ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, January 15, 2015

ਅਣਖ ਲਈ ਕਤਲਾਂ ਦਾ ਜ਼ਰਖ਼ੇਜ਼ ਮਾਹੌਲ

ਨੌਜਵਾਨ ਮੁੰਡੇ-ਕੁੜੀਆਂ ਵੱਲੋਂ ਇੱਕ-ਦੂਜੇ ਨਾਲ ਰਹਿਣ ਦਾ ਫ਼ੈਸਲਾ ਮਾਪਿਆਂ ਨੂੰ ਇਸ ਹੱਦ ਤੱਕ ਨਾਖ਼ੁਸ਼ਗਬਾਰ ਗੁਜ਼ਰਦਾ ਹੈ ਕਿ ਹੱਥੀਂ-ਪਾਲੇ ਪੁੱਤਾਂ-ਧੀਆਂ ਨੂੰ ਕਤਲ ਕੀਤਾ ਜਾਂ ਕਰਵਾਇਆ ਜਾਂਦਾ ਹੈ। ਕਤਲ ਤੋਂ ਪਹਿਲਾਂ ਦਾ ਵਿਹਾਰ ਖ਼ਬਰ ਦਾ ਰੁਤਬਾ ਹਾਸਲ ਨਹੀਂ ਕਰਦਾ। ਕਤਲ ਤੋਂ ਪਹਿਲਾਂ ਦਾ ਵਿਹਾਰ ਨਿੱਜੀ ਜਾਂ ਪਰਿਵਾਰ ਦੇ ਘੇਰੇ ਵਿੱਚ ਰਹਿੰਦਾ ਹੈ। ਇਨ੍ਹਾਂ ਕਤਲਾਂ ਲਈ ਕਸੂਰਵਾਰ ਧਿਰ ਨਾਲ ਹਮਦਰਦੀ ਹਰ ਤਬਕੇ ਅਤੇ ਅਦਾਰੇ ਵਿੱਚ ਮਿਲ ਜਾਂਦੀ ਹੈ। ਨਤੀਜੇ ਵਜੋਂ ਕਾਤਲ ਨਮੋਸ਼ੀ ਅਤੇ ਸਜ਼ਾ ਤੋਂ ਬਚ ਜਾਂਦਾ ਹੈ ਅਤੇ ਸਮਾਜਿਕ-ਰਹਿਤ ਦੇ ਰਾਖੇ ਵਜੋਂ ਵਡਿਆਇਆ ਜਾਂਦਾ ਹੈ। ਕਾਤਲ ਨੂੰ ਪੀੜਤ ਵਜੋਂ ਵੇਖਿਆ ਜਾਂਦਾ ਹੈ ਕਿਉਂ ਜੋ ਉਸ ਨੂੰ 'ਮਜਬੂਰੀਵਸ ਜਿਗਰ ਦੇ ਟੁਕੜਿਆਂ ਖ਼ਿਲਾਫ਼' ਇਹ ਕਾਰਵਾਈ ਕਰਨੀ ਪਈ ਹੈ। ਮੌਜੂਦਾ ਦੌਰ ਵਿੱਚ ਇਸ ਰੁਝਾਨ ਦੇ ਪੱਖ ਵਿੱਚ ਬੌਧਿਕ ਦਲੀਲ ਕਮਜ਼ੋਰ ਜਾਪਦੀ ਹੈ ਪਰ ਇਸ ਦੀ ਮੂੰਹਜ਼ੋਰੀ ਹਰ ਤਬਕੇ ਦੇ ਵਿਹਾਰ ਵਿੱਚ ਝਲਕਦੀ ਰਹਿੰਦੀ ਹੈ। ਬੌਧਿਕ ਤਬਕੇ ਵਿੱਚ 'ਕਾਨੂੰਨੀ ਘੇਰੇ' ਦਾ ਚੋਖਾ ਲਿਹਾਜ ਰੱਖਿਆ ਜਾਂਦਾ ਹੈ। ਚਰਚਾ ਦਾ ਵਿਸ਼ਾ ਕਾਨੂੰਨ ਦੇ ਘੇਰੇ ਵਿੱਚ ਆਉਂਦੇ ਕਤਲ ਤੱਕ ਮਹਿਦੂਦ ਰਹਿੰਦਾ ਹੈ। ਇਨ੍ਹਾਂ ਕਤਲਾਂ ਬਾਬਤ ਕਾਨੂੰਨੀ ਦਲੀਲ 'ਆਤਮ ਰੱਖਿਆ ਲਈ ਕੀਤੇ ਕਤਲਾਂ' ਦੇ ਘੇਰੇ ਵਿੱਚ ਨਹੀਂ ਆਉਂਦੀ ਪਰ ਸਮਾਜਿਕ ਦਲੀਲ ਵਿੱਚ ਇਨ੍ਹਾਂ ਨੂੰ 'ਆਤਮ ਰੱਖਿਆ ਲਈ ਕੀਤੇ ਕਤਲਾਂ' ਦੀ ਥਾਂ ਮਿਲਦੀ ਹੈ।

ਸੁਆਲ ਇਹੋ ਹੈ ਕਿ 'ਆਤਮ ਰੱਖਿਆ' ਦਾ ਕਿਹੜਾ ਪੱਖ ਹੈ ਜੋ ਇੰਨਾ ਮੂੰਹਜ਼ੋਰ ਹੈ? ਬੰਦੇ ਦੀ ਸਮਾਜਿਕ-ਰੱਖਿਆ (ਅਣਖ) ਨੂੰ ਦੋ ਜੀਆਂ ਦੇ ਮੇਲ ਤੋਂ ਕੀ ਖ਼ਤਰਾ ਹੈ? ਇਸ ਅਣਖ ਦਾ ਸੱਭਿਆਚਾਰ ਨਾਲ ਕੀ ਰਿਸ਼ਤਾ ਹੈ? ਆਮ ਤੌਰ ਉੱਤੇ ਅਜਿਹੇ ਵਿਆਹਾਂ ਨੂੰ ਸਮਾਜਿਕ ਰਹਿਤ ਦੇ ਖ਼ਿਲਾਫ਼ ਮੰਨਿਆ ਜਾਂਦਾ ਹੈ। ਇਹ ਸੁਆਲ ਸਮਾਜਿਕ-ਰਹਿਤ ਦੇ ਘੇਰੇ ਵਿੱਚ ਆਉਂਦਾ ਹੈ ਕਿ ਕਿਸ ਦਾ ਵਿਆਹ ਕਿਸ ਨਾਲ ਹੋ ਸਕਦਾ ਹੈ ਅਤੇ ਕਿਸ ਦਾ ਵਿਆਹ ਕਿਸ ਨਾਲ ਨਹੀਂ ਹੋ ਸਕਦਾ। ਇਸ ਮਾਮਲੇ ਵਿੱਚ ਗੋਤ, ਜਾਤ, ਧਰਮ, ਸ਼ਰੀਕੇ ਅਤੇ ਬਰਾਦਰੀ ਦੀਆਂ ਹੱਦਾਂ ਹਨ ਜੋ ਮੌਕੇ ਅਤੇ ਬੰਦੇ ਮੁਤਾਬਕ ਸੌੜੀਆਂ ਜਾਂ ਮੋਕਲੀਆਂ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਹੱਦਾਂ ਦੀ ਮਜ਼ਬੂਤੀ ਦੀਆਂ ਮਿਸਾਲਾਂ ਜੇ ਕਤਲ ਹਨ ਤਾਂ ਇਨ੍ਹਾਂ ਦੇ ਬੇਮਾਅਨਾ ਹੋਣ ਦਾ ਸਬੂਤ ਅਖ਼ਬਾਰਾਂ ਵਿੱਚ ਛਪਦੇ ਵਿਆਹਾਂ ਦੇ ਇਸ਼ਤਿਹਾਰ ਹਨ। ਇਨ੍ਹਾਂ ਇਸ਼ਤਿਹਾਰਾਂ ਵਿੱਚ ਆਮ ਤੌਰ ਉੱਤੇ ਧਰਮ, ਜਾਤ ਅਤੇ ਗੋਤ ਦੀ ਪਛਾਣ ਉਗੜਵੇਂ ਤੌਰ ਉੱਤੇ ਦੱਸੀ ਜਾਂਦੀ ਹੈ। ਵੱਡੀ ਗਿਣਤੀ ਵਿੱਚ ਇਸ਼ਤਿਹਾਰ ਹੁੰਦੇ ਹਨ ਜਿਨ੍ਹਾਂ ਵਿੱਚ ਧਰਮ, ਜਾਤ ਅਤੇ ਗੋਤ ਦੀ ਥਾਂ ਨਵੀਂ ਸ਼ਰਤ ਹੁੰਦੀ ਹੈ। 'ਅੰਗਰੇਜ਼ੀ ਦੇ ਇਮਤਿਹਾਨ ਪਾਸ ਕਰ' ਚੁੱਕੀਆਂ ਕੁੜੀਆਂ ਲਈ ਮੁੰਡੇ ਵਾਲੇ ਵਿਆਹ ਅਤੇ ਵਿਦੇਸ਼ ਜਾਣ ਦਾ ਖ਼ਰਚ ਚੁੱਕਣ ਲਈ ਤਿਆਰ ਹਨ। ਮੁੰਡੇ ਦੇ ਇਸ਼ਤਿਹਾਰ ਨਾਲ ਸ਼ਰਤ ਲੱਗਦੀ ਹੈ ਕਿ ਕੁੜੀ ਵਾਲਿਆਂ ਦੀ ਰਿਸ਼ਤੇਦਾਰੀ ਵਿੱਚੋਂ ਕੋਈ ਮੁੰਡਾ ਇਸ਼ਹਿਤਾਰ ਵਾਲਿਆਂ ਦੀ ਕੁੜੀ ਨੂੰ ਵਿਆਹ ਕਰਵਾਕੇ ਕਿਸੇ ਦੂਜੇ ਮੁਲਕ ਲੈ ਕੇ ਜਾਵੇ। ਇਨ੍ਹਾਂ ਤੋਂ ਬਿਨਾਂ ਕੱਚੇ, ਠੇਕੇ ਅਤੇ ਅੱਟੇ-ਸੱਟੇ ਦੇ ਵਿਆਹਾਂ ਦੇ ਇਸ਼ਤਿਹਾਰ ਛਪਦੇ ਹਨ। ਇਸ਼ਤਿਹਾਰ ਦੇਣ ਵਾਲਿਆਂ ਨਾਲ ਰਾਬਤਾ ਕਰਨ ਉੱਤੇ ਪਹਿਲੀ ਗੱਲ ਪੈਸੇ ਜਾਂ ਦੂਜੀਆਂ ਸ਼ਰਤਾਂ ਦੀ ਹੁੰਦੀ ਹੈ। ਵਿਦੇਸ਼ੀਂ ਜਾਣ ਲਈ ਸਕੇ ਭੈਣ-ਭਰਾਵਾਂ ਤੱਕ ਨਾਲ ਵਿਆਹ ਕਰਵਾਕੇ ਵੀਜ਼ੇ ਲਗਵਾਉਣ ਦੀ ਮਿਸਾਲਾਂ ਬਹੁਤ ਹਨ। ਸਮਾਜਿਕ, ਧਾਰਮਿਕ ਅਤੇ ਕਾਨੂੰਨੀ ਅਦਾਰੇ ਇਨ੍ਹਾਂ ਕੱਚੇ, ਠੇਕੇ ਅਤੇ ਅੱਟੇ-ਸੱਟੇ ਦੇ ਵਿਆਹਾਂ ਨੂੰ ਧਾਰਮਿਕ, ਸਮਾਜਿਕ ਅਤੇ ਕਾਨੂੰਨੀ ਮਾਨਤਾ ਦੇਣ ਲਈ ਸਚੇਤ ਹਿੱਸਾ ਪਾਉਂਦੇ ਹਨ। ਰਿਸ਼ਤੇਦਾਰ ਅਤੇ ਸੱਜਣ-ਮਿੱਤਰ ਇਨ੍ਹਾਂ ਵਿਆਹਾਂ ਉੱਤੇ ਸਮਾਜਿਕ ਮੋਹਰ ਲਗਾਉਣ ਅਤੇ ਸਫ਼ਾਰਤਖ਼ਾਨਿਆਂ ਦੇ ਪੁਖ਼ਤਾ ਸਬੂਤ ਬਣਨ ਲਈ ਸੱਜਣ-ਧੱਜਣ, ਖਾਣ-ਪੀਣ, ਨੱਚਣ-ਗਾਉਣ ਅਤੇ ਹੱਸ-ਹੱਸ ਸ਼ਗਨ ਪਾਉਣ ਦੇ ਮੁਕਾਬਲੇ ਕਰਦੇ ਹਨ।


ਸਫ਼ਾਰਤਖ਼ਾਨਿਆਂ ਵਿੱਚ ਹਰ ਵਿਆਹ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਸ਼ੰਕਾ-ਨਵਿਰਤੀ ਲਈ ਕੁੱਖ ਤੋਂ ਘਰਾਂ ਤੱਕ ਦਾ ਹਰ ਸਾਂਗ ਰਚਿਆ ਜਾ ਰਿਹਾ ਹੈ। ਇਸ ਰੁਝਾਨ ਉੱਤੇ ਸਮਾਜਿਕ-ਰਹਿਤ ਦੇ ਹਵਾਲੇ ਨਾਲ ਕੀਤਾ ਹਰ ਸੁਆਲ 'ਸਾਰੇ ਧੋਣੇ ਧੋ ਦੇਣ' ਜਾਂ 'ਸੱਤ ਪੁਸ਼ਤਾਂ ਤਾਰ ਦੇਣ' ਲਈ ਮਿਲਣ ਵਾਲੇ ਵਿਜ਼ਿਆਂ ਸਾਹਮਣੇ ਨਿਗੂਣਾ ਸਾਬਤ ਹੁੰਦਾ ਹੈ। ਨਤੀਜੇ ਵਜੋਂ ਵਿਦੇਸ਼ੀਂ ਵਸਦੇ ਪਰਵਾਸੀ ਲਾੜਿਆਂ ਨੂੰ ਉਡੀਕਦੀਆਂ ਦੁਹਾਗਣਾਂ ਨੂੰ ਨੀਮ-ਵਿਧਵਾਵਾਂ ਦਾ ਵਿਸ਼ੇਸ਼ਣ ਮਿਲਿਆ ਹੈ। ਉਹ ਆਪਣੇ ਬੱਚਿਆਂ ਨੂੰ ਇੱਕਲੀਆਂ ਪਾਲਣ ਲਈ ਮਜਬੂਰ ਹੋਈਆਂ ਹਨ। ਜਹਾਜ਼ ਚੜ੍ਹਣ ਦੀ ਆਸ ਲਗਾਈਂ ਬੈਠੇ ਮਾਪੇ ਅਤੇ ਭਾਈ-ਭਤੀਜੇ ਇਨ੍ਹਾਂ ਦੀਆਂ ਰੀਝਾਂ ਦੀ ਬੇਕਦਰੀ ਤੋਂ ਮੂੰਹ ਫੇਰ ਕੇ ਹੀ 'ਲੋਕ-ਲਾਜ' ਪਾਲਦੇ ਹਨ।


ਇਸੇ ਦੌਰਾਨ ਕਾਨੂੰਨੀ ਪੱਧਰ ਉੱਤੇ ਰਸਮੀ ਵਿਆਹ ਤੋਂ ਬਿਨ੍ਹਾਂ ਇਕੱਠੇ ਰਹਿ ਰਹੇ ਜੀਆਂ ਨੂੰ ਜੋੜਿਆਂ ਵਾਲੇ ਅਖ਼ਤਿਆਰਾਂ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਇਨ੍ਹਾਂ ਜੋੜਿਆਂ ਦੀ ਔਲਾਦ ਦੇ ਜਾਇਦਾਦ ਉੱਤੇ ਅਖ਼ਤਿਆਰਾਂ ਤੋਂ ਲੈ ਕੇ ਵੱਖ ਹੋਣ ਦੇ ਮਸਲੇ ਕਾਨੂੰਨ ਦੇ ਘੇਰੇ ਵਿੱਚ ਲਿਆਂਦੇ ਗਏ ਹਨ। ਵਿਆਹ ਦੇ ਵਾਅਦੇ ਨਾਲ ਕੀਤੀ ਨੇੜਤਾ ਨੂੰ ਵਾਅਦਾਫਿਰੋਸ਼ੀ ਦੀ ਹਾਲਤ ਵਿੱਚ ਸਹਿਮਤੀ ਦੇ ਘੇਰੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਇਨ੍ਹਾਂ ਸਾਰੀਆਂ ਤਬਦੀਲੀਆਂ ਨੂੰ ਬਦਲਦੇ ਸਮਾਜਿਕ ਵਿਹਾਰ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਨੌਜਵਾਨ ਮੁੰਡੇ-ਕੁੜੀਆਂ ਦੀ ਵੱਡੀ ਗਿਣਤੀ ਆਪਣੀ ਪੜ੍ਹਾਈ, ਨੌਕਰੀ, ਪੇਸ਼ੇ ਜਾਂ ਕਾਰੋਬਾਰ ਦੇ ਸਿਲਸਿਲੇ ਵਿੱਚ ਲਗਾਤਾਰ ਸਫ਼ਰਯਾਫ਼ਤਾ ਹੈ। ਇਨ੍ਹਾਂ ਦੀ ਸਫ਼ਰਯਾਫ਼ਤਾ ਜ਼ਿੰਦਗੀ ਆਪਣੇ ਰਿਸ਼ਤੇ ਤੈਅ ਕਰ ਰਹੀ ਹੈ। ਸਫ਼ਰਯਾਫ਼ਤਾ ਜੀਅ ਨੇ ਆਪਣੇ ਹਮਸਫ਼ਰਾਂ ਨਾਲ ਜਿਉਣ ਦਾ ਸਲੀਕਾ ਸਿੱਖਣਾ ਹੈ। ਜਦੋਂ ਸਫ਼ਰਯਾਫ਼ਤਾ ਜੀਅ ਦਾ ਪੜਾਅ 'ਰਵਾਇਤੀ ਘਰ' ਵਿੱਚ ਹੁੰਦਾ ਹੈ ਤਾਂ ਉਸ ਦੀਆਂ ਕਾਮਯਾਬੀਆਂ-ਨਾਕਾਮਯਾਬੀਆਂ ਨਾਲ ਪ੍ਰਵਾਨਗੀ-ਨਾਪ੍ਰਵਾਨਗੀ ਤੈਅ ਹੁੰਦੀ ਹੈ। ਕਾਮਯਾਬੀਆਂ-ਨਾਕਾਮਯਾਬੀਆਂ ਦੇ ਮਿਆਰ ਵੱਖਰੇ-ਵੱਖਰੇ ਹੋ ਸਕਦੇ ਹਨ। ਬੰਦੇ ਦੀ ਆਪਣੀ ਆਸ ਪ੍ਰਵਾਨ ਕੀਤੀ ਗਈ ਕਾਮਯਾਬੀ ਤੋਂ ਵਡੇਰੀ ਹੋ ਸਕਦੀ ਹੈ। ਬੰਦੇ ਤੋਂ ਕੀਤੀ ਗਈ ਆਸ ਉਸ ਦੀ ਪ੍ਰਾਪਤੀ ਤੋਂ ਵਡੇਰੀ ਹੋ ਸਕਦੀ ਹੈ। ਕਾਮਯਾਬੀਆਂ ਨਾਲ ਖੁੱਲ੍ਹ ਮਿਲਦੀ ਹੈ ਅਤੇ ਨਾਕਾਮਯਾਬੀਆਂ ਨਾਲ ਪਾਬੰਦੀ ਲੱਗਦੀ ਹੈ। ਕਾਮਯਾਬੀ-ਨਾਕਾਮਯਾਬੀ ਵਿਚਲਾ ਫ਼ਰਕ ਹਾਲਾਤ ਵਿੱਚ ਤਬਦੀਲੀ ਨਹੀਂ ਕਰਦਾ। ਨਤੀਜੇ ਵਜੋਂ ਬੰਦੇ ਦੇ ਅੰਦਰ ਲਗਾਤਾਰ ਟੁੱਟ-ਭੰਨ੍ਹ ਹੁੰਦੀ ਹੈ ਅਤੇ ਉਸ ਦੇ ਰਿਸ਼ਤੇ ਵੀ ਇਹੋ ਤਜਰਬਾ ਹੱਡੀਂ-ਹੰਢਾਉਂਦੇ ਹਨ।


ਮੁੰਡੇ-ਕੁੜੀ ਦੇ ਰਿਸ਼ਤੇ ਦੀ ਸਾਰੀ ਸਿਆਸਤ ਸਿਰਫ਼ ਘਰ, ਸ਼ਰੀਕੇ ਜਾਂ ਨਿੱਜੀ ਘੇਰਿਆਂ ਤੱਕ ਮਹਿਦੂਦ ਨਹੀਂ ਹੁੰਦੀ। ਸਿਆਸੀ ਪਾਰਟੀਆਂ ਦੀ ਸਰਪ੍ਰਸਤੀ ਵਿੱਚ ਜਥੇਬੰਦੀਆਂ ਮੁੰਡੇ-ਕੁੜੀ ਦੇ ਰਿਸ਼ਤੇ ਦੁਆਲੇ ਮੁੰਹਿਮਾਂ ਚਲਾਉਂਦੇ ਹਨ। ਇਨ੍ਹਾਂ ਜਥੇਬੰਦੀਆਂ ਦੀ ਦਲੀਲ ਰਹਿੰਦੀ ਹੈ ਕਿ ਕਿਸੇ ਧਰਮ ਦੇ ਮੁੰਡੇ ਵਿਉਂਤਬੰਦ ਢੰਗ ਨਾਲ ਦੂਜੇ ਧਰਮ ਦੀਆਂ ਕੁੜੀਆਂ ਨੂੰ ਵਰਗਲਾ ਰਹੇ ਹਨ। ਇਨ੍ਹਾਂ 'ਵਰਗਲਾਈਆਂ ਗਈਆਂ ਕੁੜੀਆਂ' ਦੀ ਵਾਪਸੀ ਲਈ ਮੁਹਿੰਮਾਂ ਚੱਲਦੀਆਂ ਹਨ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਆਗੂ ਇੰਦਰੀਸ਼ ਕੁਮਾਰ ਇਸ ਰੁਝਾਨ ਨੂੰ ਇੱਕ ਫਿਕਰੇ ਵਿੱਚ ਬਿਆਨ ਕਰਦੇ ਹਨ, "ਜੋ ਹਮਾਰੀ ਬੇਟੀਆਂ ਵਰਗਲਾਈ ਗਈ ਹੈ ਉਨ ਕੋ ਵਾਪਸ ਲਾਨਾ ਔਰ ਅਗਰ ਹਮਾਰੇ ਬੇਟੋਂ ਨੇ ਉਨ ਕੀ ਬੇਟੀਓਂ ਸੇ ਸ਼ਾਦੀ ਕਰ ਲੀ ਹੈ ਤੋ ਬਹੁਰਾਨੀ ਕਾ ਧਿਆਨ ਰਖਨਾ ਹਮਾਰਾ ਧਰਮ ਹੈ।" ਇਹ ਦਲੀਲ ਸਮਾਜਿਕ ਪੱਧਰ ਉੱਤੇ ਕਈ ਤਰ੍ਹਾਂ ਲਾਗੂ ਹੁੰਦੀ ਹੈ। ਜਾਤ ਦੇ ਮਾਮਲੇ ਵਿੱਚ ਇਹੋ ਦਲੀਲ ਦਿੱਤੀ ਜਾਂਦੀ ਹੈ। ਅਮੀਰ ਤਬਕਾ ਮੰਨਦਾ ਹੈ ਕਿ ਗ਼ਰੀਬ ਤਬਕੇ ਦੇ ਮੁੰਡੇ ਵਿਉਂਤਬੰਦ ਢੰਗ ਨਾਲ ਅਮੀਰਜ਼ਾਦੀਆਂ ਨੂੰ ਫਸਾਉਂਦੇ ਹਨ। ਇਸ ਦਲੀਲ ਤਹਿਤ ਕੁੜੀ ਨੂੰ ਵਰਗਲਾਈ ਜਾ ਸਕਣ ਵਾਲੀ ਕਮਅਕਲ ਵਜੋਂ ਪ੍ਰਵਾਨ ਕਰ ਲਿਆ ਗਿਆ ਹੈ ਜਿਸ ਦੀ ਰਾਖੀ ਕਰਨੀ ਮਰਦਾਂ ਦੀ 'ਜ਼ਿੰਮੇਵਾਰੀ' ਬਣਦੀ ਹੈ।


ਜਦੋਂ ਅਣਖ ਲਈ ਕਤਲ ਕੀਤੇ ਜਾਂਦੇ ਹਨ ਤਾਂ ਅਫ਼ਸੋਸ ਵਿੱਚ ਦਲੀਲ ਦਿੱਤੀ ਜਾਂਦੀ ਸੀ ਕਿ 'ਮਾਪੇ ਆਪਣੀਆਂ ਰੀਝਾਂ ਨੂੰ ਦਰਕਿਨਾਰ ਕਰ ਕੇ ਬੱਚਿਆਂ ਦੇ ਪਾਲਣ-ਪੋਸ਼ਨ ਅਤੇ ਪੜ੍ਹਾਈ-ਲਿਖਾਈ ਉੱਤੇ ਖ਼ਰਚ ਕਰਦੇ ਹਨ। ਬੱਚਿਆਂ ਨੂੰ ਖੁਦਗਰਜ਼ੀ ਨਹੀਂ ਕਰਨੀ ਚਾਹੀਦੀ।' ਜਦੋਂ ਬੱਚਿਆਂ ਨੂੰ ਪਾਲਿਆ ਹੀ ਗਰਜ਼ਾਂ ਤਹਿਤ ਜਾਂਦਾ ਹੈ ਤਾਂ ਨੌਜਵਾਨ ਹੋਏ ਮੁੰਡੇ-ਕੁੜੀਆਂ ਨੂੰ ਆਪਣੀ ਮਰਜ਼ੀ ਨਾਲ ਫ਼ੈਸਲੇ ਕਰਨ ਦੀ ਇਜਾਜ਼ਤ ਕਿਵੇਂ ਮਿਲ ਸਕਦੀ ਹੈ? ਕੁਝ ਲੋਕ 'ਆਪਣੇ ਮਨ ਨੂੰ ਸਮਝਾ ਲੈਂਦੇ ਹਨ' ਪਰ ਕਈਆਂ ਤੋਂ ਇਹ 'ਸਦਮਾ' ਬਰਦਾਸ਼ਤ ਨਹੀਂ ਹੁੰਦਾ। ਇਸੇ ਮੋੜ ਉੱਤੇ ਮਾਪਿਆਂ ਦੀ ਬੇਗਰਜ਼ੀ ਦਾ ਦਾਅਦਾ ਬੇਪਰਦ ਹੁੰਦਾ ਹੈ।


ਆਪਣੀ ਬੰਦਖਲਾਸੀ ਦਾ ਸਭ ਤੋਂ ਵੱਡਾ ਦਾਅ ਜਦੋਂ ਬੱਚਿਆਂ ਉੱਤੇ ਲਗਾਇਆ ਜਾਂਦਾ ਹੈ ਤਾਂ ਉਨ੍ਹਾਂ ਤੋਂ ਸੀਲ ਹੋਣ ਦੀ ਤਵੱਕੋ ਤਾਂ ਕੀਤੀ ਜਾਵੇਗੀ। ਬੱਚਿਆਂ ਦੇ 'ਕਹਿਣੇ ਵਿੱਚ ਹੋਣ' ਅਤੇ 'ਲਾਇਕ ਹੋਣ' ਦੀ ਪ੍ਰਾਪਤੀ ਉੱਤੇ ਮਾਪਿਆਂ ਦੇ ਨਾਲ ਪਰਿਵਾਰ, ਸ਼ਰੀਕਾ, ਰਿਸ਼ਤੇਦਾਰ ਅਤੇ ਸਮੁੱਚੀ ਬਰਾਦਰੀ ਮਾਣ ਕਰਦੀ ਹੈ। ਆਪਣੀ ਮਰਜ਼ੀ ਦੇ ਜੀਵਨ-ਸਾਥੀ ਨਾਲ ਰਹਿਣ ਦਾ ਇੱਕੋ ਫ਼ੈਸਲਾ ਇਸ ਪ੍ਰਾਪਤੀ ਉੱਤੇ ਕਾਟਾ ਮਾਰ ਦਿੰਦਾ ਹੈ। ਇਸ ਪ੍ਰਾਪਤੀ ਨਾਲ ਵਡਿਆਇਆ ਗਿਆ ਬੰਦਾ ਆਪਣੀ ਔਲਾਦ ਦੀ ਹਰ ਕਾਣ-ਕੱਜ ਢੱਕ ਲੈਂਦਾ ਹੈ ਪਰ ਇਸ ਫ਼ੈਸਲੇ ਦੀ 'ਨਮੋਸ਼ੀ' ਬਰਦਾਸ਼ਤ ਨਹੀਂ ਕਰਦਾ। ਸਕੂਲਾਂ-ਕਾਲਜਾਂ ਦੇ ਨਤੀਜਿਆਂ ਵੇਲੇ ਆਪੇ ਤੋਂ ਬਾਹਰ ਹੋਏ ਮਾਪੇ ਖ਼ਬਰਾਂ ਬਣਦੇ ਹਨ। ਮਾਪਿਆਂ ਦੀਆਂ ਉਮੀਦਾਂ ਮੁਤਾਬਕ ਨਤੀਜੇ ਨਾ ਆਉਣ ਉੱਤੇ ਬੱਚੇ ਮਨੋਰੋਗੀ ਹੋ ਜਾਂਦੇ ਹਨ। ਕਈ ਖੁਦਕੁਸ਼ੀਆਂ ਦੀ ਖ਼ਬਰਾਂ ਆਉਂਦੀਆਂ ਹਨ।


ਇਨ੍ਹਾਂ ਹਾਲਾਤ ਵਿੱਚੋਂ ਨਿਕਲ ਕੇ ਮਾਪੇ ਵਿਆਹ ਰਾਹੀਂ ਆਪਣੀ ਮਲਕੀਅਤ ਦੀ ਦਾਅਵੇਦਾਰੀ ਕਰਨਾ ਚਾਹੁੰਦੇ ਹਨ। ਜਦੋਂ ਇਹ ਮਲਕੀਅਤ ਖੁੱਸ ਜਾਂਦੀ ਹੈ ਤਾਂ ਬੱਚਿਆਂ ਦੀ ਹਰ ਗ਼ਲਤੀ ਨਜ਼ਰਅੰਦਾਜ਼ ਕਰਨ ਵਾਲੇ ਮਾਪੇ ਉਨ੍ਹਾਂ ਦੇ ਕਿਸੇ ਗੁਣ ਦੀ ਕਦਰ ਨਹੀਂ ਕਰਦੇ। ਜੱਦੀ ਜਾਇਦਾਦ ਤੋਂ ਬੇਦਖ਼ਲੀ ਦੀਆਂ ਧਮਕੀਆਂ ਕੰਮ ਨਹੀਂ ਕਰਦੀਆਂ ਤਾਂ 'ਔਲਾਦ ਰੂਪੀ ਆਪਣੀ ਕਮਾਈ' ਦੇ ਹੱਥੋਂ ਖੁੱਸਣ ਦਾ 'ਅਹਿਸਾਸ' ਹਮਲਾਵਰ ਰੂਪ ਅਖ਼ਤਿਆਰ ਕਰ ਲੈਂਦਾ ਹੈ। ਇਸ ਦੌਰ ਵਿੱਚ ਵਿਦਿਅਕ ਅਦਾਰਿਆਂ ਨੇ ਵਿਦਿਆਰਥੀਆਂ ਨੂੰ ਖਪਤਕਾਰ ਕਰਾਰ ਦਿੱਤਾ ਹੈ। ਹਸਪਤਾਲਾਂ ਨੇ ਮਰੀਜ਼ਾਂ ਨੂੰ ਖਪਤਕਾਰ ਮੰਨ ਲਿਆ ਹੈ। ਸਰਕਾਰ ਮੁਨਾਫ਼ੇ ਕਮਾਉਣ ਵਾਲੇ ਨਿੱਜੀ ਅਦਾਰਿਆਂ ਨੂੰ ਸਮਾਜਿਕ ਪ੍ਰਾਪਤੀ ਵਜੋਂ ਪੇਸ਼ ਕਰਦੀ ਹੈ। ਇਹੋ ਰੁਝਾਨ ਮਾਪਿਆਂ ਉੱਤੇ ਅਸਰਅੰਦਾਜ਼ ਹੁੰਦਾ ਹੈ ਅਤੇ ਉਹ ਔਲਾਦ ਨੂੰ ਨਿਵੇਸ਼ ਦੀ ਉਪਜ ਮੰਨਦੇ ਹਨ। ਇਸ ਉਪਜ ਦਾ ਇੱਕ ਫ਼ੈਸਲਾ ਮੁਨਾਫ਼ੇ ਤੋਂ ਮੁਨਕਰ ਹੋਣ ਦੇ ਤੁੱਲ ਮੰਨਿਆ ਜਾਂਦਾ ਹੈ। ਖੁੱਲ੍ਹੀ ਮੰਡੀ ਦੀਆਂ ਕਦਰਾਂ-ਕੀਮਤਾਂ ਮੁਤਾਬਕ ਬੰਦਾ ਇੱਕੋ ਵੇਲੇ ਖਪਤਕਾਰ ਅਤੇ ਵਸਤੂ ਹੈ। ਜੇ ਮਾਪੇ ਸਾਰੀ ਮੁਸ਼ੱਕਤ ਔਲਾਦ ਰੂਪੀ ਵਸਤੂ ਦਾ ਮੁੱਲ ਵਧਾਉਣ ਲਈ ਕਰਦੇ ਹਨ ਤਾਂ ਖਪਤਕਾਰ ਵਜੋਂ ਲੁੱਟੇ ਜਾਣ ਦਾ ਅਹਿਸਾਸ ਤਾਂ ਹਮਲਾਵਰ ਰੂਪ ਵਿੱਚ ਸਾਹਮਣੇ ਆ ਹੀ ਸਕਦਾ ਹੈ।


ਇਹ ਜ਼ਰੂਰੀ ਨਹੀਂ ਕਿ ਅਣਖ ਲਈ ਹੁੰਦੇ ਹਰ ਕਤਲ ਵਿੱਚ ਇਹ ਸਾਰੇ ਕਾਰਨ ਸਰਗਰਮ ਹੋਣ। ਇਨ੍ਹਾਂ ਦਾ ਕੋਈ ਵੀ ਜਮ੍ਹਾਂਜੋੜ ਹੋ ਸਕਦਾ ਹੈ ਪਰ ਇਨ੍ਹਾਂ ਕਾਰਨਾਂ ਨਾਲ 'ਅਣਖ ਲਈ ਹੁੰਦੇ ਕਤਲਾਂ' ਨੂੰ ਪ੍ਰਵਾਨਗੀ ਮਿਲਦੀ ਹੈ। ਮੌਜੂਦਾ ਦੌਰ ਵਿੱਚ ਟੈਲੀਵਿਜ਼ਨ ਅਤੇ ਇੰਟਰਨੈੱਟ ਰਾਹੀਂ ਬੰਦਾ ਆਲਮੀ ਪੱਧਰ ਉੱਤੇ ਜਾਣਕਾਰੀ ਰਾਹੀਂ ਜੁੜ ਗਿਆ ਹੈ। ਉਸ ਦਾ ਰਾਬਤਾ ਹਰ ਤਰ੍ਹਾਂ ਦੀ ਜੀਵਨ-ਸ਼ੈਲੀ ਨਾਲ ਪੈ ਰਿਹਾ ਹੈ। ਉਸ ਦੀ ਸਫ਼ਰਯਾਫ਼ਤਾ ਜ਼ਿੰਦਗੀ ਦਾ ਇੱਕ ਪੱਖ ਇੱਕ ਥਾਂ ਤੋਂ ਦੂਜੀ ਥਾਂ ਵੱਲ ਜਾਣ ਨਾਲ ਜੁੜਿਆ ਹੋਇਆ ਹੈ ਪਰ ਦੂਜਾ ਪੱਖ ਉਸ ਦੇ ਅੰਦਰ ਚੱਲਦੀ ਹਿੱਲਜੁਲ ਨਾਲ ਜੁੜਿਆ ਹੋਇਆ ਹੈ। ਖੁੱਲ੍ਹੀ-ਮੰਡੀ ਇੱਕ ਪਾਸੇ ਉਸ ਤੋਂ ਸਿਰ-ਵੱਢ ਮੁਕਾਬਲੇ ਵਿੱਚ ਪੈਣ ਦੀ ਮੰਗ ਕਰਦੀ ਹੈ ਅਤੇ ਦੂਜੇ ਪਾਸੇ ਸੀਲ ਖਪਤਕਾਰ ਹੋਣ ਦੀ ਤਵੱਕੋ ਕਰਦੀ ਹੈ। ਮਾਪੇ ਇੱਕ ਪਾਸੇ ਬੱਚਿਆਂ ਤੋਂ ਦੁਨੀਆਂ ਦੇ ਗਿਆਨ-ਵਿਗਿਆਨ ਅਤੇ ਖ਼ੁਸ਼ਹਾਲੀ ਦੀਆਂ ਸਿਖਰਾਂ ਸਰ ਕਰਨ ਦੀ ਆਸ ਕਰਦੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਆਪਣੀ 'ਰਜ਼ਾ ਵਿੱਚ ਰਾਜੀ ਰੱਖਣਾ' ਚਾਹੁੰਦੇ ਹਨ।


'ਅਣਖ' ਦੇ ਨਾਮ ਉੱਤੇ ਹੁੰਦੀ ਹਿੰਸਾ ਨੂੰ ਠੱਲ੍ਹ ਪਾਉਣ ਦੀ ਜ਼ਿੰਮੇਵਾਰੀ ਕਾਨੂੰਨ ਉੱਤੇ ਨਹੀਂ ਪਾਈ ਜਾ ਸਕਦੀ। ਕਾਨੂੰਨ ਦੇ ਘੇਰੇ ਵਿੱਚ ਤਾਂ ਹਿੰਸਾ ਤੋਂ ਬਾਅਦ ਦੇ ਸੁਆਲ ਆਉਂਦੇ ਹਨ ਜੋ ਇਨਸਾਫ਼ ਅਤੇ ਸਜ਼ਾ ਨਾਲ ਜੁੜਦੇ ਹਨ। ਪੇਸ਼ਬੰਦੀਆਂ ਦਾ ਸੁਆਲ ਸਮਾਜਿਕ ਅਤੇ ਸਿਆਸੀ ਘੇਰੇ ਵਿੱਚ ਆਉਂਦਾ ਹੈ ਪਰ ਇਸ ਮਾਮਲੇ ਵਿੱਚ ਪਹਿਲਕਦਮੀਆਂ ਸਾਹਿਤਕ, ਬੌਧਿਕ, ਸੱਭਿਆਚਾਰਕ ਅਤੇ ਸਮਾਜਿਕ ਜਥੇਬੰਦੀਆਂ ਕਰ ਸਕਦੀਆਂ ਹਨ। ਸੰਵਾਦ ਤੋਰਨ ਦੀ ਜ਼ਿੰਮੇਵਾਰੀ ਬੌਧਿਕ ਅਦਾਰਿਆਂ ਉੱਤੇ ਪੈਂਦੀ ਹੈ। ਇਸ ਧਾਰਨਾ ਨੂੰ ਹਰ ਪੱਖ ਤੋਂ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਸੱਭਿਆਚਾਰ ਸਦਾ ਸਫ਼ਰਯਾਫ਼ਤਾ ਹੈ। ਲਗਾਤਾਰ ਤਬਦੀਲੀ ਵਾਪਰਦੀ ਰਹਿੰਦੀ ਹੈ ਅਤੇ ਸੱਭਿਆਚਾਰ ਦੀ ਵੰਨ-ਸਵੰਨਤਾ ਵਿੱਚ ਵਾਧਾ ਹੁੰਦਾ ਰਹਿੰਦਾ ਹੈ। ਮਨੁੱਖੀ ਕਦਰਾਂ-ਕੀਮਤਾਂ ਸਦੀਵੀ ਹਨ ਪਰ ਇਨ੍ਹਾਂ ਦੀ ਸਮਕਾਲੀ ਵਿਆਖਿਆ ਸਭ ਤੋਂ ਅਹਿਮ ਹੈ। ਇਹ ਸੁਆਲ ਅਹਿਮ ਰਹੇਗਾ ਕਿ ਹਰ ਦੌਰ ਦੇ ਸਲੀਕੇ ਵਿੱਚ ਮਨੁੱਖੀ ਕਦਰਾਂ-ਕੀਮਤਾਂ ਕਿਵੇਂ ਪਾਲੀਆਂ ਜਾਣਗੀਆਂ? ਜੇ ਇਸੇ ਸੁਆਲ ਨੂੰ ਖੋਲ੍ਹ ਕੇ ਵੇਖਿਆ ਜਾਵੇ ਤਾਂ ਬੰਦਾ ਸ਼ਾਇਦ ਆਪਣੇ ਆਪ ਨੂੰ ਖਪਤਕਾਰ ਜਾਂ ਵਸਤੂ ਦੀ ਥਾਂ ਮਨੁੱਖ ਵਜੋਂ ਸਮਝ ਸਕਦਾ ਹੈ ਜਿਸ ਦੀ ਹੋਂਦਾ ਦਾ ਧੁਰਾ ਦਰਦਮੰਦੀ ਅਤੇ ਜਗਿਆਸਾ ਉੱਤੇ ਟਿਕਿਆ ਹੋਵੇ।

ਦਲਜੀਤ ਅਮੀ 

ਲੇਖ਼ਕ ਦਸਤਾਵੇਜ਼ੀ ਫ਼ਿਲਮਸਾਜ਼ ਤੇ ਪੱਤਰਕਾਰ ਹਨ। ਅੱਜਕਲ੍ਹ ਬੀ ਬੀ ਸੀ ਹਿੰਦੀ ਨਾਲ ਜੁੜੇ ਹੋਏ ਹਨ।

'ਅਨਹਦ ਬਾਜਾ ਬੱਜੇ' ਬਲੌਗ ਤੋਂ ਬਾ-ਦਸਤੂਰ ਚੋਰੀ :)

Saturday, January 10, 2015

ਕਾਰਪੋਰੇਟ ਦੀ ਯਾਰ 'ਮੋਦੀ ਸਰਕਾਰ'

ਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਨਵੇਂ ਸਾਲ ਤੋਂ ਤਿੰਨ ਦਿਨ ਪਹਿਲਾਂ ਹੋਰਨਾਂ ਕਾਨੂੰਨਾਂ ਦੇ ਨਾਲ ਨਾਲ ਭੌਂ-ਪ੍ਰਾਪਤੀ, ਪੁਨਰਵਾਸ, ਪੁਨਰਵਿਸਥਾਪਨ ਲਈ ਉੱਚਿਤ ਮੁਆਵਜ਼ਾ ਅਤੇ ਪਾਰਦਰਸ਼ਤਾ ਦਾ ਅਧਿਕਾਰ ਕਾਨੂੰਨ-2013 ਵਿੱਚ ਸੋਧ ਕਰਕੇ ਦੇਸ਼ ਦੇ ਕਿਸਾਨਾਂ ਨੂੰ ਇਹ ਸੰਕੇਤ ਦਿੱਤਾ ਹੈ ਕਿ ਸਰਕਾਰ ਕਾਰਪੋਰੇਟ ਦੇ ਹਿੱਤਾਂ ਨੂੰ ਤਰਜ਼ੀਹ ਦੇਵੇਗੀ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਸ ਤੋਂ ਉਮੀਦ ਰੱਖਣ ਦੀ ਜ਼ਰੂਰਤ ਨਹੀਂ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੇ ਡਾ.ਐੱਮ.ਐੱਸ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਅ ਤੈਅ ਕਰਨ ਦਾ ਵਾਅਦਾ ਕੀਤਾ ਸੀ ਪਰ ਸੱਤ ਮਹੀਨਿਆਂ ਦੌਰਾਨ ਮੋਦੀ ਸਰਕਾਰ ਨੇ ਹਾੜੀ ਅਤੇ ਸਾਉਣੀ ਦੀਆਂ ਪ੍ਰਮੁੱਖ ਫ਼ਸਲਾਂ ਕਣਕ ਅਤੇ ਜੀਰੀ ਦਾ ਭਾਅ ਕੇਵਲ ਪੰਜਾਹ-ਪੰਜਾਹ ਰੁਪਏ ਕੁਇੰਟਲ ਵਧਾ ਕੇ ਵਾਅਦਾ ਵਫ਼ਾ ਨਾ ਹੋਣ ਦਾ ਸਬੂਤ ਦੇ ਦਿੱਤਾ ਹੈ।

ਜਮਹੂਰੀ ਪ੍ਰਬੰਧ ਦਾ ਦਾਅਵਾ ਕਰਨ ਵਾਲੇ ਦੇਸ਼ ਵਿੱਚ ਇਹ ਅਜੀਬ ਗੱਲ ਹੀ ਕਹੀ ਜਾਵੇਗੀ ਕਿ ਲਗਪਗ 120 ਸਾਲਾਂ ਤਕ ਅੰਗਰੇਜ਼ਾਂ ਦਾ ਬਣਾਇਆ ਕਿਸਾਨ ਵਿਰੋਧੀ ਕਾਨੂੰਨ ਹੀ ਲਾਗੂ ਰਿਹਾ। ਭੌਂ ਪ੍ਰਾਪਤੀ ਕਾਨੂੰਨ-1894 ਅੰਦਰ ਕਿਸਾਨਾਂ ਦੀ ਜ਼ਮੀਨ ਜਬਰੀ ਹਥਿਆ ਲੈਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ ਅਤੇ ਸਾਢੇ ਛੇ ਦਹਾਕਿਆਂ ਦੀ ਆਜ਼ਾਦੀ ਇਸ ਜਬਰੀ ਖੋ-ਖਿੰਝ ਤੋਂ ਨਿਜ਼ਾਤ ਨਹੀਂ ਦਿਵਾ ਸਕੀ ਸੀ। ਵੱਡੇ ਕਿਸਾਨ ਅੰਦੋਲਨਾਂ ਅਤੇ ਸਰਕਾਰਾਂ ਦੀਆਂ ਸਿਆਸੀ ਮਜਬੂਰੀਆਂ ਦੇ ਕਾਰਨ ਸਾਲ 2013 ਵਿੱਚ ਨਵਾਂ ਕਾਨੂੰਨ ਹੋਂਦ ਵਿੱਚ ਆਇਆ। ਕਾਨੂੰਨ ਦਾ ਖਰੜਾ 7 ਸਤੰਬਰ 2011 ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਅਤੇ ਦੇਸ਼ ਪੱਧਰ ਉੱਤੇ ਲਗਪਗ ਦੋ ਸਾਲ ਤਕ ਇਸ ਉੱਤੇ ਵਿਚਾਰ ਚਰਚਾ ਹੁੰਦੀ ਰਹੀ। 29 ਅਗਸਤ 2013 ਨੂੰ ਲੋਕ ਸਭਾ ਨੇ ਲਗਪਗ 12 ਘੰਟਿਆਂ ਦੀ ਬਹਿਸ ਵਿੱਚ 60 ਸੰਸਦ ਮੈਂਬਰਾਂ ਨੇ ਹਿੱਸਾ ਲਿਆ ਅਤੇ 235 ਹਾਜ਼ਰ ਮੈਂਬਰਾਂ ਵਿੱਚੋਂ 216 ਦੇ ਭਾਰੀ ਸਮਰਥਨ ਨਾਲ ਪਾਸ ਕੀਤਾ ਗਿਆ। ਕੇਵਲ 19 ਲੋਕ ਸਭਾ ਮੈਂਬਰਾਂ ਨੇ ਹੀ ਇਸ ਦੇ ਵਿਰੋਧ ਵਿੱਚ ਵੋਟ ਦਿੱਤੀ। ਚਾਰ ਸਤੰਬਰ ਨੂੰ ਰਾਜ ਸਭਾ ਤੋਂ ਹਰੀਝੰਡੀ ਮਿਲੀ। ਇੱਕ ਜਨਵਰੀ 2014 ਨੂੰ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਕਾਨੂੰਨ ਲਾਗੂ ਹੋ ਗਿਆ। 

ਕਾਨੂੰਨ ਵਿੱਚ ਅੰਗਰੇਜ਼ਾਂ ਦੇ ਬਣੇ ਕਾਨੂੰਨ ਨਾਲੋਂ ਬੁਨਿਆਦੀ ਫ਼ਰਕ ਇਹ ਸੀ ਕਿ ਜ਼ਮੀਨ ਹਾਸਲ ਕਰਨ ਤੋਂ ਪਹਿਲਾਂ 70 ਤੋਂ 80 ਫ਼ੀਸਦੀ ਕਿਸਾਨਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ। ਇਹ ਕੇਵਲ ਕਿਸਾਨੀ ਦਾ ਸੁਆਲ ਨਹੀਂ ਬਲਕਿ ਜਮਹੂਰੀਅਤ ਦੇ ਤਰੀਕੇ ਵਿੱਚ ਕੇਵਲ ਕੇਂਦਰ ਅਤੇ ਰਾਜ ਸਰਕਾਰਾਂ ਦੇ ਅਧਿਕਾਰ ਦੇ ਨਾਲ-ਨਾਲ ਗ੍ਰਾਮ ਸਭਾਵਾਂ ਦੇ ਦਖ਼ਲ ਨੂੰ ਵੀ ਮੰਨ ਲਿਆ ਗਿਆ ਸੀ। ਇਹ ਅਲਗ ਸੁਆਲ ਹੈ ਕਿ ਗ੍ਰਾਮ ਸਭਾਵਾਂ ਨੂੰ ਸਿਆਸੀ ਕਾਰਨਾਂ ਕਰਕੇ ਸਰਗਰਮ ਨਹੀਂ ਕੀਤਾ ਜਾ ਰਿਹਾ ਪਰ ਪਿੰਡਾਂ ਦੀਆਂ ਇਹ ਸੰਵਿਧਾਨਕ ਸੰਸਥਾਵਾਂ ਸਥਾਨਕ ਲੋਕਾਂ ਦੇ ਹਿੱਤ ਵਿੱਚ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ। ਲੋਕਾਂ ਦੀ ਸਹਿਮਤੀ ਦਾ ਮਤਲਬ ਸੀ ਕਿ ਉਨ੍ਹਾਂ ਦੀ ਜ਼ਮੀਨ ਅਧਿਗ੍ਰਹਿਣ ਮੌਕੇ ਸੌਦਾ ਕਰਨ ਦੀ ਸੰਭਾਵਨਾ ਅਤੇ ਤਾਕਤ ਵਧ ਜਾਣੀ ਸੀ। ਸਟੇਟ ਜਾਂ ਅਮੀਰ ਕੰਪਨੀ ਦੇ ਮੁਕਾਬਲੇ ਸਾਧਾਰਨ ਕਿਸਾਨ ਦੀ ਸੌਦਾ ਕਰਨ ਦੀ ਤਾਕਤ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ।

ਮੁਆਵਜ਼ਾ ਸ਼ਹਿਰ ਅੰਦਰ ਮਾਰਕਿਟ ਰੇਟ ਦਾ ਦੋ ਗੁਣਾ ਅਤੇ ਪੇਂਡੂ ਖੇਤਰ ਵਿੱਚ ਚਾਰ ਗੁਣਾ ਦੇਣ ਦਾ ਪ੍ਰਬੰਧ ਕੀਤਾ ਗਿਆ। ਜ਼ਮੀਨ ਪ੍ਰਾਪਤੀ ਨੂੰ ਕੇਵਲ ਆਰਥਿਕ ਮਾਮਲੇ ਤਕ ਸੀਮਤ ਨਾ ਰੱਖ ਕੇ ਇਸ ਨੂੰ ਜੀਵਨ ਦੀਆਂ ਸੰਭਾਵਨਾਵਾਂ ਨਾਲ ਜੋੜਿਆ ਗਿਆ ਸੀ ਇਸੇ ਕਰਕੇ ਜ਼ਮੀਨ ਪ੍ਰਾਪਤੀ ਤੋਂ ਪਹਿਲਾਂ ਸਮਾਜਿਕ ਪ੍ਰਭਾਵ ਅਨੁਮਾਨ (ਸੋਸ਼ਲ ਇੰਪੈਕਟ ਅਸੈਸਮੈਂਟ) ਕਰਵਾਉਣ ਦਾ ਉਪਬੰਧ ਕਰ ਦਿੱਤਾ ਗਿਆ। ਕੇਵਲ ਕਿਸਾਨ ਹੀ ਨਹੀਂ ਜ਼ਮੀਨ ਨਾਲ ਜੁੜੀ ਅਰਥ ਵਿਵਸਥਾ ਉੱਤੇ ਨਿਰਭਰ ਬੇਜ਼ਮੀਨਿਆਂ ਦੇ ਪੁਨਰਵਾਸ ਅਤੇ ਪੁਨਰ ਵਿਸਥਾਪਨ ਦਾ ਪ੍ਰਬੰਧ ਕਰਨ ਬਾਰੇ ਵੀ ਸੋਚਿਆ ਗਿਆ। ਕੁਝ ਰਾਸ਼ਟਰੀ ਮਹੱਤਵ ਦੇ ਮਾਮਲਿਆਂ ਨੂੰ ਪਹਿਲਾਂ ਹੀ ਛੂਟ ਦਿੱਤੀ ਹੋਈ ਸੀ। ਮਿਸਾਲ ਦੇ ਤੌਰ ਉੱਤੇ ਰੇਲਵੇ, ਰੱਖਿਆ ਪ੍ਰੋਜੈਕਟਾਂ, ਕੌਮੀ ਸ਼ਾਹਰਾਹ, ਪਰਮਾਣੂ ਊਰਜਾ, ਬਿਜਲੀ ਪ੍ਰੋਜੈਕਟਾਂ ਨੂੰ ਜ਼ਰੂਰੀ ਧਾਰਾ ਦੇ ਅਧੀਨ ਰੱਖੇ ਗਏ ਸਨ। ਇੱਕ ਸਾਲ ਤੋਂ ਵੀ ਘੱਟ ਸਮੇਂ ਦੇ ਅੰਦਰ ਇਸ ਉੱਤੇ ਅਮਲ ਤੋਂ ਬਿਨਾ ਹੀ ਆਰਡੀਨੈਂਸ ਜਾਰੀ ਕਰਕੇ ਸੋਧ ਕਰ ਦਿੱਤੀ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਸਾਲ ਪਹਿਲਾਂ ਪਾਸ ਕੀਤੇ ਗਏ ਕਾਨੂੰਨ ਉੱਤੇ ਭਾਜਪਾ ਨੇ ਸੰਸਦ ਅੰਦਰ ਨਾ ਕੇਵਲ ਪੂਰੇ ਜ਼ੋਰ-ਸ਼ੋਰ ਨਾਲ ਮੋਹਰ ਲਗਾਈ ਸੀ, ਬਲਕਿ ਭਾਜਪਾ ਦੇ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਪੇਸ਼ ਕੀਤੀਆਂ ਸੋਧਾਂ ਨੂੰ ਸ਼ਾਮਲ ਕਰਕੇ ਕਾਨੂੁੰਨ ਪਾਸ ਕੀਤਾ ਗਿਆ ਸੀ। ਲੋਕ ਸਭਾ ਚੋਣਾਂ ਦੇ ਦੌਰਾਨ ਵੀ ਕਾਨੂੰਨ ਵਿੱਚ ਸੋਧ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਕਾਨੂੰਨ ਉੱਤੇ ਅਮਲ ਕਰਵਾ ਕੇ ਦੇਖਣ ਤੋਂ ਪਹਿਲਾਂ ਹੀ ਭਾਜਪਾ ਨੇ ਕਾਰਪੋਰੇਟ ਪੱਖੀ ਆਪਣਾ ਛੁਪਿਆ ਏਜੰਡਾ ਲਾਗੂ ਕਰ ਦਿੱਤਾ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵੀ ਆਰਡੀਨੈਂਸ ਜਾਰੀ ਕਰਨ ਦੀ ਤਤਕਾਲਤਾ ਦਾ ਕਾਰਨ ਜਾਨਣਾ ਚਾਹਿਆ ਤਾਂ ਤਿੰੰਨ ਸੀਨੀਅਰ ਮੰਤਰੀ ਕਿਸ ਤਰ੍ਹਾਂ ਦੀ ਜਾਣਕਾਰੀ ਨਾਲ ਉਨ੍ਹਾਂ ਨੂੰ ਸਹਿਮਤ ਕਰਵਾ ਕੇ ਆਏ ਇਸ ਦਾ ਵਿਸਥਾਰ ਅਜੇ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਸੋਧ ਤੋਂ ਪਹਿਲਾਂ ਲੋਕਾਂ ਨੂੰ ਸਰਕਾਰ ਨੇ ਕੋਈ ਜਾਣਕਾਰੀ ਦਿੱਤੀ ਹੈ। ਵਿਰੋਧੀਧਿਰ ਵਿੱਚ ਹੁੰਦਿਆਂ ਯੂਪੀਏ ਸਰਕਾਰ ਵੱਲੋਂ ਲਿਆਂਦੇ ਆਰਡੀਨੈਂਸਾਂ ਨੂੰ ਭਾਜਪਾ ਨੇ ਗ਼ੈਰਜਮਹੂਰੀ ਕਰਾਰ ਦੇ ਕੇ ਵਿਰੋਧ ਕੀਤਾ ਸੀ ਪਰ ਖ਼ੁਦ ਉਸੇ ਰਾਹ ਉੱਤੇ ਚੱਲ ਰਹੀ ਹੈ।

ਸੋਧਾਂ ਰਾਹੀਂ ਕਾਨੂੰਨ ਦੀ ਪੂਰੀ ਭਾਵਨਾ ਨੂੰ ਹੀ ਤਹਿਸਨਹਿਸ ਕਰ ਦਿੱਤਾ ਹੈ। ਇਸ ਵਿੱਚ ਬੁਨਿਆਦੀ ਢਾਂਚਾ (ਪੇਂਡੂ ਬਿਜਲਈਕਰਨ ਸਮੇਤ), ਪਬਲਿਕ-ਪ੍ਰਾਈਵੇਟ ਹਿੱਸੇਦਾਰੀ (ਪੀ.ਪੀ.ਪੀ.) ਵਾਲੇ ਪ੍ਰੋਜੈਕਟਾਂ ਨੂੰ ਵੀ ਸ਼ਾਮਲ ਕਰ ਲਿਆ ਹੈ। ਇਹ ਬਹੁਤ ਅਸਪਸ਼ਟ ਸ਼ਬਦਾਵਲੀ ਹੈ ਜਿਸ ਦੇ ਦਾਇਰੇ ਵਿੱਚ ਹਰ ਚੀਜ਼ ਨੂੰ ਲਿਆਂਦਾ ਜਾ ਸਕਦਾ ਹੈ। ਜਨਤਕ ਹਿੱਤ ਦੇ ਨਾਂ ਉੱਤੇ ਕਿਸੇ ਵੀ ਤਰ੍ਹਾਂ ਦਾ ਫ਼ੈਸਲਾ ਕਿਸਾਨਾਂ ਜਾਂ ਆਮ ਲੋਕਾਂ ਦੇ ਸਿਰ ਮੜਨ ਦਾ ਰਾਹ ਸਾਫ਼ ਕਰ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਜ਼ਮੀਨ ਅਧਿਗ੍ਰਹਿਣ ਕਰਨ ਵਿੱਚ ਲੋਕਾਂ ਦੀ ਜੋ ਥੋੜ੍ਹੀ ਪੁੱਗਤ ਬਣਨੀ ਸੀ ਉਹ ਵੀ ਖ਼ਤਮ ਹੋ ਗਈ। ਮੌਜੂੂਦਾ ਸੋਧ ਨਾਲ ਜ਼ਮੀਨ ਦੀ ਅਰਥਵਿਵਸਥਾ ਨਾਲ ਜੁੜੇ ਸੱਭਿਆਚਾਰ, ਕਦਰਾਂ-ਕੀਮਤਾਂ, ਜੀਵਨ ਜਾਂਚ ਨੂੰ ਸਮਝਣ ਦੇ ਬਜਾਇ ਕੇਵਲ ਖੁਸ਼ਕ ਆਰਥਿਕ ਰੁਝਾਨ ਨੂੰ ਅੱਗੇ ਵਧਾਇਆ ਗਿਆ ਹੈ। ਭਾਜਪਾ ਦਾ ਫ਼ੈਸਲਾ ਸੰਸਦ ਅਤੇ ਲੋਕਾਂ ਦੀ ਰਾਇ ਨਾ ਲੈਣ ਕਾਰਨ ਤਾਂ ਗ਼ੈਰ ਜਮਹੂਰੀ ਹੈ ਹੀ ਬਲਕਿ ਜੋ ਸੋਧ ਕੀਤੀ ਗਈ ਹੈ ਇਸ ਵਿੱਚੋਂ ਵੀ ਲੋਕਾਂ ਦੀ ਰਾਇ ਨੂੰ ਪੂਰੀ ਤਰ੍ਹਾਂ ਲੋਪ ਕਰ ਦਿੱਤਾ ਗਿਆ ਹੈ। 

ਭਾਜਪਾ ਦਾ ਕਹਿਣਾ ਹੈ ਕਿ ਆਰਥਿਕ ਸੁਧਾਰਾਂ ਨੂੰ ਲੀਹ ਉੱਤੇ ਲਿਆਉਣ ਲਈ ਰਾਜ ਸਭਾ ਵਿੱਚ ਉਨ੍ਹਾਂ ਕੋਲ ਪੂਰੀ ਗਿਣਤੀ ਨਹੀਂ ਹੈ। ਇਸ ਲਈ ਆਰਡੀਨੈਂਸ ਦਾ ਰਾਹ ਅਪਣਾਉਣਾ ਪਿਆ ਹੈ। ਸੰਸਦੀ ਲੋਕਤੰਤਰ ਵਿੱਚ ਕੋਈ ਵੀ ਧਿਰ ਇਸ ਦਲੀਲ ਨਾਲ ਗ਼ੈਰ ਜਮਹੂਰੀ ਤਰੀਕਾ ਨਹੀਂ ਅਪਣਾ ਸਕਦੀ ਕਿ ਉਸ ਕੋਲ ਬਹੁਮੱਤ ਨਹੀਂ ਹੈ। ਜਮਹੂਰੀਅਤ ਵਿੱਚ ਲੋਕ ਸ਼ਕਤੀ ਸਭ ਤੋਂ ਵੱਡੀ ਹੁੰਦੀ ਹੈ। ਜੇ ਸੰਸਦ ਕਿਸੇ ਕਾਨੂੰਨ ਬਾਰੇ ਸਹਿਮਤ ਨਹੀਂ ਹੁੰਦੀ ਤਾਂ ਤਰੀਕਾ ਤਾਨਾਸ਼ਾਹ ਕਿਸਮ ਦਾ ਨਹੀਂ ਬਲਕਿ ਲੋਕ ਕਚਹਿਰੀ ਵਿੱਚ ਲਿਜਾਣ ਦਾ ਹੋਣਾ ਚਾਹੀਦਾ ਹੈ। ਕੌਮੀ ਜਮਹੂਰੀ ਗੱਠਜੋੜ ਇਸ ਮੁੱਦੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਜਾ ਸਕਦਾ ਸੀ ਫਰਵਰੀ ਵਿੱਚ ਬਜਟ ਸੈਸ਼ਨ ਸ਼ੁਰੂ ਹੋਣ ਵਾਲਾ ਹੈ। ਕੇਵਲ ਇੱਕ ਮਹੀਨੇ ਵਿੱਚ ਕਿਹੜੀ ਜੰਗ ਲੱਗਣਵਾਲੀ ਸੀ ਕਿ ਲੋਕਾਂ ਦੀ ਰਾਇ ਲੈਣ ਦੀ ਜ਼ਰੂਰਤ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਹ ਵੀ ਉਸ ਪਾਰਟੀ ਨੇ ਜੋ ਦੇਸ਼ ਭਰ ਵਿੱਚ ਮੋਦੀ ਲਹਿਰ ਦੀ ਗੱਲ ਕਰਦੀ ਹੈ ਅਤੇ ਮੋਦੀ ਦੇ ਪ੍ਰਭਾਵ ਨੂੰ ਇਸ ਤਰ੍ਹਾਂ ਪੇਸ਼ ਕਰਦੀ ਹੈ ਕਿ ਲੋਕਾਂ ਉੱਤੇ ਉਨ੍ਹਾਂ ਦਾ ਜਾਦੂ ਚੱਲ ਰਿਹਾ ਹੈ ਤਾਂ ਇਸ ਜਾਦੂ ਦਾ ਤਜਰਬਾ ਸਬੰਧਿਤ ਕਾਨੂੰਨ ਦੇ ਮਾਮਲੇ ਵਿੱਚ ਵੀ ਕੀਤਾ ਜਾ ਸਕਦਾ ਸੀ। 

ਜ਼ਮੀਨ ਦਾ ਮਾਮਲਾ ਕੇਂਦਰ ਅਤੇ ਰਾਜ ਦੋਵਾਂ ਨਾਲ ਸਬੰਧਿਤ ਹੈ। ਕੇਂਦਰ ਸਰਕਾਰ ਨੇ ਇਸ ਮੁੱਦੇ ਉੱਤੇ ਰਾਜਾਂ ਨਾਲ ਸਲਾਹ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ। ਤ੍ਰਿਣਮੂਲ ਕਾਂਗਰਸ ਵੱਡੇ ਪੈਮਾਨੇ ਉੱਤੇ ਵਿਰੋਧ ਕਰ ਰਹੀ ਹੈ। ਹੋਰ ਬਹੁਤ ਸਾਰੀਆਂ ਪਾਰਟੀਆਂ ਵਿਰੋਧ ਕਰ ਰਹੀਆਂ ਹਨ। ਪੰਜਾਬ ਅੰਦਰ ਅਕਾਲੀ ਦਲ ਦਾ ਇਸ ਉੱਤੇ ਫ਼ਿਲਹਾਲ ਕੋਈ ਸਟੈਂਡ ਸਾਹਮਣੇ ਨਹੀਂ ਆਇਆ ਹਾਲਾਂਕਿ ਸਪਸ਼ਟ ਗੱਲ ਇਹੀ ਹੈ ਕਿ ਕੇਂਦਰੀ ਮੰਤਰੀ ਮੰਡਲ ਵਿੱਚ ਭਾਈਵਾਲੀ ਕਾਰਨ ਸਮੂਹਿਕ ਜ਼ਿੰਮੇਵਾਰੀ ਦੇ ਸਿਧਾਂਤ ਦੇ ਆਧਾਰ ਉੱਤੇ ਅਕਾਲੀ ਦਲ ਨਵੀਆਂ ਸੋਧਾਂ ਦੇ ਪੱਖ ਵਿੱਚ ਹੀ ਮੰਨਿਆ ਜਾਵੇਗਾ। ਭਵਿੱਖ ਕਿਸਾਨ-ਮਜ਼ਦੂਰ ਅੰਦੋਲਨ ਅਤੇ ਕਾਰਪੋਰੇਟ ਵੱਲ ਉਲਾਰ ਸਰਕਾਰ ਵਿੱਚ ਸ਼ਕਤੀਆਂ ਦੇ ਤਵਾਜ਼ਨ ਉੱਤੇ ਨਿਰਭਰ ਕਰੇਗਾ। 

ਹਮੀਰ ਸਿੰਘ 
ਲੇਖ਼ਕ ਸੀਨੀਅਰ ਪੱਤਰਕਾਰ ਤੇ ਅੱਜਕਲ੍ਹ "ਪੰਜਾਬੀ ਟ੍ਰਿਬਿਊਨ" ਦੇ ਅਸਿਸਟੈਂਟ ਐਡੀਟਰ ਹਨ। ਵਿਦਿਆਰਥੀ ਜੀਵਨ ਤੋਂ ਸਮਾਜਿਕ-ਸਿਆਸੀ ਸਰਗਰਮੀਆਂ 'ਚ ਹਿੱਸਾ ਲੈਂਦੇ ਰਹੇ ਹਨ।

Saturday, January 3, 2015

ਲਾਲੀ ਪੁੱਤ ਰਾਠ ਦਾ

ਲਾਲੀ ਪੁੱਤਰ ਰਾਠ ਦਾ ਮਜਲਿਸ ਦਾ ਈਮਾਨ,
 ਸੁਖਨਵਰਾਂ ਦਾ ਸੁਖਨਵਰ ਨਿਘਰਿਆਂ ਦਾ ਮਾਣ। 

ਕੀ ਪੂਰਬ ਦੇ ਜ਼ਖਮ ਨੇ ਕੀ ਪੱਛਮ ਦਾ ਤਾਣ। 

ਦੋਹਾਂ ਵਿੱਚ ਪਛਾਣਦਾ ਟੁੱਟੇ ਦਿਲ ਦੀ ਸ਼ਾਨ। (ਕੁਲਵੰਤ ਗਰੇਵਾਲ)

ਪਿਛਲੇ ਸਾਲ ਖੁਸ਼ਵੰਤਸਿੰਘ ਦੇ ਦੇਹਾਂਤ ਦੀ ਖ਼ਬਰ ਮਿਲ ਗਈ ਹੋਈ ਸੀ, ਦੇਹਰਾਦੂਨ ਐਤਵਾਰ ਦੇ ਦਿਨ ਡਿਊਟੀ ਨਿਭਾਉਣ ਰੇਲ ਗੱਡੀ ਵਿੱਚ ਬੈਠ ਕੇ ਜਾ ਰਿਹਾ ਸਾਂ। ਅਖ਼ਬਾਰ ਵਾਲਾ ਆਇਆ, ਹਿੰਦੀ ਦੇ ਅਖ਼ਬਾਰ ਸਨ ਜਾਂ ਅੰਗਰੇਜ਼ੀ ਦਾ ‘ਹਿੰਦੂ’ ਸੀ। ਵੱਡਾ ਅਖ਼ਬਾਰ ਸਫਰ ਵਿੱਚ ਠੀਕ ਰਹੇਗਾ। ‘ਹਿੰਦੂ’ ਲੈ ਲਿਆ। ਖੁਸ਼ਵੰਤ ਸਿੰਘ ਉਪਰ ਸੰਪਾਦਕੀ ਪੜ੍ਹੀ। ਇਕ ਵਾਕ ਸੀ: ‘‘ਅੰਗਰੇਜ਼ੀ ਜਹਾਨ ਵਿੱਚ ਪੰਜਾਬ ਦੀ ਜਿਹੜੀ ਵਿੰਡੋ ਅੱਧੀ ਸਦੀ ਖੁੱਲ੍ਹੀ ਰਹੀ, ਬੰਦ ਹੋ ਗਈ ਹੈ।’’ ਲਾਲੀ (ਪੂਰਾ ਨਾਮ ਪ੍ਰੋਫੈਸਰ ਹਰਦਿਲਜੀਤ ਸਿੰਘ ਸਿੱਧੂ) ਨੂੰ ਯਾਦ ਕਰਨ ਵਕਤ ਖੁਸ਼ਵੰਤ ਸਿੰਘ ਦਾ ਜ਼ਿਕਰ ਕਿਸ ਲਈ? ਮੇਰੇ ਕੋਲ ਖੁਦ ਅਕਲ ਇਲਮ ਦਾ ਖਜ਼ਾਨਾ ਹੁੰਦਾ, ਆਪਣੇ ਕੋਲੋਂ ਗੱਲ ਬਣਾ ਲੈਂਦਾ। ਨਹੀਂ ਬਣਦੀ ਤਾਂ ਪੂਰਬਲੇ ਫਾਰਮੂਲੇ ਵਰਤਣ ਵਿੱਚ ਕੀ ਹਰਜ? ‘ਹਿੰਦੂ’ ਅਖ਼ਬਾਰ ਦੀ ਬੋਲੀ ਰਾਹੀਂ ਗੱਲ ਕਰੀਏ ਤਾਂ ਆਖਾਂਗੇ, ‘‘ਪੰਜਾਬੀ ਜਗਤ ਵਿੱਚ ਯੂਰਪੀਨ ਸਾਹਿਤ, ਆਰਟ ਅਤੇ ਕਲਚਰ ਦੀ ਜੋ ਵਿੰਡੋ ਦੇਰ ਤੱਕ ਖੁੱਲ੍ਹੀ ਰਹੀ, ਲਾਲੀ ਦੇ ਜਾਣ ਨਾਲ ਬੰਦ ਹੋ ਗਈ ਹੈ।’’ ‘‘ਜਨਮ ਮਰਨ ਦੀਆਂ ਖ਼ਬਰਾਂ ਨਵੀਆਂ ਨਹੀਂ ਸਾਡੇ ਲਈ, ਪਰ ਲਾਲੀ ਜੀ ਦੀ ਖ਼ਬਰ ਨਾਲ ਵੱਖਰੀ ਕਿਸਮ ਦਾ ਦੁਖ ਕਿਉਂ ਹੋਇਆ’’, ਪ੍ਰੋਫੈਸਰ ਭੁਪਿੰਦਰ ਸਿੰਘ ਨੇ ਪੁੱਛਿਆ। ਨਾਗਸੈਨ ਨੇ ਉੱਤਰ ਦਿੱਤਾ, ‘ਆਪਣੀ ਟੀਮ ਦੀ ਵਿਕਟ ਉਡੀ ਹੈ ਇਸ ਕਰਕੇ।’

'ਅੱਖੀਂ ਡਿੱਠਾ ਸੰਤ ਜਰਨੈਲ ਸਿੰਘ' ਕਿਤਾਬ ਲਿਖਣ ਵਾਲਾ ਦਲਬੀਰ ਸਿੰਘ ਅਪਰੇਸ਼ਨ ਬਲੂਸਟਾਰ ਤੋਂ ਬਾਅਦ ਸਤੰਬਰ 1984 ਵਿੱਚ ਗੁਰਦਿਆਲ ਬੱਲ ਦੇ ਘਰ ਰੂਪੋਸ਼ ਹੋ ਕੇ ਰਹਿ ਰਿਹਾ ਸੀ। ਬੱਲ ਨੇ ਲਾਲੀ ਨੂੰ ਘਰ ਸੱਦ ਲਿਆ। ਕੇਹਰ ਸਿੰਘ ਤੇ ਬਲਕਾਰ ਸਿੰਘ ਪੁੱਜ ਗਏ। ਸਿੱਖ, ਸਦਮੇ ਵਿੱਚੋਂ ਲੰਘ ਰਹੇ ਸਨ। ਮਾਹੌਲ ਉਦਾਸ ਸੀ। ਲਾਲੀ ਨੇ ਕਿਹਾ- ਅਕਾਲ ਤਖ਼ਤ ਦੀ ਤੁਰੰਤ ਉਸਾਰੀ ਨਹੀਂ ਹੋਣੀ ਚਾਹੀਦੀ। ਇਕ ਇੱਟ ਹਰ ਰੋਜ਼ ਲੱਗਣੀ ਚਾਹੀਦੀ ਐ, ਸਿਰਫ਼ ਇਕ ਇੱਟ ਰੋਜ਼। ਫਿਰ ਉਸ ਨੇ ਆਜ਼ ਬਹਾਦਰੀ, ਰੁਦਨ, ਟੱਕਰ ਦੀਆਂ ਗੱਲਾਂ ਸੁਣਾਉਂਦਿਆਂ ਸਪੈਨਿਸ਼ ਸਾਹਿਤ ਦੇ ਮੋਢੀ ਸਰਵਾਂਤੀਜ਼ ਦੇ ਡੌਨ ਕਵਿਗਜ਼ੋਟ ਤੋਂ ਲੈ ਕੇ ਹੁਣ ਤੱਕ ਦੇ ਸਾਹਿਤ ਦੀ ਸੈਰ ਕਰਾਈ। ਯੂਨਾਨੀ ਨਾਵਲਕਾਰ ਚਿੰਤਕ ਨਿਕਸੋ ਕਜ਼ਾਂਤਜੈਕਿਸ ਦੀ ਅਮਰ ਰਚਨਾ ‘ਫਰੀਡਮ ਐਂਡ ਡੈੱਥ’ ਦੀ ਕਥਾ ਛੇੜ ਲਈ। ਯੂਨਾਨ ਦੇ ਨਾਲ ਲਗਦੇ ਟਾਪੂ ਕਰੀਟ ਵਿੱਚ ਸਥਾਨਕ ਇਸਾਈ, ਤੁਰਕਾਂ ਨਾਲ ਟਕਰਾ ਰਹੇ ਹਨ। ਮਾਈਕਲ ਅਤੇ ਪਾਸ਼ਾ ਓਡਿਸੀ ਰੀਵਿਜ਼ਿਟਿਡ ਵਿੱਚ ਯੋਧੇ ਹਨ। ਇਸ ਕਿਤਾਬ ਵਿਚਲੀ ਆਜ਼ਾਦੀ ਦੀ ਗਾਥਾ ਸੁਣਾਉਂਦਿਆਂ ਲਾਲੀ ਨੇ ਆਦਮੀ ਦੀ ਸ਼ਾਨ ਦਾ ਉਹ ਮਾਰਮਿਕ ਵਰਣਨ ਕੀਤਾ ਕਿ ਚਾਰ ਘੰਟੇ ਹੋਰ ਕੋਈ ਨਾ ਬੋਲਿਆ। ਹੁਣ ਦਲਬੀਰ 85 ਸਾਲ ਦਾ ਹੋ ਗਿਐ। ਉਸ ਨੂੰ ਉਸ ਦਿਨ ਦਾ ਲਾਲੀ ਅਜੇ ਭੁੱਲਿਆ ਨਹੀਂ। ਹਰ ਸਵੇਰ ਲਾਲੀ ਨੂੰ ਇਕ ਸਰੋਤਾ ਚਾਹੀਦਾ ਸੀ। ਮੱਕੇ ਉਪਰ ਜਹਾਦੀਆਂ ਦਾ ਹਮਲਾ, ਕਸ਼ਮੀਰ ਦਾ ਹਜ਼ਰਤਬਲ ਸੰਕਟ, ਮਿਸਰ ਵਿੱਚ ਮੁਸਲਿਮ ਬ੍ਰਦਰਹੁੱਡ ਦੀ ਚੜ੍ਹਤ, ਸ੍ਰੀਲੰਕਾ ਵਿੱਚ ਲਿਟੇ ਦੀ ਮਾਅਰਕੇਬਾਜ਼ੀ। ਬੇਅੰਤ ਸਿੰਘ ਦੀ ਹੱਤਿਆ ਜਾਂ ਕਿਸੇ ਨੋਬੇਲ ਇਨਾਮਦਾਰ ਦਾ ਹੁਨਰ ਇਕੋ ਜਿਹੀ ਰੋਮਾਂਚਿਤ ਸ਼ੈਲੀ ਵਿੱਚ ਵਰਣਨ ਕਰਦਾ। ਰਵਿੰਦਰ ਰਵੀ ਅਤੇ ਬਲਵੰਤ ਮਾਂਗਟ ਵਰਗੇ ਉਸ ਦੇ ਵਿਰੋਧੀ ਸਿਰ ਨਿਵਾ ਕੇ ਸੁਣਨ ਲੱਗ ਜਾਂਦੇ। ਗਲੋਬ ਉਸ ਵਾਸਤੇ ਬਹੁਤ ਛੋਟੀ ਗੇਂਦ ਸੀ, ਕੁਝ ਹੋਰ ਵੱਡੀ ਹੋਣੀ ਚਾਹੀਦੀ ਸੀ।

ਸਾਲ 1968 ਵਿੱਚ ਦਸਵੀਂ ਜਮਾਤ ਪਿੰਡੋਂ ਕਰਕੇ ਜਦੋਂ ਮੈਂ ਮਹਿੰਦਰਾ ਕਾਲਜ ਵਿੱਚ ਦਾਖਲ ਹੋ ਕੇ ਤੇ ਪ੍ਰੀ-ਮੈਡੀਕਲ ਕਰਕੇ ਡਾਕਟਰ ਬਣਨ ਦਾ ਫੈਸਲਾ ਲਿਆ। ਉਦੋਂ ਮੇਰੀ ਜੇਬ ਵਿੱਚ ਚੁਆਨੀ ਨਹੀਂ ਸੀ। ਮੈਂ ਲਾਲੀ ਦੇ ਪਟਿਆਲੇ ਬਹੇੜਾ ਰੋਡ ਵਾਲੇ ਮਕਾਨ ਦੇ ਤਬੇਲੇ ਵਿੱਚ ਡੇਰਾ ਜਮਾ ਕੇ ਪੜ੍ਹਨਾ ਸ਼ੁਰੂ ਕੀਤਾ। ਪੰਦਰਾਂ ਸਾਲ ਦਾ ਛੋਕਰਾ ਦੇਖੀ ਜਾਂਦਾ, ਲਾਲੀ ਨਾਲ ਰਾਜ਼ਦਾਂ ਆ ਰਿਹਾ ਹੈ; ਸੋਮਪਾਲ ਰੰਚਨ ਆ ਰਿਹਾ ਹੈ, ਸੁਰਜੀਤ ਪਾਤਰ, ਨੂਰ, ਸ਼ਿਵ ਕੁਮਾਰ… ਯਾਨੀ ਕਿ ਸਾਰੇ ਦੇ ਸਾਰੇ ਅਜੂਬੇ। ਪਹਿਲੀ ਵਾਰੀ ਐਲ.ਪੀ. ਮਸ਼ੀਨ ਚਲਦੀ ਦੇਖੀ। ਪਹਿਲੀ ਵਾਰੀ ਟੇਪ ਰਿਕਾਰਡਰ ਦੇ ਵੱਡੇ ਸਪੂਲ ਘੁੰਮਦੇ ਦੇਖੇ…ਦੂਰੋਂ।

  
ਲਾਲੀ ਦਾ ਸਹੁਰਾ ਘਰ ਪਟਿਆਲਾ ਹੀ ਸੀ। ਆਪਣੀ ਪਤਨੀ ਨਾਲ ਤਾਂ ਬਹੇੜਾ ਰੋਡ ਘੱਟ ਈ ਆਉਂਦਾ। ਦੋਸਤਾਂ ਦੇ ਕਾਫਲੇ ਹੀ ਬਹੁਤੀ ਵਾਰ ਦਿਖਾਈ ਦਿੰਦੇ। ਸਰਦਾਰ ਪਾਪਾ ਪਿੰਡ ਰਹਿੰਦਾ, ਕਦੀ ਕਦਾਈਂ ਮਹੀਨੇ ਦੋ ਮਹੀਨੇ ਬਾਅਦ ਦੋ ਚਾਰ ਦਿਨ ਰਹਿ ਕੇ ਵਾਪਸ ਚਲਾ ਜਾਂਦਾ। ਪਟਿਆਲੇ ਦੇ ਨੇੜੇ ਨਾਭਾ ਰੋਡ ਉਤੇ ਛੇ ਏਕੜ ਜ਼ਮੀਨ ਸੀ। ਲੈਂਡ ਸੀਲਿੰਗ ਐਕਟ ਤੋਂ ਪਹਿਲਾਂ ਸਾਰਾ ਪਿੰਡ ਫਤਿਹਗੜ੍ਹ ਉਸੇ ਦਾ ਸੀ ਪਰ ਸੀਲਿੰਗ ਪਿੱਛੋਂ ਵੀ ਘੱਟ ਕੀਮਤ ਪੁਆ ਕੇ 200 ਏਕੜ ਬਚਾ ਲਏ ਸਨ। ਪਿੰਡ ਦੀ ਹਵੇਲੀ ਇਕ ਕਿਲ੍ਹਾ ਸੀ, ਉੱਚੇ ਥਾਂ ਉੱਪਰ ਉਸਰਿਆ ਕਿਲ੍ਹਾ। ਅਸੀਂ ਪਟਿਆਲੇ ਆਪ ਰੋਟੀ ਪਕਾਉਂਦੇ। ਦਾਲ ਜਾਂ ਸਬਜ਼ੀ, ਜੋ ਸਵੇਰੇ ਖਾ ਕੇ ਜਾਂਦੇ, ਉਹੀ ਸ਼ਾਮ ਨੂੰ। ਇਸ ਤਬੇਲੇ ਦੀ ਖੁਰਲੀ ਵਿੱਚ ਅਸੀਂ ਮਿੱਟੀ ਪਾ ਦਿੱਤੀ। ਉਪਰ ਇਕ ਤਹਿ ਇੱਟਾਂ ਦੀ ਵਿਛਾ ਕੇ, ਅਖ਼ਬਾਰਾਂ ਨਾਲ ਢੱਕ ਦਿਤੀ। ਇਹੀ ਸੀ ਸਾਡਾ ਕੁਕਿੰਗ ਰੇਂਜ। ਇਹੀ ਡਾਈਨਿੰਗ ਟੇਬਲ। ਇਕ ਸਟੋਵ, ਚਾਰ ਕੌਲੀਆਂ, ਚਾਰ ਗਲਾਸ। ਅਜੀਤ ਹੱਸਦਾ- ਸਮਾਜਵਾਦ ਆ ਗਿਆ। ਮੱਝਾਂ ਅਤੇ ਬੰਦਿਆਂ ਦਾ ਡਾਈਨਿੰਗ ਟੇਬਲ ਇੱਕੋ। ਆਰਥਕ ਬਰਾਬਰੀ।

ਹਰਜੀਤ ਗਿੱਲ ਨੇ ਦੱਸਿਆ- ਕਿਉਂਕਿ ਲਾਲੀ ਕਮਿਊਨਿਸਟ ਨਹੀਂ ਸੀ, ਉਸ ਨੂੰ ਬਹੁਤ ਆਰਾਮ ਨਾਲ ਨੌਕਰੀ ਮਿਲੀ। ਲਾਲੀ ਜਾਇਨਿੰਗ ਰਿਪੋਰਟ ਦੇਣ ਗਿਆ। ਮੁਖੀ ਗਿੱਲ ਨੂੰ ਕਹਿਣ ਲੱਗਾ, ‘‘ਕਿਸੇ ਨੂੰ ਦੱਸਿਓ ਨਾ ਬਈ ਲਾਲੀ ਨੌਕਰ ਹੋ ਗਿਐ। ਮੇਰੇ ਭਾਈਚਾਰੇ ਵਿੱਚ ਮੇਰੀ ਬਦਨਾਮੀ ਹੋਵੇਗੀ, ਮਾਲਕ ਨੌਕਰ ਹੋ ਜਾਏ, ਇਹ ਗੱਲ ਸ਼ਰਮਨਾਕ ਹੈ।’’


ਗਿੱਲ ਨੇ ਕਿਹਾ, ‘‘ਮੈਂ ਕਿਉਂ ਦੱਸਣਾ ਹੋਇਆ ਕਿਸੇ ਨੂੰ? ਲਾਲੀ – ‘‘ਪਰ ਮੈਨੂੰ ਸਵੇਰੇ ਆ ਕੇ ਹਾਜ਼ਰੀ ਲਾ ਕੇ ਚਾਰ ਵਜੇ ਤੱਕ ਬੈਠਣਾ ਪਿਆ ਕਰੇਗਾ। ਪਤਾ ਤਾਂ ਲੱਗ ਜਾਣੈ।’’ ਗਿੱਲ – ‘‘ਤੇਰੇ ’ਤੇ ਕੋਈ ਪਾਬੰਦੀ ਨਹੀਂ। ਤੈਨੂੰ ਕੋਈ ਨੌਕਰ ਨਹੀਂ ਸਮਝੇਗਾ, ਜਿਹੜਾ ਮਰਜ਼ੀ ਵਾਈਸ ਚਾਂਸਲਰ ਆ ਜਾਏ, ਤੈਨੂੰ ਨਹੀਂ ਟੋਕੇਗਾ।’’

ਇਉਂ ਲਾਲੀ ਉਮਰ ਭਰ ਮਾਲਕ ਰਿਹਾ। ਲਾਲੀ ਨੂੰ ਮਿਲਣ ਆਇਆ ਇਕ ਮੁੰਡਾ ਗਿੱਲ ਦੇ ਕਮਰੇ ਵਿੱਚ ਗਿਆ, ਪੁੱਛਿਆ, ‘‘ਲਾਲੀ ਕਿੱਥੇ ਐੈ? ਗਿੱਲ ਨੇ ਕਿਹਾ, ‘‘ਜੇ ਤੂੰ ਲਾਲੀ ਨੂੰ ਜਾਣਦੈਂ, ਫਿਰ ਤੈਨੂੰ ਪਤਾ ਹੋਣਾ ਚਾਹੀਦੈ ਉਹ ਕਿੱਥੇ ਹੈ ਇਸ ਵੇਲੇ। ਜੇ ਨਹੀਂ ਜਾਣਦਾ, ਫਿਰ ਮਿਲ ਕੇ ਕੀ ਕਰੇਂਗਾ?’’ ਡਾ. ਭਗਤ ਸਿੰਘ ਵੀਸੀ ਕੋਲ ਲਾਲੀ ਵਿਰੁੱਧ ਕਿਸੇ ਚੁਗਲੀ ਕੀਤੀ। ਦੱਸਿਆ, ‘‘ਕੰਮ ਨਹੀਂ ਕਰਦਾ। ਕਲਾਸ ਵਿੱਚ ਨਹੀਂ ਜਾਂਦਾ। ਦਰਖਤ ਹੇਠ ਬੈਠਾ ਗੱਲਾਂ ਕਰੀ ਜਾਂਦੈ ਫਜ਼ੂਲ। ਉਸ ਨੂੰ ਸਮਝਾਉ।’’ ਭਗਤ ਸਿੰਘ ਨੇ ਕਿਹਾ, ‘‘ਤੂੰ ਵੀ ਲਾਲੀ ਦੀ ਕਲਾਸ ਵਿੱਚ ਬੈਠਿਆ ਕਰ ਕਦੀ ਕਦਾਈਂ, ‘‘ਤੈਨੂੰ ਵੀ ਅਕਲ ਆਏ। ਲਾਲੀ ਜਿੱਥੇ ਬੈਠਾ ਹੋਵੇ, ਉਹ ਕਲਾਸ ਰੂਮ ਹੈ। ਲਾਲੀ ਯੂਨੀਵਰਸਿਟੀ ਵਾਸਤੇ ਨਹੀਂ ਬਣਿਆਂ, ਉਸ ਵਾਸਤੇ ਯੂਨੀਵਰਸ ਬਣੀ ਹੈ।’’

ਹਰਜੀਤ ਗਿੱਲ ਕੋਲ ਕਿਸੇ ਨੇ ਸ਼ਿਕਾਇਤ ਕੀਤੀ, ‘ਲਾਲੀ ਤੇ ਸੁਰਜੀਤ ਸਾਰਾ ਦਿਨ ਕਾਫ਼ੀ ਹਾਊਸ ਵਿੱਚ ਯੱਕੜ ਮਾਰ ਕੇ ਘਰ ਚਲੇ ਜਾਂਦੇ ਨੇ। ਤੁਸੀਂ ਵਿਭਾਗ ਵਿੱਚ ਬਿਠਾ ਕੇ ਕੰਮ ਕਰਨ ਲਈ ਕਿਉਂ ਨਹੀਂ ਕਹਿੰਦੇ?’ ਗਿੱਲ ਨੇ ਕਿਹਾ, ‘‘ਮਰ ਜਾਣ ਦੇ ਇਨ੍ਹਾਂ ਨੂੰ ਚਾਹ ਪੀ ਪੀ ਕੇ। ਇੱਥੇ ਬੈਠ ਕੇ ਕਿਹੜਾ ਕੰਮ ਕਰਨਗੇ? ਇਨ੍ਹਾਂ ਦੀ ਗੈਰਹਾਜ਼ਰੀ ਵਿੱਚ ਮੈਂ ਤਾਂ ਕੰਮ ਕਰ ਲੈਨਾਂ। ਫੇਰ ਮੇਰੇ ਕੋਲ ਬੈਠੇ ਰਿਹਾ ਕਰਨਗੇ, ਮੈਨੂੰ ਵੀ ਕੰਮ ਨਹੀਂ ਕਰਨ ਦੇਣਾ। ਮੇਰਾ ਜੀਅ ਕਰਦੈ ਦਸ ਮੀਲ ’ਤੇ ਕਾਫ਼ੀ ਹਾਊਸ ਹੋਵੇ, ਆਉਂਦੇ ਜਾਂਦੇ ਬੀਤ ਜਾਣ।’’

ਲਾਲੀ ਦੀ ਜੇਬ ਵਿੱਚ ਪੰਜ ਰੁਪਏ ਤੋਂ ਵੱਧ ਕਦੀ ਪੈਸਾ ਨਹੀਂ ਰਿਹਾ, ਉਦੋਂ ਵੀ ਨਹੀਂ, ਜਦੋਂ ਪ੍ਰੋਫੈਸਰ ਲੱਗ ਗਿਆ ਸੀ। ਰੋਟੀ, ਵਿਸਕੀ, ਚਾਹ, ਲੱਸੀ, ਜੋ ਖਾਧਾ ਪੀਤਾ, ਉਸ ਦਾ ਬਿਲ ਨਾਲ ਵਾਲਾ ਦੇਵੇਗਾ। ਸਾਰੀ ਉਮਰ ਇਹੋ ਹੋਇਆ। ਜੇ ਤੁਹਾਡਾ ਖਿਆਲ ਹੈ ਇਹ ਗੱਲ ਮੈਨੂੰ ਬੁਰੀ ਲਗਦੀ ਹੈ, ਤੁਸੀਂ ਗ਼ਲਤ ਹੋ। ਲਾਲੀ ਵਰਗਾ ਫਕੀਰ ਇਵੇਂ ਹੀ ਕਰੇਗਾ।


ਸਿਧਾਰਥ ਨੇ ਕਿਹਾ, ‘ਲਾਲੀ ਸੰਕੇਤਾਂ, ਮਿੱਥਾਂ ਤੇ ਰੂਪਕਾਂ ਨਾਲ ਗੱਲ ਫੜਨ ਦਾ ਯਤਨ ਕਰਦਾ। ਉਹਦੇ ਹੱਥ, ਬਾਹਾਂ, ਅੱਖਾਂ, ਬੋਲਾਂ ਨਾਲੋਂ ਵਧੀਕ ਗੱਲਾਂ ਕਰਦੀਆਂ। ਇਕ ਦਿਨ ਜਾਂਦਿਆਂ-ਜਾਂਦਿਆਂ ਰੁਕੇ – ਸੜਕ ਦੇ ਵਿਚਕਾਰ ਥੋੜ੍ਹਾ ਕੁ ਘਾਹ ਉਗਿਆ ਦੇਖਿਆ। ਖਲੋ ਗਏ, ਘਾਹ ਨੂੰ ਕਿਹਾ, ‘ਉਏ ਤੈਨੂੰ ਨਾ ਗਾਂ ਖਾਏਗੀ ਨਾ ਮੱਝ, ਨਾ ਭੇਡ ਦੇ ਕੰਮ ਆਏਂਗਾ ਨਾ ਬੱਕਰੀ ਦੇ। ਕਿਉਂ ਉਗ ਆਇਐਂ ਇਥੇ? ਪਹੀਆਂ ਹੇਠ ਕੁਚਲੇ ਜਾਣ ਲਈ?’ ਫਿਰ ਸੜਕ ਵਿਚਕਾਰ ਬੈਠ ਗਿਆ। ਸਾਨੂੰ ਕਿਹਾ, ‘ਦੇਖੋ, ਉਪਰ ਜਾਣ ਵਾਸਤੇ ਜਿੰਨੀ ਕੁ ਇਸ ਵਿੱਚ ਤਾਕਤ ਸੀ ਲਾ ਦਿੱਤੀ, ਜਦੋਂ ਥੱਕ ਗਿਆ, ਸਿਰ ਝੁਕਾ ਦਿੱਤਾ। ਆਹ ਦੇਖੋ, ਝੁਕਿਆ ਸਿਰ ਦੇਖੋ।’ ਨਾਦ ਪ੍ਰਗਾਸ ਦੇ ਜਵਾਨ, ਲਾਲੀ ਨੂੰ ਮਿਲਣ ਗਏ। ਉਮਰ ਵਧੀਕ ਹੋਣ ਕਰਕੇ ਜ਼ਿਆਦਾ ਗੱਲਾਂ ਨਾ ਕਰ ਸਕੇ। ਉੱਠੇ। ਉਨ੍ਹਾਂ ਦੀਆਂ ਦਸਤਾਰਾਂ ਪਲੋਸਦਿਆਂ ਲਾਲੀ ਨੇ ਕਿਹਾ, ‘ਦਸਤਾਰ ਬਗੈਰ ਬੰਦਾ ਲਾਹੌਰ ਨਹੀਂ ਜਾ ਸਕਦਾ।’ ਇਹੋ ਜਿਹੀ ਗੱਲ ਲਾਲੀ ਹੀ ਕਰ ਸਕਦਾ ਸੀ।

 ਹਰਪਾਲ ਸਿੰਘ ਪੰਨੂੂ
ਲੇਖ਼ਕ ਧਰਮ ਵਿਸ਼ੇ ਦੇ ਪ੍ਰਫੈਸਰ ਹਨ।

ਪੰਜਾਬੀ ਟ੍ਰਿਬਿਊਨ ਤੋਂ ਚੋਰੀ :)