ਖਾੜੀ ਯੁੱਧ ਤੋਂ ਲੈਕੇ ਵਲਰਡ ਟਰੈਡ ਸੈਂਟਰ,ਅਫਗਾਨਿਸਤਾਨ,ਇਰਾਕ ਦੀ "ਜੜਿਤ ਪੱਤਰਕਾਰੀ" "ਐਮਬੇਡਡ ਜਰਨਲਿਜ਼ਮ ਦੀ ਭੂਮਿਕਾ ਤੋਂ ਬਾਅਦ ਲੱਗਭਗ ਹੁਣ ਕਿਸੇ ਸੋਚ ਸਮਝਣ ਵਾਲੇ ਬੰਦੇ ਨੂੰ ਪੱਤਰਕਾਰੀ ਬਾਰੇ ਕੋਈ ਬਹੁਤੇ ਸ਼ੰਕੇ ਨਹੀਂ ਰਹੇ।ਕਿ ਕਿਸ ਤਰ੍ਹਾਂ ਸੱਤਾ ਪੱਤਰਕਾਰੀ ਨੂੰ ਇਕ ਸੰਦ ਤੇ ਹਥਿਆਰ ਦੇ ਤੌਰ 'ਤੇ ਵਰਤਕੇ ਕੌਮੀਅਤਾਂ ਤੇ ਹੋਰ ਜਮੂਹਰੀ ਲਹਿਰਾਂ ਨੂੰ ਕੁਚਲਣ ਲਈ ਪੱਧਰੀ ਜ਼ਮੀਨ ਤਿਆਰ ਕਰਦੀ ਹੈ।ਤੇ ਇਸ ਵਰਤਾਰੇ ਦੇ ਮੱਕੜਜਾਲ ਤੋਂ ਨਾ ਖਾੜੀ ਅਤੇ ਨਾ ਪੰਜਾਬ ਸੱਖਣਾ ਹੈ।ਇਸੇ ਮੁੱਦੇ 'ਤੇ ਪੰਜਾਬ ਦੇ ਪੱਤਰਕਾਰੀ ਹਲਕਿਆਂ 'ਚ ਜਾਣੇ ਜਾਂਦੇ ਸੂਝਵਾਨ ਪੱਤਰਕਾਰ ਬਲਵਿੰਦਰ ਕੋਟਭਾਰਾ ਨੇ ਸਾਨੂੰ ਇਕ ਰਚਨਾ ਭੇਜੀ ਹੈ।ਕੋਟਭਾਰਾ ਪੱਤਰਕਾਰੀ 'ਤੇ ਸਾਮਰਾਜੀ ਜਕੜ ਬਾਰੇ ਇਕ ਕਿਤਾਬ ਵੀ ਲਿਖ ਚੁੱਕੇ ਹਨ।ਅਸੀਂ ਉਹਨਾਂ ਦਾ ਪਹਿਲੀ ਲਿਖਤ ਭੇਜਣ ਲਈ ਧੰਨਵਾਦ ਕਰਦੇ ਹਾਂ।ਉਮੀਦ ਹੈ ਅੱਗੇ ਤੋਂ ਵੀ ਸਹਿਯੋਗ ਦਿੰਦੇ ਰਹਿਣਗੇ।--ਯਾਦਵਿੰਦਰ ਕਰਫਿਊ
ਪ੍ਰੈਸ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ, ਕਦੇ ਇਸ ਨੂੰ ਨਿਰਪੱਖ ਕਿਹਾ ਜਾਂਦਾ ਹੈ, ਕਦੇ ਸੱਚ ਦੀ ਆਵਾਜ਼ ਅਤੇ ਕਦੇ ਕੋਈ ਆਦਰਸ਼ ਜਿਹਾ ਸੰਕਲਪ ਇਸ ਬਾਰੇ ਖੜਿਆ ਜਾਂਦਾ ਰਿਹਾ। ਪਰ ਗੱਲ ਐਨੇ ਛੋਟੇ ਜਿਹੇ ਆਦਰਸ਼ਵਾਦੀ ਸਬਦਾਂ ਵਿੱਚ ਹੀ ਨਹੀਂ ਨਿਬੜਦੀ। ਅਸਲ ਵਿੱਚ ਮਾਧੀਅਮ ਚਾਹੇ ਦੋਈ ਚੈਨਲ ਹੋਵੇ, ਅਖ਼ਬਾਰ, ਮੈਗਜ਼ੀਨ ਜਾਂ ਕੋਈ ਹੋਰ ਮਾਧਿਅਮ ਉਹ ਜਿਸ ਉਦੇਸ਼ ਨੂੰ ਮੁੱਖ ਰੱਖ ਕੇ ਅਦਾਰਾ ਚਲਾਉਂਦਾ ਹੈ, ਓਹੀ ਜਿਹੀਆਂ ਹੀ ਨੀਤੀਆਂ ਘੜੀਆਂ ਜਾਂਦੀ ਹਨ, ਇਸ ਵੇਲੇ ਬਹੁਤ ਅਖ਼ਬਾਰਾਂ ਅਤੇ ਚੈਨਲਾਂ ਦਾ ਉਦੇਸ਼ ਕੇਵਲ ਵਪਾਰਕ ਬਣ ਕੇ ਰਹੇ ਗਿਆ, ਉਹ ਸਰਮਾਏਦਾਰਾਂ ਅਤੇ ਸਰਕਾਰਾਂ ਦੇ ਰਹਿਮੋ ਰਹਿਮ ’ਤੇ ਹੀ ਚੱਲਦੇ ਹਨ। ਜਿਸ ਕਰਕੇ ਉਨ੍ਹਾਂ ਤੋ ਲੋਕ ਪੱਖੀ ਖ਼ਬਰਾਂ ਦੀ ਉਮੀਦ ਨਹੀਂ ਰੱਖੀ ਜਾਂ ਸਕਦੀ, ਸਹੀ ਖ਼ਬਰਾਂ ਨੂੰ ਅੱਖੋਂ ਪਰੋਖੇ ਕਰਨ ਦੀ ਗੱਲ ਨੂੰ ਪਾਸੇ ਵੀ ਕਰ ਦੇਈਏ ਤਾਂ ਇਹੋ ਜਿਹੀ ਮੀਡੀਆ ਲੋਕਾਂ ਵਿੱਚ ਜੋ ਗਲਤ ਪ੍ਰਚਾਰ ਲੈ ਕੇ ਜਾ ਰਿਹਾ ਹੈ ਉਸ ਤੋਂ ਅਜਿਹੇ ਪੱਤਰਕਾਰਾਂ ਅਤੇ ਪ੍ਰੈਸ ਦਾ ਟਾਊਟਪਣੇ ਵਾਲਾ ਚਿਹਰੇ ਨੰਗਾ ਹੋ ਜਾਂਦਾ ਹੈ। ਇੱਕ ਵਾਰ ਸ਼ਹੀਦ ਪਾਸ਼ ਅਮਰੀਕਾ ਜਾਂਦਾ ਹੋਇਆ ਸਾਥੀ ਲੁਧਿਆਣਵੀ ਕੋਲ ਰੁਕਿਆ ਸੀ, ਉਸ ਸਮੇਂ ਪ੍ਰੈਸ ਦੀ ਪਹੁੰਚ ਬਾਰੇ ਗੱਲ ਹੋਈ ਤਾਂ ਪਾਸ਼ ਨੇ ਗੱਲਬਾਤ ਤੋਂ ਪਹਿਲਾ ਵਾਲੀ ਰਾਤ ਨੂੰ ਸਾਥੀ ਲੁਧਿਆਣਵੀ ਵੱਲੋ ਪੜ੍ਹੀ ਗਜ਼ਲ ‘‘ਜਿਹੜੇ ਨਾ ਲਿਖਦੇ ਗੱਲ ਹਾਦਸਿਆਂ ਦੀ ਵਿਕਦੇ, ਉਹ ਅਖ਼ਬਾਰ ਹੌਲੀ ਹੌਲੀ’’ ਦਾ ਜ਼ਿਕਰ ਕਰਦਿਆ ਕਿਹਾ ਸੀ ਕਿ ਸਰਮਾਏਦਾਰੀ ਪ੍ਰੈਸ ਕਾਮਰੇਡਾਂ ਦੇ ਆਪਸੀ ਵਖਰੇਵਿਆਂ ਨੂੰ ਤਾਂ ਉਛਾਲਦੇ ਹਨ ਪਰ ਕੰਮ ਦੀਆਂ ਖ਼ਬਰਾਂ ਨਹੀਂ ਲਾਉਂਦੇ। ਇੱਕ ਵਾਰ ਨਹੀਂ ਅਜਿਹਾ ਵਾਰ ਵਾਰ ਦੇਖਣ ਨੂੰ ਮਿਲ ਰਿਹਾ ਹੈ।
26 ਨਵੰਬਰ ਤਾਜ ਹੋਟਲ ਦੇ ਬੰਦੀਆਂ ਨੂੰ "ਅੱਤਵਾਦੀਆਂ" ਦੇ ਖ਼ੂਨੀ ਪੰਜੀਆਂ ਵਿੱਚੋਂ ਛੁਡਵਾਉਣ ਲਈ ਜੂਝ ਰਹੇ ਲੋਕਾਂ ਦੀ ਕਵਰੇਜ਼ ਘੱਟ ਪਰ ਅਮਿਤਾਬ ਬੱਚਨ ਦੀ ਸੁਰਖ਼ੀ ਪਹਿਲੇ ਪੰਨੇ ’ਤੇ ਲੱਗੀ ਕਿ ਰਾਤ ਬਿੱਗ ਬੀ ਨੂੰ ਨੀਂਦ ਨਹੀਂ ਆਈ ਉਹ ਸਿਰਹਾਣੇ ਪਿਸਤੋਲ ਰੱਖ ਕੇ ਸੁੱਤਾ।ਇੱਥੈ ਪ੍ਰੈਸ ਲਈ ਅਮਿਤਾਬ ਬਚਨ ਦੀ ਪ੍ਰਾਪਤੀ ਵੱਡੀ ਹੈ ਨਾ ਕਿ ਕਰਕਰੇ ਦੀ ਬੁਲਟ ਪਰੂਫ਼ ਜਾਕਟ ਦੀ ਜਾਂਚ ਸਟੋਰੀ।
ਜਿਸ ਤਾਜ਼ਾ ਮਸਲੇ ਦੀ ਗੱਲ ਚੱਲ ਰਹੀ ਹੈ, ਉਹ ਹੈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਦੀ ਗਿਰਫ਼ਤਾਰੀ ਦੇ ਮਾਮਲੇ ਵਿੱਚ ਸਰਮਾਏਦਾਰੀ ਪ੍ਰੈਸ ਅਤੇ ਹਿੰਦੂਤਵ ਪਿਛੋਕੜ ਵਾਲੀਆਂ ਅਖ਼ਬਾਰਾਂ ਦੀ ਪੁਲਿਸ ਟਾਉਂਟ ਵਰਗੀ ਪਹੁੰਚ, ਤਿੰਨ ਕੁ ਪੰਜਾਬੀ ਅਤੇ ਇੱਕ ਅੰਗਰੇਜ਼ੀ ਅਖ਼ਬਾਰ ਨੂੰ ਛੱਡ ਬਾਕੀ ਸਾਰੇ ਅਖ਼ਬਾਰ ਨੇ ਇਸ ਮਾਮਲੇ ਨੂੰ ਐਨੇ ਗਲਤ ਢੰਗ ਨਾਲ ਤੂਲ ਦਿੱਤਾ ਹੈ ਜਿਵੇਂ ਪੰਜਾਬ ਨੂੰ ਸੁਰਜੀਤ ਫੂਲ ਨੇ ਨਕਸਲਵਾਦ ਵਿੱਚ ਝੋਕ ਦਿੱਤਾ ਹੋਵ।ਉਹ ਪੁਲਿਸ ਦੇ ਹਕੀਕਤ ਤੋਂ ਦੂਰ ਝੂਠੇ ਦਾਅਵਿਆਂ ਤੋਂ ਵੀ ਅੱਗੇ ਲੱਗ ਗਏ ਹਨ,ਇੱਕ ਸਮੂਹ ਗਰੁੱਪ ਦੇ ਅਖ਼ਬਾਰਾਂ ਨੇ ਬੜੀ ਬੇਸ਼ਰਮੀ ਨਾਲ ਲਿਖਿਆ ਕਿ ਉਨ੍ਹਾਂ ਸਾਲ ਪਹਿਲਾ ਹੀ ਖੁਲਾਸਾ ਕਰ ਦਿੱਤਾ ਸੀ ਕਿ ਪੰਜਾਬ ਵਿੱਚ ਨਕਸਲਵਾਦ ਪੈਰ ਪਿਸਾਰ ਰਿਹਾ ਹੈ, ਅਤੇ ਉਨ੍ਹਾਂ ਦੀ ਭਵਿੱਖਬਾਣੀ ਵੀ ਸੱਚੀ ਸਾਬਤ ਹੋਈ ਹੈ। ਇਸ ਸਮੂਹ ਅਖ਼ਬਾਰ ਦਾ ਪੱਤਰਕਾਰ ਝੂਠ ਦੇ ਸਾਰੇ ਹੱਦਾਂ ਬੰਨੇ ਪਾਰ ਕਰਦਿਆ ਲਿਖਦਾ ਹੈ ਕਿ ਬਠਿੰਡਾ ਜਿਲ੍ਹੇ ਨਾਲ ਸਬੰਧਤ ਨਕਸਲੀ ਆਗੂ ਹਰਭਜਨ ਸਿੰਘ ਸੋਹੀ ਦੀ ਅੰਤਿਮ ਸਮਾਰੋਹ ਮੌਕੇ ਵੀ ਨਕਸਲਵਾਦੀ ਲਹਿਰ ਦੇ ਕਈ ਪੁਰਾਣੇ ਚਿਹਰੇ ਵੀ ਦੇਖਣ ਨੂੰ ਮਿਲੇ, ਜਦ ਕਿ ਕਈ ਨੌਜਵਾਨ ਆਗੂਆਂ ਨੇ ਵੀ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ। ਜਿਵੇਂ ਇਹ ਪੱਤਰਕਾਰ ਪੁਲਿਸ ਅਤੇ ਖ਼ੁਫ਼ੀਆ ਤੰਤਰ ਤੋਂ ਵੀ ਵੱਧ ਇਸ ਦੇਸ਼ ਦੀ ‘‘ਅਮਨ ਸਾਂਤੀ’’ ਲਈ ਫਿਕਰਮੰਦ ਹੈ।ਇਹ ਪੱਤਰਕਾਰ ਇਸ ਗੱਲੋਂ ਔਖਾ ਹੈ ਕਿ ਪੁਰਾਣੇ ਨਕਸਲੀਆਂ ਨੂੰ ਜੀਣ ਦਾ ਕੋਈ ਅਧਿਕਾਰ ਨਹੀਂ ਅਤੇ ਨਾ ਹੀ ਨੌਜਵਾਨਾਂ ਨੂੰ ਕਿਸੇ ਸੋਹੀ ਵਰਗੇ ਲੋਕਾਂ ਦੀ ਅੰਤਿਮ ਸਰਧਾਂਜਲੀ ’ਤੇ ਜਾਣ ਦਾ ਹੱਕ ਹੈ।
ਹਿੰਦੂਤਵ ਦੇ ਪਿਛੋਕੜ ਵਾਲੀ ਅਤੇ ਪਿਛਾਖੜੀ ਸੋਚ ਦੀ ਧਾਰਨੀ ਪ੍ਰੈਸ ਨੇ ਇਸ ਜਨਤਕ ਆਗੂ ਦੀ ਗਿਰਫ਼ਤਾਰੀ ਬਾਰੇ ਨਾ ਕੇਵਲ ਪੁਲਿਸ ਦੇ ਝੂਠੇ ਬਿਆਨਾਂ ਨੂੰ ਹੂ ਬ ਹੂ ਛਾਪਿਆ ਸਗੋਂ ਆਪਣੇ ਕੋਲੋਂ ਮਿਰਚ ਮਸਾਲਾ ਲਾ ਕੇ ਪੰਜਾਬ ਨੂੰ ਬਸਤਰ ਦੇ ਜੰਗਲਾਂ ਦੀ ਇਕਾਈ ਬਣਾ ਕੇ ਪੇਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ‘‘ਮਾਓਵਾਦੀ’’ ਆਗੂ ਦੀ ਗਿਰਫ਼ਤਾਰੀ ਦੇ ਦਾਅਵਿਆਂ ਤੋਂ ਮਗਰੋਂ ਉਸ ’ਤੇ ਪਹਿਲਾ ਹੀ ਚਲਦੇ ਅਨੇਕਾਂ ਮੁਕੱਦਮਿਆਂ ਦੀ ਫਾਈਲਾਂ ਨੂੰ ਵਾਚਣ ’ਤੇ ਸਾਫ਼ ਅਤੇ ਸਪੱਸ਼ਟ ਸਾਹਮਣੇ ਆਇਆ ਕਿ ਕਾ. ਫ਼ੂਲ ਇਸ ਤੋਂ ਪਹਿਲਾ ਸਾਰੀਆਂ ਅਦਾਲਤੀ ਪੇਸ਼ੀਆਂ ’ਤੇ ਬਕਾਇਦਾ ਹਾਜ਼ਰ ਹੋ ਕੇ ਆਪ ਪੇਸ਼ੀ ਭੁਗਤ ਕੇ ਜਾਂਦੇ ਰਹੇ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਕਾ. ਫ਼ੂਲ ਇਸ ਤੋਂ ਪਹਿਲਾਂ ਇਸੇ ਕੇਸ ਵਿੱਚ 30 ਅਤੇ 14 ਅਕਤੂਬਰ ਨੂੰ ਵੀ ਪੇਸ਼ੀ ਭੁਗਤ ਕੇ ਗਏ ਅਤੇ ਇਸ ‘‘ਮਾਓਵਾਦੀ’’ ਆਗੂ ਨੂੰ ਕਚਹਿਰੀਆਂ ਵਿੱਚੋਂ ਲੋਕਾਂ ਦੇ ਸਾਹਮਣੇ ਜਬਰੀ ਚੁਕ ਕੇ ਉਸ ’ਤੇ ਗੈਰ ਕਾਨੂੰਨੀ ਗਤੀਵਿਧੀਆਂ ਫੈਲਾਉਣ ਦੇ ਗੰਭੀਰ ਮੁੱਕਦਮਿਆਂ ਵਿੱਚ ਫਸਾ ਕੇ ਇੱਕ ਹਫ਼ਤੇ ਦਾ ਰਿਮਾਂਡ ਲਿਆ ਉਨ੍ਹਾਂ ਵੱਲੋਂ ਅਦਾਲਤੀ ਪੇਸ਼ੀਆਂ ਭੁਗਤਣ ਵਾਲੀ ਤਫ਼ਤੀਸ਼ ਇਨ੍ਹਾਂ ਚਿੜੀ ਮਾਰ ਪੱਤਰਕਾਰਾਂ ਨੇ ਕਰਨ ਦੀ ਜਰੂਰਤ ਨਹੀਂ ਸਮਝੀ। ਇਹ ਭਲੀਭਾਂਤ ਸਪੱਸ਼ਟ ਹੈ ਕਿ ਕਾ. ਫ਼ੁੂਲ ਪਿਛਲੇ ਸਮੇਂ ਤੋਂ ਹਰ ਪ੍ਰਕਾਰ ਦੇ ਜਬਰ ਦੇ ਵਿਰੁੱਧ ਜਨਤਕ ਤੌਰ ’ਤੇ ਬਿਲਕੁੱਲ ਸਾਂਤਮਈ ਢੰਗ ਨਾਲ ਜੂਝਦੇ ਰਹੇ ਜੋ ਕਿ ਸਰਮਾਏਦਾਰਾਂ ਦੇ ਹਜ਼ਮ ਨਹੀਂ ਹੋਇਆ, ਜਿਸ ਤਰ੍ਹਾਂ ਇਹ ਨਾ ਬਰਾਬਰੀ ਵਾਲੇ ਢਾਂਚਾ ਲੋਕਾਂ ’ਤੇ ਦਿਨੋਂ ਦਿਨ ਮਹਿੰਗਾਈ ਦਾ, ਸਹੂਲਤਾਂ ਖੋਹਣ, ਉਨ੍ਹਾਂ ਦੇ ਹੱਕਾਂ ’ਤੇ ਡਾਕੇ ਮਾਰਨ ਦਾ ਸਿਕੰਜ਼ਾ ਕਸ ਰਿਹਾ ਹੈ ਉਸ ਤੋਂ ਲੋਕ ਰੋਹ ਪਣਪਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਦੂਜੇ ਪਾਸੇ ਸਮੇਂ ਦੀਆਂ ਹਕੂਮਤਾਂ ਕੋਲ ਕੋਈ ਲੋਕ ਪੱਖੀ ਏਜੰਡੇ ਨਾ ਹੋਣ ਕਾਰਨ ਉਹ ਲੋਕਾਂ ਨੂੰ ਕਦੇ ਸਾਧਾਂ ਅਤੇ ਫ਼ਿਰਕੂ ਅੱਗ ਵਿੱਚ ਝੋਕਦੀ ਹੈ ਅਤੇ ਕਦੇ ‘‘ਮਾਓਵਾਦ’’ ਦਾ ਝੂਠਾ ਪ੍ਰਚਾਰ ਕਰਕੇ ਲੋਕ ਪੱਖੀ ਮੁੱਦਿਆਂ ਤੋਂ ਲੋਕ ਦਾ ਧਿਆਨ ਪਾਸੇ ਕਰਦੀ ਹੈ।
ਅਜਿਹੇ ਬੇਗੇਰਤ ਕੰਮਾਂ ਵਿੱਚ ਸਰਮਾਏਦਾਰੀ ਪ੍ਰੈਸ ਅਤੇ ਚਿੜੀਮਾਰ ਪੱਤਰਕਾਰ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ,ਇੱਕ ਗੱਲ ਸਪੱਸ਼ਟ ਹੈ ਕਿ ਜੇ ਲੋਕਾਂ ਦੇ ਹੱਕਾਂ ਦੇ ਪੈਂਦੇ ਡਾਕਿਆਂ ਵਿਰੁੱਧ ਲੜ੍ਹਨ ਵਾਲੇ ‘‘ਮਾਓਵਾਦੀ’’ ਹਨ ਤਾਂ ਫਿਰ ਕਾਰਗਿਲ ਵਿੱਚ ਸ਼ਹੀਦ ਹੋਏ ਫ਼ੌਜੀ ਜਵਾਨਾਂ ਦੇ ਕਫ਼ਨਾਂ ਵਿੱਚੋਂ ਕਮਿਸ਼ਨ ਖਾਣ ਵਾਲੇ ਦੇਸ਼ ਭਗਤ ਹਨ, ਜੇ ਸਾਡੇ ਪੱਤਰਕਾਰਾਂ ਦੀ ਜ਼ਮੀਰ ਜਾਗਦੀ ਹੈ ਤਾਂ ਉਨ੍ਹਾਂ ਨੂੰ ਤੀਜੀ ਅੱਖ ਵੀ ਮਾੜ੍ਹੀ ਮੋਟੀ ਖੋਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਪੁਲਿਸ ਦੇ ਟਾਊਟ ਵਰਗੀ ਭੂਮਿਕਾ ਨਿਭਾਉਂਣੀ ਚਾਹੀਦੀ ਹੈ।ਥੋੜੀ ਹੋਰ ਪਿੱਛੇ ਨਜ਼ਰ ਮਰੀਏ ਤਾਂ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਪੰਜਾਬ ਵਿੱਚ ਕਾਲੀ ਹਨੇਰੀ ਦੌਰਾਨ ਵੀ ਇਨ੍ਹਾਂ ਹਿੰਦੂਤਵ ਅਤੇ ਸ਼ਰਮਾਏਦਾਰੀ ਵਾਲੀ ਪਿਛੋਕੜ ਪ੍ਰੈਸ ਦਾ ਰੋਲ ਅਤਿ ਨਿਖਿੱਧ ਰਿਹਾ ਜਿਸ ਨੇ ਉਸ ਸਮੇਂ ਸਾਰੇ ਪੰਜਾਬ ’ਤੇ ਨਾ ਕੇਵਲ ਅੱਤਵਾਦ ਦਾ ਲੇਬਲ ਸਗੋਂ ਇਸ ਅੱਗ ’ਤੇ ਲਗਾਤਾਰ ਪਟਰੋਲ ਪਾਇਆ। ਉਸ ਸਮੇਂ ਵੀ ਪ੍ਰੈਸ ਦਾ ਮਾਰੂ ਰੋਲ ਕਿਸੇ ਤੋਂ ਗੁਝਿਆ ਨਹੀਂ ਰਿਹਾ, ਅਤੇ ਭਵਿੱਖ ਵਿੱਚ ਵੀ ਕੋਈ ਆਸ ਨਹੀਂ ਕੀਤੀ ਜਾ ਸਕਦੀ।
ਬਲਵਿੰਦਰ ਕੋਟਭਾਰਾ
kotbhara@yahoo.com
Sunday, November 22, 2009
Subscribe to:
Post Comments (Atom)
balwinder de rachna jankari bharpur hai...ehho jehe mudian te vadh ton vadh likhya jana chahida hai....
ReplyDelete