ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, March 7, 2011

'ਔਰਤ ਕੋਲ ਖੋਣ ਨੂੰ ਕੁਝ ਨਹੀਂ ਹੈ'--ਸਿਮੋਨ

ਫਰਾਂਸ ਦੀ 'ਸਿਮੋਨ ਦੀ ਬੌਵੁਆਰ' ਸੰਸਾਰ ਦੀ ਨਾਰੀਵਾਦੀ ਲਹਿਰ ਨੂੰ ਸੇਧ ਦੇਣ ਵਾਲੀ ਚਿੰਤਕ ਰਹੀ ਹੈ।ਆਪਣੀ ਜਵਾਨੀ ਦੇ ਦਿਨਾਂ 'ਚ ਉਸਨੇ ਕਿਹਾ ਸੀ,ਕਿ 'ਔਰਤ ਪੈਦਾ ਨਹੀਂ ਹੁੰਦੀ,ਬਣਾ ਦਿੱਤੀ ਜਾਂਦੀ ਹੈ'।ਉਸਦੀ 'ਦ ਸੈਕੇਂਡ ਸੈਕਸ' ਨਾਂਅ ਦੀ ਕਿਤਾਬ ਦਾ ਦੁਨੀਆ ਦੀ ਲਗਭਗ ਹਰ ਭਾਸ਼ਾ 'ਚ ਤਰਜ਼ਮਾ ਹੋਇਆ।ਆਪਣੇ ਵਿਦਵਾਨ ਪ੍ਰੇਮੀ ਸਾਰਤਰ ਨਾਲ ਉਹ ਬਿਨਾਂ ਵਿਆਹ ਤੋਂ ਸਾਰੀ ਉਮਰ ਰਹੀ।ਮੈਂ ਪੱਤਰਕਾਰ ਐਲਿਸ ਸ਼ਵੇਰਜਰ ਵਲੋਂ ਉਸ ਨਾਲ 1972 'ਚ ਕੀਤੀ ਲੰਮੀ ਇੰਟਰਵਿਊ ਪੜ੍ਹ ਰਿਹਾ ਸੀ,ਜਿਸ 'ਚੋਂ ਕੁਝ ਹਿੱਸੇ ਦਾ ਤਰਜ਼ਮਾ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ।ਅਸਲ 'ਚ ਮੁੱਖ ਧਾਰਾ ਦੇ ਅਖ਼ਬਾਰ 'ਔਰਤ ਦਿਹਾੜੇ' 'ਤੇ ਖਾਨਾਪੂਰਤੀ ਕਰਨ ਲਈ ਗੁੱਡੀ ਗੁੱਡੀ(ਖਾਸ ਕਰ ਪੰਜਾਬੀ ਅਖ਼ਬਾਰ) ਗੱਲਾਂ ਨਾਲ ਸਾਰ ਦਿੰਦੇ ਹਨ ਤੇ ਬਦਲਵੀਂ ਸਿਆਸੀ ਧਾਰਾ ਨਾਲ ਜੁੜੇ ਲੋਕ ਆਪਣੇ ਵਿਚਾਰਧਾਰਕ ਮੱਤਭੇਦਾਂ ਕਾਰਨ ਬਹੁਤ ਸਾਰੀਆਂ ਚੀਜ਼ਾਂ ਨਹੀਂ ਛਾਪ ਪਾਉਂਦੇ।ਇਸ ਲਈ ਬਹੁਤ ਸਾਰੇ ਸਵਾਲ ਕੰਨ੍ਹੀਆਂ 'ਤੇ ਪਏ ਹੀ ਰਹਿ ਜਾਂਦੇ ਹਨ।ਸਿਮੋਨ ਨੇ ਇਸ ਇੰਟਰਵਿਊ 'ਚ (1972)ਕਈ ਅਹਿਮ ਸਵਾਲ ਖੜ੍ਹੇ ਕੀਤੇ ਹਨ,ਮੈਨੂੰ ਲਗਦਾ ਉਨ੍ਹਾਂ ਦੀ ਸਾਰਥਿਕਤਾ ਓਨੀ ਹੀ ਹੈ ਤੇ ਅੱਜ ਵੀ ਉਨ੍ਹਾਂ 'ਤੇ ਚਰਚਾ ਦੀ ਲੋੜ ਹੈ।--ਯਾਦਵਿੰਦਰ ਕਰਫਿਊ

ਐਲਿਸ ਸ਼ਵੇਰਜਰ--'ਨਾਰੀਵਾਦ' ਨੂੰ ਬਹੁਤ ਗਲਤ ਢੰਗ ਨਾਲ ਸਮਝਿਆ ਤੇ ਪ੍ਰਭਾਸ਼ਿਤ ਕੀਤਾ ਗਿਆ ਹੈ।ਤੁਹਾਡੀ 'ਨਾਰੀਵਾਦ' ਦੀ ਪਰਿਭਾਸ਼ਾ ਕੀ ਹੈ ?

ਸਿਮੋਨ--'ਦ ਸੈਕੇਂਡ ਸੈਕਸ' ਦੇ ਅਖੀਰ 'ਚ ਮੈਂ ਕਿਹਾ ਹੈ ਕਿ ਮੈਂ ਨਾਰੀਵਾਦੀ ਨਹੀਂ ਹਾਂ,ਕਿਉਂਕਿ ਉਸ ਸਮੇਂ ਮੇਰਾ ਵਿਸ਼ਵਾਸ ਸੀ ਕਿ ਔਰਤਾਂ ਦੀਆਂ ਸਮੱਸਿਆਵਾਂ ਸਮਾਜਵਾਦ ਦੀ ਸਥਾਪਨਾ ਤੇ ਵਿਕਾਸ ਨਾਲ ਆਪਣੇ ਆਪ ਹੱਲ ਹੋ ਜਾਣਗੀਆਂ।'ਨਾਰੀਵਾਦੀ' ਹੋਣ ਦਾ ਮੇਰਾ ਮਤਲਬ ਹੈ ਕਿ ਕੁਝ ਖਾਸ ਔਰਤ ਮਸਲਿਆਂ 'ਤੇ ਜਮਾਤੀ ਸੰਘਰਸ਼ ਤੋਂ ਹੱਟ ਕੇ ਆਜ਼ਾਦ ਰੂਪ 'ਚ ਸੰਘਰਸ਼ ਕਰਨਾ।ਮੈਂ ਅੱਜ ਵੀ ਆਪਣੇ ਉਸੇ ਵਿਚਾਰ 'ਤੇ ਕਾਇਮ ਹਾਂ।ਮੇਰੀ ਪਰਿਭਾਸ਼ਾ ਦੇ ਮੁਤਾਬਕ ਔਰਤਾਂ ਤੇ ਉਹ ਮਰਦ ਵੀ ਨਾਰੀਵਾਦੀ ਹਨ,ਜੋ ਪਿੱਤਰਸਤਾਮਿਕ ਵਿਵਸਥਾ 'ਚ ਔਰਤਾਂ ਦੀ ਹਾਲਤ 'ਚ ਬਦਲਾਅ ਲਈ ਸੰਘਰਸ਼ ਕਰ ਰਹੇ ਹਨ।ਇਹ ਸੰਘਰਸ਼ ਜਿੰਨਾ ਜਮਾਤੀ ਸੰਘਰਸ਼ ਨਾਲ ਜੁੜਿਆ ਹੋਇਆ ਹੈ,ਓਨਾ ਹੀ ਉਸਤੋਂ ਅਜ਼ਾਦਆਨਾ ਰੂਪ 'ਚ ਆਪਣਾ ਪਛਾਣ ਰੱਖਦਾ ਹੈ।ਇਹ ਸੱਚ ਹੈ,ਕਿ ਪੂਰੇ ਸਮਾਜ ਦੀ ਮੁਕਤੀ ਤੋਂ ਬਗੈਰ ਔਰਤਾਂ ਦੀ ਮੁਕਤੀ ਸੰਭਵ ਨਹੀਂ ਹੈ,ਪਰ ਫਿਰ ਵੀ ਨਾਰੀਵਾਦੀ ਇਸ ਟੀਚੇ ਲਈ ਅੱਜ ਤੇ ਹੁਣੇ ਤੋਂ ਸੰਘਰਸ਼ ਕਰ ਰਹੇ ਹਨ।ਇਸ ਅਰਥ 'ਚ ਮੈਂ ਨਾਰੀਵਾਦੀ ਹਾਂ,ਕਿਉਂਕਿ ਮੈਨੂੰ ਲੱਗਦਾ ਹੈ ਕਿ ਔਰਤ ਦੀ ਮੁਕਤੀ ਲਈ ਅੱਜ ਤੇ ਹੁਣੇ ਸੰਘਰਸ਼ ਕਰਨਾ ਚਾਹੀਦਾ ਹੈ,ਇਸ ਤੋਂ ਪਹਿਲਾਂ ਕਿ ਸਮਾਜ ਦਾ ਸੁਫਨਾ ਪੂਰਾ ਹੋਵੇ।ਇਸ ਦੇ ਨਾਲ ਹੀ ਮੈਨੂੰ ਇਹ ਵੀ ਲੱਗਦਾ ਹੈ ਕਿ ਸਮਾਜਵਾਦੀ ਦੇਸ਼ਾਂ 'ਚ ਵੀ ਔਰਤ ਤੇ ਮਰਦ ਦੇ ਵਿਚਕਾਰ ਅਮਲੀ ਬਰਾਬਰੀ ਹਾਸਲ ਨਹੀਂ ਕੀਤੀ ਜਾ ਸਕੀ ਹੈ।ਇਸ ਲਈ ਹੁਣ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਔਰਤਾਂ ਆਪਣਾ ਭਵਿੱਖ ਆਪਣੇ ਹੱਥਾਂ 'ਚ ਲੈਣ,ਇਹੀ ਕਾਰਨ ਹੈ ਕਿ ਮੈਂ ਵੀਮਨਜ਼ ਲਿਬਰੇਸ਼ਨ ਮੂਵਮੈਂਟ ਦੇ ਨਾਲ ਜੁੜੀ ਹਾਂ।

ਇਸ ਤੱਥ ਨਾਲ ਜੁੜਿਆ ਇਕ ਪਹਿਲੂ ਹੋਰ ਵੀ ਹੈ ਤੇ ਮੇਰਾ ਵਿਸ਼ਵਾਸ ਹੈ ਕਿ ਇਹ ਬਹੁਤ ਵੱਡਾ ਕਾਰਨ ਹੈ ਕਿ ਜਿਸ ਵਜ੍ਹਾ ਕਰਕੇ ਔਰਤਾਂ ਵੱਡੀ ਗਿਣਤੀ 'ਚ ਅਜ਼ਾਦ ਔਰਤ-ਲਹਿਰ ਲਈ ਅੱਗੇ ਆ ਰਹੀਆਂ ਹਨ--ਉਹ ਇਹ ਹੈ ਕਿ ਫਰਾਂਸ ਦੇ ਖੱਬੇਪੱਖੀ ਹਲਕਿਆਂ ,ਕ੍ਰਾਂਤੀਕਾਰੀ ਗਰੁੱਪਾਂ ਤੇ ਜਥੇਬੰਦੀਆਂ ਦੇ ਅੰਦਰ ਵੀ ਲਿੰਗ ਭੇਦਭਾਵ ਤੇ ਘੋਰ ਗੈਰ-ਬਰਾਬਰੀ ਹੈ।ਸਾਹਮਣੇ ਜੋ ਦਿਖਾਈ ਦਿੰਦਾ ਹੈ,ਉਸਦੇ ਪਿਛਲੀਆਂ ਸੱਚਾਈਆਂ ਇਹ ਹਨ ਕਿ ਔਰਤਾਂ ਹਮੇਸ਼ਾਂ ਸਭ ਤੋਂ ਹੇਠਲੇ ਪੱਧਰ ਦੇ ਥਕਾਊ ਤੇ ਨੀਰਸ ਕੰਮ ਕਰਦੀਆਂ ਹਨ,ਜਦੋਂਕਿ ਮਰਦ ਬੁਲਾਰੇ ਹੁੰਦੇ ਹਨ,ਉਹ ਗੰਭੀਰ ਲੇਖ ਲਿਖ਼ਦੇ ਹਨ।ਸਭ ਤੋਂ ਚੰਗੇ ਤੇ ਰੁਚੀ ਭਰਪੂਰ ਕੰਮ ਕਰਦੇ ਹਨ ਤੇ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਉਂਦੇ ਹਨ।ਇਨ੍ਹਾਂ ਮਾਰਕਸਵਾਦੀ ਜਥੇਬੰਦੀਆਂ 'ਚ--ਸਿਧਾਂਤਕ ਰੂਪ 'ਚ ਜਿੰਨ੍ਹਾਂ ਦਾ ਟੀਚਾ ਔਰਤ ਸਮੇਤ ਹਰ ਮਨੁੱਖ ਦੀ ਮੁਕਤੀ ਹੈ ਦੇ ਅੰਦਰ ਔਰਤਾਂ ਦੀ ਹਾਲਤ ਅੱਜ ਵੀ ਅਧੀਨਤਾ ਵਾਲੀ ਹੈ।ਸੱਚਾਈ ਇੱਥੋਂ ਤੱਕ ਹੀ ਨਹੀਂ ਹੈ।ਖੱਬੇਪੱਖੀਆਂ ਅੰਦਰ ਕੁਝ ਗਿਣੇ ਚੁਣੇ ਲੋਕਾਂ ਨੂੰ ਛੱਡ ਕੇ,ਔਰਤ ਮੁਕਤੀ ਦੇ ਵਿਚਾਰ ਪ੍ਰਤੀ ਜ਼ਿਆਦਾਤਰ ਮਰਦ ਕਾਮਰੇਡਾਂ ਦਾ ਰਵੱਈਆ ਕਾਫੀ ਵਿਰੋਧੀ,ਹਮਲਾਵਰ ਤੇ ਦੁਸ਼ਮਣਾਂ ਵਾਲਾ ਹੈ।ਜਦ ਪਹਿਲੀ ਵਾਰ ਵੈਂਸਾਨਨ(ਫਰਾਂਸ) 'ਚ ਹੋਈ ਸੀ ਤਾਂ ਕੁਝ ਖੱਬੇਪੱਖੀ ਆਪਣੇ ਕਮਰਿਆਂ 'ਚੋਂ ਬੋਲੇ ਸੀ ਕਿ "ਸੱਤਾ ਲਿੰਗ 'ਤੇ ਰੱਖੀ ਹੋਈ ਹੈ"।ਮੇਰੇ ਖਿਆਲ 'ਚ ਹੁਣ ਮਰਦਾਂ 'ਚ ਥੋੜ੍ਹਾ ਜਿਹਾ ਬਦਲਾਅ ਆਇਆ ਹੈ ਪਰ ਉਹ ਵੀ ਇਸ ਕਰਕੇ ਕਿਉਂਕਿ ਔਰਤਾਂ ਨੇ ਅਜ਼ਾਦ ਰੂਪ 'ਚ ਹਥਿਆਰਬੰਦ ਤੇ ਜਝਾਰੂ ਸੰਘਰਸ਼ ਦੀ ਪਹਿਲ ਕੀਤੀ ਹੈ।

ਐਲਿਸ ਸ਼ਵੇਰਜਰ--ਤੁਸੀਂ ਫਰਾਂਸ ਦਾ ਜ਼ਿਕਰ ਕੀਤਾ।ਹੁਣ ਤੱਕ ਤੁਸੀਂ ਅਨੇਕਾਂ ਸਮਾਜਵਾਦੀ ਦੇਸਾਂ ਦੀ ਯਾਤਰਾ ਕਰ ਚੁੱਕੇ ਹੋਂ।ਕੀ ਉਨ੍ਹਾਂ ਦੇਸ਼ਾਂ 'ਚ ਔਰਤਾਂ ਦੀ ਅਮਲੀ ਹਾਲਤ 'ਚ ਕੁਝ ਫਰਕ ਆਇਆ ਹੈ ?

ਸਿਮੋਨ--ਓਥੇ ਹਾਲਤਾਂ ਕੁਝ ਭਿੰਨ ਹਨ।ਰੂਸ 'ਚ ਲਗਭਗ ਸਾਰੀਆਂ ਔਰਤਾਂ ਕੰਮ ਕਾਜੀ ਹਨ ਤੇ ਉਹ ਔਰਤਾਂ ਜੋ ਕੰਮ ਨਹੀਂ ਕਰਦੀਆਂ,ਹੋਰ ਲੋਕ ਉਨ੍ਹਾਂ ਨੂੰ ਬੇਇੱਜ਼ਤੀ ਦੀ ਨਜ਼ਰ ਨਾਲ ਵੇਖਦੇ ਹਨ।ਰੂਸੀ ਔਰਤ ਨੂੰ ਇਸ ਗੱਲ 'ਤੇ ਮਾਣ ਹੈ ਕਿ ਉਹ ਕੰਮ ਕਾਜੀ ਹੈ।ਸਿਆਸੀ ਤੇ ਸਮਾਜਿਕ ਨਜ਼ਰੀਏ ਤੋਂ ਵੀ ਔਰਤਾਂ ਓਥੇ ਅਹਿਮ ਜ਼ਿੰਮੇਵਾਰੀਆਂ ਨਿਭਾਉਂਦੀਆਂ ਹਨ।ਪਰ ਇਸ ਸਭ ਦੇ ਬਾਵਜੂਦ ਵੀ ਜੇ ਤੁਸੀਂ ਕੇਂਦਰੀ ਕਮੇਟੀਆਂ ਤੇ ਪੀਪਲਜ਼ ਅੰਸੈਂਬਲੀ ,ਜਿਸ ਕੋਲ ਅਮਲੀ ਰੂਪ 'ਚ ਅਧਿਕਾਰ ਤੇ ਸੱਤਾ ਹੈ,ਦਾ ਜਾਇਜ਼ਾ ਲਵੋਂ ਤਾਂ ਓਥੇ ਮਰਦਾਂ ਦੀ ਤੁਲਨਾ 'ਚ ਔਰਤਾਂ ਬਹੁਤ ਘੱਟ ਹਨ।ਕਿੱਤਾਕਾਰੀ ਖੇਤਰਾਂ ਅੰਦਰ ਵੀ ਹਾਲਤ ਕੁਝ ਅਜਿਹੀ ਹੀ ਹੈ।ਜ਼ਿਆਦਤਰ ਗੈਰ-ਰੁਚੀ ਤੇ ਘੱਟ ਅਹਿਮੀਅਤ ਵਾਲੇ ਕੰਮ ਔਰਤਾਂ ਦੁਆਰਾ ਕੀਤੇ ਜਾਂਦੇ ਹਨ।ਸੋਵੀਅਤ ਸੰਘ 'ਚ ਲੱਗਭਗ ਸਾਰੀਆਂ ਡਾਕਟਰਾਂ ਔਰਤਾਂ ਹਨ,ਕਿਉਂਕਿ ਓਥੇ ਸਿਹਤ ਸੇਵਾ ਮੁਫ਼ਤ ਹੈ।ਰਾਜ ਇਸ ਕੰਮ ਦੀ ਪੂਰੀ ਤਨਖਾਹ ਨਹੀਂ ਦਿੰਦਾ,ਜਦੋਂ ਇਹ ਕਿੱਤਾ ਹੋਰਾਂ ਤੋਂ ਔਖਾ ਹੈ।ਸਿਹਤ ਤੇ ਸਿੱਖਿਆ ਦਾ ਖੇਤਰ ਔਰਤਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ,ਪਰ ਜੋ ਅਸਲੀ ਮਾਅਨਿਆਂ 'ਚ ਅਹਿਮ ਕਾਰਜ ਖੇਤਰ ਹਨ,ਜਿਵੇਂ ਵਿਗਿਆਨ ਤੇ ਇੰਜੀਨੀਅਰਿੰਗ ਆਦਿ ,ਉਨ੍ਹਾਂ 'ਚ ਅੱਜ ਵੀ ਔਰਤਾਂ ਬਹੁਤ ਘੱਟ ਹਨ।ਇਹ ਸੱਚਾਈ ਸ਼ੋਲਜੇਨਿਤਸਿਨ ਦੇ ਨਾਵਲ 'ਕੈਸ਼ਰ ਵਾਰਡ' 'ਚ ਵੀ ਸਾਹਮਣੇ ਆਈ ਹੈ।ਨਾਵਲ 'ਚ ਇਕ ਔਰਤ ਹੈ,ਜੋ ਹਸਪਤਾਲ 'ਚ ਉੱਚੇ ਅਹੁਦੇ 'ਤੇ ਤੈਨਾਤ ਹੈਤੇ ਸਿਹਤ ਵਿਭਾਗ ਦੇ ਸੀਨੀਅਰ ਮੈਂਬਰਾਂ 'ਚੋਂ ਇਕ ਹੈ।ਹਸਪਤਾਲ ਦੇ ਅਹਿਮ ਦੌਰਿਆਂ ਤੇ ਦਿਨ ਭਰ ਦੀ ਥਕਾਵਟ ਤੋਂ ਬਾਅਦ ਉਹ ਘਰ ਭੱਜਦੀ ਹੈ,ਪਤੀ ਤੇ ਬੱਚਿਆਂ ਲਈ ਰੋਟੀ-ਪਾਣੀ ਬਣਾਉਣਾ,ਕੱਪੜੇ ਧੋਣੇ ਤੇ ਘਰ ਦੇ ਦੂਜੇ ਕੰਮ ਨਿਬੇੜਨ ਲਈ।ਦੂਜੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਬੇਹੱਦ ਔਖੀਆਂ ਤੇ ਕਿੱਤਾਕਾਰੀ ਜ਼ਿੰਮੇਵਾਰੀਆਂ ਦੇ ਬਾਵਜੂਦ ਉਸਨੂੰ ਘਰ ਦੇ ਕੰਮ ਕਾਰ ਲਈ ਮਰਨਾ ਪੈਂਦਾ ਹੈ,ਜਿਵੇਂ ਕਿ ਦੁਨੀਆਂ ਦੇ ਦੂਜੇ ਸਾਰੇ ਦੇਸ਼ਾਂ 'ਚ ਹੁੰਦਾ ਹੈ ਤੇ ਸ਼ਾਇਦ ਉਸਤੋਂ ਵੀ ਜ਼ਿਆਦਾ,ਕਿਉਂਕਿ ਫਰਾਂਸ ਘੱਟੋ ਘੱਟ ਔਰਤਾਂ ਘਰੇਲੂ ਕੰਮਾਂ 'ਚ ਨੌਕਰ ਦੀ ਮੱਦਦ ਤਾਂ ਲੈ ਸਕਦੀਆਂ ਹਨ।ਸਾਰੀਆਂ ਹਾਲਤਾਂ ਦਾ ਨਿਚੋੜ ਇਹੀ ਹੈ ਕਿ ਸੋਵੀਅਤ ਸੰਘ 'ਚ ਵੀ ਔਰਤਾਂ ਤੇ ਮਰਦਾਂ ਦੇ ਵਿਚਕਾਰ ਸਬੰਧ ਬਰਾਬਰੀ ਅਧਾਰਿਤ ਨਹੀਂ ਹਨ।

ਐਲਿਸ ਸ਼ਵੇਰਜਰ--ਇਸਦਾ ਕਾਰਨ ਕੀ ਹੈ ?

ਸਿਮੋਨ--ਪਹਿਲਾ ਤੇ ਮੁੱਖ ਕਾਰਨ ਇਹ ਹੈ ਕਿ ਸਮਾਜਵਾਦੀ ਦੇਸ਼ ਅਸਲ 'ਚ ਸਮਾਜਵਾਦੀ ਦੇਸ਼ ਨਹੀਂ ਹਨ।ਦੂਜੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਮਾਰਕਸਵਾਦ ਦੇ ਪੈਰੋਕਾਰ ਸਮਾਜਵਾਦ ਦੀ ਉਸ ਹੱਦ ਤੱਕ ਪਹੁੰਚ ਹੀ ਨਹੀਂ ਸਕੇ,ਜਿੱਥੇ ਪੂਰੇ ਮਰਦ ਵਰਗ ਦੀ ਜਾਗਰੂਕਤਾ ਦਾ ਰੂਪਾਂਤਰਨ ਸੰਭਵ ਹੁੰਦਾ,ਜੋ ਮਾਰਕਸ ਦਾ ਸੁਫ਼ਨਾ ਸੀ।ਮਾਰਕਸਵਾਦੀ ਸਿਧਾਂਤਕਾਰਾਂ ਨੇ ਜੋ ਕੀਤਾ,ਉਹ ਸੀ ਪੂੰਜੀ ਦੀ ਨਿੱਜੀ ਜਗੀਰ ਦਾ ਖਾਤਮਾ ਤੇ ਉਤਪਾਦਨ ਸਬੰਧਾਂ 'ਚ ਬਦਲਾਅ।ਪਰ ਸਮੇਂ ਦੇ ਨਾਲ ਇਹ ਤੱਥ ਸਪੱਸ਼ਟ ਹੋ ਗਿਆ ਕਿ ਸਿਰਫ ਉਤਪਾਦਨ ਸਬੰਧਾਂ ਨੂੰ ਬਦਲ ਦੇਣਾ ਹੀ ਕਾਫੀ ਨਹੀਂ ਹੈ ਤੇ ਅਜਿਹਾ ਕਰਕੇ ਮਨੁੱਖ ਤੇ ਸਮਾਜ ਦੇ ਅੰਦਰੂਨੀ ਰੂਪਾਂਤਰਨ ਦੇ ਟੀਚੇ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ।ਵੱਖ ਵੱਖ ਆਰਥਿਕ ਵਿਵਸਥਾਵਾਂ 'ਚ ਵੀ ਸਦੀਆਂ ਤੋਂ ਚੱਲੇ ਆ ਰਹੇ ਮੁੱਲ,ਸੱਭਿਆਚਾਰ ਤੇ ਔਰਤ ਤੇ ਮਰਦ ਦੇ ਵਿਚਕਾਰ ਪੁਰਾਤਨ ਭੂਮਿਕਾਵਾਂ ਦੀ ਵੰਡ ਬਾਦਸਤੂਰ ਜਾਰੀ ਰਹੇਗੀ।ਇਸ ਅਮਲ ਦੇ ਸਬੰਧ 'ਚ ਇਹ ਵੀ ਕੌੜਾ ਸੱਚ ਹੈ ਕਿ ਕਿ ਮਰਦ ਪ੍ਰਧਾਨਤਾ ਵਾਲੇ ਸਮਾਜ 'ਚ ਮਰਦਾਂ ਅੰਦਰ ਆਪਣੀ ਕੁਦਰਤੀ ਬੌਧਿਕ ਤੇ ਉਚਤਮ ਹੋਣ ਦਾ ਗਰੂਰ ਕੁੱਟ-ਕੁੱਟ ਕੇ ਭਰਿਆ ਹੋਇਆ ਹੈ।ਉਨ੍ਹਾਂ ਦੀ ਮਨੋਸਥਿਤੀ ਦੀ ਨੀਂਹ ਮਰਦ ਪ੍ਰਧਾਨਤਾ 'ਤੇ ਟਿਕੀ ਹੋਈ ਹੈ ਤੇ ਉਹ ਅਸਾਨੀ ਨਾਲ ਇਸ ਵਿਸ਼ੇਸ਼ ਅਧਿਕਾਰ ਦਾ ਤਿਆਗ ਕਰਨ ਨੂੰ ਤਿਆਰ ਨਹੀਂ ਹੈ।ਮਰਦ ਅਜ਼ਾਰੇਦਾਰੀ ਕਾਇਮ ਰਹੇ,ਇਸ ਲਈ ਜ਼ਰੂਰੀ ਹੈ ਕਿ ਔਰਤਾਂ ਮਰਦਾਂ ਦੀ ਤੁਲਨਾ 'ਚ ਘੱਟ ਤੇ ਹੀਣਭਾਵ ਰਹਿਣ ਤੇ ਔਰਤਾਂ ਵੀ ਮਰਦਾਂ ਦੇ ਮੁਕਾਬਲੇ ਆਪਣਾ ਦਰਜ਼ਾ ਹੇਠਾਂ ਰੱਖਣ ਤੇ ਖੁਦ ਨੂੰ ਹੀਣ ਮੰਨਣ ਦੀਆਂ ਆਦੀ ਹੋ ਗਈਆਂ ਹਨ।ਇਹ ਸੱਭਿਆਚਾਰਕ ਜਕੜਬੰਦੀ ਐਨੀ ਡੂੰਘੀ ਹੈ ਕਿ ਬਹੁਤ ਹੀ ਘੱਟ ਔਰਤਾਂ ਲਿੰਗ ਗੈਰ-ਬਰਾਬਰੀ ਦੇ ਖ਼ਿਲਾਫ ਅਵਾਜ਼ ਬੁਲੰਦ ਕਰ ਪਾਉਂਦੀਆਂ ਹਨ।

ਐਲਿਸ ਸ਼ਵੇਰਜਰ--ਤੁਸੀਂ 1968 'ਚ ਜਮਾਤੀ ਸੰਘਰਸ਼ ਦੀ ਲੜਾਈ 'ਚ ਕਾਫੀ ਸਰਗਰਮ ਸੀ।ਜਿਵੇਂ ਕਿ ਤੁਸੀਂ ਇਕ ਬਦਲਵੀਂ ਧਾਰਾ ਦੀ ਅਖ਼ਬਾਰ ਦਾ ਕੰਮ ਕਾਰ ਵੀ ਸੰਭਾਲਿਆ ਹੋਇਆ ਸੀ.ਤੁਸੀਂ ਇਸ ਲੜਾਈ 'ਚ ਸੜਕਾਂ 'ਤੇ ਵੀ ਉੱਤਰੇ।ਤੁਹਾਡੇ ਮੁਤਾਬਕ ਜਮਾਤੀ ਸੰਘਰਸ਼ ਤੇ ਦੋ ਲਿੰਗਾਂ ਦੇ ਵਿਚਕਾਰ ਸੰਘਰਸ਼ 'ਚ ਕੀ ਫਰਕ ਹੈ ?


ਸਿਮੋਨ-ਅੱਜ ਜਿਸ ਤੱਥ ਨੂੰ ਮੈਂ ਪੂਰੀ ਸ਼ਿੱਦਤ ਨਾਲ ਸਥਾਪਤ ਕਰ ਸਕਦੀ ਹਾਂ,ਉਹ ਇਹ ਹੈ ਕਿ ਸਿਰਫ ਜਮਾਤੀ ਸੰਘਰਸ਼ ਦੁਆਰਾ ਹੀ ਔਰਤ ਮੁਕਤੀ ਮੁਕਤੀ ਦੇ ਮਹਾਨ ਟੀਚੇ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ।'ਦ ਸੈਕੇਂਡ ਸੈਕਸ' ਪ੍ਰਕਾਸ਼ਤ ਹੋਣ ਤੋਂ ਬਾਅਦ ਮੇਰਾ ਵਿਚਾਰ ਹੋਰ ਪੱਕਾ ਤੇ ਵਿਆਪਕ ਹੋਇਆ।ਭਾਵੇਂ ਸਾਮਵਾਦੀ ਹੋਣ,ਮਾਓਵਾਦੀ ਹੋਣ ਤਾਂ ਟਰਾਟਸਕੀਅਨ,ਔਰਤ ਹਰ ਥਾਂ,ਹਰ ਖੇਮੇ 'ਚ ਅਧੀਨਤਾ ਦੀ ਹਾਲਤ 'ਚ ਹੈ,ਪੌੜੀ ਦੇ ਅਖੀਰਲੇ ਡੰਡੇ 'ਤੇ ਖੜ੍ਹੀ ਹੈ।ਸਿੱਟੇ ਦੇ ਰੂਪ 'ਚ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਔਰਤਾਂ ਨੂੰ ਸੱਚੀ ਨਾਰੀਵਾਦੀ ਹੋਣਾ ਚਾਹੀਦਾ ਹੈ।ਤੇ ਆਪਣੇ ਸੰਘਰਸ਼ ਨੂੰ ਖੁਦ ਹੱਥ 'ਚ ਲੈਣ ਦੀ ਜ਼ੁਅੱਰਤ ਰੱਖਣੀ ਚਾਹੀਦੀ ਹੈ।ਅੱਜ ਇਜ ਜ਼ਰੂਰੀ ਹੈ ਕਿ ਮਜ਼ਦੂਰਾਂ ਤੇ ਔਰਤਾਂ ਦੇ ਸ਼ੋਸ਼ਣ ਦੇ ਵਿਚਕਾਰ ਸਬੰਧ ਸਥਾਪਤ ਹੋਵੇ।

ਐਲਿਸ ਸ਼ਵੇਰਜਰ--ਜ਼ਿਆਦਾਤਰ ਨਾਰੀਵਾਦੀ ਅੰਦੋਲਨਾਂ 'ਚ ਕੁਝ ਹਮਜਿਨਸੀ ਤੱਤ ਵੀ ਮੌਜੂਦ ਹਨ,ਪਰ ਜਿਵੇਂ ਕਿ ਅਕਸਰ ਕਿਹਾ ਜਾਂਦਾ ਹੈ ਕਿ ਜ਼ਿਆਦਾਤਰ ਹਮਜਿਨਸੀ ਸਬੰਧ ਸੰਯੋਗਵੱਸ ਹਨ ਤੇ ਇਨ੍ਹਾਂ ਦੀ ਗਿਣਤੀ ਵੀ ਜ਼ਿਆਦਾ ਨਹੀਂ ਹੈ।ਫਿਰ ਵੀ ਘੱਟ ਗਿਣਤੀ 'ਚ ਹੋਣ ਦੇ ਬਾਵਜੂਦ ਹਮਜਿਨਸੀ ਸਬੰਧ ਮੁਕਤੀ ਦੇ ਸਵਾਲ ਸੂਤਰਧਾਰ ਬਣੇ ਹਨ।ਤੁਹਾਨੂੰ ਲਗਦਾ ਹੈ ਕਿ ਔਰਤ ਹਮਜਿਨਸੀ ਸਬੰਧ ਮਰਦਾਂ ਨੂੰ ਨਕਾਰਣ ਦਾ ਖਾੜਕੂ ਤਰੀਕਾ ਤੇ ਅੰਦੋਲਨ ਲਈ ਪ੍ਰਭਾਵੀ ਹਥਿਆਰ ਹੋ ਸਕਦਾ ਹੈ ?

ਸਿਮੋਨ--ਮੈਂ ਇਸ ਵਿਸ਼ੇ 'ਤੇ ਜ਼ਿਆਦਾ ਨਹੀਂ ਸੋਚਿਆ ਹੈ।ਚੰਗਾ ਹੈ ਕਿ ਕੁਝ ਔਰਤਾਂ ਅਜਿਹੀਆਂ ਹਨ,ਜੋ ਕਾਫੀ ਖਾੜਕੂ ਤੇ ਜਝਾਰੂ ਹਨ।ਹਮਜਿਨਸੀ ਔਰਤਾਂ ਬਹੁਤ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ,ਪਰ ਜਦੋਂ ਇਹ ਔਰਤਾਂ ਹਮਜਿਨਸੀ ਸਵਾਲ 'ਤੇ ਹੀ ਜ਼ਿਆਦਾ ਜ਼ੋਰ ਦੇਣ ਲੱਗੀ ਜਾਂਦੀਆਂ ਹਨ,ਤਾਂ ਇਸਤਰੀ ਲਿੰਗ ਔਰਤਾਂ ਦੀ ਲਹਿਰ ਤੋਂ ਵੱਖਵਾਦ ਦਾ ਖਤਰਾ ਖੜ੍ਹਾ ਹੋ ਜਾਂਦਾ ਹੈ।ਰਵਾਇਤੀ ਰੂਪ 'ਚ ਥੋਪਿਆ ਹੋਇਆ ਵਿਪਰੀਤ ਲਿੰਗੀ ਸੈਕਸ ਜਿੰਨਾ ਘਟੀਆ ਤੇ ਖਿਝ ਪੈਦਾ ਵਾਲਾ ਹੈ,ਭਗਸ਼ਿਸ਼ਨ(CLITORIS) ਦੀ ਰਹੱਸਤਾ ਵੀ ਓਨੀ ਹੀ ਬਕਵਾਸ ਹੈ।

ਐਲਿਸ ਸ਼ਵੇਰਜਰ--ਵਿਪਰੀਤ ਲਿੰਗੀ ਜੀਵਨ ਦੇ ਬੰਧਨ ਤੋਂ ਮੁਕਤੀ ਪਾਉਣ ਲਈ ਔਰਤਾਂ ਨੇ ਸਹਿਜਤਾ ਨਾਲ ਹਮਜਿਨਸੀ ਸਬੰਧਾਂ ਨੂੰ ਸਵੀਕਾਰ ਕੀਤਾ ਹੈ,ਕਿਉਂਕਿ ਪਿੱਤਰਸਤਾਮਿਕ ਸਮਾਜ 'ਚ ਮਰਦਾਂ ਦਾ ਯੌਨ ਸਬੰਧ ਪੱਕੇ ਤੌਰ 'ਤੇ ਦਮਨਕਾਰੀ ਹੋਣਗੇ ?

ਸਿਮੋਨ--ਕੀ ਇਹ ਜ਼ਰੂਰੀ ਹੈ ਕਿ ਔਰਤ-ਮਰਦ ਵਿੱਚ ਸਬੰਧ ਹਮੇਸ਼ਾ ਦਮਨਕਾਰੀ ਹੀ ਹੋਣ ? ਅਜਿਹੇ ਸਰੀਰਕ ਸਬੰਧ ਨੂੰ ਨਕਾਰਣ ਦੀ ਬਜਾਏ ਉਸ ਸੰਬੰਧ 'ਚ ਮੌਜੂਦ ਦਮਨਕਾਰੀ ਤੱਤਾਂ ਦੇ ਵਿਨਾਸ਼ ਦੀ ਗੱਲ ਕਿਉਂ ਨਾ ਕੀਤੀ ਜਾਵੇ।ਮੈਨੂੰ ਹੈਰਾਨੀ ਹੁੰਦੀ ਹੈ ਕਿ ਜਦੋਂ ਲੋਕ ਕਹਿੰਦੇ ਹਨ ਕਿ ਸੰਭੋਗ ਹਮੇਸ਼ਾ ਬਲਾਤਕਾਰ ਹੀ ਹੁੰਦਾ ਹੈ।ਮੈਂ ਅਜਿਹਾ ਨਹੀਂ ਮੰਨਦੀ।ਜਦ ਕੋਈ ਕਹਿੰਦਾ ਹੈ ਕਿ ਸੰਭੋਗ ਬਲਾਤਕਾਰ ਹੈ ਤਾਂ ਉਹ ਮਰਦਾਂ ਵਲੋਂ ਫੈਲਾਏ ਗਏ ਮਿੱਥ ਨੂੰ ਸਵੀਕਾਰ ਕਰ ਰਿਹਾ ਹੁੰਦਾ ਹੈ,ਜਿਸਦਾ ਮਤਲਬ ਹੈ ਕਿ ਮਰਦਾਂ ਦਾ ਯੌਨ ਅੰਗ ਕੋਈ ਤਲਵਾਰ ਜਾਂ ਹਥਿਆਰ ਹੈ।ਦਰਅਸਲ ਸਵਾਲ ਔਰਤ ਤੇ ਮਰਦ ਦੇ ਵਿਚਕਾਰ ਇਕ ਨਵੇਂ ਢੰਗਾਂ ਦੇ ਉਤਪੀੜਨ ਮੁਕਤ ਯੌਨ ਸਬੰਧਾਂ ਦੀ ਸਿਰਜਨਾ ਦਾ ਹੈ।

5 comments:

 1. Chauvinism of any nature is an exaggeration.Stereo-type male bashing is not appreciable either.She has rightly placed her view point.---Gurmeet Brar

  ReplyDelete
 2. ਯਾਦਵਿੰਦਰ ਜੀ ਕੀ ਹਮਜਿਨਸੀ , ਹੋਮੋਸੇਕ੍ਸੁਅਲ ਇਸ ਪ੍ਰੋਪੇਰ ਪੰਜਾਬੀ ਹੈ? ਮੈਂ ਇਹ ਸ਼ਬਦ ਏਸ ਪ੍ਰਭਾਵ ਲਈ ਵਰਤ ਹੁੰਦਾ ਪਹਿਲਾਂ ਕਦੇ ਨਹੀਂ ਸੁਣਿਆ. ਪਰ ਇਸ ਦਾ ਕਰਨ ਇਹ ਵੀ ਹੋ ਸਕਦਾ ਹੈ ਕੀ ਬਹੁਤੇ ਪੰਜਾਬੀ ਇਸ ਵਿਸ਼ੇ ਤੇ ਘਿਰਨਾ ਯੁਕਤ ਹੋਏ ਬਿਨਾ ਗਲ ਨਹੀਂ ਕਰ ਸਕਦੇ. Good to know that there is a respectful word for this expression in Punjabi.-----Gurinder Saini

  ReplyDelete
 3. ਬਿਲਕੁਲ ਹੈ ਜੀ,ਆਮ ਲੋਕਾਂ ਦੀ ਗੱਲ ਛੱਡੋ ਪੰਜਾਬੀ ਦੇ ਅਗਾਂਹਵਧੂ ਥੰਮ੍ਹ ਕਹਾਉਂਦੇ ਲੇਖਕ ਵੀ ਹਮਜਿਨਸੀ ਸਬੰਧਾਂ ਦੇ ਵਿਰੋਧੀ ਹਨ।ਪੰਜਾਬੀ ਦਾ ਨਾਵਲਕਾਰ ਗੁਰਦਿਆਲ ਸਿੰਘ ਵੀ ਹਮਜਿਨਸੀ ਸਬੰਧਾਂ ਦੀ ਵਿਰੋਧਤਾ ਕਰਦਾ ਹੈ।ਜਦੋਂ ਭਾਰਤ 'ਚ ਇਹ ਮਸਲਾ ਭਖਿਆ ਸੀ ਤਾਂ ਉਸਨੇ ਪੰਜਾਬੀ ਟ੍ਰਿਬਿਊਨ 'ਚ ਲੇਖ ਕੇ ਇਸਦੀ ਵਿਰੋਧਤਾ ਕੀਤੀ ਸੀ।ਮੈਂ ਉਸਦਾ ਵਿਰੋਧ 'ਚ ਲਿਖਣ ਦਾ ਮਨ ਬਣਾਇਆ ਸੀ,ਪਰ ਪੰਜਾਬੀ ਅਖ਼ਬਾਰ ਆਪ ਵੀ ਇਸੇ ਤਰ੍ਹਾਂ ਹੀ ਸੋਚਦੇ ਹਨ,ਇਸ ਲਈ ਦੂਜਾ ਪੱਖ ਛਪਣ ਦੀ ਗੁੰਜ਼ਾਇਸ ਹੀ ਨਹੀਂ ਹੈ।

  ReplyDelete
 4. ਇਹ ਘਰ ਇਹ ਮਲਕੀਅਤਾਂ ਸਭ ਅਰਥਾਂ ਦੀ ਸ਼ਤਰੰਜ ਹੈ ਜੋ ਰੇਖਾਵਾਂ ਖਿਚਦੀ ਹੈ,ਮੋਹਰਿਆਂ ਨੂੰ ਮਨਚਾਹੀ ਤਾਕਤ ਦਿੰਦੀ ਹੈ..ਤੇ ਵਿਸ਼ੇਸ਼ ਧਿਰ ਦਾ ਪੱਖ ਪੂਰਦੀ ਹੈ..ਉਂਜ ਭਾਰਤੀ ਸਭਿਆਚਾਰ 'ਚ ਮੰਨਿਆ ਤਾਂ ਇਹ ਵੀ ਜਾਂਦੈ ਕਿ ਜੇ ਔਰਤ-ਮਰਦ ਦੀ ਸਾਂਝ ਪੂਰ ਨਾ ਚੜ੍ਹੇ ਤਾਂ ਮੁੰਡੇ ਦਾ ਜਾਂਦਾ ਕੁਝ ਨਹੀਂ..ਪਰ ਕੁੜੀ ਦਾ ਰਹਿੰਦਾ ਕੁਝ ਨਹੀਂ..ਹੈ ਨਾ ਕਮਾਲ ਪਰਾਪਰਟੀ ਦੀ ਸੰਵੇਦਨਸ਼ੀ਼ਲ ਵੰਡ..!!ਕਿਸ ਦੇ ਹਿੱਸੇ ਕੀ ਪਾਉਣਾ ਹੈ..ਜਿਸਦੇ ਗੁਆਚਣ ਨਾਲ ਉਸਨੂੰ ਕਿੰਨੀ ਕੁ ਤਕਲੀਫ ਹੋਵੇ..ਸਭ ਕੁਝ ਬਹੁਤ ਗੁੰਝਲਦਾਰ ਹੈ..ਤੇ.ਅਨੇਕਾਂ ਪਰਤਾਂ ਤਕ ਗਹਿਰਾ ਵੀ..----Jagdish Kaur

  ReplyDelete
 5. ਜਾਣਕਾਰੀ ਭਰਪੂਰ ਲੇਖ ਹੈ ....

  ReplyDelete