ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, December 30, 2009

‘ਵੱਡੇ ਢਿੱਡ’ ਬਨਾਮ ‘ਖਾਲੀ ਢਿੱਡ’

ਪੰਜਾਬੀ ਪੱਤਰਕਾਰੀ 'ਚ ਜੇ ਗਿਣੇ ਚੁਣੇ ਨਾਮ ਲੈਣੇ ਹੋਣ ਤਾਂ ਚਰਨਜੀਤ ਭੁੱਲਰ ਆਪਣੇ ਆਪ ਪਹਿਲੀ ਕਤਾਰ 'ਚ ਖੜ੍ਹਾ ਹੋ ਜਾਂਦਾ ਹੈ।ਵੈਸੇ ਤਾਂ ਪੱਤਰਕਾਰੀ ਦੀਆਂ ਕਦਰਾਂ ਕੀਮਤਾਂ 'ਤੇ ਸਿਧਾਂਤਕ ਲੈਕਚਰ ਦੇਣ ਵਾਲੇ ਹਰ ਵੇਲੇ ਆਪਣੇ ਹੱਥ 'ਚ ਮਾਈਕ ਰੱਖਦੇ ਹਨ,ਪਰ ਚਰਨਜੀਤ ਨੇ ਸਿਧਾਂਤਾਂ 'ਤੇ ਕੋਈ ਸ਼ੌਸ਼ੇਬਾਜ਼ੀ ਨਾ ਕਰਦੇ ਹੋਏ ਇਹਨਾਂ ਨੂੰ ਅਮਲੀ ਰੂਪ ਦਿੱਤਾ।ਇਸ ਅਮਲ ਨੂੰ ਹੰਢਾਉਂਦਿਆਂ ਉਸਨੂੰ ਬੜੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਉਹ ਅਸਲੀ ਇਨਸਾਨ ਦੀ ਤਰ੍ਹਾਂ ਹਰ ਮੁਸ਼ਕਿਲ 'ਚੋਂ ਮਾਨਸਿਕ ਤੌਰ 'ਤੇ ਹੋਰ ਮਜ਼ਬੂਤੀ ਨਾਲ ਨਿਕਲਿਆ।ਮੇਰੀ 'ਤੇ ਚਰਨਜੀਤ ਦੀ ਉਮਰ ਦਾ ਡੇਢ ਦਹਾਕੇ ਦਾ ਫਰਕ ਹੈ।ਇਸ ਲਈ ਮੈਂ ਉਹਦੀ ਪੱਤਰਕਾਰੀ ਨੂੰ ਸਕੂਲੀ ਦਿਨਾਂ ਤੋਂ ਵਾਚਦਾ ਰਿਹਾਂ।ਜਦੋਂ ਵੀ ਹੱਥ 'ਚ ਪੰਜਾਬੀ ਟ੍ਰਿਬਿਊਨ ਹੁੰਦਾ ਸੀ,ਤਾਂ ਐਡੀਟੋਰੀਅਲ ਤੋਂ ਬਾਅਦ ਹਮੇਸ਼ਾਂ ਬਠਿੰਡੇ ਦੀ ਖ਼ਬਰ 'ਤੇ ਧਿਆਨ ਜਾਂਦਾ ਸੀ।ਮੈਂ ਕਹਿ ਸਕਦਾਂ ਕਿ ਮੇਰੇ ਵਰਗੇ ਪਤਾ ਨਹੀਂ ਕਿੰਨਿਆਂ ਦੇ ਅੰਦਰ ਚਰਨਜੀਤ ਨੇ ਪੱਤਰਕਾਰੀ ਦੀ ਚਿਣਗ ਜਗਾਈ ਹੋਣੀ ਹੈ।ਅੱਜ ਉਸ ਬਾਰੇ ਕੁਝ ਸ਼ਬਦ ਲਿਖਕੇ ਮੈਨੂੰ ਅਥਾਹ ਖੁਸ਼ੀ ਮਹਿਸੂਸ ਹੋ ਰਹੀ ਹੈ।ਉਮੀਦ ਹੇ ਚਰਨਜੀਤ ਦੀ ਕਲਮ ਹਜ਼ਾਰਾ ਝੱਖੜ ਝੇਲਿਆਂ ਦੇ ਬਾਵਜੂਦ ਇਸ ਤਰ੍ਹਾਂ ਚਲਦੀ ਰਹੇਗੀ ਤੇ ਸਾਨੂੰ ਵੀ ਲਗਾਤਾਰ ਸਹਿਯੋਗ ਦਿੰਦੇ ਰਹਿਣਗੇ--ਯਾਦਵਿੰਦਰ ਕਰਫਿਊ

‘ਰੁੱਖੀ-ਮਿੱਸੀ’ ਆਖਰੀ ਸਹਾਰਾ ਨਹੀਂ ਸਗੋਂ ਹੁਣ ਮੁੱਖ ਸਹਾਰਾ ਸੀ। ਹਰ ਗਰੀਬ ਦੇ ਪੇਟ ਲਈ ਇਹੋ ਧਰਵਾਸ ਸੀ। ਇੱਕ ਮਜ਼ਦੂਰ ਇਸ ਪੇਟ ਲਈ ਕੀ ਕੁਝ ਨਹੀਂ ਕਰਦਾ। ਮੂੰਹ ’ਨੇਰੇ ਕਿਸੇ ਕੱਚੇ ਘਰ ’ਚ ਝਾਕੋਗੇ ਤਾਂ ਅੰਦਰੋਂ ਠੰਡੇ ਹੋਏ ਚੁੱਲੇ ਚੌਂਕੇ ਤੋਂ ਸਿਵਾ ਕੁਝ ਨਹੀਂ ਦਿਖੇਗਾ। ਲੇਬਰ ਚੌਂਕ ਚੋਂ ਮੁੜੇ ਮਜ਼ਦੂਰ ਦੀ ਬੱਚੀ ਆਪਣੇ ਬਾਪ ਦੀ ਪੋਟਲੀ ਫਰੋਲ ਰਹੀ ਹੋਵੇਗੀ । ਸਿਵਾਏ ਸੁੱਕੇ ਅਚਾਰ ਦੀ ਗੁਠਲੀ ਤੋਂ ਜਦੋਂ ਬੱਚੀ ਨੂੰ ਪੋਟਲੀ ’ਚ ਕੁਝ ਨਹੀਂ ਮਿਲੇਗਾ ਤਾਂ ਮਾਂ ਇਹੋ ਆਖੇਗੀ, ‘ਸੌ ਜਾ ਰਾਣੀ, ਕੱਲ ਰੋਟੀ ਖਾਵਾਂਗੇ।’ ਕੱਚੇ ਘਰਾਂ ’ਚ ਵਸਣ ਵਾਲੇ ਹੁਣ ‘ਆਟੇ ਵਾਲੇ ਪੀਪੇ’ ਨਹੀਂ ਰੱਖਦੇ। ਕਿਉਂਕਿ ਇਨ੍ਹਾਂ ਪੀਪਿਆਂ ਦੇ ਖਾਲੀ ਥੱਲੇ ਉਨ੍ਹਾਂ ਨੂੰ ਲਾਹਨਤਾਂ ਪਾਉਂਦੇ ਹਨ। ਪੀਪੇ-ਪੀਪੀਆਂ ਦਾ ਕੀ ਕਸੂਰ। ਕਸੂਰ ਤਾਂ ਇਨ੍ਹਾਂ ਦਾ ਮਾਲਕਾਂ ਦਾ ਵੀ ਨਹੀਂ। ਠੰਡੇ ਚੁੱਲਿਆਂ ਚੋਂ ਵੋਟਾਂ ਭਾਲਣ ਵਾਲੇ ਇਨ੍ਹਾਂ ਪੀਪਿਆਂ ਚੋਂ ਹੀ ਆਪਣੇ ‘ਗੱਦੀ’ ਤੱਕ ਅੱਪੜਦੇ ਹਨ। ਗਰੀਬ ਗੁਰਬੇ ਲਈ ਸਭ ਕੁਝ ਵਿਤੋਂ ਬਾਹਰ ਹੋ ਚੱਲਿਆ ਹੈ। ਗੁਰੂ ਘਰਾਂ ਦੇ ¦ਗਰਾਂ ’ਚ ਹੁਣ ਬੱਚਿਆਂ ਦੀ ਕਤਾਰ ਦਿੱਖਦੀ ਹੈ। ‘ਭਾਈ ਜੀ’ ਗੁਸੈਲ ਹੋਵੇ ਤਾਂ ਬੱਚਿਆਂ ਦੇ ਹੱਥ ‘ਸੌਣ’ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ ਹੁੰਦਾ। ਜਦੋਂ ਇਹ ਬੱਚੇ ਵੱਡੇ ਹੋਣਗੇ ਤਾਂ ਆਪ ਹੀ ਸਮਝ ਜਾਣਗੇ। ਸਮਝ ਜਾਣਗੇ ਚੁੱਲਿਆਂ ’ਚ ਉਘੇ ਘਾਹ ਦੇ ਮਾਹਣੇ। ਸੋਝੀ ਆਏਗੀ ਕਿ ਲੇਬਰ ਚੋਂਕ ਚੋਂ ਕਿਉਂ ਖਾਲੀ ਮੁੜਨਾ ਪੈਂਦਾ ਹੈ। ਲੀਡਰਾਂ ਦੇ ਗੇੜੇ ਸਮਝਾ ਦੇਣਗੇ ਕਿ ਵੋਟਾਂ ਦੀ ਰੁੱਤ ਨੇੜੇ ਹੈ। ਲੀਡਰਾਂ ਦੇ ਭਾਸ਼ਨਾਂ ਚੋਂ ਉਨ੍ਹਾਂ ਨੂੰ ਵੀ ਆਪਣੇ ਬਾਪ-ਦਾਦੇ ਵਾਂਗੂ ਝਾਉਲਾ ਪਏਗਾ ਕਿ ‘ਦਿਨ ਬਦਲਣ ਵਾਲੇ ਨੇ’।


ਦਿਨ ਹੁਣ ਉਹ ਨਹੀਂ ਰਹੇ। ‘ਰੁੱਖੀ ਮਿਸੀ’ ਖਾ ਦੇ ਕੇ ਗੁਜ਼ਾਰਾ ਕਰਨਾ ਦੂਰ ਦੀ ਗੱਲ ਹੈ। ਹੁਣ ਤਾਂ ਗਰੀਬ ਦੇ ਹੱਥੋਂ ਰੁੱਖੀ ਮਿਸੀ ਵੀ ਨਿਕਲ ਗਈ ਹੈ। ਮਹਿੰਗਾਈ ਦਾ ਭੂਤ ਅੱਜ ਗਰੀਬ ਪਰਿਵਾਰਾਂ ਨੂੰ ਡਰਾ ਰਿਹਾ ਹੈ। ਕੌਣ ਜਿਮੇਵਾਰ ਹੈ, ਇਹ ਵੱਖਰਾ ਮਾਮਲਾ ਹੈ। ਮਾਮਲਾ ਇਥੇ ‘ਪੇਟ’ ਦਾ ਹੈ। ਪਤਾ ਨਹੀਂ ਇਸ ਮਹਿੰਗਾਈ ’ਚ ਕਿੰਨੇ ਲੋਕ ਆਪਣੇ ਪੇਟ ਨੂੰ ਬਿਨ੍ਹਾਂ ਕਸੂਰੋਂ ਸਜਾ ਦਿੰਦੇ ਹੋਣਗੇ। ਇਕੱਲੀ ਰੁੱਖੀ ਮਿਸੀ ਵੀ ਪਾਣੀ ਨਾਲ ਖਾਣੀ ਪੈ ਜਾਏ ਤਾਂ ਉਹ ਵੀ ਔਖੀ ਹੈ। ਆਟੇ ਦਾ ਭਾਅ 16 ਰੁਪਏ ਪ੍ਰਤੀ ਕਿਲੋ ਤੋਂ ਉਪਰ ਹੈ। ‘ਚਟਨੀ’ ਵੀ ਵਸ ’ਚ ਨਹੀਂ ਰਹੀ। ਗੰਢਿਆਂ ਦਾ ਭਾਅ ਪਿਛਲੇ ਵਰ੍ਹੇ 20 ਰੁਪਏ ਕਿਲੋ ਤੋਂ ਟੱਪਿਆ ਨਹੀਂ ਸੀ। ਐਤਕੀਂ 30 ਰੁਪਏ ਪ੍ਰਤੀ ਕਿਲੋ ਤੱਕ ਅੱਪੜ ਗਿਆ ਹੈ। ਗੰਢਿਆਂ ਦੀ ਚਟਨੀ ਵੀ ਹੱਥੋਂ ਨਿਕਲ ਗਈ। ਦਾਲ ਰੋਟੀ ਖਾ ਕੇ ਵੀ ਦਿਨ ਟਪਾਉਣਾ ਸੌਖਾ ਨਹੀਂ ਰਿਹਾ। ਦਾਲ ਦਾ ਭਾਅ 90 ਰੁਪਏ ਕਿਲੋ ਨੂੰ ਪਾਰ ਕਰ ਗਿਆ ਹੈ। ‘ਮਾਰੂ ਚਾਹ’ ਵੀ ਕਰਮਾਂ ’ਚ ਨਹੀਂ ਬਚੀ। ਗੁੜ ਦਾ ਭਾਅ ਵੀ 26 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਚੀਨੀ 40 ਦੇ ਨੇੜੇ ਪੁੱਜ ਗਈ ਹੈ। ਇਕੱਲਾ ਪਾਣੀ ਬਚਿਆ ਹੈ। ਉਹ ਵੀ ਜ਼ਹਿਰਾਂ ਵਾਲਾ ਧਰਤੀ ਹੇਠਲਾ ਪਾਣੀ। ਜੋ ਰੱਜ ਕੇ ਸੌਂਦੇ ਹਨ,ਸਰਕਾਰਾਂ ਨੂੰ ਉਨ੍ਹਾਂ ਦਾ ਫਿਕਰ ਹੈ। ਜੋ ਭੁੱਖਣ ਭਾਣੇ ਰਾਤਾਂ ¦ਘਾਉਂਦੇ ਨੇ, ਉਨ੍ਹਾਂ ਦੀ ਚਿੰਤਾਂ ਨਹੀਂ। ਖਬਰ ਹੈ ਕਿ ਰਾਜਸਥਾਨ ’ਚ ਇੱਕ ਮਜ਼ਦੂਰ ਨੇ ਇਸ ਕਰਕੇ ਆਪਣੀ ਬੱਚੀ ਮਾਰ ਦਿੱਤੀ ਕਿ ‘ਨਿੱਤ ਰੋਟੀ ਮੰਗਦੀ ਸੀ।’


ਮਹਿੰਗਾਈ ਦੀ ਮਾਰ ਕੇਵਲ ਗਰੀਬ ’ਤੇ ਪਈ ਹੈ। ਲਿਸ਼ਕਦੀਆਂ ਕਾਰਾਂ ਦੇ ਭਾਅ ਨਹੀਂ ਵਧੇ। ਹਵਾਈ ਟਿਕਟਾਂ ਦੇ ਨਹੀਂ ਵਧੇ। ਇਲੈਕਟ੍ਰੋਨਿਕ ਵਸਤਾਂ ਦੇ ਨਹੀਂ ਵਧੇ। ਫਰਕ ਏਥਾ ਹੀ ਹੈ ਕਿ ਸਰਕਾਰ ਕੇਵਲ ‘ਵੱਡੇ ਲੋਕਾਂ’ ਦੇ ਪੇਟ ਦਾ ਦੁੱਖ ਸਮਝਦੀ ਹੈ। ਕੱਚੇ ਘਰਾਂ ਤੱਕ ਪੁੱਜਣ ਲਈ ਸਰਕਾਰਾਂ ਨੂੰ ਵਿਹਲ ਕਿਥੇ। ਸ਼ੁਕਰ ਹੈ ਕਿ ਵੋਟਾਂ ਵੇਲੇ ਇਹ ਲੀਡਰ ਵਕਤ ਕੱਢ ਲੈਂਦੇ ਹਨ। ਸੁਆਲ ਇਹ ਹੈ ਕਿ ਗਰੀਬ ਬੰਦੇ ਕੋਲ ਆਖਰੀ ਜੋ ਪੇਟ ਦੀ ਅੱਗ ਬੁਝਾਉਣ ਦਾ ਸਹਾਰਾ ਸੀ, ਉਹ ਵੀ ਖੁਸ ਗਿਆ ਹੈ। ਕਦੋਂ ਤੱਕ ਸਰਕਾਰ ਗੱਲੀਂ ਬਾਤੀਂ ਪੇਟ ਭਰਦੀ ਰਹੇਗੀ। ਸਰਕਾਰ ਇਹ ਨਹੀਂ ਜਾਣਦੀ ਕਿ ਜਦੋਂ ਭੁੱਖੇ ਪੇਟ ਦਾ ਖੂਨ ਖੌਲਦਾ ਹੈ ਤਾਂ ‘ਖੂਨ’ ਡੁੱਲਣ ਦੀ ਨੌਬਤ ਵੀ ਬਣ ਜਾਂਦੀ ਹੈ। ਅੱਜ ਕੱਲ ਵਿਆਹ ਸਾਹਿਆ ਦਾ ਸੀਜਨ ਹੈ। ਅਮੀਰ ਲੋਕਾਂ ਦੇ ਵਿਆਹਾਂ ’ਚ ਉਨ੍ਹਾਂ ਖਾਧਾ ਨਹੀਂ ਜਾਂਦਾ ਜਿਨ੍ਹਾਂ ਵੇਸਟ ਹੁੰਦਾ ਹੈ। ਮਹਿੰਗਾਈ ਮਹਿੰਗੇ ਵਿਆਹਾਂ ’ਤੇ ਕੋਈ ਅਸਰ ਨਹੀਂ ਛੱਡ ਸਕੀ। ਮਹਿੰਗਾਈ ਸਰਦੇ ਪੁੱਜਦਿਆਂ ਦਾ ਵਾਲ ਵਿੰਗਾ ਨਹੀਂ ਕਰ ਸਕੀ। ਇੱਧਰ ਗਰੀਬਾਂ ਦੇ ਸਿਰ ਗੰਜੇ ਕਰ ਦਿੱਤੇ ਹਨ। ਕਿਹਾ ਜਾਂਦਾ ਹੈ, ਕਿ ‘ਭੁੱਖੇ ਮੂਹਰੇ ਪਾਈ ਬਾਤ, ਕਹਿੰਦੈ ਟੁੱਕ’। ਸਰਕਾਰਾਂ ਲੱਖ ਬਾਤਾਂ ਪਾਉਣ, ਹੁਣ ਤਾਂ ਹਰ ਮੂੰਹੋਂ ‘ਟੁੱਕ’ ਹੀ ਨਿਕਲਦਾ ਹੈ। ਇਹ ਵੀ ਭਰਮ ਹੀ ਹੋਵੇਗਾ ਕਿ ‘ਟੁੱਕ’ ਵਾਲੇ ਆਪਣੀ ਸਿਹਤ ਵਾਰੇ ਸੋਚਣਗੇ ਜਾਂ ਫਿਰ ਉਨ੍ਹਾਂ ਨੂੰ ਆਪਣੇ ਵਾਰਸਾਂ ਨੂੰ ਪੜਾਉਣ ਦਾ ਖਿਆਲ ਮਨ ’ਚ ਆਵੇਗਾ। ਆਟਾ ਦਾਲ ਸਕੀਮਾਂ ਨਾਲ ਕਦੋਂ ਤੱਕ ਗੱਡੀ ਚੱਲੇਗੀ। ਲੋਕ ਰੁਜ਼ਗਾਰ ਮੰਗਦੇ ਨੇ ,ਮਿਹਨਤਾਂ ਦੇ ਮੁੱਲ ਮੰਗਦੇ ਨੇ, ਸਰਕਾਰ ਸਕੀਮਾਂ ਦਿੰਦੀ ਹੈ। ਵੋਟਾਂ ਖਿੱਚਣ ਵਾਲੀਆਂ ਸਕੀਮਾਂ ਨੇ ਤਾਂ ਅੱਜ ਇਹ ਦਿਨ ਦਿਖਾ ਦਿੱਤੇ ਹਨ। ਇਕੱਲੇ ਗਰੀਬ ਨੂੰ ਨਹੀਂ, ਪੰਜਾਬ ਨੂੰ ਵੀ ਦਿਖਾਏ ਹਨ। ਵੋਟਾਂ ਵਾਲਾ ਪੀਪਾ ਭਰਨ ਲਈ ਸਰਕਾਰੀ ਪੀਪੇ ਨੂੰ ਖਾਲੀ ਕਰਨ ’ਚ ਲੀਡਰ ਦੇਰ ਨਹੀਂ ਲਾਉਂਦੇ। ਸਿਆਸੀ ਧਿਰ ਚਾਹੇ ਕੋਈ ਵੀ ਹੈ। ਇਹ ਤਾਂ ਦਸਤੂਰ ਹੀ ਬਣ ਗਿਆ ਹੈ।
ਖ਼ਜ਼ਾਨਾ ਮੰਤਰੀ ਕਈ ਵਾਰ ਆਖ ਚੁੱਕੇ ਹਨ। ਸੱਚਮੁੱਚ ਸਰਕਾਰੀ ਪੀਪਾ ਖਾਲੀ ਹੈ। ਗੱਦੀ ’ਤੇ ਬੈਠਣ ਵਾਲੇ ਬਾਦਸ਼ਾਹੀ ਦਿਖਾ ਰਹੇ ਹਨ। ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ। ਉਹ ਦਿਨ ਦੂਰ ਨਹੀਂ ਹਨ ਜਦੋਂ ਪੰਜਾਬ ਦੇ ਹਰ ਕੋਨੇ ਚੋਂ ਇਹ ਖਬਰ ਮਿਲਣ ਲੱਗੇਗੀ ਕਿ ,‘ਫਲਾਣਾ ਸਿਓ ਭੁੱਖ ਨਾਲ ਮਰ ਗਿਐ।’ ਬਿਮਾਰੀ ਨਾਲ ਤਾਂ ਨਿੱਤ ਲੋਕ ਮਰ ਹੀ ਰਹੇ ਹਨ। ਪੰਜਾਬ ’ਚ ਹਜ਼ਾਰਾਂ ਗਰੀਬ ਘਰਾਂ ’ਚ ਲੋਕ ਆਪਣੀ ਮੌਤ ਉਡੀਕ ਰਹੇ ਹਨ। ਬਠਿੰਡਾ ਦੇ ਪਿੰਡ ਤੁੰਗਵਾਲੀ ਦੇ ਸਰਕਾਰੀ ਡਾਕਟਰ ਨੇ ਇੱਕ ਦਿਨ ਫੋਨ ਕਰਕੇ ਦੱਸਿਆ ,‘ਪਿੰਡ ਦੀ ਗਰੀਬ ਔਰਤ ਨੂੰ ਕੈਂਸਰ ਹੋ ਗਿਆ ਹੈ, ਉਸ ਦੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਾਲਿਆਂ ਨੇ ਟੈਸਟ ਵੀ ਨਹੀਂ ਕੀਤੇ।’ ਹਫਤੇ ਮਗਰੋਂ ਉਸੇ ਡਾਕਟਰ ਨੇ ਦੱਸਿਆ ਕਿ ਪਰਿਵਾਰ ਵਾਲੇ ਔਰਤ ਦਾ ਮੰਜਾ ਪਿੰਡ ਦੇ ਗੁਰੂ ਘਰ ਵਿੱਚ ਲੈ ਗਏ ਹਨ। ਸਿਵਾਏ ਅਰਦਾਸ ਤੋਂ ਉਨ੍ਹਾਂ ਪੱਲੇ ਕੁਝ ਨਹੀਂ ਬਚਿਆ। ਇਲਾਜ ਦੀ ਪਹੁੰਚ ਨਹੀਂ। ਮੱਦਦ ਲਈ ਜਦੋਂ ਦੂਸਰੇ ਦਿਨ ਪਿੰਡ ਤੁੰਗਵਾਲੀ ਜਾਣ ਦੀ ਤਿਆਰੀ ਕਰਨ ਲੱਗੇ ਤਾਂ ਉਸੇ ਡਾਕਟਰ ਦਾ ਫੋਨ ਆ ਗਿਆ, ‘ ਉਹ ਔਰਤ ਨਹੀਂ ਰਹੀ।’ ਕਿੰਨੇ ਹੀ ਇਸ ਤਰ੍ਹਾਂ ਦੇ ਲੋਕ ਹਨ ਜਿਨ੍ਹਾਂ ਕੋਲ ਇਲਾਜ ਦੀ ਪਹੁੰਚ ਹੀ ਨਹੀਂ। ਮੌਤ ਉਡੀਕਦੇ ਰਹਿੰਦੇ ਹਨ। ਸਰਕਾਰ ਫਿਰ ਵੀ ਇਨ੍ਹਾਂ ਦੀ ਨਹੀਂ ਸੁਣਦੀ, ਆਖਰ ਮੌਤ ਸੁਣ ਲੈਂਦੀ ਹੈ। ਕੈਂਸਰ ਵਰਗੀ ਬਿਮਾਰੀ ਕੇਸ ਕੋਈ ਮਾਲਵੇ ਦੇ ਲੋਕਾਂ ਨੂੰ ਪੁੱਛ ਕੇ ਦੇਖੇ।

ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਧਰਮਪਤਨੀ ਨੇ ਆਖਿਆ ਕਿ ਵਪਾਰੀ ਲੋਕਾਂ ਨੇ ਭੰਡਾਰ ਭਰ ਲਏ ਨੇ, ਤਾਹੀਓ ਮਹਿੰਗਾਈ ਵਧੀ ਹੈ। ਸਰਕਾਰ ਖੁਦ ਵੀ ਮੰਨਦੀ ਹੈ। ਫਿਰ ਦੇਰੀ ਕਿਸ ਗੱਲ ਦੀ ਹੈ। ਲੋੜ ਹੈ ਕਿ ‘ਵੱਡੇ ਢਿੱਡਾਂ’ ਦੀ ਥਾਂ ‘ਖਾਲੀ ਢਿੱਡਾਂ’ ਵਾਰੇ ਸੋਚਣ ਦੀ। ਉਨ੍ਹਾਂ ਦੀ ਸਿਹਤ ਵਾਰੇ ਸੋਚਣ ਦੀ, ਵਿੱਦਿਆ ਵਾਰੇ ਸੋਚਣ ਦੀ। ਰੁਜ਼ਗਾਰ ਵਾਰੇ ਸੋਚਣ ਦੀ, ਉਨ੍ਹਾਂ ਦੇ ਬੱਚਿਆਂ ਵਾਰੇ ਸੋਚਣ ਦੀ। ਵੇਲੇ ਸਿਰ ਨਾ ਸੋਚਿਆ ਜਾਵੇ ਤਾਂ ਨਤੀਜੇ ਭਿਆਨਕ ਵੀ ਬਣ ਜਾਂਦੇ ਹਨ। ਕਈ ਦਫਾ ਇੱਕ ਇੱਕ ਸੋਚ ਜੁੜ ਕੇ ‘ਵੱਡੀ ਸੋਚ’ ਬਣ ਜਾਂਦੀ ਹੈ ਜਿਸ ਚੋਂ ਫਿਰ ਕਈ ਰਸਤੇ ਨਿਕਲਦੇ ਹਨ, ਜਿਨ੍ਹਾਂ ਨੂੰ ਭਰਨ ਲਈ ਸਰਕਾਰਾਂ ਦਾ ਸਮਾਂ ਵੀ ਲੱਗਦਾ ਹੈ ਤੇ ਪੈਸਾ ਵੀ। ਫਿਰ ਕਿਉਂ ਨਾ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਪਹਿਲਾਂ ਹੀ ਬੰਨ ਦੇਈਏ।

ਚਰਨਜੀਤ ਭੁੱਲਰ,ਬਠਿੰਡਾ

3 comments:

  1. sabash mere dosta..sachmuch aina sohna re sarthak likhya k tere hath chumman nu ji karde..veer ji is likhat de printout kadh ke schools te varsities wich wando tan jo punjab de young blood nu akal aa sake....ujjal satnaam

    ReplyDelete
  2. pyare veer Charanjit- khali dhidan di baat paunh layi dhanwaad !!!!!! waheguru di kirpa naal eh awaaz syasi madariyan de bole kannan tak shaheed bhagat singh de varsan vallon keete jan wale dhamake ton pehlan phunch sake tan changa rahega .
    chup na rehan karke sare dostan diyan duawan tuhade naal hun
    Navdeep Singh Sakraudi

    ReplyDelete
  3. pyare veer Charanjit- khali dhidan di baat paunh layi dhanwaad !!!!!! waheguru di kirpa naal eh awaaz syasi madariyan de bole kannan tak shaheed bhagat singh de varsan vallon keete jan wale dhamake ton pehlan phunch sake tan changa rahega .
    chup na rehan karke sare dostan diyan duawan tuhade naal hun
    Navdeep Singh Sakraudi

    ReplyDelete