ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, July 20, 2014

ਦਲਿਤਾਂ ਦਾ ਇਸਲਾਮ ਨਾਲ ਇਤਿਹਾਸਕ 'ਸਿਆਸੀ-ਆਰਥਿਕ' ਰਿਸ਼ਤੈ: ਅਜੈ ਭਾਰਦਵਾਜ

'ਅਸਲ ਇਨਕਲਾਬੀ ਫ਼ਕੀਰ ਹੁੰਦਾ ਹੈ ਤੇ ਅਸਲ ਫ਼ਕੀਰ ਇਨਕਲਾਬੀ ਹੁੰਦੈ'।-ਅਜੈ 

ਭਾਰਤ 'ਚ ਇਸਲਾਮ ਦੀ ਆਮਦ ਨਾਲ ਦਲਿਤਾਂ ਨੂੰ ਇਕ ਹੱਦ ਤੱਕ ਮੁਕਤੀ ਮਿਲੀ ਕਿਉਂਕਿ ਇਸਲਾਮ 'ਚ ਜਿੱਥੇ ਹਿੰਦੂ ਧਰਮ ਵਰਗਾ ਜਾਤੀਵਾਦ ਨਹੀਂ ਸੀ। ਓਥੇ ਹੀ ਇਸਲਾਮ ਆਪਣੇ ਨਾਲ 'ਦਸਤਕਾਰੀ'( ਗੁਣਾਤਮਕ ਕਿੱਤੇ ) ਲੈ ਕੇ ਆਇਆ,ਜੋ 'ਦਲਿਤ ਅਜ਼ਾਦੀ' ਦਾ ਵੱਡਾ ਸਾਧਨ ਬਣੀ। ਜਿਹੜੇ ਦਲਿਤ ਜਾਤੀਵਾਦ ਕਾਰਨ ਗੁਲਾਮੀ ਭਰੇ ਜ਼ਿੰਦਗੀ ਜਿਉਂਦੇ ਸਨ ਉਹ ਦਸਤਕਾਰੀ ਕਿੱਤਿਆਂ ਕਾਰਨ ਵਿਅਕਤੀਗਤ ਤੌਰ 'ਤੇ ਆਜ਼ਾਦ ਹੋਏ। ਦਲਿਤਾਂ ਦਾ ਇਸਲਾਮ ਨਾਲ ਸਿਆਸੀ-ਆਰਥਿਕਤਾ ਨਾਲ ਜੁੜਿਆ ਰਿਸ਼ਤਾ ਸੀ। ਇਹੀ ਕਾਰਨ ਹੈ ਕਿ ਅੱਜ ਵੀ ਬਹੁਤ ਸਾਰੇ ਦਲਿਤ (ਖਾਸ ਕਰ ਮਾਝੇ-ਦੁਆਬੇ ਦੇ) ਇਤਿਹਾਸਕ ਸੂਫ਼ੀ ਦਰਗਾਹਾਂ ਨਾਲ ਜੁੜੇ ਹੋਏ ਨੇ ਤੇ ਓਥੋਂ ਊਰਜਾ ਲੈਂਦੇ ਹਨ। ਇਹ ਸੂਫੀ ਦਰਗਾਹਾਂ ਦੇ ਸੰਤ ਦਲਿਤ ਲਹਿਰ 'ਚ ਚੇਤਨ ਰੋਲ ਅਦਾ ਕਰਦੇ ਰਹੇ ਹਨ। ਇਨ੍ਹਾਂ ਕਾਰਨਾਂ ਕਰਕੇ ਹੀ ਲਾਲ ਸਿੰਘ ਦਿਲ ਚੇਤ-ਅਚੇਤ ਤੌਰ 'ਤੇ ਇਸਲਾਮ ਨਾਲ ਪਹਿਲਾਂ ਹੀ ਪ੍ਰਭਾਵਤ ਸੀ,ਇਸੇ ਲਈ ਜਦੋਂ ਉਹ ਨਕਸਲਬਾੜੀ ਲਹਿਰ ਤੇ ਮਾਰਕਸਵਾਦੀਆਂ ਤੋਂ ਨਿਰਾਸ਼ ਹੋਇਆ ਓਹਨੇ ਇਸਲਾਮ ਕਬੂਲ ਕੀਤਾ। 'ਲੋਕ ਪਹਿਲਕਦਮੀ' ਤਨਜ਼ੀਮ ਵਲੋਂ ਦਸਤਾਵੇਜ਼ੀ ਫ਼ਿਲਮ 'ਕਿਤੇ ਮਿਲ ਵੇ ਮਾਹੀ' ਪਰਦਪੇਸ਼ ਕਰਨ ਤੋਂ ਬਾਅਦ ਹੋਈ ਚਰਚਾ ਦੌਰਾਨ ਫ਼ਿਲਮ ਦੇ ਨਿਰਦੇਸ਼ਕ ਅਜੈ ਭਾਰਦਵਾਜ ਨੇ ਇਹ ਵਿਚਾਰ ਰੱਖੇ। 

ਫ਼ਿਲਮ ਪਰਦਾਪੇਸ਼ ਹੋਣ ਤੋਂ ਬਾਅਦ ਨਿਰਦੇਸ਼ਕ ਨੇ ਇਸੇ ਫ਼ਿਲਮ ਨੂੰ ਸ਼ੂਟ ਕਰਨ ਸਮੇਂ ਦੇ ਉਹ ਅਣ-ਦਿਖਾਏ ਹਿੱਸੇ ਦਿਖਾਏ ਜਿਨ੍ਹਾਂ 'ਚ ਲਾਲ ਸਿੰਘ ਦਿਲ ਇਸਲਾਮ ਕਬੂਲ ਕਰਨ ਦੀ ਕਹਾਣੀ ਦੱਸਦਾ ਹੈ'। ਬਕੌਲ ਅਜੈ 'ਦਿਲ ਦੀ ਕਵਿਤਾ 'ਕਾਂਗਲਾ ਤੇਲੀ' ਵੀ ਇਸਦੀ ਗਵਾਹ ਹੈ ਕਿਉਂਕਿ 'ਲਹਿਰ ਤੋਂ ਪਹਿਲਾਂ ਲਿਖੀ ਇਸ ਕਵਿਤਾ 'ਚ ਉਹ ਸਮਾਜ ਦੀ ਕੰਨ੍ਹੀ 'ਤੇ ਪਏ ਸਾਰੇ ਵਰਗਾਂ ਦੀ ਕਹਾਣੀ ਕਹਿੰਦਾ ਹੈ,ਜਿਨ੍ਹਾਂ ਨੂੰ ਇਸਲਾਮ ਨੇ ਅਜ਼ਾਦ ਜ਼ਿੰਦਗੀ ਬਖਸ਼ੀ। ਖੁਦ ਦਿਲ ਪਿੰਡ ਦੀ ਸ਼ਾਮਲਾਟ ਜ਼ਮੀਨ ਜੋ ਹੁਣ ਉਚਜਾਤੀਆਂ ਦੇ ਕਬਜ਼ੇ ਹੇਠ ਹੈ ਦਾ ਹਵਾਲਾ ਦਿੰਦਾ ਕਹਿੰਦਾ ਹੈ ਕਿ 'ਇਨ੍ਹਾਂ ਨਾਲੋਂ ਅੰਗਰੇਜ਼ ਤੇ ਮੁਸਲਮਾਨ ਚੰਗੇ ਸਨ।ਜਿਨ੍ਹਾਂ ਨੇ ਸਾਨੂੰ ਡੰਗਰ ਚਰਾਉਣ ਦੀ ਚਰਾਂਦਾਂ ਦਿੱਤੀਆਂ,ਇਨ੍ਹਾਂ ਨੇ ਤਾਂ ਉਹ ਵੀ ਖੋਹ ਲਈਆਂ।

ਅਜੈ ਨੇ ਕਿਹਾ ਕਿ 'ਇਸਲਾਮ ਕਬੂਲ ਕਰਨ 'ਤੇ ਜਿਹੜੇ ਲੋਕ ਦਿਲ ਨੂੰ ਪਾਗਲ ਕਰਾਰ ਦਿੰਦੇ ਨੇ ਸ਼ਾਇਦ ਉਨ੍ਹਾਂ ਨੂੰ ਨਹੀਂ ਪਤੈ ਕਿ 'ਦਿਲ ਵੀ ਲਹਿਰ ਤੋਂ ਨਿਰਾਸ਼ ਹੋਏ ਤਮਾਮ ਲੇਖਕਾਂ ਵਾਂਗ ਕੋਈ ਜੁਗਾੜੀ ਰਾਹ ਚੁਣ ਸਕਦਾ ਸੀ ਤੇ ਇਸ ਦਾ ਉਸ ਕੋਲ ਪੂਰਾ ਮੌਕਾ ਸੀ ਪਰ ਉਸਨੇ ਸਾਦਗੀ ਤੇ ਫ਼ਕੀਰੀ ਚੁਣੀ। 

ਲਾਲ ਸਿੰਘ ਦਿਲ ਹਿੰਦੂ ਧਰਮ ਦੇ ਦਲਿਤਾਂ ਪ੍ਰਤੀ ਵਤੀਰੇ ਬਾਰੇ ਇਸ਼ਾਰਾ ਕਰਦਾ ਕਹਿੰਦਾ ਹੈ ਕਿ 'ਜਿਨ੍ਹਾਂ ਲੋਕਾਂ ਤੋਂ ਇਬਾਦਤ ਦਾ ਨਾਂਅ ਖੋਹ ਲਿਆ ਜਾਵੇ,ਉਹ ਕੁਦਰਤੀ ਹੀ ਮੁਸਲਮਾਨ ਹਨ'। 

ਦਿਲ ਗਾਂ ਜਾਂ ਹੋਰ ਮਾਸ ਨਾ ਖਾਣ ਵਾਲਿਆਂ ਦਾ ਵਿਰੋਧ ਕਰਦਾ ਹੋਇਆ ਪਿੰਡ ਦੇ ਕਸਾਈਆਂ ਦੇ ਮਹੱਲੇ ਨੂੰ ਸੈਲੀਬਰੇਟ ਕਰਦਾ ਹੈ'।ਉਸ ਦੇ ਮੁਤਬਾਕ 'ਇਕ ਵੱਡਾ ਡੰਗਰ ਵੱਢਣ ਨਾਲ ਕਿੰਨਿਆਂ ਨੂੰ ਰੁਜ਼ਗਾਰ ਮਿਲਦੈ, ਇਨ੍ਹਾਂ ਨੂੰ ਕੀ ਪਤੈ,ਇਹ ਕਹਿੰਦੇ ਨੇ 'ਇਨਸਾਨ ਨੂੰ ਖਾਓ,ਗਾਂ ਨੂੰ ਨਾ ਖਾਓ'।

ਅਜੈ ਮੁਤਾਬਕ 'ਬਟਵਾਰਾ ਸਾਡੀ ਹਰ ਚੀਜ਼ 'ਚ ਮੌਜੂਦ ਹੈ। ਵੰਡ ਦਾ ਵੱਡਾ ਨੁਕਸਾਨ ਦਲਿਤਾਂ ਨੂੰ ਹੋਇਆ ਕਿਉਂਕਿ ਪੰਜਾਬੀ ਸਮਾਜ ਦੇ ਜਾਤੀ ਤੇ ਧਾਰਮਿਕ ਸਮੀਕਰਨ ਬਦਲਣ ਨਾਲ ਦਲਿਤਾਂ ਦੀ ਬੇਕਦਰੀ ਜ਼ਿਆਦਾ ਹੋਣੀ ਸ਼ੁਰੂ ਹੋਈ।


ਚਰਚਾ 'ਚ ਹਿੱਸਾ ਲੈਂਦਿਆਂ ਨਾਟਕਕਾਰ ਸੈਮੂਅਲ ਜੌਹਨ ਨੇ ਕਿਹਾ ਕਿ ' ਅੱਜ ਪੰਜਾਬ ਦਾ ਬ੍ਰਾਹਮਣ ਜੱਟ ਹੈ'। ਵੈਸੇ ਜੱਟ ਦਲਿਤਾਂ ਨਾਲ ਨਹੁੰ ਮਾਸ ਦੇ ਰਿਸ਼ਤੇ ਦੀ ਗੱਲ ਕਰਦੇ ਨੇ, ਪਰ ਅਮਲੀ ਤੌਰ 'ਤੇ ਆਮ ਜੱਟ ਤਾਂ ਕੀ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਇਸ ਰਿਸ਼ਤੇ ਨੂੰ ਨਿਭਾਉਣ ਨੂੰ ਤਿਆਰ ਨਹੀਂ'। ਸੈਮੂਅਲ ਨੇ ਕਿਹਾ ਕਿ 'ਮੈਂ ਬਾਓਪੁਰ ਦੇ ਦਲਿਤ ਮਸਲੇ 'ਚ ਕਈ ਕਿਸਾਨ ਯੂਨੀਅਨਾਂ ਨੂੰ ਪਹੁੰਚ ਕੀਤੀ ਕਿ ਉਹ ਅੱਜ ਆ ਕੇ ਇਸ ਨਹੁੰ ਮਾਸ ਦੇ ਰਿਸ਼ਤੇ ਨੂੰ ਨਿਭਾਉਣ ਪਰ ਕੋਈ ਤਿਆਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ 'ਜਿਹੜੀਆਂ ਖੱਬੀਆਂ ਸੱਜੀਆਂ ਧਿਰਾਂ ਜਾਤ ਦੇ ਮਸਲੇ 'ਤੇ ਕੰਮ ਕਰਦੀਆਂ ਰਹੀਆਂ, ਉਨ੍ਹਾਂ ਦੀ ਮਸਲੇ ਨੂੰ ਸਲਝਾਉੇਣ ਬਾਰੇ ਠੀਕ ਸਮਝ ਨਹੀਂ ਰਹੀ, ਇਸੇ ਲਈ ਮਸਲਾ ਜਿਉਂ ਦਾ ਤਿਉਂ ਹੈ'। 
  
ਇਸ ਮੌਕੇ ਪੰਜਾਬੀ ਦੇ ਪ੍ਰੋਫੈਸਰ ਡਾ ਗੁਰਮੁਖ ਸਿੰਘ ਨੇ ਇਹ ਸਵਾਲ ਖੜ੍ਹਾ ਕੀਤਾ ਕਿ ਕਿ 'ਕੀ ਇਸ ਗੁੰਝਲਦਾਰ ਮਸਲੇ ਨੂੰ ਇਕ ਸਮਾਜ ਬਨਾਮ ਦੂਜਾ ਸਮਾਜ ਦੀਆਂ ਬਾਰਿਨਰੀਜ਼ ਤੋਂ ਪਰ੍ਹੇ ਸੁਲਝਾਇਆ ਜਾ ਸਕਦੈ? ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਬਟਵਾਰੇ ਦੇ ਨਾਲ ਨਾਲ 1984 ਦੇ ਮਸਲੇ ਨੂੰ ਓਨੀ ਵੀ ਡੂੰਘਾਈ ਨਾਲ ਸਮਝਣ ਦੀ ਲੋੜ ਹੈ,ਕਿਉਂਕਿ ਇਸ ਨੇ ਵੀ ਪੰਜਾਬ ਨੂੰ ਪਿੱਛੇ ਧੱਕਿਆ ਹੈ'। 

ਪੱਤਰਕਾਰ ਚਰਨਜੀਤ ਤੇਜਾ ਦੇ ਸਵਾਲਾਂ ਦੇ ਜਵਾਬ 'ਚ ਅਜੈ ਨੇ ਕਿਹਾ ਕਿ 'ਸਿੱਖ ਧਰਮ ਭਾਵੇਂ ਵਿਚਾਰਕ ਤੌਰ 'ਤੇ ਜਾਤ ਪਾਤ ਦਾ ਵਿਰੋਧ ਕਰਦਾ ਹੈ ਪਰ ਅਮਲੀ ਤੌਰ 'ਤੇ ਇਹ ਬ੍ਰਾਹਮਣਵਾਦ ਦਾ ਕੋਈ ਠੋਸ ਜਵਾਬ ਨਹੀਂ ਦੇ ਸਕਿਆ। ਕਿਉਂਕਿ ਅਮਲੀ ਤੌਰ 'ਤੇ ਬ੍ਰਾਹਮਣਵਾਦ ਇਸ 'ਤੇ ਵੀ ਭਾਰੂ ਰਿਹਾ। 

ਐਡਵੋਕੇਟ ਅਰਜੁਨ ਸ਼ਿਓਰਾਣ ਨੇ ਸਵਾਲ ਕੀਤਾ ਕਿ ' ਕੀ ਅਨੰਦ ਪਟਵਰਧਨ ਦੀ ਫ਼ਿਲਮ 'ਜੈ ਭੀਮ ਕਾਮਰੇਡ' ਦੇ ਵਿਲਾਸ ਘੋਗਰੇ ਤੇ ਲਾਲ ਸਿੰਘ ਦਿਲ 'ਚ ਇਕੋ ਜਿਹੇ ਚਰਿੱਤਰ ਨਹੀਂ ਹਨ ? ਅਜੈ ਨੇ ਜਵਾਬ ਦਿੱਤਾ ਕਿ 'ਉਹ ਹੋਰ ਤਰ੍ਹਾਂ ਦੇ ਬੰਦਾ ਤੇ ਹੋਰ ਤਰ੍ਹਾਂ ਦਾ ਪਿੱਠ-ਭੂਮੀ ਹੈ।ਮਹਾਂਰਾਸਟਰ 'ਚ ਦਲਿਤ ਲਹਿਰ ਦਾ ਹੋਰ ਇਤਿਹਾਸ ਹੈ। ਓਥੇ ਅੰਬੇਡਕਰ ਲੀਡ ਕਰਦਾ ਹੈ ਤੇ ਇੱਥੇ ਇਹੀ ਸੂਫ਼ੀ ਦਰਗਾਹਾਂ ਦੇ ਸੰਤ ਅੰਬੇਡਕਰ ਨੂੰ ਪੰਜਾਬ ਆਉਣ ਦਾ ਸੱਦਾ ਦਿੰਦੇ ਹਨ। ਲਾਲ ਸਿੰਘ ਦਿਲ ਤੇ ਵਿਲਾਸ ਘੋਗਰੇ 'ਚ ਇਹੀ ਫਰਕ ਵੀ ਹੈ ਕਿ ਘੋਗਰੇ ਬੇਹੱਦ ਸੰਵੇਦਨਸ਼ੀਲ ਹੋ ਕੇ ਖ਼ੁਦਕੁਸ਼ੀ ਕਰਦਾ ਹੈ ਤੇ ਲਾਲ ਸਿੰਘ ਦਿਲ ਫਕੀਰੀ ਲਹਿਜੇ 'ਚ ਸਭ 'ਚ ਛੱਡ ਕੇ ਇਸਲਾਮ ਕਬੂਲ ਕਰਕੇ ਸਾਦੀ ਜ਼ਿੰਦਗੀ ਜਿਉਂਦਾ ਹੈ'। 

ਸਵਾਲਾਂ-ਜਵਾਬਾਂ ਦੇ ਆਖ਼ਿਰ 'ਚ 'ਲੋਕ ਪਹਿਲਕਦਮੀ' ਨੇ ਨਿਰਦੇਸ਼ਕ ਨੂੰ ਸਵਾਲ ਕੀਤਾ ਕਿ 'ਇਕ ਇਨਕਲਾਬੀ ਤੇ ਇਕ ਫ਼ਕੀਰ 'ਚ ਕੀ ਫ਼ਰਕ ਹੁੰਦਾ ਹੈ,ਤੁਸੀਂ ਦੋਵਾਂ ਨਾਲ ਜੁੜੇ ਰਹੇ ਹੋਂ? ਅਜੈ ਨੇ ਕਿਹਾ 'ਅਸਲ ਇਨਕਲਾਬੀ ਫ਼ਕੀਰ ਹੁੰਦਾ ਹੈ ਤੇ ਅਸਲ ਫ਼ਕੀਰ ਇਨਕਲਾਬੀ ਹੁੰਦੈ'। 

ਫ਼ਿਲਮ ਪਰਦਾਪੇਸ਼ ਹੋਣ ਤੇ ਚਰਚਾ 'ਚ ਦਰਸ਼ਕਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ। ਇਸ ਮੌਕੇ ਜਾਣੇ-ਪਛਾਣੇ ਨਾਵਲਕਾਰ ਮਨਮੋਹਨ, ਪੱਤਰਕਾਰ ਐਸ ਪੀ ਸਿੰਘ, ਅਡਵਾਂਸ ਦੇ ਸੰਪਾਦਕ ਅਜੈ ਭਾਰਦਵਾਜ, ਪੱਤਰਕਾਰ ਅਸ਼ੋਕ ਸ਼ਰਮਾ, ਪੱਤਰਕਾਰ ਜਸਵੀਰ ਸਮਰ, ਨਾਟਕਕਾਰ ਸੈਮੂਅਲ ਜੌਹਨ, ਪ੍ਰਫੈਸਰ ਗੁਰਮੁਖ ਸਿੰਘ, ਮਾਲਵਿੰਦਰ ਮਾਲੀ, ਗੁਰਦਰਸ਼ਨ ਬਾਈਆਕੂਕਾਬਾਰਾ ਰਸਾਲੇ ਦੇ ਸੰਪਾਦਕ ਸ਼ਿਵਦੀਪ, ਰਿਸਰਚ ਸਕਾਲਰ ਪਰਮਜੀਤ ਕੱਟੂ, ਪੱਤਰਕਾਰ ਚਰਨਜੀਤ ਤੇਜਾ, ਪੱਤਰਕਾਰ ਪੂਜਾ ਸ਼ਰਮਾ, ਪੱਤਰਕਾਰ ਰਮਨਦੀਪ ਸੋਢੀ, ਪੱਤਰਕਾਰ ਅਮਰਿੰਦਰ ਸਿੰਘ, 'ਲੋਕ ਪਹਿਕਦਮੀ' ਦੇ ਸੰਚਾਲਕ ਜਸਦੀਪ ਸਿੰਘ, ਨਵਜੀਤ ਕੌਰ, ਗੰਗਵੀਰ ਰਠੌੜ ਸਮੇਤ ਕਈ ਲੇਖ਼ਕ –ਪੱਤਰਕਾਰ ਹਾਜ਼ਰ ਸਨ। 

ਟੀਮ ਲੋਕ ਪਹਿਲਕਦਮੀ
ਤਸਵੀਰਕਾਰ-ਨਵਜੀਤ ਕੌਰ

Monday, July 7, 2014

'ਲੋਕ ਪਹਿਲਕਦਮੀ' ਫ਼ਿਲਮ 'ਕਿਤੇ ਮਿਲ ਵੇ ਮਾਹੀ' ਕਰੇਗੀ ਪਰਦਾਪੇਸ਼

ਫ਼ਿਲਮ ਦੇ ਨਿਰਦੇਸ਼ਕ ਅਜੈ ਭਾਰਦਵਾਜ ਨਾਲ ਹੋਵੇਗੀ ਗੱਲਬਾਤ

ਤਰੀਕ-13 ਜੁਲਾਈ 
ਦਿਨ-ਐਤਵਾਰ 
ਸਮਾਂ-11:30 
ਸਥਾਨ-ਪ੍ਰੈਸ ਕੱਲਬ, ਸੈਕਟਰ 27, ਚੰਡੀਗੜ੍ਹ

'ਲੋਕ ਪਹਿਕਦਮੀ' ਤਨਜ਼ੀਮ ਦਸਤਾਵੇਜ਼ੀ ਫ਼ਿਲਮਸਾਜ਼ ਅਜੈ ਭਾਦਰਦਵਾਜ ਦੀ ਫ਼ਿਲਮ 'ਕਿਤੇ ਮਿਲ ਵੇ ਮਾਹੀ' ਪਰਦਾਪੇਸ਼ ਕਰੇਗੀ। ਇਹ ਫ਼ਿਲਮ ਐਤਵਾਰ ਨੂੰ 11.30 ਵਜੇ ਪ੍ਰੈਸ ਕੱਲਬ ਚੰਡੀਗੜ੍ਹ ਵਿਖੇ ਦਿਖਾਈ ਜਾਵੇਗੀ। ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਅਜੈ ਭਾਰਦਵਾਜ ਵੀ ਸਵਾਲਾਂ ਦੇ ਜਵਾਬ ਦੇਣਗੇ।


ਫ਼ਿਲਮ ਪੰਜਾਬੀ ਦੇ ਮਸ਼ਹੂਰ ਕਵੀ ਲਾਲ ਸਿੰਘ ਦਿਲ, ਦਲਿਤ ਮੁੱਦੇ ਤੇ ਸੂਫੀ ਦਰਗਾਹਾਂ ਦੇ ਆਲੇ ਦੁਆਲੇ ਘੁੰਮਦੀ ਹੈ। ਫ਼ਿਲਮਸਾਜ਼ ਫ਼ਿਲਮ ਜ਼ਰੀਏ ਇਨ੍ਹਾਂ ੰਿਤੰਨਾਂ ਦੇ ਸਬੰਧ ਨੂੰ ਸਮਝਣ ਤੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ।

ਲਾਲ ਸਿੰਘ ਦਿਲ ਨਕਸਲਵਾੜੀ ਲਹਿਰ ਸਮੇਂ ਮਾਰਕਸਵਾਦ ਨੂੰ ਪ੍ਰਣਾਇਆ ਕਵੀ ਸੀ। ਲਹਿਰ ਤੋਂ ਬਾਅਦ ਉਹ ਇਸਲਾਮ ਕਬੂਲ ਕਰਦਾ ਹੈ। ਇਸਲਾਮ ਕਿਉਂ ਕਬੂਲ ਕਰਦਾ ਹੈ ? ਫ਼ਿਲਮ ਭਾਵੇਂ ਇਹ ਸਿੱਧੇ ਤੌਰ 'ਤੇ ਨਹੀਂ ਦੱਸਦੀ ਪਰ ਦਿਲ ਨੂੰ ਜਾਣਨ ਵਾਲੇ ਅਜੈ ਭਾਰਦਵਾਜ਼ ਨਾਲ ਇਸ ਬਾਰੇ ਗੱਲਬਾਤ ਹੋਵੇਗੀ।

ਸਾਨੂੰ ਲੱਗਦੈ ਦਲਿਤ ਸਵਾਲ ਜੋ ਅਹਿਮ ਚਰਚਾਵਾਂ ਦੇ ਦੌਰ 'ਚੋਂ ਗੁਜ਼ਰ ਰਿਹੈ? ਉਸ ਦੌਰ 'ਚ ਇਹ ਜਾਨਣ ਦੀ ਵੀ ਲੋੜ ਹੈ ਕਿ ਜਦੋਂ ਲਾਲ ਸਿੰਘ ਦਿਲ ਇਨ੍ਹਾਂ ਸਾਰੇ ਸਵਾਲਾਂ ਨੂੰ ਉਠਾਉਂਦਾ ਰਿਹਾ। ਉਦੋਂ ਉਸ ਨਾਲ ਕਿਸ ਤਰ੍ਹਾਂ ਦਾ ਪਿਆਰ ਭਰਿਆ ਸੰਵਾਦ ਰਚਾਇਆ ਗਿਆ। ਉਸ ਦੀ ਸਵੈ ਜੀਵਨੀ ਦਾਸਤਾਨ  'ਗੈਂਗਸ ਆਫ ਪ੍ਰੋਗੈਸਿਜ਼ਮ'   ਲਈ ਉਸਦੇ ਪਾਗਲ ਹੋਣ ਦਾ ਹਵਾਲਾ ਕਿਵੇਂ ਬਣ ਗਈ ?

ਲਾਲ ਸਿੰਘ ਦਿਲ ਜਿਹੇ ਪਿਆਰੇ, ਦਿਲਦਾਰ ਤੇ ਫਕੀਰ ਕਵੀ ਨੂੰ ਇਸ ਲਈ ਵੀ ਜਾਨਣ ਦੀ ਲੋੜ ਹੈ। ਕਿਉਂਕਿ ਪੰਜਾਬੀ ਦੇ ਫੱਕਰ ਤੇ ਫਕੀਰ ਕਵੀਆਂ 'ਚੋਂ ਉਹ ਅੰਤਲਾ ਸੀ।

ਟੀਮ 'ਲੋਕ ਪਹਿਲਕਦਮੀ' 

ਨੈਨਇੰਦਰ ਸਿੰਘ (98761-10958) ਜਸਦੀਪ ਸਿੰਘ(99886-38850) ਗੰਗਵੀਰ ਰਠੌੜ-(99889-54521) ਕਪਿਲ ਦੇਵ (98725-96106) ਇਮਰਾਨ ਖਾਨ (98882-650070) ਹਰਪ੍ਰੀਤ ਸਿੰਘ ਕਾਹਲੋਂ (94641-41678)