ਸੁਰਜੀਤ ਗਾਮੀ ਦੀ ਮੱਦਦ ਲਈ ਮੁੱਢਲੇ ਕਦਮ ਚੁਕਣ ਵੇਲੇ ਮੇਰੇ ਮਨ ‘ਚ ਕਿਧਰੇ ਵੀ ਉਸਨੂੰ ਖੋ ਦੇਣ ਦਾ ਡਰ ਨਹੀਂ ਸੀ,ਕਿਉਂਕਿ ਆਪਣੀ ਉਮਰ ਗਾਮੀ ਬੜੀ ਅਸਾਨੀ ਨਾਲ ਲੁਕਾਉਣ ਵਾਲੀ ਸ਼ਖਸ਼ੀਅਤ ਦਾ ਮਾਲਿਕ ਸੀ। ਮੱਦਦ ਲਈ ਭਾਂਵੇ ਮੈਨੂੰ ਦੇਸ਼ਾਂ ਵਿਦੇਸ਼ਾਂ ਵਿਚੋਂ ਕਿਸੇ ਨੇ ਫ਼ੋਨ ਨਹੀਂ ਕੀਤਾ ਸੀ,ਪਰ ਯਾਦਵਿੰਦਰ ਅਤੇ ਗਾਮੀ ਦੇ ਨੇੜਲੇ ਸਾਥੀ ਸੈਮੂਅਲ ਜੌਹਨ ਨੂੰ ਕਈ ਫ਼ੋਨ ਅਕਸਰ ਹੀ ਆਉਂਦੇ ਸਨ।ਮੈਂ ਤਾਂ ਆਪਣੇ ਪੱਧਰ ਤੇ ਮਾਨਸਾ ‘ਚ ਵਸਦੇ ਗਾਮੀ ਦੇ ਅਸਲ ਚੇਲੇ ਸੇਮੀ ਨਾਲ ਮਿਲਕੇ ਉਸ ਲਈ ਮੁਫ਼ਤ ਮੈਡੀਕਲ, ਰਾਸ਼ਨ-ਪਾਣੀ ਹੀ ਜੁਟਾ ਸਕਿਆ।ਹੋਰ ਤਾਂ ਹੋਰ ਮੇਰੇ ਵਲੋਂ ਬਾਰ-ਬਾਰ ਬੇਨਤੀਆ ਕਰਨ ਦੇ ਬਾਵਜੂਦ ਵੀ ਮੈਂ ਪੰਜਾਬੀ ਟੀ.ਵੀ ਚੈਨਲਾਂ ਦੇ ਪੱਤਰਕਾਰਾਂ ਨੂੰ ਉਸਦੀ ਗਰੀਬੀ ਦੀ ਦਾਸਤਾਂ ਬਾਰੇ ਰਿਪੋਰਟ ਵੀ ਨਹੀਂ ਤਿਆਰ ਕਰਣ ਲਈ ਨਹੀਂ ਮਨਾ ਸਕਿਆ।ਅੱਜ ਉਸ ਦੀ ਮੌਤ ਦੀ ਖ਼ਬਰ ਨਸ਼ਰ ਕਰਨ ‘ਚ ਭਾਂਵੇ, ਹੁਣ ਇਹਨਾਂ ਚੈਨਲਾਂ ਦੇ ਪੱਤਰਕਾਰ ਮੋਹਰੀ ਹਨ,ਪਰ ਮੇਰਾ ਇਹਨਾਂ ਨੂੰ ਗਾਮੀ ਦੀ ਮੌਤ ਦੀ ਖ਼ਬਰ ਦਿੰਦਾ ਅਸਲ ‘ਚ ਛੋਟਾ ਸੁਨੇਹਾ ( ਐਸ.ਐਮ.ਐਸ) ਕੁੱਝ ਇਸ ਤਰ੍ਹਾਂ ਸੀ :ਗਾਮੀ ਜਿਉਂਦਾ ਨਹੀਂ ਸਾਂਭਿਆ, ਮਰੇ ਪਏ ਨੂੰ ਤਾਂ ਕਵਰ ਕਰ ਦਿਓ।
ਉਸ ਮਹਾਨ ਲੋਕ ਪੱਖੀ ਘੁਲਾਟੀਏ ਨਾਟਕਕਾਰ ਲਈ ਮਾਲੀ ਇਮਦਾਦ ਇਕੱਠੀ ਕਰਨਾ, ਸ਼ਇਦ ਮੇਰੇ ਨਾਲ ਸੰਬੰਧਿਤ ਸਰਮਾਏਦਾਰਾਂ ਨੂੰ ਪਚਦਾ ਨਹੀਂ ਸੀ, ਇਕ ਦਿਨ ਕਿਸੇ ਨੇ ਕਿਹਾ ਕਿ ਤੁਸੀਂ ਕੀ ਰੱਬ ਹੋ? ਜੋ ਉਸਨੂੰ ਬਚਾ ਲਵੋਗੇ!ਮੈਂ ਪੁੱਛ ਲਿਆ ਕਿ, ਕੀ ਮਤਲਬ ਹੈ ,ਅਜਿਹਾ ਕਹਿਣ ਦਾ? ਤਾਂ ਜਵਾਬ ਮਿਲਿਆ ਕਿ ਰੱਬ ਨੇ ਉਸਨੂੰ ਜਿਸ ਹਾਲ ‘ਚ ਰੱਖਣਾ ਹੈ,ਉਸੇ ਵਿਚ ਰੱਖੇਗਾ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਵੋ। ਜਦ ਗਾਮੀ ਨੂੰ ਜੁਲਾਈ ਦੇ ਆਖਰੀ ਹਫ਼ਤੇ ਅਧਰੰਗ ਦਾ ਦੌਰਾ ਪਿਆ ਤਾਂ ਉਸ ਬੰਦੇ ਨੇ ਕਿਹਾ, ਤੁਸੀਂ ਉਸਨੂੰ ਭੁੱਖਮਰੀ ਤੋਂ ਬਚਾ ਲਿਆ ਤਾਂ ਰੱਬ ਨੇ ਵੇਖ ਲਓ,ਉਹਨੂੰ ਇਹ ਰੋਗ ਲਗਾ ਦਿੱਤਾ। ਮੁਕਦੀ ਗੱਲ ਇਹ ਕਿ ਜਿਸ ਅਜਬ ਸ਼ਕਤੀ ਨੂੰ ਆਮ ਸਮਾਜ ਰੱਬ ਕਹਿੰਦਾ ਹੈ ਸ਼ਾਇਦ ਉਸ ਅੱਗੇ ਸਾਰੇ ਮੱਦਦਗਾਰ ਹਾਰ ਗਏ।( ਮੇਰੀਆ ਗੱਲਾਂ ਗਾਮੀ ਦੇ ਨਾਲ ਸਾਲਾਂ ਬੱਧੀ ਮਾਰਕਸਵਾਦੀ ਲਹਿਰ ‘ਚ ਕੰਮ ਕਰਨ ਵਾਲੇ ਸਹਿਮਤ ਨਹੀਂ ਹੋਣਗੇ ਅਤੇ ਨਾ ਹੀ ਤਰਕਸ਼ੀਲ ਜਿਨਾਂ ਨਾਲ ਉਸਨੇ ਔਖਾ ਵਕਤ ਆਪਣੇ ਪਿੰਡੇ ‘ਤੇ ਹੰਢਾਇਆ ।
ਸਵੇਰੇ ਫ਼ੋਨ ਆਨ ਕਰਨ ਸਾਰ ਗਾਮੀ ਦੀ ਮੌਤ ਦਾ ਸੁਨੇਹਾ ਮਿਲਿਆ ਤਾਂ ਗਾਮੀ ਦੇ ਸਾਰੇ ਸਾਥੀਆ ਫ਼ੈਸਲਾ ਕੀਤਾ ਕਿ ਉਸ ਦੀਆਂ ਅੱਖਾਂ ਦਾਨ ਕਰ ਦਿੱਤੀਆ ਜਾਣ,ਜੋ ਪ੍ਰੀਵਾਰ ਦੀ ਸਹਿਮਤੀ ਨਾਲ ਸੇਵਾ ਭਾਰਤੀ ਦੀ ਮਾਨਸਾ ਇਕਾਈ ਨੂੰ ਦਾਨ ਕੀਤੀਆ ਗਈਆ।ਵਾਹ ! ਕੀ ਵੇਦਨਾ ਹੈ, ਜਿਸਦੇ ਪੁੱਤਰ ਦੀਆਂ ਅੱਖਾਂ ਦੀ ਰੋਸ਼ਨੀ ਬਚਾਉਣ ਲਈ ਮੈਂ ਪਾਠਕਾਂ ਨੂੰ ਬੇਨਤੀਆਂ ਕੀਤੀਆਂ ਸਨ, ਅੱਜ ਉਸ ਦੀਆਂ ਅੱਖਾਂ ਨਾਲ ਦੋ ਹਨੇਰੇ ‘ਚ ਰਹਿੰਦੀਆਂ ਜ਼ਿੰਦਗੀਆਂ ਰੋਸ਼ਨਾਉਣਗੀਆਂ।ਸੇਮੀ ਵਲੋਂ ਲਗਾਈਆ ਡਿਊਟੀਆਂ ਮੁਤਾਬਿਕ ਗਾਮੀ ਲਈ 12 ਮਣ ਲੱਕੜ ਦੇ ਪੈਸੇ ਦਿੰਦਿਆਂ ਅਦਾਕਾਰ ਅਮਨ ਧਾਲੀਵਾਲ ਦੀਆਂ ਅਤੇ ਮੇਰੀਆਂ ਅੱਖਾਂ ਨਮ ਸਨ, ਕਿਉਂਕਿ ਹਾਲੇ ਕੱਲ ਪਰਸੋਂ ਹੀ ਤਾਂ ਗਾਮੀ ਨੇ ਬਾਈ ਅਮਰਦੀਪ ਅਤੇ ਸੈਮੂਅਲ ਅੱਗੇ, ਉਸਨੂੰ ਅੰਨ੍ਹੇ ਦੀ ਐਕਟਿੰਗ ਮੰਜੇ ‘ਤੇ ਪਏ ਨੇ ਕਰਕੇ ਵਿਖਾਈ ਸੀ। ਗਾਮੀ ਦੀ ਇੱਛਾ ਸੀ ਕਿ ਉਹ ਅੰਨੇ ਵਿਅਕਤੀ ਦਾ ਕਿਰਦਾਰ ਨਿਭਾਏ ਜੋ ਦੁਨਿਆਂ ਯਾਦ ਰੱਖੇ, ਪਰ ਇਹ ਐਕਟਿੰਗ ਸ਼ਾਇਦ ਉਹਨਾਂ 3-4 ਜਣਿਆਂ ਨੇ ਹੀ ਵੇਖਣੀ ਸੀ, ਆਪਾਂ ਹੋਰਾਂ ਨੇ ਨਹੀਂ।
ਗਾਮੀ ਨੇ ਸਾਰੀ ਜ਼ਿੰਦਗੀ ਇਨਕਲਾਬੀ ਨਾਟਕ ਹੀ ਖੇਡੇ ਅਤੇ ਕੋਈ ਪੈਸੇ ਦਾ ਲਾਲਚ ਨਹੀਂ ਕੀਤਾ, ਇਸ ਦਾ ਉਸਨੇ ਕਦੇ ਦੁੱਖ ਵੀ ਨਹੀਂ ਜ਼ਾਹਰ ਨਹੀਂ ਕੀਤਾ ਸੀ। ਗਾਮੀ ਦੇ ਇਕ ਕਮਰੇ ਦੇ ਘਰ ਕਰਕੇ ਉਸਦੇ ਆਖਰੀ ਦਰਸ਼ਨਾਂ ਲਈ ਸਮਾਜ ਪ੍ਰਤੀ ਚੇਤੰਨ ਲੋਕਾਂ ਅਤੇ ਵੱਖ-ਵੱਖ ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਦੇ ਨੇਤਾਵਾਂ ਦੇ ਪਹੁੰਚਣ ਕਰਕੇ ਮ੍ਰਿਤਕ ਦੇਹ ਨੇੜੇ ਦੇ ਸਰਕਾਰੀ ਸਕੂਲ ‘ਚ ਬੱਚਿਆਂ ਨੂੰ ਛੁੱਟੀ ਕਰਵਾ ਕੇ ਰੱਖੀ ਗਈ।ਦੁਪਿਹਰ ਬਾਰਾਂ ਵਜੇ ਤੱਕ ਇੰਟਰਨੈਟ ਫੇਸਬੁੱਕ ਰਾਹੀਂ ਪੂਰੀ ਦੁਨਿਆ ਦੇ ਲੋਕਾਂ ‘ਚ ਇਹ ਮਾੜੀ ਖ਼ਬਰ ਅਸੀਂ ਪਹਿਲਾਂ ਹੀ ਪਹੁੰਚਾ ਚੁੱਕੇ ਸੀ।ਮਰੇ ਪਏ ਗਾਮੀ ਲਈ ਮੱਦਦ ਦੇ ਫ਼ੋਨ ਅਤੇ ਐਸ.ਐਮ.ਐਸ ਰਾਹੀਂ ਸੁਨੇਹੇ ਸੱਥਰ ਤੇ ਬੈਠਿਆ ਸਾਨੂੰ ਆਉਂਦੇ ਰਹੇ, ਪਰ ਮਨ ਸਾਡਾ ਦੁਖੀ ਸੀ ਕਿ ਅਸੀਂ ਚਾਹ ਕਿ ਵੀ ਇਸ ਨੂੰ ਬਚਾ ਨਹੀਂ ਸਕੇ। ਗਾਮੀ ਦੇ ਦੇਹ ਨੂੰ ਕਿਸਾਨ ਅਤੇ ਮਜ਼ਦੂਰ ਮੁਕਤੀ ਮੋਰਚਾ ਅਤੇ ਮਾਰਕਸਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਸਾਰੀਆਂ ਧਿਰਾਂ ਨੇ ਆਪੋ ਆਪਣੇ ਝੰਡੇ ‘ਚ ਲਪੇਟਕੇ ਉਸ ਪ੍ਰਤੀ ਆਪਣੀ ਆਦਰ ਪ੍ਰਗਟ ਕੀਤਾ। ਨੇਤਾਵਾਂ ‘ਚ ਕਾਮਰੇਡ ਹਰਦੇਵ ਅਰਸ਼ੀ, ਬੂਟਾ ਸਿੰਘ, ਨੱਤ, ਹਰਭਗਵਾਨ ਭੀਖੀ, ਰੁਲਦਾ ਸਿੰਘ ਆਦਿ ਸਾਰੇ ਸਨ, ਪਰ ਸਰਮਾਏਦਾਰਾਂ ਦੀਆਂ ਹਾਕਮ ਅਤੇ ਵਿਰੋਧੀ ਧਿਰ ਵਾਲੀ ਪਾਰਟੀ ਜਾਂ ਸਰਕਾਰ ਵਲੋਂ ਕੋਈ ਨੁਮਾਇੰਦਾ ਨਹੀਂ ਸੀ। ਇੰਨੇ ਸਾਰੇ ਕੁਝ ਵਿਚ ਉਸ ਦੇ ਛੋਟੇ ਤਿੰਨੇ ਬੱਚੇ ਮੂਕ ਦਰਸ਼ਕ ਬਣੇ ਬੈਠੇ ਸਨ ਅਤੇ ਸਾਨੂੰ ਇਹ ਝੋਰਾ ਖਾ ਰਿਹਾ ਸੀ ਕਿ ਇਹਨਾਂ ਦਾ ਹੁਣ ਕੀ ਬਣੂੰ?
12 ਵਜੇ ਹੀ ਸੈਮੁਅਲ ਨੂੰ ਆਖਰੀ ਫ਼ੋਨ ਕੀਤਾ ਗਿਆ ਕਿ ਉਹ ਕਿੱਥੇ ਕੁ ਪਹੁੰਚਿਆ ਹੈ,ਉਸਦੇ ਦੂਰ ਹੋਣ ਕਰਕੇ
ਗਾਮੀ ਦਾ ਜ਼ਨਾਜਾ ਸਕੂਲ ਚੋਂ ਰਵਾਨਾ ਹੋ ਗਿਆ।ਕਾਮਰੇਡ ਗਾਮੀ ਅਮਰ ਰਹੇ, ਗਾਮੀ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰੇ ਆਲੇ ਦੁਆਲੇ ਦੇ ਮੂਕ ਦਰਸ਼ਕਾਂ ਲਈ ਦੱਸਣ ਲਈ ਕਾਫੀ ਸਨ ਕਿ ਇਕ ਕਾਮਰੇਡ ਸਾਥੀ ਦੀ ਮੌਤ ਹੋਈ ਹੈ।
ਗਾਮੀ ਦੀਆਂ ਆਖਰੀ ਰਸਮਾਂ ਉਸਦੇ ਵੱਡੇ ਪੁੱਤਰ ਵਲੋਂ ਨਿਭਾਈਆਂ ਗਈ, ਪਰ ਉਸਦੇ ਚਿਹਰੇ ਦੇ ਪਿੱਛੇ ਲੁਕਿਆ ਡਰ ਹਰ ਕੋਈ ਪੜ੍ਹ ਸਕਦਾ ਸੀ। ਇਹ ਡਰ ਸ਼ਾਇਦ ਸੀ, ਕਿ ਕੱਲ ਘਰ ਰੋਟੀ ਕਿੱਦਾਂ ਪੱਕੇਗੀ? ਛੋਟੀ ਭੈਣ ਦਾ ਕੀ ਬਣੂੰ ਜਾਂ ਕੀ ਜੋ ਅੱਜ ਇਕੱਠੇ ਹੋਏ ਹਨ ਇਹ ਬਾਅਦ ‘ਚ ਸਾਡੇ ਕੋਲ ਆਉਣਗੇ ਵੀ ਜਾਂ ਨਹੀਂ? ਪਤਾ ਨਹੀਂ ਉਹ ਵਿਚਾਰਾ ਕੀ-ਕੀ ਸੋਚਦਾ, ਸਭ ਸਹੀ ਜਾ ਰਿਹਾ ਹੋਣਾ। ਸਭਨੇ ਇੱਕਠੇ ਬੈਠਕੇ ਰੀਤਾਂ ਨੂੰ ਤੋੜਦੇ ਹੋਏ ਸੋਮਵਾਰ ਨੂੰ ਉਸ ਦਾ ਸ਼ਰਧਾਜਲੀ ਸਮਾਗਮ ਕਰਨ ਦਾ ਫੈਸਲਾ ਕੀਤਾ ਭਾਵ ਕਿ 9 ਅਗਸਤ ਨੂੰ ਕਿਉਂਕਿ 8 ਅਗਸਤ ਨੂੰ ਬਾਈ ਅਮਰਦੀਪ ਦੀ ਮਾਤਾ ਜੀ ਦਾ ਭੋਗ ਹੈ।
2 ਕੁ ਵਜੇ ਸੈਮੁਅਲ ਅਤੇ ਮਿੱਟੀ ਫ਼ਿਲਮ ਨਾਲ ਸਬੰਧਤ ਮਨਭਾਵਨ ਜੀ ਦੇ ਮਾਨਸਾ ਪਹੁੰਚਣ ਕਾਰਨ ਸੇਮੀ ਅਤੇ ਗਾਮੀ ਦੇ ਸਾਰੇ ਮੱਦਦਗਾਰ ਦੁਬਾਰਾ ਸ਼ਮਸ਼ਾਨ ਘਾਟ ਇਕੱਠੇ ਹੋਏ, ਉਸ ਵੇਲੇ ਤੱਕ ਗਾਮੀ ਰਾਖ ਦੀ ਢੇਰੀ, ਜੋ ਹਾਲੇ ਸੁਲਗ ਰਹੀ ਸੀ, ਉਸ ਵਿਚ ਤਬਦੀਲ ਹੋ ਗਿਆ ਸੀ। ਉਥੇ ਬੈਠ ਕੇ ਹੀ 1 ਘੰਟਾ ਸਾਰੀ ਸਥਿਤੀ ਤੇ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਆਖਰੀ ਰਸਮਾਂ ਇਨਕਲਾਬੀ ਲਹਿਰ ਦੇ ਨਾਟਕ ਦੇ ਪ੍ਰਦਰਸ਼ਨ ਅਤੇ ਉਸ ਨਾਲ ਜੁੜੇ ਲੋਕਾਂ ਦੇ ਵਿਚਾਰਾਂ ਨਾਲ ਹੀ ਸੰਬੰਧਿਤ ਰੱਖੀਆ ਜਾਣ। ਇਸ ਵੇਲੇ ਤੱਕ ਕਾਫੀ ਦਾਨੀ ਸੱਜਣਾਂ ਨੇ ਆਪੋ ਆਪਣੀ ਜ਼ਿੰਮੇਵਾਰੀ ਓਟ ਲਈ ਸੀ, ਜੋ ਨਹੀਂ ਹੋਇਆ ਸੀ, ਉਹ ਬੱਚਿਆਂ ਦਾ ਪਾਲਣ ਪੋਸ਼ਣ ਅਤੇ ਭਵਿੱਖ ਕਿਵੇਂ ਸੁਰੱਖਿਅਤ ਕੀਤਾ ਜਾਵੇ? ਮੈਨੂੰ ਤਾਂ ਹਾਲੇ ਕੁਝ ਸੁਝਦਾ ਨਹੀਂ। ਉਸ ਦੀ ਯਾਦਗਾਰ ਲਈ ਵੀ ਵਿਚਾਰ ਬਹੁਤ ਨੇ, ਪਰ ਅਸਲੀ ਸੱਚਾਈ ਹੈ ਕਿ ਗਾਮੀ ਦੇ ਨਾਮ ਤੇ ਮੇਲੇ ਹੋਣ ਦੀ ਜਗ੍ਹਾ ਗਰੀਬ ਕਲਾਕਾਰਾਂ ਦੀ ਮੱਦਦ ਲਈ ਕੋਈ ਫੰਡ ਬਣਾਉਣਾ ਚਾਹੀਦਾ ਹੈ ( ਮੇਰਾ ਵਿਚਾਰ ਹੈ)।ਗਾਮੀ ਦੇ ਸ਼ਬਦ ਛੋਟੇ ਵੀਰ! ਮੇਰੇ ਬੱਚੇ ਸਾਂਭ ਲਿਓ ……ਹਾਲੇ ਵੀ ਕੰਨਾਂ ‘ਚ ਗੂੰਜਦੇ ਹਨ । ਦੋਸਤੋ ਗਾਮੀ ਤੁਰ ਗਿਆ, ਅਸੀਂ ਵੀ ਤੁਰ ਜਾਣਾ ਹੈ.....ਕਿੳਂ ਨਾ ਕੁਝ ਰਲ ਕੇ ਅਜਿਹਾ ਕਰੀਏ, ਤਾਂ ਜੋ ਹੋਰ ਕੋਈ ਕਲਾਕਾਰ ਬਦਤਰ ਗਰੀਬੀ ‘ਚ ਰੁਲਕੇ ਦੁਨੀਆ ਵਿਚੋਂ ਨਾ ਵਿਦਾ ਹੋਵੇ।
ਵਿਸ਼ਵਦੀਪ ਬਰਾੜ
ਲੇਖਕ ਸੁਤੰਤਰ ਪੱਤਰਕਾਰ ਹਨ।
vishavdeepbrar@gmail.com
Tuesday, August 3, 2010
Subscribe to:
Post Comments (Atom)
ਛੋਟੇ ਵੀਰ! ਮੇਰੇ ਬੱਚੇ ਸਾਂਭ ਲਿਓ ……
ReplyDeleteਦੋਸਤੋ ਗਾਮੀ ਤੁਰ ਗਿਆ, ਅਸੀਂ ਵੀ ਤੁਰ ਜਾਣਾ ਹੈ.....ਕਿੳਂ ਨਾ ਕੁਝ ਰਲ ਕੇ ਅਜਿਹਾ
ReplyDeleteਕਰੀਏ, ਤਾਂ ਜੋ ਹੋਰ ਕੋਈ ਕਲਾਕਾਰ ਬਦਤਰ ਗਰੀਬੀ ‘ਚ ਰੁਲਕੇ ਦੁਨੀਆ ਵਿਚੋਂ ਨਾ ਵਿਦਾ
ਹੋਵੇ।
ਵਿਸ਼ਵਦੀਪ ਬਰਾੜ
dhonda reha viraniya da karz ,nibheya jo nibha geya ban da farz ,naatshaala sunni kar ke tur geya, kidda vadda saade sameya da harz. hun na suraj chadega naa hooni fazr ,sameya to pehla aa geya chandra azar ....sura da jeet te gamma da gaammi nukkad ch chadd geya tatti tarz....
ReplyDelete