ਭਾਅ ਜੀ ਗੁਰਸ਼ਰਨ ਸਿੰਘ ਹੋਰਾਂ ਨੂੰ ਮੈਂ ਬਹੁਤਾ ਨਹੀਂ ਮਿਲੀ ਸੀ। ਮੈਂ ਉਨ੍ਹਾਂ ਨੂੰ ਟੀ.ਵੀ., ਰੰਗਮੰਚ ਰਾਹੀਂ ਹੀ ਜਾਣਿਆ ਸੀ ਤੇ ਆਦਰਸ਼ਾਂ ‘ਚ ਸ਼ੁਮਾਰ ਕੀਤਾ ਸੀ। ਉਨ੍ਹਾਂ ਨੇ ਸਰਵਮੀਤ ਦੀ ਕਹਾਣੀ ‘ਚਲਾਣ’ ਨੂੰ ‘ਨਵਾਂ ਜਨਮ’ ਨਾਟਕ ਦੇ ਰੂਪ ਵਿੱਚ ਪੰਜਾਬ ਦੇ ਪਿੰਡ-ਪਿੰਡ ਤੇ ਸੱਥ-ਸੱਥ ‘ਚ ਪਹੁੰਚਾਇਆ ਸੀ। ਵਿਦੇਸ਼ਾਂ ‘ਚ ਇਸ ਨਾਟਕ ਦੇ ਪਤਾ ਨਹੀਂ ਕਿੰਨੇ ਸ਼ੋਅ ਹੋਏ? ਪਹਿਲੀ ਵਾਰ ਚੰਡੀਗੜ੍ਹ ਦੇ ਟੈਗੋਰ ਥੀਏਟਰ ‘ਚ ਭਾਅ ਜੀ ਦੀ ਟੀਮ ਵੱਲੋਂ ਖੇਡਿਆ ਇਹ ਨਾਟਕ ਦੇਖਣ ਮਗਰੋਂ ਮੈਂ ਆਪਣੇ ਸਾਲ ਕੁ ਦੇ ਪੁੱਤਰ ਅਨਹਦ ਨੂੰ ਢਾਕ ‘ਤੇ ਚੁੱਕ ਕੇ ਸਟੇਜ ‘ਤੇ ਹੀ ਭਾਅ ਜੀ ਨੂੰ ਮਿਲਣ ਤੁਰ ਪਈ ਸੀ। ਸਰਵਮੀਤ ਦੀ ਪਤਨੀ ਵਜੋਂ ਉਨ੍ਹਾਂ ਨੂੰ ਆਪਣੇ ਬਾਰੇ ਦੱਸਿਆ। ਉਨ੍ਹਾਂ ਨੇ ਬੜੇ ਖ਼ਲੂਸ ਨਾਲ ਮੇਰਾ ਸਿਰ ਪਲੋਸਿਆ ਤੇ ਫਿਰ ਅਨਹਦ ਨੂੰ ਪੁਚਕਾਰ ਕੇ ਕਹਿਣ ਲੱਗੇ, ”ਉਏ! ਇਹ ਤਾਂ ਸਾਡਾ ਸ਼ਿੱਬੂ ਏ… ਸ਼ਿੱਬੂ ਕੀ ਹਾਲ ਏ ਤੇਰਾ…” ਮੇਰੇ ਬੱਚੇ ਨੇ ਪੂਰੇ ਰੋਅਬ ਨਾਲ ਉਨ੍ਹਾਂ ਦੀ ਬਾਂਹ ਪਰ੍ਹਾਂ ਕਰਦਿਆਂ ਕਿਹਾ, ”ਮੈਂ ਤਾਂ ਐਨੀ ਆਂ…” ਬੱਚੇ ਦੀ ਗੜਕਦੀ ਆਵਾਜ਼ ਸੁਣ ਕੇ ਭਾਅ ਜੀ ਦੇ ਨੀਲੇ ਅੰਬਰ ਜਿਹੇ ਮੋਹ ਨਾਲ ਭਰੇ ਨੈਣਾਂ ‘ਚ ਹੋਰ ਮੋਹ ਉਤਰਦਾ ਮੈਨੂੰ ਨਜ਼ਰੀਂ ਪਿਆ ਸੀ। ਮੇਰੇ ਲਈ ਸਰਵਮੀਤ ਦੀ ਕਹਾਣੀ ‘ਤੇ ਆਧਾਰਤ ਨਾਟਕ ਦੇਖਣਾ, ਭਾਅ ਜੀ ਨੂੰ ਮਿਲਣਾ ਉਸ ਦੇ ਹੋਰ ਨੇੜੇ ਹੋਣ ਦਾ ਉਪਰਾਲਾ ਸੀ।
ਭਾਅ ਜੀ ਨੂੰ ਸਰਵਮੀਤ ਤੋਂ ਬੜੀਆਂ ਆਸਾਂ ਸਨ। ਕਮਾਲ ਦੀ ਭਾਸ਼ਾ ਲਿਖ ਸਕਣ ਦੇ ਸਮਰੱਥ ਤੇ ਸਿਰਜਣਸ਼ੀਲ ਸਰਵਮੀਤ ਨੂੰ ਉਨ੍ਹਾਂ ਨੇ ਵੱਡੇ ਹੁੰਦਿਆਂ, ਕਹਾਣੀਕਾਰ ਤੇ ਕਾਬਲ ਪੱਤਰਕਾਰ ਬਣਦਿਆਂ ਦੇਖਿਆ ਮਾਣਿਆ ਸੀ। ਉਨ੍ਹਾਂ ਵੱਲੋਂ ਸਥਾਪਤ ਬਲਰਾਜ ਸਾਹਨੀ ਪ੍ਰਕਾਸ਼ਨ ਨੇ ਹੀ ਸਰਵਮੀਤ ਦੀ ਕਿਤਾਬ ‘ਤਰਲੋਮੱਛੀ ਕਾਇਨਾਤ’ ਪ੍ਰਕਾਸ਼ਿਤ ਕੀਤੀ ਸੀ। ਮਿੰਨੀ ਮਹਾਂਨਗਰੀ ਚੰਡੀਗੜ੍ਹ ਆ ਕੇ ਭਾਅ ਜੀ ਦੇ ਲਾਡਲੇ ਇਸ ਜ਼ਹੀਨ ਕਹਾਣੀਕਾਰ ਪੱਤਰਕਾਰ ਦੀ ਨਾਬਰੀ ਕਿਵੇਂ ਪ੍ਰਤੱਖ ਰੂਪ ‘ਚ ਕੇਵਲ ਸ਼ਰਾਬੀ ਬੁਲਬੁਲੀ ਤੇ ਨੰਗੀਆਂ ਗਾਲ੍ਹਾਂ ਬਣ ਕੇ ਰਹਿ ਗਈ, ਇਸ ਗੱਲੋਂ ਉਹ ਨਿਰਾਸ਼ ਸਨ, ਤਾਂ ਹੀ ਤਾਂ ਸਰਵਮੀਤ ਦੇ ਭੋਗ ‘ਤੇ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਬੈਠੇ ਨਿਰਾਸ਼ਾ ‘ਚ ਹੱਥ ਮਾਰ ਰਹੇ ਸਨ। ਸਿਰ ਫੇਰ ਰਹੇ ਸਨ।
ਭਾਅ ਜੀ, ਨਾਲ ਅਕਸਰ ਵੱਖ-ਵੱਖ ਥਾÂੀਂ ਮੇਲ ਹੁੰਦਾ ਰਹਿੰਦਾ। ਸਮਾਂ ਅਕਸਰ ਹੀ ਮੇਰੇ ‘ਤੇ ਕਹਿਰਵਾਨ ਰਿਹਾ। ਜਦੋਂ ਕਦੇ ਅੱਕ ਜਾਂਦੀ ਤਾਂ ਜੀਅ ਕਰਦਾ ਕਿ ਭਾਅ ਜੀ ਕੋਲ ਜਾ ਕੇ ਆਪਣੀ ਵੇਦਨਾ ਦੱਸਾਂ ਕਿ ਕਿਵੇਂ ਮੇਰੇ ਭਰੋਸੇ ਨੂੰ ਠੱਗਿਆ ਗਿਆ। ਇੱਕ ਦਿਨ ਕਿਸੇ ਘਰੇਲੂ ਸਮਾਗਮ ‘ਚ ਕੁਰਸੀ ‘ਤੇ ਬੈਠੇ ਭਾਅ ਜੀ ਨੇ ਕੁਝ ਇਸ ਤਰ੍ਹਾਂ ਹਾਲ ਪੁੱਛਿਆ ਸੀ ਕਿ ਮੈਂ ਉਨ੍ਹਾਂ ਦੇ ਗੋਡਿਆਂ ‘ਤੇ ਸਿਰ ਧਰ ਕੇ ਰੋ ਪਈ ਸੀ। ਉਨ੍ਹਾਂ ਸਿਰ ‘ਤੇ ਹੱਥ ਧਰ ਕੇ ਕਿਹਾ ਸੀ, ”ਦਵੀ ਧੀਏ ਤਕੜੀ ਹੋ ਜਾ…।” ਮੈਨੂੰ ਉਦੋਂ ਹੀ ਪਤਾ ਲੱਗਿਆ ਸੀ ਕਿ ਮੇਰੀ ਹੋਣੀ ਬਾਰੇ ਉਨ੍ਹਾਂ ਨੂੰ ਸਾਰਾ ਇਲਮ ਸੀ। ਆਖ਼ਰ ਇੱਕ ਅਹਿਸਾਸਮੰਦ ਬਾਬਲ ਧੀਆਂ ਦੀ ਵੇਦਨਾ ਕਿਵੇਂ ਨਾ ਸਮਝਦਾ?
ਰਾਤੀਂ ਦੇਰ ਨਾਲ ਸਰਵਮੀਤ ਦੀ ਮਿੱਤਰ ਮੰਡਲੀ ‘ਵੱਡੀਆਂ ਗੱਡੀਆਂ’ ‘ਚ ਉਹਨੂੰ ਬੂਹੇ ਅੱਗੇ ਲਾਹ ਜਾਂਦੀ। ਕਦੇ-ਕਦੇ ਕੋਈ ਸ਼ਰਾਬੀ ਮਸ਼ਕਰੀ ਸੁਣਾਈ ਦਿੰਦੀ,”ਯਾਰ, ਸੁਣਿਐ ਮਲਵੈਣ ਬੜੀ ਡਾਢੀ ਐ-ਝੱਟ ਲੜ ਪੈਂਦੀ ਐ…।”
ਫਿਰ ਇਸੇ ਤਰਜ਼ ਦੇ ਹੋਰ ਠਹਾਕੇ ਸੁਣਨ ਨੂੰ ਮਿਲਦੇ। ਅਜਿਹੇ ਕਿਸੇ ਵੇਲੇ ਫਿਰ ਮੇਰਾ ਭਾਅ ਜੀ ਨੂੰ ਹੀ ਦੱਸਣ ਨੂੰ ਜੀਅ ਕਰਦਾ ਕਿ ਮੇਰੇ ਬਾਰੇ ਕਿਵੇਂ-ਕਿਵੇਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇੱਕ ਨੇ ਇਹ ਗੱਲਾਂ ਅਖ਼ਬਾਰ ‘ਚ ਵੀ ਲਿਖ ਦਿੱਤੀਆਂ।
ਇਸੇ ਕਰਕੇ ਇੱਕ ਵਾਰ ਮੈਂ ਤਪੀ ਹੋਈ ਨੇ ਇੱਕ ਭਰੀ ਹੋਈ ਸਭਾ ‘ਚ ਭਾਅ ਜੀ ਤੇ ਕਾਮਰੇਡ ਸੁਰਿੰਦਰ ਧੰਜਲ ਨੂੰ ਸੁਆਲ ਕੀਤਾ ਸੀ ਕਿ ਸਾਹਿਤਕ ਸਮਾਗਮਾਂ ‘ਚ ਵੀ ਸੁਖਨਵਰਾਂ ਵੱਲੋਂ ਹਰ ਗੱਲ ‘ਚ ਮਾਵਾਂ-ਭੈਣਾਂ ਕਿਉਂ ਪੁਣੀਆਂ ਜਾਂਦੀਆਂ ਹਨ? ਕਿਉਂ ਇਹ ਸਮਾਗਮ ਅੰਤ ‘ਚ ਦਾਰੂ ਦੇ ਦੌਰ ‘ਚ ਖਿੱਲਰ ਜਾਂਦੇ ਹਨ? ਉਸ ਦਿਨ ਵੀ ਭਾਅ ਜੀ ਨੇ ਤਕੜੇ ਹੋਣ ਦੀ ਤਾਕੀਦ ਕੀਤੀ ਸੀ ਤੇ ਫਿਰ ਮਗਰੋਂ ਸਿਰ ‘ਤੇ ਹੱਥ ਧਰ ਕੇ ਅਜਿਹੇ ਨਿੱਕੇ-ਮੋਟੇ ਮਾਨਸਿਕ ਤੌਰ ‘ਤੇ ਗ਼ਰੀਬ ਲੋਕਾਂ ਦੀ ਪਰਵਾਹ ਨਾ ਕਰਨ ਦੀ ਨਸੀਹਤ ਦਿੱਤੀ ਸੀ।
ਸ਼ਬਦੀਸ਼ ਦਾ ਫੋਨ ਮੈਨੂੰ 27-28 ਸਤੰਬਰ ਦੀ ਰਾਤ ਦੇ 12.03 ਵਜੇ ਆਇਆ। ਭਾਅ ਜੀ, ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਆਗਾਜ਼ ਤੋਂ ਅੱਧਾ ਘੰਟਾ ਪਹਿਲਾਂ ਤੁਰ ਗਏ। ਦਲੇਰ ਤੇ ਜ਼ਿੰਦਗੀ ਦੇ ਆਸ਼ਕ ਲੋਕਾਂ ਦੇ ਦਿਨ ਤਿੱਥ ਨਾਲੋ-ਨਾਲ ਨਿਭੇ।
ਮੈਂ ਘਰ ਪੁੱਜ ਗਈ ਹਾਂ। ਘੜੀ ਦੀਆਂ ਸੂਈਆਂ ਕਦੋਂ ਦੀਆਂ ਸਾਢੇ ਬਾਰਾਂ ਪਾਰ ਕਰ ਚੁੱਕੀਆਂ ਹਨ। ਮੇਰਾ ਬੱਚਾ ਮਾਂ ਨੂੰ ਉਡੀਕਦਾ ਸੌਂ ਗਿਆ। ਮੇਰਾ ਮਨ ਡੋਲ ਰਿਹਾ ਸੀ। ਮੈਂ ਹਨੇਰੇ ਕਮਰੇ ‘ਚ ਇਕੱਲੀ ਖੜ੍ਹੀ ਸੀ। ਇੱਕ ਵਾਰ ਫਿਰ ਤੜਫ਼ ਕੇ ਸਰਵਮੀਤ ਨੂੰ ਮੁਖ਼ਾਤਿਬ ਹੋਈ…
”ਪਾਸ਼, ਭਗਤ ਸਿੰਘ, ਚੀ ਗੁਵੇਰਾ ਤੇ ਗੁਰੂ ਗੋਬਿੰਦ ਸਿੰਘ ਜਿਹਿਆਂ ਦੀਆਂ ਗੱਲਾਂ ਦਾਰੂ ਨਾਲ ਡੱਕ ਕੇ ਨਹੀਂ ਕੀਤੀਆਂ ਜਾ ਸਕਦੀਆਂ। ਇਹ ਨਾਬਰੀ ਨਹੀਂ। ਇਹਦੇ ਲਈ ਤਾਂ ਅੰਦਰਲੀ ਖ਼ੁਮਾਰੀ ਤੇ ਸਦਾ ਜਾਗਣ ਦੀ ਲੋੜ ਹੁੰਦੀ ਹੈ। ਬਾਹਰਲੇ ਨਸ਼ਿਆਂ ਦੀ ਲੋੜ ਤਾਂ ਨਕਲੀ ਲੋਕਾਂ ਨੂੰ ਪੈਂਦੀ ਹੈ। ਸਰਵਮੀਤ ਤੂੰ ਤਾਂ ਇੰਜ ਦਾ ਨਹੀਂ ਸੀ।” ਭਾਅ ਜੀ ਮੈਂ ਤਕੜੇ ਰਹਿਣ ਦਾ ਯਤਨ ਕਰਾਂਗੀ। ਆਪਣੇ ਮੋਹ ਦੇ ਅੰਬਰਾਂ ‘ਚੋਂ ਮੇਰੇ ਸਿਰ ‘ਤੇ ਹੱਥ ਧਰੀ ਰੱਖਣਾ।
ਦਵੀ ਦਵਿੰਦਰ ਕੌਰ
ਦਵੀ ਦਵਿੰਦਰ ਕੌਰ
ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ
No comments:
Post a Comment