ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, January 13, 2014

ਬਾਪ ਨਹੀਂ ਵਾਰਸ 'ਦੇਵਨੀਤ'

ਇਕ ਵਾਰ ਸਵਰਾਜਬੀਰ ਨੇ ਦੇਵਨੀਤ ਅਤੇ ਰਾਜਵਿੰਦਰ ਮੀਰ ਦੀ ਕਵਿਤਾ ਬਾਰੇ ਲਿਖਿਆ ਸੀ । ਮੈਂ ਉਸ ਲੇਖ ਬਾਰੇ ਇਕ ਛੋਟੇ ਜਿਹੇ ਹੁੰਗਾਰੇ ਦੇ ਰੂਪ ਵਿਚ ਕੁਝ ਲਿਖ ਲਿਆ ਸੀ । ਪਿਛਲੇ ਦਿਨਾਂ ਵਿਚ ਜਦੋਂ ਦੇਵਨੀਤ ਦੇ ਜਾਣ ਦੀ ਖ਼ਬਰ ਸੁਣੀ ਤਾਂ ਮੈਂ ਆਪਣੀ ਡਾਇਰੀ ਦਾ ਉਹ ਪੰਨਾ ਖੋਲ ਬੈਠੀ ਰਹੀ। ਉਸਦਾ ਕੁਝ ਹਿੱਸਾ ਹੁਣ ਦੇ ਪਾਠਕਾਂ ਨਾਲ ਸਾਂਝਾ ਕਰ ਰਹੀ ਹਾਂ…)

ਮਾਨਸਾ ਮੇਰੇ ਨੇੜੇ ਹੈ, ਦਿੱਲੀ ਵਾਲਾ ਸਵਰਾਜਬੀਰ ਮੈਥੋਂ ਪਹਿਲਾਂ ਇੱਥੇ ਪਹੁੰਚ ਗਿਆ। ਦਿੱਲੀ ਸ਼ਾਇਦ ਇਸੇ ਲਈ ਦਿੱਲੀ ਹੈ, ਆਪਣੀ ਰਫ਼ਤਾਰ ਕਾਰਨ। ਉਂਝ ਰਫ਼ਤਾਰ ਦੇ ਆਪਣੇ ਖਤਰੇ ਵੀ ਹੁੰਦੇ ਨੇ। ਅਸੀਂ ਦੇਵਨੀਤ ਦੇ ਕਹਿਣ ਵਾਂਗੂੰ 'ਬਠਿੰਡੇ ਦੇ ਕਰੈਕਟਰ ਸਰਟੀਫਿਕੇਟ' ਹਾਂ , ਦਾਖ਼ਲਾ ਲੈਣ ਜਾਂਦੇ ਹਾਂ ਤਾਂ ਕਰੈਕਟਰ ਸਰਟੀਫਿਕੇਟ ਵੀ ਘਰ ਭੁੱਲ ਜਾਂਦੇ ਹਾਂ।

ਸਵਰਾਜਬੀਰ ਨੇ ਦੇਵਨੀਤ ਦੀ ਗੱਲ ਕੀਤੀ ਹੈ, ਉਸ ਦੀ ਕਵਿਤਾ ਵਿਚਲੇ ਤਣਾਅ ਦੀ, ਇਹ ਗੱਲ ਕਰਨ ਵਾਲੀ ਸੀ। ਸਵਰਾਜਬੀਰ ਨੇ ਮੈਨੂੰ ਮਾਨਸਾ ਦੇ ਰਾਹ ਤੋਰਿਆ ਹੈ। ਮਾਨਸਾ ਪੰਜਾਬੀ ਕਵਿਤਾ ਨੂੰ ਨਵੀਂ ਰਾਹ ਦਿਖਾਉਂਦਾ ਨਜ਼ਰ ਆਉਂਦਾ। ਪੰਜਾਬੀ ਕਵਿਤਾ ਨੂੰ ਜੁਆਨ ਕਰਦਿਆਂ ਦੇਵਨੀਤ ਬੁੱਢਾ ਹੋ ਰਿਹਾ। ਆਪਣਾ ਮੋਬਾਇਲ ਗਵਾ ਲੈਂਦਾ। ਨੀਤੂ ਦਾ ਫੋਨ ਨਹੀਂ ਆਉਂਦਾ , ਸੋਚਦਾ ਨੀਤੂ ਪੈਸਿਵ ਹੋ ਗਈ ਹੋਣੀ। ਇਹ ਭੁੱਲ ਜਾਂਦਾ ਕਿ ਉਸਦੀ ਜੇਬ ਵਿਚਲਾ ਫੋਨ ਗੁਆਚ ਚੁੱਕਾ। ਐਸੀ ਕਵਿਤਾ ਦੇ ਸਾਥ ਵਿਚ ਇਹੀ ਹੋ ਸਕਦਾ। ਇਹੀ ਕਵਿਤਾ ਦੇ ਹੋਣ ਦੀਆਂ ਨਿਸ਼ਾਨੀਆਂ ਹਨ। ਇਸੇ ਲਈ ਸਵਰਾਜਬੀਰ ਨੂੰ ਇਹ ਚੰਗੀ ਲੱਗਦੀ ਹੈ।


ਕਵਿਤਾ ਚਿਹਰੇ ਦੀ ਖ਼ੂਬਸੂਰਤੀ ਨੂੰ ਵਧਾਉਂਦੀ
ਨਹੀਂ, ਸਗੋਂ ਘਟਾਉਂਦੀ ਹੈ। ਇਹ ਕਵੀਆਂ ਦੀਆਂ ਮਾਡਲਾਂ ਵਾਂਗੂੰ ਖਿਚਵਾਈਆਂ ਫ਼ੋਟੋਆਂ ਦੇ ਸਾਥ ਵਿਚ ਨਹੀਂ ਵਸਦੀ, ਜਿਸਨੇ ਮਾਡਲਿੰਗ ਕਰਨੀ ਹੈ ਉਸ ਲਈ ਪੂਰਾ ਬਜ਼ਾਰ ਹਾਜ਼ਰ ਹੈ। ਬਜ਼ਾਰ ਵਿਚ ਮਹਿਫ਼ਲੀਅਤ ਤਾਂ ਮਿਲ ਸਕਦੀ ਹੈ, ਕਵਿਤਾ ਨਹੀਂ।ਮਹਿਫ਼ਲੀਅਤ ਉਹੀ ਨਹੀਂ ਹੁੰਦੀ ਜੋ ਦਿਖਾਈ ਦਿੰਦੀ ਹੈ, ਇਹ ਬੰਦੇ ਦੇ ਅੰਦਰ ਵੀ ਪਈ ਹੁੰਦੀ। ਕੁਝ ਲੋਕ ਇਕੱਲੇ ਹੋ ਕੇ ਵੀ ਮਹਿਫ਼ਲ ਵਿਚ ਹੁੰਦੇ ਨੇ …… ਕਵਿਤਾ ਸਾਥ ਵਿਚ ਹੈ, ਮਹਿਫ਼ਲੀਅਤ ਵਿਚ ਨਹੀਂ । ਸਾਥ ਅਤੇ ਮਹਿਫ਼ਲੀਅਤ ਵਿਚ ਅੰਤਰ ਹੈ, ਇਸੇ ਅੰਤਰ ਨੂੰ ਜਾਣ ਲੈਣ ਵਿਚ ਕਵਿਤਾ ਦੀ ਭਲਾਈ ਹੈ। ਜਦੋਂ ਪੰਜਾਬੀ ਦੇ ਕੁਝ ਕਵੀ ਕਵਿਤਾ ਲੱਭਣ ਲਈ ਦ੍ਰਿਸ਼ ਲੱਭਦੇ ਹਨ, ਦ੍ਰਿਸ਼ ਸਿਰਜਦੇ ਹਨ, ਅਜਿਹੇ ਦ੍ਰਿਸ਼ ਜਿਨ੍ਹਾਂ ਦਾ ਉਨ੍ਹਾਂ ਨਾਲ ਕੋਈ ਸੰਬੰਧ ਨਹੀਂ ਬਣਦਾ, ਉਹ ਸੰਬੰਧ ਬਣਾਉਂਦੇ ਹਨ। ਪਰ ਦ੍ਰਿਸ਼ ਦੀਆਂ ਝੀਥਾਂ ਥਾਈਂ ਸਭ ਕੁਝ ਕਿਰ ਜਾਂਦਾ, ਕਵਿਤਾ ਦੇ ਪੈਰਾਂ ਹੇਠ ਜ਼ਮੀਨ ਨਹੀਂ ਹੁੰਦੀ, ਉਹ ਨਿਸੱਤੀ ਹੋ ਕੇ ਵਰਕਿਆਂ ਉਤੇ ਡਿਗ ਪੈਂਦੀ ਹੈ। ਕਵੀ ਕਵਿਤਾ ਦੀ ਨਿਸੱਤੀ ਦੇਹੀ ਨੂੰ ਬਾਜ਼ਾਰ ਵਿਚ ਲੈ ਨਿਕਲਦਾ। ਬਜ਼ਾਰ ਤਾਂ ਹੈ ਹੀ ਇਸੇ ਲਈ । ਅਜਿਹੀ ਕਵਿਤਾ ਮਹਿਜ਼ ਪੋਜਕਾਰੀ ਬਣਕੇ ਰਹਿ ਜਾਂਦੀ ਹੈ। ਦੇਵਨੀਤ ਦੀ ਕਵਿਤਾ ਇਕੱਲਤਾ ਅਤੇ ਸਾਥ ਦੀ ਕਵਿਤਾ ਹੈ। ਇਸੇ ਲਈ ਇਸ ਵਿਚ ਤਣਾਅ ਹੈ। ਜਿਹੜੀ ਕਵਿਤਾ ਤਣਾਅ-ਮੁਕਤ ਹੋਕੇ ਜਾਂ ਹੋਣ ਲਈ ਲਈ ਲਿਖੀ ਜਾਂਦੀ ਹੈ, ਉਹ ਸਮਕਾਲ ਨੂੰ ਰਿਸਪੌਂਡ ਨਹੀਂ ਕਰਦੀ। ਕਵਿਤਾ ਬੰਦੇ ਦੇ ਆਪਣੇ ਰਿਸਪੌਂਸ ਵਿਚੋਂ ਪੈਦਾ ਹੁੰਦੀ ਹੈ, ਜਿਉਂਦਾ ਬੰਦਾ ਹੀ ਜਿਉਂਦੀ ਕਵਿਤਾ ਲਿਖ ਸਕਦਾ………
 
ਮੈਂ ਦੇਵਨੀਤ ਨੂੰ ਮੀਰ ਕਾਰਨ ਜਾਣਦੀ ਸਾਂ। ਅਸੀਂ ਇਕੱਠੇ ਪੰਜਾਬੀ ਦੀ ਐਮ.ਏ. ਕਰ ਰਹੇ ਸੀ । ਮੀਰ ਦੇਵਨੀਤ ਦਾ ਜ਼ਿਕਰ ਕਰਦਾ। ਉਸਦੀ ਕਵਿਤਾ ਦਾ, ਕਵਿਤਾ ਬਾਰੇ ਸਮਝ ਦਾ। ਮੈਂ ਸੋਚਦੀ ਦੇਵਨੀਤ ਸਾਡਾ ਹਮਉਮਰ ਹੋਣਾ……

ਅਮ੍ਰਿਤਸਰ ਇਕ ਸੈਮੀਨਾਰ ਵਿਚ ਦੇਵਨੀਤ ਮਿਲਿਆ, ਮੇਰੇ ਕੋਲ ਆਕੇ ਕਹਿੰਦਾ, "ਮੈਂ ਦੇਵਨੀਤ ਹਾਂ, ਮੈਂ ਤੈਨੂੰ ਦੇਖ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਤੂੰ ਨੀਤੂ ਹੀ ਹੋ ਸਕਦੀ ਹੈ।" ਦੇਵਨੀਤ ਸ਼ਰਾਬੀ ਹੋਇਆ ਹੋਇਆ ਸੀ। ਮੇਰੇ ਸਿਰ ਤੇ ਹੱਥ ਰੱਖ ਕੇ ਕਹਿੰਦਾ, "ਮੈਂ ਤੇਰਾ ਬਾਪ ਹਾਂ" । ਕੋਲ ਤਸਕੀਨ ਖੜਾ ਸੀ । ਦੇਵਨੀਤ ਕਹਿੰਦਾ, " ਮੈਂ ਤਸਕੀਨ ਦਾ ਵੀ ਬਾਪ ਹਾਂ, ਮੈਂ ਥੋਡਾ ਦੋਹਾਂ ਦਾ ਬਾਪ ਹਾਂ, ਤੁਸੀਂ ਮੇਰੇ ਬੱਚੇ ਹੋਂ, ਮੈਂ ਬਾਪ ਹਾਂ, ਬਾਪ ਦੇ ਮੌਰਾਂ ਤੇ ਡਾਂਗ ਵੱਜਣੀ ਚਾਹੀਦੀ ਹੈ"। ਅਸੀਂ ਸ਼ਰਾਬੀ ਕਵੀ ਦੀ ਕਵਿਤਾ ਸੁਣ ਰਹੇ ਸੀ। ਉਹ ਲਗਾਤਾਰ ਬੋਲਦਾ ਰਿਹਾ, " ਮੈਂ ਤੁਹਾਡਾ ਬਾਪ ਹਾਂ , ਤੁਸੀਂ ਮੈਨੂੰ ਰੱਦ ਕਰੋ, ਮੈਨੂੰ ਰੱਦੋ, ਜੇਕਰ ਮੇਰੇ ਬੱਚੇ ਹੋਂ ਤਾਂ ਮੈਨੂੰ ਰੱਦ ਕਰੋ, ਬਾਪ ਦੇ ਮੌਰਾਂ ਤੇ ਡਾਂਗ ਵੱਜਣੀ ਬਹੁਤ ਜ਼ਰੂਰੀ ਹੈ।" ਮੈਂ ਸੋਚ ਰਹੀ ਸੀ ਸਾਡੇ ਅੰਦਰ ਬੈਠੇ ਬਾਪ ਦੇਵਨੀਤ ਦੇ ਹਾਣਦੇ ਕਦੋਂ ਹੋਣਗੇ……….?

ਇਹੀ ਤਾਂ ਹੈ ਦੇਵਨੀਤ ਦੀ ਕਵਿਤਾ, ਆਪਣੇ ਆਪ ਨੂੰ ਰੱਦ ਕਰਦੀ, ਆਪਣੇ ਮੌਰਾਂ ਤੇ ਡਾਂਗ ਮਾਰਦੀ । ਆਪਣੇ ਮੌਰਾਂ ਤੇ ਡਾਂਗ ਮਾਰਨ ਵਿਚ ਹੀ ਤਣਾਅ ਲੁਕਿਆ ਹੈ। ਇਸ ਕਵਿਤਾ ਦਾ ਤਣਾਅ ਲੋਰਕਾ, ਪਾਬਲੋ ਜਾਂ ਸਟਾਲਿਨ ਵਰਗੇ ਨਾਵਾਂ ਵਿਚ ਨਹੀਂ, ਉਸ ਪੀੜ ਵਿਚ ਲੁਪਤ ਹੈ ਜੋ ਸਵੈ ਨੂੰ ਰੱਦ ਕਰਨ ਵਿਚੋਂ ਪੈਦਾ ਹੁੰਦੀ ਹੈ।

ਬਹੁਤ ਬਾਅਦ ਵਿਚ ਜਦੋਂ ਦੇਵਨੀਤ ਦੀ ਕਿਤਾਬ 'ਹੁਣ ਸਟਾਲਿਨ ਚੁੱਪ ਹੈ' ਪੜੀ ਤਾਂ ਮੈਂ ਦੇਵਨੀਤ ਦੇ ਮੋਬਾਇਲ 'ਤੇ ਮੈਸਿਜ ਭੇਜਿਆ ਕਿ ਮੈਨੂੰ ਉਸ ਨਾਲ ਈਰਖਾ ਹੁੰਦੀ ਹੈ। ਉਸਨੇ ਜਵਾਬ ਭੇਜਿਆ, "ਪੁੱਤ! ਈਰਖਾ ਪਿਆਰ ਦੀ ਚਰਮ ਸੀਮਾ ਹੈ।"

ਉਸਨੂੰ ਪੜਦਿਆਂ ਵਾਰ ਵਾਰ ਸੋਚਦੀ ਹਾਂ ਜਿਸਨੂੰ ਆਪਣੇ ਆਪ ਨੂੰ ਰੱਦ ਕਰਨਾ ਆਉਂਦਾ ਹੈ ਉਹ ਕਦੇ ਬਾਪ ਨਹੀਂ ਹੋ ਸਕਦਾ। ਦੇਵਨੀਤ ਸਾਡਾ ਬਾਪ ਨਹੀਂ ਵਾਰਸ ਹੈ…।

 ਨੀਤੂ ਅਰੋੜਾ
ਪੰਜਾਬੀ ਦੀ ਕਵਿੱਤਰੀ,ਜੋ ਕਵਿਤਾ ਜਿਹਾ ਵਾਰਤਕ ਲਿਖਦੀ ਹੈ।

Friday, December 13, 2013

ਮੈਂ ਆਈ ਬੀ ਜਾਂ ਆਰ ਐਸ ਐਸ ਦਾ ਏਜੰਟ ਨਹੀਂ: ਰਾਹੁਲ ਪੰਡਤਾ,'ਹੈਲੋ ਬਸਤਰ' ਦਾ ਲੇਖਕ

ਕਾਮਰੇਡ ਦੋਸਤਾਂ ਨੂੰ ਦੁਸ਼ਮਣ ਬਣਾਉਂਦੇ ਨੇ,ਦੁਸ਼ਮਣ ਨੂੰ ਦੋਸਤ ਨਹੀਂ ਬਣਾ ਸਕਦੇ-ਰਾਹੁਲ 

ਜੇ ਤੁਸੀਂ ਇਹ ਸੋਚ ਕੇ ਲਿਖੋਂਗੇਂ ਕਿ ਇਹ ਲਿਖਿਆ ਤਾਂ ਉਹ ਨਰਾਜ਼ ਹੋ ਜਾਣਗੇ ਤੇ ਉਹ ਲਿਖਿਆ ਤਾਂ ਆਹ ਨਰਾਜ਼ ਹੋਣਗੇ ਤਾਂ ਕਦੇ ਵੀ ਸੱਚਾ ਤੇ ਰਚਨਾਤਮਿਕ ਨਹੀਂ ਲਿਖਿਆ ਜਾ ਸਕਦਾ।ਖਾਨਾਪੂਰਤੀ ਜ਼ਰੂਰ ਹੋ ਸਕਦੀ ਹੈ।-ਰਾਹੁਲ

ਰਾਹੁਲ ਪੰਡਤਾ ਵਿਵਾਦਤ ਮਸਲਿਆਂ 'ਤੇ ਪੱਤਰਕਾਰੀ ਤੇ ਲੇਖਣੀ ਕਰਕੇ ਜਾਣਿਆ ਜਾਂਦੈ।ਉਹ ਅੰਗਰੇਜ਼ੀ ਦੇ ਚਰਚਿਤ ਮੈਗਜ਼ੀਨ 'ਓਪਨ' ਦਾ ਐਸੋਸੀਏਟ ਐਡੀਟਰ ਹੈ।ਰਾਹੁਲ 'ਐਬਸੈਂਟ ਸਟੇਟ',ਮਾਓਵਾਦੀ ਲਹਿਰ ਬਾਰੇ 'ਹੈਲੋ ਬਸਤਰ' ਤੇ ਕਸ਼ਮੀਰੀ ਪੰਡਤਾਂ ਦੇ ਉਜਾੜੇ ਬਾਰੇ 'Our Moon has Blood Clots' ਕਿਤਾਬ ਲਿਖ ਚੁੱਕਿਆ ਹੈ।ਹੈਲੋ ਬਸਤਰ ਦਾ ਪੰਜਾਬੀ 'ਚ ਬੂਟਾ ਸਿੰਘ ਨੇ ਤਰਜ਼ਮਾ ਵੀ ਕੀਤਾ ਹੈ। ਕਸ਼ਮੀਰੀ ਪੰਡਤਾਂ ਵਾਲੀ ਕਿਤਾਬ ਤੋਂ ਬਾਅਦ ਰਾਹੁਲ ਦਾ ਕਾਫੀ ਵਿਰੋਧ ਵੀ ਹੋਇਆ।ਓਹਨੂੰ ਆਰ ਐਸ ਐਸ ਦਾ ਏਜੰਟ ਕਰਾਰ ਦਿੱਤਾ ਗਿਆ।ਇਸੇ ਦੌਰ 'ਚ ਮਾਓਵਾਦੀ ਘੇਰੇ 'ਚੋਂ ਵੀ ਖ਼ਬਰ ਆਈ ਸੀ ਕਿ ਪੰਡਤਾ ਆਈ ਬੀ ਦਾ ਏਜੰਟ ਹੈ।ਰਾਹੁਲ ਪੰਡਤਾ ਪਿਛਲੇ ਦਿਨੀਂ ਚੰਡੀਗੜ੍ਹ ਲਿਟਰੇਚਰ ਫੈਸਟੀਵਲ 'ਚ ਸੀ। ਗੁਲਾਮ ਕਲਮ ਨੇ ਪੰਡਤਾ ਨਾਲ ਗੱਲਬਾਤ ਕੀਤੀ।-ਗੁਲਾਮ ਕਲਮ  

ਗੁਲਾਮ ਕਲਮ: ਤੁਹਾਡੀ ਨਵੀਂ ਕਿਤਾਬ 'Our Moon has Blood Clots' ਬਾਰੇ ਦੱਸੋ ?  
ਰਾਹੁਲ: ਇਹ 'ਤੇ ਮੈਂ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਸੀ।ਇਹ ਕੋਈ ਫਿਕਸ਼ਨ ਨਹੀਂ ਤੱਥਾਂ 'ਤੇ ਅਧਾਰਤ ਹੈ।ਕਸ਼ਮੀਰ 'ਚੋਂ ਕਸ਼ਮੀਰੀ ਪੰਡਤਾਂ ਨਾਲ ਉਜਾੜਾ ਬਹੁਤ ਦੁਖਦ ਵਰਤਾਰਾ ਹੈ।ਮੇਰਾ ਪਰਿਵਾਰ ਖ਼ੁਦ ਇਸਦਾ ਸ਼ਿਕਾਰ ਰਿਹਾ ਹੈ। ਕਸ਼ਮੀਰੀ ਪੰਡਤਾਂ ਨੂੰ ਬਹੁਤ ਬੇਰਿਹਮੀ ਨਾਲ ਕਸ਼ਮੀਰ 'ਚੋਂ ਉਜਾੜਿਆ ਗਿਆ। ਉਸ ਮੌਕੇ ਜਿਹੜੇ ਲੋਕ ਕਸ਼ਮੀਰੀ ਪੰਡਤਾਂ ਦੇ ਗੁਆਂਢੀ ਸੀ ਜਾਂ ਦੋਸਤ ਸੀ ਉਨ੍ਹਾਂ ਨੇ ਅੱਤਵਾਦੀਆਂ ਦਾ ਸਾਥ ਕਿਉਂ ਦਿੱਤਾ ਤੇ ਕਿਉਂ ਉਨ੍ਹਾਂ ਖ਼ਿਲਾਫ ਅਵਾਜ਼ ਨਹੀਂ ਉਠਾਈ।ਮੈਨੂੰ ਲੱਗਦੈ ਇਨ੍ਹਾਂ ਸਾਰੇ ਮਸਲਿਆਂ 'ਤੇ ਖੱਲ੍ਹਕੇ ਗੱਲਬਾਤ ਹੋਣੀ ਚਾਹੀਦੀ ਹੈ। 
  
ਗੁਲਾਮ ਕਲਮ: ਤੁਹਾਨੂੰ ਨਹੀਂ ਲੱਗਦਾ ਕਿ ਕਸ਼ਮੀਰੀ ਪੰਡਤਾਂ ਦਾ ਉਜਾੜਾ ਆਰ ਐਸ ਐਸ ਤੇ ਭਾਰਤੀ ਸਟੇਟ ਦਾ ਪ੍ਰੋਜੈਕਟ ਸੀ ? 
ਰਾਹੁਲ: ਆਰ ਐਸ ਐਸ ਨੂੰ ਤਾਂ ਕਦੇ ਕਸ਼ਮੀਰ 'ਚ ਪੈਰ ਲਾਉਣ ਦਾ ਮੌਕਾ ਨਹੀਂ ਮਿਲਿਆ।ਹਾਂ,ਇਸ 'ਚ ਕੋਈ ਸ਼ੱਕ ਨਹੀਂ ਕਿ ਬੀ ਜੇ ਪੀ ਤੇ ਆਰ ਐਸ ਐਸ ਨੇ ਇਸ ਮੁੱਦੇ ਨੂੰ ਤੂਲ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ,ਪਰ ਕਦੇ ਸਫ਼ਲ ਨਹੀਂ ਹੋਏ। ਸ਼ਿਆਮਾ ਪ੍ਰਸ਼ਾਦ ਮੁਖਰਜੀ ਵੀ ਲੱਗਿਆ ਰਿਹਾ ਪਰ ਗੱਲ ਨਹੀਂ ਬਣੀ। ਜਿੱਥੋਂ ਤੱਕ ਭਾਰਤੀ ਸਟੇਟ ਦਾ ਸਬੰਧ ਹੈ ਉਹ ਆਪਣੇ ਪੱਧਰ 'ਤੇ ਹਰ ਮਸਲੇ 'ਚ ਆਪਣਾ ਦਾਅ ਖੇਡਦੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਕਸ਼ਮੀਰੀ ਪੰਡਤਾਂ ਦਾ ਉਜਾੜਾ ਕੋਈ ਤੈਅਸ਼ੁਦਾ ਪ੍ਰੋਜੈਕਟ ਸੀ।  

ਗੁਲਾਮ ਕਲਮ: ਕਸ਼ਮੀਰ ਤੇ ਹੋਰ ਥਾਵਾਂ 'ਤੇ ਮੁਸਲਮਾਨਾਂ 'ਤੇ ਅੱਤਿਆਚਾਰ ਤਾਂ ਬਹੁਤ ਹੋਏ ? 
 ਰਾਹੁਲ: ਮੈਂ ਹਮੇਸ਼ਾਂ ਇਨ੍ਹਾਂ ਅੱਤਿਆਚਾਰਾਂ ਦੇ ਖਿਲਾਫ ਸਟੈਂਡ ਲਿਆ ਹੈ। 'ਅਪਸਫਾ' ਦਾ ਵਿਰੋਧੀ ਰਿਹਾ ਹਾਂ।ਇਸਦਾ ਦਾ ਹੀ ਕਿਉਂ ਮੇਰਾ ਮੰਨਣਾ ਕਿ ਹਰ ਮਨੁੱਖੀ ਅਧਿਕਾਰ ਦੀ ਉਲੰਘਣਾ ਦਾ ਵਿਰੋਧ ਹੋਣਾ ਚਾਹੀਦੈ। ਪਰ ਇਸਦਾ ਮਤਲਬ ਇਹ ਨਹੀਂ ਕਿ ਧਾਰਮਿਕ ਫਿਰਕਾਪ੍ਰਸਤੀ ਨੂੰ ਵੰਡਿਆ ਜਾਵੇ ਤੇ ਮੁਸਲਿਮ ਬੁਨਿਆਦਪ੍ਰਸਤੀ ਨੂੰ ਮੁਆਫ ਕੀਤਾ ਜਾਵੇ। ਜੇ ਖੱਬੇਪੱਖੀ ਜਾਂ ਹੋਰ ਲੋਕਪੱਖੀ ਪਾਰਟੀਆਂ ਨੂੰ ਲੱਗਦਾ ਹੈ ਕਿ ਧਾਰਮਿਕ ਘੱਟਗਿਣਤੀਆਂ ਦੀ ਰੱਖਿਆ ਹੋਣੀ ਚਾਹੀਦੀ ਹੈ ਤਾਂ ਗੁਜਰਾਤ ਤੇ ਮਜ਼ੱਫਰਨਗਰ ਦੇ ਮੁਸਲਮਾਨਾਂ ਦਾ ਪੱਖ 'ਚ ਖੜ੍ਹੇ ਹੋਣਾ ਚਾਹੀਦਾ ਤਾਂ ਕਸ਼ਮੀਰ ਦੀ ਪੰਜ ਫੀਸਦੀ ਘੱਟਗਿਣਤੀ(ਕਸ਼ਮੀਰੀ ਪੰਡਤਾਂ) ਦੀ ਰੱਖਿਆ ਕਿਉਂ ਨਹੀਂ ਹੋਣੀ ਚਾਹੀਦੀ।ਹਾਂ ਇਹ ਜ਼ਰੂਰ ਹੈ ਕਿ ਸਾਡਾ ਮੁਲਕ ਹਿੰਦੂ ਬਹੁਗਿਣਤੀ ਦੇਸ਼ ਹੈ।ਇੱਥੇ ਹਿੰਦੂ ਫਿਰਕਾਪ੍ਰਸਤੀ ਹੈ।ਜਾਤਪਾਤੀ ਪ੍ਰਬੰਧ ਹਿੰਦੂ ਧਰਮ 'ਚੋਂ ਹੋ ਕੇ ਨਿਕਲਦਾ ਹੈ।ਮੈਨੂੰ ਲੱਗਦੈ ਕਿ ਇਸ ਖਿਲਾਫ ਅੰਦੋਲਨ ਹੋਣੇ ਚਾਹੀਦੇ ਨੇ ਤੇ ਵੱਧ ਤੋਂ ਵੱਧ ਲਿਖਣਾ ਚਾਹੀਦਾ ਹੈ ਪਰ ਜੇ ਤੁਸੀਂ ਇਸ ਦੇ ਚਲਦਿਆਂ ਕਸ਼ਮੀਰੀ ਪੰਡਤਾਂ ਵਰਗੇ ਮਾਮਲਿਆਂ ਨੂੰ ਦੇਖਣ ਨੂੰ ਤਿਆਰ ਨਹੀਂ ਤਾਂ ਬਹੁਤ ਵੱਡੀ ਸਮੱਸਿਆ ਹੈ।

ਗੁਲਾਮ ਕਲਮ: ਮਾਓਵਾਦੀ ਘੇਰੇ 'ਚੋਂ ਖ਼ਬਰ ਆਈ ਸੀ ਰਾਹੁਲ ਪੰਡਤਾ ਆਈ ਬੀ ਦਾ ਏਜੰਟ ਹੋ ਗਿਆ ? 
ਰਾਹੁਲ: ਇਕ ਪੱਤਰਕਾਰ ਤੇ ਇਕ ਲੇਖਕ ਦੇ ਨਾਤੇ ਮੇਰਾ ਕਿਸੇ ਵੀ ਪਾਰਟੀ ਦੀ ਵਿਚਾਰਧਾਰਾ ਨਾਲ ਕੋਈ ਮਤਲਬ ਨਹੀਂ ਹੈ।ਮੈਂ ਪੱਤਰਕਾਰੀ ਤੇ ਜ਼ਿੰਦਗੀ ਦਾ ਪਹਿਲਾ ਸਬਕ ਪਾਸ਼ ਦੇ ਪਿੰਡ ਤਲਵੰਡੀ ਸਲੇਮ ਤੋਂ ਸਿੱਖਿਆ ਹੈ। ਪਾਸ਼ ਦੇ ਘਰ ਇਕ ਮੇਜ਼ ਸੀ ਜਿਸ 'ਤੇ ਲਿਖਿਆ ਸੀ Know...What,Who,Why ? ਮੇਰੀ ਪੱਤਰਕਾਰੀ ਦਾ ਪਹਿਲਾ ਸਬਕ ਓਥੋਂ ਹੀ ਸ਼ੁਰੂ ਹੋਇਆ।ਮੇਰਾ ਮੰਨਣਾ ਹੈ ਕਿ ਨਿਰਪੱਖਤਾ ਨਾਂਅ ਦੀ ਕੋਈ ਪੱਤਰਕਾਰੀ ਨਹੀਂ ਹੁੰਦੀ।ਮੈਂ ਜੇ ਛੱਤੀਸਗੜ੍ਹ 'ਚ ਕਿਸੇ ਆਦਿਵਾਸੀ ਔਰਤ ਨਾਲ ਰੇਪ ਦੇਖਦਾਂ ਤਾਂ ਕਿਸੇ ਪੁਲੀਸ ਵਾਲੇ ਦਾ ਕਾਉਂਟਰ ਵਰਸ਼ਨ ਨਹੀਂ ਲੈਂਦਾ। ਜੇ ਮਾਓਵਾਦੀ ਦੇ ਘੇਰੇ ਦੇ ਲੋਕਾਂ ਨੂੰ ਲੱਗਦੈ ਕਿ 'ਹੈਲੋ ਬਸਤਰ ਲਿਖਣ ਵੇਲੇ ਮੈਂ ਉਨ੍ਹਾਂ ਦਾ ਮਿੱਤਰ ਸੀ ਤੇ ਕਸ਼ਮੀਰ ਦੀ ਕਿਤਾਬ ਲਿਖ ਕੇ ਉਨ੍ਹਾਂ ਦਾ ਦੁਸ਼ਮਣ ਹੋ ਗਿਆ ਤਾਂ ਇਸ 'ਚ ਮੇਰਾ ਕੋਈ ਕਸੂਰ ਨਹੀਂ।ਮੈਂ 1998 ਤੋਂ ਮਾਓਵਾਦੀ ਲਹਿਰ ਨੂੰ ਕਵਰ ਕਰ ਰਿਹਾਂ।ਕਸ਼ਮੀਰੀ ਪੰਡਤਾਂ ਬਾਰੇ ਮੇਰੇ ਉਦੋਂ ਤੋਂ ਇਹੀ ਵਿਚਾਰ ਰਹੇ ਨੇ ਤੇ ਮੈਂ ਇਹ ਵਿਚਾਰ ਸਭ ਨਾਲ ਸਾਂਝੇ ਕਰਦਾ ਰਿਹਾਂ। ਕਦੇ ਕਿਸੇ ਤੋਂ ਨਹੀਂ ਲਕੋਏ।

ਗੁਲਾਮ ਕਲਮ: ਫਿਰ ਸਮੱਸਿਆ ਕਿੱਥੇ ਆਈ ? 
ਰਾਹੁਲ: ਦਰ ਅਸਲ ਸਮੱਸਿਆ ਕਿਤਾਬ ਆਉਣ ਦੌਰਾਨ ਹੀ ਦਿੱਲੀ 'ਚ ਬੈਠੇ ਮਾਓਵਾਦੀ ਹਮਾਇਤੀਆਂ ਨੂੰ ਆਈ। ਉਨ੍ਹਾਂ ਹੀ ਮੈਨੂੰ ਆਈ ਬੀ ਤੇ ਆਰ ਐਸ ਐਸ ਦਾ ਏਜੰਟ ਐਲਾਨਿਆ।ਕਸ਼ਮੀਰ ਦੀ ਕਿਤਾਬ ਆਉਣ ਸਮੇਂ ਹੀ ਮੈਨੂੰ ਕਿਹਾ ਗਿਆ ਕਿ ਮੈਂ ਹੁਰੀਅਤ ਕਾਨਫਰੰਸ ਦੇ ਆਗੂ ਸ਼ਈਅਦ ਅਲੀ ਸ਼ਾਹ ਗਿਲਾਨੀ ਦਾ ਪੱਖ ਰੱਖਾਂ।ਮੈਂ ਨਾਂਹ ਕੀਤੀ ਕਿਉਂਕਿ ਮੈਂ ਗਿਲਾਨੀ ਨੂੰ ਉਨ੍ਹਾਂ ਨਾਲੋਂ ਵੱਧ ਜਾਣਦਾਂ। ਗਿਲਾਨੀ ਕਸ਼ਮੀਰ ਨੂੰ ਇਸਲਾਮਿਕ ਸਟੇਟ ਬਣਾਉਣਾ ਚਾਹੁੰਦੈ। ਮਸਲਾ ਇਹ ਵੀ ਹੈ ਕਿ ਦਿੱਲੀ ਦੇ ਕੁਝ ਦੋਸਤ ਗ੍ਰੀਨ ਹੰਟ ਅਪਰੇਸ਼ਨ ਦੇ ਸੈਮੀਨਾਰ 'ਚ ਅਰੁੰਧਤੀ ਰਾਏ ਨਾਲ ਬੈਠ ਕੇ ਆਪਣੇ ਆਪ ਨੂੰ 'ਗਣਪਤੀ' ਸਮਝਣਾ ਸ਼ੁਰੂ ਕਰ ਦਿੰਦੇ ਨੇ।ਫਿਰ ਉਨ੍ਹਾਂ ਦਾ ਆਪਣੇ ਹੀ ਲੋਕਾਂ ਖਿਲਾਫ ਰਵੱਈਆ ਵੇਖਣ ਵਾਲਾ ਹੁੰਦਾ।.......ਜਿਹੜੇ ਬੰਦੇ ਨੇ ਟੀ ਵੀ 'ਤੇ ਹਮੇਸ਼ਾ ਸਟੇਟ ਖਿਲਾਫ ਸਟੈਂਡ ਲੈਂਦਾ ਹੈ। ਜਿਸਨੇ ਪਤਾ ਨਹੀਂ ਕਿੰਨੇ ਸਾਰੇ ਜ਼ੋਖਮ ਲੈ ਕੇ ਰਿਪੋਰਟਿੰਗ ਕੀਤੀ।ਜਿਹੜਾ ਗੁਡਸਾ ਉਸੇਂਡੀ ਨੂੰ ਦਫ਼ਤਰੋਂ ਫੋਨ ਕਰਕੇ 'ਲਾਲ ਸਲਾਮ ਕਾਮਰੇਡ' ਕਹਿ ਸਕਦੈ। ਜੇ ਫਿਰ ਵੀ ਇਨ੍ਹਾਂ ਘਾਗ ਮਾਓਵਾਦੀਆਂ ਨੂੰ ਏਜੰਟ ਲੱਗਦਾਂ ਤਾਂ ਕੋਈ ਗੱਲ ਨਹੀਂ। ਮੈਂ ਤਾਂ ਇਹੀ ਕਹਿ ਸਕਦਾਂ 'ਮੈਂ ਆਈ ਬੀ ਜਾਂ ਆਰ ਐਸ ਐਸ ਦਾ ਏਜੰਟ ਨਹੀਂ।  

ਗੁਲਾਮ ਕਲਮ: ਦੁੱਖ ਤੇ ਨਿਰਾਸ਼ਾ ਨਹੀਂ ਹੁੰਦੀ ਇਹੋ ਜਿਹਾ ਕੁਝ ਸੁਣ ਕੇ ? 
ਰਾਹੁਲ: ਮੈਨੂੰ ਜਦੋਂ ਪਹਿਲੀ ਵਾਰ ਇਹ ਖ਼ਬਰ ਸੁਣਨ ਨੂੰ ਮਿਲੀ ਤਾਂ ਦੋ ਦਿਨ ਨੀਂਦ ਨਹੀਂ ਆਈ।ਜੰਗਲ 'ਚੋਂ ਇਕ ਦੋਸਤ ਦਾ ਫੋਨ ਆਇਆ ਯਾਰ ਤੇਰੇ ਨਾਲ ਇਕ ਗੱਲ ਕਰਨੀ ਸੀ ਮੈਥੋਂ ਰਿਹਾ ਨਹੀਂ ਗਿਆ 'ਜਿੱਥੇ ਆਪਾਂ ਉਸ ਦਿਨ ਜਾਣਾ ਚਾਹੁੰਦੇ ਸੀ। ਪਤਾ ਕਿਉਂ ਨਹੀਂ ਜਾ ਸਕੇ ? ਦਿੱਲੀ ਤੋਂ ਫੋਨ ਆ ਗਿਆ ਸੀ ਕਿ ਇਸ ਨੂੰ ਅੱਗੇ ਨਾ ਲਿਜਾਇਆ ਜਾਵੇ'। ਮੈਨੂੰ ਲੱਗਦੈ 'ਕਾਮਰੇਡ ਦੋਸਤਾਂ ਨੂੰ ਦੁਸ਼ਮਣ ਬਣਾਉਂਦੇ ਨੇ, ਦੁਸ਼ਮਣ ਨੂੰ ਦੋਸਤ ਨਹੀਂ ਬਣਾ ਸਕਦੇ'।ਧੜੇਬੰਦੀ,ਹਓਮੈ ਤੇ ਹੰਕਾਰ ਖੱਬੀਪੱਖੀ ਲਹਿਰ ਦੇ ਵੱਡੇ ਸੰਕਟ ਹਨ 

ਗੁਲਾਮ ਕਲਮ: ਇਹੋ ਜਿਹੇ ਇਲਜ਼ਾਮ ਪਹਿਲਾਂ ਵੀ ਲੋਕਾਂ 'ਤੇ ਲੱਗਦੇ ਰਹੇ ਨੇ। ਇਹ ਅਪਰੋਚ 'ਚ ਸਮੱਸਿਆ ਹੈ ਜਾਂ ਅੰਡਗਰਾਉਂਡ ਲਹਿਰਾਂ 'ਚ ਇਵੇਂ ਹੀ ਹੁੰਦੈ?  
ਰਾਹੁਲ: ਮੈਂ ਆਨ ਰਿਕਾਰਡ ਨਾਵਾਂ ਨਾਲ ਨਹੀਂ ਦੱਸ ਸਕਦਾ ਪਰ ਮੈਨੂੰ ਪਤਾ ਕਿ ਕਿਵੇਂ ਬਹੁਤ ਸਾਰੇ ਲੰਮਾ ਤਿਆਗ ਕਰਨ ਵਾਲੇ ਲੋਕਾਂ ਦੀ ਦੁਰਗਤੀ ਕੁਝ ਲੋਕਾਂ ਕਾਰਨ ਹੋਈ।ਜਿਨ੍ਹਾਂ ਨੇ ਜ਼ਿੰਦਗੀ ਮੂਵਮੈਂਟ ਦੇ ਲੇਖੇ ਲਗਾ ਦਿੱਤੀ ਉਨ੍ਹਾਂ ਨੂੰ ਕਿਵੇਂ ਰੋਲਿਆ ਗਿਆ ਜਾਂ ਰੁਲ ਰਹੇ ਹਨ। ਕਿੰਨੇ ਹੀ ਇੰਟੈਲੀਜੈਂਟ ਬੰਦੇ ਗਰੁੱਪਇਜ਼ਮ ਦੀ ਭੇਂਟ ਚੜ੍ਹ ਰਹੇ ਨੇ। ਇਹ ਜਿਹੜੇ ਦਿੱਲੀ ਆਦਿ ਥਾਵਾਂ 'ਤੇ ਬੈਠ ਕੇ ਚੌਧਰੀ ਬਣਦੇ ਨੇ ਉਹ ਵੀ ਸਮੱਸਿਆ ਹਨ'।ਕਿਉਂਕਿ ਮਾਓਵਾਦੀ ਬਹੁਤ ਸਾਰੇ ਮਾਮਲਿਆਂ 'ਚ ਇਨ੍ਹਾਂ 'ਤੇ ਡਿਪੈਂਡ ਰਹਿੰਦੇ ਨੇ। ਜਿਵੇਂ ਤੁਸੀਂ ਪੁੱਛਿਆ 'ਅਪਰੋਚ 'ਚ ਤਾਂ ਵੱਡੀ ਸਮੱਸਿਆ ਹੈ ਹੀ।ਜਿਸ ਕਰਕੇ ਭਵਿੱਖ ਲਈ ਸਮੱਸਿਆਵਾਂ ਖੜ੍ਹੀਆਂ ਹੋ ਰਹੀਆਂ ਨੇ ।ਤੇ ਸਾਡੇ ਸਾਹਮਣੇ  ਨੇ।  

ਗੁਲਾਮ ਕਲਮ: ਦਿੱਲੀ ਜਿਹੇ ਚੰਡੀਗੜ੍ਹ ਤੇ ਪੰਜਾਬ 'ਚ ਵੀ ਕਈ ਚੌਧਰੀ ਨੇ...  
 ਰਾਹੁਲ: ਹਾ ਹਾ ਹਾ..ਪਰ ਮੈਂ ਸਿਰਫ਼ ਦਿੱਲੀ ਵਾਲਿਆਂ ਦਾ ਪੀੜਤ ਹਾਂ।  

ਗੁਲਾਮ ਕਲਮ: ਤੁਸੀਂ ਮਾਓਵਾਦੀ ਲਹਿਰ ਬਾਰੇ ਕਾਫੀ ਸਮੇਂ ਤੋਂ ਕੁਝ ਲਿਖ ਨਹੀਂ ਰਹੇ ?  
 ਰਾਹੁਲ: ਦਰ ਅਸਲ ਕਿਤਾਬ ਦੇ ਪ੍ਰੋਗਰਾਮਾਂ ਕਾਰਨ ਮੈਂ ਸਮਾਂ ਨਹੀਂ ਕੱਢ ਸਕਿਆ। ਮੈਨੂੰ ਇਨ੍ਹਾਂ ਉਨ੍ਹਾਂ ਦੇ ਕੁਝ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਮੇਰਾ ਉਹੀ ਸਟੈਂਡ ਹੈ ਜੋ ਪਹਿਲਾਂ ਸੀ। ਗੜਚਿਰੌਲੀ 'ਚ ਬਹੁਤ ਕੁਝ ਹੋ ਰਿਹੈ।ਮੈਂ ਜਾਵਾਂਗਾ ਤੇ ਲਿਖਾਂਗਾ।ਮੈਂ ਕਸ਼ਮੀਰ ਵੀ ਜਾਵਾਂਗੇ ਤੇ ਹਰ ਧੱਕੇਸ਼ਾਹੀ ਖ਼ਿਲਾਫ ਲਿਖਾਂਗਾ।  

ਗੁਲਾਮ ਕਲਮ: ਮਾਓਵਾਦੀ ਲਹਿਰ 'ਤੇ ਪੱਤਰਕਾਰ ਸਭਰਾਸ਼ੂ ਚੌਧਰੀ ਦੀ ਕਿਤਾਬ 'Let's Call Him Vasu' ਬਾਰੇ ਤੁਹਾਡਾ ਕੀ ਵਿਚਾਰ ਹੈ?  
ਰਾਹੁਲ: ਮੈਨੂੰ ਲੱਗਦੈ ਕੁਝ ਮਸਲਿਆਂ 'ਚ ਸਭਰਾਸ਼ੂ ਦੀ ਕਿਤਾਬ ਸਨਸਨੀਖ਼ੇਜ਼ ਹੈ।ਜਿਵੇਂ ਬਿਨਾਇਕ ਸੇਨ ਬਾਰੇ ਬਿਨਾਂ ਤੱਥਾਂ ਤੋਂ ਖੁਲਾਸੇ ਕੀਤੇ ਨੇ ਕਿ ਉਹ ਵੀ ਗਲਤ ਗੱਲ ਹੈ। ਮੈਨੂੰ ਲੱਗਦੈ ਜੇ ਤੁਸੀਂ ਐਨਾ ਵੱਡਾ ਖੁਲਾਸਾ ਕਰਨ ਜਾ ਰਹੇ ਹੋਂ ਤਾਂ ਘੱਟ ਘੱਟ ਤੱਥ ਤਾਂ ਹੋਣੇ ਚਾਹੀਦੇ ਨੇ। ਨਹੀਂ ਤਾਂ ਕੋਈ ਕੁਝ ਵੀ ਕਹਿ ਸਕਦੈ। ਬਾਕੀ ਕੁੱਲ ਮਿਲਾ ਕੇ ਉਸਨੇ ਮਿਹਨਤ ਨਾਲ ਕਿਤਾਬ ਲਿਖੀ ਹੈ।

ਗੁਲਾਮ ਕਲਮ: 'ਓਪਨ' ਅਜਿਹਾ ਸਪੇਸ ਕਿਵੇਂ ਦਿੰਦੈ ? 
ਰਾਹੁਲ: ਓਪਨ 'ਚ ਹੀ ਨਹੀਂ ਮੈਂ ਤਾਂ ਜ਼ੀ ਨਿਊਜ਼,ਇੰਡੀਅਨ ਐਕਸਪ੍ਰੈਸ ਦੇ ਸਮੇਂ ਤੋਂ ਹੀ ਮਾਓਵਾਦੀ ਲਹਿਰ 'ਤੇ ਸਟੋਰੀਆਂ ਕੀਤੀਆਂ ਨੇ।ਪਰ ਮੇਰੇ ਸਾਬਕਾ ਪੌਲਿਟੀਕਲ ਐਡੀਟਰ ਹਰਤੋਸ਼ ਬੱਲ ਵਰਗਾ 'ਬੌਸ' ਕਦੇ ਨਹੀਂ ਮਿਲ ਸਕਦਾ।ਉਸਨੇ ਕਦੇ ਨਹੀਂ ਕਿਹਾ 'ਤੂੰ ਮਾਓਵਾਦੀਆਂ ਬਾਰੇ ਨਾ ਲਿਖ।ਉਹ ਮਾਓਵਾਦੀ ਲਹਿਰ ਜਾਂ ਖੱਬੇਪੱਖੀ ਵਿਚਾਰਾਂ ਨਾਲ ਸਹਿਮਤ ਨਹੀਂ,ਪਰ ਉਸਨੇ ਮੇਰੀ ਕਿਸੇ ਸਟੋਰੀ ਦਾ ਨਾ ਕਦੇ ਕੋਈ ਸ਼ਬਦ ਕੱਟਿਆ ਨਾ ਵਿਚਾਰ।ਜਦੋਂ ਕਿ ਤਤਕਾਲੀ ਗ੍ਰਹਿ ਮੰਤਰੀ ਪੀ ਚਿਦੰਬਰਮ ਸਾਡੇ ਮਾਲਕਾਂ ਕੋਲ ਮੇਰੀਆਂ ਗੱਲਾਂ-ਬਾਤਾਂ ਕਰਦਾ ਰਿਹੈ। ਅਜਿਹੇ ਬੌਸ ਅੱਜਕਲ੍ਹ ਨਹੀਂ ਮਿਲਦੇ।ਹਾਂ ਇਹ ਜ਼ਰੂਰ ਹੈ ਕਿ 'ਉਹ ਮੇਰੀ ਗਣਪਤੀ ਨਾਲ ਮੁਲਾਕਾਤ ਛਾਪ ਕੇ ਉਸਨੂੰ ਕਾਉਂਟਰ ਜ਼ਰੂਰ ਕਰ ਸਕਦਾ।ਓਹਦੇ ਸੰਪਾਦਕੀ ਕਾਰਜਕਾਲ ਜਿੰਨੀ ਅਜ਼ਾਦੀ ਮੈਂ ਕਿਤੇ ਨਹੀਂ ਹੰਢਾਈ।  

Wednesday, December 11, 2013

ਨੈਲਸਨ ਮੰਡੇਲਾ ਦਾ ਪ੍ਰੇਮ ਪੱਤਰ--ਮੈਂ ਤੈਨੂੰ ਪ੍ਰਮਾਤਮਾ ਦੀ ਤਰ੍ਹਾਂ ਪਿਆਰ ਕਰਦਾਂ

ਮੈਨੂੰ ਲਗਦੈ ਕਿ ਦੁਨੀਆਂ ‘ਚ ਸਭ ਤੋਂ ਵੱਧ ਪਿਆਰ ਬਾਰੇ ਲਿਖ਼ਿਆ,ਬੋਲਿਆ,ਗਾਇਆ ਤੇ ਫਿਲਮਾਇਆ ਗਿਆ ਹੋਣਾ ਹੈ।ਪਰ ਪਿਛਲੇ ਕੁਝ ਸਮੇਂ ਤੋਂ ਪਿਆਰ ਦੇ ਵਿਸ਼ੇ ਨੁੰ ਫਰੋਲਦਿਆਂ ਕੁਝ ਹੀ ਵਜ਼ਨਦਾਰ ਕਿਤਾਬਾਂ,ਲੇਖ ਤੇ ਇੱਕਾ ਦੁੱਕਾ ਫਿਲਮਾਂ ਮੇਰੇ ਹੱਥ ਲੱਗੀਆਂ।ਪਿਆਰ ਦੀ ਕੋਈ ਸਦੀਵੀ ਪਰਿਭਾਸ਼ਾ  ਹੋ ਸਕਦੀ ਹੈ ਜਾਂ ਮਨੁੱਖੀ ਸਮਾਜਿਕ ਵਿਕਾਸ ਤੇ ਸਮਾਜਿਕ-ਆਰਥਿਕ ਢਾਂਚਿਆਂ ਦੇ ਬਦਲਦੇ ਪੜ੍ਹਾਵਾਂ ਨਾਲ ਇਸਦੀ ਪਰਿਭਾਸ਼ਾ ਵੀ ਬਦਲਦੀ ਹੈ..?ਅਜਿਹੇ ਬਹੁਤ ਸਾਰੇ ਹੋਰ ਸਵਾਲਾਂ ਦੇ ਜਵਾਬ ਏਰਿਕ ਫਰੋਮ ਦੀ ਕਿਤਾਬ “ ਆਰਟ ਆਫ ਲਵਿੰਗ” (THE ART OF LOVING)ਤੇ ਹੋਰ ਲੇਖ਼ਕਾਂ ਨੂੰ ਪੜ੍ਹਦਿਆਂ ਸਮਝਦਿਆਂ ਮਿਲੇ।ਪ੍ਰਮਾਤਮਾ ਤੋਂ ਲੈ ਕੇ ਸਮੂਹਿਕ ਤੇ ਵਿਅਕਤੀਗਤ ਪਿਆਰ ਦੇ ਦਵੰਦ ਨੂੰ ਜਿਸ ਤਰ੍ਹਾਂ ਏਰਿਕ ਪੇਸ਼ ਕਰਦਾ ਹੈ,ਉਹ ਬਾ-ਕਮਾਲ ਹੈ।ਸਿਗਮੰਡ ਫਰਾਇਡ ਦੀ ਸੈਕਸ ਥਿਊਰੀ ਦੀ ਅਲੋਚਨਾ ਕਰਦਿਆਂ ਏਰਿਕ ਨੇ ਚੁਣੌਤੀਪੂਰਨ ਸਵਾਲ ਕੀਤੇ ਹਨ।ਪਿਆਰ ਬਾਰੇ ਪੜ੍ਹਦਿਆਂ ਹੀ ਮੇਰੇ ਹੱਥ ਨੈਲਸਨ ਮੰਡੇਲਾ ਦੇ ਪ੍ਰੇਮ ਪੱਤਰ ਲੱਗੇ।ਜਿਨ੍ਹਾਂ ‘ਚੋਂ ਇਕ ਦਾ ਤਰਜ਼ਮਾ ਕਰ ਰਹੇ ਹਾਂ।ਗੋਰਿਆਂ ਦੀ ਰੁਬੇਨ ਆਇਸਲੈਂਡ ਜੇਲ੍ਹ ‘ਚੋਂ ਪਿਆਰ ਦੇ ਇਹ ਖ਼ਤ ਉਦੋਂ ਲਿਖੇ ਗਏ ਜਦੋਂ ਜੇਲ੍ਹਾਂ ‘ਚ ਸਾਲ ‘ਚ ਦੋ ਮੁਲਾਕਾਤਾਂ ਤੇ ਦੋ ਚਿੱਠੀ ਪੱਤਰ ਹੀ ਭੇਜੇ ਜਾ ਸਕਦੇ ਸਨ।ਨੈਲਸਨ ਪਿਆਰ ਦਾ ਜਸ਼ਨ ਪੱਤਰਾਂ ਨਾਲ ਮਨਾਉਂਦੇ ਸੀ ਤੇ ਆਪਣੀ ਪਤਨੀ ਵਿਨੀ ਨੂੰ ਲਿਖੇ ਪੱਤਰਾਂ ‘ਚ ਉਹਨਾਂ ਦੀ ਨਿਰਾਸ਼ਾ,ਦਰਦ ਇਕੱਲਤਾ ਤੇ ਦਰਿਆਦਿਲੀ ਵਿਖਦੀ ਹੈ।ਵਿਨੀ ਤੇ ਨੈਲਸਨ ਲਈ ਇਹੋ ਖ਼ਤੋ-ਖ਼ਤਾਬਤ ਇਕ ਸਹਾਰਾ ਸੀ।-ਯਾਦਵਿੰਦਰ ਕਰਫਿਊ(Feb 8, 2012)


5 april-1976-ਅੱਜ ਤੂੰ ਬੇਹੱਦ ਸੋਹਣੀ ਲੱਗ ਰਹੀ ਸੀ।ਉਹੀ ਔਰਤ ਜਿਸ ਨਾਲ ਮੈਂ ਵਿਆਹ ਕੀਤਾ ਸੀ,ਨਾ ਜਾਣੇ ਉਹ ਕਿਵੇਂ ਦਿਨ ਬ ਦਿਨ ਖੂਬਸੂਰਤ ਹੁੰਦੀ ਜਾ ਰਹੀ ਹੈ ? ਤੇਰੇ ਚਿਹਰੇ ‘ਤੇ ਇਕ ਲਾਲੀ ਸੀ।ਓਹ ਗੁੱਸੇਖੋਰਾ ਸੁਭਾਅ ਤੇ ਅੱਖਾਂ ਦੀ ਉਦਾਸੀ ਕਿਤੇ ਖੋਈ ਹੋਈ ਸੀ,ਜੋ ਤੇਰੇ ਜ਼ਿਆਦਾ ਪਰਹੇਜ਼ ਦੇ ਦਬਾਅ ਕਾਰਨ ਆ ਜਾਂਦੀ ਹੈ।ਹਾਲਾਂਕਿ ਹਮੇਸ਼ਾ ਦੀ ਤਰ੍ਹਾਂ ਮੈਂ ਤੈਨੂੰ ਮਾਂ ਬਲਾਉਂਦਾ ਰਿਹਾ,ਪਰ ਮੇਰਾ ਸਰੀਰ ਮੈਨੂੰ ਵਾਰ ਵਾਰ ਕਹਿ ਰਿਹਾ ਸੀ ਕਿ ਸਾਹਮਣੇ ਇਕ ਖੂਬਸੂਰਤ ਔਰਤ ਬੈਠੀ ਹੈ।ਮੇਰਾ ਮਨ ਤੈਨੂੰ ਵੇਖਕੇ ਗੀਤ ਗਾਉਣ ਨੂੰ ਕਰ ਰਿਹਾ ਸੀ।ਸਿਰਫ ਹਨੋਲੂਲਿਆ ਹੀ ਸਹੀ।

ਪਿਛਲੀ ਵਾਰ ਤੂੰ ਆਪਣੇ ਲਿਬਾਸ ‘ਚ ਸੱਚੀਂ-ਮੁੱਚੀ ਬਹੁਤ ਸੋਹਣੀ ਲੱਗ ਰਹੀ ਸੀ,ਖਾਸ ਕਰ ਐਤਵਾਰ ਨੂੰ।ਕਿਤੋਂ ਵੀ ਅਜਿਹਾ ਜ਼ਾਹਰ ਨਹੀਂ ਹੁੰਦਾ ਕਿ ਜੇਨੀ ਜਾਂ ਜ਼ਿੰਦੂਜੀ ਨੇ ਤੇਰੀ ਜਵਾਨੀ ਜਾਂ ਸਰੀਰਕ ਸੁੰਦਰਤਾ ਨੂੰ ਖੋਹ ਲਿਆ ਹੈ।

22 novwmber 1979-ਪਿਛਲੇ ਮਹੀਨੇ ਤੇਰੀ ਯਾਤਰਾ ਅਦਿੱਖ ਸੀ ਤੇ ਸ਼ਾਇਦ ਏਹੀ ਕਾਰਨ ਹੈ ਕਿ ਮੈਨੂੰ ਐਨੀ ਜ਼ਿਆਦਾ ਖ਼ੁਸੀ ਹੋਈ ਸੀ।ਮੇਰੇ ਉਮਰ ‘ਚ ਮੇਰੇ ਜਵਾਨ ਭਾਵਾਂ ਨੂੰ ਫਿੱਕਾ ਹੋ ਜਾਣਾ ਚਾਹੀਦਾ ਹੈ,ਪਰ ਅਜਿਹਾ ਲੱਗਦਾ ਨਹੀਂ।ਤੇਰੇ ਕੋਲ ਹੋਣ ਦਾ ਅਹਿਸਾਸ,ਇੱਥੋਂ ਤੱਕ ਕਿ ਤੇਰਾ ਖ਼ਿਆਲ ਹੀ ਮੇਰੇ ਅੰਦਰ ਹਜ਼ਾਰਾਂ ਦੀਵਿਆਂ ਨੂੰ ਜਗਾ ਦਿੰਦਾ ਹੈ।

31 march 1983-ਹਾਲਾਂਕਿ ਉਨ੍ਹੀ ਫਰਵਰੀ ਨੂੰ ਤੂੰ ਖੁਸ਼ ਸੀ,ਪਰ ਫਿਰ ਵੀ ਥੋੜ੍ਹੀ ਬੀਮਾਰ ਲੱਗ ਰਹੀ ਸੀ ਤੇ ਤੇਰੀਆਂ ਅੱਖਾਂ ‘ਚ ਪਾਣੀ ਦੇ ਛੋਟੇ ਜਿਹੇ ਸਮੁੰਦਰ ‘ਚ ਪਿਆਰ ਤੇ ਕੋਮਲਤਾ ਹਮੇਸ਼ਾ ਦੀ ਤਰ੍ਹਾਂ ਡੁੱਬੀ ਹੋਈ ਸੀ।ਪਰ ਪਿਛਲੇ 20 ਸਾਲਾਂ ‘ਚ ਸਰੀਰਕ ਬਿਮਾਰੀ ਦੇ ਬਾਵਜੂਦ ਜੋ ਖੁਸ਼ੀ ਮੈਂ ਹਾਸਲ ਕੀਤੀ ਹੈ।ਉਹ ਤੇਰਾ ਪਿਆਰ ਹੀ ਹੈ,ਜੋ ਸਰੀਰਕ ਕਮਜ਼ੋਰੀ ਮੈਨੂੰ ਹਰਾ ਨਹੀਂ ਸਕੀ।

19 ਸਤੰਬਰ ਨੂੰ ਆਪਣੀ ਗੂੜ੍ਹੀ ਹਰੀ ਪੁਸ਼ਾਕ ‘ਚ ਤੂੰ ਇਕ ਰਾਣੀ ਦੀ ਤਰ੍ਹਾਂ ਲੱਗ ਰਹੀ ਸੀ।ਤੇ ਮੈਂ ਸੋਚਿਆ ਤੂੰ ਭਾਗਾਂਵਾਲੀ ਹੈ ਕਿ ਜੋ ਮੈਂ ਮੇਰੇ ਅੰਦਰ ਮਹਿਸੂਸ ਕਰ ਰਿਹਾ ਹਾਂ ,ਉਹ ਤੇਰੇ ਤੱਕ ਨਹੀਂ ਪਹੁੰਚ ਸਕਦਾ।ਕਦੇ ਕਦੇ ਮੈਂ ਆਪਣੇ ਆਪ ਨੂੰ ਕਿਸੇ ਕਿਨਾਰੇ ‘ਤੇ ਪੜ੍ਹਾ ਮਹਿਸੂਸ ਕਰਦਾ ਹਾਂ,ਜਿਸਨੇ ਆਪਣੀ ਜ਼ਿੰਦਗੀ ਹੀ ਖੋਹ ਦਿੱਤੀ ਹੈ।

21 january 1979-ਸਵੇਰੇ ਤੇਰੇ ਨਾਲ ਕੰਮ ‘ਤੇ ਜਾਣਾ,ਦਿਨ ‘ਚ ਫੋਨ ਕਰਨਾ,ਤੇਰੇ ਘਰ ‘ਚ ਉੱਪਰ ਥੱਲੇ ਆਉਂਦੇ ਜਾਂਦੇ,ਤੈਨੂੰ ਛੂਹਣਾ,ਗਲੇ ਲਾਉਣਾ,ਤੇਰੇ ਬਣਾਏ ਸੁਆਦ ਪਕਵਾਨਾਂ ਦੀ ਮਜ਼ਾ।ਸੌਣ ਵਾਲੇ ਕਮਰੇ ‘ਚ ਗੁਜ਼ਾਰੇ ਉਹ ਖੂਬਸੂਰਤ ਪਲਾਂ,ਇਹਨਾਂ ਸਭ ਨੇ ਜ਼ਿੰਦਗੀ ਨੂੰ ਸ਼ਹਿਦ ਜਿਹਾ ਬਣਾ ਦਿੱਤਾ ਸੀ,ਇਹ ਚੀਜ਼ਾਂ ਮੈਂ ਕਦੇ ਨਹੀਂ ਭੁੱਲ ਸਕਦਾ।

10 february 1980-ਮੈਂ ਹਰ ਪਲ ਤੈਨੂੰ ਪਿਆਰ ਕਰਦਾ ਹਾਂ।ਪੋਹ ਮਾਘ ਦੇ ਸਿਆਲ ਦੀ ਠੰਢ ਹੋਵੇ,ਜਾਂ ਹਾੜ ਜੇਠ ਭਿਆਨਕ ਗਰਮੀ।ਖੂਬਸੂਰਤ ਗਰਮਾਹਟ,ਤੇਰੇ ਹਾਸੇ ਖੇਡੇ ਤੋਂ ਮੈਨੂੰ ਮਿਲਣ ਵਾਲੀ ਖ਼ੁਸ਼ੀ ਦੀ ਕੋਈ ਹੱਦ ਨਹੀਂ।ਮੈਂ ਹਮੇਸ਼ਾ ਤੈਨੂੰ ਐਂਵੇ ਹੀ ਯਾਦ ਕਰਦਾ ਹਾਂ।ਹਰ ਹਾਲਤ ‘ਚ ਚਿਹਰੇ ‘ਤੇ ਮੁਸਕਰਾਹਟ ਨਾਲ,ਆਪਣੇ ਆਪ ਨੁੰ ਹਮੇਸ਼ਾ ਕੰਮ ਕਾਰ ਦੇ ਰਝੇਵਿਆਂ ‘ਚ ਰੱਖਣ ਵਾਲੀ ਸਾਡੀ ਮਾਂ।

30 ਅਗਸਤ ਨੂੰ ਮੈਂ ਯਾਤਰੀ ਕਮਰੇ ‘ਚੋਂ ਬਾਹਰ ਆਇਆ ਹੀ ਸੀ ਤੇ ਆਪਣੀ ਕੋਠੜੀ ‘ਚ ਜਾਂਦਾ ਹੋਇਆ ਤੇਰੇ ਬਾਰੇ ਸੋਚ ਰਿਹਾ ਸੀ।ਮੈਂ ਆਪਣੇ ਆਪ ਨੂੰ ਕਿਹਾ,ਆਹ ਲਓ ਫਿਰ ਤੋਂ ਇਕ ਪੰਛੀ ਦੀ ਤਰ੍ਹਾਂ,ਜੰਗਲ ‘ਚ,ਜੰਗਲੀ ਦੁਨੀਆਂ ‘ਚ ਚਲਾ ਗਿਆ।ਮੈਂ ਤੈਨੂੰ ਕਿਸੇ ਪ੍ਰਮਾਤਮਾ ਦੀ ਤਰ੍ਹਾਂ ਪਿਆਰ ਕਰਦਾ ਹਾਂ।

Wednesday, November 20, 2013

ਤਲਵਿੰਦਰ ਵਾਂਗ ਹਰ ਸੰਵੇਦਨਸ਼ੀਲ ਵਿਅਕਤੀ ਪਲ-ਪਲ ਮਰ ਰਿਹੈ

ਸ਼ਿਵ ਕੁਮਾਰ ਬਟਾਲਵੀ ਨੇ ਇਕ ਵਾਰ ਬੀ. ਬੀ. ਸੀ. ਦੀ ਉਰਦੂ ਸਰਵਿਸ ਤੋਂ ਇਕ ਮੁਲਾਕਾਤ ਦੇ ਦੌਰਾਨ ਕਿਹਾ ਸੀ ਕਿ ਜਿਹੜਾ ਵੀ ਸੰਵੇਦਨਸ਼ੀਲ ਵਿਅਕਤੀ ਹੋਵੇਗਾ, ਉਹ ਇਸੇ ਤਰ੍ਹਾਂ ਹੌਲੀ-ਹੌਲੀ ਮਰ ਰਿਹਾ ਹੋਵੇਗਾ, ਸਲੋ-ਸਲੋ ਡੈਥ। ਉਸ ਦੌਰ ਨੂੰ ਦੇਖਦਿਆਂ ਤਾਂ ਨਹਿਰੂ ਦਾ ਜੋ ਮਾਡਲ ਹੈ, ਨਹਿਰੂ ਦਾ ਜੋ ਸੋਸ਼ੋ ਇਕਨਾਮਿਕ ਫਿਨੋਮਨਾ ਹੈ, ਉਹ ਫੇਲ੍ਹ ਹੋ ਰਿਹਾ ਹੈ। ਔਰ ਜੋ ਮਿਡਲ ਕਲਾਸ ਹੈ, ਉਸ ਦਾ ਮੋਹ ਭੰਗ ਹੋ ਰਿਹਾ ਹੈ। ਮੱਧ ਵਰਗ ਦਾ ਹਰ ਸੰਵੇਦਨਸ਼ੀਲ ਵਿਅਕਤੀ ਮਰ ਰਿਹਾ ਹੈ। ਬਾਵਾ ਬਲਵੰਤ ਦੀ ਸ਼ਾਇਰੀ ਦੇਖ ਲਓ, ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਦੇਖ ਲਓ, ਗੁਰਦਾਸ ਰਾਮ ਆਲਮ ਦੀ ਸ਼ਾਇਰੀ ਦੇਖ ਲਓ, ਮਰ ਰਿਹਾ ਹੈ ਸੰਵੇਦਨਸ਼ੀਲ ਵਿਅਕਤੀ। ਸ਼ਿਵ ਕੁਮਾਰ ਉਸ ਵੇਲੇ ਜੋ ਲਿਖ ਰਿਹਾ ਹੈ- 'ਕਿਹੜਾ ਏਨਾ ਦਮਾ ਦਿਆਂ ਲੋਭੀਆਂ ਦੇ ਦਰਾਂ 'ਤੇ, ਵਾਂਗ ਖੜ੍ਹਾ ਜੋਗੀਆਂ ਰਵੇ.. ਮਾਏ ਨੀਂ ਮਾਏ ਮੇਰੇ ਗੀਤਾਂ ਦੇ ਨੈਣਾਂ 'ਚ ਬਿਰਹੋਂ ਦੀ ਰੜਕ ਪਵੇ, ਆਖ ਸੁ ਨੀਂ ਮਾਏ ਏਹਨੂੰ ਰੋਵੇ ਬੁੱਲ੍ਹ ਚਿੱਥ ਕੇ ਨੀਂ, ਜਗ ਕਿਤੇ ਸੁਣ ਨਾ ਲਵੇ, ਮਤੇ ਸਾਡੇ ਮੋਇਆਂ ਪਿੱਛੋਂ ਜੱਗ ਇਹ ਸ਼ਰੀਕੜਾ ਨੀਂ, ਗੀਤਾਂ ਨੂੰ ਚੰਦਰਾ ਕਹੇ..!' ਹੁਣ ਇਹ ਜੋ ਸ਼ਾਇਰ ਦਾ ਦਰਦ ਹੈ, ਇਹ ਸਮੇਂ 'ਤੇ ਚੋਟ ਹੈ। ਇਹ ਸਮਾਜ ਦਾ ਵਿਸ਼ਲੇਸ਼ਣ ਹੈ। ਸ਼ਿਵ ਦੇ ਨਾਲ ਇਕ ਦੁਖਾਂਤ ਵਾਪਰਿਆ ਹੈ, ਸ਼ਿਵ ਨੂੰ ਸਮਝਿਆ ਹੀ ਨਹੀਂ ਗਿਆ, ਸ਼ਿਵ ਨੂੰ ਬਿਰਹਾ ਦਾ, ਮੁਹੱਬਤ ਦਾ, ਪਿਆਰ ਦਾ, ਵਿਯੋਗ ਦਾ, ਦੁੱਖ ਦਾ ਸ਼ਾਇਰ ਹੀ ਬਣਾ ਕੇ ਰੱਖ ਦਿੱਤਾ ਗਿਆ, ਪ੍ਰੰਤੂ ਸ਼ਿਵ ਦੀ ਗਹਿਰੀ ਜੋ ਸ਼ਾਇਰਾਨਾ ਅੱਖ ਹੈ, ਉਹ ਇਸ ਦੇ ਸੋਸ਼ੋ ਇਕਨਾਮਿਕ- ਸੋਸ਼ੋ ਪੋਲੀਟਿਕਲ, ਸੋਸ਼ੋ ਕਲਚਰਲ ਸਾਰੇ ਵਿਹਾਰਾਂ ਨੂੰ ਦੇਖ ਰਹੀ ਹੈ। ਜਵਾਹਰ ਲਾਲ ਨਹਿਰੂ ਦਾ ਮਾਡਲ ਫੇਲ੍ਹ ਹੋ ਰਿਹਾ ਹੈ, ਸੰਵੇਦਨਸ਼ੀਲ ਵਿਅਕਤੀ ਮਰ ਰਿਹਾ ਹੈ ਤਾਂ ਸ਼ਿਵ ਦਮਾਂ ਦਿਆਂ ਲੋਭੀਆਂ ਦੇ ਦਰਾਂ 'ਤੇ ਖੜ੍ਹੇ ਹੋਣ ਤੋਂ ਇਨਕਾਰੀ ਹੋ ਰਿਹਾ ਹੈ। ਇਹ ਗੱਲਾਂ ਯਾਦ ਆਉਣੀਆਂ ਅੱਜ ਸੁਭਾਵਿਕ ਇਸ ਲਈ ਨੇ, ਕਿਉਂਕਿ ਅੱਜ ਫਿਰ ਇਕ ਸੰਵੇਦਨਸ਼ੀਲ ਲੇਖਕ, ਇਕ ਸੰਵੇਦਨਸ਼ੀਲ ਅੱਖ ਨਮ ਹੋਈ ਹੈ।

ਤਲਵਿੰਦਰ ਸਿੰਘ ਦਾ ਪਿਛਲੇ ਦਿਨੀਂ ਹੌਲਨਾਕ ਹਾਦਸੇ ਵਿੱਚ ਸਾਡੇ ਤੋਂ ਵਿੱਛੜ ਜਾਣਾ, ਮਾਤਰ ਇਕ ਹਾਦਸਾ ਨਹੀਂ ਹੈ। ਇਸ ਦਾ ਗਹਿਰਾਈ ਨਾਲ ਚਿੰਤਨ ਕਰੀਏ ਤਾਂ ਵਿਚਾਰ ਫਿਰ ਉਹੀ ਹੈ ਕਿ ਹਰ ਸੰਵੇਦਨਸ਼ੀਲ ਵਿਅਕਤੀ ਮਰ ਰਿਹਾ ਹੈ। ਸਿਸਟਮ ਉਸ ਨੂੰ ਹੌਲੀ-ਹੌਲੀ ਕਿਲ ਕਰ ਰਿਹਾ ਹੈ, ਸਲੋ-ਸਲੋ ਡੈਥ। 
  
ਪੰਜਾਬ ਨੇ ਸੰਤਾਪ ਹੰਢਾਇਆ। 70ਵਿਆਂ ਤੋਂ 90ਵਿਆਂ ਦੇ ਦਹਾਕੇ 20 ਵਰ•ੇ। ਤਲਵਿੰਦਰ ਸਿੰਘ ਦੀ ਅੱਖ ਇਨ੍ਹਾਂ 20 ਵਰਿਆਂ 'ਤੇ ਟਿਕੀ ਹੋਈ ਹੈ, ਉਸ ਦੀਆਂ ਕਹਾਣੀਆਂ 'ਚ ਪੰਜਾਬ ਦਾ ਕਰੈਕਟਰ ਜੋ ਹੈ, ਪੰਜਾਬ ਦਾ ਆਮ ਆਦਮੀ ਜੋ ਹੈ, ਪੰਜਾਬ ਦਾ ਸੰਵੇਦਨਸ਼ੀਲ ਮਨ ਜੋ ਹੈ, ਪੰਜਾਬ ਦੀ ਗਹਿਰੀ ਅੱਖ ਜੋ ਹੈ, ਉਹ ਝਾਕ ਰਹੀ ਹੈ, ਉਹ ਝਲਕ ਰਹੀ ਹੈ। ਇਨ੍ਹਾਂ 20 ਵਰਿਆਂ 'ਚ ਜੋ ਅਸੀਂ ਗਵਾਇਆ ਹੈ, ਜਿਸ ਸਟੈਗਨੇਸ਼ਨ ਦਾ ਸਾਡੀਆਂ ਦੋ ਪੀੜਆਂ ਸ਼ਿਕਾਰ ਹੋਈਆਂ, ਜਿਸ ਮਾਹੌਲ ਨੇ ਸਾਡੇ ਕਲਚਰਲ ਬੀਹੇਵੀਅਰ ਨੂੰ ਕਿਲ ਕੀਤਾ। ਤਲਵਿੰਦਰ ਨੇ ਆਪਣੇ ਨਾਵਲ 'ਯੋਧੇ' ਵਿੱਚ ਪੇਸ਼ ਕੀਤਾ ਹੈ। ਮਨੁੱਖਤਾ ਲਈ ਲੜ ਰਹੇ ਯੋਧਿਆਂ ਨੂੰ ਤਲਵਿੰਦਰ ਨੇ ਨਾਇਕਤਵ ਤੋਂ ਮੁਕਤ ਕਰਵਾ ਕੇ ਇਕ ਵਿਸ਼ਲੇਸ਼ਣੀ ਅੱਖ ਨਾਲ ਚਿਤਰਿਆ ਹੈ। ਪੰਜਾਬੀ ਸਾਹਿਤ ਦਾ ਦੁਖਾਂਤ ਦੇਖੋ ਕਿ ਅਸੀਂ ਅੱਜ ਵੀ ਨਾਇਕਤਵ ਦੀ ਸੂਰਮ ਗਤੀ ਵਿੱਚ ਫ਼ਸੇ ਹੋਏ ਹਾਂ। ਅਸੀਂ ਅੱਜ ਵੀ ਸੂਰਮਿਆਂ ਦੀਆਂ ਗਾਥਾਵਾਂ ਬਾਰੇ ਨਾਵਲ ਲਿਖ ਰਹੇ ਹਾਂ। ਸਪੈਲਿਸ਼ ਨਾਵਲਕਾਰ ਸਰਵਨਤਿਸ ਦਾ ਬਹੁਤ ਹੀ ਮਹੱਤਵਪੂਰਨ ਨਾਵਲ ਜੋ 13ਵੀਂ ਸਦੀ ਵਿੱਚ ਲਿਖਿਆ ਗਿਆ, ਉਹ 'ਦੋਨ ਕਿਉ ਹੋਤੇ ਹੈ' ਇਹ ਨਾਵਲ ਸੂਰਮ ਗਤੀ ਦੀਆਂ ਗਾਥਾਵਾਂ 'ਤੇ ਕਰਾਰਾ ਵਿਅੰਗ ਹੈ।

ਨਾਇਕਤਵ ਦੀਆਂ ਗਥਾਵਾਂ 'ਤੇ ਟੇਢੀ ਲਕੀਰ ਹੈ ਪਰ ਪੰਜਾਬੀ ਨਾਵਲ ਅੱਜ ਉਨ੍ਹਾਂ ਗਾਥਾਵਾਂ ਨੂੰ, ਉਨ੍ਹਾਂ ਨਾਇਕਾਂ ਨੂੰ ਸੂਰਮ ਗਤੀ ਦੇ ਕਿੱਸਿਆਂ 'ਚ ਢਾਲ-ਢਾਲ ਕੇ ਲਿਖ ਰਿਹਾ ਹੈ ਕਿ ਅਸੀਂ 10 ਕੁ ਸਦੀਆਂ ਪਿਛਾਂਹ ਨਹੀਂ ਚਲੇ ਗਏ, ਇਹ ਸਵਾਲ ਬਣਿਆ ਹੋਇਆ ਹੈ? ਪਰ ਤਲਵਿੰਦਰ ਆਪਣੇ ਪੂਰੇ ਸਾਹਿਤ ਵਿੱਚ ਇਸ ਗੱਲ ਤੋਂ ਬਚਿਆ ਹੈ। ਇਸ ਕਿੱਸਾਗੋਈ ਤੋਂ ਬਚਿਆ ਹੈ। ਤਲਵਿੰਦਰ ਦੇ ਜੋ ਪਾਤਰ ਨੇ, ਤਲਵਿੰਦਰ ਦੇ ਗਲਪ ਵਿੱਚ ਜੋ ਘਟਨਾਵਾਂ ਨੇ, ਤਲਵਿੰਦਰ ਦੇ ਗਲਪ ਵਿੱਚੋਂ ਜੋ ਵਿਚਾਰ ਉਪਜ ਰਹੇ ਨੇ, ਤਲਵਿੰਦਰ ਦੀ ਗਹਿਰੀ ਲੇਖਣੀ ਦੀ ਗਵਾਹੀ ਸਨ ਉਹ। ਤਲਵਿੰਦਰ 'ਵਿਚਲੀ ਔਰਤ' ਨਾਲ ਪੰਜਾਬੀ ਕਹਾਣੀ ਦੇ ਸਿਖ਼ਰ 'ਤੇ ਪਹੁੰਚਿਆ ਸੀ। ਔਰਤ ਮਨ ਦੀਆਂ ਏਨੀਆਂ ਗਹਿਰੀਆਂ ਪਰਤਾਂ ਸ਼ਾਇਦ ਹੀ ਕਿਸੇ ਲੇਖਕ ਨੇ ਪਹਿਲਾਂ ਫਰੋਲੀਆਂ ਹੋਣ। ਪ੍ਰੇਮ ਪ੍ਰਕਾਸ਼ ਨੂੰ ਅਰਧ ਨਾਰੀਸ਼ਵਰ ਚੇਤਨਾ ਦਾ ਕਹਾਣੀਕਾਰ ਕਿਹਾ ਜਾਂਦਾ ਹੈ। ਪ੍ਰੰਤੂ ਜਦੋਂ ਪ੍ਰੇਮ ਪ੍ਰਕਾਸ਼ ਵੀ 'ਡੈਡ ਲਾਈਨ' ਕਹਾਣੀ ਲਿਖਦਾ ਹੈ ਤਾਂ ਔਰਤ ਮਨ ਦੀ ਕੰਸੀਵ ਕਰਨ ਦੀ ਪ੍ਰਵਿਰਤੀ ਤੋਂ ਉਕ ਜਾਂਦਾ ਹੈ, ਉਹ ਉਸ ਦੀ ਮਨੋ ਅਵਸਥਾ ਵਿੱਚ ਓਨਾ ਗਹਿਰਾ ਨਹੀਂ ਉਤਰ ਪਾਉਂਦਾ। ਪ੍ਰੰਤੂ ਤਲਵਿੰਦਰ ਸਿੰਘ ਜਦੋਂ 'ਵਿਚਲੀ ਔਰਤ' ਕਹਾਣੀ ਲਿਖਦਾ ਹੈ ਤਾਂ ਔਰਤ ਮਨ ਦੀਆਂ ਏਨੀਆਂ ਬਾਰੀਕ ਤੈਹਾਂ ਖੋਲਦਾ ਹੈ, ਪੰਜਾਬ ਦੇ ਜਗੀਰੂ ਮਾਹੌਲ ਵਿੱਚ ਦਮ ਘੁੱਟ ਰਹੀ ਔਰਤ ਜਾਤ ਨੂੰ ਇਕ ਕਿਸਮ ਦਾ ਨਿਜ਼ਾਤ ਦਿਵਾਉਂਦਾ ਹੈ। ਉਸ ਵਿੱਚ ਇਕ ਕਰੈਕਟਰ, ਜੋ ਬਜ਼ੁਰਗ ਹੈ, ਸ਼ਾਇਦ ਤਲਵਿੰਦਰ ਸਿੰਘ ਓਹਦੇ ਮਨ 'ਚ ਬੈਠਾ ਹੈ। ਉਹ ਆਪਣੀ ਵਿਧਵਾ ਹੋ ਚੁੱਕੀ ਨੂੰਹ ਦੇ ਔਰਤਪਣ ਨੂੰ ਮਹਿਸੂਸ ਕਰ ਰਿਹਾ ਹੈ। ਉਹ ਉਸ ਪ੍ਰਤੀ ਸੰਵੇਦਨਸ਼ੀਲ ਹੈ। ਉਸ ਦਾ ਪਾਤਰ ਸੰਵੇਦਨਸ਼ੀਲ ਹੈ, ਕਿਉਂਕਿ ਤਲਵਿੰਦਰ ਸੰਵੇਦਨਸ਼ੀਲ ਹੈ। ਔਰ ਤਲਵਿੰਦਰ ਬੋ ਮਾਰਦੀਆਂ ਰੂੜੀਆਂ ਤੋਂ ਬੇਮੁੱਖ ਹੈ, ਕਿਉਂਕਿ ਉਹ ਸੰਵੇਦਨਸ਼ੀਲ ਹੈ, ਉਹ ਪਲ-ਪਲ ਮਰ ਰਿਹਾ ਹੈ। ਤਲਵਿੰਦਰ ਪਲ-ਪਲ ਮਰ ਰਿਹਾ ਹੈ। 
  
ਤਲਵਿੰਦਰ ਦੀ ਮੌਤ ਇਕ ਮੈਟਾਫਰ ਹੈ। ਉਸ ਦਾ ਇਕ ਕਹਾਣੀ ਸੰਗ੍ਰਹਿ ਸੀ 'ਨਾਇਕ ਦੀ ਮੌਤ'। ਅਸੀਂ ਉਪਰ ਜੋ ਵਿਚਾਰ ਨਾਇਕ, ਕਿੱਸੇ, ਸਮੇਂ ਬਾਰੇ ਕੀਤੀ ਸੀ, ਉਸ ਦੇ ਇਸ ਕਹਾਣੀ ਸੰਗ੍ਰਹਿ ਦੇ ਟਾਈਟਲ ਤੋਂ ਤੁਸੀਂ ਉਸ ਦੇ ਵਿਚਾਰਾਂ ਨੂੰ ਜਾਣ ਸਕਦੇ ਹੋ। ਉਹ ਸਮੇਂ ਦੇ ਹਾਣ ਦਾ ਕਹਾਣੀਕਾਰ ਸੀ। ਜਿਵੇਂ ਬਾਬਾ ਵਾਰਿਸ ਸ਼ਾਹ ਕਿੱਸਾ ਲਿਖ ਰਹੇ ਹਨ ਹੀਰ ਦਾ, ਪ੍ਰੰਤੂ ਇਸ ਨੂੰ ਮਾਡਰਨ ਸੈਂਸੀਬਿਲਟੀ ਕਹੋ, ਕਿ ਉਹ ਕਿੱਸੇ ਰਾਹੀਂ ਇਕ ਨਾਵਲ ਦੇ ਰਹੇ ਹਨ। ਉਹ ਜੋ ਛੋਟੀਆਂ-ਛੋਟੀਆਂ ਡੀਟੇਲਸ ਦੇ ਰਹੇ ਹਨ, ਉਹ ਜੋ ਹੀਰ ਦੇ ਚਿਹਰੇ ਦਾ ਵਰਨਣ ਕਰ ਰਹੇ ਨੇ, ਉਹ ਜੋ ਘਾਹ ਦੀਆਂ ਕਿਸਮਾਂ ਦੱਸ ਰਹੇ ਨੇ, ਉਹ ਜੋ ਪਸ਼ੂਆਂ ਦੀਆਂ ਕਿਸਮਾਂ ਦੱਸ ਰਹੇ ਨੇ, ਉਹ ਜੋ ਉਸ ਸਮੇਂ ਦੀਆਂ ਬਿਮਾਰੀਆਂ ਦਾ ਵਰਨਣ ਦੇ ਰਹੇ ਹਨ, ਉਹ ਜੋ ਉਸ ਸਮੇਂ ਦੇ ਹਿਕਮਤ ਬਾਰੇ ਗਿਆਨ ਦੇ ਰਹੇ ਹਨ, ਇਹ ਸਾਰੀਆਂ ਡੀਟੇਲਸ ਇਕ ਨਾਵਲ ਦੀਆਂ ਨੇ। ਬਾਬਾ ਵਾਰਿਸ ਸ਼ਾਹ ਕਦਾਪੀ ਵੀ ਕਿੱਸਾ ਨਹੀਂ ਲਿਖ ਰਹੇ, ਉਹ ਨਾਵਲ ਲਿਖ ਰਹੇ ਨੇ। ਤਲਵਿੰਦਰ ਸਿੰਘ ਦੀਆਂ ਕਹਾਣੀਆਂ ਨੂੰ ਪੜਦਿਆਂ ਸਾਡੇ ਵਾਰ-ਵਾਰ ਜ਼ਿਹਨ 'ਚ ਆਉਂਦੀ ਹੈ, ਇਹ ਗੱਲ ਵਾਰ-ਵਾਰ ਕੀਤੀ ਜਾਣੀ ਚਾਹੀਦੀ ਹੈ ਕਿ ਤਲਵਿੰਦਰ ਕਿੱਸਾ ਨਹੀਂ ਲਿਖਦਾ। ਸਾਡਾ ਬਹੁਤਾ ਗਲਪ ਸਾਹਿਤ ਅੱਜ ਵੀ ਕਿੱਸੇ ਤੇ ਨਾਇਕ ਤੱਕ ਸਿਮਟਿਆ ਹੈ, ਸੀਮਿਤ ਹੈ। ਤਲਵਿੰਦਰ ਨਾਇਕ ਦੀ ਮੌਤ ਕਹਿ ਰਿਹਾ ਹੈ। ਨਾਇਕਤਵ ਦੇ ਕਿੱਸਿਆਂ ਤੋਂ ਸਾਹਿਤ ਨੂੰ ਮੁਕਤ ਕਰ ਰਿਹਾ ਹੈ। ਉਸ ਦੀਆਂ ਬਹੁਤ ਸਾਰੀਆਂ ਕਹਾਣੀਆਂ, ਇਨ੍ਹਾਂ ਵਿਚਾਰਾਂ ਦੀ ਸਾਣ 'ਤੇ ਖਰੀਆਂ ਉਤਰਦੀਆਂ ਨੇ। ਇਹ ਸਤਰਾਂ ਲਿਖਦਿਆਂ, ਕਿਉਂਕਿ ਮਾਹੌਲ ਵੀ ਉਹ ਨਹੀਂ ਹੈ ਕਿ ਉਸ ਦੇ ਸਾਹਿਤ ਦਾ ਆਲੋਚਨਾਤਮਕ ਵਿਸ਼ਲੇਸ਼ਣ ਕੀਤਾ ਜਾਵੇ ਅਤੇ ਉਸ ਨੂੰ ਨਮ ਅੱਖਾਂ ਨਾਲ ਯਾਦ ਕਰਦਿਆਂ ਲਿਖਿਆ ਜਾਣ ਵਾਲਾ ਹਥਲਾ ਲੇਖ ਵੀ ਇਸ ਗੱਲ ਦੀ ਮੰਗ ਨਹੀਂ ਕਰਦਾ ਕਿ ਏਨੇ ਵਿਚਾਰਾਂ ਵਿੱਚ ਪਿਆ ਜਾਵੇ ਪਰ ਫਿਰ ਵੀ ਕਿਉਂਕਿ ਅਸੀਂ ਕਿਸੇ ਲੇਖਕ ਨੂੰ ਯਾਦ ਕਰ ਰਹੇ ਹਾਂ ਤਾਂ ਵਿਚਾਰ ਵਿਹੂਣੀ ਕੋਈ ਵੀ ਸਤਰ ਲਿਖਣੀ ਮਾਇਨਾ ਨਹੀਂ ਰੱਖਦੀ। ਤਲਵਿੰਦਰ ਆਵੇਗਾ ਤਾਂ ਵਿਚਾਰ ਆਪਣੇ ਆਪ ਆਵੇਗਾ। ਕਿਸੇ ਵੀ ਲੇਖਕ ਦਾ ਜ਼ਿਕਰ ਵਿਚਾਰ ਤੋਂ ਬਿਨਾਂ ਹੋ ਹੀ ਨਹੀਂ ਸਕਦਾ। 
  
ਵੱਡੀ ਗੱਲ ਇਹ ਵੀ ਹੈ ਕਿ ਤਲਵਿੰਦਰ ਸਿੰਘ ਦੀ ਜੋ ਮੁਹੱਬਤ ਹੈ, ਤਲਵਿੰਦਰ ਸਿੰਘ ਦੀ ਜੋ ਸ਼ਖਸੀਅਤ ਹੈ, ਤਲਵਿੰਦਰ ਸਿੰਘ ਦਾ ਜੋ ਵਿਹਾਰ ਹੈ, ਉਹ ਬੜਾ ਕੁਝ ਆਪਣੇ ਨਾਲ ਸਮੋਈ ਬੈਠਾ ਹੈ। ਤਲਵਿੰਦਰ ਸਿੰਘ 90ਵਿਆਂ ਤੋਂ ਪਹਿਲਾਂ ਦਾ ਸੰਗਠਨਾਤਮਕ ਤੌਰ 'ਤੇ ਸਰਗਰਮ ਲੇਖਕ ਹੈ। ਜਨਵਾਦੀ ਲੇਖਕ ਸੰਘ ਦੀਆਂ ਸਾਰੀਆਂ ਸਰਗਰਮੀਆਂ ਉਸ ਦੇ ਆਲੇ-ਦੁਆਲੇ ਉਸਰੀਆਂ ਹੋਈਆਂ ਹਨ। ਮੈਨੂੰ ਯਾਦ ਹੈ 15 ਕੁ ਵਰ•ੇ ਪਹਿਲਾਂ ਰਿਸ਼ੀ ਨਾਲ ਮਿਲ ਕੇ ਉਨ੍ਹਾਂ ਜਵਾਲਾ ਜੀ ਵਿਖੇ ਇਕ ਹੋਟਲ ਵਿੱਚ ਕਹਾਣੀ ਗੋਸ਼ਟੀ ਕਰਵਾਈ ਸੀ। ਨਵੇਂ ਲੇਖਾਂ ਨੇ ਆਪਣੀਆਂ ਕਹਾਣੀਆਂ ਪੜ•ੀਆਂ, ਕਹਾਣੀਆਂ 'ਤੇ ਵਿਚਾਰਾਂ ਹੋਈਆਂ, ਖਾਣ-ਪੀਣ, ਮੌਜ-ਮਸਤੀ ਤੇ ਚਿੰਤਨ। ਫਿਰ ਅੰਮ੍ਰਿਤਸਰ ਰਾਤ ਭਰ ਕਹਾਣੀਆਂ ਤੇ ਬਾਬੇ ਜੋਗਿੰਦਰ ਸਿੰਘ ਰਾਹੀ ਦਾ ਚਿੰਤਨ ਭਰਪੂਰ ਸੰਵਾਦ। ਜੋਗਿੰਦਰ ਸਿੰਘ ਰਾਹੀ ਹੋਰਾਂ ਦਾ ਕਹਾਣੀ ਦਾ ਸੰਵਾਦ ਨਵੇਂ ਲੇਖਕਾਂ ਵਾਸਤੇ ਖ਼ਾਦ ਦਾ ਕੰਮ ਕਰਦਾ ਸੀ ਤੇ ਪ੍ਰਬੰਧ ਕਰਤਾ ਹੁੰਦੇ ਸਨ ਜਨਵਾਦੀ ਲੇਖਕ ਸੰਘ ਦੇ ਤਲਵਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀ। ਨਵੀਆਂ ਆ ਰਹੀਆਂ ਕਿਤਾਬਾਂ 'ਤੇ ਗੋਸ਼ਟੀਆਂ ਹੋ ਰਹੀਆਂ ਨੇ, ਡਲਹੌਜੀ ਵਿੱਚ ਮਿੱਤਰਾਂ ਦੀਆਂ ਸਾਹਿਤਕ ਮਹਿਫ਼ਲਾਂ ਸਜ ਰਹੀਆਂ ਨੇ, ਦਿੱਲੀ ਦੱਖਣ ਤਲਵਿੰਦਰ ਸਿੰਘ ਪ੍ਰਬੰਧ ਕਰ ਰਿਹਾ ਹੈ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਸਰਗਰਮ ਹੈ। ਤਾਜ਼ਾ ਟੀਮ ਦਾ ਉਹ ਜਨਰਲ ਸਕੱਤਰ ਸੀ। ਸਾਹਿਤਕ-ਸਮਾਜਿਕ ਸਰੋਕਾਰਾਂ ਨੇ ਵਰੋਸਾਇਆ ਤਲਵਿੰਦਰ ਸਿੰਘ ਨੇ। ਉਹ ਜਿੰਨਾ ਸਾਹਿਤ 'ਚ ਸਰਗਰਮ ਸੀ, ਸਾਹਿਤਕ ਗਤੀਵਿਧੀਆਂ 'ਚ ਉਸ ਤੋਂ ਵੱਧ ਸਰਗਰਮ ਸੀ। ਉਸ ਦੀ ਇਸ ਦੇਣ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਦੇ ਨਾਲ ਹੀ ਤਲਵਿੰਦਰ ਸਿੰਘ ਜੋ ਸ਼ਾਹਮੁਖੀ ਸਾਹਿਤ ਨੂੰ ਗੁਰਮੁਖੀ ਵਿੱਚ ਉਲਥਾਉਣ ਦਾ ਕਾਰਜ ਕੀਤਾ, ਉਹ ਵੀ ਗੌਲਣਯੋਗ ਕਾਰਜ ਹੈ। ਗਲਪ ਦੇ ਨਾਲ-ਨਾਲ ਪੰਜਾਬੀ ਵਾਰਤਕ ਨੂੰ ਤਲਵਿੰਦਰ ਦੀ ਬਹੁਤ ਵੱਡੀ ਦੇਣ ਹੈ। ਉਸ ਨੇ ਪੱਛਮੀ ਪੰਜਾਬ ਦੇ ਬਜ਼ੁਰਗ ਸਾਹਿਤਕਾਰਾਂ ਬਾਰੇ ਬੜੀਆਂ ਮੂਲਵਾਨ ਰਚਨਾਵਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਨੇ। 
  
ਤਲਵਿੰਦਰ ਸਿੰਘ ਦੀ ਸਮੁੱਚੀ ਸ਼ਖਸੀਅਤ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਸਾਨੂੰ ਉਸ ਦੇ ਘੁਮੱਕੜੀ ਵਿਹਾਰ ਨੂੰ ਨਹੀਂ ਭੁੱਲਣਾ ਚਾਹੀਦਾ। ਉਹ ਘੁਮੱਕੜ ਸੀ। ਕਈ ਵਾਰ ਇੰਝ ਲੱਗਦਾ ਹੈ ਕਿ ਉਸ ਨੇ ਰਾਹੁਲ ਸੰਕ੍ਰਤਿਆਇਨ ਦੀਆਂ ਪੁਸਤਕਾਂ 'ਘੁਮੱਕੜ ਸੁਆਮੀ' ਤੇ 'ਘੁਮੱਕੜ ਸ਼ਾਸਤਰ' ਪੜ ਲਈਆਂ, ਮਨ 'ਚ ਵਸਾ ਲਈਆਂ ਤੇ ਉਨ੍ਹਾਂ ਸਫ਼ਰਾਂ 'ਤੇ ਨਿਕਲ ਗਿਆ, ਜਿਨ੍ਹਾਂ ਸਫ਼ਰਾਂ 'ਤੇ ਕਦੇ ਰਾਹੁਲ ਖੁਦ ਨਿਕਲੇ ਸਨ। ਉਸ ਦੇ ਸਾਹਿਤ 'ਤੇ ਇਨ੍ਹਾਂ ਸਫ਼ਰਾਂ ਦਾ ਬਹੁਤ ਪ੍ਰਭਾਵ ਹੈ। ਉਸ ਦੀਆਂ ਕਹਾਣੀਆਂ ਵਿੱਚ ਉਹ ਨੀਲੀਆਂ ਅੱਖਾਂ ਵਾਲੀਆਂ ਕੁੜੀਆਂ ਅਛੋਪਲੇ ਜਿਹੇ ਆਣ ਉਤਰਦੀਆਂ ਹਨ, ਜਿਹੜੀਆਂ ਸਫ਼ਰਾਂ ਦੌਰਾਨ ਤਲਵਿੰਦਰ ਨੂੰ ਮਿਲੀਆਂ। ਤਲਵਿੰਦਰ ਦੀਆਂ ਕਹਾਣੀਆਂ ਵਿੱਚ ਸਫ਼ਰ ਤੁਸੀਂ ਮਹਿਸੂਸ ਕਰ ਸਕਦੇ ਹੋ। ਇਹ ਸਫ਼ਰ ਹੀ ਉਸ ਦੀ ਕਹਾਣੀ ਨੂੰ ਇਕ ਅਲੱਗ ਰਵਾਨੀ ਦਿੰਦਾ ਹੈ, ਇਕ ਅਲੱਗ ਸ਼ੈਲੀ ਦਿੰਦਾ ਹੈ, ਇਕ ਅਲੱਗ ਅੰਦਾਜ਼ ਦਿੰਦਾ ਹੈ। ਇਸੇ ਕਰਕੇ ਉਸ ਦੇ ਕਰੈਕਟਰ ਜੋ ਪੰਜਾਬੀ ਮੂੜ ਨਾਲੋਂ ਟੁੱਟ ਕੇ ਕਿਸੇ ਹੋਰ ਸੂਬਾਈ ਸੱਭਿਆਚਾਰ ਨੂੰ ਆਪਣੇ ਨਾਲ ਲੈ ਕੇ ਆ ਜਾਂਦੇ ਹਨ। ਤਲਵਿੰਦਰ ਦੀਆਂ ਕਹਾਣੀਆਂ ਦਾ ਘੇਰਾ ਵਸੀਹ ਹੁੰਦਾ। ਪੰਜਾਬੀ ਕਹਾਣੀ ਨਾਲੋਂ ਤਲਵਿੰਦਰ ਇੱਥੇ ਆਣ ਕੇ ਹੀ ਅਲੱਗ ਖੜ੍ਹਾ ਦਿਖਾਈ ਦੇਣ ਲੱਗਦਾ ਹੈ। ਤਲਵਿੰਦਰ ਦੀਆਂ ਕਹਾਣੀਆਂ ਦਾ ਇਸ ਕੋਣ ਤੋਂ ਵੀ ਵਿਸ਼ਲੇਸ਼ਣ ਹੋਣਾ ਚਾਹੀਦਾ ਹੈ। 
  
ਤਲਵਿੰਦਰ ਸਿੰਘ ਨੂੰ ਇਕ ਦੋਸਤ ਦੇ ਨਿੱਘੇ ਅਹਿਸਾਸ ਤੋਂ ਯਾਦ ਕਰਨ ਲੱਗਿਆਂ ਗਲਾ ਭਰ ਆਉਂਦਾ ਹੈ। ਇਸ ਲਈ ਉਸ ਦੀ ਗਲਵੱਕੜੀ ਦੇ ਉਸ ਨਿੱਘ ਦੀ ਗੱਲ ਇੱਥੇ ਨਹੀਂ ਕਰ ਹੋਣੀ। ਆਮੀਨ ! 

ਦੇਸ ਰਾਜ ਕਾਲੀ

Sunday, October 13, 2013

'ਲੰਚ ਬੌਕਸ': ਸਮਾਜਿਕ ਸੰਕਟ ਦੀਆਂ ਤੈਹਾਂ ਫਰੋਲਦਾ 'ਅਰਥ ਭਰਪੂਰ ਸਿਨੇਮਾ'

ਫ਼ਿਲਮਸਾਜ਼ ਰਿਤੇਸ਼ ਬੱਤਰਾ ਦੀ ਫ਼ਿਲਮ 'ਲੰਚ ਬੌਕਸ' ਮਨੁੱਖਤਾ ਨੂੰ ਕੁੱਲ ਘਰੇਲੂ ਉਤਪਾਦਨ(ਜੀ ਡੀ ਪੀ) ਵਾਧੇ ਤੋਂ ਕੁੱਲ ਘਰੇਲੂ ਖੁਸ਼ੀ(ਜੀ ਡੀ ਐਚ) ਵੱਲ ਜਾਣ ਦੀ ਤਾਕੀਦ ਕਰਦੀ ਹੈ।100 ਦੀ ਸਪੀਡ 'ਤੇ ਭੱਜ ਰਹੇ ਮਨੁੱਖ ਤੋਂ ਮੰਜ਼ਿਲ ਪੁੱਛਦੀ ? ਓਹਨੂੰ ਠਹਿਰਣ,ਸੋਚਣ,ਸਮਝਣ ਦਾ ਸੁਨੇਹਾ ਦਿੰਦੀ ਹੈ'।ਭਾਸ਼ਾ ਪ੍ਰਵਚਨੀ ਨਹੀਂ ਸੰਵਾਦੀ ਹੈ।

ਮੌਜੂਦਾ ਸ਼ਹਿਰੀ ਦੁਨੀਆ ਦਾ ਸਮਾਜਿਕ ਸੰਕਟ ਵੱਡਾ ਹੈ।ਪੂੰਜੀ ਵਾਧਾ ਸਮਾਜਿਕ ਘਰੇਲੂ ਬਖੇੜਿਆਂ/ਕਲੇਸ਼ਾਂ ਦਾ ਵਾਧਾ ਬਣਦਾ ਜਾ ਰਿਹਾ ਹੈ।ਜੋ ਸਿਆਸੀ ਧਰਾਵਾਂ ਸਮਝ ਦੇ ਪੱਧਰ 'ਤੇ 'ਅਤੀ ਆਰਥਿਕ ਵਿਕਾਸ' 'ਚੋਂ ਮਨੁੱਖੀ ਸਮਾਜਿਕ ਵਿਕਾਸ/ਸੰਤੁਸ਼ਟੀ ਦਾ ਹੱਲ ਲੱਭਦੀਆਂ ਨੇ,ਫ਼ਿਲਮਾਂ ਉਨ੍ਹਾਂ ਨੂੰ ਵੀ ਸੰਕੇਤਕ ਸਵਾਲ ਕਰਦੀ ਹੈ।ਮਨੁੱਖੀ ਸਮਾਜਿਕ ਸੰਕਟ ਦੀਆਂ ਬਰੀਕ ਤੰਦਾਂ ਨੂੰ ਫੜ੍ਹਦੀ ਸੂਖਮ ਭਾਸ਼ਾ ਸੰਵੇਦਨਹੀਣਤਾ ਨੂੰ ਸੰਵੇਦਨਾ 'ਚ ਬਦਲਦੀ ਹੈ'।


'ਲੰਚ ਬੌਕਸ' ਪਿਆਰ ਦੀ ਅਣਹੋਂਦ ਤੇ ਇਕੱਲਤਾ ਨੂੰ ਚਿੰਨ੍ਹਤ ਕਰਦੀ,ਮਨੁੱਖੀ ਜ਼ਿੰਦਗੀ 'ਚ ਪਿਆਰ ਦੀ ਅਹਿਮੀਅਤ ਨੂੰ ਪ੍ਰਭਾਸ਼ਤ ਕਰਦੀ ਹੈ।ਹਿੰਦੀ ਦਾ ਮਸ਼ਹੂਰ ਵਿਵਾਦਤ ਲੇਖ਼ਕ ਤੇ 'ਹੰਸ' ਰਸਾਲੇ ਦੇ ਸੰਪਾਦਕ ਰਾਜੇਂਦਰ ਯਾਦਵ ਦਾ ਕਥਨ ਹੈ 'ਹਰ ਨਵਾਂ ਪਿਆਰ ਮਨੁੱਖ ਨੂੰ ਨਵੀ ਐਨਰਜੀ ਦਿੰਦਾ ਹੈ'।ਇਸੇ ਤਰ੍ਹਾਂ ਇਲਾ (ਨਿਮਰਤ ਕੌਰ) ਤੇ ਸਾਜਨ ਫਰਨਾਂਡੇਜ਼ (ਇਰਫਾਨ ਖਾਨ) ਦੀ ਬੇਰੰਗ ਜ਼ਿੰਦਗੀ 'ਲੰਚ ਬੌਕਸ' ਬਹਾਨੇ ਰੰਗੀਨ ਹੁੰਦੀ ਹੈ।'ਲੰਚ ਬੌਕਸ' ਜ਼ਰੀਆ ਬਣਦਾ ਹੈ'।ਇਲਾ ਦੇ 'ਲੰਚ ਬੌਕਸ' ਦੀ ਖੁਸ਼ਬੂ ਦੋਵਾਂ ਨੂੰ ਨਵੇਂ ਸਿਰਿਓਂ ਊਰਜਤ ਕਰਦੀ ਹੈ'।


ਫਰਨਾਂਡੇਜ਼ ਦੀ ਮ੍ਰਿਤਕ ਪਤਨੀ ਫ਼ਿਲਮ 'ਚ ਹਾਜ਼ਰ ਹੈ।ਉਹ ਥਾਂ-ਥਾਂ ਪਤਨੀ ਦਾ ਜ਼ਿਕਰ ਕਰਦਾ ਓਹਦੀਆਂ ਯਾਦਾਂ ਨਾਲ ਜਾ ਜੁੜਦਾ ਹੈ। ਫ਼ਿਲਮ ਭਾਵੇਂ ਇਲਾ ਤੇ ਫਰਨਾਂਡੇਜ਼ ਦੀ ਕਹਾਣੀ ਜ਼ਰੀਏ ਅੱਗੇ ਵਧਦੀ ਹੈ ਪਰ 'ਸ਼ੇਖ'(ਨਵਾਜ਼ੂਦੀਨ ਸਦੀਕੀ) ਦਾ ਬੇਹੱਦ ਪਿਆਰਾ ਤੇ ਬੇਪਰਵਾਹ ਅੰਦਾਜ਼ ਜ਼ਿੰਦਗੀ ਜਿਉਣ ਦੀ ਨਵੀਂ ਪਰਿਭਾਸ਼ਾ ਘੜ੍ਹਦਾ ਹੈ।


ਸੰਕਟ 'ਚ ਘਿਰੇ ਮਨੁੱਖ ਲਈ ਸ਼ਬਦ ਨਾਲ ਸਾਂਝ ਦੀ ਮਹੱਤਤਾ ਫ਼ਿਲਮ ਬਾਖੂਬੀ ਸਮਝਾਉਂਦੀ ਹੈ। ਪੂਰੀ ਫ਼ਿਲਮ 'ਚ ਇਲਾ ਤੇ ਸਾਜਨ ਫਰਨਾਂਡੇਜ਼ ਇਕ ਵਾਰ ਵੀ ਫੋਨ 'ਤੇ ਜਾਂ ਸਿੱਧੀ ਗੱਲਬਾਤ ਨਹੀਂ ਹੁੰਦੀ,ਪਰ ਸ਼ਬਦ ਦੀ ਤਾਕਤ ਦੋਵਾਂ ਨੂੰ 'ਜ਼ਿੰਦਗੀ ਖੂਬਸੂਰਤ ਹੈ' ਦਾ ਅਹਿਸਾਸ ਕਰਵਾਉਂਦੀ ਹੈ'।


ਇਲਾ, ਸਾਜਨ ਫਰਨਾਂਡੇਜ਼ ਨੂੰ ਲਿਖਦੀ ਹੈ "ਚਿੱਠੀ 'ਚ ਤਾਂ ਕੋਈ ਕੁਝ ਵੀ ਲਿਖ ਸਕਦਾ ਹੈ।" ਜਿੰਨੀ ਸਹਿਜਤਾ ਨਾਲ ਇਲਾ ਔਰਤ ਦੀ ਹੋਣੀ ਚਿੱਠੀ 'ਚ ਬਿਆਨਦੀ ਹੈ, ਉਹ ਇਕੱਲਤਾ ਹੰਢਾ ਰਹੇ ਮਨੁੱਖ ਨੂੰ ਸ਼ਬਦ ਨਾਲ ਗਹਿਰੀ ਸਾਂਝ ਪਾਉਣ ਲਈ ਪ੍ਰੇਰਦੀ ਹੈ। 2-3 ਸਾਲ ਪਹਿਲਾਂ ਇਕ ਕੁੜੀ ਦੇ ਪਿਆਰ 'ਚ ਡੁੱਬੇ ਆਪਣੇ ਇਕ 'ਕਾਮਰੇਡ' ਦੋਸਤ (ਜੋ ਕੁਝ ਕਹਿਣ ਤੋਂ ਡਰਦਾ ਸੀ) ਨੂੰ ਬਿਜਲਈ ਸੰਵਾਦ ਦੇ ਸੰਦਰਭ 'ਚ ਮੈਂ ਇਹੀ ਗੱਲ ਕਹੀ ਸੀ "ਜਿਸ ਦਾ 'ਅੰਰਡਗਰਾਉਂਡ ਇਸ਼ਕ' ਅੱਜਕਲ੍ਹ ਸਿਖ਼ਰ ਛੂਹ ਰਿਹਾ ਹੈ"।


ਔਰਤ ਮਰਦ ਨਾਲੋਂ ਜ਼ਿਆਦਾ ਗੁੰਝਲਦਾਰ ਤੇ ਸਪੱਸ਼ਟ ਹੁੰਦੀ ਹੈ। 'ਲੰਚ ਬੌਕਸ' 'ਚ ਇਲਾ ਦੀ ਸਖ਼ਸ਼ੀਅਤ ਇਸਦੀ ਝਲਕ ਹੈ। ਇਲਾ ਤੇ ਉਸਦੇ ਪਤੀ ਸਬੰਧ ਯੰਤਰੀ ਹਨ। ਫ਼ਿਲਮ 'ਚ ਪਤੀ ਦਾ ਫਰੇਮ ਵਾਰ ਵਾਰ ਬਿਜ਼ਨੈਸ ਨਿਊਜ਼ ਚੈਨਲ ਨਾਲ ਵਿਖਾਇਆ ਗਿਆ ਹੈ। ਜੋ ਬਜ਼ਾਰੀ ਮਨੁੱਖ ਦੇ ਪਰਿਵਾਰਕ/ਸਮਾਜਿਕ ਸੰਕਟ ਦੀ ਜੜ੍ਹ ਵੱਲ ਇਸ਼ਾਰਾ ਕਰਦਾ ਹੈ'।


ਫ਼ਿਲਮ 'ਚ ਸੁੰਘਣ ਸ਼ਕਤੀ ਦੀ ਪੇਸ਼ਕਾਰੀ ਬੜੀ ਸ਼ਾਨਦਾਰ ਤੇ ਦਵੰਦਵਾਦੀ ਹੈ। ਇਕ ਪਾਸੇ ਹਰ ਰੋਜ਼ ਇਲਾ ਦੇ 'ਲੰਚ ਬੌਕਸ' ਦੀ ਖੂਸ਼ਬੋ ਸੁੰਘਣ ਨਾਲ ਸਾਜਨ ਫਰਨਾਂਡੇਜ਼ ਦੀ ਜਾਨ 'ਚ ਜਾਨ ਪੈਂਦੀ ਹੈ ਤੇ ਦੂਜੇ ਪਾਸੇ ਇਲਾ ਆਪਣੇ ਪਤੀ ਦੇ ਕੱਪੜਿਆਂ ਦੀ ਹਵਾੜ ਸੁੰਘਣ ਨਾਲ ਹੀ ਅੰਦਾਜ਼ਾ ਲਗਾ ਲੈਂਦੀ ਹੈ ਕਿ 'ਪਤੀ ਦਾ ਚੱਕਰ ਕਿਤੇ ਹੋਰ ਚੱਲ ਰਿਹਾ ਹੈ'।

ਸੰਕਟ 'ਚ ਔਰਤ ਦੀ ਤ੍ਰਾਸਦੀ ਦੋਹਰੀ ਹੁੰਦੀ ਹੈ।ਇਲਾ, ਇਲਾ ਦੀ ਮਾਂ, ਸ਼ੇਖ ਦੀ ਪਤਨੀ ਤੇ ਦੇਸ਼ਪਾਂਡੇ ਆਂਟੀ(ਪੂਰੀ ਫ਼ਿਲਮ ਸਿਰਫ਼ ਅਵਾਜ਼ ਹੈ) ਇਸਦੀਆਂ ਗਵਾਹ ਹਨ।ਇਹ ਸੰਕਟਾਂ ਭਰੀ ਜ਼ਿੰਦਗੀ ਨਾਲ ਦਲੇਰੀ ਨਾਲ ਟਕਰਾਉਂਦੀਆਂ ਹਨ। ਫ਼ਿਲਮ ਦਾ ਇਕ ਦ੍ਰਿਸ਼ ਔਰਤ ਦੀ ਜ਼ਿੰਦਗੀ ਦੀ ਕਰੂਰਤਾ ਪੇਸ਼ ਕਰਦਾ ਹੈ। ਇਲਾ ਦੇ ਪਿਤਾ ਦੀ ਮੌਤ ਦੇ ਸੋਗ 'ਚ ਲਾਸ਼ ਕੋਲ ਬੈਠੀ ਮਾਂ 'ਮੁਕਤ' ਅੰਦਾਜ਼ 'ਚ ਭੁੱਖ ਜ਼ਾਹਰ ਕਰਕੇ ਖਾਣ ਲਈ ਪਰੌਂਠਾ ਮੰਗਦੀ ਹੈ'। ਇਹ 'ਭੁੱਖ' ਔਰਤ ਦੇ ਇਤਿਹਾਸ,ਭਵਿੱਖ ਤੇ ਵਰਤਮਾਨ ਨੂੰ ਇਕੋ ਥਾਂ ਲਿਆ ਖੜ੍ਹਾ ਕਰਦੀ ਹੈ'।

ਫ਼ਿਲਮ ਦੇ ਸੰਵਾਦ ਛੋਟੇ ਹਨ ਪਰ ਬੇਹੱਦ ਡੂੰਘੇ ਹਨ। ਇਰਫਾਨ ਦੀ ਅਦਾਕਾਰੀ ਆਮ ਤੌਰ 'ਤੇ ਦੂਜੇ ਅਦਾਕਾਰਾਂ 'ਤੇ ਭਾਰੂ ਪੈਂਦੀ ਹੈ ਪਰ ਨਿਮਰਤ ਕੌਰ ਦੀ ਸਹਿਜ ਅਦਾਕਾਰੀ 'ਚ ਸਾਜਨ ਪਿਆਰ ਦੀ ਭੁੱਖ ਵਾਂਗ ਸਮਾ ਜਾਂਦਾ ਹੈ'।


ਫ਼ਿਲਮ ਆਲਮੀਕਰਨ ਤੋਂ ਬਾਅਦ ਦੇ ਸ਼ਹਿਰੀ ਸਮਾਜ ਸੰਕਟ ਦਾ ਚਿੱਤਰਣ ਹੈ। ਪਿਛਲੇ ਦੋ ਦਹਾਕਿਆਂ ਦੇ ਮਕੈਨੀਕਲ ਵਿਕਾਸ ਦੇ ਸਮਾਜਿਕ ਬਦਲਾਵਾਂ ਨਾਲ ਪੈਦਾ ਹੋਏ ਸਮਾਜਿਕ ਸੰਕਟ ਨੂੰ ਸਮਝਣ ਦੀ ਕੋਸ਼ਿਸ਼ ਹੈ। ਆਲਮੀਕਰਨ ਦੇ ਦੌਰ ਤੋਂ ਬਾਅਦ ਦੇ ਸ਼ਹਿਰੀ ਸਮਾਜਿਕ ਸੰਕਟਾਂ ਨੂੰ ਸਾਡੀ ਕਿਸੇ ਸਿਆਸੀ ਧਾਰਾ ਨੇ ਫੜ੍ਹਨ, ਸਮਝਣ, ਸੁਲਝਾਉਣ ਦੀ ਗੰਭੀਰ ਕੋਸ਼ਿਸ਼ ਨਹੀਂ ਕੀਤੀ। 30-35 ਕਰੋੜ ਲੋਕਾਂ ਲਈ ਕੋਈ ਠੋਸ ਪ੍ਰੋਗਰਾਮ ਵੀ ਨਹੀਂ। ਇਹਦਾ ਇਕ ਕਾਰਨ ਮਿਡਲ ਕਲਾਸ, ਅੱਪਰ ਮਿਡਲ ਕਲਾਸ ਨੂੰ ਅਛੂਤਾਂ ਵਾਂਗ ਦੇਖਿਆ ਜਾਣਾ।ਸ਼ਾਇਦ, ਜਿਵੇਂ ਇਹ ਕਿਸੇ ਸਮਾਜਿਕ-ਸਿਆਸੀ ਬਦਲਾਅ ਦਾ ਹਿੱਸਾ ਨਹੀਂ ਹੋਣਗੇ?

'ਲੰਚ ਬੌਕਸ' ਵਰਗੇ ਸਿਨੇਮੇ ਵਲੋਂ ਇਕ ਬਰੀਕ ਗੰਝਲ 'ਤੇ ਗੱਲ ਕਰਨ ਦੀ ਕੋਸ਼ਿਸ਼ ਆਪਣੇ ਆਪ 'ਚ ਮਹੱਤਵਪੂਰਨ ਪਹਿਲ ਹੈ। "ਜੋ ਕੰਮ ਸਿਆਸਤ ਨੂੰ ਕਰਨੇ ਚਾਹੀਦੇ ਨੇ,ਓਹਦੀ ਸ਼ੁਰੂਆਤ ਸਿਨੇਮਾ ਕਰ ਰਿਹਾ ਹੈ"। 

ਸੰਕਟ 'ਤੇ ਗੱਲ ਕਰਨ ਵਾਲੇ ਭਾਰਤੀ/ਪੰਜਾਬੀ ਸਿਨੇਮੇ ਦੀ ਸੁਰ ਹਮੇਸ਼ਾ ਪ੍ਰਵਚਨੀ ਰਹੀ ਹੈ, ਪਰ 'ਲੰਚ ਬੌਕਸ' ਵਰਗਾ ਸਹਿਜ ਤੇ ਅਰਥਭਰਪੂਰ ਸਿਨੇਮਾ ਦਰਸ਼ਕ ਦੀ ਸਮਝ 'ਤੇ ਸ਼ੱਕ ਨਾ ਕਰਦਾ ਹੋਇਆ ਪ੍ਰਵਚਨ ਦੇ ਉਲਟ ਸੰਵਾਦ ਤੇ ਸੰਵੇਦਨਾ ਨੂੰ ਤਰਜ਼ੀਹ ਦਿੰਦਾ ਹੈ'।

ਇਹ ਸਾਡੇ ਦੌਰ ਦੇ ਅਰਥਭਰਪੂਰ ਸਿਨੇਮੇ ਵਲੋਂ ਸਮਾਜਿਕ ਤੈਹਾਂ ਫਰੋਲਣ ਦੀ ਨਵੀਂ ਸ਼ੁਰੂਆਤ ਹੈ।'ਲੰਚ ਬੌਕਸ' ਜਿਹੇ ਸਿਨੇਮੇ ਨੂੰ ਪਿਆਰ ਦੇਣ ਦੀ ਜ਼ਰੂਰਤ ਹੈ।

ਯਾਦਵਿੰਦਰ ਕਰਫਿਊ
ਮੋਬ: 95308-95198
mail2malwa@gmail.com

ਅਜੈ ਭਾਰਦਵਾਜ ਦੀ ਫ਼ਿਲਮਸਾਜ਼ੀ : ਕਲਾ ਦੀ ਸਦੀਵੀ ਪ੍ਰਸੰਗਕਿਤਾ

ਅਜੈ ਭਾਰਦਵਾ ਦੀ ਫ਼ਿਲਮ ਕਲਾ ਤੇ ਫਲਸਫੇ ਬਾਰੇ ਯਾਦਵਿੰਦਰ ਕਰਫਿਊ ਦਾ ਟੁਕੜਾ ਕੁਝ ਕਾਂਟ ਛਾਂਟ ਤੋਂ ਬਾਅਦ ਸ਼ਨਿਚਵਾਰ ਨੂੰ 'ਪੰਜਾਬੀ ਟ੍ਰਿਬਿਊਨ' 'ਚ ਛਪਿਆ ਸੀਸੰਪਾਦਤ ਹੋਣ ਕਾਰਨ ਕੁਝ ਗੱਲਾਂ ਦੇ ਪੂਰਨ ਅਰਥ ਸਮਝ ਨਹੀਂ ਆਏ। ਪੂਰਾ ਟੁਕੜਾ ਤੁਹਾਡੇ ਸਾਹਮਣੇ ਹੈ।-ਗੁਲਾਮ ਕਲਮ

ਦੀਵੀ ਅਰਥਾਂ ਵਾਲੀ ਕਲਾ ਮਨੁੱਖੀ ਸੱਭਿਅਤਾ ਦੇ ਕਲਾਤਮਿਕ ਇਤਿਹਾਸ ਦੀ ਨੀਂਹ ਮਜ਼ਬੂਤ ਕਰਦੀ ਹੈ। ਫ਼ਿਲਮਸਾਜ਼ ਅਜੈ ਭਾਰਦਵਾਜ ਆਪਣੀਆਂ ਫ਼ਿਲਮਾਂ 'ਕਿਤੇ ਮਿਲ ਵੇ ਮਾਹੀ', 'ਰੱਬਾ ਹੁਣ ਕੀ ਕਰੀਏ' ਅਤੇ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਦੇ ਜ਼ਰੀਏ ਪੰਜਾਬ ਨੂੰ ਸਦੀਵੀ ਪ੍ਰਸੰਗਿਕਤਾ ਵਾਲੀ ਕਲਾ ਨਾਲ ਜੋੜਦਾ ਹੈ।

ਇਹ ਫਿਲਮਾਂ 1947 ਦੀ ਵੰਡ ਤੇ ਸੂਫੀਵਾਦ ਦੇ ਹਵਾਲੇ ਨਾਲ ਪੰਜਾਬ ਦੇ ਸਾਂਝੇ ਸੱਭਿਆਚਾਰ ਦੀਆਂ ਜੜ੍ਹਾਂ ਲੱਭਦੀਆਂ ਹਨ। ਇਹ ਦਰਸ਼ਕ ਦੀ ਸਾਂਝ 'ਜੋੜਨ ਵਾਲੇ ਫਲਸਫੇ' ਨਾਲ ਪਵਾਉਂਦੀਆਂ ਹਨ ਅਤੇ ਗ਼ੈਰ-ਕੁਦਰਤੀ ਸਿਆਸੀ ਪਹੁੰਚ ਨਾਲ ਹੋਣ ਵਾਲੀ ਸਮਾਜਿਕ ਤੇ ਸੱਭਿਆਚਾਰਕ ਤਬਾਹੀ ਬਾਰੇ ਖ਼ਬਰਦਾਰ ਕਰਦੀਆਂ ਹਨ। ਇਸਲਾਮ ਤੇ ਸੂਫੀਵਾਦ ਦੀ ਰੂਹਾਨੀਅਤ ਨਾਲ ਜੋ ਪੰਜਾਬ ਦਾ ਅਤੁੱਟ ਨਾਤਾ ਹੈ, ਇਨਾਂ ਫ਼ਿਲਮਾਂ ਰਾਹੀਂ ਗੂੜ੍ਹਾ ਹੁੰਦਾ ਹੈ ਅਤੇ ਪੰਜਾਬ ਦਾ ਸਾਂਝਾ ਸੱਭਿਆਚਾਰ ਜਸ਼ਨੀ ਅੰਦਾਜ਼ 'ਚ ਉਘੜਦਾ ਹੈ। ਇਸਲਾਮ ਤੇ ਸੂਫ਼ੀ ਸੰਤਾਂ ਦੀਆਂ ਦਰਗਾਹਾਂ ਮਨੁੱਖੀ ਸਾਂਝਾਂ ਦੀ ਗਵਾਹ ਬਣ ਕੇ ਪੇਸ਼ ਹੁੰਦੀਆਂ ਹਨ।

ਫ਼ਿਲਮਾਂ ਦੇ ਸੰਵਾਦ ਦਾ ਮੁੱਖ ਧੁਰਾ ਸੱਭਿਆਚਾਰ ਹੈ। ਮਾਲਵੇ(ਵੰਡ ਤੋਂ ਪਹਿਲਾਂ) ਦੇ ਮਸ਼ਹੂਰ ਕਵੀਸ਼ਰ ਮਰਹੂਮ ਬਾਬੂ ਰਜਬ ਅਲੀ, ਮਸਕੀਨ ਅਤੇ ਮਰਹੂਮ ਪ੍ਰੋ: ਕਰਮ ਸਿੰਘ ਜਿਹੇ ਲੋਕ ਕਲਾਕਾਰ ਪੰਜਾਬ ਦੀ ਅਮੀਰ ਵਿਰਾਸਤ ਨੂੰ ਕਾਇਨਾਤੀ ਪ੍ਰਸੰਗਾਂ ਨਾਲ ਜੋੜਦੇ ਹਨ ਅਤੇ ਆਪਣੀ ਲੋਕ ਕਲਾ ਰਾਹੀਂ ਹੀ ਸਿਆਸਤ ਦੀ ਤੈਹ 'ਚ ਪਈ ਅਣਮਨੁੱਖੀ ਖਿੱਚੋਤਾਨ ਨੂੰ ਬੇਨਕਾਬ ਵੀ ਕਰੀ ਜਾਂਦੇ ਹਨ।

ਫ਼ਿਲਮਾਂ 1947  ਦੇ ਮਹਾਂ-ਦੁਖਾਂਤ ਤੱਕ ਸੀਮਤ ਨਹੀਂ ਹਨ ਬਲਕਿ ਮਨੁੱਖ ਨੂੰ ਜੱਦ ਵਿਚ ਲੈਣ ਵਾਲੇ ਨਿੱਕੇ-ਵੱਡੇ ਸਾਰੇ ਦੁਖਾਂਤਾਂ ਦੀ ਨਬਜ਼ ਫੜ੍ਹਦੀਆਂ ਹਨ। ਇਨ੍ਹਾਂ 'ਚ ਮਨੁੱਖੀ ਵਜੂਦ ਦਾ ਕੁਦਰਤੀ ਧੁਰਾ ਫੜਨ ਦਾ ਯਤਨ ਹੈ, ਕਿ ਮਨੁੱਖ ਮਨੁੱਖ ਵਜੋਂ ਖੜਦਾ ਕਿੱਥੇ ਹੈ, ਤੇ ਉਹਨੂੰ ਆਪਣੇ ਅਸਲੇ ਤੋਂ ਤੋੜਨ ਵਾਲੇ ਸੰਦ ਕਿਹੜੇ ਹਨ। ਫਿਲਮਾਂ ਪਾਤਰਾਂ ਤੇ ਵਜੂਦ ਲੱਭਦੀਆਂ ਥਾਵਾਂ ਜ਼ਰੀਏ ਬਿਰਤਾਂਤ ਬੁਣਦੀਆਂ ਹਨ ਤੇ ਮਨੁੱਖ ਅੰਦਰ ਬਹੁਪਰਤੀ,ਬਹੁ-ਭੁਜਾਵੀਂ ਤੇ ਬਹੁਦਿਸ਼ਾਵੀਂ ਅਧਿਐਨ ਤੇ ਸੰਵਾਦ ਦੀ ਸੂਖਮ ਚਿਣਗ ਜਗਾਉਂਦੀਆਂ ਹਨ'।

ਇਸ ਤਰ੍ਹਾਂ ਮਨੁੱਖੀ ਅੰਤਰਮੁਖਤਾ ਤੇ ਬਾਹਰਮੁਖਤਾ ਇਕ ਦੂਜੇ ਦੇ ਸਾਹਮਣੇ ਆਣ ਖੜ੍ਹਦੀਆਂ ਹਨ ਤੇ ਇਤਿਹਾਸਕ ਮਹਾਂ-ਦੁਖਾਤਾਂ ਦੀ ਸਹਿਜ ਸਵੈ ਪੜਚੋਲ ਕਰਨ ਲਈ ਕਹਿੰਦੀਆਂ ਹਨ। ਉੱਤਮ ਕਲਾ ਸੰਕੇਤਕ ਤੇ ਚੁੱਪ ਦੀ ਭਾਸ਼ਾ ਰਾਹੀਂ ਮਨੁੱਖੀ ਸੰਵੇਦਨਾ ਨੂੰ ਛੁੰਹਸਦੀ ਹੈ। ਅਜੈ ਦੀ ਫ਼ਿਲਮਸਾਜ਼ੀ ਅਜਿਹੀ ਕਲਾ ਦਾ ਨਮੂਨਾ ਹੈ। ਉਸਨੂੰ ਤਸਵੀਰਾਂ/ਦ੍ਰਿਸ਼ਾ ਨਾਲ ਬਿਰਤਾਂਤ ਸਿਰਜਣ ਵਾਲਾ ਫ਼ਿਲਮਸਾਜ਼ ਕਿਹਾ ਜਾ ਸਕਦਾ ਹੈ'।

ਨ੍ਹਾਂ ਦਸਤਾਵੇਜ਼ੀ ਫ਼ਿਲਮਾਂ ਦਾ ਫ਼ਿਲਮਾਂਕਣ ਅਜਿਹਾ ਹੈ ਜੋ ਦਰਸ਼ਕ ਦੀਆਂ ਚੇਤ-ਅਚੇਤ ਖੁੰਦਰਾਂ ਦਾ ਲੱਖਣ ਸਾਹਮਣੇ ਆ ਜਾਂਦਾ ਹੈ। ਅਜਿਹੀ ਪੇਸ਼ਕਾਰੀ ਦਸਤਾਵੇਜ਼ੀ ਫਿਲਮਾਂ ਦੀ ਸੀਮਾ ਤੋਂ ਪਾਰ ਕਲਾਤਮਿਕ ਫ਼ਿਲਮਸਾਜ਼ੀ ਦੇ ਘੇਰੇ ਵਿਚ ਆ ਜਾਂਦੀ ਹੈ। ਫ਼ਿਲਮ ਦਾ ਦ੍ਰਿਸ਼: 'ਕਾਂ ਦੀ ਪਿੱਛਵਰਤੀ ਅਵਾਜ਼ ਅਜਿਹਾ ਪ੍ਰਭਾਵ ਸਿਰਜਦੀ ਹੈ, ਜਿਵੇਂ ਕਾਂ ਉਜੜੇ ਬਾਬਿਆਂ ਦਾਦਿਆਂ ਨੂੰ ਪਰਤ ਆਉਣ ਲਈ ਕਹਿ ਰਿਹਾ ਹੋਵੇ। ਇਸੇ ਤਰ੍ਹਾਂ ਧੂਣੀ 'ਚ ਬਲਦੀਆਂ ਪਾਥੀਆਂ, ਦੀਵੇ ਦੀ ਲੋਅ, ਜ਼ੁਲਮ ਦੀਆਂ ਗਵਾਹ ਥਾਵਾਂ 'ਤੇ ਅੱਗ ਦੇ ਦ੍ਰਿਸ਼, ਆਦਿ, ਸਿਨੇਮਾ ਦੀ ਭਾਸ਼ਾ ਦਾ ਉੱਤਮ ਨਮੂਨਾ ਹਨ। ਇਕ ਦ੍ਰਿਸ਼ ਵਿਚ ਗੁਰਦਆਰੇ ਨੂੰ ਮਸੀਤ ਤੋਂ ਤਿੰਨ ਵਾਰ ਦੂਰ ਹੁੰਦਾ (ਯੂਮ-ਆਉਟ) ਵਿਖਾਇਆ ਗਿਆ ਹੈ। ਸੁਰਤ ਨੂੰ ਜ਼ਖ਼ਮ ਕਰਨ ਵਾਲੇ ਬਿੰਬਾਂ ਦਾ ਅਜਿਹਾ ਬਿਰਤਾਂਤ ਹੀ ਦਰਸ਼ਕਾਂ 'ਤੇ ਗਹਿਰਾ ਅਸਰ ਛੱਡਦਾ ਹੈ।

ਫ਼ਿਲਮਾਂ ਪੰਜਾਬ ਦੀ ਸਥਾਨਿਕਤਾ ਨਾਲ ਮੱਛੀ-ਪਾਣੀ ਵਾਲਾ ਰਿਸ਼ਤਾ ਕਾਇਮ ਕਰਦੀਆਂ ਹਨ ਤੇ ਇਕ ਤਰ੍ਹਾਂ ਸਥਾਨਕਤਾ ਨਾਲ ਆਲਮੀ ਸੰਵਾਦ ਲਈ ਸਪੇਸ ਤਿਆਰ ਕਰਦੀਆਂ ਹਨ। ਫ਼ਿਲਮ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਵਿਚ ਮਸਕੀਨ ਜੰਗ ਦੇ ਵਿਰੋਧ 'ਚ ਅਮਨ ਦਾ ਪਾਠ ਕਰਦਾ ਹੈ, ਜੀਹਦੇ ਨਾਲ ਨੇਸ਼ਨ ਸਟੇਟ ਦੀ ਜੰਗੀ ਸਿਆਸੀ ਆਰਥਿਕਤਾ ਦੇ ਵਿਰੋਧ 'ਚ ਆਲਮੀ ਅਮਨ ਲਹਿਰ ਦਾ ਪੈਗ਼ਾਮ ਮਜ਼ਬੂਤ ਹੁੰਦਾ ਹੈ।

ਫ਼ਿਲਮਾਂ ਮਨੁੱਖ ਨੂੰ ਸਥਾਨਤਕਾ ਨਾਲ ਮੋਹ ਭਰਿਆ ਰਿਸ਼ਤਾ ਬਨਾਉਣ ਲਈ ਪ੍ਰੇਰਦੀਆਂ ਹਨ ਤੇ ਕਹੀ ਜਾਂਦੀ ਆਧੁਨਿਕਤਾ ਸਹਾਰੇ ਦਿਨੋ ਦਿਨੋ ਮਸ਼ੀਨੀ ਹੋ ਰਹੇ ਮਨੁੱਖ ਲਈ ਸੱਭਿਆਚਰਕ ਰੂਹ ਦੀ ਖੁਰਾਕ ਦਾ ਕੰਮ ਕਰਦੀਆਂ ਹਨ। ਇਨ੍ਹਾਂ ਵਿਚ ਠੋਸ ਕਲਾ ਹੈ, ਜੋ ਕਾਇਨਾਤ ਦੀ ਭਰਪੂਰਤਾ ਨਾਲ ਮਨੁੱਖ ਨੂੰ ਆਧੁਨਿਕ ਜ਼ਿੰਦਗੀ ਦੇ ਖਾਲੀਪਣ ਦਾ ਅਹਿਸਾਸ ਕਰਵਾਉਂਦੀ ਕੁਦਰਤੀ ਸੱਭਿਆਚਾਰ ਨਾਲ ਜੁੜਨ ਲਈ ਕਹਿੰਦੀ ਹੈ'।

ਇਹ ਫ਼ਿਲਮਾਂ ਮਨੁੱਖ 'ਚ ਗਰਮ-ਦਲੀ ਪ੍ਰਵਚਨੀ ਕਲਾ ਵਾਂਗ ਵਕਤੀ ਗਰਮੀ ਪੈਦਾ ਨਹੀਂ ਕਰਦੀਆਂ। ਇਹ ਮਨੁੱਖ ਅੰਦਰ ਲੋਕਾਈ, ਪਿਆਰ, ਸਰਬ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੀ ਸਦੀਵੀ ਭੁੱਖ ਜਗਾਉਂਦੀਆਂ ਹਨ। ਮਨੁੱਖ ਨੂੰ ਹੰਕਾਰ ਮੁਕਤ ਹੋਣ, ਗਲਤੀ ਕਬੂਲਣ ਤੇ ਮੁਆਫ ਕਰਨ ਦਾ ਬਲ ਬਖਸ਼ਦੀਆਂ ਹਨ। ਇਨ੍ਹਾਂ ਫ਼ਿਲਮਾਂ ਦੀ ਕਲਾਤਮਿਕ ਅਮੀਰੀ ਅਜੈ ਦੀ ਫ਼ਿਲਮਸਾਜ਼ੀ ਨੂੰ ਆਲਮੀ ਪੱਧਰ ਤੱਕ ਪਹੁੰਚਾਉਂਦੀ ਹੈ, ਜਿੱਥੇ 'ਕਲਾ ਕਲਾ ਲਈ' ਜਾਂ 'ਕਲਾ ਲੋਕਾਂ ਲਈ' ਵਿਚਲਾ ਦੋਫ਼ਾੜ ਮਿੱਟ ਜਾਂਦਾ ਹੈ। 'ਕਲਾ ਕਲਾ ਲਈ ਵੀ' ਵੀ ਹੈ ਅਤੇ 'ਕਲਾ ਮਨੁੱਖਤਾ ਲਈ ਵੀ' ਹੈ ਦਾ ਮਿਲਵਾਂ ਤਸੱਵਰ ਸਾਹਮਣੇ ਆਉਂਦਾ ਹੈ।

ਅਜੈ ਦੀ ਫ਼ਿਲਮਸਾਜ਼ੀ ਗਿਆਨ ਦੇ ਕੇਂਦਰੀਕਰਨ ਦੇ ਖ਼ਿਲਾਫ ਹੈ। ਇਹ ਕਲਾ ਨੂੰ ਮਨੁੱਖੀ ਜ਼ਿੰਦਗੀ ਨਾਲ ਅਡੈਂਟੀਫਾਈ ਕਰਦੀ ਹੈ। ਸਨਅੱਤੀ ਤਰਜ਼ ਦੇ ਗਿਆਨੀ ਲਾਣੇ ਤੋਂ ਦੂਰ ਇਹ ਗਿਆਨ ਦੇ ਸੁਭਾਵਕ ਸਰੋਤਾਂ ਤੇ ਜ਼ਿੰਦਗੀ 'ਚ ਡੁੱਬੇ ਲੋਕਾਂ ਦੀਆਂ ਸਾਦੀਆਂ ਗੱਲਾਂ ਜ਼ਰੀਏ ਦਰਸ਼ਕਾਂ ਨਾਲ ਅਮੀਰ ਸੰਵਾਦ ਰਚਾਉਂਦੀ ਹੈ।ਇਹੀ ਗੱਲ ਅਜੈ ਨੂੰ ਰਵਾਇਤੀ ਦਸਤਾਵੇਜ਼ੀ ਫਿਲਮਸਾਜ਼ੀ ਤੋਂ ਵੱਖਰਾ ਕਰਦੀ ਹੈ। ਅਜੈ ਦਾ ਇਸਲਾਮ ਤੇ ਸੂਫੀਵਾਦ 'ਤੇ ਕੇਂਦਰਤ ਇਹ ਪ੍ਰਾਜੈਕਟ ਸਾਮਰਾਜੀ ਹੈਜਮਨੀ ਤੇ ਧਾਰਮਿਕ ਫ਼ਾਸ਼ੀਵਾਦ ਨੂੰ ਵੰਗਾਰਦਾ ਹੈ। ਅੱਜ ਅਮਰੀਕੀ ਸਾਮਰਾਜ ,ਆਰ ਐਸ ਐਸ ਤੇ ਭਾਰਤੀ ਮੀਡੀਆ 'ਇਸਲਾਮਿਕ ਫੋਬੀਆ' ਮੁਹਿੰਮ ਮਜ਼ਬੂਤ ਕਰਨ ਦਾ ਜ਼ੋਰ ਲਗਾ ਰਿਹਾ ਹੈ ਤੇ ਅਜੈ ਦੀ ਫਿਲਮਸਾਜ਼ੀ ਦਾ ਪ੍ਰਾਜੈਕਟ ਇਨ੍ਹਾਂ ਗ਼ੈਰ-ਮਨੁੱਖੀ ਮੁਹਾਜ਼ਾ ਦੇ ਖ਼ਿਲਾਫ ਖੜ੍ਹਦਾ ਹੈ।

ਅਜੈ ਦੀ ਫ਼ਿਲਮਸਾਜ਼ੀ ਦਾ ਕੋਈ ਤੈਅਸ਼ੁਦਾ ਹਲਕਾ ਨਹੀਂ ਹੈ। ਇਸੇ ਲਈ ਅਜੈ ਦੀ ਕਲਾ ਦਾ ਕੈਨਵੱਸ ਵਸੀਹ ਤੇ ਸਦੀਵੀ ਹੁੰਦਾ ਜਾ ਰਿਹਾ ਹੈ,ਜੋ ਸਬਜੈਕਟਿਵ ਹਾਲਤਾਂ ਦੀ ਜੜ੍ਹ ਫਰੋਲਦੀ ਮਸਲਿਆਂ ਨੂੰ ਉਦੇਸ਼ਆਤਮਿਕਤਾ ਵੱਲ ਲਿਜਾਂਦੀ ਹੈ। ਉਹ 'ਮਾਨਤਾ ਪ੍ਰਾਪਤ' ਸੰਸਥਾਗਤ ਸਿਆਸੀ-ਸੱਭਿਆਚਾਰਕ ਹਲਕਿਆਂ ਤੋਂ ਮਾਨਤਾ ਲੈਣ ਦੇ 'ਚੱਕਰਵਿਊ ਸੱਭਿਆਚਾਰ' ਦਾ ਸ਼ਿਕਾਰ ਨਹੀਂ ਹੋਇਆ, ਸ਼ਾਇਦ ਇਸੇ ਲਈ ਅਜੇ ਤੱਕ ਉਹਨੂੰ ਬਣਦਾ ਮਾਣ ਸਤਿਕਾਰ ਵੀ ਨਹੀਂ ਮਿਲਿਆ।ਨਿਰਸੰਦੇਹ ਉਹ ਪੰਜਾਬ ਦਾ ਉੱਤਮ ਪਰ ਅਣਗੌਲਿਆ ਫਿਲਮਸਾਜ਼ ਹੈ।

ਕਹੇ ਜਾਂਦੇ ਸਿਆਸੀ ਮਹਾਂਰਥੀਆਂ ਨੂੰ ਸ਼ਾਇਦ ਇਹ ਫ਼ਿਲਮਾਂ ਚੰਗੀਆਂ ਨਾ ਲੱਗਣ ਕਿਉਂਕਿ ਇਹ ਸਿਆਸਤ ਨੂੰ ਵਕਤੀ ਆਕਸੀਜਨ ਦੇਣ ਅਤੇ ਕਲਾ-ਸਿਆਸਤ ਦੇ ਗੈਰ ਦਵੰਦਵਾਦੀ ਸੱਭਿਆਚਾਰ ਨੂੰ ਪ੍ਰਫੁੱਲਤ ਨਹੀਂ ਕਰਦੀਆਂ ਸਗੋਂ 90 ਡਿਗਰੀ ਸੱਭਿਆਚਾਰ(ਨੱਕ ਦੀ ਸੇਧ) ਦੇ ਉਲਟ ਪੂਰੇ ਵਰਤਾਰੇ ਨੂੰ 360 ਡਿਗਰੀ' ਤੋਂ ਸਮਝਦੀਆਂ ਹਨ।

ਅਜੈ ਸਥਾਪਤੀ ਨੂੰ ਵੰਗਾਰਨ ਵਾਲਾ ਫਕੀਰ ਫਿਲਮਸਾਜ਼ ਹੈ।ਫਕੀਰੀ ਓਹਦੀ ਫ਼ਿਲਮਸਾਜ਼ੀ ਦੇ ਅਚੇਤ 'ਚ ਹੈ।ਇਸੇ ਲਈ ਅਜੈ ਦੀ ਫ਼ਿਲਮ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਦੇ ਆਖਰੀ ਦ੍ਰਿਸ਼ਾਂ ਦਾ ਇਕ ਪਾਤਰ ਕ੍ਰਾਂਤੀ ਤੇ ਫਕੀਰੀ ਦੇ ਦਵੰਦਵਾਦੀ ਰਿਸ਼ਤੇ ਦੀ ਗੱਲ ਕਰਦਾ ਹੈ। ਫਕੀਰੀ ਦੇ ਸਥਾਪਤੀ ਵਿਰੋਧੀ ਫਲਸਫੇ ਦੀ ਗੱਲ ਕਰਦਾ ਹੈ। ਕ੍ਰਾਂਤੀਕਾਰੀ ਦੇ ਫਕੀਰ ਤੇ ਫਕੀਰ ਦੇ ਕ੍ਰਾਂਤੀਕਾਰੀ ਹੋਣ ਦੇ ਸਫ਼ਰ ਵਿਚਲੀ ਬਰੀਕ ਗੱਲ ਸਮਝਾਉਂਦਾ ਹੈ।

ਯਾਦਵਿੰਦਰ ਕਰਫਿਊ
ਮੋਬ: 95308-95198

ਅਜੈ ਭਾਰਦਵਾ ਦਾ ਸੰਪਰਕ:09968283665

Tuesday, September 3, 2013

'ਮਦਰਾਸ ਕੈਫੇ'--ਸਿਆਸੀ ਘਟਨਾਕ੍ਰਮ ਵਿਖਾਉਣ ਦੀ ਜ਼ੁਅਰਤ

“ਸਾਰਿਆਂ ਦੇ ਆਪੋ ਆਪਣੇ ਸੱਚ ਹੁੰਦੇ ਹਨ,ਨਿਰਭਰ ਕਰਦਾ ਹੈ ਕਿ ਤੁਸੀ ਕਿੱਥੇ ਖੜ੍ਹੇ ਹੋ।”--ਮਦਰਾਸ ਕੈਫੇ ਦਾ ਸੰਵਾਦ

ਸ਼ੂਜਿਤ ਸਰਕਾਰ ਦੀ ਫ਼ਿਲਮ ਸਿਆਸੀ ਘਟਨਾਕ੍ਰਮ ਨੂੰ ਵਿਖਾਉਣ ਦਾ ਸਾਹਸ ਵੀ ਰੱਖਦੀ ਹੈ ਅਤੇ ਕਿਸੇ ਦੇ ਵੀ ਹੱਕ ‘ਚ ਟਿੱਪਣੀ ਨਾ ਕਰਦੀ ਹੋਈ ਇਤਿਹਾਸ ਦੇ ਉਸ ਪਹਿਲੂ ਨੂੰ ਸਾਡੇ ਸਾਹਮਣੇ ਲਿਆਕੇ ਖੜ੍ਹਾ ਵੀ ਕਰਦੀ ਹੈ ਤਾਂ ਕਿ ਅਸੀ ਆਪਣੀ ਟਿੱਪਣੀ ਆਪ ਬਣਾ ਸਕੀਏ।ਫ਼ਿਲਮ ਨਜ਼ਰੀਏ ਦੀ ਗੱਲ ਕਰਦੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਗਵਾਕੇ ਅਸੀ ਕੀ ਘਾਟਾ ਖਾਧਾ ਅਤੇ ਨਾਲੋਂ ਨਾਲ ਭਾਰਤ ਅੰਦਰ ਬਹੁਭਾਸ਼ੀ ਖੇਤਰ ਅਤੇ ਬਹੁਧਰਮੀ ਖੇਤਰ ਦੀਆਂ ਮਜਬੂਰੀਆਂ ‘ਚ ਸਿਆਸੀ ਸਮਾਜਿਕ ਢਾਂਚੇ ਦੀ ਰੂਪ ਰੇਖਾ ਨੂੰ ਵੀ ਉਜਾਗਰ ਕਰ ਜਾਂਦੀ ਹੈ ਕਿ ਇੱਕ ਰਾਸ਼ਟਰ ਦੇ ਰੂਪ ‘ਚ ਭਾਰਤ ਦੀ ਕਲਪਨਾ ਕਰਨ ਦੌਰਾਨ ਚਣੌਤੀਆਂ ਕੀ ਹਨ। ਫ਼ਿਲਮ ਨੂੰ ਵੇਖਣ ਦੌਰਾਨ ਬਹੁਤ ਗੱਲਾਂ ਤੋਂ ਅਸਹਿਮਤੀ ਹੋ ਸਕਦੀ ਹੈ ਪਰ ਜਿਸ ਦ੍ਰਿਸ਼ਟੀਕੋਣ ਤੋਂ ਸ਼ੁਜਿਤ ਸਰਕਾਰ ਨੇ ਮਦਰਾਸ ਕੈਫੇ ਫ਼ਿਲਮ ਦਾ ਨਿਰਮਾਣ ਕੀਤਾ ਉਸ ਦ੍ਰਿਸ਼ਟੀਕੋਣ ਤੋਂ ਕੁਝ ਗੱਲਾਂ ਮੁੱਢਲੇ ਤੌਰ ‘ਤੇ ਕਰਨੀਆਂ ਬਣਦੀਆਂ ਹਨ।ਜੇ ਸਿਨੇਮਾ ਇੱਕ ਕਲਾ ਹੈ ਤਾਂ ਸ਼ੁਜਿਤ ਨੇ ਉਸ ਕੈਨਵਸ ਨੂੰ ਸਾਬਤ ਕੀਤਾ ਹੈ।ਸਾਹਸੀ ਅਤੇ ਸਿਆਸੀ ਕਹਾਣੀ ਕਹਿਣ ਲਈ ਨਿਰਦੇਸ਼ਕ ਨੂੰ ਬੜਾ ਮਜ਼ਬੂਤ ਹੋਕੇ ਕੰਮ ਕਰਨਾ ਪੈਂਦਾ ਹੈ।ਦੂਜਾ ਸ਼ੂਜਿਤ ਨੇ ਫ਼ਿਲਮ ਦੇ ਰੂਪ ‘ਚ ਸਮਾਜਿਕ ਵਜੇਦਾਰੀ ਤੋਂ ਵੀ ਮੂੰਹ ਨਹੀਂ ਮੋੜਿਆ।ਮਦਰਾਸ ਕੈਫੇ ਬਤੌਰ ਦਰਸ਼ਕ ਦੇ ਰੂਪ ‘ਚ ਸੰਵਾਦ ਕਰਦੀ ਹੋਈ ਦੱਸਦੀ ਹੈ ਕਿ ਸ਼੍ਰੀ ਲੰਕਾ ‘ਚ ਤਮਿਲ ਲੋਕਾਂ ਦੇ ਹੱਕਾਂ ਲਈ ਲੜਨਾ ਇੱਕ ਚਣੌਤੀ ਹੈ ਅਤੇ ਲਿਬਰੇਸ਼ਨ ਟਾਈਗਰ ਆਫ ਤਮਿਲ ਇਲਮ ਦੀ 1976 ਦੀ ਸਥਾਪਨਾ ਤੋਂ ਗੁਜ਼ਰਦੇ ਹੋਏ 1980 ਤੋਂ 2009 ਤੱਕ ਸਮਾਨਤਾ ਅਤੇ ਬੁਹਤਰੀਨ ਹੱਕਾਂ ਲਈ ਵਿੱਢੀ ਜੰਗ ‘ਚ ਲੱਖਾਂ ਦੀਆਂ ਜਾਨਾਂ ਗਈਆਂ ਹਨ।
 
ਇਹ ਫ਼ਿਲਮ ਬੇਹਤਰ ਢੰਗ ਨਾਲ ਦੱਸਦੀ ਹੈ ਸਮਾਜਿਕ ਅਸਮਾਨਤਾ ਚੋਂ ਜਿਸ ਅੰਸਤੋਸ਼ ਨੂੰ ਪਨਾਹ ਮਿਲਦੀ ਹੈ ਉਹ ਕਿਸੇ ਬੇਹਤਰ ਸਮਾਜ ਦੀ ਉਸਾਰੀ ਨੂੰ ਕਿੰਝ ਢਹਿ ਢੇਰੀ ਕਰਦੀ ਹੈ।ਸਾਰੀ ਖੇਡ ਆਰਥਿਕਤਾ ਦੀ ਹੈ।ਧਨਾਢ ਕਿਉਂ ਵੱਡੇ ਆਤੰਕੀ ਗੁੱਟਾਂ ਨੂੰ ਸ਼ਹਿ ਦਿੰਦੇ ਹਨ, ਕਿਉਂ ਉਹਨਾਂ ਨੂੰ ਆਰਥਿਕ ਮਦਦ ਕਰਦੇ ਹਨ ਆਖਰ ਇਹ ਸਾਰੀ ਖੇਡ ਬਜ਼ਾਰੀ ਹਊਆ ਖੜ੍ਹਾ ਕਰਨਾ ਹੀ ਤਾਂ ਹੈ।ਕੈਪਟਲਿਸਟ ਸੁਭਾਅ ਦੀ ਇੱਕ ਪ੍ਰਵਿਰਤੀ ਹੁੰਦੀ ਹੈ ਕਿ ਅਸੰਤੁਲਨ ਨੂੰ ਕਾਇਮ ਕਰਨਾ ਅਤੇ ਬਜ਼ਾਰੀ ਜ਼ਰੂਰਤ ਨੂੰ ਖੜ੍ਹਾ ਰੱਖਣਾ।ਸ਼ੂਜਿਤ ਦੀ ਫ਼ਿਲਮ ਦੀ ਖੂਬਸੂਰਤੀ ਇਹ ਹੈ ਕਿ ਇਹ ਸਿਰਫ ਫ਼ਿਲਮ ਦੀ ਕਹਾਣੀ ਤੱਕ ਮਹਿਦੂਦ ਨਹੀਂ ਹੈ।ਮਦਰਾਸ ਕੈਫੇ ਭਾਰਤ ਦੀ ਪਹਿਲੀ ਇਤਿਹਾਸਕ ਟਿੱਪਣੀਕਾਰ ਫ਼ਿਲਮ ਵਜੋਂ ਖੜ੍ਹਦੀ ਹੈ।ਇਸ ਫ਼ਿਲਮ ਨੂੰ ਕਿਸੇ ਵੀ ਪੱਖ ਦੇ ਹੱਕ ‘ਚ ਨਿਤਰਦੀ ਫ਼ਿਲਮ ਤੋਂ ਪਰੇ ਹੋਕੇ ਵੇਖਣ ਦੀ ਲੋੜ ਹੈ।
 
ਇਸ ਫ਼ਿਲਮ ਨਾਲ ਰਾਜੀਵ ਗਾਂਧੀ ਕਤਲ ਕਾਂਢ ਦੀਆਂ ਕੁਝ ਹੋਰ ਪਰਤਾਂ ਵੀ ਵੱਖ ਵੱਖ ਮੀਡੀਆ ‘ਚ ਸੁਰਖੀਆਂ ‘ਚ ਹਨ।ਜਿਵੇਂ ਕਿ ਰਾਜੀਵ ਗਾਂਧੀ ਕਤਲ ‘ਚ ਸਜ਼ਾਯਾਫਤਾ ਨਾਲਿਨੀ ਦੇ ਵਕੀਲ ਐੱਸ. ਦੋਰਾਸੈਮੀ ਦੀ ਲੰਮੀ ਮੁਲਾਕਾਤ ‘I’ve evidence to prove that Rajiv Gandhi’s murder was an inside job’ ਸਿਰਲੇਖ ਅਧੀਨ ਛਪੀ ਹੈ।ਇਸ ਤੋਂ ਇਲਾਵਾ ਹੋਰ ਵੀ ਕਈ ਤੱਥ ਕਤਲ ਨਾਲ ਸਬੰਧਿਤ ਖੁੱਲ੍ਹਕੇ ਸਾਹਮਣੇ ਆ ਰਹੇ ਹਨ।ਇੰਡੀਆ ਟੂਡੇ ਰਸਾਲੇ ਦੇ ਹਵਾਲੇ ਨਾਲ ‘ਰਾ’ ਦੇ ਬੀ.ਰਮਨ ਆਪਣੀ ਕਿਤਾਬ ‘Cowboys of Raw’ ‘ਚ ਅਜਿਹਾ ਇਸ਼ਾਰੇ ਕਰਦੇ ਹਨ ਕਿ ਪ੍ਰਭਾਕਰਨ ‘ਤੇ ਕੀਤੇ 3 ਅਸਫਲ ਹਮਲਿਆਂ ਨੇ ਰਾਜੀਵ ਗਾਂਧੀ ਦੇ ਕਤਲ ਦੀ ਜ਼ਮੀਨ ਤਿਆਰ ਕੀਤੀ।ਦੂਜੇ ਪਾਸੇ ਕੇ.ਰਘੂਤਮਨ ਦੀ ਕਿਤਾਬ ‘Conspiracy to kill Rajiv Gandhi’ ਇਹ ਖੁਲਾਸਾ ਕਰਦੀ ਹੈ ਕਿ ਲਿੱਟੇ ਨੇ ਜਾਨਬੁਝਕੇ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਲਈ ਕਹਾਣੀਆ ਬਣਾਈਆ ਸਨ।ਫਿਲਹਾਲ ਫਿਲਮ ਗੁਪਤਚਰ ਸੰਸਥਾਵਾਂ ਦੀ ਅਸਫਲਤਾ ਨੂੰ ਵੀ ਬਿਆਨ ਕਰਦੀ ਹੈ।ਪ੍ਰਭਾਕਰਨ ਨੂੰ ਕ੍ਰਾਂਤੀਕਾਰੀ ਵੀ ਕਹਿੰਦੀ ਹੈ।ਤਮਿਲ ਲੋਕਾਂ ਦੇ ਘਾਣ ਨੂੰ ਵੀ ਬਿਆਨ ਕਰਦੀ ਹੈ ਅਤੇ ਰਾਜੀਵ ਗਾਂਧੀ ਨੂੰ ਗਵਾਉਣ ਉੱਤੇ ਰੋਸ ਵੀ ਪ੍ਰਗਟਾਉਂਦੀ ਹੈ।ਫਿਲਮ ਦੇ ਪੂਰੇ ਘਟਨਾਕ੍ਰਮ ਹਲਾਤਾਂ ਨੂੰ ਬਿਆਨ ਕਰਦੇ ਹਨ ਪਰ ਕਿਸੇ ਤਰ੍ਹਾਂ ਦੀ ਵੀ ਧਾਰਨਾ ਨਹੀਂ ਥੋਪਦੇ। ਮਦਰਾਸ ਕੈਫੇ ਇੱਕ ਬੇਹਤਰੀਨ ਪਾਲੀਟਿਕਲ ਥ੍ਰਿਲਰ ਫ਼ਿਲਮ ਹੋਣ ਦੇ ਬਾਵਜੂਦ ਕੁਝ ਕਮੀਆਂ ‘ਚ ਤਾਂ ਹੈ।ਪਰ ਇਸ ਨਾਲ ਮੈਂ ਸਾਰੇ ਸਿਨੇਮਾ ਦੇ ਕੈਨਵਸ ਨੂੰ ਇੰਝ ਵੀ ਸਮਝਨ ਦੀ ਕੌਸ਼ਿਸ਼ ਕਰ ਰਿਹਾ ਹਾਂ।ਕੀ ਵਾਕਿਆ ਹੀ ਅਜਿਹੀਆਂ ਕਹਾਣੀਆਂ ਨੂੰ ਦਰਸ਼ਕ ਸਵੀਕਾਰਤਾ ਦੇਣ ਲੱਗ ਪਿਆ ਹੈ।ਕਿਉਂ ਕਿ ਆਪਣੀ ਤਰ੍ਹਾਂ ਦੀ ਇਹ ਮੈਨੂੰ ਪਹਿਲੀ ਫ਼ਿਲਮ ਲੱਗੀ।ਹਾਲੀਵੁੱਡ ਸਿਨੇਮਾ ਅੰਦਰ ਵਿਅਕਤੀ ਵਿਸ਼ੇਸ਼ ਜਾਂ ਅਜਿਹੀ ਸਿਆਸੀ ਸਾਜਿਸ਼ ਦੀਆਂ ਕਹਾਣੀਆਂ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪਰਦੇ ‘ਤੇ ਉੱਤਰੀਆਂ ਹਨ।ਰਾਸ਼ਟਰਪਤੀ ਜਾਨ ਕਨੈਡੀ ਦੇ ਕਤਲ ‘ਤੇ ਅਧਾਰਿਤ ‘ਜੇ.ਐੱਫ.ਕੇ’ 1 ਸਿੰਤਬਰ ਨੂੰ ਸਵਰਗਵਾਸ ਹੋਏ ਬੀ.ਬੀ.ਸੀ ਅਤੇ ਬਾਅਦ ‘ਚ ਅਲ ਜਜ਼ੀਰਾ ਦੇ ਰਿਪੋਟਰ ਡੇਵਿਡ ਫਰੋਸਟ ਅਤੇ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਵਾਰਤਾਲਾਪ ‘ਤੇ ਅਧਾਰਿਤ ਰਾਨ ਹਾਵਰਡ ਦੀ ਫ਼ਿਲਮ ‘ਫਰੋਸਟ/ਨਿਕਸਨ’ ਸਟੀਵਨ ਸਪੀਲਬਰਗ ਦੀ ਬੇਹਤਰੀਨ ਡੇਨੀਅਲ ਡੇ ਲੇਵਿਸ ਦੀ ਅਦਾਕਾਰੀ ਨਾਲ ਸੱਜੀ ਫ਼ਿਲਮ ‘ਲਿੰਕਨ’ ਇਸੇ ਸ਼੍ਰੇਣੀ ਦੀਆਂ ਫ਼ਿਲਮਾਂ ਹਨ।
 
ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਭਾਰਤੀ ਸਿਨੇਮਾ ਅੰਦਰ ਵਪਾਰਕ ਸਿਨੇਮਾ ਇਸ ਤੋਂ ਪਹਿਲਾਂ ਏਨਾ ਜ਼ਿਆਦਾ ਸਟੀਕ ਸਿਆਸੀ ਗੱਲ ਕਰਦਾ ਨਜ਼ਰ ਨਹੀਂ ਆਇਆ।ਫ਼ਿਲਮ ‘ਕਿੱਸਾ ਕੁਰਸੀ ਕਾ’ ਅਜੇ ਤੱਕ ਪਾਬੰਧੀਸ਼ੁਦਾ ਫ਼ਿਲਮ ਹੈ।ਗੁਲਜ਼ਾਰ ਵੱਲੋਂ ਸੰਜੀਵ ਕੁਮਾਰ ਨਾਲ ਬਣਾਈ ਗਈ ਫ਼ਿਲਮ ‘ਆਂਧੀ’ ਨੂੰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।ਵਿਵਾਦਤ ਫ਼ਿਲਮਾਂ ਦੀ ਜਮਾਤ ‘ਚ ਦੀਪਾ ਮਹਿਤਾ ਦੀ ‘ਫਾਇਰ’ ਹੋਵੇ ਜਾਂ ‘ਵਾਟਰ’ ਇਹਨਾਂ ਲਈ ਭਾਰਤੀ ਸੰਗਠਨਾ ਦੀ ਪ੍ਰਤੀਕਿਰਿਆ ਕਦੀ ਵੀ ਨਰਮ ਨਹੀਂ ਰਹੀ ਹੈ।ਕੀ ਸਾਡਾ ਸਿਨੇਮਾ ਹੁਣ ਸਿਆਸੀ ਗੱਲ ਕਹਿਣ ‘ਚ ਸਾਹਸ ਦਿਖਾਉਣ ਲੱਗ ਪਿਆ ਹੈ ਅਤੇ ਲੋਕ ਹੁਣ ਉਸ ਸਿਨੇਮਾ ਨੂੰ ਉਸੇ ਰੂਪ ‘ਚ ਵੇਖਣ ਲਈ ਤਿਆਰ ਹੋ ਰਹੇ ਹਨ।
 
ਕੁਝ ਸਾਰਥਕ ਗੱਲਾਂ ਦੇ ਬਾਵਜੂਦ ਅਜੇ ਭਾਰਤ ਦਾ ਸਿਨੇਮਾ ਸ਼ੁੱਧ ਰੂਪ ‘ਚ ਕਹਾਣੀ ਕਹਿਣ ਦੇ ਰੁਝਾਣ ‘ਚ ਨਹੀਂ ਹੈ।ਬੇਸ਼ੱਕ ਪ੍ਰਕਾਸ਼ ਝਾਅ ਦੀ ਆਰਕਸ਼ਣ,ਚਕਰਵਿਹੂ,ਸੱਤਿਆਗ੍ਰਹਿ ਜਾਂ ਅਨੁਰਾਗ ਕਸ਼ਿਅਪ ਦੀ ਗੈਂਗਸ ਆਫ ਵਾਸੇਪੁਰ ਵਰਗੀਆਂ ਫ਼ਿਲਮਾਂ ਆਈਆਂ ਹਨ।ਪਰ ਅਸੀ ਜਾਣਦੇ ਹਾਂ ਕਿ ਫ਼ਿਲਮ ਆਰਕਸ਼ਣ ਦੇ ਸਮੇਂ ਪ੍ਰਕਾਸ਼ ਝਾਅ ਨੇ ਇਹ ਕਿਹਾ ਸੀ ਕਿ ਹੁਣ ਨਿਰਦੇਸ਼ਕ ਨੂੰ ਫ਼ਿਲਮ ਬਣਾਉਣ ਵੇਲੇ ਸੈਂਸਰ ਦੀ ਮਨਜ਼ੂਰੀ ਤੋਂ ਬਾਅਦ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਵੀ ਬਕਾਇਦਾ ਇਜਾਜ਼ਤ ਲੈਣੀ ਪਿਆ ਕਰੇਗੀ।

ਦੂਜੇ ਪਾਸੇ ਸਾਡੇ ਕੋਲ ਇਹ ਵੀ ਉਦਾਹਰਨਾਂ ਹਨ ਜਿਸ ਸਟੀਕ ਅੰਦਾਜ਼ ਨਾਲ ਸਿੰਕਦਰ ਫ਼ਿਲਮ ਆਪਣੀ ਗੱਲ ਕਹਿੰਦੀ ਹੈ ਜਾਂ ਫ਼ਿਲਮ ‘ਸਾਡਾ ਹੱਕ’ ਪੰਜਾਬੀ ਸਿਨੇਮਾ ‘ਚ ਉਤਰਦੀਆਂ ਹਨ ਉਸ ਦੀ ਅਗਲੀ ਕਤਾਰ ‘ਚ ਰਾਜੀਵ ਸ਼ਰਮਾ ਦੀ ਵਿਦੇਸ਼ੀ ਏਜੰਟਾ ਦੀ ਠੱਗੀ ‘ਚ ਪਿਸ ਰਹੀ ਪੰਜਾਬ ਦੀ ਨੌਜਵਾਨ ਪੀੜ੍ਹੀ ‘ਤੇ ਕੇਂਦਰਿਤ ਫ਼ਿਲਮ ਨਾਬਰ ਵੀ ਖੜ੍ਹੀ ਹੈ ਅਤੇ ਬਾਅਦ ‘ਚ 1984 ‘ਤੇ ਅਧਾਰਿਤ ਗੁਰਵਿੰਦਰ ਸਿੰਘ ਦੀ ਵਰਿਆਮ ਸੰਧੂ ਦੀਆਂ ਕਹਾਣੀਆਂ ‘ਤੇ ਕੇਂਦਰਿਤ ਫ਼ਿਲਮ ਵੀ ਹੈ।ਪਰ ਕੁਝ ਫ਼ਿਲਮਾਂ ਦਾ ਬੰਦ ਹੋਣਾ ਜਾਂ ਲੱਟਕਣਾ ਸਾਡੇ ਕੋਲ ਅੱਜ ਵੀ ਸਵਾਲ ਖੜ੍ਹਾ ਕਰਦਾ ਹੈ ਕਿ ਸਾਡਾ ਸਿਨੇਮਾ ਅਸੀ ਉਸ ਰੂਪ ‘ਚ ਖੁਲ੍ਹੇ ਤੌਰ ‘ਤੇ ਵੇਖਣ ਨੂੰ ਤਿਆਰ ਨਹੀਂ ਹੋਵੇ ਜਿਸ ਸਟੀਕ ਰੂਪ ‘ਚ ਵਿਦੇਸ਼ੀ ਸਿਨੇਮਾ ਦੀਆਂ ਫ਼ਿਲਮਾਂ ਸਾਡੇ ਕੋਲ ਹਨ।ਸੰਜੇ ਚੌਹਾਨ ਵੱਲੋਂ ਲਿਖੀ ਜਾ ਰਹੀ ਅਤੇ ਤਿਗਮਾਂਸ਼ੂ ਧੂਲੀਆ ਵੱਲੋਂ ਨਿਰਦੇਸ਼ਤ ਕੀਤੀ ਫ਼ਿਲਮ ਕੁਝ ਸੰਗਠਨਾਂ ਵੱਲੋਂ ਵਿਰੋਧ ਕਾਰਨ ਹੀ ਬੰਦ ਹੋ ਚੁੱਕੀ ਹੈ।ਸੰਜੇ ‘ਬਾਲਮੀਕੀ ਕੀ ਬੰਦੂਕ’ ਨਾਂ ਦੀ ਫ਼ਿਲਮ ਲਿਖ ਰਹੇ ਸਨ।ਇਸ ਸਾਰੇ ਘਟਨਾਕ੍ਰਮ ਨੂੰ ਲੈਕੇ ਸੰਜੇ ਦਾ ਕਹਿਣਾ ਜਦੋਂ ਸਾਡੇ ‘ਤੇ ਇਹ ਦੋਸ਼ ਲੱਗਦੇ ਹਨ ਕਿ ਅਸੀ ਭਾਰਤ ਦੀ ਕਹਾਣੀ ਨਹੀਂ ਕਹਿ ਰਹੇ ਤਾਂ ਇਹ ਗੱਲ ਜ਼ਰੂਰ ਧਿਆਨ ‘ਚ ਰਹੇ ਕੋਈ ਭਾਰਤ ਦੀ ਕਹਾਣੀ ਕਹਿਣ ਤੋਂ ਸਾਨੂੰ ਰੋਕ ਵੀ ਰਿਹਾ ਹੈ ਅਤੇ ਇਸ ਦਾ ਵਿਰੋਧ ਵੀ ਹੋ ਰਿਹਾ ਹੈ ਸੋ ਇਸੇ ਕਾਰਨ ਅਸੀ ਬਾਲਮੀਕੀ ਕੀ ਬੰਦੂਕ ਨਾਂ ਦੀ ਫ਼ਿਲਮ ਬਣਾਉਣ ਦਾ ਖਿਆਲ ਹੀ ਛੱਡ ਦਿੱਤਾ।ਪੀਪਲੀ ਲਾਈਵ ਫ਼ਿਲਮ ਤੋਂ ਬਾਅਦ ਅਨੁਸ਼ਾ ਰਿਜ਼ਵੀ ਅਮਿਤਾਬ ਘੋਸ਼ ਦੇ ਨਾਵਲ ‘ਸੀ ਆਫ ਪਾਪੀਜ਼’ ਨਾਮ ਦੀ ਫ਼ਿਲਮ ਬਣਾ ਰਹੀ ਹੈ।ਅਨੁਸ਼ਾ ਨੇ ਆਰਕਸ਼ਨ ਫ਼ਿਲਮ ਦੇ ਹੰਗਾਮੇ ਦੌਰਾਨ ਇਹ ਪੁੱਛਿਆ ਸੀ ਕਿ ਸਾਡੇ ਦਰਸ਼ਕ ਕਿੰਨੇ ਕੁ ਧੀਰਜ ਵਾਲੇ ਹਨ ਇਹ ਵੀ ਚੰਗੇ ਸਿਨੇਮਾ ਦਾ ਅਧਾਰ ਤੈਅ ਕਰਦਾ ਹੈ।ਅਨੁਸ਼ਾ ਮੁਤਾਬਕ ਉਹ ਜਿਸ ਫ਼ਿਲਮਮ ਦਾ ਨਿਰਮਾਣ ਕਰ ਰਹੀ ਹੈ ਉਸ ਦਾ ਕਥਾਨਕ 1830 ਦੇ ਨੇੜੇ ਤੇੜੇ ਦਾ ਹੈ।ਇਤਿਹਾਸਕ ਤੌਰ ‘ਤੇ ਇਸ ਕਥਾਨਕ ‘ਚ ਇੱਕ ਛੋਟੀ ਜਾਤੀ ਦਾ ਮੁੰਡਾ ਠਾਕੁਰਾਂ ਦੀ ਕੁੜੀ ਨੂੰ ਲੈ ਕੇ ਭੱਜਦਾ ਹੈ।ਉਸ ਕਾਲ ‘ਚ ਮਹਾਤਮਾ ਗਾਂਧੀ ਨਹੀਂ ਸਨ ਜਿਨ੍ਹਾਂ ਨੇ ਜਾਤੀ ਲਈ ਹਰੀਜਨ ਸ਼ਬਦ ਦਿੱਤਾ।ਹੁਣ ਦੱਸੋ ਆਪਣੀ ਕਹਾਣੀ ਦੀ ਮੌਲਿਕਤਾ ਲਈ ਮੈਂ ਉਸ ਮੁੰਡੇ ਨੂੰ ਕਿਰਦਾਰਾਂ ਦੀ ਜ਼ੁਬਾਨ ਤੋਂ ਕੀ ਕਹਿਕੇ ਸੰਬੋਧਿਤ ਕਰਵਾਵਾਂ ਤਾਂ ਕਿ ਇਤਿਹਾਸ ਵੀ ਮੌਲਿਕ ਲੱਗੇ ਅਤੇ ਮੈਨੂੰ ਕਿਸੇ ਜਾਤੀ ਸਗੰਠਨ ਦੇ ਵਿਰੋਧ ਦਾ ਸਾਹਮਣਾ ਵੀ ਨਾ ਕਰਨਾ ਪਵੇ।ਸੋ ਇਹਨਾਂ ਗੱਲਾਂ ‘ਚ ਇਹ ਸਮਝਣਾ ਪਵੇਗਾ ਕਿ ਅਸੀ ਕਿਸੇ ਫ਼ਿਲਮ ਮਾਰਫਤ ਜੋ ਕਹਿ ਰਹੇ ਹਾਂ ਉਸ ਵਿਚਲੀ ਮੌਲਿਕਤਾ ‘ਚ ਭਾਵਨਾ ਕਿਹੋ ਜਿਹੀ ਹੈ।
 
ਫ਼ਿਲਮ 1947 ਅਰਥ ਦਾ ਹਵਾਲਾ ਦੇਵਾਂਗਾ।ਇਸ ਫ਼ਿਲਮ ‘ਚ ਸੰਵਾਦ ਚੱਲਦੇ ਹਨ ਜੋ ਮੁਸਲਮਾਨ,ਹਿੰਦੂ ਤੇ ਸਿੱਖਾਂ ਦਰਮਿਆਨ ਚੱਲ ਰਹੇ ਹਨ।ਸੁਣਨ ਵਾਲਾ ਇਹਨਾਂ ਸੰਵਾਦ ਨੂੰ ਕਿੰਝ ਲੈਂਦਾ ਇਹ ਬਹੁਤ ਅਹਿਮ ਸਵਾਲ ਹੈ।1947 ਦੀ ਲੋਕਾਂ ਵਿੱਚ ਜਿਸ ਫਿਰਕੂ ਵਹਿਸ਼ਤ ਨੂੰ ਇਹਨਾਂ ਸੰਵਾਦਾਂ ਨੇ ਪੇਸ਼ ਕੀਤਾ ਹੈ ਉਹ ਕਿਸੇ ਵੀ ਬੰਦੇ ਨੂੰ ਜਜ਼ਬਾਤੀ ਕਰ ਸਕਦੇ ਹਨ।ਪਰ ਇਹਨਾਂ ਸਾਰੇ ਨੁਕਤਿਆਂ ‘ਤੇ ਇਹ ਜ਼ਰੂਰੀ ਸਮਝਨ ਵਾਲੀ ਗੱਲ ਹੈ ਕਿ ਅਸੀ ਇਤਿਹਾਸ ਦੇ ਉਹਨਾਂ ਹਲਾਤਾਂ ਨੂੰ ਸੰਵੇਦਸ਼ੀਲਤਾ ਦੇ ਕਿਸ ਪੈਮਾਨੇ ‘ਤੇ ਜਜ਼ਬ ਕਰ ਰਹੇ ਹਾਂ।ਅਸਲ ‘ਚ ਅਜਿਹੇ ਸਿਨੇਮਾ ਨੂੰ ਦਰਸ਼ਕਾਂ ਦੇ ਬੌਧਿਕ ਵਿਸ਼ਵਾਸ ਦੀ ਸਖਤ ਜ਼ਰੂਰਤ ਹੈ।ਰਾਹੁਲ ਢੋਲਕੀਆ ਦੀ ਪਰਜ਼ਾਨੀਆਂ,ਗੋਵਿੰਦ ਨਹਿਲਾਨੀ ਦੀ ਦੇਵ,ਨੰਦਿਤਾ ਦਾਸ ਦੀ ਫ਼ਿਰਾਕ ਇਹ ਸਾਰੀਆਂ ਫ਼ਿਲਮਾਂ ਦੌਰਾਨ ਨਿਰਦੇਸ਼ਕ ‘ਚ ਆਪਣੀਆਂ ਫ਼ਿਲਮਾਂ ਪ੍ਰਤੀ ਬੇਰੁੱਖੀ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ।ਸੋ ਅਜਿਹੇ ਵਰਤਾਰੇ ‘ਚ ਨਿਰਦੇਸ਼ਕ ਵੱਲੋਂ ਸਾਹਸੀ ਸਿਨੇਮਾ ਦਰਸ਼ਕਾਂ ਦੀ ਸਮਝ ‘ਤੇ ਹੀ ਨਿਰਭਰ ਕਰਦਾ ਹੈ।
 
ਬਦਲਦੇ ਦੌਰ ਦੇ ਭਾਰਤੀ ਸਿਨੇਮਾ ‘ਚ ਗੰਭੀਰਤਾ ਹੋਰ ਵੱਧਣੀ ਚਾਹੀਦੀ ਹੈ।ਆਪਣੇ ਆਪ ‘ਚ ਹੈਰਾਨੀ ਹੁੰਦੀ ਹੈ ਕਿ ਬਹੁਤ ਕਹਾਣੀਆਂ ਸਾਡੇ ਦੇਸ਼ ਦੀਆਂ ਹਨ ਅਤੇ ਉਹਨਾਂ ਕਹਾਣੀਆਂ ‘ਤੇ ਪਹਿਲਾਂ ਫ਼ਿਲਮਾਂ ਵਿਦੇਸ਼ੀ ਫ਼ਿਲਮਸਾਜ਼ਾਂ ਨੇ ਬਣਾਈਆਂ ਹਨ।ਕੀ ਸਾਡੀ ਕਹਾਣੀਆਂ ਦੀ ਸਾਡੇ ਵਿੱਚ ਪ੍ਰਸੰਗਕਿਤਾ ਘੱਟ ਹੈ? ਮਹਾਤਮਾ ਗਾਂਧੀ ਦੀ ਜੀਵਨੀ ‘ਤੇ ਪਹਿਲਾਂ ਫ਼ਿਲਮ ਰਿਚਰਡ ਐਟਨਬਰੋ ਨੇ ਬਣਾਈ ਫਿਰ ਭਾਰਤੀ ਸਿਨੇਮਾ ਨੇ ਗਾਂਧੀ ਜੀਵਨੀ ਨੂੰ ਆਪਣੇ ਸਿਨੇਮਾ ਦਾ ਵਿਸ਼ਾ ਬਣਾਇਆ।ਮੇਰਾ ਮੰਨਣਾ ਹੈ ਕਿ ਸੰਵਾਦ ਬਹੁਤ ਜ਼ਰੂਰੀ ਹੈ ਅਤੇ ਇਸ ਦਾ ਬਾਈਕਾਟ ਨਹੀਂ ਹੋਣਾ ਚਾਹੀਦਾ।ਜੋ ਫ਼ਿਲਮ ਸਿੰਕਦਰ ਦੌਰਾਨ ਹੋਇਆ ਅਜਿਹਾ ਸਿਨੇਮਾ ਦੇ ਕਲਾਤਮਕ ਪੱਖ ਨੂੰ ਵੱਡਾ ਨੁਕਸਾਨ ਹੈ।ਸਿਨੇਮਾ ਅੰਦਰ ਹਰ ਵਿਸ਼ੇ ‘ਤੇ ਬਣੀ ਫ਼ਿਲਮ ਦਾ ਸਵਾਗਤ ਹੋਣਾ ਚਾਹੀਦਾ ਹੈ।ਉਸ ‘ਤੇ ਚਰਚਾ ਹੋਣੀ ਚਾਹੀਦੀ ਹੈ।ਸੰਵੇਦਨਸ਼ੀਲ ਸਿਨੇਮਾ ਧਿਆਨ ਦੀ ਮੰਗ ਕਰਦਾ ਹੈ।
 
ਚਲਦੇ ਚਲਦੇ : ਸ਼ੂਜਿਤ ਸਰਕਾਰ ਨੇ ਇਸ ਤੋਂ ਪਹਿਲਾਂ ਯਹਾਂ,ਸ਼ੂਬਾਈਟ,ਵਿੱਕੀ ਡੋਨਰ ਆਦਿ ਫ਼ਿਲਮਾਂ ਬਣਾਈਆਂ ਹਨ।ਸ਼ੁਜਿਤ ਸਰਕਾਰ ਦੀ ਅਗਲੀ ਆਉਣ ਵਾਲੀ ਫ਼ਿਲਮ ‘ਹਮਾਰਾ ਬਜਾਜ’ ਹੈ।ਫ਼ਿਲਮ ਮਦਰਾਸ ਕੈਫੇ ਦਾ ਪਹਿਲਾਂ ਨਾਮ ‘ਜਾਫਨਾ’ ਰਖਿਆ ਗਿਆ ਸੀ।ਇਸ ਫ਼ਿਲਮ ਨੂੰ 7 ਸਾਲ ਦੀ ਲੰਮੀ ਖੋਜ ਦੌਰਾਨ ਬਣਾਇਆ ਗਿਆ।ਇਸ ਫ਼ਿਲਮ ‘ਤੇ ਪੈਸਾ ਲਗਾਉਣ ਨੂੰ ਕੋਈ ਤਿਆਰ ਨਹੀਂ ਸੀ ਬਾਅਦ ‘ਚ ਜਾਨ ਇਬ੍ਰਾਹਿਮ ਨੇ ਇਸ ਨੂੰ ਆਪਣੀ ਪ੍ਰੋਡਕਸ਼ਨ ‘ਚ ਬਣਾਉਣ ਦਾ ਫੈਸਲਾ ਕੀਤਾ।ਇਸ ਫ਼ਿਲਮ ਦੌਰਾਨ ਫ਼ਿਲਮ ਵਿੱਕੀ ਡੋਨਰ ਦੇ ਨਿਰਮਾਤਾ ਵੀ ਜਾਨ ਇਬ੍ਰਾਹਿਮ ਹੀ ਸਨ।

ਹਰਪ੍ਰੀਤ ਸਿੰਘ ਕਾਹਲੋਂ 
ਲੇਖਕ ਨੌਜਵਾਨ ਫਿਲਮਸਾਜ਼ ਤੇ ਵਿਸਲੇਸ਼ਕ ਹੈ। ਸਿਨੇਮੇ ਨੂੰ ਸ਼ਬਦਾਂ ਜ਼ਰੀਏ ਫੜ੍ਹਦਾ ਹੈ। ਅੱਜਕਲ੍ਹ ਬਾਬੇ ਨਾਨਕ ਦੀ ਵੇਈ ਦੇ ਕੰਢੇ ਅਮੀਰ ਖੁਸਰੋ ਵਾਂਗ 'ਖੁਸਰੋ ਦਰਿਆ ਪ੍ਰੇਮ ਕਾ,ਉਲਟੀ ਵਾ ਕੀ ਧਾਰ,ਜੋ ਉਤਰਾ ਸੋ ਡੂਬ ਗਿਆ,ਜੋ ਡੂਬਾ ਸੋ ਪਾਰ' ਪਿਆਰ ਦੀਆਂ ਰੂਹਾਨੀ ਤਾਰੀਆਂ 'ਚ ਮਸਤ ਹੈ।

Wednesday, July 24, 2013

'ਰਿਪਬਲਿਕ ਆਫ ਹੰਗਰ' 'ਚ ਖੁਰਾਕ-ਸੁਰੱਖਿਆ ਬਿੱਲ ਦੀ ਸਿਆਸਤ

ਭੋਜਨ ਸੁਰੱਖਿਆ ਬਿੱਲ ਸਬੰਧੀ ਚੱਲ ਰਹੀ ਗਹਿ-ਗੱਚ ਚਰਚਾ ਜਿੱਥੇ ਇਕ ਪਾਸੇ ਜਨਤਕ ਵੰਡ ਪ੍ਰਣਾਲੀ ਦੀ ਜ਼ਰੂਰਤ 'ਤੇ ਧਿਆਨ ਕੇਂਦਰਿਤ ਕਰਦੀ ਹੈ, ਉਥੇ ਜ਼ਰੂਰਤਮੰਦਾਂ ਦੇ ਖਾਤਿਆਂ ਵਿਚ ਪੈਸੇ ਦੀ ਸਿੱਧੀ ਅਦਾਇਗੀ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਇਸ ਸਬੰਧੀ ਨੈਸ਼ਨਲ ਸੈਂਪਲ ਸਰਵੇਖਣ ਦੇ 66ਵੇਂ ਦੌਰ ਦੀਆਂ ਰਿਪੋਰਟਾਂ ਧਿਆਨ ਦੀ ਮੰਗ ਕਰਦੀਆਂ ਹਨ। ਇਨ੍ਹਾਂ ਰਿਪੋਰਟਾਂ ਵਿਚ ਆਏ ਤਿੰਨ ਤੱਥਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਵਧ ਰਹੇ ਆਰਥਿਕ ਪਾੜੇ ਦੇ ਇਸ ਦੌਰ ਵਿਚ ਭਾਰਤ ਦੀ ਬਹੁ-ਗਿਣਤੀ ਲਈ ਅੰਨ ਪ੍ਰਾਪਤੀ ਦਾ ਇਕਲੌਤਾ ਜ਼ਰੀਆ ਜਨਤਕ ਵੰਡ ਪ੍ਰਣਾਲੀ ਹੀ ਰਹਿ ਗਈ ਹੈ। ਇਨ੍ਹਾਂ ਤੱਥਾਂ ਅਨੁਸਾਰ ਸ਼ਹਿਰੀਕਰਨ ਦੀ ਬੇਢਬੀ ਤੇ ਬੇਥਵੀ ਦਰ ਨੇ ਸ਼ਹਿਰੀ ਅਤੇ ਪੇਂਡੂ ਗਰੀਬ ਜਨਤਾ ਨੂੰ ਅੰਨ ਅਸੁਰੱਖਿਆ ਦੀ ਦਲਦਲ ਵਿਚ ਧੱਕ ਦਿੱਤਾ ਹੈ। ਦੂਜਾ ਮਹੱਤਵਪੂਰਨ ਤੱਥ ਹੈ ਕਿ ਕੁਪੋਸ਼ਣ, ਮਹਿੰਗਾਈ ਤੇ ਭ੍ਰਿਸ਼ਟਾਚਾਰ ਦੀ ਤੀਹਰੀ ਚੱਕੀ ਵਿਚ ਪਿਸ ਰਹੀ ਲੋਕਾਈ ਦੀ ਜਨਤਕ ਵੰਡ ਪ੍ਰਣਾਲੀ 'ਤੇ ਨਿਰਭਰਤਾ ਘਟਣ ਦੀ ਬਜਾਇ ਲਗਾਤਾਰ ਵਧ ਰਹੀ ਹੈ। ਮਸਲਨ, ਰਿਪੋਰਟ ਅਨੁਸਾਰ ਜਿਥੇ ਸਾਲ 2004-2005 ਦੌਰਾਨ ਪੇਂਡੂ ਖੇਤਰਾਂ ਵਿਚ 11 ਫੀਸਦ ਲੋਕ ਹੀ ਕਣਕ ਲਈ ਜਨਤਕ ਵੰਡ ਪ੍ਰਣਾਲੀ ਦੀ ਵਰਤੋਂ ਕਰ ਰਹੇ ਸਨ, ਉਥੇ ਸਾਲ 2009-10 ਵਿਚ ਇਹ ਅੰਕੜਾ ਵਧ ਕੇ 27.6 ਫੀਸਦ ਹੋ ਗਿਆ। ਇੱਦਾਂ ਹੀ ਸ਼ਹਿਰੀ ਖੇਤਰ ਵਿਚ 2004-2005 ਦੌਰਾਨ ਜਿੱਥੇ 5.8 ਫੀਸਦ ਲੋਕ ਹੀ ਕਣਕ ਲਈ ਜਨਤਕ ਵੰਡ ਪ੍ਰਣਾਲੀ ਉਤੇ ਨਿਰਭਰ ਸਨ, ਉਥੇ 2009-10 ਵਿਚ ਇਹ ਅੰਕੜਾ ਵਧ ਕੇ 17.6 ਫੀਸਦ ਹੋ ਗਿਆ। ਕੁਪੋਸ਼ਣ ਨਾਲ ਜੁੜਿਆ ਤੀਜਾ ਗੰਭੀਰ ਤੱਥ ਇਹ ਸਾਹਮਣੇ ਆਇਆ ਹੈ ਕਿ ਸਾਧਾਰਨ ਲੋਕਾਂ ਦੇ ਭੋਜਨ ਵਿਚੋਂ ਤੇਜ਼ੀ ਨਾਲ ਦਾਲਾਂ ਅਤੇ ਅਨਾਜ ਦੀ ਮਾਤਰਾ ਹਰ ਵਰ੍ਹੇ ਘਟ ਰਹੀ ਹੈ।

ਇਕ ਹੋਰ ਅੰਕੜਾ ਜਿਹੜਾ ਮੌਜੂਦਾ ਪ੍ਰਬੰਧ ਦੀਆਂ ਖਾਮੀਆਂ ਵੱਲ ਸਪਸ਼ੱਟ ਇਸ਼ਾਰਾ ਹੈ, ਉਹ ਇਹ ਹੈ ਕਿ ਸਾਧਾਰਨ ਪੇਂਡੂ ਲੋਕਾਂ ਦੀ ਕੁੱਲ ਆਮਦਨ ਦਾ 47 ਫੀਸਦ ਹਿੱਸਾ ਸਿਰਫ਼ ਅਨਾਜ ਖਰੀਦਣ 'ਤੇ ਖਰਚ ਹੋ ਰਿਹਾ ਹੈ। ਖੇਤੀ ਆਧਾਰਤ ਅਰਥ-ਵਿਵਸਥਾ ਹੋਣ ਦੇ ਬਾਵਜੂਦ ਪਿੰਡਾਂ ਦੇ ਲੋਕਾਂ ਲਈ ਸਬਜ਼ੀ ਖਰੀਦਣਾ ਤੱਕ ਖਾਸ ਭੋਜਨ. ਦੀ ਸ਼੍ਰੇਣੀ ਵਿਚ ਸ਼ਾਮਿਲ ਹੋ ਚੁੱਕਾ ਹੈ। ਇਸ ਸਮੱਸਿਆ ਦੇ ਦੋ ਮਹੱਤਵਪੂਰਨ ਪੱਖ ਹਨ- ਪਹਿਲਾ, ਪਿੰਡਾਂ ਦੀ ਖਾਧ ਪਦਾਰਥ ਨਿਰਭਰਤਾ ਖ਼ਤਮ ਹੋ ਚੁੱਕੀ ਹੈ ਅਤੇ ਦੂਜਾ, ਇਸ ਨਿਰਭਰਤਾ ਦੇ ਖਾਤਮੇ ਨੇ ਪੇਂਡੂ ਤੇ ਗਰੀਬ ਵਰਗਾਂ ਨੂੰ ਕੁਪੋਸ਼ਣ ਦੀ ਭੱਠੀ ਵਿਚ ਝੋਕ ਦਿੱਤਾ ਹੈ।

ਖਾਧ ਪਦਾਰਥਾਂ ਲਈ ਨਿਰਭਰਤਾ ਜਨਤਕ ਵੰਡ ਪ੍ਰਣਾਲੀ ਉਤੇ ਲਗਾਤਾਰ ਵਧਣ ਦੇ ਕਈ ਕਾਰਨ ਹਨ, ਪਰ ਇਸ ਦਾ ਸਭ ਤੋਂ ਮਹੱਤਵਪੂਰਨ ਕਾਰਨ ਖੇਤੀ ਸੈਕਟਰ ਨਾਲ ਸਬੰਧਤ ਲੋਕ ਮਾਰੂ ਸਰਕਾਰੀ ਨੀਤੀਆਂ ਹੈ। ਇਨ੍ਹਾਂ ਨੀਤੀਆਂ ਦੀ ਨੀਂਹ ਜਿਥੇ ਬਸਤੀਵਾਦ ਨਾਲ ਜੁੜੀ ਹੋਈ ਹੈ, ਉਥੇ ਮੌਜੂਦਾ ਆਲਮੀਕਰਨ, ਉਦਾਰਵਾਦ ਅਤੇ ਖੁੱਲੀ ਮੰਡੀ ਨਾਲ ਜੁੜਿਆ ਇਸ ਦਾ ਸਿਧਾਂਤਕ ਖਾਸਾ ਕਿਸਾਨਾਂ/ਮਜ਼ਦੂਰਾਂ ਨੂੰ ਲਗਾਤਾਰ ਭੁੱਖਮਾਰੀ ਅਤੇ ਤਿੱਲ-ਤਿੱਲ ਕਰ ਕੇ ਮਰਨ ਲਈ ਮਜਬੂਰ ਕਰ ਰਿਹਾ ਹੈ। ਯਾਦ ਰਹੇ ਕਿ ਇਸ ਵਰਤਾਰੇ ਨੂੰ ਸਿਰਫ਼ ਭਾਰਤ ਤੱਕ ਮਹਿਦੂਦ ਕਰ ਕੇ ਨਹੀਂ ਸਮਝਿਆ ਜਾ ਸਕਦਾ। ਦੱਖਣੀ ਏਸ਼ਿਆਈ ਖਿੱਤੇ ਨੂੰ ਦਰਪੇਸ਼ ਮਸਲਿਆਂ ਬਾਰੇ ਸਰਗਰਮ ਸੰਸਥਾ 'ਹਮਾਲ' ਅਨੁਸਾਰ ਸਿਆਸੀ ਤੌਰ 'ਤੇ ਹਾਸ਼ੀਏ ਉਤੇ ਪਈ ਆਬਾਦੀ ਨੂੰ ਭੁੱਖਮਰੀ, ਕੁਪੋਸ਼ਣ ਅਤੇ ਖੁਦਕੁਸ਼ੀਆਂ ਵਿਚ ਧੱਕਣ ਦਾ ਵਰਤਾਰਾ ਆਲਮੀ ਪੱਧਰ 'ਤੇ ਵਾਪਰ ਰਿਹਾ ਹੈ। ਉਦਾਹਰਣ ਵਜੋਂ ਹੈਤੀ 1980 ਦੇ ਦਹਾਕੇ ਤੱਕ ਆਕਾਰ ਅਤੇ ਆਬਾਦੀ ਪੱਖੋਂ ਛੋਟਾ ਦੇਸ਼ ਹੋਣ ਦੇ ਬਾਵਜੂਦ ਆਪਣੀਆਂ ਰੋਜ਼ਮੱਰਾ ਦੀਆਂ ਖਾਧ ਜ਼ਰੂਰਤਾਂ ਲਈ ਆਤਮ-ਨਿਰਭਰ ਸੀ। 1986 ਤੱਕ ਆਉਂਦਿਆਂ ਆਲਮੀ ਮੁਦਰਾ ਕੋਸ਼ (ਆਈ.ਐਮ.ਐਫ.) ਅਤੇ ਆਲਮੀ ਬੈਂਕ (ਡਬਲਿਊ.ਬੀ.) ਦੀਆਂ ਸਿਫਾਰਿਸ਼ਾਂ ਅਨੁਸਾਰ ਦੇਸ਼ ਅੰਦਰ ਰਿਆਇਤੀ ਦਰਾਂ ਵਾਲੇ ਅਮਰੀਕੀ ਚੌਲਾਂ ਦਾ ਹੜ੍ਹ ਆ ਗਿਆ। ਨਤੀਜੇ ਵਜੋਂ ਕੁਝ ਸਾਲਾਂ ਅੰਦਰ ਹੀ ਹਜ਼ਾਰਾਂ ਕਿਸਾਨਾਂ ਨੂੰ ਆਪਣੇ ਘਰ ਅਤੇ ਖੇਤੀ ਛੱਡ ਕੇ ਮਜ਼ਦੂਰੀ ਕਰਨ ਲਈ ਸ਼ਹਿਰਾਂ ਦਾ ਰੁਖ ਕਰਨਾ ਪਿਆ। ਚੌਲ ਦਾ ਘਰੇਲੂ ਉਤਪਾਦਨ ਠੱਪ ਹੋ ਕੇ ਰਹਿ ਗਿਆ। 2008 ਵਿਚ ਬਹੁਤ ਹੀ ਨਾਟਕੀ ਢੰਗ ਨਾਲ ਕੌਮਾਂਤਰੀ ਚੌਲ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਜਿਸ ਨੇ ਹਜ਼ਾਰਾਂ ਲੱਖਾਂ ਘਰਾਂ ਨੂੰ ਸਦਾ ਸਦਾ ਲਈ ਗਰੀਬੀ ਤੇ ਕਰਜ਼ੇ ਦੇ ਮੱਕੜਜਾਲ ਵਿਚ ਫਸਾ ਦਿੱਤਾ। ਇਹੀ ਵਰਤਾਰਾ ਫਿਲਪੀਨਜ਼ ਵਿਚ ਦੁਹਰਾਇਆ ਗਿਆ। ਮਹਿਜ਼ ਦਸ ਸਾਲਾਂ (1980 ਤੋਂ 1990) ਦੇ ਵਕਫ਼ੇ ਵਿਚ ਚੌਲਾਂ ਦੀ ਬਰਾਮਦ ਕਰਨ ਵਾਲਾ ਦੇਸ਼ ਦਰਾਮਦ ਕਰਨ ਵਾਲੇ ਦੇਸ਼ ਵਿਚ ਬਦਲ ਗਿਆ। ਇਸ ਬਾਰੇ ਪ੍ਰਸਿੱਧ ਅਰਥ ਸ਼ਾਸਤਰੀ ਉਤਸਵਾ ਪਟਨਾਇਕ ਆਪਣੀ ਕਿਤਾਬ 'ਦੀ ਰਿਪਬਲਿਕ ਆਫ ਹੰਗਰ' ਵਿਚ ਟਿੱਪਣੀ ਕਰਦੀ ਹੈ ਕਿ 1970 ਤੋਂ 1980 ਦੇ ਦਹਾਕੇ ਦੌਰਾਨ ਅਨੇਕਾਂ ਦੇਸ਼, ਖਾਸ ਕਰ ਕੇ ਅਫਰੀਕੀ ਖਿੱਤੇ ਨਾਲ ਸਬੰਧਤ ਦੇਸ਼ਾਂ ਦੀਆਂ ਉਪਜਾਊ ਤੇ ਸਮਰੱਥ ਜ਼ਮੀਨਾਂ ਨੂੰ ਕੇਲਾ, ਗੁਲਾਬ, ਤਾਜ਼ੀਆਂ ਸਬਜ਼ੀਆਂ ਅਤੇ ਕੋਈ ਵੀ ਅਜਿਹੀ ਖ਼ਪਤਕਾਰੀ ਖੇਤੀ ਉਪਜ ਜਿਹੜੀ ਯੂਰਪੀਨ ਮੰਡੀਆਂ ਨੂੰ ਚਾਹੀਦੀ ਸੀ, ਉਗਾਉਣ ਲਈ ਵਰਤਿਆ ਗਿਆ। ਇਸ ਨਾਲ ਇਨ੍ਹਾਂ ਦੇਸ਼ਾਂ ਦੇ ਘਰੇਲੂ ਉਤਪਾਦਨਾਂ ਲਈ ਰਾਖਵਾਂ ਰਕਬਾ ਲਗਾਤਾਰ ਘਟ ਹੁੰਦਾ ਗਿਆ। ਫਿਰ ਇਨ੍ਹਾਂ ਮਾੜੀ ਆਰਥਿਕਤਾ ਵਾਲੇ ਦੇਸ਼ਾਂ ਨੂੰ ਮਜਬੂਰ ਕੀਤਾ ਗਿਆ ਕਿ ਉਹ ਆਲਮੀ ਮੰਡੀ ਵਿਚੋਂ, ਆਲਮੀ ਕੀਮਤਾਂ 'ਤੇ ਜ਼ਰੂਰੀ ਅਨਾਜ ਖਰੀਦ ਕੇ ਅੱਗੇ ਜਨਤਾ ਨੂੰ ਵੇਚਣ। ਇਸ ਜੁਗਾੜੀ ਨਿਰਭਰਤਾ ਲਈ ਵੀ ਤਾਂ ਕੋਈ ਸਿਆਸੀ ਪ੍ਰਤੀਬੱਧਤਾ ਚਾਹੀਦੀ ਹੈ ਜਿਸ ਦੀ ਅਣਹੋਂਦ ਵਿਚ ਅੱਜ ਅਨੇਕਾਂ ਦੇਸ਼ ਲਗਾਤਾਰ ਭੁੱਖਮਰੀ ਤੇ ਸਦੀਵੀ ਕੁਪੋਸ਼ਣ ਨਾਲ ਜੂਝ ਰਹੇ ਹਨ!


ਭਾਰਤ ਵਿਚ ਜਨਤਕ ਵੰਡ ਪ੍ਰਣਾਲੀ ਦੀ ਕਾਇਮੀ ਪਿੱਛੇ ਲੰਮਾ ਸੰਘਰਸ਼ ਪਿਆ ਹੈ ਜਿਹੜਾ ਸਿਆਸੀ ਆਜ਼ਾਦੀ ਜਿੱਤਣ ਜਿੰਨਾ ਹੀ ਮਾਣਯੋਗ ਹੈ। ਇਹ ਇਕੋ ਇਕ ਅਜਿਹੀ ਰਾਸ਼ਨ ਪ੍ਰਣਾਲੀ ਸੀ ਜੋ ਨਾ ਸਿਰਫ਼ ਹੁਣ ਤੱਕ ਸੋਕੇ ਤੇ ਅਕਾਲ ਦੀ ਹਾਲਤ ਵਿਚ ਗਰੀਬ ਤਬਕਿਆਂ ਲਈ ਉਮੀਦ ਦੀ ਕਿਰਨ ਬਣੀ ਰਹੀ, ਸਗੋਂ ਇਸ ਨੇ ਵਿਕਾਸ ਅਤੇ ਜਮਹੂਰੀਅਤ ਦੇ ਅਮਲ ਲਈ ਲੋਕਾਈ ਦੇ ਜ਼ਿਹਨ ਵਿਚ ਹਮੇਸ਼ਾ ਲਈ ਸਨਮਾਨ ਦਾ ਦਰਜਾ ਵੀ ਬਣਾਈ ਰੱਖਿਆ। ਜਨਤਕ ਵੰਡ ਪ੍ਰਣਾਲੀ ਦੀ ਬਹੁ-ਪੱਧਰੀ ਆਲੋਚਨਾ ਦੋ ਮੁੱਖ ਧਿਰਾਂ ਵੱਲੋਂ ਕੀਤੀ ਜਾਂਦੀ ਹੈ। ਪਹਿਲੀ ਧਿਰ ਅਨੁਸਾਰ ਇੰਨੀ ਵੱਡੀ ਆਬਾਦੀ (ਆਬਾਦੀ ਜੋ ਜਾਣ-ਬੁੱਝ ਕੇ ਗਰੀਬੀ ਤੇ ਭੁੱਖਮਰੀ ਦਾ ਦਰਜਾ ਲਗਾਤਾਰ ਬਹਾਲ ਰੱਖਦੀ ਹੈ) ਲਈ ਅਨਾਜ ਦੀ ਵਿਵਸਥਾ ਅਤੇ ਵੰਡ, ਸਰਕਾਰ ਲਈ ਸੰਭਵ ਨਹੀਂ। ਇਹ ਭ੍ਰਿਸ਼ਟ ਰਾਜਤੰਤਰ ਦਾ ਆਪਣੀ ਅਸਫ਼ਲਤਾ ਦਾ ਸਵੈ-ਪ੍ਰਗਟਾਵਾ ਹੈ। ਜੇ ਕੋਈ ਜਮਹੂਰੀ ਸਰਕਾਰ ਆਬਾਦੀ ਦੀ ਢਿੱਡ ਭਰਨ ਦੀ ਜ਼ਰੂਰਤ ਤੱਕ ਦੀ ਜ਼ਾਮਨੀ ਨਹੀਂ ਭਰ ਸਕਦੀ, ਉਸ ਨੂੰ ਆਬਾਦੀ ਦੀਆਂ ਬਾਕੀ ਜ਼ਰੂਰਤਾਂ ਦੀ ਚਾਰਾਜੋਈ ਲਈ ਭਰੋਸੇਮੰਦ ਕਿਵੇਂ ਮੰਨਿਆ ਜਾਵੇ? ਕੀ ਸਰਕਾਰ ਅਤੇ ਸਟੇਟ ਨੂੰ ਇਹ ਤੱਥ ਸਮਝ ਨਹੀਂ ਆ ਰਹੇ ਕਿ ਲਗਾਤਾਰ ਪ੍ਰਚਾਰੀ ਜਾ ਰਹੀ 8 ਜਾਂ 9 ਫੀਸਦ ਵਿਕਾਸ ਦਰ, ਅਸਲ ਵਿਚ ਆਬਾਦੀ ਦੇ ਸਿਰਫ਼ 8 ਫੀਸਦ ਹਿੱਸੇ ਦੀ ਹੀ ਵਿਕਾਸ ਦਰ ਹੈ! ਦੂਜੇ, ਇਹ ਕਿਵੇਂ ਹੋ ਸਕਦਾ ਹੈ ਕਿ ਸਰਕਾਰ ਇਨ੍ਹਾਂ ਤੱਥਾਂ ਦੀ ਜਾਣਕਾਰ ਨਾ ਹੋਵੇ ਕਿ ਕੁਪੋਸ਼ਣ ਅਤੇ ਭੁੱਖਮਾਰੀ ਨਾ ਸਿਰਫ ਬਹੁ-ਗਿਣਤੀ ਆਬਾਦੀ ਦੇ ਸਰੀਰਕ ਤੇ ਮਾਨਸਿਕ ਵਿਕਾਸ ਨੂੰ ਖੁੰਢਾ ਕਰਦੀ ਹੈ, ਸਗੋਂ ਇਹ ਸਿੱਧੇ ਅਸਿੱਧੇ ਢੰਗ ਨਾਲ ਲੋਕਾਈ ਨੂੰ ਦੇਸ਼ ਦੇ ਵਿਕਾਸ ਦੀ ਪ੍ਰਕਿਰਿਆ ਵਿਚੋਂ ਕੱਢ ਕੇ ਹਾਸ਼ੀਏ ਉਤੇ ਲਿਆ ਸੁੱਟਦੀ ਹੈ!  

ਜਨਤਕ ਵੰਡ ਪ੍ਰਣਾਲੀ ਦੀ ਦੂਜੀ ਆਲੋਚਨਾ ਅਨੁਸਾਰ, ਲੋਕਾਈ ਦੀ ਮੁਕਤੀ ਦਾ ਰਾਹ ਸਿਰਫ਼ ਖੁੱਲ੍ਹੀ ਮੰਡੀ ਤੇ ਉਦਾਰਵਾਦ ਵਿਚੋਂ ਹੋ ਕੇ ਲੰਘਦਾ ਹੈ। ਸਰਕਾਰ ਵੱਲੋਂ ਇਸ ਨੂੰ ਪੁਖਤਾ ਕਰਨ ਲਈ ਪਿਛਲੇ ਸਾਲ ਹੀ 23 ਲੱਖ ਕਰੋੜ ਦੀ ਸਬਸਿਡੀ 'ਤੇ ਟੈਕਸ ਛੋਟ ਕਾਰਪੋਰੇਟ ਘਰਾਣਿਆਂ ਨੂੰ ਦਿੱਤੀ ਗਈ। ਦੂਜੇ ਪਾਸੇ ਖੇਤੀ ਉਤੇ ਮਿਲਦੀ ਸਬਸਿਡੀ ਨੂੰ ਖ਼ਜ਼ਾਨੇ ਉਤੇ ਵਾਧੂ ਦਾ ਬੋਝ ਕਰਾਰ ਦਿੱਤਾ ਗਿਆ। ਪੈਟਰੋਲ ਖੁੱਲ੍ਹੀ ਮੰਡੀ ਦੇ ਹਵਾਲੇ ਕਰ ਦਿੱਤਾ ਗਿਆ। ਮੁੱਢਲੀਆਂ ਸਹੂਲਤਾਂ ਜਿਵੇਂ ਸਿਹਤ, ਸਿੱਖਿਆ, ਸਾਫ਼ ਪਾਣੀ, ਚੌਗਿਰਦੇ ਦੀ ਸੰਭਾਲ ਦਾ ਬਜਟ ਲਗਾਤਾਰ ਹਰ ਵਰ੍ਹੇ ਘਟਾਇਆ ਜਾ ਰਿਹਾ ਹੈ। ਇਨ੍ਹਾਂ ਦੇ ਹੱਕ ਵਿਚ ਵਿਕਾਸ ਦਰ 9 ਫੀਸਦ ਹੋਣ ਦੀ ਦੁਹਾਈ ਦਿੱਤੀ ਜਾ ਰਹੀ ਹੈ, ਪਰ ਕੀ ਸਰਕਾਰ ਇਹ ਅੜਾਉਣੀ ਹੱਲ ਕਰ ਸਕਦੀ ਹੈ ਕਿ, ਸਾਲ 2011-12 ਦੀ ਤੀਜੀ ਤੇ ਦੂਜੀ ਤਿਮਾਹੀ ਦੌਰਾਨ ਜਦੋਂ ਵਿਕਾਸ ਦਰ ਡਿੱਗਕੇ 6.8 ਫੀਸਦ ਹੋਈ ਤਾਂ ਮਹਿੰਗਾਈ ਦੀ ਦਰ ਵੀ ਕਿਉਂ ਘਟਣੀ ਸ਼ੁਰੂ ਹੋ ਗਈ? ਜਾਂ ਫਿਰ ਇਹ ਮੰਨ ਕੇ ਚੱਲਿਆ ਜਾਵੇ ਕਿ ਵਿਚੋਲਿਆਂ, ਦਲਾਲਾਂ ਤੇ ਘੁਟਾਲਿਆਂ ਦੇ ਇਸ ਦੌਰ ਵਿਚ ਇਹ 'ਮਹਾਨ' ਦੇਸ਼ ਬਿਨਾਂ ਕਿਸੇ ਸੈਨਾਪਤੀ ਤੋਂ ਹੀ ਅਜਿਹੀ ਹਾਰੀ ਹੋਈ ਜੰਗ ਲੜ ਰਿਹਾ ਹੈ ਜਿਸ ਵਿਚ ਹਰ ਚੜ੍ਹਦੇ ਦਿਹਾੜੇ ਲੋਕਾਈ ਦਾ ਇਕ ਹਿੱਸਾ ਭੁੱਖਮਰੀ, ਖੁਦਕੁਸ਼ੀ ਜਾਂ ਮਾੜੇ ਜਿਉਣ ਹਾਲਾਤ ਨਾਲ ਨੰਗੇ ਧੜ ਮੱਥਾ ਲਾਉਂਦਾ ਹੈ ਤੇ ਅਣਿਆਈ ਮੌਤ ਮਰਦਾ ਹੈ। ਇਹ ਨਿਹੱਕ ਡੁੱਲ੍ਹਿਆ ਲਹੂ ਆਖਿਰ ਆਪਣਾ ਹਿਸਾਬ ਜ਼ਰੂਰ ਮੰਗਦਾ ਹੈ! 

ਕੁਲਦੀਪ ਕੌਰ 
ਲੇਖਿਕਾ ਔਰਤਾਂ ਨਾਲ ਜੁੜੇ ਸੰਵੇਦਨਸ਼ੀਲ ਮਸਲਿਆਂ ਬਾਰੇ ਲਗਾਤਾਰ ਲਿਖਦੇ ਰਹਿੰਦੇ ਹਨ। ਉਹ ਅੱਜਕਲ੍ਹ ਪੰਜਾਬੀ ਯੂਨੀਵਰਸਿਟੀ 'ਚ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਦੇ ਰਿਸਰਚ ਸਕਾਲਰ ਹਨ। 
ਮੌਬਾਇਲ: 98554-04330