ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, April 9, 2011

ਹਜ਼ਾਰੇ ਹੋਮਿਓਪੈਥੀ ਦੀ ਦੁਆਈ ਵਰਗਾ

ਮੁਖ ਧਾਰਾਈ ਨਿਊਜ਼ ਚੈਨਲਾਂ ਜ਼ਰੀਏ ਕ੍ਰਾਂਤੀ ਦਾ ਸੱਚ
ਯਾਦਵਿੰਦਰ ਦੇ ਚੁੱਕੇ ਹੋਏ ਸੁਆਲਾਂ 'ਚੋਂ ਬਹੁਤ ਸਾਰੇ ਪਹਿਲੋਂ ਈ ਦਿਮਾਗ 'ਚ ਸੀਗੇ ........ਦੂਜੇ ਪਾਸੇ ਤਿੰਨ ਦਿਨਾਂ ਤੋਂ ਜਿੰਨਾ ਜ਼ਬਰਦਸਤ 'ਇਮੋਸ਼ਨਲ ਅੱਤਿਆਚਾਰ' ਖ਼ਬਰੀਆਂ ਚੈਨਲਾਂ 'ਤੇ ਸਹਿ ਰਿਹਾਂ ਤੇ ਓਸ 'ਚ ਨੌਕਰ ਹੋਣ ਦੇ ਨਾਤੇ ਬਣਦਾ ਸਰਦਾ ਯੋਗਦਾਨ ਵੀ ਸ਼ਰਧਾ ਨਾਲ ਪਾ ਰਿਹਾ ਸਾਂ ਓਸ ਤੋਂ ਬਾਅਦ ਆਪਣੇ ਜ਼ਾਤੀ ਸਮੇਂ ਯਾਨਿ ਛੁੱਟੀ ਵਾਲੇ ਦਿਨ ਇਸ ਸਾਰੇ ਨੂੰ ਨੌਕਰ ਪੱਤਰਕਾਰ ਦੀ ਥਾਂ ਤਰਕਸ਼ੀਲ ਮਨੁੱਖ ਦੀ ਨਜ਼ਰ ਨਾਲ ਵੇਖਣਾ ਜ਼ਰੂਰੀ ਹੋ ਗਿਆ ਸੀ... ਸੋ ਸੁਖਾਂ ਲੱਧੀ 'ਵੀਕਲੀ ਔਫ' ਯਾਨੀ ਜੁੰਮੇ ਵਾਲੇ ਦਿਨ ਆਪਾਂ ਵੀ ਜੰਤਰ ਮੰਤਰ ਵੱਲ ਸ਼ੂਟਾਂ ਵੱਟ ਦਿੱਤੀਆਂ, ਪਰ ਇੱਕ 'ਓਬਜ਼ਰਵਰ' ਦੀ ਹੈਸੀਅਤ ਨਾਲ। ਸੱਚ ਤਾਂ ਇਹ ਹੈ ਕਿ ਮੱਧਵਰਗੀ ਉਪਭੋਗਤਾ ਮੇਰਾ ਦਿਮਾਗ ਕਿਸੇ ਨਿੱਕੀ ਮੋਟੀ ਕ੍ਰਾਂਤੀ ਦਾ ਗਵਾਹ ਬਣਨ ਦੀ ਮੱਠੀ ਜਿਹੀ ਆਸ 'ਚ ਵੀ ਸੀ। ਸੱਚ ਇਹ ਵੀ ਐ ਕਿ ਜੇ ਇਸੇ ਮੁਲਕ 'ਚ ਤੇ ਮੌਜੂਦਾ ਸਿਸਟਮ 'ਚ ਜਿਓਣੈ ਤਾਂ ਪਾਰਦਰਸ਼ਤਾ ਦੀ ਸਖ਼ਤ ਲੋੜ ਐ, ਜੇ ਕੋਈ ਪ੍ਰਧਾਨ ਮੰਤਰੀ ਖਿਲਾਫ ਜਾਂਚ ਕਰਨ ਦੀ ਤਾਕਤ ਵਾਲਾ ਲੋਕ ਪਾਲ ਬਣਦੈ ਤਾਂ ਓਹਦਾ ਪੂਰਾ ਸਮਰਥਨ ਕਰਨਾ ਬਣਦੈ, ਪਰ ਫਿਲਹਾਲ ਇਹ ਵੀ ਜਾਨਣਾ ਜ਼ਰੂਰੀ ਸੀ ਕਿ ਕੀ ਸੱਚੀ ਮੁੱਚੀ ਜਨਤਾ ਆਪ ਮੁਹਾਰੀ ਤੁਰੀ ਆਉਂਦੀ ਐ ਸਾਥ ਦੇਣ ਨੂੰ ਤੇ ਕੀ ਸੱਚੀ ਇੱਕ ਵੱਡੀ ਲੋਕ ਪੱਖੀ ਮੂਵਮੈਂਟ ਸ਼ੁਰੂ ਹੋਈ ਐ ਇਸ 'ਭੁੱਖ ਹੜਤਾਲ' ਕਾਰਨ। ਹਾਲਾਂਕਿ ਮੇਰੇ ਪੁੱਜਣ ਦੇ ਅਗਲੇ ਈ ਦਿਨ ਯਾਨੀ ਸਾਢੇ ਚਾਰ ਦਿਨਾਂ 'ਚ ਭੁੱਖ ਹੜਤਾਲ ਮੁੱਕ ਗਈ ਪਰ ਜੋ ਕੁਝ ਵੇਖਿਆ ਓਹ ਬਿਆਨਣਯੋਗ ਹੈ।
ਐੱਲ.ਆਈ.ਸੀ ਦੀ ਇਮਾਰਤ ਵੱਲੋਂ ਗਲੀ 'ਚ ਵੜਦਿਆਂ ਪੁਲਿਸ ਦੇ ਬੈਰੀਕੇਡ ਟੱਪਦਿਆਂ ਸਭ ਤੋਂ ਪਹਿਲਾ ਦ੍ਰਿਸ਼ ਜਿਹੜਾ ਨਜ਼ਰ ਆਇਆ ਓਹ ਮੇਰੇ ਵਾਰਗੇ ਇਲੈਕਟ੍ਰੋਨਿਕ ਮੀਡੀਆ ਨੂੰ ਜਿਓਂਦੇ ਬੰਦੇ ਲਈ ਵੀ ਬਹੁਤ ਵੱਡਾ ਸੀ.. ਆਮ ਬੰਦਾ ਤਾਂ ਸੱਚੀਂ ਕਮਲਾ ਹੋ ਜੇ ਇਹਨੂੰ ਵੇਖ ਕੇ.. ਘੱਟੋ-ਘੱਟ 40 ਓ.ਬੀ ਵੈਨਾਂ ਦੀਆਂ ਇੱਕੋ ਪਾਸੇ ਮੂੰਹ ਕਰ ਕੇ ਲੱਗੀਆਂ ਛਤਰੀਆਂ ਤਕਨੀਕੀ ਤੌਰ 'ਤੇ ਤਾਂ ਭਾਵੇਂ ਫੁਟੇਜ ਭੇਜ ਰਹੀਆਂ ਸਨ ਪਰ ਪਹਿਲਾ ਅਹਿਸਾਸ ਮੈਨੂੰ ਏਦਾਂ ਈ ਲੱਗਾ ਕਿ ਟੀ.ਆਰ.ਪੀ ਦੇ ਭੁੱਖੇ ਰਾਖਸ਼ ਆਪਣਾ ਜਬਾੜਾ ਅੱਡ ਕੇ 'ਏਅਰਟਾਈਮ' ਖਾਣ ਦਾ ਇੰਤਜ਼ਾਰ ਕਰ ਰਹੇ ਨੇ। ਸਾਰਾ ਦਿਨ ਓਥੇ ਖੜਾ ਰਿਹਾਂ ਅੱਜ ਮੈਂ...ਇੱਕ ਗੱਲ ਸਾਫ ਹੈ ..."ਆਜ ਪੂਰਾ ਮੁਲਕ ਅੰਨਾ ਹਜ਼ਾਰੇ ਕੇ ਸਾਥ ਖੜਾ ਹੈ, ਲੋਗ ਅਪਨੇ ਘਰੋਂ ਸੇ ਨਿਕਲ ਕਰ ਅਪਨੇ ਆਪ ਉਨਕੇ ਸਾਥ ਚਲ ਰਹੇਂ ਹੈਂ" ਭੈਣ ਜੀ ਤੇ ਭਾਅਜੀ ਮੈਂ ਸੱਚੀਂ ਦੱਸ ਰਿਹਾਂ ਇਹ ਮੀਡੀਆ ਦੀ ਇਸ ਵਰ੍ਹੇ ਦੀ ਹੁਣ ਤੱਕ ਦੀ ਸੱਭ ਤੋਂ ਵੱਡੀ ਬਕਵਾਸ ਹੈ...ਪੂਰੇ ਦਿਨ 'ਚ 300 ਤੋਂ ਲੈ ਕੇ 1000 ਤੋਂ ਵੀ ਵੱਧ ਸਮਰਥਕਾਂ ਦੀ ਗਿਣਤੀ ਵਾਲੇ ਲਗਭਗ 70 ਤੋਂ ਵੱਧ ਜਥਿਆਂ 'ਤੇ ਨਜ਼ਰ ਪਾਈ ਐ, ਮੇਰੇ ਮੁੜਣ ਮਗਰੋਂ ਵੀ ਜਥੇ ਆ ਰਹੇ ਨੇ ਤੇ ਵੀਕਐਂਡ ਨੇੜੇ ਹੋਣ ਕਾਰਨ ਭੀੜ ਹੋਰ ਵੀ ਵਧ ਰਹੀ ਐ ਪਰ ਹਰ ਕਿਸੇ ਗਰੁੱਪ ਨਾਲ ਕੋਈ ਐੱਨ.ਜੀ.ਓ ਜੁੜੀ ਹੈ ਜਾਂ ਕੋਈ ਜਾਤਵਾਦੀ ਜਥੇਬੰਦੀ... ਦਲਿਤ ਦਾਸਤਾ ਵਿਰੋਧੀ ਮੰਚ ਵਰਗੇ ਨਾਮ ਨਜ਼ਰ ਨਹੀਂ ਆਏ, ਜਾਟ ਮਹਾਂਸਭਾ ਵਾਲਿਆਂ ਤੋਂ ਨਗਾੜੇ 'ਤੇ ਰਾਗਣੀਆ ਜ਼ਰੂਰ ਸੁਣੀਆਂ, ਕਾਇਸਥ ਰਾਸ਼ਟਰ, ਬ੍ਰਾਹਮਣ ਮਹਾਂਸਭਾ ਤੇ ਹੋਰ ਕਈ ਵੱਡੇ ਨਾਮਾਂ ਦੇ ਬੈਨਰ ਜ਼ਰੂਰ ਲਗਾਤਾਰ ਨਜ਼ਰ ਆਉਂਦੇ ਨੇ ਐੱਨ.ਜੀ.ਓ ਦੇ ਨਾਲ-ਨਾਲ। ਮੈਨੂੰ ਪੂਰਾ ਖ਼ਦਸ਼ਾ ਐ ਕਿ ਜੇ ਵਾਢੀਆਂ ਸਿਰ 'ਤੇ ਨਾਂ ਹੁੰਦੀਆਂ ਤਾਂ ਕਿਸੇ ਨਾਂ ਕਿਸੇ ਕਿਸਾਨ ਜਥੇਬੰਦੀ ਨੇ ਪੰਜਾਬੋਂ ਵੀ ਤੋਰ ਲਿਆਉਣੇ ਸੀ ਆਪਣੇ ਭਾਊ। ਖੇਤੀ ਵਿਰਾਸਤ ਮੰਚ ਵਾਲੇ ਉਮਿੰਦਰ ਦੱਤ ਹੋਰੀਂ ਤਾਂ ਪੱਕਾ ਬਹੁਤ ਤੰਗ ਹੋਣੇ ਐ 'ਬੈਡ ਟਾਈਮਿੰਗ' ਤੋਂ। ਖ਼ੈਰ ਮੁੱਦੇ ਵੱਲ ਆਈਏ ਤੇ ਇਹ ਮੈਂ ਦੱਸ ਦੇਵਾਂ ਕਿ ਆਉਣਾ ਤੇ ਜਾਣਾ ਸਾਰਾ ਕੁਝ ਪਹਿਲੋਂ ਤੋਂ ਮਿੱਥਿਆ ਹੋਇਆ ਸੀ ...ਕੋਈ ਵੀ ਆਪ ਮੁਹਾਰਾ ਆ ਕੇ 'ਲੋਗ ਮਿਲਤੇ ਗਏ ਕਾਰਵਾਂ ਬਨਤਾ ਗਿਆ' ਵਾਲਾ ਕੰਮ ਨਹੀਂ ਕਰ ਰਿਹਾ। ਹਰ ਜਥਾ ਗੇਟ 'ਤੇ ਖੜੇ ਵਲੰਟੀਅਰਜ਼ ਦੀ ਜਾਣਕਾਰੀ ਮੁਤਾਬਿਕ ਐਂਟਰੀ ਮਾਰਦਾ ਐ, ਸਭ ਲਈ ਐਲਾਨ ਹੋ ਰਹੇ ਨੇ, ਸਾਰੇ ਕੁਝ ਸਮਾਂ ਰੁਕ ਕੇ ਗਿਣੀ ਮਿੱਥੀ ਡ੍ਰਿਲ ਮੁਤਾਬਿਕ ਜਾਂ ਘਰ ਜਾ ਰਹੇ ਨੇ ਤੇ ਜਾਂ ਥੋੜਾ ਸਮਾਂ ਸਟੇਜ ਮੁਹਰੇ ਬੈਠ ਰਹੇ ਨੇ।ਔਫਸੈੱਟ ਪ੍ਰਿੰਟਿੰਗ ਕੀਤੇ ਹੋਏ ਜਾਂ ਕਾਰਪੋਰੇਟ ਸਟਾਈਲ ਦੇ ਖਾਂਚਿਆਂ 'ਚ ਮੜ੍ਹੇ ਹੋਏ ਸਮਰਥਨ ਦੇ ਪਿੰਨ ਤੇ ਬੈਚ ਆਪੇ ਨਹੀਂ ਘਰੇ ਛਾਪ ਲੈਂਦੇ ਲੋਕ, ਇੱਕ ਡਿਜ਼ਾਈਨਰ ਪਹਿਲੋਂ ਡਿਜ਼ਾਈਨ ਕਰਦੈ ਫੇਰ ਡਿਜ਼ਾਈਨ ਦੀ ਮੰਨਜ਼ੂਰੀ ਫੇਰ ਛਪਾਈ ਤੇ ਫੇਰ ਖਾਂਚਿਆਂ 'ਚ ਲੁਆਈ ...ਆਡਰ ਪੂਰਾ ਕਰਨ ਨੂੰ 2 ਦਿਹਾੜੀਆਂ ਲੈਂਦੇ ਨੇ ਦਿੱਲੀ ਦੇ ਸਭ ਤੋਂ ਤੇਜ਼ ਰਫਤਾਰ ਪ੍ਰਿੰਟਰ ਵੀ ।

ਇਹ ਸਿਰਫ ਇੱਕ ਉਦਾਹਰਣ ਐ .... ਹਰ ਵੇਲੇ ਕ੍ਰਿਕੇਟ ਪਿੱਛੇ ਪਾਗਲ ਰਹਿਣ ਵਾਲੇ ਮੀਡੀਏ ਨੇ 2 ਪ੍ਰਧਾਨ ਮੰਤਰੀਆਂ ਦੀ ਮੁਲਾਕਾਤ ਲਈ ਮੁਹਾਲੀ 'ਚ ਆਪਣੇ ਐਂਕਰ, ਐਡੀਟਰ ਜਾਂ ਸੀਨੀਅਰ ਰਿਪੋਰਟਰ ਤੱਕ ਨਹੀਂ ਭੇਜੇ ਲੋਕੇਸ਼ਨ 'ਤੇ ...ਨਾਂ ਹੀ ਅਜਿਹਾ ਕੁਝ ਜੇ.ਪੀ.ਸੀ ਦੇ ਰੱਫੜ ਵੇਲੇ ਹੋਇਆ ...ਪਰ ਹੁਣ ਪਿਛਲੇ ਤਿੰਨ ਦਿਨਾਂ ਤੋਂ ਪ੍ਰਸੂੰਨ ਬਾਜਪਾਈ 'ਬੜੀ ਖ਼ਬਰ' ਲਾਈਵ ਕਰ ਰਿਹੈ ਅੰਨਾ ਦੇ ਤੰਬੂ 'ਚੋਂ ...ਸਟਾਰ ਨਿਊਜ਼, ਨਿਊਜ਼ ਐਕਸ, ਐੱਨ.ਡੀ.ਟੀ.ਵੀ (ਹਿੰਦੀ ਤੇ ਅੰਗਰੇਜ਼ੀ), ਆਜ ਤੱਕ, ਹੈੱਡਲਾਈਨਜ਼ ਟੂਡੇਅ, ਟਾਈਮਜ਼ ਨਾਓ ਤੇ ਈਟੀ ਕਿਸੇ ਦਾ ਵੀ ਇੱਕ ਓ.ਬੀ ਵੈਨ ਜਾਂ 2 ਰਿਪੋਰਟਰਾਂ ਨਾਲ ਨਹੀਂ ਸਰਿਆ ...ਘਟੋ-ਘੱਟ 40 ਓਬੀਆਂ ਤੇ ਇਹਤੋਂ ਤਿੱਗਣੇ ਰਿਪੋਰਟਰ ਖੜੇ ਨੇ ਇਸ ਕਵਰੇਜ ਲਈ ... ਹਰ ਚੈਨਲ ਦੇ ਸੀਨੀਅਰ ਐਂਕਰ ਪਰੇਸ਼ਾਨ ਜਿਹੇ ਏ.ਸੀ ਸਟੂਡੀਓ ਤੋਂ ਬਾਹਰ ਇਸ ਟੈਂਟ 'ਚ ਮੇਕਅੱਪ ਦਾ ਪੋਚਾ ਮਾਰ ਕੇ ਖੜੇ ਲਾਈਵ ਬੁਲੇਟਿਨ ਕੱਢ ਰਹੇ ਸਨ। ਇਸ ਨੂੰ 47 ਤੋਂ ਬਾਅਦ ਦੀ ਸਭ ਤੋਂ ਵੱਡੀ ਮੂਵਮੈਂਟ ਬਣਾਉਨ ਦੀ ਕੋਸ਼ਿਸ਼ 'ਚ ਮੀਡੀਆ ਐਮਰਜੈਂਸੀ ਵਿਰੋਧੀ ਮੂਵਮੈਂਟ ਨੂੰ ਕੱਖ ਨਹੀਂ ਗਿਣ ਰਿਹਾ.. ਇਹ ਸਾਰਾ ਕੁਝ ਇੱਕ ਸੋਫਟ ਵਿਰੋਧੀ ਧਿਰ ਬਣਾਉਨ ਲਈ, ਕ੍ਰਿਕੇਟ ਦੇ ਹੈਂਗਓਵਰ ਤੋਂ ਸਿਆਸਤ ਕੈਸ਼ ਕਰਨ ਵੱਲ ਮੁੜਣ ਲਈ, ਦੁਨੀਆ ਦੀ ਸਭ ਤੋਂ ਵੱਡੀ ਖੱਸੀ ਜਮਾਤ ਯਾਨੀ ਮਿਡਲ ਕਲਾਸ ਨੁੰ ਵੱਸ ਕਰਨ ਲਈ ਇੱਕ ਚੰਗੀ ਕਸਰਤ ਹੈ। ਪੂਰੇ ਦਿਨ 'ਚ ਨਾਅਰਿਆਂ ਤੋਂ ਬਗ਼ੈਰ ਹੋਰ ਜਿਹੜੀ ਅਵਾਜ਼ ਸਭ ਤੋਂ ਵੱਧ ਸੁਣੀ ਐ ਓਹਦਾ ਵੀ ਸੈਂਪਲ ਲਓ…"ਕੁਛ ਖਾਇਆ ਜਾਏ ਕਾਮਰੇਡ", "ਪੰਡਿਤ ਜੀ ਕੁਛ ਖਾਓਗੇ", "ਯਾਰ ਭੂਖਾ ਮਾਰੇਗੀ ਕਿਆ, ਚਲ ਇਡਲੀ ਖਾਤੇ ਹੈਂ" ਯਾਨੀ ਕਿ ਭੁੱਖ ਹੜਤਾਲ ਦਾ ਸਮਰਥਨ ਪੂਰਾ ਪਰ ਦੱਬ ਕੇ ਢਿੱਡ ਭਰਨ ਤੋਂ ਬਾਅਦ। ਵੈਸੇ ਇਹਨਾਂ ਅਵਾਜ਼ਾਂ ਦੇ ਮੇਰੇ ਕੰਨੀਂ ਪੈਣ ਦਾ ਵੱਡਾ ਕਾਰਨ ਇਹ ਹੋ ਸਕਦਾ ਐ ਕਿ ਮੇਰਾ ਟਿਕਾਣਾ ਜ਼ਿਆਦਾਤਰ ਖਾਣਪੀਣ ਦੀਆਂ ਦੁਕਾਨਾਂ ਦੇ ਸਾਹਮਣੇ ਬਣੇ ਪਲੇਟਫਾਰਮ ਤੇ ਹੀ ਰਿਹਾ ਪਰ ਸੱਜੇ ਖੱਬੇ ਓਬੀਆਂ ਦੇ ਲਗਾਤਾਰ ਚਲਦੇ ਜਨਰੇਟਰਾਂ, ਮੰਚ ਦੇ ਸਾਹਮਣੇ ਲੱਗੇ 40 ਤੋਂ ਵੱਧ ਕੈਮਰਿਆਂ ਤੇ ਵਿੱਚ ਬਚੇ ਛੋਟੇ ਜਿਹੇ ਤੁਰਨ ਦੇ ਰਾਹ ਤੋਂ ਬਾਅਦ ਇਹੀ ਇਲਾਕਾ ਸੀ ਜਿੱਥੇ ਸਾਰਾ ਦਿਨ ਇੱਕ ਲੱਤ 'ਤੇ ਖੜਣ ਜਾਂ ਮਾੜਾ ਮੋਟਾ ਤੁਰਨ ਦੀ ਤੇ ਮੇਲਾ ਵੇਖਣ ਸਮਝਣ ਦੀ ਗੁੰਜਾਇਸ਼ ਸੀ। ਸੋ ਨਰਾਤਿਆਂ ਦੇ ਵਰਤਾਂ ਵਾਲੀ ਸਪੈਸ਼ਲ ਆਲੂ ਚਾਟ, ਸਾਂਭਰ ਵੜੇ ਦੀਆਂ ਬੁਰਕੀਆਂ ਤੇ ਕੋਲਡ ਡ੍ਰਿੰਕ ਦੀਆਂ ਘੁੱਟਾਂ ਨਾਲ ਭੁੱਖ ਹੜਤਾਲ ਦੇ ਭਰਵੇਂ ਸਮਰਥਨ ਦਾ ਮੈਂ ਮੌਕੇ ਦਾ ਗਵਾਹ ਹਾਂ।

ਵੈਸੇ ਇੱਕ ਸੁਆਲ ਸੀ ਜਿਹੜਾ ਏਥੇ ਵੜਣ ਤੋਂ ਪਹਿਲੋਂ ਈ ਦਿਮਾਗ 'ਚ ਕੁਦਾੜੇ ਮਾਰ ਰਿਹਾ ਸੀ। ਆਪਣੇ ਇਤਿਹਾਸ 'ਚ ਭੁੱਖ ਹੜਤਾਲਾਂ ਕਈ ਹੋਈਆਂ ਨੇ। ਸ਼ਹੀਦ ਭਗਤ ਸਿੰਘ ਨੇ ਅਜ਼ਾਦੀ ਤੋਂ ਪਹਿਲੋਂ ਤਾਂ ਸ਼ਾਇਦ ਸਭ ਤੋਂ ਲੰਮੀ ਭੁੱਖ ਹੜਤਾਲ ਦਾ ਰਿਕਾਰਡ ਈ ਕਾਇਮ ਕਰ 'ਤਾ ਸੀ 64 ਦਿਨ ਭੁੱਖੇ ਰਹਿ ਕੇ। ਓਧਰ ਮਣੀਪੁਰ ਦੀ 'ਆਇਰਨ ਲੇਡੀ' ਦੇ ਨਾਂ ਨਾਲ ਮਸ਼ਹੂਰ ਇਰੋਮ ਸ਼ਰਮੀਲਾ ਨੇ ਪਿਛਲੇ 10 ਸਾਲਾਂ 'ਚ ਇੱਕ ਵੀ ਖਾਣਾ ਨਹੀਂ ਖਾਧਾ ਆਪਣੀ ਮਰਜ਼ੀ ਨਾਲ, ਓਹਦੀ ਭੁੱਖ ਹੜਤਾਲ ਜਾਰੀ ਐ 10 ਸਾਲ ਤੋਂ ਭਾਵੇਂ ਪੁਲਿਸ ਵੱਲੋਂ ਡਾਕਟਰ ਓਹਨੂੰ ਜਿਓਂਦਾ ਰੱਖਣ ਲਈ ਸਰਕਾਰੀ 'ਫੋਰਸ ਫੀਡ' ਦਾ ਸਹਾਰਾ ਲੈ ਰਹੇ ਨੇ। ਸੋ ਸੁਆਲ ਇਹ ਜ਼ਰੂਰ ਉੱਠ ਰਿਹਾ ਸੀ ਕਿ ਭਲਾ ਇਹ ਕਿਹੋ ਜਿਹੀ ਭੁੱਖ ਹੜਤਾਲ ਐ ਜਿਹਦੇ ਸ਼ੁਰੂ ਹੋਣ ਤੋਂ ਪਹਿਲੋਂ ਈ ਪ੍ਰਧਾਨ ਮੰਤਰੀ ਤਰਲੇ ਮਾਰੀ ਜਾਂਦਾ ਬਈ ਰੋਟੀ ਖਾ ਲੋ ਜੀ। ਹੋ ਸਕਦੈ ਕਿ ਲੋੜ ਪਵੇ ਤੇ ਸ਼ਾਇਦ ਮੈਂ ਚਾਰ ਦਿਹਾੜੇ ਵੀ ਭੁੱਖਾ ਨਾਂ ਕੱਟ ਸਕਾਂ ਪਰ ਸੱਚ ਇਹ ਹੈ ਕਿ ਦਿਨ ਦੀ ਤਿੰਨ ਟਾਈਮ ਰੋਟੀ ਤੇ ਨਾਲ 2 ਟਾਈਮ ਚਾਹ ਨੂੰ ਸਨੈਕਸ ਨਾਲ ਖਾਣ ਪੀਣ ਦਾ ਆਦੀ ਹੋ ਕੇ ਗੋਗੜਾਂ ਫੁਲਾ ਚੁੱਕਾ ਸਾਡਾ ਮੱਧ ਵਰਗ ਸਾਢੇ 4 ਦਿਨਾਂ ਦੀ ਭੁੱਖ ਹੜਤਾਲ ਦਾ ਮੀਟਰ 24 ਗੁਣਾ ਸਾਢੇ ਹਿਸਾਬ ਨਾਲ 96 ਘੰਟਾ ਚਲਦਾ ਟੀਵੀ 'ਤੇ ਦੇਖ ਕੇ ਈ ਕ੍ਰਾਂਤੀ ਦੀ ਆਮਦ ਦੇ ਝਟਕੇ ਮਹਿਸੂਸ ਕਰੀ ਜਾਂਦੈ, ਓਧਰ ਜਦੋਂ ਬੇਰੁਜ਼ਗਾਰ ਮਾਸਟਰਾਂ ਤੋਂ ਲੈ ਕੇ ਹੋਰ ਤਬਕੇ ਆਮ ਈ ੨21 ਦਿਨ 23 ਦਿਨ ਦੀ ਭੁੱਖ ਹੜਤਾਲ ਕਰਦੇ ਐ ਤਾਂ ਨਾਂ ਡਾਕਟਰ ਨੇੜੇ ਤੇੜੇ ਹੁੰਦੇ ਐ ਤੇ ਨਾਂ ਈ ਕਦੇ ਨੈਸ਼ਨਲ ਮੀਡੀਆ ਦੇ ਕੈਮਰੇ ਪੁੱਜੇ ਨੇ ਲਾਈਵ ਕਵਰੇਜ ਨੂੰ। ਅੱਧੇ ਕਾਲਮ ਦੀ ਖ਼ਬਰ ਕੋਈ ਅਖਬਾਰ ਲਾ ਦਵੇ ਤਾਂ ਠੀਕ ਪਰ ਐਡੀ ਛੋਟੀ ਖਬਰ ਨੂੰ ਆਪਣੀ ਮਿਡਲ ਕਲਾਸ ਤਵੱਕੋ ਨਹੀਂ ਦਿੰਦੀ। ਏਥੇ ਦਿਨ 'ਚ 2 ਵਾਰ ਬੀ.ਪੀ ਚੈੱਕ ਹੁੰਦਾ ਵੀ ਵਖਾਈ ਜਾਂਦੇ ਨੇ ਟੀਵੀ 'ਤੇ ਤੇ ਚਾਰ ਐਂਬੂਲੈਂਸਾਂ ਹਰ ਵੇਲੇ ਹੂਟਰ ਮਾਰਦੀਆਂ ਤਿਆਰ ਖੜੀਆਂ ਪਈਆਂ ਨੇ। ਤਿਆਰੀ ਜ਼ਬਰਦਸਤ ਐ ਭੁੱਖ ਹੜਤਾਲ ਭਾਵੇਂ ਸਾਢੇ ਚਾਰ ਦਿਨਾਂ 'ਚ ਈ ਮੁੱਕ ਗਈ ਤੇ ਕੋਸ਼ਿਸ਼ਾਂ ਪਹਿਲੇ ਦਿਨੋਂ ਈ 2 ਵਾਰ ਰੋਜ਼ਾਨਾ ਬੈਠਕਾਂ ਕਰ ਕੇ ਹੁੰਦੀਆਂ ਰਹੀਆਂ, ਆਖ਼ਰ ਸਰਕਾਰ ਦੀ ਵੀ ਇੱਜ਼ਤ ਦਾ ਸੁਆਲ ਸੀ।

83 ਦੇ ਵਿਸ਼ਵ ਕੱਪ ਜਾਂ 93 ਦੀਆਂ ਮਿਸ ਯੂਨੀਵਰਸ, ਮਿਸ ਵਰਲਡ ਦੇ ਨਾਲ ਵੱਡੀਆਂ ਹੋਈਆਂ ਪੀੜੀਆ ਵਾਂਗ ਇਸ ਵਰ੍ਹੇ ਮੌਜੂਦਾ ਪੀੜ੍ਹੀ ਲਈ ਖੇਡ ਤੇ ਸਿਆਸਤ 'ਚ 2 ਯਾਦਗਾਰੀ ਮੇਲੇ ਹੋ ਰਹੇ ਨੇ ਇੱਕ ਨੇ ਖੇਡ 'ਚ ਤਤਕਾਲੀ ਇਤਿਹਾਸ ਕਾਇਮ ਕੀਤਾ ਤੇ ਦੂਜੇ ਵੱਲੋਂ ਸਿਆਸੀ ਇਤਹਾਸ ਕਾਇਮ ਕਰਨ ਦਾ ਦਾਅਵਾ ਐ... ਪਰ ਇਹ ਮਾਸ ਹਿਪਨੋਟਿਜ਼ਮ ਦੇ ਕਾਮਯਾਬ ਫਾਰਮੂਲੇ ਵਾਂਗ ਕੰਮ ਜ਼ਰੂਰ ਕਰ ਰਹੇ ਨੇ। ਅੱਜ ਸੰਘ ਪਾੜਣ ਵਾਲੇ ਸਾਰੀ ਉਮਰ ਇਸੇ ਦਿਨ ਨੂੰ ਯਾਦ ਕਰਕੇ ਖ਼ੁਦ ਦੇ ਅੰਦਰ ਹੀਰੋ ਵਰਗਾ ਕੁਝ ਮਹਿਸੂਸ ਕਰਨਗੇ ਤੇ ਆਉਂਦੀਆਂ ਪੀੜੀਆਂ ਨੂੰ ਕਿੱਸੇ ਸੁਣਾਇਆ ਕਰਨਗੇ... ਇਤਿਹਾਸ ਨੇ ਜਿਹੜੇ ਸੁਆਲ ਪੁੱਛਣੇ ਨੇ ਓਹਨਾਂ ਦੇ ਜੁਆਬ ਦੇਣ ਲਈ ਮੌਜੂਦਾ ਬਾਜ਼ੀਗਰ ਓਦੋਂ ਤੱਕ ਜਿਓਂਦੇ ਨਹੀਂ ਹੋਣੇ। ਵੈਸੈ ਬਾਜ਼ੀਗਰਾਂ ਦੇ ਮੋਹਨਦਾਸ ਕਰਮਚੰਦ ਗਾਂਧੀ ਤੇ ਸੁਆਮੀ ਵਿਵੇਕਾਨੰਦ ਵਰਗੇ ਕੱਪੜੇ ਤੇ ਪੋਜ਼ ਦੀ ਨਕਲ ਮਾਰਨ ਬਾਰੇ ਓਪਨ ਮੈਗ਼ਜ਼ੀਨ ਵਾਲਾ ਮੰਨੂ ਜੋਜ਼ੇਫ ਬਹੁਤ ਤਸੱਲੀ ਨਾਲ ਲਿਖ ਚੁੱਕਾ ਸੋ ਮੈਂ ਨਾਟਕੀ ਸਟੇਜ, ਵਲੰਟੀਅਰਾਂ ਦੀ ਮੈਨੇਜਮੈਂਟ, ਸਾਊਂਡ ਸਿਸਟਮ ਆਦਿ ਦੀ ਵਿਸਥਾਰ 'ਚ ਨਹੀਂ ਜਾਂਦਾ। ਪਰ ਸੱਚ ਇਹ ਹੈ ਕਿ ਅਹਿਸਾਸ ਕਿਸੇ ਵੱਡੇ ਨਾਟਕ ਦਾ ਦਰਸ਼ਕ ਬਣਨ ਵਾਲਾ ਈ ਹੋ ਰਿਹਾ ਸੀ ਜਦੋਂ ਪੇਜ ਥ੍ਰੀ ਕਰਾਊਡ ਵਾਲੀਆਂ ਆਂਟੀਆਂ ਸ਼ਾਮ ਨੂੰ ਤਿਆਰ ਹੋ ਕੇ ਖੁਸ਼ਬੋਆਂ ਛੱਡਦੀਆਂ ਕਿਸੇ ਪਾਰਟੀ ਜਾਂ ਕਲੱਬ 'ਚ ਜਾਣ ਦੀ ਥਾਂ ਬੱਚਿਆਂ ਨੂੰ ਉਂਗਲ ਲਾ ਕੇ ਪ੍ਰੋਟੈਸਟ ਮਾਰਚ ਵਖਾਉਣ ਲੈ ਆਈਆਂ। ਓਹ ਵੱਖਰੀ ਗੱਲ ਐ ਬਈ 'ਇੰਡੀਆ' ਨੂੰ 'ਭਾਰਤ' ਦੇ ਨੇੜੇ ਜਾਂਦਾ ਵੇਖਣ ਦੀ ਖੁਸ਼ੀ ਓਦੋਂ ਮਾਰੀ ਗਈ ਜਦੋਂ ਹਾਈ ਹੀਲ ਨੇ ਲੇਬਰ ਕਲਾਸ ਨਾਲ ਚੌਂਕੜੀ ਮਾਰ ਕੇ ਬਹਿਣ ਦਾ ਜਿਗਰਾ ਨਹੀਂ ਕੱਢਿਆ ਤੇ 15 ਕੁ ਮਿੰਟਾਂ ਦੀ ਗੇੜੀ ਤੋਂ ਬਾਅਦ 'ਹੰਗਰ ਸਟ੍ਰਾਈਕ ਕੀ ਸਪੋਰਟ ਮੇਂ' ਕੈਮਰਿਆਂ ਨੂੰ ਬਾਈਟ ਦੇ ਕੇ ਕ੍ਰਾਊਡ ਘਰ ਨੂੰ ਮੁੜ ਗਿਆ। ਵੈਸੇ ਹਾਈ ਹੀਲ ਜਾਂ 'ਫੈਬ ਇੰਡੀਆ' ਬ੍ਰਾਂਡ ਦੀ ਖਾਦੀ ਵਾਲਾ ਇਹ ਕ੍ਰਾਊਡ ਬਾਈਟ ਵੀ ਕੈਮਰੇ 'ਤੇ ਲੱਗੇ ਮਾਈਕ ਲੋਗੋ ਨੂੰ ਵੇਖ ਕੇ ਚੈਨਲ ਪਛਾਣ ਕੇ ਦਿੰਦੈ, ਤੇ ਓਧਰ ਮ੍ਹਾਤੜ ਵਿਚਾਰੇ ਮਹਾਂਰਾਸ਼ਟਰ ਆਲੇ ਵੀ ਪੰਜਾਬੀ ਚੈਨਲ ਨੁੰ ਬਾਈਟ ਦੇ ਕੇ ਖੁਸ਼ ਹੋ ਲੈਂਦੇ ਨੇ ਬਈ ਟੀਵੀ 'ਤੇ ਆਉਣ ਦੀ ਉਮੀਦ ਤਾਂ ਹੋਈ, ਹਾਂ ਸਾਰੇ ਆਪਣੇ ਟੀਵੀ 'ਤੇ ਓਨ ਏਅਰ ਹੋਣ ਦਾ ਟਾਈਮ ਜ਼ਰੂਰ ਪੁੱਛ ਕੇ ਜਾਂਦੇ ਐ ਹਰ ਕਿਸੇ ਤੋਂ। ਮਿਡਲ ਕਲਾਸ ਲਈ ਕੇਬਲ ਟੀਵੀ ਦੇ ਆਉਣ ਤੋਂ ਬਾਅਦ ਸ਼ਾਇਦ ਇਹ ਸਭ ਤੋਂ ਵੱਡਾ ਐਸਾ ਨਾਟਕ ਐ ਜਿਹਦੇ 'ਚ ਸਾਰਾ ਦਿਨ 'ਆਮ ਆਦਮੀ' ਦੀ ਬਾਈਟ ਕਿਤੇ ਨਾਂ ਕਿਤੇ ਚੱਲੀ ਜਾ ਰਹੀ ਐ। ਸੋ 'ਫਰਸਟ੍ਰੇਸ਼ਨਾਂ' ਕੱਢਣ ਲਈ ਜੁਗਾੜ ਚੰਗਾ ਹੋ ਗਿਆ ਕੁਝ ਦਿਨ ਦਾ।

ਕੁੱਲ ਮਿਲਾ ਕੇ ਇਸ ਮੇਲੇ 'ਚੋਂ ਕੀ ਨਿਕਲਣਾ ਇਹਦੇ ਬਾਰੇ ਜਾਨਣ ਲਈ ਜਿਵੇਂ ਇਲੇਕਟ੍ਰੋਨਿਕ ਮੀਡੀਆਂ ਦੀਆਂ ੯੦% ਸਟੋਰੀਆਂ 'ਚ ਕਹਿੰਦੇ ਹੁੰਦੇ ਆ ਬਈ 'ਕੁਛ ਹੀ ਦਿਨ ਕਾ ਇੰਜ਼ਤਾਰ ਕਰਨਾ ਪੜੇਗਾ' ਪਰ ਜੇ ਉਮੀਦ ਹੋਵੇ ਕਿ ਏਡੀ ਵੱਡੀ ਭੀੜ ਨੂੰ ਪਿੱਛੇ ਲਾ ਕੇ ਸਟੇਜ 'ਤੇ ਮੌਜੂਦ ਲੋਕਾਂ 'ਚੋਂ ਕੋਈ ਭੀੜ ਦਾ ਆਗੂ ਵੀ ਪੈਦਾ ਹੋਵੇਗਾ ਤੇ ਭ੍ਰਿਸ਼ਟਾਚਾਰ ਵਰਗੇ ਵਰਤਾਰੇ ਨੂੰ ਨੱਥ ਪਾਉਣ ਲਈ ਅੱਗੇ ਆਵੇਗਾ ਤਾਂ ਖ਼ੁਆਬ ਤੋੜਣ ਲਈ ਮੁਆਫੀ ਪਰ ਅੰਨਾ ਹਜ਼ਾਰੇ ਪਹਿਲੋਂ ਈ ਮੰਨ ਚੁੱਕੈ ਕਿ ਓਹਨੂੰ ਆਪਣੇ ਚੋਣ 'ਚ ਖੜੇ ਹੋਣ 'ਤੇ ਜਿੱਤਣ ਦਾ ਭਰੋਸਾ ਨਹੀਂ। ਰਾਮਦੇਵ ਤਿੰਨ ਦਿਨ ਟਪਾ ਕੇ ਪੁੱਜਾ ਤੇ ਘੰਟਾ ਬਹਿ ਕੇ ਮੁੜ ਗਿਆ, ਮੱਲਿਕਾ ਸਾਰਾਭਾਈ ਪਹਿਲੋਂ ਈ 2009 'ਚ ਚੋਣਾਂ ਹਾਰ ਚੁੱਕੀ ਐ। ਸੋ ਮੌਜੂਦਾ ਹਾਕਮਾਂ ਲਈ ਖ਼ਤਰਾ ਨਹੀਂ ਐ।ਹੁਣ ਜੇ 'ਕੱਲਾ ਲੋਕਪਾਲ ਬਣਾ ਕੇ ਬਹਿ ਜਾਣੈ ਤਾਂ ਜਿਹੜੀ ਸਰਕਾਰ ਪਹਿਲੋਂ ਆਰ.ਟੀ.ਆਈ ਬਿੱਲ ਪਾਸ ਕਰ ਕੇ ਮੁੜ ਓਸਨੂੰ ਪੇਤਲਾ ਕਰਨ ਲਈ ਪੂਰੀ ਵਾਹ ਲਾ ਰਹੀ ਐ ਕੀ ਓਹ ਲੋਕਪਾਲ ਨਾਲ ਅਜਿਹਾ ਨਹੀਂ ਕਰ ਸਕਦੀ। ਹਰ ਕੋਈ ਇਸ ਗੱਲੋਂ ਬੜਾ ਖੁਸ਼ ਐ ਕਿ ਅਵਾਜ਼ ਭ੍ਰਿਸ਼ਟਾਚਾਰ ਖਿਲਾਫ ਉੱਠ ਰਹੀ ਐ, ਪਰ ਬਗ਼ੈਰ ਦੰਦਿਆਂ ਦੀ ਗਰਾਰੀ ਕਿਸੇ ਦਾ ਕੀ ਘਸਾ ਲਊ। ਜੇ ਕੱਲ ਨੂੰ ਲੋਕਪਾਲ ਹੀ ਭ੍ਰਿਸ਼ਟ ਬੰਦਾ ਲਾ ਦਿੱਤਾ ਤਾਂ ਫੇਰ ਕੀ ਬਣੂ, ਚੇਤਾ ਰੱਖੀਏ ਸੁਪਰੀਮ ਕੋਰਟ ਦੇ ਜੱਜ 'ਤੇ ਵੀ ਮੁੱਕਦਮਾ ਚੱਲ ਰਿਹੈ। ਜ਼ਰੂਰਤ ਤਾਂ ਐਸੇ ਲੋਕਾਂ ਦੀ ਐ ਜੋ ਅਜਿਹੀ ਮੁਹਿੰਮ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਲੈਣ ਤੇ ਆਉਂਦੀਆਂ ਪੀੜ੍ਹੀਆਂ ਨੂੰ ਰਿਸ਼ਵਤ ਲੈਣ ਤੇ ਦੇਣ ਤੋਂ ਰੋਕਣ ਦੀ ਜੀਵਨ ਜਾਚ ਸਿਖਾਉਣ ਤੇ ਓਧਰੋਂ ਇਸ ਵਰਤਾਰੇ ਨੂੰ ਵਧਾਵਾ ਦੇਣ ਵਾਲੀਆਂ ਤਾਕਤਾਂ ਨਾਲ ਨਜਿੱਠਣ ਦੇ ਢੰਗ ਪੈਦਾ ਕੀਤੇ ਜਾਣ। ਭ੍ਰਿਸ਼ਟਾਚਾਰ ਸਾਡੇ ਸੱਭਿਆਚਾਰ ਦਾ ਹਿੱਸਾ ਬਣ ਚੁੱਕੈ, ਕੋਈ ਵੀ ਗੜਬੜ ਹੋਵੇ ਸਭ ਤੋਂ ਪਹਿਲੋਂ ਹੱਲ ਲਈ ਬੰਦਾ ਆਪਣੀ ਜੇਬ ਦੀ ਤਾਕਤ ਚੈੱਕ ਕਰਦੈ। ਇਸ ਸਮੱਸਿਆ ਦਾ ਹੱਲ ਸੱਭਿਆਚਾਰਕ ਸੁਧਾਰਾਂ ਨਾਲ, ਜਨਤਾ ਦੀ ਸੋਚ ਦਾ ਖ਼ਾਸ ਤੌਰ 'ਤੇ ਆਮ ਬੰਦੇ ਦੇ ਕੰਮ ਕਰਨ ਦਾ ਨਜ਼ਰੀਆ ਬਦਲਣ ਨਾਲ ਤੇ ਸਭ ਤੋਂ ਵੱਧ ਜ਼ਰੂਰੀ ਹੇਠਲੇ ਪੱਧਰ ਤੋਂ ਰਿਸ਼ਵਤਾਂ ਦੀ ਆਦਤ ਬੰਦ ਕਰਾਉਣ ਲਈ ਸਖ਼ਤੀ ਨਾਲ ਹੋਣੈ। ਆਮ ਬੰਦੇ ਨੂੰ ਸ਼ਾਇਦ ਕਰੋੜਾਂ ਦੇ ਘੁਟਾਲੇ ਸਮਝ ਵੀ ਨਹੀਂ ਆਉਂਦੇ ਕਿਓਂਕਿ ਇੱਕ ਕਰੋੜ ਵੀ ਆਪਾਂ ਕਦੇ 'ਕੱਠੇ ਵੇਖੇ ਨਹੀਂ ਹੁੰਦੇ। ਪਰ ਰੋਜ਼ਾਨਾ ਨਿੱਕੇ ਨਿੱਕੇ ਕੰਮਾਂ ਲਈ ਜੇਬ ਢਿੱਲੀ ਕਰਨਾ ਤੇ ਕਿਸੇ ਦੇ ਤਰਲੇ ਕੱਢਣਾ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਬਰਾਬਰ ਐ। ਓਸਦਾ ਹੱਲ ਕਿਵੇਂ ਹੋਵੇ ਇਸ 'ਤੇ ਕੋਈ ਡਿਬੇਟ ਨਹੀਂ ਹੋਈ। ਘੱਟ ਤਨਖਾਹਾਂ ਵੱਲੇ ਰਿਸ਼ਵਤ ਦੀ ਤਵੱਕੋ ਹਮੇਸ਼ਾਂ ਰੱਖਣਗੇ, ਪਰਿਵਾਰ ਪਾਲਣਾ ਬਹੁਤ ਮਹਿੰਗਾ ਐ, ਓਹਦਾ ਹੱਲ ਵੀ ਜ਼ਰੂਰੀ ਐ। ਜਿਹੜੇ ਬੇਰੋਜ਼ਗਾਰ ਨੇ ਓਹਨਾਂ ਨੂੰ ਨੌਕਰੀ ਦੀ ਉਮੀਦ ਹੋਵੇ ਤਾਂ ਝੱਟ ਰਿਸ਼ਵਤ ਦੇਣਗੇ, ਨਰੇਗਾ ਵਰਗੀ ਸਕਮਿ 'ਚ ਲੇਬਰ ਕਰਨ ਲਈ ਵੀ ਸਰਪੰਚ ਰਿਸ਼ਵਤ ਖਾ ਲੈਂਦੇ ਨੇ। 80 ਕਰੋੜ ਭੁੱਖਿਆਂ ਢਿੱਡਾਂ ਤੋਂ ਕਿੰਨੀ ਭੁੱਖ ਹੜਤਾਲ ਕਰਾਉਣੀ ਪਊ ਰਿਸ਼ਵਤਖੋਰੀ ਬੰਦ ਕਰਾਉਣ ਲਈ ਇਸ ਦਾ ਜੁਆਬ ਕਿਸੇ ਨਹੀਂ ਦਿੱਤਾ। ਪਰ ਫਾਸਟ ਫੂਡ ਦੇ ਦੌਰ 'ਚ ਸ਼ੋਰਟ ਸਰਕਟ ਕਰ ਕੇ ਭ੍ਰਿਸ਼ਟਾਚਾਰ ਦਾ ਹੱਲ ਲੱਭਣ ਦੀ ਕੋਸ਼ਿਸ਼ ਹੋ ਰਹੀ ਐ।

ਹੋਮਿਓਪੈਥੀ ਦੀ ਦੁਆਈ ਦੇ ਫਾਇਦੇ ਦੱਸਦਿਆਂ ਪਹਿਲੀ ਗੱਲ ਇਹ ਕਹੀ ਜਾਂਦੀ ਐ ਬਈ ਜੇ ਫੈਦਾ ਨਾਂ ਹੋਇਆ ਤਾਂ ਨੁਕਸਾਨ ਵੀ ਨੀਂ ਕਰੂ। ਜਦੋਂ ਮੈਂ ਵਾਪਸ ਤੁਰਨ ਲੱਗਾਂ ਤਾਂ 700 ਜਾਂ 800 ਲੋਕਾਂ ਦਾ ਨਵਾਂ ਜਥਾ ਦਾਖਲ ਹੋ ਰਿਹਾ ਸੀ। ਸ਼ੁਰੂ ਦੀ ਕਤਾਰ ਕੋਲੇ ਬੈਨਰ ਸੀ। "ਹਜ਼ਾਰੋਂ ਹੋਮਿਓਪੈਥ, ਹਜ਼ਾਰੇ ਕੇ ਸਾਥ" ਮੈਨੂੰ ਯਾਦ ਆਇਆ ਕਈ ਵਰ੍ਹੇ ਪਹਿਲੋਂ ਇੱਕ ਨਵੇਂ ਉਭਰਦੇ 'ਪੰਜਾਬ, ਪੰਜਾਬੀ, ਪੰਜਾਬੀਅਤ' ਦੇ ਸੇਵਾਦਾਰ ਦਾ ਗਾਇਆ ਗਾਣਾ।

ਮੁੰਡਾ ਹੋਮਿਓਪੈਥੀ ਦੀ ਦੁਆਈ ਵਰਗਾ
ਕਰਦਾ ਨਹੀਂ ਨੁਕਸਾਨ


ਮੌਜੂਦਾ ਸਿਸਟਮ, ਮੌਜੂਦਾ ਸਰਕਾਰਾਂ ਤੇ ਸਿਆਸਤ, ਮੌਜੂਦਾ ਮੀਡੀਆ ਲਈ ਅੰਨਾ ਹਜ਼ਾਰੇ ਹੋਮਿਓਪੈਥੀ ਦੀ ਦੁਆਈ ਐ।

ਜੰਤਰ ਮੰਤਰ ਤੋਂ ਦਵਿੰਦਰਪਾਲ ਪੀ ਟੀ ਸੀ ਨਿਊਜ਼ ਦੀ ਲਾਈਵ ਰਿਪੋਰਟ

3 comments:

  1. ਦਵਿੰਦਰਪਾਲ ! ਬਈ ਸਚੀਓਂ ਕਮਾਲ !!!!!
    ਇਹ ਸਾਰੇ ਖਦਸ਼ੇ ਸਾਰਿਆਂ ਦੇ ਮਨਾਂ ਵਿਚ ਤਾਂ ਹੋਣਗੇ ਪਰ ਕੋਈ ਵਿਰਲਾ ਈ ਸੂਰਮਾ ਉਠਦਾ ਏ ਜੋ ਸਚ ਕਹਿਣ ਦੀ ਹਿੰਮਤ ਰਖਦਾ ਏ ਤੇ ਸਚ ਸਾਹਮਣੇ ਲਿਆਉਂਦਾ ਏ | ਇੱਕ ਸਕੂਨ ਮਿਲਿਆ ਏ ਤੁਹਾਡਾ ਇਹ ਲੇਖ ਤੇ ਯਾਦਵਿੰਦਰ ਦਾ ਲੇਖ ਪੜ੍ਹਕੇ ਕੀ ਸਚ ਸਾਹਮਣੇ ਲਿਆਓੰ ਵਾਲੇ ਤੇ ਸਚ ਦੀ ਸਮਝ ਰਖਣ ਵਾਲਿਆਂ ਤੋਂ ਅਜੇ ਵਿਰਵਾ ਨਹੀਂ ਹੋਇਆ ਮੀਡਿਆ

    ReplyDelete
  2. u r right ,gud keep it up devinder pal singh ji

    ReplyDelete
  3. I dont differ with your views on anna hazare's movement n its all clear that for its own credibility media has hyped this movement n ruling classes too have found something that doesnt poses danger to their system rather acts as a safety valve... but i think as there is case with lot of journalists you have given some really sweeping statements..n i dont see them right..you have written that middle class of india is the most impotent..but i think the middle class of india has always rose to the occasion whenever there is a genuine movemnet..take the case of jp movement,anti emergency,naxalite movement... today there is no real n genuine mass movement in sight..the same question can be put to you.. you know that system has to be changed but you work for a channel whose credibility is at all time low n that channel is known as media wing of a corrupt ruling family...then ur impotence is more dangerous..because u r setting an example that can be called anything but not progressive atleast...sorry

    ReplyDelete