ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, November 30, 2011

ਕਿਸ਼ਨਜੀ ਦੀ ਮੌਤ ਨਾਲ ਜੁੜੇ ਸਵਾਲ

ਪੱਛਮੀ ਬੰਗਾਲ ਦੇ ਮਿਦਨਾਪੁਰ ਜ਼ਿਲ੍ਹੇ ਦੇ ਬੁਰਸੋਲੀ ਜੰਗਲਾਂ ਵਿਚ ਸੁਰੱਖਿਆ ਤਾਕਤਾਂ ਨਾਲ ਮੁਕਾਬਲੇ ‘ਚ ਚੋਟੀ ਦਾ ਮਾਓਵਾਦੀ ਆਗੂ ਐੱਮ ਕੋਟੇਸ਼ਵਰ ਰਾਓ ਉਰਫ਼ ਕਿਸ਼ਨਜੀ ਮਾਰਿਆ ਗਿਆ। ਪੁਲਿਸ ਵਲੋਂ ਉਹੀ ਮੁਕਾਬਲੇ ਦੀ ਕਹਾਣੀ ਪੇਸ਼ ਕੀਤੀ ਗਈ ਜੋ ਉਨੀ-ਇੱਕੀ ਦੇ ਫ਼ਰਕ ਨਾਲ ਦਹਾਕਿਆਂ ਤੋਂ ਆਏ ਦਿਨ ਦੁਹਰਾਈ ਜਾਂਦੀ ਹੈ, ਸੁਰੱਖਿਆ ਬਲਾਂ ਨਾਲ ਭਾਰੀ ਮੁਕਾਬਲਾ, ਚੋਟੀ ਦੇ ਦਹਿਸ਼ਤਗ਼ਰਦ ਦੀ ਲਾਸ਼ ਮਿਲੀ। ਇਸ ਘਟਨਾ ਨੂੰ ਲੋਕਤੰਤਰ ਦੇ ਚੈਂਪੀਅਨਾਂ ਨੇ ਅਰਾਮ ਨਾਲ ਹੀ ਸਵੀਕਾਰ ਵੀ ਕਰ ਲਿਆ ਅਤੇ ਹਜ਼ਮ ਵੀ। ਇਸ ਘਟਨਾ ਵਿਚ ਨਾ ਕਿਸੇ ਨੂੰ ਕਾਨੂੰਨ ਦੀ ਉਲੰਘਣਾ ਨਜ਼ਰ ਆਈ, ਨਾ ਕਿਸੇ ਆਗੂ ਨੂੰ ਲੋਕਤੰਤਰ ਦੀ ਚਿੰਤਾ ਨੇ ਸਤਾਇਆ। ਉਲਟਾ ਲਗਦਾ ਇਹ ਸੀ ਕਿ ਸਭ ਨੇ ਰਾਹਤ ਮਹਿਸੂਸ ਕੀਤੀ ਹੈ ਕਿ ‘ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਵੱਡੇ ਖ਼ਤਰੇ’ ਦਾ ਇਕ ਮੁੱਖ ਸਰਗਨਾ ਗਲੋਂ ਲਹਿ ਗਿਆ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੋਂ ਲੈਕੇ ਮੁੱਖ ਮੰਤਰੀਆਂ ਤੱਕ ਜਿਨ੍ਹਾਂ ਆਗੂਆਂ ਨੇ ਸ਼ਰਦ ਪਵਾਰ ਦੇ ਮੂੰਹ ‘ਤੇ ਪਏ ਥੱਪੜ ਦਾ ਦਰਦ ਮਹਿਸੂਸ ਕਰਦਿਆਂ ਉਸ ਦਾ ਹਾਲ ਚਾਲ ਪੁੱਛਣ ਲਈ ਤੁਰੰਤ ਫ਼ੋਨ ਖੜਕਾ ਦਿੱਤੇ ਪਰ ਇਸ ਸਿਆਸੀ ਕਤਲ ਬਾਰੇ ਖ਼ਾਮੋਸ਼ ਰਹਿਣਾ ਹੀ ਬਿਹਤਰ ਸਮਝਿਆ।

ਇਹ ਕਾਂਡ ਉਸ ਸਮੇਂ ਵਾਪਰਿਆ ਹੈ ਜਦੋਂ ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ ਦੀ ਸਰਕਾਰ ਹੈ ਜੋ ਸੂਬੇ ਦੇ ਨਕਸਲ ਪ੍ਰਭਾਵਿਤ ਖੇਤਰਾਂ ਵਿਚੋਂ ਸੁਰੱਖਿਆ ਤਾਕਤਾਂ ਵਾਪਸ ਬੁਲਾਉਣ, ਲੋਕਾਂ ਉੱਪਰ ਪੁਲਿਸ ਜਬਰ ਬੰਦ ਕਰਨ, ਨਿਰਦੋਸ਼ ਲੋਕਾਂ ‘ਤੇ ਬਣਾਏ ਝੂਠੇ ਪੁਲਿਸ ਕੇਸ ਵਾਪਸ ਲੈਣ, ਮਾਓਵਾਦੀਆਂ ਨਾਲ ਗੱਲਬਾਤ ਕਰਕੇ ਲੋਕਾਂ ਦੇ ਮਸਲਿਆਂ ਦਾ ਸਿਆਸੀ ਹੱਲ ਕਰਨ ਵਗੈਰਾ ਦੇ ਨਾਅਰੇ ਦੇਕੇ ਸੱਤਾ ‘ਚ ਆਈ ਸੀ। ਜਿਸ ਵਲੋਂ ਵਾਰ ਵਾਰ ਐਲਾਨ ਕੀਤੇ ਜਾ ਰਹੇ ਹਨ ਕਿ ਪੁਲਿਸ ਤੇ ਸੁਰੱਖਿਆ ਤਾਕਤਾਂ ਵਲੋਂ ਇਨ੍ਹਾਂ ਇਲਾਕਿਆਂ ਵਿਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸਰਕਾਰ ਵਲੋਂ ਛੇ ਮੈਂਬਰੀ ਸਾਲਸੀ ਕਮੇਟੀ ਬਣਾਈ ਹੋਈ ਹੈ ਜਿਸ ਵਿਚ ਬੰਗਾਲ ਦੇ ਨਾਮੀ ਬੁੱਧੀਜੀਵੀ ਸ਼ਾਮਲ ਹਨ ਜੋ ਦੋਵਾਂ ਧਿਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਗੱਲਬਾਤ ਸ਼ੁਰੂ ਕਰਾਉਣ ਦਾ ਅਮਲ ਚਲਾ ਰਹੇ ਹਨ। ਅਜਿਹੇ ਅਹਿਮ ਸਿਆਸੀ ਮੋੜ ਉੱਪਰ ਮਾਓਵਾਦੀਆਂ ਦੇ ਚੋਟੀ ਦੇ ਆਗੂ ਨੂੰ ਮੁਕਾਬਲੇ ‘ਚ (ਜੇ ਮੁਕਾਬਲਾ ਸੱਚਾ ਵੀ ਹੋਵੇ) ਮਾਰਨ ਤੋਂ ਕੀ ਸੰਕੇਤ ਮਿਲਦਾ ਹੈ? ਐਨ ਅਜਿਹੇ ਮੌਕੇ ਹੀ 2 ਜੁਲਾਈ 2010 ਨੂੰ ਸੁਰੱਖਿਆ ਤਾਕਤਾਂ ਨੇ ਮਾਓਵਾਦੀ ਪਾਰਟੀ ਦੇ ਬੁਲਾਰੇ ਅਤੇ ਚੋਟੀ ਦੇ ਆਗੂ ਚੇਰੂਕੁਰੀ ਰਾਜਕੁਮਾਰ ਉਰਫ਼ ਆਜ਼ਾਦ ਨੂੰ ਮੁਕਾਬਲੇ ‘ਚ ਕਤਲ ਕਰ ਦਿੱਤਾ ਸੀ, ਜਦੋਂ ਉਹ ਭਾਰਤ ਦੇ ਗ੍ਰਹਿ ਮੰਤਰੀ ਵਲੋਂ ਗੱਲਬਾਤ ਦੀ ਪੇਸ਼ਕਸ਼ ਪ੍ਰਵਾਨ ਕਰਕੇ ਗੱਲਬਾਤ ਦਾ ਅਮਲ ਚਲਾਉਣ ਦੀਆਂ ਸੰਜੀਦਾ ਕੋਸ਼ਿਸ਼ਾਂ ਕਰ ਰਿਹਾ ਸੀ। ਗੱਲਬਾਤ ‘ਚ ਸਾਲਸ ਦੀ ਭੂਮਿਕਾ ਨਿਭਾ ਰਹੇ ਸਵਾਮੀ ਅਗਨੀਵੇਸ਼ ਵੱਲੋਂ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਮਿਲਕੇ ਆਜ਼ਾਦ ਦਾ ਮੁਕਾਬਲਾ ਬਣਾਏ ਜਾਣ ਦੀ ਸਫ਼ਾਈ ਮੰਗੀ ਗਈ ਪਰ ਸਿਵਾਏ ਟਾਲਮਟੋਲ ਤੋਂ ਉਸ ਦੇ ਹੱਥ ਕੁਝ ਨਾ ਲੱਗਿਆ। ਸਿਰਫ਼ ਕਾਨੂੰਨੀ ਚਾਰਾਜ਼ੋਈ ਤੋਂ ਬਾਅਦ ਹੀ ਅਦਾਲਤ ਵਲੋਂ ਆਜ਼ਾਦ ਦੇ ਮੁਕਾਬਲੇ ਦੀ ਜਾਂਚ ਦਾ ਆਦੇਸ਼ ਦਿੱਤਾ ਗਿਆ। ਉਸ ਦਾ ਵੀ ਹਾਲੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ।ਨਿਜ਼ਾਮ ਵਿਰੁੱਧ ਅੰਦੋਲਨਾਂ ਨੂੰ ਕਾਨੂੰਨ ਦੇ ਪਾਬੰਦ ਰਹਿਣ ਦੇ ਉਪਦੇਸ਼ ਦੇਣ ਵਾਲੇ ਭਾਰਤੀ ਹੁਕਮਰਾਨ ਨਾ ਤਾਂ ਆਪ ਕਾਨੂੰਨ ਦੇ ਪਾਬੰਦ ਹਨ ਅਤੇ ਨਾ ਹੀ ਰਾਜ ਮਸ਼ੀਨਰੀ ਨੂੰ ਇਸ ਦੀ ਪਾਬੰਦ ਬਣਾਉਂਦੇ ਹਨ। 1996 ‘ਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੁਲਿਸ ਮੁਕਾਬਲਿਆਂ ਬਾਰੇ ਨਿਰਦੇਸ਼ ਜਾਰੀ ਕੀਤਾ ਸੀ ਕਿ ਮੁਕਾਬਲਿਆਂ ਦੇ ਕੁਲ ਮਾਮਲੇ ਓਦੋਂ ਤੱਕ ਅਪਰਾਧ ਮੰਨੇ ਜਾਣਗੇ ਜਦੋਂ ਤੱਕ ਪੁਲਿਸ ਦੇ ਪੱਖ ਦੀ ਕਿਸੇ ਆਜ਼ਾਦਾਨਾ ਪੜਤਾਲੀਆ ਏਜੰਸੀ ਰਾਹੀਂ ਪੁਸ਼ਟੀ ਨਹੀਂ ਹੁੰਦੀ। ਪਰ ਜਦੋਂ ਵੀ ਇਥੇ ਕੋਈ ਪੁਲਿਸ ਮੁਕਾਬਲਾ ਵਾਪਰਦਾ ਹੈ ਨਾ ਤਾਂ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਨਾ ਅਦਾਲਤੀ ਨਿਰਦੇਸ਼ਾਂ ਦੀ। ਇਸ ਤੋਂ ਉਲਟ ਹੁਕਮਰਾਨ ਸਾਰਾ ਜ਼ੋਰ ਮੁਕਾਬਲੇ ਨੂੰ ਸੱਚਾ ਸਾਬਤ ਕਰਨ ‘ਤੇ ਲਾ ਦਿੰਦੇ ਹਨ।

ਕੀ ਇਸ ਦਾ ਅਰਥ ਇਹ ਬਣਦਾ ਹੈ ਕਿ ਚਾਹੇ ਕੋਈ ਵੀ ਪਾਰਟੀ ਸੱਤਾਧਾਰੀ ਹੋਵੇ ਉਹ ਮਸਲੇ ਦਾ ਸਿਆਸੀ ਹੱਲ ਕਰਨ ਲਈ ਸੰਜੀਦਾ ਨਹੀਂ ਹਨ? ਕੀ ਉਹ ਗੁਪਤਵਾਸ ਆਗੂਆਂ ਦਾ ਸ਼ਿਕਾਰ ਖੇਡਣ ਲਈ ਗੱਲਬਾਤ ਦਾ ਚੋਗਾ ਪਾਉਂਦੀਆਂ ਹਨ? 2004 ‘ਚ ਆਂਧਰਾ ਦੀ ਰਾਜਸ਼ੇਖਰ ਰੈੱਡੀ ਸਰਕਾਰ ਨਾਲ ਨਕਸਲੀ ਜਥੇਬੰਦੀਆਂ ਦੀ ਗੱਲਬਾਤ ਦੇ ਅਮਲ ਤੋਂ ਲੈਕੇ ਹੁਣ ਤੱਕ ਨਕਸਲੀ ਲਹਿਰ ਨਾਲ ਗੱਲਬਾਤ ਦੀਆਂ ਪਹਿਲਕਦਮੀਆਂ ਤੋਂ ਤਾਂ ਇਹੀ ਸਿੱਟਾ ਨਿਕਲਦਾ ਹੈ ਕਿ ਅਸਲ ਵਿਚ ਹੁਕਮਰਾਨ ਜਮਾਤ ਹਥਿਆਰਬੰਦ ਲੋਕ ਲਹਿਰਾਂ ਨੂੰ ਸਿਰਫ਼ ਅਮਨ-ਕਾਨੂੰਨ ਦਾ ਮਸਲਾ ਹੀ ਸਮਝਦੀ ਹੈ ਅਤੇ ਇੰਞ ਹੀ ਨਜਿੱਠਦੀ ਹੈ, ਸਿਆਸੀ ਲਾਹੇ ਲੈਣ ਅਤੇ ਗੱਲਬਾਤ ਰਾਹੀਂ ਮਸਲੇ ਦੇ ਹੱਲ ਉੱਪਰ ਜ਼ੋਰ ਦੇਣ ਵਾਲੇ ਸਮਾਜ ਦੇ ਜਾਗਰੂਕ ਹਿੱਸਿਆਂ ਨੂੰ ਗੁਮਰਾਹ ਕਰਨ ਲਈ ਇਹ ਐਲਾਨ ਜੋ ਮਰਜ਼ੀ ਕਰਦੀ ਰਹੇ।

ਨਕਸਲੀ ਜਾਂ ਮਾਓਵਾਦੀ ਬਗ਼ਾਵਤ ਦੀ ਜੰਮਣ ਭੋਂਇ ਦੇਸ਼ ਦਾ ਉਹ ਸਮਾਜੀ-ਆਰਥਕ ਪ੍ਰਬੰਧ ਹੈ ਜਿਸ ਦੀ ਜਮਾਂਦਰੂ ਫ਼ਿਤਰਤ ਸਮਾਜਿਕ ਨਾਬਰਾਬਰੀ ਹੈ ਅਤੇ ਢਾਂਚਾਗਤ ਹਿੰਸਾ ਜਿਸ ਦਾ ਦਸਤੂਰ ਹੈ। ਜਿੱਥੇ 77 ਫ਼ੀਸਦੀ ਆਬਾਦੀ ਰੋਜ਼ਾਨਾ ਸਿਰਫ਼ ਵੀਹ ਰੁਪਏ ਨਾਲ ਗੁਜ਼ਾਰਾ ਕਰਦੀ ਹੈ। ਜਿੱਥੇ ਆਏ ਸਾਲ 20 ਲੱਖ ਬੱਚੇ ਪੰਜਵਾਂ ਜਨਮ ਦਿਨ ਆਉਣ ਤੋਂ ਪਹਿਲਾਂ ਦਮ ਤੋੜ ਜਾਂਦੇ ਹਨ। ਜਿੱਥੇ ਮਹਿਜ਼ 100 ਘਰਾਣੇ ਦੇਸ਼ ਦੀ ਕੁਲ ਘਰੇਲੂ ਉਪਜ (ਜੀ ਡੀ ਪੀ) ਦੇ ਚੌਥੇ ਹਿੱਸੇ ਦੇ ਮਾਲਕ ਹਨ। ਜਿੱਥੇ ਹੁਕਮਰਾਨ ਆਜ਼ਾਦੀ ਦੇ 64 ਸਾਲ ਬਾਅਦ ਵੀ ਦੇਸ਼ ਦੇ ਲੋਕਾਂ ਨੂੰ ਗੁਜ਼ਾਰੇਯੋਗ ਰੁਜ਼ਗਾਰ, ਮੁੱਢਲੀ ਸਿੱਖਿਆ, ਇਲਾਜ, ਪੀਣ ਯੋਗ ਪਾਣੀ ਅਤੇ ਰਹਿਣ ਲਈ ਛੱਤ ਵੀ ਮੁਹੱਈਆ ਨਹੀਂ ਕਰ ਸਕੇ ਸਨਮਾਨ ਯੋਗ ਜ਼ਿੰਦਗੀ ਦੀ ਤਾਂ ਗੱਲ ਹੀ ਛੱਡੋ। ਜਿੱਥੇ ਅਵਾਮ ਦੀ ਕੀਮਤ ‘ਤੇ ਹੁਕਮਰਾਨ ਦਹਿ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਕਰਦੇ ਹਨ। ਜਿਸ ਦੇਸ਼ ਦੇ ਹੁਕਮਰਾਨਾਂ ਨੂੰ ਗ਼ਰੀਬੀ ਦੇ ਅੰਕੜੇ ਘਟਾਉਣ ਲਈ ਗ਼ਰੀਬੀ ਦੀ ਪ੍ਰੀਭਾਸ਼ਾ ਬਦਲਣੀ ਪੈ ਰਹੀ ਹੈ। ਜਿਸ ਨੇ ਕਾਨੂੰਨ ਦਾ ਰਾਜ ( ਅਸਲ ਵਿਚ ਕੁਲੀਨ ਵਰਗ ਦਾ ਗ਼ਲਬਾ ਬਰਕਰਾਰ ਰੱਖਣ) ਲਾਗੂ ਕਰਨ ਦੇ ਨਾਂ ਹੇਠ ਅਵਾਮ ਵਿਰੁੱਧ ਥੋਕ ਹਿੰਸਾ ਦੀ ਧੜਵੈਲ ਜ਼ਮੀਨ ਉਸਾਰ ਰੱਖੀ ਹੈ। ਇਸ ਸਮਾਜੀ-ਹਕੀਕਤ ‘ਚ ਜੇ ਸਮਾਜ ਦੇ ਸੰਵੇਦਨਸ਼ੀਲ ਹਿੱਸੇ ਭਾਰਤੀ ਹੁਕਮਰਾਨਾਂ ਵਾਂਗ ਖ਼ੁਦਗਰਜ਼, ਬੇਈਮਾਨ, ਘੁਟਾਲੇਬਾਜ਼ ਅਤੇ ਇਖ਼ਲਾਕਹੀਣ ਬਨਣ ਦੀ ਬਜਾਏ ਨਿੱਜੀ ਭਵਿੱਖ ਨੂੰ ਲੱਤ ਮਾਰਕੇ ਸਮਾਜ ਦੇ ਸਭ ਤੋਂ ਦੱਬੇ–ਕੁਚਲੇ ਅਤੇ ਘੋਰ ਪਿਛੜੇਵੇਂ ਦਾ ਸ਼ਿਕਾਰ ਹਿੱਸਿਆਂ ‘ਚ ਵਿਚਰਕੇ ਉਨ੍ਹਾਂ ਦੀ ਨਰਕ ਸਮਾਨ ਜ਼ਿੰਦਗੀ ਦੀ ਕਾਇਆਕਲਪ ਕਰਨ ਲਈ ਜਾਨ ਹੂਲਵੀਂ ਲੜਾਈ ਲੜਦੇ ਹਨ ਤਾਂ ਹਾਸ਼ੀਏ ‘ਤੇ ਧੱਕੇ ਲੋਕ ਉਨ੍ਹਾਂ ਦਾ ਸਾਥ ਨਹੀਂ ਦੇਣਗੇ ਤਾਂ ਹੋਰ ਕੀ ਕਰਨਗੇ। ਮਾਓਵਾਦੀਆਂ ਦੇ ਰਾਜਸੀ ਏਜੰਡੇ ਨਾਲ ਕੋਈ ਸਹਿਮਤ ਹੋਵੇ ਜਾਂ ਨਾ ਪਰ ਇਹ ਅਕੱਟ ਸਚਾਈ ਹੈ ਕਿ ਮਾਓਵਾਦੀ ਲਹਿਰ ਮਹਿਜ਼ ਖ਼ੂਨ-ਖਰਾਬੇ ਦੀ ਲਹਿਰ ਨਹੀਂ ਹੈ ਜਿਵੇਂ ਦੇਸ਼ ਦੇ ਹੁਕਮਰਾਨ ਅਤੇ ਮੀਡੀਆ ਦੇ ਕੁਝ ਹਿੱਸੇ ਇਸਨੂੰ ਪੇਸ਼ ਕਰਦੇ ਹਨ। ਇਸ ਨੇ ਆਪਣੇ ਪ੍ਰਭਾਵ ਵਾਲੇ ਇਲਾਕਿਆਂ ਵਿਚ ਦੱਬੇ-ਕੁਚਲੇ ਅਵਾਮ ਨੂੰ ਮੁੱਢਲੀਆਂ ਸਿਹਤ ਤੇ ਸਿਖਿਆ ਸਹੂਲਤਾਂ, ਲੁੱਟ ਅਤੇ ਦਾਬੇ ਤੋਂ ਮੁਕਤੀ ਅਤੇ ਮਾਣ-ਸਨਮਾਨ ਵਾਲੀ ਜ਼ਿੰਦਗੀ ਦਿੱਤੀ ਹੈ। ਬੇਸ਼ੁਮਾਰ ਵਸੀਲਿਆਂ ਦੇ ਬਾਵਜੂਦ ਭਾਰਤੀ ਰਾਜ ਸਾਢੇ ਛੇ ਦਹਾਕਿਆਂ ਦੌਰਾਨ ਇਹ ਕਿਓਂ ਨਹੀਂ ਕਰ ਸਕਿਆ? ਕੀ ਸੰਜੀਦਾ ਸਿਆਸੀ ਪਹੁੰਚ ਅਪਣਾਏ ਬਗ਼ੈਰ ਅਤੇ ਨਬਰਾਬਰੀ ਤੇ ਹੋਰ ਸਮਾਜੀ ਅਲਾਮਤਾਂ ਨੂੰ ਦੂਰ ਕਰਨ ਦਾ ਠੋਸ ਪ੍ਰੋਗਰਾਮ ਲਏ ਤੋਂ ਬਿਨਾਂ ਬਗ਼ਾਵਤਾਂ ਦੇ ਕੁਝ ਆਗੂਆਂ ਦੇ ਸਿਆਸੀ ਕਤਲ ਕਰਕੇ ਅਵਾਮ ਦੇ ਮਨ ਜਿੱਤੇ ਜਾ ਸਕਦੇ ਹਨ?

ਕੀ ਹਿੰਸਾ ਸਿਰਫ਼ ਹਥਿਆਰਬੰਦ ਟਕਰਾਵਾਂ ‘ਚ ਮਨੁੱਖੀ ਖ਼ੂਨ ਡੋਲ੍ਹਣਾ ਹੀ ਹੁੰਦੀ ਹੈ? ਕੀ ਉਹ ਢਾਂਚਾਗਤ ਹਿੰਸਾ ਹਿੰਸਾ ਨਹੀਂ ਹੈ ਜੋ ਇਹ ਨਿਜ਼ਾਮ ਆਪਣੇ ਲੋਕਾਂ ਉੱਪਰ ਆਰਥਕ ਨੀਤੀਆਂ ਰਾਹੀਂ ਨਿੱਤ ਦਿਨ ਢਾਹ ਰਿਹਾ ਹੈ? ਜਿਸ ਵਿਚ ਦਿਨੋ ਦਿਨ ਵਾਧਾ ਹੀ ਹੋ ਰਿਹਾ ਹੈ। ਜਿਉਂ ਜਿਉਂ ਦੇਸ਼ ਦੇ ਹੁਕਮਰਾਨ ਨਵ-ਉਦਾਰਵਾਦ ਦਾ ਕਾਰਪੋਰੇਟ ਏਜੰਡਾ ਦੇਸ਼ ਉੱਪਰ ਹੋਰ ਵੱਧ ਥੋਪਦੇ ਜਾਣਗੇ ਇਹ ਆਰਥਕ ਤਬਾਹੀ ਅਤੇ ਢਾਂਚਾਗਤ ਹਿੰਸਾ ਹੋਰ ਭਿਆਨਕ ਰੂਪ ਅਖ਼ਤਿਆਰ ਕਰੇਗੀ। ਇਨ੍ਹਾਂ ਹਾਲਾਤ ‘ਚ ਅਵਾਮ ਨੂੰ ਕਾਨੂੰਨ ਦੇ ਪਾਬੰਦ ਰਹਿਣ ਦੇ ਹਕੂਮਤੀ ਉਪਦੇਸ਼ ਕਿੰਨਾ ਕੁ ਧਰਵਾਸ ਦੇ ਸਕਣਗੇ ਜਿਸ ਕਾਨੂੰਨ ਅਤੇ ਸੰਵਿਧਾਨ ਦੀ ਹੁਕਮਰਾਨ ਆਪ ਕਦੇ ਪ੍ਰਵਾਹ ਹੀ ਨਹੀਂ ਕਰਦੇ? ਇਸ ਵਿਚੋਂ ਜਾਂ ਤਾਂ ਸ਼ਰਦ ਪਵਾਰ ਦੇ ਥੱਪੜ ਮਾਰੇ ਜਾਣ ਵਰਗੇ ਆਪਮੁਹਾਰੇ ਇਜ਼ਹਾਰ ਸਾਹਮਣੇ ਆਉਣਗੇ ਜਾਂ ਮਾਓਵਾਦੀ ਬਗ਼ਾਵਤ ਵਰਗੇ ਜਥੇਬੰਦ ਯਤਨ। ਭਾਰਤੀ ਹੁਕਮਰਾਨ ਬੰਦੂਕ ਦੀ ਤਾਕਤ ਵਰਤਕੇ ਇਨ੍ਹਾਂ ਇਜ਼ਹਾਰਾਂ ਨੂੰ ਖ਼ਤਮ ਨਹੀਂ ਕਰ ਸਕਦੇ। ਇਸ ਲਈ ਸੰਜੀਦਾ ਸਿਆਸੀ ਪਹੁੰਚ ਅਪਣਾਏ ਜਾਣ ਦੀ ਜ਼ਰੂਰਤ ਹੈ। ਕਿਸ਼ਨਜੀ ਦੇ ਮਾਰੇ ਜਾਣ ‘ਤੇ ਖੁਸ਼ ਹੋਣ ਦੀ ਬਜਾਏ ਇਸ ਕਾਂਡ ਦੀ ਨਿਰਪੱਖ ਜਾਂਚ ਕਰਾਉਣ ਅਤੇ ਇਸ ਲਾਕਾਨੂੰਨੀ ਕਤਲ ਦੇ ਦੋਸ਼ੀਆਂ ਨੂੰ ਕਤਲ ਦੇ ਇਲਜ਼ਾਮ ‘ਚ ਅਦਾਲਤ ਦੇ ਕਟਹਿਰੇ ‘ਚ ਖੜ੍ਹਾ ਕਰਨ ਦੀ ਲੋੜ ਹੈ। ਹੁਕਮਰਾਨ ਜਿੰਨਾ ਛੇਤੀ ਇਸ ਸਚਾਈ ਨੂੰ ਸਮਝ ਲੈਣਗੇ ਓਨਾ ਹੀ ਬਿਹਤਰ ਹੈ।

ਬੂਟਾ ਸਿੰਘ
ਲੇਖ਼ਕ ਸਮਾਜਿਕ -ਸਿਆਸੀ ਕਾਰਕੁੰਨ ਹਨ।ਕਈ ਅਹਿਮ ਕਿਤਾਬਾਂ ਦਾ ਪੰਜਾਬੀ ਚ ਤਰਜ਼ਮਾ ਕਰ ਚੁੱਕੇ ਹਨ।ਪੰਜਾਬ 'ਚ ਅਪਰੇਸ਼ਨ ਗ੍ਰੀਨ ਹੰਟ' ਦੇ ਵਿਰੋਧ ਚ 'ਐਂਟੀ ਗ੍ਰੀਨ ਹੰਟ ਫੋਰਮ' ਬਣਾਉਣ ਦੀ ਪਹਿਲਕਦਮੀ ਕਰਨ ਵਾਲਿਆਂ ਚੋਂ ਇਕ ਹਨ।
ਸੰਪਰਕ 94634-74342

Saturday, November 26, 2011

ਮੁੜ ਮਿਲਣ ਦੇ ਵਾਅਦੇ ਨਾਲ ਮਾਓਵਾਦੀ ਕਿਸ਼ਨਜੀ ਦੀ ਪਹਿਲੀ ਤੇ ਆਖ਼ਰੀ ਮੁਲਾਕਾਤ

ਵੀਰਵਾਰ ਸ਼ਾਮ ਨੂੰ ਦਫ਼ਤਰ ਦਾਖ਼ਲ ਹੁੰਦਾ ਹਾਂ।ਟੀ.ਵੀ ਤੇ ਖ਼ਬਰ ਚੱਲ ਰਹੀ ਹੈ।ਮਾਓਵਾਦੀ ਕਿਸ਼ਨਜੀ ਬਾਰੇ।ਮੈਂ ਸੋਚਦਾਂ ਮਾਓਵਾਦੀਆਂ ਬਾਰੇ ਕੁਝ ਨਾ ਕੁਝ ਚਲਦਾ ਹੀ ਰਹਿੰਦੈ।ਹੋਰਾਂ ਖ਼ਬਰਾਂ ਦੀ ਵਾਂਗ ਸਰਸਰੀ ਨਿਗ੍ਹਾ ਤੋਂ ਬਾਅਦ ਆਪਣੀ ਖ਼ਬਰ ਲਿਖ਼ਣ ਬੈਠ ਜਾਂਦਾ ਹਾਂ।ਜਦ ਮੁੜ ਨਜ਼ਰ ਟੀ ਵੀ 'ਤੇ ਪੈਂਦੀ ਹੈ ਤਾਂ ਮਾਓਵਾਦੀ ਕਿਸ਼ਨ ਜੀ ਦੀ ਮੌਤ ਦੀ ਖ਼ਬਰ ਸਾਹਮਣੇ ਆਉਂਦੀ ਹੈ।ਮੇਰਾ ਦਿਮਾਗ ਫਲੈਸ਼ ਬੈਕ ਹੋ ਕੇ ਮਈ 2009 'ਚ ਲਾਲਗੜ੍ਹ ਦੇ ਜੰਗਲਮਾਹਲ ਇਲਾਕੇ ਦੀ ਸਿਖ਼ਰ ਦੁਪਿਹਰ 'ਤੇ ਚਲਾ ਜਾਂਦਾ ਹੈ,ਜਦੋਂ ਇਕ ਅੱਧਖੜ੍ਹ ਉਮਰ ਦੇ ਆਦਮੀ ਨੂੰ ਮੈਂ ਵਾਰ ਵਾਰ ਹਿੰਸਕ ਘਟਨਾਵਾਂ ਬਾਰੇ ਤੇ ਹੋਰ ਸਵਾਲ ਪੁੱਛ ਰਿਹਾ ਸੀ ਤੇ ਉਹ ਸਹਿਜ ਮਤੇ ਸਮਝਾ ਰਿਹਾ ਸੀ ਕਿ 'ਇਸ ਦੇਸ਼ 'ਚ ਇਕ ਮੱਧ ਵਰਗੀ ਪਰਿਵਾਰ ਦਾ ਨੌਜਵਾਨ ਐਲ ਐਲ ਬੀ (ਕਿਸ਼ਨਜੀ) ਤੋਂ ਬਾਅਦ ਜੰਗਲ ਤੇ ਸਿਆਸੀ ਹਿੰਸਾ ਦਾ ਰਾਹ ਕਿਉਂ ਚੁਣਦਾ ਹੈ?

ਮਈ 2009 ਦੀ ਗੱਲ ਹੈ।ਮੈਂ ਉਦੋਂ ਦਿੱਲੀ ਸੀ।ਕਿਹਾ ਜਾਂਦਾ ਪੱਤਰਕਾਰ ਹੋਣ ਦੇ ਨਾਤੇ ਦੇਸ਼-ਦੁਨੀਆਂ ਦੇ ਭਖ਼ਦੇ ਮਸਲਿਆਂ-ਵਿਵਾਦਾਂ ਨੂੰ ਸਮਰੱਥਾ ਮੁਤਾਬਕ ਸਮਝਣ ਦੀ ਕੋਸ਼ਿਸ਼ ਹਮੇਸ਼ਾ ਕਰਦਾ ਰਿਹਾ ਹਾਂ।'ਅਪਰੇਸ਼ਨ ਗ੍ਰੀਨ ਹੰਟ' ਤੋਂ ਬਾਅਦ ਆਦਿਵਾਸੀ ਇਲਾਕਿਆਂ ਦੀ ਸਮਾਜਿਕ-ਸਿਆਸੀ ਸੱਚਾਈ 'ਚ ਕਾਫੀ ਰੁਚੀ ਬਣੀ।ਮੇਰਾ ਮੰਨਣਾ ਹੈ ਕਿ ਟੈਕਸਟ ਤੇ ਕਮੈਂਟਰੀ ਰਾਹੀਂ ਚੀਜ਼ਾਂ ਸਮਝਣਾ ਮਜਬੂਰੀ ਦਾ ਦੂਜਾ ਨਾਂਅ ਹੈ।ਸੋ ਇੱਛਾ ਸੀ ਕਿ ਦੇਸ਼ 'ਚ ਚਲਦੇ ਇਸ ਵਿਵਾਦਮਈ ਵਰਤਾਰੇ ਨੂੰ ਸਮਝਣ ਲਈ ਕਿਸੇ ਸਮੇਂ ਆਦਿਵਾਸੀ ਇਲਾਕਿਆਂ ਨੂੰ ਗਾਹਿਆ ਜਾਵੇ ਤਾਂ ਕਿ ਸਰਕਾਰੀ ਤੇ ਮਾਓਵਾਦੀ ਪੱਖ ਤੋਂ ਇਲਾਵਾ ਇਸ ਮਸਲੇ ਬਾਰੇ ਇਕ ਘੱਟੋ ਘੱਟ ਅਜ਼ਾਦ ਸਮਝ ਬਣਾਈ ਜਾ ਸਕੇ।

ਉਨ੍ਹਾਂ ਦਿਨਾਂ 'ਚ ਜਵਾਹਰਲਾਲ ਨਹਿਰੂ
ਯੂਨੀਵਰਸਿਟੀ ਦਿੱਲੀ ਦੇ ਸਾਹਮਣੇ ਬੁੱਧ ਵਿਹਾਰ ਇਲਾਕੇ 'ਚ ਮੇਰਾ ਡੇਰਾ ਹੁੰਦਾ ਸੀ।ਜੇ ਐਨ ਯੂ ਦੇ ਇਤਿਹਾਸਕ ਗੰਗਾ ਢਾਬੇ ਦੀ ਠੰਡੀ- ਗਰਮ ਚਾਹ ਨਾਲ ਦੋਸਤਾਂ ਮਿੱਤਰਾਂ ਨਾਲ ਸਵੇਰ ਦੇ ਦੋ ਦੋ ਤਿੰਨ ਤਿੰਨ ਵਜ੍ਹੇ ਤੱਕ ਸਿਆਸੀ,ਸਮਾਜਿਕ ਤੇ ਨਿਜੀ ਗਰਾਰੀਆਂ ਅੜ੍ਹਦੀਆਂ ਤੇ ਭੁਰਦੀਆਂ ਰਹਿੰਦੀਆਂ।ਉਦੋਂ ਓਥੇ ਮਾਓਵਾਦੀ ਲਹਿਰ ਦੀ ਕਤਲੋਗਾਰਤ,ਸਰਕਾਰੀ ਕਤਲੋਗਾਰਤ,ਆਦਿਵਾਸੀਆਂ ਦੇ ਜੀਵਨ,ਦੋਵਾਂ ਪੁੜਾਂ ਵਿਚਕਾਰ ਪਿਸਦੇ ਆਦਿਵਾਸੀ,ਭਾਰਤੀ ਲੋਕਤੰਤਰ ਦੀ ਸੰਸਦੀ ਧਾਰਾ ਦੀਆਂ ਨਾਕਾਮੀਆਂ ਤੇ 64 ਸਾਲ ਦੀ ਅਜ਼ਾਦੀ ਦੇ ਮਾਅਨਿਆਂ ਨੂੰ ਸਮਝਣ ਬਾਰੇ ਗਰਮਾ ਗਰਮ ਬਹਿਸਾਂ ਹੁੰਦੀਆਂ ਸਨ।ਅੰਤ 'ਚ ਸਭ ਤੋਂ ਰੈਡੀਕਲ ਬਿਆਨ ਦਾਗ ਦਿੰਦੇ ਕਿ ਇੱਥੇ ਬੌਧਿਕ ਜੁਗਾਲੀਆਂ ਕਰਨ ਨਾਲੋਂ ਸਮਾਂ ਕੱਢ ਕੇ ਅਸਲ ਭਾਰਤ ਦੇ ਦਰਸ਼ਨ-ਸਾਸ਼ਤਰ ਨੂੰ ਸਮਝਣ ਲਈ ਆਦਿਵਾਸੀ ਇਲਾਕਿਆਂ ਦਾ ਦੌਰਾ ਕਰਨਾ ਚਾਹੀਦਾ ਹੈ।

ਫਿਰ ਇਕ ਦਿਨ ਮੈਂ ਦਫਤਰੋਂ ਸਵੇਰ ਵਾਲੀ ਸ਼ਿਫਟ ਖ਼ਤਮ ਕਰਕੇ ਸ਼ਾਮ ਨੂੰ ਗੰਗਾ ਢਾਬੇ 'ਤੇ ਬੈਠਾ ਸੀ।ਪੂਰਾ ਯਾਦ ਨਹੀਂ ਸ਼ਾਇਦ ਰਾਜਨੀਤੀ ਵਿਭਾਗ ਦੇ ਇੱਕ ਦੋਸਤ ਨੇ ਆ ਕੇ ਕਿਹਾ ਕਿ 'ਅਸੀਂ ਕੁਝ ਲੋਕ ਬੰਗਾਲ ਦੇ ਲਾਲਗੜ੍ਹ ਇਲਾਕੇ 'ਚ ਇਕ ਤੱਥ -ਖੋਜ ਟੀਮ ਦੇ ਰੂਪ ਚ ਜਾ ਰਹੇ ਹਾਂ।ਤੇਰੇ ਕੋਲ ਸਮਾਂ ਹੈ ਤਾਂ ਤੂੰ ਵੀ ਚੱਲ।ਮੈਂ ਦਫ਼ਤਰੀ ਵਿਗਿਆਨ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹਾਂ,ਕਿ ਸੱਤ ਅੱਠ ਦਿਨਾਂ ਦੀ ਛੁੱਟੀ ਦਾ ਜੁਗਾੜ ਕਿਵੇਂ ਕੀਤਾ ਜਾਵੇ।ਬਹਾਨਿਆਂ ਦੇ ਇਤਿਹਾਸ 'ਚੋਂ ਇਕ ਮਹਾਨ ਬਹਾਨਾ ਘੜ ਕੇ ਦਫਤਰੋਂ ਛੁੱਟੀ ਲਈ ਜਾਂਦੀ ਹੈ।ਘਰਦਿਆਂ ਨੂੰ ਝੂਠ ਬੋਲਦਾ ਹਾਂ ਕਿ ਬੰਗਾਲ ਚ ਕਿਸੇ ਦੋਸਤ ਦੇ ਵਿਆਹ ਜਾ ਰਿਹਾ ਹਾਂ,ਕਿਉਂਕਿ ਕਿਸੇ ਵੀ ਮਾਂ-ਪਿਓ ਨੂੰ ਆਪਣੇ ਇਕੋ ਪੁੱਤ ਦਾ ਕਿਸੇ ਵਿਵਾਦਮਈ ਇਲਾਕੇ ਚ ਜਾਣਾ ਪਸੰਦ ਨਹੀਂ ਹੈ।ਇਸ ਮਾਮਲੇ 'ਚ ਸਾਡੇ ਘਰਦਿਆਂ ਦੀ ਤਾਂ ਮੈਂ ਹਜ਼ਾਰ ਫੀਸਦੀ ਗਰੰਟੀ ਖ਼ੁਦ ਲੈਂਦਾ ਹਾਂ।

ਅਸੀਂ 7-8 ਲੋਕ ਏਸ਼ੀਆ ਦੇ ਸਭ ਤੋਂ ਵੱਡੇ ਸਟੇਸ਼ਨ ਖੜਗਪੁਰ ਪਹੁੰਚ ਜਾਂਦੇ ਹਾਂ।ਓਥੋਂ ਕਿਰਾਏ 'ਤੇ ਜੀਪ ਲੈ ਕੇ ਲਾਲਗੜ੍ਹ ਦੀ ਰਵਾਨਗੀ ਹੰਦੀ ਹੈ।ਸਾਡੀ ਜਾਣਕਾਰੀ 'ਚ ਨਹੀਂ ਸੀ ਕਿ ਮਿਦਨਾਪੁਰ ਜ਼ਿਲ੍ਹੇ ਦੇ ਨੇੜੇ ਲਾਲਗੜ੍ਹ ਇਲਾਕੇ ਦੇ ਆਦਿਵਾਸੀਆਂ ਦੀ ਬਣਾਈ 'ਪੁਲੀਸ ਅੱਤਿਆਚਾਰ ਵਿਰੋਧੀ ਜਨਸਧਾਰਨ ਕਮੇਟੀ' ਦੀ ਰੈਲੀ ਚੱਲ ਰਹੀ ਹੈ,ਜਿੱਥੇ ਚੋਣਾਂ ਤੋਂ ਥੋੜ੍ਹਾ ਸਮਾਂ ਪਹਿਲਾਂ ਇਕ ਵੱਡੀ ਰੈਲੀ ਮਮਤਾ ਬੈਨਰਜੀ ਨੇ ਕੀਤੀ ਸੀ।ਅਸੀਂ ਲੋਕਾਂ ਨੂੰ ਤੀਰਾਂ,ਭਾਲਿਆਂ ਆਦਿ ਰਵਾਇਤੀ ਸੰਦਾਂ ਨਾਲ ਪਹਿਲੀ ਵਾਰ ਵੇਖਦੇ ਹਾਂ।ਦਰ ਅਲ ਇਹੋ ਜਿਹਾ ਭਾਰਤ ਹੀ ਪਹਿਲੀ ਅੱਖੀਂ ਪਹਿਲੀ ਵਾਰ ਵੇਖ ਰਹੇ ਸੀ।ਰੈਲੀ ਨੂੰ ਤ੍ਰਿਣਮੂਲ ਕਾਂਗਰਸ ਆਗੂ ਤੇ ਕਮੇਟੀ ਦੇ ਆਦਿਵਾਸੀ ਆਗੂ ਸ਼ਤਰੋਧਰ ਮਹਿਤੋ ਸੰਬੋਧਨ ਕਰਦੇ ਹਨ।ਉਨ੍ਹਾਂ ਦਿਨਾਂ ਚ ਓਥੇ ਮਾਓਵਾਦੀਆਂ ਦੀ ਚੰਗੀ ਪਹਿਲ ਚਹਿਲ ਸੀ।ਆਦਿਵਾਸੀਆਂ ਦੀ ਰੈਲੀ 'ਚ ਮਾਓਵਾਦੀ ਮੌਜੂਦ ਸਨ ।ਮੈਨੂੰ ਨਾ ਬੰਗਾਲੀ ਤੇ ਨਾ ਆਦਿਵਾਸੀਆਂ ਦੀ ਸੰਥਾਲੀ ਭਾਸ਼ਾ ਆਉਂਦੀ ਹੈ।ਜਦੋਂ ਆਗੂ ਰਾਮੂੰਵਾਲੀਏ ਵਾਂਗੂੰ ਜ਼ਿਆਦਾ ਭਾਵੁਕ ਤੇ ਕੈਪਟਨ ਅਮਰਿੰਦਰ ਵਰਗੇ ਗੁੱਸੇ ਨਾਲ ਬੋਲਦੇ ਤਾਂ ਮੈਂ ਇਕ ਦਮ ਆਪਣੇ ਬੰਗਾਲੀ ਮਿੱਤਰਾਂ ਨੁੰ ਤਰਜ਼ਮਾ ਕਰਨ ਲਈ ਕਹਿੰਦਾ।

ਲਾਲਗੜ੍ਹ ਉਦੋਂ ਅਜ਼ਾਦ ਜ਼ੋਨ ਵਰਗਾ ਇਲਾਕਾ ਬਣ ਚੁੱਕਿਆ ਸੀ।ਮਾਓਵਾਦੀਆਂ ਦੀ ਅਗਵਾਈ 'ਚ ਆਦਿਵਾਸੀਆਂ ਦੀ ਵੱਡੀ ਗਿਣਤੀ ਲਾਲਗੜ੍ਹ 'ਚ ਪੁਲੀਸ ਨੂੰ ਦਾਖ਼ਲ ਨਹੀਂ ਹੋਣ ਦਿੰਦੀ ਸੀ।ਸਾਡੇ ਨਾਲ ਗੱਲਬਾਤ ਦੌਰਾਨ ਆਦਿਵਾਸੀ ਇਲਜ਼ਾਮ ਲਗਾ ਰਹੇ ਸੀ ਕਿ 'ਪੁਲੀਸ ਹਰ ਆਦਿਵਾਸੀ ਨੂੰ ਮਾਓਵਾਦੀ ਬਣਾ ਕੇ ਅੱਤਿਆਚਾਰ ਕਰਦੀਹੈ।ਆਦਿਵਾਸੀ ਧੀਆਂ,ਮਾਵਾਂ,ਭੈਣਾਂ ਦੀ ਬੇਪਤੀ ਹੁੰਦੀ ਹੈ।ਅਸੀਂ ਵੀ ਮਾਓਵਾਦੀਆਂ ਨੂੰ ਮਿਲਣ ਦੀ ਇੱਛਾ ਰੱਖਦੇ ਸੀ।ਇਸੇ ਦੌਰਾਨ ਪਹਿਲੀ ਹੀ ਰਾਤ ਦੇ 9 ਵਜੇ ਇਕ ਸੋਰ ਜ਼ਰੀਏ ਅਸੀਂ ਮਾਓਵਾਦੀ ਕੈਂਪ 'ਚ ਜਾਣ ਦੀ ਗੱਲ ਕਰਦੇ ਹਾਂ।ਸਾਨੂੰ ਮਾਓਵਾਦੀਆਂ ਦਾ ਇਕ ਹਮਦਰਦ ਰਾਤ ਦੇ 11-12 ਵਜੇ ਜੰਗਲ ਚ ਬਣੇ ਮਾਓਵਾਦੀਆਂ ਦੇ ਕੈਂਪ ਚ ਲੈ ਜਾਂਦਾ ਹੈ।

ਰਾਤ ਨੂੰ ਜਾਂਦੇ ਸਾਰ ਹੀ ਸਭ ਥੱਕੇ ਹਾਰੇ ਸੌਂਅ ਜਾਂਦੇ ਹਨ।ਸਵੇਰੇ 5-6 ਛੇ ਵਜ੍ਹੇ ਜਦੋਂ ਜਾਗ ਖੁੱਲ੍ਹੀ ਤਾਂ ਮੈਂ ਕੁਝ ਫੌਜੀ ਵਰਦੀਆਂ
ਵਾਲੇ ਮਾਓਵਾਦੀ ਗੁਰੀਲਿਆਂ ਤੇ ਅੱਤ ਅਧੁਨਿਕ ਹਥਿਆਰਾਂ 'ਚ ਘਿਰਿਆ ਹੋਇਆ ਸੀ।ਕੁਝ ਮਿੱਤਰ-ਮਿੱਤਰਣੀਆਂ ਨੇ ਦੱਸਿਆ 'ਆਹ ਜਿਹੜਾ ਗੁਲਾਬੀ ਜੇ ਗਮਸ਼ੇ ਆਲਾ ਬੈਠਾ ਹੈ,ਇਹ ਮਾਓਵਾਦੀਆਂ ਦਾ ਪੋਲਿਟ ਬਿਊਰੋ ਮੈਂਬਰ ਕੁਟੇਸ਼ਵਰ ਰਾਓ ਉਰਫ ਕਿਸ਼ਨਜੀ ਹੈ।ਉਹ ਉਸ ਸਮੇਂ ਰੇਡਿਓ 'ਤੇ ਬੀ ਬੀ ਸੀ ਦੀਆਂ ਖ਼ਬਰਾਂ ਸੁਣ ਰਿਹਾ ਸੀ।ਸਾਡੇ ਨਾਲ ਓਹਦੀ ਰਸਮੀ ਮੁਲਾਕਾਤ ਹੋਈ।ਸਭ ਨੂੰ ਬੜੀ ਨਿੱਘ ਨਾਲ ਮਿਲਿਆ।ਮੇਰੇ ਨਾਲ ਪੱਤਰਕਾਰੀ ਤੇ ਪੰਜਾਬ ਕਰਕੇ ਓਹਦੀ ਖਾਸ ਖਿੱਚ ਸੀ।


ਫਿਰ ਓਹਦੇ ਨਾਲ ਗੱਲਾਬਾਤਾਂ ਹੋਣ ਲੱਗੀਆਂ।ਸਾਡੇ ਚੜ੍ਹਦੀ ਜਵਾਨੀ ਵਰਗੇ ਤਿੱਖੇ ਤੋਂ ਤਿੱਖੇ ਸਵਾਲ ਤੇ ਓਹਦੇ ਕਿਸੇ ਸੁਲਝੇ ਹੋਏ ਬੰਦੇ ਠੰਡੇ ਜਿਹੇ ਜਵਾਬ।ਓਹਨੂੰ ਤੇਲਗੂ,ਅੰਗਰੇਜ਼ੀ,ਹਿੰਦੀ,ਬੰਗਾਲੀ,ਸੰਥਾਲੀ ਤੇ ਝਾਰਖ਼ੰਡ,ਛੱਤੀਸਗੜ੍ਹ ਦੀਆਂ ਕਈਆਂ ਭਾਸ਼ਾਵਾਂ ਆਉਂਦੀਆਂ ਸਨ।ਮੈਂ ਪੱਤਰਕਾਰਾਂ ਵਾਂਗੂੰ ਪੁੱਛਿਆ 'ਕਿਤੇ ਇਹ ਕ੍ਰਾਂਤੀ ਸਿਰਫ ਹਥਿਆਰਾਂ ਦਾ ਰੋਮਾਂਸ ਤਾਂ ਨਹੀਂ,ਉਹ ਕਹਿੰਦਾ 'ਹਥਿਆਰ ਸਾਨੂੰ ਕੰਟਰੋਲ ਨਹੀਂ ਕਰਦੇ ਅਸੀਂ ਹਥਿਆਰਾਂ ਨੂੰ ਕੰਟਰੋਲ ਕਰਦੇ ਹਾਂ।ਮੈਂ ਪੁੱਛਿਆ,ਹਰ ਕੰਮ ਲਈ ਹਿੰਸਾ ਕਿੰਨੀ ਕੁ ਜਾਇਜ਼ ਹੈ,ਉਹ ਕਹਿੰਦਾ ਸਾਡੀ ਹਿੰਸਾ ਅਰਾਜਕਤਾ ਨਹੀਂ,ਸਿਆਸੀ-ਜਮਾਤੀ ਹਿੰਸਾ ਹੈ,ਇਹ ਸਿਆਸੀ ਹਿੰਸਾ ਸੰਸਦੀ ਧਾਰਾ ਨੂੰ ਰੱਦ ਕਰਕੇ ਦੇਸ਼ ਨੂੰ ਨਵਾਂ ਰਾਹ ਦਿਖਾਉਣ ਲਈ ਪੈਦਾ ਹੋਈ ਹੈ।ਪੁੱਛਿਆ,ਦਿੱਲੀ ਤੁਹਾਡੇ ਮਮਤਾ ਬੈਨਰਜੀ ਨਾਲ ਯਰਾਨੇ ਦੇ ਬੜੇ ਚਰਚੇ ਚਰਚੇ ਨੇ,ਕਿਹਾ ਇਹ ਗਲਤ ਸਮਝ ਹੈ ਮਮਤਾ ਨੂੰ ਅਸੀਂ ਨੰਦੀਗ੍ਰਾਮ ਜਾਂ ਜ਼ਮੀਨ ਦੇ ਮਸਲਿਆ ਸਬੰਧੀ ਵਿਚਾਰਕ ਹਮਾਇਤ ਦਿੰਦੇ ਹਾਂ,ਸਾਨੂੰ ਲੱਗਦੈ ਕਿ ਉਹ ਇਸ ਸਰਕਾਰ ਖ਼ਿਲਾਫ ਚੰਗਾ ਕੰਮ ਕਰ ਰਹੀ ਹੈ।

ਮੈਂ ਪੁੱਛਿਆ ਸੀ 'ਲੋਕ ਕਹਿੰਦੇ ਨੇ ਤੁਸੀਂ 22-23 ਸਾਲਾਂ ਤੋਂ ਜੰਗਲ 'ਚ ਹੀ ਹੋਂ,ਅੱਗੇ ਕਿਉਂ ਨਹੀਂ ਵਧ ਰਹੇ,ਉਸਨੇ ਕਿਹਾ ਸੀ 'ਬਹੁਤ ਘੱਟ ਸਾਧਨਾਂ ਤੇ ਐਨੇ ਸਰਕਾਰੀ ਤਸ਼ੱਦਦ ਦੇ ਬਾਵਜੂਦ ਸਾਡੀ ਲਹਿਰ ਅੱਗੇ ਵਧ ਰਹੀ ਹੈ,ਕ੍ਰਾਂਤੀ ਕੋਈ ਜਾਦੂ ਨਹੀਂ ਹੁੰਦੀ।ਇਤਿਹਾਸ ਮੋਮਬੱਤੀਆਂ ਨਾਲ ਨਹੀਂ ਹਮੇਸ਼ਾਂ ਖੂਨ ਦੇ ਦੀਵਿਆਂ ਨਾਲ ਬਦਲਣੇ ਪੈਂਦੇ ਨੇ।ਮੈਨੂੰ ਸਵਾਲ ਕਰਨ ਲੱਗਿਆ ਕਿ 'ਪੰਜਾਬ 'ਚ ਐਨੀ ਬੇਰੁਜ਼ਗਾਰੀ ਤੇ ਸੰਕਟ ਹੈ ਕੋਈ ਸਮਾਜਿਕ-ਸਿਆਸੀ ਲਹਿਰ ਕਿਉਂ ਨਹੀਂ ਉੱਭਰ ਰਹੀ।ਮੈਂ ਕਿਹਾ 'ਮੇਰੇ ਜਿਹਾ ਛੋਟਾ ਜਿਹਾ ਬੰਦਾ ਤੁਹਾਡੇ ਵੱਡੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ।ਗੱਲਾਂ ਗੱਲਾਂ ਚ ਉਹਨੇ ਕਿਹਾ 'ਮੈਂ ਦਰਬਾਰ ਸਾਹਿਬ 'ਤੇ ਹਮਲੇ ਤੇ 1984 ਦੇ ਦਿੱਲੀ ਸਿੱਖ ਕਤਲੇਆਮ ਬਾਰੇ ਕਾਫੀ ਲੇਖ਼ ਲਿਖ਼ੇ ਨੇ।ਪੰਜਾਬ ਦੀ ਕੌਮੀ ਲਹਿਰ ਦੇ ਸਵਾਲ ਨੂੰ ਵੀ ਮੈਂ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ।ਮੈਂ ਕਿਹਾ ਮੈਨੂੰ ਵੀ ਦਿਓ ਤੁਹਾਡੇ ਲੇਖ਼,ਵੇਖਾਂ ਕੀ ਕੁਝ ਲਿਖਿਆ ਤੁਸੀਂ।ਓਹਨੇ ਕਿਹਾ ਹੁਣ ਤਾਂ ਕੋਲ ਨਹੀਂ ,ਫੇਰ ਕਦੇ ਦੇਵਾਂਗਾ।

ਸਵਾਲ-ਜਵਾਬ ਸੌ ਦੀ ਸਪੀਡ 'ਤੇ ਜਾਰੀ ਸਨ।ਮੈਂ ਪੁੱਛਿਆ 'ਤੁਸੀਂ ਇਲਾਕੇ ਨੂੰ ਬੰਦ ਕਰਕੇ ਸਰਕਾਰੀ ਵਿਕਾਸ ਤਾਂ ਰੋਕ ਦਿੱਤਾ,ਤੁਹਾਡੇ ਕੋਲ ਵਿਕਾਸ ਦਾ ਕੀ ਰਾਹ ਹੈ।ਜਵਾਬ ਸੀ 'ਅਸੀਂ ਸਰਕਾਰੀ ਆਰਥਿਕ ਸਹਾਇਤਾ ਬਿਲਕੁਲ ਨਹੀਂ ਰੋਕੀ।ਉੱਚ ਸਰਕਾਰੀ ਭ੍ਰਿਸ਼ਟ ਅਧਿਕਾਰੀਆਂ ਨੂੰ ਰੋਕਿਆ ਹੈ।ਜੇ ਉਨ੍ਹਾਂ ਨੇ ਵਿਕਾਸ ਕਰਨਾ ਹੁੰਦਾ ਤਾਂ ਪਿਛਲੇ 64 ਸਾਲਾਂ 'ਚ ਹੋ ਜਾਂਦਾ ਤੇ ਸਭ ਤੋਂ ਵੱਡੀ ਜਮਹੂਰੀਅਤ 'ਚ ਇਹ ਇਲਾਕੇ ਆਦਿਵਾਸੀ ਇਲਾਕਿਆਂ ਦੇ ਨਾਂਅ ਨਾਲ ਜਾਣੇ ਜਾਂਦੇ,ਇਹ ਦੇਸ਼ 'ਤੇ ਦਾਗ ਹੈ।ਆਦਿਵਾਸੀਆਂ ਤੋਂ ਪੁੱਛ ਲਓ ਕਿ ਇਨ੍ਹਾਂ ਇਲਾਕਿਆਂ ਸਾਡੀ ਰਹਿਨੁਮਾਈ 'ਚ ਕੀ ਬਦਲਿਆ ਹੈ।ਅਸੀਂ ਤਾਂ ਆਦਿਵਾਸੀਆਂ ਨੂੰ ਜੈਵਿਕ ਖੇਤੀ ਤੱਕ ਦੀ ਸਿਖ਼ਲਾਈ ਦੇ ਰਹੇ ਹਾਂ ਤਾਂ ਕਿ ਬਜ਼ਾਰ ਤੋਂ ਖੇਤੀ ਦੀ ਨਿਰਭਰਤਾ ਘਟਾਈ ਜਾ ਸਕੇ'।

ਉਦੋਂ ਮੈਂ ਚੇਨ ਸਮੋਕਰ ਹੁੰਦਾ ਸੀ।ਲਾਲਗੜ੍ਹ ਸਿਗਰਟ ਦੀ ਥਾਂ ਬੀੜੀਆਂ ਮਿਲਦੀਆਂ ਸਨ।ਇਸ ਗੱਲਬਾਤ ਦੌਰਾਨ ਕਿਸ਼ਨਜੀ ਨਾਲ ਕਸ਼ ਸ਼ਾਂਝੇ ਕਰਨ ਦਾ ਮੌਕਾ ਵੀ ਮਿਲਿਆ।ਥੋੜ੍ਹੀ ਨੇੜਤਾ ਹੋਈ ਤਾਂ ਮੈਂ ਮਾਓਵਾਦੀਆਂ ਦੇ ਕੈਂਪ ਦੀਆਂ ਫੋਟੋਆਂ ਖਿੱਚ ਲਈਆਂ।ਮਾਓਵਾਦੀ ਗੁਰੀਲਿਆਂ ਨੇ ਮੇਰੇ ਵੱਲ ਸ਼ੱਕ ਦੀ ਨਜ਼ਰ ਨਾਲ ਵੇਖਿਆ।ਇਕ ਨੇ ਕਿਹਾ 'ਕੈਮਰੇ ਚੋਂ ਫੋਟੋਆਂ ਡਲੀਟ ਕਰ ਦਿਓ।ਮੈਂ ਕਿਹਾ ਸਿਰਫ ਹਥਿਆਰਾਂ ਤੇ ਜਗ੍ਹਾ ਦੀਆਂ ਹਨ,ਕਿਸੇ ਗੁਰੀਲੇ ਜਾਂ ਆਗੂ ਦੀ ਫੋਟੋ ਨਹੀਂ ਖਿੱਚੀ ਹੈ,ਪਰ ਮੇਰੀਆਂ ਫੋਟੋਆਂ ਡਲੀਟ ਕਰਵਾ ਦਿੱਤੀਆਂ ਗਈਆਂ।

ਮੇਰੀਆਂ ਉਸ ਨਾਲ ਗੱਲਾਂ ਜਾਰੀ ਸਨ।ਇਕ ਸੁਨੇਹਾ ਆਉਂਦਾ ਹੈ ਕਿ ਇਕ ਟੁਕੜੀ ਨੂੰ ਇਹ ਥਾਂ ਛੱਡਣ ਤੇ ਫਲਾਨੇ ਥਾਂ ਜਾਣ ਦੀ ਸਖ਼ਤ ਜ਼ਰੂਰਤ ਹੈ। ਕਿਸ਼ਨਜੀ ਟੁਕੜੀ ਦੀ ਅਗਵਾਈ ਲਈ ਤਿਆਰ ਹੁੰਦਾ ਹੈ।ਮੇਰੇ ਕਈ ਸਵਾਲ ਦੇ ਉਹ ਵਿਸਥਾਰ 'ਚ ਚਲਾ ਗਿਆ ਸੀ।ਕਹਿੰਦਾ ਹੈ 'ਯਾਦਵਿੰਦਰ ਤੂੰ ਅਜੇ ਲਾਲਗੜ੍ਹ 'ਚ ਹੀ ਹੈਂ,ਮੁੜ ਛੇਤੀ ਹੀ ਮਿਲਦੇ ਹਾਂ ਤੇ ਫੇਰ ਸਾਰੇ ਮਸਲਿਆਂ ਬਾਰੇ ਵਿਸਥਾਰਪੂਰਵਕ ਗੱਲ ਕਰਾਂਗੇ ਤੇ ਤੇਰੇ ਸਵਾਲਾਂ ਦੇ ਜਵਾਬ ਵੀ ਮਿਲ ਜਾਣਗੇ।

ਮੈਂ ਪੰਜ ਦਿਨ ਲਾਲਗੜ੍ਹ ਦੀ ਖ਼ਾਕ ਛਾਣਦਾ ਰਿਹਾ।ਮੁੜ ਕਦੇ ਮੁਲਾਕਾਤ ਨਾ ਹੋਈ।ਕਿਸ਼ਨ ਜੀ ਦਾ ਵਾਅਦਾ ਓਹਦੇ ਨਾਲ ਚਲਾ ਚਲਾ ਗਿਆ।ਮੈਂ ਫਿਰ ਟੈਕਸਟ ਤੇ ਥਿਊਰੀ ਦੀ ਮਜਬੂਰੀ 'ਚੋਂ ਚੀਜ਼ਾਂ ਫੜ੍ਹਣ ਦੀ ਕੋਸ਼ਿਸ਼ ਕਰਦਾ ਰਿਹਾ।ਪੱਖੀ ਤੇ ਵਿਰੋਧੀ ਦੋਵਾਂ ਤਰ੍ਹਾਂ ਦੇ ਪ੍ਰਚਾਰ ਤੋਂ ਮੁਕਤ ਹੋ ਕੇ ਮੈਂ ਇਹ ਗੱਲ ਸਮਝ ਪਾਇਆ ਸੀ ਕਿ ਇਸ ਲਹਿਰ ਦਾ ਭਵਿੱਖ ਜੋ ਵੀ ਹੋਵੇ ਪਰ ਇਸਨੂੰ ਪੜ੍ਹੇ ਲਿਖ਼ੇ ਤੇ ਜ਼ਮੀਨੀ ਹਾਲਤ ਨੁੰ ਸਮਝਦੇ ਅਕਲਮੰਦ ਲੋਕ ਚਲਾ ਰਹੇ ਹਨ।


ਯਾਦਵਿੰਦਰ ਕਰਫਿਊ
mail2malwa@gmail.com
95308-95198

Friday, November 18, 2011

ਸਾਡਾ ਰੋਹ ਉਨ੍ਹਾਂ ਨੂੰ ਤਬਾਹ ਕਰਨ ਲਈ ਕਾਫੀ ਹੈ-ਅਰੁੰਧਤੀ ਰਾਏ

ਅਰੁੰਧਤੀ ਨੇ ਆਕੂਪਾਈ ਲਹਿਰ ਦੀ ਹਮਾਇਤ 'ਚ ਇਹ ਭਾਸ਼ਨ ਨਿਊਯਾਰਕ ਦੀ ਪੀਪਲਜ਼ ਯੂਨੀਵਰਸਿਟੀ 'ਚ ਦਿੱਤਾ ਹੈ।ਇਹ ਭਾਸ਼ਨ ਸਭ ਤੋਂ ਪਹਿਲਾਂ ਗਾਰਡੀਅਨ ਨੇ ਪ੍ਰਕਾਸ਼ਤ ਕੀਤਾ।ਪੰਜਾਬੀ 'ਚ ਇਸ ਦਾ ਤਰਜ਼ਮਾ Naujwan Bharat Sabha ਵਾਲਿਆਂ ਨੇ ਆਪਣੇ ਬਲੌਗ 'ਤੇ ਦਿੱਤਾ ਹੈ।ਓਥੋਂ ਚੋਰੀ ਕਰਕੇ ਗੁਲਾਮ ਕਲਮ 'ਤੇ ਛਾਪ ਰਹੇ ਹਾਂ।-ਗੁਲਾਮ ਕਲਮ
a
ਮੰਗਲਵਾਰ ਸਵੇਰੇ ਪੁਲਸ ਨੇ ਜ਼ੁਕੋਟੀ ਪਾਰਕ ਨੂੰ ਖਾਲੀ ਕਰਵਾ ਲਿਆ ਸੀ, ਪਰ ਅੱਜ ਲੋਕ ਫਿਰ ਵਾਪਸ ਆ ਗਏ ਹਨ। ਪੁਲਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਲੜਾਈ ਕਿਸੇ ਇਲਾਕੇ ਖਾਤਰ ਨਹੀਂ ਲੜੀ ਜਾ ਰਹੀ। ਅਸੀਂ ਇੱਥੇ ਜਾਂ ਉਥੇ ਕਿਸੇ ਪਾਰਕ 'ਤੇ ਕਬਜ਼ਾ ਕਰਨ ਦੇ ਹੱਕ ਖਾਤਰ ਨਹੀਂ ਲੜ ਰਹੇ ਹਾਂ। ਅਸੀਂ ਨਿਆਂ ਲਈ ਲੜ ਰਹੇ ਹਾਂ। ਸਿਰਫ਼ ਅਮਰੀਕਾ ਦੇ ਲੋਕਾਂ ਖਾਤਰ ਨਿਆਂ ਲਈ ਨਹੀਂ, ਸਗੋਂ ਹਰ ਇੱਕ ਖਾਤਰ ਨਿਆਂ ਲਈ।

ਅਮਰੀਕਾ ਅੰਦਰ 17 ਸਤੰਬਰ ਤੋਂ ਸ਼ੁਰੂ ਹੋਈ 'ਕਬਜ਼ਾ ਕਰੋ' ਦੀ ਲਹਿਰ ਰਾਹੀਂ ਤੁਸੀਂ ਸਾਮਰਾਜ ਦੀ ਐਨ ਹਿੱਕ 'ਚ ਇੱਕ ਨਵੀਂ ਸੋਚ, ਨਵੇਂ ਸਿਆਸੀ ਬੋਲਾਂ ਨੂੰ ਦਾਖਲ ਕਰਨ 'ਚ ਕਾਮਯਾਬ ਹੋਏ ਹੋਂ। ਤੁਸੀਂ ਓਸ ਪ੍ਰਬੰਧ ਅੰਦਰ ਸੁਪਨੇ ਲੈਣ ਦੇ ਹੱਕ ਨੂੰ ਮੁੜ ਦਾਖਲ ਕੀਤਾ ਹੈ ਜੋ ਹਰ ਬੰਦੇ ਨੂੰ ਸੰਮੋਹਿਤ ਕਰਕੇ ਅਜਿਹੀਆਂ ਜਿਉਂਦੀਆਂ ਲੋਥਾਂ 'ਚ ਤਬਦੀਲ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹੜੀਆਂ ਬੇਥਵ੍ਹੇ ਉਪਭੋਗਤਾਵਾਦ ਨੂੰ ਹੀ ਖੁਸ਼ਹਾਲੀ ਅਤੇ ਸੰਪੂਰਣਤਾ ਸਮਝਦੀਆਂ ਹਨ।

ਇੱਕ ਲੇਖਕ ਦੇ ਤੌਰ 'ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਜ਼ਬਰਦਸਤ ਪ੍ਰਾਪਤੀ ਹੈ। ਮੇਰੇ ਕੋਲ ਤੁਹਾਡਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ।

ਅਸੀਂ ਨਿਆਂ ਦੀ ਗੱਲ ਕਰ ਰਹੇ ਸੀ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਅਮਰੀਕਾ ਦੀ ਫੌਜ ਇਰਾਕ ਅਤੇ ਅਫ਼ਗਾਨੀਸਤਾਨ ਅੰਦਰ ਕਬਜ਼ਾ ਕਰਨ ਲਈ ਜੰਗ ਲੜ ਰਹੀ ਹੈ। ਅਮਰੀਕੀ ਡਰੋਨ ਜਹਾਜ਼ ਪਾਕਿਸਤਾਨ ਅਤੇ ਉਸਤੋਂ ਪਰ੍ਹੇ ਆਮ ਸ਼ਹਿਰੀਆਂ ਨੂੰ ਮਾਰ ਰਹੇ ਹਨ। ਦਹਿ ਹਜ਼ਾਰਾਂ ਦੀ ਗਿਣਤੀ 'ਚ ਅਮਰੀਕੀ ਪਲਟਨਾਂ ਅਤੇ ਮੌਤ ਵੰਡਦੇ ਜੱਥੇ ਅਫਰੀਕਾ 'ਚ ਦਾਖਲ ਹੋ ਰਹੇ ਹਨ। ਤੇ ਹੁਣ ਇਰਾਨ ਖਿਲਾਫ਼ ਜੰਗ ਲਈ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ, ਜਿਵੇਂ ਕਿਤੇ ਹਾਲੇ ਇਰਾਕ ਅਤੇ ਅਫਗਾਨੀਸਤਾਨ 'ਤੇ ਕਬਜ਼ਾ ਕਰਨ ਲਈ ਵਹਾਏ ਜਾ ਰਹੇ ਤੁਹਾਡੇ ਕਰੋੜਾਂ ਡਾਲਰ ਕਾਫ਼ੀ ਨਾ ਹੋਣ।

ਵੱਡੇ ਆਰਥਿਕ ਮੰਦਵਾੜੇ ਦੇ ਵੇਲੇ ਤੋਂ ਲੈ ਕੇ,
ਹਥਿਆਰ ਬਣਾਉਣਾ ਅਤੇ ਜੰਗ ਲਾਉਣਾ ਦੋ ਅਜਿਹੀਆਂ ਮੁੱਖ ਜੁਗਤਾਂ ਹਨ ਜਿਹਨਾਂ ਰਾਹੀਂ ਅਮਰੀਕਾ ਆਪਣੇ ਅਰਥਚਾਰੇ ਨੂੰ ਬਲ ਬਖਸ਼ਦਾ ਰਿਹਾ ਹੈ। ਹੁਣੇ ਹੁਣੇ ਹੀ, ਰਾਸ਼ਟਰਪਤੀ ਉਬਾਮਾ ਦੇ ਸਮੇਂ 'ਚ ਹੀ ਅਮਰੀਕਾ ਨੇ ਸਾਊਦੀ ਅਰਬ ਨਾਲ 60 ਬਿਲੀਅਨ ਡਾਲਰ ਦੇ ਹਥਿਆਰਾਂ ਦਾ ਸੌਦਾ ਕੀਤਾ ਹੈ। ਇਹ ਸਯੁੰਕਤ ਅਰਬ ਅਮੀਰਾਤ ਨੂੰ ਹਜ਼ਾਰਾਂ ਦੀ ਗਿਣਤੀ 'ਚ ਬੰਕਰ-ਭੰਨ ਬੰਬ ਵੇਚਣ ਦੀ ਤਿਆਰੀ 'ਚ ਬੈਠਾ ਹੈ। ਇਹਨੇ ਮੇਰੇ ਮੁਲਕ ਭਾਰਤ ਨੂੰ 5 ਬਿਲੀਅਨ ਡਾਲਰ ਦੇ ਫੌਜੀ ਜਹਾਜ਼ ਵੇਚੇ ਹਨ ਜਿੱਥੇ ਅਫ਼ਰੀਕਾ ਦੇ ਸਾਰੇ ਗਰੀਬ ਮੁਲਕਾਂ ਦੇ ਕੁੱਲ ਜੋੜ ਨਾਲੋਂ ਵੀ ਜਿਆਦਾ ਗ਼ਰੀਬ ਲੋਕ ਵਸਦੇ ਹਨ। ਹੀਰੋਸ਼ੀਮਾਂ ਅਤੇ ਨਾਗਾਸਾਕੀ 'ਤੇ ਸੁੱਟੇ ਬੰਬਾਂ ਤੋਂ ਲੈ ਕੇ ਵਿਅਤਨਾਮ, ਕੋਰੀਆ, ਲਾਤੀਨੀ ਅਮਰੀਕਾ ਤੱਕ ਦੇ ਸਾਰੇ ਯੁੱਧਾਂ ਦੌਰਾਨ ਲੱਖਾਂ ਹੀ ਜਾਨਾਂ ਗਈਆਂ ਹਨ-ਤੇ ਇਹ ਸਾਰੇ ਯੁੱਧ ''ਅਮਰੀਕੀ ਜੀਵਨ ਜਾਚ'' ਦੀ ਚੜ੍ਹਾਈ ਯਕੀਨੀ ਕਰਨ ਲਈ ਲੜੇ ਗਏ। ਅੱਜ ਅਸੀਂ ਜਾਣਦੇ ਹਾਂ ਕਿ ''ਅਮਰੀਕੀ ਜੀਵਨ ਜਾਚ''-ਜਿਹੋ ਜਿਹਾ ਬਣਨ ਦੀ ਇੱਛਾ ਕਰਨ ਦੀ ਬਾਕੀ ਸਾਰੇ ਮੁਲਕਾਂ ਤੋਂ ਆਸ ਕੀਤੀ ਜਾਂਦੀ ਹੈ- ਦਾ ਸਿੱਟਾ ਇਹ ਨਿਕਲਿਆ ਹੈ ਕਿ ਅਮਰੀਕਾ ਦੀ ਅੱਧੀ ਵਸੋਂ ਦੀ ਦੌਲਤ 'ਤੇ 4 ਸੌ ਲੋਕਾਂ ਦੀ ਮਾਲਕੀ ਹੈ। ਇਸਦਾ ਮਤਲਬ ਹੈ ਕਿ ਹਜ਼ਾਰਾਂ ਲੋਕਾਂ ਨੂੰ ਘਰਾਂ ਅਤੇ ਨੌਕਰੀਆਂ ਤੋਂ ਕੱਢਿਆ ਗਿਆ ਹੈ ਜਦੋਂ ਕਿ ਅਮਰੀਕੀ ਸਰਕਾਰ ਨੇ ਬੈਂਕਾਂ ਅਤੇ ਕਾਰਪੋਰੇਸ਼ਨਾਂ ਨੂੰ ਰਾਹਤ ਪੈਕੇਜ ਵੰਡੇ ਹਨ — ਇਕੱਲੇ ਅਮਰੀਕੀ ਕੌਮਾਂਤਰੀ ਗਰੁੱਪ ਨੂੰ ਹੀ 182 ਬਿਲੀਅਨ ਡਾਲਰ ਦਿੱਤੇ ਗਏ ਹਨ।

ਭਾਰਤੀ ਸਰਕਾਰ ਅਮਰੀਕੀ ਆਰਥਿਕ ਨੀਤੀ ਦੀ ਸ਼ਰਧਾਵਾਨ ਭਗਤ ਹੈ। ਖੁੱਲੀ ਮੰਡੀ ਦੀ ਆਰਥਿਕਤਾ ਦੇ 20 ਸਾਲਾਂ ਦੇ ਸਿੱਟੇ ਵਜੋਂ ਭਾਰਤ ਦੇ ਸਿਖਰਲੇ 100 ਧਨਾਢਾਂ ਕੋਲ ਮੁਲਕ ਦੀ ਕੁੱਲ ਪੈਦਾਵਾਰ ਦੇ ਇੱਕ ਚੌਥਾਈ ਦੇ ਬਰਾਬਰ ਧਨ-ਦੌਲਤ ਹੈ, ਜਦੋਂ ਕਿ 80 ਫੀਸਦੀ ਤੋਂ ਵੀ ਜਿਆਦਾ ਲੋਕ 50 ਸੈਂਟ (23-24 ਰੁ.) ਦਿਹਾੜੀ ਨਾਲੋਂ ਵੀ ਘੱਟ 'ਤੇ ਗੁਜ਼ਾਰਾ ਕਰਦੇ ਹਨ; 2 ਲੱਖ 50 ਹਜ਼ਾਰ ਕਿਸਾਨ ਮੌਤ ਦੇ ਮੂੰਹ 'ਚ ਧੱਕੇ ਜਾ ਚੁੱਕੇ ਹਨ, ਉਹਨਾਂ ਨੇ ਖੁਦਕੁਸ਼ੀ ਕਰ ਲਈ ਹੈ। ਸਾਡੇ ਲਈ ਇਹ ਵਿਕਾਸ ਹੈ, ਅਤੇ ਹੁਣ ਅਸੀਂ ਆਵਦੇ ਆਪ ਨੂੰ ਸੁਪਰ-ਪਾਵਰ (ਮਹਾਂ-ਸ਼ਕਤੀ) ਸਮਝਦੇ ਹਾਂ। ਤੁਹਾਡੀ ਤਰ੍ਹਾਂ ਅਸੀਂ ਵੀ ਯੋਗਤਾ ਸ਼ਰਤਾਂ ਪੂਰੀਆਂ ਕਰ ਲਈਆਂ ਹਨ : ਸਾਡੇ ਕੋਲ ਪ੍ਰਮਾਣੂ ਬੰਬ ਹਨ ਅਤੇ ਘਿਣਾਉਣੀ ਨਾ-ਬਰਾਬਰੀ ਹੈ।

ਚੰਗੀ ਖ਼ਬਰ ਇਹ ਹੈ ਕਿ ਲੋਕ ਅੱਕ ਚੁੱਕੇ ਹਨ ਅਤੇ ਉਹ ਹੋਰ ਬਰਦਾਸ਼ਤ ਨਹੀਂ ਕਰਨ ਲੱਗੇ। 'ਕਬਜ਼ਾ ਕਰੋ' ਲਹਿਰ ਵੀ ਸੰਸਾਰ ਭਰ 'ਚ ਚੱਲ ਰਹੀਆਂ ਉਹਨਾਂ ਹਜ਼ਾਰਾਂ ਵਿਰੋਧ ਲਹਿਰਾਂ 'ਚ ਸ਼ਾਮਲ ਹੋ ਗਈ ਹੈ ਜਿਹਨਾਂ ਰਾਹੀਂ ਗਰੀਬੀ ਮਾਰੇ ਲੋਕ ਉੱਠ ਖੜ੍ਹੇ ਹੋਏ ਹਨ ਅਤੇ ਧਨਾਢ ਕਾਰਪੋਰੇਸ਼ਨਾਂ ਦਾ ਰਾਹ ਰੋਕ ਰਹੇ ਹਨ। ਸਾਡੇ 'ਚੋਂ ਥੋੜਿਆਂ ਨੇ ਹੀ ਸੋਚਿਆ ਸੀ ਕਿ ਅਸੀਂ ਤੁਹਾਨੂੰ, ਯਾਨੀ ਕਿ ਅਮਰੀਕਾ ਦੇ ਲੋਕਾਂ ਨੂੰ ਆਵਦੇ ਨਾਲ ਖੜ੍ਹੇ ਅਤੇ ਸਾਮਰਾਜ ਦੇ ਗੜ੍ 'ਚ ਅਜਿਹਾ ਕਰਦੇ ਹੋਏ ਤੱਕਾਂਗੇ। ਮੈਨੂੰ ਨਹੀਂ ਪਤਾ ਵੀ ਮੈਂ ਕਿਵੇਂ ਦੱਸਾਂ ਕਿ ਇਹ ਕਿੱਡੀ ਵੱਡੀ ਗੱਲ ਹੈ।

ਉਹ (1% ਧਨਾਢ) ਕਹਿੰਦੇ ਹਨ ਕਿ ਸਾਡੇ ਕੋਲ ਮੰਗਾਂ ਨਹੀਂ ਹਨ . . . ਸ਼ਾਇਦ ਉਹ ਨਹੀਂ ਜਾਣਦੇ ਕਿ ਉਹਨਾਂ ਨੂੰ ਤਬਾਹ ਕਰਨ ਲਈ ਸਿਰਫ਼ ਸਾਡਾ ਰੋਹ ਹੀ ਕਾਫ਼ੀ ਹੈ। ਪਰ ਮੈਂ ਸਾਡੇ ਸਾਰਿਆਂ ਦੇ ਇਕੱਠਿਆਂ ਸੋਚਣ ਲਈ ਕੁੱਝ ਗੱਲਾਂ ਕਹਿਣਾ ਚਾਹਾਂਗੀ-ਕੁਝ ''ਪੂਰਵ-ਇਨਕਲਾਬੀ'' ਵਿਚਾਰ ਜੋ ਮੈਂ ਸੋਚੇ ਸਨ :

ਅਸੀਂ ਏਸ ਪ੍ਰਬੰਧ ਨੂੰ ਥੰਮ੍ਹਣਾ ਚਾਹੁੰਦੇ ਹਾਂ ਜੋ ਨਾ-ਬਰਾਬਰੀ ਪੈਦਾ ਕਰਦਾ ਹੈ। ਅਸੀਂ ਇਕੱਲੇ-'ਕਹਿਰੇ ਬੰਦਿਆਂ ਅਤੇ ਕਾਰਪੋਰੇਸ਼ਨਾਂ ਵੱਲੋਂ ਧਨ ਅਤੇ ਦੌਲਤ ਦੀ ਬੇਮੁਹਾਰ ਇਕੱਤਰਤਾ ਨੂੰ ਨੂੜ ਲੈਣਾ ਚਾਹੁੰਦੇ ਹਾਂ। ''ਨੂੜਨ'' ਵਾਲਿਆਂ ਅਤੇ ''ਥੰਮ੍ਹਣ'' ਵਾਲਿਆਂ ਵਜੋਂ ਅਸੀਂ ਮੰਗ ਕਰਦੇ ਹਾਂ-

• ਕਾਰੋਬਾਰਾਂ 'ਚ ਦੁਪਾਸੜ ਮਾਲਕੀ ਬੰਦ ਹੋਵੇ। ਉਦਾਹਰਣ ਲਈ ਹਥਿਆਰ ਬਣਾਉਣ ਵਾਲੇ
ਟੀ.ਵੀ. ਸਟੇਸ਼ਨਾਂ ਦੇ ਮਾਲਕ ਨਹੀਂ ਬਣ ਸਕਦੇ; ਖਾਣਾਂ ਪੁੱਟਣ ਵਾਲੀਆਂ ਕਰਪੋਰੇਸ਼ਨਾਂ ਅਖ਼ਬਾਰ ਨਹੀਂ
ਚਲਾ ਸਕਦੀਆਂ; ਵਪਾਰਕ ਘਰਾਣੇ ਯੂਨੀਵਰਸਿਟੀਆਂ ਨੂੰ ਫੰਡ ਨਹੀਂ ਦੇ ਸਕਦੇ; ਦਵਾਈਆਂ ਬਣਾਉਣ
ਵਾਲੀਆਂ ਕੰਪਨੀਆਂ ਜਨਤਕ ਸਿਹਤ ਨਾਲ ਸੰਬੰਧਿਤ ਫੰਡਾਂ ਨੂੰ ਕੰਟਰੋਲ ਨਹੀਂ ਕਰ ਸਕਦੀਆਂ।
• ਕੁਦਰਤੀ ਸੋਮਿਆਂ ਅਤੇ ਪਾਣੀ ਦੀ ਸਪਲਾਈ, ਬਿਜਲੀ, ਸਿਹਤ ਅਤੇ ਸਿੱਖਿਆ ਜਿਹੇ ਜ਼ਰੂਰੀ
ਢਾਂਚਿਆਂ ਦਾ ਨਿੱਜੀਕਰਨ ਨਹੀਂ ਕੀਤਾ ਜਾ ਸਕਦਾ।
• ਰਿਹਾਇਸ਼, ਸਿੱਖਿਆ ਅਤੇ ਸਿਹਤ ਸੰਭਾਲ ਹਰ ਇੱਕ ਦਾ ਹੱਕ ਹੋਵੇ।
• ਧਨਾਢਾਂ ਦੇ ਬੱਚਿਆਂ ਨੂੰ ਆਪਣੇ ਮਾਪਿਆਂ ਦੀ ਦੌਲਤ ਵਿਰਾਸਤ 'ਚ ਨਹੀਂ ਮਿਲ ਸਕਦੀ।


ਮੌਜੂਦਾ ਸੰਘਰਸ਼ ਨੇ ਸਾਡੀ ਸੋਚ ਨੂੰ ਮੁੜ-ਸੁਰਜੀਤ ਕਰ ਦਿੱਤਾ ਹੈ। ਪਤਾ ਨਹੀਂ ਕਿਹੜੇ ਵੇਲੇ ਪੂੰਜੀਵਾਦ ਨੇ ਨਿਆਂ ਦਾ ਮਤਲਬ ਸਿਰਫ਼ ''ਮਨੁੱਖੀ ਅਧਿਕਾਰਾਂ'' ਤੱਕ ਹੀ ਸੁੰਗੇੜ ਦਿੱਤਾ ਸੀ ਅਤੇ ਬਰਾਬਰੀ ਦਾ ਸੁਪਨਾ ਲੈਣ ਦਾ ਵਿਚਾਰ ਵੀ ਕਾਫ਼ਰਾਨਾ ਹੋ ਗਿਆ ਸੀ। ਅਸੀਂ ਏਸ ਪ੍ਰਬੰਧ ਨੂੰ ਸੋਧਣ ਜਾਂ ਇਹਦੀ ਗੰਢ-ਤੁੱਪ ਕਰਨ ਲਈ ਨਹੀਂ ਲੜ ਰਹੇ, ਇਹਨੂੰ ਬਦਲਣ ਦੀ ਜ਼ਰੂਰਤ ਹੈ।
''ਨੂੜਨ'' ਵਾਲੀ ਅਤੇ ''ਥੰਮ੍ਹਣ'' ਵਾਲੀ ਵਜੋਂ ਮੈਂ ਤੁਹਡੇ ਸੰਘਰਸ਼ ਨੂੰ ਸਲਾਮ ਕਰਦੀ ਹਾਂ।

ਸਲਾਮ ਅਤੇ ਜ਼ਿੰਦਾਬਾਦ।

Monday, November 14, 2011

ਰਾਕਸਟਾਰ:ਸ਼ੋਹਰਤ,ਤਸੱਵਰ ਤੇ ਇਖਲਾਕ ਦੇ ਮਾਇਨੇ


“ਪਤਾ ਹੈ,ਇੱਥੋਂ ਬਹੁਤ ਦੂਰ ਇਸ ਗਲਤ ਤੇ ਠੀਕ ਦੇ ਪਾਰ ਇੱਕ ਮੈਦਾਨ ਹੈ,ਮੈਂ ਉੱਥੇ ਮਿਲਾਂਗਾ ਤੈਨੂੰ”

ਸਿਨੇਮਾ ਦਾ ਇਹ ਉਹ ਮਾਹੌਲ ਸੀ ਜਿੱਥੇ ਲੋਕਾਂ ਦੀ ਚਹਿਲ ਪਹਿਲ ਹੋ ਰਹੀ ਸੀ,ਹਰ ਕੋਈ ਆਪਣੇ ਸੀਟ ਨੰਬਰ ਨੂੰ ਲੱਭਦਾ ਰੋਲਾ ਪਾ ਰਿਹਾ ਸੀ।ਫਿਰ ਇੱਕ ਅਵਾਜ਼ ਸੁਣਦੀ ਹੈ,ਸਿਰਫ ਇੱਕ ਅਵਾਜ਼……“ਪਤਾ ਹੈ,ਇੱਥੋਂ ਬਹੁਤ ਦੂਰ ਇਸ ਗਲਤ ਤੇ ਠੀਕ ਦੇ ਪਾਰ ਇੱਕ ਮੈਦਾਨ ਹੈ,ਮੈਂ ਉੱਥੇ ਮਿਲਾਂਗਾ ਤੈਨੂੰ”

ਰਣਬੀਰ ਕਪੂਰ ਦੀ ਇਸ ਅਵਾਜ਼ ਦੇ ਨਾਲ ਫਿਲਮ ‘ਰਾਕਸਟਾਰ’ ਪਰਦੇ ‘ਤੇ ਉੱਤਰਦੀ ਹੈ।ਇੱਕ ਵੱਖਰਾ ਮਾਹੌਲ ਸਿਰਜ ਜਾਂਦਾ ਹੈ।ਲੋਕ ਦੇ ਮਨਾਂ ‘ਚ ਇੱਕ ਅਜਿਹੀ ਉਤਸੁਕਤਾ ਪੈਦਾ ਹੁੰਦੀ ਹੈ ਕਿ ਆਖਰ ਅਜਿਹਾ ਸੂਫੀਆਨਾ ਠਹਿਰਾ ਕਿਸੇ ਰਾਕਸਟਾਰ ਦੀ ਅਵਾਜ਼ ‘ਚ ਕਿਵੇਂ ਆਇਆ ਜਿੱਥੇ ਉਹ ਪਿਆਰ ਦੀ ਅਜਿਹੀ ਅਧਿਆਤਮਕ ਵਾਣੀ ਬੋਲ ਰਿਹਾ ਹੈ।ਫਿਲਮ ਇੱਕ ਰਾਕਸਟਾਰ ਦੀ ਕਹਾਣੀ ਤਾਂ ਕਹਿ ਰਹੀ ਹੈ ਪਰ ਇਹ ਖਲਾਅ,ਇਹ ਤੜਪ ਤੇ ਇਹ ਠਹਿਰਾ ਅਜੋਕੇ ਜ਼ਮਾਨੇ ਦੇ ਹਰ ਬੰਦੇ ਦਾ ਅੰਦਰੂਨੀ ਸ਼ੰਘਰਸ਼ ਹੈ।ਫਾਰਸੀ ਦੇ ਮਹਾਨ ਸੂਫੀ ਦਾਰਸ਼ਨਿਕ ਕਵੀ ‘ਜਲਾਲਉਦਦੀਨ ਰੂਮੀ’ ਦੇ ਫਲਸਫੇ ‘ਤੇ ਚਲਦੀ ਇਹ ਫਿਲਮ ਤੁਹਾਨੂੰ ਇੱਕੋ ਸਮੇਂ ਤਿੰਨ ਅਹਿਸਾਸਾਂ ਚੋਂ ਲਘਾਂਵੇਗੀ।ਫਿਲਮ ਵੇਖਣ ਵੇਲੇ ਇੰਝ ਲਗੇਗਾ ਕਿ ਫਿਲਮ ‘ਵਾਰਿਸ ਦੀ ਹੀਰ’ ਤੋਂ ਪ੍ਰਭਾਵਿਤ ਹੈ।ਫਿਰ ਲਗੇਗਾ ਨਹੀਂ ਇਹ ਤਾਂ ਮਸ਼ਹੂਰ ਰਾਕਸਟਾਰ ਗਾਇਕ ‘ਜਿਮ ਮੋਰੀਸਿਨ’ ਨੂੰ ਸਮਰਪਿਤ ਹੈ।ਫਿਰ ਲਗੇਗਾ ਨਹੀਂ ਇਹ ਤਾਂ ਅਜੋਕੇ ਬੰਦੇ ਦੀ ਸ਼ੋਹਰਤ ਤੇ ਸਕੂਨ ਵਿਚਲੀ ਹਿਚਕੌਲੇ ਖਾਂਦੀ ਜ਼ਿੰਦਗੀ ਦਾ ਸੰਖੇਪ ਵਰਣਨ ਹੈ।


ਇਮਤਿਆਜ਼ ਅਲੀ ਦੇ ਨਿਰਦੇਸ਼ਨ ‘ਚ ਬਣੀ ਇਹ ਫਿਲਮ ਉਹਦੀਆਂ ਪਹਿਲੀਆਂ ਫਿਲਮਾਂ ਦੀ ਤਰ੍ਹਾਂ ਹੀ ਮਨੋਰੰਜਨ ਤੇ ਪਿਆਰ ਦੇ ਅਹਿਸਾਸ ਨੂੰ ਚੰਗੀ ਤਰ੍ਹਾਂ ਤਰਾਸ਼ਕੇ ਸਾਡੇ ਸਾਹਮਣੇ ਰੱਖਦੀ ਹੈ।ਬਿਹਾਰ ਦਾ ਇਮਤਿਆਜ਼ ਅਲੀ ਬਤੌਰ ਅਦਾਕਾਰ ‘ਬਲੈਕ ਫ੍ਰਾਈਡੇ’ ‘ਚ ਵੀ ਆਪਣੀਆਂ ਸੇਵਾਵਾਂ ਦੇ ਚੁੱਕਾ ਹੈ।ਫਿਰ ਫਿਲਮ ‘ਸੋਚਾ ਨਾ ਥਾ,ਜਬ ਵੀ ਮੈੱਟ,ਲਵ ਆਜ ਕੱਲ੍ਹ ਰਾਹੀ ਉਹਨੇ ਦਰਸ਼ਕਾਂ ਨੂੰ ਰੌਮਾਂਸਿਜ਼ਮ ਦਾ ਨਵੇਕਲਾ ਵਿਸਤਾਰ ਸਮਝਾਇਆ।ਯਕੀਨਨ ਇਸ ਫਿਲਮ ਤੋਂ ਬਾਅਦ ਮੇਰੇ ਮਨ ‘ਚ ਇਹ ਇੰਤਜ਼ਾਰ ਜ਼ਰੂਰ ਰਹੇਗਾ ਕਿ ਇਮਤਿਆਜ਼ ਦੀ ਅਗਲੀ ਫਿਲਮ ਕਿੰਝ ਦੀ ਹੋਵੇਗੀ।ਇਮਤਿਆਜ਼ ਦਾ ਸਿਨੇਮਾ ਯਾਤਰਾ ਦਾ ਸਿਨੇਮਾ ਹੈ।ਜਿਸ ਤਰ੍ਹਾਂ ਡਾ. ਦੀਵਾਨ ਸਿੰਘ ਕਾਲੇਪਾਣੀ ਦੀਆਂ ਲਿਖੀਆਂ ਸਤਰਾਂ ਕਹਿੰਦੀਆਂ ਨੇ ਕਿ ਪਾਣੀ ਚਲਦੇ ਸੋਂਹਦੇ ਨੇ ਖੱੜ੍ਹਦੇ ਬੁਸਦੇ ਨੇ,ਠੀਕ ਉਸੇ ਤਰ੍ਹਾਂ ਇਮਤਿਆਜ਼ ਦੀਆਂ ਫਿਲਮਾਂ ਦੇ ਕਿਰਦਾਰ ਜ਼ਿੰਦਗੀ ਦਾ ਅਜਿਹਾ ਸਫਰ ਕਰਦੇ ਨੇ ਤੇ ਆਪਣੀ ਕਹਾਣੀ ਵੀ ਅਜਿਹੇ ਸਫਰ ਦੀ ਚਲਾਇਮਾਨ ਦ੍ਰਿਸ਼ਟੀ ਤੋਂ ਹੀ ਬਿਆਨ ਕਰਦੇ ਹਨ।ਕੁਝ ਦੇਰ ਪਹਿਲਾਂ ਆਈ ਇੱਕ ਹੋਰ ਖੂਬਸੂਰਤ ਫਿਲਮ ਪੰਕਜ ਕਪੂਰ ਦੀ ‘ਮੌਸਮ’ ਜੋ ਆਪਣੀ ਕਹਾਣੀ ਨੂੰ ਅਜਿਹੇ ਸਫਰ ਦ੍ਰਿਸ਼ਟੀ ਤੋਂ ਬਿਆਨ ਕਰਦੀ ਹੋਈ ਖੁੰਝ ਗਈ ਸੀ ਨੂੰ ਇਮਤਿਆਜ਼ ਦੇ ਸਿਨੇਮਾ ਤੋਂ ਸਿੱਖਣਾ ਚਾਹੀਦਾ ਹੈ।


ਇਸ ਫਿਲਮ ਨੂੰ ਅਸੀ ਤਿੰਨ ਪਹਿਲੂਆਂ ਤੋਂ ਵਿਚਾਰ ਸਕਦੇ ਹਾਂ ।ਇਹ ਪੱਖ ਹਨ ਸ਼ੋਹਰਤ, ਨੌਜਵਾਨ ਤਸੱਵਰ ਤੇ ਮਨੁੱਖੀ ਕਿਰਦਾਰ ਦੀ ਅਸਲ ਹੋਂਦ ਦੇ ਮਾਇਨੇ ਕੀ ਹਨ।ਹਰਿਆਣੇ ਦਾ ‘ਜਨਾਰਦਨ ਜਾਖੜ’ ਜੋ ‘ਜਿਮ ਮੋਰੀਸਿਨ’ ਦੀ ਤਰ੍ਹਾਂ ਬਣਨਾ ਚਾਹੁੰਦਾ ਹੈ ਤੇ ਉਹ ਆਪਣਾ ਟੀਚਾ ਇੱਕ ਸ਼ਾਨਦਾਰ ਗਾਇਕ ਦੇ ਤੌਰ ਤੇ ਨਹੀਂ ਸਗੋਂ ਇੱਕ ਮਸ਼ਹੂਰ ਗਾਇਕ ਦੇ ਰੂਪ ‘ਚ ਵੇਖਦਾ ਪਤਾ।ਉਹ ਤੜਪ ਤੇ ਤੜਪ ਦੇ ਦਿਖਾਵੇ ਵਿਚਲਾ ਫਰਕ ਨਹੀਂ ਜਾਣਦਾ।ਉਸ ਲਈ ਇੱਕ ਸ਼ੋਹਰਤ ਨੂੰ ਪਾਉਣਾ ਹੈ।ਉਸ ਸ਼ੋਹਰਤ ਨੂੰ ਜਿਸ ਬਾਰੇ ਉਹ ਇੱਥੋਂ ਤੱਕ ਵੀ ਨਹੀਂ ਦੱਸ ਸਕਦਾ ਕਿ ਇਸ ਸ਼ੋਹਰਤ ਦੇ ਅਸਲ ਮਾਇਨੇ ਉਹਨੂੰ ਖੁਸ਼ੀ ਦੇਣਗੇ ਜਾਂ ਨਹੀਂ।ਆਖਰ ਇਹ ਸ਼ੋਹਰਤ ਦਾ ਕਿਹੋ ਜਿਹਾ ਮਿਜਾਜ਼ ਹੈ?ਹੈ।ਉਹ ਅਜਿਹੇ ਸੰਵਾਦ ‘ਚ ਪੈਂਦਾ ਹੈ ਕਿ ‘ਜਿਮ ਮੋਰੀਸਿਨ’ ਨੇ ਲੋਕਾਂ ਦੇ ਸਾਹਮਣੇ ਇੱਕ ਅਸ਼ਲੀਲ ਸੰਕੇਤ ਦਾ ਪ੍ਰਗਟਾਵਾ ਕੀਤਾ ਤੇ ਲੋਕ ਵਾਹ ਵਾਹ ਕਰਦੇ ਰਹਿ ਗਏ।ਪਰ ਉਸ ਪਿੱਛੇ ‘ਜਿਮ ਮੋਰੀਸਿਨ’ ਦੀ ਸੋਚ ਕੀ ਸੀ ਜਾਂ ਉਹ ਅਜਿਹੇ ਮੁਕਾਮ ਤੱਕ ਪਹੁੰਚਣ ਤੋਂ ਪਹਿਲਾਂ ਉਹ ਇਸ ਲਾਇਕ ਕਿੰਝ ਬਣਿਆ ਬਾਰੇ ਨਹੀਂ ਸੋਚਦਾ।ਫਿਰ ਉਸ ਨੂੰ ਅਜਿਹੇ ਕਲਾਕਾਰ ਦੇ ਰੁਤਬੇ ਤੱਕ ਪਹੁੰਚਣ ਦੀ ਸ਼ਿੱਦਤ ਦੇ ਮਾਇਨੇ ਨਹੀਂ

ਫਿਲਮ ਅੱਗੇ ਵੱਧਦੀ ਹੈ ਤੇ ਇਹ ਪੇਸ਼ ਕਰਦੀ ਹੈ ਕਿ ਮਹਾਨ ਬਣਨ ਲਈ ਤਕਲੀਫਾਂ ਦਾ ਰਾਹ ਹੀ ਅਸਲ ਸੰਘਰਸ਼ ਹੈ।ਦਿਲ ਦਾ ਟੁੱਟਣਾ ਜ਼ਰੂਰੀ ਹੈ।ਟੁੱਟੇ ਦਿਲ ਤੋਂ ਸੰਗੀਤ ਦੀ ਆਮਦ ਹੁੰਦੀ ਹੈ।ਇਸ ਵਿਚਾਰ ਨੂੰ ਲਿਖਦੇ ਹੋਏ ਬਠਿੰਡੇ ਦੇ ਉਹਨਾਂ ਗਾਇਕਾਂ ਵੱਲ ਮੇਰਾ ਧਿਆਨ ਜ਼ਰੂਰ ਜਾਂਦਾ ਹੈ।ਪਰ ਫਿਲਮ ‘ਚ ਜਨਾਰਦਨ ਜਾਖੜ ਤੋਂ ਜੇ.ਜੇ ਅਤੇ ਜੇ.ਜੇ. ਤੋਂ ਜਾਰਡਨ ਤੱਕ ਦਾ ਕਿਰਦਾਰ ਇਹ ਜ਼ਰੂਰ ਬਿਆਨ ਕਰ ਜਾਂਦਾ ਹੈ ਕਿ ਇਸ ਬਜ਼ਾਰਵਾਦ ‘ਚ ਤੁਹਾਡਾ ਅਸਲ ਤੁਹਾਡੀ ਕਲਾ ਨਹੀਂ ਹੈ।ਬਜ਼ਾਰ ਦੇ ਮਿਜਾਜ਼ ਨਾਲ ਤੁਸੀ ਕਿੰਝ ਆਪਣੇ ਆਪ ਨੂੰ ਪਰੋਸਿਆ ਹੈ ਅੱਜ ਕੱਲ੍ਹ ਕਲਾ ਦੇ ਅਸਲ ਰੰਗ ਇਹੋ ਹਨ।ਇਹ ਸਿਰਫ ਸੰਗੀਤ ਦੇ ਸੰਸਾਰ ਦੀ ਕਹਾਣੀ ਨਹੀਂ ਹੈ।ਪੱਤਰਕਾਰੀ ਤੋਂ ਲੈਕੇ ਇੱਕ ਆਮ ਦਫਤਰੀ ਜ਼ਿੰਦਗੀ ‘ਚ ਇਹੋ ਹਾਲ ਹੈ।

ਫਿਲਮ ‘ਚ ਪੇਸ਼ ਹੋਏ ਕੁਝ ਇਲਾਕਿਆਂ ਨੂੰ ਜਿਸ ਅੰਦਾਜ਼ ‘ਚ ਟੁੱਚੀਆਂ ਗਲੀਆਂ ਦੇ ਰੂਪ ‘
ਚ ਪੇਸ਼ ਕੀਤਾ ਹੈ ਜਾਂ ਨਾਇਕ ਤੇ ਨਾਇਕਾ ਦਾ ਜੰਗਲੀ ਜਵਾਨੀ ਫਿਲਮ ਨੂੰ ਵੇਖਣ ਜਾਣਾ ਨੈਤਿਕਤਾ ਪੱਖੋਂ ਬਹੁਤ ਲੋਕਾਂ ਦੇ ਸਵਾਲਾਂ ਦਾ ਨਿਸ਼ਾਨਾ ਬਣ ਸਕਦੇ ਹਨ ਪਰ ਪਹਿਲਾਂ ਉਹ ਇਹ ਜ਼ਰੂਰ ਤੈਅ ਕਰ ਲੈਣ ਕਿ ਉਹਨਾਂ ਦੀ ਨਜ਼ਰ ‘ਚ ਨੈਤਿਕਤਾ ਦੇ ਅਰਥ ਕੀ ਹਨ।ਕੋਈ ਸ਼ਰੇਆਮ ਇਹਨਾਂ ਚਿਹਰਿਆਂ ਦਾ ਪ੍ਰਗਟਾਵਾ ਕਰ ਜਾਂਦਾ ਹੈ ਤੇ ਕੋਈ ਦੋ ਚਿਹਰੇ ਲੈਕੇ ਘੁੰਮ ਰਿਹਾ ਹੈ।ਪਰ ਅਜਿਹਾ ਕੋਈ ਵਿਰਲਾ ਹੀ ਹੋਵੇਗਾ ਜੋ ਅਜਿਹੇ ਰੰਗ ਤੋਂ ਵੀ ਭੈੜੇ ਪੋਰਨੋਗ੍ਰਾਫੀ ਦੇ ਰੰਗਾਂ ਤੋਂ ਵਾਕਫ ਨਾ ਹੋਵੇ।ਫਿਲਮ ‘ਚ ਨਿਰਦੇਸ਼ਕ ਦੀ ਆਪਣੀ ਅਜ਼ਾਦੀ ਹੁੰਦੀ ਹੈ,ਇੱਕ ਆਪਣੀ ਖੁੱਲ੍ਹ ਹੁੰਦੀ ਹੈ।ਇਸ ਤੋਂ ਪਹਿਲਾਂ ਵੀ ਇਮਤਿਆਜ਼ ਅਲੀ ਨੇ ਫਿਲਮ ‘ਜਬ ਵੀ ਮੈੱਟ’ ‘ਚ ਰਤਲਾਮ ਦੀਆਂ ਗਲੀਆਂ ‘ਚ ਵੇਸਵਾਗਮਨ ਨੂੰ ਬਹੁਤ ਖੁਲ੍ਹੇ ਤੇ ਮਜ਼ਾਕੀਆ ਲਹਿਜ਼ੇ ‘ਚ ਵਿਖਾਇਆ ਸੀ।ਜਿਸ ਨੂੰ ਲੈਕੇ ਚੌਖੀ ਬਹਿਸ ਹੋਈ ਸੀ।ਹੁਣ ਇਹ ਇਮਤਿਆਜ਼ ਨੂੰ ਸਮਝਨਾ ਚਾਹੀਦਾ ਹੈ ਕਿ ਉਹ ਇਹਨਾਂ ਗਲੀਆਂ ਦੀ ਗੰਭੀਰਤਾ ਨੂੰ ਕਦੋਂ ਵਿਖਾਵੇਗਾ।ਕਿਉਂ ਕਿ ਸਾਹ ਤਾਂ ਇਹਨਾਂ ਗਲੀਆਂ ਕੂਚਿਆਂ ਦੇ ਵੀ ਨਿੰਰਤਰ ਚਲਦੇ ਹਨ।

ਜਨਾਰਦਨ ਜਾਖੜ ਨੌਜਵਾਨ ਤੱਸਵਰ ਦੀ ਉਹ ਸਾਰੀ ਤੜਪ ਪੇਸ਼ ਕਰਦਾ ਹੈ।ਉਸ ਦੇ ਗਾਏ ਗੀਤ ‘ਬਰਬਾਦ ਅਲਫਾਜ਼’ ਹਨ।ਉਸ ਨੂੰ ਆਪਣੇ ਕਾਮਯਾਬ ਹੋਣ ਬਾਰੇ ਯਕੀਨ ਨਹੀਂ ਹੈ ਸਗੋਂ ਨਾਕਾਮਯਾਬ ਹੋਣ ਬਾਰੇ ਸਵਾਲ ਬਹੁਤ ਜ਼ਿਆਦਾ ਹਨ।ਇਸ ਤੋਂ ਬਾਅਦ ਇਹ ਉਹੀ ਜੋਸ਼ ਹੈ ਜਦੋਂ ਉਹ ਖੁਦ ਦੇ ਹੋਣ ਦੇ ਯਕੀਨ ਨੂੰ ਜਿੱਤਦਾ ਹੈ ਤਾਂ ਫਿਰ ਉਹਨੂੰ ਜਿੱਤ ਦੇ ਅਸਲ ਨਿਸ਼ਾਨਾਂ ਦੀ ਨਿਸ਼ਾਨਦੇਹੀ ਹੁੰਦੀ ਮਹਿਸੂਸ ਹੁੰਦੀ ਹੈ।ਉਸ ਅੰਦਰ ਇੱਕ ਪਾਗਲਪਣ ਵੀ ਹੈ।ਇਹੋ ਤਾਂ ਉਹ ਸਾਰੇ ਗੁਣ ਹਨ ਜੋ ਬੰਦੇ ਦੇ ਵਿਜੇਤਾ ਹੋਣ ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਹਨ।ਜਨਾਰਦਨ ਜਾਖੜ ਦੇ ਇਸ ‘ਚ ਨੌਜਵਾਨੀ ਤੱਸਵਰ ਦੇ ਬਹੁਤ ਸਾਰੇ ਰੂਪ ਨਜ਼ਰ ਆਉਣਗੇ।ਉਹ ਸੱਚਾ ਹੈ,ਖੁਦ ਦੇ ਬਣਾਉਟੀਪਣ ਨੂੰ ਵੀ ਮੋੜ ਮੋੜ ‘ਤੇ ਰੱਦ ਕਰਦਾ ਹੈ।ਉਹ ਉਹਨਾਂ ਸਾਰੀਆਂ ਬੰਦਿਸ਼ਾਂ ਦੇ ਖਿਲਾਫ ਉਗਰ ਹੁੰਦਾ ਹੈ।ਉਹ ਬਜ਼ਾਰਵਾਦ ਦੇ ਲਾਲਚ ਦੀ ਕਰਤੂਤ ਨੂੰ ਪਛਾਣਦਾ ਹੈ ਤੇ ਉਹਦਾ ਸ਼ਰੇਆਮ ਮਖੌਲ ਉਡਾਉਂਦਾ ਹੈ।ਉਹ ਦਿਲ ਚੋਂ ਨਿਕਲੀ ਜਜ਼ਬਾਤ ਦੀ ਰਵਾਨਗੀ ਤੋਂ ਨਾਇਕਾ ਨੂੰ ਉਸੇ ਸ਼ਿੱਦਤ ਨਾਲ ਪਿਆਰ ਕਰਦਾ ਹੈ ਜੋ ਸਾਨੂੰ ਹੀਰ ਤੇ ਰਾਂਝੇ ਦੇ ਕਿੱਸਿਆ ‘ਚ ਮਹਿਸੂਸ ਹੁੰਦਾ ਹੈ।ਉਹ ‘ਹਵਾ ਹਵਾ’ ਗੀਤ ਨਾਲ ਰਿਸ਼ਤਿਆਂ ‘ਚ ਸ਼ੱਕ ਦੀ ਸੂਈ ਨਾਲ ਅਹਿਸਾਸ ਦੇ ਚਿੱਥੜੇ ਹੁੰਦਿਆ ਨੂੰ ਵੀ ਬਿਆਨ ਕਰਦਾ ਹੈ ਤੇ ਦੂਜੇ ਪਾਸੇ ਉਹ ‘ਸਾਡਾ ਹੱਕ’ ਰਾਂਹੀ ਅਜ਼ਾਦੀ ਤੇ ਅਜ਼ਾਦ ਜਿੰਦੜੀਆ ਲਈ ਵੀ ਗਾਉਂਦਾ ਹੋਇਆ ਨਜ਼ਰ ਆਉਂਦਾ ਹੈ।ਇਸ ਗੀਤ ਰਾਂਹੀ ਉਹ ਤਿੱਬਤ ਦੀ ਅਜ਼ਾਦੀ ਦੇ ਹੱਕ ‘ਚ ਗੱਲ ਕਰ ਰਿਹਾ ਹੈ,ਜੋਕਿ ਸਿੱਧੇ ਰੂਪ ‘ਚ ਚੀਨ ਨੂੰ ਵੰਗਾਰ ਹੀ ਹੈ।ਪਰ ਸਾਡਾ ਭਾਰਤੀ ਸੈਂਸਰ ਬੋਰਡ ਫਿਲਮਾਂ ‘ਚ ਅਜਿਹੇ ਕ੍ਰਾਂਤੀਕਾਰੀ ਕਦਮਾਂ ਦੀ ਸ਼ਲਾਘਾ ਨਹੀਂ ਕਰਦਾ ਸਗੋਂ ਉਹਨਾਂ ‘ਤੇ ਕੈਂਚੀ ਚਲਾਉਂਦਾ ਹੈ।ਇਸ ਗੀਤ ‘ਚ ਫਿਲਮਸਾਜ਼ ਨੂੰ ਉਹ ਬੈਨਰ ਧੁੰਦਲੇ ਕਰਨੇ ਪਏ ਹਨ।ਮੁੱਖ ਧਾਰਾ ਦੀਆਂ ਫਿਲਮਾਂ ‘ਚ ਅਜਿਹੀ ਗੱਲ ਦਾ ਇੱਕ ਚੰਗਾ ਸੰਕੇਤ ਹੈ ਕਿਉਂ ਕਿ ਇਹਨਾਂ ਫਿਲਮਾਂ ਦੀ ਪਹੁੰਚ ਆਮ ਲੋਕਾਂ ਤੱਕ ਹੈ ਪਰ ਸਿਸਟਮ ਦੇ ਕਾਲੇ ਮੁਹਾਂਦਰੇ ਇਹਨੂੰ ਸਮਝਨਾ ਹੀ ਨਹੀਂ ਚਾਹੁੰਦੇ।

ਹੁਣ ਗੱਲ ਕਰਦੇ ਹਾਂ ਮਨੁੱਖੀ ਕਿਰਦਾਰਾਂ ਦੀ ਅਸਲ ਹੋਂਦ ਨੂੰ ਲੱਭਣ ਲਈ ਚਲ ਰਹੇ ਸੰਘਰਸ਼ ਤੇ ਬੇਬੱਸੀ ‘ਚ ਹਿਚਕੋਲੇ ਖਾਂਦੇ ਉਹ ਕਿਰਦਾਰ ਜੋ ‘ਰੂਮੀ’ ਦੇ ਅਹਿਸਾਸ ਰਾਂਹੀ ‘ਨਾਦਾਨ ਪਰਿੰਦਿਆਂ’ ਨੂੰ ਵਾਪਸ ਆਪਣੀ ਜ਼ਮੀਨ ਮੁੜ ਆਉਣ ਲਈ ਗੁਹਾਰ ਲਗਾ ਰਹੇ ਹਨ।ਇੱਥੇ ਫਿਲਮ ਪੂਰਨਤਾ ਦੇ ਅਸਲ ਅਰਥ ਵੀ ਸਮਝਾਉਂਦੀ ਹੈ ਤੇ ਰਿਸ਼ਤਿਆ ਦੀ ਅਸਲ ਜੁਗਲਬੰਦੀ ਵੀ ਬਿਆਨ ਕਰ ਰਹੀ ਹੈ।ਸਿਰਫ ਦੋ ਸਰੀਰਾਂ ਵਿਚਕਾਰ ਵਿਆਹ ਦਾ ਹੋਣਾ ਹੀ ਕਿਸੇ ਰਿਸ਼ਤੇ ਨੂੰ ਸੱਚਾ ਤੇ ਸੁੱਚਾ ਅਧਾਰ ਨਹੀਂ ਦੇ ਸਕਦਾ ਜਦੋਂ ਤੱਕ ਉਹਨਾਂ ‘ਚ ਜਜ਼ਬਾਤੀ ਸਾਂਝ ਨਹੀਂ ਹੈ।ਇਸੇ ਸਾਂਝ ਦੀ ਅਣਹੋਂਦ ਕਰਕੇ ਹੀ ਰਿਸ਼ਤਿਆਂ ਵਿਚਲਾ ਘਾਤ ਤੇ ਭਟਕਣ ਚਲਦੀ ਰਹਿੰਦੀ ਹੈ।ਜਨਾਰਦਨ ਨੂੰ ਲੈਕੇ ਪੂਰੀ ਦੁਨੀਆ ਪਾਗਲ ਹੈ ਪਰ ਉਸਨੂੰ ਕਾਮਯਾਬੀ ਦੇ ਇਸ ਮੁਕਾਮ ਤੱਕ ਪਹੁੰਚਕੇ ਅਹਿਸਾਸ ਹੈ ਕਿ ਬਾਹਰ ਦੀ ਚਕਾਚੋਂਧ ਮੇਰੀ ਅੰਦਰੂਨੀ ਖੁਸ਼ੀ ਦਾ ਸਬੱਬ ਨਹੀਂ ਬਣ ਸਕਦੀ।ਉਹਨੂੰ ਅਹਿਸਾਸ ਹੈ ਕਿ ਉਹਦਾ ਅੰਦਰ ਕਿੰਨਾ ਖਾਲੀ ਹੈ।ਫਿਲਮ ਵਿਚਲੇ ਕਿਰਦਾਰ ‘ਹੀਰ’ ਤੇ ‘ਜਨਾਰਦਨ’ ਦੀ ਸਾਂਝ ਕਿੰਝ ਦੀ ਹੈ ਰਿਸ਼ਤਿਆਂ ਨੂੰ ਖੂਬਸੂਰਤੀ ਨਾਲ ਬਿਆਨ ਕਰਦੀ ਹੈ।ਦੋਵੇਂ ਇੱਕ ਦੂਜੇ ਤੋਂ ਬਿਨਾਂ ਅੱਧੇ ਹਨ।ਇੱਕ ਦੂਜੇ ਦੀ ਸੁਮੇਲਤਾ ‘ਚ ਹੀ ਦੋਵਾਂ ਦੀ ਪੂਰਨਤਾ ਹੈ।…ਤੇ ਪੂਰੀ ਫਿਲਮ ‘ਚ ਕਿਰਦਾਰਾਂ ਵਿਚਲਾ ਇੱਕ ਯਕੀਨ ਹੈ ਕਿ “ਪਤਾ ਹੈ,ਇੱਥੋਂ ਬਹੁਤ ਦੂਰ ਗਲਤ ਤੇ ਠੀਕ ਤੇ ਪਾਰ ਇੱਕ ਮੈਦਾਨ ਹੈ,ਮੈਂ ਉੱਥੇ ਮਿਲਾਂਗਾ ਤੈਨੂੰ।” ਕਿਸੇ ਵੀ ਰਿਸ਼ਤੇ ਨੂੰ ਵੱਧਣ ਫੁੱਲਣ ਲਈ ਬੱਸ ਅਜਿਹਾ ਹੀ ਭਰੌਸਾ ਤੇ ਵਿਸ਼ਵਾਸ ਚਾਹੀਦਾ ਹੁੰਦਾ ਹੈ।

ਰਣਬੀਰ ਕਪੂਰ ਦੇ ਸਿਤਾਰਾ ਪੱਖ ਦੀ ਇਹ ਹੁਣ ਤੱਕ ਦੀ ਵਧੀਆ ਫਿਲਮ ਹੈ।ਜੋ ਉਸਨੂੰ ਇੱਕ ਨਵਾਂ ਸਟਾਰਡਮ ਦੇਵੇਗੀ।ਰਣਬੀਰ ਨੇ ਕਿਰਦਾਰ ਵਿਚਲੀਆਂ ਵੱਖ ਵੱਖ ਪਰਤਾਂ ਨੂੰ ਪੂਰੀ ਸੰਜੀਦਗੀ ਨਾਲ ਨਿਭਾਇਆ ਹੈ।ਚਾਹੇ ਉਹ ਪ੍ਰੇਮੀ,ਨੌਜਵਾਨ ਜਾਂ ਗਾਇਕ ਦਾ ਰੂਪ ਹੋਵੇ ਜਾਂ ਚਾਹੇ ਉਹ ਭਟਕਦੇ ਇਖਲਾਕ ਦੀ ਖੋਜ ਜਾਂ ਸ਼ੋਹਰਤ ਤੋਂ ਦੂਰ ਪੂਰਨਤਾ ਦੀ ਤਲਾਸ਼ ਹੋਵੇ।ਇੱਕ ਕਲਾਕਾਰ ਦੀ ਜ਼ਿੰਦਗੀ ‘ਤੇ ਕਿੰਨੇ ਕੈਮਰਿਆਂ ਦੀ ਅੱਖ ਹੁੰਦੀ ਹੈ।ਅਜਿਹੇ ‘ਚ ਸੋਚੋ ਕੋਈ ਬੰਦਾ ਸਹਿਜ ਜ਼ਿੰਦਗੀ ਨੂੰ ਕਿੰਝ ਮਾਣ ਸਕਦਾ ਹੈ।ਕਿਸੇ ਪਿੰਡ ‘ਚ ਰਹਿੰਦੇ ਲੋਕਾਂ ਦੀਆਂ ਚੁਨਿੰਦਾ ਗੱਲਾਂ ਨਾਲ ਕਿਸੇ ਘਰ ਦੀ ਸ਼ਾਂਤੀ ਹਰਾਮ ਹੋ ਜਾਂਦੀ ਹੈ ਤੇ ਅਜਿਹਾ ‘ਚ ਪਰਿਵਾਰ ਪੂਰੀ ਤਰ੍ਹਾਂ ਹਿਲ ਜਾਂਦਾ ਹੈ ਤਾਂ ਭਲਾ ਅਜਿਹਾ ਕਲਾਕਾਰ ਕੋਈ ਕਿਉਂ ਨਹੀਂ ਗੁੱਸੇ ‘ਚ ਆ ਸਕਦਾ ਜਿਸ ਨੂੰ ਹਜ਼ਾਰਾਂ ਅੱਕ ਤੱਕ ਰਹੀਆਂ ਹੋਣ।ਨਿਜ ਤੱਕ ਦੀ ਅਜਿਹੀ ਦਖਲਅੰਦਾਜ਼ੀ ਤੋਂ ਹਰ ਬੰਦੇ ਨੂੰ ਪਰੇਸ਼ਾਨੀ ਹੁੰਦੀ ਹੈ।

ਇਸ ਫਿਲਮ ਨੂੰ ਵੇਖਣਾ ਮੇਰੇ ਲਈ ਪੈਸਾ ਵਸੂਲੀ ਹੈ।ਅੰਤਰਮਨ ਦੀ ਯਾਤਰਾ ਹੈ ਤੇ ਉਡੀਕ ਹੈ ਰਹਿਮਾਨ ਦੇ ਰੂਹਦਾਰੀ ਸੰਗੀਤ ਦੀ ਨਵੇਕਲੀ ਪੇਸ਼ਕਸ਼ ਦੀ,ਤੇ ਨਾਲ ਹੀ ਉਡੀਕ ਹੈ ਕਿ ਹੁਣ ਇਮਤਿਆਜ਼ ਦੀ ਅਗਲੀ ਫਿਲਮ ‘ਚ ਪ੍ਰੇਮ ਦੀ ਕਿਹੜੀ ਵੰਨਗੀ ਵੇਖਣ ਨੂੰ ਮਿਲੇਗੀ।ਇਸ ਫਿਲਮ ਨੂੰ ਵੇਖਣ ਵੇਲੇ ਸ਼ਮੀ ਕਪੂਰ ਨੂੰ ਵੇਖਣਾ ਚੰਗਾ ਲੱਗਾ ਕਿਉਂ ਕਿ ਇਹ ਉਸ ਸਦਾਬਹਾਰ ਹੀਰੋ ਦੀ ਆਖਰੀ ਫਿਲਮ ਸੀ।ਫਿਲਮ 'ਚ ਜਨਾਰਦਨ(ਰਣਬੀਰ) ਤੇ ਉਸਤਾਦ(ਸ਼ਮੀ ਕਪੂਰ) ਦੀ ਸ਼ਹਿਨਾਈ ਤੇ ਗਿਟਾਰ ਦੀ ਜੁਗਲਬੰਦੀ ਜ਼ਰੂਰ ਗਹੁ ਨਾਲ ਸੁਣਿਓ।ਇਹ ਵਾਕਿਆ ਹੀ ਹੈ,ਇੱਕ ਪਿਆਰੀ ਜੁਗਲਬੰਦੀ ਜੀਹਨੂੰ The Dichotomy of Fame ਦਾ ਨਾਮ ਦਿੱਤਾ ਗਿਆ ਹੈ।


ਹਰਪ੍ਰੀਤ ਸਿੰਘ ਕਾਹਲੋਂ ਪੱਤਰਕਾਰ ਹੈ,ਪਰ ਪੱਤਰਕਾਰੀ ਨਾਲੋਂ 1000 ਗੁਣਾ ਵੱਧ ਰੁਚੀ ਸਿਨੇਮੇ 'ਚ ਰੱਖਦਾ ਹੈ।

Thursday, November 10, 2011

ਲੋਕ ਕਲਾਕਾਰ ਜੀਤਨ ਮਾਰੰਡੀ ਨੂੰ ਸਜ਼ਾ-ਏ-ਮੌਤ ਦੀ ਸਾਜ਼ਿਸ਼

ਜਦੋਂ ਪਿੱਛੇ ਜਹੇ ਛੱਤੀਸਗੜ੍ਹ ਦੇ ਮਨੁੱਖੀ ਅਧਿਕਾਰ ਕਾਰਕੁਨ ਡਾ. ਬਿਨਾਇਕ ਸੇਨ ਨੂੰ ਰਾਏਪੁਰ ਦੀ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤਾਂ ਦੁਨੀਆ ਦੇ ਕੋਨੇ-ਕੋਨੇ ਤੋਂ ਇਸ ਦਾ ਵਿਰੋਧ ਹੋਇਆ ਸੀ। ਬਾਅਦ 'ਚ ਸਰਵਉੱਚ ਅਦਾਲਤ ਵਲੋਂ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਗਈ। ਹੁਣ 23 ਜੂਨ 2011 ਨੂੰ ਝਾਰਖੰਡ ਦੇ ਗਿਰਡੀਹ ਜ਼ਿਲ੍ਹੇ ਦੀ ਸੈਸ਼ਨ ਅਦਾਲਤ ਨੇ ਝਾਰਖੰਡ ਦੇ ਲੋਕ ਕਲਾਕਾਰ ਜੀਤਨ ਮਾਰੰਡੀ ਸਮੇਤ ਚਾਰ ਵਿਅਕਤੀਆਂ ਮਨੋਜ ਰਜਵਾਰ, ਛਤਰਪਤੀ ਮੰਡਲ ਅਤੇ ਅਨਿਲ ਰਾਮ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਹੈ।

ਇਹ ਸਜ਼ਾ 26 ਅਕਤੂਬਰ 2007 ਨੂੰ ਗਿਰਡੀਹ ਜ਼ਿਲ੍ਹੇ ਦੇ ਚਿਲਖਾਰੀ ਪਿੰਡ 'ਚ ਹੋਏ ਕਤਲ ਕਾਂਡ ਦੇ ਸਿਲਸਿਲੇ 'ਚ ਸੁਣਾਈ ਗਈ ਹੈ ਜਿਸ ਵਿਚ ਸਾਬਕਾ ਮੁੱਖ ਮੰਤਰੀ ਬਾਬੂਲਾਲ ਮਾਰੰਡੀ ਦੇ ਪੁੱਤਰ ਅਨੂਪ ਮਾਰੰਡੀ ਸਮੇਤ 19 ਵਿਅਕਤੀ ਮਾਰੇ ਗਏ ਸਨ। ਕਿਹਾ ਜਾਂਦਾ ਹੈ ਕਿ ਇਹ ਕਤਲ ਕਾਂਡ ਮਾਓਵਾਦੀਆਂ ਨੇ ਕੀਤਾ ਸੀ। ਇਸ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ ਹੋਰ ਗੱਲ ਹੈ ਪਰ ਜੇ ਇਸ ਜੁਰਮ ਹੇਠ ਨਿਰਦੋਸ਼ ਲੋਕਾਂ ਨੂੰ ਸਜ਼ਾ ਭੁਗਤਣੀ ਪਵੇ ਤਾਂ ਇਹ ਸਿਰੇ ਦੀ ਘਟੀਆ ਤੇ ਨਿੰਦਣਯੋਗ ਕਾਰਵਾਈ ਹੈ।

ਇਸ ਕਾਂਡ ਤੋਂ ਬਾਅਦ 28 ਅਕਤੂਬਰ 2007 ਨੂੰ ਬਾਬੂਲਾਲ ਮਾਰੰਡੀ ਦੇ ਭਰਾ ਨੁਨੂਲਾਲ ਮਾਰੰਡੀ ਦੇ ਅੰਗ ਰੱਖਿਅਕ ਪੂਰਨ ਕਿਸਕੂ ਨੇ ਦੇਵਰੀ ਥਾਣੇ ਵਿਚ ਰਪਟ ਦਰਜ ਕਰਾਕੇ ਕਿਸੇ ਜੀਤਨ ਮਾਰੰਡੀ ਸਮੇਤ ਦਸ ਵਿਅਕਤੀਆਂ ਨੂੰ ਇਸ ਕਾਂਡ ਲਈ ਜ਼ਿੰਮੇਵਾਰ ਠਹਿਰਾਇਆ ਸੀ। ਇਸ ਵਿਚ ਕਿਸੇ ਦੋਸ਼ੀ ਦੇ ਪਿੰਡ ਜਾਂ ਬਾਪ ਦਾ ਨਾਂ ਨਹੀਂ ਦੱਸਿਆ ਗਿਆ ਸੀ। ਇਸ ਤੋਂ ਬਾਅਦ ਰਾਂਚੀ ਤੋਂ ਛਪਦੇ ''ਪ੍ਰਭਾਤ ਖ਼ਬਰ'' ਦੇ 29 ਅਕਤੂਬਰ ਅੰਕ 'ਚ ''ਹਮਲਾਵਰ ਨਕਸਲੀਆਂ ਦੀ ਸ਼ਨਾਖ਼ਤ ਹੋ ਗਈ'' ਸਿਰਲੇਖ ਹੇਠ ਖ਼ਬਰ ਛਪੀ ਸੀ ਕਿ ਉਹ ਜੀਤਨ ਮਾਰੰਡੀ ਹੀ ਕਤਲ ਕਾਂਡ ਨੂੰ ਅੰਜ਼ਾਮ ਦੇਣ ਵਾਲੇ ਦਸਤੇ ਦੀ ਅਗਵਾਈ ਕਰ ਰਿਹਾ ਸੀ ਜੋ ਪਿਛਲੇ ਦਿਨੀਂ ਸਿਆਸੀ ਕੈਦੀਆਂ ਦੀ ਰਿਹਾਈ ਲਈ ਲਈ ਰਾਂਚੀ 'ਚ ਆਯੋਜਤ ਕੀਤੀ ਰੈਲੀ 'ਚ ਸ਼ਾਮਲ ਸੀ। ਨਾਲ ਹੀ ਉਸਦੀ ਤਸਵੀਰ ਵੀ ਛਾਪੀ ਗਈ ਸੀ। ਫਿਰ ਦੂਸਰੇ ਹੀ ਦਿਨ 30 ਅਕਤੂਬਰ ਦੇ ਅੰਕ 'ਚ ਉਸ ਖ਼ਬਰ ਦੀ ਭੁੱਲ ਦੀ ਸੋਧ ਛਾਪੀ ਗਈ ਕਿ ''ਹਮਲਾਵਰ ਨਕਸਲੀਆਂ ਦੀ ਸ਼ਨਾਖ਼ਤ ਹੋ ਗਈ'' ਸਿਰਲੇਖ ਵਾਲੀ ਜਿਸ ਖ਼ਬਰ ਵਿਚ ਜੋ ਜੀਤਨ ਮਾਰੰਡੀ ਦੀ ਤਸਵੀਰ ਛਪੀ ਸੀ ਉਹ ਚਿਲਖਾਰੀ ਕਾਂਡ ਦੀ ਐੱਫ ਆਈ ਆਰ 'ਚ ਦਰਜ ਜੀਤਨ ਮਾਰੰਡੀ ਨਹੀਂ ਹੈ। ਇਹ ਤਸਵੀਰ ਉਸ ਜੀਤਨ ਮਾਰੰਡੀ ਦੀ ਹੈ ਜਿਸ ਨੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਰਾਂਚੀ 'ਚ ਆਯੋਜਤ ਰੈਲੀ 'ਚ ਤਕਰੀਰ ਕੀਤੀ ਸੀ ਅਤੇ ਉਹ ਅਕਸਰ ਹੀ ਅਜਿਹੇ ਪ੍ਰ੍ਰੋਗਰਾਮਾਂ 'ਚ ਸ਼ਾਮਲ ਹੁੰਦਾ ਹੈ। ਅਖ਼ਬਾਰ ਨੇ ਇਸ ਭੁੱਲ 'ਤੇ ਅਫਸੋਸ ਜ਼ਾਹਰ ਕੀਤਾ।

ਪ੍ਰਭਾਤ ਖ਼ਬਰ ਨੇ ਆਪਣੀ ਭੁੱਲ ਸੁਧਾਰਨ ਦੇ ਨਾਲ-ਨਾਲ ਇਹ ਵੀ ਸਪਸ਼ਟ ਕਰ ਦਿੱਤਾ ਕਿ ਜੀਤਨ ਮਾਰੰਡੀ ਨਾਂ ਦੇ ਦੋ ਵਿਅਕਤੀ ਹਨ। ਇਸ ਨਾਲ ਪੁਲਿਸ ਮਹਿਕਮੇ 'ਚ ਖਲਬਲੀ ਮੱਚ ਗਈ। ਪੁਲਿਸ ਵਲੋਂ ਦੋਸ਼ੀਆਂ ਦੀ ਸ਼ਨਾਖ਼ਤ ਕਰ ਲਏ ਜਾਣ ਦੇ ਦਾਅਵੇ 'ਤੇ ਸਵਾਲੀਆ ਚਿੰਨ ਲਗ ਗਿਆ। ਹੋਰ ਅਖ਼ਬਾਰਾਂ 'ਚ ਵੀ ਇਹ ਕੁਝ ਛਪ ਗਿਆ। ਫੇਰ ਮਾਮਲਾ ਦੱਬ ਗਿਆ।

ਅਚਾਨਕ ਪੰਜ ਮਹੀਨੇ ਬਾਅਦ 5 ਅਪ੍ਰੈਲ 2008 ਨੂੰ ਰਾਂਚੀ ਦੇ ਰਾਤੂ ਰੋਡ ਤੋਂ ਸਾਦੇ ਕੱਪੜਿਆਂ 'ਚ ਪੁਲਿਸ ਨੇ ਉਸ ਜੀਤਨ ਮਾਰੰਡੀ ਨੂੰ ਫੜ ਲਿਆ ਜਿਸਨੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਪ੍ਰੋਗਰਾਮ 'ਚ ਤਕਰੀਰ ਕੀਤੀ ਸੀ। ਭੜਕਾਊ ਤਕਰੀਰ ਕਰਨ ਅਤੇ ਸੜਕ 'ਤੇ ਜਾਮ ਲਾਉਣ ਦੇ ਦੋਸ਼ ਤਹਿਤ 1 ਅਕਤੂਬਰ 2009 ਦੇ ਇਕ ਪੁਰਾਣੇ ਮਾਮਲੇ 'ਚ ਉਸਦੀ ਗ੍ਰਿਫ਼ਤਾਰੀ ਦਿਖਾਈ ਗਈ। ਉਸਨੂੰ ਰਾਂਚੀ ਹਟਵਾਰ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ ਕਿ ਇਸ ਮਾਮਲੇ 'ਚ ਉਸ ਦੀ ਜ਼ਮਾਨਤ ਹੋ ਜਾਂਦੀ, 12 ਅਪ੍ਰੈਲ ਨੂੰ ਗਿਰਡੀਹ ਪੁਲਿਸ ਨੇ ਉਸਦਾ ਚਿਲਖਾਰੀ ਕਾਂਡ 137/07 'ਚ ਰਿਮਾਂਡ ਲੈ ਲਿਆ। ਪ੍ਰਭਾਤ ਖ਼ਬਰ ਦੀ ਭੁੱਲ ਦੀ ਸੋਧ ਨੂੰ ਟਿੱਚ ਜਾਣਦੇ ਹੋਏ ਕਲਾਕਾਰ ਜੀਤਨ ਮਾਰੰਡੀ ਨੂੰ ਇਸ ਕਾਂਡ ਦਾ ਮੁਜਰਮ ਬਣਾ ਦਿੱਤਾ ਗਿਆ।

ਜੀਤਨ ਮਾਰੰਡੀ ਦੀ ਪਤਨੀ ਅਪਰਨਾ
ਮਾਰੰਡੀ ਸਮੇਤ ਝਾਰਖੰਡ ਦੇ ਵੱਖ-ਵੱਖ ਹਿੱਸਿਆਂ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਜੀਤਨ ਮਾਰੰਡੀ ਨੂੰ ਸਾਜ਼ਿਸ਼ ਤਹਿਤ ਇਸ ਮਾਮਲੇ 'ਚ ਫਸਾਇਆ ਗਿਆ ਹੈ ਅਤੇ ਉਹ ਨਿਰਦੋਸ਼ ਹੈ। ਇਹ ਦਾਅਵੇ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਹੁਤ ਪਹਿਲਾਂ ਤੋਂ ਕੀਤੇ ਜਾ ਰਹੇ ਹਨ। ਉਸਦੀ ਗ੍ਰਿਫ਼ਤਾਰੀ ਦੇ ਸਮੇਂ ਤੋਂ ਹੀ ਇਹ ਆਵਾਜ਼ ਉੱਠਦੀ ਰਹੀ ਹੈ ਕਿ ਉਸ ਨੂੰ ਇਕ ਅਧਾਰ 'ਤੇ ਇਸ ਮਾਮਲੇ 'ਚ ਫਸਾਇਆ ਗਿਆ ਕਿਉਂਕਿ ਉਸ ਦਾ ਨਾਂ ਜੀਤਨ ਨਾਂ ਦੇ ਇਕ ਨਕਸਲੀ ਨਾਲ ਮਿਲਦਾ ਜੁਲਦਾ ਹੈ। ਝਾਰਖੰਡ ਵਿਕਾਸ ਮੋਰਚਾ ਦੇ ਕੇਂਦਰੀ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਡਾ. ਸਵਾ ਅਹਿਮਦ ਨੇ ਚਿਲਖਾਰੀ ਕਾਂਡ ਦੀ ਸੀ ਆਈ ਡੀ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ''ਪੁਲਿਸ ਨੇ ਕਿਸੇ ਹੋਰ ਜੀਤਨ ਮਾਰੰਡੀ ਦੇ ਬਦਲੇ ਸੱਭਿਆਚਾਰਕ ਕਾਮੇ ਜੀਤਨ ਮਾਰੰਡੀ ਨੂੰ ਜੇਲ੍ਹ 'ਚ ਡੱਕ ਦਿੱਤਾ। ਆਪਣੀ ਚਮੜੀ ਬਚਾਉਣ ਲਈ ਨਿਰਦੋਸ਼ ਜੀਤਨ ਮਾਰੰਡੀ ਨੂੰ ਅੱਧੀ ਦਰਜਨ ਤੋਂ ਵੱਧ ਨਕਸਲੀ ਵਾਰਦਾਤਾਂ 'ਚ ਮੁਜਰਮ ਬਣਾ ਦਿੱਤਾ ਗਿਆ।'' ਇਹ ਸਾਰੇ ਦਾਅਵੇ ਮਹਿਜ਼ ਖੋਖਲੇ ਨਹੀਂ ਹਨ। ਨਾਟਕੀ ਢੰਗ ਨਾਲ ਕੀਤੀ ਗਈ ਉਸ ਦੀ ਗ੍ਰਿਫ਼ਤਾਰੀ ਤੋਂ ਲੈਕੇ ਪੁਲਿਸ ਡਾਇਰੀ, ਮਾਮਲੇ ਦੀ ਸੁਣਵਾਈ, ਗਵਾਹੀਆਂ ਆਦਿ ਪੂਰੇ ਸਿਲਸਿਲੇ ਵੱਲ ਗ਼ੌਰ ਕੀਤਾ ਜਾਵੇ ਤਾਂ ਬਹੁਤ ਕੁਝ ਸਪਸ਼ਟ ਹੋ ਜਾਂਦਾ ਹੈ।

ਦੇਵਰੀ ਕਾਂਡ ਨੰਬਰ 167/07 ਦੇ ਰੋਜ਼ਨਾਮਚੇ ਦੇ ਪੈਰਾ 37 'ਚ ਲਿਖਿਆ ਗਿਆ ਹੈ ਕਿ, ''ਇਸ ਕਾਂਡ 'ਚ ਦੇਵਰੀ ਥਾਣਾ ਦੇ ਪੱਤਰ ਨੰਬਰ 205/08 ਮਿਤੀ 21.2.08 ਰਾਹੀਂ ਇਕ ਰਿਪੋਰਟ ਥਾਣਾ ਮੁਖੀ ਨਿਮਿਆਘਾਟ ਜ਼ਿਲ੍ਹਾ ਗਿਰਡੀਹ ਲਈ ਤਿਆਰ ਕੀਤੀ ਗਈ, ਜਿਸ ਰਾਹੀਂ ਕਾਂਡ ਦੇ ਮੁਜਰਮ ਜੀਤਨ ਮਾਰੰਡੀ ਉਰਫ਼ ਸ਼ਿਆਮ ਲਾਲ ਕਿਸਕੂ ਵਲਦ ਕਾਟੀ ਕਿਸਕੂ ਪਿੰਡ ਥੋਸਾਫੁਲੀ, ਟੋਲਾ ਜੋਗਨੀ ਆਟਾ, ਥਾਣਾ ਨਿਮਿਆਘਾਟ ਜ਼ਿਲ੍ਹਾ ਗਿਰਡੀਹ ਦੇ ਵਿਰੁੱਧ ਕੁਰਕੀ ਕਰਨ ਲਈ ਕਿਹਾ ਗਿਆ ਅਤੇ ਨਾਲ ਹੀ ਵਾਰੰਟ ਤੇ ਕੁਰਕੀ ਨਾਲ ਲਗਾ ਦਿੱਤੀ ਗਈ।'' ਹੁਣ ਸਪਸ਼ਟ ਹੈ ਪੁਲਿਸ ਨੂੰ ਜਿਸ ਜੀਤਨ ਮਾਰੰਡੀ ਦੀ ਤਲਾਸ਼ ਸੀ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਸ ਜੀਤਨ ਮਾਰੰਡੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਦੇ ਬਾਪ ਦਾ ਨਾਂ ਬੁਧਨ ਮਾਰੰਡੀ ਹੈ ਅਤੇ ਪਿੰਡ ਕਰੰਦੋ (ਚਿਲਗਾ) ਥਾਣਾ ਪੀਰਟਾਂਡ ਜ਼ਿਲ੍ਹਾ ਗਿਰਡੀਹ ਹੈ।

ਉਸ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਇਕ ਨਵੀਂ ਕਹਾਣੀ ਤਿਆਰ ਕੀਤੀ ਜਾਂਦੀ ਹੈ। 25.2.08 ਨੂੰ ਤਿੰਨ ਨਵੇਂ ਗਵਾਹ ਮੋਤੀ ਰਾਮ, ਪਤੀ ਰਾਏ ਅਤੇ ਸੁਖਦੇਵ ਮਾਰੰਡੀ ਭੁਗਤਾਏ ਜਾਂਦੇ ਹਨ । ਇਹ ਪੁਲਿਸ ਸਾਹਮਣੇ ਦਿੱਤੇ ਗਏ ਬਿਆਨਾਂ 'ਚ ਦੋ ਜੀਤਨ ਮਾਰੰਡੀ ਦੇ ਨਾਂ ਲੈਂਦੇ ਹਨ, ਇਕ ਜੀਤਨ ਮਾਰੰਡੀ ਨਿਮਿਆਘਾਟ ਦਾ ਅਤੇ ਦੂਜਾ ਪੀਰਟਾਂਡ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਜੋ ਝਾਰਖੰਡ ਏ-ਵਨ (ਸੱਭਿਆਚਾਰਕ ਜਥੇਬੰਦੀ) ਚਲਾਉਂਦਾ ਹੈ। ਇਸ ਤਰ੍ਹਾਂ ਉਸ ਜੀਤਨ ਮਾਰੰਡੀ ਦਾ ਨਾਂ ਉਸ ਕਾਂਡ ਵਿਚ ਘੜੀਸ ਲਿਆਂਦਾ ਗਿਆ ਜਿਸ ਬਾਰੇ ਪ੍ਰਭਾਤ ਖ਼ਬਰ ਨੇ ਪਹਿਲਾਂ ਹੀ ਗ਼ਲਤੀ ਮੰਨ ਲਈ ਸੀ। ਹਾਲਾਂਕਿ ਪਹਿਲੇ ਗਵਾਹਾਂ ਨੇ ਸਿਰਫ਼ ਇਕ ਹੀ ਜੀਤਨ ਮਾਰੰਡੀ ਦਾ ਨਾਂ ਲਿਆ ਸੀ। ਜਿਸ ਨਾਲ ਉਸ ਦੇ ਬਾਪ ਜਾਂ ਸਰਨਾਵੇਂ ਦਾ ਕੋਈ ਜ਼ਿਕਰ ਨਹੀਂ ਸੀ। ਇਸੇ ਅਨੁਸਾਰ ਮੈਜਿਸਟ੍ਰੇਟ ਮੂਹਰੇ ਬਿਆਨ ਨੰ. 164 ਵੀ ਦਰਜ ਕੀਤਾ ਜਾ ਚੁੱਕਾ ਹੈ।

ਇਸ ਤਰ੍ਹਾਂ ਨਵੇਂ ਸਿਰਿਓਂ ਪੀਰਟਾਂਡ ਦੇ ਜੀਤਨ ਮਾਰੰਡੀ ਨੂੰ ਮੁਜਰਮਾਂ ਦੀ ਸੂਚੀ 'ਚ ਸ਼ਾਮਲ ਕਰਨ ਦੀ ਯੋਜਨਾ ਬਣਾਈ ਗਈ। ਇਸ ਤੋਂ ਬਾਅਦ 12 ਅਪ੍ਰੈਲ 08 ਨੂੰ ਗਿਰਡੀਹ ਪੁਲਿਸ ਨੇ ਉਨ੍ਹਾਂ ਨੂੰ ਫਟਾਫਟ ਹਿਰਾਸਤ 'ਚ ਲੈਕੇ 30.06.08 ਨੂੰ ਯਾਨੀ ਤੀਹ ਦਿਨਾਂ ਦੇ ਅੰਦਰ ਦੋਸ਼ਪੱਤਰ ਦਾਖ਼ਲ ਕਰਕੇ ਜ਼ਮਾਨਤ ਦੀ ਗੁੰਜਾਇਸ਼ ਹੀ ਖ਼ਤਮ ਕਰ ਦਿੱਤੀ। ਉਹ ਸਾਰੇ ਮੁਕੱਦਮੇ ਉਸ ਉੱਪਰ ਪਾ ਦਿੱਤੇ ਗਏ ਜੋ ਉਸ ਜੀਤਨ ਮਾਰੰਡੀ ਉੱਪਰ ਲੱਗੇ ਹੋਏ ਸਨ ਜਿਸਦੀ ਪੁਲਿਸ ਨੂੰ ਪਹਿਲਾਂ ਤੋਂ ਭਾਲ ਸੀ। ਇਹ ਸਾਰੇ ਮੁਕੱਦਮੇ ਝੂਠੇ ਸਾਬਤ ਹੁੰਦੇ ਹਨ। ਕਿਉਂਕਿ ਇਹ ਮੁਕੱਦਮੇ ਕਿਸੇ ਹੋਰ ਜੀਤਨ ਮਾਰੰਡੀ ਉੱਪਰ ਦਰਜ ਕੀਤੇ ਗਏ ਸਨ। ਜਿਵੇਂ ਪੀਰਟਾਂਡ ਥਾਣਾ ਵਾਰਦਾਤ ਨੰਬਰ 42/08 ਦਾ ਮੁਕੱਦਮਾ ਉਸ ਉੱਪਰ ਪਾਇਆ ਗਿਆ ਜਦਕਿ ਇਸ ਕਾਂਡ ਵਕਤ ਉਹ ਪਹਿਲਾਂ ਹੀ ਇਕ ਹੋਰ ਮਾਮਲੇ 'ਚ ਜੇਲ੍ਹ ਵਿਚ ਸੀ। ਦੂਸਰਾ ਮੁਕੱਦਮਾ ਤੀਸਰੀ ਥਾਣਾ ਵਾਰਦਾਤ ਨੰਬਰ 44/03 ਪਾਇਆ ਗਿਆ ਜਿਸ ਸਮੇਂ ਉਹ ਇਕ ਜਨਤਕ ਪ੍ਰੋਗਰਾਮ 'ਚ ਹਿੱਸਾ ਲੈਂਦੇ ਹੋਏ ਗ੍ਰਿਫ਼ਤਾਰ ਹੋਣ ਉਪਰੰਤ ਆਦਰਸ਼ ਕੇਂਦਰੀ ਜੇਲ੍ਹ ਬੇਉਰ, ਪਟਨਾ 'ਚ ਬੰਦ ਸੀ। ਇਸ ਸਾਰੇ ਕੁਝ ਦੇ ਬਾਵਜੂਦ ਸਾਰੇ ਮੁਕੱਦਮਿਆਂ 'ਚ ਐੱਸ ਪੀ ਦੀ ਨਜ਼ਰਸਾਨੀ ਦਾ ਹਵਾਲਾ ਦੇ ਕੇ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਮੁਕੱਦਮੇ 'ਚ ਫਸਾ ਦਿੱਤਾ ਗਿਆ।

ਮੁਕੱਦਮੇ ਦੌਰਾਨ ਗਵਾਹੀਆਂ ਦਾ ਅਮਲ ਹੋਰ ਵੀ ਸਾਜ਼ਿਸ਼ ਭਰਿਆ ਰਿਹਾ। ਜਿਨ੍ਹਾਂ ਤਿੰਨ ਗਵਾਹਾਂ ਰਾਹੀਂ ਦੋ ਵੱਖ-ਵੱਖ ਜੀਤਨ ਮਾਰੰਡੀ ਦੇ ਨਾਂ ਅਤੇ ਸਰਨਾਵੇਂ ਸਾਹਮਣੇ ਲਿਆਂਦੇ ਗਏ ਸਨ ਉਹ ਗਵਾਹ ਅਦਾਲਤ 'ਚ ਆਕੇ ਇੱਥੋਂ ਤੱਕ ਮੁਕਰੇ ਕਿ ਕਿਸੇ ਦਾ ਨਾਂ ਨਹੀਂ ਲਿਆ। ਕਿਉਂਕਿ ਪੁਲਿਸ ਨੇ ਇਨ੍ਹਾਂ ਗਵਾਹਾਂ ਤੋਂ ਮੈਜਿਸਟ੍ਰੇਟ ਮੂਹਰੇ ਬਿਆਨ ਨਹੀਂ ਕਰਾਇਆ ਸੀ ਇਸ ਨਾਲ ਉਨ੍ਹਾਂ ਦੇ ਮੁੱਕਰ ਜਾਣ ਦਾ ਰਾਹ ਵੀ ਖੁੱਲ੍ਹਾ ਰੱਖਿਆ ਗਿਆ। ਇਹ ਪੂਰਾ ਅਮਲ ਪੁਲਿਸ ਦੀ ਗਿਣੀਮਿੱਥੀ ਚਾਲ ਕਹੀ ਜਾ ਸਕਦੀ ਹੈ। ਅਸਲ ਵਿਚ ਇਨ੍ਹਾਂ ਗਵਾਹਾਂ ਦੀ ਜ਼ਰੂਰਤ ਤਾਂ ਬਸ ਇੰਨੀ ਸੀ ਕਿ ਇਨ੍ਹਾਂ ਜ਼ਰੀਏ ਦੋ ਜੀਤਨ ਮਾਰੰਡੀ ਦੇ ਨਾਂ ਸਾਹਮਣੇ ਲਿਆਕੇ ਪੀਰਟਾਂਡ ਦੇ ਜੀਤਨ ਮਾਰੰਡੀ ਨੂੰ ਨਿਸ਼ਾਨਾ ਬਣਾਇਆ ਜਾ ਸਕੇ। ਹੁਣ ਜਦੋਂ ਸਿਰਫ਼ ਇਕ ਜੀਤਨ ਮਾਰੰਡੀ ਯਾਨੀ ਪੀਰਟਾਂਡ ਵਾਲੇ ਜੀਤਨ ਮਾਰੰਡੀ ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ ਤਾਂ ਅਦਾਲਤ 'ਚ ਦੋ ਜੀਤਨ ਮਾਰੰਡੀ ਦੇ ਸ਼ਾਮਲ ਰਹਿਣ ਸਬੰਧੀ ਗਵਾਹੀਆਂ ਦਾ ਤੱਥ ਪੁਲਿਸ ਵਲੋਂ ਦਾਖ਼ਲ ਕੀਤੀ ਚਾਰਜਸ਼ੀਟ ਉੱਪਰ ਹੀ ਸਵਾਲ ਖੜ੍ਹੇ ਕਰ ਦਿੰਦਾ ਹੈ। ਮਹਿਜ਼ ਇਨ੍ਹਾਂ ਤੋਂ ਗਵਾਹੀ ਦੀ ਖ਼ਾਨਾਪੂਰਤੀ ਕਰਵਾਕੇ ਇਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।

ਹੁਣ ਬਾਕੀ ਦੇ ਉਹ ਦੋ ਗਵਾਹ ਅਹਿਮ ਹੋ ਗਏ ਜਿਨ੍ਹਾਂ ਨੂੰ ਬਿਆਨ 'ਚ ਸਿਰਫ਼ ਇਕ ਜੀਤਨ ਮਾਰੰਡੀ ਦਾ ਨਾਂ ਰਟਾਇਆ ਗਿਆ ਸੀ। ਕਿਉਂਕਿ ਇਨ੍ਹਾਂ ਗਵਾਹਾਂ ਨੇ ਨਾ ਤਾਂ ਜੀਤਨ ਮਾਰੰਡੀ ਦੇ ਬਾਪ ਦਾ ਨਾਂ ਦੱਸਿਆ ਸੀ ਅਤੇ ਨਾ ਹੀ ਉਸਦਾ ਸਰਨਾਵਾਂ ਦੱਸਿਆ ਸੀ। ਇਸ ਕਚਘਰੜ ਬਿਆਨ ਨੂੰ ਮੁਕੰਮਲ ਸਾਬਤ ਕਰਨ ਲਈ ਜ਼ਰੂਰੀ ਸੀ ਇਨ੍ਹਾਂ ਗਵਾਹਾਂ ਤੋਂ ਜੀਤਨ ਮਾਰੰਡੀ ਦੀ ਸ਼ਨਾਖ਼ਤ ਕਰਾਈ ਜਾਵੇ। ਪੁਲਿਸ ਨੇ ਗਵਾਹਾਂ ਤੋਂ ਇਹੀ ਕੁਝ ਕਰਾਇਆ। ਪਰ ਇਹ ਸ਼ਨਾਖ਼ਤ ਸ਼ਨਾਖ਼ਤੀ ਪਰੇਡ ਜ਼ਰੀਏ ਨਹੀਂ ਕਰਾਈ ਗਈ ਜਿਵੇਂ ਕਿ ਆਮ ਤੌਰ 'ਤੇ ਕੀਤਾ ਜਾਂਦਾ ਹੈ। ਬਲਕਿ ਸਰਕਾਰੀ ਗਵਾਹਾਂ ਕੋਲੋਂ ਅਦਾਲਤ ਦੇ ਕਟਹਿਰੇ ਵਿਚ ਖੜ੍ਹੇ ਜੀਤਨ ਦੀ ਪਛਾਣ ਕਰਾਈ।

ਇਸ ਸਬੰਧੀ ਜੀਤਨ ਮਾਰੰਡੀ ਵਲੋਂ ਅਦਾਲਤ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਸੂਚਿਤ ਕੀਤਾ ਗਿਆ ਹੈ ਕਿ ਅਦਾਲਤ 'ਚ ਪੇਸ਼ੀ ਤੋਂ ਪਹਿਲਾਂ ਹੀ ਗਵਾਹਾਂ ਨੂੰ ਉਨ੍ਹਾਂ ਦੀ ਸ਼ਨਾਖ਼ਤ ਕਰਵਾ ਦਿੱਤੀ ਗਈ ਸੀ ਜੋ ਬਹੁਤ ਹੀ ਅਨਿਆਂ ਭਰਿਆ ਰਵੱਈਆ ਹੈ। ਉਸ ਨੇ ਇਸ ਦਾ ਵੇਰਵਾ ਇੰਞ ਦਿੱਤਾ, ''ਜਦੋਂ 24 ਮਾਰਚ 09 ਨੂੰ ਦੇਵਰੀ ਥਾਣਾ ਕਾਂਡ ਨੰਬਰ 167/07 ਭਾਵ ਸੈਸ਼ਨ ਟਰਾਇਲ ਨੰਬਰ 170/08 ਵਿਚ ਪੇਸ਼ੀ ਲਈ ਸਾਰੇ ਨਜ਼ਰਬੰਦ ਅਦਾਲਤ 'ਚ ਲਿਆਂਦੇ ਗਏ ਸਨ, ਸਾਰੇ ਕੈਦੀ ਸੈਸ਼ਨ ਹਵਾਲਾਤ 'ਚ ਬੈਠੇ ਹੋਏ ਸਨ, ਇਸ ਦੌਰਾਨ ਗਿਰਡੀਹ ਟਾਊਨ ਥਾਣਾ ਦੇ ਮੁਖੀ ਆਏ ਅਤੇ ਉਨ੍ਹਾਂ ਨੇ ਮੈਨੂੰ ਸੱਦਕੇ ਨਾਂ ਵਗੈਰਾ ਪੁੱਛਿਆ। ਇਸ ਤੋਂ ਬਾਅਦ ਮੈਂ ਵੀ ਉਨ੍ਹਾਂ ਦੀ ਪਛਾਣ ਪੁੱਛੀ ਤਾਂ ਉਨ੍ਹਾਂ ਨੇ ਖ਼ੁਦ ਨੂੰ ਟਾਊਨ ਥਾਣਾ ਦਾ ਮੁਖੀ ਦੱਸਿਆ ਜਦਕਿ ਉਹ ਸਾਦੀ ਵਰਦੀ 'ਚ ਸਨ ਅਤੇ ਉਨ੍ਹਾਂ ਦੇ ਅਹੁਦੇ ਦੀ ਕੋਈ ਪਛਾਣ ਨਹੀਂ ਸੀ। ਕੁਝ ਦੇਰ ਬਾਅਦ ਬਾਕੀ ਬੰਦੀਆਂ ਨੂੰ ਛੱਡਕੇ ਸਿਰਫ਼ ਮੈਨੂੰ ਅਦਾਲਤ 'ਚ ਪੇਸ਼ੀ ਲਈ ਬਾਹਰ ਕੱਢਿਆ ਗਿਆ। ਇਸ ਸਬੰਧੀ ਮੈਂ ਜਦੋਂ ਸਿਪਾਹੀ ਤੋਂ ਪੁੱਛਿਆ ਤਾਂ ਉਸਨੇ ਕਿਹਾ ''ਸਵਾਲ ਨਾ ਕਰ ਤੁਰਿਆ ਚਲ''। ਜਿਉਂ ਹੀ ਮੈਨੂੰ ਸੈਸ਼ਨ ਹਵਾਲਾਤ ਤੋਂ ਬਾਹਰ ਲਿਆਂਦਾ ਗਿਆ ਉੱਥੇ ਬਾਹਰ ਖੜ੍ਹੇ ਲੋਕਾਂ ਵਿਚ ਟਾਊਨ ਥਾਣੇ ਦਾ ਮੁਖੀ ਵੀ ਸੀ। ਉਸਨੇ ਮੇਰੇ ਵੱਲ ਇਸ਼ਾਰਾ ਕਰਦੇ ਹੋਏ ਸਾਰੇ ਲੋਕਾਂ ਨੂੰ ਕਿਹਾ ''ਇਹੀ ਹੈ ਜੀਤਨ ਮਾਰੰਡੀ ਇਸ ਨੂੰ ਚੰਗੀ ਤਰ੍ਹਾਂ ਪਛਾਣ ਲਓ''। ਇਸ ਤੋਂ ਬਾਅਦ ਉੱਥੇ ਖੜ੍ਹੇ ਲੋਕ ਮੇਰੇ ਪਿੱਛੇ-ਪਿੱਛੇ ਮਾਨਯੋਗ ਜੱਜ ਮੁਹੰਮਦ ਕਾਸਿਮ ਅੰਸਾਰੀ ਦੀ ਅਦਾਲਤ ਤੱਕ ਆਏ। ਫਿਰ ਉੱਥੇ ਵੀ ਮੈਨੂੰ ਪੂਰੇ ਧਿਆਨ ਨਾਲ ਦਿਖਾਇਆ ਗਿਆ। ਕੋਰਟ 'ਚ ਦਸਤਖ਼ਤ ਕੀਤੇ ਬਗ਼ੈਰ ਜਦੋਂ ਅਦਾਲਤੀ ਕਾਰਿੰਦੇ ਨੇ ਮੈਨੂੰ ਵਾਪਸ ਭੇਜਣਾ ਚਾਹਿਆ ਤਾਂ ਮੈਂ ਥੋੜ੍ਹੀ ਉੱਚੀ ਆਵਾਜ਼ 'ਚ ਉਸ ਨੂੰ ਪੁੱਛਿਆ ਕਿ ਫਿਰ ਮੈਨੂੰ ਲਿਆਂਦਾ ਕਿਓਂ ਗਿਆ ਸੀ? ਇਸ 'ਤੇ ਮਾਨਯੋਗ ਜੱਜ ਸਾਹਿਬਾਨ ਦੀ ਤਾੜਨਾ ਵੀ ਮੈਨੂੰ ਸੁਨਣੀ ਪਈ। ਇਸ ਤੋਂ ਬਾਅਦ ਮੈਂ ਆਪਣੀ ਗ਼ਲਤੀ ਮੰਨਦੇ ਹੋਏ ਮਾਫ਼ੀ ਮੰਗੀ। ਓਦੋਂ ਤੱਕ ਬਾਕੀ ਨਜ਼ਰਬੰਦ ਵੀ ਅਦਾਲਤ 'ਚ ਲਿਆਂਦੇ ਗਏ। ਦਸਤਖ਼ਤ ਕਰਕੇ ਸਾਨੂੰ ਮੁੜ ਸੈਸ਼ਨ ਹਵਾਲਾਤ 'ਚ ਲਿਆਂਦਾ ਗਿਆ। ਸੈਸ਼ਨ ਹਵਾਲਾਤ ਵਾਪਸ ਆਉਣ ਤੋਂ ਬਾਅਦ ਮੇਰੇ ਨਾਲਦਿਆਂ ਨੇ ਮੈਨੂੰ ਦੱਸਿਆ ਕਿ ਉੱਥੇ ਖੜ੍ਹੇ ਉਹ ਸਾਰੇ ਬੰਦੇ ਸੈਸ਼ਨ ਟਰਾਇਲ ਨੰਬਰ 170/08 'ਚ ਬਣਾਏ ਗਵਾਹ ਸਨ। ਕਿਉਂਕਿ ਇਨ੍ਹਾਂ ਵਿਚੋਂ ਕੁਝ ਬੰਦੇ ਨਜ਼ਰਬੰਦਾਂ ਦੇ ਗੁਆਂਢੀ ਹਨ। ਇਸ ਤੋਂ ਬਾਅਦ 1 ਅਪ੍ਰੈਲ 09 ਨੂੰ ਉਸੇ ਕਾਂਡ ਦੀ ਗਵਾਹੀ ਸੀ। ਗਵਾਹੀ ਦੇਣ ਲਈ ਮੋਤੀ ਸਾਵ ਅਤੇ ਸੁਬੋਧ ਸਾਵ ਨਾਂ ਦੇ ਗਵਾਹ ਆਏ ਅਤੇ ਅਦਾਲਤ 'ਚ ਉਨ੍ਹਾਂ ਗਵਾਹਾਂ ਨੇ ਮੇਰੀ ਸ਼ਨਾਖ਼ਤ ਕੀਤੀ।''

ਜੀਤਨ ਮਾਰੰਡੀ ਵਲੋਂ ਦਿੱਤੇ ਗਏ ਵੇਰਵੇ 'ਚ ਇਸ ਲਈ ਦਮ ਹੈ ਕਿ ਅਦਾਲਤ 'ਚ ਉਸ ਦੀ ਸ਼ਨਾਖ਼ਤ ਕਰਨ ਵਾਲੇ ਸਾਰੇ ਗਵਾਹ ਵਾਰਦਾਤ ਵਾਲੀ ਥਾਂ ਤੋਂ ਜਾਂ ਜੀਤਨ ਦੇ ਪਿੰਡ ਤੋਂ ਕੋਹਾਂ ਦੂਰ ਤਿਸਰੀ ਅਤੇ ਗਾਵਾਨ ਪਿੰਡਾਂ ਦੇ ਹਨ। ਜੇ ਪਹਿਲਾਂ ਨਾ ਦੇਖਿਆ ਹੋਵੇ ਤਾਂ ਉਨ੍ਹਾਂ ਲਈ ਜੀਤਨ ਦੀ ਸ਼ਨਾਖ਼ਤ ਕਰ ਸਕਣਾ ਅਸੰਭਵ ਸੀ। ਜਿਰਹਾ ਵਿਚ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਜੀਤਨ ਮਾਰੰਡੀ ਨੂੰ ਕਿਵੇਂ ਸਿਆਣਦੇ ਹਨ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਜੀਤਨ ਅਕਸਰ ਉਨ੍ਹਾਂ ਦੇ ਪਿੰਡ ਵਿਚ ਦਸਤੇ ਨਾਲ ਆਉਂਦਾ ਰਹਿੰਦਾ ਸੀ। ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਸੱਚ ਸੀ ਤਾਂ ਉਨ੍ਹਾਂ ਨੇ ਇਸ ਸਬੰਧੀ ਪਹਿਲਾਂ ਕਦੇ ਪੁਲਿਸ ਨੂੰ ਸੂਚਨਾ ਕਿਓਂ ਨਾ ਦਿੱਤੀ? ਇਨ੍ਹਾਂ ਗਵਾਹਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਸਾਰੇ ਬੰਦੇ ਝਾਰਖੰਡ ਵਿਕਾਸ ਮੋਰਚਾ ਦੇ ਕਾਰਕੁਨ ਹਨ ਜਿਸ ਜਥੇਬੰਦੀ ਦੇ ਆਗੂ ਖ਼ੁਦ ਬਾਬੂਲਾਲ ਮਾਰੰਡੀ ਹਨ। ਇੰਨਾ ਹੀ ਨਹੀਂ, ਇਨ੍ਹਾਂ ਵਿਚੋਂ ਕੁਝ ਉੱਪਰ ਕਈ ਜੁਰਮ ਦਰਜ ਹਨ ਅਤੇ ਕੁਝ ਕਈ ਮੁਕੱਦਮਿਆਂ 'ਚ ਗਵਾਹ ਬਣਕੇ ਭੁਗਤਦੇ ਰਹੇ ਹਨ।

ਸਵਾਲ ਪੈਦਾ ਹੁੰਦਾ ਹੈ ਕਿ ਪੁਲਿਸ ਨੇ ਚੁਣ-ਚੁਣਕੇ ਅਜਿਹੇ ਲੋਕਾਂ ਨੂੰ ਹੀ ਕਿਓਂ ਗਵਾਹ ਬਣਾਇਆ? ਕੀ ਚਿਲਖਾਰੀ ਪਿੰਡ 'ਚੋਂ ਜਾਂ ਦੇਵਰੀ ਥਾਣਾ ਖੇਤਰ ਵਿਚ ਇਕ ਵੀ ਐਸਾ ਵਿਅਕਤੀ ਨਹੀਂ ਜੋ ਕਾਂਡ ਦਾ ਚਸ਼ਮਦੀਦ ਗਵਾਹ ਹੋਵੇ? ਇੱਥੋਂ ਤੱਕ ਕਿ ਜਿਨ੍ਹਾਂ ਜ਼ਖ਼ਮੀਆਂ ਨੇ ਅਦਾਲਤ 'ਚ ਬਿਆਨ ਦਿੱਤੇ, ਕਿਸੇ ਨੇ ਕਿਸੇ ਦੋਸ਼ੀ ਦਾ ਨਾਂ ਨਹੀਂ ਲਿਆ। ਐੱਫ ਆਈ ਆਰ ਦਰਜ ਕਰਾਉਣ ਵਾਲੇ ਪੂਰਨ ਕਿਸਕੂ ਨੇ ਵੀ ਕਿਸੇ ਦੋਸ਼ੀ ਦਾ ਸ਼ਨਾਖ਼ਤ ਨਹੀਂ ਕੀਤੀ। ਅਦਾਲਤ ਨੇ ਉਨ੍ਹਾਂ ਗਵਾਹਾਂ ਦੀਆਂ ਗਵਾਹੀਆਂ ਨੂੰ ਬਿਨਾ ਕਿਸੇ ਉਜ਼ਰ ਮੰਨ ਲਿਆ ਜਿਨ੍ਹਾਂ ਉੱਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ।

ਇਹ ਨੁਕਤਾ ਧਿਆਨ ਦੇਣ ਵਾਲਾ ਹੈ ਕਿ ਗ੍ਰਿਫ਼ਤਾਰੀ ਤੋਂ ਬਾਅਦ ਜੀਤਨ ਮਾਰੰਡੀ ਪੁਲਿਸ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਝੂਠ ਮੁਕੱਦਮੇ 'ਚ ਫਸਾਏ ਜਾਣ ਬਾਰੇ ਵੱਖ-ਵੱਖ ਢੰਗਾਂ ਰਾਹੀਂ ਆਪਣਾ ਪੱਖ ਪੇਸ਼ ਕਰਦਾ ਰਿਹਾ ਹੈ। ਜੇਲ੍ਹ ਤੋਂ ਵੀ ਉਸਨੇ ਗਿਰਡੀਹ ਸੈਸ਼ਨ ਕੋਰਟ ਦੇ ਮੁੱਖ ਜੱਜ, ਜ਼ਿਲ੍ਹਾ ਮੈਜਿਸਟ੍ਰੇਟ, ਐੱਸ ਪੀ , ਜੇਲ੍ਹ ਆਈ ਜੀ, ਮੁੱਖ ਜੱਜ ਉੱਚ ਅਦਾਲਤ ਰਾਂਚੀ, ਅਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨਵੀਂ ਦਿੱਲੀ ਨੂੰ ਦਰਖ਼ਾਸਤਾਂ ਭੇਜਕੇ ਨਿਆਂ ਦੀ ਮੰਗ ਕਰਦਾ ਰਿਹਾ ਹੈ। ਪਰ ਉਸਦੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਅਤੇ ਨਾ ਹੀ ਕਿਸੇ ਪੱਧਰ 'ਤੇ ਮਾਮਲੇ ਦੀ ਜਾਂਚ ਕਰਨ ਦੀ ਪਹਿਲਕਦਮੀ ਕੀਤੀ ਗਈ।

ਅਹਿਮ ਸਵਾਲ ਹੈ ਕਿ ਜੀਤਨ ਮਾਰੰਡੀ ਨੂੰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੇ ਨਿਸ਼ਾਨਾ ਕਿਓਂ ਬਣਾਇਆ? ਹੁਣ ਤੱਕ ਲੋਕ ਉਸਨੂੰ ਲੋਕ ਕਲਾਕਾਰ ਦੇ ਰੂਪ 'ਚ ਹੀ ਜਾਣਦੇ ਹਨ। ਲੋਕਾਂ ਨੇ ਉਸ ਨੂੰ ਡਫਲੀ ਦੀ ਤਾਲ 'ਤੇ ਨੱਚਦੇ ਗਾਉਂਦੇ ਦੇਖਿਆ ਹੈ। ਬੱਚੇ-ਬੱਚੀਆਂ ਦੇ ਹਜੂਮ ਨਾਲ ਪਿੰਡ ਤੋਂ ਸ਼ਹਿਰ ਤੱਕ ਕਲਾ ਦਾ ਛੱਟਾ ਦੇਣ ਵਾਲਾ ਇਹ ਕਲਾਕਾਰ, ਲੋਕਾਂ ਦੇ ਮਨ ਮੋਹ ਲੈਂਦਾ ਹੈ। ਉਸ ਦੇ ਖੋਰਠਾ, ਸੰਥਾਲੀ-ਨਾਗਪੁਰੀ ਗੀਤਾਂ ਦੀਆਂ ਕੈਸਟਾਂ ਟੋਲਿਆਂ-ਮੁਹੱਲਿਆਂ 'ਚ ਅਕਸਰ ਵੱਜਦੀਆਂ ਸੁਣੀਆਂ ਜਾ ਸਕਦੀਆਂ ਹਨ। ਇਸ ਬੰਦੇ ਨੂੰ ਕਿਓਂ ਬੰਦੂਕਧਾਰੀ ਮਾਓਵਾਦੀ ਐਲਾਨ ਕੀਤਾ ਗਿਆ?

ਦਰਅਸਲ ਉਸ ਦੀਆਂ ਪੇਸ਼ਕਾਰੀਆਂ ਅਤੇ ਉਸ ਦੇ ਯੁੱਗ ਪਲਟਾਊ ਖ਼ਿਆਲ ਹੀ ਕੁਲ ਮੁਸੀਬਤਾਂ ਦੀ ਜੜ੍ਹ ਹਨ। ਉਸ ਦੇ ਲੇਖਾਂ ਅਤੇ ਗੀਤਾਂ 'ਚ ਝਾਰਖੰਡ ਦੀ ਭੁੱਖਮਰੀ, ਬਦਹਾਲੀ, ਲੁੱਟ ਅਤੇ ਉਜਾੜੇ ਦਾ ਦਰਦ ਹੈ ਤੇ ਉਸਦੇ ਗੀਤ ਤੇ ਪੇਸ਼ਕਾਰੀਆਂ ਇਸ ਸਭ ਕਾਸੇ ਦੇ ਜ਼ਿੰਮੇਵਾਰ ਸੱਤਾ ਅਤੇ ਪ੍ਰਬੰਧ 'ਤੇ ਸਿੱਧਾ ਹਮਲਾ ਕਰਦੇ ਹਨ। ਉਸਦੇ ਗੀਤ ਲੋਕ ਟਾਕਰੇ ਦੀ ਸੱਦ ਸਾਬਤ ਹੁੰਦੇ ਹਨ। ਇਹੀ ਉਸ ਦੀ ਹਰਮਨਪਿਆਰਤਾ ਦਾ ਰਾਜ਼ ਹੈ ਅਤੇ ਇਹੀ ਸਰਕਾਰ ਦੇ ਗੁੱਸੇ ਦੀ ਵਜਾ੍ਹ ਹੈ। ਕਦੀ ਉਸਨੂੰ ਮਜ਼ਦੂਰ ਅੰਦੋਲਨ ਦੀ ਰਾਹਨੁਮਾਈ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ, ਕਦੇ ਸਰਕਾਰ ਵਿਰੋਧੀ ਜਲੂਸ ਸਮੇਂ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਅਤੇ ਕਦੀ ਭੜਕਾਊ ਤਕਰੀਰਾਂ ਕਰਨ ਦਾ ਦੋਸ਼ ਲਾਇਆ ਗਿਆ। ਫਿਰ ਵੀ ਉਸ ਦੀ ਲੋਕਾਂ ਨੂੰ ਚੇਤਨ ਕਰਨ ਦੀ ਮੁਹਿੰਮ ਜਾਰੀ ਰਹੀ। ਉਜਾੜੇ ਦਾ ਮੁੱਦਾ ਹੋਵੇ ਜਾਂ ਕਾਰਪੋਰੇਟ ਘਰਾਣਿਆਂ ਦੁਆਰਾ ਲੁੱਟ ਦਾ ਵਿਰੋਧ ਹੋਵੇ, ਜੀਤਨ ਮਾਰੰਡੀ ਆਪਣੀ ਸੰਗੀਤ ਮੰਡਲੀ ਨਾਲ ਹਰ ਥਾਂ ਹਾਜ਼ਰ ਮਿਲਦੇ ਸਨ। ਸਿਆਸੀ ਕੈਦੀਆਂ ਦੀ ਰਿਹਾਈ ਲਈ ਜੱਦੋਜਹਿਦ 'ਚ ਜੀਤਨ ਮਾਰੰਡੀ ਸ਼ਾਮਲ ਸਨ। ਝਾਰਖੰਡੀ ਜਨਤਾ ਦੇ ਅੰਦੋਲਨ ਦਾ ਪ੍ਰਤੀਕ ਬਣ ਚੁੱਕੇ ਜੀਤਨ ਮਾਰੰਡੀ ਨੂੰ ਸਹਿਣ ਕਰਨਾ ਹੁਣ ਸ਼ਾਇਦ ਸੱਤਾ ਲਈ ਮੁਸ਼ਕਲ ਹੋ ਗਿਆ ਸੀ। ਵਿਰੋਧੀ ਆਵਾਜ਼ ਨੂੰ ਖ਼ਾਮੋਸ਼ ਕਰ ਦੇਣਾ ਜ਼ਰੂਰੀ ਹੋ ਗਿਆ ਸੀ। ਦੇਸੀ-ਬਦੇਸੀ ਕੰਪਨੀਆਂ ਵਲੋਂ ਜਲ-ਜੰਗਲ-ਜ਼ਮੀਨ ਅਤੇ ਖਣਿਜ ਦੌਲਤ ਦੀ ਲੁੱਟ ਦੇ ਖ਼ਿਲਾਫ਼ ਉਸਦੀ ਆਵਾਜ਼ ਟਾਕਰੇ ਦਾ ਹਥਿਆਰ ਸਾਬਤ ਹੋ ਰਹੀ ਸੀ ਇਸ ਕਾਰਨ ਇਹ ਹੋਰ ਵੀ ਜ਼ਰੂਰੀ ਹੋ ਗਿਆ ਸੀ। ਹਰ ਜਬਰ ਨਾਲ ਉਸ ਦੀ ਆਵਾਜ਼ ਨੂੰ ਹੋਰ ਵੀ ਤਾਕਤਵਰ ਬਣਦੀ ਜਾ ਰਹੀ ਸੀ। ਇਹੀ ਜੀਤਨ ਮਾਰੰਡੀ ਦੇ ਖ਼ਿਲਾਫ਼ ਸਾਜ਼ਿਸ਼ ਦਾ ਸੱਚ ਹੈ, ਇਹੀ ਮੌਜੂਦਾ ਝਾਰਖੰਡ ਦਾ ਸੱਚ ਹੈ।

ਬੂਟਾ ਸਿੰਘ

ਲੇਖ਼ਕ ਸਮਾਜਿਕ -ਸਿਆਸੀ ਕਾਰਕੁੰਨ ਹਨ।ਕਈ ਅਹਿਮ ਕਿਤਾਬਾਂ ਦਾ ਪੰਜਾਬੀ ਚ ਤਰਜ਼ਮਾ ਕਰ ਚੁੱਕੇ ਹਨ।ਪੰਜਾਬ 'ਚ ਅਪਰੇਸ਼ਨ ਗ੍ਰੀਨ ਹੰਟ' ਦੇ ਵਿਰੋਧ ਚ 'ਐਂਟੀ ਗ੍ਰੀਨ ਹੰਟ ਫੋਰਮ' ਬਣਾਉਣ ਦੀ ਪਹਿਲਕਦਮੀ ਕਰਨ ਵਾਲਿਆਂ ਚੋਂ ਇਕ ਹਨ।

Wednesday, November 9, 2011

ਬਾਬਾ ! ਤੇਰੇ ਲਾਲੋ ਅੱਜ ਵੀ ਰੁਲਦੇ

ਬਾਬਾ ! ਤੂੰ ਤਾਂ ਕਿਹਾ ਸੀ ਕਿ ਕਿਰਤ ਕਰੀ। ਮੈਂ ਤਾਂ ਉਹੀ ਕੀਤਾ ਜੋ ਤੂੰ ਆਖਿਆ। ਸਿਵਾਏ ਕਿਰਤ ਤੋਂ ਮੈਂ ਤਾਂ ਹੋਰ ਕੁਝ ਕੀਤਾ ਵੀ ਨਹੀਂ। ਯਕੀਨ ਨਹੀਂ ਤਾਂ ਆ ਕੇ ਦੇਖ ਲੈ। ਦੇਖ ਲੈ ਮੇਰੀ ਹਰ ਡਿਗਰੀ। ਹਰ ਡਿਗਰੀ 'ਤੇ ਲਿਖਿਆ 'ਪਹਿਲਾ ਦਰਜਾ'। ਇਕੱਲੀ ਡਿਗਰੀ ਨਾ ਦੇਖੀ। ਡਿਗਰੀ ਪਿਛਲੀ ਮਿਹਨਤ ਮਸ਼ੱਕਤ ਵੀ ਦੇਖੀ। ਰਾਤ ਨੂੰ ਚੌਕੀਦਾਰੀ ਨਾ ਕਰਦਾ ਤਾਂ ਫਿਰ ਫੀਸਾਂ ਕਿਥੋਂ ਭਰਦਾ। ਮੈਂ ਨਾ ਦਿਨ ਵੇਖਿਆ ਤੇ ਨਾ ਰਾਤ। ਜ਼ਿੰਦਗੀ ਨੇ ਤਾਂ ਪੈਰ ਪੈਰ ਤੇ ਪ੍ਰੀਖਿਆ ਲਈ। ਤੇਰੀ ਗੱਲ ਲੜ ਬੰਨ ਕੇ ਤੁਰਿਆ ਸੀ। ਤਾਹੀਂ ਹਰ ਪ੍ਰੀਖਿਆ ਨੂੰ ਬੌਣੀ ਬਣਾ ਦਿੱਤਾ। ਬਾਬਾ ! ਤੂੰ ਤਾਂ ਮਾਣ ਕਰ। ਤੇਰੇ ਇਸ ਕਿਰਤੀ ਕੋਲ ਹੁਣ ਹਰ ਡਿਗਰੀ ਹੈ। ਵੇਖਦਾ ਜਾਈ, ਜਲਦੀ ਹੀ ਤੇਰਾ ਇਹ ਕਿਰਤੀ 'ਪੋਸਟ ਗਰੈਜੂਏਟ ਰਿਕਸ਼ਾ ਚਾਲਕ' ਬਣ ਜਾਏਗਾ। ਬੜੇ ਪਾਪੜ ਵੇਲਣੇ ਪਏ ਨੇ ਬਾਬਾ। ਨਹੀਂ ਬਾਬਾ, ਹੁਣ ਸ਼ਰਮ ਨਹੀਂ ਲੱਗਦੀ। ਪਹਿਲਾਂ ਲੱਗਦੀ ਸੀ। ਤਾਹੀਂ ਉਦੋਂ ਰਾਤ ਨੂੰ ਰਿਕਸ਼ਾ ਚਲਾਉਂਦਾ ਸੀ। ਹੁਣ ਤਾਂ ਦਿਨ ਰਾਤ ਚੱਲਦੈ ਮੇਰਾ ਰਿਕਸ਼ਾ। ਰਿਕਸ਼ਾ ਰੁਕ ਗਿਆ ਤਾਂ ਅੰਗਰੇਜ਼ੀ ਦੀ ਐਮ.ਏ ਦਾ ਦੂਜਾ ਸਾਲ ਪੂਰਾ ਨਹੀਂ ਹੋਣਾ। ਨਾ ਬਾਬਾ ਨਾ, ਮਾਂ ਬਾਰੇ ਨਾ ਪੁੱਛ। ਹਾਂ ਉਹ ਤਾਂ ਬੜਾ ਰੋਈ ਸੀ। ਜਦੋਂ ਮੈਂ ਪਹਿਲੇ ਦਿਨ ਨੌਕਰੀ ਦੀ ਥਾਂ ਰਿਕਸ਼ਾ ਘਰ ਲੈ ਕੇ ਗਿਆ ਸੀ। ਉਸ ਨੇ ਕਦੇ ਸੰਦੂਕ ਚੋਂ ਕੱਢ ਕੇ ਮੇਰੀ ਡਿਗਰੀ ਦੇਖੀ ਤੇ ਕਦੇ ਮੇਰਾ ਕਿਸ਼ਤਾਂ ਵਾਲਾ ਰਿਕਸ਼ਾ। ਮਨ ਤਾਂ ਮੇਰਾ ਵੀ ਅੰਦਰੋਂ ਰੋਇਆ ਸੀ। ਪਰ ਮਾਂ ਨੂੰ ਦੱਸਿਆ ਨਹੀਂ। ਮਾਂ ਨੂੰ ਦੱਸਾਂ ਵੀ ਕਿਉਂ,ਉਹ ਕਿਹੜਾ ਸੌਖੀ ਹੈ। ਕੈਂਸਰ ਨੇ ਉਸ ਨੂੰ ਕੱਖੋਂ ਹੌਲੀ ਕਰ ਦਿੱਤਾ ਹੈ।


ਬਾਬਾ ! ਦਿਲ ਕਰਦੈ ਕਿ ਅੱਜ ਖੁੱਲ ਕੇ ਗੱਲਾਂ ਕਰਾਂ। ਕਿਵੇਂ ਬੀਤੀ ਤੇਰੀ ਕਿਰਤੀ ਨਾਲ।ਲੱਗਦੈ, ਤੈਨੂੰ ਹੁਣ ਇੱਕ ਹੋਰ ਉਦਾਸੀ ਕਰਨੀ ਪਊ। ਤੂੰ ਤਾਂ ਬਾਬਾ ਹਰ ਕਿਸੇ ਦੀ ਸੁਣੀ ਹੈ। ਆਪਣੇ ਕਿਰਤੀਆਂ ਦੀ ਵੀ ਸੁਣ ਲੈ। ਇੱਕ ਗੱਲ ਯਾਦ ਰੱਖੀ, ਜੇ ਤੂੰ ਮੁੜ ਕੇ ਨਾ ਆਇਆ ਤਾਂ ਫਿਰ ਇਕੱਲਾ ਮੈਂ ਨਹੀਂ,ਇੱਥੇ ਹਰ ਰਿਕਸ਼ੇ ਵਾਲਾ ਪੋਸਟ ਗਰੈਜੂਏਟ ਹੋਵੇਗਾ। ਬਾਬਾ ! ਮੈਂ ਕਿਹੜਾ ਪਹਿਲੇ ਦਿਨ ਰਿਕਸ਼ਾ ਚੁੱਕ ਲਿਆ ਸੀ। ਸਰਕਾਰ ਦੇ ਬੂਹੇ 'ਤੇ ਵੀ ਗਿਆ ਸੀ। ਪ੍ਰਾਈਵੇਟ ਮਾਲਕਾਂ ਕੋਲ ਵੀ। ਚਾਹੁੰਦਾ ਸੀ ਕਿ ਅਧਿਆਪਕ ਬਣ ਜਾਵਾਂ। ਬੀ.ਐਡ ਚੋਂ 78 ਫੀਸਦੀ ਨੰਬਰ ਲਏ ਸੀ। ਬੜਾ ਮਾਣ ਸੀ ਮੈਨੂੰ। ਅਧਿਆਪਕ ਰੱਖਣ ਲਈ ਜੋ ਮੈਰਿਟ ਲਿਸਟ ਬਣੀ, ਉਸ 'ਚ ਤੇਰੇ ਕਿਰਤੀ ਦਾ ਪੰਜਾਬ ਭਰ ਚੋਂ 16 ਵਾਂ ਨੰਬਰ ਸੀ। ਗੱਲ ਨਹੀਂ ਬਣੀ,ਬਾਬਾ ਅੱਜ ਤੱਕ ਨਹੀਂ ਬਣ ਸਕੀ। ਛੱਡ ਬਾਬਾ ਮੈਰਿਟ ਨੂੰ, ਤੂੰ ਤਾਂ ਭਲੇ ਵੇਲੇ ਦੀ ਗੱਲ ਕਰਦੈ। ਪ੍ਰਾਈਵੇਟ ਸਕੂਲਾਂ ਵਾਲੇ,ਹਾਂ ਕਹਿੰਦੈ ਸੀ ਕਿ ਪੂਰੇ 1500 ਰੁਪਏ ਦੇਵਾਂਗੇ। ਬਾਬਾ ! ਕੀ ਇਸ ਨੂੰ ਸੱਚਾ ਸੌਦਾ ਕਹਾ। ਇਸ ਤੋਂ ਵੱਧ ਤਾਂ ਮੇਰਾ ਰਿਕਸ਼ਾ ਦੇ ਦਿੰਦਾ ਹੈ। ਬਾਬਾ !ਹੁਣ ਤੂੰ ਹੀ ਦੱਸ,ਕਿਸ ਬੂਹੇ ਜਾਵਾਂ। ਇੱਥੇ ਤਾਂ ਸਭ ਦਰਵਾਜੇ ਬੰਦ ਹਨ। ਸਰਕਾਰ ਦਿਨ ਦੇ ਚਾਨਣ ਦੇ ਮਾਅਣੇ ਸਮਝਦੀ ਤਾਂ ਅੱਜ ਮੈਨੂੰ ਰਾਤ ਦੇ ਹਨੇਰੇ 'ਚ ਰਿਕਸ਼ਾ ਨਾ ਚਲਾਉਣਾ ਪੈਂਦਾ। ਹਾਂ,ਸੰਗਤ ਦਰਸ਼ਨ 'ਚ ਜਾ ਕੇ ਵੀ ਫਰਿਆਦ ਕੀਤੀ ਸੀ। ਨਹੀਂ ਸੁਣੀ ਕਿਸੇ ਨੇ। ਬੁਝਾਰਤਾਂ ਨਾ ਪਾ ਬਾਬਾ,ਮੁੜ ਆਏਗਾ ਤਾਂ ਤੈਨੂੰ ਪਤਾ ਲੱਗੂ।

ਹੁਣ ਤਾਂ ਕਿੰਨੇ ਹੀ ਕੌਡੇ ਰਾਖਸ਼ ਪੈਦਾ ਹੋ ਗਏ ਨੇ। ਸੱਜਣ ਠੱਗਾਂ ਦੀ ਵੀ ਕੋਈ ਕਮੀ ਨਹੀਂ। ਨਾਲੇ ਦੇਖ ਲਈ ਸਰਕਾਰੀ ਮੋਦੀਖਾਨਾ। ਭਰ ਕੌਣ ਰਿਹੈ ਤੇ ਛੱਕ ਕੌਣ ਰਿਹਾ। ਮੇਰੇ ਵਰਗਿਆਂ ਦੀ ਫੌਜ ਵੀ ਤਾਂ ਹੁਣ ਵੱਡੀ ਹੋ ਗਈ ਹੈ। ਬਾਬਾ ! ਮੈਨੂੰ ਤੇਰੇ ਕੋਈ ਗਿਲ•ਾ ਨਹੀਂ। ਮੈਂ ਤਾਂ ਸਮਝ ਲਿਐ, ਕਿ ਲੇਖਾਂ 'ਚ ਹੀ ਇਹੋ ਲਿਖਿਐ। ਮੈਂ ਤਾਂ ਤੇਰਾ ਵਚਨ ਨਿਭਾਇਐ। ਬਾਬਾ ਤੇਰੇ ਤੇ ਮਾਣ ਹੈ। ਤੂੰ ਤਾਂ ਹਰ ਕਿਸੇ ਦੀ ਸੁਣੀ ਹੈ। ਮੇਰੀ ਵੀ ਇਸ ਕਲਮ ਤੋਂ ਸੁਣ ਲੈ। 31 ਵਰਿ•ਆਂ ਦਾ ਸੇਵਕ ਸਿੰਘ ਬਠਿੰਡਾ ਦੀ ਅਮਰਪੁਰਾ ਬਸਤੀ 'ਚ ਰਹਿੰਦਾ ਹੈ। ਜਦੋਂ ਸਾਲ 1998 'ਚ ਉਸ ਨੇ ਜਮ•ਾਂ ਦੋ ਦੀ ਪੜ•ਾਈ 62 ਫੀਸਦੀ ਅੰਕਾਂ ਨਾਲ ਪੂਰੀ ਕੀਤੀ ਤਾਂ ਉਸ ਦੇ ਬਾਪ ਗੁਰਦੇਵ ਸਿੰਘ ਦੀ ਮੌਤ ਹੋ ਗਈ। ਬਾਪ ਨੂੰ ਬਚਾਉਣ ਖਾਤਰ ਪੰਜ ਸਾਲ ਬੜੀ ਭੱਜ ਨੱਠ ਕੀਤੀ। ਉਸ ਦੀ ਭੈਣ ਅਪਾਹਜ ਹੈ। ਇੱਕ ਭੈਣ ਤੇ ਭਰਾ ਵਿਆਹੇ ਹੋਏ ਹਨ। ਸਾਲ 1998 ਤੋਂ ਉਸ ਦੇ ਦੁੱਖਾਂ ਦੇ ਦਿਨਾਂ ਦਾ ਮੁੱਢ ਬੱਝ ਗਿਆ। ਬਾਪ ਦਾ ਸੁਪਨਾ ਪੂਰਾ ਕਰਨ ਵਾਸਤੇ ਉਹ ਅਧਿਆਪਕ ਬਣਨ ਲਈ ਜ਼ਿੰਦਗੀ ਦੇ ਰਾਹ 'ਤੇ ਤੁਰਿਆ। ਉਸ ਨੇ ਤਲਵੰਡੀ ਸਾਬੋ ਦੇ ਕਾਲਜ 'ਚ ਦਾਖਲਾ ਲੈ ਲਿਆ। ਕਾਲਜ ਦੀ ਪੜ•ਾਈ ਦਾ ਖਰਚਾ ਕੱਢਣ ਲਈ ਉਹ ਬਠਿੰਡਾ ਦੀ ਇੱਕ ਪ੍ਰਾਈਵੇਟ ਸਨਅਤ ਵਿੱਚ ਚੌਕੀਦਾਰ ਲੱਗ ਗਿਆ। ਪੂਰੀ ਪੂਰੀ ਰਾਤ ਉਹ ਚੌਕੀਦਾਰੀ ਕਰਦਾ। ਬਦਲੇ 'ਚ ਜੋ 3500 ਰੁਪਏ ਮਿਲਦੇ, ਉਸ ਚੋਂ ਅੱਧੇ ਮਾਂ ਨੂੰ ਦੇ ਦਿੰਦਾ। ਬਾਕੀ ਆਪਣੀ ਪੜਾਈ 'ਤੇ ਖ਼ਰਚਦਾ। ਨਾਲੋਂ ਨਾਲ ਥੋੜੇ ਬਹੁਤੇ ਬਚਾ ਕੇ ਰੱਖ ਲੈਂਦਾ। ਪੁਰਾਣੀਆਂ ਕਿਤਾਬਾਂ ਤੇ ਪੁਰਾਣੇ ਕੱਪੜੇ ਹੀ ਉਸ ਦੇ ਸਾਥੀ ਬਣੇ ਰਹੇ। ਉਹ ਅੱਧੇ ਮੁੱਲ ਵਿੱਚ ਪੁਰਾਣੀਆਂ ਕਿਤਾਬਾਂ ਖਰੀਦ ਖਰੀਦ ਕੇ ਪੜਿ•ਆ। ਜਦੋਂ ਰਾਤ ਨੂੰ ਵਿਹਲ ਮਿਲਦੀ ਤਾਂ ਉਹ

ਇਨ•ਾਂ ਕਿਤਾਬਾਂ ਨੂੰ ਪੜਦਾ। ਜਦੋਂ ਉਸ ਨੇ ਪੰਜਾਬੀ ਯੂਨੀਵਰਸਿਟੀ ਅਧੀਨ ਪੈਂਦੇ ਇੱਕ ਕਾਲਜ 'ਚ ਬੀ.ਐਡ ਕਰਨ ਵਾਸਤੇ ਦਾਖਲਾ ਲਿਆ ਤਾਂ ਉਸ ਲਈ 80 ਹਜ਼ਾਰ ਰੁਪਏ ਫੀਸ ਵੱਡਾ ਮਸਲਾ ਸੀ। ਬੱਚਤ ਦੀ ਰਾਸ਼ੀ ਉਸ ਦਾ ਸਹਾਰਾ ਬਣ ਗਈ।ਸੇਵਕ ਸਿੰਘ ਦਾ ਸਿਰੜ ਦੇਖੋ ਕਿ ਉਹ ਕਦੇ ਚੌਕੀਦਾਰੀ ਤੋਂ ਵੀ ਨਹੀਂ ਖੁੰਝਿਆ ਸੀ। ਨਾ ਹੀ ਕਦੇ ਕੋਈ ਕਲਾਸ ਲਗਾਉਣ ਤੋਂ। ਜਦੋਂ ਉਸ ਨੇ 78 ਫੀਸਦੀ ਨੰਬਰਾਂ ਨਾਲ ਬੀ.ਐਡ ਦੀ ਡਿਗਰੀ ਲਈ। ਹੌਸਲਾ ਹੋਇਆ ਕਿ ਦਿਨ ਬਦਲਣ ਵਾਲੇ ਨੇ। ਇਸ ਤੋਂ ਪਹਿਲਾਂ ਉਸ ਨੇ ਈ.ਟੀ.ਟੀ ਕਰਨ ਵਾਸਤੇ ਦਾਖਲਾ ਪ੍ਰੀਖਿਆ ਵੀ ਸਾਲ 1999 ਵਿੱਚ ਦਿੱਤੀ। ਇੱਕ ਵਾਰੀ ਨਹੀਂ, ਤਿੰਨ ਵਾਰੀ ਇਹੋ ਪ੍ਰੀਖਿਆ ਦਿੱਤੀ। ਪ੍ਰੀਖਿਆ ਚੋਂ ਚੰਗੇ ਨੰਬਰ ਲੈ ਜਾਂਦਾ ਸੀ ਪ੍ਰੰਤੂ ਉਦੋਂ ਦਾਖਲਾ ਪ੍ਰੀਖਿਆ ਲਈ ਇੰਟਰਵਿਊ ਦੇ 25 ਨੰਬਰ ਹੁੰਦੇ ਸਨ, ਜੋ ਉਸ ਨੂੰ ਨਸੀਬ ਨਹੀਂ ਹੁੰਦੇ ਸਨ।ਅਖੀਰ ਉਸ ਨੇ ਜੰਮੂ ਤੋਂ 74 ਫੀਸਦੀ ਅੰਕਾਂ ਨਾਲ ਈ.ਟੀ.ਟੀ ਵੀ ਕਰ ਲਈ। ਉਸ ਨੇ ਤਾਂ ਗਿਆਨੀ ਵੀ ਕੀਤੀ ਹੋਈ ਹੈ। ਦੱਸਦਾ ਹੈ ਕਿ ਜਦੋਂ ਉਸ ਨੇ ਮੈਟ੍ਰਿਕ ਚੋਂ 67 ਫੀਸਦੀ ਨੰਬਰ ਲਏ ਸਨ ਤਾਂ ਬਾਪ ਨੇ ਇੱਕੋ ਗੱਲ ਆਖੀ ਸੀ, 'ਸੇਵਕ ਤੈਨੂੰ ਅਧਿਆਪਕ ਬਣਾਉਣੈ'। ਉਸਦਾ ਅੱਜ
ਬਾਪ ਜਿਉਂਦਾ ਹੁੰਦਾ ਤਾਂ ਉਸ ਦੇ ਦਿਲ 'ਤੇ ਕੀ ਬੀਤਣੀ ਸੀ। ਜਦੋਂ ਉਹ ਦੇਖਦਾ ਕਿ ਉਸ ਦਾ ਬੱਚਾ ਅਧਿਆਪਕ ਨਹੀਂ ,ਰਿਕਸ਼ਾ ਚਾਲਕ ਬਣ ਗਿਆ ਹੈ। ਸਾਲ 2008 'ਚ ਉਸ ਦੀ ਮਾਂ ਨੂੰ ਕੈਂਸਰ ਹੋ ਗਿਆ। ਘਰ ਦੇ ਅੱਗੇ ਵਾਲੀ ਕੁਝ ਜਗ•ਾਂ ਵੇਚਣੀ ਪਈ। ਪੂਰੇ ਪੌਣੇ ਤਿੰਨ ਲੱਖਦਾ ਖਰਚ ਆਇਆ ਇਲਾਜ 'ਤੇ। ਸੇਵਕ ਸਿੰਘ ਦੇ ਅੱਜ ਢਾਈ ਸਾਲ ਦਾ ਬੱਚਾ ਹੈ। ਉਸ ਨੇ ਬੱਚੇ ਦਾ ਨਾਮ 'ਹੈਪੀ ਸਿੰਘ' ਰੱਖਿਆ ਹੈ। ਉਹ ਦੱਸਦਾ ਹੈ ਕਿ ਉਸ ਦਾ ਬੱਚਾ ਪੂਰੀ ਜ਼ਿੰਦਗੀ ਖੁਸ਼ ਰਹੇ ਜਿਸ ਕਰਕੇ ਉਸ ਨੇ ਇਹੋ ਨਾਮ ਰੱਖਿਆ ਹੈ। ਉਸ ਦੀ ਬੱਚੇ ਨੂੰ ਚੰਗੇ ਸਕੂਲ 'ਚ ਪੜਾਉਣ ਦੀ ਸੱਧਰ ਹੈ। ਤਾਂ ਜੋ ਉਸ ਨੂੰ ਰਿਕਸ਼ਾ ਨਾ ਚਲਾਉਣਾ ਪਵੇ।

ਸੇਵਕ ਸਿੰਘ ਆਖਦਾ ਹੈ ਕਿ ਉਸ ਨੂੰ ਕੋਈ ਅਫਸੋਸ ਨਹੀਂ ਹੈ। ਉਸ ਨੇ ਤਾਂ ਕਿਰਤ ਕੀਤੀ ਹੈ, ਭੀਖ ਤਾਂ ਨਹੀਂ ਮੰਗੀ। ਉਹ ਆਪਣੇ ਤੋਂ ਨੀਵਿਆਂ ਵੱਲ ਦੇਖ ਕੇ ਜਿਉਂਦਾ ਹੈ। ਉਹ ਦੱਸਦਾ ਹੈ ਕਿ ਉਸ ਨੇ ਕਦੇ ਵੀ ਕੋਈ ਟਿਊਸ਼ਨ ਨਹੀਂ ਰੱਖੀ। ਨਾ ਹੀ ਕਦੇ ਮਾਂ ਬਾਪ ਨੂੰ ਕੋਈ ਮੁਸ਼ਕਲ ਦਾ ਅਹਿਸਾਸ ਹੋਣ ਦਿੱਤਾ ਹੈ। ਜਦੋਂ ਪਾਵਰਕੌਮ ਦੇ ਨਿਗਮੀਕਰਨ ਮਗਰੋਂ ਬਠਿੰਡਾ ਦੀ ਉਸ ਸਨਅਤ ਦਾ ਕਾਰੋਬਾਰ ਮੰਦੇ 'ਚ ਚਲਾ ਗਿਆ ਤਾਂ ਉਸ ਦੀ ਚੌਕੀਦਾਰੀ ਵੀ ਜਾਂਦੀ ਰਹੀ। ਉਸ ਅੱਗੇ ਰੋਜ਼ੀ ਰੋਟੀ ਦਾ ਮਸਲਾ ਖੜ•ਾ ਹੋ ਗਿਆ। ਸਾਲ 2008 ਵਿੱਚ ਸਰਬ ਸਿੱਖਿਆ ਅਭਿਐਨ ਤਹਿਤ ਜੋ ਅਧਿਆਪਕ ਭਰਤੀ ਕੀਤੇ ਜਾਣੇ ਸਨ, ਉਸ 'ਚ ਜੋ ਸਾਂਝੀ ਮੈਰਿਟ ਬਣੀ, ਉਸ 'ਚ ਉਸ ਦਾ 16 ਵਾਂ ਨੰਬਰ ਸੀ। ਉਸ ਦੀ ਕੌਸਲਿੰਗ ਵੀ ਹੋ ਗਈ ਸੀ ਤੇ ਦਸਤਾਵੇਜ਼ ਵੀ ਚੈੱਕ ਹੋ ਗਏ ਸਨ। ਅੱਜ ਤੱਕ ਉਸ ਦਾ ਕੋਈ ਨਤੀਜਾ ਨਹੀਂ ਆਇਆ ਹੈ। ਅਧਿਆਪਕ ਬਣਨ ਦੀਵੀ ਨਾਲੋਂ ਨਾਲ ਉਮੀਦ ਟੁੱਟ ਗਈ। ਉਸ ਨੂੰ ਪ੍ਰਾਈਵੇਟ ਸਕੂਲਾਂ ਕੋਲੋਂ ਵੀ ਕੋਈ ਹੁੰਗਾਰਾ ਨਾ ਮਿਲਿਆ। ਅਖੀਰ ਉਸ ਨੇ 50 ਰੁਪਏ ਪ੍ਰਤੀ ਦਿਨ ਕਿਰਾਏ 'ਤੇ ਰਿਕਸ਼ਾ ਲੈ ਲਿਆ। ਪੂਰੀ ਪੂਰੀ ਰਾਤ ਉਹ ਰਿਕਸ਼ਾ ਚਲਾਉਂਦਾ। ਇੱਕ ਰਾਤ 'ਚ ਉਹ 200 ਰੁਪਏ ਕਮਾ ਲੈਂਦਾ ਸੀ। ਉਹ ਆਖਦਾ ਹੈ ਕਿ ਜਦੋਂ ਉਸ ਨੇ ਰਿਕਸ਼ਾ ਚਲਾਉਣਾ ਸ਼ੁਰੂ ਕੀਤਾ ਤਾਂ ਉਹ ਕਈ ਦਿਨ ਉਦਾਸ ਰਿਹਾ ਸੀ। ਫਿਰ ਉਸ ਨੇ ਕਿਸ਼ਤਾਂ 'ਤੇ ਰਿਕਸ਼ਾ ਖਰੀਦ ਲਿਆ। ਜਿਸ ਦੀ ਕਿਸ਼ਤ ਉਹ ਹਰ ਮਹੀਨੇ ਭਰਦਾ ਹੈ। ਉਹ ਦੱਸਦਾ ਹੈ ਕਿ ਜ਼ਿੰਦਗੀ ਦਾ ਬੁਰਾ ਦਿਨ ਉਹ ਸੀ ਜਦੋਂ ਇੱਕ ਪੁਲੀਸ ਥਾਣੇਦਾਰ ਨੇ ਬੱਸ ਅੱਡੇ ਕੋਲ ਪਹਿਲਾਂ ਉਸ ਦੇ ਰਿਕਸ਼ੇ ਦੀ ਹਵਾ ਕੱਢ ਦਿੱਤੀ। ਉਸ ਮਗਰੋਂ ਉਸ ਦੀ ਕੁੱਟਮਾਰ ਕੀਤੀ। ਉਹ ਆਪਣਾ ਕਸੂਰ ਪੁੱਛਦਾ ਰਿਹਾ ਪ੍ਰੰਤੂ ਥਾਣੇਦਾਰ ਦੇ ਹੱਥ ਰੁਕੇ ਨਾ।ਉਸ ਨੂੰ ਅਹਿਸਾਸ ਹੋਇਆ ਕਿ ਇੱਥੇ ਮਾਰ ਕਿਰਤੀ ਨੂੰ ਹੀ ਪੈਂਦੀ ਹੈ। ਸੜਕਾਂ 'ਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕੋਈ ਵੱਡੀ ਕਾਰ ਵਾਲਾ ਕਰੇ ਤੇ ਚਾਹੇ ਛੋਟੀ ਕਾਰ ਵਾਲਾ,ਭੁਗਤਣਾ ਰਿਕਸ਼ੇ ਵਾਲੇ ਨੂੰ ਹੀ ਪੈਂਦਾ ਹੈ।


ਉਹ ਤਾਂ ਦੋਹਰਾ ਸੰਘਰਸ਼ ਕਰ ਰਿਹਾ ਹੈ। ਉਹ ਆਪਣੇ ਬੇਰੁਜ਼ਗਾਰ ਸਾਥੀਆਂ ਨਾਲ ਰੁਜ਼ਗਾਰ ਖਾਤਰ ਸੰਘਰਸ਼ ਵੀ ਲੜ ਰਿਹਾ ਹੈ। ਇਸੇ ਸੰਘਰਸ਼ 'ਚ ਉਹ ਲੁਧਿਆਣਾ ਅਤੇ ਫਿਰੋਜ਼ਪੁਰ ਦੀ ਜੇਲ ਵੀ ਕੱਟ ਚੁੱਕਾ ਹੈ। ਜਦੋਂ ਉਹ ਦਿਨ ਵੇਲੇ ਸੰਘਰਸ਼ 'ਚ ਜਾਂਦਾ ਹੈ ਤਾਂ ਉਹ ਰਾਤ ਵਕਤ ਰਿਕਸ਼ਾ ਚਲਾਉਂਦਾ ਹੈ ਤਾਂ ਜੋ ਪਰਿਵਾਰ ਚੱਲਦਾ ਰਹੇ।ਉਹ ਦੱਸਦਾ ਹੈ ਕਿ ਉਸ ਨੇ ਤਾਂ ਸੇਵਾਦਾਰ ਲੱਗਣ ਵਾਸਤੇ ਵੀ ਕਾਫੀ ਜੱਦੋਜਹਿਦ ਕੀਤੀ ਹੈ। ਉਸ ਦਾ ਸਪਨਾ ਪੀ.ਐਚ.ਡੀ ਕਰਨ ਦਾ ਹੈ।ਹੁਣ ਉਹ ਪੰਜਾਬੀ ਯੂਨੀਵਰਸਿਟੀ ਤੋਂ ਪੱਤਰ ਵਿਹਾਰ ਰਾਹੀਂ ਐਮ.ਏ (ਅੰਗਰੇਜ਼ੀ) ਦਾ ਦੂਜਾ ਭਾਗ ਕਰ ਰਿਹਾ ਹੈ। ਉਸ ਦੀ ਜੀਵਨ ਸਾਥਣ ਮਨਦੀਪ ਕੌਰ ਇਸ ਗੱਲੋਂ ਧਰਵਾਸ 'ਚ ਹੈ ਕਿ ਉਸ ਦਾ ਪਤੀ ਦ੍ਰਿੜ•ਤਾ ਨਾਲ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ। ਦਿਨ ਚੜ•ਦੇ ਹੀ ਉਸ ਦਾ ਰਿਕਸ਼ਾ ਚੱਲਦਾ ਹੈ ਜੋ ਕਿ ਕਦੇ ਕਦੇ ਦਿਨ ਰਾਤ ਵੀ ਨਹੀਂ ਰੁਕਦਾ ਹੈ। ਬਾਬਾ ! ਮੁਆਫ਼ ਕਰੀਂ ,ਮੈਂ ਤਾਂ ਤੈਨੂੰ ਆਪਣੀ ਹੀ ਰਾਮ ਕਹਾਣੀ 'ਚ ਉਲਝਾ ਲਿਆ। ਬੱਸ ਏਨੀ ਕੁ ਮਿਹਰ ਕਰੀਂ। ਮੁੜ ਫੇਰਾ ਜ਼ਰੂਰ ਪਾਈ। ਦੇਖੀ ਕਿ ਕਿਵੇਂ ਇੱਥੇ ਮਲਕ ਭਾਗੋ ਛੱਕ ਰਹੇ ਹਨ ਤੇ ਭਾਈ ਲਾਲੋ ਠੱਗੇ ਜਾ ਰਹੇ ਹਨ। ਸਰਕਾਰੀ ਮੋਦੀਖ਼ਾਨੇ ਵਾਲੇ 'ਆਪਣਿਆਂ' ਦੀ ਝੋਲੀ ਭਰੀ ਜਾ ਰਹੇ ਹਨ। ਹੁਣ ਵੀ। ਕਿਸੇ ਨੂੰ ਦਰਦ ਨਹੀਂ ਆ ਰਿਹਾ। ਤੇਰੇ ਨਾਮ 'ਤੇ ਪੰਥ ਚਲਾਉਣ ਵਾਲਿਆਂ ਨੂੰ ਵੀ ਨਹੀਂ। ਇੱਕ ਗੱਲ ਚੇਤੇ ਰੱਖੀ, ਕਿਤੇ ਪੈਦਲ ਆਇਐ ਤਾਂ ਫਿਰ ਤੇਰੀ ਵੀ ਖੈਰ ਨਹੀਂ। ਇੱਥੇ ਪੈਰ ਪੈਰ 'ਤੇ ਲੋਟੂ ਬੈਠੇ ਹਨ। ਹੁਣ ਤਾਂ ਤੇਰਾ ਸੱਚ ਦਾ ਹੋਕਾ ਸਮੇਂ ਦੇ ਬਾਬਰਾਂ ਨੂੰ ਚੰਗਾ ਵੀ ਨਹੀਂ ਲੱਗਣਾ। ਚੰਗਾ ਬਾਬਾ ! ਤੇਰੇ ਨਾਲ ਚਾਰ ਗੱਲਾਂ ਕਰਕੇ ਦਿਲ ਹੌਲਾ ਹੋ ਗਿਆ। ਨਾਲੇ ਔਹ ਸਾਹਮਣੇ ਬਜ਼ੁਰਗ ਮਾਈ ਮੇਰੇ ਰਿਕਸ਼ੇ ਵੱਲ ਤੁਰੀ ਆਉਂਦੀ ਹੈ, ਉਸ ਨੂੰ ਵੀਛੱਡ ਆਵਾਂ। ਸੱਚ ਮੈਂ ਤਾਂ ਭੁੱਲ ਹੀ ਗਿਆ ਸੀ ਬਾਬਾ, ਤੇਰਾ ਤਾਂ ਅੱਜ ਜਨਮ ਦਿਨ ਹੈ,ਸਾਰੇ ਕਿਰਤੀਆਂ ਵਲੋਂ ਬਾਬਾ ਤੈਨੂੰ ਜਨਮ ਦਿਨ ਮੁਬਾਰਕ।


ਚਰਨਜੀਤ ਭੁੱਲਰ
ਲੇਖ਼ਕ ਸੀਨੀਅਰ ਪੱਤਰਕਾਰ ਹਨ।

Saturday, November 5, 2011

'ਆਬਾਦੀ ਬੰਬ' ਬਾਰੇ ਬਣਾਈਆਂ ਮਿੱਥਾਂ ਦੇ ਤੂੰਬੇ ਉਡਾਉਣ ਦੀ ਬੇਲਾ

ਮਰਦਸ਼ਮੁਮਾਰੀ ਦੇ ਨਵੇਂ ਅੰਕੜਿਆਂ ਨੇ ਜਿੱਥੇ ਭਾਰਤੀ ਜਨਸੰਖਿਆ ਨੀਤੀ ਦੀ ਨਾਕਾਮਯਾਬੀ ਸਾਬਿਤ ਕਰ ਦਿੱਤੀ ਹੈ, ਉਥੇ ਇਸ ਦੀ ਭਵਿੱਖ ਦੀ ਦਸ਼ਾ ਤੇ ਦਿਸ਼ਾ ਬਾਬਤ ਨਵੇਂ ਸਵਾਲ ਖੜ੍ਹੇ ਕੀਤੇ ਹਨ। ਗਰਭ ਨਿਰੋਧਕ ਜਾਂ ਭਰ-ਪੇਟ ਅੰਨ ਸੁਰੱਖਿਆ, ਪਰਿਵਾਰ ਨਿਯੋਜਨ ਦੇ ਟੀਚਿਆਂ ਦੀ ਪੂਰਤੀ, ਤੇ ਜਾਂ ਪਰਿਵਾਰ ਦੇ ਵੱਧ ਤੋਂ ਵੱਧ ਹੱਥਾਂ ਨੂੰ ਕੰਮ ਸੁਰੱਖਿਆ। ਜੇ ਇਸ ਨੂੰ ਫਲਸਫੇ ਦੇ ਰੂਪ ਵਿੱਚ ਕਿਹਾ ਜਾਵੇ ਤਾਂ ਭਵਿੱਖ ਦਾ ਭਾਰਤ 'ਗਰਭ ਨਿਰੋਧਕ ਸਭ ਤੋਂ ਵੱਡਾ ਵਿਕਾਸ' ਜਾਂ 'ਵਿਕਾਸ ਸਭ ਤੋਂ ਵੱਡਾ ਗਰਭ ਨਿਰੋਧਕ' ਧਾਰਾਵਾਂ ਵਿੱਚੋਂ ਕਿਸੇ ਦੀ ਚੋਣ ਕਰੇ ਕਿ ਇਸ ਦਾ ਜਮਹੂਰੀਅਤ, ਮਨੁੱਖੀ ਜ਼ਿੰਦਗੀ ਦੀ ਕਦਰ ਅਤੇ ਸੰਤੁਲਿਤ ਵਿਕਾਸ ਨਾਲ ਪੀਡਾ ਰਿਸ਼ਤਾ ਪੈਦਾ ਹੋ ਸਕੇ।

ਭਾਰਤ ਦੀ ਸਾਲਾਨਾ ਵਿਕਾਸ ਦਰ ਅੱਠ ਫ਼ੀਸਦੀ ਹੈ। ਓਪਰੀ ਨਜ਼ਰ ਮਾਰਿਆਂ ਕੰਕਰੀਟ ਦੇ ਜੰਗਲਾਂ, ਸ਼ਾਨਦਾਰ ਗੱਡੀਆਂ, ਮੋਬਾਇਲਾਂ ਤੇ ਕੰਪਿਊਟਰਾਂ 'ਤੇ ਆਧਾਰਿਤ ਮਨੁੱਖੀ ਤਰੱਕੀ ਦਾ ਮਿਆਰ ਸਥਾਪਤ ਕਰਦੀ ਸਰਕਾਰ ਸਿਰਜਕ ਨਜ਼ਰ ਆਉਂਦੀ ਹੈ। ਉਨੀ ਸੌ ਸਤਾਲੀ ਦੀ ਸੱਤਾ ਤਬਦੀਲੀ ਤੋਂ ਬਾਅਦ ਅਰਧ-ਜਗੀਰੂ ਖੇਤੀ ਢਾਂਚੇ 'ਤੇ ਨਿਰਭਰ ਦੇਸ਼ ਪ੍ਰਮਾਣੂ ਬੰਬਾਂ, ਚੰਦਰਮਾ, ਮੰਗਲ 'ਤੇ ਕੀਤੀਆਂ ਖੋਜਾਂ ਅਤੇ ਉਚਤਮ ਤਕਨੀਕੀ ਪ੍ਰਬੰਧਕੀ ਅਦਾਰਿਆਂ ਦੇ ਰੂਪ ਵਿੱਚ ਜਾਣਿਆ ਪ੍ਰਚਾਰਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਾਰਤ ਤਾਂ ਗੁਣਾਂ ਦੀ ਗੁਥਲੀ ਹੈ। ਬੱਸ, ਇਸ ਦੀਆਂ ਸੜਕਾਂ ਕੰਢੇ ਪਲਦੀ ਚੀਥਿੜਆਂ ਜਿਹੀ ਆਬਾਦੀ ਇਸ ਨੂੰ ਉਨਤ ਦੇਸ਼ ਨਹੀਂ ਬਣਨ ਦਿੰਦੀ। 'ਵਿਦਵਾਨਾਂ' ਦੀ ਰਾਇ ਹੈ ਕਿ ਭਾਰਤੀ ਗ਼ਰੀਬਾਂ ਨੂੰ ਆਪਣੀ ਗ਼ਰੀਬੀ ਨਾਲ ਮੁਹੱਬਤ ਹੈ। ਨਤੀਜੇ ਦੇ ਤੌਰ 'ਤੇ ਅੱਜ ਭਾਰਤ ਕੋਲ ਆਪਣੀ ਤਿੰਨ ਗੁਣਾਂ ਆਬਾਦੀ ਦਾ ਪੇਟ ਭਰਨ ਲਈ ਅੰਨ ਦਾ ਦਾਣਾ ਵੀ ਨਹੀਂ ਰਿਹਾ। ਇਸ ਧਾਰਨਾ ਦੇ ਖ਼ਿਲਾਫ਼ ਸਰਕਾਰ ਦੇ ਆਪਣੇ ਅੰਕੜੇ ਖੜ੍ਹੇ ਹਨ ਜੋ ਪਿਛਲੇ 60-70 ਸਾਲਾਂ ਦੀਆਂ ਗ਼ੈਰ-ਜ਼ਿੰਮੇਵਾਰ ਨੀਤੀਆਂ ਅਤੇ 'ਤਕੜੇ ਦਾ ਸੱਤੀ ਵੀਹੀ ਸੌ' ਉਤੇ ਖੜ੍ਹੇ ਢਾਂਚੇ ਨੂੰ ਬੇਪਰਦ ਕਰਦੇ ਹਨ।

ਭਾਰਤ ਖੇਤੀ ਆਧਾਰਿਤ ਦੇਸ਼ ਹੈ। ਖੇਤੀ ਹੱਥਾਂ 'ਤੇ ਨਿਰਭਰ ਰਹੀ ਹੈ। ਮਸ਼ੀਨਾਂ, ਖਾਦਾਂ, ਕੀਟਨਾਸ਼ਕਾਂ, ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਦੀਆਂ ਖੇਤੀ ਨੀਤੀਆਂ ਤੋਂ ਪਹਿਲਾਂ ਜ਼ਿਆਦਾ ਪਿੰਡ ਜਾਂ ਇਲਾਕੇ ਆਤਮ-ਨਿਰਭਰ ਸਨ। ਅੱਜ ਖੇਤੀ ਖੇਤਰ ਦੀ ਵਿਕਾਸ ਦਰ ਸਿਰਫ਼ ਦੋ ਫ਼ੀਸਦੀ ਹੈ। ਇਸ ਦਾ ਸਿੱਧਾ ਅਸਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਵਰਤਾਰੇ ਵਿੱਚ ਝਲਕਦਾ ਹੈ। ਸਰਕਾਰ ਨਾਗਰਿਕਾਂ ਨੂੰ ਸਮਾਜਿਕ ਸੁਰੱਖਿਆ ਤਾਂ ਕੀ, ਉਨ੍ਹਾਂ ਲਈ ਅਤਿ ਲੋੜੀਂਦੀ ਅਨਾਜ ਵੰਡ ਪ੍ਰਣਾਲੀ ਤੱਕ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ ਵਿੱਚ ਵੀ ਨਾ-ਕਾਮਯਾਬ ਰਹੀ ਹੈ। ਧਾਰਨਾ ਹੈ ਕਿ ਭਾਰਤ ਆਪਣੀ ਇੰਨੀ ਵੱਡੀ ਆਬਾਦੀ ਦਾ ਢਿੱਡ ਭਰਨ ਵਿੱਚ ਸਮਰੱਥ ਨਹੀਂ। ਉੱਘੀ ਅਰਥਸ਼ਾਸਤਰੀ ਜਯੰਤੀ ਘੋਸ਼ ਮੁਤਾਬਕ ਮੁੱਖ ਮਸਲਾ ਖਾਧ ਪਦਾਰਥਾਂ ਦੀ ਕਮੀ ਦਾ ਨਹੀਂ ਸਗੋਂ 1990 ਤੋਂ ਬਾਅਦ ਲਾਗੂ ਕੀਤੀਆਂ ਆਰਥਿਕ ਨੀਤੀਆਂ ਦੇ ਸਿੱਟੇ ਵਜੋਂ ਇਨ੍ਹਾਂ ਦਾ ਆਮ ਆਦਮੀ ਦੀ ਪਹੁੰਚ ਤੋਂ ਬਾਹਰਾ ਹੋ ਜਾਣਾ ਹੈ। ਭਾਰਤ ਅੱਜ ਅਨਾਜ ਦੀ ਦਰਾਮਦ ਕਰਨ ਵਾਲਾ ਦੇਸ਼ ਹੈ ਪਰ ਦੇਸ਼ ਦੀ ਵੱਡੀ ਗਿਣਤੀ ਵਸੋਂ ਗ਼ਰੀਬੀ, ਬੇਰੁਜ਼ਗਾਰੀ, ਖਾਧ ਪਦਾਰਥਾਂ ਦੀ ਮਾੜੀ ਵੰਡ ਪ੍ਰਣਾਲੀ ਕਾਰਨ ਅਨਾਜ ਖਰੀਦਣ ਤੋਂ ਅਸਮਰੱਥ ਹੈ। ਵਿਸ਼ਵ ਬੈਂਕ, ਕੌਮਾਂਤਰੀ ਮੁਦਰਾ ਫੰਡ ਵਰਗੀਆਂ ਸੰਸਥਾਵਾਂ ਦੇ ਦਬਾਓ ਹੇਠ ਭਾਰਤ ਸਰਕਾਰ ਖੇਤੀ ਖੇਤਰ, ਸਮਾਜਿਕ ਸੁਰੱਖਿਆ, ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਸਹੂਲਤਾਂ, ਸਬਸਿਡੀਆਂ ਅਤੇ ਛੋਟਾਂ ਵਿੱਚ ਕਟੌਤੀ ਕਰ ਰਿਹੀ ਹੈ। ਨਤੀਜਨ, ਭਾਰਤੀਆਂ ਦੀ ਵੱਡੀ ਵੱਸੋਂ ਮਾੜੀ ਸਿਹਤ, ਕੰਮ ਨਾ ਮਿਲਣਾ, ਦੂਜੇ ਦਰਜੇ ਦੀ ਸਿੱਖਿਆ ਅਤੇ ਸਮਾਜਿਕ ਕੰਨੀਆਂ ਵਿੱਚ ਧੱਕੀ ਗਈ ਹੈ।


'ਆਬਾਦੀ ਬੰਬ' ਦੀ ਧਾਰਨਾ ਨਾਲ ਜੁੜੀ ਦੂਜੀ ਮਿੱਥ ਹੈ ਕਿ ਲਗਾਤਾਰ ਵਧਦੀ ਆਬਾਦੀ ਕਾਰਨ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਪਾਣੀ ਦੀ ਘਾਟ ਖਤਰਨਾਕ ਰੂਪ ਅਖ਼ਤਿਆਰ ਕਰ ਚੁੱਕੀ ਹੈ। ਇਸ ਬਾਰੇ ਮਨੁੱਖੀ ਵਿਕਾਸ ਰਿਪੋਰਟ (ਸੰਯੁਕਤ ਰਾਸ਼ਟਰ) ਦੀ ਟਿੱਪਣੀ ਧਿਆਂ ਮੰਗਦੀ ਹੈ। ਰਿਪੋਰਟ ਮੁਤਾਬਕ, "ਧਰਤੀ ਉਪਰ ਘਰੇਲੂ ਅਤੇ ਖੇਤੀ/ਸਨਅਤੀ ਖੇਤਰ ਦੀਆਂ ਜ਼ਰੂਰਤਾਂ ਤੋਂ ਕਿਤੇ ਵੱਧ ਪਾਣੀ ਹੈ। ਮੂਲ ਸਮੱਸਿਆ ਹੈ ਆਬਾਦੀ ਦੇ ਗ਼ਰੀਬ ਅਤੇ ਹਾਸ਼ੀਏ 'ਤੇ ਪਏ ਵਰਗਾਂ ਨੂੰ ਪਾਣੀ ਸੋਮਿਆਂ ਦੀ ਮਾਲਕੀ ਤੋਂ ਖਦੇੜਿਆ ਜਾਣਾ। ਇਸ ਵਰਤਾਰੇ ਪਿੱਛੇ ਰਾਜਨੀਤਿਕ ਪੇਸ਼ਬੰਦੀਆਂ ਅਤੇ ਉਨ੍ਹਾਂ ਸੰਸਥਾਵਾਂ ਦਾ ਵੱਡਾ ਰੋਲ ਹੈ ਜਿਨ੍ਹਾਂ ਦਾ ਖ਼ਾਸਾ ਹੀ ਗ਼ਰੀਬ ਵਿਰੋਧੀ ਹੈ। ਜੇ ਸਾਫ਼ ਪਾਣੀ ਦੀ ਪੂਰਤੀ ਦਾ ਅਧਿਐਨ ਕੀਤਾ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਗ਼ਰੀਬ ਆਦਮੀ ਨੂੰ ਪਾਣੀ ਮਿਲਦਾ ਘੱਟ ਹੈ, ਬਦਲੇ ਵਿੱਚ ਉਹ ਭੁਗਤਾਂ ਜ਼ਿਆਦਾ ਕਰਦਾ ਹੈ; ਉਪਰੋਂ ਪਾਣੀ ਦੀ ਕਮੀ ਨਾਲ ਵੀ ਉਸੇ ਨੂੰ ਜੂਝਣਾ ਪੈਂਦਾ ਹੈ। ਇਸ ਨੂੰ ਅੰਕੜਿਆਂ ਰਾਹੀਂ ਦੱਸਣਾ ਹੋਵੇ ਤਾਂ ਯੂਰਪੀ ਬੰਦਾ ਰੋਜ਼ ਔਸਤਨ ਦੋ ਸੌ ਲੀਟਰ ਪਾਣੀ ਵਰਤਦਾ ਹੈ ਅਤੇ ਅਮਰੀਕੀ ਬੰਦਾ ਰੋਜ਼ਾਨਾ ਚਾਰ ਸੌ ਲੀਟਰ। ਪਾਣੀ ਦੀ ਭਿਅੰਕਰ ਕਮੀ ਨਾਲ ਜੂਝਦੇ ਤੀਸਰੀ ਦੁਨੀਆ ਦੇ 1.1 ਅਰਬ ਲੋਕ ਰੋਜ਼ਾਨਾ ਸਿਰਫ਼ ਪੰਜ ਲੀਟਰ ਪਾਣੀ ਵਰਤਦੇ ਹਨ!

ਪਾਣੀ ਦੀ ਕੁਵਰਤੋਂ ਤੋਂ ਇਲਾਵਾ ਪਾਣੀ ਦੇ ਸਰੋਤਾਂ ਜਿਵੇਂ ਬਰਸਾਤੀ ਪਾਣੀ ਦੇ ਭੰਡਾਰਨ ਲਈ ਤਲਾਬਾਂ ਦੇ ਖ਼ਾਤਮੇ ਨੇ ਸ਼ਹਿਰਾਂ ਦੀ ਪਾਣੀ ਦੇ ਮਾਮਲੇ ਵਿੱਚ ਨਿਰਭਰਤਾ ਖ਼ਤਮ ਕਰ ਦਿੱਤੀ ਹੈ। ਕਦੇ ਦਿੱਲੀ ਵਿੱਚ ਅਜਿਹੇ ਚਾਰ ਸੌ ਤਲਾਬ ਸਨ। ਭਾਰਤ ਵਿੱਚ ਸ਼ਹਿਰੀਕਰਨ ਦਾ ਦੂਜਾ ਅਰਥ ਹੈ-ਖੇਤੀਯੋਗ ਜ਼ਮੀਨ ਦੀ ਕੁਵਰਤੋਂ। ਦਿੱਲੀ ਦੇ ਨਾਲ ਖੜ੍ਹੇ ਕੀਤੇ ਨੋਇਡਾ ਅਤੇ ਗਾਜ਼ੀਆਬਾਦ ਅਜਿਹੀ ਜ਼ਮੀਨ 'ਤੇ ਬਣੇ ਹਨ ਜੋ ਹਜ਼ਾਰਾਂ ਲੋਕਾਂ ਦਾ ਢਿੱਡ ਭਰਨ ਦੇ ਸਮਰੱਥ ਸੀ। ਪਾਣੀ ਦਾ ਪੱਧਰ ਵੀ ਤਲਾਬਾਂ, ਖੂਹਾਂ ਤੇ ਨਦੀਆਂ-ਨਾਲਿਆਂ ਕਾਰਨ ਪਹੁੰਚ ਵਿੱਚ ਸੀ। ਇਸ ਨੂੰ ਸੌਖਿਆਂ ਪ੍ਰਾਪਤ ਕੁਦਰਤੀ ਦਾਤ ਤੋਂ 'ਵੇਚਣਯੋਗ' ਬਣਾਉਣ ਪਿੱਛੇ ਸਨਅਤੀ ਘਰਾਣਿਆਂ ਅਤੇ 'ਪਾਣੀ ਮਾਫ਼ੀਏ' ਦਾ ਹੱਥ ਸਪੱਸ਼ਟ ਨਜ਼ਰ ਆਉਂਦਾ ਹੈ।

'ਆਬਾਦੀ ਬੰਬ' ਨਾਲ ਜੁੜੀ ਅਗਲੀ ਮਿੱਥ ਮੁਤਾਬਕ ਧਰਤੀ 'ਤੇ ਵਧਦੀ ਗੰਦਗੀ ਅਤੇ ਪ੍ਰਦੂਸ਼ਣ ਲਈ 'ਗ਼ਰੀਬੀ ਦਾ ਸੱਭਿਆਚਾਰ' ਜ਼ਿੰਮੇਵਾਰ ਹੈ; ਮਤਲਬ ਗ਼ਰੀਬ ਇਸ ਲਈ ਗ਼ਰੀਬ ਹੈ ਕਿਉਂਕਿ ਇਹ ਗ਼ਰੀਬ ਹੀ ਰਹਿਣਾ ਚਾਹੁੰਦਾ ਹੈ। ਇਹ ਮਿੱਥ ਪੇਂਡੂ ਅਤੇ ਕਬੀਲਾਈ ਲੋਕਾਂ ਦੇ ਵਾਤਾਵਰਨ, ਜੰਗਲ, ਜ਼ਮੀਨ, ਪਾਣੀ ਸਰੋਤਾਂ ਅਤੇ ਪਸ਼ੂ-ਪੰਛੀਆਂ ਲਈ ਕੀਤੀ ਜਾ ਰਹੀ ਜੱਦੋਜਹਿਦ ਨੂੰ ਸਿਰੇ ਤੋਂ ਰੱਦ ਕਰਦੀ ਹੈ। ਅਮਰੀਕਾ ਦਾ ਫ਼ੌਜੀ ਆਦਾਰਾ 'ਪੈਂਟਾਗਨ' ਦੁਨੀਆ ਦਾ ਉਹ ਖਪਤਕਾਰ ਹੈ ਜਿਹੜਾ ਕੁੱਲ ਆਲਮੀ ਊਰਜਾ ਦਾ ਸਭ ਤੋਂ ਵੱਡਾ ਹਿੱਸਾ ਵਰਤਦਾ ਹੈ। ਬਦਲੇ ਵਿੱਚ ਉਹ ਟਨਾਂ ਦੇ ਹਿਸਾਬ ਜ਼ਹਿਰੀਲਾ/ਵਾਧੂ/ਵਰਤਿਆ ਕੂੜਾ-ਕਬਾੜ ਧਰਤੀ 'ਤੇ ਖਿਲਾਰਦਾ ਹੈ। ਜੇ ਅੰਕੜਿਆਂ ਰਾਹੀਂ ਸਮਝਣਾ ਹੋਵੇ ਤਾਂ ਅੱਜ ਦੁਨੀਆ ਦੇ ਉਪਰਲੇ ਵੀਹ ਫ਼ੀਸਦੀ ਲੋਕ ਕੁੱਲ ਖਪਤ ਖਰਚ ਦਾ ਛਿਆਸੀ ਫ਼ੀਸਦੀ ਹਿੱਸਾ ਵਰਤਦੇ ਹਨ। ਹੇਠਲੇ ਵੀਹ ਫ਼ੀਸਦੀ ਦੇ ਹਿੱਸੇ ਖਪਤ ਵਸਤੂਆਂ ਦਾ 1.3 ਫ਼ੀਸਦੀ ਹੀ ਆਉਂਦਾ ਹੈ। ਉਪਰਲਾ ਵੀਹ ਫ਼ੀਸਦੀ ਦੁਨੀਆ ਦਾ ਪੰਜਤਾਲੀ ਫ਼ੀਸਦੀ ਮੀਟ ਤੇ ਮੱਛੀ, ਅਠਵੰਜਾ ਫ਼ੀਸਦੀ ਕੁੱਲ ਊਰਜਾ ਦਾ, ਚੌਰਾਸੀ ਫ਼ੀਸਦੀ ਕੁੱਲ ਪੇਪਰ ਦਾ ਵਰਤਦੇ ਹਨ। ਕੁੱਲ ਟੈਲੀਫੋਨ ਸੇਵਾਵਾਂ ਦਾ ਛਿਹੱਤਰ ਫ਼ੀਸਦੀ ਅਤੇ ਕੁੱਲ ਗੱਡੀਆਂ, ਸਕੂਟਰਾਂ, ਕਾਰਾਂ ਦਾ ਚੌਰਾਸੀ ਫ਼ੀਸਦੀ ਇਨ੍ਹਾਂ ਦੇ ਕਬਜ਼ੇ ਹੇਠ ਹੈ। (ਸੰਯੁਕਤ ਰਾਸ਼ਟਰ ਵਿਕਾਸ ਰਿਪੋਰਟ-2003 ਮੁਤਾਬਕ) ਜੇ ਇਸ ਨੂੰ ਭਾਰਤੀ ਪ੍ਰਸੰਗ ਵਿੱਚ ਸਮਝਣਾ ਹੋਵੇ ਤਾਂ ਦੇਸ਼ ਦੀ 1.44 ਫ਼ੀਸਦੀ ਆਬਾਦੀ ਦਾ ਦੇਸ਼ ਦੇ ਤੇਲ ਭੰਡਾਰਾਂ, ਬਿਜਲੀ, ਘਰੇਲੂ ਪੈਦਾਵਾਰ ਦੇ ਪੰਝੱਤਰ ਹਿੱਸੇ 'ਤੇ ਕਬਜ਼ਾ ਹੈ। ਇੱਥੇ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਜੇ ਦੇਸ਼ ਦੇ ਕੁਦਰਤੀ ਅਤੇ ਗ਼ੈਰ-ਕੁਦਰਤੀ ਸਰੋਤਾਂ (ਸੰਪਤੀ ਮਿਲਾ ਕੇ) ਉਤੇ 1.44 ਫ਼ੀਸਦੀ ਆਬਾਦੀ ਦਾ ਕਬਜ਼ਾ ਹੈ ਤਾਂ ਇਨ੍ਹਾਂ ਦੇ ਉਜਾੜੇ ਅਤੇ ਚੌਗਿਰਦੇ ਦੇ ਵਿਗਾੜਾਂ ਲਈ ਉਹ ਲੋਕ ਕਿਵੇਂ ਜ਼ਿੰਮੇਵਾਰ ਹਨ ਜਿਨ੍ਹਾਂ ਲਈ ਇਨ੍ਹਾਂ ਸਾਧਨਾਂ ਬਾਰੇ ਸੋਚਣਾ ਵੀ ਅਮਨ-ਕਾਨੂੰਨ ਦਾ ਮਸਲਾ ਬਣ ਜਾਂਦਾ ਹੈ। ਅਜਿਹੀ ਹਾਲਤ ਵਿੱਚ ਲੋਕਤੰਤਰੀ ਸੰਵਿਧਾਨ ਅਤੇ ਗਣਤੰਤਰੀ ਲੋਕਰਾਜ ਦੇ ਸਿਧਾਂਤਾਂ ਦਾ ਕੀ ਅਰਥ ਰਹਿ ਜਾਂਦਾ ਹੈ? ਜੇ ਦੇਸ਼ ਦੀ ਬਹੁ-ਗਿਣਤੀ ਸਾਧਨਹੀਣ, ਰੋਜ਼ਗਾਰਹੀਣ ਅਤੇ ਜਾਇਦਾਦਹੀਣ ਹੈ ਤਾਂ ਸਰਕਾਰ ਸਿੱਖਿਆ, ਸਿਹਤ, ਜਨਤਕ ਵੰਡ ਪ੍ਰਣਾਲੀ ਨਾਲ ਕਿਵੇਂ ਨਜਿੱਠਦੀ ਹੈ? ਤਜਰਬਾ ਤਾਂ ਇਹੀ ਦੱਸਦਾ ਹੈ ਕਿ ਸਰਕਾਰਾਂ 'ਗ਼ਰੀਬੀ ਖ਼ਤਮ ਕਰਨ ਲਈ ਗ਼ਰੀਬ ਹੀ ਖ਼ਤਮ ਕਰ ਦਿਓ' ਦੇ ਫਾਰਮੂਲੇ 'ਤੇ ਕੰਮ ਕਰਦੀਆਂ ਆ ਰਹੀਆਂ ਹਨ।

ਵਿਕਿਸਤ ਅਤੇ ਅਵਿਕਿਸਤ ਦੇਸ਼ਾਂ ਵਿਚਲੀਆਂ ਖਾਈਆਂ ਬਾਰੇ 2006 ਵਿੱਚ ਛਪੀ ਮਨੁੱਖੀ ਵਿਕਾਸ ਰਿਪੋਰਟ (ਸੰਯੁਕਤ ਰਾਸ਼ਟਰ) ਮੁਤਾਬਕ 2003 ਤੋਂ 2004 ਵਿੱਚ ਜਿੱਥੇ ਜਰਮਨੀ ਨੇ ਆਪਣੇ ਕੁੱਲ ਬਜਟ ਦਾ 8.7 ਫ਼ੀਸਦੀ ਅਤੇ ਫਰਾਂਸ ਨੇ 7.7 ਫ਼ੀਸਦੀ ਸਿਹਤ ਸਹੂਲਤਾਂ 'ਤੇ ਖਰਚ ਕੀਤਾ, ਭਾਰਤ ਨੇ ਸਿਰਫ਼ 1.2 ਫ਼ੀਸਦੀ ਹੀ ਇਸ ਲਈ ਰਾਖਵਾਂ ਰੱਖਿਆ। ਜਰਮਨੀ, ਅਮਰੀਕਾ ਅਤੇ ਜਾਪਾਂ ਦੀ ਸੌ ਫ਼ੀਸਦੀ ਆਬਾਦੀ ਕੋਲ ਸੀਵਰੇਜ/ਟਾਇਲਟ ਦੀ ਸਹੂਲਤ ਹੈ, ਜਦਕਿ ਭਾਰਤ ਵਿੱਚ ਸਿਰਫ਼ ਤੇਤੀ ਫ਼ੀਸਦੀ ਆਬਾਦੀ ਕੋਲ ਹੀ ਇਹ ਮੁੱਢਲੀਆਂ ਸਹੂਲਤਾਂ ਹਨ। ਜਰਮਨੀ ਆਪਣੇ ਕੁੱਲ ਬਜਟ ਦਾ 4.8 ਫ਼ੀਸਦੀ, ਫਰਾਂਸ 6 ਫ਼ੀਸਦੀ , ਅਮਰੀਕਾ 5.9 ਸਿੱਖਿਆ ਸਹੂਲਤਾਂ 'ਤੇ ਖਰਚ ਕਰਦੇ ਹਨ। ਭਾਰਤ ਦੀ ਇਹ ਖ਼ਰਚ ਦਰ ਸਿਰਫ਼ 3.3 ਫ਼ੀਸਦੀ ਹੈ। ਸਵਾਲ ਹੈ ਕਿ ਆਖਿਰ ਉਹ ਕਿਹੜੀ ਅਤਿ ਜ਼ਰੂਰੀ ਸਹੂਲਤ ਹੈ ਜਿਸ ਉਪਰ ਭਾਰਤ ਖੁੱਲ੍ਹੇ ਦਿਲ ਨਾਲ ਖ਼ਰਚ ਕਰਦਾ ਹੈ; ਉਹ ਹੈ ਭਾਰਤ ਦੀ ਜੰਗੀ ਸ਼ਕਤੀ ਜਿਸ ਉਪਰ ਬਜਟ ਦਾ ਸਭ ਤੋਂ ਵੱਡਾ ਹਿੱਸਾ ਵਰਤਿਆ ਜਾਂਦਾ ਹੈ। ਦਿਲਚਸਪ ਤੱਥ ਇਹ ਹੈ ਕਿ ਪਛੜਿਆ ਸਮਝਿਆ ਜਾਂਦਾ ਦੇਸ਼ ਸ੍ਰੀਲੰਕਾ ਆਪਣੇ ਬਜਟ ਦਾ ਵੱਡਾ ਹਿੱਸਾ ਸਿੱਖਿਆ, ਸਿਹਤ ਅਤੇ ਮੁੱਢਲੀਆਂ ਸਹੂਲਤਾਂ ਲਈ ਵਰਤਦਾ ਹੈ ਅਤੇ ਲਗਾਤਾਰ ਖਾਨਾਜੰਗੀ ਵਿੱਚ ਉਲਝੇ ਹੋਣ ਦੇ ਬਾਵਜੂਦ ਆਪਣੇ ਬਜਟ ਦਾ ਸਿਰਫ਼ 2.8 ਫ਼ੀਸਦੀ ਸੈਨਿਕ ਲੋੜਾਂ ਲਈ ਵਰਤਦਾ ਹੈ ਪਰ ਸਿਹਤ, ਸਿੱਖਿਆ ਅਤੇ ਸਾਫ਼ ਪਾਣੀ ਜਿਹੀਆਂ ਮੱਦਾਂ 'ਤੇ ਖਰਚਾ ਕਿਉਂ? ਜੇ ਗ਼ਰੀਬੀ ਦਾ ਕੁਚੱਕਰ ਤੋੜਨ ਦੀ ਸੁਹਿਰਦਤਾ ਹੋਵੇ ਤਾਂ ਇਹ ਸਹੂਲਤਾਂ ਆਮ ਸ਼ਹਿਰੀ ਦਾ ਜ਼ਿੰਦਗੀ ਵਿੱਚ ਯਕੀਨ ਪੈਦਾ ਕਰਦੀਆਂ ਹਨ। ਆਖ਼ਿਰ ਦੇਸ਼ ਭਗਤੀ ਸਿਰਫ਼ ਸਰਹੱਦਾਂ ਦੀ ਸੁਰੱਖਿਆ ਤੱਕ ਹੀ ਕਿਉਂ ਸੀਮਤ ਰਹੇ? ਆਪਣੀ ਜੰਮਣ ਭੋਅ ਨਾਲ ਰਿਸ਼ਤੇ ਵਿੱਚ ਇਹ ਸਹੂਲਤਾਂ ਨਾਗਰਿਕਾਂ ਦੀ ਸੁਰੱਖਿਆ ਅਤੇ ਸ਼ਹਿਰੀ ਅਧਿਕਾਰਾਂ ਤੇ ਸਵੈਮਾਣ ਦੀ ਜ਼ਾਮਨੀ ਭਰਦੀਆਂ ਹਨ। ਨਹੀਂ ਤਾਂ ਇਸ ਜ਼ਾਮਨੀ ਦੀ ਇੱਕੋ-ਇੱਕ ਗਾਰੰਟੀ ਪਰਿਵਾਰਕ ਹੱਥਾਂ ਦੀ ਵੱਧ ਤੋਂ ਵੱਧ ਗਿਣਤੀ ਹੀ ਹੋ ਸਕਦੀ ਹੈ-ਜਿੰਨੇ ਹੱਥ ਉਨਾ ਕੰਮ ਉਨੀ ਖਰੀਦ ਸ਼ਕਤੀ ਅਤੇ ਉਨੀਆਂ ਹੀ ਵੱਧ ਸਹੂਲਤਾਂ ਖਰੀਦਣ ਦੀ ਉਮੀਦ!

ਵਧਦੀ ਆਬਾਦੀ ਨਾਲ ਜੁੜੀ ਚੌਥੀ ਮਿੱਥ ਮੁਤਾਬਕ ਇਕ ਤੋਂ ਬਾਅਦ ਦੂਜਾ, ਫਿਰ ਤੀਜਾ ਬੱਚਾ ਜੰਮਣ ਕਾਰਨ ਔਰਤਾਂ, ਖਾਸ ਕਰਕੇ ਪੇਂਡੂ ਤੇ ਦਲਿਤ ਔਰਤਾਂ ਦੀ ਸਿਹਤ ਲਗਾਤਾਰ ਗਿਰਾਵਟ ਵੱਲ ਜਾਂਦੀ ਰਹਿੰਦੀ ਹੈ ਜਿਸ ਕਾਰਨ ਭਾਰਤੀ ਔਰਤਾਂ ਦੀ ਜਣੇਪਾ-ਮੌਤ ਦਰ ਅਤੇ ਨਵ-ਜਨਮੇ ਬੱਚਿਆਂ ਦੀ ਮੌਤ ਦਰ ਸਭ ਤੋਂ ਉੱਚੀ ਹੈ (ਵਿਸ਼ਵ ਸਿਹਤ ਸੰਸਥਾ ਮੁਤਾਬਕ) ਪਰ ਇਹ ਅੱਧਾ ਸੱਚ ਹੈ। ਅਲੱਗ-ਅਲੱਗ ਖੋਜਾਂ ਦੁਆਰਾ ਇਹ ਸਾਬਿਤ ਹੋ ਚੁੱਕਾ ਹੈ ਕਿ ਜਣੇਪੇ ਦੌਰਾਂ ਹੋਈਆਂ ਮੌਤਾਂ ਦੇ ਕਾਰਨ ਕੁਪੋਸ਼ਣ, ਖਾਸ ਕਰਕੇ ਔਰਤਾਂ ਵਿੱਚ ਸਾਰੀ ਉਮਰ ਖੂਨ ਘੱਟ ਰਹਿਣ, ਲਾਗ ਦੀਆਂ ਬਿਮਾਰੀਆਂ, ਸਿਹਤ ਸਹੂਲਤਾਂ ਤੱਕ ਪਹੁੰਚ ਨਾ ਹੋਣਾ, ਜਣੇਪੇ ਦੌਰਾਂ ਨਿਪੁੰਨ ਤੇ ਤਜਰਬੇਕਾਰ ਜਣੇਪਾ-ਸਹਾਇਕ ਦੀ ਕਮੀ ਅਤੇ ਘਰਾਂ ਵਿੱਚ ਉਨ੍ਹਾਂ ਨਾਲ ਰੋਜ਼ ਹੁੰਦੀ ਸਰੀਰਿਕ/ਮਾਨਸਿਕ ਹਿੰਸਾ ਹਨ। ਇੱਥੇ ਇਹ ਵੀ ਨੋਟ ਕਰਨ ਵਾਲਾ ਨੁਕਤਾ ਹੈ ਕਿ ਲਗਾਤਾਰ ਅਣਚਾਹੇ ਗਰਭਾਂ ਦਾ ਸਿੱਧਾ ਸਬੰਧ ਮਰਦਾਂ ਦੁਆਰਾ ਗਰਭ-ਨਿਰੋਧਕਾਂ ਸਬੰਧੀ ਕੋਈ ਜ਼ਿੰਮੇਵਾਰੀ ਨਾ ਲੈਣ ਅਤੇ ਵਿਆਹਾਂ ਅੰਦਰ ਹੁੰਦੇ ਬਲਾਤਕਾਰਾਂ ਨਾਲ ਜੁੜਿਆ ਹੋਇਆ ਹੈ। ਨਵੇਂ ਜੰਮੇ ਬੱਚਿਆਂ ਵਿੱਚ ਮੌਤ ਦਰ ਉੱਚੀ ਹੋਣ ਦਾ ਕਾਰਨ ਮਾਂ ਦੀ ਮਾੜੀ ਸਿਹਤ, ਸਾਹ-ਛੂਤ ਦੀਆਂ ਬਿਮਾਰੀਆਂ, ਹੈਜ਼ਾ, ਮਲੇਰੀਆ, ਕੁਪੋਸ਼ਣ ਅਤੇ ਵੇਲੇ ਸਿਰ ਡਾਕਟਰੀ ਸਹਾਇਤਾ ਨਾ ਮਿਲਣਾ ਹੈ (ਮੌਤ ਦੇ ਕਾਰਨਾਂ ਦਾ ਸਾਰ: 2001-2003, ਭਾਰਤ ਸਰਕਾਰ) ਇੱਦਾਂ ਉੱਚੀ ਮੌਤ ਦਾ ਸਿੱਧਾ ਸਬੰਧ ਗ਼ਰੀਬਾਂ ਦੁਆਰਾ ਗਰਭ ਨਿਰੋਧਕ/ਪਰਿਵਾਰ ਨਿਯੋਜਨਾਂ ਦੀ ਅਣਦੇਖੀ ਕਰਨ ਨਾਲ ਘੱਟ, ਪਰ ਜਿਉਣ ਦੀਆਂ ਮਾੜੀਆਂ ਹਾਲਤਾਂ ਨਾਲ ਜ਼ਿਆਦਾ ਜੁੜਦਾ ਹੈ। ਮਿਸਾਲ ਵਜੋਂ ਭਾਰਤ ਵਿੱਚ ਚਾਲੀ ਲੱਖ ਲੋਕ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ ਹਨ; ਭਾਵ ਪਾਣੀ, ਬਿਜਲੀ, ਡਾਕਟਰੀ ਸਹੂਲਤਾਂ, ਸਿੱਖਿਆ ਅਤੇ ਸਾਫ਼ ਸਫਾਈ ਤੋਂ ਬਿਲਕੁਲ ਵਾਂਝੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੇ ਜੱਦੀ ਪਿੰਡਾਂ ਦੇ ਉਜਾੜੇ ਦਾ ਦਰਦ ਦਿਲਾਂ ਵਿੱਚ ਸਾਂਭੀ ਬੈਠੇ ਹਨ। ਭਾਰਤ ਦੇ ਗਿਆਰਵੇਂ ਯੋਜਨਾ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਕ ਭਾਰਤੀ ਆਬਾਦੀ ਦੇ ਕਾਮਿਆਂ ਦਾ ਅੱਧ, ਖੇਤੀ ਅਧਾਰਿਤ ਕੰਮਾਂ ਕਾਜਾਂ ਵਿੱਚ ਲੱਗਿਆ ਹੋਇਆ ਹੈ। ਭਾਰਤੀ ਵਿਕਸ ਮਾਡਲ ਦੀ ਸਭ ਤੋਂ ਵੱਡੀ ਅਸਫ਼ਲਤਾ ਇਨ੍ਹਾਂ ਕਾਮਿਆਂ ਨੂੰ ਉਹ ਸਿੱਖਿਆ ਅਤੇ ਹੁਨਰ ਮੁਹਈਆ ਕਰਵਾਉਣਾ ਹੈ ਜਿਸ ਦੇ ਦਮ 'ਤੇ ਇਹ ਹੋਰ ਖੇਤਰਾਂ ਵਿੱਚ ਆਪਣਾ ਹੱਥ ਅਜ਼ਮਾ ਸਕਣਾ। ਅੱਜ ਖੇਤੀ ਹੇਠਲਾ ਰਕਬਾ ਲਗਾਤਾਰ ਘਟਣ ਅਤੇ ਖੇਤੀ ਉਤਪਾਦਨ ਦੀਆਂ ਕੀਮਤਾਂ, ਲਾਗਤਾਂ ਲਗਾਤਾਰ ਵਧਣ ਕਾਰਨ (1982 ਵਿੱਚ 59 ਫ਼ੀਸਦੀ ਪਰਿਵਾਰਾਂ ਕੋਲ ਖੇਤੀ ਰਕਬਾ ਇਕ ਏਕੜ ਤੋਂ ਘੱਟ ਸੀ; 2003-2004 ਤੱਕ ਪਹੁੰਚਦਿਆਂ ਇਹ 70 ਫ਼ੀਸਦੀ ਹੋ ਚੁੱਕਿਆ ਹੈ) ਪਰਿਵਾਰਾਂ ਦੀਆਂ ਔਰਤਾਂ ਅਤੇ ਬੱਚਿਆਂ ਦੀਆਂ ਪੋਸ਼ਣ, ਸਿਹਤ, ਸਿੱਖਿਆ, ਸਾਫ਼ ਸਫ਼ਾਈ, ਪੀਣ ਵਾਲੇ ਪਾਣੀ ਬਾਲਣ ਅਤੇ ਮਾਨਸਿਕ ਸੁਤੰਸ਼ਟੀ ਤੇ ਮਾਰੂ ਪ੍ਰਭਾਵ ਪਿਆ ਹੈ। ਦੂਜੇ ਪਾਸੇ ਬੇਰੁਜ਼ਗਾਰੀ ਦੀ ਦਰ ਜਿੱਥੇ 1994-95 ਵਿੱਚ 6.1 ਫ਼ੀਸਦੀ ਸੀ, ਉਥੇ 2004-5 ਵਿੱਚ ਵਧ ਕੇ 8.3 ਫ਼ੀਸਦੀ ਹੋ ਚੁੱਕੀ ਹੈ। ਗੈਰ-ਸੰਗਠਿਤ ਅਤੇ ਅਰਧ-ਨਿਪੁੰਨਤਾ ਵਾਲੇ ਕਿੱਤਿਆਂ ਵਿੱਚ ਜਿੱਥੇ ਰੁਜ਼ਗਾਰ ਵਿੱਚ ਮਾਮੂਲੀ ਵਾਧਾ ਰਿਕਾਰਡ ਕੀਤਾ ਗਿਆ, ਉਥੇ ਨਿੱਜੀ ਤੇ ਸਰਕਾਰੀ ਅਦਾਰਿਆਂ ਵਿੱਚ ਰੋਜ਼ਗਾਰ ਦੀ ਦਰ ਘਟੀ ਹੈ; ਮਤਲਬ ਆਬਾਦੀ ਦਾ ਵੱਡਾ ਹਿੱਸਾ ਜਿੱਥੇ ਖੇਤੀ ਖੇਤਰ ਵਿੱਚੋਂ ਧੱਕਿਆ ਜਾ ਰਿਹਾ ਹੈ, ਉਹ ਅਜਿਹੇ ਖੇਤਰਾਂ ਵਿੱਚ ਕੰਮ ਕਰਨ ਲਈ ਮਜਬੁਰ ਹੈ ਜਿਹੜੇ ਉਸ ਦੇ ਹੱਥ-ਪੈਰ ਚੱਲਣ ਤੱਕ ਉਕੀ-ਪੁੱਕੀ ਮਜ਼ਦੂਰੀ 'ਤੇ ਉਸ ਨੂੰ ਕੰਮ ਦਿੰਦੇ ਹਨ। ਭਾਰਤੀ ਦੀ ਬਹੁ-ਗਿਣਤੀ ਆਬਾਦੀ ਨੌਜਵਾਨਾਂ ਦੀ ਹੋਣ ਦੇ ਬਾਵਜੂਦ 15-29 ਸਾਲ ਦੇ ਉਮਰ ਵਰਗ ਵਿੱਚੋਂ ਸਿਰਫ਼ 20 ਫ਼ੀਸਦੀ ਲੋਕਾਂ ਨੇ ਕੋਈ ਕਿੱਤਾ-ਮੁਖੀ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ। ਉਪਰੋਂ ਰੁਜ਼ਗਾਰਯੋਗ ਆਬਾਦੀ ਦਾ 38.8 ਫ਼ੀਸਦੀ ਹਿੱਸਾ ਕੋਰਾ ਅਨਪੜ੍ਹ ਹੈ।

'ਆਬਾਦੀ ਬੰਬ' ਦੀ ਧਾਰਨਾ ਸਰਲ ਵਿਆਖਿਆ ਦੀ ਵਧੀਆ ਮਿਸਾਲ ਤਾਂ ਹੋ ਸਕਦੀ ਹੈ ਪਰ ਅੰਤ ਵਿੱਚ ਇਹ ਤਰਕ ਸਿੱਧਾ ਸਿੱਧਾ ਗ਼ੈਰ-ਜਮਹੂਰੀ, ਗ਼ੈਰ-ਮਨੁੱਖੀ ਤੇ ਸਾਮਰਾਜਵਾਦੀ ਤਾਕਤਾਂ ਦੇ ਹੱਕ ਵਿੱਚ ਜਾ ਭੁਗਤਦਾ ਹੈ। ਆਬਾਦੀ ਕਿੰਨੀ ਨਾਲੋਂ ਕਿਵੇਂ ਦੀ ਹੈ, ਮਸਲਨ ਵੀਹ ਬੰਦਿਆਂ ਜਿੰਨੀ ਖਪਤ ਕਰਨ ਵਾਲਾ ਇੱਕ ਮਨੁੱਖ ਜਾਂ ਮੁੱਠੀ ਭਰ ਭੋਜਨ ਨਾਲ ਜ਼ਿੰਦਗੀ ਦੀ ਡੋਰ 'ਤੇ ਝੂਲਦੇ 8-10 ਲੋਕਾਂ ਦਾ ਪਰਿਵਾਰ, ਆਖ਼ਿਰ ਇਸ ਦਾ ਤਾਂ ਜਵਾਬ ਮੰਗਿਆ ਹੀ ਜਾਣਾ ਚਾਹੀਦਾ ਹੈ ਕਿ ਖੁੱਲ੍ਹੀ ਮੰਡੀ ਤੇ ਨਿਰਭਰ ਉਦਾਰ ਸਰਕਾਰ ਕਦੋਂ ਤੱਕ ਆਪਣੀ ਅਸਫ਼ਲਤਾ ਅਤੇ ਨਾਅਹਿਲੀਅਤ ਨੂੰ ਆਬਾਦੀ-ਆਬਾਦੀ ਰੂਪੀ ਗਿੱਦੜਸਿੰਗੀ ਪਿੱਛੇ ਲੁਕੋ ਕੇ ਰੱਖੇਗੀ?


ਕੁਲਦੀਪ ਕੌਰ ਔਰਤਾਂ ਨਾਲ ਜੁੜੇ ਸੰਵੇਦਨਸ਼ੀਲ ਮਸਲਿਆਂ 'ਤੇ ਲਿਖਦੇ ਰਹਿੰਦੇ ਹਨ।ਉਹਨਾਂ ਦੀਆਂ ਲਿਖਤਾਂ ਜ਼ਮੀਨੀ ਪੱਧਰ ਤੋਂ ਮਾਮਲੇ ਨੂੰ ਸਮਝਦਿਆਂ ਕੁੱਲ ਦੁਨੀਆਂ ਨੂੰ ਘੋਖਦੀਆਂ ਹਨ|

Thursday, November 3, 2011

ਵਿਨੀਪੈਗ 'ਚ ਭਾਅ ਜੀ ਗੁਰਸ਼ਰਨ ਨੂੰ ਕੀਤਾ ਗਿਆ ਯਾਦ

ਕਨੇਡਾ ਦੇ ਸ਼ਹਿਰ ਵਿਨੀਪੈੱਗ ਵਿਖੇ ਪੰਜਾਬੀ ਨਾਟਕ ਦੇ ਸ਼ਾਹ ਅਸਵਾਰ ਇਨਕਲਾਬੀ ਨਿਸ਼ਚਾਵਾਦੀ, ਸਮਾਜਿਕ ਸੰਗਰਾਮੀਏ ਗੁਰਸ਼ਰਨ ਸਿੰਘ ਨੂੰ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ ਗਈਆਂ। ਕੰਵਲਜੀਤ ਸਿੰਘ ਨੇ ਗੁਰਸ਼ਰਨ ਸਿੰਘ ਜੀ ਦੇ ਸੰਗਰਾਮੀ ਜੀਵਨ ਬਾਰੇ ਜਾਣਕਾਰੀ ਦਿੱਤੀ।ਪ੍ਰੋਗਰਾਮ ਦੇ ਸ਼ੁਰੂਆਤ ਿਵੱਚ ਇੱਕ ਮਿੰਟ ਦਾ ਮੋਨ ਧਾਰਿਆ ਗਿਆ।

ਇਸ ਤੋਂ ਬਾਅਦ ਜਸਵੀਰ ਕੌਰ ਮੰਗੂਵਾਲ ਨੇ ਗੁਰਸ਼ਰਨ ਸਿੰਘ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਉਨ੍ਹਾਂ ਦੇ ਇਨਕਲਾਬੀ ਜੀਵਨ ਬਾਰੇ, ਨਾਟਕ ਦੇ ਵਿਸ਼ੇ ਵਸਤੂ ਬਾਰੇ,ਉਨ੍ਹਾਂ ਦੀ ਅਦੁੱਤੀ ਸ਼ਖਸੀਅਤ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਹਰਸ਼ਰਨ ਧਾਲੀਵਾਲ ਨੇ ਗੁਰਸ਼ਰਨ ਸਿੰਘ ਦੀ ਕਨੇਡਾ ਫੇਰੀ ਦੌਰਾਨ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸਾਦੇ ਤੇ ਉੱਚੇ ਜੀਵਨ ਬਾਰੇ ਦੱਸਿਆ।ਕਾਮਰੇਡ ਦਰਸ਼ਨ ਸਿੰਘ ਮੁੱਤਾ ਜੀ ਨੇ ਗੁਰਸ਼ਰਨ ਸਿੰਘ ਦੇ ਸਮਾਜਿਕ ਬਰਾਬਰੀ ਦੇ ਲਈ ਲੜੀ ਲੜਾਈ ਨੂੰ ਪੇਸ਼ ਕਰਦਾ ਇਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਜੀ ਦਾ ਲਿਖਿਆ ਕੰਮੀਆਂ ਦਾ ਵਿਹੜਾ ਗੀਤ ਤਰੁੰਨਮ ਵਿੱਚ ਗਾ ਕੇ ਸ਼ਰਧਾਂਜ਼ਲੀ ਦਿੱਤੀ।

ਉਸ ਤੋਂ ਬਾਅਦ ਹਰਸ਼ਰਨ ਧਾਲੀਵਾਲ ਨੇ ਗੁਰਸ਼ਰਨ ਸਿੰਘ ਦੀ ਕਨੇਡਾ ਫੇਰੀ ਦੌਰਾਨ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸਾਦੇ ਤੇ ਉੱਚੇ ਜੀਵਨ ਬਾਰੇ ਦੱਸਿਆ।ਕਾਮਰੇਡ ਦਰਸ਼ਨ ਸਿੰਘ ਮੁੱਤਾ ਜੀ ਨੇ ਗੁਰਸ਼ਰਨ ਸਿੰਘ ਦੇ ਸਮਾਜਿਕ ਬਰਾਬਰੀ ਦੇ ਲਈ ਲੜੀ ਲੜਾਈ ਨੂੰ ਪੇਸ਼ ਕਰਦਾ ਇਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਜੀ ਦਾ ਲਿਖਿਆ ਕੰਮੀਆਂ ਦਾ ਵਿਹੜਾ ਗੀਤ ਤਰੁੰਨਮ ਵਿੱਚ ਗਾ ਕੇ ਸ਼ਰਧਾਂਜ਼ਲੀ ਦਿੱਤੀ।

ਕਾਮਰੇਡ ਜਗਮੋਹਨ ਸਿੰਘ ਜੀ ਨੇ ਇਨਕਲਾਬੀ ਪੰਜਾਬੀ ਨਾਟਕ ਦੇ ਬਾਬਾ ਬੋਹੜ ਗੁਰਸ਼ਰਨ ਸਿੰਘ ਨੂੰ ਸ਼ਰਧਾਂਜ਼ਲੀ ਦਿੰਦਿਆਂ ਉਸ ਮਹਾਨ ਇਨਕਲਾਬੀ ਯੋਧੇ ਦੇ ਸੰਘਰਸ਼ਮਈ ਜੀਵਨ ਨੂੰ ਸਲਾਮ ਕਰਦਿਆਂ ਉਨ੍ਹਾਂ ਦੇ ਅਧੂਰੇ ਰਹਿ ਗਏ ਸੁਪਨਿਆ ਨੂੰ ਪੂਰਾ ਕਰਨ ਲਈ ਮਨੁੱਖਤਾ ਦੇ ਹੱਕਾਂ ਲਈ ਲੜੀਆਂ ਜਾ ਰਹੀਆਂ ਲੜਾਈਆਂ ਦੀ ਹਮਾਇਤ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਸੁਚੇਤਕ ਰੰਗ ਮੰਚ ਦੁਆਰਾ ਗੁਰਸ਼ਰਨ ਸਿੰਘ ਦੇ ਜੀਵਨ ਤੇ ਤਿਆਰ ਕੀਤੀ ਫਿਲਮ "ਕ੍ਰਾਂਤੀ ਦਾ ਕਲਾਕਾਰ" ਦਿਖਾਈ ਗਈ ਚਾਹ ਤੇ ਪਕੌੜਿਆਂ ਦਾ ਪ੍ਰਬੰਧ ਵੀ ਕੀਤਾ ਗਿਆ। ਸਟੇਜ ਸਕੱਤਰ ਦੀ ਜੁੰਮੇਵਾਰੀ ਕਮਲ ਜੀ ਨੇ ਬਹੁਤ ਹੀ ਬਾਖੂਬੀ ਨਿਭਾਈ। ਸਾਢੇ ਤਿੰਨ ਘੰਟੇ ਦਾ ਇਹ ਪ੍ਰੋਗਰਾਮ ਲੋਕਾਂ ਨੇ ਬਹੁਤ ਹੀ ਸ਼ਿੱਦਤ ਨਾਲ ਮਾਣਿਆ।
ਰਿਪੋਰ-ਜਸਵੀਰ ਮੰਗੂਵਾਲ
ਪ੍ਰੋਗਰਾਮ ਦੀਆਂ ਕੁਝ ਫੋਟੋਆਂ