ਸਾਡੇ ਦੇਸ਼ ਵਿਚ ਕੁਝ ਹਿੰਦੂਵਾਦੀ ਸੰਗਠਨਾਂ ਤੇ ਸਿਆਸਤਦਾਨਾਂ ਵਲੋਂ ਵੱਡੇ ਪੱਧਰ ਉਤੇ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਭਾਰਤ ਵਿਚਲੀਆਂ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਨੂੰ ਭਰਮਾਉਣ ਦੀ ਸਿਆਸਤ ਹੁੰਦੀ ਹੈ। ਇਹ ਅਨਸਰ ਭਾਰਤ ਦੀ ਹਰ ਸਮੱਸਿਆ ਨੂੰ ਹਿੰਦੂਵਾਦੀ ਪੈਂਤੜੇ ਤੋਂ ਦੇਖਦੇ ਹਨ ਅਤੇ ਗਰੀਬੀ,ਅਨਪੜ੍ਹਤਾ,ਆਬਾਦੀ ਆਦਿ ਮਾਮਲਿਆਂ ਸਬੰਧੀ ਮੁਸਲਿਮ ਅਤੇ ਹੋਰ ਭਾਈਚਾਰੇ ਨੂੰ ਦੋਸ਼ੀ ਠਹਿਰਾਉਂਦੇ ਹਨ।ਬ੍ਰਾਹਮਣਵਾਦੀ ਵਿਚਾਰਧਾਰਾ ਨਾਲ ਸਬੰਧਤ ਇਨ੍ਹਾਂ ਲੋਕਾਂ ਨੇ ਹਮੇਸ਼ਾ ਵਿਸ਼ੇਸ਼ ਕਰਕੇ ਮੁਸਲਿਮ ਭਾਈਚਾਰੇ ਵਿਰੁੱਧ ਦੋਸ਼ ਦਾਗੇ ਹਨ।ਇਥੋਂ ਤੱਕ ਕਿ ਅੰਗਰੇਜ਼ਾਂ ਦੇ ਬਸਤੀਵਾਦੀ ਰਾਜ ਪਿਛੇ ਵੀ ਉਹ ਮੁਸਲਿਮ ਭਾਈਚਾਰੇ ਨੂੰ ਹੀ ਦੋਸ਼ੀ ਠਹਿਰਾਉਂਦੇ ਹਨ।ਬੇਸ਼ੱਕ ਮੁਗ਼ਲਾਂ ਨੇ ਭਾਰਤ ਉਤੇ ਲੰਬਾ ਅਰਸਾ ਰਾਜ ਕੀਤਾ ਹੈ ਪਰ ਜੇ ਮੁਸਲਿਮ ਆਬਾਦੀ ਦੇ ਵੱਡੇ ਹਿੱਸੇ ਨੂੰ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਹ ਅੱਤ ਦੀ ਕੰਗਾਲੀ ਵਾਲੀ,ਸਾਧਨ ਵਿਹੂਣੀ ਅਤੇ ਭੈੜੀ ਤਰ੍ਹਾਂ ਦੀ ਜ਼ਿੰਦਗੀ ਜਿਉਂਦੀ ਹੈ।ਅਗਾਂਹ ਮੁਸਲਿਮ ਭਾਈਚਾਰੇ ਦੇ ਅੰਦਰ ਦਲਿਤ ਸ਼੍ਰੇਣੀਆਂ ਨਾਲ ਸਬੰਧਤ ਮੁਸਲਿਮ ਲੋਕਾਂ ਦੀ ਹਾਲਤ ਤਾਂ ਹੋਰ ਵੀ ਬਦਤਰ ਸਥਿਤੀ ਵਿਚ ਹੈ।ਜਸਟਿਸ ਰਾਜਿੰਦਰ ਸੱਚਰ ਦੀ ਅਗਵਾਈ ਵਿਚ ਬਣੀ ਸੱਚਰ ਕਮੇਟੀ ਨੇ ਭਾਰਤ ਵਿਚ ਮੁਸਲਿਮ ਆਬਾਦੀ ਦੀ ਆਰਥਿਕ,ਸਮਾਜਿਕ ਅਤੇ ਸਿਆਸੀ ਸਥਿਤੀ ਨਾਲ ਸਬੰਧਤ ਇਕ ਮੁਆਇਨਾ ਕਰਕੇ ਇਕ ਰਿਪੋਰਟ ਜਾਰੀ ਕੀਤੀ ਹੈ ਜਿਸ ਉਤੇ ਬ੍ਰਾਹਮਣਵਾਦੀ ਤਾਕਤਾਂ ਨੇ ਬਹੁਤ ਹੋ ਹੱਲਾ ਮਚਾਇਆ ਹੈ ਅਤੇ ਇਸ ਦੇ ਉਲਟ ਪ੍ਰਚਾਰ ਕੀਤਾ ਹੈ। ਉਨ੍ਹਾਂ ਨੇ ਇਥੋਂ ਤੱਕ ਡੌਂਡੀ ਪਿੱਟਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਰਿਪੋਰਟ ਨਾਲ ਦੇਸ਼ ਦੀ ਅਖੰਡਤਾ ਖ਼ਤਰੇ ਵਿਚ ਪੈ ਸਕਦੀ ਹੈ।ਇਸ ਕਮੇਟੀ ਨੇ ਭਾਰਤ ਵਿਚ ਮੁਸਲਿਮ ਆਬਾਦੀ ਦੀ ਅੱਤ ਦੀ ਗਰੀਬੀ ਅਤੇ ਪੱਛੜੇਪਣ ਦੀ ਸਥਿਤੀ ਨੂੰ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ।
ਅਸੀਂ ਇਥੇ ਵਿਦਿਆ ਦੇ ਖੇਤਰ ਵਿਚ ਪਟਿਆਲਾ ਜ਼ਿਲ੍ਹੇ ਦੇ ਕੁਝ ਪਿੰਡਾਂ ਵਿਚ ਮੁਸਲਿਮ ਵਸੋਂ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ।ਇਹ ਪਿੰਡ ਪਟਿਆਲਾ ਸ਼ਹਿਰ ਨੇੜਲੇ ਪਿੰਡ ਹਨ ਅਤੇ ਅਸੀਂ ਇਹ ਸੋਚ ਕੇ ਚੱਲੇ ਸਾਂ ਕਿ ਸ਼ਹਿਰ ਨੇੜਲੇ ਪਿੰਡ ਹੋਣ ਕਾਰਨ ਇਥੇ ਮੁਸਲਿਮ ਆਬਾਦੀ ਕੁਝ ਚੰਗੀ ਹਾਲਤ ਵਿਚ ਹੋਵੇਗੀ ਪਰ ਸਾਡੇ ਮੁਆਇਨੇ ਵਿਚ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਤੋਂ ਇਹੋ ਲਗਦਾ ਹੈ ਕਿ ਜਸਟਿਸ ਸੱਚਰ ਦੀ ਰਿਪੋਰਟ ਬਿਲਕੁਲ ਸੱਚ ਬੋਲ ਰਹੀ ਹੈ।ਪੰਜਾਬ ਵਿਚ 1947 ਵਿਚ ਹੋਏ ਭਿਆਨਕ ਹੱਲਿਆਂ ਕਾਰਨ ਮੁਸਲਿਮ ਵਸੋਂ ਬਹੁਤ ਘੱਟ ਹੈ।ਮਾਲੇਰਕੋਟਲਾ ਅਤੇ ਕਾਦੀਆਂ ਨੂੰ ਛੱਡ ਕੇ ਸ਼ਾਇਦ ਹੀ ਕੋਈ ਅਜਿਹਾ ਸ਼ਹਿਰ ਜਾਂ ਕਸਬਾ ਹੋਵੇ ਜਿਥੇ ਮੁਸਲਿਮ ਲੋਕ ਵੱਡੀ ਗਿਣਤੀ ਵਿਚ ਮੌਜੂਦ ਹੋਣ।ਪਰ ਕੁਝ ਪਿੰਡ ਅਜਿਹੇ ਹਨ ਜਿਨ੍ਹਾਂ ਵਿਚ ਇਸ ਭਾਈਚਾਰੇ ਦੇ ਲੋਕ ਇਕ ਗਿਣਨਯੋਗ ਹੈਸੀਅਤ ਰੱਖਦੇ ਹਨ।
ਆਪਣੇ ਮੁਆਇਨੇ ਦੇ ਪਹਿਲੇ ਪੜਾਅ ਵਿਚ ਅਸੀਂ ਪਟਿਆਲੇ ਦੇ ਵਜੀਦਪੁਰ ਪਿੰਡ ਵਿਚ ਪਹੁੰਚੇ। ਇਸ ਪਿੰਡ ਦੀ ਕੁਲ ਵਸੋਂ ਕੋਈ 1000 ਦੇ ਕਰੀਬ ਹੈ ਜਿਸ ਵਿਚ ਮੁਸਲਮਾਨਾਂ ਦੀ ਗਿਣਤੀ ਸਿਰਫ਼ 84 ਹੈ ਅਤੇ ਇਹ 84 ਲੋਕ ਸੋਲਾਂ ਪਰਿਵਾਰਾਂ ਨੂੰ ਮਿਲਾ ਕੇ ਬਣਦੇ ਹਨ।ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਸ਼ਹਿਰ ਪਟਿਆਲਾ ਵਾਂਗ ਵਜੀਦਪੁਰ ਪਿੰਡ ਵਿਚ ਵੀ ਵਿਦਿਅਕ ਸੰਸਥਾਵਾਂ ਦੀ ਗਿਣਤੀ ਆਲੇ ਦੁਆਲੇ ਦੇ ਪਿੰਡਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ ਅਤੇ ਇਸ ਪੱਖੋਂ ਇਹ ਅਗਾਂਹਵਧੂ ਪਿੰਡ ਮੰਨਿਆ ਜਾਂਦਾ ਹੈ।ਇਸ ਵਿਚ ਇਕ ਐਲੀਮੈਂਟਰੀ ਸਕੂਲ, ਇਕ ਸੀਨੀਅਰ ਸੈਕੰਡਰੀ ਸਕੂਲ ਅਤੇ ਦੋ ਪ੍ਰਾਈਵੇਟ ਸਕੂਲ ਹਨ।ਪਿੰਡ ਦੇ ਬੱਚਿਆਂ ਦੀ ਕਾਫ਼ੀ ਗਿਣਤੀ ਸ਼ਹਿਰ ਦੇ ਸਕੂਲਾਂ ਵਿਚ ਵੀ ਪੜ੍ਹਨ ਜਾਂਦੀ ਹੈ।ਆਲੇ ਦੁਆਲੇ ਦੇ 30-40 ਪਿੰਡਾਂ ਵਿਚੋਂ ਨੰਬਰ ਇਕ ਪਿੰਡ ਹੋਣ ਦੇ ਨਾਲ ਨਾਲ ਪਟਿਆਲਾ ਸੰਗਰੂਰ ਸੜਕ ਉਤੇ ਸਥਿਤ ਇਸ ਪਿੰਡ ਵਿਚ ਇਕ ਸਿਵਲ ਡਿਸਪੈਂਸਰੀ ਵੀ ਹੈ।ਪਿੰਡ ਦੇ ਗੈਰ ਮੁਸਲਿਮ ਕਿਸਾਨ ਪਰਿਵਾਰਾਂ ਦੀਆਂ ਦੋ ਕੁੜੀਆਂ ਡਾਕਟਰੀ ਦੀ ਪੜ੍ਹਾਈ ਕਰ ਰਹੀਆਂ ਹਨ। ਇਕ ਵਿਅਕਤੀ ਵਕੀਲ ਹੈ।ਸਿੱਖਿਆ ਮਹਿਕਮੇ ਵਿਚ ਕਈ ਲੋਕ ਨੌਕਰੀ ਕਰਦੇ ਹਨ, ਇਕ ਵਿਅਕਤੀ ਖੇਤੀਬਾੜੀ ਇੰਸਪੈਕਟਰ ਰਿਹਾ ਹੈ।ਕਈ ਲੋਕ ਪੁਲਿਸ ਅਤੇ ਫੌਜ ਵਿਚ ਵੀ ਹਨ।ਬੇਸ਼ੱਕ ਉਪਰੋਕਤ ਵਿਚੋਂ ਕੁਝ ਦਲਿਤ ਪਰਿਵਾਰਾਂ ਨਾਲ ਸਬੰਧਤ ਹਨ ਪਰ ਸੱਭੇ ਹੀ ਗੈਰ ਮੁਸਲਿਮ।ਮੁਸਲਿਮ ਘਰਾਂ ਵਿਚੋਂ ਇਕ ਹੀ ਵਿਅਕਤੀ ਨੌਕਰੀ ਕਰਦਾ ਹੈ ਅਤੇ ਉਹ ਵੀ ਦਰਜਾ ਚਾਰ।
ਮੁਸਲਿਮ ਪਰਿਵਾਰਾਂ ਦੀ ਆਰਥਿਕ ਸਮਾਜਿਕ ਸਥਿਤੀ ਸਭ ਤੋਂ ਨੀਵੀਂ ਹੈ।ਉਨ੍ਹਾਂ ਕੋਲ ਕਦੇ ਵੀ ਆਪਣੀ ਜ਼ਮੀਨ ਨਹੀਂ ਰਹੀ ਅਤੇ ਨਾ ਹੀ ਪੰਚਾਇਤੀ ਜ਼ਮੀਨ ਕਦੇ ਮਿਲੀ ਹੈ।ਉਹ ਸਾਰੇ ਹੀ ਜਾਂ ਨਿੱਕੇ ਮੋਟੇ ਧੰਦਿਆਂ ਵਿਚ ਜਾਂਦੇ ਹਨ ਜਾਂ ਦਸਤਕਾਰੀ ਕਰਦੇ ਹਨ। ਪਿਛਲੇ 30 ਸਾਲਾਂ ਤੋਂ ਪੰਚਾਇਤ ਵਿਚ ਉਨ੍ਹਾਂ ਦੀ ਕੋਈ ਨੁਮਾਇੰਦਗੀ ਨਹੀਂ ਰਹੀ।ਉਸ ਤੋਂ ਪਹਿਲਾਂ ਇਕ ਬਜ਼ੁਰਗ ਇਕ ਵਾਰ ਪੰਚਾਇਤ ਮੈਂਬਰ ਬਣਿਆ ਸੀ।ਮੁਸਲਿਮ ਔਰਤਾਂ ਵਿਚ ਬੁਰਕੇ ਦਾ ਰਿਵਾਜ ਨਹੀਂ ਨਾ ਹੀ ਕਿਸੇ ਪਰਿਵਾਰ ਵਿਚ ਇਕ ਤੋਂ ਵੱਧ ਵਿਆਹ ਦਾ ਮਾਮਲਾ ਸਾਹਮਣੇ ਆਇਆ ਹੈ। ਮੁਸਲਿਮ ਪਰਿਵਾਰਾਂ ਦੇ ਬੱਚੇ ਛੋਟੇ ਹੁੰਦਿਆ ਤੋਂ ਹੀ ਦਸਤਾਕਾਰੀ ਜਾਂ ਪੁਸ਼ਤੈਨੀ ਕੰਮਾਂ ਵਿਚ ਰੁਝ ਜਾਂਦੇ ਹਨ। 1947 ਤੋਂ ਬਾਅਦ ਸੱਠ ਸਾਲਾਂ ਵਿਚ ਇਹ ਪਹਿਲੀ ਵਾਰ ਹੈ ਕਿ ਦੋ ਮੁੰਡੇ ਕਾਲਜ ਵਿਚ ਦਾਖਲ ਹੋਏ ਹਨ ਨਹੀਂ ਤਾਂ ਦਸਵੀਂ ਤੋਂ ਅਗਾਂਹ ਕਦੇ ਕੋਈ ਨਹੀਂ ਸੀ ਟੱਪਿਆ।ਅਸੀਂ ਦੀ ਆਬਾਦੀ ਵਿਚ 38 ਲੋਕਾਂ ਤਾਂ ਕੋਰੇ ਅਨਪੜ੍ਹ ਹਨ,ਯਾਨੀ ਤਕਰੀਬਨ 50% ਅਨਪੜ੍ਹਤਾ ਹੈ। ਮੁਸਲਿਮ ਘਰਾਂ ਵਿਚ ਪੰਜਵੀਂ ਤੱਕ ਸਿਰਫ਼ ਸੋਲਾਂ ਜਣੇ (ਸਮੇਤ ਹੁਣ ਪੜ੍ਹ ਰਹੇ ਬੱਚਿਆਂ ਦੇ) ਪੜ੍ਹ ਸਕੇ ਹਨ। ਪੰਜਵੀਂ ਤੇ ਦਸਵੀਂ ਤੱਕ 24 ਲੋਕ ਪੜ੍ਹੇ ਹਨ। ਕਾਲਜ ਵਿਚ ਸਿਰਫ਼ ਦੋ ਹੀ ਪਹੁੰਚੇ ਤੇ ਯੂਨੀਵਰਸਿਟੀ ਤੱਕ ਕੋਈ ਵੀ ਨਹੀਂ ਪਹੁੰਚਿਆ।ਕੋਈ ਦੋਧੀ ਹੈ, ਕੋਈ ਨਾਈ ਹੈ ਤੇ ਕੋਈ ਗਾਉਣ ਵਜਾਉਣ ਦੇ ਖੇਤਰ ਵਿਚ ਕਾਮਾ ਹੈ।
ਕਿਸੇ ਦੇਸ਼ ਵਿਚ ਪਛੜੇ ਵਰਗ ਦੇ ਲੋਕਾਂ ਨੂੰ ਉਚਾ ਉਠਾਉਣ ਲਈ ਸੱਠ ਵਰ੍ਹੇ ਵੀ ਜੇ ਅਜਾਈਂ ਚਲੇ ਜਾਂਦੇ ਹਨ ਤਾਂ ਉਥੇ ਹਾਕਮਾਂ ਦੇ ਪਛੜਿਆਂ ਪ੍ਰਤੀ ਲਾਪ੍ਰਵਾਹੀ ਵਾਲੇ ਵਤੀਰੇ ਉਤੇ ਕੋਈ ਵੀ ਕਿੰਤੂ ਉਠਾਉਣ ਵਿਚ ਹੱਕ-ਬਜਾਨਬ ਹੋ ਜਾਂਦਾ ਹੈ। ਵਜੀਦਪੁਰ ਜਿਹੇ ਅਗਾਂਹਵਧੂ ਪਿੰਡ ਦੀ ਹਾਲਤ ਮੁਸਲਮਾਨਾਂ ਨੂੰ ਦੇਸ਼ ਦੀ ਭੈੜੀ ਸਥਿਤੀ ਲਈ ਜ਼ਿੰਮੇਵਾਰ ਠਹਿਰਾਉਣ ਵਾਲਿਆਂ ਦੇ ਦਾਅਵੇ ਉਤੇ ਤਾਂ ਕੋਈ ਕੀ ਯਕੀਨ ਕਰੇਗਾ? ਇਸ ਪਿੰਡ ਵਿਚ ਵਿਦਿਆ ਪੱਖੋਂ ਮੁਸਲਮਾਨ ਪਰਿਵਾਰਾਂ ਦੀ ਹਾਲਤ ਗੈਰ ਮੁਸਲਿਮ ਦਲਿਤ ਪਰਿਵਾਰਾਂ ਨਾਲੋਂ ਵੀ ਭੈੜੀ ਹੈ ਤੇ ਵਿਦਿਆ ਦੇ ਬਾਜ਼ਾਰੀਕਰਨ ਦੇ ਅੱਜ ਦੇ ਦੌਰ ਵਿਚ ਇਸ ਨੇ ਹੋਰ ਵੀ ਬੁਰਾ ਹੋ ਜਾਣਾ ਹੈ।
ਨਾਲ ਹੀ ਇਕ ਹੋਰ ਪਿੰਡ ਹੈ ਜਾਲ੍ਹਾਂ। 14-1500 ਦੀ ਆਬਾਦੀ ਵਾਲੇ ਇਸ ਪਿੰਡ ਵਿਚ 17 ਘਰ ਮੁਸਲਮਾਨਾਂ ਦੇ ਹਨ ਅਤੇ ਇਨ੍ਹਾਂ ਦੀ ਕੁਲ ਆਬਾਦੀ 72 ਹੈ।ਜਾਲ੍ਹਾ ਇਕ ਬੇਨਾਮ ਪਿੰਡ ਹੈ,ਜਿਥੇ ਮੁਸਲਮਾਨਾਂ ਦੀ ਹਾਲਤ ਵਜੀਦਪੁਰ ਨਾਲੋਂ ਕਿਤੇ ਜ਼ਿਆਦਾ ਭੈੜੀ ਹੈ। ਅੱਤ ਦੀ ਗਰੀਬੀ ਦੇ ਮਾਰੇ ਇਨ੍ਹਾਂ ਮੁਸਲਿਮ ਪਰਿਵਾਰਾਂ ਵਿਚ ਸਿਰਫ਼ 15 ਵਿਅਕਤੀ ਅਜਿਹੇ ਹਨ ਜਿਹੜੇ 5-10 ਤੱਕ ਜਮਾਤਾਂ ਪੜ੍ਹ ਸਕੇ ਹਨ। 51 ਜਣੇ ਊੜਾ ਐੜਾ ਵੀ ਨਹੀਂ ਜਾਣਗੇ। ਕਾਲਜ ਵਿਚ ਕਦੇ ਕੋਈ ਨਹੀਂ ਗਿਆ। ਪੰਜਵੀਂ ਤੱਕ ਰਹਿ ਜਾਣ ਵਾਲੇ ਛੇ ਜਣੇ ਹਨ। ਇਥੇ ਵੀ ਕਿਸੇ ਕੋਲ ਖ਼ਾਨਦਾਨੀ ਜ਼ਮੀਨ ਨਹੀਂ ਨਾ ਹੀ ਕਦੇ ਉਨ੍ਹਾਂ ਨੂੰ ਪੰਚਾਇਤੀ ਜ਼ਮੀਨ ਦਿੱਤੀ ਗਈ ਹੈ। ਸਾਰੇ ਲੋਕ ਛੋਟੇ-ਮੋਟੇ ਕੰਮ ਜਾਂ ਮਿਹਨਤ ਮਜ਼ਦੂਰੀ ਕਰਦੇ ਹਨ। ਸਰਕਾਰੀ ਨੌਕਰੀ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਨੇੜੇ ਤੇੜੇ ਕਿਸੇ ਪਿੰਡ ਵਿਚ ਕੋਈ ਮਦਰੱਸਾ ਵੀ ਨਹੀਂ ਕਿ ਮੌਲਾਣਿਆਂ ਕੋਲ ਪੜ੍ਹਨ ਵਾਸਤੇ ਬੱਚੇ ਭੇਜ ਦਿੱਤੇ ਜਾਣ।ਨਾ ਹੀ ਵਜੀਦਪੁਰ ਤੇ ਨਾ ਹੀ ਜਾਲ੍ਹਾਂ ਵਿਚ ਕੋਈ ਮਸਜਿਦ ਹੈ, ਸੋ ਪੜ੍ਹਾਈ ਦੀ ਬੁਰੀ ਹਾਲਤ ਦੇ ਨਾਲ-ਨਾਲ ਇਬਾਦਤਗਾਹ ਵੀ ਕੋਈ ਨਹੀਂ ਉਨ੍ਹਾਂ ਲਈ।ਜਾਲ੍ਹਾ ਵਿਚ ਅਸੀਂ ਇਕ ਮੁਸਲਿਮ ਨੌਜਵਾਨ ਤੋਂ ਮੁਸਲਿਮ ਆਬਾਦੀ ਦੀ ਵਿਦਿਆ ਸਬੰਧੀ ਬੁਰੀ ਹਾਲਤ ਤੇ ਇਸ ਸਮੱਸਿਆ ਦੇ ਕੋਈ ਹੱਲ ਬਾਰੇ ਪੁੱਛਿਆ ਤਾਂ ਉਹ ਕੋਈ ਜੁਆਬ ਹੀ ਨਾ ਦੇ ਸਕਿਆ। ਉਹ ਸਿਰਫ਼ ਏਨਾ ਹੀ ਕਹਿ ਸਕਿਆ ਕਿ ਬਾਈ ਹਾਲੇ ਤੱਕ ਤਾਂ ਕਿਸੇ ਨੇ ਕਦੇ ਅਜਿਹੀ ਗੱਲ ਹੀ ਨਹੀਂ ਪੁੱਛੀ ਜਵਾਬ ਕੀ ਸੋਚੀਏ, ਤੁਸੀਂ ਪਹਿਲੇ ਆਦਮੀ ਹੋ ਜਿਹੜੇ ਅਜਿਹੀ ਗੱਲ ਕਰ ਰਹੇ ਹੋ।
ਇਹ ਟਿੱਪਣੀ ਕਾਫ਼ੀ ਹੈ ਇਹ ਦਰਸਾਉਣ ਲਈ ਕਿ ਇਸ ਮੁੱਦੇ ਉਤੇ ਨਾ ਸਰਕਾਰ ਨੇ ਤੇ ਨਾ ਹੀ ਪੰਚਾਇਤਾਂ ਨੇ ਕਦੇ ਕੋਈ ਸਰੋਕਾਰ ਦਿਖਾਇਆ ਹੈ। ਦੇਸ਼ ਦੀ ਤਰੱਕੀ ਦਾ ਧੂੰਆਂ ਧਾਰ ਪ੍ਰਚਾਰ ਜੋ ਅਖਬਾਰਾਂ ਤੇ ਟੀ. ਵੀ. ਚੈਨਲਾਂ ਤੋਂ ਹੁੰਦਾ ਹੈ ਉਸ ਤੋਂ ਆਮ ਆਦਮੀ ਅਤੇ ਖ਼ਾਸ ਕਰਕੇ ਮੁਸਲਿਮ ਲੋਕ ਕੋਹਾਂ ਦੂਰ ਦਿਖਾਈ ਦੇਂਦੇ ਹਨ। ਹਕੀਕਤ ਇਹ ਹੈ ਕਿ ਉਹ ਕਿਸੇ ਨੂੰ ਦਿਖਾਈ ਦੇਂਦੇ ਹੀ ਨਹੀਂ।
ਪਟਿਆਲਾ-ਸੰਗਰੂਰ ਸੜਕ ਉਤੇ ਸਥਿਤ ਪਿੰਡ ਫਤਿਹਪੁਰ ਦੀ ਤਕਰੀਬਨ 1000 ਆਬਾਦੀ ਵਿਚ 60 ਜਣੇ 12 ਮੁਸਲਿਮ ਪਰਿਵਾਰਾਂ ਵਿਚ ਹਨ। ਇਥੋਂ ਕਈ ਲੋਕ ਸਰਕਾਰੀ ਨੌਕਰੀ ਵਿਚ ਹਨ ਤੇ ਚੰਗੇ ਪੜ੍ਹੇ ਲਿਖੇ ਹਨ ਪਰ ਮੁਸਲਿਮ ਪਰਿਵਾਰਾਂ ਦੇ ਬੱਚੇ ਉਚ ਸਿੱਖਿਆ ਤੱਕ ਪਹੁੰਚਦੇ ਹੀ ਨਹੀਂ ਸਰਕਾਰੀ ਨੌਕਰੀ ਤੱਕ ਸਿਰਫ਼ ਚਾਰ ਜਣੇ ਪਹੁੰਚ ਸਕੇ ਹਨ। ਹਾਕਮ ਪਹਿਲਾ ਮੁਸਲਿਮ ਹੈ ਜਿਹੜਾ ਪਟਿਆਲੇ ਦੇ ਕਿਸੇ ਕਾਲਜ ਤੱਕ ਪਹੁੰਚਿਆ ਹੈ। ਉਸ ਤੋਂ ਪਹਿਲਾਂ ਕੋਈ ਵੀ ਬਾਰ੍ਹਵੀਂ ਤੋਂ ਅੱਗੇ ਨਹੀਂ ਗਿਆ। 60 ਵਿਚੋਂ 45 ਜਣੇ ਕੋਰੇ ਅਨਪੜ੍ਹ ਹਨ ਜਾਂ ਪੰਜਵੀਂ ਤੱਕ ਜਾਂਦੇ ਜਾਂਦੇ ਪੜ੍ਹਾਈ ਛੱਡ ਚੁੱਕੇ ਹਨ। ਸਿਰਫ਼ 11 ਜਣੇ ਦਸਵੀਂ ਤੱਕ ਪਹੁੰਚੇ ਤੇ ਉਨ੍ਹਾਂ ਵਿਚੋਂ ਚਾਰ ਹੀ ਬਾਰ੍ਹਵੀਂ ਤੱਕ ਪਹੁੰਚ ਪਾਏ। ਸਭੇ ਸਰਕਾਰੀ ਸਕੂਲਾਂ ਤੱਕ ਸੀਮਿਤ ਰਹੇ ਕਿਉਂਕਿ ਪ੍ਰਾਈਵੇਟ ਸਕੂਲਾਂ ਦੀ ਫੀਸ ਦੇਣ ਦੀ ਕਿਸੇ ਦੀ ਸਮਰੱਥਾ ਨਹੀਂ।
ਇਹੋ ਹਾਲ ਲਚਕਾਣੀ ਪਿੰਡ ਦਾ ਹੈ। ਇਥੇ 60 ਘਰ ਮੁਸਲਿਮ ਧਰਮ ਨਾਲ ਸਬੰਧਤ ਹਨ ਜਿਨ੍ਹਾਂ ਵਿਚੋਂ ਕੁਲ ਚਾਰ ਜਣੇ ਸਰਕਾਰੀ ਨੌਕਰੀ ਵਿਚ ਹਨ। ਬਾਕੀਆਂ ’ਚੋਂ ਬਹੁਤੇ ਮਿਹਨਤ ਮਜ਼ਦੂਰੀ ਕਰਦੇ ਹਨ ਜਾਂ ਨਿੱਕੇ ਮੋਟੇ ਧੰਦਿਆਂ ਵਿਚ ਹਨ। ਮੁਸਲਿਮ ਆਬਾਦੀ ਪੱਖੋਂ ਇਹ ਇਕ ਵੱਡਾ ਪਿੰਡ ਹੈ। ਸਿਰਫ਼ ਇਕ ਖ਼ਾਨਦਾਨ 40 ਵਿੱਘੇ ਦਾ ਮਾਲਕ ਹੈ ਤੇ ਜੇ ਇਹ ਜ਼ਮੀਨ ਵੰਡੀ ਜਾਵੇ ਤਾਂ ਕਿਸੇ ਨੂੰ ਵੀ ਡੇਢ ਕਿੱਲ੍ਹੇ ਤੋਂ ਵੱਧ ਨਹੀਂ ਆਵੇਗੀ। ਬੇਸ਼ੱਕ ਇਹ ਜ਼ਮੀਨ ਜੱਦੀ ਨਹੀਂ ਅਤੇ ਉਸ ਖ਼ਾਨਦਾਨ ਦੀ ਸਖ਼ਤ ਮਿਹਨਤ ਦਾ ਸਿੱਟਾ ਹੈ। 1947 ਤੋਂ ਪਹਿਲਾਂ ਅਤੇ ਬਾਅਦ ਵਿਚ ਰਹਿ ਗਏ 16 ’ਚੋਂ 9 ਪਰਿਵਾਰਾਂ ਵਿਚੋਂ ਕੋਈ ਕਿਸਾਨ ਪਰਿਵਾਰ ਨਹੀਂ ਸੀ। ਕੋਈ ਪੇਂਜਾ, ਕੋਈ ਤੇਲੀ ਤੇ ਕੋਈ ਮਜ਼ਦੂਰ ਜਾਂ ਫਿਰ ਕਲਾਕਾਰੀ ਹੀ ਉਨ੍ਹਾਂ ਦੇ ਕਿੱਤੇ ਸਨ। ਕੋਈ 300 ਦੀ ਮੁਸਲਿਮ ਆਬਾਦੀ ਵਿਚ 170-175 ਤੱਕ ਅਨਪੜ੍ਹ ਹਨ। 36 ਜਣੇ 8ਵੀਂ ਤੇ ਦਸਵੀਂ ਤੱਕ ਪੜ੍ਹੇ ਹਨ ਪਰ ਸਰਕਾਰੀ ਨੌਕਰੀ ਵਿਚ ਕੁੱਲ ਤਿੰਨ ਹੀ ਪਹੁੰਚ ਸਕੇ। ਕਾਲਜ ਦੀ ਪੜ੍ਹਾਈ ਤੱਕ ਸਿਰਫ਼ ਦੋ ਜਣੇ ਪਹੁੰਚੇ। ਬਹੁਤੇ ਬੱਚੇ 5ਵੀਂ ਤੱਕ ਜਾਂਦੇ-ਜਾਂਦੇ ਪੜ੍ਹਾਈ ਛੱਡ ਦੇਂਦੇ ਰਹੇ ਤੇ ਖੁਸ਼ਤੈਨੀ ਧੰਦਿਆਂ ਵਿਚ ਜਾ ਲੱਗੇ ਜਾਂ ਫਿਰ ਬੱਕਰੀਆਂ ਚਾਰਨ ਤੁਰ ਗਏ। ਪੜ੍ਹਾਈ ਨਾ ਕਰਨ ਦਾ ਵੱਡਾ ਕਾਰਨ ਗਰੀਬੀ ਹੀ ਰਿਹਾ ਤੇ ਹੁਣ ਵੀ ਹੈ। ਗੁਜ਼ਾਰੇ ਲਈ ਉਹ ਦਿਹਾੜੀ ਕਰਨ ਲੱਗ ਜਾਂਦੇ ਹਨ ਜਾਂ ਪਿੰਡ ਪਿੰਡ ਕੱਪੜੇ ਵੇਚਣ ਲਈ ਢੱਕੀ ਲੈ ਤੁਰਦੇ ਹਨ। 300 ਦੀ ਆਬਾਦੀ ਹੋਣ ਦੇ ਬਾਵਜੂਦ ਵੀ ਉਨ੍ਹਾਂ ’ਚੋਂ ਕਦੇ ਕੋਈ ਸਰਪੰਚ ਨਹੀਂ ਬਣਿਆ। ਕਦੇ ਦੋ ਜਣੇ ਪੰਚ ਬਣੇ ਪਰ ਉਨ੍ਹਾਂ ਦਾ ਵੀ ਕਹਿਣਾ ਹੈ ਕਿ ਪੰਚੀ/ਸਰਪੰਚੀ ਲਈ ਜੇਬ ਵਿਚ ਪੈਸੇ ਚਾਹੀਦੇ ਹਨ। ਸੋ ਕੋਹੀ ਵੀ ਇਨ੍ਹਾਂ ਅਦਾਰਿਆਂ ਵਿਚ ਜਾਣ ਦੀ ਸਮਰੱਥਾ ਜਾਂ ਹਿੰਮਤ ਨਹੀਂ ਰੱਖਦਾ।
ਪਟਿਆਲੇ ਦਾ ਹੀ ਹੋਰ ਪਿੰਡ ਸਵਾਜਪੁਰ ਜੋ ਕਿ ਪਟਿਆਲਾ-ਸਮਾਣਾ ਸੜਕ ’ਤੇ ਸਥਿਤ ਹੈ। 1947 ਵਿਚ ਇਥੋਂ ਬਹੁਤ ਸਾਰੇ ਮੁਸਲਿਮ ਪਰਿਵਾਰ ਪਾਕਿਸਤਾਨ ਚਲੇ ਗਏ। ਜਿਹੜੇ ਰਹਿ ਗਏ ਉਨ੍ਹਾਂ ਆਪਣੀ ਜਾਨ ਦੀ ਖ਼ਾਤਰ ਸਿੱਖ ਧਰਮ ਅਪਣਾਅ ਲਿਆ ਪਰ ਆਪਣੀ ਬਰਾਦਰੀ ਤੋਂ ਬਾਹਰ ਉਹ ਕਦੇ ਵੀ ਦੂਸਰੇ ਸਿੱਖ ਪਰਿਵਾਰਾਂ ਵਿਚ ਖੂਨ ਦੇ ਰਿਸ਼ਤਿਆਂ ਵਿਚ ਸ਼ਾਮਲ ਨਹੀਂ ਕੀਤੇ ਗਏ। ਸਿੱਖ ਬਣਾ ਕੇ ਵੀ ਉਹ ਸਿੱਖ ਭਾਈਚਾਰੇ ਦਾ ਹਿੱਸਾ ਨਹੀਂ ਬਣਾਏ ਗਏ। ਇਹ ਪਰਿਵਾਰ, ਹੋਰਨਾਂ ਕਈ ਪਿੰਡਾਂ ਵਿਚ ਰਹਿ ਗਏ ਮੁਸਲਿਮ ਪਰਿਵਾਰਾਂ ਵਾਂਗ ਨਿਕਾਹ ਵੀ ਕਰਦੇ ਤੇ ਆਨੰਦ ਕਾਰਜ ਵੀ। ਪਰ ਬਹੁਤੇ ਜਣੇ ਅੰਤ ਨੂੰ ਮੁਸਲਿਮ ਧਰਮ ਵੱਲ ਹੀ ਪਰਤ ਗਏ। ਸਿੱਖ ਬਣਨ ਨੇ ਉਨ੍ਹਾਂ ਦੇ ਜੀਵਨ ਪੱਧਰ ਜਾਂ ਆਰਥਿਕਤਾ ਨੂੰ ਉ¤ਚਾ ਨਹੀਂ ਚੁੱਕਿਆ। ਉਨ੍ਹਾਂ ਦੀ ਬਸਤੀ ਪਿੰਡ ਤੋਂ ਬਾਹਰਵਾਰ ਗੰਦੇ ਨਾਲੇ ਦੇ ਕੰਢੇ ਉਤੇ ਹੀ ਬਣੀ ਹੋਈ ਹੈ ਤੇ ਗਰੀਬੀ, ਬਿਮਾਰੀ ਤੇ ਜਹਾਲਤ ਦਾ ਮੰਜ਼ਰ ਪੇਸ਼ ਕਰਦੀ ਹੈ। ਉਹ ਵੀ ਆਪਣੇ ਦੂਸਰੇ ਭਰਾਵਾਂ ਭੈਣਾਂ ਵਾਂਗ ਸਿੱਖਿਆ ਜਾਂ ਉਚ ਸਿੱਖਿਆ ਤੋਂ ਵਿਰਵੇ ਰਹੇ। ਇਨ੍ਹਾਂ ਦੇ 10 ਘਰਾਂ ਵਿਚੋਂ ਸਿਰਫ਼ ਇਕ ਜਣਾ ਪੀ.ਆਰ.ਟੀ.ਸੀ. ਵਿਚ ਦਰਜਾ ਚਾਰ ਮੁਲਾਜ਼ਮ ਹੈ ਬਾਕੀ ਦੇ ਮਜ਼ਦੂਰੀ ਕਰਦੇ ਹਨ ਜਦਕਿ ਇਕ ਜਣਾ ਪਿੰਡ ਹੀ ਦਰਜੀ ਦਾ ਕੰਮ ਕਰਦਾ ਹੈ ਤੇ ਇਕ ਜਣਾ ਸਾਈਕਲਾਂ ਨੂੰ ਪੈਂਚਰ ਲਗਾਉਂਦਾ ਹੈ। ਇਕ ਜਣੇ ਤੋਂ ਬਿਨਾਂ ਹੋਰ ਕੋਈ ਵੀ ਦਸਵੀਂ ਜਮਾਤ ਤੱਕ ਨਹੀਂ ਪਹੁੰਚ ਸਕਿਆ।
ਪਿੰਡ ਟੌਹੜਾ ਦੀ ਹਾਲਤ ਕੁਝ ਚੰਗੀ ਹੈ ਪਰ ਫਿਰ ਵੀ ਮੁਸਲਿਮ ਬਰਾਦਰੀ ਦੂਸਰੇ ਲੋਕ ਹਿੱਸਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਪਛੜੀ ਹੋਈ ਹੈ। ਕੁਲ 1300 ਦੀ ਆਬਾਦੀ ਵਿਚ 250 ਲੋਕ ਮੁਸਲਿਮ ਸਮਾਜ ਦੇ ਹਨ ਜਿਨ੍ਹਾਂ ਦੇ ਕੋਈ 20 ਪਰਿਵਾਰ ਹਨ। ਇਨ੍ਹਾਂ ਵਿਚੋਂ ਔਰਤਾਂ ਸਮੇਤ ਕਾਫ਼ੀ ਲੋਕ ਬਿਲਕੁਲ ਅਨਪੜ੍ਹ ਹਨ। ਸਿਰਫ਼ ਦੋ ਹੀ ਅਜਿਹੇ ਹਨ ਜਿਹੜੇ ਗਰੈਜੂਏਟ ਹਨ ਬਾਕੀ ਪੜ੍ਹੇ ਲਿਖੇ ਵਿਅਕਤੀਆਂ ਦੀ ਗਿਣਤੀ 25 ਦੇ ਕਰੀਬ ਹੈ ਜਿਨ੍ਹਾਂ ਵਿਚੋਂ 10 ਜਣੇ ਨੌਕਰੀ ਕਰਦੇ ਹਨ। ਬਾਕੀ ਦੇ ਲੋਕ ਦਿਹਾੜੀ ਜਾਂ ਛੋਟੇ ਮੋਟੇ ਧੰਦੇ ਕਰਕੇ ਗੁਜ਼ਾਰਾ ਕਰਦੇ ਹਨ।ਇਸੇ ਤਰ੍ਹਾਂ ਪਿੰਡ ਦਿਆਗੜ੍ਹ ਦੀ ਕੁਲ 200 ਦੀ ਆਬਾਦੀ ਵਿਚ 62 ਲੋਕ ਮੁਸਲਿਮ ਹਨ ਪਰ ਇਨ੍ਹਾਂ ਵਿਚੋਂ 50% ਤੋਂ ਜ਼ਿਆਦਾ ਅਨਪੜ੍ਹ ਹਨ। ਕੋਈ ਵੀ ਜਣਾ +2 ਤੋਂ ਨਹੀਂ ਟੱਪਿਆ। ਸਿਰਫ਼ ਇਕ ਜਣਾ ਸਰਕਾਰੀ ਨੌਕਰੀ ਵਿਚ ਹੈ। ਹੁਣ ਦੇ ਸਮੇਂ 10 ਬੱਚੇ ਸਕੂਲ ਵਿਚ ਪੜ੍ਹਦੇ ਹਨ।ਇਹ ਸਾਰੇ ਪਰਿਵਾਰ ਅੱਤ ਦੇ ਗਰੀਬ ਹਨ ਤੇ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਹਨ।
ਸ਼ਾਹੀ ਸ਼ਹਿਰ ਪਟਿਆਲੇ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਖ਼ੂਬਸੂਰਤ ਇਮਾਰਤਾਂ ਦੇ ਪਰਛਾਵਿਆਂ ਹੇਠ ਕਿੰਨਾ ਕਾਲਖੀ ਹਨ੍ਹੇਰਾ ਮੌਜੂਦ ਹੈ।ਇਸਦਾ ਖਿਆਲ ਕਿਸੇ ਨੂੰ ਨਹੀਂ। ਕਹਿੰਦੇ ਹੁੰਦੇ ਸਨ ਵਿਦਿਆ ਇਕ ਚਾਨਣ ਹੈ, ਇਕ ਨੂਰ ਜਿਹੜਾ ਦਿਲ-ਦਿਮਾਗ਼ ਰੌਸ਼ਨ ਕਰਦਾ ਹੈ। ਅਜੇ ਵੀ ਸਕੂਲਾਂ ਦੀਆ ਕੰਧਾਂ ਉਤੇ ਇਹ ਕਿਤੇ ਕਿਤੇ ਲਿਖਿਆ ਮਿਲ ਜਾਂਦਾ ਹੈ।ਪਰ ਇਹ ਨੂਰ ਨਾ ਨੂਰੇ ਨੂੰ ਮਿਲ ਰਿਹਾ ਹੈ ਨਾ ਹੀ ਨੂਰਾਂ ਨੂੰ।ਕੋਈ ਨਹੀਂ ਦਿਸਦਾ ਜਿਹੜਾ ਇਸ ਦਾ ਚਿਰਾਗ ਇਨ੍ਹਾਂ ਮੁਸਲਿਮ ਬਸਤੀਆਂ ਵਿਚ ਜਗਾਵੇ। ਵਿਦਿਆ ਦੇ ਨਿੱਜੀ ਵਪਾਰਕ ਹੱਥਾਂ ਵਿਚ ਦੇ ਦਿੱਤੇ ਜਾਣ ਨਾਲ ਇਹ ਗੁੰਜਾਇਸ਼ ਉਂਜ ਹੀ ਖ਼ਤਮ ਹੁੰਦੀ ਜਾ ਰਹੀ ਹੈ।ਪੜ੍ਹਾਈ ਮਹਿੰਗੀ ਹੋ ਗਈ ਤੇ ਸਾਖਰਤਾ ਮਹਿੰਮ ਸੁਗਲ ਬਣ ਗਈ। ਕਿਹੜੀ ਸਰਵ ਸਿੱਖਿਆ ਤੇ ਕਿਹੜਾ ਪੜ੍ਹੋ ਪੰਜਾਬ ਪ੍ਰਾਜੈਕਟ।ਕੋਈ ਉਚ ਵਿਦਿਆ ਤੱਕ ਪਹੁੰਚੇਗਾ ਹੀ ਨਹੀਂ ਤਾਂ ਹਾਸਲ ਕੀ ਕਰੇਗਾ।ਮੁਸਲਿਮ ਅਤੇ ਬਾਜ਼ੀਗਰ ਭਾਈਚਾਰੇ ਲਈ ਤਾਂ ਰਾਖਵੇਂਕਰਨ ਦੀ ਨਿਗੂਣੀ ਸਹੂਲਤ ਵੀ ਨਹੀਂ ਅਤੇ ਜਦੋਂ ਮੁਸਲਿਮ ਲੋਕ ਦਲਿਤ ਸਮਾਜ ਨਾਲ ਸਬੰਧਤ ਹੋਣ ਤਾਂ ਫਿਰ ਕੋਈ ਵੀ ਬੇਲੀ ਨਹੀਂ।
- ਡਾ. ਪੁਨੀਤ
094644-17416