ਬੱਬੂ ਮਾਨ ਪੰਜਾਬੀ ਗਾਇਕੀ ਦਾ ਪ੍ਰਤੀਭਾਵਾਨ ਹਸਤਾਖ਼ਰ ਹੈ। ਓਸ ਦੀ ਲੇਖਣੀ ਵਿਚ ਦਮ ਹੈ ਤੇ ਗਾਉਂਦਾ ਵੀ ਚੰਗਾ ਹੈ। ਉਂਜ ਉਹ ਜਦੋਂ ਤੋਂ ਇਸ ਖੇਤਰ ਵਿਚ ਆਇਆ ਹੈ, ਕਈ ਤਰ੍ਹਾਂ ਦੇ ਚਰਚੇ ਓਸੇ ਦੁਆਲੇ ਘੁੰਮਦੇ ਰਹੇ ਹਨ। ਕਦੇ ਉਹਦੀ ਜ਼ਿੰਦਗੀ ਦੇ ਢੰਗ, ਬੋਲ-ਚਾਲ, ਖਾਣ ਪੀਣ, ਰਹਿਣ ਸਹਿਣ 'ਤੇ ਟਿੱਪਣੀਆਂ ਹੁੰਦੀਆਂ ਰਹੀਆਂ ਹਨ, ਮੀਡੀਆ ਨਾਲ ਉਹਦਾ ਇਟ ਖੜੱਕਾ ਹਮੇਸ਼ਾ ਰਿਹਾ ਹੈ, ਕਦੇ ਉਹਦੇ ਗੀਤਾਂ ਦੇ ਬੋਲ ਚਰਚਾ ਦਾ ਵਿਸ਼ਾ ਬਣਦੇ ਹਨ। ਪਿੰਡ ਪਹਿਰਾ ਲਗਦਾ, ਪਿਛਲੀ ਗਲੀ ਵਿਚ ਆਜਾ, ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜ੍ਹਨੀ ਤੇ ਕਬਜਾ ਲੈਣਾ ਵਰਗੇ ਉਹਦੇ ਗੀਤ ਸੱਚਮੁੱਚ ਸਵੀਕਾਰਨਯੋਗ ਨਹੀਂ ਹਨ। ਪਰ ਇਹਦੇ ਬਾਵਜੂਦ ਪਿਛਲੇ ਕੁੱਝ ਅਰਸੇ ਤੋਂ ਬੱਬੂ ਮਾਨ ਨੇ ਸਾਡੇ ਸਮੁੱਚੇ ਪ੍ਰਬੰਧ ਦੀਆਂ ਖਾਮੀਆਂ, ਸਮਾਜਿਕ ਬੁਰਾਈਆਂ ਨੂੰ ਜਿਸ ਤਰ੍ਹਾਂ ਆਪਣੇ ਗੀਤਾਂ ਦਾ ਵਿਸ਼ਾ ਬਣਾਇਆ ਹੈ, ਬੱਬੂ ਦੀ ਤਾਰੀਫ ਹੋਈ ਹੈ। ਜੱਟ ਦੀ ਜੂਨ ਬੁਰੀ, ਉੱਚੀਆਂ ਇਮਾਰਤਾਂ, ਆਸ਼ਕਾਂ ਦੀ ਲਾਈਨ ਵਰਗੇ ਗੀਤਾਂ ਨਾਲ ਬੱਬੂ ਮਾਨ ਸਵੀਕਾਰਿਆ ਜਾਣ ਲੱਗਾ।
ਹੁਣ ਉਹਦੀ ਤਾਜ਼ਾ ਕੈਸੇਟ 'ਸਿੰਘ ਇਜ਼ ਬੈਟਰ ਦੈਨ ਕਿੰਗ' ਆਈ ਤਾਂ ਬੱਬੂ ਮਾਨ ਇੱਕ ਦਮ ਸੁਰਖ਼ੀਆਂ ਵਿਚ ਆ ਗਿਆ। ਇਸ ਕੈਸੇਟ ਵਿਚ ਬੁੱਬੂ ਨੇ ਬਹੁਤ ਹੀ ਸੰਵੇਦਨਸ਼ੀਲ ਵਿਸ਼ਿਆਂ ਨੂੰ ਬੜੇ ਹੀ ਬੇਬਾਕ ਲਹਿਜ਼ੇ ਵਿਚ ਛੋਹਿਆ ਹੈ। ਪਰ ਜਿਸ ਗੀਤ ਨੇ ਹਰ ਪਾਸੇ ਚਰਚਾ ਛੇੜੀ ਹੈ, ਉਹ ਹੈ, 'ਇੱਕ ਬਾਬਾ ਨਾਨਕ ਸੀ'। ਬੱਬੂ ਨੇ ਇਸ ਗੀਤ ਰਾਹੀਂ ਪੰਜਾਬ ਅੰਦਰ ਫੈਲੇ ਬਾਬਾਵਾਦ ਅਤੇ ਬਾਬਿਆਂ ਦੀਆਂ ਮਨਮਾਨੀਆਂ ਤੇ ਐਸ਼ ਪ੍ਰਸਤੀ ਨੂੰ ਬੇਪਰਦ ਕੀਤਾ ਹੈ। ਭਾਵੇਂ ਬੱਬੂ ਨੇ ਇਸ ਗੀਤ ਵਿਚ ਕਿਸੇ ਬਾਬੇ ਦਾ ਸਿੱਧੇ ਤੌਰ 'ਤੇ ਨਾਂਅ ਨਹੀਂ ਲਿਆ ਪਰ ਬਾਬਿਆਂ ਦਾ ਭੜਕਣਾ ਯਕੀਨੀ ਸੀ ਤੇ ਉਹ ਬੁਰੀ ਤਰ੍ਹਾਂ ਭੜਕੇ ਹਨ।
ਦੋ ਬਾਬਿਆਂ ਨੇ ਬੜੇ ਤਿੱਖੇ ਪਰ ਗੈਰ ਮਿਆਰੀ, ਘਟੀਆ ਸ਼ਬਦਾਵਲੀ ਵਿਚ ਆਪਣੇ ਪ੍ਰਤੀਕਰਮ ਜ਼ਾਹਿਰ ਕੀਤੇ ਹਨ। ਭੜਕੇ 'ਬਾਬਿਆਂ' ਵਿਚ ਪਹਿਲਾ ਨਾਂਅ ਹੈ 'ਸੰਤ' ਰਣਜੀਤ ਸਿੰਘ ਢੱਡਰੀਆਂ ਵਾਲਾ ਤੇ ਦੂਜਾ ਹੈ ਕੋਈ ਤਰਸੇਮ ਸਿੰਘ ਮੋਰਾਂਵਾਲੀ। ਦੋਏਂ ਬਾਬਿਆਂ ਨੇ ਜਿਸ ਤਰ੍ਹਾਂ ਦਾ ਪ੍ਰਤੀਕਰਮ ਪ੍ਰਗਟ ਕੀਤਾ ਹੈ, ਓਸ ਨਾਲ ਉਨ੍ਹਾਂ ਨੇ ਇਹ ਸਾਬਿਤ ਕਰ ਦਿੱਤਾ ਹੈ, ਕਿ ਹੋਰਾਂ ਨੂੰ ਗੁਰਮਤਿ ਦਾ ਪਾਠ ਪੜ੍ਹਾਉਣ ਵਾਲੇ ਇਨ੍ਹਾਂ ਮਹਾਨ ਪ੍ਰਚਾਰਕਾਂ ਨੇ ਆਪ ਕੁੱਝ ਨਹੀਂ ਸਿੱਖਿਆ। ਦੋਆਂ ਦੇ ਬੋਲਣ ਦਾ ਲਹਿਜ਼ਾ ਸੰਤਾਂ ਵਾਲਾ ਨਹੀਂ। ਢੱਡਰੀਆਂ ਵਾਲੇ ਦੀ ਦਲੀਲ ਦੇਖੋ ; ਉਹ ਕਹਿੰਦਾ ਹੈ, ਸੰਗਤਾਂ ਮਹਿੰਗੀਆਂ ਗੱਡੀਆਂ 'ਤੇ ਆਵੇ ਤੇ ਪ੍ਰਚਾਰਕ ਤੁਰ ਕੇ ਜਾਣ? ਯਾਨੀ ਪ੍ਰਚਾਰ ਕਰਨੇ ਗਏ ਇਸ ਬਾਬੇ ਦੀ ਨਜ਼ਰ ਸੰਗਤਾਂ ਦੀਆਂ ਗੱਡੀਆਂ ਵੱਲ ਰਹਿੰਦੀ ਹੈ। ਤਰਸੇਮ ਦਾ ਕਹਿਣਾ ਹੈ 'ਪ੍ਰਚਾਰਕਾਂ ਦੀ ਚੜ੍ਹਤੇ 'ਤੇ ਕੁੱਝ ਲੋਕ ਮੱਚਦੇ ਹਨ, ਉਹ ਚਾਹੁੰਦੇ ਹਨ ਕਿ ਗੁਰਮਤਿ ਦੇ ਪ੍ਰਚਾਰਕ ਮੰਗ ਕੇ ਖਾਣ।' ਉਹ ਅੱਗੇ ਚੱਲ ਕੇ ਬੱਬੂ ਮਾਨ ਨੂੰ ਸੜਿਆ ਜਿਹਾ ਗਾਉਣ ਵਾਲਾ, ਸਮੈਕੀਆ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਲਕਬਾਂ ਨਾਲ ਨਿਵਾਜ਼ਦਾ ਹੈ। ਜੋ ਵੀ ਹੈ, ਬੱਬੂ ਮਾਨ ਦੇ ਇਸ ਗੀਤ ਤੋਂ ਬਾਅਦ ਆਮ ਲੋਕ ਸੋਚਣ ਲੱਗੇ ਹਨ। ਵੱਖ ਵੱਖ ਸਾਈਟਾਂ, ਕਮਿਊਨਟੀਆਂ 'ਤੇ ਲੋਕਾਂ ਨੇ ਬਾਬਿਆਂ ਖਿਲਾਫ ਖੁੱਲ੍ਹ ਕੇ ਭੜ੍ਹਾਸ ਕੱਢੀ ਹੈ। ਸੱਚ ਪੁੱਛੋ ਤਾਂ ਸ਼ਰੇਆਮ ਗਾਲ੍ਹਾਂ ਕੱਢੀਆਂ ਹਨ।
ਅਨੇਕ ਅਜਿਹੀਆਂ ਵੀਡੀਓਜ਼ ਸਾਹਮਣੇ ਆ ਗਈਆਂ ਹਨ ਜਿਹੜੀਆਂ ਇਨ੍ਹਾਂ ਬਾਬਿਆਂ ਦੇ ਅਸਲ ਰੂਪ ਪੇਸ਼ ਕਰਦੀਆਂ ਹਨ। ਬੱਬੂ ਮਾਨ ਨੇ ਆਪਣੇ ਇਸ ਗੀਤ ਵਿਚ ਬਾਬਿਆਂ ਨੂੰ ਪੈਦਲ ਚੱਲਣ ਲਈ ਨਹੀਂ ਕਿਹਾ। ਉਸ ਨੇ ਸਿਫਰ ਇਨ੍ਹਾਂ ਵੱਲੋਂ 40-45 ਲੱਖ ਦੀ ਕੀਮਤ ਵਾਲੀਆਂ ਵਾਲੀਆਂ ਗੱਡੀਆਂ ਵਰਤਣ ਤੇ ਫੇਰ ਉਨ੍ਹਾਂ 'ਤੇ ਕਾਨੂੰਨੀ ਉਲੰਘਣਾ ਕਰਕੇ ਲਾਲ ਬੱਤੀ ਲਾਉਣ 'ਤੇ ਹੀ ਕਿੰਤੂ ਕੀਤਾ ਹੈ, ਜੋ ਬਿਲਕੁਲ ਜਾਇਜ਼ ਹੈ। ਪਰ ਲੋਕਾਂ ਨੂੰ ਸ਼ਾਂਤੀ ਪ੍ਰੇਮ, ਪਿਆਰ, ਭਾਈਚਾਰੇ ਦਾ ਪਾਠ ਪੜ੍ਹਾਉਣ ਵਾਲੇ ਬਾਬੇ ਬੱਬੂ ਦੇ ਗਾਣੇ ਤੋਂ ਬੁਰੀ ਤਰ੍ਹਾਂ ਕਲਪ ਉੱਠੇ ਹਨ। ਉਹ ਆਪਣੇ ਦੀਵਾਨਾਂ ਹੁਣ ਗੁਰਮਤਿ ਦਾ ਪ੍ਰਚਾਰ ਘੱਟ ਤੇ ਬੱਬੂ ਮਾਨ ਦੀ ਨਿਖੇਧੀ ਜ਼ਿਆਦਾ ਕਰਦੇ ਹਨ। ਆਸ ਹੈ ਬੱਬੂ ਮਾਨ ਆਪਣੀ ਇਸ ਨਵੀਂ ਪਿਰਤ ਨੂੰ ਕਾਇਮ ਰੱਖੇਗਾ ਤੇ ਪਿਛਲੇ ਸਮੇਂ 'ਚ ਗਾਏ ਕੁੱਝ ਗਲਤ ਗੀਤਾਂ ਨੂੰ ਫੇਰ ਨਹੀਂ ਦੁਹਰਾਵੇਗਾ। ਅਜੋਕੇ ਦੌਰ ਵਿਚ ਸਾਨੂੰ ਸੱਚਮੁੱਚ ਹੀ ਉਸ ਕਿਸਮ ਦੀ ਦਲੇਰੀ ਦੀ ਲੋੜ ਹੈ ਜਿਹੜੀ ਬੱਬੂ ਮਾਨ ਨੇ ਦਿਖਾਈ ਹੈ। ਬੱਬੂ ਦੇ ਪਿਛਲੇ ਕੁੱਝ ਗਾਣਿਆਂ 'ਤੇ ਸਖ਼ਤ ਇਤਰਾਜ਼ ਹੁੰਦਿਆਂ ਵੀ, ਅਸੀਂ ਓਸ ਦੀ ਇਸ ਨਵੀਂ ਕੋਸ਼ਿਸ਼ ਨੂੰ ਖੁੱਲ੍ਹੇ ਦਿਲ ਨਾਲ ਜੀ ਆਇਆਂ ਆਖਦੇ ਹਾਂ ਤੇ 'ਬੱਬੂ-ਬਾਬਾ ਵਿਵਾਦ' ਵਿਚ ਬੱਬੂ ਦੇ ਨਾਲ ਹਾਂ।
ਬਲੌਗ ਪਰਵਾਜ਼ ਤੋਂ ਧੰਨਵਾਦ ਸਹਿਤ
-ਹਰਮੇਲ ਪਰੀਤ
Sunday, November 15, 2009
Subscribe to:
Post Comments (Atom)
sahi gal aa g, bilkul sahi gal aa, we r with him,
ReplyDeletetusi sahi kiha bhave kuz maade geet v gaye ne maan ne par, eh tan kamal da hai n for dis we r with him n hope he will keep it up.
Does any one know that A Singer Ranjeet jeeta had a Music album not easily available in market Now.
ReplyDeleteWho was that Singer Still a mystery till the day we won't get the Cassette of that Music Album...Inform to administrator of this blog if anyone has some info about Ranjeet Jeeta....