ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, June 30, 2011

ਕਦੇ ਨਹੀਂ ਭੁੱਲੀ ਐਮਰਜੈਂਸੀ ਦੀ ਉਹ ਰਾਤ

ਮੇਰੇ ਤੇ ਵੀ ਲੱਗਿਆ ਸੀ ਕਾਲਾ ਕਾਨੂੰਨ - ਡੀ. ਆਈ. ਆਰ.

ਇਹ ਕਿੱਸਾ 25 ਜੂਨ, 1975 ਦੀ ਰਾਤ ਦਾ ਹੈ। ਮੈਂ ਉਸ ਵੇਲੇ ਰਜਿੰਦਰਾ ਬਠਿੰਡੇ ਵਿੱਚ ਬੀ ਏ ਫਾਈਨਲ ਦਾ ਵਿਦਿਆਰਥੀ ਸੀ।ਕਾਲਜ ਵਿੱਚ ਛੁੱਟੀਆਂ ਸਨ। ਬੇਹੱਦ ਗਰਮੀ ਦੇ ਦਿਨ ਸੀ।ਉਦੋਂ ਬਠਿੰਡਾ ਰੇਤ ਦੇ ਟਿੱਬਿਆਂ ਵਿੱਚ ਘਿਰਿਆ ਇੱਕ ਕਸਬਾ ਨੁਮਾ ਸ਼ਹਿਰ ਸੀ।ਬੇਹੱਦ ਤੱਤੀਆਂ ਲੋਆਂ ਦੇ ਨਾਲ ਹਨ੍ਹੇਰੀਆਂ ਅਤੇ ਵਾਵਰੋਲੇ ਆਮ ਜਿਹੀ ਗੱਲ ਹੁੰਦੀ ਸੀ।ਰੇਤਾ ਐਨਾ ਉਡਦਾ ਸੀ ਕਿ ਬਠਿੰਡੇ ਜ਼ਿਲ੍ਹੇ ਵਿਚ ਲਗਭਗ ਸਭ ਨੂੰ ਕੁੱਕਰੇ ਹੁੰਦੇ ਸਨ।ਸ਼ਾਮ ਨੂੰ ਮੈਂ ਆਪਣੇ ਨਗਰ ਰਾਮਪੁਰਾ ਫੂਲ ਤੋਂ ਬਠਿੰਡੇ ਹੁੰਦਾ ਹੋਇਆ ਗੋਨਿਆਨੇ ਮੰਡੀ ਪੁੱਜਾ।ਬੱਸ ਤੋਂ ਉੱਤਰ ਕੇ ਮੈਂ ਆਪਣੇ ਹੀ ਕਾਲਜ ਦੇ ਜੂਨੀਅਰ ਵਿਦਿਆਰਥੀ ਪੰਜਾਬ ਸਿੰਘ ਦੇ ਘਰ ਪੁੱਜਾ।ਉਹ ਪੰਜਾਬ ਸਟੂਡੈਂਟਸ ਯੂਨੀਅਨ ਦਾ ਸਰਗਰਮ ਕਰਿੰਦਾ ਸੀ ਅਤੇ ਮੈਂ ਉਸ ਵੇਲੇ ਯੂਨੀਅਨ ਦਾ ਸੂਬਾਈ ਪੱਧਰ ਦਾ ਆਗੂ ਸਾਂ। ਉਦੋਂ ਲੈਂਡ ਲਾਈਨ ਫ਼ੋਨ ਤਕ ਵੀ ਨਹੀਂ ਸੀ ਹੁੰਦੇ,ਮੋਬਾਈਲ ਫ਼ੋਨ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ।ਜੇਕਰ ਕਿਸੇ ਨਾਲ ਕੋਈ ਗੱਲ ਕਰਨੀ ਹੁੰਦੀ ਤਾਂ ਖ਼ੁਦ ਹੀ ਇੱਕ ਦੂਜੇ ਦੇ ਘਰ ਜਾਣਾ ਪੈਂਦਾ ਸੀ।ਉਨ੍ਹਾ ਦਿਨਾਂ ਵਿਚ ਅਜੋਕਾ ਸ਼ਹਿਰੀਕਰਨ ਨਹੀਂ ਸੀ ਹੋਇਆ ਅਤੇ ਕਾਲਜ ਦੇ ਦਿਨਾਂ ਵਿਚ ਜਾਂ ਛੁੱਟੀਆਂ ਵਿਚ ਕਾਲਜੀਏਟ ਇੱਕ ਦੂਜੇ ਦੇ ਘਰ ਅਕਸਰ ਜਾਇਆ ਕਰਦੇ ਸੀ ਅਤੇ ਰਾਤਾਂ ਵੀ ਠਹਿਰ ਜਾਂਦੇ ਸੀ।ਪੰਜਾਬ ਸਟੂਡੈਂਟਸ ਯੂਨੀਅਨ ਵਿਚ ਸਰਗਰਮ ਵਿਦਿਆਰਥੀ ਤਾਂ ਇੱਕ ਦੂਜੇ ਨਾਲ ਰਾਬਤਾ ਰੱਖਣ ਲਈ ਇੱਕ ਦੂਜੇ ਦੇ ਘਰ ਅਕਸਰ ਹੀ ਚੱਕਰ ਲਾਉਂਦੇ ਰਹਿੰਦੇ ਸੀ ਤੇ ਕਾਲਜ ਤੋਂ ਬਿਨਾਂ ਘਰਾਂ ਵਿਚ ਵੀ ਮੀਟਿੰਗਾਂ ਕਰ ਲਿਆ ਕਰਦੇ ਸੀ।ਘਰੋਂ ਰੋਟੀ ਪਾਣੀ ਜੁ ਚੰਗਾ ਮਿਲ ਜਾਂਦਾ ਸੀ।


ਉਸ ਦਿਨ ਮੈਂ ਵੀ ਰਾਤ ਗੋਨਿਆਨੇ ਵਿਚ ਪੰਜਾਬ ਸਿੰਘ ਦੇ ਘਰ ਠਹਿਰਿਆ।ਗੱਪਸ਼ਪ ਕੀਤੀ ਤੇ ਸੌ ਗਏ । ਸਵੇਰੇ ਉਠਕੇ ਨਾਸ਼ਤਾ ਕਰਕੇ ਮੈਂ ਬੱਸ ਫੜੀ ਤੇ ਬਠਿੰਡੇ ਆ ਗਿਆ । ਉਂਝ ਉਨ੍ਹਾ ਦਿਨਾਂ ਵਿਚ ਅਸੀਂ 15 -20 ਕਿਲੋਮੀਟਰ ਦਾ ਸਫ਼ਰ ਸਾਈਕਲ ਤੇ ਆਮ ਹੀ ਕਰ ਲੈਂਦੇ ਸੀ ਪਰ ਉਸ ਦਿਨ ਗਰਮੀ ਬਹੁਤੀ ਹੋਣ ਕਰਕੇ ਮੈਂ ਬੱਸ ਹੀ ਫੜੀ।

ਬਠਿੰਡੇ ਬੱਸ ਅੱਡ ਤੇ ਉੱਤਰਕੇ ਜ਼ਿਲ੍ਹਾ ਕਚਹਿਰੀ ਸਾਹਮਣੇ ਹਲਵਾਈ ਦੀ ਇੱਕ ਦੁਕਾਨ ਵੱਲ ਅਜੇ ਮੈਂ ਜਾ ਹੀ ਰਿਹਾ ਸੀ ਕਿ ਮੇਰਾ ਇੱਕ ਕਾਲਜਮੇਟ ਅਤੇ ਪੀ ਐਸ ਯੂ ਦਾ ਕਰਿੰਦਾ ਮਿਲ ਪਿਆ। ਉਹ ਇੱਕ ਦਮ ਮੈਨੂੰ ਖਿੱਚ ਕੇ ਦੁਕਾਨ ਦੇ ਅੰਦਰ ਲੈ ਗਿਆ ਅਤੇ ਤ੍ਰਭਕ ਕੇ ਬੋਲਿਆ ,'' ਉਹ ਬੱਲੀ, ਤੂੰ ਕਿਵੇਂ ਮੌਜ ਨਾਲ ਫਿਰਦੈਂ, ਤੈਨੂੰ ਪਤਾ ਨਹੀਂ ਤੈਨੂੰ ਪੁਲਿਸ ਲੱਭ ਰਹੀ ਐ ?ਰਾਤ ਨੂੰ ਪੁਲਿਸ ਨੇ ਛਾਪੇ ਮਾਰੇ ਸੀ। ਥੋਡੇ ਘਰੇ ਰਾਮਪੁਰੇ ਵੀ ਅੱਧੀ ਰਾਤ ਨੂੰ ਪੁਲਿਸ ਗਈ ਸੀ ਤੈਨੂੰ ਫੜਨ।ਹੋਰ ਕਈ ਥਾਈਂ ਛਪੇ ਪਏ ਨੇ, ਹੁਣ ਪਤਾ ਨਹੀਂ ਕੌਣ ਕਾਬੂ ਆਇਆ ਤੇ ਕੌਣ ਬਚਿਐ ?'' ਉਹ ਇੱਕੇ ਸਾਹ ਹੀ ਸਾਰਾ ਕੁਝ ਕਹਿ ਗਿਆ। ਮੈਂ ਬਹੁਤ ਹੈਰਾਨ ਹੋਇਆ।ਮੈਂ ਕਿਹਾ ,'' ਪੁਲਿਸ ਕਾਹਤੋਂ ਛਪੇ ਮਾਰ ਰਹੀ ਐ , ਅਸੀਂ ਤਾਂ ਕੁਛ ਕੀਤਾ ਹੀ ਨਹੀਂ , ਨਾ ਹੀ ਕੋਈ ਐਜੀਟੇਸ਼ਨ ਚੱਲ ਰਹੀ ਹੈ ਤੇ ਨਾ ਹੀ ਕੋਈ ਲੜਾਈ ਝਗੜਾ ਹੋਇਐ ?''
ਉਸ ਨੇ ਦੱਸਿਆ ਕਿ ਕੋਈ ਐੱਮਰਜੈਂਸੀ ਲੱਗੀ ਐ। ਕਹਿੰਦੇ ਐ ਇੰਦਰਾ ਨੇ ਲਾਈ ਐ।


ਮੇਰੀ ਤਾਂ ਸਮਝੋ ਬਾਹਰ ਸੀ ।ਐੱਮਰਜੈਂਸੀ ਦਾ ਨਾਂ ਵੀ ਅਸੀਂ ਪਹਿਲੀ ਵਾਰ ਸੁਣਿਆ ਸੀ।ਇਸ ਤੋਂ ਪਹਿਲਾਂ 1965 ਅਤੇ 1971 ਦੀਆਂ ਜੰਗਾਂ ਵੇਲੇ ਬਲੈਕ ਆਊਟ ਤਾਂ ਹੰਢਾਏ ਸੀ ਪਰ ਅਜਿਹੀ ਐੱਮਰਜੈਂਸੀ ਬਾਰੇ ਕਦੇ ਨਹੀਂ ਸੀ ਸੁਣਿਆ।ਉਸ ਨੇ ਦੱਸਿਆ ਕਿ ਸਿਰਫ਼ ਪੀ ਐਸ ਯੂ ਵਾਲਿਆਂ ਦੇ ਹੀ ਨਹੀਂ ਹੋਰ ਕਈ ਪਾਰਟੀਆਂ ਅਤੇ ਜਥੇਬੰਦੀਆਂ ਦੇ ਨੇਤਾ ਵੀ ਪੁਲਿਸ ਨੇ ਫੜੇ ਨੇ।ਫੇਰ ਪੁਲਿਸ ਤੋਂ ਬਚਦੇ ਬਚਾਉਂਦੇ ਅਸੀਂ ਅਖ਼ਬਾਰ ਲੱਭਿਆ।ਮੈਨੂੰ ਇੰਡੀਅਨ ਐਕਸਪ੍ਰੈਸ ਦਾ 26 ਜੂਨ ਦਾ ਉਹ ਪਹਿਲਾ ਸਫ਼ਾ ਯਾਦ ਹੈ ਜੋ ਲਗਭਗ ਸਾਰਾ ਖ਼ਾਲੀ ਸੀ।ਉਸ ਤੇ ਇੱਕ ਵੱਡੀ ਸਾਰੀ ਕੈਂਚੀ ਛਾਪ ਕੇ ਸਿਰਫ਼ -ਸੈਂਸਰਡ ਸ਼ਬਦ ਲਿਖਿਆ ਹੋਇਆ ਸੀ ।ਫਿਰ ਹੌਲੀ ਹੌਲੀ ਇਧਰੋਂ ਉਧਰੋਂ ਸੁਣ ਕੇ ਸਮਝ ਆਈ ਕਿ ਓਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਹੇਠ ਸ਼ੁਰੂ ਹੋਏ ਜਨਤਕ ਅੰਦੋਲਨ ਨੂੰ ਦਬਾਉਣ ਲਈ ਅੰਦਰੂਨੀ ਸੁਰੱਖਿਆ ਨੂੰ ਖ਼ਤਰੇ ਦੇ ਬਹਾਨੇ ਐੱਮਰਜੈਂਸੀ ਲਾਈ ਸੀ ਅਤੇ ਸਾਰੇ ਸਿਆਸੀ ਵਿਰੋਧੀਆਂ ਨੂੰ ਫੜ ਕੇ ਜੇਲ੍ਹਾਂ ਵਿਚ ਪਾ ਦਿੱਤਾ ਸੀ।ਉਨ੍ਹਾ 'ਤੇ ਅੰਗਰੇਜ਼ ਸਰਕਾਰ ਦੇ ਜ਼ਮਾਨੇ ਦਾ ਬਣਾਇਆ ਕਾਲਾ ਕਾਨੂੰਨ -ਡਿਫੈਂਸ ਆਫ ਇੰਡੀਆ ਰੂਲਸ (ਡੀ.ਆਈ.ਆਰ. )- ਲਾਕੇ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਸੀ।ਇਸ ਐਕਟ ਹੇਠ ਕਿਸੇ ਨੂੰ ਅੰਦਰੂਨੀ ਸੁਰੱਖਿਆ ਨੂੰ ਖ਼ਤਰੇ ਬਹਾਨੇ ਵੀ ਦੋ ਸਾਲ ਲਈ ਬਿਨਾਂ ਮੁਕੱਦਮਾ ਚਲਾਏ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਜਾ ਸਕਦਾ ਸੀ।ਉਸ ਵੇਲੇ ਚਾਰੇ ਪਾਸੇ ਬਹੁਤ ਖੌਫ਼ਜ਼ਦਾ ਮਾਹੌਲ ਸੀ।

ਅਸੀਂ ਜਾਂ ਸਾਡੀ ਯੂਨੀਅਨ ਸਿੱਧੇ ਰੂਪ ਵਿਚ ਜੈ ਪ੍ਰਕਾਸ਼ ਨਾਰਾਇਣ ਦੇ ਅੰਦੋਲਨ ਵਿਚ ਸ਼ਾਮਲ ਨਹੀਂ ਸੀ ਅਤੇ ਅਸੀਂ ਤਾਂ ਖੱਬੇਪੱਖੀ ਸਮਝੇ ਜਾਂਦੇ ਸੀ ਪਰ ਅਸੀਂ ਵੀ ਐੱਮਰਜੈਂਸੀ ਦੇ ਰਗੜੇ ਵਿੱਚ ਆ ਗਏ ਸੀ।ਮੇਰੇ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਉਸ ਵੇਲੇ ਦੇ ਪ੍ਰਸਿੱਧ ਆਗੂ ਪਿਰਥੀਪਾਲ ਸਿੰਘ ਰੰਧਾਵਾ ਅਤੇ ਸਾਡੇ ਕਈ ਹੋਰ ਸਾਥੀਆਂ ਤੇ ਵੀ ਐੱਮਰਜੈਂਸੀ ਵਰਗੇ ਤਾਨਾਸ਼ਾਹ ਕਦਮ ਦਾ ਵਿਰੋਧ ਕਰਨ ਦਾ ਫ਼ੈਸਲਾ ਪੀ ਐਸ ਯੂ ਨੇ ਵੀ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਮੋਰਚਾ ਸ਼ੁਰੂ ਕਰ ਦਿੱਤਾ ਸੀ ਪਰ ਅਸੀਂ ਆਪਣੇ ਹਿਸਾਬ ਨਾਲ ਵੱਖਰੇ ਤੌਰ ਤੇ ਐੱਮਰਜੈਂਸੀ ਵਿਰੋਧੀ

ਲਹਿਰ ਚਲਾਉਂਦੇ ਰਹੇ।ਉਹੀ ਕਾਲਾ ਕਾਨੂੰਨ -ਡੀ. ਆਈ. ਆਰ. ਲਾਇਆ ਗਿਆ ਸੀ।ਮੇਰੇ ਤੋਂ ਇਲਾਵਾ ਮੇਰੇ ਦੋ ਭਰਾਵਾਂ ਅਤੇ ਇੱਕ ਹੋਰ ਨਜ਼ਦੀਕੀ ਰਿਸ਼ਤੇਦਾਰ ਤੇ ਵੀ ਡੀ. ਆਈ. ਆਰ. ਲਾਇਆ ਗਿਆ ਸੀ ਅਤੇ ਉਹ ਤਿੰਨੇ ਕਾਫ਼ੀ ਸਮਾਂ ਜੇਲ੍ਹ ਵਿਚ ਹੀ ਰਹੇ ਸਨ।

ਅਸੀਂ ਐੱਮਰਜੈਂਸੀ ਦਾ ਵਿਰੋਧ ਕਰਨ ਅਤੇ ਲੋਕਾਂ ਨੂੰ ਇਸਦੇ ਖ਼ਿਲਾਫ਼ ਲੜਨ ਦਾ ਸੱਦਾ ਦੇਣ ਲਈ ਆਮ ਤੌਰ ਤੇ ਹੱਥ ਲਿਖਤ ਪੋਸਟਰ ਕਾਲਜਾਂ ਅਤੇ ਜਨਤਕ ਥਾਵਾਂ ਤੇ ਰਾਤਾਂ ਨੂੰ ਲਾਉਂਦੇ ਸੀ ਤਾਂ ਕਿ ਪੁਲਿਸ ਨੂੰ ਪਤਾ ਨਾ ਲੱਗੇ।ਕਾਲਜਾਂ ਵਿਚ ਮੀਟਿੰਗਾ ਅਤੇ ਕਦੇ ਕਦੇ ਖੁੱਲ੍ਹੀਆਂ ਰੋਸ ਰੈਲੀਆਂ ਵੀ ਕਰ ਲੈਂਦੇ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਖਿਸਕ ਜਾਂਦੇ ਸੀ।ਪੀ ਐਸ ਯੂ ਦੀ ਸਟੇਟ ਕਮੇਟੀ ਦੇ ਫ਼ੈਸਲੇ ਮੁਤਾਬਿਕ ਪਿਰਥੀਪਾਲ ਸਿੰਘ ਰੰਧਾਵਾ ਤਾਂ ਗ੍ਰਿਫ਼ਤਾਰ ਹੋ ਗਏ ਪਰ ਮੈਂ ਅਤੇ ਯੂਨੀਅਨ ਦੇ ਕੁਝ ਇੱਕ ਹੋਰ ਨੇਤਾ ਭੂਮੀਗਤ ਹੀ ਰਹੇ।ਪਹਿਲਾਂ-ਪਹਿਲਾਂ ਤਾਂ ਪੁਲਿਸ ਨੇ ਬਹੁਤ ਸਖ਼ਤੀ ਕੀਤੀ ਸੀ ਪਰ ਸਾਲ ਕੁ ਬਾਅਦ ਕੁਝ ਢਿੱਲ ਮਿਲ ਗਈ ਸੀ ਪਰ ਮੇਰੇ ਤੇ ਲੱਗਿਆ ਡੀ ਆਈ ਆਰ 23 ਮਾਰਚ 1977 ਨੂੰ ਉਦੋਂ ਹੀ ਖ਼ਤਮ ਹੋਇਆ ਜਦੋਂ ਐੱਮਰਜੈਂਸੀ ਚੁੱਕੀ ਗਈ ਸੀ।ਉਹ ਸਮਾ ਕਾਲਜ ਦਿਨਾਂ ਦੀ ਇੱਕ ਅਭੁੱਲ ਯਾਦ ਬਣਿਆ ਹੋਇਐ ਅਤੇ ਹਰ ਵਰ੍ਹੇ ਜੂਨ ਮਹੀਨੇ ਵਿਚ ਇਹ ਯਾਦ ਤਾਜ਼ਾ ਹੋ ਜਾਂਦੀ ਹੈ।

ਬਲਜੀਤ ਬੱਲੀ
ਸੰਪਾਦਕੀ ਸਲਾਹਕਾਰ
ਪੀ ਟੀ ਸੀ ਨਿਊਜ਼
#283,ਇੰਡੀਅਨ ਐਕਸਪ੍ਰੈਸ ਸੁਸਾਇਟੀ
ਸੈਕਟਰ 48- ਏ,
ਚੰਡੀਗੜ੍ਹ

Thursday, June 23, 2011

ਸਆਦਤ ਹਸਨ ਮੰਟੋ ਨਾਲ ਮੇਰੀ ਸਾਂਝ

ਸਆਦਤ ਹਸਨ ਦਾ ਨਾਂ ਮੈਂ 2007 ਤੋਂ ਪਹਿਲਾਂ ਕਦੇ ਨਹੀਂ ਸੁਣਿਆਂ ਸੀ। ਮੰਟੋ ਬਾਰੇ ਜ਼ਰੂਰ ਥੋੜ੍ਹਾ ਬਹੁਤ ਜਾਣਦਾ ਸੀ। ਸਿਰਫ ਤਿੰਨ ਸਾਲ ਪਹਿਲਾਂ ਹੀ ਪਤਾ ਚੱਲਿਆ ਕਿ ਕੌਮਾਂਤਰੀ ਪੱਧਰ 'ਤੇ ਮਸ਼ਹੂਰ ਕਹਾਣੀਕਾਰ ਮੰਟੋ ਦਾ ਪੂਰਾ ਨਾਂ ਸਆਦਤ ਹਸਨ ਮੰਟੋ ਐ। ਖੈਰ, ਸਤੰਬਰ 2007 'ਚ ਜਦੋਂ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ 'ਚ ਕੌਮਾਂਤਰੀ ਕਿਤਾਬ ਮੇਲਾ ਲੱਗਿਆ ਤਾਂ ਉਨ੍ਹੀਂ ਦਿਨੀਂ ਨੋਇਡਾ ਨੌਕਰੀ ਕਰਦੇ ਹੋਣ ਕਰਕੇ ਕਾਫੀ ਸਾਰੀਆਂ ਕਿਤਾਬਾਂ ਉੱਥੋਂ ਖਰੀਦ ਲਿਆਂਦੀਆਂ। ਇਕ ਕਿਤਾਬ ਮੰਟੋ ਦੀਆਂ ਕਹਾਣੀਆਂ ਦੀ ਵੀ ਸੀ। ਸਾਰੀਆਂ ਕਹਾਣੀਆਂ ਤਾਂ ਬਹੁਤ ਬਾਅਦ 'ਚ ਜਾ ਕੇ ਪੜ੍ਹੀਆਂ, ਪਹਿਲਾਂ ਕਿਤਾਬ ਦੀ ਜਿਲਦ 'ਤੇ ਇਹ ਪੜ੍ਹਕੇ ਹੈਰਾਨੀ ਦੀ ਹੱਦ ਨਾ ਰਹੀ ਕਿ ਮੰਟੋ ਦਾ ਜਨਮ ਤਾਂ ਸਮਰਾਲਾ ਨਜ਼ਦੀਕ ਪਿੰਡ ਪਪੜੌਦੀ 'ਚ ਹੋਇਆ ਏ। ਮੇਰਾ ਸ਼ਹਿਰ ਏ ਖੰਨਾ ਤੇ ਨਾਨਕਾ ਪਿੰਡ ਸਮਰਾਲਾ ਨਜ਼ਦੀਕ ਬੌਂਦਲੀ। ਸਮਰਾਲਾ ਵੀ ਤਾਂ ਮੇਰਾ ਅਪਣਾ ਹੀ ਸ਼ਹਿਰ ਏ, ਮੇਰਾ ਤੇ ਮੰਟੋ ਦਾ ਸਾਂਝਾ ਸ਼ਹਿਰ !

2008 'ਚ ਤਬਾਦਲਾ ਪੰਜਾਬ ਦਾ ਹੋ ਗਿਆ। ਉਸ ਵੇਲੇ ਪੇਸ਼ੇ ਵੱਜੋਂ ਪੱਤਰਕਾਰ ਹੋਣ ਦੇ ਨਾਤੇ ਮੰਟੋ ਦੇ ਜਨਮ ਦਿਨ 11 ਮਈ ਤੋਂ ਇਕ ਦਿਨ ਪਹਿਲਾਂ ਯਾਨੀ 10 ਮਈ ਨੂੰ ਮੰਟੋ ਬਾਰੇ ਇਕ ਨਿਊਜ਼ ਰਿਪੋਰਟ ਬਣਾਉਣ ਲਈ ਮੈਂ ਪਪੜੌਦੀ ਅਤੇ ਸਮਰਾਲਾ 'ਚ ਕਈ ਜਣਿਆਂ ਤੋਂ ਮੰਟੋ ਬਾਰੇ ਪੁੱਛਿਆਂ। ਪਿੰਡ 'ਚ ਤਾਂ ਕਈਆਂ ਨੂੰ ਉਸ ਬਾਰੇ ਉੱਕਾ ਹੀ ਜਾਣਕਾਰੀ ਨਹੀਂ ਸੀ। ਜਾਣਕੇ ਹੈਰਾਨੀ ਅਤੇ ਨਿਰਾਸ਼ਾ ਹੋਈ ਕਿ ਕੋਈ ਵੀ ਨਹੀਂ ਜਾਣਦਾ 'ਟੋਭਾ ਟੇਕ ਸਿੰਘ' ਵਾਲੇ ਕਹਾਣੀਕਾਰ ਨੂੰ। ਚਲੋ, ਆਖਿਰ ਸਮਰਾਲਾ ਦੇ ਦੋ-ਤਿੰਨ ਲੇਖਕਾਂ ਅਤੇ ਕਾਲਜ ਅਧਿਆਪਕਾਂ ਦੀਆਂ ਬਾਈਟਾਂ (ਇੰਟਰਵਿਊ) ਕਰਕੇ ਖਬਰ ਤਾਂ ਬਣਾ ਲਈ। ਉਨ੍ਹਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਪ੍ਰਸਾਸ਼ਨ ਨੂੰ ਕਈ ਵਾਰ ਯਾਦਗਾਰ ਬਣਾਉਣ ਲਈ ਕਿਹਾ ਪਰ ਬਣਿਆਂ ਕੁਝ ਨਹੀਂ। ਖੈਰ, ਇਕ ਲਾਇਬਰੇਰੀ ਸਥਾਪਿਤ ਕਰਨੀ ਤਾਂ ਕੋਈ ਔਖੀ ਨਹੀਂ, ਇਹ ਮੇਰੇ ਜ਼ਹਿਨ 'ਚ ਸੀ। ਖਬਰ ਪ੍ਰਸਾਰਿਤ ਹੋ ਗਈ, ਗੱਲ ਆਈ-ਗਈ।

ਸਮਾਂ ਗੁਜ਼ਰਦਾ ਗਿਆ। ਫਰਕ ਕਿਸੇ ਨੂੰ ਕੀ ਪੈਣਾ,ਮੰਟੋ ਦੀ ਯਾਦ 'ਚ ਲਾਇਬਰੇਰੀ ਬਣੇ ਜਾਂ ਨਾ !ਵਿਚ-ਵਿਚਾਲੇ ਮੇਰੇ ਤੋਂ ਕੁਝ ਕਿਤਾਬਾਂ ਮੇਰਾ ਇਕ ਪੱਤਰਕਾਰ ਸਾਥੀ ਪੜ੍ਹਨ ਲਈ ਮੰਗਕੇ ਲੈ ਗਿਆ, ਨਾਲ ਮੰਟੋ ਵਾਲੀ ਕਿਤਾਬ ਵੀ। ਸਾਲ 2010, ਮਈ ਮਹੀਨੇ ਦੇ ਪਹਿਲੇ ਦਿਨਾਂ 'ਚ ਜਦੋਂ ਕਿਤਾਬਾਂ ਮੋੜਨ ਦਾ ਜ਼ਿਕਰ ਆਇਆ ਤਾਂ ਗੱਲ ਮੰਟੋ ਦੀ ਵੀ ਤੁਰ ਪਈ। 11 ਮਈ ਤਾਂ ਫਿਰ ਆਉਣ ਵਾਲੀ ਸੀ। ਕੁਝ ਖਬਰਾਂ ਪੱਤਰਕਾਰਾਂ ਦੀਆਂ ਪੱਕੀਆਂ ਹੀ ਹੁੰਦੀਆਂ ਨੇ। ਹਰ ਸਾਲ ਬਸ ਸਮਾਂ ਤੇ ਥੋੜੇ ਬਹੁਤ ਸ਼ਬਦ ਇੱਧਰ-ਉੱਧਰ ਕਰਕੇ ਛਾਪੀ ਜਾਣਗੇ। ਮੈਂ ਵੀ ਇੰਝ ਹੀ ਕਰਨ ਦੇ ਮੂਡ 'ਚ ਸੀ।
ਕਹਾਣੀਕਾਰ ਤੇ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਕੋਲ ਗਿਆ ਤੇ ਉਨ੍ਹਾਂ ਨੂੰ ਕਿਹਾ ਕਿ ਮੰਟੋ ਬਾਰੇ ਕੁਝ ਵਿਚਾਰ ਸਾਂਝੇ ਕਰੋ। ਉਹ ਸਹਿਮਤ ਹੋ ਗਏ। ਜਦੋਂ ਉਨ੍ਹਾਂ ਨੂੰ ਮੰਟੋ ਦੇ ਜਨਮ ਸਥਾਨ ਬਾਰੇ ਦੱਸਿਆ ਤਾਂ ਉਹ ਚੁੱਪ ਹੋ ਗਏ ਤੇ ਕੁਝ ਗੰਭੀਰ ਵੀ। ਕਹਿੰਦੇ ਇਹ ਤਾਂ ਪਤਾ ਹੀ ਨਹੀਂ ਸੀ। ਉੱਪਰੋਂ ਜਦ ਪਿੰਡ 'ਚ ਮੰਟੋ ਦੀ ਕੋਈ ਯਾਦਗਾਰ ਨਾ ਹੋਣ ਬਾਰੇ ਦੱਸਿਆ ਤਾਂ ਉਨ੍ਹਾਂ ਉਸੇ ਸਮੇਂ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਵੱਲੋਂ ਪਿੰਡ 'ਚ ਲਾਇਬਰੇਰੀ ਸਥਾਪਿਤ ਕਰਨ ਦੀ ਹਾਮੀ ਭਰ ਦਿੱਤੀ। ਸੰਧੂ ਸਾਹਿਬ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੇ ਫਾਊਂਡਰ ਮੈਂਬਰ ਨੇ। ਉਨ੍ਹਾਂ ਉਸੇ ਸਮੇਂ ਸਮਰਾਲਾ ਖੇਤਰ ਦੇ ਚਾਰ-ਪੰਜ ਸਾਹਿਤਕਾਰਾਂ ਨੂੰ ਮੋਬਾਇਲ ਵੀ ਖੜ੍ਹਕਾਏ। ਮੈਂ ਵੀ ਉਸ ਖੇਤਰ ਦੇ ਆਪਣੇ ਚੈਨਲ ਵਾਲੇ ਪੱਤਰਕਾਰ ਸਾਥੀ ਨੂੰ ਪਿੰਡਵਾਸੀਆਂ ਦਾ ਪ੍ਰਤੀਕਰਮ ਜਾਨਣ ਲਈ ਭੇਜਿਆ। ਉਸ ਸਮੇਂ ਪਿੰਡਵਾਸੀਆਂ ਦਾ ਹੁੰਗਾਰਾ ਬਹੁਤਾ ਹੀ ਮੱਠਾ ਸੀ। ਖੈਰ, ਸੰਧੂ ਸਾਹਿਬ ਇਸ ਪਾਸੇ ਲੱਗੇ ਰਹੇ।

12 ਜੁਲਾਈ 2010 ਨੂੰ ਦੁਪਹਿਰ ਵੇਲੇ ਸੰਧੂ ਸਾਹਿਬ ਦਾ ਫੋਨ ਆਇਆ। ਕਹਿੰਦੇ ਕੱਲ੍ਹ ਪਪੜੌਦੀ ਵਿਖੇ ਮੰਟੋ ਯਾਦਗਾਰੀ ਲਾਇਬਰੇਰੀ ਦਾ ਉਦਘਾਟਨ ਏ। ਸਵੇਰੇ 10 ਕੁ ਵਜੇ ਪਹੁੰਚ ਜਾਈਂ। 'ਵਾਹ! ਕਮਾਲ ਕਰ ਦਿੱਤੀ', ਜਿਵੇਂ ਹੀ ਮੈਂ ਮੋਬਾਇਲ ਸੁਣਕੇ ਬੰਦ ਕੀਤਾ, ਇਹ ਸ਼ਬਦ ਆਪਮੁਹਾਰੇ ਹੀ ਮੇਰੇ ਮੂੰਹੋਂ ਨਿਕਲ ਗਏ।13 ਜੁਲਾਈ ਨੂੰ ਸਾਦੇ ਜਿਹੇ ਸਮਾਗਮ ਦੌਰਾਨ ਦੌ ਸੌ ਤੋਂ ਵਧੇਰੇ ਕਿਤਾਬਾਂ ਵਾਲੀ ਮੰਟੋ ਯਾਦਗਾਰੀ ਲਾਇਬਰੇਰੀ ਦਾ ਪਪੜੌਦੀ ਦੇ ਗੁਰੂਦੁਆਰਾ ਸਾਹਿਬ ਦੀ ਇਮਾਰਤ 'ਚ ਉਦਘਾਟਨ ਕਰ ਦਿੱਤਾ ਗਿਆ। ਪਿੰਡਵਾਸੀਆਂ ਤੋਂ ਇਲਾਵਾ ਕੁਝ ਕੁ ਸਾਹਿਤਕਾਰਾਂ ਨੇ ਵੀ ਹਾਜ਼ਰੀ ਭਰੀ। ਲਾਇਬਰੇਰੀ ਸਥਾਪਿਤ ਕਰਨ 'ਚ ਮਹਿੰਦਰ ਸਿੰਘ ਮਾਨੂੰਪੁਰੀ ਦੇ ਯਤਨਾਂ ਨੂੰ ਵੀ ਸਲਾਮ ਕਰਨਾ ਬਣਦਾ ਏ। ਹੁਣ ਅਗਲੀ ਜ਼ਿੰਮੇਵਾਰੀ ਪਿੰਡਵਾਸੀਆਂ ਦੀ ਏ ਕਿ ਉਹ ਮੰਟੋ ਦੀ ਇਸ 'ਯਾਦ' ਨੂੰ ਕਿਵੇਂ ਅਤੇ ਕਿੰਨਾ ਕੁ ਸੰਭਾਲ ਕੇ ਰੱਖਦੇ ਨੇ।

ਨਰਿੰਦਰ ਪਾਲ ਸਿੰਘ
ਲੇਖ਼ਕ ਪੰਜਾਬੀ ਪੱਤਰਕਾਰੀ ਨਾਲ ਅੱਧੇ ਦਹਾਕੇ ਤੋਂ ਵੱਧ ਸਮਾਂ ਗੁਜ਼ਰਨ ਤੋਂ ਬਾਅਦ ਅੱਜਕਲ੍ਹ ਪੰਜਾਬ ਸਰਕਾਰ ਦੇ ਅਸਿਸਟੈਂਟ ਪਬਲਿਕ ਰਿਲੇਸ਼ਨ ਅਫ਼ਸਰ ਹਨ।

ਮਨਮੋਹਨ ਦਾ ਬੇ-ਮੋਹਣਾ ਅੰਦਾਜ਼

ਇਹ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੀਡੀਆ ਨਾਲ ਨਿਯਮਤ ਰੂ-ਬਰੂ ਹੋਣ ਦਾ ਫੈਸਲਾ ਕੀਤਾ ਹੈ । ਦੇਰ ਨਾਲ ਸਹੀ , ਉਨ੍ਹਾਂ ਦੇ ਇਸ ਫੈਸਲੇ ਦੀ ਸ਼ਲਾਘਾ ਕਰਨੀ ਚਾਹੀਦੀ ਹੈ ।ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਲੋਕਤੰਤਰਿਕ ਵਿਵਸਥਾ ਵਿਚ ਬੰਦ ਦਰਵਾਜ਼ਿਆਂ ਦੇ ਪਿੱਛੇ ਲੁਕ ਕੇ ਕੋਈ ਵੀ ਪ੍ਰਧਾਨ ਮੰਤਰੀ ਸਰਕਾਰ ਨਹੀਂ ਚਲਾ ਸਕਦਾ ਲੋਕਤੰਤਰ ਦੇਸ਼ ਦਾ ਪ੍ਰਧਾਨ ਮੰਤਰੀ ਮੁਲਕ ਵਾਸੀਆਂ ਅੱਗੇ ਜਵਾਬਦੇਹ ਹੋਣਾ ਹੀ ਅਸਲ ਲੋਕਤੰਤਰ ਦੀ ਨਿਸ਼ਾਨੀ ਹੈ ।ਸਰਕਾਰ ਦੀ ਜਨਤਾ ਨੂੰ ਜਵਾਬਦੇਹੀ ਲੋਕਤੰਤਰ ਦੀ ਬੁਨਿਆਦੀ ਸ਼ਰਤ ਹੈ ਜੇਕਰ ਸਰਕਾਰ ਦਾ ਮੁਖੀ ਹੀ ਪਰਦੇ ਦੇ ਪਿੱਛੇ ਰਹੇ ਸਰਕਾਰ ਅੰਦਰ ਵੱਡੇ ਵੱਡੇ ਸ਼ਰਮਸਾਰ ਕਰਨ ਵਾਲੇ ਘੁਟਾਲੇ ਹੋ ਰਹੇ ਹੋਣ ਪਰ ਪ੍ਰਧਾਨ ਮੰਤਰੀ ਦਫ਼ਤਰ ਚੁੱਪ ਰਹੇ ਤਾਂ ਅਜਿਹੇ ਵਰਤਾਰੇ ਨੂੰ ਲੋਕਤੰਤਰ ਲਈ ਸਾਰਥਕ ਕੋਈ ਨਹੀਂ ਕਹੇਗਾ ਬਲਕਿ ਪ੍ਰਧਾਨ ਮੰਤਰੀ ਦਾ ਇਹ ਵਰਤਾਰਾ ਨਕਾਰਤਮਕ ਹੀ ਕਿਹਾ ਜਾਵੇਗਾ,ਭਾਵੇਂ ਪ੍ਰਧਾਨ ਮੰਤਰੀ ਦੀ ਨੀਤ ਜਿੰਨੀ ਮਰਜ਼ੀ ਸਾਫ ਹੋਵੇ ਉਸਦਾ ਦੇਸ਼ ਵਾਸੀਆਂ ਨੂੰ ਕੋਈ ਲਾਭ ਨਹੀਂ ਹੋਣ ਵਾਲਾ ਹੈ ।ਘਟੋ-ਘੱਟ ਅਜਿਹੇ ਗੰਭੀਰ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਦੀ ਸੰਵੇਦਨਾ ਦੇਸ਼ ਦੇ ਨਾਲ ਹੋਣੀ ਚਾਹੀਦੀ ਹੈ ਤਾਂ ਪ੍ਰਧਾਨ ਮੰਤਰੀ ਅਕਸ ਸਾਫ ਤੇ ਇਮਾਨਦਾਰੀ ਵਾਲਾ ਕਹਾਉਣ ਦਾ ਹੱਕ ਰੱਖਦਾ ਹੈ ।


ਜੇਕਰ ਇਹ ਕਿਹਾ ਜਾਵੇ ਕਿ ਦੇਸ਼ ਦੀ ਸੱਤਾ ਸੰਭਾਲਣ ਵਾਲੀਆਂ ਹੁਣ ਤਕ ਦੀਆਂ ਸਰਕਾਰਾਂ ਵਿਚੋਂ ਮੌਜੂਦਾ ਸਰਕਾਰ ਹੀ ਅਜਿਹੀ ਸਰਕਾਰ ਹੈ ਜੋ ਦੇਸ਼ ਵਾਸੀਆਂ ਵਿਚ ਆਪਣੀ ਪੂਰੀ ਪਛਾਣ ਨਹੀਂ ਬਣਾ ਸਕੀ ਹੈ ਭਾਂਵੇ ਇਹ ਆਪਣਾ ਇਕ ਕਾਰਜਕਾਲ ਪੂਰਾ ਕਰ ਚੁੱਕੀ ਹੈ ਤੇ ਦੂਸਰੀ ਪਾਰੀ ਦਾ ਵੀ ਦੋ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਲੋਕਾਂ ਵਿਚ ਇਸਦੀ ਹੋਂਦ ਹਾਲੇ ਵੀ ਬੇਗਾਨਗੀ ਦਾ ਅਹਿਸਾਸ ਭੋਗ ਰਹੀ ਹੈ।ਇਹ ਬਹੁਤ ਹੀ ਮਾੜੀ ਗੱਲ ਹੈ ਕਿ ਯੂ ਪੀ ਏ ਦੇ ਦੂਸਰੇ ਕਾਰਜਕਾਲ ਦੌਰਾਨ ਇਸਦਾ ਆਮ ਜਨਤਾ ਨਾਲ ਰਾਬਤਾ ਬਹੁਤ ਥੋੜ੍ਹਾ ਰਿਹਾ ਹੈ ।ਇਸ ਸਰਕਾਰ ਦੇ ਮੰਤਰੀਆਂ ਦਾ ਕਿਰਦਾਰ ਮੰਤਰੀਆਂ ਵਰਗਾ ਨਹੀਂ ਬਲਕਿ ਅਫਸਰਸ਼ਾਹੀ ਵਰਗਾ ਹੈ।ਉਹ ਆਮ ਜਨਤਾ ਦੇ ਦੁੱਖ-ਸੁੱਖ ਤੋਂ ਕੋਹਾਂ ਦੂਰ ਹਨ ਅਤੇ ਲੋੜ ਪੈਣਤੇ ਕੋਈ ਮਾਈ ਦਾ ਲਾਲ ਉਨ੍ਹਾਂ ਦੁਆਲੇ ਬਣੇ ਕਵਚ ਨੂੰ ਤੋੜ ਨਹੀਂ ਸਕਦਾ।ਇਹ ਮੰਤਰੀ ਆਮ ਜਨਤਾ ਦਾ ਦਿਲ ਨਹੀਂ ਜਿੱਤ ਸਕੇ ।ਡਾਕਟਰ ਮਨਮੋਹਨ ਸਿੰਘ ਕਦੇ ਵੀ ਲੋਕਨੇਤਾ ਜਾਂ ਕਹੇ ਲਵੋ ਰਾਜਨੇਤਾ ਨਹੀਂ ਰਹੇ ।

ਉਹ ਇਕ ਇਮਾਨਦਾਰ ਬੁੱਧੀਜੀਵੀ ਹਨ ਉਨ੍ਹਾਂ ਦੇ ਵਿਅਕਤਵ ਸਾਦਗੀ ਵਾਲਾ ਹੈ ਜਿਸ ਵਿਚੋਂ ਸੱਚਾਈ ਝਲਕਦੀ ਹੈ, ਸ਼ਾਇਦ ਇਹੀ ਕਾਰਨ ਸੀ ਕਿ ਲੋਕਾਂ ਉਨ੍ਹਾਂ ਨੂੰ ਦੂਸਰੀ ਵਾਰ ਸੱਤਾ ਸੌਂਪ ਦਿੱਤੀ।ਉਹ ਲੋਕ ਮੰਚ 'ਤੇ ਹਮੇਸ਼ਾ ਹੀ ਰਸਮੀ ਪੇਸ਼ ਆਉਂਦੇ ਹਨ ਅਤੇ ਲੋਕਾਂ ਤੋਂ ਇਹ ਦੂਰੀ ਕਾਂਗਰਸ ਪਾਰਟੀ ਲਈ ਨੁਕਸਾਨਦੇਹ ਸਾਬਤ ਹੋ ਰਹੀ ਸੀ ਜਿਸਨੂੰ ਕਾਂਗਰਸ ਲੀਡਰਸ਼ਿਪ ਨੇ ਐਨ ਉਸ ਵਕਤ ਮਹਿਸੂਸ ਕੀਤਾ ਜਦੋਂ ਕਾਂਗਰਸ ਯੂ ਪੀ ਵਿਚ ਇਕ ਵਾਰ ਮੁੜ ਆਪਣੇ ਰਾਜ ਕੁਮਾਰ ਰਾਹੁਲ ਗਾਂਧੀ ਦੀ ਅਗਵਾਹੀ ਹੇਠ ਚੋਣ ਮੈਦਾਨ 'ਚ ਉਤਰਣ ਵਾਲੀ ਹੈ ਅਤੇ ਪ੍ਰਧਾਨ ਮੰਤਰੀ ਲੋਕਾਂ ਨੂੰ ਆਨੇ ਬਹਾਨੇ ਇਹ ਸੰਦੇਸ਼ ਦੇਣਾ ਨਹੀਂ ਭੁਲਦੇ ਕਿ ਰਾਹੁਲ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਹੋਵੇਗਾ ਅਤੇ ਪ੍ਰਧਾਨ ਮੰਤਰੀ ਠੀਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਯੂ ਪੀ ਦੀ ਜਨਤਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ।ਪ੍ਰਧਾਨ ਮੰਤਰੀ ਨੂੰ ਮੀਡੀਆ ਦੇ ਸਨਮੁਖ ਕਰਨ ਦੀ ਕਾਹਲੀ ਹਾਲ ਦੀ ਘੜੀ ਸੰਸਦ ਚੋਣਾਂ ਨਹੀਂ ਹਨ ।

ਮਦਨਦੀਪ ਸਿੰਘ
ਲੇਖ਼ਕ ਚੰਡੀਗੜ੍ਹ ਤੋਂ ਸ਼ੁਰੂ ਹੋਣ ਵਾਲੇ ਨਵੇਂ ਪੰਜਾਬੀ ਅਖ਼ਬਾਰ ਦੇ ਨਿਊਜ਼ ਐਡੀਟਰ ਹਨ।

Wednesday, June 22, 2011

ਯੋਗ ਗੁਰੂ ਬਾਬਾ ਰਾਮ ਦੇਵ ਦੀ ਵੀ ਗੁਰੂ ਨਿਕਲੀ ਦਿੱਲੀ ਹਕੂਮਤ

ਤਿਰਛੀ ਨਜ਼ਰ
ਪੰਜਾਬੀ ਦੇ ਨਾਮਵਰ ਤੇ ਸੁਲਝੇ ਹੋਏ ਪੱਤਰਕਾਰ ਵਜੋਂ ਦਹਾਕਿਆਂ ਬੱਧੀ ਨਾਮਣਾ ਖੱਟ ਕੇ ਸੁਰਗਵਾਸ ਹੋਏ ਦਲਬੀਰ ਸਿੰਘ ਪੰਜਾਬੀ ਟ੍ਰਿਬਿਊਨ ਵਿਚ ਇੱਕ ਹਫ਼ਤਾਵਾਰੀ ਕਾਲਮ ਲਿਖਿਆ ਕਰਦੇ ਸਨ-ਜਗਤ ਤਮਾਸ਼ਾ। ਮੈਂ ਉਸ ਦਾ ਲਗਾਤਾਰ ਪਾਠਕ ਸਾਂ। ਬਹੁਤ ਖ਼ੂਬਸੂਰਤ ਸ਼ਬਦਾਵਲੀ ਵਿਚ ਉਹ ਆਂਮ ਲੋਕਾਂ ਦੇ ਦੁੱਖ- ਦਰਦਾਂ ਦੀ ਬਾਤ ਪਾਇਆ ਕਰਦੇ ਸਨ। ਬਾਰ੍ਹਾਂ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ । ਪੰਜਾਬ ਜਿਸ ਸ਼ਖ਼ਸੀਅਤ ਨੂੰ ਉਹ ਆਪਣਾ ਆਦਰਸ਼ ਅਤੇ ਗੁਰੂ ਮੰਨਦਾ ਸਨ,ਉਸ ਨੇ ਇੱਕ,ਅਜਿਹਾ ਰੋਲ ਅਖ਼ਤਿਆਰ ਕੀਤਾ ਅਤੇ ਇਕ ਅਜਿਹਾ ਅਹੁਦਾ ਹਾਸਲ ਕਰ ਲਿਆ ਜੋ ਉਸ ਦੀ ਦੇਵ-ਕੱਦ ਹਸਤੀ ਦੇ ਮੇਚ ਦਾ ਨਹੀਂ ਸੀ ਅਤੇ ਅਤੇ ਦੁਨਿਆਵੀ ਲਾਲਸਾ ਵੱਲ ਸੰਕੇਤ ਕਰਦਾ ਸੀ। ਇਕ ਸੰਵੇਦਨਸ਼ੀਲ ਇਨਸਾਨ ਵਜੋਂ ਦਲਬੀਰ ਨੂੰ ਇਸ ਦਾ ਬੇਹੱਦ ਸਦਮਾ ਪੁੱਜਾ ਸੀ।ਇਸ ਘਟਨਾ ਤੋਂ ਬਾਅਦ ਲਿਖੇ ਆਪਣੇ ਹਫਤਾਵਾਰੀ ਕਾਲਮ ਦੀ ਸ਼ੁਰੂਆਤ ਉਸ ਨੇ ਇੰਝ ਕੀਤੀ ਸੀ-'' ਜਦੋਂ ਰੱਬ ਧਰਤੀ ਤੇ ਉੱਤਰ ਆਉਂਦਾ ਹੈ ਤਾਂ ਉਹ ਬੰਦਾ ਹੋ ਜਾਂਦੈ।ਉਸ ਵਿਚ ਬੰਦੇ ਵਾਲੇ ਸਾਰੇ ਗੁਣ- ਔਗੁਣ ਆ ਜਾਂਦੇ ਨੇ।ਉਹ ਵੀ ਉਨ੍ਹਾ ਦੁਨਿਆਵੀ ਲਾਲਸਾਵਾਂ ਦਾ ਸੰਭਾਵੀ ਸ਼ਿਕਾਰ ਹੋ ਜਾਂਦੈ । ਇਸਦੇ ਨਾਲ ਹੀ ਉਹ ਫਿਰ ਇਹ ਕਿਵੇਂ ਆਸ ਰੱਖ ਸਕਦੈ ਕਿ ਬਾਕੀ ਬੰਦੇ ਉਸ ਨੂੰ ਦੇਵਤਾ ਸਮਝਣਗੇ-ਉਸ ਨਾਲ ਵਿਹਾਰ ਵੀ ਆਮ ਮਨੁੱਖ ਵਰਗਾ ਹੀ ਹੋਵੇਗਾ।'' ਉਸ ਸੁਰਗਵਾਸੀ ਆਤਮਾ ਦਾ ਤਰਕ ਇਹ ਸੀ ਕਿ ਜਦੋਂ ਕੋਈ ਜਣਾ ਇੱਕ ਜਾਂ ਦੂਜੀ ਧਿਰ ਬਣ ਜਾਂਦਾ ਹੈ ਜਾਂ ਕਿਸੇ ਇੱਕ ਧਿਰ ਨਾਲ ਜੁੜ ਜਾਂਦਾ ਹੈ ਤਾਂ ਸੁਭਾਵਕ ਹੀ ਉਸ ਦੀ ਸਰਵਪ੍ਰਵਾਨਤਾ ਨਹੀਂ ਰਹਿੰਦੀ। ਤੇ ਫਿਰ ਦੂਜੀ ਧਿਰ ਜਾ ਹੋਰ ਲੋਕ ਅਜਿਹੀ ਕਿਸੀ ਵੀ ਹਸਤੀ ਨੂੰ ਕਿਓਂ ਬਖ਼ਸ਼ਣਗੇ।

ਇਹੋ ਕੁਝ ਬਾਬਾ ਰਾਮ ਦੇਵ ਨਾਲ ਵਾਪਰਿਆ।ਜਦੋਂ ਤੱਕ ਉਹ ਇਕ ਸੀਮਾ ਵਿਚ ਰਹਿ ਕੇ ਦੇਸ਼ ਤੇ ਇਸਦੇ ਵਾਸੀਆਂ ਦੇ ਸਮੁੱਚੀ ਮਾਨਵਤਾ ਦੇ ਭਲੇ ਦੀ ਵਕਾਲਤ ਕਰਦੇ ਸਨ,ਸਮੁੱਚੀ ਮਾਨਵਤਾ ਦੇ ਹਿੱਤ ਦੇ ਪਹਿਰੇਦਾਰ ਵੱਜੋ ਪੇਸ਼ ਹੁੰਦੇ ਸਨ ਅਤੇ ਸਿਆਸੀ ਅਤੇ ਵਿਚਾਰਧਾਰਕ ਧੜੇਬੰਦੀ ਤੋ ਉੱਪਰ ਸਨ, ਉਨਾ ਚਿਰ ਬਾਬੇ ਨੂੰ ਸਮਾਜ ਦੇ ਹਰ ਵਰਗ ਦਾ ਮਾਣ -ਸਤਿਕਾਰ ਮਿਲਦਾ ਰਿਹਾ।ਉਦੇਸ਼ ਭਾਵੇਂ ਕੋਈ ਵੀ ਹੋਵੇ ਤੇ ਕਿੰਨਾ ਵੀ ਵਾਜਬ ਕਿਓਂ ਨਾ ਹੋਵੇ ਜਦੋਂ ਉਹ ਕਿਸੇ ਵੀ ਮੁੱਦੇ ਤੇ ਇੱਕ ਧਿਰ ਬਣ ਕੇ ਚੱਲਣ ਲੱਗੇ ਤਾਂ ਕੁਦਰਤੀ ਸੀ ਕਿ ਸਿਆਸੀ ਪਾਰਟੀਆਂ ਅਤੇ ਲੋਕਾਂ ਵਿਚ ਓਨ੍ਹਾ ਦੇ ਹਾਮੀ ਵੀ ਬਣਨਗੇ ਤੇ ਵਿਰੋਧੀ ਵੀ।ਜਦੋਂ ਕੋਈ ਵੀ ਮਨੁੱਖ ਖ਼ੁਦ ਹੀ ਆਪਣੇ ਅਕਸ ਮੁਤਾਬਿਕ ਬਣਾਈ ਸੀਮਾ ਨੂੰ ਉਲੰਘਦਾ ਹੈ ਤਾਂ ਇਸ ਦਾ ਪ੍ਰਤੀਕਰਮ ਹੋਣਾ ਲਾਜ਼ਮੀ ਹੈ। ਬਾਬਾ ਰਾਮ ਦੇਵ ਨੇ ਖ਼ੁਦ ਹੀ ਆਪਣਾ ਅਕਸ ਅਤੇ ਸਥਾਨ ਇੱਕ ਯੋਗ ਗੁਰੂ ਵਾਲਾ ਅਤੇ ਦੁਨਿਆਵੀ ਲਾਲਸਾਵਾਂ ਤੋਂ ਉੱਪਰ ਉੱਥੇ ਅਤੇ ਕਰਮਯੋਗੀ ਦੇਵਪੁਰਸ਼ ਵਾਲਾ ਬਣਾਇਆ ਸੀ ਹਾਲਾਂਕਿ ਕਿ ਅਸਲ ਵਿਚ ਉਹ ਹੈ ਨਹੀਂ ਸਨ।ਪਰ ਜਿਉਂ ਹੀ ਬਾਬਾ ਰਾਮ ਦੇਵ ਨੇ ਇਹ ਹੱਦ ਪਾਰ ਕੀਤੀ ਅਤੇ ਛੜੱਪਾ ਮਾਰਕੇ ਆਪਣੀ ਹੀ ਖਿੱਚੀ ਲਕੀਰ ਤੋਂ ਬਾਹਰ ਆਕੇ ਆਪਣੇ ਅਧਿਆਤਮਕ ਗੁਰੂ ਵਾਲੇ ਬਾਣੇ ਉੱਪਰ ਸਿਆਸੀ ਕਲਗ਼ੀ ਲਾਉਣ ਦੇ ਯਤਨ ਵਿਚ ਆਪਣੀ ਇੱਕ ਸਿਆਸੀ ਪਾਰਟੀ ਬਨਾਉਣ ਦਾ ਐਲਾਨ ਕਰ ਦਿੱਤਾ ਤਾਂ ਸਾਰੀਆਂ ਪਾਰਟੀਆਂ ਦੇ ਕੰਨ ਖੜ੍ਹੇ ਹੋ ਗਏ। ਉਹ ਉਸੇ ਤਰ੍ਹਾਂ ਹੀ ਕਿਸੇ ਵੀ ਮਸਲੇ 'ਤੇ ਲੋਕ- ਕਟਹਿਰੇ ਵਿਚ ਖੜੇ ਹੋਣ ਦੇ ਸੰਭਾਵੀ ਭਾਗੀ ਹੋ ਗਏ ਜਿਵੇਂ ਕੋਈ ਵੀ ਹੋਰ ਸਿਆਸਤਦਾਨ ਹੋ ਸਕਦੈ। ਇੱਕ ਸਿਆਸੀ ਧਿਰ ਬਣਕੇ ਸਭ ਦੀ ਵਾਹਵਾ-ਵਾਹਵਾ ਨਹੀਂ ਖੱਟੀ ਜਾ ਸਕਦੀ।ਇਸ ਤੋਂ ਪਹਿਲਾਂ ਇਹੋ ਕੁਝ ਡੇਰਾ ਸੱਚਾ ਸੌਦਾ ਮੁਖੀ ਨਾਲ ਵਾਪਰਿਆ ਸੀ ਹਾਲਾਂਕਿ ਉਸ ਨਾਲ ਹੋਰ ਕਈ ਮੁੱਦੇ ਜੁੜ ਗਏ ਸਨ।

ਮਨਮੋਹਨ ਸਰਕਾਰ ਦੀ ਬੇਦਰਦੀ

ਬਾਬਾ ਰਾਮ ਦੀ ਸ਼ਖ਼ਸੀਅਤ ਉਨ੍ਹਾ ਨਾਲ ਜੁੜੇ ਸਮੁੱਚੇ ਘਟਨਾਕ੍ਰਮਂਤੇ ਨਜ਼ਰਸਾਨੀ ਕਰਨ ਤੋਂ ਪਹਿਲਾ ਜੋ ਕੁਝ ਦਿੱਲੀ ਵਿਚ 4 ਜੂਨ ਨੂੰ ਹੋਇਆ ਉਸ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਕਾਰਨ ਭਾਵੇਂ ਕੋਈ ਵੀ ਹੋਣ ਜਿਸ ਤਰ੍ਹਾਂ ਕਾਂਗਰਸ ਹਾਈ ਕਮਾਂਡ ਦੇ ਇਸ਼ਾਰੇ ਤੇ ਮਨਮੋਹਨ ਸਰਕਾਰ ਦੀ ਮਰਜ਼ੀ ਨਾਲ ਦਿੱਲੀ ਪੁਲਿਸ ਨੇ ਸੁੱਤੇ ਪਏ ਪੁਰ-ਅਮਨ ਬਾਬਾ ਸਮਰਥਕਾਂ ਤੇ ਧਾੜਵੀਆਂ ਵਾਂਗ ਹਮਲਾ ਕਰਕੇ ਉਨ੍ਹਾ ਨਾਲ ਧੱਕਾ ਅਤੇ ਜ਼ਬਰ ਕੀਤਾ ,ਔਰਤਾਂ ਅਤੇ ਬਜ਼ੁਰਗਾਂ ਤੱਕ ਨੂੰ ਵੀ ਇਸਦਾ ਸ਼ਿਕਾਰ ਬਣਾਇਆ , ਇਹ ਭਾਰਤੀ ਲੋਕ ਰਾਜ ਦੇ ਮੱਥੇ ਂਤੇ ਇੱਕ ਕਲੰਕ ਸਾਬਤ ਹੋਇਆ। ਬਾਬਾ ਰਾਮ ਦੇਵ ਜਾਂ ਉਨ੍ਹਾ ਦੀ ਵਿਚਾਰਧਾਰਾ ਨਾਲ ਭਾਵੇਂ ਕਿੰਨੇ ਵੀ ਮਤਭੇਦ ਕਿਓਂ ਨਾ ਹੋਣ, ਸਰਕਾਰ ਦੀ ਉਸ ਨੇ ਲੋਕ ਮਨਾਂ ਵਿਚ ਵੀ ਬੇਹੱਦ ਰੋਸ ਅਤੇ ਗ਼ੁੱਸਾ ਪੈਦਾ ਕੀਤਾ। ਇਸ ਮਾਮਲੇ ਤੇ ਬਾਬਾ ਰਾਮ ਦੇਵ ਨੂੰ ਉਨ੍ਹਾ ਧਿਰਾਂ ਦੀ ਵੀ ਹਮਾਇਤ ਮਿਲੀ ਜਿਹੜੇ ਉਨ੍ਹਾ ਨਾਲ ਮਤਭੇਦ ਵੀ ਰੱਖਦੇ ਹਨ। ਇਸੇ ਕਾਰਨ ਹੀ ਕਾਂਗਰਸ ਅਤੇ ਯੂ ਪੀ ਏ ਸਰਕਾਰ ਨੇ ਬਾਬਾ ਰਾਮ ਨੂੰ ਆਰ ਐੱਸ ਐੱਸ ਨਾਲ ਦਾ ਮੋਹਰਾ ਦਰਸਾਉਣ ਲਈ ਪੂਰਾ ਜ਼ੋਰ ਲਾਇਆ।

ਸਵੈ-ਵਿਰੋਧਾਂ ਭਰਪੂਰ ਹਸਤੀ

ਮੈਂ ਬਾਬਾ ਰਾਮ ਦੇਵ ਦਾ ਤਕੜਾ ਪ੍ਰਸ਼ੰਸਕ ਵੀ ਹਾਂ ਅਤੇ ਆਲੋਚਕ ਵੀ।ਜਿਥੋਂ ਤੱਕ ਯੋਗ ਪ੍ਰਣਾਲੀ ਨੂੰ ਸੀਮਿਤ ਹੱਥਾਂ ਵਿਚੋਂ ਬਾਹਰ ਕੱਢਕੇ ਉਨ੍ਹਾ ਇਸਨੂੰ ਇੱਕ ਅਵਾਮ-ਮੁਖੀ ਵਿਗਿਆਨਕ ਸਿਹਤ ਪ੍ਰਣਾਲੀ ਵੱਜੋਂ ਪੇਸ਼ ਕਰਕੇ ਲੋਕਾਂ ਨੂੰ ਜਾਗ੍ਰਤ ਕੀਤਾ, ਕੁਦਰਤੀ ਇਲਾਜ -ਵਿਧੀਆਂ ਨੂੰ ਇੱਕ ਜਨਤਕ ਲਹਿਰ ਵਿਚ ਤਬਦੀਲ ਕੀਤਾ ਅਤੇ ਕਾਫ਼ੀ ਹੱਦ ਤੱਕ ਅੰਧਵਿਸ਼ਵਾਸ਼ ਅਤੇ ਵਹਿਮ ਭਰਮ ਫੈਲਾਉਣ ਤੋਂ ਗੁਰੇਜ਼ ਕੀਤਾ-ਇਹ ਉਨ੍ਹਾਂ ਦਾ ਸਮਾਜ ਲਈ ਬਹੁਤ ਉਸਾਰੂ ਯੋਗਦਾਨ ਹੈ। ਮੇਰੇ ਵਰਗੇ ਕਰੋੜਾਂ ਲੋਕਾਂ ਨੇ ਆਪਣੇ ਆਪਨੂੰ ਮੁਕਾਬਲਤਨ ਸਿਹਤਮੰਦ ਰੱਖਣ ਲਈ ਉਨ੍ਹਾ ਵੱਲੋਂ ਦਰਸਾਈ ਯੋਗ -ਸਾਇੰਸ ਦਾ ਲਾਹਾ ਵੀ ਲਿਆ।

ਬਾਬਾ ਰਾਮ ਦੇਵ ਦੀ ਆਲੋਚਨਾ ਦਾ ਆਧਾਰ ਇਹ ਹੈ ਕਿ ਉਨ੍ਹਾ ਦੀ ਸ਼ਖ਼ਸੀਅਤ ਆਪਾ-ਵਿਰੋਧੀ ਵਿਚਾਰਾਂ, ਰੁਚੀਆਂ ਅਤੇ ਕਰਮਾਂ ਨਾਲ ਭਰਪੂਰ ਹੈ । ਬਾਬਾ ਰਾਮ ਦੇਵ ਵੱਲੋਂ ਭਰਿਸ਼ਟਾਚਾਰ ਬੰਦ ਕਰਾਉਣ ,ਵਿਦੇਸ਼ਾਂ ਵਿਚੋਂ ਕਾਲਾ ਧਨ ਵਾਪਸ ਲਿਆਉਣ ਅਤੇ ਭਰਿਸ਼ਟ ਲੋਕਾਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਸਖ਼ਤ ਕਾਨੂੰਨ ਬਨਾਉਣ ਦੀ ਮੰਗ ਵਾਜਬ ਹੈ ਪਰ ਹਕੀਕਤ ਇਹ ਹੈ ਕਿ ਸਿਰਫ ਕਾਨੂੰਨ ਬਣਾਉਣ ਨਾਲ ਇਹ ਬਿਮਾਰੀ ਦੂਰ ਨਹੀਂ ਹੋਣੀ । ਇਸ ਬਾਰੇ ਲੋਕਾਂ ਨੂੰ ਜਾਗ੍ਰਤ ਕਰਨ ਲਈ ਉਨ੍ਹਾ ਵੱਲੋਂ ਪੇਸ਼ ਕੀਤੇ ਜਾਂਦੇ ਤੱਥ ਤੇ ਅੰਕੜੇ ਵੀ ਲਾਹੇਵੰਦ ਨੇ ਪਰ ਸਵਾਲ ਇਹ ਹੈ ਕਿ ਉਹ ਇਸ ਮਾਮਲੇ ਵਿਚ ਉਹ ਖੁਦ ਕਿੰਨੇ ਕੁ ਸਾਫ਼ ਸੁਥਰੇ ਨੇ। ਜਿਸ ਤਰ੍ਹਾਂ ਅਰ
ਬਾਂ ਰੁਪਏ ਦੀ ਸੰਪਤੀ ਬਾਬਾ ਰਾਮ ਦੇਵ ਨੇ ਦੇਸ਼-ਵਿਦੇਸ਼ ਵਿਚ ਬਣਾਈ ਹੈ ਅਤੇ ਆਯੁਰਵੈਦਿਕ ਇਲਾਜ-ਪ੍ਰਣਾਲੀ ਨੂੰ ਇੱਕ ਵਿਓਂਤਬੱਧ ਕਾਰੋਬਾਰ ਵੱਜੋਂ ਦੁਨੀਆ ਭਰ ਵਿਚ ਫੈਲਾਇਆ ਹੈ,ਇਹ ਕਿਸੇ ਅਧਿਆਤਮਕ ਅਤੇ ਸੰਨਿਆਸੀ ਗੁਰੂ ਦੇ ਆਚਾਰ-ਵਿਹਾਰ ਨਾਲ ਮੇਲ ਨਹੀਂ ਖਾਂਦਾ। ਬਾਬਾ ਰਾਮ ਦੇਵ ਇਹ ਗੱਲ ਦਾਅਵੇ ਨਾਲ ਕਿਵੇਂ ਕਹਿ ਸਕਦੇ ਨੇ ਕੀ ਜਿਹੜਾ ਕਰੋੜਾਂ ਰੁਪਿਆ ਉਨ੍ਹਾ ਕੋਲ ਦਾਨ ਦੇ ਰੂਪ ਵਿਚ ਆਇਆ ਹੈ , ਇਸ ਵਿਚ ਕਈ ਵੀ ਕਾਲਾ ਧਨ ਸ਼ਾਮਲ ਨਹੀਂ। ਇਹ ਕਿਹਾ ਜਾ ਰਿਹੈ ਕਿ ਜਿਹੜਾ ਹੈਲੀਕਾਪਟਰ ਬਾਬਾ ਰਾਮ ਦੇਵ ਵਰਤਦੇ ਨੇ , ਇਹ ਕਿਸੇ ਭਗਤ ਨੇ ਉਨ੍ਹਾ ਨੂੰ ਤੋਹਫ਼ੇ ਵਜੋਂ ਭੇਂਟ ਕੀਤਾ ਸੀ ਪਰ ਉਸਦਾ ਨਾਮ ਗੁਪਤ ਰੱਖਿਆ ਗਿਆ ਹੈ। ਜੇਕਰ ਇਸ ਵਿਚ ਕਲਾ ਧਨ ਨਹੀਂ ਲੱਗਿਆ ਤਾਂ ਫੇਰ ਇਸ ਨੂੰ ਗੁਪਤ ਰੱਖਣ ਦੀ ਕੋਈ ਤੁਕ ਨਹੀਂ ਸੀ। ਰੋਜ਼ਾਨਾ ਦੇ ਵਿਹਾਰ ਅਤੇ ਸੁਭਾਅ ਪੱਖੋਂ ਵੀ ਉਹ ਇਕ ਸਹਿਜ ਅਵਸਥਾ ਵਾਲੇ ਮਹਾਂਪੁਰਸ਼ ਵੱਜੋ ਆਪਣੇ ਆਪ ਨੂੰ ਸਾਬਤ ਨਹੀਂ ਕਰ ਸਕੇ।

ਮਿਸਾਲ ਲਈ ਉਨ੍ਹਾ ਦਾ ਬਹੁਤ ਜ਼ਿਆਦਾ ਬੋਲਣਾ , ਕਿਸੇ ਦੀ ਕੀਤੀ ਟਿੱਪਣੀ ਜਾਂ ਮੀਡੀਆ ਦੇ ਸਵਾਲ-ਜਵਾਬ ਸਮੇਂ ਉਤੇਜਨਾ ਜਾਂ ਭੜਕਾਹਟ ਦਾ ਸ਼ਿਕਾਰ ਹੋ ਜਾਣਾ-ਇਹ ਸਾਧਾਰਨ ਮਨੁੱਖ ਵਾਲੀ ਤਾਸੀਰ ਦੇ ਸੰਕੇਤ ਹਨ।ਹਰਦੁਆਰ ਜਾਕੇ ਇੱਕ ਨੌਜਵਾਨ ਸੈਨਾ ਖੜੀ ਕਰਨ ਦਾ ਐਲਾਨ ਵੀ ਅਜਿਹੀ ਹੀ ਕਾਹਲ ਦੀ ਨਿਸ਼ਾਨੀ ਸੀ ਜਿਸ ਬਾਰੇ ਬਾਅਦ ਵਿਚ ਉਨ੍ਹਾ ਨੂੰ ਸਪੱਸ਼ਟੀਕਰਨ ਦੇਣੇ ਪਏ।
ਇਸ ਮਾਮਲੇ ਵਿਚ ਤਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੰਤਰੀ ਡਾ ਮਨਮੋਹਨ ਸਿੰਘ ਵਰਗੇ ਕੁਝ ਸੀਨੀਅਰ ਨੇਤਾਵਾਂ ਦੀ ਮਿਸਾਲ ਵੀ ਸਾਡੇ ਸਾਹਮਣੇ ਹੈ ਜਿਹੜੇ ਕਿ ਆਪਣੀ ਜ਼ਬਾਨ ਵਿਚੋਂ ਹਰ ਸ਼ਬਦ ਮਿਣ ਤੋਲ ਕੇ ਬਾਹਰ ਕੱਢਦੇ ਨੇ। ਇੰਨ੍ਹਾ ਨੇਤਾਵਾਂ ਦੀ ਸਫ਼ਲਤਾ ਪਿੱਛੇ ਇਸ ਗੁਣ ਦਾ ਵੀ ਬਹੁਤ ਵੱਡਾ ਹਿੱਸਾ ਹੈ।

ਜਾਨ ਨੂੰ ਖਤਰਾ ਜਾਂ ਮੌਤ ਦਾ ਖੌਫ ?

ਤੇ ਜਿਸ ਤਰੀਕੇ ਨਾਲ ਬਾਬਾ ਰਾਮ ਦੇਵ ਨੇ 4 ਜੂਨ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚੋਂ ਜਨਾਨਾ ਪੁਸ਼ਾਕ ਪਾ ਕੇ ਪੁਲਿਸ ਦੇ ਘੇਰੇ ਵਿਚੋਂ ਬਚ ਨਿਕਲਣ ਦੀ ਕੋਸ਼ਿਸ਼ ਕੀਤੀ, ਇਹ ਵੀ ਸਮਝੋਂ ਬਾਹਰ ਹੈ । ਉਹ ਵੀ ਉਸ ਵੇਲੇ ਜਦੋਂ ਉਨ੍ਹਾ ਦੇ ਸਮਰਥਕਾਂ ਤੇ ਵਧੀਕੀ ਹੋ ਰਹੀ ਸੀ। ਘੱਟੋ ਘੱਟ ਪੰਜਾਬੀ ਮਾਨਸਿਕਤਾ ਪੱਖੋਂ ਤਾਂ ਅਜਿਹੀ ਸੰਕਟ ਦੀ ਘੜੀ ਕਿਸੇ ਨੇਤਾ ਅਜਿਹਾ ਵਤੀਰਾ , ਲੋਕ ਕਦੇ ਵੀ ਸਹਿਣ ਨਹੀਂ ਕਰ ਸਕਦੇ।ਪੰਜਾਬ ਦੇ ਇਤਿਹਾਸ ਵਿਚ ਤਾਂ ਅਜਿਹੀਆਂ ਮਿਸਾਲਾਂ ਮੌਜੂਦ ਨੇ ਜਦੋਂ ਮਹਾਨ ਗੁਰੂਆਂ ਨੇ ਆਪਣੇ ਸਾਹਮਣੇ ਉਦੋਂ ਆਪਣੇ ਲਾਡਲੇ ਜੰਗ-ਏ-ਮੈਦਾਨ ਵਿਚ ਭੇਜੇ ਜਦੋਂ ਉਨ੍ਹਾ ਦੀ ਸ਼ਹੀਦੀ ਸਾਹਮਣੇ ਦਿਖਾਈ ਦਿੰਦੀ ਸੀ।ਜੇਕਰ ਬਾਬਾ ਰਾਮ ਦੇਵ ਦਾ ਇਹ ਦਾਅਵਾ ਮੰਨ ਵੀ ਲਈਏ ਕਿ ਸਰਕਾਰ ਜਾਂ ਪੁਲਿਸ ਦੀ ਉਨ੍ਹਾ ਦੀ ਜਾਨ ਲੈਣ ਦੀ ਸਾਜਸ਼ ਸੀ ਤਾਂ ਵੀ ਉਨ੍ਹਾ ਦਾ ਮੈਦਾਨੋਂ ਭੱਜਣਾ ਵਾਜਬ ਨਹੀਂ ਸੀ।ਪਹਿਲੀ ਗੱਲ ਉਹ ਤਾਂ,ਖ਼ੁਦ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਮਰਨ ਵਰਤ 'ਤੇ ਬੈਠੇ ਸਨ, ਫਿਰ ਉਨ੍ਹਾ ਨੂੰ ਮੌਤ ਦਾ ਖੌਫ ਕਾਹਦਾ ਸੀ।ਸ਼ਾਇਦ ਦਾ ਇਰਾਦਾ ਸਿਰਫ਼ ਮਰਨਵਰਤ ਦਾ ਸੀ ਪਰ ਸ਼ਹੀਦੀ ਦਾ ਸੰਕਲਪ ਉਨ੍ਹਾ ਦਾ ਨਹੀਂ ਸੀ। ਆਪਣੇ ਉਦੇਸ਼ ਲਈ ਅੰਤਮ ਦਮ ਤੱਕ ਲੜਨ ਦੇ ਬੁਲੰਦ ਦਾਅਵੇ ਕਰਨ ਵਾਲੇ ਬਾਬੇ ਦਾ ਇਹ ਵਰਤਾਰਾ ਵੀ ਉਨ੍ਹਾ ਅੰਦਰਲੇ ਤੇ ਬਾਹਰਲੇ ਸਵੈ-ਵਿਰੋਧ ਦਾ ਇਜ਼ਹਾਰ ਸੀ। ਇਸ ਸਬੰਧੀ ਜਿੰਨੀ ਮਰਜ਼ੀ ਸਫ਼ਾਈ ਬਾਬਾ ਰਾਮ ਦੇਵ ਦੇ ਲੈਣ ਪਰ ਇਤਿਹਾਸ ਵਿਚ ਇਹ ਦਰਜ ਹੋਵੇਗਾ ਕਿ ਉਹ ਆਪਣੀ ਜਾਨ ਬਚਾਉਣ ਦੇ ਡਰੋਂ ਭੱਜ ਨਿਕਲੇ ਸਨ।


ਸਾਮ ,ਦਾਮ, ਦੰਡ, ਭੇਦ

ਬਾਬਾ ਰਾਮ ਦੇਵ ਨੇ ਭਾਵੇਂ ਆਪਣਾ ਮਰਨ ਵਰਤ ਤੋੜ ਦਿੱਤਾ ਹੈ ਪਰ ਇਸ ਘਟਨਾਕ੍ਰਮ ਦੇ ਕੁਝ ਨਤੀਜੇ ਸਾਹਮਣੇ ਨੇ। ਇਕ ਤਾਂ ਇਹ ਕਾਲੇ ਧਨ ਅਤੇ ਭਰਿਸ਼ਟਾਚਾਰ ਦਾ ਮੁੱਦਾ ਭਾਰਤੀ ਰਾਜਨੀਤੀ ਦਾ ਇਕ ਉੱਘੜਵਾਂ ਏਜੰਡਾ ਅਤੇ ਲੋਕ- ਮੁੱਦਾ ਬਣ ਗਿਆ ਹੈ। ਅੰਨਾ ਹਜ਼ਾਰੇ ਜਾ ਰਾਮ ਦੇਵ ਮੁਹਿੰਮ ਚਲਾਉਣ ਜਾ ਨਾ -ਇਸ ਮੁੱਦੇ ਨੂੰ ਸਮੇਂ ਦੀ ਸਰਕਾਰ ਨੂੰ ਸੰਬੋਧਨ ਹੋਣਾ ਹੀ ਪਵੇਗਾ। ਦੂਜਾ ਇਹ ਕਿ ਕਾਂਗਰਸ ਅਤੇ ਯੂ ਪੀ ਏ ਸਰਕਾਰ ਦਾ ਅਕਸ ਇਸ ਪੱਖੋਂ ਖ਼ਰਾਬ ਹੋਇਆ ਹੈ ਕਿ ਲੋਕ ਰਾਜੀ ਕਦਰਾਂ ਕੀਮਤਾਂ ਦੀ ਪ੍ਰਵਾਹ ਨਹੀਂ ਕਰਦੀ। ਤੀਜਾ ਪ੍ਰਭਾਵ ਇਹ ਬਣ ਰਿਹੈ ਕਿ ਹਾਕਮ ਪਾਰਟੀ ਅਤੇ ਮਨਮੋਹਨ ਸਰਕਾਰ ਕਾਲੇ ਧਨ ਦੇ ਮਾਮਲੇ ਨੂੰ ਟਾਲਣਾ ਚਾਹੁੰਦੀ ਹੈ ਹਾਲਾਂਕਿ ਇਹ ਮਾਮਲਾ ਇੰਨਾ ਸਰਲ ਨਹੀਂ ਜਿੰਨਾ ਕਿ ਸਮਝਿਆ ਜਾ ਰਿਹੈ। ਇਸਦੇ ਨਾਲ ਇਹ ਪ੍ਰਭਾਵ ਵੀ ਗਿਆ ਹੈ ਕਿ ਯੂ ਪੀ ਏ ਸਰਕਾਰ ਇਸ ਮੁੱਦੇ ਤੇ ਪੂਰੀ ਇਮਾਨਦਾਰੀ ਪਾਰਦਰਸ਼ਤਾ ਨਾਲ ਅੱਗੇ ਵਧਣ ਤੋਂ ਕਤਰਾ ਰਹੀ ਹੈ। ਲੋਕਪਾਲ ਅਤੇ ਇਸ ਦੀ ਬਣਤਰ ਬਾਰੇ ਕਾਂਗਰਸੀ ਨੇਤਾਵਾਂ ਦੇ ਹੰਕਾਰ ਭਰੇ ਬਿਆਨ ਉਨ੍ਹਾ ਦੀ ਨੀਅਤ ਬਾਰੇ ਵੀ ਸ਼ੱਕ ਪੈਦਾ ਕਰਦੇ ਨੇ ਅਤੇ ਲੋਕ ਰਾਜੀ ਸਦਾਚਾਰ ਦੇ ਉਲਟ ਨੇ। ਚੌਥਾ ਇਹ ਕਿ ਕਾਂਗਰਸ ਪਾਰਟੀ ਕਿਸੇ ਹੱਦ ਤੱਕ ਬਾਬਾ ਰਾਮ ਦੇਵ ਨੂੰ ਆਰ ਐੱਸ ਐੱਸ ਅਤੇ ਬੀ ਜੇ ਪੀ ਨਾਲ ਜੋੜਨ ਅਤੇ ਕਾਂਗਰਸ- ਵਿਰੋਧੀ ਪੇਸ਼ ਕਰਨ ਵਿਚ ਸਫ਼ਲ ਹੋ ਗਈ ਹੈ।ਜਿਥੇ ਇੱਕ ਪਾਸੇ ਸਰਕਾਰੀ ਧੱਕੇ ਦਾ ਸ਼ਿਕਾਰ ਹੋਣ ਕਾਰਨ ਲੋਕਾਂ ਦੇ ਟਾਕਰੇ ਹਿੱਸੇ ਦੀ ਹਮਦਰਦੀ ਵੀ ਬਾਬਾ ਰਾਮ ਦੇਵ ਨੂੰ ਮਿਲੀ ਹੈ ਪਰ ਲੰਮੇ ਦਾਅ ਪੱਖੋਂ ਉਨ੍ਹਾ ਦਾ ਪੈਰੋਕਾਰ ਆਧਾਰ ਸੁੰਗੜੇਗਾ। ਹੁਣ ਹਰ ਵਰਗ ਦੇ ਉਹ ਨੇਤਾ ਜਾਂ ਲੋਕ ਬਾਬਾ ਰਾਮ ਦੇਵ ਕੋਲ ਜਾਣ ਜਾਂ ਉਨ੍ਹਾ ਦੇ ਲੜ ਲੱਗਣ ਤੋਂ ਕੰਨੀ ਕਤਰਾਉਣਗੇ ਜਿਹੜੇ ਕਾਂਗਰਸ ਜਾਂ ਮਨਮੋਹਨ ਸਰਕਾਰ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ । ਹੁਣ ਸ਼ਿਲਪਾ ਸ਼ੈਟੀ ਵਰਗੇ ਉਹ ਫ਼ਿਲਮੀ ਸਿਤਾਰੇ ਵੀ ਬਾਬੇ ਕੋਲ ਜਾਣ ਤੋਂ ਪਹਿਲਾਂ ਕਈ ਵਾਰ ਸੋਚਣਗੇ ਜਿਨ੍ਹਾਂ ਨੂੰ ਭਾਰਤ ਸਰਕਾਰ ਦੀ ਨਾਰਾਜ਼ਗੀ ਦਾ ਖ਼ਦਸ਼ਾ ਹੋਵੇਗਾ।ਇਸ ਦੇ ਨਾਲ ਹੀ ਕੇਂਦਰ ਸਰਕਾਰ ਕਿਸੇ ਨਾ ਕਿਸੇ ਰੂਪ ਵਿਚ ਬਾਬਾ ਰਾਮ ਦੇਵ ਦੇ ਖ਼ਿਲਾਫ਼ ਜਾਂਚ -ਪੜਤਾਲਾਂ ਦਾ ਸਿਲਸਿਲਾ ਜਾਰੀ ਰੱਖਕੇ ਉਨ੍ਹਾ ਦਾ ਅਕਸ ਹੋਰ ਵਿਗਾੜਨ ਅਤੇ ਬਾਬੇ ਤੇ ਉਸਦੇ ਸਾਥੀਆਂ ਨੂੰ ਕਾਨੂੰਨੀ ਘੁੰਮਣ ਘੇਰੀ ਵਿਚ ਉਲਝਾਏਗੀ। ਦਿਗਵਿਜੇ ਸਿੰਘ ਵਰਗੇ ਬੜਬੋਲਿਆਂ ਦੀਆਂ ਵਾਗਾਂ ਹੋਰ ਖੁੱਲ੍ਹੀਆਂ ਛੱਡੀਆਂ ਜਾਣਗੀਆਂ।

ਇਸ ਸਾਰੇ ਵਰਤਾਰੇ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਸਿਆਸਤ ਵਿਚ ਕਾਂਗਰਸ ਪਾਰਟੀ ਦੀ ਕੂਟਨੀਤੀ ਦਾ ਮੁਕਾਬਲਾ ਕਰਨਾ ਕਿਸੇ ਲਈ ਵੀ ਸੌਖਾ ਨਹੀਂ। ਮੇਰੇ ਇੱਕ ਰਿਸ਼ਤੇਦਾਰ ਦੀ ਇਹ ਟਿੱਪਣੀ ਬਹੁਤ ਢੁੱਕਵੀਂ ਹੈ ਕਿ ਦਿੱਲੀ ਹਕੂਮਤ ਨੇ ਬਾਬਾ ਰਾਮ ਦੇਵ ਨੂੰ ਢਾਹੁਣ ਲਈ - ਸਾਮ, ਦਾਮ, ਦੰਡ ਅਤੇ ਭੇਦ - ਚਾਰੇ ਗੁਰ ਵਰਤੇ। ਪਹਿਲਾਂ 4 ਮੰਤਰੀ ਹਵਾਈ ਅੱਡੇ ਭੇਜ ਕੇ ਬਾਬੇ ਨੂੰ ਪਲੋਸਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਫੇਰ ਹੋਟਲ ਵਿਚ ਲਾਲਚ ਦੇਕੇ ਫਸਾਉਣ ਦੀ ਅਤੇ ਫੇਰ ਗੁੰਮਰਾਹ ਕਰਨ ਅਤੇ ਉਨ੍ਹਾ ਦੇ ਖੇਮੇ ਵਿੱਚ ਪਾੜ ਪਾਉਣ ਅਤੇ ਉਸ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਗਿਆ। ਇਹ ਤਿੰਨੇ ਤੀਰ ਬੇਅਸਰ ਹੋਏ ਤਾਂ ਫੇਰ ਦੰਡ ਦੇਣ ਭਾਵ ਤਾਕਤ ਦੀ ਵਰਤੋਂ ਅਤੇ ਸਜ਼ਾ ਦੇਣ ਦੇ ਪੈਂਤੜੇ ਦਾ ਸਹਾਰਾ ਲਿਆ।ਅਸਲ ਵਿਚ ਦਿੱਲੀ ਵਾਲੇ ਯੋਗ ਗੁਰੂ ਦੇ ਵੀ ਗੁਰੂ ਸਾਬਤ ਹੋਏ। ਅੰਨਾ ਹਜ਼ਾਰੇ ਨੂੰ ਠਿੱਬੀ ਲਾਉਣ ਲਈ ਵੀ ਅਜਿਹੇ ਹੀ ਹੱਥਕੰਡਿਆ ਦੀ ਵਰਤੋਂ ਕੀਤੀ ਗਈ ਅਤੇ ਕੀਤੀ ਜਾ ਰਹੀ ਹੈ।

ਬਾਬਾ ਰਾਮ, ਰਾਜਨੀਤੀ ਦੀਆਂ ਭੂਲ-ਭਲਈਆਂ ਤੋਂ ਨਾਵਾਕਿਫ਼ ਸਨ। ਦਰਅਸਲ ਉਹ ਇਹ ਗੱਲ ਵੀ ਭੁੱਲ ਗਏ ਸਨ ਕਿ ਉਨ੍ਹਾ ਨੇ ਸਿਰਫ਼ ਦਿੱਲੀ ਦੀ ਹਕੂਮਤ ਨਾਲ ਹੀ ਪੰਗਾ ਨਹੀਂ ਸੀ ਲਿਆ ਸਗੋਂ ਅਮਰੀਕਾ ਅਤੇ ਯੂਰਪੀ ਮੁਲਕਾਂ ਦੀਆਂ ਬਹੁਕੌਮੀ ਕੰਪਨੀਆਂ ਦੀ ਦੁਸ਼ਮਣੀ ਵੀ ਮੁੱਲ ਲਈ ਹੋਈ ਸੀ। ਅਜੋਕੇ ਗਲੋਬਲ ਯੁੱਗ ਵਿਚ ਉਨ੍ਹਾ ਵੱਲੋਂ ਚਲਾਈ ਸਵਦੇਸ਼ੀ ਜਾਗਰਣ ਮੁਹਿੰਮ ਦਾ ਲੋਕਾਂ ਅਤੇ ਸਮਾਜ ਂਤੇ ਬੇਸ਼ੱਕ ਕੋਈ ਖਾਸ ਅਸਰ ਨਹੀਂ ਸੀ ਪਰ ਬਾਬੇ ਨੂੰ ਰਗੜਾ ਲਾਉਣ ਪਿੱਛ,ੇ ਸਿੱਧੇ ਜਾਂ ਅਸਿੱਧੇ ਰੂਪ ਵਿਚ ਉਨ੍ਹਾ ਬਹੁਕੌਮੀ ਅਜਾਰੇਦਾਰਾਂ ਅਤੇ ਉਨ੍ਹਾ ਦੀਆਂ ਸਿਆਸੀ ਸਰਪ੍ਰਸਤ ਹਕੂਮਤਾਂ ਦੀ ਸ਼ਹਿ ਅਤੇ ਥਾਪੀ ਵੀ ਜ਼ਰੂਰ ਹੋਵੇਗੀ।

ਬਲਜੀਤ ਬੱਲੀ
ਸੰਪਾਦਕੀ ਸਲਾਹਕਾਰ
ਪੀ ਟੀ ਸੀ ਨਿਊਜ਼
#283,ਇੰਡੀਅਨ ਐਕਸਪ੍ਰੈਸ ਸੁਸਾਇਟੀ
ਸੈਕਟਰ 48- ਏ,
ਚੰਡੀਗੜ੍ਹ

Tuesday, June 21, 2011

ਸੱਤਿਆ ਸਾਈਂ ਦੇ ਧਨ ਬਾਰੇ ਬੋਲਣਗੇ ਬਾਬੇ ?

ਭਾਰਤ ਨੂੰ ਗੁਰੂਆਂ, ਫ਼ਕੀਰਾਂ, ਪੀਰਾਂ, ਦੇਵੀਆਂ ਅਤੇ ਦੇਵਤਿਆਂ ਦੀ ਧਰਤੀ ਕਿਹਾ ਜਾਂਦੈ।ਇਸ ਧਰਤੀ 'ਤੇ ਅਨੇਕਾਂ ਸੰਤਾਂ ਨੂੰ ਕਰਾਮਾਤੀ ਸੰਤ ਦੇ ਤੌਰ ਤੇ ਯਾਦ ਕੀਤਾ ਜਾਂਦੈ।ਇਸ ਦੇਸ਼ ਦੇ ਪੱਛਮ ਦੀ ਧਰਤੀ 'ਤੇ ਅਜਿਹੇ ਇੱਕ ਕਰਾਮਾਤੀ ਸੰਤ ਸੱਤਿਆ ਸਾਈਂ ਬਾਬੇ ਨੇ ਜਨਮ ਲਿਆ।

ਸੱਤਿਆ ਸਾਈਂ ਬਾਬੇ ਨੇ ਨਾ ਕੇਵਲ ਆਪਣੇ ਆਮ ਸ਼ਰਧਾਲੂਆਂ ਨੂੰ ਜਾਦੂਈ ਕਰਾਮਾਤਾਂ ਦਿਖਾਈਆਂ ਬਲਕਿ ਫ਼ਿਲਮ ਉਦਯੋਗ ਦੇ ਵੱਡੇ ਵੱਡੇ ਅਦਾਕਾਰਾਂ ਤੇ ਕ੍ਰਿਕੇਟ ਸਿਤਾਰਿਆਂ ਨੇ ਸਾਈਂ ਬਾਬੇ ਦੁਆਰਾ ਉਨ੍ਹਾਂ ਦੀਆਂ ਅੱਖਾਂ ਅੱਗੇ ਆਪਣੀ ਤਲੀ 'ਤੇ ਸੋਨੇ ਦੀ ਗੇਂਦ ਤੇ ਸੋਨੇ ਦੀਆਂ ਚੈਨੀਆਂ ਪੈਦਾ ਕਰਕੇ ਹੈਰਾਨ ਪ੍ਰੇਸ਼ਾਨ ਕਰ ਦਿੱਤਾ।ਗੱਲ ਇੱਥੇ ਹੀ ਨਹੀਂ ਮੁੱਕ ਗਈ, ਸ੍ਰੀ ਸਾਈ ਬਾਬਾ ਨੇ ਦੇਹ ਤਿਆਗਣ ਉਪਰੰਤ ਆਪਣੇ ਸ਼ਰਧਾਲੂਆਂ ਨੂੰ ਹੀ ਨਹੀਂ ਬਲਕਿ ਪੂਰੇ ਦੇਸ਼ ਦੀਆਂ ਸੰਗਤਾਂ ਨੂੰ ਉਸ ਵਕਤ ਹੋਰ ਵੀ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਦੇ ਗੁਪਤ ਦਰਵਾਜ਼ੇ ਦਾ ਵੱਡ ਆਕਾਰ ਜਿੰਦਾ ਖੋਲ੍ਹਣ ਉਪਰੰਤ ਸੋਨੇ, ਹੀਰਿਆਂ ਅਤੇ ਕਰੋੜਾਂ ਦੀ ਨਕਦੀ ਦਾ ਖ਼ਜ਼ਾਨਾ ਸਾਹਮਣੇ ਆਇਆ।

ਕਿਹਾ ਜਾ ਰਿਹਾ ਹੈ ਕਿ ਬਾਬਾ ਜੀ ਦੇ ਜਿਹੜੇ ਗੁਪਤ ਕਮਰੇ ਵਿਚੋਂ ਖ਼ਜ਼ਾਨਾ ਮਿਲਿਆ ਹੈ ਉਸ ਕਮਰੇ ਵਿਚ ਜਾਂ ਤਾਂ ਖ਼ੁਦ ਸਾਈਂ ਬਾਬਾ ਹੀ ਦਾਖਲ ਹੁੰਦੇ ਤੇ ਜਾਂ ਫਿਰ ਉਨ੍ਹਾਂ ਦੇ ਸਭ ਤੋਂ ਨੇੜਲੇ ਸ਼ਰਧਾਲੂ ਸਤਿਆਜੀਤ ਹੀ ਉਸ ਕਮਰੇ ਵਿਚ ਦਾਖਲ ਹੋ ਸਕਦੇ ਸਨ।ਇਨ੍ਹਾਂ ਦੋਹਾਂ ਸੰਤਾਂ ਤੋਂ ਇਲਾਵਾ ਤੀਜਾ ਕੋਈ ਸ਼ਖ਼ਸ 25 ਵਰ੍ਹਿਆਂ ਤੀਕ ਇਸ ਕਮਰੇ ਵਿਚ ਦਾਖਲ ਨਹੀਂ ਹੋ ਸਕਿਆ ।

ਪ੍ਰੰਤੂ ਸੱਤਿਆ ਸਾਈ ਦੇ ਬਿਮਾਰ ਪੈਂਦਿਆਂ ਹੀ ਭੇਦ ਬਣੇ ਖ਼ਜ਼ਾਨੇ ਨੂੰ ਲੁੱਟਣ ਯੁੱਧ ਜਿਹਾ ਛਿੜ ਗਿਆ ।ਇਸ ਯੁੱਧ ਵਿਚ ਸਾਈਂ ਦੇ ਇਰਦ ਗਿਰਦ ਰਹਿਣ ਵਾਲੇ ਕਈਆਂ ਨਾਵਾਂ ਦਾ ਖ਼ੁਲਾਸਾ ਹੋ ਸਕਦਾ ਹੈ।ਉਨ੍ਹਾਂ ਤੋਂ ਇਲਾਵਾ ਸਾਈਂ ਦੇ ਇੱਕ ਭਰਾ ਦਾ ਨਾਂ ਵੀ ਜਾਂਚ ਏਜੰਸੀਆਂ ਦੀਆਂ ਨਜ਼ਰਾਂ ਵਿਚ ਆਇਆ ਹੋਇਆ ਹੈ।ਹਾਲੇ ਤੱਕ ਭਾਵੇਂ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਕਿ ਖ਼ਜ਼ਾਨੇ ਦੀ ਲੁੱਟ ਸਾਈਂ ਦੇ ਬਿਮਾਰ ਹੁੰਦਿਆਂ ਹੀ ਸ਼ੁਰੂ ਹੋ ਗਈ ਸੀ ਪਰ ਇਸਦਾ ਭੇਦ ਸਾਈਂ ਦੀ ਦੇਹ ਤਿਆਗਣ ਉਪਰੰਤ ਉਦੋਂ ਸਾਹਮਣੇ ਆਇਆ ਜਦੋਂ ਖ਼ਜ਼ਾਨੇ ਵਿਚੋਂ ਕਰੋੜਾਂ ਰੁਪਏ ਲੁੱਟਕੇ ਬੱਸਾਂ ਕਾਰਾਂ ਰਾਹੀਂ ਵੱਖ ਟਿਕਾਣਿਆਂ 'ਤੇ ਭਿਜਾਏ ਜਾ ਰਹੇ ਸੀ । ਇੱਕ ਬੱਸ ਵਿਚੋਂ ਮਿਲੀ ਨੋਟਾਂ ਦੀ ਬੋਰੀ ਹੀ ਪੁਲਸ ਨੂੰ ਭੇਦ ਕਮਰੇ ਤੀਕ ਲੈਕੇ ਜਣ ਦਾ ਜਰੀਆ ਬਣੀ ਪੁਲਸ ਪਰ ਕਮਰੇ ਦਾ ਅੰਦਰਲਾ ਨਜ਼ਾਰਾ ਏਨਾ ਹੈਰਾਨ ਕਰਨ ਵਾਲਾ ਦੱਸਿਆ ਜਾ ਰਿਹਾ ਹੈ ਕਿ ਪੁਲਸ ਵੀ ਭੌਂਚੱਕੀ ਸੀ।

ਨਕਦੀ ਗਿਣਨ ਲਈ ਤਿੰਨ ਮਸ਼ੀਨਾਂ ਵਰਤੋਂ ਅਧੀਨ ਲਿਆਉਣੀਆਂ ਪਈਆਂ ਅਤੇ 11 ਕਰੋੜ 40 ਲੱਖ ਦੀ ਨਕਦ ਰਕਮ ਨੂੰ ਗਿਣਨ ਲਈ 36 ਘੰਟੇ ਲੱਗੇ।ਇਹ ਉਹ ਰਕਮ ਸੀ ਜਿਹੜੀ ਬਚ ਗਈ । ਇਸ ਵਿਚੋਂ ਕਿੰਨੀ ਖ਼ਰਦ ਬਰੂਦ ਕਰ ਦਿੱਤੀ ਗਈ ਕੋਈ ਅਨੁਮਾਨ ਨਹੀਂ ਹੈ।ਬੇਨਾਮੀ ਹੋਣ ਕਰਕੇ ਇਸਦਾ ਕੋਈ ਰਿਕਾਰਡ ਮੌਜੂਦ ਨਹੀਂ । ਨਕਦੀ ਤੋਂ ਇਲਾਵਾ ਸਾਈ ਜੀ ਦੇ ਗੁਪਤ ਕਮਰੇ ਵਿਚੋਂ ਸੋਨੇ ਦੀ ਚੱਪਲ, ਹੀਰੇ ਜੜੇ ਛੇ ਮੁਕਟ, ਚਾਂਦੀ ਦੀ ਆਰਾਮ ਕੁਰਸੀ,ਗਣੇਸ਼ ਜੀ, ਲਕਸ਼ਮੀ ਮਾਤਾ ਤੇ ਹੋਰ ਸੋਨੇ ਦੀਆਂ ਮੂਰਤੀਆਂ ਤੋ ਇਲਾਵਾ 100 ਤੋਂ ਵੀ ਵੱਧ ਤੋਹਫ਼ਿਆਂ ਭਰੇ ਸੂਟ ਕੇਸ,700 ਕੁੜਤੇ ਅਤੇ 500 ਜੋੜੇ ਚੱਪਲ ਤੇ ਚਾਂਦੀ ਦੇ ਬਰਤਨ ਯਾਨੀ ਕੁੱਲ ਮਿਲਾਕੇ 98 ਕਿੱਲੋ ਸੋਨਾ ਤੇ 307 ਕਿੱਲੋ ਚਾਂਦੀ ਬਰਾਮਦ ਹੋਈ ਹੈ।

ਦੇਹ ਤਿਆਗਣ ਉਪਰੰਤ ਉਨ੍ਹਾਂ ਸਭਨਾਂ ਡੇਰਾ ਮੁਖੀਆਂ ਦੀਆਂ ਅੱਖਾਂ ਇਸ ਗੁਪਤ ਕਮਰੇ 'ਤੇ ਗੱਡੀਆਂ ਪਈਆਂ ਸਨ ਜਿਨ੍ਹਾਂ ਨੂੰ ਕਮਰੇ ਅੰਦਰੇ ਬੰਦ ਖ਼ਜ਼ਾਨੇ ਦੇ ਰਾਜ਼ ਬਾਰੇ ਗਿਆਨ ਸੀ।ਬੱਸ ਕਮਰੇ ਅੰਦਰਲੀ ਮਾਇਆ ਦੇ ਗੱਫੇ ਛਕਣ ਦੀ ਕਸ਼ਮਕਸ਼ ਵਿਚੋਂ ਭੇਦ ਕਰ ਵਿਭਾਗ ਦੇ ਗਲਿਆਰੇ ਵਿਚ ਪੁੱਜਿਆ ਤੇ ਕਰ ਵਿਭਾਗ ਅਧਿਕਾਰੀ ਖ਼ਜ਼ਾਨੇ ਤੀਕ ਪੁੱਜੇ ਪਰ ਕਰ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖ਼ਜ਼ਾਨੇ ਤੀਕ ਪੁੱਜਣ ਤੋਂ ਪਹਿਲਾਂ ਉਸ ਖ਼ਜ਼ਾਨੇ ਨੂੰ ਲੁੱਟਣ ਵਾਲਾ ਕੌਣ ਸੀ ? ਇਹ ਗੱਲ ਹਾਲੇ ਵੀ ਭੇਦ ਬਣੀ ਹੋਈ ਹੈ।ਇਸ ਭੇਦ ਤੋਂ ਪਰਦਾ ਲਾਹੁਣਾ ਕਿਸੇ ਵੀ ਏਜੰਸੀ ਲਈ ਮੁਸ਼ਕਲ ਹੋਵੇਗਾ ਕਿ ਜੋ ਧਨ ਲੁੱਟਿਆ ਗਿਆ ਉਹ ਕਿੰਨਾ ਸੀ ? ਕਿਉਂਕਿ ਇਸ ਖ਼ਜ਼ਾਨੇ ਦਾ ਕੋਈ ਰਿਕਾਰਡ ਮੌਜੂਦ ਨਹੀਂ ਮਿਲਿਆ।

ਦਰ ਅਸਲ ਇਹ ਖ਼ਜ਼ਾਨਾ ਉਹ ਸੀ ਜਿਹੜਾ ਸ਼ਰਧਾਲੂਆਂ ਦੁਆਰਾ ਬੇਨਾਮੀ ਚੜ•ਾਇਆ ਗਿਆ, ਅਮੀਰ ਲੋਕ ਗੁਪਤ ਦਾਨ ਦੇਣ 'ਚ ਵਿਸ਼ਵਾਸ ਰੱਖਦੇ ਹਨ ਪਰ ਸਿੱਧੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਹ ਖ਼ਜ਼ਾਨਾ ਇੱਕ ਤਰ੍ਹਾਂ ਨਾਲ ਕਾਲਾ ਧਨ ਹੀ ਮੰਨਿਆ ਜਾਵੇਗਾ ਜਿਸ ਦਾ ਕਿਤੇ ਵੀ ਹਿਸਾਬ ਦਰਜ਼ ਨਹੀਂ ਹੈ, ਕਿਉਂਕਿ ਭਾਰਤ ਧਾਰਮਿਕ ਭਾਵਨਾਵਾਂ ਨਾਲ ਓਤ-ਪੋਤ ਦੇਸ਼ ਹੈ ਅਤੇ ਇਸ ਧਨ ਦਾ ਵੀ ਸਿੱਧਾ ਸਬੰਧ ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਇਸ ਬਾਰੇ ਸ਼੍ਰੀ ਅੰਨਾ ਹਜ਼ਾਰੇ ਜਾਂ ਬਾਬਾ ਰਾਮਦੇਵ ਨਹੀਂ ਬੋਲਣਗੇ।ਹਾਂ ਹੋ ਸਕਦੈ ਕਰ ਵਿਭਾਗ ਇਸ ਬਾਰੇ ਕੁੱਝ ਜਾਣਕਾਰੀ ਰੱਖਦਾ ਹੋਵੇ ਪਰ ਕਰ
ਵਿਭਾਗ ਇਸ ਦੀ ਜਾਣਕਾਰੀ ਜਨਤਕ ਕਰੇ ਇਹ ਜ਼ਰੂਰੀ ਨਹੀਂ ਹੋ ਸਕਦਾ।

ਭਾਰਤ ਅਨੇਕਾਂ ਧਰਮਾਂ,ਸਭਿਅਤਾਵਾਂ, ਬੋਲੀਆਂ ਅਤੇ ਮਾਨਤਾਵਾਂ ਵਾਲਾ ਦੇਸ਼ ਹੋਣ ਕਰਦੇ ਇੱਥੇ ਅਣਗਿਣਤ ਧਾਰਮਿਕ ਡੇਰੇ ਹਨ ਅਤੇ ਡੇਰਿਆਂ ਪ੍ਰਤੀ ਅਮੀਰ ਤੇ ਗ਼ਰੀਬ ਦੀ ਬਰਾਬਰ ਸ਼ਰਧਾ ਹੈਇਹ ਵੱਖਰੀ ਗੱਲ ਹੈ ਕਿ ਅਮੀਰ ਵੱਧ ਦਾਨ ਦੇ ਰੂਪ ਵਿਚ ਮਾਇਆ ਦਾ ਚੜ੍ਹਾਵਾ ਚੜ•ਾ ਦਿੰਦਾ ਹੈ ਅਤੇ ਗ਼ਰੀਬ ਘੱਟ ਪਰ ਡੇਰੇ ਦੀ ਤਰੱਕੀ ਅਮੀਰ ਦਾਨੀਆਂ ਦੀ ਸ਼ਰਧਾ 'ਤੇ ਨਿਰਭਰ ਕਰਦੀ ਹੈ।ਗ਼ਰੀਬ ਸ਼ਰਧਾਲੂ ਹੀਰੇ ਜਵਾਹਰਾਤ ਜਾਂ ਸੋਨਾ ਚੜ•ਾਉਣ ਦੀ ਸਮਰੱਥਾ ਨਹੀਂ ਰੱਖਦਾ ਉਹ ਤਾਂ ਆਪਣਾ ਸਿੱਕਾ ਜਾਂ ਪੰਜ ਦਸ ਦੇ ਨੋਟ ਤੱਕ ਆਪਣੀ ਸ਼ਰਧਾ ਦੀ ਭੇਟ ਪ੍ਰਵਾਨ ਕਰਨ ਦੀ ਬੇਨਤੀ ਹੀ ਕਰ ਸਕਦਾ ਹੈ, ਅੱਗੋਂ ਪ੍ਰਵਾਨ ਕਰਨਾ ਤਾਂ ਇਸ਼ਟ ਦੀ ਮਰਜ਼ੀ ਹੈ।

ਸੰਤ-ਮਹਾਂ ਪੁਰਸ਼ਾਂ ਦਾ ਆਪਣਾ ਕੁੱਝ ਨਹੀਂ ਹੁੰਦਾ ਅਜਿਹਾ ਖ਼ੁਦ ਮਹਾਂਪੁਰਸ਼ ਕਹਿੰਦੇ ਪਰ ਅਕਸਰ ਦੇਖਣ ਵਿਚ ਆਇਆ ਹੈ ਕਿ ਮਹਾਂਪੁਰਸ਼ਾਂ ਦੁਆਰਾ ਦੇਹ ਤਿਆਗਣ ਉਪਰੰਤ ਚੜ•ਾਵੇ ਦਾ ਖ਼ਜ਼ਾਨਾ ਉਹ ਲੋਟੂ ਲੁੱਟ ਲੈਂਦੇ ਹਨ ਜਿਹੜੇ ਲੋਟੂ ਸੰਤਾਂ ਦੇ ਇਰਦ ਗਿਰਦ ਖ਼ਜ਼ਾਨੇ 'ਤੇ ਨਜ਼ਰ ਰੱਖਦੇ ਰਹਿੰਦੇ ਹਨ।ਅਜਿਹੇ ਲੋਟੂਆਂ ਤੋਂ ਬਚਣ ਲਈ ਇੱਕੋ ਇੱਕ ਰਸਤਾ ਇਹ ਹੈ ਕਿ ਸੰਤ ਦੇਹ ਤਿਆਗਣ ਤੋਂ ਪਹਿਲਾਂ ਪਹਿਲਾਂ ਚੜ੍ਹਾਵੇ ਦੀ ਦੌਲਤ ਗ਼ਰੀਬਾਂ ਦੇ ਲੇਖੇ ਲਾ ਜਾਣ। ਹੁਣ ਸਾਈਂ ਬਾਬਾ ਨਹੀਂ ਰਹੇ ਅਤੇ ਦੋਨਾਂ ਜਵਾਹਰਾਤ ਤੇ ਤੋਹਫ਼ੇ ਵੀ ਕਿਸ ਦੇ ਕੰਮ ਆਉਣਗੇ ? ਕੋਈ ਕੀ ਜਾਣਦੈ ਇਸ ਬਾਰੇ । ਹਾਂ ਪੁਲਸ ਇਸ ਖੋਜ ਕਾਰਜ ਵਿਚ ਜ਼ਰੂਰ ਰੁੱਝ ਗਈ ਹੈ ਕਿ ਆਖ਼ਰ ਏਨਾ ਧਨ ਦੌਲਤ ਕਿੱਥੋਂ ਅਤੇ ਜਾਂਦੀ ਕਿੱਥੇ ਰਹੀ । ਸੱਚ ਸਾਹਮਣੇ ਆਉਣ ਦੀ ਕੋਈ ਗਰੰਟੀ ਨਹੀਂ ਪਰ ਆਮ ਜਨਤਾ ਦੇ ਜ਼ਿਹਨ 'ਚ ਸਵਾਲ ਜ਼ਰੂਰ ਉੱਠਣਗੇ ਕਿ ਮਾਇਆ ਮੋਹ 'ਚ ਫਸੇ ਦੀਨ-ਦੁਨੀਆ ਦਾ ਉਥਾਨ ਨਹੀਂ ਕਰ ਸਕਦੇ । ਹਾਲਾਂ ਕਿ ਇਹ ਖ਼ਜ਼ਾਨਾ ਲੋੜਵੰਦਾਂ 'ਚ ਵੰਡ ਦਿੱਤਾ ਜਾਂਦਾ ਤਾਂ ਵੱਡੀ ਗ਼ਰੀਬ ਵਸੋਂ ਦਾ ਉਥਾਨ ਜ਼ਰੂਰ ਹੋ ਜਾਂਦਾ।

ਇਸ ਮੌਕੇ ਦੇਸ਼ ਵਿਚ ਤਕਰੀਬਨ 20 ਕਰੋੜ ਵਸੋਂ ਕੋਲ ਖਣ ਲਈ ਕੁੱਝ ਨਹੀਂ ਹੈ।ਭੁੱਖੇ ਮਰ ਰਹੇ ਇਨ੍ਹਾਂ ਦੇਸ਼ ਵਾਸੀਆਂ ਦੀ ਅੱਜ ਬਾਂਹ ਫੜਨ ਵਾਲਾ ਕੋਈ ਨਹੀਂ।ਸਿਹਤ ਸੇਵਾਵਾਂ ਤੋਂ ਵਾਂਝੀ ਵਸੋਂ ਦਵਾਈਆਂ ਖੁਣੋਂ ਬਿਮਾਰੀ ਦੀ ਹਾਲਤ 'ਚ ਦਮ ਤੋੜ ਜਾਂਦੀ ਹੈ,ਸੰਤਾਂ ਦੇ ਖ਼ਜ਼ਾਨੇ ਜੇ ਇਸ ਲੋੜ ਵੰਦ ਵਸੋਂ ਦੇ ਲੇਖੇ ਲੱਗ ਜਣ ਤਾਂ ਕਿੰਨਾ ਪੁਣ ਵਾਲਾ ਕਾਰਜ ਹੋਵੇਗਾ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਸੱਤਿਆ ਸਾਈ ਦਾ ਖ਼ਜ਼ਾਨਾ ਫ਼ਿਲਹਾਲ ਸਟੇਟ ਬੈਂਕ ਵਿਚ ਹੈ ਅਤੇ ਬਾਅਦ ਵਿਚ ਸਰਕਾਰ ਦੇ ਖ਼ਜ਼ਾਨੇ ਵਿਚ ਦਫ਼ਨ ਹੋ ਜਾਵੇਗਾ ਠੀਕ ਉਸ ਤਰ੍ਹਾਂ ਕਾਨੂੰਨ ਦੀਆਂ ਬੇੜੀਆਂ ਵਿਚ ਜਕੜਿਆ ਜਾਵੇਗਾ ਜਿਸ ਤਰ੍ਹਾਂ ਸਰਕਾਰ ਦੇ ਕੰਟ੍ਰੌਲ ਹੇਠਲਾ ਅਨਾਜ ਸੜ ਤਾਂ ਰਿਹਾ ਹੈ ਪਰ ਦੇਸ਼ ਦੀ ਭੁੱਖੀ ਮਰ ਰਹੀ ਜਨਤਾ ਨੂੰ ਵੰਡਣ ਦਾ ਦੇਸ਼ ਦੀ ਸਰਕਾਰ ਕੋਲ ਕੋਈ ਕਾਨੂੰਨੀ ਪ੍ਰਾਵਧਾਨ ਨਹੀਂ ਹੈ।

ਮਦਨਦੀਪ ਸਿੰਘ
ਲੇਖ਼ਕ ਚੰਡੀਗੜ੍ਹ ਤੋਂ ਸ਼ੁਰੂ ਹੋਣ ਵਾਲੇ ਨਵੇਂ ਪੰਜਾਬੀ ਅਖ਼ਬਾਰ ਦੇ ਨਿਊਜ਼ ਐਡੀਟਰ ਹਨ।
ਮੋਬਾਈਲ-08591859124

Monday, June 13, 2011

‘ਫਕੀਰ-ਉਦ-ਦੀਨ’, ‘ਫਕੀਰ ਸਿੰਘ’ ਤੇ ‘ਫਕੀਰ ਚੰਦ’ ਦੇ ਦਾਰਸ਼ਨਿਕ ਪੰਜਾਬ ਨੂੰ ਬਚਾਓ

ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿੱਚ ਸੰਸਾਰ (ਦੁਨੀਆਂ) ਇੱਕ ਨਿੱਕਾ ਜਿਹਾ ਪਿੰਡ ਬਣਨ ਵੱਲੀਂ ਜਾ ਰਿਹਾ ਹੈ। ਕੋਈ ਵੀ ਰਾਸ਼ਟਰ (ਕੌਮ) ਦੂਜੇ ਰਾਸ਼ਟਰਾਂ (ਕੌਮਾਂ) ਦੇ ਸਮਾਜਿਕ (ਮੁਆਸ਼ਰੀ) ਸਿਆਸ), ਆਰਥਿਕ, ਸੱਭਿਆਚਾਰਕ, ਭਾਸ਼ਾਈ ਤੇ ਦਾਰਸ਼ਨਿਕ(ਫਲਸਫਾ) ਪ੍ਰਭਾਵ(ਅਸਰ) ਤੋਂ ਬਚ ਨਹੀਂ ਸਕਦਾ। ਵਿਸ਼ਵੀਕਰਨ ਦੀ ਆੜ ਹੇਠ ਸਰਮਾਏਦਾਰ ਰਾਸ਼ਟਰਾਂ ਵੱਲੋਂ ਵਿਕਾਸਸ਼ੀਲ ਤੇ ਅਵਿਕਸਤ ਰਾਸ਼ਟਰਾਂ ਉੱਤੇ ਆਪਣੀਆਂ ਸਰਮਾਏਦਾਰੀ, ਬਸਤੀਵਾਦੀ, ਨਵ-ਬਸਤੀਵਾਦੀ ਤੇ ਸਾਮਰਾਜੀ ਨੀਤੀਆਂ ਦੁਆਰਾ ਆਰਥਿਕ ਖੇਤਰ ਦੇ ਨਾਲ-ਨਾਲ ਉਨ੍ਹਾਂ ਦੇ ਸਮਾਜਿਕ, ਰਾਜਨੀਤਕ, ਭਾਸ਼ਾਈ, ਸੱਭਿਆਚਾਰਕ ਤੇ ਦਾਰਸ਼ਨਿਕ ਖੇਤਰ ਵਿੱਚ ਵੀ ਬੜੀ ਚਲਾਕੀ ਨਾਲ ਆਪਣੀਆਂ ਕਦਰਾਂ-ਕੀਮਤਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ। ਕਮਜ਼ੋਰ ਰਾਸ਼ਟਰਾਂ (ਕਮਜ਼ੋਰ ਕੌਮਾਂ) ਨੂੰ ਆਪਣੀ ਹੋਂਦ ਖਤਰੇ ਚ ਜਾਪਣ ਲੱਗੀ ਹੈ। ਉਨ੍ਹਾਂ ਆਪਣੇ ਸੱਭਿਆਚਾਰ, ਭਾਸ਼ਾ ਤੇ ਦਰਸ਼ਨ (ਫਲਸਫੇ) ਬਾਰੇ ਘੋਰ ਵਿਵੇਚਨ (ਘੋਖ-ਪੜਤਾਲ) ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਆਪਣੀ ਵੱਖਰੀ ਤੇ ਨਿਆਰੀ ਹਸਤੀ ਬਾਰੇ ਆਪਣੀ ਨਸਲ ਦੇ ਨਾਲ-ਨਾਲ ਪੂਰੀ ਦੁਨੀਆਂ ਨੂੰ ਵੀ ਦੱਸਿਆ ਜਾ ਸਕੇ ਤੇ ਸਰਮਾਏਦਾਰ ਰਾਸ਼ਟਰਾਂ ਦੇ ਹਮਲੇ ਦਾ ਮੂੰਹ-ਤੋੜ ਜਵਾਬ ਦਿੱਤਾ
ਜਾ ਸਕੇ।

ਜਿੱਥੇ ਪੂਰੀ ਦੁਨੀਆਂ ਆਪਣੀ ਹਸਤੀ ਪ੍ਰਤੀ ਚੇਤਨ ਹੋ ਰਹੀ ਹੈ, ਉਥੇ ਪੰਜਾਬੀ ਕੌਮ ਦੀ ਤ੍ਰਾਸਦੀ ਇਹ ਹੈ ਕਿ ਉਹ ਆਪਣੀ ਹਸਤੀ ਤੋਂ ਹੀ ਚੇਤਨ (ਜਾਗਰੂਕ) ਨਹੀਂ ਹੈ। ‘ਅਸੀਂ ਕੌਣ ਹਾਂ’ ਨੂੰ ਲੱਭਣ ਦੀ ਮਾਨਸਿਕਤਾ ਇਸ ਕੌਮ ਚੋਂ ਗਾਇਬ ਹੈ। ਜਦੋਂ ਤੱਕ ਪੰਜਾਬੀ ਕੌਮ ਆਪਣੀ ਹਸਤੀ ਤੋਂ ਜਾਣੂ ਨਹੀਂ ਹੋ ਜਾਂਦੀ ਉਦੋਂ ਤੱਕ ਪੰਜਾਬ ਨੂੰ ਵਿਸ਼ਵ ਨਕਸ਼ੇ ਤੇ ਆਪਣੀ ਛਾਤੀ ਚੌੜੀ ਕਰਕੇ ਤੁਰਨਾ ਮੁਸ਼ਕਿਲ ਹੋਵੇਗਾ। ਪੰਜਾਬੀ ਕੌਮ ਨੇ ਨਾ ਹੀ ਆਪਣੇ ਖਿੱਤੇ ਦੇ ਬਹੁਲਵਾਦੀ ਚਿੰਤਨ ਸਰੂਪ (ਬਹੁ ਆਯਾਮੀ ਫਲਸਫ਼ਾਈ) ਨੂੰ ਕਬੂਲਿਆ ਹੈ, ਬਲਕਿ ਉਸਨੂੰ ਧਰਮ ਦੀ ਆੜ ਹੇਠ ਵਿਸ਼ੇਸ ਮੱਤ ਤੱਕ ਸੀਮਤ ਕਰਕੇ ਰੱਖ ਦਿੱਤਾ ਹੈ। ਪੰਜਾਬੀ ਸਾਹਿਤ ਵਿਚੋਂ ਪੰਜਾਬੀ ਕੌਮ ਦੀ ਨਿਆਰੀ ਹਸਤੀ ਦੇ ਚਿੰਨ੍ਹ ਜ਼ਰੂਰ ਮਿਲ ਜਾਂਦੇ ਹਨ, ਜੋ ਪੂਰੇ ਭਾਰਤੀ ਖਿੱਤੇ ਚੋਂ ਇਸ ਦੀ ਨਿਆਰੀ ਹੋਂਦ ਤਾਂ ਦਿਖਾਉਂਦੇ ਹੀ ਹਨ ਸਗੋਂ ਪੂਰੇ ਪੰਜਾਬੀਆਂ ਨੂੰ ਵੀ ਧਰਮ-ਨਿਰਪੱਖਤਾ ਦਾ ਸਬਕ ਪੜ੍ਹਾਉਂਦੇ ਹਨ।

ਪੰਜਾਬ ਦੇ ਦਰਸ਼ਨ (ਫਲਸਫ਼ੇ), ਸੱਭਿਆਚਾਰ (ਸਕਾਫ਼ਤ) ਤੇ ਜ਼ੁਬਾਨ ਨੂੰ ਘੋਖਣ ਤੋਂ ਹੀ ਪਤਾ ਚੱਲੇਗਾ ਕਿ ਪੰਜਾਬ ਕੀ ਹੈ? ਪੰਜਾਬੀਅਤ ਕੀ ਹੈ? ਤੇ ਪੰਜਾਬੀ ਖੁਦ ਕਿੱਥੇ ਖੜੇ ਹਨ। ਘੋਰ ਵਿਵੇਚਨ (ਡੂੰਘੀ ਸੋਚ ਵਿਚਾਰ ਤੇ ਪੜਚੋਲ) ਕਰਨ ਤੇ ਹੀ ਪਤਾ ਚੱਲਦਾ ਹੈ ਕਿ ਜਿੱਥੇ ਪੰਜਾਬ ਦੇ ਸੱਭਿਆਚਾਰ, ਇਤਿਹਾਸ ਤੇ ਫਲਸਫ਼ੇ ਚ ਕਈ ਬੇਕਿਰਕੀ ਨਾਲ ਨਿੰਦਣਯੋਗ ਤੱਤ (ਗੱਲਾਂ) ਹਨ ਉਥੇ ਕਬੂਲਣਯੋਗ ਤੱਤ ਵੀ ਹਨ ਜੋ ਉਚ ਪਾਏਦਾਰ ਹਨ।

ਜੇਕਰ ਪੰਜਾਬ ਦੇ ਸਮੁੱਚੇ ਚਿੰਤਨ ਨੂੰ ਵਾਚਿਆ (ਘੋਖਿਆ) ਜਾਵੇ ਤਾਂ ਪਤਾ ਚੱਲਦਾ ਹੈ ਕਿ ਪੰਜਾਬ ਦਾ ਚਿੰਤਨ ਬਹੁਪਰਤੀ ਹੈ। ਇਸ ਨੂੰ ਕਿਸੇ ਵਿਸ਼ੇਸ਼ ਧਾਰਨਾ (ਮੱਤ ਜਾਂ ਸੋਚ) ਤੱਕ ਸੀਮਤ ਕਰਕੇ ਨਹੀਂ ਵੇਖਿਆ ਜਾ ਸਕਦਾ। ਏਥੇ ਵੱਖ-ਵੱਖ ਵਿਰੋਧੀ ਵਿਚਾਰ ਆਪਸ ਵਿੱਚ ਟਕਰਾਉਂਦੇ ਰਹੇ ਹਨ। ਇਸ ਟਕਰਾਉ ਚੋਂ ਹੀ ਨਵੇਂ ਵਿਚਾਰ ਪੈਦਾ ਹੁੰਦੇ ਰਹੇ ਹਨ। ਇਨ੍ਹਾਂ ਵਿਭਿੰਨ ਵਿਚਾਰਾਂ ਦੇ ਟਕਰਾਉ ਦਾ ਸਰੂਪ ਦਵੰਦਾਤਮਕ ਸੀ (ਡਾਇਲੈਕਟੀਕਲ)। ਪੰਜਾਬ ਦੇ ਚਿੰਤਨ (ਫਲਸਫ਼ਾ) ਨੂੰ ਜਿੱਥੇ ਇਥੋਂ ਦੇ ਭੂਗੋਲਿਕ ਵਾਤਾਵਰਨ ਨੇ ਪ੍ਰਭਾਵਿਤ ਕੀਤਾ ਉੱਥੇ ਹੀ ਵੱਖ-ਵੱਖ ਚਿੰਤਨ-ਧਾਰਾਵਾਂ (ਮੁਕਤਲਿਫ਼ ਮੱਤਾਂ) ਨੇ ਵੀ ਇੱਕ ਦੂਜੇ ਨੂੰ ਪ੍ਰਭਾਵਿਤ (ਮੁਤਾਸਿਰ) ਕੀਤਾ ਹੈ ਤੇ ਵਿਦੇਸ਼ੀ ਚਿੰਤਨ-ਧਾਰਾਵਾਂ ਦਾ ਵੀ ਪ੍ਰਭਾਵ ਪੈਂਦਾ ਰਿਹਾ ਹੈ।

ਰਿਗਵੇਦ ਤੋਂ ਲੈ ਕੇ ਹੁਣ ਤੱਕ ਦੇ ਪੰਜਾਬੀ ਚਿੰਤਨ ਚ ਕਾਫੀ ਵਿਕਾਸ ਹੋਇਆ ਹੈ। ਇਹ ਕਹਿ ਦੇਣਾ ਕਿ ਪੰਜਾਬ ਦਾ ਚਿੰਤਨ ਅਧਿਆਤਮਵਾਦ (ਸਪਿਰਚੂਨਾਲਿਜ਼ਮ) ਪ੍ਰਧਾਨ ਹੈ, ਪੰਜਾਬੀ ਚਿੰਤਨ ਨੂੰ ਘਟਾ ਕੇ ਵੇਖਣ ਵਾਲੀ ਗੱਲ ਹੋਵੇਗੀ ਤੇ ਨਾ ਹੀ ਕਿਸੇ ਵਿਸ਼ੇਸ਼ ਮੱਤ (ਸੋਚ) ਨੂੰ ਪੰਜਾਬੀ ਚਿੰਤਨ ਦੀ ਚਰਮਸੀਮਾਂ ਕਿਹਾ ਜਾ ਸਕਦਾ ਹੈ। ਇਸੇ ਹੀ ਧਰਤੀ ਤੇ ਜੇਕਰ ਰੱਬੀ ਵਿਚਾਰਧਾਰਾ (ਸੋਚ) ਪਨਪੀ(ਪੈਦਾ) ਹੋਈ ਹੈ ਤਾਂ ਉੱਥੇ ਹੀ ਪਦਾਰਥਵਾਦੀ ਵਿਚਾਰਧਾਰਾ (ਮਟੀਰੀਲ-ਲਿਸਟਕ ਆਇਡਾਲੋਜੀ) ਤੇ ਚਾਰਵਾਕ ਨੇ ਵੀ ਆਪਣਾ ਰੰਗ ਦਿਖਾਇਆ ਹੈ। ਇਸ ਖਿੱਤੇ ਦਾ ਅਧਿਆਤਮਵਾਦ ਵੀ ਪੂਰੀ ਤਰ੍ਹਾਂ ਭੌਤਿਕ ਸੰਕਲਪ ਨੂੰ ਨਿੰਦਦਾ ਨਹੀਂ ਹੈ। ਸਾਂਖ ਤੇ ਵਿਸ਼ੇਸ਼ਕ ਸ਼ਾਸਤਰਾਂ ਨੇ ਵੀ ਪੰਜਾਬ ਚ ਆਪਣਾ ਪ੍ਰਭਾਵ ਛੱਡਿਆ ਹੈ ਜੋ ਅਜੋਕੀ ਵਿਗਿਆਨਕ ਵਿਚਾਰਧਾਰਾ ਦੇ ਬਹੁਤ ਨੇੜੇ ਹਨ। ਸਮਕਾਲੀ ਦੌਰ (ਅੱਜ ਦੇ ਸਮੇਂ) ਚ ਮਾਰਕਸਵਾਦ ਤੇ ਵਿਗਿਆਨਕ ਤਰਕਸ਼ੀਲ ਵਿਚਾਰਧਰਾ ਦਾ ਆਪਣਾ ਮਹੱਤਵ ਹੈ।

ਮੋਟੇ ਰੂਪ ਚ ਨਜ਼ਰ ਮਾਰਨ ਤੇ ਰਿਗਵੇਦ ਪੰਜਾਬ ਦੀ ਧਰਤੀ ਤੇ ਰਚੀ ਜਾਣ ਵਾਲੀ ਵਿਸ਼ਵ ਦੀ ਪਹਿਲੀ ਕਿਤਾਬ (ਗ੍ਰੰਥ) ਸੀ। ਵੇਦਾ, ਵੇਦਾਂਤ, ਸ਼ਾਸਤਰਾਂ ਨੇ ਪੰਜਾਬੀ ਚਿੰਤਨ (ਫਲਸਫ਼ੇ) ਨੂੰ ਪ੍ਰਭਾਵਤ ਕੀਤਾ। ਇਨ੍ਹਾਂ ਤੋਂ ਬਿਨਾਂ ਗੀਤਾਂ, ਜੈਨ ਮੱਤ, ਬੁੱਧ ਮੱਤ, ਜੋਗ ਮੱਤ, ਚਾਰਵਾਦ, ਇਸਲਾਮ, ਭਗਤੀ ਲਹਿਰ, ਸਿੱਖ ਮੱਤ, ਸੂਫੀ ਮੱਤ, ਗੁਰੂ ਗ੍ਰੰਖ ਸਾਹਿਬ, ਮਾਰਕਸੀ ਧਾਰਨਾ, ਅੱਜ ਦੇ ਸਮੇਂ ਦੀ ਭੌਤਿਕਵਾਦੀ ਤੇ ਵਿਗਿਆਨਕ ਵਿਚਾਰਧਾਰਾ ਇਹ ਸਭ ਵਿਚਾਰਧਾਰਵਾਂ, ਰਚਨਾਵਾਂ, ਧਰਮ ਤੇ ਲਹਿਰਾਂ ਪੰਜਾਬੀ ਚਿੰਤਨ ਦਾ ਅਧਾਰ (ਧੁਰਾ) ਹਨ।
ਪੰਜਾਬ ਦੀਆਂ ਪ੍ਰਸਿੱਧ ਬੋਧਿਕ ਕ੍ਰਾਂਤੀਆਂ, ਵੇਦਾਂਤ, ਸੂਫੀ ਮੱਤ ਤੇ ਗੁਰਬਾਣੀ ਨੇ ਘਟ-ਘਟ ਵਿੱਚ ਬ੍ਰਹਮ (ਜ਼ਰੇ-ਜ਼ਰੇ ਵਿੱਚ ਅੱਲ੍ਹਾ ਸੋਹਣਾ) ਦਾ ਸੁਨੇਹਾ ਦਿੱਤਾ ਹੈ। ਇਸੇ ਸੋਚ ਨੇ ਮਨੁੱਖ ਨੂੰ ਮਨੁੱਖ ਨਾਲ ਜੋੜਿਆ ਹੈ ਤੇ ਸਭੈ ਮਨੁੱਖ ਬਰਾਬਰ ਹਨ ਦਾ ਸੁਨੇਹਾ ਦਿੱਤਾ ਹੈ। ਸਮਕਾਲੀ ਸਮਾਜਵਾਦ (ਸ਼ੋਸ਼ਲਿਜ਼ਮ) ਤੇ ਵਿਗਿਆਨਕ ਵਿਚਾਰਧਾਰਾ ਨੇ ਵੀ ਇਹ ਦੱਸਿਆ ਹੈ ਕਿ ਮਨੁੱਖ ਹਕੀਕੀ ਰੂਪ ਚ ਬਰਾਬਰ ਕਿਵੇ ਹੋ ਸਕਦਾ ਹੈ।

ਇਸੇ ਤਰ੍ਹਾਂ ਹੀ ਪੰਜਾਬ ਦਾ ਸੱਭਿਆਚਾਰਕ ਵੀ ਵਿਲੱਖਣ ਹੈ। ਅਸੀਂ ਜਾਣਦੇ ਹਾਂ ਕਿ ਪੰਜਾਬ ਭਾਰਤ ਦਾ ਪ੍ਰਵੇਸ਼ ਦੁਆਰ ਹੋਣ ਕਰਕੇ ਅਨੇਕਾਂ ਹੀ ਕੌਮਾਂ ਇਥੇ ਲੁੱਟ-ਮਾਰ ਦੇ ਨਜ਼ਰੀਏ ਨਾਲ ਆਈਆਂ ਬਹੁਤਿਆਂ ਨੇ ਇਥੋਂ ਦੀਆਂ ਔਰਤਾਂ ਨਾਲ ਵਿਆਹ ਕਰਵਾ ਕੇ ਇਥੇ ਹੀ ਰਹਿਣਾ ਸ਼ੁਰੂ ਕੀਤਾ ਨਤੀਜੇ ਵਜੋਂ ਪੰਜਾਬ ਚ ਇੱਕ ਮਿਸ਼ਰਤ ਸੱਭਿਆਚਾਰ (ਮਿੱਸਾ ਸਕਾਫ਼ਤ) ਪੈਦਾ ਹੋਇਆ। ਮੁਕਤਲਿਫ ਕਬੀਲਿਆਂ, ਫਿਰਕਿਆਂ ਤੇ ਮਜ਼ਹਬਾਂ ਦੇ ਵੱਖੋ-ਵੱਖਰੇ ਰਸਮਾਂ ਰਿਵਾਜ਼ਾਂ ਰਹਿਣ-ਸਹਿਣ ਦੇ ਤਰੀਕਿਆਂ ਚੋ ਹੀ ਸਾਂਞੇ ਸੱਭਿਆਚਾਰ (ਪੰਜਾਬੀ ਸੱਭਿਆਚਾਰ) ਦੇ ਗੁਣ ਪ੍ਰਗਟ ਹੋਏ। ਛੋਟੀਆਂ-ਮੋਟੀਆਂ ਇਲਾਕਾਈ ਭਿੰਨਤਾਵਾਂ ਦੇ ਬਾਵਜੂਦ ਪੰਜਾਬੀ-ਬੋਲੀ ਨੇ ਪੂਰੇ ਜਨ-ਸਮੂਹ (ਸਮੁੱਚੇ ਇਸ ਖਿੱਤੇ ਦੇ ਲੋਕਾਂ ਨੂੰ) ਇੱਕ ਸੂਤਰ ਵਿੱਚ ਬੰਨਿਆ। ਪੰਜਾਬੀ ਨੂੰ ਲਿਖਤੀ ਰੂਪ ਦੇਣ ਦੇ ਤਰੀਕੇ ਵੀ ਕਈ ਸਨ। ਪੰਜਾਬੀ ਲਿਖਣ ਲਈ ਵਰਤੀਆਂ ਜਾਣ ਵਾਲੀਆਂ ਲਿੱਪੀਆਂ ਜਾਂ ਅੱਖਰਾਂ ਵਿੱਚ ਫਰਕ ਹੋਣ ਦੇ ਬਾਵਜੂਦ ਸਾਂਝੇ ਗੁਣ ਮੌਜੂਦ ਸਨ। ਅੱਖਰਾਂ ਨੂੰ ਵਰਤਣ ਲਈ ਵੱਡੇ ਪੱਧਰ ਤੇ ਸਮਾਜਕ ਪ੍ਰਵਾਨਗੀਆਂ ਸੀ। ਲੋਕ ਆਮ ਵਰਤੋਂ-ਵਿਹਾਰ ਲਈ ਊੜੇ-ਐੜੇ ਵਾਲੀ ਲਿੱਪੀ ਹੀ ਵਰਤਦੇ ਸਨ। ਇਸ ਲਿੱਪੀ ਦੇ ਬਹੁਤੇ ਅੱਖਰ ਬ੍ਰਹਮੀ, ਸ਼ਾਰਦਾ ਤੇ ਟਾਕਰੀ ਲਿੱਪੀਆਂ ਨਾਲ ਮਿਲਦੇ ਹਨ। ਪੁਰਾਤਨ (ਪੁਰਾਣੀ) ਲਿੱਪੀ ਲੰਡੇ ਦੇ ਲਗਭਗ ਸਾਰੇ ਅੱਖਰ ਗੁਰਮੁਖੀ ਨਾਲ ਰਲਦੇ ਹਨ।

ਜਿੱਥੇ ਪੰਜਾਬ ਦੀਆਂ ਪ੍ਰਸਿੱਧ ਬੌਧਿਕ ਕ੍ਰਾਂਤੀਆਂ, ਪੰਜਾਬ ਦੇ ਸੱਭਿਆਚਾਰ ਤੇ ਪੰਜਾਬੀ ਜੁਬਾਨ ਨੇ ਪੰਜਾਬੀਆਂ ਨੂੰ ਏਕਤਾ ਦਾ ਸੁਨੇਹਾ ਦਿੱਤਾ ਹੈ, ਉਥੇ ਪੰਜਾਬੀਆਂ ਦੀ ਹਾਲਤ ਵੱਖਰੀ ਹੈ। ਭਾਵੇਂ ਸੁਚੇਤ ਜਾਂ ਅਚੇਤ ਰੂਪ ਚ ‘ਪੰਜਾਬੋ ਬੇਬੇ’ ਦੇ ਤਿੰਨੇ ਵੱਡੇ ਪੁੱਤਰ ‘ਫਕੀਰ-ਉਦ-ਦੀਨ’, ‘ਫਕੀਰ ਸਿੰਘ ਤੇ ਫਕੀਰ ਚੰਦ’ ਇਕੱਠੇ ਹੱਸਦੇ ਖੇਡਦੇ ਹਨ। ਉਨ੍ਹਾਂ ਦੇ ਦੁੱਖ-ਸੁੱਖ ਸਾਂਝੇ ਹਨ, ਧੀਆਂ ਭੈਣਾਂ ਸਾਂਝੀਆਂ ਹਨ। ਉਨ੍ਹਾਂ ਲਈ ਫਰੀਦ, ਨਾਨਕ ਤੇ ਕ੍ਰਿਸ਼ਨ ਇਕੋ ਜਿਹੇ ਹਨ ਪਰ ਇਹ ਸਭ ਕੁਝ ਉਦੋਂ ਤੱਕ ਚੱਲਦਾ ਹੈ ਜਦੋਂ ਤੱਕ ਕਿਸੇ ਚਾਲਬਾਜ਼ ਦੀ ਮਜ਼ਹਬੀ ਚਾਲ ਅਸਰ ਨਹੀਂ ਕਰਦੀ ਜਦੋਂ ਮਜ਼੍ਹਬੀ ਚਾਲ ਅਸਰ ਕਰਦੀ ਹੈ ਤਾਂ ਉਹ ਇੱਕ ਦੂਜੇ ਦੀਆਂ ਧੀਆਂ-ਭੈਣਾਂ ਦੀ ਆਬਰੂਹ (ਅਸਮਤ) ਲੁੱਟਦੇ ਹਨ, ਆਪਣੀ ਮਾਂ ਬੋਲੀ ਤੋਂ ਦੂਰ ਭੱਜਦੇ ਹਨ। ਪੰਜਾਬੋ ਬੇਬੇ ਦੇ ਪੁੱਤਰਾਂ ਦੀ ਮਜ੍ਹਬੀ ਲੜਾਈ ਨੇ ਇਸ ਖਿੱਤੇ ਦਾ ਤੇ ਪੰਜਾਬੀ ਕੌਮ ਤੇ ਫਲਸਫ਼ੇ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਨਾ ਕੋਈ ਅਜਿਹੀ ਰਾਜਸੀ ਧਿਰ ਹੈ ਜੋ ਇਨ੍ਹਾਂ ਨੂੰ ਪੰਜਾਬੀਅਤ ਦੇ ਸੂਤਰ ਚ ਪਰੋ ਸਕੇ।

ਆਜ਼ਾਦੀ ਤੋਂ ਬਾਅਦ ਵੀ ਹਾਲਾਤ ਨਾ ਸੁਧਰੇ। ਭਾਰਤ-ਪਾਕਿਸਤਾਨ ਵੰਡ ਦੌਰਾਨ ਪੰਜਾਬ ਵੀ ਲਹਿੰਦੇ ਤੇ ਚੜ੍ਹਦੇ ਪੰਜਾਬ ਚ ਵੰਡਿਆ ਗਿਆ। ਇਸ ਵੰਡ ਦੌਰਾਨ ਪੰਜਾਬ ਨੇ ਕੀ ਗਵਾਇਆ ਸਭ ਪੰਜਾਬੀਆਂ ਨੂੰ ਭਲੀ-ਭਾਂਤ ਪਤਾ ਹੀ ਹੈ। ਅਜਿਹੇ ਹਾਲਾਤਾਂ ਤੇ ਕੋਈ ਦਰਦਮੰਦ ਪੰਜਾਬੀ ਸਿਰਫ਼ ਰੋ ਹੀ ਸਕਦਾ ਸੀ। ਲਹਿੰਦੇ ਪੰਜਾਬ ਚ ਪੰਜਾਬੀ ਨਾਲ ਅੰਤਾਂ ਦਾ ਧੱਕਾ ਹੁੰਦਾ ਰਿਹਾ ਹੈ (ਹੁਣ ਵੀ ਹੋ ਰਿਹੈ)। ਇਸਦੇ ਆਪਣੇ ਹੀ ਇਸਨੂੰ ਮਾਰਨ ਤੇ ਤੁਲੇ ਹੋਏ ਹਨ। ਪਾਕਿਸਤਾਨ ਚ ਪੰਜਾਬੀਆਂ ਦਾ ਹਰ ਖੇਤਰ ਚ ਬੋਲਬਾਲਾ ਹੈ। ਜੇ ਉਹ ਛੋਟੇ ਸੂਬਿਆਂ ਦੇ ਲੰਬੜਦਾਰੀ ਕਰ ਸਕਦੇ ਹਨ, ਉਨ੍ਹਾਂ ਦੇ ਕੁਦਰਤੀ ਸਾਧਨਾਂ ਤੇ ਕਾਬਜ਼ ਹੋ ਸਕਦੇ ਹਨ ਤਾਂ ਕੀ ਆਪਣੀ ਮਾਂ-ਬੋਲੀ ਲਈ ਕੁਝ ਨਹੀਂ ਕਰ ਸਕਦੇ? ਉਸਦਾ ਬਣਦਾ ਮਾਣ ਨਹੀਂ ਦਵਾ ਸਕਦੇ? ਸਾਫ਼ ਗੱਲ ਹੈ ਕਿ ਜੇਕਰ ਅਸੀਂ ਅਜਿਹਾ ਕਰਨ ਲੱਗੇ ਤਾਂ ਪਾਕਿਸਤਾਨ ਦੀ ਕੌਮੀ ਰਾਜਨੀਤੀ (ਹਕੂਮਤ) ਤੇ ਕਾਬਜ਼ ਨਹੀਂ ਹੋ ਸਕਦੇ। ਉਹ ਮਜ਼੍ਹਬੀ ਜਨੂੰਨ ਚ ਆ ਕੇ ਵੀ ਅਜਿਹਾ ਕਰ ਰਹੇ ਹਨ। ਮਰਹੂਮ ਗੁਲਾਮ ਹੈਦਰ ਵਾਈਂ ਲਹਿੰਦੇ ਪੰਜਾਬ ਦੇ ਠੇਠ ਪੰਜਾਬੀ ਮੁੱਖ ਮੰਤਰੀ (ਵਜ਼ੀਰ-ਏ-ਆਹਲਾ) ਹੋਏ ਹਨ। ਉਨ੍ਹਾਂ ਦੇ ਸਮੇਂ ਹੀ ਪਾਕਿਸਤਾਨ ਦੀ ਮਰਕਜ਼ੀ ਹਕੂਮਤ (ਕੇਂਦਰ ਸਰਕਾਰ) ਵੱਲੋਂ ਪੰਜਾਬ ਸਰਕਾਰ ਵੱਲ ਚਿੱਠੀ ਘੱਲੀ ਗਈ ਕਿ ਜੇਕਰ ਪੰਜਾਬ ਸਰਕਾਰ ਚਾਹਵੇ ਤਾਂ ਮਾਂ-ਬੋਲੀ ਰਾਹੀਂ ਬੱਚਿਆਂ ਨੂੰ ਮੁੱਢਲੀ ਸਿੱਖਿਆ ਦਾ ਆਹਰ ਕਰ ਸਕਦੀ ਹੈ। ਪਰ ਉਸ ਠੇਠ ਪੰਜਾਬੀ ਮੁੱਖ ਮੰਤਰੀ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।

ਚੜ੍ਹਦੇ ਪੰਜਾਬ (ਭਾਰਤ ਵਾਲੇ ਪਾਸੇ ਦੇ) ਚ ਵੀ ਪੰਜਾਬ ਤੇ ਪੰਜਾਬੀਅਤ ਦਾ ਕੁਝ ਨਾ ਬਣ ਸਕਿਆ। ਆਜ਼ਾਦੀ ਤੋਂ ਬਾਅਦ ਭਾਰਤ ਚ ਰਾਜਾਂ ਦਾ ਭਾਸ਼ਾ ਦੇ ਅਧਾਰ ਤੇ ਪੁਨਰਗਠਨ ਹੋਇਆ ਪਰ ਪੰਜਾਬ ਨੂੰ ਮਹਿਰੂਮ ਹੀ ਰੱਖਿਆ ਗਿਆ। ਜਿਸ ਨਾਲ ਬਹੁ-ਗਿਣਤੀ ਪੰਜਾਬੀਆਂ ਚ ਬੇਗਾਨਗੀ ਦੀ ਭਾਵਨਾ ਪੈਦਾ ਹੋਈ। ਅਕਾਲੀਆਂ ਨੇ ਪੰਜਾਬੀ ਸੂਬੇ ਲਈ ਮੋਰਚਾ ਲਾਇਆ ਜਿਸ ਵਿੱਚ ਕਾਮਰੇਡਾਂ ਨੇ ਵੀ ਸਾਥ ਦਿੱਤਾ। ਇਸ ਦੇ ਜਵਾਬ ਚ ਉਸ ਵੇਲੇ ਦੇ ਜਨ ਸੰਘ ਨੇ ਵੀ ਮਹਾਂ ਪੰਜਾਬ ਦੀ ਲਹਿਰ ਚਲਾਈ। ਜਿੱਥੇ ਕਾਮਰੇਡਾਂ ਦੀ ਲੜਾਈ ਸਮੁੱਚੇ ਪੰਜਾਬੀਆਂ ਦੇ ਹਿੱਤਾਂ ਲਈ ਸੀ ਉਥੇ ਅਕਾਲੀਆਂ ਤੇ ਜਨ-ਸੰਘੀਆਂ ਦੀ ਲੜਾਈ ਫਿਰਕਾਪ੍ਰਸਤੀ ਤੋਂ ਪ੍ਰੇਰਿਤ ਸੀ। ਪੰਜਾਬੀ ਹਿੰਦੂਆਂ ਨੂੰ ਆਪਣੀ ਮਾਂ ਬੋਲੀ ਹਿੰਦੀ ਲਿਖਵਾਉਣ ਲਈ ਪ੍ਰੇਰਿਆ ਗਿਆ। ਇੱਕ ਨਵੰਬਰ 1966 ਨੂੰ ‘ਲੰਗੜਾ ਪੰਜਾਬੀ ਸੂਬਾ’ ਪੰਜਾਬ ਜਣ ਗਿਆ। ਜਿਸ ਨਾਲ ਅਕਾਲੀਆਂ ਦੀ ਸਿਆਸਤ ਪ੍ਰਾਪਤੀ ਦੀ ਭੁੱਖ ਤਾਂ ਮਿਟ ਗਈ ਪਰ ਪੰਜਾਬੀ ਸੂਬੇ ਦਾ ਅਸਲ ਉਦੇਸ਼ (ਮਕਸਦ) ਪੂਰਾ ਨਹੀਂ ਹੋਇਆ ਕਿਉਂਕਿ ਪੰਜਾਬੀ ਬੋਲਦੇ ਬਹੁਤੇ ਇਲਾਕੇ ਪੰਜਾਬ ਤੋਂ ਬਾਹਰ ਰਹਿ ਗਏ। ਇਹ ‘ਲੰਗੜਾ ਪੰਜਾਬੀ ਸੂਬਾ’ ਪੰਜਾਬੀਆਂ ਦਾ ਨਾ ਹੋ ਕੇ ਸਿਰਫ਼ ਸਿੱਖਾਂ ਦਾ ਪੰਜਾਬ ਬਣ ਗਿਆ।

ਨਵੇਂ ਬਣੇ ਇਸ ਪੰਜਾਬੀ ਸੂਬੇ ਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਮਿਲ ਗਿਆ। ਪੰਜਾਬੀ ਯੂਨੀਵਰਸਿਟੀ ਤੇ ਭਾਸ਼ਾ ਵਿਭਾਗ ਦੀ ਸਥਾਪਨਾ ਹੋਈ। ਪੰਜਾਬੀ ਸਾਹਿਤ ਤੇ ਪੱਤਰਕਾਰੀ ਦੀਆਂ ਨਵੀਆਂ ਆਸਾਂ ਜਾਗੀਆਂ। ਪੰਜਾਬੀ ਦੇ ਅਖ਼ਬਾਰ ਲੱਖਾਂ ਦੀ ਗਿਣਤੀ ਚ ਛਪਣ ਲੱਗ ਪਏ। ਇਹ ਸਭ ਹੋਣ ਦੇ ਬਾਵਜੂਦ ਪੰਜਾਬੀਆਂ ਚ ਫਿਰ ਵੀ ਪੰਜਾਬੀਅਤ ਦੀ ਭਾਵਨਾ ਉਦੈ (ਪੈਦਾ) ਨਾ ਹੋ ਸਕੀ)।

ਪੰਜਾਬ ਦੇ ਆਪਣੇ ਹੀ ਪੰਜਾਬੀ ਆਪਣੀ ਮਾਦਰੀ ਜ਼ੁਬਾਨ ਤੋਂ ਕਿਨਾਰਾ ਕਰੀ ਜਾ ਰਹੇ ਹਨ। ਪੰਜਾਬੀ ਆਪਣੇ ਬੱਚਿਆਂ ਦੇ ਮੂੰਹੋਂ ਮੁੱਢਲੇ ਬੋਲ ਪੰਜਾਬੀ ਦੀ ਥਾਂ ਗੈਰ-ਪੰਜਾਬੀ ਜ਼ੁਬਾਨਾਂ ਦੇ ਸੁਣਨਾ ਪਸੰਦ ਕਰਦੇ ਹਨ। ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਚ ਉਸਰ ਰਹੇ ਪਬਲਿਕ ਸਕੂਲ ਪੰਜਾਬੀ ਦੇ ਘਾਣ ਚ ਮੋਹਰੀ ਰੋਲ ਅਦਾ ਕਰ ਰਹੇ ਹਨ, ਸਰਕਾਰ ਦੀ ਸਰਪ੍ਰਸਤੀ ਇਨ੍ਹਾਂ ਸਕੂਲਾਂ ਨੂੰ ਪੂਰੀ ਤਰ੍ਹਾਂ ਪ੍ਰਾਪਤ ਹੈ। ਪੰਜਾਬ ਚ ਲਗਾਤਾਰ ਹਿੰਦੀ ਤੇ ਅੰਗਰੇਜ਼ੀ ਦੇ ਅਖ਼ਬਾਰ ਆਪਣੇ ਪੈਰ ਪਸਾਰ ਰਹੇ ਹਨ। ਜੇਕਰ ਪੰਜਾਬੀ ਦਾ ਸਭ ਤੋਂ ਵੱਧ ਵਿਕਣ ਵਾਲਾ ਪੰਜਾਬੀ ਅਖ਼ਬਾਰ ‘ਰੋਜ਼ਾਨਾ ਅਜੀਤ’ ਆਪਣੀ ਛਪਣ ਗਿਣਤੀ ਪੌਣੇ ਚਾਰ ਲੱਖ ਦੱਸਦਾ ਹੈ ਤਾਂ ਉਥੇ ਹਿੰਦੀ ਦੇ ਰੋਜ਼ਾਨਾ ‘ਪੰਜਾਬ ਕੇਸਰੀ’ ਦੀ ਛਪਣ ਗਿਣਤੀ ਪੰਜ ਲੱਖ ਤੋਂ ਉਪੱਰ ਹੈ ਜੇ ਪੰਜਾਬੀ ਪੱਤਰਕਾਰੀ ਲਈ ਚੰਗਾ ਸ਼ਗਨ ਨਹੀਂ ਹੈ।

ਪੰਜਾਬੀਆਂ ਚ ਪੰਜਾਬੀਅਤ ਦੀ ਭਾਵਨਾ ਪੈਦਾ ਨਾ ਹੋਣਾ ਜਿੱਥੇ ਪੰਜਾਬ ਦੇ ਰਾਸ਼ਟਰ ਬਣਨ ਚ ਰੁਕਾਵਟ ਹੈ ਉਥੇ ਪੰਜਾਬੀ ਜ਼ੁਬਾਨ ਤੇ ਖੁਦ ਪੰਜਾਬੀਆਂ ਦੀ ਹਸਤੀ ਲਈ ਵੀ ਨੁਕਸਾਨਦਾਇਕ ਹੈ। ਪੰਜਾਬੀਆਂ ਨੇ ਪੰਜਾਬੀ ਫਲਸਫ਼ੇ, ਪੰਜਾਬੀ ਸਕਾਫ਼ਤ ਦੀ ਬਹੁ-ਰੂਪਤਾ ਜਾਂ ਅਨੇਕਤਾ ਚ ਏਕਤਾ ਦੀ ਫਿਲਾਸਫ਼ੀ ਨੂੰ ਸਮਝਣ ਦੀ ਥਾਂ ਉਸਨੂੰ ਸਿਰਫ਼ ਧਰਮ ਤੱਕ ਸੀਮਤ ਕਰ ਲਿਆ ਹੈ ਤੇ ਆਪੋ-ਆਪਣੀ ਡਫਲੀ ਵਜਾਈ ਜਾ ਰਹੇ ਹਨ।

ਚੜ੍ਹਦੇ ਪੰਜਾਬ ਚ ਪੰਜਾਬੀਆਂ ਨੂੰ ਕੋਈ ਅਜਿਹਾ ਰਾਜਸੀ ਦਲ ਵੀ ਨਹੀਂ ਮਿਲਿਆ ਜੋ ਸੱਚੇ ਦਿਲੋਂ ਉਨ੍ਹਾਂ ਦੀ ਏਕਤਾ ਦੀ ਗੱਲ ਕਰਦਾ ਹੋਵੇ ਪੰਜਾਬੀਆਂ ਨੂੰ ਦਲ ਹੀ ਫਿਰਕੂ ਅਧਾਰ ਤੇ ਵੋਟਾਂ ਵਟੋਰਨ ਵਾਲੇ ਮਿਲੇ ਹਨ। ਪੰਜਾਬੀਆਂ ਨੂੰ ਇੱਕ ਸਿਆਸੀ ਦਲ ਅਜਿਹਾ ਮਿਲਿਆ ਹੈ, ਜਿਸਨੂੰ ਹਰ ਵੇਲੇ ‘ਪੰਥ ਖਤਰੇ ਚ ਹੈ’ ਦਾ ਹੀ ਸੁਪਨਾ ਆਉਂਦਾ ਰਹਿੰਦਾ ਹੈ। ਇਸੇ ਦੀ ਹਾਲ ਦੁਹਾਈ ਪਾ ਕੇ ਹੀ ਉਸਦਾ ਤੋਰੀ-ਫੁਲਕਾ ਚੱਲਦਾ ਹੈ। ਦੂਜਾ ਸਿਆਸੀ ਦਲ ਉਹ ਹੈ ਜੋ ਢੋਂਗ ਤਾਂ ਧਰਮ-ਨਿਰਪੱਖਤਾ ਦਾ ਕਰਦਾ ਹੈ ਪਰ ਹਿੰਦੂ ਵੋਟ ਬੈਂਕ ਵਟੋਰਨ ਲਈ ਹਰ ਤਰ੍ਹਾਂ ਦੇ ਹੱਥ-ਕੰਡੇ ਵਰਤਦਾ ਹੈ। ਵਿਰੋਧੀ ਧਿਰ ਤੋਂ ਪੰਥਕ ਮੁੱਦੇ ਖੋਹਣ ਲਈ ਵੀ ਉਹ ਨੀਵੇਂ ਤੋਂ ਨੀਵੇ ਦਰਜੇ ਦੇ ਕੰਮ ਕਰਦਾ ਹੈ। ਦੋਵਾਂ ਪਾਰਟੀਆਂ ਦੇ ਇਨ੍ਹਾਂ ‘ਮਹਾਨ ਕੰਮਾਂ’ ਨੇ ਜਿੱਥੇ ਪੰਜਾਬੀਆਂ ਚ ਪੰਜਾਬੀਅਤ ਦੀ ਭਾਵਨਾ ਪੈਦਾ ਹੋਣ ਤੋਂ ਰੋਕੀ ਹੈ ਉਥੇ ਪੰਜਾਬ ਨੂੰ ਕਾਲੇ ਦਿਨਾਂ (80 ਤੋਂ 90 ਵਿਆਂ) ਤੱਕ ਲਿਜਾਣ ਤੇ ਬਲਦੀ ਦੇ ਬੁੱਥੇ ਦੇਣ ਦਾ ਕੰਮ ਵੀ ਕੀਤਾ ਹੈ।

ਅਖੀਰ ਇਹੀ ਕਹਾਂਗਾ ਕਿ ‘ਪੰਜਾਬੋ ਬੇਬੇ’ ਦਾ ਸਭ ਤੋਂ ਵੱਧ ਨੁਕਸਾਨ ਵੀ ਉਸਦੇ ਤਿੰਨ ਪੁੱਤਰਾਂ (ਹਿੰਦੂ, ਮੁਸਲਿਮ ਤੇ ਸਿੱਖ) ਨੇ ਕੀਤਾ ਹੈ। ਜਦੋਂ ਤੱਕ ਇਹ ਤਿੰਨੇ ਫਕੀਰ ਭਰਾ (ਫਕੀਰ-ਉਦ-ਦੀਨ, ਫਕੀਰ ਸਿੰਘ, ਫਕੀਰ ਚੰਦ) ਅੱਖਾਂ ਤੋਂ ਮਜ਼੍ਹਬੀ ਪੱਟੀਆਂ ਨਹੀਂ ਵਾਹ ਲੈਂਦੇ ਪੰਜਾਬੀ ਕੌਮ ਦੇ ਫਲਸਫ਼ੇ ਤੇ ਪੰਜਾਬ ਦੀ ਹਸਤੀ ਦਾ ਕੁਝ ਵੀ ਨਹੀਂ ਬਣੇਗਾ।

ਅੱਜ ਲੋੜ ਹੈ ਕਿ ਪੰਜਾਬੋ ਬੇਬੇ ਦੇ ਤਿੰਨੋਂ ਪੁੱਤ ਨਵੀਂ ਵਿਗਿਆਨਕ ਚੇਤਨਾਂ ਤੋਂ ਸਬਕ ਲੈਂਦੇ ਹੋਏ ਮਜ਼੍ਹਬੀ ਜਨੂੰਨ ਨੂੰ ਪਰੇ ਸੁੱਟਣ ਹਿੰਦੂ, ਮੁਸਲਿਮ ਤੇ ਸਿੱਖ ਹੋਣ ਦੀ ਥਾਂ ਪੰਜਾਬੀ ਹੋਣ ਨੂੰ ਤਰਜੀਹ ਦੇਣ। ‘ਫਕੀਰ-ਉਦ-ਦੀਨ’, ‘ਫਕੀਰ ਸਿੰਘ’ ਤੇ ‘ਫਕੀਰ ਚੰਦ’ ਦੀ ਥਾਂ ‘ਫਕੀਰਾ’ ਬਣਨ। ‘ਭੋਲਾ ਸਿੰਘ’, ‘ਭੋਲਾ ਖਾਂ’ ਤੇ ‘ਭੋਲਾ ਨਾਥ’ ਬਣਨ ਦੀ ਥਾਂ ‘ਭੋਲਾ’ ਬਣਨ ‘ਮੇਹਰਦੀਨ’,‘ਮੇਹਰ ਸਿੰਘ’ ਤੇ ‘ਮੋਹਰ ਚੰਦ’ ਬਣਨ ਦੀ ਥਾਂ ‘ਮੇਹਰਾ’ ਜਾਂ ‘ਮੇਹਰੂ’ ਬਣਨ ਇਸੇ ਚ ਹੀ ਪੰਜਾਬੀ ਕੌਮ ਦੀ ਭਲਾਈ ਹੈ।

ਲੇਖ਼ਕ ਸ਼ਿਵ ਇੰਦਰ ਸਿੰਘ ਪੰਜਾਬੀ ਯੂਨੀਵਰਸਿਟੀ 'ਚ ਪੱਤਰਕਾਰੀ ਦਾ ਵਿਦਿਆਰਥੀ ਹੈ।ਜਿੰਨੀ ਡੂੰਘੀ ਰੁਚੀ ਸਾਹਿਤ 'ਚ ਰੱਖਦਾ ਹੈ,ਓਨੀ ਹੀ ਸ਼ਿੱਦਤ ਨਾਲ ਸਿਆਸਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ।

Wednesday, June 8, 2011

‘ਦੇਸ਼ ਧਰੋਹ’ ਕਾਨੂੰਨ ਸ਼ਹਿਰੀ ਆਜ਼ਾਦੀਆਂ ਨਾਲ ਕੋਝਾ ਮਜ਼ਾਕ

ਸੁਰਜੀਤ ਸਿੰਘ ਗੋਪੀਪੁਰ 'ਅਜੀਤ ਅਖ਼ਬਾਰ 'ਚ ਸਬ ਐਡੀਟਰ ਹਨ ਤੇ 'ਤਿੱਲ ਫੁੱਲ' ਨਾਂਅ ਦਾ ਕਾਲਮ ਵੀ ਲਿਖ਼ਦੇ ਹਨ।ਗੁਲਾਮ ਕਲਮ ਨੂੰ ਉਨ੍ਹਾਂ ਨੇ ਆਪਣੀ ਪਹਿਲੀ ਰਚਨਾ ਭੇਜੀ ਹੈ।ਆਸ ਹੈ ਅੱਗੇ ਤੋਂ ਵੀ ਅਜਿਹੀਆਂ ਚੰਗੀਆਂ ਰਚਨਾਵਾਂ ਦਾ ਸਹਿਯੋਗ ਜਾਰੀ ਰਹੇਗਾ-ਗੁਲਾਮ ਕਲਮ

ਕੁਝ ਦਿਨ ਪਹਿਲਾਂ ਮਨੁੱਖੀ ਅਧਿਕਾਰ ਕਾਰਕੁੰਨ ਡਾ: ਬਿਨਾਇਕ ਸੇਨ ਨੂੰ ਸੁਪਰੀਮ ਕੋਰਟ ਵੱਲੋਂ ‘ਦੇਸ਼ ਧ੍ਰੋਹ’ ਦੇ ਮਾਮਲੇ ’ਚ ਦਿੱਤੀ ਗਈ ਜ਼ਮਾਨਤ ਕਾਰਨ ‘ਦੇਸ਼ ਧਰੋਹ’ ਦਾ ਕਾਨੂੰਨ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੋ ਕਿ ਭਾਰਤੀ ਦੰਡਾਵਲੀ ਦੀ ਧਾਰਾ 124 (ਏ) ਵਿਚ ਦਰਜ ਹੈ। ਡਾ: ਸੇਨ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੇ ਆਏ ਫੈਸਲੇ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਤੇ ਕਾਨੂੰਨ ਮੰਤਰੀ ਨੇ ਇਸ ਸਬੰਧੀ ਆਪਣੇ ਮਹੱਤਵਪੂਰਨ ਬਿਆਨ ਦਿੱਤੇ ਹਨ। ਇਸ ’ਤੇ ਕਾਨੂੰਨ ਮੰਤਰੀ ਸ਼੍ਰੀ ਵੀਰੱਪਾ ਮੋਇਲੀ ਨੇ ਕਿਹਾ ਕਿ ਸਰਕਾਰ ‘ਦੇਸ਼ ਧਰੋਹ’ ਕਾਨੂੰਨ ਦੀ ਪ੍ਰੀਭਾਸ਼ਾ ਤੇ ਵਿਸਥਾਰ ’ਤੇ ਮੁੜ-ਵਿਚਾਰ ਕਰਨ ਵੱਲ ਯਤਨਸ਼ੀਲ ਹੋਵੇਗੀ। ਇਸ ਕਾਨੂੰਨ ਸਬੰਧੀ ਦੇਸ਼ ਭਰ ’ਚ ਪਿਛਲੇ ਦਿਨੀਂ ਦੇਸ਼ ਦੀ ਨਾਮਵਰ ਸ਼ਹਿਰੀ ਆਜ਼ਾਦੀਆਂ ਲਈ ਕੰਮ ਕਰਨ ਵਾਲੀ ਜਥੇਬੰਦੀ ਪੀ.ਯੂ.ਸੀ.ਐਲ. (ਪੀਪਲਜ਼ ਯੂਨੀਅਨ ਫਾਰ ਸਿਵਿਲ ਲਿਬਰਟੀਜ਼) ਨਵੀਂ ਦਿੱਲੀ ਵਿਚ ਇਕ ਉਚ-ਪੱਧਰੀ ਸੈਮੀਨਾਰ ਵੀ ਕਰਵਾ ਕੇ ਹਟੀ ਹੈ। ‘ਦੇਸ਼ ਧਰੋਹ’ ਕਾਨੂੰਨ ਸਬੰਧੀ ਕੁਝ ਸਮਾਂ ਪਹਿਲਾਂ ਦਿੱਲੀ ਵਿਚ ਕਸ਼ਮੀਰ ਸਬੰਧੀ ਹੋਏ ਇਕ ਸੈਮੀਨਾਰ ਵਿਚ ਮਸ਼ਹੂਰ ਲੇਖਿਕਾ ਅਰੁੰਧਤੀ ਰਾਏ ਵੱਲੋਂ ਕਸ਼ਮੀਰ ਦੇ ਰੁਤਬੇ ਸਬੰਧੀ ਪ੍ਰਗਟਾਏ ਵਿਚਾਰਾਂ ਕਾਰਨ ਉਸ ’ਤੇ ‘ਦੇਸ਼ ਧ੍ਰੋਹ’ ਦਾ ਮਾਮਲਾ ਦਰਜ ਕਰਨ ਦੀ ਕੋਸ਼ਿਸ਼ ਵੀ ਕਾਫੀ ਚਰਚਿਤ ਰਹੀ ਹੈ।

‘ਦੇਸ਼ ਧਰੋਹ’ ਅੰਗਰੇਜ਼ੀ ਦੇ ਲਫਜ਼ ਸ਼ੲਦਟਿੋਿਨ ਦਾ ਕੀਤਾ ਗਿਆ ਤਰਜ਼ਮਾ ਹੈ ਜਿਸ ਦਾ ਮੋਟੇ ਤੌਰ ’ਤੇ ਅਰਥ ਅਜਿਹੇ ਜ਼ੁਬਾਨੀ, ਲਿਖਤੀ ਜਾਂ ਤਸਵੀਰਨੁਮਾ ਵਿਚਾਰਾਂ ਤੋਂ ਹੈ ਜੋ ਸਮੇਂ ਦੀ ਸਰਕਾਰ ਜਾਂ ਨਿਜ਼ਾਮ ਵਿਰੁੱਧ ਜਾਂਦੇ ਹੋਣ ਜਾਂ ਜਿਨ੍ਹਾਂ ਵਿਚ ਸਥਾਪਤੀ ਪ੍ਰਤੀ ਬਗਾਵਤ ਝਲਕਦੀ ਹੋਵੇ। ਭਾਰਤੀ ਦੰਡਾਵਲੀ ’ਚ ‘ਦੇਸ਼ ਧਰੋਹ’ ਦੀ ਧਾਰਾ 124 (ਏ) ਜੋ ਅੰਗਰੇਜ਼ੀ ਸਾਮਰਾਜ ਦੇ ਸਮੇਂ ਤੋਂ ਹੀ ਚਲੀ ਆ ਰਹੀ ਹੈ, ਵਿਚਲੇ ਵਿਸਥਾਰ ਦਾ ਕੇਂਦਰੀ ਨੁਕਤਾ ਇਹੀ ਹੈ।

ਇਹ ਧਾਰਾ ਭਾਰਤ ’ਚ ਅੰਗਰੇਜ਼ੀ ਸਰਕਾਰ ਤੋਂ ਲੈ ਕੇ ਹੁਣ ਤੱਕ ਬਣੀਆਂ ਵੱਖ-ਵੱਖ ਸਰਕਾਰਾਂ ਦਾ ਆਪਣੀਆਂ ਵਿਰੋਧੀ ਰਾਜਸੀ ਵਿਚਾਰਧਾਰਾਵਾਂ ਨੂੰ ਕੁਚਲਣ ਤੇ ਸੰਘਰਸ਼ਸ਼ੀਲ ਕੌਮਾਂ ਦੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਤੇ ਉਨ੍ਹਾਂ ਦੇ ਰਾਜਸੀ ਪੈਂਤੜਿਆਂ ਨੂੰ ਸਬਕ ਸਿਖਾਉਣ ਲਈ ਆਦਰਸ਼ ਹਥਿਆਰ ਸਾਬਤ ਹੋਇਆ ਹੈ। ਇਸ ਤੱਥ ਦੀ ਪੁਸ਼ਟੀ ਮਹਾਤਮਾ ਗਾਂਧੀ ਜਿਨ੍ਹਾਂ ਨੂੰ ‘ਦੇਸ਼ ਧਰੋਹ’ ਦੇ ਮਾਮਲੇ ਵਿਚ 6 ਸਾਲ ਦੀ ਸਜ਼ਾ ਹੋਈ ਸੀ, ਦੀ ‘ਦੇਸ਼ ਧ੍ਰੋਹ’ ਕਾਨੂੰਨ ਸਬੰਧੀ ਕੀਤੀ ਟਿੱਪਣੀ ਹੀ ਕਰ ਦਿੰਦੀ ਹੈ। 1922 ਵਿਚ ਮਹਾਤਮਾ ਗਾਂਧੀ ਨੇ ਅਦਾਲਤ ਵਿਚ ਆਪਣੇ ’ਤੇ ‘ਦੇਸ਼ ਧਰੋਹ’ ਦਾ ਮਾਮਲਾ ਦਰਜ ਹੋਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਸੀ, ‘ਮੈਨੂੰ ਅਦਾਲਤ ਕੋਲੋਂ ਇਹ ਸੱਚਾਈ ਲੁਕਾਉਣ ਦੀ ਚਾਹਨਾ ਨਹੀਂ ਹੈ ਕਿ ਮੌਜੂਦਾ ਸਰਕਾਰੀ ਸਿਸਟਮ ਖਿਲਾਫ ਨਫਰਤ ਪੈਦਾ ਕਰਨਾ ਮੇਰੇ ਲਈ ਸ਼ਾਨ ਦੀ ਗੱਲ ਹੈ। ਇਸ ਸਿਸਟਮ ਪ੍ਰਤੀ ਪਿਆਰ ਕਿਸੇ ਕਾਨੂੰਨ ਰਾਹੀਂ ਪੈਦਾ ਜਾਂ ਨੇਮਬੱਧ ਨਹੀਂ ਕੀਤਾ ਜਾ ਸਕਦਾ।’ ਅਜਿਹੇ ਯਾਦਗਾਰੀ ਬੋਲਾਂ ਦੇ ਨਾਲ ਹੀ ਉਨ੍ਹਾਂ ਨੇ ਧਾਰਾ 124(ਏ) ਬਾਰੇ ਇਹ ਟਿੱਪਣੀ ਕੀਤੀ, ‘ਸ਼ਹਿਰੀਆਂ ਦੀ ਆਜ਼ਾਦੀ ਨੂੰ ਕੁਚਲਣ ਲਈ ਭਾਰਤੀ ਦੰਡਾਵਲੀ ਵਿਚਲੀਆਂ ਸਾਰੀਆਂ ਰਾਜਸੀ ਧਾਰਾਵਾਂ ਵਿਚ ਇਹ ਧਾਰਾ ਇਕ ਰਾਜਕੁਮਾਰ ਵਾਂਗ ਹੈ।’ ਮਹਾਤਮਾ ਗਾਂਧੀ ’ਤੇ ਇਹ ‘ਦੇਸ਼ ਧਰੋਹ’ ਦਾ ਮੁਕੱਦਮਾ ਉਨ੍ਹਾਂ ਦੇ ‘ਯੰਗ ਇੰਡੀਆ’ ’ਚ ਛਪੇ ਦੋ ਲੇਖਾਂ ਦੇ ਆਧਾਰ ’ਤੇ ਹੋਇਆ ਸੀ। ਜੇਕਰ ‘ਦੇਸ਼ ਧ੍ਰੋਹ’ ਤਹਿਤ ਦੋਸ਼ੀ ਠਹਿਰਾਏ ਜਾਣ ’ਤੇ ਗਾਂਧੀ ਨੇ ਆਪਣੀ ‘ਸ਼ਾਨ’ ਜਾਂ ‘ਖੁਸ਼ਕਿਸਮਤੀ’ ਸਮਝੀ ਤਾਂ ਉਹ ਇਸ ਲਈ ਕਿ ‘ਭਾਰਤ ਦੇ ਸਭ ਤੋਂ ਪਿਆਰੇ ਦੇਸ਼ ਭਗਤ ਇਸ ਧਾਰਾ ਦੇ ਅਧੀਨ ਦੋਸ਼ੀ ਠਹਿਰਾਏ ਗਏ ਸਨ।’ ਇਹੀ ਮਾਮਲਾ ਬਾਲ ਗੰਗਾਧਰ ਤਿਲਕ ’ਤੇ ਉਸ ਦੀਆਂ ਤਕਰੀਰਾਂ ਤੇ ਲਿਖਤਾਂ ਦੇ ਆਧਾਰ ’ਤੇ ਦਰਜ ਹੋਇਆ ਸੀ। ਪਰ ਇਹ ਧਾਰਾ ਅੰਗਰੇਜ਼ਾਂ ਦੇ ਭਾਰਤ ਛੱਡ ਜਾਣ ਮਗਰੋਂ ਵੀ ਜਾਰੀ ਰਹੀ। ‘‘ਦੇਸ਼ ਧਰੋਹ’ ਕਾਨੂੰਨ ਇਕ ਪੁਰਾਤਨ ਬਸਤੀਵਾਦੀ ਯੁੱਗ ਦਾ ਕਾਨੂੰਨ ਹੈ ਜਿਸ ਦੀ ਕਿਸੇ ਵੀ ਜਮਹੂਰੀਅਤ ਜੋ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਅਹਿਮੀਅਤ ਦਿੰਦੀ ਹੈ, ਵਿਚ ਕੋਈ ਥਾਂ ਨਹੀਂ ਹੈ।’ ਇਹ ਸ਼ਬਦ ਕਿਸੇ ਹੋਰ ਦੇ ਨਹੀਂ, ਸਗੋਂ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 1951 ਵਿਚ ਕਹੇ ਸਨ। ਉਨ੍ਹਾਂ ਨੇ ਉਦੋਂ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ‘ਧਾਰਾ 124 (ਏ) ਵੱਡੇ ਰੂਪ ’ਚ ਇਤਰਾਜ਼ਯੋਗ ਅਤੇ ਗ਼ਲਤ ਹੈ। ਛੇਤੀ ਹੀ ਇਸ ਨੂੰ ਬਿਹਤਰ ਬਣਾਇਆ ਜਾਵੇਗਾ।’ ਪਰ ਇਹ ਧਾਰਾ ਅਜੇ ਵੀ ਉਸੇ ਰੂਪ ’ਚ ਭਾਰਤੀ ਸੰਵਿਧਾਨ ਦਾ ਸ਼ਿੰਗਾਰ ਬਣੀ ਹੋਈ ਹੈ ਅਤੇ ਇਸ ਨੂੰ ਚਿੰਤਕਾਂ, ਸਿਧਾਂਤਕਾਰਾਂ, ਸਮਾਜਿਕ ਤੇ ਰਾਜਸੀ ਕਾਰਕੁੰਨਾਂ ਨੂੰ ਉਨ੍ਹਾਂ ਦੇ ਵਿਚਾਰਾਂ ਦੇ ਆਧਾਰ ’ਤੇ ਜ਼ਲੀਲ ਕਰਨ ਤੇ ਧਮਕਾਉਣ ਲਈ ਵਰਤਿਆ ਜਾਂਦਾ ਹੈ।

ਇਸ ਪੱਖੋਂ ਸੁਪਰੀਮ ਕੋਰਟ ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਉਸ ਨੇ ਸਮੇ-ਸਮੇਂ ਇਸ ਧਾਰਾ ਦੇ ਪੀੜਤਾਂ ਦੇ ਹੱਕ ’ਚ ਆਪਣਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਬਿਨਾਇਕ ਸੇਨ ਦੇ ਮਾਮਲੇ ’ਚ ਕਿਹਾ ਹੈ ਕਿ ਕਿਸੇ ਲਹਿਰ (ਭਾਵੇਂ ਉਹ ਹਥਿਆਰਬੰਦ ਹੀ ਕਿਉਂ ਨਾ ਹੋਵੇ) ਨਾਲ ਹਮਦਰਦੀ ਰੱਖਣ ਵਾਲਾ ਇਨਸਾਨ ‘ਦੇਸ਼ ਧਰੋਹ’ ਕਾਨੂੰਨ ਤਹਿਤ ਮੁਜ਼ਰਿਮ ਨਹੀਂ ਬਣ ਜਾਂਦਾ। 1959 ਵਿਚ ਇਲਾਹਾਬਾਦ ਹਾਈ ਕੋਰਟ ਨੇ ਇਹ ਵਿਚਾਰ ਪ੍ਰਗਟਾਏ ਸਨ ਕਿ ‘ਦੇਸ਼ ਧ੍ਰੋਹ’ ਦੀ ਧਾਰਾ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਹੈ ਅਤੇ ਗੈਰ-ਸੰਵਿਧਾਨਕ ਹੈ। 1962 ਵਿਚ ਸੁਪਰੀਮ ਕੋਰਟ ਨੇ ਆਪਣੇ ਇਕ ਫੈਸਲੇ ਵਿਚ ਕਿਹਾ ਸੀ ਕਿ ਮਹਿਜ਼ ਜਬਾਨੀ ਜਾਂ ਲਿਖਤੀ ਤੌਰ ’ਤੇ ਵਿਚਾਰ ਪ੍ਰਗਟਾਉਣ ਨਾਲ ਕੋਈ ‘ਦੇਸ਼ ਧ੍ਰੋਹ’ ਦੀ ਧਾਰਾ ਦੇ ਅਧੀਨ ਦੋਸ਼ੀ ਨਹੀਂ ਬਣ ਜਾਂਦਾ। ਇਹ ਧਾਰਾ ਉਸ ਸੂਰਤ ’ਚ ਹੀ ਲਾਈ ਜਾ ਸਕਦੀ ਹੈ ਜੇਕਰ ਅਸਥਿਰਤਾ ਪੈਦਾ ਕਰਨ ਜਾਂ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੋ ਦੇਸ਼ ਦੀ ਸੁਰੱਖਿਆ ਲਈ ਖਤਰਾ ਹੋਵੇ। ਸੁਪਰੀਮ ਕੋਰਟ ਨੇ ਕੇਦਾਰਨਾਥ ਸਿੰਘ ਬਨਾਮ ਬਿਹਾਰ ਸਰਕਾਰ ਕੇਸ ਵਿਚ ਭਾਵੇਂ 124(ਏ) ਦੀ ਧਾਰਾ ਦੀ ਉਚਿਤਤਾ ਨੂੰ ਕਾਇਮ ਰਖਿਆ ਹੋਵੇ ਪਰ ਉਸ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ‘‘ਦੇਸ਼ ਧ੍ਰੋਹ’ ਦਾ ਮਾਮਲਾ ਮਹਿਜ਼ ਸਰਕਾਰੀ ਅਮਲਾਂ ਦੀ ਆਲਚੋਨਾ ਦੇ ਆਧਾਰ ’ਤੇ ਹੀ ਦਰਜ ਨਹੀਂ ਕੀਤਾ ਜਾ ਸਕਦਾ, ਭਾਵੇਂ ਇਹ ਆਲੋਚਨਾ ਸਖਤ ਲਫਜ਼ਾਂ ਵਿਚ ਹੀ ਕਿਉਂ ਨਾ ਹੋਵੇ।’ ਸੁਪਰੀਮ ਕੋਰਟ ਦਾ ਇਹ ਵਤੀਰਾ ਜੌਨ ਸਟੁਆਰਟ ਮਿਲ ਦੇ ਮਸ਼ਹੂਰ ‘ਨੁਕਸਾਨ ਸਿਧਾਂਤ’ ਨਾਲ ਮੇਲ ਖਾਂਦਾ ਹੈ, ਜਿਸ ਦੇ ਅਨੁਸਾਰ ‘ਕਿਸੇ ਵਿਅਕਤੀ ਦੇ ਅਮਲਾਂ ਨੂੰ ਉਸ ਦੀ ਇੱਛਾ ਦੇ ਵਿਰੁੱਧ ਠੱਲ• ਪਾਉਣ ਦੀ ਕਾਰਵਾਈ ਤਾਂ ਹੀ ਨਿਆਂ ਸੰਗਤ ਹੈ ਜੇਕਰ ਉਹ ਅਮਲ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹੋਣ। ਬਦਕਿਸਮਤੀ ਨਾਲ ਸਾਡੇ ਨਿਆਂ ਅਧਿਕਾਰੀ ਤੇ ਹੇਠਲੀਆਂ ਅਦਾਲਤਾਂ ਇਹ ਗੱਲ ਸਮਝਣ ’ਚ ਅਸਫਲ ਹੋਈਆਂ ਹਨ ਕਿ ‘ਦੇਸ਼ ਧ੍ਰੋਹ’ ਕਾਨੂੰਨ ਦਾ ਦਾਇਰਾ ਬੇਹੱਦ ਸੀਮਤ ਹੈ। ਜੇਕਰ ਇਸ ਗੱਲ ਦੀ ਉਹਨਾਂ ਨੂੰ ਢੁਕਵੀਂ ਸਮਝ ਹੁੰਦੀ ਤਾਂ ਦਿੱਲੀ ਦਾ ਮੈਜਿਸਟ੍ਰੇਟ ਬੀਬੀ ਅਰੁੰਧਤੀ ਰਾਏ ਖਿਲਾਫ ਉਸ ਦੇ ਕਸ਼ਮੀਰ ਸਬੰਧੀ ਵਿਚਾਰਾਂ ਕਰਕੇ ‘ਦੇਸ਼ ਧ੍ਰੋਹ’ ਦਾ ਮੁਕੱਦਮਾ ਦਰਜ ਕਰਨ ਦਾ ਹੁਕਮ ਜਾਰੀ ਨਾ ਕਰਦਾ ਅਤੇ ਸ਼ੈਸ਼ਨ ਅਦਾਲਤ ਬਿਨਾਇਕ ਸੇਨ ਉਤੇ ਇਸ ਆਧਾਰ ’ਤੇ ‘ਦੇਸ਼ ਧ੍ਰੋਹ’ ਦੀ ਧਾਰਾ ਨਾ ਲਾਉਂਦੀ ਕਿ ਉਸ ਕੋਲੋਂ ‘ਮਾਓਵਾਦੀ ਸਾਹਿਤ ਬਰਾਮਦ ਹੋਇਆ ਹੈ।’ ਇਸ ਬਾਰੇ ਸੁਪਰੀਮ ਕੋਰਟ ਨੇ ਵੀ ਸੰਬੰਧਿਤ ਨਿਆਂ ਅਧਿਕਾਰੀਆਂ ਤੇ ਹੇਠਲੀਆਂ ਅਦਾਲਤਾਂ ਨੂੰ ਝਾੜ ਪਾਉਂਦਿਆਂ ਕਿਹਾ ਹੈ ਕਿ ‘ਜੇ ਕਿਸੇ ਵਿਅਕਤੀ ਦੇ ਘਰੋਂ ਗਾਂਧੀ ਦੀ ਸਵੈ-ਜੀਵਨੀ ਬਰਾਮਦ ਹੁੰਦੀ ਹੈ ਤਾਂ ਕੀ ਉਸ ਵਿਅਕਤੀ ਨੂੰ ਗਾਂਧੀਵਾਦੀ ਕਿਹਾ ਜਾ ਸਕਦਾ ਹੈ?’’2001 ਵਿਚ ਸੁਪਰੀਮ ਕੋਰਟ ਨੇ ਬਲਬੀਰ ਮਾਮਲੇ ਵਿਚ ‘ਦੇਸ਼ ਧਰੋਹ’ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਅਜਿਹੇ ਵਿਅਕਤੀਆਂ ਨੂੰ ਬਰੀ ਕੀਤਾ ਸੀ ਜਿਨਾਂ ਉੁਪਰ ‘ਦੇਸ਼ ਧਰੋਹ’ ਦੀ ਧਾਰਾ ਇਸ ਅਧਾਰ ’ਤੇ ਲਾ ਦਿਤੀ ਗਈ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਕਰੀਰ ਟੇਪ ’ਤੇ ਸੁਣ ਰਹੇ ਸਨ।

ਮੌਜੂਦਾ 124(ਏ) ਦੀ ਧਾਰਾ ਮੁਢਲੀ ਭਾਰਤੀ ਦੰਡਾਵਲੀ 1860 ਦਾ ਹਿੱਸਾ ਨਹੀਂ ਸੀ। ਇਸ ਨੂੰ 10 ਸਾਲਾਂ ਬਾਅਦ ਹੋਂਦ ’ਚ ਲਿਆਂਦਾ ਗਿਆ ਅਤੇ ਫਿਰ ‘ਦੇਸ਼ ਧਰੋਹੀ’ ਦੇ ਪੱਖ ਨੂੰ ਸ਼ਾਮਲ ਕਰਨ ਲਈ ਇਸ ਧਾਰਾ ’ਚ ਸੋਧ ਕੀਤੀ ਗਈ। ਅਫਸੋਸ ਵਾਲੀ ਗੱਲ ਇਹ ਹੈ ਕਿ ਸਾਡੇ ਦੇਸ਼ ਵਿਚ ਅਜੇ ਵੀ ਲੋਕਾਂ ’ਤੇ ‘ਦੇਸ਼ ਧਰੋਹ’ ਦੇ ਮੁਕੱਦਮੇ ਦਰਜ ਹੋ ਰਹੇ ਹਨ, ਜਦੋਂਕਿ ਅਨੇਕਾਂ ਦੇਸ਼ਾਂ ਨੇ ਅਜਿਹੇ ਕਾਨੂੰਨ ਨੂੰ ਖਤਮ ਕਰ ਦਿੱਤਾ ਹੈ। ਇਨ੍ਹਾਂ ਦੇਸ਼ਾਂ ਨੇ ਜਾਂ ਤਾਂ ‘ਦੇਸ਼ ਧ੍ਰੋਹ’ ਕਾਨੂੰਨ ਨੂੰ ਰਸਮੀ ਤੌਰ ’ਤੇ ਖਤਮ ਕਰ ਦਿੱਤਾ ਹੈ ਜਾਂ ਫਿਰ ਨਿਆਂਇਕ ਫੈਸਲਿਆਂ ਰਾਹੀਂ ਤਕਰੀਬਨ ਇਸ ਦੇ ਦੰਦ ਖੱਟੇ ਕਰ ਦਿੱਤੇ ਹਨ। ਕਈ ਸਾਲਾਂ ਤੱਕ ਅਮਰੀਕਾ ਵਿਚ ਵੀ ਅਜਿਹੇ ਕਈ ਕਾਨੂੰਨ ਸਨ। ਇਨ੍ਹਾਂ ਵਿਚੋਂ ‘ਦੇਸ਼ ਧ੍ਰੋਹ’ ਕਾਨੂੰਨ ਨੂੰ ਮੁੜ-ਪ੍ਰੀਭਾਸ਼ਤ ਕੀਤਾ ਗਿਆ ਹੈ ਅਤੇ ਸਮਿਥ ਐਕਟ ਵਰਗੇ ਕਾਨੂੰਨਾਂ ਨੂੰ ਸਬੰਧਤ ਸੁਪਰੀਮ ਕੋਰਟ ਦੇ ਦਖਲ ਨਾਲ ਖਤਮ ਕਰ ਦਿੱਤਾ ਗਿਆ ਹੈ।

ਭਾਰਤੀ ਮੂਲ ਦੇ ਨੋਬਲ ਪੁਰਸਕਾਰ ਜੇਤੂ ਨਾਮਵਰ ਅਰਥ ਸ਼ਾਸ਼ਤਰੀ ਅਮਰਿਤਿਆ ਸੇਨ ਨੇ ਵੀ ਬਿਨਾਇਕ ਸੇਨ ਦੇ ਮਾਮਲੇ ਦੇ ਸਬੰਧ ਵਿਚ ‘ਦੇਸ਼ ਧਰੋਹ’ ਕਨੂੰਨ ਬਾਰੇ ਆਪਣੇ ਇਕ ਲੇਖ ’ਚ ਵਿਚਾਰ ਪ੍ਰਗਟਾਏ ਹਨ, ‘ਦੱਬੇ-ਕੁਝਲੇ ਲੋਕਾਂ ਦੇ ਹਿੱਤਾਂ ਲਈ ਆਪਣਾ ਸਭ ਕੁਝ ਸਮਰਪਿਤ ਕਰਨ ਵਾਲੇ ਵਿਅਕਤੀ ਦੀ ਸਮਰਪਿਤ ਸੇਵਾ ਨੂੰ ‘ਦੇਸ਼ ਧ੍ਰੋਹ’ ਦੀ ਕਹਾਣੀ ’ਚ ਬਦਲਣ ਲਈ ਚਿੱਠੀ ਨੂੰ ਆਧਾਰ ਬਣਾਇਆ ਗਿਆ, ਜਦੋਂ ਕਿ ‘ਦੇਸ਼ ਧ੍ਰੋਹ’ ਉਦੋਂ ਦਰਜ ਕੀਤਾ ਜਾਂਦਾ ਹੈ ਜਦੋਂ ਹਿੰਸਾ ਭੜਕਾਈ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਮਹੂਰੀ ਭਾਰਤ ਵਿਚ ਕਾਨੂੰਨਾਂ ਦੀ ਇਹ ਮੂਰਖਤਾ ਭਰਪੂਰ ਵਰਤੋਂ ਹੈ।’

‘ਦੇਸ਼ ਧਰੋਹ’ ਕਨੂੰਨ ਨੂੰ ਅਕਸਰ ਗੁਮਰਾਹਕੁੰਨ ਰੂਪ ’ਚ ‘ਦੇਸ਼ ਭਗਤੀ ਦੀਆਂ ਭਾਵਨਾਵਾਂ’ ਨਾਲ ਵੀ ਜੋੜਿਆ ਜਾਂਦਾ ਹੈ। 26 ਅਕਤੂਬਰ, 2010 ਵਿਚ ਕੇਂਦਰੀ ਕਾਨੂੰਨ ਮੰਤਰੀ ਵੀਰੱਪਾ ਮੋਇਲੀ ਨੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਬਚਾਅ ਕਰਨ ਵਾਲਾ ਬਿਆਨ ਦਿੱਤਾ ਪਰ ਇਹ ਵੀ ਕਿਹਾ ਕਿ ‘ਇਹ ਪ੍ਰਗਟਾਵਾ ਲੋਕਾਂ ਦੀਆਂ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਂਦਾ ਹੋਵੇ।’ ਇਕ ਵਕੀਲ ਹੋਣ ਦੇ ਨਾਤੇ ਮੋਇਲੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੰਵਿਧਾਨ ਦੀ ਧਾਰਾ 19(2) ਜਿਸ ਵਿਚ ਮੁਢਲੇ ਅਧਿਕਾਰਾਂ ਸਬੰਧੀ ਉਚਿਤ ਪਾਬੰਦੀਆਂ (Reasonable restrictions) ਦਾ ਵੇਰਵਾ ਹੈ, ਵਿਚ ਅਜਿਹਾ ਕੁਝ ਨਹੀਂ ਹੈ ਜੋ ‘ਦੇਸ਼ ਭਗਤੀ ਦੀਆਂ ਭਾਵਨਾਵਾਂ’ ਦੀ ਰਾਖੀ ਲਈ ਸ਼ਹਿਰੀਆਂ ਦੇ ਕਿਸੇ ਬੁਨਿਆਦੀ ਹੱਕ ’ਤੇ ਉ¤ਚਿਤ ਪਾਬੰਦੀਆਂ ਲਾਉਂਦਾ ਹੋਵੇ। ਇਸ ਧਾਰਾ ਵਿਚ ਧਾਰਮਿਕ ਭਾਵਨਾਵਾਂ ਦੀ ਰਾਖੀ ਦੀ ਹੀ ਗੱਲ ਕੀਤੀ ਗਈ ਹੈ।

ਇਸ ਤਰ•ਾਂ ਬਿਨਾਂ ਕਿਸੇ ਆਧਾਰ ਦੇ ‘ਦੇਸ਼ ਧ੍ਰੋਹ’ ਦੀ ਧਾਰਾ ਨੂੰ ਸ਼ਹਿਰੀਆਂ ਦੀ ਆਵਾਜ਼ ਬੰਦ ਕਰਨ ਲਈ ਵਰਤਿਆ ਜਾਂਦਾ ਹੈ। ਮੈਨੂੰ ਯਾਦ ਹੈ ਜਦੋਂ ਪੰਜਾਬ ਵਿਚ ਬਰਨਾਲਾ ਵਿਖੇ ਟਰਾਈਡੈਂਟ ਗਰੁੱਪ ਵੱਲੋਂ ਕਿਸਾਨਾਂ ਦੀਆਂ ਧੱਕੇ ਨਾਲ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਸਨ ਤਾਂ ਉਦੋਂ ਰੋਹ ’ਚ ਆਏ ਕਿਸਾਨਾਂ ਨੂੰ ਸੰਬੋਧਨ ਕਰਨ ਬਦਲੇ ਅਕਾਲੀ ਦਲ ਦੇ ਇਕ ਗੁੱਟ ਦੇ ਆਗੂ ਭਾਈ ਦਲਜੀਤ ਸਿਘ ਬਿੱਟੂ ’ਤੇ ‘ਦੇਸ਼ ਧ੍ਰੋਹ’ ਦਾ ਮੁਕੱਦਮਾ ਦਾਇਰ ਹੋ ਗਿਆ ਸੀ। ਜਦੋਂ ਇੰਟਰਨੈ¤ਟ ’ਤੇ ਉਸ ਦੀ ਉਥੇ ਦਿਤੀ ਤਕਰੀਰ ਸੁਣੀ ਤਾਂ ਉਸ ਵਿਚ ਅਜਿਹਾ ਕੁਝ ਵੀ ਨਹੀਂ ਸੀ ਜਿਹੜਾ ਧਾਰਾ 124(ਏ) ਦੇ ਅਨੁਸਾਰ ਜੁਰਮ ਕਰਾਰ ਦਿੱਤਾ ਜਾ ਸਕਦਾ ਹੋਵੇ। ਇਸ ਸੰਦਰਭ ਵਿਚ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਟਰਾਈਡੈਂਟ ਦੇ ਮੁੱਦੇ ’ਤੇ ਉਸ ਸਮੇਂ ਖਬੇ-¤ਖੀ ਕਿਸਾਨ ਆਗੂਆਂ ਸਣੇ ਜਿਨ੍ਹਾਂ-ਜਿਨ੍ਹਾਂ ’ਤੇ ਵੀ ਜਿਹੜੇ-ਜਿਹੜੇ ਕੇਸ ਦਰਜ ਕੀਤੇ ਗਏ ਸਨ, ਮੁਆਵਜੇ ਸਬੰਧੀ ਸਮਝੌਤਾ ਹੋਣ ’ਤੇ ਉਹ ਵਾਪਸ ਲੈ ਲਏ ਗਏ ਪਰ ਉਕਤ ਅਕਾਲੀ ਆਗੂ ’ਤੇ ਦਰਜ ਕੀਤਾ ਗਿਆ ‘ਦੇਸ਼ ਧਰੋਹ’ ਦਾ ਮੁਕੱਦਮਾ ਵਾਪਸ ਨਹੀਂ ਲਿਆ ਗਿਆ। ਸ਼ਾਇਦ ਇਸ ਦਾ ਕਾਰਨ ਇਹ ਸੀ ਕਿ ਉਹ ਬੁਨਿਆਦੀ ਤੌਰ ’ਤੇ ਵੱਖਰੇ ਵਿਚਾਰਾਂ ਵਾਲਾ ਰਾਜਸੀ ਕਾਰਕੁੰਨ ਹੈ। ਫਿਰ ਇਹ ਮੁਕੱਦਮਾ 3 ਸਾਲ ਚਲਿਆ ਤੇ ਅਖੀਰ ਰੱਦ ਕਰਨਾ ਪਿਆ।(ਜਿਕਰ ਕਰਨਯੋਗ ਦਿਲਚਸਪ ਤੇ ਖਾਸ ਗ¤ਲ ਇਹ ਵੀ ਹੈ ਕਿ ਜਿਸ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਇਸ ਸਬੰਧੀ ਸਮਝੌਤਾ ਹੋਣ ਤੋਂ ਬਾਅਦ ਬਰਨਾਲਾ ਵਿਖੇ ‘ਜੇਤੂ ਰੈਲੀ’ ਦੇ ਰੂਪ ’ਚ ਜਸ਼ਨ ਮਨਾ ਰਹੀ ਸੀ, ਉਸੇ ਦਿਨ ਭਾਈ ਦਲਜੀਤ ਸਿੰਘ ਬਿਟੂ ਆਪਣੇ ’ਤੇ ਹੋਏ ਇਸ ‘ਦੇਸ਼ ਧਰੋਹ’ ਦੇ ਮੁਕਦਮੇ ਦੀ ਅਦਾਲਤ ਵਿਚ ਪੇਸ਼ੀ ਭੁਗਤ ਰਹੇ ਸਨ।) ਖਾਸ ਕਰਕੇ ਪੰਜਾਬ ਵਿਚ ਅਜਿਹੀਆਂ ਹੋਰ ਵੀ ਅਨੇਕਾਂ ਮਿਸਾਲਾਂ ਹਨ ਜਿਨ੍ਹਾਂ ਵਿਚ ਵੱਖਰੇ ਵਿਚਾਰ ਰੱਖਣ ਵਾਲਿਆਂ ਵਿਰੁੱਧ ‘ਦੇਸ਼ ਧ੍ਰੋਹ’ ਦਾ ਹਥਿਆਰ ਵਰਤਿਆ ਗਿਆ। ਭਾਵੇਂ ਉਨ੍ਹਾਂ ਨੂੰ ਬਰੀ ਕਰ ਦਿੱਤਾ ਜਾਂਦਾ ਰਿਹਾ ਪਰ ਕਈ-ਕਈ ਸਾਲਾਂ ਤੱਕ ਜ਼ਲੀਲ ਕਰਨ ਤੋਂ ਬਾਅਦ। ਸੰਵਿਧਾਨਕ ਵਿਵਸਥਾ ਮੁਤਾਬਕ ਇਹ ਸਾਰੇ ਅਪਰਾਧਿਕ ਮਾਮਲੇ ਹਾਕਮਾਂ ਦੀ ਮਨਜ਼ੂਰੀ ਜਾਂ ਇਸ਼ਾਰਿਆਂ ’ਤੇ ਦਰਜ ਕੀਤੇ ਜਾਂਦੇ ਹਨ।

ਕੁੱਲ ਮਿਲਾ ਕੇ ਦੇਖੀਏ ਤਾਂ ‘ਦੇਸ਼ ਧਰੋਹ’ ਕਾਨੂੰਨ ਦਾ ਅਮਲੀ ਤੌਰ ’ਤੇ ਉਦੇਸ਼ ਸਰਕਾਰ ਵਿਰੋਧੀ ਰਾਜਸੀ ਵਿਚਾਰਧਾਰਾਵਾਂ ਨੂੰ ਠੱਲ ਪਾਉਣਾ ਹੈ ਤਾਂ ਜੋ ਉਹ ਸਮੇਂ ਦੇ ਹਾਕਮਾਂ ਲਈ ਖਤਰਾ ਨਾ ਬਣੇ। ਅਜਿਹਾ ਕਾਨੂੰਨ ਬਨਾਉਣ ਦਾ ਵਿਚਾਰ 16ਵੀਂ ਸਦੀ ਦੇ ਹਾਕਮਾਂ ’ਚ ਕਾਫੀ ਪ੍ਰਚਲਿਤ ਹੋਇਆ ਸੀ ਤੇ ਬਸਤੀਵਾਦੀਆਂ ਨੇ ਸਥਾਨਕ ਵਿਸ਼ਿਆਂ ਬਾਰੇ ਰਾਜਸੀ ਚੇਤਨਾ ਨੂੰ ਦਬਾਉਣ ਲਈ ਇਸ ਕਾਨੂੰਨ ’ਤੇ ਜ਼ੋਰ ਦਿੱਤਾ ਸੀ। ਜੇ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਫਰੋਲ ਲਈਏ ਤਾਂ ਕਿਸੇ ਨਾ ਕਿਸੇ ਰੂਪ ’ਚ ਇਹ ਕਾਨੂੰਨ ਰਾਜਸੀ ਪ੍ਰਬਲਤਾ ਕਾਇਮ ਰੱਖਣ ਦਾ ਇਕ ਸੰਦ ਹੀ ਸਾਬਤ ਹੋਇਆ ਹੈ ਤੇ ਸ਼ਹਿਰੀ ਆਜ਼ਾਦੀਆਂ ਨੂੰ ਕੁਚਲਣ ਲਈ ਇਸ ਦੀ ਵਰਤੋਂ ਹੁੰਦੀ ਰਹੀ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਜਮਹੂਰੀ ਦੇਸ਼ ਅਖਵਾਉਂਦਾ ਹੈ ਜਿਥੇ ਵੱਖ-ਵੱਖ ਕੌਮਾਂ ਵਸਦੀਆਂ ਹਨ ਤੇ ਜਿਨ੍ਹਾਂ ਦੇ ਆਪਣੇ-ਆਪਣੇ ਸਥਾਨਕ ਸਰੋਕਾਰ ਤੇ ਰਾਜਸੀ ਹਿੱਤ ਹਨ। ਅਜਿਹੇ ਵਿਚ ਅਜਿਹੀ ਕਾਨੂੰਨ ਵਿਵਸਥਾ ਦੀ ਉਚਿਤਤਾ ’ਤੇ ਸਵਾਲ ਉਠ ਖੜੇ ਹੁੰਦੇ ਹਨ। ਜਿਹੜਾ ਹਥਿਆਰ ਕਦੇ ਬ੍ਰਿਟਿਸ਼ ਬਸਤੀਵਾਦੀਆਂ ਵੱਲੋਂ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਨੂੰ ਦਬਾਉਣ ਲਈ ਵਰਤਿਆ ਜਾਂਦਾ ਰਿਹਾ ਹੋਵੇ, ਉਸ ਨੂੰ ਆਪਣੇ ਹੀ ਲੋਕਾਂ ਦੀਆਂ ਆਵਾਜ਼ਾਂ ਬੰਦ ਕਰਨ ਲਈ ਵਰਤਿਆ ਜਾ ਰਿਹਾ ਹੈ। ਭਾਵੇਂ ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਲੋਕਾਂ ਦੇ ਹਿੱਤ ਸੁਰੱਖਿਅਤ ਕਰਨ ਲਈ ਕਾਫੀ ਕੁਝ ਕੀਤਾ ਹੈ ਤੇ ਉਕਤ ਧਾਰਾ ਦਾ ਘੇਰਾ ਨਿਸ਼ਚਿਤ ਕਰਨ ਲਈ ਕਦਮ ਚੁੱਕੇ ਹਨ ਪਰ ਫਿਰ ਵੀ ਠੋਸ ਰੂਪ ’ਚ ਕੁਝ ਨਹੀਂ ਕੀਤਾ ਜਾ ਸਕਿਆ ਤੇ ਹਾਲੇ ਤੱਕ ਸ਼ਹਿਰੀਆਂ ’ਤੇ ‘ਦੇਸ਼ ਧਰੋਹ’ ਦੇ ਮੁਕੱਦਮੇ ਦਰਜ ਹੋਣੇ ਜਾਰੀ ਹੈ। ਇਸ ਲਈ ਇਸ ਕਾਨੂੰਨ ਦੀ ਹੋਂਦ ਸਬੰਧੀ ਮੁੜ ਵਿਚਾਰ ਕੀਤੀ ਜਾਵੇ। ਇਸ ਤੋਂ ਇਲਾਵਾ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਤੇ ਦੇਸ਼ ਦੀ ਸੁਰੱਖਿਆ ਦੋਹਾਂ ਪੱਖਾਂ ਵਿਚਕਾਰ ਸੰਤੁਲਨ ਬਣਾਉਣ ਦੀ ਵੀ ਲੋੜ ਹੈ।

ਸੁਰਜੀਤ ਸਿੰਘ ਗੋਪੀਪੁਰ
ਸਬ-ਐਡੀਟਰ, ਰੋਜਾਨਾ ‘ਅਜੀਤ’
ਮੋ 9417258765
ssgopipur@gmail.com

Monday, June 6, 2011

ਸਾਕਾ ਨੀਲਾ ਤਾਰਾ - ਕੁਝ ਨਿੱਜੀ ਹੰਢਾਏ ਪਲ

ਜਸਪਾਲ ਸਿੰਘ ਸਿੱਧੂ ਅੰਗਰੇਜ਼ੀ ਤੇ ਪੰਜਾਬੀ ਪੱਤਰਕਾਰੀ ਦਾ ਜਾਣਿਆ ਪਛਾਣਿਆ ਨਾਂਅ ਹੈ।ਪੱਤਰਕਾਰੀ ਦੇ ਮੁੱਲਾਂ ਲਈ ਜ਼ਮੀਨੀ ਲੜਾਈ ਲੜਦੇ ਰਹੇ।ਆਪਰੇਸ਼ਨ ਬਲਿਊ ਸਟਾਰ ਮੌਕੇ ਖਬਰ ਏਜੰਸੀ ਯੂ.ਐਨ.ਆਈ ਦੇ ਪੱਤਰਕਾਰ ਵਜੋਂ ਅਮ੍ਰਿਤਸਰ ਨਿਯੁਕਤ ਸਨ।ਉਹਨਾਂ 84 ਦੇ ਦੌਰ ਨੂੰ ਬਹੁਤ ਨੇੜਿਓਂ ਵੇਖਿਆ ਹੈ।-ਗੁਲਾਮ ਕਲਮ

ਫ਼ੌਜੀ ਜਵਾਨ ਨੇ ਸਟੇਨਗੰਨ ਮੇਰੀ ਛਾਤੀ ਉੱਤੇ ਲਾਈ ਹੋਈ ਸੀ; ਦੋ ਹੋਰ ਫ਼ੌਜੀ ਮੇਰੇ ਸੱਜੇ-ਖੱਬੇ ਆਪਣੀਆਂ ਗੰਨਾਂ ਮੇਰੇ ਵੱਲ ਸਿੱਧੀਆਂ ਕਰੀ ਖੜ੍ਹੇ ਸਨ, ਜਦੋਂ ਸਾਹਮਣੇ ਖੜ੍ਹੇ ਫ਼ੌਜੀ ਅਫਸਰ ਨੇ ਹੁਕਮਰਾਨਾ ਲਹਿਜੇ ਵਿਚ ਕਿਹਾ, 'ਤੁਹਾਡੇ ਕੋਲ ਹਥਿਆਰ ਹਨ, ਨਾਲੇ ਪਾਕਿਸਤਾਨ ਨਾਲ ਜੁੜਿਆ ਵਾਇਰਲੈਸ ਸੈੱਟ, ਦੋਵੇਂ ਤੁਰੰਤ ਸਾਡੇ ਹਵਾਲੇ ਕਰ ਦਿਓ.... ਜੇ 'ਸਰਚ' (ਪੜਤਾਲ) ਤੋਂ ਬਾਅਦ ਕੋਈ ਵੀ ਚੀਜ਼ ਮਿਲ ਗਈ, ਅਸੀਂ ਗੋਲੀ ਮਾਰ ਦਿਆਂਗੇ।'

ਜੂਨ 1984 ਦੇ ਪਹਿਲੇ ਹਫਤੇ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲੇ ਦੀ ਕਾਰਵਾਈ ਖ਼ਤਮ ਹੁੰਦਿਆਂ ਹੀ ਅੰਮ੍ਰਿਤਸਰ ਸ਼ਹਿਰ ਵਿਚ ਕਈ ਥਾਵਾਂ ਉੱਤੇ ਫ਼ੌਜ ਨੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਸਨ। 13 ਜੂਨ ਨੂੰ ਸਵੇਰੇ ਚਾਰ-ਸਵਾ ਚਾਰ ਵਜੇ, ਫ਼ੌਜੀਆਂ ਨੇ ਮੈਨੂੰ ਵੀ ਕਮਰੇ ਵਿਚੋਂ ਕੱਢ ਕੇ ਬੰਦੂਕਾਂ ਦੇ ਘੇਰੇ ਵਿਚ 'ਫਾਲਨ' (ਖੜ੍ਹਾ) ਕਰ ਲਿਆ। ਹੁਣ ਮੈਨੂੰ ਉਸ ਫ਼ੌਜੀ ਅਫਸਰ ਦੀਆਂ ਲਾਲ-ਸੁਰਖ ਅੱਖਾਂ ਦਿਖਾਈ ਦੇ ਰਹੀਆਂ ਸਨ। ਪਹੁ ਫੁੱਟ ਪਈ ਸੀ ਅਤੇ ਕੁਝ ਕੁ ਸਾਫ ਦਿੱਸਣਾ ਸ਼ੁਰੂ ਹੋ ਗਿਆ ਸੀ। ਪਲ ਕੁ ਮੈਂ ਅਜੀਬ ਸੰਸ਼ੋਪੰਜ ਵਿਚ ਰਿਹਾ। ਮੈਂ ਆਪਣੇ ਵੱਲ ਸੇਧਤ ਗੰਨਾਂ ਤੋਂ ਬੇਖ਼ਬਰ ਹੀ ਹੋ ਗਿਆ ਸਾਂ, ਜਿਵੇਂ ਸਿਰ ਉੱਤੇ ਟੁੱਟੇ 'ਵੱਡੇ ਕਹਿਰ' ਲਈ ਮਾਨਸਿਕ ਤੌਰ ਉੱਤੇ ਤਿਆਰ ਹੋ ਰਿਹਾ ਹੋਵਾਂ। ਅਗਲੇ ਪਲ ਮੈਂ ਉਸ ਅਫਸਰ ਨੂੰ ਕਿਹਾ, 'ਤੁਸੀਂ ਜਾਣਦੇ ਹੋ ਕਿ ਮੈਂ ਯੂ. ਐੱਨ. ਆਈ. ਦਾ ਪੱਤਰਕਾਰ ਹਾਂ।' ਸ਼ਾਇਦ ਇਹ ਮੇਰੀ ਸਿਰ ਉੱਤੇ ਖੜ੍ਹੀ 'ਹੋਣੀ' ਤੋਂ ਪਾਸਾ ਵੱਟ ਕੇ ਬਚ ਨਿਕਲਣ ਦੀ ਅਚੇਤ ਕੋਸ਼ਿਸ਼ ਸੀ। 'ਸਾਨੂੰ ਸਭ ਕੁਝ ਪਤਾ' ਹੈ, ਉਹ ਅਫਸਰ ਕੜਕਵੀਂ ਆਵਾਜ਼ ਵਿਚ ਬੋਲਿਆ। ਉਹ ਕੋਈ ਕੈਪਟਨ-ਮੇਜਰ ਰੈਂਕ ਦਾ 'ਕਲੀਨ ਸ਼ੇਵਨ' ਪੰਜਾਬੀ ਅਫਸਰ ਸੀ।

ਹੁਣ 'ਅੰਤਿਮ ਘੜੀ' ਲਈ ਆਪਣੇ ਵਜੂਦ ਨੂੰ ਤਿਆਰ ਕਰਨ ਤੋਂ ਸਿਵਾਏ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਅਤੇ ਮੇਰਾ 'ਅੰਤਰੀਵ' ਜਿਵੇਂ 'ਮੇਰੀ ਹੋਣੀ' ਨੂੰ ਸਵੀਕਾਰ ਕਰਨ ਦੇ ਰਾਹ ਤੁਰ ਪਿਆ ਹੋਵੇ। ਮੈਂ ਹੁਣ 'ਆਰ-ਪਾਰ' ਦੇ ਅਖੀਰਲੇ ਪਲਾਂ ਵਿਚੋਂ ਗੁਜ਼ਰ ਰਿਹਾ ਸਾਂ। ਪਤਾ ਨਹੀਂ ਕਿਵੇਂ ਮੇਰੇ ਅੰਦਰੋਂ ਸੁਤੇ-ਸਿੱਧ ਆਵਾਜ਼ ਨਿਕਲੀ, 'ਜੋ ਮਰਜ਼ੀ ਕਰੋ, ਮੇਰੇ ਕੋਲ ਕੁਝ ਵੀ ਨਹੀਂ।' ਉਸ ਅਫਸਰ ਨੂੰ ਜਿਵੇਂ ਮੇਰੇ ਅਜਿਹੇ ਜੁਆਬ ਦੀ ਉਮੀਦ ਨਹੀਂ ਸੀ; ਉਹ ਮੱਥੇ ਉੱਤੇ ਤਿਉੜੀਆਂ ਪਾਉਂਦਾ ਹੋਇਆ ਕੜਕਿਆ, 'ਅੱਛਾ ਫੇਰ'। ਉਸਨੇ ਫ਼ੌਜੀ ਜਵਾਨਾਂ ਨੂੰ ਮੇਰੇ ਘਰ-ਦਫਤਰ ਦੀ ਤਲਾਸ਼ੀ ਲੈਣ ਦੇ ਹੁਕਮ ਦੇ ਦਿੱਤੇ ਸਨ।

ਅੱਧੀ ਕੁ ਦਰਜਨ ਫ਼ੌਜੀ ਜਵਾਨ, ਗਰੀਨ ਐਵੇਨਿਊ ਕਾਲੋਨੀ ਦੇ ਪੱਛਮੀ ਕੰਢੇ ਉੱਤੇ ਉਸਰੇ ਬੇਤਰਤੀਬੇ ਜਿਹੇ ਮਕਾਨਾਂ ਵਿਚੋਂ ਇਕ ਕਿਰਾਏ ਉੱਤੇ ਲਏ ਮੇਰੇ ਘਰ-ਦਫਤਰ ਦੀ ਤਲਾਸ਼ੀ ਲੈ ਰਹੇ ਸਨ। ਮੈਨੂੰ ਇਸ ਅੱਧੇ ਅਧੂਰੇ ਮਕਾਨ ਦੇ ਬਰਾਂਡੇ ਵਿਚ ਖੜ੍ਹਾ ਕੀਤਾ ਹੋਇਆ ਸੀ। ਦੋ ਫ਼ੌਜੀ ਬਰਾਂਡੇ ਦੇ ਸਿਰੇ ਉੱਤੇ ਬਣੀ ਮੇਰੀ ਰਸੋਈ ਦੀ ਫਰੋਲਾ-ਫਰਾਲੀ ਕਰ ਰਹੇ ਸਨ, ਦੋ ਕੁ ਜਣੇ ਰਸੋਈ ਦੇ ਨਾਲ ਲੱਗਦੇ ਮੇਰੇ ਇਕੋ-ਇਕ ਬੈੱਡਰੂਮ ਵਿਚ ਵੜ ਗਏ ਸਨ। ਦੋ ਫ਼ੌਜੀ ਜਵਾਨਾਂ ਨੇ ਮੇਰੇ ਬੈੱਡਰੂਮ ਤੋਂ ਪਰ੍ਹੇ ਬਰਾਂਡੇ ਦੇ ਦੂਜੇ ਪਾਸੇ ਦੇ ਬਣੇ ਕਮਰੇ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਸੀ।
ਮੈਂ ਇਸ ਕਮਰੇ ਨੂੰ ਖਬਰਾਂ ਦੀ ਏਜੰਸੀ ਯੂ ਐੱਨ ਆਈ ਲਈ ਦਫਤਰ ਬਣਾ ਲਿਆ ਸੀ। ਇਸ ਵਿਚ ਦੋ 'ਟੈਲੀਪ੍ਰਿੰਟਰ' ਮਸ਼ੀਨਾਂ ਲੱਗੀਆਂ ਹੋਈਆਂ ਸਨ। ਇਕ ਉੱਤੇ 'ਦਿਨ-ਰਾਤ ਲਗਾਤਾਰ ਉਹ ਸਾਰੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ, ਜਿਹੜੀਆਂ ਖ਼ਬਰਾਂ ਏਜੰਸੀ ਦੇ ਚੰਡੀਗੜ੍ਹ ਦਫਤਰ ਜਾਂ ਦਿੱਲੀ ਵਾਲੇ ਵੱਡੇ ਦਫਤਰ ਤੋਂ ਜਾਰੀ ਹੁੰਦੀਆਂ ਸਨ। ਦਿੱਲੀ ਦਫਤਰ ਤੋਂ ਦੇਸੀ ਅਤੇ ਵਿਦੇਸ਼ੀ ਖ਼ਬਰਾਂ ਜਿਹੜੀਆਂ ਅੰਤਰਰਾਸ਼ਟਰੀ ਖ਼ਬਰ ਏਜੰਸੀਆਂ-ਏ. ਪੀ. ਅਤੇ ਰਾਈਟਰ-ਆਦਿ ਤੋਂ ਆਉਂਦੀਆਂ ਸਨ, ਲਗਾਤਾਰ 24 ਘੰਟੇ ਜਾਰੀ ਹੁੰਦੀਆਂ ਰਹਿੰਦੀਆਂ ਸਨ। ਦੂਜੀ ਟੈਲੀਪ੍ਰਿੰਟਰ ਮਸ਼ੀਨ ਤੋਂ ਮੈਂ ਅੰਮ੍ਰਿਤਸਰ ਜਾਂ ਆਲੇ-ਦੁਆਲੇ ਦੀਆਂ ਖ਼ਬਰਾਂ ਦਿੱਲੀ ਜਾਂ ਚੰਡੀਗੜ੍ਹ ਦਫਤਰਾਂ ਨੂੰ ਭੇਜਦਾ ਰਹਿੰਦਾ ਸਾਂ। ਇਨ੍ਹਾਂ ਦਫਤਰਾਂ ਤੋਂ ਮੇਰੀਆਂ ਖ਼ਬਰਾਂ 'ਸਬ' ਕਰਕੇ ਕਈ ਵਾਰੀ ਤਾਂ ਬਹੁਤੀ ਭੰਨ-ਤੋੜ ਤੋਂ ਬਾਅਦ ਹੀ ਜਾਰੀ ਹੁੰਦੀਆਂ ਸਨ। ਖਾਸ ਕਰਕੇ, ਮੇਰੀਆਂ ਖ਼ਬਰਾਂ ਨੂੰ ਸਰਕਾਰੀ ਤੌਰ ਉੱਤੇ ਪ੍ਰਵਾਨਿਤ ਨੀਤੀ ਵਿਚ ਢਾਲ ਦਿੱਤਾ ਜਾਂਦਾ। ਹਾਂ, ਲੀਡਰਾਂ ਦੇ ਬਿਆਨ ਹੂ-ਬਹੂ ਜਾਰੀ ਹੁੰਦੇ ਰਹਿੰਦੇ ਸਨ। ਮੇਰੇ ਦਫਤਰ ਦੇ ਕਮਰੇ ਵਿਚ ਤਿੰਨ-ਚਾਰ ਕੁਰਸੀਆਂ ਅਤੇ ਇਕ ਮੇਜ਼ ਪਿਆ ਸੀ। ਮੈਂ ਖ਼ਬਰਾਂ ਨੂੰ ਟਾਈਪ ਕਰਨ ਲਈ ਇਕ ਵੱਖਰੀ ਮੇਜ਼ ਕੁਰਸੀ ਲਾਈ ਹੋਈ ਸੀ ਅਤੇ ਦਫਤਰ ਵਿਚ 'ਪ੍ਰੈੱਸ ਨੋਟ' ਅਤੇ 'ਪੋਸਟਰਾਂ', ਹੋਰਨਾਂ ਦਸਤਾਵੇਜ਼ਾਂ ਅਤੇ ਰੋਜ਼ਾਨਾ ਅਖ਼ਬਾਰਾਂ ਦਾ ਢੇਰ ਵੀ ਇਕ ਪਾਸੇ ਲੱਗਿਆ ਪਿਆ ਸੀ।

ਤਿੰਨ ਜੂਨ ਨੂੰ ਫ਼ੌਜੀ ਹਮਲੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ਹਿਰ ਵਿਚ ਕਰਫਿਊ ਲੱਗ ਗਿਆ ਸੀ, ਜਿਸ ਕਰਕੇ ਟੈਲੀਪ੍ਰਿੰਟਰ ਆਪ੍ਰੇਟਰ ਬਿਸ਼ਨ ਲਾਲ ਵੀ ਇਸੇ ਦਫਤਰ ਵਿਚ ਫਸ ਗਿਆ ਸੀ। ਕਈ ਦਿਨਾਂ ਤੋਂ ਉਹ ਦਫਤਰ ਵਾਲੇ ਕਮਰੇ ਵਿਚ ਹੀ ਸੌਂ ਰਿਹਾ ਸੀ। ਛਾਪਾ ਮਾਰਨ ਵਾਲੇ ਫ਼ੌਜੀਆਂ ਨੇ ਉਸ ਨੂੰ ਵੀ ਖੜ੍ਹਾ ਕਰ ਲਿਆ ਅਤੇ ਹੁਕਮ ਸੁਣਾਇਆ 'ਦਫਤਰ ਚੈੱਕ ਕਰਵਾ।' ਟੈਲੀਪ੍ਰਿੰਟਰ ਮਸ਼ੀਨਾਂ ਲਈ ਇਕ ਬਿਜਲੀ ਦਾ ਵੱਡਾ 'ਸਟੇਬਲਾਈਜ਼ਰ' ਦੀਵਾਰ ਵਿਚ ਫਿੱਟ ਕੀਤਾ ਹੋਇਆ ਸੀ। ਫ਼ੌਜੀਆਂ ਨੂੰ ਵਾਰ-ਵਾਰ ਸ਼ੱਕ ਪਵੇ ਕਿ ਇਹ 'ਵਾਇਰਲੈਸ' ਸੈੱਟ ਨਾਲ ਸੰਬੰਧਿਤ ਕੋਈ ਯੰਤਰ ਹੈ। ਉਨ੍ਹਾਂ ਨੇ ਬਹੁਤ ਗਹੁ ਨਾਲ ਇਸ ਨੂੰ ਚੈੱਕ ਕੀਤਾ ਅਤੇ ਆਪਣੀ ਅੰਤਿਮ ਤਸੱਲੀ ਲਈ ਉਨ੍ਹਾਂ ਨੇ ਬਿਸ਼ਨ ਲਾਲ ਕੋਲੋਂ ਵੀ ਖੂਬ ਪੁੱਛਗਿੱਛ ਕੀਤੀ। ਪਹਾੜੀ ਲਹਿਜੇ ਵਿਚ ਪੰਜਾਬੀ ਬੋਲਣ ਵਾਲਾ ਬਿਸ਼ਨ ਲਾਲ ਮੁੜ-ਮੁੜ ਫ਼ੌਜੀਆਂ ਦੀ ਤਸੱਲੀ ਕਰਵਾ ਰਿਹਾ ਸੀ, 'ਸਰ ਜੀ, ਇਹ ਤਾਂ ਟੈਲੀਪ੍ਰਿੰਟਰ ਨਾਲ ਜੁੜਿਆ ਹੋਇਆ ਬਿਜਲੀ ਦਾ ਸਟੇਬਲਾਈਜ਼ਰ ਹੈ।'

ਫ਼ੌਜੀ ਅਫਸਰ ਬਰਾਂਡੇ ਵਿਚ ਖੜ੍ਹਾ ਹੋ ਰਹੀ ਤਲਾਸ਼ੀ ਦੀ ਨਿਗਰਾਨੀ ਕਰ ਰਿਹਾ ਸੀ। ਮੈਨੂੰ ਸਿੱਧਾ ਖੜ੍ਹਾ ਕੀਤਾ ਹੋਇਆ ਸੀ। ਉਨ੍ਹਾਂ ਦਿਨਾਂ ਵਿਚ ਅੰਤਾਂ ਦੀ ਗਰਮੀ ਸੀ, ਮੇਰੇ ਪਜਾਮਾ ਪਾਇਆ ਸੀ ਅਤੇ ਉੱਪਰ ਬੁਨੈਣ, ਸਿਰੋਂ ਨੰਗਾ, ਮੈਨੂੰ ਪਟਕਾ ਫ਼ੌਜੀਆਂ ਨੇ ਬੰਨ੍ਹਣ ਹੀ ਨਹੀਂ ਸੀ ਦਿੱਤਾ, ਜਦੋਂ ਉਹ ਮੈਨੂੰ ਬੈੱਡ ਰੂਮ 'ਚੋਂ ਫੜ ਕੇ ਬਾਹਰ ਲੈ ਆਏ ਸਨ। ਮੈਂ ਅਜੇ ਕੁਝ ਕੁ ਮਿੰਟ ਪਹਿਲਾਂ ਹੀ ਬਾਹਰ ਖੁੱਲ੍ਹੇ ਵਿਹੜੇ ਵਿਚੋਂ ਆਪਣੇ ਮੰਜੇ ਤੋਂ ਉੱਠ ਕੇ ਅੰਦਰ ਕਮਰੇ ਵਿਚ ਆ ਕੇ ਲੇਟਿਆ ਸਾਂ। ਮੇਰੇ ਨਾਲ ਸੌਂਦੀ ਮੇਰੀ ਪੰਜ ਕੁ ਸਾਲ ਦੀ ਬੇਟੀ ਅਜੇ ਬਾਹਰ ਮੇਰੇ ਮੰਜੇ ਉੱਤੇ ਹੀ ਸੁੱਤੀ ਪਈ ਸੀ। ਦੂਸਰੇ ਨਾਲ ਦੇ ਮੰਜੇ ਉੱਤੇ ਮੇਰੀ ਪਤਨੀ ਮੇਰੇ ਦੋ ਕੁ ਸਾਲ ਦੇ ਬੇਟੇ ਨਾਲ ਲੇਟੀ ਹੋਈ ਸੀ।

ਮੇਰੇ ਬੈੱਡਰੂਮ, ਦਫਤਰ ਅਤੇ ਰਸੋਈ ਦੀ ਜਾਂਚ ਪੜਤਾਲ ਵਿਚੋਂ ਜਦੋਂ ਫ਼ੌਜੀਆਂ ਨੂੰ ਕੁਝ ਨਾ ਮਿਲਿਆ ਤਾਂ ਕੁਝ ਕੁ ਉਨ੍ਹਾਂ ਵਿਚੋਂ ਅਧੂਰੀਆਂ ਪੌੜੀਆਂ ਦੇ ਖੜ੍ਹੇ ਕੀਤੇ ਢਾਂਚੇ ਰਾਹੀਂ ਛੱਤ ਉੱਤੇ ਜਾ ਚੜ੍ਹੇ। ਦੋ ਫ਼ੌਜੀਆਂ ਨੇ ਮੇਰੇ ਬੈੱਡਰੂਮ ਦੇ ਨਾਲ ਲੱਗਦੇ ਇਕ ਕਮਰੇ ਨੂੰ ਜਾ ਖੁੱਲ੍ਹਵਾਇਆ। ਉਹ ਕਮਰਾ ਯੂ. ਪੀ. ਦੇ ਰਹਿਣ ਵਾਲੇ ਦੋ ਐੱਫ. ਸੀ. ਆਈ. ਦੇ ਛੋਟੇ ਮੁਲਾਜ਼ਮਾਂ ਨੇ ਕਿਰਾਏ ਉੱਤੇ ਲਿਆ ਹੋਇਆ ਸੀ। ਕਰਫਿਊ ਲੱਗਣ ਕਰਕੇ ਉਹ ਦੋਵੇਂ ਵੀ ਇੱਥੇ ਹੀ ਫਸੇ ਬੈਠੇ ਸਨ। ਹਿੰਦੀ ਬੋਲਣ ਕਾਰਨ ਉਨ੍ਹਾਂ ਬਾਰੇ ਫ਼ੌਜੀਆਂ ਨੂੰ ਜਲਦੀ ਹੀ ਤਸੱਲੀ ਹੋ ਗਈ ਸੀ। ਇਨ੍ਹਾਂ ਬੇਤਰਤੀਬੇ ਮਕਾਨਾਂ ਦੇ ਏਰੀਏ ਨੂੰ 'ਟਾਂਗਾ ਕਾਲੋਨੀ' ਕਹਿੰਦੇ ਸਨ। ਸ਼ਾਇਦ, ਇਸ ਥਾਂ ਉੱਤੇ ਅਜਨਾਲੇ ਵੱਲ ਜਾਣ ਵਾਲੇ ਟਾਂਗਿਆਂ ਦਾ ਕਿਸੇ ਵੇਲੇ ਅੱਡਾ ਹੁੰਦਾ ਸੀ। ਕੋਈ ਇਕ ਸਾਲ ਪਹਿਲਾਂ ਤੱਕ ਕਈ ਅਸਥਾਈ ਅੱਡਿਆਂ ਤੋਂ ਖ਼ਬਰਾਂ ਭੇਜਣ ਦੀ ਜ਼ਹਿਮਤ ਕੱਟਣ ਤੋਂ ਬਾਅਦ, ਮੈਨੂੰ ਇਹ ਮਕਾਨ ਨਹੀਂ ਬਲਕਿ ਮਕਾਨ ਦਾ ਢਾਂਚਾ ਬੜੀ ਮੁਸ਼ਕਿਲ ਨਾਲ ਹੀ ਕਿਰਾਏ ਉੱਤੇ ਮਿਲਿਆ ਸੀ। ਚੰਗੀਆਂ ਕਾਲੋਨੀਆਂ ਦੇ ਮਾਲਕ ਮੈਨੂੰ ਰਿਹਾਇਸ਼ ਦੇ ਨਾਲ-ਨਾਲ ਨਿਊਜ਼ ਏਜੰਸੀ ਦਾ ਦਫਤਰ ਬਣਾਉਣ ਲਈ ਮਕਾਨ ਕਿਰਾਏ ਉੱਤੇ ਦੇਣ ਲਈ ਤਿਆਰ ਨਹੀਂ ਸਨ ਹੁੰਦੇ।

ਅੰਮ੍ਰਿਤਸਰ ਵਿਚ ਹਿੰਸਕ ਘਟਨਾਵਾਂ ਅਤੇ ਹੋਰ ਉਥਲ-ਪੁਥਲ ਐਨੀ ਤੇਜ਼ੀ ਨਾਲ ਹੋ ਰਹੀ ਸੀ ਕਿ ਮੈਨੂੰ 24 ਘੰਟੇ ਟੈਲੀਪ੍ਰਿੰਟਰਾਂ ਨਾਲ ਜੁੜ ਕੇ ਬੈਠਣਾ ਪੈਂਦਾ ਸੀ। ਜਦੋਂ ਮੈਂ ਦਫਤਰ ਤੋਂ ਬਾਹਰ ਹੁੰਦਾ ਤਾਂ ਟੈਲੀਫੋਨ ਲੈਂਡਲਾਈਨ ਦੇ ਜ਼ਰੀਏ ਹਮੇਸ਼ਾ ਦਫਤਰ ਦੇ ਮੁਲਾਜ਼ਮਾਂ ਰਾਹੀਂ ਚੰਡੀਗੜ੍ਹ ਅਤੇ ਦਿੱਲੀ ਦੇ ਦਫਤਰਾਂ ਨਾਲ ਰਾਬਤਾ ਕਾਇਮ ਰੱਖਣਾ ਪੈਂਦਾ ਸੀ। ਇਸੇ ਹੀ 'ਮਕਾਨ' ਦਾ ਇਕ ਕਮਰਾ ਜਿਹੜਾ ਬਾਹਰ ਗਲੀ ਵਿਚ ਲੱਗਦਾ ਸੀ, ਵਿਚ ਮਕਾਨ ਮਾਲਕ ਨੇ ਆਪਣੀ ਹੱਟੀ ਪਾ ਰੱਖੀ ਸੀ। ਉਸ ਹੱਟੀ ਉੱਤੇ ਆਲੇ-ਦੁਆਲੇ ਦੇ ਬੱਚੇ ਮਿੱਠੀਆਂ ਗੋਲੀਆਂ, ਟੌਫੀਆਂ ਅਤੇ ਗੱਚਕ ਖਰੀਦਣ ਲਈ ਆਉਂਦੇ ਅਤੇ ਕਦੇ ਕੋਈ ਛੋਟਾ-ਮੋਟਾ ਗਾਹਕ ਚਾਹ ਪੱਤੀ, ਚੀਨੀ, ਗੁੜ੍ਹ, ਸ਼ੱਕਰ ਜਾਂ ਦਾਲ ਖਰੀਦਣ ਲਈ ਵੀ ਆਉਂਦਾ। ਉਹ ਹਟਵਾਣੀਆਂ ਰਾਤ ਨੂੰ ਸਦਰ ਥਾਣੇ ਦੇ ਪਿੱਛੇ ਵਾਲੀ ਕਾਲੋਨੀ ਵਾਲੇ ਆਪਣੇ ਰਿਹਾਇਸ਼ੀ ਘਰ ਚਲਾ ਜਾਂਦਾ। ਹੁਣ ਕਰਫਿਊ ਕਰਕੇ ਉਹ ਵੀ ਕਈ ਦਿਨਾਂ ਤੋਂ ਹੱਟੀ ਖੋਲ੍ਹਣ ਨਹੀਂ ਸੀ ਆਇਆ।

ਤਲਾਸ਼ੀ ਲੈ ਰਹੇ ਫ਼ੌਜੀਆਂ ਵਿਚੋਂ ਕੁਝ ਨੇ ਐੱਫ ਸੀ ਆਈ ਦੇ ਇਕ ਮੁਲਾਜ਼ਮ ਨੂੰ ਨਾਲ ਲਿਆ ਅਤੇ ਹਟਵਾਣੀਏ ਨੂੰ ਵੀ ਜੀਪ ਉੱਤੇ ਬਿਠਾ ਕੇ ਉਸੇ ਮਕਾਨ ਵਿਚ ਲੈ ਆਏ। ਮੈਨੂੰ ਬਰਾਂਡੇ ਵਿਚ ਖੜ੍ਹੇ ਨੂੰ, ਹੱਟੀ ਦੀ ਹੁੰਦੀ ਤਲਾਸ਼ੀ ਕਾਰਨ, ਖਾਲੀ ਖੜਕਦੇ ਪੀਪਿਆਂ-ਟੀਨਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਪਰ ਤਲਾਸ਼ੀ ਉਪਰੰਤ ਵਿਚੋਂ ਫ਼ੌਜੀਆਂ ਨੂੰ ਕੁਝ ਨਹੀਂ ਮਿਲਿਆ ਸੀ। ਮੇਰੇ ਦੁਆਲਿਓਂ ਵੀ ਗੰਨਾ ਵਾਲੇ ਫ਼ੌਜੀ ਏਧਰ-ਓਧਰ ਹੋ ਗਏ ਸਨ। ਮੈਂ ਵੀ ਦਫਤਰ ਵਾਲੇ ਕਮਰੇ ਵੱਲ ਚਾਰ ਕਦਮ ਪੁੱਟ ਲਏ ਸਨ। ਫ਼ੌਜੀ ਛਾਪਾਮਾਰ ਪਾਰਟੀ ਨਾਲ ਉਸ ਏਰੀਏ ਦੇ ਪੁਲਿਸ ਸਟੇਸ਼ਨ 'ਥਾਣਾ ਸਦਰ' ਦਾ ਇਕ ਏ ਐੱਸ ਆਈ ਸੀ। ਉਹ ਕਰੜ-ਬਰੜੀ ਸਫੈਦ ਦਾਹੜੀ ਵਾਲਾ ਸਿੱਖ ਪੁਲਿਸ ਅਫਸਰ ਮੇਰੇ ਹੀ ਸਾਹਮਣੇ ਫ਼ੌਜੀ ਅਫਸਰ ਨੂੰ ਕਹਿ ਰਿਹਾ ਸੀ, 'ਇਹਨੂੰ ਨਾਲ ਹੀ ਲੈ ਚੱਲੋ, ਉੱਥੇ ਪੁੱਛਗਿੱਛ ਕਰ ਲਵਾਂਗੇ।'ਹੁਣ ਚਿੱਟਾ ਦਿਨ ਚੜ੍ਹ ਆਇਆ ਸੀ।

ਪਰ ਫ਼ੌਜੀ ਅਫਸਰ ਨੇ ਇਸ ਪੁਲਿਸ ਅਫਸਰ ਦੀ ਗੱਲ ਦਾ ਕੋਈ ਜੁਆਬ ਨਾ ਦਿੱਤਾ ਤੇ ਚੁੱਪ ਰਿਹਾ, ਜਿਵੇਂ ਕਿਸੇ ਡੂੰਘੀ ਸੋਚ ਵਿਚ ਖੁੱਬਿਆ ਹੋਵੇ। ਮੈਨੂੰ ਹੁਣ ਯਕੀਨ ਹੋ ਗਿਆ ਸੀ ਕਿ ਕਿਸੇ ਪਲ ਵੀ ਮੈਨੂੰ ਫ਼ੌਜੀ ਗੱਡੀ ਵਿਚ ਸੁੱਟ ਕੇ ਉੱਥੋਂ ਡੇਢ-ਦੋ ਕਿੱਲੋਮੀਟਰ ਦੂਰ ਇਕ ਆਰਜ਼ੀ ਤੌਰ ਉੱਤੇ ਤਿਆਰ ਕੀਤੀ 'ਜੇਲ੍ਹ' ਵਿਚ ਲੈ ਜਾਣਗੇ। ਨੇੜੇ ਹੀ ਵਾਹਗਾ-ਅਟਾਰੀ ਵਾਲੀ ਰੋਡ 'ਤੇ ਫ਼ੌਜੀ ਛਾਉਣੀ ਸ਼ੁਰੂ ਹੋ ਜਾਂਦੀ ਸੀ ਅਤੇ ਛੁੱਟ-ਪੁਟ ਖਬਰਾਂ ਮੇਰੇ ਤੱਕ ਪਹੁੰਚ ਗਈਆਂ ਸਨ ਕਿ ਫ਼ੌਜ ਨੇ ਛਾਉਣੀ ਵਾਲੇ ਸੈਂਟਰਲ ਸਕੂਲ ਦੇ ਚਾਰੇ ਪਾਸੇ ਕੰਡਿਆਂ ਵਾਲੀ ਤਾਰ ਵਲ ਕੇ ਇਕ ਆਰਜ਼ੀ ਜੇਲ੍ਹ ਤਿਆਰ ਕਰ ਲਈ ਸੀ ਫ਼ੌਜ ਨੇ ਆਪਣੀ ਸ਼ਬਦਾਵਲੀ ਵਿਚ ਇਸ ਨੂੰ ਪੀ ਡਬਲਯੂ ਏਰੀਆ (Prisoners of War-POW) ਘੋਸ਼ਿਤ ਕਰ ਦਿੱਤਾ ਸੀ। ਫ਼ੌਜੀ ਐਕਸ਼ਨ ਦੌਰਾਨ ਜਿੰਨੇ ਵੀ ਸਿੱਖ ਦਰਬਾਰ ਸਾਹਿਬ ਅੰਦਰੋਂ ਫੜੇ ਗਏ ਸਨ ਜਾਂ ਜਿੰਨੇ ਵੀ ਅੰਮ੍ਰਿਤਸਰ ਸ਼ਹਿਰ ਦੇ ਚਾਰੇ ਪਾਸੇ ਲੱਗੇ ਨਾਕਿਆਂ ਤੋਂ ਕਾਬੂ ਆਏ ਸਨ, ਉਨ੍ਹਾਂ ਸਾਰਿਆਂ ਨੂੰ ਪੀ. ਓ. ਡਬਲਯੂ. ਕਰਾਰ ਦੇ ਕੇ ਇਸੇ ਆਰਜ਼ੀ ਜੇਲ੍ਹ ਵਿਚ ਡੱਕ ਦਿੱਤਾ ਗਿਆ ਸੀ।

ਚਾਰ ਜੂਨ ਤੋਂ ਹੀ ਮੈਂ ਸਾਰੀ-ਸਾਰੀ ਰਾਤ ਛੱਤ ਉੱਤੇ ਚੜ੍ਹ ਕੇ ਏਧਰੋਂ-ਓਧਰ ਚੀਕਾਂ, ਆਵਾਜ਼ਾਂ ਅਤੇ ਹੋਰ ਸ਼ੋਰਗੁਲ ਨੂੰ ਸੁਣਦਾ ਰਹਿੰਦਾ ਸਾਂ। ਪੰਜ ਅਤੇ ਛੇ ਜੂਨ ਨੂੰ ਟਾਂਗਾ ਕਾਲੋਨੀ ਤੋਂ ਦੋ ਕੁ ਕਿਲੋਮੀਟਰ ਦੂਰ ਦਰਬਾਰ ਸਾਹਿਬ ਦੇ ਆਲੇ-ਦੁਆਲੇ ਅਸਮਾਨ ਲਾਲ ਹੋਇਆ ਦਿੱਸਦਾ ਰਿਹਾ ਸੀ। ਪਹਿਲਾਂ 'ਸਰਚ' ਲਾਈਟਾਂ ਨੇ ਉਸ ਸਾਰੇ ਖੇਤਰ ਨੂੰ ਰੌਸ਼ਨ ਕਰ ਦੇਣਾ, ਫਿਰ ਮਗਰੋਂ ਤੜ-ਤੜ ਕਰਕੇ ਤੋਪਾਂ ਦੇ ਗੋਲੇ ਵਰ੍ਹਣੇ, ਕੜ-ਕੜ ਕਰਦੀਆਂ ਗੋਲੀਆਂ ਦੀਆਂ ਆਵਾਜ਼ਾਂ ਸਪੱਸ਼ਟ ਸੁਣਾਈ ਦਿੰਦੀਆਂ। ਕਦੇ ਅਟਾਰੀ-ਵਾਹਗਾ ਵਾਲੇ ਸੜਕ ਦੇ ਨਾਕੇ ਉੱਤੇ ਲਗਾਤਾਰ ਗੋਲੀ ਚੱਲਣੀ ਅਤੇ ਚੀਕਾਂ-ਕੂਕਾਂ ਸੁਣਾਈ ਦੇਣੀਆਂ। ਇਸ ਵੇਲੇ ਕਰਫਿਊ ਕਰਕੇ ਅਸੀਂ ਸਭ ਮਕਾਨਾਂ ਦੇ ਅੰਦਰੋਂ ਹੀ ਏਧਰ-ਓਧਰ ਗੁਆਂਢੀਆਂ ਨਾਲ ਸੂਚਨਾਵਾਂ ਸਾਂਝੀਆਂ ਕਰਦੇ ਅਤੇ ਜਦੋਂ ਸੀ ਆਰ ਪੀ ਐੱਫ ਦੇ ਜਵਾਨਾਂ ਦੀ ਟੁਕੜੀ ਸਾਡੀ ਗਲੀ ਵਿਚੋਂ ਲੰਘਦੀ, ਅਸੀਂ ਦਰਵਾਜ਼ੇ ਬੰਦ ਕਰ ਲੈਂਦੇ।

ਮੇਰੇ ਘਰ-ਦਫਤਰ ਦੀ ਛਾਣਬੀਣ ਅਜੇ ਹੋ ਰਹੀ ਸੀ, ਜਦੋਂ ਮੈਨੂੰ ਦਫਤਰ ਵਾਲੇ ਕਮਰੇ ਦੇ ਪਿੱਛੇ ਵਿਹੜੇ ਵਿਚ ਪਏ ਮੇਰੇ ਬੱਚਿਆਂ ਅਤੇ ਬੀਵੀ ਦੀ ਯਾਦ ਆਈ। ਮੈਂ ਇਕਦਮ ਡਰ ਗਿਆ। ਉਹ ਹੁਣ ਮੇਰੇ ਮਗਰੋਂ 'ਕਿੱਥੇ ਜਾਣਗੇ, ਕੌਣ ਉਨ੍ਹਾਂ ਨੂੰ ਸੰਭਾਲੇਗਾ'। ਮੇਰੀ ਬੀਵੀ 'ਡਿਪਰੈਸ਼ਨ' ਦੀ ਮਰੀਜ਼ ਹੋਣ ਕਰਕੇ, ਮੇਰਾ ਤੌਖਲਾ ਵਧ ਰਿਹਾ ਸੀ ਕਿ ਜਿਉਂ ਹੀ ਫ਼ੌਜੀਆਂ ਨੇ ਮੈਨੂੰ ਟਰੱਕ ਵਿਚ ਸੁੱਟਿਆ ਇਹ ਤਾਂ ਆਪਣੀ ਸੁੱਧ-ਬੁੱਧ ਖੋਹ ਬੈਠੇਗੀ ਅਤੇ ਬੇਸਮਝ ਬੱਚਿਆਂ ਦਾ ਕੀ ਬਣੂੰ। ਮੈਂ ਬਰਾਂਡੇ ਵਿਚ ਖੜ੍ਹੇ ਐੱਫ ਸੀ ਆਈ ਦੇ ਮੁਲਾਜ਼ਮਾਂ ਨੂੰ ਹੌਲੇ ਜਿਹੇ ਕਿਹਾ, 'ਐਸੇ ਕਰਨਾ, ਜਬ ਯੇ ਮੇਰੇ ਕੋ ਲੇ ਗਏ ਤੋਂ ਮੇਰੀ ਬੀਵੀ ਬੱਚੋਂ ਕੋ ਪੀ ਪੀ ਐੱਸ ਗਿੱਲ, ਟ੍ਰਿਬਿਊਨ ਕੇ ਪੱਤਰਕਾਰ ਕੇ ਘਰ ਪਰ ਛੋੜ ਆਨਾ।' ਇਕਦਮ ਦੋ-ਤਿੰਨ ਫ਼ੌਜੀ ਜਵਾਨ ਮੇਰੇ ਦੁਆਲੇ ਹੋ ਗਏ, 'ਇਨ ਕੋ ਕਿਆ ਕਹਾ?' ਮੈਂ ਕਿਹਾ 'ਇਸ ਨੂੰ ਹੀ ਪੁੱਛ ਲਵੋ।' 'ਕੋਈ ਬਾਤ ਨਹੀਂ ਯੇ ਤੋ ਬੱਚੋਂ ਕੀ ਸੰਭਾਲ ਕੀ ਬਾਤ ਕਰ ਰਹੇ ਥੇ', ਉਸ ਐੱਫ ਸੀ ਆਈ ਮੁਲਾਜ਼ਮ ਨੇ ਕਿਹਾ, ਜਿਹੜਾ ਕਿ ਪਿਛਲੇ ਮਹੀਨੇ ਤੋਂ ਮੇਰੇ ਨਾਲ ਕਾਫੀ ਘੁਲਮਿਲ ਗਿਆ ਸੀ। ਏਨੇ ਨੂੰ ਪੁਲਿਸ ਅਫਸਰ ਦਫਤਰ ਵਾਲੇ ਕਮਰੇ ਵਿਚੋਂ ਲਏ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ 'ਪੋਸਟਰ' ਫ਼ੌਜੀ ਅਫਸਰ ਨੂੰ ਦਿਖਾ ਰਿਹਾ ਸੀ, 'ਦੇਖੋ ਸਰ, ਕਿਹੋ ਜਿਹਾ ਗੈਰ-ਕਾਨੂੰਨੀ ਮਟੀਰੀਅਲ ਇਸ ਦੇ ਕੋਲ ਪਿਆ ਹੈ।' ਪਰ ਫ਼ੌਜੀ ਅਫਸਰ ਨੇ ਉਸ ਨੂੰ ਕੋਈ 'ਹਾਂ-ਹੂੰ' ਨਾ ਕੀਤੀ। ਜਿਵੇਂ ਪੁਲਿਸ ਵਾਲਾ ਮੈਨੂੰ ਫੜ ਕੇ ਲਿਜਾਣ ਦੇ 'ਸਬੂਤ' ਇਕੱਠੇ ਕਰ ਰਿਹਾ ਸੀ, ਉਸ ਦੇ ਰਵੱਈਏ ਉੱਤੇ ਮੈਨੂੰ ਹਿਰਖ ਆਈ ਅਤੇ ਮੈਂ ਬੋਲ ਪਿਆ, 'ਸਾਡੇ ਦਫਤਰ ਵਿਚ ਤਾਂ ਇਹ ਸਾਰਾ ਕੁਝ ਪਿਆ ਹੀ ਰਹਿੰਦਾ ਹੈ। ਅਜਿਹੇ ਕਾਗਜ਼ ਖਬਰਾਂ ਲਈ ਇਕੱਠੇ ਕਰਨਾ ਤਾਂ ਸਾਡੀ ਡਿਊਟੀ ਹੈ।'

ਫ਼ੌਜੀ ਅਫਸਰ ਫਿਰ ਖਾਮੋਸ਼ ਰਿਹਾ ਅਤੇ ਉਸ ਨੇ ਬਰਾਂਡੇ ਵਿਚ ਚਹਿਲ-ਕਦਮੀ ਕਰਨੀ ਸ਼ੁਰੂ ਕਰ ਦਿੱਤੀ। ਇਉਂ ਲੱਗਦਾ ਸੀ ਜਿਵੇਂ ਉਹ ਕਿਸੇ ਸਿੱਟੇ ਉੱਤੇ ਪਹੁੰਚਣ ਲਈ ਅਤੇ ਕੋਈ ਅਖੀਰਲਾ ਫੈਸਲਾ ਲੈਣ ਦੀ ਪ੍ਰਕਿਰਿਆ ਵਿਚ ਹੋਵੇ। ਅਖੀਰ, ਇਕ ਸਫੈਦ ਕਾਗਜ਼ ਉੱਪਰ, ਉਸ ਫ਼ੌਜੀ ਅਫਸਰ ਨੇ ਕੁਝ ਲਿਖਣਾ ਸ਼ੁਰੂ ਕੀਤਾ। ਮੈਂ ਬੜੇ ਗੁਹ ਨਾਲ ਤੱਕ ਰਿਹਾ ਸੀ ਕਿ ਉਹ ਕੀ ਅੱਖਰ ਪਾ ਰਿਹਾ ਹੈ। ਉਸ ਨੇ 'ਸਰਚ' ਨੂੰ 'ਕੰਡੈਕਟ' ਕਰਨ ਦੀ ਪ੍ਰਕਿਰਿਆ, ਸਮਾਂ ਅਤੇ ਸਥਾਨ ਲਿਖਿਆ, ਫਿਰ ਅਖੀਰਲੀ ਲਾਈਨ ਸੀ “Nothing 9ncriminating 6ound” (ਕੁਝ ਵੀ ਜ਼ਰਾਇਮਾਨਾ ਨਹੀਂ ਫੜ੍ਹਿਆ ਗਿਆ)। ਉਹ ਫ਼ੌਜੀ ਅਫਸਰ ਮੈਨੂੰ ਥੋੜ੍ਹਾ ਜਿਹਾ ਪ੍ਰੇਸ਼ਾਨ ਵੀ ਲੱਗ ਰਿਹਾ ਸੀ। ਮੈਨੂੰ ਲੱਗਿਆ ਕਿ ਉਸ ਦੀ ਪਰੇਸ਼ਾਨੀ ਇਸ ਕਰਕੇ ਸੀ ਕਿ ਉਸ ਨੂੰ ਛਾਪਾ ਮਾਰਨ ਤੋਂ ਪਹਿਲਾਂ ਵੱਡੇ ਅਫਸਰਾਂ ਵੱਲੋਂ ਸ਼ਾਇਦ ਇਹ 'ਬਰੀਫ' (2rief) ਮਿਲਿਆ ਸੀ ਕਿ ਯੂ ਐੱਨ ਆਈ ਦਾ ਪੱਤਰਕਾਰ ਬਹੁਤ ਹੀ ਖਤਰਨਾਕ ਵਿਅਕਤੀ ਹੈ, ਉਸ ਦੇ ਦੇਸ਼ ਦੇ ਦੁਸ਼ਮਣਾਂ ਨਾਲ ਅਤੇ ਪਾਕਿਸਤਾਨ ਨਾਲ ਸੰਬੰਧ ਹਨ। ਪਰ ਛਾਪੇ ਵਿਚ ਕੁਝ ਵੀ ਪੱਲੇ ਨਾ ਪੈਣ ਕਰਕੇ, ਮੇਰੇ ਆਰਜ਼ੀ ਜਿਹੇ ਖੇਤਰ, ਮਾੜੀ ਜਿਹੀ ਰਹਿਣੀ-ਸਹਿਣੀ ਨੂੰ ਦੇਖ ਕੇ ਐੱਫ ਸੀ ਆਈ ਅਤੇ ਹਟਵਾਣੀਆਂ ਦੀ ਵੱਖਰੀ ਪੁੱਛ-ਪੜਤਾਲ ਤੋਂ ਉਸ ਫ਼ੌਜੀ ਅਫਸਰ ਨੂੰ ਜਿਵੇਂ 'ਬਰੀਫਿੰਗ' ਅਤੇ ਅਸਲੀਅਤ ਵਿਚ ਜ਼ਮੀਨ-ਆਸਮਾਨ ਦਾ ਫਰਕ ਲੱਗਿਆ, ਜਿਸ ਕਰਕੇ ਸ਼ਾਇਦ ਉਸ ਦੇ ਫੈਸਲੇ ਦੀ ਪ੍ਰਕਿਰਿਆ ਲੰਬੀ ਹੋ ਗਈ ਲੱਗਦੀ ਸੀ।

ਅਖੀਰ ਫ਼ੌਜੀ ਅਫਸਰ ਨੇ ਆਪਣੇ ਹੱਥ ਨਾਲ ਲਿਖਿਆ ਕਾਗਜ਼ ਮੇਰੇ ਵੱਲ ਵਧਾਇਆ ਅਤੇ ਕਿਹਾ ਇਸ ਉੱਤੇ ਦਸਤਖਤ ਕਰ ਦਿਓ। ਦਸਤਖਤ ਕਰਦਿਆਂ ਮੈਂ ਫਿਰ ਲਿਖੇ ਮਜ਼ਮੂਨ ਨੂੰ ਪੜ੍ਹਨ ਦੀ ਕੋਸ਼ਿਸ ਕਰ ਰਿਹਾ ਸੀ। ਫਿਰ ਉਹ ਚੁੱਪ-ਚਾਪ ਆਪਣੀ ਟੀਮ ਲੈ ਕੇ ਮਕਾਨ ਦੇ ਗੇਟ ਤੋਂ ਬਾਹਰ ਨਿਕਲ ਗਿਆ। ਫੇਰ, ਫ਼ੌਜੀ ਟਰੱਕਾਂ, ਜੀਪਾਂ ਦੇ 'ਸਟਾਰਟ' ਹੋਣ ਦੀਆਂ ਆਵਾਜ਼ਾਂ ਆਈਆਂ ਅਤੇ ਪੰਜ-ਸੱਤ ਮਿੰਟਾਂ ਵਿਚ ਮਕਾਨ ਦੇ ਸਾਹਮਣੇ ਵਾਲੀ ਸੜਕ ਖਾਲੀ ਹੋ ਗਈ ਸੀ। ਹੁਣ ਮੈਂ ਆਜ਼ਾਦ ਸਾਂ।

ਮੈਂ ਦਫਤਰ ਵਾਲੇ ਕਮਰੇ ਦੇ ਪਿਛਵਾੜੇ ਵਿਹੜੇ ਵਿਚ ਆਇਆ। ਮੇਰੀ ਬੀਵੀ, ਬੱਚੇ ਅਜੇ ਸਹਿਮੇ ਹੋਏ ਮੰਜਿਆਂ ਉੱਤੇ ਲੇਟੇ ਹੋਏ ਸਨ। ਮੈਂ ਪੰਜ ਕੁ ਮਿੰਟ ਉਨ੍ਹਾਂ ਕੋਲ ਰੁਕਿਆ। ਪਰ ਮੈਂ ਕੁਝ ਬੋਲ ਨਾ ਸਕਿਆ ਅਤੇ ਨਾ ਹੀ ਅੱਗਿਓਂ ਉਹ ਕੁਝ ਬੋਲੇ। ਬਸ, ਅਸੀਂ ਇਕ-ਦੂਜੇ ਵੱਲ ਬਿੱਟ-ਬਿੱਟ ਦੇਖਦੇ ਰਹੇ। ਹੁਣ ਮੈਂ ਸੋਚ ਰਿਹਾ ਸੀ ਕਿ ਜੇ ਪੁਲਿਸ ਦਾ ਛਾਪਾ ਹੁੰਦਾ ਤਾਂ ਮੈਂ ਜ਼ਰੂਰ ਇਕ ਵਾਰ ਸਲਾਖਾਂ ਦੇ ਪਿੱਛੇ ਬੰਦ ਹੋ ਜਾਣਾ ਸੀ। ਜੇ ਮੇਰੇ ਕੋਲੋਂ ਕੁਝ 'ਬਰਾਮਦ' ਨਾ ਵੀ ਹੁੰਦਾ ਤਾਂ ਵੀ ਐੱਫ ਆਈ ਆਰ ਵਿਚ ਝੂਠੇ ਹਥਿਆਰ ਅਤੇ ਵਾਇਰਲੈਸ ਸੈੱਟ ਮੇਰੇ ਸਿਰ ਮੜ੍ਹ ਦਿੱਤੇ ਜਾਂਦੇ ਅਤੇ ਜਿਸਮਾਨੀ ਤੌਰ ਉੱਤੇ ਪੁਲਿਸ ਤਸ਼ੱਦਦ ਵੱਖ ਝੱਲਣਾ ਪੈਂਦਾ। ਮੈਨੂੰ ਲੱਗਿਆ ਕਿ ਫ਼ੌਜੀ ਅਫਸਰ ਆਪਣੇ 'ਬਰੀਫ' ਤੋਂ ਪਰ੍ਹੇ ਨਹੀਂ ਗਿਆ ਅਤੇ ਪ੍ਰਚੱਲਿਤ ਪੁਲਿਸ ਦੇ ਕਲਚਰ ਤੋਂ ਉਹ ਅਣਭਿੱਜ ਸੀ। ਉਨ੍ਹਾਂ ਦਹਿਸ਼ਤ ਦੇ ਦਿਨਾਂ ਵਿਚ ਫ਼ੌਜੀ ਛਾਪੇ ਕਰਕੇ ਉਸ ਮਹੱਲੇ ਵਿਚ ਸਹਿਮ ਜਿਹਾ ਛਾ ਗਿਆ ਸੀ। ਤਕਰੀਬਨ ਦੋ ਘੰਟੇ ਬਾਅਦ ਸਾਹਮਣੇ ਰਹਿੰਦੇ ਬਾਵਾ ਗੋਤ ਦੇ ਸਿੱਖ ਪਰਿਵਾਰ ਦਾ ਬਜ਼ੁਰਗ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ, 'ਸਾਡੀ ਸਾਰੀ ਸੜਕ ਫ਼ੌਜੀ ਗੱਡੀਆਂ, ਟਰੱਕਾਂ, ਜੀਪਾਂ ਨਾਲ ਭਰੀ ਪਈ ਸੀ। ਅਸੀਂ ਸਭ ਡਰਿਆਂ ਨੇ ਅੰਦਰੋਂ ਬਾਰੀਆਂ, ਬੂਹੇ ਬੰਦ ਕਰ ਲਏ ਅਤੇ ਝੀਥਾਂ ਵਿਚੋਂ ਹੀ ਤੁਹਾਡੀ ਤਲਾਸ਼ੀ ਦੇ ਡਰਾਮੇ ਨੂੰ ਦੇਖਦੇ ਰਹੇ।'

ਇਸ ਬਾਵਾ ਪਰਿਵਾਰ ਨਾਲ ਮੇਰਾ ਕਾਫੀ ਚੰਗਾ ਸਹਿਚਾਰ ਸੀ। ਤਿੰਨ ਜੂਨ (1984) ਨੂੰ ਨੀਲਾ ਤਾਰਾ ਨਾਮੀ ਫ਼ੌਜੀ ਹਮਲਾ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਅੰਮ੍ਰਿਤਸਰ ਵਿਚ ਸਭ ਬਾਹਰੋਂ ਆਏ ਦੇਸੀ-ਵਿਦੇਸ਼ੀ ਪੱਤਰਕਾਰਾਂ ਨੂੰ ਸ਼ਹਿਰ ਛੱਡ ਕੇ ਜਾਣ ਦੇ ਹੁਕਮ ਹੋ ਗਏ ਸਨ। ਇਨ੍ਹਾਂ ਸਾਰਿਆਂ ਨੂੰ ਪੁਲਿਸ ਦੇ ਐੱਸ ਪੀ ਸੀਤਲ ਦਾਸ ਨੇ ਮਾਲ ਰੋਡ ਉੱਤੇ ਸਥਿਤ 'ਰਿਟਜ਼' ਹੋਟਲ ਵਿਚ ਇਕੱਠਾ ਕਰ ਲਿਆ ਸੀ। ਅਮਰੀਕਾ ਦੀ ਨਿਊਜ਼ ਏੰਜਸੀ, ਐਸੋਸੀਏਟਿਡ ਪ੍ਰੈੱਸ (ਏ ਪੀ) ਦੇ ਪੱਤਰਕਾਰ ਬ੍ਰਹਮ ਚਿਲਾਨੀ ਨਾਲ ਮੈਂ ਵੀ ਉੱਥੇ ਰਿਟਜ਼ ਹੋਟਲ ਵਿਚ ਪਹੁੰਚ ਗਿਆ ਸਾਂ। ਉਨ੍ਹਾਂ ਦਿਨਾਂ ਵਿਚ ਟੈਲੀਵਿਜ਼ਨ ਤਾਂ ਨਹੀਂ ਸਨ, ਅਸੀਂ ਸਾਰੇ ਪੱਤਰਕਾਰਾਂ ਨੇ ਹੋਟਲ ਦੀ ਲੌਬੀ ਵਿਚ ਬੈਠਿਆਂ ਹੀ ਇੰਦਰਾ ਗਾਂਧੀ ਦਾ ਬਲਿਊ ਸਟਾਰ ਆਪ੍ਰੇਸ਼ਨ ਸ਼ੁਰੂ ਹੋਣ ਤੋਂ ਕੁਝ ਘੜੀਆਂ ਪਹਿਲਾਂ ਵਾਲਾ 'ਦੇਸ਼ ਵਾਸੀਆਂ ਦੇ ਨਾਂਅ ਸੰਦੇਸ਼' ਰੇਡੀਓ ਤੋਂ ਸੁਣਿਆ, ਜਿਸ ਵਿਚ ਖੂਨ ਦੀ ਹੋਲੀ ਖੇਡਣ ਤੋਂ ਪਹਿਲਾਂ ਉਲਟਾ ਭਾਰਤੀਆਂ ਨੂੰ ਇਹ ਕਿਹਾ ਗਿਆ ਸੀ 'ਖੂਨ ਨਾ ਡੋਲੋ ਸ਼ਾਂਤੀ-ਅਮਨ ਬਣਾ ਕੇ ਰੱਖੋ।'

ਉਸ ਤੋਂ ਬਾਅਦ ਮੌਜੂਦਾ ਇੰਡੀਅਨ ਐਕਸਪ੍ਰੈੱਸ ਦੇ ਐਡੀਟਰ ਸ਼ੇਖਰ ਗੁਪਤਾ ਅਤੇ ਬੀ ਬੀ ਸੀ ਦੇ ਮਸ਼ਹੂਰ ਨਾਮਾਨਗਾਰ ਮਾਰਕ ਟੁਲੀ ਅਤੇ ਦਰਜਨ ਕੁ ਹੋਰ ਪੱਤਰਕਾਰਾਂ ਨੂੰ ਗੱਡੀਆਂ ਵਿਚ ਬਿਠਾ ਕੇ ਸੀਤਲ ਦਾਸ ਦੀ ਅਗਵਾਈ ਹੇਠ ਪੰਜਾਬ ਤੋਂ ਬਾਹਰ ਛੱਡ ਦਿੱਤਾ ਗਿਆ ਸੀ ਅਤੇ ਬ੍ਰਹਮ ਚੇਲਾਨੀ ਚੋਰੀ-ਚੋਰੀ ਖਿਸਕ ਕੇ ਮੇਰੇ ਨਾਲ ਸਕੂਟਰ 'ਤੇ ਵਿੰਗੀਆਂ-ਟੇਡੀਆਂ ਗਲੀਆਂ ਵਿਚੋਂ ਲੰਘ ਕੇ ਮੇਰੇ ਦਫਤਰ ਪਹੁੰਚ ਗਿਆ ਸੀ। ਮੈਂ ਉਸ ਨੂੰ ਅੱਗੇ ਸਾਹਮਣੇ ਬਾਵਾ ਪਰਿਵਾਰ ਦੇ ਦੋ-ਮੰਜ਼ਿਲੇ ਮਕਾਨ ਦੇ ਉਪਰਲੇ ਹਿੱਸੇ ਵਿਚ ਕਿਰਾਏ ਉੱਤੇ ਰਹਿੰਦੇ ਇਕ ਡੋਗਰਾ ਏਅਰਫੋਰਸ ਦੇ ਅਫਸਰ ਦੇ ਘਰ ਪਹੁੰਚਾ ਦਿੱਤਾ ਸੀ। ਉਹ ਪੰਜ-ਛੇ ਦਿਨ ਮੇਰੇ ਦਫਤਰ ਜਾਂ ਉਸ ਅਫਸਰ ਦੇ ਘਰ ਛੁਪਿਆ ਰਿਹਾ। ਸਾਡੇ ਦਫਤਰ ਦੇ ਟੈਲੀਫੋਨ ਅਤੇ ਟੈਲਪ੍ਰਿੰਟਰਾਂ ਦੇ ਕੁਨੈਕਸ਼ਨ ਤਿੰਨ ਜੂਨ ਨੂੰ ਕੱਟ ਦਿੱਤੇ ਗਏ ਸਨ। ਅਸਲ ਵਿਚ ਕਰਫਿਊ ਲੱਗਣ ਤੋਂ ਪਹਿਲਾਂ ਹੀ ਸਾਰੇ ਸ਼ਹਿਰ ਦੇ ਟੈਲੀਫੋਨ ਕੱਟ ਦਿੱਤੇ ਗਏ ਸਨ। ਅਖੀਰ ਪੰਜ-ਛੇ ਦਿਨ ਤੱਕ ਛੁਪੇ ਇਸ ਪੱਤਰਕਾਰ ਨੂੰ ਮੈਂ 9 ਜੂਨ ਨੂੰ ਪੰਜਾਬ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਮੈਂ ਚਾਹੁੰਦਾ ਸਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਅੰਮ੍ਰਿਤਸਰ ਵਿਚ ਕੀ ਵਾਪਰ ਰਿਹਾ ਸੀ। ਬਤੌਰ ਪੱਤਰਕਾਰ ਬ੍ਰਹਮ ਚੇਲਾਨੀ ਖੁਦ ਵੀ ਛੇਤੀ ਤੋਂ ਛੇਤੀ ਖਬਰਾਂ ਨੂੰ ਬਾਹਰ ਭੇਜਣਾ ਚਾਹੁੰਦਾ ਸੀ। ਪਰ ਅਸੀਂ ਮਜਬੂਰ, ਫਸੇ ਹੋਏ ਸਾਂ।

ਅੰਤ 11 ਜੂਨ ਨੂੰ ਕਰਫਿਊ ਵਿਚ ਦਿੱਤੀ ਗਈ ਕੁਝ ਕੁ ਢਿੱਲ ਦੌਰਾਨ ਮੈਂ ਬੱਸ ਸਟੈਂਡ ਤੋਂ ਜਲੰਧਰ ਜਾ ਰਹੀ ਅਤੇ ਗਚਾਗੱਚ ਭਰੀ ਪੰਜਾਬ ਰੋਡਵੇਜ਼ ਦੀ ਇਹ ਬੱਸ ਵਿਚ ਬ੍ਰਹਮ ਚੇਲਾਨੀ ਨੂੰ ਚੜ੍ਹਾ ਹੀ ਦਿੱਤਾ। ਫਿਰ ਜਲੰਧਰ ਵਿਚ ਉਸ ਨੂੰ ਉਨ੍ਹਾਂ ਡਾਕਟਰਾਂ ਦੀ ਟੀਮ ਮਿਲ ਗਈ, ਜਿਨ੍ਹਾਂ ਨੇ ਦਰਬਾਰ ਸਾਹਿਬ ਵਿਚਲੀਆਂ ਲਾਸ਼ਾਂ ਦਾ ਪੋਸਟ ਮਾਰਟਮ ਕੀਤਾ ਸੀ। ਬ੍ਰਹਮ ਚੇਲਾਨੀ ਛੁਪਦਾ ਛੁਪਾਉਂਦਾ, ਪੰਜਾਬ 'ਚੋਂ ਨਿਕਲ ਸ਼ਿਮਲੇ ਪਹੁੰਚ ਗਿਆ, ਜਿੱਥੇ ਉਸ ਨੇ ਪੋਸਟਮਾਰਟਮ ਰਿਪੋਰਟਾਂ ਉੱਤੇ ਆਧਾਰਿਤ ਦੁਨੀਆ ਨੂੰ ਪੰਜਾਬ ਤੋਂ ਪਹਿਲੀ ਖਬਰ ਦਿੱਤੀ ਕਿ 'ਸੈਂਕੜੇ ਲੋਕਾਂ ਨੂੰ ਫ਼ੌਜ ਨੇ ਲਾਈਨਾਂ ਵਿਚ ਖੜ੍ਹੇ ਕਰਕੇ ਗੋਲੀਆਂ ਮਾਰ ਦਿੱਤੀਆਂ ਹਨ ਅਤੇ ਬਹੁਤੀਆਂ ਲਾਸ਼ਾਂ ਦੇ ਹੱਥ ਪਿੱਠ-ਪਿੱਛੇ ਉਨ੍ਹਾਂ ਦੀਆਂ ਪੱਗਾਂ ਨਾਲ ਬੰਨ੍ਹੇ ਹੋਏ ਸਨ।'

ਇਸ ਖਬਰ ਨੇ ਸਰਕਾਰੀ ਤੰਤਰ ਵਿਚ ਤਰਥਲੀ ਮਚਾ ਦਿੱਤੀ ਕਿ ਪ੍ਰੈੱਸ ਨੂੰ ਸੈਂਸਰ ਕਰਨ ਲਈ ਸਰਕਾਰ ਦੁਆਰਾ ਕੀਤੇ ਗਏ ਮਜ਼ਬੂਤ ਬੰਦੋਬਸਤ ਕਿਵੇਂ ਅਸਫ਼ਲ ਹੋ ਗਏ ਸਨ। ਅੰਮ੍ਰਿਤਸਰ ਦੇ ਥਾਣਾ ਸਦਰ ਵਿਚ ਬ੍ਰਹਮ ਚੇਲਾਨੀ ਵਿਰੁੱਧ ਦੇਸ਼-ਧਰੋਹੀ ਦੇ ਸੰਗੀਨ ਦੋਸ਼ਾਂ ਥੱਲੇ ਐੱਫ ਆਈ ਆਰ ਦਰਜ ਹੋ ਗਈ।

ਜਸਪਾਲ ਸਿੰਘ ਸਿੱਧੂ