ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, December 27, 2012

ਬਲਾਤਕਾਰ ਕਾਂਡ: ਫਾਂਸੀ ਰਾਜਕੀ ਹਿੰਸਾ ਦਾ ਹਥਿਆਰ ਹੈ

ਮਹੂਰੀ ਅਧਿਕਾਰ ਸਭਾ (ਪੰਜਾਬ) ਦੇ ਸੂਬਾ ਪ੍ਰਧਾਨ ਪ੍ਰੋਫੈਸਰ ਅਜਮੇਰ ਸਿੰਘ ਔਲਖ ਅਤੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਕਿਹਾ ਕਿ ਦਿੱਲੀ ਵਿਚ ਹੋਇਆ ਸਮੂਹਿਕ ਬਲਾਤਕਾਰ ਕਾਂਡ ਡੂੰਘੀਆਂ ਜੜ੍ਹਾਂ ਜਮਾਈ ਬੈਠੇ ਔਰਤ ਵਿਰੋਧੀ ਵਤੀਰੇ ਦੇ ਸੱਭਿਆਚਾਰ ਦਾ ਹੀ ਇਕ ਇਜ਼ਹਾਰ ਹੈ। ਇਸ ਖ਼ਿਲਾਫ਼ ਵਿਆਪਕ ਜਨਤਕ ਰੋਸ ਦੌਰਾਨ ਦੋਸ਼ੀਆਂ ਨੂੰ ਫਾਹੇ ਲਾਉਣ ਦੀ ਮੰਗ ਗੰਭੀਰ ਚਿੰਤਾ ਦਾ ਮਾਮਲਾ ਹੈ। ਮੌਤ ਦੀ ਸਜ਼ਾ ਮੰਗਣ ਵਾਲੀ ਦੰਗੇਬਾਜ਼ ਜ਼ਹਿਨੀਅਤ ਸਮਾਜ ਨੂੰ ਕਤਲਾਂ ਦੀ ਜਹਾਲਤ ਵੱਲ ਤਾਂ ਧੱਕ ਸਕਦੀ ਹੈ ਪਰ ਸਮਾਜ ਦੇ ਔਰਤ ਵਿਰੋਧੀ ਵਤੀਰੇ ਨੂੰ ਬਦਲਣ ਦਾ ਸਾਧਨ ਨਹੀਂ ਬਣ ਸਕਦੀ। ਸਮਾਜ ਵਲੋਂ ਆਪਣੇ ਲਈ ਇਨਸਾਫ਼ ਦੇ ਨਾਂ 'ਤੇ ਰਾਜ ਨੂੰ ਕਤਲਾਂ ਦਾ ਲਾਇਸੰਸ ਦੇਣ ਦੀ ਕੋਈ ਵਾਜਬੀਅਤ ਨਹੀਂ ਹੈ। ਇਸ ਦਾ ਸਿੱਟਾ ਰਾਜ ਮਸ਼ੀਨਰੀ ਦੇ ਲੋਕਾਂ ਪ੍ਰਤੀ ਹੋਰ ਵੀ ਹਿੰਸਕ, ਲਾਕਾਨੂੰਨੀ ਅਤੇ ਮਨੁੱਖੀ ਹੱਕਾਂ ਦਾ ਹੋਰ ਵਧੇਰੇ ਘਾਣ ਕਰਨ ਵਾਲੀ ਜਾਬਰ ਤਾਕਤ ਬਨਣ ਵਿਚ ਨਿੱਕਲੇਗਾ।

ਔਰਤ ਵਿਰੋਧੀ ਹਿੰਸਾ ਦੇ ਮੁਜਰਮਾਂ ਨੂੰ ਢੁੱਕਵੀਂ ਸਜ਼ਾ ਯਕੀਨੀ ਬਣਾਉਣ ਲਈ ਪੁਲਿਸ ਵਰਗੀਆਂ ਜਾਂਚ ਏਜੰਸੀਆਂ ਦੇ ਔਰਤ ਵਿਰੋਧੀ ਵਤੀਰੇ ਨੂੰ ਬਦਲਣ 'ਤੇ ਜ਼ੋਰ ਦੇਣਾ ਹੋਵੇਗਾ ਜਿਸ ਕਾਰਨ ਸੱਤਾਧਾਰੀ ਤੇ ਬਾਰਸੂਖ਼ ਤਾਕਤਾਂ ਦੀ ਮਦਦ ਲੈ ਕੇ ਮੁਜਰਮ ਸਜ਼ਾ ਤੋਂ ਅਕਸਰ ਹੀ ਬਚ ਨਿਕਲਦੇ ਹਨ ਅਤੇ ਸਿਰਫ਼ ਚੌਥਾ ਹਿੱਸਾ ਮੁਜਰਮਾਂ ਨੂੰ ਹੀ ਸਜ਼ਾ ਮਿਲਦੀ ਹੈ। ਵਿਅਕਤੀਗਤ ਮੁਜਰਮਾਂ ਵਲੋਂ ਅੰਜਾਮ ਦਿੱਤੇ ਬਲਾਤਕਾਰਾਂ ਬਾਰੇ ਰੋਹ ਦਿਖਾਉਣ ਵਾਲੇ ਸਮਾਜ ਨੂੰ ਉਸ ਰਾਜਕੀ ਹਿੰਸਾ ਪ੍ਰਤੀ ਲਾਜ਼ਮੀ ਸੰਵੇਦਨਸ਼ੀਲ ਹੋਣਾ ਹੋਵੇਗਾ ਜਿਸ ਵਿਚ ਦਹਾਕਿਆਂ ਤੋਂ ਪੁਲਿਸ, ਸੁਰੱਖਿਆ ਬਲਾਂ ਤੇ ਫ਼ੌਜ ਵਲੋਂ ਬਲਾਤਕਾਰਾਂ/ਸਮਹੂਕ ਬਲਾਤਕਾਰਾਂ ਨੂੰ ਲੋਕਾਂ ਦੀ ਹੱਕ ਜਤਾਈ ਨੂੰ ਕੁਚਲਣ ਤੇ ਉਨ੍ਹਾਂ ਦਾ ਮਨੋਬਲ ਤੋੜਨ ਦੇ ਹਥਿਆਰ ਵਜੋਂ ਕਸ਼ਮੀਰ, ਉੱਤਰ-ਪੂਰਬ, ਛੱਤੀਸਗੜ੍ਹ, ਝਾਰਖੰਡ ਤੇ ਹੋਰ ਥਾਈਂ ਵਿਆਪਕ ਪੱਧਰ 'ਤੇ ਵਰਤਿਆ ਜਾ ਰਿਹਾ ਹੈ। ਸਮਾਜ ਨੂੰ ਉਹ ਪਿਛਾਖੜੀ ਸੋਚ ਵੀ ਰੱਦ ਕਰਨੀ ਹੋਵੇਗੀ ਜੋ ਸਮਾਜਿਕ ਜ਼ਿੰਦਗੀ 'ਚ ਔਰਤ ਦੀ ਬਰਾਬਰ ਹਿੱਸੇਦਾਰੀ ਤੇ ਭੈਅ ਮੁਕਤ ਜ਼ਿੰਦਗੀ ਦੇ ਹੱਕ ਦੀ ਵਜਾਹਤ ਕਰਨ ਦੀ ਥਾਂ 'ਸੁਰੱਖਿਆ' ਦੇ ਨਾਂ ਹੇਠ ਉਸ ਨੂੰ ਘਰ 'ਚ ਬੰਦ ਕਰਨ ਦੀ ਵਕਾਲਤ ਕਰਦੀ ਹੈ ਅਤੇ ਔਰਤ ਵਿਰੋਧੀ ਵਤੀਰੇ ਨੂੰ ਹੋਰ ਪੱਕਾ ਕਰਦੀ ਹੈ।

ਸੂਬਾ ਪ੍ਰਧਾਨ ਪ੍ਰੋਫੈਸਰ ਅਜਮੇਰ ਸਿੰਘ ਔਲਖ, ਫ਼ੋਨ : 98155-75495 
ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਫ਼ੋਨ 98140-01836
 ਜਮਹੂਰੀ ਅਧਿਕਾਰ ਸਭਾ (ਪੰਜਾਬ)
  ਜਾਰੀ ਕਰਤਾ: ਬੂਟਾ ਸਿੰਘ ਸੂਬਾ ਪ੍ਰੈੱਸ ਸਕੱਤਰ 94634-74342 

No comments:

Post a Comment