ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, April 11, 2013

‘ਸਾਡਾ ਹੱਕ’, ਸਾਡਾ ਸੱਚ--ਅਜਮੇਰ ਸਿੰਘ

16 ਮਾਰਚ ਨੂੰ ਅੰਮ੍ਰਿਤਸਰ ਵਿਖੇ ਫਿਲਮ ‘ਸਾਡਾ ਹੱਕ’ ਦਾ ਪ੍ਰੀਵਿਊ ਦੇਖਣ ਉਪਰੰਤ ਮੈਂ ਇਸ ਨਿਸਚਤ ਨਿਰਣੇ ‘ਤੇ ਅੱਪੜ ਗਿਆ ਸੀ ਕਿ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਭਲੇ ਹੀ ਅਖੀਰ ਵਿਚ ਹਰੀ ਝੰਡੀ ਦੇ ਦਿਤੀ ਹੈ, ਪ੍ਰੰਤੂ ਇਸ ਨੂੰ ‘ਵਿਰੋਧੀਆਂ’ ਨੇ ਸਿਨੇਮਾ ਘਰਾਂ ਅੰਦਰ ਚੱਲਣ ਨਹੀਂ ਦੇਣਾ, ਉਹ ਇਸ ਉਤੇ ਕਿਸੇ ਨਾ ਕਿਸੇ ਬਹਾਨੇ ਰੋਕ ਲਾ ਦੇਣਗੇ।

ਇਸ ਦੇਸ ਅੰਦਰ ਘੱਟਗਿਣਤੀ ਭਾਈਚਾਰਿਆਂ ਦੀ ਆਵਾਜ਼ ਨੂੰ ਦਬਾਉਣ ਲਈ ਬਹਾਨੇ ਘੜਨੇ ਹਾਕਮਾਂ ਲਈ ਖੱਬੇ ਹੱਥ ਦੀ ਖੇਡ ਹੈ। ਕਹਿੰਦੇ ਨੇ ਚਾਰ ਅਪਰੈਲ ਦੀ ਸ਼ਾਮ ਨੂੰ ਪੰਜਾਬ ਸਕੱਤਰੇਤ ਅੰਦਰ ਪੰਜਾਬ ਸਰਕਾਰ ਦੇ ਛੇ ਚੋਟੀ ਦੇ ਸਿਵਲ ਤੇ ਪੁਲਸ ਅਫਸਰਾਂ ਨੇ ਫਿਲਮ ਦੇਖੀ ਅਤੇ ਸਰਕਾਰ ਨੂੰ ਫੌਰੀ ਇਸ ਉਤੇ ਪਾਬੰਦੀ ਲਾਉਣ ਦੀ ਸਿਫ਼ਾਰਸ਼ ਕਰ ਦਿਤੀ। ਪੰਜਾਬ ਸਰਕਾਰ ਦੀ ਕੀ ਮਜ਼ਾਲ ਸੀ ਕਿ ਉਹ ਆਪਣੇ ਚੋਟੀ ਦੇ ਅਫਸਰਾਂ ਦੀ ਸਿਫਾਰਸ਼ ਨਾ ਮੰਨਦੀ। ਕਿਉਂਕਿ ਇਹ ਅਫਸਰ ਕੋਈ ਐਰੇ ਗੈਰੇ ਨਹੀਂ। ਇਹ ਉਹੀ ਅਫਸਰ ਹਨ ਫਿਲਮ ਅੰਦਰ ਜਿਨ੍ਹਾਂ ਦੇ ਵਹਿਸ਼ੀ ਕਾਰਨਾਮਿਆਂ ਨੂੰ ਬੇਪੜਦ ਕੀਤਾ ਗਿਆ ਹੈ ਅਤੇ ਜਿਸ ਨੂੰ ਦੇਖ ਕੇ ਨਾ ਸਿਰਫ਼ ਹਰੇਕ ਸਿੱਖ ਦਾ, ਬਲਕਿ ਹਰੇਕ ਇਨਸਾਫ਼ਪਸੰਦ ਵਿਅਕਤੀ ਦਾ ਖ਼ੂਨ ਖੌਲ ਉਠਦਾ ਹੈ। ਏਨ੍ਹਾਂ ਜ਼ਾਲਮ ਅਫਸਰਾਂ ਅੰਦਰ ਏਨੇ ਵਹਿਸ਼ੀ ਅਤਿਆਚਾਰ ਕਰਨ ਤੋਂ ਬਾਅਦ ਵੀ ਜੇਕਰ ਇਨਸਾਨੀਅਤ ਦਾ ਥੋੜ੍ਹਾ ਜਿੰਨਾਂ ਅੰਸ਼ ਬਚਿਆ ਹੁੰਦਾ, ਤਾਂ ਫਿਲਮ ਦੇਖਕੇ ਇਨ੍ਹਾਂ ਦੀਆਂ ਜ਼ਮੀਰਾਂ ਕੰਬ ਜਾਣੀਆਂ ਚਾਹੀਦੀਆਂ ਸਨ ਅਤੇ ਇਨ੍ਹਾਂ ਨੂੰ ਆਪਣੀਆਂ ਹੀ ਨਜ਼ਰਾਂ ਵਿਚ ਸ਼ਰਮਸ਼ਾਰ ਹੋ ਜਾਣਾ ਚਾਹੀਦਾ ਸੀ। ਜਰਮਨੀ ਅੰਦਰ ਦੂਜੀ ਸੰਸਾਰ ਜੰਗ ਮੌਕੇ ਹਿਟਲਰ ਦੀ ਨਾਜ਼ੀਵਾਦੀ ਪੁਲਸ ਦੇ ਜਿੰਨ੍ਹਾਂ ਜੱਲਾਦ ਅਫਸਰਾਂ ਨੇ ਯਹੂਦੀਆਂ ਦਾ ਵਿਆਪਕ ਪੈਮਾਨੇ ‘ਤੇ ਕਤਲੇਆਮ ਕੀਤਾ ਸੀ, ਬਾਅਦ ਵਿਚ ਜਦੋਂ ਉਨ੍ਹਾਂ ਉਤੇ ਵਿਸ਼ੇਸ਼ ਅਦਾਲਤਾਂ ਵਿਚ ਮੁਕੱਦਮੇ ਚੱਲੇ ਸਨ ਅਤੇ ਉਨ੍ਹਾਂ ਨੂੰ ਆਪਣੇ ਅਣਮਨੁੱਖੀ ਕਾਰਿਆਂ ਲਈ ਮਾਨਵਤਾ ਸਾਹਮਣੇ ਜੁਆਬਦੇਹ ਹੋਣਾ ਪਿਆ ਸੀ, ਤਾਂ ਉਨ੍ਹਾਂ ਦੇ ਸ਼ਰਮ ਨਾਲ ਸਿਰ ਝੁਕ ਗਏ ਸਨ ਅਤੇ ਉਨ੍ਹਾਂ ‘ਚੋਂ ਲਗਭਗ ਸਾਰਿਆਂ ਨੇ ਹੀ ਆਪਣੇ ਜ਼ੁਲਮਾਂ ਨੂੰ ਸਾਫ਼ਗੋਈ ਨਾਲ ਪਰਵਾਨ ਕਰ ਲਿਆ ਸੀ। ਉਨ੍ਹਾਂ ਨੇ ਬਾਕੀ ਦੀ ਜ਼ਿੰਦਗੀ ਕਾਲ-ਕੋਠੜੀਆਂ ਅੰਦਰ ਪਛਤਾਵੇ ਦਾ ਸੰਤਾਪ ਹੰਢਾਉਂਦਿਆਂ ਗੁਜ਼ਾਰੀ ਸੀ। ਉਹ ਕੁੱਲ ਮਾਨਵਤਾ ਲਈ ਦੁਸ਼ਟਤਾ ਦੇ ਪ੍ਰਤੀਕ ਬਣ ਗਏ ਸਨ।

ਜਰਮਨੀ ਅੰਦਰ ਉਨ੍ਹਾਂ ਦੁਸ਼ਟਾਂ ਦਾ ਨਾਂਉਂ ਲੈਣਾ ਅੱਜ ਤਕ ਵੀ ਗ਼ੁਨਾਹ ਸਮਝਿਆ ਜਾਂਦਾ ਹੈ। ਜੰਗ ਦੇ ਖ਼ਾਤਮੇ ਤੋਂ ਬਾਅਦ ਜਰਮਨੀ ਅੰਦਰ ਹਿਟਲਰੀ ਰਾਜਤੰਤਰ ਦੇ ਸਾਰੇ ਅੰਗਾਂ ਨੂੰ ਤਹਿਸ਼ ਨਹਿਸ਼ ਕਰ ਦਿਤਾ ਗਿਆ ਸੀ, ਨਾਜ਼ੀਵਾਦ ਦੀ ਵਿਚਾਰਧਾਰਾ ਤੇ ਇਸ ਦੇ ਜਥੇਬੰਦਕ ਤਾਣੇਬਾਣੇ ਨੂੰ ਜੜ੍ਹਾਂ ਤੋਂ ਉਖੇੜ ਦਿਤਾ ਗਿਆ ਸੀ, ਤਾਂ ਕਿ ਅਜਿਹਾ ਮਨਹੂਸ ਵਰਤਾਰਾ ਇਤਿਹਾਸ ਅੰਦਰ ਮੁੜ ਕੇ ਕਦੇ ਦੁਹਰਾਇਆ ਨਾ ਜਾਵੇ। ਉਦੋਂ ਤੋਂ ਲੈ ਕੇ ਅੱਜ ਤਕ ਜਰਮਨੀ ਅੰਦਰ ਜਮਹੂਰੀਅਤ ਤੇ ਤਹਿਜ਼ੀਬ ਦਾ ਬੋਲਬਾਲਾ ਹੈ।ਪਰ ਏਥੇ ਪੰਜਾਬ ਅੰਦਰ ਕੀ ਹੋਇਆ? ਸਿੱਖ ਕੌਮ ਆਪਣੀਆਂ ਹੱਕੀ ਮੰਗਾਂ ਲਈ ਤਿੰਨ ਦਹਾਕੇ ਪੂਰਨ ਸ਼ਾਂਤਮਈ ਢੰਗ ਨਾਲ ਜੱਦੋਜਹਿਦ ਕਰਦੀ ਰਹੀ। ਸੰਨ 1947 ਤੋਂ ਲੈ ਕੇ ਸੰਨ 1980 ਤਕ ਸਿੱਖਾਂ ਨੇ ਹਿੰਸਾ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰੀ ਰੱਖਿਆ ਸੀ। ਉਨ੍ਹਾਂ ਨੇ ਭਾਰਤ ਅੰਦਰ ਆਪਣੇ ਧਰਮ ਦੀ ਆਤਮਕ ਸੁਤੰਤਰਤਾ ਲਈ ਅਤੇ ਪੰਜਾਬ ਦੀ ਬਿਹਤਰੀ ਤੇ ਤਰੱਕੀ ਲਈ ਪੁਰਅਮਨ ਢੰਗ ਨਾਲ ਗ੍ਰਿਫ਼ਤਾਰੀਆਂ ਦਿਤੀਆਂ, ਜਾਇਦਾਦਾਂ ਕੁਰਕ ਕਰਵਾਈਆਂ, ਜੇਲ੍ਹਾਂ ਅੰਦਰ ਦਸੌਂਟੇ ਕੱਟੇ, ਪੁਲਸ ਦੀਆਂ ਵਧੀਕੀਆਂ ਤੇ ਬਦਤਮੀਜ਼ੀਆਂ ਦਾ ਸਿਦਕਕਿਦਲੀ ਨਾਲ ਸਾਹਮਣਾ ਕੀਤਾ, ਦੇਸ ਦੇ ਹਾਕਮਾਂ ਅੱਗੇ ਫ਼ਰਿਆਦਾਂ ਕੀਤੀਆਂ, ਦੇਸ ਦੇ ਚੁਣੇ ਹੋਏ ਨੁਮਾਇੰਦਿਆਂ ਅੱਗੇ ਪੁਕਾਰ ਕੀਤੀ, ਪਟੀਸ਼ਨਾਂ ਤੇ ਮੰਗ-ਪੱਤਰਾਂ ਰਾਹੀਂ ਆਪਣਾ ਪੱਖ ਪੇਸ਼ ਕੀਤਾ, ਗੱਲ ਕੀ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਕਹਿਣ ਤੇ ਮਨਵਾਉਣ ਲਈ ਸਾਰੇ ਢੰਗ ਤੇ ਸਾਧਨ ਅਜ਼ਮਾ ਕੇ ਦੇਖ ਲਏ। ਜਦੋਂ ਦੇਸ ਦੇ ਹਾਕਮਾਂ ਨੇ ਸਿੱਖਾਂ ਦੀ ਕੋਈ ਵੀ ਹੱਕੀ ਮੰਗ ਨਾ ਮੰਨੀ ਅਤੇ ਉਲਟਾ ਉਨ੍ਹਾਂ ਨੂੰ ਪੈਰ ਪੈਰ ‘ਤੇ ਜ਼ਲੀਲ ਕਰਨਾ ਜਾਰੀ ਰੱਖਿਆ, ਤਾਂ ਅਖੀਰ ਵਿਚ ਜਦੋਂ ਸਿੱਖ ਨੌਜਵਾਨਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਨ੍ਹਾਂ ਨੇ, ਦਸਮ ਪਾਤਸ਼ਾਹ ਦੇ ਆਦੇਸ਼ਾਂ ਅਨੁਸਾਰ, ਆਪਣੇ ਹੱਕਾਂ ਲਈ ਹਥਿਆਰਬੰਦ ਸੰਘਰਸ਼ ਦਾ ਰਾਹ ਅਖਤਿਆਰ ਕਰ ਲਿਆ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਣਮਨੁੱਖੀ ਤਸੀਹੇ ਦੇਣ ਤੋਂ ਬਾਅਦ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਗਿਆ। ਦਸਾਂ ਸਾਲਾਂ ਅੰਦਰ ਪੰਜਾਬ ਅੰਦਰ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲੇ ਬਣਾ ਕੇ ਕਤਲ ਕਰ ਦਿਤਾ ਗਿਆ, ਉਨ੍ਹਾਂ ਦੇ ਸਕੇ ਸਨਬੰਧੀਆਂ ਨੂੰ ਵੀ ਨਾ ਬਖ਼ਸ਼ਿਆ ਗਿਆ। ਪੁਲਸੀ ਦਰਿੰਦਿਆਂ ਨੇ ਹਜ਼ਾਰਾਂ ਦੀ ਸੰਖਿਆ ਵਿਚ ਰਸਦੇ ਵਸਦੇ ਘਰ ਉਜਾੜ ਦਿਤੇ। ਸਿੱਖਾਂ ਨੇ ਇਨਸਾਫ਼ ਦੀ ਦੁਹਾਈ ਦਿਤੀ। ਅਦਾਲਤਾਂ ਦੇ ਬੂਹੇ ਖੜਕਾਏ।


ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰ ਰਹੀਆਂ ਕੌਮਾਂਤਰੀ ਸੰਸਥਾਵਾਂ ਅੱਗੇ ਜਾ ਕੇ ਆਪਣੇ ਦੁੱਖ ਰੋਏ। ਇਨ੍ਹਾਂ ਸੰਸਥਾਵਾਂ ਨੇ ਪੰਜਾਬ ਪੁਲੀਸ ਨੂੰ ਡਟ ਕੇ ਫਿਟਕਾਰਾਂ ਪਾਈਆਂ। ਪਰ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਸਿੱਖਾਂ ਨੂੰ ਭਾਰਤ ਅੰਦਰ ਬਣਦਾ ਇਨਸਾਫ਼ ਨਾ ਮਿਲ ਸਕਿਆ। ਦੋਸ਼ੀ ਪੁਲਸ ਅਫਸਰਾਂ ਉਤੇ ਮੁਕੱਦਮੇ ਤਾਂ ਕੀ ਚੱਲਣੇ ਸਨ, ਉਲਟਾ ਉਨ੍ਹਾਂ ਨੂੰ ਇਨਾਮਾਂ ਸਨਮਾਨਾਂ ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ ਜੇਲ੍ਹਾਂ ਅੰਦਰ ਤਾਂ ਕੀਹਨੇ ਭੇਜਣਾ ਸੀ, ਉਲਟਾ ਤਰੱਕੀਆਂ ਦੇ ਕੇ ਸਰਵਉਚ ਅਹੁਦਿਆਂ ਉਤੇ ਬਿਰਾਜਮਾਨ ਕੀਤਾ ਗਿਆ। ਇਸ ਨਾਲ ਪੁਲਸ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਸਿੱਖਾਂ ਦੇ ਕਾਲਜੇ ਲੂਹੇ ਗਏ। ਉਨ੍ਹਾਂ ਨੇ ਇਸ ਆਸ ਨਾਲ ਕਾਂਗਰਸ ਨੂੰ ਹਰਾ ਕੇ ਪੰਜਾਬ ਅੰਦਰ ਅਕਾਲੀ ਹਕੂਮਤ ਕਾਇਮ ਕੀਤੀ ਸੀ ਕਿ ਇਹ ਸਰਕਾਰ ਉਨ੍ਹਾਂ ਦੇ ਰਿਸਦੇ ਜ਼ਖ਼ਮਾਂ ਉਤੇ ਮੱਲ੍ਹਮ ਲਾਉਣ ਦਾ ਪਰਉਪਕਾਰ ਕਰੇਗੀ। ਪਰ ਪਰਕਾਸ਼ ਸਿੰਘ ਬਾਦਲ ਨੇ ਸਿੱਖਾਂ ਦੇ ਰਿਸਦੇ ਜ਼ਖ਼ਮਾਂ ਉਤੇ ਮੱਲ੍ਹਮ ਤਾਂ ਕੀ ਲਾਉਣੀ ਸੀ, ਸਿੱਖਾਂ ਦੇ ਕਾਤਲ ਪੁਲਸ ਅਫਸਰਾਂ ਨੂੰ ਤਰੱਕੀਆਂ ਦੇ ਕੇ ਸਿੱਖਾਂ ਦੇ ਜ਼ਖ਼ਮਾਂ ਨੂੰ ਹੋਰ ਉਚੇੜ ਦਿਤਾ। ਬੇਅੰਤ ਸਿੰਘ ਦੀ ਸਰਕਾਰ ਨੇ ਜਿਥੇ ਇਕ ਪਾਸੇ ਸਿੱਖ ਨੌਜਵਾਨਾਂ ਦੇ ਕਤਲਾਂ ਦੀ ਮੁਹਿੰਮ ਵਿੱਢੀ ਹੋਈ ਸੀ, ਅਤੇ ਦੂਜੇ ਪਾਸੇ ਉਨ੍ਹਾਂ ਨੂੰ ਲੋਕਾਂ ਅੰਦਰ ਬਦਨਾਮ ਕਰਨ ਲਈ ਕੂੜ ਪਰਚਾਰ ਦੀ ਵਿਆਪਕ ਮੁਹਿੰਮ ਚਲਾ ਰੱਖੀ ਸੀ। ਜਿਹੜਾ ਸ਼ਖ਼ਸ ਇਸ ਕੂੜ ਪਰਚਾਰ ਦੀ ਮੁਹਿੰਮ ਦਾ ਸੂਤਰਧਾਰ ਬਣਿਆ ਹੋਇਆ ਸੀ ਅਤੇ ਜਿਸ ਨੇ ਆਪ ਪੜਦੇ ਦੇ ਪਿੱਛੇ ਰਹਿਕੇ ਸਿੱਖ ਸੰਘਰਸ਼ ਦੇ ਖ਼ਿਲਾਫ਼ ਕਿੰਨੀਆਂ ਹੀ ਝੂਠੀਆਂ ਫ਼ਿਲਮਾਂ ਬਣਾਈਆਂ ਅਤੇ ਇਨ੍ਹਾਂ ਨੂੰ ਵਾਰ ਵਾਰ ਦੂਰਦਰਸ਼ਨ ਤੋਂ ਪ੍ਰਸਾਰਤ ਕੀਤਾ ਗਿਆ, ਪਰਕਾਸ਼ ਸਿੰਘ ਬਾਦਲ ਨੇ ਉਸੇ ਸ਼ਖ਼ਸ ਨੂੰ ਆਪਣਾ ਮੀਡੀਆ ਸਲਾਹਕਾਰ ਬਣਾ ਕੇ ਆਪਣੇ ਦੋਗਲੇ ਤੇ ਫਰੇਬੀ ਕਿਰਦਾਰ ਦਾ ਪੁਖਤਾ ਸਬੂਤ ਦੇ ਦਿਤਾ।


ਅਜਿਹੀ ਹਾਲਤ ਵਿਚ ਜਦੋਂ ਸਿੱਖ ਭਾਈਚਾਰੇ ਨੂੰ ਇਹ ਖ਼ਬਰ ਮਿਲੀ ਕਿ ਕੁੱਝ ਉਤਸ਼ਾਹੀ ਨੌਜਵਾਨਾਂ ਨੇ ‘ਸਾਡਾ ਹੱਕ’ ਨਾਂ ਦੀ ਫਿਲਮ ਬਣਾ ਕੇ ਸਿੱਖਾਂ ਨਾਲ ਹੋਏ ਜ਼ੁਲਮਾਂ ਦੀ ਕਹਾਣੀ ਬਿਆਨ ਕਰਨ ਦਾ ਹੌਂਸਲਾ ਕੀਤਾ ਹੈ, ਤਾਂ ਉਨ੍ਹਾਂ ਨੂੰ ਇਸ ਨਾਲ ਕਾਫੀ ਰਾਹਤ ਮਹਿਸੂਸ ਹੋਈ, ਕਿ ਕੀ ਹੋਇਆ ਜੇਕਰ ਉਨ੍ਹਾਂ ਨੂੰ ਹਾਕਮਾਂ ਕੋਲੋਂ ਇਨਸਾਫ਼ ਨਹੀਂ ਮਿਲਿਆ, ਏਨਾ ਹੀ ਬਹੁਤ ਹੈ ਕਿ ਕਿਸੇ ਨੇ ਉਨ੍ਹਾਂ ਦਾ ਸੱਚ ਬਿਆਨ ਕਰਨ ਦੀ ਹਿੰਮਤ ਤਾਂ ਕੀਤੀ ਹੈ। ਪਰ ਹਤਿਆਰੇ ਪੁਲਸ ਅਫਸਰ ਇਸ ਕਰੂਰ ਸੱਚ ਦਾ ਸਾਹਮਣਾ ਕਿਵੇਂ ਕਰ ਸਕਦੇ ਹਨ? ਖਾਸ ਕਰਕੇ ਉਸ ਹਾਲਤ ਵਿਚ ਜਦ ਦੇਸ ਦੇ ਹਾਕਮ ਤੇ ਬਹੁਗਿਣਤੀ ਭਾਈਚਾਰਾ ਉਨ੍ਹਾਂ ਦੀ ਪਿੱਠ ਉਤੇ ਖੜ੍ਹਾ ਹੋਵੇ, ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਅਣਸੁਖਾਵਾਂ ਸੱਚ ਸੁਣਨ ਤੇ ਦੇਖਣ ਦੀ ਕੀ ਮਜ਼ਬੂਰੀ ਹੈ? ਸੋ ਉਨ੍ਹਾਂ ਨੇ ਆਪਣੀ ਵਿਸ਼ੇਸ਼ ਹਸਤੀ ਤੇ ਰੁਤਬੇ ਦਾ ਇਸਤੇਮਾਲ ਕਰਦੇ ਹੋਏ ਸੱਚ ਦੀ ਆਵਾਜ਼ ਨੂੰ ਦਬਾਅ ਦੇਣ ਦਾ ਫ਼ਾਸ਼ਵਾਦੀ ਰੁਖ ਅਪਣਾ ਲਿਆ ਹੈ।


ਸਿੱਖ ਦੁਸ਼ਮਣ ਤਾਕਤਾਂ ਨੇ ਉਚੀ ਉਚੀ ਚੀਕਣਾ ਸ਼ੁਰੂ ਕਰ ਦਿਤਾ ਹੈ ਕਿ ਫਿਲਮ ਅੰਦਰ ਪੂਰਾ ਸੱਚ ਪੇਸ਼ ਨਹੀਂ ਕੀਤਾ ਗਿਆ, ਅਧੂਰਾ ਤੇ ਇਕਪਾਸੜ ਸੱਚ ਹੀ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਸਾਡਾ ਜੁਆਬ ਇਹ ਹੈ ਕਿ ਤੁਸੀਂ ਤੀਹ ਸਾਲਾਂ ਤਕ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਸੱਚ ਨੂੰ ਆਪਣੇ ਹੀ ਢੰਗ ਨਾਲ ਤੇ ਆਪਣੇ ਹੀ ਨੁਕਤਾ-ਨਜ਼ਰ ਤੋਂ ਪੇਸ਼ ਕਰਦੇ ਰਹੇ ਹੋ। ਤੁਸੀਂ ਸੱਚ ਦੇ ਨਾਂ ਹੇਠ ਮਣਾਂਮ੍ਹੂੰਹੀਂ ਝੂਠ ਬੋਲਿਆ ਹੈ। ‘ਸਾਡਾ ਹੱਕ’ ਫਿਲਮ ਵਿਚ ਪੇਸ਼ ਕੀਤਾ ਗਿਆ ਸੱਚ ਤੁਹਾਡੇ ਝੂਠ ਦਾ ਜੁਆਬ ਹੈ, ਇਹ ਸਾਡਾ ਸੱਚ ਹੈ ਜਿਹੜਾ ਤੁਹਾਨੂੰ ਕੌੜਾ ਲੱਗ ਰਿਹਾ ਹੈ। ਤੁਸੀਂ ਤੀਹ ਸਾਲ ਸਾਨੂੰ ਧੱਕੇ ਨਾਲ ਆਪਣਾ ਸੱਚ ਸੁਣਾਇਆ ਹੈ। ਹੁਣ ਜਦ ਸਾਡੇ ਵਿਚੋਂ ਕਿਸੇ ਨੇ ਸਾਡਾ ਸੱਚ ਪੇਸ਼ ਕਰਨ ਦੀ ਹਿੰਮਤ ਕੀਤੀ ਹੈ ਤਾਂ ਤੁਸੀਂ ਏਨਾ ਘਬਰਾ ਕਿਉਂ ਗਏ ਹੋ? ਇਹ ਤਾਂ ਅਜੇ ਸ਼ੁਰੂਆਤ ਹੀ ਹੋਈ ਹੈ। ਅਜੇ ਤਾਂ ਤੁਹਾਡੇ ਪਾਪਾਂ ਦੇ ਬਹੁਤ ਸਾਰੇ ਕਿੱਸੇ ਖੁਲ੍ਹਣੇ ਹਨ।


ਅਜਮੇਰ ਸਿੰਘ

No comments:

Post a Comment