡੁੱਬਕੇ ਵੇਖਣ ਵਾਲੇ ਲਈ ਇਹ ਉਸ ਕਾਲ-ਖੰਡ ਤੋਂ ਟੁੱਟਣਾ ਸੀ।ਫ਼ਿਲਮ ਦੀ ਨਾਇਕਾ ਦੀ ਗੱਲ ਕਰੀਏ ਤਾਂ ਇਸ ਨੂੰ ਸਿਰਜਣ ਦੌਰਾਨ ਮਜਬੂਰੀ ਹੋਵੇ ਤਾਂ ਵੱਖਰੀ ਗੱਲ ਪਰ ਜੇ ਨਹੀਂ ਤਾਂ ਇਹ ਫ਼ਿਲਮੀ ਦੁਨੀਆਂ ਦੇ ਚਾਲੂ ਫਾਰਮੂਲੇ ‘ਚ ਫੱਸਕੇ ਰਹਿ ਗਈ ਹੈ।ਇਹ ਸਿਨੇਮਾ ਅੰਦਰ ਬਹੁਤ ਅਜੀਬ ਕੰਡੀਸ਼ਨਿੰਗ ਹੈ।ਇਹ ਜ਼ਰੂਰੀ ਨਹੀਂ ਸੀ ਕਿ ਨੂਰਾਂ ਦਾ ਕਿਰਦਾਰ ਕਰਨ ਵਾਲੀ ਅਤੇ ਪਾਕਿਸਤਾਨ ਰਹਿੰਦੀ ਨੂਰਾਂ ਦੀ ਕੁੜੀ ਦੀ ਭੂਮਿਕਾ ਇੱਕੋ ਕੁੜੀ ਨੂੰ ਨਿਭਾਉਣ ਲਈ ਦਿੱਤੀ ਜਾਵੇ।ਅਮਨ ਗਰੇਵਾਲ ਨੂਰਾਂ ਦੇ ਕਿਰਦਾਰ ‘ਚ ਜੋ ਪ੍ਰਭਾਵ ਛੱਡਦੀ ਹੈ ਉਹ ਦੂਜੇ ਹਿੱਸੇ ‘ਚ ਨਹੀਂ ਮਹਿਸੂਸ ਹੁੰਦਾ। ਪਰ ਇਸ ਫ਼ਿਲਮ ਨੂੰ ਹੋਰ ਬਹੁਤ ਸਾਰੇ ਨੁਕਤਿਆਂ ਨੂੰ ਲੈ ਕੇ ਯਾਦ ਰੱਖਣਾ ਚਾਹੀਦਾ ਹੈ।ਇਸ ਫ਼ਿਲਮ ਨੇ ਸਾਹਿਤ ਦੀ ਅਦੀਬ ਸ਼ਖਸੀਅਤਾਂ ਨੂੰ ਜੋੜਿਆ।ਸੁਰਜੀਤ ਪਾਤਰ,ਪ੍ਰੋ ਅਜਮੇਰ ਔਲਖ ਹੁਣਾਂ ਦਾ ਨਾਲ ਜੁੜਨਾ ਚੰਗਾ ਲੱਗਾ।

ਇੱਕ ਸਮਾਂ ਸੀ ਸ਼ਕੀਲ ਬਦਾਯੂਨੀ,ਸਾਹਿਰ ਲੁਧਿਆਣਵੀ,ਬਲਰਾਜ ਸਾਹਨੀ,ਰਾਜਿੰਦਰ ਸਿੰਘ ਬੇਦੀ ਤੋਂ ਲੈ ਕੇ ਮੰਟੋ ਤੱਕ ਕਿੰਨੀਆਂ ਸ਼ਖਸੀਅਤਾਂ ਫ਼ਿਲਮ ਜਗਤ ਦਾ ਹਿੱਸਾ ਵੀ ਸਨ ਅਤੇ ਸਾਹਿਤਕਾਰ ਵੀ ਸਨ।ਜੋ ਕਿ ਹੌਲੀ ਹੌਲੀ ਇੰਝ ਹੋ ਗਿਆ ਕਿ ਸਾਹਿਤਕਾਰਾਂ ਨੇ ਲੇਖਣੀ ਨੂੰ ਫ਼ਿਲਮ ਦੀ ਲੇਖਣੀ ਤੋਂ ਵੱਖਰਾ ਮੰਨ ਲਿਆ ਅਤੇ ਬਹੁਤ ਸਾਰਿਆਂ ਨੇ ਫ਼ਿਲਮ ਅੰਦਰ ਲਿਖੇ ਗੀਤਾਂ ਨੂੰ ਕਵਿਤਾ ਤੋਂ ਹੇਠਲਾ ਦਰਜਾ ਵੀ ਐਲਾਨ ਕਰ ਦਿੱਤਾ।ਸੋ ਹੁਣ ਗੁਲਜ਼ਾਰ,ਇਰਸ਼ਾਦ ਕਾਮਿਲ ਤੋਂ ਇਲਾਵਾ ਕੋਈ ਵਿਰਲਾ ਹੀ ਹੈ ਜੋ ਦੋਵੇਂ ਰੂਪਾਂ ‘ਚ ਕੰਮ ਕਰ ਰਿਹਾ ਹੋਵੇ ।ਕਲਾ ਫ਼ਿਲਮਾਂ ‘ਚ ਤਾਂ ਇਹਦਾ ਰੁਝਾਨ ਫਿਰ ਵੀ ਬਰਕਰਾਰ ਹੈ ਜਿਵੇਂ ਕਿ ਫ਼ਿਲਮ ਅੰਨ੍ਹੇ ਘੋੜੇ ਦਾ ਦਾਨ ਨਾਲ ਗੁਰਦਿਆਲ ਸਿੰਘ ਅਤੇ ਸਿਧਾਰਥ ਜੁੜੇ,ਨਾਬਰ ਨਾਲ ਬਲਵਿੰਦਰ ਗਰੇਵਾਲ,ਕਿੱਸਾ ਨਾਲ ਮਦਨ ਗੋਪਾਲ ਸਿੰਘ ਪਰ ਵਪਾਰਕ ਫ਼ਿਲਮਾਂ ਅੰਦਰ ਅਜਿਹੀਆਂ ਸ਼ਖਸੀਅਤਾਂ ਵੱਲੋਂ ਕੰਮ ਹੋਣਾ ਬਹੁਤ ਚੰਗਾ ਲੱਗਾ।ਇਸ ਫ਼ਿਲਮ ਦੇ ਸੰਵਾਦ ਅਜਮੇਰ ਔਲਖ ਅਤੇ ਬੈਰੀ ਢਿੱਲੋਂ ਵੱਲੋਂ ਲਿਖਣਾ ਵੀ ਇਸ ਫ਼ਿਲਮ ਨੂੰ ਗਜ਼ਬ ਦਾ ਅਧਾਰ ਦਿੰਦਾ ਹੈ। 

ਇਹ ਵੇਖਣਾ ਵੀ ਮੈਨੂੰ ਗ਼ਜ਼ਬ ਦਾ ਲੱਗਾ ਕਿ ਪਿਓ ਦੀਆਂ ਆਦਤਾਂ,ਉਹਦੇ ਹਾਵ-ਭਾਵ ਦਾ ਪੁੱਤਰਾਂ ‘ਚ ਹੋਣ ਦਾ ਸੂਖਮ ਨਿਰਮਾਣ ਕਹਾਣੀ ਨਾਲ ਬਹੁਤ ਸੋਹਣੀ ਤੰਦ ਜੋੜਦਾ ਹੈ।ਸੁੱਚਾ ਸਿੰਘ ਦੀ ਸ਼ਖਸੀਅਤ ਦਾ ਅਨੁਸਰਨ ਉਹਦੇ ਮੁੰਡਿਆਂ ‘ਚ ਸਹਿਜੇ ਹੀ ਵਿਖਦਾ ਹੈ।ਖਾਸ ਤੌਰ ‘ਤੇ ਸੁੱਚਾ ਸਿੰਘ ਦਾ ਵੱਡਾ ਮੁੰਡਾ ਆਪਣੇ ਪਿਓ ਵਾਂਗੂ ਹੀ ਹਾਵ-ਭਾਵ ਸਿਰਜਦਾ ਹੈ ਅਤੇ ਸੁੱਚਾ ਸਿੰਘ ਦੇ ਦਲੇਰੀ ਭਰੇ ਸੁਭਾਅ ਦੀ ਤਰਜਮਾਨੀ ਉਹਦਾ ਛੋਟਾ ਮੁੰਡਾ ( ਜਪਤੇਜ ਸਿੰਘ ) ਕਰਦਾ ਜਾਪਦਾ ਹੈ।ਕਹਾਣੀ ਅੰਦਰ ਕਿਰਦਾਰਾਂ ‘ਚ ਏਨੀ ਬਾਰੀਕੀ ਨਾਲ ਕੰਮ ਕਰਨਾ ਨਿਰਦੇਸ਼ਕ ਦੀ ਅਚੇਤ ਜਾਂ ਸੁਚੇਤ ਸੋਚ ਦਾ ਹਿੱਸਾ ਸੀ ਜਾਂ ਨਹੀਂ ਪਰ ਕਹਾਣੀ ਦੀ ਬੁਣਕਾਰੀ ‘ਚ ਇਹ ਬਹੁਤ ਲਾਜਵਾਬ ਹੈ। 

ਅਖੀਰ ਤੇ ਇਹ ਫ਼ਿਲਮ ਮੇਰੇ ਲਈ ਇਸ ਤਰ੍ਹਾਂ ਵੀ ਖਾਸ ਹੈ ਕਿ ਇਹ ਫ਼ਿਲਮ ਸਿਆਸਤ ਤੋਂ ਦੂਰ ਮਨੁੱਖਤਾ ਦੀ ਗੱਲ ਕਰ ਰਹੀ ਹੈ...ਅਜਿਹੀ ਮਨੁੱਖਤਾ ਜਿਸ 'ਚ ਕੋਈ ਜਾਤ,ਧਰਮ,ਦੇਸ਼,ਖੇਤਰ ਦਾ ਲੇਬਲ ਨਾ ਹੋਵੇ। ਜਿਸ 'ਚ ਇੱਕ ਸਿੱਖ ਆਪਣੀ ਮੁਸਲਮਾਨ ਘਰਵਾਲੀ ਨੂੰ ਆਪ ਨਮਾਜ ਅਦਾ ਕਰਨ ਦਾ ਹੁੰਗਾਰਾ ਦਿੰਦਾ ਹੈ।ਇੱਕ ਦੂਜੇ ਦੀ ਨਿਜੀ ਅਜ਼ਾਦੀ ਲਈ ਅਜਿਹਾ ਸਮਰਪਣ ਰੱਖਦੇ ਕਿਰਦਾਰ ਵਿਖਾਉਣਾ ਇਸ ਫ਼ਿਲਮ ਦਾ ਵੱਡਾ ਕਾਰਜ ਹੈ । 

ਫ਼ਿਲਮ ਅੰਦਰ ਮਾਂ ਜਦੋਂ ਕਹਿੰਦੀ ਹੈ ਕਿ ਆਹ ਇਹ ਕਿਹੜੀ ਮਿੱਟੀ ਫਰੋਲਣ 'ਤੇ ਆ ਗਿਆ ਏ ਤਾਂ ਉਸ ਸਮੇਂ ਜੱਗਾ ਮਿੱਟੀ ਫਰੋਲ ਨਹੀਂ ਮਹਿਸੂਸ ਕਰ ਰਿਹਾ ਸੀ।ਇੱਕ ਪਾਸੇ ਇਹ ਰਿਸ਼ਤਿਆਂ ਅੰਦਰਲੀ ਖਿੱਚ,ਦੂਜੇ ਪਾਸੇ ਅਜੋਕੇ ਕਿਰਦਾਰ ਖ਼ਤਮ ਹੁੰਦੇ ਰਿਸ਼ਤੇ ਵੀ ਮਹਿਸੂਸ ਕਰ ਲੈਣ ਤਾਂ ਚੰਗਾ ਏ।ਜਦੋਂ ਉਹ ਦੂਜੇ ਦੇਸ਼ 'ਚ ਆਪਣੇ ਰਿਸ਼ਤੇ ਲਈ ਭੱਜੀਆਂ ਬਾਹਾਂ ਨਾਲ ਜਾ ਸਕਦਾ ਏ,ਉੱਥੇ ਅਸੀ ਆਪਣੇ ਗੁਆਂਢ ਨਾਲ ਸਾਂਝ ਪਾਉਣ ਵਾਰੀ ਵੀ ਹੱਥ ਘੁੱਟਕੇ ਬਹਿ ਗਏ ਹਾਂ । 

ਹਰਪ੍ਰੀਤ ਸਿੰਘ ਕਾਹਲੋਂ

Tuesday, April 14, 2015

ਅਰੁੰਧਤੀ ਰਾਏ ਦੇ 'ਅੰਬੇਦਕਰ' ਹੋਣ ਦਾ ਮਤਲਬ

ਅਰੁੰਧਤੀ ਰਾਏ ਨੇ ਪਿਛਲੇ ਸਮੇਂ ਡਾ. ਅੰਬੇਦਕਰ ਨੂੰ ਸਮਝਣ ਨੂੰ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਕਿਤਾਬ ANNIHILATION OF CASTE (ਜਾਤ-ਪਾਤ ਦਾ ਬੀਜਨਾਸ਼)  ਦਾ ਮੁੱਖ ਬੰਦ ਲਿਖਿਆ। ਜਿੱਥੇ ਅਰੁੰਧਤੀ ਦੀ ਸ਼ਲਾਘਾ ਹੋਈ ਓਥੇ ਹੀ ਵੱਖ ਵੱਖ ਪੱਧਰ 'ਤੇ ਤਿੱਖੀ ਅਲੋਚਨਾ(ਖਾਸ ਕਰ ਦਲਿਤ ਬੁੱਧੀਜੀਵੀਆਂ ਵਲੋਂ) ਵੀ ਹੋਈ। ਏਸ ਸਭ ਦੇ ਪਾਰ ਸਵਾਲ ਇਹ ਹੈ ਕਿ ਲਗਾਤਾਰ ਖੱਬੀ ਧਿਰ ਬਾਰੇ ਲਿਖਦੀ-ਸਮਝਦੀ ਅਰੁੰਧਤੀ ਨੂੰ ਕੀ ਹੋਇਆ ਕਿ ਉਸਨੇ ਅੰਬੇਦਕਾਰ ਨੂੰ ਹਰ ਡੂੰਘਾਈ ਤੱਕ ਸਮਝਿਆ ਤੇ ਲੰਮਾ ਸਮਾਂ ਨਾ ਪੜ੍ਹਨ-ਸਮਝਣ ਲਈ ਮੁਆਫੀ ਮੰਗੀ। ਇਸ ਤੋਂ ਬਾਅਦ ਖੱਬੀਆਂ ਧਿਰਾਂ ਵੀ ਦਲਿਤ ਮਸਲਿਆਂ 'ਤੇ ਜਾਗ ਜ਼ਰੂਰ ਖੁੱਲ੍ਹੀ ਪਰ ਖੱਬੀ ਧਿਰ ਵਲੋਂ ਆਪਣੀਆਂ ਗਲਤੀਆਂ ਨਾਲ ਪੈਦਾ ਹੋਈ ਖਾਈ ਨੂੰ ਭਰਨ ਦੇ ਕੋਈ ਠੋਸ ਉਪਰਾਲੇ ਨਹੀਂ ਕੀਤੇ। ਹੁਣ ਵੀ ਏਜੰਡਾ ਆਪਸੀ-ਸਹਿਹੋਂਦ,ਸਤਿਕਾਰ,ਸਨਮਾਨ ਦੇ ਡਾਇਲਾਗ ਦਾ ਨਹੀਂ ਬਲਕਿ ਦੂਜੀ ਧਿਰ,ਵਿਚਾਰ ਤੇ ਸਿਆਸਤ ਨੂੰ ਆਪਣੇ ' (Assimilation) ਸਮਾਉਣ ਵਾਲਾ ਹੈ। ਖੱਬੀਆਂ ਧਿਰਾਂ ਨੂੰ ਪਹਿਲਾਂ ਜਾਤ ਨਾਲ 'ਜਮਾਤ' ਖਿੰਡਣ ਦਾ ਡਰ ਸਤਾਈ ਗਿਆ ਤੇ ਹੁਣ ਇਮਾਨਦਾਰ ਕੋਸ਼ਿਸ਼ਾਂ ਦੀ ਥਾਂ ਸਿਰਫ਼ 'ਕਵਰ ਅੱਪ' ਨੀਤੀ ਨਜ਼ਰ ਆ ਰਹੀ ਹੈ। ਪਰ ਇਹ ਗੱਲ ਅਹਿਮ ਗੱਲ ਹੈ ਅਰੁੰਧਤੀ ਨੇ ਭਾਰਤੀ ਸਿਆਸਤ ਦੇ ਉਸ ਸੱਚ ਨੂੰ ਸਮਝਿਆ ਜਿਸ ਨੂੰ ਸਮਝੇ ਤੋਂ ਬਿਨਾਂ ਗੁੰਝਲਦਾਰ ਸਮਾਜ ਦੀ ਮੁਕਤੀ ਨਹੀਂ ਹੋ ਸਕਦੀ । ਇਸੇ ਨੂੰ ਇਮਾਨਦਾਰ ਨਾਲ ਸਮਝੇ ਬਿਨਾਂ ਕੋਈ ਖੱਬੀ ਪਾਰਟੀ ਕਿਸੇ ਢੰਗ-ਤਰੀਕੇ ਆਪਣਾ 'ਸਿਆਸੀ ਸੱਤਾ ਤੰਤਰ' ਜ਼ਰੂਰ ਸਿਰਜ ਸਕਦੀ ਹੈ ਪਰ ਸਮਾਜ ਦੀ 'ਸੋਸ਼ਲ ਟ੍ਰਾਂਸਫਾਰਮੇਸ਼ਨ' 'ਚ ਕਾਮਯਾਬ ਨਹੀਂ ਹੋ ਸਕਦੀ। ਇਹੀ 'ਟ੍ਰਾਂਸਫਾਰਮੇਸ਼ਨ ' ਨਾ ਹੋਣ ਕਾਰਨ ਵੱਡੇ ਵੱਡੇ 'ਇਨਕਲਾਬ' ਰਾਹ 'ਚੋਂ ਵਾਪਸ ਪਰਤ ਆਏ। ਇਸੇ ਲਈ ਡਾ ਅੰਬੇਦਕਰ ਮੰਨਦੇ ਸਨ ਕਿ 'ਹਰ ਸਿਆਸੀ ਇਨਕਲਾਬ ਦਾ ਰਾਹ 'ਸਮਾਜਿਕ ਇਨਕਲਾਬ' 'ਚੋਂ ਲੰਘਣਾ ਜ਼ਰੂਰੀ ਹੈ। ਅਰੁੰਧਤੀ ਦੇ ਡਾ. ਅੰਬੇਦਕਰ ਦੀ ਕਿਤਾਬ ਦੇ ਮੁੱਖ ਬੰਦ ਦਾ ਕੁਝ ਹਿੱਸਾ ਪੰਜਾਬੀ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਪਰਮਜੀਤ ਕੱਟੂ ਨੇ ਅਨੁਵਾਦ ਕੀਤਾ ਹੈ। ਜਿਸ ਨੂੰ ਬਾਬਾ ਸਾਹਿਬ ਦੇ ਜਨਮ ਦਿਨ 'ਤੇ ਛਾਪ ਰਹੇ ਹਾਂ।-ਯਾਦਵਿੰਦਰ ਕਰਫਿਊ

ANNIHILATION OF CASTE (ਜਾਤ-ਪਾਤ ਦਾ ਬੀਜਨਾਸ਼) ਲਗਭਗ ਅੱਸੀ ਸਾਲ ਪੁਰਾਣਾ ਭਾਸ਼ਣ ਹੈ ਜੋ ਕਦੇ ਦਿੱਤਾ ਨਹੀਂ ਗਿਆ। ਜਦੋਂ ਮੈਂ ਇਸਨੂੰ ਪਹਿਲੀ ਵਾਰ ਪੜ੍ਹਿਆ ਸੀ ਤਾਂ ਮੈਨੂੰ ਇਵੇਂ ਲੱਗਿਆ ਜਿਵੇਂ ਕੋਈ ਘੁੱਪ ਹਨ੍ਹੇਰੇ ਕਮਰੇ ਵਿੱਚ ਦਾਖਲ ਹੋਇਆ ਹੋਵੇ ਅਤੇ ਇਸਦੀਆਂ ਬਾਰੀਆਂ ਖੋਲ੍ਹ ਦਿੱਤੀਆਂ ਹੋਣ। ਡਾਕਟਰ ਭੀਮਰਾਓ ਰਾਮਜੀ ਅੰਬੇਦਕਰ ਨੂੰ ਪੜ੍ਹਣਾ ਉਸ ਖਾਈ ਨੂੰ ਭਰਨਾ ਹੈ, ਜੋ ਜ਼ਿਆਦਾਤਰ ਭਾਰਤੀਆਂ ਨੂੰ ਸਿਖਾਏ ਗਏ ਵਿਸ਼ਵਾਸਾਂ ਅਤੇ ਉਨ੍ਹਾਂ ਦੁਆਰਾ ਰੋਜ਼ ਦੀ ਜ਼ਿੰਦਗੀ ਵਿੱਚ ਕੀਤੇ ਗਏ ਅਨੁਭਵਾਂ ਦੀ ਸੱਚਾਈ ਵਿੱਚ ਮੌਜੂਦ ਹੈ। 

ਮੇਰੇ ਪਿਤਾ ਇੱਕ ਹਿੰਦੂ ਸਨ, ਇੱਕ ਬਰਹਮੋ ਹਿੰਦੂ। ਮੈਂ ਉਨ੍ਹਾਂ ਨੂੰ ਜਵਾਨ ਹੋਣ ਤੱਕ ਨਹੀਂ ਮਿਲੀ। ਮੈਂ ਕਮਿਊਨਿਸਟ ਪਾਰਟੀ ਦੇ ਸ਼ਾਸਨ ਵਾਲੇ ਰਾਜ ਕੇਰਲ ਦੇ ਇੱਕ ਛੋਟੇ ਜਿਹੇ ਪਿੰਡ ਆਇਮਨਮ ਦੇ ਇੱਕ ਸੀਰਿਅਨ ਈਸਾਈ ਪਰਵਾਰ ਵਿੱਚ ਆਪਣੀ ਮਾਂ ਦੇ ਨਾਲ ਰਹਿੰਦਿਆਂ ਵੱਡੀ ਹੋਈ। ਉਦੋਂ ਵੀ ਮੇਰੇ ਚਾਰੇ ਪਾਸੇ ਜਾਤ ਦੀਆਂ ਦਰਾੜਾਂ ਮੌਜੂਦ ਸਨ। ਆਇਮਨਮ ਵਿੱਚ ਇੱਕ ਵੱਖ ਪਰਾਇਨ ਗਿਰਜਾ ਘਰ ਸੀ ਜਿੱਥੇ ਪਰਾਇਨ ਪਾਦਰੀ ਅਛੂਤ ਭਗਤਾਂ ਨੂੰ ਉਪਦੇਸ਼ ਦਿੰਦੇ ਸਨ। ਜਾਤ ਦੀ ਪੈਂਠ/ਦਖ਼ਲ ਲੋਕਾਂ ਦੇ ਨਾਮਾਂ ਵਿੱਚ ਸੀ, ਉਨ੍ਹਾਂ ਦੇ ਇੱਕ ਦੂਜੇ ਨੂੰ ਬੁਲਾਉਣ ਦੇ ਤਰੀਕੇ ਵਿੱਚ, ਉਨ੍ਹਾਂ ਦੁਆਰਾ ਕੀਤੇ ਗਏ ਕੰਮਾਂ ਵਿੱਚ, ਉਨ੍ਹਾਂ ਦੇ ਪਹਿਨੇ ਜਾਣ ਵਾਲੇ ਕੱਪੜਿਆਂ ਵਿੱਚ, ਵਿਆਹ-ਪ੍ਰਥਾ ਵਿੱਚ ਜਾਤ, ਇੱਥੋਂ ਤੱਕ ਕਿ ਭਾਸ਼ਾ ਵਿੱਚ ਵੀ ਜਾਤ ਸੀ। ਫਿਰ ਵੀ ਜਾਤ ਦਾ ਜ਼ਿਕਰ ਸਾਡੀਆਂ ਸਕੂਲੀ ਕਿਤਾਬਾਂ ਵਿੱਚ ਕਿਤੇ ਨਹੀਂ ਮਿਲਦਾ ਸੀ। ਅੰਬੇਦਕਰ ਨੂੰ ਪੜ੍ਹਦੇ ਹੋਏ ਮੈਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਸਾਡੇ ਅਧਿਐਨ ਵਿੱਚ ਕਿੰਨੀ ਡੂੰਘੀ ਖਾਈ ਮੌਜੂਦ ਹੈ। ਉਨ੍ਹਾਂ ਨੂੰ ਪੜ੍ਹਕੇ ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਸਾਡੇ ਸਮਾਜ ਵਿੱਚ ਇਹ ਦਰਾੜ ਕਿਉਂ ਹੈ? ਨਾਲ ਹੀ, ਇਹ ਵੀ ਸਪੱਸ਼ਟ ਹੋ ਗਿਆ ਕਿ ਇਹ ਦਰਾੜ ਉਸ ਸਮੇਂ ਤੱਕ ਇਥੇ ਮੌਜੂਦ ਰਹੇਗੀ ਜਦੋਂ ਤੱਕ ਕਿ ਭਾਰਤੀ ਸਮਾਜ ਵਿੱਚ ਇੱਕ ਕ੍ਰਾਂਤੀਵਾਦੀ ਤਬਦੀਲੀ ਨਹੀਂ ਆਉਂਦੀ । ਕ੍ਰਾਂਤੀਆਂ ਦੀ ਸ਼ੁਰੁਆਤ ਪੜ੍ਹਣ ਨਾਲ ਹੋ ਸਕਦੀ ਹੈ ਅਤੇ ਅਜਿਹਾ ਅਕਸਰ ਹੋਇਆ ਵੀ ਹੈ। 

ਅੰਬੇਦਕਰ ਬਹੁਤ ਵੱਡੇ ਤੇ ਬਹੁ-ਪਾਸਾਰੀ ਲੇਖਕ ਸਨ ਪਰ ਬਦਕਿਸਮਤੀ ਨਾਲ ਉਨ੍ਹਾਂ ਦੀਆਂ ਰਚਨਾਵਾਂ, ਗਾਂਧੀ, ਨਹਿਰੂ ਜਾਂ ਵਿਵੇਕਾਨੰਦ ਦੀ ਤਰ੍ਹਾਂ ਲਾਇਬਰੇਰੀਆਂ ਜਾਂ ਕਿਤਾਬਾਂ ਦੀਆਂ ਦੁਕਾਨਾਂ ਵਿੱਚ ਸੌਖੀ ਤਰ੍ਹਾਂ ਨਾਲ ਤੁਹਾਡੇ ਹੱਥਾਂ ਵਿੱਚ ਨਹੀਂ ਪਹੁੰਚਦੀਆਂ। ਕਈ ਭਾਗਾਂ ਵਿੱਚ ਲਿਖੀ ਗਈ ਰਚਨਾਵਲੀ ਵਿੱਚ Annihilation of Caste ਉਨ੍ਹਾਂ ਦੀ ਸਭ ਤੋਂ ਮਹੱਤਵਪੂਰਨ ਰਚਨਾ ਹੈ। ਆਪਣੀ ਇਸ ਰਚਨਾ ਵਿੱਚ ਉਹ ਸਿੱਧੇ ਤੌਰ ਉੱਤੇ ਹਿੰਦੂ ਕੱਟੜਪੰਥੀਆਂ ਜਾਂ ਹਿੰਦੂ ਅਤੀਵਾਦੀਆਂ ਨਾਲ ਬਹਿਸ ਨਹੀਂ ਕਰਦੇ, ਸਗੋਂ ਉਹ ਉਨ੍ਹਾਂ ਉਦਾਰਵਾਦੀ ਹਿੰਦੂਆਂ ਨਾਲ ਬਹਿਸ ਰਚਾਉਂਦੇ ਹਨ ਜਿਨ੍ਹਾਂ ਨੂੰ ਅੰਬੇਦਕਰ “ਹਿੰਦੂਆਂ ਵਿੱਚੋਂ ਉਤਮ” ਮੰਨਦੇ ਸਨ ਜਾਂ ਫਿਰ ਜਿਨ੍ਹਾਂ ਨੂੰ ਅਕਾਦਮਿਕ ਜਗਤ ਵਿੱਚ ਵਾਮਪੰਥੀ ਹਿੰਦੂ ਕਿਹਾ ਜਾਂਦਾ ਹੈ। ਅੰਬੇਦਕਰ ਕਹਿੰਦੇ ਸਨ ਕਿ ਹਿੰਦੂ ਸ਼ਾਸਤਰਾਂ ਵਿੱਚ ਵਿਸ਼ਵਾਸ ਕਰਦੇ ਹੋਏ ਆਪਣੇ ਨੂੰ ਸਾਊ ਜਾਂ ਉਦਾਰਵਾਦੀ ਕਹਿਣਾ ਆਪਸ ਵਿੱਚ ਵਿਰੋਧਾਭਾਸੀ ਹੈ । 

ਜਦੋਂ Annihilation of Caste ਪ੍ਰਕਾਸ਼ਿਤ ਹੋਈ ਤਾਂ ਜਿਨ੍ਹਾਂ ਨੂੰ ਆਮ ਕਰਕੇ ਸਭ ਤੋਂ ਮਹਾਨ ਹਿੰਦੂ ਕਿਹਾ ਜਾਂਦਾ ਹੈ ਯਾਨੀ ਮਹਾਤਮਾ ਗਾਂਧੀ, ਨੇ ਅੰਬੇਦਕਰ ਦੀ ਇਸ ਚੁਣੌਤੀ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਹਾਲਾਂਕਿ ਉਨ੍ਹਾਂ ਵਿੱਚ ਇਹ ਕੋਈ ਨਵੀਂ ਬਹਿਸ ਨਹੀਂ ਸੀ। ਇਹ ਦੋਵੇਂ ਵਿਅਕਤੀ ਆਪਣੀ ਪੀੜ੍ਹੀ ਲਈ ਇੱਕ ਤਰ੍ਹਾਂ ਦੇ ਦੂਤ ਸਨ ਜਿਨ੍ਹਾਂ ਵਿਚ ਸਾਮਾਜਕ ਰਾਜਨੀਤਕ ਅਤੇ ਦਾਰਸ਼ਨਕ ਸੋਚ ਨੂੰ ਲੈ ਕੇ ਨਾ ਖਤਮ ਹੁੰਦੀ ਬਹਿਸ ਦੀ ਇੱਕ ਪੁਰਾਣੀ ਪਰੰਪਰਾ ਹੈ ਅਤੇ ਜਿਹੜੀ ਹਾਲੇ ਤੱਕ ਖ਼ਤਮ ਨਹੀਂ ਹੋਈ।

ਅੰਬੇਦਕਰ ਜੋ ਖ਼ੁਦ ਅਛੂਤ ਸਨ ਜਾਤ ਦਾ ਵਿਰੋਧ ਕਰਦੀ ਉਸ ਬੌਧਿਕ ਪਰੰਪਰਾ ਦੇ ਵਾਰਿਸ ਸਨ ਜੋ 200-100 ਈਸਾ ਪੂਰਵ ਪਹਿਲਾਂ ਸ਼ੁਰੂ ਹੋਈ ਸੀ। ਜਾਤ ਬਾਰੇ ਕਿਹਾ ਜਾਂਦਾ ਹੈ ਕਿ ਇਸਦਾ ਜ਼ਿਕਰ ਰਿਗ ਵੇਦ (1200-900 ਈਸਾ ਪੂਰਵ) ਦੇ ਪੁਰਸ਼ ਸੂਕਤ ਵਿੱਚ ਹੈ ਅਤੇ ਉਥੋਂ ਹੀ ਇਸਦੀ ਉਤਪੱਤੀ ਹੋਈ ਹੈ। ਜਾਤ-ਪ੍ਰਥਾ ਨੂੰ ਪਹਿਲੀ ਚੁਣੌਤੀ ਇਸਦੀ ਉਤਪੱਤੀ ਦੇ ਇੱਕ ਹਜ਼ਾਰ ਸਾਲ ਬਾਅਦ ਬੋਧੀਆਂ ਨੇ ਦਿੱਤੀ। ਉਨ੍ਹਾਂ ਨੇ ਜਾਤ ਦੀ ਜਗ੍ਹਾ ਸੰਘ ਬਣਾਇਆ ਜਿਸ ਵਿੱਚ ਸਾਰੀਆਂ ਜਾਤਾਂ ਦੇ ਲੋਕ ਸ਼ਾਮਿਲ ਹੋ ਸਕਦੇ ਸਨ। ਬਾਵਜੂਦ ਇਸਦੇ ਜਾਤ ਵਿਵਸਥਾ ਵਧਦੀ-ਫੁਲਦੀ ਰਹੀ। ਦੱਖਣ ਭਾਰਤ ਵਿੱਚ 12ਵੀਂ ਸਦੀ ਦੇ ਮੱਧ ਵਿੱਚ ਬਾਸਵ ਦੀ ਅਗਵਾਈ ਵਿੱਚ ਵੀਰਸ਼ੈਵਾਂ ਨੇ ਜਾਤ ਨੂੰ ਚੁਣੌਤੀ ਦਿੱਤੀ ਸੀ ਪਰ ਉਨ੍ਹਾਂ ਨੂੰ ਕੁਚਲ ਦਿੱਤਾ ਗਿਆ। 14ਵੀਂ ਸਦੀ ਤੋਂ ਹੀ ਭਗਤੀ ਕਾਲ ਦੇ ਪ੍ਰਮੁੱਖ ਕਵੀ-ਸੰਤ ਜਿਵੇਂ - ਕੋਖਮੇਲਾ ਰਵਿਦਾਸ ਕਬੀਰ ਤੁਕਾਰਾਮ ਮੀਰਾ ਜਨਾਬਾਈ - ਜਾਤ ਤੋੜੋ ਪਰੰਪਰਾ ਦੇ ਮਹੱਤਵਪੂਰਣ ਅਤੇ ਮਕਬੂਲ ਕਵੀ ਹੋਏ ਅਤੇ ਅੱਜ ਵੀ ਓਨੇ ਹੀ ਮਹੱਤਵਪੂਰਣ ਹਨ। 19ਵੀਂ ਸਦੀ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਪੱਛਮ ਭਾਰਤ ਵਿੱਚ ਜੋਤੀਬਾ ਫੂਲੇ ਅਤੇ ਉਨ੍ਹਾਂ ਦਾ ਸਤਿਅਸ਼ੋਧਕ ਸਮਾਜ ਸਾਹਮਣੇ ਆਇਆ ਸੀ। ਪੰਡਿਤਾ ਰਮਾਬਾਈ ਸ਼ਾਇਦ ਭਾਰਤ ਦੀ ਪਹਿਲੀ ਨਾਰੀਵਾਦਣ ਇੱਕ ਮਰਾਠੀ ਬਾਹਮਣ ਸੀ ਜਿਸ ਨੇ ਹਿੰਦੂ ਧਰਮ ਨੂੰ ਨਕਾਰ ਕੇ ਈਸਾਈ ਧਰਮ ਨੂੰ ਅਪਣਾਅ ਲਿਆ ਸੀ (ਅਤੇ ਬਾਅਦ ਵਿੱਚ ਉਨ੍ਹਾਂ ਨੇ ਉਸਨੂੰ ਵੀ ਚੁਣੌਤੀ ਦਿੱਤੀ)। ਸਵਾਮੀ ਅਛੂਤਾਨੰਦ ਹਰਿਹਰ ਨੇ ਆਦਿ ਹਿੰਦੂ ਅੰਦੋਲਨ ਚਲਾਇਆ ਤੇ ਭਾਰਤੀ ਅਛੂਤ ਮਹਾਸਭਾ ਦੀ ਸ਼ੁਰੂਆਤ ਕੀਤੀ ਅਤੇ ਪਹਿਲੀ ਦਲਿਤ ਪਤ੍ਰਿਕਾ ਅਛੂਤ ਦਾ ਸੰਪਾਦਨ ਵੀ ਕੀਤਾ। ਅਇਨਕਲੀ ਅਤੇ ਸ਼੍ਰੀ ਨਰਾਇਣ ਗੁਰੂ ਨੇ ਮਾਲਾਬਾਰ ਅਤੇ ਤਰਾਵਣਕੋਰ ਵਿੱਚ ਪੁਰਾਣੀ ਜਾਤ ਵਿਵਸਥਾ ਦੀਆਂ ਚੂਲਾਂ ਹਿਲਾਕੇ ਕਰ ਰੱਖ ਦਿੱਤੀਆਂ ਸਨ। ਤਮਿਲਨਾਡੂ ਦੇ ਜੋਤੀ ਥਾਸ ਵਰਗੇ ਮੂਰਤੀਭੰਜਕ ਅਤੇ ਉਨ੍ਹਾਂ ਦੇ ਬੋਧੀ ਅਨੁਯਾਈਆਂ ਨੇ ਤਾਮਿਲ ਸਮਾਜ ਵਿੱਚ ਬ੍ਰਾਹਮਣ ਸਰਵਉੱਚਤਾ ਦੀ ਜ਼ਬਰਦਸਤ ਖਿੱਲੀ ਉਡਾਈ। ਅੰਬੇਦਕਰ ਦੇ ਸਮਕਾਲੀਆਂ ਵਿੱਚ ਜਾਤ ਵਿਰੋਧੀ ਪਰੰਪਰਾ ਵਿੱਚ ਮਦਰਾਸ ਪ੍ਰੇਸਿਡੇਂਸੀ ਦੇ ਈ ਵੀ ਰਾਮਾਸਵਾਮੀ ਨਾਯਕਰ ਵੀ ਸਨ ਜਿਨ੍ਹਾਂ ਨੂੰ ਲੋਕ “ਪੇਰਿਆਰ” ਦੇ ਨਾਮ ਨਾਲ ਜਾਣਦੇ ਹਨ , ਜਦੋਂ ਕਿ ਬੰਗਾਲ ਦੇ ਜੋਗੇਂਦਰਨਾਥ ਮੰਡਲ ਅਤੇ ਪੰਜਾਬ ਵਿੱਚ ਆਦਿ ਧਰਮ ਦੀ ਸਥਾਪਨਾ ਕਰਣ ਵਾਲੇ ਬਾਬੂ ਮੰਗੂ ਰਾਮ ਨੇ ਸਿੱਖ ਅਤੇ ਹਿੰਦੂ ਦੋਨਾਂ ਧਰਮਾਂ ਨੂੰ ਖਾਰਿਜ ਕਰ ਦਿੱਤਾ ਸੀ। ਇਹ ਸਭ ਅੰਬੇਦਕਰ ਦੇ ਲੋਕ ਸਨ। 

ਗਾਂਧੀ ਜਾਤ ਵਲੋਂ ਵੈਸ਼ ਸਨ ਜੋ ਹਿੰਦੂ ਗੁਜਰਾਤੀ ਬਾਣੀਆਂ ਪਰਵਾਰ ਵਿੱਚ ਪੈਦਾ ਹੋਏ। ਉਹ ਵਿਸ਼ੇਸ਼ ਅਧਿਕਾਰ ਪ੍ਰਾਪਤ ਹਿੰਦੂ ਜਾਤ ਦੇ ਸੁਧਾਰਕਾਂ ਦ ਲੰਮੀ ਪਰੰਪਰਾ ਦੇ ਸਭ ਤੋਂ ਨਵੀਨ ਅਵਤਾਰ ਸਨ। ਸੰਨ 1828 ਵਿੱਚ ਬ੍ਰਹਮਾ ਸਮਾਜ ਦੀ ਸਥਾਪਨਾ ਕਰਨ ਵਾਲੇ ਰਾਜਾ ਰਾਮ ਮੋਹਨ ਰਾਏ 1875 ਵਿੱਚ ਆਰੀਆ ਸਮਾਜ ਦੀ ਸਥਾਪਨਾ ਕਰਨ ਵਾਲੇ ਸਵਾਮੀ ਦਯਾਨੰਦ ਸਰਸਵਤੀ 1897 ਵਿੱਚ ਰਾਮ-ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਰਨ ਵਾਲੇ ਸਵਾਮੀ ਵਿਵੇਕਾਨੰਦ ਵਰਗੇ ਹੋਰ ਕਈ ਸਮਕਾਲੀ ਸੁਧਾਰਵਾਦੀਆਂ ਵਿੱਚ ਉਨ੍ਹਾਂ ਦੀ ਗਿਣਤੀ ਹੁੰਦੀ ਹੈ। 

ਜਿਨ੍ਹਾਂ ਨੂੰ ਉਨ੍ਹਾਂ ਦੋਨਾਂ [ਡਾ. ਅੰਬੇਦਕਰ ਤੇ ਗਾਂਧੀ] ਦੇ ਇਤਿਹਾਸ ਅਤੇ ਉਨ੍ਹਾਂ ਦੇ ਮੁੱਖ ਕਿਰਦਾਰ ਬਾਰੇ ਜਾਣਕਾਰੀ ਨਹੀਂ ਹੈ ਉਨ੍ਹਾਂ ਨੂੰ ਅੰਬੇਦਕਰ-ਗਾਂਧੀ ਦੀ ਬਹਿਸ ਨੂੰ ਸਮਝਣ ਲਈ ਉਨ੍ਹਾਂ ਦੇ ਵਿਭਿੰਨ ਰਾਜਨੀਤਕ ਪੱਖਾਂ ਨੂੰ ਸਮਝਣ ਦੀ ਲੋੜ ਪਵੇਗੀ। ਅਸਲ ਵਿਚ ਇਨ੍ਹਾਂ ਦੋ ਲੋਕਾਂ ਵਿਚਲੀ ਸਿਧਾਂਤਕ ਬਹਿਸ ਸਿਰਫ ਦੋ ਵੱਖਰੇ ਵਿਚਾਰਾਂ ਵਾਲੇ ਆਦਮੀਆਂ ਦੇ ਵਿਚਲੀ ਬਹਿਸ ਨਹੀਂ ਹੈ। ਇਨ੍ਹਾਂ ਵਿਚੋਂ ਹਰ ਵਿਅਕਤੀ (ਡਾ. ਅੰਬੇਦਕਰ ਤੇ ਗਾਂਧੀ) ਬਹੁਤ ਹੀ ਵੱਖਰੇ ਹਿੱਤ ਸਮੂਹਾਂ ਦਾ ਤਰਜਮਾਨੀ ਕਰਦਾ ਹੈ ਅਤੇ ਉਨ੍ਹਾਂ ਦੋਨਾਂ ਦੀ ਇਹ ਲੜਾਈ ਭਾਰਤੀ ਰਾਸ਼ਟਰੀ ਅੰਦੋਲਨ ਦੇ ਸਭ ਤੋਂ ਮਹੱਤਵਪੂਰਣ ਕਾਲਖੰਡ ਵਿੱਚ ਸਾਹਮਣੇ ਆਈ। ਉਨ੍ਹਾਂ ਨੇ ਜੋ ਕੁੱਝ ਕਿਹਾ ਅਤੇ ਕੀਤਾ ਉਸਦਾ ਸਮਕਾਲੀ ਰਾਜਨੀਤੀ ਉੱਤੇ ਬਹੁਤ ਵੱਡਾ ਪ੍ਰਭਾਵ ਪਿਆ ਹੈ। ਉਨ੍ਹਾਂ ਦੀਆਂ ਅਸਹਿਮਤੀਆਂ ਆਪਸ ਵਿੱਚ ਵਿਰੋਧੀ ਸਨ (ਅਤੇ ਰਹਿਣਗੀਆਂ ਵੀ)। ਦੋਨਾਂ ਨੂੰ ਅਕਸਰ ਉਨ੍ਹਾਂ ਦੇ ਸ਼ਰਧਾਲੂ ਪਿਆਰ ਵੀ ਕਰਦੇ ਹਨ ਤੇ ਉਨ੍ਹਾਂ ਦਾ ਦੈਵੀਕਰਨ ਵੀ ਕਰਦੇ ਹਨ। ਦੋਨਾਂ ਦੇ ਆਪਣੇ-ਆਪਣੇ ਗੜ੍ਹ ਹਨ ਜਿੱਥੇ ਇੱਕ ਪੱਖ ਦੀ ਕਹਾਣੀ ਦੂਜਾ ਪੱਖ ਨਹੀਂ ਦੱਸਦਾ ਜਦੋਂ ਕਿ ਦੋਵੋਂ ਇੱਕ-ਦੂਜੇ ਨਾਲ ਅਨਿੱਖੜਵੇਂ ਰੂਪ ਵਿਚ ਜੁੜੇ ਹੋਏ ਹਨ। ਅੰਬੇਦਕਰ ਗਾਂਧੀ ਦੇ ਸਭ ਤੋਂ ਪ੍ਰਬਲ/ਜਿੱਤੇ ਨਾ ਜਾ ਸਕਣ ਵਾਲੇ ਵਿਰੋਧੀ ਸਨ। ਉਨ੍ਹਾਂ ਨੇ ਗਾਂਧੀ ਨੂੰ ਸਿਰਫ ਰਾਜਨੀਤਕ ਜਾਂ ਬੌਧਿਕ ਰੂਪ ਨਾਲ ਹੀ ਨਹੀਂ ਸਗੋਂ ਨੈਤਿਕ ਰੂਪ ਨਾਲ ਵੀ ਚੁਣੌਤੀ ਦਿੱਤੀ ਸੀ। ਗਾਂਧੀ ਦੀ ਜਿਸ ਕਹਾਣੀ ਨੂੰ ਸੁਣਕੇ ਅਸੀਂ ਲੋਕ ਜਵਾਨ ਹੋਏ ਹਾਂ ਉਸ ਵਿੱਚੋਂਂ ਅੰਬੇਦਕਰ ਨੂੰ ਖਾਰਿਜ਼ ਕਰਨਾ/ਕੱਟਣਾਂ ਅਨਰਥ ਕਰਨ ਵਰਗਾ ਹੈ। ਉਸੇ ਤਰ੍ਹਾਂ ਅੰਬੇਦਕਰ ਬਾਰੇ ਲਿਖਦੇ ਸਮੇਂ ਗਾਂਧੀ ਨੂੰ ਨਜ਼ਰਅੰਦਾਜ ਕਰਨਾ ਅੰਬੇਦਕਰ ਨੂੰ ਹੀ ਨੁਕਸਾਨ ਪਹੁੰਚਾਉਣਾ ਹੈ ਕਿਉਂਕਿ ਅੰਬੇਦਕਰ ਦੀ ਦੁਨੀਆ ਉੱਤੇ ਗਾਂਧੀ ਦਾ ਸਾਇਆ ਤਰ੍ਹਾਂ-ਤਰ੍ਹਾਂ ਅਤੇ ਅਜੀਬੋ-ਗਰੀਬ ਢੰਗ ਨਾਲ ਪੈਂਦਾ ਹੀ ਰਿਹਾ। 

 * * * ਜਿਵੇਂ ਕਿ ਅਸੀਂ ਜਾਣਦੇ ਹਾਂ ਭਾਰਤੀ ਰਾਸ਼ਟਰੀ ਅੰਦੋਲਨ ਕੋਲ ਇੱਕ ਸ਼ਾਨਦਾਰ ਤਾਰਿਆਂ ਦਾ ਸਮੂਹ ਸੀ। ਇੱਥੋਂ ਤੱਕ ਕਿ ਉਸ ਉੱਤੇ ਅੱਠ ਆਸਕਰ ਪੁਰਸਕਾਰਾਂ ਨਾਲ ਸਨਮਾਨਿਤ ਹਾਲੀਵੁਡ ਦੀ ਹਿਟ ਫਿਲਮ ਵੀ ਬਣ ਚੁੱਕੀ ਹੈ। ਭਾਰਤ ਵਿੱਚ ਲੋਕ ਸਰਵੇਖਣ ਕਰਨਾ ਕਿਤਾਬਾਂ ਤੇ ਮੈਗਜ਼ੀਨਾਂ ਵਿਚ ਛਾਪਣਾ ਇੱਕ ਸ਼ੁਗਲ ਬਣ ਗਿਆ ਹੈ ਅਤੇ ਉਨ੍ਹਾਂ ਸਰਵੇਖਣਾਂ ਨਾਲ ਅਸੀਂ ਆਪਣੇ ਰਾਸ਼ਟਰ ਦੇ ਸੰਸਥਾਪਕ ਪਿਤਾਵਾਂ (ਮਾਤਾਵਾਂ ਨੂੰ ਨਹੀਂ) ਦੇ ਦਰਜੇ ਨੂੰ ਮਿਣਦੇ ਹਾਂ ਅਤੇ ਪੱਤਰ-ਪੱਤਰਕਾਵਾਂ ਵਿੱਚ ਉਸ ਲਿਸਟ ਨੂੰ ਛਾਪਦੇ ਹਾਂ। ਮਹਾਤਮਾ ਗਾਂਧੀ ਦੇ ਕੱਟੜ ਆਲੋਚਕ ਹਨ ਪਰ ਉਹ ਹਾਲੇ ਵੀ ਚਾਰਟ ਵਿੱਚ ਸਭ ਤੋਂ ਉੱਤੇ ਬਿਰਾਜਮਾਨ ਹੈ। ਦੂਸਰਿਆਂ ਨੂੰ ਇਸ ਵਿੱਚ ਇੱਕ ਵਾਰ ਜਗ੍ਹਾ ਪਾਉਣ ਲਈ ਰਾਸ਼ਟਰਪਿਤਾ ਨੂੰ ਵੱਖ ਕਰਕੇ ਇੱਕ ਨਵੀਂ ਸ਼੍ਰੇਣੀ ਬਣਾਉਣੀ ਪੈਂਦੀ ਹੈ: ਮਹਾਤਮਾ ਗਾਂਧੀ ਦੇ ਬਾਅਦ ਮਹਾਨਤਮ ਭਾਰਤੀ ਕੌਣ ? 

ਡਾ. ਅੰਬੇਦਕਰ ਨੂੰ ਹਰ ਵਾਰ ਖਿੱਚ-ਧੂਹ ਕੇ ਅੰਤਮ ਰਾਉਂਡ ਵਿੱਚ ਰੇਸ ਦਾ ਹਿੱਸਾ ਬਣਾਇਆ ਜਾਂਦਾ ਹੈ। (ਭਾਰਤ ਸਰਕਾਰ ਦੇ ਆਰਥਕ ਸਹਿਯੋਗ ਨਾਲ ਰਿਚਰਡ ਏਟੇਨਬਰੋ ਨੇ ਗਾਂਧੀ ਫਿਲਮ ਬਣਾਈ ਉਸ ਵਿੱਚ ਸੰਜੋਗ ਨਾਲ ਵੀ ਅੰਬੇਦਕਰ ਬਾਰੇ ਜ਼ਿਕਰ ਤੱਕ ਨਹੀਂ)। ਉਨ੍ਹਾਂ ਨੂੰ ਭਾਰਤੀ ਸੰਵਿਧਾਨ ਦਾ ਮਸੌਦਾ ਤਿਆਰ ਕਰਣ ਲਈ ਚੁਣਿਆ ਜਾਂਦਾ ਹੈ ਲੇਕਿਨ ਉਨ੍ਹਾਂ ਦੀ ਰਾਜਨੀਤੀ ਅਤੇ ਉਸ ਜਨੂੰਨ ਲਈ ਨਹੀਂ ਚੁਣਿਆ ਜਾਂਦਾ ਜੋ ਉਨ੍ਹਾਂ ਦੇ ਜੀਵਨ ਅਤੇ ਸੋਚ ਦੇ ਮੂਲ ਵਿੱਚ ਸੀ। ਕੁਝ ਲਿਸਟਾਂ ਵਿਚ ਖ਼ਾਸ ਜਗ੍ਹਾ ਦੇਣ ਦੇ ਬਾਵਜੂਦ ਦੱਬੀ ਅਵਾਜ਼ ਵਿੱਚ ਉਨ੍ਹਾਂ ਨੂੰ ਉਪਾਧੀਆਂ ਵੀ ਦਿੱਤੀ ਜਾਂਦੀਆਂ ਹਨ ਜਿਵੇਂ : ਅਵਸਰਵਾਦੀ ( ਕਿਉਂਕਿ ਉਨ੍ਹਾਂ ਨੇ ਬ੍ਰਿਟਿਸ਼ ਵਾਇਸਰਾਏ ਦੀ ਕਾਰਜਕਾਰੀ ਪਰਿਸ਼ਦ ਵਿੱਚ 1942-46 ਦੇ ਵਿੱਚ ਕਿਰਤ ਮੈਂਬਰ ਦੇ ਰੂਪ ਵਿੱਚ ਸੇਵਾ ਦਿੱਤੀ ਸੀ) ਅੰਗਰੇਜਾਂ ਦਾ ਪਿੱਠੂ (ਕਿਉਂਕਿ 1930 ਦੇ ਪਹਿਲੇ ਗੋਲਮੇਜ ਸੰਮੇਲਨ ਵਿੱਚ ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਦਾ ਸੱਦਾ ਸਵੀਕਾਰ ਕਰ ਲਿਆ ਸੀ ਜਦੋਂ ਕਾਂਗਰਸੀ ਲੂਣ ਸੱਤਿਆਗ੍ਰਿਹ ਕਰਕੇ ਕਨੂੰਨ ਤੋੜ ਰਹੇ ਸਨ) ਅਲਗਾਵਵਾਦੀ (ਕਿਉਂਕਿ ਉਹ ਅਛੂਤਾਂ ਲਈ ਵੱਖ ਨਿਰਵਾਚਨ ਮੰਡਲ ਚਾਹੁੰਦੇ ਸਨ) ਰਾਸ਼ਟਰ ਵਿਰੋਧੀ ਕਿਉਂਕਿ ਉਹ ਮੁਸਲਮਾਨ ਲੀਗ ਦੇ ਪਾਕਿਸਤਾਨ ਦੀ ਮੰਗ ਅਤੇ ਜੰਮੂ-ਕਸ਼ਮੀਰ ਦੇ ਵਿਭਾਜਨ ਦੀ ਮੰਗ ਦਾ ਸਮਰਥਨ ਕਰ ਰਹੇ ਸਨ । 

ਜਿਸ ਕਿਸੇ ਵੀ ਨਾਮ ਨਾਲ ਉਨ੍ਹਾਂ ਨੂੰ ਪੁਕਾਰੀਏ, ਹਕੀਕਤ ਇਹ ਹੈ ਕਿ ਅਸੀਂ ਅੰਬੇਦਕਰ ਅਤੇ ਗਾਂਧੀ ਨੂੰ ਕੇਵਲ ਸਾਮਰਾਜਵਾਦ ਸਮਰਥਕ ਜਾਂ ਸਾਮਰਾਜਵਾਦ ਵਿਰੋਧੀ ਕਹਿਕੇ ਆਪਣਾ ਪੱਲਾ ਨਹੀਂ ਝਾੜ ਸਕਦੇ। ਉਨ੍ਹਾਂ ਵਿਚਲਾ ਵਿਵਾਦ, ਸਾਮਰਾਜਵਾਦ ਅਤੇ ਸਾਮਰਾਜਵਾਦ ਵਿਰੋਧੀ ਸੰਘਰਸ਼ ਬਾਰੇ ਸਾਡੀ ਸਮਝ ਨੂੰ ਇੱਕ ਨਵਾਂ ਨਜ਼ਰੀਆ ਦਿੰਦਾ ਹੈ । 

ਗਾਂਧੀ ਪ੍ਰਤੀ ਇਤਿਹਾਸ ਕਾਫ਼ੀ ਸਾਊ ਰਿਹਾ ਹੈ। ਉਨ੍ਹਾਂ ਦੇ ਜੀਵਨਕਾਲ ਵਿੱਚ ਹੀ ਲੱਖਾਂ ਲੋਕਾਂ ਨੇ ਉਨ੍ਹਾਂ ਦੀ ਪੂਜਾ ਕੀਤੀ। ਲੱਗਦਾ ਹੈ ਕਿ ਗਾਂਧੀ ਨੂੰ ਦੇਵਤਾ ਮੰਨਣ ਦੀ ਪ੍ਰਥਾ ਸਦੀਵੀ ਅਤੇ ਬ੍ਰਹਿਮੰਡੀ ਜਿਹੀ ਹੋ ਗਈ ਹੈ। ਅਜਿਹਾ ਹੀ ਨਹੀਂ ਕਿ ਰੂਪਕ (metaphor) ਨੇ ਗਾਂਧੀਨਾਮੀ ਮਨੁੱਖ ਨੂੰ ਪਿੱਛੇ ਹੀ ਨਹੀਂ ਛੱਡ ਦਿੱਤਾ ਸਗੋਂ ਰੂਪਕ ਨੇ ਤਾਂ ਉਸ ਮਨੁੱਖ ਨੂੰ ਇੱਕ ਨਵੇਂ ਰੂਪ ਵਿੱਚ ਹੀ ਢਾਲ ਦਿੱਤਾ (ਇਸ ਲਈ ਗਾਂਧੀ ਦੀ ਆਲੋਚਨਾ ਨੂੰ ਸਾਰੇ ਗਾਂਧੀਵਾਦੀਆਂ ਦੀ ਸੁਤੇ-ਸਿਧ ਆਲੋਚਨਾ ਦੇ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ)।ਗਾਂਧੀ ਸਭ ਦੇ ਲਈ ਕੁੱਝ ਨਾ ਕੁੱਝ ਨਵਾਂ ਬਣ ਗਏ ਹਨ : ਓਬਾਮਾ ਉਨ੍ਹਾਂ ਤੋਂ ਮੋਹਿਤ ਹੈ ਅਤੇ ਅਮਰੀਕੀ ਵਿਰੋਧੀ ਪੂੰਜੀਵਾਦ ਅੰਦੋਲਨ ਵੀ। ਅਰਾਜਕਤਾਵਾਦੀ ਵੀ ਉਸਤੋਂ ਪਿਆਰ ਕਰਦੇ ਹਨ ਅਤੇ ਸੱਤਾ ਧਾਰੀ ਵੀ ਉਨ੍ਹਾਂ ਨੂੰ ਓਨਾ ਹੀ ਪਿਆਰ ਕਰਦੇ ਹਨ। ਨਰਿੰਦਰ ਮੋਦੀ ਵੀ ਉਨ੍ਹਾਂ ਨੂੰ ਪਿਆਰ ਕਰਦੇ ਹਨ ਅਤੇ ਰਾਹੁਲ ਗਾਂਧੀ ਨੂੰ ਵੀ ਉਨ੍ਹਾਂ ਨਾਲ ਪਿਆਰ ਹੈ। ਉਨ੍ਹਾਂ ਨੂੰ ਜਿੰਨਾ ਪਿਆਰ ਗਰੀਬ ਕਰਦੇ ਹਨ ਓਨਾ ਹੀ ਪਿਆਰ ਅਮੀਰ ਵੀ ਕਰਦੇ ਹਨ। ਉਹ ਯਥਾਸਥਿਤੀ ਦਾ ਸੰਤ ਹੈ । 

ਗਾਂਧੀ ਦੇ ਜੀਵਨ ਅਤੇ ਉਨ੍ਹਾਂ ਦੀ ਲੇਖਣੀ ਨੂੰ - ਉਨ੍ਹਾਂ ਦੇ 98 ਖੰਡਾਂ ਦੇ 48 , 000 ਪੇਜਾਂ ਵਿੱਚ ਸੰਗਠਿਤ ਕਥਾ ਦੀ ਤਰ੍ਹਾਂ ਘਟਨਾ ਦਰ ਘਟਨਾ, ਪੰਨਾ ਦਰ ਪੰਨਾ, ਸਤਰ ਦਰ ਸਤਰ ਲੋਕਾਂ ਨੇ ਵਰਤੋਂ ਕਰ ਲਿਆ ਹੈ, ਜਿਸ ਵਿੱਚ ਕਿ ਹੁਣ ਕੁੱਝ ਵੀ ਤਰਕਸੰਗਤ ਨਹੀਂ ਰਹਿ ਗਿਆ ਹੈ (ਜੇਕਰ ਸਚਮੁੱਚ ਅਜਿਹਾ ਹੈ ਤਾਂ)। ਦਰਅਸਲ ਗਾਂਧੀ ਦੀ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਨ੍ਹਾਂ ਨੇ ਸਭ ਕੁੱਝ ਕਿਹਾ ਹੈ ਅਤੇ ਇਸਦੇ ਉਲਟ ਵੀ ਕਿਹਾ। ਫਲਾਂ ਦੀ ਤਰ੍ਹਾਂ ਉਦਾਹਰਨਾਂ ਜਾਂ ਕਥਨ ਬਟੋਰਨ ਵਾਲਿਆਂ ਲਈ ਗਾਂਧੀ ਦੇ ਲੇਖਣ ਵਿੱਚ ਅਜਿਹੇ-ਅਜਿਹੇ ਭਿੰਨ ਤਰ੍ਹਾਂ ਫਲ ਹਨ ਕਿ ਅਚਰਜ ਹੋਣ ਲੱਗਦਾ ਹੈ ਕਿ ਇਹ ਕਿਵੇਂ ਦਾ ਦਰਖਤ ਹੈ ਕਿ ਇੱਕ ਹੀ ਦਰਖ਼ਤ ਵਿੱਚ ਹਰ ਤਰ੍ਹਾਂ ਦੇ ਫਲ ਹਨ ! 

ਉਦਾਹਰਣ ਲਈ 1946 ਵਿੱਚ ਉਨ੍ਹਾਂ ਨੇ ਬਹੁਪ੍ਰਚਾਰਿਤ ਲੇਖ ਦ ਪਿਰਾਮਿਡ ਵਰਸੇਜ ਦ ਓਸ਼ਨਿਕ ਸਰਕਿਲ (The Pyramid vs. the Oceanic Circle) ਵਿੱਚ ਇੱਕ ਦਿਹਾਤੀ ਸਵਰਗ ਦਾ ਪ੍ਰਸਿੱਧ ਵਰਣਨ ਹੈ : ਆਜ਼ਾਦੀ ਨੂੰ ਹਰ ਹਾਲਤ ਜੜ੍ਹਾਂ ਤੋਂ ਸ਼ੁਰੂ ਕਰਨਾ ਹੋਵੇਗਾ। ਇਸ ਪ੍ਰਕਾਰ ਹਰ ਪਿੰਡ ਇੱਕ ਪੂਰਾ ਲੋਕ-ਰਾਜ ਹੋਵੇਗਾ ਜਾਂ ਪੰਚਾਇਤ ਜਿਸਦੇ ਕੋਲ ਪੂਰਾ ਅਧਿਕਾਰ ਹੋਵੇਗਾ। ਇਹ ਹਰ ਪਿੰਡ ਨੂੰ ਆਤਮਨਿਰਭਰ ਬਣਾਵੇਗਾ ਇੱਥੇ ਤੱਕ ਕਿ ਉਸਦੇ ਕੋਲ ਪੂਰੀ ਦੁਨੀਆ ਦੇ ਖਿਲਾਫ ਆਪਣੇ ਆਪ ਦੀ ਰੱਖਿਆ ਕਰਨ ਦੀ ਹੱਦ ਤੱਕ ਪਰਬੰਧਨ ਸਮਰੱਥਾ ਹੋਵੇਗੀ… ਅਣਗਿਣਤ ਪਿੰਡਾਂ ਨਾਲ ਬਣੀ ਇਹ ਸੰਰਚਨਾ ਨੂੰ ਕਦੇ ਵਧਦੇ ਕ੍ਰਮ ਵਿੱਚ ਚੌੜਾ ਤਾਂ ਕੀਤਾ ਜਾ ਸਕਦਾ ਹੈ ਲੇਕਿਨ ਉਸਨੂੰ ਘਟਦੇ ਕ੍ਰਮ ਵਿੱਚ ਘਟਾਇਆ ਨਹੀਂ ਕੀਤਾ ਜਾ ਸਕਦਾ ਹੈ। ਜੀਵਨ ਹੇਠੋਂ ਲਗਾਤਾਰ ਸਿਖਰ ਵੱਲ ਇੱਕ ਪਿਰਾਮਿਡ ਨਹੀਂ ਹੋਵੇਗਾ। ਇਸ ਸਮੁੰਦਰੀ ਸਰਕਲ ਦੇ ਕੇਂਦਰ ਵਿੱਚ ਹਮੇਸ਼ਾ ਵਿਅਕਤੀ ਰਹੇਗਾ ਜੋ ਪਿੰਡ ਲਈ ਆਪਣੀ ਜਾਨ ਕੁਰਬਾਨ ਕਰ ਦੇਵੇਗਾ।... ਇਸ ਲਈ ਸਭ ਤੋਂ ਬਾਹਰੀ ਪ੍ਰਕਾਸ਼ ਮੰਡਲ ਇਨਰ ਸਰਕਲ ਨੂੰ ਕੁਚਲਣ ਲਈ ਇੰਨਾ ਸ਼ਕਤੀਸ਼ਾਲੀ ਨਹੀਂ ਹੋਵੇਗਾ ਪਰ ਅੰਦਰਲਾ ਸਰਕਿਲ ਸਾਰਿਆਂ ਨੂੰ ਸ਼ਕਤੀ ਦੇਵੇਗਾ ਅਤੇ ਉਸਨੂੰ ਖ਼ੁਦ ਤੋਂ ਹੀ ਸ਼ਕਤੀ ਵੀ ਮਿਲੇਗੀ। ਇਸਦੇ ਬਾਅਦ ਉਨ੍ਹਾਂ ਨੇ ਦੂਜੀ ਜਗ੍ਹਾ ਜਾਤ ਵਿਵਸਥਾ ਦਾ ਸਮਰਥਨ ਵੀ ਕੀਤਾ ਹੈ। ਉਨ੍ਹਾਂ ਨੇ ਜਾਤ ਵਿਵਸਥਾ ਨੂੰ ਨਵਜੀਵਨ ਵਿੱਚ 1921 ਵਿੱਚ ਆਪਣੀ ਮਨਜ਼ੂਰੀ ਦਿੱਤੀ। ਇਸ ਲੇਖ ਦਾ ਅੰਬੇਦਕਰ ਨੇ ਗੁਜਰਾਤੀ ਤੋਂ ਅਨੁਵਾਦ ਕੀਤਾ (ਅੰਬੇਦਕਰ ਨੇ ਕਈ ਵਾਰ ਕਿਹਾ ਕਿ ਲੋਕਾਂ ਦੇ ਨਾਲ ਗਾਂਧੀ ਨੇ ਧੋਖਾ ਕੀਤਾ ਹੈ ਕਿਉਂਕਿ ਗਾਂਧੀ ਦੀ ਅੰਗਰੇਜ਼ੀ ਅਤੇ ਗੁਜਰਾਤੀ ਲੇਖਣੀ ਵਿੱਚ ਕਾਫ਼ੀ ਅੰਤਰ ਹੈ ਜਿਸਦੀ ਤੁਲਨਾ ਕਰਨੀ ਚਾਹੀਦੀ ਹੈ)। 

ਜਾਤ ਨਿਯੰਤਰਣ ਕਰਨ ਦਾ ਦੂਜਾ ਨਾਮ ਹੈ। ਜਾਤ ਭੋਗ-ਵਿਲਾਸ ’ਤੇ ਨਿਯੰਤਰਣ ਰੱਖਦੀ ਹੈ। ਜਾਤ ਇੱਕ ਵਿਅਕਤੀ ਨੂੰ ਆਪਣੇ ਭੋਗ-ਵਿਲਾਸ ਦੀ ਖੋਜ ਵਿੱਚ ਜਾਤ ਦੀ ਸੀਮਾ ਨੂੰ ਲੰਘਣ ਦੀ ਆਗਿਆ ਨਹੀਂ ਦਿੰਦੀ। ਅੰਤਰ-ਜਾਤੀ ਵਿਆਹ ਅਤੇ ਅੰਤਰ-ਜਾਤੀ ਖਾਣ-ਪਾਣ ਉਪਰ ਪਾਬੰਦੀਆਂ ਦਾ ਅਸਲ ਮਤਲਬ ਇਹ ਹੈ। ਇਸ ਲਈ ਮੇਰੀ ਨਜ਼ਰ ਵਿੱਚ ਜੋ ਲੋਕ ਜਾਤ ਵਿਵਸਥਾ ਨੂੰ ਖਤਮ ਕਰਨਾ ਚਾਹੁੰਦੇ ਹਨ ਮੈਂ ਉਨ੍ਹਾਂ ਦਾ ਵਿਰੋਧ ਕਰਦਾ ਹਾਂ । ਕੀ ਇਹ ਉਨ੍ਹਾਂ ਦੇ ‘ਹਮੇਸ਼ਾ ਚੌੜਾ ਹੋਣ ਵਾਲਾਂ ਅਤੇ ਕਦੇ ਵੀ ਘਟਦਾ ਕ੍ਰਮ ਨਹੀਂ’ ਦੇ ਵਿਪਰੀਤ ਨਹੀਂ ਹੈ ? 

ਇਹ ਗੱਲ ਸਹੀ ਹੈ ਕਿ ਇਨ੍ਹਾਂ ਬਿਆਨਾਂ ਵਿੱਚ 25 ਸਾਲਾਂ ਦਾ ਲੰਮਾ ਵਕਫ਼ਾ ਹੈ। ਤਾਂ ਇਸਦਾ ਕੀ ਮਤਲਬ ਹੋਇਆ ਕਿ ਗਾਂਧੀ ਵਿੱਚ ਤਬਦੀਲੀ ਹੋਈ ਹੈ? ਕੀ ਜਾਤ ਉੱਤੇ ਉਨ੍ਹਾਂ ਦਾ ਵਿਚਾਰ ਬਦਲ ਗਿਆ? ਹਾਂ, ਬਦਲਿਆ ਹੈ ਪਰ ਬਹੁਤ ਤੇਜ਼ੀ ਨਾਲ ਬਦਲਿਆ ਹੈ। ਉਹ ਜਾਤ ਵਿਵਸਥਾ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਕਰਨ ਤੋਂ ਕੇਵਲ ਇੰਨਾ ਹੀ ਅੱਗੇ ਵਧੇ ਕਿ ਉਨ੍ਹਾਂ ਨੇ ਇਹ ਕਿਹਾ ਕਿ ਚਾਰ ਹਜ਼ਾਰ ਜਾਤਾਂ, ਚਾਰ ਵਰਣਾਂ ਵਿੱਚ (ਇਸਨੂੰ ਅੰਬੇਦਕਰ ਜਾਤ ਵਿਵਸਥਾ ਦਾ ਪੁਰਖਾ (parent) ਕਹਿੰਦੇ ਹਨ) ਖ਼ੁਦ ਨੂੰ ਸਮਾਹਿਤ (fuse) ਕਰ ਲੈਣ। ਆਪਣੇ ਜੀਵਨ ਦੇ ਆਖ਼ਰੀ ਦਿਨਾਂ ਵਿੱਚ (ਜਦੋਂ ਉਨ੍ਹਾਂ ਦੇ ਵਿਚਾਰ ਸਿਰਫ ਵਿਚਾਰ ਹੀ ਰਹਿ ਗਏ ਸਨ, ਉਨ੍ਹਾਂ ਦੇ ਵਿਚਾਰ ਦਾ ਰਾਜਨੀਤਕ ਕਾਰਵਾਈ ਨਾਲ ਕੋਈ ਮਤਲਬ ਨਹੀਂ ਰਹਿ ਗਿਆ ਸੀ) ਉਨ੍ਹਾਂ ਨੇ ਕਿਹਾ ਸੀ ਕਿ ਹੁਣ ਉਨ੍ਹਾਂ ਨੂੰ ਜਾਤਾਂ ਦੇ ਵਿੱਚ ਅੰਤਰ-ਜਾਤੀ ਖਾਣ-ਪਾਣ ਅਤੇ ਅੰਤਰਜਾਤੀ ਵਿਆਹ ਤੋਂ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਨੇ ਕਿਹਾ ਵੀ ਕਿ ਉਹ ਵਰਣ ਵਿਵਸਥਾ ਵਿੱਚ ਵਿਸ਼ਵਾਸ ਕਰਦੇ ਹਨ, ਇੱਕ ਵਿਅਕਤੀ ਦਾ ਵਰਣ ਉਸਦੇ ਕੰਮ ਨਾਲ ਤੈਅ ਹੋਣ ਚਾਹੀਦਾ ਹੈ ਨਾ ਕਿ ਉਸਦੇ ਜਨਮ ਨਾਲ ( ਇਹੀ ਗੱਲ ਆਰੀਆ ਸਮਾਜੀ ਵੀ ਮੰਨਦੇ ਸਨ)। ਅੰਬੇਦਕਰ ਨੇ ਗਾਂਧੀ ਦੇ ਇਸ ਵਿਚਾਰ ਦੇ ਬੇਤੁਕੇ ਪੱਖ ਨੂੰ ਸਾਹਮਣੇ ਲਿਆਂਦਾ: ‘ਤੁਸੀਂ ਕਿਸੇ ਵਿਅਕਤੀ ਨੂੰ ਉਸ ਜਗ੍ਹਾ ਤੋਂ ਹੇਠਾਂ ਕਿਵੇਂ ਲਿਆਉਂਗੇ ਜਿਸਨੂੰ ਉਸਨੇ ਜਨਮ ਦੇ ਆਧਾਰ ਉੱਤੇ ਪੈਦਾ ਹੋਣ ਦੇ ਕਾਰਨ ਹਾਸਲ ਕੀਤਾ ਹੈ। ਤੁਸੀਂ ਉਸਨੂੰ ਹੇਠਾਂ ਆਉਣ ਲਈ ਕਿਵੇਂ ਮਜਬੂਰ ਕਰ ਸਕਦੇ ਹੋ?’ ਤੁਸੀ ਕਿਸੇ ਵਿਅਕਤੀ ਉਪਰ ਕੰਮ ਦੇ ਹਵਾਲੇ ਨਾਲ ਹੇਠਲੇ ਵਰਣ ਵਿਚ ਆਉਣ ਲਈ ਕਿਵੇਂ ਦਬਾਅ ਪਾਉਂਗੇ ਜਿਸ ਨੂੰ ਉਪਰਲਾ ਵਰਣ ਜੰਮਣ ਕਰਕੇ ਮਿਲਿਆ ਹੈ ਤੇ ਜੰਮਣ ਵੇਲੇ ਕੰਮ ਦਾ ਹਵਾਲਾ ਨਹੀਂ ਦੇਣਾ ਪੈਂਦਾ? ਉਨ੍ਹਾਂ ਨੇ ਔਰਤਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਪੁੱਛਿਆ ਕਿ ਅਖੀਰ ਉਨ੍ਹਾਂ ਦੀ ਹਾਲਤ ਦੀ ਜਾਣਕਾਰੀ ਉਨ੍ਹਾਂ ਨਾਲ ਤੈਅ ਹੋਵੇਗੀ ਜਾਂ ਉਨ੍ਹਾਂ ਦੇ ਪਤੀ ਦੇ ਰੁਤਬੇ ਨਾਲ ਤੈਅ ਹੋਵੇਗੀ । 

ਜੇਕਰ ਗਾਂਧੀ ਦੇ ਅਛੂਤ ਪ੍ਰੇਮ ਅਤੇ ਅੰਤਰਜਾਤੀ ਵਿਆਹ ਬਾਰੇ ਉਨ੍ਹਾਂ ਦੇ ਚੇਲਿਆਂ ਅਤੇ ਚਾਹੁਣ ਵਾਲਿਆਂ ਦੇ ਕਿੱਸੇ-ਕਹਾਣੀਆਂ ਨੂੰ ਵੱਖ ਰੱਖ ਦਿੱਤਾ ਜਾਵੇ ਤਾਂ ਵੀ ਉਨ੍ਹਾਂ ਨੇ ਆਪਣੇ ਲੇਖਣ ਦੇ 98 ਖੰਡਾਂ ਵਿੱਚ ਕਿਤੇ ਵੀ ਬਹੁਤ ਹੀ ਨਿਰਣਾਇਕ ਰੂਪ ਵਿਚ ਚਾਰ ਵਰਣਾਂ ਉੱਤੇ ਵਿਸ਼ਵਾਸ ਕਰਣਾ ਨਹੀਂ ਛੱਡਿਆ। ਆਪਣੀ ਯੋਨ ਇੱਛਾ ਉੱਤੇ ਕਾਬੂ ਨਾ ਕਰ ਸਕਣ ਦੀਆਂ ਖ਼ਾਮੀਆਂ ਲਈ ਸਰਵਜਨਿਕ ਅਤੇ ਨਿਜੀ ਰੂਪ ’ਚ ਮਾਫ਼ੀ ਵੀ ਮੰਗੀ ਪਰ ਜਾਤ ਬਾਰੇ ਕਹਿਕੇ ਜੋ ਨੁਕਸਾਨ ਪਹੁੰਚਾਇਆ ਉਸਦੇ ਲਈ ਉਨ੍ਹਾਂ ਨੇ ਕਦੇ ਦੁੱਖ ਨਹੀਂ ਜਤਾਇਆ ।

ਫਿਰ ਵੀ ਗਾਂਧੀ ਬਾਰੇ ਨਕਾਰਾਤਮਕ ਗੱਲਾਂ ਨੂੰ ਛੱਡਕੇ ਕਿਉਂ ਨਾ ਉਨ੍ਹਾਂ ਦੀ ਚੰਗਿਆਈ ਬਾਹਰ ਲਿਆਂਦੀ ਜਾਵੇ ਅਤੇ ਲੋਕਾਂ ਵਿਚ ਚੰਗਿਆਈ ਨੂੰ ਹੀ ਪ੍ਰੋਤਸਾਹਿਤ ਕੀਤਾ ਜਾਵੇ? ਇਹ ਇੱਕ ਸਹੀ ਸਵਾਲ ਹੈ। ਜਿਨ੍ਹਾਂ ਲੋਕਾਂ ਨੇ ਗਾਂਧੀ ਦੇ ਨਾਮ ਦਾ ਮੱਠ ਬਣਾ ਲਿਆ ਹੈ ਉਨ੍ਹਾਂ ਨੇ ਸ਼ਾਇਦ ਆਪਣੇ ਆਪ ਲਈ ਇਸਦਾ ਜਵਾਬ ਵੀ ਦੇ ਦਿੱਤਾ ਹੈ। ਅਖੀਰ ਅਸੀਂ ਮਹਾਨ ਕੰਪੋਜ਼ਰਾਂ, ਲੇਖਕਾਂ, ਆਰਕੀਟੇਕਟਾਂ, ਖਿਡਾਰੀਆਂ ਅਤੇ ਸੰਗੀਤਕਾਰਾਂ ਦੇ ਕੰਮ ਦੀ ਪ੍ਰਸ਼ੰਸਾ ਤਾਂ ਕਰਦੇ ਹੀ ਹਾਂ, ਭਾਵੇਂ ਸਾਡੇ ਵਿਚਾਰ ਉਨ੍ਹਾਂ ਨਾਲ ਮੇਲ ਨਾ ਹੀ ਖਾਂਦੇ ਹੋਣ ਪਰ ਇੱਥੇ ਫਰਕ ਇਹ ਹੈ ਕਿ ਗਾਂਧੀ ਇੱਕ ਕੰਪੋਜ਼ਰ ਸੰਗੀਤਕਾਰ ਲੇਖਕ, ਜਾਂ ਖਿਡਾਰੀ ਨਹੀਂ ਸਨ। ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਦੂਰਦਰਸ਼ੀ, ਇੱਕ ਫਕੀਰ, ਇੱਕ ਨੀਤੀਵੇਤਾ, ਇੱਕ ਮਹਾਨ ਮਾਨਵਤਾਵਾਦੀ, ਇੱਕ ਅਜਿਹਾ ਮਨੁੱਖ ਜਿਸ ਨੇ ਸੱਚਾਈ ਅਤੇ ਧਰਮ ਦੇ ਜ਼ੋਰ ਉੱਤੇ ਹਥਿਆਰਾਂ ਨਾਲ ਲੈਸ ਇੱਕ ਸ਼ਕਤੀਸ਼ਾਲੀ ਸਾਮਰਾਜ ਨੂੰ ਝੁਕਾਉਣ ਵਾਲੇ ਮਨੁੱਖ ਦੇ ਰੂਪ ਵਿੱਚ ਸਾਡੇ ਸਾਹਮਣੇ ਪੇਸ਼ ਕੀਤਾ। ਅਸੀਂ ਅਹਿੰਸਕ ਗਾਂਧੀ ਸਤਵਾਦੀ ਗਾਂਧੀ ਮਾਂ ਸਵਰੂਪ ਗਾਂਧੀ ਉਹ ਗਾਂਧੀ ਜਿਨ੍ਹਾਂ ਬਾਰੇ (ਇਲਜ਼ਾਮ) ਹੈ ਕਿ ਉਨ੍ਹਾਂ ਨੇ ਰਾਜਨੀਤੀ ਦਾ ਨਾਰੀਕਰਨ ਕਰ ਦਿੱਤਾ ਜਿਸ ’ਤੇ ਚਲਦਿਆਂ ਔਰਤਾਂ ਨੂੰ ਰਾਜਨੀਤੀ ਵਿੱਚ ਆਉਣ ਦਾ ਮੌਕਾ ਮਿਲਿਆ ਵਾਤਾਵਰਣਵਾਦੀ ਗਾਂਧੀ ਹਾਜ਼ਰ ਜਵਾਬ ਗਾਂਧੀ ਇੱਕ ਸਤਰ ਵਿੱਚ ਕਈ ਮਹਾਨ ਵਿਚਾਰ ਕਹਿ ਦੇਣ ਵਾਲੇ ਗਾਂਧੀ ਦੇ ਜਾਤ ਉੱਤੇ ਵਿਚਾਰਾਂ ਅਤੇ ਕਰਮਾਂ ਨਾਲ ਕਿਵੇਂ ਸਮਾਨਤਾ ਬਣਾ ਸਕਦੇ ਹਾਂ? ਅਸੀਂ ਕਰੂਰਤਮ ਸੰਸਥਾਗਤ ਬੇਇਨਸਾਫ਼ੀ ਦੀ ਨੀਂਹ ਉੱਤੇ ਸਹਜਤਾ ਨਾਲ ਟਿਕੀ ਹੋਈ ਨੈਤਿਕ ਧਰਮ ਦੀ ਇਸ ਸੰਰਚਨਾ ਤੋਂ ਕਿਵੇਂ ਪਾਰ ਜਾ ਸਕਦੇ ਹਾਂ? ਇਹ ਕਹਿਣਾ ਕਿ ਗਾਂਧੀ ਜਟਿਲ ਸਨ ਅਤੇ ਉਨ੍ਹਾਂ ਨੂੰ ਬਸ ਇਹ ਕਹਿਕੇ ਜਾਣ ਦਿੱਤਾ ਜਾਣਾ ਚਾਹੀਦਾ ਹੈ? ਇਸ ਗੱਲ ਵਿੱਚ ਸ਼ਕ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ ਕਿ ਗਾਂਧੀ ਇੱਕ ਗ਼ੈਰ-ਮਾਮੂਲੀ ਅਤੇ ਆਕਰਸ਼ਕ ਸ਼ਖਸੀਅਤ ਸਨ ਪਰ ਕੀ ਉਨ੍ਹਾਂ ਨੇ ਸੁਤੰਤਰਤਾ ਅੰਦੋਲਨ ਦੌਰਾਨ ਸੱਤਾ ਨੂੰ ਸੱਚ ਸੁਣਾਇਆ? ਕੀ ਉਨ੍ਹਾਂ ਨੇ ਸਚਮੁੱਚ ਗਰੀਬਾਂ ਵਿੱਚ ਸਭ ਤੋਂ ਗਰੀਬ ਲੋਕਾਂ ਦੇ ਨਾਲ ਆਪਣੇ ਆਪ ਨੂੰ ਜੋੜਿਆ ਸੀ? 

ਅੰਬੇਦਕਰ ਨੇ ਕਿਹਾ ਸੀ, “ਇਹ ਸੋਚਣਾ ਬੇਵਕੂਫ਼ੀ ਹੋਵੇਗੀ ਕਿ ਕਾਂਗਰਸ ਭਾਰਤ ਦੀ ਅਜ਼ਾਦੀ ਲਈ ਲੜ ਰਹੀ ਹੈ, ਇਸ ਲਈ ਉਹ ਭਾਰਤ ਦੀ ਜਨਤਾ, ਖਾਸਕਰ ਉਹ ਭਾਰਤ ਦੀ ਸਭ ਤੋਂ ਗਰੀਬ ਜਨਤਾ ਦੀ ਅਜ਼ਾਦੀ ਲਈ ਵੀ ਲੜ ਰਹੀ ਹੈ। ਅੰਬੇਦਕਰ ਨੇ ਇਸ ਵਿੱਚ ਅੱਗੇ ਜੋੜਿਆ, ਇਸ ਗੱਲ ਦੀ ਬਹੁਤ ਅਹਮਿਅਤ ਨਹੀਂ ਹੈ ਕਿ ਕਾਂਗਰਸ ਆਜ਼ਾਦੀ ਲਈ ਲੜ ਰਹੀ ਹੈ, ਇਹ ਪ੍ਰਸ਼ਨ ਜ਼ਿਆਦਾ ਅਹਮਿਅਤ ਰੱਖਦਾ ਹੈ ਕਿ ਉਹ ਕਿਸਦੀ ਆਜ਼ਾਦੀ ਲਈ ਲੜ ਰਹੀ ਹੈ।” 

1931 ਵਿੱਚ, ਜਦੋਂ ਪਹਿਲੀ ਵਾਰ ਅੰਬੇਦਕਰ ਗਾਂਧੀ ਨੂੰ ਮਿਲੇ ਤਾਂ ਗਾਂਧੀ ਨੇ ਉਨ੍ਹਾਂ ਨੂੰ ਕਾਂਗਰਸ ਦੀ ਸਖ਼ਤ ਆਲੋਚਨਾ ਕਰਨ ਦੇ ਕਾਰਨਾਂ ਬਾਰੇ ਪੁੱਛਿਆ (ਜੋ ਸ਼ਾਇਦ ਉਨ੍ਹਾਂ ਨੇ ਇਹ ਮੰਨ ਕੇ ਪੁੱਛਿਆ ਸੀ ਕਿ ਇਹ ਆਚੋਲਨਾ ਤਾਂ ਮਾਤਭੂਮੀ ਦੀ ਲੜਾਈ ਦੀ ਆਲੋਚਨਾ ਹੈ), ਇਸ ਉੱਤੇ ਅੰਬੇਦਕਰ ਨੇ ਆਪਣਾ ਮਸ਼ਹੂਰ ਜਵਾਬ ਦਿੱਤਾ ਸੀ, “ਗਾਂਧੀ ਜੀ, ਮੇਰੀ ਕੋਈ ਮਾਤਭੂਮੀ ਨਹੀਂ ਹੈ।” ਉਨ੍ਹਾਂ ਨੇ ਅੱਗੇ ਕਿਹਾ, “ਕਿਸੇ ਵੀ ਅਛੂਤ ਨੂੰ ਅਜਿਹੀ ਮਾਤਭੂਮੀ ਉੱਤੇ ਗਰਵ ਦਾ ਅਹਿਸਾਸ ਕਿਵੇਂ ਹੋ ਸਕਦਾ ਹੈ?” ਇਤਿਹਾਸ ਅੰਬੇਦਕਰ ਪ੍ਰਤੀ ਕਰੂਰ ਰਿਹਾ ਹੈ। ਪਹਿਲਾਂ ਉਨ੍ਹਾਂ ਨੂੰ ਸੀਮਿਤ ਕਰ ਦਿੱਤਾ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਮਾਣ-ਸਨਮਾਣ ਦਿੱਤਾ। ਇਤਿਹਾਸ ਨੇ ਉਨ੍ਹਾਂ ਨੂੰ ਭਾਰਤ ਦੇ ਅਛੂਤਾਂ ਦਾ ਨੇਤਾ ਬਣਾਕੇ ਰੱਖ ਦਿੱਤਾ, ਕੋਨੇ ਵਿੱਚ ਧੱਕ ਦਿੱਤੀਆਂ ਗਈਆਂ ਬਸਤੀਆਂ ਦਾ ਰਾਜਾ। ਇਸ ਵਿੱਚ ਉਨ੍ਹਾਂ ਦੀ ਪੂਰੀ ਲੇਖਣੀ ਛੁਪ ਗਈ। ਉਨ੍ਹਾਂ ਦੀ ਕ੍ਰਾਂਤੀਕਾਰੀ ਬੌਧਿਕਤਾ ਅਤੇ ਤੀਖਣ ਅਖੱੜਪਨ ਨੂੰ ਉਨ੍ਹਾਂ ਨੂੰ ਦੂਰ ਹਟਾ ਦਿੱਤਾ ਗਿਆ ਹੈ। 

ਜੋ ਵੀ ਹੋਵੇ, ਅੰਬੇਦਕਰ ਦੇ ਅਨੁਯਾਈਆਂ ਨੇ ਉਨ੍ਹਾਂ ਦੀ ਵਿਰਾਸਤ ਨੂੰ ਰਚਨਾਤਮਕ ਤਰੀਕੇ ਨਾਲ ਜਿੰਦਾ ਰੱਖਿਆ ਹੈ। ਉਨ੍ਹਾਂ ਤਰੀਕਿਆਂ ਵਿੱਚੋਂ ਇੱਕ ਹੈ ਵਿਆਪਕ ਪੱਧਰ ਉੱਤੇ ਉਨ੍ਹਾਂ ਦੇ ਬੁੱਤਾਂ ਦੀ ਉਸਾਰੀ ਕਰਨਾ। ਅੰਬੇਦਕਰ ਦੇ ਬੁੱਤ ਇੱਕ ਕ੍ਰਾਂਤੀਕਾਰੀ ਅਤੇ ਜੀਵੰਤ ਚੀਜ਼ ਹਨ। ਇਹ ਬੁੱਤ ਦਲਿਤਾਂ ਲਈ ਉਨ੍ਹਾਂ ਦੇ ਹਿੱਸੇ ਦੀ ਜਗ੍ਹਾ ਲੱਭਦੇ ਹਨ - ਅਸਲੀ ਅਤੇ ਯਥਾਰਥਕ, ਸਰਵਜਨਿਕ ਅਤੇ ਨਿੱਜੀ। ਦਲਿਤ ਅੰਬੇਦਕਰ ਦੇ ਬੁੱਤ ਲਗਾਕੇ ਆਪਣੇ ਨਾਗਰਿਕ ਅਧਿਕਾਰ ਦੀ ਮੰਗ ਕਰਦੇ ਹਨ, ਆਪਣੀ ਜ਼ਮੀਨ ਦੀ ਮੰਗ ਕਰਦੇ ਹਨ, ਉਸ ਪਾਣੀ ਦੀ ਮੰਗ ਕਰਦੇ ਹਨ ਜੋ ਉਨ੍ਹਾਂ ਦਾ ਹੈ, ਉਸ ਸਮੁਦਾਕਤਾ ਦੀ ਗੱਲ ਕਰਦੇ ਹਨ ਜਿਸ ਵਿੱਚ ਉਨ੍ਹਾਂ ਦਾ ਪਰਵੇਸ਼ ਵਰਜਿਤ ਹੈ। ਜਿੱਥੇ ਕਿਤੇ ਵੀ ਅੰਬੇਦਕਰ ਦਾ ਬੁੱਤ ਸਥਾਪਤ ਹੈ, ਉਨ੍ਹਾਂ ਦੇ ਹੱਥ ਵਿੱਚ ਕਿਤਾਬ ਮੌਜੂਦ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਉਹ ਏਨਾਇਹਿਲੇਸ਼ਨ ਆਫ ਕਾਸਟ ਨਾਮਕ ਕਿਤਾਬ ਨਹੀਂ ਹੈ, ਜੋ ਉਨ੍ਹਾਂ ਨੂੰ ਉਸ ਤੋਂ ਮੁਕਤੀ ਦਿਵਾਉਂਦੀ, ਕ੍ਰਾਂਤੀਕਾਰੀ ਆਵੇਸ਼ ਪੈਦਾ ਕਰਦੀ। ਉਨ੍ਹਾਂ ਦੇ ਹੱਥ ਵਿੱਚ ਭਾਰਤ ਦਾ ਸੰਵਿਧਾਨ ਹੈ ਜਿਸ ਨੂੰ ਬਣਾਉਣ ਵਿੱਚ ਅੰਬੇਦਕਰ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਹ ਉਹ ਦਸਤਾਵੇਜ਼ ਹੈ - ਚੰਗਾ ਹੈ ਜਾਂ ਮਾੜਾ , ਜਿਸਦੇ ਨਾਲ ਹਰ ਭਾਰਤੀ ਦੀ ਜ਼ਿੰਦਗੀ ਨਿਰਧਾਰਤ ਹੁੰਦੀ ਹੈ । 

ਸੰਵਿਧਾਨ ਨੂੰ ਬਦਲਾਅ ਲਿਆਉਣ ਲਈ ਇੱਕ ਸਹਾਇਕ ਚੀਜ਼ ਦੇ ਰੂਪ ਵਿੱਚ ਇਸਤੇਮਾਲ ਕਰਨਾ ਵੱਖ ਗੱਲ ਹੈ ਪਰ ਉਸ ਨਾਲ ਬੰਨ੍ਹੇ ਜਾਣਾ ਵੱਖ ਗੱਲ। ਅੰਬੇਦਕਰ ਨੂੰ ਪਰਿਸਥਿਤੀਆਂ ਨੇ ਕ੍ਰਾਂਤੀਕਾਰੀ ਬਣਾ ਦਿੱਤਾ ਸੀ ਅਤੇ ਇਸ ਦੇ ਨਾਲ ਨਾਲ ਜਦੋਂ ਵੀ ਉਨ੍ਹਾਂ ਨੂੰ ਮੌਕੇ ਮਿਲਿਆ ਉਨ੍ਹਾਂ ਨੇ ਸੱਤਾ-ਸੰਸਥਾਵਾਂ ਦੇ ਅੰਦਰ ਮਜ਼ਬੂਤ ਦਖਲਅੰਦਾਜ਼ੀ ਕੀਤੀ ਅਤੇ ਆਪਣਾ ਦਾਅਵਾ ਪੇਸ਼ ਕੀਤਾ। ਉਨ੍ਹਾਂ ਦੀ ਵਿਲੱਖਣਤਾ ਉਸ ਗੱਲ ਵਿੱਚ ਸੀ ਕਿ ਉਨ੍ਹਾਂ ਨੇ ਦੋਨਾਂ ਹੀ ਪਹਿਲੂਆਂ ਨੂੰ ਬਹੁਤ ਹੀ ਫੁਰਤੀ ਅਤੇ ਚੰਗੇਰੀ ਸਮਰੱਥਾ ਨਾਲ ਇਸਤੇਮਾਲ ਕੀਤਾ ਹਾਲਾਂਕਿ ਉਸਨੂੰ ਅਜੋਕੇ ਪਰਿਪੇਖ ਵਿੱਚ ਵੇਖੋ ਤਾਂ ਇਸਦਾ ਮਤਲਬ ਇਹ ਹੋਇਆ ਕਿ ਉਨ੍ਹਾਂ ਨੇ ਦੋਹਰੀ ਅਤੇ ਜਟਿਲ ਵਿਰਾਸਤ ਛੱਡ ਦਿੱਤੀ ਹੈ : ਏਕ ਕ੍ਰਾਂਤੀਕਾਰੀ ਅੰਬੇਦਕਰ ਅਤੇ ਦੂਜਾ ਸੰਵਿਧਾਨ ਨਿਰਮਾਤਾ ਅੰਬੇਦਕਰ। ਸੰਵਿਧਾਨਵਾਦ ਇਨਕਲਾਬ ਵਿੱਚ ਅੜਿੱਕਾ ਪਾ ਸਕਦਾ ਹੈ ਅਤੇ ਦਲਿਤ ਕ੍ਰਾਂਤੀ ਤਾਂ ਹਾਲੇ ਤੱਕ ਹੋਈ ਹੀ ਨਹੀਂ। ਅਸੀਂ ਹਾਲੇ ਵੀ ਉਸਦਾ ਇੰਤਜ਼ਾਰ ਕਰ ਰਹੇ ਹਾਂ। ਉਸਤੋਂ ਪਹਿਲਾਂ ਕੋਈ ਵੀ ਦੂਜੀ ਕ੍ਰਾਂਤੀ ਹੋ ਹੀ ਨਹੀਂ ਸਕਦੀ, ਭਾਰਤ ਵਿੱਚ ਤਾਂ ਨਹੀਂ । ਇਸਦਾ ਮਤਲੱਬ ਇਹ ਨਹੀਂ ਹੈ ਕਿ ਸੰਵਿਧਾਨ ਲਿਖਣਾ ਕ੍ਰਾਂਤੀ ਨਹੀਂ ਹੈ। ਇਹ ਹੋ ਸਕਦਾ ਹੈ, ਇਹ ਹੋ ਸਕਦਾ ਸੀ ਅਤੇ ਅੰਬੇਦਕਰ ਨੇ ਉਹੋ ਜਿਹਾ ਹੀ ਕਰਨ ਦੀ ਚੰਗੇਰੀ ਕੋਸ਼ਿਸ਼ ਵੀ ਕੀਤੀ ਹਾਲਾਂਕਿ ਉਨ੍ਹਾਂ ਨੇ ਆਪਣੇ ਆਪ ਹੀ ਸਵੀਕਾਰ ਵੀ ਕੀਤਾ ਕਿ ਇਸ ਵਿੱਚ ਉਹ ਪੂਰੀ ਤਰ੍ਹਾਂ ਸਫਲ ਨਹੀਂ ਹੋਏ।

ਜਦੋਂ ਦੇਸ਼ ਅਜ਼ਾਦੀ ਮਿਲਣ ਦੀ ਕਗਾਰ ਉੱਤੇ ਅੱਪੜਿਆ ਤਾਂ ਗਾਂਧੀ ਅਤੇ ਅੰਬੇਦਕਰ, ਦੋਨੋ ਹੀ ਘੱਟ-ਗਿਣਤੀਆਂ ਖਾਸਕਰ ਮੁਸਲਮਾਨਾਂ ਅਤੇ ਅਛੂਤਾਂ ਦੇ ਭਵਿੱਖ ਨੂੰ ਲੈ ਕੇ ਕਾਫ਼ੀ ਚਿੰਤਤ ਸਨ, ਪਰ ਇੱਕ ਨਵੇਂ ਰਾਸ਼ਟਰ ਦੀ ਉਤਪੱਤੀ ਨੂੰ ਲੈ ਕੇ ਦੋਨਾਂ ਵਿਅਕਤੀਆਂ ਦੇ ਨਜ਼ਰੀਏ ਵਿੱਚ ਕਾਫ਼ੀ ਅੰਤਰ ਸੀ। ਗਾਂਧੀ ਰਾਸ਼ਟਰ ਦੀ ਉਤਪਤੀ ਦੀ ਪਰਿਕਿਰਿਆ ਨਾਲੋਂ ਆਪਣੇ ਨੂੰ ਲਗਾਤਾਰ ਵੱਖ ਕਰਦੇ ਜਾ ਰਹੇ ਸਨ। ਉਨ੍ਹਾਂ ਲਈ ਕਾਂਗਰਸ ਪਾਰਟੀ ਦਾ ਕੰਮ ਪੂਰਾ ਹੋ ਗਿਆ ਸੀ। ਉਹ ਪਾਰਟੀ ਨੂੰ ਭੰਗ ਕਰ ਦੇਣਾ ਚਾਹੁੰਦੇ ਸਨ। ਉਨ੍ਹਾਂ ਦਾ ਮੰਨਣਾ ਸੀ (ਜੋ ਠੀਕ ਵੀ ਸੀ) ਕਿ ਰਾਜਸੱਤਾ ਦਾ ਮਤਲਬ ਕੇਂਦਰੀਕ੍ਰਿਤ ਸੰਗਠਿਤ ਹਿੰਸਾ ਹੈ ਕਿਉਂਕਿ ਰਾਜ ਵਿੱਚ ਇਨਸਾਨੀਅਤ ਨਹੀਂ ਹੈ, ਆਤਮਾ ਨਹੀਂ ਹੈ, ਉਸਦਾ ਅਸਤਿਤਵ ਹੀ ਹਿੰਸਾ ਉੱਤੇ ਆਧਾਰਿਤ ਹੈ। ਗਾਂਧੀ ਅਨੁਸਾਰ ਸਵਰਾਜ ਲੋਕਾਂ ਦੇ ਦਿਨਾ ਵਿੱਚ ਵਸਦਾ ਹੈ, ਹਾਲਾਂਕਿ ਉਨ੍ਹਾਂ ਨੇ ਇਹ ਮੰਨਿਆ ਕਿ ਉਨ੍ਹਾਂ ਦੇ ਆਦਮੀ ਦਾ ਮਤਲਬ ਸਿਰਫ ਬਹੁਗਿਣਤੀ ਸਮੁਦਾਇ ਨਹੀਂ ਹੈ: ਇਹ ਕਿਹਾ ਜਾ ਰਿਹਾ ਹੈ ਕਿ ਹਿੰਦ ਸਵਰਾਜ ਦਾ ਮਤਲਬ ਬਹੁਗਿਣਤੀ ਆਬਾਦੀ ਦਾ ਸ਼ਾਸਨ ਹੋਵੇਗਾ , ਯਾਨੀ ਕਿ ਹਿੰਦੂਆਂ ਦਾ। ਇਹ ਸਭ ਤੋਂ ਵੱਡੀ ਭੁੱਲ ਹੋਵੇਗੀ। ਜੇਕਰ ਇਹ ਲਾਗੂ ਹੋ ਜਾਂਦਾ ਹੈ ਤਾਂ ਮੈਂ ਸਭ ਤੋਂ ਪਹਿਲਾ ਵਿਅਕਤੀ ਹੋਉਂਗਾ ਜੋ ਉਸਨੂੰ ਸਵਰਾਜ ਮੰਨਣ ਤੋਂ ਮਨਾਹੀ ਕਰ ਦੇਵੇਗਾ ਅਤੇ ਇਸਦੇ ਖਿਲਾਫ ਪੂਰੀ ਤਾਕਤ ਲਗਾ ਦੇਵਾਂਗਾ ਕਿਉਂਕਿ ਮੇਰੇ ਲਈ ਹਿੰਦ ਸਵਰਾਜ ਦਾ ਮਤਲਬ ਜਨਤਾ ਦਾ ਸ਼ਾਸਨ ਹੈ, ਨਿਆਂ ਦਾ ਸ਼ਾਸਨ ਹੈ । 

ਅੰਬੇਦਕਰ ਲਈ, ਜਨਤਾ ਕੋਈ ਸਮਰੂਪੀ (homogeneous) ਸ਼੍ਰੇਣੀ ਨਹੀਂ ਹੈ ਜੋ ਪਵਿੱਤਰਤਾ ਨਾਲ ਓਤ-ਪ੍ਰੋਤ ਹੁੰਦੀ ਹੈ । ਉਹ ਜਾਣਦੇ ਸਨ ਕਿ ਗਾਂਧੀ ਕਹਿਣ ਨੂੰ ਕੁੱਝ ਵੀ ਕਹੇ, ਉਸ ਦਾ ਮਤਲਬ ਬਹੁਗਿਣਤੀ ਹੀ ਹੈ ਅਤੇ ਉਹੀ ਤੈਅ ਕਰੇਗਾ ਕਿ ਸਵਰਾਜ ਦਾ ਸਵਰੂਪ ਕੀ ਹੋਵੇਗਾ। ਭਾਰਤ ਦੇ ਅਛੂਤਾਂ ਦਾ ਭਵਿੱਖ ਹਿੰਦੂਆਂ ਦੇ ਉਸ ਨੈਤਿਕ ਢਕੋਂਸਲੇ ਦੇ ਇਲਾਵਾ ਅਤੇ ਕੁਝ ਨਹੀਂ ਹੋਵੇਗਾ, ਇਸਦਾ ਪਹਿਲਾਂ ਹੀ ਅੰਬੇਦਕਰ ਨੂੰ ਪਤਾ ਸੀ। ਅੰਬੇਦਕਰ ਇਸ ਤੋਂ ਕਾਫ਼ੀ ਚਿੰਤਤ ਅਤੇ ਵਿਆਕੁਲ ਵੀ ਸਨ ਇਸ ਲਈ ਉਹ ਕਿਸੇ ਵੀ ਤਰ੍ਹਾਂ ਸੰਵਿਧਾਨ ਸਭਾ ਦੇ ਮੈਂਬਰ ਬਣ ਜਾਣਾ ਚਾਹੁੰਦੇ ਸਨ। ਉਸ ਸੰਵਿਧਾਨ ਸਭਾ ਦਾ ਮੈਂਬਰ, ਜਿੱਥੇ ਉਹ ਆਪਣੀ ਗੱਲ ਰੱਖ ਸਕਣ, ਉਸ ਸੰਵਿਧਾਨ ਦੇ ਪ੍ਰਾਰੂਪ ਵਿੱਚ ਆਪਣੀ ਗੱਲ ਸ਼ਾਮਿਲ ਕਰਾ ਸਕਣ, ਜੋ ਆਉਣ ਵਾਲੇ ਭਾਰਤ ਦੀ ਸਚਮੁੱਚ ਅਤੇ ਹਕੀਕਤ ਵਿੱਚ ਦਿਸ਼ਾ ਨਿਰਧਾਰਤ ਕਰੇਗਾ । ਇਸਦੇ ਲਈ ਉਹ ਆਪਣੇ ਮਾਣ-ਸਨਮਾਣ ਨੂੰ ਪਰੇ ਕਰਨ ਅਤੇ ਆਪਣੀ ਪੁਰਾਣੀ ਵਿਰੋਧੀ ਕਾਂਗਰਸ ਪਾਰਟੀ ਪ੍ਰਤੀ ਆਪਣੇ ਸੰਦੇਹਾਂ ਨੂੰ ਨਜ਼ਰਅੰਦਾਜ ਕਰਨ ਨੂੰ ਤਿਆਰ ਸਨ । 

ਅੰਬੇਦਕਰ ਦਾ ਸਭ ਤੋਂ ਵੱਡਾ ਸਰੋਕਾਰ ਸੰਵਿਧਾਨ ਦੀ ਨੈਤਿਕਤਾ ਨੂੰ ਜਾਤ ਰੂਪੀ ਸਾਮਾਜਕ ਪਰੰਪਰਾ ਉਪਰ ਸਥਾਪਤ ਕਰਨਾ ਸੀ। ਸੰਵਿਧਾਨ ਸਭਾ ਵਿੱਚ ਭਾਸ਼ਣ ਦਿੰਦੇ ਸਮੇਂ 17 ਦਸਬੰਰ 1948 ਨੂੰ ਉਨ੍ਹਾਂ ਨੇ ਕਿਹਾ ਵੀ ਸੀ, “ਸੰਵਿਧਾਨ ਦੀ ਨੈਤਿਕਤਾ ਇੱਕ ਆਮ ਜਿਹੀ ਭਾਵਨਾ ਨਹੀਂ ਹੈ। ਇਸਨੂੰ ਵਿਕਸਿਤ ਕਰਨਾ ਪਵੇਗਾ। ਸਾਨੂੰ ਇਹ ਸਵੀਕਾਰ ਕਰਨੀ ਚਾਹੀਦੀ ਹੈ ਕਿ ਸਾਡੀ ਜਨਤਾ ਨੂੰ ਇਸਦਾ ਆਦੀ ਹੋਣਾ ਪਵੇਗਾ। ਭਾਰਤ ਵਿੱਚ ਲੋਕਤੰਤਰ ਇੱਥੇ ਦੀ ਜ਼ਮੀਨ ਉੱਤੇ ਬਰੀਕ ਤਹਿ ਜਿੰਨਾ ਹੈ, ਜੋ ਮੂਲ ਰੂਪ ਵਿੱਚ ਅਲੋਕਤਾਂਤਰਿਕ ਹੈ।” 

ਅੰਬੇਦਕਰ ਸਚਮੁੱਚ ਸੰਵਿਧਾਨ ਦੇ ਅੰਤਮ ਸਰੂਪ ਤੋਂ ਨਿਰਾਸ਼ ਸਨ। ਬਾਵਜੂਦ ਇਸਦੇ ਉਨ੍ਹਾਂ ਨੂੰ ਉਸ ਵਿੱਚ ਦੱਬੀਆਂ-ਕੁਚਲੀਆ ਜਾਤਾਂ ਲਈ ਕੁਝ ਅਧਿਕਾਰ ਅਤੇ ਸੁਰੱਖਿਆ ਪਾਉਣ ਦਾ ਮੌਕਾ ਮਿਲਿਆ। ਇਹ ਕੁਝ ਚੀਜ਼ਾਂ ਪਾ ਕੇ ਉਨ੍ਹਾਂ ਨੇ ਉਸਨੂੰ ਇੱਕ ਅਜਿਹਾ ਦਸਤਾਵੇਜ਼ ਬਣਾਇਆ ਜੋ ਸਮਾਜ ਨਾਲੋਂ ਜ਼ਿਆਦਾ ਪ੍ਰਬੁੱਧ ਸੀ (ਜਦੋਂ ਕਿ ਦੂਸਰਿਆਂ ਦੇ ਲਈ, ਜਿਵੇਂ ਭਾਰਤ ਦੇ ਆਦਿਵਾਸੀਆਂ ਲਈ ਉਹ ਬਸਤੀਵਾਦੀ ਅਭਿਆਸ ਵਾਂਗ ਸੀ।) ਅੰਬੇਦਕਰ ਦੇ ਵਿਚਾਰ ਦਾ ਸੰਵਿਧਾਨ ਅੱਜ ਵੀ ਬਣਨ ਦੀ ਪਰਿਕਿਰਆ ਵਿੱਚ ਹੈ। ਥਾਮਸ ਜੇਫਰਸਨ ਦੀ ਤਰ੍ਹਾਂ ਉਨ੍ਹਾਂ ਦਾ ਵੀ ਮੰਨਣਾ ਸੀ ਕਿ ਹਰ ਪੀੜ੍ਹੀ ਨੂੰ ਆਪਣੇ ਲਈ ਵੱਖ ਸੰਵਿਧਾਨ ਉਸਾਰੀ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਨਹੀਂ ਤਾਂ ਇਸ ਧਰਤੀ ਉੱਤੇ ਜਿੰਦਾ ਨਹੀਂ ਮਰੇ ਲੋਕ ਹੀ ਰਹਿ ਸਕਣਗੇ। ਸਮੱਸਿਆ ਇਹ ਹੈ ਕਿ ਜਿੰਦਾ ਲੋਕਾਂ ਬਾਰੇ ਲਾਜ਼ਮੀ ਤੌਰ ਤੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਉਹ ਮਰੇ ਹੋਇਆ ਤੋਂ ਜ਼ਿਆਦਾ ਪ੍ਰਗਤੀਸ਼ੀਲ ਅਤੇ ਪ੍ਰਬੁੱਧ ਹਨ। ਅੱਜ ਰਾਜਨੀਤਕ ਅਤੇ ਆਰਥਕ ਰੂਪ ਵਿਚ ਅਜਿਹੀਆਂ ਅਨੇਕਾਂ ਤਾਕਤਾਂ ਮੌਜੂਦ ਹਨ ਜੋ ਇਸ ਸੰਵਿਧਾਨ ਨੂੰ ਪ੍ਰਤਿਗਾਮੀ ਢੰਗ ਨਾਲ ਬਦਲਨਾ ਚਾਹੁੰਦੀਆਂ ਹਨ। 

ਅੰਬੇਦਕਰ ਵਕੀਲ ਸਨ, ਉਨ੍ਹਾਂ ਨੂੰ ਕਨੂੰਨ ਬਣਾਉਣ ਦੀ ਪਰਕਿਰਿਆ ਬਾਰੇ ਕੋਈ ਗਲਤਫਹਮੀ ਨਹੀਂ ਸੀ। ਅਜ਼ਾਦ ਭਾਰਤ ਦੇ ਕਾਨੂੰਨ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਨੇ ਹਿੰਦੂ ਕੋਡ ਬਿਲ ਉੱਤੇ ਮਹੀਨੀਆਂ ਬੱਧੀ ਕੰਮ ਕੀਤਾ। ਉਨ੍ਹਾਂ ਦਾ ਮੰਨਣਾ ਸੀ ਕਿ ਜਾਤ ਵਿਵਸਥਾ ਵਿੱਚ ਔਰਤਾਂ ਨੂੰ ਦਬਾ ਕੇ ਰੱਖਿਆ ਜਾਂਦਾ ਹੈ ਅਤੇ ਇਸ ਲਈ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਇਹੀ ਸੀ ਕਿ ਹਿੰਦੂ ਕੋਡ ਬਿਲ ਨੂੰ ਅਜਿਹਾ ਬਣਾਇਆ ਜਾਵੇ ਜਿਸ ਵਿੱਚ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਹੋਵੇ। ਉਨ੍ਹਾਂ ਨੇ ਆਪਣੇ ਬਿਲ ਵਿੱਚ ਔਰਤਾਂ ਨੂੰ ਤਲਾਕ ਦੇਣ ਦੇ ਪ੍ਰਸਤਾਵ ਤੋਂ ਇਲਾਵਾ ਵਿਧਵਾ ਅਤੇ ਧੀ ਨੂੰ ਜਾਇਦਾਦ ਵਿੱਚ ਅਧਿਕਾਰ ਦੇਣ ਦਾ ਪ੍ਰਸਤਾਵ ਰੱਖਿਆ ਸੀ। ਸੰਵਿਧਾਨ ਸਭਾ ਨੇ ਇਸ ਵਿੱਚ ਅੜਿੱਕਾ ਪਾ ਦਿੱਤਾ (1947 ਵਲੋਂ 1951 ਤੱਕ ) ਅਤੇ ਬਾਅਦ ਵਿੱਚ ਤਾਂ ਇਸਨੂੰ ਰੋਕ ਹੀ ਦਿੱਤਾ ਗਿਆ। ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਨੇ ਧਮਕੀ ਦਿੱਤੀ ਕਿ ਉਹ ਇਸ ਬਿਲ ਨੂੰ ਕਨੂੰਨ ਨਹੀਂ ਬਨਣ ਦੇਵੇਗਾ। ਹਿੰਦੂ ਸਾਧੂਆਂ ਨੇ ਸੰਸਦ ਸਾਮਹਣੇ ਧਰਨੇ ਦੇ ਦਿੱਤੇ । ਉਦਯੋਗਪਤੀਆਂ ਅਤੇ ਜਮੀਂਦਾਰਾਂ ਨੇ ਧਮਕੀ ਦਿੱਤੀ ਕਿ ਉਹ ਅਗਲੀਆਂ ਚੋਣਾਂ ਵਿੱਚ ਸਰਕਾਰ ਤੋਂ ਸਮਰਥਨ ਵਾਪਸ ਲੈ ਲੈਣਗੇ। ਸਿੱਟੇ ਵਜੋਂ ਅੰਬੇਦਕਰ ਨੇ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਆਪਣੇ ਅਸਤੀਫੇ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਨੇ ਕਿਹਾ: “ਜਾਤ ਅਤੇ ਵਰਗ ਦੀ ਅਸਮਾਨਤਾ, ਲਿੰਗ ਅਤੇ ਲਿੰਗ ਦੇ ਵਿੱਚ ਭੇਦਭਾਵ, ਜੋ ਹਿੰਦੂ ਸਮਾਜ ਦੀ ਆਤਮਾ ਹੈ, ਦੇ ਵਿਚਲੀ ਅਸਮਾਨਤਾ ਨੂੰ ਖਤਮ ਕਰਣ ਦੀ ਬਜਾਏ ਆਰਥਕ ਸਮੱਸਿਆ ਬਾਰੇ ਕਨੂੰਨ ਬਣਾਕੇ ਸੰਵਿਧਾਨ ਦੀ ਖਿੱਲੀ ਉੜਾਈ ਜਾ ਰਹੀ ਹੈ । ਅਜਿਹਾ ਕਨੂੰਨ ਬਣਾਉਣਾ ਲਿੱਦ ਦੇ ਪਹਾੜ ਉੱਤੇ ਮਹਲ ਬਣਾਉਣ ਵਰਗਾ ਹੈ।” ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਅੰਬੇਦਕਰ ਇੱਕ ਸੰਕੀਰਣਤਾਵਾਦ, ਸੰਪ੍ਰਦਾਇਵਾਦ, ਹਨੇਰਬਿਰਤੀ ਅਤੇ ਚਾਲਬਾਜੀਆਂ ਨਾਲ ਭਰੇ ਹੋਏ ਜਟਿਲ, ਬਹੁਮੁਖੀ ਰਾਜਨੀਤਕ ਸੰਘਰਸ਼ ਵਿੱਚ ਪ੍ਰਬੁੱਧਤਾ ਲਿਆਉਣ ਵਿੱਚ ਸਫਲ ਰਹੇ। 

(ਇਹ ਲੇਖ ਮੈਗਜ਼ੀਨ ਕੂਕਾਬਾਰਾ ਦੇ ਅੰਕ-3 ਵਿਚ ਪ੍ਰਕਾਸ਼ਿਤ ਹੋ ਚੁੱਕਾ ਹੈ)

Thursday, April 9, 2015

ਜਮਹੂਰੀ ਜਥੇਬੰਦੀਆਂ ਵਲੋਂ ਮੋਦੀ ਦੀ ਕਨੇਡਾ ਫੇਰੀ ਦਾ ਸਖ਼ਤ ਵਿਰੋਧ

ਭਾਰਤੀ ਜਨਤਾ ਪਾਰਟੀ ਅਰਥਾਤ ਮੋਦੀ ਦੀ ਸਰਕਾਰ ਇੱਕ ਫਿਰਕਾਪ੍ਰਸਤ, ਕੌਮੀ ਘੱਟ ਗਿਣਤੀਆਂ ਵਿਰੋਧੀ ਅਤੇ ਵੱਡੇ ਧਨਾਡਾਂ ਅਤੇ ਜ਼ਿਮੀਦਾਰਾਂ ਦੇ ਹਿੱਤ ਪੂਰਨ ਵਾਲੀ ਹਿੰਦੂਵਾਦੀ ਫਾਸ਼ਿਸ਼ਟ ਪਾਰਟੀ ਹੈ। 14 -16 ਅਪਰੈਲ ਤੱਕ ਹਿੰਦੋਸਤਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਦੀ ਫੇਰੀ ਤੇ ਆ ਰਿਹਾ ਹੈ। ਕਨੇਡਾ ਦੇ ਸਾਰੇ ਇਨਸਾਫ਼ ਪਸੰਦ ਅਤੇ ਜਮਹੂਰੀਅਤ ਪਸੰਦ ਲੋਕਾਂ ਨੂੰ ਅਸੀੰ ਅਪੀਲ ਕਰਦੇ ਹਾਂ ਕਿ ਉਹ ਮੋਦੀ ਦੀ ਇਸ ਫੇਰੀ ਦਾ ਵਿਰੋਧ ਕਰਨ ਲਈ ਹੇਠ ਲਿਖੇ ਕਾਰਣਾਂ ਕਰਕੇ ਅੱਗੇ ਆਉਣ।

1.    ਭਾਰਤੀ ਸੰਵਿਧਾਨ ਦੇ ਉਲਟ ਧਰਮ ਤੇ ਸਿਆਸਤ ਨੂੰ ਰਲ਼ਗੱਡ ਕਰਨ ਦੀ ਇੱਕ ਗਹਿਰੀ ਸਾਜ਼ਿਸ਼:- ਮੋਦੀ ਦਾ ਗੁਰਦਵਾਰੇ ਅਤੇ ਮੰਦਰ ਵਿੱਚ ਆਉਣਾ ਲੋਕਾਂ ਵਿੱਚ ਆਪਸੀ ਫੁੱਟ ਪਾਉਣਾ ਤੇ ਘੱਟ ਗਿਣਤੀਆਂ (ਇਸਾਈ ਤੇ ਮੁਸਲਿਮ) ਨੂੰ ਹਾਸ਼ੀਏ ਤੇ ਧੱਕਣ ਦੀ ਸਾਜ਼ਿਸ਼ ਹੈ। ਗ਼ਦਰੀ ਬਾਬਿਆਂ ਦੀ ਨਿਰਪੱਖ ਸੋਚ ਦੁਆਰਾ ਬਣਾਈ ਗਈ ਸੰਸਥਾ ਖਾਲਸਾ ਦੀਵਾਨ ਸੁਸਾਇਟੀ ਨੂੰ ਗ਼ਦਾਰਾਂ ਤੇ ਸਰਕਾਰਾਂ ਦੀ ਮਿਲੀ ਭੁਗਤ ਦੁਆਰਾ ਫਿਰਕੂ ਰੰਗਤ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ।


2.    ਭੂਮੀ ਗ੍ਰਹਿਣ ਐਕਟ ਪੇਸ਼ ਕਰਨਾ:-  ਮੋਦੀ ਸਰਕਾਰ ਨੇ ਇਹ ਬਿੱਲ ਦੁਆਰਾ ਪਾਸ ਕਰਵਾਇਆ ਹੈ ਕਿਉਂਕਿ ਪਹਿਲਾਂ ਜੇ 80% ਲੋਕ ਨਾ ਕਹਿ ਦੇਣ ਤਾਂ ਇਹ ਲਾਗੂ ਨਹੀਂ ਸੀ ਹੋ ਸਕਦਾ ਹੁਣ ਇਸ ਮੁਤਾਬਕ ਕੇਂਦਰੀ ਤੇ ਸੂਬਾਈ ਹਕੂਮਤਾਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਜਿਸ ਤਰ੍ਹਾਂ ਵੀ ਉਹ ਮੁਨਾਸਬ ਸਮਝਣ ਉਹ ਲੋਕਾਂ ਤੋਂ ਜਬਰੀ ਖ੍ਰੀਦ ਕੇ ਉਹਨਾਂ ਨੂੰ ਬੇਘਰ ਤੇ ਬੇਜ਼ਮੀਨੇ ਕਰ ਸਕਦੀਆਂ ਹਨ ਅਤੇ ਇਸ ਦਾ ਫਾਇਦਾ ਵੱਡੀਆਂ ਕਾਰਪੋਰੇਸ਼ਨਾਂ ਨੂੰ ਹੋਵੇਗਾ। ਇਸ ਐਕਟ ਦੇ ਤਹਿਤ ਪਿਛਲੇ ਸਮੇਂ ਵਿੱਚ 60-70 ਲੱਖ ਲੋਕ ਜ਼ਮੀਨਾਂ ਗੁਆ ਕੇ ਬੇਰੁਜ਼ਗਾਰ ਹੋਏ ਬੈਠੇ ਹਨ।


3.    ਆਰਮਡ ਫੋਰਸਜ਼ ਸਪੈਸ਼ਲ ਪਾਵਰ ਐਕਟ 1958 :- ਭਾਰਤੀ ਸਰਕਾਰ ਇਸ ਐਕਟ ਨੂੰ ਪਹਿਲਾਂ ਸਰਹੱਦੀ ਇਲਾਕਿਆਂ ਵਿੱਚ ਲਾਗੂ ਕਰਨ ਦਾ ਅਧਿਕਾਰ ਰੱਖਦੀ ਸੀ ਪਰ ਹੁਣ ਇਹ ਸਾਰੇ ਭਾਰਤ ਵਿੱਚ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ ਉਹ ਲੋਕ ਜਿਹੜੇ ਆਪਣੇ ਹੱਕਾਂ ਲਈ ਲੜ ਰਹੇ ਹਨ, ਉਹਨਾਂ ਉਪਰ ਇਹ ਬਹੁਤ ਵੱਡਾ ਹਮਲਾ ਹੈ।ਇਸ ਵਿੱਚ ਪੁਲੀਸ ਤੇ ਫੌਜ ਨੂੰ ਅਧਿਕਾਰ ਹੈ ਕਿ ਉਹ ਕਿਸੇ ਨੂੰ ਗਰਿਫਤਾਰ ਕਰਕੇ ਕਤਲ ਕਰ ਸਕਦੇ ਹਨ, ਬਿਨ੍ਹਾਂ ਮੁਕੱਦਮਾ ਜੇਲ਼੍ਹ ਵਿੱਚ ਸਿੱਟ ਸਕਦੇ ਹਨ। ਸਕਿਉਰਟੀ ਫੋਰਸਜ਼ ਨੂੰ ਇਹ ਸਭ ਮਾਫ ਹੋਵੇਗਾ। ਇਹ ਐਕਟ ਤਾਕਤ ਦੀ ਦੁਰਵਰਤੋਂ ਤੇ ਕੌਮਾਂਤਰੀ ਕਾਨੂੰਨ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

 4.    ਮੋਦੀ ਤੇ ਹਾਰਪਰ ਦੀਆਂ ਹਕੂਮਤਾਂ ਦਾ ਹੱਦੋਂ ਵੱਧ ਰਾਈਟ ਵਿੰਗ ਗੱਠਜੋੜ :- ਇਹ ਦੋਨੋਂ ਹਕੂਮਤਾਂ ਸੱਜੇ ਪੱਖੀ ਤਾਕਤਾਂ ਦੀ ਫਿਲਾਸਫੀ ਵਿੱਚ ਯਕੀਨ ਰੱਖਦੀਆਂ ਹਨ ਅਤੇ ਅਮਰੀਕੀ ਸਾਮਰਾਜ ਦੀਆਂ ਯੂਨੀਅਰ ਹਿੱਸੇਦਾਰ ਹਨ।ਕਨੇਡਾ ਦੀ ਸਰਕਾਰ ਵਲੋਂ ਬਿੱਲ-ਸੀ 24 ਅਤੇ ਸੀ 51 ਨੂੰ ਲਿਆਉਣਾ। ਜਿਸ ਰਾਹੀਂ ਨੇਟਵ ਇੰਡੀਅਨ ਲੋਕਾਂ, ਕਨੇਡੀਅਨ ਅਤੇ ਇੰਮੀਗਰਾਂਟ ਲੋਕਾਂ ਦੇ ਮਨੁੱਖੀ ਤੇ ਨੈਸ਼ਨਲ ਅਧਿਕਾਰਾਂ ਤੇ ਹਮਲਾ ਹੈ। “ਅੱਤਵਾਦ” ਦੇ ਖਿਲਾਫ਼ ਲੜਾਈ ਦੇ ਬਹਾਨੇ ਹੇਠ ਸ਼ਹਿਰੀ ਅਜ਼ਾਦੀਆਂ ਨੂੰ ਲਤਾੜਣ ਦੀ ਕੋਝੀ ਸਾਜ਼ਸ਼ ਹੈ। ਇਰਾਕ ਤੇ ਸੀਰੀਆ ਦੇ ਹਵਾਈ ਹਮਲਿਆਂ ਤੋਂ ਸਪੱਸ਼ਟ ਹੈ ਕਿ ਇਹ ਅਮਰੀਕਾ ਦੀਆਂ ਹੱਥ ਠੋਕਾ ਸਰਕਾਰਾਂ ਹਨ।

5.    ਫਿਰਕੂ ਤਾਕਤਾਂ ਨੂੰ ਮਨਮਾਨੀਆਂ ਲਈ ਉਕਸਾਉਣਾ:- ਘਰ ਵਾਪਸੀ ਦੇ ਨਾਂ ਤੇ ਧਰਮ ਪਰਿਵਰਤਨ ਲਈ ਲੋਕਾਂ ਨੂੰ ਮਜ਼ਬੂਰ ਕਰਨਾ, ਸਕੂਲਾਂ ਵਿੱਚ ਭਗਵਤ ਗੀਤਾ ਵਰਗੀਆਂ ਧਾਰਮਿਕ ਪੁਸਤਕਾਂ ਨੂੰ ਲਾਗੂ ਕਰਨ ਦੀ ਪੇਸ਼ਕਸ਼ ਕਰਨਾ ਆਦਿ ਲੋਕਾਂ ਦੀ ਧਾਰਮਿਕ ਤੇ ਸਮਾਜਿਕ ਅਜ਼ਾਦੀ ਨੂੰ ਖੋਰਾ ਲਾਉਣਾ ਹੈ ਤੇ ਹਿਟਲਰੀ ਡਿਕਟੇਟਰਸ਼ਿੱਪ ਹੈ।


6.    ਵਿਦੇਸ਼ਾਂ ਵਿੱਚ ਸਫਾਰਤਖਾਨਿਆਂ ਰਾਹੀਂ ਦਖਲ ਅੰਦਾਜ਼ੀ ;- ਭਾਰਤੀ ਹਕੂਮਤ ਵਿਦੇਸ਼ਾਂ ਵਿੱਚ ਆਪਣੇ ਸਫ਼ਾਰਤਖਾਨਿਆਂ ਰਾਹੀਂ ਦਖਲ ਅੰਦਾਜ਼ੀ ਕਰਕੇ ਕਮਿਊਨਿਟੀ ਵਿੱਚ ਦੋਫਾੜ ਪਾ ਕੇ ਆਪਣੇ ਲਈ ਜਾਸੂਸ ਪੈਦਾ ਕਰਨੇ, ਪੈਸਿਆਂ ਦੇ ਜ਼ੋਰ ਆਪਣੇ ਏਜੰਟ ਪੈਦਾ ਕਰਨੇ, ਭਾਰਤੀ ਮੀਡੀਆ ਖ੍ਰੀਦ ਕੇ ਆਪਣੇ ਪੱਖੀ ਪਰਚਾਰ ਕਰਵਾਉਣਾ ਆਮ ਗੱਲ ਹੋ ਗਈ ਹੈ।ਵਿਰੋਧ ਕਰਦੀਆਂ ਜਮਹੂਰੀ ਤਾਕਤਾਂ ਤੇ ਲਗਾਤਾਰ ਹਮਲੇ ਅਤੇ ਵੀਜ਼ੇ ਰੋਕਣ ਦੀ ਪ੍ਰਕਿਰਿਆ ਅਜੇ ਤੱਕ ਜਾਰੀ ਹੈ।


7.    ਅਮਰੀਕਾ, ਕਨੇਡਾ ਤੇ ਭਾਰਤੀ ਸਰਕਾਰਾਂ ਇੱਕੋ ਥੈਲੀ ਦੇ ਚਿੱਟੇ ਵੱਟੇ:- ਗੁਜਰਾਤ ਵਿੱਚ 2002 ਵਿੱਚ ਮੋਦੀ ਸਰਕਾਰ ਨੇ ਹਜ਼ਾਰਾਂ ਮੁਸਲਮਾਨਾਂ ਦੇ ਕਤਲ ਕਰਵਾਏ, ਉਹਨਾਂ ਦੀਆਂ ਜਾਇਦਾਦਾਂ ਦੀ ਤਬਾਹੀ ਤੇ ਉਜਾੜਾ ਕੀਤਾ। ਭਾਰਤੀ ਨਿਆਂ ਪ੍ਰਣਾਲੀ  ਲੋਕਾਂ ਨੂੰ ਇਨਸਾਫ਼ ਦਵਾਉਣ ਵਿੱਚ ਅਸਫਲ ਰਹੀ। ਅਮਰੀਕਾ ਨੇ ਉਸਦੇ ਵੀਜ਼ੇ ਤੇ 12 ਸਾਲਾਂ ਤੋਂ ਰੋਕ ਲਾਈ ਹੋਈ ਸੀ। ਪਰਧਾਨ ਮੰਤਰੀ ਬਣਦੇ ਸਾਰ ਲੋਕਾਂ ਦੇ ਕਾਤਲ ਨਾਲ ਜੱਫੀਆਂ ਪੈਣ ਲੱਗ ਗੀਆਂ।ਇਸ ਦਾ ਕਾਰਣ ਕੀ ਹੈ ?


    ਇਹ ਤਾਂ ਕੁੱਝ ਹੀ ਕਾਰਣ ਹਨ ਜਿਹਨਾਂ ਕਰਕੇ ਅਸੀਂ ਮੋਦੀ ਦਾ ਇੱਥੇ ਆਉਣ ਤੇ ਵਿਰੋਧ ਕਰਦੇ ਹਾਂ।


ਵਲੋਂ :- ਈਸਟ ਇੰਡੀਅਨ ਡੀਫੈਂਸ ਕਮੇਟੀ ਕੈਨੇਡਾ    
         ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ

     ਤਰਕਸ਼ੀਲ ਕਲਚਰਲ ਸੁਸਾਇਟੀ ਆਫ ਕੈਨੇਡਾ

Monday, February 16, 2015

'ਕੁਦੇਸਣ' : ਔਰਤ ਦੇ ਵਜੂਦ ਦੀ ਕਹਾਣੀ


ਅੰਮ੍ਰਿਤਾ ਪ੍ਰੀਤਮ ਆਪਣੇ ਨਾਵਲ ਪਿੰਜਰ ਦੇ ਪਾਤਰ 'ਪੂਰੋ' ਹਵਾਲੇ ਨਾਲ ਲਿਖਦੀ ਹੈ ਕਿ ਜਦੋਂ ਵੀ ਕੋਈ ਕੁੜੀ ਦੋਵਾਂ ਪਾਸਿਓਂ(ਭਾਰਤ-ਪਾਕਿਸਤਾਨ) ਆਪਣੇ ਘਰ ਸਹੀ ਠਿਕਾਣੇ 'ਤੇ ਪਹੁੰਚ ਗਈ ਸਮਝਣਾ ਪੂਰੋ ਦੀ ਆਤਮਾ ਵੀ ਨਾਲ ਪਹੁੰਚ ਗਈ।ਇਹ ਮਨੁੱਖਤਾ ਦੇ ਉਸ ਵਾਸੇ ਦੀ ਅਰਦਾਸ ਹੈ ਜੋ ਅੰਮ੍ਰਿਤਾ ਪ੍ਰੀਤਮ ਨੇ ਕੀਤੀ। ਅਜਿਹੀਆਂ ਹਜ਼ਾਰਾਂ ਹੀ ਔਰਤਾਂ ਆਪਣੇ ਉਸ ਸਹੀ ਠਿਕਾਣੇ ਨੂੰ ਲੱਭਦੀਆਂ ਹਨ।ਇਹ ਠਿਕਾਣੇ ਜ਼ਰੂਰੀ ਨਹੀਂ ਭੂਗੋਲਿਕ ਹੱਦਾਂ 'ਚ ਹੋਵੇ। ਔਰਤ ਲਈ ਇਹ ਸਨਮਾਨ,ਪਛਾਣ ਤੇ ਵਸੇਬੇ ਦਾ ਸੰਘਰਸ਼ ਹੈ ਜੋ ਉਹ ਘਰ ਘਰ ਕਰ ਰਹੀ ਹੈ।ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹਨ ਜੋ ਉੜੀਸਾ ਦੀਆਂ ਸੜਕਾਂ 'ਤੇ ਗ਼ਰੀਬੀ ਨਾਲ ਜੂਝਦੀਆਂ ਭੋਗ ਵਾਸਨਾ ਲਈ ਲੋਕ ਖਰੀਦਦੇ ਹਨ। ਇਹ ਉਹੀ ਔਰਤ ਹੈ ਜੋ ਸੁੰਨੀਆ ਗਲੀਆਂ 'ਚ ਚਿੱਥੜੇ ਹੋ ਚੁੱਕੇ ਆਪਣੇ ਸਰੀਰਾਂ ਚੋਂ ਖੇਰੂ ਹੋਈ ਆਤਮਾ ਨੂੰ ਮੁੜ ਸਮੇਟਦੀਆਂ ਸਮਾਜ ਦੀਆਂ ਟਿੱਚਰਾਂ ਚੋਂ ਆਪਣਾ ਵਜੂਦ ਲੱਭਦੀਆਂ ਹਨ। ਇਹ ਉਹੀ ਔਰਤ ਹੈ ਜੋ ਜਾਨ ਨਹੀਂ,ਹੱਡ-ਮਾਸ ਦਾ ਮਨੁੱਖ ਨਹੀਂ ਮਹਿਜ਼ ਇੱਕ ਵਸਤੂ ਬਣਕੇ ਰਹਿ ਜਾਂਦੀ ਹੈ ਜਦੋਂ ਕੋਈ ਇਹਨੂੰ ਆਪਣਾ ਘਰ ਵਧਾਉਣ ਲਈ ਮੁੱਲ਼ ਦੀ ਤੀਵੀਂ ਬਣਾ ਖਰੀਦਦਾ ਹੈ।ਇਸ ਤੜਪ,ਸੰਤਾਪ,ਹਿਜਰ 'ਚ ਵਾਵਰੋਲੇ ਖਾਂਦੀ ਔਰਤ ਮਨ ਦੀ ਕਹਾਣੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਨਿਰਦੇਸ਼ਕ ਜੀਤ ਮਠਾਰੂ ਨੇ ਆਪਣੀ ਫ਼ਿਲਮ ਕੁਦੇਸਣ-ਵੂਮੈਨ ਫਰੋਮ ਦੀ ਈਸਟ ਦੇ ਮਾਰਫਤ।  ਕੁਦੇਸਣ ਫ਼ਿਲਮ ਜਤਿੰਦਰ ਬਰਾੜ ਦੇ ਲਿਖੇ ਨਾਟਕ 'ਕੁਦੇਸਣ' 'ਤੇ ਅਧਾਰਤ ਹੈ ਅਤੇ ਇਹ ਫ਼ਿਲਮ ਟੋਰਾਂਟੋ ਪੰਜਾਬੀ ਫ਼ਿਲਮ ਫੈਸਟੀਵਲ ਤੇ ਹੋਰ ਪੁਰਸਕਾਰਾਂ 'ਚ ਖਾਸ ਖਿੱਚ ਦਾ ਕੇਂਦਰ ਬਣੀ ਹੋਈ ਹੈ। ਯਕੀਨਣ ਇਹ ਫ਼ਿਲਮ ਪੰਜਾਬੀ ਸਿਨੇਮਾ ਦੇ ਲਿਹਾਜ਼ ਨਾਲ ਇੱਕ ਚੰਗੀ ਫ਼ਿਲਮ ਬਣਾਈ ਗਈ ਹੈ।  ਪੰਜਾਬੀ ਤੇ ਹਿੰਦੀ ਦੋ-ਭਾਸ਼ੀ ਫ਼ਿਲਮ ਦੇ ਜ਼ਰੀਏ ਜੀਤ ਮਠਾਰੂ ਨਿਰਦੇਸ਼ਕੀ ਅੱਖ ਤੋਂ ਕੀ ਨਜ਼ਰੀਆ ਰੱਖਦਾ ਹੈ,ਇਸ ਸਦੰਰਭ 'ਚ ਹਰਪ੍ਰੀਤ ਸਿੰਘ ਕਾਹਲੋਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। 

ਕੁਦੇਸਣ ਫ਼ਿਲਮ ਨੂੰ ਲੈ ਕੇ ਕਨੇਡਾ 'ਚ ਟੋਰਾਂਟੋ ਪੰਜਾਬੀ ਫ਼ਿਲਮ ਉਤਸਵ ਦਾ ਤਜ਼ਰਬਾ ਕਿਹੋ ਜਿਹਾ ਰਿਹਾ? 

:ਮੈਂ ਦੱਸਣਾ ਚਾਹਵਾਂਗਾ ਕਿ ਫਿਲਮ ਦੇ ਪ੍ਰੀਮਿਅਰ ਤੋਂ ਪਹਿਲਾਂ ਹੀ ਫ਼ਿਲਮ ਚਰਚਾ 'ਚ ਆ ਚੁੱਕੀ ਸੀ।ਯੂ ਟਿਊਬ 'ਤੇ ਕੁਦੇਸਣ-ਵੂਮੈਨ ਫਰੋਮ ਦੀ ਈਸਟ ਦੀਆਂ ਝਲਕੀਆਂ ਨੂੰ ਬਹੁਤ ਪਸੰਦ ਕੀਤਾ ਗਿਆ।ਉੱਥੇ ਜੋ ਸਨੀ ਗਿੱਲ,ਚੋਪੜਾ ਸਾਹਬ ਤੇ ਹੋਰਾਂ ਨੇ ਮਿਲਕੇ ਇਹ ਫੈਸਟੀਵਲ ਓਰਗਨਾਈਜ਼ ਕੀਤਾ ਤਾਂ ਇਹ ਪੰਜਾਬੀ ਸਿਨੇਮਾ ਦੇ ਮਿਜਾਜ਼ 'ਚ ਬਹੁਤ ਸੁਖਾਂਵਾ ਮਹਿਸੂਸ ਹੋ ਰਿਹਾ ਹੈ।ਉੱਥੇ ਮੇਰੀ ਫ਼ਿਲਮ ਕੁਦੇਸਣ ਨੂੰ ਵੇਖ ਕੇ ਲੋਕਾਂ ਨੇ ਮੈਨੂੰ ਖੜ੍ਹੇ ਹੋ ਕੇ ਸ਼ਾਬਾਸ਼ੀ ਦਿੱਤੀ।ਮੈਨੂੰ ਬਹੁਤ ਸਾਰੇ ਲੋਕਾਂ ਤੋਂ ਇਹ ਸੁਨਣ ਨੂੰ ਮਿਲਿਆ ਕਿ ਅਜਿਹੀਆਂ ਫ਼ਿਲਮਾਂ ਵੇਖਕੇ ਸਾਨੂੰ ਪੰਜਾਬੀ ਸਿਨੇਮਾ 'ਤੇ ਮਾਣ ਹੁੰਦਾ ਹੈ। 

ਕੁਦੇਸਣ ਫ਼ਿਲਮ ਦਾ ਵਿਸ਼ਾ ਚੁਨਣ ਦਾ ਵਿਚਾਰ ਕਿਵੇਂ ਬਣਿਆ? 

 :ਅਸਲ 'ਚ ਇਸ ਤੋਂ ਪਹਿਲਾਂ ਮੈਂ ਇੱਕ ਫ਼ਿਲਮ 'ਅੱਡੀ ਟੱਪਾ' ਬਣਾਈ ਸੀ ਜੋ ਕਿ ਵਪਾਰਕ ਪੱਖੋਂ ਬਹੁਤੀ ਚੱਲੀ ਨਹੀਂ ਪਰ ਇਹ ਪੰਜਾਬੀ ਸਿਨੇਮਾ 'ਚ ਸੰਸਪੈਂਸ ਜੋਨਰ ਦੀ ਵੱਖਰੀ ਫ਼ਿਲਮ ਆਈ ਸੀ।ਇਸ ਤੋਂ ਬਾਅਦ ਅਸੀ ਕਾਫੀ ਸੰਭਲਕੇ ਕੰਮ ਸ਼ੁਰੂ ਕੀਤਾ।ਅਸੀ ਅੰਮ੍ਰਿਤਸਰ ਪੰਜਾਬੀ ਨਾਟ ਸ਼ਾਲਾ ਵੱਲੋਂ ਖੇਡਿਆ ਗਿਆ ਜਤਿੰਦਰ ਬਰਾੜ ਹੁਣਾਂ ਦਾ ਨਾਟਕ 'ਕੁਦੇਸਣ' ਵੇਖਿਆ।ਮੇਰੇ ਮਨ 'ਚ ਇਸ ਨਾਟਕ ਨੂੰ ਸਿਨੇਮਾਈ ਰੁਪਾਂਤਰਣ ਕਰਨ ਦਾ ਵਿਚਾਰ ਆਇਆ। ਮੈਂ ਤੇ ਮੇਰੇ ਭਾਈਵਾਲ ਸੁਰੇਸ਼ ਵਰਸਾਨੀ (ਜੋ ਲੰਡਨ ਰਹਿੰਦੇ ਹਨ) ਦੇ ਮਨ 'ਚ ਸੀ ਕਿ ਅਸੀ ਪੰਜਾਬੀ 'ਚ ਕੋਈ ਸੰਸਾਰ ਪੱਧਰ ਦੀ ਫ਼ਿਲਮ ਬਣਾਈਏ।ਸੋ ਅਸੀ ਕੁਦੇਸਣ ਫਿਲਮ ਦੇ ਸਕ੍ਰੀਨਪਲੇ ਨੂੰ ਲਿਖਦੇ ਹੋਏ ਅਸੀ 2009 'ਚ ਕੰਮ ਸ਼ੁਰੂ ਕੀਤਾ ਸੀ। 

ਕੁਦੇਸਣ-ਵੂਮੈਨ ਫਰੋਮ ਦੀ ਈਸਟ ਬਣਾਉਂਦੇ ਹੋਏ ਆਮ ਫ਼ਿਲਮਾਂ ਨਾਲੋਂ ਜ਼ਿਆਦਾ ਸਮਾਂ ਖਪਤ ਹੋਈ ਹੈ,ਅਜਿਹਾ ਲੱਗਦਾ ਹੈ? 

 :ਉਹ ਇਸ ਲਈ ਕਿ ਜਦੋਂ ਅਸੀਂ ਇਹ ਫ਼ਿਲਮ ਸ਼ੁਰੂ ਕੀਤੀ ਸੀ ਤਾਂ ਇਸ ਫ਼ਿਲਮ 'ਚ ਮੁੱਖ ਅਦਾਕਾਰਾ ਕੋਈ ਹੋਰ ਸੀ।ਜਦੋਂ ਅਸੀਂ ਲੱਗਭਗ ਸਾਰੀ ਫ਼ਿਲਮ ਖਤਮ ਕਰ ਕਲਾਈਮੈਕਸ ਦੇ ਨੇੜੇ ਪਹੁੰਚੇ ਸਾਂ ਤਾਂ ਅਸੀ ਕੁਝ ਬਦਲਾਅ ਕਰਨੇ ਜ਼ਰੂਰੀ ਸਮਝੇ ਪਰ ਇਸ ਸਭ ਲਈ ਸਬੰਧਤ ਅਦਾਕਾਰਾ ਵੱਲੋਂ ਸਾਨੂੰ ਤਾਰੀਖ਼ਾਂ ਉਪਲਬਧ ਨਹੀਂ ਕਰਵਾਈਆਂ ਗਈਆਂ।ਇਸ ਸਬੰਧੀ ਉਹਦੇ ਅਤੇ ਉਹਦੀ ਮਾਂ ਦੇ ਕਾਰਨ ਵੀ ਬਹੁਤ ਅਜੀਬ ਸਨ ਜੋ ਮੈਂ ਇੱਥੇ ਦੱਸਣਾ ਜ਼ਰੂਰੀ ਨਹੀਂ ਸਮਝਦਾ।ਇਸ ਕਰਕੇ ਸਾਨੂੰ ਇਹ ਫਿਲਮ ਮੁੜ ਤੋਂ ਨਵੀਂ ਅਦਾਕਾਰਾ ਨਾਲ ਸ਼ੂਟ ਕਰਨੀ ਪਈ।ਫਿਰ ਅਸੀਂ ਭੋਜਪੁਰੀ ਫਿਲਮਾਂ ਦੀ ਸਟਾਰ ਅਦਾਕਾਰਾ ਪਾਖੀ ਹੇਗੜੇ ਨੂੰ ਲੈਕੇ ਇਸ ਫਿਲਮ ਦਾ ਦੁਬਾਰਾ ਫਿਲਮਾਂਕਣ ਕੀਤਾ।ਹਾਂ ਇਹ ਜ਼ਰੂਰ ਹੈ ਕਿ ਪਾਖੀ ਦਾ ਕੰਮ ਵੇਖਕੇ ਅਤੇ ਫ਼ਿਲਮ ਪ੍ਰਤੀ ਦਰਸ਼ਕਾਂ ਦੀ ਪ੍ਰਤੀਕਿਰਿਆ ਵੇਖਕੇ ਸਾਨੂੰ ਇੰਝ ਲੱਗਦਾ ਹੈ ਕਿ ਜੋ ਹੁੰਦ ਹੈ ਚੰਗੇ ਲਈ ਹੀ ਹੁੰਦਾ ਹੈ।ਸੋ 2010 'ਚ ਮੁੜ ਫ਼ਿਲਮ ਬਣਾਉਣ ਕਰਕੇ ਸਾਡਾ ਬਜਟ ਵੀ ਡਗਮਗਾ ਗਿਆ ਜਿਸ ਕਾਰਣ ਅਸੀਂ ਇਸ ਫ਼ਿਲਮ ਨੂੰ ਬਣਾਉਂਦੇ ਹੋਏ ਕਾਫੀ ਸਮਾਂ ਲੈ ਗਏ। 

ਕੁਦੇਸਣ ਫ਼ਿਲਮ ਨੂੰ ਵੇਖਦੇ ਹੋਏ ਦਰਸ਼ਕਾਂ ਦੀ ਕੋਈ ਖਾਸ ਟਿੱਪਣੀ ਜੋ ਤੁਹਾਨੂੰ ਯਾਦ ਰਹਿ ਗਈ ਹੋਵੇ? 

 :ਬਹੁਤ ਸਾਰੀਆਂ ਟਿੱਪਣੀਆਂ ਯਾਦਗਾਰ ਹਨ ਪਰ ਦੋ ਦਾ ਜ਼ਿਕਰ ਮੈਂ ਇੱਥੇ ਜ਼ਰੂਰ ਕਰਨਾ ਚਾਹਵਾਂਗਾ। ਕੁਦੇਸਣ ਫ਼ਿਲਮ ਵੇਖਣ ਤੋਂ ਬਾਅਦ ਮੇਰੇ ਕੋਲ ਇੱਕ ਸੱਜਣ ਆਏ ਅਤੇ ਉਹਨਾਂ ਕਿਹਾ ਕਿ ਕੁਦੇਸਣ ਵੇਖਣ ਤੋਂ ਬਾਅਦ ਮੈਨੂੰ ਨਰਗਿਸ ਦੱਤ ਦੀ ਫ਼ਿਲਮ 'ਮਦਰ ਇੰਡੀਆ' ਯਾਦ ਆ ਗਈ। ਇੱਕ ਹੋਰ ਦਰਸ਼ਕ ਨੇ ਮੇਰੇ ਕੋਲ ਆ ਕੇ ਆਪਣੇ ਮਨ ਦੀ ਗੱਲ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਤੁਹਾਡੀ ਫ਼ਿਲਮ ਵੇਖਦੇ ਹੋਏ ਮੈਨੂੰ ਬਿਮਲ ਰਾਏ ਤੇ ਸਤਿਆਜੀਤ ਰੇ ਦੀਆਂ ਫ਼ਿਲਮਾਂ ਯਾਦ ਆ ਜਾਂਦੀ ਹਨ। 

ਅਜਿਹੀ ਟਿੱਪਣੀਆਂ 'ਚ ਤੁਹਾਡੀ ਫ਼ਿਲਮ ਦੀ ਚਰਚਾ ਵੀ ਹੋ ਰਹੀ ਹੈ।ਗੁਰਵਿੰਦਰ ਸਿੰਘ ਦੀ ਫ਼ਿਲਮ ਅੰਨ੍ਹੇ ਘੋੜੇ ਦਾ ਦਾਨ ਫ਼ਿਲਮ ਬਾਰੇ ਵੀ ਕੁਝ ਅਜਿਹੀ ਟਿੱਪਣੀਆਂ ਹੋਈਆਂ ਕਿ ਸਾਨੂੰ ਪੰਜਾਬੀ ਸਿਨੇਮਾ ਦਾ ਸਤਿਆਜੀਤ ਰੇ ਮਿਲ ਗਿਆ।ਇਹ ਚੰਗਾ ਸੰਕੇਤ ਹੈ ਜਾਂ ਅਸੀ ਅਜਿਹੀ ਚੀਜ਼ ਨੂੰ ਸਥਾਪਤ ਕਰਨ ਦੀ ਕਾਹਲੀ ਕਰ ਰਹੇ ਹਾਂ? 

 :ਨਹੀਂ ਕੋਈ ਅਜਿਹਾ ਕਹਿ ਰਿਹਾ ਹੈ ਤਾਂ ਇਹ ਸਾਡੇ ਲਈ ਚੰਗੀ ਗੱਲ ਹੈ।ਹਾਂ ਸੁਧਾਰ ਦੀ ਗੁੰਜਾਇਸ਼ ਸਦਾ ਰਹਿਣੀ ਚਾਹੀਦੀ ਹੈ ਅਜੇ ਬਹੁਤ ਸਾਰੇ ਕੰਮ ਕਰਨੇ ਹਨ।ਅਸੀ ਉਹਨਾਂ ਮਹਾਨ ਫ਼ਿਲਮਸਾਜ਼ਾਂ ਦੇ ਬਰਾਬਰ ਤਾਂ ਨਹੀਂ ਪਹੁੰਚੇ ਪਰ ਅਜਿਹਾ ਕਿਸੇ ਚੀਜ਼ ਨੂੰ ਸਥਾਪਿਤ ਕਰਨ ਲਈ ਨਹੀਂ ਕਿਹਾ ਜਾ ਰਿਹਾ ਸਗੋਂ ਇਹ ਤਾਂ ਹੌਂਸਲਾ ਅਫਜ਼ਾਈ ਹੈ।'ਅੰਨ੍ਹੇ ਘੋੜੇ ਦਾ ਦਾਨ' ਫ਼ਿਲਮ ਮੈਂ ਖੁਦ ਵੇਖੀ ਸੀ ਟੋਰਾਂਟੋ ਫ਼ਿਲਮ ਫੈਸਟੀਵਲ ਦੌਰਾਨ,ਇਹ ਫ਼ਿਲਮ ਬਹੁਤ ਹੀ ਵਧੀਆ ਫ਼ਿਲਮ ਹੈ। 

ਕੁਦੇਸਣ ਫ਼ਿਲਮ ਦੀ ਕਹਾਣੀ ਔਰਤ ਮਨ ਦੀ ਸੰਵੇਦਨਾ ਨੂੰ ਕਿੰਝ ਬੁਣਦੀ ਹੈ?

:ਇਹ ਕਹਾਣੀ ਇੱਕ ਕੁੜੀ ਦੁਆਲੇ ਘੁੰਮਦੀ ਹੈ ਜਿਹਦਾ ਪਿਓ ਬਿਹਾਰ 'ਚ ਰਹਿੰਦਾ ਹੈ ਤੇ ਗ਼ਰੀਬੀ ਕਰਕੇ ਆਪਣੀ ਕੁੜੀ ਨੂੰ ਪੰਜਾਬ ਵੇਚ ਦਿੰਦਾ ਹੈ।ਇਸ ਤੋਂ ਪਹਿਲਾਂ ਵੀ ਉਹਨੇ ਇੱਕ ਕੁੜੀ ਵੇਚੀ ਹੁੰਦੀ ਹੈ।ਏਧਰ ਪੰਜਾਬ 'ਚ ਪਾਲਾ ਸਿੰਘ ਨਾਮ ਦਾ ਕਿਰਦਾਰ ਹੁੰਦਾ ਹੈ ਜੋ ਕਾਫੀ ਬਿਰਧ ਹੋ ਚੁੱਕਾ ਹੈ।ਉਸ ਘਰ ਕੋਈ ਮੁੰਡਾ ਨਹੀਂ ਹੈ ਅਤੇ ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਕਿ ਤੂੰ ਮੈਨੂੰ ਕੋਈ ਮੁੰਡਾ ਤਾਂ ਦੇ ਨਹੀਂ ਸਕਦੀ ਸੋ ਮੈਨੂੰ ਤਾਂ ਆਪਣੀ ਜ਼ਮੀਨ ਲਈ ਸੰਤਾਨ ਚਾਹੀਦੀ ਹੈ।ਕਿਉਂ ਕਿ ਉਹਦੀ ਦੋ ਕੁੜੀਆਂ ਹੀ ਸਨ ਜੋ ਵਿਆਹ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਨੂੰ ਆਪਣੇ ਚਾਰ ਕਿਲੇ ਜ਼ਮੀਨ ਲਈ ਵਾਰਸ ਚਾਹੀਦਾ ਹੈ।ਫਿਰ ਉਹਦੀ ਘਰ ਵਾਲੀ ਉਹਨੂੰ ਸਲਾਹ ਦਿੰਦੀ ਹੈ ਕਿ ਤੂੰ ਬਿਹਾਰ ਤੋਂ ਕੁੜੀ ਖਰੀਦ ਲਿਆ।ਇਹ ਕੁੜੀ 10 ਹਜ਼ਾਰ ਦੀ ਮੱਝ ਵੇਚਕੇ 6 ਹਜ਼ਾਰ ਦੇ ਮੁੱਲ ਨਾਲ ਲਿਆਈ ਜਾਂਦੀ ਹੈ। ਇੰਝ ਉਹ ਫਿਰ ਆਪਣੀ ਮੱਝ ਵੇਚ ਕੇ ਕੁੜੀ ਖਰੀਦਕੇ ਲਿਆਉਂਦੇ ਹਨ ਤਾਂ ਕਿ ਸੰਤਾਨ ਪ੍ਰਾਪਤੀ ਹੋ ਸਕੇ।ਸੋ ਇਹ ਫ਼ਿਲਮ ਇੱਕ ਔਰਤ ਦੇ ਜਜ਼ਬਾਤ ਉਹਦੀ ਤੜਪ ਨੂੰ ਬਿਆਨ ਕਰਦੀ ਹੋਈ ਸਾਡੇ ਸਾਹਮਣੇ ਕਈ ਸਵਾਲ ਪੇਸ਼ ਕਰਦੀ ਹੈ।  

ਫ਼ਿਲਮ ਨੂੰ ਬਣਾਉਣ ਦੌਰਾਨ ਔਰਤਾਂ ਨਾਲ ਜੁੜੇ ਮਸਲਿਆਂ ਨੂੰ ਤੁਸੀਂ ਕਾਫੀ ਨੇੜੇ ਤੋਂ ਸਮਝਿਆ ਹੋਵੇਗਾ? 

:ਜਦੋਂ ਅਸੀ ਔਰਤਾਂ ਨਾਲ ਜੁੜੇ ਮਸਲਿਆ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਸੰਸਾਰ ਦਾ ਸਭ ਤੋਂ ਵੱਡਾ ਕ੍ਰਿਮਿਨਲ ਟ੍ਰੇਡ ਹੈ ਔਰਤਾਂ ਦੀ ਖਰੀਦੋ ਫਰੋਖ਼ਤ।ਪਹਿਲਾਂ ਨਸ਼ਾਖੋਰੀ ਨੂੰ ਲੈਕੇ ਧੰਦਾ ਤੇ ਉਸ ਤੋਂ ਬਾਅਦ ਔਰਤਾਂ ਦੀ ਖਰੀਦੋ ਫਰੋਖ਼ਤ।ਇਹ ਹੁਣ ਤੋਂ ਨਹੀਂ ਬਹੁਤ ਪੁਰਾਣਾ ਚਲਿਆ ਆ ਰਿਹਾ ਹੈ ਅਤੇ ਇਹਦੀਆਂ ਜੜ੍ਹਾ ਸਿਰਫ ਪੰਜਾਬ ਜਾਂ ਬਿਹਾਰ ਤੱਕ ਨਹੀਂ ਸਗੋਂ ਪੂਰੇ ਸੰਸਾਰ 'ਚ ਔਰਤਾਂ ਦੀ ਖਰੀਦੋ ਫਰੋਖ਼ਤ ਇੱਕ ਦੇਸ਼ ਤੋਂ ਦੂਜੇ ਦੇਸ਼ ਬਹੁਤ ਵੱਡੇ ਪੱਧਰ 'ਤੇ ਹੁੰਦੀ ਹੈ। ਇਹ ਪੂਰਾ ਸਿਸਟਮ ਬਹੁਤ ਲੈਅਬੱਧ ਤਰੀਕੇ ਨਾਲ ਚਲਾਇਆ ਜਾਂਦਾ ਹੈ।ਅਜਿਹੇ 'ਚ ਬਾਬਾ ਨਾਨਕ ਦੀ ਕਹੀ ਗੱਲ ਔਰਤ ਦੇ ਹੱਕ 'ਚ ਸਭ ਬੇਮਾਇਨੇ ਹੋ ਜਾਂਦੀ ਹੈ ਕਿਉਂ ਕਿ ਅਜਿਹੇ ਵਪਾਰੀਕਰਨ ਨੂੰ ਲੈਕੇ ਕੋਈ ਗੰਭੀਰ ਕਦਮ ਨਹੀਂ ਚੁੱਕੇ ਗਏ ਅਤੇ ਇਸ 'ਚ ਪ੍ਰਸਾਸ਼ਨਕ ਹੱਲਾਸ਼ੇਰੀ ਨਾ ਮਿਲਦੀ ਹੋਵੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।ਇਸ ਬਾਰੇ ਇੱਕ ਹੋਰ ਨੁਕਤਾ ਸਾਨੂੰ ਬੇਚੈਨ ਕਰੇਗਾ ਕਿ ਵੂਮੈਨ ਟੈਫਕਿੰਗ ਜਾਂ ਟ੍ਰੇਡਿੰਗ ਪਹਿਲਾਂ ਨਾਲੋਂ ਘੱਟ ਨਹੀਂ ਹੋਈ ਸਗੋਂ ਹੋਰ ਵਧੀ ਹੈ।ਮੇਰਾ ਕਹਿਣ ਦਾ ਅਰਥ ਇਹੋ ਸੀ ਕਿ ਇਸ ਫ਼ਿਲਮ ਜ਼ਰੀਏ ਮੈਂ ਇਹੋ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਔਰਤ ਜੋ ਕੇ ਕੋਈ ਦੂਜੀ ਪ੍ਰਾਣੀ ਨਹੀਂ ਹੈ ਉਹ ਬੰਦੇ ਦੇ ਬਰਾਬਰ ਹੈ ਅਸੀਂ ਉਸ ਨੂੰ ਕਿਵੇਂ ਵੇਚ ਸਕਦੇ ਹਾਂ।ਕਿਉਂ ਕਿ ਉਸ 'ਚ ਵੀ ਜਾਨ ਹੈ ਅਤੇ ਉਹ ਕੋਈ ਨਿਰਜੀਵ ਵਸਤੂ ਨਹੀਂ ਹੈ ਉਹ ਹੱਡ ਮਾਸ ਦੀ ਇੱਕ ਜ਼ਿੰਦਗੀ ਹੈ। 

ਔਰਤਾਂ ਦੀ ਖਰੀਦੋ ਫਰੋਖ਼ਤ ਦੇ ਤਾਣੇ ਬਾਣੇ ਨੂੰ ਸਮਝਦੇ ਹੋਏ ਇਹ ਸਮਝਨ ਦੀ ਕੋਸ਼ਿਸ਼ ਕੀਤੀ ਕਿ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ? :

ਮੈਨੂੰ ਲੱਗਦਾ ਹੈ ਕਿ ਇਹ ਅਜਿਹਾ ਵੀ ਨਹੀਂ ਕਿ ਇਸ 'ਤੇ ਕਾਬੂ ਨਾ ਪਾਇਆ ਜਾ ਸਕੇ।ਇਸ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ।ਹਾਲ ਹੀ 'ਚ ਚਰਚਾ 'ਚ ਰਿਹਾ ਆਮਿਰ ਖ਼ਾਨ ਦੇ ਸ਼ੋਅ 'ਚ ਮੈਨੂੰ ਉਹਦੀ ਇੱਕ ਕਹੀ ਗੱਲ ਬਹੁਤ ਸੋਹਣੀ ਲੱਗੀ।ਉਹਨੇ ਕਿਹਾ ਸੀ ਕਿ ਤੁਸੀ ਇਹ ਸੋਚੋ ਕਿ ਸਾਡੇ ਕੋਲ ਇੱਕ ਜਾਦੂ ਦੀ ਛੜੀ ਹੈ ਅਤੇ ਇਹ ਛੜੀ ਕੋਈ ਹੋਰ ਨਹੀਂ ਸਗੋਂ ਅਸੀਂ ਖੁਦ ਹਾਂ।ਜਦੋਂ ਤੱਕ ਅਸੀ ਖੁਦ ਪਹਿਲ ਨਹੀਂ ਕਰਦੇ ਉਦੋਂ ਤੱਕ ਸਮਾਜ 'ਚ ਕੁਝ ਵੀ ਬਦਲਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ।ਕਿਉਂ ਕਿ ਪੂਰੇ ਦਾ ਪੂਰਾ ਸਿਸਟਮ ਜੇ ਸਾਡੇ ਲਈ ਹੈ ਤਾਂ ਇਸ ਨੂੰ ਵੀ ਅਸੀਂ ਰੱਦ ਨਹੀਂ ਕਰ ਸਕਦੇ ਕਿ ਪੂਰਾ ਸਿਸਟਮ ਬਣਦਾ ਤਾਂ ਸਾਡੇ ਤੋਂ ਹੈ।ਸ਼ੁਰੂਆਤ ਹਮੇਸ਼ਾ ਕਦਮ ਅੱਗੇ ਵਧਾਉਣ ਨਾਲ ਹੀ ਹੁੰਦੀ ਹੈ ਹੁਣ ਇਹ ਸਾਡੇ 'ਤੇ ਹੈ ਕਿ ਅਸੀ ਉਹ ਕਦਮ ਵਧਾ ਰਹੇ ਹਾਂ ਕਿ ਨਹੀਂ।ਇਸ ਲਈ ਉਨ੍ਹਾਂ ਇਲਾਕਿਆਂ 'ਚ ਗ਼ਰੀਬੀ ਸਭ ਤੋਂ ਵੱਡਾ ਕਾਰਨ ਹੈ ਜਦੋਂ ਤੱਕ ਸਰਕਾਰਾਂ ਇਸ ਗ਼ਰੀਬੀ ਨੂੰ ਦੂਰ ਕਰਨ ਬਾਰੇ ਨਹੀਂ ਸੋਚਣਗੀਆਂ ਉਦੋਂ ਤੱਕ ਕੁਝ ਬਦਲ ਦੀ ਕਲਪਣਾ ਸੰਭਵ ਨਹੀਂ ਹੈ।ਤੁਸੀ ਅਕਸਰ ਵੇਖਦੇ ਹੋ ਕਿ ਨੇਪਾਲ ਲੋਕ ਜਾਂਦੇ ਹਨ ਅਤੇ ਉਧਰੋਂ ਟੈਂਪੂ 'ਤੇ ਕੁੜੀ ਬਿਠਾ ਲਿਆਉਂਦੇ ਹਨ।ਇਹ ਸਾਰਾ ਕੁਝ ਇੰਨਾ ਸੌਖਾ ਹੈ ਕਿ ਕਿਸੇ ਨੂੰ ਇਸ 'ਤੇ ਸ਼ੱਕ ਵੀ ਨਹੀਂ ਹੁੰਦਾ। 

ਫ਼ਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਤੁਸੀਂ ਸੰਗੀਤ 'ਚ ਵੀ ਯਥਾਰਥ ਨੂੰ ਸਿਰਜਣ ਲਈ ਬਹੁਤ ਨਵੇਕਲਾ ਪ੍ਰਯੋਗ ਕੀਤਾ ਹੈ?

:ਇਸ ਸਭ ਲਈ ਮੇਰੇ ਮਨ 'ਚ ਇੱਕੋ ਗੱਲ ਸੀ ਕਿ ਮੈਂ ਸੰਗੀਤ ਦੇ ਵਪਾਰਕ ਪੱਖ ਨੂੰ ਨਹੀਂ ਸੀ ਵੇਖ ਰਿਹਾ ਸਗੋਂ ਮੈਂ ਕਹਾਣੀ ਦੇ ਮਿਜਾਜ਼ ਅਤੇ ਕਿਰਦਾਰਾਂ ਦੀ ਰੂਹਦਾਰੀ ਮੁਤਾਬਕ ਸੰਗੀਤ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਹੈ।ਜਿਵੇਂ ਕਿ ਫ਼ਿਲਮ ਵਿਚਲੀ ਮੁੱਖ ਜਨਾਨੀ ਕਿਰਦਾਰ ਬਿਹਾਰ ਦੀ ਹੈ ਅਤੇ ਉਹਦੇ ਸੰਤਾਪ ਨੂੰ ਬਿਆਨ ਕਰਨ ਲਈ ਮੈਂ ਉਹਦੀ ਮਾਨਸਿਕ ਦਸ਼ਾ ਮੁਤਾਬਕ ਹੀ ਸੰਗੀਤ ਨੂੰ ਵਰਤਿਆ ਹੈ।ਇਸੇ ਲਈ ਕੁਦੇਸਣ ਪੰਜਾਬੀ ਫ਼ਿਲਮ ਹੋਣ ਦੇ ਬਾਵਜੂਦ ਸੰਗੀਤ ਪੱਖੋਂ ਭੋਜਪੁਰੀ ਹੈ।ਕਿਉਂ ਕਿ ਗੀਤ ਸਮਾਜ ਦੇ ਕਿਰਦਾਰ ਦੀ ਸਿਰਜਣਾ ਹੁੰਦੇ ਹਨ।ਫ਼ਿਲਮ 'ਚ ਜਦੋਂ ਮੈਂ ਪੰਜਾਬੀ ਕਿਰਦਾਰਾਂ ਦੀ ਖੁਸ਼ੀ ਵਿਖਾਉਂਦਾ ਹਾਂ ਤਾਂ ਮੈਂ ਸੰਗੀਤ ਵੀ ਪੰਜਾਬੀ ਲੋਕ ਸੱਭਿਆਚਾਰ ਦਾ ਹੀ ਰੱਖਦਾ ਹਾਂ।ਜਦੋਂ ਫ਼ਿਲਮ ਦੀ ਮੁੱਖ ਜਨਾਨੀ ਕਿਰਦਾਰ ਦੇ ਜਜ਼ਬਾਤ ਨੂੰ ਵਿਖਾਉਣਾ ਹੋਵੇ ਤਾਂ ਸੰਗੀਤ ਵੀ ਭੋਜਪੁਰੀ 'ਚ ਹੋ ਜਾਂਦਾ ਹੈ।ਕਿਉਂ ਕਿ ਇਸ ਕਿਰਦਾਰ ਦੀਆਂ ਦੁੱਖ ਤਕਲੀਫਾਂ,ਸੰਤਾਪ,ਖੁਸ਼ੀ ਚੋਂ ਹੀ ਉਹਦੇ ਲੋਕ ਗੀਤ ਪੈਦਾ ਹੋਏ ਹਨ।ਫ਼ਿਲਮ ਨੂੰ ਜ਼ਮੀਨੀ ਸੱਚਾਈ ਦੇ ਨੇੜੇ ਲਿਆਉਣ ਲਈ ਮੈਂ ਅਜਿਹਾ ਜ਼ਰੂਰੀ ਸਮਝਿਆ। 

ਇਸ ਤੋਂ ਬਾਅਦ ਕੀ ਵਿਉਂਤਬੰਦੀਆਂ ਹੋ ਰਹੀਆਂ ਹਨ? 

:ਮੈਂ ਇੱਕ ਹਿੰਦੀ ਫ਼ਿਲਮ ਬਣਾਉਣ ਜਾ ਰਿਹਾ ਹਾਂ ਜੋ ਕਿ ਪਤੀ ਪਤਨੀ ਦੀ ਇੱਕ ਅਪਾਰਟਮੈਂਟ 'ਚ ਹੋ ਰਹੇ ਘਟਨਾਕ੍ਰਮ ਦੀ ਸਸਪੈਂਸ ਥ੍ਰਿਲਰ ਫ਼ਿਲਮ ਹੈ ਅਤੇ ਇੱਕ ਮੈਂ ਬਹੁਤ ਹੀ ਪਿਆਰੀ ਪ੍ਰੇਮ ਕਹਾਣੀ ਬਣਾਉਣੀ ਚਾਹੁੰਦਾ ਹਾਂ।ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆਵੇਗੀ ਇਹ ਮੇਰਾ ਯਕੀਨ ਹੈ ਕਿਉਂ ਕਿ ਇਸ ਨੂੰ ਵੇਖਕੇ ਦਰਸ਼ਕਾਂ ਨੂੰ ਗੁਲਜ਼ਾਰ ਸਾਹਬ ਦੀ ਫ਼ਿਲਮ 'ਕੋਸ਼ਿਸ਼' ਜ਼ਰੂਰ ਯਾਦ ਆਵੇਗੀ।

ਮੁਲਾਕਾਤੀ--ਹਰਪ੍ਰੀਤ ਸਿੰਘ ਕਾਹਲੋਂ