ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, December 23, 2010

ਨਿਤੀਸ਼ ਦੀ ਬਿਹਾਰ ਜਿੱਤ ਤੇ ਭਵਿੱਖ ਦੀਆਂ ਚੁਣੌਤੀਆਂ

ਸ਼ਿਵ ਇੰਦਰ ਪੰਜਾਬੀ ਯੂਨੀਵਰਸਿਟੀ 'ਚ ਪੱਤਰਕਾਰੀ ਦਾ ਵਿਦਿਆਰਥੀ ਹੈ।ਪੰਜਾਬੀ ਦੇ ਸਾਹਿਤਕ ਮੈਗਜ਼ੀਨ "ਹੁਣ" 'ਚ ਲਗਾਤਾਰ ਲਿਖ਼ ਰਿਹਾ ਹੈ।ਜਿੰਨੀ ਡੂੰਘੀ ਰੁਚੀ ਸਾਹਿਤ 'ਚ ਰੱਖਦਾ ਹੈ,ਓਨੀ ਹੀ ਸ਼ਿੱਦਤ ਨਾਲ ਸਿਆਸਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ।ਪੰਜਾਬੀ ਯੂਨੀਵਰਸਿਟੀ ਦੇ ਕੌਫੀ ਹਾਊਸ 'ਚ ਉਸ ਨਾਲ ਬੈਠਕੇ ਗੱਲਾਂ ਕਰਦਿਆਂ ਪੰਜਾਬ ਦਾ 70ਵਿਆਂ ਦਾ ਪੜ੍ਹਿਆ-ਸੁਣਿਆ ਮਾਹੌਲ ਤਾਜ਼ਾ ਹੋ ਜਾਂਦਾ ਹੈ।ਅੱਜ ਦੇ ਬੀਮਾਰ ਪੰਜਾਬ ਨੂੰ ਇਹੋ ਜਿਹੇ ਵਿਦਿਆ ਰੱਥੀਆਂ ਦੀ ਲੋੜ ਹੈ।ਜੋ ਸਿੱਖਿਆ ਤੇ ਸਾਹਿਤ ਦੇ ਸਿਆਸਤ ਨਾਲ ਰਿਸ਼ਤੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ।ਨਾ ਕਿ ਇਹੋ ਜਿਹੇ ਸਾਹਿਤਕਾਰਾਂ ਦੀ ਜੋ ਕਵਿਤਾ,ਗਜ਼ਲ ਨੂੰ ਪੜ੍ਹਦੇ ਲਿਖ਼ਦੇ ਕਿਸੇ ਹੋਰ ਦੁਨੀਆਂ 'ਚ ਚਲੇ ਜਾਂਦੇ ਹਨ,ਜਿਹੜੀ ਜ਼ਿੰਦਗੀ ਦੀਆਂ ਤਲਖ਼ ਸੱਚਾਈਆਂ ਦੇ ਰੂਬਰੂ ਨਹੀਂ ਹੋਣਾ ਚਾਹੁੰਦੀ।ਸ਼ਿਵ ਦਾ ਇਹ ਲੇਖ਼ ਬਿਹਾਰ ਦੇ ਚੋਣ ਨਤੀਜਿਆਂ ਤੋਂ ਬਾਅਦ ਦੀਆਂ ਹਾਲਤਾਂ ਨੂੰ ਗਹਿਰਾਈ ਨਾਲ ਘੋਖਦਾ ਹੈ।-ਯਾਦਵਿੰਦਰ ਕਰਫਿਊ
ਬਿਹਾਰ ਦੇ ਅਵਾਮ ਨੇ ਇੱਕ ਵਾਰ ਫਿਰ ਰਾਜ ਮੁਕਟ ਨਿਤੀਸ਼ ਕੁਮਾਰ ਦੇ ਸਿਰ ਧਰਿਆ ਹੈ। ਨਿਤੀਸ਼ ਦੀ ਅਗਵਾਈ 'ਚ ਚੋਣਾਂ ਲੜਨ ਵਾਲੇ ਐੱਨ. ਡੀ. ਏ. (ਕੌਮੀ ਜਮਹੂਰੀ ਗਠਜੋੜ) ਨੇ 243 ਸੀਟਾਂ 'ਚੋਂ 206 ਸੀਟਾਂ ਲੈ ਕੇ (ਜਨਤਾ ਦਲ ਯੂਨਾਈਟਿਡ 115 ਤੇ ਭਾਜਪਾ 91) ਲਾਮਿਸਾਲ ਜਿੱਤ ਹਾਸਲ ਕੀਤੀ ਹੈ। ਇਸਨੂੰ ਵਿਧਾਨ ਸਭਾ ਚੋਣਾਂ ਦੇ ਇਤਿਹਾਸ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਮੰਨਿਆ ਜਾ ਰਿਹਾ ਹੈ। ਪਿਛਲੀ ਵਾਰ ਇਸ ਗੱਠਜੋੜ ਨੂੰ 143 ਸੀਟਾਂ ਪ੍ਰਾਪਤ ਹੋਈਆਂ ਸਨ। ਉੱਧਰ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਈ ਹੈ, ਲਾਲੂ ਪ੍ਰਸ਼ਾਦ ਯਾਦਵ ਦੀ 'ਰਾਸ਼ਟਰੀ ਜਨਤਾ ਦਲ' ਨੂੰ 22, ਰਾਮ ਵਿਲਾਸ ਪਾਸਵਾਨ ਦੀ 'ਲੋਕ ਜਨ ਸ਼ਕਤੀ ਪਾਰਟੀ' ਨੂੰ ਤਿੰਨ ਕਾਂਗਰਸ ਜੋ ਇਸ ਵਾਰ ਆਪਣੇ ਬਲਬੂਤੇ 'ਤੇ ਚੋਣਾਂ ਲੜ ਰਹੀ ਸੀ ਤੇ ਆਪਣੇ ਉੱਚ-ਕੋਟੀ ਦੇ ਨੇਤਾਵਾਂ ਦੇ ਦੌਰਿਆਂ ਦੇ ਬਾਵਜੂਦ ਸਿਰਫ 4 ਸੀਟਾਂ ਹੀ ਲਿਜਾ ਸਕੀ (ਜੇਕਰ ਇਹ ਕਿਹਾ ਜਾਵੇ ਕਿ ਕਾਂਗਰਸ ਤਾਂ ਸਿਰਫ ਹਾਜ਼ਰੀ ਲਵਾਉਣ ਲਈ ਹੀ ਚੋਣਾਂ ਲੜੀ ਸੀ ਤਾਂ ਕੋਈ ਅਤਿ-ਕਥਨੀ ਨਹੀਂ ਹੋਵੇਗੀ।) ਇਸੇ ਤਰ੍ਹਾਂ ਬਿਹਾਰ ਸਿਆਸਤ 'ਚ ਕਿਸੇ ਸਮੇਂ ਆਪਣਾ ਅਸਰ ਰੱਖਣ ਵਾਲੇ ਖੱਬੇ-ਪੱਖੀ ਸਿਰਫ ਇੱਕ ਸੀਟ 'ਤੇ ਹੀ ਸਿਮਟ ਕੇ ਰਹਿ ਗਏ। ਰਾਸ਼ਟਰੀ ਜਨਤਾ ਦਲ ਵਾਸਤੇ ਇਹ ਹੋਰ ਵੀ ਦੁੱਖ ਦੀ ਗੱਲ ਰਹੀ ਕਿ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਤੇ ਲਾਲੂ ਪ੍ਰਸ਼ਾਦ ਦੀ ਪਤਨੀ ਰਾਬੜੀ ਦੇਵੀ ਆਪਣੀਆਂ ਦੋਵੇਂ ਵਿਧਾਨ ਸਭਾ ਸੀਟਾਂ ਤੋਂ ਚੋਣ ਹਾਰ ਗਏ।

ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜਨਤਾ ਦਲ (ਯੂ) ਤੇ ਭਾਜਪਾ ਗਠਜੋੜ ਦੀ ਜਿੱਤ ਨੂੰ ਵੇਲਾ ਵਿਹਾ ਚੁੱਕੀ ਸਿਆਸਤ 'ਤੇ ਵਿਕਾਸ ਦੀ ਜਿੱਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, '' ਲੋਕ ਹੁਣ ਧਰਮ ਤੇ ਜਾਤ ਅਧਾਰਤ ਰਾਜਨੀਤੀ ਦੀ ਥਾਂ ਵਿਕਾਸ ਨੂੰ ਪਹਿਲ ਦਿੰਦੇ ਹਨ।'' ਏਥੇ ਇਹ ਗੱਲ ਵੀ ਗੌਰਤਲਬ ਹੈ ਕਿ ਵੋਟਾਂ ਦੇ ਹਿਸਾਬ ਨਾਲ ਨਿਤੀਸ਼ ਦੇ ਗਠਜੋੜ ਨੂੰ ਸਿਰਫ 40 ਫੀਸਦੀ ਹੀ ਵੋਟਾਂ ਪ੍ਰਾਪਤ ਹੋਈਆਂ ਹਨ। ਇਸ ਤੋਂ ਸਾਫ ਜ਼ਾਹਿਰ ਹੈ ਕਿ ਵੋਟਾਂ ਵਿਰੋਧੀ ਧਿਰਾਂ 'ਚ ਇੱਕ-ਜੁਟਤਾ ਨਾ ਹੋਣ ਕਰ ਕੇ ਵੰਡੀਆਂ ਗਈਆਂ।

ਨਿਤੀਸ਼ ਦੀ ਇਸ ਬੇਮਿਸਾਲ ਜਿੱਤ ਦੇ ਰਾਜ਼ ਜਾਨਣ ਲਈ ਸਾਨੂੰ ਬਿਹਾਰ ਦੇ ਰਾਜਨੀਤਕ ਸੁਭਾ 'ਤੇ ਇੱਕ ਉੱਡਦੀ ਝਾਤ ਜ਼ਰੂਰ ਮਾਰਨੀ ਪਵੇਗੀ। ਬਿਹਾਰੀ ਸਿਆਸਤ 'ਚ ਜਾਤ ਦਾ ਮੁੱਦਾ ਹਮੇਸ਼ਾ ਭਾਰੂ ਰਿਹਾ ਹੈ, 1989-90 'ਚ ਲਾਲੂ ਵੀ 'ਜਾਤੀ ਸਿਆਸਤ' ਦੇ ਦਮ 'ਤੇ ਸੱਤਾ ਵਿੱਚ ਆਏ ਸਨ। ਲਾਲੂ ਨੇ ਛੋਟੀਆਂ ਜਾਤਾਂ ਤੇ ਘੱਟ ਗਿਣਤੀਆਂ (ਖਾਸ ਕਰ ਮੁਸਲਿਮ) ਦੀ ਸ਼ਾਨ-ਬਹਾਲ ਕਰਵਾਉਣ ਲਈ ਅਨੇਕਾਂ ਯਤਨ ਕੀਤੇ। ਜਿਸ ਸਦਕਾ ਸਦੀਆਂ ਤੋਂ ਲਿਤਾੜੀਆਂ ਪਛੜੀਆਂ ਜਾਤੀਆਂ 'ਚ ਸਵੈ-ਮਾਣ ਪੈਦਾ ਹੋਇਆ। ਬਾਬਰੀ ਮਸਜਿਦ ਦੇ ਵਿਰੋਧ ਤਹਿਤ ਜਿਨ੍ਹਾਂ ਮੁਸਲਮਾਨਾਂ ਨੂੰ ਧਮਕਾਇਆ ਜਾ ਰਿਹਾ ਸੀ, ਲਾਲੂ ਉਨ੍ਹਾਂ ਲਈ ਢਾਲ ਬਣੇ। ਉਨ੍ਹਾਂ ਪਛੜੀਆਂ ਜਾਤਾਂ ਤੇ ਘੱਟ ਗਿਣਤੀਆਂ ਦੀਆਂ ਵੋਟਾਂ 'ਤੇ ਹੀ ਪੰਦਰਾਂ ਸਾਲ ਰਾਜ ਕੀਤਾ।

ਬਿਹਾਰ ਵਿੱਚ ਚੰਗਾ ਰਾਜ ਸਥਾਪਤ ਕਰਨ ਦੀ ਥਾਂ ਲਾਲੂ ਯਾਦਵ ਦੀ ਪਹਿਲ ਸੱਤਾ ਦੀ ਚਾਬੀ 'ਆਪਣੀ ਜਾਤ' ਨੂੰ ਸੌਂਪਣ ਦੀ ਰਹੀ ਹੈ। ਉਹ ਹੁਣ ਤੱਕ ਇਹੋ ਸੋਚਦੇ ਰਹੇ ਕਿ ਬਿਹਾਰ 'ਚ ਹਮੇਸ਼ਾ 'ਜਾਤੀ-ਪੱਤੇ' ਦੇ ਆਧਾਰ 'ਤੇ ਹੀ ਚੋਣਾਂ ਜਿੱਤੀਆਂ ਜਾ ਸਕਦੀਆਂ ਹਨ, ਵਿਕਾਸ ਕੋਈ ਮੁੱਦਾ ਨਹੀਂ ਹੈ। ਇਸੇ ਸੋਚ ਤਹਿਤ ਕੇਂਦਰ ਦਾ ਕਈ ਸੌ ਕਰੋੜ ਰੁਪਏ ਉਹ ਬਿਨਾਂ ਖਰਚੇ ਹੀ ਵਾਪਸ ਕਰ ਦਿੰਦੇ ਸਨ। ਫਲਸਰੂਪ ਰਾਜ 'ਚ ਸਿਹਤ, ਸਿੱਖਿਆ, ਬਿਜਲੀ, ਪਾਣੀ ਜਿਹੀਆਂ ਮੁੱਢਲੀਆਂ ਲੋੜਾਂ/ਸੇਵਾਵਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਗਈ। ਲਾਲੂ ਇਸੇ ਭਰਮ 'ਚ ਰਹੇ ਕਿ ਉਹ ਹਰ ਵਾਰ ਆਪਣੀਆਂ ਹਵਾਈ ਗੱਲਾਂ ਕਰਕੇ ਅਤੇ 'ਜਾਤ ਦੀ ਛਤਰੀ' ਓੜ ਕੇ ਸਿੰਘਾਸਨ 'ਤੇ ਬਿਰਾਜਮਾਨ ਹੁੰਦੇ ਰਹਿਣਗੇ।

2005 ਤੱਕ ਪਹੁੰਚਦਿਆਂ 'ਜਾਤ ਦੀ ਛੱਤਰੀ' ਵਿੱਚ ਕਾਫੀ ਛੇਕ ਹੋ ਚੁੱਕੇ ਸਨ ਤੇ ਬਾਰਿਸ਼ ਕਾਫੀ ਮੋਹਲੇਧਾਰ ਹੋ ਗਈ ਸੀ। ਉਦੋਂ ਹੀ ਬਿਹਾਰੀਆਂ ਵੱਲੋਂ ਨਿਤੀਸ਼ ਨੂੰ ਸਿੰਘਾਸਨ 'ਤੇ ਬਿਠਾਉਣਾ ਅਸਲ ਵਿੱਚ ਸੱਤਾ ਤਬਦੀਲੀ ਦੀ ਮੰਗ ਸੀ। ਨਿਤੀਸ਼ ਨੇ ਸੱਤਾ ਸੰਭਾਲਦੇ ਹੋਏ ਸਭ ਤੋਂ ਵੱਡਾ ਕੰਮ ਇਹ ਕੀਤਾ ਕਿ ਬਿਹਾਰ ਦੀ ਰਾਜਨੀਤੀ ਨੂੰ ਪਰੰਪਰਾਵਾਦੀ ਤੇ ਜਗੀਰੂ ਮਾਨਸਿਕਤਾ 'ਚੋਂ ਕੱਢ ਕੇ ਇਸਦਾ ਮੂੰਹ ਸਰਮਾਏਦਾਰੀ ਤੇ ਸਨਅਤੀਕਰਨ ਵੱਲ ਮੋੜਿਆ, ਜਿਸਦੇ ਫਲਸਰੂਪ ਅਰਥ-ਵਿਵਸਥਾ ਦਾ ਫੈਲਾਓ ਹੋਇਆ। ਨਿਤੀਸ਼ ਰਾਜ ਵਿੱਚ ਸਿੱਖਿਆ, ਸਿਹਤ, ਪਾਣੀ, ਬਿਜਲੀ ਤੇ ਸੜਕਾਂ ਤਾਂ ਬਣੀਆਂ ਹੀ, ਸਗੋਂ ਸੜਕਾਂ 'ਤੇ ਦੌੜਨ ਵਾਲੀਆਂ ਗੱਡੀਆਂ ਦੀ ਗਿਣਤੀ ਤੇ ਕਿਸਮਾਂ 'ਚ ਵੀ ਵਾਧਾ ਹੋਇਆ ਹੈ। ਜ਼ਮੀਨ-ਜਾਇਦਾਦ ਨੂੰ ਖਰੀਦਣ ਲਈ ਸ਼ਹਿਰੀ ਬਿਹਾਰੀਆਂ ਨੇ ਖੂਬ ਪੂੰਜੀ ਲਗਾਈ ਹੈ। ਇਹ ਸਭ ਲਾਲੂ ਰਾਜ ਵਿੱਚ ਕਦੇ ਨਹੀਂ ਸੀ ਹੋਇਆ। ਇਓਂ ਵੀ ਕਿਹਾ ਜਾ ਸਕਦਾ ਹੈ ਕਿ ਨਿਤੀਸ਼ ਨੇ ਬਿਹਾਰੀਆਂ ਨੂੰ ਪਾਰੰਪਰਿਕ ਸੋਚ 'ਚੋਂ ਕੱਢ ਕੇ ਉਪਭੋਗਤਾਵਾਦੀ ਮਾਨਸਿਕਤਾ 'ਚ ਢਾਲਿਆ ਹੈ।

ਨਿਤੀਸ਼ ਨੇ ਪਹਿਲੀ ਵਾਰ ਵਿਕਾਸ ਦੇ ਨਾਂ 'ਤੇ ਵੋਟਾਂ ਮੰਗੀਆਂ ਹਨ। ਇਹ ਵਿਕਾਸ ਬਿਹਾਰ ਵਿੱਚ ਦਿਖ ਵੀ ਰਿਹਾ ਹੈ। ਜਿੱਥੇ ਨਿਤੀਸ਼ ਨੇ ਇੱਕ ਲੱਖ ਦੇ ਕਰੀਬ ਨਵੇਂ ਅਧਿਆਪਕ ਭਰਤੀ ਕੀਤੇ, ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ 'ਚ ਵਾਧਾ ਕੀਤਾ, ਪੇਂਡੂ ਖੇਤਰਾਂ 'ਚ ਹਰੇਕ ਘਰ ਨੂੰ ਇੱਕ ਬੱਕਰੀ ਦਿੱਤੀ (ਜੋ ਕਿ ਉੱਥੋਂ ਦੇ ਪਿੰਡਾਂ ਵਿੱਚ ਸਨਮਾਨ ਦਾ ਚਿੰਨ੍ਹ ਮੰਨੀ ਜਾਂਦੀ ਹੈ), ਲੰਮੀਆਂ ਸੜਕਾਂ ਬਣਾਈਆਂ, ਹਸਪਤਾਲਾਂ 'ਚ ਡਾਕਟਰ ਤੇ ਮਰੀਜ਼ ਆਉਣ ਲੱਗੇ, ਉੱਥੇ ਉਸਨੇ ਅਮਨ-ਕਾਨੂੰਨ ਨੂੰ ਵੀ ਸਥਾਪਿਤ ਕੀਤਾ ਹੈ। ਨਿਤੀਸ਼ ਨੇ ਆਪਣੇ ਰਾਜ 'ਚ ਕਰੀਬ 45 ਹਜ਼ਾਰ ਗੁੰਡਾਂ ਅਨਸਰਾਂ ਨੂੰ ਜੇਲ੍ਹ 'ਚ ਡੱਕਿਆ ਹੈ, ਜੋ ਪਹਿਲਾਂ 'ਜਾਤ ਦੀ ਸੱਤਾ' ਜਾਂ 'ਜਾਤ ਦੀ ਸ਼ਕਤੀ' ਦੇ ਨਾਂ 'ਤੇ ਛੁੱਟ ਜਾਂਦੇ ਸਨ। ਰਾਜ ਵਿੱਚ ਤਾਕਤ ਦੀ ਦੁਰਵਰਤੋਂ ਅਗਵਾ ਤੇ ਬਾਹੂਬਲ ਦੇ ਜ਼ੋਰ ਨਾਲ ਬੇਗਾਰ ਨੂੰ ਨੱਥ ਪਈ ਹੈ। ਰਾਜ ਵਿੱਚ ਫਿਰਕੂ ਸਦਭਾਵਨਾ ਬਣਾਈ ਰੱਖਣ ਲਈ ਨਿਤੀਸ਼ ਨੇ ਕਈ ਵਾਰ ਬੜੀ ਸਖ਼ਤੀ ਨਾਲ ਕੰਮ ਲਿਆ ਹੈ। ਇਸਦੀ ਤਾਜ਼ਾ ਮਿਸਾਲ ਮੋਦੀ ਦੇ ਬਿਹਾਰ ਚੋਣ ਪ੍ਰਚਾਰ ਲਈ ਆਉਣ ਵਿਰੁੱਧ ਨਿਤੀਸ਼ ਵੱਲੋਂ ਅਖ਼ਤਿਆਰ ਕੀਤਾ ਸਖ਼ਤ ਰੁਖ਼ ਸੀ। ਬਿਹਾਰ ਚੋਣਾਂ 'ਚ ਇਸ ਵਾਰ ਔਰਤਾਂ ਵੱਲੋਂ ਵੱਧ-ਚੜ ਕੇ ਹਿੱਸਾ ਲੈਣ ਨੂੰ ਇੱਕ ਚੰਗੇ ਸ਼ਗਨ ਵੱਜੋਂ ਲਿਆ ਜਾ ਸਕਦਾ ਹੈ।

ਸ ਸਾਰੇ ਵਰਤਾਰੇ ਤਹਿਤ ਨਿਤੀਸ਼ ਹੀਰੋ ਬਣ ਕੇ ਉੱਭਰੇ ਹਨ। ਉਨ੍ਹਾਂ ਆਪਣੀ ਪਾਰਟੀ ਨੂੰ ਵੀ ਆਪਣੇ ਵਿੱਚ ਸਮੋ ਲਿਆ ਹੈ। ਇਹ ਇੱਕ ਕੌੜਾ ਸੱਚ ਹੈ ਕਿ ਵੋਟਾਂ ਐੱਨ. ਡੀ. ਏ. ਨੂੰ ਨਹੀਂ, ਸਗੋਂ ਨਿਤੀਸ਼ ਨੂੰ ਪਈਆਂ ਹਨ। ਉਨ੍ਹਾਂ ਦੀ ਛਵੀ ਉਸ ਤਰ੍ਹਾਂ ਦੀ ਬਣ ਗਈ ਹੈ, ਜਿਵੇਂ ਪਛੜੀਆਂ ਜਾਤਾਂ ਵਿੱਚ ਲਾਲੂ ਪ੍ਰਸ਼ਾਦ ਯਾਦਵ ਦੀ ਰਹੀ ਹੈ। ਇਸ ਜਿੱਤ ਦੇ ਇੱਕ ਹੋਰ ਰਾਜ਼ ਨੂੰ ਵੀ ਨਜ਼ਰ-ਅੰਦਾਜ਼ ਕਰਨਾ ਸਹੀ ਨਹੀਂ ਹੋਵੇਗਾ, ਭਾਵੇਂ ਨਿਤੀਸ਼ ਕੇਂਦਰ ਦੀ ਯੂ. ਪੀ. ਏ. ਸਰਕਾਰ 'ਤੇ ਬਿਹਾਰ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਇਲਜ਼ਾਮ ਲਗਾਉਂਦੇ ਰਹੇ ਹਨ ਪਰ ਬਿਹਾਰ ਦੇ ਇੱਕ ਸਮਾਜ ਸੇਵੀ ਅਫ਼ਰੋਜ਼ ਆਲਮ ਸਾਹਿਲ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਜਾਣਕਾਰੀ ਨਿਤੀਸ਼ ਦੇ ਦਾਅਵਿਆਂ ਨੂੰ ਝੂਠਾ ਸਾਬਤ ਕਰਦੀ ਹੈ। ਆਰ. ਟੀ. ਆਈ ਰਾਹੀਂ ਪ੍ਰਾਪਤ ਸੂਚਨਾ ਤੋਂ ਪਤਾ ਲੱਗਦਾ ਹੈ ਕਿ ਯੂ. ਪੀ. ਏ ਸਰਕਾਰ ਨੇ ਐੱਨ. ਡੀ. ਏ. ਰਾਜ ਨਾਲੋਂ ਵੱਧ ਰਾਸ਼ੀ ਬਿਹਾਰ ਨੂੰ ਦਿੱਤੀ ਹੈ। ਉਪਰੋਕਤ ਸੂਚਨਾ ਦੱਸਦੀ ਹੈ ਕਿ ਐੱਨ. ਡੀ. ਏ. ਦੇ ਸ਼ਾਸ਼ਨਕਾਲ ਸਾਲ 2003-04 'ਚ ਸੂਬੇ ਨੂੰ ਕੇਂਦਰ ਨੇ 1617.62 ਕਰੋੜ ਰੁਪਏ ਦਿੱਤੇ। ਇਸ ਤੋਂ ਬਾਅਦ ਯੂ. ਪੀ. ਏ ਸਰਕਾਰ ਆਈ, ਉਸਨੇ ਸਾਲ 2005-06 'ਚ 3332.72 ਕਰੋੜ ਰੁਪਏ ਸੂਬਾ ਸਰਕਾਰ ਨੂੰ ਦਿੱਤੇ, ਜੋ ਐੱਨ. ਡੀ. ਏ. ਵੱਲੋਂ ਦਿੱਤੀ ਰਾਸ਼ੀ ਤੋਂ ਦੁੱਗਣੀ ਹੈ।

ਵਿੱਤੀ ਸਾਲ 2006-07 'ਚ 5247.10 ਕਰੋੜ, ਸਾਲ 2007-08 'ਚ 5831.66 ਕਰੋੜ ਤੇ ਵਿੱਤੀ ਸਾਲ 2008-09 'ਚ ਕੇਂਦਰ ਨੇ ਬਿਹਾਰ ਸਰਕਾਰ ਨੂੰ 7962 ਕਰੋੜ ਰੁਪਏ ਦਿੱਤੇ ਹਨ। ਇਸ ਤੋਂ ਇਲਾਵਾ ਬਿਹਾਰ ਸਰਕਾਰ ਨੇ ਵਿਸ਼ਵ ਬੈਂਕ ਕੋਲੋਂ ਵੱਖਰੀ ਰਾਸ਼ੀ ਲਈ ਹੈ। ਨਿਤੀਸ਼ ਨੇ ਭਾਵੇਂ ਇਹ ਜਿੱਤ ਵਿਕਾਸ ਦੇ ਨਾਂ 'ਤੇ ਹਾਸਲ ਕੀਤੀ ਹੈ, ਪਰ ਰਾਜ ਸਿੰਘਾਸਨ ਉਸ ਲਈ ਫੁੱਲਾਂ ਦੀ ਸੇਜ਼ ਨਹੀਂ ਹੈ। ਹੁਣ ਬਿਹਾਰੀ ਅਵਾਮ ਉਸ ਕੋਲੋਂ ਹੋਰ ਸੁਚੱਜੇ ਰਾਜ ਦੀ ਮੰਗ ਕਰੇਗੀ। ਨਿਤੀਸ਼ ਲਈ ਬਹੁਤ ਸਾਰੇ ਸਵਾਲਾਂ ਦੇ ਸਨਮੁੱਖ ਹੋਣਾ ਅਜੇ ਬਾਕੀ ਹੈ। ਰਾਜ ਵਿੱਚ ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਅਜੇ ਵੀ ਮੂੰਹ ਅੱਡੀ ਖੜ੍ਹੀਆਂ ਹਨ। ਬਿਹਾਰ ਦੀ ਸਿਆਸਤ 'ਚ ਅਪਰਾਧੀਕਰਨ ਹਾਲੇ ਵੀ ਕੁਝ ਘਟਿਆ ਨਹੀਂ ਹੈ, ਨਵੀਂ ਚੁਣੀ ਵਿਧਾਨ ਸਭਾ ਵਿੱਚ 141 ਵਿਧਾਇਕ ਮੈਂਬਰ ਅਪਰਾਧੀ ਪਿਛੋਕੜ ਵਾਲੇ ਹਨ। ਇਨ੍ਹਾਂ 'ਚੋਂ 116 ਨਿਤੀਸ਼ ਦੇ ਗਠਜੋੜ ਨਾਲ ਸੰਬੰਧਤ ਹਨ। ਨਿਤੀਸ਼ ਦੇ ਨਵੇਂ ਵਿਕਾਸ ਮਾਡਲ 'ਚ ਖੇਤੀ ਨੂੰ ਕੋਈ ਥਾਂ ਨਹੀਂ ਹੈ। ਖੇਤੀ 'ਤੇ ਸਿਰਫ 18 ਫੀਸਦੀ ਹੀ ਖ਼ਰਚ ਹੋਇਆ ਹੈ, ਜਦਕਿ ਸੂਬੇ ਦੀ 85 ਫੀਸਦੀ ਆਬਾਦੀ ਖੇਤੀ 'ਤੇ ਨਿਰਭਰ ਹੈ। ਮੁੱਖ ਮੰਤਰੀ ਨੂੰ ਲੋਕ-ਕਚਹਿਰੀ ਵਿੱਚ ਇਹ ਵੀ ਜਵਾਬ ਦੇਣਾ ਪਵੇਗਾ ਕਿ ਸਿਰਫ ਸੜਕਾਂ, ਕਾਰਾਂ ਤੇ ਮੋਬਾਇਲ ਟਾਵਰਾਂ ਨਾਲ ਵਿਕਾਸ ਕਿਵੇਂ ਹੋਵੇਗਾ? ਬਿਹਾਰ ਵਰਗਾ ਉਹ ਸੂਬਾ ਜਿੱਥੇ 54 ਫੀਸਦੀ ਲੋਕ ਰੋਜ਼ਾਨਾ 20 ਰੁਪਏ ਤੋਂ ਵੀ ਘੱਟ 'ਤੇ ਗੁਜ਼ਾਰਾ ਕਰਦੇ ਹਨ, ਉੱਥੇ ਪਿਛਲੇ ਚਾਰ ਕੁ ਸਾਲਾਂ ਦੌਰਾਨ ਜ਼ਮੀਨਾਂ ਤੇ ਫਲੈਟਾਂ ਦੇ ਭਾਅ ਅਸਮਾਨ ਛੂਹਣ ਲੱਗੇ ਹਨ। ਪਟਨਾ ਵਰਗੇ ਸ਼ਹਿਰ 'ਚ ਇਨ੍ਹਾਂ ਸਾਲਾਂ ਦੌਰਾਨ ਹੀ 150 ਫੀਸਦੀ ਜ਼ਮੀਨਾਂ ਤੇ ਫਲੈਟਾਂ ਦੇ ਭਾਅ ਵੱਧ ਹਨ। ਨਿਤੀਸ਼ ਦੇ ਵਿਕਾਸ ਮਾਡਲ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਕਿ ਇਸ ਵਿਕਾਸ ਮਾਡਲ ਵਿੱਚ ਆਮ ਜਨਤਾ ਦਾ ਕੀ ਸਥਾਨ ਹੋਵੇਗਾ? ਕਿਤੇ ਇਸ ਵਿਕਾਸ ਨੂੰ ਵਿਸ਼ਵ ਬੈਂਕ ਤੇ ਸੂਚਨਾ ਆਯੋਗ ਤਾਂ ਨਹੀਂ ਤੈਅ ਕਰੇਗਾ? ਨਿਤੀਸ਼ ਨੂੰ ਰਾਜ ਕਰਦੇ ਸਮੇਂ ਹਬੀਬ ਜਾਲਿਬ ਦਾ ਇਹ ਸ਼ਿਅਰ ਹਮੇਸ਼ਾ ਯਾਦ ਰੱਖਣਾ ਹੋਵੇਗਾ—

ਤੁਮ ਸੇ ਪਹਿਲੇ ਵੋ ਜੋ ਏਕ ਸ਼ਖ਼ਸ ਯਹਾਂ
ਤਖ਼ਤ ਨਸ਼ੀਂ ਥਾਂ
ਉਸ ਕੋ ਭੀ ਅਪਨੇ ਖ਼ੁਦਾ ਹੋਨੇ ਕਾ
ਇਤਨਾ ਹੀ ਯਕੀਂ ਥਾ।


ਸ਼ਿਵ ਇੰਦਰ ਸਿੰਘ

1 comment:

  1. BILKUL THIK SHIVINDER VIKAS DI RAJNEETI HI HUN BACHa SAKDI HAI "SO CALLED " PLITICIANS NU....EH JANTA HAI SAB JANTI HAI

    ReplyDelete