ਕਿਸੇ ਕਮਿਊਨਿਸਟ ਦੇ ਖ਼ੁਦਕੁਸ਼ੀ ਕਰਨ ਦਾ ਮਤਲਬ ਕੀ ਹੈ? ਚੜ੍ਹਦੀ ਕਲਾ ਦੀ ਵਿਚਾਰਧਾਰਾ ਨਾਲ ਵਿਚਰਦਾ ਮਨੁੱਖ ਢਹਿੰਦੀ ਕਲਾ ਦਾ ਸ਼ਿਕਾਰ ਕਿਉਂ ਹੋ ਜਾਂਦਾ ਹੈ? ਖ਼ੁਦਕੁਸ਼ੀ ਵੀ ਕਿਸੇ 'ਸਿਆਸੀ/ਲੀਡਰ ਭਗਤੀ ਲਹਿਰ' ਨੂੰ ਕਿਉਂ ਨਹੀਂ ਤੋੜ ਪਾਉਂਦੀ? ਕੀ 'ਜਥੇਬੰਦਕ ਸੱਤਾ' ਨਾਲ ਵਿਚਰਦੇ ਲੋਕ ਮਨੁੱਖੀ ਭਾਵਨਾਵਾਂ ਰਹਿਤ ਮਸ਼ੀਨ ਬਣ ਜਾਂਦੇ ਹਨ? ਕੀ 'ਜਥੇਬੰਦੀ ਦੀ ਹਕੂਮਤ' ਵੀ 'ਸੱਤਾ ਦੀ ਹਕੂਮਤ' ਵਰਗੀ ਹੋ ਗਈ ਹੈ? ਕੀ ਵਿਚਾਰਧਾਰਾ 'ਜਥੇਬੰਦਕ ਸੱਤਾ' ਅੱਗੇ ਫੇਲ੍ਹ ਹੋ ਜਾਂਦੀ ਹੈ? ਕੀ 'ਜਥੇਬੰਦਕ ਸੱਤਾਈ ਤਾਨਸ਼ਾਹੀ' ਹੀ ਵਿਚਾਰਧਾਰਾ ਦਾ ਕਤਲ ਕਰ ਰਹੀ ਹੈ? ਕੀ 'ਜਥੇਬੰਦਕ ਤਾਨਾਸ਼ਾਹੀ' ਹਰ ਵਿਰੋਧ ਤੇ ਵਿਰੋਧੀ ਨੂੰ ਦੁਸ਼ਮਣ ਕਰਾਰ ਦੇ ਕੇ ਦਰੜਦੀ ਰਹੇਗੀ? ਕੀ ਪੰਜਾਬ 'ਚ ਕਮਿਊਨਿਸਟ ਲਹਿਰ ਦੀ ਨਾ-ਕਾਮਯਾਬੀ ਪਿੱਛੇ ਬਾਹਰੀ ਕਾਰਕਾਂ ਦੇ ਨਾਲ ਨਾਲ 'ਅੰਦਰੂਨੀ ਤਾਨਾਸ਼ਾਹੀ' ਵੀ ਮੁੱਖ ਜ਼ਿੰਮੇਵਾਰ ਹੈ?
ਇਨ੍ਹਾਂ ਸਵਾਲਾਂ ਨਾਲ ਮੈਂ ਪਿਛਲੇ ਸਮੇਂ 'ਚ ਰੂਬਰੂ ਹੁੰਦਾ ਰਿਹਾ ਹਾਂ। ਮੇਰੇ ਦੇਖਦਿਆਂ ਬਹੁਤ ਸਾਰੇ ਸੰਵੇਦਨਸ਼ੀਲ ਨੌਜਵਾਨ ਕਮਿਊਨਿਸਟ ਲਹਿਰ ਤੋਂ ਦੂਰ ਹੋਏ ਹਨ। ਕਿਉਂ ਦੂਰ ਹੋਏ ਹਨ? ਕੀ ਜੇ ਉਹ ਦੂਰ ਨਾ ਹੁੰਦੇ ਤਾਂ ਉਹ ਵੀ ਨਵਕਰਨ ਵਾਂਗ ਖ਼ੁਦਕੁਸ਼ੀ ਦਾ ਸ਼ਿਕਾਰ ਹੁੰਦੇ? ਕੀ ਹਰ 'ਜਥੇਬੰਦਕ ਹਕੂਮਤ' ਨੂੰ ਸਵਾਲਾਂ ਤੋਂ ਡਰ ਲੱਗਦਾ ਹੈ? ਕੀ ਇਸੇ ਲਈ ਹਰ ਆਲੋਚਨਾਤਮਿਕ ਸਵਾਲ ਕਰਨ ਵਾਲੇ ਨੂੰ ਦੁਸ਼ਮਣ,ਭਗੌੜਾ ਆਦਿ ਆਦਿ ਕਰਾਰ ਦਿੱਤਾ ਜਾਂਦਾ ਹੈ?
ਦਰ ਅਸਲ ਸਵਾਲ ਸਿਰਫ਼ ਨਵਕਰਨ ਦੀ ਖ਼ੁਦਕੁਸ਼ੀ ਤੇ ਰੈਵੋਲੂਸ਼ਨਿਰੀ ਕਮਿਊਨਿਸਟ ਲੀਗ ਆਫ ਇੰਡੀਆ ਦੇ 'ਅਸੰਵੇਦਨਸ਼ੀਲ ਵਤੀਰੇ/ਰਵੱਈਏ' ਦਾ ਨਹੀਂ ਹੈ। ਸਵਾਲ ਹੈ ਕਿ ਪੂਰੀ ਕਮਿਊਨਿਸਟ ਲਹਿਰ 'ਚ ਇਸ ਤਰ੍ਹਾਂ ਦੇ 'ਅਸੰਵੇਦਨਸ਼ੀਲ ਵਤੀਰੇ/ਰਵੱਈਏ' 'ਤੇ ਅੱਜ ਤੱਕ ਕਦੇ ਕੋਈ ਗੰਭੀਰ ਚਰਚਾ ਕਿਉਂ ਨਹੀਂ ਹੋਈ ਹੈ? ਜਿਹੜੇ ਇਸ ਦਾ ਸ਼ਿਕਾਰ ਵੀ ਬਣਦੇ ਰਹੇ ਹਨ ਉਹ 'ਜਥੇਬੰਦਕ ਸਮਝੌਤੇ' ਤੋਂ ਬਾਅਦ 'ਜਥੇਬੰਦਕ ਸੱਤਾ' ਦਾ ਹੀ ਹਿੱਸਾ ਬਣ ਗਏ। ਇਹ ਗੱਲ ਇਸ ਲਈ ਵੀ ਅਹਿਮ ਹੈ ਕਿ ਨਵਕਰਨ ਦੇ ਮਸਲੇ 'ਤੇ ਕਈ ਕਮਿਊਨਿਸਟ ਪਾਰਟੀਆਂ ਸਵਾਲਾਂ ਦਾ ਸਾਹਮਣਾ ਨਾ ਕਰ ਕੇ ਟਕਸਾਲੀ ਪਹੁੰਚ ਨਾਲ 'ਰੈਵੋਲੂਸ਼ਨਿਰੀ ਕਮਿਊਨਿਸਟ ਲੀਗ ਆਫ ਇੰਡੀਆ' ਦੀ ਪਿੱਠ 'ਤੇ ਖੜ੍ਹੀਆਂ ਹੋ ਗਈਆਂ ਹਨ। ਕੀ ਹਰ ਨੈਤਕਿਤਾ-ਅਨੈਤਿਕਾ 'ਚ ਇਕ ਦੂਜੇ ਦਾ ਸਾਥ ਦੇਣ ਦੀ ਸਿੱਖਿਆ ਕਮਿਊਨਿਜ਼ਮ ਦਿੰਦਾ ਹੈ? ਜੇ ਨਹੀਂ ਤਾਂ ਮਸਲੇ ਦੀ ਘੋਖ ਤੇ ਜਾਂਚ ਪੜਤਾਲ ਤੋਂ ਬਿਨਾਂ ਹੀ 'ਕੌਮਨ ਮਿਨੀਮਮ ਹਮਾਇਤ' ਦੇਣ ਦਾ ਮਤਲਬ ਕੀ ਹੈ?
ਸਵਾਲ ਇਹ ਵੀ ਹੈ ਕਿ ਅਗਾਂਹਵਧੂ ਲਹਿਰ ਨਾਲ ਜੁੜੇ ਲੋਕ ਵੀ ਵਿਚਾਰਕ ਤੇ ਵਿਅਕਤੀਗਤ ਮੱਤਭੇਦਾਂ ਦੇ ਚੱਲਦਿਆਂ 'ਸੰਘੀਆਂ' (ਆਰਐਸਐਸ) ਵਾਂਗ ਵਿਅਕਤੀ ਦੀ ਕਿਰਦਾਰਕੁਸ਼ੀ 'ਚ ਕਿਉਂ ਜੁਟ ਜਾਂਦੇ ਹਨ? ਅਜਿਹੀਆਂ ਕਿਰਦਾਰਕੁਸ਼ੀਆਂ ਕਰਨ ਦੀ ਸਿਖਲਾਈ ਉਨ੍ਹਾਂ ਨੂੰ ਕੌਣ ਦਿੰਦਾ ਹੈ? ਵਿਚਾਰਧਾਰਾ ਤਾਂ ਕਿਸੇ ਨੂੰ ਅਜਿਹਾ 'ਖ਼ਤਰਨਾਕ ਮਨੁੱਖ ਤੇ ਭਗਤ' ਸਿਰਜਣਾ ਨਹੀਂ ਸਿਖਾਉਂਦੀ। ਹੰਕਾਰ ਦੀਆਂ ਸਭ ਹੱਦਾਂ ਪਾਰ ਕਿਉਂ ਹੋ ਜਾਂਦੀਆਂ ਹੈ? ਸਹਿਜ ਦੁਨੀਆ ਸਿਰਜਣ ਦਾ ਸੁਫ਼ਨਾ ਦੇਖਣ ਵਾਲੇ ਖ਼ੁਦ ਸਹਿਜ ਕਿਉਂ ਨਹੀਂ ਰਹਿ ਪਾਉਂਦੇ?
ਜਿਹੜੇ ਲੋਕ ਕਿਸੇ ਵੀ ਤਰ੍ਹਾਂ ਦੇ ਸਵਾਲਾਂ ਨੂੰ ਉਠਾਉਂਦੇ ਰਹੇ ਹਨ ਉਨ੍ਹਾਂ ਨੂੰ ਭਗੌੜਾ/ਆਦਿ,ਆਦਿ,ਆਦਿ ਦੇ ਵਿਸ਼ੇਸ਼ਣ ਦੇ ਕੇ ਨਵਕਰਨ ਜਿਹੀ ਹਾਲਤ ਵੱਲ ਧੱਕਿਆ ਜਾਂਦਾ ਹੈ। ਕੁਝ ਨਵਕਰਨ ਬਣ ਜਾਂਦੇ ਹਨ ਤੇ ਕੁਝ 'ਖ਼ੁਸ਼ਕਿਸਮਤ' ਬਚ ਜਾਂਦੇ ਹਨ। ਦਲਜੀਤ ਅਮੀ ਨੂੰ ਵੀ 'ਆਈਫਲ ਟਾਵਰ' ਤੋਂ ਸੁੱਟਣ ਦੀ ਧਮਕੀ ਦਿੱਤੀ ਗਈ ਸੀ। ਇਕ ਹੋਰ ਵੱਡੇ ਕਾਮਰੇਡ ਨੂੰ ਜ਼ਿੰਦਗੀ ਦੇ ਆਖ਼ਰੀ ਮਰਹੱਲੇ 'ਤੇ ਆ ਕੇ ਲੱਗਦਾ ਹੈ ਕਿ 'ਮੇਰਾ ਪੈਦਾ ਹੋਣਾ ਹੀ ਗੁਨਾਹ ਸੀ। ਸਾਰੀ ਉਮਰ ਚੜ੍ਹਦੀ ਕਲਾ ਦੀ ਧਾਰਾ ਨਾਲ ਯਾਰੀ ਪਗਾਉਣ ਵਾਲੇ ਨੂੰ ਇਵੇਂ ਕਿਉਂ ਲੱਗਣ ਲੱਗ ਗਿਆ ?
ਹੁਣ ਮਸਲਾ ਇਹ ਹੈ ਕਿ ਇਹ ਸਾਰੀਆਂ ਗੱਲਾਂ 'ਕਰਨ ਵਾਲਿਆਂ' ਕੋਲ ਕੌਣ ਕਰੇਗਾ? ਕਿਉਂਕਿ ਅੱਜ ਦੀ ਘੜੀ ਤਾਂ 'ਕਰਨ ਵਾਲੇ' ਕੁਝ ਸੁਣਨ ਨੂੰ ਤਿਆਰ ਨਹੀਂ। ਜਥੇਬੰਦਕ ਢਾਂਚਿਆਂ ਦਾ ਹਿੱਸਾ ਬਣੇ ਲੋਕਾਂ ਨੂੰ ਜ਼ੁਅੱਰਤ ਨਾਲ ਸਭ ਕੁਝ ਕਹਿਣਾ ਚਾਹੀਦਾ ਹੈ। ਸੁਣਨ ਵਾਲਿਆਂ ਨੂੰ ਦਿਲ-ਦਿਮਾਗ ਵੱਡੇ ਕਰਨੇ ਚਾਹੀਦੇ ਹਨ। ਇਹ ਵੀ ਕੌੜਾ ਸੱਚ ਹੈ ਕਿ ਹਰ ਕਹਿਣ ਵਾਲੇ ਨੂੰ ਹਰ ਵਾਰ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ। ਦਲਜੀਤ ਅਮੀ ਨੇ ਬੇਹੱਦ ਗੰਭੀਰਤਾ ਨਾਲ ਮਸਲੇ ਨੂੰ ਉਠਾਇਆ ਹੈ। ਉਮੀਦ ਹੈ ਕਿ ਅੱਗੇ ਤੋਂ ਕਿਸੇ ਸੋਹਣੇ ਸਮਾਜ ਦਾ ਸੁਫਨਾ ਦੇਖਣ ਵਾਲੇ ਨਵਕਰਨ ਨੂੰ ਖ਼ੁਦਕੁਸ਼ੀ ਕਰਵਾਉਣ ਦਾ ਮਾਹੌਲ ਨਹੀਂ ਸਿਰਜਿਆ ਜਾਵੇਗਾ। ਧਮਕੀਆਂ, ਟੈਗ ਤੇ ਵਿਸ਼ੇਸ਼ਣ ਕਚਲਰ ਦੀ ਥਾਂ ਸਿਹਤਮੰਦ ਸੱਭਿਆਚਾਰ ਲਵੇਗਾ। ਹੋ ਸਕਦੈ ਇਸ ਟਿੱਪਣੀ ਤੇ ਅਮੀ ਦੇ ਲੇਖ਼ ਦੀ ਵੀ ਮਸ਼ੀਨੀ ਅਸੰਦੇਵਨਸ਼ੀਲ ਪਹੁੰਚ ਤੇ ਕਲਾਸੀਕਲ ਪਰਿਭਾਸ਼ਵਾਂ ਨਾਲ ਖਿੱਲੀ ਉਡਾ ਦਿੱਤੀ ਜਾਵੇ ਪਰ ਕੋਈ ਹੋਰ ਨਵਕਰਨ ਨਾ ਬਣੇ। ਇਸ ਲਈ ਜ਼ਰੂਰੀ ਹੈ ਕਿ ਸੱਚ ਲਿਖਿਆ,ਬੋਲਿਆ ਜਾਵੇ।-ਯਾਦਵਿੰਦਰ ਕਰਫਿਊ
ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ ਕਿਵੇਂ ਮਰਦੇ ਹਨ?
ਰੋਹਿਤ ਵੇਮੁਲਾ ਤੋਂ ਬਾਅਦ ਨਵਕਰਨ ਦੀ ਖ਼ੁਦਕੁਸ਼ੀ ਸੋਗ਼ਵਾਰ ਹੈ। ਨਵਕਰਨ ਦੀ ਖ਼ੁਦਕੁਸ਼ੀ ਇੱਕ ਪਾਸੇ ਤਾਂ ਖ਼ੁਦਕੁਸ਼ੀਆਂ ਦੇ ਰੁਝਾਨ ਦੀ ਕੜੀ ਹੈ ਪਰ ਦੂਜੇ ਪਾਸੇ ਉਸ ਦੀ ਪਛਾਣ ਨਾਲ ਜੁੜ ਕੇ ਇਸੇ ਰੁਝਾਨ ਦਾ ਗੁੰਝਲਦਾਰ ਪੱਖ ਉਜਾਗਰ ਕਰਦੀ ਹੈ। ਨਵਕਰਨ ਇੱਕ ਕਮਿਉਨਿਸਟ ਧੜੇ (ਰੈਵੂਲੁਸ਼ਨਰੀ ਕਮਿਉਨਿਸਟ ਲੀਗ ਆਫ਼ ਇੰਡੀਆ ਜਾਂ ਆਰ.ਸੀ.ਐੱਲ.ਆਈ.) ਦਾ ਕੁੱਲਵਕਤੀ ਕਾਮਾ ਸੀ। ਉਸ ਦੀ ਉਮਰ 22 ਸਾਲਾਂ ਦੀ ਸੀ। ਰਹਿਤ ਵੇਮੁਲਾ ਦੀ ਖ਼ੁਦਕੁਸ਼ੀ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਿੱਚ ਹੋਏ ਰੋਸ ਮੁਜ਼ਾਹਰੇ ਦੀਆਂ ਤਸਵੀਰਾਂ ਫੇਸਬੁੱਕ ਉੱਤੇ ਨਵਕਰਨ ਦੀ ਆਖ਼ਰੀ ਪੋਸਟ ਹਨ। ਜਦੋਂ ਰੋਹਿਤ ਵੇਮੁਲਾ ਦੀ ਆਖ਼ਰੀ ਖ਼ਤ ਦੀ ਲਗਾਤਾਰ ਚਰਚਾ ਚੱਲ ਰਹੀ ਹੈ ਤਾਂ ਇਸੇ ਦੌਰਾਨ ਨਵਕਰਨ ਨੇ ਆਪਣੀ ਜ਼ਿੰਦਗੀ ਦੀ ਆਖ਼ਰੀ ਚਿੱਠੀ ਲਿਖੀ ਹੈ। ਰੋਹਿਤ ਵੇਮੁਲਾ ਵਾਂਗ ਨਵਕਰਨ ਵੀ ਆਪਣੀ ਚਿੱਠੀ ਵਿੱਚ ਕਿਸੇ ਨੂੰ ਮੁਖ਼ਾਤਬ ਨਹੀਂ ਅਤੇ ਅੰਤ ਵਿੱਚ ਉਸ ਨੇ ਆਪਣਾ ਨਾਮ ਨਹੀਂ ਲਿਖਿਆ। ਇਹ ਚਿੱਠੀ ਪੜ੍ਹਨਾ ਦਰਦਨਾਕ ਹੈ ਪਰ ਇਹ ਸਾਡੇ ਦੌਰ ਦੇ ਯੁੱਗ ਪਲਟਾਉਣ ਤੁਰੇ ਨੌਜਵਾਨ ਨੇ ਲਿਖੀ ਹੈ ਇਸ ਲਈ ਪੜ੍ਹਨੀ ਜ਼ਰੂਰੀ ਹੈ। ਟੁਕੜਿਆਂ ਵਿੱਚ ਲਿਖੀ ਇਸ ਚਿੱਠੀ ਦਾ ਉਤਾਰਾ ਇੰਝ ਹੈ।
… ਸ਼ਾਇਦ ਮੈਂ ਅਜਿਹਾ ਕਰਨ ਦਾ ਫ਼ੈਸਲਾ ਬਹੁਤ ਪਹਿਲਾਂ ਲੈ ਚੁੱਕਾ ਹੁੰਦਾ ਪਰ ਜੋ ਚੀਜ਼ ਮੈਨੂੰ ਇਹ ਕਰਨ ਤੋਂ ਰੋਕਦੀ ਸੀ ਉਹ ਮੇਰੀ ਕਾਇਰਤਾ ਸੀ।
…
… ਅਤੇ ਉਹ ਪਲ ਆ ਗਿਆ, ਜਿਸ ਪਲ ਦੀ ਅਟੱਲਤਾ ਦਾ ਮੈਨੂੰ ਸ਼ੁਰੂ ਤੋਂ ਹੀ ਭਰੋਸਾ ਸੀ, ਪੱਕਾ ਤੇ ਦ੍ਰਿੜ੍ਹ ਭਰੋਸਾ। ਪਰ ਆਪਣੇ ਅੰਦਰ ਦੋ ਚੀਜ਼ਾਂ ਨੂੰ ਸੰਭਾਲਦੇ ਹੁਣ ਮੈਂ ਹੰਭ ਚੁੱਕਾ ਹਾਂ। ਜਿਨ੍ਹਾਂ ਲੋਕਾਂ ਨਾਲ ਮੈਂ ਤੁਰਿਆ ਸਾਂ ਮੇਰੇ ਵਿੱਚ ਉਨ੍ਹਾਂ ਵਰਗੀ ਚੰਗਿਆਈ ਨਹੀਂ। ਸ਼ਾਇਦ ਇਸੇ ਕਰ ਕੇ ਮੈਂ ਉਨ੍ਹਾਂ ਦਾ ਸਾਥ ਨਹੀਂ ਨਿਭਾ ਸਕਿਆ। ਦੋਸਤੋ ਮੈਨੂੰ ਮਾਫ਼ ਕਰ ਦੇਣਾ।
…
…
ਅਤੇ ਇੱਕ ਨਿੱਕੀ ਜਿਹੀ ਪਿਆਰੀ ਜਿਹੀ ਰੂਹ ਤੋਂ ਵੀ ਮੈਂ ਮਾਫ਼ੀ ਮੰਗਦਾ … ਮੈਨੂੰ ਮਾਫ਼ ਕਰ ਦੇਣਾ … ਮੈਂ ਭਗੌੜਾ ਹਾਂ ਪਰ ਗੱਦਾਰ ਨਹੀਂ …
…
ਅਲਵਿਦਾ,
ਮੈਂ ਇਹ ਫ਼ੈਸਲਾ ਆਪਣੀ ਖ਼ੁਦ ਦੀ ਕਮਜ਼ੋਰੀ ਕਰ ਕੇ ਲੈ ਰਿਹਾ ਹਾਂ। ਮੇਰੇ ਲਈ ਹੁਣ ਕਰਨ ਨੂੰ ਇਸ ਤੋਂ ਬਿਹਤਰ ਕੰਮ ਨਹੀਂ ਹੈ। ਹੋ ਸਕੇ ਤਾਂ ਮੇਰੇ ਬਾਰੇ ਸੋਚਣਾ ਤਾਂ ਜ਼ਰਾ ਰਿਆਇਤ ਨਾਲ …
…
ਇਸ ਚਿੱਠੀ ਦੇ ਸ਼ਬਦਾਂ ਵਿੱਚ ਬਹੁਤ ਵਿੱਥ ਹੈ ਜੋ ਪਾਠਕ ਨੂੰ ਪਰੇਸ਼ਾਨ ਕਰਦੀ ਹੈ। ਕੁਝ ਸ਼ਬਦਾਂ ਦੇ ਅਰਥ ਤਾਂ ਉਸ ਨਾਲ ਰੋਜ਼ਾਨਾ ਰਾਬਤੇ ਵਾਲਿਆਂ ਦੇ ਸਮਝ ਵਿੱਚ ਵਧੇਰੇ ਆ ਸਕਦੇ ਹਨ। ਚਿੱਠੀ ਦੱਸਦੀ ਹੈ ਕਿ ਉਹ ਆਪਣੇ ਸਾਥੀਆਂ ਵਰਗੀ ‘ਚੰਗਿਆਈ’ ਨਾ ਹੋਣ ਕਾਰਨ ਉਨ੍ਹਾਂ ਨਾਲ ‘ਨਿਭ ਨਹੀਂ ਸਕਿਆ’ ਅਤੇ ‘ਹੰਭ’ ਜਾਣ ਕਾਰਨ ਇਸ ਫ਼ੈਸਲੇ ਨੂੰ ਟਾਲਦਾ ਰਿਹਾ ਪਰ ਆਖ਼ਰ ਉਹ ‘ਅਟੱਲ’ ਪਲ ਆ ਗਿਆ ਜਦੋਂ ਉਸ ਨੇ ਆਪਣੀ ‘ਕਾਇਰਤਾ ਅਤੇ ਕਮਜ਼ੋਰੀ’ ਦੀ ਥਾਂ ਮੌਤ ਨੂੰ ਤਰਜੀਹ ਦਿੱਤੀ। ਚਿੱਠੀ ਦੇ ਸ਼ਬਦਾਂ ਵਿਚਲੀ ਵਿੱਥ ਤੋਂ ਬਿਨਾਂ ਇਸ ਵਿੱਚ ਨਵਕਰਨ ਦੇ ਕਿਰਦਾਰ ਦਾ ਇੱਕ ਪੱਖ ਬਹੁਤ ਸਾਫ਼ ਝਲਕਦਾ ਹੈ। ਉਹ ਬਹੁਤ ਬੋਚ ਕੇ ਲਿਖ ਰਿਹਾ ਹੈ। ਇੱਕ ਸੁਆਲ ਤਾਂ ਸਹਿਜ ਹੀ ਉਘੜ ਆਉਂਦਾ ਹੈ ਕਿ ਉਹ ਜਿਸ ਮਾਹੌਲ ਵਿੱਚ ਰਹਿ ਰਿਹਾ ਸੀ, ਉਸ ਵਿੱਚ ‘ਭਗੌੜਾ’ ਅਤੇ ‘ਗੱਦਾਰ’ ਸ਼ਬਦਾਂ ਦੀ ਵਰਤੋਂ ਕਿੰਝ ਹੁੰਦੀ ਹੈ?
ਰੋਹਿਤ ਵੇਮੁਲਾ ਦੀ ਚਿੱਠੀ ਉੱਤੇ ਬਹੁਤ ਚਰਚਾ ਹੋ ਰਹੀ ਹੈ। ਨਵਕਰਨ ਦੀ ਚਿੱਠੀ ਰੋਹਿਤ ਵੇਮੁਲਾ ਦੀ ਚਿੱਠੀ ਦੀ ਇੱਕ ਹੋਰ ਪੜ੍ਹਤ ਉਘਾੜਦੀ ਹੈ। ਦਰਅਸਲ ਇਨ੍ਹਾਂ ਚਿੱਠੀਆਂ ਦੀ ਸਾਂਝੀ ਤੰਦ ਇਨ੍ਹਾਂ ਦੋਵਾਂ ਦਾ ਸਰਗਰਮ ਕਾਰਕੁੰਨ ਹੋਣਾ ਹੈ। ਰੋਹਿਤ ‘ਆਪਣੇ ਅੰਬੇਦਕਰ ਸਟੂਡੈਂਟ ਐਸੋਸੀਏਸ਼ਨ ਦੇ ਪਰਿਵਾਰ ਨੂੰ ਨਿਰਾਸ਼ ਕਰਨ ਲਈ ਮੁਆਫ਼ੀ ਮੰਗਦਾ’ ਹੈ ਅਤ ਨਵਕਰਨ ਆਪਣੇ ਸਾਥੀਆਂ ਤੋਂ ਮੌਤ ਤੋਂ ਬਾਅਦ ‘ਜ਼ਰਾ ਰਿਆਇਤ ਨਾਲ’ ਸੋਚਣ ਦੀ ਮੰਗ ਕਰਦਾ ਹੈ। ਰੋਹਿਤ ਲਿਖਦਾ ਹੈ, “ਲੋਕ ਮੈਨੂੰ ਡਰਪੋਕ ਕਰਾਰ ਦੇ ਸਕਦੇ ਹਨ। ਮੇਰੇ ਜਾਣ ਤੋਂ ਬਾਅਦ ਮੈਨੂੰ ਖ਼ੁਦਗਰਜ਼ ਜਾਂ ਮੂਰਖ਼ ਕਰਾਰ ਦਿੱਤਾ ਜਾ ਸਕਦਾ ਹੈ। ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਕੋਈ ਮੈਨੂੰ ਬਾਅਦ ਵਿੱਚ ਕੀ ਕਹਿੰਦਾ ਹੈ।” ਨਵਕਰਨ ਲਿਖਦਾ ਹੈ, “ਮੈਂ ਭਗੌੜਾ ਹਾਂ ਪਰ ਗੱਦਾਰ ਨਹੀਂ।” ਰੋਹਿਤ ਆਪਣੀ ਹਾਲਤ ਬਿਆਨ ਕਰਦਾ ਹੈ, “ਮੈਂ ਇਸ ਵੇਲੇ ਸੋਗ਼ਵਾਰ ਨਹੀਂ ਹਾਂ। ਮੈਂ ਉਦਾਸ ਨਹੀਂ ਹਾਂ। ਮੈਂ ਸੱਖਣਾ ਹਾਂ। ਬਿਲਕੁਲ ਖ਼ਾਲੀ, ਆਪਣੇ-ਆਪ ਤੋਂ ਬੇਖ਼ਬਰ। ਇਹੋ ਦੁੱਖ ਹੈ। ਇਸੇ ਕਾਰਨ ਮੈਂ ਵਿਦਾ ਹੁੰਦਾ ਹਾਂ।” ਨਵਕਰਨ ਇਸੇ ਲਿਖਤ ਦਾ ਅਗਲਾ ਫਿਕਰਾ ਲਿਖਦਾ ਜਾਪਦਾ ਹੈ, “ਮੈਂ ਅਜਿਹਾ ਕਰਨ ਦਾ ਫ਼ੈਸਲਾ ਬਹੁਤ ਪਹਿਲਾਂ ਲੈ ਚੁੱਕਾ ਹੁੰਦਾ ਪਰ ਜੋ ਚੀਜ਼ ਮੈਨੂੰ ਇਹ ਕਰਨ ਤੋਂ ਰੋਕਦੀ ਸੀ ਉਹ ਮੇਰੀ ਕਾਇਰਤਾ ਸੀ। … ਅਤੇ ਉਹ ਪਲ ਆ ਗਿਆ, ਜਿਸ ਪਲ ਦੀ ਅਟੱਲਤਾ ਦਾ ਮੈਨੂੰ ਸ਼ੁਰੂ ਤੋਂ ਹੀ ਭਰੋਸਾ ਸੀ, ਪੱਕਾ ਤੇ ਦ੍ਰਿੜ੍ਹ ਭਰੋਸਾ।”
ਇਹ ਦੋਵੇਂ ਚਿੱਠੀਆਂ ਇੱਕੋ ਦੌਰ ਦੇ ਸਰਗਰਮ ਕਾਰਕੁੰਨਾਂ ਨੇ ਲਿਖੀਆਂ ਹਨ। ਇਹ ਦੋਵੇਂ ਆਖ਼ਰੀ ਵੇਲੇ ਤੱਕ ਆਪਣੀਆਂ ਜਥੇਬੰਦੀਆਂ ਦੇ ਸਰਗਰਮ ਕਾਰਕੁੰਨ ਸਨ। ਦੋਵੇਂ ‘ਯੁੱਗ ਪਲਟਾਉਣ ਵਿੱਚ ਮਸਰੂਫ਼’ ਸਨ। ਯੁੱਗ ਪਲਟਾਉਣ ਤੋਂ ਬਿਹਤਰ ਸੁਫ਼ਨਾ ਜਾਂ ਜਿਊਣ ਦਾ ਕਾਰਨ ਕੀ ਹੋ ਸਕਦਾ ਹੈ? ਯੁੱਗ ਪਲਟਾਉਣ ਦਾ ਸੁਫ਼ਨਾ ਦਰਦਮੰਦੀ ਨਾਲ ਲਬਰੇਜ਼ ਜੀਆਂ ਨੂੰ ਹੀ ਆਉਂਦਾ ਹੈ। ਉਨ੍ਹਾਂ ਵਿੱਚੋਂ ਵਧੇਰੇ ਹਿੰਮਤ ਵਾਲੇ ਕੁੱਲਵਕਤੀ ਕਾਰਕੁੰਨ ਬਣਦੇ ਹਨ। ਇਹ ਗੱਲ ਤਾਂ ਨਿਜ਼ਾਮ ਵਿਰੁਧ ਚੱਲਦੀਆਂ ਯੁੱਗ ਪਲਟਾਉਣ ਦੇ ਸੁਫ਼ਨਿਆਂ ਵਾਲੀਆਂ ਤਮਾਮ ਲਹਿਰਾਂ ਬਾਬਤ ਮੰਨੀ ਜਾਂਦੀ ਹੈ ਕਿ ਕੁੱਲਵਕਤੀ ਕਾਰਕੁੰਨ ਸਮਾਜ ਦੀ ਮਲਾਈ ਹੁੰਦੇ ਹਨ। ਇਹ ਸੁਆਲ ਆਪਣੀ ਥਾਂ ਹੈ ਕਿ ਇਸ ਧਾਰਨਾ ਨੂੰ ਪੇਸ਼ ਕਰਨ ਦੀ ਸਿਆਸਤ ਕੀ ਹੈ?
ਜਦੋਂ ਕੋਈ ਜਥੇਬੰਦੀ ਜਾਂ ਲਹਿਰ ਯੁੱਗ ਪਲਟਾਉਣ ਜਾਂ ਨਿਜ਼ਾਮ ਬਦਲਣ ਦਾ ਦਾਅਵਾ ਕਰਦੀ ਹੈ ਤਾਂ ਉਸ ਦੀ ਹਕੂਮਤ ਦਾ ਘੇਰਾ ਹੁੰਦਾ ਹੈ। ਉਸ ਜਥੇਬੰਦੀ ਜਾਂ ਲਹਿਰ ਨੂੰ ਭਾਵੇਂ ਸਮੁੱਚੇ ਨਿਜ਼ਾਮ ਨੂੰ ਬਦਲਣ ਵਿੱਚ ਕਾਮਯਾਬੀ ਨਾ ਮਿਲੇ ਪਰ ਉਸ ਦਾ ਸਿੱਕਾ ਕਿਤੇ ਤਾਂ ਚੱਲਦਾ ਹੈ। ਕੁੱਲਵਕਤੀ ਕਾਰਕੁੰਨਾਂ ਵਿੱਚ ਤਾਂ ਉਨ੍ਹਾਂ ਦਾ ਆਪਣਾ ਸਿੱਕਾ ਚੱਲਦਾ ਹੈ। ਜੇ ਕੁੱਲਵਕਤੀਆਂ ਉੱਤੇ ਗ਼ਾਲਬ ਨਿਜ਼ਾਮ ਦਾ ਅਸਰ ਮਾਅਨੇ ਰੱਖਦਾ ਹੈ ਤਾਂ ਜਥੇਬੰਦੀਆਂ ਦੀ ਹਕੂਮਤ ਵੀ ਮਾਅਨੇ ਰੱਖਦੀ ਹੈ। ਨਵਾਂ ਮਨੁੱਖ ਸਿਰਜਣ ਦਾ ਸੁਫ਼ਨਾ ਇੱਕ ਸੋਚ ਦੇ ਜੀਆਂ ਦੇ ਆਪਸੀ ਵਿਹਾਰ ਵਿੱਚੋਂ ਨਕਸ਼ ਨਿਖਾਰਦਾ ਹੈ। ਇਹ ਸੁਆਲ ਮਾਅਨੇ ਰੱਖਦਾ ਹੈ ਕਿ ਯੁੱਗ ਪਲਟਾਉਣ ਦਾ ਸੁਫ਼ਨਾ ਮੌਜੂਦਾ ਨਿਜ਼ਾਮ ਦੇ ਨਿਘਾਰ ਦਾ ਸ਼ਿਕਾਰ ਹੋਏ ਮਨੁੱਖ ਦਾ ਇਲਾਜ ਕਿਵੇਂ ਕਰਦਾ ਹੈ? ਯੁੱਗ ਪਲਟਾਉਣ ਦੀ ਹਾਮੀ ਭਰਨ ਵਾਲੀਆਂ ਜਥੇਬੰਦੀਆਂ ਅਤੇ ਲਹਿਰਾਂ ਦੀ ਇਹ ਟਕਸਾਲੀ ਦਲੀਲ ਹੈ ਕਿ ਮਨੁੱਖ ਨੂੰ ਜ਼ਲਾਲਤ ਦੀ ਜ਼ਿੰਦਗੀ ਜਿਉਣ ਦੀ ਥਾਂ ਬਗ਼ਾਵਤ ਦੇ ਰਾਹ ਤੁਰਨਾ ਚਾਹੀਦਾ ਹੈ। ਪਿਛਲੇ ਸਾਲਾਂ ਵਿੱਚ ਇਹ ਦਲੀਲ ਲਗਾਤਾਰ ਦਿੱਤੀ ਗਈ ਹੈ ਕਿ ਬਦਹਾਲੀ ਕਾਰਨ ਖ਼ੁਦਕੁਸ਼ੀਆਂ ਕਰਨ ਦੀ ਥਾਂ ਲੋਕਾਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ, ਜਥੇਬੰਦ ਹੋਣਾ ਚਾਹੀਦਾ ਹੈ ਅਤੇ ਸੰਘਰਸ਼ ਕਰਨਾ ਚਾਹੀਦਾ ਹੈ।
ਲਾਮਬੰਦੀ ਬੰਦੇ ਨੂੰ ਸੰਵੇਦਨਾ ਤੋਂ ਸੁਹਜ ਦੇ ਰਾਹ ਤੋਰਦੀ ਹੈ। ਇਹ ਬੰਦੇ ਨੂੰ ਅਹਿਸਾਸ ਕਰਵਾਉਂਦੀ ਹੈ ਕਿ ਉਸ ਦੀਆਂ ਦੁਸ਼ਵਾਰੀਆਂ ਦਾ ਕਾਰਨ ਵਿਅਕਤੀਗਤ ਨਾਕਾਮਯਾਬੀਆਂ ਜਾਂ ਮੱਥੇ ਉੱਤੇ ਲਿਖੀਆਂ ਤਕਦੀਰਾਂ ਨਹੀਂ ਸਗੋਂ ਨਿਜ਼ਾਮ ਹੈ। ਇਹ ਸੋਚ ਮਨੁੱਖ ਦੀ ਮਨੁੱਖ ਨਾਲ ਸਾਂਝ ਪਾਉਂਦੀ ਹੈ। ਮਨੁੱਖ ਨੂੰ ਦਰਦਮੰਦ ਬਣਾਉਂਦੀ ਹੈ ਅਤੇ ਸਾਂਝੇ ਉਦਮ ਦੇ ਉਪਰਾਲਿਆਂ ਨੂੰ ਅਹਿਮੀਅਤ ਦਿੰਦੀ ਹੈ। ਇਹ ਮਨੁੱਖ ਨੂੰ ਨਿੱਜੀ ਦੁਸ਼ਵਾਰੀਆਂ ਨੂੰ ਸ਼ਰਮ, ਸਲੀਕੇ ਜਾਂ ਪਰਦੇ ਵਿੱਚ ਕੱਜ ਕੇ ਰੱਖਣ ਦੀ ਥਾਂ ਸਮਾਜਿਕ ਜੀਅ ਵਜੋਂ ਵਿਚਾਰਨ ਦੀ ਸੂਝ ਦਿੰਦੀ ਹੈ। ਇਹ ਸੁਆਲ ਆਪਣੀ ਥਾਂ ਅਹਿਮ ਹੈ ਕਿ ਇਨ੍ਹਾਂ ਵਾਅਦਿਆਂ/ਦਾਅਵਿਆਂ ਅਤੇ ਕਾਰਗੁਜ਼ਾਰੀ ਵਿੱਚ ਕਿੰਨਾ ਫ਼ਾਸਲਾ ਹੁੰਦਾ ਹੈ?
ਰੋਹਿਤ ਅਤੇ ਨਵਕਰਨ ਦੀਆਂ ਖ਼ੁਦਕੁਸ਼ੀਆਂ ਇਨ੍ਹਾਂ ਦਾਅਵਿਆਂ ਦੀ ਪੜਚੋਲ ਦੀ ਮੰਗ ਕਰਦੀਆਂ ਹਨ। ਜੇ ਰੋਹਿਤ ਧਰਨੇ ਤੋਂ ਜਾ ਕੇ ਖ਼ੁਦਕੁਸ਼ੀ ਕਰਦਾ ਹੈ ਤਾਂ ਇਹ ਸੁਆਲ ਤਾਂ ਉਸ ਦੇ ਸਾਥੀਆਂ ਦੇ ਦਿਲ-ਦਿਮਾਗ਼ ਵਿੱਚ ਆਉਣਾ ਚਾਹੀਦਾ ਹੈ ਕਿ ਨਿਜ਼ਾਮ ਦੇ ਸੱਖਣੇ ਕੀਤੇ ਮਨੁੱਖ ਵਿੱਚ ‘ਯੁੱਗ ਪਲਟਾਉਣ ਦਾ ਸੁਫ਼ਨਾ’ ਲੋੜੀਂਦਾ ਨਿੱਘ ਭਰਨ ਵਿੱਚ ਨਾਕਾਮਯਾਬ ਕਿਉਂ ਰਿਹਾ ਹੈ? ਯੁੱਗ ਪਲਟਾਉਣ ਵਿੱਚ ਮਸਰੂਫ਼ ਜਥੇਬੰਦੀਆਂ ‘ਸੱੱਖਣਾ ਹੋ ਕੇ ਤੁਰ ਗਏ ਸਾਥੀ’ ਦੇ ਸੋਗ਼ ਵਿੱਚ ਆਪਣੀ ਨਾਕਾਮਯਾਬੀ ਨੂੰ ਕਿਉਂ ਨਹੀਂ ਪਛਾਣਦੀਆਂ? ਜੇ ਨਿਜ਼ਾਮ ‘ਯੁੱਗ ਪਲਟਾਉਣ ਦੇ ਸੁਫ਼ਨੇ ਲੈਣ ਵਾਲੇ ਜੀਆਂ’ ਦਾ ਸਾਹ ਘੁੱਟਣ ਉੱਤੇ ਉਤਾਰੂ ਹੈ ਤਾਂ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ’ ਆਪਣੇ ਸਾਥੀਆਂ ਦੇ ਦਿਲਾਂ ਦੀ ਧੜਕਣ ਸੁਣਨ ਵੇਲੇ ਮਸ਼ੀਨਾਂ ਕਿਉਂ ਬਣ ਜਾਂਦੇ ਹਨ?
ਮੌਜੂਦਾ ਨਿਜ਼ਾਮ ਦੀ ਦਲੀਲ ਰਹਿੰਦੀ ਹੈ ਕਿ ਇਨ੍ਹਾਂ ਖ਼ੁਦਕੁਸ਼ੀਆਂ ਦੇ ਕਾਰਨ ਨਿੱਜੀ ਹਨ। ਨਿਜ਼ਾਮ ਆਪਣੇ-ਆਪ ਨੂੰ ਕਾਤਲ ਦੇ ਘੇਰੇ ਵਿੱਚੋਂ ਕੱਢਣ ਦਾ ਉਪਰਾਲਾ ਇਸੇ ਦਲੀਲ ਦੇ ਸਹਾਰੇ ਨਾਲ ਕਰਦਾ ਹੈ। ਦੂਜੇ ਪਾਸੇ ‘ਯੁੱਗ ਪਲਟਾਉਣ ਦਾ ਦਾਅਵਾ/ਵਾਅਦਾ ਕਰਨ ਵਾਲੀਆਂ ਜਥੇਬੰਦੀਆਂ ਅਤੇ ਲੋਕ’ ਹਰ ਸੁਆਲ ਨੂੰ ਗ਼ੱਦਾਰੀ ਜਾਂ ਭੰਡੀ ਪ੍ਰਚਾਰ ਜਾਂ ਉਲਟ-ਇਨਕਲਾਬੀ ਕਰਾਰ ਦਿੰਦੇ ਹਨ। ਇਸੇ ਦੇ ਨਤੀਜੇ ਵਜੋਂ ਜਦੋਂ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕਾਂ’ ਦਾ ਮੋਹ ਭੰਗ ਹੁੰਦਾ ਹੈ ਤਾਂ ਉਹ ‘ਯੁੱਗ ਪਲਟਾਉਣ ਦੇ ਹਰ ਉਪਰਾਲੇ’ ਤੋਂ ਮੂੰਹ ਫੇਰ ਲੈਂਦੇ ਹਨ। ਉਹ ਆਪਣੇ ਤਜਰਬਿਆਂ ਦੇ ਹਵਾਲਿਆਂ ਨਾਲ ਇਨ੍ਹਾਂ ਉਪਰਾਲਿਆਂ ਦੇ ਬੇਮਾਅਨੇ ਹੋਣ ਦੇ ਪ੍ਰਚਾਰਕ ਤੱਕ ਬਣ ਜਾਂਦੇ ਹਨ।
ਜੇ ਰੋਹਿਤ ਬਾਬਤ ਸੁਆਲਾਂ ਨੂੰ ਪੁੱਛਣ ਉੱਤੇ ਮੌਜੂਦਾ ਨਿਜ਼ਾਮ ਦੇਸ਼ ਧਰੋਹੀ ਜਾਂ ਨਕਸਲਵਾਦੀ ਜਾਂ ਹਿੰਦੂ ਵਿਰੋਧੀ ਕਰਾਰ ਦਿੰਦਾ ਹੈ ਤਾਂ ਸੁਆਲ ਢੁਕਵਾਂ ਹੈ। ਜੇ ਰੋਹਿਤ ਅਤੇ ਨਵਕਰਨ ਬਾਬਤ ਪੁੱਛੇ ਸੁਆਲਾਂ ਨੂੰ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ’ ਭੰਡੀ ਪ੍ਰਚਾਰ ਜਾਂ ਗ਼ੱਦਾਰੀ ਕਰਾਰ ਦਿੰਦੇ ਹਨ ਤਾਂ ਇਹ ਸੁਆਲ ਵਾਰ-ਵਾਰ ਪੁੱਛੇ ਜਾਣੇ ਬਣਦੇ ਹਨ। ਜੇ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ ਬੁਖ਼ਾਰ ਨਾਲ ਨਹੀਂ ਮਰਦੇ’ ਤਾਂ ਪੜਚੋਲ ਨਾਲ ਵੀ ਨਹੀਂ ਮਰਨ ਲੱਗੇ। ਸੰਘਰਸ਼ਯਾਫ਼ਤਾ ਰੋਹਿਤ ਵੇਮੁਲਾ ਨੂੰ ਆਪਣੇ ਸਾਥੀਆਂ ਦੇ ਸੰਗ ਵਿੱਚ ਜ਼ਿੰਦਗੀ ਸੱਖਣੀ ਕਿਉਂ ਲੱਗਦੀ ਸੀ/ਹੈ? ਨਵਕਰਨ ਨੂੰ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਅਟੱਲਤਾ ਵਰਗਾ ਪੱਕਾ ਅਤੇ ਦ੍ਰਿੜ੍ਹ ਭਰੋਸਾ ਕਿਉਂ ਸੀ/ਹੈ?
ਦਲਜੀਤ ਅਮੀ
ਦਲਜੀਤ ਅਮੀ ਡੌਟ ਕੌਮ ਤੋਂ ਧੰਨਵਾਦ ਸਹਿਤ