

ਦੂਸਰਿਆਂ ਨੂੰ ਮੱਤਾਂ ਦੇਣ ਵਾਲਾ ਭਾਰਤੀ ਮੀਡੀਆ ਅੱਜ ਖੁਦ ਕਟਹਿਰੇ ਵਿਚ ਖੜ੍ਹਾ ਹੈ। ਦਲੇਰਾਨਾ ਪੱਤਰਕਾਰੀ ਲਈ ਜਾਣੇ ਜਾਂਦੇ ਮੀਡੀਆ ਹਸਤਾਖਰਾਂ ਨੇ ਭਾਰਤੀ ਦਰਸ਼ਕਾਂ ਅਤੇ ਪਾਠਕਾਂ ਸਨਮੁਖ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ। ਸਚੇਤ ਜਾਂ ਅਚੇਤ ਰੂਪ ਵਿਚ ਉਨ੍ਹਾਂ ਪੱਤਰਕਾਰੀ ਦੀ ਲਛਮਣ ਰੇਖਾ ਦਾ ਉਲੰਘਣ ਕੀਤਾ ਹੈ। ਨਤੀਜੇ ਵਜੋਂ ਸਿਰ ਉੱਚਾ ਕਰਕੇ ਚੱਲਣ ਵਾਲੇ ਭਾਰਤੀ ਮੀਡੀਆ ਦਾ ਸਿਰ ਨੀਵਾਂ ਹੋਇਆ ਹੈ। ਭਾਰਤ ਵਿਚ ਵਾਪਰੇ ਇਸ ਸਮੁੱਚੇ ਅਮਲ ਤੋਂ ਪਰਵਾਸੀ ਪੰਜਾਬੀ ਮੀਡੀਆ ਵੀ ਹੈਰਾਨ ਹੈ। ਉਸ ਨੇ ਤਿੱਖਾ ਪ੍ਰਤੀਕਰਮ ਵਿਅਕਤ ਕੀਤਾ ਹੈ। ਬਹੁਤ ਸਾਰੀਆਂ ਅਖ਼ਬਾਰਾਂ ਨੇ ਜਿੱਥੇ ਸਮੁੱਚੇ ਘਟਨ੍ਹਾਮ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਕੀਤਾ ਹੈ, ਉਥੇ ਵੱਖਰੇ ਸੰਪਾਦਕੀ ਨੋਟ ਵੀ ਲਿਖੇ ਹਨ।
‘ਗ਼ੁਲਾਮ ਕਲਮ’ ਵਿਸ਼ਵ ਪਹੁੰਚ ਵਾਲੀ ਆਨਲਾਈਨ ਅਖ਼ਬਾਰ ਹੈ। ਉਸ ਨੇ ਮੀਡੀਆ ਮਾਫ਼ੀਆ ਨੂੰ ਬੇਨਕਾਬ ਕੌਣ ਕਰੇ’ ਸਿਰਲੇਖ ਤਹਿਤ ਵਿਸਥਾਰਤ ਲੇਖ ਨੈੱਟ ‘ਤੇ ਪਾਇਆ ਹੈ, ਜਿਸ ਨੂੰ ਅੱਗੋਂ ਕਈ ਹੋਰ ਅਖ਼ਬਾਰਾਂ ਨੇ ਵੀ ਪ੍ਰਕਾਸ਼ਤ ਕੀਤਾ ਹੈ। ਪੰਜਾਬੀ ਟ੍ਰਿਬਿਊਨ ਆਨਲਾਈਨ ਨੇ ਮਸਲੇ ਦੀ ਸੰਜੀਦਗੀ ਨੂੰ ਭਾਂਪਦਿਆਂ ਇਸ ਨੂੰ ਵਿਸ਼ੇਸ਼ ਥਾਂ ਦਿੱਤੀ ਹੈ। ਅਜਿਹੇ ਆਰਟੀਕਲ ‘ਫੇਸ ਬੁੱਕ’ ‘ਤੇ ਵੀ ਪਾ ਦਿੱਤੇ ਗਏ ਹਨ ਜੋ ਨਤੀਜੇ ਵਜੋਂ ਵੱਡੀ ਗਿਣਤੀ ਵਿਚ ਪਾਠਕਾਂ ਵੱਲੋਂ ਪੜ੍ਹੇ ਜਾ ਰਹੇ ਹਨ। ਉਧਰ ਪਰਵਾਸੀ ਪੰਜਾਬੀ ਰੇਡੀਓ ਵੱਲੋਂ ਇਸ ਮੁੱਦੇ ‘ਤੇ ‘ਟਾਕ ਸ਼ੋਅ’ ਕਰਵਾਏ ਜਾ ਰਹੇ ਹਨ। ਜਾਣਕਾਰੀ ਰੱਖਣ ਵਾਲੇ ਸਰੋਤੇ ਜਿੱਥੇ ਟਾਕ ਸ਼ੋਅ ਨਾਲ ਜੁੜਦੇ ਹਨ ਉਥੇ ਤਿੱਖੇ ਸਵਾਲ ਵੀ ਕਰਦੇ ਹਨ।

ਉੱਘੇ ਕਾਲਮਨਵੀਸ ਖੁਸ਼ਵੰਤ ਸਿਘ ਨੇ ਸਾਰੇ ਮਾਮਲੇ ਬਾਰੇ ਵਿਚਾਰ ਵਿਅਕਤ ਕਰਦਿਆਂ ਵੱਖਰਾ ਨਜ਼ਰੀਆ ਪੇਸ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਪੱਤਰਕਾਰੀ ਦੇ ਦੋ ਚਮਕਦੇ ਸਿਤਾਰੇ, ਇਕ ਅਖ਼ਬਾਰੀ ਦੁਨੀਆਂ ਤੋਂ ਅਤੇ ਦੂਸਰਾ ਟੀ.ਵੀ. ਸਿਤਾਰਾ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਹਿੰਮਤ ਅਤੇ ਇਮਾਨਦਾਰੀ ਦੀ ਦਾਦ ਦਿੱਤੀ ਜਾਂਦੀ ਹੈ, ਨੂੰ ਇਸ ਗੋਲ ਲਈ ਬਦਨਾਮ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਕੁਝ ਵੱਡੇ ਸਨਅਤੀ ਘਰਾਣਿਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਇਕ ਔਰਤ ਦੀ ਟੈਲੀਫੋਨ ‘ਤੇ ਗੱਲ ਸੁਣੀ। ਟੈਲੀਫੋਨ ‘ਤੇ ਉਨ੍ਹਾਂ ਵਿਚਕਾਰ ਜੋ ਵੀ ਗੱਲਬਾਤ ਹੋਈ, ਮੈਨੂੰ ਨਹੀਂ ਲੱਗਾ ਕਿ ਉਨ੍ਹਾਂ ਦੀ ਗੱਲਬਾਤ ਵਿਚ ਕਿਤੇ ਕੁਝ ਗਲਤ ਸੀ। ਖੁਸਵੰਤ ਸਿੰਘ ਨੇ ਅੱਗੇ ਕਿਹਾ ਕਿ ਪੱਤਰਕਾਰਾਂ ‘ਤੇ ਲਾਏ ਦੋਸ਼ ਸਾਬਤ ਕੀਤੇ ਜਾਣ। ਇਹ ਕੰਮ ਦੋ ਸਨਮਾਨਜਨਕ ਮੀਡੀਆ ਅਦਾਰਿਆਂ ਦੇ ਅਕਸ ਨੂੰ ਵਿਗਾੜਨ ਲਈ ਕੀਤਾ ਗਿਆ ਹੈ।
ਪ੍ਰਸਾਰ ਭਾਰਤੀ ਦੀ ਉੱਚ ਅਧਿਕਾਰੀ, ਪ੍ਰਸਿੱਧ ਸਾਹਿਤਕਾਰ ਅਤੇ ਸਿਰਮੌਰ ਪੱਤਰਕਾਰ ਮਰਨਾਲ ਪਾਂਡੇ ਦਾ ਕਹਿਣਾ ਹੈ ਕਿ ਮੀਡੀਆ ਵਿਚ ‘ਚਰਚਿਤ’ ਪੱਤਰਕਾਰਾਂ ਨੂੰ ਚਾਹੀਦਾ ਸੀ ਕਿ ਆਪਣੇ ਹੱਕ ਵਿਚ ਦਲੀਲਾਂ ਦੇਣ ਦੀ ਬਜਾਏ ਨਿਮਰਤਾ ਸਹਿਤ ਮੰਨ ਲੈਂਦੇ ਕਿ ਉਨ੍ਹਾਂ ਤੋਂ ਗਲਤੀ ਹੋਈ ਹੈ ਅਤੇ ਇਸ ਗਲਤੀ ਤੋਂ ਉਹ ਸਬਕ ਲੈਣਗੇ। ਪਾਂਡੇ ਦਾ ਮੰਨਣਾ ਹੈ ਕਿ ਅਤਿ-ਆਧੁਨਿਕ ਤਕਨੀਕ ਦੇ ਦੌਰ ਵਿਚ ਹਮਲਾਵਰ ਵਿਧੀ ਵਾਲਾ ਸਵੈ-ਪ੍ਰਚਾਰ ਕਰਦਿਆਂ ਕੁਝ ਅਨੁਭਵਹੀਣ ਲੋਕਾਂ ਨੂੰ ਛੋਟੀ ਉਮਰ ਵਿਚ ਵਧੇਰੇ ਪ੍ਰਸਿੱਧੀ ਅਤੇ ਅਹੁਦਾ ਮਿਲ ਜਾਵੇ ਤਾਂ ਸਵੈ-ਪ੍ਰਸੰਸਾ ਅਤੇ ਲਾਲਸਾ ਦੇ ਵਧਣ ਦਾ ਖਤਰਾ ਬਣ ਜਾਂਦਾ ਹੈ।
ਕੁਝ ਵੀ ਹੈ ਭਾਰਤ ਦੇ ਚੋਟੀ ਦੇ ਪੱਤਰਕਾਰਾਂ ਦੇ ਫੋਨ ਟੈਪ ਹੋਣ ਨਾਲ ਉਜਾਗਰ ਹੋਈ ਵਾਰਤਾਲਾਪ ਸਦਕਾ, ਸਮੂਹ ਪੱਤਰਕਾਰ ਭਾਈਚਾਰੇ ਨੂੰ ਆਤਮ-ਵਿਸ਼ਲੇਸ਼ਣ ਦਾ ਮੌਕਾ ਮਿਲਿਆ ਹੈ। ਇਹ ਮੌਕਾ ਖੁੰਝਣਾ ਨਹੀਂ ਚਾਹੀਦਾ। ਇਕ ਖੁੱਲ੍ਹੀ ਬਹਿਸ ਚੱਲਣੀ ਚਾਹੀਦੀ ਹੈ। ਬਹਿਸ ਵਿਚੋਂ ਛਣ ਕੇ ਜੋ ਤੱਤ-ਸਾਰ ਸਾਹਮਣੇ ਆਵੇ, ਉਸ ‘ਤੇ ਪੱਤਰਕਾਰ ਭਾਈਚਾਰੇ ਨੂੰ ਪਹਿਰਾ ਦੇਣ ਦੀ ਲੋੜ ਹੋਵੇਗੀ, ਨਹੀਂ ਤਾਂ ਭਵਿੱਖ ਵਿਚ ਪੱਤਰਕਾਰੀ ਨੂੰ ਕਈ ਉਤਰਾਅ ਚੜ੍ਹਾਅ ਵੇਖਣੇ ਪੈ ਸਕਦੇ ਹਨ।
ਪ੍ਰੋ. ਕੁਲਬੀਰ ਸਿੰਘ
ਹਰ ਬਾਰ ਦੀ ਤਰ੍ਹਾਂ ਗ਼ੁਲਾਮ ਕਲਮ ਨੇ ਵਕਤੀ ਮੁੱਦਾ ਚੁੱਕ ਕੇ ਸਲੰਘਾ ਯੋਗ ਕੰਮ ਕੀਤਾ ਹੈ। ਪਰ ਮੈਂ ਇਥੇ ਆਪ ਜੀ ਨਾਲ ਕੁੱਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਉਪਰੋਕਤ ਮੁੱਦਾ ਤਾਂ ਬਹੁਤ ਉੱਚ ਦਰਜੇ ਚ ਵਾਪਰਿਆ ਮੁੱਦਾ ਹੈ। ਪਰ ਛੋਟੇ ਦਰਜੇ ਦੀ ਪੱਤਰਕਾਰਿਤਾ ਦੀ ਸੁਣ ਲਵੋ; ਪੱਤਰਕਾਰਿਤਾ ਵਿੱਚ ਮੈਨੂੰ ਮੇਰੀ ਔਕਾਤ ਮੇਲੇ 'ਚ ਚੱਕੀ ਰਾਹੇ ਤੋਂ ਵੱਧ ਨਹੀਂ ਜਾਪਦੀ, ਪਰ ਫੇਰ ਵੀ ਜਦੋਂ ਪਿਛਲੇ ਸਾਲ ਮੈਂ ਆਸਟ੍ਰੇਲੀਆ ਚ ਹੋਏ ਹਮਲਿਆਂ ਪ੍ਰਤੀ ਜੱਗ ਨੂੰ ਸੱਚ ਤੋਂ ਜਾਣੂ ਕਰਵਾਉਣਾ ਚਾਹਿਆ ਤਾਂ ਮੇਰੇ ਆਪਣੇ ਭਾਈਚਾਰੇ ਨੇ ਮੈਨੂੰ ਮੀਡੀਆ ਦੇ ਗ਼ੱਦਾਰ ਦੀ ਉਪਾਧੀ ਬਖਸ਼ੀ ਗਈ। ਮੇਰੇ ਇਹਨਾਂ ਲੇਖਾਂ ਕਰਕੇ ਅਜ ਤਕ ਮੇਰਾ ਇਹ ਪੱਤਰਕਾਰ ਭਾਈਚਾਰਾ ਮੈਨੂੰ ਲਿਬੜੀ ਭੇਡ ਵਾਂਗ ਇੱਜੜ ਚ ਨਹੀਂ ਰਲਾ ਰਿਹਾ ਤੇ ਪੰਜਾਬ ਦੇ ਪੰਜਾਬੀ ਅਖ਼ਬਾਰ ਤਾਂ ਮੇਰੇ ਨਾਂ ਤੋਂ ਹੀ ਨਫ਼ਰਤ ਕਰਦੇ ਹਨ ਜਿਸ ਦਾ ਸਬੂਤ ਮੇਰੇ ਲੇਖ ਮੇਰੇ ਨਾਂ ਮਿੰਟੂ ਬਰਾੜ ਦੀ ਥਾਂ ਤੇ ਗੁਰਸ਼ਮਿੰਦਰ ਸਿੰਘ ਨਾ ਹੇਠ ਛਾਪ ਰਹੇ ਹਨ। ਇਸ ਦਾ ਕਾਰਨ ਉਹ ਕਹਿੰਦੇ ਹਨ ਕਿ ਲੋਕ ਤੁਹਾਡਾ ਨਾਂ ਪਸੰਦ ਨਹੀਂ ਕਰਦੇ।ਸੋ ਵੀਰ ਜੇ ਸੁਧਾਰ ਛੋਟੇ ਲੇਬਲ ਤੋਂ ਸ਼ੁਰੂ ਕੀਤਾ ਜਾਵੇ ਤਾਂ ਹੀ ਚੰਗਾ ਹੋਵੇਗਾ।
ReplyDelete