ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, December 28, 2012

ਸਾਡੇ ਸਮਿਆਂ ਦੀ ਨਿਸ਼ਾਨਦੇਹੀ ਕਰਦਾ ਵਹਿਸ਼ੀ ਕੁਕਰਮ

''ਮਾਂ  ਮੈਂ ਜੀਣਾ ਚਾਹੁੰਦੀ ਹਾਂ'', ਬਲਾਤਕਾਰ ਤੇ ਕੁੱਟਮਾਰ ਦੀ ਪੀੜਤ ਜ਼ੇਰੇ ਇਲਾਜ ਦਾਮਿਨੀ ਦੇ ਇਹ ਸ਼ਬਦ ਜ਼ਬਰ-ਜੁਲਮ ਦੇ ਸ਼ਿਕਾਰ ਹਰ ਮੁਨੱਖ ਦੀ ਹਸਰਤ ਨੂੰ ਬਿਆਨ ਕਰਦੇ ਹਨ।ਮੁਨਾਫ਼ੇਖੋਰੀ ਦੀ ਹਵਸ 'ਚ ਮੁਨੱਖੀ ਕਦਰਾਂ૶ਕਮੀਤਾਂ ਦਾ ਘਾਣ ਕਰਨ ਵਾਲੇ ਪੂੰਜੀਵਾਦੀ ਪ੍ਰਬੰਧ ਅੰਦਰ ਕਰੋੜਾਂ ਅਜਿਹੀਆਂ ਜਿੰਦਾਂ ਹਨ ਜਿਹੜੀਆਂ ''ਜੀਣਾ ਚਾਹੁੰਦੇ ਹਾਂ'' ਦੀ ਕੂਕ ਪੁਕਾਰ ਕਰਦੀਆਂ ਹਨ ਤੇ ਇਸ ਆਦਮਖੋਰੇ ਪ੍ਰੰਬਧ ਅੰਦਰ ਕਰੋੜਾਂ ਜਿੰਦੜੀਆਂ ਅਜਿਹੀਆਂ ਵੀ ਹਨ ਜਿੰਨ੍ਹਾਂ ਦੀ ਵੇਦਨਾ ਹੈ ਕਿ ''ਅਸੀ ਚੰਗੀ ਜਿੰਦਗੀ ਜਿਊਣਾ ਚਾਹੁੰਦੇ ਹਾਂ''।ਇਤਿਹਾਸ ਵੱਲ ਨਜ਼ਰ ਮਾਰਦਿਆ ਸਾਡੇ ਚੇਤਿਆ ਵਿਚ ਇਕ ਵੀ ਘਟਨਾ ਅਜਿਹੀ ਨਹੀ ਜਦੋਂ ਅਮੀਰ ਵਰਗ ਦੇ ਲੋਕਾਂ ਦੇ ਮੂੰਹੋਂ ਇਹ ਸ਼ਬਦ ਨਿਕਲੇ ਹੋਣ ਕਿ ''ਅਸੀ ਜੀਣਾ ਚਾਹੁੰਦੇ ਹਾਂ'' ਜਾਂ '' ਅਸੀ ਚੰਗੀ ਜ਼ਿੰਦਗੀ ਜਿਊਣਾ ਚਾਹੰਦੇ ਹਾਂ'' ਇਹ ਸ਼ਬਦ ਸਿਰਫ ਤੇ ਸਿਰਫ ਉਹਨਾਂ ਦਿਲਾਂ ਦੀ ਵੇਦਨਾ ਹੁੰਦੇ ਹਨ ਜੋ ਮਾਰੇ ਜਾ ਰਹੇ ਤੇ ਲੁੱਟੇ-ਲਿਤਾੜੇ ਜਾ ਰਹੇ ਹੁੰਦੇ ਹਨ।ਬਿਲਕੁਲ ਇਸੇ ਤਰਾ੍ਹਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਦਾਮਿਨੀ ਨਾਲ ਵਾਪਰਿਆ।ਪਿਛਲੇ ਦਿਨੀਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਰਾਮੈਡੀਕਲ ਦੀ 23 ਸਾਲਾ ਵਿਦਿਆਰਥਣ ਨਾਲ ਛੇ ਦਰਿੰਦਿਆਂ ਵੱਲੋਂ ਚਲਦੀ ਬੱਸ ਵਿਚ ਵਹਿਸ਼ੀ ਢੰਗ ਨਾਲ ਸਮੂਹਿਕ ਬਲਾਤਕਾਰ ਕਰਨ ਉਪਰੰਤ ਉਸਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।ਇਨ੍ਹਾਂ ਦਰਿੰਦਿਆਂ ਨੇ ਉਸ ਵਿਦਿਆਰਥਣ ਦੇ ਜਨਣ ਅੰਗ ਵਿਚ ਲੋਹੇ ਦਾ ਸਰੀਆ ਪਾ ਕੇ ਉਸਦੀਆਂ ਅੰਤੜੀਆਂ ਤੱਕ ਬਾਹਰ ਕੱਢ ਦਿਤੀਆਂ।ਇਸ ਵਹਿਸ਼ੀ ਕਾਰੇ ਤੋਂ ਬਾਅਦ ਉਸਨੂੰ ਨੰਗਿਆਂ ਚਲਦੀ ਬੱਸ ਚੋਂ ਫਲਾਈਉਵਰ ਤੋਂ ਥੱਲੇ ਸੁੱਟ ਦਿੱਤਾ।ਉਸਦੇ ਸਾਥੀ ਨੂੰ ਬੁਰੀ ਤਰ੍ਹਾਂ ਕੁਟਮਾਰ ਕੇ ਅੱਧਮੋਇਆ ਕਰ ਦਿੱਤਾ ਤੇ ਉਸਨੂੰ ਵੀ ਚਲਦੀ ਬੱਸ ਵਿਚੋਂ ਬਾਹਰ ਸੁੱਟ ਦਿੱਤਾ ਗਿਆ।ਉਹ ਦੋਵੇਂ 45 ਮਿੰਟ ਤੱਕ ਕੜਾਕੇ ਦੀ ਠੰਢ ਵਿਚ ਬੇਹੋਸ਼ੀ ਦੀ ਹਾਲਤ ਵਿਚ ਸੜਕ ਤੇ ਪਏ ਰਹੇ,ਪਰ ਰਾਜਧਾਨੀ ਦੀ ਤੇਜ ਰਫਤਾਰ ਜਿੰਦਗੀ ਜਿਊਣ ਵਾਲੇ ਕਿਸੇ ਵੀ ਇਨਸਾਨ ਨੇ ਉਨ੍ਹਾਂ ਦੀ ਸਾਰ ਨਹੀਂ ਲਈ।ਇੱਕ ਕਰੋੜ ਸੱਤਰ ਲੱਖ ਦੀ ਅਬਾਦੀ ਵਾਲੇ ਦਿੱਲੀ ਮਹਾਂਨਗਰ ਵਿਚ ਸਰਕਾਰ ਵੱਲੋਂ ਤਾਇਨਾਤ 83,662 ਪੁਲਿਸ ਕਰਮਚਾਰੀਆਂ ਤੇ ਦਿੱਲੀ ਵਿਚ ਗਸ਼ਤ ਕਰਨ ਲਈ ਮੌਜੂਦ 615 ਪੀ.ਸੀ.ਆਰ. ਵੈਨਾਂ ਚੋਂ ਕੋਈ ਵੀ ਨਹੀਂ ਬਹੁੜਿਆ।ਕਿਉਂਕਿ ਇਨ੍ਹਾਂ ਪੁਲਿਸ ਕਰਮਚਾਰੀਆਂ ਵਿਚੋਂ 7315 ਪੁਲਿਸ ਕਰਮੀ 416 ਨੇਤਾਵਾਂ ਤੇ ਵੀ.ਆਈ.ਪੀਜ਼.ਦੀ ਸੁਰੱਖਿਆ ਲਈ ਤਾਇਨਾਤ ਸਨ।10,000 ਪੁਲਿਸ ਕਰਮਚਾਰੀ ਹੋਰ ਗੈਰ-ਜਰੂਰੀ ਕੰਮਾਂ ਵਿਚ ਲਗਾਏ ਹੋਏ ਸਨ।8500 ਪੁਲਿਸ ਕਰਮਚਾਰੀ ਭਾਰਤ ਆਉਣ ਵਾਲੇ ਵਿਦੇਸ਼ੀ ਨੇਤਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਵਿਚ ਮਸ਼ਰੂਫ ਸਨ ਅਤੇ 968 ਪੁਲਿਸ ਕਰਮਚਾਰੀਆਂ ਨੂੰ ਰਾਸ਼ਟਰਪਤੀ ਭਵਨ ਦਾ ਫਿਕਰ ਲੱਗਿਆ ਹੋਇਆ ਸੀ।ਇਹਨਾਂ ਰੁਝੇਵਿਆਂ ਚੋਂ ਭਲਾਂ ਉਸ ਵਿਦਿਆਰਥਣ ਦੀ ਸਾਰ ਕਿਵੇਂ ਲਈ ਜਾ ਸਕਦੀ ਸੀ ? 'ਦੇਸ਼ ਦੀ ਸੁਰੱਖਿਆ' ਕਰ ਰਹੇ ਦੇਸ਼ ਦੇ ਹਾਕਮਾਂ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਕਰਮਚਾਰੀਆਂ ਨੇ ਜਦ ਪੀੜਤ ਲੜਕੀ ਨੂੰ ਹਸਪਤਾਲ ਪਹੁੰਚਾਇਆ ਤਾਂ ਉਹ ਬੁਰੀ ਤਰ੍ਹਾਂ ਖੂਨ ਨਾਲ ਲੱਥਪਥ ਜ਼ਿੰਦਗੀ ਤੇ ਮੌਤ ਦੇ ਵਿਚਾਲੇ ਲਟਕ ਰਹੀ ਸੀ।ਉਸਦੀ ਦਰਦਨਾਕ ਹਾਲਤ ਦਾ ਅੰਦਾਜਾਂ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਜਦ ਉਸਦੇ ਡਾਕਟਰ ਨੇ ਕਿਹਾ ਕਿ ਉਸਨੇ ਆਪਣੇ ਡਾਕਟਰੀ ਜੀਵਨ ਕਾਲ ਦੌਰਾਨ ਅਜਿਹੀ ਖੌਫਨਾਕ ਹਾਲਤ ਵਾਲਾ ਮਰੀਜ ਕਦੇ ਨਹੀਂ ਦੇਖਿਆ।

ਦਿੱਲੀ ਦੇ ਸਫਦਰਗੰਜ ਹਸਪਤਾਲ 'ਚ ਦਾਖਲ ਕਰਵਾਉਣ ਸਮੇਂ ਲੜਕੀ ਪੂਰੀ ਤਰ੍ਹਾਂ ਬੇਹੋਸ਼ ਸੀ ਤੇ ਉਸਦੀਆਂ ਅੰਤੜੀਆਂ ਉਸਦੇ ਜਨਣ ਅੰਗਾਂ ਰਾਹੀਂ ਬਾਹਰ ਆਈਆਂ ਹੋਈਆਂ ਸਨ।ਇਨਫੈਕਸ਼ਨ ਲਗਾਤਾਰ ਵੱਧ ਰਹੀ ਸੀ ਤੇ ਪਲੇਟਲੈਟਸ ਬੇਹੱਦ ਤੇਜੀ ਨਾਲ ਘੱਟ ਰਹੇ ਸਨ।ਲੜਕੀ ਦੀ ਲਗਾਤਾਰ ਨਿਘਰਦੀ ਹਾਲਤ ਉਸਨੂੰ ਮੌਤ ਦੇ ਹੋਰ ਨਜਦੀਕ ਲਿਜਾ ਰਹੀ ਸੀ। ਅਜਿਹੀ ਹਾਲਤ ਵਿਚ ਡਾਕਟਰਾਂ ਨੂੰ ਉਸਦੇ ਪੇਟ ਵਿਚਲੀਆਂ ਛੋਟੀਆਂ-ਵੱਡੀਆਂ ਸਾਰੀਆਂ ਅੰਤੜੀਆਂ ਨੂੰ ਕੱਟਣਾ ਪਿਆ,ਜਿਸਦੇ ਸਿੱਟੇ ਵਜੋਂ ਲੜਕੀ ਉਮਰ ਭਰ ਲਈ ਖਾਣਾ ਖਾਣ ਤੋਂ ਪੂਰੀ ਤਰ੍ਹਾਂ ਆਹਰੀ ਹੋ ਚੁੱਕੀ ਹੈ।

ਇਸ ਘਟਨਾ ਦੇ ਜੰਗਲ ਦੀ ਅੱਗ ਵਾਂਗ ਪੂਰੇ ਦੇਸ਼ ਵਿਚ ਫੈਲ ਜਾਣ ਤੇ ਹਰ ਸੰਵੇਦਨਸ਼ੀਲ ਇਨਸਾਨ ਪੂਰੀ ਤਰਾ੍ਹਂ ਝੰਜੋੜਿਆ ਗਿਆ।ਰੋਹ ਵਿਚ ਆਏ ਦਿੱਲੀ ਦੇ ਨੌਜਵਾਨ-ਵਿਦਿਆਰਥੀ ਇਕੋ ਸੱਦੇ ਤੇ ਦਿੱਲੀ ਦੀਆਂ ਸੜਕਾਂ ਤੇ ਨਿਕਲ ਆਏ।ਦਿੱਲੀ ਦੀਆਂ ਸੜਕਾਂ ਤੇ ਉਮੜੇ ਵਿਸ਼ਾਲ ਸੈਲਾਬ ਦੇ ਹੱਥਾਂ ਵਿਚ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਅਤੇ ਸਰਕਾਰ ਦੇ ਗੈਰ-ਜਿੰਮੇਵਾਰਨਾ ਲੋਕ ਵਿਰੋਧੀ ਵਿਵਹਾਰ ਵਿਰੁੱਧ ਗੁੱਸਾ ਉਬਲ-ਉਬਲ ਪੈ ਰਿਹਾ ਸੀ।ਪ੍ਰਦਰਸ਼ਨਕਾਰੀਆਂ ਨੇ ਸਭਨਾ ਅਖੌਤੀ ਕਨੂੰਨੀ ਬੰਧਸ਼ਾਂ ਨੂੰ ਤੋੜਦਿਆਂ ਰਾਸ਼ਟਰਪਤੀ ਭਵਨ ਵੱਲ ਕੂਚ ਕੀਤਾ।ਲੋਕਾਂ ਦੇ ਇਸ ਵਿਰੋਧ ਪ੍ਰਦਰਸ਼ਨ ਦੀ ਪਿੱਠਭੂਮੀ ਪਹਿਲਾਂ ਹੀ ਤਿਆਰ ਹੋ ਚੁੱਕੀ ਸੀ।2011 ਦੇ ਅੰਕੜੇ ਦਰਸਾੳਂਦੇ ਹਨ ਕਿ ਦਿੱਲੀ ਪੁਲਿਸ ਕੋਲ ਬਲਾਤਕਾਰ ਦੇ 635 ਕੇਸ ਪਹਿਲਾਂ ਹੀ ਦਰਜ ਹੋ ਚੁੱਕੇ ਸਨ।ਜਿੰਨਾਂ ਉੱਤੇ ਕੋਈ ਵਾਜਬ ਅਮਲਦਾਰੀ ਨਹੀਂ ਹੋਈ।ਦਿੱਲੀ ਦੇ ਇਸ ਘਟਨਾਕ੍ਰਮ ਤੋਂ ਤੁਰੰਤ ਬਾਅਦ ਜੰਮੂ ਦੇ ਪਿੰਡ ਰੰਜਨ ਵਿਚ ਦੋ ਲੜਕਿਆਂ ਵੱਲੋਂ ਬੱਸ ਵਿਚ ਨਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੀ ਇਕ ਹੋਰ ਘਟਨਾ ਸਾਹਮਣੇ ਆਈ।ਇਸੇ ਤਰ੍ਹਾਂ 21 ਦਸੰਬਰ ਨੂੰ ਅਫਰੀਕੀ ਮੂਲ ਦੀ ਲੜਕੀ,ਸਾਊਥ ਦਿੱਲੀ ਵਿਚ 16 ਸਾਲਾ ਲੜਕੀ,ਸਾਗਰਪੁਰ ਥਾਣੇ ਦੇ ਇਲਾਕੇ 'ਚ ਪੈਂਦੇ ਇਕ ਸਕੂਲ ਦੀ ਸਾਢੇ ਤਿੰਨ ਸਾਲਾ ਬੱਚੀ,ਸਰੋਜਨੀ ਨਗਰ ਦੀ 16 ਸਾਲਾ ਲੜਕੀ ਅਤੇ ਇਕ 34 ਸਾਲਾ ਔਰਤ ਨੂੰ ਸਮੂਹਕ ਬਲਾਤਕਾਰ ਦਾ ਸ਼ਿਕਾਰ ਬਨਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ।ਦਾਮਿਨੀ ਬਲਾਤਕਾਰ ਕਾਂਡ ਤੋਂ ਬਾਅਦ ਵਾਪਰੀਆਂ ਇਹ ਘਟਨਾਵਾਂ ਹਕੂਮਤ ਲਈ ਸ਼ਰਮਨਾਕ ਵੀ ਹਨ ਤੇ ਇਸਨੇ ਲੋਕ ਰੋਹ ਸਬੰਧੀ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਵੀ ਕੀਤਾ ਹੈ।

ਦਿੱਲੀ ਵਿਚ ਵਾਪਰੀ ਬਲਾਤਕਾਰ ਦੀ ਇਹ ਘਟਨਾਂ ਕੋਈ ਪਹਿਲੀ ਜਾਂ ਆਖਰੀ ਘਟਨਾ ਨਹੀਂ ਹੈ।ਸਮੁੱਚੇ ਭਾਰਤ ਅੰਦਰ ਪਿਛਲੇ ਸਾਲ ਬਲਾਤਕਾਰ ਦੀਆਂ 22,173 ਘਟਨਾਵਾਂ ਵਾਪਰੀਆਂ।ਬਲਾਤਕਾਰ ਦੀਆਂ ਹੁਣ ਤੱਕ ਵਾਪਰੀਆਂ ਘਟਨਾਵਾਂ ਉੱਤੇ ਝਾਤ ਮਾਰਦਿਆਂ ਹੈਰਾਨੀਜਨਕ ਅੰਕੜੇ ਸਾਹਮਣੇ ਆੳਂਦੇ ਹਨ।ਇਕ ਅੰਕੜੇ ਮੁਤਾਬਕ ਦੇਸ਼ ਦੀਆਂ ਅਦਾਲਤਾਂ ਵਿਚ 1,27,000 ਬਲਾਤਕਾਰ ਦੇ ਕੇਸ ਪੈਡਿੰਗ ਪਏ ਹਨ ਇੱਥੋਂ ਤੱਕ ਕਿ 2002 ਤੋਂ 2011 ਤੱਕ ਵਾਪਰੇ ਬਲਾਤਕਾਰ ਦੇ 5357 ਮਾਮਲਿਆਂ ਚੋਂ 3860 ਦੋਸ਼ੀ ਕਾਨੂੰਨੀ ਚੋਰ ਮੋਰੀਆਂ ਦਾ ਸਹਾਰਾ ਲੈ ਕੇ ਬਚ ਨਿਕਲੇ ਹਨ।ਦੇਸ਼ ਵਿੱਚ ਵਾਪਰਦੀਆਂ ਬਲਾਤਕਾਰ ਦੀਆਂ ਘਟਨਾਵਾਂ ਦੇ ਬਹੁਤ ਸਾਰੇ ਕੇਸ ਤਾਂ ਦਰਜ ਹੀ ਨਹੀਂ ਹੁੰਦੇ।ਪ੍ਰੰਤੂ ਫਿਰ ਵੀ ਸਾਡੇ 'ਦੇਵੀ ਪੂਜਕ' ਮਹਾਨ ਭਾਰਤ ਅੰਦਰ ਔਰਤਾਂ ਦੀ ਸੁਰੱਖਿਆ ਲਈ ਬਣੇ ਅਨੇਕਾਂ ਕਾਨੂੰਨਾਂ ਦੇ ਬਾਵਜੂਦ ਬਹੁਤ ਸਾਰੀਆਂ ਦਰਜ ਘਟਨਾਵਾਂ ਦੇ ਵੇਰਵੇ ਹੀ ਇਨ੍ਹਾਂ ਅਖੌਤੀ ਕਾਨੂੰਨਾਂ ਦੀ ਪੋਲ ਖੋਲਣ ਲਈ ਕਾਫੀ ਹਨ।ਕੌਮੀ ਜੁਰਮ ਬਿਊਰੋ ਰਿਕਾਰਡ ਦੀ ਰਿਪੋਰਟ ਮੁਤਾਬਕ 1971 ਤੋਂ 2006 ਤੱਕ ਬਲਾਤਕਾਰ ਦੀਆਂ ਘਟਨਾਵਾਂ ਵਿਚ 700 ਫੀਸਦੀ ਦਾ ਵਾਧਾ ਹੋਇਆ।ਇੱਥੇ ਅਗਵਾ ਕਰਕੇ ਕਤਲ ਕਰ ਦਿੱਤੀਆਂ ਜਾਣ ਵਾਲੀਆਂ ਔਰਤਾਂ ਨਾਲ ਹੁੰਦੇ ਬਲਾਤਕਾਰ ਦੀਆਂ ਘਟਨਾਵਾਂ ਦੇ ਕੇਸ ਵੀ ਦੱਬੇ-ਦਬਾਏ ਰਹਿ ਜਾਂਦੇ ਹਨ।2003 ਵਿੱਚ 13,296 ਔਰਤਾਂ ਦੇ ਅਗਵਾ ਹੋਣ ਦੇ ਕੇਸ ਸਾਹਮਣੇ ਆਏ ਸਨ ਤੇ 2007 'ਚ ਵੱਧਕੇ ਇਹ 20,416 ਹੋ ਗਏ।ਇਥੇ ਬਲਾਤਕਾਰ ਦਾ ਸ਼ਿਕਾਰ ਉਨ੍ਹਾਂ ਔਰਤਾਂ ਦੇ ਵੇਰਵੇ ਅੰਕੜਾ ਸੂਚੀ ਵਿਚ ਸ਼ਾਮਿਲ ਨਹੀਂ ਹਨ ਜਿਹੜੀਆਂ ਔਰਤਾਂ ਨਾਲ ਅਸਾਮ,ਮਨੀਪੁਰ,ਤ੍ਰਿਪੁਰਾ ਤੇ ਜੰਮੂ-ਕਸ਼ਮੀਰ ਵਰਗੇ ਖਿੱਤਿਆਂ ਵਿੱਚ ਅਫਸਪਾ ਵਰਗੇ ਕਾਲੇ ਕਾਨੂੰਨਾਂ ਤਹਿਤ ਭਾਰਤੀ ਪੁਲਿਸ-ਫੌਜ ਵੱਲੋਂ ਬਲਾਤਕਾਰ ਕੀਤੇ ਜਾਂਦੇ ਹਨ।ਬਲਾਤਕਾਰ ਦੀਆਂ ਘਟਨਾਵਾਂ ਤੋਂ ਇਲਾਵਾ ਦੇਸ਼ ਵਿਚ ਔਰਤਾਂ ਉੱਪਰ ਸ਼ੋਸ਼ਣ ਤੇ ਛੇੜਛਾੜ ਦੀਆਂ ਘਟਨਾਵਾਂ ਵੀ ਆਮ ਵਾਪਰਦੀਆਂ ਹਨ।

ਯੂਨੀਸੈਫ਼ ਅਨੁਸਾਰ ਭਾਰਤ ਵਿਚ 14 ਕਰੌੜ ਕੁੜੀਆਂ ਤੇ ਅੋਰਤਾਂ ਦੇ ਜਣਨ ਅੰਗਾਂ ਨਾਲ ਛੇੜਛਾੜ ਕੀਤੀ ਜਾਦੀ ਹੈ। ਛੇੜਛਾੜ ਤੇ ਬਲਾਤਕਾਰ ਦੀਆਂ ਇਹ ਘਟਨਾਵਾਂ ਘਰਾਂ,ਸਕੂਲਾਂ-ਕਾਲਜਾਂ,ਹੋਟਲਾਂ,ਸ਼ੋਅਰੂਮਾਂ,ਰੈਸਟੋਰੈਂਟਾਂ,ਬੱਸਾਂ ਤੇ ਹੋਰ ਅਦਾਰਿਆਂ ਵਿੱਚ ਸ਼ਰੇਆਮ ਵਾਪਰਦੀਆਂ ਹਨ,ਇਸਤੋਂ ਇਲਾਵਾ ਵੱਡੀ ਗਿਣਤੀ ਔਰਤਾਂ ਖਾਸਕਰ ਨੌਜਵਾਨ ਕੁੜੀਆਂ ਸੈਕਸ ਗਰਲਜ਼,ਚੀਅਰ ਗਰਲਜ਼,ਮਾੱਡਲਿੰਗ,ਗਾਉਣ-ਵਜਾਉਣ,ਸੁੰਦਰਤਾ ਮੁਕਾਬਲਿਆ,ਕਾੱਲ ਗਰਲਜ਼ ਤੇ ਬਲਿਊ ਫਿਲਮਾਂ ਲਈ ਆਪਣੇ ਜ਼ਿਸਮ ਨੂੰ ਮਾਲ ਦੀ ਤਰ੍ਹਾਂ ਵੇਚਣ ਲਈ ਮਜ਼ਬੂਰ ਹਨ।ਦੇਸ਼ ਦੀਆਂ 30 ਲੱਖ ਨੌਜਵਾਨ ਕੁੜੀਆਂ ਵੇਸ਼ਵਾਗਿਰੀ ਦੇ ਧੰਦੇ ਵਿੱਚ ਲੱਗਣ ਲਈ ਮਜ਼ਬੂਰ ਕੀਤੀਆਂ ਹੋਈਆਂ ਹਨ।ਦਾਜ,ਬਾਲ ਵਿਅਹ,ਭਰੂਣ ਹੱਤਿਆ,ਕਤਲ,ਕੁੱਟਮਾਰ ਤੇ ਘਰੇਲੂ ਹਿੰਸਾ ਦੀਆਂ ਘਟਨਾਵਾਂ ਕਿਸੇ ਤੋਂ ਲੁਕੀਆਂ ਛਿਪੀਆਂ ਨਹੀਂ ਹਨ ਜੋ ਨਿਤ ਦਿਨ ਅਖਬਾਰਾਂ ਦੀਆਂ ਸੁਰਖੀਆ ਬਣਦੀਆਂ ਹਨ।ਦੇਸ਼ ਵਿਚ ਹਰ ਚਾਰ ਬੱਚੀਆਂ ਵਿੱਚੋਂ ਇਕ ਬੱਚੀ ਯੋਨ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹੈ।ਅਜਿਹੀ ਹਾਲਤ ਵਿੱਚ ਵਿਚਰਦੀਆਂ ਭਾਰਤੀ ਔਰਤਾਂ ਦੀ ਸਥਿਤੀ ਨੂੰ ਦੇਖਦਿਆ ਪ੍ਰੋ. ਰੈਡਿੰਗ ਕਿਹਾ ਕਿ ਭਾਰਤ ਔਰਤਾਂ ਲਈ ਸਭ ਤੋਂ ਬੁਰਾ ਦੇਸ਼ ਹੈ।

ਪਿਛਲੇ ਦਿਨੀਂ ਹਰਿਆਣਾ,ਉੜੀਸਾ,ਛੱਤੀਸਗੜ੍ਹ,ਝਾਰਖੰਡ,ਪੰਜਾਬ,ਤਾਮਿਲਨਾਡੂ,ਗੁਜਰਾਤ ਆਦਿ ਅਨੇਕਾਂ ਸੂਬਿਆਂ ਵਿਚ ਬਲਾਤਕਾਰ ਦੇ ਅਨੇਕਾਂ ਕਾਂਡ ਨਸ਼ਰ ਹੋਏ ਹਨ।ਸਮੂਹਿਕ ਬਲਾਤਕਾਰ ਦੀਆਂ ਇਨ੍ਹਾਂ ਘਟਨਾਵਾਂ ਦਾ ਸ਼ਿਕਾਰ ਜਿਆਦਾਤਰ ਦਲਿਤ ਵਰਗ ਦੀਆਂ ਔਰਤਾਂ ਹੀ ਹੋਈਆਂ ਜਿਹਨਾਂ ਦੀ ਕੁਲ ਗਿਣਤੀ 85 ਫੀਸਦੀ ਬਣਦੀ ਹੈ ਤੇ ਜਿੰਨ੍ਹਾਂ ਵਿੱਚੋਂ 70 ਫੀਸਦੀ ਕੇਸਾਂ ਵਿਚ 15 ਸਾਲ ਤੋਂ ਘੱਟ ਉਮਰ ਦੀਆਂ ਨਾਬਾਲਗ ਲੜਕੀਆਂ ਪੀੜਤ ਪਾਈਆਂ ਗਈਆਂ ਹਨ।ਹਰਿਆਣਾ ਵਿਚ ਵਾਪਰਦੀਆਂ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਤੌ ਇਲਾਵਾ ਖਾਪ ਪੰਚਾਇਤਾਂ (ਹਰਿਆਣਾ ਵਿਚ ਜਿੰਨਾਂ ਨੂੰ ਰਾਜ ਸਰਕਾਰ ਦੇ ਸਮਾਂਨਅੰਤਰ ਸਮਝਿਆਂ ਜਾਂਦਾ ਹੈ) ਦੁਆਰਾ ਅਣਖ ਲਈ ਕੀਤੇ ਜਾਦੇ ਕਤਲ ਤੇ ਲੜਕੀਆਂ ਦੇ ਵਿਆਹ ਦੀ ਉਮਰ ਸੀਮਾ 15 ਸਾਲ ਮਿਥੱਣਾ ਦੀ ਮੰਗ ਕਰਨਾ ਵੀ ਕਾਫ਼ੀ ਨਿੰਦਣਯੋਗ ਹੈ।ਉੜਸਿਾ ਵਿਚ 19 ਸਾਲਾ ਨ੍ਰਤਕੀ ਨਾਲ ਸਮੂਹਿਕ ਬਲਾਤਕਾਰ ਤੇ 20 ਸਾਲਾ ਲੜਕੀ ਨਾਲ ਚੱਲਦੇ ਆਟੋ ਵਿਚ ਸਰੀਰਕ ਛੇੜਛਾੜ ਉਪਰੰਤ ਕੁੱਟਮਾਰ ਦੀਆਂ ਘਟਨਾਵਾ ਚਰਚਾ ਦਾ ਵਿਸ਼ਾ ਰਹੀਆਂ ਹਨ ।ਤਾਮਿਲਨਾਂਡੂ ਵਿਚ 7ਵੀਂ ਕਲਾਸ ਦੀ 13 ਸਾਲਾ ਵਿਦਿਆਰਥਣ ਨਾਲ ਬਲਾਤਕਾਰ ਕਰਕੇ ਉਸਦਾ ਕਤਲ ਕਰ ਦਿੱਤਾ ਗਿਆ।ਇਸੇ ਤਰਾਂ ਸੂਬਾ ਪੰਜਾਬ ਅੰਦਰ ਮਹਿਲਕਲਾਂ ਦਾ ਕਿਰਨਜੀਤ ਕਤਲ ਕਾਂਡ,ਬਰੇਟਾ ਦਾ ਪਿੰਕੀ ਕਾਂਡ ,ਜਗਰਾਉ ਦੇ ਡੀ.ਐਸ.ਪੀ ਪੁਰੀ ਵੱਲੋ ਕੀਤਾ ਬਲਾਤਕਾਰ ਕਾਂਡ,ਅਮ੍ਰਿੰਤਸਰ ਜ਼ਿਲੇ ਦੇ ਆਕਾਲੀ ਸੱਕਤਰ ਰਣਜੀਤ ਰਾਣਾ ਵੱਲੋ ਏ.ਐਸ.ਆਈ ਦਾ ਕਤਲ ਤੇ ਉਸਦੀ ਲੜਕੀ ਨਾਲ ਛੇੜਛਾੜ ,ਨਾਭਾ ਦੇ ਪਿੰਡ ਰੱਤੀ ਮੋਹਰਾ ਵਿਚ 40 ਲੜਕੀਆ ਦੀ ਸਕੂਲੀ ਵੈਨ ਤੇ 20-25 ਨੌਜਵਾਨਾਂ ਵੱਲੋ ਹਮਲਾ,ਰਾਏਕੋਟ ਵਿਚ ਟਿਊਸ਼ਨ ਤੌ ਸਕੂਲ ਜਾ ਰਹੀ ਲੜਕੀ ਵੱਲੋਂ ਛੇੜਛਾੜ ਦਾ ਵਿਰੋਧ ਕਰਨ ਤੇ ਨੌਜਵਾਨਾਂ ਦੁਆਰਾ ਉਸ ਤੇ ਤੇਜ਼ਾਬ ਸੁੱਟਣਾ,ਇਕ ਸਕੂਲੀ ਵਿਦਿਆਰਥਣ ਦੀਆਂ ਅੱਖਾਂ ਵਿਚ ਮਿਰਚ ਪਾਊਡਰ ਪਾਉਣ ,ਛੇੜਛਾੜ ਦਾ ਵਿਰੋਧ ਕਰਨ ਤੇ ਇਕ ਹੋਰ ਲੜਕੀ ਨੂੰ ਜਬਰਦਸਤੀ ਜ਼ਹਿਰ ਪਿਲਾਉਣ ਅਤੇ ਫਰੀਦਕੋਟ ਵਿਚ ਸਿਆਸੀ ਸ਼ਹਿ ਪ੍ਰਾਪਤ ਗੁੰਡਿਆ ਵੱਲੋ ਸ਼ਰੂਤੀ ਅਗਵਾ ਤੇ ਬਲਾਤਕਾਰ ਕਾਂਡ ਦੀਆ ਤੇਜ਼ੀ ਨਾਲ ਅਨੇਕਾਂ ਘਟਨਾਵਾ ਵਾਪਰੀਆਂ।ਅਜਿਹੀ ਸਥਿਤੀ ਦੋਰਾਨ ਵੀ ਜੇਕਰ ਸੂਬੇ ਦੇ ਹਾਕਮ ਪੰਜਾਬ ਨੂੰ ਅਮਨ ਸ਼ਾਤੀ ਵਾਲਾ ਖੇਤਰ ਐਲਾਨ ਰਹੇ ਹਨ ਤਾਂ ਕੀ ਇਹ ਲੋਕਾਂ ਨੂੰ ਮੂਰਖ ਬਣਾਉਣ ਵਰਗੀ ਗੱਲ ਨਹੀ ਹੈ।ਇਨ੍ਹਾਂ ਘਟਨਾਵਾਂ ਵਿਚਲੇ ਜਿਆਦਾਤਰ ਅਪਰਾਧੀ ਹਕੂਮਤੀ ਸਰਪ੍ਰਸਤੀ ਪ੍ਰਾਪਤ ਸਨ,ਉਦਾਹਰਨ ਵਜੋਂ ਜੁਲਾਈ 2004 ਨੂੰ ਮਨੀਪੁਰੀ ਮਹਿਲਾ ਮਨੋਰਮਾਂ ਨੂੰ ਅਸਮ ਰਾਇਫਲਜ਼ ਦੇ ਅਧਿਕਾਰੀਆਂ ਨੇ ਘਰੋਂ ਚੁੱਕ ਕੇ ਰਾਤ ਭਰ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।ਬਲਾਤਕਾਰ ਉਪਰੰਤ ਚਾਰ ਗੋਲੀਆਂ ਉਸਦੇ ਜਨਣ ਅੰਗਾਂ ਤੇ ਪੰਜ ਗੋਲੀਆਂ ਉਸਦੀ ਛਾਤੀ ਵਿਚ ਮਾਰੀਆਂ ਗਈਆਂ ਪਰ ਸਰਕਾਰ ਵੱਲੋਂ ਹੁਣ ਤੱਕ ਅਸਮ ਰਾਇਫਲਜ਼ ਦੇ ਦੋਸ਼ੀ ਅਧਿਕਾਰੀਆਂ ਨੂੰ ਕੋਈ ਸਜਾ ਨਹੀਂ ਦਿੱਤੀ ਗਈ।ਇਸ ਤਰ੍ਹਾਂ ਸੋਨੀ ਸ਼ੋਰੀ ਨਾਂ ਦੀ ਆਦੀਵਾਸੀ ਅਧਿਆਪਕਾ ਨਾਲ ਸਰਕਾਰ ਦੇ ਇਕ ਐੱਸ.ਪੀ ਵੱਲੋਂ ਬਲਾਤਕਾਰ ਕਰਨ ਉਪਰੰਤ ਉਸਦੀ ਕੁੱਖ ਵਿਚ ਪੱਥਰ ਭਰ ਦਿੱਤੇ ਗਏ।ਹਾਸਲ ਸਬੂਤਾਂ ਤੇ ਰਿਪੋਰਟਾਂ ਵਿਚ ਦੋਸ਼ ਆਇਦ ਹੋਣ ਦੇ ਬਾਵਯੂਦ ਐੱਸ ਪੀ ਨੂੰ ਕੋਈ ਸਜਾ ਨਹੀਂ ਦਿੱਤੀ ਗਈ।ਇਨ੍ਹਾਂ ਘਟਨਾਵਾਂ ਤੋਂ ਇਲਾਵਾ ਰਾਜਨੀਤੀਵਾਨ ਸਿੱਧੇ ਤੌਰ ਤੇ ਵੀ ਬਲਾਤਕਾਰ ਦੀਆਂ ਘਿਨਾਉਣੀਆਂ ਘਟਨਾਵਾਂ ਵਿਚ ਲਿਪਤ ਰਹੇ ਹਨ।ਕੇਂਦਰੀ ਵਣ ਮੰਤਰੀ ਜਿਆਡਰ ਰਹਿਮਾਨ ਅੰਸਾਰੀ,ਐਚ ਕੇ ਐਲ ਭਗਤ,ਆਰ ਐਲ ਜਲਅੱਪਾ,ਜਨਤਾ ਦਲ ਦੇ ਨੇਤਾ ਡਾ. ਵਿਕਟੇਂਸ਼ ਤੇ ਹੋਰ ਅਨੇਕਾਂ ਰਾਜਨੀਤੀਵਾਨ ਅਪਰਾਧੀ ਸਾਬਤ ਹੋਣ ਦੇ ਬਾਵਜੂਦ ਉਚ ਅਹੁਦਿਆਂ ਤੇ ਬਿਰਾਜਮਾਨ ਰਹੇ।

ਇਸ ਤਰ੍ਹਾਂ ਦਿੱਲੀ ਬਲਾਤਕਾਰ ਕਾਂਡ ਤੋਂ ਉਪਜਿਆਂ ਮੌਜੂਦਾ ਲੋਕ ਰੋਹ ਹਾਕਮਾਂ ਦੇ ਲੋਕ ਦੋਖੀ,ਅਪਰਾਧਿਕ ਕਿਰਦਾਰ ਤੇ ਗਲਤ ਨੀਤੀਆਂ ਦੇ ਖਿਲਾਫ਼ ਗੁੱਸੇ ਦਾ ਹੀ ਪ੍ਰਗਟਾ ਹੈ।ਇਤਿਹਾਸ ਵਿਚ ਹੁਣ ਤੱਕ ਦੀਆਂ ਵਾਪਰੀਆਂ ਬਲਾਤਕਾਰ ਦੀਆਂ ਘਟਨਾਵਾਂ ਵਿਚ ਇਹ ਸਭ ਤੋਂ ਹੌਲਨਾਕ ਘਟਨਾ ਹੈ।ਇਸ ਘਟਨਾ ਬਾਰੇ ਸੁਣਦਿਆਂ ਦੇਸ਼ ਭਰ ਵਿੱਚੋਂ ਹਰ ਜਾਗਦੀ ਜ਼ਮੀਰ ਵਾਲੇ ਇਨਸਾਨ ਦੀ ਸੰਵੇਦਨਾ ਝੰਜੋੜੀ ਗਈ।ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੰਵੇਦਨਾ ਪੂਰੇ ਸੱਤ ਦਿਨ ਸੁੱਤੀ ਰਹੀ ਤੇ ਅੱਠਵੇਂ ਦਿਨ ਮੀਡੀਆ ਨੂੰ ਬੁਲਾ ਕੇ ਆਪਣੇ ਰਟੇ ਰਟਾਏ ਸ਼ਬਦ ਕਹੇ ਕਿ ''ਦਿੱਲੀ ਵਿਚ ਸਮੂਹਿਕ ਬਲਾਤਕਾਰ ਦੇ ਘਿਨਾਉਣੇ ਅਪਰਾਧ ਉੱਤੇ ਲੋਕਾਂ ਦਾ ਗੁੱਸਾ ਜਾਇਜ਼ ਹੈ।ਤਿੰਨਾਂ ਧੀਆਂ ਦਾ ਪਿਤਾ ਹੋਣ ਦੇ ਨਾਤੇ ਮੈਂ ਵੀ ਤੁਹਾਡੇ ਸਭ ਵਾਂਗ ਸੰਜੀਦਗੀ ਨਾਲ ਇਸ ਨੂੰ ਮਹਿਸੂਸ ਕਰਦਾਂ ਹਾਂ।'' ਇਹ ਸ਼ਬਦ ਕਹਿਣ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਕੈਮਰਾਮੈਨ ਨੂੰ ਪੁੱਛਦੇ ਹਨ ਕਿ ''ਠੀਕ ਹੈ?'' ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਦੌਰਾਨ ਡਾਇਲਾੱਗ ਬੋਲਣ ਤੋਂ ਬਾਅਦ ਉਸਦੇ ਠੀਕ ਨਿਭਾਅ ਦੀ ਪੁਸ਼ਟੀ ਕੀਤੀ ਜਾਂਦੀ ਹੈ।ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ ਵਿਚ ਪ੍ਰਧਾਨ ਮੰਤਰੀ ਦੀ ਇਸ ਹਰਕਤ ਦੀ ਸਖਤ ਆਲੋਚਨਾ ਹੋਈ।ਲੋਕਾਂ ਨੇ ਇੱਥੋਂ ਤੱਕ ਕਿਹਾ ਕਿ ਇਸ ਨਾਲੋਂ ਤਾਂ ਚੁੱਪ ਹੀ ਰਹਿੰਦੇ ਤਾਂ ਚੰਗਾ ਸੀ।ਪ੍ਰਧਾਨ ਮੰਤਰੀ ਜੀ ਦੇ ਬਿਆਨ ਤੋਂ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਬਲਾਤਕਾਰ ਦੀਆਂ ਲਗਾਤਾਰ ਵਾਪਰਦੀਆਂ ਆ ਰਹੀਆਂ ਘਟਨਾਵਾਂ ਕਾਰਨ ਵਾਰ-ਵਾਰ ਨੇਤਾਵਾਂ ਨੂੰ ਸੰਜੀਦਗੀ ਮਹਿਸੂਸ ਕਰਨ ਦੀ ਨੌਬਤ ਹੀ ਕਿਉਂ ਪੈਦਾ ਹੁੰਦੀ ਹੈ ?

ਸੱਤਾ ਦੇ ਗਲਿਆਰਿਆਂ 'ਚ ਬੈਠੇ ਹਾਕਮਾਂ ਨੇ ਇਸ ਘਟਨਾ ਸੰਬੰਧੀ ਜਿੰਨੀਆਂ ਬੇਥਵੀਆਂ ਮਾਰੀਆਂ ਹਨ ਉਹ ਰੋਮ ਦੇ ਉਸ ਬਾਦਸ਼ਾਹ ਦੀ ਯਾਦ ਦਵਾ ਰਹੀਆਂ ਹਨ ਜਦੋਂ ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ।ਇਸੇ ਤਰ੍ਹਾਂ ਇਥੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਪੀੜਤ ਲੋਕਾਂ ਦਾ ਰਾਸ਼ਟਰਪਤੀ ਭਵਨ ਪੁੱਜ ਜਾਣਾ ''ਮੰਦਭਾਗਾ'' ਜਾਪ ਰਿਹਾ ਹੈ ਤੇ ਕਿਧਰੇ ਆਪਣੇ ''ਗ੍ਰਹਿ'' ਚ ਜ਼ਬਰ ਖਿਲਾਫ ਉਠੇ ਰੋਹ ਨੂੰ ਗ੍ਰਹਿਮੰਤਰੀ ਸ਼ੁਸ਼ੀਲ ਕੁਮਾਰ ਸ਼ਿੰਦੇ ''ਨਕਸਲੀ ਕਾਰਵਾਈ'' ਕਹਿ ਰਹੇ ਹਨ।ਸਰਕਾਰ ਦਿੱਲੀ 'ਚ ਰੋਸ ਜ਼ਾਹਰ ਕਰ ਰਹੇ ਨੌਜਵਾਨਾਂ ਤੇ ਆਮ ਲੋਕਾਂ ਉਪਰ ਲਾਠੀਚਾਰਜ ਕਰਨ ਉਪਰ ਉੱਤਰ ਆਈ।ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਪ੍ਰਾਤਾਂ ਅੰਦਰ ਇਸ ਵਹਿਸ਼ੀ ਕਾਰੇ ਦੇ ਮੁੱਖ ਦੋਸ਼ੀਆਂ ਤੋਂ ਲੈ ਕੇ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਲੋਕ ਰੋਹ ਲਗਾਤਾਰ ਜਾਰੀ ਹੈ।ਦਿੱਲੀ ਬਲਾਤਕਾਰ ਕਾਂਡ ਤੇ ਉੱਠੇ ਲੋਕ ਰੋਹ ਨੇ ਜਿੱਥੇ ਜ਼ਬਰ-ਜੁਲਮ ਖਿਲਾਫ ਵਿਰੋਧ ਦੀ ਮਿਸਾਲ ਕਾਇਮ ਕੀਤੀ ਹੈ ਉੱਥੇ ਸਾਡੇ ਸਮਾਜ ਅੰਦਰ ਜ਼ਬਰ-ਸ਼ੋਸ਼ਣ ਦਾ ਸ਼ਿਕਾਰ ਔਰਤਾਂ ਤੇ ਹਰ ਤਬਕੇ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਬਲਾਤਕਾਰ ਸਮੇਤ ਅਨੇਕਾਂ ਸਮਾਜਕ ਬੁਰਾਈਆਂ ਇਸ ਲੋਟੂ-ਜ਼ਾਬਰ ਪੂੰਜੀਵਾਦੀ ਵਿਵਸਥਾ ਦੀ ਦੇਣ ਹਨ ।ਹੱਲ ਵਜੋਂ ਇਸ ਲੁਟੇਰੀ ਵਿਵਸਥਾ ਨੂੰ ਮੁੱਢੋਂ-ਸੁੱਢੋਂ ਬਦਲਕੇ ਨਵਾਂ ਲੋਕਪੱਖੀ ਸਮਾਜ ਸਿਰਜਣ ਨਾਲ ਹੀ ਇਨ੍ਹਾਂ ਸਭ ਅਲਾਮਤਾਂ ਤੋਂ ਛੁਟਕਾਰਾ ਹਾਸਲ ਕੀਤਾ ਜਾ ਸਕਦਾ ਹੈ।ਨਵੇ ਸਮਾਜ ਦੀ ਉਸਾਰੀ ਲਈ ਮੋਜੂਦਾ ਹਾਲਤਾਂ ਅੰਦਰ ਵਿਚਾਰਧਾਰਕ ਸਿਆਸੀ ਪੱਖ ਤੌ ਮਜ਼ਬੂਤ ਇਨਕਲਾਬੀ ਔਰਤ ਜਥੇਬੰਦੀ ਦੀ ਸਥਾਪਨਾ ਕਰਨੀ ਅਣਸਰਦੀ ਲੋੜ ਹੈ।ਇਸ ਮਹਾਨ ਤੇ ਦਲੇਰਾਨਾ ਕਾਰਜ ਦੀ ਪੂਰਤੀ ਲਈ ਚੇਤੰਨ,ਜਝਾਰੂ ਤੇ ਆਜ਼ਾਦੀ ਪੰਸਦ ਔਰਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ।

ਬਰਿੰਦਰ ਕੌਰ
ਲੇਖਿਕਾ ''ਇਨਕਲਾਬੀ ਨੌਜਵਾਨ'' ਮੈਗਜ਼ੀਨ ਦੇ ਸੰਪਾਦਕੀ ਮੰਡਲ ਦੀ ਮੈਂਬਰ ਤੇ 'ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ' ਦੀ ਸੂਬਾ ਕਮੇਟੀ ਮੈਂਬਰ ਹੈ। 
ਮੋਬਾਇਲ-98768-92847

No comments:

Post a Comment