ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, January 1, 2013

ਸ਼ਰਮ ਨੂੰ ਸ਼ਰਮ ਕਹਿੰਦਿਆਂ ਸ਼ਰਮ ਆਉਂਦੀ ਹੈ

ਮੈਨੂੰ ਆਪਣੇ ਆਪ ਨੂੰ ਭਾਰਤੀ ਕਹਿੰਦਿਆਂ ਸ਼ਰਮ ਆਉਂਦੀ ਹੈ ,ਇਹ ਗੱਲ ਕਾਫੀ ਭਾਰਤੀਆਂ ਨੇ ਸਵੀਕਾਰ ਕਰ ਲਈ ਹੈ। ਕਿਉਂ ..... ? ਜਦੋਂ ਮੁਲਕ ਦੀ ਰਾਜਧਾਨੀ ਵਿਚ ਕੁੜੀ ਨਾਲ ਰੇਪ ਹੋਇਆ ਹੋਵੇ। ਉਸ ਨੂੰ ਕੁੱਟ ਮਾਰ ਕੇ ਬੱਸ ਵਿਚੋਂ ਬਾਹਰ ਸੁੱਟ ਦਿਤਾ ਜਾਵੇ। ਤਮਾਸ਼ਬੀਨ ਲੋਕਾਂ ਨੇ ਬਲਾਤਕਾਰੀਆਂ ਨੂੰ ਕੁੱਟਣਾ /ਫੜਣਾ ਤਾਂ ਕੀ ,ਕੁੜੀ ਤੇ ਚਾਦਰ ਵੀ ਨਾ ਪਾਈ? ਤਮਾਸ਼ਬੀਨਾਂ 'ਚ ਬਾਪ ਵੀ ਹੋਣਗੇ, ਭਰਾ ਵੀ ਹੋਣਗੇ ਤੇ ਪਤੀ ਵੀ ਹੋਣਗੇ । ਜਿਸ ਦੇਸ਼ ਸਭਿਆਚਾਰ ਔਰਤ ਵਿਰੋਧੀ ਹੈ ਤਾਂ ਕੀ ਆਸ ਕਰੋਗੇ। ਇਹੋ ਲੋਕ ਘਰ ਜਾ ਕੇ ਆਪਣੀ ਮਾਂ, ਭੈਣ,ਧੀ ਨੂੰ ਕਿਸ ਨਜ਼ਰਾਂ ਨਾਲ ਦੇਖਣਗੇ ? ਲਾ ਸਕਦੇ ਹੋ ਅੰਦਾਜ਼ਾ ?

ਰੇਪ 1947 'ਚ ਵੱਡੇ ਪੈਮਾਨੇ 'ਤੇ ਹੋਏ। ਆਜ਼ਾਦੀ ਤੋਂ ਬਾਅਦ ਦੇ 65 ਸਾਲਾਂ ਵਿਚ ਵੀ ਦਲਿਤਾਂ, ਘੱਟ ਗਿਣਤੀਆਂ ਤੇ ਆਦੀਵਾਸੀਆਂ ਨਾਲ ਹੋਏ ,ਤੇ ਹੋ ਰਹੇ ਹਨ,ਤੇ ਵਧ ਰਹੇ ਹਨ !

ਰੇਪ ਕਰਨ ਵਾਲਿਆਂ ਦਾ ਵੱਡਾ ਹਿੱਸਾ ਉਚ ਜਾਤਾਂ ਦੇ ਮਰਦਾਂ, ਫੌਜੀ/ਨੀਮ ਫੌਜੀ ,ਪੁਲੀਸ ਫੋਰਸ ਦਾ ਹੁੰਦਾ ਹੈ। ਜੇ ਰੇਪ ਕਰਨ ਵਾਲੇ ਕਿਸੇ ਉੱਚ ਜਾਤੀ ਨਾਲ ਰੇਪ ਕਰਨ ਤਾਂ ਇਹ ਕਾਨੂੰਨੀ /ਗੈਰ ਕਾਨੂੰਨੀ ਦਾਅ ਹੇਠ ਆ ਜਾਂਦੇ ਹਨ ਪਰ ਜੇ ਰੇਪ ਕਰਨ ਵਾਲਾ ਉੱਚੀ ਜਾਤ ਤੇ ਔਰਤ ਨੀਵੀਂ ਜਾਤ ਦੀ ਹੈ,ਤਾਂ ਕੋਈ ਵੀ ਸੁਣਵਾਈ ਨਹੀਂ ਹੁੰਦੀ।

ਬਹੁਤੇ ਜ਼ਿਆਦਾ ਕੇਸਾਂ ਵਿਚ ਨੀਵੀਂ ਜਾਤੀ/ਘੱਟ ਗਿਣਤੀਆਂ ਦੀਆਂ ਔਰਤਾਂ ਨੂੰ ਜਾਨ ਵੀ ਗਵਾਉਣੀ ਪੈਂਦੀ ਹੈ। ਤਕਰੀਬਨ 90% ਕੇਸ ਤਾਂ ਰਿਪੋਰਟ ਹੀ ਨਹੀਂ ਹੁੰਦੇ ਕਿਉਂਕਿ ਭਾਰਤੀ ਸਭਿਆਚਾਰ ਵਿਚ ਇਹ ਇੱਜ਼ਤ ਮਿੱਟੀ 'ਚ ਰਲਾਉਣ ਵਾਲੀ ਗੱਲ ਹੈ। ਗਰੀਬ ਦੀ ਇੱਜ਼ਤ ਤਾਂ ਹੁੰਦੀ ਹੀ ਨਹੀਂ ।ਅਮੀਰ ਨੂੰ ਇੱਜ਼ਤ ਨਾਲ ਕੋਈ ਫਰਕ ਨਹੀਂ ਪੈਂਦਾ ,ਉਹ ਪੈਸੇ ਨਾਲ ਖਰੀਦ ਸਕਦੇ ਹਨ। ਮੱਧ ਵਰਗੀ ਲੋਕ ਇਸ ਸੜੇ-ਬੁਸੇ ਸਮਾਜ 'ਚ ਡਰ-ਡਰ ਕੇ ਜ਼ਿੰਦਗੀ ਬਿਤਾਉਣ ਨੂੰ ਇੱਜ਼ਤ ਤੋਂ ਵੱਧ ਮਹੱਤਤਾ ਦਿੰਦੇ ਹਨ। ਘੱਟੋ ਘਟ ਪਿਛਲੇ 10 ਸਾਲਾਂ ਚ ਔਰਤਾਂ ਨੂੰ ਭਾਰਤ ਦੇ ਕਈ ਸ਼ਹਿਰਾਂ ਚ ਸ਼ਰੇਆਮ ਜ਼ਲੀਲ ਕੀਤਾ ਗਿਆ। ਤਮਾਸ਼ਬੀਨ ਭਾਰਤੀਆਂ ਨੇ ਅਨੰਦ ਮਾਣਿਆ।

ਸਰਕਾਰਾਂ,ਸਿਆਸੀ ਤੇ ਸਮਾਜਿਕ ਲੀਡਰਾਂ ਨੇ ਕੁਝ ਨਾ ਕਿਹਾ। ਪੁਲੀਸ ਦੀ ਤਾਂ ਗੱਲ ਕਰਨੀ ਵੀ ਸ਼ਰਮਨਾਕ ਹੈ। ਧਾਰਮਿਕ ਗੁਰੂਆਂ ,ਡੇਰੇ ਦੇ ਬਾਬੇ ਤਾਂ ਵੈਸੇ ਹੀ ਅੰਨ੍ਹੇ ਹੋਏ ਬੈਠੇ ਹਨ। ਉਨ੍ਹਾਂ ਨੂੰ ਤਾਂ ਆਪਣੇ ਡੇਰਿਆਂ ਦੇ ਚੁਗਿਰਦੇ 'ਚ ਦੇਸ਼ ਵਿਚ ਹੁੰਦੀ ਮਾਂ ,ਭੈਣ ,ਧੀ ਦੀ ਬੇਪਤੀ ਨਹੀਂ ਵਿਖਦੀ। ਉਹ ਵਿਚਾਰੇ ਰੱਬ ਨੂੰ ਕੀ ਵੇਖ ਲੈਣਗੇ! ਉਹ ਸ਼ਾਇਦ ਭੁੱਲ ਗਏ ਹਨ ਕਿ ਉਹ ਵੀ ਕਿਸੇ ਮਾਂ ,ਭੈਣ ,ਧੀ ਦੀ ਕੁੱਖ ਚੋਂ ਪੈਦਾ ਹੋਏ ਹਨ! ਉਨ੍ਹਾਂ ਦੀ ਬੇਸ਼ਰਮੀ ਦੀ ਤਾਂ ਹੱਦ ਟੱਪ ਚੁਕੀ ਹੈ ! ਸ਼ਾਇਦ ਜੇ ਇਹੋ ਉਨ੍ਹਾਂ ਦੀ ਮਾਂ ,ਭੈਣ ਜਾਂ ਧੀ ਨਾਲ ਹੋਇਆ ਹੁੰਦਾ ਤਾਂ ਕੀ ਉਨ੍ਹਾਂ ਅਕਾਲ ਪੁਰਖ ਦਾ ਭਾਣਾ ਕਹਿ ਕੇ ਚੁਪ ਰਹਿਣਾ ਸੀ ? ਸ਼ਾਇਦ ....... ! ਇਨ੍ਹਾਂ ਨੂੰ ਇਨਸਾਨ ਨਾਲੋਂ ਰੱਬ ਲੱਭਣਾ ਜ਼ਿਆਦਾ ਜਰੂਰੀ ਲਗਦਾ ਹੈ!

ਖੈਰ ......ਦਿੱਲੀ 'ਚ ਹੋਏ ਰੇਪ ਨੇ ਭਾਰਤੀ ਸਮਾਜ ਦੇ ਕਿਰਦਾਰ ਦੀਆਂ ਧੱਜੀਆਂ ਉੜਾ ਦਿਤੀਆਂ ਹਨ ! ਪਹਿਲਾਂ ਤਾਂ ਇਹ ਕਿ ਜਦੋਂ ਗਰੀਬਾਂ ਨਾਲ (ਦਲਿਤ ,ਘੱਟ ਗਿਣਤੀਆਂ ) ਸਮੂਹਿਕ ਬਲਾਤਕਾਰ ਹੋਏ ਤਾਂ ਕੋਈ ਨਹੀਂ ਬੋਲਿਆ ! ਹੁਣ ਜਦੋਂ ਇਹ ਮੱਧ ਵਰਗੀ ਔਰਤ ਨਾਲ ਜ਼ੁਲਮ ਹੋਇਆ ਤਾਂ ਤੁਫਾਨ ਖੜਾ ਹੋ ਗਿਆ। ਪਰ ਖੁਸ਼ਾਮਦੀਦ ! ਲੋਕਾਂ ਨੇ ਇਸ ਸਮਾਜੀ ਕੋਹੜ ਦੇ ਖਿਲਾਫ਼ ਆਵਾਜ਼ ਉਠਾ ਹੀ ਦਿਤੀ ! ਸ਼ਾਇਦ ਇਹ ਗਰੀਬ ਔਰਤਾਂ ਦੇ ਹੱਕ ਵਿਚ ਵੀ ਚਲੀ ਜਾਵੇ ! ਆਖਿਰ ਔਰਤ ਤਾਂ ਔਰਤ ਹੈ! ਇਹ 'ਸਭਿਆਚਰਕ ਇਨਕਲਾਬ' ਦਾ ਆਗਾਜ਼ ਹੈ! ਇਹ ਭਾਰਤੀ ਸੱਭਿਆਚਰ 'ਤੇ ਛੋਟੀ ਜਿਹੀ ਚਪੇੜ ਹੈ! ਸ਼ਾਇਦ ਇਹ ਮੁੱਕਾ ਹੋ ਨਿਬੜੇ ! ਇਹ ਨਿਰਭਰ ਕਰਦਾ ਹੈ ਸਿਆਸੀ ਲੀਡਰਾਂ ,ਸਭਿਆਚਰਕ ਗਰੁੱਪਾਂ ਅਤੇ ਹੋਰ ਸਾਰੇ ਸਮਾਜਿਕ ਸੇਧ ਦੇਣ ਵਾਲੀਆਂ ਪਾਰਟੀਆਂ 'ਤੇ।

ਆਖਰ ਵਿਚ ਆਮ ਲੋਕਾਂ ਤੇ ਕਿ ਓਹ ਇਸ ਨੂੰ ਅੱਗੇ ਤੋਰਦੇ ਹਨ ਜਾਂ ਨਹੀ ! ਜੇ ਦਿੱਲੀ ਦੀ ਮੁੱਖਮੰਤਰੀ ਇਕ ਔਰਤ ਹੋਣ ਦੇ ਨਾਤੇ ਹੱਥ ਪੂੰਝ ਕੇ ਤਮਾਸ਼ਬੀਨ ਹੀ ਬਣਨਾ ਚਾਹੁੰਦੀ ਹੈ ਜਾਂ ਦੂਜੀਆਂ ਪਾਰਟੀਆਂ ਵੀ ਇਸਨੂੰ ਸਿਰਫ ਇਕ ਅਪਰਾਧ ਹੀ ਕਬੂਲ ਕਰਦੀਆਂ ਹਨ ਤਾਂ ਫਿਰ ਸ਼ਰਮ ਨੂੰ ਸ਼ਰਮ ਆਖਦਿਆਂ ਵੀ ਸ਼ਰਮ ਮਹਿਸੂਸ ਹੋਵੇਗੀ ! ਇਹ ਅਪਰਾਧ ਨਹੀਂ ਹੈ। ਇਹ ਸਮਾਜਿਕ ਪਾਪ ਹੈ। ਮਾਂ ,ਧੀ ,ਭੈਣ ਦੀ ਕੁੱਖ ਨਾਲ ਖੇਡਣਾ ਪਾਪ ਹੈ। ਇਹ ਨੈਤਿਕ ਪਾਪ ਹੈ। ਇਨਸਾਨੀਅਤ ਦੀ ਰੂਹ ਤੇ ਬਹੁਤ ਵੱਡਾ ਦਾਗ ਹੈ!

ਇਸ ਦਾਗ ਨੂੰ ਧੋਇਆ ਨਹੀਂ ਜਾ ਸਕਦਾ ,ਉਮਰ ਕੈਦਾਂ ਜਾਂ ਫਾਂਸੀਆਂ ਨਾਲ ! ਇਸ ਸੜੇ ਹੋਏ ਸਭਿਆਚਾਰ ਦੀ ਰੂਹ ਬਦਲਣੀ ਪਵੇਗੀ। ਪੁਲਸੀਏ ਜਾਂ ਫੌਜੀ ਜਦੋਂ ਕਿਸੇ ਔਰਤ ਦਾ ਘਾਣ ਕਰਦੇ ਹਨ ਤੇ ਘਰ ਜਾ ਕੇ ਉਹ ਆਪਣੀ ਧੀ ,ਮਾਂ ,ਭੈਣ ਨੂੰ ਕਿਹੜੀਆਂ ਨਜ਼ਰਾਂ ਨਾਲ ਵੇਖਦੇ ਹੋਣਗੇ ????? ਤੇ ਉਸਤੋਂ ਬਾਅਦ ਰੱਬ ਦੇ ਠੇਕੇਦਾਰ ਬਾਬਿਆਂ ਅੱਗੇ ਮਥਾ ਟੇਕਦੇ ਹੋਣਗੇ। ਕੀ ਇਹ ਸਾਰਾ ਰੱਬ ਦੀ ਰਜ਼ਾ ਨਾਲ ਹੋ ਰਿਹਾ ਹੈ ? ਇਹ ਕਿਹੋ ਜਿਹਾ ਰੱਬ ਹੋਵੇਗਾ ? ਮੇਰੇ ਖਿਆਲ 'ਚ ਸਾਰੇ ਭਾਰਤੀਆਂ ਨੂੰ ਆਪਣੇ ਅਖੌਤੀ ਸਭਿਆਚਾਰ ਨੂੰ ਰੂਹ ਨਾਲ ਟੋਹਣਾ ਪਵੇਗਾ। ਪਾਪ ਦੇ ਤੂਫਾਨ ਨੂੰ ਨਾਕਾਮ ਕਰਨਾ ਹੀ ਪਵੇਗਾ।ਮੁਕਤੀ ਤਾਂ ਹੀ ਮਿਲੇਗੀ।

ਕਮਲ, ਵਿਨੀਪੈਗ (ਕਨੇਡਾ) 
ਮੈਂਬਰ, ਪੰਜਾਬ ਲਿਟਰੇਰੀ ਤੇ ਕਲਚਰਲ ਐਸੋਸੀਏਸ਼ਨ

No comments:

Post a Comment