ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, October 21, 2015

ਪੰਜਾਬ ਦਾ ਸਮਕਾਲ, ਸਿਆਸਤ ਤੇ ਸਿੱਖ ਸਿਆਸਤ

ਪੰਜਾਬੀ ਟ੍ਰਿਬਿਊਨ ਵਿਚ (ਕੁਝ ਗੱਲਾਂ ਸੰਪਾਦਤ ਹੋ ਕੇ) 'ਦੇਸ਼ ਅਤੇ ਸਿੱਖ ਸਿਆਸਤ ਨੂੰ ਸਿੱਖ ਮਾਡਲ ਦੀ ਲੋੜ' ਸਿਰਲੇਖ ਹੇਠ ਛਪੇ  ਪ੍ਰੋ. ਬਲਕਾਰ ਸਿੰਘ ਦੇ ਇਸ ਆਰਟੀਕਲ ਨੂੰ ਮੂਲ ਰੂਪ ' ਛਾਪਿਆ ਜਾ ਰਿਹਾ ਹੈ। ਇਸ ਸਬੰਧੀ ਤੁਹਾਡੇ ਵਿਚਾਰ-ਚਰਚਾ ਤੇ ਬਹਿਸ ਦਾ ਗ਼ੁਲਾਮ ਕਲਮ ਵਲੋਂ ਸਵਾਗਤ ਹੈ । -ਗ਼ੁਲਾਮ ਕਲਮ 

ਵਰਤਮਾਨ ਪੰਜਾਬੀ ਸੂਬਾ, ਭਾਰਤੀ ਵਿਧਾਨ ਦੇ ਅੰਤਰਗਤ ਜਿਹੋ ਜਿਹਾ ਸੰਭਵ ਹੋ ਸਕਦਾ ਹੈ, ਉਹੋ ਜਿਹਾ ਖਾਲਿਸਤਾਨ ਬਣ ਗਿਆ ਹੈਇਥੇ ਰਾਜ, ਸਿੱਖਾਂ ਦਾ ਹੀ ਰਹਿਣਾ ਹੈ ਅਤੇ ਸਿੱਖਾਂ ਵਿਚੋਂ ਵੀ ਜੱਟਾਂ ਦੇ ਰਾਜ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨਇਸ ਨਾਲ ਬਹੁਤ ਸਾਰੀਆਂ ਸਿਆਸੀ-ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨਪੰਜਾਬ ਦੀਆਂ ਸਿਆਸੀ-ਪਾਰਟੀਆਂ ਨੂੰ ਹਿਸਾਬ ਦੇਣਾ ਪਵੇਗਾ ਕਿ ਸਾਰੇ ਖੇਤਰਾਂ ਵਿਚੋ ਮੋਹਰੀ ਪੰਜਾਬ, ਰਿਸ਼ਵਤਖੋਰੀ ਅਤੇ ਗੁੰਡਾਗਰਦੀ ਨੂੰ ਛੱਡਕੇ ਬਾਕੀ ਸਾਰੇ ਹੀ ਖੇਤਰਾਂ ਵਿਚ ਫਾਡੀ ਕਿਉਂ ਰਹਿ ਗਿਆ ਹੈ?ਇਹ ਕੋਈ ਤਸੱਲੀ ਵਾਲੀ ਗੱਲ ਨਹੀਂ ਹੈ, ਜੇ ਕੋਈ ਵੀ ਸਿਆਸਤਦਾਨ ਇਹ ਸਮਝਦਾ ਹੋਵੇ ਕਿ ਉਸ ਨਾਲੋਂ ਵੱਡੇ ਬੇਈਮਾਨ ਵੀ ਕਾਇਮ ਹਨਹੁਣ ਇਹ ਸੱਚ ਸਾਹਮਣੇ ਆ ਗਿਆ ਹੈ ਕਿ ਗੁੰਡਾਗਰਦੀ ਨੂੰ ਸਿਆਸਤ ਨਾਲੋਂ ਵੱਖ ਕੀਤੇ ਬਿਨਾਂ ਕਿਸੇ ਕਿਸਮ ਦਾ ਵਿਕਾਸਮਈ-ਸੁਧਾਰ ਸੰਭਵ ਨਹੀਂ ਹੈਅਮੀਰੀ ਸੰਭਾਲਣ ਜਾਂ ਅਮੀਰ ਹੋਣ ਦੀ ਸਿਆਸਤ ਦਾ ਅੰਤ ਹੋਣਾ ਚਾਹੀਦਾ ਹੈਇਹ ਮਹਿਸੂਸ ਤਾਂ ਸਾਰਿਆਂ ਨੂੰ ਹੋਣ ਲੱਗ ਪਿਆ ਹੈ, ਪਰ ਲੋੜ ਇਸ ਨੂੰ ਅਮਲ ਵਿਚ ਲਿਆਉਣ ਲਈ ਯਤਨ ਕੀਤੇ ਜਾਣ ਦੀ ਹੈਮਹਿਜ਼ ਵਿਰੋਧ ਦੀ ਸਿਆਸਤ ਵਿਚ ਸਮਾਂ ਤੇ ਸਰਮਾਇਆ ਬਰਬਾਦ ਕਰਨ ਦੀ ਥਾਂ, ਇਹੋ ਜਿਹੇ ਮੁੱਦਿਆਂ ਨੂੰ ਆਮ ਲੋਕਾਂ ਤੱਕ ਲੈਕੇ ਜਾਣ ਦੀ ਲੋੜ ਹੈਇਹ ਮੁਹਿੰਮ ਪੰਜਾਬ ਤੋਂ ਉਠਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਚੇਤੰਨ ਲੋਕਾਂ ਨੇ ਹਮੇਸ਼ਾ ਹੀ ਹਰ ਖੇਤਰ ਵਿਚ ਪਹਿਲ ਕੀਤੀ ਹੈਸੋ ਆਮ ਪੰਜਾਬੀ ਨੂੰ ਮੁੱਦਿਆਂ ਦੀ ਸਿਆਸਤ ਵਾਸਤੇ ਇਸ ਲਈ ਤਿਆਰ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਜਜ਼ਬਿਆਂ ਦੇ ਸ਼ੋਸ਼ਣ ਦੀ ਸਿਆਸਤ ਦਾ ਪਹਿਲਾਂ ਹੀ ਬਹੁਤ ਮੁੱਲ ਤਾਰਿਆ ਜਾ ਚੁੱਕਾ ਹੈ                  

   
ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਇਸ ਵੇਲੇ ਪੰਜਾਬ ਵਿਚ ਇਕ ਖਾਸ ਕਿਸਮ ਦੀ ਮਾਯੂਸੀ, ਉਦਾਸੀ ਅਤੇ ਬੇਬਸੀ ਪਸਰਦੀ ਜਾ ਰਹੀ ਹੈਇਸਦੇ ਹੋਰ ਵੀ ਬਹੁਤ ਸਾਰੇ ਕਾਰਨ ਹੋਣਗੇ, ਪਰ ਸਭ ਤੋਂ ਵੱਡਾ ਕਾਰਨ ਸਿਆਸਤ ਅਤੇ ਸਿਆਸਤਦਾਨ ਹੀ ਹਨਲੋਕ-ਭਲਾਈ ਲਈ ਸੇਵਾ-ਭਾਵਨਾਂ ਦਾ ਜਜ਼ਬਾ ਸਿਆਸਤ ਦੀ ਭੇਟ ਚੜ੍ਹ ਗਿਆ ਲੱਗਣ ਲੱਗ ਪਿਆ ਹੈਸਿਆਸਤ ਵੀ ਬਾਕੀ ਧੰਧਿਆਂ ਵਾਂਗ ਧੰਦਾ ਹੁੰਦੀ ਜਾ ਰਹੀ ਹੈਹਰ ਕਿਸਮ ਦੇ ਅਪਹਰਣ ਨੂੰ ਸਿਆਸਤ ਮੰਨ ਲਿਆ ਗਿਆ ਹੈਹਿਤਾਂ ਦਾ ਅਪਹਰਣ, ਨੈਤਿਕਤਾ ਦਾ ਅਪਹਰਣ, ਜਜਬਿਆਂ ਦਾ ਅਪਹਰਣ ਅਤੇ ਸੰਸਥਾਂਵਾਂ ਦਾ ਅਪਹਰਣ, ਸਿਆਸੀ-ਸ਼ੁਗਲ ਵਾਂਗ ਸਭ ਦੇ ਸਾਹਮਣੇ ਹੈਪਹਿਲਾਂ ਹੀ ਪੰਜਾਬ, ਬਲਦੀ ਦੇ ਬੁੱਥੇ ਆਇਆ ਹੋਇਆ ਹੈ ਕਿਉਕਿ ਪੰਜਾਬ ਦੇ ਹਿਤਾਂ ਦੀ ਬਲੀ, ਭਾਰਤ ਦੀ ਇਕਸਾਰ-ਖੁਸ਼ਹਾਲੀ ਲਈ ਜ਼ਰੂਰੀ ਮੰਨ ਲਈ ਗਈ ਹੈਪੰਜਾਬ-ਵਿਰੋਧੀਆਂ ਦੀ ਸਿਆਸਤ ਵੀ ਪੰਜਾਬੀ-ਸਿਆਸਤ ਦਾ ਹਿੱਸਾ ਹੁੰਦੀ ਜਾ ਰਹੀ ਹੈਇਸ ਪ੍ਰਸੰਗ ਵਿਚ ਸਿੱਖ-ਸਿਆਸਤਦਾਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਮਝੌਤਿਆਂ ਦੀ ਸੀਮਾਂ ਵੀ ਹੁੰਦੀ ਹੈ ਅਤੇ ਪ੍ਰਸੰਗਤਾ ਵੀ ਹੁੰਦੀ ਹੈਹੱਥ ਮਿਲਾਉਣ ਦੀ ਸਿਆਸਤ ਨੂੰ ਚਰਣਾਂ ਤੇ ਡਿੱਗੇ ਰਹਿਣ ਦੀ ਸਿਆਸਤ ਮੰਨ ਲੈਣਾ,ਪੰਜਾਬ ਨੂੰ ਕਦੇ ਰਾਸ ਨਹੀਂ ਆਇਆਪ੍ਰਾਪਤ ਪਰਜਾ-ਤੰਤ੍ਰੀ ਸਿਆਸਤ ਨੂੰ ਸਿੱਖ-ਤੰਤ੍ਰ ਦਾ ਰੰਗ ਸਿੱਖ-ਸਿਆਸਤਦਾਨਾਂ ਨੇ ਦੇਣਾ ਸੀਪਰ ਸਿੱਖ-ਸਿਆਸਤਦਾਨਾਂ ਨੇ ਸਿੱਖ-ਜੁੰਮੇਵਾਰੀ ਨਹੀਂ ਨਿਭਾਈਇਸ ਤੋਂ ਬਿਲਕੁਲ ਉਲਟ ਵਿਅਕਤੀਗਤ ਸਿਆਸੀ-ਈਜਾਰੇਦਾਰੀ ਸਥਾਪਤ ਕਰਨ ਨੂੰ ਪੰਥਕ ਐੇਲਾਨਣ ਦੀ ਵਧੀਕੀ ਹੁੰਦੀ ਰਹੀ ਹੈ ਪੰਜਾਬ ਦੇ ਚੇਤੰਨ ਵਰਗ ਨੇ ਵੀ ਬਣਦੀ ਜੁੰਮੇਵਾਰੀ ਨਹੀਂ ਨਿਭਾਈ ਅਤੇ ਸਿੱਟੇ ਵਜੋਂ ਪੰਜਾਬ ਨੂੰ ਸੰਕਟ ਗ੍ਰਸਤ ਹੋਣ ਦਿੱਤਾ ਗਿਆ ਹੈ


ਸੋ ਸਮਾਂ ਆ ਗਿਆ ਹੈ ਸਿੱਖ ਰੰਗ ਵਿਚ ਸਿਆਸੀ-ਪੈਂਤੜਾ ਲੈਣ ਦਾ ਅਤੇ ਸਿੱਖ-ਦਾਹਵਿਆਂ ਤੇ ਸੁਜੱਗਤਾ ਨਾਲ ਪਹਿਰਾ ਦੇਣ ਦਾਗੁਰੂ ਸਾਹਿਬਾਨ ਨੇ 1708 . ਤੱਕ ਸਿੱਖ-ਪਰਜਾਤੰਤ੍ਰ ਦੀ ਜੁੰਮੇਵਾਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਪੰਥ ਨੂੰ ਸੌਪ ਦਿੱਤੀ ਸੀਸਿੱਖ ਰੰਗ ਵਾਲੀ ਲੋਕ-ਹਿਤੈਸ਼ੀ ਸਿਆਸਤ ਦੀ ਬਹਾਲੀ ਵਾਸਤੇ ਪ੍ਰਾਪਤ ਅਵਸਰਾਂ ਸਿੱਖ-ਜੁੰਮੇਵਾਰੀ ਸਮਝਣਾ ਚਾਹੀਦਾ ਹੈਲੋਕ-ਤੰਤ੍ਰ ਦੇ ਉਸਰੱਈਆਂ ਨੂੰ ਇਹ ਸਮਝਾਉਣਾ ਪਵੇਗਾ ਕਿ ਜੋ ਆਪਣੀ ਰੱਖਿਆ ਆਪ ਨਹੀਂ ਕਰ ਸਕਦਾ,ਉਸ ਕੋਲੋਂ ਸੁਰੱਖਿਅਤ ਰਹਿਣ ਦਾ ਅਧਿਕਾਰ ਆਪਣੇ ਆਪ ਖੁੱਸ ਜਾਂਦਾ ਹੈਇਹ ਇਤਿਹਾਸ ਵਿਚ ਵਾਰ ਵਾਰ ਵਾਪਰਦਾ ਰਿਹਾ ਹੈ ਅਤੇ ਇਸ ਵਿਚੋਂ ਨਿਕਲਣ ਲਈ ਗੁਰੂ ਸਾਹਿਬਾਨ ਨੇ ਬੰਦੇ ਦੇ ਨਹੀਂ, ਬਾਣੀ-ਸਿਧਾਂਤਕੀ ਦੇ ਲੜ ਲਾਇਆ ਸੀਵਰਤਮਾਨ ਸਿਆਸੀ ਸਥਿਤੀ ਵਿਚ ਪੰਜਾਬ ਨੂੰ ਇਸ ਗੁਰੁ-ਜੁਗਤਿ ਦੇ ਸਨਮੁਖ ਹੋਣਾ ਪੈਣਾ ਹੈਸਿਆਸੀ ਚੌਧਰ ਦੀ ਗੱਲ ਬਹੁਤ ਦੂਰ ਰਹਿ ਗਈ ਹੈ ਹੁਣ ਤਾਂ ਸਿਰ ਬਚਾਉਣ ਦੇ ਲਾਲੇ ਪਏ ਹੋਏ ਹਨਸ਼ਾਹ ਮੁਹੰਮਦ ਦੇ ਬੋਲ ਇਕ ਵਾਰ ਫਿਰ ਸਾਰਥਕ ਲੱਗਣ ਲੱਗ ਪਏ ਹਨ:


            “ਧਾੜ ਬੁਰਛਿਆਂ ਦੀ ਸਾਡੇ ਪੇਸ਼ ਆਈ, ਕੋਈ ਅਕਲ ਦਾ ਕਰੋ ਇਲਾਜ ਯਾਰੋ

ਜੰਗਾਂ ਤਾਂ ਸਦਾ ਨਾਬਰੀ-ਸੁਰ ਵਾਲਿਆਂ ਨੂੰ ਹੀ ਲੜਣੀਆਂ ਪੈਂਦੀਆਂ ਰਹੀਆਂ ਹਨਧਰਮ-ਨਿਰਪੇਖ-ਸਿਆਸਤ ਅਤੇ ਧਰਮ-ਆਧਾਰਤ-ਸਿਆਸਤ ਵਿਚੋਂ ਕਿਸੇ ਇਕ ਨੂੰ ਚੁਣਨ ਲੱਗਿਆਂ ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਦੇਸ਼ ਦੇ ਹਿਤ ਵਿਚ ਕੀ ਹੈ?ਇਸ ਹਾਲਤ ਵਿਚ ਪੰਜਾਬ ਦੇ ਰੋਲ ਨੂੰ ਧਿਆਨ ਨਾਲ ਵੇਖਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੀ ਲੜਾਕੂ ਸਮਰਥਾ ਦੇ ਸਭ ਭੇਤੀ ਹਨਇਸ ਸਮਰਥਾ ਨੂੰ ਪਾੜਕੇ ਰੱਖਣ ਦੀ ਕਿਸੇ ਨੂੰ ਲੋੜ ਹੀ ਨਹੀਂ ਪੈਣੀ ਕਿਉਂਕਿ ਇਹ ਸ਼ੁਭ ਕਾਰਜ ਪੰਜਾਬੀ-ਸਿਆਸਤਦਾਨ ਆਪ ਹੀ ਕਰੀ ਜਾ ਰਹੇ ਹਨਅਕਾਲੀਅਤ ਦੇ ਨਾਮ ਤੇ ਜੋ ਸਿਆਸੀ-ਧੜੇ ਬਣ ਗਏ ਹਨ, ਉਹ ਪੰਜਾਬ ਦੀ ਸਿਆਸੀ-ਭੂਮਿਕਾ ਨੂੰ ਖੁੰਢਾ ਕਰ ਰਹੇ ਹਨਇਸ ਵੇਲੇ ਦੀ ਲੋੜ ਸਿਆਸਤ ਨੂੰ ਵਿਅਕਤੀਗਤ-ਚੌਧਰ ਦੀ ਥਾਂ ਜੁੰਮੇਵਾਰੀ ਦੀ ਨੈਤਿਕਤਾ ਨਾਲ ਜੋੜਣ ਦੀ ਹੈਇਸ ਪਾਸੇ ਸਿੱਖ-ਸੁਰ ਵਿਚ ਤੁਰਨ ਦੀ ਪਹਿਲ ਅਕਾਲੀ-ਸਿਆਸਤਦਾਨਾਂ ਨੂੰ ਕਰਨੀ ਚਾਹੀਦੀ ਹੈਇਸ ਵਿਚ ਰੁਕਾਵਟ ਸਿੱਖ-ਸਿਆਸਤਦਾਨਾਂ ਅੰਦਰੋਂ ਸਿੱਖ-ਰੀਝ ਦਾ ਮਰ ਜਾਣਾ ਹੈਸਿਆਸੀ-ਗਰਜਾਂ ਦੀ ਬਲੀ ਬਹੁਤ ਕੁਝ ਚੜ੍ਹ ਚੁੱਕਾ ਹੈਇਸ ਨਾਲ ਉਹ ਸਾਰੇ ਰਾਹ, ਜਿਨ੍ਹਾਂ ਨੂੰ ਸਿਧਾਂਤਕ, ਪਰੰਪਰਕ ਅਤੇ ਇਤਿਹਾਸਕ ਮਾਨਤਾ ਅਤੇ ਮਹਤਤਾ ਹਾਸਲ ਸੀ,ਇਕ ਵਾਰ ਬੇਲੋੜੇ,ਬੇਅਸਰ ਅਤੇ ਸਮਾਂ ਵਿਹਾ ਗਏ ਲੱਗਣ ਲੱਗ ਪਏ ਹਨਅਜੇ ਵੀ ਜੇ ਸਮਝ ਨਹੀ ਆ ਰਹੀ ਤਾਂ ਤੇ ਇਹੀ ਕਹਿਣਾ ਪਵੇਗਾ ਕਿ "ਜਾ ਕਉ ਕਰਤਾ ਆਪ ਖੁਹਾਏ ਖਸ ਲਏ ਚੰਗਿਆਈ" ਵਰਗੀ ਹਾਲਤ ਸਿੱਖ-ਲੀਡਰਾਂ ਨੇ ਆਪ ਸਹੇੜ ਲਈ ਹੈ। ਹੋਰ ਵੀ ਬਹੁਤ ਸਾਰੀਆਂ ਸਿਆਸਤੀ-ਪਰਤਾਂ ਹਨ, ਜਿਹੜੀਆਂ ਰੂਹ ਦੀ ਪੱਧਰ ਤੇ ਕਿਸੇ ਨੂੰ ਵੀ ਸ਼ਰਮਿੰਦਾ ਕਰ ਸਕਦੀਆਂ ਹਨ ਪਰ ਮਾਇਆ ਨਾਲ ਥਿੰਦੀ ਹੋ ਗਈ ਸਿਆਸੀ-ਮਾਨਸਿਕਤਾ ਹੀ ਮਸਲਾ ਬਣੀ ਹੋਈ ਹੈ। ਅਕਾਲੀ-ਸਿਆਸਤਦਾਨ, ਇਸ ਬਾਰੇ ਨਾ ਸੁਨਣ ਨੂੰ ਤਿਆਰ ਹੈ ਅਤੇ ਨਾ ਸਮਝਣ ਨੂੰ ਤਿਆਰ ਹੈਇਸ ਹਾਲਤ ਵਿਚ ਵਿਰਾਸਤੀ-ਅਕਾਲੀਅਤ ਦਾਅ ਤੇ ਲੱਗ ਗਈ ਹੈ



ਅਕਾਲੀਅਤ ਦੀ ਨਿਹਿਤ-ਊਰਜਾ ਨੂੰ ਅਕਾਲੀਵਾਦ ਵਜੋਂ ਸਿਧਾਂਤਕੀ ਵਿਚ ਢਾਲੇ ਬਿਨਾਂ ਇਹ ਸਿੱਖ-ਸੱਚ ਸਾਹਮਣੇ ਨਹੀਂ ਲਿਆਂਦਾ ਜਾ ਸਕਦਾ ਕਿ ਦੇਸ਼ ਦੀ ਸਿਆਸਤ ਨੂੰ ਸਿੱਖ-ਮਾਡਲ ਦੀ ਲੋੜ ਹੈ ਕਿਉਂਕਿ ਸਿੱਖ-ਮਾਡਲ ਦੁਆਰਾ ਰਾਏ ਦੇ ਵਿਰੋਧ ਨਾਲ ਨਿਭਦਿਆਂ ਸਹਿਜ-ਸਥਾਪਨ ਦੀ ਸਿਆਸਤ ਕੀਤੀ ਜਾ ਸਕਦੀ ਹੈ ਪਰ ਇਸ ਮਾਡਲ ਨੂੰ ਅਕਾਲੀਆਂ ਨੇ ਆਪ ਹੀ ਵਰਤੋਂ ਵਿਚ ਨਹੀਂ ਲਿਆਂਦਾ ਅਤੇ ਇਸ ਨਾਲ ਅਕਾਲੀਵਾਦ ਦੀ ਸਥਾਪਤੀ ਦਾ ਰਾਹ ਸਾਹਮਣੇ ਹੀ ਨਹੀਂ ਆਇਆਵਰਤਮਾਨ ਸੰਕਟ ਵਿਚੋਂ ਅਕਾਲੀ-ਸਿਆਸਤਦਾਨ ਏਸੇ ਰਾਹ ਪੈਕੇ ਹੀ ਬਾਹਰ ਨਿਕਲ ਸਕਦੇ ਹਨ


ਪ੍ਰੋ. ਬਲਕਾਰ ਸਿੰਘ
*ਪ੍ਰੋ. ਤੇ ਸਾਬਕਾ ਮੁਖੀ, ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
93163-01328

Tuesday, October 13, 2015

ਤਿਆਗੀ ਲੇਖਕ ਯੋਧਿਆਂ ਨੂੰ ਸਾਡਾ ਸਲਾਮ

ਤਕਾਲੀ ਘਟਨਾਕ੍ਰਮ ਦੌਰਾਨ ਕੁਝ ਦੁਖਦਾਈ ਵਾਰਦਾਤਾਂ ਵਾਪਰੀਆਂ। ਦੋ ਗ਼ੈਰ-ਪੰਜਾਬੀ ਨਾਮਵਰ ਲੇਖਕਾਂ ਪ੍ਰੋ: ਕਲਬੁਰਗੀ ਅਤੇ ਨਰਿੰਦਰ ਦਬੋਲਕਰ ਦੀ ਹੱਤਿਆ ਇਸ ਕਰਕੇ ਕੀਤੀ ਗਈ ਕਿਉਂਕਿ ਉਕਤ ਦਾਨਸ਼ਵਰ ਫ਼ਿਰਕਾਪ੍ਰਸਤੀ ਅਤੇ ਧਾਰਮਿਕ ਅੰਧਵਿਸ਼ਵਾਸ ਖਿਲਾਫ਼ ਝੰਡਾ-ਬਰਦਾਰ ਸਨ। ਇਨ੍ਹਾਂ ਦੀ ਹੱਤਿਆ ਪਿੱਛੇ ਹਿੰਦੂਤਵੀ ਤਾਕਤਾਂ ਤਾਂ ਸਨ ਹੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦਾ ਮੰਤਰੀ-ਮੰਡਲ ਮੂਕ ਦਰਸ਼ਕ ਬਣਿਆ ਰਿਹਾ। ਸਥਿਤੀ ਨੂੰ ਵਾਚਣ ਵਾਲੇ ਲੋਕ ਇਸ ਨਤੀਜੇ 'ਤੇ ਪਹੁੰਚੇ ਕਿ ਇਨ੍ਹਾਂ ਕਤਲਾਂ ਪਿੱਛੇ ਸਰਕਾਰੀ ਸ਼ਹਿ ਸੀ ਅਤੇ ਸਰਕਾਰ ਦੀ ਹਮਦਰਦੀ ਮਕਤੂਲਾਂ ਨਾਲ ਹੋਣ ਦੀ ਬਜਾਇ ਕਾਤਲਾਂ ਨਾਲ ਸੀ। ਇਹ ਸਰਕਾਰੀ ਵਰਤਾਰਾ ਨਿੰਦਣਯੋਗ ਅਤੇ ਦੁਖਦਾਈ ਹੈ। 


ਦੂਜੀ ਵੱਡੀ ਘਟਨਾ ਦਾਦਰੀ ਲਾਗੇ ਵਾਪਰੀ ਜਿਸ ਵਿਚ ਇਕ ਮੁਸਲਮਾਨ ਪਰਿਵਾਰ ਉੱਪਰ ਹਿੰਦੂ ਕੱਟੜਪੰਥੀਆਂ ਨੇ ਇਸ ਲਈ ਕਾਤਲਾਨਾ ਹਮਲਾ ਕੀਤਾ, ਕਿਉਂਕਿ ਉਨ੍ਹਾਂ ਨੂੰ ਇਹ ਸ਼ੱਕ ਪੈ ਗਿਆ ਸੀ ਕਿ ਮੁਸਲਮਾਨ ਪਰਿਵਾਰ ਦੇ ਚੁੱਲ੍ਹੇ ਉੱਪਰ ਗਊ ਮਾਸ ਪਕਾਇਆ ਜਾ ਰਿਹਾ ਹੈ। ਮੰਦਰ ਦੇ ਲਾਊਡ ਸਪੀਕਰ ਤੋਂ ਐਲਾਨ ਕਰਕੇ ਹਜੂਮ ਹਮਲਾ ਕਰਨ ਲਈ ਤੁਰਿਆ ਅਤੇ ਵਹਿਸ਼ੀਆਨਾ ਵਾਰਦਾਤ ਸਰਅੰਜਾਮ ਕੀਤੀ। ਕਾਤਲਾਂ ਨੂੰ ਫੜ ਕੇ ਸੰਗੀਨ ਅਪਰਾਧ ਕਾਰਨ ਮੁਕੱਦਮਾ ਦਰਜ ਕਰਨ ਦੀ ਬਜਾਇ ਪੁਲਸ ਰਿੱਝਦੇ ਹੋਏ ਮੀਟ ਨੂੰ ਪਰਖਣ ਲਈ ਪ੍ਰਯੋਗਸ਼ਾਲਾਵਾਂ ਵਿਚ ਭੇਜਣ 'ਚ ਰੁੱਝ ਗਈ। ਅਰਥ ਇਹ ਹੋਇਆ ਕਿ ਜੇ ਵਾਕਈ ਹੀ ਮੀਟ ਗਾਂ ਦਾ ਹੋਇਆ ਤਾਂ ਇਹ ਕਤਲ ਜਾਇਜ਼ ਹਨ। ਇਨ੍ਹਾਂ ਦੋ ਘਟਨਾਵਾਂ ਨੇ ਭਾਰਤ ਨੂੰ ਹਿਲਾ ਦਿੱਤਾ। 


ਸਰਕਾਰ ਦਾ ਅਜਿਹਾ ਫਿਰਕੂ ਰਵੱਈਆ ਦੇਖਦਿਆਂ ਹੋਇਆਂ ਨਾਮਵਰ ਲੇਖਕਾਂ ਨੇ ਆਪੋ ਆਪਣੇ ਪ੍ਰਾਪਤ ਕੀਤੇ ਮਾਣ-ਸਨਮਾਨ ਵਾਪਸ ਕਰਨੇ ਸ਼ੁਰੂ ਕਰ ਦਿੱਤੇ। ਇਨਾਮ ਵਾਪਸ ਕਰਨ ਵਾਲੇ ਮੋਢੀਆਂ ਵਿਚ ਸ੍ਰੀ ਉਦੈ ਪ੍ਰਕਾਸ਼, ਨਯਨਤਾਰਾ ਸਹਿਗਲ, ਅਸ਼ੋਕ ਵਾਜਪਾਈ, ਰਹਿਮਾਨ ਅੱਬਾਸ, ਸ਼ਸ਼ੀ ਦੇਸ਼ਪਾਂਡੇ, ਸਾਰਾ ਜੋਜ਼ਫ ਅਤੇ ਕੇ. ਸਚਿਦਾਨੰਦਨ ਹਨ। ਅਸੀਂ ਦਿਲਚਸਪੀ ਅਤੇ ਉਤੇਜਨਾ ਨਾਲ ਦੇਖ ਰਹੇ ਸਾਂ ਕਿ ਇਸ ਦਿਸ਼ਾ ਵਿਚ ਪੰਜਾਬ ਕੀ ਭੂਮਿਕਾ ਨਿਭਾਏਗਾ। ਸਭ ਤੋਂ ਪਹਿਲੀ ਖਬਰ ਮਿਲੀ ਕਿ ਉੱਘੇ ਕਹਾਣੀਕਾਰ, ਨਾਵਲਕਾਰ, ਵਾਰਤਾਕਾਰ ਅਤੇ ਸੰਪਾਦਕ-ਪੱਤਰਕਾਰ ਸ: ਗੁਰਬਚਨ ਸਿੰਘ ਭੁੱਲਰ ਨੇ ਸਾਹਿਤ ਅਕਾਦਮੀ ਦਾ ਨਾਮਵਰ ਪੁਰਸਕਾਰ ਰੋਸ ਵਜੋਂ ਵਾਪਸ ਕਰ ਦਿੱਤਾ। ਉਨ੍ਹਾਂ ਪਿੱਛੋਂ ਅਜਮੇਰ ਔਲਖ, ਵਰਿਆਮ ਸੰਧੂ, ਆਤਮਜੀਤ ਅਤੇ ਮੇਘਰਾਜ ਮਿੱਤਰ ਨੇ ਆਪੋ ਆਪਣੇ ਸਨਮਾਨ ਵਾਪਸ ਕੀਤੇ। ਇਨ੍ਹਾਂ ਪਿੱਛੋਂ ਸੁਰਜੀਤ ਪਾਤਰ, ਬਲਦੇਵ ਸਿੰਘ ਸੜਕਨਾਮਾ, ਗਜ਼ਲਗੋ ਜਸਵਿੰਦਰ ਅਤੇ ਦਰਸ਼ਨ ਬੁੱਟਰ ਨੇ ਆਪਣੇ ਸਨਮਾਨ ਚਿੰਨ੍ਹ ਤਿਆਗ ਦਿੱਤੇ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਲੜੀ ਵਿਚ ਕੰਨੜ ਭਾਸ਼ਾ ਦੇ ਸੱਤ ਲੇਖਕ ਪਹਿਲਾਂ ਹੀ ਸਰਕਾਰੀ ਸਨਮਾਨ ਵਾਪਸ ਕਰ ਚੁੱਕੇ ਹਨ। ਪੰਜਾਬੀ ਦੀ ਉੱਘੀ ਕਹਾਣੀਕਾਰਾ ਡਾ: ਦਲੀਪ ਕੌਰ ਟਿਵਾਣਾ ਵੱਲੋਂ ਵੀ ਪਦਮਸ੍ਰੀ ਸਨਮਾਨ ਵਾਪਸ ਕਰ ਦਿੱਤਾ ਗਿਆ ਹੈ।


ਸੰਗੀਨ ਦੁਖਦਾਈ ਘੜੀ ਵਿਚ ਪੰਜਾਬੀਆਂ ਵੱਲੋਂ ਦਿਖਾਇਆ ਤਿਆਗ ਹਿੰਦੁਸਤਾਨ ਦੀ ਰਹਿਨੁਮਾਈ ਕਰੇਗਾ, ਕਿਉਂਕਿ ਪੰਜਾਬੀ ਸਾਹਿਤਕਾਰਾਂ ਨੇ ਗ਼ੈਰ-ਪੰਜਾਬੀ ਹਿਤਾਂ ਦੀ ਰੱਖਿਆ ਵਾਸਤੇ ਆਪੋ ਆਪਣੇ ਸਨਮਾਨ ਚਿੰਨ੍ਹ ਵਾਪਸ ਕਰ ਦਿੱਤੇ। ਇਸ ਮੌਕੇ 'ਤੇ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਟ੍ਰਿਬਿਊਨਜ਼ ਨੇ ਇਸ ਪ੍ਰਸੰਗ ਵਿਚ ਤਾਕਤਵਰ ਸੰਪਾਦਕੀ ਲਿਖੇ। ਸ੍ਰੀ ਹਰੀਸ਼ ਖਰੇ ਨੇ ਦੁਖਿਆਰਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਮਾਰਟਿਨ ਨਿਮੋਲਰ ਦੀਆਂ ਪੰਕਤੀਆਂ ਦੁਹਰਾਈਆਂ ਜਿਹੜੀਆਂ ਉਸ ਨੇ ਜਰਮਨ ਫਾਸ਼ੀਵਾਦ ਵਿਰੁੱਧ ਲਿਖੀਆਂ ਸਨ- 

ਪਹਿਲਾਂ ਉਹ ਸੋਸ਼ਲਿਸਟਾਂ ਨੂੰ ਫੁੰਡਣ ਆਏ 
ਮੈਂ ਖਾਮੋਸ਼ ਰਿਹਾ ਕਿਉਂਕਿ ਮੈ ਸੋਸ਼ਲਿਸਟ ਨਹੀਂ ਸਾਂ। 
ਫਿਰ ਉਹ ਮਜ਼ਦੂਰ ਆਗੂਆਂ ਨੂੰ ਫੁੰਡਣ ਆਏ 
ਮੈਂ ਚੁੱਪ ਰਿਹਾ, ਮੈਂ ਕਿਹੜਾ ਮਜ਼ਦੂਰ ਆਗੂ ਸਾਂ। 
ਫਿਰ ਉਹ ਯਹੂਦੀਆਂ ਨੂੰ ਫੁੰਡਣ ਆਏ 
ਮੈਂ ਦੇਖਦਾ ਰਿਹਾ ਕਿਉਂਕਿ ਮੈਂ ਕਿਹੜਾ ਯਹੂਦੀ ਸਾਂ। 
ਫਿਰ ਉਹ ਮੇਰੇ ਉੱਪਰ ਹਮਲਾ ਕਰਨ ਆਏ 
ਮੈਂ ਇੱਕਲਾ ਰਹਿ ਗਿਆ, ਕੋਈ ਮੇਰੇ ਹੱਕ ਵਿਚ ਨਾ ਨਿੱਤਰਿਆ। 


ਕੁਝ ਕੁ ਮੁੱਠੀ ਭਰ ਤਮਾਸ਼ਬੀਨਾਂ ਨੇ ਸਨਮਾਨ ਤਿਆਗਣ ਵਾਲਿਆਂ ਦੀ ਇਹ ਕਹਿ ਕੇ ਖਿੱਲੀ ਉਡਾਈ ਕਿ ਇਨ੍ਹਾਂ ਨੇ ਕਾਗਜ਼ਾਂ ਦੇ ਸਰਟੀਫਿਕੇਟ ਵਾਪਸ ਕਰ ਦਿੱਤੇ ਪਰ ਸਰਕਾਰ ਵੱਲੋਂ ਪ੍ਰਾਪਤ ਧਨ ਰਾਸ਼ੀ ਨਹੀਂ ਮੋੜੀ। ਇਲਜ਼ਾਮ-ਤਰਾਸ਼ੀ ਕਰਨ ਵਾਲਿਆਂ ਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ ਕਿ ਇਨ੍ਹਾਂ ਸਾਰੇ ਲੇਖਕਾਂ ਨੇ ਰੋਸ ਵਜੋਂ ਸਰਕਾਰ ਨੂੰ ਲਿਖੇ ਪੱਤਰਾਂ ਨਾਲ ਸਨਮਾਨ ਰਾਸ਼ੀ ਦੇ ਚੈੱਕ ਨੱਥੀ ਕੀਤੇ ਸਨ। ਮੈਨੂੰ ਸੱਠਵਿਆਂ ਵਿਚ ਸੋਵੀਅਤ ਰੂਸ ਅੰਦਰ ਵਾਪਰੀ ਘਟਨਾ ਯਾਦ ਆਈ। ਨੋਬਲ ਇਨਾਮ ਜੇਤੂ ਨਾਵਲਕਾਰ ਸਿਕੰਦਰ ਸੋਲਜ਼ੇਨਿਤਸਨ ਨੂੰ ਸੋਵੀਅਤ ਲੇਖਕ ਸੰਘ ਨੇ ਇਸ ਕਰਕੇ ਛੇਕ ਦਿੱਤਾ ਸੀ ਕਿਉਂਕਿ ਉਹ ਕਮਿਊਨਿਸਟ ਨਹੀਂ ਸੀ। ਸੋਵੀਅਤ ਲੇਖਕ ਸੰਘ ਵਿਚੋਂ ਕੱਢੇ ਜਾਣ ਦਾ ਅਰਥ ਭੁੱਖਮਰੀ ਦੀ ਮੌਤ ਮਰਨਾ ਸੀ। ਸੋਲਜ਼ੇਨਿਤਸਨ ਇਸ ਕਰਕੇ ਬਚਿਆ ਰਿਹਾ ਕਿਉਂਕਿ ਉਸ ਦੀਆਂ ਲਿਖਤਾਂ ਪੱਛਮ ਵਿਚ ਧੜਾਧੜ ਛਪਣ ਲੱਗੀਆਂ। ਹੁਣ ਉਸ ਉੱਪਰ ਕਮਿਊਨਿਸਟਾਂ ਨੇ ਇਹ ਇਲਜ਼ਾਮ ਲਾਇਆ ਕਿ ਸੋਲਜ਼ੇਨਿਤਸਨ ਪੱਛਮ ਕੋਲ ਵਿਕ ਗਿਆ ਹੈ। ਇਹ ਇਲਜ਼ਾਮ ਪੜ੍ਹ ਕੇ ਸੋਲਜ਼ੇਨਿਤਸਨ ਨੇ ਐਲਾਨ ਕਰ ਦਿੱਤਾ ਕਿ ਉਹ ਪੱਛਮੀ ਪ੍ਰੈੱਸ ਤੋਂ ਭਵਿੱਖ ਵਿਚ ਰਾਇਲਟੀ ਦੇ ਪੈਸੇ ਨਹੀਂ ਲਵੇਗਾ। ਇਸ ਦੇ ਬਾਅਦ ਆਲੋਚਕਾਂ ਨੇ ਕਿਹਾ- ਸੋਲਜ਼ੇਨਿਤਸਨ ਹੁਣ ਪੈਸੇ ਨਾਲ ਪੱਛਮ ਦੀ ਮਦਦ ਕਰ ਰਿਹਾ ਹੈ। ਜਦੋਂ ਉਸ ਨੂੰ ਜਲਾਵਤਨ ਕਰ ਦਿੱਤਾ ਤਾਂ ਅਮਰੀਕਾ ਤੋਂ ਉਸ ਨੇ ਸੋਵੀਅਤ ਸਰਕਾਰ ਦੇ ਨਾਮ ਖੁੱਲ੍ਹਾ ਖ਼ਤ ਲਿਖਿਆ ਜਿਸ ਵਿਚ ਇਕ ਵਾਕ ਇਹ ਸੀ, 'ਤੁਸੀਂ ਆਪਣੇ ਦੇਸ਼ ਦੇ ਦੁਆਲੇ ਲੋਹੇ ਦੀਆਂ ਉੱਚੀਆਂ ਕੰਧਾਂ ਉਸਾਰ ਰੱਖੀਆਂ ਹਨ, ਇਨ੍ਹਾਂ ਕੰਧਾਂ ਨੂੰ ਢਾਹੋਗੇ ਤਾਂ ਦੇਖੋਗੇ ਕਿ ਬਾਹਰ ਤਾਂ ਕਦੋਂ ਦਾ ਸੂਰਜ ਚੜ੍ਹ ਚੁੱਕਿਆ ਹੈ।' 


ਪੰਜਾਬ ਦੇ ਲੇਖਕਾਂ ਨੇ ਇਸ ਮੌਕੇ ਸਾਰੀਆਂ ਹੱਦਬੰਦੀਆਂ ਤੋਂ ਉੱਪਰ ਉਠਦਿਆਂ ਜਿਵੇਂ ਭਾਰਤੀ ਮਜ਼ਲੂਮਾਂ ਦੇ ਹੱਕ ਵਿਚ ਆਪਣੇ ਸਨਮਾਨ ਤਿਆਗੇ ਹਨ, ਉਸ ਨਾਲ ਸਾਰੇ ਸੰਸਾਰ ਵਿਚ ਪੰਜਾਬ ਦਾ ਮਰਾਤਬਾ ਬੁਲੰਦ ਹੋਇਆ ਹੈ। ਦਿਲਚਸਪ ਤੱਥ ਇਹ ਹੈ ਕਿ ਸਨਮਾਨ ਵਾਪਸ ਕਰਨ ਵਾਲੇ ਲਗਪਗ ਸਾਰੇ ਪੰਜਾਬੀ ਖੱਬੇ-ਪੱਖੀ ਵਿਚਾਰਧਾਰਾ ਦੇ ਸਮਰਥਕ ਲੇਖਕ ਹਨ। ਇਨ੍ਹਾਂ ਨੇ ਜੋ ਫੈਸਲਾ ਇਸ ਦੁਖਦਾਈ ਘੜੀ ਵਿਚ ਲਿਆ, ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਯਾਦ ਕਰਵਾ ਦਿੰਦਾ ਹੈ ਜਿਨ੍ਹਾਂ ਨੇ ਉਸ ਤਿਲਕ ਜੰਜੂ ਦੀ ਸਲਾਮਤੀ ਵਾਸਤੇ ਜਾਨ ਦੇ ਦਿੱਤੀ ਸੀ, ਜਿਸ ਤਿਲਕ ਜੰਜੂ ਨੂੰ ਧਾਰਨ ਕਰਨ ਤੋਂ ਗੁਰੂ ਨਾਨਕ ਦੇਵ ਜੀ ਨੇ ਇਨਕਾਰ ਕਰ ਦਿੱਤਾ ਸੀ। ਵਿਦਰੋਹੀ ਪੰਜਾਬੀ ਸਾਹਿਤਕਾਰਾਂ ਦਾ ਫ਼ੈਸਲਾ ਮਨੁੱਖਤਾ ਦਾ ਸਿਰ ਉੱਚਾ ਕਰਦਾ ਹੈ। ਇਨ੍ਹਾਂ ਲੇਖਕਾਂ ਦੇ ਤਿਆਗਮਈ ਫ਼ੈਸਲੇ ਨੂੰ ਸਾਡਾ ਸਲਾਮ। 

ਹਰਪਾਲ ਸਿੰਘ ਪੰਨੂ
-ਮੋ: 094642-51454
'ਅਜੀਤ' ਤੋਂ ਧੰਨਵਾਦ ਸਾਹਿਤ

ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦੇ ਪਲਾਂ ਵਿੱਚ-ਸੁਰਜੀਤ ਪਾਤਰ

ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦੇ ਪਲਾਂ ਵਿੱਚ ਮੈਂ ਯਾਦਾਂ ਦੇ ਇੱਕ ਝੁਰਮਟ ਵਿੱਚ ਘਿਰਿਆ ਹੋਇਆ ਹਾਂ। ਇਹ ਪੁਰਸਕਾਰ ਮੈਨੂੰ 1993 ਵਿੱਚ ਮਿਲਿਆ ਸੀ, ਮੇਰੀ ਕਵਿਤਾ ਦੀ ਪੁਸਤਕ 'ਹਨ੍ਹੇਰੇ ਵਿੱਚ ਸੁਲਗਦੀ ਵਰਣਮਾਲਾ' ’ਤੇ। ਬਹੁਤ ਖ਼ੁਸ਼ੀ ਹੋਈ ਸੀ ਮੈਨੂੰ, ਓਨੀ ਹੀ ਖ਼ੁਸ਼ੀ ਜਿੰਨੀ ਪਹਿਲੀ ਵਾਰ ‘ਪ੍ਰੀਤ ਲੜੀ’ ਵਿੱਚ ਆਪਣੀਆਂ ਕਵਿਤਾਵਾਂ ਦਾ ਇੱਕ ਪੂਰਾ ਸਫ਼ਾ ਦੇਖ ਕੇ ਹੋਈ ਸੀ। ਖ਼ੁਸ਼ੀ ਨਾਲ ਨਮ ਅੱਖਾਂ ਨਾਲ ਮੈਂ ਧਰਤੀ ’ਤੇ ਝੁਕ ਕੇ ਕਿਸੇ ਅਦਿੱਖ ਸ਼ਕਤੀ ਨੂੰ ਨਮਸਕਾਰ ਕੀਤੀ ਸੀ। ਪੰਜਾਬੀ ਮਾਂ-ਬੋਲੀ ਤੇ ਇਸ ਦੇ ਬੋਲਣਹਾਰਿਆਂ ਨੂੰ ਮੱਥਾ ਟੇਕਿਆ ਸੀ। ਬਾਬਾ ਨਾਨਕ ਨੂੰ ਆਰਾਧਿਆ ਸੀ। ਆਪਣੇ ਮਾਤਾ ਪਿਤਾ ਨੂੰ ਯਾਦ ਕੀਤਾ ਸੀ। ਆਪਣੀ ਭਾਸ਼ਾ ਦੇ ਪ੍ਰਥਮ ਕਵੀ ਬਾਬਾ ਫ਼ਰੀਦ ਅੱਗੇ ਸਿਰ ਝੁਕਾਇਆ ਸੀ। ਮੇਰੀ ਖ਼ੁਸ਼ੀ ਹੋਰ ਵੀ ਵਧ ਗਈ ਸੀ ਜਦੋਂ ਮੈਨੂੰ ਪਤਾ ਲੱਗਾ ਸੀ ਕਿ ਮੇਰੇ ਇਨਾਮ ਦਾ ਫ਼ੈਸਲਾ ਕਰਨ ਵਾਲਿਆਂ ਦੀ ਜਿਊਰੀ ਵਿੱਚ ਬਲਵੰਤ ਗਾਰਗੀ, ਜਸਵੰਤ ਸਿੰਘ ਨੇਕੀ ਅਤੇ ਪ੍ਰੇਮ ਪ੍ਰਕਾਸ਼ ਸਨ।


ਸਾਹਿਤ ਅਕਾਦਮੀ ਦਾ ਜਿਹੜਾ ਸਨਮਾਨ ਚਿੰਨ੍ਹ ਮੈਨੂੰ ਮਿਲਿਆ ਸੀ, ਉਸ ਉੱਤੇ ਮਹਾਨ ਕੰਨੜ ਸਾਹਿਤਕਾਰ ਤੇ ਸਮੁੱਚੇ ਭਾਰਤ ਦੇ ਸਿਰਮੌਰ ਚਿੰਤਕ ਯੂ ਆਰ. ਅਨੰਤਮੂਰਤੀ ਦੇ ਹਸਤਾਖ਼ਰ ਹਨ। ਉਨ੍ਹਾਂ ਦੇ ਹੱਥਾਂ ਦੇ ਇਹ ਅੱਖਰ ਵੀ ਮੈਨੂੰ ਬਹੁਤ ਪਿਆਰੇ ਹਨ। ਮੈਨੂੰ ਇਨ੍ਹਾਂ ਵਿੱਚੋਂ ਅਨੰਤਮੂਰਤੀ ਦਾ ਚਿਹਰਾ ਦਿਸਦਾ ਹੈ, ਉਸ ਦੀ ਰੌਸ਼ਨ ਮੁਸਕਰਾਹਟ, ਉਸ ਦੇ ਰੌਸ਼ਨ ਖ਼ਿਆਲ। ਇਹ ਸਨਮਾਨ ਵੀ ਮੈਨੂੰ ਅਨੰਤਮੂਰਤੀ ਦੇ ਹੱਥੋਂ ਹੀ ਮਿਲਿਆ ਸੀ। ਉਨ੍ਹਾਂ ਦੇ ਕੋਲ ਖੜ੍ਹੇ ਸਨ ਇੰਦਰ ਨਾਥ ਚੌਧਰੀ।ਇਸ ਸਨਮਾਨ ਨਾਲ ਜਿਹੜਾ ਸ਼ੋਭਾ-ਪੱਤਰ ਸੀ ਉਸ ਵਿੱਚ ਮੇਰੀ ਕਵਿਤਾ ‘ਪਿਤਾ ਦੀ ਅਰਦਾਸ’ ਵਿੱਚੋਂ ਸਤਰਾਂ ਕੋਟ ਕੀਤੀਆਂ ਹੋਈਆਂ ਸਨ:

ਨਾ ਹੁਣ ਹੱਥਾਂ ਪਲੰਘ ਬਣਾਉਣੇ ਨਾ ਰੰਗਲੇ ਪੰਘੂੜੇ
ਨਾ ਉਹ ਪੱਟੀਆਂ ਜਿਨ੍ਹਾਂ ’ਤੇ ਲਿਖਣੇ ਬਾਲਾਂ ਪਹਿਲੇ ਊੜੇ
ਹੁਣ ਤਾਂ ਅਪਣੀ ਦੇਹੀ ਰੁੱਖ ਹੈ, ਤੇ ਸਾਹਾਂ ਦਾ ਆਰਾ
ਇੱਕ ਜੰਗਲ ਹੈ ਜਿਸ ਦੇ ਹਰ ਇੱਕ ਰੁੱਖ ਦਾ ਅਰਥ ਹੈ ਅਰਥੀ
ਹਰ ਬੂਟੇ ਤੇ ਨਾਮ ਕਿਸੇ ਦਾ, ਇੱਕ ਬੂਟਾ ਜੀ ਪਰਤੀ
ਉਸ ਜੰਗਲ ਵਿੱਚ ਚੱਲਦਾ ਰਹਿੰਦਾ, ਸਾਰੀ ਰਾਤ ਕੁਹਾੜਾ

ਦੂਜੇ ਦਿਨ ਅਕਾਦਮੀ ਦੇ ਸਭਾ-ਭਵਨ ਵਿੱਚ ਆਪਣੇ ਭਾਸ਼ਨ ਵਿੱਚ ਮੈਂ ਕਬੀਰ ਜੀ ਦਾ ਇੱਕ ਸ਼ਲੋਕ ਪੇਸ਼ ਕੀਤਾ ਸੀ:
ਕਬੀਰ ਸਬ ਰਗ ਤੰਤ, ਰਬਾਬ ਤਨ, ਬਿਰਹਾ ਬਜਾਵੇ ਨਿੱਤ
ਅੌਰ ਨ ਕੋਊ ਸੁਨ ਸਕੇ ਕੈ ਸਾਈ ਕੈ ਚਿੱਤ…......(ਮੇਰਾ ਸਾਰਾ ਵਜੂਦ ਰਬਾਬ ਬਣ ਚੁੱਕਾ ਹੈ ਜਿਸ ਨੂੰ ਮੈਂ ਨਹੀਂ, ਮੇਰਾ ਬਿਰਹਾ ਵਜਾਉਂਦਾ ਹੈ ਤੇ ਜਿਸ ਦੀ ਧੁਨ ਨੂੰ ਜਾਂ ਤਾਂ ਮੇਰਾ ਚਿੱਤ ਸੁਣਦਾ ਹੈ ਜਾਂ ਮੇਰਾ ਰੱਬ)।

ਅੱਜ ਉਸ ਸਨਮਾਨ ਨੂੰ ਵਾਪਸ ਕਰਦਿਆਂ ਸੋਚ ਰਿਹਾ ਹਾਂ: ਕਿਸ ਦਾ ਦਿੱਤਾ ਸਨਮਾਨ, ਮੈਂ ਕਿਸ ਨੂੰ ਮੋੜ ਰਿਹਾ ਹਾਂ? ਅੱਜ ਫਿਰ ਮੇਰੀਆਂ ਅੱਖਾਂ ਨਮ ਹਨ।


ਪਰ ਇਹ ਨਮੀ ਕਰੋੜਾਂ ਅੱਖਾਂ ਦੀ ਨਮੀ ਵਿੱਚ ਸ਼ਾਮਿਲ ਹੋਣ ਲਈ ਹੈ। ਉਨ੍ਹਾਂ ਪਰਿਵਾਰਾਂ ਦੇ ਦੁੱਖ ਵਿੱਚ ਸ਼ਾਮਲ ਹੋਣ ਲਈ ਹੈ ਜਿਨ੍ਹਾਂ ਦੇ ਪ੍ਰਿਅਜਨ ਆਪਣੇ ਭਲੇ ਵਿਚਾਰਾਂ ਲਈ ਕੋਹੇ ਗਏ ਤੇ ਜਿਨ੍ਹਾਂ ਦੇ ਹਤਿਆਰੇ ਭ੍ਰਿਸ਼ਟ ਨੇਤਾਵਾਂ ਦੀ ਆੜ ਵਿੱਚ ਲੁਕ ਗਏ। ਅੱਖਾਂ ਦੀ ਨਮੀ ਦੇ ਇਸ ਪਲ ਇਹ ਵੀ ਸੋਚ ਰਿਹਾ ਹਾਂ ਕਿ ਅਜਾਈਂ ਨਹੀਂ ਜਾਵੇਗੀ ਇਹ:


ਮਹਾਂ ਦਰਿਆ ਹੈ ਇਹ ਤੂੰ ਐਵੇਂ ਨਾ ਸਮਝੀਂ
ਮਨੁੱਖੀ ਹੰਝੂਆਂ ਦੀ ਇਸ ਨਦੀ ਨੂੰ
ਤੇਰਾ ਖ਼ੰਜਰ ਨਹੀਂ, ਮੇਰਾ ਲਹੂ ਹੀ
ਭਲਕ ਦਾ ਰਾਹ ਦੱਸੇਗਾ ਨਦੀ ਨੂੰ


ਇਹ ਇਨਾਮ ਸਾਹਿਤ ਅਕਾਦਮੀ ਵਰਗੀ ਸਾਰਥਿਕ ਸੰਸਥਾ ਨੂੰ ਹੋਰ ਸਾਰਥਕ, ਹੋਰ ਪ੍ਰਭਾਵਸ਼ਾਲੀ ਤੇ ਕਰਮਸ਼ੀਲ ਬਣਾਉਣ ਦੀ ਰੀਝ ਨਾਲ ਮੋੜ ਰਿਹਾ ਹਾਂ। ਇਹ ਇਨਾਮ ਮੈਂ ਇਸ ਲਈ ਮੋੜ ਰਿਹਾ ਹਾਂ ਕਿ ਕਿਉਂ ਕਿਸੇ ਨੇਤਾ ਦਾ ਇੱਕੋ ਬਿਆਨ ਸਾਡੀਆਂ ਹਜ਼ਾਰਾਂ ਕਵਿਤਾਵਾਂ ਨੂੰ ਸਾੜ ਦਿੰਦਾ ਹੈ ਤੇ ਭੜਕੀ ਹੋਈ ਭੀੜ ਕਵਿਤਾਵਾਂ ਦੀਆਂ ਸਤਰਾਂ ਨੂੰ ਮਿੱਧਦੀ ਹੋਈ, ਇੱਕ ਦੂਜੇ ਦੇ ਖ਼ੂਨ ਦੀ ਪਿਆਸੀ ਹੋ ਜਾਂਦੀ ਹੈ। ਕਾਸ਼! ਉਹ ਦਿਨ ਆਵੇ ਲੋਕਾਂ ਦੇ ਦਿਲਾਂ ਵਿੱਚ ਕਵਿਤਾ ਦੀਆਂ ਸਤਰਾਂ ਵਸਣ ਤੇ ਕਿਸੇ ਭ੍ਰਿਸ਼ਟ ਨੇਤਾ ਦਾ ਬਿਆਨ ਉਨ੍ਹਾਂ ਸਤਰਾਂ ਨੂੰ ਪੋਹ ਨਾ ਸਕੇ। ਸਾਡੇ ਅੱਖਰਾਂ ਦੀ ਲੋਅ ਕੁਝ ਹੋਰ ਵਧੇ। ਅਸੀਂ ਇਸ ਵਿੱਚ ਕੁਝ ਹੋਰ ਆਪਣੀ ਰੱਤ ਬਾਲੀਏ।



ਇਹ ਇਨਾਮ ਮੋੜਨ ਸਮੇਂ ਮੇਰੇ ਮਨ ਵਿੱਚ ਇਹ ਦਰਦ ਅਤੇ ਇਸ ਜੁਰਮ ਦਾ ਇਕਬਾਲ ਵੀ ਸ਼ਾਮਲ ਹੈ ਕਿ ਸਾਡੀਆਂ ਕਵਿਤਾਵਾਂ ਨੇ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਵਿੱਚ ਓਨਾ ਹਿੱਸਾ ਨਹੀਂ ਪਾਇਆ ਜਿੰਨਾ ਪਾਉਣਾ ਚਾਹੀਦਾ ਸੀ ਪਰ ਇਹ ਇਨਾਮ ਮੋੜ ਕੇ ਮੈਂ ਇਸ ਗੁਨਾਹ ਤੋਂ ਸੁਰਖ਼ੁਰੂ ਨਹੀਂ ਹੋ ਜਾਂਦਾ। ਇਹ ਇਨਾਮ ਮੋੜਦਿਆਂ ਮੈਨੂੰ ਇਹ ਵੀ ਅਹਿਸਾਸ ਹੈ ਕਿ ਮੈਂ ਉਹ ਸਭ ਕੁਝ ਨਹੀਂ ਮੋੜ ਸਕਦਾ ਜੋ ਇਸ ਇਨਾਮ ਨਾਲ ਜੁੜਿਆ ਹੋਇਆ ਹੈ- ਆਪਣੀ ਸ਼ੋਭਾ, ਆਪਣੀਆਂ ਕਵਿਤਾਵਾਂ ਦੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਤੇ ਕਿੰਨਾ ਕੁਝ ਹੋਰ।


ਸਾਹਿਤ ਅਕਾਦਮੀ ਦੀ ਮਹਾਨ ਸੰਸਥਾ ਨੂੰ ਇਹ ਸਨਮਾਨ ਵਾਪਸ ਕਰਦਿਆਂ ਮੈਂ ਇਹ ਵੀ ਇਕਰਾਰ ਕਰਦਾ ਹਾਂ ਕਿ ਮੈਂ ਇਸ ਲੋਕਰਾਜੀ ਸੰਸਥਾ ਨੂੰ ਹੋਰ ਪ੍ਰਭਾਵਸ਼ਾਲੀ, ਹੋਰ ਸਾਹਿਤਕ, ਹੋਰ ਰੌਸ਼ਨ-ਜ਼ਮੀਰ ਬਣਾਉਣ ਲਈ ਵੀ ਕੰਮ ਕਰਦਾ ਰਹਾਂਗਾ।

ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਾਹਿਤ

Sunday, October 11, 2015

ਘੱਟਗਿਣਤੀਆਂ ਤੇ ਵਿਦਵਾਨਾਂ ਉੱਤੇ ਹੋਏ ਹਮਲਿਆਂ ਕਾਰਨ ਕੀਤਾ ਸਨਮਾਨ ਵਾਪਸ-ਆਤਮਜੀਤ

ਪਿਆਰੇ ਤਿਵਾੜੀ ਜੀ,
ਮੈਂ ਵੀ ਅਕਾਡਮੀ ਦਾ ਸਨਮਾਨ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਵੇਲੇ ਮੁਲਕ ਦੇ ਹਾਲਾਤ ਸੋਗਵਾਰ ਹਨ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਮੂਲਵਾਦੀ ਤਾਕਤਾਂ ਨੇ ਸਮਾਜ ਦੀ ਵੰਨ-ਸਵੰਨਤਾ ਵਾਲੀ ਮਨੁੱਖੀ ਰਵਾਇਤ ਉੱਤੇ ਹਮਲਾ ਕੀਤਾ ਹੈ। ਸਾਡੀ ਇਸ ਰਵਾਇਤ ਦੀਆਂ ਜੜ੍ਹਾਂ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ਼ ਬਹਾਦਰ ਦੀਆਂ ਕੁਰਬਾਨੀਆਂ ਨਾਲ ਸਿੰਜੀਆਂ ਗਈਆਂ ਹਨ। ਅਸੀਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਂਗਰਸ ਸਰਕਾਰ ਦੀ ਸਰਪ੍ਰਸਤੀ ਵਿੱਚ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਮਨੁੱਖਤਾ ਦੀ ਤਬਾਹੀ ਮਚਦੀ ਦੇਖੀ ਹੈ। ਇਹ ਜੱਗ ਜ਼ਾਹਰ ਹੈ ਕਿ ਉਸ ਵੇਲੇ ਦੀ ਹੁਕਮਰਾਨ ਧਿਰ ਦੇ ਆਗੂਆਂ ਦੀ ਅਗਵਾਈ ਵਿੱਚ ਕਤਲੇਆਮ ਕੀਤਾ ਗਿਆ ਅਤੇ ਹੁਣ ਤੱਕ ਉਹ ਮੁਲਜ਼ਮਾਂ ਦੀ ਬੇਸ਼ਰਮੀ ਵਾਲੀ ਢਾਲ ਬਣੀ ਹੋਈ ਹੈ।


ਪਰ ਤਿਵਾੜੀ ਸਾਹਿਬ, ਇਹ ਪਹਿਲੀ ਵਾਰ ਹੈ ਕਿ ਸਰਕਾਰੀ ਧਿਰਾਂ ਦੇ ਬੁਲਾਰੇ ਚੁੱਧ ਧਾਰ ਕੇ ਜਾਂ ਸਿਆਸੀ ਟੀਰ ਵਾਲੇ ਬਿਆਨਾਂ ਰਾਹੀਂ ਘੱਟਗਿਣਤੀਆਂ ਅਤੇ ਵੱਖਰੇ ਵਿਚਾਰ ਰੱਖਣ ਵਾਲੇ ਵਿਦਵਾਨਾਂ ਉੱਤੇ ਹੋਏ ਹਮਲਿਆਂ ਨੂੰ ਜਾਇਜ਼ ਕਰਾਰ ਦੇ ਰਹੇ ਹਨ। ਮੈਂ ਏਥੇ ਮਕਤੂਲ ਕਲਬੁਰਗੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਨਹੀਂ ਕਰ ਰਿਹਾ ਪਰ ਜਮਹੂਰੀ ਮੁਲਕ ਵਿੱਚ ਕੌਮੀ ਪਛਾਣ ਵਾਲੇ ਲੇਖਕ ਦਾ ਉਸ ਦੇ ਵਿਚਾਰਾਂ ਕਾਰਨ ਕਤਲ ਹੋਣਾ ਮੇਰੀ ਚਿੰਤਾ ਦਾ ਸਬੱਬ ਬਣਦਾ ਹੈ। ਕੀ ਇਸ ਮੌਕੇ ਲੇਖਕਾਂ ਦੀ ਅਕਾਡਮੀ ਦੇ ਚੇਅਰਮੈੱਨ ਨੂੰ ਕਤਲ ਅਤੇ ਹੋਰ ਵਾਰਦਾਤਾਂ ਦੀ ਨਿੰਦਾ ਕਰਨ ਲਈ ਕਿਸੇ ਦੀ ਇਜਾਜ਼ਤ ਦਰਕਾਰ ਹੈ? ਹੈਰਾਨੀ ਹੁੰਦੀ ਹੈ ਕਿ ਸਾਡੀ ਅਕਾਡਮੀ ਰਸਮੀ ਬਿਆਨਾਂ ਅਤੇ ਸ਼ੋਕ ਮਤਿਆਂ ਨਾਲ ਡੰਗ ਟਪਾ ਰਹੀ ਹੈ। ਅਕਾਡਮੀ ਦੇ ਚੇਅਰਮੈੱਨ ਦੀ ਨਾਮਜ਼ਦਗੀ ਦੀ ਯੋਗਤਾ ਉਸ ਦੀਆਂ ਲਿਖਤਾਂ ਹੁੰਦੀਆਂ ਹਨ; ਇਸ ਲਈ ਉਸ ਦੀ ਪਹਿਲੀ ਪਛਾਣ ਵੀ ਲੇਖਕ ਵਜੋਂ ਹੀ ਰਹਿਣੀ ਚਾਹੀਦੀ ਹੈ। ਮੈਂ ਹੈਰਾਨ ਹਾਂ ਕਿ ਤੁਸੀਂ ਲੇਖਕ ਦੀ ਥਾਂ ਚੇਅਰਮੈੱਨ ਹੋਣ ਨੂੰ ਤਰਜੀਹ ਦਿੱਤੀ ਹੈ।



ਤੁਸੀਂ ਕਹਿੰਦੇ ਹੋ ਕਿ ਲੇਖਕ ਆਪਣੇ ਸਨਮਾਨ ਵਾਪਸ ਕਰਕੇ ਸਿਆਸਤ ਕਰ ਰਹੇ ਹਨ। ਸ਼ਾਇਦ ਇਹ ਕੁਝ ਮਾਮਲਿਆਂ ਵਿੱਚ ਸਹੀ ਹੋਵੇ, ਪਰ ਜੇ ਤੁਸੀਂ ਚੁੱਪ ਧਾਰ ਕੇ ਸਿਆਸਤ ਕਰਦੇ ਹੋ ਤਾਂ ਉਹ ਆਪਣੇ ਸਚੇਤ ਫ਼ੈਸਲਿਆਂ ਨਾਲ ਅਜਿਹਾ ਕਰ ਰਹੇ ਹਨ। ਮੈਂ ਇਹ ਸਾਫ਼ ਕਰ ਦਿੰਦਾ ਹਾਂ ਕਿ ਮੇਰਾ ਕਿਸੇ ਸਿਆਸੀ ਧਿਰ ਨਾਲ ਕਿਸੇ ਕਿਸਮ ਦਾ ਕੋਈ ਰਾਬਤਾ ਨਹੀਂ ਹੈ। ਮੈਂ ਅਜਿਹਾ ਕਿਸੇ ਦੀ ਸਲਾਹ ਨਾਲ ਨਹੀਂ ਕਰ ਰਿਹਾ। ਅਸਲ ਵਿੱਚ ਮੇਰੇ ਫ਼ੈਸਲੇ ਦਾ ਸਬੱਬ ਤੁਹਾਡੇ ਬਿਆਨ ਬਣੇ ਹਨ। ਮੈਂ ਤੁਹਾਨੂੰ ਅਤੇ ਆਪਣੇ ਮੁਲਕਵਾਸੀਆਂ ਨੂੰ ਸਾਫ਼ ਤੌਰ ਤੇ ਕਹਿਣਾ ਚਾਹੁੰਦਾ ਹਾਂ ਕਿ ਸਾਂਝਾ ਸੱਭਿਆਚਾਰ ਅਤੇ ਸਮਾਜਿਕ ਸਾਂਝ ਸਾਡੇ ਮੁਲਕ ਦੀ ਬੁਨਿਆਦੀ ਚੂਲ ਹੈ। ਜੇ ਕੋਈ ਇਸ ਸਾਂਝ ਨੂੰ ਖੋਰਾ ਲਗਾਉਂਦਾ ਹੈ ਤਾਂ ਉਸ ਦਾ ਕਤਲ ਕਰਨ ਨਾਲ ਮਸਲਾ ਹੱਲ ਨਹੀਂਂ ਹੋ ਜਾਣਾ। ਇੱਕ ਕਤਲ ਦੂਜੇ ਕਤਲ ਲਈ ਰਾਹ ਪੱਧਰਾ ਕਰਦਾ ਹੈ।



ਤਿਵਾੜੀ ਸਾਹਿਬ! ਤੁਸੀਂ ਇਸ ਸੁਨੇਹੇ ਦੀ ਅਹਿਮੀਅਤ ਨੂੰ ਮੈਥੋਂ ਬਿਹਤਰ ਸਮਝਦੇ ਹੋ ਅਤੇ ਮੈਂ ਇਸੇ ਸੁਨੇਹੇ ਦੀ ਅਹਿਮੀਅਤ ਨੂੰ ਆਪਣੇ 'ਕਰਮ' ਰਾਹੀਂ ਉਘਾੜਨ ਦਾ ਉਪਰਾਲਾ ਕਰ ਰਿਹਾ ਹਾਂ। ਮੈਂ ਆਪਣੇ ਨਾਟਕਾਂ ਰਾਹੀਂ ਸੱਭਿਆਚਾਰਕ ਵੰਨ-ਸਵੰਨਤਾ ਵਾਲੀਆਂ ਕਦਰਾਂ-ਕੀਮਤਾਂ ਨੂੰ ਪੇਸ਼ ਕੀਤਾ ਹੈ; ਪਰ ਤੁਸੀਂ ਮਨੁੱਖਤਾ ਮੁਖੀ ਕਦਰਾਂ-ਕੀਮਤਾਂ ਨੂੰ ਆਵਾਜ਼ ਦੇਣ ਦੀ ਥਾਂ ਲੇਖਕਾਂ ਨੂੰ ਪ੍ਰਵਚਨ ਦੇਣ ਨੂੰ ਤਰਜੀਹ ਦਿੱਤੀ ਹੈ। ਤੁਸੀਂ ਇਹ ਦਰੁਸਤ ਫਰਮਾਇਆ ਹੈ ਕਿ ਅਕਾਡਮੀ ਖ਼ੁਦਮੁਖ਼ਤਿਆਰ ਅਦਾਰਾ ਹੈ ਪਰ ਇਹ ਤੱਥ ਤੁਹਾਨੂੰ ਵੀ ਪ੍ਰਵਾਨ ਕਰਨਾ ਪਵੇਗਾ ਕਿ ਇਹ ਖ਼ੁਦਮੁਖ਼ਤਿਆਰੀ ਇਸਦੀ ਕਾਰਗੁਜ਼ਾਰੀ ਵਿੱਚੋਂ ਨਹੀਂ ਝਲਕਦੀ।



ਤੁਸੀਂ ਲੇਖਕਾਂ ਨੂੰ ਟਿੱਚਰ ਕੀਤੀ ਹੈ ਕਿ ਉਹ ਇਸ ਸਨਮਾਨ ਨਾਲ ਕਮਾਈ ਇੱਜ਼ਤ ਕਿਵੇਂ ਵਾਪਸ ਕਰਨਗੇ ਕਿਉਂਕਿ ਅਕਾਡਮੀ ਨੇ ਉਨ੍ਹਾਂ ਦੀਆਂ ਲਿਖਤਾਂ ਦਾ ਤਰਜਮਾ ਕਰਕੇ ਵੱਖ-ਵੱਖ ਬੋਲੀਆਂ ਵਿੱਚ ਛਾਪਿਆ ਹੈ। ਕ੍ਰਿਪਾ ਕਰਕੇ ਮੇਰੀ ਸਨਮਾਨਯਾਫ਼ਤਾ ਕਿਤਾਬ ਦੀ ਦੂਜੀ ਬੋਲੀਆਂ ਵਿੱਚ ਛਪਾਈ ਬੰਦ ਕਰ ਦਿੱਤੀ ਜਾਵੇ। ਮੈਨੂੰ ਇਹ ਦੱਸਣ ਦੀ ਕ੍ਰਿਪਾਲਤਾ ਕਰਨਾ ਕਿ ਮੈਂ ਆਪਣੀ ਕਿਤਾਬ ਨੂੰ ਹਿੰਦੀ ਵਿੱਚ ਉਲਥਾਉਣ ਦਾ ਅਹਿਸਾਨ ਕਿਵੇਂ ਉਤਾਰ ਸਕਦਾ ਹਾਂ? ਇਹ ਦੱਸਣਾ ਦਿਲਚਸਪ ਹੈ ਕਿ ਮੇਰਾ ਨਾਟਕ ਫ਼ਿਰਕੂ ਸਦਭਾਵਨਾ ਦਾ ਸੁਨੇਹਾ ਦਿੰਦਾ ਹੈ ਅਤੇ ਨਫ਼ਰਤ ਦੀ ਸਿਆਸਤ ਦੇ ਖ਼ਿਲਾਫ਼ ਹੈ। ਤੁਸੀਂ ਇਹ ਵੀ ਸਲਾਹ ਦਿੱਤੀ ਹੈ ਕਿ ਲੇਖਕਾਂ ਨੂੰ ਆਪਣਾ ਵਿਰੋਧ ਦਰਜ ਕਰਵਾਉਣ ਦਾ ਹੋਰ ਕੋਈ ਤਰੀਕਾ ਲੱਭਣਾ ਚਾਹੀਦਾ ਹੈ। ਮੈਂ ਤੁਹਾਡੇ ਇਸ ਸਲਾਹ ਦੀ ਕਦਰ ਕਰਦਾ ਹਾਂ ਅਤੇ ਇਸੇ ਵਿਸ਼ੇ ਉੱਤੇ ਹੋਰ ਨਾਟਕ ਲਿਖਣ ਦਾ ਉਪਰਾਲਾ ਕਰਾਂਗਾ।



ਮੈਂ ਸਿਰਫ਼ ਸਰਕਾਰ ਦੀ ਘੇਸਲ ਖ਼ਿਲਾਫ਼ ਸਨਮਾਨ ਵਾਪਸ ਨਹੀਂ ਕਰ ਰਿਹਾ ਸਗੋਂ ਇਹ ਉਨ੍ਹਾਂ ਸਰਗਰਮ ਤੱਤਾਂ ਦੇ ਖ਼ਿਲਾਫ਼ ਵੀ ਹੈ ਜੋ ਸਾਡੇ ਮੁਲਕ ਨੂੰ ਸਦਭਾਵਨਾ ਵਾਲੇ ਸਮਾਜ ਵਜੋਂ ਵੇਖਣਾ ਪ੍ਰਵਾਨ ਨਹੀਂ ਕਰਦੇ। ਮੇਰਾ ਸਨਮਾਨ ਵਾਪਸ ਕਰਨ ਦਾ ਫ਼ੈਸਲਾ ਸਾਹਿਤ ਅਕਾਡਮੀ ਦੇ ਚੌਧਰੀਆਂ ਦੀ ਬੇਦਿਲੀ ਦੇ ਖ਼ਿਲਾਫ਼ ਵੀ ਹੈ। ਮੈਂ ਸਨਮਾਨ ਦੇ ਨਾਲ ਦਿੱਤੀ ਲੱਖ ਰੁਪਏ ਦੀ ਰਕਮ ਚੈੱਕ ਰਾਹੀਂਂ ਵਾਪਸ ਭੇਜ ਰਿਹਾ ਹਾਂ। ਮੈਂ ਇਹ ਵੀ ਬੇਨਤੀ ਕਰਦਾ ਹਾਂ ਕਿ ਮੇਰੀ ਛਪ ਚੁੱਕੀ ਕਿਤਾਬ ਦੀ ਵਿਕਰੀ ਨਾਲ ਹੋਣ ਵਾਲੀ ਆਮਦਨ ਵਿੱਚੋਂ ਮੈਨੂੰ ਕੋਈ ਹਿੱਸਾ ਨਾ ਦਿੱਤਾ ਜਾਵੇ।

 ਸ਼ੁਭ ਇੱਛਾਵਾਂ ਨਾਲ, 
ਆਤਮਜੀਤ, ਨਾਟਕਕਾਰ 
ਪੰਜਾਬੀ ਤਰਜਮਾ-ਦਲਜੀਤ ਅਮੀ 
ਪੰਜਾਬੀ ਕਲਾਵੇਅਰ ਬਲੌਗ ਤੋਂ ਧੰਨਵਾਦ ਸਾਹਿਤ

ਮੈਂ ਸਾਹਿਤ ਅਕਾਦਮੀ ਪੁਰਸਕਾਰ ਕਿਉਂ ਮੋੜਿਆ?:ਗੁਰਬਚਨ ਸਿੰਘ ਭੁੱਲਰ

ਪਿਛਲੇ ਕੁਝ ਸਮੇਂ ਤੋਂ ਸਾਡੇ ਸਮਾਜਕ ਖੇਤਰ ਨੂੰ, ਖਾਸ ਕਰਕੇ ਸਾਹਿਤ ਤੇ ਸਭਿਆਚਾਰ ਨੂੰ ਜਿਸ ਵਿਉਂਤਬੰਦ ਢੰਗ ਨਾਲ ਤੇ ਗਿਣ-ਮਿਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਨਾਲ ਮੈਂ ਬੇਚੈਨ ਤੇ ਫ਼ਿਕਰਮੰਦ ਹੁੰਦਾ ਰਿਹਾ ਹਾਂ। ਸਾਹਿਤ, ਸਭਿਆਚਾਰ, ਬਹੁਭਾਂਤੀ ਕਲਾ, ਇਤਿਹਾਸ, ਆਦਿ ਜਿਹੀਆਂ ਖ਼ੂਬਸੂਰਤ ਮਨੁੱਖੀ ਪਰਾਪਤੀਆਂ ਨੂੰ ਨਿੰਦਿਆ, ਭੰਡਿਆ ਤੇ ਕਰੂਪ ਕੀਤਾ ਜਾ ਰਿਹਾ ਹੈ। 


ਕਿਹਾ ਜਾ ਸਕਦਾ ਹੈ ਕਿ ਇਹ ਕੋਈ ਨਵਾਂ ਵਰਤਾਰਾ ਨਹੀਂ ਅਤੇ ਅਜਿਹੀਆਂ ਘਟਨਾਵਾਂ ਕਾਫ਼ੀ ਲੰਮੇ ਸਮੇਂ ਤੋਂ ਵਾਪਰ ਰਹੀਆਂ ਹਨ। ਠੀਕ ਹੀ ਪਿਛਲੇ ਕੁਝ ਦਹਾਕਿਆਂ ਦੀ ਕਿਸੇ ਵੀ ਸਰਕਾਰ ਨੂੰ ਇਸ ਪੱਖੋਂ ਨੇਕ-ਪਾਕ ਨਹੀਂ ਸਮਝਿਆ ਜਾ ਸਕਦਾ। ਤਾਂ ਵੀ ਇਹ ਚਿਤਾਰਨਾ ਜ਼ਰੂਰੀ ਹੈ ਕਿ ਉਹ ਸਰਕਾਰਾਂ ਕਦੀ-ਕਦਾਈਂ ਵਾਪਰਦੀਆਂ ਅਜਿਹੀਆਂ ਘਟਨਾਵਾਂ ਨੂੰ, ਸਾਡੇ ਦੇਸ ਦੀ ਮੰਦਭਾਗੀ ਵੋਟਮੁਖੀ ਰਾਜਨੀਤੀ ਕਾਰਨ, ਆਮ ਕਰ ਕੇ ਅਨਡਿੱਠ ਤਾਂ ਕਰ ਦਿੰਦੀਆਂ ਸਨ ਪਰ ਉਹਨਾਂ ਦੀਆਂ ਸਿੱਧੀਆਂ ਪ੍ਰੇਰਕ ਤੇ ਭਾਈਵਾਲ ਨਹੀਂ ਸਨ ਬਣਦੀਆਂ। ਹੁਣ ਇਹ ਗੱਲ ਵਧੇਰੇ ਹੀ ਵਧੇਰੇ ਸਪੱਸ਼ਟ ਹੁੰਦੀ ਜਾ ਰਹੀ ਹੈ ਕਿ ਨਾਂਹਮੁਖੀ ਹਨੇਰੀਆਂ ਤਾਕਤਾਂ ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿਚ ਜੋ ਕੁਝ ਐਲਾਨੀਆ ਅਮਲ ਵਿਚ ਲਿਆ ਰਹੀਆਂ ਹਨ, ਉਹ ਵਰਤਮਾਨ ਹਾਕਮਾਂ ਦਾ ਅਨਐਲਾਨਿਆ ਏਜੰਡਾ ਹੈ। ਇਹ ਹਾਲਤ ਹਰ ਹੋਸ਼ਮੰਦ ਆਦਮੀ ਨੂੰ ਸੋਚ ਵਿਚ ਪਾਉਣ ਵਾਲੀ ਹੈ। 


ਜਦੋਂ ਪ੍ਰਕਾਸ਼ਕਾਂ ਨੂੰ ਕਿਤਾਬਾਂ ਕਤਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਲੇਖਕਾਂ ਨੂੰ ਘਰਾਂ ਵਿਚ ਵੜ ਕੇ ਕਤਲ ਕੀਤਾ ਜਾ ਰਿਹਾ ਹੈ, ਸਾਹਿਤ ਅਕਾਦਮੀ ਤੋਂ ਸਾਡਾ ਇਹ ਆਸ ਕਰਨਾ ਬਿਲਕੁਲ ਵਾਜਬ ਸੀ ਕਿ ਘੱਟੋ-ਘੱਟ ਉਹ ਲੇਖਕਾਂ ਦੀ ਇਕ ਸਭਾ ਬੁਲਾ ਕੇ ਇਸ ਹਾਲਤ ਬਾਰੇ ਚਿੰਤਾ, ਲੇਖਕਾਂ ਤੇ ਬੁੱਧੀਮਾਨਾਂ ਨੂੰ ਕਤਲ ਦੀਆਂ ਧਮਕੀਆਂ ਵਿਰੁੱਧ ਰੋਸ ਅਤੇ ਕਤਲਾਂ ਸੰਬੰਧੀ ਗ਼ਮ ਪਰਗਟ ਕਰੇਗੀ। ਇਸ ਦੇ ਉਲਟ ਅਕਾਦਮੀ ਨੇਮਾਂ ਅਤੇ ਪ੍ਰੰਪਰਾਵਾਂ ਦਾ ਸਹਾਰਾ ਲੈ ਕੇ ਆਪਣੀ ਅਸਹਿ ਅਬੋਲਤਾ ਨੂੰ ਵਾਜਬ ਠਹਿਰਾ ਰਹੀ ਹੈ। ਇਸ ਸੂਰਤ ਵਿਚ ਮੇਰੇ ਸਾਹਮਣੇ ਇਹ ਦੁਖਦਾਈ ਫ਼ੈਸਲਾ ਲੈਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ ਕਿ ਮੈਂ 2005 ਵਿਚ ਪੰਜਾਬੀ ਲੇਖਕ ਵਜੋਂ ਮਿਲਿਆ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦੇਵਾਂ। 


ਅੰਤ ਵਿਚ ਮੈਂ ਇਹ ਵੀ ਸਪੱਸ਼ਟ ਕਰ ਦੇਵਾਂ ਕਿ ਇਸ ਚੰਦਰੇ ਮਾਹੌਲ ਦੇ ਬਾਵਜੂਦ ਮੈਂ ਪੂਰੀ ਤਰ੍ਹਾਂ ਨਿਰਾਸ਼ ਨਹੀਂ ਹਾਂ। ਮੈਨੂੰ ਆਸ ਅਤੇ ਵਿਸ਼ਵਾਸ ਹੈ ਕਿ ਸਾਡਾ ਸਾਹਿਤ ਤੇ ਸਭਿਆਚਾਰ, ਖਾਸ ਕਰਕੇ ਮੇਰੇ ਲੋਕ, ਇਹਨਾਂ ਜ਼ਖ਼ਮਾਂ ਦੇ ਬਾਵਜੂਦ, ਇਸ ਹਨੇਰੇ ਦੌਰ ਵਿਚੋਂ ਸਾਬਤ-ਸਬੂਤ ਪਾਰ ਨਿੱਕਲ ਸਕਣਗੇ ਅਤੇ ਅਸੀਂ ਫੇਰ ਸੱਜਰੇ ਬਲ ਨਾਲ ਆਪਣੇ ਸਹਿਜ-ਵਿਕਾਸੀ ਮਾਰਗ ਦੇ ਉਤਸਾਹੀ ਪਾਂਧੀ ਬਣ ਸਕਾਂਗੇ! 
 ਗੁਰਬਚਨ ਸਿੰਘ ਭੁੱਲਰ