ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, August 29, 2014

ਸਿਰੇ ਦੇ ਮਝੈਲ ਦੀ ਨਜ਼ਰ 'ਚ ਪੇਂਡੂ ਮਲਵਈ ਵਿਆਹ

ਮੈਂ 10ਵੀ ਦੀ ਐਮ.ਬੀ.ਡੀ ‘ਚ ਦਰਜ ਹੋਰਨਾਂ ਸੈਕੜੇ ਲੇਖਾਂ ਵਾਂਗ ਇਹ ਲੇਖ ਵੀ ਯਾਦ ਕਰਨ ‘ਚ ਅਸਫਲ ਰਿਹਾ , ਸੰਨ 2000 ਦੇ 10ਵੀਂ ਕਲਾਸ ਦੇ ਪੰਜ ਰੰਗੇ ਬੋਰਡ ਦੇ ਪੇਪਰਾਂ ‘ਚ ‘ ਅੱਖੀ ਡਿਠਾ ਸਾਦਾ ਵਿਆਹ ਸਮਾਗਮ’ ਲੇਖ ਆ ਗਿਆ ।ਮੈਨੂੰ ਸਲੇਬਸ ਦੀਆਂ ਕਿਤਾਬਾਂ ਪੜਨੀਆਂ ਖੋਤੇ ਨੂੰ ਲੂਣ ਦੇਣ ਵਾਂਗ ਲੱਗਦੀਆਂ, ਇਸ ਲਈ ਲੇਖ ਯਾਦ ਨਹੀਂ ਸੀ , ਸੋ 41% ਨਾਲ ਦਸਵੀਂ ਤੇ 43% ਨਾਲ ਬਾਰਵੀਂ ਪਾਸ ਹਾਂ ।-ਚਰਨਜੀਤ ਤੇਜਾ

ਮੇਰੇ ਖਾਸ ਯਾਰ (ਮੁਛ ਫੁਟਦੀ ਦੇ ਦਿਨਾਂ ਦੇ) ਹੌਲੀ –ਹੌਲੀ ਵਿਆਹੇ ਜਾ ਰਹੇ ਨੇ, ਜਦੋਂ ਮੇਰੇ ਯਾਰ ਹਰਪ੍ਰੀਤ ਕਾਂ ਦਾ ਵਿਆਹ ਹੋਇਆ ਤਾਂ ਅਸੀਂ ਬੜੇ ਬੁਲੇ ਲੁੱਟੇ । ਉਨ੍ਹੇ ਵਾਹਵਾ ਮਡੀਰ ਇਕੱਠੀ ਕੀਤੀ ਸੀ । ਸਿਆਲ ਦੇ ਦਿਨ੍ਹਾਂ ‘ਚ ਕਾਂ ਹੋਰਾਂ ਦੇ ਚੁਬਾਰੇ ‘ਚ ਅਸੀਂ 5-6 ਵਿਹਲੜਾਂ ਨੇ ਵਿਆਹ ਤੋਂ 4 ਦਿਨ ਪਹਿਲਾਂ ਹੀ ਜਾ ਡੇਰੇ ਲਾਏ ਸਨ । ਮੰਜੇ-ਬਿਸਤਰੇ ਇਕੱਠੇ ਕਰਨ ਤੋਂ ਲੈ ਕੇ ਮੰਜਿਆ ਦੀ ਵਾਪਸੀ ਤੱਕ 10-12 ਦਿਨ ਕਾਂ ਕੇ ਪਿੰਡ ਦੀਆਂ ਗਲੀਆਂ, ਪਹੇ, ਡੰਡੀਆਂ ਸਭ ਮਾਪ ਛਡੀਆਂ । ਵਾਪਸੀ ਤੇ ਕਾਂ ਕੀ ਬੁੜੀ ਨੇ ਸਾਨੂੰ ਸੀਮੇਂਟ ਵਾਲੇ ਧੋਤੇ ਤੋੜਿਆਂ ‘ਚ 5-5 ਕਿਲੋਂ ਬੂੰਦੀ ਪਾ ਕੇ ਤੋਰਿਆ । ਅਸੀਂ 5-5 ਕਿਲੋ ਬੂੰਦੀ ਤੇ ਪਿੰਡ ‘ਚੋਂ 2-4 ਲਾਹਮੇ ਲੈ ਕੇ ਬੱਸੇ ਚੜੇ । ਫਿਰ ਸੈਦੋ ਲੇਹਲ ਵਾਲੇ ਗੁਰਮੁਖ (ਮੁਸ਼ਕੀ) ਦਾ ਵਿਆਹ ਆਇਆ, ਉਹ ਖੁੰਬਾਂ (ਮਸ਼ਰੂਮ) ਲਾਊਂਦੇ ਨੇ । ਵਿਆਹ ਤੋਂ ਇਕ ਦਿਨ ਪਹਿਲਾਂ ਉਹਦੇ ਵੱਡੇ ਭਾਊ ਦਾ ਐਕਸੀਡੈਂਟ ਹੋਣ ਕਰਕੇ ਵਿਆਹ ‘ਚ ਬੇਰਸੀ ਜਿਹੀ ਹੋ ਗਈ । ਮੁਸ਼ਕੀ ਹੋਣਾ ਨੇ ਸਾਨੂੰ ਤੁਰਨ ਲੱਗਿਆ ਖੁੰਭਾ ਦੇ 2-2 ਪੈਕਟ ਦਿਤੇ ।ਮੈਂ ਜਦ ਬਿਨ੍ਹਾਂ ਸ਼ਗਨ ਦਾ ਕੋਈ ਪੈਸਾ ਦਿਤੇ ਮਹਿੰਗੇ ਮੁੱਲ ਦੀਆਂ ਬੇ-ਬਹਾਰੀਆਂ ਖੁੰਭਾ ਲੈ ਕੇ ਘਰ ਆਇਆ ਤਾਂ ਮੇਰੇ ਘਰਦਿਆਂ ਨੂੰ ਮੁਸ਼ਕੀ ਦੇ ਵਿਆਹ ਦਾ ਖਾਸਾ ਚਾਅ ਚੜਿਆ। ਪਹਿਲੇ-ਪਹਿਲ ਯਾਰਾਂ ਦੇ ਵਿਆਹਾਂ ਸਬੰਧੀ ਮੇਰੀ ਮਨੋਂ-ਦਸ਼ਾ ਸੁਹਾਗ ‘ਚ ਗਾਏ ਜਾਂਦੇ, ਉਸ ਸੁਹਾਗ ਵਿਚਲੀ ਕੁੜੀ ਵਰਗੀ ਹੁੰਦੀ ਸੀ ਜਿਸ ‘ਚ ਉਹ ਅਪਣੇ ਬਾਬਲ ਨੂੰ ਕਹਿੰਦੀ ਹੈ ਕਿ ਮੈਨੂੰ ਉਸ ਘਰੇ ਦੇਵੀਂ ਜਿਸ ਘਰੇ ਸੱਸ ਨੇ ਬਹੁਤੇ ਪੁੱਤ ਜਾਏ ਹੋਣ ਤੇ ਉਹ ਦਿਉਂਰਾਂ ਦੇ ਵਿਆਹ ਕਰਦੀ ਨਿਤ ਮੇਲਣ ਬਣੇ ।

ਖੈਰ, ਸਾਡੇ ਖਾਸ ਯਾਰ ਮਲਵਈ ਦਾ ਵਿਆਹ ਸੀ । ਅੰਮ੍ਰਿਤਸਰ ਅਸੀਂ ਜਿਥੇ ਹੋਸਟਲ ‘ਚ ਰਹਿੰਦੇ ਸੀ ਉਥੇ ਇਹ ਇਕੱਲਾ ਹਰੇ ਰੰਗ ਦਾ ਕੁੜਤਾ ਤੇ ਡੱਬੀਆਂ ਵਾਲਾ ਪਰਨਾ ਬੰਨਦਾ ਸੀ , ਉਝ ਹੈ ਵੀ ਮੁਕਤਸਰੀਆ ਸੀ ਇਸ ਲਈ ਇਸ ਦਾ ਨਾਂ ‘ਮਲਵਈ’ ਧਰਿਆ ਗਿਆ। ਮਲਵਈ ਦਾ ਰੰਗ ਰੂਪ ਨਵੇਂ ਜਮਾਨੇ ਵਾਲਾ ਨਹੀਂ , ਇਸ ਲਈ ਉਸ ਦੇ ਹੁਣ ਤੱਕ 5 ਸਾਕ ਛੁੱਟ ਚੁੱਕੇ ਹਨ। ਮਾਂ-ਪਿਉ ਕਮਾਊ ਮੁੰਡਾ ਵੇਖ ਕੇ ਘਰ-ਬਾਹਰ ਤੇ ਪੈਲੀ ਨੂੰ ਸਾਕ ਕਰ ਜਾਂਦੇ ਤੇ ਕੁੜੀਆਂ ਫੋਟੋ ਵੇਖ ਕੇ ਜਾਂ ਰੂ-ਬਰੂ ਹੋ ਕੇ ਨਾਂਹ ਕਰ ਦਿੰਦੀਆਂ । ਅੰਤ ਕਿਸੇ ਹਮਦਰਦ ਨੇ ਜੋੜ-ਜਾਮਾਂ ਸਿਰੇ ਚਾੜ ਕੇ ਈ ਦਮ ਲਿਆ। ਉਝ ਕੋਸ਼ਿਸ਼ ਅਸੀਂ ਵੀ ਬੜੀ ਕੀਤੀ, ਪਰ ਕਿਸੇ ਸਿਰੇ ਨਾ ਚੜ੍ਹੀ । ਇਕ ਵਾਰ ਖਾਲਸਾ ਪੰਚਾਇਤ ਵਾਲਾ ਜਗਿੰਦਰ ਸਿੰਘ ਫੌਜੀ ਉਸ ਨੂੰ ਤਰਨ ਤਾਰਨ ਤੋਂ ਰਿਸਤਾ ਕਰਵਾਏ । ਮਲਵਈ ਕਹਿੰਦਾ, ਨਹੀਂ ਫੌਜੀ ਸਾਹਬ, ਕਿਥੇ ਮੁਕਤਸਰ ਕਿਥੇ ਤਰਨ ਤਾਰਨ …ਦੂਰ ਪੈ ਜਾਂਦਾ ਵਾਹਵਾ………। ਅੱਗੋਂ ਫੌਜੀ ਆਹਾਂਦਾ , ਦੱਸ ਤੂੰ ਵਿਆਹ ਈ ਕਰਵਾਉਣਾਂ , ਕਿਹੜਾ ਨਗਰ ਕੀਰਤਨ ਲੈ ਕੇ ਆਉਂਣਾ ………। ਖੈਰ! ਮਲਵਈ ਮਾਝੇ ‘ਚ ਵਿਆਹ ਲਈ ਨਾ ਮੰਨਿਆ ।

ਇਨ੍ਹਾਂ ਖਿਆਲਾਂ ‘ਚ ਗਵਾਚਾ ਮੈਂ ਜੀਰੇ ਪਹੁੰਚ ਗਿਆ, ਰਾਜ ਬੱਸ ਦੀ ਅਗਲੀ ਸੀਟ ਤੇ ਬੈਠਾ ਹੋਣ ਕਰਕੇ ਮੈਨੂੰ ਦਇਆ ਜੀਰੇ ਚੌਕ ‘ਚ ਈ ਮਿਲ ਪਿਆ । ਉਸ ਦਾ ਪਿੰਡ ਜੀਰੇ ਤੋਂ 15 ਕੁ ਕਿ.ਮੀ. ਪੈਂਦਾ । ਅੱਗੇ ਮੁਕਤਸਰ ਤੱਕ ਸਾਡੀ ਮੋਟਰ ਸਾਇਕਲ ਤੇ ਜਾਣ ਦੀ ਸਲਾਹ ਸੀ । ਸਾਡੇ ਕੋਲ ਸਾਥ ਦੇ 8 ਸਾਲ ਨੇ , ਜਿਸ ‘ਚ ਬਹੁਤ ਕੁਝ ਬਦਲਿਆ ਅਸੀਂ 12 ਪੜ੍ਹੇ ਅੱਜ ਯੂਨੀਵਰਸਟੀਆਂ ਵਲੋਂ ਦਿਤੇ ਕਿਲੋ ਕਿਲੋ ਮੋਟੇ ਕਾਗਜਾਂ ਦੇ ਮਾਲਕ ਹੋ ਗਏ ਪਰ ਸਾਡਾ ਮਸਲਾ ਉਹੀ ਸੀ , ‘ਸਾਲਿਆ , ਮੇਰੇ ਕੋਲ ਪੈਸਾ ਕੋਈ ਨਹੀਂ ਊ ਤੇਲ ਤੂੰ ਈ ਪਵਾਉਣਾਂ ਈ’ । ਇਹ ਗੱਲ ਦੋਵਾਂ ਦੀ ਅੱਜ ਵੀ ਉਹੀ ਸੀ ਜੋ 8 ਸਾਲ ਪਹਿਲਾਂ ਸੀ । ਤਲਵੰਡੀ ਭਾਈ ਕੀ ਲੰਘ ਕੇ ਚਾਹ ਦੀ ਤਲਬ ਲੱਗ ਗਈ , ਸਵੱਬ ਨਾਲ ਮੁੱਦਕੀ ਤੋਂ ਪਹਿਲਾਂ ਹੀ ਇਕ ਡੇਰਾ ਆ ਗਿਆ ਸਾਧਾਂ ਦਾ , ਸਾਡਾ ਹੁਲੀਆ ਵੇਖ ਕੇ ਉਨ੍ਹਾਂ ਕੌਲਿਆਂ ‘ਚ ਚਾਹ ਪਾ ਦਿਤੀ। ਛੱਕ ਕੇ ਅਸੀਂ ਕੋਟ-ਕਪੂਰੇ ਪਹੁੰਚਣ ਜੋਗੇ ਹੋ ਗਏ । “ਮਲਵਈ ਨੇ ਸਰਾਏ ਨਾਗੇ ਦੇ ਕੋਲ ਵਿਆਹੁਣ ਆਉਣਾ ਕਿਉਂ ਨਾਂ ਉਸ ਦੇ ਸਹੁਰਿਆਂ ਦੇ ਪਿੰਡ ਕੋਲੋਂ ਈ ਚਾਹ ਪੀਈਏ” ।ਮੈਂ ਸਹੀ ਪਾਈ। ਚਾਹ ਪੀ ਕੇ ਮੁਕਤਸਰ ਬਾਈਪਾਸ ਹੁੰਦੇ ਰੁਪਾਣਾ ਫਿਰ ਨਹਿਰੇ ਨਹਿਰ ਧਿਗਾਣਾਂ ਤੇ ਅੰਤ ਤਾਮਕੋਟ । ਸੂਰਜ ਅੰਦਰ ਬਾਹਰ ਸੀ, ਦੋ ਮੁੰਡੇ ਵਿਆਹ ਵਾਲੇ ਘਰ ਦੇ ਬਾਹਰੋਂ ਲੰਘਦੀਆਂ ਤਾਰਾਂ ਤੇ 200 ਵਾਟ ਦਾ ਬਲਬ ਟੰਗਣ ਦਾ ਜੁਗਾੜ ਕਰ ਰਹੇ ਸਨ ।

ਬੂਹਾ ਵੜਦਿਆਂ ਈ ਲਾਗਣ ਨੇ ਸਾਡੀਆਂ ਪੱਗਾਂ ਬੰਨੀਆਂ ਵੇਖ ਕੇ ਤੇਲ ਵਾਲੀ ਸ਼ੀਸ਼ੀ ਚੁੱਕੀ ਪਰ ਫਿਰ ਸ਼ਾਇਦ ਸਾਡੀਆਂ ਸ਼ਕਲਾਂ ਵੇਖ ਕੇ ਸਮਝ ਗਈ ਕਿ ਨੰਗ ਈ ਆ, ਉਸ ਨੇ ਸ਼ੀਸ਼ੀ ਫਿਰ ਖੁਰੇ ਦੀ ਬੰਨੀ ਤੇ ਰੱਖ ਦਿਤੀ । ਅਸੀਂ ਇਸ ਰੁੱਖੇ ਸਵਾਗਤ ਤੋਂ ਬੇਹਿਸਤ ਹੋਏ ਬੈਠਕ ਵੱਲ ਨੂੰ ਵਧੇ । ਸਾਡਾ ਇਕ ਹੋਰ ਛੜਾ ਯਾਰ ਲਹੁਕਿਆਂ ਵਾਲਾ ਹਰਪਾਲ ਦੋ ਰਾਤਾਂ ਪਹਿਲਾਂ ਦਾ ਪਹੁੰਚਾ ਖੜਾ ਸੀ । ਉਹ ਪ੍ਰਹੁਣਿਆ ਤੇ ਘਰ ਵਾਲਿਆਂ ‘ਚ ਰਲਿਆ ਮਿਲਿਆ ਫਿਰਦਾ ਸੀ । ਉਸ ਦੀ ਇਸ ਪਹਿਲ ਕਦਮੀ ਦਾ ਸਾਨੂੰ ਬੜਾ ਫਇਦਾ ਹੋਇਆ । ਬੂਟ ਬਾਟ ਲਾਉਂਦਿਆਂ ਤੱਕ ਬਾਹਰ ਮਲਵੈਣਾਂ ਨੇ ਗਿੱਧੇ ਦਾ ਪਿੜ ਮਗ੍ਹਾ ਲਿਆ । ਮੇਰਾ ਹਾਲੇ ਝਾਕਾ ਨਹੀਂ ਸੀ ਖੁਲਾ ਬੈਠਕ ‘ਚ ਬਹਿਣਾ ਮਜਬੂਰੀ ਬਣ ਗਿਆ । ਆਮ ਬੋਲੀ ਤਾਂ ਸੁਣ ਜਾਂਦੀ ਪਰ ਜਿਹੜੀ ਸੁਣਨ ਵਾਲੀ ਹੁੰਦੀ ਉਹ ਬੀਬੀਆ ਨੀਵੀ ਸੁਰ ‘ਚ ਪਾਉਂਦੀਆਂ, ਕੰਨ ਖੜੇ ਕਰਨ ਦੇ ਬਾਵਜੂਦ ਵੀ ਮੈਂ ਉਹ ਬੋਲੀਆਂ ਨਾਂ ਸੁਣ ਸਕਿਆ, ਜਿਨ੍ਹਾਂ ਦੀ ਮੈਨੂੰ ਮੁਛ ਫੁਟਦੀ ਦੇ ਦਿਨਾਂ ਤੋਂ ਹੀ ਬੜੀ ਜਗਿਆਸਾ ਰਹੀ ।

ਹੁਣ ਵਰਤਾਵੇ ਬਾਹਰ ਡੱਠੇ ਮੰਜਿਆ ਦੇ ਦਵਾਲੇ-ਦਵਾਲੇ ਘੁੰਮ ਕੇ ਹੱਥ ਧਵਾ ਰਹੇ ਸਨ , ਪੰਜ ਖਾਨਿਆ ਵਾਲੀ ਥਾਲੀ ‘ਚ ਸਾਨੂੰ ਰੋਟੀ ਪਰੋਸੀ ਗਈ । ਮੈਂ ਆਮ ਨਾਲੋਂ ਦੋ ਕੁ ਵੱਧ ਖਾ ਗਿਆ । ਘਰ ‘ਚ ਕਈ ਬੰਦੇ ਇਧਰ ਉਧਰ ਭੱਜ ਰਹੇ ਸਨ ਪਰ ਮਲਵਈ ਖਾਸਾ ਵਿਹਲਾ ਲੱਗ ਰਿਹਾ ਸੀ । ਦਿਨ ਨਾਲੋਂ ਠੰਢ ਵੱਧ ਗਈ ਸੀ , ਅਸੀਂ ਲੋਈਆਂ ਦੀਆਂ ਬੁਕਲਾਂ ਮਾਰ ਕੇ , ਦਬੜੇ ਵਾਲੀ ਸੜਕ ਤੇ ਰੋਟੀ ਪਚਾਉਣ ਨਿਕਲ ਤੁਰੇ । ਮਲਵਈ ਨਾਲ ਸੀ , ਤੇ ਵਿਸ਼ਾ ਉਹੀ ਸੀ ਜਿਹੜਾ ਮੁੰਡੇ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਮੁੰਡਿਆਂ ਦੀ ਢਾਣੀ ‘ਚ ਹੁੰਦਾ । ਮੈਂ ਕਿਹਾ ਮਲਵਈਆਂ, “ਤੰ ਤਾਂ ਜਮਾਂ ਈ ਅਨਾੜੀ ਆ, ਫਿਰ ਕਿਵੇਂ ਚੱਲੂ, ਵੇਖੀ ਜੇ ਮਦਾਤ ਦੀ ਲੋੜ ਹੋਈ ਤਾਂ ਅੱਧੀ ਰਾਤ ਵਾਜ ਮਾਰੀ, ਯਾਰ ਭੱਜਦੇ ਨਹੀਂ। ਮਲਵਈ ਪਹਿਲੀ ਵਾਰ ਝੇਪ ਰਿਹਾ ਸੀ , ਤੂੰ ਨਾਲ ਈ ਰਹੀ, ਜੇ ਲੱਗੂ ਪਈ ਰੰਗਰੂਟ ਦੇ ਗੱਲ ਵੱਸ ਦੀ ਨਹੀਂ ਤਾਂ ਹੱਥ ਪਵਾ ਦਈ । ਢੋਟੀਆਂ ਨੂੰ ਛੜੇ ਬੰਦੇ ਦੀ ਉਸਤਾਦੀ ਚੰਗੀ ਨਾ ਲੱਗੀ। ਆਹਦਾਂ , ਇਹਨੂੰ ਸਾਲੇ ਨੂੰ ਕੀ ਪਤਾ, ਹੁਣ ਤੱਕ ਮੱਝਾਂ ਗਾਈਆ ਦੇ ਟੁੱਚ ਲਗਦੇ ਵੇਖ ਕੇ ਠਰਕ ਭੋਰਿਆ ਏਹਨੇ , ਕਿਸੇ ਵਿਆਹੇ ਬੰਦੇ ਦੇ ਕੋਲ ਬਹੀਦਾ ਹੁੰਦਾ ।ਫਿਰ ਉਸ ਨੇ ਐਸੀਆਂ ਮੱਤਾਂ ਦਿਤੀਆਂ ਕਿ ਜਿਹੜੀਆਂ ਤੁ ਚੱਲ ਕੇ ਅੱਜ ਤੱਕ ਕੋਈ ਘਰ ਵੱਸਿਆ ਨਹੀਂ ਹੋਣਾਂ। ਮਲਵਈ ਕਹਿੰਦਾ ਕਾਂ ਦਾ ਫੋਨ ਆਇਆ ਸੀ ਕਹਿੰਦਾ ਯਾਰ ਆਹ ਚੰਗਾ ਕੀਤਾ ਤੂੰ ਵਿਆਹ ਚੜੇ ਸਿਆਲ ਕਰਵਾਉਣ ਲੱਗਾ । “ ਮੇਰਾ ਮਾਰਚ ਦੇ ਅੱਧ ‘ਚ ਹੋਇਆ ਸੀ , ਤੈਨੂੰ ਪਤਾ ਬਈ ਪਿੰਡਾਂ ‘ਚ ਬੱਤੀ ਤੇ ਆਉਂਦੀ ਨਹੀਂ, ਗੋਡੇ ਗੋਡੇ ਮੱਛਰ ਤੇ ਉਤੋਂ ਗਰਮੀਂ , ਜਨਾਨੀ ਵੇਹੁੰ ਵਿਖਾਲੀ ਦਿੰਦੀ , ਉਦੋਂ ਕੈਪਟਨ ਦਾ ਰਾਜ ਸੀ, ਮੈਂ ਤਾਂ ਕਹਿਣਾਂ ਪਈ ਬੰਦਾ ਜਨਾਨੀ ਕੈਪਟਨ ਦੇ ਘਰੇ ਈ ਛੱਡ ਆਵੇ, ਪਈ ਲੈ ਤੂੰ ਨਜ਼ਾਰੇ ਏ.ਸੀ. ‘ਚ, ਸਿਆਲ ਆਊ ਤੇ ਲੈ ਜਾਵਾਂਗੇ। ਸਾਡਾ ਹਾਸਾ ਭੰਗਚੜ੍ਹੀ ਤੱਕ ਸੁਣਿਆ । ਮੈਂ ਇਨ੍ਹਾਂ ਮਾਮਲਿਆਂ ਦਾ ਤਜ਼ਰਬੇਕਾਰ ਨਾ ਹੋਣ ਕਰਕੇ ਜਿਆਦ ਸਰੋਤਾ ਈ ਰਿਹਾ । ਪਰ ਇਹ ਸਿਖ-ਸਿਖਾਈ ਦੀਆਂ ਗੱਲਾਂ ‘ਚ ਅਨੰਦ ਬੜਾ ਆਇਆ । ਇਹ ਸਿੱਖ-ਸਿਖਾਂਈ ਕਵੀ ਵਾਰ ਪੁੱਠੀ ਵੀ ਪੈ ਜਾਂਦੀ । ਢੋਟੀਆਂ ਦੀ ਸਿੰਘਣੀ ਨਾਲ ਵਿਆਹ ਵਾਲੀ ਰਾਤ ਹੋਈ ਗੱਲਬਾਤ ਸੁਣ ਕੇ ਅਸੀਂ ਸਾਰਾ ਰਾਹ ਹੱਸਦੇ ਰਹੇ।

ਘਰ ਪਹੁੰਚਦਿਆਂ ਨੂੰ ਮੰਜੇ ਡਾਹੇ ਜਾ ਰਹੇ ਸਨ ।ਮਲਵਈ ਹੌਰੀ 4 ਚਾਚੇ ਤਾਏ ਨੇ , ਘਰ ‘ਚ ਪਿਆਰ ਇਤਾਫਾਕ ਇਉਂ, ਕਿ ਮਿਸਾਲ ਦਿਤੀ ਜਾਏ। ਸਾਨੂੰ ਬਜ਼ੁਰਗ ਤਾਏ ਵਾਲੀ ਨਿੱਕੀ ਬੈਠਕ ‘ਚ ਜੋੜ ਕੇ ਚਾਰ ਮੰਜੇ ਲਾ ਦਿਤੇ । ਸਾਡੇ ਕੋਲ ਕਰਨ ਲਈ ਗੱਲਾਂ ਦੇ ਅੰਬਾਰ ਸਨ । ਇਹ ਉਹੀਉਂ ਬੈਠਕ ਸੀ ਜਿਥੇ ਅਸੀਂ ਮਲਵਈ ਦੇ ਬਾਪੂ ਦੀ ਕੈਂਸਰ ਕਾਰਨ ਹੋਈ ਮੌਤ ਤੋਂ ਪਿਛੋਂ ਕੁਝ ਰਾਤਾਂ ਕੱਟੀਆਂ ਸਨ, ਇਕ ਉਹ ਰਾਤਾਂ ਸਨ, ਗੰਭੀਰ ਚੁੱਪ ਵਾਲੀਆਂ ਤੇ ਇਕ ਇਹ ਠਾਹਕੇ ਸਨ , ਜਿਨ੍ਹਾਂ ਨੂੰ ਸੁਣ ਕੇ ਬਾਹਰ ਕਿੱਕਰ ਥੱਲੇ ਪਾਏ ਪ੍ਰਹੁਣੇ ਵਿਹੜ ਗਏ, “ ਅਸੀਂ ਜਾਵਈ ਭਾਈ ਹੋ ਕੇ ਕਿੱਕਰਾਂ ਥਲੇ ਤੇ ਔਹ ਮਸ਼ਕਰੇ ਜੇ ਪਤਾ ਨਹੀਂ ਕਿਥੋਂ ਲਿਆ ਕੇ ਅੰਦਰੀਂ ਪਾਏ ਆ”। ਸਾਨੂੰ ਤਲਾਈਆਂ ਚੁਭਣ ਲੱਗੀਆਂ । ਖੈਰ, ਪ੍ਰਹੁਣੇ ਦੀ ਘੁੱਟ ਪੀਤੀ ਹੋਈ ਸੀ, ਸਾਡੀ ਬੈਠਕ ਦੀ ਛੱਤ ਤੋਂ ਖਤਰਾ ਤਾਂ ਹੋਇਆ ਪਰ ਖੁਸੀ ਨਹੀਂ । ਪਰ ਇਸ ਹੰਗਾਮੇ ਨਾਲ ਅਸੀਂ ਖੇਸ ਵੱਟ ਕੇ ਪੈ ਗਏ ਤੇ ਛੇਤੀ ਸੋਂ ਗਏ ।

“ਪੈਲੀਆਂ ਵੇਹਲੀਆਂ, ਪੈਲੀਆਂ ਨੂੰ ਜਾਨੇ ਆ”, ਦਇਆ ਤਜ਼ਰਬੇ ਦੇ ਅਧਾਰ ਤੇ ਕਹਿ ਰਿਹਾ ਸੀ, “ਘਰੇ ਤਾਂ ਮਸੀਂ ਜਨਾਨੀਆਂ ਦਾ ਲੋਟ ਆਉਂਣਾ” । ਇਨ੍ਹਾਂ ਪਿੰਡਾਂ ‘ਚ ਸੇਮ ਪਈ ਹੋਣ ਕਰ ਕੇ ਨਰਮਾ ਵੀ ਕਿਸੇ ਵਿਰਲੀ ਵਿਰਲੀ ਪੈਲੀ ‘ਚ ਹੀ ਸੀ । ਝੋਨੇ ਦੇ ਵਾਹਣ ਖੁੱਲੇ ਪਏ ਸਨ , ਕਿਸੇ ਕਿਸੇ ਉਦਮੀ ਨੇ ਕਣਕ ਦਾ ਛੱਟਾ ਵੀ ਦਿਤਾ ਸੀ। ਹੁਣ ਅਸੀਂ ਸਾਰੇ ਭੋਇ ਵਿਗਿਆਨੀ ਸੀ , ਜੰਡੀ ਵੇਖ ਕੇ ਕਿੱਕਰ ਜਾਤੀ ਦੇ ਬੂਟਿਆਂ ਦੀ ਚਰਚਾ ਸ਼ੂਰੂ ਹੋਈ, ਲੰਮੀ ਚੱਲੀ। ਫਿਰ ਵੱਟਾਂ ਬੰਨਿਆਂ ਤੇ ਉਗੇ ਘਾਹ ਦੀਆਂ ਕਿਸਮਾਂ , ਕਿਹੜੇ ਇਲਾਕੇ ‘ਚ ਕਿਹੜਾ ਹੁੰਦਾ ਤੇ ਕਿਸ ਘਾਹ ਨੂੰ ਕਿਥੇ ਕੀ ਕਹਿੰਦੇ ? ਆਪਸ ‘ਚ ਬਹਿਸਦੇ ਖਹਿਬੜਦੇ ਇਕ ਮੱਤ ਹੁੰਦੇ ਘਰ ਪਹੁੰਚੇ । ਬੈਗਾਂ ‘ਚੋਂ ਨਵੇਂ ਸੂਟ ਕੱਢ ਕੇ ਤਿਆਰ ਹੋ ਗਏ ।

10 ਵਜੇ 95 ਫੀਸਦੀ ਜੰਝ ਤਿਆਰ ਸੀ ਕਿਉਂ ਕਿ ਸਿਰਫ ਬੰਦੇ ਹੀ ਜਾਂਝੀ ਸਨ , ਤੇ ਉਹ ਵੀ ਕੁਲ ਮਿਲਾ ਕੇ 28 ਕੁ , ਜਨਾਨੀ ਸਿਰਫ ਵਿਚੋਲਣ (ਮੁੰਡੇ ਦੀ ਭਰਜਾਈ) ਸੀ ਤੇ ਉਹਦੇ ਤਿਆਰ ਹੋਣ ਦੀ ਦੇਰੀ ਸੀ । ਜਾਨਾਨੀਆਂ ਨਾਲ ਨਾ ਹੋਣ ਕਰਕੇ ਅਸੀਂ ਦਿੱਤੇ ਟਾਇਮ ਤੇ ਪਹੁੰਚ ਗਏ । ਰਿਸ਼ਤੇਦਾਰਾਂ ਦੀਆਂ ਨਿੱਜੀ ਗੱਡੀਆਂ ‘ਚੋਂ ਉਤਰੇ ਤਾਂ ਮੈਨੂੰ ਆਪਣੇ ਬਚਪਨ ‘ਚ ਵੇਖੇ ਵਿਆਹ ਯਾਦ ਆ ਗਏ । ਜਦੋਂ ਬਰਾਤਾਂ ਕੁੜੀ ਵਾਲਿਆਂ ਦੇ ਘਰ ਜਾਂਦੀਆਂ ਹੁੰਦੀਆਂ ਸਨ । ਪਿਛਲੇ 15 ਸਾਲਾਂ ‘ਚ ਇਹ ਪਹਿਲਾ ਵਿਆਹ ਸੀ ਜਦੋਂ ਅਸੀਂ ਕਿਸੇ ਦੇ ਘਰ ਢੁੱਕੇ । ਬਿਲਕੁਲ ਉਵੇਂ ਹੀ ਗੱਡੀਆਂ ਲਾਉਂਣ ਲਈ ਘਰ ਦੇ ਸਾਹਮਣੇ ਕਿੱਲਾ ਕੁ ਥਾਂ ‘ਚ ਕੜਾਹਾ ਮਾਰ ਕੇ ਪੱਧਰ ਕੀਤਾ । ਰਾਹ ਤੇ ਪਾਣੀ ਤਰੌਂਕਿਆ । ਮਲਵਈਆਂ ਦਾ ਸਾਦਾਪਨ ਮੈਨੂੰ ਬਹੁਤ ਪਸੰਦ ਆਇਆ, ਮੈਂ ਬੰਦੇ ਗਿਣੇ , ਵਿਆਹ ਵਾਲੇ ਮੁੰਡੇ ਸਣੇ ਅਸੀਂ 8 ਕੁ ਬੰਦੇ ਈ ਪੈਟਾਂ ਕਮੀਜਾ ਵਾਲੇ ਸਾਂ, ਬਾਕੀ ਕੁੜਤੇ ਪਜਾਮੇ ਤੇ ਉਹ ਵੀ ਚਿੱਟੇ । ਮੇਰੀ ਭੂਆ ਦੇ ਵਿਆਹ ਦੀ ਐਲਬੰਮ ਵਾਲ ਸੀਨ ਸਕਾਰ ਹੋਇਆ ਪਿਆ ਸੀ । ਟੈਂਟ ਹਾਊਸ ਵਾਲਿਆ ਦਾ ਇਕ ਮੁੰਡਾ ਟਰੇਅ ‘ਚ ਲਿਮਕੇ ਵਾਲੇ ਗਿਲਾਸ ਲੈ ਕੇ ਆਇਆ । ਪਹਿਲੇ 5 ਲਿਮਕੇ ਦੇ ਗਿਲਾਸਾਂ ਨਾਲ ਮਲਵਈਆਂ ਨੇ ਹੱਥ ਈ ਸੁੱਚੇ ਕੀਤੇ ਕਿਉਂ ਕਿ ਮਿਲਣੀ ਦੀ ਅਰਦਾਸ ਸ਼ੁਰੂ ਹੋ ਚੁੱਕੀ ਸੀ ।

ਲੈਣ ਦੇਣ ਤੋਂ ਬਿਨ੍ਹਾਂ ਸਾਦੀ ਜਿਹੀ ਮਿਲਣੀ ਨੇ ਮੈਨੂੰ ਇਕ ਉਹ ਝਗੜਾ ਯਾਦ ਕਰਵਾ ਦਿਤਾ ਜਿਥੇ ਕੁੜੀ ਮੁੰਡੇ ਦੇ ਤਲਾਕ ਮਿਲਣੀ ਦੇ ਮਾੜੇ ਕੰਬਲਾਂ ਤੋਂ ਵੱਧੀ ਲੜਾਈ ਤੋਂ ਹੋ ਗਿਆ ਸੀ । ਕਾਸ਼ ਅਸੀਂ ਰੀਤੀ ਰਿਵਾਜ਼ਾਂ ‘ਚ ਏਨੇ ਨਾਂ ਨਿਘਰਦੇ ਜਾਂ 'ਮਲਵਈ’ਵਰਗੇ ਪੁੱਤ ਘਰ ਘਰ ਜੰਮਦੇ । ਇਹੀ ਗੱਲ ਬੂਹੇ ਤੇ ਰਿਬਨ ਦੀ ਥਾਂ ਲਾਲ ਜਿਹੇ ਲੀੜੇ ਦੀ ਪੂਣੀ ਫੜੀ ਮਲਵਈ ਦੀਆਂ ਸਾਲੀਆਂ ਗਾ ਰਹੀਆ ਸਨ । ਸਾਡੇ ਇਲਾਕੇ ‘ਚ ਗਾਉਣਾਂ ਤਾਂ ਅਲੋਪ ਈ ਹੋ ਗਿਆ, ਅਸੀਂ ਸਿਰਫ ਡੀ.ਜੇ ਤੇ ਲੱਤਾਂ ਮਾਰਨ ਵਾਲੇ ਹੀ ਰਹਿ ਗਏ ਹਾਂ । ਇਨ੍ਹਾਂ ਪੱਛੜੇ ਪਿੰਡਾਂ ਦੀਆ ਮਲਵੈਣਾਂ ਗੱਲ-ਗੱਲ ਤੇ ਗਾ ਰਹੀਆਂ ਸਨ । ਸਾਲੀਆਂ ਬਹੁਤ ਹੀ ਸਾਦੀਆਂ ਸਨ । ਕੂਝ ਵੀ ਹੋਵੇ ਮੈਂ ਆਪਣੇ ਮੂੰਹੋਂ ਆਪਣੀ ਸਿਫਤ ਕਰ ਕੇ ਹੀ ਰਹਾਂਗਾ ਕਿ ਰਿਬਨ ਕੱਟਣ ਦੇ ਮੌਕੇ ਮੈਂ ਜਿਸ ਧਿਰ ਵੱਲ ਹੋਵਾਂ ਬਹੁਤ ਕਾਰਗਰ ਸਾਬਤ ਹੁੰਦਾ ਹਾਂ । ਮਜਾਲ ਹੈ ਗੱਲ ਭੁੰਜੇ ਪੈ ਜਾਵੇ । ਸੋ ਇਥੇ ਵੀ ਆਪਣੀ ਚੜਾਈ ਰਹੀ । ਅੰਦਰ ਵੜ ਕੇ ਪੁਰਾਣੇ ਵੇਲਿਆਂ ਵਾਲ ਲੱਕੜ ਦਾ ਉਹ ਟੂਟੀ ਵਾਲ ਸਟੈਂਡ ਲੱਗਾ ਸੀ ਜਿਸ ਤੇ ਲਿਖਿਆ ਸੀ ‘ਪੰਜਾਬ ਟੈਂਟ ਹਾਊਸ ਸਰਾਏਨਾਗਾ’।

ਦੋ ਕਨਾਤਾਂ ਲੱਗੀਆਂ ਸਨ ਇਕ ‘ਚ ਚਾਹ ਲੱਗੀ ਹੋਈ ਸੀ ਤੇ ਸਾਹਮਣੇ ਗੁਰੂੁ ਗ੍ਰੰਥ ਸਾਹਬ ਦਾ ਪ੍ਰਕਾਸ਼ ਸੀ । ਬੇਸੁਰਾ ਰਾਗੀ ਤਪਲੇ ਨਾਲ ਸੁਰ ਮਿਲਾਉਣ ਦੀ ਕੋਸ਼ਿਸ਼ ’ਚ ਸੀ ਜਿਹੜਾ ਕਿ ਬੇਤਾਲਾ ਵੱਜ ਰਿਹਾ ਸੀ । ਇਹ ਗੱਲ ਮੈਨੂੰ ਐਮ.ਏ. ਮਿਊਜਿਕ ਦਇਆ ਸਿੰਘ ਨੇ ਦੱਸੀ । ਹੁਣ ਭਾਬੀ ਵੇਖਣ ਦਾ ਵੇਲਾ ਸੀ । ਅਸੀਂ ਪੰਡਾਲ ਦੇ ਜਿਸ ਬੰਨੇ ਨਜ਼ਰਾਂ ਟਿਕਾਈ ਬੈਠੇ ਸੀ ਭਾਬੀ ਦੀ ਐਂਟਰੀ ਉਲਟ ਬੰਨਿਉ ਹੋਈ । ਅਸੀਂ ਭਾਬੀ ਵੇਖ ਕੇ ਸੀਤ ‘ਚ ਲਹਿ ਗਏ । ਮਲਵਈ ਦਾ ਤੇ ਨਾਹੁਣ ਹੋ ਗਿਆ ,ਭਾਬੀ 2 ਇੰਚ ਬਾਈ ਤੋਂ ਉਚੀ । ਭਾਈ ਨੇ ਦੋਵੇਂ ਵਾਰ ਅਰਦਾਸ ‘ਚ ਮੁੰਡੇ ਦਾ ਨਾਂ ਗਲਤ ਬੋਲਿਆ, ਜਿਸ ਦਾ ਬਰਾਤ ਨੇ ਗੰਭੀਰ ਨੋਟਿਸ਼ ਲਿਆ ਤੇ ਵਿਚਾਰ ਵਾਲੀਆਂ ਬੁੜੀਆਂ ਨੇ ਵਿਚਾਰ ਵੀ ਕੀਤੀ । ਪਨੀਰ ਵਾਲੇ ਪਕੌੜਿਆਂ ਦਾ ਸਵਾਦ ਇਸ ਗੱਲ ਤੇ ਨਿਰਭਰ ਕਰਦਾ ਹੁੰਦਾ ਹੈ ਕਿ ਪਨੀਰ ਕਿੰਨਾਂ ਮਿਆਰੀ ਹੈ ਅਸਲੀ ਜਾਂ ਨਕਲੀ । ਸੁਣਨ ‘ਚ ਆਇਆ ਸੀ ਕਿ ਕੁੜੀ ਦੇ ਭੂਆ ਦੇ ਪੁਤ ਦੀ ਨੈਸਲੇ ਵਾਲੀ ਡੇਅਰੀ ਹੈ । ਸੋ ਪਨੀਰ ਦਾ ਸੈਂਪਲ ਪਾਸ ਹੋਇਆ ।

ਚਾਹ ਤੋਂ ਪਿਛੋਂ ਅਸੀਂ ਗੁਆਂਢ ‘ਚ ਵੱਡੇ ਖੁਲੇ ਘਰ ਵੱਲ ਤੁਰੇ ਜਿਥੇ ਸਾਡੇ ਬਹਿਣ ਦਾ ਖਾਸ ਇੰਤਜਾਮ ਸੀ । ਮੈਂ ਫਿਰ 15 ਸਾਲ ਪਿਛੇ ਚਲੇ ਜਾਂਦਾ। ਵੱਡੇ ਖੁਲੇ ਵਿਹੜੇ ਅਤੇ ਬ੍ਰਾਂਡੇ ‘ਚ ਮੰਜੀਆਂ ਡਿੱਠੀਆਂ । ਚਿੱਟੀਆਂ ਚਾਦਰਾਂ ਤੇ ਤੋਤੇ, ਮੋਰ ਤੇ ਫੁਲ, ਬੂਟੇ ਵੇਖ ਕੇ ਮੇਰੇ ਮਨ ਦਾ ਬਾਗ ਖਿੜ ਗਿਆ । ਮੈਂ ਕਈ ਚਿਰ ਵੇਖਦਾ ਰਿਹਾ ਤਾਂ ਕਿ ਇਹ ਮੇਰੇ ਅੰਦਰ ਵੱਸ ਜਾਵੇ, ਕਿਉਂਕਿ ਹੁਣ ਅਗਾਂਹ ਅਗਾਂਹ ਇਹ ਵੇਖਣ ਨੂੰ ਨਹੀਂ ਮਿਲਣਾ । ਪੈਲਸਾਂ ਦੇ ਢੋਲ ਢਮੱਕੇ ਤੇ ਲਿਫਾਫੇਬਾਜ਼ੀ ਤੋਂ ਤੰਗ ਆਏ ਨੇ ਸਿਰਾਹਣੇ ਪਈਆਂ ਪੱਖੀਆ ਝੱਲ ਝੱਲ ਵੇਖੀਆਂ । ਹੱਥ ਦੀਆਂ ਕੱਡੀਆਂ ਪੱਖੀਆਂ । ਮੈਂ ਮਲਵਈ ਨੂੰ ਪੁਛਿਆ , ਝਾਲਰ ਭਰਜਾਈ ਨੇ ਲਾਈ ਹੋਊ ? ਕਹਿੰਦਾ ਪਤਾ ਨਹੀਂ ਬਾਈ, ਉਝ ਕਹਿੰਦੇ ਘਰ ਦੇ ਕੰਮ ਨੂੰ ਸਚਾਰੀ ਬਹੁਤ ਆ । ਮੁੰਡਿਆਂ ਦੇ ਬਹਿਣ ਲਈ ਚੁਬਾਰ ਤੇ ਵੀ ਇੰਤਜਾਮ ਸੀ , ਬੰਦਿਆਂ ਦੀ ਗਿਣਤੀ ਤੋਂ ਵੱਧ ਮੰਜੇ ਡਾਹੇ ਹੋਏ ਸਨ । ਉਥੇ ਬਹਿਠਿਆਂ ਦਾ ਸੇਵਾ ਪਾਣੀ ਹੋਣ ਲੱਗਾ । ਸ਼ਰਾਬ ਵਾਲ ਕੰਮ ਹੈ ਨਹੀਂ ਸੀ । ਨਾਲੇ ਸਾਨੂੰ ਤਾਂ ਕੋਈ ਝਾਕ ਵੀ ਨਹੀਂ ਸੀ ।ਮਨਪ੍ਰੀਤ ਬਾਦਲ ਦਾ ਇਲਾਕਾ ਹੋਣ ਕਰਕੇ ਸਿਅਸੀ ਉਥਲ ਪੁਥਲ ਦੀਆਂ ਗੱਲਾਂ ਹੋਈਆਂ । ਬਾਦਲਾਂ ਨਾਲ ਲੋਕਾਂ ਦਾ ਨਿੱਜੀ ਵਰਤੋਂ ਵਿਹਾਰ ਹੈ ਕਈ ਅੰਦਰਲੀਆਂ ਗੱਲਾਂ ਦੀ ਚਰਚਾ ਹੋਈ । ਕੈਪਟਨ ਦੇ ਗੁਣ ਗਾਏ । ਅੰਗਰੇਜ ਦੇ ਰਾਜ ਦੀਆਂ ਗੱਲਾਂ ਚੱਲੀਆਂ ਪਰ ਮੁੱਖ ਬੁਲਾਰਾਦ ਲਿਤਾਂ ਦੀ ਹੋਣੀ ਤੇ ਚਿੰਤਾ ਪੇਸ਼ ਕਰਦਾ ਰਿਹਾ ।

ਏਨੇ ਨੂੰ ਭੰਡ ਆ ਗਏ, ਉਨ੍ਹਾਂ ਦੀਆਂ ਚੋਟਾਂ ਦਾ ਸਵਾਦ ਈ ਵੱਖਰਾ ਸੀ , ਮੈਨੂੰ ਲਾ ਕੇ ਉਨ੍ਹਾਂ ਇਕ ਗੱਲ ਕਹੀ ਜਿਸ ਤੋਂ ਮੁੰਡੇ ਮੈਨੂੰ ਬਾਅਦ ‘ਚ ਵੀ ਠਿਠ ਕਰਦੇ ਰਹੇ । ਮੈਂ ਹਰ ਪਲ ਜੀਵਿਆ , ਇਕ ਤੇ ਮੇਰੇ ਖਾਸ ਯਾਰ ਦਾ ਵਿਆਹ ਸੀ ਤੇ ਉਤੋਂ ਉਹ ਵੀ ਮੇਰੀ ਪਸੰਦ ਦਾ । ਮੈਨੂੰ ਆਪਣੀ ਪੈਂਟ ਕਮੀਜ ਤੇ ਬੈਲਟ 'ਤੇ ਖਿਜ ਆ ਰਹੀ ਸੀ । ਕਿਤੇ ਮੈਂ ਚਾਦਰ ਲਾਈ ਹੁੰਦੀ ਤੇ ਹੁੰਦੀ ਪੱਗ ਲੜ੍ਹ ਛੱਡ ਕੇ …ਪਤਾ ਲੱਗਣਾ ਸੀ ਕੋਈ ਮਝੈਲ ਜੰਝੇ ਆਇਆ।
 
ਮਲਵਈਆਂ ਦੇ ਕੁਝ ਰਿਵਾਜ ਸਾਡੇ ਤੋਂ ਬਿਲਕੁਲ ਈ ਵੱਖਰੇ ਨੇ । ਉਨ੍ਹਾਂ ‘ਚ ਮੈਂ ਖਾਸ ਨਿਨਵਾ ਲਿਆ । ਡੋਲੀ ਤੋਰ ਕੇ ਜਿਹੜੀ ਢਾਣੀ ਸਭ ਤੋਂ ਪਹਿਲਾਂ ਪਿੰਡ ਪਹੁੰਚ ਕੇ ਮੁੰਡੇ ਦੀ ਮਾਂ ਨੂੰ ਨਹੁ ਲੈ ਆਣ ਦੀ ਖਬਰ ਦੇਵੇ ਉਸ ਨੂੰ ਇਨਾਮ ਮਿਲਦਾ । ਖਾਣ-ਪੀਣ ਵਾਲਿਆਂ ਮੁੰਡਿਆਂ ਨੂੰ ਜਿਆਦੀ ਲਲਕ ਸੀ ਉਨ੍ਹਾਂ ਗੱਡੀ ਭਾਜਈ ਤੇ ਇਨਾਮ ਵੀ ਲਿਆ । ਉਸੇ ਇਨਾਮ ਦੀ ਰਾਤ ਨੂੰ ‘ਰਾਇਲ ਸਟੈਗ’ ਲਿਆਂਦੀ। ਨੇੜਲੇ ਪਿੰਡ ਮਝੈਲਾਂ (ਲਾਹੌਰੀਆਂ) ਦੇ ਹੋਣ ਕਰਕੇ ਘਰ ਦੀ ਕੱਡੀ ਵੀ ਚੰਗੀ ਮਿਲ ਜਾਂਦੀ ਹੈ । ਅੱਜ ਦੀ ਰਾਤ ਅਸੀਂ ਨੱਚਣਾ ਸੀ ਤੇ ਅਸੀਂ ਨੱਚੇ ……….ਮੇਰਾ ਹੱਥ ਕੰਨ ਤੇ ਸੀ ਤੇ ਬੋਲੀ ਤੇ ਬੋਲੀ ............

ਕਦੀ ਹੂੰ ਕਰ ਕੇ ………. 
ਕਦੇ ਹਾਂ ਕਰ ਕੇ ………. 
 ਗੇੜਾ ਦੇ ਦੇ ਨੀ ਮੁਟਿਆ ਰੇ ਲੰਮੀ ਬਾਂਹ ਕਰ ਕੇ ……….

ਚਰਨਜੀਤ  ਤੇਜਾ
ਲ਼ੇਖ਼ਕ ਕਾਗਜ਼ਾਂ 'ਚ ਪੱਤਰਕਾਰ ਹੈ ਪਰ ਅਮਲ 'ਚ 'ਲਟੋਰੀਬਾਜ਼ ਆਸ਼ਕ' ਹੈ। ਥਾਂ-ਥਾਂ ਲਟੋਰੀ ਤੇ ਥਾਂ ਥਾਂ ਇਸ਼ਕ(ਹਰ ਚੀਜ਼ ਨਾਲ)। ਉਸ ਲਈ ਪੀ ਏ ਯੂ ਲੁਧਿਆਣਾ ਤੋਂ ਲੇਹ-ਲਦਾਖ ਇਵੇਂ ਹੈ ਜਿਵੇਂ ਤਲਵੰਡਿਓਂ ਭਾਗੀਬਾਂਦਰ ਹੋਵੇ। ਬੰਦਾ ਖਤਰਨਾਕ ਹੈ ਪਰ ਚੰਗੇ ਬੰਦਿਆਂ ਦੀ ਯਾਰੀ ਕਾਰਨ ਬਚਿਆ ਹੋਇਐ :))

Saturday, August 23, 2014

ਇੰਡੀਅਨ ਵਰਕਰਜ਼ ਐਸੋਸੀਏਸ਼ਨ (ਜੀ.ਬੀ.) ਵਲੋਂ ਗਾਜ਼ਾ ਦੇ ਹੱਕ 'ਚ ਮੁਜ਼ਾਹਰੇ

ਲੰਡਨ ਵਿਚ ਬਹੁਤ ਸਾਰੀਆਂ ਲੋਕ ਹਿੱਤੂ ਤੇ ਅਗਾਂਹਵਧੂ ਜਥੇਬੰਦੀਆਂ ਨੇ ਇਜ਼ਰਾਇਲ ਵਲੋਂ ਗਾਜ਼ਾ ਦੇ ਫ਼ਲਸਤੀਨੀ ਲੋਕਾਂ ਉਪਰ ਜ਼ੋਰਦਾਰ ਹਮਲੇ ਕਰਕੇ ਤੇ ਹਜ਼ਾਰਾਂ ਲੋਕਾਂ ਦਾ ਕਤਲੇਆਮ ਕਰਕੇ ਸਮੁੱਚੇ ਇਲਾਕੇ ਨੂੰ ਆਪਣੀ ਮਿਲਟਰੀ ਤੇ ਹਵਾਈ ਫ਼ੌਜ ਰਾਹੀਂ ਬੰਬਾਂ ਨਾਲ ਤਬਾਹ ਕੀਤੇ ਜਾਣ ਦੇ ਖ਼ਿਲਾਫ਼ ਬਹੁਤ ਵੱਡਾ ਮੁਜ਼ਾਹਰਾ ਕੀਤਾ ਗਿਆ।ਜਿਸ ਵਿਚ ਵੱਖ-ਵੱਖ ਧਰਮਾਂ, ਨਸਲਾਂ ਤੇ ਅਗਾਂਹਵਧੂ ਇਨਸਾਫ਼ਪਸੰਦ ਲੋਕਾਂ ਨੇ ਹਿੱਸਾ ਲਿਆ।ਮੁਜ਼ਾਹਰੇ ਵਿਚ ਡੇਢ ਲੱਖ ਤੋਂ ਵੀ ਵੱਧ ਲੋਕ ਹਾਜ਼ਰ ਸਨ ਜਿਨ੍ਹਾਂ ਨੇ ਇਜ਼ਰਾਈਲ ਦੇ ਜ਼ੁਲਮਾਂ ਖ਼ਿਲਾਫ਼ ਡੱਟ ਕੇ ਪ੍ਰਦਰਸ਼ਨ ਕੀਤਾ।

ਇੰਡੀਅਨ ਵਰਕਰਜ਼ ਐਸੋਸੀਏਸ਼ਨ (ਜੀ.ਬੀ.) ਦੇ ਸਾਥੀਆਂ ਨੇ ਵੀ ਮੁਜ਼ਾਹਰੇ ਵਿਚ ਹਿੱਸਾ ਲੈ ਕੇ ਉਨ੍ਹਾਂ ਜ਼ੁਲਮ ਦੇ ਸ਼ਿਕਾਰ ਹੋਏ ਲੋਕਾਂ ਦੇ ਹੱਕ ਵਿਚ ਆਵਾਜ਼ ਉਠਾਈ। ਸਾਥੀਆਂ ਵਲੋਂ ਤਿੰਨ ਹਜ਼ਾਰ ਤੋਂ ਵੀ ਉਪਰ ਇਕ ਸਟੇਟਮੈਂਟ ਵੰਡੀ ਗਈ ਅਤੇ ਆਮ ਲੋਕਾਂ ਨਾਲ ਇਸ ਜ਼ੁਲਮ ਦੇ ਖ਼ਿਲਾਫ਼ ਵਿਚਾਰ ਵਟਾਂਦਰਾ ਕੀਤਾ ਗਿਆ। ਆਪਣੀ ਸਟੇਟਮੈਂਟ ਵਿਚ ਦੱਸਿਆ ਕਿ ਕਿਵੇਂ ਅਮਰੀਕਾ ਤੇ ਇੰਗਲੈਂਡ ਦੀ ਸ਼ਹਿ 'ਤੇ ਇਜ਼ਰਾਈਲ ਦੀ ਫਾਸ਼ੀਵਾਦੀ ਸਰਕਾਰ ਦਹਾਕਿਆਂ ਤੋਂ ਨਿਹੱਥੇ ਫ਼ਲਸਤੀਨੀ ਲੋਕਾਂ ਦਾ ਕਤਲੇਆਮ ਕਰ ਰਹੀ ਹੈ ਤੇ ਸਾਰੇ ਪਾਸਿਆਂ ਤੋਂ ਇਲਾਕੇ ਦੀ ਘੇਰਾਬੰਦੀ ਕਰਕੇ ਸਾਰੇ ਦੇਸ਼ ਨੂੰ ਇਕ ਤਰ੍ਹਾਂ ਨਾਲ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਹੈ।

ਅਮਰੀਕੀ ਸਾਮਰਾਜੀਏ ਤੇ ਇਨ੍ਹਾਂ ਦੇ ਪਿੱਛਲੱਗ ਇੰਗਲੈਂਡ ਦੀ ਸਰਕਾਰ ਜਦੋਂ ਸਾਲ 2000 ਤੋਂ ਗਾਜ਼ਾ ਦੇ ਇਲਾਕੇ ਵਿਚ ਬਹੁਤ ਵੱਡੇ ਕੁਦਰਤੀ ਗੈਸ ਭੰਡਾਰਾਂ ਦੀ ਖੋਜ ਹੋਈ ਹੈ ਓਦੋਂ ਤੋਂ ਹੀ ਇਨ੍ਹਾਂ ਸਾਮਰਾਜੀਆਂ ਦੇ ਮੂੰਹਾਂ ਵਿੱਚੋਂ ਰਾਲਾਂ ਟਪਕ ਰਹੀਆਂ ਹਨ ਕਿ ਕਿਵੇਂ ਨਾ ਕਿਵੇਂ ਇਨ੍ਹਾਂ ਲੋਕਾਂ ਨੂੰ ਕੰਮਜ਼ੋਰ ਕਰਕੇ ਤੇ ਕਤਲ ਕਰਕੇ ਇਨ੍ਹਾਂ ਕੁਦਰਤੀ ਖਣਿਜਾਂ ਨਾਲ ਭਰਪੂਰ ਇਲਾਕਿਆਂ 'ਤੇ ਕਬਜ਼ਾ ਕਰਕੇ ਸਾਰਾ ਕੁਝ ਲੁੱਟ ਕੇ ਇਨ੍ਹਾਂ ਦੀਆਂ ਤਿਜੌਰੀਆਂ 'ਚ ਆ ਜਾਏ।ਬਿਲਕੁਲ ਉਸੇ ਤਰ੍ਹਾਂ ਜਿਵੇਂ ਹਿੰਦੁਸਤਾਨ ਦੀ ਫਾਸ਼ੀਵਾਦੀ ਸਰਕਾਰ ਮੁਲਕ ਦੇ ਕੇਂਦਰੀ ਹਿੱਸੇ ਤੇ ਝਾਰਖੰਡ-ਉੜੀਸਾ ਦੇ ਇਲਾਕਿਆਂ ਵਿਚ ਸਦੀਆਂ ਤੋਂ ਵਸਦੇ ਲੋਕਾਂ 'ਤੇ ਤਸ਼ੱਦਦ ਕਰਕੇ ਲੋਕਾਂ ਦਾ ਕਤਲੇਆਮ ਕਰਕੇ ਪਿੰਡਾਂ ਦੇ ਪਿੰਡ ਉਜਾੜ ਕੇ ਉੱਥੋਂ ਦੇ ਅਰਬਾਂ ਖ਼ਰਬਾਂ ਦੇ ਖਣਿਜ ਪਦਾਰਥ ਆਪਣੇ ਚਹੇਤੇ ਕਾਰਪੋਰੇਟ ਸਰਮਾਏਦਾਰਾਂ ਨੂੰ ਲੁਟਾਉਣਾ ਚਾਹੁੰਦੀ ਹੈ।

ਅਮਰੀਕਾ ਤੇ ਇੰਗਲੈਂਡ ਵਲੋਂ ਅਰਬਾਂ ਪੌਂਡਾਂ ਦੇ ਹਥਿਆਰ ਇਜ਼ਰਾਈਲ ਨੂੰ ਦਿੱਤੇ ਜਾ ਰਹੇ ਹਨ ਤਾਂ ਕਿ ਉਹ ਅਰਬ ਦੇ ਲੋਕਾਂ ਨੂੰ ਦਬਾ ਕੇ ਤੇ ਕਮਜ਼ੋਰ ਕਰਕੇ ਆਪਣੀ ਲੁੱਟ ਨੂੰ ਆਸਾਨ ਬਣਾਇਆ ਜਾ ਸਕਣ। ਅੱਜ ਜਦੋਂ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਲੋਕ ਇਸ ਜ਼ੁਲਮ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਤਦ ਹਿੰਦੁਸਤਾਨ ਦੀ ਮੋਦੀ ਸਰਕਾਰ ਇਜ਼ਰਾਈਲ ਦਾ ਇਸ ਜ਼ੁਲਮ ਵਿਚ ਡੱਟ ਕੇ ਸਾਥ ਦੇ ਰਹੀ ਹੈ।ਹਿੰਦੁਸਤਾਨੀ ਸਰਕਾਰ ਦੇ ਨੁਮਾਇੰਦੇ ਸ਼ਰੇਆਮ ਬਿਆਨ ਦੇ ਰਹੇ ਹਨ ਕਿ ਇਜ਼ਰਾਈਲ ਵਲੋਂ ਫ਼ਲਸਤੀਨੀ ਲੋਕਾਂ ਦਾ ਕਤਲੇਆਮ ਬਿਲਕੁਲ ਸਹੀ ਹੈ, ਕਿਉਂਕਿ ਮੁਸਲਮਾਨ ਦਹਿਸ਼ਤਪਸੰਦੀ 'ਚ ਯਕੀਨ ਰੱਖਦੇ ਹਨ ਇਸ ਕਰਕੇ ਇਨ੍ਹਾਂ ਨੂੰ ਦਬਾਉਣਾ ਜ਼ਰੂਰੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਉਹ ਹਿੰਦੁਸਤਾਨ 'ਚ ਵੀ ਅਜਿਹਾ ਕਰਨ ਦੀ ਸੋਚ ਰਹੇ ਹਨ।

ਹਿੰਦੁਸਤਾਨ ਦੀ ਮੋਦੀ ਸਰਕਾਰ ਨੇ ਵੀ ਆਪਣਾ ਅਸਲੀ ਚਿਹਰਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।ਉਨ੍ਹਾਂ ਨੇ ਘੱਟਗਿਣਤੀਆਂ, ਕੌਮਾਂ, ਦਲਿਤਾਂ ਤੇ ਆਦਿਵਾਸੀਆਂ ਦੇ ਖ਼ਿਲਾਫ਼ ਆਪਣੀ ਲੜਾਈ ਤੇਜ਼ ਕਰਨ ਦੇ ਮਨਸੂਬੇ ਬਣਾ ਰੱਖੇ ਹਨ।
ਅੱਜ ਮੋਹਨ ਭਾਗਵਤ ਤੇ ਤੋਗੜੀਆ ਵਰਗੇ ਫਾਸ਼ੀਵਾਦੀ ਹਿੰਦੂ ਲੀਡਰਾਂ ਦੇ ਬਿਆਨ ਇਸ ਸਰਕਾਰ ਦੀ ਨੀਤੀ ਨੂੰ ਸਪਸ਼ਟ ਕਰ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਹਿੰਦੁਸਤਾਨ 'ਚ ਸਿੱਖਾਂ, ਮੁਸਲਮਾਨਾਂ, ਈਸਾਈਆਂ ਤੇ ਆਦਿਵਾਸੀਆਂ-ਦਲਿਤਾਂ ਤੇ ਹੋਰ ਕਮਜ਼ੋਰ ਵਰਗਾਂ ਦੇ ਲੋਕਾਂ ਦੇ ਹਿੱਤ ਬਿਲਕੁਲ ਸੁਰੱਖਿਅਤ ਨਹੀਂ।

ਓਪਰੇਸ਼ਨ ਗ੍ਰੀਨ ਹੰਟ ਤੇ ਹੋਰ ਫਾਸ਼ੀਵਾਦੀ ਮੁਹਿੰਮਾਂ ਤੇ ਕਾਨੂੰਨਾਂ ਰਾਹੀਂ ਹਿੰਦੁਸਤਾਨ ਦੀ ਸਰਕਾਰ ਆਪਣੇ ਲੋਕਾਂ 'ਤੇ ਅੰਨ੍ਹਾ ਤਸ਼ੱਦਦ ਕਰ ਰਹੀ ਹੈ। ਸਰਕਾਰ ਦੇ ਇਨ੍ਹਾਂ ਜ਼ੁਲਮਾਂ ਦੇ ਖ਼ਿਲਾਫ਼ ਲੜ ਰਹੇ ਲੋਕਾਂ ਨੂੰ ਦਬਾਉਣ ਲਈ ਇਜ਼ਰਾਈਲ ਦੀ ਸਰਕਾਰ ਤੇ ਉਸ ਦੀਆਂ ਮੋਸਾਦ ਵਰਗੀਆਂ ਏਜੰਸੀਆਂ ਜਿਥੇ ਹਿੰਦੁਸਤਾਨੀ ਸਰਕਾਰ ਦੀ ਮੱਦਦ ਕਰ ਰਹੀਆਂ ਹਨ ਉਥੇ ਹਿੰਦੁਸਤਾਨ ਇਜ਼ਰਾਈਲ ਕੋਲੋਂ ਕਰੋੜਾਂ ਪੌਂਡਾਂ ਦੇ ਹਥਿਆਰ ਵੀ ਖ਼ਰੀਦ ਰਿਹਾ ਹੈ।

ਯਾਦ ਰਹੇ ਪਿੱਛੇ ਜਹੇ ਬਾਦਲ ਸਰਕਾਰ ਨੇ ਵੀ ਪੰਜਾਬ ਦੇ ਲੋਕਾਂ 'ਤੇ ਜ਼ੁਲਮ ਢਾਹੁਣ ਲਈ ਇਜ਼ਰਾਈਲ ਤੋਂ ਨਵੀਂਆਂ ਜ਼ਾਲਮਾਨਾ ਤਕਨੀਕਾਂ ਸਿੱਖਣ ਲਈ ਆਪਣੀ ਪੁਲਿਸ ਦੇ ਨੁਮਾਇੰਦੇ ਇਜ਼ਰਾਈਲ ਭੇਜੇ ਸਨ।

ਅੱਜ ਹਿੰਦੁਸਤਾਨ ਦੇ ਈਮਾਨਦਾਰ ਤੇ ਅਗਾਂਹਵਧੂ ਲੋਕਾਂ ਨੂੰ ਇਸ ਲੁੱਟਖਸੁੱਟ ਤੇ ਜਬਰ ਦੇ ਖ਼ਿਲਾਫ਼ ਅਤੇ ਦੁਨੀਆਂ ਦੇ ਦੱਬੇ-ਕੁਚਲੇ ਲੋਕਾਂ ਦੇ ਨਾਲ ਖੜ੍ਹਨ ਲਈ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਜੀ.ਬੀ.) ਖੁੱਲ੍ਹਾ ਸੱਦਾ ਦਿੰਦੀ ਹੈ।

ਹੋਰ ਜਾਣਕਾਰੀ ਇਨ੍ਹਾਂ ਫ਼ੋਨ ਨੰਬਰਾਂ 'ਤੇ ਸੰਪਰਕ ਕਰੋ

 ਚਰਨ ਅਟਵਾਲ, ਪ੍ਰੈਜ਼ੀਡੈਂਟ (ਕੇਂਦਰੀ ਜਥੇਬੰਦਕ ਕਮੇਟੀ)
ਆਈ.ਡਬਲਯੂ.ਏ. (ਜੀ.ਬੀ.)
ਫ਼ੋਨ: 07779-144977

 ਲੇਖਰਾਜ ਪਾਲ, ਜਨਰਲ ਸਕੱਤਰ (ਕੇਂਦਰੀ ਜਥੇਬੰਦਕ ਕਮੇਟੀ)
ਆਈ.ਡਬਲਯੂ.ਏ. (ਜੀ.ਬੀ.) ਫ਼ੋਨ: 07550-662739

ਚਿੱਠੀ-ਪਤਰ ਲਈ ਪਤਾ: 
IWA(GB) P.O. Box 8175, DERBY, DE1 9HW
E-mail: iwagb1938@hotmail.com

Friday, August 1, 2014

'ਕਲਮ' ਨਾਲ ਵਾਰ ਕਰਨ ਵਾਲਾ ਸਾਡਾ 'ਕਮਲ ਪ੍ਰਧਾਨ'

'ਕਮਲ ਬਠਿੰਡੇ ਪ੍ਰੈਸ ਕਲੱਬ ਦਾ ਪ੍ਰਧਾਨ ਬਣ ਗਿਐ'। ਮੈਂ ਇੱਥੇ ਮਲਵਈਆਂ ਦੀ ਬੂਥ ਕੈਪਚਰਿੰਗ ਰੁਕਵਾਉਣ ਆਇਆ ਸੀ :))। ਚਰਨਜੀਤ ਤੇਜਾ ਮੌਬਾਇਲ 'ਤੇ ਇਕੋ ਸਾਹੇ ਸਭ ਕੁਝ ਦੱਸ ਰਿਹੈ।

ਮੈਂ ਆਦਤ ਮੁਤਾਬਕ ਵਧਾਈਆਂ ਤੋਂ ਬਾਅਦ ਕਮਲ ਨੂੰ ਬਿਨਾਂ ਪੁੱਛੈ ਗਿਆਨ ਦੇਣਾ ਸ਼ੁਰੂ ਕੀਤਾ 'ਯਾਰ ਪ੍ਰੈਸ ਕਲੱਬ ਕਲਚਰ ਦੀਆਂ ਕੋਈ ਨਵੀਆਂ ਲੀਹਾਂ ਪਾਓ'। ਬਾਹਰੋਂ ਚੰਗੇ ਪੱਤਰਕਾਰ ਬੁਲਾ ਕੇ ਚਰਚਾਵਾਂ-ਚਰਚੂਵਾਂ ਕਰਵਾਉਣੀਆਂ ਸ਼ੁਰੂ ਕਰੋ। ਸਾਡੀ ਪੀੜ੍ਹੀ ਨੂੰ ਪਤਾ ਲੱਗੈ ਕਿ ਪੰਜਾਬ ਤੇ ਬਠਿੰਡੇ ਦਾ ਦਿੱਲੀ ਨਾਲ ਕੀ ਰਿਸ਼ਤੈ ?

ਪੰਜਾਬ ਤੇ ਮਾਲਵੇ ਦੇ ਥੋੜ੍ਹੇ  ਚੰਗੇ ਪੱਤਰਕਾਰਾਂ 'ਚੋਂ ਕਮਲਦੀਪ ਸਿੰਘ ਬਰਾੜ ਇਕ ਐ। ਹਿੰਦੋਸਤਾਨ ਟਾਈਮਜ਼ ਅਖ਼ਬਾਰ ਨਾਲ ਕੰਮ ਕਰਦੈ। ਬਠਿੰਡਾ ਪ੍ਰੈਸ ਕੱਲਬ ਦੀ ਪਹਿਲੀ ਚੋਣ 'ਚ ਪਹਿਲਾ ਪ੍ਰਧਾਨ ਚੁਣਿਆ ਗਿਐ।

ਤੇਜੇ ਨਾਲ ਯਾਰੀ ਲੱਗਣ ਤੋਂ ਬਾਅਦ ਦੋਸਤ ਸਾਂਝੇ ਹੋਏ। ਜਿਨ੍ਹਾਂ 'ਚ ਰਾਜਨੀਤੀ ਤੇ ਵਿਚਾਰਕ ਚਰਚਾ ਸਾਂਝੀ ਸੀ ਉਹ ਜ਼ਿਆਦਾ ਗੂੜ੍ਹੇ ਸਾਂਝੇ ਹੋ ਗਏ। ਕਮਲ ਨਾਲ ਹਰ ਮੁਲਾਕਾਤ ਤੇ ਹਰ ਪ੍ਰੋਗਰਾਮ 'ਤੇ ਸਿਆਸੀ ਚੁੰਝ ਚਰਚਾ ਹੁੰਦੀ ਰਹੀ ਹੈ।
Kamal Brar,Charanjeet Teja and Bharat Khanna

'ਦ ਟ੍ਰਿਬਿਊਨ' ਵਾਲੇ ਸਰਬਜੀਤ ਧਾਲੀਵਾਲ ਭਾਜੀ ਕੋਲ ਸਾਡਾ ਇਕ ਦੋਸਤ ਇੰਟਰਵਿਊ ਦੇਣ ਆਇਆ। ਓਨ੍ਹਾਂ ਪੱਤਰਕਾਰਾਂ ਬਾਰੇ ਪੁੱਛਿਆ ਓਹਨੇ ਇਕ ਸਾਂਝੇ ਦੋਸਤ ਦਾ ਨਾਂਅ ਲੈ ਦਿੱਤਾ।ਭਾਜੀ ਕਹਿੰਦੇ 'ਫੇਰ ਤਾਂ ਤੂੰ ਓਹਨੂੰ ਜਾਣਦਾ ਹੋਵੇਂਗਾ। ਫਲਾਨੇ ਨੂੰ ਵੀ ਜਾਣਦਾ ਹੋਏਂਗਾ।ਅੱਛਾ ਓਹ ਤਾਂ ਫੇਰ ਜਾਣਦਾ ਹੀ ਹੋਊ। ਮੈਨੂੰ ਮਜ਼ਾਕ 'ਚ ਕਹਿੰਦੇ ਮੈਂ ਇਕ ਦੇ ਨਾਂਅ ਨਾਲ ਹੀ ਹਿਸਾਬ ਲਾ ਲਿਆ ਸੀ ਕਿ ਇਹ ਸਾਡੀ ਜਨਤਾ ਆਲਾ ਹੀ ਗੈਂਗ ਐ।

ਕਈ ਮਸਲਿਆਂ 'ਚ ਬਠਿੰਡਾ ਪੰਜਾਬ ਦੀ ਦੂਜੀ ਰਾਜਧਾਨੀ ਬਣ ਚੱਕਿਐ। ਪਹਿਲੀ ਰਾਜਧਾਨੀ ਵਾਲੇ ਪ੍ਰੈਸ ਕਲੱਬ ਕੋਲ ਸਿਰਫ਼ ਬੁਨਿਆਦੀ ਢਾਂਚੇ 'ਚ ਨੰਬਰ ਵਨ ਹੋਣ ਤਮਗਾ ਹੈ। ਉਮੀਦ ਹੈ ਕਮਲ ਦੀ ਅਗਵਾਈ 'ਚ ਬਠਿੰਡਾ ਪ੍ਰੈਸ ਕਲੱਬ ਬੁਨਿਆਦੀ ਢਾਂਚਾ ਦੇ ਨਾਲ ਨਾਲ ਪੱਤਰਕਾਰੀ ਦੀ ਬੁਨਿਆਦ ਮਜ਼ਬੂਤ ਕਰੇਗਾ'।

ਇਹ ਬੀ ਜੇ ਪੀ ਦਾ ਕਮਲ ਨਹੀਂ 'ਸਾਡਾ ਕਮਲ' ਹੈ। ਇਸ ਲਈ 'ਕਮਲ ਪ੍ਰਧਾਨ' ਤੋਂ ਸਾਨੂੰ ਪੂਰੀਆਂ ਉਮੀਦਾਂ ਹਨ ਕਿ ਉਹ ਬਠਿੰਡੇ ਦੀ ਪੱਤਰਕਾਰੀ ਦੇ 'ਅੱਛੇ ਦਿਨ' ਜ਼ਰੂਰ ਲਿਆਵੇਗਾ। ਨਾਲੇ ਇਹਦੇ ਕੋਲ ਤਜ਼ਰਬਾ ਵੱਡੈ 'ਇਹ ਮਾਲਵੇ 'ਚ ਪੈਦਾ ਹੋਇਆ, ਦੁਆਬੇ 'ਚ ਪੜ੍ਹਿਆ ਤੇ ਬੜੇ ਸਿਰੇ ਦੇ ਮਝੈਲ ਕਮਲ ਦੇ ਯਾਰ ਨੇ :))।

ਯਾਦਵਿੰਦਰ ਕਰਫਿਊ



ਖ਼ਬਰ:-ਬਠਿੰਡਾ ਪ੍ਰੈਸ ਕਲੱਬ 'ਤੇ ਬਰਾੜ ਗਰੁੱਪ ਦਾ ਹੋਇਆ ਕਬਜਾ
ਬਠਿੰਡਾ 31 ਜੁਲਾਈ (ਅਨਿਲ ਵਰਮਾਬਠਿੰਡਾ ਪ੍ਰੈਸ ਕਲੱਬ ਰਜਿ. ਲਈ ਪਈਆਂ ਵੋਟਾਂ ਦੌਰਾਨ ਕਮਲਦੀਪ ਸਿੰਘ ਬਰਾੜ ਦੇ ਗਰੁੱਪ ਨੂੰ ਬਹੁ ਸੰਮਤੀ ਹਾਸਲ ਹੋਈ ਤੇ ਪ੍ਰੈਸ ਕਲੱਬ ਤੇ ਬਰਾੜ ਗਰੁੱਪ ਨੇ ਕਬਜਾ ਕਰ ਲਿਆ। ਮੀਤ ਪ੍ਰਧਾਨ ਹਰੀਕ੍ਰਿਸ਼ਨ ਸ਼ਰਮਾ, ਜੁਆਇੰਟ ਸੈਕਟਰੀ ਐਸਐਸ ਸੋਨੂੰ ਅਤੇ ਕੈਸ਼ੀਅਰ ਪਵਨ ਜਿੰਦਲ ਜਿੱਥੇ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਸਨ ਉਥੇ ਹੀ ਪਿਛਲੇ ਤਿਨ ਦਿਨਾਂ ਤੋਂ ਚੱਲੀਆਂ ਚੋਣ ਸਰਗਰਮੀਆਂ ਦੌਰਾਨ ਅੱਜ ਰਿਟਰਨਿੰਗ ਅਫਸਰ ਆਕਾਸ਼ਵਾਣੀ ਦੇ ਡਾਇਰੈਕਟਰ ਰਾਜੀਵ ਅਰੋੜਾ ਦੀ ਮੌਜੂਦਗੀ ਵਿੱਚ ਪਈਆਂ ਵੋਟਾਂ ਵਿੱਚ ਪ੍ਰਧਾਨ ਕਮਲਦੀਪ ਸਿੰਘ ਬਰਾੜ ਨੇ ਆਪਣੇ ਵਿਰੋਧੀ ਪਰਮਿੰਦਰਜੀਤ ਸ਼ਰਮਾ ਨੂੰ 33 ਦੇ ਮੁਕਾਬਲੇ 90 ਵੋਟਾਂ ਹਾਸਲ ਕਰਕੇ 57 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਸੀਨੀਅਰ ਮੀਤ ਪ੍ਰਧਾਨ ਦੇ ਅਹੁੱਦੇ ਲਈ ਯਸ਼ਪਾਲ ਵਰਮਾ ਨੇ ਆਪਣੇ ਵਿਰੋਧੀ ਅਵਤਾਰ ਸਿੰਘ ਕੈਂਥ ਨੂੰ ਪਈਆਂ 41 ਵੋਟਾਂ ਦੇ ਮੁਕਾਬਲੇ 79 ਵੋਟਾਂ ਹਾਸਲ ਕਰਕੇ 38 ਵੋਟਾਂ ਦੇ ਫਰਕ ਨਾਲ ਹਰਾਇਆ ਜਦੋਂ ਕਿ ਦਫਤਰ ਸੈਕਟਰੀ ਦੇ ਅਹੁੱਦੇ ਲਈ ਅਨਿਲ ਵਰਮਾ ਨੇ ਆਪਣੇ ਵਿਰੋਧੀ ਰਾਜਿੰਦਰ ਅਬਲੂ ਨੂੰ ਪਈਆਂ 34 ਵੋਟਾਂ ਦੇ ਮੁਕਾਬਲੇ 82 ਵੋਟਾਂ ਹਾਸਲ ਕਰਕੇ 48 ਵੋਟਾਂ ਦੇ ਫਰਕ ਨਾਲ ਹਰਾਇਆ। ਇਹਨਾਂ ਤਿੰਨਾਂ ਉਮੀਦਵਾਰਾਂ ਦੇ ਜਿੱਤਣ ਨਾਲ ਪ੍ਰੈਸ ਕਲੱਬ ਦੇ 7 ਅਹੁੱਦਿਆਂ ਚੋਂ 6 ਅਹੁੱਦਿਆਂ ਤੇ ਰਿਕਾਰਡ ਵੋਟਾਂ ਨਾਲ ਜਿੱਤ ਹਾਸਲ ਕਰਕੇ ਕਬਜਾ ਕੀਤਾ ਜਦੋਂ ਕਿ ਆਜਾਦ ਊਮੀਦਵਾਰ ਗੁਰਪ੍ਰੇਮ ਸਿੰਘ ਲਹਿਰੀ ਨੇ ਆਪਣੇ ਵਿਰੋਧੀ ਰਾਕੇਸ਼ ਕੁਮਾਰ ਨੂੰ ਪਈਆਂ 52 ਵੋਟਾਂ ਦੇ ਮੁਕਾਬਲੇ 69 ਵੋਟਾਂ ਹਾਸਲ ਕਰਕੇ 17 ਵੋਟਾਂ ਨਾਲ ਜਿੱਤ ਹਾਸਲ ਕੀਤੀ। ਬਠਿੰਡਾ ਪ੍ਰੈਸ ਕਲੱਬ ਦੇ 128 ਕੁੱਲ ਵੋਟਰਾਂ ਵਿੱਚੋਂ 124 ਵੋਟਾਂ ਪੋਲ ਹੋਈਆਂ ਜਿਸ ਵਿੱਚ ਵੱਖ ਵੱਖ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਰਿਟਰਨਿੰਗ ਅਫਸਰ ਵੱਲੋਂ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਪ੍ਰਧਾਨ ਸਮੇਤ ਸਮੂਹ ਅਹੁੱਦੇਦਾਰਾਂ ਦੀ ਜਿੱਤ ਤੇ ਵਰਕਰਾਂ ਵੱਲੋਂ ਢੋਲ ਦੀ ਥਾਪ ਤੇ ਖੁਸ਼ੀ ਮਨਾਈ ਤੇ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਪਹੁੰਚ ਕੇ ਬਠਿੰਡਾ ਪ੍ਰੈਸ ਕਲੱਬ ਰਜਿ. ਦੀ ਚੜਦੀਕਲਾ ਦੀ ਅਰਦਾਸ ਕੀਤੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਨਿਯੁਕਤ ਪ੍ਰਧਾਨ ਕਮਲਦੀਪ ਸਿੰਘ ਬਰਾੜ ਨੇ ਕਿਹਾ ਕਿ ਇਹ ਜਿੱਤ ਬਠਿੰਡਾ ਪ੍ਰੈਸ ਕਲੱਬ ਦੇ ਪੂਰੇ ਪਰਿਵਾਰ ਦੀ ਜਿੱਤ ਹੈ ਤੇ ਅੱਜ ਬਠਿੰਡਾ ਪ੍ਰੈਸ ਲਈ ਖੁਸ਼ੀ ਦਾ ਦਿਨ ਹੈ ਕਿਊਂਕਿ ਪਿਛਲੇ ਲੰਬੇ ਸਮੇਂ ਤੋਂ ਕਲੱਬ ਦੀ ਕਦੇ ਲੋਕਤੰਤਰਿਕ ਤਰੀਕੇ ਨਾਲ ਚੋਣ ਨਹੀਂ ਹੋਈ ਸੀ ਤੇ ਇਸ ਚੋਣ ਪ੍ਰਕ੍ਰਿਆ ਵਿੱਚ ਸਮੂਹ ਵੋਟਰਾਂ, ਸਮਰੱਥਕਾਂ ਅਤੇ ਮਾਰਗਦਰਸ਼ਕ ਮੈਂਬਰਾਂ ਵੱਲੋਂ ਉਤਸਾਹਪੂਰਵਕ ਹਿੱਸਾ ਲਿਆ ਗਿਆ। ਦੱਸਣਯੋਗ ਹੈ ਕਿ 28 ਜੁਲਾਈ ਨੂੰ ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ, 29 ਜੁਲਾਈ ਨੂੰ ਕੋਈ ਨਾਮ ਵਾਪਸੀ ਨਾ ਹੋਣ ਕਰਕੇ ਚਾਰ ਅਹੁੱਦਿਆਂ ਲਈ 8 ਉਮੀਦਵਾਰ ਚੋਣ ਮੈਦਾਨ ਵਿੱਚ ਡਟੇ ਸਨ।