ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, December 28, 2009

ਮਿੱਟੀ: ਦਿਸ਼ਾਹੀਣਤਾ ਤੇ ਜ਼ਿੰਮੇਵਾਰੀ ਵਿੱਚ ਸੰਵਾਦ


ਹੁਣ ਤੱਕ ਪੰਜਾਬੀ ਫ਼ਿਲਮਾਂ ਦਾ ਖਾਸਾ ਮਨੋਰੰਜਨ ਤੱਕ ਮਹਿਦੂਦ ਰਿਹਾ ਹੈ। ਜਾਤੀ ਹਉਮੈ, ਜ਼ਮੀਨ ਲਈ ਦੁਸ਼ਮਣੀਆਂ, ਪਰਵਾਸ ਦੇ ਕੁਝ ਪੱਖਾਂ ਅਤੇ ਪਿਆਰ ਤਿਕੋਣਾਂ ਦੁਆਲੇ ਘੁੰਮਦਾ ਪੰਜਾਬੀ ਫ਼ਿਲਮਾਂ ਦਾ ਵਿਸ਼ਾ-ਵਸਤੂ ਖੜੋਤ ਦਾ ਸ਼ਿਕਾਰ ਹੈ। ਆ ਰਹੀ ਫ਼ਿਲਮ ‘ਮਿੱਟੀ’ ਇਸ ਖੜੋਤ ਅਤੇ ਪੰਜਾਬੀ ਫ਼ਿਲਮ ਦੇ ਪ੍ਰਵਾਨਿਤ ਖਾਸੇ ਨੂੰ ਵੱਢ ਮਾਰਦੀ ਹੈ। ਮਿੱਟੀ ਪੰਜਾਬ ਦੇ ਮੁੰਡਿਆਂ ਦੀ ਕਹਾਣੀ ਹੈ ਜੋ ਪੰਜਾਬੀ ਹੋਣ ਦੇ ਬਾਵਜੂਦ ਇੱਥੇ ਦੀ ‘ਮਿੱਟੀ’ ਤੋਂ ਨਿਰਲੇਪ ਹਨ। ਦਿਸ਼ਾਹੀਣਤਾ ਦੀ ਹਾਲਤ ਵਿੱਚ ਉਹ ਜੋ ਵੀ ਕਰਦੇ ਹਨ ਸਿਰਫ਼ ਸਾਹ ਲੈਂਦੇ ਰਹਿਣ ਦਾ ਤਰੱਦਦ ਹੈ। ਜਦੋਂ ਜ਼ਿੰਦਗੀ ਦੇ ਥਪੇੜੇ ਉਨ੍ਹਾਂ ਨੂੰ ਮਿੱਟੀ ਦੀ ਜਾਗ ਲਾਉਂਦੇ ਹਨ ਤਾਂ ਉਨ੍ਹਾਂ ਨੂੰ ਕੀਮਤ ਜਾਨ ਦੇਕੇ ਤਾਰਨੀ ਪੈਂਦੀ ਹੈ।

ਮੌਜੂਦਾ ਸਮਿਆਂ ਦੀ ਵੱਡੀ ਤ੍ਰਾਸਦੀ ਨੌਜਵਾਨ ਪੀੜ੍ਹੀ ਨਾਲ ਸੰਵਾਦ ਦੀ ਅਣਹੋਂਦ ਹੈ। ਨਿਘਾਰ ਅਤੇ ਗ਼ੈਰ-ਜ਼ਿੰਮੇਵਾਰੀ ਦੀਆਂ ਤੋਹਮਤਾਂ ਸਹਿੰਦੀ ਇਹ ਪੀੜ੍ਹੀ ਆਪਣੇ ਜੀਣ-ਥੀਣ ਦੇ ਕਾਰਨ ਤੇ ਸਾਧਨ ਤਲਾਸ਼ ਰਹੀ ਹੈ। ਮਿੱਟੀ ਇਸ ਪੀੜ੍ਹੀ ਨਾਲ ਨਿੱਗਰ ਅਤੇ ਟਕਰਾਵਾਂ ਸੰਵਾਦ ਸਿਰਜਦੀ ਹੈ। ਇਸ ਸੰਵਾਦ ਨਾਲ ਇਸ ਪੀੜ੍ਹੀ ਦਾ ਰਿਸ਼ਤਾ ਪਿਛਲੀਆਂ ਪੀੜ੍ਹੀਆਂ ਰਾਹੀਂ ਹੁੰਦਾ ਹੋਇਆ ਇਤਿਹਾਸ ਨਾਲ ਜੁੜਦਾ ਹੈ ਜੋ ਨਾਬਰੀ ਦੀਆਂ ਬਾਤਾਂ ਪਾ ਰਿਹਾ ਹੈ। ਇਹ ਮੁੰਡੇ ਜਦੋਂ ਇਤਿਹਾਸ ਵਿੱਚੋਂ ਸੋਝੀ ਹਾਸਿਲ ਕਰਦੇ ਹਨ ਤਾਂ ਇਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੱਡੀਆਂ ਹੋ ਨਿਬੜਦੀਆਂ ਹਨ। ਇਸ ਤਰ੍ਹਾਂ ਉਹ ਮਿੱਟੀ ਬਚਾਉਣ ਦੇ ਜਿਸ ਆਹਰ ਵਿੱਚ ਲੱਗਦੇ ਹਨ ਉਹ ਸਿਆਸਤ, ਮੁਨਾਫ਼ੇ ਅਤੇ ਧਰਮ ਦੀ ਜੁੰਡਲੀ ਨੂੰ ਬੇਪਰਦ ਕਰਦਾ ਹੈ। ਇਹ ਜੁੰਡਲੀ ਜੋ ਲੋਕਾਂ ਦੇ ਜੀਣ-ਥੀਣ ਦੇ ਸਾਧਨਾਂ ਤੇ ਕਾਰਨਾਂ ਨੂੰ ਆਪਣੇ ਹਿੱਤਾਂ ਦੀ ਬਲੀ ਚਾੜ ਰਹੀ ਹੈ।

ਰੱਬੀ, ਗਾਜ਼ੀ, ਲਾਲੀ ਅਤੇ ਟੁੰਡਾ ਯੂਨੀਵਰਸਿਟੀ ਤੋਂ ਕੱਢੇ ਜਾਣ ਤੋਂ ਬਾਅਦ ਚੰਡੀਗੜ੍ਹ ਵਿੱਚ ਦੱਬੀ ਹੋਈ ਕੋਠੀ ਵਿੱਚ ਟਿਕੇ ਹੋਏ ਹਨ। ਉਹ ਸ਼ਰਾਬ ਅਤੇ ਸਿਆਸਤ ਦਾ ਧੰਦਾ ਕਰਦੇ ਹਰਮੇਲ ਸਿੰਘ ਲਈ ਹਰ ਜਾਇਜ਼-ਨਾਜਾਇਜ਼ ਕੰਮ ਕਰਦੇ ਹਨ। ਪਿੰਡ ਲਾਲੀ ਦਾ ਭਰਾ ਜੀਤ ਕਿਸਾਨ ਯੂਨੀਅਨ ਆਗੂ ਹੈ ਜੋ ਇਨ੍ਹਾਂ ਨੂੰ ਜ਼ਿੰਦਗੀ ਦਾ ਅਸਲ ਪੱਖ ਦਿਖਾਉਣਾ ਚਾਹੁੰਦਾ ਹੈ ਪਰ ਇਨ੍ਹਾਂ ਕੋਲ ਉਸ ਦੀ ਗੱਲ ਸੁਣਨ ਲਈ ਨਾ ਸਮਾਂ ਹੈ, ਨਾ ਸਬਰ। ਇਹ ਤੋੜ-ਵਿਛੋੜਾ ਕਰਨ ਉੱਤੇ ਉਤਾਰੂ ਹਨ ਤੇ ਉਹ ਜੋੜਨ ਨੂੰ ਫਿਰਦਾ ਹੈ।
ਰੱਬੀ ਦੀ ਪ੍ਰੇਮਿਕਾ ਉਨ੍ਹਾਂ ਨੂੰ ਅਸਲੀਅਤ ਦਾ ਸ਼ੀਸ਼ਾ ਦਿਖਾਉਂਦੀ ਹੈ। ਉਨ੍ਹਾਂ ਹੱਥੋਂ ਸਰਦਾਰ ਦੀਆਂ ਬੇਇਮਾਨੀਆਂ ਨੂੰ ਬੇਪਰਦ ਕਰਨ ਲਈ ਕੰਮ ਕਰਦੇ ਪੱਤਰਕਾਰ ਦਾ ਕਤਲ ਹੁੰਦਾ ਹੈ। ਜ਼ਮੀਨ ਮਾਫ਼ੀਆ ਅਤੇ ਸਨਅਤਕਾਰ ਪੁਲੀਸ ਦੀ ਮਿਲੀਭੁਗਤ ਤੇ ਸਿਆਸੀ ਸਰਪ੍ਰਸਤੀ ਨਾਲ ਜੀਤ ਦਾ ਕਤਲ ਕਰਦੇ ਹਨ। ਇਨ੍ਹਾਂ ਮੁੰਡਿਆਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਕੁੱਤਿਆਂ ਤੋਂ ਵੀ ਬਦਤਰ ਹਨ। ਉਨ੍ਹਾਂ ਦੀ ਮੁੜ-ਬਹਾਲੀ ਦਾ ਸੰਘਰਸ਼ ਇਸ ਫ਼ਿਲਮ ਦਾ ਹਾਸਿਲ ਹੈ। ਜ਼ਿੰਦਗੀ ਦੀ ਬਿਹਤਰੀ ਦੀ ਲੜਾਈ ਦੇ ਦਾਅਪੇਚਾਂ ਤੋਂ ਅਨਜਾਣ ਮੁੰਡੇ ਜਦੋਂ ਪਿੜ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਸਿਆਸੀ-ਸਮਾਜਿਕ ਵਰਤਾਰਾ ਕਿੰਨਾ ਗੁੰਝਲਦਾਰ ਹੈ।

ਇਸ ਫ਼ਿਲਮ ਵਿੱਚ ਨੌਜਵਾਨ ਪੀੜ੍ਹੀ ਅੰਦਰਲਾ ਖਰੂਦ ਉਨ੍ਹਾਂ ਦੀ ਜੁਬਾਨ ਵਿੱਚੋਂ ਪ੍ਰਗਟ ਹੁੰਦਾ ਹੈ। ਪੰਜਾਬੀ ਗਾਇਕ ਮੀਕਾ ਸਿੰਘ ਨੇ ਫ਼ਿਲਮ ਵਿੱਚ ਗ਼ਾਜ਼ੀ ਦੀ ਭੂਮਿਕਾ ਨਿਭਾਈ ਹੈ। ਉਸ ਦਾ ਕਿਰਦਾਰ ਬਹੁਤ ਗੁੰਝਲਦਾਰ ਹੈ ਜੋ ਆਪਣੇ ਦੋਸਤ ਦੀ ਮਾਸ਼ੂਕ ਉੱਤੇ ਅੱਖ ਵੀ ਰੱਖ ਸਕਦਾ ਹੈ ਅਤੇ ਉਸੇ ਦੋਸਤ ਲਈ ਜਾਨ ਵੀ ਦੇ ਸਕਦਾ ਹੈ। ਦੋਵੇਂ ਕੰਮ ਉਹ ਬਹੁਤ ਸਹਿਜਤਾ ਨਾਲ ਕਰਦਾ ਹੈ। ਫ਼ਿਲਮ ਦੇ ਨਿਰਦੇਸ਼ਕ ਜਤਿੰਦਰ ਮੌਹਰ ਦਾ ਕਹਿਣਾ ਹੈ ਕਿ ਸੇਕਸ਼ਪੀਅਰ ਦੇ ਨਾਟਕ ਜੁਲੀਅਸ ਸੀਜ਼ਰ ਦੇ ਦੋ ਕਿਰਦਾਰਾਂ ਵਾਂਗ ਹਰ ਲਹਿਰ ਵਿੱਚ ਬਰੁਟਸ ਤੇ ਕੈਸ਼ੀਅਸ਼ ਦੀ ਮਾਨਸਿਕਤਾ ਵਾਲੇ ਆਗੂ ਹੁੰਦੇ ਹਨ। ਬਰੁਟਸ ਨੈਤਿਕਤਾ ਨੂੰ ਤਰਜੀਹ ਦਿੰਦਾ ਹੈ ਅਤੇ ਕੈਸ਼ੀਅਸ਼ ਨੈਤਿਕਤਾ ਤੋਂ ਬੇਪਰਵਾਹ ਟੀਚੇ ਵੱਲ ਵਧਦਾ ਹੈ। ਇਹ ਜ਼ਿਆਦਾ ਹਿੰਸਕ ਹੁੰਦਾ ਹੈ। ਕੈਸ਼ੀਅਸ਼ ਤੋਂ ਪ੍ਰਭਾਵਤ ਗ਼ਾਜ਼ੀ ਦਾ ਕਿਰਦਾਰ ਮੀਕਾ ਸਿੰਘ ਉੱਤੇ ਚੰਗੀ ਤਰ੍ਹਾਂ ਨਿਭਿਆ ਹੈ। ਬਰੁਟਸ ਦਾ ਕਿਰਦਾਰ ਰੱਬੀ ਹੈ ਜੋ ਲਖਵਿੰਦਰ ਕੰਦੋਲਾ ਨੇ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਸਰਦਾਰ ਸੋਹੀ, ਹਰਦੀਪ ਗਿੱਲ, ਵਿਕਟਰ ਜੌਨ, ਵੱਕਾਰ ਸ਼ੇਖ਼, ਕਸ਼ਿਸ਼ ਧਨੋਆ, ਸੁਰਜੀਤ ਗਾਮੀ, ਯਾਦ ਗਰੇਵਾਲ, ਕਰਤਾਰ ਚੀਮਾ ਅਤੇ ਤੇਜਵੰਤ ਮਾਂਗਟ ਨੇ ਅਹਿਮ ਕਿਰਦਾਰ ਨਿਭਾਏ ਹਨ।

ਜਤਿੰਦਰ ਮੌਹਰ ਮੁਤਾਬਕ ‘ਮਿੱਟੀ’ ਰਾਹੀਂ ਪੰਜਾਬੀ ਫ਼ਿਲਮਾਂ ਵਿੱਚ ਪਹਿਲੀ ਬਾਰ ਦਲਿਤ ਕਿਰਦਾਰ ਨਾਇਕ ਵਜੋਂ ਪੇਸ਼ ਹੋਏ ਹਨ। ਟੁੰਡਾ ਮਜ਼ਬੀ ਸਿੱਖਾਂ ਵਿੱਚੋਂ ਹੈ। ਟੁੰਡੇ ਦੇ ਪਿਓ ਦਾ ਕਿਰਦਾਰ ਸੁਰਜੀਤ ਗਾਮੀ ਨੇ ਨਿਭਾਇਆ ਹੈ ਜੋ ਨਿਰਦੇਸ਼ਕ ਅਨੁਸਾਰ ਫ਼ਿਲਮ ਦਾ ਸਭ ਤੋਂ ਚੇਤਨ ਬੰਦਾ ਹੈ।

ਇਸ ਫ਼ਿਲਮ ਦਾ ਸੰਗੀਤ ਮੀਕਾ ਸਿੰਘ ਨੇ ਦਿੱਤਾ ਹੈ। ਕਹਾਣੀ, ਪਟਕਥਾ ਅਤੇ ਸੰਵਾਦ ਇਸ ਫ਼ਿਲਮ ਦੇ ਨਿਰਦੇਸ਼ਕ ਜਤਿੰਦਰ ਮੌਹਰ ਨੇ ਲਿਖੇ ਹਨ। ਸਿਨਮਾ ਘਰਾਂ ਵਿੱਚ ਪਹੁੰਚਣ ਤੋਂ ਪਹਿਲਾਂ ‘ਮਿੱਟੀ’ ਕਈ ਵਾਰ ਮੁੰਬਈ ਵਿੱਚ ਦਿਖਾਈ ਗਈ ਹੈ। ਫ਼ਿਲਮ ਸਨਅਤ ਨਾਲ ਜੁੜੇ ਲੋਕਾਂ ਵਿੱਚ ਇਸ ਦੀ ਬਹੁਤ ਚਰਚਾ ਹੈ। ਉਂਝ ਚੋਣਵੇਂ ਲੋਕਾਂ ਵਿੱਚ ਚਰਚਾ ਕਰਵਾ ਕੇ ਹੀ ਕਾਮਯਾਬ ਨਹੀਂ ਹੋ ਜਾਂਦੀ। ਇਸ ਦਾ ਅਸਲ ਇਮਤਿਹਾਨ ਤਾਂ ਸਿਨਮਾ ਘਰਾਂ ਵਿੱਚ ਹੋਣਾ ਹੈ। ਦਰਸ਼ਕਾਂ ਨੂੰ ‘ਮਿੱਟੀ’ ਦੀ ਉਡੀਕ ਹੈ। ਫ਼ਿਲਮ ਨਿਰਮਾਤਾ ਕਮਲ ਬੈਂਸ, ਰੁਬੀਨਾ ਬੇਗ ਅਤੇ ਦਰਸ਼ਨ ਪਟੇਲ ‘ਮਿੱਟੀ’ ਨੂੰ ਦਰਸ਼ਕਾਂ ਦੀ ਉਡੀਕ 8 ਜਨਬਰੀ ਨੂੰ ਪੂਰਾ ਕਰ ਦੇਣਗੇ।

ਦਲਜੀਤ ਅਮੀ
ਅਸਿਸਟੈਂਟ ਐਡੀਟਰ,
ਪੰਜਾਬੀ ਟ੍ਰਿਬਿਊਨ।
ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ

3 comments:

  1. ਇਸ ਜਾਣਕਾਰੀ ਨੂੰ ਪੰਜਾਬੀ ਵਿਚ ਦੇਣ ਲਈ ਸ਼ੁਕਰੀਆ, ਮਿੱਤਰੌ। ਇਹ ਕਹਾਣੀ ਅਸੀ 16 ਅਗਸਤ ਨੂੰ ਆਪਣੀ ਈ-ਪੱਤਰ ਵਿਚ 16 ਅਗਸਤ ਨੂੰ ਅੰਗਰੇਜ਼ੀ ਵਿਚ ਛਾਪੀ ਸੀ। ਦਲਜੀਤ ਅੰਮੀ ਜੀ ਨੇ ਬਹੁਤ ਹੀ ਦਮਦਾਰ ਸ਼ਬਦਾਂ ਵਿਚ ਇਸ ਜਾਣਕਾ੍ਰੀ ਨੂੰ ਪਰੋਇਆ ਹੈ।
    ਇਸ ਰਿਪੋਰਟ ਬਾਰੇ ਜਾਣਕਾਰੀ ਲਈ ਇੱਥੇ ਫੇਰਾ ਪਾ ਸਕਦੇ ਹੋ। http://www.justpanjabi.com/2009/08/first-look-mikas-mitti.html

    ReplyDelete
  2. vir g,
    Changi film lgdi hai.Main teh dilon Bai Sujeet Gammi,jo mere saher MAnsa ton han te Gurbat di jindgi Handa rahe san, uhna nu Niak vajo pardarshit kran lai Director Sahib da dhanwad karda. AAo apa ral ke is real life struggler te aslo theatreist di madad karaye.thanking you all.
    vishav brar

    ReplyDelete